Jaraan Di Talash (Story in Punjabi) : Ram Lal

ਜੜਾਂ ਦੀ ਤਲਾਸ਼ (ਕਹਾਣੀ) : ਰਾਮ ਲਾਲ

ਹਨੀਮੂਨ ਦੇ ਮਹੀਨੇ ਵਿਚ ਹਰ ਵੇਲੇ ਇਕ ਦੂਜੇ ਦੇ ਨੇੜੇ ਰਹਿਣਾ ਹੀ ਨਵੇਂ ਜੋੜੇ ਲਈ ਸਭ ਤੋਂ ਵੱਡਾ ਸ਼ੁਗਲ ਸੀ। ਉਹ ਇਕ ਪਲ ਲਈ ਵੀ ਇਕ ਦੂਜੇ ਤੋਂ ਦੂਰ ਨਹੀਂ ਸੀ ਹੁੰਦੇ। ਇਕ ਦਿਨ ਸੁਰਿੰਦਰ ਪੂਨੀ ਨੇ ਉਸਨੂੰ ਕਿਹਾ...:
“ਹੁਣ ਆਪਾਂ ਇੱਥੇ ਜਿੰਨੇ ਵੀ ਦਿਨ ਹੋਰ ਰਹਾਂਗੇ, ਸਾਡੇ ਕਿਸੇ ਨਾ ਕਿਸੇ ਰਿਸ਼ਤੇਦਾਰ ਦੇ ਘਰ ਫੇਰਾ ਪਾਇਆ ਕਰਾਂਗੇ। ਇਸ ਸ਼ਹਿਰ ਵਿਚ ਸਾਡੇ ਖ਼ਾਨਦਾਨ ਦੇ ਬਹੁਤ ਸਾਰੇ ਲੋਕ ਰਹਿੰਦੇ ਨੇ—ਕਈਆਂ ਦੇ ਤਾਂ ਮੈਂ ਨਾਂ ਵੀ ਨਹੀਂ ਜਾਣਦਾ! ਆਪਾਂ ਉਹਨਾਂ ਨੂੰ ਪਹਿਲੀ ਵਾਰੀ ਮਿਲਾਂ ਤੇ ਦੇਖਾਂਗੇ!”
ਸੁਨੀਤਾ ਦੇ ਚਿਹਰੇ ਉੱਤੇ ਹੈਰਾਨੀ ਛਾ ਗਈ। ਮੋਢਿਆਂ ਤਕ ਕੱਟੇ ਤੇ ਝੂਲਦੇ ਹੋਏ ਵਾਲਾਂ ਵਿਚਕਾਰ ਉਸਦਾ ਹੈਰਾਨ-ਹੈਰਾਨ ਜਿਹਾ ਚਿਹਰਾ ਹੋਰ ਵੀ ਹੁਸੀਨ ਲੱਗਣ ਲੱਗ ਪਿਆ। ਉਹਨਾਂ ਦੇ ਵਿਆਹ ਪਿੱਛੋਂ ਸੁਰਿੰਦਰ ਦੇ ਸਿਰਫ ਇਕ ਚਾਚੇ ਦਾ ਖ਼ਤ ਆਇਆ ਸੀ ਉਹਨਾਂ ਨੂੰ—'ਹਨੀਮੂਨ ਦਿੱਲੀ ਆ ਕੇ ਮਨਾਓ। ਤੁਹਾਡੇ ਦੋਵਾਂ ਦੇ ਰਹਿਣ ਲਈ ਮੈਂ ਆਪਣਾ ਗੈਸਟ-ਹਾਊਸ ਖ਼ਾਲੀ ਰੱਖਾਂਗਾ।'
ਪਰ ਉਹਨਾਂ ਆਪਣੀ ਤੇ ਮੇਜ਼ਬਾਨ ਦੀ ਆਜ਼ਾਦੀ ਬਾਰੇ ਸੋਚ ਕੇ ਇਕ ਹੋਟਲ ਵਿਚ ਰਹਿਣਾ ਵਧੇਰੇ ਠੀਕ ਸਮਝਿਆ ਸੀ। ਹਾਂ, ਕਦੀ ਕਦੀ ਉਹ ਚਾਚੇ ਦੇ ਘਰ ਵੀ ਹੋ ਆਉਂਦੇ ਸਨ—ਤੇ ਆਂਟੀ, ਬਿਕਰਮ, ਰੀਤਾ ਤੇ ਪੰਮੀ ਨਾਲ ਗੱਪਸ਼ੱਪ ਕਰਕੇ ਪਰਤ ਆਉਂਦੇ ਸਨ। ਇੱਥੋਂ ਤਕ ਤਾਂ ਸਭ ਠੀਕ ਸੀ—ਪਰ ਸੁਰਿੰਦਰ ਦਾ ਆਪਣੇ ਹਰੇਕ ਜਾਣੇ-ਅਣਜਾਣੇ ਰਿਸ਼ਤੇਦਾਰ ਦੇ ਘਰ ਵਿਜਟ ਕਰਨ ਦਾ ਇਹ ਫ਼ੈਸਲਾ, ਸੱਚਮੁੱਚ ਹੀ ਉਸ ਲਈ ਹੈਰਾਨੀ ਭਰਿਆ ਸੀ। ਉਹ ਨਹੀਂ ਸੀ ਚਾਹੁੰਦੀ ਕਿ ਬਿਨਾਂ ਬੁਲਾਏ ਆਪਣੇ ਜਾਂ ਸਹੁਰਿਆਂ ਦੇ ਕਿਸੇ ਵੀ ਰਿਸ਼ਤੇਦਾਰ ਦੇ ਘਰ ਜਾਇਆ ਜਾਏ। ਇੰਜ ਉਸਦੇ ਸਵੈਮਾਨ ਨੂੰ ਧੱਕਾ ਲੱਗਦਾ ਸੀ। ਪਰ ਗੱਲ ਮੂੰਹੋਂ ਕਹਿਣ ਦੇ ਬਜਾਏ ਉਸਨੇ ਆਪਣੇ ਪਤੀ ਵਲ ਬੜੀਆਂ ਖ਼ਾਮੋਸ਼ ਜਿਹੀਆਂ ਨਜ਼ਰਾਂ ਨਾ ਤੱਕਿਆ—ਜੇ ਉਹ ਆਪੇ ਸਮਝ ਜਾਏ ਤਾਂ ਚੰਗਾ ਹੈ!
ਸੁਰਿੰਦਰ ਉਸਦੀ ਖ਼ੂਬਸੂਰਤ ਸੂਤਵੀਂ ਨੱਕ ਨੂੰ ਛੂਹ ਕੇ ਬੋਲਿਆ, “ਮੈਂ ਜਾਣਦਾਂ, ਤੇਰੀ ਇਹ ਉੱਚੀ ਨੱਕ ਨੀਵੀਂ ਨਹੀਂ ਹੋਣੀ ਚਾਹੀਦੀ। ਮੈਨੂੰ ਵੀ ਆਪਣੀ ਨੱਕ ਦੀ ਇੱਜ਼ਤ ਦਾ ਬੜਾ ਖ਼ਿਆਲ ਰਹਿੰਦਾ ਏ—ਭਾਵੇਂ ਬਨਾਵਟ ਵਿਚ ਇਹ ਜ਼ਰਾ ਮਿੱਡੀ ਈ ਏ। ਉਂਜ ਉਹਨਾਂ ਲੋਕਾਂ ਦੇ ਘਰੀਂ ਜਾਣ ਦੇ ਸਾਨੂੰ ਕਈ ਫਾਇਦੇ ਵੀ ਹੋਣਗੇ। ਵਿਆਹ ਤੋਂ ਪਹਿਲਾਂ ਮੈਂ ਤੈਨੂੰ ਦੱਸਿਆ ਸੀ ਕਿ ਮੇਰਾ ਸੰਬੰਧ ਕਿਸੇ ਮਾਲਦਾਰ ਖ਼ਾਨਦਾਨ ਨਾਲ ਨਹੀਂ—ਮੇਰੇ ਦਾਦਾ ਜੀ ਬੜੇ ਗਰੀਬ ਸਨ। ਅੱਜ ਜੋ ਕੁਝ ਵੀ ਸਾਡੇ ਕੋਲ ਹੈ, ਮੇਰੇ ਡੈਡੀ ਦੀਆਂ ਆਪਣੀਆਂ ਕੋਸ਼ਿਸ਼ਾਂ ਦਾ ਨਤੀਜਾ ਈ ਏ। ਤੇ ਜੇ ਮੈਂ ਪੜ੍ਹ-ਲਿਖ ਕੇ ਇਕ ਚੰਗੀ ਪੋਸਟ ਉੱਤੇ ਲੱਗਣ ਵਿਚ ਕਾਮਯਾਬ ਹੋ ਗਿਆਂ, ਤਾਂ ਇਸ ਵਿਚ ਵੀ ਡੈਡੀ ਵੱਲੋਂ ਲਗਾਤਾਰ ਦਿੱਤੀ ਗਈ ਹੱਲਾਸ਼ੇਰੀ ਦਾ ਬੜਾ ਵੱਡਾ ਹੱਥ ਏ। ਪਰ ਮੇਰੀ ਇਹ ਹੈਸੀਅਤ ਏਡੇ ਵੱਡੇ ਪਰਿਵਾਰ ਵਿਚ ਸਿਰਫ ਇਕ ਟਾਪੂ ਵਰਗੀ ਏ। ਜਿਹੜਾ ਖ਼ਾਨਦਾਨ ਸੌ ਸਾਲ ਤੋਂ ਵੱਧ ਗਰੀਬੀ ਦੇ ਸਮੁੰਦਰ ਵਿਚ ਗੋਤੇ ਖਾਂਦਾ ਰਿਹਾ ਹੋਏ—ਹੋ ਸਕਦਾ ਏ ਉਸ ਵਿਚ ਅਜਿਹੇ ਕੁਝ ਹੋਰ ਟਾਪੂ ਵੀ ਹੋਣ! ਉਹਨਾਂ ਨੂੰ ਅਸੀਂ ਦੋਵੇਂ ਮਿਲ ਕੇ ਪਹਿਲੀ ਵਾਰੀ ਤਲਾਸ਼ ਕਰਾਂਗੇ—ਤੇ ਇਹ ਸਾਡੇ ਲਈ ਕਿੰਨਾ ਦਿਲਚਸਪ ਹੋਏਗਾ, ਇਸ ਗੱਲ ਦਾ ਅੰਦਾਜ਼ਾ ਤੂੰ ਆਪ ਲਾ ਸਕਦੀ ਏਂ।”
ਸੁਰਿੰਦਰ ਆਪਣੀ ਪਤਨੀ ਵੱਲ ਦੇਖ ਕੇ ਮੁਸਕੁਰਾਉਣ ਲੱਗ ਪਿਆ ਜਿਹੜੀ ਜੀਨਜ਼ ਤੇ ਸ਼ਰਟ ਪਾਈ ਉਸਦੇ ਸਾਹਮਣੇ ਆਪਣੀਆਂ ਅੱਖਾਂ ਵਿਚ ਮੁਹੱਬਤ ਤੇ ਚਾਹਤ ਦੀਆਂ ਵਿਸ਼ਾਲ ਤੇ ਡੂੰਘੀਆਂ ਝੀਲਾਂ ਸਮੇਟੀ ਖੜ੍ਹੀ ਸੀ। ਸੁਨੀਤਾ ਦੀਆਂ ਨਜ਼ਰਾਂ ਉਸਦੀ ਨੱਕ ਉੱਤੇ ਟਿਕੀਆਂ ਹੋਈਆਂ ਸਨ, ਜਿਸ ਬਾਰੇ ਉਸਨੇ ਹੁਣੇ ਹੁਣੇ ਕਿਹਾ ਸੀ ਕਿ ਉਹ ਉਸਦੀ ਨੱਕ ਜਿੰਨੀ ਸੋਹਣੀ ਨਹੀਂ—ਪਰ ਉਹ ਤਾਂ ਉਸਦੇ ਚਿਹਰੇ ਉੱਤੇ ਬਿਲਕੁਲ ਫੱਬ ਰਹੀ ਸੀ ਤੇ ਕਾਫੀ ਦਿਲਕਸ਼ ਵੀ ਲੱਗ ਰਹੀ ਸੀ। ਉਸਨੇ ਅੱਗੇ ਵਧ ਕੇ ਆਪਣੇ ਪਤੀ ਦੇ ਗਲ਼ ਵਿਚ ਬਾਹਾਂ ਪਾ ਦਿੱਤੀਆਂ ਤੇ ਉਸਦੀ ਨੱਕ ਦੇ ਬਾਂਸੇ ਦੀ ਨਿੱਕੀ ਜਿਹੀ ਚੁੰਮੀਂ ਲੈ ਕੇ ਕਿਹਾ, “ਇਸ ਐਡਵੈਂਚਰ ਵਿਚ ਮੈਂ ਤੁਹਾਡਾ ਪੂਰਾ ਪੂਰਾ ਸਾਥ ਦਿਆਂਗੀ—ਤੇ ਕਹੋਗੇ ਤਾਂ ਇਸ ਬਾਰੇ ਨੋਟਿਸ ਵੀ ਤਿਆਰ ਕਰਦੀ ਰਹਾਂਗੀ ਤਾਂਕਿ ਤੁਸੀਂ ਆਪਣੇ ਵੰਸ਼-ਬਿਰਖ ਦੀ ਪੂਰੀ ਹਿਸਟਰੀ ਲਿਖ ਸਕੋ, ਜਿਵੇਂ ਕੁਝ ਪੜ੍ਹੇ-ਲਿਖੇ ਪਰਿਵਾਰਾਂ ਵਿਚ ਰਿਵਾਜ਼ ਹੈ। ਮੈਨੂੰ ਯਾਦ ਆ ਰਿਹਾ ਏ, ਮੇਰੇ ਵੱਡੇ ਤਾਇਆ ਜੀ ਕੋਲ ਵੀ ਇਕ ਰਜਿਸਟਰ ਹੁੰਦਾ ਸੀ। ਉਸ ਵਿਚ ਉਹ ਸਾਰੀ ਫੈਮਿਲੀ ਵਿਚ ਪੈਦਾ ਹੋਣ ਤੇ ਮਰ ਜਾਣ ਵਾਲਿਆਂ ਦੇ ਸੰਬੰਧ ਵਿਚ ਪੂਰੀ ਜਾਣਕਾਰੀ ਲਿਖਦੇ ਰਹਿੰਦੇ ਸਨ। ਕਿਸੇ ਸ਼ਾਦੀ ਵਿਚ ਮੇਰੀ ਉਮਰ ਦੀਆਂ ਕਈ ਕੁੜੀਆਂ ਤੇ ਮੁੰਡੇ 'ਕੱਠੇ ਹੋਏ ਹੋਏ ਸਨ—ਉਹ ਰਜਿਸਟਰ ਅਚਾਨਕ ਸਾਡੇ ਹੱਥ ਲੱਗ ਗਿਆ। ਅਸੀਂ ਸਾਰਿਆਂ ਨੇ ਬੜੀ ਦਿਲਚਸਪੀ ਨਾਲ ਸਾਰੇ ਹਾਲਾਤ ਪੜ੍ਹੇ, ਤੇ ਉਸ ਵਿਚ ਲਿਖੇ ਆਪਣੇ ਨਾਂ ਦੇਖ ਕੇ ਬੜੇ ਖ਼ੁਸ਼ ਹੋਏ।”
ਸੁਰਿੰਦਰ ਉਸਨੂੰ ਆਪਣੇ ਪ੍ਰੋਜੈਕਟ ਨਾਲ ਸਹਿਮਤ ਦੇਖ ਕੇ ਬੜਾ ਖ਼ੁਸ਼ ਹੋਇਆ। ਉਸਨੇ ਆਪਣੀ ਡਾਇਰੀ ਦੇ ਸਫ਼ੇ ਪਲਟਦਿਆਂ ਹੋਇਆਂ ਕਿਹਾ, “ਦੋ ਸਾਲ ਪਹਿਲਾਂ ਜਦ ਮੇਰੇ ਡੈਡੀ ਸਵਰਗਵਾਸ ਹੋਏ ਸਨ ਤਾਂ ਮੈਂ ਉਹਨਾਂ ਦੇ ਫੁੱਲ ਪਾਉਣ ਹਰਿਦੁਆਰ ਗਿਆ ਸਾਂ। ਉੱਥੇ ਮੈਨੂੰ ਇਕ ਖਾਸਾ ਬੁੱਢਾ ਪੰਡਾ ਮਿਲਿਆ, ਜਿਸ ਕੋਲ ਸਾਡੇ ਪਰਿਵਾਰ ਦੀਆਂ ਪਿਛਲੀਆਂ ਕਈ ਪੀੜ੍ਹੀਆਂ ਦੇ ਨਾਂ ਲਿਖੇ ਹੋਏ ਸਨ। ਇਹ ਹਿੰਦੁਸਤਾਨ ਦੇ ਹਰੇਕ ਤੀਰਥ ਸਥਾਨ ਉੱਤੇ ਰਹਿਣ ਵਾਲੇ ਪੰਡਿਆਂ ਦਾ ਖ਼ਾਨਦਾਨੀ ਪੇਸ਼ਾ ਏ। ਉਹ ਲਗਾਤਾਰ ਹਰੇਕ ਯਾਤਰੀ ਦਾ ਪੁਸ਼ਤ ਦਰ ਪੁਸ਼ਤ ਰਿਕਾਰਡ ਰੱਖਦੇ ਆ ਰਹੇ ਨੇ।...ਤੇ ਇਸ ਮਕਸਦ ਲਈ ਉਹਨਾਂ ਨੇ ਪੂਰੇ ਦੇਸ਼ ਨੂੰ ਸੂਬਿਆਂ, ਜ਼ਿਲਿਆਂ, ਪਿੰਡਾਂ ਤੇ ਜਾਤਾਂ-ਪਾਤਾਂ ਅਨੁਸਾਰ ਆਪਸ ਵਿਚ ਵੰਡਿਆ ਹੋਇਆ ਏ। ਕੋਈ ਵੀ ਪੰਡਾ ਯਾਤਰੀ ਦਾ ਨਾਂ ਤੇ ਪਤਾ ਪੁੱਛ ਕੇ ਉਸਨੂੰ ਸਹੀ ਪੰਡੇ ਕੋਲ ਭੇਜ ਦੇਂਦਾ ਏ। ਮੈਂ ਆਪਣੇ ਪੰਡੇ ਦਾ ਰਿਕਾਰਡ ਦੇਖ ਕੇ ਇਹ ਜਾਣਕਾਰੀ ਪ੍ਰਾਪਤ ਕੀਤੀ ਤੇ ਨੋਟ ਕਰ ਲਈ ਕਿ ਸਾਡੇ ਵਡੇਰਿਆਂ ਵਿਚੋਂ ਸਤਾਰਵੀਂ ਸਦੀ ਵਿਚ ਇਕ ਜੈ ਨਾਥ ਨਾਂ ਦਾ ਆਦਮੀ ਸੂਬਾ ਸਰਹੱਦ ਦੇ ਕੋਹਾਟ ਜ਼ਿਲੇ ਵਿਚੋਂ ਕੁਝ ਲੋਕਾਂ ਨਾਲ ਘੋੜੇ ਉੱਤੇ ਸਵਾਰ ਹੋ ਕੇ ਪਹਿਲੀ ਵਾਰੀ ਗੰਗਾ ਇਸ਼ਨਾਨ ਕਰਨ ਲਈ ਹਰਿਦੁਆਰ ਗਿਆ ਸੀ। ਆਪਣੇ ਨਾਲ ਉਹ ਦੋ ਗੁਆਂਢੀ ਬਜ਼ੁਰਗਾਂ ਦੇ ਫੁੱਲ ਵੀ ਲੈ ਕੇ ਗਿਆ ਸੀ—ਗੰਗਾ ਵਿਚ ਪਰਵਾਹ ਕਰਨ ਖਾਤਰ।”
“ਕਿਉਂ!...ਉਹ ਗੁਆਂਢੀ ਆਪ ਕਿਉਂ ਨਹੀਂ ਸੀ ਗਏ, ਫੁੱਲ ਲੈ ਕੇ?” ਸੁਨੀਤਾ ਨੇ ਹੈਰਾਨੀ ਨਾਲ ਪੁੱਛਿਆ।
“ਕਹਿੰਦੇ ਨੇ, ਉਸ ਜ਼ਮਾਨੇ ਵਿਚ ਅਜੇ ਰੇਲ ਗੱਡੀ ਨਹੀਂ ਸੀ ਚੱਲੀ। ਸਾਰੇ ਲੋਕ ਏਡਾ ਲੰਮਾਂ ਸਫ਼ਰ ਨਹੀਂ ਸਨ ਕਰ ਸਕਦੇ ਕਿਉਂਕਿ ਸਫ਼ਰ ਲਈ ਕਾਫੀ ਸਫਰ-ਖਰਚ ਦੀ ਲੋੜ ਹੁੰਦੀ ਸੀ, ਤੇ ਰਸਤੇ ਵਿਚ ਲੁੱਟ ਲਏ ਜਾਣ ਦਾ ਵੀ ਖਤਰਾ ਹੁੰਦਾ ਸੀ।...ਤੇ ਉਹਨਾਂ ਦੇ ਦਿਲ ਵਿਚ ਇਹ ਵਿਸ਼ਵਾਸ ਵੀ ਭਰ ਦਿੱਤਾ ਗਿਆ ਸੀ ਕਿ ਜਿਹੜਾ ਵੀ ਮਜ਼ਬੂਰ ਤੇ ਲਾਚਾਰ ਲੋਕਾਂ ਦੇ ਸਕੇ-ਸਬੰਧੀਆਂ ਦੇ ਫੁੱਲ ਲੈ ਜਾ ਕੇ ਗੰਗਾ ਵਿਚ ਪਾਏਗਾ, ਮਰਨ ਪਿੱਛੋਂ ਉਸਦੇ ਫੁੱਲ ਵੀ ਜ਼ਰੂਰ ਗੰਗਾ ਪਹੁੰਚਣਗੇ।”
ਸੂਨੀਤਾ ਆਪਣੇ ਛਲਕ ਛਲਕ ਕੇ ਅੱਗੇ ਆਉਂਦੇ ਹੋਏ ਵਾਲਾਂ ਨੂੰ ਦੋਵਾਂ ਹੱਥਾਂ ਨਾਲ ਸਮੇਟ ਕੇ ਡਾਇਰੀ ਉੱਤੇ ਝੁਕ ਗਈ। ਫੇਰ ਆਪਣੇ ਪਤੀ ਦੇ ਲਿਖੇ, ਆਪਣੇ ਵਡੇਰਿਆਂ ਦੇ ਨਾਵਾਂ ਦੀ ਲਿਸਟ ਪੜ੍ਹਦੀ ਹੋਈ ਬੋਲੀ, “ਜੈ ਨਾਥ ਦੇ ਚਾਰ ਪੁੱਤਰ ਹੋਏ। ਰਾਮ ਸਰੂਪ, ਜੇਠਾ ਮੱਲ ਤੇ—ਤੇ ਦੋ ਦੇ ਨਾਂ ਹੀ ਨਹੀਂ ਲਿਖੇ ਇੱਥੇ! ਕਿਉਂ-ਜੀ?”
ਉਸਨੇ ਉਸੇ ਤਰ੍ਹਾਂ ਡਾਇਰੀ ਵਲ ਦੇਖਦਿਆਂ ਹੋਇਆਂ ਹੀ ਪੁੱਛਿਆ ਸੀ।
“ਪਤਾ ਨਹੀਂ!”
ਸੁਰਿੰਦਰ ਵੀ ਉਸਦੇ ਸਿਰ ਨਾਲ ਸਿਰ ਜੋੜ ਕੇ ਬੈਠ ਗਿਆ ਤੇ ਪੜ੍ਹਨ ਲੱਗਿਆ।
“ਸ਼ਾਇਦ ਉਸ ਜ਼ਮਾਨੇ ਦੇ ਲੋਕ ਏਨੇ ਪੜ੍ਹੇ ਲਿਖੇ ਨਹੀਂ ਸੀ ਹੁੰਦੇ—ਉਹ ਜੋ ਕੁਝ ਦੱਸ ਦੇਂਦੇ, ਪੰਡੇ ਉਹੀ ਲਿਖ ਲੈਂਦੇ ਹੋਣਗੇ ਤੇ ਕਿਤੇ ਨਾ ਕਿਤੇ ਉਹ ਆਪ ਵੀ ਕੁਝ ਨਾ ਕੁਝ ਲਿਖਣਾ ਭੁੱਲ ਜਾਂਦੇ ਹੋਣਗੇ। ਅੱਗੇ ਦੇਖ—ਅੱਗੇ ਲਿਖਿਆ ਏ, ਰਾਮ ਸਰੂਪ ਆਪਣੇ ਪਿਤਾ ਜੈ ਨਾਥ ਤੇ ਮਾਤਾ ਫੂਲਾਂ ਦੇ ਫੁੱਲ ਲੈ ਕੇ ਆਇਆ। ਇੱਥੇ ਜਿਹੜਾ ਬਿਕਰਮੀ ਸੰਮਤ ਲਿਖਿਆ ਹੋਇਆ ਏ, ਉਸਦੇ ਅਨੁਸਾਰ 1850 ਈਸਾ ਸਨ ਬਣਦਾ ਹੈ—ਯਾਨੀ, ਉਦੋਂ ਤਕ ਅੰਗਰੇਜ਼ਾਂ ਦੇ ਵਿਰੁੱਧ ਆਜ਼ਾਦੀ ਦੀ ਪਹਿਲੀ ਲੜਾਈ ਸ਼ੁਰੂ ਨਹੀਂ ਸੀ ਹੋਈ।”
“ਇਹ ਹਿਸਾਬ ਕਿਤਾਬ ਗ਼ਲਤ ਜਾਪਦਾ ਏ!” ਸੁਨੀਤਾ ਨੇ ਖੁੱਲ੍ਹੀ ਹੋਈ ਡਾਇਰੀ ਉੱਤੇ ਦੋਵੇਂ ਹੱਥ ਰੱਖ ਲਏ ਤੇ ਸਿਰ ਉਤਾਂਹ ਚੁੱਕਿਆ, “ਸਤਾਰਵੀਂ ਸਦੀ ਤੋਂ ਇਕੋਦਮ ਉਨੀਵੀਂ ਸਦੀ ਵਿਚ ਛਾਲ ਨਹੀਂ ਮਾਰੀ ਜਾ ਸਕਦੀ!...ਤੇ ਇਹ ਤਾਂ ਕਿਸੇ ਤਰ੍ਹਾਂ ਵੀ ਨਹੀਂ ਹੋ ਸਕਦਾ ਕਿ ਜੈ ਨਾਥ ਦੋ ਸੌ ਸਾਲ ਜਿਉਂਦਾ ਰਿਹਾ ਹੋਏ ਤੇ ਉਸਦਾ ਪੁੱਤਰ ਰਾਮ ਸਰੂਪ ਲਗਭਗ ਡੇਢ ਸੌ ਸਾਲ ਦੀ ਉਮਰ ਵਿਚ ਉਸਦੇ ਫੁੱਲ ਪਾਉਣ ਹਰਿਦੁਆਰ ਗਿਆ ਹੋਏ!”
“ਹਾਂ, ਵਾਕਈ! ਇੰਜ ਨਹੀਂ ਹੋ ਸਕਦਾ।” ਉਹ ਵੀ ਸੋਚਾਂ ਵਿਚ ਪੈ ਗਿਆ, “ਲਿਖਣ ਵਿਚ ਸ਼ਾਇਦ ਮੈਥੋਂ ਈ ਕੋਈ ਥੋੜ੍ਹੀ-ਬਹੁਤ ਗ਼ਲਤੀ ਹੋ ਗਈ ਹੋਏ!”
“ਕੋਈ ਥੋੜ੍ਹੀ-ਬਹੁਤ ਨਹੀਂ ਜਨਾਬ! ਇੱਥੇ ਤਾਂ ਪੂਰੇ ਸੌ ਸਾਲ ਦਾ ਘਪਲਾ ਹੋਇਆ ਜਾਪਦਾ ਏ। ਇਹ ਯਾਤਰਾ ਉਹਨਾਂ ਅਠਾਰਵੀਂ ਸਦੀ ਦੇ ਅਖ਼ੀਰ ਵਿਚ ਕੀਤੀ ਹੋਏਗੀ। ਖ਼ੈਰ, ਇਹ ਤੁਸੀਂ ਫੇਰ ਦੇਖ ਲੈਣਾ। ਅੱਗੇ ਪੜ੍ਹੀਏ—ਰਾਮ ਸਰੂਪ ਨੇ ਵੀ ਆਪਣੇ ਦੋ ਭਰਾਵਾਂ ਦਾ ਕਿਤੇ ਜ਼ਿਕਰ ਨਹੀਂ ਕੀਤਾ! ਸ਼ਾਇਦ ਉਹਨਾਂ ਨਾਲ ਕੋਈ ਨਾਰਾਜ਼ਗੀ ਹੋਏ!” ਉਹ ਮੁਸਕੁਰਾਈ, “ਉਹਨਾਂ ਆਪਣੇ ਚਾਰ ਪੁੱਤਰਾਂ ਤੇ ਪੰਜ ਧੀਆਂ ਦਾ ਜ਼ਿਕਰ ਕੀਤਾ ਏ; ਪਰ ਵਿਚਾਲੜੇ ਦੀ ਇਕ ਸੰਤਾਨ ਬਾਰੇ ਦੱਸਦੇ ਨੇ—ਬਾਕੀਆਂ ਦੀ ਸੰਤਾਨ?...”
“ਸ਼ਾਇਦ ਉਹਨਾਂ ਦੇ ਵਿਆਹ ਹੀ ਨਾ ਹੋਏ ਹੋਣ, ਗਰੀਬੀ ਕਰਕੇ!”
“ਤੇ ਧੀਆਂ ਬਾਰੇ ਵੀ ਕੁਝ ਨਹੀਂ ਲਿਖਿਆ? ਹੋ ਸਕਦਾ ਏ ਇਹਦੀ ਉਹਨਾਂ ਲੋੜ ਈ ਨਾ ਸਮਝੀ ਹੋਏ! ਔਰਤ ਵਿਚਾਰੀ ਹਮੇਸ਼ਾ ਈ ਨਜ਼ਰ-ਅੰਦਾਜ਼ ਕਰ ਦਿੱਤੀ ਜਾਂਦੀ ਏ।”
ਸੁਰਿੰਦਰ ਉਸਦੇ ਸ਼ਰਾਰਤ ਵੱਸ ਚਮਕਦੇ ਚਿਹਰੇ ਵੱਲ ਖ਼ਾਲੀ ਖ਼ਾਲੀ ਅੱਖਾਂ ਨਾਲ ਦੇਖਣ ਲੱਗਾ, ਜਿਵੇਂ ਉਹ ਸ਼ੁੰਨ ਵਿਚ ਦੇਖ ਰਿਹਾ ਹੋਏ। ਫੇਰ ਗਵਾਚੀ ਜਿਹੀ ਆਵਾਜ਼ ਵਿਚ ਬੋਲਿਆ, “ਸੈਂਕੜੇ ਸਾਲ ਪੁਰਾਣੇ ਜ਼ਮਾਨੇ ਉੱਤੇ ਨਜ਼ਰ ਮਾਰਨਾ ਵੀ ਕਿੰਨਾ ਅਜੀਬ ਜਿਹਾ ਲੱਗਦਾ ਏ! ਉਹ ਕਿਸ ਕਿਸਮ ਦੇ ਲੋਕ ਹੋਣਗੇ! ਉਹਨਾਂ ਦੇ ਕੱਦ-ਕਾਠ, ਰੰਗ ਤੇ ਸੁਭਾਅ ਕਿਹੋ-ਜਿਹੇ ਹੋਣਗੇ! ਉਹ ਕੀ ਕੀ ਕਰਦੇ ਰਹੇ ਹੋਣਗੇ!...ਜਿਊਂਦੇ ਰਹਿਣ ਲਈ ਉਹਨਾਂ ਨੂੰ ਕਿੰਨੀ ਵਾਰੀ ਹਿਜਰਤ ਕਰਨੀ ਪਈ ਹੋਏਗੀ! ਇਕ ਜਗ੍ਹਾ ਤੋਂ ਦੂਜੀ ਜਗ੍ਹਾ, ਦੂਜੀ ਜਗ੍ਹਾ ਤੋਂ ਤੀਜੀ ਜਗ੍ਹਾ...ਜਾਂ ਫੇਰ ਕਦੀ ਵਾਪਸ ਵੀ! ਕੀ ਇਹ ਵਿਸ਼ਵਾਸ ਨਾਲ ਕਿਹਾ ਜਾ ਸਕਦਾ ਏ ਕਿ ਅਸੀਂ ਫਲਾਨੀ ਜਗ੍ਹਾ ਦੇ ਹਾਂ? ਸ਼ਾਇਦ—ਸ਼ਾਇਦ ਅਸੀਂ ਕਿਤੋਂ ਦੇ ਵੀ ਨਹੀਂ!”
“ਤੁਸੀਂ ਇਹ ਸੋਚੋ—ਕਾਸ਼, ਸਾਡੇ ਕੋਲ ਕੋਈ ਅਜਿਹੀ ਅੱਖ ਹੁੰਦੀ ਜਿਸਨੂੰ ਖੋਲ੍ਹ ਕੇ ਅਸੀਂ ਆਪਣੇ ਬੀਤੇ ਨੂੰ ਦੇਖ ਸਕਦੇ।”
“ਜੇ ਵਾਕਈ ਕੋਈ ਅਜਿਹੀ ਅੱਖ ਹੁੰਦੀ ਤਾਂ ਵਿਚਾਰੇ ਰਿਸਰਚ ਕਰਨ ਵਾਲਿਆਂ ਨੂੰ ਧਰਤੀ ਪੁੱਟ-ਪੁੱਟ ਕੇ ਕੱਢੇ, ਮਿੱਟੀ ਦੇ ਵਿਚ ਮਿੱਟੀ ਹੋ ਚਲੇ, ਭਾਂਡਿਆਂ ਤੇ ਖਸਤਾ ਹੋ ਚੁੱਕੀਆਂ ਹੱਡੀਆਂ ਦੀ ਉਮਰ ਦੇ ਅੰਦਾਜ਼ੇ ਲਾਉਣ ਲਈ ਮਗ਼ਜ਼-ਮਾਰੀ ਨਾ ਕਰਨੀਂ ਪੈਂਦੀ। ...ਸਿਓਂਕ ਖਾਧੇ ਤੇ ਸਿਲ੍ਹ ਕਾਰਨ ਗਲਸੜ ਚੁੱਕੇ ਕਾਗਜ਼ ਦੇ ਟੁਕੜਿਆਂ ਨੂੰ ਜੋੜ-ਜੋੜ ਕੇ ਮਨੁੱਖ ਦੇ ਗਵਾਚੇ ਹੋਏ ਇਤਿਹਾਸ ਨੂੰ ਮੁੜ ਲਿਖਣ ਦੀਆਂ ਕੋਸ਼ਿਸ਼ਾਂ ਵੀ ਕਿਉਂ ਕਰਨੀਆਂ ਪੈਂਦੀਆਂ?”
ਅਚਾਨਕ ਦੋਵਾਂ ਦੀਆਂ ਹੈਰਾਨੀ ਭਰੀਆਂ ਨਜ਼ਰਾਂ ਇਕ ਦੂਜੇ ਨਾਲ ਟਕਰਾਈਆਂ ਤੇ ਸੁਨੀਤਾ ਨੇ ਇਕ ਲੰਮਾਂ ਸਾਹ ਖਿੱਚ ਕੇ ਕਿਹਾ, “ਇਹਨਾਂ ਦੋ ਅੱਖਾਂ ਤੋਂ ਵੱਡੀ ਹੋਰ ਕਿਹੜੀ ਅੱਖ ਹੋ ਸਕਦੀ ਏ ਜਿਹੜੀ ਬੀਤੇ ਦੇ ਹਨੇਰੇ ਵਿਚ ਤੱਕ ਸਕੇ!”
“ਤੇ ਭਵਿੱਖ ਦੀ ਧੁੰਦ ਵਿਚ ਤੱਕਣ ਲਈ ਵੀ ਇਹੀ ਸਭ ਤੋਂ ਵੱਡਾ ਸਾਧਨ ਨੇ।” ਉਸਨੇ ਸੁਨੀਤਾ ਦੀਆਂ ਮੋਟੀਆਂ ਮੋਟੀਆਂ ਅੱਖਾਂ ਨੂੰ ਚੁੰਮਦਿਆਂ ਹੋਇਆਂ ਕਿਹਾ, “ਸੋਚਦਾ ਹਾਂ, ਕੀ ਏਡੀਆਂ ਸੋਹਣੀਆਂ ਅੱਖਾਂ ਸਾਡੇ ਖ਼ਾਨਦਾਨ ਵਿਚ ਕਿਸੇ ਹੋਰ ਔਰਤ ਦੀਆਂ ਵੀ ਹੁੰਦੀਆਂ ਹੋਣਗੀਆਂ? ਤੇ ਕੀ ਉਹ ਲੋਕ ਵੀ ਇਕ ਦੂਜੇ ਨਾਲ ਏਨੀ ਮੁਹੱਬਤ ਹੀ ਕਰਦੇ ਹੋਣਗੇ!”
ਸੁਨੀਤਾ ਉਸਦੀਆਂ ਮਜ਼ਬੂਤ ਬਾਹਾਂ ਦੇ ਸਿਕੰਜੇ ਵਿਚ ਫਸ ਗਈ ਤੇ ਜਦੋਂ ਉਹਨਾਂ ਵਿਚੋਂ ਮੁਕਤ ਹੋਣ ਦੀ ਸੰਭਾਵਨਾ ਨਾ ਦਿਸੀ ਤਾਂ ਉਸਨੇ ਉਸਦੀ ਛਾਤੀ ਉੱਤੇ ਸਿਰ ਟਿਕਾਅ ਲਿਆ ਤੇ ਉਸਦੀ ਖੁੱਲ੍ਹੀ ਹੋਈ ਕਮੀਜ਼ ਵਿਚੋਂ ਝਾਕਦੇ ਵਾਲਾਂ ਦੀ ਖ਼ੁਸ਼ਬੋ ਸੁੰਘਦੀ ਹੋਈ ਬੋਲੀ...:
“ਫਰਜ਼ ਕਰੋ, ਤੁਸੀਂ ਆਪਣੇ ਪੜਦਾਦਾ ਧਨ ਸੁਖ ਓ! ਉਨੀਵੀਂ ਸਦੀ ਦੇ ਕਿਸੇ ਹਿੱਸੇ ਵਿਚ ਜਿਊਂ ਰਹੇ ਓ। ਤੁਸੀਂ ਆਪਣੇ ਦਾਦਾ ਜੀ ਤੋਂ ਸੁਣਿਆਂ ਸੀ ਨਾ—ਕਿ ਉਹਦਾ ਫਾਦਰ ਬੜਾ ਗਰੀਬ ਸੀ। ਆਪਣੇ ਖੱਚਰ ਉੱਤੇ ਜੰਗਲ 'ਚੋਂ ਲਕੜਾਂ ਕੱਟ-ਕੱਟ ਕੇ ਲਿਆਉਂਦਾ ਹੁੰਦਾ ਸੀ—ਤੇ ਸ਼ਹਿਰ ਦੇ ਕਿਸੇ ਚੌਰਾਹੇ ਉੱਤੇ ਬੈਠ ਕੇ ਵੇਚਦਾ ਹੁੰਦਾ ਸੀ! ਓਦੋਂ ਮੈਂ ਕਿੱਥੇ ਸਾਂ? ਕੁਝ ਦਸ ਸਕਦੇ ਓ?”
“ਤੂੰ—ਤੂੰ ਵੀ ਮੇਰੇ ਨਾਲ ਈ ਹੁੰਦੀ ਸੈਂ। ਅਸੀਂ ਦੋਵੇਂ ਜੰਗਲ ਵਿਚ ਜਾਂਦੇ; ਮੇਰੇ ਵਾਂਗ ਤੂੰ ਵੀ ਮਿਹਨਤੀ ਸੈਂ। ਮੈਂ ਜਿੰਨੀਆਂ ਲੱਕੜਾਂ ਦਰਖ਼ਤਾਂ 'ਤੇ ਚੜ੍ਹ-ਚੜ੍ਹ, ਕੱਟ-ਕੱਟ, ਹੇਠਾਂ ਸੁੱਟਦਾ ਸਾਂ ਤੂੰ ਉਹਨਾਂ ਨੂੰ ਘਸੀਟ ਕੇ ਇਕ ਪਾਸੇ ਖੜ੍ਹੇ ਖੱਚਰ ਦੇ ਕੋਲ ਕਰ ਆਉਂਦੀ ਹੁੰਦੀ ਸੈਂ ਤਾਂਕਿ ਉਹ ਉਹਨਾਂ ਦੇ ਪੱਤੇ ਮੁੱਛ ਲਏ। ਫੇਰ ਦਿਨ ਢਲਦਿਆਂ ਹੀ ਉਹਨਾਂ ਦੇ ਗੱਠੇ ਬੰਨਣ ਵਿਚ ਮੇਰੀ ਮਦਦ ਕਰਦੀ ਹੁੰਦੀ ਸੈਂ—ਤੂੰ ਭੂੰਜੇ ਬੈਠ ਕੇ ਲੱਕੜਾਂ ਨਾਲ ਆਪਣੇ ਪੈਰ ਲਾ ਲੈਂਦੀ ਤੇ ਰੱਸੀ ਨੂੰ ਇਕ ਸਿਰੇ ਤੋਂ ਫੜ੍ਹ ਕੇ ਆਪਣੇ ਵੱਲ ਖਿੱਚਦੀ। ਦੂਜੇ ਪਾਸੇ ਬੈਠਾ ਮੈਂ ਵੀ ਇਵੇਂ ਕਰ ਰਿਹਾ ਹੁੰਦਾ ਸਾਂ—ਤੇ ਕਦੀ-ਕਦੀ ਮੈਂ ਸ਼ਰਾਰਤ ਵਜੋਂ ਰੱਸੀ ਛੱਡ ਦੇਂਦਾ ਤਾਂ ਤੂੰ ਪਿੱਠ ਭਾਰ ਪਿਛਾਂਹ ਵੱਲ ਜਾ ਡਿੱਗਦੀ...” ਸੁਨੀਤਾ ਹੱਸ-ਹੱਸ ਕੇ ਲੋਟ-ਪੋਟ ਹੁੰਦੀ ਹੋਈ ਬੋਲੀ, “ਤੇ ਤੁਸੀਂ ਮੇਰੇ ਪਾਉਣ ਲਈ ਕਿਹੋ ਜਿਹੇ ਕੱਪੜੇ ਬਣਵਾ ਕੇ ਦੇਂਦੇ ਸੌ?”
“ਕੱਪੜੇ! ਕਿਉਂਕਿ ਅਸੀਂ ਲੋਕ ਪਠਾਨਾ ਦੀ ਨਸਲ 'ਚੋਂ ਆਂ, ਇਸ ਲਈ ਸਾਡੀਆਂ ਜ਼ਨਾਨੀਆਂ ਦੀ ਪੁਸ਼ਾਕ ਵਿਚ ਸਦੀਆਂ ਤੋਂ ਭੀੜੀ ਮੋਹਰੀ ਦੀ ਨੀਲੇ, ਕਾਲੇ ਜਾਂ ਲਾਲ ਰੰਗ ਦੀ ਫੁੱਲਵੀਂ ਸਲਵਾਰ, ਲੱਕ ਤੋਂ ਭੀੜਾ ਘੇਰੇਦਾਰ ਲੰਮਾਂ ਕੁੜਤਾ ਤੇ ਏਡਾ ਵੱਡਾ ਦੁੱਪਟਾ ਰਿਹਾ ਏ, ਜਿਸ ਵਿਚ ਉਹਨਾਂ ਦਾ ਖ਼ੂਬਸੂਰਤ, ਉੱਚਾ-ਲੰਮਾਂ ਜਿਸਮ ਬਿਲਕੁਲ ਛਿਪ ਜਾਂਦਾ ਸੀ। ਪਰ ਮੇਰੇ ਨਾਲ ਕੰਮ ਕਰਦਿਆਂ ਹੋਇਆਂ ਤੇ ਖੱਚਰਾਂ ਦੇ ਪਿੱਛੇ ਦੌੜਦਿਆਂ ਹੋਇਆਂ ਤੂੰ ਆਪਣੇ ਦੁੱਪਟੇ ਨੂੰ ਮੇਰੇ ਵਾਂਗ ਹੀ ਸਿਰ ਉੱਤੇ ਪੱਗ ਵਾਂਗ ਲਪੇਟ ਲੈਂਦੀ ਸੈਂ।”
ਸੁਨੀਤਾ ਸਿਰ ਤੋਂ ਪੈਰਾਂ ਤਕ ਖਿੜ-ਪੁੜ ਗਈ ਤੇ ਸ਼ਰਾਰਤ ਵਜੋਂ ਪੁੱਛਣ ਲੱਗੀ, “ਪਰ ਤੁਸੀਂ ਮੈਨੂੰ ਕੋਈ ਅਜਿਹਾ ਗਹਿਣਾ ਕਿਉਂ ਨਹੀਂ ਬਣਵਾ ਕੇ ਦਿੱਤਾ, ਜਿਹੋ ਜਿਹੇ ਇਸ ਜਨਮ ਵਿਚ ਬਣਵਾ ਕੇ ਦਿੱਤੇ ਨੇ?” ਉਸਨੇ ਆਪਣੇ ਗਲ਼ੇ ਵਿਚ ਪਾਏ ਸੋਨੇ ਦੇ ਲਾਕਟ ਨੂੰ ਬੜੇ ਮਾਨ ਨਾਲ ਛੂਹਿਆ।
“ਤੈਨੂੰ ਸਭ ਕੁਝ ਤਾਂ ਬਣਵਾ ਕੇ ਦਿੱਤਾ ਸੀ...ਪਰ ਭੁੱਲ ਗਈ ਲੱਗਦੀ ਏਂ ਤੂੰ! ਚੇਤੇ ਕਰ, ਇਕ ਵਾਰੀ ਜਦੋਂ ਕਾਲ ਪਿਆ ਸੀ—ਮਹਾਕਾਲ! ਕਈ ਕਈ ਦਿਨ ਲੋਕਾਂ ਨੂੰ ਖਾਣ ਲਈ ਕੁਝ ਵੀ ਨਹੀਂ ਸੀ ਮਿਲਦਾ।...ਤੇ ਅਸੀਂ ਆਪਣੇ ਖੱਚਰਾਂ ਉੱਤੇ ਦੂਰ-ਦੂਰ ਦੇ ਇਲਾਕੇ ਤੋਂ ਆਨਾਜ ਲੱਦ-ਲੱਦ ਕੇ ਲਿਆਉਂਦੇ ਹੁੰਦੇ ਸਾਂ। ਹਾਲਾਂਕਿ ਇਸ ਵਿਚ ਲੁੱਟ ਲਏ ਜਾਣ ਤੇ ਜਾਨ ਤੋਂ ਹੱਥ ਧੋ ਬੈਠਣ ਦਾ ਵੀ ਪੂਰਾ ਖ਼ਤਰਾ ਸੀ—ਭੁੱਖੇ ਲੋਕ ਘਾਤ ਲਾਈ ਬੈਠੇ ਹੁੰਦੇ ਸਨ। ਮੈਂ ਆਪਣੀ ਭਰੀ ਹੋਈ ਬੰਦੂਕ ਚੁੱਕੀ ਤੇਰੇ ਤੇ ਖੱਚਰਾਂ ਦੇ ਅੱਗੇ ਪਿੱਛੇ ਨੱਸਦਾ ਫਿਰ ਰਿਹਾ ਹੁੰਦਾ ਸਾਂ। ਅਸਾਂ ਆਪਣੇ ਆਨਾਜ ਨੂੰ ਮੰਡੀ ਵਿਚ ਮੂੰਹੋਂ ਮੰਗੇ ਪੈਸਿਆਂ ਵਿਚ ਵੇਚਦੇ ਹੁੰਦੇ ਸਾਂ। ਉਸੇ ਰਕਮ ਦੇ ਮੈਂ ਤੇਰੇ ਚਾਂਦੀ ਦੇ ਏਡੇ ਵੱਡੇ-ਵੱਡੇ ਕੜੇ ਬਣਵਾ ਕੇ ਪਾਏ ਸਨ ਤੇ ਜਦੋਂ ਤੂੰ ਤੁਰਦੀ ਹੁੰਦੀ ਸੈਂ, ਉਹਨਾਂ ਦੇ ਆਪਸ ਵਿਚ ਟਕਰਾਉਣ ਦੀ ਸੁਰੀਲੀ ਆਵਾਜ਼ ਦੀ ਗੂੰਜ ਮੀਲਾਂ ਤੀਕ ਸੁਣਾਈ ਦੇਂਦੀ ਸੀ। ਤੇਰੀਆਂ ਦੋਵੇਂ ਬਾਹਾਂ ਹਾਥੀ ਦੰਦ ਦੀਆਂ ਰੰਗੀਨ ਚੂੜੀਆਂ ਨਾਲ ਕੁਹਣੀਆਂ ਤੀਕ ਭਰੀਆਂ ਹੁੰਦੀਆਂ ਸਨ। ਤੇਰੇ ਗਲ਼ੇ ਵਿਚ, ਨੱਕ ਵਿਚ, ਕੰਨਾਂ ਵਿਚ ਤੇ ਮੱਥੇ ਉੱਤੇ ਵੀ ਚਾਂਦੀ ਦੇ ਗਹਿਣੇ ਹੀ ਗਹਿਣੇ ਨਜ਼ਰ ਆਉਂਦੇ ਹੁੰਦੇ ਸਨ। ਉਸ ਜ਼ਮਾਨੇ ਵਿਚ ਲੋਕ ਚਾਂਦੀ ਨੂੰ ਰੂਪਾ ਕਹਿੰਦੇ ਹੁੰਦੇ ਸਨ।”
“ਉਫ਼! ਏਨੇ ਸਾਰੇ ਗਹਿਣਿਆਂ ਵਿਚ ਮੈਂ ਕਿੰਨੀ ਅਜੀਬ ਲੱਗਦੀ ਹੋਵਾਂਗੀ!”
“ਬਿਲਕੁਲ ਮੱਝ ਵਰਗੀ ਲੱਗਦੀ ਸੈਂ—ਪਰ ਉਸ ਜ਼ਮਾਨੇ ਵਿਚ ਲੋਕ ਆਪਣੀਆਂ ਮੱਝਾਂ ਨੂੰ ਵੀ ਬੜਾ ਪਿਆਰ ਕਰਦੇ ਹੁੰਦੇ ਸਨ।”
“ਕਿਉਂਕਿ ਉਹ ਦੁੱਧ ਖਾਸਾ ਦੇਂਦੀਆਂ ਹੋਣਗੀਆਂ। ਹੁਣ ਵੀ ਉਹਨਾਂ ਦੀ ਕਦਰ ਵਧੇਰੇ ਦੁੱਧ ਕਰਕੇ ਈ ਹੁੰਦੀ ਏ।”
ਦੋਵੇਂ ਖਿੜ-ਖਿੜ ਕਰਕੇ ਹੱਸ ਪਏ ਤੇ ਇਕ ਦੂਜੇ ਨਾਲ ਲਿਪਟ ਗਏ।
ਤੇ ਉਸੇ ਦਿਨ ਉਹ ਸੁਰਿੰਦਰ ਦੇ ਦਾਦੇ ਦੀ ਇਕ ਭੈਣ ਦੇ ਪਰਿਵਾਰ ਨੂੰ ਮਿਲਣ ਅੰਧਾ ਮੁਗ਼ਲ ਜਾ ਪਹੁੰਚੇ। ਸੁਰਿੰਦਰ ਦੇ ਦਾਦੇ ਦਾ ਵਿਆਹ ਗਰੀਬ ਹੋਣ ਕਰਕੇ 'ਵੱਟੇ 'ਤੇ' ਹੋਇਆ ਸੀ। ਉਸਦੀ ਭੈਣ ਇਕ ਹਲਵਾਈ ਨੂੰ ਵਿਆਹੀ ਗਈ ਸੀ। ਉਹਨਾਂ ਦੇ ਛੇ ਮੁੰਡੇ ਹੋਏ ਸਨ—ਪਰ ਇਹਨਾਂ ਕੋਲ ਸਿਰਫ ਇਕ ਦਾ ਪਤਾ ਹੀ ਸੀ, ਜਿਹੜਾ ਇਕ ਸਿਵਲ ਹਸਪਤਾਲ ਵਿਚ ਕੰਪਾਊਂਡਰ ਸੀ ਤੇ ਕਾਫੀ ਚਿਰ ਪਹਿਲਾਂ ਰਿਟਾਇਰਡ ਹੋ ਚੁੱਕਿਆ ਸੀ। ਉੱਥੇ ਪਹੁੰਚ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਉਸਦਾ ਨਾਂ ਮੁਰਲੀ ਮਨੋਹਰ ਸੀ, ਜਿਸਨੇ ਆਪਣਾ ਢਿੱਡ-ਪੇਟ ਬੰਨ੍ਹ ਕੇ ਆਪਣੇ ਇਕਲੌਤੇ ਪੁੱਤਰ ਸੁਦੇਸ਼ ਕੁਮਾਰ ਨੂੰ ਡਾਕਟਰ ਬਨਾਇਆ ਸੀ। ਉਹ ਅੱਜਕਲ੍ਹ ਇੰਗਲੈਂਡ ਵਿਚ ਸਰਵਿਸ ਕਰ ਰਿਹਾ ਸੀ। ਮੁਰਲੀ ਮਨੋਹਰ ਵੀ ਆਪਣਾ ਘਰ-ਬਾਰ ਵੇਚ ਕੇ ਉਸਦੇ ਕੋਲ ਚਲਾ ਗਿਆ ਸੀ। ਉਸਦਾ ਇਕ ਭਰਾ ਪੋਸਟ ਮੈਨ ਸੀ, ਜਿਹੜਾ ਇਕ ਅਰਸਾ ਹੋਇਆ ਸਾਈਕਲ ਉੱਤੇ ਡਾਕ ਵੰਡਦਾ-ਵੰਡਦਾ ਇਕ ਦਿਨ ਕਿਸੇ ਟਰੱਕ ਦੀ ਫੇਟ ਵਿਚ ਆ ਕੇ ਮਰ ਚੁੱਕਿਆ ਸੀ। ਉਸਦੀ ਬੇਵਾ ਅਜੇ ਜਿਊਂਦੀ ਸੀ, ਜਿਸਦਾ ਨਾਂ ਰਤਨੀ ਸੀ। ਉਹਨਾਂ ਦੇ ਕੋਈ ਬਾਲ-ਬੱਚਾ ਨਹੀਂ ਸੀ। ਉਹ ਇਕ ਕਮਰੇ ਦੇ ਇਕ ਛੋਟੇ ਜਿਹੇ ਮਕਾਨ ਵਿਚ ਰਹਿੰਦੀ ਤੇ ਲੋਕਾਂ ਦੀਆਂ ਰੋਟੀਆਂ ਲਾ-ਲਾ ਕੇ ਦੇਂਦੀ ਹੁੰਦੀ ਸੀ।
ਉਹ ਉਸਨੂੰ ਲੱਭਦੇ ਹੋਏ ਸ਼ਾਮ ਨੂੰ ਉਸਦੀ ਠਾਹਰ ਉੱਤੇ ਜਾ ਪਹੁੰਚੇ। ਉਹ ਸਿਰ ਤੇ ਮੂੰਹ ਨੂੰ ਅੱਗ ਦੇ ਝੁਲਸਾ ਦੇਣ ਵਾਲੇ ਸੇਕ ਤੋਂ ਬਚਾਉਣ ਲਈ ਆਪਣੇ ਦੁੱਪਟੇ ਵਿਚ ਲਪੇਟੀ, ਝੁਕ-ਝੁਕ ਦੇ ਤੰਦੂਰ ਵਿਚ ਰੋਟੀਆਂ ਲਾ ਰਹੀ ਸੀ। ਆਸੇ-ਪਾਸੇ ਗਲੀ-ਮੁਹੱਲੇ ਦੀਆਂ ਕਈ ਔਰਤਾਂ ਤੇ ਕੁੜੀਆਂ ਖੜ੍ਹੀਆਂ ਹੋਈਆਂ ਸਨ। ਰੋਟੀਆਂ ਲਾਉਣ ਬਦਲੇ ਉਹ ਕਿਸੇ ਤੋਂ ਦਸ ਪੈਸੇ ਫੀ ਰੋਟੀ ਲੈ ਲੈਂਦੀ ਤੇ ਕਿਸੇ ਦੀਆਂ ਇਕ ਦੋ ਰੋਟੀਆਂ ਹੀ ਰੱਖ ਲੈਂਦੀ ਸੀ। ਉਹ ਵੜੀਆਂ ਤੇ ਗੋਭੀ ਦੇ ਡੰਡਲਾਂ ਦੀ ਬੜੀ ਸਵਾਦ ਸਬਜ਼ੀ ਵੀ ਬਣਾ ਕੇ ਰੱਖਦੀ ਹੁੰਦੀ ਸੀ, ਜਿਸਨੂੰ ਵੱਡੇ ਘਰਾਂ ਦੀਆਂ ਮਿਰਚ-ਮਸਾਲਿਆਂ ਦੀਆਂ ਸ਼ੌਕੀਨ ਔਰਤਾਂ ਵਿਸ਼ੇਸ਼ ਤੌਰ 'ਤੇ ਖ਼ਰੀਦ ਕੇ ਲੈ ਜਾਂਦੀਆਂ ਸਨ।
ਸੁਰਿੰਦਰ ਤੇ ਸੁਨੀਤਾ ਬੜੀ ਦੇਰ ਤਕ, ਇਕ ਪਾਸੇ ਚੁੱਪਚਾਪ ਖੜ੍ਹੇ, ਉਸ ਮਿਹਨਤਕਸ਼ ਔਰਤ ਨੂੰ ਕੰਮ ਕਰਦਿਆਂ ਹੋਇਆਂ ਦੇਖਦੇ ਤੇ ਹੈਰਾਨ ਵੀ ਹੁੰਦੇ ਰਹੇ। ਜਦੋਂ ਸਾਰੇ ਗਾਹਕ ਭੁਗਤ ਗਏ ਤਾਂ ਰਤਨੀ ਨੇ ਉਹਨਾਂ ਨੂੰ ਵੀ ਗਾਹਕ ਸਮਝ ਕੇ ਪੁੱਛਿਆ...:
“ਲਿਆਓ, ਕਿੱਥੇ ਈ ਆਟਾ...”
ਤੇ ਜਦੋਂ ਸੁਰਿੰਦਰ ਨੇ ਉਸਨੂੰ ਆਪਣੇ ਤੇ ਸੁਨੀਤਾ ਬਾਰੇ ਦੱਸਿਆ ਤੇ ਆਪਣੇ ਆਉਣ ਦਾ ਕਾਰਨ ਦੱਸਿਆ ਤਾਂ ਉਹ ਖੁਸ਼ ਹੋ ਗਈ। ਉਸਨੇ ਦੋਵਾਂ ਨੂੰ ਗਲ਼ੇ ਲਾਇਆ ਤੇ ਵਾਰੀ ਵਾਰੀ ਉਹਨਾਂ ਦੇ ਮੱਥੇ ਚੁੰਮਦੀ ਹੋਈ ਬੋਲੀ, “ਤੁਸੀਂ ਤਾਂ ਮੇਰੇ ਬਚਪਨ ਦੀ ਸਹੇਲੀ ਦੀ ਨਿਸ਼ਾਨੀ ਓ—ਰਾਜ ਤੇ ਮੈਂ ਇਕੇ ਗਲੀ ਵਿਚ ਖੇਡ-ਖੇਡ ਕੇ ਵੱਡੀਆਂ ਹੋਈਆਂ ਸਾਂ।”
ਫੇਰ ਉਸਨੇ ਤੰਦੂਰ ਬੰਦ ਕਰ ਦਿੱਤਾ—ਇਕ ਹੱਥ ਵਿਚ ਪੱਕੀਆਂ ਹੋਈਆਂ ਰੋਟੀਆਂ ਦਾ ਥੱਬਾ ਤੇ ਦੂਜੇ ਨਾਲ ਸਬਜ਼ੀ ਵਾਲੀ ਤੌੜੀ ਚੁੱਕ ਕੇ ਉਹਨਾਂ ਨੂੰ ਆਪਣੇ ਕਮਰੇ ਵਿਚ ਲੈ ਗਈ। ਉਹਨਾਂ ਦੇ ਬੈਠਣ ਲਈ ਮੰਜੇ ਉੱਤੇ ਇਕ ਸਾਫ ਚਾਰਦ ਵਿਛਾ ਦਿੱਤੀ ਤੇ ਉਹਨਾਂ ਲਈ ਰੋਟੀ ਵੀ ਪਾ ਦਿੱਤੀ। ਖਾਣੇ ਵਿਚ ਉਸਦੇ ਹੱਥ ਦੀਆਂ ਪੱਕੀਆਂ ਮੋਟੀਆਂ-ਮੋਟੀਆਂ ਤੰਦੂਰੀ ਰੋਟੀਆਂ, ਫੁੱਲ ਵੜੀਆਂ ਤੇ ਗੋੜੀ ਦੇ ਡੰਡਲਾਂ ਦੀ ਮਸਾਲੇਦਾਰ ਸਬਜ਼ੀ ਤੇ ਕੱਚਾ ਪਿਆਜ ਸੀ, ਜਿਸਨੂੰ ਉਸਨੇ ਆਪਣੇ ਦੋਵਾਂ ਹੱਥਾਂ ਦੀਆਂ ਮਜ਼ਬੂਤ ਹਥੇਲੀਆਂ ਵਿਚਕਾਰ ਨੱਪ, ਨਿਚੋੜ ਕੇ ਤੇ ਧੋ ਕੇ ਰੱਖਿਆ ਸੀ।
“ਲਓ ਖਾਓ ਮੇਰੇ ਬੱਚਿਓ—ਮੈਂ ਤੁਹਾਡੇ ਲਈ ਪੱਖਾ ਲਾ ਦਿਆਂ। ਬੜਾ ਹੁਮਸ ਹੋਇਆ ਹੋਇਆ ਏ।” ਕਹਿ ਕੇ ਉਹ ਅੰਦਰੋਂ ਬਿਜਲੀ ਦਾ ਇਕ ਪੁਰਾਣਾ ਪੱਖਾ ਚੁੱਕ ਲਿਆਈ ਸੀ, ਜਿਸਦੀ ਜਾਲੀ ਗ਼ਾਇਬ ਸੀ। ਉਸਨੂੰ ਜ਼ਰਾ ਦੂਰ ਰੱਖ ਕੇ ਚਲਾ ਦਿੱਤਾ ਤੇ ਬੜੀ ਅਪਣੱਤ ਨਾਲ ਬੋਲੀ, “ਤੇਰੀ ਮਾਂ ਇਕ ਗਰਦਾਵਰ ਦੀ ਧੀ ਸੀ, ਜਿਸਦਾ ਬੜਾ ਦਬਦਬਾ ਹੁੰਦਾ ਸੀ। ਅਸੀਂ ਦੋਵੇਂ ਬੜੀਆਂ ਪੱਕੀਆਂ ਸਹੇਲੀਆਂ ਸਾਂ ਤੇ ਇਕ ਦੂਜੀ ਦੀਆਂ ਰਾਜਦਾਰ ਵੀ। ਹੁਣ ਲਓ—ਉਹ ਵਿਚਾਰੀ ਮਰ ਗਈ ਏ, ਇਸ ਲਈ ਇਹ ਦੱਸ ਦੇਣ ਵਿਚ ਕੋਈ ਹਰਜ ਵੀ ਨਹੀਂ ਕਿ ਉਹ ਤੇਰੇ ਪਿਓ ਨਾਲ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦੀ...ਉਹ ਕਿਸੇ ਹੋਰ ਦੇ ਸੁਪਨੇ ਦੇਖਦੀ ਹੁੰਦੀ ਸੀ। ਉਸਦਾ ਨਾਂ ਨਾ ਪੁੱਛੀਂ ਹੁਣ। ਇਹ ਗੱਲ ਵੀ ਸਿਰਫ ਤੁਹਾਨੂੰ ਈ ਦੱਸ ਰਹੀ ਆਂ—ਰੱਬ ਜਾਣਦਾ ਏ, ਅੱਜ ਤਕ ਮੈਂ ਜ਼ਬਾਨ ਨਹੀਂ ਖੋਹਲੀ ਕਿਉਂਕਿ ਉਸਨੇ ਮੈਥੋਂ ਵਚਨ ਲਿਆ ਸੀ, ਜਦੋਂ ਉਸਦੀ ਸ਼ਾਦੀ ਹੋ ਗਈ ਸੀ—ਕਿ ਕਿਸੇ ਨੂੰ ਨਾ ਦੱਸਾਂ।”
ਫੇਰ ਉਹ ਸੁੰਨ ਵਿਚ ਘੂਰਦੀ ਹੋਈ ਬੋਲੀ, “ਇਹ ਤਾਂ ਕਰਮਾਂ ਦੀਆਂ ਗੱਲਾਂ ਨੇ, ਬੀਬਾ। ਉਹ ਇਕ ਅੰਗਰੇਜੀ ਪੜ੍ਹੇ-ਲਿਖੇ ਮਾਸਟਰ ਨਾਲ ਵਿਆਹੀ ਗਈ ਤੇ ਮੈਂ ਇਕ ਮਿਡਲ ਫੇਲ੍ਹ ਚਿੱਠੀ-ਰਸੈਣ ਨਾਲ। ਇਕ ਗੱਲ ਹੋਰ ਦੱਸਾਂ—” ਉਹ ਅਜੀਬ ਜਿਹੀ ਖੁਸ਼ੀ ਭਰੀ ਆਵਾਜ਼ ਵਿਚ ਬੋਲੀ, “ਉਹ ਬਚਪਨ ਤੋਂ ਬੜੀ ਲੜਾਕੂ ਸੀ। ਮੁੰਡਿਆਂ ਨੂੰ ਕੁੱਟ ਧਰਦੀ ਸੀ। ਵੱਡੀ ਹੋ ਗਈ ਤਾਂ ਪੂਰੇ ਖ਼ਾਨਦਾਨ ਦੇ ਲੋਕਾਂ ਨਾਲ ਲੜਦੀ ਰਹੀ। ਆਦਤਾਂ ਤਾਂ ਬੀਬਾ ਸਿਰਾਂ ਦੇ ਨਾਲ ਈ ਜਾਂਦੀਆਂ ਨੇ। ਮਰਦੇ ਦਮ ਤਕ ਉਸਨੇ ਤੇਰੇ ਪਿਓ ਨੂੰ ਆਪਣੇ ਮਾਂ-ਪਿਓ, ਭਰਾ-ਭੈਣਾ ਤੋਂ ਦੂਰ-ਦੂਰ ਰੱਖਿਆ। ਅਸਲ ਵਿਚ ਉਹ ਉਸਨੂੰ ਆਪਣੇ ਪੇਕਿਆਂ ਦੇ ਨੇੜੇ ਈ ਰੱਖਣਾ ਚਾਹੁੰਦੀ ਸੀ। ਕੁਝ ਔਰਤਾਂ ਅਜਿਹੀਆਂ ਈ ਹੁੰਦੀਆਂ ਨੇ। ਉਹ ਕਿਸੇ ਦੀ ਮੰਨਦੀ ਵੀ ਨਹੀਂ ਸੀ, ਬਸ ਇਹੀ ਐਬ ਨਾ ਹੁੰਦਾ ਉਸ ਵਿਚ ਤਾਂ ਉਹ ਹੀਰਾ ਸੀ—ਖਰਾ ਹੀਰਾ। ਨੱਕ-ਨਕਸ਼ੇ ਦੀ ਏਡੀ ਸੋਹਣੀ ਸੀ ਕਿ ਬਸ, ਉਸਨੂੰ ਦੇਖਦੇ ਈ ਰਹੀਏ। ਮਾਂ-ਪਿਓ ਨੇ ਸੋਚ ਕੇ ਹੀ ਉਸਦਾ ਨਾਂ ਰਾਜਕੁਮਾਰੀ ਰੱਖਿਆ ਸੀ।”
ਸੁਨੀਤਾ ਪੂਨੀ ਆਪਣੀ ਨੋਟ ਬੁੱਕ ਵਿਚ ਉਸ ਹਰੇਕ ਆਦਮੀ ਬਾਰੇ ਖਾਸ ਖਾਸ ਗੱਲਾਂ ਲਿਖ ਲੈਂਦੀ ਸੀ, ਜਿਸ ਨਾਲ ਸੁਰਿੰਦਰ ਉਸਨੂੰ ਮਿਲਵਾਉਂਦਾ ਸੀ।
ਅੱਜ ਮੈਂ ਸੁਰਿੰਦਰ ਦੀ ਇਕ ਭੂਆ ਦੇ ਘਰ ਗਈ ਜਿਹੜੀ ਆਪਣੇ ਭੈਣ-ਭਰਾਵਾਂ ਵਿਚ ਚੌਥੇ ਨੰਬਰ 'ਤੇ ਸੀ। ਉਹ ਹੁਣ ਜਿਊਂਦੀ ਨਹੀਂ, ਉਸਦਾ ਪਤੀ ਵੀ ਮਰ ਚੁੱਕਿਆ ਹੈ। ਉਹਨਾਂ ਦੇ ਕਈ ਪੁੱਤਰ-ਧੀਆਂ ਨੇ। ਉਹ ਸਾਰੇ ਹੀ ਸਾਧਾਰਨ ਜਿਹੀ ਸ਼ਕਲ-ਸੁਰਤ ਦੇ ਨੇ। ਇਸ ਖ਼ਾਨਦਾਨ ਵਿਚ ਇਕ ਅਰਸੇ ਤੋਂ ਕੋਈ ਸੁਣੱਖਾ ਜੀਅ ਪੈਦਾ ਨਹੀਂ ਹੋਇਆ ਤੇ ਕੋਈ ਬਹੂ ਜਾਂ ਜਵਾਈ ਵੀ ਚੰਗੀ ਸ਼ਕਲ-ਸੂਰਤ ਵਾਲਾ ਨਹੀਂ ਆਇਆ। ਇਕ ਮੁੰਡਾ ਆਟੋ ਰਿਕਸ਼ਾ ਚਲਾਉਂਦਾ ਹੈ। ਉਸਦੀ ਰੋਜ਼ਾਨਾ ਆਮਦਨ ਸੌ ਰੁਪਏ ਦੇ ਲਗਭਗ ਹੈ। ਦੂਜਾ ਫੁਟਪਾਥ ਉੱਤੇ ਖੜ੍ਹਾ ਹੋ ਕੇ ਫੋਟੋਆਂ ਖਿੱਚਣ ਦਾ ਧੰਦਾ ਕਰਦਾ ਹੈ। ਉਸਦੀ ਔਸਤ ਮਹਾਵਾਰ ਆਮਦਨ ਪੰਜ ਕੁ ਸੌ ਰੁਪਏ ਹੈ। ਉਸਦੇ ਤਿੰਨ ਬੱਚੇ ਤੇ ਕੈਂਸਰ ਦੀ ਮਰੀਜ਼ ਇਕ ਪਤਨੀ ਹੈ। ਤੀਜਾ ਮੁੰਡਾ ਰੇਲਵੇ ਮਾਲ ਗੁਦਾਮ ਵਿਚੋਂ ਕਬਾੜ ਖਰੀਦਨ ਵਾਲੇ ਇਕ ਠੇਕੇਦਾਰ ਦਾ ਮੁਨਸ਼ੀ ਹੈ। ਉਸ ਕੋਲ ਉਸੇ ਠੇਕੇਦਾਰ ਦਾ ਬਖ਼ਸ਼ਿਆ ਹੋਇਆ ਇਕ ਪੁਰਾਣਾ ਸਕੂਟਰ ਵੀ ਹੈ। ਚੌਥਾ ਜਿਹੜਾ ਸਭ ਤੋਂ ਛੋਟਾ ਹੈ, ਬੜਾ ਇਨਟੈਲੀਜੈਂਟ ਹੈ ਤੇ ਸਿਵਲ ਇੰਜੀਨਿਰਿੰਗ ਦਾ ਸਟੂਡੈਂਟ ਹੈ। ਉਸਦੀ ਟਰੇਨਿੰਗ ਦੇ ਸਾਰੇ ਖਰਚੇ ਸਭੇ ਭਰਾ ਮਿਲਜੁਲ ਕੇ ਦਿੰਦੇ ਨੇ। ਉਹਨਾਂ ਦੀਆਂ ਤਿੰਨੇ ਭੈਣਾ ਵੱਖ-ਵੱਖ ਸ਼ਹਿਰਾਂ ਵਿਚ ਵਿਆਹੀਆਂ ਹੋਈਆਂ ਨੇ। ਦੋ ਸਾਧਾਰਣ ਪਟੜੀ ਦੁਕਾਨਦਾਰਾਂ ਨਾਲ ਤੇ ਇਕ ਹਾਈ ਸਕੈਂਡਰੀ ਸਕੂਲ ਦੇ ਇਕ ਟੀਚਰ ਨਾਲ। ਉਹ ਆਪ ਵੀ ਟੀਚਰ ਹੈ। ਅਜ ਅਸੀਂ ਉਸੇ ਕੁੜੀ ਦੇ ਨਾਲ ਬਸ ਵਿਚ ਤੀਹ ਮੀਲ ਦੂਰ ਇਕ ਪਿੰਡ ਵਿਚ ਗਏ ਜਿੱਥੇ ਉਹ ਪੜ੍ਹਾਉਣ ਜਾਂਦੀ ਹੈ।'
ਇਕ ਹੋਰ ਜਗ੍ਹਾ ਉਸਨੇ ਲਿਖਿਆ ਸੀ...:
'ਅੱਜ ਪਹਿਲੀ ਵਾਰੀ ਮੈਨੂੰ ਪਤਾ ਲੱਗਿਆ ਕਿ ਮੇਰੇ ਪਤੀ ਦਾ ਇਕ ਮਤਰੇਆ ਭਰਾ ਵੀ ਹੈ, ਜਿਹੜਾ ਸਾਰੇ ਭਰਾਵਾਂ ਦੇ ਸਾਂਝੇ ਮਕਾਨ ਵਿਚ ਕਾਫੀ ਚਿਰ ਤੋਂ ਇਕ ਨਰਸਰੀ ਸਕੂਲ ਖੋਲ੍ਹੀ ਬੈਠਾ ਹੈ। ਉਸਦੀ ਪਤਨੀ ਉਸ ਸਕੂਲ ਦੀ ਪ੍ਰਿੰਸੀਪਲ ਹੈ। ਉਹ ਆਨਰੇਰੀ ਤੌਰ 'ਤੇ ਮੈਨੇਜਰ ਦਾ ਕੰਮ ਕਰਦਾ ਹੈ ਕਿਉਂਕਿ ਉਹ ਇਕ ਸਰਕਾਰੀ ਮੁਲਾਜ਼ਮ ਵੀ ਹੈ। ਭਰਾਵਾਂ ਵਿਚਕਾਰ ਇਕ ਅਰਸੇ ਤੋਂ ਜਾਇਦਾਦ ਦਾ ਝਗੜਾ ਚਲ ਰਿਹਾ ਹੈ। ਉਹਨਾਂ ਦੀ ਮਾਂ ਉਸੇ ਦਾ ਸਾਥ ਦਿੰਦੀ ਹੈ। ਇਸੇ ਕਰਕੇ ਉਹ ਸਾਡੇ ਵਿਆਹ ਵਿਚ ਵੀ ਨਹੀਂ ਆਏ ਸਨ।
'ਸਾਡਾ ਸਾਰਾ ਹਨੀਮੂਨ ਪੀਰੀਅਡ ਇਕ ਅਜੀਬ ਜਿਹੀ ਹਾਲਤ ਵਿਚ ਬੀਤ ਰਿਹਾ ਹੈ। ਸੁਰਿੰਦਰ ਕਦੀ ਕਦੀ ਕਿਸੇ ਦੁਖਦਾਈ ਘਟਨਾ ਬਾਰੇ ਜਾਣ ਕੇ ਉਦਾਸ ਹੋ ਜਾਂਦਾ ਹੈ। ਪਰ ਉਹ ਪੱਕੇ ਇਰਾਦੇ ਵਾਲਾ ਇਨਸਾਨ ਹੈ। ਕਹਿੰਦਾ ਹੈ, ਮੈਂ ਆਪਣੇ ਹਰੇਕ ਰਿਸ਼ਤੇਦਾਰ ਨੂੰ ਮਿਲਾਂਗਾ। ਰਿਸ਼ਤੇਦਾਰਾਂ ਦੀ ਲਿਸਟ ਦਿਨ-ਬ-ਦਿਨ ਲੰਮੀ ਹੁੰਦੀ ਜਾ ਰਹੀ ਹੈ। ਮੇਰੀ ਦਿਲਚਸਪੀ ਵੀ ਵਧਦੀ ਜਾ ਰਹੀ ਹੈ, ਕਿਉਂਕਿ ਉਹ ਸਾਰੇ ਮਿਲ ਕੇ ਸਮਾਜ-ਸਾਸ਼ਤਰ ਦਾ ਇਕ ਦਿਲਚਸਪ ਤੇ ਵੱਡਮੁੱਲਾ ਅਧਿਆਏ ਜਾਪਦੇ ਹਨ। ਸਾਡਾ ਦੋਵਾਂ ਦਾ ਖ਼ਿਆਲ ਹੈ ਕਿ ਅਸੀਂ ਇਕ ਨਵੀਂ ਦੁਨੀਆਂ ਦੀ ਖੋਜ ਕੀਤੀ ਹੈ ਜਿਹੜੀ ਹੁਣ ਤਕ ਸਾਡੀਆਂ ਨਜ਼ਰਾਂ ਤੋਂ ਓਹਲੇ ਸੀ।
'ਹੁਣ ਸਾਡਾ ਅਗਲਾ ਪ੍ਰੋਗਰਾਮ ਸੁਰਿੰਦਰ ਦੇ ਡੈਡੀ ਦੀਆਂ ਤਿੰਨ ਭੈਣਾ ਤੇ ਪੰਜ ਭਰਾਵਾਂ ਨੂੰ ਮਿਲਣ ਦਾ ਹੈ। ਤੇ ਉਹਨਾਂ ਦੇ ਬਾਲ-ਬੱਚਿਆਂ ਨੂੰ ਵੀ ਜਿਹਨਾਂ ਦੀ ਗਿਣਤੀ ਖਾਸੀ ਦੱਸੀ-ਦੀ ਹੈ। ਕਈਆਂ ਦੇ ਬੱਚੇ ਨੌਕਰੀ ਦੇ ਸਿਲਸਿਲੇ ਵਿਚ ਦੁਬਈ, ਵਹਿਰਾਨ, ਜਾਬੀਆ, ਲਿਬੀਆ ਤੇ ਇੰਗਲੈਂਡ ਗਏ ਹੋਏ ਹਨ।'
ਆਪਣੀ ਦਿੱਲੀ ਵਿਚ ਰਹਾਇਸ਼ ਦੇ ਅਖ਼ੀਰਲੇ ਦਿਨ ਉਹ ਸੁਰਿੰਦਰ ਦੀ ਇਕ ਭੂਆ ਦੀ ਕੁੜੀ ਦੇ ਘਰ ਪਹੁੰਚੇ ਤਾਂ ਪਤਾ ਲੱਗਿਆ ਉਸਦੀ ਧੀ ਦੀ ਉਸ ਦਿਨ ਬਾਰਾਤ ਆਉਣੀ ਹੈ। ਪੰਮੀ ਬੜੀ ਸੋਹਣੀ ਕੁੜੀ ਸੀ। ਉਹ ਐਮ.ਏ. ਕਰਕੇ ਪ੍ਰੋਬੇਸ਼ਨ ਕਰ ਰਹੀ ਸੀ ਪਰ ਖਾਲਸ ਪੂਰਬੀ ਢੰਗ ਦੀ ਸ਼ਾਦੀ ਕਰਨ ਉੱਤੇ ਰਾਜ਼ੀ ਹੋ ਗਈ ਸੀ। ਉੱਥੇ ਉਹਨਾਂ ਦੇ ਦੂਰ ਨੇੜੇ ਦੇ ਬਹੁਤ ਸਾਰੇ ਰਿਸ਼ਤੇਦਾਰ ਵੀ ਆਏ ਹੋਏ ਸਨ। ਉਸ ਇਕੱਠ ਵਿਚ ਸਭ ਤੋਂ ਸਤਿਕਾਰਤ ਮਹਿਮਾਨ, ਪਾਕਿਸਤਾਨ ਤੋਂ ਪਹਿਲੀ ਵਾਰੀ ਆਏ, ਖਾਲਿਦ ਤੇ ਸਯਮਾ ਸਨ। ਖਾਲਿਦ ਦਾ ਦਾਦਾ ਸੁਰਿੰਦਰ ਦੇ ਦਾਦੇ ਦਾ ਸਭ ਤੋਂ ਛੋਟਾ ਭਰਾ ਸੀ, ਜਿਸਨੇ ਆਜ਼ਾਦੀ ਤੋਂ ਕਾਫੀ ਚਿਰ ਪਹਿਲਾਂ ਹੀ ਇਕ ਮੁਸਲਮਾਨ ਕੁੜੀ ਨਾਲ ਇਸ਼ਕ ਹੋ ਜਾਣ ਕਰਕੇ ਇਸਲਾਮ ਕਬੂਲ ਕਰ ਲਿਆ ਸੀ। ਇੰਜ ਉਸ ਖ਼ਾਨਦਾਨ ਦੀ ਇਕ ਸ਼ਾਖ ਇਕ ਦੂਜੀ ਦਿਸ਼ਾ ਵਲ ਵਧ ਕੇ ਵਧ-ਫੁਲ ਰਹੀ ਸੀ। ਮੁਹੰਮਦ ਖਾਲਿਦ ਆਪਣੀ ਬਲੋਚ ਬੀਵੀ ਦੇ ਵਾਰੀ ਵਾਰੀ ਕਹਿਣ 'ਤੇ ਉੱਥੇ ਆਇਆ ਸੀ। ਵੈਸੇ ਉਹ ਕੋਇਟਾ ਮਿਊਜ਼ੀਅਮ ਵਿਚ ਨਿਗਰਾਨ ਦੀ ਪੋਸਟ ਉੱਤੇ ਲੱਗਿਆ ਹੋਇਆ ਸੀ। ਉਹਨਾਂ ਦੋਵਾਂ ਨੂੰ ਵੀ ਇਸ ਗੱਲ ਵਿਚ ਦਿਲਚਸਪੀ ਸੀ ਕਿ ਆਪਣੇ ਪੁਰਖਿਆਂ ਦੀਆਂ ਗਵਾਚੀਆਂ ਹੋਈਆਂ ਜੜਾਂ ਨੂੰ ਤਲਾਸ਼ ਕਰਨ।
ਸੁਰਿੰਦਰ ਤੇ ਸੁਨੀਤਾ ਦੀ ਉਹਨਾਂ ਦੋਵਾਂ ਮੀਆਂ-ਬੀਵੀ ਨਾਲ ਝੱਟ ਦੋਸਤੀ ਹੋ ਗਈ। ਉਹਨਾਂ ਨੇ ਉਹਨਾਂ ਨੂੰ ਨਾਗਪੁਰ ਆਉਣ ਦਾ ਸੱਦਾ ਵੀ ਦੇ ਦਿੱਤਾ। ਉੱਥੇ ਇਕ ਹੋਰ ਦਿਲਚਸਪ ਹਸਤੀ ਸੁਰਿੰਦਰ ਦੀ ਇਕ ਸੱਤਰ ਵਰ੍ਹਿਆਂ ਦੀ ਹਰ ਵੇਲੇ ਬੋਲਦੀ ਰਹਿਣ ਵਾਲੀ ਚਾਚੀ ਵੀ ਸੀ। ਉਸਨੂੰ ਅੱਖਾਂ ਤੋਂ ਬੜਾ ਘੱਟ ਦਿਸਦਾ ਸੀ ਤੇ ਉਹ ਪੁਰਾਣੇ ਦਮੇਂ ਦੀ ਮਰੀਜ਼ ਵੀ ਸੀ। ਉਹ ਖਾਲਿਦ ਤੇ ਸਯਮਾ ਨਾਲ ਦੂਰ ਦੀ ਰਿਸ਼ਤੇਦਾਰੀ ਦਾ ਭੇਦ ਖੁੱਲ੍ਹਣ ਉੱਤੇ ਬੜੀ ਨਾਰਾਜ਼ ਹੋਈ ਤੇ ਹਿਰਖ ਕੇ ਬੋਲੀ, “ਹਾਂ, ਮੈਂ ਤਾਂ ਪਹਿਲਾਂ ਈ ਸਮਝ ਗਈ ਸਾਂ ਕਿ ਇਸ ਖ਼ਾਨਦਾਨ ਦੇ ਖ਼ੂਨ ਵਿਚ ਕੋਈ ਰਲਾਵਟ ਆ ਗਈ ਏ। ਏਸੇ ਕਰਕੇ ਏਨੇ ਮੁੰਡੇ ਨਾਲਾਇਕ ਤੇ ਆਵਾਰਾ ਨਿਕਲੇ ਨੇ। ਆਏ ਦਿਨ ਚੋਰੀਆਂ ਕਰਦੇ ਨੇ, ਡਾਕੇ ਮਾਰਦੇ ਨੇ, ਦੂਜਿਆਂ ਦੀਆਂ ਜ਼ਨਾਨੀਆਂ ਚੁੱਕ ਕੇ ਲੈ ਜਾਂਦੇ ਨੇ...ਪਤਾ ਨਹੀਂ ਭਗਵਾਨ ਹੋਰ ਕੀ ਕੀ ਦਿਖਾਏਗਾ ਮੈਨੂੰ!”
“ਹੁਣ ਤੈਨੂੰ ਦਿਸਦਾ ਕੀ ਘੋੜਾ ਏ?...ਐਵੇਂ ਬੇਕਾਰ ਪਈ ਕੁੜ੍ਹਦੀ ਰਹਿੰਦੀ ਏਂ।” ਇਕ ਔਰਤ ਨੇ ਉਸਨੂੰ ਟੋਕਿਆ। ਉਸਨੂੰ ਕੋਈ ਜਵਾਬ ਦੇਣ ਤੋਂ ਪਹਿਲਾਂ ਹੀ ਉਸਨੂੰ ਖੰਘ ਛਿੜ ਪਈ, ਜਿਸ ਨਾਲ ਉਹ ਬਿਲਕੁਲ ਨਿਢਾਲ ਜਿਹੀ ਹੋ ਕੇ ਪੈ ਗਈ। ਉਸਦੀ ਇਹ ਹਾਲਤ ਦੇਖ ਕੇ ਦੋ ਔਰਤਾਂ ਉਸਦੇ ਕੋਲ ਬੈਠ ਗਈਆਂ ਤੇ ਆਪਸ ਵਿਚ ਗੱਲਾਂ ਕਰਨ ਲੱਗੀਆਂ...:
“ਇਹ ਮੋਈ ਆਪਣੀਆਂ ਹਰਕਤਾਂ ਭੁੱਲ ਗਈ ਏ।...ਪਾਕਿਸਤਾਨ 'ਚੋਂ ਆ ਕੇ ਇਸਨੂੰ ਸਾਰਿਆਂ ਨੇ ਰੋਕਿਆ ਬਈ ਮੁਸਲਮਾਨਾਂ ਦੇ ਕਬਰਸਤਾਨ ਉੱਤੇ ਕਬਜਾ ਨਾ ਕਰ, ਪਰ ਕਿਸੇ ਦੀ ਮੰਨਦੀ ਵੀ ਇਹ! ਦਸ ਬਾਰਾਂ ਕਬਰਾਂ ਪੱਧਰ ਕਰਵਾ ਕੇ ਰਾਤੋ-ਰਾਤ ਉਹਨਾਂ ਉੱਤੇ ਦੋ ਕਮਰੇ ਪਾ ਲਏ। ਇਸਦੀ ਔਲਾਦ 'ਤੇ ਉਹਨਾਂ ਮੁਰਦਿਆਂ ਦੀਆਂ ਰੂਹਾਂ ਦਾ ਈ ਅਸਰ ਏ।”
ਦੂਜੀ ਨੇ ਆਪਣੇ ਬਦੋਬਦੀ ਨਿਕਲ ਚੱਲੇ ਹਾਸੇ ਨੂੰ ਮੂੰਹ ਅੱਗੇ ਦੁੱਪਟੇ ਦਾ ਪੱਲਾ ਰੱਖ ਕੇ ਬੜੀ ਮੁਸ਼ਕਿਲ ਨਾਲ ਰੋਕਿਆ, “ਏਸ ਰੰਨ ਨੇ ਤਾਂ ਚਾਲੀ ਦੀ ਹੋ ਕੇ ਉਸੇ ਕਬਰਸਤਾਨ ਵਿਚ ਸਭ ਤੋਂ ਛੋਟਾ ਮੰਗਲੂ ਜੰਮਿਆਂ ਸੀ। ਸਾਡੇ ਖ਼ਾਨਦਾਨ ਵਿਚ ਪਹਿਲਾ ਗੁੰਡਾ ਉਹੀ ਮੰਗਲੂ ਏ। ਉਸ ਉੱਤੇ ਕਿਸੇ ਦੀ ਰੂਹ ਸਵਾਰ ਜਾਪਦੀ ਏ।”
ਬੁੱਢੀ ਹੁਣ ਕੁਝ ਠੀਕ ਸੀ। ਖੰਘ ਪਿੱਛੋਂ ਉਹ ਖਾਸੀ ਦੇਰ ਤਕ ਅੱਖਾਂ ਬੰਦੀ ਕਰੀ ਪਈ, ਉਹਨਾਂ ਦੀਆਂ ਗੱਲਾਂ, ਸੁਣਦੀ ਰਹੀ—ਫੇਰ ਉਸਨੇ ਗਰਦਨ ਭੁਆਂ ਕੇ ਅੱਖਾਂ ਵਿਚ ਅੱਥਰੂ ਭਰ ਕੇ ਕਿਹਾ, “ਨੀਂ ਮੈਂ ਕਦੋਂ ਕਿਹਾ ਏ ਕਿ ਕਬਰਸਤਾਨ ਵਿਚ ਮੇਰਾ ਮਕਾਨ ਪਾ ਬਹਿਣਾ ਕੋਈ ਚੰਗਾ ਕਰਮ ਸੀ! ਪਰ ਫੇਰ ਤਾਂ ਕਿੰਨੇ ਹੀ ਸ਼ਰਨਾਰਥੀ ਉੱਥੇ ਆ ਵੱਸੇ ਸਨ। ਕੀ ਉਹਨਾਂ ਦੇ ਨਿਆਣੇ ਨਹੀਂ ਹੋਏ ਉੱਥੇ? ਇਕ ਮੇਰੇ ਮੁੰਡੇ 'ਤੇ ਈ ਰੂਹਾਂ ਸਵਾਰ ਹੋ ਗਈਆਂ!”
“ਨੀਂ ਚਾਚੀ, ਸਾਰੀਆਂ ਰੂਹਾਂ ਤੇ ਸਾਰੇ ਆਦਮੀ ਤਾਂ ਇਕੋ ਜਿਹੇ ਨਹੀਂ ਹੁੰਦੇ—ਕਹਿੰਦੇ ਨੇ, ਕੋਈ ਕੋਈ ਰੂਹ ਤਾਂ ਇਹੋ ਜਿਹੀ ਹੁੰਦੀ ਏ ਜਿਹੜੀ ਸਿਰਫ ਸੋਹਣੇ ਬੱਚਿਆਂ 'ਤੇ ਈ ਸਵਾਰ ਹੁੰਦੀ ਏ, ਤੇਰਾ ਮੰਗਲੂ ਜ਼ਰਾ ਸੋਹਣਾ ਏ ਨਾ ਇਸ ਕਰਕੇ ਉਹ ਉਸ ਉੱਤੇ ਆਸ਼ਕ ਹੋ ਗਈ ਹੋਏਗੀ। ਉਸਨੇ ਮੰਗਲੂ ਤੋਂ ਕੀ ਕੀ ਕੰਮ ਨਹੀਂ ਕਰਵਾਇਆ! ਡਾਕੇ, ਮੋਟਰਾਂ ਦੀ ਚੋਰੀ, ਗਬਨ—ਤੇ ਜੂਏ ਤੇ ਸ਼ਰਾਬ ਦੀ ਭੈੜੀ ਲਤ ਤਕ ਪਾ ਦਿੱਤੀ ਉਸਨੂੰ! ਪੜ੍ਹਨ-ਲਿਖਣ ਵਲੋਂ ਕੋਰੇ ਦਾ ਕੋਰਾ ਰਹਿ ਗਿਆ ਸੋ ਵੱਖਰਾ!”
ਅਚਾਨਕ ਬੁੱਢੀ ਉਠ ਕੇ ਬੈਠ ਗਈ ਤੇ ਕੜਕ ਕੇ ਬੋਲੀ, “ਨੀਂ ਤੇਰਾ ਇਕ ਨਾ ਰਹੇ, ਸਾਲਾ! ਤੇਰਾ ਪੱਠਾ ਤਾਂ ਬੜਾ ਪੜ੍ਹ ਲਿਖ ਕੇ ਵੱਡਾ ਸ਼ਰੀਫ਼ ਆਦਮੀ ਬਣ ਗਿਆ ਏ ਨਾ! ਉਹ ਵੀ ਉਸੇ ਕਬਰਸਤਾਨ ਦੀ ਔਲਾਦ ਏ। ਸਾਰਿਆਂ ਨੂੰ ਪਤਾ ਏ, ਇਕ ਮੈਂ ਨਹੀਂ ਕਹਿ ਰਹੀ—ਜਦੋਂ ਤੇਰੇ ਖਸਮ ਨੂੰ ਦਿਲ ਦਾ ਦੌਰਾ ਪਿਆ ਸੀ, ਉਸਨੇ ਕਿਸੇ ਡਾਕਟਰ ਨੂੰ ਨਹੀਂ ਸੀ ਬੁਲਾਇਆ। ਜਿਹੜਾ ਜ਼ਿੰਦਗੀ ਭਰ ਔਲਾਦ ਦੇ ਸੁਖਾਂ ਖਾਤਰ ਕਮਾਉਂਦਾ ਰਿਹਾ, ਉਸਨੂੰ ਅਖ਼ੀਰਲੇ ਦਿਨਾਂ 'ਚ ਦਵਾਈ ਦਾ ਘੁੱਟ ਵੀ ਨਸੀਬ ਨਹੀਂ ਹੋਇਆ—ਤੇ ਆਪਣੇ ਭੈਣ-ਭਰਾਵਾਂ ਦੇ ਹਿੱਸੇ ਦੀ ਜਾਇਦਾਦ ਵੱਖਰੀ ਨੱਪੀ ਬੈਠਾ ਏ ਤੇਰਾ ਉਹ ਸਲੱਗ ਪੁੱਤ! ਸ਼ਕਲ-ਸੂਰਤ ਤੋਂ ਵੀ ਬਿਲਕੁਲ ਮੁਸਲਾ ਈ ਲੱਗਦਾ ਏ!”
ਇੰਜ ਉੱਚੀ-ਉੱਚੀ ਚੀਕਦੀ-ਕੂਕਦੀ ਨੂੰ ਫੇਰ ਖੰਘ ਛਿੜ ਪਈ। ਇਸ ਵਾਰੀ ਖੰਘ ਦਾ ਦੌਰਾ ਪ੍ਰਾਣਘਾਤੀ ਸਾਬਤ ਹੋਇਆ ਤੇ ਉਸਨੇ ਹੌਂਕਦਿਆਂ-ਹੌਂਕਦਿਆਂ ਪ੍ਰਾਣ ਤਿਆਗ ਦਿੱਤੇ।...ਜਿਸ ਘਰ ਵਿਚ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸਨ, ਦੇਖਦਿਆਂ-ਦੇਖਦਿਆਂ ਹੀ ਉੱਥੇ ਮਾਤਮੀ ਸੱਥਰ ਵਿਛ ਗਿਆ। ਚਾਰ-ਛੇ ਬੁੱਢੀਆਂ ਸਿਰ ਖੋਲ੍ਹ ਕੇ ਛਾਤੀ ਪਿੱਟਣ ਤੇ ਵੈਣ ਪਾਉਣ ਲੱਗ ਪਈਆਂ। ਇਹ ਇਨਸਾਨ ਦੇ ਮੁੱਢ ਕਦੀਮ ਤੋਂ ਤੁਰੇ ਆ ਰਹੇ ਮਾਤਮੀ ਰਿਵਾਜ਼ ਸਨ। ਉਹਨਾਂ ਵੱਲ ਨਵੀਂ ਪੀੜ੍ਹੀ ਦੇ ਨੌਜਵਾਨ ਤੇ ਬੱਚੇ ਹੈਰਾਨੀ ਨਾਲ ਦੇਖ ਰਹੇ ਸਨ। ਕਈਆਂ ਦਾ ਖ਼ਿਆਲ ਸੀ ਵਿਆਹ ਅੱਗੇ ਪਾ ਦਿੱਤਾ ਜਾਏਗਾ। ਸ਼ਾਮਿਆਨੇ ਤੇ ਕਨਾਤਾਂ ਵਗ਼ੈਰਾ ਲਾਹ ਦਿੱਤੀਆਂ ਜਾਣਗੀਆਂ ਤੇ ਦੇਗਾਂ ਕੜ੍ਹਾਈਆਂ ਵਾਪਸ ਭੇਜ ਦਿੱਤੀਆਂ ਜਾਣਗੀਆਂ। ਪਰ ਕਈ ਪੜ੍ਹੇ-ਲਿਖੇ ਤੇ ਸਿਆਣੇ ਆਦਮੀਆਂ ਨੇ ਵਿਚਕਾਰ ਪੈ ਕੇ ਇੰਜ ਨਹੀਂ ਹੋਣ ਦਿੱਤਾ। ਉਹਨਾਂ ਨੇ ਵਿਚਾਰ ਪੇਸ਼ ਕੀਤਾ ਕਿ ਸਾਡੇ ਵਿਆਹ ਤੇ ਮਰਨੇ ਇਕੋ ਜਿਹੇ ਹੁੰਦੇ ਹਨ। ਇਸ ਲਈ ਬੁੱਢੀ ਦੀ ਅਰਥੀ ਨੂੰ ਰੰਗ-ਬਿਰੰਗੀਆਂ ਝੰਡੀਆਂ, ਗੁਬਾਰਿਆਂ , ਫੁੱਲਾਂ ਤੇ ਨਾਰੀਅਲਾਂ ਨਾਲ ਸਜਾ ਕੇ ਝਟਪਟ ਸ਼ਮਸ਼ਾਨ ਘਾਟ ਪਹੁੰਚਾ ਦਿੱਤਾ ਗਿਆ, ਜਿਸਦੇ ਅੱਗੇ-ਅੱਗੇ ਬੈਂਡ ਵੱਜ ਰਿਹਾ ਸੀ ਤੇ ਆਸੇ-ਪਾਸੇ ਸੱਤ ਸੁਹਾਗਣਾ ਪੂਰਾ ਸ਼ਿੰਗਾਰ ਕਰਕੇ ਨੱਚ ਤੇ ਹੱਸ ਰਹੀਆਂ ਸਨ। ਹੱਥਾਂ ਵਿਚ ਝੰਡੀਆਂ ਚੁੱਕੀ ਨਿਆਣੇ ਵੀ ਨਾਲ ਗਏ। ਫੇਰ ਰਾਤ ਨੂੰ ਉਸੇ ਘਰ ਵਿਚ ਮਿਥੇ ਹੋਏ ਪ੍ਰੋਗਰਾਮ ਅਨੁਸਾਰ ਬਾਰਾਤ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਬੁੱਢੀ ਦੀ ਮੌਤ ਨੂੰ ਸਾਰੇ ਭੁੱਲ ਚੁੱਕੇ ਸਨ।
ਰਾਤ ਨੂੰ ਸੁਰਿੰਦਰ ਤੇ ਸੁਨੀਤਾ ਜਦੋਂ ਆਪਣੇ ਹੋਟਲ ਵਾਪਸ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਿਆ ਕੋਈ ਆਦਮੀ ਉਹਨਾਂ ਨੂੰ ਬੜੀ ਦੇਰ ਦਾ ਉਡੀਕ ਰਿਹਾ ਸੀ। ਉਹ ਇਕ ਉੱਚਾ ਲੰਮਾ-ਝੰਮਾ, ਸੋਹਣਾ-ਸੁੱਣਖਾ ਨੌਜਵਾਨ ਸੀ। ਸੁਰਿੰਦਰ ਨੂੰ ਦੇਖਦਿਆਂ ਹੀ ਉਸਨੇ ਜੱਫੀ ਪਾ ਲਈ ਤੇ ਉੱਚੀ-ਉੱਚੀ ਰੋਣ ਲੱਗ ਪਿਆ। ਉਸਦੇ ਮੂੰਹ ਵਿਚੋਂ ਸ਼ਰਾਬ ਦੀ ਬੋ ਆ ਰਹੀ ਸੀ—ਤੂੰ ਮੈਨੂੰ ਨਹੀਂ ਜਾਣਦਾ ਪਰ ਮੈਨੂੰ ਤੇਰੇ ਬਾਰੇ ਸਭ ਕੁਝ ਪਤਾ ਲੱਗ ਗਿਆ ਏ ਕਿ ਤੂੰ ਮੇਰੇ ਚਾਚੇ ਦਾ ਪੁੱਤਰ ਤੇ ਮੇਰਾ ਭਰਾ ਏਂ। ਸਾਨੂੰ ਲੋਕਾਂ ਨੂੰ ਮਿਲਣ ਵਾਸਤੇ ਪਹਿਲੀ ਵਾਰੀ ਇਸ ਸ਼ਹਿਰ ਵਿਚ ਆਇਆ ਏਂ। ਮੇਰਾ ਨਾਂ ਮੰਗਲ ਸੈਨ ਏਂ। ਉਹਨਾਂ ਲੋਕਾਂ ਨੇ ਮੇਰੀ ਬੁੱਢੀ ਮਾਂ ਨੂੰ ਸਤਾ-ਸਤਾ ਕੇ ਮਾਰ ਦਿੱਤਾ...ਮੈਨੂੰ ਖਬਰ ਤਕ ਨਹੀਂ ਕੀਤੀ ਕਿ ਮੈਂ ਵੀ ਉਸਨੂੰ ਆਖ਼ਰੀ ਵਾਰ ਮੋਢਾ ਦੇ ਸਕਾਂ! ਉਸਦੀ ਕਿੱਡੀ ਹਸਰਤ ਸੀ—ਕਹਿੰਦੀ ਸੀ, ਮੰਗਲੂ ਹੀ ਮੈਨੂੰ ਆਪਣੇ ਹੱਥਾਂ ਨਾਲ ਚੁੱਕ ਕੇ ਚਿਤਾ ਉੱਤੇ ਰੱਖੇਗਾ। ਖ਼ੈਰ, ਮੈਂ ਇਕ ਇਕ ਨੂੰ ਦੇਖ ਲਵਾਂਗਾ। ਇਸ ਵੇਲੇ ਮੈਂ ਸ਼ਮਸ਼ਾਨ ਘਾਟ 'ਚੋਂ ਹੀ ਆ ਰਿਹਾਂ—ਬੜਾ ਦੁਖੀ ਆਂ, ਪਰ ਮੈਨੂੰ ਤੇਰੇ ਨਾਲ ਮਿਲ ਕੇ ਬੜੀ ਖੁਸ਼ੀ ਹੋਈ। ਏਸ ਵੇਲੇ ਮੈਨੂੰ ਕੁਝ ਪੈਸਿਆਂ ਦੀ ਬੜੀ ਸਖ਼ਤ ਲੋੜ ਏ। ਸ਼ਰਾਬ ਪੀ ਕੇ ਹੀ ਮਾਂ ਦਾ ਦੁੱਖ ਭੁੱਲ ਸਕਾਂਗਾ...”
ਸੁਰਿੰਦਰ ਤੇ ਸੁਨੀਤਾ ਚੁੱਪਚਾਪ ਖੜ੍ਹੇ ਰਹੇ। ਅਚਾਨਕ ਮੰਗਲ ਸੈਨ ਨੇ ਆਪਣੇ ਹੰਝੂ ਪੂੰਜੇ ਤੇ ਜੇਬ ਵਿਚੋਂ ਇਕ ਦੇਸੀ ਪਸਤੌਲ ਕੱਢ ਲਿਆ ਤੇ ਬੋਲਿਆ, “ਤੂੰ ਰਿਸ਼ਤੇ ਵਜੋਂ ਮੇਰਾ ਛੋਟਾ ਭਰਾ ਲੱਗਦਾ ਏਂ—ਮੈਂ ਤੈਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ। ਤੂੰ ਵੀ ਮੈਨੂੰ ਮਜਬੂਰ ਨਾ ਕਰ! ਇਸ ਲਈ ਜਲਦੀ ਕਰ, ਮੇਰੇ ਕੋਲ ਜ਼ਿਆਦਾ ਸਮਾਂ ਨਹੀਂ।”
ਸੁਰਿੰਦਰ ਨੇ ਆਪਣੀ ਜੇਬ ਵਿਚੋਂ ਸਾਰੇ ਰੁਪਏ ਕੱਢ ਕੇ ਉਸਦੇ ਹਵਾਲੇ ਕਰ ਦਿੱਤੇ। ਮੰਗਲ ਸੈਨ ਨੇ ਉਹਨਾਂ ਨੂੰ ਗਿਣਿਆ ਨਹੀਂ, ਪਰ ਸੌ ਦਾ ਇਕ ਨੋਟ ਕੱਢ ਕੇ ਸੁਨੀਤਾ ਵਲ ਵਧਾ ਦਿੱਤਾ ਤੇ ਕਿਹਾ, “ਲੈ, ਇਹ ਮੇਰੇ ਵੱਲੋਂ, ਮੇਰਾ ਹੱਕ ਬਣਦਾ ਏ।”
(ਅਨੁਵਾਦ : ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਰਾਮ ਲਾਲ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ