Jeevan Ghatna (Bangla Story in Punjabi) : Rabindranath Tagore
ਜੀਵਨ ਘਟਨਾਂ (ਬੰਗਾਲੀ ਕਹਾਣੀ) : ਰਾਬਿੰਦਰਨਾਥ ਟੈਗੋਰ
ਰਾਸ ਬਿਹਾਰੀ ਅਮੀਰ ਘਰਾਣੇ ਦਾ ਦੀਪਕ ਸੀ ਇਹੋ ਕਾਰਨ ਹੈ,
ਕਿ ਉਹ ਜਿੰਨਾ ਖਰਚ ਕਰਨਾ ਜਾਣਦਾ ਸੀ, ਉਸਦਾ ਚੌਥਾ ਹਿਸਾ ਵੀ ਕਮਾ-
ਉਣਾ ਉਸਦੀ ਅਕਲ ਤੋਂ ਬਾਹਰ ਸੀ, ਨਤੀਜਾ ਇਹ ਹੋਇਆ ਕਿ ਵਡਿਆਂ
ਦੀ ਜਾਇਦਾਦ ਖਤਮ ਹੋ ਗਈ ਅਤੇ ਹੁਣ ਉਸਨੂੰ ਕਿਸੇ ਕੋਲੋਂ ਮਦਦ ਦੀ
ਲੋੜ ਮਹਿਸੂਸ ਹੋਈ, ਲਾ-ਪਰਵਾਹੀ ਆਦਮੀ ਨੂੰ ਕਿਸੇ ਗਲ ਜੋਗਾ
ਨਹੀਂ ਛਡਦੀ।
ਸੋਹਣਾ, ਜੁਆਨ, ਗਾਉਣ ਵਜਾਉਣ ਵਿਚ ਚਤਰ, ਕੰਮ ਕਾਰ ਵਿਚ
ਭੋਲਾ, ਦੁਨੀਆਂ ਲਈ ਨਿਕੰਮਾ ਰਾਸ ਬਿਹਾਰੀ ਜਿਸ ਸ਼ਾਨ ਨਾਲ ਪਹਿਲਾਂ
ਨਿਕਲਦਾ ਸੀ ਉਹ ਤਾਂ ਰਹਿ ਗਈ ਇਕ ਪਾਸੇ ਹੁਣ ਤੇ ਉਹ ਰੋਟੀ ਵਲੋਂ
ਵੀ ਤੰਗ ਸੀ, ਕਿਉਂਕਿ ਉਹਨੇ ਕਦੀ ਕੋਈ ਕੰਮ ਨਹੀਂ ਸੀ ਕੀਤਾ, ਇਸ
ਕਰ ਕੇ ਉਸਨੂੰ ਇਹ ਪਤਾ ਹੀ ਨਹੀਂ ਸੀ ਕਿ ਕਮਾਉਣਾ ਕਿਹੜੀ ਚਿੜੀ ਦਾ
ਨਾਂ ਹੈ। ਉਸ ਦਾ ਸੁਭਾਉ ਐਸ਼ ਪਸੰਦ ਸੀ, ਓੜਕ ਉਸਨੂੰ ਆਪਣਾ ਘਰ
ਛਡ ਕੇ ਦੂਸਰੇ ਸ਼ਹਿਰ ਜਾਣਾ ਪਿਆ ।
ਰਾਸ ਬਿਹਾਰੀ ਦੀ ਕਿਸਮਤ ਦਾ ਦੀਵਾ ਬਿਲਕੁਲ ਨਹੀਂ ਸੀ ਬੁਝਾ,
ਪਰ ਟਿਮ-ਟਮਾ ਰਿਹਾ ਸੀ, ਇਨ੍ਹਾਂ ਦਿਨਾਂ ਵਿਚ ਰਾਜਾ ਰਾਮੇਸ਼੍ਵਰ ਸਿੰਘ ਦਾ
ਇਲਾਕਾ ਕੋਰਟ ਆਫ ਵਾਰਡ ਕੋਲੋਂ ਉਨ੍ਹਾਂ ਨੂੰ ਮਿਲਿਆ ਉਨ੍ਹਾਂ ਨੇ ਜੀਵਨ ਦੇ
ਰਸ ਅਤੇ ਖੁਸ਼ੀ ਵਾਸਤੇ ਇਕ ਨਾਟਕ ਕੰਪਨੀ ਸ਼ੁਰੂ ਕਰਨ ਦੀ ਸਲਾਹ ਕੀਤੀ,
ਘੁੰਮਦੇ ਫਿਰਦੇ ਰਾਸ ਬਿਹਾਰੀ ਵੀ ਉਥੇ ਪਹੁੰਚ ਗਏ ।
ਰਾਸ ਬਿਹਾਰੀ ਦੀ ਉਮਰ ਅਧ-ਵਿਚਕਾਰ ਸੀ, ਜੁੱਸਾ ਸੁਡੌਲ ਸੀ,
ਸੋਹਣਾ, ਸ਼ਾਇਰ, ਗਲਾ ਸੁਰੀਲਾ ਇਹ ਸਭ ਗੱਲਾਂ ਵੇਖ ਕੇ ਰਾਜੇ ਨੇ ਇਸ
ਨੂੰ ਸੰਗੀਤ ਮਾਸਟਰ ਰਖ ਲਿਆ ਕਿਸਮਤ ਦੀਆਂ ਅਖਾਂ ਹੌਲੀ ਹੌਲੀ ਬੰਦ ਹੋ
ਰਹੀਆਂ ਸਨ, ਪਰ ਫੇਰ ਖੁੱਲ੍ਹ ਗਈਆਂ ।
ਰਾਜਾ ਸਾਹਿਬ ਬੀ.ਏ. ਪਾਸ ਸਨ ਉਨ੍ਹਾਂ ਵਿਚ ਕਿਸੇ ਤਰ੍ਹਾਂ ਦਾ
ਹੰਕਾਰ ਨਹੀਂ ਸੀ ਰਾਜਾ ਸਨ, ਵਡੇ ਆਦਮੀ ਦੇ ਲੜਕੇ ਸਨ। ਪਰ ਫੇਰ ਵੀ
ਵਕਤ ਸਿਰ ਹਰ ਕੰਮ ਕਰ ਲੈਂਦੇ, ਲਾ-ਪਰਵਾਹੀ ਤੋਂ ਬਹੁਤ ਦੂਰ ਸਨ, ਉਨ੍ਹਾਂ
ਦਾ ਜੀਵਨ ਧਾਰਮਕ ਸੀ ਪਰ ਇਕ ਦਮ ਰਾਸ ਬਿਹਾਰੀ ਉਨ੍ਹਾਂ ਦੇ ਜੀਵਨ
ਵਿਚ ਰਲ ਕੇ ਨਸ਼ਾ ਬਣ ਗਿਆ, ਉਸ ਦਾ ਗਾਨਾ ਸੁਨਣ ਵਿਚ ਅਤੇ ਦਿਲ
ਇਕ ਥਾਂ ਹੋਣ ਕਰ ਕੇ ਖਾਣਾ ਠੰਡਾ ਹੋ ਜਾਂਦਾ, ਸੌਣ ਦੇ ਵੇਲੇ ਖੁਸਣ
ਲਗੇ ਹੁਣ ਉਨ੍ਹਾਂ ਦੀ ਜ਼ਿੰਦਗੀ ਵਿਚ ਬਹੁਤ ਫਰਕ ਹੋ ਗਿਆ ਸੀ ਦੀਵਾਨ
ਸਾਹਿਬ ਸੋਚਦੇ,ਅਤੇ ਕਹਿੰਦੇ ਸਨ।
"ਰਾਜਾ ਸਾਹਿਬ ਦੇ ਜੀਵਨ ਵਿਚ ਜੇ ਕੋਈ ਖਰਾਬੀ ਹੈ ਤਾਂ ਇਹ
ਮੁੰਡਾ ਰਾਸ ਬਿਹਾਰੀ ਹੈ, ਨਾਂ ਇਹ ਆਉਂਦਾ ਨਾ ਇਹ ਗੱਲ ਹੁੰਦੀ।"
ਰਾਣੀ ਸਾਹਿਬ ਭੁੜਕ ਉਠਦੀ ਅਤੇ ਪ੍ਰੇਮ ਭਰੇ ਢੰਗ ਨਾਲ ਗਰਦਨ
ਨੂੰ ਵਲ ਦੇ ਕੇ ਕਹਿੰਦੀ ਸੀ।
"ਪਤਾ ਨਹੀਂ ਇਹ ਬਲਾ ਕਿਥੋਂ ਆ ਚੰਬੜੀ, ਤੁਸੀਂ ਉਸਦੇ ਵਸ
ਪੈ ਕੇ ਆਪਣੀ ਸੇਹਤ ਖਰਾਬ ਕਰ ਰਹੇ ਹੋ ਪਤਾ ਨਹੀਂ ਕਦੋਂ ਓਹਦੇ ਕੋਲੋਂ
ਛੁਟਕਾਰਾ ਹੋਵੇ, ਆਪਣੀ ਸੇਹਤ ਦਾ ਖਿਆਲ ਰਖਨਾ ਤੁਹਾਡਾ ਫ਼ਰਜ਼ ਹੈ ।
ਇਨ੍ਹਾਂ ਅਖਰਾਂ ਵਿਚ ਨਰਮੀ ਹੁੰਦੀ, ਸਖਤੀ ਹੁੰਦੀ, ਪਿਆਰ ਹੁੰਦਾ,
ਨਸੀਹਤ ਹੁੰਦੀ ।
ਰਾਜਾ ਸਾਹਿਬ, ਜੁਆਨ, ਸੋਹਣੀ ਪਿਆਰੀ ਵਹੁਟੀ ਦੇ ਮੂੰਹੋਂ ਇਹ
ਗਲਾਂ ਸੁਣਕੇ ਦਿਲ ਵਿਚ ਬਹੁਤ ਖੁਸ਼ ਹੁੰਦੇ ਸਨ, ਮੁਸਕਰਾਉਂਦੇ ਅਤੇ
ਸੋਚਦੇ ਸਨ।
ਇਸਤ੍ਰੀਆਂ ਜਿਸ ਨਾਲ ਪਿਆਰ ਕਰਦੀਆਂ ਨੇ ਸਿਰਫ ਉਸੇ ਨੂੰ
ਜਾਣਦੀਆਂ ਹਨ ਉਨ੍ਹਾਂ ਦੇ ਗ੍ਰੰਥ ਵਿਚ ਇਹ ਗਲ ਨਹੀਂ ਲਿਖੀ ਦੁਨੀਆਂ
ਵਿਚ ਬਹੁਤ ਸਾਰੇ ਆਦਮੀ ਏਹੋ ਜਹੇ ਹਨ ਜੋ ਇਜ਼ਤ ਦੀ ਨਿਸ਼ਾਨੀ ਹਨ,
ਜਿਸ ਨਾਲ ਉਨ੍ਹਾਂ ਦਾ ਵਿਆਹ ਹੋਇਆ ਹੋਵੇ ਓਹੋ ਹੀ ਸਭ ਕੁਝ ਹਨ,
ਗਲ ਕੀ ਉਨ੍ਹਾਂ ਦਾ ਸਭ ਕੁਝ ਇਹੋ ਮਰਦ ਹੀ ਹੈ, ਪਤੀ ਨੂੰ ਰੋਟੀ ਖਾਣ
ਆਉਣ ਵਿਚ ਥੋੜੀ ਜਹੀ ਦੇਰ ਹੋ ਜਾਵੇ ਤਾਂ ਠੀਕ ਨਹੀਂ ਸਮਝਦੀਆਂ, ਪਰ
ਇਸਦਾ ਕੋਈ ਖਿਆਲ ਨਹੀਂ ਸਮਝਦੀਆਂ, ਕਿ ਉਸਦੇ ਕਿਸੇ ਚੰਗੇ ਮਿਤ੍ਰ ਨੂੰ
ਹਟਾਉਨ ਤੋਂ ਉਸਦਾ ਕੀ ਹਾਲ ਹੋਵੇਗਾ।
ਜ਼ਨਾਨੀਆਂ ਦੀ ਉਸ ਗਲ ਨੂੰ ਗਲਤੀ ਸਮਝਿਆ ਜਾ ਸਕਦਾ ਹੈ,
ਪਰ ਰਾਜਾ ਸਾਹਿਬ ਨੇ ਕੋਈ ਗੁੱਸਾ ਨਹੀਂ ਕੀਤਾ, ਪਰ ਹੁਣ ਉਨ੍ਹਾਂ ਦਾ ਕੰਮ
ਇਹ ਸੀ ਕਿ ਕਦੀ ਕਦੀ ਰਾਸ ਬਿਹਾਰੀ ਦੀ ਤਰੀਫ਼ ਕਰਕੇ ਰਾਣੀ ਨੂੰ ਛੇੜਕੇ
ਤੰਗ ਕਰਦੇ ਅਤੇ ਚਿੜਾਂਦੇ, ਫੇਰ ਆਪ ਦਿਲ ਵਿਚ ਖੁਸ਼ ਹੁੰਦੇ ਕਿਸੇ ਨੂੰ
ਗੁੱਸੇ ਕਰਕੇ ਫੇਰ ਆਪ ਖੁਸ਼ ਹੋਣਾ ਇਹ ਆਦਮੀ ਦੀ ਆਦਤ ਹੈ ।
ਰਾਜਾ ਰਾਣੀ ਦੀ ਇਹ (ਦਿਲ ਲੱਗੀ,) ਰਾਸ-ਬਿਹਾਰੀ ਲਈ
ਜ਼ਹਿਰ ਦਾ ਕੰਮ ਕਰ ਗਈ, ਰਾਣੀ ਨਾਲ ਪਰਿਚੇ ਹੋਣ ਬਾਦ ਰਾਸ ਬਿਹਾਰੀ
ਦੇ ਖਾਣ ਪੀਣ ਦੇ ਇੰਤਜ਼ਾਮ ਵਿਚ ਗੜ ਬੜ ਹੋ ਗਈ, ਅਮੀਰਾਂ ਦੇ ਨੌਕਰ
ਹਮੇਸ਼ਾਂ ਕੰਮ ਚੋਰ ਹੁੰਦੇ ਹਨ, ਰਾਣੀ ਦਾ ਰੁੱਖ ਵੇਖਕੇ ਓਹ ਕਈ ਤਰ੍ਹਾਂ
ਰਾਸ ਬਿਹਾਰੀ ਦੀ ਬੇਜ਼ਤੀ ਕਰਦੇ, ਨਫ਼ਰਤ ਹੋਣ ਲੱਗ ਪਈ ।
ਰਾਣੀ ਨੇ ਇਕ ਦਿਨ ਪੱਤਵੇ ਨੂੰ ਗੁੱਸੇ ਹੋਕੇ ਕਿਆ ।
"ਤੂੰ ਕਿਥੇ ਰਹਿੰਦਾ ਹੈਂ ? ਕੰਮ ਵੇਲੇ ਪਤਾ (ਈ) ਨਹੀਂ ਲੱਗਦਾ,
ਵਾਜਾਂ ਮਾਰ ਕੇ ਸਿਰ ਪੀੜ ਹੋਣ ਲਗ ਪਈ ਏ।"
ਰਾਣੀ ਦੀਆਂ ਅਖਾਂ ਲਾਲ ਸਨ ਅਤੇ ਮੂੰਹ ਵੀ ਲਾਲ ਸੀ ।
"ਸਰਕਾਰ, ਰਾਜਾ ਸਾਹਿਬ ਦੇ ਹੁਕਮ ਨਾਲ ਮੈਨੂੰ ਸਾਰਾ ਦਿਨ
ਬਿਹਾਰੀ ਬਾਬੂ ਦੀ ਸੇਵਾ ਵਿਚ ਰਹਿਣਾ ਪੈਂਦਾ ਹੈ, ਮੈਂ ਕਹਿਣਾ ਕਿਸ ਤਰ੍ਹਾਂ
ਮੋੜ ਸਕਦਾ ਹਾਂ।"
ਪਤਵੇ ਦੇ ਹਥ ਜੁੜੇ ਹੋਏ ਸਨ, ਅਤੇ ਮੂੰਹ ਤੇ ਅਧੀਨਤਾ ਦੇ ਚਿੰਨ੍ਹ ।
"ਤੂੰ ਬੜਾ ਬੇ-ਵਕੂਫ ਹੈਂ, ਸਾਰਾ ਦਿਨ ਉਥੇ ਰਹਿਣ ਦੀ ਕੋਈ ਲੋੜ
ਨਹੀਂ, ਰੋਟੀ ਬਣਾਕੇ ਆ ਜਾਇਆ ਕਰ ।" ਭਾਵ ਰਾਣੀ ਨੇ ਇਸ ਬੇ-ਪ੍ਰਵਾਹੀ
ਨਾਲ ਇਹ ਗਲ ਕਹੀ ਕਿ ਪਤਵਾ ਉਸ ਦੇ ਦਿਲ ਦਾ ਭਾਵ ਨਾ ਸਮਝ
ਸਕਿਆ ।
ਦੂਸਰੇ ਹੀ ਦਿਨ ਤੋਂ ਉਹ ਹਾਲ ਹੋਣ ਲਗਾ, ਕਿ ਰਾਸ ਬਿਹਾਰੀ
ਤੰਗ ਆ ਗਿਆ, ਖਾਨਾ ਖਰਾਬ ਮਿਲਣ ਲੱਗਾ ਅਧਾ ਖਾਂਦਾ ਅਤੇ ਅਧਾ
ਛਡ ਦੇਂਦਾ, ਕਿੰਨਾਂ ਚਿਰ ਅਵਾਜ਼ਾਂ ਮਾਰਨ ਤੇ ਵੀ ਪਤਵਾ ਨਾ ਆਉਂਦਾ,
ਇਕ ਇਕ ਚੀਜ਼ ਵਾਸਤੇ ਸੌ ਸੌ ਵਾਰੀ ਕਹਿਣਾ ਪੈਂਦਾ, ਅਬਿਆਸ ਨਾ ਹੋਣ
ਤੇ ਵੀ ਰਾਸ ਬਿਹਾਰੀ ਐਧਰ ਉਧਰ ਹਥ ਮਾਰਨ ਲਗ ਗਿਆ । ਕਦੀ ਕਦੀ
ਖਾਨਾ ਚੰਗਾ ਨਾ ਮਿਲਣ ਕਰ ਕੇ ਭੁੱਖਾ ਹੀ ਸੌਣਾ ਪੈਂਦਾ। ਇਨ੍ਹਾਂ ਸਭ
ਛੋਟੀਆਂ ਗੱਲਾਂ ਤੋਂ ਰਾਜਾ ਸਾਹਿਬ ਕੋਲ ਸ਼ਿਕਾਇਤ ਕਰਨਾ ਠੀਕ ਨਹੀਂ ਸੀ,
ਕਿਸੇ ਨੌਕਰ ਨਾਲ ਝਗੜਾ ਕਰ ਕੇ ਆਪਣੀ ਬੇ-ਇਜ਼ਤੀ ਦਾ ਮੌਕਾ ਵੀ ਨਹੀਂ
ਸੀ ਲਿਆਉਣਾ ਚਾਹੁੰਦਾ, ਇਸ ਤਰ੍ਹਾਂ ਹੁਣ ਉਸਦੀ ਅੰਦਰੋ ਅੰਦਰ ਬੇਇਜ਼ਤੀ
ਹੋਣ ਲੱਗੀ ਪਰ ਵਿਚਾਰਾ ਚੁੱਪ ਸੀ, ਬਿਲਕੁਲ ਚੁਪ।
ਇਨ੍ਹਾਂ ਦਿਨਾਂ ਵਿਚ, ਸੁਭੱਦ੍ਰਾ ਹਰਨ ਨਾਟਕ ਦੀ ਤਿਆਰੀ ਹੋ ਰਹੀ
ਸੀ, ਖੇਡਨ ਵਾਲੇ ਤਿਆਰ ਸਨ, ਦੁਸਹਿਰੇ ਵਾਲੇ ਦਿਨ ਰਾਜਾ ਸਾਹਿਬ ਦੀ
ਵੱਡੀ ਬਾਰਾਂਦਰੀ ਵਿਚ ਖੇਲ ਹੋਇਅਂ, ਰਾਜਾ ਸਾਹਿਬ ਨੇ ਕ੍ਰਿਸ਼ਨ ਦਾ ਪਾਰਟ
ਕੀਤਾ, ਅਤੇ ਰਾਸ ਬਿਹਾਰੀ ਨੇ ਅਰਜਨ ਦਾ ਜਿਹੋ ਜਿਹਾ ਗਲਾ ਸੀ, ਉਹੋ
ਜਿਹਾ ਹੁਸਨ ਸੀ, ਵਾਹ ਵਾਹ ਦੀ ਅਤੇ ਤੌੜੀਆਂ ਦੀ ਅਵਾਜ਼ ਨਾਲ ਅਸਮਾਨ
ਗੂੰਜ ਉਠਿਆ ਬਾਰੀ ਵਿਚ ਪੜਦੇ ਦੇ ਪਿਛੇ ਰਾਣੀ ਵੀ ਖੜੀ ਸੀ, ਅਤੇ ਸਾਰਾ
ਨਜ਼ਾਰਾ ਆਪਣੀਆਂ ਅਖਾਂ ਨਾਲ ਵੇਖ ਰਹੀ ਸੀ, ਰਾਤੀਂ ਰਾਜਾ ਸਾਹਿਬ
ਮਹੱਲ ਵਿਚ ਆਏ ਅਤੇ ਹਸ ਕੇ ਰਾਣੀ ਕੋਲੋਂ ਪੁਛਿਆ।
"ਖੇਲ ਕਿਹੋ ਜਿਹਾ ਸੀ ?"
"ਰਾਸ ਬਿਹਾਰੀ ਨੇ ਹੈਰਾਨ ਕਰ ਦਿਤਾ ਉਸ ਨੇ ਤਾਂ ਕਮਾਲ ਦਾ
ਪਾਰਟ ਕੀਤਾ ਚੇਹਰਾ ਤਾਂ ਵਡੇ ਘਰ ਦੇ ਮੁੰਡਿਆਂ ਵਰਗਾ ਹੈ ਅਤੇ ਗਲਾ ਵੀ
ਬਹੁਤ ਚੰਗਾ ਹੈ, ਠੀਕ ਹੀ ਉਹ ਅਰਜਨ ਬਨਣ ਦੇ ਲਾਇਕ ਸੀ।"
ਜ਼ਨਾਨੀ ਜਦੋਂ ਤਾਰੀਫ ਕਰਦੀ ਹੈ ਤਾਂ ਬੁਰਾ ਭਲਾ ਨਹੀਂ ਦੇਖਦੀ।
ਰਾਜਾ ਸਾਹਿਬ ਨੇ ਠਠੇ ਨਾਲ ਕਿਆ ।
"ਮੇਰਾ ਮੂੰਹ ਤਾਂ ਸ਼ਾਇਦ ਇਹੋ ਜਿਹਾ ਨਹੀਂ ਅਤੇ ਅਵਾਜ਼ ਵੀ
ਚੰਗੀ ਨਹੀਂ।"
"ਕੋਈ ਗਲ ਹੋਵੇ ਉਸਨੂੰ ਆਪਣੇ ਵਲ ਖਿਚਣ ਦੀ ਕੋਸ਼ਸ਼ ਕਰਦੇ
ਹਨ ਕੀ ਮੈਂ ਜੋ ਕੁਝ ਕਿਹਾ ਹੈ, ਗਲਤ ਹੈ ?"
ਰਾਣੀ ਦੇ ਲਫਜ਼ਾਂ ਵਿਚ ਹਿੰਮਤ ਦੀ ਝਲਕ ਸੀ।
ਰਾਜਾ ਸਾਹਿਬ ਨੇ ਪਹਿਲਾਂ ਇਸ ਤੋਂ ਵੀ ਜ਼ਿਆਦਾ ਜ਼ੋਰ ਨਾਲ ਰਾਸ
ਬਿਹਾਰੀ ਦੀ ਪ੍ਰਸੰਸਾ ਕਰ ਚੁਕੇ ਸਨ, ਪਰ ਅਜ ਰਾਣੀ ਦੇ ਮੂੰਹੋਂ ਥੋੜੀ ਜਹੀ
ਪ੍ਰਸੰਸਾ ਸੁਣ ਉਨ੍ਹਾਂ ਨੂੰ ਇਹ ਮਲੂਮ ਹੋਣ ਲੱਗਾ ਕਿ ਰਾਸ ਬਿਹਾਰੀ ਵਿਚ
ਗਾਉਣ ਵਜਾਉਣ ਦੀ ਕੋਈ ਖਾਸ ਗਲ ਨਹੀਂ ਸਿਰਫ ਬੇ-ਸਮਝ ਲੋਕ ਉਸ
ਦੀ ਪ੍ਰਸੰਸਾ ਦੇ ਪੁਲ ਬੰਨਦੇ ਹਨ ਸਮਝਦੇ ਮਿੱਟੀ ਵੀ ਨਹੀਂ ਇਸ ਦਾ ਮੂੰਹ
ਕੋਈ ਖਾਸ ਸੋਹਣਾ ਨਹੀਂ, ਕੁਝ ਦਿਨ ਪਹਿਲਾਂ ਰਾਜਾ ਸਾਹਿਬ ਵੀ ਬੇ-ਸਮਝ
ਮਨੁੱਖਾਂ ਦੀ ਫਰਿਸਤ ਵਿਚ ਸਨ, ਪਰ ਅਜ ਇਕ ਦਮ ਹੀ ਉਨ੍ਹਾਂ ਦਾ ਸਾਰਾ ਖਿਆਲ ਬਦਲ ਗਿਆ, ਸ਼ਾਇਦ ਉਨ੍ਹਾਂ ਦਾ ਦਿਮਾਗ ਠੀਕ ਹੋ ਚੁੱਕਾ ਸੀ।
ਆਪਣੀ ਅਕਲ ਹਰ ਇਕ ਨੂੰ ਵੱਡੀ ਲਗਦੀ ਹੈ।
ਦੂਸਰੇ ਹੀ ਦਿਨ ਰਾਸ ਬਿਹਾਰੀ ਦੇ ਖਾਨ ਪੀਣ ਦਾ ਪ੍ਰਬੰਧ ਪਹਿਲਾਂ
ਨਾਲੋਂ ਚੰਗਾ ਹੋ ਗਿਆ ।
ਇਕ ਦਿਨ ਰਾਣੀ ਨੇ ਰਾਜਾ ਸਾਹਿਬ ਨੂੰ ਕਿਆ ।
"ਰਾਸ ਬਿਹਾਰੀ ਨੂੰ ਕਿਸੇ ਚੰਗੇ ਜਹੇ ਮਕਾਨ ਵਿਚ ਰਖਨਾ
ਚਾਹੀਦਾ ਹੈ, ਬਾਹਰਲੇ ਕਮਰੇ ਵਿਚ ਉਹ ਔਖਾ ਹੁੰਦਾ ਹੋਵੇਗਾ ਭਾਵੇਂ
ਹੁਣ ਗਰੀਬ ਹੈ ਪਰ ਹੈ ਤਾਂ ਰਈਸ ਦਾ ਲੜਕਾ ਓੜਕ ਓਹਨੇ ਵੀ
ਅਮੀਰੀ ਦੇਖੀ ਹੈ ?"
ਇਹ ਸ਼ਬਦ ਰਾਜਾ ਸਾਹਿਬ ਦੇ ਦਿਲ ਵਿਚ ਤੀਰ ਦੀ ਤਰ੍ਹਾਂ ਲੱਗੇ
ਪਰ ਰਾਨੀ ਦੀ ਗਲ ਨੂੰ ਹਾਸੇ ਵਿਚ ਗੁਆ ਦਿਤਾ ਓਹ ਘਰ ਵਿਚ ਲੜਾਈ
ਦਾ ਬੀ ਨਹੀਂ ਸੀ ਬੀਜਨਾ ਚਾਹੁੰਦੇ।
ਰਾਨੀ ਨੇ ਜ਼ੋਰ ਦਿਤਾ ਕਿ ਰਾਜਕੁਮਾਰ ਦੇ ਜਨਮ ਦਿਨ ਦੀ ਖੁਸ਼ੀ
ਵਿਚ ਫੇਰ ਨਾਟਕ ਹੋਵੇ ਪਰ ਰਾਜਾ ਸਾਹਿਬ ਨੇ ਅਨ-ਸੁਨਿਆਂ ਕਰ ਦਿਤਾ
ਉਨ੍ਹਾਂ ਦਾ ਖਿਆਲ ਹੀ ਦੂਸਰੇ ਪਾਸੇ ਸੀ ।
"ਕੀ ਰਾਨੀ ਰਾਸ ਬਿਹਾਰੀ ਵਲ ਜਾ ਰਹੀ ਹੈ।"
ਇਕ ਦਿਨ ਰਾਜਾ ਸਾਹਿਬ ਨੇ ਕਿਸੇ ਕੰਮ ਦੇ ਕਾਰਨ ਨੌਕਰ ਨੂੰ
ਡਾਂਟਿਆ, ਉਸਨੇ ਹੱਥ ਜੋੜ ਕੇ ਬੇਨਤੀ ਕੀਤੀ।
"ਕੀ ਕਰਾਂ, ਰਾਨੀ ਸਾਹਿਬ ਦੇ ਹੁਕਮ ਨਾਲ ਰਾਤ ਦਿਨ ਬਿਹਾਰੀ
ਬਾਬੂ ਦੀ ਸੇਵਾ ਕਰਨੀ ਪੈਂਦੀ ਹੈ ।"
ਰਾਜਾ ਸਾਹਿਬ ਦੀਆਂ ਅੱਖਾਂ ਵਿਚ ਲਹੂ ਉੱਤਰ ਆਇਆ,
ਗੁੱਸੇ ਹੋ ਕੇ ਬੋਲੇ ।
"ਵਾਹ ਬਿਹਾਰੀ ਬਾਬੂ ਵੀ ਕਿਥੋਂ ਦੇ ਨਵਾਬ ਹਨ, ਕੀ ਆਪਣੇ
ਹਥਾਂ ਨਾਲ ਕੁਝ ਨਹੀਂ ਕਰ ਸਕਦੇ ।"
ਦੂਸਰੇ ਹੀ ਦਿਨ ਰਾਸ ਬਿਹਾਰੀ ਦਾ ਹਾਲ ਫੇਰ ਬੁਰਾ ਹੋ ਗਿਆ।
ਸ਼ਾਮ ਦਾ ਵੇਲਾ ਸੀ, ਅਸਮਾਨ ਕੁਝ ਗਹਿਰਾ ਸੀ, ਰਾਜਾ ਸਾਹਿਬ
ਖਾਨਾ ਖਾ ਰਹੇ ਸਨ, ਰਾਣੀ ਸਾਹਿਬ ਪੱਖਾ ਝਲ ਰਹੀ ਸੀ ਅਤੇ ਬੋਲ ਉਠੀ।
ਜਿਥੇ ਤੁਸੀਂ ਗਾਨਾ ਸੁਣਦੇ ਹੋ ਉਥੇ ਉਪਰ ਦੀ ਛਤ ਵਿਚ ਮੈਂ ਵੀ
ਰਹਿਣਾ ਚਾਹੁੰਦੀ ਹਾਂ ਮੈਨੂੰ ਗਾਨਾ ਚੰਗਾ ਲੱਗਦਾ ਹੈ ਤੁਸੀਂ ਵੀ ਤਾਂ ਗਾਨੇ ਦੇ
ਸ਼ੌਕੀਨ ਹੋ ।
ਰਾਮੇਸ਼੍ਵਰ ਸਿੰਘ ਉਸੇ ਦਿਨ ਤੋਂ ਪਹਿਲਾਂ ਦੀ ਤਰਾਂ ਵਕਤ ਸਿਰ
ਖਾਨਾ ਖਾਣ ਲੱਗਾ, ਘਰ ਪਹੁੰਚਣ ਲੱਗੇ ਸਾਰੀਆਂ ਗੱਲਾਂ ਠੀਕ ਹੋਣ
ਲੱਗੀਆਂ, ਗਾਨਾ ਆਦਿ ਬੰਦ ਹੋ ਗਿਆ ।
ਜ਼ਿਮੀਦਾਰਾਂ ਦਾ ਹਿਸਾਬ ਕਿਤਾਬ ਦੁਪਹਿਰ ਨੂੰ ਦੇਖਿਆ ਜਾਂਦਾ ਸੀ,
ਇਕ ਦਿਨ ਕੁਝ ਪਹਿਲਾਂ ਹੀ ਵੇਹਲ ਮਿਲਣ ਕਰ ਕੇ ਰਾਜਾ ਸਾਹਿਬ ਅੰਦਰ
ਗਏ, ਅਤੇ ਦੇਖਿਆ ਕਿ ਰਾਣੀ ਕੁਝ ਪੜ੍ਹ ਰਹੀ ਹੈ? ਅਤੇ ਝੂਲ ਰਹੀ ਹੈ, ਉਨ੍ਹਾਂ ਨੇ ਪੁਛਿਆ, "ਇਹ ਕੀ ਪੜ੍ਹ ਰਹੀ ਹੈਂ ?" ਬੁਲ੍ਹਾਂ ਤੇ ਸ਼ਰਾਰਤ ਦੇ
ਚਿੰਨ੍ਹ ਸਨ ਰਾਣੀ ਦੇ ਚੇਹਰੇ ਤੇ ਸ਼ਰਮ ਦੀ ਲਾਲੀ ਦੌੜ ਪਈ ਉਸ ਨੇ ਸ਼ਰਮ
ਨਾਲ ਸਿਰ ਨੀਵਾਂ ਪਾ ਲਿਆ ਅਤੇ ਰੁਕਦੀ ਰੁਕਦੀ ਬੋਲੀ।
"ਰਾਸ ਬਿਹਾਰੀ ਦੇ ਗਾਨਿਆਂ ਦੀ ਕਿਤਾਬ ਨੌਕਰਾਨੀ ਭੇਜ ਕੇ ਮੰਗ-
ਵਾਈ ਹੈ, ਇਕ ਅਧਾ ਗਾਨਾ ਯਾਦ ਕਰਾਂਗੀ, ਤੁਹਾਡਾ ਸ਼ੌਕ ਤਾਂ ਇਕ
ਦਮ ਠੰਡਾ ਹੋ ਗਿਆ ਹੈ, ਸੁਣ ਤੇ ਸਕਦੀ ਨਹੀਂ ਪੜ੍ਹ ਕੇ ਹੀ ਦਿਲ ਖੁਸ਼
ਕਰ ਲਵਾਂਗੀ।"
ਉਸੇ ਵੇਲੇ ਰਾਣੀ ਨੂੰ ਇਹ ਖਿਆਲ ਨਾ ਰਿਹਾ, ਬਹੁਤ ਚਿਰ
ਪਹਿਲਾਂ ਰਾਜਾ ਸਾਹਿਬ ਦੇ ਇਸ ਸ਼ੌਕ ਨੂੰ ਮੈਂ ਦੂਰ ਕਰਨ ਦੀ ਕੋਸ਼ਸ਼ ਕਰਦੀ
ਸਾਂ, ਅਤੇ ਹੁਣ ਉਸੇ ਉਤੇ ਪਛਤਾ ਰਹੀ ਹਾਂ ।
ਤੀਸਰੇ ਦਿਨ.............
ਰਾਸ ਬਿਹਾਰੀ ਨੂੰ ਕੱਢ ਦਿਤਾ, ਉਨਾਂ ਨੂੰ ਇਸ ਗਲ ਦੀ ਕੋਈ
ਪਰਵਾਹ ਨਹੀਂ ਸੀ ਕਿ ਇਕ ਚੰਗੇ ਘਰਾਣੇ ਦਾ ਮੁੰਡਾ ਕਿਸ ਤਰ੍ਹਾਂ ਗੁਜ਼ਾਰਾ
ਕਰੇਗਾ ਪਤਾ ਨਹੀਂ ਉਹਨੂੰ ਰੋਟੀ ਵੀ ਨਸੀਬ ਨਾ ਹੋਵੋ, ਪਰ ਉਸ ਵਿਚਾਰੇ
ਦਾ ਕੀ ਜ਼ੋਰ ਸੀ, ਨੌਕਰ, ਮਖਨ ਵਿਚੋਂ ਵਾਲ ਦੀ ਤਰ੍ਹਾਂ ਵਖਰਾ
ਕੀਤਾ ਜਾ ਸਕਦਾ ਹੈ ।
ਰਾਸ ਬਿਹਾਰੀ ਨੂੰ ਸਿਰਫ ਕਢੇ ਜਾਣ ਦਾ ਦੁਖ ਹੀ ਨਹੀਂ ਹੋਇਆ
ਪਰ ਦਿਲ ਵੀ ਟੁਟ ਗਿਆ ਐਨੇ ਦਿਨ ਕੱਠੇ ਰਹਿਣ ਕਰ ਕੇ ਉਸਨੂੰ ਸਭ
ਨਾਲ ਪਿਆਰ ਪੈ ਗਿਆ ਸੀ, ਨੌਕਰੀ ਦੀ ਬਜਾਏ ਰਾਜਾ ਸਾਹਿਬ ਦਾ
ਪਿਆਰ ਜ਼ਿਆਦਾ ਕੀਮਤੀ ਸੀ, ਉਹ ਬਹੁਤ ਸੋਚਣ ਤੇ ਵੀ ਸਮਝ ਨਾ
ਸਕਿਆ, ਕਿ ਕੀ ਗਲਤੀ ਹੋਈ ਹੈ ਜਿਸ ਦਾ ਅੰਤ ਇਹ ਹੋਇਆ ਅਤੇ ਹੁਣ
ਮੇਰਾ ਮੂੰਹ ਵੀ ਨਹੀਂ ਦੇਖਣਾ ਚਾਹੁੰਦੇ।
ਉਸਨੇ ਇਕ ਹਾਹੁਕਾ ਭਰ ਕੇ ਆਪਣਾ ਸਮਾਨ ਚੁਕਿਆ ਅਤੇ ਚਲਾ
ਗਿਆ ਜਾਂਦੀ ਵਾਰੀ ਬਚੇ ਹੋਏ ਦੋ ਰੁਪਏ ਪਤਵਾ ਨੂੰ ਇਨਾਮ ਦੇ ਗਿਆ
ਦੋਨਾਂ ਦੀਆਂ ਅੱਖਾਂ ਵਿਚ ਅਥਰੂ ਸਨ ਪਰ ਕੁਦਰਤ ਮਨੁੱਖੀ ਆਦਤ ਤੇ ਹਸ
ਰਹੀ ਸੀ।
(ਅਨੁਵਾਦਕ: ਸ਼ਾਂਤੀ ਨਾਰਾਇਣ ਕੁੰਜਾਹੀ)