Jetu Da Jashan (Punjabi Story) : Anton Chekhov

ਜੇਤੂ ਦਾ ਜਸ਼ਨ (ਕਹਾਣੀ) : ਐਂਤਨ ਚੈਖਵ

ਸ਼ੁੱਕਰਵਾਰ ਨੂੰ ਮੌਜ-ਮੇਲਾ ਕਰਨ ਲਈ ਤੇ ਪੂੜੇ ਖਾਣ ਲਈ ਸਭ ਅਲੈਕਸੇਈ ਇਵਾਨਿਚ ਕੋਜੁਲੀਨ ਦੇ ਘਰ ਗਏ। ਤੁਸੀਂ ਕੋਜੁਲੀਨ ਨੂੰ ਨਹੀਂ ਜਾਣਦੇ; ਸ਼ਾਇਦ ਉਹ ਤੁਹਾਡੇ ਲਈ ਤੁੱਛ ਹੈ, ਸਿਫਰ ਹੈ, ਪਰ ਮੇਰੇ ਭਰਾ ਲਈ, ਜੋ ਜ਼ਿਆਦਾ ਉੱਚਾ ਨਹੀਂ ਉੱਠ ਸਕਿਆ, ਉਹ ਮਹਾਨ, ਸਰਵਸ਼ਕਤੀਮਾਨ ਅਤੇ ਬੁੱਧੀਮਾਨ ਹੈ। ਉਸਦੇ ਘਰ ਸਭ ਗਏ, ਸਭ ਮਤਲਬ ਉਸਦੇ ਮਾਤਹਿਤ ਕੰਮ ਕਰਨ ਵਾਲ਼ੇ ਸਾਰੇ। ਮੈਂ ਵੀ ਆਪਣੇ ਪਿਤਾ ਨਾਲ਼ ਗਿਆ।

ਪੂੜੇ ਏਨੇ ਸਵਾਦ ਸਨ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਮੇਰਿਆ ਰੱਬਾ : ਫੁੱਲੇ ਹੋਏ, ਕੁਰਕੁਰੇ ਅਤੇ ਲਾਲ ਸੁਰਖ਼। ਗਰਮ ਘਿਓ ਵਿੱਚ ਡੁਬੋਕੇ ਇੱਕ ਖਾਂਦੇ ਹੀ ਦੂਸਰਾ ਖਾਣ ਨੂੰ ਮਨ ਕਰਦਾ ਹੈ। ਇਹ ਪੂੜੇ ਖੱਟੀ ਮਲ਼ਾਈ, ਤਾਜ਼ਾ ਇਕਰਾ ਮੱਛੀ ਦੇ ਅੰਡੇ, ਸੈਮਨ ਮੱਛੀ ਅਤੇ ਕੱਦੂਕਸ ਕੀਤੇ ਪਨੀਰ ਨਾਲ਼ ਬਣਾਏ ਤੇ ਸਜਾਏ ਗਏ ਸਨ। ਪੂੜਿਆਂ ਤੋਂ ਬਾਅਦ ਸਟੂਰਜੋਨ ਮੱਛੀ ਦੇ ਕੰਨ ਖਾਧੇ, ਇਸਤੋਂ ਬਾਅਦ ਚਟਨੀ ਨਾਲ਼ ਤਿੱਤਰ ਖਾਧਾ। ਢਿੱਡ ਏਨਾ ਭਰ ਗਿਆ ਕਿ ਪਿਤਾ ਜੀ ਨੇ ਕਮੀਜ਼ ਦੇ ਢਿੱਡ ਉੱਪਰਲੇ ਬਟਨ ਖੋਲ੍ਹ ਲਏ, ਕੋਈ ਉਹਨਾਂ ਦੀ ਉਦਾਰਤਾ ਨਾ ਵੇਖ ਸਕੇ ਇਸ ਲਈ ਉਹਨਾਂ ਨੇ ਬਟਨ ਨੂੰ ਟਿਸ਼ੂ ਪੇਪਰ ਨਾਲ਼ ਢਕ ਲਿਆ। ਅਲੈਕਸੇਈ ਇਵਾਨਿਚ ਸਾਡਾ ਉੱਚ ਅਧਿਕਾਰੀ, ਜਿਸਨੂੰ ਸਭ ਕੁੱਝ ਕਰਨ ਦੀ ਖੁੱਲ੍ਹ ਸੀ, ਉਸਨੇ ਆਪਣੀ ਵਾਸਕਟ ਅਤੇ ਕਮੀਜ਼ ਲਾਹ ਦਿੱਤੀ। ਖਾਣੇ ਤੋਂ ਬਾਅਦ ਉੱਚ ਅਧਿਕਾਰੀ ਵੱਲੋਂ ਸਿਗਾਰ ਪੀਣ ਦੀ ਮਨਜ਼ੂਰੀ ਮਿਲ਼ਣ ਮਗਰੋਂ ਸਭ ਨੇ ਮੇਜ਼ ਉੱਪਰ ਬੈਠਿਆਂ ਹੀ ਸਿਗਾਰ ਪੀਣੇ ਸ਼ੁਰੂ ਕਰ ਦਿੱਤੇ ਤੇ ਗੱਲਬਾਤ ਸ਼ੁਰੂ ਹੋ ਗਈ। ਹਜੂਰ ਅਲੈਕਸੇਈ ਇਵਾਨਿਚ ਬੋਲ ਰਹੇ ਸੀ ਤੇ ਅਸੀਂ ਸੁਣ ਰਹੇ ਸੀ। ਸਾਰੇ ਵਿਸ਼ੇ ਬਹੁਤ ਹੀ ਮਜ਼ਾਕੀਆ ਤੇ ਮਜ਼ੇਦਾਰ ਸਨ… ਮੁੱਖ ਅਧਿਕਾਰੀ ਬੋਲ ਰਿਹਾ ਸੀ, ਜਾਪ ਰਿਹਾ ਸੀ ਕਿ ਉਹ ਮਖੌਲੀਆ ਲੱਗਣਾ ਚਾਹੁੰਦਾ ਸੀ। ਮੈਨੂੰ ਪਤਾ ਨਹੀਂ ਕਿ ਉਸਨੇ ਕੁੱਝ ਮਜ਼ਾਕੀਆ ਕਿਹਾ ਵੀ ਜਾਂ ਨਹੀਂ, ਪਰ ਸਿਰਫ ਇੰਨਾ ਯਾਦ ਹੈ ਕਿ ਪਿਤਾ ਜੀ ਹਰ ਮਿੰਟ ਮੈਨੂੰ ਕੂਹਣੀ ਮਾਰਕੇ ਕਹਿ ਰਹੇ ਸੀ,

“ਹੱਸ!”

ਮੈਂ ਆਪਣਾ ਮੂੰਹ ਖੋਲ੍ਹਦਾ ਅਤੇ ਹੱਸ ਦਿੰਦਾ। ਇੱਕ ਵਾਰ ਤਾਂ ਮੈਂ ਠਾਹਕਾ ਮਾਰ ਕੇ ਹੱਸਿਆ ਜਿਸ ਨਾਲ਼ ਸਭਨਾਂ ਦਾ ਧਿਆਨ ਮੇਰੇ ਵੱਲ ਖਿੱਚਿਆ ਗਿਆ।

“ਧਿਆਨ ਨਾਲ਼, ਜ਼ਰਾ ਧਿਆਨ ਨਾਲ਼!” ਪਿਤਾ ਜੀ ਨੇ ਬੁੜਬੁੜਾਉਂਦੇ ਹੋਏ ਕਿਹਾ,“ਸ਼ਾਬਾਸ਼! ਉਹ ਤੈਨੂੰ ਦੇਖ ਰਿਹਾ ਹੈ ਅਤੇ ਹੱਸ ਰਿਹਾ ਹੈ… ਇਹ ਚੰਗੀ ਗੱਲ ਹੈ, ਹੋ ਸਕਦਾ ਹੈ, ਉਹ ਸੱਚਿਓਂ ਤੈਨੂੰ ਕਲਰਕ ਦੀ ਨੌਕਰੀ ਦੇ ਦੇਵੇ!”

“ਤਾਂ” ਸਾਡੇ ਮੁੱਖ ਅਧਿਕਾਰੀ ਕੋਜੁਲੀਨ ਨੇ ਹੱਸਦਿਆਂ ਤੇ ਕਸ਼ ਲਾਉਂਦਿਆਂ ਕਿਹਾ,“ਹੁਣ ਅਸੀਂ ਤਾਜ਼ੇ ਇਕਰਾ ਦੇ ਪੂੜੇ ਖਾਂਧੇ ਹਾਂ, ਗੋਰੀ ਪਤਨੀ ਦੀ ਸਿਫਤ ਕਰਦੇ ਹਾਂ। ਮੇਰੀਆਂ ਧੀਆਂ ਏਨੀਆਂ ਸੋਹਣੀਆਂ ਹਨ ਕਿ ਨਾ ਸਿਰਫ ਤੁਸੀਂ ਸਗੋਂ ਕਾਉਂਟ ਤੇ ਰਾਜਕੁਮਾਰ ਵੀ ਮੁਗਧ ਹੋ ਜਾਂਦੇ ਹਨ ਅਤੇ ਠੰਡੇ ਹਾਉਂਕੇ ਭਰਦੇ ਹਨ। ਅਤੇ ਘਰ! ਹਾ-ਹਾ-ਹਾ… ਸ਼ਾਨਦਾਰ! ਤੁਸੀਂ ਸ਼ਿਕਾਇਤ ਨਹੀਂ ਕਰ ਸਕੋਗੇ ਜਦ ਤੱਕ ਤੁਸੀਂ ਉਸ ’ਚ ਰਹਿ ਨਹੀਂ ਲੈਂਦੇ। ਸਭ ਕੁੱਝ ਵਾਪਰਦਾ ਹੈ, ਅਤੇ ਹਰ ਤਰ੍ਹਾਂ ਦੇ ਬਦਲਾਅ ਹੁੰਦੇ ਹਨ… ਮਿਸਾਲ ਦੇ ਤੌਰ ’ਤੇ ਅੱਜ ਤੁਸੀਂ ਤੁੱਛ ਹੋ, ਸਿਫਰ ਹੋ, ਧੂੜ ਦੇ ਕਣ ਹੋ… ਕੁੱਝ ਨਹੀਂ ਹੋ- ਪਰ ਕਿਸਨੂੰ ਪਤਾ? ਹੋ ਸਕਦਾ ਹੈ, ਸਮੇਂ ਦੇ ਨਾਲ਼-ਨਾਲ਼ ਇਨਸਾਨ ਦੀ ਕਿਸਮਤ ਬਦਲ ਜਾਵੇ! ਕੁੱਝ ਵੀ ਹੋ ਸਕਦਾ ਹੈ!”

ਅਲੈਕਸੇਈ ਇਵਾਨਿਚ ਚੁੱਪ ਹੋ ਗਿਆ, ਆਪਣਾ ਸਿਰ ਹਿਲਾਉਂਦਿਆਂ ਫਿਰ ਕਹਿਣਾ ਸ਼ੁਰੂ ਕੀਤਾ,

“ਤੁਹਾਨੂੰ ਪਤਾ, ਪਹਿਲਾਂ ਕੀ ਹੁੰਦਾ ਸੀ? ਉਹ ਮੇਰਿਆ ਰੱਬਾ! ਮੈਨੂੰ ਆਪਣੀ ਯਾਦ ਸ਼ਕਤੀ ’ਤੇ ਯਕੀਨ ਨਹੀਂ ਹੁੰਦਾ। ਨੰਗੇ ਪੈਰ, ਪਾਟੀ ਪੈਂਟ, ਡਰਿਆ ਤੇ ਕੰਬਦਾ ਹੋਇਆ। …… ਇੱਕ ਰੂਬਲ ਲਈ ਵੀ ਦੋ ਹਫਤੇ ਤੱਕ ਕੰਮ ਕਰਨਾ ਪੈਂਦਾ ਸੀ। ਇਹ ਰੂਬਲ ਵੀ ਮੇਰੇ ਹੱਥ ’ਤੇ ਨਹੀਂ ਸੀ ਰੱਖਿਆ ਜਾਂਦਾ, ਸਗੋਂ ਇਹਨੂੰ ਗੁੱਛ-ਮੁੱਛ ਕਰਕੇ ਮੇਰੇ ਮੂੰਹ ’ਤੇ ਵਗ੍ਹਾਇਆ ਜਾਂਦਾ ਸੀ : ਲੈ ਚੱਕ! ਹਰ ਕੋਈ ਮੈਨੂੰ ਲਿਤਾੜ ਸਕਦਾ ਸੀ, ਕੋੜੇ ਮਾਰ ਸਕਦਾ ਸੀ, ਠੁੱਡ ਮਾਰ ਸਕਦਾ ਸੀ… ਕੋਈ ਵੀ ਮੈਨੂੰ ਜਲੀਲ ਕਰ ਸਕਦਾ ਸੀ … ਮੈਂ ਰਿਪੋਰਟ ਲੈਕੇ ਜਾਂਦਾ ਸੀ ਪਰ ਦਰਵਾਜ਼ੇ ’ਤੇ ਇੱਕ ਕੁੱਤਾ ਬੈਠਾ ਹੁੰਦਾ ਸੀ। ਮੈਂ ਇਸ ਕੁੱਤੇ ਕੋਲ਼ੋਂ ਦੱਬੇ ਪੈਰੀਂ ਲੰਘਦਾ, ਕੋਲ਼ੋਂ ਲੰਘਣ ਲਈ ਮਾਫੀ ਮੰਗਦਾ ਹੋਇਆ। ਸ਼ੁਭ ਸਵੇਰ ਸਰ! ਤੇ ਕੁੱਤਾ ਤੁਹਾਨੂੰ ਭੌਂਕਣ ਲੱਗ ਜਾਂਦਾ: ਬਊ… ਚੌਂਕੀਦਾਰ ਕੂਹਣੀ ਮਾਰ ਕੇ ਪੁੱਛਦਾ – ਬੋਲ! ਤੇ ਮੈਂ ਉਸਨੂੰ ਕਹਿੰਦਾ : “ਇਵਾਨ ਪਤਾਪਿਚ ਨਹੀਂ ਹੈ! ਮਾਫ ਕਰਨਾ!” ਤੇ ਸਭ ਤੋਂ ਵੱਧ ਵਧੀਕੀਆਂ ਮੈਨੂੰ ਇਸ ਧੁਆਂਖੀ ਚਿੱਟੀ ਮੱਛੀ ਤੋਂ ਸਹਿਣੀਆਂ ਤੇ ਬਰਦਾਸ਼ਤ ਕਰਨੀਆਂ ਪਈਆਂ… ਇਸ ਮਗਰਮੱਛ ਤੋਂ। ਇਸ ਨਿਮਰ ਕੁਰਿਤਸਿਨ ਤੋਂ!”

ਤੇ ਅਲੈਕਸੇਈ ਇਵਾਨਿਚ ਨੇ ਮਧਰੇ ਅਤੇ ਕੁੱਬੇ ਬੁੱਢੇ, ਜੋ ਮੇਰੇ ਪਿਤਾ ਜੀ ਨੇੜੇ ਬੈਠਾ ਸੀ, ਉਸ ਵੱਲ ਇਸ਼ਾਰਾ ਕੀਤਾ। ਬੁੱਢਾ ਆਪਣੀਆਂ ਥੱਕੀਆਂ ਹੋਈਆਂ ਅੱਖਾਂ ਮਿਚਕਾ ਰਿਹਾ ਸੀ ਤੇ ਬੜੇ ਬੇਮਨ ਨਾਲ਼ ਸਿਗਾਰ ਪੀ ਰਿਹਾ ਸੀ। ਆਮ ਤੌਰ ’ਤੇ ਉਹ ਸਿਗਾਰ ਨਹੀਂ ਪੀਂਦਾ ਸੀ, ਪਰ ਜੇਕਰ ਬਾਸ ਉਸਨੂੰ ਸਿਗਾਰ ਪੇਸ਼ ਕਰਦਾ ਸੀ ਤਾਂ ਉਹ ਸਿਗਾਰ ਨੂੰ ਮਨ੍ਹਾ ਕਰਨਾ ਹੱਤਕ ਮੰਨਦਾ ਸੀ। ਆਪਣੇ ਵੱਲ ਇਸ਼ਾਰਾ ਕਰਦੀ ਉਂਗਲੀ ਨੂੰ ਦੇਖਕੇ ਉਹ ਬਹੁਤ ਪ੍ਰੇਸ਼ਾਨ ਹੋ ਗਿਆ ਤੇ ਕੁਰਸੀ ’ਚ ਹਿੱਲਣ ਲੱਗਾ।

“ਮੈਨੂੰ ਇਸ ਨਿਮਾਣੇ ਦੀ ਰਹਿਮਤ ਨਾਲ਼ ਬੜਾ ਕੁੱਝ ਸਹਿਣਾ ਪਿਆ ਹੈ!” ਕੋਜੁਲੀਨ ਕਹਿ ਰਿਹਾ ਸੀ,“ਮੈਨੂੰ ਬਿਲਕੁਲ ਸ਼ੁਰੂ ਵਿੱਚ ਇਸਦੇ ਅਧੀਨ ਕੰਮ ਕਰਨਾ ਪਿਆ। ਮੈਨੂੰ ਇਸ ਨਿਮਾਣੇ ਤੇ ਤੁੱਛ ਬੁੱਢੇ ਦੇ ਮੇਜ਼ ਉੱਪਰ ਬਿਠਾ ਦਿੱਤਾ ਗਿਆ ਤੇ ਉਸਨੇ ਮੈਨੂੰ ਖਾਣਾ ਸ਼ੁਰੂ ਕਰ ਦਿੱਤਾ…। ਇਸਦਾ ਹਰ ਸ਼ਬਦ ਚਾਕੂ ਵਾਂਗ ਤਿੱਖਾ ਸੀ, ਇਹਦੀ ਤੱਕਣੀ ਹਿੱਕ ’ਚ ਗੋਲ਼ੀ ਵਾਂਗ ਵੱਜਦੀ ਸੀ। ਹੁਣ ਤਾਂ ਉਹ ਦੁਖੀ ਦਿਸਦਾ ਕੀੜਾ ਹੈ, ਪਰ ਪਹਿਲਾਂ ਕੀ ਸੀ? ਪ੍ਰੇਸ਼ਾਨ ਨਾ ਹੋਵੋ! ਰੱਬ ਸੁਣਦਾ ਹੈ! ਇਸਨੇ ਮੈਨੂੰ ਬੜਾ ਚਿਰ ਤੰਗ ਕੀਤਾ! ਮੈਂ ਇਹਦੀਆਂ ਫਾਇਲਾਂ ਦੀ ਨਕਲ ਕਰਦਾ ਸੀ, ਪੂੜੇ ਲਿਆਉਣ ਲਈ ਭੱਜਦਾ ਸੀ, ਇਹਦੀ ਕਲਮ ਘੜਦਾ ਸੀ, ਇਹਦੀ ਸੱਸ ਨੂੰ ਥਿਏਟਰ ਲਿਜਾਇਆ ਕਰਦਾ ਸੀ। ਉਸਨੂੰ ਹਰ ਤਰ੍ਹਾਂ ਨਾਲ਼ ਖੁਸ਼ ਰੱਖਿਆ ਕਰਦਾ ਸੀ। ਨਸਵਾਰ ਸੁੰਘਣੀ ਸਿੱਖ ਗਿਆ! ਹਾਂ… ਤੇ ਇਹ ਸਭ ਇਹਦੇ ਲਈ… ਮੈਨੂੰ ਹਮੇਸ਼ਾ ਨਸਵਾਰ ਦੀ ਡੱਬੀ ਨਾਲ਼ ਰੱਖਣੀ ਪੈਂਦੀ ਸੀ, ਇਹ ਕਿਸੇ ਵੀ ਵੇਲ਼ੇ ਮੰਗ ਸਕਦਾ ਸੀ। ਕੁਰਿਤਸਿਨ, ਯਾਦ ਹੈ? ਇੱਕ ਵਾਰ ਇਸ ਕੋਲ਼ ਮੇਰੀ ਮਰਹੂਮ ਮਾਂ ਆਈ ਸੀ ਤੇ ਇਹਨੂੰ ਅਰਜ਼ ਕੀਤੀ ਸੀ ਕਿ ਮੇਰੇ ਪੁੱਤਰ ਨੂੰ ਦੋ ਦਿਨ ਦੀ ਛੁੱਟੀ ਦੇ ਦੇਵੇ ਕਿਉਂਕਿ ਜਾਇਦਾਦ ਦੀ ਵੰਡ ਕਰਨੀ ਸੀ। ਇਹ ਉਸ ’ਤੇ ਕਿੰਝ ਝਪਟਿਆ ਸੀ, ਕਿਵੇਂ ਉਸਨੂੰ ਘੂਰਿਆ ਸੀ, ਕਿਵੇਂ ਚੀਕਿਆ ਸੀ : “ਤੇਰਾ ਪੁੱਤਰ ਆਲਸੀ ਹੈ, ਪਰਜੀਵੀ ਹੈ … ਮੂਰਖੇ ਕੀ ਦੇਖ ਰਹੀਂ ਏਂ? ਇਹਦੇ ’ਤੇ ਮੁਕੱਦਮਾ ਚੱਲੇਗਾ!” ਬੁੱਢੀ ਘਰ ਨੂੰ ਪਰਤ ਗਈ ਤੇ ਡਰ ਨਾਲ਼ ਬਿਮਾਰ ਹੋ ਗਈ ਤੇ ਉਦੋਂ ਮਰਦੀ-ਮਰਦੀ ਬਚੀ।

ਅਲੇਕਸੇਈ ਇਵਾਨਿਚ ਨੇ ਰੁਮਾਲ ਨਾਲ਼ ਆਪਣੀਆਂ ਅੱਖਾਂ ਪੂੰਝੀਆਂ ਤੇ ਇੱਕ ਘੁੱਟ ’ਚ ਪੂਰਾ ਗਲਾਸ ਚਾਹ ਦਾ ਪੀ ਗਿਆ।

“ਉਹ ਮੇਰਾ ਵਿਆਹ ਆਪਣੀ ਰਿਸ਼ਤੇਦਾਰ ਨਾਲ਼ ਕਰਵਾਉਣਾ ਚਾਹੁੰਦਾ ਸੀ, ਪਰ ਖੁਸ਼ਕਿਸਮਤੀ ਮੈਂ ਬਿਮਾਰ ਹੋ ਗਿਆ, ਛੇ ਮਹੀਨੇ ਹਸਪਤਾਲ ’ਚ ਦਾਖਲ ਰਿਹਾ। ਪਹਿਲਾਂ ਇਉਂ ਹੁੰਦਾ ਸੀ! ਇਹ ਇਉਂ ਰਹਿੰਦਾ ਸੀ! ਤੇ ਹੁਣ … ਹੁਣ ਮੈਂ ਇਹਦੇ ਉੱਪਰ ਹਾਂ… ਇਹ ਮੇਰੀ ਸੱਸ ਨੂੰ ਥਿਏਟਰ ਲੈਕੇ ਜਾਂਦਾ ਹੈ, ਮੇਰੇ ਲਈ ਤੰਬਾਕੂ ਲਿਆਉਂਦਾ ਹੈ ਤੇ ਨਸਵਾਰ ਸੁੰਘਦਾ ਹੈ। ਹਾ-ਹਾ-ਹਾ… ਹੁਣ ਮੈਂ ਇਹਦੀ ਜ਼ਿੰਦਗੀ ਕੌੜੀ ਕਰੂੰ… ਕਾਲ਼ੀ ਮਿਰਚ ਵਾਂਗ! …… ਉਏ ਚੂਚਿਆ!!!”

“ਹਾਂ ਜੀ ਜਨਾਬ!” ਉੱਠਦੇ ਹੋਏ ਤੇ ਸਿੱਧਾ ਖੜ੍ਹਾ ਹੁੰਦਾ ਹੋਏ ਕੁਰਿਤਸਿਨ ਨੇ ਪੁੱਛਿਆ।

“ਕੋਈ ਦੁਖਾਂਤਕ ਗੀਤ ਸੁਣਾ!”

“ਲਉ ਹਜੂਰ!”

ਕੁਰਿਤਸਿਨ ਨੇ ਅੰਗੜਾਈ ਲਈ, ਭੈੜਾ ਜਿਹਾ ਮੂੰਹ ਬਣਾਇਆ, ਹੱਥ ਉੱਪਰ ਚੁੱਕੇ, ਖਰਵੀ ਤੇ ਖੜਕਦੀ ਅਵਾਜ਼ ’ਚ ਗਾਉਣਾ ਸ਼ੁਰੂ ਕਰ ਦਿੱਤਾ,
“ਮਰ ਜਾ, ਦਗੇਬਾਜ਼! ਤੇਰੇ ਖੂਨ ਦਾ ਪਿਆਸਾ ਹਾਂ!!”

ਅਸੀਂ ਉੱਚੀ-ਉੱਚੀ ਹੱਸਣ ਲੱਗੇ।

“ਕੁਰਿਤਸਿਨ! ਰੋਟੀ ਦੇ ਇਸ ਟੁਕੜੇ ਨੂੰ ਕਾਲ਼ੀ ਮਿਰਚ ਨਾਲ਼ ਖਾ!”

ਸੰਤੁਸ਼ਟ ਕੁਰਿਤਸਿਨ ਨੇ ਰੋਟੀ ਦਾ ਇੱਕ ਵੱਡਾ ਟੁਕੜਾ ਲਿਆ, ਉਸ ਉੱਪਰ ਕਾਲ਼ੀ ਮਿਰਚ ਭੁੱਕੀ, ਤੇ ਹਾਸੇ ਵਿਚਕਾਰ ਖਾ ਗਿਆ।

“ਸਭ ਤਰ੍ਹਾਂ ਦੇ ਬਦਲਾਅ ਹੁੰਦੇ ਨੇ,” ਕੋਜੁਲੀਨ ਕਹਿ ਰਿਹਾ ਸੀ। “ਬੈਠ, ਕੁਰਿਤਸਿਨ! ਜਦ ਅਸੀਂ ਉੱਠਣ ਲੱਗੇ ਤਾਂ ਕੁੱਝ ਗਾਕੇ ਸੁਣਾਵੀਂ… ਹਾਂ, ਉਦੋਂ ਤੂੰ ਹੁੰਦਾ ਸੀ ਤੇ ਹੁਣ ਮੈਂ ਹਾਂ…ਬੁੱਢੀ ਇੰਝ ਮਰੀ ਸੀ……”

ਕੋਜੁਲੀਨ ਉੱਠਿਆ ਤੇ ਥੋੜਾ ਝੁਕਿਆ।

“ਤੇ ਮੈਂ ਚੁੱਪ ਹਾਂ, ਕਿਉਂਕਿ ਮੈਂ ਮਧਰਾ ਤੇ ਬੁੱਢਾ ਹਾਂ… ਜ਼ਾਬਰ… ਬਰਬਰ… ਪਰ ਹੁਣ ਮੈਂ… ਹਾ-ਹਾ-ਹਾ… ਪਰ ਤੂੰ ਦੇਖ! ਤੈਨੂੰ ਸਭ ਬੇਕਾਰ ਕਹਿੰਦੇ ਨੇ!” ਤੇ ਕੋਜੁਲੀਨ ਨੇ ਪਿਤਾ ਜੀ ਵੱਲ ਇਸ਼ਾਰਾ ਕੀਤਾ।

“ਮੇਜ਼ ਦੁਆਲ਼ੇ ਭੱਜ ਤੇ ਮੁਰਗੇ ਵਾਂਗ ਗਾ!”

ਮੇਰੇ ਪਿਤਾ ਜੀ ਮੁਸਕੁਰਾਏ, ਖੁਸ਼ੀ ਨਾਲ਼ ਸੂਹੇ ਹੋ ਗਏ ਤੇ ਮੇਜ਼ ਦੇ ਚਾਰੇ ਪਾਸੇ ਭੱਜਣ ਲੱਗੇ। ਤੇ ਮੈਂ ਉਹਨਾਂ ਦੇ ਪਿੱਛੇ।

“ਕੁੱਕੜੂੰ ਕੂੰ, ਕੁੱਕੜੂੰ ਕੂੰ!” ਅਸੀਂ ਦੋਵੇਂ ਕਹਿ ਰਹੇ ਸੀ ਤੇ ਤੇਜ਼ ਭੱਜ ਰਹੇ ਸੀ।

ਮੈਂ ਭੱਜ ਰਿਹਾਂ ਸੀ ਤੇ ਸੋਚ ਰਿਹਾ ਸੀ : “ਮੈ ਕਲਰਕ ਦਾ ਸਹਾਇਕ ਬਣਨਾ ਹੈ!”

  • ਮੁੱਖ ਪੰਨਾ : ਐਂਤਨ ਚੈਖਵ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •