Ivan Turgenev
ਇਵਾਨ ਤੁਰਗਨੇਵ

ਇਵਾਨ ਤੁਰਗੇਨੇਵ (੯ ਨਵੰਬਰ ੧੮੧੮–੩ ਸਿਤੰਬਰ ੧੮੮੩) ਰੂਸੀ ਨਾਵਲਕਾਰ, ਕਹਾਣੀਕਾਰ ਅਤੇ ਨਾਟਕਕਾਰ ਸਨ। ਉਨ੍ਹਾਂ ਦਾ ਜਨਮ ਰੂਸ ਦੇ ਓਰੇਲ ਸ਼ਹਿਰ ਵਿੱਚ ਇੱਕ ਰੂਸੀ ਜ਼ਿਮੀਂਦਾਰ ਪਰਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ, ਸਰਗੇਈ ਨਿਕੋਲੇਵਿੱਚ ਤੁਰਗਨੇਵ, ਰੂਸੀ ਕੈਵੇਲਰੀ ਵਿੱਚ ਕਰਨਲ ਸਨ ਅਤੇ ਮਾਂ, ਵਾਰਵਰਾ ਪੇਤ੍ਰੋਵਨਾ ਲਿਊਤੀਨੋਵਨਾ, ਧਨੀ ਪਰਵਾਰ ਦੀ ਵਾਰਿਸ ਸੀ। ਜਦੋਂ ਅਜੇ ਉਹ ਸੋਲ੍ਹਾਂ ਸਾਲਾਂ ਦਾ ਹੀ ਸੀ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ। ਉਸ ਦੀ ਅਤੇ ਉਸ ਦੇ ਭਰਾ ਨਿਕੋਲਸ ਦੀ ਸੰਭਾਲ ਵਿਗੜੇ ਸੁਭਾ ਵਾਲੀ ਮਾਂ ਨੇ ਕੀਤੀ। ਉਹ ਸਕੂਲੀ ਸਿੱਖਿਆ ਦੇ ਬਾਅਦ ਇੱਕ ਸਾਲ ਲਈ ਮਾਸਕੋ ਯੂਨੀਵਰਸਿਟੀ ਵਿੱਚ ਅਤੇ ਫਿਰ ੧੮੩੪ ਤੋਂ ੧੮੩੭ ਲਈ ਸੇਂਟ ਪੀਟਰਸਬਰਗ ਯੂਨੀਵਰਸਿਟੀ ਲਈ ਚਲੇ ਗਏ। ਉੱਥੇ ਉਨ੍ਹਾਂ ਨੇ ਕਲਾਸਿਕਸ, ਰੂਸੀ ਸਾਹਿਤ ਅਤੇ ਭਾਸ਼ਾਸ਼ਾਸਤਰ ਦਾ ਅਧਿਅਨ ਕੀਤਾ। ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ: ਰੂਦਿਨ, ਕੁਲੀਨ ਘਰਾਣਾ, ਪਿਤਾ ਅਤੇ ਪੁੱਤਰ, ਧੂੰਆਂ, ਫਾਲਤੂ ਆਦਮੀ ਦੀ ਡਾਇਰੀ, ਯਾਕੋਵ ਪਾਸਿਨਕੋਵ, ਆਸੀਆ ਆਦਿ ।