ਜੈ ਤੇਗੰ - ਗਿਆਨੀ ਹਰਬੰਸ ਸਿੰਘ ਤੇਗ਼ : ਪ੍ਰੋ. ਅਵਤਾਰ ਸਿੰਘ
ਦਸਵੀਂ ਕਰਕੇ ਮੈਂ ਨਵੇਂਸ਼ਹਿਰ ਕਾਲਜ ਦਾਖਲਾ ਲੈ ਲਿਆ। ਉੱਥੇ ਮਨ ਨਾ ਲੱਗਿਆ ਕਰੇ। ਇਕ ਦਿਨ ਮੈਂ ਐਵੇਂ ਹੀ ਸਾਈਕਲ ਬੰਗਿਆਂ ਨੂੰ ਰੇੜ੍ਹ ਲਿਆ। ਚਰਨ ਕੌਲੀਂ ਮੱਥਾ ਟੇਕਿਆ ਤੇ ਗੁਰਦੁਆਰੇ ਦੀ ਦੁੱਧ ਚਿੱਟੀ ਸਮੋਸਮੀ ਇਮਾਰਤ ਦਾ ਅਕਸ ਦਿਲ ਵਿੱਚ ਧਸ ਗਿਆ। ਫਿਰ ਕਾਲਜ ਗਿਆ ਤਾਂ ਹਾਲ ਉੱਤੇ ਕੇਸਰੀ ਨਿਸ਼ਾਨ ਸਾਹਿਬ ਝੂਲਦਾ ਦੇਖ ਕੇ ਮਨ ਨੇ ਫੈਸਲਾ ਕੀਤਾ ‘ਮੈਂ ਹੁਣ ਇੱਥੇ ਪੜ੍ਹਾਂਗਾ’।
ਮੇਰਾ ਦੋਸਤ ਸੋਢੀ ਕਨੇਡਾ ਚਲਿਆ ਗਿਆ। ਮਨ ਨਵੇਂਸ਼ਹਿਰੋਂ ਚੱਕਿਆ ਗਿਆ ਤੇ ਮੈਂ ਚਰਨ ਕੌਲੀਂ ਦਾਖਲਾ ਲੈ ਲਿਆ। ਉਸ ਕਾਲਜ ਨੂੰ ਉਦੋਂ ‘ਚਰਨ ਕੌਲ’ ਹੀ ਕਹਿੰਦੇ ਸਨ, ਜੋ ਹੌਲੀ ਹੌਲੀ ‘ਚਰਨ ਕੰਵਲ’ ਹੋ ਗਿਆ। ਫਿਰ ਇਹਨੂੰ ਪੜ੍ਹੇ ਲਿਖੇ ‘ਐੱਸ ਐੱਨ ਕਾਲਜ’ ਕਹਿਣ ਲੱਗ ਪਏ ਤੇ ਕਾਲਜ ਗੁਰੂ ਕੇ ਚਰਨਾਂ ’ਚੋ ਬਾਹਰ ਹੋ ਗਿਆ।
ਮੈਂ ਕਲਾਸਾਂ ਲੌਣੀਆਂ ਤੇ ਵਿਹਲੇ ਪੀਰੀਅਡ ਗੁਰਦੁਆਰੇ ਚਲੇ ਜਾਣਾ; ਮੱਥਾ ਟੇਕਣਾ ਤੇ ਪ੍ਰਸ਼ਾਦ ਲੈਣਾ। ਪੇਪਰ ਆਏ ਤਾਂ ਮੇਰੇ ਲਈ ਪਿੰਡੋਂ ਸੁਵੱਖਤੇ ਆਉਣਾ ਮੁਸ਼ਕਲ ਸੀ ਤੇ ਮੈਂ ਗੁਰਦੁਆਰੇ ਸਰਾਂ ’ਚ ਕਮਰਾ ਲੈ ਲਿਆ। ਮੁੱਖ ਗ੍ਰੰਥੀ ਮੇਰੇ ਕੋਲ ਆਉਣ ਲੱਗ ਪਿਆ ਤੇ ਮੇਰਾ ਦੋਸਤ ਬਣ ਗਿਆ। ਉਹਨੂੰ ਪਤਾ ਲੱਗਾ ਕਿ ਮੈਂ ਪਾਠ ਕਰਨਾ ਜਾਣਦਾ ਹਾਂ ਤਾਂ ਇਕ ਦਿਨ ਕਹਿਣ ਲੱਗਾ ਕਿ ਮੈਂ ਤੜਕੇ ਉਹਦੀ ਰੌਲ਼ ਲਗਾ ਦੇਵਾਂ। ਮੈਂ ਰੌਲ਼ ‘ਤੇ ਬੈਠ ਗਿਆ; ਸਪੀਕਰ ਲੱਗਾ ਹੋਇਆ ਸੀ; ਡਰਦਿਆਂ ਡਰਦਿਆਂ ਪਾਠ ਕੀਤਾ। ਉੱਠਿਆ ਤਾਂ ਪ੍ਰਸ਼ਾਦ ਵੰਡਣ ਵਾਲੇ ਬਜ਼ੁਰਗ ਨੇ ਕਿਹਾ ਕਿ ‘ਮੈਨੇਜਰ ਸਾਹਿਬ ਨੇ ਬੁਲਾਇਆ’। ਮੈਂ ਹੋਰ ਡਰ ਗਿਆ ਕਿ ਜ਼ਰੂਰ ਗਲਤ ਪਾਠ ਕੀਤਾ ਹੋਣਾ ਹੈ।
ਡਰਦਾ ਡਰਦਾ ਮੈਨੇਜਰ ਕੋਲ ਗਿਆ ਤਾਂ ਉਹ ਤਿਆਰ ਬਰ ਤਿਆਰ ਸਨ ਅਤੇ ਨਿੱਤ-ਨੇਮ ਕਰਕੇ ਹਟੇ ਹੀ ਸਨ; ਕੋਲ ਗਰਮ ਦੁੱਧ ਦੀ ਗੜਵੀ ਤੇ ਦੋ ਗਲਾਸ ਪਏ ਸਨ। ਉਨ੍ਹਾਂ ਨੇ ਗਲਾਸਾਂ ਵਿੱਚ ਦੁੱਧ ਪਾਇਆ; ਆਪ ਛਕਿਆ ਤੇ ਮੈਨੂੰ ਵੀ ਛਕਾਇਆ; ਥਾਪੜਾ ਦੇ ਕੇ ਕਹਿਣ ਲੱਗੇ ‘ਰੋਜ ਤੜਕੇ ਦੀ ਰੌਲ਼ ਲਾਇਆ ਕਰ’। ਮੈਂ ਝਿਜਕਿਆ ਤਾਂ ਉਨ੍ਹਾਂ ਮੇਰਾ ਅਤਾ ਪਤਾ ਪੁੱਛਿਆ; ਪਤਾ ਲੱਗਾ ਕਿ ਉਹ ਮੇਰੇ ਪਿਤਾ ਜੀ ਦੇ ਚੰਗੇ ਜਾਣੂੰ ਸਨ। ਮੈਂ ਉਨ੍ਹਾਂ ਬਾਬਤ ਕੁਝ ਨਾ ਪੁੱਛ ਸਕਿਆ। ਬਾਹਰ ਆਕੇ ਦੇਖਿਆ ਤਾਂ ਨੇਮ ਪਲੇਟ ‘ਤੇ ‘ਗਿਆਨੀ ਹਰਬੰਸ ਸਿੰਘ ਤੇਗ’ ਲਿਖਿਆ ਹੋਇਆ ਸੀ।
ਮੈਂ ਅਕਸਰ ਉੱਥੇ ਰਹਿਣ ਲੱਗ ਪਿਆ ਤੇ ਮੇਰੇ ਮੱਥੇ ‘ਤੇ ਉਨ੍ਹਾਂ ਦੀ ਸੰਗਤ ਦਾ ਨਸੀਬ ਲਿਖਿਆ ਗਿਆ। ਗੁਰਦੁਆਰੇ ਵਿੱਚ ਹੋਣਾਂ ਤਾਂ ਉਨ੍ਹਾਂ ਦੇ ਸਿਰ ‘ਤੇ ਕੇਸਕੀ ਹੋਣੀ ਤੇ ਉਨ੍ਹਾਂ ਨੇ ਨਿੱਕੇ ਮੋਟੇ ਕੰਮ ਲੱਗੇ ਰਹਿਣਾ। ਇਕ ਦਫ਼ਾ ਉਹ ਹਥੋੜਾ ਹਥੋੜੀ ਲੈਕੇ ਗੁਰਦੁਆਰੇ ਦੇ ਪੁਰਾਣੇ ਜਿੰਦਰੇ ਠੀਕ ਕਰ ਰਹੇ ਸਨ ਕਿ ਇਕ ਐੱਨ ਆਰ ਆਈ ਬੀਬੀ ਆਈ ਤੇ ਕਹਿਣ ਲੱਗੀ ‘ਮੈਨੇਜਰ ਸਾਹਿਬ ਨੂੰ ਮਿਲਣਾ’। ਉਹ ਕਹਿਣ ਲੱਗੇ ‘ਦੱਸੋ’। ਬੀਬੀ ਕਹੇ ‘ਨਹੀਂ, ਉਨ੍ਹਾਂ ਨੂੰ ਹੀ ਮਿਲਣਾ’। ਉਹ ਸਮਝ ਗਏ ਕਿ ਬੀਬੀ ਨੇ ਦਫ਼ਤਰਾਂ ‘ਚ ਸਜ ਧਜ ਕੇ ਬੈਠੇ ਮੈਨੇਜਰ ਹੀ ਦੇਖੇ ਹੋਣਗੇ, ਕੰਮ ਕਰਦੇ ਨਹੀਂ। ਉਸ ਬੀਬੀ ਨੂੰ ਸੱਚ ਦੱਸਣ ਦਾ ਕੋਈ ਫ਼ਾਇਦਾ ਨਹੀਂ ਸੀ। ਉਨ੍ਹਾਂ ਬੀਬੀ ਨੂੰ ਆਖਿਆ, ‘ਉਹ ਦਫਤਰ ਵਿੱਚ ਨੌਂ ਵਜੇ ਮਿਲਣਗੇ।
ਇਸ ਅਨੋਖੇ ਮੈਨੇਜਰ ਨੂੰ ਅੰਮ੍ਰਿਤਪਾਨ ਕਰਨ ਸਮੇਂ ਆਦੇਸ਼ ਦਿੱਤਾ ਗਿਆ ਸੀ ਕਿ ‘ਅੱਜ ਤੋਂ ਤੁਹਾਡਾ ਕਰਮ ਨਾਸ, ਕੁੱਲ ਨਾਸ ਤੇ ਜਾਤ ਵਰਣ ਸਭ ਨਾਸ ਹੈ’। ਉਹਨੇ ਗੁਰੂ ਦੀ ਸਿੱਖਿਆ ਦੀਖਿਆ ਮਨੋ ਧਾਰਣ ਕਰ ਲਈ ਤੇ ਆਪਣਾ ਤਖ਼ੱਲਸ ‘ਤੇਗ’ ਰੱਖ ਲਿਆ ਸੀ।
ਦਿਨ ਵੇਲੇ ਉਹ ਕਈ ਪਾਸੇ ਗੁਰਮਤਿ ਸਮਾਗਮਾਂ ਵਿਚ ਹਾਜ਼ਰੀ ਭਰਦੇ। ਉਨ੍ਹਾਂ ਦੇ ਜਾਣ ਅਤੇ ਆਉਣ ਦਾ ਪਤਾ ਰਾਜਦੂਤ ਮੋਟਰ ਸਾਈਕਲ ਦੇ ਸਟਾਰਟ ਹੋਣ ਅਤੇ ਬੰਦ ਹੋਣ ਤੋਂ ਲੱਗਦਾ। ਕਣਕ ਵੰਨਾ ਰੰਗ, ਪਤਲਾ ਸਰੀਰ, ਨੀਲੀ ਦਸਤਾਰ, ਸਲੇਟੀ ਕਮੀਜ਼ ਪਜਾਮਾਂ ਤੇ ਤਿੰਨ ਫੁੱਟੀ ਕਿਰਪਾਨ; ਪੈਰੀਂ ਹਮੇਸ਼ਾ ਗੁਰਗਾਬੀ ਹੋਣੀ ਤੇ ਸਰਦੀਆਂ ਵਿੱਚ ਓਵਰਕੋਟ।
ਉਨ੍ਹਾਂ ਦੇ ਗਲ਼ੇ ਵਿੱਚ ਕੁਝ ਖਾਰਿਸ਼ ਰਹਿੰਦੀ ਸੀ ਤੇ ਉਹ ਰੁਕ ਰੁਕ ਕੇ ਖੰਘੂਰੇ ਮਾਰਦੇ ਰਹਿੰਦੇ। ਗੁਰਦੁਆਰੇ ਦੇ ਅੰਦਰ ਤੱਕ ਪਤਾ ਲੱਗਦਾ ਕਿ ਤੇਗ ਸਾਹਿਬ ਦਫਤਰ ‘ਚ ਬੈਠੇ ਹਨ। ਆਸਾ ਦੀ ਵਾਰ ਦੇ ਭੋਗ ਸਮੇਂ ਉਹ ਬੜੇ ਸਲੀਕੇ ਨਾਲ਼ ਗੁਰਦੁਆਰੇ ਦੇ ਅੰਦਰ ਆਉਂਦੇ, ਬੇਹੱਦ ਇਤਮਿਨਾਨ ਅਤੇ ਸਤਿਕਾਰ ਵਿੱਚ ਮੱਥਾ ਟੇਕਦੇ ਤੇ ਮਾਇਕ ‘ਤੇ ਜਾ ਖੜ੍ਹਦੇ। ਬੜੀ ਹੀ ਭਾਵਪੂਰਤ ਤੇ ਪੁਰਜੋਰ ਤਕਰੀਰ ਕਰਦੇ; ਕੌਮੀਂ ਮਸਲੇ ਉਭਾਰਦੇ ਤੇ ਬਾਣੀ ਦੇ ਹਵਾਲੇ ਦਿੰਦੇ। ਇਤਿਹਾਸਕ ਵਾਕਿਆਤ ਦੀ ਯਥਾਸ਼ਕਤ ਵਿਆਖਿਆ ਕਰਦੇ ਤੇ ਵਰਤਮਾਨ ਨਾਲ਼ ਜੋੜਦੇ। ਸੰਗਤ ਦੀਆਂ ਅੱਖਾਂ ਵਿੱਚ ਚਮਕ ਆਉਂਦੀ ਤੇ ਵਿਸ਼ੇਸ਼ ਕਿਸਮ ਦਾ ਉਤਸ਼ਾਹ ਝਲਕਾਂ ਮਾਰਦਾ। ਉਹ ਆਪਣੇ ਪੂਰੇ ਜਲੌ ਵਿੱਚ ਹੁੰਦੇ ਤੇ ਕਿਸੇ ਦਾ ਲਿਹਾਜ ਨਾ ਕਰਦੇ।
ਅਖੀਰ, ਜਿਸ ਵੱਲੋਂ ਅਖੰਡ ਪਾਠ ਰਖਾਇਆ ਹੁੰਦਾ, ਪੋਲੇ ਜਹੇ ਉਸਦਾ ਨਾਂ ਲੈ ਕੇ ਆਖਦੇ ਕਿ ‘ਅੱਜ ਗੁਰੂ ਘਰ ਵਲ੍ਹੋਂ ਉਨ੍ਹਾਂ ਨੂੰ ਸਿਰੋਪਾ ਬਖ਼ਸ਼ਿਸ਼ ਹੋਣੈ’। ਸਿਰੋਪਾ ਦੇ ਕੇ ਜੈਕਾਰਾ ਛੱਡਦੇ ਤੇ ਪ੍ਰਸ਼ਾਦ ਵਰਤਦਾ। ਤੇਗ ਸਾਹਿਬ ਦਫਤਰ ਵਿੱਚ ਬੈਠਦੇ ਤੇ ਉੱਥੇ ਤਿੰਨ ਅਖਬਾਰਾਂ ਪਈਆਂ ਹੁੰਦੀਆਂ; ਸੁਰਖ਼ੀਆਂ ‘ਤੇ ਚਰਚਾ ਛਿੜਦੀ; ਤੇਗ ਸਾਹਿਬ ਪੰਥਕ ਦ੍ਰਿਸ਼ਟੀਕੋਣ ਸਪਸ਼ਟ ਕਰਦੇ; ਖੰਘੂਰੇ ਮਾਰਦੇ ਤੇ ਗੜ੍ਹਕਦੇ। ਸ਼ਾਇਦ ਸ਼ਿਰੋਮਣੀ ਕਮੇਟੀ ਦਾ ਇਹੀ ਇਕ ਗੁਰਦੁਆਰਾ ਸੀ, ਜਿਥੇ ਦਾ ਮੈਨੇਜਰ, ਮੈਨੇਜਰ ਨਹੀਂ, ਬਲਕਿ ਪੰਥਕ ਸਰੋਕਾਰਾਂ ਨੂੰ ਤਨੋ ਮਨੋ ਪ੍ਰਣਾਇਆ ਹੋਇਆ ਜਥੇਦਾਰ ਸੀ।
ਉਹ ਸਫਲ ਪ੍ਰਬੰਧਕ, ਸੇਵਾ ਅਤੇ ਸਿਮਰਨ ਵਾਲਾ ਇਨਸਾਨ ਸੀ। ਮੈਂ ਆਪਣੀਆਂ ਇਨ੍ਹਾਂ ਅੱਖਾਂ ਨਾਲ ਉਹਨੂੰ ਹੱਥਾਂ ਨਾਲ਼ ਗੁਰਦੁਆਰੇ ਦੀਆਂ ਟੌਇਲਿਟਸ ਸਾਫ ਕਰਦਿਆਂ ਦੇਖਿਆ। ਗਰਮੀਆਂ ਦੇ ਦਿਨ ਸਨ; ਪਸੀਨੋ ਪਸੀਨਾ ਹੋਏ ਹੋਏ ਉਹ ਭਗਤ ਪੂਰਨ ਸਿੰਘ ਲੱਗ ਰਹੇ ਸਨ। ਗੁਰਦੁਆਰੇ ਦਾ ਕਿਹੜਾ ਕੰਮ ਸੀ, ਜੋ ਉਹ ਆਪਣੇ ਹੱਥੀਂ ਨਹੀਂ ਸੀ ਕਰ ਸਕਦੇ।
ਉਹ ਮੈਨੂੰ ਕਦੀ ਕਦੀ ਪ੍ਰੋ. ਅਵਤਾਰ ਸਿੰਘ ਦੀ ਬਜਾਏ ਮੱਖਣ ਸਿੰਘ ਕਹਿੰਦੇ ਤੇ ਖੁਸ਼ ਹੁੰਦੇ। ਪਤਾ ਨਹੀਂ ਕਿਉਂ! ਇਹਦਾ ਰਾਜ ਨਾ ਕਦੇ ਮੈਂ ਪੁੱਛਿਆ ਤੇ ਨਾ ਉਨ੍ਹਾਂ ਦੱਸਿਆ। ਉਹ ਗਿਆਨੀ ਦਿੱਤ ਸਿੰਘ ਦੀ ਬੇਹੱਦ ਤਾਰੀਫ ਕਰਦੇ ਸਨ। ਸੁਆਮੀ ਦਇਆਨੰਦ ਦਾ ਨਾਂ ਲੈਣਾ ਤਾਂ ਕਿਤੇ ਰਿਹਾ, ਸੁਣਨਾ ਵੀ ਪਸੰਦ ਨਹੀਂ ਸੀ ਕਰਦੇ; ਕਹਿਣਾ ‘ਉਸ ਬੰਦੇ ਨੇ ਸਿੱਖੀ ਨੂੰ ਬਹੁਤ ਢਾਹ ਲਾਈ’।
ਕਿਸੇ ਨੂੰ ਹੈਰਾਨੀ ਹੋ ਸਕਦੀ ਹੈ ਕਿ ਉਹ ਸ਼ਤਰੰਜ ਦੇ ਬੜੇ ਮਾਹਿਰ ਖਿਲਾੜੀ ਅਤੇ ਸ਼ੌਕੀਨ ਸਨ। ਉਹ ਲੱਕੜ ਦੀ ਸ਼ਤਰੰਜ ਲੈਕੇ ਅਕਸਰ ਮੇਰੇ ਕਮਰੇ ਵਿੱਚ ਆਉਂਦੇ ਤੇ ਸ਼ਤਰੰਜ ਦੀਆਂ ਬਾਜ਼ੀਆਂ ਲਾ ਲਾ ਖੁਸ਼ ਹੁੰਦੇ। ਪਿਆਦੇ, ਫੀਲ੍ਹੇ, ਕਿਸ਼ਤੀ, ਘੋੜੇ ਤੇ ਰਾਜੇ ਵਜ਼ੀਰ ਦਾ ਮੈਨੂੰ ਉਨ੍ਹਾਂ ਤੋਂ ਹੀ ਪਤਾ ਲੱਗਾ। ਕਦੀ ਕਦੀ ਅਸੀਂ ਸਰੋਵਰ ਦੀ ਪਰਿਕਰਮਾ ਵਿੱਚ ਸ਼ਤਰੰਜ ਖੇਡਦੇ ਹੋਣਾ ਤਾਂ ਕਿਸੇ ਸੜੀਅਲ ਸਿੱਖ ਨੇ ਇਵੇਂ ਦੇਖਣਾ, ਜਿਵੇਂ ਅਸੀਂ ਜੂਆ ਖੇਡਦੇ ਹੋਈਏ। ਤੇਗ ਸਾਹਿਬ ਤਾੜ ਜਾਂਦੇ ਤੇ ਆਖਦੇ, ‘ਇਨ੍ਹਾਂ ਨੂੰ ਪਰਿਕਰਮਾ ‘ਚ ਸ਼ਤਰੰਜ ਚੁਭਦੀ ਹੈ, ਹੱਟੀ ਅੰਦਰ ਬੇਈਮਾਨੀ ਨਹੀਂ ਚੁਭਦੀ’।
ਫਿਰ ਪੰਜਾਬ ਦੇ ਹਾਲਾਤ ਖ਼ਰਾਬ ਹੋ ਗਏ। ਪਿੰਡਾਂ ਦੇ ਮੁੰਡੇ ਘਰੋਂ ਬਾਹਰ ਨਿਕਲਣੋ ਡਰਨ ਲੱਗੇ। ਕਾਲਜ ਪੜ੍ਹਦੇ ਮੇਰੇ ਦੋਸਤ ਪਰਗਣ ਤੇ ਰਾਜਾ ਵੀ ਮੇਰੇ ਨਾਲ ਰਹਿਣ ਲੱਗ ਪਏ। ਸ਼ਤਰੰਜ ਦੇ ਚਾਰ ਖਿਲਾੜੀ ਹੋ ਗਏ। ਕਦੀ ਕਦੀ ਪ੍ਰੋ ਹਰਪਾਲ ਸਿੰਘ ਵੀ ਆਪਣੇ ਦੋਸਤ ਜਸਮੇਰ ਸਿੰਘ ਨਾਲ ਸਾਡੇ ਕੋਲ ਆ ਜਾਂਦੇ। ਸਾਰੀ ਸਾਰੀ ਰਾਤ ਸਿੱਖ ਸਿਆਸਤ, ਪੰਜਾਬ ਅਤੇ ਦੇਸ਼ ਦੇ ਹਾਲਾਤ ‘ਤੇ ਬੌਧਕ ਤਬਸਰਾ ਹੋਣਾ ਤੇ ਵਿੱਚ ਵਿੱਚ ਸਾਹਿਤਕ ਤੜਕੇ ਲੱਗਣੇ।
ਚਰਨ ਕੌਲਾਂ ਦੇ ਇਸ ਮਹੌਲ ਦੀ ਕਾਲਜ ਵਿੱਚ ਚਰਚਾ ਹੋਣ ਲੱਗੀ, ਜਿਹਨੂੰ ਸੁਣ ਕੇ ਅੰਗਰੇਜ਼ੀ ਸਾਹਿਤ ਦੇ ਰਸੀਏ ਪ੍ਰੋ ਹਰਮੇਸ਼ ਕੁਮਾਰ ਸ਼ਰਮਾ ਵੀ ਆਉਣ ਲੱਗ ਪਏ। ਇੱਕ ਦਿਨ ਤਾਂ ਹੱਦ ਹੀ ਹੋ ਗਈ; ਕਾਲਜ ਦੇ ਪ੍ਰਿੰਸੀਪਲ ਰਾਜਵਿੰਦਰ ਸਿੰਘ ਬੈਂਸ ਵੀ ਖ਼ੁਦ ਨੂੰ ਰੋਕ ਨਾ ਸਕੇ ਤੇ ਗੱਲਬਾਤ ਵਿੱਚ ਆ ਬੈਠੇ।
ਕਦੀ ਕਦੀ ਗੁਣਾਂਚੌਰ ਦੇ ਦਿਲਬਾਗ ਸਿੰਘ ਗਾਲਿਬ ਨੂੰ ਵੀ ਅਸੀਂ ਉੱਥੇ ਰੱਖ ਲੈਣਾ ਤੇ ਰਾਤ ਭਰ ਗਾਲਿਬ ਸਾਹਿਬ ਦਾ ਪਾਠ ਚੱਲਣਾ। ਤੇਗ ਸਾਹਿਬ ਸ਼ਾਇਰਾਨਾ ਕਾਲਜੀ ਮਹੌਲ ਵਿਚ ਵੀ ਖੂਬ ਰਚ ਮਿਚ ਜਾਂਦੇ। ਬਲਕਿ ਕਈ ਸ਼ਾਇਰਾਨਾ ਘੁੰਡੀਆਂ ਗੁਰਬਾਣੀ ਅਤੇ ਦੇਸੀ ਮੁਹਾਵਰੇ ਦੇ ਹਵਾਲੇ ਨਾਲ ਖੋਲ੍ਹ ਦਿੰਦੇ। ਅਸੀਂ ਦੰਗ ਰਹਿ ਜਾਂਦੇ।
ਉਨ੍ਹਾਂ ਨੇ ਸਾਨੂੰ ਸ਼ਤਰੰਜ ਦਿਖਾਈ ਵੀ ਤੇ ਸਿਖਾਈ ਵੀ; ਉਹ ਸਾਨੂੰ ਅਕਸਰ ਹਰਾ ਦਿੰਦੇ। ਫਿਰ ਕਦੀ ਕਦੀ ਪਰਗਣ ਉਨ੍ਹਾਂ ਨੂੰ ਹਰਾਉਣ ਲੱਗ ਪਿਆ। ਸਿਰਫ ਇੱਕ ਬਾਰ, ਪਤਾ ਨਹੀਂ, ਮੈਂ ਕਿਵੇਂ ਜਿੱਤ ਗਿਆ; ਉਹ ਕਹਿਣ ਲੱਗੇ ‘ਹੁਣ ਤੈਨੂੰ ਸ਼ਤਰੰਜ ਆ ਗਈ’। ਮੈਂ ਸਮਝਦਾ ਸੀ ਕਿ ਉਨ੍ਹਾਂ ਨੇ ਮੈਨੂੰ ਆਪ ਹੀ ਅਵੇਸਲੇ ਜਹੇ ਹੋ ਕੇ ਜਿਤਾ ਦਿੱਤਾ ਸੀ। ਉਹ ਸਾਡੀ ਆਖਰੀ ਬਾਜ਼ੀ ਸੀ। ਫਿਰ ਉਨ੍ਹਾਂ ਸ਼ਤਰੰਜ ਦਾ ਕਦੀ ਨਾਂ ਤੱਕ ਨਾ ਲਿਆ।
ਪ੍ਰੋ ਹਰਪਾਲ ਸਿੰਘ ਨਾਲ ਤਾਂ ਉਹ ਅਖੀਰ ਤੱਕ ਤੇਹ ਨਾਲ਼ ਜੁੜੇ ਰਹੇ; ਉਨ੍ਹਾਂ ਨਾਲ਼ ਕਈ ਸਲਾਹਾਂ ਕਰਦੇ ਤੇ ਯੋਜਨਾਵਾਂ ਉਲੀਕਦੇ। ਉਹ ਪੜ੍ਹਿਆਂ ਲਿਖਿਆਂ ਦੀ ਸੰਗਤ ਵਧੇਰੇ ਪਸੰਦ ਕਰਦੇ ਸਨ। ਇੱਕ ਵਾਰੀ ਉਹ ਮੈਨੂੰ ਵਿਸ਼ੇਸ਼ ਤੌਰ ‘ਤੇ ਘਰੇ ਮਿਲਣ ਆਏ ਤੇ ਬੜੀਆਂ ਗੱਲਾਂ ਕੀਤੀਆਂ। ਉਹ ਬੜੇ ਹੀ ਖੁਸ਼ਦਿਲ ਖੁਸ਼ਮਿਜ਼ਾਜ ਅਤੇ ਹਾਜ਼ਰ ਜਵਾਬ ਸਨ।
ਪ੍ਰੋ ਨਿਸ਼ਾਨ ਸਿੰਘ ਤੇ ਪ੍ਰੋ ਗਜਿੰਦਰ ਸਿੰਘ ਕਲਾਸਾਂ ਛੱਡ ਛੱਡ ਉਨ੍ਹਾਂ ਦੀ ਸੰਗਤ ਮਾਣਦੇ ਤੇ ਗੁਰਮਤਿ ਗਿਆਨ ਸਿੱਖਦੇ। ਤੇਗ ਸਾਹਿਬ ਵੀ ਖੁਸ਼ ਹੁੰਦੇ ਕਿ ਉਹ ਪ੍ਰੋਫੈਸਰਾਂ ਨੂੰ ਕੁਝ ਸਿਖਾਉਂਦੇ ਹਨ; ਉਹ ਵੀ ਸਾਇੰਸ ਦਿਆਂ ਨੂੰ। ਉਹ ਸਾਇੰਸ ਦੀਆਂ ਕਈ ਗੱਲਾਂ ਇਨ੍ਹਾਂ ਨੂੰ ਪੁੱਛਦੇ ਤੇ ਅਗਲੇ ਦਿਨ ਕਥਾ ਵਿੱਚ ਵਖਿਆਨ ਕਰਦੇ। ਪ੍ਰੋਫੈਸਰ ਆਪਣੀਆਂ ਗੱਲਾਂ ਦਾ ਵਿਸਤਾਰ ਸੁਣ ਕੇ ਖੁਸ਼ ਹੁੰਦੇ ਤੇ ਉਨ੍ਹਾਂ ਨੂੰ ਲੱਗਦਾ ਕਿ ਉਹ ਵੀ ਕੋਈ ਸ਼ੈ ਹਨ। ਅਗਲੇ ਦਿਨ ਉਹੀ ਗੱਲਾਂ ਉਹ ਕਲਾਸਾਂ ‘ਚ ਦੱਸਦੇ ਤੇ ਵਿਦਿਆਰਥੀ ਦੇਖਦੇ ਕਿ ਸਾਡੇ ਅਧਿਆਪਕ ਕਿੰਨੇ ਮਹਾਨ ਹਨ। ਕਾਲਜ ਅਤੇ ਗੁਰਦੁਆਰੇ ਦਰਮਿਆਨ ਗਿਆਨ ਦਾ ਸੰਵਾਦ ਜਾਰੀ ਰਹਿੰਦਾ।
ਦੀਵਾਨਾ ਦੀ ਹਾਜ਼ਰੀ ਭਰਨ ਲਈ ਉਹ ਦੂਰ ਦੂਰ ਤੱਕ ਜਾਂਦੇ ਤੇ ਕਦੇ ਕਦੇ ਮੈਨੂੰ ਨਾਲ਼ ਲੈ ਜਾਂਦੇ। ਉਹ ਬਾਰ ਬਾਰ ਤਿੰਨ ਫੁੱਟੀ ਕਿਰਪਾਨ ਸੰਭਾਲਦੇ ਤੇ ਹਰ ਬਾਰ ਮੇਰੇ ਗੋਡੇ ‘ਤੇ ਵੱਜਦੀ। ਉਨ੍ਹਾਂ ਆਖਣਾ ‘ਦੇਖੀਂ’। ਮੈ ਕਹਿਣਾ ‘ਕੋਈ ਨੀ ਜੀ’। ਕਦੇ ਕਦੇ ਉਨ੍ਹਾਂ ਦਾ ਮੋਟਰ ਸਾਈਕਲ ਬੰਦ ਹੋ ਜਾਣਾ ਤਾਂ ਉਨ੍ਹਾਂ ਨੇ ਹਿਲਾ ਹਲੂ ਕੇ ਚਲਾ ਲੈਣਾ ਤੇ ਕਹਿਣਾ ‘ਘੋੜਾ ਬੜਾ ਅੜੀਅਲ ਜਾਨਵਰ ਹੈ’। ਉਨ੍ਹਾਂ ਲਈ ਮੋਟਰ ਸਾਈਕਲ ਵੀ ਜਾਨਵਰ ਹੀ ਸੀ।
ਦੀਵਾਨ ਵਿੱਚ ਪਹੁੰਚ ਕੇ ਉਨ੍ਹਾਂ ਨੇ ਸੰਗਤ ਵਿੱਚ ਬੈਠ ਜਾਣਾ। ਅਨੰਦ ਸਾਹਿਬ ਦੇ ਪਾਠ ਉਪਰੰਤ ਪਤਾ ਹੀ ਨਾ ਲੱਗਣਾ ਕਿਹੜੇ ਵੇਲੇ ‘ਤੁਮ ਠਾਕੁਰ ਤੁਮ ਪੈ ਅਰਦਾਸਅ’ ਕਰਦੇ ਕਰਦੇ ਤੇਗ ਸਾਹਿਬ ਨੇ ਆਪੇ ਹੀ ਅਰਦਾਸ ਲਈ ਆ ਖਲੋਣਾ ਤੇ ਜੈਕਾਰਾ ਗਜਾ ਕੇ ਮਾਹਰਾਜ ਦੀ ਤਾਬਿਆ ਬੈਠ ਜਾਣਾ। ਵਾਕ ਲੈਣਾ ਤੇ ਉਹਦੀ ਕਥਾ ਕਰਨੀ, ਜਿਸ ਵਿੱਚ ਸਾਡੀ ਸਿਆਸਤ, ਸਮਾਜਿਕਤਾ ਅਤੇ ਧਾਰਮਿਕਤਾ ਨੂੰ ਸੇਧਾਂ ਦੇਣੀਆਂ, ਨਵੀਂ ਪੀੜ੍ਹੀ ਨੂੰ ਤਾੜਨਾ ਕਰਨੀ, ਵਹਿਮਾਂ ਭਰਮਾਂ ਦਾ ਖੰਡਨ ਕਰਨਾ, ਪ੍ਰਵਾਣਤ ਰਹਿਤ ਮਰਿਯਾਦਾ ਦੀ ਲੋੜ ‘ਤੇ ਜ਼ੋਰ ਦੇਣਾ ਤੇ ਬਾਣੀ ਦੇ ਹਵਾਲਿਆਂ ਦੀ ਵਰਖਾ ਕਰ ਦੇਣੀ। ਧੰਨ ਧੰਨ ਹੋ ਜਾਣੀ।
ਛਿੜੇ ਦੀਵਾਨ ਵਿੱਚ ਤੇਗ ਸਾਹਿਬ ਦੀਆਂ ਗੱਲਾਂ ਦੀ ਚਰਚਾ ਹੋਣੀ; ਹੋਰ ਕਿਸੇ ਨੇ ਕੀ ਕਿਹਾ ਸਭ ਭੁੱਲ ਭੁੱਲਾ ਜਾਣਾ। ਮੇਲਾ ਲੁੱਟਣਾ ਤਾਂ ਸੁਣਿਆ ਸੀ, ਤੇਗ ਸਾਹਿਬ ਦੀਵਾਨ ਲੁੱਟ ਲੈਂਦੇ। ਕਥਾ ਕਰਦਿਆਂ ਕਈ ਸ਼ਰਧਾਲੂ ਉਨ੍ਹਾਂ ਅੱਗੇ ਮਾਇਆ ਅਰਪਣ ਕਰਦੇ ਤਾਂ ਉਹ ਇਹਨੂੰ ਮਨਮੱਤ ਸਮਝ ਕੇ ਮਹਾਰਾਜ ਦੇ ਅੱਗੇ ਅਰਪਣ ਕਰ ਦਿੰਦੇ। ਤੇਗ ਸਾਹਿਬ ਮਹੀਨ ਗੱਲਾਂ ਦੇ ਵੱਡੇ ਸਿਦਕਵਾਨ ਵਿਦਵਾਨ ਸਨ।
ਉਨ੍ਹਾਂ ਦੇ ਵਖਿਆਨ ਅਕਸਰ ਮਨ ਦੇ ਵਿਸ਼ੇ ਵਿੱਚ ਉਤਰ ਜਾਂਦੇ। ਉਹ ਮਾਨਵੀ ਮਾਨਸਿਕ ਕਮਜੋਰੀਆਂ ਦੀ ਬੜੀ ਮਹੀਨ ਵਿਆਖਿਆ ਕਰਦੇ। ਕਦੇ ਕਦੇ ਝੌਲ਼ਾ ਜਿਹਾ ਪੈਂਦਾ, ਜਿਵੇਂ ਉਹ ਮੈਨੇਜਰ ਨਾਲ਼ੋਂ ਮਨੋਵਿਗਿਆਨ ਦਾ ਪ੍ਰੋਫੈਸਰ ਹੋਵੇ। ਉਨ੍ਹਾਂ ਨੇ ਇਸੇ ਵਿਸ਼ੇ ਨਾਲ ਸਬੰਧਤ ‘ਮਨ ਰਾਜਾ ਸੁਲਤਾਨ’ ਕਿਤਾਬ ਵੀ ਲਿਖੀ, ਜਿਹਦਾ ਜ਼ਿਕਰ ਕਰਨਾ ਉਹ ਕਦੇ ਨਾ ਭੁੱਲਦੇ।
ਉਹ ਗਿਆਨੀ ਪਾਸ ਸਨ ਤੇ ਉਹ ਹਮੇਸ਼ਾ ਇਤਰਾਜ਼ ਕਰਦੇ ਕਿ ਲੋਕੀਂ ਹਰ ਸਿੱਖ ਨੂੰ ਗਿਆਨੀ ਕਹਿ ਦਿੰਦੇ ਹਨ। ਉਹ ਅੰਗਰੇਜ਼ੀ ਨਹੀਂ ਸੀ ਜਾਣਦੇ। ਇਸ ਗੱਲ ਦਾ ਪਤਾ ਉਦੋਂ ਲੱਗਦਾ ਜਦ ਉਹ ਕਿਸੇ ਗੱਲ ਦੇ ਜਵਾਬ ਵਿੱਚ ‘ਨੋ’ ਦੀ ਬਜਾਏ ਦੋ ਵਾਰ ‘ਨੌਟ ਨੌਟ’ ਆਖਦੇ। ਮੈਂ ਇੱਕ ਬਾਰ ਉਨ੍ਹਾਂ ਨੂੰ ਦੱਸਿਆ ਵੀ ਕਿ ‘ਤੇਗ ਸਾਹਿਬ “ਨੌਟ” ਨਹੀਂ “ਨੋ” ਕਿਹਾ ਕਰੋ’। ਕਹਿਣ ਲੱਗੇ ‘ਨਹੀਂ, ਸਿੰਘਾਂ ਦਾ ਨੌਟ ਹੀ ਹੁੰਦਾ’।
ਉਹ ਭਾਈ ਕਾਹਨ ਸਿੰਘ ਨਾਭਾ, ਗਿਆਨੀ ਦਿੱਤ ਸਿੰਘ ਅਤੇ ਸੰਪੂਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਟੀਕਾਕਾਰ ਪ੍ਰੋ ਸਾਹਿਬ ਸਿੰਘ ਦੇ ਦਿਲੋਂ ਕਾਇਲ ਸਨ। ਉਹ ਖ਼ੁਦ ਨੂੰ ਪ੍ਰੋ ਸਾਹਿਬ ਸਿੰਘ ਦਾ ਪੇਟ-ਘਰੋੜੀ ਦਾ ਵਿਦਿਆਰਥੀ ਦੱਸ ਕੇ ਖੁਸ਼ ਹੁੰਦੇ ਤੇ ਉਨ੍ਹਾਂ ਦੀਆਂ ਆਈਆਂ ਕੁਝ ਚਿੱਠੀਆਂ ਨੂੰ ਕੀਮਤੀ ਖ਼ਜ਼ਾਨੇ ਦੀ ਤਰਾਂ ਸਾਂਭ ਸਾਂਭ ਰੱਖਦੇ। ‘ਮਹਾਨ ਕੋਸ਼’ ਹਮੇਸ਼ਾਂ ਉਨ੍ਹਾਂ ਦੇ ਸਿਰਹਾਣੇ ਪਿਆ ਰਹਿੰਦਾ। ਕੋਈ ਵੀ ਗੱਲ ਛਿੜਦੀ ਤਾਂ ਉਹ ਝੱਟ ‘ਮਹਾਨ ਕੋਸ਼’ ਖੋਲ੍ਹ ਲੈਂਦੇ। ਉਨ੍ਹਾਂ ਨੇ ਕਈਆਂ ਦੇ ਚਿਰੋਕਣੇ ਰੋਗ ਮਹਾਨ ਕੋਸ਼ ‘ਚ ਲਿਖੇ ਨੁਸਖਿਆਂ ਨਾਲ਼ ਠੀਕ ਕਰ ਦਿੱਤੇ ਸਨ। ਕਈ ਲੋਕ ਉਨ੍ਹਾਂ ਨੂੰ ਬਹੁਤ ਵੱਡਾ ਹਕੀਮ ਮੰਨਦੇ ਸਨ। ਤ੍ਰਿਫਲ਼ੇ ਦੇ ਗੁਣ ਹਮੇਸ਼ਾਂ ਉਨ੍ਹਾਂ ਦੀ ਜ਼ੁਬਾਨ ‘ਤੇ ਰਹਿੰਦੇ; ਆਪ ਵੀ ਛਕਦੇ ਤੇ ਦੂਜਿਆਂ ਨੂੰ ਵੀ ਛਕਾਉਂਦੇ।
ਉਨ੍ਹਾਂ ਨੇ ਭਾਈ ਸਾਹਿਬ ਧਰਮਾਨੰਤ ਸਿੰਘ ਜੀ ਦੀ ਸੰਗਤ ਵੀ ਮਾਣੀ ਹੋਈ ਸੀ। ਉਨ੍ਹਾਂ ਦੇ ਮਨ ਵਿੱਚ ਭਾਈ ਸਾਹਿਬ ਲਈ ਵੀ ਬੜਾ ਸਤਿਕਾਰ ਸੀ। ਇਸ ਮੁਹੱਬਤੀ ਅਤੇ ਸਤਿਕਾਰਤ ਦੀਖਿਆ ਰਾਹੀਂ ਉਨ੍ਹਾਂ ਨੇ ਗੁਰਬਾਣੀ ਨੂੰ ਸਮਝਣ ਲਈ ਵਿਆਕਰਣਿਕ ਅਤੇ ਭਾਵਨਾਤਮਕ ਸੂਝ ਬੂਝ ਹਾਸਲ ਕਰ ਲਈ ਹੋਈ ਸੀ, ਜਿਸਦਾ ਇਸਤੇਮਾਲ ਉਹ ਬੜੇ ਫ਼ਖ਼ਰ ਨਾਲ਼ ਕਰਦੇ।
ਉਹ ਲੰਮਾਂ ਸਮਾਂ ਇੰਗਲੈਂਡ ਵਿੱਚ ਰਹੇ, ਪਰ ਉਨ੍ਹਾਂ ਨੂੰ ਉਥੋਂ ਦੀ ਸਿੰਘ ਆਬੋਹਵਾ ਰਾਸ ਨਾ ਆਈ। ਉਥੋਂ ਦੇ ਰਹਿਣ ਸਹਿਣ ‘ਤੇ ਉਹ ਗੁਰ ਮਰਿਯਾਦਾ ਦੇ ਟੀਕੇ ਲਾਉਂਦੇ ਰਹਿੰਦੇ, ਜਿਹਨੂੰ ਕੋਈ ਬਰਦਾਸ਼ਤ ਨਾ ਕਰਦਾ; ਜਿਵੇਂ ਟੀਕੇ ਰੀਐਕਸ਼ਨ ਕਰਦੇ ਹੋਣ। ਉਹ ਦੁਖੀ ਮਨ ਨਾਲ਼ ਵਾਪਸ ਪਰਤ ਆਏ ਤੇ ਪਿੰਡ ਖੇਤੀ ਕਰਨ ਲੱਗ ਪਏ। ਖੇਤੀ ਨੂੰ ਉਨ੍ਹਾਂ ਨੇ ਵਪਾਰ ਨਾ ਬਣਾਇਆ, ਬਲਕਿ ਸੇਵਾ ਭਾਵ ਹੀ ਜਾਰੀ ਰੱਖਿਆ। ਉਹ ਲੋੜਵੰਦਾਂ ਦੀਆਂ ਗਰਜਾਂ ਪੂਰੀਆਂ ਕਰਦੇ ਤੇ ਕਈ ਗਰੀਬ ਵਿਦਿਆਰਥੀਆਂ ਦੀਆਂ ਫ਼ੀਸਾਂ ਭਰਦੇ। ਕਿਸੇ ਕਿਸੇ ਨੂੰ ਉਹ ਕਿਤਾਬਾਂ ਤੱਕ ਲੈ ਦਿੰਦੇ। ਉਹ ਹੁਣ ਸੇਵਾ ਦੇ ਪੁੰਜ ਗਿਣੇ ਜਾਂਦੇ। ਕਈ ਵਾਰੀ ਫ਼ੋਨ ਕਰਕੇ ਪੁੱਛਦੇ, ‘ਅਵਤਾਰ ਸਿਹਾਂ, ਤੁਹਾਡੇ ਕਾਲਜ ਬੀ.ਏ. ਦੀ ਫ਼ੀਸ ਕਿੰਨੀ ਹੈ? ਮੈਂ ਕਿਹਾ ਸਹੁਰੇ ਵਾਧੂ ਨਾ ਲਈ ਜਾਣ’। ਉਨ੍ਹਾਂ ਦੀ ਬੋਲਬਾਣੀ ਇੰਨੀ ਸੁਭਾਉਕੀ ਤੇ ਨਿਰਮਲ ਸੀ ਕਿ ਉਹ ਕਦੇ ਵੀ ‘ਸਹੁਰੇ’ ਤੋਂ ਅਗਲੀ ਕੋਈ ਗਾਲ਼ ਨਾ ਕੱਢਦੇ।
ਉਹ ਮੇਰੇ ਨਾਲ ਫੇਸਬੁੱਕ ‘ਤੇ ਜੁੜੇ ਹੋਏ ਸਨ ਤੇ ਅਕਸਰ ਮੇਰੀ ਪੋਸਟ ਦੀ ਤਾਰੀਫ ਕਰਦੇ। ਮੈਂ ਉਨ੍ਹਾਂ ਦੇ ਵਿਚਾਰ ਵਿੱਚ ਮੀਨ ਮੇਖ ਕੱਢਦਾ ਤਾਂ ਉਹ ਬੁਰਾ ਨਾ ਮਨਾਉਂਦੇ। ਉਹ ਬੜੇ ਜ਼ਿੰਦਾ-ਦਿਲ ਇਨਸਾਨ ਅਤੇ ਵਿਦਵਾਨ ਸਨ। ਬੇਸ਼ੱਕ ਉਨ੍ਹਾਂ ਨੂੰ ਕਦੀ ਸਿਆਸਤ ਰਾਸ ਨਾ ਆਈ, ਪਰ ਉਹ ਵੀ ਕਦੇ ਸਿਆਸਤ ਤੋਂ ਬਾਜ ਨਾ ਆਏ। ਸਿਆਸਤ ਉਨ੍ਹਾਂ ਪਿੱਛੇ ਤੇ ਉਹ ਸਿਆਸਤ ਪਿੱਛੇ ਪਏ ਰਹੇ; ਦੋਵ੍ਹੇਂ ਇੱਕ ਦੂਜੇ ਨੂੰ ਦਰੁਸਤ ਕਰਨ ਲੱਗੇ ਰਹੇ।
ਅੰਮ੍ਰਿਤਸਰ ਦੇ ਬੁਰਕੇ ਵਾਲ਼ੇ ਮਾਨ ਅਕਾਲੀਦਲ ਦੀ ਟਿਕਟ ਮਿਲੀ ਤਾਂ ਉਹ ਬੁਰੀ ਤਰਾਂ ਹਾਰ ਗਏ। ਨਿਰਾਸ਼ ਨਹੀਂ ਹੋਏ ਤੇ ਕਹਿੰਦੇ ‘ਅੰਮ੍ਰਿਤਸਰ ਤਾਂ ਐਵੇਂ ਬੁਰਕਾ ਹੀ ਆ, ਵਿੱਚੋਂ ਕਹਾਣੀ ਹੋਰ ਆ’। ਸਿੱਖ ਸਿਆਸਤ ਦੀ ਕਹਾਣੀ ਉਨ੍ਹਾਂ ਨੂੰ ਸਮਝ ਆ ਚੁੱਕੀ ਸੀ। ਉਹ ਅਕਸਰ ਆਖਦੇ ‘ਸਭ ਘਾਲ਼ੇ ਮਾਲ਼ੇ ਆ’। ਸ਼ਾਇਦ ਇਸੇ ਲਈ ਹੁਣ ਸਿਆਸਤਦਾਨਾਂ ਤੋਂ ਉਨ੍ਹਾਂ ਦਾ ਮੋਹ ਭੰਗ ਹੋ ਚੁੱਕਿਆ ਸੀ। ਹੁਣ ਉਹ ਸਮਾਜਿਕਤਾ ‘ਤੇ ਵਧੇਰੇ ਪਹਿਰਾ ਦਿੰਦੇ ਤੇ ਇਸੇ ਦਾ ਫਿਕਰ ਕਰਦੇ। ਕਈ ਵਾਰੀ ਫ਼ੋਨ ‘ਤੇ ਆਖਦੇ, ‘ਜੇ ਸਾਡਾ ਸਮਾਜ ਠੀਕ ਹੋ ਜਾਵੇ ਤਾਂ ਸਭ ਠੀਕ ਹੋ ਜਾਵੇ’।
ਉਨ੍ਹਾਂ ਨੇ ਦੂਸਰੀ ਖੂਬਸੂਰਤ ਕਿਤਾਬ ‘ਜਿਸ ਕਉ ਨਦਰਿ ਕਰੇ’ ਲਿਖੀ। ਹੁਣ ਉਹ ਸਾਡੀ ਵਿਗੜੀ ਹੋਈ ਸਮਾਜਿਕਤਾ ‘ਤੇ ਹੋਰ ਕਿਤਾਬ ਲਿਖਣ ਬਾਬਤ ਸੋਚ ਰਹੇ ਸਨ, ਪਰ ਵਿਧਾਤਾ ਨੂੰ ਇਹ ਮਨਜ਼ੂਰ ਨਹੀਂ ਸੀ। ਸਿਆਸਤ ਨੇ ਸਾਡੀ ਸਮਾਜਿਕਤਾ ਨੂੰ ਹਾਲੇ ਹੋਰ ਮਧੋਲਣਾ ਹੈ। ਹਾਲੇ ਅਸੀਂ ਹੋਰ ਠੇਡੇ ਖਾਣੇ ਹਨ; ਅਸੀਂ ਹੋਰ ਉਧੜਨਾ ਤੇ ਉਧਲ਼ਨਾ ਹੈ।
ਪਤਾ ਲੱਗਾ ਕਿ ਉਹ ਰਾਹੋਂ ਤੋਂ ਆਪਣੇ ਪਿੰਡ ਭਾਲ਼ਟੇ ਨੂੰ ਆ ਰਹੇ ਸਨ ਕਿ ਮੋਟਰ ਸਾਈਕਲ ਦੀ ਦੁੱਗ ਦੁੱਗ ਦਗਾ ਦੇ ਗਈ। ਪਿੱਛੋਂ ਆਉਂਦੇ ਵੈਹੀਕਲ ਦੀ ਅਵਾਜ਼ ਨਾ ਸੁਣੀ ਤੇ ਹਾਦਸੇ ਦਾ ਸ਼ਿਕਾਰ ਹੋ ਗਏ। ਸਿਰ ਵਿੱਚ ਗਹਿਰੀ ਸੱਟ ਲੱਗੀ ਤੇ ਬੇਹੋਸ਼ ਹੋ ਗਏ। ਲੁਧਿਆਣੇ ਦਾ ਦਇਆਨੰਦ ਹਸਪਤਾਲ ਰਾਸ ਨਾ ਆਇਆ; ਉਹ ਉੱਥੇ ਕੌਮਾਂ ’ਚ ਗਏ ਤੇ ਕੌਮਾਂ ‘ਚ ਆ ਗਏ; ਦਇਆਨੰਦ ਦਾ ਨਾਂ ਸੁਣਨੋ ਬਚ ਗਏ। ਡਾਕਟਰਾਂ ਨੇ ਜਵਾਬ ਦੇ ਦਿੱਤਾ ਕਿ ‘ਸੇਵਾ ਕਰ ਲਉ’।
ਸੇਵਾ ਉਨ੍ਹਾਂ ਦੀ ਬੇਹੋਸ਼ੀ ਨਾ ਤੋੜ ਸਕੀ। ਲੰਮਾਂ ਸਮਾਂ ਉਹ ਕੌਮਾਂ ਵਿਚ ਰਹੇ। ਅਖੀਰ ਕੌਮਾਂ ਫੁੱਲਸਟੌਪ ਵਿੱਚ ਤਬਦੀਲ ਹੋ ਗਿਆ। ਖ਼ਬਰ ਮਿਲੀ ਕਿ ਉਹ ਨਹੀਂ ਰਹੇ। ਮਨ ਉਦਾਸ ਹੋ ਗਿਆ ਤੇ ਯਾਦਾਂ ਦੀ ਨਦੀ ਵਿੱਚ ਰੁੜ ਗਿਆ। ਮੇਰੇ ਅੰਦਰ ਤੇਗ ਸਾਹਿਬ ਦੀ ਸਿਮਰਤੀ ਜਾਗ ਪਈ ਤੇ ਕਾਗ਼ਜ਼ ਦੀ ਤਲਾਸ਼ ਕਰਨ ਲੱਗੀ।
ਉਦਾਸ ਮਨ ਨੇ ਆਖਿਆ ਕਿ ਹੁਣ ਹੋਰ ਗਿਆਨੀ ਤੇਗਾਂ ਜਨਮ ਲੈਣਗੀਆਂ, ਜਾਹੋ ਜਲਾਲ ਵਿੱਚ ਆਉਣਗੀਆਂ ਤੇ ਸਾਡੇ ਸਮਾਜ ਨੂੰ ਇਸ ਕਦਰ ਉਬਾਰ ਦੇਣਗੀਆਂ ਕਿ ਸਿਆਸਤ ਨੂੰ ਸਿਆਸਤ ਸਿਖਾ ਦੇਣਗੀਆਂ ਤੇ ਸਮਾਜ ਸਮਾਜ ਬਣ ਜਾਵੇਗਾ। ਹਰ ਤੇਗ ਵਿੱਚ ਗਿਆਨੀ ਹਰਬੰਸ ਸਿੰਘ ਤੇਗ ਦੀ ਤੇਗ ਗੂੰਜੇਗੀ; ਹਰ ਤਰਾਂ ਦੇ ਬੁਰਕੇ ਲੱਥ ਜਾਣਗੇ, ਘਾਲ਼ੇ ਮਾਲ਼ੇ ਖਤਮ ਹੋਣਗੇ ਤੇ ਸਭ ਮਿਲਕੇ ਆਖਣਗੇ — ਜੈ ਤੇਗੰ ਜੈ ਤੇਗੰ।।