Jhoothi Preet (Bangla Story in Punjabi) : Rabindranath Tagore

ਝੂਠੀ ਪ੍ਰੀਤ (ਬੰਗਾਲੀ ਕਹਾਣੀ) : ਰਾਬਿੰਦਰਨਾਥ ਟੈਗੋਰ

"ਡਾਕਟਰ, ਡਾਕਟਰ!"
ਅੱਧੀ ਰਾਤ ਦੇ ਸਮੇਂ ਇਸ ਘਬਰਾਈ ਹੋਈ ਅਵਾਜ਼ ਨੇ ਮੈਨੂੰ ਨੀਂਦ ਤੋਂ ਜਗਾ ਦਿਤਾ। ਅੱਖਾਂ ਖੋਲ੍ਹ ਕੇ ਵੇਖਣ ਤੋਂ ਪਤਾ ਲਗਾ ਜੋ ਸਾਡੇ ਪਿੰਡ ਦੇ ਜ਼ਿਮੀਂਦਾਰ ਬਨਾਰਸੀ ਬਾਬੂ ਖੜੇ ਹਨ। ਮੈਂ ਛੇਤੀ ਛੇਤੀ ਉੱਠ ਕੇ ਇਕ ਕੁਰਸੀ ਖਿੱਚਕੇ ਉਨ੍ਹਾਂ ਨੂੰ ਬੈਠਣ ਨੂੰ ਆਖਿਆ ਤੇ ਆਪ ਪਿਆਰ ਨਾਲ ਉਨ੍ਹਾਂ ਵੱਲ ਤੱਕਣ ਲਗਾ। ਘੜੀ ਵੇਖੀ ਤਾਂ ਉਸ ਵੇਲੇ ਢਾਈ ਵਜੇ ਸਨ।
ਬਨਾਰਸੀ ਬਾਬੂ ਦਾ ਮੂੰਹ ਪੀਲਾ ਤੇ ਅੱਖਾਂ ਖੁਲ੍ਹੀਆਂ ਪਈਆਂ ਸਨ। ਉਨ੍ਹਾਂ ਘਬਰਾਈ ਹੋਈ ਅਵਾਜ਼ ਵਿਚ ਆਖਿਆ "ਵੇਖੋ ਜੀ, ਡਾਕਟਰ ਜੀ! ਬੀਮਾਰੀ ਦੀਆਂ ਨਿਸ਼ਾਨੀਆਂ ਮੁੜ ਪ੍ਰਗਟ ਹੋਣ ਲੱਗ ਪਈਆਂ ਹਨ, ਤੁਹਾਡੀ ਦਵਾਈ ਨੇ ਮੈਨੂੰ ਕੋਈ ਲਾਭ ਨਹੀਂ ਪੁਚਾਇਆ।"
ਮੈਂ ਹੌਲੇ ਜਿਹੇ ਆਖਿਆ, "ਸ਼ਾਇਦ ਤੁਸੀਂ ਸ਼ਰਾਬ ਵਧੀਕ ਵਰਤਣ ਲਗ ਪਏ ਹੋ।" ਬਨਾਰਸੀ ਬਾਬੂ ਦਾ ਚਿਹਰਾ ਕ੍ਰੋਧ ਨਾਲ ਲਾਲ ਸੁਰਖ ਹੋ ਗਿਆ, ਤੇਜ਼ ਹੋ ਕੇ ਆਖਣ ਲਗਾ, "ਮੇਰੀ ਬੀਮਾਰੀ ਸ਼ਰਾਬ ਦੇ ਕਾਰਨ ਨਹੀਂ, ਅਸਲ ਕਾਰਨ ਜਾਣਨ ਲਈ ਮੇਰੀ ਸਿਰ ਬੀਤੀ ਕਹਾਣੀ ਤਾਂ ਜ਼ਰਾ ਕੁ ਸੁਣੋ।"
ਚਾਰ ਵਰ੍ਹੇ ਹੋਏ, ਮੈਂ ਸਖ਼ਤ ਬੀਮਾਰ ਪੈ ਗਿਆ। ਮੇਰੇ ਬਚਣ ਦੀ ਕੋਈ ਆਸ ਬਾਕੀ ਨ ਰਹੀ, ਪੰਤੁ ਅਚਨਚੇਤ ਮੇਰੇ ਰੋਗ ਨੇ ਮੋੜਾ ਜੁ ਖਾਧਾ, ਮੈਂ ਰਾਜ਼ੀ ਹੋਣ ਲਗ ਪਿਆ ਤੇ ਇਕ ਮਹੀਨੇ ਮਗਰੋਂ ਨੌ-ਬਰ-ਨੌਂ ਹੋ ਗਿਆ ਮੇਰੀ ਬੀਮਾਰੀ ਵਿਚ ਮੇਰੀ ਵਹੁਟੀ ਨੇ ਰਾਤ ਦਿਨ ਇਕ ਕਰ ਛੱਡਿਆ, ਇਸ ਲੰਮੇ ਸਮੇਂ ਵਿਚ ਮੇਰੀ ਵਹੁਟੀ ਨੇ ਜਮਦੂਤ ਦੇ ਹਥੋਂ ਮੈਨੂੰ ਛੁੜਾਉਣ ਲਈ ਆਪਣੀ ਪੂਰੀ ਵਾਹ ਲਾਈ। ਇਨ੍ਹਾਂ ਦਿਨਾਂ ਵਿਚ ਨਾ ਉਸ ਦੇ ਪੇਟ ਅੰਨ ਦੀ ਛਟਾਂਕੀ ਗਈ ਤੇ ਨਾ ਹੀ ਉਸ ਦੀਆਂ ਅੱਖਾਂ ਵਿਚ ਨੀਂਦਰ ਆਈ। ਉਸ ਨੂੰ ਸਵਾਏ ਮੇਰੇ ਰਾਜ਼ੀ ਹੋਣ ਦੇ ਹੋਰ ਕੋਈ ਖ਼ਿਆਲ ਹੀ ਨਹੀਂ ਸੀ। ਧੋਖਾ ਖਾਧੇ ਹੋਏ ਬਘਿਆੜ ਵਾਂਗ ਕਾਲ ਨੇ ਮੈਨੂੰ ਛਡ ਕੇ ਆਪਣੇ ਤ੍ਰਿਖੇ ਪੰਜਿਆਂ ਨਾਲ ਮੇਰੀ ਵਹੁਟੀ ਨੂੰ ਧਰ ਦਬਾਇਆ। ਮੇਰੀ ਵਹੁਟੀ ਨੂੰ ਮੋਇਆ ਹੋਇਆ ਬੱਚਾ ਪੈਦਾ ਹੋਇਆ। ਉਸਦੀ ਸਿਹਤ ਵਿਗੜ ਗਈ ਤੇ ਉਸਦੀ ਸੇਵਾ ਕਰਨ ਦੀ ਹੁਣ ਮੇਰੀ ਵਾਰੀ ਸੀ, ਪ੍ਰੰਤੂ ਉਹ ਇਹ ਕਦ ਸਹਾਰ ਸਕਦੀ ਸੀ, ਉਹ ਮੈਨੂੰ ਆਖਦੀ, "ਤੁਸੀਂ ਕਿਉਂ ਘੜੀ ਮੁੜੀ ਮੇਰੇ ਕਮਰੇ ਵਿਚ ਆਉਂਦੇ ਜਾਂਦੇ ਰਹਿੰਦੇ ਹੋ।"
ਜੇ ਕਦੇ ਰਾਤ ਨੂੰ ਮੈਂ ਉਸ ਦੇ ਕਮਰੇ ਵਿਚ ਜਾਂਦਾ ਤੇ ਸੇਵਾ ਕਰਦਾ ਤਾਂ ਉਹ ਘਬਰਾ ਜਾਂਦੀ, ਜੇ ਕਦੇ ਉਸ ਦੀ ਸੇਵਾ ਦੇ ਕਾਰਨ ਮੇਰੇ ਪ੍ਰਸ਼ਾਦ ਛਕਣ ਦੇ ਸਮੇਂ ਵਿਚ ਕੁਝ ਮਿੰਟਾਂ ਦੀ ਦੇਰੀ ਵੀ ਪੈ ਜਾਂਦੀ, ਤਾਂ ਕਦੇ ਤਾਂ ਉਹ ਗੁੱਸੇ ਹੋ ਕੇ ਕਦੇ ਮਿੰਨਤਾਂ ਤਰਲੇ ਕਰਦਿਆਂ ਹੋਇਆਂ, ਮੈਨੂੰ ਆਖਦੀ, "ਤੁਸੀਂ ਪਰਸ਼ਾਦ ਵੇਲੇ ਸਿਰ ਛਕ ਲੀਤਾ ਕਰੋ, ਕਿਧਰੇ ਬੀਮਾਰ ਨਾ ਪੈ ਜਾਵੋ।"
ਮੇਰਾ ਖ਼ਿਆਲ ਹੈ ਤੁਸਾਂ ਮੇਰਾ ਬਗੀਚੇ ਵਾਲਾ ਮਕਾਨ ਵੇਖਿਆ ਹੋਇਆ ਹੈ। ਮਕਾਨ ਦੇ ਸਾਹਮਣੇ ਬਾਗ਼ ਹੈ ਤੇ ਬਾਗ਼ ਦੇ ਤਲੇ ਨਦੀ ਵਗਦੀ ਹੈ। ਦੱਖਣ ਪਾਸੇ ਸਾਡੇ ਸੌਣ ਵਾਲੇ ਕਮਰੇ ਦੇ ਠੀਕ ਤਲੇ ਮੇਰੀ ਵਹੁਟੀ ਨੇ ਆਪਣੇ ਹਥਾਂ ਨਾਲ ਫੁਲਾਂ ਦੀ ਇਕ ਕਿਆਰੀ ਲਾਈ ਸੀ। ਉਸ ਵਿਚ ਸਾਰੇ ਹੀ ਕਿਸਮਾਂ ਦੇ ਫੁਲ ਸਨ : ਗੁਲਾਬ, ਚੰਬੇਲੀ, ਗੇਂਦਾ, ਨਰਗਸ ਆਦਿ। ਅੰਬ ਦੇ ਇਕ ਲੰਮੇ ਪੇੜ ਦੇ ਤਲੇ ਉਸ ਨੇ ਸੰਗਮਰਮਰ ਦਾ ਇਕ ਚਬੂਤਰਾ ਵੀ ਬਣਵਾਇਆ ਸੀ। ਅਰੋਗਤਾ ਦੀ ਹਾਲਤ ਵਿਚ ਉਸ ਨੂੰ ਹਰ ਰੋਜ਼ ਦੋ ਵਾਰੀ ਧੋਂਦੀ ਤੇ ਸੰਧਿਆ ਵੇਲੇ ਘਰ ਦੇ ਕੰਮ ਕਾਜ ਤੋਂ ਵਿਹਲੀ ਹੋ ਕੇ ਇਥੇ ਆ ਕੇ ਬੈਠਦੀ ਤੇ ਪਹਿਰਾਂ ਹੀ ਦਰਿਆ ਦੀਆਂ ਲਹਿਰਾਂ ਦਾ ਅਨੰਦ ਲੈਂਦੀ।
ਚੇਤ ਵਿਸਾਖ ਦਾ ਮਹੀਨਾ ਸੀ, ਚਾਨਣੀ ਰਾਤ ਸੀ, ਉਸ ਨੂੰ ਬੀਮਾਰ ਹੋਇਆਂ ਕਿਤਨੇ ਹੀ ਦਿਨ ਗੁਜ਼ਰ ਚੁਕੇ ਸਨ; ਅਜ ਉਸ ਨੇ ਬੀਮਾਰੀ ਦੇ ਕਮਰੇ ਤੋਂ ਨਿਕਲ ਕੇ ਬਾਗ਼ ਵਿਚ ਬੈਠਣ ਦੀ ਇਛਿਆ ਪ੍ਰਗਟ ਕੀਤੀ। ਮੈਂ ਵਡੀ ਗਉਂ ਨਾਲ ਉਸ ਨੂੰ ਆਪਣੇ ਦੋਹਾਂ ਹੱਥਾਂ ਦਾ ਸਹਾਰਾ ਦਿਤਾ ਤੇ ਲਿਆ ਕੇ ਪੇੜ ਦੇ ਤੇਲੇ ਸੰਗਮਰਮਰ ਦੇ ਥੜੇ ਤੇ ਬਿਠਾ ਦਿਤਾ। ਚੰਨ ਦੀਆਂ ਕਿਰਨਾਂ ਉਸ ਦੇ ਥਕੇ ਹੋਏ ਚਿਹਰੇ ਤੇ ਪੈ ਰਹੀਆਂ ਸਨ ਤੇ ਚਾਰੇ ਬੰਨੇ ਚੁਪ ਚਾਪ ਵਰਤੀ ਹੋਈ ਸੀ।
ਜਦੋਂ ਮੈਂ ਉਸ ਦੇ ਲਾਗੇ ਬੈਠ ਕੇ ਬਾਗ਼ ਦੀ ਉਸ ਬਹਾਰ ਵਿਚ ਉਸ ਦੇ ਸੁੰਦਰ ਚੇਹਰੇ ਵਲ ਵੇਖਿਆ, ਤਾਂ ਮੇਰਾ ਜੀ ਭਰ ਆਇਆ। ਹੌਲੇ ਜਿਹੇ ਉਸ ਨੂੰ ਆਪਣੇ ਨੇੜੇ ਕਰ ਕੇ ਮੈਂ ਉਸ ਦਾ ਇਕ ਹਥ ਆਪਣੇ ਹਥ ਵਿਚ ਲੈ ਲਿਆ ਤੇ ਉਸ ਨੇ ਵੀ ਮੈਨੂੰ ਰੋਕਣ ਦਾ ਕੋਈ ਜਤਨ ਨਾ ਕੀਤਾ। ਜਦੋਂ ਇਸ ਦਸ਼ਾ ਵਿਚ ਮੈਂ ਕੁਝ ਚਿਰ ਬੈਠਾ ਰਿਹਾ ਤਾਂ ਮੇਰਾ ਦਿਲ ਧੜਕਣ ਲਗਾ ਤੇ ਮੈਂ ਆਖਿਆ, "ਪਿਆਰੀ, ਮੈਂ ਤੁਹਾਡਾ ਪ੍ਰੇਮ ਕਦੇ ਨਹੀਂ ਭੁਲਾਂਗਾ," ਮੇਰੀ ਵਹੁਟੀ ਖਿੜ ਖਿੜਾ ਕੇ ਹੱਸੀ। ਉਸ ਹਾਸੇ ਤੋਂ ਖੁਸ਼ੀ ਤੇ ਬੇਇਤਬਾਰੀ ਦੋਵੇਂ ਪ੍ਰਗਟ ਹੁੰਦੀਆਂ ਸਨ। ਉਸ ਨੇ ਮੈਨੂੰ ਕੋਈ ਉੱਤਰ ਤਾਂ ਨਾ ਦਿਤਾ,ਪ੍ਰੰਤੂ ਉਸ ਦੇ ਹਾਸੇ ਨੇ ਮੈਨੂੰ ਸਾਫ਼ ਸਾਫ਼ ਦਸ ਦਿਤਾ, ਜੋ ਉਹ ਨਾ ਹੀ ਮੇਰੇ ਤੇ ਇਤਬਾਰ ਕਰਦੀ ਹੈ ਤੇ ਨਾ ਹੀ ਆਪ ਇਹ ਚਾਹੁੰਦੀ ਹੈ।
ਬਹੁਤੇਰਾ ਦਾਰੂ ਦਰਮਲ ਕੀਤਾ, ਪ੍ਰੰਤੂ ਮੇਰੀ ਵਹੁਟੀ ਦੀ ਬੀਮਾਰੀ ਵਿਚ ਕੋਈ ਫ਼ਰਕ ਨਾ ਪਿਆ। ਡਾਕਟਰ ਨੇ ਪਾਣੀ ਬਦਲਾਉਣ ਲਈ ਆਖਿਆ ਤੇ ਉਸ ਦੇ ਆਖੇ ਤੇ ਮੈਂ ਉਸ ਨੂੰ ਅਲਾਹਬਾਦ ਲੈ ਗਿਆ। ਇਹ ਆਖਦੇ ਹੋਏ ਬਨਾਰਸੀ ਬਾਬੂ ਰੁਕ ਗਏ। ਥੋੜਾ ਚਿਰ ਚੁਪ ਚੁਪ ਰਹਿਣ ਮਗਰੋਂ ਉਹ ਬੋਲੇ, "ਡਾਕਟਰ ਹਰਨ ਮੇਰੀ ਵਹੁਟੀ ਦਾ ਇਲਾਜ ਕਰਦਾ ਸੀ, ਕੁਝ ਦਿਨਾਂ ਮਗਰੋਂ ਉਸ ਨੇ ਮੈਨੂੰ ਦਸ ਦਿਤਾ ਜੋ ਉਸ ਦੀ ਬੀਮਾਰੀ ਦਾ ਕੋਈ ਇਲਾਜ ਨਹੀਂ, ਸਾਰੀ ਉਮਰ ਉਹ ਇਵੇਂ ਹੀ ਰੋਗੀ ਰਹੇਗੀ।" ਇਕ ਦਿਨ ਮੇਰੀ ਵਹੁਟੀ ਨੇ ਮੈਨੂੰ ਆਖਿਆ, "ਇਹ ਬੀਮਾਰੀ ਮੇਰਾ ਪਿਛਾ ਨਹੀਂ ਛਡਦੀ ਤੇ ਨਾ ਹੀ ਮੇਰੇ ਛੇਤੀ ਮਰਨ ਦੀ ਕੋਈ ਆਸ ਹੈ। ਤੁਸੀਂ ਆਪਣੀ ਉਮਰ ਇਕ ਸਦਾ ਬੀਮਾਰ ਰਹਿਣ ਵਾਲੀ ਤੀਵੀਂ ਨਾਲ ਕਿਉਂ ਖ਼ਰਾਬ ਕਰਦੇ ਹੋ? ਚੰਗਾ ਹੋਵੇ ਜੋ ਤੁਸੀਂ ਮੇਰਾ ਖ਼ਿਆਲ ਛਡ ਕੇ ਦੂਜਾ ਵਿਆਹ ਕਰ ਲਉ।" ਹੁਣ ਹੱਸਣ ਦੀ ਮੇਰੀ ਵਾਰੀ ਸੀ, ਪ੍ਰੰਤੂ ਮੇਰੇ ਅੰਦਰ ਹੱਸਣ ਦੀ ਤਾਕਤ ਨਹੀਂ ਸੀ, ਮੈਂ ਜੋਸ਼ ਵਿਚ ਆ ਕੇ ਆਖਿਆ, "ਜਦ ਤੋੜੀ ਮੇਰੇ ਅੰਦਰ ਸਵਾਸ ਹਨ" ...ਉਸ ਨੇ ਮੈਨੂੰ ਟੋਕਦਿਆਂ ਹੋਇਆਂ ਆਖਿਆ, "ਬਸ ਰਹਿਣ ਬੀ ਦਿਓ....।”
ਭਾਵੇਂ ਉਸ ਵੇਲੇ ਮੈਨੂੰ ਆਪ ਪਤਾ ਨਹੀਂ ਸੀ, ਪਰ ਸੱਚੀ ਗਲ ਇਹ ਹੈ, ਜੋ ਉਸ ਦੀ ਖ਼ਬਰਗੀਰੀ ਕਰਦਿਆਂ ੨ ਮੇਰਾ ਦਿਲ ਉਕਤਾ ਗਿਆ ਸੀ ਤੇ ਉਸ ਨੇ ਮੇਰੇ ਮਨ ਦੀ ਅਸਲੀ ਦਸ਼ਾ ਦਾ ਅੰਦਾਜ਼ਾ ਲਾ ਲੀਤਾ ਸੀ। ਠੀਕ ਹੈ ਤੀਵੀਂ ਮਰਦ ਦੇ ਦਿਲੀ ਭਾਵਾਂ ਨੂੰ ਛੇਤੀ ਪਛਾਣ ਲੈਂਦੀ ਹੈ। ਮੈਨੂੰ ਉਸ ਵੇਲੇ ਪਤਾ ਨਹੀਂ ਸੀ, ਪ੍ਰੰਤੂ ਹੁਣ ਮੈਂ ਸਮਝ ਗਿਆ ਹਾਂ ਜੋ ਉਹ ਮੇਰੇ ਦਿਲੀ ਮਨੋਰਥਾਂ ਨੂੰ ਇਉਂ ਸਹਿਜੇ ਹੀ ਸਮਝ ਲੈਂਦੀ ਸੀ, ਜਿਵੇਂ ਅਸੀਂ ਬੱਚਿਆਂ ਦੀ ਪਹਿਲੀ ਪੋਥੀ ਨੂੰ ਸਹਿਜੇ ਹੀ ਪੜ੍ਹ ਲੈਦੇ ਹਾਂ।
ਡਾਕਟਰ ਹਰਨ ਮੇਰੀ ਬਰਾਦਰੀ ਵਿਚੋਂ ਹੀ ਸੀ। ਉਸ ਨੇ ਬਹੁਤ ਵਾਰੀ ਮੈਨੂੰ ਆਪਣੇ ਘਰ ਵੀ ਬੁਲਾਇਆ, ਜਿਥੇ ਉਸ ਦੀ ਲੜਕੀ ਨਾਲ ਮੇਰੀ ਜਾਣ ਪਛਾਣ ਹੋ ਗਈ। ਭਾਵੇਂ ਉਸ ਦੀ ਉਮਰ ਪੰਦਰਾਂ ਵਰ੍ਹਿਆਂ ਤੋਂ ਟਪ ਚੁਕੀ ਸੀ, ਪ੍ਰੰਤੂ ਹਾਲਾਂ ਤੋੜੀ ਉਸ ਦਾ ਵਿਆਹ ਨਹੀਂ ਹੋਇਆ ਸੀ। ਡਾਕਟਰ ਕਹਿੰਦਾ ਸੀ ਜੋ ਉਸਨੂੰ ਆਪਣੀ ਜਾਤ ਦਾ ਜੋਗ ਵਰ ਨਹੀਂ ਲਭਦਾ, ਇਸੇ ਕਰਕੇ ਸ਼ਾਮਾਂ ਦਾ ਵਿਵਾਹ ਨਹੀਂ ਹੋਇਆ, ਪੰਤੁ ਲੋਕੀ ਆਖਦੇ ਸਨ, ਜੋ ਕੁੜੀ ਦੀ ਮਾਤਾ ਇਕ ਨੀਵੀਂ ਕੁਲ ਵਿਚੋਂ ਸੀ, ਇਸ ਲਈ ਕੁੜੀ ਵੀ ਨੀਵੀਂ ਜਾਤ ਦੀ ਸਮਝੀ ਜਾਂਦੀ ਸੀ ਤੇ ਕੋਈ ਉਸ ਨੂੰ ਵਿਆਹੁਣ ਨੂੰ ਤਿਆਰ ਨਹੀਂ ਸੀ।
ਸ਼ਾਮਾਂ ਆਖਰ ਦੀ ਸੋਹਣੀ ਸੀ । ਤੀਵੀਂ ਦੀ ਸੁੰਦਰਤਾ ਮਰਦ ਦੇ ਦਿਲ ਨੂੰ ਮੋਹਣ ਲਈ ਸਾਰਿਆਂ ਕੋਲੋਂ ਵਧੀਕ ਕਾਰਗਰ ਹਥਿਆਰ ਹੈ। ਸ਼ਾਮਾਂ ਕੇਵਲ ਸੋਹਣੀ ਹੀ ਨਹੀਂ ਸੀ, ਵਿਦਿਆ ਦੇ ਗਹਿਣਿਆਂ ਨਾਲ ਵੀ ਡਾਢੀ ਸਜੀ ਹੋਈ ਸੀ, ਇਸ ਲਈ ਮੇਰੇ ਦਿਲ ਵਿਚ ਉਸ ਲਈ ਖਿੱਚ ਪੈਦਾ ਹੋਣੀ ਕੋਈ ਅਨੋਖੀ ਗਲ ਨਹੀਂ ਸੀ। ਹੁਣ ਆਪਣੇ ਸਮੇਂ ਦਾ ਬਾਹਲਾ ਹਿੱਸਾ ਮੈਂ ਉਸ ਦੀ ਸੰਗਤ ਵਿਚ ਹੀ ਗੁਜ਼ਾਰਦਾ। ਰਾਤ ਨੂੰ ਢੇਰ ਚਿਰ ਤੋੜੀ ਉਨ੍ਹਾਂ ਦੇ ਘਰ ਹੀ ਬੈਠਾ ਰਹਿੰਦਾ, ਭਾਵੇਂ ਉਹ ਵੇਲਾ ਵਹੁਟੀ ਨੂੰ ਦਵਾਈ ਪਲਾਉਣ ਦਾ ਹੀ ਹੁੰਦਾ। ਮੇਰੀ ਵਹੁਟੀ ਨੂੰ ਪਤਾ ਸੀ ਜੋ ਮੈਂ ਡਾਕਟਰ ਹਰਨ ਦੇ ਮਕਾਨ ਤੇ ਰਹਿੰਦਾ ਹਾਂ ਪਰੰਤੂ ਉਸ ਨੇ ਕਦੇ ਦੇਰ ਨਾਲ ਆਵਣ ਦਾ ਕਾਰਨ ਤਕ ਨਾ ਪੁਛਿਆ।
ਹੁਣ ਰੋਗੀ ਦੇ ਕਮਰੇ ਵਿਚ ਮੇਰਾ ਦਿਲ ਕਿਵੇਂ ਲਗਦਾ, ਉਥੇ ਟਿਕਣ ਵਿਚ ਮੈਨੂੰ ਦੁਖ ਭਾਸਦਾ। ਹੁਣ ਵਹੁਟੀ ਵਲ ਮੇਰਾ ਉਹ ਧਿਆਨ ਨਹੀਂ ਸੀ, ਤੇ ਬਹੁਤ ਵਾਰੀ ਤਾਂ ਉਸ ਨੂੰ ਸਮੇਂ ਸਿਰ ਦਵਾਈ ਦੇਣਾ ਵੀ ਭੁਲ ਜਾਂਦਾ।
ਡਾਕਟਰ ਨੇ ਮੈਨੂੰ ਕਈ ਵਾਰੀ ਆਖਿਆ ਕਿ ਜਿਹੜੇ ਲੋਗ ਲਾ-ਇਲਾਜ ਰੋਗਾਂ ਵਿਚ ਫਸੇ ਹੋਏ ਹੋਣ, ਉਨ੍ਹਾਂ ਲਈ ਜੀਊਣ ਨਾਲੋਂ ਮਰਨਾ ਬਹੁਤ ਚੰਗਾ ਹੈ। ਇਸ ਦਸ਼ਾ ਵਿਚ ਨਾ ਤਾਂ ਉਹ ਆਪ ਪ੍ਰਸੰਨ ਰਹਿ ਸਕਦੇ ਹਨ ਤੇ ਨਾ ਦੂਜਿਆਂ ਨੂੰ ਰੱਖ ਸਕਦੇ ਹਨ। ਸਾਧਾਰਨ ਇਹ ਗੱਲ ਆਖ ਦੇਣੀ ਕੋਈ ਇਤਨੀ ਮੰਦੀ ਨਹੀਂ, ਪਰੰਤੂ ਮੇਰੀ ਵਹੁਟੀ ਦੀ ਹਾਲਤ ਵਿਚ ਡਾਕਟਰ ਨੂੰ ਕਦਾਚਿਤ ਨਹੀਂ ਆਖਣੀ ਚਾਹੀਦੀ ਸੀ, ਪਰ ਰਬ ਜਾਣੇ ਡਾਕਟਰ ਦੀ ਇਹ ਗਲ ਕਿਉਂ ਮੈਨੂੰ ਇਤਨੀ ਮੰਦੀ ਨਹੀਂ ਲਗਦੀ ਸੀ ਜਿਤਨੀ ਕਿ ਲਗਣੀ ਚਾਹੀਦੀ ਸੀ।
ਇਕ ਦਿਨ ਮੈਂ ਆਪਣੀ ਵਹੁਟੀ ਨੂੰ ਡਾਕਟਰ ਨੂੰ ਆਖਦਿਆਂ ਸੁਣਿਆ, "ਡਾਕਟਰ ਜੀ, ਤੁਸੀਂ ਮੈਨੂੰ ਐਵੇਂ ਬੇਫ਼ਾਇਦਾ ਦਵਾਈਆਂ ਕਿਉਂ ਦੇ ਰਹੇ ਹੋ, ਇਹ ਰੋਗ ਤਾਂ ਮੇਰੀ ਜਾਨ ਨੂੰ ਲੈ ਕੇ ਹੀ ਜਾਏਗਾ, ਫਿਰ ਤੁਸੀਂ ਕਿਉਂ ਮੈਨੂੰ ਮਾਰ ਹੀ ਨਹੀਂ ਮੁਕਾਂਦੇ, ਮੇਰਾ ਸਾਰਿਆਂ ਤੋਂ ਵੱਡਾ ਇਲਾਜ ਤਾਂ ਮੌਤ ਹੀ ਹੈ।"
ਡਾਕਟਰ ਨੇ ਉਸ ਨੂੰ ਆਖਿਆ, "ਤੁਹਾਨੂੰ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ।" ਜਦੋਂ ਡਾਕਟਰ ਚਲਾ ਗਿਆ, ਮੈਂ ਆਪਣੀ ਵਹੁਟੀ ਦੇ ਕਮਰੇ ਵਿਚ ਗਿਆ ਤੇ ਉਸ ਦੇ ਕੋਲ ਬੈਠ ਕੇ ਉਸ ਦੇ ਮੱਥੇ ਤੇ ਹੱਥ ਰਖਿਆ। ਉਸ ਨੇ ਆਖਿਆ, "ਇਹ ਕਮਰਾ ਵੱਡਾ ਗਰਮ ਹੈ, ਤੁਸੀਂ ਸੈਰ ਨੂੰ ਕਿਉਂ ਨਹੀਂ ਜਾਂਦੇ, ਜੇ ਤੁਸੀਂ ਸੈਰ ਨੂੰ ਨਹੀਂ ਜਾਓਗੇ ਤਾਂ ਰਾਤ ਨੂੰ ਭੁੱਖ ਨਹੀਂ ਲਗੇਗੀ।"
ਮੇਰੀ ਸੈਰ ਡਾਕਟਰ ਹਰਨ ਦੇ ਘਰ ਜਾਣਾ ਸੀ, ਮੈਂ ਆਪ ਹੀ ਇਕ ਰੋਜ਼ ਵਹੁਟੀ ਨੂੰ ਆਖਿਆ ਸੀ, ਜੋ ਅਰੋਗ ਰਹਿਣ ਲਈ ਸ਼ਾਮ ਦੀ ਸੈਰ ਅਤੀ ਜ਼ਰੂਰੀ ਹੈ।
ਹੁਣ ਮੈਨੂੰ ਪਤਾ ਲੱਗਾ ਜੋ ਉਹ ਮੇਰੀ ਹਰ ਇਕ ਗੱਲ ਤੋਂ ਜਾਣੂ ਹੈ। ਮੈਂ ਅਨਜਾਣਪੁਣੇ ਵਿਚ ਅਜ ਤੋੜੀ ਇਹੋ ਸਮਝ ਰਿਹਾ ਸਾਂ, ਜੋ ਉਸਨੂੰ ਇਸ ਦਾ ਕੋਈ ਪਤਾ ਨਹੀਂ। ਇਕ ਦਿਨ ਸ਼ਾਮਾਂ ਨੇ ਮੇਰੀ ਵਹੁਟੀ ਨੂੰ ਵੇਖਣ ਦੀ ਇਛਿਆ ਪਰਗਟ ਕੀਤੀ। ਮੈਂ ਨਹੀਂ ਆਖ ਸਕਦਾ ਜੋ ਕਿਉਂ, ਮੈਂ ਉਸ ਦੀ ਇਸ ਇਛਿਆ ਤੋਂ ਪ੍ਰਸੰਨ ਨਾ ਹੋਇਆ, ਪ੍ਰੰਤੂ ਉਸ ਦੀ ਇਸ ਬੇਨਤੀ ਨੂੰ ਠੁਕਰਾਉਣ ਲਈ ਮੇਰੇ ਕੋਲ ਕੋਈ ਬਹਾਨਾ ਵੀ ਨਹੀਂ ਸੀ। ਮੁੱਕਦੀ ਗੱਲ ਇਹ ਜੋ ਅਖ਼ੀਰ ਇਕ ਰੋਜ਼ ਉਹ ਸਾਡੇ ਮਕਾਨ ਤੇ ਆ ਹੀ ਗਈ। ਉਸ ਰੋਜ਼ ਮੇਰੀ ਵਹੁਟੀ ਨੂੰ ਅਗੇ ਕੋਲੋਂ ਵੱਧ ਤਕਲੀਫ਼ ਸੀ, ਕਮਰਾ ਸੁਨਸਾਨ ਸੀ ਤੇ ਮੈਂ ਚੁਪ ਚੁਪੀਤਾ ਉਸਦੇ ਕੋਲ ਬੈਠਾ ਹੋਇਆ ਸਾਂ। ਅੱਜ ਉਸ ਮੈਨੂੰ ਸੈਰ ਲਈ ਮਜਬੂਰ ਨਹੀਂ ਕੀਤਾ ਸੀ। ਜਾਂ ਤਾਂ ਤਕਲੀਫ਼ ਦੇ ਵਧੇਰੇ ਹੋਣ ਦੇ ਕਾਰਨ ਉਹ ਬੋਲ ਨਹੀਂ ਸਕਦੀ ਸੀ ਜਾਂ ਉਸ ਸਮੇਂ ਮੈਨੂੰ ਆਪਣੇ ਕੋਲ ਵੇਖ ਕੇ ਪ੍ਰਸੰਨ ਜਾਪਦੀ ਸੀ। ਉਸ ਵੇਲੇ ਸ਼ਾਮਾਂ ਕਮਰੇ ਦੇ ਅੰਦਰ ਆਈ। ਮੇਰੀ ਵਹੁਟੀ ਘਬਰਾ ਕੇ ਉੱਠ ਖੜੀ ਹੋਈ ਤੇ ਮੇਰਾ ਹੱਥ ਫੜ ਕੇ ਪੁਛਣ ਲੱਗੀ, "ਇਹ ਕੌਣ ਹੈ?" ਪਹਿਲਾਂ ਤਾਂ ਮੈਂ ਹੌਲੇ ਜਿਹੇ ਆਖਿਆ, "ਮੈਨੂੰ ਪਤਾ ਨਹੀਂ", ਪਰੰਤੂ ਮੈਂ ਝੱਟ ਹੀ ਅਨੁਭਵ ਕੀਤਾ ਜੋ ਇਸ ਝੂਠ ਬੋਲਣ ਤੋਂ ਮੇਰੀ ਆਤਮਾ ਨੂੰ ਦੁਖ ਹੁੰਦਾ ਹੈ। ਇਸ ਲਈ ਮੈਂ ਤੁਰਤ ਉਤਰ ਦਿਤਾ, "ਇਹ ਬੀਬੀ ਸਾਡੇ ਡਾਕਟਰ ਦੀ ਧੀ ਹੈ।"
ਮੇਰੀ ਵਹੁਟੀ ਮੇਰੇ ਵਲ ਵੇਖਣ ਲੱਗ ਪਈ, ਮੇਰੇ ਵਿਚ ਇਤਨਾ ਹੌਂਸਲਾ ਨਹੀਂ ਸੀ ਜੋ ਅੱਖ ਨਾਲ ਅੱਖ ਮਿਲਾਂਦਾ, ਫਿਰ ਉਸ ਨੇ ਧੀਮੀ ਅਵਾਜ਼ ਵਿਚ ਦਰਵਾਜ਼ੇ ਤੇ ਖੜੀ ਬੀਬੀ ਨੂੰ ਆਖਿਆ "ਅੰਦਰ ਆ ਜਾਓ" ਤੇ ਮੈਨੂੰ ਲੈਂਪ ਲਿਆਉਣ ਲਈ ਆਖਿਆ।
ਸ਼ਾਮਾਂ ਅੰਦਰ ਆ ਗਈ ਤੇ ਮੇਰੀ ਵਹੁਟੀ ਨਾਲ ਗੱਲਾਂ ਕਰਨ ਲੱਗ ਪਈ। ਉਹ ਗੱਲਾਂ ਪਈਆਂ ਕਰਦੀਆਂ ਹੀ ਸਨ ਜੋ ਡਾਕਟਰ ਹੁਰੀਂ ਵੀ ਆਪਣੇ ਰੋਗੀ ਨੂੰ ਵੇਖਣ ਲਈ ਆ ਗਏ।
ਦਵਾਈ ਘਰ ਤੋਂ ਉਹ ਦਵਾਈ ਦੀਆਂ ਦੋ ਸ਼ੀਸ਼ੀਆਂ ਆਪਣੇ ਨਾਲ ਲੈ ਆਏ ਸਨ। ਉਨ੍ਹਾਂ ਨੂੰ ਮੇਜ਼ ਤੇ ਰੱਖਦੇ ਹੋਇਆਂ ਉਨ੍ਹਾਂ ਨੇ ਮੇਰੀ ਵਹੁਟੀ ਨੂੰ ਆਖਿਆ, "ਵੇਖਣਾ ਇਹ ਨੀਲੀ ਸ਼ੀਸ਼ੀ ਮਾਲਸ਼ ਲਈ ਹੈ ਤੇ ਦੂਜੀ ਪੀਣ ਲਈ, ਧਿਆਨ ਕਰਨਾ ਦੋਵੇਂ ਰਲ ਨਾ ਜਾਣ, ਇਨ੍ਹਾਂ ਵਿਚੋਂ ਇਕ ਦਵਾਈ ਜ਼ਹਿਰ ਵਾਲੀ ਹੈ।" ਡਾਕਟਰ ਨੇ ਮੈਨੂੰ ਵੀ ਖ਼ਿਆਲ ਰਖਣ ਲਈ ਆਖਿਆ ਤੇ ਜਦੋਂ ਉਹ ਜਾਣ ਲੱਗੇ ਉਨ੍ਹਾਂ ਨੇ ਆਪਣੀ ਕਾਕੀ ਨੂੰ ਵੀ ਬੁਲਾ ਲਿਤਾ।
ਸ਼ਾਮਾਂ ਨੇ ਉੱਤਰ ਦਿੱਤਾ, "ਭਾਈਆ ਜੀ, ਮੈਂ ਇਥੇ ਹੀ ਕਿਉਂ ਨਾ ਟਿਕੀ ਰਹਾਂ, ਰੋਗੀ ਦੀ ਸੇਵਾ ਲਈ ਇਥੇ ਕੋਈ ਤੀਵੀਂ ਨਹੀਂ।" ਇਹ ਸੁਣ ਕੇ ਮੇਰੀ ਵਹੁਟੀ ਵੱਡੀ ਘਬਰਾਈ ਤੇ ਉਠ ਕੇ ਆਖਣ ਲੱਗੀ, "ਤੁਸੀਂ ਤਕਲੀਫ਼ ਨਾ ਕਰੋ, ਮੇਰੀ ਇਕ ਬੁੱਢੀ ਦਾਸੀ ਹੈ, ਜਿਹੜੀ ਮਾਤਾ ਵਾਂਗ ਮੇਰੀ ਸੇਵਾ ਕਰਦੀ ਹੈ।" ਜਦੋਂ ਡਾਕਟਰ ਤੇ ਉਸ ਦੀ ਪੁੱਤਰੀ ਜਾਣ ਲੱਗੇ ਤਾਂ ਮੇਰੀ ਵਹੁਟੀ ਨੇ ਡਾਕਟਰ ਨੂੰ ਆਖਿਆ, "ਤੁਸੀਂ ਇਨ੍ਹਾਂ ਨੂੰ ਵੀ ਨਾਲ ਕਿਉਂ ਨਹੀਂ ਲੈ ਜਾਂਦੇ, ਇਹ ਕਿਤਨਿਆਂ ਘੰਟਿਆਂ ਤੋਂ ਇਸ ਹਨੇਰੇ ਕਮਰੇ ਵਿਚ ਬੈਠੇ ਹੋਏ ਹਨ, ਤੁਹਾਡੇ ਨਾਲ ਰਤੀ ਕੁ ਤਾਜ਼ਾ ਹਵਾ ਖਾ ਆਉਣਗੇ।" ਡਾਕਟਰ ਨੇ ਮੇਰੇ ਵਲ ਵੇਖਦਿਆਂ ਹੋਇਆਂ ਆਖਿਆ, "ਆਓ ਮੈਂ ਤੁਹਾਨੂੰ ਦਰਿਆ ਤੇ ਸੈਰ ਲਈ ਲੈ ਚੱਲਾਂ"। ਥੋੜ੍ਹੇ ਜਿਹੇ ਟਾਲ-ਮਟੋਲੇ ਮਗਰੋਂ ਮੈਂ ਡਾਕਟਰ ਹੁਰਾਂ ਨਾਲ ਤੁਰ ਪਿਆ।
ਤੁਰਨ ਤੋਂ ਪਹਿਲਾਂ ਡਾਕਟਰ ਹੋਰਾਂ ਨੇ ਮੇਰੀ ਵਹੁਟੀ ਨੂੰ ਮੁੜ ਤਕੀਦ ਕੀਤੀ ਜੋ ਦਵਾਈਆਂ ਕਿਧਰੇ ਰਲ ਨਾ ਜਾਣ।
ਉਸ ਰਾਤ ਨੂੰ ਮੈਂ ਪਰਸ਼ਾਦ ਵੀ ਡਾਕਟਰ ਦੇ ਘਰ ਛਕਿਆ ਤੇ ਚੋਖੀ ਰਾਤ ਗੁਜ਼ਰਨ ਮਗਰੋਂ ਘਰ ਵਾਪਸ ਆਇਆ। ਵਾਪਸੀ ਤੇ ਮੈਂ ਵੇਖਿਆ, ਜੋ ਮੇਰੀ ਵਹੁਟੀ ਦੀ ਦਸ਼ਾ ਬਹੁਤ ਮੰਦੀ ਹੋ ਰਹੀ ਹੈ। ਮੈਨੂੰ ਆਪਣੀ ਬੇਵਕੂਫ਼ੀ ਤੇ ਅਫ਼ਸੋਸ ਹੋਇਆ ਜੋ ਕਿਉਂ ਮੈਂ ਇਤਨਾ ਚਿਰ ਘਰ ਤੋਂ ਬਾਹਰ ਰਿਹਾ। ਮੈਂ ਕਾਹਲੀ ੨ ਪੁਛਿਆ, "ਕੀ ਤੁਹਾਨੂੰ ਜ਼ਿਆਦਾ ਤਕਲੀਫ਼ ਹੋ ਗਈ ਹੈ?"
ਉਹ ਉੱਤਰ ਨਹੀਂ ਦੇ ਸਕਦੀ ਸੀ, ਉਸ ਨੇ ਕੇਵਲ ਮੇਰੇ ਵਲ ਵੇਖਿਆ, ਉਸ ਦਾ ਸਾਹ ਰੁਕ ਰਿਹਾ ਸੀ, ਮੈਂ ਝਟ ਪਟ ਡਾਕਟਰ ਨੂੰ ਬੁਲਵਾ ਭੇਜਿਆ।
ਪਹਿਲਾਂ ਤਾਂ ਡਾਕਟਰ ਹੁਰਾਂ ਨੂੰ ਕੁਛ ਸਮਝ ਨਾ ਆਈ। ਉਨ੍ਹਾਂ ਪੁਛਿਆ, "ਕੀ ਮਾਲਸ਼ ਕਰਨ ਨਾਲ ਦਰਦ ਨੂੰ ਅਰਾਮ ਨਹੀਂ ਆਇਆ?" ਨੀਲੀ ਸ਼ੀਸ਼ੀ ਖ਼ਾਲੀ ਪਈ ਸੀ। ਉਸ ਨੇ ਘਬਰਾ ਕੇ ਪੁਛਿਆ, "ਕੀ ਭੁਲੇਖੇ ਨਾਲ ਤੁਸਾਂ ਇਹ ਦਵਾਈ ਤਾਂ ਨਹੀਂ ਪੀ ਲੀਤੀ?" ਉਸ ਦੇ ਸਿਰ ਨੀਵਾਂ ਕਰਨ ਤੋਂ ਸਾਨੂੰ ਪਤਾ ਲੱਗ ਗਿਆ, ਜੋ ਠੀਕ ਇਹੋ ਹੀ ਗੱਲ ਹੋਈ ਹੈ। ਮੈਂ ਉਸ ਵੇਲੇ ਬੇਹੋਸ਼ ਹੋ ਕੇ ਬਿਸਤਰੇ ਤੇ ਡਿੱਗ ਪਿਆ।
ਜਿਵੇਂ ਮਾਤਾ ਬੀਮਾਰ ਬੱਚੇ ਨੂੰ ਤਸੱਲੀ ਦੇਂਦੀ ਹੈ, ਤਿਵੇਂ ਹੀ ਮੇਰੀ ਵਹੁਟੀ ਨੇ ਮੈਨੂੰ ਆਪਣੇ ਵਲ ਖਿੱਚ ਕੇ ਆਪਣੀ ਛਾਤੀ ਨਾਲ ਲਾਇਆ ਤੇ ਹੱਥਾਂ ਦੇ ਇਸ਼ਾਰਿਆਂ ਨਾਲ ਮੈਨੂੰ ਆਪਣੇ ਦਿਲ ਦੇ ਭਾਵ ਦੱਸਣ ਲੱਗੀ। ਘੜੀ ਮੁੜੀ ਉਹ ਇਹੋ ਆਖਦੀ ਸੀ, "ਤੁਸੀਂ ਕੋਈ ਰੰਜ ਨਾ ਕਰੋ, ਜੋ ਕੁਝ ਹੋਇਆ ਚੰਗਾ ਹੋਇਆ, ਤੁਸੀਂ ਇਹ ਜਾਣ ਕੇ ਪ੍ਰਸੰਨ ਹੋਵੋਗੇ ਜੋ ਮੈਂ ਮਰਨ ਵੇਲੇ ਪ੍ਰਸੰਨ ਹਾਂ।"
ਹੋਰ ਦਵਾਈ ਦੇਣ ਤੋਂ ਪਹਿਲਾਂ ਹੀ ਉਸ ਦੀ ਆਤਮਾ ਦੇਹ ਛੱਡ ਚੁਕੀ ਸੀ।
ਮੇਰਾ ਵਿਆਹ ਸ਼ਾਮਾਂ ਨਾਲ ਹੋ ਗਿਆ, ਵਿਆਹ ਦੇ ਮਗਰੋਂ ਜਦੋਂ ਮੈਂ ਉਸ ਦੇ ਨਾਲ ਪਿਆਰ ਕਰਦਾ ਤਾਂ ਉਹ ਪ੍ਰਸੰਨ ਹੋਣ ਦੀ ਥਾਂ ਮੈਨੂੰ ਸ਼ੱਕ ਨਾਲ ਵੇਖਦੀ। ਇਨ੍ਹਾਂ ਹੀ ਦਿਨਾਂ ਵਿਚ ਮੈਨੂੰ ਸ਼ਰਾਬ ਪੀਣ ਦੀ ਭੈੜੀ ਵਾਦੀ ਪੈ ਗਈ ਸੀ।
ਇਕ ਦਿਨ ਸੰਧਿਆ ਵੇਲੇ ਦਰਿਆ ਦੇ ਕੰਢੇ ਮੈਂ ਆਪਣੇ ਬਗੀਚੇ ਵਿਚ ਸ਼ਾਮਾਂ ਦੇ ਨਾਲ ਟਹਿਲ ਰਿਹਾ ਸਾਂ, ਜੋ ਹਨੇਰਾ ਵਧ ਗਿਆ। ਸ਼ਾਮਾਂ ਥੱਕ ਕੇ ਸੰਗਮਰਮਰ ਦੇ ਥੜੇ ਤੇ ਲੇਟ ਗਈ, ਮੈਂ ਉਸ ਦੇ ਕੋਲ ਹੀ ਬੈਠ ਗਿਆ। ਉਸ ਰਾਤ ਮੈਂ ਘੱਟ ਸ਼ਰਾਬ ਪੀਤੀ ਸੀ। ਮੈਂ ਸ਼ਾਮਾਂ ਦੀ ਮਨਮੋਹਣੀ ਸੂਰਤ ਨੂੰ ਚੁਪ ਚੁਪੀਤੇ ਵੇਖ ਰਿਹਾ ਸਾਂ। ਮੈਨੂੰ ਇਉਂ ਅਨੁਭਵ ਹੁੰਦਾ ਸੀ, ਜੋ ਉਹ ਇਕ ਖਿਆਲੀ ਮੂਰਤ ਹੈ, ਜਿਸ ਤੋਂ ਮੈਂ ਕਦੇ ਵੀ ਵਖ ਨਹੀਂ ਹੋ ਸਕਦਾ। ਸ਼ਾਮਾਂ ਦੇ ਲਾਗੇ ਹੋ ਕੇ ਉਸ ਦਾ ਹੱਥ ਆਪਣੇ ਹੱਥ ਵਿਚ ਲੈ ਕੇ ਮੈਂ ਆਖਿਆ, "ਮੇਰੀ ਪਿਆਰੀ ਸ਼ਾਮਾ, ਤੁਸੀਂ ਭਾਵੇਂ ਮੰਨੋ ਜਾਂ ਨਾ ਮੰਨੋ, ਮੈਂ ਤੁਹਾਡੇ ਪਿਆਰ ਨੂੰ ਕਦੇ ਵੀ ਨਹੀਂ ਭੁਲਾਂਗਾ।"
ਇਸ ਗੱਲ ਦੇ ਮੂੰਹ ਵਿਚੋਂ ਨਿਕਲਦਿਆਂ ਹੀ ਮੈਂ ਚੌਂਕ ਪਿਆ। ਮੈਨੂੰ ਚੇਤੇ ਆ ਗਿਆ ਜੋ ਇਹੋ ਗੱਲ ਅਜ ਤੋਂ ਬਹੁਤ ਮੁਦਤ ਪਹਿਲਾਂ ਮੈਂ ਕਿਸੇ ਹੋਰ ਨੂੰ ਵੀ ਆਖੀ ਸੀ। ਠੀਕ ਉਸ ਵੇਲੇ ਗੰਗਾ ਦੇ ਪਾਰ ਤੋਂ ਹਾ-ਹਾ-ਹਾ ਤੇ ਖਿੜ ਖਿੜ ਹੱਸਣ ਦੀ ਆਵਾਜ਼ ਮੇਰੇ ਕੰਨੀ ਪਈ। ਮੈਂ ਨਹੀਂ ਆਖ ਸਕਦਾ ਇਹ ਹਾਸੀ ਬਿਜਲੀ ਸੀ ਜਾਂ ਭੁੰਚਾਲ। ਉਸ ਵੇਲੇ ਮੈਂ ਬੇਹੋਸ਼ ਹੋ ਕੇ ਧਰਤੀ ਤੇ ਡਿਗ ਪਿਆ। ਜਦੋਂ ਮੈਨੂੰ ਹੋਸ਼ ਆਈ ਮੈਂ ਵੇਖਿਆ, ਜੋ ਮੈਂ ਆਪਣੇ ਕਮਰੇ ਵਿਚ ਲੇਟਿਆ ਪਿਆ ਹਾਂ। ਵਹੁਟੀ ਨੇ ਪੁਛਿਆ, "ਤੁਹਾਨੂੰ ਕੀ ਹੋ ਗਿਆ ਸੀ?" ਮੈਂ ਉੱਤਰ ਦਿੱਤਾ, "ਕੀ ਤੁਸਾਂ ਨੇ ਨਹੀਂ ਸੁਣਿਆ ਸੀ ਜੋ ਸਾਰਾ ਅਸਮਾਨ ਹਾ-ਹਾ-ਹਾ ਦੇ ਹਾਸੇ ਨਾਲ ਗੂੰਜ ਰਿਹਾ ਸੀ।"
ਵਹੁਟੀ ਨੇ ਹੱਸ ਕੇ ਉੱਤਰ ਦਿਤਾ, "ਅਸਮਾਨ ਤੇ ਕੌਣ ਪਿਆ ਹੱਸਦਾ ਸੀ! ਮੈਂ ਅਸਮਾਨ ਤੇ ਪੰਖੇਰੂਆਂ ਦੇ ਝੁੰਡ ਉਡਦੇ ਵੇਖੇ ਸਨ, ਤੁਸੀਂ ਤਾਂ ਬੜੀ ਛੇਤੀ ਡਰ ਜਾਂਦੇ ਹੋ।"
ਦੂਜੇ ਦਿਨ ਮੈਂ ਵੀ ਇਹੋ ਹੀ ਖਿਆਲ ਕੀਤਾ ਜੋ ਉਹ ਹਾਸੀ ਨਹੀਂ ਸੀ, ਸਗੋਂ ਮੁਰਗ਼ਾਬੀਆਂ ਦੇ ਝੁੰਡ ਦੀ ਉੱਡਣ ਦੀ ਅਵਾਜ਼ ਸੀ। ਪ੍ਰੰਤੂ ਜਿਉਂ ੨ ਰਾਤ ਦਾ ਹਨੇਰਾ ਵਧਦਾ ਗਿਆ, ਮੈਨੂੰ ਆਪਣਾ ਪਹਿਲਾ ਅਨੁਮਾਨ ਹੀ ਸੱਚਾ ਪਰਤੀਤ ਹੋਇਆ। ਅਖ਼ੀਰ ਮੈਂ ਕੋਠੀ ਛੱਡਣ ਦਾ ਫ਼ੈਸਲਾ ਕੀਤਾ ਤੇ ਸ਼ਾਮਾਂ ਨੂੰ ਨਾਲ ਲੈ ਕੇ ਦਰਿਆ ਦੇ ਕੰਢੇ ਇਕ ਦੂਜੀ ਕੋਠੀ ਵਿਚ ਰਹਿਣ ਲਗ ਪਿਆ, ਜਿਥੇ ਆ ਕੇ ਮੈਨੂੰ ਆਪਣਾ ਪੁਰਾਣਾ ਵਹਿਮ ਭੁਲ ਗਿਆ। ਇਕ ਰੋਜ਼ ਅਸੀਂ ਬੇੜੀ ਵਿਚ ਬੈਠ ਕੇ ਸੈਰ ਨੂੰ ਗਏ। ਬੇੜੀ ਟੁਰਦੀ ਟੁਰਦੀ ਵਸੋਂ ਤੋਂ ਬਹੁਤ ਦੂਰ ਨਿਕਲ ਗਈ। ਸੂਰਜ ਦੀਆਂ ਸੁਨਹਿਰੀ ਕਿਰਨਾਂ ਮਧਮ ਪੈਣ ਲੱਗ ਪਈਆਂ ਤੇ ਅਸਮਾਨ ਤੇ ਚੰਦਰਮਾਂ ਨੇ ਚਿੱਟੀ ਚਾਦਰ ਵਿਛਾ ਦਿਤੀ। ਜਦੋਂ ਚੰਦਰਮਾਂ ਦੀਆਂ ਕਿਰਨਾਂ ਰੇਤ ਤੇ ਪੈਂਦੀਆਂ ਤਾਂ ਮੇਰੇ ਮਨ ਦੇ ਸੰਸਾਰ ਵਿਚ ਖਿਆਲਾਂ ਦਾ ਇਕ ਤੂਫ਼ਾਨ ਆ ਜਾਂਦਾ। ਮੈਂ ਅਨੁਭਵ ਕਰ ਰਿਹਾ ਸਾਂ, ਜੋ ਇਸ ਸੰਸਾਰ ਵਿਚ ਜਿਹੜਾ ਸੁਪਨੇ ਸਮਾਨ ਹੈ, ਮੇਰੇ ਤੇ ਸ਼ਾਮਾਂ ਬਿਨਾਂ ਹੋਰ ਕੋਈ ਨਹੀਂ।
ਸ਼ਾਮਾਂ ਨੇ ਲਾਲ ਰੰਗ ਦਾ ਦੁਸ਼ਾਲਾ ਸਿਰ ਤੇ ਲਿਆ ਹੋਇਆ ਸੀ। ਉਸ ਵੇਲੇ ਉਹ ਸੱਜਰ ਵਿਆਹੀ ਵਹੁਟੀ ਮਲੂਮ ਹੁੰਦੀ ਸੀ। ਲਾਲ ਦੁਸ਼ਾਲੇ ਵਿਚ ਉਸ ਦਾ ਮੁਖ ਚੰਦਰਮੇ ਨੂੰ ਵੀ ਮਾਤ ਪਿਆ ਕਰਦਾ ਸੀ। ਇਸ ਭਿਆਨਕ ਚੁਪ ਵਿਚ ਸ਼ਾਮਾਂ ਨੇ ਮੇਰਾ ਹੱਥ ਆਪਣੇ ਹੱਥ ਵਿਚ ਲੈ ਲਿਆ। ਉਹ ਮੇਰੇ ਇਤਨੇ ਲਾਗੇ ਸੀ, ਜੋ ਮੈਂ ਸਮਝਿਆ ਕਿ ਮੈਂ ਤੇ ਉਹ ਇਕ ਹੀ ਹਾਂ। ਜਾਂਦੇ ੨ ਅਸੀਂ ਇਕ ਸੁੰਦਰ ਚਸ਼ਮੇ ਤੇ ਪੁਜ ਗਏ। ਚੰਦਰਮਾਂ ਦਾ ਸਾਫ਼ ੨ ਪਰਛਾਵਾਂ ਪਾਣੀ ਵਿਚ ਕਿਹਾ ਚੰਗਾ ਲਗਦਾ ਸੀ। ਸ਼ਾਮਾਂ ਨੇ ਮੇਰੇ ਵਲ ਤਕਿਆ, ਉਸ ਦਾ ਦੁਸ਼ਾਲਾ ਉਸ ਦੇ ਸਿਰ ਤੋਂ ਖਿਸਕ ਗਿਆ, ਮੈਨੂੰ ਪਤਾ ਨਹੀਂ ਕੀ ਹੋ ਗਿਆ, ਪਰ ਮੈਂ ਆਪਣੇ ਆਪ ਵਿਚ ਨਹੀਂ ਸਾਂ। ਠੀਕ ਉਸ ਭਿਆਨਕ ਸਮੇਂ ਕਿਸੇ ਨੇ ਤਿੰਨ ਵਾਰੀ ਮੈਥੋਂ ਪੁਛਿਆ, "ਇਹ ਕੌਣ ਹੈ! ਇਹ ਕੌਣ ਹੈ! ਇਹ ਕੌਣ ਹੈ!" ਮੈਂ ਘਬਰਾ ਕੇ ਪਿਛੇ ਮੁੜ ਕੇ ਵੇਖਿਆ, ਮੇਰੀ ਵਹੁਟੀ ਵੀ ਕੰਬ ਗਈ, ਉਥੇ ਕੋਈ ਮੌਜੂਦ ਨਹੀਂ ਸੀ, ਅਸਾਂ ਉਸ ਨੂੰ ਕੇਵਲ ਵਹਿਮ ਹੀ ਸਮਝਿਆ।
ਲੰਮੇ ੨ ਕਦਮ ਚੁਕ ਕੇ ਅਸੀਂ ਬੇੜੀ ਵਿਚ ਵਾਪਸ ਆ ਗਏ। ਅਸਾਨੂੰ ਬਹੁਤ ਚਿਰ ਹੋ ਗਿਆ ਸੀ, ਇਸ ਲਈ ਅਸੀਂ ਸਿਧੇ ਸੌਣ ਵਾਲੇ ਕਮਰੇ ਵਿਚ ਚਲੇ ਗਏ ਤੇ ਸ਼ਾਮਾਂ ਝਟ ਪਟ ਹੀ ਸੌਂ ਗਈ।
ਮੈਨੂੰ ਇਉਂ ਜਾਪਿਆ ਜੋ ਹਨੇਰੇ ਵਿਚ ਆਪਣੀ ਕੋਮਲ ਤੇ ਲੰਮੀ ਉਂਗਲੀ ਨਾਲ ਸ਼ਾਮਾਂ ਵਲ ਇਸ਼ਾਰਾ ਕਰਕੇ ਘੜੀ ਮੁੜੀ ਕੋਈ ਮੈਨੂੰ ਪੁਛ ਰਿਹਾ ਹੈ, 'ਇਹ ਕੌਣ ਹੈ! ਇਹ ਕੌਣ ਹੈ! ਇਹ ਕੌਣ ਹੈ!' ਕਾਹਲੀ ਕਾਹਲੀ ਉਠ ਕੇ ਤੀਲੀ ਬਾਲ ਕੇ ਮੈਂ ਲੈਂਪ ਜਗਾਇਆ, ਉਸ ਵੇਲੇ ਵੀ ਹਨੇਰੇ ਵਿਚ ਮੇਰੇ ਕੰਨੀ ਕਿਸੇ ਦੇ ਹੱਸਣ ਦੀ ਅਵਾਜ਼ ਪਈ, ਉਹ ਆਖ ਰਹੀ ਸੀ, 'ਇਹ ਕੌਣ ਹੈ! ਇਹ ਕੌਣ ਹੈ! ਇਹ ਕੋਣ ਹੈ!' ਅਵਾਜ਼ ਧੀਮੀ ਹੋਣ ਲਗ ਪਈ, ਪ੍ਰੰਤੂ ਇਹ ਧੀਮੀ ਅਵਾਜ਼ ਮੇਰੇ ਦਿਲ ਨੂੰ ਚੀਰ ਰਹੀ ਸੀ। ਤੰਗ ਆ ਕੇ ਮੈਂ ਲੈਂਪ ਬੁਝਾ ਦਿਤਾ। ਇਤਨੇ ਵਿਚ ਆਪਣੀ ਬਾਰੀ ਵਿਚੋਂ ਮੈਨੂੰ ਅਵਾਜ਼ ਆਉਂਦੀ ਹੋਈ ਜਾਪੀ, 'ਇਹ ਕੋਣ ਹੈ! ਕੌਣ ਹੈ! ਕੌਣ ਹੈ!'
ਇਸ ਵੇਲੇ ਮੇਰੇ ਕਮਰੇ ਵਿਚ ਜਿਹੜੀਆਂ ਚੀਜ਼ਾਂ ਪਈਆਂ ਸਨ, ਸਾਰਿਆਂ ਵਿਚੋਂ "ਇਹ ਕੌਣ ਹੈ! ਇਹ ਕੌਣ ਹੈ!" ਦੀ ਅਵਾਜ਼ ਆ ਰਹੀ ਸੀ।
“ਡਾਕਟਰ ਡਾਕਟਰ! ਕੀ ਤੁਸੀਂ ਹੁਣ ਮੇਰੀ ਬੀਮਾਰੀ ਸਮਝ ਗਏ ਹੋ, ਤੁਹਾਡੀ ਦਵਾਈ ਕਦੇ ਵੀ ਕਾਟ ਨਹੀਂ ਕਰੇਗੀ।"
ਮੈਂ ਆਪਣੀ ਪਹਿਲੀ ਵਹੁਟੀ ਨੂੰ ਜਿਸ ਨੇ ਮੇਰੀ ਖ਼ਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ, ਆਖਿਆ ਸੀ ਜੋ ਮੈਂ ਤੁਹਾਡੀ ਪ੍ਰੀਤ ਨੂੰ ਕਦੇ ਨਹੀਂ ਭੁਲਾਂਗਾ! ਆਹ ਮੈਨੂੰ ਆਪਣੇ ਕੀਤੇ ਹੋਏ ਕੌਲ ਵਿਸਰ ਗਏ ਤੇ ਮੈਂ , ਦੂਜਾ ਵਿਆਹ ਕਰਾ ਲਿਆ, ਹੁਣ ਮੌਤ ਦੇ ਬਿਨਾਂ ਮੇਰਾ ਹੋਰ ਕੋਈ ਇਲਾਜ ਨਹੀਂ।"

(ਅਨੁਵਾਦਕ: ਬਲਵੰਤ ਸਿੰਘ ਚਤਰਥ)

  • ਮੁੱਖ ਪੰਨਾ : ਰਵਿੰਦਰਨਾਥ ਟੈਗੋਰ, ਬੰਗਾਲੀ ਕਹਾਣੀਆਂ ਤੇ ਨਾਵਲ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ