Jaalsaaz (Punjabi Story): Amrit Kaur

ਜਾਅਲਸਾਜ਼ (ਕਹਾਣੀ) : ਅੰਮ੍ਰਿਤ ਕੌਰ

"ਆਹ ਦੇਖੀਂ ਕੁੜੇ ਫੂਨ... ਕੋਈ ਭਾਈ ਬੋਲਦੈ... ਕਹਿੰਦਾ ਥੋਡੇ ਨੰਬਰ ਤੇ ਦੋ ਲੱਖ ਨਿਆਮ ਨਿਕਲਿਆ...ਪਰ ਆਪਾਂ ਨੂੰ ਥੋੜ੍ਹੇ ਜੇ ਪੈਸੇ ਭਰਨੇ ਪੈਣਗੇ । ਦੇਖ ਤਾਂ ਕੀ ਕਹਿੰਦਾ.. ਕਿੱਥੇ ਭਰਨੇ ਪੈਣਗੇ। " ਮੇਲੋ ਨੇ ਨੂੰਹ ਨੂੰ ਫੋਨ ਫੜਾਉਂਦਿਆਂ ਕਿਹਾ । ਨਾਲ ਹੀ ਨਸੀਹਤ ਵੀ ਦਿੱਤੀ,

"ਚੱਜ ਨਾਲ ਗੱਲ ਕਰੀਂ ।"
ਨੂੰਹ ਨੇ 'ਹੈਲੋ' ਆਖਿਆ, ਅੱਗੋਂ ਭਾਈ ਨੇ ਸਾਰੀ ਸਕੀਮ ਸਮਝਾ ਦਿੱਤੀ।
" ਸਾਨੂੰ ਵੀਹ ਹਜ਼ਾਰ ਪਹਿਲਾਂ ਭਰਨਾ ਪਊ। ਦੋ ਲੱਖ ਲੈਣ ਵਾਸਤੇ?" ਨੂੰਹ ਨੇ ਪੁੱਛਿਆ।
"ਹਾਂ ਜੀ। "
"ਫਿਰ ਦੋ ਲੱਖ ਸਾਨੂੰ ਆਪ ਆ ਕੇ ਲੈਣੇ ਪੈਣਗੇ ਜਾਂ ਭੇਜ ਦਿਓਗੇ?"
" ਤੁਸੀਂ ਬਸ ਵੀਹ ਹਜ਼ਾਰ ਲੈ ਕੇ ਆਉਣਾ ਕੈਸ਼। ਦੋ ਲੱਖ ਲੈ ਜਾਣਾ। ਭਾਵੇਂ ਆਪਣੇ ਖਾਤੇ ਪਵਾ ਲੈਣਾ। ਤੁਸੀਂ ਵੀਹ ਹਜ਼ਾਰ ਖਾਤੇ ਵਿੱਚ ਵੀ ਜਮ੍ਹਾਂ ਕਰ ਸਕਦੇ ਓ। "
"ਫੇਰ ਤਾਂ ਭਾਈ ਸੌਖਾ ਈ ਐ ਹੱਲ.... ਤੁਸੀਂ ਵੀਹ ਦੀ ਥਾਂ ਤੀਹ ਹਜ਼ਾਰ ਕੱਟ ਲੈਣਾ... ਦੋ ਲੱਖ ਵਿੱਚੋਂ.. ਬਾਕੀ ਪੈਸੇ ਭੇਜ ਦੇਣਾ। "
ਅੱਗੋਂ ਫੋਨ ਕੱਟ ਦਿੱਤਾ ਗਿਆ।

ਮੇਲੋ ਨੇ ਮੱਥੇ ਤੇ ਹੱਥ ਮਾਰਿਆ " ਝਾੜਾਂ ਨੂੰ ਲੱਗਦੈ ਦਸ ਹਜ਼ਾਰ... ਮਿੰਟ ਵਿੱਚ ਜੀਭ ਹਿਲਿਆ ਤੀ... ਤੀਹ ਕੱਟ ਲੈਣਾ। ...ਮੋਟੇ ਦਿਮਾਗ ਆਲੀ। " ਮੇਲੋ ਕਿੰਨਾ ਚਿਰ ਬੁੜ ਬੁੜ ਕਰਦੀ ਰਹੀ।

ਨੂੰਹ ਨੇ ਬਥੇਰਾ ਕਿਹਾ ਕਿ ਇਹ ਠੱਗ ਹੁੰਦੇ ਨੇ। ਭੋਲੇ ਭਾਲੇ ਲੋਕਾਂ ਨੂੰ ਲਾਲਚ ਵਿੱਚ ਫਸਾ ਕੇ ਲੁੱਟ ਲੈਂਦੇ ਨੇ। ਪਰ ਮੇਲੋ ਨੂੰ ਅੱਜ ਆਪਣੀ ਨੂੰਹ ਕੌੜੀ ...ਜ਼ਹਿਰ ਵਰਗੀ ਲੱਗ ਰਹੀ ਸੀ।
ਨੂੰਹ ਨੇ ਸੱਸ ਨਾਲ ਬਹਿਸ ਕਰਨੀ ਛੱਡ ਦਿੱਤੀ। ਉਸ ਨੂੰ ਪਤਾ ਸੀ ਕਿ ਇਸ ਤਰ੍ਹਾਂ ਘਰ ਵਿੱਚ ਕਲੇਸ਼ ਪੈ ਸਕਦਾ ਹੈ।

ਸੱਸ ਨੇ ਉਹਦੇ ਜੰਮਣ ਵਾਲਿਆਂ ਨੂੰ ਕੋਸਣਾ ਸੀ ਤੇ ਉਸ ਨੂੰ ਗੁੱਸਾ ਆ ਜਾਣਾ ਸੀ। ਜਦੋਂ ਵੀ ਉਹ ਸੱਸ ਦੀ ਨਜ਼ਰ ਵਿੱਚ ਗਲਤ ਹੁੰਦੀ ਤਾਂ ਸੱਸ ਉਸ ਦੇ ਪੇਕਿਆਂ ਨੂੰ ਜਾ ਫੜਦੀ। ਇਸੇ ਤਰ੍ਹਾਂ ਹੀ ਤਾਂ ਵਧ ਜਾਂਦੇ ਨੇ ਘਰਾਂ ਦੇ ਕਲੇਸ਼। ਗੱਲ ਰਾਈ ਜਿੰਨੀ ਹੁੰਦੀ ਹੈ.. ਪਰ ਜਿਹੜੀ ਉਸ ਤੇ ਚਰਚਾ ਹੁੰਦੀ ਐ। ਉਹ ਲੋੜ ਤੋਂ ਵੱਧ ਹੋ ਜਾਂਦੀ ਹੈ। ਇਹੀ ਗੱਲਾਂ ਸੋਚ ਕੇ ਨੂੰਹ ਨੇ ਚੁੱਪ ਰਹਿਣ ਵਿੱਚ ਹੀ ਭਲਾਈ ਸਮਝੀ।

ਸਾਰਾ ਦਿਨ ਮੇਲੋ ਦਾ ਮਨ ਖਰਾਬ ਰਿਹਾ। ਉਸ ਨੂੰ ਲੱਗ ਰਿਹਾ ਸੀ ਜਿਵੇਂ ਉਸ ਦੀ ਨੂੰਹ ਨੇ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਹੋਵੇ। ਉਸ ਨੇ ਆਪਣੀ ਨੂੰਹ ਨਾਲ ਸਿੱਧੇ ਮੂੰਹ ਗੱਲ ਵੀ ਨਾ ਕੀਤੀ। ਸ਼ਾਮ ਨੂੰ ਮੇਲੋ ਦਾ ਪਤੀ ਤੇ ਪੁੱਤਰ ਘਰ ਆਏ।ਆਪਸ ਵਿੱਚ ਗੱਲਾਂ ਕਰ ਰਹੇ ਸਨ।

"ਬੰਦੇ ਨੂੰ ਅਕਲ ਤੋਂ ਕੰਮ ਲੈਣਾ ਚਾਹੀਦਾ। ਬੇਸਮਝੀ ਵਿੱਚ ਨੁਕਸਾਨ ਕਰਾ ਕੇ ਬਹਿ ਗਏ। " ਮੇਲੋ ਦੇ ਪਤੀ ਨੇ ਕਿਹਾ।
" ਕਈ ਲੋਕਾਂ ਦੇ ਦਿਮਾਗ ਮੋਟੇ ਹੁੰਦੇ ਨੇ ..ਮਿੰਟਾਂ ਵਿੱਚ ਹਜਾਰਾਂ ਦਾ ਘਾਟਾ ਪਾ ਲੈਂਦੇ ਨੇ। " ਮੇਲੋ ਨੇ ਨੂੰਹ ਵੱਲ ਦੇਖ ਕੇ ਆਖਿਆ।
" ਬੇਬੇ, ਅਸੀਂ ਪਤੈ ਕੀਹਦੀ ਗੱਲ ਕਰ ਰਹੇ ਆਂ ? " ਮੁੰਡੇ ਨੇ ਪੁੱਛਿਆ। ਬੇਬੇ ਚੁੱਪ ਕਰ ਗਈ।
" ਅੱਜ ਪਹਿਲੀ ਵਾਰ ਤੇਰੀ ਮਾਂ ਨੇ ਮੰਨਿਐ ਕਿ ਉਹਦੇ ਭਾਈਆਂ ਦੇ ਮੋਟੇ ਦਿਮਾਗ ਨੇ। "

ਮੇਲੋ ਨੂੰ ਤਾਂ ਜਿਵੇਂ ਸੱਤੀਂ ਕੱਪੜੀਂ ਅੱਗ ਲੱਗ ਗਈ ਹੋਵੇ। ਇਹ ਕਿਵੇਂ ਹੋ ਸਕਦਾ ਸੀ ਕਿ ਕੋਈ ਉਹਦੇ ਪੇਕਿਆਂ ਨੂੰ ਕੁਝ ਗਲਤ ਆਖੇ। ਉਹ ਗੁੱਸੇ ਨਾਲ ਭਰੀ ਪੀਤੀ ਉੱਠਣ ਲੱਗੀ ਸੀ। ਪਰ ਮੁੰਡੇ ਨੇ ਮੋਢਿਓਂ ਫੜ ਕੇ ਬਿਠਾ ਲਈ।
" ਮੇਰੇ ਮਾਮੇ ਬਹੁਤ ਚੰਗੇ ਨੇ... ਪਰ ਹਰ ਬੰਦੇ ਤੋਂ ਗਲਤੀ ਹੋ ਜਾਂਦੀ ਐ... । ਮੁੰਡੇ ਨੇ ਗੱਲ ਪੂਰੀ ਵੀ ਨਹੀਂ ਕੀਤੀ ਕਿ ਬਾਪੂ ਬੋਲ ਪਿਆ,

"ਤੇਰੇ ਸਿਆਣੇ ਤੇ ਅਕਲਮੰਦ ਭਾਈਆਂ ਤੋਂ ਕਿਸੇ ਨੇ ਤਿੰਨ ਲੱਖ ਦਾ ਲਾਲਚ ਦੇ ਕੇ.. ਤੀਹ ਹਜਾਰ ਫੁੰਗ ਲਿਆ। ਅਗਲੇ ਕਹਿੰਦੇ ਤੀਹ ਹਜਾਰ ਫਲਾਣੇ ਖਾਤੇ ਵਿੱਚ ਪਵਾ ਦਿਓ... ਇਹਨਾਂ ਸਿਆਣਿਆਂ ਨੇ ਪਵਾ ਦਿੱਤੇ... ਆੜ੍ਹਤੀਏ ਤੋਂ ਲੈ ਕੇ। ਜਦ ਅਗਲਿਆਂ ਦੇ ਦੱਸੇ ਪਤੇ ਟਿਕਾਣੇ ਤੇ ਪਹੁੰਚੇ... ਉੱਥੇ ਕੁਸ਼ ਵੀ ਨਾ... ਫੋਨ ਅਗਲਿਆਂ ਬੰਦ ਕਰ ਲਏ......ਠੱਗੇ ਗਏ ਵਿਚਾਰੇ ।" ਮੇਲੋ ਚੁੱਪ ਕਰਕੇ ਸੁਣ ਰਹੀ ਸੀ। ਉਸ ਦੀਆਂ ਅੱਖਾਂ ਭਰ ਆਈਆਂ।

" ਚਲ ਬਾਪੂ ਗਲਤੀਆਂ ਤਾਂ ਚੰਗਿਆਂ ਚੰਗਿਆਂ ਤੋਂ ਹੋ ਜਾਂਦੀਆਂ ਨੇ। " ਮੁੰਡੇ ਨੇ ਮਾਂ ਦੇ ਮੂੰਹ ਵੱਲ ਦੇਖ ਕੇ ਆਖਿਆ।

"ਪਰ ਅਸੀਂ ਗਲਤੀਆਂ ਤੋਂ ਸਬਕ ਲਈਏ ਤਾਂ ਗੱਲ ਬਣਦੀ ਐ। ਨਾਲੇ ਹੁਣ ਤਾਂ ਜਾਲਸਾਜ ਸਾਡੀਆਂ ਜੇਬਾਂ ਵਿੱਚ ਹੀ ਬੈਠੇ ਹੋਏ ਨੇ। ਆਪਾਂ ਕਿਵੇਂ ਬਚਣੈ ਇਹ ਸਾਨੂੰ ਸੋਚਣਾ ਪਊ।" ਬਾਪੂ ਨੇ ਜੇਬ ਵਿੱਚੋਂ ਮੋਬਾਈਲ ਕੱਢਦਿਆਂ ਕਿਹਾ।
" ਕਈ ਵਾਰੀ ਦਿਮਾਗ 'ਤੇ ਊਈਂ ਠੀਕਰਾ ਮੂਧਾ ਵੱਜ ਜਾਂਦੈ, ਕੁਸ਼ ਨੀ ਪਤਾ ਲੱਗਦਾ। " ਮੇਲੋ ਨੇ ਉਦਾਸ ਸੁਰ ਨਾਲ ਕਿਹਾ।

  • ਮੁੱਖ ਪੰਨਾ : ਕਹਾਣੀਆਂ, ਅੰਮ੍ਰਿਤ ਕੌਰ ਬਡਰੁੱਖਾਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ