Jaandi Bahar Dian Maaian : Iliyas Ghuman
ਜਾਂਦੀ ਬਹਾਰ ਦੀਆਂ ਮਾਈਆਂ : ਇਲਿਆਸ ਘੁੰਮਣ
ਮੇਰੀ ਗ੍ਰਿਫਤਾਰੀ ਦੀ ਖਬਰ ਹਰ ਪਾਸੇ ਖਿਲਰ ਗਈ ਸੀ ਪਰ ਇਸ ਖਬਰ ਨੂੰ ਮੇਰੇ ਜੱਦੀ ਪਿੰਡ ਦੇ ਦੋ ਘਰਾਂ ਦੀਆਂ ਪਿਛਲੀਆਂ ਕੋਠੜੀਆਂ ਵਿਚ ਵੜਨ ਤੀਕ ਏਨਾ ਚਿਰ ਹੋ ਗਿਆ ਸੀ ਕਿ ਮੇਰੀ ਰਿਹਾਈ ਵਿਚ ਵੀ ਦੋ ਈ ਘੰਟੇ ਰਹਿ ਗਏ ਸਨ। ਇਨ੍ਹਾਂ ਦੋ ਘੰਟਿਆਂ ਵਿਚ ਉਥੇ ਜੋ ਵਾਪਰੀ, ਉਹ ਬਾਅਦ ਵਿਚ ਵੱਖ-ਵੱਖ ਵਸੀਲਿਆਂ ਰਾਹੀਂ ਮੇਰੇ ਤੀਕਰ ਪੁੱਜੀ। ਉਨ੍ਹਾਂ ਦੋਹਾਂ ਵਿਚੋਂ ਪਹਿਲਾ ਘਰ ਮੇਰੇ ਨਾਨਕਿਆਂ ਦਾ ਸੀ। ਉਸ ਘਰ ਦੇ ਕੁਝ ਜੀਅ ਮੇਰੀ ਗ੍ਰਿਫਤਾਰੀ ਬਾਬਤ ਭੁੱਲ-ਭੁਲੇਖੇ ਈ ਰਤਾ ਉਚੀ ਆਵਾਜ਼ ਵਿਚ ਵਿਚਾਰ-ਵਟਾਂਦਰਾ ਕਰਦੇ ਰਹੇ। ਉਨ੍ਹਾਂ ਵਿਚੋਂ ਕਿਸੇ ਨੇ ਇਹ ਗਹੁ ਈ ਨਾ ਕੀਤੀ ਪਈ ਉਸ ਵੇਲੇ ਉਹ ਪਿਛਲੀ ਕੋਠੜੀ ਦੇ ਬੂਹੇ ਕੋਲ ਖਲੋਤੇ ਨੇ। ਫੇਰ ਕੀ ਸੀ, ਉਨ੍ਹਾਂ ਦੇ ਮੂੰਹੋਂ ਫੁੱਟਦੇ ਬੋਲ ਬੰਦ ਬੂਹੇ ਦੀਆਂ ਵਿਰਲਾਂ ਥਾਣੀਂ ਰਾਹ ਬਣਾਉਂਦੇ ਪਿਛਲੀ ਕੋਠੜੀ ਵਿਚ ਛੜੱਪੇ ਮਾਰਨ ਲੱਗ ਪਏ। ਉਸ ਹਨੇਰੀ ਕੋਠੜੀ ਦੇ ਅੰਦਰ ਕਿੜਤਲ ਦੀ ਇਕ ਮੰਜੀ ਡੱਠੀ ਹੋਈ ਸੀ। ਕਾਲੇ ਚਮੜੇ ਦੀਆਂ ਕੂਲੀਆਂ ਪੱਟੀਆਂ ਨਾਲ ਉਣੀ ਗਈ ਇਸ ਮੰਜੀ ਉਤੇ ਸਿਰਹਾਣੇ ਨਾਲ ਰਜ਼ਾਈ ਤਲਾਈ ਵਿਛੀ ਹੋਈ ਸੀ। ਤਰਵੀਂ ਨਜ਼ਰ ਨਾਲ ਇਹੋ ਕੁਝ ਈ ਉਥੇ ਦਿਸਦਾ ਸੀ ਪਰ ਇਸ ਖਬਰ ਦੇ ਅੰਦਰ ਵੜਨ ਮਗਰੋਂ ਜਿਵੇਂ ਇਸ ਖਾਲੀ ਪਏ ਬਿਸਤਰੇ ਵਿਚ ਜਾਨ ਪੈ ਗਈ ਸੀ।
ਰਜ਼ਾਈ ਆਪਣੇ ਆਪ ਪਰ੍ਹਾਂ ਖਿਸਕ ਗਈ ਤੇ ਉਹਦੇ ਅੰਦਰੋਂ ਇਕ ਅਜਿਹਾ ਜੀਅ ਪੁੰਗਰ ਪਿਆ, ਜਿਹਨੂੰ ਇਕ ਵਾਰ ਦੇਖਣ ਲਈ ਵੀ ਘੱਟੋ ਘੱਟ ਦੋ ਵਾਰ ਦੇਖਣਾ ਪੈਂਦਾ ਸੀ। ਅਸਲੋਂ ਮਾਸਾ। ਸਾਰੇ ਮਾਸ ‘ਤੇ ਵਾਹਵਾ ਵੜੀਆਂ ਹੱਡੀਆਂ ਦੀ ਇਕ ਮੁੱਠ ਮੇਰੀ ਨਾਨੀ ਸੀ। ਇਕੋਤਰ ਸਾਲ ਦੀ ਹੋ ਗਈ ਸੀ ਤੇ ਚਿਰਾਂ ਤੋਂ ਫਰਿਸ਼ਤੇ ਨੂੰ ਉਡੀਕ ਰਹੀ ਸੀ। ਏਨੇ ਆਪੂੰ ਆਖ ਕੇ ਪਿਛਲੀ ਕੋਠੜੀ ਵਿਚ ਮੰਜੀ ਡਵਾਹੀ ਹੋਈ ਸੀ। ਆਖਦੀ ਸੀ ਵਡੇਰੀ ਉਮਰ ਦੇ ਜੀਅ ਕੋਲੋਂ ਮੌਤ ਦਾ ਹਰਕਾਰਾ ‘ਜੰਮ’ ਵੀ ਖਣਬ ਖਾਂਦਾ ਏ। ਮੈਨੂੰ ਕਿਸੇ ਹਨੇਰੀ ਥਾਂ ਰੱਖੋ, ਖੌਰੇ ਹਿੰਮਤ ਕਰਕੇ ਉਹ ਆ ਈ ਜਾਵੇ, ਪਰ ਕਿਥੇ ਜੀ! ਜੰਮ ਤਾਂ ਏਡਾ ਨਕਾਰਾ ਸੀ ਕਿ ਇਧਰ ਉਧਰ ਫੇਰੇ ਮਾਰ ਕੇ ਆਪਣੀ ਦਿਹਾੜੀ ਬਣਾ ਲੈਂਦਾ ਸੀ ਪਰ ਉਹ ਕੁਰੰਗ ਵਿਚੋਂ ਸਾਹ ਖਿੱਚਣ ਦੀ ਖੇਚਲ ਕਰਨ ਵੱਲ ਮੂੰਹ ਨਹੀਂ ਸੀ ਕਰਦਾ ਪਿਆ। ਹਾਂ ਕਦੀ ਕਦੀ ਨਾਨੀ ਗੱਲ ਸੁਣਾਉਂਦੀ ਕਿ ਫਲਾਣੇ ਦਿਨ ਮੈਂ ਜੰਮ ਦੇ ਖੰਭਾਂ ਦਾ ਖੜਾਕ ਸਾਫ ਸੁਣਿਆ ਸੀ। ਸੋਲ੍ਹਾਂ ਪਹਿਰਾਂ ਪਿਛੋਂ ਆਈ ਦੋ ਘੜੀਆਂ ਦੀ ਨੀਂਦ ਦਾ ਈ ਸਾਰਾ ਦੋਸ਼ ਏ। ਖਬਰੇ ਉਹ ਕਦੋਂ ਦਾ ਮੇਰੇ ਸਿਰਹਾਣੇ ਖੜੋਤਾ ਸੀ। ਇਧਰੋਂ ਮੈਂ ਅੱਖਾਂ ਖੋਹਲੀਆਂ ਉਧਰੋਂ ਉਹ ਤਿੱਤਰ ਹੋ ਗਿਆ। ਜੰਮ ਨੂੰ ਦਾਅ ਲਵਾਉਣ ਲਈ ਨਾਨੀ ਪਹਿਰਾਂ ਤੀਕ ਝੂਠੀ-ਮੂਠੀ ਅੱਖਾਂ ਮੀਟੀ ਰੱਖਦੀ ਪਰ ਉਸ ਉਡਣੇ ਨੇ ਅਜੇ ਤੀਕਰ ਉਹਨੂੰ ਫੜਾਈ ਨਹੀਂ ਸੀ ਦਿੱਤੀ।
ਰੱਬ ਦੀ ਪ੍ਰਾਹੁਣੀ ਬਣਨ ਦੀ ਲੰਮੀ ਉਡੀਕ ਕਰ ਕਰ ਕੇ ਹਾਰੀ ਨਾਨੀ ਨੇ ਅੱਜ ਪਹਿਲੀ ਵਾਰ ਜੰਮ ਦੇ ਨਾ ਬੋਲਣ ‘ਤੇ ਸ਼ੱਕ ਕੀਤਾ। ਮੰਜੀ ‘ਤੇ ਬਹਿ ਕੇ ਵਾਜਾਂ ਮਾਰੀਆਂ ਪਰ ਕੋਈ ਵੀ ਇਹਦੇ ਕੋਲ ਨਾ ਆਇਆ। ਨਾਨੀ ਨੇ ਇਹ ਵੀ ਤਾੜ ਲਿਆ ਕਿ ਕੁਝ ਚਿਰ ਪਹਿਲਾਂ ਤੀਕ ਤਾਂ ਬਾਹਰੋਂ ਗੱਲਾਂ ਕਰਨ ਦੀਆਂ ਆਵਾਜ਼ਾਂ ਆ ਰਹੀਆਂ ਸਨ ਪਰ ਹੁਣ ਉਹ ਵੀ ਨਹੀਂ ਆ ਰਹੀਆਂ। ਜਾਪਦਾ ਏ ਸਾਰੇ ਝਟਪਟ ਈ ਕਿਧਰੇ ਫੁੱਟ ਗਏ ਨੇ। ਅੱਲ੍ਹਾ, ਖੈਰ ਈ ਕਰੇ।
ਮੇਰੀ ਭੂਆ ਦਾ ਘਰ ਮੇਰੇ ਨਾਨਕਿਆਂ ਦੇ ਘਰ ਦੇ ਨਾਲ ਈ ਜੁੜਿਆ ਹੋਇਐ। ਮੇਰੀ ਨਾਨੀ ਪਿਛਲੀ ਕੋਠੜੀ ਵਿਚੋਂ ਨਿਕਲੀ। ਕੰਧਾਂ ਦੇ ਆਸਰੇ ਲੈਂਦੀ ਹੋਈ ਮੇਰੀ ਫੁਫੀ ਦੇ ਘਰ ਜਾ ਵੜੀ। ਉਥੇ ਇਹ ਦੇਖ ਕੇ ਕੇ ਉਹਦਾ ਮੁੜ ਤ੍ਰਾਹ ਨਿਕਲ ਗਿਆ ਪਈ ਉਹ ਵੀ ਜੀਆਂ ਤੋਂ ਖਾਲੀ ਸੀ। ਅਸਲ ਵਿਚ ਉਸ ਦਿਨ ਅਰਬ ਦੇਸ਼ ਵੱਲ ਕਮਾਈਆਂ ਕਰਨ ਗਏ ਸਾਡੇ ਪਿੰਡ ਦੇ ਦੋ ਗੱਭਰੂਆਂ ਦੀਆਂ ਲਾਸ਼ਾਂ ਆਈਆਂ ਸਨ। ਸਾਡੇ ਸਾਰੇ ਜੀਅ ਸੜਕ ਹਾਦਸੇ ਵਿਚ ਮਾਰੇ ਗਏ। ਇਨ੍ਹਾਂ ਜਵਾਨਾਂ ਦੇ ਘਰਾਂ ਵੱਲ ਈ ਦੂਜੇ ਮੁਹੱਲੇ ਗਏ ਹੋਏ ਸਨ। ਉਹ ਕਾਹਲ ਵਿਚ ਜਿਸ ਤਰ੍ਹਾਂ, ਆਪਣੇ ਘਰਾਂ ਦੇ ਬੂਹੇ ਵੀ ਖੁੱਲ੍ਹੇ ਛੱਡ ਗਏ ਸਨ। ਨਾਨੀ ਨੇ ਉਹਨੂੰ ਵੀ ਆਪਣੇ ਦੋਹਤਰੇ ਨਾਲ ਹੋਈ ਵਰਤੀ ਦਾ ਈ ਸਿੱਟਾ ਜਾਣਿਆ ਸੀ। ਹੁਣ ਤਾਂ ਉਹਦੇ ਹਿਰਦੇ ਨੂੰ ਹੌਲ ਪਏ ਪੈਂਦੇ ਸਨ। ਨਾਨੀ ਨੇ ਇਹ ਗਵੇੜ ਵੀ ਲਾ ਲਿਆ ਸੀ ਕਿ ਦੋਹਤਰੇ ਦੇ ਫੜੇ ਜਾਵਣ ਦੀ ਖਬਰ ਉਹਦੇ ਕੋਲੋਂ ਜਾਣ ਕੇ ਲੁਕਾਈ ਗਈ ਸੀ। ਕਮਲਿਆਂ ਦਾ ਖਿਆਲ ਹੋਣਾ ਏ ਇਸ ਝਟਕੇ ਨਾਲ ਕਿਧਰੇ ਬੁੱਢੇ ਸਾਹਵਾਂ ਦੀ ਕੱਚੀ ਤੰਦ ਈ ਨਾ, ਟੁੱਟ ਜਾਵੇ। ਫੇਰ ਤਾਂ ਇਹ ਸੂਹ ਮੇਰੀ ਕੁੜਮਣੀ ਨੂੰ ਵੀ ਕਿਸੇ ਵੀ ਨਾ ਦਿੱਤੀ ਹੋਣੀ । ਸਾਨੂੰ ਦੋਹਾਂ ਨੂੰ ਤਾਂ ਇਹ ਜਿਉਂਦੇ ਜੀਅ ਈ ਮਾਰ ਬੈਠੇ ਨੇ। ਇਹ ਸੋਚਦੀ ਹੋਈ ਨਾਨੀ ਉਸ ਘਰ ਦੀ ਪਿਛਲੀ ਕੋਠੜੀ ਵੱਲ ਵਧਦੀ ਟੁਰ ਗਈ।
ਮੇਰੀ ਦਾਦੀ ਉਮਰ ਵਿਚ ਮੇਰੀ ਨਾਨੀ ਤੋਂ ਵੀ ਸਾਲ ਦੋ ਸਾਲ ਵੱਡੀ ਸੀ। ਸਾਰੀ ਹਯਾਤੀ ਨਮਾਜ਼ ਦੇ ਨੇੜਿਓਂ ਵੀ ਨਹੀਂ ਸੀ ਲੰਘੀ। ਆਖਦੀ ਹੁੰਦੀ ਸੀ ਹੁਣ ਇਸ ਚਿੱਟੇ ਝਾਟੇ ਨਾਲ ਝੂਠੀਆਂ ਟੱਕਰਾਂ ਮਾਰਦਿਆਂ ਵੀ ਸੰਗ ਆਉਂਦੀ ਏ। ਛੇਕੜਲੇ ਕੁਝ ਵਰ੍ਹਿਆਂ ਤੋਂ ਏਨੇ ਅੰਨ੍ਹੇ ਵਾਹ ਰੋਜ਼ੇ ਰੱਖਣੇ ਛੋਹ ਦਿੱਤੇ ਸਨ। ਰਮਜ਼ਾਨ ਅਜੇ ਢੇਰ ਅਗਾਂਹ ਹੁੰਦਾ ਪਰ ਇਹ ਉਹਦੀ ਤਿਆਰੀ ਫੜਦੇ ਹੋਏ ਕਈ ਦਿਨ ਪਹਿਲਾਂ ਤੋਂ ਈ ਚਾਰ-ਚਾਰ ਪਹਿਰ ਸੰਘੋਂ ਕੁਝ ਨਾ ਲੰਘਾਉਂਦੀ ਫੇਰ ਇਹ ਰਹਿਮਤਾਂ ਵਾਲਾ ਮਹੀਨਾ ਕਦੋਂ ਦਾ ਵਿਦਿਆ ਵੀ ਹੋ ਗਿਆ ਹੁੰਦਾ ਤੇ ਇਹ ਐਵੇਂ ਪੱਜ ਲਾ ਲਾ ਕੇ ਪਿਛਲੀ ਉਮਰੇ ਪਈ ਇਹ ਆਦਤ ਪੂਰੀ ਕਰਦੀ ਰਹਿੰਦੀ। ਵਿਚਲੀ ਗੱਲ ਇਹ ਸੀ ਕਿ ਰੱਬ ਰਾਜ਼ੀ ਕਰਨ ਲਈ ਰੋਜ਼ੇ ਨਹੀਂ ਸੀ ਰੱਖਦੀ। ਇਹਦੇ ਸਿਰ ਉਤੇ ਤਾਂ ਹਰ ਵੇਲੇ ਇਹੋ ਸੋਚ ਸਵਾਰ ਰਹਿੰਦੀ ਸੀ ਕਿ ਬੇਵਾ ਧੀ ਦਾ ਦਿਹਾੜੀ ਸੀਤੀ ਮੇਰੀ ਸਵਾ ਗੁੱਲੀ ‘ਤੇ ਆਟਾ ਵਰਤਿਆ ਜਾਂਦਾ ਏ, ਉਹਨੂੰ ਕਿਸੇ ਹੀਲੇ ਕੱਸਾ ਕਰਾਂ। ਇਸ ਲਈ ਆਮ ਕਰਕੇ ਦਹੀਂ ਦੇ ਦੋ ਚਮਚ ਖਾ ਕੇ ਰੋਜ਼ਾ ਰੱਖ ਲੈਂਦੀ ਤੇ ਸ਼ਾਮੀ ਇਕ ਦੋ ਉਬਲੇ ਹੋਏ ਆਲੂਆਂ ਨਾਲ ਈ ਸੰਘ ਤੀਕ ਰੱਜ ਜਾਂਦੀ। ਮੈਨੂੰ ਅੱਜ ਤੀਕ ਇਸ ਗੱਲ ਦੀ ਸਮਝ ਨਹੀਂ ਆਈ ਪਈ ਬਹੁਤ ਈ ਥੋੜ੍ਹਾ ਖਾ ਕੇ ਇਹ ਕਈ ਸਾਲਾਂ ਤੋਂ ਕਿੰਜ ਜਿਉਂਦੀ ਬਚੀ ਆ ਰਹੀ ਸੀ? ਫੇਰ ਇਹਨੂੰ ਇਹ ਸਰਫੇ ਕਰਨ ਦੀ ਲੋੜ ਵੀ ਕਾਹਦੀ ਸੀ ਕਿ ਜਦ ਉਹਦੇ ਧੀਆਂ ਪੁੱਤਰਾਂ ਦੀਆਂ ਜ਼ਮੀਨਾਂ ਹੀ ਪਿੰਡ ਵਿਚ ਸਭ ਤੋਂ ਵਧੇਰੀਆਂ ਸਨ।
ਮੇਰੀ ਨਾਨੀ ਆਪਣੀ ਕੁੜਮਣੀ ਦੀ ਕੋਠੜੀ ਵਿਚ ਪੁੱਜੀ ਤਾਂ ਇਹਨੇ ਜਾਂਦਿਆਂ ਈ ਸਾਰੀ ਗੱਲ ਖੋਲ੍ਹ ਸੁਣਾਈ। ਰੋਜ਼ੇ ਰੱਖ ਰੱਖ ਸੱਜਰੀ ਮੋਈ ਪਈ ਮੇਰੀ ਦਾਦੀ, ਉਹਦੇ ਆਵਣ ਤੋਂ ਪਹਿਲਾਂ ਆਪਣੇ ਪਲੰਘ ਉਤੇ ਤਕੀਏ ਦੀ ਢੋਅ ਲਾ ਕੇ ਬੈਠੀ ਹੋਈ ਸੀ। ਇਹ ਖਬਰ ਸੁਣਦਿਆਂ ਸਾਰ ਈ ਇਹਨੇ ਆਪਣਾ ਸਿਰ ਗੋਡਿਆਂ ਵਿਚ ਦੇ ਲਿਆ ਤੇ ਸੱਜੀ ਬਾਂਹ ਚੁੱਕ ਕੇ ਹਵਾ ਵਿਚ ਅੱਗੇ ਪਿਛੇ ਮਾਰਨ ਲੱਗ ਪਈ। ਸ਼ੋਹਦੀ ਵਿਚ ਏਨਾ ਸਾਹ ਸੱਤ ਵੀ ਨਹੀਂ ਸੀ ਕਿ ਮੂੰਹੋਂ ਕੁਝ ਬੋਲ ਸਕੇ। ਕੁੜਮਣੀ ਏਨੀ ਲਿੱਸੀ ਹੋ ਗਈ ਏ ਮੇਰੀ ਨਾਨੀ ਨੂੰ ਵੀ ਸਾਰ ਨਹੀਂ ਸੀ। ਕਦੇ ਉਹ ਵੇਲਾ ਸੀ ਜਦੋਂ ਮੇਰੀ ਦਾਦੀ ਗੱਜਦੀ ਹੁੰਦੀ ਤਾਂ ਪਿੰਡ ਦੀਆਂ ਕੰਧਾਂ ਤੀਕ ਕੰਬ ਜਾਂਦੀਆਂ। ਲੜਾਕੀ ਤੇ ਇਹ ਹੱਦੋਂ ਵੱਧ ਰਹੀ ਈ ਸੀ, ਪਰ ਇਹਦੀ ਜਿਸ ਗੱਲ ਉਤੇ ਸਾਡੇ ਸਾਰੇ ਜੀਆਂ ਨੂੰ ਮਾਣ ਰਿਹਾ ਸੀ, ਉਹ ਇਹ ਸੀ ਕਿ ਮੇਰੀ ਦਾਦੀ ਵੈਣ ਬੜੇ ਸੁਹਣੇ ਪਾਉਂਦੀ ਸੀ। ਵਿਆਹਵਾਂ, ਖੁਸ਼ੀਆਂ ‘ਤੇ ਤਾਂ ਸਾਰੇ ਲੋਕ ਈ ਗਉਂ ਨੱਚ ਕੇ ਆਪਣਾ ਰੂਹ ਰਾਜ਼ੀ ਕਰ ਲੈਂਦੇ ਨੇ ਪਰ ਆਪਣੇ ਮਰਨ ਵਾਲਿਆਂ ਨੂੰ ਸਾਰੇ ਸ਼ਗਨ ਪੂਰੇ ਕਰਕੇ ਟੋਰਨ ਦਾ ਚੱਜ ਸਭਨਾਂ ਨੂੰ ਕਿਥੇ ਆਉਂਦਾ ਏ! ਮੇਰੀ ਦਾਦੀ ਦਾ ਤਾਂ ਇਸ ਪਿੜ ਵਿਚ ਕੋਈ ਜੋੜ ਈ ਨਹੀਂ ਸੀ। ਕੋਈ ਸੱਠ-ਸੱਤਰ ਵਰ੍ਹੇ ਲੰਘਦੀ ਸਾਡੀ ਜੂਹ ਵਿਚ ਮਾਈ ਮੋਇਆਂ ਵੱਲੀ ਇਕ ਲੋਕ ਗਾਇਕਾ ਹੋ ਗੁਜ਼ਰੀ ਏ, ਜੋ ਸਾਰੀ ਉਮਰ ਮਰਨ ਵਿਛੜਨ ਵਾਲਿਆਂ ਦੇ ਆਪ ਈ ਕਬਿੱਤ ਜੋੜ ਕੇ ਗਾਉਂਦੀ ਰਹੀ। ਮੇਰੀ ਦਾਦੀ ਨੂੰ ਮਾਈ ਮੋਇਆਂ ਦੀ ਵੱਲੋਂ ਜੋੜੇ ਸੈਂਕੜੇ ਨਹੀਂ ਹਜ਼ਾਰਾਂ ਬੋਲ ਜ਼ੁਬਾਨੀ ਯਾਦ ਸਨ। ਦਾਦੀ ਆਪਣੇ ਪਰਿਵਾਰ ਵਿਚ ਚਲਾਣਾ ਕਰਨ ਵਾਲੇ ਹਰ ਨਿੱਕੇ ਵੱਡੇ ਲਈ ਤਾਂ ਵੈਣ ਪਾਉਂਦੀ ਈ ਸੀ ਪਰ ਕਦੇ ਬਰਾਦਰੀਓਂ ਬਾਹਰ ਦਾ ਕੋਈ ਵਡੇਰਾ ਜੀਅ ਏਸ ਪਿੰਡ ਵਿਚ ਲੰਮੀ ਹਯਾਤੀ ਦਾ ਹੋ ਕੇ ਵਿਦਿਆ ਹੋ ਜਾਂਦਾ ਤਾਂ ਉਹਦੀ ਰੂਹ ਨੂੰ ਵੀ ਇਹ ਆਪਣੇ ਵਧੀਆ-ਵਧੀਆ ਵੈਣਾਂ ਨਾਲ ਮਾਲੋ ਮਾਲ ਕਰਕੇ ਈ ਟੋਰਦੀ। ਇਹਨੇ ਕਦੇ ਇਹ ਨਿਖੇੜਾ ਵੀ ਨਹੀਂ ਸੀ ਰੱਖਿਆ ਕਿ ਮਰਨ ਵਾਲਾ ਜ਼ਿੰਮੀਦਾਰ ਸੀ, ਵਾਹਕ ਸੀ ਜਾਂ ਕੋਈ ਹੋਰ ਗ਼ਰੀਬ ਕੰਮੀ ਸੀ। ਮੇਰੀ ਦਾਦੀ ਦੇ ਵੈਣ ਪਾਉਣ ਦੀ ਏਨੀ ਧੁੰਮ ਸੀ ਕਿ ਜਿਸ ਮਰਨੇ ‘ਤੇ ਇਹ ਜਾਣਾ ਸ਼ੁਰੂ ਕਰਦੀ ਆਪਣਾ ਪਿੰਡ ਕੀ, ਆਲੇ ਦੁਆਲੇ ਦੇ ਪਿੰਡਾਂ ਦੀਆਂ ਵੀ ਬੇਬਹਾ ਬੀਬੀਆਂ ਉਚੇਚਾ ਉਹਨੂੰ ਸੁਣਨ ਲਈ ਈ ਕਈ-ਕਈ ਡੰਗ ਮਕਾਣੀਂ ਆਉਂਦੀਆਂ ਰਹਿੰਦੀਆਂ। ਸਾਡੇ ਪਿੰਡ ਦੇ ਬਾਲ ਤੇ ਇਥੋਂ ਤੀਕ ਦੁਆਵਾਂ ਮੰਗਦੇ ਸੁਣੇ ਗਏ ਸਨ ਕਿ ਜਦੋਂ ਸਾਡੀ ਵੱਡੀ ਬੇਬੇ ਮੋਈ, ਵੇਖਣਾ ਚੌਧਰਾਣੀ ਮਾਂ ਸਾਡੇ ਘਰ ਵੀ ਵੈਣ ਪਾਉਣ ਜ਼ਰੂਰ ਆਏਗੀ।
ਆਪਣੇ ਮਨ ਦੇ ਜਜ਼ਬਿਆਂ ਦਾ ਏਨੇ ਜ਼ਬਰਦਸਤ ਢੰਗ ਨਾਲ ਵਖਾਲਾ ਕਰਨ ਵਾਲੀ ਮੇਰੀ ਦਾਦੀ ਹੁਣ ਆਪਣੇ ਪੋਤਰੇ ਲਈ ਵੀ ਹਾਲ ਦੁਹਾਈ ਪਾਉਣ ਜੋਗੀ ਨਹੀਂ ਸੀ ਰਹੀ। ਇਹਦੀ ਜੀਭ ਨੂੰ ਲੱਗੇ ਜੰਦਰੇ ਵੇਖ ਕੇ ਮੇਰੀ ਨਾਨੀ ਨੂੰ ਡਾਢਾ ਧੱਕਾ ਲੱਗਾ ਪਰ ਛੇਤੀ ਈ ਆਪਣੇ ਆਪ ਨੂੰ ਸੰਭਾਲ ਕੇ ਏਹਨੇ ਵੈਣ ਦੇ ਸੁਰ ਵਿਚ ਮੇਰੇ ਫੜੇ ਜਾਵਣ ‘ਤੇ ਆਪਣੇ ਮਨ ਦਾ ਮਣਖ ਛੋਹਿਆ। ਨਾਨੀ ਵੀ ਤਾਂ ਮਰਨ ਸੇਜ ‘ਤੇ ਬੈਠੀ ਸੀ, ਤਦੇ ਦੋ ਚਾਰ ਬੋਲ ਪਾਵਣ ਮਗਰੋਂ ਈ ਉਹਦੇ ਸਾਹ ਟੁੱਟਣ ਲੱਗ ਪਏ। ਉਂਜ ਵੀ ਬਾਤਾਂ ਬੋਲੀਆਂ ਦੀ ਮਹਾਰਾਣੀ ਮੁਹਰੇ ਉਹਦੇ ਅਣਘੜੇ ਬੋਲਾਂ ਤੇ ਰਸ ਤੋਂ ਬਿਨਾ ਆਵਾਜ਼ ਦਾ ਦੀਵਾ ਕੀ ਬਲਣਾ ਸੀ। ਮੇਰੀ ਦਾਦੀ ਨੇ ਗੋਡਿਆਂ ਵਿਚੋਂ ਸਿਰ ਚੁੱਕਿਆ ਤੇ ਬੇਸਵਾਦ ਹੋਈ ਮੱਠੀ ਆਵਾਜ਼ ਵਿਚ ਬੋਲੀ, “ਛੱਡ ਨੀ ਅੜੀਏ ਇਹ ਦੱਸ ਮੁੰਡਾ ਫੜਿਆ ਕਿਉਂ ਗਿਆ?”
ਏਨੀ ਗੱਲ ਦਾ ਨਾਨੀ ਨੂੰ ਵੀ ਪੱਕਾ ਪਤਾ ਸੀ, ਐਵੇਂ ਟੇਵਾ ਲਾਉਂਦੀ ਬੋਲੀ, “ਕਿਸੇ ਨਾਲ ਝਗੜ ਪਿਆ ਹੋਣਾ ਏ।”
ਸਾਰੀ ਉਮਰ ਵੱਡੇ ਵੱਡੇ ਜੰਗੀ ਮਾਅਰਕੇ ਮਾਰਨ ਵਾਲੀ ਦਾਦੀ ਨੇ ਹੱਥਾਂ ਦੇ ਜੰਮਿਆਂ ਦੇ ਬੱਤੀ ਦੇ ਬੱਤੀ ਦੰਦ ਗਿਣੇ ਹੋਏ ਸਨ। ਏਸ ਲਈ ਏਹਨੇ ਝਬਦੇ ਮੇਰੇ ‘ਤੇ ਤੁੱਕ ਕੱਸੀ, “ਉਹ ਏਨੇ ਜੋਗਾ ਕਿਥੋਂ?”
ਕਿਧਰੋਂ, ਕੋਈ ਜ਼ਨਾਨੀ ਨਾ ਕੱਢ ਬੈਠਾ ਹੋਵੇ। ਨਾਨੀ ਨੇ ਅਗਲਾ ਤੁੱਕਾ ਲਾਇਆ।
ਹੁਣ ਤਾਂ ਦਾਦੀ ਨੂੰ ਹਾਸਾ ਈ ਆ ਗਿਆ, ਮਾੜਾ ਜਾਨ ਪਾਰੋਂ ਬਿਨਾਂ ਆਵਾਜ਼ ਕੱਢੇ ਹੱਸਦਿਆਂ, ਇਹ ਹੌਲੀ ਜਿਹੀ ਬੋਲੀ, “ਔਤਰੀਆਂ ਪੜ੍ਹਾਈਆਂ ਨੇ, ਉਹਨੂੰ ਕਿਸੇ ਹੋਰ ਪਾਸੇ ਦਾ ਛੱਡਿਆ ਹੁੰਦਾ ਤੇ ਫੇਰ ਵੀ ਗੱਲ ਕਰਦੀਉਂ, ਉਹ ਏਨੇ ਜੋਗਾ ਪੁੱਤਰ ਕਿਥੇ?”
ਪੜ੍ਹਾਈਆਂ ਤੋਂ ਨਾਨੀ ਨੂੰ ਕੁਝ ਹੋਰ ਚੇਤੇ ਆ ਗਿਆ ਤੇ ਇਹ ਆਖਣ ਲੱਗੀ, “ਇਕ ਸ਼ਕ ਜਿਹੇ ਉਤੇ ਤਾਂ ਮੈਂ ਉਨ੍ਹਾਂ ਨੂੰ ਵੀ ਗੱਲਾਂ ਕਰਦੇ ਸੁਣਿਆ ਸੀ, ਉਹੀਓ ਈ ਨਾ ਸੱਚ ਹੋਵੇ। ਅਖੇ ਇਹ ਮੁੰਡਾ ਜੋ ਇਥੇ ਤੇ ਬਾਹਰ ਕਿੱਸੇ ਕਹਾਣੀਆਂ ਲਿਖ ਲਿਖ ਟੋਰਦਾ ਰਹਿੰਦਾ ਤੇ ਪੁੱਠੇ ਸਿੱਧੇ ਰਸਾਲੇ ਛਾਪਦਾ ਰਹਿੰਦਾ, ਕਿਧਰੇ ਉਹ ਈ ਨਾ ਉਹਦੇ ਸਿਰੇ ਚੜ੍ਹ ਗਏ ਹੋਣ। ਉਹ ਆਖ ਰਹੇ ਸਨ ਇਹਦੇ ਕੋਲ ਤਾਂ ਸਿੱਖ ਪ੍ਰਾਹੁਣੇ ਵੀ ਆਮ ਆਏ ਗਏ ਰਹਿੰਦੇ ਨੇ। ਮੁੜ ਸਰਕਾਰ ਨਾਲ ਵੀ ਕੋਈ ਆਢਾ ਲਾਈ ਬੈਠਾ ਏ, ਤਾਈਓਂ ਤਾਂ ਅਗਲੇ ਜ਼ੋਰੀ ਲੈ ਗਏ ਮੋਟਰ ਵਿਚ ਪਾ ਕੇ।”
ਇਹ ਗੱਲਾਂ ਸੁਣ ਦੇ ਕੇ ਦਾਦੀ ਦੀ ਚਿੰਤਾ ਹੋਰ ਵੱਧ ਗਈ ਤੇ ਉਸ ਆਖਿਆ, “ਸਰਕਾਰ ਨੂੰ ਇਨ੍ਹਾਂ ਗੱਲਾਂ ਦਾ ਪਤਾ ਨਹੀਂ ਸੀ? ਉਹਨੇ ਮੁੰਡੇ ਨੂੰ ਪਹਿਲੋਂ ਕਿਉਂ ਨਹੀਂ ਠਾਕਿਆ।”
“ਸਰਕਾਰ ਦੀ ਤੂੰ ਭਲੀ ਪੁੱਛੀ ਏ, ਤੈਨੂੰ ਪਤਾ ਤੇ ਹੈ ਤੇਰੇ ਵੱਡੇ ਪੁੱਤਰ ਨੇ ਆਪਣੀ ਜਿੰਦ ਇਨ੍ਹਾਂ ਮੁੰਡਿਆਂ ਦੇ ਆਚ ਪੂਰੇ ਕਰਨ ਵਿਚ ਹੀ ਰੋਲ ਛੱਡੀ ਏ। ਇਸ ਮੁੰਡੇ ਦੇ ਤੇ ਉਹ ਮੁੱਢੋਂ ਈ ਕਲਮੇ ਪੜ੍ਹਦਾ ਆਇਆ ਏ। ਆਖਦਾ ਏ ਮੈਨੂੰ ਪਕਾ ਪਤਾ ਤੇ ਨਹੀਂ ਇਹ ਕੀ ਲਿਖਦਾ ਪੜ੍ਹਦਾ ਏ, ਪਰ ਏਨਾ ਜ਼ਰੂਰ ਜਾਣਨਾ ਵਾਂ, ਜੋ ਵੀ ਕਰਦਾ ਏ ਬਿਲਕੁਲ ਠੀਕ ਕਰਦਾ ਏ।” ਮੇਰੀ ਨਾਨੀ ਨੇ ਆਪਣੀ ਕੁੜਮਣੀ ਅੱਗੇ ਆਪਣੇ ਜਵਾਈ ਦੀ ਸ਼ਿਕਾਇਤ ਦੇ ਰੰਗ ਵਿਚ ਵਡਿਆਈ ਕੀਤੀ।
ਦਾਦੀ ਨੇ ਇਹ ਗੱਲ ਗੌਲੀ ਨਾ, ਕਿਉਂ ਜੇ ਇਹਦੀ ਸੋਚ ਹੁਣ ਹੋਰ ਬੰਨੇ ਟੁਰ ਪਈ ਸੀ। ਇਹ ਬੇਖਿਆਲੀ ਵਿਚ ਬੋਲੀ, “ਸਿਆਣੇ ਸੱਚ ਆਖਦੇ ਨੇ, ਬੰਦੇ ਦੇ ਭਾਰ ਜਿੰਨਾ ਧਨ ਖਰਚੋ ਤਾਂ ਸਾਰੇ ਦੋਸ਼ ਈ ਧੁੱਪ ਜਾਂਦੇ ਨੇ। ਪਰ ਜਿਹੜਾ ਅਜੇ ਤੀਕ ਮੁੰਡਾ ਨਹੀਂ ਛੁੱਟਿਆ, ਇਹ ਗੱਲ ਦੱਸਦੀ ਏ ਪਈ ਸਰਦਾਰ ਦੇ ਪੱਲੇ ਜੋ ਕੁਝ ਸੀ ਉਹ ਸਰਕਾਰ ਵਾਲਿਆਂ ਦੀ ਅੱਖ ਚੁਭਾਉਣ ਲਈ ਥੋੜ੍ਹਾ ਪੈ ਗਿਆ ਹੋਣਾ ਏ, ਉਹਨੇ ਤਾਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਹੋਣੀ।”
ਇਹ ਗੱਲਾਂ ਕਰਨ ਦੇ ਨਾਲ ਨਾਲ ਦਾਦੀ ਤਲਾਈ ਨੂੰ ਇਕ ਲਾਂਭੇ ਕਰਕੇ ਪਲੰਘ ਦੇ ਸੰਘੇ ਵਿਚੋਂ ਕੁਝ ਲੱਭਦੀ ਵੀ ਰਹੀ। ਕੁਝ ਚਿਰ ਮਗਰੋਂ ਉਹਦਾ ਹੱਥ ਬਾਹਰ ਆਇਆ ਤੇ ਉਹਦੇ ਵਿਚ ਇਕ ਗੁੱਥਲੀ ਸੀ। ਇਹਨੇ ਗੁੱਥਲੀ ਦਾ ਸੇਬਾ ਖੋਲ੍ਹ ਕੇ ਇਕ ਹੱਥ ਦੀਆਂ ਉਂਗਲਾਂ ਨਾਲ ਅੰਦਰ ਪਈਆਂ ਵਸਤਾਂ ਨੂੰ ਟੋਹਿਆ। ਨਿੱਕੀਆਂ ਟੂੰਬਾਂ ਦੇ ਨਾਲ ਉਥੇ ਉਹ ਝੁਮਕੇ ਵੀ ਪਏ ਹੋਏ ਸਨ, ਜਿਹੜੇ ਉਹਦੀ ਬੇਬੇ ਦੀ ਨਿਸ਼ਾਨੀ ਸੀ। ਕਈ ਧਿਰਾਂ ਵੱਲੋਂ ਮੰਗੇ ਜਾਵਣ ‘ਤੇ ਵੀ ਇਹਨੇ ਇਹ ਝੁਮਕੇ ਆਪਣੀ ਕਿਸੇ ਧੀ, ਨੂੰਹ ਜਾਂ ਉਨ੍ਹਾਂ ਦੀ ਔਲਾਦ ਵਿਚੋਂ ਕਿਸੇ ਨੂੰ ਵੀ ਨਹੀਂ ਸਨ ਦਿੱਤੇ ਪਰ ਸਰਕਾਰੀ ਤਰੱਕੜੀ ਦਾ ਚੁੱਕਿਆ ਹੋਇਆ ਪੱਲ੍ਹਾ ਆਪਣੇ ਪੋਤਰੇ ਦਾ ਭਾਰ ਸਾਵਾਂ ਕਰਨ ਲਈ ਦਾਦੀ ਇਹ ਗਹਿਣੇ ਉਹਦੇ ਵਿਚ ਧਰਨਾ ਚਾਹੁੰਦੀ ਸੀ।
ਆਪਣੀ ਕੁੜਮਣੀ ਨੂੰ ਟੂੰਬਾਂ ਵਾਲੀ ਗੁੱਥਲੀ ਫਰੋਲਦੀ ਵੇਖ ਕੇ ਨਾਨੀ ਨੂੰ ਵੀ ਅਣ ਆਖੀ ਗੱਲ ਸਮਝ ਆ ਗਈ। ਇਹਨੇ ਘਾਬਰ ਕੇ ਆਪਣੀਆਂ ਦੋਵੇਂ ਬਾਹਵਾਂ ਹਿਲਾਈਆਂ। ਚੂੜ੍ਹੀਆਂ ਤਾਂ ਕਦੇ ਦੀਆਂ ਨਾਨਕੀ ਛੱਕਾਂ ਨਾਲ ਟੁਰ ਗਈਆਂ ਸਨ ਤੇ ਉਦੋਂ ਵੀ ਪਹਿਲਾਂ ਗੱਲ ਦੀਆਂ ਤਵੀਤੜੀਆਂ ਉਹਦੀਆਂ ਧੀਆਂ ਵਿਚ ਵੰਡੀਆਂ ਗਈਆਂ ਸਨ। ਕੰਨਾਂ ਨੂੰ ਹੱਥ ਲਾ ਕੇ ਇਹਨੂੰ ਹੌਂਸਲਾ ਹੋ ਗਿਆ। ਦੋਹਾਂ ਪਾਸੇ ਚਾਰ ਚਾਰ ਵਾਲੀਆਂ ਲਮਕ ਰਹੀਆਂ ਸਨ। ਸਵਾਰ੍ਹੇ ਅੱਸੀ ਵਰ੍ਹਿਆਂ ਤੋਂ ਲਮਕਦੀਆਂ ਵਾਲੀਆਂ ਦੀਆਂ ਇਨ੍ਹਾਂ ਪਾਲਾਂ ਪਾਰੋਂ, ਉਹਦੇ ਦੋਵਾਂ ਕੰਨਾਂ ਦੀਆਂ ਮੋਰੀਆਂ ਹੁਣ ਮੋਘਾਰੇ ਜਾਪਦੀਆਂ ਸਨ। ਕੰਨਾਂ ਦਾ ਭਾਰ ਵੀ ਹੌਲਾ ਕਰਨ ਦਾ ਇਦੋਂ ਵੱਧ ਢੁੱਕਵਾਂ ਵੇਲਾ ਹੋਰ ਕਿਹੜਾ ਹੋ ਸਕਦਾ ਸੀ, ਨਾਨੀ ਵੀ ਤਿਆਰ ਹੋ ਗਈ।
ਭੂਆ ਦੇ ਮਕਾਨ ਤੋਂ ਸਾਡਾ ਘਰ ਕੋਈ ਡੇਢ ਸੌ ਕੋਹਾਂ ਦੀ ਵਿੱਥ ‘ਤੇ ਈ ਸੀ ਪਰ ਰਾਹ ਵਿਚ ਔਖਿਆਈ ਇਹ ਸੀ ਪਈ ਉਧਰ ਜਾਂਦੀ ਗਲੀ ਨੇ ਇਕ ਵਾਰ ਪਿੰਡ ਦੀ ਸਭ ਤੋਂ ਉਚੀ ਘਾਟੀ ਉਤੇ ਚੜ੍ਹ ਕੇ ਲਹਿਣਾ ਸੀ। ਅੱਗੇ ਤਾਂ ਦੋਵੇਂ ਮਾਈਆਂ ਲੋੜ ਪੈਣ ਵੇਲੇ ਕਿਸੇ ਹੋਰ ਜੀਅ ਦੇ ਆਸਰੇ ਨਾਲ ਈ ਬਿਸਤਰੇ ਤੋਂ ਲਹਿੰਦੀਆਂ ਸਨ ਪਰ ਦੋਹਤਰੇ ਪੋਤਰੇ ਨੂੰ ਛੱਡ ਆਉਣ ਵਿਚ ਆਪਣੇ ਵਲੋਂ ਸੀਰ ਪਾਵਣ ਲਈ ਅੱਜ ਜਿਵੇਂ ਇਨ੍ਹਾਂ ਦੀਆਂ ਸੁੱਕੀਆਂ ਦੇਹਾਂ ਵਿਚ ਬਿਜਲੀ ਭਰ ਘੱਤੀ ਸੀ। ਦੋਵੇਂ ਬਾਹਰ ਵਲ ਕੀੜੀ ਟੋਰ ਟੁਰ ਪਈਆਂ। ਆਪਣੇ ਦੋਹਾਂ ਘਰਾਂ ਤੋਂ ਅੱਗੇ ਗਲੀ ਨੂੰ ਸੁੰਨਮ-ਸੁੰਨੀ ਪਈ ਵੇਖ ਕੇ ਇਨ੍ਹਾਂ ਦੇ ਦਿਲ ਡੋਬੇ ਖਾਣ ਲੱਗ ਪਏ।
“ਖੈਰ ਹੋਵੇ, ਮੁੰਡੇ ਨਾਲ ਕੋਈ ਅਵੱਲੀ ਨਾ ਵਾਪਰ ਗਈ ਹੋਵੇ।” ਦੋਵੇਂ ਚੜ੍ਹੇ ਹੋਏ ਸਾਹਵਾਂ ਨਾਲ ਦੁਆਈਂ ਮੰਗ ਰਹੀਆਂ ਸਨ। ਗਲੀ ਦੀ ਔਖੀ ਚੜ੍ਹਾਈ ਚੜ੍ਹਦਿਆਂ, ਹਰ ਪੈਰ ਪੁੱਟਣ ਮਗਰੋਂ ਸਾਹ ਜ਼ਰੂਰ ਲਿਆ ਪਰ ਇਨ੍ਹਾਂ ਹਿੰਮਤ ਨਾ ਹਾਰੀ ਜਿਵੇਂ ਆਖਦੇ ਨੇ ਕਿ ਕੁੱਬਾ ਬੰਦਾ ਚੜ੍ਹਾਈ ਬੜੀ ਵਧੀਆ ਚੜ੍ਹਦਾ ਏ। ਇਨ੍ਹਾਂ ਦੇ ਦੂਹਰੇ ਹੋਏ ਲੱਕ ਵੀ ਏਥੇ ਸੁਹਣਾ ਕੰਮ ਦੇਂਦੇ ਰਹੇ। ਗਲੀ ਦੇ ਮਕਾਨਾਂ ਦੇ ਬੂਹਿਆਂ ਤੇ ਕੰਧਾਂ ਨੂੰ ਹੱਥ ਪਾ ਪਾ ਕੇ ਦੋਵੇਂ ਅੱਗੇ ਈ ਅੱਗੇ ਵਧਦੀਆਂ ਨਿਕਲ ਗਈਆਂ ਤੇ ਓੜਕ ਇਨ੍ਹਾਂ ਆਪਣੇ ਸਾਹ ਸੱਤ ਤੋਂ ਢੇਰ ਉਚੇ ਇਸ ਹਿਮਾਲਿਆ ਦੀ ਟੀਸੀ ਉਤੇ ਜਾ ਕੇ ਆਪਣੇ ਪੈਰ ਟਿਕਾਏ।
ਸਾਹ ਨਾਲ ਸਾਹ ਨਹੀਂ ਰਲ ਰਹੇ ਸਨ, ਦੋਹਾਂ ਮਾਈਆਂ ਘਾਟੀ ਉਤੇ ਵਾਹਵਾ ਝੱਟ ਬਹਿ ਕੇ ਆਪਣੇ ਸਾਹਵਾਂ ਦੀ ਗੱਡ ਨੂੰ ਖੋਭਿਆਂ ਵਿਚੋਂ ਕੱਢਿਆ। ਗਲੀ ਦੀ ਚੜ੍ਹਾਈ ਨਾਲ ਘੋਲ ਘੁਲਣ ਤੋਂ ਲੈ ਕੇ ਹੁਣ ਤੀਕ ਉਥੋਂ ਪਿੰਡ ਦਾ ਕੋਈ ਵਸਨੀਕ ਵੀ ਨਹੀਂ ਸੀ ਲੰਘਿਆ, ਇਹ ਦੋਵੇਂ ਸੋਚ-ਸੋਚ ਹੈਰਾਨ ਹੋ ਰਹੀਆਂ ਸਨ। ਕੋਈ ਭੁੱਲਾ-ਚੁੱਕਾ ਵੀ ਇਧਰ ਆ ਜਾਂਦਾ ਤਾਂ ਦੋਹਾਂ ਦਾ ਪੰਧ ਸੁਖਾਲਾ ਹੋ ਜਾਣਾ ਸੀ। ਖੌਰੇ ਕੁਦਰਤ ਇਨ੍ਹਾਂ ਦੀਆਂ ਹੱਡੀਆਂ ਵਿਚਲੇ ਸੱਤ ਦਾ ਗਵੇੜ ਲਾਣਾ ਚਾਹੁੰਦੀ ਸੀ, ਇਸ ਲਈ ਉਹ ਗਲੀ ਹੋਰ ਰਾਹੀਆਂ ਤੋਂ ਵਾਂਝੀ ਈ ਰਹੀ। ਹਰ ਹਾਲ ਅੱਗੇ ਵਧਦੇ ਰਹਿਣ ਲਈ ਇਹ ਤਾਂ ਹੁਣ ਆਪਣੇ ਮੁਕੱਦਰ ਦੀ ਫੱਟੀ ਵਾਲੀਆਂ ਸਾਰੀਆਂ ਲਿਖਾਈਆਂ ਵੀ ਪੋਚਣ ਉਤੇ ਭੁੱਲ ਗਈਆਂ ਸਨ। ਏਸ ਲਈ ਸਿਖਰੇ ਪੁੱਜਾ ਸਰਦੀਆਂ ਦਾ ਟੇਢਾ ਸੂਰਜ ਗਲੀ ਵਿਚੋਂ ਦੋ ਢਾਂਚਿਆਂ ਨੂੰ ਇਕ ਵਾਰ ਫੇਰ ਉਤਾਂਹ ਉਠਦਿਆਂ ਵੇਖ ਕੇ ਪੱਚੀ ਹੋਇਆ ਇਕ ਵਾਸਾ ਹੋ ਗਿਆ।
ਅੱਖਾਂ ਅੱਗੇ ਝੂਮਰ ਤਾਰੇ ਨੱਚਦੇ ਤੇ ਖੋਪੜੀਆਂ ਵਿਚ ਹਨੇਰੇ ਹੁੰਦੇ ਜਾਪ ਕੇ ਵੀ ਇਨ੍ਹਾਂ ਇਕ ਦੂਜੀ ਦੀ ਬਾਂਹ ਫੜ ਕੇ ਟੀਸੀ ਤੋਂ ਥੱਲੇ ਵੱਲ ਪੈਰ ਵਧਾਏ। ਚੜ੍ਹਾਈ ਚੜ੍ਹਦਿਆਂ ਇਨ੍ਹਾਂ ਦੀਆਂ ਕੰਡਾਂ ਦੇ ਕੁੱਬ ਜਿੰਨੇ ਲਾਹੇਵੰਦ ਬਣ ਗਏ ਸਨ। ਚੜ੍ਹਾਈ ਲਹਿੰਦਿਆਂ ਉਹੋ ਈ ਇਨ੍ਹਾਂ ਲਈ ਅਜ਼ਾਬ ਹੋ ਗਏ ਸਨ। ਥੱਲੇ ਨੂੰ ਪਹਿਲਾਂ ਪੈਰ ਪੁੱਟਣ ਮਗਰੋਂ ਈ ਦੋਵੇਂ ਅੱਗੇ-ਪਿੱਛੇ ਇੰਜ ਹੁਲਾਰੇ ਲੈਣ ਲੱਗ ਪਈਆਂ, ਜਿਵੇਂ ਜ਼ਾਹਰੇ ਪੀਰ ਵਾਲੇ ਮੇਲੇ ਦੀ ਛਿੰਜ ਵਿਚ ਛੜੱਪੇ ਮਾਰਨ ਲੱਗੀਆਂ ਹੋਣ, “ਏਸ ਤੋਂ ਪੋਂਹਦਾ ਪਈ ਅਸੀਂ ਲਿਹਾਈ ਉਤੇ ਖਿਦੋ ਵਾਂਗੂੰ ਭੌਂਦੀਆਂ ਰਿੜ੍ਹ ਪਈਏ, ਕਿਉਂ ਨਾ ਉਲਟੀ ਬਾਹੀ ਮੂੰਹ ਕਰਕੇ ਲਹਿਣ ਦਾ ਚਾਰਾ ਕਰੀਏ।” ਨਾਨੀ ਨੇ ਵੇਲੇ ਸਿਰ ਸਲਾਹ ਦਿੱਤੀ।
ਜਿਵੇਂ ਲੋਕ ਰੁੱਖਾਂ ਤੋਂ ਲਹਿੰਦੇ ਨੇ, ਉਵੇਂ ਈ ਇਹ ਵੀ ਘਾਟੀ ਤੋਂ ਪਿਛੜੂਈਆਂ ਲਹਿਣ ਲੱਗੀਆਂ। ਪਰ ਅਜੇ ਮਸਾਂ ਡੂਢ ਕੋਹ ਈ ਹੇਠਾਂ ਹੋਈਆਂ ਹੋਣਗੀਆਂ ਕਿ ਦਾਦੀ ਨੇ ਦੁਹਾਈ ਪਾ ਦਿੱਤੀ, “ਹਾਏ ਨੀ ਲਥੜੀਏ! ਤੈਨੂੰ ਇਹ ਚੇਤੇ ਵੀ ਨਹੀਂ ਰਿਹਾ ਪਈ ਇਸ ਗਲੀ ਨਾਲੋਂ ਤਾਂ ਪਿੰਡ ਦਾ ਵੱਡਾ ਵਹਿਣ ਲੰਘਦਾ ਏ। ਪੁੱਠੇ ਮੁਹਾਰ ਲਹਿੰਦਿਆਂ ਜੇ ਇਹਦੇ ਵਿਚ ਡਿੱਗ ਪਈਆਂ ਤੇ ਮੁੜ ਛੱਪੜ ਤੋਂ ਉਰ੍ਹਾਂ-ਉਰ੍ਹਾਂ ਅਸੀਂ ਕਿੱਥੇ ਠਿਲ੍ਹਣਾ ਏ!”
ਦਾਦੀ ਨੇ ਅਸਲੋਂ ਠੀਕ ਆਖਿਆ ਸੀ। ਖਾਈ ਉਤੇ ਵੱਸੇ ਪੂਰੇ ਮੁਹੱਲੇ ਦਾ ਪਾਣੀ ਏਥੇ ਆ ਕੇ ਗਲੀ ਦੇ ਨਾਲ-ਨਾਲ ਜਾਂਦੀ ਵੱਡੀ ਨਾਲੀ ਵਿਚ ਆ ਪੈਂਦਾ ਸੀ ਤੇ ਇਥੋਂ ਅੱਗੇ ਛਾਲਾਂ ਮਾਰਦਾ ਢਲਵੇਂ ਰਾਹ ਉਤੇ ਭੱਜ ਵੱਗਦਾ ਸੀ। ਸੱਚੀ ਗੱਲ ਇਹ ਜੇ ਉਸ ਵੇਲੇ ਇਨ੍ਹਾਂ ਵਿਚੋਂ ਕਿਸੇ ਇਕ ਦਾ ਵੀ ਉਸ ਵਹਿਣ ਵੱਲ ਪੈਰ ਥਿੜਕ ਜਾਂਦਾ ਤੇ ਜੰਮ ਨੇ ਉਹਦਾ ਸੁਨੇਹਾ ਲੈ ਕੇ ਫੱਟ ਆ ਜਾਣਾ ਸੀ। ਪਰ ਅੱਜ ਦੀ ਦਿਹਾੜੀ ਤੇ ਇਹ ਜ਼ਰੂਰ ਜਿਊਣਾ ਚਾਹੁੰਦੀਆਂ ਸਨ। ਇਸ ਲਈ ਇਕ ਵਾਰ ਫੇਰ ਦੋਹਾਂ ਮਾਈਆਂ ਨੂੰ ਉਸੇ ਥਾਂ ਈ ਗੁੱਠ ਮਾਰ ਕੇ ਬਹਿਣਾ ਪੈ ਗਿਆ। ਕਮਾਲ ਦੀ ਗੱਲ ਏ ਪਈ ਅਜੇ ਤੀਕ ਉਸ ਗਲੀ ਵਿਚ ਕੋਈ ਹੋਰ ਬੰਦਾ ਨਹੀਂ ਸੀ ਆਇਆ।
ਹੁਣ ਇਹ ਦੋਵੇਂ ਇਸ ਗਲੀ ਨੂੰ ਬਦ ਅਸੀਸਾਂ ਦੇਣ ਡਹਿ ਪਈਆਂ। ਇਹ ਉਹੋ ਘਾਟੀ ਵਾਲੀ ਥਾਂ ਸੀ, ਜਿਹਦੇ ਉਤੇ ਨਿੱਕੀ ਉਮਰ ਤੋਂ ਲੈ ਕੇ ਕੁਝ ਚਿਰ ਪਹਿਲਾਂ ਤੀਕ ਇਹ ਹਜ਼ਾਰਾਂ ਲੱਖਾਂ ਵਾਰੀ ਅਣਝੱਕ ਲੰਘਦੀਆਂ ਰਹੀਆਂ ਸਨ। ਪਹਿਲਾਂ ਤਾਂ ਇਹਦੇ ਉਤੇ ਪੱਕੀਆਂ ਇੱਟਾਂ ਵੀ ਨਹੀਂ ਸੀ ਜੁੜੀਆਂ ਹੁੰਦੀਆਂ ਤੇ ਮੀਂਹ ਕਣੀ ਵਿਚ ਇਹ ਘਾਟੀ ਤਿਲਕਣੀ ਘੀਸੀ ਬਣ ਜਾਂਦੀ ਸੀ ਪਰ ਨਿੱਕੇ ਹੁੰਦਿਆਂ ਇਹ ਦੋਵੇਂ ਇਹਦੇ ਉਤੇ ਕਦੁਕੜੇ ਮਾਰਦੀਆਂ ਨੰਗੇ ਪੈਰ੍ਹੀਂ ਲੱਥ ਚੜ੍ਹ ਜਾਂਦੀਆਂ ਸਨ। ਦੋਵੇਂ ਏਸੇ ਪਿੰਡ ਦੀਆਂ ਜੰਮਪਲ ਤੇ ਬਾਲੜੀ ਉਮਰ ਦੀਆਂ ਸਖੀਆਂ ਸਨ। ਉਦੋਂ ਇਨ੍ਹਾਂ ਨੂੰ ਇਹ ਘਾਟੀ ਵੀ ਆਪਣੀ ਕੋਈ ਸਹੇਲੀ ਈ ਜਾਪਦੀ ਹੁੰਦੀ ਸੀ ਪਰ ਲੰਘੇ ਵੇਲੇ ਨੇ ਘਾਟੀ ਵਾਲੀ ਗਲੀ ਉਤੇ ਪੱਕੀਆਂ ਇੱਟਾਂ ਵਿਛਾ ਕੇ ਇਨ੍ਹਾਂ ਦੋਹਾਂ ਦੇ ਪੈਰ੍ਹਾਂ ਦੀ ਨਿੱਘ ਸਿਆਨਣ ਵਾਲੀ ਅਸਲ ਮਿੱਟੀ ਨੂੰ ਆਪਣੇ ਥੱਲ੍ਹੇ ਲੁਕਾ ਲਿਆ ਸੀ। ਇਹ ਪੱਕੀਆਂ ਇੱਟਾਂ ਤਾਂ ਇਨ੍ਹਾਂ ਲਈ ਅਸਲੋਂ ਉਬੜ ਤੇ ਠੰਢੀਆਂ ਸੀਤ ਸਨ। ਆਪਣੇ ਈ ਪਿੰਡ ਦੀ ਗਲੀ ਦਾ ਇੰਜ ਬੇਮੁੱਖ ਹੋ ਜਾਣਾ, ਇਨ੍ਹਾਂ ਦੇ ਹੌਂਸਲੇ ਦੀ ਢੇਰੀ ਢਾਉਂਦਾ ਜਾਪਦਾ ਸੀ ਪਰ ਅਚਨਚੇਤ ਨਾਨੀ ਨੂੰ ਇਕ ਹੋਰ ਚਾਲ ਸੁੱਝ ਗਈ। ਇਹਨੇ ਆਪਣੇ ਵਿਚਾਰ ਆਪਣੀ ਕੁੜਮਣੀ ਨਾਲ ਸਾਂਝੇ ਕੀਤੇ ਤਾਂ ਦੋਹਾਂ ਦੇ ਪੀਲੇ ਪਏ ਮੁੱਖ ਖਿੜ ਪਏ।
ਐਤਕੀਂ ਨਾਨੀ ਨੇ ਆਪਣੀ ਚੁੰਨੀ ਦੇ ਇਕ ਪੱਲ੍ਹੇ ਨਾਲ ਆਪਣੇ ਲੱਕ ਨੂੰ ਗੰਢ ਬੰਨ੍ਹ ਲਈ ਤੇ ਦੂਜਾ ਪੱਲਾ ਦਾਦੀ ਵੱਲ ਕਰ ਦਿੱਤਾ। ਮੁੜ ਦੋਵੇਂ ਬੱਕਰੀਆਂ ਬਣ ਕੇ ਹੱਥਾਂ ਗੋਡਿਆਂ ਦੇ ਭਾਰ ਅੱਗੜ-ਪਿੱਛੜ ਟੁਰ ਪਈਆਂ। ਨਾਨੀ ਦੀਆਂ ਅੱਖਾਂ ਵਿਚ ਮਾਸਾ ਨੂਰ ਹੈ ਸੀ। ਉਹ ਗਲੀ ਨੂੰ ਟੋਂਹਦੀ ਤੇ ਅੰਦਾਜ਼ੇ ਲਾਉਂਦੀ ਅੱਗੇ ਅੱਗੇ ਟੁਰੀ ਜਾ ਰਹੀ ਸੀ ਤੇ ਇਹਦੇ ਮਗਰੇ-ਮਗਰ ਈ ਮਾੜੀ ਨਜ਼ਰ ਵਾਲੀ ਦਾਦੀ, ਬਿਨਾਂ ਦੰਦਾਂ ਵਾਲੇ ਆਪਣੇ ਮੂੰਹ ਵਿਚ ਚੁੰਨੀ ਦਾ ਇਕ ਪੱਲਾ ਪੀਡਾ ਨੱਪੀ, ਇਸ ਦੀ ਖਿੱਚ ਵਲ ਰਿੜੀ ਆ ਰਹੀ ਸੀ। ਗਲੀ ਵਿਚ ਖਿਲਰੇ ਕੱਖ-ਕਾਣ ਤੇ ਕੰਕਰ-ਰੋੜੇ ਇਨ੍ਹਾਂ ਦੇ ਹੱਥਾਂ ਵਿਚ ਕਈ ਵਾਰ ਖੁੱਭੇ, ਪੱਕੀਆਂ ਇੱਟਾਂ ਨੇ ਵਾਰ-ਵਾਰ ਇਨ੍ਹਾਂ ਦੇ ਮਾਸ ਤੋਂ ਵਾਂਝੇ ਗੋਡਿਆਂ ਨੂੰ ਦਮੁੱਕ ਮਾਰੇ ਪਰ ਇਹ ਨਾ ਟਲੀਆਂ। ਇੰਜ ਤਾਂ ਨਾਨੀ ਦਾ ਟੋਰਾ ਵੀ ਦਸਾਂ ਮਹੀਨਿਆਂ ਦੇ ਬਾਲ ਦੇ ਰਿੜ੍ਹਨ ਤੋਂ ਵਧੇਰਾ ਨਹੀਂ ਸੀ ਪਰ ਇਹ ਫੇਰ ਵੀ ਕੁੜਮਣੀ ਨਾਲੋਂ ਕਿਤੇ ਤ੍ਰਿੱਖੀਆਂ ਲੱਤਾਂ-ਬਾਹਵਾਂ ਚਲਾ ਰਹੀ ਸੀ। ਮੋਈ-ਮੁੱਕੀ ਦਾਦੀ ਲਈ ਉਹਦਾ ਸੰਗ ਕਰਨਾ ਔਖੇ ਤੋਂ ਔਖਾ ਹੁੰਦਾ ਜਾ ਰਿਹਾ ਸੀ। ਓੜਕ ਇਹਦੇ ਮੂੰਹੋਂ ਚੁੰਨੀ ਦਾ ਪੱਲਾ ਛੁੱਟ ਗਿਆ ਤੇ ਇਹ ਬੇਦਮ ਹੋਈ ਗਲੀ ਉਤੇ ਢਿੱਡ ਭਾਰ ਢਹਿ ਪਈ। ਨਾਨੀ ਨੂੰ ਆਪਣੀ ਚੁੰਨੀ ਦਾ ਪਿਛਲਾ ਪੱਲਾ ਹੌਲਾ ਹੁੰਦਾ ਜਾਪਿਆ ਤੇ ਇਹ ਦਾਦੀ ਕੋਲ ਪਰਤ ਆਈ। ਇਹਦੇ ਆਸਰੇ ਨਾਲ ਦਾਦੀ ਉਠ ਤਾਂ ਬੈਠੀ ਪਰ ਪੈਂਦੀ ਸੱਟੇ ਈ ਹਫੀ ਹੋਈ ਬੋਲੀ, “ਛੱਡ ਜਣੀਏ! ਹੌਲੀ ਕਿਉਂ ਨਹੀਂਓ ਟੁਰਦੀ। ਤੂੰ ਤਾਂ ਇੰਜ ਪੈਰ ਪੁੱਟਨੀ ਏਂ, ਰੇਤ ਉਤੇ ਡਾਚੀ ਵੀ ਕੀ ਟੁਰਦੀ ਹੋਵੇਗੀ।”
ਡਰੂ ਜਿਹੀ ਨਾਨੀ ਦੇ, ਮੂੰਹ ਜ਼ੋਰ ਦਾਦੀ ਅੱਗੇ ਸਾਰੀ ਹਯਾਤੀ ਕਿਸੇ ਪਿੜ ਵਿਚ ਪੈਰ ਨਹੀਂ ਸਨ ਟਿਕੇ। ਪਰ ਪਿਛਲੀ ਉਮਰੇ ਅੱਜ ਇਸ ਗੋਡਾ-ਦੌੜ ਵਿਚ ਉਹਨੂੰ ਮਾਤ ਦੇਣ ਉਤੇ ਇਹ ਢਿਡੋਂ ਰਾਜੀ ਹੋਈ। ਇਸ ਲਈ ਇਨ੍ਹਾਂ ਗੱਲਾਂ ਵਿਚ ਇਹ ਹੁਣ ਗੁੜਕ ਰਹੀ ਸੀ। ਝੱਟ ਕੁ ਸਾਹ ਲੈ ਕੇ ਦੋਵੇਂ ਕੁੜਮਣੀਆਂ ਮੁੜ ਉਂਜੇ ਈ ਖਾਈ ਤੋਂ ਥੱਲ੍ਹੇ ਵੱਲ ਰਿੜ ਪਈਆਂ।