Jadon Hambh Gia Hukmi (Punjabi Story) : Prem Gorkhi
ਜਦੋਂ ਹੰਭ ਗਿਆ ਹੁਕਮੀ (ਕਹਾਣੀ) : ਪ੍ਰੇਮ ਗੋਰਖੀ
ਹੁਕਮੀ ਨੇ ਵਿਹੜੇ ਦੇ ਸਾਰੇ ਘਰਾਂ ਵਿਚ ਹੀ ਦਹਿਸ਼ਤ ਫੈਲਾਈ ਹੋਈ ਸੀ। ਲੋਕ ਹੈਰਾਨ ਹੋ ਕੇ ਸੋਚ ਰਹੇ ਸਨ ਕਿ ਐਨੀ ਇੱਟ ਉਹਨੇ ਕਿਹੜੇ ਵੇਲੇ ਛੱਤ ’ਤੇ ਲਿਜਾ ਰੱਖੀ। ਇਸੇ ਗੱਲ ਵੱਲ ਦੇਖ ਤਾਂ ਸਾਈਂ ਕਹਿੰਦਾ ਸੀ, ‘‘ਏਸ ਮੁੰਡੇ ਨੇ ਬਣੀ ਵਿਉਂਤ ਬਣਾ ਕੇ ਲੜਾਈ ਕੀਤੀ ਆ… ਫੇਰ ਦੇਖੋ ਤੁਸੀਂ ਗਾਲ੍ਹਾਂ ਕੱਢਦਾ ਕੋਠੇ ਉੱਤੇ ਜਾ ਚੜ੍ਹਿਆ… ਤੇ ਦੇ ’ਤੇ ਇੱਟ, ਰੋੜੇ ’ਤੇ ਰੋੜਾ… ’ਕੱਲੇ ਨੇ ਦੋਂਹ ਜਣਿਆਂ ਦਾ ਸਿਰ ਪਾੜਤਾ, ਤਿੰਨ ਦੀਆਂ ਲੱਤਾਂ ਭੰਨ੍ਹ ਦਿੱਤੀਆਂ… ਇਕ ਦੇ ਕੂਹਣੀ ਉੱਤੇ ਇੱਟ ਲੱਗੀ… ਦੂਜੇ ਪਾੜ ਜਾ ਕੇ ਬੀਰੂ ਦਾ ਗਿੱਟਾ ਭੰਨ੍ਹ ਦਿੱਤਾ … ਨੇ ਫੇਰ ਪੌੜੀ ਧੂਹ ਕੇ ਛੱਤ ਉੱਤੇ ਈ ਰੱਖ ਲਈ… ਕੋਈ ਕੋਠੇ ’ਤੇ ਚੜ੍ਹੇ ਤਾਂ ਕਿੱਦਾਂ ਚੜ੍ਹੇ… ਅਖੀਰ ਮੀਤ ਤੇ ਬੋਦੀ ਓਹਲੇ ਤੋਂ ਹੋ ਕੇ ਪਿਲਕਣ ਉੱਤੇ ਚੜ੍ਹੇ ਤੇ ਟਾਹਣੇ ਤੋਂ ਦੀ ਹੋ ਕੇ ਉਨ੍ਹਾਂ ਛਾਲਾਂ ਮਾਰ ਕੇ ਛੱਤ ’ਤੇ ਈ ਜਾ ਨੱਪਿਆ… ਇਹ ਕੁੱਤਾ ਹੈ ਤਾਂ ਮੇਰਾ ਭਤੀਜਾ… ਪਰ ਐਨਾ ਅਹਿਮਕ… ਮੇਰਾ ਮੁੰਡਾ ਹੁੰਦਾ ਮੈਂ ਤਾਂ ਗੋਲੀ ਮਾਰ ਦਿੰਦਾ… ਕੋਹੜੀ ਸਾਰੇ ਜਹਾਨ ਦਾ।’’
ਬਾਬੇ ਮੁਨਸ਼ੀ ਦੇ ਮੁੰਡਿਆਂ ਨਾਲ ਹੁਕਮੀ ਦੀ ਲੜਾਈ ਹੋਈ ਸੀ। ਹੁਕਮੀ ਮੁਨਸ਼ੀ ਦਾ ਭਤੀਜਾ ਸੀ, ਮੁਨਸ਼ੀ ਦੇ ਵੱਡੇ ਭਰਾ ਰੱਖਾ ਰਾਮ ਦਾ ਮੁੰਡਾ। ਉਂਜ ਤਾਂ ਮੁਨਸ਼ੀ ਤੋਂ ਵੱਡਾ ਸੀ ਸਾਈਂ ਤੇ ਸਾਈਂ ਤੋਂ ਵੱਡਾ ਸੀ ਰੱਖਾ ਰਾਮ। ਮੁਨਸ਼ੀ ਦੇ ਪੰਜ ਮੁੰਡੇ ਸੀ। ਹੁਕਮੀ ਕਰਮੇ ਤੋਂ ਛੋਟੇ ਪੀਟੀ ਨਾਲ ਫੁਟਬਾਲ ਖੇਡਦਾ ਫਸ ਪਿਆ। ਉਹ ਇਕ ਦੂਜੇ ਨੂੰ ਗਾਲ੍ਹਾਂ ਕੱਢਦੇ ਪਿਲਕਣ ਹੇਠਾਂ ਆ ਗਏ ਤਾਂ ਹੁਕਮੀ ਨੇ ਫੂੰ ਫੂੰ ਕਰਦੇ ਨੇ ਪੀਟੀ ਨੂੰ ਕਾਲਰੋਂ ਆ ਫੜਿਆ। ਬੱਸ ਫਸ ਪਏ ਦੋਵੇਂ… ਹੁਕਮੀ ਨੇ ਪੈਂਦੀ ਸੱਟੇ ਪੀਟੀ ਦੇ ਤਿੰਨ ਚਾਰ ਹੂਰੇ ਜੜ ਦਿੱਤੇ। ਇਸ ਸਮੇਂ ਖੁੱਲ੍ਹ ਗਈ ਵੈੜ੍ਹ ਨੂੰ ਸ਼ਿਸ਼ਕਾਰਦਾ, ਹੱਥ ਵਿਚ ਸੋਟੀ ਫੜੀ ਕਰਮਾ ਬੀਹੀ ਤੋਂ ਬਾਹਰ ਨਿਕਲਿਆ ਤਾਂ ਸੋਟਾ ਉਹਦੇ ਹੱਥ ਵਿਚ ਸੀ। ਪੀਟੀ ਨੇ ਛਾਲ ਮਾਰ ਕੇ ਕਰਮੇ ਕੋਲੋਂ ਸੋਟਾ ਖੋਹ ਲਿਆ ਤੇ ਹੁਕਮੀ ਨੂੰ ਦੇਖਦੇ ਹੀ ਤਾਂਬੜ ਚਾੜ੍ਹ ਦਿੱਤਾ। ਫੇਰ ਤਾਂ ਪਲਾਂ ਵਿਚ ਹੀ ਲਲਾ ਲਲਾ ਹੋ ਗਈ। ਲੋਕ ਪਿਲਕਣ ਹੇਠ ਆ ਜੁੜੇ। ਜਿਹਨੂੰ ਵੀ ਪਤਾ ਲੱਗਦਾ ਹੁਕਮੀ ਦਾ ਅੱਜ ਬਜੰਤਰ ਹੋਇਆ ਉਹ ਹੈਰਾਨ ਹੋ ਕੇ ਕਦੇ ਪੀਟੀ ਵੱਲ ਦੇਖਦਾ ਕਦੇ ਕਰਮੇ ਵੱਲ। ਹੁਕਮੀ ਦੀ ਲੜਾਈ ਤਾਂ ਚਾਰੇ ਪਾਸੇ ਮਸ਼ਹੂਰ ਸੀ। ਉਹਨੇ ਜਿਹਦੇ ਨਾਲ ਵੀ ਲੜਾਈ ਕੀਤੀ ਅਗਲੇ ਨੂੰ ਕੁੱਟਿਆ ਹੀ, ਪਰ ਅੱਜ ਲੋਕਾਂ ਨੂੰ ਹੈਰਾਨ ਕਰਨ ਵਾਲੀ ਗੱਲ ਵਾਪਰ ਗਈ ਸੀ ਤੇ ਵਾਪਰੀ ਵੀ ਘਰ ਦੇ ਕੋਲ ਆ ਕੇ।
ਪੀਟੀ ਤੇ ਕਰਮਾ ਅਜੇ ਲੋਕਾਂ ਕੋਲ ਖੜ੍ਹੇ ਗੱਲਾਂ ਕਰ ਹੀ ਰਹੇ ਸਨ ਕਿ ਹੁਕਮੀ ਨੇ ਪਹਿਲਾਂ ਤਾਂ ਉੱਚੀ ਬੋਲ ਕੇ ਪੀਟੀ ਨੂੰ ਗਾਲ੍ਹਾਂ ਕੱਢੀਆਂ। ਜਦੋਂ ਲੋਕਾਂ ਦਾ ਧਿਆਨ ਪਿਲਕਣ ਦੇ ਡਾਹਣ ਤੋਂ ਪਰ੍ਹਾਂ ਹੁਕਮੀ ਵੱਲ ਗਿਆ ਤਾਂ ਹੁਕਮੀ ਨੇ ਪਹਿਲੀ ਇੱਟ ਸਾਈਂ ਕੇ ਵਿਹੜੇ ਵਿਚ ਰੱਖੇ ਖਾਲੀ ਡਰੰਮ ਉੱਤੇ ਮਾਰੀ। ਇੱਟ ਦੇ ਵਜਦਿਆਂ ਹੀ ਖੜਾਕ ਐਦਾਂ ਹੋਇਆ ਜਿੱਦਾਂ ਬੰਬ ਫਟ ਗਿਆ ਹੋਵੇ। ਹੁਕਮੀ ਦੇ ਏਸੇ ਜਲਵੇ ਵੱਲ ਦੇਖ ਕੇ ਲੋਕ ਦੌੜ ਉੱਠੇ, ਕਈ ਏਧਰ ਓਧਰ ਓਟਿਆਂ ਤੇ ਕੰਧਾਂ ਉਹਲੇ ਹੋ ਗਏ। ਦੋਂਹ-ਚੌਂਹ ਦੇ ਸੱਟਾਂ ਲੱਗ ਹੀ ਗਈਆਂ। ਉਹ ਆਉਂਦਾ ਹੀ ਖੂਹੀ ਕੋਲ ਖੜ੍ਹਾ ਹੁੰਦਾ ਬੋਲਿਆ, ‘‘ਓਏ ਬਾਂਦਰਾ… ਮੂਰਖਾ… ਕਿਸੇ ਦੇ ਇੱਟ ਲੱਗ ਗਈ ਤਾਂ ਜਾਹ ਜਾਂਦੀ ਹੋ ਜਾਊ… ਅਕਲ ਕਰ ਅਕਲ… ਹਰਾਮੀਪੁਣਾ ਨਾ ਦਿਖਾ…।’’
ਹੁਣ ਮੁਨਸ਼ੀ ਵੀ ਵਿਹੜੇ ਵਿਚ ਨਿਕਲ ਆਇਆ, ‘‘ ਦੇਖ ਸਾਈਂ ਦੇਖ… ਇਹਦਾ ਲਾਜ ਕਰ ਭੈਣ ਦੇ … ਦਾ… ਇਹ ਤਾਂ ਅਜੇ ਬਚ ਗਿਆ…।’’ ਮੁਨਸ਼ੀ ਬੜਾ ਤੇਜ਼ ਬੋਲਦਾ ਸੀ, ਉਹ ਪਈਆਂ ਇੱਟਾਂ ਵੱਲ ਦੇਖਦਾ ਸਾਈਂ ਨੂੰ ਬੋਲ ਹੀ ਰਿਹਾ ਸੀ ਕਿ ਇੱਟ ਦਾ ਟੋਟਾ ਉਹਦੇ ਪੈਰਾਂ ਕੋਲ ਆ ਕੇ ਡਿੱਗਿਆ।
‘‘ਓਏ ਤੁਹਾਡੀ ਮਾਂ ਨੂੰ… ਬਚ ਗਿਆ ਬਚ ਗਿਆ… ਲੈ ਬਈ ਮਾਰੇ ਗਏ ਸੀ…’’ ਉਹ ਫੂੰ-ਫੂੰ ਕਰਦਾ ਡਿੱਗੀਆਂ ਪਈਆਂ ਇੱਟਾਂ ਵੱਲ ਦੇਖਦਾ ਸਾਈਂ ਕੋਲ ਖੂਹੀ ’ਤੇ ਆ ਗਿਆ, ‘‘ ਲੈ ਹੁਣ ਤੂਈਂ ਦੱਸ ਏਸ ਵਿਗੜੇ ਸੂਰ ਦਾ ਕੀ ’ਲਾਜ ਹੋਵੇ… ਏਸ ਵੱਡੇ ਸਾਨ੍ਹ ਦੇ ਹੁਣ ਸਿੰਗ ਭੰਨਣੇ ਈ ਪੈਣੇ ਆਂ… ਮੈਂ ਤਾਂ ਇਕ ਮੁੰਡਾ ਇਹਦੇ ਲੇਖੇ ਲਾ ਦੇਣਾ… ਬਈ ਇਹਦੀ ਸਿਰੀ ਵੱਢ… ਜੇਲ੍ਹ ਈ ਜਾਣਾ ਪੈ ਜਾਵੂ… ਕੋਈ ਪਰਵਾਹ ਨਹੀਂ…।’’
ਇਸੇ ਸਮੇਂ ਇਕ ਇੱਟ ਬੁੜ੍ਹੀ ਬਿੱਸੀ ਦੀ ਲੱਤ ’ਤੇ ਆ ਲੱਗੀ। ਬਿੱਸੀ ਤਾਂ ਲੇਰ ਮਾਰ ਕੇ ਥਾਂ ਈ ਲਿਟ ਗਈ। ਉਧਰ ਇਸੇ ਸਮੇਂ ਬਿੱਸੀ ਦਾ ਮੁੰਡਾ ਲਾਲੂ ਆ ਕੇ ਸਾਈਕਲ ਤੋਂ ਉਤਰਿਆ ਤੇ ਮਾਂ ਵੱਲ ਦੇਖ ਕੇ ਤੈਸ਼ ਵਿਚ ਆ ਗਿਆ। ਸਾਈਂ ਨੇ ਲਿਟੀ ਪਈ ਪਤਨੀ ਵੱਲ ਦੇਖਿਆ ਤਾਂ ਉਹ ਵੀ ਉਧਰ ਨੂੰ ਦੌੜਿਆ। ਲਾਲੂ ਗਾਲ੍ਹਾਂ ਕੱਢਦਾ ਹੁਕਮੀ ਦੇ ਮਕਾਨ ਵੱਲ ਹੋਇਆ ਤਾਂ ਮੁਨਸ਼ੀ ਬੋਲ ਪਿਆ, ‘‘ਓਏ ਲਾਲੂ… ਇਹਨੇ ਪੌੜ੍ਹੀ ਕੋਠੇ ’ਤੇ ਤਾਂਹ ਚੜ੍ਹਾ ਲਈ ਆ… ਕੋਈ ਰਾਹ ਨਈਂ ਕੋਠੇ ’ਤੇ ਚੜ੍ਹਨ ਵਾਲਾ।’’
‘‘ਚੁੱਪ ਕਰ ਤੂੰ ਚਾਚਾ… ਵੇਖੀ ਚੱਲ ਤੂੰ ਇਹਦਾ ਕੀ ਹਾਲ ਕਰਦੇ ਆਂ… ਵੱਡੇ ਬਦਮਾਸ਼ ਦਾ…’’ ਬੋਲਦਾ ਹੋਇਆ ਲਾਲੂ ਦੌੜ ਕੇ ਸਵਰਨੇ ਦੇ ਘਰ ਵੱਲ ਹੋਇਆ ਤੇ ਉਨ੍ਹਾਂ ਦੀ ਪੌੜੀ ਧੂਹ ਲਿਆਇਆ।
ਉਧਰ ਹੁਕਮੀ ਦਾ ਇੱਟ-ਹਮਲਾ ਬੰਦ ਹੋ ਗਿਆ। ਪਤਾ ਨਹੀਂ ਉਹਦੀਆਂ ਇੱਟਾਂ ਹੀ ਮੁੱਕ ਗਈਆਂ ਜਾਂ ਸਾਈਂ ਤੇ ਮੁਨਸ਼ੀ ਦੀਆਂ ਗਾਲ੍ਹਾਂ ਦਾ ਭੈਅ ਖਾ ਗਿਆ। ਲਾਲੂ ਨੇ ਖਿੱਚ-ਧੂਹ ਕੇ ਪੌੜੀ ਖੂਹੀ ਵੱਲ ਦਲੀਪੇ ਕੇ ਕੋਠੇ ਨਾਲ ਲਾ ਲਈ। ਲਾਲੂ ਨੇ ਅਜੇ ਤੀਜੇ ਪੌਡੇ ’ਤੇ ਹੀ ਪੈਰ ਰੱਖਿਆ ਸੀ ਤਾਰੀ ਹੱਸਦੀ ਹੋਈ ਖੂਹੀ ਵੱਲ ਆਉਂਦੀ ਬੋਲੀ, ‘‘ ਲਾਲੂ! ਵੇ ਉਹ ਤਾਂ ਉਤਰ ਕੇ ਡਾਬ ਵੱਲ ਦੌੜ ਗਿਆ…।’’
ਲਾਲੂ ਦੇ ਪੈਰ ਉੱਥੇ ਹੀ ਰੁਕ ਗਏ ਤੇ ਉਹਨੇ ਮੋਟੀਆਂ ਮੋਟੀਆਂ ਦੋ ਤਿੰਨ ਗਾਲ੍ਹਾਂ ਕੱਢੀਆਂ ਤੇ ਸਾਈਂ ਵੱਲ ਦੇਖਦਾ ਬੋਲਿਆ, ‘‘ਭਾਈਆ, ਹੁਣ ਨਈਂ ਮੈਂ ਇਹਨੂੰ ਛੱਡਣਾ… ਸਾਡੀ ਮਾਂ ਦੇ ਸੱਟ ਮਾਰੀ ਇਹਨੇ… ਕਹਿੰਦੇ ਹੋਰ ਵੀ ਕਈਆਂ ਦੇ ਲੱਗੀਆਂ ਇੱਟਾਂ…।’’
‘‘ਦਫ਼ਾ ਕਰ ਤੂੰ… ਅਕਲ ਦਾ ਘਾਟਾ… ਕਰਦਾਂ ਸਰਪੰਚ ਨਾਲ ਗੱਲ… ਕਰਦਾਂ ਇਹਦਾ ’ਲਾਜ। ਇੱਦਾਂ ਦਿਆਂ ਨੂੰ ਪੁਲੀਸ ਈ ਠੀਕ ਕਰਦੀ ਆ…’’ ਕਹਿੰਦਾ ਹੋਇਆ ਸਾਈਂ ਬਿੱਸੀ ਨੂੰ ਮੰਜੇ ’ਤੇ ਲਿਟਾ ਕੇ, ਬੇਰੀਆਂ ਹੇਠਾਂ ਮੰਜੀ ਉੱਤੇ ਬਹਿ ਕੇ ਮਾਯੂਸ ਹੋਇਆ ਸੋਚੀਂ ਡੁੱਬ ਗਿਆ।
ਹੁਕਮੀ ਇਹੋ ਜਿਹਾ ਲੜਾਈ ਝਗੜੇ ਵਾਲਾ ‘ਚਮਤਕਾਰ’ ਸਾਲ ਵਿਚ ਦੋ ਤਿੰਨ ਵਾਰ ਤਾਂ ਕਰ ਹੀ ਦਿੰਦਾ ਸੀ। ਕੋਠੇ ’ਤੇ ਚੜ੍ਹ ਕੇ ਇੱਟਾਂ-ਵੱਟੇ ਮਾਰਨ ਵਾਲਾ ਕੰਮ ਤਾਂ ਉਹਨੇ ਨਵਾਂ ਹੀ ਕੀਤਾ ਸੀ। ਪਿਛਲੇ ਸਾਲ ਜਦੋਂ ਸਾਡੇ ਵਿਹੜੇ ਦੇ ਪਿਛਾੜੀ ਰਹਿੰਦੇ ਮਹਿਰੇ ਦੀਵਾਨ ਹੁਣਾਂ ਨਾਲ ਨਿੱਕੀ ਜਿਹੀ ਗੱਲੋਂ ਲੜ ਪਿਆ ਸੀ ਤਾਂ ਉਪਰਲੀ ਗਲੀ ਜਾ ਕੇ ਪਹਿਲਾਂ ਤਾਂ ਦੀਵਾਨ ਦੇ ਦੋਹਾਂ ਮੁੰਡਿਆਂ ਨੂੰ ਕੁੱਟਿਆ, ਫਿਰ ਉਨ੍ਹਾਂ ਦੇ ਪਾਣੀ ਵਾਲੇ ਘੜੇ ਤੋੜ ਦਿੱਤੇ, ਉਨ੍ਹਾਂ ਦੇ ਘਰ ਦੇ ਵੱਡੇ ਦਰਵਾਜ਼ੇ ਨੂੰ ਬਾਹਰੋਂ ਕੁੰਡਾ ਲਾ ਆਇਆ ਸੀ। ਆਪ ਫਿਰ ਜਿਉਂ ਸਾਈਕਲ ਚੁੱਕਿਆ ਤੇ ਪਿੰਡ ਚੁਗਿੱਟੀ ਵੱਲ ਵਗ ਗਿਆ ਸੀ। ਉਹਨੂੰ ਪਤਾ ਸੀ ਜਦੋਂ ਦੀਵਾਨ ਦੇ ਬਾਕੀ ਭਰਾਵਾਂ ਭਤੀਜਿਆਂ ਨੂੰ ਪਤਾ ਲੱਗੇਗਾ ਤਾਂ ਉਹ ਡਾਂਗਾਂ ਚੁੱਕੀ ਦੌੜੇ ਆਉਣਗੇ ਤੇ ਗੱਲ ਪਤਾ ਨਹੀਂ ਕਿੰਨੀ ਵਧ ਜਾਵੇ। ਉਸੇ ਦਿਨ ਜਦੋਂ ਹੁਕਮੀ ਦੀ ਇਸ ਕਰਤੂਤ ਦਾ ਦੀਵਾਨ ਦੇ ਖਣਬਾਦੇ ਵਾਲਿਆਂ ਨੂੰ ਪਤਾ ਲੱਗਾ ਤਾਂ ਉਹ ਸਾਰੇ ’ਕੱਠੇ ਹੋ ਕੇ ਬੁੜ੍ਹੇ ਬਸੰਤੇ, ਪੂਰਨ ਢਿੱਡਲ, ਚੁਬਾਰੇ ਵਾਲੇ ਲੇਖ ਰਾਜ ਤੇ ਡਿੱਪੂ ਵਾਲੇ ਭਾਨ ਸਿੰਘ ਨੂੰ ਲੈ ਕੇ ਇਕ ਤਰ੍ਹਾਂ ਪੰਚਾਇਤ ਜੋੜ ਕੇ ਸੜਕ ਉਪਰਲੀ ਛੋਟੀ ਪਿਲਕਣ ਹੇਠਾਂ ਆ ਬੈਠੇ। ਹੁਕਮੀ ਦੇ ਇਸ ਲੜਾਈ ਝਗੜੇ ਲਈ ਉਹਦੇ ਵੱਡੇ ਭਰਾ ਪੁਨੂੰ ਤੇ ਉਨ੍ਹਾਂ ਦੀ ਮਾਂ ਰੁਕਮਣ ਨੂੰ ਪੰਚਾਇਤ ਕੋਲੋਂ ਮੁਆਫ਼ੀ ਮੰਗਣੀ ਪਈ ਸੀ।
ਅੱਜ ਤਾਂ ਹੋਈਆਂ ਬੀਤੀਆਂ ਨੂੰ ਬਹੁਤ ਵਰ੍ਹੇ ਬੀਤ ਗਏ ਹਨ। ਮੈਂ ਲਾਡੋਵਾਲੀ ਛੱਡ ਕੇ ਚੰਡੀਗੜ੍ਹ ਆ ਵਸਿਆ। ਕਿਤੇ ਵਰ੍ਹੇ ਛਿਮਾਹੀਂ ਲਾਡੋਵਾਲੀ ਗਿਆਂ ਹੁਕਮੀ ਮਿਲ ਜਾਵੇ ਤਾਂ ਬੀਤ ਗਏ ਦੀਆਂ ਗੱਲਾਂ ਛੋਹ ਕੇ ਬਹਿ ਜਾਵੇਗਾ, ‘‘ਓਏ ਕਾਕਾ, ਬੱਸ ਟੈਮ ਟੈਮ ਦੀਆਂ ਗੱਲਾਂ… ਬਹੁਤ ਕਰੋਧ ਹੰਦਾ ਸੀ ਮੇਰੇ ਵਿਚ… ਖੜੱਪੇ ਸੱਪ ਵਾਂਗ, ਜਾਹ ਤਾਂ ਕਿਸੇ ਦੀ ਵਧੀਕੀ ਨੂੰ ਦੇਖ ਜਰ ਜਾਵਾਂ… ਕਦੇ ਕਦੇ ਸੋਚਦਾਂ ਪਈ ਕਿੱਥੋਂ ਆਉਂਦਾ ਸੀ ਐਨਾ ਗੁੱਸਾ… ਜਿੱਦਾਂ ਮੈਂ ਲੜਾਈਆਂ ਕਰਦਾ ਸੀ… ਕੋਈ ਬੰਦਾ ਮਰ ਸਕਦਾ ਸੀ… ਮੈਂ ਹੁਣ ਤਕ ਜੇਲ੍ਹਾਂ ’ਚ ਗਲ ਸੜ ਜਾਂਦਾ… ਪਤਾ ਨਈਂ ਕਿੱਦਾਂ ਉਪਰ ਵਾਲੇ ਨੇ ਈ ਬਚਾਈ ਰੱਖਿਆ… ਪ੍ਰੇਮ ਸਿਆਂ, ਬਈ ਮੈਂ ਤਾਂ ਹੁਣ ਵੀ ਕਈ ਵਾਰੀ ਉਨ੍ਹਾਂ ਦੇ ਘਰੀਂ ਜਾ ਕੇ ਮਾਫ਼ੀਆਂ ਮੰਗਦਾਂ… ਪੈਰੀਂ ਪੈਂਦਾਂ… ਬਈ ਮੈਨੂੰ ਮਾਫ਼ ਕਰ ਦਿਓ…।’’
ਪੰਜਾਂ ਭਰਾਵਾਂ ’ਚ ਉਹ ਚੌਥੇ ਥਾਂ ਹੈ- ਵੱਡਾ ਪੁਨੂੰ, ਛੋਟਾ ਦਲੀਪਾ, ਫਿਰ ਅਮੀਆ ਨਚਾਰ। ਨਚਾਰ ਉਦੋਂ ਉਹਨੂੰ ਕਹਿਣ ਲੱਗੇ ਜਦੋਂ ਕਈ ਸਾਲ ਉਹ ਘਰੋਂ ਦੌੜਿਆ ਰਿਹਾ। ਜਦੋਂ ਲੱਭਾ ਤਾਂ ਉਹ ਨਕਲੀਆਂ ਨਾਲ ਰਲਿਆ ਹੋਇਆ ਸੀ ਤੇ, ਨਚਾਰ ਬਣ ਗਿਆ ਸੀ। ਮੈਂ ਏਸੇ ਕਰਕੇ ਉਹਨੂੰ ‘ਅਮੀਆ ਨਚਾਰ’ ਕਹਿੰਦਾ ਹਾਂ। ਚੌਥੇ ਥਾਂ ਹੁਕਮੀ ਸੀ ਤੇ ਪੰਜਵਾਂ ਘਾਵਾ। ਘਾਵਾ ਹੀ ਸੀ ਜੋ ਬਾਅਦ ਵਿਚ ਕਾਬਲ ਸਿੰਘ ਬਣਿਆ। ਕਾਬਲ ਸਿੰਘ ਨੇ ਚੰਗੀਆਂ ਪੜ੍ਹਾਈਆਂ ਕੀਤੀਆਂ ਤੇ ਖਾਲਸਾ ਕਾਲਜ ਦੀ ਕਲਰਕੀ ਛੱਡ ਕੇ ਨੰਗਲ ਅੰਬੀਆਂ ਮਾਸਟਰ ਜਾ ਲੱਗਾ।
ਹੁਕਮੀ ਜਦੋਂ ਸ਼ਰਾਬੀ ਹੋਇਆ ਕਾਬਲ ਦੁਆਲੇ ਹੁੰਦਾ ਤਾਂ ਅੰਤਾਂ ਦੀਆਂ ਗਾਲ੍ਹਾਂ ਕੱਢਦਾ ਤੇ ਕਦੇ ਕਦੇ ਹੂਰਾ ਮੁੱਕੀ ਵੀ ਹੋ ਜਾਂਦੇ। ਵਿਚ ਨੂੰ ਤਾਂ ਕਾਬਲ ਨੇ ਫਿਰ ਲਾਡੋਵਾਲੀ ਆਉਣਾ ਐਨਾ ਘੱਟ ਕਰ ਦਿੱਤਾ ਕਿ ਸਾਨੂੰ ਤਾਂ ਉਹਦਾ ਚਿਹਰਾ ਵੀ ਭੁੱਲਣ ਵਾਲਾ ਹੋਣ ਲੱਗ ਪਿਆ। ਫਿਰ ਤਾਂ ਕਾਬਲ ਆਪਣਾ ਵਿਆਹ ਕਰਾਉਣ ਹੀ ਘਰ ਆਇਆ।
ਫਿਰ ਤਾਂ ਇਸ ਪਰਿਵਾਰ ਵਿਚ ਐਸੀ ਤਬਦੀਲੀ ਆ ਗਈ ਕਿ ਦੇਖਣ ਵਾਲਾ ਕੁਦਰਤ ਦੇ ਰੰਗਾਂ ਦੇ ਬਲਿਹਾਰੇ ਜਾਂਦਾ। ਹੁਕਮੀ ਨੂੰ ਐਸਾ ਕੋਈ ਬੰਦਾ ਟੱਕਰ ਗਿਆ ਜਿਹੜਾ ਉਹਨੂੰ ਧੂਹ ਕੇ ਬਿਆਸ ਰਾਧਾ ਸੁਆਮੀਆਂ ਦੇ ਲੈ ਗਿਆ। ਉਹ ਦਿਨ ਜਾਵੇ ਤੇ ਅੱਜ ਦਾ ਆਵੇ ਹੁਕਮੀ ਨੇ ਸ਼ਰਾਬ ਵੱਲ ਅੱਖ ਨਹੀਂ ਕੀਤੀ। ਤੇ ਦੂਜੇ ਪਾਸੇ ਕਾਬਲ ਦਾ ਇਹ ਹਾਲ ਹੋ ਗਿਆ ਕਿ ਉਹਦੇ ਘਰ ਰੋਜ਼ ਸ਼ਰਾਬ ਆਉਣ ਲੱਗੀ। ਕਈ ਕਹਿੰਦੇ ਮੁੰਡਾ ਕੀ ਜੰਮ ਪਿਆ ਇਹਦੀਆਂ ਤਾਂ ਨਾੜਾਂ ਹੀ ਸ਼ਰਾਬ ਵੱਲ ਹੋ ਗਈਆਂ। ਉਹਦਾ ਇਹ ਕੰਮ ਵਧਦਾ ਹੀ ਗਿਆ।
ਜਿੱਦਾਂ ਕਦੀ ਕਾਬਲ, ਰੁਕਮਣ ਤੇ ਹੋਰ ਆਂਢ-ਗੁਆਂਢ ਹੁਕਮੀ ਨੂੰ ਸ਼ਰਾਬ ਵੱਲੋਂ ਮੂੰਹ ਮੋੜਨ ਲਈ ਕਹਿੰਦੇ ਰਹੇ ਸਨ, ਹੁਣ ਕਾਬਲ ਨੂੰ ਕਹਿਣ ਲੱਗਦੇ। ਫਿਰ ਤਾਂ ਹੱਦ ਹੀ ਮੁੱਕ ਗਈ। ਕਾਬਲ ਸੜਕਾਂ ਗਲੀਆਂ ਵਿਚ ਸ਼ਰਾਬੀ ਹੋਇਆ ਧੱਕੇ ਖਾਣ ਲੱਗਾ। ਛੁੱਟੀ ’ਤੇ ਛੁੱਟੀ ਹੋਣ ਲੱਗੀ। ਹੁਣ ਤਾਂ ਉਹ ਬਦਲੀ ਕਰਾ ਕੇ ਜਲੰਧਰ ਦੇ ਨੇੜੇ ਹੀ ਤਲਣ ਦੇ ਸਕੂਲ ਵਿਚ ਆ ਲੱਗਾ ਜਿੱਥੇ ਉਹ ਤਿੰਨ ਮਹੀਨੇ ਬਾਅਦ ਸਕੂਲ ਦਾ ਪ੍ਰਿੰਸੀਪਲ ਵੀ ਬਣ ਗਿਆ।
ਹੁਣ ਹਾਲਾਤ ਇਹੋ ਜਿਹੇ ਪੈਦਾ ਹੋ ਗਏ ਕਿ ਕੁਦਰਤ ਦੇ ਰੰਗਾਂ ਵੱਲ ਦੇਖ ਕੇ ਹੈਰਾਨੀ ਹੁੰਦੀ, ਪ੍ਰੇਸ਼ਾਨੀ ਹੁੰਦੀ। ਹੁਕਮੀ ਜਲੰਧਰੋਂ ਬਿਆਸ ਜਾਣ ਵਾਲੇ ਜਥੇ ਦਾ ਮੁਖੀ ਹੁੰਦਾ, ਇਕ ਬੱਸ ਦਾ ਉਹ ਨਿਗਰਾਨ ਬਣਿਆ ਹੁੰਦਾ ਤੇ ਲੋਕ ਲੰਘਦੇ ਵੜਦੇ ਨੂੰ ਰਾਧਾ ਸੁਆਮੀ ਬੋਲਦੇ। – ਉਧਰ ਕਾਬਲ ਸਿੰਘ ਨੇ ਸ਼ਰਾਬ ਦੇ ਠੇਕੇ ਵਾਲਿਆਂ ਦੇ ਪੈਸੇ ਸਿਰ ਚੜ੍ਹਾਏ ਹੁੰਦੇ, ਲੈਣ ਵਾਲੇ ਘਰ ਆਉਣ ’ਤੇ ਕਾਬਲ ਸਿੰਘ ਦੇ ਘਰੋਂ ਦੁਖੀ ਹੋ ਕੇ ਰੋ ਰੋ ਕਹਿੰਦੀ, ‘‘ਤੂੰ ਤਾਂ ਹੁਣ ਕਿਤੇ ਮਰ ਖਪ ਈ ਜਾ… ਕਿਸੇ ਖੂਹ-ਖਾਤੇ ਵਿਚ ਡੁੱਬ ਮਰ… ਮੈਨੂੰ ਤਾਂ ਤੇਰੇ ਮਰੇ ਦਾ ਈ ਸੁਨੇਹਾ ਆਏ।’’
(ਕਹਾਣੀਆਂ ਵਰਗੇ ਲੋਕ)