Jaadu De Goley (Punjabi Story) : Kulbir Singh Suri

ਜਾਦੂ ਦੇ ਗੋਲ਼ੇ (ਕਹਾਣੀ) : ਕੁਲਬੀਰ ਸਿੰਘ ਸੂਰੀ

ਸੇਠ ਬਨਵਾਰੀ ਲਾਲ ਬੜਾ ਵੱਡਾ ਜ਼ਿਮੀਂਦਾਰ ਸੀ। ਉਸ ਦੀ ਨਾਲ ਲੱਗਦੇ ਤਿੰਨ-ਚਾਰ ਪਿੰਡਾਂ ਵਿਚ ਬਹੁਤ ਜ਼ਿਆਦਾ ਜ਼ਮੀਨ ਸੀ। ਬਹੁਤੀ ਜ਼ਮੀਨ ਉਹ ਠੇਕੇ ’ਤੇ ਦੇ ਦਿੰਦਾ ਪਰ ਕੁਝ ਜ਼ਮੀਨ ਉਪਰ ਉਸ ਦੇ ਕੰਮ ਕਰਨ ਵਾਲੇ ਕਾਮੇ ਵਾਹੀ ਕਰਦੇ।
ਸੇਠ ਬਨਵਾਰੀ ਲਾਲ ਬਹੁਤ ਅਮੀਰ ਹੋਣ ਦੇ ਬਾਵਜੂਦ ਦਿਲ ਦਾ ਚੰਗਾ ਆਦਮੀ ਸੀ। ਉਹ ਆਪਣੇ ਕਾਮਿਆਂ ਨੂੰ ਕਿਸੇ ਕਿਸਮ ਦੀ ਤੰਗੀ ਨਹੀਂ ਸੀ ਆਉਣ ਦਿੰਦਾ। ਸੇਠ ਵਿਚ ਇਕ ਬੜੀ ਵੱਡੀ ਕਮਜ਼ੋਰੀ ਸੀ। ਉਹ ਬੜਾ ਸੁਸਤ ਅਤੇ ਆਲਸੀ ਸੀ। ਉਹ ਸਾਰਾ ਦਿਨ ਲੇਟਿਆ ਰਹਿੰਦਾ। ਉਹ ਖਾਣ-ਪੀਣ ਦਾ ਸ਼ੌਕੀਨ ਸੀ। ਆਪਣੇ ਬਿਸਤਰ ਉਪਰ ਹੀ ਬੈਠਾ-ਬੈਠਾ ਉਹ ਖਾਂਦਾ-ਪੀਂਦਾ ਰਹਿੰਦਾ ਜਾਂ ਸੁੱਤਾ ਰਹਿੰਦਾ।
ਜਵਾਨੀ ਦੇ ਦਿਨ ਤਾਂ ਉਸ ਦੇ ਚੰਗੇ ਨਿਕਲ ਗਏ। ਜਦੋਂ ਉਹ ਵਡੇਰੀ ਉਮਰ ਵਿਚ ਪੈਰ ਰੱਖਣ ਲੱਗਿਆ ਤਾਂ ਬਦਹਜ਼ਮੀ ਕਰਕੇ ਉਸ ਨੂੰ ਕਈ ਤਰ੍ਹਾਂ ਦੀਆਂ ਤਕਲੀਫਾਂ ਰਹਿਣੀਆਂ ਸ਼ੁਰੂ ਹੋ ਗਈਆਂ। ਪਹਿਲਾਂ ਤਾਂ ਉਸ ਨੇ ਪ੍ਰਵਾਹ ਨਾ ਕੀਤੀ ਪਰ ਜਦੋਂ ਤਕਲੀਫਾਂ ਜ਼ੋਰ ਫੜਨ ਲੱਗੀਆਂ ਤਾਂ ਉਸ ਨੇ ਆਪਣੇ ਇਲਾਕੇ ਦੇ ਸਭ ਤੋਂ ਵੱਡੇ ਵੈਦ (ਹਕੀਮ) ਨੂੰ ਬੁਲਾਇਆ।
ਵੈਦ ਨੂੰ ਪਤਾ ਸੀ ਕਿ ਇਹ ਬੰਦਾ ਖਾਣ-ਪੀਣ ਦਾ ਸ਼ੌਕੀਨ ਹੈ ਪਰ ਇਸ ਨੇ ਕਦੀ ਹੱਡ-ਭੰਨ ਕੇ ਦੂਹਰਾ ਨਹੀਂ ਕੀਤਾ। ਵੈਦ ਦੇ ਖਿਆਲ ਵਿਚ ਉਸ ਨੂੰ ਦਵਾਈ ਦੀ ਨਹੀਂ ਸਗੋਂ ਆਪਣਾ ਸਰੀਰ ਹਿਲਾਉਣ ਯਾਨੀ ਕਸਰਤ ਕਰਨ ਦੀ ਜ਼ਰੂਰਤ ਸੀ। ਵੈਦ ਨੇ ਸੇਠ ਬਨਵਾਰੀ ਲਾਲ ਦਾ ਚੰਗੀ ਤਰ੍ਹਾਂ ਮੁਆਇਨਾ ਕੀਤਾ ਅਤੇ ਅਗਲੇ ਦਿਨ ਇਕ ਜਾਦੂ ਦੀ ਦਵਾਈ ਦੇਣ ਦਾ ਵਾਇਦਾ ਕੀਤਾ। ਅਗਲੇ ਦਿਨ ਵੈਦ ਸੇਠ ਕੋਲ ਆਇਆ। ਵੈਦ ਨੇ ਦੋ ਡੰਬਲ ਚੁੱਕੇ ਹੋਏ ਸਨ। ਵੈਦ ਨੇ ਕਿਹਾ, ‘‘ਸੇਠ ਸਾਹਿਬ, ਇਹ ਦੋ ਜਾਦੂ ਦੇ ਗੋਲ-ਗੋਲ ਗੋਲੇ ਹਨ। ਇਹ ਤੁਹਾਨੂੰ ਬਿਲਕੁਲ ਤੰਦਰੁਸਤ ਕਰ ਦੇਣਗੇ। ਤੁਸੀਂ ਇਨ੍ਹਾਂ ਦੋਹਾਂ ਗੋਲਿਆਂ ਨੂੰ ਉਪਰ-ਥੱਲੇ, ਅੱਗੇ-ਪਿੱਛੇ ਉਤਨੀ ਦੇਰ ਕਰੀ ਜਾਣਾ ਹੈ, ਜਿੰਨੀ ਦੇਰ ਤੁਹਾਨੂੰ ਚੰਗੀ ਤਰ੍ਹਾਂ ਪਸੀਨਾ ਨਾ ਆ ਜਾਵੇ। ਪਸੀਨਾ ਆਉਣ ਤੋਂ ਬਾਅਦ ਹੀ ਇਨ੍ਹਾਂ ਜਾਦੂ ਦੇ ਗੋਲਿਆਂ ਨੇ ਅਸਰ ਕਰਨਾ ਹੈ।’’
ਸੇਠ ਨੇ ਵੈਦ ਜੀ ਦੇ ਕਹਿਣ ਮੁਤਾਬਕ ਉਨ੍ਹਾਂ ਡੰਬਲਾਂ ਨੂੰ ਉੱਪਰ-ਥੱਲੇ, ਅੱਗੇ-ਪਿੱਛੇ ਕਰਨਾ ਸ਼ੁਰੂ ਕਰ ਦਿੱਤਾ। ਪਹਿਲੇ ਕੁਝ ਦਿਨ ਤਾਂ ਸੇਠ ਹੋਰੀਂ ਬੜੇ ਔਖੇ ਹੋਏ, ਉਨ੍ਹਾਂ ਨੂੰ ਸਾਹ ਚੜ੍ਹ ਗਿਆ ਅਤੇ ਬਹੁਤ ਜ਼ਿਆਦਾ ਥਕਾਵਟ ਹੋ ਗਈ ਪਰ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਨੂੰ ਲੱਗਿਆ ਕਿ ਜਾਦੂ ਦੇ ਗੋਲਿਆਂ ਨੇ ਅਸਰ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਸਰੀਰ ਵਿਚ ਫੁਰਤੀ ਆ ਰਹੀ ਹੈ, ਭੁੱਖ ਜ਼ਿਆਦਾ ਲੱਗ ਰਹੀ ਹੈ। ਕੁਝ ਦਿਨ ਹੋਰ ਲੰਘ ਗਏ ਤਾਂ ਸੇਠ ਹੋਰੀਂ ਬਿਲਕੁਲ ਤੰਦਰੁਸਤ ਮਹਿਸੂਸ ਕਰਨ ਲੱਗ ਪਏ। ਉਹ ਵੈਦ ਜੀ ਦੇ ਜਾਦੂ ਦੇ ਗੋਲਿਆਂ ਤੋਂ ਬੜਾ ਪ੍ਰਭਾਵਿਤ ਹੋਏ। ਉਨ੍ਹਾਂ ਨੇ ਵੈਦ ਨੂੰ ਬੁਲਾ ਕੇ ਇਨਾਮ ਦਿੱਤਾ ਅਤੇ ਗੋਲਿਆਂ ਦਾ ਰਹੱਸ ਪੁੱਛਿਆ।
ਵੈਦ ਜੀ ਨੇ ਕਿਹਾ, ‘‘ਸੇਠ ਜੀ, ਇਹ ਜਾਦੂ ਦੇ ਗੋਲੇ ਹਨ। ਤੁਸੀਂ ਇਨ੍ਹਾਂ ਦੀ ਵਰਤੋਂ, ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਹੈ, ਜੇ ਰੋਜ਼ ਕਰੀ ਚੱਲੋਗੇ ਤਾਂ ਤੁਹਾਡੇ ਨੇੜੇ ਕੋਈ ਵੀ ਬੀਮਾਰੀ ਨਹੀਂ ਆਏਗੀ। ਜਿਸ ਦਿਨ ਤੁਸੀਂ ਇਨ੍ਹਾਂ ਜਾਦੂ ਦੇ ਗੋਲਿਆਂ ਨੂੰ ਉਪਰ-ਥੱਲੇ, ਅੱਗੇ-ਪਿੱਛੇ ਕਰਨਾ ਛੱਡ ਦਿੱਤਾ, ਉਸੇ ਦਿਨ ਤੁਸੀਂ ਬੀਮਾਰ ਪੈ ਜਾਓਗੇ।
ਸੇਠ ਬਨਵਾਰੀ ਲਾਲ ਅੱਜ ਆਪਣੇ ਪਿੰਡ ਵਿਚ ਸਭ ਤੋਂ ਲੰਮੀ ਉਮਰ ਦੇ ਤੰਦਰੁਸਤ ਬਜ਼ੁਰਗ ਹਨ। ਉਹ ਅੱਜ ਵੀ ਜਾਦੂ ਦੇ ਗੋਲਿਆਂ ਦੀ ਉਸੇ ਤਰ੍ਹਾਂ ਵਰਤੋਂ ਕਰਦੇ ਹਨ ਜਿਸ ਤਰ੍ਹਾਂ ਵੈਦ ਜੀ ਨੇ ਉਨ੍ਹਾਂ ਨੂੰ ਬਹੁਤ ਸਾਲ ਪਹਿਲਾਂ ਦੱਸੀ ਸੀ।
ਜੇ ਅਸੀਂ ਤੰਦਰੁਸਤ ਰਹਿਣਾ ਹੈ ਤਾਂ ਸਾਡੇ ਸਾਰਿਆਂ ਲਈ ਰੋਜ਼ ਕਸਰਤ ਅਤੇ ਸੈਰ ਕਰਨੀ ਬਹੁਤ ਜ਼ਰੂਰੀ ਹੈ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਕੁਲਬੀਰ ਸਿੰਘ ਸੂਰੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ