Jamdar (Dogri Story in Punjabi) : Narsingh Dev Jamwal
ਜਮਦਰ (ਡੋਗਰੀ ਕਹਾਣੀ) : ਨਰਸਿੰਘ ਦੇਵ ਜਮਵਾਲ
ਆਪਣੇ ਪਿਉ ਦੇ ਮਰਨੇ ਤੇ ਉਹ ਬਿਲਕੁਲ ਨਹੀਂ ਸੀ ਰੋਇਆ ਤੇ ਰੋਂਦਾ ਵੀ ਕਿੰਝ, ਪੰਜਾਂ ਛੇਆਂ ਮਹੀਨਿਆਂ ਦੇ ਬਾਲ ਨੂੰ ਪਤਾ ਵੀ ਹੁੰਦੈ ਜੇ ਮੌਤ ਕਿਸ ਬਲਾ ਦਾ ਨਾਂ ਹੈ ? ਮੌਤ ਕੀ ਹੁੰਦੀ ਏ ? ਮਾਂ ਪਿਉ ਕੀ ਹੁੰਦੇ ਨੇ ? ਉਸ ਨੂੰ ਦੇਖ ਚੰਦਰਾ ਜਾਂ ਬਦਕਿਸਮਤ ਕਹਿੰਦੇ ਕੋਈ ਵੀ ਠੰਡਾ ਸਾਹ ਭਰਦਾ ਤਾਂ ਉਹ ਅੰਗੂਠਾ ਚੂਸਦੇ ਚੂਸਦੇ ਹੱਸ ਪੈਂਦਾ। ਅਜੇ ਮਸਾਂ ਘਸੀਟੀ ਮਾਰਨਾ ਹੀ ਸਿਖਿਆ ਕਿ ਉਹ ਇਕ ਨਵੀਂ ਦੁਨੀਆਂ, ਨਵੇਂ ਘਰ ਵਿਚ ਘੱਸ ਗਿਆ । ਇਹ ਨਵੀਂ ਦੁਨੀਆਂ ਸੀ ਉਸ ਦਾ ਨਨਿਹਾਲ । ਉਥੋਂ ਦੀ ਹਰ ਚੀਜ਼, ਹਰ ਨੁਹਾਰ ਉਸ ਲਈ ਓਪਰੀ ਸੀ, ਫਿਰ ਵੀ ਇਕ ਦੋ ਪਛਾਣੂ ਚੇਹਰੇ ਸਨ । ਇਕ ਉਸ ਦੀ ਮਾਂ ਜਿਸ ਦੀ ਗੋਦ ਵਿਚ ਬੈਠ ਉਹ ਦੁੱਧ ਪੀਂਦਾ ਜਾਂ ਦੁੱਧ ਪੀ ਕੇ ਖੇਡਦਾ ਸੀ । ਦੂਜਾ ਚੇਹਰਾ ਸੀ ਉਸ ਦਾ ਭਰਾ, ਜਿਹੜਾ ਕਦੇ ਕਦੇ ਉਸ ਨੂੰ ਮੰਜੀ ਉੱਤੇ ਲੇਟੇ ਹੋਏ ਨੂੰ ਹੀ ਖਿਡਾਉਂਦਾ ਤੇ ਕਦੇ ਮੋਢੇ ਵੀ ਚੁੱਕ ਲੈਂਦਾ ਸੀ । ਉਹ ਉਸ ਦੇ ਮੋਢੇ ਕੇਲੇ ਦੇ ਛੜ ਵਾਂਗ ਲਟਕਿਆ ਜਾਂਦਾ । ਬੇਸ਼ਕ ਉਸ ਨੂੰ ਭੁੰਜੇ ਡਿਗਣ ਜਾਂ ਚੋਟ ਲਗਣ ਦਾ ਕੁਝ ਵੀ ਪਤਾ ਨਹੀਂ ਸੀ ਫੇਰ ਵੀ ਉਹ ਚਿੱਚੜ ਵਾਂਗ ਉਸ ਨੂੰ ਚੁਮੱਟ ਜਾਂਦਾ । ਤੇ ਫੇਰ ਇਕ ਦਿਨ ਇਹ ਦੋਨੋਂ ਚੇਹਰੇ ਉਸ ਦੀਆਂ ਅੱਖੀਆਂ ਤੋਂ ਉਹਲੇ ਹੋ ਗਏ ਤੇ ਇਕੋ ਹੀ ਜਾਣਿਆ ਪਛਾਣਿਆ ਚੇਹਰਾ, ਜਿਸ ਕੋਲੋਂ ਉਹ ਗਊ ਦਾ ਦੁੱਧ ਪੀਂਦੇ ਵੀ ਨਹੀਂ ਸੀ ਰੋਇਆ। ਬੇਸ਼ਕ ਦੁੱਧ ਪਿਲਾਉਣ ਵਾਲੀ ਉਸ ਦੀ ਮਾਂ ਨਹੀਂ ਸੀ ਤੇ ਕੱਚ ਦਾ ਮਮਾਂ ਵੀ ਹੱਥ ਲਗਾਂਦੇ ਹੀ ਉਸ ਪਛਾਣ ਲਿਆ ਸੀ।
ਛੇ ਸੱਤ ਸਾਲ ਬਾਦ ਵੀ, ਬੇਸ਼ਕ ਉਹ ਰੋਇਆ ਨਹੀਂ ਸੀ ਪਰ ਉਸ ਦੇ ਅੰਦਰ ਖੋਹ ਪੈਂਦੀ ਸੀ ਤੇ ਉਹ ਨਾਨੀ ਜਿਸ ਦੀ ਛੱਤਰ ਛਾਇਆ, ਲਾਡ ਪਿਆਰ ਹੇਠ ਉਸ ਛੇ ਸੱਤ ਸਾਲ ਕੱਢੇ ਸਨ ਅਜ ਭੁੰਜੇ ਜ਼ਮੀਨ ਉੱਤੇ ਸੁੱਤੀ ਹੋਈ ਸੀ । ਸਾਰੇ ਆਖਦੇ ਸਨ ‘ਬੁੱਢੀ ਮਰ ਗਈ ਏ'। ਉਸ ਦੇ ਦੇਖਦੇ ਦੇਖਦੇ ਚਿੱਟੀ ਦੁੱਧ ਚਾਦਰ ਨਾਲ ਲਪੇਟ, ਹਾਰਾਂ ਨਾਲ ਸਜਾ ਸਜੂ ਕੇ ਉਸ ਦੀ ਨਾਨੀ ਨੂੰ ਦੂਰ ਕਿਧਰੇ ਲੈ ਗਏ ਸਨ ਜਿਥੋਂ ਉਹ ਕਦੇ ਵੀ ਵਾਪਸ ਨਾ ਆਈ । ਉਸ ਤੋਂ ਬਾਦ ਰੋਜ਼ ਉਸ ਨੂੰ ਨਵੀਂ ਤੋਂ ਨਵੀਂ ਗੱਲ ਦਾ ਪਤਾ ਲਗਦਾ । ਉਹ ਨਨਿਹਾਲ ਰਹਿੰਦੈ, ਉਸ ਦਾ ਪਿਉ ਵੀ ਮਰ ਗਿਐ, ਉਸ ਦੀ ਮਾਂ ਤੇ ਇਕ ਭਰਾ ਵੀ ਹੈ। ਉਹ ਦੂਰ ਰਹਿੰਦੇ ਨੇ ਤੇ ਜਿਥੇ ਵੀ ਉਹ ਰਹਿੰਦੇ ਨੇ । ਉਹੀ ਉਸ ਦਾ ਆਪਣਾ ਘਰ ਹੈ। ਮਾਂ ਤੇ ਭਰਾ ਦਾ ਨਾਂ ਸੁਣਦੇ ਹੀ ਉਸ ਦੇ ਰੋਮ ਰੋਮ ਵਿਚ ਇਕ ਲਹਿਰ ਚਲਣ ਲਗ ਪੈਂਦੀ ਤੇ ਅਣਗਿਣਤ ਨੁਹਾਰਾਂ ਉਸ ਦੇ ਸਾਹਮਣੇ ਆ ਖਲੋਂਦੀਆਂ। ਉਹ ਮੇਲੇ ਵਿਚ ਗੁਆਚੇ ਹੋਏ ਬੱਚੇ ਵਾਂਗ ਕਦੇ ਇਕ 'ਤੇ ਕਦੇ ਦੂਜੀ ਨੂੰ ਪਛਾਣਦਾ ਪਰ ਉਨ੍ਹਾਂ ਦੋਹਾਂ ਨੂੰ ਪਛਾਣਨਾ ਉਸ ਦੇ ਵਸ ਤੋਂ ਬਾਹਰ ਸੀ। ਉਸ ਨੂੰ ਤਾਂ ਇਹ ਵੀ ਯਾਦ ਨਹੀਂ ਸੀ ਕਿ ਉਸ ਕਦੇ ਉਨ੍ਹਾਂ ਨੂੰ ਦੇਖਿਆ ਵੀ ਸੀ ਤੇ ਉਹ ਸੋਚਦਾ ਇਹ ਕਿਹੀ ਮਾਂ ਏ ਜਿਸ ਨੇ ਆਪਣੇ ਕਲੇਜੇ ਨੂੰ ਤਰੱਟ ਕੇ ਦੂਰ ਸੁੱਟ ਦਿਤਾ ਏ ?'' ਮਾਮੀ ਨੂੰ ਆਪਣੇ ਪੁੱਤਰਾਂ ਨੂੰ ਨੁਹਾਂਦੇ, ਧੁਹਾਂਦੇ, ਖੁਆਂਦੇ, ਪਿਆਉਂਦੇ ਸਕੂਲ ਟੋਰਦੇ ਦੇਖਦਾ ਤਾਂ ਉਹ ਸੋਚਾਂ ਦੀ ਦੁਨੀਆਂ ਵਿਚ ਜਾ ਪੁੱਜਦਾ ਤੇ ਉਸ ਨੂੰ ਲਗਦਾ ਉਸ ਦੀ ਮਾਂ ਵੀ ਉਸਨੂੰ ਨੁਹਾਂਦੀ ਧੁਹਾਂਦੀ, ਖੁਆਉਂਦੀ ਪਿਆਉਂਦੀ ਪਈ ਹੈ ਤੇ ਜਿਸ ਵੇਲੇ ਉਹ ‘ਮਾਂ’ ਪੁਕਾਰਨ ਹੀ ਲਗਦਾ । ਉਸ ਦਾ ਸੁਫ਼ਨਾ ਟੁੱਟ ਜਾਂਦਾ ।
ਉਸ ਦੀ ਮਾਂ ਤੇ ਨਹੀਂ ਸੀ ਹੁੰਦੀ ਤੇ ਉਹ ਚੌਂਕ ਜਾਂਦਾ, ਜਦੋਂ ਕੋਈ ਨਾ ਕੋਈ ਉਸ ਦੇ ਚਾਲਿਆਂ ਤੇ ਹੱਸਦਾ ਹੁੰਦਾ । ਇਹ ਹਾਸਾ ਉਸ ਨੂੰ ਜ਼ਹਿਰੀਲੇ ਤੀਰਾਂ ਵਾਂਗ ਚੁੱਭਦਾ । ਉਸ ਨੂੰ ਇਹ ਵੀ ਪਤਾ ਲਗ ਗਿਆ ਸੀ ਕਿ ਜਿਸ ਵੇਲੇ ਵੀ ਉਹ ਗੱਲ ਕਰਨ ਲਗਦੈ ਤਾਂ ਉਸ ਦੀ ਜੀਭ ਉਸ ਦਾ ਪੂਰਾ ਪੂਰਾ ਸਾਥ ਵੀ ਨਹੀਂ ਦੇਂਦੀ, ਤੇ ਕਈ ਵਾਰੀ ਗੱਲ ਕਰਨ ਲਗਿਆਂ ਉਸ ਨੂੰ ਹੱਥਾਂ ਤੇ ਅੱਖੀਆਂ ਦੇ ਇਸ਼ਾਰਿਆਂ ਦੀ ਵੀ ਲੋੜ ਹੁੰਦੀ ਸੀ। ਉਸ ਦੀਆਂ ਇਨ੍ਹਾਂ ਹਰਕਤਾਂ ਉੱਤੇ ਸਿਆਣੇ, ਜਵਾਨ, ਬੱਚੇ, ਬੁੱਢੇ ਸਭ ਹੱਸਣ ਲਗ ਪੈਂਦੇ। ਉਨ੍ਹਾਂ ਦਾ ਹਾਸਾ ਉਸ ਦੇ ਕਲੇਜੇ ਵਿਚ ਜਾ ਚੁੱਭਦਾ, ਉਸ ਦੇ ਦਿਲ ਵਿਚ ਘਟੀਆਪਣ ਛਾ ਜਾਂਦਾ ਤੇ ਆਪਣੇ ਆਪ ਤੋਂ ਉਸ ਨੂੰ ਘਿਰਣਾ ਹੋ ਜਾਂਦੀ । ਜਿਸ ਵੇਲੇ ਉਸ ਨੂੰ ਕੋਈ ‘ਜਮਦਰ' ਕਹਿੰਦਾ ਉਸ ਦਾ ਜੀ ਕਰਦਾ ਢਾਹ ਮਾਰ ਮਾਰ ਕੇ ਰੋਏ ਤੇ ਉਸ ਨੂੰ ਆਪਣੀ ਨਾਨੀ ਯਾਦ ਆ ਜਾਂਦੀ ਜਿਸ ਦੇ ਹੁੰਦਿਆਂ ਕਿਸੇ ਦੀ ਕੀ ਮਜਾਲ ਸੀ ਜੇ ਉਸ ਨੂੰ ‘ਜਮਦਰ', ਜਲਾ, ਝਲਾ, ਪਾਗਲ, ਡਫਲ ਕਹਿ ਕੇ ਬੁਲਾਂਦੇ। ਉਸ ਦਾ ਦਿਲ ਕਰਦਾ ਕਿ ਉਥੋਂ ਦੂਰ ਨੱਸ ਜਾਏ......ਦੂਰ....... ਜਿਥੇ ਉਸ ਦੀ ਮਾਂ ਤੇ ਭਰਾ ਰਹਿੰਦੇ, ਫਿਰ ਕਿਹੜਾ ਮਾਂ ਦਾ ਲਾਲ ਉਸ ਨੂੰ ਇਨ੍ਹਾਂ ਨਾਂਵਾਂ ਨਾਲ ਬੁਲਾਉਣ ਦੀ ਹਿੰਮਤ ਕਰੇਗਾ ।
ਫਿਰ ਇਕ ਦਿਨ ਉਹ ਬੜਾ ਹੀ ਖੁਸ਼ ਸੀ। ਉਸ ਨੂੰ ਲਗਿਆ ਉਹ ਕੀ ਸਾਰੇ ਹੀ ਘਰ ਦੇ ਜੀਵ ਖੁਸ਼ ਹਨ। ਤੇ ਉਹ ਸੋਚਦਾ "ਇਹ ਸਾਰੇ ਕਿਉਂ ਖੁਸ਼ ਹਨ ? ਉਹ ਤਾਂ ਮਾਂ ਕੋਲ ਜਾ ਰਿਹੈ ਤਾਂ ਹੀ ਟਪੋਸੀਆਂ ਮਾਰਦਾ ਹੱਸਦੈ—ਸਿਰੋਂ ਬਲਾ ਲਾਂਅਦੇ ਹੋਣੇ ਨੇ......ਤੇ ਉਹ ਆਪੇ ਹੱਸ ਪਿਆ, “ਇਹ ਮੈਨੂੰ ਹਾਲੀ ਤੀਕ ਭਾਰ ਹੀ ਸਮਝਦੇ ਸਨ" ? ਉਸ ਦੇ ਦਿਲ 'ਚ ਇਕ ਸੁਆਲ ਸੀ “ਇਹ ਕਿੰਝ ਹੋ ਸਕਦੈ ?" ਤੇ ਫਿਰ ਦਿਲ ਦੀ ਦੂਜੀ ਚੂਕ 'ਚੋਂ ਆਪੇ ਹੀ ਜੁਆਬ ਮਿਲ ਗਿਆ । ਉਹ ਸੋਚ ਰਿਹਾ ਸੀ ਨਾਨੀ ਦੇ ਮਰਨ ਦੇ ਬਾਦ ਉਸ ਆਪਣੀ ਵਿਤ ਤੋਂ ਬਾਹਰਾ ਕੰਮ ਕੀਤੈ । ਮਾਮੇ ਦਾ ਵੱਡਾ ਪੁੱਤਰ ਭਾਵੇਂ ਉਸ ਤੋਂ ਵੱਡਾ ਹੈ ਤਾਂ ਵੀ ਸਾਰੀ ਦਿਹਾੜੀ 'ਚ ਇਕ ਫੇਰਾ ਪਾਣੀ ਦਾ ਲਿਆਉਂਦਾ, ਉਹ ਵੀ ਜੇ ਉਸ ਦੀ ਮਰਜ਼ੀ ਹੋਏ ਤਾਂ । ਪਰ ਉਹ ਤਾਂ ਸੱਤੇ ਸਵੇਰੇ ਪਹੁ ਫੁਟਦੇ ਹੀ ਤਿੰਨ ਚਾਰ ਫੇਰੇ ਲੈ ਆਉਂਦਾ ਸੀ। ਪਾਣੀ ਦੀ ਤਾਂ ਗੱਲ ਰਹੀ, ਮਾਲ ਨੂੰ ਬੰਨ੍ਹਣਾ ਖੋਲ੍ਹਣਾ, ਵੱਛੀ ਵੱਛਿਆਂ ਨੂੰ ਘਾਹ ਪੱਠਾ ਪਾਉਣਾ, ਕੂੜਾ ਸੋਤ ਬਾਹਰ ਵਾੜੀਆਂ ਖੇਤਾਂ ਵਿਚ ਸੁਟਣਾ ਤੇ ਗੋਹੇ ਭੋਂ ਤੀਕ ਸਾਰਾ ਕੰਮ ਤਾਂ ਉਹੀ ਕਰਦਾ ਸੀ । “ਚਲੋ ਖਲਾਸੀ ਤਾਂ ਹੋਈ" ਕਪੜੇ ਪਾਂਦੇ ਪਾਂਦੇ ਉਸ ਦੇ ਮੂੰਹੋਂ ਆਪ ਮੁਹਾਰੀ ਨਿਕਲ ਆਇਆ। ਜਿਸ ਵੇਲੇ ਉਹ ਘਰੋਂ ਮਾਮੇ ਨਾਲ ਟੁਰਿਆ ਤਾਂ ਉਸ ਦੇਖਿਆ ਉਸ ਕੋਲੋਂ ਨਿਖੜਨ ਜਾਂ ਉਸ ਦੇ ਵਿਛੋੜੇ ਦਾ ਕਿਸੀ ਨੂੰ ਭੀ ਦੁੱਖ ਨਹੀਂ ਸੀ । ਕਿਸੀ ਦੀਆਂ ਅੱਖੀਆਂ 'ਚ ਅੱਥਰੂ ਨਹੀਂ ਸੀ ਆਏ। ਤੇ ਡਿਉੜੀ ਟੱਪਦੇ ਹੀ ਉਸ ਨੂੰ ਨਾਨੀ ਦੀ ਨੁਹਾਰ ਯਾਦ ਆ ਗਈ ਤੇ ਪਲ ਲਈ ਉਸ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਪਰ ਉਸ ਆਪਣੇ ਅੱਥਰੂਆਂ ਨੂੰ ਅੱਖਾਂ 'ਚ ਹੀ ਸੁੱਕਾ ਲਿਆ, ਮਤੇ ਜਾਂਦੇ ਜਾਂਦੇ ਉਸ ਤੇ ਕੋਈ ਹੱਸ ਹੀ ਨਾ ਪਏ।
ਗੱਡੀ ਵਿਚ ਉਹ ਪਹਿਲੀ ਵਾਰੀ ਬੈਠਾ ਸੀ। ਅੱਜ ਉਸ ਨੂੰ ਇੰਝ ਲਗਦਾ ਸੀ ਜਿਵੇਂ ਅਪਰੇਸ਼ਨ ਤੋਂ ਬਾਦ ਕੋਈ ਅੰਨਾ ਦੁਨੀਆਂ ਦੇਖੇ । ਸੜਕਾਂ, ਬਜ਼ਾਰ, ਦੁਕਾਨਾਂ ਭਾਂਤ ਸਭਾਂਤੇ ਲੋਕ, ਦੌੜਦੀਆਂ ਗਡੀਆਂ, ਬੱਸਾਂ, ਮੋਟਰਾਂ ਉਸ ਪਿੰਡ ਵਿਚ ਕਿਥੇ ਦੇਖਣੀਆਂ ਸਨ ? ਉਸ ਨੇ ਤਾਂ ਇਨ੍ਹਾਂ ਦੀਆਂ ਤਲਾਅ ਉਤੇ ਬੈਠ ਕੇ ਸਿਰਫ਼ ਗੱਲਾਂ ਹੀ ਸੁਣੀਆਂ ਸਨ । ਪਰ ਅੱਜ ਤਾਂ ਉਹ ਇਨ੍ਹਾਂ ਨਜ਼ਾਰਿਆਂ ਵਿਚ ਅਜ਼ਾਦ ਪੰਛੀ ਵਾਂਗ ਉਡਾਰੀਆਂ ਮਾਰ ਰਿਹਾ ਸੀ । ਉਸ ਦੇ ਪਰ ਤੇਜ਼ ਤੇਜ਼ ਉੱਡਦੇ ਉਸ ਨੂੰ ਅੱਗੇ ਲਈ ਜਾ ਰਹੇ ਸਨ ਤੇ ਸਭ ਕੁਝ ਪਿੱਛੇ ਰਹਿੰਦਾ ਜਾ ਰਿਹਾ ਸੀ । ਉਸ ਦੇ ਭੋਲੇ ਜਿਹੇ ਮਨ ਮੰਦਰ ਵਿਚ ਇਕ ਮਸਤੀ ਛਾ ਗਈ ਸੀ। ਉਹ ਬਹਾਰਾਂ ਦੇ ਗੀਤ ਗਾਉਣਾ ਚਾਹੁੰਦਾ ਸੀ, ਆਪਣੀ ਨਿੱਕੀ ਜਿਹੀ ਚੁੰਝ ਖੋਲ੍ਹਣੀ ਚਾਹੁੰਦਾ ਸੀ । ਉਹ ਜਿਸ ਵੇਲੇ ਮਾਮੇ ਨੂੰ ਤੱਕਦਾ ਇਕੋ ਚੁੱਪ ਰਹਿਣ ਦਾ ਇਸ਼ਾਰਾ.....ਇਕੋ ਚੁੱਪ ਤੇ ਉਹ ਨਿਮੋਝੂਣ ਹੋ ਜਾਂਦਾ । ਉਸ ਨਿਮੋਝੂਣੀ ਤੇ ਉਦਾਸੀ ਦੇ ਹਨੇਰੇ 'ਚੋਂ ਉਸ ਦੇ ਖਿਆਲਾਂ ਵਿਚ ਉਸ ਦੀ ਮਾਂ ਤੇ ਭਰਾ ਦੀਆਂ ਬਾਹਵਾਂ ਆ ਜਾਂਦੀਆਂ ਜਿਨ੍ਹਾਂ ਨੂੰ ਉਹ ਆਪਣੇ ਦੁਆਲੇ ਮਹਿਸੂਸਦਾ ਸੀ । ਤੇ ਉਹ ਆਪਣੇ ਆਪ ਮੁਸਕਰਾਉਣ ਲਗ ਪੈਂਦਾ ।
ਇਥੇ ਆ ਕੇ ਵੀ ਉਸ ਨੂੰ ਕੋਈ ਖ਼ੁਸ਼ੀ ਨਾ ਹੋਈ। ਉਹ ਹਿਰਖ ਤੇ ਪਿਆਰ ਜਿਸ ਨੂੰ ਤੜਫਦਾ ਉਹ ਇੱਥੇ ਪੁੱਜਾ ਸੀ ਉਸ ਦੀ ਇਕ ਝੱਲਕ ਵੀ ਉਸ ਨੂੰ ਨਾ ਲੱਭੀ। ਦੋ ਤਿੰਨ ਦਿਨਾਂ 'ਚ ਹੀ ਉਹ ਸੋਚਣ ਲਗਾ “ਚਲੋ ਭਰਾ ਨੂੰ ਤਾਂ ਛੱਡੋ ਇਹੋ ਜਿਹੀ ਵੀ ਕੋਈ ਮਾਂ ਹੋ ਸਕਦੀ ਏ ? ਜਿਹੜੀ ਰੋਟੀ ਖੁਆਂਦੇ ਵੀ ਆਪਣੇ ਪੁੱਤਰ ਨੂੰ ਕਹੇ ਕਿ ਪਾਣੀ ਵੀ ਪੀਆ ਕਰ......ਸਿਰਫ਼ ਰੋਟੀਆਂ ਹੀ ਪਾੜੀ ਜਾਨੈ" ਉਸ ਨੇ ਤਾਂ ਹਾਲਾਂ ਹਰ ਮਾਂ ਨੂੰ ਆਪਣੇ ਮੂੰਹ 'ਚੋਂ ਗਰਾਹੀ ਕੱਢ ਕੇ ਬੱਚੇ ਨੂੰ ਖੁਆਉਂਦੇ ਦੇਖਿਐ। ਦੂਰ ਕੀ ਜਾਣਾ ਉਸ ਦੀ ਨਾਨੀ ਵੀ ਉਸ ਨਾਲ ਇੰਝ ਨਹੀਂ ਕਰਦੀ ਸੀ ? ਉਹ ਆਪਣੀ ਨਾਨੀ ਤੇ ਮਾਂ ਦੇ ਸੁੱਭਾ ਵਿਚ ਏਡਾ ਫਰਕ ਦੇਖ ਸੋਚਾਂ ਵਿਚ ਡੁੱਬ ਜਾਂਦਾ । ਉਸ ਦੀ ਨਾਨੀ ਕਿੰਨਾਂ ਪਿਆਰ ਹਿਰਖ ਕਰਦੀ ਸੀ । ਪਰਮਾਤਮਾ ਦੀ ਬੇਇਨਸਾਫ਼ੀ ਜੋ ਹੋਈ ਸੋ ਹੋਈ ਪਰ ਉਹ ਮਾਂ ਦੇ ਪਿਆਰ ਲਈ ਤਰਸ ਗਿਆ, ਹਮਦਰਦੀ ਦੇ ਦੋ ਲਫ਼ਜ਼ਾਂ ਲਈ ਉਸ ਦੇ ਕੰਨ ਕੰਨਸੋਆਂ ਲੈ ਲੈ ਕੇ ਵੀ ਥੱਕ ਗਏ ।" ਇਹ ਮੇਰੀ ਮਾਂ ਨਹੀਂ ਹੋ ਸਕਦੀ.....ਕਦੇ ਨਹੀਂ ?'' ਬੀਤੇ ਹੋਏ ਅੱਠਾਂ ਨਵਾਂ ਸਾਲਾਂ ਨੇ ਉਸ ਨੂੰ ਮਾਂ ਤੋਂ ਹੋਰ ਵੀ ਦੁਰੇਡੇ ਕਰ ਦਿਤਾ। ਪਿਆਰ ਦੀ ਥਾਂ ਸ਼ੱਕ, ਸ਼ਿਕਵੇ, ਝਿੜਕਾਂ ਮਿਲਦੀਆਂ ਤੇ ਉਸ ਦੀਆਂ ਅੱਖਾਂ ਗਿਲੀਆਂ ਗਿਲੀਆਂ ਹੋ ਜਾਂਦੀਆਂ। ਪਰ ਉਸ ਕਦੇ ਵੀ ਕੋਈ ਗੱਲ ਜਾਂ ਦਰਦ ਮਾਂ, ਭਰਾ ਨੂੰ ਜ਼ਾਹਰ ਨਾ ਕੀਤੇ । ਇਥੇ ਆ ਕੇ ਸਿਰਫ਼ ਇਤਨੀ ਹੀ ਉਸ ਨੂੰ ਤਸੱਲੀ ਹੋਈ ਕਿ ਨਨਿਹਾਲ ਵਾਂਗ ਉਸ ਦੀਆਂ ਗਲਾਂ ਤੇ ਕੋਈ ਮਸ਼ਕਰੀ ਨਹੀਂ ਸੀ ਕਰਦਾ, ਕੋਈ ਹੱਸਦਾ ਨਹੀਂ ਸੀ। ਪਰ ਸਿੱਧੇ ਮੂੰਹ ਉਸ ਦੀ ਗੱਲ ਦਾ ਇੱਥੇ ਵੀ ਕਿਸੇ ਜੁਆਬ ਨਾ ਦਿਤਾ । ਉਥੇ ਪਏ ਹੋਏ ਨਾਵਾਂ ਤੋਂ ਬਿਨਾਂ 'ਜਲਖੜ' ਇਕ ਨਵਾਂ ਬੋਲ ਉਸ ਦੇ ਕੰਨਾਂ ਰਸਤੇ ਜਲਦਾ ਬਲਦਾ ਸਿੱਕਾ ਬਣ ਉਸ ਦੇ ਦਿਲ ਵਿਚ ਉੱਤਰ ਜਾਂਦਾ। ਇਹ ਨਾਂ ‘ਜਲਖੜ’ ਉਸ ਦੇ ਭਰਾ ਨੇ ਪਾਇਆ ਸੀ।
ਇਨ੍ਹਾਂ ਸੋਚਾਂ ਤੋਂ ਤੰਗ ਪੈ ਇਕ ਦਿਨ ਉਸ ਨੇ ਆਪਣੀ ਮਾਂ ਨੂੰ ਆਖਿਆ “ਮੈਨੂੰ ਕਿਧਰੇ ਨੌਕਰੀ ਕਰਾ ਦਿਉ ।" ਆਪਣੇ ਵਲੋਂ ਉਸ ਬੜੀ ਸੋਚ ਸਮਝ ਕੇ ਇਹ ਗੱਲ ਆਖੀ ਸੀ । ਉਸ ਸੋਚਿਆ ਭਰਾ ਦੀ ਤਨਖਾਹ ਨਾਲ ਮਸਾਂ ਇਨ੍ਹਾਂ ਦੋਹਾਂ ਦਾ ਗੁਜ਼ਾਰਾ ਹੁੰਦਾ ਹੋਣੈ ਤਾਂ ਹੀ ਮੈਨੂੰ ਇੱਕ ਅੱਖੀਂ ਵੀ ਦੇਖ ਨਹੀਂ ਸੁਖਾਂਦੇ। ਮਾਂ ਦਾ ਜੁਆਬ ''ਤੂੰ ਜੰਮਣੇ ਵਾਲੇ ਦਾ ਸਿਰ ਨੌਕਰੀ ਕਰਨੀ ਐਂ" ਸੁਣ ਉਹ ਸੜ ਭੁੱਜ ਗਿਆ । “ਭਾਂਡੇ ਤੇ ਮਾਂਜ ਸਕਨਾ ਮਾਂ" ਉਸ ਦੇ ਮੂੰਹੋਂ ਨਿਕਲ ਗਿਆ ਤੇ ਫਿਰ ਉਸ ਨੇ ਆਪਣੀ ਮਾਂ ਦੀਆਂ ਅੱਖਾਂ 'ਚ ਇਕ ਵਿਚਿੱਤਰ ਚਮਕ ਦੇਖੀ। ਸ਼ਾਮੀ ਉਸ ਮਾਂ ਤੇ ਭਰਾ ਨੂੰ ਇਸ ਬਾਰੇ ਗੱਲਾਂ ਕਰਦੇ ਵੀ ਸੁਣਿਆਂ। ਦੂਜੇ ਦਿਨ ਉਹ ਭਰਾ ਨਾਲ ਇਕ ਹੋਟਲ ਵਿਚ ਜਾ ਪੁੱਜਾ। ਖ਼ੁਸ਼ੀ ਦੀ ਝਲਕ ਉਸ ਦੇ ਮੂੰਹ ਤੋਂ ਸਾਫ਼ ਲਭਦੀ ਪਈ ਸੀ ਖੌਰੇ ਸੋਚਦਾ ਸੀ "ਚਲੋ ਰੋਟੀ ਤਾਂ ਰੱਜ ਕੇ ਲੱਭੇਗੀ" ਜਾਂ "ਚਲੋ, ਕੁਝ ਨਾ ਕੁਝ ਮਾਂ ਭਰਾ ਦਾ ਭਾਰ ਹੀ ਹਲਕਾ ਹੋਏਗਾ ।" ਪਰ ਉਸ ਨੂੰ ਪੁੱਛਦਾ ਵੀ ਕੌਣ ? ਉਸ ਦਾ ਭਰਾ ਉਸ ਨੂੰ ਛੱਡ ਟੁਰ ਗਿਆ ਤੇ ਸਾਹਮਣੇ ਪਿਆ ਸੀ ਜੂਠੇ ਭਾਂਡਿਆਂ ਦਾ ਢੇਰ ।
ਪੂਰਾ ਸਾਲ ਲੰਘ ਗਿਆ, ਉਹੀ ਹੋਟਲ, ਉਹੀ ਜੂਠੇ ਭਾਂਡੇ ਹਾਂ, ਗਾਹਕ ਜ਼ਰੂਰ ਨਵੇਂ ਨਵੇਂ ਆਉਂਦੇ। ਮੁੰਡੇ, ਜੁਆਨ, ਬੁੱਢੇ ਰੰਗ ਬਿਰੰਗੀ ਕਪੜੇ, ਡਿਗਦੇ ਢੈਂਹਦੇ ਸ਼ਰਾਬੀ ਤੇ ਭਾਂਤ ਭਾਂਤ ਦੀਆਂ ਕਿਸਮਾਂ ਦੇ ਲੋਕ ਇਸ ਇਕ ਸਾਲ ਵਿਚ ਉਸ ਦੀਆਂ ਨਜ਼ਰਾਂ ਅੱਗੋਂ ਲੰਘ ਗਏ। ਕਈ ਉਸ ਉੱਤੇ ਹੱਸਦੇ ਸਨ ਪਰ ਹੁਣ ਕਈਆਂ ਉੱਤੇ ਉਹ ਹੱਸਦਾ ਸੀ। ਨਾਗੇ ਵਾਲੇ ਦਿਨ ਜਿਸ ਵੇਲੇ ਉਹ ਆਪਣਾ ਪਾਜ਼ਾਮਾ ਕਮੀਜ਼ ਧੋ ਕੇ, ਨਹਾ ਕੇ, ਸਿਰ ਵਾਹੁੰਦੇ ਸ਼ੀਸ਼ਾ ਦੇਖਦਾ ਸੀ ਤਾਂ ਉਸ ਦਾ ਮੱਥਾ ਚਮਕਣ ਲਗ ਪੈਂਦਾ । ਉਹ ਦੇਖਦਾ ਉਸ ਦੀ ਸ਼ਕਲ ਤਾਂ ਹੋਟਲ ਉੱਤੇ ਆਉਣ ਵਾਲੇ ਕਈ ਬਾਬੂਆਂ ਤੋਂ ਚੰਗੀ ਹੈ । ਮਹੀਨੇ ਪਿਛੋਂ ਕਿਧਰੇ ਜਾ ਕੇ ਉਸ ਨੂੰ ਆਪਣੇ ਭਰਾ ਦੇ ਦਰਸ਼ਨ ਹੁੰਦੇ ਜਿਹੜਾ ਇਕੋ ਪੰਜਾਂ ਦਾ ਨੋਟ ਉਸ ਦੇ ਹੱਥ ਦੇ ਕੇ ਟੁਰ ਜਾਂਦਾ। ਭਰਾ ਨੇ ਕਦੇ ਭੁੱਲ ਭੁਲੇਖੇ ਵੀ ਉਸ ਦਾ ਹਾਲ ਚਾਲ ਨਾ ਪੁੱਛਿਆ। ਉਸ ਦੀਆਂ ਨਜ਼ਰਾਂ ਸੜਕ ਦੇ ਮੋੜ ਤੀਕ ਭਰਾ ਦੀ ਪਿੱਠ ਦਾ ਪਿੱਛਾ ਕਰਦੀਆਂ ਤੇ ਫੇਰ ਉਹ ਜਲਦੀ ਜਲਦੀ ਨੋਟ ਨੂੰ ਸੰਭਾਲ ਲੈਂਦਾ ਇਕ ਮੈਲੇ ਜਿਹੇ ਬਟੂਏ ਵਿਚ । ਇਹ ਬਟੂਆ ਉਸ ਨੂੰ ਨਾਨੀ ਨੇ ਦਿੱਤਾ ਸੀ । ਉਸ ਬਟੂਏ ਨੂੰ ਹੱਥ ਵਿਚ ਲੈਂਦੇ ਹੀ ਉਸ ਦੀਆਂ ਅੱਖਾਂ ਗਿਲੀਆਂ ਹੋ ਜਾਂਦੀਆਂ ਤੇ ਅੱਥਰੂ ਡਿੱਗਣ ਤੋਂ ਪਹਿਲਾਂ ਉਹ ਭਾਂਡਿਆਂ ਕੋਲ ਜਾ ਬੈਠਦਾ ਤਾਂ ਜੇ ਕੋਈ ਅੱਥਰੂ ਮੂੰਹ ਜ਼ੋਰ ਹੋ ਕੇ ਡਿੱਗ ਵੀ ਪਏ ਤਾਂ ਖੜੂਚੇ ਨਾਲ ਭਾਂਡੇ ਮਾਂਜਦੀ ਸੁਆਹ ਵਿਚ ਹੀ ਸੁੱਕ ਜਾਏ। ਇਨ੍ਹਾਂ ਸਾਰੇ ਦਿਨਾਂ 'ਚ ਉਸ ਨੇ ਮਾਂ ਨੂੰ ਦੋ ਚਾਰ ਵਾਰੀ ਹੀ ਦੇਖਿਆ। ਉਹ ਵੀ ਸਬੱਬ ਨਾਲ ਜੇ ਕਿਧਰੇ ਉਹ ਬਜ਼ਾਰ ਵਿਚੋਂ ਲੰਘੇ ਤਾਂ। ਸੁਭਾਵਕ ਹੀ ਦੋਹਾਂ ਦੀਆਂ ਅੱਖਾਂ ਮਿਲ ਜਾਂਦੀਆਂ । ਮਾਂ ਬਿਨਾਂ ਬੁਲਾਏ ਅੱਗੇ ਲੰਘ ਜਾਂਦੀ ਤੇ ਉਹ ਪਛਤਾਉਂਦਾ ਰਹਿੰਦਾ ਕਿ ਉਸ ਨੇ ਭਾਂਡੇ ਮਾਂਜਦੇ ਮਾਂਜਦੇ ਨਜ਼ਰ ਉੱਚੀ ਚੁੱਕੀ ਹੀ ਕਿਉਂ ਸੀ ?
ਇਸ ਵਾਰੀ ਤਨਖ਼ਾਹ ਲੈਣ ਆਏ ਆਪਣੇ ਭਰਾ ਦੀ ਗੱਲ ਤੇ ਉਹ ਬੜਾ ਹੈਰਾਨ ਹੋਇਆ ਭਾਵੇਂ ਉਸ ਹੋਟਲ ਦੇ ਮਾਲਕ ਨੂੰ ਚਲਦੇ ਚਲਦੇ ਹੀ ਆਖਿਆ ਸੀ ‘ਇਸ ਸ਼ੁਕਰਵਾਰ ਮੇਰਾ ਵਿਆਹ ਏ......ਜੇ ਹੋ ਸਕੇ ਤਾਂ ਇਸ ਨੂੰ ਭੇਜ ਛੋੜਿਓ...... ਹਛਾ ! ਜਾਂ ਮੈਂ ਆਪ ਹੀ ਆ ਕੇ ਲੈ ਜਾਵਾਂਗਾ...... ਵਿਆਹ ਕਰਨ ਅਸੀਂ ਗਰਾਂ ਜਾਣਾ ਏ ਇਸ 'ਜਲਖੜ' ਨੂੰ ਕਿੱਥੋਂ ਪਤਾ ਲਗਣਾ ਏਂ......!” ਅੱਜ ਉਸ ਨੂੰ ਭਰਾ ਦੇ ‘ਜਲਖੜ' ਕਹਿਣ ਤੇ ਵੀ ਗੁੱਸਾ ਨਾ ਆਇਆ । ਉਹ ਬੜਾ ਖੁਸ਼ ਸੀ। ਉਹ ਉੱਡ ਉੱਡ ਪੈਂਦਾ ਸੀ ਨਨਿਹਾਲ ਉਸ ਤਿੰਨ ਚਾਰ ਵਿਆਹ ਦੇਖੇ ਸਨ ।
ਆਪਣੀ ਭਾਬੀ ਦੀ ਗੋਦ ਵਿਚ ਬੈਠਣ ਦਾ ਚਾਅ ਤਾਂ ਉਸ ਨੂੰ ਕਈ ਚਿਰਾਂ ਦਾ ਸੀ । ਭਾਂਡੇ ਮਾਂਜਦਾ ਮਾਂਜਦਾ ਉਹ ਇਕ ਸੁਫ਼ਨਾ ਜਿਹਾ ਦੇਖਣ ਲਗ ਪਿਆ। ਇਕ ਲਾਲ ਪਰੀ ਦੀ ਗੋਦ ਵਿਚ ਉਹ ਆਪਣੇ ਅੰਗਾਂ ਨੂੰ ਇਕ ਰਾਜਕੁਮਾਰ ਵਾਂਗ ਸਮਝਣ ਲਗਾ, ਬਾਹਰ ਵਾਜੇ ਵੱਜਦੇ ਪਏ ਸਨ । ਅੰਦਰ ਢੋਲਕੀ ਢਣਕ ਰਹੀ ਸੀ। ਉਸ ਗੋਦ ਵਿਚ ਬੈਠਦੇ ਹੀ ਭਰਜਾਈ ਦੇ ਲੰਮੇ ਝੁੰਡ ਵਿਚੋਂ ਝਾਕਣ ਦੀ ਕੋਸ਼ਿਸ਼ ਕੀਤੀ । ਦੋ ਅੱਧ-ਖੁੱਲ੍ਹੀਆਂ ਅੱਖਾਂ ਤੇ ਸਾਲੂ ਵਿਚ ਢੱਕੇ ਹੋਏ ਹੋਂਠ ..."ਭਾਂਡੇ ਜਲਦੀ ਜਲਦੀ ਲੈ ਕੇ ਆ'' ਇਸ ਅਵਾਜ਼ ਨੇ ਉਸ ਨੂੰ ਸੁਪਨੇ 'ਚੋਂ ਕਢ ਦਿਤਾ। ਸ਼ੁਕਰਵਾਰ ਤੀਕ ਦਿਨ ਉਸ ਕਿੰਨੇ ਵਾਰੀ ਉਂਗਲੀਆਂ ਤੇ ਗਿਣੇ ਤੇ ਫੇਰ ਸ਼ੁਕ੍ਰਵਾਰ ਵੀ ਆ ਗਿਆ। ਮਿੰਟ ਮਿੰਟ ਬਾਦ ਉਸ ਦੀ ਨਜ਼ਰ ਦਰਵਾਜ਼ੇ ਤਕ ਜਾ ਪੁੱਜਦੀ ਪਰ ਆਉਣ ਵਾਲਾ ਉਸ ਦੇ ਭਰਾ ਦੀ ਥਾਂ ਕੋਈ ਗਾਹਕ ਹੀ ਹੁੰਦਾ । ਸੂਰਜ ਦੇ ਨਾਲ ਨਾਲ ਉਸ ਦਾ ਦਿਲ ਵੀ ਢਲ ਰਿਹਾ ਸੀ । ਰਾਤ ਹੋ ਗਈ। ਰੋਣ ਹਾਕਾ ਜਿਹਾ ਉਹ ਭਾਂਡਿਆਂ ਨਾਲ ਹੀ ਰੁਝਿਆ ਰਿਹਾ । ਕੰਮ ਮੁੱਕਾ ਕੇ ਉਹ ਮੰਜੀ ਤੇ ਲੰਮਾ ਪੈ ਗਿਆ, ਉਸ ਬੜੀ ਕੋਸ਼ਿਸ਼ ਕੀਤੀ ਪਰ ਨੀਂਦਰ ਕਿੱਥੇ ? ਉਹ ਸੋਚਦਾ ਜੰਞ ਤਾਂ ਉਸ ਤੋਂ ਬਿਨਾਂ ਵੀ ਜਾ ਸਕਦੀ ਏ, ਪਰ ਮਹਾਰਾਜ (ਲਾੜਾ) ਨੂੰ ਬੂਟ ਕੌਣ ਪੁਆਏਗਾ ? ਕਲ ਭਾਬੀ ਦੀ ਗੋਦ ਵਿਚ ਕੌਣ ਬੈਠੇਗਾ ? ਸਾਰੀ ਰਾਤ ਉਹ ਪਲਸੇਟੇ ਹੀ ਮਾਰਦਾ ਰਿਹਾ ।ਦੂਜੇ ਦਿਨ ਭਾਂਡੇ ਮਾਂਜਦੇ ਉਸ ਸੁਣਿਆਂ...... ਹੋਟਲ ਦਾ ਮਾਲਕ ਦੂਜੇ ਨੌਕਰ ਨੂੰ ਕਹਿ ਰਿਹਾ ਸੀ ਇਸ ਦਾ ਭਰਾ ਕੰਮ ਕਾਰ ਵਿਚ ਆ ਨਹੀਂ ਸਕਿਆ ਹੋਣਾ...... ਤੂੰ ਇਸ ਨੂੰ ਬੱਸ ਤੇ ਚਾਹੜ ਆ'' ਤੇ ਉਸ ਨੇ ਇਕੋ ਪੰਜਾਂ ਦਾ ਨੋਟ ਫੜਾਂਦਿਆਂ ਕਿਹਾ ਫਲ ਫਰੂਟ ਲੈ ਕੇ ਜਾਈਂ....ਤੇ ਪਰਸੋਂ ਜ਼ਰੂਰ ਵਾਪਸ ਆ ਜਾਈਂ ।” ਇਹ ਪਹਿਲਾ ਪੰਜਾਂ ਦਾ ਨੋਟ ਸੀ ਜਿਹੜਾ ਉਸ ਮਰੋੜਿਆ ਨਹੀਂ ਸੀ ਤੇ ਹੱਸਦਾ ਹੱਸਦਾ ਆਪਣੇ ਮਾਲਕ ਦੀ ਤੁਲਨਾ ਭਰਾ ਤੇ ਮਾਮੇ ਨਾਲ ਕਰਨ ਲਗਾ। ਪਿਓ ਤਾਂ ਉਸ ਦੇਖਿਆ ਨਹੀਂ ਸੀ ।
ਉਸ ਦੇ ਘਰ ਪੁੱਜਣ ਤੋਂ ਥੋੜੇ ਚਿਰ ਬਾਦ ਡੋਲੀ ਵੀ ਆ ਗਈ। ਰੌਲੇ ਗੌਲੇ ਵਿਚ ਉਹ ਖੋ ਗਿਆ । ਖੁਸ਼ੀਆਂ ਦਾ ਇਕ ਸਮੁੰਦਰ ਉਸ ਦੇ ਦਿਲ ਵਿਚ ਠਾਠਾਂ ਮਾਰਦਾ ਪਿਆ ਸੀ । ਭਰਜਾਈ ਦੀ ਗੋਦ ਵਿਚ ਬਹਿਣੇ ਦੀ ਖ਼ੁਸ਼ੀ ਵਿਚ ਉਹ ਇਹ ਵੀ ਭੁੱਲ ਗਿਆ ਕਿ ਮਾਂ ਨੇ ਤਾਂ ਉਸ ਨੂੰ ਪੁਛਿਆ ਵੀ ਨਾ ‘ਤੂੰ ਰੋਟੀ ਖਾ ਲੈ.....ਚਲ, ਇਕ ਕੱਪ ਚਾਹ ਦਾ ਹੀ ਪੀ ਲੈ ।” ਫੇਰ ਸੋਚਦਾ ਉਹ ਤਾਂ ਘਰ ਦਾ ਹੀ ਏ......ਭਲਾ ਉਸ ਨੂੰ ਵੀ ਰੋਟੀ ਲਈ ਕਿਸੇ ਪੁਛਣਾ ਏ ? ਤੇ ਉਹ ਵਾਪਸ ਆਏ ਜਾਂਝੀਆਂ ਨਾਲ ਆਪੇ ਹੀ ਖਾਣ ਬੈਠ ਗਿਆ। ਅੰਦਰ ਲਾੜੀ ਚੁਗਾਠਾਂ ਕੋਲ ਬਿਠਾ ਛੱਡੀ ਸੀ : ਦਰਵਾਜ਼ੇ 'ਚੋਂ ਉਸ ਨੂੰ ਸਭ ਕੁਝ ਦਿੱਸ ਰਿਹਾ ਸੀ । ਕੋਈ ਮਖੌਲ ਕਰਦੇ ਆਖ ਰਿਹਾ ‘ਲਾੜੀ ਦੇ ਹੱਥ ਤਾਂ ਖਰੇ, ਲਗਦੇ ਨੇ' । ਉਸ ਦਾ ਦਿਲ ਖ਼ੁਸ਼ੀ ਨਾਲ ਉਛਲ ਉਛਲ ਜਾਂਦਾ । ਹਛਾ ! ਬਿਠਾਓ ਹੁਣ ਦਿਉਰ ਨੂੰ ਗੋਦ ਵਿਚ..... ਦੇਰ ਕਾਹਦੇ ਲਈ ਕਰੀ ਜਾਂਦੇ ਹੋ......?'' ਇਹ ਸੁਣਦੇ ਹੀ ਉਸ ਤੌਲੇ ਤੌਲੇ ਹੱਥ ਧੋਤੇ, ਚਾਵਲ ਪਤਲ ਉੱਤੇ ਰਹਿ ਗਏ 'ਤੇ ਉਹ ਖੁਸ਼ੀ ਵਿਚ ਪਾਗਲ ਹੋਇਆ ਅੰਦਰ ਦੌੜਿਆ। "ਐ ਦੇਖੋ ਐ ਨਿੱਕਾ ...ਇਹ ਵੀ ਤਾਂ ਦਿਉਰ ਹੀ ਲਗਦੈ ...ਹੁਣ ਉਸੀ ...ਉਸੀ ਜਮਦਰ ਨੂੰ ਕੌਣ ਲਭਦਾ ਫਿਰੇ......ਤੇ ਲੋੜ ਵੀ ਕੀ ਏ......?" ਦਰਵਾਜ਼ੇ ਅੰਦਰ ਪੈਰ ਧਰਦੇ ਹੀ ਮਾਂ ਦੇ ਬੋਲ ਸੁਣ ਉਸ ਨੂੰ ਲਗਾ ਜਿਵੇਂ ਉਹ ਬੜੇ ਡੂੰਘੇ ਖੂਹ ਵਿਚ ਜਾ ਡਿਗਾ ਹੋਏ । ਜਿਥੋਂ ਉਸ ਦੀ ਅਵਾਜ਼ ਵੀ ਬਾਹਰ ਨਹੀਂ ਜਾ ਸਕਦੀ। ਲਾਲਪਰੀ ਤੇ ਉਸ ਦੀ ਗੋਦ ਵਿਚ ਬੈਠਾ ਰਾਜਕੁਮਾਰ ਹੰਡੋਲੇ ਵਾਂਗ ਉਸ ਦੀਆਂ ਅੱਖਾਂ ਸਾਹਮਣੇ ਚੱਕਰ ਕਟਣ ਲਗੇ । ਉਹ ਅੰਦਰ ਕੋਠੀ ਵਿਚ ਜਾ ਕੇ ਇਕ ਮੰਜੀ ਤੇ ਲੰਮਾ ਪੈ ਗਿਆ । ਨਾ ਚਾਹੁੰਦੇ ਹੋਏ ਵੀ ਉਹ ਰਾਤ ਉਸ ਨੂੰ ਉਥੇ ਹੀ ਰਹਿਣਾ ਪਿਆ । ਹੁਣ ਤਾਂ ਉਸ ਨੂੰ ਉਹ ਰੌਣਕਾਂ, ਮੁੰਡੇ, ਕੁੜੀਆਂ, ਜ਼ਨਾਨੀਆਂ, ਹਾਸੇ, ਗੜਾਕੇ ਜ਼ਹਿਰ ਲਗਦੇ ਸਨ। ਉਹ ਕੰਨਾਂ ਵਿਚ ਉਂਗਲੀਆਂ ਦੇ ਕੇ ਸੁੱਤਾ ਰਿਹਾ ।
ਰਾਤ ਅੱਧੀ ਤੋਂ ਵੀ ਜ਼ਿਆਦਾ ਲੰਘ ਗਈ ਸੀ । ਦੂਜੇ ਕਮਰੇ ਵਿਚ ਨਵੀਂ ਵਹੁਟੀ ਨੂੰ ਸੁਆ ਕੇ ਉਸ ਦੀ ਮਾਂ ਉਸੀ ਕੋਠੜੀ ਵਿਚ ਆ ਕੇ ਮੰਜੀ ਤੇ ਲੰਮੀ ਪੈ ਰਹੀ। ਉਸ ਦਾ ਭਰਾ ਵੀ ਉਸੀ ਕਮਰੇ ਵਿਚ ਆ ਕੇ ਸੌਂ ਰਿਹਾ ਸੀ । ਭਰਾ ਨੇ ਵੀ ਉਸ ਨੂੰ ਨਾ ਬੁਲਾਇਆ। ਮਾਂ ਦਾ ਉਂਜ ਹੀ ਚੁੱਪ ਚਾਪ ਆ ਕੇ ਲੇਟਣਾ ਉਸ ਤੋਂ ਜਰਿਆ ਨਾ ਗਿਆ । ਦਿਲ ਦਾ ਗਰਮ ਗਰਮ ਲਹੂ ਅੱਖੀਆਂ ਤੋਂ ਵਗ ਟੁਰਿਆ । "ਇਹ ਲੋਕ ਮੇਰੇ ਨਾਲ ਇੰਨੀ ਨਫ਼ਰਤ ਕਿਉਂ ਕਰਦੇ ਨੇ ? ਸਿਰਫ਼ ਇਸ ਲਈ ਜੇ ਮੇਰੀ ਜੀਭ ਥਥਿਆਉਂਦੀ ਏ ? ਹੋਰ ਕੀ ਏ ਮੇਰੇ ਵਿਚ ? ਕੀ ਕਸੂਰ ਏ ? ਕੀ ਪਾਗਲਪਣ, ਏ ? ਇਹ ਮੈਨੂੰ ਜਨਮ ਦੇਣ ਵਾਲੀ ਮਾਂ, ਜਿਸ ਥੋੜਾ ਬਹੁਤਾ ਦੁੱਧ ਵੀ ਪਿਲਾਇਆ ਏ......ਇਸ ਵੀ ਮੇਰੇ ਤੋਂ ਮੂੰਹ ਮੋੜ ਲਿਤੈ, ਆਖਿਰ ਕਿਉਂ ? ਮੈਂ ਕੀ ਜ਼ੁਰਮ ਕੀਤਾ ਏ ? ਕੀ ਪਾਪ ਕੀਤੇ ਹੋਏ ਨੇ ? ਮੇਰੀ ਮਾਂ ਹੀ ਮੈਨੂੰ ਆਪਣੇ ਸਿਰ ਭਾਰ ਸਮਝਦੀ ਏ, ਹੋਰਾਂ ਦਾ ਕੀ ਕਹਿਣਾ। ਮੈਨੂੰ ਤਾਂ ਜੰਮਦੇ ਹੀ ਮਰ ਜਾਣਾ ਚਾਹੀਦਾ ਸੀ। ਜੰਮਦੇ ਹੀ......ਹਾਂ......ਚਲੋ ! ਹੁਣ ਸਹੀ। ਇਸ ਜੀਉਣੇ ਤੋਂ ਮਰਨਾ ਹੀ ਚੰਗਾ ।" ਕੋਸੇ ਕੋਸੇ ਅੱਥਰੂ ਕੰਨ ਕੋਲ ਪੁੱਜਦੇ ਗਏ ਤੇ ਕੁਝ ਮੰਜੀ ਦੀ ਬਾਹੀ ਵਿਚ ਅਭੇਦ ਹੁੰਦੇ ਰਹੇ । ਪਰ ਉਹ ਮਰਨੇ ਦੀਆਂ ਸਕੀਮਾਂ ਸੋਚਦਾ ਪਿਆ ਸੀ । ‘ਗੱਡੀ ਹੇਠ ਆ ਕੇ ?" "ਨਹੀਂ ਨਹੀਂ ਉਸ ਦੇ ਜਿਸਮ ਉੱਤੇ ਸਰਕੰਡੇ ਉਭਰ ਆਏ ਤੇ ਅੱਖਾਂ 'ਚ ਹੋਟਲ ਦੇ ਸਾਹਮਣੇ ਗੱਡੀ ਹੇਠ ਆਏ ਹੋਏ ਆਦਮੀ ਦੀ ਲਹੂ ਨਾਲ ਲੱਥ ਪੱਥ ਹੱਡੀ ਪਸਲੀ ਇਕ ਹੋਈ ਨੁਹਾਰ ਫਿਰ ਗਈ । “ਖੂਹ ਵਿਚ ਛਾਲ ਮਾਰਦਿਆਂ ?' ਉਸ ਨੂੰ ਹੋਟਲ ਉੱਤੇ ਬੈਠੇ ਇਕ ਗਾਹਕ ਦੀ ਗੱਲ ਚੇਤੇ ਆਈ ਜਿਹੜਾ ਸੁਣਾ ਰਿਹਾ ਸੀ ਜਿਹੜੀ ਜ਼ਨਾਨੀ ਪਰਸੋਂ ਖੂਹ ਵਿਚੋਂ ਕੱਢੀ ਸੀ। ਉਸ ਦੀ ਜਿੰਦ ਆਫਰ ਗਈ ਸੀ......ਉਹ ਤਾਂ ਤੱਕੀ ਨਹੀਂ ਸੀ ਜਾਂਦੀ।” ਉਸ ਦੀ ਨਿਕੀ ਜਿਹੀ ਜਿੰਦ ਫਿਰ ਕੰਬ ਗਈ । ‘ਫਿਰ ਕੀ ਕਰਾਂ ?'' ਬੜੀ ਬੇਚੈਨੀ ਨਾਲ ਉਸ ਪਾਸਾ ਪਰਤਿਆ ਤਾਂ ਕੰਨਾਂ ਵਿਚ ਫੁਸਰ ਫੁਸਰ ਦੀ ਅਵਾਜ਼ ਆਈ। ਕੰਨਸੋਅ ਲਈ ਤਾਂ ਪਤਾ ਲਗਾ ਜੇ ਮਾਂ ਪੁੱਤਰ ਦੋਵੇਂ ਜਾਗ ਰਹੇ ਸਨ "ਕੁਝ ਤਾਂ ਉੱਥੇ ਜਗ ਲੂਤਰ ਹੀ ਲਗ ਗਏ ਬਾਕੀ ਪੰਜਾਸੀ ਗੱਡੀ ਵਾਲੇ ਨੂੰ ਦੇ ਦਿਤੇ । ਬਾਕੀ ਜਿਹੜੇ ਥੋੜੇ ਬਹੁਤ ਬੱਚੇ ਆਉਂਦੇ ਆਉਂਦੇ ਸਬਜ਼ੀ ਉਬਜ਼ੀ ਵੀ ਖ੍ਰੀਦੀ ਤੇ ਹੁਣ ਮਸਾਂ ਮੇਰੇ ਕੋਲ ਰੁਪਿਆ ਦੋ ਰੁਪਏ ਹੋਣਗੇ" ਪੁੱਤਰ ਦੀ......ਆਪਣੇ ਵੱਡੇ ਭਰਾ ਦੀ ਅਵਾਜ਼ ਉਸ ਪਛਾਣ ਲਈ ।
"ਲੈ.......ਅਜੇ ਪਰਸੋਂ ਤਾਂ ਡੋਲੀ ਵੀ ਵਾਪਸ ਭੇਜਣੀ ਏ......ਤੇ ਘੱਟ ਤੋਂ ਘੱਟ ਪੰਜਾਹ ਸੱਠ ਹੋਰ ਲਗਣਗੇ......ਮੇਰੇ ਕੋਲ ਤਾਂ ਮਸਾਂ ਦੱਸ ਬਾਰ੍ਹਾਂ ਹੀ ਹੋਣਗੇ" ਮਾਂ ਵਿਚੋ ਹੀ ਬੋਲ ਪਈ ਮੈਂ ਈਹਾ ਸੋਚ ਰਹੀ ਹਾਂ ਪੁੱਤਰਾ...... ਅੱਗੇ ਹੀ ਸਾਰਿਆਂ ਤੋਂ ਲਿਤੇ ਹੋਏ ਨੇ...... ਤੇ ਲੈਣੇ ਸੌਖੇ ਵੀ ਕਿੰਨੇ ਕੁ ਨੇ... ਮੁਕਾਣੇ ਵੀ ਕਿੰਝ ਹੋਏ ?'' ਉਸ ਦੇ ਭਰਾ ਦੀ ਅਵਾਜ਼ ਸੀ।
"ਹੁਣ ਵਾਲਾ ਤਾਂ ਵਕਤ ਕੱਢ ... ...ਚੰਨੂੰ ਦੀ ਜਿੰਨੀ ਤਨਖਾਹ ਏ......ਸਾਰੀ ਬੱਧੀ ਮੁਕੀ ਦੇ ਛੱਡਾਂਗੇ......ਉਸ ਜਮਦਰ ਕਿਹੜਾ ਹਿਸਾਬ ਲੈਣਾ ਏ......।"
ਮਾਂ ਦੀ ਗੱਲ ਸੁਣਦੇ ਹੀ ਉਸ ਦੇ ਹੋਠਾਂ ਤੇ ਹਾਸਾ ਖਿਲਰ ਗਿਆ । ਚਲੋ, ਉਸ ਦੀ ਨਾ ਸਹੀ ਉਸਦੀ ਕਮਾਈ ਦੀ ਤਾਂ ਲੋੜ ਹੈ ਨਾ...... ਉਸ ਦਾ ਜੀਵਨ ਬੇ-ਅਰਥ ਤਾਂ ਨਹੀਂ । ਫਿਰ ਉਹ ਮਰਨਾ ਕਿਉਂ ਸੋਚ ਰਿਹਾ ਸੀ ? ਉਸ ਨੂੰ ਤਾਂ ਜੀਉਣਾ ਚਾਹੀਦੈ...... ਜੀਉਣਾ। ਉਸ ਦੇ ਮੂੰਹ ਤੇ ਗੰਭੀਰਤਾ ਛਾ ਗਈ ਤੇ ਹੋਠ ਆਪਣੇ ਆਪ ਫਰਕਣ ਲਗ ਪਏ ਉਹ ਚੰਨੂੰ, ਤੂੰ ਜਿਸ ਜੀਉਣ ਨੂੰ ਭਾਰ ਸਮਝ ਰਿਹੈਂ...... ਉਸ ਤੋਂ ਤਾਂ ਇਹ ਲੋਕ ਆਸਾਂ ਲਾਈ ਬੈਠੇ ਨੇ। ਚੱਲ, ਆਪਣੇ ਲਈ ਨਾ ਸਹੀ ਇਨ੍ਹਾਂ ਲਈ ਹੀ ਸਹੀ। ਜੀਵਨ ਦੀ ਇਸ ਕੌੜੱਤਣ ਨੂੰ ਪੀ ਜਾ। ਉਸ ਦੀ ਰੱਗ ਰੱਗ 'ਚ ਜੋਸ਼ ਭਰ ਗਿਆ ਤੇ ਉਸ ਨੂੰ ਲਗਾ ਚੌਹਾਂ ਪਾਸੋਂ ਜ਼ਿੰਦਗੀ ਹੀ ਜ਼ਿੰਦਗੀ ਏ ਤੇ ਉਹ ਮਖਮਲੀ ਗਦੈਲੇ ਉੱਤੇ ਲੇਟਿਆ ਇਕ ਬਾਦਸ਼ਾਹ ਹੈ, ਜਿਸ ਦੇ ਮਹੱਲਾਂ ਦੇ ਦਰਵਾਜ਼ੇ ਉੱਤੇ ਨੋਟ ਹੀ ਨੋਟ ਵੰਡੀਂਦੇ ਪਏ ਨੇ । ਉਸ ਨੇ ਬੜੇ ਠਾਠ ਨਾਲ ਇਕ ਨਜ਼ਰ ਮਹੱਲ ਦੇ ਦਰਵਾਜ਼ੇ ਉੱਤੇ ਖਲੋਤੇ ਭਿਖਾਰੀਆਂ ਵਲ ਫੇਰੀ ਤੇ ਉਸ ਨੂੰ ਲਗਿਆ ਮੰਗਤਿਆਂ ਦੀ ਕਤਾਰ ਵਿਚ ਉਸ ਦਾ ਭਰਾ ਵੀ ਖਲੋਤਾ ਹੈ ।
ਪਹੁ ਫੁਟਦੇ ਹੀ ਉਹ ਉੱਠ ਪਿਆ । ਇਕ ਨਜ਼ਰ ਕਮਰੇ 'ਚ ਫੇਰੀ । ਥੱਕੇ ਟੁੱਟੇ ਤੇ ਅੱਧੀ ਰਾਤ ਤੀਕ ਗਲਾਂ ਕਰਨੇ ਵਾਲੇ ਮਾਂ ਪੁੱਤਰ ਸੁੱਤੇ ਹੋਏ ਸਨ। ਉਸ ਖੀਸੇ 'ਚੋਂ ਬਟੂਆ ਕਢਿਆ । ਪੰਜਾਂ ਪੰਜਾਂ ਦੇ ਮਰੋੜੇ ਹੋਏ ਦੱਸ ਬਾਰ੍ਹਾਂ ਨੋਟ ਸਨ। ਸਾਰੇ ਨੋਟ ਮਾਂ ਦੇ ਪੈਰਾਂ 'ਚ ਰਖ, ਬਟੂਆ ਛਾਤੀ ਨਾਲ ਲਗਾ ਉਹ ਬਾਹਰ ਨਿਕਲ ਗਿਆ।
ਸੂਰਜ ਦੀ ਟਿੱਕੀ ਨਿਕਲ ਰਹੀ ਸੀ.........ਗੱਡੀ 'ਚ ਬੈਠੇ ਬੈਠੇ ਆਪ ਮੁਹਾਰੀ ਹੱਸਦਾ ਉਹ ਵਾਪਸ ਆ ਰਿਹਾ ਸੀ......ਆਪਣੇ ਉਸ ਘਰ ...ਜਿਥੇ ਸੁਆਹ ਦੇ ਖੜੂਚੇ ਤੇ ਭਾਂਡਿਆਂ ਦਾ ਰੁੱਖਾ ਸੰਗੀਤ ਉਸ ਨੂੰ ਉਡੀਕ ਰਿਹਾ ਸੀ।
(ਅਨੁਵਾਦ : ਚੰਦਨ ਨੇਗੀ)