ਜਗਰਾਤਾ (ਕਹਾਣੀ) : ਬਲੀਜੀਤ

ਸਵੇਰੇ ਨੌਂ ਵੱਜਣ ਵਿੱਚ ਵੀਹ ਮਿੰਟ ਸਨ ।

''ਖੋਸਲਾ ਸਾਹਿਬ...'', ਨਾਈਟ ਡਿਊਟੀ ਤੋਂ ਮੁੜਦੀ ਨਰਸ ਮਿਸਿਜ ਜੈਨ ਅਚਾਨਕ ਡਾਕਟਰ ਖੋਸਲੇ ਨੂੰ ਹਸਪਤਾਲ ਦੇ ਬਾਹਰ ਟੱਕਰ ਗਈ ਸੀ । ਖੋਸਲੇ ਦੇ ਪੈਰ ਰੁੱਕ ਗਏ । ਉਸ ਦੀ ਮਿਸਿਜ ਜੈਨ ਨਾਲ ਤਿੰਨ ਕੁ ਹਫ਼ਤਿਆਂ ਤੋਂ ਖੁੱਲ੍ਹੀ ਗੱਲਬਾਤ ਚੱਲ ਰਹੀ ਸੀ । ਪਰ...

''ਖੋਸਲਾ ਸਾਹਿਬ, ਇੱਕ ਮਿੰਟ...''

''ਹਾਂ ਹਾਂ... ਜੀ,'' ਨਵੀਂ-ਨਵੀਂ ਜਾਣ ਪਛਾਣ... ਸਹੂਲਤੀ ਸੰਬੰਧ ਸੀ । ਮੱਲੋ-ਮੱਲੀ 'ਜੀ' ਕਿਹਾ ਗਿਆ ।

''ਤੁਹਾਡੇ ਕੋਲ ਗੱਡੀ ਐ ਕਿ...?''

''ਦੱਸੋ... ਗੱਡੀ ਹੈਗੀ ਐ ।''

''ਇੱਕ ਮਿੰਟ ਮੈਨੂੰ ਬੀ.ਆਰ.ਸੀ. ਚੌਂਕ ਛੱਡ ਆਓਗੇ? ਪਲੀਜ । ਮੈਨੂੰ ਫੋਨ 'ਤੇ ਫੋਨ ਆ ਰਹੇ ਆ । ਡਲਿਵਰੀ ਕੇਸ ਕਰਨਾ । ਹੈ ਤਾਂ ਤਕਲੀਫ਼ ਤੁਹਾਨੂੰ । ਮੈਂ ਲੇਟ ਹੋ ਗਈ । ਪਲੀਜ ।''

ਨਾਈਟ ਡਿਊਟੀ ਸੀ । ਪਰ ਕੋਈ ਐਮਰਜੈਂਸੀ ਨਹੀਂ ਆਈ ਸੀ । ਰਾਤ ਨੂੰ ਰੱਜ ਕੇ ਸੁੱਤੀ । ਖੋਸਲੇ ਨੇ ਉਸ ਉੱਤੇ ਨਿਗ੍ਹਾ ਮਾਰੀ ਤਾਂ ਉਹ ਧਾਗੇ ਨਾਲ ਲਟਕਦੀ ਗੁੱਡੀ ਵਾਂਗ ਹਿੱਲ ਰਹੀ ਸੀ । ਸਾਝਰੇ ਦੇ ਚੁਸਤ ਬਦਨ ਉੱਤਲੇ ਤਿੰਨੋਂ ਕੱਪੜੇ ਪਾਰ ਕਰਦੀ ਉਸ ਦੀ ਤਿੱਖੀ ਨਿਗ੍ਹਾ ਮਿਸਿਜ ਜੈਨ ਦੇ ਰੇਗਿਸਤਾਨੀ ਰੰਗ ਦੇ ਟੋਏ ਟਿੱਬੇ ਗਾਹ ਕੇ ਉਸ ਦੇ ਦਿਮਾਗ ਵਿੱਚ ਜਾ ਰੁੱਕੀ ਜਿੱਥੇ ਹਨੇਰੀ ਤੇ ਝੱਖੜ ਝੁੱਲ ਰਿਹਾ ਸੀ । ਨਰਸ ਦੇ ਸਰੀਰ ਨੂੰ ਚੁੱਕੀ ਆਪਣੇ ਦਿਮਾਗ ਵਿੱਚ ਟਿਕਾਉਂਦਾ ਉਹ ਕੁਝ ਸਕਿੰਟ ਚੁੱਪ ਰਿਹਾ । ਅੱਖਾਂ ਦੇ ਪਿੱਛੇ ਘੇਰੇ ਉੱਡਣ ਲੱਗੇ ਤੇ ਇੱਕ ਗਰਮ ਜਹੀ ਰੌਂਅ ਉਸ ਦੇ ਸਰੀਰ ਦੀਆਂ ਚਾਰੋ ਦਿਸ਼ਾਵਾਂ ਤੋਂ ਖ਼ੂਨ ਨਾਲ ਲਿਪਟੀ ਉਸ ਦੇ ਕੁੱਲਿਆਂ ਕੋਲ ਇਕੱਠੀ ਹੋਣ ਲੱਗੀ ।

ਸਾਲੀਆਂ ਨਰਸਾਂ । ਕੇਸ ਕਰ ਕਰ ਕੇ ਡਾਕਟਰਾਂ ਤੋਂ ਵੱਧ ਪੈਸੇ ਬਣਾਉਂਦੀਆਂ । ਖੋਸਲੇ ਨੂੰ ਕਮਾਈ ਤੋਂ ਇਲਾਵਾ ਹੋਰ ਕਈ ਕਾਰਨਾਂ ਕਰ ਕੇ ਵੀ ਨਰਸਾਂ ਤੋਂ ਚਿੜ੍ਹ ਸੀ ।

''ਖੋਸਲਾ ਸਾਹਿਬ - ਟਾਈਮ ਥੋੜ੍ਹਾ'', ਮਿਸਿਜ ਜੈਨ ਨੇ ਹੁਕਮਰਾਨਾ ਲਹਿਜੇ 'ਚ ਕਾਹਲੀ ਦਿਖਾਈ । ਖੋਸਲੇ ਨੂੰ ਆਪਣੀ ਕਿਸਮ ਦੀ ਕਾਹਲ ਸੀ । ਬੀਮਾਰੀ ਵਰਗੀ, ਜੋ ਪਿਛਲੇ ਪੰਜ ਛੇ ਮਹੀਨਿਆਂ ਤੋਂ ਇੱਕ ਵਾਰੀ ਫੇਰ ਉਸ ਉੱਤੇ ਭਾਰੂ ਸੀ ।

''ਕਿਉਂ ਨਹੀਂ... ਛੱਡ ਆਉਂਦਾ... ਆਓ... ਗੱਡੀ ਨਾਲ ਈ ਖੜ੍ਹੀ ਐ । ਪਰ ਜੇ... ਜੇ ਅੱਜ ਰਾਤ ਨੂੰ ਮੇਰੇ ਕੋਲ ਆਵੇਂ ।''

''ਕਿੱਥੇ? '

''ਜਿੱਥੇ ਮਰਜ਼ੀ ।''

''ਫੇਰ ਵੀ ਕਿੱਥੇ ?''

''ਇੱਥੇ ਈ । ਬੀ.ਆਰ.ਸੀ ਨਗਰ । ਪੰਤਾਲੀ ਨੰਬਰ 'ਚ ।''

''ਰਾਤ ਨੂੰ ਮੈਂ ਜਗਰਾਤੇ 'ਤੇ ਜਾਣੈ ।''

ਕੱਪੜੇ ਸੁਆਰਦੀ ਬਿਗਾਨੇ ਆਦਮੀ ਨਾਲ ਕਾਰ 'ਚ ਬੈਠਦੀ, ਇੱਕ ਵੱਖਰੀ ਔਰਤ ਬਣਦੀ ਹੋਈ, ਅੱਖ ਦੇ ਫੋਰ 'ਚ ਫਿਰ ਸੋਚ ਕੇ ਬੋਲੀ:

''ਕੀ ਕਰਨਾ ਪੰਤਾਲੀ 'ਚ?''

''ਉਹੀ ਜੋ ਕਰੀਦਾ ਐ ।''

ਗੱਡੀ ਚਲ ਪਈ । ਮਿਸਿਜ ਜੈਨ ਹਾਂ, ਨਾਂਹ ਦੇ ਵਿਚਾਲੇ ਚੁੱਪ ਵਿੱਚ ਘਿਰ ਗਈ । ਪਰ ਉਸ ਨੂੰ ਕੋਈ ਮੁਸ਼ਕਲ ਮਹਿਸੂਸ ਨਹੀਂ ਹੋਈ ।

''ਬੋਲੋ'', ਗੱਡੀ ਟਾਪ ਗੇਅਰ ਵਿੱਚ ਚਲੇ ਗਈ ਸੀ ।

ਮਿਸਿਜ ਜੈਨ ਦੇ ਮਨ ਵਿੱਚ ਜਗਰਾਤੇ ਦੇ ਅਖ਼ੀਰ ਤੱਕ ਦੇ ਬਾਜੇ, ਢੋਲਕੀਆਂ ਤੇ ਛੈਣੇ ਵੱਜ ਚੁੱਕੇ ਸਨ ।

''ਨਹੀ, ਜੈਨ ਸਾਹਿਬ...'', ਫੇਰ ਪਲ ਕੁ ਬਾਅਦ ਖੁਦ ਨੂੰ ਦਰੁਸਤ ਕਰਦੀ ਬੋਲੀ, ''ਖੋਸਲਾ ਸਾਹਿਬ, ਚਲੋ ਠੀਕ ਐ । ਮਕਾਨ ਕੀਹਦਾ ਐ?''

''ਤੈਨੂੰ ਕੀ । ਕਾਲੇ ਚੋਰ ਦਾ ਐ । ਰਿਸ਼ਤੇਦਾਰ ਦਾ ਐ ।''

''ਆਊਟੋ ਤੋਂ ਉਤਰ ਕੇ ਰਿੰਗ ਮਾਰ ਦਾਂਗੀ । ਪਰ ਤੁਸੀਂ ਕਮਰੇ ਅੰਦਰ ਹੀ ਰਹਿਓ । ਮੈਂ ਆਪੇ ਆ ਜਾਂ ਗੀ ।''

''ਫਸਟ ਫਲੋਰ 'ਤੇ । ਸਾਢੇ ਕੁ ਅੱਠ ਵਜੇ ।''

''ਕਿਤੇ ਜੈਨ ਸਾਹਿਬ ਜਗਰਾਤੇ ਵਿੱਚ ਈ ਨਾ ਆ ਜਾਣ ।''

''ਕੁੱਝ ਨੀਂ ਹੁੰਦਾ ।''

''ਹੂੰਅ - 'ਕੁੱਝ ਨੀਂ ਹੁੰਦਾ' । ਉਹ ਤਾਂ ਪਹਿਲਾਂ ਹੀ ਮੇਰੇ ਨਾਲ ਨਰਾਜ਼ ਨੇ । ਪ੍ਰੀਤੀ ਕਿੱਥੇ ਐ?''

''ਘਰੇ ਐ । ਹੋਰ ਕਿੱਥੇ ਐ!'' ਖੋਸਲਾ ਐਂ ਬੋਲਿਆ ਜਿਵੇਂ ਥੁੱਕੀਦਾ ਐ ।

''ਖਿੱਜਦੇ ਕਿਉਂ ਓ? ਮੈਂ ਤਾਂ ਊਜ ਈ ਪੁੱਛਿਆ । ਠੀਕ ਠਾਕ ਨੇ? ''

''ਪਰੈੱਗਨੈਂਟ ਐ ।'', ਗੱਡੀ ਫੁੱਲ ਸਪੀਡ ਉੱਤੇੇ ਭੱਜੀ ਜਾ ਰਹੀ ਸੀ । ਪੰਜ ਮਿੰਟ ਖੋਸਲਾ ਪਤਾ ਨਹੀਂ ਕਿੱਥੇ ਉਲਝਿਆ ਰਿਹਾ,'' ਬਥੇਰਾ ਸਮਝਾਇਆ : ਇੱਕੋ ਬਹੁਤ ਐ, ਪਰ...''

''ਕਦੋਂ ਕੁ ਡਿਊ ਐ । ਤੁਸੀਂ ਪਹਿਲਾਂ ਦੱਸਿਆ ਈ ਨੀਂ ।''

''ਅਜੇ ਤਾਂ ਦੇਰ ਐ । ਦਸੰਬਰ ਦੇ ਅਖ਼ੀਰ 'ਚ ।''

''ਚਾਰ ਮਹੀਨੇ । ਫੇਰ ਤਾਂ ਬੜੀ ਮੁਸ਼ਕਿਲ ਐ ।'' ਜੈਨ ਗੱਡੀ ਹੌਲੀ ਹੁੰਦੀ ਤੋਂ ਉੱਤਰਨ ਦੀ ਤਿਆਰੀ 'ਚ ਉਂਗਲਾਂ ਦੇ ਪਟਾਕੇ ਵਜਾਉਣ ਲੱਗੀ ।

''ਤੂੰ ਵਿਹਲੀਓਂ ਐਂ ।'' ਖੋਸਲਾ ਨਰਸ ਨੂੰ ਗਾਲ਼ ਕੱਢਣੀ ਚਾਹੁੰਦੀ ਸੀ । ਪਰ ਉਸ ਨੇ ਆਪਣਾ ਗੁੱਸਾ ਗੱਡੀ ਨੂੰ ਬਰੇਕ ਲਾਉਣ ਅਤੇ ਗੇਅਰਾਂ ਦੀਆਂ ਕਲਾਂ ਮਰੋੜਨ ਉੱਤੇ ਲਾ ਦਿੱਤਾ । ਗੱਡੀ ਬੰਦ ਨਹੀਂ ਸੀ ਕੀਤੀ ।

''ਸੀ ਯੂ''

''ਬੜੀ ਮੁਸ਼ਕਿਲ ਐ'' ਖੋਸਲੇ ਨੇ ਨਰਸ ਦਾ ਕਿਹਾ ਦੁਹਰਾਇਆ ।

***

ਵਿਆਹ ਕਰਾ ਕੇ ਇੱਕ ਵਾਰ ਤਾਂ ਝਾਂਟੀ ਆ ਜਾਂਦੀ ਐ । ਵਿਆਹ ਕਰਾਉਣ ਤੋਂ ਬਾਅਦ ਡੇਢ ਸਾਲ ਪ੍ਰੀਤੀ ਦੇ ਬੱਚਾ ਨਹੀਂ ਹੋਇਆ ਸੀ । ਇੱਕ ਦੂਜੇ ਦੇ ਨੇੜੇ ਆਉਂਦੇ ਆਉਂਦੇ ਪ੍ਰੀਤੀ ਨੂੰ ਯੂਨੀਵਰਸਟੀ ਤੱਕ ਪੜ੍ਹੀ ਪੂਰੀ ਫਜ਼ਿਕਸ ਤੇ ਡਾਕਟਰ ਨੂੰ ਅੱਧੀ ਡਾਕਟਰੀ ਭੁੱਲ ਗਈ ਸੀ ।

'ਕਿੰਨੀ ਸ਼ਕਤੀ ਹੁੰਦੀ ਐ ਜਨਾਨੀ 'ਚ ਬੰਦੇ ਦੀ ਰੇਲ ਬਣਾਉਣ ਦੀ' ਖੋਸਲੇ ਨੂੰ ਵਿੱਚ ਵਿੱਚ ਖ਼ਿਆਲ ਆਉਂਦਾ । ਵਿਆਹ ਤੋਂ ਪਹਿਲਾਂ ਉਹ ਮਾਂ, ਬਾਪ ਤੇ ਭਾਈ ਦੇ ਮਗਰ-ਮਗਰ ਫਿਰਦਾ ਰਹਿੰਦਾ ਸੀ:

''ਮੰਮੀ... ਮੰਮੀ... ਕਿੱਥੇ ਓਂ ਤੁਸੀਂ ''

''ਡੈਡੀ ਜੀ... ਮੈਂ ਜਾ ਰਿਹਾਂ''

''ਸੈਂਡੀ ਛੇਤੀ ਬਹਿ ਗੱਡੀ 'ਚ, ਤੈਨੂੰ ਫੇਰ ਦੱਸਦਾਂ ਕਿੱਥੇ ਜਾਣਾ ।''

ਪ੍ਰੀਤੀ ਨੇ 'ਮੰਮੀ' ਦੀ 'ਮਾਤਾ' ਬਣਾ ਦਿੱਤੀ ਸੀ । ਮਾਤਾ ਜੇ ਘਰੋਂ ਨਹੀਂ ਸੀ ਕੱਢੀ ਤਾਂ ਘੱਟੋ-ਘੱਟ ਖੋਸਲੇ ਦੇ ਦਿਮਾਗ 'ਚੋਂ ਕੱਢ ਕੇ ਕੋਠੀ ਦੇ ਇੱਕ ਕਮਰੇ ਵਿੱਚ ਉਸ ਦੀ 'ਸਥਾਪਨਾ' ਕਰ ਦਿੱਤੀ ਸੀ । ਤੇ ਖੋਸਲੇ ਦੇ ਦਿਮਾਗ ਵਿਚਲੇ ਰੇਗਿਸਤਾਨੀ ਟੋਏ ਟਿੱਬਿਆਂ ਵਿੱਚ ਆਪ ਬਹਿ ਗਈ ਸੀ । ਚੱਪਲ ਮਾਰ ਕੇ । ਭਾਈ ਅਤੇ ਬਾਪ ਦੀ ਹੋਂਦ ਉਹਨਾਂ ਦੇ ਨਾਂਓ ਤੋਂ ਵੀ ਛੋਟੀ ਕਰ ਦਿੱਤੀ ਸੀ ।

'ਮਾਤਾ' ਬਹੂ ਦੇ ਉਮੀਦਵਾਰ ਹੋਣ ਦੀ ਮਾਲਾ ਫੇਰਦੀ ਰਹਿੰਦੀ: ਭਗਵਾਨ ਮਿਹਰ ਕਰ । ਪਰ ਡੇਢ ਸਾਲ ਉਹੀ ਪ੍ਰੀਤੀ । ਉਹੀ ਔਰਤ । ਉਸ ਦੇ ਮਹੀਨੇ । ਮਹੀਨੇ ਦੇ ਉਹ ਦਿਨ ।

'ਉਹਨਾਂ' ਦਿਨਾਂ ਦੀ ਸਮਾਪਤੀ ਤੋਂ ਬਾਅਦ ਪ੍ਰੀਤੀ ਵਿਚਲੀ ਔਰਤ ਨੂੰ ਮਰਦ ਦੀ ਪਹਿਲਾਂ ਨਾਲੋਂ ਵੀ ਤੀਬਰ ਲੋੜ ਹੁੰਦੀ । ਖੋਸਲਾ ਖੁਸ਼ੀ ਦੇ ਭਰਮ 'ਚ ਗੁਆਚਿਆ ਰਹਿੰਦਾ । ਪ੍ਰੀਤੀ ਦੀਆਂ ਹਰਕਤਾਂ ਉਸ ਦੇ ਦਿਮਾਗ ਵਿਚਲੇ ਸਾਂਚਿਆਂ ਦੇ ਮੇਚ ਆ ਜਾਂਦੀਆਂ । ਨੌਜੁਆਨ ਸੀ । ਡਾਕਟਰ ਸੀ । ਪ੍ਰੀਤੀ ਦੇ ਬਰਾਬਰ ਉਤਰਨ ਲਈ ਕਦੇ ਕਦੇ ਗੋਲ਼ੀ ਬੱਟੀ ਵੀ ਖਾ ਲੈਂਦਾ । ਪ੍ਰੀਤੀ ਉਸ ਤੋਂ ਕੁਝ ਮੰਗਦੀ ਸੀ । ਉਸ ਦੇ ਬੁੱਲਾਂ ਤੇ ਅੱਖਾਂ ਵਿੱਚ ਮੰਗਤੇ ਦੀ ਭੁੱਖ ਸੀ । ਜਾਂ ਲੁਟੇਰੇ ਦੀ ਹਵਸ ।

ਡੇਢ ਸਾਲ ਬਾਅਦ 'ਮਾਤਾ' ਦੀ ਫਿਰਦੀ ਮਾਲਾ ਨੇ ਘਰ ਵਿੱਚ ਨਵੇਂ ਜੀਅ ਦੇ ਆਉਣ ਦਾ ਪ੍ਰਬੰਧ ਕਰ ਦਿੱਤਾ ਸੀ ।

''ਬੇਟਾ ਕਿ ਬੇਟੀ'' ਪ੍ਰੀਤੀ ਘਰਵਾਲੇ ਦੀ ਡਾਕਟਰੀ ਦੀ ਪਰਖ ਕਰਦੀ ।

''ਇਹ ਕੋਈ ਗੱਲਾਂ ਨੇ ਕਰਨ ਆਲੀਆਂ । ਪਹਿਲਾ ਈ ਬੱਚਾ ਐ ।''

''ਹੱਥ ਲਾ ਕੇ ਦੇਖੋ ਪੇਟ 'ਤੇ । ਕੀ ਲੱਗਦਾ ।''

''ਲੱਗਦਾ ਤੇਰਾ ਸਿਰ'' ਖੋਸਲੇ ਨੂੰ ਪ੍ਰੀਤੀ ਦੇ ਚੌਵੀ ਘੰਟੇ ਪੇਟ 'ਚ ਪਲਦੇ ਬੱਚੇ ਵਿੱਚ ਵੜੇ ਰਹਿਣ ਤੋਂ ਖਿੱਝ ਆਉਂਦੀ ਸੀ । ਜਦੋਂ ਦੀ ਉਹ ਭਾਰੇ ਪੈਰੀਂ ਹੋਈ ਸੀ, ਉਦੋਂ ਤੋਂ ਹੀ ਉਸ ਦੀ ਭੁੱਖ ਮਰ ਗਈ ਸੀ । ਮੰਗਤੀ ਤੋਂ ਮਹਾਰਾਣੀ ਬਣ ਗਈ । ਅੰਦਰ ਹੀ ਭਰ ਗਿਆ । ਕਿਸੇ ਚੀਜ਼ ਦੀ ਲੋੜ ਹੀ ਨਹੀਂ ਰਹੀ । ਰੋਟੀਆਂ ਜਿੰਨੀਆਂ ਹਰੀਆਂ ਮਿਰਚਾਂ ਖਾਂਦੀ । ਤੇ ਮਿਰਚਾਂ ਜਿੰਨੀ ਰੋਟੀ । ਅੱਖਾਂ ਬਾਹਰ ਨੂੰ ਖੁੱਲ੍ਹੀਆਂ ਹੁੰਦੀਆਂ ਪਰ ਦੇਖਣ ਦੀ ਇੰਦਰੀ ਘੁੰਮ ਕੇ ਉਸ ਦੇ ਢਿੱਡ ਵਿੱਚ ਝਾਕਦੀ ਰਹਿੰਦੀ । ਲਵ ਮੈਰਿਜ ਤਾਂ ਕਰਾਈ ਸੀ ਪਰ ਹੁਣ ਖੋਸਲਾ ਵੀ ਉਸ ਨੂੰ ਪਹਿਲਾਂ ਜਿੰਨਾ ਚੰਗਾ ਨਾ ਲੱਗਦਾ । ਚਪਰ-ਚਪਰ ਬੋਲਦੀ ਸੀ । ਗੱਲਾਂ ਕਿਸੇ ਨਾਲ ਕਰਦੀ ਪਰ ਸੁਰਤੀ ਉਸ ਦੀ ਆਪਣੇ ਪੇਟ 'ਚ ਪਲਦੇ ਬੱਚੇ ਵਿੱਚ ਸੀ । ਉਸ ਨਾਲ ਹੀ ਸਭ ਕੁਝ ਕਰਦੀ ।

ਵਿਚਾਰਾ ਖੋਸਲਾ!!

ਉਸ ਨੂੰ ਖ਼ਿਆਲ ਆਇਆ ਕਿ ਉਹ ਪਹਿਲੀ ਵਾਰ ਯਤੀਮ ਨਹੀਂ ਹੋਇਆ । ਉਹ ਤਾਂ ਮੁੱਦਤਾਂ ਤੋਂ ਯਤੀਮ ਸੀ । ਬੇਘਰ । ਪ੍ਰੀਤੀ ਦੇ ਸੁਭਾਅ ਕਰ ਕੇ ਉਸ ਨੂੰ ਪਿਆਰ ਤੇ ਨਿੱਘ ਦੀ ਕਿਤੇ ਵੱਧ ਲੋੜ ਮਹਿਸੂਸ ਹੋਈ । ਉਸ ਦੇ ਅੰਦਰ ਫਿਰ ਤੋਂ ਡੂੰਘੇ ਖਦਾਨ ਤੇ ਉੱਚੇ ਟਿੱਬੇ ਨੰਗੇ ਹੋ ਕੇ ਗੋਲ਼ ਹੋਣ ਲੱਗ ਪਏ । ਖਾਲੀ ਦਾਇਰੇ । ਘੇਰਿਆਂ ਦਾ ਕਬਜੇ 'ਚ ਕੀਤਾ ਮਾਰੂਥਲ । ਇਹ ਟੋਏ ਟਿੱਬੇ ਉਸ ਦੀ ਸਮਝ ਵਿੱਚ ਪਹਿਲਾਂ ਹੀ ਖੂੰਖਾਰ ਕੁੱਤਿਆਂ ਨੇ ਪਹੁੰਚਿਆਂ ਨਾਲ ਪੁੱਟ ਦਿੱਤੇ ਸਨ ।

''ਅੱਗੇ ਦਸੰਬਰ 'ਚ ਸਰਦੀ ਪਤਾ ਕਿੰਨੀ ਪੈਂਦੀ ਐ । ਉੱਨ ਲਿਆਇਓ । ਗੋਲ਼ੇ । ਮੈਂ ਬੱਚੇ ਲਈ ਉੱਨ ਦੇ ਬੂਟ ਬਣਾਉਣੇ ਐ । ਨਾਲ-ਏ ਕੋਟੀ । ਛੋਟੀ ਜਿਹੀ ।''

''ਅੱਛਾ''

''ਅੱਛਾ! ਪਹਿਲਾਂ ਦੱਸੋ - ਬੇਟਾ ਕਿ ਬੇਟੀ ?''

''ਫੇਰ ਓਹੀ ਗੱਲਾਂ । ਭਲਾਂ ਚੰਗਾ ਲੱਗਦਾ । ਮੈਨੂੰ ਕੀ ਪਤਾ!?''

''ਤੁਸੀਂ ਆਪਣੇ ਮਨ ਤੋਂ ਦੱਸੋ ।''

''ਸਵੇਰੇ ਦੱਸਾਂਗਾ - ਸੋਚ ਕੇ'' ਕਹਿ ਕੇ ਖੋਸਲੇ ਨੇ ਟਰਕਾਉਣਾ ਚਾਹਿਆ ।

''ਚਲੋ ਨਾਂ ਦੱਸੋ ਫੇਰ - ਇੱਕ ਮੇਲ ਤੇ ਇੱਕ ਫੀਮੇਲ''

''ਮਿਹਰਬਾਨ...ਕੀਰਤੀ...'' ਉਸ ਨੇ ਊਜ ਹੀ ਕਹਿ ਕੇ ਖਹਿੜਾ ਛੁਡਾ ਲਿਆ ।

''ਦੱਸ ਦੋ ਨਾ''

''ਕੀ!?''

''ਬੇਟਾ ਹੋ ਜਾਵੇ''

ਖੋਸਲਾ ਦਾ ਜੀਅ ਕੀਤਾ ਕਹਿ ਦੇਵੇ, 'ਮੁੰਡਾ ਤੇਰੇ ਮੂਹਰੇ ਅੜੂ । ਕੁੜੀ ਤੇਰੇ ਪਿੱਛੇ ਖੜੂ... ਮੇਰੇ ਤੋਂ ਤਾਂ ਗਈ ਈ ਗਈ । ਤੂੰ ਤਾਂ ਆਪਣੇ ਆਪ ਤੋਂ ਵੀ ਗਈ ।' ਪਰ ਕਹਿ ਨਹੀਂ ਸਕਿਆ ।

***

ਉਹ ਦਿਨ ਉਸ ਦੇ ਮੁੜ ਕੇ ਜਨਮਣ ਵਰਗਾ ਦਿਨ ਸੀ । ਖੋਸਲਾ ਨਰਸਿੰਗ ਹੋਮ ਦੇ ਵ੍ਹੇਟਿੰਗ ਰੂਮ ਵਿਚ ਕੰਬਲ ਲਬ੍ਹੇਟੀ ਸੋਫੇ 'ਤੇ ਬੈਠਾ ਡਰ ਨਾਲ ਕੰਬ ਰਿਹਾ ਸੀ । ਮਾਂ ਸ੍ਹਾਮਣੇ ਬੈਠੀ ''ਹਰੇ ਕਿ੍ਸ਼ਨ ਹਰੇ ਕਿ੍ਸ਼ਨ'' ਕਰ ਰਹੀ ਸੀ । ਲੇਡੀ ਡਾਕਟਰ ਤੇ ਨਰਸ ਪਿਛਲੇ ਨਿੱਘੇ ਕਮਰੇ ਵਿੱਚ ਪ੍ਰੀਤੀ ਕੋਲ ਸਨ । ਖੋਸਲੇ ਨੂੰ ਲੱਗਿਆ ਕਿ ਕਮਰੇ ਵਿੱਚੋਂ ਆਉਂਦਾ ਖੜਾਕ ਉਸ ਦੇ ਹੱਡਾਂ ਉੱਤੇ ਕੁਹਾੜੇ ਦੇ ਵਾਰ ਕਰ ਰਿਹਾ ਸੀ । ਉਹ ਇੱਕ ਕਾਬਿਲ ਸਰਜਨ ਸੀ ਤੇ ਪਤਾ ਨਹੀਂ ਕਿੰਨੇ ਹੀ ਮਰੀਜ਼ਾਂ ਦੇ ਹੱਡਾਂ, ਮਾਸ ਤੇ ਨਾੜਾਂ ਉੱਤੇ ਤਿੱਖੇ ਔਜਾਰ ਚਲਾਏ ਸਨ । ਪਰ ਉਸ ਦਿਨ ਉਸ ਦਾ ਖ਼ੂਨ ਤੁਰਨੋਂ ਰੁੱਕ ਗਿਆ ਸੀ ।

''ਕਿ੍ਸ਼ਨ... ਹਰੇ ਕਿ੍ਸ਼ਨ'' ਖੋਸਲੇ ਨੂੰ ਮਾਂ ਦੇ ਚਿਹਰੇ ਉੱਤੋਂ ਕੁਝ ਨਾ ਲੱਭਿਆ । ਉਸ ਦੀ ਨਿਗ੍ਹਾ ਫੁੱਲ ਗਈ । ਜੀਵਨ ਦਾ ਪੰਧ ਲੰਘ ਚੁੱਕੇ ਮਾਂ ਦੇ ਵਜੂਦ ਉੱਤੇ ਮੋਟੀ-ਮੋਟੀ ਨਜ਼ਰ ਮਾਰੀ । ਇਹ ਮਾਂ ਸੀ । ਇਹੋ ਸਰੀਰ । ਗੌਰ ਨਾਲ ਮਾਂ ਦਾ ਚਿਹਰਾ ਦੇਖਣ ਦੀ ਕੋਸ਼ਿਸ਼ ਕੀਤੀ । ਉਸ ਦੇ ਪੈਰਾਂ ਵਿੱਚੋਂ ਜਿਵੇਂ ਹਵਾ ਨਿਕਲਣ ਲੱਗੀ । ਉਸ ਦੀ ਸੁਰਤ ਉਸ ਦਾ ਸਰੀਰ ਕੰਬਲ 'ਚ ਈ ਛੱਡ ਕੇ, ਉੱਡ ਕੇ, ਪਿਛਲੇ ਨਿੱਘੇ ਕਮਰੇ 'ਚ ਚਲੇ ਗਈ । ਜਿੱਥੇ... ਜਿੱਥੇ... 'ਉਹ' ਪ੍ਰੀਤੀ ਦੇ ਪੇਟ ਵਿੱਚ ਸੀ । ਬੱਚਾ ਪ੍ਰੀਤੀ ਦੇ ਪੇਟ 'ਚੋਂ ਨਿਕਲ ਕੇ ਸ੍ਹਾਮਣੇ ਬੈਠੀ ਮਾਂ ਦੇ ਪੇਟ 'ਚ ਚਲਾ ਗਿਆ । ਮਾਂ ਦਾ ਚਿਹਰਾ ਮਿੱਟੀ ਦਾ ਢੇਲਾ ਸੀ । ਉਹ ਰੇਗਿਸਤਾਨ ਦੀ ਮਿੱਟੀ ਤੋਂ ਬਣੀ ਹੋਈ ਸੀ । ਕਿਤੇ ਗੋਲ਼ । ਕਿਤੇ ਉੱਚੀ । ਕਿਤੇ ਨੀਵੀਂ । ਉਹ ਮਾਂ ਦੇ ਵਜੂਦ ਦੀ ਮਿੱਟੀ ਵਿੱਚ ਆਜ਼ਾਦ ਘੁੰਮਦਾ ਸੀ । ਕਿੰਨਾ ਸੁੱਖ । ਕਿੰਨਾ ਚੈਨ । ਮਾਂ ਦੇ ਵਜੂਦ ਵਿੱਚ ਕੋਈ ਚਿੰਤਾ ਨਹੀਂ ਸੀ । ਨਾ ਦੋੜ । ਨਾ ਭੱਜ । ਫੇਰ ਮਾਂ ਨੇ ਬਹੁਤ ਦੁਖੀ ਮਨ ਨਾਲ ਉਸ ਦੇ ਪੈਰਾਂ ਨੂੰ ਸਫ਼ਰ 'ਤੇ ਤੋਰ ਦਿੱਤਾ । ਪਿੱਛੇ ਮੁੜ ਕੇ ਦੇਖਣ ਦੀ ਮਨਾਹੀ ਕਰ ਦਿੱਤੀ । ਦੇਸ ਨਿਕਾਲਾ ਦੇ ਦਿੱਤਾ । ਇੱਕ ਜ਼ਾਲਮ ਦਾਈ ਨੇ ਉਸ ਦੇ ਨਾੜੂਏ 'ਤੇ ਪੈਰ ਰੱਖ ਕੇ, ਦੰਦ ਭੀਚ ਕੇ ਜ਼ੋਰ ਨਾਲ ਧੂਹ ਦਿੱਤਾ । ਉਸ ਦੀ ਪਿੱਠ ਅਤੇ ਸਿਰ ਉੱਤੇ ਹਥੌੜੇ ਮਾਰੇ ਤਾਂ ਜੋ ਉਹ ਆਪਣਾ ਮੂਲ ਵਤਨ ਭੁੱਲ ਜਾਵੇ । ਉਸ ਦੇ ਸਿਰ ਵਿੱਚ ਟਨਾਂ ਦੇ ਟਨ ਬਾਰੂਦ ਰੱਖ ਕੇ ਪਲੀਤੇ ਨੂੰ ਅੱਗ ਲਾ ਦਿੱਤੀ । ਦੁਨੀਆ ਉਜਾੜ ਦਿੱਤੀ । ਬੇਜ਼ੁਬਾਂ ਦੀ ਜ਼ੁਬਾਨ ਬਣ ਕੇ ਧਰਤੀ ਕੰਬੀ । ਅੰਬਰ ਡੋਲਿਆ । ਬਾਰੂਦ ਫਟਣ ਨਾਲ ਉਸ ਦੇ ਦਿਮਾਗ ਵਿੱਚ ਟੋਏ ਟਿੱਬੇ ਬਣ ਗਏ । ਖ਼ਲਾਅ । ਦਾਇਰੇ ਤੇ... ਤੇ... ਉਹ ਬੇਹੋਸ਼ ਹੋ ਗਿਆ । ਕਿੰਨੇ ਦਿਨ, ਕਿੰਨੇ ਮਹੀਨੇ, ਕਿੰਨੇ ਸਾਲ ਪਤਾ ਹੀ ਨਾ ਲੱਗਾ ਕੀ ਹੋਇਆ ।

ਮੁੱਦਤਾਂ ਬਾਅਦ ਜਦੋਂ ਪਤਾ ਲੱਗਾ ਕਿ ਉਸ ਦੀ ਬਾਦਸ਼ਾਹਤ ਲੁੱਟੀ ਗਈ ਹੈ ਤਾਂ ਉਸ ਨੇ ਭੁੱਖੇ ਰਹਿ ਕੇ ਮਰ ਜਾਣ ਦਾ ਮਨ ਬਣਾ ਲਿਆ । ਮਾਂ ਨੇ ਵਿਲ੍ਹਕਦੇ ਉੱਤੇ ਤਰਸ ਖਾ ਕੇ ਉਸ ਨੂੰ ਆਪਣੀ ਹਿੱਕ ਨਾਲ ਲਾ ਲਿਆ । ਹਿੱਕ ਨਾਲ ਲੱਗੇ ਨੂੰ ਉਸ ਨੂੰ ਮਿੱਟੀ ਦੀ ਬਣੀ ਮਾਂ ਦੇ ਵਿੱਚੋਂ ਪਿਛਲੀ ਲੁੱਟੀ ਹੋਈ ਬਾਦਸ਼ਾਹਤ ਦੀਆਂ ਧੁਨਾਂ ਸੁਣਾਈ ਦੇਣ ਲੱਗੀਆਂ । ਉਸ ਦਾ ਵਤਨ ਨੇੜੇ ਹੀ ਸੀ । ਧੁਨਾਂ ਸੁਣਦੀਆਂ । ਬਸ ਹੋਰ ਕੁਝ ਨਹੀਂ । ਹੱਥ ਪੈਰ ਮਾਰ ਕੇ ਆਪਣੇ ਵਤਨ ਵੱਲ ਨੂੰ ਦੌੜਨ ਦੀ ਕੋਸ਼ਿਸ ਕੀਤੀ ਪਰ ਅੱਗੇ ਸਾਰੇ ਰਾਹ ਬੰਦ ਸਨ । ਮਖਮਲ ਦਾ ਬਣਿਆ ਮਹਿਲ... ਉਹ... ਹੋ... ਮੇਰਾ... ਮੇਰਾ... ਮੈਂ ਉੱਥੇ ਹੀ ਜਾਂਵਾਂਗਾ । ਉੱਥੇ ਮੁੜ ਪਰਤਾਉਣ ਦਾ ਮਾਂ ਨੇ ਲਾਰਾ ਲਾ ਕੇ ਉਸ ਨੂੰ ਜੀਓਂਦੇ ਰਹਿਣ ਲਈ ਪੈਰਾਂ ਵਿੱਚ ਭਟਕਣ ਲਿਖ ਦਿੱਤੀ । ਲਾਰੇ ...ਲਾਰੇ ... ਉਹ ਡੁਸਕਣ ਲੱਗਾ । ਮਾਂ ਨੇ ਨਾਲ ਪਾ ਲਿਆ । ਮੂੰਹ ਵਿੱਚ ਦੁੱਧ ਦੇ ਦਿੱਤਾ । ਆਹ... ਆਹ... ਨਿੱਘੇ ਦੁੱਧ ਦੀ ਫੁਆਰ । ਕਦੇ ਨਾ ਮੁਕਣ ਵਾਲੀ ਦੁੱਧ ਦੀ ਨਦੀ । ਮਨ ਟਿਕ ਗਿਆ । ਕਦੇ-ਕਦੇ ਆਪਣੇ ਮਹਿਲ ਯਾਦ ਆਉਂਦੇ ਤਾਂ ਪਤਾ ਨਹੀਂ ਕਿੱਥੋਂ ਆਵਾਜ਼ਾਂ ਆਊਦੀਆਂ :

''ਮੁੰਡਾ ਡਰਦਾ''

''ਮੁੰਡਾ ਕੰਬਦਾ''

''ਭੁੱਖਾ ਵਿਚਾਰਾ''

''ਗੋਦੀ 'ਚ ਪਾ''

''ਢਿੱਡ ਨਾਲ ਲਾ''

''ਰੋ ਰਿਹਾ ਏ । ਦੇਖਦੇ ਨਹੀਂ''

''ਰੋ ਰਿਹਾ ਏ ਆਪਣੀ ਮਾਂ ਨੂੰ ''

''ਚੁੰਘਾ''

ਉਫ ! ਕਿੰਨੇ ਚੁਭਦੇ ਨੇ ਪੋਤੜੇ । ਫੇਰ ਮਾਂ ਨੇ ਘੀਆ ਕੁਆਰ ਮਲ਼ ਨੇ ਦੁੱਧ ਵੀ ਛੁਡਾ ਦਿੱਤਾ ਸੀ ।

''ਐਡਾ ਵੱਡਾ ਹੋ ਗਿਆ ਤੂੰ । ਮੇਰੇ ਦੁੱਧ ਨਾਲ ਰੱਜਦਾ । ਚੁੰਘਣੀ ਪੀ ਮੇਰਾ ਰਾਜਾ ਬੇਟਾ ਭਰ-ਭਰ ਕੇ ।''

'ਭਰ-ਭਰ ਕੇ?'

'ਭਰ-ਭਰ ਕੇ??'

ਗੁੱਸੇ 'ਚ ਚੁੰਘਣੀ ਪਰੇ ਸੁੱਟ ਦਿੱਤੀ । ਛੁੱਟੇ ਦੁੱਧ ਦੇ ਹਾਵੇ ਨਾਲ ਚਿਹਰੇ ਦੀ ਹਵਾ ਨਿਕਲ ਗਈ । ਕਿੰਨੇ ਹੀ ਚੁੰਘਣੀਆਂ ਦੇ ਨਿੱਪਲ ਦੰਦਾਂ ਨਾਲ ਟੁੱਕ ਦਿੱਤੇ । ਕਈਆਂ ਦੇ ਦੰਦੀਆਂ ਵੱਢੀਆਂ । ਵਾਲ ਪੁੱਟੇ । ਫੇਰ ਮਾਂ ਦੀ ਗੋਦੀ 'ਚ ਚੁੰਘਣੀ ਨਾਲ ਹੀ ਦਿਲ ਟਿਕਾ ਲਿਆ । ਆਪਣੇ ਆਪ ਨੂੰ ਧੋਖਾ ਦੇਣਾ ਵੀ ਚੰਗਾ ਲੱਗਾ ।

'ਨਿਆਣਾ ਹੁਣ? ਆਪਣੇ ਹੱਥਾਂ ਨਾਲ ਖਾ''

''ਅਕਲ ਸਿੱਖ ਭੋਰਾ । ਨੰਗਾ ਈ ਘੁੰਮੀ ਜਾਂਦਾ ।''

''ਬਾਥਰੂਮ 'ਚ ਕੁੰਡੀ ਲਾ ਕੇ ਨਾਹ । ਅੰਦਰੇ ਕੱਪੜੇ ਪਾ ।''

ਸਭ ਕੁਝ ਭੁਲ ਭੁਲਾ ਗਿਆ । ਰਾਜ ਦਰਬਾਰ ਤੇ ਮਹਿਲ ਮੁਨਾਰੇ ਸਭ ਮਾਰੂਥਲ ਦੀ ਰੇਤ 'ਚ ਦਬ ਗਏ । ਮਾਂ ਦੇ ਇਰਦ ਗਿਰਦ ਘੁੰਮਦੇ ਸਦੀਆਂ ਲੰਘਾ ਦਿੱਤੀਆਂ । ਉਹ ਕਿਹੜਾ ਇਕੱਲਾ ਸੀ । ਘਰ 'ਚ ਕਿੰਨੇ ਹੀ ਉਸ ਵਰਗੇ ਸਨ । ਜਿਹਨਾਂ ਨੂੰ ਭਾਈ, ਚਾਚੇ, ਤਾਏ, ਭੂਆ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਨਾਮ ਦਿੱਤੇ ਹੋਏ ਸਨ ।

ਭੂਆ ਉਸ ਨੂੰ ਬਹੁਤ ਪਿਆਰ ਕਰਦੀ ਸੀ । ਉਸ ਦਾ ਵਿਆਹ ਹੋ ਗਿਆ । ਇੱਕ ਦਿਨ ਸਵੇਰੇ ਉੱਠਿਆ ਤਾਂ ਭੂਆ ਜੀ ਚਿੱਟੀ ਤੰਗ ਪਜਾਮੀ ਅਤੇ ਹਲਕੇ ਰੰਗ ਦੀ ਕਾਲੀਆਂ ਚਿੱਟੀਆਂ ਧਾਰੀਆਂ ਵਾਲੀ ਕਮੀਜ ਪਾਈ ਉਸ ਦੇ ਨਾਲ ਜਾਗਦੀ ਪਈ ਸੀ । ਉਸ ਨੂੰ ਦੇਖ ਕੇ ਮੁਸਕਰਾਈ । ਉਸ ਨੇ ਭੂਆ ਦੀ ਕੱਛ ਤੋਂ ਹਿੱਕ ਵੱਲ ਕਮੀਜ ਉੱਤੇ ਵੱਜੀ ਸਿਊਣ ਉੱਤੇ ਪਹਿਲੀ ਉਂਗਲ ਵਾਹ ਕੇ ਪੁੱਛਿਆ:

''ਬੂਆ ਜੀ, ਆਹ ਸਿਊਣ ਕਾਹਤੋਂ ਮਾਰਦੇ ਐ? ''

''ਸ਼ਰਮ ਨੀਂ ਤੈਨੂੰ । ਨਾ ਆਹ ਤੂੰ ਕੀਹਤੋਂ ਸਿੱਖਿਆ । ਬਦਮਾਸ਼ ਐਂ ਤੂੰ । ਤੈਨੂੰ ਕਰਾਂ ਸਿੱਧਾ ਕੁੱਤੇ ਨੂੰ ।''

ਭੂਆ ਜੀ ਨੇ ਠਾਹ ਕਰਦਾ ਥੱਪੜ ਉਸ ਦੇ ਕੰਨ 'ਤੇ ਦੇ ਮਾਰਿਆ । ਥੱਪੜ ਨੇ ਕੰਨਾਂ ਦੀਆਂ ਕਿਨਾਰੀਆਂ ਉੱਤੇ ਅੱਗ ਲਾ ਦਿੱਤੀ । ਭੂਆ ਦੇ ਬੰਦੂਕ ਵਰਗੇ ਮੂੰਹ 'ਚੋਂ ਨਿਕਲੀਆਂ ਗੋਲ਼ੀਆਂ ਦਾ ਉੱਬਲਦਾ ਸਿੱਕਾ ਉਸ ਦੇ ਕੰਨਾਂ ਵਿੱਚੋਂ ਲੰਘ ਕੇ ਅੰਦਰ ਪਏ ਰੇਗਿਸਤਾਨੀ ਘੁਰਨਿਆਂ 'ਚ ਜਾ ਵੜਿਆ ।

''ਹੇ ਈਸ਼ਵਰ, ਤੇਰਾ ਲੱਖ-ਲੱਖ ਸ਼ੁਕਰ ਐ । ਬੇਟਾ ਵਧਾਈਆਂ । ਬੇਟਾ ਹੋਇਐ ।'' ਖੋਸਲੇ ਦਾ ਹੱਥ ਕੰਨ ਵੱਲ ਚਲਾ ਗਿਆ ।

ਥੱਪੜ ਦੇ ਖੜਾਕ ਨਾਲ ਉਹ ਆਪਣੇ ਖ਼ਿਆਲਾਂ ਦੇ ਘੇਰਿਆ ਵਿੱਚੋਂ ਬਾਹਰ ਆ ਗਿਆ ਸੀ । ਕੰਬਲ ਦੀ ਬੁੱਕਲ ਖੁੱਲ੍ਹ ਗਈ ਸੀ । ਮਾਂ ''ਈਸ਼ਵਰ-ਈਸ਼ਵਰ'' ਕਰਦੀ ਕੁਰਸੀ 'ਤੇ ਬੈਠੀ ਉੱਠ ਰਹੀ ਸੀ ।

''ਵਧਾਈਆਂ ਸਰ, ਬੇਟਾ ਹੋਇਆ'' ਬੱਚੇ ਦਾ ਨਾੜੂਆ ਕੱਟ ਕੇ ਆਈ ਨਰਸ ਨੂੰ ਖੋਸਲਾ ਜਾਨੋਂ ਮਾਰ ਦੇਣਾ ਚਾਹੁੰਦਾ ਸੀ ਪਰ ਉਹ ਕੁਝ ਨਾ ਕਰ ਸਕਿਆ । ਉਸ ਤੋਂ ਖੜ੍ਹਾ ਹੀ ਮਸਾਂ ਹੋਇਆ ਗਿਆ ਤੇ ਆਪਣੀ ਮਾਂ ਦੇ ਮੋਢੇ 'ਤੇ ਸਿਰ ਰੱਖ ਦਿਤਾ ।

''ਮੇਰਾ ਮਿਹਰਬਾਨ ।'' ਖੋਸਲੇ ਦੀਆਂ ਅੱਖਾਂ ਵਿੱਚ ਪਤਲਾ ਪਾਣੀ ਆ ਗਿਆ ।

***

ਖੋਸਲਾ ਬੇਟੇ ਦਾ ਬਹੁਤ ਖ਼ਿਆਲ ਰੱਖਦਾ । ਬੇਟਾ ਕਦੇ ਉਸ ਦੀ ਸੋਚ ਵਿੱਚੋਂ ਨਹੀਂ ਸੀ ਨਿਕਲਦਾ । ਬੇਟੇ ਵਿੱਚੋਂ ਦੀ ਉਸ ਨੇ ਜਨਮ ਤੋਂ ਹੁਣ ਤੱਕ ਦੀ ਪੀੜਾ ਮੁੜ ਕੇ ਜਿਊ ਲਈ ਸੀ । ਜਿਸ ਦਿਨ ਪ੍ਰੀਤੀ ਨੇ ਦੁੱਧ ਸੁਕਾਉਣ ਦੀ ਦੁਆਈ ਖਾਣੀ ਸ਼ੁਰੂ ਕੀਤੀ ਸੀ ਓਦਣ ਸਾਰਾ ਦਿਨ ਉਸ ਨੇ ਮੁੰਡੇ ਨੂੰ ਗੋਦੀ ਚੁੱਕੀ ਰੱਖਿਆ । ਹੁਣ ਉਹ ਚੌਥੇ ਸਾਲ ਵਿੱਚ ਸੀ । ਉਸ ਨੇ ਮਨ ਵਿੱਚ ਧਾਰ ਲਿਆ ਸੀ ਕਿ ਦੂਸਰਾ ਬੱਚਾ ਪੈਦਾ ਨਹੀਂ ਕਰਨਾ । ਇਹ ਫੈਸਲਾ ਉਸ ਨੇ ਪ੍ਰੀਤੀ ਨੂੰ ਵੀ ਸੁਣਾ ਦਿੱਤਾ ਸੀ । ਦੂਸਰਾ ਬੱਚਾ ਜੰਮ ਕੇ ਇੱਕ ਹੋਰ ਅੱਖ ਲਾਉਣ ਦੀ ਮਾਂ ਦੀ ਜ਼ਿੱਦ ਨਹੀਂ ਸੀ ਮੰਨੀ । ਪਰ ਪ੍ਰੀਤੀ ਤਾਂ ਹੋਰ ਈ ਕਿਸਮ ਦੀ ਔਰਤ ਸੀ । ਖੋਸਲਾ ਹੈਰਾਨ ਸੀ । ਆਪਣੇ ਆਪ ਉੱਤੇ ਖਿੱਝ ਆ ਰਹੀ ਸੀ । ਪ੍ਰੀਤੀ ਦੀ ਇੱਕੋ ਗੱਲ ਨੇ ਖੋਸਲੇ ਦੇ ਫੈਸਲੇ ਉੱਤੇ ਫੂਕ ਮਾਰ ਦਿੱਤੀ ਸੀ :

''ਮਿਹਰਬਾਨ ਇਕੱਲਾ ਮਹਿਸੂਸ ਕਰਦਾ । ''

***

ਪਹਿਲਾਂ ਝਿੜਕਾਂ ਖਾਣ ਤੋਂ ਵੀ ਡਰ ਲੱਗਦਾ ਸੀ । ਪਰ ਜਦੋਂ ਹੁਣ ਪ੍ਰੀਤੀ ਦੇ ਦੂਸਰੀ ਵਾਰ ਬੱਚਾ ਹੋਣਾ ਸੀ ਅਤੇ ਉਹ ਤਲਾਕ ਵਰਗਾ ਜੀਵਨ ਜਿਊ ਰਿਹਾ ਸੀ ਤਾਂ ਝਿੜਕਾਂ ਦਾ ਡਰ ਤਾਂ ਕੀ, ਥੱਪੜ ਖਾ ਕੇ ਵੀ ਊਜ ਦਾ ਉਂਜ ਕਾਇਮ ਰਹਿਣਾ ਸਿੱਖ ਗਿਆ ਸੀ । ਮਾਂ ਕਈ ਦਿਨਾਂ ਦੀ ਨਰਾਜ਼ ਸੀ । ਬੋਲਦੀ ਨਹੀਂ ਸੀ । ਨਾ ਬੋਲੇ । ਇੱਕ ਦਿਨ ਮੌਕਾ ਵੇਖ ਕੇ ਉਸ ਨੇ ਘਰ ਦੀ ਨੌਕਰਾਣੀ ਦਾ ਹੱਥ ਫੜ ਲਿਆ ਸੀ । ਨੌਕਰਾਣੀ ਨੇ ਦੂਸਰੇ ਦਿਨ ਮਾਂ ਦੇ ਕਮਰੇ ਵਿੱਚ ਪੋਚਾ ਮਾਰਦੀ ਨੇ ਸਭ ਕੁਝ ਦੱਸ ਦਿੱਤਾ ਸੀ :

''ਬੀਬੀ ਜੀ, ਮੈਂ ਕਾਮ ਛੋੜ ਰੀ''

''ਕਿਆ ਬਾਤ ਹੋ ਗੀ ਤੁਮ ਕੋ?''

''ਬਾਤ ਤੋ ਕੋਈ ਨਾਹੀਂ - ਬੀਬੀ ਜੀ - '' ਘਬਰਾ ਗਈ । ਸੋਚਿਆ ਨਾ ਹੀ ਦੱਸੇ ।

''ਪੈਸੇ ਕਮ ਮਿਲਤੇ ਹੈਂ?''

''ਨਾਹੀਂ ਬੀਬੀ ਜੀ ।''

''ਗਾਓਂ ਜਾਣਾ ਐ ।''

''ਨਾ - ਨਾ''

''ਤੋ ਕਿਆ ਹੂਆ?''

''ਨਾਹੀਂ.......ਆਪ ਸਮਝਤੇ ਨਾ - ਆਪ ਕਾ ਲੜਕਾ.......''

''ਲੜਕਾ - ਸੈਂਡੀ ਕਿਆ ਕਹਿਤਾ ਤੇਰੇ ਕੋ?''

''ਡਾਕਟਰ ਸਾਹਿਬ ....''

''ਬੀਮਾਰ ਹੋ?''

''ਨਾਂਹੀ । ਡਾਕਟਰ ਸਾਹਿਬ ਕਹਿਤੇ, ਜਬ ਤੱਕ ਮੇਰੇ ਘਰਵਾਲੀ ਕੇ ਬੱਚਾ ਨਾਂਹੀ ਹੋਤਾ, ਤੂੰ ਮੇਰੇ ਸਾਥ ਕੀਆ ਕਰ ।''

***

ਪੰਤਾਲੀ ਨੰਬਰ ਫਲੈਟ ਖੁੱਲ੍ਹਦੇ ਸਾਰ ਹੀ ਖੋਸਲੇ ਨੂੰ ਇੱਕ ਵਾਰ ਫੇਰ ਅਹਿਸਾਸ ਹੋਇਆ ਕਿ ਇਹ ਛੜਿਆਂ ਦੀ ਰਿਹਾਇਸ਼ ਸੀ । ਹਫ਼ਤਾ ਭਰ ਲਈ ਉਸ ਦੇ ਦੋਸਤ ਮਸੂਰੀ ਘੁੰਮਣ ਗਏ ਹੋਏ ਸਨ । ਘਰ 'ਚ ਸਮਾਨ ਐਂ ਪਿਆ ਸੀ ਜਿਵੇਂ ਚੁੱਕ ਕੇ ਕਿਤੇ ਲਿਜਾਣ ਲਈ ਇਕੱਠਾ ਕੀਤਾ ਹੋਵੇ । ਅੱਠ ਤੋਂ ਉੱਤੇ ਦਾ ਸਮਾਂ ਸੀ । ਬੜੀ ਲੰਮੀ ਉਡੀਕ ਪਈ ਸੀ । ਉਸ ਦਾ ਮਨ ਟਿਕਦਾ ਨਹੀਂ ਸੀ । ਫੇਰ ਘੜੀ ਦੇਖੀ । ਸੂਈਆਂ ਜਿਵੇਂ ਅਹਿੱਲ ਖੜ੍ਹੀਆਂ ਸਨ । ਫੇਰ ਮਿਸਿਜ ਜੈਨ ਦਾ ਨੰਬਰ ਦੱਬ ਦਿੱਤਾ । ਜੇ ਹੋਰ ਨਹੀਂ ਤਾਂ ਉਸ ਨਾਲ ਗੱਲ ਹੀ ਕਰੇ । ਮੋਬਾਇਲ ਬੰਦ ਸੀ । ਕੀ ਕਰੇ ਹੁਣ? ਮੋਬਾਇਲ ਦੀ ਸਕਰੀਨ ਉੱਤੇ ਨੰਬਰ ਵਾਂਗ ਉਸ ਦੇ ਦਿਮਾਗ ਵਿੱਚ ਕੁਝ ਤੜਫ਼ ਰਿਹਾ ਸੀ । ਇੱਕ ਖਲਾਅ । ਦਾਇਰਾ । ਖਾਲੀ ਜਗ੍ਹਾ ਜਿੱਥੇ ਉਹ ਕਿਸੇ ਨੂੰ ਜ਼ੋਰੋ-ਜ਼ੋਰੀ ਬਹਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ । ਉਸ ਦੀ ਨਿਗ੍ਹਾ ਬਲੈਂਡਰਜ਼ ਪਰਾਈਡ ਦੀ ਬੋਤਲ ਉੱਤੇ ਪਈ । ਅੱਧੀ ਤੋਂ ਥੋੜ੍ਹੀ ਘੱਟ ਸ਼ਰਾਬ ਸੀ । ਫ਼ਰਿੱਜ ਵਿੱਚੋਂ ਠੰਡਾ ਸੋਢਾ ਕੱਢਣ ਲਈ ਤੁਰਿਆ ਤਾਂ ਉਸ ਨੂੰ ਆਪਣੇ ਪੈਰਾਂ ਦੀ ਆਵਾਜ਼ ਤੋਂ ਡਰ ਲੱਗਿਆ । ਇੱਕ ਪੈੱਗ ਲਾ ਲਿਆ । ਕੁਝ ਨਹੀਂ ਹੋਇਆ । ਦੂਸਰਾ ਪੈੱਗ ਲਾ ਲਿਆ । ਫੇਰ ਤੀਸਰਾ... ਪਹਿਲਾਂ ਕੁਝ ਨਹੀਂ ਹੋਇਆ । ਹੁਣ ਹੋਈ ਜਾ ਰਿਹਾ ਸੀ... ਮਨ ਵਿੱਚ ਰੇਗਿਸਤਾਨ ਸੀ ਜਿੱਥੇ ਹਨ੍ਹੇਰੀ ਝੁੱਲ ਰਹੀ ਸੀ । ਟੋਇਆਂ ਤੇ ਟਿੱਬਿਆਂ ਦੇ ਅਕਾਰ ਫੈਲ ਰਹੇ ਸਨ । ਕਦੇ ਲੱਗਦਾ ਕਿ ਰੇਗਿਸਤਾਨ ਨਹੀਂ, ਕਿਸੇ ਔਰਤ ਦਾ ਵਜੂਦ ਉਸ ਦੇ ਮਨ 'ਚ ਪਿਆ ਸੀ ।

ਦੁਖੀ ਹੋਇਆ ਉਹ ਫਰਿੱਜ 'ਚੋਂ ਵੱਡਾ ਸਾਰਾ ਸੇਬ ਕੱਢ ਕੇ ਉਸ ਨੂੰ ਬੁਰਕ ਮਾਰ ਮਾਰ ਖਾਣ ਲੱਗਾ । ਤੇਜੋ ਤੇਜ । ਦੰਦਾਂ ਨਾਲ ਤੋੜਿਆ ਤੇ ਅੰਦਰ । ਸ਼ਰਾਬ ਉਸ ਦੇ ਪੇਟ ਵਿੱਚ ਮਿਰਚਾਂ ਵਾਂਗ ਲੜਨ ਲੱਗ ਪਈ ਸੀ ।

ਰਿਮੋਟ ਨਾਲ ਟੀ.ਵੀ. ਦੇ ਚੈਨਲ ਬਦਲਦਾ ਰਿਹਾ । ਕੁਝ ਨਹੀਂ ਚੰਗਾ ਲੱਗਦਾ । ਫੇਰ ਮਿਸਿਜ ਜੈਨ ਦਾ ਫੋਨ ਬਜਾਇਆ । ਮੋਬਾਇਲ ਅਜੇ ਵੀ ਬੰਦ ਸੀ । ਉਸ ਨੇ ਇੱਕ ਗਾਲ਼ ਕੱਢੀ । ਪਤਾ ਨਹੀਂ ਕਿਸ ਨੂੰ । ਕੰਧ 'ਤੇ ਟੇਢੇ ਲਟਕੇ ਕਲਾਕ ਦੀਆਂ ਸੂਈਆਂ ਨੌਂ ਵਜਾ ਕੇ ਟੱਪ ਗਈਆਂ । ਲੋਕ ਸੌਂ ਰਹੇ ਸਨ । ਕਮਰੇ 'ਚ ਸਭ ਕੁਝ ਖੜ੍ਹਾ ਸੀ । ਉਸ ਦੇ ਅੰਦਰ ਖੌਰੂ ਮੱਚਿਆ ਹੋਇਆ ਸੀ ।

ਅਚਾਨਕ ਉਸ ਦੇ ਮੋਬਾਇਲ ਉੱਤੇ ਚਮਕ ਆਈ ਤੇ ਇੱਕ ਨਾਮ ਇਸ ਦੀ ਸਕਰੀਨ ਉੱਤੇ ਟੱਪਣ ਲੱਗਿਆ । ਉਸ ਨੂੰ ਇੱਕ ਝੁਣ-ਝਣੀ ਜਹੀ ਆਈ । ਤੇ ਸਾਰਾ ਪਿੰਡਾ ਕੰਬ ਗਿਆ । ਨਸ਼ਾ ਉਸ ਦੀਆਂ ਨਾੜਾਂ ਨੂੰ ਤੁਣਕੇ ਮਾਰਦਾ ਘੁੰਮ ਰਿਹਾ ਸੀ । ਉਸ ਨੂੰ ਛੇਤੀ ਹੀ ਉਹ ਕੁਝ ਵਾਪਰਨ ਦੀ ਉਮੀਦ ਸੀ ਜਿਸ ਦੀ ਉਡੀਕ ਵਿੱਚ ਉਹ ਸਦੀਆਂ ਤੋਂ ਬੈਠਾ ਸੀ । ਤੀਹਾਂ ਕੁ ਸਾਲਾਂ ਦੀ ਮਾਰੂਥਲਾਂ ਦੇ ਰੇਤ ਦੇ ਰੰਗ ਦੀ ਤਿੱਖੇ ਨਕਸਾਂ ਵਾਲੀ ਜੈਨ ਧੋਬੀ ਦੇ ਪਰੈੱਸ ਕੀਤੇ ਸੂਟ ਵਿੱਚ ਜਦੋਂ ਬਿਨਾਂ ਖੜਾਕ ਦਰਵਾਜ਼ਾ ਬੰਦ ਕਰਦੀ ਅੰਦਰ ਆਈ ਤਾਂ ਉਹ ਖੋਸਲੇ ਨੂੰ ਆਪਣੀ ਉਸ ਦਿਨ ਦੀ ਮਾਂ ਵਰਗੀ ਲੱਗੀ ਜਿਸ ਦਿਨ ਉਸ ਨੇ ਆਪਣੀ ਹਿੱਕ 'ਤੇ ਘੀਆ ਕੁਆਰ ਮਲ਼ ਲਿਆ ਸੀ । ਨਿਗ੍ਹਾ ਤਾਂ ਕਦੋਂ ਦੀ ਫੁੱਲੀ ਹੋਈ ਸੀ ।

ਮਨ ਅਹਿਰਨ ਉੱਤੇ ਪਿਆ ਲਾਲ ਲੋਹਾ ਬਣ ਗਿਆ, ਜਿਸ ਉੱਤੇ ਦੋ ਬੰਦੇ ਵਾਰੋ ਵਾਰੀ ਵਦਾਣ ਮਾਰ ਰਹੇ ਹੋਣ ।

''ਬੜੀ ਦੇਰ ਲਗਾ ਦਿੱਤੀ ਤੁਸੀਂ ''

''ਸਭ ਕੁਸ਼ ਸੋਚ ਵਿਚਾਰ ਕੇ ਈ ਤੁਰਨਾ ਸੀ ।''

''ਜਗਰਾਤੇ 'ਚ ਗਏ ਸੀ ।''

''ਮੱਥਾ ਟੇਕ ਕੇ, ਖਿਸਕ ਆਈ ।''

''ਮੋਬਾਇਲ ਬੰਦ ਕਰ ਦੋ । ਮੇਰਾ ਵੀ ।'' ਖੋਸਲਾ ਬਾਥਰੂਮ ਚਲਾ ਗਿਆ । ਬਾਥਰੂਮ ਵਿੱਚ ਖੜ੍ਹਾ ਉਹ ਆਪਣੇ ਸਰੀਰ ਦੇ ਪੁਰਜ਼ੇ ਜੋੜ ਰਿਹਾ ਸੀ । ਪਿਸ਼ਾਬ ਦਾ ਤਾਂ ਉਸ ਨੂੰ ਵਹਿਮ ਈ ਸੀ ।

ਮੁੜ ਕੇ ਆਇਆ ਤਾਂ ਮਿਸਿਜ ਜੈਨ ਜੁੱਤੀ ਲਾਹ ਕੇ, ਬੈੱਡ ਉੱਤੇ ਢੋਹ ਲਾ ਕੇ ਬੈਠੀ ਸੀ । ਉਹ ਖੋਸਲੇ ਦੀਆਂ ਅੱਖਾਂ ਵਿੱਚ ਦੇਖ ਰਹੀ ਸੀ ।

''ਔਰਤ ਕੋਲ ਜਾਣ ਤੋਂ ਪਹਿਲਾਂ ਮਰਦਾਂ ਨੂੰ ਨਸ਼ਾ ਕਰਨ ਦੀ ਭਲਾਂ ਕੀ ਆਦਤ ਹੁੰਦੀ ਐ?'' ਜੈਨ ਦੀਆਂ ਅੱਖਾਂ ਦੀ ਡੂੰਘਾਈ ਮਿਣੀ ਨਹੀਂ ਜਾ ਸਕਦੀ ਸੀ । ਉੱਥੇ ਨਸ਼ਾ ਤੈਰ ਰਿਹਾ ਸੀ ।

''ਓ ਕੁਝ ਨੀਂ ''

''ਮੈਨੂੰ ਡਰ ਲੱਗਦਾ... ਕਿਤੇ ਜੈਨ ਸਾਹਿਬ...''

''ਕੁੱਝ ਨੀਂ ਹੁੰਦਾ!''

''ਮੇਰੀ ਨਨਾਣ ਆਈ ਹੋਈ ਐ । ਬੱਚੇ ਵੀ ਨਾਲ ਐ । ਸਾਡਾ ਬਿਜਲੀ ਦਾ ਬਿੱਲ ਪੰਜ ਸੌ ਤੋਂ ਵੱਧ ਨਹੀਂ ਸੀ ਆਂਦਾ । ਹੁਣ ਸੋਲਾਂ ਸੌ ਰੁਪਏ ਆਇਆ ਐ । ਮੈਂ ਤਾਂ ਪ੍ਰੇਸ਼ਾਨ ਹੋਈ ਪਈ ਆਂ । ਜੈਨ ਸਾਹਿਬ ਤਾਂ ਬਸ ਸੁਣਦੇ ਈ ਨਹੀਂ ।''

ਬੇਵਕਤ-ਬੇਤੁਕੀਆਂ ਗੱਲਾਂ । ਖੋਸਲੇ ਨੂੰ ਰਾਤ ਗੁਜ਼ਰਨ ਦਾ ਖ਼ਿਆਲ ਆਇਆ ਤਾਂ ਉਸ ਨੇ ਜੈਨ ਨੂੰ ਬੈਠੀ ਬੈਠੀ ਨੂੰ ਈ ਚੁੰਮਣ ਦੀ ਕੋਸ਼ਿਸ਼ ਕੀਤੀ ।

''ਠਹਿਰੋ, ਮੈਂ ਕੱਪੜੇ ਲਾਹ ਲਾਂ ''

''ਕਾਹਲੀ ਐ ।''

''ਨਹੀਂ ਵੱਟ ਪੈ ਜਾਣਗੇ । ਪਤਾ ਲੱਗ ਜਾਣਾ । ਜੈਨ ਸਾਹਿਬ ਤੁਹਾਨੂੰ ਪਤਾ?''

''ਛੋਟੇ-ਛੋਟੇ ਐ ।''

''ਜੈਨ ਸਾਹਿਬ ਵੀ ਇਹੀ ਕਹਿੰਦੇ ਐ । ਤੁਸੀਂ ਉਪਰ ਨੂੰ ਦੇਖੋ ਈ ਨਾ । ਬੱਤੀ ਬੰਦ ਕਰ ਦੋ । ਪਲੀਜ ।''

ਖੋਸਲਾ ਪਾਣੀ 'ਚ ਖੜ੍ਹੀ ਔਰਤ ਦੁਆਲੇ ਤਾਰੀਆਂ ਲਾ ਰਿਹਾ ਸੀ । ਜਨਮ ਤੋਂ ਪਹਿਲਾਂ ਦੀ ਕੋਈ ਛੋਟੀ ਜਹੀ ਚੀਜ਼ ਬਣ ਕੇ ਉਹ ਔਰਤ ਦੇ ਜਿਸਮ ਅੰਦਰ ਸਮਾ ਜਾਣਾ ਚਾਹੁੰਦਾ ਸੀ । ਉਹ ਰੇਗਿਸਤਾਨ ਦੇ ਟਿੱਬੇ ਤੇ ਉੱਚੀਆਂ ਗੁਲਾਈਆਂ ਢਾਹ ਕੇ ਟੋਏ ਪੂਰਦਾ ਫਿਰ ਰਿਹਾ ਸੀ । ਊਗਲਾਂ ਦੇ ਪੋਟਿਆਂ ਨਾਲ ਉਸ ਨੇ ਸਾਰਾ ਮਾਰੂਥਲ ਗਾਹ ਦਿੱਤਾ । ਚੋਰਾਂ ਵਾਂਗ ਆਪਣੀ ਮੰਜ਼ਿਲੇ-ਮਕਸੂਦ ਵੱਲ ਨੂੰ ਵਧ ਰਿਹਾ ਸੀ । ਖੋਸਲੇ ਦੀਆਂ ਅੱਖਾਂ ਵਿੱਚੋਂ ਨਿਗ੍ਹਾ ਗਾਇਬ ਹੋ ਗਈ ਸੀ । ਕੁਝ ਨਹੀਂ ਦਿਸ ਰਿਹਾ ਸੀ । ਜਿਵੇਂ ਕੋਈ ਅੰਨ੍ਹਾ ਵੱਡੇ ਮਹਿਲ ਵਿੱਚ ਵੜਨ ਜਾਂ ਨਿਕਲਣ ਲਈ ਪੋਟਿਆਂ ਨਾਲ ਕੰਧਾਂ ਟੋਂਹਦਾ ਇੱਕੋ ਇੱਕ ਦਰਵਾਜ਼ੇ ਕੋਲ ਆਉਂਦਾ ਕੰਨ 'ਚ ਖਾਜ ਕਰਨ ਲੱਗ ਪਏ ।

ਪੰਤਾਲੀ ਨੰਬਰ ਕਮਰਾ, ਔਰਤ ਅਤੇ ਖੁਦ ਨੂੰ ਛੱਡ ਕੇ ਉਹ ਰੇਗਿਸਤਾਨ ਦੀ ਰੇਤ ਵਿੱਚ ਗੁੰਮ ਗਿਆ ।

ਮਿਸਿਜ ਜੈਨ ਨੇ ਵਿਹਲੇ ਹੋ ਕੇ ਆਪਣੇ ਕੱਪੜੇ ਇੱਕ ਇੱਕ ਕਰ ਕੇ ਪਾ ਲਏ । ਉਵੇਂ ਦੀ ਹੋ ਗਈ ਜਿਵੇਂ ਦੀ ਆਈ ਸੀ । ਕੁਝ ਵੀ ਬਦਲਿਆ ਨਹੀਂ ਸੀ । ਕੁਝ ਨਹੀਂ ਹੋਇਆ ਸੀ । ਹੋਇਆ ਵੀ ਕੁਝ ਨਹੀਂ ਸੀ ।

''ਹੈਲੋ''

''ਹੂੰ - ਆ - ਆ ''

''ਮੈਂ ਜਾ ਰਹੀ ਆਂ । ਲੇਟ ਕਰਾ 'ਤਾ । ਕਿਤੇ ਜੈਨ ਸਾਹਿਬ ਜਗਰਾਤੇ 'ਚ ਨਾ ਪੁੱਜ ਜਾਣ ।''

''ਠੀਕ-ਠੀਕ ਐ ।''

ਖੋਸਲੇ ਨੇ ਸਿਰ ਮਟਕਾ ਕੇ ਅੱਖਾਂ ਨਾਲ ਜਿਵੇਂ ਉਸ ਨੂੰ ਕਿਹਾ : ਜਾ ਜਾ । ਦਫ਼ਾ ਹੋ ਜਾ । ਤੂੰ ਮੇਰੀ ਮਾਂ ਵਰਗੀ ਨਹੀਂ । ਕੋਈ ਵੀ ਔਰਤ ਮੇਰੀ ਮਾਂ ਵਰਗੀ ਨਹੀਂ ਹੋ ਸਕਦੀ ।

ਉਸ ਦੇ ਜਾਣ ਤੋਂ ਬਾਅਦ ਖੋਸਲੇ ਨੇ ਪਏ ਪਏ ਪਾਸਾ ਪਲਟਿਆ । ਉਸ ਦਾ ਹੱਥ ਕਾਊਚ ਵਿੱਚ ਟਿਕੇ ਟੀ.ਵੀ. ਰਿਮੋਟ ਉੱਤੇ ਵੱਜ ਗਿਆ ।

''ਅਸੀਂ ਉਸ ਦੀ ਅੰਸ਼ ਹਾਂ ਜਿਸ ਨੇ ਸਾਨੂੰ ਪੈਦਾ ਕੀਤਾ । ਹਰ ਪ੍ਰਾਣੀ, ਹਰ ਜੀਵ ਉਸ ਵਿਸ਼ਾਲ ਸਮੁੰਦਰ ਦਾ ਕਤਰਾ ਹੈ ਤੇ ਇਸ ਕਤਰੇ ਨੇ ਉਸ ਸਮੁੰਦਰ ਵਿੱਚ ਸਮਾ ਜਾਣਾ ਹੈ...''

ਖੋਸਲੇ ਨੇ ਫੜਕ ਟੀ.ਵੀ. ਬੰਦ ਕਰ ਦਿੱਤਾ । ਕੱਪੜੇ ਪਾਏ । ਤਾਲਾ ਲਾਇਆ ਤੇ ਚਾਬੀ ਪੌੜੀਆਂ ਉੱਤਰਦੇ ਉੱਥੇ ਹੀ ਬਿਜਲੀ ਦੇ ਮੀਟਰ ਦੇ ਬਕਸੇ ਵਿੱਚ ਟਿਕਾ ਦਿੱਤੀ ।

ਇੰਡੀਕਾ ਨੂੰ ਚਾਬੀ ਲਾਈ । ਤੇ ਗੱਡੀ 'ਕੀਂਹ-ਕੀਂਹ-ਕੀਂਹ' ਕਰਦੀ ਸਟਾਰਟ ਹੋ ਗਈ ।

''ਕੀਰਤੀ''

ਇੱਕ ਵਾਰ ਫੇਰ ਆਪਣਾ ਨਾੜੂਆ ਕਟਾਉਣ ਦੀ ਉਸ ਦੀ ਇੱਛਾ ਨਹੀਂ ਸੀ ।

  • ਮੁੱਖ ਪੰਨਾ : ਕਹਾਣੀਆਂ, ਬਲੀਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ