Mumu : Ivan Turgenev

ਮੂਮੂ : ਇਵਾਨ ਤੁਰਗਨੇਵ

ਮਾਸਕੋ ਦੇ ਬਾਹਰਵਾਰ ਸੜਕ ਦੇ ਕਿਨਾਰੇ ਇਕ ਪੁਰਾਣੀ ਸਲੇਟੀ ਰੰਗ ਦੀ ਹਵੇਲੀ ਸੀ ਜਿਸ ਦੇ ਥਮਲੇ ਚਿੱਟੇ ਰੰਗ ਦੇ ਸਨ ਅਤੇ ਇਕ ਖੁੱਲ੍ਹੀ-ਡੁੱਲ੍ਹੀ ਬਾਲਕੋਨੀ ਸੀ। ਹਵੇਲੀ ਦੇ ਆਲੇ-ਦੁਆਲੇ ਬੇਸ਼ੁਮਾਰ ਭੌਂ-ਗ਼ੁਲਾਮਾਂ ਦੇ ਘਰ ਸਨ। ਇਸ ਹਵੇਲੀ ਦੀ ਮਾਲਕਣ ਇਕ ਵਿਧਵਾ ਔਰਤ ਇੱਥੇ ਰਹਿੰਦੀ ਸੀ। ਉਸ ਦਾ ਪੁੱਤਰ ਪੀਟਰਸਬਰਗ ਵਿਚ ਸਰਕਾਰੀ ਨੌਕਰੀ ਕਰਦੇ ਸਨ। ਉਸ ਦੀਆਂ ਧੀਆਂ ਦਾ ਵਿਆਹ ਹੋ ਚੁੱਕਾ ਸੀ। ਉਹ ਬਹੁਤ ਹੀ ਘੱਟ ਕਦੇ ਬਾਹਰ ਜਾਇਆ ਕਰਦੀ ਸੀ ਅਤੇ ਆਪਣੇ ਦੁਖੀ ਤੇ ਖੁਸ਼ਕ ਬੁਢਾਪੇ ਦੇ ਆਖ਼ਰੀ ਸਾਲ ਇਕਾਂਤ ਵਿਚ ਨਹਾਇਤ ਕੰਜੂਸੀ ਨਾਲ ਬਤੀਤ ਕਰ ਰਹੀ ਸੀ। ਉਸ ਦਾ ਖੁਸ਼ਕ ਅਤੇ ਉਦਾਸ ਜੀਵਨ ਕਦੋਂ ਦਾ ਬੀਤ ਗਿਆ ਸੀ ਪਰ ਉਸ ਦੀ ਜ਼ਿੰਦਗੀ ਦੀ ਸ਼ਾਮ ਰਾਤ ਨਾਲੋਂ ਵੀ ਵਧੇਰੇ ਹਨੇਰੀ ਸੀ।
ਉਸ ਦੇ ਸਾਰੇ ਨੌਕਰਾਂ ਵਿਚੋਂ, ਸਭ ਤੋਂ ਅਨੋਖੀ ਹਸਤੀ ਗਰਾਸੀਮ ਨਾਮ ਦਾ ਇਕ ਆਦਮੀ ਸੀ। ਉਸ ਦਾ ਕੱਦ ਆਮ ਨਾਲੋਂ ਪੂਰੇ ਬਾਰਾਂ ਇੰਚ ਵੱਧ ਸੀ ਜੋ ਬੜੇ ਦਰਸ਼ਨੀ ਡੀਲ-ਡੌਲ ਵਾਲਾ ਪਰ ਜਨਮ ਤੋਂ ਹੀ ਗੁੰਗਾ ਅਤੇ ਬੋਲਾ ਸੀ। ਉਸ ਦੀ ਮਾਲਕਣ ਉਸ ਨੂੰ ਪਿੰਡ ਤੋਂ ਲਿਆਈ ਸੀ ਜਿੱਥੇ ਉਹ ਆਪਣੇ ਭਰਾਵਾਂ ਤੋਂ ਅਲਹਿਦਾ ਇਕ ਛੋਟੀ ਜਿਹੀ ਝੌਂਪੜੀ ਵਿਚ ਇਕੱਲਾ ਰਹਿੰਦਾ ਸੀ। ਉਸ ਨੂੰ ਮਾਲਕਣ ਦੇ ਸਾਰੇ ਨੌਕਰਾਂ ਵਿਚੋਂ ਵੱਧ ਤਨਦੇਹੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਲਾ ਸਮਝਿਆ ਜਾਂਦਾ ਸੀ। ਉਹ ਅਸਚਰਜ ਤਾਕਤ ਦਾ ਮਾਲਕ ਸੀ ਤੇ ਉਹ ਚਾਰ ਆਦਮੀਆਂ ਦਾ ਕੰਮ ਇਕੱਲਾ ਹੀ ਕਰ ਲਿਆ ਕਰਦਾ ਸੀ।
ਕੰਮ ਉਸ ਦੇ ਹੱਥਾਂ ਵਿਚ ਉੱਡਦਾ ਸੀ ਜਦੋਂ ਉਹ ਖੇਤਾਂ ਵਿਚ ਹਲ ਵਾਹ ਰਿਹਾ ਹੁੰਦਾ ਤਾਂ ਉਸ ਨੂੰ ਦੇਖਣਾ ਇਕ ਸੁਹਾਵਣਾ ਨਜ਼ਾਰਾ ਹੁੰਦਾ ਸੀ। ਉਹ ਆਪਣੇ ਵੱਡੇ-ਵੱਡੇ ਹੱਥਾਂ ਨਾਲ ਹਲ ਦੀ ਹੱਥੀ ਉੱਤੇ ਦਬਾਅ ਪਾ ਕੇ ਹਲ ਚਲਾਉਂਦਾ ਤਾਂ ਮਹਿਸੂਸ ਹੁੰਦਾ ਸੀ, ਜਿਵੇਂ ਉਹ ਆਪਣੇ ਮਰੀਅਲ ਘੋੜੇ ਦੇ ਬਗੈਰ ਹੀ ਜ਼ਮੀਨ ਦੀ ਹਿੱਕ ਤੇ ਡੂੰਘੇ ਸਿਆੜ ਪਾਉਂਦਾ ਜਾ ਰਿਹਾ ਹੋਵੇ। ਜਾਂ ਫਿਰ ਜਦੋਂ ਸੇਂਟ ਪੀਟਰ ਦੇ ਦਿਨ ਉਹ ਆਪਣੇ ਦਾਤਰੇ ਨੂੰ ਏਨੀ ਤਾਕਤ ਨਾਲ ਅਤੇ ਤੇਜ਼ੀ ਨਾਲ ਚਲਾਉਂਦਾ ਤਾਂ ਲੱਗਦਾ ਜਿਵੇਂ ਉਹ ਆਪਣੀ ਊਰਜਾ ਦੇ ਨਾਲ ਬਰਚ ਦੇ ਰੁੱਖਾਂ ਦੇ ਪੂਰੇ ਝੁੰਡ ਨੂੰ ਜੜ੍ਹਾਂ ਤੋਂ ਉਖਾੜ ਕੇ ਢੇਰ ਲਾ ਦੇਵੇਗਾ ਜਾਂ ਜਦੋਂ ਖਲਵਾੜੇ ਵਿਚ ਦੋ ਗਜ਼ ਲੰਬੇ ਛੱਲੀਆਂ ਕੁੱਟਣ ਵਾਲੀ ਮੂੰਗਲੀ ਨੂੰ ਇੰਨੀ ਫੁਰਤੀ ਅਤੇ ਇਕਸਾਰਤਾ ਨਾਲ ਚਲਾਉਂਦਾ ਕਿ ਉਸ ਦੇ ਮਜ਼ਬੂਤ ਡੌਲਿਆਂ ਦੇ ਪੱਠੇ ਲੀਵਰ ਵਾਂਗ ਉੱਪਰ ਥੱਲੇ ਗਿੜਦੇ ਲੱਗਦੇ। ਉਸ ਦੀ ਸਦੀਵੀ ਚੁੱਪ ਵੀ ਉਸ ਦੀ ਨਿਰਲੇਪ ਮਜ਼ਦੂਰੀ ਨੂੰ ਗੰਭੀਰਤਾ ਪ੍ਰਦਾਨ ਕਰਦੀ ਸੀ।
ਉਹ ਇਕ ਸ਼ਾਨਦਾਰ ਕਾਮਾ ਸੀ ਜੇ ਉਹ ਗੁੰਗਾ ਬੋਲਾ ਨਾ ਹੁੰਦਾ ਤਾਂ ਕੋਈ ਵੀ ਕੁੜੀ ਉਸ ਨਾਲ ਵਿਆਹ ਕਰਾਉਣਾ ਆਪਣੀ ਖ਼ੁਸ਼ਕਿਸਮਤੀ ਸਮਝਦੀ... ਪਰ ਹੁਣ ਉਹ ਗਰਾਸੀਮ ਨੂੰ ਮਾਸਕੋ ਲੈ ਆਏ ਸਨ। ਉਸ ਨੂੰ ਬੂਟ ਖ਼ਰੀਦ ਦਿੱਤੇ ਅਤੇ ਗਰਮੀਆਂ ਲਈ ਇਕ ਫੁੱਲ ਸਕਰਟ ਵਾਲਾ ਕੋਟ ਬਣਵਾ ਦਿੱਤਾ। ਸਰਦੀਆਂ ਲਈ ਭੇਡ ਦੀ ਖੱਲ ਵਾਲੀ ਪੁਸ਼ਾਕ ਲੈ ਦਿੱਤੀ। ਉਸ ਦੇ ਹੱਥ ਵਿਚ ਇਕ ਡਾਂਗ ਨਾਲ ਬੰਨਿਆ ਝਾੜੂ ਤੇ ਇਕ ਬੇਲਚਾ ਫੜਾ ਦਿੱਤਾ। ਇਸ ਤਰ੍ਹਾਂ ਗਰਾਸੀਮ ਨੂੰ ਵੱਡੇ ਵਿਹੜੇ ਦੀ ਸਫ਼ਾਈ ਦਾ ਕੰਮ ਸੰਭਾਲ ਦਿੱਤਾ ਗਿਆ।
ਪਹਿਲਾਂ ਪਹਿਲ ਉਸ ਨੂੰ ਆਪਣੀ ਨਵੀਂ ਜ਼ਿੰਦਗੀ ਪਸੰਦ ਨਹੀਂ ਸੀ। ਉਹ ਬਚਪਨ ਤੋਂ ਹੀ ਪੇਂਡੂ ਜੀਵਨ ਦਾ ਅਤੇ ਖੇਤਾਂ ਵਿਚ ਮਿਹਨਤ ਕਰਨ ਦਾ ਆਦੀ ਸੀ। ਗੂੰਗਾ ਅਤੇ ਬੋਲਾ ਹੋਣ ਕਾਰਨ ਮਨੁੱਖਾਂ ਦੇ ਸਮਾਜ ਦੇ ਬੂਹੇ ਉਸ ਦੇ ਲਈ ਬੰਦ ਰਹਿਣ ਦੇ ਬਾਵਜੂਦ ਉਹ ਵੱਡਾ ਹੋ ਗਿਆ ਸੀ। ਗੂੰਗਾ ਅਤੇ ਸ਼ਕਤੀਸ਼ਾਲੀ, ਜਿਵੇਂ ਇਕ ਰੁੱਖ ਜਰਖੇਜ਼ ਮਿੱਟੀ ਵਿਚ ਉੱਗਦਾ ਅਤੇ ਵਧਦਾ ਜਾਂਦਾ ਹੈ ਜਦੋਂ ਉਸ ਨੂੰ ਸ਼ਹਿਰ ਲਿਜਾਇਆ ਗਿਆ ਤਾਂ ਉਹ ਸਮਝ ਨਹੀਂ ਸਕਿਆ ਕਿ ਉਸ ਨਾਲ ਕੀ ਬੀਤ ਰਹੀ ਸੀ। ਉਹ ਦੁਖੀ ਅਤੇ ਬੇਖ਼ਬਰ ਸੀ। ਅਜਿਹੇ ਤਕੜੇ ਵਹਿੜਕੇ ਦੀ ਬੇਖ਼ਬਰੀ ਜਿਸ ਨੂੰ ਖੁੱਲ੍ਹੀ ਚਰਾਂਦ ਤੋਂ ਜਿੱਥੇ ਉਹ ਹਰੀ ਹਰੀ ਉਹਦੇ ਢਿੱਡ ਨੂੰ ਛੂੰਹਦੀ ਘਾਹ ਵਿਚ ਸੀਨਾ ਤਾਣ ਕੇ ਖੜ੍ਹਾ ਹੁੰਦਾ ਸੀ ਅਤੇ ਹੁਣ ਉਥੋਂ ਲਿਆ ਕੇ ਇਕ ਮਾਲ ਗੱਡੀ ਦੇ ਡੱਬੇ ਵਿੱਚ ਖੜ੍ਹਾ ਕਰ ਦਿੱਤਾ ਗਿਆ ਸੀ, ਉੱਥੇ ਧੂੰਆਂ ਹੀ ਧੂੰਆਂ ਤੇ ਧੂੰਏਂ ਵਿਚ ਚਿੰਗਾਰੀਆਂ ਅਤੇ ਗਰਮ ਭਾਫ਼ ਦੇ ਥਪੇੜਿਆਂ ਨੇ ਉਸ ਨੂੰ ਬੌਂਦਲਾ ਰੱਖਿਆ ਸੀ। ਗੱਡੀ ਉਸ ਨੂੰ ਉਡਾਈ ਜਾ ਰਹੀ ਸੀ। ਖੜਕਾਟ ਪਈ ਹੋਈ ਸੀ ਅਤੇ ਸੀਟੀਆਂ ਵੱਜ ਰਹੀਆਂ ਸਨ। ਰੱਬ ਹੀ ਜਾਣਦਾ ਸੀ, ਉਸ ਨੂੰ ਕਿਧਰ ਨੂੰ ਲਿਜਾਇਆ ਜਾ ਰਿਹਾ ਸੀ!
ਗਰਾਸੀਮ ਨੂੰ ਜੋ ਨਵਾਂ ਕੰਮ ਦਿੱਤਾ ਗਿਆ ਸੀ। ਖੇਤਾਂ ਦੀ ਸਖ਼ਤ ਹੱਡ-ਭੰਨ ਮਿਹਨਤ ਤੋਂ ਬਾਅਦ ਉਸ ਨੂੰ ਬਹੁਤ ਹੀ ਸੌਖਾ ਲੱਗਦਾ ਸੀ। ਅੱਧੇ ਘੰਟੇ ਵਿਚ ਉਹ ਆਪਣਾ ਸਾਰਾ ਕੰਮ ਮੁਕਾ ਲੈਂਦਾ ਅਤੇ ਫਿਰ ਵਿਹੜੇ ਦੇ ਵਿਚ ਖੜ੍ਹਾ ਰਹਿੰਦਾ। ਸੜਕ 'ਤੇ ਲੰਘਦੇ ਰਾਹੀਆਂ ਨੂੰ ਹੈਰਾਨੀ ਨਾਲ ਘੂਰਦਾ ਰਹਿੰਦਾ, ਜਿਵੇਂ ਕਿ ਉਹ ਇਸ ਤਰ੍ਹਾਂ ਆਪਣੀ ਪ੍ਰੇਸ਼ਾਨ ਕਰਨ ਵਾਲੀ ਸਥਿਤੀ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਜਾਂ ਉਹ ਅਚਾਨਕ ਕਿਸੇ ਕੋਨੇ ਵਿਚ ਚਲਾ ਜਾਂਦਾ ਅਤੇ ਝਾੜੂ ਤੇ ਬੇਲ੍ਚੇ ਨੂੰ ਦੂਰ ਵਗਾਹ ਮਾਰਦਾ। ਆਪ ਮੂੰਹ ਪਰਨੇ ਜ਼ਮੀਨ 'ਤੇ ਲੰਮਾ ਪੈ ਜਾਂਦਾ ਅਤੇ ਬਿਨਾਂ ਕਿਸੇ ਹਿੱਲ-ਜੁੱਲ ਦੇ ਘੰਟਿਆਂ ਤੀਕਰ ਕਿਸੇ ਪਿੰਜਰੇ ਵਿਚ ਬੰਦ ਦਰਿੰਦੇ ਦੀ ਤਰ੍ਹਾਂ ਪਿਆ ਰਹਿੰਦਾ।
ਪਰ ਆਦਮੀ ਆਹਿਸਤਾ-ਆਹਿਸਤਾ ਕਿਸੇ ਵੀ ਚੀਜ਼ ਦਾ ਆਦੀ ਹੋ ਜਾਂਦਾ ਹੈ ਅਤੇ ਗਰਾਸੀਮ ਵੀ ਆਖ਼ਿਰ ਸ਼ਹਿਰ ਵਿਚ ਰਹਿਣ ਦਾ ਆਦੀ ਹੋ ਗਿਆ। ਉਸ ਕੋਲ ਕਰਨ ਲਈ ਬਹੁਤ ਘੱਟ ਕੰਮ ਸੀ। ਉਸ ਦੀ ਸਾਰੀ ਡਿਊਟੀ ਵਿਹੜੇ ਨੂੰ ਸਾਫ਼-ਸੁਥਰਾ ਰੱਖਣਾ, ਰੋਜ਼ਾਨਾ ਦੋ ਵਾਰ ਪਾਣੀ ਦਾ ਢੋਲ ਭਰਨਾ ਅਤੇ ਰਸੋਈ ਅਤੇ ਘਰ ਲਈ ਲੱਕੜਾਂ ਲਿਆਉਣਾ ਤੇ ਉਨ੍ਹਾਂ ਨੂੰ ਪਾੜਨਾ। ਇਸ ਦੇ ਨਾਲ ਹੀ ਅਜਨਬੀਆਂ ਨੂੰ ਬਾਹਰ ਰੱਖਣਾ ਅਤੇ ਰਾਤ ਨੂੰ ਘਰ ਦੀ ਚੌਕੀਦਾਰੀ ਕਰਨਾ ਸੀ। ਇਹ ਕਹਿਣਾ ਵਾਜਿਬ ਹੈ ਕਿ ਉਹ ਬੜੇ ਜੋਸ਼ ਨਾਲ ਆਪਣੀ ਡਿਊਟੀ ਕਰਦਾ ਸੀ। ਉਸ ਦੇ ਵਿਹੜੇ ਵਿਚ ਕਦੀ ਕੋਈ ਕੂੜੇ ਦਾ ਤਿਨਕਾ ਤਕ ਨਹੀਂ ਮਿਲਦਾ ਸੀ। ਕਦੇ ਵੀ ਧੂੜ ਦਾ ਕੋਈ ਕਣ ਨਹੀਂ ਸੀ ਦਿੱਸਦਾ। ਕਦੀ-ਕਦਾਈਂ ਗਾਰੇ ਚਿੱਕੜ ਵਾਲੀ ਰੁੱਤ ਵਿਚ ਜੇ ਕਦੇ ਪਾਣੀ ਲਿਆਉਣ ਲਈ ਉਸ ਨੂੰ ਦਿੱਤੀ ਰੇਹੜੀ ਦਾ ਮਰੀਅਲ ਜਿਹਾ ਟੱਟੂ ਚਿੱਕੜ ਵਿਚ ਫਸ ਕੇ ਖੜ੍ਹ ਜਾਂਦਾ ਸੀ ਤਾਂ ਉਹ ਆਪਣੇ ਮੋਢੇ ਦੀ ਟੇਕ ਨਾਲ ਧੱਕ ਕੇ ਰੇਹੜੀ ਕੱਢ ਲੈਂਦਾ ਸੀ।
ਜੇ ਉਹ ਲੱਕੜਾਂ ਪਾੜਨ ਲੱਗਦਾ ਤਾਂ ਉਸ ਦਾ ਕੁਹਾੜਾ ਸ਼ੀਸ਼ੇ ਵਾਂਗ ਟਨਾ-ਟਨ ਵੱਜਦਾ ਅਤੇ ਖਲਪਾੜਾਂ ਅਤੇ ਡੱਕਰੇ ਹਰ ਦਿਸ਼ਾ ਵਿਚ ਉੱਡਦੇ ਨਜ਼ਰੀਂ ਪੈਂਦੇ।
ਚੋਰ ਉਚੱਕਿਆਂ ਦਾ ਬਾਗਲ ਵਿੱਚ ਆਉਣ ਦਾ ਸਵਾਲ ਹੀ ਖ਼ਤਮ ਹੋ ਗਿਆ ਜਦੋਂ ਇਕ ਰਾਤ ਉਸ ਨੇ ਦੋ ਚੋਰਾਂ ਨੂੰ ਫੜ੍ਹ ਲਿਆ ਅਤੇ ਉਨ੍ਹਾਂ ਦੇ ਸਿਰ ਇੰਨੇ ਜ਼ੋਰ ਨਾਲ ਭਿੜਾ ਦਿੱਤੇ ਕਿ ਉਸ ਤੋਂ ਬਾਅਦ ਪੁਲਿਸ ਥਾਣੇ ਵਿਚ ਉਨ੍ਹਾਂ ਨੂੰ ਲੈ ਜਾਣ ਦੀ ਉੱਕਾ ਕੋਈ ਲੋੜ ਨਹੀਂ ਸੀ ਰਹਿ ਗਈ। ਇਸ ਦੇ ਬਾਅਦ ਆਂਢ-ਗੁਆਂਢ ਹਰ ਕਿਸੇ ਨੇ ਉਸ ਦਾ ਬਹੁਤ ਸਤਿਕਾਰ ਕਰਨਾ ਸ਼ੁਰੂ ਕਰ ਦਿੱਤਾ। ਉਹ ਜਿਹੜੇ ਦਿਨ ਨੂੰ ਆ ਜਾਂਦੇ, ਚਾਹੇ ਲੁਟੇਰੇ ਵੀ ਨਹੀਂ ਹੁੰਦੇ ਸਨ ਪਰ ਸਿਰਫ ਓਪਰੇ ਹੁੰਦੇ, ਉਹ ਭਿਆਨਕ ਚੌਕੀਦਾਰ ਨੂੰ ਦੇਖ ਕੇ ਬਦਹਵਾਸੀ ਵਿਚ ਹੱਥ ਹਿਲਾਉਣ ਲੱਗਦੇ ਅਤੇ ਸ਼ੋਰ ਮਚਾਉਂਦੇ ਜਿਵੇਂ ਉਹ ਉਨ੍ਹਾਂ ਨੂੰ ਸੁਣ ਸਕਦਾ ਹੋਵੇ।
ਘਰ ਦੇ ਸਾਰੇ ਨੌਕਰਾਂ ਨਾਲ ਗਰਾਸੀਮ ਦਾ ਭਾਵੇਂ ਚੰਗਾ ਮੇਲ ਜੋਲ ਸੀ ਪਰ ਦੋਸਤਾਨਾ ਨਹੀਂ ਕਿਹਾ ਜਾ ਸਕਦਾ- ਉਹ ਉਸ ਤੋਂ ਬਹੁਤ ਡਰਦੇ ਸਨ ਪਰ ਉਹ ਉਨ੍ਹਾਂ ਨੂੰ ਆਪਣੇ ਸਾਥੀ ਸਮਝਦਾ ਸੀ। ਉਹ ਉਸ ਨਾਲ ਇਸ਼ਾਰਿਆਂ ਦੇ ਰਾਹੀਂ ਗੱਲਬਾਤ ਕਰਦੇ ਅਤੇ ਉਹ ਉਨ੍ਹਾਂ ਨੂੰ ਸਮਝ ਲੈਂਦਾ। ਸਾਰੇ ਹੁਕਮ ਬਿਨਾਂ ਕਿਸੇ ਹੀਲ-ਹੁੱਜਤ ਦੇ ਵਜਾ ਦਿੰਦਾ ਪਰ ਇਸ ਦੇ ਨਾਲ ਹੀ ਉਹ ਆਪਣੇ ਅਖ਼ਤਿਆਰ ਅਤੇ ਅਧਿਕਾਰ ਵੀ ਚੰਗੀ ਤਰ੍ਹਾਂ ਜਾਣਦਾ ਸੀ। ਛੇਤੀ ਕੀਤੇ ਕਿਸੇ ਦੀ ਹਿੰਮਤ ਨਹੀਂ ਸੀ ਕਿ ਖਾਣੇ ਦੀ ਮੇਜ਼ ਉੱਤੇ ਉਸ ਦੀ ਥਾਂ 'ਤੇ ਆ ਬੈਠ ਜਾਵੇ।
ਗਰਾਸੀਮ ਇਕ ਸਖ਼ਤ ਅਤੇ ਗੰਭੀਰ ਸੁਭਾ ਦਾ ਆਦਮੀ ਸੀ। ਉਹ ਹਰ ਚੀਜ਼ ਵਿਚ ਸਲੀਕਾ ਪਸੰਦ ਕਰਦਾ ਸੀ। ਕੁੱਕੜ ਵੀ ਉਸ ਦੀ ਮੌਜੂਦਗੀ ਵਿਚ ਲੜਨ ਦੀ ਹਿੰਮਤ ਨਹੀਂ ਕਰਦੇ ਸਨ। ਉਨ੍ਹਾਂ ਨੂੰ ਡਰ ਲੱਗਦਾ ਸੀ ਕਿ ਅਗਰ ਉਸ ਨੇ ਉਨ੍ਹਾਂ ਨੂੰ ਲੜਦੇ ਵੇਖ ਲਿਆ ਤਾਂ ਉਹ ਉਨ੍ਹਾਂ ਨੂੰ ਲੱਤਾਂ ਤੋਂ ਕਾਬੂ ਕਰ ਲਵੇਗਾ ਤੇ ਪਹੀਏ ਦੀ ਤਰ੍ਹਾਂ ਹਵਾ ਵਿਚ ਦਸ ਵਾਰ ਘੁਮਾ ਕੇ ਉਨ੍ਹਾਂ ਨੂੰ ਵੱਖ-ਵੱਖ ਦਿਸ਼ਾਵਾਂ ਵਿਚ ਸੁੱਟ ਦੇਵੇਗਾ। ਵਿਹੜੇ ਵਿਚ ਹੰਸ ਵੀ ਰੱਖੇ ਹੋਏ ਸਨ ਪਰ ਹੰਸਾਂ ਬਾਰੇ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ, ਇਕ ਸ਼ਾਨਦਾਰ ਅਤੇ ਸਮਝਦਾਰ ਪੰਛੀ ਹੈ। ਗਰਾਸੀਮ ਦੇ ਮਨ ਵਿਚ ਉਨ੍ਹਾਂ ਲਈ ਸਤਿਕਾਰ ਸੀ। ਉਹ ਉਨ੍ਹਾਂ ਦੀ ਬੜੇ ਪਿਆਰ ਨਾਲ ਦੇਖਭਾਲ ਕਰਦਾ ਅਤੇ ਉਨ੍ਹਾਂ ਨੂੰ ਦਾਣੇ ਪਾਉਂਦਾ। ਉਹ ਆਪ ਵੀ ਮਾਣਮੱਤੇ ਹੰਸ ਦੀ ਤਰ੍ਹਾਂ ਵਿਚਰਦਾ ਸੀ।
ਉਸ ਨੂੰ ਰਸੋਈ ਦੇ ਉੱਪਰ ਇਕ ਛੋਟਾ ਜਿਹਾ ਕੋਠੜਾ ਦਿੱਤਾ ਗਿਆ ਸੀ। ਉਸ ਨੇ ਇਸ ਵਿਚ ਆਪਣੀ ਪਸੰਦ ਅਨੁਸਾਰ ਢੰਗ ਸਿਰ ਸਾਮਾਨ ਟਿਕਾ ਲਿਆ ਸੀ। ਲੱਕੜ ਦੇ ਚਾਰ ਪਾਵਿਆਂ ਉੱਤੇ ਬਲੂਤ ਦੇ ਫੱਟੇ ਰੱਖ ਕੇ ਇੱਕ ਵੱਡਾ ਸਾਰਾ ਮੰਜਾ ਬਣਾ ਲਿਆ। ਮੰਜਾ ਕਾਹਦਾ ਸੱਚਮੁੱਚ ਕਿਸੇ ਦਿਓ ਦੇ ਲਿਟਣ ਦਾ ਸਮਾਨ ਸੀ। ਅਗਰ ਇਕ ਟਨ ਭਾਰ ਇਸ ਉੱਤੇ ਲੱਦ ਦਿੱਤਾ ਜਾਂਦਾ ਤਾਂ ਵੀ ਇਹ ਬੋਝ ਦੇ ਹੇਠਾਂ ਭੋਰਾ ਨਾ ਜਬ੍ਹਕਦਾ। ਮੰਜੇ ਦੇ ਹੇਠਾਂ ਇਕ ਨਿੱਗਰ ਪੇਟੀ ਰੱਖ ਦਿੱਤੀ ਸੀ। ਇਕ ਕੋਨੇ ਵਿਚ ਆਮ ਜਿਹੀ ਮਜ਼ਬੂਤ ​​ਕਿਸਮ ਦੀ ਇਕ ਛੋਟੀ ਮੇਜ਼ ਰੱਖੀ ਸੀ ਅਤੇ ਮੇਜ਼ ਦੇ ਨੇੜੇ ਤਿੰਨ ਟੰਗਾਂ ਵਾਲਾ ਇਕ ਸਟੂਲ ਟਿਕਾਇਆ ਸੀ। ਸਟੂਲ ਏਨਾ ਮਜਬੂਤ ਸੀ ਕਿ ਗਰਾਸੀਮ ਕਈ ਵਾਰ ਇਸ ਨੂੰ ਚੁੱਕ ਲੈਂਦਾ ਅਤੇ ਫਿਰ ਇਸ ਨੂੰ ਮੁਸਕਰਾ ਕੇ ਸੁੱਟ ਛੱਡਦਾ। ਕੋਠੜੇ ਨੂੰ ਹਮੇਸ਼ਾ ਇਕ ਵੱਡਾ ਸਾਰਾ ਜੰਦਰਾ ਲਾ ਕੇ ਬੰਦ ਕਰ ਦਿੰਦਾ ਸੀ ਅਤੇ ਉਸ ਜੰਦਰੇ ਦੀ ਕੁੰਜੀ ਗਰਾਸੀਮ ਹਮੇਸ਼ਾਂ ਆਪਣੀ ਪੇਟੀ ਵਿਚ ਟੰਗ ਰੱਖਦਾ ਸੀ। ਉਹ ਲੋਕਾਂ ਦਾ ਆਪਣੇ ਕੋਠੜੇ ਵਿਚ ਆਉਣਾ ਪਸੰਦ ਨਹੀਂ ਕਰਦਾ ਸੀ।
ਇਸ ਤਰ੍ਹਾਂ ਇਕ ਸਾਲ ਬੀਤ ਗਿਆ ਜਿਸ ਦੇ ਅੰਤ ਵਿਚ ਗਰਾਸੀਮ ਨਾਲ ਇਕ ਛੋਟੀ ਜਿਹੀ ਘਟਨਾ ਵਾਪਰੀ।
ਬੁੱਢੀ ਔਰਤ, ਜਿਸ ਦੀ ਹਵੇਲੀ ਵਿਚ ਉਹ ਨੌਕਰ ਦੇ ਤੌਰ 'ਤੇ ਰਹਿੰਦਾ ਸੀ। ਹਰ ਚੀਜ਼ ਵਿਚ ਪ੍ਰਾਚੀਨ ਦਸ੍ਤੂਰ ਦਾ ਪਾਲਣ ਕਰਨ ਵਾਲੀ ਇਕ ਖ਼ਬਤੀ ਔਰਤ ਸੀ ਅਤੇ ਉਸ ਨੇ ਬਹੁਤ ਸਾਰੇ ਨੌਕਰ ਨੌਕਰਾਣੀਆਂ ਰੱਖੇ ਹੋਏ ਸਨ। ਉਸ ਦੇ ਘਰ ਵਿਚ ਨਾ ਸਿਰਫ਼ ਧੋਬਣਾਂ, ਛੀਂਬਣਾਂ, ਤਰਖਾਣ, ਦਰਜੀ ਅਤੇ ਡਿਜ਼ਾਇਨਰ ਹੀ ਸਨ, ਸਗੋਂ ਇਕ ਕਾਠੀਆਂ ਬਣਾਉਣ ਵਾਲਾ ਵੀ ਸੀ। ਉਹ ਸਲੋਤਰੀ (ਵੈਟਰਨਰੀ ਸਰਜਨ) ਦੇ ਤੌਰ 'ਤੇ ਵੀ ਕੰਮ ਕਰਦਾ ਸੀ ਤੇ ਕਾਮਿਆਂ ਦਾ ਡਾਕਟਰ ਵੀ ਉਹੀ ਸੀ। ਮਾਲਕਣ ਲਈ ਇਕ ਅਲਹਿਦਾ ਘਰੇਲੂ ਡਾਕਟਰ ਸੀ। ਇੱਥੇ ਹੀ ਬੱਸ ਨਹੀਂ, ਇਕ ਮੋਚੀ ਵੀ ਸੀ ਤੇ ਕਾਪੀਤੋਨ ਕਲੀਮੋਵ ਨਾਂ ਦਾ ਇਕ ਉਦਾਸ ਸ਼ਰਾਬੀ। ਕਲੀਮੋਵ ਆਪਣੇ ਆਪ ਨੂੰ ਇਕ ਜ਼ਖ਼ਮੀ ਪ੍ਰਾਣੀ ਸਮਝਦਾ ਸੀ ਜਿਸ ਦੇ ਗੁਣਾਂ ਦੀ ਬੇਕਦਰੀ ਕੀਤੀ ਗਈ ਸੀ। ਪੀਟਰਸਬਰਗ ਦਾ ਇਕ ਸੁਲਝਿਆ ਹੋਇਆ ਇਨਸਾਨ ਜਿਸ ਨੂੰ ਮਾਸਕੋ ਵਿਚ ਬਿਨਾਂ ਕੰਮ ਇਨ੍ਹਾਂ ਜੰਗਲੀ ਲੋਕਾਂ ਵਿਚ ਨਹੀਂ ਸੀ ਹੋਣਾ ਚਾਹੀਦਾ। ਅਗਰ ਉਹ ਪੀਂਦਾ ਸੀ, ਉਹ ਖ਼ੁਦ ਆਪ ਛਾਤੀ ਫੁਲਾ ਕੇ ਇਸ ਇੱਲਤ ਦਾ ਢੰਡੋਰਾ ਪਿੱਟਦਾ ਸੀ ਤੇ ਕਹਿੰਦਾ ਸੀ ਗ਼ਮ ਨੇ ਉਸ ਨੂੰ ਪੀਣ ਦੀ ਆਦਤ ਪਾਈ ਸੀ।
ਇਸ ਲਈ ਇਕ ਦਿਨ ਉਸ ਦੀ ਮਾਲਕਣ ਨੇ ਆਪਣੇ ਮੁੱਖ ਪ੍ਰਬੰਧਕ ਗਾਵਰੀਲਾ ਨਾਲ ਉਸ ਬਾਰੇ ਗੱਲਬਾਤ ਕੀਤੀ। ਗਾਵਰੀਲਾ ਦੀਆਂ ਛੋਟੀਆਂ ਪੀਲੀਆਂ ਅੱਖਾਂ ਸਨ ਅਤੇ ਹੰਸ ਦੀ ਚੁੰਝ ਵਰਗੀ ਨੱਕ। ਉਸ ਦੇ ਨੈਣ ਨਕਸ਼ਾਂ ਤੋਂ ਇਹ ਲਗਦਾ ਸੀ ਕਿ ਕੁਦਰਤ ਨੇ ਉਸ ਨੂੰ ਕਿਸੇ ਹਾਕਮਾਨਾ ਅਹੁਦੇ ਲਈ ਬਣਾਇਆ ਸੀ। ਉਸ ਔਰਤ ਨੇ ਕਾਪੀਤੋਨ ਦੀ ਸ਼ਰਾਬ ਦੀ ਆਦਤ ਅਤੇ ਬਦਚਲਨੀ ਦੇ ਦੁਖਾਂਤ ਬਾਰੇ ਅਫ਼ਸੋਸ ਪ੍ਰਗਟ ਕੀਤਾ ਅਤੇ ਇਕ ਦਿਨ ਪਹਿਲਾਂ ਹੀ ਸ਼ਾਮ ਨੂੰ ਸ਼ਰਾਬ ਵਿੱਚ ਧੁੱਤ ਨੂੰ ਸੜਕ ਦੇ ਕੰਢੇ ਨਾਲੀ ਵਿਚੋਂ ਚੁੱਕ ਕੇ ਲਿਆਉਣਾ ਪਿਆ ਸੀ। "ਗਾਵਰੀਲਾ," ਉਸ ਨੇ ਅਚਾਨਕ ਕਿਹਾ, "ਜੇ ਅਸੀਂ ਇਸ ਦਾ ਵਿਆਹ ਕਰ ਦੇਈਏ, ਤਾਂ ਤੇਰਾ ਕੀ ਖ਼ਿਆਲ ਹੈ? ਸ਼ਾਇਦ ਇਹ ਸੰਭਲ ਹੀ ਜਾਏ!" "ਜੀ ਹਾਂ ਸਰਕਾਰ, ਤੁਸੀਂ ਜ਼ਰੂਰ ਇਸ ਦੀ ਸ਼ਾਦੀ ਕਰਵਾ ਦਿਓ, ਗਾਵਰੀਲਾ ਨੇ ਜਵਾਬ ਦਿੱਤਾ। ਇਹ ਤਾਂ ਬਹੁਤ ਹੀ ਚੰਗੀ ਗੱਲ ਹੋਵੇਗੀ!”
"ਹਾਂ, ਪਰ ਉਸ ਨਾਲ ਵਿਆਹ ਕੌਣ ਕਰਵਾਏਗੀ?" ਮਾਲਕਣ ਨੇ ਪੁੱਛਿਆ।
"ਹਾਂ, ਮਾਲਕਣ। ਇਹ ਤਾਂ ਹੈ ਪਰ ਜੇ ਤੁਸੀਂ ਇਸ ਤਰਾਂ ਖੁਸ਼ ਹੋਂ... ਫਿਰ ਵੀ, ਅਗਰ ਤੁਸੀਂ ਚਾਹੁੰਦੇ ਹੋ.... ਕਿਸੇ ਵੀ ਵਜ੍ਹਾ ਕਰਕੇ ਅੱਛਾ ਇਨਸਾਨ ਬਣ ਸਕਦਾ ਹੈ। ਦਰਜ਼ਨ ਵਿਚੋਂ ਇਕ ਦੇ ਯੋਗ ਤਾਂ ਹੋਵੇਗਾ ਹੀ।"
"ਮੈਂਨੂੰ ਇਹ ਪੱਕਾ ਲੱਗਦੈ ਕਿ ਉਹ ਤਾਤਿਆਨਾ ਨੂੰ ਪਸੰਦ ਕਰਦੈ," ਔਰਤ ਨੇ ਕਿਹਾ।
ਗਵਰੀਲਾ ਕੁਝ ਕਹਿਣ ਵਾਲਾ ਸੀ ਪਰ ਉਸ ਨੇ ਆਪਣੇ ਬੁੱਲ੍ਹ ਮੀਚ ਲਏ ਅਤੇ ਕਿਹਾ ਕੁਝ ਨਾ।
"ਹਾਂ", ਔਰਤ ਨੇ ਨਸਵਾਰ ਦੀ ਚੁਟਕੀ ਦਾ ਸੁਆਦ ਲੈਂਦੇ ਹੋਏ ਕਿਹਾ, "ਹਾਂ ਤਾਤੀਆਨਾ ਨੂੰ ਉਹਦੇ ਲਈ ਮਨਾਇਆ ਜਾਵੇ। ਤੂੰ ਸੁਣਦਾ ਹੈਂ?"
"ਹਾਂ, ਮਾਲਕਣ", ਗਾਵਰੀਲਾ ਨੇ ਕਿਹਾ ਅਤੇ ਉਥੋਂ ਚਲਾ ਗਿਆ, ਔਰਤ ਨੇ ਵੀ ਉਹਨੂੰ ਉਥੋਂ ਜਾਣ ਦੀ ਆਗਿਆ ਦੇ ਅੰਦਾਜ਼ ਵਿਚ ਆਪਣਾ ਹੱਥ ਹਿਲਾਇਆ।
ਆਪਣੇ ਮਕਾਨ ਵਿਚ ਵਾਪਸ ਪਰਤਣ 'ਤੇ ਜਿਹੜਾ ਕਿ ਇਮਾਰਤ ਦੇ ਪਿਛਵਾੜੇ ਇਕ ਕਮਰੇ ਦਾ ਸੀ ਅਤੇ ਲੋਹੇ ਦੀਆਂ ਤਾਰਾਂ ਨਾਲ ਬੰਨ੍ਹੇ ਬਕਸਿਆਂ ਨਾਲ ਭਰਿਆ ਪਿਆ ਸੀ। ਗਵਰੀਲਾ ਨੇ ਆਪਣੀ ਪਤਨੀ ਨੂੰ ਬਾਹਰ ਜਾਣ ਲਈ ਕਿਹਾ ਅਤੇ ਫਿਰ ਖਿੜਕੀ ਕੋਲ ਸੋਚਵਾਨ ਲਹਿਜੇ ਵਿਚ ਬੈਠ ਗਿਆ। ਉਸ ਦੀ ਮਾਲਕਣ ਦੇ ਅਚਾਨਕ ਹੁਕਮ ਨੇ ਉਸ ਨੂੰ ਮੁਸ਼ਕਲ ਵਿਚ ਪਾ ਦਿੱਤਾ ਸੀ। ਆਖ਼ਿਰਕਾਰ ਉਹ ਉੱਠਿਆ ਅਤੇ ਮੋਚੀ ਨੂੰ ਬੁਲਾਉਣ ਦਾ ਹੁਕਮ ਦਿੱਤਾ। ਜਲਦੀ ਹੀ ਕਪਿਤੋਨ ਕਲਿਮੋਫ਼ ਉਸ ਅੱਗੇ ਆ ਹਾਜ਼ਿਰ ਹੋਇਆ।
ਗਾਵਰੀਲਾ ਦੇ ਕਮਰੇ ਵਿਚ ਕੀ ਹੋਇਆ ਇਹ ਦੱਸਣਾ ਜਾਰੀ ਰੱਖਣ ਤੋਂ ਪਹਿਲਾਂ ਅਸੀਂ ਤਾਤਿਆਨਾ ਬਾਰੇ ਦੋ ਸ਼ਬਦ ਦੱਸਣੇ ਜਰੂਰੀ ਸਮਝਦੇ ਹਾਂ ਜਿਸ ਨਾਲ ਕਿ ਕਪੀਤੋਨ ਵਿਆਹ ਕਰਵਾਉਣਾ ਚਾਹੁੰਦਾ ਸੀ ਅਤੇ ਇਹ ਵੀ ਕਿ ਉਸ ਔਰਤ ਦੇ ਹੁਕਮ ਨੇ ਗਵਰੀਲਾ ਨੂੰ ਏਨਾ ਪ੍ਰੇਸ਼ਾਨ ਕਿਉਂ ਕੀਤਾ ਸੀ?

ਤਾਤਿਆਨਾ ਮਾਲਕਣ ਦੇ ਧੋਬੀਖਾਨੇ ਵਿਚ ਕੰਮ ਕਰਦੀ ਸੀ ਕਿਉਂਕਿ ਉਹ ਆਪਣੇ ਕੰਮ ਵਿਚ ਕਾਫੀ ਸੁਲਝੀ ਹੋਈ ਸੀ। ਇਸ ਕਰਕੇ ਉਸ ਨੂੰ ਸਭ ਤੋਂ ਵਧੀਆ ਲੀਨੇਨ ਦਾ ਧਿਆਨ ਰੱਖਣ ਦਾ ਕੰਮ ਦਿੱਤਾ ਗਿਆ ਸੀ। ਉਹ ਅਠਾਈਆਂ ਕੁ ਵਰਿਆਂ ਦੀ ਮਧਰੀ ਅਤੇ ਬਹੁਤ ਹੀ ਪਤਲੀ ਔਰਤ ਸੀ। ਸੋਹਣੇ ਰੰਗ ਰੂਪ ਵਾਲੀ ਜਿਸ ਦੀ ਖੱਬੀ ਗੱਲ੍ਹ 'ਤੇ ਤਿਲ ਸੀ। ਖੱਬੀ ਗੱਲ੍ਹ 'ਤੇ ਐਸੇ ਤਿਲ ਨੂੰ ਰੂਸ ਵਿਚ ਬਦਸ਼ਗਨੀ ਮੰਨਿਆ ਜਾਂਦਾ ਹੈ। ਇਹ ਮੰਦਭਾਗੇ ਜੀਵਨ ਦਾ ਭਵਿੱਖਤ ਸੰਕੇਤ ਦਿੰਦੀ ਹੈ। ਅਸਲ ਵਿਚ ਤਾਤਿਆਨਾ ਚੰਗੀ ਕਿਸਮਤ ਦੀ ਸ਼ੇਖੀ ਨਹੀਂ ਮਾਰ ਸਕਦੀ ਸੀ। ਬਚਪਨ ਤੋਂ ਹੀ ਉਹ ਦੂਸਰਿਆਂ ਦੇ ਅਧੀਨ ਰਹੀ ਸੀ। ਉਸ ਨੇ ਦੋ ਜਣਿਆ ਲਈ ਕੰਮ ਕੀਤਾ ਅਤੇ ਉਨ੍ਹਾਂ ਨੇ ਉਸ ਪ੍ਰਤੀ ਕਦੇ ਕੋਈ ਦਿਆਲਤਾ ਨਹੀਂ ਦਿਖਾਈ। ਉਸ ਦੇ ਕੱਪੜੇ ਖਸਤਾ ਹਾਲਤ ਵਾਲੇ ਹੁੰਦੇ ਅਤੇ ਤਨਖ਼ਾਹ ਵੀ ਬੜੀ ਘੱਟ ਹੁੰਦੀ ਸੀ ਤੇ ਰਿਸ਼ਤੇਦਾਰ? ਹੁਣ ਤਾਂ ਨਾਂ ਲੈਣ ਲਈ ਵੀ ਕੋਈ ਨਹੀਂ ਸੀ। ਉਸ ਦੇ ਚਾਚਿਆਂ ਵਿਚੋਂ ਇਕ ਮਾਲਕਾਂ ਦੀ ਹਵੇਲੀ ਵਿਚ ਬਟਲਰ ਦੀ ਪਦਵੀ 'ਤੇ ਰਹਿ ਚੁੱਕਿਆ ਸੀ ਪਰੰਤੂ ਉਸ ਨੂੰ ਵਾਪਿਸ ਪਿੰਡ ਭੇਜ ਦਿੱਤਾ ਗਿਆ ਕਿਉਂਕਿ ਉਹ ਇਸ ਕੰਮ ਲਈ ਯੋਗ ਨਹੀਂ ਸੀ। ਉਸ ਦੇ ਹੋਰ ਚਾਚੇ ਕਦੇ ਆਪਣੇ ਖ਼ਾਨਦਾਨੀ ਮਾਲਕਾਂ ਦੇ ਨੇੜੇ-ਤੇੜੇ ਵੀ ਨਹੀਂ ਰਹੇ। ਕੋਈ ਐਸਾ ਵੀ ਸਮਾਂ ਸੀ ਜਦੋਂ ਤਾਤਿਆਨਾ ਨੂੰ ਇਕ ਖ਼ੂਬਸੂਰਤ ਔਰਤ ਮੰਨਿਆ ਜਾਂਦਾ ਸੀ ਲੇਕਿਨ ਕਿਸੇ ਤਰ੍ਹਾਂ ਉਸ ਦੀ ਸੁੰਦਰਤਾ ਗੁਆਚ ਗਈ ਸੀ। ਉਹ ਬਹੁਤ ਹੀ ਸ਼ਾਂਤ, ਸਗੋਂ ਬੜੇ ਸ਼ਰਮੀਲੇ ਸੁਭਾਅ ਦੀ ਸੀ। ਆਪਣੇ ਪ੍ਰਤੀ ਬਹੁਤ ਉਦਾਸੀਨ ਅਤੇ ਦੂਜਿਆਂ ਤੋਂ ਬਹੁਤ ਹੀ ਡਰੀ ਹੋਈ। ਉਸ ਦਾ ਧਿਆਨ ਸਿਰਫ਼ ਇਕੋ ਗੱਲ ਵੱਲ ਸੀ ਕਿ ਸਮੇਂ ਸਿਰ ਕੰਮ ਪੂਰਾ ਹੋ ਜਾਵੇ। ਉਹ ਕਦੇ ਵੀ ਬਹੁਤਾ ਨਹੀਂ ਬੋਲੀ ਅਤੇ ਅਪਣੀ ਮਾਲਕਣ ਦੇ ਸਿਰਫ਼ ਜ਼ਿਕਰ ਤੇ ਹੀ ਕੰਬ ਉੱਠਦੀ, ਹਾਲਾਂਕਿ ਉਸ ਦੀ ਮਾਲਕਣ ਨੇ ਉਸ ਨੂੰ ਕਦੇ ਇਕ ਸ਼ਬਦ ਵੀ ਨਹੀਂ ਕਿਹਾ।
ਜਦੋਂ ਗਰਾਸੀਮ ਨੂੰ ਪਿੰਡ ਤੋਂ ਲਿਆਂਦਾ ਗਿਆ ਸੀ ਤਾਂ ਤਾਤਿਆਨਾ ਤਾਂ ਉਸ ਦਾ ਵੱਡਾ ਜੁੱਸਾ ਦੇਖ ਕੇ ਡਰ ਦੇ ਮਾਰੇ ਲਗਪਗ ਬੇਹੋਸ਼ ਹੋ ਚੱਲੀ ਸੀ। ਉਹ ਹਮੇਸ਼ਾਂ ਉਸ ਤੋਂ ਪਾਸੇ ਰਹਿਣ ਦੀ ਕੋਸ਼ਿਸ਼ ਕਰਦੀ ਅਤੇ ਜਦੋਂ ਉਸ ਨੂੰ ਵਿਹੜੇ ਵਿਚੋੋਂ ਉਸ ਕੋਲੋਂ ਲੰਘਣਾ ਪੈਂਦਾ ਤਾਂ ਉਹ ਆਪਣੀਆਂ ਅੱਧੀਆਂ ਅੱਖਾਂ ਬੰਦ ਕਰ ਲੈਂਦੀ ਅਤੇ ਤੇਜ਼ੀ ਨਾਲ ਉਸ ਕੋਲੋਂ ਲੰਘ ਜਾਂਦੀ। ਪਹਿਲਾਂ ਤਾਂ ਗਰਾਸੀਮ ਨੇ ਵੀ ਉਸ ਵੱਲ ਧਿਆਨ ਨਾ ਦਿੱਤਾ ਪਰ ਫੇਰ ਜਦੋਂ ਉਹ ਤਾਤਿਆਨਾ ਨੂੰ ਮਿਲਿਆ ਤਾਂ ਮੁਸਕੁਰਾਇਆ। ਬਾਅਦ ਵਿਚ ਉਹ ਨਜ਼ਰਾਂ ਨਾਲ ਉਸ ਦਾ ਪਿੱਛਾ ਕਰਨ ਲੱਗ ਪਿਆ ਤੇ ਅਖ਼ੀਰ ਗੱਲ ਏਨੀ ਵਧ ਗਈ ਕਿ ਉਹ ਉਸ ਤੋਂ ਨਜ਼ਰਾਂ ਹਟਾਉਂਦਾ ਹੀ ਨਹੀਂ ਸੀ। ਉਹ ਉਸ ਨੂੰ ਪਸੰਦ ਕਰਨ ਲੱਗ ਪਿਆ ਸੀ। ਇਹ ਉਸ ਦੇ ਸ਼ਾਂਤ ਚਿਹਰੇ-ਮੁਹਰੇ ਕਰਕੇ ਸੀ ਜਾਂ ਉਸ ਦੇ ਸ਼ਰਮੀਲੇ ਅਤੇ ਡਰਾਕਲ ਵਿਵਹਾਰ ਲਈ ਕੌਣ ਦੱਸ ਸਕਦਾ ਹੈ?
ਇਕ ਵਾਰ ਤਾਤਿਆਨਾ ਆਪਣੀ ਮਾਲਕਣ ਦੇ ਤਾਜਾ ਦਿੱਤੇ ਮਾਵੇ ਵਾਲੇ ਬਲਾਊਜ ਨੂੰ ਸਾਵਧਾਨੀ ਨਾਲ ਆਪਣੀਆਂ ਉਂਗਲੀਆਂ ਦੇ ਪੋਟਿਆਂ 'ਤੇ ਚੁੱਕੀ ਆਪਣੀ ਬਾਂਹ ਉੱਪਰ ਉਠਾਈਂ ਵਿਹੜੇ ਵਿਚੋਂ ਦੀ ਲੰਘੀ। ਉਸ ਨੇ ਅਚਾਨਕ ਮਹਿਸੂਸ ਕੀਤਾ ਕਿ ਕਿਸੇ ਨੇ ਉਸ ਦੀ ਦੂਜੀ ਬਾਂਹ ਨੂੰ ਕੱਸ ਕੇ ਫੜ੍ਹ ਲਿਆ। ਉਸ ਨੇ ਮੁੜ ਕੇ ਦੇਖਿਆ, ਉਸ ਦੇ ਪਿੱਛੇ ਗਾਰਸੀਮ ਖੜ੍ਹਾ ਸੀ। ਡਰ ਨਾਲ ਉਹ ਲਗਪਗ ਗੁੰਮ ਹੀ ਹੋ ਚੱਲੀ ਸੀ। ਭੀਂ-ਭੀਂ ਜਿਹੀ ਆਵਾਜ਼ ਨਾਲ ਹੱਸਦੇ ਹੋਏ ਉਸ ਨੇ ਤਾਤੀਆਨਾ ਨੂੰ ਹਨੀ ਕੇਕ ਪੇਸ਼ ਕੀਤਾ ਜਿਸ ਦੀ ਸ਼ਕਲ ਸੁਨਹਿਰੀ ਕਲਗੀ ਵਾਲੇ ਕੁੱਕੜ ਵਰਗੀ ਸੀ। ਉਹ ਇਸ ਨੂੰ ਲੈਣਾ ਨਹੀਂ ਚਾਹੁੰਦੀ ਸੀ ਪਰ ਉਸ ਨੇ ਇਹ ਉਸ ਦੇ ਹੱਥ ਵਿਚ ਮੱਲੋ-ਮੱਲੀ ਥਮਾ ਦਿੱਤਾ ਅਤੇ ਤੁਰ ਗਿਆ। ਕਈ ਵਾਰ ਮੁੜ-ਮੁੜ ਕੇ ਦੇਖਦਾ ਰਿਹਾ ਅਤੇ ਆਪਣੀ ਅਜੀਬ ਆਵਾਜ਼ ਕੱਢਦਾ ਰਿਹਾ ਜੋ ਸ਼ਾਇਦ ਕੁਝ ਬਹੁਤ ਹੀ ਪਿਆਰ ਭਰੇ ਸ਼ੁਕਰਾਨੇ ਦਾ ਪ੍ਰਗਟਾਵਾ ਸੀ।
ਉਸ ਸਮੇਂ ਤੋਂ ਵਿਚਾਰੀ ਤਾਤਿਆਨਾ ਦਾ ਉਸ ਤੋਂ ਖਹਿੜਾ ਨਹੀਂ ਸੀ ਛੁੱਟ ਰਿਹਾ। ਉਹ ਜਿੱਥੇ ਵੀ ਜਾਂਦੀ, ਉਹ ਉਸ ਦੇ ਕੋਲ ਹੁੰਦਾ। ਉਹ ਅਕਸਰ ਉਸ ਨੂੰ ਰਸਤੇ ਵਿੱਚ ਮਿਲਦਾ, ਮੁਸਕਰਾਉਂਦਾ ਅਤੇ ਪਿਆਰ ਜਤਲਾਉਂਦਾ। ਉਹ ਆਪਣੀ ਫਤੂਹੀ ਵਿੱਚੋਂ ਫੀਤੇ ਦੀ ਇਕ ਲੜੀ ਖਿੱਚ ਲੈਂਦਾ ਅਤੇ ਇਸ ਨੂੰ ਮੱਲੋ-ਮੱਲੀ ਉਸ ਦੇ ਹੱਥ ਫੜ੍ਹਾ ਦਿੰਦਾ ਸੀ। ਕਦੀ-ਕਦੀ ਉਹ ਅੱਗੇ-ਅੱਗੇ ਝਾੜੂ ਨਾਲ ਰਾਹ ਸੰਵਰਦਾ ਜਾਂਦਾ। ਵਿਚਾਰੀ ਤਾਤੀਆਨਾ ਨੂੰ ਪਤਾ ਨਹੀਂ ਲੱਗਦਾ ਸੀ ਕਿ ੳੇਹ ਉਸ ਨਾਲ ਕੀ ਅਤੇ ਕਿਸ ਤਰ੍ਹਾਂ ਦਾ ਵਿਵਹਾਰ ਕਰੇ। ਬਹੁਤ ਹੀ ਛੇਤੀ ਘਰ ਦੇ ਸਾਰੇ ਲੋਕਾਂ ਨੂੰ ਗੁੰਗੇ-ਬਹਿਰੇ ਨੌਕਰ ਦੀਆਂ ਚਾਲਾਂ ਬਾਰੇ ਕੁੜੀ ਵੱਲ ਮੁਸਕਰਾਹਟਾਂ, ਇਸ਼ਾਰਿਆਂ ਅਤੇ ਸ਼ਰਾਰਤੀ ਮਜ਼ਾਕਾਂ ਬਾਰੇ ਪਤਾ ਚੱਲ ਗਿਆ ਸੀ ਪਰ ਕੋਈ ਵੀ ਗਾਰਸੀਮ ਨੂੰ ਕੁਛ ਕਹਿਣ ਦੀ ਹਿੰਮਤ ਨਹੀਂ ਕਰਦਾ ਸੀ। ਉਸ ਨੂੰ ਮਜ਼ਾਕ ਪਸੰਦ ਨਹੀਂ ਸੀ। ਉਸ ਦੀ ਹਾਜ਼ਰੀ ਵਿਚ ਕੋਈ ਉਹ ਤਾਤਿਆਨਾ ਨੂੰ ਟਿੱਚਰ ਕਰਨ ਦੀ ਹਿੰਮਤ ਨਹੀਂ ਸੀ ਕਰ ਸਕਦਾ।
ਇਸ ਤਰ੍ਹਾਂ ਚਾਹੇ ਉਸ ਨੂੰ ਪਸੰਦ ਸੀ ਜਾਂ ਨਾ ਕੁੜੀ ਆਪਣੇ ਆਪ ਨੂੰ ਉਸ ਦੀ ਰਾਖੀ ਵਿੱਚ ਸੁਰੱਖਿਅਤ ਮਹਿਸੂਸ ਕਰਦੀ ਸੀ। ਸਾਰੇ ਬਹਿਰੇ ਲੋਕਾਂ ਦੀ ਤਰ੍ਹਾਂ ਗਰਾਸੀਮ ਵੀ ਬੜਾ ਚਲਾਕ ਸੀ ਅਤੇ ਜਦੋਂ ਉਸ ਦਾ ਜਾਂ ਉਸ ਦੀ ਪ੍ਰੇਮਿਕਾ ਦਾ ਮਜ਼ਾਕ ਉਡਾਇਆ ਜਾ ਰਿਹਾ ਹੁੰਦਾ ਤਾਂ ਉਸ ਨੂੰ ਝੱਟ ਸਮਝ ਪੈ ਜਾਂਦੀ ਸੀ। ਇਕ ਵਾਰ ਰਾਤ ਦੇ ਖਾਣੇ ਦੀ ਮੇਜ਼ 'ਤੇ ਨੌਕਰਾਣੀਆਂ ਦੀ ਮੁਖੀਆ ਨੇ ਤਾਤਿਆਨਾ ਦੇ ਖਿਲਾਫ਼ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਉਹ ਏਨੀ ਦੁਖੀ ਹੋ ਗਈ ਕਿ ਲਗਪਗ ਰੋ ਹੀ ਪਈ। ਗਰਾਸੀਮ ਨੇ ਇਹ ਦੇਖਿਆ ਉਹ ਅਚਾਨਕ ਆਪਣੀ ਸੀਟ ਤੋਂ ਉੱਠਿਆ। ਮੇਜ਼ ਉੱਤੇ ਆਪਣੀ ਮਜਬੂਤ ਬਾਂਹ ਪਸਾਰੀ ਅਤੇ ਆਪਣਾ ਹੱਥ ਮੁਖੀਆ ਦੇ ਸਿਰ 'ਤੇ ਰੱਖ ਕੇ ਦਬਾਇਆ ਤੇ ਉਸ ਵੱਲ ਇਸ ਤਰ੍ਹਾਂ ਗੁੱਸੇ ਨਾਲ ਝਾਕਿਆ ਕਿ ਉਸ ਦੇ ਹੋਸ਼ ਉੱਡ ਗਏ। ਮੇਜ਼ 'ਤੇ ਖਾਣਾ ਖਾਂਦੇ ਸਾਰੇ ਲੋਕ ਡਰ ਗਏ ਸਨ।
"ਓ, ਸ਼ੈਤਾਨ! ਜੰਗਲੀ ਦੁਸ਼ਟ ਸ਼ੈਤਾਨ!" ਕਹਿੰਦੀ ਹੋਈ ਮੁਖੀਆ ਬਾਹਰ ਭੱਜ ਗਈ ਪਰ ਉਹ ਆਰਾਮ ਨਾਲ ਆਪਣੀ ਸੀਟ 'ਤੇ ਬੈਠ ਗਿਆ ਅਤੇ ਮੁੜ ਖਾਣਾ ਸ਼ੁਰੂ ਕਰ ਦਿੱਤਾ ਜਿਵੇਂ ਕਿ ਕੁਝ ਹੋਇਆ ਹੀ ਨਾ ਹੋਵੇ।
ਇਕ ਹੋਰ ਮੌਕੇ 'ਤੇ ਉਸ ਨੇ ਦੇਖਿਆ ਕਿ ਸੱਜਿਆ-ਧੱਜਿਆ ਕਪੀਤੋਨ, ਉਹੀ ਬੰਦਾ ਜਿਸ ਨਾਲ ਹੁਣ ਤਾਤਿਆਨਾ ਨੂੰ ਵਿਆਉਣਾ ਸੀ, ਕੁੜੀ ਨਾਲ ਗੱਲਾਂ ਕਰ ਰਿਹਾ ਸੀ ਤਾਂ ਉਸ ਨੇ ਆਪਣੇ ਹੱਥ ਦੇ ਇਸ਼ਾਰੇ ਨਾਲ ਉਸ ਨੂੰ ਬੁਲਾਇਆ। ਉਸ ਨੂੰ ਬਾਂਹ ਤੋਂ ਫੜ੍ਹ ਲਿਆ ਅਤੇ ਗੁਦਾਮ ਵਿੱਚ ਲੈ ਗਿਆ। ਇਕ ਹੱਥ ਨਾਲ ਉਸ ਨੂੰ ਫੜ੍ਹੀ ਰੱਖ਼ਿਆ ਅਤੇ ਦੂਜੇ ਨਾਲ ਇਕ ਡਾਂਗ ਚੁੱਕ ਲਈ ਤੇ ਮੋਚੀ ਦੇ ਮੂੰਹ ਅੱਗੇ ਹੌਲੀ-ਹੌਲੀ ਹਿਲਾਈ ਅਤੇ ਫਿਰ ਉਸ ਨੂੰ ਜਾਣ ਦਿੱਤਾ। ਉਸ ਸਮੇਂ ਤੋਂ ਬਾਅਦ ਕਿਸੇ ਨੇ ਵੀ ਤਾਤਿਆਨਾ ਨੂੰ ਪ੍ਰੇਸ਼ਾਨ ਕਰਨ ਦੀ ਹਿੰਮਤ ਨਹੀਂ ਕੀਤੀ ਅਤੇ ਗਰਾਸੀਮ ਨੂੰ ਆਪਣੀ ਕੁਰੱਖਤ ਕਾਰਵਾਈ 'ਤੇ ਕੋਈ ਪਛਤਾਵਾ ਨਹੀਂ ਸੀ। ਇਹ ਸੱਚ ਹੈ, ਖਾਣੇ ਦੇ ਮੇਜ਼ ਤੋਂ ਭੱਜ ਜਾਣ ਤੋਂ ਬਾਅਦ ਜਮਾਂਦਾਰਨੀ ਨੌਕਰਾਣੀਆਂ ਦੇ ਕਮਰੇ ਵਿੱਚ ਜਾ ਕੇ ਬੇਹੋਸ਼ ਹੋ ਗਈ ਸੀ ਅਤੇ ਉਸ ਨੇ ਇੰਨੀ ਕਲਾਕਾਰੀ ਨਾਲ ਇਸ ਗੱਲ ਨੂੰ ਅੱਗੇ ਸੁਣਾਇਆ ਕਿ ਗਰਾਸੀਮ ਦੀ ਕੀਤੀ ਹਰਕਤ ਦੀ ਖ਼ਬਰ ਉਸੇ ਦਿਨ ਹੀ ਮਾਲਕਣ ਦੇ ਕੰਨ ਤੱਕ ਪਹੁੰਚ ਗਈ ਪਰੰਤੂ ਮਾਲਕਣ ਇਸ ਘਟਨਾ 'ਤੇ ਖ਼ੂਬ ਜ਼ੋਰ ਜ਼ੋਰ ਨਾਲ ਹੱਸਣ ਲੱਗੀ। ਜਮਾਂਦਾਰਨੀ ਨੂੰ ਲੂਹ ਦੇਣ ਵਾਲੀ ਹੋਰ ਵੀ ਅਗਲੀ ਗੱਲ ਇਹ ਕਿ ਉਹ ਉਸ ਨੂੰ ਵਾਰ-ਵਾਰ ਪੁੱਛਣ ਲੱਗੀ ਕਿ ਕਿਸ ਤਰ੍ਹਾਂ ਉਸ ਗੁੰਗੇ ਬੋਲੇ ਨੇ ਉਸ ਦੇ ਸਿਰ 'ਤੇ ਆਪਣਾ ਭਾਰੀ ਹੱਥ ਰੱਖਿਆ ਸੀ ਅਤੇ ਦੱਬ ਕੇ ਇਸ ਨੂੰ ਮੇਜ਼ ਨਾਲ ਲਾ ਦਿੱਤਾ ਸੀ। ਅਗਲੇ ਦਿਨ ਮਾਲਕਣ ਨੇ ਗਰਾਸੀਮ ਨੂੰ ਇਕ ਚਾਂਦੀ ਦਾ ਰੂਬਲ ਇਨਾਮ ਭੇਜਿਆ।
ਦਰਅਸਲ, ਮਾਲਕਣ ਗਰਾਸੀਮ ਦੀ ਤਾਕਤ ਅਤੇ ਵਫ਼ਾਦਾਰੀ ਦੀ ਬੜੀ ਕਦਰ ਕਰਦੀ ਸੀ। ਦੂਜੇ ਪਾਸੇ, ਉਹ ਮਾਲਕਣ ਤੋਂ ਕੁਝ ਡਰਦਾ ਸੀ ਪਰ ਉਸ ਦੇ ਦਿਆਲੂ ਵਿਵਹਾਰ ਵਿਚ ਵਿਸ਼ਵਾਸ ਕਰਦਾ ਸੀ। ਇਹ ਸਭ ਸੰਕੇਤ ਦੱਸਦੇ ਸਨ ਕਿ ਉਸ ਨੇ ਤਾਤਿਆਨਾ ਨਾਲ ਵਿਆਹ ਦੀ ਮਨਜ਼ੂਰੀ ਲੈਣ ਆਪਣੇ ਆਪ ਨੂੰ ਤਿਆਰ ਕਰ ਰੱਖਿਆ ਸੀ। ਉਹ ਸ਼ਾਇਦ ਨਵੀਂ ਪੁਸ਼ਾਕ ਮਿਲ ਜਾਣ ਦਾ ਇੰਤਜਾਰ ਕਰ ਰਿਹਾ ਸੀ। ਨਵੀਂ ਪੁਸ਼ਾਕ ਦਾ ਮੁਖ਼ਤਾਰ ਨੇ ਉਸ ਨਾਲ ਵਾਅਦਾ ਕੀਤਾ ਹੋਇਆ ਸੀ, ਤਾਂ ਕਿ ਉਹ ਮਾਲਕਣ ਦੇ ਸਾਹਮਣੇ ਸੋਹਣੇ ਕੱਪੜੇ ਪਹਿਨ ਕੇ ਪੇਸ਼ ਹੋਵੇ। ਬਦਕਿਸਮਤੀ ਨਾਲ ਮਾਲਕਣ ਨੇ ਲੜਕੀ ਦਾ ਕਪੀਤੋਨ ਨਾਲ ਵਿਆਹ ਕਰਨ ਦਾ ਮਨ ਬਣਾਇਆ ਹੋਇਆ ਸੀ।
ਹੁਣ ਪਾਠਕ ਨੂੰ ਇਹ ਸਮਝ ਆ ਸਕਦਾ ਹੈ ਕਿ ਮੁਖ਼ਤਾਰ ਮਾਲਕਣ ਨਾਲ ਗੱਲਬਾਤ ਕਰਨ ਦੇ ਬਾਅਦ ਇੰਨੀ ਪ੍ਰੇਸ਼ਾਨੀ ਕਿਉਂ ਮਹਿਸੂਸ ਕਰ ਰਿਹਾ ਸੀ? ਉਹ ਖਿੜਕੀ ਵਿੱਚ ਬੈਠ ਕੇ ਸੋਚਣ ਲੱਗਾ: "ਮੇਰੀ ਮਾਲਕਣ ਗਰਾਸੀਮ ਨੂੰ ਪਸੰਦ ਕਰਦੀ ਹੈ।" (ਉਹ ਜਾਣਦਾ ਸੀ ਅਤੇ ਇਸ ਕਾਰਨ ਉਹ ਹਮੇਸ਼ਾਂ ਸਨਮਾਨਜਨਕ ਸਲੂਕ ਕਰਦਾ ਸੀ।) ਪਰ ਉਹ ਬੋਲਣ ਦੀ ਸ਼ਕਤੀ ਤੋਂ ਵਾਂਝਾ ਹੈ। ਕੀ ਮੈਂ ਮਾਲਕਣ ਨੂੰ ਦੱਸ ਦੇਵਾਂ ਕਿ ਉਹ ਕੁੜੀ ਨੂੰ ਪਿਆਰ ਕਰਦਾ ਹੈ? ਪਰ, ਉਹ ਕਿਸ ਤਰ੍ਹਾਂ ਦਾ ਪਤੀ ਬਣੇਗਾ? ਦੂਜੇ ਪਾਸੇ ਰੱਬਾ ਮੇਰੇ ਪਾਪ ਬਖਸ਼ ਦੇਣਾ! ਗੂੰਗੇ ਦਿਓ ਨੂੰ ਜਦੋਂ ਇਹ ਪਤਾ ਚੱਲਿਆ ਕਿ ਤਾਤਿਆਨਾ ਦਾ ਵਿਆਹ ਕਪੀਤੋਨ ਨਾਲ ਕੀਤਾ ਜਾ ਰਿਹਾ ਹੈ। ਉਹ ਘਰ ਵਿੱਚ ਸਭ ਕੁਝ ਭੰਨ ਸੁੱਟੇਗਾ। ਕਿਸੇ ਤਰੀਕੇ ਵੀ ਉਸ ਨੂੰ ਸਮਝਾਇਆ ਨਹੀਂ ਜਾ ਸਕਣਾ। ਇਸ ਸ਼ੈਤਾਨ ਨਾਲ ਦਲੀਲਬਾਜ਼ੀ ਤਾਂ ਕੀਤੀ ਨਹੀਂ ਜਾ ਸਕਦੀ। ਰੱਬ ਰਹਿਮ ਕਰੇ! ਕਪੀਤੋਨ ਦੇ ਆ ਜਾਣ ਨਾਲ ਉਸ ਦੀ ਖ਼ਿਆਲਾਂ ਦੀ ਲੜੀ ਟੁੱਟ ਗਈ।
ਮੋਚੀ ਨੇ ਕਮਰੇ ਵਿਚ ਚੁੱਪ-ਚਾਪ ਦਾਖ਼ਲ ਹੋਇਆ ਅਤੇ ਦਰਵਾਜ਼ੇ ਦੇ ਨੇੜੇ ਖੜ ਗਿਆ। ਆਪਣੀਆਂ ਬਾਹਾਂ ਆਪਣੀ ਪਿੱਠ ਪਿੱਛੇ ਕਰ ਲਈਆਂ। ਉਸ ਨੇ ਕੰਧ ਨਾਲ ਵਿਚ ਢਾਸਣਾ ਲਾ ਲਈ ਅਤੇ ਆਪਣਾ ਸੱਜਾ ਪੈਰ ਖੱਬੇ ਤੋਂ ਅੱਗੇ ਲੰਘਾ ਕੇ ਆਰਾਮ ਅਤੇ ਸਵੈ-ਭਰੋਸੇ ਦੇ ਅੰਦਾਜ਼ ਦੇ ਨਾਲ ਰੱਖਿਆ। ਫਿਰ ਉਸ ਨੇ ਆਪਣਾ ਸਿਰ ਹਿਲਾਇਆ ਜਿਵੇਂ ਇਹ ਕਹਿਣਾ ਚਾਹੁੰਦਾ ਹੋਵੇ, "ਮੈਂ ਆ ਗਿਆ ਹਾਂ, ਤੁਸੀਂ ਮੈਥੋਂ ਕੀ ਚਾਹੁੰਦੇ ਹੋ?" ਪਰ ਉਸ ਨੇ ਕੁਝ ਨਾ ਕਿਹਾ।
ਗਵਰੀਲੋ ਨੇ ਉਸ ਵੱਲ ਦੇਖਿਆ ਅਤੇ ਆਪਣੀਆਂ ਉਂਗਲਾਂ ਨਾਲ ਖਿੜਕੀ ਦੀ ਚੁਗਾਠ ਨੂੰ ਵਜਾਉਣਾ ਸ਼ੁਰੂ ਕਰ ਦਿੱਤਾ। ਕਪੀਤੋਨ ਨੇ ਆਪਣੀਆਂ ਨਿੱਕੀਆਂ ਅੱਖਾਂ ਝਪਕੀਆਂ, ਪਰ ਉਸ ਨੇ ਨੀਵੀਂ ਨਹੀਂ ਪਾਈ। ਉਹ ਹਲਕਾ ਜਿਹਾ ਮੁਸਕਰਾਇਆ ਅਤੇ ਹੱਥ ਨਾਲ ਆਪਣੇ ਬੱਗੇ ਹੋ ਰਹੇ ਉੱਘੜ-ਦੁੱਘੜੇ ਵਾਲਾਂ ਨੂੰ ਠੀਕ ਕੀਤਾ, "ਠੀਕ ਹੈ, ਕਹੋ, ਮੈਂ ਹਾਜ਼ਿਰ ਹਾਂ ਅਤੇ ਤੁਸੀਂ ਮੈਨੂੰ ਕਿਵੇਂ ਘੂਰ ਰਹੇ ਹੋ? ਹੁਣ ਤੁਸੀਂ ਕੀ ਵੇਖ ਰਹੇ ਹੋ?"
"ਸ਼ਾਨਦਾਰ, ਸੱਚਮੁੱਚ!" ਗਵਰੀਲੋ ਫੁਸਫਸਾਇਆ ਅਤੇ ਥੋੜਾ ਰੁੱਕ ਕੇ ਫਿਰ ਬੋਲਿਆ। "ਤੂੰ ਚੰਗਾ ਬੰਦਾ ਹੈਂ। ਇਸ ਵਿਚ ਕੋਈ ਅਤਿਕਥਨੀ ਨਹੀਂ ਹੈ।"
ਕਪੀਤੋਨ ਨੇ ਆਪਣੇ ਢਿਲਕੇ ਜਿਹੇ ਮੋਢੇ ਛੰਡੇ ਅਤੇ ਉਸ ਦੀ ਗੁਸਤਾਖ਼ ਨਿਗ੍ਹਾ ਕਹਿੰਦੀ ਲੱਗ ਰਹੀ ਸੀ, "ਤੁਸੀਂ ਕੋਈ ਘੱਟ ਵਧੀਆ ਹੋ, ਮੈਂ ਕਹਿ ਸਕਦਾ ਹਾਂ" ਪਰ ਉਸ ਨੇ ਕੁਝ ਨਹੀਂ ਕਿਹਾ।
"ਆਪਣੇ ਆਪ ਵੱਲ ਧਿਆਨ ਦੇ", ਗਵਰੀਲੋ ਨੇ ਝਿੜਕਣ ਦੇ ਲਹਿਜੇ ਵਿੱਚ ਗੱਲ ਜਾਰੀ ਰੱਖੀ। "ਵੇਖ, ਤੂੰ ਆਪਣਾ ਕੀ ਹਾਲ ਬਣਾ ਰੱਖਿਆ ਹੈ - ਹੂੰ?"
ਕਪੀਤੋਨ ਨੇ ਆਪਣੇ ਫਟੇ ਅਤੇ ਗੰਦੇ ਕੋਟ, ਪਾਟੀ ਤੇ ਟਾਕੀਆਂ ਲੱਗੀ ਪਤਲੂਨ ਉੱਤੇ ਆਪਣੀਆਂ ਅੱਖਾਂ ਫੇਰੀਆਂ; ਉਸ ਨੇ ਆਪਣੇ ਟੁੱਟੇ ਬੂਟਾਂ 'ਤੇ ਖ਼ਾਸ ਕਰਕੇ ਉਸ ਵੱਲ ਜਿਸ ਨੂੰ ਉਸ ਨੇ ਚੌੜ ਨਾਲ ਥੋੜਾ ਅੱਗੇ ਕਰਕੇ ਰੱਖਿਆ ਸੀ। ਧਿਆਨ ਧਰ ਕੇ ਕੁਝ ਪਲ ਸੋਚਿਆ, ਫਿਰ ਉਸ ਨਿਗ੍ਹਾ ਉੱਪਰ ਉਠਾਈ ਅਤੇ ਆਪਣੇ ਵਿਚੋਲੇ ਵੱਲ ਦੇਖਦਿਆਂ ਕਿਹਾ "ਠੀਕ ਹੈ? ਇਹ ਕੀ ਹੈ, ਸਰ?"
"ਇਹ ਕੀ ਹੈ?" ਗਵਰੀਲੋ ਨੇ ਉਲਟਾ ਕੇ ਕਿਹਾ, "ਇਹ ਕੀ ਹੈ?" "ਹਾਂ, ਤੂੰ ਅਜੇ ਪੁੱਛਦਾ ਹੈਂ, ਇਹ ਕੀ ਹੈ? ਤੂੰ ਨਿਰਾ ਸ਼ੈਤਾਨ ਲੱਗਦਾ ਹੈਂ - ਰੱਬ ਮੇਰੇ ਪਾਪ ਬਖਸ਼ ਦੇਵੇ! ਹਾਂ, ਇਹੀ ਲੱਗਦਾ ਹੈਂ ਤੂੰ!"
ਕਪੀਤੋਨ ਨੇ ਆਪਣੀਆਂ ਅੱਖਾਂ ਅੱਧੀਆਂ ਕੁ ਮੀਚ ਲਈਆਂ ਜਿਵੇਂ ਕਿ ਉਹ ਕਹਿਣਾ ਚਾਹੁੰਦਾ ਹੋਵੇ, "ਕਹਿ ਲੈ, ਬੁੱਢਿਆ ਇਹ ਤੇਰਾ ਕਾਰੋਬਾਰ ਹੈ।"
"ਤੂੰ ਫੇਰ ਸ਼ਰਾਬ ਪੀਤੀ ਹੈ!" ਗਵਰੀਲੋ ਅੱਗੇ ਕਹਿਣ ਲੱਗਿਆ - "ਫੇਰ ਪੀਤੀ ਹੈ ਨਾ, ਕੀ ਨਹੀਂ - ਹੂੰ? ਠੀਕ ਹੈ, ਮੈਨੂੰ ਜਵਾਬ ਦੇਹ।"
"ਕਮਜ਼ੋਰ ਸਿਹਤ ਦੇ ਕਾਰਨ ਮੈਨੂੰ ਜ਼ਰੂਰ ਪੀਣੀ ਪਈ। ਮੈਂਥੋਂ ਰੁਕਿਆ ਨਹੀਂ ਗਿਆ।" ਕਪੀਤੋਨ ਨੇ ਬਹਾਨਾ ਬਣਾਇਆ।
"ਕਮਜ਼ੋਰ ਸਿਹਤ ਕਰਕੇ, ਵਾਹ, ਨਹੀਂ ਰੀਸਾਂ!" ਦੂਜੇ ਦੀ ਆਵਾਜ਼ ਗੂੰਜੀ। "ਕੀ ਤੇਰੀ ਚੰਗੀ ਚੰਡਾਈ ਨਹੀਂ ਹੋਈ?... ਉੱਥੇ ... ਅਤੇ ਸੇਂਟ ਪੀਟਰਸਬਰਗ ਵਿੱਚ ਰਹਿਣ ਦੇ ਦਾਅਵੇ! ਬਹੁਤਾ ਕੁਝ ਤੂੰ ਉਥੋਂ ਹੀ ਸਿੱਖਿਆ ਹੈ! ਤੂੰ ਜੋ ਰੋਟੀ ਖਾਂਦਾ ਹੈਂ ਉਸ ਦੇ ਲਾਇਕ ਨਹੀਂ, ਨਮਕ ਹਰਾਮ!"
"ਇਹ ਆਖਰੀ ਗੱਲ ਜੋ ਤੁਸੀਂ ਕੀਤੀ ਹੈ, ਨਮਕ ਹਰਾਮੀ ਵਾਲੀ, ਗਵਰੀਲੋ ਮਾਤਵੇਇਚ"। ਮੋਚੀ ਬੋਲ ਪਿਆ, "ਇਸ ਦਾ ਫ਼ੈਸਲਾ ਕਰਨ ਵਾਲਾ ਤਾਂ ਇਕ ਹੀ ਹੈ, ਸਰਬ ਸ਼ਕਤੀਮਾਨ ਪਰਮਾਤਮਾ। ਉਸ ਦੇ ਇਲਾਵਾ ਕਿਸੇ ਹੋਰ ਨੂੰ ਮੇਰਾ ਨਿਤਾਰਾ ਕਰਨ ਦਾ ਕੋਈ ਹੱਕ ਨਹੀਂ। ਕੇਵਲ ਉਹ ਹੀ ਜਾਣਦਾ ਹੈ ਕਿ ਮੈਂ ਨਮਕ ਹਰਾਮ ਹਾਂ ਜਾਂ ਨਮਕ ਹਲਾਲ, ਜਿੱਥੋਂ ਤਕ ਮੇਰੇ ਸ਼ਰਾਬ ਪੀਣ ਦਾ ਸੰਬੰਧ ਹੈ, ਇਸ ਵਿੱਚ ਮੇਰਾ ਕਸੂਰ ਨਹੀ ਹੈ, ਮੇਰੇ ਇਕ ਦੋਸਤ ਦਾ ਹੈ ਜਿਸ ਨੇ ਮੈਨੂੰ ਗੁਮਰਾਹ ਕੀਤਾ, ਉਕਸਾਇਆ, ਅਤੇ ਫਿਰ ਮੈਨੂੰ ਛੱਡ ਗਿਆ ਅਤੇ ਮੈਂ --"
"ਅਤੇ ਤੂੰ ਗਲੀ ਵਿੱਚ ਸ਼ਰਾਬੀ ਹੋਇਆ ਇਕ ਮੂਰਖ ਚੂਚੇ ਵਾਂਗ ਲਿਟਦਾ ਰਿਹਾ,"ਗਵਰੀਲੋ ਨੇ ਉਸ ਨੂੰ ਟੋਕਿਆ ਅਤੇ ਅੱਗੇ ਕਿਹਾ, "ਤੂੰ ਇਕ ਅਵੈੜ ਅਤੇ ਨਿਰਾਸ਼ ਮਨੁੱਖ ਹੈਂ! ਪਰ ਅਸਲ ਗੱਲ ਇਹ ਨਹੀਂ ਹੈ। ਗੱਲ ਇਹ ਹੈ ਕੀ ਮਾਲਕਣ ਦੀ ਇੱਛਾ ਹੈ ਕਿ ਤੈਨੂੰ ਵਿਆਹ ਕਰਵਾ ਲੈਣਾ ਚਾਹੀਦਾ ਹੈ। ਤੂੰ ਮੇਰੀ ਗੱਲ ਸੁਣ ਰਿਹਾ ਹੈਂ? ਉਸ ਦਾ ਖ਼ਿਆਲ ਹੈ ਕਿ ਵਿਆਹ ਕਰਵਾਉਣ ਨਾਲ ਤੇਰਾ ਸੁਧਾਰ ਹੋ ਸਕਦਾ ਹੈ। ਸਮਝਿਆ ਮੇਰੀ ਗੱਲ?"
"ਮੈਂ ਭਲਾ ਕਿਉਂ ਨਹੀਂ ਸਮਝਾਂਗਾ, ਗਵਰੀਲੋ ਮਾਤਵੇਇਚ?"
"ਤਦ ਫਿਰ! ਮੇਰੀ ਰਾਏ ਵਿੱਚ ਤੇਰੇ ਨਾਲ ਹੋਰ ਤਰ੍ਹਾਂ ਸਿਝਣਾ ਪਵੇਗਾ ਤਾਂ ਜੋ ਤੈਨੂੰ ਸਖ਼ਤੀ ਨਾਲ ਕਾਬੂ ਵਿੱਚ ਰੱਖਿਆ ਜਾ ਸਕੇ ਪਰ ਇਹ ਸਭ ਕੰਮ ਮਾਲਕਣ ਦਾ ਹੈ। ਕੀ ਤੁਸੀ ਸੰਤੁਸ਼ਟ ਹੈ?"
ਕਪੀਤੋਨ ਨੇ ਅਜੀਬ ਜਿਹਾ ਪੋਜ਼ ਬਣਾਇਆ।
"ਵਿਵਾਹਿਤ ਜੀਵਨ ਬੰਦੇ ਲਈ ਬੇਸ਼ੱਕ ਵਧੀਆ ਹੁੰਦਾ ਹੈ, ਗਵਰੀਲੋ ਮਾਤਵੇਇਚ, ਉਸ ਨੇ ਕਿਹਾ, "ਮੈਂ ਆਪਣੀ ਇੱਛਾ ਨਾਲ ਆਪਣੀ ਸਭ ਤੋਂ ਵੱਡੀ ਖੁਸ਼ੀ ਸਮਝਦੇ ਹੋਏ ਇਸ ਸ਼ਾਦੀ ਲਈ ਤਿਆਰ ਹਾਂ।"
"ਇਹ ਆਦਮੀ ਗੱਲਾਂ ਬਹੁਤ ਸਹੀ ਢੰਗ ਨਾਲ ਕਰਦਾ ਹੈ,"ਗਵਰੀਲੋ ਨੇ ਮਨ ਹੀ ਮਨ ਉਸ ਦੀ ਪ੍ਰਸ਼ੰਸਾ ਕੀਤੀ ਅਤੇ ਫਿਰ ਉੱਚੀ ਆਵਾਜ਼ ਵਿੱਚ ਕਿਹਾ, "ਬਹੁਤ ਵਧੀਆ ਗੱਲ ਹੈ ਪਰ ਮਾਲਕਣ ਨੇ ਤੇਰੇ ਲਈ ਇੱਕ ਲਾੜੀ ਚੁਣੀ ਹੈ ਜੋ ਬਹੁਤੀ ਆਕਰਸ਼ਕ ਨਹੀਂ ਹੈ।"
"ਇਹ ਬੁਰਾ ਨਾ ਮਨਾਓ ਤਾਂ ਕੀ ਮੈਂ ਇਹ ਪੁੱਛ ਸਕਦਾ ਹਾਂ ਕਿ ਉਹ ਕੌਣ ਹੈ?"
"ਤਾਤਿਆਨਾ," ਮੁਖ਼ਤਾਰ ਨੇ ਜਵਾਬ ਦਿੱਤਾ।
"ਤਾਤਿਆਨਾ!" ਮੋਚੀ ਬੋਲਿਆ, ਇੱਕ ਕਦਮ ਅੱਗੇ ਵਧਾਇਆ ਹੈ, ਅਤੇ ਆਪਣੇ ਵਿਚੋਲੇ ਵੱਲ ਤਿੱਖੀ ਨਜ਼ਰ ਨਾਲ ਵੇਖਿਆ।
"ਤੂੰ ਹੁਣ ਇੰਨਾ ਉਤੇਜਿਤ ਕਿਉਂ ਹੋ ਗਿਆ ਹੈਂ? ਕੀ ਤੈਨੂੰ ਉਹ ਪਸੰਦ ਨਹੀਂ ਹੈ?"
"ਗਵਰੀਲੋ ਮਾਤਵੇਇਚ ਨੂੰ ਮੈਂ ਉਸ ਨੂੰ ਕਿਉਂ ਪਸੰਦ ਨਹੀਂ ਕਰਾਂਗਾ? ਉਹ ਮਿਹਨਤੀ, ਸੁਚੱਜੀ ਅਤੇ ਸਹਿਜ ਕੁੜੀ ਹੈ ਪਰ ਤੁਸੀਂ ਤਾਂ ਜਾਣਦੇ ਹੋ, ਗਵਰੀਲੋ ਮਾਤਵੇਇਚ, ਉਹ ਦੁਸ਼ਟ; ਦੈਂਤ, ਵਹਿਸ਼ੀ, ਉਸ ਦੇ ਬਹੁਤ ਪਿੱਛੇ ਪਿਆ ਹੈ।"
"ਮੈਨੂੰ ਪਤਾ ਹੈ, ਦੋਸਤ; ਮੈਂ ਇਸ ਬਾਰੇ ਸਭ ਕੁਝ ਜਾਣਦਾ ਹਾਂ,"ਮੁਖ਼ਤਾਰ ਨੇ ਬੜੇ ਗੁੱਸੇ ਵਿੱਚ ਆਉਂਦੇ ਹੋਏ ਕਿਹਾ, " ਪਰ-"
"ਪਰ, ਰੱਬ ਦੇ ਵਾਸਤੇ" ਕਪੀਤੋਨ ਨੇ ਟੋਕ ਕੇ ਕਿਹਾ, "ਉਹ ਮੈਨੂੰ ਮਾਰ ਦੇਵੇਗਾ! ਰੱਬ ਦੀ ਸਹੁੰ, ਉਹ ਮੈਨੂੰ ਮਾਰ ਸੁੱਟੇਗਾ! ਉਹ ਮੈਨੂੰ ਇਕ ਮੱਖੀ ਵਾਂਗ ਮਸਲ ਕੇ ਸੁੱਟ ਦੇਵੇਗਾ! ਉਸ ਦਾ ਘਸੁੰਨ -ਤੁਸੀਂ ਜਾਣਦੇ ਹੀ ਹੋ ਕਿ ਉਸ ਦਾ ਘਸੁੰਨ ਕਿੰਨਾ ਭਿਅੰਕਰ ਹੈ। ਉਸ ਦੀ ਬਾਂਹ ਮਿਨਿਨ ਅਤੇ ਪੋਜ਼ਾਰਸਕੀ ਵਰਗੀ ਹੈ! ਉਹ ਬੋਲ਼ਾ ਹੈ ਜਦੋਂ ਉਹ ਮਾਰਦਾ ਹੈ ਤਾਂ ਉਸ ਨੂੰ ਸੁਣਦਾ ਨਹੀਂ ਕਿ ਸੱਟ ਕਿਵੇਂ ਵੱਜਦੀ ਹੈ। ਉਹ ਆਪਣਾ ਘਸੁੰਨ ਬੇਕਿਰਕੀ ਨਾਲ ਵਰਤਦਾ ਹੈ, ਜਿਵੇਂ ਕੋਈ ਸੁਪਨੇ ਵਿੱਚ ਹੋਵੇ। ਉਸ ਨੂੰ ਸ਼ਾਂਤ ਕਰਨ ਦਾ ਕੋਈ ਵੀ ਤਰੀਕਾ ਨਹੀਂ ਹੈ। ਕਿਉਂ! ਤੁਸੀਂ ਇਹ ਵੀ ਜਾਣਦੇ ਹੋ, ਗਵਰੀਲੋ ਮਾਤਵੇਇਚ; ਉਹ ਬੋਲ਼ਾ ਅਤੇ ਗੁੰਗਾ ਹੈ। ਕੰਧ ਉੱਤੇ ਧੱਬੇ ਵਾਂਗ ਅਹਿਸਾਸ ਤੋਂ ਕੋਰਾ ਹੈ। ਉਹ ਇਕ ਜੰਗਲੀ ਜਾਨਵਰ, ਇਕ ਬੁੱਤ, ਬੁੱਤ ਨਾਲੋਂ ਵੀ ਮਾੜਾ - ਸਰੂ ਦਾ ਰੁੱਖ। ਮੈਨੂੰ ਕਿਉਂ ਉਸ ਦੇ ਹਵਾਲੇ ਕੀਤਾ ਜਾ ਰਿਹਾ ਹੈ। ਮੈਨੂੰ ਕਿਉਂ ਬਲੀ ਦਾ ਬੱਕਰਾ ਬਣਾਇਆ ਜਾਵੇ? ਬੇਸ਼ਕ, ਮੈਨੂੰ ਖ਼ੁਦ ਦੀ ਕੋਈ ਪਰਵਾਹ ਨਹੀਂ; ਮੈਂ ਘਸਿਆ ਹੋਇਆ ਅਤੇ ਖਤਮ ਹੋ ਚੁੱਕਾ ਆਦਮੀ ਹਾਂ, ਜ਼ਮਾਨਾ ਦੇਖ ਚੁੱਕਾ ਹਾਂ। ਲੁੱਕ ਦੇ ਢੋਲ ਵਾਂਗ ਚਿੱਬ-ਖੜਿੱਬਾ ਪਰ ਮੈਂ ਵੀ ਇਕ ਆਦਮੀ ਹਾਂ, ਗਵਰੀਲੋ ਮਾਤਵੇਇਚ, ਕੋਈ ਠੀਕਰ ਤਾਂ ਨਹੀਂ ਹਾਂ।"
"ਮੈਂ ਜਾਣਦਾ ਹਾਂ, ਮੈਂ ਇਸ ਬਾਰੇ ਸਭ ਕੁਝ ਜਾਣਦਾ ਹਾਂ," ਗਵਰੀਲੋ ਨੇ ਕਿਹਾ, "ਆਪਣਾ ਭਾਸ਼ਣ ਬੰਦ ਕਰ।"
"ਓਏ ਮੇਰਿਆ ਰੱਬਾ!" ਜੋਸ਼ ਵਿੱਚ ਆ ਕੇ ਮੋਚੀ ਫਿਰ ਬੋਲਣ ਲੱਗਾ, "ਮੇਰੇ ਮੰਦੇਭਾਗਾਂ ਦਾ ਅੰਤ ਕਦੋਂ ਹੋਵੇਗਾ? ਮੇਰੇ ਨਾਲ ਕੀ ਕੀ ਨਹੀਂ ਹੋਇਆ! ਮੇਰੇ ਨਸੀਬਾਂ ਦੀ ਕਹਾਣੀ, ਜ਼ਰਾ ਸੋਚੋ! ਮੇਰੇ ਜਵਾਨੀ ਦੇ ਸਾਲਾਂ ਵਿਚ ਮੇਰਾ ਜਰਮਨ ਮਾਲਕ ਮੈਨੂੰ ਕੁੱਟਦਾ ਹੁੰਦਾ ਸੀ। ਮੇਰੇ ਜੀਵਨ ਦੇ ਸਭ ਤੋਂ ਵਧੀਆ ਸਾਲਾਂ ਵਿੱਚ ਮੇਰੇ ਭਰਾ ਮੈਨੂੰ ਖ਼ੂਬ ਮਾਰਦੇ; ਹੁਣ ਦੇਖੋ, ਆਪਣੀ ਪੱਕੀ ਉਮਰ ਵਿਚ ਮੇਰੀਆਂ ਸਾਰੀਆਂ ਸੇਵਾਵਾਂ ਲਈ ਮੇਰੇ ਨਸੀਬਾਂ ਵਿੱਚ ਕੀ ਇਨਾਮ ਰੱਖਿਆ ਹੈ! ਮੇਰਾ ਕੀ ਹਸ਼ਰ ਹੋਣ ਜਾ ਰਿਹਾ ਹੈ?"
"ਆਪਣੀ ਇਹ ਬਕਵਾਸ ਬੰਦ ਕਰ", ਗਵਰੀਲੋ ਨੇ ਕਿਹਾ, "ਗੰਦੀ ਆਤਮਾ !"
"ਮੈਂ ਕੀ ਬਕਵਾਸ ਕੀਤੀ ਹੈ, ਗਵਰੀਲੋ ਮਾਤਵੇਇਚ?"ਕਪੀਤੋਨ ਨੇ ਕਿਹਾ, "ਅਸਲ ਵਿਚ, ਮੈਂ ਸੱਟਾਂ ਤੋਂ ਨਹੀਂ ਡਰਦਾ ਜੇ ਕੋਈ ਸੱਜਣ ਮੈਨੂੰ ਚਾਰ ਦੀਵਾਰੀ ਦੇ ਅੰਦਰ ਸਜ਼ਾ ਦੇਵੇ" (ਉਨ੍ਹਾਂ ਗੱਲਾਂ ਦਾ ਹਵਾਲਾ ਜੋ ਅਕਸਰ ਉਸ ਦੇ ਅਤੇ ਉਸ ਦੇ ਵਿਚੋਲੇ ਦੇ ਵਿਚਕਾਰ ਹੁੰਦੀਆਂ ਸਨ।) ਅਤੇ ਦੂਜਿਆਂ ਦੇ ਸਾਹਮਣੇ ਮੈਨੂੰ ਆਦਰ ਨਾਲ ਮਿਲੇ, ਮੈਨੂੰ ਕੋਈ ਪਰਵਾਹ ਨਹੀਂ ਸੀ। ਮੈਨੂੰ ਆਖ਼ਿਰ ਇਕ ਆਦਮੀ ਨੂੰ ਮੰਨਿਆ ਜਾਵੇਗਾ। ਪਰ-"
ਗਵਰੀਲੋ ਨੇ ਚੀਖ਼ ਕੇ ਕਿਹਾ, "ਇੱਥੋਂ ਬਾਹਰ ਨਿਕਲ ਜਾ!"
ਕਪੀਤੋਨ ਕਮਰੇ ਵਿੱਚੋਂ ਬਾਹਰ ਨਿਕਲ ਗਿਆ।
"ਮੰਨ ਲਓ ਕਿ ਗੁੰਗਾ-ਬਹਿਰਾ ਬੰਦੇ ਇੱਥੇ ਨਾ ਹੋਵੇ,"ਮੁਖ਼ਤਾਰ ਨੇ ਮੋਚੀ ਨੂੰ ਪੁੱਛਿਆ,"ਕੀ ਫਿਰ ਰਜ਼ਾਮੰਦ ਹੈਂ ਨਾ?"
"ਮੈਂ ਬੜੀ ਖੁਸ਼ੀ ਨਾਲ ਰਜ਼ਾਮੰਦੀ ਦਿੰਦਾ ਹਾਂ," ਮੋਚੀ ਨੇ ਜਵਾਬ ਦਿੱਤਾ ਜਿਸ ਦੀ ਠਾਠ ਨਿਰਾਸ਼ਾ ਦੇ ਪਲਾਂ ਵਿਚ ਵੀ ਉਸ ਦਾ ਸਾਥ ਨਹੀਂ ਛੱਡਦੀ।
ਗਵਰੀਲੋ ਕੁਝ ਸਮੇਂ ਲਈ ਆਪਣੇ ਕਮਰੇ ਵਿਚ ਟਹਿਲਦਾ ਰਿਹਾ ਅਤੇ ਫਿਰ ਉਸ ਨੇ ਤਾਤਿਆਨਾ ਨੂੰ ਬੁਲਾਇਆ। ਕੁੜੀ ਆ ਗਈ। ਉਹ ਚੁੱਪਚਾਪ ਦਰਵਾਜ਼ੇ ਵਿੱਚ ਆ ਕੇ ਖੜ੍ਹ ਗਈ।
"ਕਿਵੇਂ ਬੁਲਾਇਆ, ਗਵਰੀਲੋ ਮਾਤਵੇਇਚ?" ਉਸ ਨੇ ਡਰਦੀ ਡਰਦੀ ਨੇ ਪੁੱਛਿਆ।
"ਹਾਂ, ਤਾਤਿਆਨਾ," ਮੁਖ਼ਤਾਰ ਨੇ ਉਸ ਵੱਲ ਟਿਕਟਿਕੀ ਬੰਨ੍ਹ ਕੇ ਦੇਖਦੇ ਹੋਏ ਕਿਹਾ, "ਕੀ ਤੂੰ ਵਿਆਹ ਕਰਵਾਉਣਾ ਚਾਹੁੰਦੀ ਹੈਂ? ਮਾਲਕਣ ਨੇ ਤੇਰੇ ਲਈ ਪਤੀ ਲੱਭ ਲਿਆ ਹੈ।"
"ਠੀਕ ਹੈ, ਗਵਰੀਲੋ ਮਾਤਵੇਇਚ," ਲੜਕੀ ਨੇ ਕਿਹਾ, ਅਤੇ ਥੋੜਾ ਰੁਕਣ ਦੇ ਬਾਅਦ, ਉਸ ਡਰਦੀ ਡਰਦੀ ਨੇ ਪੁੱਛਿਆ, ਅਤੇ ਕੌਣ ਹੋ ਸਕਦਾ ਹੈ, ਜੇ ਤੁਸੀਂ ਬੁਰਾ ਨਾ ਮਨਾਓ ਤਾਂ?
"ਕਪੀਤੋਨ ਕਲਿਮੋਫ, ਮੋਚੀ," ਜਵਾਬ ਸੀ।
"ਠੀਕ ਹੈ, ਹਜ਼ੂਰ।"
"ਇਹ ਸੱਚ ਹੈ ਕਿ ਉਹ ਬੜਾ ਹਲਕਾ ਜਿਹਾ ਆਦਮੀ ਹੈ", ਮੁਖ਼ਤਾਰ ਨੇ ਅੱਗੇ ਕਿਹਾ, "ਪਰ ਮਾਲਕਣ ਨੂੰ ਤੇਰੇ ਤੇ ਭਰੋਸਾ ਹੈ ਕਿ ਤੂੰ ਉਸ ਨੂੰ ਸੁਧਾਰ ਸਕਦੀ ਹੈਂ।"
"ਠੀਕ ਹੈ, ਹਜ਼ੂਰ।"
"ਹਾਲਾਂਕਿ ਇਕ ਮੁਸ਼ਕਿਲ ਆਉਂਦੀ ਹੈ ਕਿ ਬੋਲ਼ਾ-ਗੁੰਗਾ, ਗਰਾਸੀਮ, ਤੈਨੂੰ ਪਿਆਰ ਕਰਦਾ ਹੈ। ਤੂੰ ਕਿਹੜੇ ਤਰੀਕੇ ਨਾਲ ਉਸ ਦਰਿੰਦੇ ਨੂੰ ਮੋਹਿਤ ਕਰ ਲਿਆ, ਮੈਂ ਹੈਰਾਨ ਹਾਂ? ਜੇ ਉਸ ਨੂੰ ਪਤਾ ਚੱਲ ਗਿਆ ਕਿ ਤੂੰ ਕਿਸੇ ਹੋਰ ਨਾਲ ਵਿਆਹ ਕਰਵਾਉਣ ਲੱਗੀ ਹੈਂ ਤਾਂ ਉਹ ਤੈਨੂੰ ਮਾਰ ਦੇਵੇਗਾ ਅਤੇ ਉਹ ਦਰਿੰਦਿਆਂ ਨਾਲੋਂ ਕਿਸੇ ਤਰ੍ਹਾਂ ਘੱਟ ਨਹੀਂ ਹੈ।"
"ਉਹ ਜ਼ਰੂਰ ਮੈਨੂੰ ਮਾਰ ਦੇਵੇਗਾ, ਗਵਰੀਲੋ ਮਾਤਵੇਇਚ," ਲੜਕੀ ਨੇ ਬਿਨਾਂ ਘਬਰਾਹਟ ਅਤੇ ਬੁਝੇ ਜਿਹੇ ਤਰੀਕੇ ਨਾਲ ਕਿਹਾ।
"ਉਹ ਕਰੇਗਾ, ਏਹ? ਕੀ ਉਹ ਕਰੇਗਾ? ਇਹ ਦੇਖਿਆ ਜਾਣਾ ਹੈ। ਤੂੰ ਕੀ ਕਹਿੰਦੀ ਹੈਂ? ਉਹ ਤੈਨੂੰ ਮਾਰ ਸੁੱਟੇਗਾ? ਜ਼ਰਾ ਸੋਚ, ਕੀ ਤੈਨੂੰ ਮਾਰਨ ਦਾ ਉਸ ਦਾ ਕੋਈ ਹੱਕ ਹੈ?"
"ਇਹ ਮੈਂ ਨਹੀਂ ਜਾਣਦੀ, ਗਵਰੀਲਾ ਮਾਤਵੇਇਚ, ਉਸ ਨੂੰ ਹੱਕ ਹੈ ਜਾਂ ਨਹੀਂ।"
ਮੁਖ਼ਤਾਰ ਨੇ ਪੁੱਛਿਆ, "ਕੀ ਤੂੰ ਕਦੇ ਉਸ ਨਾਲ ਕੋਈ ਵਾਅਦਾ ਕੀਤਾ ਹੈ?"
"ਕੀ ਕਿਹਾ ਹਜ਼ੂਰ, ਗਵਰੀਲੋ ਮਾਤਵੇਇਚ?" ਕੁੜੀ ਨੇ ਪੁੱਛਿਆ। ਉਹ ਗਵਰੀਲੋ ਦੇ ਸਵਾਲ ਨੂੰ ਸਮਝ ਨਹੀਂ ਸਕੀ ਸੀ।
"ਤੂੰ ਸੱਚਮੁੱਚ ਭੋਲੀ ਹੈ! ਸਭ ਠੀਕ ਹੈ ਜਾਓ, ਹੁਣ, ਮੇਰੀ ਨਿੱਕੀ ਤਾਤਿਆਨਾ। ਤੂੰ ਇਕ ਆਗਿਆਕਾਰ, ਭਾਣਾ ਮੰਨਣ ਵਾਲੀ ਕੁੜੀ ਹੈ।"
ਤਾਤਿਆਨਾ ਕਮਰੇ ਵਿੱਚੋਂ ਚਲੀ ਗਈ, ਅਤੇ ਪੌੜੀਆਂ ਤੋਂ ਉੱਤਰਦੀ ਉਹ ਰੇਲਿੰਗ 'ਤੇ ਝੁਕੀ।
ਮੁਖ਼ਤਾਰ ਧਿਆਨ ਮਗਨ ਹੋ ਸੋਚਣ ਲੱਗਾ, "ਇਹ ਹੋ ਸਕਦਾ ਹੈ ਕਿ ਕੱਲ੍ਹ ਤਕ ਮਾਲਕਣ ਵਿਆਹ ਸੰਬੰਧੀ ਇਹ ਸਭ ਭੁਲਾ ਦੇਵੇ। ਤਾਂ ਫਿਰ, ਕਿਸ ਮਕਸਦ ਲਈ ਮੈਂ ਏਨੀ ਝੱਖਮਾਰੀ ਕੀਤੀ ਹੈ? ਤੇ ਉਹ ਪੁਆੜੇ ਦੀ ਜੜ੍ਹ, ਗਰਾਸੀਮ। ਜੇ ਕੁਝ ਹੋ ਜਾਂਦਾ ਹੈ, ਉਸ ਦਾ ਇੰਤਜਾਮ ਅਸੀਂ ਕਰ ਲਵਾਂਗੇ। ਲੋੜ ਪਈ ਤਾਂ ਅਸੀਂ ਉਸ ਨੂੰ ਪੁਲਿਸ ਦੀ ਹਿਰਾਸਤ ਵਿੱਚ ਦੇ ਸਕਦੇ ਹਾਂ। ਯਸਲਿਨੀਆ ਫਿਓਦਰੋਵਨਾ! "ਉਸ ਨੇ ਆਪਣੀ ਪਤਨੀ ਨੂੰ ਆਵਾਜ਼ ਮਾਰੀ, "ਮੇਰੀ ਪਿਆਰੀ, ਮੇਰੀ ਸਤਿਕਾਰਯੋਗ ਭਾਗਵਾਨੇ, ਚਾਹ ਵਾਲੀ ਕੇਤਲੀ ਜ਼ਰਾ ਅੱਗ ਤੇ ਰੱਖਣਾ।"
ਤਾਤਿਆਨਾ ਸਾਰਾ ਦਿਨ ਲਾਂਡਰੀ ਵਿਚ ਵੜੀ ਰਹੀ। ਪਹਿਲਾਂ ਤਾਂ ਉਹ ਥੋੜਾ ਜਿਹਾ ਰੋਈ ਸੀ ਪਰ ਛੇਤੀ ਹੀ ਉਸ ਨੇ ਆਪਣੇ ਅਥਰੂ ਪੂੰਝੇ ਅਤੇ ਆਪਣੇ ਕੰਮ ਵਿੱਚ ਰੁੱਝ ਗਈ।
ਕਪੀਤੋਨ ਸ਼ਰਾਬ ਦੇ ਠੇਕੇ 'ਤੇ ਗਿਆ ਅਤੇ ਦੇਰ ਰਾਤ ਤਕ ਉੱਥੇ ਰਿਹਾ। ਉੱਥੇ ਉਸ ਨੂੰ ਇਕ ਸੱਜਣ ਮਿਲਿਆ ਜੋ ਬੜਾ ਉਦਾਸ ਜਿਹਾ ਵਿਅਕਤੀ ਸੀ। ਉਸ ਨੂੰ ਉਸ ਨੇ ਆਪਣੇ ਜੀਵਨ ਦਾ ਇਤਿਹਾਸ ਸੁਣਾਇਆ। ਇਕ ਸੱਜਣ ਜਿਸ ਨਾਲ ਉਹ ਜਿਵੇਂ ਚਾਹੇ ਵਰਤ ਸਕਦਾ ਸੀ। ਉਹ ਵਿਵਸਥਾ ਦਾ ਦੋਸਤ ਅਤੇ ਸ਼ਰੀਫ਼ ਇਨਸਾਨ ਸੀ। ਆਖ਼ਿਰ ਵਿਚ ਉਸ ਨੇ ਇਕ ਛੋਟੀ ਜਿਹੀ ਗ਼ਲਤੀ ਕੀਤੀ ਕਿ ਉਹ ਸ਼ਰਾਬ ਪੀਣ ਲੱਗ ਪਿਆ ਅਤੇ ਲਾਪਰਵਾਹ ਹੋ ਗਿਆ। ਉਹ ਸਾਰੀਆਂ ਸ਼੍ਰੇਣੀਆਂ ਦੀਆਂ ਔਰਤਾਂ ਦਾ ਪਸੰਦੀਦਾ ਰਿਹਾ ਸੀ। ਉਹ ਬੱਸ ਉਸ ਦੀਆਂ ਦੀਵਾਨੀਆਂ ਸਨ। ਕਪੀਤੋਨ ਜੋ ਕੁਝ ਵੀ ਕਹਿੰਦਾ, ਉਹ ਉਦਾਸ ਜਿਹਾ ਬੰਦਾ "ਹਾਂ" ਕਹਿ ਕੇ ਹੁੰਗਾਰਾ ਭਰ ਦਿੰਦਾ ਪਰ ਜਦੋਂ ਕਪੀਤੋਨ ਨੇ ਆਖ਼ਿਰ ਇਹ ਘੋਸ਼ਣਾ ਕੀਤੀ ਕਿ ਇਕ ਖ਼ਾਸ ਕਾਰਨ ਕਰਕੇ ਉਹ ਅਗਲੇ ਦਿਨ ਅੱਧੀ ਰਾਤ ਨੂੰ ਖੁਦਕੁਸ਼ੀ ਲਈ ਮਜਬੂਰ ਹੈ ਤਾਂ ਉਸ ਦਾ ਦੋਸਤ ਆਪਣੀ ਸੀਟ ਤੋਂ ਉੱਠਿਆ। ਉਹ ਕੁਝ ਗੁਣਗੁਣਾ ਰਿਹਾ ਸੀ ਜਿਸ ਦਾ ਮਤਲਬ ਇਹ ਸੀ ਕਿ ਸੌਣ ਦਾ ਸਮਾਂ ਹੋ ਚੁੱਕਾ ਸੀ, ਅਤੇ ਉਹ ਰੁੱਖੇ ਜਿਹੇ ਢੰਗ ਨਾਲ ਚਲਾ ਗਿਆ।
ਇਸ ਦੌਰਾਨ ਮੁਖ਼ਤਾਰ ਦੀ ਇਹ ਉਮੀਦ ਕਿ ਮਾਲਕਣ ਸ਼ਾਇਦ ਵਿਆਹ ਬਾਰੇ ਭੁੱਲ ਜਾਵੇ, ਸਾਕਾਰ ਨਹੀਂ ਹੋਈ। ਉਹ ਇਸ ਮਾਮਲੇ ਵਿਚ ਇੰਨੀ ਦਿਲਚਸਪੀ ਰੱਖਦੀ ਸੀ ਕਿ ਉਸ ਨੇ ਰਾਤ ਨੂੰ ਆਪਣੀ ਨੌਕਰਾਣੀ ਨਾਲ ਵੀ ਗੱਲ ਕੀਤੀ ਸੀ। ਇਹ ਨੌਕਰਾਣੀ ਘਰ ਵਿਚ ਸਿਰਫ਼ ਇਕੋ ਮਕਸਦ ਨਾਲ ਰੱਖੀ ਗਈ ਸੀ ਕਿ ਜਦੋਂ ਮਾਲਕਣ ਨੂੰ ਨੀਂਦ ਨਾ ਆਵੇ ਤਾਂ ਉਹ ਉਸ ਦਾ ਸਾਥ ਦੇਵੇ ਅਤੇ ਉਹ ਰਾਤ ਨੂੰ ਪਹਿਰਾ ਦੇਣ ਵਾਲੇ ਵਾਂਗ ਦਿਨੇ ਸੌਂਦੀ ਸੀ। ਅਗਲੀ ਸਵੇਰ ਜਿਵੇਂ ਹੀ ਗਵਰੀਲੋ ਆਪਣੇ ਬਾਕਾਇਦਾ ਰਿਪੋਰਟ ਨਾਲ ਮਾਲਕਣ ਸਾਹਮਣੇ ਪੇਸ਼ ਹੋਇਆ ਤਾਂ ਮਾਲਕਣ ਨੇ ਉਸ ਨੂੰ ਪੁੱਛਿਆ, "ਵਿਆਹ ਵਾਲੇ ਸਾਡੇ ਮਾਮਲੇ ਦਾ ਕੀ ਬਣਿਆ? ਕੀ ਇਹ ਹੋ ਜਾਏਗਾ?" ਉਸ ਨੇ ਜਵਾਬ ਦਿੱਤਾ ਕਿ ਇਹ ਵਧੀਆ ਹੋਵੇਗਾ ਕਿ ਕਪੀਤੋਨ ਉਸ ਦਿਨ ਉਸ ਦੇ ਸਾਹਮਣੇ ਹਾਜ਼ਿਰ ਹੋਣ ਦਾ ਸੁਭਾਗ ਪ੍ਰਾਪਤ ਕਰੇਗਾ, ਨਿਮਰਤਾ ਨਾਲ ਉਸ ਕੋਲੋਂ ਤਾਤਿਆਨਾ ਨਾਲ ਵਿਆਹ ਦੀ ਇਜਾਜ਼ਤ ਮੰਗੇਗਾ।
ਜਿਉਂ ਹੀ ਉਸ ਨੂੰ ਉੱਥੋਂ ਛੁੱਟੀ ਮਿਲੀ, ਗਵਰੀਲੋ ਨੇ ਕਰਮਚਾਰੀਆਂ ਦੇ ਵੱਡੇ ਹਾਲ ਵਿੱਚ ਇਕ ਮੀਟਿੰਗ ਰੱਖੀ ਕਿਉਂਕਿ ਇਸ ਮਾਮਲੇ ਲਈ ਸੱਚਮੁੱਚ ਪਰਿਪੱਕ ਵਿਚਾਰ-ਵਟਾਂਦਰੇ ਦੀ ਜ਼ਰੂਰਤ ਸੀ। ਅੱਲ੍ਹੜ ਤਾਤਿਆਨਾ ਨੇ ਆਪਣੇ ਬਾਰੇ ਕੀਤੇ ਗਏ ਸਾਰੇ ਫ਼ੈਸਲਿਆਂ ਨੂੰ ਸਵੀਕਾਰ ਕੀਤਾ ਪਰ ਕਪੀਤੋਨ ਥੋੜਾ ਜਿਹਾ ਗਰਮ ਹੋ ਗਿਆ ਸੀ। ਉਸ ਨੇ ਆਪਣੀ ਮਾਲਕਣ ਦੇ ਸਾਰੇ ਸੇਵਾਦਾਰਾਂ ਦੀ ਹਾਜ਼ਰੀ ਵਿਚ ਕਹਿੰਦਾ ਫਿਰਦਾ ਸੀ ਕਿ ਉਸ ਦਾ ਸਿਰਫ਼ ਇਕ ਹੀ ਸਿਰ ਹੈ, ਦੋ ਜਾਂ ਤਿੰਨ ਨਹੀਂ ਅਤੇ ਉਸ ਨੇ ਆਪਣਾ ਕੀਮਤੀ ਤੇ ਇਕਮਾਤਰ ਸਿਰ ਤੁੜਵਾਉਣਾ ਨਹੀਂ ਸੀ।
ਗਰਾਸੀਮ ਨੇ ਜੋ ਕੁਝ ਹੋ ਰਿਹਾ ਸੀ ਉਸ 'ਤੇ ਸ਼ੰਕਾ ਭਰੀ ਨਜ਼ਰ ਨਾਲ ਤੱਕਿਆ ਅਤੇ ਉਹ ਸਾਰਾ ਦਿਨ ਲੜਕੀਆਂ ਦੇ ਕਮਰਿਆਂ ਦੇ ਆਲੇ ਦੁਆਲੇ ਰਿਹਾ। ਉਸ ਨੇ ਤਾੜ ਲਿਆ ਸੀ ਕਿ ਉਸ ਲਈ ਕੋਈ ਬਹੁਤ ਮੰਦਭਾਗੀ ਗੱਲ ਹੋ ਰਹੀ ਸੀ।
ਕੰਪਨੀ ਵਿਚ ਇਕ ਬੁੱਢਾ ਵੇਟਰ ਸੀ ਜਿਸ ਨੂੰ ਉਹ ਅੰਕਲ ਖਵੋਸਤ ਕਹਿੰਦੇ ਸਨ ਜਿਸ ਨੂੰ ਹਰ ਇਕ ਨੇ ਆਪਣੀ ਆਦਰਪੂਰਵਕ ਰਾਇ ਪੇਸ਼ ਕੀਤੀ। ਉਸ ਨੇ ਆਪਣਾ ਬੁੱਧੀਮਾਨ ਸਿਰ ਹਿਲਾਂਦੇ ਹੋਏ ਨੇ ਕਿਹਾ: "ਠੀਕ, ਠੀਕ, ਵਧੀਆ!" ਇਹੀ ਉਹ ਸਭ ਹੈ ਜੋ ਉਨ੍ਹਾਂ ਨੇ ਕਦੇ ਉਸ ਕੋਲੋਂ ਸੁਣਿਆ ਸੀ।
ਕੁਝ ਲੋਕਾਂ ਨੇ ਕਿਹਾ ਕਿ ਕਪੀਤੋਨ ਨੂੰ ਸਿਰਫ਼ ਸੁਰੱਖਿਆ ਲਈ ਉਸ ਛੋਟੀ ਕੋਠੜੀ ਵਿਚ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ, ਜਿੱਥੇ ਪਾਣੀ ਦਾ ਫਿਲਟਰ ਲਗਾਇਆ ਗਿਆ ਸੀ ਅਤੇ ਇਹੀ ਕੀਤਾ ਗਿਆ। ਬੇਸ਼ੱਕ, ਗਰਾਸੀਮ ਦੇ ਵਿਰੁੱਧ ਤਾਕਤ ਦੀ ਵਰਤੋਂ ਕੀਤੀ ਜਾ ਸਕਦੀ ਸੀ ਪਰ ਇਹ ਤਰੀਕਾ ਖ਼ਤਰਿਆਂ ਤੋਂ ਖਾਲੀ ਨਹੀਂ ਸੀ। ਸ਼ੋਰ-ਸ਼ਰਾਬਾ ਅਤੇ ਹੰਗਾਮਾ ਹੋ ਸਕਦਾ ਸੀ ਅਤੇ ਮਾਲਕਣ, ਰੱਬ ਨਾ ਕਰੇ! ਡਰ ਸਕਦੀ ਸੀ।
ਇਸ ਤਰ੍ਹਾਂ ਉਹ ਲੋਕ ਗੁੱਥੀ ਸੁਲਝਾਉਣ ਦੀ ਤਰਕੀਬ ਲੱਭਣ ਲਈ ਡੂੰਘੀ ਸੋਚ ਵਿਚਾਰ ਵਿਚ ਲੱਗੇ ਰਹੇ ਅਤੇ ਆਖ਼ਿਰ ਕਾਰਵਾਈ ਕਰਨ ਦੀ ਯੋਜਨਾ ਅਪਣਾਉਣ ਦਾ ਫ਼ੈਸਲਾ ਕਰ ਲਿਆ ਗਿਆ। ਅਕਸਰ ਇਹ ਦੇਖਣ ਵਿਚ ਆਇਆ ਸੀ ਕਿ ਗਰਾਸੀਮ ਸ਼ਰਾਬੀਆਂ ਨਾਲ ਬਹੁਤ ਨਫ਼ਰਤ ਕਰਦਾ ਸੀ। ਗੇਟ ਤੇ ਬੈਠੇ, ਉਹ ਹਮੇਸ਼ਾ ਨਫ਼ਰਤ ਨਾਲ ਮੂੰਹ ਫੇਰ ਲੈਂਦਾ ਹੁੰਦਾ ਸੀ ਜਦੋਂ ਕੋਈ ਨਸ਼ੇ ਵਿੱਚ ਧੁੱਤ ਸ਼ਰਾਬੀ ਲੜਖੜਾਉਂਦੇ ਹੋਏ ਅਤੇ ਆਪਣੀ ਢਿਲਕੀ ਟੋਪੀ ਨਾਲ ਉਸ ਕੋਲੋਂ ਲੰਘਦਾ ਸੀ। ਇਸ ਲਈ, ਇਸ ਤਜਵੀਜ਼ ਨੂੰ ਲਾਗੂ ਕਰਨ ਦਾ ਮਤਾ ਪਕਾਇਆ ਗਿਆ ਕਿ ਤਾਤਿਆਨਾ ਨੂੰ ਉਸ ਦੇ ਸਾਹਮਣੇ ਸ਼ਰਾਬੀ ਹੋਣ ਦੀ ਐਕਟਿੰਗ ਕਰਦੀ ਲੜਖੜਾਉਂਦੀ ਡਿੱਗਦੀ ਢਹਿੰਦੀ ਹੋਈ ਲੰਘੇ। ਤਾਤਿਆਨਾ ਅਜਿਹੀ ਚਾਲ ਖੇਡਣ ਦੇ ਹੱਕ ਵਿੱਚ ਨਹੀਂ ਸੀ, ਪਰ ਆਖ਼ਰ ਉਹ ਮੰਨ ਗਈ। ਉਸ ਨੂੰ ਪਤਾ ਸੀ ਕਿ ਉਸ ਤੋਂ ਛੁਟਕਾਰਾ ਪਾਉਣ ਦਾ ਹੋਰ ਕੋਈ ਚਾਰਾ ਨਹੀਂ ਸੀ। ਕਪੀਤੋਨ ਨੂੰ ਉਸ ਦੀ ਕੋਠੜੀ ਵਿਚੋਂ ਬਾਹਰ ਕੱਢਿਆ ਗਿਆ ਕਿਉਂਕਿ ਉਸ ਨੇ ਹੀ ਤਾਂ ਸਾਰੇ ਮਾਮਲੇ ਵਿੱਚ ਮੁੱਖ ਭੂਮਿਕਾ ਨਿਭਾਉਣੀ ਸੀ। ਹਵੇਲੀ ਦੇ ਸਾਰੇ ਲੋਕ ਖਿੜਕੀਆਂ ਦੀਆਂ ਸਲਾਖਾਂ ਦੇ ਪਿੱਛੇ ਤੈਨਾਤ ਹੋ ਗਏ ਤਾਂ ਕਿ ਇਹ ਸਾਰਾ ਨਾਟਕ ਦੇਖ ਸਕਣ ਪਰ ਇਹ ਚਾਲ ਪੂਰੀ ਤਰ੍ਹਾਂ ਸਫ਼ਲ ਰਹੀ।
ਗਰਾਸੀਮ ਗੇਟ ਅੱਗੇ ਸਟੂਲ 'ਤੇ ਬੈਠਾ ਸੀ ਅਤੇ ਉਸ ਨੇ ਆਪਣੇ ਸਿਰ ਤੇ ਆਪਣੇ ਹੱਥ ਤੇ ਟਿਕਾਇਆ ਸੀ, ਕੂਹਣੀ ਉਸ ਦੇ ਗੋਡੇ ਉੱਤੇ ਟਿਕੀ ਹੋਈ ਸੀ, ਅਤੇ ਉਹ ਆਪਣੇ ਦੂਜੇ ਹੱਥ ਵਿਚ ਫੜੇ ਬੇਲਚੇ ਨਾਲ ਜ਼ਮੀਨ ਖੁਰਚ ਰਿਹਾ ਸੀ। ਨੌਕਰ ਲਾਣੇ ਦੀਆਂ ਸਾਰੀਆਂ ਅੱਖਾਂ ਆਪਣੇ ਓਹਲੇ ਓਟਾਂ ਵਿਚ ਦੀ ਚੋਰੀ ਚੋਰੀ ਉਸ ਨੂੰ ਦੇਖ ਰਹੀਆਂ ਸਨ। ਤਾਤਿਆਨਾ ਲੜਖੜਾਉਂਦੀ ਡਿੱਗਦੀ-ਢਹਿੰਦੀ ਹੋਈ ਉਸ ਦੇ ਕੋਲੋਂ ਲੰਘੀ। ਜਿਉਂ ਹੀ ਉਸ ਨੇ ਉਸ ਨੂੰ ਦੇਖਿਆ ਪਹਿਲਾਂ ਤਾਂ ਉਹ ਆਦਤ ਮੂਜ਼ਬ ਮੁਸਕਰਾਉਣ ਲੱਗ ਪਿਆ ਅਤੇ ਭੀਂ ਭੀਂ ਦੀ ਆਵਾਜ਼ ਕੱਢਦਾ ਹੋਇਆ ਪਿਆਰ ਜਤਾਉਣ ਲੱਗਾ ਜਦੋਂ ਉਸ ਨੇ ਫਿਰ ਉਸ ਵੱਲ ਧਿਆਨ ਨਾਲ ਦੇਖਿਆ ਤਾਂ ਉਹ ਆਪਣੇ ਸਟੂਲ ਤੋਂ ਉੱਠ ਖੜਾ ਹੋਇਆ ਅਤੇ ਆਪਣਾ ਬੇਲਚਾ ਪਾਸੇ ਸੁੱਟ ਦਿੱਤਾ। ਉਹ ਉਸ ਕੋਲ ਗਿਆ, ਆਪਣਾ ਵੱਡਾ ਸਰੀਰ ਝੁਕਾ ਕੇ ਆਪਣਾ ਮੂੰਹ ਉਸ ਦੇ ਚਿਹਰੇ ਦੇ ਨੇੜੇ ਕੀਤਾ।
ਵਿਚਾਰੀ ਗ਼ਰੀਬੜੀ ਕੁੜੀ ਧੁਰ ਅੰਦਰ ਤੱਕ ਡਰ ਗਈ। ਉਸ ਦਾ ਅੰਗ ਅੰਗ ਕੰਬਣ ਲੱਗਾ ਅਤੇ ਮੁਸ਼ਕਿਲ ਨਾਲ ਆਪਣੇ ਪੈਰਾਂ 'ਤੇ ਖੜ੍ਹੀ ਰਹਿ ਸਕੀ। ਇਸ ਨੇ ਸ਼ਰਾਬੀ ਹੋਣ ਦੀ ਐਕਟਿੰਗ ਦੇ ਪ੍ਰਭਾਵ ਨੂੰ ਵਧਾਇਆ। ਉਸ ਨੇ ਉਸ ਨੂੰ ਬਾਂਹ ਤੋਂ ਫੜਿਆ ਅਤੇ ਉਸ ਨੂੰ ਵਿਹੜੇ ਵਿਚ ਧੂੰਹਦੇ ਹੋਏ ਨੌਕਰਾਂ ਦੇ ਕਮਰਿਆਂ ਕੋਲ ਲਿਜਾ ਕੇ ਕਪੀਤੋਨ ਦੀਆਂ ਬਾਹਾਂ ਵਿਚ ਸੁੱਟ ਦਿੱਤਾ। ਉਹ ਡਰ ਨਾਲ ਅਧਮੋਈ ਹੋਈ ਪਈ ਸੀ। ਉਸ ਨੇ ਇਕ ਵਾਰ ਫਿਰ ਤਲਖ਼ ਮੁਸਕਰਾਹਟ ਨਾਲ ਉਸ ਵੱਲ ਦੇਖਿਆ। ਉਸ ਵੱਲ ਆਪਣਾ ਹੱਥ ਹਿਲਾਇਆ ਅਤੇ ਭਾਰੀ ਕਦਮ ਪੁੱਟਦਾ ਮੁੜ ਆਇਆ।
ਉਹ ਅਗਲੇ ਦੋ ਦਿਨ ਆਪਣੀ ਕੋਠੜੀ ਵਿਚੋਂ ਨਾ ਨਿਕਲਿਆ। ਕੋਚਵਾਨ ਅੰਤਿਪਕਾ ਨੇ ਉਸ ਨੂੰ ਦਰਵਾਜ਼ੇ ਵਿਚਲੀ ਇਕ ਝੀਥ ਰਾਹੀਂ ਦੇਖਿਆ। ਉਹ ਕੀ ਦੇਖਦਾ ਹੈ ਕਿ ਗਰਾਸੀਮ ਆਪਣੇ ਮੰਜੇ 'ਤੇ ਦੋਹਾਂ ਹੱਥਾਂ ਵਿਚ ਆਪਣਾ ਸਿਰ ਫੜੀ ਚੁੱਪਚਾਪ ਬੈਠਾ ਸੀ ਅਤੇ ਕਦੇ ਕਦੇ ਭੀਂ ਭੀਂ ਦੀਆਂ ਆਵਾਜ਼ਾਂ ਕੱਢਣੀਆਂ ਸ਼ੁਰੂ ਕਰ ਦਿੰਦਾ ਸੀ ਜਿਵੇਂ ਕੋਚਵਾਨ ਸੜਕ 'ਤੇ ਆਪਣੇ ਗੱਡੇ ਹੱਕਦੇ ਜਾਂਦੇ ਪੀੜਾਂ ਦੇ ਪਰਾਗੇ ਗਾਉਂਦੇ ਹੁੰਦੇ ਹਨ। ਕੋਚਵਾਨ ਨੂੰ ਇਹ ਦ੍ਰਿਸ਼ ਦੇਖਦੇ ਰਹਿਣਾ ਬਹੁਤ ਅਸਹਿਜ ਮਹਿਸੂਸ ਹੋਇਆ ਅਤੇ ਛੇਤੀ ਹੀ ਦਰਵਾਜ਼ੇ ਤੋਂ ਪਿੱਛੇ ਹਟ ਗਿਆ।
ਜਦੋਂ ਆਖ਼ਿਰ ਗਰਾਸੀਮ ਆਪਣੀ ਕੋਠੜੀ ਵਿਚੋਂ ਨਿਕਲ ਕੇ ਵਿਹੜੇ ਵਿਚ ਆਇਆ ਤਾਂ ਉਸ ਵਿਚ ਕੋਈ ਵਿਸ਼ੇਸ਼ ਤਬਦੀਲੀ ਨਜ਼ਰ ਨਹੀਂ ਸੀ ਆ ਰਹੀ। ਉਹ ਆਮ ਨਾਲੋਂ ਥੋੜ੍ਹਾ ਜਿਹਾ ਵੱਧ ਨਿਰਾਸ਼ ਲੱਗਦਾ ਸੀ ਅਤੇ ਤਾਤਿਆਨਾ ਜਾਂ ਕਪੀਤੋਨ ਵੱਲ ਉਸ ਨੇ ਕੋਈ ਧਿਆਨ ਨਾ ਦਿੱਤਾ। ਦੋਨਾਂ ਨੇ ਆਪਣੀਆਂ ਆਪਣੀਆਂ ਕੱਛਾਂ ਵਿਚ ਇੱਕ ਇੱਕ ਬੱਤਖ ਦਬਾਈ ਤੇ ਮਾਲਕਣ ਦਾ ਆਸ਼ੀਰਵਾਦ ਲੈਣ ਗਏ ਤਾਂ ਉਸ ਨੇ ਬੜੀ ਖੁਸ਼ੀ ਨਾਲ ਉਨ੍ਹਾਂ ਦੇ ਵਿਆਹ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਇਕ ਹਫ਼ਤੇ ਦੇ ਅੰਦਰ ਅੰਦਰ ਉਨ੍ਹਾਂ ਦਾ ਵਿਆਹ ਹੋ ਗਿਆ। ਉਨ੍ਹਾਂ ਦੇ ਵਿਆਹ ਦੇ ਦਿਨ ਵੀ ਗਾਰਸੀਮ ਦੇ ਵਰਤੋਂ ਵਿਹਾਰ ਵਿੱਚ ਕੋਈ ਤਬਦੀਲੀ ਨਜ਼ਰ ਨਹੀਂ ਆਈ, ਸਿਰਫ਼ ਉਹ ਪਾਣੀ ਤੋਂ ਬਿਨਾਂ ਦਰਿਆ ਤੋਂ ਮੁੜ ਆਇਆ। ਉਸ ਦੀ ਬੈਰਲ ਸੜਕ ਤੇ ਟੁੱਟੀ ਪਈ ਸੀ। ਸ਼ਾਮ ਨੂੰ ਉਸ ਨੇ ਆਪਣੇ ਘੋੜੇ ਨੂੰ ਇੰਨੇ ਜ਼ੋਰ ਜ਼ੋਰ ਨਾਲ ਖਰਖਰਾ ਕੀਤਾ ਕਿ ਉਸ ਦੀ ਚਮੜੀ ਉਚੇੜ ਦਿੱਤੀ।
ਇਹ ਸਾਰਾ ਕੁਝ ਬਸੰਤ ਰੁੱਤ ਦੌਰਾਨ ਹੋਇਆ।
ਇਕ ਹੋਰ ਸਾਲ ਬੀਤ ਗਿਆ, ਜਿਸ ਦੌਰਾਨ ਕਪੀਤੋਨ ਸੁਧਰਨਾ ਤਾਂ ਦੂਰ, ਸਗੋਂ ਸ਼ਰਾਬ ਜੋਗਾ ਹੀ ਹੋ ਕੇ ਰਹਿ ਗਿਆ ਅਤੇ ਦੁਨਿਆਵੀ ਤੌਰ 'ਤੇ ਉੱਕਾ ਨਕਾਰਾ ਹੋ ਗਿਆ। ਇਸ ਲਈ ਮਾਲਕਣ ਨੇ ਉਸ ਨੂੰ ਆਪਣੀ ਪਤਨੀ ਸਹਿਤ ਉਸ ਦੀ ਜਾਗੀਰ ਦੇ ਸਭ ਤੋਂ ਦੂਰ ਦੇ ਪਿੰਡ ਜਾ ਰਹੇ ਕਾਫ਼ਲੇ ਦੇ ਨਾਲ ਭੇਜਣ ਦਾ ਹੁਕਮ ਦੇ ਦਿੱਤਾ। ਆਪਣੇ ਵਿਦਾਇਗੀ ਦੇ ਦਿਨ ਉਹ ਪਹਿਲਾਂ ਤਾਂ ਕਾਫ਼ੀ ਹੌਸਲੇ ਵਿਚ ਸੀ ਅਤੇ ਤੜੀ ਮਾਰ ਕੇ ਕਹਿ ਰਿਹਾ ਸੀ ਕਿ ਉਹ ਉਸ ਨੂੰ ਭਾਵੇਂ ਧਰਤੀ ਦੇ ਉਸ ਦੂਰ-ਦੁਰੇਡੇ ਖੇਤਰ ਵਿਚ ਭੇਜ ਦਿੱਤਾ ਜਾਵੇ, ਜਿੱਥੇ ਧੋਬਣਾਂ ਅਸਮਾਨ ਦੀ ਕਿਨਾਰੀ 'ਤੇ ਕੱਪੜੇ ਸੁੱਕਣੇ ਪਾਉਂਦੀਆਂ ਹਨ, ਉਹ ਉੱਥੇ ਵੀ ਰਹਿ ਲਵੇਗਾ ਪਰ ਜਦੋਂ ਕਾਫ਼ਲੇ ਦੀਆਂ ਰਵਾਨਾ ਹੋਣ ਲਈ ਤਿਆਰੀਆਂ ਸ਼ੁਰੂ ਹੋਈਆਂ, ਤਾਂ ਉਸ ਦੀ ਕੰਡ ਢੈਲ਼ੀ ਹੋ ਗਈ ਅਤੇ ਰੋਣੇ ਰੋਣ ਲੱਗ ਪਿਆ ਕਿ ਜੰਗਲੀ ਲੋਕਾਂ ਵਿਚ ਆਪਣਾ ਜੀਵਨ ਬਰਬਾਦ ਕਰਨ ਲਈ ਉਸ ਨੂੰ ਬੇਰਹਿਮੀ ਨਾਲ ਭੇਜਿਆ ਜਾ ਰਿਹਾ ਸੀ। ਅਖ਼ੀਰ ਉਹ ਪੂਰੀ ਤਰਾਂ ਟੁੱਟ ਗਿਆ ਅਤੇ ਫੁੱਟ-ਫੁੱਟ ਕੇ ਰੋਣ ਲੱਗ ਪਿਆ ਅਤੇ ਇੰਨਾ ਬੌਂਦਲ ਗਿਆ ਕਿ ਉਹ ਆਪਣੇ ਸਿਰ 'ਤੇ ਆਪਣੀ ਟੋਪੀ ਵੀ ਆਪ ਨਹੀਂ ਲੈ ਸਕਿਆ। ਕਿਸੇ ਭਲੇ ਵਿਅਕਤੀ ਨੇ ਉਸ ਲਈ ਇਹ ਕੰਮ ਕੀਤਾ ਅਤੇ ਆਪਣੀ ਹਥੇਲੀ ਨਾਲ ਇਸ ਨੂੰ ਥੋੜ੍ਹਾ ਟੇਢਾ ਕਰ ਦਿੱਤਾ।
ਜਦੋਂ ਕਾਫ਼ਲਾ ਰਵਾਨਾ ਹੋਣ ਲਈ ਤਿਆਰ ਸੀ। ਕੋਚਵਾਨਾਂ ਨੇ ਆਪਣੇ ਹੱਥਾਂ ਵਿਚ ਲਗਾਮਾਂ ਸੰਭਾਲ ਲਈਆਂ ਸਨ ਅਤੇ ਰੱਬ ਦਾ ਨਾਂ ਲੈ ਕੇ ਚੱਲਣ ਲਈ ਹੁਕਮ ਦੀ ਉਡੀਕ ਕਰ ਰਹੇ ਸਨ। ਗਰਾਸੀਮ ਆਪਣੇ ਕਮਰੇ ਵਿਚੋਂ ਬਾਹਰ ਆਇਆ ਅਤੇ ਤਾਤਿਆਨਾ ਨੂੰ ਇਕ ਲਾਲ ਸੂਤੀ ਰੁਮਾਲ ਭੇਟ ਕੀਤਾ ਜਿਹੜਾ ਉਸ ਨੇ ਇੱਕ ਸਾਲ ਪਹਿਲਾਂ ਉਸ ਲਈ ਖਰੀਦਿਆ ਸੀ। ਉਹ ਨਿਮਾਣੀ ਜਿੰਦ ਜਿਸ ਨੇ ਹੁਣ ਤੱਕ ਬਿਨਾਂ ਕਿਸੇ ਸ਼ਿਕਵੇ ਸ਼ਕਾਇਤ ਦੇ ਬਹੁਤ ਸਾਰੇ ਦੁੱਖੜੇ ਝੱਲੇ ਸੀ। ਉਹ ਗਰਾਸੀਮ ਦੇ ਅਜਿਹੀ ਨਿਸ਼ਕਾਮ ਦਿਆਲਤਾ ਦੇ ਪ੍ਰਗਟਾਵੇ 'ਤੇ ਆਪਣੇ ਆਪੇ ਨੂੰ ਕਾਬੂ ਵਿੱਚ ਨਾ ਰੱਖ ਸਕੀ। ਉਸ ਦੀਆਂ ਗੱਲ੍ਹਾਂ 'ਤੇ ਅੱਥਰੂਆਂ ਦੀਆਂ ਧਰਾਲਾਂ ਵਗਣੀਆਂ ਸ਼ੁਰੂ ਹੋ ਗਈਆਂ ਅਤੇ ਘੋੜਾ-ਗੱਡੀ 'ਤੇ ਚੜ੍ਹਨ ਤੋਂ ਪਹਿਲਾਂ ਉਸ ਨੇ ਆਪਣੀਆਂ ਛੋਟੀਆਂ-ਛੋਟੀਆਂ ਬਾਹਾਂ ਮੂਕ ਦੇਵ ਦੇ ਮੋਢਿਆਂ ਦੁਆਲੇ ਵਲ਼ ਦਿੱਤੀਆਂ ਅਤੇ ਉਨ੍ਹਾਂ ਨੇ ਇਕ-ਦੂਜੇ ਨੂੰ ਦਿਲਾਂ ਦੀਆਂ ਗਹਿਰਾਈਆਂ ਵਿਚੋਂ ਚੁੰਮਿਆ। ਉਹ ਉਸ ਦੀ ਘੋੜਾ-ਗੱਡੀ ਦੇ ਨਾਲ ਨਾਲ ਤੁਰ ਪਿਆ। ਉਸ ਦਾ ਇਰਾਦਾ ਸ਼ਾਇਦ ਸ਼ਹਿਰ ਦੇ ਬੰਨੇ ਤੱਕ ਨਾਲ ਨਾਲ ਚੱਲਣ ਦਾ ਸੀ ਪਰ ਕ੍ਰਿਮਸਕੀ ਚੁਰਾਹੇ ਤੇ ਪਹੁੰਚਣ 'ਤੇ ਉਸ ਨੇ ਆਪਣਾ ਹੱਥ ਹਿਲਾ ਕੇ ਵਿਦਾ ਕੀਤਾ ਅਤੇ ਦਰਿਆ ਦੇ ਕਿਨਾਰੇ ਦੇ ਨਾਲ ਨਾਲ ਘਰ ਪਰਤ ਆਇਆ।
ਹਨੇਰਾ ਹੋ ਰਿਹਾ ਸੀ। ਗਰਾਸੀਮ ਪਾਣੀ ਵੱਲ ਦੇਖ ਰਿਹਾ ਹੌਲੀ-ਹੌਲੀ ਤੁਰਿਆ ਜਾ ਰਿਹਾ ਸੀ। ਉਸ ਨੇ ਅਚਾਨਕ ਦੇਖਿਆ ਕਿ ਕਿਨਾਰੇ ਦੇ ਨਜ਼ਦੀਕ ਗਾਰੇ ਵਿਚ ਕੋਈ ਚੀਜ਼ ਹਿੱਲ-ਜੁੱਲ ਰਹੀ ਸੀ। ਉਹ ਇਹ ਦੇਖਣ ਲਈ ਝੁਕਿਆ ਕਿ ਇਹ ਕੀ ਹੈ ਅਤੇ ਦੇਖਣ ਤੇ ਪਤਾ ਲੱਗਾ ਕਿ ਇਹ ਇਕ ਛੋਟਾ ਜਿਹਾ ਕੁੱਤਾ ਸੀ ਜੋ ਭਿੱਜਿਆ ਹੋਇਆ, ਚਿੱਕੜ ਨਾਲ ਲੱਥਪਥ ਅਤੇ ਕੰਬ ਰਿਹਾ ਸੀ। ਇਹ ਐਨਾ ਛੋਟਾ ਅਤੇ ਕਮਜ਼ੋਰ ਸੀ ਕਿ ਆਪਣਾ ਸਾਰਾ ਜ਼ੋਰ ਲਾ ਕੇ ਵੀ ਆਪਣੇ ਆਪ ਚਿਪਚਿਪੀ ਮਿੱਟੀ ਵਿਚੋਂ ਬਾਹਰ ਨਿੱਕਲ ਕੇ ਨਹੀਂ ਆ ਸਕਦਾ ਸੀ। ਗਰਾਸੀਮ ਨੇ ਇਸ ਨੂੰ ਚੁੱਕ ਲਿਆ ਅਤੇ ਆਪਣੀ ਹਿੱਕ ਨਾਲ ਲਾ ਕੇ ਜਲਦੀ ਜਲਦੀ ਘਰ ਵੱਲ ਤੁਰ ਪਿਆ।
ਆਪਣੇ ਕਮਰੇ ਵਿਚ ਪਹੁੰਚ ਕੇ ਉਸ ਨੇ ਕਤੂਰਾ ਆਪਣੇ ਮੰਜੇ ਤੇ ਪਾ ਦਿੱਤਾ ਅਤੇ ਉਸ ਨੂੰ ਆਪਣੇ ਕੋਟ ਨਾਲ ਢੱਕ ਦਿੱਤਾ। ਉਹ ਬਾਹਰ ਗਿਆ ਅਤੇ ਘਾਹ-ਫੂਸ ਲਿਆ ਕੇ ਉਸ ਲਈ ਨਿੱਘਾ ਬਿਸਤਰ ਬਣਾ ਦਿੱਤਾ। ਫਿਰ ਉਹ ਰਸੋਈ ਵਿੱਚ ਗਿਆ ਅਤੇ ਇਕ ਦੁੱਧ ਦਾ ਪਿਆਲਾ ਲੈ ਆਇਆ। ਉਸ ਨੇ ਧਿਆਨ ਨਾਲ ਕੁੱਤੇ ਤੋਂ ਕੱਖਾਂ ਦੀ ਪਰਤ ਨੂੰ ਹਟਾਇਆ ਅਤੇ ਉਸ ਦੇ ਸਾਹਮਣੇ ਦੁੱਧ ਰੱਖਿਆ ਪਰ ਵਿਚਾਰਾ ਗਲੂਰਾ ਅਜੇ ਬਹੁਤ ਕਮਜ਼ੋਰ ਸੀ ਅਤੇ ਆਪਣੇ ਆਪ ਦੁੱਧ ਨਹੀਂ ਪੀ ਸਕਦਾ ਸੀ। ਇਹ ਅਜੇ ਸਿਰਫ ਤਿੰਨ ਹਫ਼ਤਿਆਂ ਦਾ ਸੀ ਅਤੇ ਇਸ ਦੀਆਂ ਅੱਖਾਂ ਵਿਚੋਂ ਇਕ ਅੱਖ ਅਜੇ ਚੰਗੀ ਤਰ੍ਹਾਂ ਖੁੱਲ੍ਹੀ ਵੀ ਨਹੀਂ ਸੀ। ਉਹ ਬਸ ਕੰਬਦਾ ਰਿਹਾ ਅਤੇ ਆਪਣੀ ਅੱਧ-ਖੁੱਲ੍ਹੀ ਅੱਖ ਝਪਕਦਾ ਰਿਹਾ। ਗਰਾਸੀਮ ਨੇ ਸਾਵਧਾਨੀ ਨਾਲ ਇਸ ਦਾ ਸਿਰ ਫੜਿਆ ਅਤੇ ਉਸ ਦਾ ਮੂੰਹ ਦੁੱਧ ਵਿਚ ਡੁਬੋਇਆ। ਕਤੂਰਾ ਬੜੀ ਸੁਸਤੀ ਦੇ ਨਾਲ ਪੀਣ ਲੱਗ ਪਿਆ ਅਤੇ ਅਨਾੜੀ ਢੰਗ ਨਾਲ ਸੜ੍ਹਾਕਣ ਲੱਗਾ। ਗਰਾਸੀਮ ਬਹੁਤ ਜ਼ਿਆਦਾ ਖੁਸ਼ੀ ਨਾਲ ਗਦਗਦ ਇਹ ਤਮਾਸ਼ਾ ਦੇਖਣ ਲੱਗਾ ਅਤੇ ਖਿੜ-ਖਿੜਾ ਕੇ ਹੱਸ ਪਿਆ। ਸਾਰੀ ਸ਼ਾਮ ਉਸ ਨੇ ਕਤੂਰੇ ਨਾਲ ਬਿਤਾਈ। ਆਖ਼ਿਰ ਦੇਰ ਰਾਤ ਗਰਾਸੀਮ ਨੂੰ ਉਸ ਦੇ ਨਾਲ ਪਿਆਂ ਨੀਂਦ ਆ ਗਈ ਅਤੇ ਉਸ ਦੇ ਚਿਹਰੇ 'ਤੇ ਖ਼ੁਸ਼ੀ ਨਾਲ ਭਿੱਜੀ ਮੁਸਕਰਾਹਟ ਫੈਲੀ ਹੋਈ ਸੀ।
ਕੋਈ ਮਾਂ ਵੀ ਆਪਣੇ ਬੱਚੇ ਲਈ ਏਨੀ ਜ਼ਹਿਮਤ ਨਹੀਂ ਉਠਾਉਂਦੀ ਹੋਣੀ ਜਿੰਨੀ ਗਰਾਸੀਮ ਨੇ ਡੁੱਬਣ ਤੋਂ ਬਚਾਏ ਕਤੂਰੇ ਦੇ ਲਈ ਉਠਾਈ। ਪਹਿਲਾਂ ਉਹ ਬਿਮਾਰ ਨਜ਼ਰ ਆਉਂਦੀ ਸੀ, ਡਰੂ ਅਤੇ ਕਮਜ਼ੋਰ ਜਿਹੀ ਪਰ ਛੇਤੀ ਹੀ ਉਹ ਤਕੜੀ ਹੋਣ ਲੱਗ ਪਈ ਅਤੇ ਉਸ ਦੀ ਚਾਲ-ਢਾਲ ਵਿਚ ਮੜਕ ਆਉਣੀ ਸ਼ੁਰੂ ਹੋ ਗਈ। ਉਹ ਖਿਡਾਰ ਹੋ ਗਈ ਅਤੇ ਆਪਣੇ ਮਾਲਕ ਦੀ ਨਿਰੰਤਰ ਦੇਖ-ਰੇਖ ਸਦਕਾ ਉਹ ਇਕ ਬਹੁਤ ਹੀ ਸੁਹਣੀ ਸਪੇਨੀਅਲ ਨਿਕਲੀ, ਚਿੱਟੀ ਫ਼ਰ, ਪਿੱਠ ਵਾਲੇ ਪਾਸੇ ਪੀਲੇ ਡੱਬ, ਲੰਮੇ ਕੰਨ, ਝਾੜ ਪੂਛ, ਅਤੇ ਬਹੁਤ ਚਮਕਦਾਰ ਅਤੇ ਨਿਰਮਲ ਅੱਖਾਂ।
ਉਹ ਗਰਾਸੀਮ ਨਾਲ ਬਹੁਤ ਹੀ ਲਾਡ ਕਰਦੀ ਸੀ। ਉਹ ਜਿੱਥੇ ਵੀ ਜਾਂਦਾ ਸੀ, ਉਹ ਆਪਣੀ ਝਾੜ ਜਿਹੀ ਪੂਛ ਨੂੰ ਹਿਲਾਉਂਦੀ ਉਸ ਦੇ ਪਿੱਛੇ ਪਿੱਛੇ ਜਾਂਦੀ ਸੀ। ਗਰਾਸੀਮ ਨੇ ਉਸ ਨੂੰ ਇਕ ਨਾਮ ਵੀ ਦਿੱਤਾ। ਉਹ ਉਸ ਨੂੰ ਮੂਮੂ ਕਹਿ ਕੇ ਬੁਲਾਇਆ ਕਰਦਾ ਸੀ। ਬੋਲ਼ੇ-ਗੁੰਗੇ ਵਿਅਕਤੀ ਚੰਗੀ ਤਰ੍ਹਾਂ ਜਾਣਦੇ ਹੁੰਦੇ ਹਨ ਕਿ ਉਨ੍ਹਾਂ ਦੀ ਆਵਾਜ਼ ਸੁਣ ਸਕਣ ਵਾਲਿਆਂ ਦਾ ਧਿਆਨ ਖਿੱਚਦੀ ਹੈ। ਘਰ ਦੇ ਸਾਰੇ ਲੋਕ ਇਸ ਨਵੇਂ ਮਹਿਮਾਨ ਨੂੰ ਪਸੰਦ ਕਰਦੇ ਸਨ ਅਤੇ ਉਸ ਨੂੰ ਉਸ ਦੇ ਮਾਲਕ ਵਲੋਂ ਦਿੱਤੇ ਨਾਮ ਮੂਮੂ ਨਾਲ ਬੁਲਾਇਆ ਕਰਦੇ ਸਨ। ਮੂਮੂ ਵੀ ਆਪਣੀ ਵਾਰੀ ਸਭਨਾਂ ਨਾਲ ਚੰਗਾ ਸਲੂਕ ਕਰਦੀ ਪਰ ਉਸ ਨੂੰ ਸਿਰਫ਼ ਗਰਾਸੀਮ ਹੀ ਪਸੰਦ ਸੀ। ਉਹ ਹੋਰ ਸਭ ਕੁਝ ਨਾਲੋਂ ਵਧ ਕੇ ਉਸ ਨੂੰ ਪਿਆਰ ਕਰਦਾ ਸੀ। ਦੂਜਿਆਂ ਨਾਲ ਉਸ ਨੂੰ ਖੇਡਦੇ ਦੇਖਣਾ ਗਰਾਸੀਮ ਨੂੰ ਪਸੰਦ ਨਹੀਂ ਸੀ। ਕੀ ਉਹ ਡਰਦਾ ਸੀ ਕਿ ਉਸ ਨੂੰ ਸੱਟ ਲੱਗ ਸਕਦੀ ਹੈ ਜਾਂ ਕੀ ਹੋਰਨਾਂ ਨਾਲ ਉਸ ਦਾ ਪਿਆਰ ਦੇਖ ਉਸ ਨੂੰ ਈਰਖਾ ਹੁੰਦੀ ਸੀ? ਸਿਰਫ਼ ਰੱਬ ਹੀ ਜਾਣਦਾ ਹੈ।
ਉਹ ਰੋਜ਼ ਸਵੇਰੇ ਗਰਾਸੀਮ ਦਾ ਕੰਬਲ ਖਿੱਚ ਕੇ ਉਸ ਨੂੰ ਜਗਾਉਂਦੀ ਹੁੰਦੀ ਸੀ। ਉਸ ਨੇ ਪਾਣੀ ਢੋਣ ਲਈ ਰੱਖੇ ਬੁੱਢੇ ਘੋੜੇ ਨੂੰ ਲਗਾਮ ਮੂੰਹ ਵਿੱਚ ਫੜ ਕੇ ਲੈ ਜਾਣਾ ਸਿੱਖ ਲਿਆ ਅਤੇ ਉਸ ਨਾਲ ਉਸ ਦਾ ਦੋਸਤਾਨਾ ਸੰਬੰਧ ਹੋ ਗਿਆ ਸੀ। ਪਾਣੀ ਲੈਣ ਦਰਿਆ 'ਤੇ ਜਾਂਦੇ ਵਕਤ ਉਹ ਆਪਣੇ ਮਾਲਕ ਦੇ ਨਾਲ ਰਹਿੰਦੀ ਸੀ, ਜਿਵੇਂ ਉਸ ਦਾ ਇਹ ਸਾਥ ਦੇਣਾ ਉਸ ਦਾ ਬੜਾ ਮਹੱਤਵਪੂਰਨ ਫ਼ਰਜ਼ ਹੋਵੇ। ਉਹ ਉਸ ਦੇ ਝਾੜੂਆਂ ਅਤੇ ਬੇਲਚਿਆਂ ਦੀ ਰਾਖੀ ਕਰਦੀ ਅਤੇ ਕਿਸੇ ਨੂੰ ਵੀ ਉਸ ਦੇ ਕਮਰੇ ਵਿਚ ਨਾ ਵੜਨ ਦਿੰਦੀ। ਉਸ ਦੇ ਅੰਦਰ ਬਾਹਰ ਜਾਣ ਲਈ ਉਸ ਦੇ ਦਰਵਾਜ਼ੇ ਵਿਚ ਇਕ ਮੋਰੀ ਕਰ ਦਿੱਤੀ ਸੀ। ਉਹ ਮਹਿਸੂਸ ਕਰਦੀ ਜਾਪਦੀ ਸੀ ਕਿ ਸਿਰਫ਼ ਉਸ ਦੇ ਕਮਰੇ ਵਿਚ ਹੀ ਉਹ ਆਪਣੀ ਮਰਜ਼ੀ ਕਰ ਸਕਦੀ ਸੀ ਜਦੋਂ ਹੀ ਉਹ ਅੰਦਰ ਵੜਦੀ ਉਹ ਮੰਜੇ ਉੱਤੇ ਚੜ੍ਹ ਜਾਂਦੀ ਅਤੇ ਸੁੱਖ ਅਤੇ ਸੰਤੁਸ਼ਟੀ ਦੇ ਅਹਿਸਾਸ ਨਾਲ ਨਿੱਸਲ ਹੋ ਕੇ ਪੈ ਜਾਂਦੀ।
ਰਾਤ ਨੂੰ ਉਹ ਬਿਲਕੁਲ ਨਹੀਂ ਸੀ ਸੌਂਦੀ। ਪਰ ਉਹ ਦੂਜੇ ਕੁੱਤਿਆਂ ਵਾਂਗ ਨਹੀਂ ਸੀ ਜੋ ਸਿਰਫ ਵਕਤ ਕੱਟਣ ਲਈ ਆਪਣੇ ਪਿਛਲੇ ਪੈਰਾਂ 'ਤੇ ਬੈਠੇ ਹੋਏ ਅਤੇ ਆਪਣੀਆਂ ਬੂਥੀਆਂ ਉੱਪਰ ਚੁੱਕ ਚੁੱਕ ਕੇ, ਸਾਰੀ ਰਾਤ ਟਿਮਕਦੇ ਤਾਰਿਆਂ ਨੂੰ ਭੌਂਕਦੇ ਰਹਿੰਦੇ ਸੀ, ਨਹੀਂ ਮੂਮੂ ਇਹੋ ਜਿਹੀ ਨਹੀਂ ਸੀ। ਉਸ ਦੀ ਦੀ ਤਿੱਖੀ ਬਊਂ-ਬਊਂ ਸਿਰਫ਼ ਉਦੋਂ ਸੁਣਾਈ ਦਿੰਦੀ ਸੀ ਜਦੋਂ ਕੋਈ ਅਜਨਬੀ ਵਿਹੜੇ ਦੇ ਵਾੜੇ ਨੇੜੇ ਆਉਂਦਾ ਸੀ ਜਾਂ ਘਰ ਦੇ ਆਲੇ ਦੁਆਲੇ ਕੋਈ ਸ਼ੱਕੀ ਅਵਾਜ਼ ਸੁਣਾਈ ਦਿੰਦੀ ਸੀ।
ਸੰਖੇਪ ਵਿਚ ਕਹੀਏ ਤਾਂ ਮੂਮੂ ਇਕ ਵਧੀਆ ਪਹਿਰੇਦਾਰ ਸੀ। ਇਹ ਸੱਚ ਹੈ ਕਿ ਘਰ ਵਿਚ ਇਕ ਬੁੱਢਾ ਕੁੱਤਾ ਸੀ ਜਿਸ ਦੇ ਪੀਲੇ ਵਾਲਾਂ ਵਿਚ ਗੂੜ੍ਹੇ ਭੂਰੇ ਡੱਬ ਸਨ ਜਿਸ ਦਾ ਨਾਂ ਵੋਲਟਚੋਕ ਸੀ। ਪਰ ਉਹ ਕਦੇ ਵੀ ਰਾਤ ਨੂੰ ਖੁੱਲ੍ਹਾ ਨਹੀਂ ਸੀ ਛੱਡਦੇ ਅਤੇ ਬੁਢਾਪੇ ਕਾਰਨ ਉਹ ਆਜ਼ਾਦੀ ਦੀ ਭੋਰਾ ਵੀ ਇੱਛਾ ਜ਼ਾਹਿਰ ਨਹੀਂ ਕਰਦਾ ਸੀ। ਉਹ ਆਪਣੇ ਖੁੱਡੇ ਵਿਚ ਇਕੱਠਾ ਜਿਹਾ ਹੋ ਕੇ ਪਿਆ ਰਹਿੰਦਾ ਸੀ ਜਿਸ ਵਿਚੋਂ ਉਹ ਕਦੀ ਕਦੀ ਬਾਹਰ ਆਉਂਦਾ ਸੀ ਅਤੇ ਕਦੇ ਕਦਾਈਂ ਭਰੜਾਈ ਤੇ ਸੁਸਤ ਜਿਹੀ ਆਵਾਜ਼ ਵਿਚ ਭੌਂਕ ਵੀ ਲੈਂਦਾ ਪਰ ਫੌਰਨ ਚੁੱਪ ਕਰ ਜਾਂਦਾ, ਜਿਵੇਂ ਉਹ ਮਹਿਸੂਸ ਕਰਦਾ ਹੋਵੇ ਕਿ ਅਜਿਹੀ ਕੋਸ਼ਿਸ਼ ਵਿਅਰਥ ਹੈ।
ਮੂਮੂ ਕਦੇ ਵੀ ਮਾਲਕਣ ਦੇ ਕਮਰਿਆਂ ਵਿਚ ਨਹੀਂ ਵੜੀ ਸੀ ਜਦੋਂ ਗਰਾਸੀਮ ਉਧਰ ਲੱਕੜਾਂ ਸੁੱਟਣ ਜਾਂਦਾ ਤਾਂ ਉਹ ਦਲਾਨ ਵਿਚ ਰੁਕ ਜਾਂਦੀ ਅਤੇ ਉਡੀਕਣ ਲੱਗਦੀ। ਉਸ ਦਾ ਸਿਰ ਬੇਚੈਨੀ ਨਾਲ ਹਿੱਲਦਾ ਅਤੇ ਕਿਸੇ ਦਰਵਾਜ਼ੇ ਦੇ ਖੁੱਲ੍ਹਣ ਨਾਲ ਉਸ ਦੇ ਕੰਨ ਖੜ੍ਹੇ ਹੋ ਜਾਂਦੇ।

ਇਕ ਹੋਰ ਸਾਲ ਬੀਤ ਗਿਆ। ਇਸ ਸਮੈਂ ਦੌਰਾਨ ਗਰਾਸੀਮ ਆਪਣੇ ਹਾਲ ਅਤੇ ਜ਼ਿੰਦਗੀ ਤੋਂ ਬਹੁਤ ਖੁਸ਼ ਸੀ ਪਰ ਅਚਾਨਕ ਇਕ ਅਣਕਿਆਸੀ ਘਟਨਾ ਨੇ ਸਭ ਕੁਝ ਪੁੱਠਾ ਕਰ ਦਿੱਤਾ। ਗਰਮੀਆਂ ਦੀ ਇਕ ਸੁਹਾਵਣੀ ਦੁਪਹਿਰ ਵਿਚ ਮਾਲਕਣ ਵਧੀਆ ਮਜ਼ੇ ਦੇ ਮੂਡ ਵਿਚ ਸੀ। ਉਹ ਆਪਣੀਆਂ ਨਿੱਜੀ ਨੌਕਰਾਣੀਆਂ ਨਾਲ ਦਲਾਨ ਵਿਚ ਟਹਿਲਦੀ ਹਾਸੇ-ਠੱਠੇ ਅਤੇ ਚੁਟਕਲੇਬਾਜ਼ੀ ਦੇ ਅਨੰਦ ਮਾਣ ਰਹੀ ਸੀ। ਨੌਕਰਾਣੀਆਂ ਵੀ ਹੱਸਦੀਆਂ ਅਤੇ ਚੁਟਕਲੇ ਸੁਣਾਉਂਦੀਆਂ ਸਨ ਪਰ ਉਨ੍ਹਾਂ ਦੇ ਮਨ ਬੇਚੈਨ ਸਨ। ਜਦੋਂ ਉਨ੍ਹਾਂ ਦੀ ਮਾਲਕਣ ਚੰਗੇ ਮਜ਼ਾਕੀਆ ਮੂਡ ਵਿਚ ਹੁੰਦੀ ਸੀ ਤਾਂ ਉਨ੍ਹਾਂ ਨੂੰ ਖੁਸ਼ੀ ਨਹੀਂ ਹੁੰਦੀ ਸੀ। ਪਹਿਲੀ ਗੱਲ, ਜਦੋਂ ਉਹ ਇਸ ਤਰ੍ਹਾਂ ਦੇ ਮੂਡ ਵਿਚ ਹੁੰਦੀ ਸੀ ਤਾਂ ਕੁਝ ਵਧੇਰੇ ਹੀ ਹੁਕਮ ਚਲਾਉਣ ਲੱਗਦੀ ਸੀ। ਉਹ ਚਾਹੁੰਦੀ ਕਿ ਉਸ ਦੇ ਆਲੇ-ਦੁਆਲੇ ਹਰ ਕੋਈ ਲਾਜ਼ਮੀ ਤੌਰ 'ਤੇ ਖੁਸ਼ੀ ਦੇ ਮੂਡ ਵਿਚ ਹੋਵੇ ਅਤੇ ਜੇ ਕੋਈ ਵੀ ਦਿਲਗੀਰ ਨਜ਼ਰ ਆਉਂਦਾ ਤਾਂ ਗੁੱਸੇ ਵਿਚ ਆ ਜਾਂਦੀ ਸੀ। ਇਸ ਤੋਂ ਇਲਾਵਾ, ਉਸ ਦਾ ਇਹੋ ਜਿਹਾ ਝੱਲ ਆਮ ਤੌਰ 'ਤੇ ਥੋੜ੍ਹੇ ਜਿਹੇ ਸਮੇਂ ਲਈ ਹੁੰਦਾ ਸੀ ਅਤੇ ਛੇਤੀ ਹੀ ਉਸ ਨੂੰ ਕੌੜ ਚੜ੍ਹਨ ਲੱਗਦੀ ਅਤੇ ਹਰੇਕ ਨੂੰ ਖਿਝ-ਖਿਝ ਪੈਣ ਲੱਗਦੀ ਜਿਸ ਕਾਰਨ ਬਹੁਤ ਮੁਸ਼ਕਿਲ ਪੈਦਾ ਹੋ ਜਾਂਦੀ। ਉਸ ਸਵੇਰ ਜਾਗਣ ਸਮੇਂ ਮਾਲਕਣ ਦੇ ਖੁਸ਼ੀ ਦੇ ਪਲ ਸਨ ਕਿਉਂਕਿ ਜਦੋਂ ਉਸ ਨੇ ਆਪਣੇ ਪੱਤੇ ਵਿਛਾਏ (ਜਿਵੇਂ ਉਹ ਹਰ ਸਵੇਰ ਬਾਕਾਇਦਾ ਤੌਰ 'ਤੇ ਕਰਦੀ ਹੁੰਦੀ ਸੀ) ਤਾਂ ਉਨ੍ਹਾਂ ਤੋਂ ਬੜੀ ਮੁਬਾਰਕ ਭਵਿੱਖਬਾਣੀ ਮਿਲੀ। ਇਸ ਦਾ ਮਤਲਬ ਸੀ ਕਿ ਉਸ ਦੀ ਹਰ ਮੁਰਾਦ ਪੂਰੀ ਹੋਵੇਗੀ। ਨਾਸ਼ਤੇ ਵਿਚ ਉਸ ਨੂੰ ਚਾਹ ਬਹੁਤ ਸੁਆਦੀ ਲੱਗੀ ਅਤੇ ਉਸ ਨੇ ਆਪਣੀ ਨੌਕਰਾਣੀ ਦੀ ਖ਼ੂਬ ਪ੍ਰਸ਼ੰਸਾ ਕੀਤੀ ਅਤੇ ਉਸ ਨੂੰ ਇਕ ਦਸ ਕੌਪਕ ਇਨਾਮ ਵਜੋਂ ਦਿੱਤੇ। ਆਪਣੇ ਸੁੱਕੇ ਬੁੱਲ੍ਹਾਂ 'ਤੇ ਸੁਹਾਵਣੀ ਮੁਸਕਰਾਹਟ ਨਾਲ ਉਹ ਦਲਾਨ ਵਿਚ ਟਹਿਲਣ ਲੱਗੀ। ਅਤੇ ਖਿੜਕੀ ਵਿਚੋਂ ਬਾਹਰ ਵੱਲ ਵੇਖਿਆ। ਉਸ ਖਿੜਕੀ ਦੇ ਸਾਹਮਣੇ ਇਕ ਲੱਕੜੀ ਦੇ ਬਣੇ ਢਾਂਗਿਆਂ ਦੇ ਜੰਗਲੇ ਵਿਚ ਘਿਰਿਆ ਬਗੀਚਾ ਸੀ ਜਿਸ ਦੇ ਵਿਚਕਾਰ ਉੱਚੇ ਥੜੇ 'ਤੇ ਗੁਲਾਬ ਦੀ ਝਾੜੀ ਦੇ ਹੇਠਾਂ ਪਿਆ ਹੋਇਆ ਮੂਮੂ ਹੱਡੀ ਚੱਬ ਰਿਹਾ ਸੀ। ਮਾਲਕਣ ਦੀ ਨਜ਼ਰ ਉਸ 'ਤੇ ਜਾ ਟਿਕੀ।
"ਹਾਏ ਰੱਬਾ!" ਉਹ ਬੋਲੀ, "ਇਹ ਕਿਹੜਾ ਕੁੱਤਾ ਹੈ?"
ਉਹ ਨੌਕਰਾਣੀ ਜਿਸ ਨੂੰ ਉਸ ਨੇ ਇਹ ਸਵਾਲ ਪੁਛਿਆ ਸੀ। ਉਹ ਘਬਰਾ ਗਈ ਜਿਵੇਂ ਆਮ ਤੌਰ 'ਤੇ ਹੁੰਦਾ ਹੈ ਜਦੋਂ ਮਤਾਹਿਤ ਨੂੰ ਉਸ ਦਾ ਉੱਪਰਲਾ ਕੋਈ ਸਵਾਲ ਪੁੱਛਦਾ ਹੈ ਅਤੇ ਉਸ ਨੂੰ ਇਹ ਨਹੀਂ ਪਤਾ ਚੱਲਦਾ ਕਿ ਪ੍ਰਸ਼ਨ ਕਿਸ ਲਹਿਜੇ ਵਿਚ ਪੁੱਛਿਆ ਗਿਆ ਹੈ।
"ਮੈਂ-ਮੈਂ-ਨੂੰ-ਨਹੀਂ-ਪਤਾ," ਉਸ ਨੇ ਥਥਲਾਉਂਦੇ ਹੋਏ ਕਿਹਾ. "ਮੈਨੂੰ ਲੱਗਦਾ ਹੈ ਕਿ ਇਹ ਗੁੰਗੇ-ਬਹਿਰੇ ਦਾ ਹੈ, ਮਾਲਕਣ।"
"ਇਹ ਕਿੰਨੀ ਸੋਹਣੀ ਜ਼ਿੰਦ ਹੈ! "ਮਾਲਕਣ ਨੇ ਕਿਹਾ- ਇਸ ਨੂੰ ਇੱਥੇ ਲਿਆਉਣ ਦਾ ਹੁਕਮ ਦਿਓ। ਕੀ ਇਹ ਲੰਮੇ ਅਰਸੇ ਤੋਂ ਉਸ ਕੋਲ ਹੈ? ਮੈਂ ਇਸ ਨੂੰ ਪਹਿਲਾਂ ਕਿਉਂ ਨਹੀਂ ਦੇਖਿਆ? ਇਸ ਨੂੰ ਤੁਰੰਤ ਇੱਥੇ ਲਿਆਉਣ ਦਾ ਹੁਕਮ ਦਿਉ।"
"ਹੇ, ਓਏ ਸਟੇਪਨ!" ਨੌਕਰਾਣੀਆਂ ਨੇ ਕੋਚਵਾਨ ਨੂੰ ਇਕੋ ਵੇਲੇ ਆਵਾਜ਼ ਮਾਰੀ। "ਮੁਮੂ ਇਧਰ ਲਿਆ। ਜਲਦ! ਔਹ ਬਗੀਚੇ ਵਿਚ ਹੈ। ਜਲਦੀ ਕਰੋ!"
"ਆਹਾ!" ਔਰਤ ਨੇ ਕਿਹਾ, "ਉਸ ਦਾ ਨਾਮ ਮੂਮੂ ਹੈ! ਇਹ ਕਿੰਨਾ ਵਧੀਆ ਨਾਮ ਹੈ!"
"ਹਾਂ!" ਨੌਕਰਾਣੀਆਂ ਨੇ ਕਿਹਾ, "ਬਹੁਤ ਕਮਾਲ, ਸੱਚੀਂ! ਛੇਤੀ ਕਰੋ, ਸਟੇਪਨ! ਸੁਣ ਰਿਹਾ ਹੈਂ?"
ਸਟੇਪਨ ਆਪਣੇ ਕੰਮ 'ਤੇ ਲੱਗ ਗਿਆ। ਉਸ ਨੇ ਮੁਮੂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਬੜੀ ਫੁਰਤੀ ਨਾਲ ਬਚ ਕੇ ਨਿਕਲ ਗਈ ਅਤੇ ਆਪਣੇ ਮਾਲਕ ਕੋਲ ਭੱਜ ਗਈ। ਗਰਾਸੀਮ ਉਸ ਵੇਲੇ ਰਸੋਈ ਵਿਚ ਇੱਕ ਵੱਡੀ ਬੈਰਲ ਦੀ ਸਫ਼ਾਈ ਕਰ ਰਿਹਾ ਸੀ। ਬੈਰਲ ਇੰਨੀ ਭਾਰੀ ਸੀ ਕਿ ਦੋ ਬੰਦੇ ਮੁਸ਼ਕਿਲ ਨਾਲ ਇਸ ਨੂੰ ਸੰਭਾਲ ਸਕਦੇ ਸਨ ਪਰ ਉਹ ਇੰਨੀ ਆਸਾਨੀ ਨਾਲ ਸੰਭਾਲ ਰਿਹਾ ਸੀ। ਸਟੇਪਨ ਮੂਮੂ ਨੂੰ ਫੜ੍ਹਨ ਲਈ ਰਸੋਈ ਵਿਚ ਚਲਾ ਗਿਆ। ਉਹ ਉਸ ਤੋਂ ਬਚਦੀ ਆਪਣੇ ਮਾਲਕ ਦੀਆਂ ਲੱਤਾਂ ਦੇ ਵਿਚਾਲੇ ਚਲੀ ਗਈ। ਗਰਾਸੀਮ ਬੈਰਲ ਛੱਡ ਕੇ ਸਿੱਧਾ ਖੜ੍ਹਾ ਹੋ ਗਿਆ ਅਤੇ ਉਹ ਮੁਸਕਰਾਉਂਦੇ ਹੋਏ ਇਹ ਤਮਾਸ਼ਾ ਵੇਖਦਾ ਰਿਹਾ। ਆਖ਼ਿਰਕਾਰ ਕੋਚਵਾਨ ਨੇ ਉਸ ਦਾ ਪਿੱਛਾ ਕਰਨਾ ਛੱਡ ਦਿੱਤਾ ਅਤੇ ਗਰਾਸੀਮ ਨੂੰ ਇਸ਼ਾਰਿਆਂ ਨਾਲ ਸਮਝਾਇਆ ਕਿ ਮਾਲਕਣ ਨੇ ਮੂਮੂ ਨੂੰ ਉਸ ਕੋਲ ਲਿਆਉਣ ਦੀ ਕਾਮਨਾ ਕੀਤੀ ਹੈ। ਗਾਰਸੀਮ ਹੈਰਾਨ (ਅਚੰਭਿਤ) ਹੁੰਦਿਆ ਮੂਮੂ ਨੂੰ ਬੁਲਾਇਆ। ਉਸ ਨੂੰ ਚੁੱਕਿਆ ਅਤੇ ਕੋਚਵਾਨ ਨੂੰ ਸੌਂਪ ਦਿੱਤਾ।
ਸਟੇਪਨ ਉਸ ਨੂੰ ਦਲਾਨ ਵਿਚ ਲੈ ਗਿਆ ਅਤੇ ਫਰਸ਼ 'ਤੇ ਬੈਠਾ ਦਿੱਤਾ। ਮਾਲਕਣ ਉਸ ਨੂੰ ਅਤਿ ਮਿੱਠੀ ਆਵਾਜ਼ ਵਿਚ ਬੁਲਾਉਣ ਲੱਗ ਪਈ। ਮੂਮੂ ਜਿਸ ਨੇ ਇੰਨੇ ਵੱਡੇ ਅਤੇ ਸ਼ਾਨਦਾਰ ਕਮਰੇ ਨੂੰ ਅੰਦਰੋਂ ਕਦੇ ਨਹੀਂ ਸੀ ਵੇਖਿਆ। ਉਹ ਸ਼ਰਮਾ ਗਈ ਅਤੇ ਤੇਜ਼ੀ ਨਾਲ ਦਰਵਾਜ਼ੇ ਵੱਲ ਜਾਣ ਲੱਗੀ ਪਰ ਕੋਚਵਾਨ ਨੇ ਉਸ ਦਾ ਪਿੱਛਾ ਕੀਤਾ। ਵਿਚਾਰੀ ਮੂਮੂ ਕੰਧ ਦੇ ਕੋਲ ਖੜ੍ਹੀ ਸੀ। ਉਸ ਦਾ ਅੰਗ ਅੰਗ ਕੰਬ ਰਿਹਾ ਸੀ।
"ਮੂਮੂ, ਮੂਮੂ, ਮੇਰੇ ਕੋਲ ਆ ਜਾ, ਆਪਣੀ ਮਾਲਕਣ ਕੋਲ ਆਜਾ," ਮਾਲਕਣ ਨੇ ਕਿਹਾ। "ਆ ਜਾ, ਨਿੱਕੀ ਮੂਰਖੇ, ਡਰ ਨਾ।"
"ਆਜਾ, ਆਜਾ, ਮੂਮੂ," ਨੌਕਰਾਣੀਆਂ ਨੇ ਉਸ ਦੀ ਸੁਰ ਵਿਚ ਸੁਰ ਮਿਲਾਈ। "ਆਪਣੀ ਮਾਲਕਣ ਕੋਲ ਆਜਾ, ਡਰ ਨਾ।"
ਪਰ ਮੂਮੂ ਨੇ ਚਿੰਤਾ ਭਰੀਆਂ ਨਿਗਾਹਾਂ ਨਾਲ ਆਲੇ ਦੁਆਲੇ ਵੇਖਿਆ ਅਤੇ ਆਪਣੀ ਜਗ੍ਹਾ ਤੋਂ ਨਾ ਹਿੱਲੀ।
"ਇਸ ਦੇ ਖਾਣ ਲਈ ਕੁਝ ਲਿਆਓ।" ਮਾਲਕਣ ਨੇ ਕਿਹਾ, "ਇਹ ਕਿੰਨੀ ਮੂਰਖ ਹੈ, ਆਪਣੀ ਮਾਲਕਣ ਕੋਲ ਨਹੀਂ ਆ ਰਹੀ! ਮੈਂ ਹੈਰਾਨ ਹਾਂ ਕਿ ਇਹ ਡਰਦੀ ਕਿਸ ਗੱਲੋਂ ਹੈ।"
"ਇਹ ਅਜੇ ਆਪਣੇ ਆਲੇ-ਦੁਆਲੇ ਦੀ ਆਦੀ ਨਹੀਂ ਹੋਈ," ਨੌਕਰਾਣੀ ਨੇ ਵਿਆਖਿਆ ਕੀਤੀ ਅਤੇ ਮੂਮੂ ਲਈ ਸਤਿਕਾਰ ਦੇ ਤੌਰ 'ਤੇ ਬਹੁ-ਵਚਨ ਪੜਨਾਂਵ ਦੀ ਵਰਤੋਂ ਕੀਤੀ, ਕਿਉਂਕਿ ਇਹ ਹੁਣ ਮਾਲਕਣ ਦੀ ਦਿਲਚਸਪੀ ਦੀ ਪਾਤਰ ਸੀ।
ਸਟੇਪਨ ਦੁੱਧ ਦਾ ਇਕ ਪਿਆਲਾ ਲੈ ਆਇਆ ਅਤੇ ਇਸ ਨੂੰ ਮੁਮੂ ਅੱਗੇ ਰੱਖਿਆ ਪਰ ਉਸ ਨੇ ਇਸ ਵੱਲ ਵੇਖਿਆ ਵੀ ਨਹੀਂ ਅਤੇ ਚਿੰਤਾਤੁਰ ਨਿਗਾਹਾਂ ਨਾਲ ਦੇਖਣਾ ਜਾਰੀ ਰੱਖਿਆ।
"ਓ, ਤੂੰ ਕਿੰਨੀ ਮੂਰਖ ਹੈਂ!" ਮਾਲਕਣ ਨੇ ਕਿਹਾ। ਉਹ ਕੁੱਤੇ ਦੇ ਨੇੜੇ ਹੋ ਕੇ ਉਸ ਨੂੰ ਥਾਪੜਾ ਦੇਣ ਦੀ ਕੋਸ਼ਿਸ਼ ਕਰ ਰਹੀ ਸੀ। ਮੁਮੂ ਨੇ ਆਪਣੇ ਦੰਦ ਦਿਖਾਏ ਅਤੇ ਮਾਲਕਣ ਨੇ ਛੇਤੀ ਨਾਲ ਆਪਣਾ ਹੱਥ ਪਿੱਛੇ ਹਟਾ ਲਿਆ।
ਇੱਕ ਪਲ ਲਈ ਚੁੱਪ ਹੋ ਗਈ। ਮੂਮੂ ਨੇ ਮਰੀਅਲ ਜਿਹੀ ਚਿਆਂ ਚਿਆਂ ਕੀਤੀ, ਜਿਵੇਂ ਕਿ ਸ਼ਿਕਾਇਤ ਕਰਨ ਜਾਂ ਮੁਆਫੀ ਮੰਗਣ ਦੀ ਕੋਸ਼ਿਸ਼ ਕਰ ਰਹੀ ਹੋਵੇ। ਮਾਲਕਣ ਗੁੱਸੇ ਨਾਲ ਉਸ ਕੋਲੋਂ ਦੂਰ ਹੋ ਗਈ। ਉਹ ਕਤੂਰੇ ਦੀ ਤੇਜ਼ ਹਰਕਤ ਤੋਂ ਦਹਿਲ ਗਈ ਸੀ।
"ਓ! ਹੋ!" ਨੌਕਰਾਣੀਆਂ ਦੀ ਮਿਲਵੀਂ ਆਵਾਜ਼ ਸੁਣਾਈ ਦਿੱਤੀ। "ਕੀ ਉਸ ਨੇ ਤੁਹਾਨੂੰ ਦੰਦ ਤਾਂ ਨਹੀਂ ਮਾਰ ਦਿੱਤਾ! ਰੱਬ ਨਾ ਕਰੇ!" (ਮੂਮੂ ਨੇ ਕਦੇ ਵੀ ਕਿਸੇ ਨੂੰ ਵੱਢਿਆ ਨਹੀਂ ਸੀ ਅਤੇ ਉਹ ਇਹ ਗੱਲ ਜਾਣਦੀਆਂ ਸਨ।)" ਓ! ਹੋ!"
"ਲੈ ਜਾਓ ਇਸ ਨੂੰ!" ਮਾਲਕਣ ਨੇ ਹੁਕਮ ਦਿੱਤਾ। "ਇਹ ਕਿੰਨਾ ਘਟੀਆ ਤੇ ਬਦਮਿਜ਼ਾਜ਼ ਕਤੂਰਾ ਹੈ!" ਉਹ ਪਿੱਛੇ ਮੁੜੀ ਅਤੇ ਆਪਣੇ ਨਿੱਜੀ ਕਮਰੇ ਵਿਚ ਚਲੀ ਗਈ।
ਨੌਕਰਾਣੀਆਂ ਨੇ ਚਿੰਤਾਤੁਰ ਨਿਗਾਹਾਂ ਮਿਲਾਈਆਂ ਅਤੇ ਉਸ ਦੇ ਪਿੱਛੇ ਚੱਲ ਪਈਆਂ। ਮਾਲਕਣ ਰੁਕ ਗਈ, ਉਨ੍ਹਾਂ 'ਤੇ ਇਕ ਕ੍ਰੋਧੀ ਨਜ਼ਰ ਨਾਲ ਤੱਕਦਿਆਂ ਕਿਹਾ, "ਕੀ ਹੈ? ਮੈਂ ਤੁਹਾਨੂੰ ਬੁਲਾਇਆ ਨਹੀਂ।" ਇਹ ਕਹਿ ਕੇ ਉਹ ਅੰਦਰ ਚਲੀ ਗਈ। ਪ੍ਰੇਸ਼ਾਨ ਨੌਕਰਾਣੀਆਂ ਨੇ ਚੁੱਪ-ਚਾਪ ਖੜੇ ਸਟੇਪਨ ਨੂੰ ਹੱਥ ਹਿਲਾਏ। ਉਸ ਨੇ ਮੂਮੂ ਨੂੰ ਫੜ ਲਿਆ ਅਤੇ ਗਰਾਸੀਮ ਦੇ ਪੈਰਾਂ ਵਿੱਚ ਜਾ ਸੁੱਟੀ। ਮਾਲਕਣ ਆਪਣੇ ਨਿੱਜੀ ਕਮਰੇ ਵਿਚ ਬੈਠੀ ਸੀ, ਉੱਕਾ ਬੁਝੀ ਹੋਈ ਅਤੇ ਕਾਲੀ ਘਟਾ ਨਾਲੋਂ ਵੀ ਕਾਲੀ।
ਜ਼ਰਾ ਸੋਚੋ, ਕਿੰਨੀ ਮਾਮੂਲੀ ਜਿਹੀ ਘਟਨਾ ਕਈ ਵਾਰ ਕਿਸੇ ਇਨਸਾਨ ਦੇ ਸੁਭਾ ਉੱਤੇ ਕਿੰਨਾ ਗਹਿਰਾ ਪ੍ਰਭਾਵ ਪਾ ਸਕਦੀ ਹੈ!
ਉਹ ਸਾਰਾ ਦਿਨ ਕਿਸੇ ਨਾਲ ਨਹੀਂ ਬੋਲੀ। ਉਸ ਉੱਤੇ ਉਦਾਸੀ ਦਾ ਆਲਮ ਛਾਇਆ ਰਿਹਾ। ਉਸ ਨੇ ਸ਼ਾਮ ਨੂੰ ਤਾਸ਼ ਨਹੀਂ ਖੇਡੀ ਅਤੇ ਨਾ ਹੀ ਰਾਤ ਨੂੰ ਚੰਗੀ ਤਰ੍ਹਾਂ ਸੁੱਤੀ। ਉਸ ਨੇ ਕਲਪਨਾ ਕਰ ਲਈ ਕਿ ਯੂ-ਡੀ-ਕੋਲੋਨ ਜੋ ਉਸ ਨੂੰ ਦਿੱਤੀ ਗਈ ਸੀ ਉਹ ਉਸ ਕੁਆਲਟੀ ਦੀ ਨਹੀਂ ਸੀ ਜਿਸ ਦੀ ਉਹ ਆਦੀ ਸੀ ਕਿ ਉਸ ਦੇ ਸਿਰਹਾਣਿਆਂ ਦੇ ਗਲਾਫਾਂ ਵਿੱਚੋਂ ਸਾਬਣ ਦੀ ਬੂ ਆਉਂਦੀ ਸੀ ਅਤੇ ਉਸ ਨੇ ਆਪਣੇ ਕੱਪੜਿਆਂ ਦੀ ਸੰਭਾਲ ਕਰਨ ਵਾਲੀ ਨੌਕਰਾਣੀ ਨੂੰ ਹੁਕਮ ਦਿੱਤਾ ਕਿ ਹਰੇਕ ਕੱਪੜੇ ਨੂੰ ਸੁੰਘ-ਸੁੰਘ ਕੇ ਦੇਖੇ। ਸੰਖੇਪ ਵਿਚ ਗੱ। ਕਹੀਏ ਤਾਂ, ਉਹ ਏਨੀ ਚਿੜਚਿੜੀ ਅਤੇ ਦੁਖੀ ਹੋ ਗਈ ਸੀ ਜਿੰਨੀ ਉਹ ਹੋ ਸਕਦੀ ਸੀ। ਅਗਲੀ ਸਵੇਰ ਜਿਵੇਂ ਹੀ ਉਸ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਉਸ ਨੇ ਸੇਵਾਦਾਰ ਨੂੰ ਬੁਲਾਉਣ ਦਾ ਹੁਕਮ ਦਿੱਤਾ।
ਜਿਵੇਂ ਹੀ ਸੇਵਾਦਾਰ ਪਹੁੰਚਿਆ ਉਹ ਸ਼ੁਰੂ ਹੋ ਗਈ, "ਕ੍ਰਿਪਾ ਕਰਕੇ ਮੈਨੂੰ ਦੱਸੋ ਵਿਹੜੇ ਵਿਚ ਕਿਹੜਾ ਕੁੱਤਾ ਹੈ ਜੋ ਸਾਰੀ ਰਾਤ ਭੌਂਕਦਾ ਰਿਹਾ ਅਤੇ ਮੈਨੂੰ ਪ੍ਰੇਸ਼ਾਨ ਕਰਦਾ ਰਿਹਾ। ਮੈਂ ਸੌਂ ਨਹੀਂ ਸਕੀ।"
"ਕੁੱਤਾ, ਮਾਲਕਣ? ਕਿਹੜਾ ਕੁੱਤਾ, ਮਾਲਕਣ? ਸ਼ਾਇਦ ਉਹ ਬੋਲ਼ੇ ਗੁੰਗੇ ਵਾਲਾ ਹੋਵੇਗਾ, ਮਾਲਕਣ?" ਸੇਵਾਦਾਰ ਨੇ ਕੰਬਦੀ ਆਵਾਜ਼ ਨਾਲ ਕਿਹਾ।
"ਮੈਂ ਕੁਛ ਨਹੀਂ ਜਾਣਦੀ," ਉਸ ਨੇ ਖਿਝ ਕੇ ਕਿਹਾ, "ਇਹ ਬੋਲ਼ੇ-ਗੁੰਗੇ ਦਾ ਹੈ ਜਾਂ ਕਿਸੇ ਹੋਰ ਦਾ। ਉਸ ਨੇ ਮੈਨੂੰ ਬਹੁਤ ਪ੍ਰੇਸ਼ਾਨ ਕਰ ਦਿੱਤਾ। ਮੈਂ ਹੈਰਾਨ ਹਾਂ ਕਿ ਘਰ ਦੇ ਆਲੇ-ਦੁਆਲੇ ਇੰਨੀ ਕਤੀੜ ਦੀ ਕੀ ਲੋੜ ਹੈ। ਕੀ ਇੱਥੇ ਕੋਈ ਰਾਖੀ ਲਈ ਪੱਕਾ ਕੁੱਤਾ ਨਹੀਂ ਹੈ? "
"ਬੇਸ਼ੱਕ, ਮਾਲਕਣ, ਹੈ। ਵੋਲਚੋਕ, ਮਾਲਕਣ।"
"ਤਾਂ ਫਿਰ, ਸਾਨੂੰ ਹੋਰ ਕੁੱਤਿਆਂ ਦੀ ਕੀ ਲੋੜ ਹੈ? ਘਰ ਵਿਚ ਐਵੇਂ ਗਾਹ ਹੀ ਪੈਂਦਾ ਹੈ, ਬਸ ਹੋਰ ਕੀ। ਘਰ ਵਿਚ ਕੋਈ ਮਾਲਕ ਨਹੀਂ ਹੈ ਅਤੇ ਲੋਕ ਹਰ ਤਰ੍ਹਾਂ ਦੀ ਖੁੱਲ੍ਹ ਲੈਂਦੇ ਹਨ। ਬੋਲ਼ੇ-ਗੁੰਗੇ ਨੇ ਕੁੱਤਾ ਕੀ ਕਰਨਾ ਹੈ? ਉਸ ਨੂੰ ਰੱਖ ਲੈਣ ਦੀ ਇਜਾਜ਼ਤ ਕਿਸ ਨੇ ਦਿੱਤੀ? ਕੱਲ੍ਹ ਹੀ ਮੈਂ ਦੇਖਿਆ ਕਿ ਉਹ ਕੋਈ ਗੰਦੀ ਜਿਹੀ ਚੀਜ਼ ਸਾਡੇ ਬਗੀਚੇ ਵਿਚ ਲੈ ਆਈ ਸੀ ਅਤੇ ਐਨ ਉੱਥੇ ਬੈਠੀ ਚਬੋਲ਼ ਰਹੀ ਸੀ ਜਿੱਥੇ ਮੇਰੇ ਗੁਲਾਬ ਲਾਏ ਹੋਏ ਹਨ।" ਉਹ ਕੁਝ ਪਲ ਚੁੱਪ ਹੋ ਗਈ ਤੇ ਫਿਰ ਕਿਹਾ:"ਉਸ ਨੂੰ ਅੱਜ ਹੀ ਇੱਥੋਂ ਕੱਢ ਦਿਓ। ਸੁਣੀ ਮੇਰੀ ਗੱਲ?"
"ਠੀਕ ਹੈ, ਮਾਲਕਣ।"
"ਅੱਜ ਹੀ, ਮੈਂ ਆਖਦੀ ਹਾਂ! ਹੁਣ ਜਾ। ਮੈਂ ਬਾਅਦ ਵਿਚ ਤੇਰੇ ਕੋਲੋਂ ਕੰਮ ਦੀ ਖ਼ਬਰ ਲਵਾਂਗੀ।" ਗਾਵਰੀਲੋ ਬਾਹਰ ਨਿਕਲ ਗਿਆ।
ਦਲਾਨ ਲੰਘ ਜਾਣ ਤੋਂ ਬਾਅਦ ਉਸ ਨੇ ਕਾਲ-ਬੈੱਲ ਇਕ ਮੇਜ਼ ਤੋਂ ਚੁੱਕ ਕੇ ਦੂਜੀ ਮੇਜ਼ 'ਤੇ ਰੱਖ ਦਿੱਤੀ। ਦਰਵਾਜ਼ੇ 'ਤੇ ਪਹੁੰਚ ਕੇ ਉਸ ਨੇ ਆਪਣਾ ਮਿੱਡਾ ਨੱਕ ਬੜੀ ਇਹਤਿਆਤ ਨਾਲ ਛਿਣਕਿਆ ਅਤੇ ਹਾਲ ਕਮਰੇ ਵਿਚ ਚਲਾ ਗਿਆ। ਉੱਥੇ ਸਟੇਪਨ ਬੈਂਚ 'ਤੇ ਸੁੱਤਾ ਪਿਆ ਸੀ। ਲੜਾਈ ਦੇ ਮੈਦਾਨ ਵਿਚ ਇਕ ਮਰੇ ਹੋਏ ਯੋਧੇ ਦੀ ਤਰ੍ਹਾਂ ਉਸ ਦੀ ਸ਼ਕਲ ਬਣੀ ਹੋਈ ਸੀ, ਜਿਵੇਂ ਇਕ ਤਸਵੀਰ ਵਿਚ ਦਰਸਾਈ ਗਈ ਹੋਵੇ। ਉਸ ਦੇ ਨੰਗੇ ਪੈਰ ਰਜਾਈ ਦੇ ਰੂਪ ਵਿਚ ਵਰਤੇ ਉਸ ਦੇ ਕੋਟ ਦੇ ਹੇਠੋਂ ਬਾਹਰ ਨਿਕਲੇ ਹੋਏ ਸਨ। ਗਵਰੀਲੋ ਨੇ ਉਸ ਨੂੰ ਝੂਣਿਆ ਅਤੇ ਦੱਬੀ ਜਿਹੀ ਆਵਾਜ਼ ਵਿਚ ਕੁਝ ਹੁਕਮ ਦਿੱਤੇ, ਜਿਨ੍ਹਾ ਦਾ ਜਵਾਬ ਉਸ ਨੇ ਅੱਧਾ ਕੁ ਹਾਸੇ ਅਤੇ ਅੱਧਾ ਕੁ ਉਬਾਸੀ ਨਾਲ ਦਿੱਤਾ। ਉਸ ਨੇ ਤੇਜ਼ੀ ਨਾਲ ਆਪਣੇ ਬੂਟ ਅਤੇ ਕੋਟ ਪਹਿਨ ਲਏ ਅਤੇ ਬਾਹਰ ਪੋਰਚ ਵਿਚ ਤੈਨਾਤ ਹੋ ਗਿਆ।
ਕੁਝ ਹੀ ਪਲਾਂ ਬਾਅਦ ਗਰਾਸੀਮ ਆਪਣੀਆਂ ਬਾਹਾਂ ਤੇ ਲੱਕੜਾਂ ਦਾ ਵੱਡਾ ਭਾਰੀ ਥੱਬਾ ਲਈ ਆਉਂਦਾ ਨਜ਼ਰ ਪਿਆ। ਆਮ ਵਾਂਗ ਮੁਮੂ ਉਸ ਦੇ ਨਾਲ ਸੀ। ਮਾਲਕਣ ਦੀ ਆਦਤ ਸੀ ਕਿ ਗਰਮੀ ਦੀ ਰੁੱਤ ਵਿਚ ਵੀ ਉਹ ਆਪਣੇ ਕਮਰੇ ਅਤੇ ਸੌਣ ਵਾਲੇ ਕਮਰੇ ਨੂੰ ਥੋੜ੍ਹਾ ਜਿਹਾ ਗਰਮ ਰੱਖਦੀ ਸੀ। ਗਰਾਸੀਮ ਨੇ ਆਪਣੀ ਕੂਹਣੀ ਨਾਲ ਦਬਾ ਕੇ ਹੱਥੀ ਨੂੰ ਘੁਮਾਇਆ ਅਤੇ ਮੋਢੇ ਨਾਲ ਧੱਕ ਕੇ ਦਰਵਾਜ਼ਾ ਖੋਲ੍ਹ ਲਿਆ। ਮੂਮੂ ਵਿਹੜੇ ਵਿਚ ਖੜ੍ਹੀ ਉਸ ਦੀ ਉਡੀਕ ਕਰ ਰਹੀ ਸੀ, ਜਿਵੇਂ ਉਹ ਹਮੇਸ਼ਾ ਕਰਦੀ ਹੁੰਦੀ ਸੀ। ਇਸ ਮੌਕੇ ਨੂੰ ਕੋਚਵਾਨ ਨੇ ਬੋਚ ਲਿਆ ਤੇ ਮੂਮੂ ਨੂੰ ਦਬੋਚ ਲਿਆ। ਉਸ ਨੇ ਆਪਣੇ ਆਪ ਨੂੰ ਉਸ ਉੱਤੇ ਸੁੱਟ ਦਿੱਤਾ, ਜਿਵੇਂ ਇਕ ਗਿਰਝ ਆਪਣੇ ਸ਼ਿਕਾਰ ਉੱਤੇ ਝਪਟਦੀ ਹੈ। ਉਸ ਨੂੰ ਜ਼ਮੀਨ 'ਤੇ ਦੱਬ ਲਿਆ। ਫਿਰ ਉਸ ਨੂੰ ਫੜ ਲਿਆ ਅਤੇ ਉਸ ਨੂੰ ਲੈ ਕੇ ਤੇਜ਼ੀ ਨਾਲ ਦੌੜ ਗਿਆ। ਇੱਥੋਂ ਤਕ ਕਿ ਆਪਣੀ ਟੋਪੀ ਪਹਿਨਣ ਲਈ ਵੀ ਸਮਾਂ ਨਹੀਂ ਗੁਆਇਆ।
ਉਹ ਆਪਣਾ ਕੀਮਤੀ ਸਾਮਾਨ ਲੈ ਕੇ ਗਲੀ ਵਿਚ ਮਿਲੇ ਪਹਿਲੇ ਤਾਂਗੇ ਵਿਚ ਚੜ੍ਹ ਗਿਆ ਅਤੇ ਓਖੋਤਨੀ ਰਿਆਦ (ਸ਼ਿਕਾਰੀ ਮਾਰਕੀਟ) ਵੱਲ ਚਲਾ ਗਿਆ। ਉੱਥੇ ਉਸ ਨੇ ਉਸ ਨੂੰ ਅੱਧੇ ਰੂਬਲ ਵਿਚ ਇਸ ਸ਼ਰਤ 'ਤੇ ਵੇਚ ਦਿੱਤਾ ਕਿ ਖ਼੍ਰੀਦਦਾਰ ਉਸ ਨੂੰ ਘੱਟੋ-ਘੱਟ ਇਕ ਹਫ਼ਤੇ ਲਈ ਬੰਨ੍ਹ ਕੇ ਰੱਖੇਗਾ। ਉਹ ਤੁਰੰਤ ਉਸੇ ਹੀ ਤਾਂਗੇ ਵਿਚ ਘਰ ਆਇਆ ਪਰ ਉਹ ਘਰ ਤੋਂ ਥੋੜ੍ਹੀ ਦੂਰੀ 'ਤੇ ਹੀ ਉਤਰ ਗਿਆ। ਘਰ ਦੇ ਅੰਦਰ ਜਾਣ ਦੀ ਹਿੰਮਤ ਉਸ ਵਿਚ ਨਹੀਂ ਸੀ। ਡਰਦਾ ਸੀ ਕਿ ਕੀਤੇ ਗਾਰਸੀਮ ਨਾ ਮਿਲ ਜਾਏ। ਉਹ ਮਗਰਲੀ ਗਲੀ ਵਿਚ ਚਲਾ ਗਿਆ ਅਤੇ ਵਾੜ ਟੱਪ ਕੇ ਵਿਹੜੇ ਵੱਲ ਹੋ ਤੁਰਿਆਂ।
ਪਰ ਉਸ ਦਾ ਡਰ ਬੇਲੋੜਾ ਸੀ। ਗਰਾਸੀਮ ਘਰ ਵਿਚ ਨਹੀਂ ਸੀ। ਜਿਉਂ ਹੀ ਉਸ ਨੇ ਆਪਣੀ ਲੱਕੜੀ ਢੇਰੀ ਕਰ ਦਿੱਤੀ ਅਤੇ ਆਪਣੇ ਮਾਲਕਣ ਦੇ ਰਿਹਾਇਸ਼ੀ ਮਕਾਨ ਤੋਂ ਬਾਹਰ ਆਇਆ ਤਾਂ ਉਸ ਨੂੰ ਆਪਣੀ ਮੂਮੂ ਨਾ ਦਿਖੀ। ਇਹ ਪਹਿਲੀ ਵਾਰ ਵਾਪਰਿਆ ਸੀ ਕਿ ਉਸ ਨੂੰ ਉਸ ਦਾ ਇੰਤਜ਼ਾਰ ਕਰ ਰਹੀ ਸੀ ਪਰ ਉਹ ਨਹੀਂ ਮਿਲੀ ਸੀ। ਉਸ ਨੇ ਉਸ ਨੂੰ ਲੱਭਣ ਲਈ ਪਹਿਲਾਂ ਆਪਣੇ ਕਮਰੇ ਵਿਚ, ਫਿਰ ਅਸਤਬਲਾਂ ਅਤੇ ਫਿਰ ਗੁਦਾਮ ਵੱਲ ਗਿਆ। ਉਹ ਉਸ ਨੂੰ ਆਪਣੀ ਵਿਲੱਖਣ ਆਵਾਜ਼ ਵਿਚ "ਮੁਮੂ, ਮੁਮੂ!" ਪੁਕਾਰ ਰਿਹਾ ਸੀ, ਪਰ ਵਿਅਰਥ; ਉਹ ਕਿਤੇ ਨਾ ਮਿਲੀ।
ਉਹ ਜਿਸ ਨੂੰ ਮਿਲਦਾ, ਉਸ ਨੂੰ ਰੋਕ ਲੈਂਦਾ, ਇਸ਼ਾਰਿਆਂ ਨਾਲ ਉਸ ਤੋਂ ਪੁੱਛ-ਗਿੱਛ ਕਰਦਾ। ਉਹ ਆਪਣਾ ਹੱਥ ਜ਼ਮੀਨ ਤੋਂ ਕਰੀਬ ਅੱਧਾ ਗਜ਼ ਉਪਰ ਫੈਲਾ ਕੇ ਉਸ ਬਾਰੇ ਸਮਝਾਉਣ ਦਾ ਯਤਨ ਕਰਦਾ ਅਤੇ ਫਿਰ ਹਵਾ ਵਿਚ ਆਪਣੀ ਉਂਗਲੀ ਨਾਲ ਉਸ ਦੀ ਰੂਪ ਰੇਖਾ ਉਲੀਕਦਾ। ਮੂਮੂ ਦੀਆਂ ਹਰਕਤਾਂ ਅਤੇ ਭੌਂਕਣ ਦੀ ਹੂ-ਬ-ਹੂ ਨਕਲ ਉਤਾਰ ਕੇ ਦੱਸਦਾ। ਕੁਝ ਨੂੰ ਸੱਚ ਪਤਾ ਸੀ ਕਿ ਮੁਮੂ ਦਾ ਕੀ ਬਣਿਆ ਪਰ ਕੋਈ ਵੀ ਇਸ ਬਾਰੇ ਉਸ ਨੂੰ ਦੱਸਦਾ ਨਹੀਂ ਸੀ। ਉਹ ਸਿਰਫ਼ ਉਦਾਸ ਜਿਹਾ ਮੁਸਕਰਾਉਂਦੇ ਅਤੇ ਉਸ ਦੀ ਚਿੰਤਾਤੁਰ ਪੁੱਛਗਿੱਛ ਦੇ ਜਵਾਬ ਵਿਚ ਆਪਣੇ ਮੋਢੇ ਹਿਲਾ ਦਿੰਦੇ ਸਨ ਜਦੋਂ ਉਸ ਨੇ ਆਪਣੇ ਇਸ਼ਾਰਿਆਂ ਨਾਲ ਸੇਵਾਦਾਰ ਨੂੰ ਪੁੱਛਣ ਲੱਗਿਆ, ਤਾਂ ਉਸ ਨੇ ਬੜਾ ਰੋਹਬਦਾਰ ਅੰਦਾਜ਼ ਧਾਰ ਲਿਆ ਅਤੇ ਕੋਚਵਾਨ ਨੂੰ ਝਿੜਕਣ ਲੱਗ ਪਿਆ। ਗਰਾਸੀਮ ਫਿਰ ਆਪਣੀ ਮੂਮੂ ਦੀ ਭਾਲ ਵਿਚ ਸੜਕ ਵੱਲ ਚਲਾ ਗਿਆ।
ਸ਼ਾਮ ਹੋ ਚੁੱਕੀ ਸੀ ਜਦੋਂ ਉਹ ਘਰ ਪਰਤਿਆ। ਉਸ ਦੇ ਥੱਕੇ ਹਾਰੇ ਰੂਪ, ਉਸ ਦੀ ਅਲਸਾਈ ਜਿਹੀ ਚਾਲ ਅਤੇ ਸਿਰ ਤੋਂ ਪੈਰਾਂ ਤੱਕ ਚੜ੍ਹੀ ਧੂੜ ਤੋਂ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਉਸ ਨੇ ਮੂਮੂ ਦੀ ਤਲਾਸ਼ ਲਈ ਪੂਰਾ ਸ਼ਹਿਰ ਛਾਣ ਮਾਰਿਆ ਸੀ ਜਦੋਂ ਉਹ ਵਾਪਸ ਆਇਆ ਤਾਂ ਵਿਹੜੇ ਵਿਚ ਪਰਿਵਾਰ ਦੇ ਕਈ ਵਿਅਕਤੀ ਸਨ। ਉਸ ਨੇ ਉਨ੍ਹਾਂ ਵੱਲ ਰੁਖ ਕੀਤਾ ਅਤੇ ਕਿਹਾ "ਮੂਮੂ", ਪਰ ਉਹ ਉਸ ਨੂੰ ਜਵਾਬ ਨਹੀਂ ਦੇ ਸਕੇ। ਉਸ ਨੇ ਮਾਲਕਣ ਦੇ ਰਿਹਾਇਸ਼ੀ ਮਕਾਨ ਦੀਆਂ ਖਿੜਕੀਆਂ ਵੱਲ ਦੇਖਿਆ, ਮੁੜ ਕੁਝ ਉਚਾਰਿਆ ਅਤੇ ਆਪਣੇ ਕਮਰੇ ਵਿਚ ਚਲਾ ਗਿਆ। ਉਹ ਉਸ ਨੂੰ ਦੇਖਦੇ ਰਹੇ ਪਰ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਤੇ ਨਾ ਕੋਈ ਹੱਸਿਆ। ਕੋਚਵਾਨ ਅੰਤਿਪਕਾ ਨੇ ਅਗਲੇ ਦਿਨ ਦੱਸਿਆ ਕਿ ਉਸ ਨੇ ਉਤਸੁਕਤਾ ਕਾਰਨ ਦੇਖਦਾ ਰਿਹਾ ਕਿ ਗਰਾਸੀਮ ਸਾਰੀ ਰਾਤ ਜਾਗਦਾ ਰਿਹਾ ਸੀ। ਆਪਣੇ ਮੰਜੇ ਤੇ ਪਲਸੇਟੇ ਲੈਂਦਾ ਰਿਹਾ ਅਤੇ ਡੂੰਘੇ ਸਾਹ ਭਰਦਾ ਰਿਹਾ ਸੀ।
ਗਰਾਸੀਮ ਅਗਲੇ ਦਿਨ ਆਪਣੀ ਕੋਠੜੀ ਵਿਚੋਂ ਨਾ ਨਿਕਲਿਆ ਅਤੇ ਅੰਤਿਪਕਾ ਨੂੰ ਨਦੀ ਤੋਂ ਪਾਣੀ ਲਿਆਉਣਾ ਪਿਆ ਸੀ ਜਿਸ ਦੀ ਉਸ ਨੂੰ ਭਾਰੀ ਸ਼ਿਕਾਇਤ ਸੀ। ਮਾਲਕਣ ਨੇ ਸੇਵਾਦਾਰ ਤੋਂ ਪੁੱਛਿਆ ਕਿ ਕੀ ਉਸ ਦੇ ਹੁਕਮ ਦੀ ਤਾਮੀਲ ਹੋ ਗਈ ਹੈ, ਤਾਂ ਸੇਵਾਦਾਰ ਨੇ ਹਾਂ ਵਿਚ ਪੁਸ਼ਟੀ ਕੀਤੀ।
ਅਗਲੇ ਦਿਨ ਗਰਾਸੀਮ ਨੇ ਆਪਣਾ ਕੰਮ ਆਮ ਵਾਂਗ ਹੀ ਕੀਤਾ ਪਰ ਉਸ ਨੇ ਵਿਹੜੇ ਵਿਚ ਜਾਂ ਖਾਣੇ ਦੀ ਮੇਜ਼ ਤੇ ਕਿਸੇ ਨਾਲ ਦੁਆ ਸਲਾਮ ਨਹੀਂ ਕੀਤਾ। ਉਸ ਦਾ ਚਿਹਰਾ ਜੋ ਅਕਸਰ ਸ਼ਾਂਤ ਸਹਿਜ ਅਤੇ ਬੇਪਰਵਾਹ ਹੁੰਦਾ ਸੀ ਜਿਹੜਾ ਕਿ ਹੁਣ ਇਕ ਪੱਥਰ ਵਰਗਾ ਲੱਗਦਾ ਸੀ। ਰਾਤ ਦੇ ਖਾਣੇ ਦੇ ਬਾਅਦ ਉਹ ਫਿਰ ਬਾਹਰ ਚਲਾ ਗਿਆ ਪਰ ਉਹ ਛੇਤੀ ਹੀ ਵਾਪਸ ਆ ਗਿਆ ਅਤੇ ਕੱਖਾਂ ਵਾਲੇ ਕੋਠੇ ਵਿੱਚ ਕੱਖਾਂ ਦੀ ਇਕ ਢੇਰੀ 'ਤੇ ਪੈ ਗਿਆ।

ਰਾਤ ਪੈ ਗਈ, ਇਕ ਸੁੰਦਰ, ਸ਼ਾਂਤ, ਚੰਨ ਚਾਨਣੀ ਰਾਤ। ਗਰਾਸੀਮ ਅਜੇ ਵੀ ਕੱਖਾਂ ਦੀ ਢੇਰੀ ਤੇ ਪਿਆ ਹੋਇਆ ਸੀ। ਬੇਚੈਨੀ ਨਾਲ ਪਲਸੇਟੇ ਲੈ ਰਿਹਾ ਅਤੇ ਕਰਾਹ ਰਿਹਾ ਸੀ। ਅਚਾਨਕ ਉਸ ਨੇ ਮਹਿਸੂਸ ਕੀਤਾ ਕਿ ਕੋਈ ਉਸ ਦੇ ਕੋਟ ਨੂੰ ਖਿੱਚ ਰਿਹਾ ਸੀ। ਉਸ ਨੇ ਆਪਣਾ ਸਾਹ ਰੋਕ ਲਿਆ ਅਤੇ ਆਪਣੀਆਂ ਅੱਖਾਂ ਮੀਚ ਲਈਆਂ। ਹੋਰ ਜ਼ੋਰ ਦੀ ਕਿਸੇ ਨੇ ਉਸ ਦੇ ਕੋਟ ਦਾ ਪੱਲਾ ਖਿਚਿਆ। ਉਹ ਛਾਲ ਮਾਰ ਕੇ ਉਠਿਆ। ਉਸ ਦੇ ਸਾਹਮਣੇ ਮੁਮੂ ਖੜੀ ਸੀ ਜਿਸ ਦੀ ਗਰਦਨ ਦੇ ਦੁਆਲੇ ਰੱਸੀ ਦਾ ਇੱਕ ਟੁਕੜਾ ਸੀ। ਉਸ ਨੇ ਉਸ ਉੱਤੇ ਛਾਲ ਮਾਰਨ ਦੀ ਕੋਸ਼ਿਸ਼ ਕੀਤੀ। ਉਸ ਦੀ ਮੂਕ ਛਾਤੀ ਵਿਚੋਂ ਤੀਬਰ ਖੁਸ਼ੀ ਦੀ ਇਕ ਚੀਖ਼ ਨਿਕਲ ਗਈ। ਉਸ ਨੇ ਆਪਣੀ ਮੂਮੂ ਨੂੰ ਚੁੱਕ ਲਿਆ ਅਤੇ ਉਸ ਨੂੰ ਆਪਣੀ ਛਾਤੀ ਨਾਲ ਘੁੱਟ ਲਿਆ। ਉਸ ਨੇ ਉਸ ਦਾ ਮੂੰਹ, ਬੁੱਲ੍ਹਾਂ ਅਤੇ ਦਾੜ੍ਹੀ ਨੂੰ ਚੱਟਿਆ। ਉਹ ਇਕ ਮਿੰਟ ਸੋਚਣ ਲਈ ਰੁਕਿਆ, ਕੱਖਾਂ ਦੀ ਢੇਰੀ ਤੋਂ ਉਤਰਿਆ ਅਤੇ ਬਾਹਰ ਵਿਹੜੇ ਵਿਚ ਵੇਖਣ ਲਈ ਆਪਣਾ ਸਿਰ ਬਾਹਰ ਕੱਢਿਆ। ਇਹ ਦੇਖ ਕੇ ਕਿ ਕੋਈ ਨਹੀਂ ਸੀ। ਉਹ ਸਾਵਧਾਨੀ ਨਾਲ ਆਪਣੀ ਕੋਠੜੀ ਵਿੱਚ ਚਲਿਆ ਗਿਆ। ਉਹ ਖੁਸ਼ ਸੀ ਕਿ ਕਿਸੇ ਨੇ ਉਸ ਨੂੰ ਦੇਖਿਆ ਨਹੀਂ ਸੀ। ਉਸ ਨੇ ਇਹ ਅੰਦਾਜ਼ਾ ਲਗਾਇਆ ਕਿ ਮੂਮੂ ਸਿਰਫ਼ ਐਵੇਂ ਹੀ ਨਹੀਂ ਗਵਾਚ ਗਈ ਸੀ। ਉਸ ਦੀ ਗਰਦਨ ਦੀ ਰੱਸੀ ਨੇ ਉਸ ਦੇ ਸ਼ੱਕ ਦੀ ਪੁਸ਼ਟੀ ਕੀਤੀ ਕਿ ਉਸ ਨੂੰ ਮਾਲਕਣ ਦੇ ਹੁਕਮ ਨਾਲ ਲਿਜਾਇਆ ਗਿਆ ਸੀ। ਘਰ ਦੇ ਲੋਕਾਂ ਨੇ ਉਸ ਨੂੰ ਦਿਖਾਇਆ ਸੀ ਕਿ ਮੂਮੂ ਨੇ ਮਾਲਕਣ ਨੂੰ ਭੌਂਕਿਆ ਸੀ। ਇਸ ਲਈ ਉਸ ਨੇ ਭਵਿੱਖ ਵਿੱਚ ਉਸ ਦੀ ਚੰਗੀ ਤਰ੍ਹਾਂ ਨਿਗਰਾਨੀ ਰੱਖਣ ਦਾ ਫੈਸਲਾ ਕਰ ਲਿਆ।
ਆਪਣੀ ਕੋਠੜੀ ਵਿੱਚ ਪਹੁੰਚ ਕੇ, ਉਸ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਮੂਮੂ ਨੂੰ ਖਾਣਾ ਖੁਆਇਆ ਅਤੇ ਉਸ ਨੂੰ ਸੌਣ ਲਈ ਲਿਟਾ ਦਿੱਤਾ। ਆਪ ਉਹ ਆਪਣੇ ਮੰਜੇ ਤੇ ਪੈ ਗਿਆ। ਉਹ ਸਾਰੀ ਰਾਤ ਜਾਗਦਾ ਰਿਹਾ। ਆਪਣੇ ਮਨ ਵਿਚ ਸਾਰੀ ਰਾਤ ਸੋਚਦਾ ਰਿਹਾ ਕਿ ਉਹ ਆਪਣੀ ਮੂਮੂ ਨੂੰ ਸਭ ਤੋਂ ਬਿਹਤਰ ਕਿਵੇਂ ਲੁਕਾ ਸਕਦਾ ਹੈ। ਅੰਤ ਉਸ ਨੇ ਫ਼ੈਸਲਾ ਕੀਤਾ ਕਿ ਉਹ ਉਸ ਨੂੰ ਆਪਣੀ ਕੋਠੜੀ ਵਿੱਚ ਤਾਲਾਬੰਦ ਰੱਖੇਗਾ। ਉਹ ਦਿਨ ਵਿਚ ਦੋ ਵਾਰ ਜਾਂ ਤਿੰਨ ਵਾਰ ਉਸ ਦੀ ਦੇਖ-ਭਾਲ ਲਈ ਆਏਗਾ ਅਤੇ ਰਾਤ ਨੂੰ ਜਦੋਂ ਉਹ ਸਾਰੇ ਸੁੱਤੇ ਹੋਏ ਹੁੰਦੇ ਹਨ ਤਾਂ ਉਸ ਨੂੰ ਬਾਹਰ ਲੈ ਜਾਇਆ ਕਰੇਗਾ ਤਾਂ ਕਿ ਉਹ ਉਸ ਨੂੰ ਖੁੱਲ੍ਹੀ ਹਵਾ ਮਿਲ ਸਕੇ। ਉਸ ਨੇ ਉਹ ਮੋਰੀ ਜੋ ਉਸ ਨੇ ਦਰਵਾਜ਼ੇ ਵਿਚ ਕੀਤੀ ਸੀ, ਉਹ ਚੰਗੀ ਤਰ੍ਹਾਂ ਬੰਦ ਕਰ ਦਿੱਤੀ ਅਤੇ ਸਵੇਰੇ ਸਾਝਰੇ ਉਹ ਆਪਣੀ ਕੋਠੜੀ ਵਿੱਚੋਂ ਬਾਹਰ ਨਿਕਲਿਆ। ਉਹ ਇਵੇਂ ਦਾ ਪ੍ਰਭਾਵ ਦੇਣ ਯਤਨ ਕਰ ਰਿਹਾ ਸੀ ਜਿਵੇਂ ਕਿ ਕੁਝ ਵੀ ਨਹੀਂ ਹੋਇਆ ਸੀ। ਉਸ ਨੇ ਉਦਾਸ ਦਿਖਣ ਦੀ ਵੀ ਕੋਸ਼ਿਸ਼ ਕੀਤੀ, ਜਿਵੇਂ ਕਿ ਉਹ ਅਜੇ ਵੀ ਆਪਣੀ ਮੂਮੂ ਦੀ ਜੁਦਾਈ ਵਿੱਚ ਦਿਲਗੀਰ ਹੋਵੇ। ਵਿਚਾਰੀ ਮਾਸੂਮ ਸ਼ਰਾਪੀ ਜ਼ਿੰਦ! ਉਸ ਨੂੰ ਉੱਕਾ ਖ਼ਿਆਲ ਨਹੀਂ ਆਇਆ ਸੀ ਕਿ ਕੁੱਤਾ ਆਪਣੀ ਭੌਂਕਣ ਦੀ ਆਵਾਜ਼ ਨਾਲ ਖ਼ੁਦ ਨੂੰ ਜ਼ਾਹਿਰ ਕਰ ਦੇਵੇਗਾ।
ਦਰਅਸਲ, ਘਰ ਦੇ ਸਾਰੇ ਲੋਕ ਉਸੇ ਸਵੇਰ ਨੂੰ ਜਾਣ ਗਏ ਸਨ ਕਿ ਮੂਮੂ ਵਾਪਸ ਆ ਗਈ ਹੈ ਅਤੇ ਉਹ ਗਰਾਸੀਮ ਦੇ ਕਮਰੇ ਵਿਚ ਤਾਲਾਬੰਦ ਹੈ ਪਰ ਉਸ ਲਈ ਅਤੇ ਕੁੱਤੇ ਲਈ ਤਰਸ ਕਾਰਨ ਕੁਝ ਹੱਦ ਤਕ ਉਸ ਦੇ ਡਰ ਕਾਰਨ ਉਨ੍ਹਾਂ ਇਹ ਜ਼ਾਹਿਰ ਨਾ ਕੀਤਾ ਕਿ ਉਨ੍ਹਾਂ ਨੂੰ ਉਸ ਦਾ ਭੇਤ ਜ਼ਾਹਿਰ ਹੋ ਚੁੱਕਾ ਸੀ। ਸੇਵਾਦਾਰ ਦਾ ਚਿਹਰਾ ਇਹ ਖ਼ਬਰ ਸੁਣ ਕੇ ਤਣ ਗਿਆ। ਉਹ ਸੋਚੀ ਪੈਂਦਿਆਂ ਆਪਣੀ ਖੁੱਤੀ 'ਤੇ ਹੱਥ ਫੇਰਦਾ ਅਤੇ ਆਪ ਮੁਹਾਰੇ ਹੱਥ ਹਿਲਾਉਂਦਿਆਂ। "ਠੀਕ ਹੈ, ਕੋਈ ਫ਼ਿਕਰ ਵਾਲੀ ਗੱਲ ਨਹੀਂ! ਹੋ ਸਕਦਾ ਹੈ ਕਿ ਮਾਲਕਣ ਨੂੰ ਇਸ ਦਾ ਪਤਾ ਹੀ ਨਾ ਲੱਗ ਸਕੇ।"
ਗਰਾਸੀਮ ਨੇ ਉਸ ਦਿਨ ਘਰ ਦੇ ਆਲੇ-ਦੁਆਲੇ ਜਿੰਨਾ ਲਗਨ ਨਾਲ ਕੰਮ ਕੀਤਾ ਕਦੀ ਕਿਸੇ ਨੇ ਨਹੀਂ ਕੀਤਾ ਹੋਣਾ। ਉਸ ਨੇ ਵਿਹੜੇ ਦਾ ਚੱਪਾ-ਚੱਪਾ ਸਾਫ਼ ਕਰ ਦਿੱਤਾ। ਉਸ ਨੇ ਘਾਹ ਦੀਆਂ ਇਕ-ਇਕ ਕਰਕੇ ਸਭ ਤੜਾਂ ਪੁੱਟ ਦਿੱਤੀਆਂ ਜੋ ਫੁੱਟਪਾਥ ਦੇ ਪੱਥਰਾਂ ਦੇ ਜੋੜਾਂ ਦੇ ਵਿਚ ਉੱਗ ਆਈਆਂ ਸਨ। ਉਸ ਨੇ ਇਹ ਪੱਕਾ ਕਰਨ ਲਈ ਬਗੀਚੇ ਦੇ ਆਲੇ-ਦੁਆਲੇ ਹਰ ਵਾੜੇ ਦੀ ਇਕ-ਇਕ ਝਿੰਗ ਨੂੰ ਠੀਕ ਕੀਤਾ ਅਤੇ ਤਸੱਲੀ ਕੀਤੀ ਕਿ ਕੋਈ ਸੜ-ਗਲ਼ ਤਾਂ ਨਹੀਂ ਗਈ ਸੀ। ਬਹੁਤਿਆ ਦੀ ਥਾਂ ਜੇਕਰ ਇਕ ਗੱਲ ਵਿਚ ਇਸ ਵਿਸਤਾਰ ਨੂੰ ਨਿਬੇੜਨਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਉਸ ਨੇ ਇੰਨੇ ਜੋਸ਼ ਅਤੇ ਧਿਆਨ ਨਾਲ ਕੰਮ ਕੀਤਾ, ਕਿ ਮਾਲਕਣ ਨੇ ਵੀ ਉਸ ਨੂੰ ਸ਼ਾਬਾਸ਼ੀ ਦਿੱਤੀ। ਉਹ ਦਿਨ ਦੇ ਦੌਰਾਨ ਮੁਮੂ ਦੀ ਦੇਖ-ਰੇਖ ਕਰਨ ਲਈ ਕਈ ਵਾਰੀ ਚੋਰੀ ਛਿਪੇ ਸਮਾਂ ਕੱਢ ਲੈਂਦਾ ਸੀ ਅਤੇ ਸ਼ਾਮ ਨੂੰ ਉਹ ਬਿਨਾਂ ਦੇਰੀ ਦੇ ਆਪਣੀ ਨੂੰ ਬਾਹਾਂ ਵਿੱਚ ਲੈ ਕੇ ਸੌਂ ਜਾਂਦਾ ਸੀ।
ਅੱਧੀ ਰਾਤ ਤੋਂ ਕਰੀਬ ਦੋ ਕੁ ਘੰਟੇ ਬਾਅਦ ਉਹ ਉੱੱਠਿਆ ਅਤੇ ਮੁਮੂ ਨੂੰ ਥੋੜ੍ਹੀ ਜਿਹੀ ਵਰਜਿਸ਼ ਕਰਵਾਉਣ ਦੇ ਮੰਤਵ ਨਾਲ ਵਿਹੜੇ ਵਿਚ ਬਾਹਰ ਚਲਾ ਗਿਆ। ਉਹ ਲਗਪਗ ਇੱਕ ਘੰਟਾ ਭਰ ਉਸ ਦੇ ਨਾਲ ਘੁੰਮਦਾ ਰਿਹਾ। ਉਹ ਵਾਪਸ ਜਾਣ ਵਾਲਾ ਹੀ ਸੀ ਜਦੋਂ ਪਿਛਲੀ ਗਲੀ ਵਿਚ ਵਾੜ ਦੇ ਪਿੱਛੇ ਹਲਚਲ ਜਿਹੀ ਸੁਣਾਈ ਦਿੱਤੀ। ਮੂਮੂ ਵਾੜ ਵੱਲ ਭੱਜ ਗਈ ਅਤੇ ਸੁੰਘਣ ਲੱਗੀ। ਉਸ ਦੇ ਕੰਨ ਖੜੇ ਹੋ ਗਏ ਸਨ ਅਤੇ ਉਹ ਤਿੱਖੀ ਆਵਾਜ਼ ਵਿਚ ਭੌਂਕਣ ਲੱਗ ਪਈ। ਕੋਈ ਸ਼ਰਾਬੀ ਰਾਤ ਕੱਟਣ ਲਈ ਗਲੀ ਵਿਚ ਹੀ ਟਿਕ ਗਿਆ ਸੀ।
ਇਹ ਗੱਲ ਐਨ ਉਦੋਂ ਵਾਪਰੀ ਜਦੋਂ ਮਾਲਕਣ ਨੂੰ ਦੂਜੀ ਵਾਰ ਪਏ ਮਾਨਸਿਕ ਦੌਰੇ ਤੋਂ ਬਾਅਦ ਨੀਂਦ ਪਈ ਹੀ ਸੀ। ਬਹੁਤਾ ਖਾ ਲੈਣ ਦੇ ਬਾਅਦ ਮਾਲਕਣ ਨੂੰ ਅਕਸਰ ਅਜਿਹੇ ਦੌਰੇ ਪਿਆ ਕਰਦੇ ਸਨ। ਮੁਮੂ ਦੇ ਅਚਾਨਕ ਭੌਂਕਣ ਦੀ ਆਵਾਜ਼ ਨਾਲ ਉਹ ਇੱਕਦਮ ਚੌਂਕ ਗਈ। ਉਹ ਡਰ ਗਈ ਸੀ।
"ਕੁੜੀਓ! ਕੁੜੀਓ!" ਉਸ ਨੇ ਕ੍ਰੋਧ ਭਰੀ ਆਵਾਜ਼ ਵਿਚ ਹਾਕ ਮਾਰੀ। ਡਰੀਆਂ ਕੁੜੀਆਂ ਜਲਦੀ ਜਲਦੀ ਅੰਦਰ ਆਈਆਂ। "ਓ! ਓਹ! ਕੁੜੀਓ, ਮੈਂ ਮਰ ਰਹੀ ਹਾਂ!" ਮਾਲਕਣ ਕਰਾਹ ਰਹੀ ਸੀ ਅਤੇ ਉਸ ਨੇ ਆਪਣੀਆਂ ਬਾਹਾਂ ਤਰਲੇ ਦੇ ਅੰਦਾਜ਼ ਵਿਚ ਫੈਲਾ ਕੇ ਕਿਹਾ, "ਫਿਰ, ਫਿਰ ਉਹੀ ਕੁੱਤਾ! ਓ, ਡਾਕਟਰ ਨੂੰ ਬੁਲਾਓ!"
ਉਸ ਨੇ ਆਪਣਾ ਸਿਰ ਪਿੱਛੇ ਨੂੰ ਸੁੱਟ ਲਿਆ ਜੋ ਕਿ ਗ਼ਸ਼ ਪੈਣ ਦਾ ਸੰਕੇਤ ਸੀ। ਕੁਝ ਕੁੜੀਆਂ ਘਰ ਦੇ ਡਾਕਟਰ ਕਰੀਟੋਨ ਨੂੰ ਬਲਾਉਣ ਲਈ ਦੌੜ ਗਈਆਂ। ਉਸ ਡਾਕਟਰ ਦਾ ਪੂਰਾ ਵਿਗਿਆਨ ਇਸ ਗੱਲ ਵਿਚ ਸੀ ਕਿ ਉਹ ਬਹੁਤ ਹਲਕੀਆਂ ਜੁੱਤੀਆਂ ਪਹਿਨ ਕੇ ਰੱਖਦਾ ਸੀ ਅਤੇ ਠਰੰਮ੍ਹੇ ਨਾਲ ਨਬਜ਼ ਦੇਖਣ ਦੇ ਸਮਰੱਥ ਸੀ। ਉਸ ਦਾ ਕਿੱਤਾ ਦਿਨ ਵਿਚ ਚੌਦਾਂ ਘੰਟੇ ਸੁੱਤਾ ਰਹਿਣਾ, ਬਾਕੀ ਸਮਾਂ ਪਛਤਾਵੇ ਵਿਚ ਝੂਰਦੇ ਰਹਿਣਾ ਅਤੇ ਮਾਲਕਣ ਨੂੰ ਸਰਬਤੀ ਬੂੰਦਾਂ ਪਿਲਾਉਣਾ।"
ਉਹ ਤੁਰੰਤ ਮਾਲਕਣ ਦੇ ਬਿਸਤਰ ਕੋਲ ਪਹੁੰਚ ਗਿਆ ਅਤੇ ਉਸ ਦੇ ਨੱਕ ਦੇ ਹੇਠਾਂ ਕੁਝ ਖੰਭਾਂ ਨੂੰ ਜਲਾਇਆ। ਇਹ ਬੇਹੋਸ਼ੀ ਲਈ ਉਸ ਦਾ ਆਮ ਨੁਸਖ਼ਾ ਸੀ। ਮਾਲਕਣ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਆਪਣੀ ਮਨਪਸੰਦ ਦਵਾਈ ਦੇ ਗਲਾਸ ਲਈ ਆਪਣਾ ਹੱਥ ਵਧਾਇਆ ਜੋ ਚਾਂਦੀ ਦੀ ਤਸਤਰੀ ਵਿਚ ਤਿਆਰ ਸੀ। ਇਸ ਤੋਂ ਬਾਅਦ ਉਸ ਨੇ ਇਕ ਰੋਣ ਵਾਲੀ ਆਵਾਜ਼ ਵਿਚ ਕੁੱਤੇ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਆਪਣੀ ਮਾੜੀ ਕਿਸਮਤ ਲਈ ਸੇਵਾਦਾਰ ਨੂੰ ਸ਼ਿਕਾਇਤ ਕੀਤੀ ਕਿ ਬੁੱਢੇ ਵਾਰੇ ਕੋਈ ਉਸ ਇਕੱਲੀ ਔਰਤ ਦੀ ਦੇਖਭਾਲ ਨਹੀਂ ਕਰਦਾ। ਹਰ ਕੋਈ ਚਾਹੁੰਦਾ ਸੀ ਕਿ ਉਹ ਮਰ ਜਾਵੇ।
ਇਸ ਦੌਰਾਨ ਮੰਦਭਾਗੀ ਮੂਮੂ ਦਾ ਭੌਂਕਣਾ ਜਾਰੀ ਰਿਹਾ ਜਦੋਂ ਕਿ ਗਰਾਸੀਮ ਨੇ ਉਸ ਨੂੰ ਵਾੜ ਤੋਂ ਪਰ੍ਹੇ ਖਿੱਚਣ ਦੀ ਕੋਸ਼ਿਸ਼ ਕੀਤੀ।
"ਦੇਖੋ ਹੁਣ ਫਿਰ," ਔਰਤ ਨੂੰ ਦੁਹਾਈ ਦਿੱਤੀ ਅਤੇ ਆਪਣੀਆਂ ਨਿਰਾਸ਼ ਨਜ਼ਰਾਂ ਉਸ ਪਾਸੇ ਮੋੜ ਲਈਆਂ। ਡਾਕਟਰ ਨੇ ਮੁੱਖ ਨੌਕਰਾਣੀ ਦੇ ਕੰਨ ਵਿਚ ਕੁਝ ਕਿਹਾ। ਉਹ ਦੌੜ ਗਈ ਅਤੇ ਕੋਚਵਾਨ ਨੂੰ ਹਿਲਾ ਕੇ ਜਗਾਇਆ। ਘਬਰਾਏ ਹੋਏ ਸੇਵਾਦਾਰ ਨੇ ਸਾਰੇ ਲਾਣੇ ਨੂੰ ਜਗਾਉਣ ਦਾ ਹੁਕਮ ਦੇ ਦਿੱਤਾ।
ਜਦ ਗਰਾਸੀਮ ਨੇ ਰੋਸ਼ਨੀਆਂ ਅਤੇ ਪਰਛਾਈਆਂ ਬਾਰੀਆਂ ਵਿਚ ਹਿੱਲਦੀਆਂ ਵੇਖੀਆਂ। ਉਸ ਨੇ ਮਹਿਸੂਸ ਕੀਤਾ ਕਿ ਮਾਮਲਾ ਕੁਝ ਗੜਬੜ ਹੈੈ। ਉਹ ਮੂਮੂ ਨੂੰ ਫੜ ਕੇ ਆਪਣੀ ਕੋਠੜੀ ਵਿਚ ਚਲਿਆ ਗਿਆ ਤੇ ਦਰਵਾਜ਼ੇ ਨੂੰ ਕੁੰਡੀ ਲਾ ਲਈ।
ਕੁਝ ਮਿੰਟਾਂ ਬਾਅਦ ਹੀ ਪੰਜ ਜਣਿਆਂ ਨੇ ਉਸ ਦੀ ਕੋਠੜੀ ਵਿਚ ਜ਼ਬਰੀ ਵੜਨ ਦੀ ਕੋਸ਼ਿਸ਼ ਕੀਤੀ ਪਰੰਤੂ ਮਜ਼ਬੂਤ ਕੁੰਡੀ ਅੱਗੇ ਉਨ੍ਹਾਂ ਦੀ ਕੋਈ ਪੇਸ਼ ਨਾ ਚੱਲੀ ਅਤੇ ਉਹ ਰੁਕ ਗਏ। ਗਵਰੀਲੋ ਭੱਜਿਆ-ਭੱਜਿਆ ਮੌਕੇ 'ਤੇ ਆਇਆ ਸੀ ਅਤੇ ਪੰਜਾਂ ਆਦਮੀਆਂ ਨੂੰ ਸਵੇਰ ਤਕ ਗਰਾਸੀਮ ਦੀ ਕੋਠੜੀ ਅੱਗੇ ਪਹਿਰੇ ਉੱਤੇ ਖੜ੍ਹੇ ਰਹਿਣ ਦਾ ਹੁਕਮ ਦਿੱਤਾ। ਉਸ ਨੇ ਫੇਰ ਮੁਖ ਨੌਕਰਾਣੀ (ਜਿਸ ਨਾਲ ਮਿਲ ਕੇ ਉਹ ਚੋਰੀ ਕਰਿਆ ਕਰਦਾ ਸੀ ਅਤੇ ਚਾਹ, ਮਸਾਲੇ ਤੇ ਹੋਰ ਘਰੇਲੂ ਸਾਮਾਨ ਦੇ ਖਾਤਿਆਂ ਨੂੰ ਵਧਾ ਚੜ੍ਹਾ ਕੇ ਲਿਖ ਦਿੰਦਾ ਸੀ) ਰਾਹੀਂ ਮਾਲਕਣ ਨੂੰ ਸੁਨੇਹਾ ਭੇਜਿਆ ਕਿ ਕੁੱਤਾ ਬਦਕਿਸਮਤੀ ਨਾਲ ਜਿੱਥੇ ਛੱਡਿਆ ਸੀ, ਉੱਥੋਂ ਵਾਪਸ ਆ ਗਿਆ ਸੀ ਪਰ ਕੱਲ੍ਹ ਤਕ ਉਹ ਜ਼ਿੰਦਾ ਨਹੀਂ ਰਹੇਗੀ। ਮਾਲਕਣ ਉਸ ਨੂੰ ਮਾਫ਼ ਕਰ ਦੇਵੇ, ਅਤੇ ਸ਼ਾਂਤ ਰਹੇ।
ਪਰ ਡਾਕਟਰ ਤੋਂ ਗ਼ਲਤੀ ਨਾ ਹੁੰਦੀ ਤਾਂ ਮਾਲਕਣ ਨੇ ਸ਼ਾਇਦ ਇੰਨੀ ਜਲਦੀ ਸ਼ਾਂਤ ਨਹੀਂ ਸੀ ਹੋਣਾ। ਉਸ ਨੇ ਆਪਣੀ ਜਲਦਬਾਜ਼ੀ ਵਿਚ ਸ਼ਰਬਤੀ ਦਵਾ ਦੇ ਪੰਦਰਾਂ ਦੀ ਬਜਾਏ ਚਾਲੀ ਤੁਪਕੇ ਪਿਲਾ ਦਿੱਤੇ ਸਨ। ਦਵਾ ਦੀ ਸ਼ਕਤੀ ਨੇ ਆਪਣਾ ਪ੍ਰਭਾਵ ਦਿਖਾਇਆ। ਮਾਲਕਣ ਪੰਦਰਾਂ ਮਿੰਟਾਂ ਵਿਚ ਗੂੜ੍ਹੀ ਨੀਂਦ ਦੀ ਗੋਦ ਵਿਚ ਸੁੱਤੀ ਪਈ ਸੀ।
ਵਿਚਾਰਾ ਗਰਾਸੀਮ ਆਪਣੇ ਮੰਜੇ 'ਤੇ ਪੂਣੀ ਵਾਂਗ ਬੱਗਾ ਹੋਇਆ ਪਿਆ ਸੀ। ਮੂਮੂ ਨੂੰ ਉਸ ਨੇ ਆਪਣੀ ਜ਼ੋਰ-ਜ਼ੋਰ ਨਾਲ ਧੜਕਦੀ ਹੋਈ ਛਾਤੀ ਨਾਲ ਘੁੱਟਿਆ ਹੋਇਆ ਸੀ।
ਮਾਲਕਣ ਸਵੇਰੇ ਦੇਰ ਨਾਲ ਉੱਠੀ। ਗਵਰੀਲੋ ਉਸ ਨੂੰ ਮਾਮਲਿਆਂ ਦੀ ਰਿਪੋਰਟ ਦੇਣ ਅਤੇ ਗਰਾਸੀਮ ਦੇ ਗੜ੍ਹ 'ਤੇ ਫ਼ੈਸਲਾਕੁਨ ਹਮਲੇ ਲਈ ਆਪਣੇ ਆਦੇਸ਼ ਲੈਣ ਲਈ ਦਲਾਨ ਵਿਚ ਬੈਠਾ ਇੰਤਜ਼ਾਰ ਕਰ ਰਿਹਾ ਸੀ। ਉਸ ਨੇ ਆਪਣੇ ਆਪ ਨੂੰ ਕਰਾਰੀਆਂ ਝਿੜਕਾਂ ਖਾਣ ਲਈ ਵੀ ਤਿਆਰ ਕਰ ਰੱਖਿਆ ਸੀ ਪਰ ਝਿੜਕਾਂ ਦੀ ਨੌਬਤ ਨਹੀਂ ਆਈ। ਮਾਲਕਣ ਨੇ ਉਸ ਨੂੰ ਮਿਲਣ ਲਈ ਬੁਲਾਇਆ ਨਹੀਂ। ਬਿਸਤਰ ਵਿਚ ਪਈ ਮਾਲਕਣ ਨੇ ਆਪਣੀ ਮੁਖ ਨੌਕਰਾਣੀ ਨੂੰ ਬੁਲਾਇਆ ਅਤੇ ਇਸ ਤਰ੍ਹਾਂ ਕਮਜ਼ੋਰ, ਨਿਰਾਸ਼ ਅਵਾਜ਼ ਵਿਚ ਬੋਲੀ:
"ਮੇਰੀ ਪਿਆਰੀ ਲਿਊਬੋਵ ਲਿਊਬੀਮੋਵਨਾ" (ਇਹ ਸੀ ਨੌਕਰਾਨੀ ਦਾ ਪੂਰਾ ਨਾਮ) "ਤੈਨੂੰ ਪਤਾ ਹੈ ਮੇਰੀ ਸਿਹਤ ਦੀ ਕੀ ਹਾਲਤ ਹੈ। ਜਾ ਮੇਰੀ ਲਾਡੋ, ਗਵਰੀਲੋ ਕੋਲ ਜਾ ਅਤੇ ਉਸ ਨਾਲ ਗੱਲ ਕਰ। ਕੀ ਉਸ ਲਈ ਕੋਈ ਮਨਹੂਸ ਕੁੱਤਾ ਕਿਸੇ ਹੋਰ ਚੀਜ਼ ਨਾਲੋਂ, ਉਸ ਦੀ ਆਪਣੀ ਮਾਲਕਣ ਦੀ ਜ਼ਿੰਦਗੀ ਨਾਲੋਂ ਵੀ ਵੱਧ ਪਿਆਰਾ ਹੈ? ਮੈਂਨੂੰ ਯਕੀਨ ਨਹੀਂ ਆਉਂਦਾ!" ਏਨਾ ਕਹਿ ਕੇ ਉਸ ਨੇ ਡੂੰਘਾ ਹੌਕਾ ਲਿਆ। "ਜਾ, ਮੇਰੀ ਲਾਡੋ, ਜਾ, ਅਤੇ ਗਵਰੀਲੋ ਮਾਤਵੇਇਚ ਨਾਲ ਗੱਲ ਕਰ।" ਮਾਲਕਣ ਕਈ ਵਾਰ ਸ਼ਹੀਦ ਦੀ ਭੂਮਿਕਾ ਧਾਰਨ ਕਰ ਲੈਣਾ ਪਸੰਦ ਕਰਦੀ ਸੀ। ਅਜਿਹੇ ਮੌਕਿਆਂ ਤੇ ਉਸ ਦੀ ਕਮਾਲ ਦੀ ਨਿਮਰਤਾ ਅਤੇ ਹੰਝੂਆਂ ਵਿਚ ਤਰ ਅੱਖੀਆਂ ਸਾਰੇ ਘਰ ਨੂੰ ਬੇਚੈਨ ਕਰ ਦਿੰਦੀਆਂ।
ਨੌਕਰਾਣੀ ਗਵਰੀਲੋ ਨਾਲ ਗੱਲ ਕਰਨ ਚਲੀ ਗਈ। ਦੋਨਾਂ ਦੀ ਇਕ-ਦੂਜੇ ਨਾਲ ਕੀ ਗੱਲਬਾਤ ਹੋਈ ਇਹ ਤਾਂ ਨਹੀਂ ਪਤਾ ਪਰ ਉਸ ਵਿਚ ਤਬਦੀਲ ਨਹੀਂ ਹੁੰਦਾ। ਅੱਧੇ ਘੰਟੇ ਮਗਰੋਂ ਨੌਕਰਾਂ ਦੀ ਭੀੜ ਵਿਹੜੇ ਵਿਚੋਂ ਕੂਚ ਕਰਦੀ ਲੰਘੀ ਅਤੇ ਗਰਾਸੀਮ ਦੇ ਗੜ੍ਹ ਵੱਲ ਚਲੀ ਗਈ।
ਨਿਰਸੰਦੇਹ, ਗਵਰੀਲੋ ਮੂਹਰੇ ਲੱਗਿਆ ਹੋਇਆ ਸੀ। ਉਸ ਨੇ ਆਪਣਾ ਹੱਥ ਆਪਣੀ ਟੋਪੀ ਨੂੰ ਪਾਇਆ ਹੋਇਆ ਸੀ, ਭਾਵੇਂ ਕੋਈ ਹਵਾ ਨਹੀਂ ਚੱਲ ਰਹੀ ਸੀ ਜੋ ਉਸ ਦੀ ਵਰਦੀ ਦਾ ਇਹ ਲਾਭਦਾਇਕ ਹਿੱਸਾ ਉਡਾ ਕੇ ਲੈ ਜਾਂਦੀ। ਉਸ ਦੇ ਮਗਰ ਘਰ ਦੇ ਸਾਰੇ ਕੋਚਵਾਨ, ਸਈਸ, ਰਸੋਈਏ, ਅਤੇ ਹੋਰ ਘਰੇਲੂ ਨੌਕਰ ਸਨ। ਅੰਕਲ ਖਵੋਸਤ ਆਪਣੀ ਖਿੜਕੀ ਵਿਚੋਂ ਬਾਹਰ ਦੇਖ ਰਿਹਾ ਅਤੇ ਹੁਕਮ ਦੇ ਰਿਹਾ ਸੀ। ਯਾਨੀ ਕਿ ਉਹ ਹਰ ਸੰਭਵ ਦਿਸ਼ਾ ਵਿਚ ਆਪਣੇ ਹੱਥਾਂ ਨਾਲ ਇਸ਼ਾਰੇ ਕਰ ਰਿਹਾ ਸੀ। ਇਸ ਭੀੜ ਦੇ ਪਿੱਛੇ ਕਈ ਫਟੇ-ਪੁਰਾਣੇ ਕੱਪੜਿਆਂ ਵਾਲੇ ਬੱਚੇ ਸਨ ਜਿਨ੍ਹਾਂ ਵਿਚੋਂ ਕੁਝ ਇਸ ਗਲੀ ਦੇ ਨਹੀਂ ਸਨ। ਗਰਾਸੀਮ ਦੇ ਕਮਰੇ ਵੱਲ ਨੂੰ ਜਾ ਰਹੀ ਤੰਗ ਜਿਹੀ ਪੌੜੀ 'ਤੇ ਪੰਜ ਪਹਿਰੇਦਾਰ ਆਪਣੀਆਂ ਲਾਠੀਆਂ ਲਈ ਖੜ੍ਹੇ ਸਨ। ਦੋ ਸਭ ਤੋਂ ਹੇਠਾਂ ਪੱਟੀ 'ਤੇ, ਇਕ ਪੌੜੀਆਂ 'ਤੇ ਅਤੇ ਦੋ ਹੋਰ ਦਰਵਾਜ਼ੇ ਕੋਲ। ਹਮਲਾਵਰਾਂ ਦੀ ਟੁਕੜੀ ਉੱਪਰ ਆ ਚੜ੍ਹੀ ਅਤੇ ਹੇਠਾਂ ਤੋਂ ਉਪਰ ਤਕ ਪੌੜੀਆਂ ਤੇ ਭੀੜ ਜਮ੍ਹਾਂ ਹੋ ਗਈ। ਗਵਰੀਲੋ ਨੇ ਆਪਣੀ ਸੋਟੀ ਨਾਲ ਦਰਵਾਜ਼ਾ ਖੜਕਾਇਆ।
"ਖੋਲ੍ਹੋ!" ਉਸ ਨੇ ਉੱਚੀ ਚੀਖ਼ ਕੇ ਹੁਕਮ ਦਿੱਤਾ।
ਅੰਦਰੋਂ ਮੂਮੂ ਦੀ ਘੁੱਟੀ ਹੋਈ ਆਵਾਜ਼ ਸੁਣਾਈ ਦਿੱਤੀ ਪਰ ਕੋਈ ਜਵਾਬ ਨਹੀਂ ਆਇਆ। "ਖੋਲ੍ਹੋ, ਮੈਂ ਕਹਿੰਦਾ ਹਾਂ ਫੌਰਨ ਖੋਲ੍ਹੋ!" ਉਸ ਨੇ ਆਪਣੀ ਸੋਟੀ ਨਾਲ ਦਰਵਾਜ਼ਾ ਖੜਕਾ ਕੇ ਦੁਬਾਰਾ ਹੁਕਮ ਚਾੜ੍ਹਿਆ।
"ਕੀ ਉਹ ਬੋਲ਼ਾ ਨਹੀਂ, ਗਵਰੀਲੋ? ਤੁਸੀਂ ਉਸ ਤੋਂ ਕਿਵੇਂ ਉਮੀਦ ਕਰ ਸਕਦੇ ਹੋ ਕਿ ਉਹ ਤੁਹਾਡੀ ਆਵਾਜ਼ ਸੁਣੇਗਾ?" ਥੱਲੇ ਖੜ੍ਹਾ ਕੋਚਵਾਨ ਬੋਲਿਆ। 
ਸਾਰੀ ਭੀੜ ਹੱਸ ਪਈ। 
"ਹੁਣ ਕੀ ਕੀਤਾ ਜਾਵੇ?" ਆਪਣਾ ਸਿਰ ਖੁਰਚਦੇ ਹੋਏ ਗਵਰੀਲੋ ਨੇ ਕਿਹਾ।
"ਉਸ ਦੇ ਦਰਵਾਜ਼ੇ 'ਤੇ ਇੱਕ ਮੋਰੀ ਹੈ," ਸਟੇਪਨ ਫਿਰ ਬੋਲਿਆ। "ਆਪਣੀ ਸੋਟੀ ਉਸ ਵਿਚ ਪਾ ਦਿਓ ਅਤੇ ਅੰਦਰ ਹਿਲਾਓ।" ਉਸ ਨੇ ਕਿਹਾ।
ਗਵਰੀਲੋ ਮੋਰੀ ਦੇਖਣ ਲਈ ਝੁਕਿਆ।
"ਉਸ ਨੇ ਇਕ ਪੁਰਾਣੇ ਕੋਟ ਨਾਲ ਇਸ ਨੂੰ ਬੰਦ ਕਰ ਰੱਖਿਆ ਹੈ।" ਉਸ ਨੇ ਕਿਹਾ।
"ਕੋਟ ਨੂੰ ਆਪਣੀ ਸੋਟੀ ਦੇ ਨਾਲ ਅੰਦਰ ਧੱਕੋ," ਕੋਚਵਾਨ ਨੇ ਸੁਝਾਅ ਦਿੱਤਾ।
ਇੱਥੇ ਇਕ ਵਾਰ ਫਿਰ ਮੁਮੂ ਦੇ ਭੌਂਕਣ ਦੀ ਆਵਾਜ਼ ਸੁਣਾਈ ਦਿੱਤੀ।
"ਚੁੱਪ, ਚੁੱਪ! ਉਹ ਆਪਣੇ ਆਪ ਨੂੰ ਜ਼ਾਹਿਰ ਕਰ ਰਹੀ ਹੈ!" ਭੀੜ ਵਿਚੋਂ ਕਿਸੇ ਨੇ ਟਿੱਪਣੀ ਕੀਤੀ। ਉਹ ਸਾਰੇ ਹੱਸ ਪਏ। ਸੋਚੀਂ ਪਿਆ ਗਵਰੀਲੋ ਆਪਣੇ ਕੰਨ ਦੇ ਪਿੱਛੇ ਖੁਰਕਣ ਲੱਗਾ।
"ਨਹੀਂ, ਦੋਸਤ!" ਉਸ ਨੇ ਕਿਹਾ," ਜੇ ਤੁਸੀਂ ਕੋਟ ਅੰਦਰ ਧੱਕਵਾਉਣਾ ਚਾਹੁੰਦੇ ਹੋ ਤਾਂ ਜਾਓ ਅਤੇ ਇਸ ਨੂੰ ਆਪ ਧੱਕ ਦਿਓ।"
"ਕਿਉਂ ਨਹੀਂ? ਮੈਂ ਇਹ ਕਰਾਂਗਾ।"
ਸਟੇਪਨ ਅੱਗੇ ਵਧਿਆ। ਉਸ ਨੇ ਕੋਟ ਨੂੰ ਧੱਕ ਦਿੱਤਾ ਅਤੇ ਆਪਣੀ ਸੋਟੀ ਘੁਮਾਉਣ ਲੱਗਾ," ਆ ਜਾ, ਬਾਹਰ ਆ ਜਾ!" ਜਦੋਂ ਉਹ ਦਲੇਰੀ ਨਾਲ ਇਹ ਕੰਮ ਕਰ ਰਿਹਾ ਸੀ। ਦਰਵਾਜ਼ਾ ਖੁੱਲ੍ਹ ਗਿਆ ਅਤੇ ਇਸ ਵਿਚ ਗਰਾਸੀਮ ਦੀ ਵਿਸ਼ਾਲ ਦੇਹ ਦਿਖਾਈ ਦਿੱਤੀ। ਪੂਰੀ ਭੀੜ ਪਿੱਛੇ ਨੂੰ ਲੁੜ੍ਹਕ ਗਈ। ਗਵਰੀਲੋ ਸਭ ਤੋਂ ਮੂਹਰੇ ਸੀ। ਅੰਕਲ ਖਵੋਸਤ ਨੇ ਆਪਣੀ ਖਿੜਕੀ ਤੁਰੰਤ ਬੰਦ ਕਰ ਦਿੱਤੀ।
"ਟਾ-ਟਾ-ਟਾ," ਪਿੱਛੇ ਹੱਟਦੇ ਗਵਰੀਲੋ ਨੇ ਕਿਹਾ। "ਦੇਖ, ਮੇਰੇ ਪਿਆਰੇ, ਇੱਧਰ ਦੇਖ!
"ਗਰਾਸੀਮ ਦਰਵਾਜ਼ੇ ਦੇ ਇਕ ਥੰਮ੍ਹ ਦੀ ਤਰ੍ਹਾਂ ਖੜ੍ਹਾ ਸੀ। ਅਹਿੱਲ ਅਤੇ ਸਿੱਧਾ ਬੇਲੋਚ। ਪੱਟ 'ਤੇ ਹੱਥ ਰੱਖਿਆ ਹੋਣ ਕਰ ਕੇ ਉਸ ਦੀ ਸੱਜੀ ਬਾਂਹ ਥੋੜੀ ਜਿਹੀ ਮੁੜੀ ਹੋਈ ਸੀ। ਉਸ ਨੇ ਕਿਸਾਨਾਂ ਵਾਂਗ ਖੁੱਲ੍ਹਾ ਜਿਹਾ ਲਾਲ ਝੱਗਾ ਪਾਇਆ ਹੋਇਆ ਸੀ ਅਤੇ ਉਹ ਥੱਲੇ ਖੜ੍ਹੀ ਛੋਟੇ-ਛੋਟੇ ਕੱਦ ਦੇ ਕਮਜ਼ੋਰ ਲੋਕਾਂ ਦੀ ਭੀੜ ਦੇ ਅੱਗੇ ਸੱਚਮੁਚ ਦਿਓ ਲੱਗ ਰਿਹਾ ਸੀ। ਗਵਰੀਲੋ ਨੇ ਆਖ਼ਿਰ ਹਿੰਮਤ ਕੀਤੀ ਅਤੇ ਇਕ ਕਦਮ ਅੱਗੇ ਵਧਾਇਆ।
"ਵੇਖ, ਪਿਆਰੇ ਭਰਾਵਾ!" ਉਸ ਨੇ ਗਰਾਸੀਮ ਨੂੰ ਕਿਹਾ, ਜਿਵੇਂ ਉਹ ਉਸ ਦੀ ਗੱਲ ਸੁਣ ਸਕਦਾ ਹੋਵੇ। "ਤੂੰ ਮੇਰੇ ਨਾਲ ਕੋਈ ਚਲਾਕੀ ਨਹੀਂ ਕਰਨੀ, ਮੈਂ ਤੈਨੂੰ ਦੱਸ ਦਿੰਦਾ ਹਾਂ!"
ਇਸ ਤੋਂ ਬਾਅਦ ਉਸ ਨੇ ਉਸ ਨੂੰ ਇਸ਼ਾਰਿਆਂ ਨਾਲ ਸਮਝਾਇਆ ਕਿ ਮਾਲਕਣ ਚਾਹੁੰਦੀ ਸੀ ਉਹ ਕੁੱਤੇ ਨੂੰ ਛੱਡ ਦੇਵੇ ਜੇ ਉਹ ਨਹੀਂ ਮੰਨੇਗਾ ਤਾਂ ਮੁਸੀਬਤ ਆਵੇਗੀ। ਗਰਾਸੀਮ ਨੇ ਮੂਮੂ ਵੱਲ ਇਸ਼ਾਰਾ ਕੀਤਾ। ਉਸ ਦੇ ਗਲੇ ਉੱਤੇ ਆਪਣੇ ਹੱਥ ਨੂੰ ਫੇਰਿਆ ਜਿਵੇਂ ਕਿ ਉਸ ਦੇ ਦੁਆਲੇ ਰੱਸੀ ਨੂੰ ਕੱਸ ਰਿਹਾ ਹੋਵੇ ਅਤੇ ਸੇਵਾਦਾਰ ਵੱਲ ਸਵਾਲ ਪੁੱਛਦੀਆਂ ਨਿਗਾਹਾਂ ਨਾਲ ਦੇਖਿਆ।
"ਜੀ ਹਾਂ, ਹਾਂ", ਗਵਰੀਲੋ ਨੇ ਸੰਕੇਤਕ ਭਾਸ਼ਾ ਵਿਚ ਕਿਹਾ। "ਇਹੀ ਸਾਡਾ ਮਤਲਬ ਹੈ; ਇਸ ਦਾ ਗਲਾ ਘੁੱਟਣਾ ਹੋਵੇਗਾ।"
ਗਰਾਸੀਮ ਨੇ ਕੁਝ ਸਕਿੰਟਾਂ ਲਈ ਥੱਲੇ ਦੇਖਿਆ ਪਰੰਤੂ ਉਹ ਛੇਤੀ ਹੀ ਫਿਰ ਸਿੱਧਾ ਹੋ ਗਿਆ ਅਤੇ ਮੁਮੂ ਵੱਲ ਦੇਖਿਆ ਜੋ ਕੋਲ ਖੜ੍ਹੀ ਆਪਣੀ ਪੂਛ ਹਿਲਾ ਰਹੀ ਸੀ ਅਤੇ ਆਪਣੀਆਂ ਮਾਸੂਮ ਨਿਗਾਹਾਂ ਨਾਲ ਕੁਝ ਜਾਣਨ ਲਈ ਉਤਸੁਕ ਲੱਗਦੀ ਸੀ। ਗਰਾਸੀਮ ਨੇ ਮੂਮੂ ਦਾ ਗਲਾ ਘੁੱਟਣ ਦਾ ਸੰਕੇਤ ਦੁਹਰਾਇਆ ਅਤੇ ਆਪਣੀ ਹਿੱਕ ਥਾਪੜ ਕੇ ਜਤਲਾਇਆ ਕਿ ਉਹ ਖ਼ੁਦ ਆਪ ਉਸ ਦਾ ਕੰਮ ਤਮਾਮ ਕਰ ਦੇਵੇਗਾ। ਸਾਰੇ ਸਮਝ ਗਏ ਕਿ ਉਸਦਾ ਮਤਲਬ ਕੀ ਸੀ।
"ਪਰ ਤੂੰ ਸਾਨੂੰ ਧੋਖਾ ਦੇਵੇਂਗਾ!" ਗਵਰੀਲੋ ਨੇ ਸੰਕੇਤਕ ਭਾਸ਼ਾ ਵਿਚ ਕਿਹਾ।
ਗਰਾਸੀਮ ਨੇ ਸੇਵਾਦਾਰ 'ਤੇ ਨਫਰਤ ਭਰੀ ਨਜ਼ਰ ਸੁੱਟੀ, ਇੱਕ ਵਾਰ ਫੇਰ ਆਪਣੀ ਹਿੱਕ ਥਾਪੜ ਕੇ ਅੰਦਰ ਚਲਿਆ ਗਿਆ। ਆਪਣੇ ਦਰਵਾਜ਼ੇ ਨੂੰ ਜ਼ੋਰ ਨਾਲ ਬੰਦ ਕਰ ਦਿੱਤਾ।
ਸਾਰੇ ਸ਼ਾਤ ਚਿੱਤ ਇੱਕ ਦੂਜੇ ਵੱਲ ਝਾਕ ਰਹੇ ਸਨ।
"ਇਸ ਦਾ ਕੀ ਮਤਲਬ ਹੈ?" ਗਵਰੀਲੋ ਕਹਿਣ ਲੱਗਾ। "ਉਸ ਨੇ ਦੁਬਾਰਾ ਅੰਦਰੋਂ ਜ਼ੰਦਰਾ ਲਾ ਲਿਆ ਹੈ।"
"ਕੋਈ ਨਾ, ਗਵਰੀਲੋ ਐਂਦਰੇਇਚ ਲਾ ਲੈਣ ਦਿਓ," ਸਟੇਪਨ ਨੇ ਕਿਹਾ। "ਉਹ ਆਪਣਾ ਵਾਅਦਾ ਪੂਰਾ ਕਰੇਗਾ। ਉਹ ਇਸੇ ਕਿਸਮ ਦਾ ਬੰਦਾ ਹੈ ਜੇ ਉਹ ਕੁਝ ਕਰਨ ਦਾ ਵਾਅਦਾ ਕਰੇ, ਤਾਂ ਉਹ ਨਿਭਾਉਂਦਾ ਜਰੂਰ ਹੈ। ਸੱਚਾਈ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਇਸ ਸੰਬੰਧ ਵਿਚ ਉਹ ਸਾਡੇ ਨਾਲੋਂ ਬਹੁਤ ਵੱਖਰਾ ਹੈ। ਹਾਂ, ਬਿਲਕੁਲ!"
"ਬਿਲਕੁਲ! ਬਿਲਕੁਲ!" ਭੀੜ ਨੇ ਹਾਂ ਵਿਚ ਆਪਣੇ ਸਿਰ ਹਿਲਾ ਕੇ ਹੁੰਗਾਰਾ ਭਰਿਆ।
ਅੰਕਲ ਖਵੋਸਤ ਨੇ ਆਪਣੀ ਖਿੜਕੀ ਖੋਲ੍ਹੀ ਅਤੇ ਦ੍ਰਿੜਾਇਆ, "ਬਿਲਕੁਲ!"
"ਜਿੱਥੋਂ ਤਕ ਮੇਰਾ ਸਵਾਲ ਹੈ," ਗਵਰੀਲੋ ਨੇ ਕਿਹਾ, "ਆਪਾਂ ਦੇਖਦੇ ਹਾਂ। ਪਰ ਉਸ ਦੇ ਦਰਵਾਜ਼ੇ ਤੇ ਪਹਿਰਾ ਰੱਖਿਆ ਜਾਣਾ ਚਾਹੀਦਾ ਹੈ। ਮੈਂ ਕਹਿੰਦਾ ਹਾਂ, ਈਰੋਸ਼ਕਾ," ਉਸ ਨੇ ਇਕ ਬਿੱਖਰੇ ਜਿਹੇ ਵਿਅਕਤੀ ਨੂੰ ਬੁਲਾਇਆ ਜਿਸ ਨੇ ਇਕ ਪੀਲੀ ਸੂਤੀ ਜੈਕਟ ਪਾਈ ਹੋਈ ਸੀ ਅਤੇ ਜਿਸ ਨੂੰ ਇਸ ਬਸਤੀ ਦਾ ਮਾਲੀ ਮੰਨਿਆ ਜਾਂਦਾ ਸੀ। "ਤੂੰ ਅੱਜਕੱਲ ਵਿਹਲਾ ਹੀ ਹੈਂ। ਇੱਕ ਸੋਟੀ ਫੜ ਅਤੇ ਇੱਥੇ ਪਹਿਰੇ 'ਤੇ ਖੜ ਜਾ ਜੋ ਵੀ ਨਿੱਕੀ ਤੋਂ ਨਿੱਕੀ ਗੱਲ ਤੇਰੀ ਨਜ਼ਰ ਪਵੇ, ਮੇਰੇ ਕੋਲ ਆ ਕੇ ਰਿਪੋਰਟ ਕਰਨੀ ਹੈ।"
ਈਰੋਸ਼ਕਾ ਨੇ ਇਕ ਲਾਠੀ ਲੈ ਲਈ ਅਤੇ ਸਭ ਤੋਂ ਹੇਠਲੀ ਪੌੜੀ 'ਤੇ ਬੈਠ ਗਿਆ। ਭੀੜ ਬਿਖਰ ਗਈ। ਕੁਝ ਉਤਸੁਕ ਮੁੰਡੇ ਰਹਿ ਗਏ। ਗਵਰੀਲੋ ਨੇ ਮਾਲਕਣ ਨੂੰ ਸੁਨੇਹਾ ਭੇਜ ਦਿੱਤਾ ਕਿ ਸਭ ਕੁਝ ਠੀਕ ਸੀ ਪਰ ਹੰਗਾਮੀ ਸਥਿਤੀਆਂ ਨੂੰ ਨਜਿੱਠਣ ਲਈ ਉਸ ਨੇ ਮੁਖ ਕੋਚਵਾਨ ਨੂੰ ਦੌੜਾਕ ਕੋਲ ਭੇਜਿਆ ਜਿਸ ਨੂੰ ਆਪਣੀਆਂ ਸੇਵਾਵਾਂ ਦੇਣ ਲਈ ਤਿਆਰ ਰਹਿਣ ਲਈ ਕਿਹਾ ਗਿਆ। ਮਾਲਕਣ ਨੇ ਆਪਣੀ ਮੁਖ ਨੌਕਰਾਣੀ ਦੀ ਰਿਪੋਰਟ ਪ੍ਰਾਪਤ ਕਰਨ ਤੇ ਆਪਣੇ ਰੁਮਾਲ ਵਿਚ ਇਕ ਛੋਟਾ ਜਿਹੀ ਗੰਢ ਬੰਨ੍ਹ ਕੇ ਇਸ ਨੂੰ ਯੂ-ਡੀ-ਕੋਲੋਨ ਵਿਚ ਡੁੱਬੋਇਆ ਅਤੇ ਇਸ ਨੂੰ ਸੁੰਘ ਕੇ ਪੁੜਪੁੜੀਆਂ ਤੇ ਰਗੜਿਆ। ਉਸ ਨੇ ਫਿਰ ਸੁਆਦ ਦੇ ਨਾਲ ਕੁਝ ਕੁ ਪਿਆਲੇ ਚਾਹ ਦੇ ਪੀਤੇ ਅਤੇ ਕਿਉਂ ਜੋ ਸ਼ਰਬਤੀ ਦਵਾ ਦਾ ਨਸ਼ਾ ਅਜੇ ਉਤਰਿਆ ਨਹੀਂ ਸੀ। ਉਹ ਜਲਦੀ ਹੀ ਫਿਰ ਸੌਂ ਗਈ।

ਘੇਰਾਬੰਦੀ ਤੋਂ ਤਕਰੀਬਨ ਦੋ ਘੰਟੇ ਪਿੱਛੋਂ, ਗਰਾਸੀਮ ਆਪਣੇ ਕਮਰੇ ਵਿਚੋਂ ਬਾਹਰ ਆਇਆ। ਉਹ ਆਪਣੇ ਛੁੱਟੀ ਵਾਲੇ ਕੱਪੜੇ ਪਹਿਨੇ ਹੋਏ ਸਨ ਅਤੇ ਆਪਣੀ ਮੂਮੂ ਨੂੰ ਰੱਸੀ ਤੋਂ ਫੜ੍ਹਿਆ ਹੋਇਆ ਸੀ। ਇਰੋਸ਼ਕਾ ਨੇ ਉਸ ਦੇ ਲੰਘਣ ਲਈ ਥਾਂ ਬਣਾਈ। ਹੱਥ ਵਿੱਚ ਆਪਣੀ ਟੋਪੀ ਫੜ੍ਹੀ ਵਿਹੜੇ ਦੇ ਅੰਦਰੋਂ ਸਿੱਧਾ ਨਿਕਲ ਗਿਆ। ਗਵਰੀਲੋ ਨੇ ਇਰੋਸ਼ਕਾ ਨੂੰ ਕੁਝ ਦੂਰ ਤੱਕ ਉਸ ਦੇ ਪਿੱਛੇ ਜਾਣ ਅਤੇ ਵੇਖਣ ਦਾ ਹੁਕਮ ਦਿੱਤਾ ਕਿ ਉਹ ਕੀ ਕਰਦਾ ਹੈ। ਗਾਰਸੀਮ ਨੇ ਆਪਣੀ ਟੋਪੀ ਉਦੋਂ ਤੱਕ ਨਹੀਂ ਪਹਿਨੀ ਜਦੋਂ ਤੱਕ ਉਹ ਦਰਵਾਜ਼ਾ ਨਹੀਂ ਲੰਘ ਆਇਆ। ਉਹ ਇਕ ਢਾਬੇ ਵਿਚ ਚਲਾ ਗਿਆ ਜਿੱਥੇ ਉਹ ਜਾਣਿਆ ਜਾਂਦਾ ਸੀ ਅਤੇ ਉਸ ਦੀ ਮੂਕ ਭਾਸ਼ਾ ਨੂੰ ਸਮਝਿਆ ਜਾਂਦਾ ਸੀ ਅਤੇ ਗੋਸ਼ਤ ਸਹਿਤ ਗਾੜ੍ਹੀ ​​ਜਿਹੀ ਸੂਪ ਦਾ ਆਦੇਸ਼ ਦਿੱਤਾ। ਉਹ ਇਕ ਮੇਜ਼ ਤੇ ਬੈਠ ਕੇ ਇੰਤਜ਼ਾਰ ਕਰਨ ਲੱਗਾ ਅਤੇ ਉਸ ਨੇ ਆਪਣਾ ਸਿਰ ਆਪਣੀ ਹਥੇਲੀ ਉੱਤੇ ਟਿਕਾਇਆ ਹੋਇਆ ਸੀ। ਮੂਮੂ ਉਸ ਦੇ ਨਾਲ ਖੜ੍ਹੀ ਸੀ। ਉਸ ਨੂੰ ਆਪਣੀਆਂ ਸਾਫ਼, ਚਮਕਦਾਰ ਅਤੇ ਮਾਸੂਮ ਅੱਖਾਂ ਨਾਲ ਵੇਖ ਰਹੀ ਸੀ। ਉਹ ਚੰਗੀ ਸੁਹਣੀ ਲਿਸ਼ਕੀ ਪੁਸ਼ਕੀ ਸੀ ਜਿਵੇਂ ਕਿ ਉਸ ਨੂੰ ਹੁਣੇ ਨਹਾ ਕੇ ਕੰਘੀ ਕੀਤੀ ਹੋਵੇ। ਖਾਣਾ ਪਰੋਸਿਆ ਗਿਆ। ਗਰਾਸੀਮ ਨੇ ਮੀਟ ਨੂੰ ਧਿਆਨ ਨਾਲ ਛੋਟੇ-ਛੋਟੇ ਟੁਕੜਿਆਂ ਵਿਚ ਕੱਟਿਆ ਅਤੇ ਸੂਪ ਦੀ ਪਲੇਟ ਵਿਚ ਪਾ ਕੇ ਉਸ ਨੇ ਇਸ ਨੂੰ ਮੂਮੂ ਲਈ ਜ਼ਮੀਨ 'ਤੇ ਰੱਖ ਦਿੱਤਾ। ਉਹ ਉਸ ਨੂੰ ਮਜ਼ੇ ਨਾਲ ਚਟਖਾਰੇ ਲੈ ਲੈ ਖਾਣਾ ਖਾ ਰਹੀ ਨੂੰ ਦੇਖਣ ਲੱਗਾ ਅਤੇ ਉਸ ਦੀਆਂ ਅੱਖਾਂ ਵਿਚੋਂ ਦੋ ਮੋਟੇ ਹੰਝੂ ਡਲਕ ਪਏ। ਇੱਕ ਮੂਮੂ ਦੇ ਸਿਰ ਉੱਤੇ, ਅਤੇ ਦੂਜਾ ਉਸ ਦੀ ਪਲੇਟ ਵਿਚ ਡਿੱਗ ਪਿਆ। ਉਸ ਨੇ ਦੋਹਾਂ ਹੱਥਾਂ ਨਾਲ ਆਪਣਾ ਮੂੰਹ ਢੱਕ ਲਿਆ।
ਮੂਮੂ ਭੋਜਨ ਦਾ ਤਕਰੀਬਨ ਅੱਧ ਖਾ ਗਈ ਅਤੇ ਸੁਆਦ ਦੇ ਨਾਲ ਆਪਣੀ ਬੂਥੀ ਚੱਟਦੀ ਹੋਈ ਇਕ ਪਾਸੇ ਚਲੀ ਗਈ। ਗਰਾਸੀਮ ਉੱਠਿਆ, ਭੋਜਨ ਦੇ ਪੈਸੇ ਅਦਾ ਕੀਤੇ ਅਤੇ ਢਾਬੇ ਵਿਚੋਂ ਨਿਕਲ ਗਿਆ। ਵੇਟਰ ਨੇ ਉਸ ਨੂੰ ਚੁੱਪ-ਚਾਪ ਹੈਰਾਨੀ ਨਾਲ ਦੇਖਦਾ ਰਿਹਾ ਅਤੇ ਜਿਉਂ ਹੀ ਉਸ 'ਤੇ ਨਿਗਾਹ ਰੱਖਣ ਲਈ ਬਾਹਰ ਰੁਕੇ ਹੋਏ ਈਰੋਸ਼ਕਾ ਨੇ ਉਸ ਨੂੰ ਆਉਂਦੇ ਹੋਏ ਵੇਖਿਆ। ਉਹ ਇਕ ਪਾਸੇ ਹੋ ਗਿਆ ਅਤੇ ਖੂੰਜੇ ਦੇ ਪਿੱਛੇ ਲੁਕ ਗਿਆ ਜਦੋਂ ਉਹ ਮੁਮੂ ਨੂੰ ਰੱਸੀ ਤੋਂ ਫੜ੍ਹ ਕੇ ਲੰਘ ਗਿਆ ਈਰੋਸ਼ਾਕਾ ਆਪਣੀ ਲੁਕਣ-ਥਾਂ ਤੋਂ ਨਿਕਲਿਆ ਅਤੇ ਫਿਰ ਉਸ ਦਾ ਪਿੱਛਾ ਕਰਨ ਲੱਗਾ।
ਗਰਾਸੀਮ ਹੌਲੀ-ਹੌਲੀ ਤੁਰਦਾ ਸੋਚਾਂ ਵਿਚ ਡੁੱਬਿਆ ਕੁਝ ਦੂਰੀ 'ਤੇ ਚਲਾ ਗਿਆ। ਫਿਰ ਉਹ ਨੇ ਕੁਝ ਸਕਿੰਟਾਂ ਲਈ ਰੁਕਿਆ, ਜਿਵੇਂ ਕਿ ਕੁਝ ਯਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਇਸ ਤੋਂ ਬਾਅਦ ਉਹ ਜਲਦੀ ਨਾਲ ਮੋੜ ਮੁੜਿਆ ਅਤੇ ਲੰਮੀਆਂ ਲੰਮੀਆਂ ਪੁਲਾਂਘਾਂ ਪੁੱਟਦਾ ਕ੍ਰਿੰਸਕੀ ਬਰੋਦਾ ਪਹੁੰਚ ਗਿਆ ਅਤੇ ਨਦੀ ਦੇ ਨਾਲ ਸੜਕ ਫੜ੍ਹ ਲਈ। ਉਹ ਇਕ ਵਿਹੜੇ ਵਿਚ ਦਾਖ਼ਲ ਹੋਇਆ ਜਿੱਥੇ ਉਸ ਨੂੰ ਇੱਟਾਂ ਪਈਆਂ ਨਜ਼ਰ ਆਈਆਂ ਤੇ ਉਸ ਨੇ ਉਨ੍ਹਾਂ ਵਿਚੋਂ ਦੋ ਇੱਟਾਂ ਚੁੱਕ ਕੇ ਆਪਣੀ ਕੱਛ ਵਿਚ ਵਿਚ ਲਈਆਂ ਤੇ ਅੱਗੇ ਚੱਲ ਪਿਆ।
ਉਹ ਚੱਲਦਾ ਰਿਹਾ, ਚੱਲਦਾ ਰਿਹਾ ਅਤੇ ਅਖ਼ੀਰ ਉਹ ਇਕ ਪੁਲ 'ਤੇ ਪਹੁੰਚ ਗਿਆ ਜਿੱਥੇ ਉਸ ਨੇ ਪਿਛਲੀ ਵਾਰ ਇਕ ਖੰਭੇ ਨਾਲ ਬੰਨ੍ਹੀਆਂ ਭਾਰੀ ਚੱਪੂਆਂ ਵਾਲੀਆਂ ਦੋ ਕਿਸ਼ਤੀਆਂ ਦੇਖੀਆਂ ਸਨ। ਉਹ ਮੂਮੂ ਨਾਲ ਇਕ ਕਿਸ਼ਤੀ ਵਿਚ ਛਾਲ ਮਾਰ ਕੇ ਚੜ੍ਹ ਗਿਆ ਅਤੇ ਉਸ ਨੂੰ ਖੋਲ੍ਹ ਕੇ ਉਸ ਨੇ ਚੱਪੂ ਫੜ੍ਹ ਲਏ। ਇਕ ਬੁੱਢਾ ਮਧਰਾ ਤੇ ਡੁੱਡਾ ਜਿਹਾ ਆਦਮੀ ਇਕ ਛੋਟੀ ਜਿਹੀ ਕੁੱਲੀ ਵਿਚੋਂ ਬਾਹਰ ਆ ਕੇ ਉਸ ਨੂੰ ਗੁੱਸੇ ਨਾਲ ਬੋਲਣ ਲੱਗ ਪਿਆ। ਗਰਾਸੀਮ ਨੇ ਸਿਰ ਹਿਲਾਇਆ ਅਤੇ ਇੰਨੇ ਜ਼ੋਰ ਨਾਲ ਚੱਪੂ ਚਲਾਣੇ ਸ਼ੁਰੂ ਕਰ ਦਿੱਤੇ ਕਿ ਉਹ ਵਹਿਣ ਦੇ ਉਲਟ ਚੱਲ ਕੇ ਵੀ ਕੁਝ ਸਕਿੰਟਾਂ ਵਿਚ ਦੋ ਸੌ ਮੀਟਰ ਉਸ ਤੋਂ ਦੂਰ ਆ ਗਿਆ ਸੀ। ਮਧਰਾ ਆਦਮੀ ਦੇਖਦਾ ਰਿਹਾ। ਉਸ ਨੇ ਪਹਿਲਾਂ ਆਪਣੇ ਸੱਜੇ ਹੱਥ ਨਾਲ, ਫਿਰ ਖੱਬੇ ਨਾਲ ਅਤੇ ਫਿਰ ਦੋਵਾਂ ਹੱਥਾਂ ਨਾਲ ਆਪਣਾ ਸਿਰ ਖੁਰਕਿਆ। ਉਹ ਪਿੱਛੇ ਮੁੜਿਆ ਅਤੇ ਫਿਰ ਡੁੱਡ ਮਾਰਦਾ ਵਾਪਸ ਆਪਣੀ ਕੁੱਲੀ ਵਿਚ ਚਲਾ ਗਿਆ।
ਗਰਾਸੀਮ ਚੱਪੂ ਮਾਰਦਾ ਗਿਆ, ਮਾਰਦਾ ਗਿਆ। ਸ਼ਹਿਰ ਪਿੱਛੇ ਰਹਿ ਗਿਆ ਸੀ। ਤੱਟ ਦੇ ਕੰਢੇ ਦੇ ਨਾਲ ਬਾਗ਼, ਘਾਹ ਦੇ ਮੈਦਾਨ, ਮੱਕੀ ਦੇ ਖੇਤ ਅਤੇ ਨਵੇਂ ਜੰਗਲ ਲੰਘਦਾ ਗਿਆ। ਟਾਵੀਆਂ-ਟਾਵੀਆਂ ਕਿਸਾਨਾਂ ਦੀਆਂ ਝੁੱਗੀਆਂ ਵਿਖਾਈ ਦੇ ਰਹੀਆਂ ਸਨ। ਪਿੰਡ ਦੀ ਸੁਗੰਧਿਤ ਹਵਾ ਕਿਨਾਰੇ ਤੋਂ ਉੱਠ ਰਹੀ ਸੀ। ਉਸ ਨੇ ਚੱਪੂ ਲਟਕਾ ਦਿੱਤੇ ਅਤੇ ਮੂਮੂ ਉੱਤੇ ਝੁਕਿਆ ਜੋ ਉਸ ਦੇ ਕੋਲ ਸੁੱਕੀ ਸੀਟ 'ਤੇ ਖੜ੍ਹੀ ਸੀ। ਕਿਸ਼ਤੀ ਦਾ ਥੱਲਾ ਪਾਣੀ ਨਾਲ ਭਰਿਆ ਹੋਇਆ ਸੀ।
ਕੁੱਤੇ ਨੂੰ ਆਪਣੀਆਂ ਮਜ਼ਬੂਤ ਬਾਹਾਂ ਵਿਚ ਲੈ ਕੇ ਅਤੇ ਆਪਣਾ ਸਿਰ ਉਸ ਦੇ ਸਿਰ 'ਤੇ ਰੱਖ ਕੇ ਉਹ ਕੁਝ ਸਮੇਂ ਲਈ ਅਹਿੱਲ ਰਿਹਾ ਜਦ ਕਿ ਕਿਸ਼ਤੀ ਪਾਣੀ ਦੀ ਧਾਰਾ ਦੇ ਜ਼ੋਰ ਨਾਲ ਹੌਲੀ-ਹੌਲੀ ਸ਼ਹਿਰ ਵੱਲ ਮੁੜ ਪਈ। ਅਖੀਰ ਉਸ ਨੇ ਆਪਣਾ ਆਪ ਸਿੱਧਾ ਕੀਤਾ ਪਰੰਤੂ ਆਪਣੇ ਚਿਹਰੇ ਉੱਤੇ ਗਹਿਰੇ ਦੁੱਖ ਦੇ ਹਾਵਾਂ-ਭਾਵਾਂ ਨਾਲ ਉਸ ਨੇ ਦੋ ਇੱਟਾਂ ਨੂੰ ਮੂਮੂ ਦੇ ਗੱਲ ਵਿਚ ਬੰਨ੍ਹੀ ਰੱਸੀ ਦੇ ਦੂਜੇ ਸਿਰੇ 'ਤੇ ਬੰਨ੍ਹ ਦਿੱਤੀਆਂ ਅਤੇ ਫੰਦਾ ਬਣਾ ਕੇ ਉਸਨੇ ਮੂਮੂ ਧੌਣ ਦੁਆਲੇ ਵਲਿਆ। ਮੂਮੂ ਅਤੇ ਇੱਟਾਂ ਨੂੰ ਉਪਰ ਹਵਾ ਵਿਚ ਚੁਕਿਆ। ਮੂਮੂ ਨੇ ਬਿਨਾਂ ਕਿਸੇ ਡਰ ਤੋਂ ਉਸ ਵੱਲ ਦੇਖਿਆ ਅਤੇ ਲਾਡ ਨਾਲ ਆਪਣੀ ਪੂਛ ਹਿਲਾਈ।
ਉਸ ਨੇ ਆਪਣਾ ਮੂੰਹ ਫੇਰ ਲਿਆ ਅਤੇ ਦੁੱਖ ਦੀਆਂ ਉੱਠਦੀਆਂ ਲੂਹਰੀਆਂ ਨਾਲ ਆਪਣੀਆਂ ਅੱਖਾਂ ਮੀਚ ਲਈਆਂ ਅਤੇ ਇੱਟਾਂ ਨਾਲ ਬੰਨ੍ਹਿਆ ਕਤੂਰਾ ਆਪਣੇ ਹੱਥਾਂ ਵਿਚੋਂ ਛੱਡ ਦਿੱਤਾ। ਉਸ ਨੇ ਮੁਮੂ ਦੀ ਅਚਾਨਕ ਚੀਖ਼ ਨਹੀਂ ਸੁਣੀ ਤੇੇ ਨਾ ਹੀ ਪਾਣੀ ਵਿਚ ਡਿੱਗਣ ਨਾਲ ਇੱਟਾਂ ਦੀ ਧੜੰਮ। ਕੀ ਉਸ ਲਈ ਇਹ ਸਭ ਤੋਂ ਹੰਗਾਮਾਖ਼ੇਜ਼ ਦਿਨ ਸਾਡੇ ਲਈ ਸਭ ਤੋਂ ਵੱਧ ਸ਼ਾਂਤ ਰਾਤ ਨਾਲੋਂ ਜ਼ਿਆਦਾ ਚੁੱਪ ਨਹੀਂ ਸੀ?
ਜਦੋਂ ਉਸ ਨੇ ਆਪਣੀਆਂ ਅੱਖਾਂ ਨੂੰ ਮੁੜ ਖੋਲ੍ਹੀਆਂ ਤਾਂ ਦਰਿਆ ਦੀਆਂ ਨਿੱਕੀਆਂ-ਨਿੱਕੀਆਂ ਲਹਿਰਾਂ ਇਕ ਦੂਜੇ ਦੇ ਆਮ ਢੰਗ ਨਾਲ ਪਿੱਛਾ ਕਰ ਰਹੀਆਂ ਸਨ ਪਰ ਉਸ ਦੀ ਕਿਸ਼ਤੀ ਦੇ ਆਲੇ-ਦੁਆਲੇ ਉਹ ਪਹਿਲਾਂ ਦੀ ਤਰ੍ਹਾਂ ਇਸ ਨਾਲ ਟਕਰਾ ਰਹੀਆਂ ਸਨ। ਉਸ ਦੇ ਦੂਰ ਪਿੱਛੇ ਇਕ ਥਾਂ ਦਰਿਆ ਦੇ ਤਲ 'ਤੇ ਚੱਕਰ ਅਸਾਧਾਰਨ ਤਰ੍ਹਾਂ ਫੈਲ ਰਹੇ ਸਨ ਅਤੇ ਜਿਵੇਂ-ਜਿਵੇਂ ਉਹ ਵੱਡੇ ਹੋਈ ਜਾਂਦੇ ਸੀ ਓਨੇ ਹੀ ਧੁੰਦਲੇ ਪੈਂਦੇ ਜਾ ਰਹੇ ਸੀ।
ਜਿਵੇਂ ਹੀ ਗਰਾਸੀਮ ਦਰਿਆ ਵਿਚ ਅੱਖਾਂ ਤੋਂ ਓਝਲ ਹੋ ਗਿਆ ਸੀ। ਈਰੋਸ਼ਕਾ ਘਰ ਮੁੜ ਗਿਆ ਸੀ ਅਤੇ ਉਸ ਨੇ ਜੋ ਕੁਝ ਵੀ ਵੇਖਿਆ ਉਹ ਉਹ ਸਭ ਦੱਸ ਦਿੱਤਾ ਸੀ।
"ਠੀਕ ਹੈ, ਸਭ ਠੀਕ ਹੈ," ਇਸ ਤੇ ਸਟੇਪਨ ਨੇ ਟਿੱਪਣੀ ਕੀਤੀ। "ਉਹ ਉਸ ਨੂੰ ਡੋਬ ਦੇਵੇਗਾ। ਅਸੀਂ ਉਸ 'ਤੇ ਯਕੀਨ ਕਰ ਸਕਦੇ ਹਾਂ, ਉਹ ਹਰਗਿਜ਼ ਆਪਣਾ ਵਾਅਦਾ ਨਿਭਾਏਗਾ।"
ਸਾਰਾ ਦਿਨ ਘਰ ਵਿਚ ਗਰਾਸੀਮ ਨਜ਼ਰ ਨਹੀਂ ਆਇਆ ਸੀ। ਡਿਨਰ ਦੇ ਵਕਤ ਉਸ ਦੀ ਸੀਟ ਖ਼ਾਲੀ ਰਹੀ ਸੀ। ਘਰ ਦੇ ਸਾਰੇ ਲੋਕ ਰਾਤ ਦੇ ਖਾਣੇ ਲਈ ਵੱਡੇ ਨੌਕਰਾਂ ਦੇ ਹਾਲ ਵਿਚ ਇਕੱਠੇ ਹੋਏ ਪਰ ਗਰਾਸੀਮ ਉਨ੍ਹਾਂ ਦੇ ਵਿਚਕਾਰ ਨਹੀਂ ਸੀ।
"ਗਰਾਸੀਮ ਕਿੰਨੀ ਅਨੋਖੀ ਕਿਸਮ ਦਾ ਬੰਦਾ ਹੈ!" ਇੱਕ ਮੋਟੀ ਧੋਬਣ ਨੇ ਚੀਕਵੀੰ ਆਵਾਜ਼ ਵਿਚ ਟਿੱਪਣੀ ਕੀਤੀ। "ਕੋਈ ਬੰਦਾ ਕੁੱਤੇ ਬਾਰੇ ਇੰਨੀ ਚਿੰਤਾ ਕਿਵੇਂ ਕਰ ਸਕਦਾ ਹੈ?"
"ਉਹ ਇੱਥੇ ਕਿਤੇ ਸੀ, "ਸੂਪ ਪੀਣ ਦੇ ਮਜ਼ੇ ਲੈ ਰਹੇ ਸਟੇਪਨ ਨੇ ਕਿਹਾ।
"ਕਦੋਂ? ਕਦੋਂ?" ਸਾਰੇ ਇੱਕੋ ਦਮ ਬੋਲੇ।
"ਲਗਭਗ ਦੋ ਘੰਟੇ ਪਹਿਲਾਂ, ਯਕੀਨ ਮੰਨੋ। ਮੈਂ ਉਸ ਨੂੰ ਆਉਂਦੇ ਅਤੇ ਫਿਰ ਬਾਹਰ ਨਿਕਲਦੇ ਨੂੰ ਦੇਖਿਆ। ਮੈਂ ਉਸ ਨੂੰ ਗੇਟ 'ਤੇ ਮਿਲਿਆ ਸੀ ਅਤੇ ਉਸ ਨੂੰ ਪੁੱਛਣਾ ਚਾਹੁੰਦਾ ਸੀ ਕਿ ਉਸ ਨੇ ਮੂਮੂ ਨਾਲ ਕੀ ਕੀਤਾ ਸੀ ਪਰ ਉਸ ਦਾ ਮਨ ਖ਼ਰਾਬ ਹੋਇਆ ਲੱਗਦਾ ਸੀ। ਹਾਂ, ਉਸ ਨੇ ਮੈਨੂੰ ਇਕ ਪਾਸੇ ਧੱਕ ਦਿੱਤਾ ਜਿਸ ਤੋਂ ਉਹਦਾ ਸ਼ਾਇਦ ਇਹ ਮਤਲਬ ਸੀ ਕਿ ਮੈਨੂੰ ਉਸ ਦੀ ਪਰਵਾਹ ਕਰਨ ਦੀ ਲੋੜ ਨਹੀਂ ਪਰ ਉਸ ਨੇ ਮੇਰੀ ਧੌਣ 'ਤੇ ਬੜੀ ਜ਼ੋਰ ਦਾ ਘਸੁੰਨ ਛੱਡਿਆ! ਊਈ-ਊਈ-ਊਈ! ਮੈਂ ਤੁਹਾਨੂੰ ਕੀ ਦੱਸਾਂ! "ਉਹ ਆਪਣੀ ਧੌਣ 'ਤੇ ਹੱਥ ਫੇਰਨ ਲੱਗਾ। ਉਸ ਦੇ ਹਾਵ-ਭਾਵ ਦੱਸ ਰਹੇ ਸਨ ਕਿ ਉਹ ਅਜੇ ਵੀ ਦੁਖ ਰਹੀ ਸੀ। "ਉਫ਼ ਉਹਦਾ ਹੱਥ, ਗਰਾਸੀਮ ਦਾ ਹੱਥ ਸਚਮੁੱਚ ਫੌਲਾਦੀ!"
ਉਹ ਸਾਰੇ ਸਟੇਪਨ ਦੀਆਂ ਗੱਲਾਂ ਤੇ ਹਰਕਤਾਂ 'ਤੇ ਖ਼ੂਬ ਹੱਸੇ। ਖਾਣੇ ਤੋਂ ਬਾਅਦ ਉਹ ਚਲੇ ਗਏ।
ਐਨ ਇਸ ਸਮੇਂ, ਮੋਢੇ 'ਤੇ ਇਕ ਗੱਠੜੀ ਅਤੇ ਹੱਥ ਵਿਚ ਇਕ ਮਜ਼ਬੂਤ ​​ਸੋਟੀ ਲਈ ਟੀ...ਵੱਡੀ ਸੜਕ 'ਤੇ ਸਪੱਸ਼ਟ ਦ੍ਰਿੜ੍ਹਤਾ ਅਤੇ ਆਤਮ-ਵਿਸ਼ਵਾਸ ਦੇ ਨਾਲ ਇਕ ਦਿਓ-ਕੱਦ ਆਦਮੀ ਜਾ ਰਿਹਾ ਸੀ। ਇਹ ਗਰਾਸੀਮ ਸੀ। ਉਹ ਆਪਣੇ ਜੱਦੀ ਘਰ, ਆਪਣੇ ਪਿੰਡ, ਆਪਣੇ ਵਤਨ ਵੱਲ ਲੰਮੀਆਂ-ਲੰਮੀਆਂ ਪੁਲਾਂਘਾਂ ਪੁੱਟਦਾ ਜਾ ਰਿਹਾ ਸੀ। ਮੁਮੂ ਨੂੰ ਡੁਬੋ ਕੇ ਉਹ ਭੱਜਿਆ-ਭੱਜਿਆ ਆਪਣੀ ਕੋਠੜੀ ਵਿਚ ਆਇਆ ਸੀ। ਕਾਹਲੀ-ਕਾਹਲੀ ਉਸ ਨੇ ਆਪਣੀਆਂ ਕੁਝ ਚੀਜ਼ਾਂ ਇਕੱਤਰ ਕਰ ਲਈਆਂ, ਇੱਕ ਗਠੜੀ ਬੰਨ੍ਹ ਲਈ ਅਤੇ ਚਾਲੇ ਪਾ ਦਿੱਤੇ। ਉਹ ਆਪਣੇ ਪਿੰਡ ਦਾ ਰਾਹ ਜਾਣਦਾ ਸੀ ਜਦੋਂ ਉਹ ਮਾਸਕੋ ਲਿਆਂਦਾ ਗਿਆ ਸੀ ਤਾਂ ਉਸ ਨੇ ਰਾਹ ਵਿਚ ਦੇਖੀਆਂ ਸਾਰੀਆਂ ਚੀਜ਼ਾਂ ਆਪਣੇ ਮਨ ਵਿਚ ਚੰਗੀ ਤਰ੍ਹਾਂ ਚਿਤਾਰ ਲਈਆਂ ਸਨ। ਇਹ ਪਿੰਡ ਵੱਡੀ ਸੜਕ ਤੋਂ ਸਿਰਫ 25 ਕੁ ਕਿਲੋਮੀਟਰ ਦੂਰ ਸੀ। ਉਹ ਹੁਣ ਉਸ ਸੜਕ ਉੱਤੇ ਜਾ ਰਿਹਾ ਸੀ। ਉਸ ਦੀ ਤੋਰ ਵਿਚ ਮਾਯੂਸੀ ਪਰ ਸਾਬਤਕਦਮੀ ਸੀ ਜਿਸ ਵਿਚ ਖੁਸ਼ੀ ਦੀ ਭਾਵਨਾ ਵੀ ਰਲੀ ਹੋਈ ਸੀ। ਉਹ ਤੇਜ਼-ਤੇਜ਼ ਤੁਰ ਰਿਹਾ ਸੀ, ਜਿਵੇਂ ਉਸ ਦੀ ਬੁੱਢੀ ਮਾਂ ਉਸ ਦੀ ਉਡੀਕ ਕਰ ਰਹੀ ਹੋਵੇ, ਜਿਵੇਂ ਉਹ ਬੜੇ ਸਾਲਾਂ ਤੋਂ ਦੂਰ-ਦੁਰਾਡੇ ਪਰਦੇਸੀ ਲੋਕਾਂ ਵਿਚ ਜੱਫ਼ਰ ਜਾਲ਼ ਰਿਹਾ ਸੀ ਅਤੇ ਹੁਣ ਉਸ ਨੂੰ ਘਰ ਵਾਪਸ ਬੁਲਾ ਲਿਆ ਸੀ।

ਸ਼ਾਂਤ, ਚੰਨ-ਚਾਨਣੀ ਵਿਚ ਗਰਮੀਆਂ ਦੀ ਰਾਤ ਪੈ ਰਹੀ ਸੀ। ਉਸ ਦੇ ਸੱਜੇ ਪਾਸੇ, ਜਿੱਥੇ ਸੂਰਜ ਹੁਣੇ-ਹੁਣੇ ਹੇਠਾਂ ਗਿਆ ਸੀ, ਦੁਮੇਲ ਤੇ ਚਿੱਟਿਆਈ ਵਿਚ ਲਾਲ ਰੰਗ ਦੀ ਧਾਰੀਆਂ ਸਨ। ਉਸ ਦੇ ਖੱਬੇ ਪਾਸੇ ਸ਼ਾਮ ਦੀ ਨੀਲੀ ਅਤੇ ਗੂੜ੍ਹੀ ਧੁੰਦ ਵਧ ਰਹੀ ਸੀ। ਉਹ ਚੱਲਦਾ ਗਿਆ, ਚੱਲਦਾ ਗਿਆ। ਰਾਤ ਬੀਤ ਗਈ। ਹਜ਼ਾਰਾਂ ਬਟੇਰੇ ਉਸ ਦੇ ਆਲੇ-ਦੁਆਲੇ ਉੱਚੀ ਉੱਚੀ ਗਾ ਰਹੇ ਸਨ। ਹਜ਼ਾਰਾਂ ਜੰਗਲੀ ਪੰਛੀ ਪੂਰੇ ਜ਼ੋਰ ਨਾਲ ਚੀਕ-ਚਿਹਾੜਾ ਮਚਾ ਰਹੇ ਸਨ, ਜਿਵੇਂ ਇਕ ਦੂਜੇ ਨੂੰ ਮਾਤ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋਣ। ਗਰਾਸੀਮ ਉਨ੍ਹਾਂ ਨੂੰ ਨਹੀਂ ਸੁਣ ਸਕਦਾ ਸੀ, ਜਿਵੇਂ ਉਨ੍ਹਾਂ ਰੁੱਖਾਂ ਦੀਆਂ ਕੋਮਲ ਅਤੇ ਰਹੱਸਮਈ ਸਰਗੋਸ਼ੀਆਂ ਨਹੀਂ ਸੁਣ ਸਕਦਾ ਸੀ ਜਿਨ੍ਹਾਂ ਵਿਚੋਂ ਉਸ ਦੀਆਂ ਤਕੜੀਆਂ ਲੱਤਾਂ ਰਾਤ ਵੇਲੇ ਉਸ ਨੂੰ ਲਈ ਜਾ ਰਹੀਆਂ ਸਨ ਪਰ ਉਹ ਖੇਤਾਂ ਵਿਚੋਂ ਆ ਰਹੀ ਪੱਕੀ ਹੋਈ ਰਾਈ ਦੀ ਜਾਣੀ ਪਛਾਣੀ ਮਹਿਕ ਨੂੰ ਮਾਣ ਸਕਦਾ ਸੀ। ਉਹ ਦੋਸਤਾਨਾ ਹਵਾ, ਆਪਣੇ ਵਤਨ ਦੀ ਹਵਾ, ਉਸ ਦੇ ਚੌੜੇ ਚਿਹਰੇ ਤੇ ਲੱਗਦੀ ਅਤੇ ਆਪਣੇ ਮਟਮੈਲੇ ਰੰਗ ਦੇ ਖੁੱਲ੍ਹੇ ਵਾਲਾਂ ਦੀਆਂ ਲੰਮੀਆਂ ਲਿਟਾਂ ਨਾਲ ਖੇਡਦੀ ਹਵਾ ਮਹਿਸੂਸ ਕਰ ਸਕਦਾ ਸੀ, ਜਿਵੇਂ ਕਿ ਇਹ ਉਸ ਦੇ ਦੋਸਤਾਨਾ ਸਵਾਗਤ ਲਈ ਉਮਲ੍ਹ-ਉਮਲ੍ਹ ਆ ਰਹੀ ਹੋਵੇ। ਉਹ ਉਸ ਦੇ ਅੱਗੇ ਸਿੱਧੀ ਸਤੋਰ ਚਿੱਟੀ ਹੋ ਰਹੀ ਸੜਕ ਦੇਖ ਸਕਦਾ ਸੀ। ਸੜਕ ਜੋ ਸਿੱਧੀ ਉਸ ਦੇ ਵਤਨ ਨੂੰ ਜਾਂਦੀ ਸੀ। ਉਹ ਲੱਖਾਂ ਤਾਰੇ ਦੇਖ ਸਕਦਾ ਸੀ ਜੋ ਰਾਤ ਨੂੰ ਉਸ ਦੇ ਉੱਪਰ ਟਿਮਟਿਮਾ ਰਹੇ ਸਨ ਅਤੇ ਸਵੇਰ ਦੀ ਸਲੇਟੀ ਧੁੰਦ ਵਿਚ ਇਕ-ਇਕ ਕਰਕੇ ਘੁਲਦੇ ਜਾਂਦੇ ਸਨ। ਇਕ ਤਕੜੇ ਸ਼ੇਰ ਦੀ ਤਰ੍ਹਾਂ ਉਹ ਅੱਗੇ ਵਧਦਾ ਗਿਆ। ਲੰਮੀਆਂ-ਲੰਮੀਆਂ ਨਿਡਰ ਪੁਲਾਂਘਾਂ ਭਰਦਾ ਜਦੋਂ ਚੜ੍ਹਦੇ ਸੂਰਜ ਨੇ ਉਸ ਦੇ ਲਿਸ਼ਕਦੇ ਚਿਹਰੇ ਨੂੰ ਆਪਣੀਆਂ ਪਹਿਲੀਆਂ ਕਿਰਨਾਂ ਨਾਲ ਛੂਹਿਆ ਤਾਂ ਉਹ ਮਾਸਕੋ ਤੋਂ 35 ਕੁ ਕਿਲੋਮੀਟਰ ਦੀ ਦੂਰੀ 'ਤੇ ਸੀ।
ਦੋ ਦਿਨਾਂ ਵਿਚ ਗਰਾਸੀਮ ਘਰ ਆ ਪੁੱਜਾ ਅਤੇ ਆਪਣੀ ਕੁੱਲੀ ਵਿਚ ਦਾਖ਼ਲ ਹੋ ਗਿਆ। ਇਕ ਸਿਪਾਹੀ ਦੀ ਵਿਧਵਾ, ਜਿਸ ਨੂੰ ਕੁੱਲੀ ਸਾਂਭ ਲੈਣ ਦੀ ਇਜਾਜ਼ਤ ਦਿੱਤੀ ਗਈ ਸੀ, ਉਸ ਨੂੰ ਅੰਦਰ ਵੜਦੇ ਦੇਖ ਕੇ ਹੈਰਾਨ ਹੋ ਗਈ। ਅੰਦਰ ਵੜਦੇ ਹੀ ਉਹ ਪਵਿੱਤਰ ਮੂਰਤੀ ਅੱਗੇ ਝੁੱਕਿਆ ਅਤੇ ਆਪਣੀ ਛਾਤੀ ਉੱਤੇ ਸਲੀਬ ਦਾ ਨਿਸ਼ਾਨ ਬਣਾਇਆ ਅਤੇ ਪਿੰਡ ਦੇ ਫੋਰਮੈਨ ਨੂੰ ਮਿਲਣ ਲਈ ਤੁਰੰਤ ਬਾਹਰ ਆ ਗਿਆ। ਫੋਰਮੈਨ ਵੀ ਉਸ ਨੂੰ ਦੇਖ ਕੇ ਹੈਰਾਨ ਹੋ ਗਿਆ ਪਰ ਘਾਹ ਦੀ ਵਾਢੀ ਅਜੇ ਸ਼ੁਰੂ ਹੀ ਹੋਈ ਸੀ ਅਤੇ ਗਰਾਸੀਮ ਜਿਹੇ ਕਾਮੇ ਦੀ ਬੜੀ ਲੋੜ ਸੀ। ਜਲਦੀ ਹੀ ਉਸ ਨੂੰ ਇਕ ਦਾਤੀ ਥਮਾ ਦਿੱਤੀ ਗਈ ਅਤੇ ਉਹ ਵਾਢੀ ਕਰਨ ਲਈ ਕੰਮ 'ਤੇ ਚਲਾ ਗਿਆ ਜਿਵੇਂ ਉਹ ਪੁਰਾਣੇ ਸਮੇਂ ਵਿਚ ਕਰਿਆ ਕਰਦਾ ਸੀ। ਉਸ ਨੇ ਮਨ ਲਾ ਕੇ ਕੰਮ ਕੀਤਾ। ਦਾਤੀ 'ਤੇ ਉਸ ਦੇ ਹੱਥ ਦੀ ਸ਼ਕਤੀਸ਼ਾਲੀ ਪਕੜ ਅਤੇ ਉਸ ਦੀ ਫਾਂਟ ਦੇਖ ਕੇ ਦੂਜੇ ਮਜ਼ਦੂਰ ਦੰਗ ਰਹਿ ਜਾਂਦੇ।
ਗਰਾਸੀਮ ਦੇ ਮਾਸਕੋ ਛੱਡਣ ਤੋਂ ਇਕ ਦਿਨ ਬਾਅਦ ਘਰ ਵਿਚ ਉਸ ਦੀ ਕਮੀ ਮਹਿਸੂਸ ਹੋਈ ਤਾਂ ਦੋ ਜਣੇ ਉਸ ਦੀ ਕੋਠੜੀ ਵਿਚ ਗਏ ਅਤੇ ਇਸ ਨੂੰ ਖੁੱਲ੍ਹੀ ਅਤੇ ਖਾਲੀ ਦੇਖ ਕੇ ਸੇਵਾਦਰ ਗਵਰੀਲੋ ਨੂੰ ਗੁੰਗੇ-ਬੋਲ਼ੇ ਦੀ ਗ਼ੈਰ-ਹਾਜ਼ਰੀ ਦੱਸੀ। ਉਸ ਨੇ ਆਪਣੇ ਮੋਢੇ ਝਟਕੇ, ਆਪਣੇ ਸਿਰ ਦੇ ਪਿਛਲੇ ਪਾਸੇ ਖੁਰਕ ਕੀਤੀ ਅਤੇ ਸਿੱਟਾ ਕੱਢਿਆ ਕਿ ਗਰਾਸੀਮ ਜਾਂ ਤਾਂ ਆਪ ਵੀ ਕੁੱਤੇ ਦੇ ਨਾਲ ਡੁੱਬ ਮੋਇਆ ਸੀ ਜਾਂ ਭੱਜ ਗਿਆ ਸੀ। ਉਸ ਨੇ ਪੁਲਿਸ ਹੈੱਡਕੁਆਰਟਰ ਨੂੰ ਇਹ ਸੁਨੇਹਾ ਭੇਜਿਆ ਕਿ ਫਲਾਂ ਭੋਂ-ਗ਼ੁਲਾਮ ਲਾਪਤਾ ਸੀ ਅਤੇ ਇਹ ਗੱਲ ਮਾਲਕਣ ਨੂੰ ਦੱਸਣ ਲਈ ਗਿਆ।
ਇਹ ਸੁਣ ਕੇ ਮਾਲਕਣ ਗੁੱਸੇ ਨਾਲ ਲਾਲ-ਪੀਲੀ ਹੋ ਗਈ। ਉਹ ਚੀਖਦੀ, ਝਿੜਕਦੀ, ਧਮਕੀਆਂ ਦਿੰਦੀ ਅਤੇ ਬੇਹੋਸ਼ ਹੋ ਜਾਂਦੀ। ਉਸ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਉਸ ਨੇ ਕਦੇ ਕੁੱਤੇ ਨੂੰ ਤਬਾਹ ਕਰਨ ਦਾ ਹੁਕਮ ਨਹੀਂ ਦਿੱਤਾ ਅਤੇ ਆਖ਼ਿਰ ਉਸ ਨੇ ਸੇਵਾਦਾਰਰ ਨੂੰ ਅਜਿਹੀ ਝਿੜਕ ਦਿੱਤੀ ਕਿ ਉਹ ਸਾਰਾ ਦਿਨ ਆਪਣਾ ਸਿਰ ਖੁਰਕਦਾ ਰਿਹਾ ਅਤੇ "ਠੀਕ ਹੈ, ਠੀਕ ਹੈ!" ਬਕਦਾ ਰਿਹਾ। ਕੇਵਲ ਸ਼ਾਮ ਨੂੰ ਹੀ ਅੰਕਲ ਖਵੋਸਤ ਉਸ ਨੂੰ "ਠੀਕ, ਠੀਕ, ਠੀਕ ਹੈ!" ਕਹਿ ਕੇ ਉਸ ਦਾ ਦਿਮਾਗ਼ ਟਿਕਾਣੇ ਲਿਆਉਣ ਵਿਚ ਕਾਮਯਾਬ ਹੋਇਆ।
ਚਾਰ ਦਿਨ ਬਾਅਦ ਇਹ ਜਾਣਕਾਰੀ ਪਿੰਡ ਤੋਂ ਆਈ ਕਿ ਗਰਾਸੀਮ ਸੁਰੱਖਿਅਤ ਪਿੰਡ ਪਹੁੰਚ ਗਿਆ ਸੀ। ਮਾਲਕਣ ਨੂੰ ਥੋੜ੍ਹੀ ਜਿਹਾ ਚੈਨ ਮਿਲਿਆ। ਉਸ ਨੇ ਹੁਕਮ ਦਿੱਤਾ ਕਿ ਉਸ ਨੂੰ ਤੁਰੰਤ ਵਾਪਸ ਮਾਸਕੋ ਭੇਜਿਆ ਜਾਵੇ ਪਰ ਇਕ ਪਲ ਸੋਚਣ ਦੇ ਬਾਅਦ ਉਸ ਨੇ ਇਹ ਕਹਿੰਦੇ ਹੋਏ ਹੁਕਮ ਵਾਪਸ ਲੈ ਲਿਆ ਕਿ ਉਸ ਨੂੰ ਆਪਣੇ ਘਰ ਅਜਿਹੇ ਨਾਸ਼ੁਕਰੇ ਨੌਕਰ ਦੀ ਕੋਈ ਲੋੜ ਨਹੀ ਸੀ।
ਐਪਰ, ਛੇਤੀ ਹੀ ਪਿੱਛੋਂ ਉਸ ਦੀ ਮੌਤ ਹੋ ਗਈ, ਅਤੇ ਉਸ ਦੇ ਵਾਰਸਾਂ ਨੂੰ ਗਰਾਸੀਮ ਵਿਚ ਕੋਈ ਵਿਸ਼ੇਸ਼ ਦਿਲਚਸਪੀ ਨਹੀਂ ਸੀ। ਉਨ੍ਹਾਂ ਨੇ ਉਨ੍ਹਾਂ ਦੀ "ਪਿਆਰੀ ਮਾਂ ਦੇ" ਘਰੇਲੂ ਨੌਕਰ, ਸਾਰੇ ਭੋਂ-ਗ਼ੁਲਾਮਾਂ ਨੂੰ ਕੁਝ ਸਾਲਾਨਾ ਨਜ਼ਰਾਨੇ ਬਦਲੇ ਜਿੱਥੇ ਜੀ ਕਰੇ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ।
ਗਰਾਸੀਮ ਅਜੇ ਵੀ ਆਪਣੀ ਸੁੰਨ ਮਸੁੰਨੀ ਕੁੱਲੀ ਵਿੱਚ ਅਲੱਗ-ਥਲੱਗ ਰਹਿੰਦਾ ਹੈ। ਉਹ ਪਹਿਲਾਂ ਜਿੰਨਾ ਹੀ ਤੰਦਰੁਸਤ ਅਤੇ ਮਜ਼ਬੂਤ ਹੈ ਅਤੇ ਚਾਰ ਆਮ ਆਦਮੀਆਂ ਜਿੰਨਾ ਕੰਮ ਕਰਦਾ ਹੈ, ਜਿਵੇਂ ਉਹ ਪਹਿਲਾਂ ਕਰਦਾ ਹੁੰਦਾ ਸੀ। ਉਹ ਪਹਿਲਾਂ ਦੀ ਤਰ੍ਹਾਂ ਹੀ ਗੰਭੀਰ ਅਤੇ ਅਡੋਲ-ਚਿੱਤ ਹੈ। ਉਸ ਦੇ ਗੁਆਂਢੀਆਂ ਨੇ ਦੇਖਿਆ ਹੈ ਕਿ ਜਦੋਂ ਤੋਂ ਉਹ ਮਾਸਕੋ ਤੋਂ ਵਾਪਸ ਆਇਆ ਹੈ ਉਸ ਨੇ ਕਦੇ ਵੀ ਔਰਤਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਉਸ ਨੇ ਕੋਈ ਕੁੱਤਾ ਨਹੀਂ ਪਾਲਿਆ।
"ਇਹ ਉਸ ਦੇ ਲਈ ਚੰਗਾ ਹੀ ਹੈ" ਉਹ ਅਕਸਰ ਟਿੱਪਣੀ ਕਰਦੇ ਹਨ, "ਕਿ ਉਹ ਔਰਤ ਕੋਲੋਂ ਪ੍ਰੇਸ਼ਾਨ ਹੋਣ ਦੇ ਦੁੱਖ ਤੋਂ ਤਾਂ ਬਚਿਆ ਹੋਇਆ ਹੈ।" ਜਿਥੋਂ ਤੱਕ ਕੁੱਤੇ ਦਾ ਸਵਾਲ ਹੈ - ਉਸ ਨੇ ਕੁੱਤੇ ਤੋਂ ਕੀ ਲੈਣਾ ਹੈ? ਬੈਲਾਂ ਦੀ ਜੋੜੀ ਨਾਲ ਖਿੱਚ ਕੇ ਵੀ ਕੋਈ ਚੋਰ ਉਸ ਦੀ ਕੁੱਲੀ ਤੱਕ ਨਹੀਂ ਲਿਆਂਦਾ ਜਾ ਸਕਦਾ।"
ਇਸ ਪ੍ਰਕਾਰ ਇਹ ਕਹਾਣੀ ਦਿਓਕੱਦ ਅਤੇ ਸ਼ਕਤੀਸ਼ਾਲੀ ਬੋਲ਼ੇ-ਗੁੰਗੇ ਭੋਂ-ਗ਼ੁਲਾਮ ਬਾਰੇ ਸੁਣਾਈ ਜਾਂਦੀ ਹੈ।
ਸਮਾਪਤ

(ਮਿਨਿਨ=ਕੁਜ਼ਮਾ ਮਿਨਿਨ ਨਿਜਨੀ ਨੋਵੋਗਰੋਦ ਦਾ ਇਕ ਤਕੜਾ ਦੇਸ਼ ਭਗਤ ਸੀ। ਉਸ ਨੇ ਆਪਣੇ ਦੇਸ਼ ਵਾਸੀਆਂ ਨੂੰ ਸਾਲ 1612 ਵਿੱਚ ਪੋਲਿਸ਼ ਅਤੇ ਸਵੀਡਿਸ਼ ਹਮਲਾਵਰਾਂ ਤੋਂ ਆਪ ਨੂੰ ਆਜ਼ਾਦ ਕਰਾਉਣ ਲਈ ਜ਼ੋਰਦਾਰ ਅਪੀਲਾਂ ਕਰਕੇ ਜੱਦੋਜਹਿਦ ਲਈ ਤਿਆਰ ਕੀਤਾ ਅਤੇ ਸਫ਼ਲਤਾ ਪ੍ਰਾਪਤ ਕੀਤੀ ਸੀ। ਉਸ ਦੀ ਦਖਲਅੰਦਾਜ਼ੀ ਰਾਹੀਂ ਪ੍ਰਿੰਸ ਦਮਿਤਰੀ ਮਿਖਾਓਲਿਵਿਚ ਪੋਜ਼ਾਰਸ਼ਕੀ ਨੂੰ ਰੂਸੀ ਫ਼ੌਜ ਦਾ ਆਗੂ ਨਿਯੁਕਤ ਕੀਤਾ ਗਿਆ ਸੀ ਅਤੇ ਪੋਲਾਂ ਨੂੰ ਹਰਾਇਆ ਜਿਨ੍ਹਾਂ ਨੇ ਮਾਸਕੋ ਨੂੰ ਘੇਰ ਪਾਇਆ ਹੋਇਆ ਸੀ। ਆਮ ਲੋਕਾਂ ਦੀ ਰਵਾਇਤ ਵਿਚ ਇਹ ਦੋਵੇਂ ਨਾਂ ਸ਼ਕਤੀਸ਼ਾਲੀ ਯੋਧਿਆਂ ਦੇ ਰੂਪ ਵਿਚ ਆਉਂਦੇ ਹਨ।--ਐਚ. ਜੀ.)

(ਅਨੁਵਾਦਕ: ਚਰਨ ਗਿੱਲ)

  • ਮੁੱਖ ਪੰਨਾ : ਇਵਾਨ ਤੁਰਗਨੇਵ ਰੂਸੀ ਕਹਾਣੀਆਂ ਤੇ ਹੋਰ ਰਚਨਾਵਾਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ