Punjabi Kavita
  

Jad Isa Sooli Charhia : Lochan Singh Bakshi

ਜਦ ਈਸਾ ਸੂਲੀ ਚੜ੍ਹਿਆ (ਕਹਾਣੀ) : ਲੋਚਨ ਸਿੰਘ ਬਖਸ਼ੀ

ਜਦ ਈਸਾ ਸੂਲੀ ਚੜ੍ਹਿਆ, ਕਹਿੰਦੇ ਨੇ, ਉਹ ਮੁਸਕ੍ਰਾ ਰਿਹਾ ਸੀ। ਉਸ ਦੇ ਚਿਹਰੇ ਤੇ ਕੋਈ ਸ਼ਾਂਤ-ਨੂਰ ਖੇਲ੍ਹ ਰਿਹਾ ਸੀ ਅਤੇ ਉਸ ਦੀਆਂ ਅੱਖੀਆਂ ਵਿਚ ਦਰਿਆ ਦੀ ਝਲਕ ਸੀ। ਉਸ ਨੇ ਓਹਨਾਂ ਲੋਕਾਂ ਦੇ ਹੱਕ ਵਿਚ ਪਰਾਥਨਾ ਕੀਤੀ, ਜਿਨ੍ਹਾਂ ਨੇ ਉਸ ਨੂੰ ਸੂਲੀ ਚਾੜ੍ਹਿਆ ਸੀ। "ਓ ਸਭਨਾਂ ਦੇ ਸਦੀਵੀ ਪਿਤਾ ! ਤੂੰ ਏਹਨਾਂ ਲੋਕਾਂ ਨੂੰ ਮਾਫ ਕਰ ਦੇਵੀਂ ਕਿਉਂਕਿ ਇਹ ਅਨਜਾਣ ਹਨ। ਇਹ ਜਾਣਦੇ ਨਹੀਂ ਕਿ ਜੋ ਕੁਝ ਇਹ ਕਰ ਰਹੇ ਹਨ, ਇਹ ਇਕ ਗੁਨਾਹ ਹੈ।"

ਕਵੀ ਨੇ ਸੋਚਿਆ, ਕਿੰਨੇ ਲੋਕ ਅੱਜ ਅਸਾਡੇ ਵਿਚ ਅਜੇਹੇ ਹਨ, ਜੋ ਆਪਣੇ ਆਪ ਨੂੰ ਆਪਣੇ ਪ੍ਰੀਤਮ ਦੇ ਰਾਹ ਵਿਚ ਇਸ ਤਰ੍ਹਾਂ ਕੁਰਬਾਨ ਕਰ ਸਕਦੇ ਹਨ, ਜੋ ਦੂਜੇ ਦਾ ਕਸੂਰ ਵੇਖ ਕੇ ਅਣਡਿਠਾ ਕਰ ਸਕਦੇ ਹਨ, ਜੋ ਆਪਣੇ ਕਾਤਿਲ ਨੂੰ ਬਖ਼ਸ਼ ਸਕਦੇ ਹਨ ਅਤੇ ਜੋ ਆਪਣੇ ਪੂਜਯ ਇਸ਼ਟ ਲਈ ਵਿਕ ਸੱਕਦੇ ਹਨ..!

ਹਵਾ ਦਾ ਇਕ ਬੁਲ੍ਹਾ ਉੱਤਰ ਵਜੋਂ ਸਾਹਮਣੇ ਆਇਆ। ਬਾਰੀ ਦੇ ਨਾਲ ਕਰਕੇ ਟੰਗੇ ਹੋਏ ਕਲੰਡਰ ਤੇ ਬਰਾਜਮਾਨ ਸੁੰਦਰੀ ਮੁਸਕਰਾਈ । ਟੇਬਲ-ਡਾਇਰੀ ਦੇ ਪਤਰੇ ਉੱਡ ਉੱਡ ਗਏ । ਬਾਹਰ ਰੋਸ਼ਨ-ਦਾਨ ਦੇ ਛੱਜੇ ਤੇ ਬੈਠੇ ਹੋਏ ਕਬੂਤਰ ਨੇ ਇਕ ਝੁਰਝੁਰੀ ਲਈ ਤੇ ਬੋਲਿਆ, ਗੁਟਰ ਗੂੰ, ਗੁਟਰ ਗੂੰ ...ਤੇ ਕਵੀ ਦੇ ਮਨ ਵਿਚਲੀ ਖਲਾ ਵਿਚ ਗੂੰਜਿਆ 'ਕੋਈ ਨਹੀਂ'... 'ਕੋਈ ਨਹੀਂ'...। ਕੀ ਇਹ ਉਤਰ ਸੀ, ਉਸ ਦੇ ਪ੍ਰਸ਼ਨ ਦਾ?

ਈਸਾ ਵੀ ਤਾਂ ਇਕ ਮਨੁੱਖ ਹੀ ਸੀ। ਇਹ ਗੱਲ ਵੱਖਰੀ ਹੈ ਕਿ ਕਿਸੇ ਮਨੁੱਖ ਦੀ ਜੀਵਣ-ਪਧਰ ਇੰਨੀ ਉਚੀ ਹੋਵੇ, ਜਾ ਕਿਸੇ ਦਾ ਆਸ਼ਾ ਇੰਨਾ ਵਿਸ਼ਾਲ ਹੋਵੇ ਕਿ ਉਸ ਵਿਚ, ਆਪ ਮੁਹਾਰੇ ਹੀ ਦੇਵਤਿਆਂ ਵਾਲੀਆਂ ਖ਼ੂਬੀਆਂ ਆ ਜਾਣ। ਸਮਾਂ ਆਉਣ ਤੇ ਹਰ ਮਨੁਖ ਦੇਵਤਾ ਬਣ ਸੱਕਦਾ ਹੈ ਤੇ ਰਤਾ ਜਿੰਨਾ ਥਿੜਕ ਜਾਣ ਨਾਲ ਮਨੁਖ, ਮਨੁਖ ਵੀ ਨਹੀਂ ਰਹਿੰਦਾ। 'ਈਸਾ' ਮਨੁਖ ਸੀ । ਈਸੇ ਨੂੰ ਫਾਂਸੀ ਦੇਣ ਵਾਲੇ ਮਨੁਖ ਸਨ, ਪਰ ਅੱਜ ਗਹੁ ਨਾਲ ਵੇਖਿਆਂ ਤੇ ਵਿਚਾਰਿਆਂ, ਅਸੀਂ ਇਸ ਸਿੱਟੇ ਤੇ ਪੁਜਦੇ ਹਾਂ ਕਿ “ਈਸਾ ਮਨੁਖ ਨਹੀਂ ਸੀ, ਦੇਵਤਾ ਸੀ ਅਤੇ ਦੁਨੀਆਂ ਨੇ, ਜਿਸ ਨੇ ਉਸ ਨੂੰ ਦੁਖ ਪਹੁੰਚਾਣ ਲਈ, ਮੌਤ ਦੀ ਸਜ਼ਾ ਨੀਯਤ ਕੀਤੀ ਸੀ, ਕੋਈ ਮਨੁਖਤਾ ਦਾ ਸਬੂਤ ਨਹੀਂ ਸੀ ਪੇਸ਼ ਕੀਤਾ। ਇਕ ਵੀਰਾਨ ਪਹਾੜੀ ਤੇ ਜਿਥੇ ਪ੍ਰਸਿਧ ਗੁਨਾਹਗਾਰਾਂ ਨੂੰ ਫਾਂਸੀ ਲਾਇਆ ਜਾਂਦਾ ਸੀ, ਉਸ ਨੂੰ ਲਿਜਾਇਆ ਗਿਆ, ਉਸ ਨੂੰ ਕੰਡਿਆਂ ਦਾ ਤਾਜ ਪਹਿਨਾਇਆ ਗਿਆ। ਉਸ ਦੇ ਜਿਸਮ ਨੂੰ ਖਰਾਸ ਵਰਗਿਆਂ ਦੋ ਤਖ਼ਤਿਆਂ ਤੇ ਖੜਾ ਕੀਤਾ ਗਿਆ ਤੇ ਜੀਉਂਦੇ ਜੀਅ ਉਸ ਦੇ ਸਾਰੇ ਜਿਸਮ ਤੇ ਮੇਖਾਂ ਗੱਡ ਦਿਤੀਆਂ ਗਈਆਂ । ਦੁਨੀਆਂ ਦੇ ਖਿਆਲ ਅਨੁਸਾਰ ਸੰਸਾਰ ਭਰ ਵਿਚ ਮਹਾਨ ਸਜ਼ਾ, ਮੌਤ-ਤੋਂ ਛੁਟ ਹੋਰ ਕੁਝ ਨਹੀਂ ਸੀ। ਪਰ ਕਵੀ ਜਾਣਦਾ ਸੀ, ਮੌਤ ਈਸਾ ਦਾ ਕੁਝ ਵੀ ਨਹੀਂ ਸੀ ਵਿਗਾੜ ਸਕੀ । ਉਹ ਹੁਣ ਵੀ ਜੀਅ ਰਿਹਾ ਸੀ । ਅਜ ਵੀ ਮਨੁਖਤਾ ਦੇ ਦਿਲ ਵਿਚ ਉਸ ਦਾ ਸੁਨੇਹਾ ਧੜਕ ਰਿਹਾ ਸੀ। ਉਦੋਂ ਵੀ ਉਹ ਦੇਵਤਾ ਸੀ ਤੇ ਅਜ ਵੀ ਦੇਵਤਾ ਅਮਰ ਅਤੇ ਸਦੀਵੀ ਦੇਵਤਾ । ਪਰ ਉਦੋਂ ਵੀ ਕਹਿੰਦੇ ਨੇ ਉਹ ਮੁਸਕਰਾ ਰਿਹਾ ਸੀ। ਉਸ ਦੇ ਚਿਹਰੇ ਨੂੰ ਕੋਈ ਸ਼ਾਂਤ ਨੂਰ ਖੇਲ ਰਿਹਾ ਸੀ। ਉਸ ਦੀਆਂ ਅੱਖੀਆਂ ਵਿਚ ਦਰਿਆ ਦੀ ਝਲਕ ਸੀ। ਉਸ ਨੇ ਓਹਨਾਂ ਲੋਕਾਂ ਦੇ ਹੱਕ ਵਿਚ ਇਕ ਪਰਾਥਨਾ ਕੀਤੀ, ਜਿਨ੍ਹਾਂ ਉਸ ਨੂੰ ਸੂਲੀ ਚਾੜ੍ਹਿਆ ਸੀ।

ਕਵੀ ਨੇ ਸੋਚਿਆ "ਇਹ ਹੈ ਅਤਿ ਸਿਖਰ ਸਚੇ ਪਿਆਰ ਦੀ" ਤੇ ਉਸ ਨੂੰ ਇਉਂ ਭਾਸਿਆ, ਜਿਵੇਂ ਈਸਾ ਮਸੀਹ ਦੀ ਮੁਸਕਣੀ ਉਸ ਦੇ ਸਾਰੇ ਜੀਵਨ ਦੇ ਦਿਸ-ਹਦੇ ਤੇ, ਸੁਨਹਿਰੀ ਸੂਰਜ ਦੀ ਲੋਅ ਵਾਂਗ ਫੈਲ ਗਈ ਹੈ। ਉਸ ਦੀ ਮੁਸਕਣੀ ਨੇ ਉਸ ਦੇ ਸਾਰੇ ਜੀਵਨ ਨੂੰ ਵਲ ਲਿਆ ਹੈ ਤੇ ਉਸ ਦਾ ਸੁਨੇਹਾ 'ਪਿਆਰ' ਉਸ ਦੇ ਦਿਲ ਦੀਆਂ ਅੰਤਰੀਵ ਡੂੰਘਾਣਾ ਵਿਚ ਧੜਕਦਾ ਰਿਹਾ। ਉਦੋਂ ਕਵੀ ਆਪਣੀ ਮਨੁਖਤਾ ਦੀ ਇੱਕਲ ਗਵਾ ਬੈਠਾ ਸੀ। ਉਹ ਇਸ਼ਟ ਵਿਚ ਲੀਨ ਹੋ ਚੁੱਕਾ ਸੀ, ਜਿਵੇਂ ਉਹ ਉਸ ਦੇ ਮਹਾ-ਨੂਰ ਦੀ ਨਿਰੀ ਇਕ ਕਿਰਨ ਬਣ ਗਿਆ ਸੀ।

...ਤੇ ਫੇਰ ਆਪ ਮੁਹਾਰੇ ਹੀ ਉਸ ਦੇ ਦਿਲ ਵਿਚੋਂ ਉਹੀ ਖਿਆਲ ਉਜਾਗਰ ਹੋ ਉਠਿਆ, ਜਿਸ ਨੂੰ ਬਾਹਰ ਕੱਢਣ ਲਗਿਆਂ, ਉਸ ਨੂੰ ਆਪਣੇ ਆਪ ਨਾਲ, ਆਪਣੀ ਜ਼ਮੀਰ ਨਾਲ ਘੁਲਣਾ ਪਿਆ ਸੀ । ਇਹ ਸੀ ਕਿਸੇ ਦਾ ਤਸੱਵਰ, ਜਿਸ ਨੂੰ ਉਹ ਵੇਖਣਾ ਚਾਹੁੰਦਾ ਸੀ, ਪਰ ਇਸ ਸੂਰਤ ਵਿਚ ਨਹੀਂ, ਜਿਵੇਂ ਉਸ ਦਾ ਦਿਲ ਉਸ ਦੇ ਸਾਹਮਣੇ ਉਸ ਨੂੰ ਪੇਸ਼ ਕਰ ਰਿਹਾ ਸੀ। ਕਵੀ ਨੇ ਲਖਾਂ ਯਤਨ ਕੀਤੇ ਸਨ ਕਿ ਕਿਸੇ ਤਰਾਂ ਇਸ ਨਿਕੇ ਜਿਹੇ ਪਰਛਾਵੇਂ ਦੀ ਥਾਂ ਵੀ ਉਹੀ ਮਹਾਂ-ਨੂਰ ਮਲ ਲਵੇ, ਪਰ ਇਸ ਤਰ੍ਹਾਂ ਕਦੀ ਵੀ ਨਾ ਹੋ ਸਕਿਆ । ਉਸ ਦੇ ਦਿਲ ਵਿਚ ਚਾਨਣ ਹੋਣ ਦੇ ਬਾਵਜੂਦ ਵੀ ਉਹ ਨਿੱਕਾ ਜਿਹਾ ਪਰਛਾਵਾਂ ਸਦਾ ਵਧਦਾ ਰਿਹਾ ਸੀ। ਉਸ ਦਾ ਦਿਲ ਚੰਨ ਸੀ, ਰੋਸ਼ਨ ਚੰਨ, ਜਿਥੇ ਈਸਾ ਮਸੀਹ ਦੀ ਮੂਰਤੀ ਬਰਾਜਮਾਨ ਸੀ । ਪਰ ਸ਼ਾਇਦ ਰੋਸ਼ਨ ਚੰਨ ਵੀ ਦਾਗ਼ਦਾਰ ਹੈ ਤੇ ਬਾਵਜੂਦ ਲਖ ਯਤਨਾਂ ਦੇ ਉਸ ਦੇ ਦਿਲ ਦੀਆਂ ਦੋਵੇਂ ਚੇਤ ਅਤੇ ਅਚੇਤ ਅਵਸਥਾਵਾਂ ਵਿਚ ਉਹ ਨਿੱਕੀ ਜਹੀ ਪਰਛਾਵੀਂ ਤਰਦੀ ਰਹੀ ਸੀ । ਅਚੇਤ ਅਵਸਥਾਵਾਂ ਵਿਚ ਉਦੋਂ ਜਦੋਂ ਉਹ ਕਵੀ ਹੁੰਦਾ ਸੀ ਤੇ ਚੇਤ ਵਿਚ ਉਦੋਂ, ਜਦ ਉਹ ਇਕ ਮਾਮੂਲੀ ਮਨੁਖ ਹੁੰਦਾ ਸੀ ।

ਉਚਾਣਾਂ ਵਿਚ ਉਡਦਾ ਕਵੀ ਸੋਚਦਾ ਸੀ, “ਮਾਇਆ ਹੈ ਇਹ । ਤੀਵੀਂ ਨਿਰਾ ਇਕ ਧੋਖਾ ਹੈ । ਇਸ ਦਾ ਰੂਪ ਨਿਰਾ ਇੱਕ ਪਰਦਾ ਹੈ, ਜਿਸ ਦੇ ਪਿਛੇ ਹਕੀਕਤ ਕੋਈ ਨਹੀਂ । ਇਹ ਬਿਖ ਹੈ ਜਿਸ ਤੋਂ ਅੰਮ੍ਰਿਤ-ਕੁੰਡ ਦਾ ਧੋਖਾ ਹੁੰਦਾ ਹੈ। ਇਹ ਝੂਠ ਵਿਚ ਗਲੇਫੀ ਹੋਈ ਸਚਿਆਈ ਹੈ ਜੋ ਬਾਹਰੋਂ ਮਿਠੀ ਜਾਪ ਰਹੀ ਹੈ, ਅੰਦਰੋਂ ਅਤਿ ਕੌੜੀ ਹੈ । ਇਹ ਹੈ ਉਹ ਫਿਸਲਨ ਜਿਸ ਤੋਂ ਆਦਮੀ ਫਿਸਲਿਆ ਸੀ ਤੇ ਅਕਾਸ਼ਾਂ ਤੋਂ ਉਲਰਿਆ ਹੋਇਆ ਧਰਤੀ ਤੇ ਐਸਾ ਪਟਕਿਆ ਗਿਆ ਕਿ ਮੁੜ ਉਠ ਨਾ ਸਕਿਆ ।" ਕਵੀ ਉਚਾਣਾ ਵਿਚ ਉਡਦਾ ਤੇ ਇਹ ਪਰਛਾਵੀਂ ਉਸ ਦੇ ਮਗਰ ਮਗਰ ਉਡਦੀ । ਦੂਜੇ ਹੀ ਪਲ ਉਹ ਮੁੜ ਧਰਤੀ ਤੇ ਹੁੰਦਾ। ਕਾਲੇ ਘੁੰਗਰਾਲੇ ਵਾਲ, ਸ਼ੋਖ ਮਦ-ਮਾਤੇ ਨੈਣ, ਮਾਖਿਓਂ ਮਿਠੇ ਬੁਲ੍ਹ ਤੇ ਮਰਮਰੀਂ ਬਾਹਾਂ ਉਸ ਦੇ ਦੁਆਲੇ ਲਿਪਟ ਜਾਂਦੀਆਂ । ਬਾਰੀ ਵਿਚੋਂ ਦੀ ਉਹ ਬਾਹਰ ਝਾਕਦਾ। ਬਾਹਰ ਰਾਤ ਦੀ ਚੁਪ ਚਾਂ ਹੁੰਦੀ । ਨੀਲੇ ਅਕਾਸ਼ ਤੇ ਤਾਰੇ ਬਿਖਰੇ ਹੁੰਦੇ । ਰੋਸ਼ਨਦਾਨ ਦੇ ਛਜੇ ਤੇ ਬੈਠਾ ਹੋਇਆ ਕਬੂਤਰ ਊਂਘ ਰਿਹਾ ਹੁੰਦਾ | ਸਾਹਮਣੀ ਦੀਵਾਰ ਵਿਚ ਲੱਗੀ ਬਾਰੀ ਦਾ ਬੂਹਾ ਖੁਲ੍ਹਦਾ ਤੇ ਉਹ ਪਰਛਾਵੀਂ ਹਕੀਕਤ ਵਿਚ ਵਟ ਜਾਂਦੀ । ਭੀੜੀ ਗਲੀ, ਅਤਿ ਉਚੇ ਮਕਾਨ ਦੀ ਤੀਜੀ ਛਤ ਤੋਂ ਲੈ ਕੇ ਹੇਠਾਂ ਦੂਰ ਡੰਘੇ ਹਨੇਰੇ ਤੀਕ ਸੁਨਸਾਨ ਜਾਪਦੀ । ਇਕ ਸਡੌਲ ਜਹੀ ਬਾਂਹ ਜੋ ਮੋਢਿਆਂ ਤੀਕ ਨੰਗੀ ਹੁੰਦੀ, ਚਾਨਣੀ ਵਿਚ ਚਮਕ ਉਠਦੀ ਤੇ ਕੋਈ ਅਵਾਜ਼ ਉਸਦਿਆਂ ਕੰਨਾਂ ਵਿਚ ਗੂੰਜਦੀ। 

“ਮੈਂ ਤੇਰੀ ਹੂੰ ਪਿਆਰੇ, ਲੇ ਮੇਰਾ ਹਾਥ ਥਾਮ, ਮੈਂ ਤੁਮ ਸੇ ਸਹਾਰਾ ਮਾਂਗ ਰਹੀ ਹੂੰ। ਮੇਰੀ ਮਦਦ ਕਰ ਜਿਸ ਰੋਜ਼ ਸੇ ‘ਬਰ੍ਹਮਾ’ ਨੇ ਸਰਿਸ਼ਟੀ ਕਾ ਆਰੰਭ ਕੀਆ ਹੈ, ਮੈਂ ਨੇ ਤੁਮੇ ਚਾਹਾ ਹੈ । ਔਰ ਜਿਸ ਰੋਜ਼ 'ਸ਼ਿਵ ਜੀ' ਆਖੇਂ ਮੂੰਦ ਕਰ ਤਾਂਡਵ ਨਰਿਤ ਕੇ ਲੀਏ ਅਪਨੀ ਬਾਹੇਂ ਖੋਲ੍ਹੇਗਾ, ਉਸ ਰੋਜ਼ ਤਕ ਭੀ ਮੇਰੇ ਹੋਟੋਂ ਪਰ ਯਹੀ ਫਰਿਆਦ ਰਹੇਗੀ ਔਰ ਮੇਰੀ ਬਾਂਹੇ ਯੂੰਹੀ ਖੁਲ੍ਹੀ ਰਰੇਗੀ, ਤੁਮਹੇਂ ਪਾਨੇ ਕੇ ਲੀਏ । ਤੁਮਹਾਰਾ ਪਿਆਰ ਮੇਰੇ ਪਾਸ ਅਮਾਨਤ ਪੜਾ ਹੈ, ਤੁਮ ਆਪਣੀ ਅਮਾਨਤ ਪਹਿਚਾਨ ਲੋ। ਤੁਮ ਕਿਉਂ ਇਤਨੇ ਕਠੋਰ ਹੋ, ਤੁਮ ਕਿਉਂ ਮੇਰੇ ਪਿਆਰ ਕਾ ਇਮਤਿਹਾਨ ਲੇ ਰਹੇ ਹੋ । ਤੁਮ ਕਿਉਂ ਮੇਰੀ ਫ਼ਰਿਆਦ ਨਹੀਂ ਸੁਨਤੇ, ਫ਼ਰਿਆਦ ਜਿਸ ਸੇ 'ਗੌਰੀ' ਨੇ ਕੈਲਾਸ਼ ਪਰਬਤ ਪਰ ਸਮਾਧੀ ਮੇਂ ਖੋਏ ਹੁਏ 'ਕੈਲਾਸ਼ ਪਤੀ' ਕੋ ਚੌਂਕਾ ਦੀਆ ਥਾ, ਹਾਂ ਯਿਹ ਵੋਹੀ ਫਰਿਆਦ ਹੈ ਜੋ ‘ਰਾਧਾ' ‘ਕਰਿਸ਼ਨ ਗੋਪਾਲ' ਕੇ ਲੀਏ ਰਖਤੀ ਥੀ, ਯਿਹ ਵੋਹੀ ਤੜਪ ਹੈ, ਜੋ ਮਾਂ ਬੇਟੇ ਕੇ ਲੀਏ ਰਖਤੀ ਹੈ, ਔਰ ਯਿਹ ਵੋਹੀ ਪਿਆਰ ਹੈ, ਜੋ ਬਹਿਨ ਭਾਈ ਕੇ ਲੀਏ ਰਖਤੀ ਹੈ । ਤੁਮ ਮੇਰੇ ਪੂਰਨ ਪ੍ਰੇਮ ਕੋ ਸਵੀਕਾਰ ਕਰੋ ਸਾਜਨ ! ਕਿਆ ਮੈਂ ਨੇ ਤੁਮਹੇਂ ਇਸ ਖਾਮੋਸ਼ੀ ਕੇ ਲੀਏ ਚਾਹਾ ਥਾ ? ਕਿਆ ਮੇਰੇ ਪਿਆਰ ਕੇ ਉਤਰ ਮੇਂ ਤੁਮਹਾਰੇ ਪਾਸ ਸਿਰਫ ਯਹੀ ਏਕ ਖਾਮੋਸ਼ੀ ਹੈ, ਬਰਫੋਂ ਕੀ ਸੀ ਠੰਢੀ ਔਰ ਉਦਾਸ ਖਾਮੋਸ਼ੀ ? ਬੋਲ ਮੇਰੇ ਕਵੀ ... ਬੋਲ ...."

ਤੇ ਬਾਵਜੂਦ ਇਸ ਗਲ ਦੇ ਕਿ ਉਹ ਉਸ ਦੇ ਪਿਆਰ ਦਾ ਉਤਰ ਉਨੀ ਹੀ ਨਿਘ ਨਾਲ ਦੇਣਾ ਚਾਹੁੰਦਾ ਸੀ, ਉਹ ਬਰਫਾਂ ਵਾਂਗ ਚੁਪ ਤੇ ਉਦਾਸ ਰਹਿੰਦਾ। ਹਰ ਵਾਰ ਇਕ ਸੋਚ ਉਸ ਦੀ ਚਾਹ ਵਿਚ ਆਣ ਖਲੋਂਦੀ ਸੀ ।

"ਇਹ ਸੁੰਦਰ ਹੈ, ਪਰ ਤੀਵੀਂ ਹੈ। ਮੈਂ ਇਸ ਵਿਚਲੀ ਸੁੰਦਰਤਾ ਦਾ ਪੁਜਾਰੀ ਹਾਂ । ਤੀਵੀਂ ਨਾਲ ਮੇਰਾ ਕੋਈ ਵਾਸਤਾ ਨਹੀਂ, ਕੋਈ ਸਬੰਧ ਨਹੀਂ। ਮੇਰਾ ਮਸੀਹ, ਆਪ ਇਕ ਸੁੰਦਰਤਾ ਹੈ, ਤੇ ਇਸ ਵਿਚਲੀ ਸੁੰਦਰਤਾ ਮੇਰੇ ਮਸੀਹ ਦੀ ਸੁੰਦਰਤਾ ਹੈ। ਇਹ ਸੁੰਦਰ ਹੈ, ਪ੍ਰੀਤਮ ਹੈ, ਪਰ ਪੂਜਯ ਹੈ। ਮੈਂ ਇਸ ਨੂੰ ਪੂਜਯ ਹੀ ਵੇਖਣਾ ਚਾਹੁੰਦਾ ਹਾਂ ਤੇ ਉਹ ਚੁੱਪ ਰਹਿੰਦਾ। ਕੁੜੀ ਦੀ ਤਰਲੇ ਭਰੀ ਆਵਾਜ਼ ਨਿਕਲਦੀ ਤੇ ਸਿਸਕਦੀ ਰਹਿੰਦੀ । ਪਿਆਰ ਮੰਦਿਰ ਵਿਚ ਪਈ ਮੂਰਤ ਵਾਂਗ ਉਹ ਬੇ-ਹਿਸ ਰਹਿੰਦਾ ਤੇ ਕਦੇ ਕੌਣ ਜਾਣਦਾ ਹੈ, ਮੰਦਰ ਵਿਚ ਪਈ ਭਗਾਵਨ ਦੀ ਮੂਰਤੀ ਆਪਣੇ ਪੁਜਾਰੀਆਂ ਦੀ ਦਿਸ਼ਾ ਤੇ ਅੰਦਰੋਂ ਅੰਦਰ ਹਸਦੀ ਹੈ ਜਾਂ ਅਥਰੂ ਵੀਟਦੀ । ਉਹ ਜੀਭ, ਬੁਲ੍ਹ, ਦਿਲ ਅਤੇ ਖਿਆਲਾਤ ਰਖਦਿਆਂ ਹੋਇਆਂ ਭੀ ਚੁਪ ਰਹਿੰਦਾ। ਚੰਨ ਚਾਨਣੀ ਵਿਚ ਨ੍ਹਾਉਂਦੀ ਹੋਈ ਪ੍ਰੀਤਮਾ ਦੀ ਮਰਮਰੀਂਂ ਬਾਂਹ ਥਕ ਕੇ ਵਾਪਸ ਮੁੜ ਜਾਂਦੀ। ਆਪਣੇ ਤਸੱਵਰ ਹੀ ਤਸੱਵਰ ਵਿਚ ਉਹ ਵੇਖਦਾ ਪ੍ਰੀਤਮਾਂ ਦੀ ਬਾਂਹ ਤੇ ਸੂਹਾ ਲਾਲ ਚੂੜਾ ਹੈ। ਉਸ ਦੀ ਖਬੇ ਹੱਥ ਦੀ ਤੱਲੀ ਤੇ ਜਿਥੇ ਉਸ ਦੇ ਆਪਣੇ ਨਾਂ ਦਾ ਪਹਿਲਾ ਅੱਖਰ ਉਕਰਿਆ ਹੋਇਆ ਹੈ। ਸੁਹਾਗ ਦੀ ਮਹਿੰਦੀ ਲਗ ਲਗ ਜਾਂਦੀ ਹੈ ਪਰ ਦੂਜੇ ਹੀ ਦਿਨ ਉਹ ਜਾਣ ਜਾਂਦਾ ਸੀ ਪ੍ਰੀਤਮਾ ਅਜ ਕੰਵਾਰੀ ਹੈ। ਉਸ ਦੀਆਂ ਮਰਮਰੀਂ ਬਾਹਾਂ ਲਾਲ ਸੂਹੇ ਚੂੜੇ ਤੋਂ ਵਾਂਜੀਆਂ ਹਨ ਤੇ ਉਸ ਦਿਆਂ ਹਥਾਂ ਤੇ ਸੁਹਾਗ ਮਹਿੰਦੀ ਦਾ ਰਾਜ ਨਹੀਂ। ਉਸ ਦਿਆਂ ਬੁਲ੍ਹਾਂ ਤੇ ਸਦਾ ਵਾਂਗ ਲਿਲਕਦੀ ਹੋਈ ਫਰਿਆਦ ਹੁੰਦੀ ਹੈ ਤੇ ਅਖੀਆਂ ਵਿਚ ਸਦੀਵੀ ਤਰਲਾ ਪਰ ਈਸਾ ਮਸੀਹ ਦਾ ਪੁਜਾਰੀ ਜਦੋਂ ਭੀ, ਈਸਾ ਮਸੀਹ ਦੇ ਫ਼ਰਮਾਨ। ਬਾਬਤ ਸੋਚਦਾ ਤਾਂ ਉਹ ਕੰਬ ਉਠਦਾ, 'ਪ੍ਰੀਤਮਾ ਮੇਰੇ ਲਈ ਨਹੀਂ।' ਉਹ ਜਾਣਦਾ ਸੀ, ਪਰ ਇਸ ਗਲ ਦੇ ਬਾਵਜੂਦ ਵੀ ਉਹ ਸੋਚਦਾ। ਮੈਂ ਨਿਰਾ ਉਸ ਨੂੰ ਪਿਆਰਿਆ ਹੀ ਨਹੀਂ, ਮੈਂ ਉਸ ਵਿਚ ਮਸੀਹ ਦਾ ਚਾਨਣ ਲਭਿਆ ਹੈ ਤੇ ਪੂਜਿਆ ਹੈ ਪਿਆਰ ਕਰਨਾ ਕੋਈ ਗੁਨਾਹ ਨਹੀਂ, ਗੁਨਾਹ ਕੇਵਲ ਗੁਨਾਹ ਦਾ ਖਿਆਲ ਹੈ। ਉਸ ਨੇ ਤਾਂ ਆਖਿਆ ਸੀ, ਜੋ ਕੋਈ ਤੀਵੀਂ ਨੂੰ ਭੈੜੀ ਅੱਖ ਨਾਲ ਵੇਖਦਾ ਹੈ, ਉਹ ਗੁਨਾਹਗਾਰ ਹੈ ਕਿਉਂਕਿ ਸਚਮਚ ਗੁਨਾਹ ਕਰਨ ਤੋਂ ਵੀ ਪਹਿਲਾਂ ਉਹ ਆਪਣੇ ਦਿਲ ਵਿਚ ਗੁਨਾਹ ਕਰਦਾ ਹੈ।'ਤੀਵੀਂ ਨੂੰ ਭੈੜੀ ਅੱਖ ਨਾਲ ਵੇਖਣਾ ਗੁਨਾਹ ਹੈ, ਪਰ ਉਸ ਵਿਚ ਈਸਾ ਮਸੀਹ ਦੀ ਰੋਸ਼ਨੀ ਵੇਖਣਾ ਤਾਂ ਗੁਨਾਹ ਨਹੀਂ ਹੈ! ਅਤੇ ਜਿਤਨੀ ਦੇਰ ਤੀਕ ਉਹ ਇਸ ਤਰ੍ਹਾਂ ਸੋਚਦਾ ਰਹਿੰਦਾ, ਇਹ ਗੁਨਾਹ ਹੈ ਕਿ ਨਹੀਂ, ਉਸ ਦੀ ਪ੍ਰੀਤਮਾ ਉਸ ਦੇ ਸਾਹਮਣੇ ਖੜੀ ਰਹਿੰਦੀ, ਉਸ ਮੁਜਰਮ ਵਾਂਗ ਜੋ ਨਹੀਂ ਜਾਣਦਾ ਕਿ ਮੁਨਸਿਫ਼ ਉਸ ਨੂੰ ਮੌਤ ਦੀ ਸਜ਼ਾ ਦੇਣ ਲੱਗਾ ਹੈ ਕਿ ਉਕਾ ਹੀ ਬਰੀ ਕਰ ਦੇਣ ਲਗਾ। ਉਹ ਕੋਈ ਗਿਲਾ ਕਰਦੀ ਸੀ ਨਾ ਸ਼ਕਾਇਤ, ਸਗੋਂ ਖਾਮੋਸ਼ ਅਤੇ ਬੇ-ਹਿਸ ਖੜੀ ਰਹਿੰਦੀ।

—ਤੇ ਫੇਰ ਉਹ ਹਿਲਦੀ ਸੀ। ਉਸ ਦੇ ਬੁਲ੍ਹ ਹਿਲਦੇ ਸਨ ਤੇ ਓਹਨਾਂ ਵਿਚੋਂ ਕਵਿਤਾ ਨਿਕਲਦੀ, ਜਿਸ ਦਾ ਉਲਥਾ ਸੀ 'ਪਿਆਰ`, ਕੇਵਲ ‘ਪਿਆਰ’। ਉਹ ਉਸ ਵਲ ਵਧਦੀ ਸੀ, ਹੌਲੀ ਹੌਲੀ, ਕਦਮ ਕਦਮ ਤੇ ਕਵੀ ਉਸ ਨੂੰ ਪਿਆਰਦਿਆਂ ਹੋਇਆਂ ਵੀ ਤ੍ਰਬਕ ਉਠਦਾ ਤੇ ਪਿਛੇ ਹਟ ਜਾਂਦਾ। ਉਹ ਜਾਣਦਾ ਸੀ ਜੇ ਉਹ ਇਕ ਕਦਮ ਵੀ ਉਸ ਵਲ ਵਧਿਆ ਤਾਂ ਓਹ ਦੋਵੇਂ ਟਕਰਾ ਜਾਣਗੇ ਤੇ ਕਿਤਨੀ ਖਤਰਨਾਕ ਹੁੰਦੀ ਹੈ ਟੱਕਰ।

ਏਸੇ ਤਰ੍ਹਾਂ ਇਸ ਖਿਚੋਤਾਣ ਵਿਚ ਇਕ ਸਮਾਂ ਬੀਤ ਗਿਆ। ਕਵੀ ਜਾਣਦਾ ਸੀ ਕਿ ਉਹ ਉਸ ਨੂੰ ਪਿਆਰ ਕਰਦੀ ਹੈ। ਜਦੋਂ ਉਹ ਰਾਤੀਂਂ ਇਕ ਇਕ ਵਜੇ ਮੁੜ ਕੇ ਆਉਂਦਾ ਤਾਂ ਉਹ ਵੀ ਜਾਗਦੀ ਹੁੰਦੀ। ਉਹ ਆਪਣੇ ਕਮਰੇ ਵਿਚ ਬੱਤੀ ਜਗਾਂਦਾ ਹੀ ਸੀ ਕਿ ਕਿਸੇ ਦੀ ਖੰਘ ਦੀ ਆਵਾਜ਼ ਉਸਦਿਆਂ ਕੰਨਾਂ ਵਿਚ ਪੈਂਦੀ।'ਖੌਂ......... ਖੌਂ।' 'ਮੈਂ ਅਭੀ ਤਕ ਜਾਗ ਰਹੀ ਹੂੰ। ਯਿਹ ਮਤ ਸਮਝਨਾ ਕਿ ਮੁਝੇ ਨੀਂਦ ਆ ਗਈ ਹੈ। ਮੁਝੇ ਅਬ ਭੀ ਤੁਮਹਾਰਾ ਇੰਤਜ਼ਾਰ ਹੈ। ਮੁਝੇ ਅਬ ਭੀ ਤੁਮ ਪਰ ਉਮੀਦ ਹੈ।' ਤੇ ਕਵੀ, ਜੇ ਉਸ ਨੂੰ ਜਵਾਬ ਵਿਚ ਪਿਆਰਦਾ ਨਹੀਂ ਸੀ ਤਾਂ ਘਟੋ ਘਟ ਉਸ ਨੂੰ ਉਸ ਦੀਆਂ ਏਹਨਾਂ ਕੁਰਬਾਨੀਆਂ ਦਾ ਖਿਆਲ ਜ਼ਰੂਰ ਰਹਿੰਦਾ। ‘ਕੋਈ ਕਿਓਂ ਕਿਸੀ ਕੇ ਲੀਏ ਜਾਗੇ। ਕੋਈ ਕਿਓਂ ਕਿਸੀ ਕਾ ਰਾਤ ਭਰ ਇੰਤਜ਼ਾਰ ਕਰੇ।' ਤੇ ਹੋਰ ਜਦੋਂ ਉਸ ਨੇ ਉਸ ਨੂੰ ਪਿਆਰ ਕਰਨਾ ਸ਼ੁਰੂ ਕੀਤਾ ਸੀ ਤਾਂ ਇਸ ਲਈ ਨਹੀਂ ਕਿ ਉਸ ਨੇ ਉਸ ਨੂੰ ਪਿਆਰ-ਗੋਚਰੀ ਸਮਝ ਕੇ ਆਪਣੀ ਪ੍ਰੀਤਮਾ ਬਣਾ ਲਿਆ ਸੀ, ਸਗੋਂ ਉਸ ਦੀਆਂ ਕੁਰਬਾਨੀਆਂ ਦਾ ਉਸ ਪਾਸੋਂ ਹੋਰ ਕੋਈ ਜਵਾਬ ਨਹੀਂ ਸੀ ਬਣ ਆਇਆ। ਜੇ ਉਹ ਉਸ ਨੂੰ ਵੇਖ ਕੇ ਜੀਉਂਦੀ ਸੀ ਤਾਂ ਘਟੋ ਘਟ ਉਹ ਵੀ ਉਸ ਨੂੰ ਵੇਖ ਕੇ ਖੁਸ਼ ਜ਼ਰੂਰ ਹੁੰਦਾ ਸੀ। ਫੇਰ ਇਕ ਦਿਨ ਐਸਾ ਆਇਆ,ਜਦੋਂ ਕਵੀ ਨੇ ਵੇਖਿਆ ਕਿ ਉਸ ਦਾ ਸੁਪਨਾ ਸਚਮੁਚ ਸਾਕਾਰ ਹੋ ਰਿਹਾ ਸੀ। ਉਸ ਦੀ ਪ੍ਰੀਤਮਾਂ ਦੀਆਂ ਬਾਹਾਂ ਲਾਲ ਸੂਹੇ ਚੂੜੇ ਨੇ ਢਕ ਲਈਆਂ ਸਨ ਤੇ ਉਹ ਜਾ ਰਹੀ ਸੀ ਉਸ ਪਾਸੋਂ ਸਦਾ, ਸਦਾ ਲਈ ਕਿਤੇ ਦੂਰ।

ਆਪ ਮੁਹਾਰੇ ਹੀ ਰੋਸ਼ਨਦਾਨ ਦੇ ਛਜੇ ਤੇ ਬੈਠਾ ਹੋਇਆ ਕਬੂਤਰ ਬੋਲਿਆ, 'ਗੁਟਰ ਗੂੰ, ਗੁਟਰ ਗੂੰ!' ਕਵੀ ਦੇ ਮਨ ਵਿਚਲੀ ਖਲਾ ਵਿਚ ਜਿਵੇਂ ਗੂੰਜ ਉਠਿਆ, 'ਨਾ ਜਾ, ਰੁਕ ਜਾ। ਓ ਜਾਣ ਵਾਲੇ ਨਾ ਜਾ, ਰੁਕ ਜਾ।' ਪਰ ਉਹ ਕਿਉਂ ਨਾ ਜਾਵੇ, ਉਹ ਕਿਉਂ ਰੁਕੇ। ਪਿਆਰ ਦਾ ਅਰਥ ਕੋਈ ਬੰਧਨ ਥੋੜਾ ਹੈ। ਪ੍ਰੀਤ ਦੀ ਦੁਨੀਆਂ ਵਿਸ਼ਾਲ ਹੈ। ਉਸ ਦੀਆਂ ਸਰਹਦਾਂ ਬੇਪਨਾਹ ਹਨ। ਉਸ ਦੇ ਰਾਹ ਦੇ ਹਰ ਕਿਣਕੇ ਵਿਚ ਪ੍ਰੀਤਮ ਦੀ ਮੂਰਤੀ ਹੈ....ਤੇ ਉਸ ਨੂੰ ਇਉਂ ਜਾਪਿਆ ਜਿਵੇਂ ਸਚਮੁਚ ਪ੍ਰੀਤਮਾਂ ਰੁਕ ਗਈ ਸੀ। ਉਹ ਆਪਣੀ ਬਾਰ ਵਿਚ ਅਹਿਲ ਖੜੀ ਕਵੀ ਨੂੰ ਵੇਖ ਰਹੀ ਸੀ। ਜੋ ਕੁਝ ਲਿਖ ਰਿਹਾ ਸੀ।

ਉਸ ਨੇ ਆਪਣੀ ਬਾਰੀ ਦੀ ਚਿਕ ਨੂੰ ਹਲਕਾ ਜਿਹਾ ਟਕੋਰਿਆ। ਕਵੀ ਲਿਖਦਾ ਰਿਹਾ। ਉਹ ਉਸ ਨੂੰ ਬੁਲਾਣਾ ਚਾਹੁੰਦੀ ਸੀ। ਉਹ ਉਸ ਨੂੰ ਕੁਝ ਦਸਣਾ ਚਾਹੁੰਦੀ ਸੀ। ਉਸ ਨੇ ਇਕ ਵਾਰੀ ਫਿਰ ਚਿਕ ਨੂੰ ਠਕੋਰਿਆ। ਪਰ ਕਵੀ ਨੇ ਨਾ ਉਸ ਵੱਲ ਅੱਖ ਚੁੱਕ ਕੇ ਵੇਖਿਆ ਤੇ ਨਾ ਉਸ ਦੇ ਦਿਲ ਦੀ ਗਲ ਜਾਨਣ ਦਾ ਯਤਨ ਹੀ ਕੀਤਾ। ਉਹ ਸਦਾ ਵਾਂਗ ਲਿਖਦਾ ਰਿਹਾ।

ਸ਼ਾਇਦ ਉਸ ਦਾ ਖ਼ਿਆਲ ਸੀ ਉਹ ਹੁਣ ਵੀ ਆਪਣੀ ਮਰਮਰੀ ਬਾਂਹ ਬਾਰੀ ਤੋਂ ਬਾਹਰ ਕਢੇਗੀ ਤੇ ਆਖੇਗੀ ‘ਲੋ ਮੇਰਾ ਹਾਥ ਥਾਮੋ। ਮੁਝੇ ਸਹਾਰਾ ਦੋ। ਮੈਂ ਤੁਮ ਸੇ ਪਿਆਰ ਕਰਤੀ ਹੂੰ। ਬੋਲੋ ਮੇਰੇ ਕਵੀ; ਜਵਾਬ ਦੋ। ਕਿਆ ਮੇਰੇ ਪਿਆਰ ਕਾ ਜਵਾਬ ਖ਼ਾਮੋਸ਼ੀ ਹੈ, ਬਰਫ਼ ਕੀ ਸੀ ਸਰਦ ਔਰ ਉਦਾਸ ਖ਼ਾਮੋਸ਼ੀ।' ਪਰ ਸ਼ਾਇਦ ਉਹ ਭੁਲ ਚੁਕਾ ਸੀ ਪ੍ਰੀਤਮਾ ਦੀ ਬਾਂਹ ਤੇ ਲਾਲ ਸੂਹਾ ਚੂੜਾ ਸੀ ਤੇ ਉਸ ਦੇ ਹਥ ਸੁਹਾਗ ਮਹਿੰਦੀ ਵਿਚ ਰੰਗੇ ਹੋਏ ਸਨ। ਸ਼ਾਇਦ ਹੁਣ ਉਸ ਦੀ ਬਾਂਹ ਕਦੀ ਵੀ ਬਾਰੀ ਤੋਂ ਬਾਹਰ ਨਾ ਨਿਕਲ ਸਕੇਗੀ। ਫਿਰ ਵੀ ਉਸ ਨੇ ਉਸ ਦੇ ਵਲ ਵੇਖਿਆ ਤੇ ਉਹ ਵਾਪਸ ਚਲੀ ਗਈ। ਸ਼ਾਇਦ ਉਹ ਉਸ ਨਾਲ ਗੁਸੇ ਹੋ ਗਈ ਸੀ। ਪਰ ਗੁਸੇ ਦੀ ਅਤ ਮਿਹਰਬਾਨੀ ਹੁੰਦੀ ਹੈ। ਜ਼ਿਆਦਾ ਨਫ਼ਰਤ ਦਾ ਨਾਂ 'ਪਿਆਰ' ਹੈ ਤੇ ਉਹ ਜਾਣਦਾ ਸੀ ਕਿ ਉਹ ਉਸ ਨੂੰ ਪਿਆਰ ਕਰਦੀ ਹੈ। ਉਹ ਥੋੜੀ ਦੇਰ ਪਿਛੋਂ ਫਿਰ ਮੁੜ ਆਈ। ਉਸ ਦੇ ਹਥ ਵਿਚ ਇਕ ਪਿਆਲੀ ਸੀ, ਜਿਸ ਵਿਚ ਕੋਈ ਰੰਗ ਘੁਲਿਆ ਹੋਇਆ ਸੀ। ਕੇਸਰੀ, ਸੰਧੂਰੀ, ਗੁਲਾਬੀ ਅਤੇ ਬਸੰਤੀ, ਪਤਾ ਨਹੀਂ ਕਿਤਨੇ ਰੰਗ ਮਿਲਾਏ ਗਏ ਸਨ ਇਸ ਵਿਚ। ਉਸ ਨੇ ਆਪਣੀ ਚੀਚੀ ਉਂਗਲ ਉਸ ਵਿਚ ਡਬੋਈ ਤੇ ਇਕ ਹਲਕੇ ਜਹੇ ਝਟਕੇ ਨਾਲ ਕਵੀ ਤੇ ਛਿੜਕ ਦਿਤੀ। ਕਵੀ ਦੀ ਕਮੀਜ਼ ਅਤੇ ਕਾਗਜ਼ ਤੇ ਜਿਸ ਉਤੇ ਉਹ ਲਿਖ ਰਿਹਾ ਸੀ, ਕੁਝ ਕੁ ਕੇਸਰੀ, ਸੰਧੂਰੀ, ਗੁਲਾਬੀ,ਅਤੇ ਬਸੰਤੀ ਰੰਗ ਦੀਆਂ ਛਿੱਟਾਂ ਪੈ ਗਈਆਂ ਤੇ ਕਵੀ ਨੂੰ ਭਾਸਿਆ, ਜਿਵੇਂ ਕੋਈ ਸਵਰਗੀ ਅਪੱਛਰਾਂ ਹੱਸ ਰਹੀ ਹੈ, ਉਸ ਦੀ ਹਾਸੀ ’ਚੋਂ ਫੁਲ ਕਿਰ ਰਹੇ ਹਨ, ਕੇਸਰੀ, ਗੁਲਾਬੀ, ਬਸੰਤੀ ਅਤੇ ਸੰਧੂਰੀ ਫੁਲ ਇਸ ਰੰਗੀਨ ਬਾਰਸ਼ ਵਿਚ ਉਸ ਦੀ ਸਾਰੀ ਦੀ ਸਾਰੀ ਕਵਿਤਾ ਡੁਬ ਗਈ ਹੈ। ਇਹ ਰੰਗ ਉਸ ਦੇ ਦਿਲ ਅਤੇ ਦਿਮਾਗ ਨੂੰ ਰੰਗ ਗਿਆ ਹੈ। ਉਸ ਦੇ ਸਾਰੇ ਜੀਵਨ ਤੇ ਛਾ ਗਿਆ ਹੈ। ਉਸ ਦੀ ਸਾਰੀ ਜ਼ਿੰਦਗੀ ਤੇ ਇਸ ਰੰਗ ਦੀਆਂ ਛਿੱਟਾਂ ਹਨ ਜੋ ਵਿਸ਼ਾਲ ਪ੍ਰੀਤ-ਮਾਰਗ ਤੇ ਬਿਖਰੇ ਅਣ-ਗਿਣਤ ਕਿਣਕੇ ਬਣ ਗਈਆਂ ਹਨ, ਜਿਨ੍ਹਾਂ ਵਿਚ ਮੂਰਤੀ ਹੈ ਉਸ ਦੀ 'ਪ੍ਰੀਤਮਾ' ਦੀ।

ਕਵੀ ਨੇ ਅੱਖ ਚੁੱਕ ਕੇ ਪ੍ਰੀਤਮਾ ਵਲ ਵੇਖਿਆ। ਉਸ ਦਿਆਂ ਬੁਲ੍ਹਾਂ ਤੇ ਉਸ ਨੂੰ ਇਕ ਸਦੀਵੀ ਮੁਸਕਣੀ ਜਾਪੀ, ਇਕ ਅਜੇਹੀ ਮੁਸਕਣੀ ਜੋ ਸਦਾ 'ਕੰਵਾਰੀ ਮਰੀਅਮ' ਦਿਆਂ ਬੁਲ੍ਹਾਂ ਤੇ ਵੇਖੀ ਗਈ ਸੀ। ਉਸ ਨੇ ਇਕ ਦੁਧ ਚਿੱਟੀ ਸਾੜ੍ਹੀ ਬੰਨ੍ਹੀ ਹੋਈ ਸੀ ਤੇ ਉਸ ਵੇਲੇ ਆਪਣੀ ਬਾਰੀ ਵਿਚ ਖਲੋਤੀ ਉਹ ਕੋਈ ਸਚਮੁਚ ਦੀ ਅਪੱਛਰਾਂ ਜਾਪ ਰਹੀ ਸੀ, ਜੋ ਸਵਰਗ ਪੁਰੀ ਵਿੱਚੋਂ ਆਈ ਸੀ, ਜਿਸ ਨੇ ਕੋਈ ਫ਼ਾਨੀ ਸ਼ਹਿਜ਼ਾਦਾ ਵੇਖ ਲਿਆ ਸੀ ਤੇ ਮੁੜ ਉਡਣਾ ਭੁਲ ਗਈ ਸੀ। ਉਹ ਲਿਜ਼ਾ ਮੂਨਾ ਦੇ ਦੁਧ ਚਿਟੇ ਮੁਜੱਸਮੇ ਵਾਂਗ ਖੜੀ ਮੁਸਕਰਾ ਰਹੀ ਸੀ, ਤੇ ਕਵੀ ਨੂੰ ਇਉਂ ਭਾਸਿਆ ਜਿਵੇਂ ਮਾਈਕਲ ਐਂਜਲੋ ਨੇ ਇਕ ਸਫ਼ੈਦ ਮਰਮਰੀਂਂ ਬੁਤ ਘੜਿਆ ਹੈ, ਜਿਸ ਦਾ ਨਾਉਂ ਸ਼ਾਇਦ ਉਹ 'ਵੀਨਸ' ਰਖੇਗਾ, ਤੇ ਫੇਰ ਨਾ ਜਾਣੇ ਕਿਉਂ ਉਹ ਉਸ ਨੂੰ ਇਕ ਲਾਸ਼ ਜਾਪੀ, ਸਿਰ ਤੋਂ ਪੈਰਾਂ ਤੀਕ ਸਫੈਦ ਕਫਨ ਵਿਚ ਲਿਪਟੀ ਹੋਈ ਲਾਸ਼। ਪਰ ਉਹ ਸੁੰਦਰ ਸੀ। ਉਸ ਦੇ ਦੁਆਲੇ ਇਕ ਨੂਰ ਦਾ ਹਾਲਾ ਸੀ, ਜੋ ਆਪ ਈਸਾ ਮਸੀਹ ਦਾ ਚਾਨਣ ਸੀ। ਉਸ ਦੀ ਮੁਸਕਣੀ ਈਸਾ ਮਸੀਹ ਦੀ ਮੁਸਕਣੀ ਸੀ ਤੇ ਉਸ ਦੀ ਸੁੰਦਰਤਾ ਈਸਾ ਮਸੀਹ ਦੀ ਸੁੰਦਰਤਾ! ਕਵੀ ਕੋਲ ਸਵਾਏ ਆਪਣੀ ਕਲਮ ਦੇ, ਜਿਸ ਵਿਚ ਕਿ ਸਿਆਹੀ ਸੀ, ਹੋਰ ਕੁਝ ਵੀ ਨਹੀਂ ਸੀ। ਉਸ ਨੇ ਆਪਣੀ ਕਲਮ ਨੂੰ ਆਪਣੇ ਹਥ ਵਿਚ ਉਲਟਾ ਫੜਿਆ ਤੇ ਦੋ ਝਟਕਿਆਂ ਵਿਚ ਉਪਰੋਂ ਹੇਠਾਂ ਪ੍ਰੀਤਮਾਂ ਦੇ ਸੱਜੇ ਮੋਢੇ ਤੋਂ ਸਜੀ ਲਤ ਤੀਕ, ਇਕ ਦੂਜੀ ਨੂੰ ਕਟਦੀਆਂ ਹੋਈਆਂ ਸਿਆਹੀ ਦੀਆਂ ਦੋ ਲਕੀਰਾਂ ਮਾਰੀਆਂ, ਜਿੰਨ੍ਹਾਂ ਨਾਲ ਕਿ ਇਕ ਚਰਖੜੀ ਬਣ ਗਈ। ਕਵੀ ਨੇ ਸੋਚਿਆ, "ਇਹ ਹੈ ਉਹ ਕਰਾਸ ਜਿਥੇ ਈਸਾ ਮਸੀਹ ਸੂਲੀ ਦਿਤਾ ਗਿਆ ਸੀ। ਇਹ ਹੈ ਉਹ ਪਾਕ ਕਰਾਸ, ਜਿਸ ਥਲੇ ਖਲੋ ਕੇ ਉਸ ਵੀਰਾਨ ਪਹਾੜੀ ਉਤੇ 'ਮੁਟਿਆਰ' ਨੇ ਵੇਖਿਆ ਸੀ ਕਿ ਦਿਸਹਦੇ ਤੀਕ, ਇਕ ਸੁਕੀ ਸੜੀ ਖੇਤੀ ਹੈ, ਜਿਸ ਵਿਚ ਹਰਿਆਵਲ ਦਾ ਨਾਂ ਨਿਸ਼ਾਨ ਨਹੀਂ। ਕਿਤੇ ਕੋਈ ਰੁਖ ਯਾ ਪੱਤਾ ਵੀ ਨਜ਼ਰੀਂ ਨਹੀਂ ਪੈਂਦਾ-ਕੇਵਲ ਇਕ ਫੁਲ ਉਸ ਦੇ ਪੈਰਾਂ ਹੇਠ ਲਹਿ ਲਹਾ ਰਿਹਾ ਹੈ।

ਕਵੀ ਨੇ ਸੋਚਿਆ, "ਉਹ ਫੁਲ ਪਿਆਰ ਹੈ। ਉਹ ਫੁਲ ਮੇਰੀ ਪ੍ਰੀਤਮਾਂ ਆਪ ਹੈ, ਜੋ ਪਿਆਰ-ਰੂਪ ਹੈ। ਜੋ ਇਕ ਪਰਤੱਖ ਸਚਿਆਈ ਹੈ। ਜੋ ਇਕ ਅਮਰ ਹਕੀਕਤ ਹੈ, ਜਿਸ ਲਈ ਈਸਾ ਮਸੀਹ ਸੂਲੀ ਚੜ੍ਹਿਆ ਸੀ, ਜਿਸ ਲਈ ਅਜ ਮੈਂ ਆਪਣਾ ਪਿਆਰ ਕੁਰਬਾਨ ਕੀਤਾ ਹੈ। ਉਹ ਅਮਰ ਹੈ। ਉਹ ਜੀਅ ਰਹੀ ਹੈ। ਉਹ ਮੇਰੇ ਕੋਲ ਹੈ। ਉਸ ਦੀ ਮਹਿਕ ਮੇਰੇ ਸਾਹਾਂ ਵਿਚ ਹੈ, ਉਸ ਦੀ ਧੜਕਣ ਮੇਰੇ ਜੀਵਨ ਵਿਚ ਹੈ। ਉਹ ਮੇਰੀ ਨਸ ਨਸ ਵਿਚ ਹੈ। ਉਹ ਮੇਰੇ ਰੋਮ ਰੋਮ ਵਿਚ ਹੈ...... ਤੇ ਕਵੀ ਮੁਸਕਰਾਇਆ। ਉਸ ਦਾ ਜੀਅ ਕਰਦਾ ਸੀ ਉਹ ਉਨ੍ਹਾਂ ਲੋਕਾਂ ਦੇ ਹੱਕ ਵਿਚ ਇਕ ਪਰਾਰਥਨਾ ਕਰੇ, ਜੋ ਉਸ ਨੂੰ ਬੇਵਫ਼ਾ ਆਖਦੇ ਸਨ:'ਓ ਸਭਨਾ ਦੇ ਸਦੀਵੀ ਪਿਤਾ, ਤੇ ਇਨ੍ਹਾਂ ਲੋਕਾਂ ਨੂੰ ਮਾਫ਼ ਕਰ ਦੇਵੀਂ ਕਿਉਂਕਿ ਇਹ ਅਨਜਾਣ ਹਨ। ਇਹ ਜਾਣਦੇ ਨਹੀਂ ਕਿ ਜੋ ਕੁਝ ਇਹ ਕਰ ਰਹੇ ਹਨ, ਇਹ ਇਕ ਗੁਨਾਹ ਹੈ।"


ਪੰਜਾਬੀ ਕਹਾਣੀਆਂ (ਮੁੱਖ ਪੰਨਾ)