Jhaanjran-Da-Jora (Punjabi Story) : Simran Dhaliwal

ਝਾਂਜਰਾਂ ਦਾ ਜੋੜਾ (ਕਹਾਣੀ) : ਸਿਮਰਨ ਧਾਲੀਵਾਲ

ਕਿਸ਼ਨ ਬਾਬੂ ਇਕਦਮ ਜਿਵੇਂ ਤ੍ਰਬਕਿਆ ਹੋਵੇ।

ਉਸ ਦੀ ਧੜਕਣ ਵੱਧ ਗਈ। ਵਟਸਐਪ ਉਪਰ ਚੈੱਟ ਕਰਦਿਆਂ ਉਸ ਕੋਲੋਂ ਦਿਲ ਦਾ ਨਿਸ਼ਾਨ ਭੇਜਿਆ ਗਿਆ ਸੀ ਤੇ ਹੁਣ ਅੱਗਿਓਂ ਬਦਲੇ ਵਿੱਚ ਉਸ ਨੂੰ ਦੋ ਦਿਲ ਦੇ ਨਿਸ਼ਾਨ ਮਿਲੇ ਸਨ। ਉਸ ਨੂੰ ਉਮੀਦ ਵੀ ਸ਼ਾਇਦ ਇਸੇ ਦੀ ਸੀ। ਉਹ ਸਰੂਰ ਜਿਹੇ ਵਿੱਚ ਵੀ ਸੀ, ਪਰ ਥੋੜ੍ਹਾ-ਥੋੜ੍ਹਾ ਡਰ ਵੀ ਰਿਹਾ ਸੀ। ਉਹਨੇ ਫੋਨ ਪਾਸੇ ਰੱਖਿਆ ਤੇ ਪੀਅਨ ਰਾਮ ਜੱਸ ਨੂੰ ਆਵਾਜ਼ ਦੇ ਕੇ ਚਾਹ ਲੈ ਕੇ ਆਉਣ ਲਈ ਆਖਿਆ। ਨਵੰਬਰ ਮਹੀਨੇ ਦੇ ਆਖਿਰੀ ਦਿਨ ਸਨ। ਹਲਕੀ ਜਿਹੀ ਠੰਢ ਸੀ। ਆਪਣੇ ਕੈਬਿਨ ਵਿੱਚ ਬੈਠਾ ਉਹ ਆਨੰਦ ਦੀ ਅਵਸਥਾ ਵਿੱਚ ਪਹੁੰਚਿਆ ਹੋਇਆ ਸੀ। ਕੱਲ੍ਹ ਸ਼ਨੀਵਾਰ ਸੀ ਤੇ ਪਰਸੋਂ ਐਤਵਾਰ। ਦੋ ਛੁੱਟੀਆਂ ਸਨ। ਉਸ ਦੀ ਨਜ਼ਰ ਸਾਹਮਣੇ ਖਾਲੀ ਪਏ ਗੀਤਾ ਮੈਡਮ ਦੇ ਕੈਬਿਨ 'ਤੇ ਪਈ। ਹੁਣ ਉਹਨੇ ਸੋਮਵਾਰ ਨੂੰ ਦਫ਼ਤਰ ਆਉਣਾ ਸੀ। ਕਿਸ਼ਨ ਬਾਬੂ ਨੂੰ ਇੱਕ ਵਾਰ ਤਾਂ ਅਚਵੀ ਜਿਹੀ ਮਹਿਸੂਸ ਹੋਈ। ਲੱਗਿਆ ਕਿ ਗੀਤਾ ਨੂੰ ਫੇਸ ਕਿਵੇਂ ਕਰਾਂਗਾ?

ਫਿਰ ਲੱਗਿਆ, ਕੁਝ ਨਹੀਂ ਹੋਣ ਲੱਗਾ। ਸੰਗ-ਸ਼ਰਮ ਤਾਂ ਛੱਡਣੀ ਪੈਣੀ। ਅਗਲੀ ਤਾਂ ਜਮਾਂ ਨਹੀਂ ਸੰਗਦੀ। ਤੇ ਉਸ ਕਹਾਣੀ ਨੂੰ ਕਿਸ਼ਨ ਬਾਬੂ ਨੇ ਹੁਣ ਆਪਣੇ ਹੱਥਾਂ ਵਿੱਚ ਲੈ ਲਿਆ ਸੀ ਜੋ ਗੀਤਾ ਸਭਰਵਾਲ ਨੇ ਸ਼ੁਰੂ ਕੀਤੀ ਸੀ। ਪਰ ਅਸਲ ਵਿੱਚ ਇਹ ਕਹਾਣੀ ਗੀਤਾ ਨੇ ਨਹੀਂ, ਆਸ਼ਾ ਦੇਵੀ ਨੇ ਸ਼ੁਰੂ ਕੀਤਾ ਸੀ। ਅਜੀਬ ਉਲਝੀ ਜਿਹੀ ਤੰਦ ਹੈ ਵੈਸੇ। ਗੀਤਾ ਦੀ ਕਹਾਣੀ ਦੇ ਨਾਲ-ਨਾਲ ਕਿਸ਼ਨ ਬਾਬੂ ਦੇ ਮੱਥੇ ਵਿੱਚ ਆਸ਼ਾ ਦੇਵੀ ਦੀ ਕਹਾਣੀ ਵੀ ਚੱਲਦੀ ਰਹਿੰਦੀ। ਆਸ਼ਾ ਉਸਦੀ ਪਤਨੀ। ਉਮਰ ਵਿੱਚ ਉਸ ਤੋਂ ਤਿੰਨ ਸਾਲ ਛੋਟੀ ਪਰ ਵਿਹਾਰ ਵਿੱਚ ਦਸ ਸਾਲ ਵੱਡੀ ਲੱਗਦੀ। ਉਹ ਕਈ ਵਰ੍ਹੇ ਪਿੱਛੇ ਪਹੁੰਚ ਗਿਆ। ਧਿਆਨ ਗੀਤਾ ਦੇ ਕੈਬਿਨ ਵੱਲੋਂ ਹਟ ਗਿਆ।

ਉਹਨਾਂ ਦਾ ਜਦ ਵਿਆਹ ਹੋਇਆ ਸੀ। ਉਨ੍ਹਾਂ ਜਿਹੀ ਜੋੜੀ ਦੂਰ-ਦੂਰ ਤੱਕ ਕਿਤੇ ਵੀ ਨਹੀਂ ਸੀ ਦਿੱਸਦੀ। ਆਸ਼ਾ ਗੋਰੀ ਚਿੱਟੀ। ਲੰਮਾ ਕੱਦ। ਬਿੱਲੀਆਂ ਅੱਖਾਂ। ਲੰਮੇ ਵਾਲ। ਹੱਸਦੀ ਤਾਂ ਜਿਵੇਂ ਫੁੱਲ ਕਿਰਦੇ। ਕਿਸ਼ਨ ਉੱਡਿਆ ਫਿਰਦਾ । ਨਵਾਂ-ਨਵਾਂ ਉਹ ਉਦੋਂ ਅੰਕੜਾ ਵਿਭਾਗ ਵਿੱਚ ਕਲਰਕ ਭਰਤੀ ਹੋਇਆ ਸੀ। ਨਿਯੁਕਤੀ ਸ਼ਹਿਰ ਦੀ ਹੀ ਸੀ। ਦੁਪਹਿਰੇ ਰੋਟੀ ਖਾਣ ਲਈ ਘਰ ਆ ਜਾਂਦਾ। ਦੋਨੋਂ ਚੁਬਾਰੇ ਵਿੱਚ ਵੜ੍ਹ ਜਾਂਦੇ। ਗੱਲਾਂ ਨਾ ਮੁੱਕਦੀਆਂ। ਉਨ੍ਹਾਂ ਦਾ ਹਾਸਾ ਚੁਬਾਰੇ ਦੀ ਬਾਰੀ ਵਿੱਚੋਂ ਨਿਕਲ ਕੇ ਹੇਠਾਂ ਪਹੁੰਚ ਜਾਂਦਾ। ਰੋਟੀ ਠੰਢੀ ਹੋ ਜਾਂਦੀ। ਬੁਰਕੀ ਤੋੜਦਾ ਤੇ ਮੂੰਹ ਵਿੱਚ ਪਾਉਣੀ ਭੁੱਲ ਜਾਂਦਾ। ਸੂਈਆਂ ਆਪਣੀ ਸੀਮਾ ਟੱਪ ਜਾਂਦੀਆਂ। ਕਿਸ਼ਨ ਲੇਟ ਹੋ ਜਾਂਦਾ। ਦਫ਼ਤਰ ਇੰਚਾਰਜ ਕੁਨੱਖਾ ਜਿਹਾ ਝਾਕਦਾ। ਕਿਸ਼ਨ ਦਾ ਜੀਅ ਕਰਦਾ ਲੰਮੀ ਛੁੱਟੀ ਲੈ ਕੇ ਕਿਤੇ ਦੂਰ ਪਹੁੰਚ ਜਾਏ। ਜਿੱਥੇ ਉਹ ਤੇ ਬਸ ਆਸ਼ਾ ਹੋਵੇ।

ਚੁਬਾਰੇ ਤੋਂ ਉਤਰੀ ਆਸ਼ਾ ਨੂੰ ਜੇਠਾਣੀ ਛੇੜਦੀ ਰਹਿੰਦੀ। ਦੋਨੋਂ ਹੱਸਦੀਆਂ ਤੇ ਆਸ਼ਾ ਦਾ ਚਿਹਰਾ ਸੰਗ ਨਾਲ ਲਾਲ ਵੀ ਹੁੰਦਾ ਰਹਿੰਦਾ। ਕਿਆ ਦਿਨ ਸਨ ਉਹ। ਕਿਸ਼ਨ ਬਾਬੂ ਉਹ ਸਭ ਯਾਦ ਕਰਕੇ ਚਹਿਕ ਉੱਠਦਾ। ਸਮਾਂ ਕਿੰਨੀ ਤੇਜ਼ ਗਤੀ ਨਾਲ ਚੱਲਦਾ ਹੈ। ਵਿਆਹ ਦੇ ਡੇਢ ਸਾਲ ਮਗਰੋਂ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ। ਆਸ਼ਾ ਬੱਚੀ ਵਿੱਚ ਉਲਝ ਗਈ। ਧੀ ਵੈਸ਼ਾਲੀ ਤੋਂ ਬਾਅਦ ਬੇਟੇ ਸਿਧਾਰਥ ਦਾ ਜਨਮ ਹੋਇਆ। ਦੋਨੋਂ ਬੱਚੇ ਹਾਣੀਆਂ ਵਰਗੇ ਸਨ। ਆਸ਼ਾ ਸਾਰਾ ਦਿਨ ਬੱਚਿਆਂ ਵਿੱਚ ਗੁਆਚੀ ਰਹਿੰਦੀ। ਕਿਸ਼ਨ ਬਾਬੂ ਦੀ ਬਦਲੀ ਨੇੜਲੇ ਸ਼ਹਿਰ ਵਿਚ ਹੋ ਗਈ। ਦੁਪਹਿਰ ਦੀ ਰੋਟੀ ਉਹ ਘਰੋਂ ਨਾਲ ਲੈ ਜਾਂਦਾ। ਟਿਫ਼ਨ ਪੈਕ ਕਰਕੇ । ਚੁਬਾਰੇ ਵਾਲੀ ਰੌਣਕ ਖਿੰਡ ਗਈ। ਤੇ ਹੁਣ ਉਹ ਦੋਵੇਂ ਚਾਲੀਵਾਂ ਵਰ੍ਹਾ ਪਾਰ ਕਰ ਚੁੱਕੇ ਸਨ। ਵਾਲਾਂ ਵਿੱਚ ਸਫੈਦੀ ਉਤਰ ਰਹੀ ਸੀ। ਐਤਵਾਰ ਨੂੰ ਕਿਸ਼ਨ ਬਾਬੂ ਕੌਲੀ ਵਿੱਚ ਡਾਈ ਘੌਲਦਾ ਫਿਰਦਾ ਤੇ ਆਸ਼ਾ ਵਾਲਾਂ ਵਿੱਚ ਮਹਿੰਦੀ ਦਾ ਲੇਪ ਲਗਾਉਂਦੀ। ਬੱਚੇ ਵੱਡੇ ਹੁੰਦੇ ਗਏ, ਉਨ੍ਹਾਂ ਵਿਚਾਲੇ ਦੂਰੀ ਆਉਣ ਗਈ। ਆਸ਼ਾ ਜਦ ਨੂੰ ਬੈਡਰੂਮ ਵਿੱਚ ਆਉਂਦੀ ਕਿਸ਼ਨ ਬਾਬੂ ਉਡੀਕਦਾ ਸੌਂ ਚੁੱਕਾ ਹੁੰਦਾ। ਕਦੇ ਉਹ ਨੇੜੇ ਹੋਣ ਲੱਗਦੇ ਤਾਂ ਦੋਨਾਂ ਬੱਚਿਆਂ ਵਿੱਚੋਂ ਕੋਈ ਨਾ ਕੋਈ ਉੱਠ ਜਾਂਦਾ। ਕਿਸ਼ਨ ਬਾਬੂ ਆਵਾਜ਼ਾਰ ਜਿਹਾ ਹੋ ਕੇ ਰਹਿ ਜਾਂਦਾ। ਦਫ਼ਤਰ ਵਿੱਚ ਹਮਉਮਰਾਂ ਨਾਲ ਕਦੇ ਕੋਈ ਗੱਲ ਛਿੜਦੀ ਤਾਂ ਕਿਸ਼ਨ ਬਾਬੂ ਚੁੱਪ ਰਹਿੰਦਾ। ਸਾਥੀ ਆਖਦੇ, ਇਹ ਤਾਂ ਉਮਰ ਦੀ ਦੂਜੀ ਪਾਰੀ ਹੈ। ਸਭ ਦੀਆਂ ਆਪਣੀਆਂ ਕਹਾਣੀਆਂ ਸਨ। ਕਦੇ ਕੋਈ ਕਿਸ਼ਨ ਬਾਬੂ ਨੂੰ ਵੀ ਛੇੜ ਦਿੰਦਾ। 'ਕਿਸ਼ਨ ਜੀ ਫੇਰ ਕਾਟੌਂ ਖੇਡਦੀ ਫੁੱਲਾਂ 'ਤੇ ਜਾਂ ਨਹੀਂ?'

ਕਿਸ਼ਨ ਬਾਬੂ ਸੰਗ ਕੇ ਰਹਿ ਜਾਂਦਾ। ਕੀ ਦੱਸਦਾ ਕਿਸੇ ਨੂੰ? ਉਹ ਤਾਂ ਮਸਾਂ ਹੀ ਨੇੜੇ ਜਾਂਦੇ ਸਨ ਇੱਕ ਦੂਜੇ ਦੇ ਕਿਤੇ। ਉਹ ਹੱਸ ਕੇ ਟਾਲ ਲੈਂਦਾ। ਉਨ੍ਹਾਂ ਦੀਆਂ ਸੁਣਦਾ ਰਹਿੰਦਾ। ਮੱਖਣ ਸਿਹੁੰ ਸਹਾਇਕ ਤਾਂ ਹੋਰ ਸੰਗ ਲਾਹ ਦਿੰਦਾ, 'ਘਰ ਲਵੇਰਾ ਨਾ ਹੋਵੇ ਤਾਂ ਦੁੱਧ ਬਾਹਰੋਂ ਲੈਣਾ ਪੈਂਦਾ ਬੰਦੇ ਨੂੰ। '

ਕਿਸ਼ਨ ਬਾਬੂ ਵਰਗਾ ਬੰਦਾ ਤਾਂ ਐਸੀ ਗੱਲ ਕਦੇ ਸੋਚ ਵੀ ਨਹੀਂ ਸੀ ਸਕਦਾ। ਉਹ ਬਸ ਆਸ਼ਾ ਦੇ ਵਿਹਾਰ ਤੋਂ ਹੀ ਕੁੜ ਸਕਦਾ ਸੀ।

ਉਹਨੇ ਤਾਂ ਜਵਾਨੀ ਵੇਲੇ ਕਿਸੇ ਵੱਲ ਅੱਖ ਚੁੱਕ ਕੇ ਨਹੀਂ ਸੀ ਵੇਖਿਆ। ਕਾਲਜ ਪੜ੍ਹਦਿਆਂ, ਉਹ ਘਰ ਤੋਂ ਕਾਲਜ ਤੇ ਕਾਲਜ ਤੋਂ ਸਿੱਧਾ ਘਰ ਆਉਂਦਾ। ਕਾਲਜ ਘਰ ਤੋਂ ਨੇੜੇ ਹੀ ਸੀ। ਉਹ ਪੈਦਲ ਆਉਂਦਾ ਜਾਂਦਾ। ਕਦੇ ਕਿਤੇ ਕੋਈ ਦਿਨ ਐਸਾ ਵੀ ਹੁੰਦਾ, ਆਪਣੀ ਦੁਕਾਨ 'ਤੇ ਜਾਣ ਤੋਂ ਪਹਿਲਾਂ ਉਸਦੇ ਬਾਊ ਜੀ ਉਸਨੂੰ ਆਪਣੇ ਸਕੂਟਰ 'ਤੇ ਕਾਲਜ ਛੱਡ ਜਾਂਦੇ। ਪੜਾਈ ਮੁਕਾ ਕੇ ਉਹ ਕੁਝ ਮਹੀਨੇ ਦੁਕਾਨ 'ਤੇ ਜਾਂਦਾ ਰਿਹਾ ਤੇ ਫਿਰ ਨੌਕਰੀ ਲੱਗਣ ਦੇ ਅੱਗੇ-ਪਿੱਛੇ ਹੀ ਉਸਦਾ ਵਿਆਹ ਹੋ ਗਿਆ ਤੇ ਕਿਸ਼ਨ ਬਾਬੂ ਆਸ਼ਾ ਵਿੱਚ ਗੁਆਚ ਗਿਆ। ਮੁਹੱਬਤ ਦੇ ਰੰਗ ਵਿੱਚ ਰੰਗਿਆ ਉਹ ਭਲਾ ਕਿਵੇਂ ਦੇਖਦਾ ਕਿਸੇ ਹੋਰ ਵੱਲ?

ਪਰ ਗੀਤਾ ਤਾਂ ਜਿਵੇਂ ਮੱਲੋਜ਼ੋਰੀ ਉਸ ਦੀ ਜ਼ਿੰਦਗੀ ਵਿੱਚ ਆਣ ਵੜ੍ਹੀ ਸੀ।

ਕਿਸੇ ਹੋਰ ਦਫਤਰ ਵਿੱਚੋਂ ਬਦਲ ਕੇ ਆਈ ਗੀਤਾ, ਪਹਿਲੇ ਦਿਨ ਹੀ ਪੂਰੇ ਦਫ਼ਤਰ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਸੀ। ਉੱਚੀ-ਲੰਮੀ, ਗੋਰਾ ਰੰਗ। ਅੱਖਾਂ ਵਿੱਚ ਚਮਕ। ਉਹ ਉਮਰੋਂ ਦਸ ਸਾਲ ਛੋਟੀ ਲੱਗਦੀ। ਉਸ ਦੀ ਹਰ ਗੱਲ ਵਿੱਚ ਸਲੀਕਾ ਸੀ। ਕੱਪੜਿਆਂ ਤੋਂ ਲੈ ਕੇ ਮੇਕਅੱਪ ਤੱਕ। ਮੇਕਅੱਪ ਤੋਂ ਲੈ ਕੇ ਚਾਲ-ਢਾਲ ਤੱਕ। ਮਰਦਾਨਾ ਸਟਾਫ਼ ਉਹਦੀਆਂ ਗੱਲਾਂ ਕਰਦਾ। ਉਸ ਵੇਲੇ ਵੀ ਕਿਸ਼ਨ ਬਾਬੂ ਕੁਝ ਨਾ ਕਹਿੰਦਾ। ਦੂਜਿਆਂ ਦੀ ਸੁਣ ਲੈਂਦਾ। ਹੱਸ ਲੈਂਦਾ। ਉਸ ਦਾ ਦੂਜਿਆਂ ਨਾਲੋਂ ਅਲੱਗ ਹੋਣਾ ਹੀ ਸ਼ਾਇਦ ਗੀਤਾ ਨੂੰ ਜਚ ਗਿਆ ਸੀ। ਉਹ ਕਿਸ਼ਨ ਬਾਬੂ ਨਾਲ ਗੱਲ-ਬਾਤ ਕਰਨ ਲੱਗੀ। ਲੰਚ ਬ੍ਰੇਕ ਵਿੱਚ ਲੌਕਲ ਲੋਕ ਘਰ ਚਲੇ ਜਾਂਦੇ। ਗੀਤਾ ਆਪਣਾ ਲੰਚ ਬਾਕਸ ਲੈ ਕੇ ਕਿਸ਼ਨ ਬਾਬੂ ਦੇ ਟੇਬਲ 'ਤੇ ਜਾਂਦੀ। ਪਹਿਲਾਂ ਦੋਨਾਂ ਵਿਚਾਲੇ ਦੀ ਚੁੱਪ ਟੁੱਟੀ ਤੇ ਫੇਰ ਰਸਮੀਪਣ। ਰੋਟੀ ਖਾਂਦਿਆਂ ਉਹ ਗੱਲਾਂ ਕਰਦੇ ਰਹਿੰਦੇ। ਇੱਕ ਦੂਜੇ ਦੇ ਟਿਫ਼ਨ ਵਿੱਚੋਂ ਬੁਰਕੀ ਲਗਾ ਲੈਂਦੇ। ਤੇ ਕੁਝ ਮਹੀਨਿਆਂ ਵਿੱਚ ਉਨ੍ਹਾਂ ਵਿਚਾਲੇ ਕਾਫੀ ਨੇੜਤਾ ਹੋ ਗਈ। ਬੱਸ 'ਤੇ ਆਉਂਦੇ ਤਾਂ ਦੋਵੇਂ ਬੱਸ ਅੱਡੇ ਤੱਕ ਇਕੱਠਿਆਂ ਜਾਂਦੇ। ਉੱਥੋਂ ਆਪਣੇ-ਆਪਣੇ ਸ਼ਹਿਰ ਦੀ ਬੱਸ ਫੜ ਲੈਂਦੇ। ਕਿਸ਼ਨ ਬਾਬੂ ਕਦੇ ਕਾਰ ਤਾਂ ਦਫ਼ਤਰ ਆਉਂਦਾ ਤਾਂ ਵਲ ਪਾ ਕੇ ਗੀਤਾ ਨੂੰ ਉਸਦੇ ਸ਼ਹਿਰੋਂ ਨਾਲ ਬਿਠਾ ਕੇ ਦਫ਼ਤਰ ਲੈਂ ਕੇ ਆਉਂਦਾ। ਗੱਡੀ ਵਿੱਚ ਜਗਜੀਤ ਸਿੰਘ ਦੀਆਂ ਗ਼ਜ਼ਲਾਂ ਵੱਜਦੀਆਂ ਰਹਿੰਦੀਆਂ ਤੇ ਉਹ ਗੱਲਾਂ ਵਿੱਚ ਗੁਆਚੇ ਕਦ ਦਫ਼ਤਰ ਆਣ ਪਹੁੰਚਦੇ ਉਹਨਾਂ ਨੂੰ ਵੀ ਪਤਾ ਨਾ ਲੱਗਦਾ। ਕਦੇ ਕਦੇ ਘਰੇ ਵੀ ਇੱਕ ਦੂਜੇ ਨੂੰ ਕੋਈ ਮੈਸੇਜ ਕਰ ਲੈਂਦੇ। ਕਦੇ-ਕਦੇ ਕਿਸ਼ਨ ਬਾਬੂ ਡਰਦਾ। ਸੋਚਦਾ। ਗੀਤਾ ਨਾਲ ਨੇੜਤਾ ਉਸਨੂੰ ਗ਼ਲਤ ਲੱਗਦੀ। ਆਪਣੀ ਪਤਨੀ ਆਸ਼ਾ ਦਾ ਖ਼ਿਆਲ ਆਉਂਦਿਆਂ, ਉਸ ਦੇ ਅੰਦਰ ਕੋਈ ਅਪਰਾਧ ਬੋਧ ਜਾਗਣ ਲੱਗਦਾ। ਪਰ ਅਚਾਨਕ ਆਸ਼ਾ ਦੇ ਸੁਭਾਅ ਵਿੱਚ ਅਜੀਬ ਜਿਹਾ ਬਦਲਾਅ ਆ ਗਿਆ। ਕਿਸ਼ਨ ਬਾਬੂ ਕਦੇ ਛੂੰਹਦਾ ਵੀ ਤਾਂ ਉਹ ਤ੍ਰਭਕ ਉੱਠਦੀ। ਉਸਨੂੰ ਦੂਰ ਹੋਣ ਲਈ ਤਰਲਾ ਕਰਦੀ। ਹਰੇਕ ਦੂਜੇ ਦਿਨ ਵਰਤ ਰੱਖ ਲੈਂਦੀ। ਦੋ-ਦੋ ਘੰਟੇ ਪੂਜਾ ਵਾਲੇ ਕਮਰੇ ਵਿੱਚ ਬੈਠੀ ਰਹਿੰਦੀ। ਕਿਸ਼ਨ ਬਾਬੂ ਕੋਲ ਹੋਣ ਦੀ ਕੋਸ਼ਿਸ਼ ਵੀ ਕਰਦਾ ਤਾਂ ਆਸ਼ਾ ਇਨਕਾਰ ਕਰਦੀ। ਕਿਸ਼ਨ ਬਾਬੂ ਦਫ਼ਤਰ ਚਲਿਆ ਜਾਂਦਾ ਤਾਂ ਆਸ਼ਾ ਸੀ.ਡੀ ਪਲੇਅਰ ਉੱਪਰ ਕਿਸੇ ਅਚਾਰੀਆ ਦੇਵ ਦਾ ਲੈਕਚਰ ਚਲਾ ਲੈਂਦੀ। ਲੌਬੀ ਵਿੱਚ ਲੈਕਚਰ ਚੱਲਦਾ ਰਹਿੰਦਾ ਤੇ ਆਸ਼ਾ ਨਾਲ-ਨਾਲ ਨਿੱਕੇ ਮੋਟੇ ਕੰਮ ਕਰਦੀ ਰਹਿੰਦੀ। ਆਸ਼ਾ ਦਿਨੋਂ-ਦਿਨ ਅਚਾਰੀਆ ਦੇਵ ਦੇ ਰੰਗ ਵਿੱਚ ਰੰਗਦੀ ਜਾ ਰਹੀ ਸੀ। ਉਸ ਨੇ ਰੰਗ ਤਿਆਗ ਦਿੱਤੇ। ਚਿੱਟੇ ਕੱਪੜੇ ਪਾਉਣ ਲੱਗੀ। ਮੇਕਅੱਪ ਛੱਡ ਦਿੱਤਾ। ਬੜਾ ਧੀਮਾ ਬੋਲਣ ਲੱਗੀ। ਸ਼ਾਂਤ ਜਿਹੀ। ਅਡੋਲ ਜਿਹੀ। ਬੱਚਿਆਂ ਨੂੰ ਜਦੋਂ ਵੱਡੇ ਦਿਨਾਂ ਦੀਆਂ ਛੁੱਟੀਆਂ ਹੋਈਆਂ, ਆਸ਼ਾ ਨੇ ਕਿਸ਼ਨ ਬਾਬੂ ਕੋਲੋ ਦੋ ਦਿਨ ਵਾਸਤੇ ਦੇਵ ਆਸ਼ਰਮ ਜਾਣ ਦੀ ਇਜ਼ਾਜ਼ਤ ਮੰਗੀ। ਕਿਸ਼ਨ ਬਾਬੂ ਨੇ ਤਾਂ ਕਦੇ ਕਿਸੇ ਗੱਲੋਂ ਆਸ਼ਾ ਨੂੰ ਵਰਜਿਆ ਹੀ ਨਹੀਂ ਸੀ। ਉਸ ਦੀ ਖੁਸ਼ੀ ਸੀ ਕਿ ਉਹ ਜਾਣਾ ਚਾਹੁੰਦੀ ਹੈ। ਕਿਸ਼ਨ ਬਾਬੂ ਕਿਵੇਂ ਰੋਕਦਾ? ਆਸ਼ਾ ਦੇਵ ਆਸ਼ਰਮ ਚਲੀ ਗਈ। ਅਚਾਰੀਆ ਦੇਵ ਦੇ ਪ੍ਰਵਚਨ ਸੁਣੇ। ਆਸ਼ਰਮ ਦੀ ਸ਼ਾਂਤੀ ਨੂੰ ਮਾਣਿਆ। ਘਰ ਤੋਂ ਦੂਰ ਜ਼ਿੰਮੇਦਾਰੀਆਂ ਤੋਂ ਦੂਰ। ਕੋਈ ਫੋਨ ਕਾਲ ਨਹੀਂ ਕੋਈ ਸ਼ੋਰ ਨਹੀਂ। ਸੰਸਾਰ ਤੋਂ ਦੂਰ ਹੁੰਦੀ-ਹੁੰਦੀ ਆਸ਼ਾ, ਕਿਸ਼ਨ ਬਾਬੂ ਤੋਂ ਕੋਹਾਂ ਦੂਰ ਹੋ ਗਈ। ਹੁਣ ਮੇਰਾ ਮਨ ਨ੍ਹੀ ਹੁੰਦਾ ਇਨ੍ਹਾਂ ਗੱਲਾਂ ਲਈ। ਤੇ ਉਹਨੇ ਅਲੱਗ ਕਮਰੇ ਵਿੱਚ ਸੌਣਾ ਸ਼ੁਰੂ ਕਰ ਦਿੱਤਾ। ਜ਼ਰਾ ਜਿਹਾ ਤਕਰਾਰ ਵੀ ਹੋਇਆ। ਪਰ ਕਿਸ਼ਨ ਬਾਬੂ ਆਖਿਰ ਕਰਦਾ ਵੀ ਕੀ?… ਉਹਨੂੰ ਇਹ ਸਭ ਅਜੀਬ ਜਿਹਾ ਲੱਗ ਰਿਹਾ ਸੀ। ਉਹਨੇ ਵੀ ਚੁੱਪ ਧਾਰ ਲਈ। ਬਾਕੀ ਸਭ ਆਪਣੇ ਚਾਲ ਵਿੱਚ ਚੱਲਦਾ ਜਾ ਰਿਹਾ ਸੀ।

ਕਦੇ ਉਸ ਨੂੰ ਲੱਗਦਾ, ਇਸ ਪਿੱਛੇ ਕੋਈ ਵਿਗਿਆਨਕ ਕਾਰਨ ਹੈ। ਕਦੇ ਲੱਗਦਾ, ਕਬੀਲਦਾਰੀ ਦੀ ਜ਼ਿੰਮੇਦਾਰੀ ਨੇ ਉਸ ਅੰਦਰੋਂ ਸਭ ਅਹਿਸਾਸ ਮੁੱਕਾ ਦਿੱਤੇ ਨੇ। 'ਤੇ ਕਿਸ਼ਨ ਬਾਬੂ ਸੋਚਾਂ ਦੀ ਜੋੜ ਘਟਾਓ ਕਰਦਾ ਰਹਿੰਦਾ। ਇਸੇ ਚੁੱਪ ਨੂੰ ਅਚਾਨਕ ਗੀਤਾ ਨੇ ਤੋੜ ਸੁਟਿਆ ਸੀ। ਆਸ਼ਾ ਵੱਲੋਂ ਟੁੱਟਿਆਂ ਕਿਸ਼ਨ ਬਾਬੂ ਗੀਤਾ ਨਾਲ ਜੁੜਨ ਲੱਗ। ਉਹਨਾਂ ਦੀਆਂ ਗੱਲਾਂ ਵੱਧ ਗਈਆਂ। ਦੂਰੀਆਂ ਹੋਰ ਘੱਟ ਗਈਆਂ।

ਅਚਾਨਕ ਇੱਕ ਦਿਨ ਗੀਤਾ ਨੇ ਕਿਸ਼ਨ ਬਾਬੂ ਨੂੰ ਪੁੱਛ ਲਿਆ, 'ਖੁਸ਼ ਹੋ ਆਪਣੀ ਲਾਈਫ਼ ਵਿੱਚ?

'ਪਤਾ ਨ੍ਹੀ!' ਕਿਸ਼ਨ ਬਾਬੂ ਦੇ ਅਧੂਰੇ ਜਿਹੇ ਜਵਾਬ ਦੇ ਵੀ ਪੂਰੇ ਅਰਥ ਗੀਤਾ ਸਮਝ ਗਈ ਸੀ।

'ਸਭ ਨੂੰ ਜਾਣੇ ਕਿਉਂ ਸਾਰਾ ਕੁਝ ਕਿਉਂ ਨਹੀਂ ਮਿਲਦਾ।' ਅੱਗਿਓਂ ਗੀਤਾ ਨੇ ਵੀ ਸਰਦ ਸਾਹ ਲਿਆ। 'ਤੇ ਉਹ ਇੱਕ ਦੂਜੇ ਨਾਲ ਹੋਰ ਖੁਲ੍ਹ ਗਏ। ਦੋਹਾਂ ਨੇ ਦੁੱਖ-ਸੁੱਖ ਸਾਂਝੇ ਕੀਤੇ। ਆਪਣੇ-ਆਪਣੇ ਹਿੱਸੇ ਦਾ ਖਲਾਅ ਭਰਨ ਦੀ ਇਹ ਜਿਵੇਂ ਕੋਸ਼ਿਸ਼ ਹੀ ਤਾਂ ਸੀ। ਇਹ ਸਾਂਝ ਉਨ੍ਹਾਂ ਨੂੰ ਵੱਧ ਨੇੜੇ ਲੈ ਆਈ।

ਕਦੇ-ਕਦੇ ਆਪਣੀਆਂ ਉਦਾਸੀਆਂ ਸਾਂਝੀਆਂ ਕਰਦੀ ਗੀਤ ਕਿਸ਼ਨ ਬਾਬੂ ਦੇ ਸਾਹਮਣੇ ਰੋ ਪੈਂਦੀ। ਕਿਸ਼ਨ ਬਾਬੂ ਦੇ ਮੋਢੇ'ਤੇ ਸਿਰ ਧਰੀ, ਉਨ੍ਹਾਂ ਤਮਾਮ ਦੁੱਖਾਂ ਨੂੰ ਭੁੱਲ ਜਾਂਦੀ, ਜਿਨ੍ਹਾਂ ਦਾ ਕਰਕੇ ਇਹ ਜਨਮ ਉਸਨੁੰ ਵਿਅਰਥ ਲੱਗਣ ਲੱਗਿਆ ਸੀ।

ਗੀਤਾ ਦੇ ਜਨਮ ਦਿਨ ਮੌਕੇ ਕਿਸ਼ਨ ਬਾਬੂ ਨੇ ਉਸ ਨੂੰ ਝਾਂਜਰਾਂ ਦਾ ਜੋੜਾ ਗਿਫ਼ਟ ਕੀਤਾ। ਚੜ੍ਹਦੀਆਂ ਸਰਦੀਆਂ, ਗੀਤਾ ਉਸ ਲਈ ਸਵੈਟਰ ਬੁਣ ਕੇ ਲਿਆਈ। ਦਫ਼ਤਰ ਵਾਲੇ ਸਾਥੀਆਂ ਨੂੰ ਦਾਲ ਵਿੱਚ ਕੁਝ ਕਾਲਾ ਮਹਿਸੂਸ ਹੋਇਆ ਤਾਂ ਦੋਹਾਂ ਨੇ ਲੋਕਾਂ ਸਾਹਮਣੇ ਦੂਰੀ ਪੈਦਾ ਕਰ ਲਈ। ਸਿਰਫ਼ ਸਹਿ-ਕਰਮੀਆਂ ਵਰਗਾ ਵਿਹਾਰ ਕਰਦੇ।

ਕਿਸ਼ਨ ਬਾਬੂ ਨੂੰ ਗੀਤਾ ਦਾ ਹੋਣਾ ਚੰਗਾ ਲੱਗਦਾ। ਉਹ ਉਸ ਦੀਆਂ ਦਿੱਤੀਆਂ ਝਾਂਜਰਾਂ ਪਾ ਕੇ ਜਦ ਵੀ ਦਫ਼ਤਰ ਆਉਂਦੀ ਤਾਂ ਕਿਸ਼ਨ ਬਾਬੂ ਨੂੰ ਸਾਰਾ ਦਫ਼ਤਰ ਖਣਕਦਾ ਮਹਿਸੂਸ ਹੁੰਦਾ। ਫਿਰ ਕਿਸ਼ਨ ਬਾਬੂ ਨੇ ਇੱਕ ਦਿਨ ਦਿਲ ਦੀ ਗੱਲ ਦੱਸਣ ਲਈ ਫੋਨ ਉੱਪਰ ਦਿਲ ਦਾ ਨਿਸ਼ਾਨ ਭੇਜ ਦਿੱਤਾ। ਗੱਲ ਖੁੱਲ੍ਹ ਗਈ। ਪਹਿਲ ਹੋ ਗਈ ਤੇ ਬਦਲੇ ਵਿੱਚ ਉਸ ਨੂੰ ਦੋ ਦਿਲ ਨਿਸ਼ਾਨ ਮਿਲ ਗਏ। ਨਾਲ ਲ਼ਿਖਿਆ ਸੀ, ਇਸ ਰਿਸ਼ਤੇ ਦਾ ਮਾਣ ਰੱਖਿਓ! ਉਹ ਇਸ ਨਵੇਂ ਰਿਸ਼ਤੇ ਨੂੰ ਜਿਊਣ ਲੱਗੇ। ਆਸ਼ਾ ਨਾਲ ਜਿਵੇਂ ਕਿਸ਼ਨ ਬਾਬੂ ਦਾ ਵਾਸਤਾ ਹੀ ਮੁੱਕ ਗਿਆ ਹੋਵੇ। ਉਹ ਸਫ਼ੈਦ ਕੱਪੜੇ ਪਾਈ, ਸ਼ਾਂਤ ਜਿਹੀ ਆਪਣੇ ਰੰਗ ਵਿੱਚ ਰੰਗੀ ਰਹਿੰਦੀ। ਕਿਸ਼ਨ ਬਾਬੂ ਫੋਨ ਉੱਪਰ ਗੀਤਾ ਨਾਲ ਰੁੱਝਿਆ ਰਹਿੰਦਾ। ਆਸ਼ਾ ਕੰਮ ਮੁਕਾਉਂਦੀ ਤੇ ਦੂਜੇ ਕਮਰੇ ਵਿੱਚ ਜਾ ਕੇ ਮਾਲਾ ਫੜ ਲੈਂਦੀ। ਕਿਸ਼ਨ ਬਾਬੂ ਜਿਨ੍ਹਾਂ ਗੀਤਾ ਦੀ ਮੁਹੱਬਤ ਵਿੱਚ ਗੁਆਚਦਾ ਜਾ ਰਿਹਾ ਸੀ, ਆਸ਼ਾ ਓਨੀ ਜ਼ਿਆਦਾ ਸੰਸਾਰਕ ਮੋਹ ਤੋਂ ਮੁੱਕਤ ਹੁੰਦੀ ਜਾ ਰਹੀ ਸੀ। ਕਦੇ ਕਦੇ ਕਿਸ਼ਨ ਬਾਬੂ ਸ਼ਿਕਾਇਤ ਵੀ ਕਰਦਾ। "ਤੂੰ ਤਾਂ ਸਾਧਣੀ ਬਣ ਕੇ ਬਹਿ ਗਈ। ਤੈਨੂੰ ਕਿਸੇ ਨਾਲ ਕੀ।" ਗੀਤਾ ਮੁਸਕਰਉਂਦੀ। ਸ਼ਾਂਤ ਰਹਿੰਦੀ। "ਦੇਹ ਦਾ ਰਿਸ਼ਤਾ ਮੁਕਿਆ ਰੂਹਾਂ ਦਾ ਨਹੀਂ। ਹਰ ਪਲ ਕੋਲ ਹਾਂ ਤੁਹਾਡੇ। ਆਈ ਕਿਸੇ ਗੱਲ ਦੀ ਕਮੀ?" ਤੇ ਉਹ ਕਿਸ਼ਨ ਬਾਬੂ ਦੀ ਸ਼ਿਕਾਇਤ ਦੂਰ ਕਰਨ ਲਈ ਖ਼ੁਦ ਨੂੰ ਹੋਰ ਸਮਰਪਿਤ ਕਰ ਲੈਂਦੀ। ਕਿਸ਼ਨ ਬਾਬੂ ਪੰਜ ਵਜੇ ਉਠਦਾ ਤੇ ਸੈਰ ਕਰਨ ਲਈ ਜਾਂਦਾ। ਆਸ਼ਾ ਉਸਤੋਂ ਵੀ ਪਹਿਲਾਂ ਉਠ ਖੜ੍ਹਦੀ। ਪੀਣ ਲਈ ਕੋਸਾ ਪਾਣੀ ਦਿੰਦੀ। ਪੈਰੀਂ ਪਾਉਣ ਲਈ ਰੈੱਕ ਤੋਂ ਬੂਟ ਚੁੱਕ ਲਿਆਉਂਦੀ। ਕਿਸ਼ਨ ਬਾਬੂ ਚਲਾ ਜਾਂਦਾ ਤਾਂ ਖ਼ੁਦ ਫਟਾਫਟ ਨਹਾ ਕੇ ਪੂਜਾ ਰੂਮ ਵਿੱਚ ਜਾ ਬੈਠਦੀ। ਕਦੇ ਚਾਹ ਕਦੇ ਰੋਟੀ। ਕੱਪੜੇ। ਸਫਾਈਆਂ। ਉਹ ਸਭ ਤੋਂ ਪਹਿਲਾਂ ਉੱਠਦੀ ਤੇ ਸਭ ਤੋਂ ਬਾਅਦ ਵਿੱਚ ਉਸ ਨੂੰ ਮੰਜਾ ਨਸੀਬ ਹੁੰਦਾ। ਕਿਸ਼ਨ ਬਾਬੂ ਜ਼ਰਾਂ ਜਿੰਨੀ ਵੀ ਤੱਤੇ ਠੰਢੇ ਦੀ ਸ਼ਿਕਾਇਤ ਕਰਦਾ, ਆਸ਼ਾ ਪੱਬਾਂ ਭਾਰ ਹੋ ਜਾਂਦੀ। ਕਿਸ਼ਨ ਬਾਬੂ ਇਸ ਸਭ ਕੁਝ ਤੋਂ ਸੰਤੁਸ਼ਟ ਵੀ ਸੀ, ਪਰ ਆਸ਼ਾ ਵੱਲੋਂ ਬਣਾਈ ਦੂਰੀ ਉਸਨੂੰ ਖੱਲ੍ਹਦੀ ਵੀ। ਉਹ ਇਸ ਦੂਰੀ ਨੂੰ ਗੀਤਾ ਵੱਲ ਤੁਰ ਕੇ ਮਿਟਉਣਾ ਚਾਹੁੰਦਾ।

* * * *

ਕਿਸ਼ਨ ਬਾਬੂ ਸੈਰ ਤੋਂ ਵੀ ਮੁੜ ਆਇਆ, ਪਰ ਆਸ਼ਾ ਅੱਜ ਉਠੀ ਨਹੀਂ ਸੀ। ਸਵੇਰੇ ਜਾਣ ਵੇਲੇ ਉਹਨੇ ਪਾਣੀ ਖ਼ੁਦ ਹੀ ਕੋਸਾ ਕਰਕੇ ਪੀ ਲਿਆ ਸੀ। ਸੋਚਿਆ, ਉਠਣ ਵਿੱਚ ਘੋਲ ਹੋ ਗਈ ਹੋਣੀ ਹੈ। ਪਰ ਆਸ਼ਾ ਤਾਂ ਐਸ ਵੇਲੇ ਤੀਕ ਕਦੇ ਵੀ ਨਹੀਂ ਸੀ ਸੌਂਦੀ। ਉਹਨੂੰੰ ਫ਼ਿਕਰ ਵੀ ਹੋਇਆ ਤੇ ਖਿਝ ਵੀ ਆਈ। ਅੱਜ ਤਾਂ ਉਹਨੇ ਗੀਤਾ ਨਾਲ ਦੋ ਦਿਨ ਲਈ ਡਲਹੌਜ਼ੀ ਜਾਣ ਦਾ ਪ੍ਰੋਗਰਾਮ ਉਲੀਕਿਆ ਸੀ। ਦੋ ਹਫ਼ਤੇ ਹੋ ਗਏ ਸੀ ਦੋਨਾਂ ਨੂੰ ਸੌ ਤਰ੍ਹਾਂ ਦੀਆਂ ਸੈਟਿੰਗਾਂ ਕਰਦਿਆਂ। ਮਸਾਂ ਇਹ ਪਲ ਆਏ ਸਨ। ਉਹ ਕਿਸੇ ਵੀ ਕਿਸਮ ਦਾ ਕੋਈ ਵਿਘਨ ਨਹੀਂ ਸੀ ਚਾਹੁੰਦਾ। ਉਹਨੇ ਵਿਭਾਗੀ ਟ੍ਰੇਨਿੰਗ ਲਈ ਦਿੱਲੀ ਜਾਣ ਦਾ ਬਹਾਨਾ ਬਣਾਇਆ ਸੀ। ਬੈੱਗ ਪੈੱਕ ਕਰਨ ਵਾਲਾ ਸੀ। ਕੱਪੜੇ ਪ੍ਰੈੱਸ ਹੋਣ ਵਾਲੇ ਸਨ। ਨਾਸ਼ਤਾ ਅਜੇ ਬਣਨਾ ਸੀ। ਕਿੰਨਾ ਕੁਝ ਸੀ ਆਸ਼ਾ ਦੇ ਕਰਨ ਵਾਲਾ।

ਉਹ ਦੂਜੇ ਕਮਰੇ ਵਿੱਚ ਗਿਆ।

ਆਸ਼ਾ ਚਾਦਰ ਤਾਣੀ ਪਈ।

"ਕੀ ਗੱਲ ਉੱਠੀ ਨਹੀਂ?" ਉਹਨੇ ਰੁੱਖਾ ਜਿਹਾ ਪੁੱਛਿਆ।

"ਰਾਤ ਤੇਜ਼ ਬੁਖਾਰ ਹੋ ਗਿਆ।" ਆਸ਼ਾ ਦੀ ਅਵਾਜ਼ ਮਸਾਂ ਨਿਕਲੀ।

"ਰਾਤ ਆਵਾਜ਼ ਦਿੰਦੀ। ਕੋਈ ਦਵਾ-ਦਾਰੂ ਲਿਆ ਦਿੰਦਾ। ਹੁਣ ਤਾਂ ਮੈਂ"। "ਕਿਸ਼ਨ ਬਾਬੂ ਹੋਰ ਖਿਝਿਆ।

"ਕੋਈ ਨਾ। ਤੁਸੀਂ ਨਹਾਓ। ਮੈਂ ਉਠਦੀ ਹਾਂ। ਝੱਟ ਹੋ ਜਾਣਾ ਸਾਰਾ ਕੁਝ।" ਉਹ ਉੱਠ ਖੜ੍ਹੀ ਹੋਈ, ਤੇ ਕਿਸ਼ਨ ਬਾਬੂ ਦੇ ਘਰੋਂ ਤੁਰਨ ਤੀਕ ਉਹ ਡਿੱਗਣ ਵਾਲੀ ਹੋ ਗਈ। ਗੇਟ ਵਿੱਚ ਆ ਕੇ ਕਿਸ਼ਨ ਬਾਬੂ ਨੂੰ ਤੋਰਿਆ। ਹੱਸ ਕੇ ਬਾਏ ਕਿਹਾ। ਕਿਸ਼ਨ ਬਾਬੂ ਨੇ ਬਹੁਤਾ ਧਿਆਨ ਨਹੀਂ ਦਿੱਤਾ। ਗੱਡੀ ਦੇ ਸ਼ੀਸ਼ੇ ਚੜ੍ਹਾਏ ਤੇ ਰੇਸ ਦੱਬ ਦਿੱਤੀ। ਸ਼ਹਿਰੋਂ ਬਾਹਰ ਗੋਲ ਚੌਕ 'ਤੇ ਕੋਈ ਉਸਨੂੰ ਉਡੀਕ ਜੋ ਰਿਹਾ ਸੀ। ਗੀਤਾ ਚੌਂਕ ਵਿੱਚ ਨਹੀਂ ਸੀ। ਕਿਸ਼ਨ ਬਾਬੂ ਨੇ ਫੋਨ ਮਿਲਾਇਆ। ਰਿੰਗ ਗਈ। ਜਾਂਦੀ ਰਹੀ ਤੇ ਫੋਨ ਕੱਟਿਆ ਗਿਆ। ਕਿਸੇ ਚੁੱਕਿਆ ਨਹੀਂ। "ਰਸਤੇ ਵਿੱਚ ਹੋਣੀ ਏ।" ਸੋਚ ਕੇ ਕਿਸ਼ਨ ਬਾਬੂ ਉਡੀਕਣ ਲੱਗਾ। ਅੱਧਾ ਘੰਟਾ ਹੋਰ ਬੀਤ ਗਿਆ।

ਗੀਤਾ ਨਹੀਂ ਆਈ। ਕਿਸ਼ਨ ਬਾਬੂ ਨੇ ਮੁੜ ਨੰਬਰ ਡਾਇਲ ਕੀਤਾ। "ਹੈਲੋ! ਸੌਰੀ। ਪਹਿਲਾਂ ਪਤਾ ਹੀਂ ਨਹੀਂ ਲੱਗਾ ਕਾੱਲ ਦਾ..।" ਉਹਨੇ ਬੜੇ ਬੇਪਰਵਾਹ ਅੰਦਾਜ਼ ਵਿੱਚ ਆਖਿਆ। "ਤਿਆਰ ਨਹੀਂ ਹੋਏ?" ਕਿਸ਼ਨ ਬਾਬੂ ਤਾਂ ਸੁਹਾਣੇ ਸਫ਼ਰ ਦੀ ਕਾਹਲ ਵਿੱਚ ਸੀ। "ਅਸਲ ਵਿੱਚ ਇਹ ਰਾਤ ਦੇ ਕਾਫੀ ਬਿਮਾਰ ਨੇ" ਮੈਂ ਤਾਂ ਰਾਤ ਸੁੱਤੀ ਵੀ ਨਹੀਂ ਚੱਜ ਨਾਲ। ਥੋੜੀ ਜਿਹੀ ਹੋਰ ਵੇਟ ਕਰ ਲਓ ਪਲੀਜ਼।" "ਕੀ ਗੱਲ ਇਹਦਾ ਮਲੰਗੀ ਦਾ ਇੰਨਾ ਮੋਹ ਆ ਗਿਆ।" ਕਿਸ਼ਨ ਬਾਬੂ ਨੇ ਕਟਾਖ਼ਸ਼ ਕੀਤਾ। "ਨਹੀਂ ਬਾਬਾ! ਹੁਣ ਵੇਖਣਾ ਤਾਂ ਪੈਂਦਾ ਹੈ ਨਾ। ਸਿਆਣੇ ਐਵੇ ਥੋੜ੍ਹਾ ਕਹਿੰਦੇ, ਬੰਦਾ ਤਾਂ ਭਾਵੇ ਮਿੱਟੀ ਦਾ ਵੀ ਹੋਵੇ"। ਗੀਤਾ ਦੀ ਇਸ ਗੱਲ ਨਾਲ ਕਿਸ਼ਨ ਬਾਬੂ ਉਕਤਾ ਜਿਹਾ ਗਿਆ।

"ਚੱਲ ਠੀਕ ਹੈ।" ਉਹਨੇ ਰੁੱਖਾ ਜਿਹਾ ਅਖਿਆ ਤੇ ਫੋਨ ਕੱਟ

ਦਿੱਤਾ। ਕਿਸ਼ਨ ਬਾਬੂ ਦੀਆਂ ਅੱਖਾਂ ਸਾਹਵੇ ਆਸ਼ਾ ਦਾ ਚਿਹਰਾ ਆ ਗਿਆ। ਬਿਮਾਰ ਚਿਹਰਾ।

ਉਸ ਨੇ ਇੱਕ ਵਾਰ ਵੀ ਕੁਝ ਨਹੀਂ ਸੀ ਪੁੱਛਿਆ। ਕੁਝ ਨਹੀਂ ਸੀ ਆਖਿਆ। ਤੇ ਹਮੇਸ਼ਾ ਵਾਂਗ ਬੜੇ ਮੋਹ ਨਾਲ ਉਸਨੂੰ ਗੇਟ ਤੀਕ ਆ ਕੇ ਵਿਦਾ ਕਰਕੇ ਗਈ ਸੀ। ਕਿਸ਼ਨ ਬਾਬੂ ਆਸ਼ਾ ਬਾਰੇ ਸੋਚ ਕੇ ਉਦਾਸ ਜਿਹਾ ਹੋ ਗਿਆ।

ਉਸ ਨੇ ਤਾਂ ਬੇਰੁਖੀ ਵਿੱਚ ਉਸ ਵੱਲ ਤੱਕਿਆ ਵੀ ਨਹੀਂ ਸੀ, ਜਿਸ ਲਈ ਉਹ ਘਰੋਂ ਸਰਪਟ ਦੌੜਿਆ ਸੀ ਉਹ ਤਾਂ"।

ਕਿਸ਼ਨ ਬਾਬੂ ਦੇ ਮਨ ਵਿੱਚ ਕੁਝ ਟੁੱਟਣ ਜੁੜਨ ਲੱਗਾ।

ਉਹਨੇ ਮੁੜ ਫੋਨ ਕੱਢਿਆ। ਗੀਤਾ ਨੂੰ ਮਿਲਾਇਆ।

"ਬਸ ਨਿਕਲਣ ਲੱਗੀ ਇੱਕ ਮਿੰਟ 'ਚ।" ਉਹਨੇ ਕਾਹਲ ਜਿਹੀ ਵਿੱਚ ਦੱਸਿਆ।

"ਨਹੀਂ! ਮੈਂ ਕੀ ਕਹਿੰਦਾ ਸੀ। ਕੁਝ ਜ਼ਰੂਰੀ ਮਸਲਾ ਯਾਰ। ਅੱਜ ਕੈਂਸਲ ਕਰਨਾ ਪੈਣਾ।" ਕਿਸ਼ਨ ਬਾਬੂ ਨੇ ਝਕਦੇ ਜਿਹੇ ਆਖ ਦਿੱਤਾ।

"ਪਰ"। ਗੀਤਾ ਕੁਝ ਬੋਲਦੀ ਇਸ ਤੋਂ ਪਹਿਲਾਂ ਹੀ ਕਿਸ਼ਨ ਬਾਬੂ ਨੇ ਆਪਣੀ ਗੱਲ ਮੁਕਾ ਦਿੱਤੀ।

"ਕੋਈ ਬਹਾਨਾ ਬਣਾ ਦੇ। ਟ੍ਰੇਨਿੰਗ ਕੈਂਸਲ ਹੋ ਗਈ ਕਹਿ ਦੇ।" ..ਤੇ ਉਸਨੇ ਫੋਨ ਕੱਟ ਦਿੱਤਾ। ਗੱਡੀ ਵਾਪਸ ਮੋੜ ਲਈ।

ਕਿਸ਼ਨ ਬਾਬੂ ਜਦੋਂ ਘਰ ਪਹੁੰਚਿਆ ਉਸ ਦੇ ਹੱਥ ਵਿਚ ਆਸ਼ਾ ਲਈ ਖ੍ਰੀਦਿਆ, ਝਾਂਜਰਾਂ ਦਾ ਜੋੜਾ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸਿਮਰਨ ਧਾਲੀਵਾਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ