Jhana Dian Chhallan (Punjabi Story) : Ajmer Sidhu

ਝਨਾਂ ਦੀਆਂ ਛੱਲਾਂ (ਕਹਾਣੀ) : ਅਜਮੇਰ ਸਿੱਧੂ

ਫ਼ਰਨੇਸ਼ ਦੀ ਅੱਗ ਲਟ ਲਟ ਬਲਣ ਲੱਗ ਪਈ ਏ। ਲੱਕੜਾਂ ਦੇ ਸੁਰਖ਼ ਹੁੰਦੇ ਸਾਰ ਲਿਵਿੰਗ ਰੂਮ ਤਪਣ ਲੱਗ ਪਿਆ।
"ਕੁੜੇ ਆਹ ਅੰਗੀਠੀ ਕਿਨ੍ਹੇ ਬਾਲੀ ਆ?
ਮੰਮੀ ਦੀ ਅਵਾਜ਼ ਲੱਗ ਰਹੀ ਐ ਪਰ ਉਹ ਤਾਂ ਜੌਬ ਤੇ ਨੇ। ਮੇਰੇ ਮੰਮੀ ਹੀ ਫ਼ਾਇਰ ਪਲੇਸ ਨੂੰ ਅੰਗੀਠੀ ਬੋਲਦੇ ਨੇ। ਉਹ ਇਸ ਨੂੰ ਆਨ ਨਹੀਂ ਕਰਨ ਦਿੰਦੇ। ਮੇਰੇ ਡਾਕਟਰਾਂ ਨੇ ਸ਼ਾਇਦ ਮਨ੍ਹਾਂ ਕੀਤਾ ਹੋਇਆ। ਮੈਂ ਸਵਿੱਚ ਆਫ਼ ਕਰਨ ਉੱਠਦੀ ਹਾਂ। ਉਹ ਸ਼ਿਟ! ਇਹ ਤਾਂ ਪਹਿਲਾਂ ਹੀ ਆਫ਼ ਏ। ਮੈਂ ਏ ਸੀ ਆਨ ਕੀਤਾ...ਮੈਂ ਡਰ ਗਈ ਸੀ, ਕਿਤੇ ਖ਼ੁਦ ਹੀ ਨਾ ਬਲਣ ਲੱਗ ਪਵਾਂ?
ਮੈਂ ਸੋਫ਼ੇ ਤੋਂ ਉੱਠ ਕੇ ਕੁਰਸੀ ਤੇ ਬੈਠ ਗਈ ਹਾਂ। ਟੇਬਲ ਉੱਤੇ ਪਏ ਅਖ਼ਬਾਰਾਂ -ਰਸਾਲੇ ਫ਼ਰੋਲ ਮਾਰੇ ਹਨ। ਮੇਰਾ ਮਨ ਘਰ ਵਿਚ ਉੱਕਾ ਹੀ ਨਹੀਂ ਲੱਗ ਰਿਹਾ। ਏ ਸੀ ਚੱਲਣ ਦੇ ਬਾਵਜੂਦ ਸਰੀਰ ਸੇਕ ਮਾਰ ਰਿਹਾ। ਮੈਂ ਫ਼ਾਇਰ ਪਲੇਸ ਤੋਂ ਧਿਆਨ ਤੋੜਿਆ ਏ। ਲੈਪਟਾਪ ਆਨ ਕੀਤਾ ਏ। ਪਹਿਲੀ ਈਮੇਲ ਰੌਬਿਨ ਦੀ ਏ। ਮੈਂ ਕਾਹਲੀ ਨਾਲ ਕਲਿੱਕ ਕਰ ਕੇ ਉਸਦੀ ਈਮੇਲ ਖੋਲ੍ਹਦੇ ਮਨ ਹੀ ਮਨ ਮੁਸਕਰਾ ਕੇ ਕਹਿੰਦੀ ਹਾਂ -ਦਿਲ ਨੂੰ ਦਿਲ ਦੀ ਰਾਹ ਹੁੰਦੀ ਏ, ਆਹ ਤਾਂ ਹੀ ਝੱਲਾ ਮਨ ਉਤਾਵਲਾ ਹੋ ਰਿਹਾ ਸੀ।
ਮੈਂ ਸਾਹ ਰੋਕ ਕੇ ਈਮੇਲ ਪੜ੍ਹਨੀ ਸ਼ੁਰੂ ਕੀਤੀ ਐ:
ਡੀਅਰ ਗੁਰਵਿੰਦਰ,
ਨਿੱਘੀਆਂ ਯਾਦਾਂ!
ਮੇਰਾ ਮਨ ਬਹੁਤ ਉਦਾਸ ਹੈ। ਜਦੋਂ ਤੋਂ ਤੁਸੀਂ ਫ਼ੋਨ ਤੇ ਦੱਸਿਆ ਹੈ ਕਿ ਆਪਣੀ ਪਟੀਸ਼ਨ ਤੇ 'ਏਜ ਗੈਪ' ਦਾ ਇਕ ਹੋਰ ਆਬਜੈਕਸ਼ਨ ਲੱਗ ਗਿਆ ਹੈ, ਕੁਝ ਵੀ ਚੰਗਾ ਨਹੀਂ ਲੱਗ ਰਿਹਾ। ਇਹ ਆਬਜੈਕਸ਼ਨ ਮੇਰੀ ਉਮਰ ਦਾ ਤੁਹਾਡੀ ਉਮਰ ਨਾਲੋਂ ਘੱਟ ਹੋਣਾ ਹੀ ਹੈ। ਉਨ੍ਹਾਂ ਨੂੰ ਆਪਣੇ ਵਿਆਹ ਦੇ ਜਾਅਲੀ ਹੋਣ ਦਾ ਸ਼ੱਕ ਹੈ। ਜਿੰਨੀ ਜਲਦੀ ਹੋ ਸਕੇ, ਵਕੀਲ ਨੂੰ ਦਿਖਾ ਕੇ ਇਸਦਾ ਕੋਈ ਹੱਲ ਲੱਭੋ। ਮੇਰੀ ਸੋਚ ਦੀ ਸੂਈ ਤਾਂ ਹਰ ਦਿਨ ਇਸ 'ਏਜ ਗੈਪ' ਸਬਦ ਤੇ ਹੀ ਅਟਕ ਗਈ ਹੈ। ਤੁਹਾਡੇ ਬਿਨ੍ਹਾਂ ਜੀਊਣ ਨੂੰ ਦਿਲ ਨਹੀਂ ਕਰਦਾ। ਮੇਰੇ ਮਨ ਨੂੰ ਤਾਂ ਤੁਹਾਡੇ ਜਾਣ ਬਾਅਦ ਓਦਾਂ ਵੀ ਕੁਝ ਚੰਗਾ ਨਹੀਂ ਸੀ ਲੱਗਦਾ। ਮੈਨੂੰ ਪਤਾ ਤੁਸੀਂ ਵੀ ਪਰੇਸ਼ਾਨ ਹੋ ਪਰ ਸੱਚ ਜਾਣੋਂ ਮੇਰੀ ਹਾਲਤ ਤਾਂ ਪਾਣੀਓਂ ਪਤਲੀ ਹੋ ਗਈ ਹੈ। ਦੋਸਤ-ਮਿੱਤਰ ਵੀ ਛੇੜਦੇ ਰਹਿੰਦੇ ਹਨ ਕਿਹੜੀਆਂ ਗੱਲਾਂ ਦਾ ਗ਼ਮ ਖਾ ਗਿਆ, ਸੁੱਕ ਕੇ ਤਵੀਤ ਹੋ ਗਿਆ। ਸੱਚ ਤਾਂ ਇਹੋ ਈ ਆ ਬਈ 'ਬੁੱਤ ਮੇਰਾ ਏਥੇ ਦਿਸਦਾ ਰੂਹ ਸੱਜਣਾਂ ਦੇ ਡੇਰੇ 'ਤੇ। ਜਿਵੇਂ ਨਾ ਕਿਵੇਂ ਇਸਦਾ ਹੱਲ ਜ਼ਰੂਰ ਲੱਭਣਾ।
ਇੰਤਜ਼ਾਰ ਰਹੇਗਾ।
ਤੇਰਾ ਆਪਣਾ,
ਰੌਬਿਨ।
ਮੈਂ ਸਵੇਰੇ ਫ਼ੋਨ ਤੇ ਵੀ ਜਦ ਇਹੋ ਗੱਲ ਦੱਸੀ ਸੀ ਤਾਂ ਉਸ ਦੀ ਅਵਾਜ਼ ਭਾਰੀ ਹੋ ਗਈ ਸੀ। ਵਿਆਹ ਹੋਏ ਨੂੰ ਵੀ ਤਾਂ ਤਿੰਨ ਸਾਲ ਹੋ ਗਏ ਹਨ। ਮੈਂ ਯਾਹੂ ਲਾਗ ਆਊਟ ਕਰਕੇ ਪੇਂਟ ਵਾਲਾ ਆਈਕਨ ਕਲਿੱਕ ਕੀਤਾ ਏ। ਮੈਂ ਫ਼ਾਇਰ ਪਲੇਸ ਵਿਚ ਬਲ ਰਹੀਆਂ ਲੱਕੜਾਂ ਦੀਆਂ ਲਪਟਾਂ ਤੋਂ ਬਚਣਾ ਚਾਹੁੰਦੀ ਹਾਂ। ਮੇਰੀਆਂ ਉਂਗਲਾਂ ਕਰਸਰ ਨੂੰ ਇੱਧਰ ਓਧਰ ਘੁਮਾ ਤੇਜੀ ਨਾਲ ਬੁਰਸ਼ ਨੂੰ ਚਲਾ ਰਹੀਆਂ ਹਨ। ਮੈਨੂੰ ਸਮਝ ਨਹੀਂ ਆ ਰਹੀ ਕਿ ਮੇਰਾ ਧਿਆਨ ਪੇਂਟਿੰਗ ਬਣਾਉਣ ਵਿਚ ਹੈ ਜਾਂ ਫ਼ਾਇਰ ਪਲੇਸ ਵਿਚ। ...ਅੰਗੀਠੀ ਵਿਚ ਅੱਗ ਬਲ਼ ਰਹੀ ਹੈ। ਮੈਂ ਉੱਤੇ ਬੈਠੀ ਹੋਈ ਹਾਂ। ਮੇਰਾ ਮਾਸ ਨਿੱਚੁੜ- ਨਿੱਚੁੜ ਕੇ ਅੰਗੀਠੀ ਵਿਚ ਵਗੀ ਜਾ ਰਿਹਾ।
ਓਹ ਮਾਈ ਗਾਡ! ਆਹ ਮੇਰੀ ਪੇਂਟਿੰਗ ਦਾ ਕੀ ਬਣ ਗਿਆ? ਰੰਗ ਖਿੱਲਰ ਗਏ ਹਨ।
ਵਾਲਾਂ ਦਾ ਝਾਟਾ ਬਣ ਗਿਐ। ਪੇਂਟਿੰਗ ਦਾ ਤਾਂ ਪਤਾ ਨਹੀਂ ਇਹ ਮੇਰੀ ਹੈ ਜਾਂ... ਪਰ ਉਸ ਦਿਨ ਮੈਨੂੰ ਕੀ ਹੋਇਆ ਸੀ? ਫ਼ਾਇਰ ਪਲੇਸ ਵੱਲ ਦੇਖ ਹੀ ਰਹੀ ਸੀ ਕਿ ਮੇਰਾ ਤਨ ਤਪਣ ਲੱਗ ਪਿਆ ਸੀ। ਮਨ ਕਾਹਲਾ ਪੈਣ ਲੱਗ ਗਿਆ ਸੀ। ਸਿਰ ਵਿਚ ਬੱਦਲਾਂ ਦੀ ਗਰਜ਼ ਵਾਂਗ ਪਟਾਕੇ ਵੱਜਣ ਲੱਗ ਪਏ ਸਨ। ਰਿਚਰਡ ਦੰਦੀਆਂ ਕੱਢ ਰਿਹਾ ਸੀ। ਮਾਈਕ ਮੇਰੀਆਂ ਅੱਖਾਂ ਮੂਹਰੇ ਮੁਸਕਰਾਉਣ ਲੱਗ ਪਿਆ ਸੀ। ਮੈਨੂੰ ਨਮੋਸ਼ੀ ਮਾਰ ਗਈ। ਕੰਨਾਂ ਵਿਚੋਂ ਧੂੰਆਂ ਨਿੱਕਲਿਆ ਸੀ। ਮੇਰੇ ਅੰਦਰੋਂ ਅਵਾਜ਼ਾਂ ਨਿੱਕਲਣ ਲੱਗ ਪਈਆਂ ਸਨ। ਮੰਮੀ ਮੈਨੂੰ ਸੰਭਾਲਣ ਲੱਗ ਪਈ ਸੀ। ਮੇਰੀਆਂ ਅਵਾਜ਼ਾਂ ਉੱਚੀਆਂ ਹੋ ਗਈਆਂ ਸਨ। ਮੈਂ ਬੇ ਕਾਬੂ ਹੋ ਗਈ ਸੀ। ਮੰਮੀ ਐਂਬੂਲੈਂਸ ਨੂੰ ਫ਼ੋਨ ਕਰਨ ਲੱਗ ਪਈ ਸੀ। ਮੈਂ ਡੋਰ ਖੋਲ੍ਹ ਕੇ ਬਾਹਰ ਵੱਲ ਨੂੰ ਦੌੜ ਪਈ। ਮੰਮੀ ਮੇਰੇ ਮਗਰੇ ਭੱਜੀ ਸੀ। ਫਿਰ ਕੀ ਹੋਇਆ? ਮੈਨੂੰ ਕੁਝ ਯਾਦ ਨਹੀਂ। ਅਮਨ ਜਾਂ ਮੰਮੀ ਨੂੰ ਪਤਾ? ਮੰਮੀ ਇਹ ਘਟਨਾ ਇਉਂ ਸਣਾਉਂਦੀ ਹੈ:
"ਤੂੰ ਇੰਟਰਸੈਕਸ਼ਨ ਦੇ ਵਿਚਕਾਰ ਚੌਫ਼ਾਲ ਲਿਟ ਗਈ ਸੀ। ਮੈਂ ਗੱਡੀਆਂ ਵਾਲਿਆਂ ਨੂੰ ਹੱਥ ਦੇ-ਦੇ ਕੇ ਰੋਕ ਰਹੀ ਸੀ। ਤੇਰੇ ਅੰਦਰੋਂ ਓਪਰੀਆਂ ਅਵਾਜ਼ਾਂ ਨਿੱਕਲ ਰਹੀਆਂ ਸਨ। ਡਰਾਉਣੀਆਂ ਅਵਾਜ਼ਾਂ ਸੁਣ ਲੋਕ ਦਹਿਲ ਗਏ ਸਨ। ਤੂੰ ਵਾਲ਼ਾਂ ਨੂੰ ਪਟਕਾ-ਪਟਕਾ ਕੇ ਸੜਕ ਤੇ ਮਾਰ ਰਹੀ ਸੀ। ਫਿਰ ਬੇਟਾ ਤੂੰ ਸ਼ਰੇ ਬਜ਼ਾਰ ਕੱਪੜੇ ਲਾਹੁਣ ਲੱਗ ਪਈ। ਮੈਂ ਬਥੇਰਾ ਰੋਕਿਆ ਪਰ ਤੂੰ ਨਾ ਟਲੀ। ਜਦੋਂ ਤੇਰੇ ਤਨ ਤੇ ਸਿਰਫ਼ ਦੋ ਕੱਪੜੇ ਹੀ ਰਹਿ ਗਏ। ਪੁਲਿਸ ਅਤੇ ਐਂਬੂਲੈਂਸ ਦੇ ਸਾਇਰਨ ਸੁਣਨ ਲੱਗ ਪਏ ਸਨ। ਮੇਰੇ ਸਾਹ ਵਿਚ ਸਾਹ ਆਇਆ। ਇਸ ਤੋਂ ਪਹਿਲਾਂ ਕਿ ਤੂੰ ਬਚੇ ਕੱਪੜੇ ਲਾਹੁੰਦੀਂ ਐਂਬੂਲੈਂਟਰੀ ਨਰਸਾਂ ਅਤੇ ਪੁਲੀਸ ਵਾਲਿਆਂ ਨੇ ਤੇਰੇ ਦੁਆਲੇ ਘੇਰਾ ਪਾ ਲਿਆ। ਤੂੰ ਉਸੇ ਵੇਲ਼ੇ ਬੇਹੋਸ਼ ਹੋ ਗਈ ਸੀ।"
ਮੈਂ ਘਰ ਵਿਚ ਹਰ ਰੂਮ ਦੇ ਕਾਰਨਰ ਵਿਚ ਵੱਡੀ ਤੇ ਮੋਟੀ ਰੰਗਦਾਰ ਕੈਂਡਲ ਰੱਖੀ ਹੋਈ ਹੈ। ਆਪਣੇ ਆਪ ਨੂੰ ਸ਼ਾਂਤ ਕਰਨ ਲਈ ਮੈਂ ਇਨ੍ਹਾਂ ਨੂੰ ਬਾਲ ਲੈਂਦੀ ਹਾਂ। ਜਿਵੇਂ ਬਾਪੂ ਜੀ ਵੀਰਵਾਰ ਵਾਲੇ ਦਿਨ ਖ਼ੁਆਜੇ ਪੀਰ ਦਾ ਦਲੀਆ ਦੇਣ ਵੇਲੇ ਦੀਵਾ ਬਾਲਦੇ ਹੁੰਦੇ ਸੀ। ਉਹ ਥੜ੍ਹੇ ਤੇ ਚਿਰਾਗ ਕਰਨ ਵੇਲੇ ਸਾਨੂੰ ਸਾਰੇ ਭੈਣ-ਭਰਾਵਾਂ ਨੂੰ ਨਾਲ ਲੈ ਜਾਂਦੇ। ਸਾਨੂੰ ਵੀ ਦਲੀਆ ਖਾਣ ਦਾ ਬਹੁਤ ਚਾਅ ਹੁੰਦਾ ਸੀ। ਹੁਣ ਮੈਂ ਟੇਬਲ ਵਾਲੀ ਕੈਂਡਲ ਬਾਲ ਲਈ ਐ। ਰੌਸ਼ਨੀ ਵੱਲ ਇਕ ਟੱਕ ਦੇਖੀ ਜਾ ਰਹੀ ਹਾਂ। ਜਿਵੇਂ ਮੈਂ ਹਿਪਨੋਟਾਈਜ਼ ਹੋ ਗਈ ਹੋਵਾਂ। ਇਸ ਵਿਚੋਂ ਮੈਂਨੂੰ ਚੰਗੇ ਚਿਹਰੇ ਦਿਸਣ ਲੱਗ ਪਏ ਹਨ। ...ਥੋੜ੍ਹੀ ਠੰਢਕ ਹੋਈ ਹੈ। ਅੰਗੀਠੀ ਦਾ ਸੇਕ ਘਟਿਆ ਹੈ। ਸਿਰ ਹੌਲਾ ਹੋ ਗਿਆ ਹੈ। ਕੰਧ ਤੇ ਬਾਪੂ ਜੀ ਦੀ ਤਸਵੀਰ ਹੈ। ਨਹੀਂ, ਉਹ ਤਾਂ ਇਸ ਵਕਤ ਰੌਸ਼ਨੀ ਵਿਚ ਮੌਜੂਦ ਹਨ। ਉਨ੍ਹਾਂ ਦੀਆਂ ਅੱਖਾਂ ਵਿਚ ਅਜੇ ਵੀ ਆਸ ਹੈ ਜਿਵੇਂ ਕਹਿ ਰਹੇ ਹੋਣ , 'ਮੇਰੀਏ ਬੱਚੜੀਏ! ਤੇਰਾ ਦਾਦਾ ਦੌਲਤੀ ਅਜੇ ਜੀਊਂਦਾ। ਤੈਨੂੰ ਘਰ ਬਿਠਾ ਕੇ ਸਾਰੀ ਉਮਰ ਰੋਟੀ ਦੇ ਸਕਦਾ। ਵਿੰਦਰ ਪੁੱਤ, ਛੱਡ ਇਸ ਵੱਡੇ ਮੁਲਕ ਦਾ ਖਹਿੜਾ । ਮੇਰੇ ਕੋਲ ਆ ਜਾ, ਨਾਲੇ ਮੇਰਾ ਬੁਢਾਪਾ ਰੁਲਣ ਤੋਂ ਬਚ ਜਾਊ।'
ਮੈਂ ਹੁਣ ਸੋਚਦੀ ਹਾਂ ਮੇਰੀ ਮੰਮਾ ਦਾਦਾ ਜੀ ਨੂੰ ਇੰਡੀਆ ਕਿਸਦੇ ਆਸਰੇ ਛੱਡ ਇੱਥੇ ਆ ਗਈ? ਭਾਵੇਂ ਪਹਿਲਾਂ ਵਾਲਾ ਬੇਟ ਨਹੀਂ ਰਿਹਾ, ਜਿੱਥੇ ਕਦੇ ਕਾਨਿਆਂ ਤੇ ਸਰਕੜਿਆਂ ਨੇ ਜਿੰਦਗ਼ੀ ਮੁਹਾਲ ਕੀਤੀ ਹੋਈ ਸੀ। ਦਲਦਲੀ ਜ਼ਮੀਨ ਸੀ। ਮੈਂ ਤਾਂ ਇਹ ਸਾਰਾ ਕੁਝ ਦੇਖਿਆ ਹੀ ਨਹੀਂ। ਬਾਪੂ ਜੀ ਸਾਨੂੰ ਛੋਟੇ ਹੁੰਦਿਆਂ ਨੂੰ ਇਹ ਬਾਤਾਂ ਸੁਣਾਉਂਦੇ ਹੁੰਦੇ ਸੀ।
'ਰਾਹੋਂ ਤੋਂ ਦਰਿਆ ਤੱਕ ਤੱਕ ਜਿੰਨੇ ਪਿੰਡ ਵਸੇ ਹੋਏ ਹਨ, ਇਹ ਬੇ ਅਬਾਦ ਜ਼ਮੀਨ ਸੀ। ਇੱਧਰ ਕੋਈ ਮੂੰਹ ਨਹੀਂ ਸੀ ਕਰਦਾ ਹੁੰਦਾ। ਨਵਾਂ ਸ਼ਹਿਰ- ਬੰਗਾ ਦੇ ਆਲੇ-ਦੁਆਲੇ ਪਿੰਡਾਂ ਵਾਲੇ ਬੇਟ ਜਾਂ ਕੰਢੀ ਵਾਲਿਆਂ ਦੇ ਸਾਕ ਨਹੀਂ ਸੀ ਕਰਦੇ। ਅੰਗ਼ਰੇਜਾਂ ਦੇ ਇੱਥੋਂ ਜਾਣ ਤੋਂ ਦਸ-ਬਾਰ੍ਹਾਂ ਸਾਲ ਬਾਅਦ ਸਰਕਾਰ ਨੇ ਸੌ-ਸੌ ਕਨਾਲ ਦੇ ਪਲਾਟ ਪੰਦਰਾਂ -ਪੰਦਰਾਂ ਸਾਲ ਲਈ ਸਾਨੂੰ ਪਟੇ 'ਤੇ ਦੇ ਦਿੱਤੇ। ਇਕ ਸਾਲ ਦਾ ਸੱਠ ਰੁਪਏ ਹਾਲਾ ਹੁੰਦਾ ਸੀ।"
"ਬਾਪੂ ਜੀ! ਫਿਰ ਤਾਂ ਸਰਕਾਰ ਬਹੁਤ ਥੋੜ੍ਹੇ ਪੈਸੇ ਲੈਂਦੀ ਸੀ।" ਮੇਰੇ ਤੋਂ ਛੋਟੀ ਅਮਨ ਹੱਥ ਵਿਚ ਪੰਜਾਹ ਦਾ ਨੋਟ ਫੜ੍ਹ ਕੇ ਬੈਠੀ ਹੋਈ ਸੀ।
" ਮੇਰੀਏ ਕਮਲੀਏ ਧੀਏ! ਓਦੋਂ ਸਾਡੇ ਲੋਕਾਂ ਕੋਲ ਸੱਠ ਰੁਪਏ ਹੁੰਦੇ ਹੀ ਕਿੱਥੇ ਸਨ?" ਤਨ ਢੱਕਣ ਨੂੰ ਕੱਪੜਾ ਨਹੀਂ ਸੀ, ਖਾਣ ਨੂੰ ਦਾਣੇ ਨਹੀਂ ਸੀ। ਪਾਣੀ ਬਹੁਤ ਹੁੰਦਾ ਸੀ। ਦਰਿਆ ਦਾ ਪਤਾ ਨਹੀਂ ਸੀ ਹੁੰਦਾ, ਕਦੋਂ ਚੜ੍ਹ ਆਵੇ? ਕਿੱਧਰ ਨੂੰ ਰੁਖ਼ ਕਰ ਲਵੇ? ਜਦੋਂ ਮੈਨੂੰ ਜ਼ਮੀਨ ਮਿਲੀ, ਮੈਂ ਸੋਚਿਆ ਬਈ ਦੌਲਤੀ ਤੇਰੀ ਕਿਸਮਤ ਖੁੱਲ੍ਹ ਗਈ। ਇਹ ਤਾਂ ਇੱਥੇ ਨਰਕ ਵਿਚ ਫ਼ਸ ਕੇ ਪਤਾ ਲੱਗਾ।"
"ਹੁਣ ਤਾਂ ਬਾਪੂ ਜੀ ਝੋਨੇ ਦੀ ਫ਼ਸਲ ਨੇ ਵਾਰੇ-ਨਿਆਰੇ ਕੀਤੇ ਹੋਏ ਆ।" ਬਾਪੂ ਜੀ ਨੇ ਥੋੜ੍ਹਾ ਚਿਰ ਪਹਿਲਾਂ ਮੈਨੂੰ ਜਿਹੜਾ ਆੜ੍ਹਤੀਆਂ ਵਾਲ਼ਾ ਚੈੱਕ ਦਿੱਤਾ ਸੀ, ਮੈਂ ਉਹ ਦਿਖਾਉਂਦੇ ਹੋਏ ਕਿਹਾ ਸੀ।
" ਮੇਰੀਓ ਬਾਜੀਓ ਪੋਤੀਓ! ਇਹ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਲਿਆ ਹੋਇਆ। ...ਇੱਥੇ ਪਾਣੀ ਵਿਚ ਨਾੜ ਹੀ ਨਾੜ ਹੁੰਦੇ ਸਨ। ਗਾਰੇ ਵਿਚ ਲੱਤਾਂ ਪੈਰ ਧੱਸ ਜਾਣੇ। ਹੁਣ ਤਾਂ ਟਰੈਕਟਰ ਆ ਗਏ। ਝੋਟਿਆਂ ਜਾਂ ਬਲਦਾਂ ਨਾਲ ਖੇਤ ਵਾਹੁਣਾ -ਬੀਜਣਾ ਬਹੁਤ ਔਖਾ ਹੁੰਦਾ ਸੀ। ...ਫਿਰ ਨਕਸਲਵਾੜੀਏ ਮੁੰਡੇ ਉੱਠ ਪਏ। ਉਨ੍ਹਾਂ ਸਰਕਾਰ ਨੂੰ ਵਖ਼ਤ ਪਾ ਦਿੱਤਾ। ਕਹਿਣ ਲੱਗੇ ਜ਼ਮੀਨ ਹਲ ਵਾਹੁਣ ਵਾਲਿਆਂ ਦੀ ਹੁੰਦੀ ਆ, ਆਖ਼ਿਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕਾਨੂੰਨ ਬਣਾਇਆ। ਇਸ ਜ਼ਮੀਨ ਦੀ ਥੋੜ੍ਹੀ ਜਿਹੀ ਕੀਮਤ ਪਾ ਕੇ ਸਾਨੂੰ ਮਾਲਕੀ ਦੇ ਹੱਕ ਦੇ ਦਿੱਤੇ। ਇਹ ਜੰਗਲ, ਉੱਚਾ-ਨੀਵਾਂ ਪਾਣੀ, ਗਾਰ...ਸਭ ਲੋਕਾਂ ਨੇ ਵਾਹ ਮਾਰੇ। ਇਹ ਮਿੱਟੀ ਸਾਡੇ ਖ਼ੂਨ ਨਾਲ ਜ਼ਰਖੇਜ ਹੋਈ ਆ। ਮੇਰੇ ਚਾਰੇ ਮੁੰਡਿਆਂ ਦੀ ਜਵਾਨੀ ਏਥੇ ਲੱਗ ਗਈ। ਖ਼ੈਰ! ਸਭ ਭੁੱਲ-ਭੁਲਾ ਗਿਆ ਸੀ। ਤੁਹਾਡੇ ਬਾਪ ਰੇਸ਼ਮ ਦੀ ਮੌਤ ਨੇ...।" ਬਾਪੂ ਜੀ ਦੀਆਂ ਅੱਖਾਂ ਵਿਚ ਪਰਲ-ਪਰਲ ਹੰਝੂ ਵਗਣ ਲੱਗ ਪਏ ਸਨ।
ਮੇਰੀਆਂ ਅੱਖਾਂ ਵੀ ਭਰ ਆਈਆਂ ਹਨ। ਡੈਡੀ ਦੀ ਮੌਤ ਵਾਲਾ ਦਿਨ ਮੈਨੂੰ ਕਦੇ ਨਹੀਂ ਭੁੱਲਿਆ। ਮੈਂ ਉਦੋਂ ਦਸਵੀਂ ਜਮਾਤ ਵਿਚ ਪੜ੍ਹਦੀ ਸੀ। ਛੋਟੀ ਅਮਨ ਸੱਤਵੀਂ ਵਿਚ ਤੇ ਨਿੱਕਾ ਵੀਰ ਗਗਨ ਤੀਜੀ ਜਮਾਤ ਵਿਚ ਸੀ। ਉਸ ਦਿਨ ਉਨ੍ਹਾਂ ਸ਼ਹਿਰ ਜਾਣਾ ਸੀ। ਸਾਨੂੰ ਤਿੰਨਾਂ ਨੂੰ ਗਲਵਕੜੀ ਵਿਚ ਲੈ ਕੇ ਕਹਿਣ ਲੱਗੇ, "ਮੇਰੇ ਲੱਡੂ ਜਲੇਬੀਓ! ਆਪੋ-ਆਪਣੀ ਡਿਮਾਂਡ ਦੱਸੋ? ਤੁਹਾਡੇ ਖਾਣ ਲਈ ਕੀ ਲੈ ਕੇ ਆਵਾਂ?"
ਉਹ ਸਾਡੀਆਂ ਮੰਗਾਂ ਦੀ ਪੰਡ ਬੰਨ੍ਹ ਕੇ ਸ਼ਹਿਰ ਲੈ ਗਏ ਪਰ ਮੁੜ ਕਦੀ ਵਾਪਸ ਨਾ ਪਰਤੇ...। ਉਹ ਸ਼ਹਿਰ ਵਿਚ ਸਕੂਟਰ ਤੇ ਜਾ ਰਹੇ ਸਨ ਕਿ ਕਿਸੇ ਪ੍ਰਾਈਵੇਟ ਬਸ ਦੀ ਲਪੇਟ ਵਿਚ ਆ ਗਏ। ਡੈਡੀ ਦੇ ਅੰਗ -ਪੈਰ ਖਿੱਲਰ ਗਏ ਸਨ। ਸਾਡਾ ਜਹਾਨ ਲੁੱਟਿਆ ਗਿਆ ਸੀ...ਅੱਥਰੂਆਂ ਨਾਲ ਮੇਰੀ ਕਮੀਜ਼ ਗਿੱਲੀ ਹੋ ਗਈ ਏ। ਰੌਬਿਨ ਦੀ ਈਮੇਲ ਪੜ੍ਹਨ ਵੇਲੇ ਥੋੜ੍ਹੀ ਸਹਿਜ ਸੀ। ਹੁਣ ਸਿਹਤ ਵਿਗੜਨ ਲੱਗ ਪਈ ਹੈ। ਅੱਖਾਂ ਸਾਹਮਣੇ ਡੈਡੀ ਦੀ ਚੀਥੜੇ ਹੋਈ ਲਾਸ਼ ਘੁੰਮ ਰਹੀ ਹੈ...। ਇਥੋਂ ਦੀਆਂ ਸੜਕਾਂ ਤੇ ਚੱਲਦਾ ਟ੍ਰੈਫ਼ਿਕ ਦੇਖ ਕੇ ਸੋਚਦੀ ਹਾਂ ਕਾਸ਼! ਅਜਿਹਾ ਉੱਥੇ ਹੁੰਦਾ ਤਾਂ ਮੇਰੇ ਡੈਡੀ ਵੀ ਜੀਊਂਦੇ ਹੁੰਦੇ। ਲੱਖ ਸ਼ੁਕਰ ਹੈ ਕਿ ਸਾਡਾ ਦਾਦਾ ਚੰਗਾ ਸੀ। ਜਿਸਦੇ ਪ੍ਰਛਾਵੇਂ ਹੇਠ ਅਸੀਂ ਪਲੇ।
ਹੁਣ ਉਹ ਵਿਚਾਰਾ 'ਕੱਲਾ ਈ ਦਿਨ ਕਟੀ ਕਰ ਰਿਹਾ । ਮੈਂ ਮੰਮੀ ਨੂੰ ਕਿਹਾ, " ਬਾਪੂ ਜੀ ਨੂੰ ਵੀ ਕਿਸੇ ਤਰ੍ਹਾਂ ਏਥੇ ਈ ਮੰਗਵਾ ਲਈਏ?" ਕਹਿਣ ਲੱਗੀ, " ਪਿੱਛੇ ਤੇਰੇ ਚਾਚੇ-ਤਾਏ ਹੈਗੇ ਆ । ਆਪੇ ਸੰਭਾਲਣਗੇ। ਚਾਰ ਸਿਆੜ ਜ਼ਮੀਨ ਦੇ ਵੀ ਆ। ਉਹਦਾ ਹਾਲ਼ਾ ਵੀ ਆਉਂਦਾ ।" ਸੁਣ ਕੇ ਮੈਂ ਬੜਾ ਕਲਪੀ। ਸਾਰੀ ਉਮਰ ਉਹ ਸਾਡੇ ਸਿਰ ਦੀ ਛੱਤ ਬਣਿਆ ਰਿਹਾ। ਹੁਣ ਬੁੱਢੇ ਬਾਰੇ ਚਾਚੇ-ਤਾਏ ਕਿਉਂ ਸਾਂਭਣ? ਮੇਰੀ ਮੰਮੀ ਨੂੰ ਤਾਂ ਹਰ ਵਕਤ ਆਪਣੇ ਮਾਪਿਆਂ ਦੀ ਪਈ ਰਹਿੰਦੀ ਏ... ਬਾਕੀ ਮੇਰੀ ਮੰਮੀ ਨੂੰ ਹੇਜ ਆਵੇ ਵੀ ਕਿਉਂ ਨਾ ਨਾਨਕਿਆਂ ਦੀ ਬਦੌਲਤ ਹੀ ਤਾਂ ਏਥੇ ਪੁੱਜੇ ਹਾਂ।
ਸੰਤੋਖ ਮਾਮੇ ਨੇ ਸਾਡੇ ਸਾਰੇ ਪਰਿਵਾਰ ਦੀ ਪਟੀਸ਼ਨ ਕੀਤੀ ਹੋਈ ਸੀ। ਤੇਰਾਂ-ਚੌਦਾਂ ਸਾਲ ਏਥੇ ਪਹੁੰਚਣ ਨੂੰ ਲੱਗ ਗਏ। ਡੈਡੀ ਦੀ ਮੌਤ ਤੋਂ ਪੂਰੇ ਸੱਤ ਸਾਲ ਬਾਅਦ ਅਸੀਂ ਏਥੇ ਪੁੱਜੇ ਸੀ। ਬਾਪੂ ਜੀ ਤਾਂ ਕਹਿੰਦੇ ਸੀ, "ਪੁੱਤ! ਇੱਥੇ ਰੋਟੀ ਮਿਲੀ ਜਾਂਦੀ ਆ ਖਾਈ ਜਾਓ। ਪਰਦੇਸ ਵਿਚ ਕਿਹੜਾ ਤੁਹਾਡਾ ਬਾਪ ਬੈਠਾ?"
ਡੈਡੀ ਦੀ ਮੌਤ ਵੇਲੇ ਗਗਨ ਤਾਂ ਬੱਚਾ ਸੀ। ਘਰ ਦੀ ਸਾਰੀ ਜਿੰਮੇਵਾਰੀ ਮੇਰੇ ਸਿਰ ਆਣ ਪਈ ਸੀ। ਦਾਦਾ ਜੀ ਤੇ ਮੰਮੀ ਖੇਤਾਂ ਵਿਚ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ। ਮੈਨੂੰ ਕਾਲਜ ਦਾਖ਼ਲ ਕਰਵਾ ਦਿੱਤਾ ਸੀ। ਬੈਂਕ ਦਾ ਅਕਾਊਂਟ ਬਾਪੂ ਜੀ ਦੇ ਨਾਂ ਸੀ ਪਰ ਏ ਟੀ ਐਮ ਮੇਰੇ ਕੋਲ ਹੁੰਦਾ। ਪੈਸੇ -ਧੇਲੇ ਦਾ ਹਿਸਾਬ ਮੈਂ ਹੀ ਕਰਦੀ। ਅਮਨ ਤੇ ਗਗਨ ਸਾਰਾ ਦਿਨ ਮੇਰੇ ਅੱਗੇ-ਪਿੱਛੇ ਦੀਦੀ ਦੀਦੀ ਕਰਦੇ ਫਿਰਦੇ ਸਨ। ਹੁਣ ਤਾਂ ਦੋਵੇਂ ਅੱਖਾਂ ਫੇਰੀ ਬੈਠੇ ਹਨ। ਫੇਰਨ ਵੀ ਕਿਉਂ ਨਾ ਕਮਾਊ ਜੋ ਹੋ ਗਏ।
ਪਿੰਡ ਮੈਂ ਟਰੈਕਟਰ ਚਲਾ ਲੈਂਦੀ ਸੀ। ਜੇ ਕਾਮਾ ਨਾ ਮਿਲਦਾ ਤਾਂ ਖੇਤ ਵਾਹ ਲੈਂਦੀ ਸੀ। ਬਾਪੂ ਜੀ ਨੇ ਕੋਈ ਕਮੀ ਨਹੀਂ ਸੀ ਰਹਿਣ ਦਿੱਤੀ। ਮੈਨੂੰ ਸਕੂਟਰੀ ਲੈ ਕੇ ਦਿੱਤੀ ਹੋਈ ਸੀ। ਮੈਂ ਅਮਨ ਤੇ ਗਗਨ ਨੂੰ ਪਹਿਲਾਂ ਸਕੂਲ ਤੇ ਫਿਰ ਟਿਊਸ਼ਨਾਂ ਤੇ ਲੈ ਕੇ ਜਾਂਦੀ। ਬਾਪੂ ਜੀ ਨੇ ਆੜ੍ਹਤੀਆਂ ਕੋਲੋਂ ਚੈ ੱਕ ਲੈ ਕੇ ਮੇਰੇ ਹੱਥ ਰੱਖ ਦੇਣਾ। ਮੇਰੇ ਚਾਚਿਆਂ-ਤਾਇਆਂ ਸੜ-ਭੁੱਜ ਕੇ ਕਹਿਣਾ, " ਬਾਪੂ ਜੀ ! ਕੁੜੀ ਨੂੰ ਕਾਹਨੂੰ ਸਿਰੇ ਚੜ੍ਹਾਈ ਜਾਂਦੇ ਓ। ਅਗਾਂਹ ਪਤਾ ਨਹੀਂ ਕਿੱਦਾਂ ਦੇ ਟੱਕਰਨਗੇ? ਬੇਗਾਨੇ ਘਰ ਵਸਣਾ ਔਖਾ ਹੋ ਜਾਊ?"
"ਇਹ ਮੇਰਾ ਸ਼ੇਰ ਪੁੱਤ ਘਰ ਦਾ ਮੋਹਤਬਾਰ ਆ । ਪੈਸੇ-ਧੇਲੇ ਦਾ ਹਿਸਾਬ ਮੋਹਤਬਾਰ ਹੀ ਰੱਖਦੇ ਹੁੰਦੇ ਆ। ...ਰਹੀ ਗੱਲ ਬੇਗਾਨੇ ਘਰ ਦੀ, ਸਾਈਂ ਲੋਕਾਂ ਦੀ ਕ੍ਰਿਪਾ ਨਾਲ ਇਹਦੀ ਓਥੇ ਵੀ ਚੜ੍ਹਤ ਰਹੂਗੀ। ਮਂੀ ਆਪਣੀ ਧੀ ਨੂੰ ਕਹਿੰਦੇ ਕਹਾਉਂਦੇ ਘਰ ਵਿਆਹੂੰ।"
ਬਾਪੂ ਜੀ ਦੀ ਗੱਲ ਸੁਣ ਕੇ ਚਾਚੇ ਤਾਏ ਨੱਕ ਬੁੱਲ੍ਹ ਕੱਢ ਲੈਂਦੇ। ਮੈਂ ਧੌਣ ਉੱਚੀ ਕਰ ਲੈਂਦੀ। ਬਾਪੂ ਜੀ ਮੈਨੂੰ ਸਮਝਾਉਂਦੇ, " ਵਿੰਦਰ! ਜਿੰਦਗ਼ੀ ਵਿਚ ਕਦੇ ਵੀ ਆਪਣੇ ਬਾਪੂ ਦੀ ਪੱਗ ਨੂੰ ਦਾਗ਼ ਨਾ ਲਾਵੀਂ।"
ਘਰ ਵਿਚ ਹਰ ਕੰਮ ਮੇਰੀ ਮਰਜ਼ੀ ਨਾਲ ਹੁੰਦਾ। ਗਗਨ ਨੂੰ ਮੈਟ੍ਰਿਕ ਕਰਵਾਈ, ਅਮਨ ਨੂੰ ਬੀ ਏ ਅਤੇ ਮੈਂ ਆਪ ਐਮਸੀਏ ਕੀਤੀ। ਉਹ ਦੋਵੇਂ ਪੜ੍ਹਾਈ ਵਿਚ ਕਮਜ਼ੋਰ ਸਨ। ਬਾਪੂ ਜੀ ਵਾਂਗ ਮਾਮਾ ਜੀ ਵੀ ਸਾਨੂੰ ਬਹੁਤ ਪਿਆਰ ਕਰਦੇ । ਬੇਟ ਦਾ ਜੀਵਨ ਬੜਾ ਟੇਢਾ ਤੇ ਔਖਾ ਆ ਪਰ ਇੱਥੇ ਜੀਵਨ ਦਰਿਆ ਵਾਂਗ ਚੱਲਦੈ। ਜਿਵੇਂ ਕਈ ਵਾਰੀ ਦਰਿਆ ਸੁੱਕਾ ਹੁੰਦਾ। ਕਈ ਵਾਰੀ ਸਭ ਕੁਝ ਰੁੜ੍ਹਾ ਕੇ ਲੈ ਜਾਂਦਾ। ਮਾਮਾ ਜੀ ਨੇ ਸਾਨੂੰ ਹੜ੍ਹਾਂ ਸੋਕਿਆਂ ਵੇਲੇ ਵੀ ਹੌਸਲਾ ਦੇਈ ਰੱਖਿਆ। ਉਨ੍ਹਾਂ ਦਾ ਪਿਆਰ ਤਾਂ ਹੁਣ ਵੀ ਪਹਿਲੇ ਜਿੰਨਾ ਹੀ ਹੈ।
ਜਦੋਂ ਮੈਂ ਮੈਂਟਲ ਹਾਸਪੀਟਲ ਐਡਮਿਟ ਸੀ ਤਾਂ ਮੇਰਾ ਕੋਈ ਵੀ ਰੀਲੇਟਡ ਮੈਨੂੰ ਮਿਲਣ ਨਹੀਂ ਸੀ ਆ ਸਕਦਾ। ਮੈਂ ਅੱਠ -ਨੌਂ ਮਹੀਨੇ ਡਾਕਟਰਾਂ ਦੀ ਸੁਪਰਵੀਜ਼ਨ ਵਿਚ ਰਹੀ ਸੀ। ਛੇ ਮਹੀਨੇ ਬਾਅਦ ਮੈਨੂੰ ਪੁੱਛਿਆ ਗਿਆ, "ਤੂੰ ਕਿਸ ਨੂੰ ਮਿਲਣਾ ਚਾਹੁੰਦੀ ਆਂ?" ਮੈਂ ਸੰਤੋਖ ਮਾਮੇ ਦਾ ਨਾਂ ਲਿਆ ਸੀ। ਮਾਮੇ ਤੋਂ ਪਹਿਲਾਂ ਬਾਪੂ ਜੀ, ਪਵੇਲ ਤੇ ਜਗਦੀਪ ਸਰ ਦੇ ਚਿਹਰੇ ਮੇਰੇ ਸਾਹਮਣੇ ਆਏ ਸਨ। ਉਹ ਤਿੰਨੇ ਇੰਡੀਆ ਸਨ।
ਜਦੋਂ ਮੈਂ ਕਾਲਜ ਪੜ੍ਹਦੀ ਸੀ। ਉੱਥੇ ਕਵਿਤਾ ਤੇ ਭਾਸ਼ਣ ਮੁਕਾਬਲੇ ਹੋਏ ਸਨ। ਮੈਂ 'ਝੋਨਾ ਝਾੜਦੀ ਕੁੜੀ ਦੀ ਵੇਦਨਾ' ਕਵਿਤਾ ਲਿਖ ਕੇ ਬੋਲੀ ਸੀ। ਮੈਂ ਕੋਈ ਪਲੇਸ ਨਹੀਂ ਲੈ ਸਕੀ ਸੀ। ਇਕ ਮਾੜਕੂ ਜਿਹੇ ਮੁੰਡੇ ਨੇ ਆ ਘੇਰਿਆ ਸੀ। ਉਹ ਮੇਰੀ ਕਵਿਤਾ ਦੀ ਪ੍ਰਸੰਸਾ ਕਰਦਾ ਰਿਹਾ। ਉਹ ਸਟੂਡੈਂਟ ਯੂਨੀਅਨ ਦਾ ਲੀਡਰ ਪਵੇਲ ਸੀ। ਉਹ ਦੇਖਣ-ਪਾਖਣ ਨੂੰ ਚੰਗਾ ਅਤੇ ਬੋਲਬਾਣੀ ਤੋਂ ਸਾਊ ਸੀ ਪਰ ਬਹੁਤ ਸੁਹਣਾ ਨਹੀਂ ਸੀ। ਉਹਦੇ ਕੱਪੜੇ ਬੜੇ ਸਿੰਪਲ ਹੁੰਦੇ ਸਨ। ਜਦੋਂ ਵੀ ਮਿਲਦਾ ਸਮਾਜ ਬਦਲਣ ਵਾਲੀਆਂ ਕਵਿਤਾਵਾਂ ਲਿਖਣ ਲਈ ਪ੍ਰੇਰਦਾ। ਮੇਰੇ ਵੱਲ ਚੋਰ ਅੱਖ ਨਾਲ ਦੇਖਦਾ। ਜਦੋਂ ਮੈਂ ਦੇਖਦੀ ਉਹ ਨੀਵੀਂ ਪਾ ਲੈਂਦਾ। ਉਹਨੂੰ ਮੇਰੇ ਕੇਸ ਅਪਲਾਈ ਹੋਣ ਦਾ ਪਤਾ ਲੱਗਿਆ ਤਾਂ ਉਹ ਡਰਦਾ-ਡਰਦਾ ਮੇਰੇ ਕੋਲ ਆਇਆ ਸੀ।
" ਗੁਰਵਿੰਦਰ ਕੌਰ ਜੀ! ਤੁਹਾਨੂੰ ਪਤਾ ਹੋਣਾ ਮੇਰੇ ਦਿਲ ਵਿਚ ਕੀ ਹੈ?" ਮੈਤੋਂ ਕਹਿ ਨਹੀਂ ਹੁੰਦਾ, ਮੈਨੂੰ ਪਤਾ ਲੱਗਾ ਤੁਸੀਂ ਵਿਦੇਸ਼ ਜਾ ਰਹੇ ਹੋ। ਤੁਸੀਂ ਨਾ ਜਾਓ। ਪੈਸਾ ਹੀ ਸਭ ਕੁਝ ਨਹੀਂ ਹੁੰਦਾ। ਜ਼ਿੰਦਗ਼ੀ ਅਸਲ ਵਿਚ ਚੰਗੇ ਵਿਚਾਰਾਂ ਵਾਲੇ ਸਾਥੀ ਨਾਲ ਜੀਊਣ ਦਾ ਨਾਂ ਹੈ। ਜ਼ਿੰਦਗ਼ੀ...।"
ਸੰਤੋਖ ਮਾਮੇ ਦੀ ਧੀ ਲਵ ਮੇਰੀ ਖ਼ਾਸ ਸਹੇਲੀ ਹੈ। ਉਹ ਹਰ ਵਾਰ ਫੋਨ ਕਰਨ ਵੇਲ਼ੇ ਇਕ ਗੱਲ ਤੇ ਜ਼ਰੂਰ ਜ਼ੋਰ ਦਿੰਦੀ।
" ਐਵੇਂ ਨਾ ਇੰਡੀਆ ਕਿਸੇ ਨੂੰ ਵਿਆਹ ਲਈ ਹਾਂ ਕਰ ਆਈਂ। ਸਾਰੀ ਉਮਰ ਟੱਬਰ ਮੰਗਵਾਉਂਦੀ ਤੇ ਉਨ੍ਹਾਂ ਨੂੰ ਸੈੱਟ ਕਰਦੀ ਮਰ ਜਾਊਂ। ਜੇ ਮੌਜਾਂ ਲੈਣੀਆਂ ਇਥੇ ਕਿਸੇ ਅਮੀਰ ਗੋਰੇ-ਕਾਲੇ ਨਾਲ ਮੈਰਿਜ ਕਰਵਾਵਾਂਗੀਆਂ। ਨਾ ਟੱਬਰ ਮੰਗਵਾਉਣ ਦਾ ਝੰਜਟ ਤੇ ਨਾ ਉਨ੍ਹਾਂ ਨੂੰ ਸੈੱਟ ਕਰਨ ਦਾ।"
ਮੈਨੂੰ ਆਪਣੇ ਰੰਗ, ਰੂਪ ਤੇ ਸੁਹੱਪਣ ਉੱਤੇ ਮਾਣ ਵੀ ਸੀ। ਮੈ ਦਿਲ ਵਿਚ ਕਿਸੇ ਗੋਰੇ ਨੂੰ ਲਾਈਫ਼ ਪਾਰਟਨਰ ਬਣਾਉਣ ਦਾ ਫ਼ੈਸਲਾ ਕੀਤਾ ਹੋਇਆ ਸੀ। ਪਵੇਲ ਕਿੰਨਾ ਚਿਰ ਬੋਲਦਾ ਰਿਹਾ ਸੀ। ਮੈਂ ਨਾ ਹਾਂ ਕੀਤੀ ਅਤੇ ਨਾ ਨਾਂਹ ਕੀਤੀ। ਜਦੋਂ ਮੈਂ ਹਸਪਤਾਲ ਵਿਚ ਸੀ। ਮੈਨੂੰ ਉਹ ਬੜਾ ਯਾਦ ਆਇਆ। ਮੈਂ ਚਾਹੁੰਦੀ ਸੀ ਕਿ ਉਹ ਮੇਰੇ ਕੋਲ ਹੁੰਦਾ।
"ਜਿਹੜੇ ਬੰਦੇ ਬਿਮਾਰ ਸਮਾਜ ਦਾ ਇਲਾਜ ਕਰਨ ਵਾਲੇ ਹੋਣ, ਉਹ ਬਿਮਾਰ ਬੰਦਿਆਂ ਨੂੰ ਤਾਂ ਝੱਟ ਠੀਕ ਕਰ ਦਿੰਦੇ ਹਨ।" ਮਾਮਾ ਜੀ ਅਕਸਰ ਕਹਿੰਦੇ ਹਨ।
ਪਰ ਮੇਰੇ ਕੋਲ ਪਵੇਲ ਦਾ ਕੋਈ ਕੰਟੈਕਟ ਨੰਬਰ ਨਹੀਂ ਸੀ। ਹਾਂ, ਜਗਦੀਪ ਸਰ ਪਹਿਲਾਂ ਮੇਰੇ ਕੰਟੈਕਟ ਵਿਚ ਸਨ। ਉਹ ਤਾਂ ਕਈ ਸਾਲ ਮੈਨੂੰ ਫ਼ੋਨ ਕਰਦੇ ਰਹੇ ਤੇ ਈਮੇਲ ਵੀ ਭੇਜਦਾ ਰਹੇ।
ਜਦੋਂ ਸੰਤੋਖ ਮਾਮਾ ਜੀ ਨੇ ਕੰਪਿਊਟਰ ਦੀ ਗਰੈਜੂਏਸ਼ਨ ਕਰਨ ਤੇ ਜ਼ੋਰ ਪਾਇਆ। ਮੈਂ ਸੀ ਐਮ ਸੀ ਇੰਸਟੀਚੀਊਟ ਜਾਣ ਲੱਗ ਪਈ ਸੀ। ਇਹ ਪ੍ਰਾਈਵੇਟ ਕਾਲਜ ਦੋ-ਚਾਰ ਕਮਰਿਆਂ ਵਾਲੇ ਇਕ ਚੁਬਾਰੇ ਵਿਚ ਚੱਲਦਾ ਸੀ। ਮੈਂ ਇੱਥੋਂ ਹੀ ਬੀ ਸੀ ਏ ਅਤੇ ਇੱਥੋਂ ਹੀ ਐਮ ਸੀ ਏ ਕੀਤੀ। ਜਸਦੀਪ ਸਿੰਘ ਸਰ ਮੇਰੇ ਟੀਚਰ ਸਨ। ਉਹ ਮੇਰੇ ਨਾਲੋਂ ਉਮਰ ਵਿਚ ਤਿੰਨ ਸਾਲ ਵੱਡੇ ਹਨ। ਉਹ ਮੇਰੇ 'ਤੇ ਖ਼ਾਸ ਤਵਜੋਂ ਦਿੰਦੇ ਸਨ। ਉਨ੍ਹਾਂ ਦੀ ਪਰਸਨੈਲਟੀ ਬਹੁਤ ਸੀ। ਉਹ ਟਾਈ ਲਾ ਕੇ ਤਾਂ ਹੋਰ ਵੀ ਪ੍ਰਭਾਵਸ਼ਾਲੀ ਲੱਗਦੇ ਸਨ। ਉਨਾਂ ਦੀਆਂ ਡਰੈਸਿਜ਼ ਕਮਾਲ ਦੀਆਂ ਹੁੰਦੀਆਂ ਸਨ। ਉਹ ਇੰਗਲਿਸ਼ ਵੀ ਫ਼ਰਾਟੇਦਾਰ ਬੋਲਦੇ ਸਨ। ਉਹ ਅਕਸਰ ਮੈਨੂੰ ਬਾਈਕ 'ਤੇ ਰਾਈਡ ਦਿੰਦੇ। ਉਨ੍ਹਾ ਦੀਆਂ ਉਂਗਲਾਂ ਜ਼ਿਆਦਾਤਰ ਮੇਰੇ ਕੀ ਬੋਰਡ 'ਤੇ ਨੱਚਦੀਆਂ ਅਤੇ ਹੱਥ ਮਾਊਸ ਨੂੰ ਕਲਿੱਕ ਕਰਦੇ ਮੇਰੇ ਹੱਥਾਂ ਨੂੰ ਛੂਹ ਜਾਂਦੇ। ਪਵੇਲ ਆਕੜਖ਼ੋਰ, ਸਵੈਮਾਣ ਵਾਲਾ ਤੇ ਸੰਗਾਊ ਮੁੰਡਾ ਸੀ। ਸਰ ਤਾਂ ਮੇਰੇ'ਤੇ ਜਾਨ ਛਿੜਕਦੇ ਸਨ। ਮੈਨੂੰ ਇਹੋ ਜਿਹੇ ਮਰਦ ਪਸੰਦ ਹਨ। ਜਿਹੜੇ ਵੈੱਲ ਡਰੈਸਡ ਹੋਣ ਤੇ ਮੇਰੇ ਇਕ ਇਸ਼ਾਰੇ ਤੇ ਨੱਚਦੇ ਫਿਰਨ। ਲਵ ਕਹਿ ਰਹੀ ਸੀ - ਗੋਰੇ ਤਾਂ ਆਪਣੀਆਂ ਗਰਲ ਫਰੈਂਡਜ਼ ਦੀ ਬਹੁਤ ਕੇਅਰ ਕਰਦੇ ਹਨ। ਪਿਆਰ ਵਿਚ ਡੁੱਬ ਜਾਂਦੇ ਹਨ।
ਮੇਰੀ ਇਕ ਸੀਨੀਅਰ ਕੁੜੀ ਫ਼ੈਮਿਲੀ ਕੇਸ ਦੇ ਅਧਾਰ ਤੇ ਕੈਨੇਡਾ ਜਾ ਰਹੀ ਸੀ। ਉਸਨੇ ਮੈਨੂੰ ਮੈਸੇਜ ਕੀਤਾ ਸੀ-' ਜਗਦੀਪ ਸਿੰਘ ਸਰ ਸਿਰਫ਼ ਵਿਦੇਸ਼ ਜਾਣ ਦੇ ਚਾਹਵਾਨ ਹਨ। ਕੁਝ ਸਮਾਂ ਮੇਰੇ ਨਾਲ ਵੀ ਬਿਜ਼ੀ ਰਹੇ ਹਨ। ਮੈਂ ਤਾਂ ਡਰ ਗਈ ਸੀ ਕਿ ਕੈਨੇਡਾ ਜਾ ਕੇ ਛੱਡ ਹੀ ਨਾ ਦੇਵੇ। ਬਾਕੀ ਤੂੰ ਦੇਖ ਲਵੀਂ।' ਫਿਰ ਤਾਂ ਮੈਂ ਡਿਗਰੀ ਲੈਣ ਦੀ ਕੀਤੀ। ਉਂਝ ਵੀ ਮੈਂ ਬਾਪੂ ਜੀ ਦੇ ਵਚਨਾਂ ਨਾਲ ਨਿਭਣਾ ਚਾਹੁੰਦੀ ਸੀ। ਉਹ ਮੈਨੂੰ ਫ਼ੋਨ ਵੀ ਕਰਦਾ ਅਤੇ ਚੈਟ ਵੀ ਕਰਦਾ ਰਹਿੰਦਾ। ਇੰਡੀਅਨ ਨਾਲ ਵਿਆਹ ਨਾ ਕਰਵਾਉਣ ਦਾ ਤਾਂ ਮੈਂ ਲਵ ਨਾਲ ਪਰਾਮਿਸ ਕੀਤਾ ਹੋਇਆ ਸੀ। ਮੇਰੇ ਸੁਪਨਿਆਂ ਦਾ ਰਾਜ ਕੁਮਾਰ ਤਾਂ ਇੱਥੇ ਹੀ ਕਿਤੇ ਸੀ।
ਜਿਉਂ ਹੀ ਮੈਂ ਆਪਣੀ ਫ਼ੈਮਿਲੀ ਨਾਲ ਕੈਲੀਫ਼ੋਰਨੀਆ ਪੁੱਜੀ, ਕੇਲੇ ਦੀ ਸ਼ਕਲ ਵਰਗੀ ਇਸ ਧਰਤੀ ਤੇ ਮੇਰੇ ਪੱਬ ਨਾ ਲੱਗਣ। ਕਿੱਥੇ ਉਬੜਿਆ - ਖਾਬੜਿਆ ਸਤਲੁਜ ਦਰਿਆ ਤੇ ਪਾਣੀ ਦਾ ਮਾਰਿਆ ਬੇਟ, ਕਿੱਥੇ ਸਾਫ਼ ਸੁਥਰਾ ਤੇ ਕਲ-ਕਲ ਵਗਦਾ ਮਹਾਂ ਸਾਗਰੀ ਤੱਟ, ਬੀਚ ਤੇ ਝੀਲਾਂ ਦਾ ਸੁਹੱਪਣ, ਪਰਬਤ ਤੇ ਵਾਦੀਆਂ ਦੇ ਮਨਮੋਹਕ ਦ੍ਰਿਸ਼, ਜਵਾਲਾ ਮੁਖੀ, ਬਰਫ਼, ਥਲ ਅਤੇ ਰੈ ੱਡਵੁਡ ਦੇ ਦਰਖ਼ਤ ਸਭ ਆਪਣੇ ਵੱਲ ਨੂੰ ਖਿੱਚ ਰਹੇ ਸਨ। ਜਦੋਂ ਮੈਂ ਯੂਸੋਮਿਟੀ, ਸਨ ਫ਼ਰਾਂਸਿਸਕੋ , ਲਾਸ ਏਂਜਲਸ, ਲਾਸ ਵੇਗਸ, ਸੈਨਹੋਜ਼ੇ, ਫਰਿਜ਼ਨੋ, ਸੈਕਰਾਮੈਂਟੋ ਤੇ ਬੇਅ ਏਰੀਏ ਦੀਆਂ ਚਮਤਕਾਰੀ ਥਾਵਾਂ ਦੇਖੀਆਂ ਤਾਂ ਮੇਰੇ ਹੋਸ਼ ਉੱਡ ਗਏ। ਜਿਵੇਂ ਮੈਂ ਸਵਰਗ ਵਿਚ ਆ ਗਈ ਹੋਵਾਂ ਤੇ ਮੈਂ ਇਸ ਸਵਰਗ ਵਿਚ ਅਪਸਰਾ ਹੋਵਾਂ। ਬੇਟ ਮੇਰੇ ਕੀ ਚੇਤੇ ਰਹਿਣਾ ਸੀ? ਵੀਕੈਂਡ ਤੇ ਮਹਾਂ ਸਾਗਰ ਦੀਆਂ ਲਹਿਰਾਂ ਦੇਖਣ ਤੁਰੇ ਰਹਿਣਾ। ਮੈਨੂੰ ਇਕ ਰੈਸਟੋਰੈਂਟ ਵਿਚ ਜੌਬ ਮਿਲ ਗਈ ਸੀ। ਰੈਸਟੋਰੈਂਟ ਦੇ ਓਨਰ ਨੇ ਮੈਨੂੰ ਸ਼ਾਇਦ ਮੇਰੀ ਹਾਈਟ ਤੇ ਬਿਊਟੀ ਦੇਖ ਕੇ ਹੀ ਹਾਇਰ ਕਰ ਲਿਆ ਸੀ। ਇੱਥੇ ਹੋਰ ਵੀ ਰੈਸਟੋਰੈਂਟ ਸਨ। ਇਨ੍ਹਾਂ ਦੇ ਪਿੱਛੇ ਕੰਪਨੀਆਂ ਦੀਆਂ ਉੁ ੱਚੀਆਂ ਇਮਾਰਤਾਂ ਦੀਆਂ ਕਤਾਰਾਂ ਸਨ। ਉਨ੍ਹਾਂ ਦੇ ਆਲੇ -ਦੁਆਲੇ ਸ਼ਹਿਰ ਵਸਿਆ ਹੋਇਆ ਸੀ। ਪਿੱਛੇ ਹਰੀਆਂ-ਹਰੀਆਂ ਪਹਾੜੀਆਂ ਹੋਰ ਵੀ ਸੁਹਣੀਆਂ ਲੱਗ ਰਹੀਆਂ ਸਨ।
ਪੰਜ ਦਿਨ ਨਿੱਠ ਕੇ ਕੰਮ ਕਰੋ। ਬਾਅਦ ਵਿਚ ਵੀਕੈਂਡ 'ਤੇ ਦੱਬ ਕੇ ਖਾਓ-ਪੀਓ ਤੇ ਐਸ਼ ਕਰੋ। ਇਹ ਇਥੋਂ ਦਾ ਕਲਚਰ ਹੈ। ਲਵ ਵੀ ਕਾਲਜ ਤੋਂ ਫ਼ਰੀ ਹੋ ਕੇ ਆ ਜਾਂਦੀ। ਅਸੀਂ ਰੱਜ ਕੇ ਫੰਨ ਕਰਦੀਆਂ। ਮੈਨੂੰ ਉਹ ਝੂਠਾ ਪਵੇਲ ਯਾਦ ਆ ਜਾਂਦਾ। ਇਕ ਦਿਨ ਕਹਿਣ ਲੱਗਾ-
" ਅਮਰੀਕੀ ਸਿਸਟਮ ਬੰਦੇ ਦੀ ਆਤਮਾ ਨੂੰ ਮਾਰ ਦਿੰਦੈ। ਠੀਕ ਉਸੇ ਤਰ੍ਹਾਂ ਜਿਵੇਂ ਲੋਹਾ ਪਿਘਲਾ ਕੇ ਸਾਂਚੇ ਵਿਚ ਢਾਲ ਲਿਆ ਜਾਂਦਾ ਹੈ ਤੇ ਮਨ ਪਸੰਦ ਪੁਰਜਾ ਬਣਾ ਲਿਆ ਜਾਂਦੈ। ਉੱਥੇ ਬੰਦੇ ਤਾਂ ਖ਼ਤਮ ਹੋ ਜਾਂਦੇ ਹਨ। ਬੱਸ ਪੁਰਜ਼ੇ ਹੀ ਰਹਿ ਜਾਂਦੇ ਹਨ।"
ਉਹ ਸ਼ਾਇਦ ਇੰਡੀਆ ਦੀ ਗ਼ਰੀਬੀ, ਜਾਤ-ਪਾਤ, ਬੇਰੁਜ਼ਗਾਰੀ ,ਭ੍ਰਿਸ਼ਟਾਚਾਰ ਅਤੇ ਕੁਹਝੀ ਨਿਆਂ ਪ੍ਰਣਾਲੀ ਵਾਲੇ ਸਿਸਟਮ ਨੂੰ ਜਿੰਦਗ਼ੀ ਕਹਿ ਰਿਹਾ ਸੀ। ਸੋਚਿਆ ਕਾਕਾ ਪਵੇਲ! ਜੀਵਨ ਤਾਂ ਏਥੇ ਹੈ। ਮੈਨੂੰ ਤਾਂ ਇਹ ਧਰਤੀ ਦਾ ਟੋਟਾ ਨਹੀਂ ਸੀ ਲੱਗਿਆ । ਕੋਈ ਦੂਰ ਦਾ ਗ੍ਰਹਿਜਿੱਥੇ ਸਵਰਗ ਹੋਵੇ ਤੇ ਉੱਤੇ ਹੋਣ ਦੇਵੀਆਂ 'ਤੇ ਦੇਵਤੇ। ਇਥੇ ਰੌਸ਼ਨੀ ਵਿਚ ਜਰਨੈਲੀਆਂ ਸੜਕਾਂ ਸਾਫ਼ ਦਿਸਦੀਆਂ ਹਨਤੇ ਇੰਡੀਆ ਦੀਆਂ ਬੰਦੇ ਖਾਣੀਆਂ ਸੜਕਾਂ,ਮੈਨੂੰ ਡੈਡੀ ਦਾ ਚੀਥੜੇ-ਚੀਥੜੇ ਹੋਇਆ ਸਰੀਰ ਦਿਸਿਆ ਹੈਪਾਰਕ ਵਿਆਹ ਵਾਲੇ ਘਰ ਵਾਂਗ ਸੱਜੇ ਰਹਿੰਦੇ ਹਨ। ਵਿੰਙ-ਵਲੇਵੇਂ ਖਾਂਦੇ ਰਾਹਾਂ ਵਿਚ ਉੱਚੀਆਂ-ਨੀਵੀਆਂ ਕਿਤੇ ਸੁੱਕੀਆਂ, ਕਿਤੇ ਹਰੀਆਂ 'ਤੇ ਕਿਤੇ ਗੋਲਡਨ ਕਲਰ ਦੀਆਂ ਪਹਾੜੀਆਂ ਹਨ। ਸੜਕਾਂ ਦੇ ਦੋਵੇਂ ਪਾਸੇ ਅੰਗੂਰਾਂ, ਬਦਾਮਾਂ, ਚੈਰੀਆਂ, ਸਟਰਾਬੈਰੀਆਂ ਅਤੇ ਸਬਜ਼ੀਆਂ ਦੇ ਫ਼ਾਰਮ ਆਪਣੇ ਵੱਲ ਧਿਆਨ ਖਿੱਚਦੇ ਹਨ।
ਪਹਿਲੇ ਬਾਰਾਂ ਮਹੀਨੇ ਅਸੀਂ ਸੈਂਟਾ ਕਲਾਰਾ ਮਾਮਾ ਜੀ ਦੇ ਘਰ ਹੀ ਰਹੇ। ਉਨ੍ਹਾਂ ਦੇ ਬੈਕ ਯਾਰਡ ਵਿਚ ਅਖ਼ਰੋਟਾਂ ਦਾ ਬਹੁਤ ਵੱਡਾ ਦਰਖ਼ਤ ਸੀ। ਅਮਨ ਨੂੰ ਕਲੀਨ ਅੱਪ ਦਾ ਕੰਮ ਮਿਲ ਗਿਆ ਸੀ। ਉਹ ਸੈਟੀਸਫ਼ਾਈ ਸੀ। ਗਗਨ ਨੂੰ ਸਕੂਲ ਦੀ ਗਰੈਜੂਏਸ਼ਨ ਕਰਵਾਈ। ਉਸ ਤੋਂ ਬਾਅਦ ਉਸ ਪੜ੍ਹਾਈ ਤੋਂ ਹੱਥ ਖੜ੍ਹੇ ਕਰ ਦਿੱਤੇ। ਮਾਮਾ ਜੀ ਨੇ ਆਪਣਾ ਇਕ ਛੋਟਾ ਜਿਹਾ ਸਟੋਰ ਉਸ ਦੇ ਸਪੁਰਦ ਕਰ ਦਿੱਤਾ। ਮੰਮੀ ਨੇ ਵੀ ਪਹਿਲੇ ਸੱਤ-ਅੱਠ ਸਾਲ ਸਖ਼ਤ ਲੇਬਰ ਕੀਤੀ। ਉਹ ਕਿਸੇ ਘਰ ਬਜ਼ੁਰਗਾਂ ਦੀ ਕੇਅਰ ਟੇਕਰ ਸੀ।
ਮੈ ਰੈਸਟੋਰੈਂਟ ਵਿਚ ਵੇਟਰ ਦਾ ਕੰਮ ਕਰਦੀ ਸੀ। ਇਹ ਕੰਮ ਮੈਨੂੰ ਪਸੰਦ ਨਹੀਂ ਸੀ। ਮੈਂ ਮਜਬੂਰੀ ਵਿਚ ਦੋ ਸਾਲ ਇਹ ਜੌਬ ਕੀਤੀ। ਜਦੋਂ ਮੈਨੂੰ ਲੈਂਗੂਏਜ ਦੀ ਪਰਾਬਲਮ ਨਾ ਰਹੀ ਤਾਂ ਮੈਂ ਹੋਰ ਜੌਬ ਲੱਭਣੀ ਸ਼ੁਰੂ ਕੀਤੀ। ਇਕ ਹੋਰ ਰੈਸਟੋਰੈਂਟ ਵਿਚ ਮੈਨੂੰ ਰਿਸੈਪਸ਼ਨਿਸਟ ਦੀ ਜੌਬ ਮਿਲ ਗਈ। ਇਥੇ ਕੁਪਰਟੀਨੋ ਸ਼ਹਿਰ ਵਿਚ ਮੈਨੂੰ ਕੰਮ ਦਾ ਕੀ ਘਾਟਾ ਸੀ? ਮੈਂ ਮਨ ਵਿਚ ਘਰ ਵਸਾਉਣ ਦੇ ਸੁਪਨੇ ਨੂੰ ਸਕਾਰ ਕਰਨ ਦੀ ਸੋਚਣ ਲੱਗੀ। ਲਵ ਨੇ ਮੇਰੇ ਦੋ ਕੁ ਬੁਆਏ ਫ਼ਰੈਂਡ ਬਣਾਉਣ ਦੀ ਕੋਸ਼ਿਸ਼ ਕੀਤੀ। ਉਹ ਸਟੂਡੈਂਟ ਸਨ। ਮੈਂ ਕਿਸੇ ਵੈਲ ਸੈਟਲਡ ਗੋਰੇ ਦੀ ਤਲਾਸ਼ ਵਿਚ ਸੀ ਪਰ ਗੋਰਾ ਕਈ ਮਿਲਿਆ ਹੀ ਨਹੀਂ। ਬਾਪੂ ਜੀ ਤੇ ਮੰਮੀ ਮੇਰੇ ਤੇ ਵਿਆਹ ਲਈ ਜ਼ੋਰ ਪਾਉਣ ਲੱਗੇ। ਬਾਪੂ ਜੀ ਨੂੰ ਤਾਂ ਫ਼ੋਨ 'ਤੇ ਵਿਆਹ ਤੋਂ ਬਿਨਾਂ ਹੋਰ ਕੋਈ ਗੱਲ ਅਹੁੜਦੀ ਹੀ ਨਹੀਂ ਸੀ। ਉਹ ਮਾਮਾ ਜੀ ਨੂੰ ਵੀ ਚਿੰਤਾ ਵਿਚ ਪਾ ਦਿੰਦੇ। ਮਾਮਾ ਜੀ ਨੇ ਕਿਸੇ ਜਾਣੂੰ ਦੇ ਭਤੀਜੇ ਪਵਨ ਦਾ ਰਿਸ਼ਤਾ ਮੇਰੇ ਲਈ ਲੈ ਆਂਦਾ। ਟਰੱਕ ਡਰਾਈਵਰ ਸੁਣਦੇ ਹੀ ਮੈਂ ਸਾਫ਼ ਨਾਂਹ ਕਰ ਦਿੱਤੀ। ਮਾਮਾ ਜੀ ਨੇ ਹਾਰ ਕੇ ਅਮਨ ਦਾ ਵਿਆਹ ਉਸ ਨਾਲ ਕਰ ਦਿੱਤਾ। ਛੇ -ਸੱਤ ਮਹੀਨੇ ਬਾਅਦ ਮੈਂ ਬਿਮਾਰ ਹੋ ਗਈ। ਮੈਨੂੰ ਅਮਨ ਦੇ ਘਰ ਨਾਲ ਈਰਖਾ ਹੋਣ ਲੱਗੀ।
ਪਵਨ ਦਾ ਆਪਣਾ ਟਰੱਕ ਸੀ। ਉਹਦੇ ਚਾਰ-ਪੰਜ ਟਰੱਕਾਂ ਵਾਲੇ ਦੋਸਤਾਂ ਨੇ ਟਰਕਿੰਗ ਕੰਪਨੀ ਬਣਾਈ ਹੋਈ ਸੀ। ਉਨ੍ਹਾਂ ਉਸ ਕੰਪਨੀ ਦੀ ਜਿੰਮੇਵਾਰੀ ਅਮਨ ਨੂੰ ਸੰਭਾਲ ਦਿੱਤੀ। ਉਹ ਘਰ ਬੈਠੀ ਹੀ ਡਿਸਪੈਚ ਦਾ ਕੰਮ ਕਰਨ ਲੱਗੀ। ਉਨ੍ਹਾਂ ਕੋਲ ਘਰ ਵੀ ਡਬਲ ਸਟੋਰੀ ਸੀ। ਪਵਨ ਜੀਜੂ ਤਾਂ ਜ਼ਿਆਦਾ ਹੀ ਫੜ੍ਹਾਂ ਮਾਰਦਾ। ਮੇਰੀ ਸਹਿਣ-ਸ਼ਕਤੀ ਜਵਾਬ ਦੇਣ ਲੱਗੀ।
ਗਗਨ ਦਾ ਸਟੋਰ ਵੀ ਵਧੀਆ ਚੱਲਣ ਲੱਗ ਪਿਆ ਸੀ। ਉਹ ਇੰਨੇ ਸਾਲ ਮੇਰੇ ਤੋਂ ਮੰਗ ਕੇ ਖਾਂਦਾ ਰਿਹਾ ਤੇ ਹੁਣ ਮੇਰਾ ਹਾਲ ਵੀ ਨਾ ਪੁੱਛਿਆ। ਮੰਮੀ ਨੂੰ ਗੱਲ ਹੀ ਸਮਝ ਨਹੀਂ ਸੀ ਆ ਰਹੀ। ਸਭ ਮੈਨੂੰ ਪਲੈਨਡ ਇਗਨੋਰ ਕਰਨ ਲੱਗ ਪਏ ਸਨ। ਮੈਨੂੰ ਉਨ੍ਹਾਂ ਦੋਵਾਂ ਦੇ ਮੁਕਾਬਲੇ ਰੈਸਟੋਰੈਂਟ ਦੀ ਜੌਬ ਮਾੜੀ ਲੱਗੀ। ਮੈਂ ਕੰਪਿਊਟਰ ਦੀ ਪੋਸਟ ਗਰੈਜ਼ੂਏਟ ਅਤੇ… ।
ਇਕ ਦਿਨ ਇਕ ਕਾਲੀ ਆਪਣੇ ਬੇਬੀ ਨੂੰ ਲੈ ਕੇ ਰੈਸਟੋਰੈਂਟ ਵਿਚ ਡਿਨਰ ਕਰਨ ਆਈ। ਬੇਬੀ ਟਿਕ ਨਹੀਂ ਸੀ ਰਿਹਾ। ਉਹ ਮੈਂਟਲੀ ਅਪਸੈੱਟ ਲੱਗ ਰਿਹਾ ਸੀ। ਉਹ ਕੁਝ ਮਿੰਟ ਠੀਕ ਲੱਗੇ ਤੇ ਕੁਝ ਮਿੰਟਾਂ ਬਾਅਦ ਬੇਚੈਨੀ ਵਿਚ ਆਪਣੀਆਂ ਬੋਦੀਆਂ ਪੁੱਟਣ ਲੱਗ ਪਵੇ ਜਾਂ ਆਪਣੀ ਮਾਂ ਦੇ ਢਿੱਡ ਵਿਚ ਮੁੱਕੇ ਮਾਰਨ ਲੱਗ ਪਵੇ। ਉਹਦੀ ਮਾਂ ਵਿਚ ਸਬਰ ਬੜਾ ਸੀ। ਉਹ ਮੁਸਕਰਾਉਂਦੀ ਹੀ ਰਹੀ। ਆਪਣੇ ਬੇਬੀ ਨੂੰ ਗੋਦੀ ਵਿਚ ਲੈ ਚੁੰਮਦੀ ਚੱਟਦੀ ਸ਼ਾਂਤ ਕਰਦੀ, ਖਾਣਾ ਖਲਾਉਣ ਲੱਗ ਪਈ।
ਮੇਰੀ ਮੰਮੀ ਵੀ ਇਹੋ ਕੁਝ ਹੀ ਕਰਦੀ ਪਰ ਮੈਂ...। ਮੈਂ ਜੌਬ ਛੱਡ ਕੇ ਆਪਣੇ ਰੂਮ ਵਿਚ ਪਈ ਰਹਿੰਦੀ। ਮੈਨੂੰ ਪਸੀਨਾ ਬਹੁਤ ਆਉਂਦਾ ਸੀ। ਘਬਰਾਹਟ ਹੋਣ ਲੱਗ ਪੈਂਦੀ। ਇੱਕਲੀ ਬੋਲਣ ਲੱਗ ਪੈਦੀ। ਕੂਕ ਵੱਜ ਜਾਂਦੀ। ਡਰ ਕੇ ਉੱਠ ਪੈਂਦੀ। ਹਵਾ ਵਿਚ ਉਂਗਲੀਆਂ ਖੜ੍ਹੀਆਂ ਕਰ ਲੈਂਦੀ। ਮੰਮੀ ਤੇ ਮਾਮਾ ਜੀ ਮੈਨੂੰ ਇਕ ਸਾਈਕੈਟਰਿਕ ਕੋਲ ਲੈ ਗਏ।
" ਮੈਂ ਤਿੰਨ ਲੋਕਾਂ ਵਿਚ ਘਿਰੀ ਹੋਈ ਹਾਂ। ਰੈਸਟੋਰੈਂਟ, ਘਰ ਅਤੇ ਕਿਸੇ ਹੋਰ ਗ੍ਰਹਿ ਦੇ ਵਾਸੀ।" ਸਾਈਕੈਟਰਕ ਦੇ ਪੁੱਛਣ ਤੇ ਮੈਂ ਦੱਸਿਆ ਸੀ।
ਮੈਂ ਜਦੋਂ ਜ਼ਿਆਦਾ ਪ੍ਰਾਬਲਮ ਵਿਚ ਘਿਰ ਜਾਂਦੀ । ਗੁਰਦਵਾਰਾ ਸਾਹਿਬ ਚਲੀ ਜਾਂਦੀ। ਘਰ ਚਿਰਾਗ ਬਾਲ ਲੈਂਦੀ। ਥੋੜ੍ਹੇ ਚਿਰ ਲਈ ਸ਼ਾਂਤ ਵੀ ਹੋ ਜਾਂਦੀ ਪਰ ਮੁੜ ਉਸੇ ਸਥਿਤੀ ਵਿਚ ਚਲੀ ਜਾਂਦੀ। ਮੈਂ ਉਸ ਕਾਲੇ ਮੁੰਡੇ ਵਾਂਗ ਆਪਣੀਆਂ ਮੀਢੀਆਂ ਪੁੱਟਣ ਲੱਗ ਪੈਂਦੀ। ਪੰਜ ਦਿਨ ਡਾਕਟਰ ਮੇਰੀਆਂ ਹਰਕਤਾਂ ਨੋਟ ਕਰਦੇ ਰਹੇ। ਫਿਰ ਉਨ੍ਹਾਂ ਇਕ ਕੁਅਸਚਨੀਅਰ ਤਿਆਰ ਕੀਤਾ। ਮੈਂਨੂੰ ਜਵਾਬ ਲਿਖਣ ਲਈ ਕਿਹਾ ਗਿਆ। ਮਸਲਨ:
ੳ. ਤੁਹਾਡੇ ਘਰ ਵਿਚ ਸਭ ਤੋਂ ਸੁਹਣਾ ਤੇ ਸਿਆਣਾ ਬੰਦਾ ਕੌਣ ਹੈ?
ਮੈਂ ਆਪਣਾ ਨਾਂ ਲਿਖਿਆ ਸੀ।
ਅ. ਘਰ ਅਤੇ ਬਾਹਰ ਦੇ ਕੰਮ ਕਿਵੇਂ ਹੋਣੇ ਚਾਹੀਦੇ ਹਨ?
ਜਵਾਬ: ਮੇਰੀ ਮਰਜ਼ੀ ਮੁਤਾਬਿਕ।
ੲ. ਘਰ ਦਾ ਪ੍ਰਬੰਧ ਕੌਣ ਚਲਾਵੇ?
ਜਵਾਬ: ਹਿਸਾਬ ਮੇਰੇ ਕੋਲ ਹੋਣਾ ਚਾਹੀਦਾ ਹੈ।
ਸ. ਪਤੀ ਕਿਹੋ ਜਿਹਾ ਚਾਹੀਦਾ?
ਜਵਾਬ: ਜਿਹੜਾ ਮੇਰੇ ਅੱਗੇ -ਪਿੱਛੇ ਘੁੰਮੇਂ। ਘਰ ਦੇ ਸਾਰੇ ਮੈਂਬਰ ਮੇਰੇ ਕਹੇ ਅਨੁਸਾਰ ਚੱਲਣ।
ਇਹੋ ਜਿਹੇ ਕੋਈ ਪੱਚੀ ਸਵਾਲ ਸਨ। ਮੈਂ ਬਾਕੀਆਂ ਦੇ ਜਵਾਬ ਹੀ ਨਹੀਂ ਦਿੱਤੇ।
ਮੇਰੇ ਕਈ ਟੈਸਟ ਕੀਤੇ। ਐਮ ਆਰ ਆਈ ਅਤੇ ਸਿਟੀ ਸਕੈਨ ਵੀ ਕੀਤਾ। ਅੰਤ ਡਾਕਟਰ ਮੰਮੀ ਅਤੇ ਮਾਮਾ ਜੀ ਨੂੰ ਕਹਿਣ ਲੱਗਾ-
" ਇਹ ਮਾਨਿਸਕ ਰੋਗਣ ਨਹੀਂ ਹੈ। ਇਹ ਪਰਸਨੈਲਿਟੀ ਡਿਸਆਰਡਰ ਦੀ ਸ਼ਿਕਾਰ ਹੈ। ਇਹ ਉਹ ਰੋਗ ਹੈ ਜੋ ਕੰਟਰੋਲ ਕੀਤਾ ਜਾ ਸਕਦਾ ਹੈ, ਖ਼ਤਮ ਨਈਂ। ਸਾਰੇ ਜੀਅ ਰੋਗੀ ਪ੍ਰਤੀ ਆਪਣਾ ਵਿਵਹਾਰ ਬਦਲੋ। ਇਸ ਨੂੰ ਫ਼ੁੱਲ ਰਸਪੈਕਟ ਦਿਓ।" ਪਵਨ ਨੇ ਮੈਨੂੰ ਡਾਕਟਰ ਦੇ ਬੋਲਾਂ ਦੀ ਡਿਟੇਲ ਦੱਸੀ ਸੀ।
ਸਾਈਕੈਟਰਕ ਝੂਠ ਬੋਲਦਾ ਸੀ। ਮੇਰੀ ਰਸਪੈਕਟ ਹੁਣ ਕਿਸ ਨੇ ਕਰਨੀ ਸੀ? ਗਗਨ ਨੇ ਵੀ ਵਿਆਹ ਕਰਵਾ ਲਿਆ ਸੀ। ਉਸਦੀ ਵਾਈਫ਼ ਨਰਸ ਸੀ ਅਤੇ ਉਹ ਉਸ ਨਾਲ ਬਹੁਤਾ ਸਮਾਂ ਬਾਹਰ ਹੀ ਸਪੈਂਡ ਕਰਦਾ। ਪਵਨ ਅਕਸਰ ਘਰ ਗੇੜਾ ਮਾਰਦਾ ਰਹਿੰਦਾ। ਉਸਦੀਆਂ ਕਾਲੀਆਂ ਸ਼ਾਹ ਅੱਖਾਂ ਤੋਂ ਭੈਅ ਆਉਂਦਾ। ਉਹ ਅੱਖਾਂ ਪਾੜ-ਪਾੜ ਮੇਰੇ ਵੱਲ ਦੇਖਦਾ। ਡਾਕਟਰ ਮੇਰੇ ਰੋਗ ਨੂੰ ਘਟਾ ਰਹੇ ਸਨ। ਘਰ ਵਿਚ ਮੇਰੀ ਪੁੱਛ-ਗਿੱਛ ਵਧ ਗਈ ਸੀ। ਗਗਨ ਦੀ ਵਾਈਫ਼ ਮੇਰੀ ਬਹੁਤ ਰਸਪੈਕਟ ਕਰਦੀ। ਉਹ ਹਰ ਕੰਮ ਮੇਰੀ ਸਲਾਹ ਨਾਲ ਕਰਨ ਲੱਗੀ। ਅਮਨ ਦਾ ਸਾਰਾ ਡਿਸਪੈਚ ਦਾ ਕੰਮ ਕੰਪਿਊਟਰ ਤੇ ਸੀ। ਉਹ ਮੇਰੇ ਕੋਲੋਂ ਟਰੇਨਿੰਗ ਲੈਣ ਆਉਣ ਲੱਗ ਪਈ। ਲਵ ਮੇਰੀ ਜੌਬ ਲਈ ਨੱਠ-ਭੱਜ ਕਰ ਰਹੀ ਸੀ। ਸੋ ਮੇਰੇ ਨਾਲ ਚੰਗਾ- ਚੰਗਾ ਹੋਣ ਲੱਗ ਪਿਆ। ਇਹ ਸਭ ਮਾਮਾ ਜੀ ਦੀ ਮਿਹਰਬਾਨੀ ਸੀ। ਮੰਮੀ ਮੈਨੂੰ ਗਲਵਕੜੀ ਵਿਚ ਲੈ ਲੈਂਦੀ। ਪਿਆਰ ਨਾਲ ਨੱਕੋ-ਨੱਕ ਭਰ ਦਿੰਦੀ। ਮੈਂ ਕੁਝ ਮਹੀਨਿਆਂ ਵਿਚ ਹੀ ਪਹਿਲਾਂ ਵਰਗੀ ਹੋ ਗਈ ਸੀ।
ਲਵ ਨੇ ਮੇਰੇ ਲਈ ਜੌਬ ਲੱਭ ਦਿੱਤੀ ਸੀ। ਮੈਂ ਇਮੀਗਰੇਸ਼ਨ ਡਿਪਾਰਟਮੈਂਟ ਵਿਚ ਇਲਲੀਗਲ ਕੇਸਾਂ ਦੀਆਂ ਫ਼ਾਈਲਾਂ ਦੀ ਡੈਟਾ ਐਂਟਰੀ ਕਰਦੀ ਸੀ। ਇਹ ਜੌਬ ਸਟਰੈਸ ਵਾਲੀ ਹੋਣ ਦੇ ਬਾਵਜੂਦ ਮੇਰੇ ਮਨ ਪਸੰਦ ਸੀ। ਪੇਅ ਵੀ ਵਧੀਆ ਸੀ। ਮੈਂ ਖ਼ੁਸੀ ਨਾਲ ਸਵੇਰੇ ਕੰਮ ਤੇ ਜਾਂਦੀ ਸੀ। ਸਾਰੇ ਕੰਪਿਊਟਰ ਵਾਈ-ਫ਼ਾਈ ਰਾਹੀੰ ਇੰਟਰਨੈਟ ਨਾਲ ਕੂਨੈਕਟਿਡ ਸਨ। ਸੁਪਰਵਾਈਜ਼ਰ ਵਾਲੇ ਕਮਰੇ ਵਿਚ ਕਸਟਮਰ ਆਉਂਦੇ । ਉਹ ਆਪਣੇ ਕੇਸ ਸੰਬੰਧੀ ਡਾਕੂਮੈਂਟ ਪੇਸ਼ ਕਰਦੇ। ਉਹ ਸਾਨੂੰ ਫ਼ਾਇਲ ਤਿਆਰ ਕਰਨ ਲਈ ਆਰਡਰ ਕਰਦੇ।
ਮੇਰਾ ਸੁਪਰਵਾਈਜ਼ਰ ਰਿਚਰਡ ਕਰਟਿਸ ਬਹੁਤ ਐਕਟਿਵ ਸੀ। ਉਸਦੀਆਂ ਮੋਟੀਆਂ ਮੋਟੀਆਂ ਨੀਲੀਆਂ ਅੱਖਾਂ ਵਿਚ ਜਾਦੂ ਸੀ। ਭੂਰੇ ਰੰਗ ਦੀ ਛੋਟੀ-ਛੋਟੀ ਦਾੜ੍ਹੀ-ਮੁੱਛ ਨਾਲ ਉਹ ਬਹੁਤ ਸੁਨੱਖਾ ਲੱਗਦਾ ਸੀ। ਮੈਂ ਅਕਸਰ ਹੀ ਉਸਦੇ ਰੂਮ ਵਿਚ ਜਾਂਦੀ ਸੀ। ਮੇਰੀਆਂ ਨਜ਼ਰਾਂ ਉਸਦੇ ਚਿਹਰੇ ਤੋਂ ਹਟਣਾ ਨਹੀਂ ਚਾਹੁੰਦੀਆਂ ਸਨ। ਉਹ ਵੀ ਸਮਾਈਲ ਪਾਸ ਕਰਕੇ ਰਿਸਪਾਂਡ ਕਰ ਜਾਂਦਾ ਸੀ।
ਕੁਝ ਦਿਨਾਂ ਬਾਅਦ ਉਸਨੇ ਮੈਨੂੰ ਰੋਕ ਕੇ ਕਿਹਾ ਸੀ-
" ਯੂ ਆਰ ਐਕਸਟਰੀਮਲੀ ਬਿਊਟੀਫ਼ੁੱਲ! ਕੈਨ ਆਈ ਟੇਕ ਯੂਅਰ ਪਿਕਚਰ?"
ਮੈਂ ਸ਼ਰਮਾ ਕੇ ਹੌਲੀ ਜਿਹੀ "ਯੈਸ" ਕਿਹਾ। ਉਸ ਮੈਨੂੰ ਕੰਪਿਊਟਰ 'ਤੇ ਟਾਈਪ ਕਰਨ ਦਾ ਇਸ਼ਾਰਾ ਕੀਤਾ। ਸਮਾਰਟ ਫ਼ੋਨ ਆਨ ਕਰਕੇ ਪੋਜ ਬਣਾਉਣ ਲੱਗਾ। ਫਿਰ ਉਸ ਫ਼ੋਨ ਟੇਬਲ ਤੇ ਰੱਖ ਕੇ ਮੇਰੀ ਸ਼ਰਟ ਦਾ ਕਾਲਰ ਠੀਕ ਕੀਤਾ ਅਤੇ ਮੱਥੇ ਤੇ ਵਾਲਾਂ ਦੀ ਲਿਟ ਨੂੰ ਥਾਂ ਸਿਰ ਕੀਤਾ। ਕੈਮਰਾ ਫੜ੍ਹਦੇ ਬੋਲਿਆ, "ਸੇ ਚੀਜ਼!" ਮੇਰੇ ਚੀਜ਼ ਕਹਿੰਦੇ ਹੀ ਉਸਨੇ ਫ਼ੋਟੋ ਖਿੱਚ ਦਿੱਤੀ। ਰੱਬ ਨੇ ਜਿਹੜਾ ਹੀਰੋ ਮੇਰੇ ਖ਼ੁਆਬ ਵਿਚ ਫਿੱਟ ਕੀਤਾ ਸੀ, ਉਹ ਕੋਈ ਹੋਰ ਨਹੀਂ ਇਹੋ ਸੀ।
ਰਿਚਰਡ ਮੇਰਾ ਸੁਪਰਵਾਈਜ਼ਰ ਹੋਣ ਕਾਰਨ ਮੈਂ ਉਸਦੀ ਦੀ ਹਰ ਗੱਲ ਮੰਨਦੀ ਸੀ। ਮੈਂ ਅੱਠ ਘੰਟੇ ਕੰਮ ਕਰਕੇ ਘਰ ਚਲੀ ਜਾਂਦੀ ਸੀ। ਇਕ ਦਿਨ ਕੁਝ ਜ਼ਿਆਦਾ ਐਂਟਰੀਆਂ ਕਰਨ ਕਾਰਨ ਮੈਨੂੰ ਓਵਰ ਟਾਈਮ ਲਾਉਣ ਲਈ ਕਿਹਾ ਸੀ। ਅਸੀਂ ਰਾਤ ਦੇ ਬਾਰਾਂ ਵਜੇ ਤੱਕ ਕੰਮ ਕਰਦੇ ਰਹੇ। ਉਸਦੇ ਜ਼ੋਰ ਪਾਉਣ ਤੇ ਮੈਂ ਉਸ ਨਾਲ ਰਾਤ ਮੋਟਲ ਵਿਚ ਰਹਿ ਪਈ। ਉਹ ਮੇਰੀ ਹਰ ਇੱਛਾ ਤੇ ਫ਼ੁੱਲ ਚੜ੍ਹਾ ਰਿਹਾ ਸੀ। ਉਹ ਅਲਾਰਮ ਲਗਾ ਕੇ ਸੁੱਤਾ ਸੀ। ਉਸ ਨੇ ਮੈਨੂੰ ਲੋਅ ਲੱਗਣ ਤੋਂ ਪਹਿਲਾਂ ਹੀ ਜਗਾ ਦਿੱਤਾ। ਬਾਹਰ ਲਿਜਾ ਕੇ ਦਰਖ਼ਤਾਂ ਦੇ ਝੁੰਡ ਵਾਲਾ ਇਕ ਖ਼ੂਬਸੂਰਤ ਟਿਕਾਣਾ ਲੱਭ ਕੇ ਮੈਨੂੰ ਬੈਂਚ ਤੇ ਬਿਠਾ ਦਿੱਤਾ। ਫਿਰ ਘੁੰਮ-ਫਿਰ ਕੇ ਸੂਰਜ ਚੜ੍ਹਨ ਦੀ ਵੇਟ ਕਰਨ ਲੱਗ ਪਿਆ। ਜਲਦੀ ਹੀ ਸੂਰਜ ਦੀਆਂ ਸੋਨੇ ਰੰਗੀਆਂ ਕਿਰਨਾਂ ਦਰਖ਼ਤਾਂ ਨੂੰ ਚੀਰਦੀਆਂ ਧਰਤੀ ਨੂੰ ਚੁੰਮਣ ਲੱਗੀ ਪਈਆਂ। ਉਹ ਜੇਤੂ ਹੋ ਰਹੇ ਚਾਨਣ ਵਿਚੋਂ ਮੇਰਾ ਅਕਸ ਉਭਾਰ ਕੇ ਆਪਣੇ ਬੁਰਸ਼ ਨਾਲ ਪੇਂਟਿੰਗ ਬਣਾਉਣ ਲੱਗਾ। ਉਸਦੀ ਪੇਂਟਿੰਗ ਵਿਚੋਂ ਬੇਟ ਦੀ ਜੋਬਨ ਮੱਤੀ ਮੁਟਿਆਰ ਉੱਭਰ ਕੇ ਸਾਹਮਣੇ ਆਈ ਸੀ।
ਨਾਈਟ ਸ਼ਿਫ਼ਟ ਲਾਉਣ ਕਾਰਨ ਅਗਲੇ ਦਿਨ ਅਸੀਂ ਕੰਮ ਤੋਂ ਵਿਹਲੇ ਸੀ। ਮੈਂ ਘਰ ਕਿਸੇ ਨੂੰ ਨਹੀਂ ਦੱਸਿਆ। ਰਿਚਰਡ ਮੈਨੂੰ ਬੀਚ ਤੇ ਲੈ ਗਿਆ। ਦਿਨ ਧੁੱਪ ਨਾਲ ਨਿੱਖਰਿਆ ਪਿਆ ਸੀ। ਸਮੁੰਦਰੀ ਲਹਿਰਾਂ ਕਿਨਾਰਿਆਂ ਨੂੰ ਚੁੰਮ ਰਹੀਆਂ ਸਨ। ਪਾਣੀ ਦੀ ਝੱਗ ਕਿਨਾਰਿਆਂ ਦੀ ਰੇਤ ਤੇ ਵਿਛ ਰਹੀ ਸੀ। ਮੈਂ ਪਾਣੀ ਨਾਲ ਕਲੋਲਾਂ ਕਰਨ ਲੱਗ ਪਈ। ਉਸ ਰੇਤ ਉੱਤੇ ਮੇਰਾ ਨਾਂ ਗੁਰਵਿੰਦਰ ਕੌਰ ਵਿਰਦੀ ਲਿਖ ਦਿੱਤਾ। ਉਸ ਨੂੰ ਇੰਨਾਂ ਲੰਮਾ ਨਾਂ ਲੈਣ ਵਿਚ ਦਿੱਕਤ ਆਉਂਦੀ ਸੀ। ਉਸ ਨੇ ਰੇਤ ਉੱਤੋਂ ਗੁਰਵਿੰਦਰ ਕੌਰ ਮਿਟਾ ਕੇ ਗੈਵੀ ਲਿਖ ਦਿੱਤਾ। ਫਿਰ ਅਸੀਂ ਅਕਸਰ ਬੀਚ ਤੇ ਜਾਂਦੇ। ਬੋਟਿੰਗ ਕਰਦੇ, ਪਾਣੀ ਵਿਚ ਚੁੱਭੀਆਂ ਮਾਰਦੇ, ਰੇਤ ਤੇ ਲੇਟਦੇ ਅਤੇ ਧੁੱਪ ਨੂੰ ਮਾਣਦੇ। ਧੁੱਪ ਚੁੱਭਦੀ ਤਾਂ ਛਤਰੀ ਤਾਣ ਲੈਂਦੇ। ਉਸਦੀਆਂ ਬਾਹਾਂ ਦਾ ਸਪਰਸ਼ ਮੈਨੂੰ ਅਜੀਬ ਸਕੂਨ ਦਿੰਦਾ।
ਮੇਰੇ ਸਾਹਮਣੇ ਇਕ ਇਹ ਸਮੁੰਦਰ ਸੀ ਅਤੇ ਦੂਜਾ ਮੇਰੇ ਪਿੰਡ ਕੋਲੋਂ ਲੰਘਦਾ ਸਤਲੁਜ ਦਰਿਆ। ਜਦੋਂ ਦਰਿਆ ਚੜ੍ਹ ਆਉਂਦਾ ਸੀ, ਅਸੀਂ ਕਈ - ਕਈ ਦਿਨ ਪੜ੍ਹਨ ਨਹੀਂ ਜਾਦੇ ਸੀ। ਕੋਈ ਨੱਠ-ਭੱਜ ਨਹੀਂ ਸੀ। ਹੁਣ ਤੇ ਸਵੇਰ ਤੋਂ ਸ਼ਾਮ ਤੱਕ ਕਾਰਾਂ ਦਾ ਨਿਰੰਤਰ ਵਗਦਾ ਵੱਗ ਜਾਂ ਡੈਟਾ ਐਂਟਰੀਜ਼ ਦੀ ਭਰਮਾਰ। ਬੱਸ ਅਸੀਂ ਆਫ਼ਿਸ ਤੇ ਕੰਮ ਤੋਂ ਥੱਕੇ ਹੀ ਹੋਟਲਾਂ, ਪਾਰਕਾਂ, ਬੀਚਾਂ ਜਾਂ ਲੌਂਗ ਡਰਾਈਵ ਤੇ ਜਾਂਦੇ। ਮੈਂ ਘਰ ਵਾਲਿਆਂ ਤੋਂ ਲੁਕੋ ਰੱਖਦੀ। ਅਸੀਂ ਕੰਮ ਵੀ ਪੂਰਾ ਕਰਦੇ ਤੇ ਐਨਜੁਆਏ ਵੀ । ਰਿਚਰਡ ਮੇਰੇ ਤੋਂ ਬਹੁਤ ਹੈਪੀ ਸੀ। ਸਾਰੇ ਕੋ ਵਰਕਰ ਮੇਰੇ ਨਾਲ ਜੈਲਸ ਕਰਨ ਲੱਗ ਪਏ ਸਨ। ਉਹ ਮੇਰੀਆਂ ਤਰੀਫਾਂ ਕਰਦਾ ਤਾਂ ਕਿਸੇ ਕੋਲੋਂ ਝੱਲ ਨਾ ਹੁੰਦਾ।
ਖੁਸ਼ ਤਾਂ ਅਮਨ ਤੇ ਪਵਨ ਵੀ ਸਨ। ਉਨ੍ਹਾਂ ਇਕ ਹੋਰ ਟਰੱਕ ਤੇ ਇਕ ਹੋਰ ਕੋਠੀ ਦੇ ਲੋਨ ਕਰਵਾ ਲਏ ਸਨ। ਗਗਨ ਦਾ ਬਿਜ਼ਨਿਸ ਵੀ ਵੱਧ-ਫ਼ੁੱਲ ਰਿਹਾ ਸੀ। ਉਹ ਲੋਨ ਲੈ ਕੇ ਸਟੋਰ ਵਿਚ ਹੋਰ ਸਮਾਨ ਪਾ ਲੈਂਦਾ।ਲਵ ਯੂਨੀਵਰਸਿਟੀ ਜਾ ਕੇ ਗੋਰੇ ਦੇ ਖੰਭਾਂ ਤੇ ਉੱਡੀ ਫਿਰਦੀ ਸੀ ਅਤੇ ਮੈਂ ਰਿਚਰਡ ਦੇ ਹੁਲਾਰਿਆਂ ਨਾਲ ਪੀਂਘ ਅਸਮਾਨੀਂ ਚੜ੍ਹਾ ਰਹੀ ਸੀ।
ਅਚਾਨਕ ਨਾਈਨ ਇਲੈਵਨ ਦੀ ਘਟਨਾ ਨੇ ਸਾਰੇ ਅਮਰੀਕੀ ਸਿਸਟਮ ਨੂੰ ਜੜ੍ਹਾਂ ਤੋਂ ਹਿਲਾ ਦਿੱਤਾ। ਕੋਈ ਵੀ ਰਿਸੈਸ਼ਨ ਦਾ ਸ਼ਿਕਾਰ ਹੋਣੋਂ ਨਾ ਬਚਿਆ। ਪਵਨ ਦਾ ਇਕ ਟਰੱਕ ਅਤੇ ਘਰ ਬੈਂਕ ਕੋਲ ਚਲੇ ਗਏ। ਗਗਨ ਦਾ ਸਟੋਰ ਵੀ ਬੈਂਕ ਨੇ ਸੀਲ ਕਰ ਦਿੱਤਾ। ਸਟੋਰ ਨੂੰ ਤਾਲਾ ਲੱਗਾ ਦੇਖ ਕੇ ਉਸਦੀ ਹਾਲਤ ਪਾਗ਼ਲਾਂ ਵਰਗੀ ਹੋ ਗਈ। ਸੰਤੋਖ ਮਾਮਾ ਜੀ ਨੇ ਹੌਸਲਾ ਦਿੰਦੇ ਹੋਏ ਕਿਹਾ ਸੀ-
" ਗਗਨ! ਅਮਰੀਕੀ ਸਿਸਟਮ ਵਿਚ ਬੰਦਾ ਮਿਹਨਤ ਕਰਕੇ ਮੰਜ਼ਿਲ ਸਰ ਕਰ ਲੈਂਦਾ ਹੈ ਪਰ ਕਈ ਵਾਰੀ ਇਹ ਉਸ ਨੂੰ ਮੂਧੇ ਮੂੰਹ ਵੀ ਸੁੱਟ ਦਿੰਦੈ। ਇਸ ਸਿਸਟਮ ਦੀ ਇਕ ਸਿਫ਼ਤ ਆ ਕਿ ਇਹ ਬੰਦੇ ਨੂੰ ਮਰਨ ਨਹੀਂ ਦਿੰਦਾ। ਉਸਦੇ ਮੂੰਹ ਵਿਚ ਪਾਣੀ ਦੀ ਬੂੰਦ ਪਾ ਕੇ ਉਸ ਨੂੰ ਫਿਰ ਉੱਠਣ ਜੋਗਾ ਕਰ ਦਿੰਦੈ।" ਮੇਰੇ ਕੋਲ ਉਹ ਸਟੋਰ ਵਾਧੂ ਸੀ, ਸੋ ਮੈਂ ਤੈਨੂੰ ਦੇ ਦਿੱਤਾ। ਮੇਰੇ ਗੈਸ ਪੰਪ ਵੀ ਬੈਂਕ ਕੋਲ ਚਲੇ ਗਏ। ਹੁਣ ਤਾ ਰੋਟੀ ਖਾਣ ਨੂੰ ਇਕ ਸਮੋਕ ਸ਼ਾਪ ਹੀ ਬਚੀ ਹੈ...ਤੂੰ ਹੌਸਲਾ ਰੱਖ! ਢੇਰੀ ਨਾ ਢਾਹ!"
ਪਰ ਗਗਨ ਦੀ ਢੇਰੀ ਢਹਿ ਗਈ ਸੀ। ਉਸਦੇ ਇਨ ਲਾਅਜ਼ ਯੂਬਾਸਿਟੀ ਵਿਚ ਹਨ। ਉਹ ਓਥੇ ਮੂਵ ਹੋ ਗਏ। ਉਹ ਘਰ ਬੇਬੀ ਸਿਟਰ ਕਰਦਾ ਹੈ ਤੇ ਵਾਈਫ਼ ਹੌਸਪੀਟਲ ਕੰਮ ਤੇ ਚਲੀ ਜਾਂਦੀ ਹੈ। ਮੰਮੀ ਕੋਲ ਵੀ ਇਕੋ ਘਰ ਦਾ ਕੰਮ ਹੀ ਰਹਿ ਗਿਆ ਹੈ।
ਮੇਰੇ ਆਫ਼ਿਸ ਵਿਚ ਲੇ-ਆਫ਼ ਚੱਲ ਰਹੀ ਏ। ਮੈਨੂੰ ਤਾਂ ਵੀ ਐਕਸਟਰਾ ਕੰਮ ਲਈ ਬੁਲਾਇਆ ਜਾ ਰਿਹੈ। ਇਸ ਲਈ ਸਾਰੇ ਕੋ ਵਰਕਰ ਮੇਰੇ ਨਾਲ ਹੋਰ ਜੈਲਸ ਕਰਨ ਲੱਗ ਪਏ ਹਨ। ਰਿਚਰਡ ਨਾਲ ਮੇਰਾ ਤਾਲ-ਮੇਲ ਮੰਮੀ ਨੂੰ ਵੀ ਪਸੰਦ ਨਹੀਂ ਹੈ। ਉਹ ਹਰ ਵਕਤ ਚੁੱਪ ਜਿਹੀ ਰਹਿੰਦੀ ਹੈ। ਉਸਦਾ ਬਲੱਡ ਪ੍ਰੈਸ਼ਰ ਵੀ ਵਧਿਆ ਰਹਿੰਦਾ ਹੈ। ਉਹ ਵਿਚੋ-ਵਿਚ ਗਗਨ ਨੂੰ ਵੀ ਮਿਸ ਕਰਦੀ ਹੈ।
ਪਿੱਛੇ ਜਿਹੇ ਮੈਂ ਰਿਚਰਡ ਨਾਲ ਟੂਰ 'ਤੇ ਜਾਣਾ ਸੀ। ਮੈਂ ਘਰ ਬਹਾਨਾ ਲਾਇਆ ਸੀ ਕਿ ਕੰਪਨੀ ਵਲੋਂ ਟਰੇਨਿੰਗ ਤੇ ਜਾਣਾ ਹੈ। ਮਾਂ ਸੁਣਦੇ ਹੀ ਮੰਜੇ ਤੇ ਪੈ ਗਈ। ਰਿਚਰਡ ਨੇ ਹਵਾਈ ਜਹਾਜ ਦੀ ਟਿਕਟ ਤੇ ਮੋਟਲ ਸਭ ਬੁੱਕ ਕਰ ਰੱਖੇ ਸਨ। ਮੈਂ ਗਗਨ ਨੂੰ ਫ਼ੋਨ ਕੀਤਾ ਕਿ ਮੰਮੀ ਕੋਲ ਆ ਜਾਵੇ। ਉਹ ਕਹੇ ਕਿ ਬੇਬੀ ਸਿਟਰ ਕੌਣ ਕਰੇਗਾ? ਅਮਨ ਕਹੇ ਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ, ਨਾਲੇ ਮੈਂ ਹੁਣੇ ਨਵੀਂ ਪਾਰਟ ਟਾਈਮ ਜੌਬ ਸ਼ੁਰੂ ਕੀਤੀ ਏ। ਉਹ ਕਿਸੇ ਦੇ ਘਰ ਸ਼ਾਮ ਨੂੰ ਡਿਨਰ ਬਣਾਉਣ ਜਾਂਦੀ ਸੀ। ਮੇਰੀ ਆਪਣੀ ਮਜਬੂਰੀ ਸੀ। ਮੈਂ ਅਮਨ ਨੂੰ ਮਨਾ ਕੇ ਚਲੀ ਗਈ।
ਅਸੀਂ ਦੋ ਦਿਨ ਲਈ ਲਾਸ ਵੇਗਸ ਗਏ ਸੀ। ਇਹ ਜੂਆ ਖੇਡਣ ਵਾਲਿਆਂ ਦੀ ਨਗਰੀ ਹੈ। ਮੈਂ ਵੀ ਸ਼ਾਇਦ ਜ਼ਿੰਦਗੀ ਨਾਲ ਜੂਆ ਹੀ ਖੇਡ ਰਹੀ ਸੀ। ਅਸੀਂ ਉੱਥੇ 'ਵੈਲਨਟਾਈਨ ਡੇ' ਨੂੰ ਪੁੱਜੇ ਸੀ। ਇਹ ਦਿਨ ਪਿਆਰ ਅਤੇ ਵਿਆਹ ਲਈ ਮਸ਼ਹੂਰ ਹੈ। ਵੱਖ-ਵੱਖ ਜੋੜੇ ਇਕ ਦੂਜੇ ਨੂੰ ਪਰਪੋਜ਼ ਕਰ ਰਹੇ ਸਨ। ਜਿਸ ਹੋਟਲ ਵਿਚ ਅਸੀਂ ਠਹਿਰੇ ਸੀ ਓਥੇ ਇਕ ਬਹੁਤ ਵੱਡਾ ਪੂਲ ਸੀ ਜਿਸਦੇ ਇਰਦ -ਗਿਰਦ ਸੌ ਦੇ ਕਰੀਬ ਫਾਊਨਟੇਨ ਡਾਂਸ ਕਰਕੇ ਇਕ ਦਿਲਕਸ਼ ਨਜ਼ਾਰਾ ਬਣਾ ਰਹੇ ਸਨ। ਅਸੀਂ ਵੀ ਰਾਤ ਨੂੰ ਉਨ੍ਹਾਂ ਜੋੜਿਆਂ ਵਿਚ ਸ਼ਾਮਿਲ ਹੋ ਗਏ। ਸੰਗੀਤ ਦੀਆਂ ਧੁਨਾਂ ਅਤੇ ਹਜ਼ਾਰਾਂ ਜਗਦੀਆਂ ਬੁਝਦੀਆਂ ਡਿਸਕੋ ਲਾਈਟਾਂ ਵਿਚ ਪਤਾ ਹੀ ਨਹੀਂ ਲੱਗਾ ਕਦੋਂ ਰਿਚਰਡ ਦੀਆਂ ਬਾਹਾਂ ਵਿਚ ਲਿਪਟ ਕੇ ਇਕ ਪੰਜਾਬਣ ਮੁਟਿਆਰ ਅੰਗ਼ਰੇਜ਼ੀ ਬੀਟ ਤੇ ਡਾਂਸ ਕਰਨ ਲੱਗ ਪਈ ਸੀ।
ਰਿਚਰਡ ਦੇ ਚੁੰਮਣਾਂ ਅਤੇ ਜੂਸ ਵਿਚ ਮਿਲੀ ਵਾਈਨ ਨੇ ਸਾਰੀ ਰਾਤ ਮੈਨੂੰ ਮਦਹੋਸ਼ ਕਰੀ ਰੱਖਿਆ ਤੇ ਅੰਤ -ਅਗਲੇ ਦਿਨ ਜਦੋਂ ਮੈਨੂੰ ਹੋਸ਼ ਆਈ ਮੇਰਾ ਸਭ ਕੁਝ ਲੁੱਟ ਚੁੱਕਾ ਸੀ। ਮੈਂ ਬਾਪੂ ਦੀ ਗੁਨਾਹਗਾਰ ਬਣ ਚੁੱਕੀ ਸੀ। ਮੇਰਾ ਰੋਣਾ ਬੰਦ ਨਹੀਂ ਸੀ ਹੋ ਰਿਹਾ। ਰਿਚਰਡ ਪਰੇਸ਼ਾਨ ਹੋ ਕੇ ਬੋਲੀ ਜਾ ਰਿਹਾ ਸੀ, " ਵਟ'ਸ ਅੱਪ ਹਨੀ ?" ਉਸਦੇ ਭਾਣੇ ਕੁਝ ਹੋਇਆ ਹੀ ਨਹੀਂ ਸੀ ਤੇ ਮੇਰੇ ਜੀਵਨ ਰੂਪੀ ਝਨਾਂ ਵਿਚ ਤੂਫ਼ਾਨ ਆ ਚੁੱਕਾ ਸੀ। ਮੈਂ ਸਿਸਕੀਆਂ ਲਈ ਜਾ ਰਹੀ ਸੀ। ਉਸ ਨੇ ਜਲਦੀ ਵਿਆਹ ਕਰਵਾਉਣ ਦਾ ਵਾਅਦਾ ਕਰ ਕੇ ਮੈਨੂੰ ਸਹਿਜ ਕਰ ਦਿੱਤਾ ਸੀ। ਮੈਨੂੰ ਘਰ ਠੀਕ-ਠਾਕ ਵਾਪਸ ਮੁੜੀ ਨੂੰ ਦੇਖ ਕੇ ਮੰਮੀ ਦਾ ਚਿਹਰਾ ਖਿੜ ਉੱਠਿਆ ਸੀ। ਉਹ ਹੌਲੀ-ਹੌਲੀ ਠੀਕ ਵੀ ਹੋਣ ਲੱਗ ਪਈ ਸੀ।
ਹੁਣ ਤਾਂ ਮੇਰਾ ਜੀਵਨ ਪਲੇਟਫ਼ਾਰਮ ਉੱਤੇ ਬੈਠੇ ਮੁਸਾਫ਼ਿਰ ਵਰਗਾ ਹੈ। ਮੇਰੇ ਜੀਵਨ ਵਿਚ ਖ਼ਾਲੀਪਨ ਤੋਂ ਬਿਨਾਂ ਰਹਿ ਵੀ ਕੀ ਗਿਆ? ਮੰਮੀ ਨੂੰ ਮੇਰੀ ਚਿੰਤਾ ਘੁਣ ਵਾਂਗ ਖਾ ਰਹੀ ਹੈ। ਉਹ ਜੀਊਂਦੇ ਜੀਅ ਮੇਰਾ ਘਰ ਵਸਾਉਣਾ ਚਾਹੁੰਦੀ ਹੈ। ਉਹ ਹਰ ਰੋਜ਼ ਦੋ ਵੇਲ਼ੇ ਰੌਬਿਨ ਦੇ ਆਉਣ ਲਈ ਅਰਦਾਸ ਕਰਦੀ ਹੈ। ਰੌਬਿਨ ਵਿਚਾਰਾ ਕਮਲਾ ਹੋਇਆ ਪਿਆ। ਜਦੋਂ ਮੇਰਾ ਉਸ ਨਾਲ ਵਿਆਹ ਹੋਇਆ, ਉਹ ਬੀ ਟੈਕ ਕਰ ਚੁੱਕਾ ਸੀ। ਕਿਸੇ ਪੈਕਜ ਵਾਲੀ ਜੌਬ ਦੀ ਤਲਾਸ਼ ਵਿਚ ਸੀ। ਉਸਦਾ ਆਪਣਾ ਦੇਸ਼ ਉਸ ਨੂੰ ਜੌਬ ਨਹੀਂ ਦੇ ਰਿਹਾ ਤੇ ਮੇਰਾ ਦੇਸ਼ ਵੀਜ਼ਾ। ਉਹ ਆਪਣੇ ਆਪ ਨੂੰ ਮੰਝਧਾਰ ਵਿਚ ਫ਼ਸਿਆ ਮਹਿਸੂਸ ਕਰ ਰਿਹਾ ਹੈ। ਬੱਸ! ਹੁਣ ਤਾਂ ਇਹ ਦੋ ਹੀ ਜੀਅ ਹਨ ਜੋ ਮੇਰੇ ਲਈ ਸਾਹ ਭਰਦੇ ਹਨ, ਬਾਕੀ ਸਭ ਲਈ ਤਾਂ ਮੈਂ ਬੋਝ ਬਣ ਚੁੱਕੀ ਹਾਂ।
ਰਿਚਰਡ ਵੀ ਇਨ੍ਹਾਂ ਵਿਚੋਂ ਹੀ ਹੈ। ਉਸ ਨੇ ਮੇਰੇ ਨਾਲ ਤਿੰਨ ਸਾਲ ਕੱਟੇ, ਵਿਆਹ ਦੇ ਸਬਜ-ਬਾਗ਼ ਦਿਖਾ ਕੇ ਮੈਨੂੰ ਧੋਖਾ ਦਿੱਤਾ। ਜਦੋਂ ਵੀ ਵਿਆਹ ਦੀ ਡੇਟ ਦੀ ਗੱਲ ਕਰਦੀ, ਨਵਾਂ ਬਹਾਨਾ ਘੜ ਹੋਰ ਵਕਤ ਮੰਗ ਲੈਂਦਾ। ਮੇਰੇ ਉੱਤੇ ਦੋ ਪਹਾੜ ਇੱਕਠੇ ਹੀ ਡਿਗੇ ਸਨ। ਮੇਰੇ ਨਾਲ ਦੀ ਚੇਅਰ 'ਤੇ ਕਾਲੀ ਜੈਕੀ ਡੈਟਾ ਐਂਟਰੀ ਚੈੱਕ ਕਰਦੀ ਹੁੰਦੀ ਸੀ। ਉਸਦੀ ਸਮਾਈਲ ਤਾਂ ਸਦਾ ਬਹਾਰ ਸੀ। ਉਸ ਵੀਕੈਂਡ ਤੇ ਰਿਚਰਡ ਨੇ ਮੈਨੂੰ ਯੂਨੀਵਰਸਲ ਹਾਲੀਵੁੱਡ ਸਟੂਡੀਓ ਡੇਟ ਤੇ ਲੈ ਕੇ ਜਾਣਾ ਸੀ। ਵਿਆਹ ਦੀ ਡੇਟ ਵੀ ਫ਼ਾਈਨਲ ਕਰਨੀ ਸੀ। ਜਦੋਂ ਮੈਂ ਆਪਣੀ ਕਾਰ ਪਾਰਕ ਕਰਕੇ ਸੱਜੇ ਪਾਸੇ ਵੱਲ ਖੜ੍ਹੀ ਰਿਚਰਡ ਦੀ ਕਾਰ ਵੱਲ ਧਿਆਨ ਮਾਰਿਆ ਤਾਂ Aਸਦੇ ਨਾਲ ਪੈਸੰਜਰ ਸਾਈਡ ਤੇ ਬੈਠੀ ਜੈਕੀ ਦੇ ਕਾਲੇ ਚਿਹਰੇ ਦੀ ਤਾਬ ਝੱਲੀ ਨਹੀਂ ਸੀ ਜਾ ਰਹੀ। ਉਸਦੀਆਂ ਜਟਾਂ ਸਾਧਾਂ ਦੀਆਂ ਜਟਾਂ ਵਾਂਗ ਬੇ-ਪ੍ਰਵਾਹ ਖਿੱਲਰੀਆਂ ਫਿਰ ਰਹੀਆਂ ਸਨ। ਰਿਚਰਡ ਨੇ ਐਕਸੀਲੇਟਰ ਤੇ ਪੈਰ ਰੱਖ ਕੇ ਰੇਸ ਦਿੱਤੀ ਤੇ ਮੈਂ ਦੇਖਦੀ ਹੀ ਰਹਿ ਗਈ। ਮੇਰੇ ਚਿਹਰੇ 'ਤੇ ਇਕ ਰੰਗ ਆਉਂਦਾ ਤੇ ਦੂਜਾ ਚਲਾ ਜਾਂਦਾ ਰਿਹਾ। ਮੈਂ ਬੁਝੇ ਮਨ ਨਾਲ ਮੰਡੇ ਆਫ਼ਿਸ ਗਈ ਤਾਂ ਮੈਨੂੰ ਦੋ ਫ਼ਾਈਲਾਂ ਵਿਚ ਹੋਈ ਗ਼ਲਤੀ ਕਾਰਨ ਫ਼ਾਇਰ ਕਰ ਦਿੱਤਾ।
ਮੈਂ ਹਾਈਪਰ ਹੋਣ ਲੱਗ ਪਈ ਸੀ। ਮੈਂ ਸਾਰੀ ਰਾਤ ਜਾਗਦੀ ਰਹਿੰਦੀ ਤੇ ਦਿਨੇ ਸੁੱਤੀ ਰਹਿੰਦੀ। ਮੈਨੂੰ ਸਟਰੱੈਸ ਵਿਚ ਆਈ ਦੇਖ ਲਵ ਯੂਨੀਵਰਸਿਟੀ ਤੋਂ ਆ ਗਈ ਅਤੇ ਦੋ ਵੀਕ ਮੇਰੇ ਕੋਲ ਰਹੀ। ਉਹ ਹਰ ਰੋਜ਼ ਮੈਨੂੰ ਕਿਤੇ ਨਾ ਕਿਤੇ ਘੁਮਾਉਣ ਲੈ ਜਾਂਦੀ। ਅਸੀਂ ਇਕ ਦਿਨ ਸਨਫ਼ਰਾਂਸਿਸਕੋ ਗੋਲਡਨ ਗੇਟ ਦੇਖਣ ਚਲ ਗਈਆਂ। ਫਿਰ ਕਰੁੱਕਡ ਸਟਰੀਟ ਵੱਲ ਤੁਰ ਪਈਆਂ। ਆਪਣੇ ਦੇਸ਼ ਵਿਚ ਜਿਵੇਂ ਪਹਾੜਾਂ ਉੱਤੇ ਛੋਟੀਆਂ-ਛੋਟੀਆਂ ਪੌੜੀਆਂ ਬਣਾ ਕੇ ਖੇਤੀ ਕੀਤੀ ਜਾਂਦੀ ਹੈ, ਇਹ ਸਟਰੀਟ ਬਿਲਕੁਲ ਉਸੇ ਤਰਾਂ ਉੱਚੀ-ਨੀਵੀਂ ਹੈ।
"ਜਿੰਦਗ਼ੀ ਵਿਚ ਵੀ ਉਤਰਾਅ -ਚੜ੍ਹਾਅ ਤਾਂ ਆਉਂਦੇ ਹੀ ਰਹਿੰਦੇ ਹਨ। ਇਨ੍ਹਾਂ ਦਾ ਡਟ ਕੇ ਮੁਕਾਬਲਾ ਕਰੀਦਾ। ਰਿਚਰਡ ਵਾਲਾ ਮਾਮਲਾ ਕੋਈ ਬਹੁਤਾ ਭਾਰਾ ਨਹੀਂ। ਮੈਂ ਹੁਣ ਤੱਕ ਚਾਰ ਬੁਆਏ ਫ਼ਰੈਂਡ ਬਦਲ ਚੁੱਕੀ ਹਾਂ। ਅਮਰੀਕਨ ਕਲਚਰ ਵਿਚ ਇਹ ਆਮ ਹੀ ਹੈ। ਬਾਕੀ ਆਹ ਰਿਸੈਸ਼ਨ ਕਰਕੇ ਜੌਬ ਦਾ ਸੰਕਟ ਜ਼ਰੂਰ ਹੈ ਪਰ ਕਿਤੇ ਨਾ ਕਿਤੇ ਮਿਲ ਹੀ ਜਾਵੇਗੀ।" ਲਵ ਕਹਿਣ ਲੱਗੀ-
ਅਸੀਂ ਸ਼ਾਮ ਨੂੰ ਘਰ ਮੁੜ ਆਉਂਦੀਆਂ ਸੀ। ਉਹ ਉਸ ਦਿਨ ਸਟੋਰ ਤੋਂ ਆਉਂਦੇ ਰੰਗ ਬਿਰੰਗੀਆਂ ਵੱਡੀਆਂ -ਵੱਡੀਆਂ ਕੈਂਡਲਜ਼ ਖ੍ਰੀਦ ਲਿਆਈ। ਉਸਨੇ ਕਮਰੇ ਦੇ ਹਰ ਕਾਰਨਰ ਵਿਚ ਕੈਂਡਲ ਸਜਾ ਦਿੱਤੀ। ਸ਼ਾਮ ਪਈ ਤਾਂ ਕੈਂਡਲ ਬਾਲ ਕੇ ਅੱਗੇ ਬੈਠ ਗਈ। ਮੈਨੂੰ ਕਹਿਣ ਲੱਗੀ, 'ਲਾਈਟ ਵੱਲ ਇਕ ਘੰਟਾ ਧਿਆਨ ਨਾਲ ਦੇਖ। ਪਾਜ਼ਿਟਵ ਥਿੰਗਜ਼ ਅਤੇ ਪਾਜ਼ਿਟਵ ਲੋਕਾਂ ਬਾਰੇ ਸੋਚ।' ਅਸੀਂ ਦੋਵਾਂ ਨੇ ਆਪਣੀ-ਆਪਣੀ ਕੈਂਡਲ ਦੀ ਲਾਈਟ ਤੇ ਨਿਗਾਹ ਟਿਕਾ ਲਈ। ਮੇਰੇ ਮਨ ਨੂੰ ਸੱਚਮੁੱਚ ਸਕੂਨ ਆਇਆ। ਮੈਨੂੰ ਸ਼ਾਂਤ ਹੋਈ ਦੇਖ ਕੇ ਉਹ ਖ਼ੁਸ਼ ਹੋ ਗਈ ਅਤੇ ਵਾਪਸ ਯੂਨੀਵਰਸਿਟੀ ਚਲੀ ਗਈ।
ਮੈਨੂੰ ਇਕ ਇਲੈਕਟ੍ਰਾਨਿਕ ਕੰਪਨੀ ਵਿਚ ਮਿਨੀਮਮ ਵੇਜ ਤੇ ਪਾਰਟ ਟਾਈਮ ਓਪਰਟੇਰ ਦੀ ਜੌਬ ਮਿਲ ਗਈ। ਮੈਂ ਟੁੱਟੇ ਮਨ ਨਾਲ ਕੰਮ ਤੇ ਜਾਂਦੀ ਤੇ ਹਾਰੇ ਹੋਏ ਜੁਆਰੀਏ ਵਾਂਗ ਘਰ ਆਉਂਦੀ ਪਰ ਘਰ ਵੀ ਖਾਣ ਨੂੰ ਆਉਂਦਾ। ਮੰਮੀ ਤੇ ਮਾਮਾ ਜੀ ਵਿਆਹ ਲਈ ਜ਼ੋਰ ਪਾ ਰਹੇ ਸਨ। ਅਖੇ! ਇੰਡੀਆ ਤੈਨੂੰ ਘਰ ਤੇ ਵਰ ਦੋਵੇਂ ਵਧੀਆ ਮਿਲ ਜਾਣਗੇ। ਆਪਣੀ ਪਸੰਦ ਦਾ ਚੁਣ ਕੇ ਮੁੰਡਾ ਵਿਆਹ ਲਿਆਵੀਂ ਚਾਹੇ ਡਾਕਟਰ ਅਤੇ ਚਾਹੇ ਇੰਜਨੀਅਰ' ਪਰ ਮੈਂ ਆਪਣੇ ਸਟੈਂਡ ਤੇ ਅਟੱਲ ਸੀ।
ਸਾਈਕੈਟਰਿਕ ਸ਼ਾਇਦ ਠੀਕ ਹੀ ਕਹਿ ਰਿਹਾ ਸੀ-
"ਇਹ ਪਰਸਨੈਲਿਟੀ ਡਿਸਆਰਡਰ ਦਾ ਸ਼ਿਕਾਰ ਹੈ।" ਮੇਰੇ ਮਨ ਵਿਚ ਅਜੇ ਵੀ ਕੋਈ ਅਮੀਰ ਗੋਰਾ ਬੈਠਾ ਹੋਇਆ ਸੀ। ਮੈਂ ਲਵ ਦੇ ਪਿੱਛੇ ਲੱਗ ਕੇ ਰਿਚਰਡ ਨੂੰ ਭੁੱਲ ਗਈ ਸੀ। ਇਕ ਸਾਲ ਤਾਂ ਮੈਂ ਸਭ ਤੋਂ ਸਪੇਸ ਬਣਾ ਕੇ ਰੱਖੀ। ਇਸ ਕੰਪਨੀ ਦਾ ਸੁਪਰਵਾਈਜ਼ਰ ਹੈਰੀ ਮੇਰੇ ਨੇੜੇ ਆਉਂਦਾ ਸੀ ਪਰ ਮੈਂ ਉਸ ਨੂੰ ਇਗਨੋਰ ਕਰਦੀ ਸੀ। ਉਹ ਮੇਰੇ ਲਈ ਕੋਈ ਨਾ ਕੋਈ ਨਵੀਂ ਜੌਬ ਕੱਢੀ ਰੱਖਦਾ। ਇਕ ਦਿਨ ਉਸਨੇ ਮੈਨੂੰ ਇਕ ਡਾਲਰ ਰੇਜ਼ ਦਿੰਦਿਆਂ ਮੈਨੂੰ ਓਪਰੇਟਰ ਤੋਂ ਪ੍ਰਮੋਟ ਕਰਕੇ ਲੀਡ ਬਣਾ ਦਿੱਤਾ। 'ਹੈਰੀ! ਯੂ ਮੇਡ ਮਾਈ ਡੇ' ਮੇਰੇ ਮੂੰਹ ਵਿਚੋਂ ਅਵਾਕ ਹੀ ਨਿੱਕਲ ਗਿਆ। ਉਸ ਨੇ ਮੈਨੂੰ ਲੰਚ ਤੇ ਜਾਣ ਦੀ ਆਫ਼ਰ ਕੀਤੀ। ਮੈਂ ਖੁਸੀ -ਖੁਸ਼ੀ ਉਸ ਨਾਲ ਜਾਣ ਨੂੰ ਤਿਆਰ ਹੋ ਗਈ। ਅਸਲ ਵਿਚ ਉਸ ਦਿਨ ਮੈਂ ਪਰੇਸ਼ਾਨ ਵੀ ਬਹੁਤ ਸੀ। ਸਵੇਰੇ ਮੇਰੀ ਗਗਨ ਨਾਲ ਲੜਾਈ ਹੋਈ ਸੀ। ਫਿਰ ਅਮਨ ਦਾ ਫ਼ੋਨ ਆ ਗਿਆ ਸੀ। ਦੋਵੇਂ ਭੈਣ -ਭਰਾ ਕਿਸੇ ਨਾ ਕਿਸੇ ਮੁੱਦੇ ਤੇ ਮੇਰੇ ਨਾਲ ਖਹਿਬੜਦੇ ਰਹਿੰਦੇ ਸਨ। ਹੈਰੀ ਨਾਲ ਲੰਚ ਕਰਕੇ ਮੈਨੂੰ ਇੰਝ ਲੱਗਾ ਜਿਵੇਂ ਮੈਨੂੰ ਰੱਬ ਹੀ ਮਿਲ ਗਿਆ ਹੋਵੇ।
ਹੈਰੀ ਨੂੰ ਟਰੈਕਿੰਗ ਦਾ ਬਹੁਤ ਸ਼ੌਕ ਸੀ। ਉਹ ਜੰਗਲਾਂ ਵਿਚ...ਪਹਾੜਾਂ 'ਤੇ ਤੁਰਿਆ ਰਹਿੰਦਾ। ਮੈਨੂੰ ਉਸਦੇ ਬਿਨਾਂ ਕੁਝ ਵੀ ਚੰਗਾ ਨਾ ਲੱਗਦਾ। ਮੈਂ ਉਸ ਨਾਲ ਡੇਟਿੰਗ ਕਰਨ ਲੱਗ ਪਈ। ਉਹ ਜੰਗਲ ਵਿਚ ਜਾ ਕੇ ਸ਼ਿਕਾਰ ਨਹੀੰ ਸੀ ਕਰਦਾ। ਇਹ ਸੁਣ ਕੇ ਮੇਰੀ ਕੋ ਵਰਕਰ ਮੈਕਸੀਕਨ ਲੇਡੀ ਖਿੜਖਿੜਾ ਕੇ ਹੱਸੀ ਸੀ ਪਰ ਉਸ ਵਕਤ ਮੈਨੂੰ ਉਸਦੇ ਹੱਸਣ ਦੀ ਸਮਝ ਨਹੀਂ ਸੀ ਆਈ। ਹੈਰੀ , ਰਿਚਰਡ ਨਾਲੋਂ ਥੋੜ੍ਹਾ ਗੰਭੀਰ ਸੁਭਾਅ ਦਾ ਸੀ ਮੈਂ ਵੀ ਇਕ ਦਮ ਉਸਦੀਆਂ ਬਾਹਾਂ ਵਿਚ ਨਹੀਂ ਸੀ ਡਿੱਗੀ ਪਰ ਜਦੋਂ ਡਿੱਗੀ ਤਾਂ ਉਸ ਨੇ ਵੀ ਉੱਠਣ ਜੋਗੀ ਨਹੀਂ ਸੀ ਛੱਡਿਆ ਉਲਟਾ ਉਹ ਮੈਨੂੰ ਹੀ ਛੱਡ ਗਿਆ ਸੀ। ਇਸ ਵਾਰੀ ਮੈਂ ਐਚ ਆਰ( ਹਿਊਮਨ ਰਿਸੋਰਸ) ਕੋਲ ਸੈਕਸੂਅਲ ਹਿਰਾਸਮੈਂਟ ਦੀ ਸ਼ਿਕਾਇਤ ਕਰ ਦਿੱਤੀ ਸੀ ਤੇ ਨਤੀਜੇ ਵਜੋਂ ਅਸੀਂ ਦੋਵੇਂ ਹੀ ਫ਼ਾਇਰ ਹੋ ਗਏ ਸੀ।
ਮੈਂ ਸਾਰਾ ਦਿਨ ਘਰ ਇੱਕਲੀ ਬੈਠੀ ਰਹਿੰਦੀ। ਮੇਰੀ ਹਾਲਤ ਧੋਬੀ ਦੇ ਕੁੱਤੇ ਵਾਲੀ ਹੋ ਗਈ ਸੀ -ਜੋ ਨਾ ਘਰ ਦਾ ਤੇ ਨਾ ਘਾਟ ਦਾ। ਲ਼ਵ ਅਮਰੀਕੀ ਸਿਸਟਮ ਦੀ ਫ਼ੈਨ ਹੋਣ ਕਰਕੇ ਮੈਨੂੰ ਤਸੱਲੀਆਂ ਦਿੰਦੀ ਪਰ ਮੇਰਾ ਵਿਸ਼ਵਾਸ ਸ਼ੀਸ਼ੇ ਵਾਂਗ ਤਿੜਕ ਚੁੱਕਾ ਸੀ। ਉਸਦੀ ਕਿਸੇ ਗੱਲ ਦਾ ਮੇਰੇ ਤੇ ਅਸਰ ਨਾ ਹੁੰਦਾ। ਮੈਂ ਪੱਥਰ ਬਣ ਗਈ ਸੀ। ਮਾਮਾ ਜੀ ਨਾਲ ਗੱਲ ਕਰਨੋਂ ਵੀ ਨਾਂਹ ਕਰਨ ਲੱਗ ਪਈ ਸੀ। ਮੇਰੇ ਸਰੀਰ ਵਿਚ ਤਬਦੀਲੀ ਆਉਣੀ ਸ਼ੁਰੂ ਹੋ ਗਈ ਸੀ। ਚਿਹਰੇ 'ਤੇ ਪਿਲੱਤਣ ਫਿਰ ਗਈ ਸੀ। ਮੈਂ ਸੁੱਤੀ-ਜਾਗਦੀ ਸੋਚਾਂ ਵਿਚ ਡੁੱਬੀ ਰਹਿੰਦੀ ਸੀ। ਬਾਪੂ ਜੀ ਦਾ ਚਿਹਰਾ ਮੇਰੀਆਂ ਅੱਖਾਂ ਅੱਗੇ ਘੁੰਮਦਾ ਰਹਿੰਦਾ ਸੀ। ਉਨ੍ਹਾਂ ਦੀ ਪੱਗ ਦਾ ਦਾਗ਼ ਮੇਰੀਆਂ ਅੱਖਾਂ ਨੂੰ ਚੁੰਧਿਆ ਜਾਂਦਾ ਸੀ। ਮੈਨੂੰ ਸਤਲੁਜ ਸ਼ੂਕਦਾ ਨਜ਼ਰ ਆਉਂਦਾ ਸੀ। ਸਮੁੰਦਰ ਤੇ ਦਰਿਆ ਇਕ ਦੂਜੇ ਤੋਂ ਅੱਡ ਹੋ ਰਹੇ ਸਨ।
ਮੈਂ ਬਹੁਤ ਸੁਹਣੀ ਸੀ, ਸੱਚਮੁਚ ਸੁਹਣੀ। ਮੈਨੂੰ ਆਪਣਾ ਪੱਟ ਚੀਰ ਕੇ ਮਾਸ ਖਿਲਾਉਣ ਦੀ ਥਾਂ ਮੁਰਗੇ ਦੇ ਪੱਟ ਦਾ ਮਾਸ ਖਿਲਾਉਣ ਵਾਲੇ ਦੋ ਮਹੀਂਵਾਲ ਧੋਖਾ ਦੇ ਗਏ ਸੀ। ਕੀ ਮੈਂ ਸੁਹਣੀ ਨਹੀਂ ਸੀ? ਇਕ ਖ਼ੂਬਸੂਰਤ ਕੁੜੀ ਨਾਲ ਦੋ ਵਾਰੀ ਧੋਖਾ? ਮੈਨੂੰ ਰਿਚਰਡ ਅਤੇ ਹੈਰੀ ਚੇਤੇ ਆਉਂਦੇ ਤਾਂ ਮੇਰਾ ਅੰਗ-ਅੰਗ ਖਿੱਲਰ ਜਾਂਦਾ। ਮੈਂ ਜੋੜਨ ਦੀ ਕੋਸ਼ਿਸ਼ ਕਰਦੀ ਪਰ ਟੁਕੜੇ ਵੀ ਕਦੀ ਮੁੜ ਕੇ ਜੁੜਦੇ ਨੇ? ਇਸ ਦੁਨੀਆਂ 'ਤੇ ਟੁੱਟੇ ਰਿਸ਼ਤੇ ਜੋੜਨੇ ਮੁਸ਼ਕਿਲ ਹਨ ਤੇ ਮੇਰੇ ਤਾਂ ਫਿਰ ਵੀ ਅੰਗ ਸਨ, ਇਹ ਕਿਵੇਂ ਜੁੜ ਸਕਦੇ ਸਨ?
ਮੈਂ ਦਰਵਾਜ਼ਾ ਖੋਲ੍ਹ ਕੇ ਜ਼ੋਰ ਨਾਲ ਬੰਦ ਕਰਦੀ। ਮੰਮੀ ਤ੍ਰਬਕ ਜਾਂਦੀ। ਮੇਰੇ ਵਿਚ ਸੱਤਾਂ ਝੋਟਿਆਂ ਜਿੰਨਾ ਜ਼ੋਰ ਪਤਾ ਨਹੀਂ ਕਿੱਥੋਂ ਆ ਜਾਂਦਾ ਤੇ ਕਦੀ ਕੁੰਡੀ ਲਾ ਕੇ ਬੈੱਡ ਤੇ ਨਿਢਾਲ ਪੈ ਜਾਂਦੀ। ਮੰਮੀ ਅਵਾਜ਼ਾਂ ਮਾਰਦੀ, ਮੈਂ ਬਾਹਰ ਨਾ ਨਿੱਕਲਦੀ। ਜੇ ਨਿੱਕਲਦੀ ਵੀ ਤਾਂ ਡਰੈਸਿੰਗ ਟੇਬਲ ਮੂਹਰੇ ਖੜ੍ਹ ਕੇ ਆਪਣੇ ਲਿਪਸ ਦੇਖਣ ਲੱਗ ਜਾਂਦੀ। ਸਾਰਾ ਦਿਨ ਸ਼ੀਸ਼ੇ ਮੂਹਰੇ ਖੜ੍ਹੀ ਰਹਿੰਦੀ। ਮੰਮੀ ਟੋਕਦੀ ਸੀ ਪਰ ਮੈਂ ਕਿਹੜਾ ਉਸ ਤੋਂ ਡਰਦੀ ਸੀ। ਰਿਚਰਡ ਕਹਿੰਦਾ ਸੀ, ਤੇਰੇ ਲਿਪਸ ਬਹੁਤ ਸੁਹਣੇ ਆਂ।" ਮੈਂ ਗਹੁ ਨਾਲ ਦੇਖਦੀ ਕਿ ਹੁਣ ਇਨ੍ਹਾਂ ਵਿਚ ਕੀ ਨੁਕਸ ਪੈ ਗਿਆ?
ਮੈਂ ਕਦੀ ਰੂਮ ਦੇ ਅੰਦਰ ਵੜ ਜਾਂਦੀ ਤੇ ਕਦੀ ਬਾਹਰ ਨਿਕਲ ਆਉਂਦੀ । ਮੇਰੇ ਮਨ ਨੂੰ ਕਿਤੇ ਵੀ ਟਿਕਾਅ ਨਹੀਂ ਸੀ। ਇਕ ਕਮਰੇ ਤੋਂ ਦੂਜੇ ਕਮਰੇ ਵਿਚ ਕੈਟ ਵਾਕ ਕਰਦੀ ਰਹਿੰਦੀ। ਦਿਨ ਵੇਲ਼ੇ ਚਾਦਰ ਤਾਣ ਕੇ ਪੈ ਜਾਂਦੀ। ਸਾਰੀ ਰਾਤ ਕੰਪਿਊਟਰ ਅੱਗੇ ਬੈਠੀ ਰਹਿੰਦੀ। ਕੰਪਿਊਟਰ ਤੇ ਮੈਂ ਕੀ ਕਰਦੀ ਸੀ, ਇਹ ਹੁਣ ਯਾਦ ਨਹੀਂ ਹੈ। ਜਦੋਂ ਅੱਧੀ ਰਾਤ ਤੋਂ ਬਾਅਦ ਮੰਮੀ ਦੀ ਅੱਖ ਖੁੱਲ੍ਹਦੀ, ਉਹ ਮੇਰੇ ਵਾਲਾਂ ਵਿਚ ਹੱਥ ਫੇਰਦੀ, ਮੈਨੂੰ ਚੁੰਮਦੀ।
" ਪੁੱਤ! ਹੁਣ ਸੌਂ ਵੀ ਜਾਹ। ਦੇਖ ਕੀ ਟਾਈਮ ਹੋ ਗਿਆ? ਕਿਵੇਂ ਅੱਖਾਂ ਅੱਡ ਕੇ ਬੈਠੀ ਆਂ।"
"ਮੰਮੀ ਤੈਨੂੰ ਕੀ?" ਮੈਂ ਉੱਖੜੀ ਕੁਹਾੜੀ ਵਾਂਗ ਮਾਂ ਨੂੰ ਪੈ ਜਾਂਦੀ।
ਮੈਂ ਕਾਰ ਚੁੱਕ ਕੇ ਸੈਵਨ ਇਲੈਵਨ ਤੋਂ ਕਾਫ਼ੀ ਲੈਣ ਤੁਰ ਪੈਂਦੀ। ਮੰਮੀ ਸਹਿਮ ਜਾਂਦੀ। ਉਹ ਬੈਠੀ ਉਡੀਕਦੀ ਰਹਿੰਦੀ। ਮੈਂ ਵਾਪਸ ਆਉਂਦੀ ਤਾਂ ਉਹ ਘੜੀ ਅੱਖ ਲਾ ਲੈਂਦੀ। ਮੰਮੀ ਦੇ ਭਾਗਾਂ ਵਿਚ ਅਰਾਮ ਕਿੱਥੇ? ਉਹ ਦਿਨੇ ਜੌਬ ਤੇ ਜਾਂਦੀ ਤੇ ਸਾਰੀ ਰਾਤ ਉਹਦੀ ਸੁਤਾ ਮੇਰੇ ਵਿਚ ਰਹਿੰਦੀ। ਉਹ ਮੈਨੂੰ ਉੱਠ ਉੱਠ ਕੇ ਚੈੱਕ ਕਰਦੀ ਰਹਿੰਦੀ ਸੀ। ਮੈਂ ਸੜ-ਭੁੱਜ ਕੇ ਉਸ ਨੂੰ ਬੁਰਾ ਭਲਾ ਬੋਲਣ ਲੱਗ ਜਾਂਦੀ। ਉਹ ਡਰ ਕੇ ਮੁੜ ਬੈੱਡ ਤੇ ਪੈ ਜਾਂਦੀ।
ਇਕ ਵਾਰੀ ਮੈਨੂੰ ਰਿਚਰਡ ਮਲਟੀ-ਫ਼ੇਸਜ ਮਿਊਜੀਅਮ ਲੈ ਕੇ ਗਿਆ। ਉਸ ਮਿਊਜੀਅਮ ਵਿਚ ਵੱਖ-ਵੱਖ ਚਿਹਰਿਆਂ ਨਾਲ ਕੰਧਾਂ ਭਰੀਆਂ ਪਈਆਂ ਸਨ। ਇਕ ਹਾਲ ਵਿਚ ਕੁਕਰਮ ਗ੍ਰਸਤ ਔਰਤਾਂ ਅਤੇ ਬੱਚਿਆਂ ਦੇ ਚਿਹਰੇ ਸਨ। ਅੱਖਾਂ ਵਿਚ ਅੱਥਰੂ ਸਨ। ਇਹ ਚਿਹਰੇ ਡਰੇ, ਸਹਿਮੇ ਅਤੇ ਮੁਰਝਾਏ ਹੋਏ ਸਨ। ਸਾਹਮਣੇ ਦੀਵਾਰ 'ਤੇ ਵੀਡੀਓ ਸਕਰੀਨ ਲੱਗੀ ਹੋਈ ਸੀ। ਕੈਮਰਾ ਕਿਸੇ ਇਕ ਭੈਅਭੀਤ ਚਿਹਰੇ ਨੂੰ ਸਕਰੀਨ ਤੇ ਡਿਸਪਲੇ ਕਰ ਰਿਹਾ ਸੀ। ਇਕ ਤੋਂ ਬਾਅਦ ਇਕ ਇਹ ਚਿਹਰੇ ਦੇਖਦੀ ਮੈਂ ਦਹਿਸ਼ਤਜਾ ਹੋ ਗਈ ਸੀ। ਮੈਂ ਡਰ ਕੇ ਆਪਣਾ ਮੂੰਹ ਰਿਚਰਡ ਦੀ ਛਾਤੀ ਵਿਚ ਦੇ ਦਿੱਤਾ ਸੀ।
ਮੈਂ ਜਦੋਂ ਵੀ ਕੰਪਿਊਟਰ ਖੋਲ੍ਹਦੀ, ਉਹ ਕੰਬਦੇ ਬੁਲ੍ਹ, ਪਿਚਕੀਆਂ ਗੱਲਾਂ ਅਤੇ ਸਹਿਮੇ ਚਿਹਰੇ ਸਕਰੀਨ ਤੇ ਦਿਸਣ ਲੱਗਦੇ। ਹਰ ਚਿਹਰੇ ਤੇ ਗੈਵੀ ਦਾ ਚਿਹਰਾ ਲੱਗ ਜਾਂਦਾ। ਮੇਰੇ ਵਾਲ਼ ਮੂੰਹ ਤੇ ਡਿੱਗੇ ਹੁੰਦੇ। ਅੱਖਾਂ ਵਿਚ ਅੱਥਰੂ ਅਤੇ ਚਿਹਰੇ ਤੇ ਦਹਿਸ਼ਤ ਹੁੰਦੀ। ਨੱਕ ਵਿਚੋਂ ਪਾਣੀ ਵਗਦਾ । ਮੈਨੂੰ ਮੂੰਹ ਲੁਕਾਉਣ ਲਈ ਕੋਈ ਛਾਤੀ ਨਾ ਲੱਭਦੀ। ਮੈਂ ਖੇਡਣ ਲੱਗ ਜਾਂਦੀ। ਡੌਰ-ਭੌਰ ਆਸੇ-ਪਾਸੇ ਧੌਣ ਘੁਮਾਈ ਜਾਂਦੀ। ਹੱਸਣਾ ਸ਼ੁਰੂ ਕਰਦੀ ਤਾਂ ਹੱਸੀ ਜਾਂਦੀ। ਰੋਣ ਲੱਗਦੀ ਤਾਂ ਰੋਈ ਜਾਂਦੀ। ਮੰਮੀ ਮੈਨੂੰ ਓਪਰੀ ਕਸਰ ਸਮਝ ਡਰ ਜਾਂਦੀ।"
ਕਿਸੇ ਗੁਰੂ ਪੀਰ ਦੀ ਰੁੰਨ -ਪੀੜ ਆ। ਬਾਪੂ ਜੀ ਨੂੰ ਕਹਿ ਕੇ ਇਲਾਜ ਕਰਵਾਉਂਦੀ ਆਂ।"
ਮੈਂ ਠੀਕ ਨਾ ਹੋਈ। ਮੇਰਾ ਮਰਜ਼ ਹੋਰ ਵੱਧ ਗਿਆ ਸੀ। ਮਾਮਾ ਜੀ ਮੈਨੂੰ ਹਸਪਤਾਲ ਲੈ ਗਏ ਸਨ। ਮੇਰੀ ਹਾਲਤ ਵਿਚ ਕੋਈ ਸੁਧਾਰ ਨਹੀਂ ਹੋਇਆ। ਮੰਮੀ ਹੁਣ ਦੱਸਦੀ ਹੁੰਦੀ ਆ-' ਤੂੰ ਭਾਂਡੇ ਭੰਨ ਦੇਣੇ। ਪਾਣੀ ਦਾ ਪਿੱਚਰ ਭਰ ਡੋਲੀ ਜਾਣਾ। ਕੱਪੜੇ ਲੌਂਡਰੀ ਵਿਚ ਪਾ ਕੇ ਬਿਨਾਂ ਲੌਂਡਰੀ ਕੀਤੇ ਕੱਢ ਲੈਣੇ। ਮੈਨੂੰ ਤੇ ਅਮਨ ਨੂੰ ਘੂਰੀ ਜਾਣਾ। ਪਵਨ ਤੇ ਗਗਨ ਨੂੰ ਬੰਦਿਆਂ ਵਾਲ਼ੀਆਂ ਗਾਲ਼ਾਂ ਕੱਢਦੇ ਰਹਿਣਾ।
ਅਮਨ ਤਾਂ ਇਹ ਵੀ ਦੱਸਦੀ ਹੈ-
" ਦੀਦੀ! ਤੂੰ ਬੁਹਤ ਊਟ-ਪਟਾਂਗ ਬੋਲਦੀ ਸੀ। ਤੇਰੀ ਬੋਲੀ ਦੀ ਕਿਸੇ ਨੂੰ ਸਮਝ ਹੀ ਨਹੀਂ ਸੀ ਆਉਂਦੀ। ਤੂੰ ਕੋਈ ਨਵੀਂ ਭਾਸ਼ਾ ਈਜ਼ਾਦ ਕਰ ਲਈ ਸੀ। ਜਿਹੜਾ ਤੈਨੂੰ ਬੋਲਣ ਤੋਂ ਰੋਕਦਾ, ਤੂੰ ਉਸ ਨੂੰ ਦਹਾੜ ਕੇ ਪੈਂਦੀ ਸੀ। ਤੂੰ ਬਿਨਾਂ ਬਰੇਕ ਤੋਂ ਬੋਲੀ ਜਾਂਦੀ ਸੀ।"ਮੈਂ ਭਲਾ ਬੋਲਦੀ ਵੀ ਕਿਉਂ ਨਾ ਇਸ ਦੇਸ਼ ਦੀ ਜਨਤਾ ਬੋਲਦੀ ਨਹੀਂ ਪਰ ਬਿਨਾਂ ਬਰੇਕੋਂ ਭੱਜੀ ਫਿਰਦੀ ਹੈ। ਸਵੇਰੇ ਸੁੱਤੇ ਉੱਠਦੇ ਹਨ। ਪੇਸਟ ਕਰਕੇ ਚਾਹ ਜਾਂ ਕੌਫ਼ੀ ਦਾ ਮੱਘ ਕਾਰ ਵਿਚ ਰੱਖ ਕੇ ਤੁਰ ਪੈਂਦੇ ਹਨ। ਇਕ ਮਫ਼ਿਨ ਜਾਂ ਸੀਰੀਅਲ ਖਾ ਕੇ ਕੰਮ ਵਿਚ ਰੁੱਝ ਜਾਂਦੇ ਹਨ। ਸ਼ਾਮ ਤੱਕ ਚੱਲ ਸੋ ਚੱਲ ਹੀ ਹੁੰਦੀ ਹੈ। ਸ਼ਾਮ ਤੱਕ ਘਰ ਪੁੱਜਦੇ ਸਰੀਰ ਵਿਚੋਂ ਸਾਹ ਸਤ ਮੁੱਕ ਜਾਂਦਾ ਹੈ ਤਾਂ ਪੇਪਰ ਦੀਆਂ ਪਲੇਟਾਂ ਤੇ ਫ਼ਾਸਟ ਫ਼ੂਡ ਰੱਖ ਕੇ ਖਾ ਲੈਂਦੇ ਹਨ । ਬੱਸ , ਫਿਰ ਕੀ ਬੈੱਡ ਤੇ ਡਿਗ ਪੈਂਦੇ ਹਨ।
ਮੈਨੂੰ ਨਫ਼ਰਤ ਤਾਂ ਰਿਚਰਡ ਜਾਂ ਹੈਰੀ ਨਾਲ ਹੈ। ਉਹ ਮੇਰਾ ਬੌਸ ਜੁ ਸੀ ਪਰ ਮੈਨੂੰ ਨੀਲੀਆਂ ਅੱਖਾਂ ਵਾਲਾ ਹਰ ਉਹ ਅਧਿਕਾਰੀ ਜ਼ਹਿਰ ਦਿਖਾਈ ਦਿੰਦਾ ਹੈ। ਦੇਸ਼ ਨੂੰ ਚਲਾਉਣ ਵਾਲਾ ਰਿਮੋਟ ਉਨ੍ਹਾਂ ਦੇ ਹੱਥ ਜੋ ਹੈ। ਜਿਵੇਂ ਅਸੀਂ ਬੰਦੇ ਨਾ ਹੋਈਏ ਰੋਬਾਟ ਹੋਈਏ। ਸਭ ਪਾਸੇ ਇਕ ਦੌੜ ਲੱਗੀ ਹੋਈ ਹੈ-ਮੈਂ ਵੀ ਇਸ ਦੌੜ ਵਿਚ ਸ਼ਾਮਿਲ ਹੋ ਜਾਂਦੀ ਹਾਂ। ਸਾਹ ਚੜ੍ਹ ਜਾਂਦਾ ਹੈ। ਮੈਂ ਹਫ਼ ਜਾਂਦੀ ਹਾਂ -ਤੇ ਢਹਿ ਪੈਂਦੀ ਹਾਂ।
ਮੈਂ ਸਿਰਾਹਣੇ ਵਿਚ ਮੂੰਹ ਦੇ ਕੇ ਪਈ ਹੁੰਦੀ । ਫੋਨ ਦੀ ਘੰਟੀ ਵੱਜਦੀ। ਮੈਂ ਹੈਲੋ ਕਹਿੰਦੀ। ਕਿਸੇ ਮਰਦ ਦੀ ਅਵਾਜ਼ ਹੁੰਦੀ-
" ਸ਼ਟ ਅਪ! ਆਈ ਡੋਂਟ ਲਾਈਕ ਮੈੱਨ! ਆਲ ਆਰ ਡਿਸਕਸਟਿੰਗ ।"
ਜੇਕਰ ਅੱਗਿਓਂ ਕੋਈ ਬੋਲਣ ਦੀ ਕੋਸ਼ਿਸ਼ ਕਰਦਾ ਮੈਂ ਮੁੜ ਦਹਾੜ ਪੈਂਦੀ-
" ਨਾਨ-ਸੈਂਸ ਡੂ ਯੂ ਨੋ ਵਟ ਆਈ ਮੀਨ! ਡੋਂ ਟ ਡੇਅਰ ਟੂ ਕਾਲ ਮੀ ਸਨ ਆਫ਼ ਬਿਚ!" ਮੈਂ ਫੋਨ ਬੰਦ ਕਰ ਦਿੰਦੀ ਪਰ ਕਿੰਨੀ ਦੇਰ ਫ਼ੋਨ ਕਰਨ ਵਾਲੇ ਨੂੰ ਉੱਚੀ-ਉੱਚੀ ਗਾਲ੍ਹਾਂ ਕੱਢਦੀ ਰਹਿੰਦੀ।
" ਪੁੱਤ ਵਿੰਦਰ! ਕਿਉਂ ਕਮਲ ਕੁੱਟੀ ਜਾਂਦੀ ਆਂ, ਤੇਰੇ ਫ਼ੋਨ ਦੀ ਤਾਂ ਬੈਟਰੀ ਮੁੱਕੀ ਹੋਈ ਆ। ਤੈਨੂੰ ਕਿਸ ਨਿਕਰਮੇ ਨੇ ਫ਼ੋਨ ਕਰਨਾ?" ਮੰਮੀ ਆਪਣਾ ਢਿੱਡ ਘੁੱਟਦੀ ਪੱਲੇ ਨਾਲ ਅੱਖਾਂ ਪੂੰਝਦੀ ਕਹਿੰਦੀ, " ਕਿਤੇ ਮੇਰੀ ਧੀ ਆਪਣੇ ਘਰ ਵਸਦੀ ਹੁੰਦੀ।"
ਮੰਮੀ ਝੂਠ ਬੋਲ ਰਹੀ ਹੁੰਦੀ। ਮੈਨੂੰ ਤਾਂ ਦਿਨੇ-ਰਾਤ ਮੁੰਡਿਆਂ ਦੇ ਫ਼ੋਨ ਆ ਰਹੇ ਸਨ। ਉਹ ਵੀ ਗੋਰਿਆਂ ਤੇ ਕਾਲਿਆਂ ਦੇ। ਕਾਲਿਆਂ ਦੇ ਤਾਂ ਮੈਂ ਰਿਸੀਵ ਹੀ ਨਹੀਂ ਸੀ ਕਰਦੀ। ਮੰਮੀ ਕਹੀ ਜਾਂਦੀ ਸੀ ਕਿ ਤੂੰ ਐਕਟਿੰਗ ਕਰਦੀ ਹੈਂ। ਮੈਂ ਭਲਾ ਐਕਟਿੰਗ ਕਿਉਂ ਕਰਨੀ ਸੀ? ਮੈਨੂੰ ਲੱਗਦਾ ਸੀ ਮੰਮੀ ਮੇਰੇ ਫ਼ੋਨਾਂ ਤੋਂ ਜੈਲਸ ਕਰਦੀ ਸੀ। ਮੇਰਾ ਰੂਪ ਦੇਖ ਕੇ ਤਾਂ ਰਾਹੀ ਤੁਰਨਾ ਭੁੱਲ ਜਾਂਦੇ ਸੀ।
ਮੈਂ ਜਿਸ ਦਿਨ ਇੰਟਰਸੈਕਸ਼ਨ ਵਿਚ ਸੀਨ ਕਰੀਏਟ ਕੀਤਾ ਸੀ, ਇਹ ਮਾਵਾਂ ਧੀਆਂ ਤਾਂ ਉਸ ਨੂੰ ਐਕਟਿੰਗ ਹੀ ਦੱਸਦੀਆਂ ਹੋਣਗੀਆਂ। ਉਹ ਸਭ ਕੁਝ ਕਿਉਂ ਤੇ ਕਿਵੇਂ ਵਾਪਰਿਆ ? ਮੈਨੂੰ ਕੋਈ ਇਲਮ ਨਹੀਂ। ਮੈਨੂੰ ਤਾਂ ਬੱਸ ਇਹੋ ਯਾਦ ਹੈ ਕਿ ਮੈਂ ਰੋਡ ਤੇ ਚੌਫ਼ਾਲ ਪੈ ਗਈ ਸੀ। ਮੇਰੇ ਵਾਲ਼ ਖੁੱਲ੍ਹੇ ਹੋਏ ਸੀ। ਮੈਂ ਸਿਰ ਸੜਕ ਤੇ ਮਾਰ ਰਹੀ ਸੀ। ਕੋਈ ਮੇਰੇ ਕੱਪੜੇ ਲਾਹ ਰਿਹਾ ਸੀ। ਇਹ ਉਹੀ ਮੁੰਡੇ ਸਨ, ਜੋ ਮੈਨੂੰ ਫ਼ੋਨ ਕਰਦੇ ਸਨ। ਮੇਰੀ ਮੰਮੀ ਰੋ ਰਹੀ ਸੀ। ਹੱਥ ਜੋੜ ਰਹੀ ਸੀ। ਇਸ ਤੋਂ ਵੱਧ ਮੈਨੂੰ ਕੁਝ ਵੀ ਪਤਾ ਨਹੀਂ ਹੈ। ਕਦੋਂ ਐਂਬੂਲੈਂਸ ਆਈ? ਕਦੋਂ ਮੈਨੂੰ ਚੁੱਕ ਕੇ ਲੈ ਗਏ? ਕੁਝ ਵੀ ਯਾਦ ਨਹੀਂ।
ਹਾਂ! ਇਹ ਜ਼ਰੂਰ ਯਾਦ ਆ ਬੱਈ ਅੱਠ-ਨੌਂ ਮਹੀਨੇ ਮੈਂ ਹੌਸਪੀਟਲ ਰਹੀ ਹਾਂ । ਪਹਿਲੇ ਤਿੰਨ ਮਹੀਨਿਆਂ ਦੀ ਮੈਨੂੰ ਭੋਰਾ ਖ਼ਬਰ ਨਹੀਂ , ਇੰਨੇ ਮਹੀਨੇ ਤਾਂ ਮੈਨੂੰ ਹੋਸ਼ ਵਿਚ ਆਉਣ ਨੂੰ ਹੀ ਲੱਗ ਗਏ। ਅਗਲੇ ਤਿੰਨ ਮਹੀਨਿਆਂ ਦੌਰਾਨ ਮੈਨੂੰ ਮੇਰਾ ਕੋਈ ਵੀ ਫ਼ੈਮਿਲੀ ਮੈਂਬਰ ਜਾਂ ਕਲੋਜ਼ ਫ਼ਰੈਂਡ ਮਿਲਣ ਨਹੀਂ ਸੀ ਆ ਸਕਦਾ। ਡਾਕਟਰਾਂ ਨੇ ਮਨ੍ਹਾ ਕੀਤਾ ਹੋਇਆ ਸੀ।
ਹੁਣ ਮੈਂ ਥੋੜ੍ਹੀ ਠੀਕ ਹੋ ਰਹੀ ਸੀ ਪਰ ਮੈਨੂੰ ਆਪਣੀ ਬਿਮਾਰੀ ਦੀ ਸਮਝ ਨਹੀਂ ਸੀ ਲੱਗ ਰਹੀ। ਡਾਕਟਰ ਵੀ ਕੁਝ ਨਹੀਂ ਦੱਸ ਰਹੇ ਸੀ। ਮੈਂ ਇਕ ਦਿਨ ਹੰਗਾਮਾ ਕਰ ਦਿੱਤਾ ਤਾਂ ਫਿਰ ਸਿੱਧੇ ਹੋ ਕੇ ਬੋਲੇ, " ਮਿਸ ਵਿਰਦੀ! ਤੇਰੀ ਬਾਡੀ ਦੇ ਫਲਿਊਟਜ਼ ਦਾ ਬੈਲੇਂਸ ਨਹੀਂ ਰਿਹਾ। ਕੈਮੀਕਲ ਅੱਪ ਹੋ ਗਏ ਹਨ। ਇਨ੍ਹਾਂ ਨੂੰ ਡਾਊਨ ਕਰਨ ਲਈ ਟਰੀਟਮੈਂਟ ਕਰ ਰਹੇ ਹਾਂ।"
ਮੈਂ ਥੋੜ੍ਹੀ ਸੁਰਤ ਸੰਭਲਣ ਲੱਗ ਪਈ ਸਾਂ। ਮੈਨੂੰ ਲੌਕਰ ਵਿਚ ਰੱਖਿਆ ਹੋਇਆ ਸੀ। ਸਿਰਫ਼ ਫੂਡ ਖਿਲਾਉਣ ਵੇਲੇ ਹੀ ਲੌਕ ਖੋਲ੍ਹਦੇ ਸਨ।
ਮੇਰਾ ਕਈ ਵਾਰੀ ਕਿਸੇ ਆਪਣੇ ਨੂੰ ਮਿਲਣ ਨੂੰ ਦਿਲ ਕਰਦਾ। ਡਾਕਟਰ ਨਾਂਹ ਵਿਚ ਸਿਰ ਮਾਰ ਦਿੰਦੇ। ਮੇਰੀ ਮੰਮੀ ਮਹੀਨੇ ਬਾਅਦ ਜ਼ਰੂਰ ਸ਼ੀਸ਼ੇ ਦੇ ਪਿੱਛੇ ਖੜ੍ਹੀ ਹੁੰਦੀ ਪਰ ਉਹ ਮੇਰੀ ਮੰਮੀ ਨਹੀਂ ਕੋਈ ਹੋਰ ਬੁੱਢੀ ਲੱਗਦੀ ਸੀ, ਲਿੱਸੀ, ਸਹਿਮੀ-ਸਹਿਮੀ ਅਤੇ ਫ਼ਿਕਰਾਂ ਵਿਚ ਡੁੱਬੀ ਹੋਈ। ਮੈਂ ਉਸ ਨੂੰ ਇਗਨੋਰ ਕਰਦੀ। ਫਿਰ ਉਹ ਹਰ ਹਫ਼ਤੇ ਆਉਣ ਲੱਗ ਪਈ। ਮੈਨੂੰ ਮਾੜੀ ਜਿਹੀ ਪਛਾਣ ਆਉਣ ਲੱਗੀ। ਉਹ ਮੇਰੀ ਮਾਂ ਸੀ। ਬੱਚਿਆਂ ਲਈ ਜਿਊਣ ਤੇ ਕੁਰਬਾਨ ਹੋਣ ਵਾਲੀ ਮਾਂ। ਉਸਦੀਆਂ ਅੱਖਾਂ ਵਿਚ ਅੱਥਰੂ ਸਨ , ਫਿਰ ਵੀ ਮੈਂ ਉਸ ਵੱਲ ਪਿੱਠ ਕਰ ਲਈ ਸੀ। ਮੇਰਾ ਮਨ ਉਚਾਟ ਹੋਣ ਲੱਗਾ। ਡਾਕਟਰਾਂ ਨੇ ਮੈਨੂੰ ਕੰਪਿਊਟਰ ਤੇ ਬਿਠਾ ਦਿੱਤਾ। ਮੈਨੂੰ ਫ਼ੈਮਿਲੀ ਅਤੇ ਕਲੋਜ਼ ਫ਼ਰੈਡਜ਼ ਦੇ ਸਕੈਚ ਬਣਾਉਣ ਲਈ ਕਿਹਾ ਗਿਆ। ਮੈਂ ਬਾਪੂ ਜੀ, ਪਵੇਲ ਤੇ ਜਗਦੀਪ ਸਰ ਅਤੇ ਫ਼ੈਮਲੀ ਮੈਂਬਰਾਂ ਦੇ ਸਕੈੱਚ ਬਣਾ ਦਿੱਤੇ। ਫਿਰ ਮੇਰੇ ਤੋਂ ਕਿਸੇ ਨੂੰ ਮਿਲਣ ਬਾਰੇ ਚੁਆਇਸ ਪੁੱਛੀ ਗਈ। ਮੈਂ ਸੰਤੋਖ ਮਾਮਾ ਜੀ ਦਾ ਸਕੈੱਚ ਬਣਾ ਕੇ ਬਾਕਸ ਕਲਿੱਕ ਕਰ ਦਿੱਤਾ।
ਮੈਨੂੰ ਬਾਪੂ ਜੀ ਤੇ ਮਾਮਾ ਜੀ ਇਕੋ ਜਿਹੇ ਲੱਗਦੇ ਹਨ। ਮੇਰਾ ਦਰਦ ਸਮਝਣ ਵਾਲੇ। ਮਾਮਾ ਜੀ ਮਿਲਣ ਆਏ ਸੀ। ਮੈਂ ਰੱਜ ਕੇ ਗੱਲਾਂ ਕਰਨੀਆਂ ਚਾਹੁੰਦੀ ਸੀ ਪਰ ਸਾਡੀ ਮੀਟਿੰਗ ਸਿਰਫ਼ 5-7 ਮਿੰਟ ਦੀ ਸੀ। ਦੋ ਵੀਕ ਬਾਅਦ ਮਾਮਾ ਜੀ ਤੇ ਅਮਨ ਆਏ ਸਨ। ਮੈਨੂੰ ਉਨ੍ਹਾਂ ਨਾਲ ਤਿੰਨ ਘੰਟੇ ਲਈ ਪਾਰਕ ਜਾਣ ਦਿੱਤਾ ਗਿਆ। ਫਿਰ ਮੈਨੂੰ ਘਰ ਫ਼ੋਨ ਕਰਨ ਦੀ ਇਜਾਜ਼ਤ ਮਿਲ ਗਈ। ਹਰ ਵੀਕ ਮੰਮੀ ਕਦੀ ਅਮਨ ਤੇ ਕਦੀ ਗਗਨ ਨੂੰ ਲੈ ਕੇ ਆ ਜਾਂਦੇ ਸੀ। ਸਾਡੇ ਹੌਸਪੀਟਲ ਦੇ ਕੰਪਲੈਕਸ ਅੰਦਰ ਪਾਰਕ ਸੀ। ਮੇਰੇ ਲਈ ਪਾਰਕ ਵਿਚ ਘੁੰਮਣ ਦਾ ਸਮਾਂ ਤਿੰਨ ਘੰਟੇ ਨਿਸ਼ਚਤ ਕੀਤਾ ਗਿਆ ਸੀ। ਪਵਨ ਤੇ ਉਸ ਦੀ ਵਾਈਫ਼ ਵੀ ਗੇੜਾ ਮਾਰ ਜਾਂਦੇ ਸੀ। ਇਨ੍ਹਾਂ ਸਮਿਆਂ ਵਿਚ ਲਵ ਪਤਾ ਨਹੀਂ ਕਿੱਥੇ ਗਾਇਬ ਰਹੀ? ਕੀ ਪਤਾ ਕਿਹੜੇ ਖੰਭਾਂ ਤੇ ਉੱਡੀ ਫਿਰਦੀ ਸੀ? ਮੈਨੂੰ ਉਸਦੀ ਬਹੁਤ ਜ਼ਰੂਰਤ ਸੀ। ਕਿਤੇ ਉਹ ਵੀ ਮੇਰੇ ਵਾਂਗ ਧੋਖੇ ਦਾ ਸ਼ਿਕਾਰ ਤਾਂ ਨਹੀਂ ਹੋ ਗਈ? ਉਸਦੇ ਲਈ ਤਾਂ ਇਹ ਸਭ ਆਮ ਜਿਹੀ ਗੱਲ ਸੀ। ਇਕ ਖੰਭ ਟੁੱਟ ਗਿਆ ਤਾਂ ਕਿਸੇ ਦੂਜੇ ਤੇ ਜਾ ਬੈਠੇਗੀ। ਮੈਨੂੰ ਕੋਈ ਨਾ ਕੋਈ ਤਾਂ ਮਿਲਣ ਆ ਹੀ ਜਾਂਦਾ ਸੀ। ਹਰ ਰੋਜ਼ ਕੁਝ ਮਿੰਟਾਂ ਲਈ ਮਿਲਣ ਦੀ ਆਗਿਆ ਵੀ ਸੀ। ਮੈਂ ਅੱਠ ਮਹੀਨੇ ਤੋਂ ਘਰ ਤੋਂ ਬਾਹਰ ਸੀ। ਮੈਂ ਘਰ ਜਾਣਾ ਚਾਹੁੰਦੀ ਸੀ। ਇਕ ਦਿਨ ਲੰਚ ਤੇ ਘਰ ਜਾਣ ਦਿੱਤਾ ਪਰ ਮੁੜ ਹੌਸਪੀਟਲ ਆਉਣਾ ਪਿਆ।
ਪਿਛਲੇ ਤਿੰਨ ਮਹੀਨਿਆਂ ਤੋਂ ਮੈਂ ਲੌਕਰ ਵਿਚ ਨਹੀਂ ਸੀ। ਨਰਸ ਸਵੇਰੇ-ਸ਼ਾਮ ਪਾਰਕ ਲੈ ਕੇ ਜਾਂਦੀ ਸੀ। ਪਾਰਕ ਦੇ ਅੰਦਰ ਟਰੈਕ ਬਣਿਆ ਹੋਇਆ ਹੈ। ਮੈਂ ਚਾਰੇ ਪਾਸੇ ਗੇੜੇ ਲਾਉਂਦੀ ਰਹਿੰਦੀ। ਇਕ ਦਿਨ ਨਰਸ ਨੇ ਟੋਕਿਆ ਸੀ-
" ਮਿਸ ਵਿਰਦੀ! ਤੂੰ ਇਕ ਪਾਸੇ ਨੂੰ ਗੇੜੇ ਕੱਢੀ ਜਾ ਰਹੀ ਹੈਂ। ਇਸ ਨਾਲ ਸਰੀਰ ਇਕ ਪਾਸੇ ਨੂੰ ਝੁਕਦਾ ਹੈ। ਇਹ ਠੀਕ ਨਹੀਂ! ਓਨੇ ਹੀ ਗੇੜੇ ਉਲਟ ਦਿਸ਼ਾ ਵਿਚ ਵੀ ਕੱਢਣੇ ਚਾਹੀਦੇ ਹਨ। ਇਸ ਨਾਲ ਸਰੀਰ ਦਾ ਬੈਲੈਂਸ ਬਣਿਆ ਰਹਿੰਦਾ ਹੈ।"
ਨਰਸ ਦੀ ਸਿੱਖਿਆ ਮੇਰੇ ਦਿਲ ਨੂੰ ਲੱਗੀ ਸੀ। ਉਸ ਦਿਨ ਤੋਂ ਬਾਅਦ ਮੈਂ ਟਰੈਕ ਦੀਆਂ ਦੋਵੇਂ ਦਿਸ਼ਾਵਾਂ ਵਿਚ ਚੱਕਰ ਕੱਟਦੀ। ਮੈਂ ਚੱਕਰ ਕੱਟਦੇ ਸਮੇਂ ਸੋਚਾਂ ਵਿਚ ਪੈ ਜਾਂਦੀ। ਜਿੰਦਗ਼ੀ ਵਿਚ ਤਾਂ ਅਸੀਂ ਇਕ ਹੀ ਟਰੈਕ ਉੱਤੇ ਚੜ੍ਹੇ ਰਹਿੰਦੇ ਹਾਂ। ਜ਼ਿੰਦਗ਼ੀ ਵਿਚ ਬੈਲੈਂਸ ਕਿਵੇਂ ਰਹਿ ਸਕਦਾ ਹੈ? ਡਾਕਟਰ ਮੇਰੇ ਕੈਮੀਕਲ ਬੈਲੈਂਸ ਕਰਨ ਵਿਚ ਕਾਮਯਾਬ ਹੋ ਗਏ ਸਨ। ਇਸ ਪਿੱਛੋਂ ਮੇਰੇ ਸੁਭਾਅ ਵਿਚ ਤਬਦੀਲੀ ਆਉਣ ਲੱਗ ਪਈ ਸੀ। ਮੈਨੂੰ ਘਰ ਤੇ ਸਕੇ ਸੰਬੰਧੀ ਚੰਗੇ ਲੱਗਣ ਲੱਗ ਪਏ। ਬਾਪੂ ਜੀ ਤੇ ਪਵੇਲ ਮੇਰੀਆਂ ਯਾਦਾਂ ਵਿਚ ਵਾਰ-ਵਾਰ ਘੁੰਮਦੇ ਰਹਿੰਦੇ।
ਹੌਸਪੀਟਲ ਤੋਂ ਦੂਜੀ ਵਾਰੀ ਮੈਨੂੰ ਦੋ ਦਿਨ ਘਰ ਜਾਣ ਦੀ ਛੁੱਟੀ ਮਿਲੀ ਸੀ। ਕੁਝ ਦਿਨਾਂ ਬਾਅਦ ਇਕ ਹਫ਼ਤੇ ਦੀ ਅਤੇ ਫਿਰ ਇਕ ਮਹੀਨਾ ਘਰ ਰਹੀ ਸੀ। ਹੁਣ ਘਰ ਮੈਨੂੰ ਚੰਗਾ-ਚੰਗਾ ਲੱਗਣ ਲੱਗ ਪਿਆ ਸੀ। ਮਹੀਨੇ ਬਾਅਦ ਮੇਰਾ ਵਾਪਸ ਹੌਸਪੀਟਲ ਜਾਣ ਨੂੰ ਦਿਲ ਨਹੀ ਸੀ ਕਰਦਾ ਪਰ ਮਜਬੂਰੀ ਵਿਚ ਜਾਣਾ ਪਿਆ ਸੀ। ਇਕ ਦਿਨ ਉਨ੍ਹਾਂ ਮੇਰੇ ਦਿਲ ਵਿਚ ਘਰ ਪ੍ਰਤੀ ਉਤਸ਼ਾਹ ਦੇਖ ਕੇ, ਮੈਨੂੰ ਮੈਡੀਸਨ ਦੇ ਕੇ ਡਿਸਚਾਰਜ ਕਰ ਦਿੱਤਾ ਸੀ।
ਮੇਰੇ ਕਮਰੇ ਵਿਚ ਦਵਾਈਆਂ ਦੀ ਭਰਮਾਰ ਏ। ਇਨ੍ਹਾਂ ਦੀ ਅਜੀਬ ਸਮੈੱਲ ਆਉਂਦੀ ਰਹਿੰਦੀ ਏ ਪਰ ਖਾਣੀਆਂ ਪੈਂਦੀਆਂ ਨੇ। ਇਨ੍ਹਾਂ ਦਵਾਈਆਂ ਦੇ ਸਾਈਡ ਇਫ਼ੈਕਟ ਨਾਲ ਸੁਸਤ ਅਤੇ ਮੋਟੀ ਹੋ ਗਈ ਹਾਂ। ਮੈਂ ਸ਼ੀਸ਼ੇ ਮੂਹਰੇ ਖੜ੍ਹ ਜਾਂਦੀ ਹਾਂ। ਹੁਣ ਮੈਂ ਕੁੜੀ ਨਹੀਂ ਸਗੋਂ ਪੱਕੜ ਜਿਹੀ ਔਰਤ ਲੱਗਦੀ ਹਾਂ। ਮੇਰੀ ਉਮਰ ਬੱਤੀ ਸਾਲ ਦੀ ਹੈ। ਇਸ ਉਮਰ ਵਿਚ ਅਮਰੀਕਨ ਔਰਤਾਂ ਤਾਂ ਭਰ ਜਵਾਨ ਮੁਟਿਆਰਾਂ ਲੱਗਦੀਆਂ ਨੇ ਪਰ ਮੈਂ ਬਿਮਾਰੀ ਦੀ ਭੰਨੀ, ਬੇਢੱਬੀ, ਪੇਟ ਬਾਹਰ ਨੂੰ ਵਧਿਆ ਹੋਇਆ ਮੂੰਹ ਫ਼ੁੱਲਿਆ ਹੋਇਆ, ਬੁੱਲ੍ਹ ਸੁਕੇ ਹੋਏ, ਅੱਖਾਂ ਤੇ ਠੋਡੀ ਦੇ ਹੇਠਾਂ ਝੁਰੜੀਆਂ ਪਈਆਂ ਹੋਈਆਂ ਹਨ। ਮੇਰੇ ਬਾਰੇ ਸੁਣ ਕੇ ਬਾਪੂ ਜੀ ਨੇ ਮੰਜਾ ਮੱਲ ਲਿਆ ਹੈ। ਉਨ੍ਹਾਂ ਮੇਰੀ ਮੰਮੀ ਨੂੰ ਇਕੋ ਗੱਲ ਕਹੀ ਹੈ-
"ਕਸ਼ਮੀਰੋ! ਮੇਰੀ ਧੀ ਨੂੰ ਮੇਰੇ ਕੋਲ ਲੈ ਕੇ ਆ ਜਾਹ। ਮੈਂ ਮਰਨ ਤੋਂ ਪਹਿਲਾਂ ਇਸਦਾ ਮੂੰਹ ਦੇਖ ਲਵਾਂ। ਨਾਲੇ ਹੱਥੀਂ ਦਾਨ ਕਰ ਦੇਵਾਂ।"
ਮੈਂ ਜਿਉਂ ਹੀ ਥੋੜ੍ਹੀ ਨਾਰਮਲ ਹੋਈ, ਮੰਮੀ, ਅਮਨ ਤੇ ਗਗਨ ਮੈਨੂੰ ਇੰਡੀਆ ਲੈ ਗਏ। ਬਾਪੂ ਜੀ ਦੇ ਕਹਿਣ 'ਤੇ ਚਾਚੇ-ਤਾਏ ਪਹਿਲਾਂ ਹੀ ਮੇਰੇ ਵਿਆਹ ਲਈ ਨੱਠ-ਭੱਜ ਕਰ ਰਹੇ ਸਨ। ਉਨ੍ਹਾਂ ਮੇਰਾ ਰੌਬਿਨ ਨਾਲ ਵਿਆਹ ਕਰ ਦਿੱਤਾ। ਉਹ ਤਿੰਨ ਮਹੀਨੇ ਤਾਂ ਇੰਡੀਆ ਵਿਚ ਤਿੰਨ ਦਿਨਾਂ ਵਾਂਗ ਲੰਘ ਗਏ। ਪਿਛਲੇ ਤਿੰਨ ਸਾਲਾਂ ਤੋਂ ਪਰੇਸ਼ਾਨੀ ਵਿਚ ਘਿਰੀ ਹੋਈ ਹਾਂ। ਮੇਰਾ ਰੌਬਿਨ ਆ ਨਹੀਂ ਰਿਹਾ। ਪਹਿਲਾਂ ਮੇਰੀ ਬਿਮਾਰੀ ਰੈਕਿਡ ਵਿਚ ਹੋਣ ਕਰਕੇ ਮੈਨੂੰ ਜੌਬ ਨਹੀਂ ਸੀ ਮਿਲ ਰਹੀ। ਮੈਂ ਰੌਬਿਨ ਦੀ ਪਟੀਸ਼ਨ ਕਰ ਦਿੱਤੀ। ਮੇਰੇ ਕੰਮ ਦੇ ਘੰਟੇ ਪੂਰੇ ਨਹੀਂ ਸੀ ਹੋ ਰਹੇ। ਪਟੀਸ਼ਨ ਤੇ ਆਬਜੈਕਸ਼ਨ ਲੱਗ ਗਿਆ। ਮਾਮਾ ਜੀ ਦੇ ਸਟੋਰ ਦਾ ਜੌਬ ਲੈਟਰ ਬਣਾ ਕੇ ਦਿੱਤਾ ਹੈ।
ਰੌਬਿਨ ਮਕੈਨੀਕਲ ਇੰਜਨੀਅਰ ਹੈ। ਮੇਰੇ ਤੋਂ ਉਮਰ ਵਿਚ ਛੇ ਸਾਲ ਛੋਟਾ ਹੋਣਾ। ਬਹੁਤ ਹੈਂਡਸਮ, ਸਲਿਮ -ਟਰਿਮ ਪੂਰਾ ਹੀਰੋ! ਮੈਂ ਤਾਂ ਦੇਖਦੀ ਹੀ ਰਹਿ ਗਈ ਸੀ। ਮੈਂ ਉਸੇ ਵਕਤ ਹਾਂ ਕਰ ਦਿੱਤੀ ਸੀ ਪਰ ਰੌਬਿਨ ਨੂੰ ਹਾਂ ਕਹਿਣ ਵਿਚ ਪੰਜ ਦਿਨ ਲੱਗ ਗਏ ਸਨ। ਹੁਣ ਜਲ ਜਾਣਾ ਕੌਂਸਲੇਟ ਸੈਟਿਸਫ਼ਾਈ ਨਹੀਂ ਹੋ ਰਿਹਾ। ਉਹ ਸਾਡੀ ਮੈਰਿਜ ਨੂੰ ਰੀਅਲ ਨਹੀਂ ਮੰਨ ਰਿਹਾ। ਮੈਨੂੰ ਫੋਨ 'ਤੇ ਪੁੱਛਿਆ -
" ਮੈਰਿਜ ਤੇਰੀ ਮਰਜ਼ੀ ਨਾਲ ਵੀ ਹੋਈ ਏ?"
ਅੱਧੀ ਰਾਤ ਬੀਤ ਚੁੱਕੀ ਹੈ। ਮੰਮੀ ਨੇ ਨੀਂਦ ਦਾ ਇਕ ਢੌਂਕਾ ਲਾ ਲਿਆ ਹੈ। ਉਸਨੇ ਉੱਠ ਕੇ ਮੇਰਾ ਸਿਰ ਪਲੋਸਿਆ ਅਤੇ ਮੈਨੂੰ ਸੌਣ ਲਈ ਕਹਿ ਕੇ ਮੁੜ ਬੈੱਡ ਤੇ ਜਾ ਪਈ ਹੈ। ਮੰਮੀ ਡਰਦੀ ਹੈ ਕਿਤੇ ਮੈਂ ਮੁੜ ਬਿਮਾਰ ਨਾ ਹੋ ਜਾਵਾਂ? ਮੇਰੇ ਕੰਮ ਦੇ ਘੰਟੇ ਵੱਧ ਗਏ ਹਨ, ਦਵਾਈ ਦੀ ਮਾਤਰਾ ਘੱਟ ਗਈ ਹੈ। ਅੱਜ ਵੀਕੈਂਡ ਹੋਣ ਕਰਕੇ ਹੀ ਜਾਗ ਰਹੀ ਹਾਂ। ਸਵੇਰੇ ਕਿਹੜਾ ਕੰਮ ਤੇ ਜਾਣਾ ਹੈ! ਮੈਂ ਹੁਣ ਬਿਲਕੁਲ ਠੀਕ ਹਾਂ ਪਰ ਰੀਲੈਕਸ ਨਹੀਂ।
ਮੇਰਾ ਧਿਆਨ ਮੁੜ-ਮੁੜ ਫ਼ਾਇਰ ਪਲੇਸ ਵੱਲ ਜਾ ਰਿਹਾ ਹੈ। ਮੈਂ ਸਵੇਰ ਦੀ ਇਸਦੇ ਤਾਪ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਹਾਂ। ਅਜੇ ਤੱਕ ਕੈਂਡਲਜ਼ ਮੇਰਾ ਸਾਥ ਦੇ ਰਹੀਆਂ ਹਨ।
ਮੇਰੇ ਸਾਹਮਣੇ ਰੌਬਿਨ ਦੀ ਈਮੇਲ ਖੁੱਲ੍ਹੀ ਪਈ ਹੈ। ਮੈਂ ਇਹ ਈਮੇਲ ਕਈ ਵਾਰੀ ਪੜ੍ਹ ਚੁੱਕੀ ਹਾਂ। ਮੈਨੂੰ ਸਮਝ ਨਹੀਂ ਆ ਰਹੀ ਕਿ ਮੈਨੂੰ ਉਸ ਉੱਪਰ ਤਰਸ ਆ ਰਿਹਾ ਹੈ ਜਾਂ ਆਪਣੇ ਆਪ 'ਤੇ, ਕਦੀ ਪਵੇਲ ਦੀਆਂ ਗੱਲਾਂ ਯਾਦ ਆ ਰਹੀਆਂ ਹਨ। ਦੂਜੇ ਪਾਸੇ ਮੈਨੂੰ ਸੰਤੋਖ ਮਾਮਾ ਜੀ ਦੀ ਰੀਸੈਸ਼ਨ ਵੇਲੇ ਗਗਨ ਨੂੰ ਕਹੀ ਗੱਲ ਯਾਦ ਆ ਰਹੀ ਹੈ-
" ਇਸ ਸਿਸਟਮ ਦੀ ਇਕ ਸਿਫ਼ਤ ਹੈ । ਇਹ ਬੰਦੇ ਨੂੰ ਮਰਨ ਨਹੀਂ ਦਿੰਦਾ। ਉਸਦੇ ਮੂੰਹ ਵਿਚ ਪਾਣੀ ਦੀ ਬੂੰਦ ਪਾ ਦਿੰਦਾ।"
ਮੈਂ ਮਾਮਾ ਜੀ ਦੀ ਇਸੇ ਗੱਲ ਦੇ ਸਹਾਰੇ ਜੀਅ ਰਹੀ ਸੀ ਪਰ ਹੁਣ ਤਿਲਾਂ ਵਿਚ ਤੇਲ ਨਹੀਂ ਜਾਪਦਾ। ਮੈਂ ਥੱਕ ਗਈ ਹਾਂ। ਮੇਰੇ ਸਰੀਰ ਵਿਚ ਜਾਨ ਨਹੀਂ ਰਹੀ। ਮਨ ਬੁਝਿਆ ਪਿਆ ਏ। ਮੇਰੇ ਦਿਲ ਦੀ ਚਿਮਨੀ ਵਿਚੋਂ ਜਿਵੇਂ ਧੂੰਆਂ ਉੱਠ ਰਿਹਾ ਏ। ਫ਼ਾਇਰ ਪਲੇਸ ਦਾ ਸੇਕ ਵੱਧ ਰਿਹਾ ਏ। ਮੈਂ ਤਿੰਨ ਸਾਲ ਤੋਂ ਰੌਬਿਨ ਦਾ ਰਾਹ ਤੱਕ ਰਹੀ ਹਾਂ। ਮਾਮਾ ਜੀ ਅੰਦਰ ਵੜੇ ਹਨ। ਉਨ੍ਹਾਂ ਨੇ ਮੇਰੇ ਸਿਰ ਤੇ ਪਿਆਰ ਦਿੱਤਾ ਹੈ।ਮੈਂ ਕੁਰਲਾ ਉੱ ਠੀ ਹਾਂ-
" ਮਾਮਾ ਜੀ! ਇਸ ਅਮਰੀਕੀ ਸਿਸਟਮ ਨੂੰ ਪੁੱਛਿਓ, ਹੋਰ ਕਿੰਨੇ ਕੁ ਸਾਲ ਲੱਗਣਗੇ ਉੱਠਣ ਨੂੰ? ਸੱਚੀਂ! ਤੁਹਾਡਾ ਇਹ ਸਿਸਟਮ ਝਨਾਂ ਦੀਆਂ ਉਹ ਮਾਰੂ ਛੱਲਾਂ ਨੇ ਜੋ ਨਿੱਤ ਹੀ ਪਤਾ ਨਹੀਂ ਕਿੰਨੀਆਂ ਸੁਹਣੀਆਂ ਦੇ ਕੱਚੇ ਘੜੇ ਖੋਰਦੀਆਂ ਉਨ੍ਹਾਂ ਨੂੰ ਵਹਾਅ ਕੇ ਨਾਲ ਲੈ ਜਾਂਦੀਆਂ ਨੇ..."
ਮਾਮਾ ਜੀ ਮੇਰਾ ਸਵਾਲ ਸੁਣ ਕੇ ਦੁਬਿਧਾ ਵਿਚ ਫਸ ਗਏ ਹਨ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਜਮੇਰ ਸਿੱਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ