Jinhan Da Koi Ghar Nahin Hunda (Punjabi Story) : Simran Dhaliwal

ਜਿਨ੍ਹਾਂ ਦਾ ਕੋਈ ਘਰ ਨਹੀਂ ਹੁੰਦਾ (ਕਹਾਣੀ) : ਸਿਮਰਨ ਧਾਲੀਵਾਲ

ਯਾਰ ਸੀ ਮੇਰਾ ਭਾਗੀ।
ਜੀਹਦੀਆਂ ਸਾਰੀਆਂ ਅੰਤਿਮ ਰਸਮਾਂ ਕਰਕੇ ਮੁੜਿਆਂ ਹਾਂ ਮੈਂ।ਘਰ ਤੀਕ ਆਉਂਦਿਆਂ ਭਾਗੀ ਦੀਆਂ ਕਈ ਗੱਲਾਂ ਮੇਰੇ ਦਿਮਾਗ਼ ਵਿੱਚ ਘੁੰਮਦੀਆਂ ਰਹੀਆਂ।ਕਦਮ ਜਿਵੇਂ ਸਾਥ ਨਹੀਂ ਸਨ ਦਿੰਦੇ।ਤੁਰਦਾ ਅਗਾਂਹ ਨੂੰ ਸਾਂ ਤੇ ਜਾਂਦਾ ਪਿਛਾਹ ਨੂੰ।
ਹੱਥਾਂ ਵਿੱਚ ਸਰਿੰਜ ਫੜ੍ਹੀ ਬੈਠਾਂ।

ਸੂਈ ਨਾੜ ਵਿੱਚ ਲੱਗਦਿਆਂ ਹੀ ਮੱਥੇ ਦੀਆਂ ਨਸਾਂ ਤਣ ਜਾਂਦੀਆਂ ਨੇ…।ਮੂੰਹ ਵਿੱਚੋਂ ‘ਸੀ-ਸੀ’ ਦੀ ਅਵਾਜ਼ ਨਿਕਲਦੀ ਹੈ।ਅੱਖਾਂ ਬੰਦ ਕਰਕੇ ਸੱਜੇ ਹੱਥ ਨਾਲ ਸਰਿੰਜ ਦਬਾਉਂਦਾ ਹਾਂ।ਸਰਿੰਜ ਖਾਲੀ ਹੁੰਦਿਆਂ ਹੀ ਪੂਰੇ ਸਰੀਰ ਉਤੇ ਕੀੜੀਆਂ ਲੜਨ ਲੱਗਦੀਆਂ ਨੇ…।ਨੀਮ ਬੇਹੋਸ਼ੀ ਦੀ ਹਾਲਤ ਵਿੱਚ ਪਹੁੰਚਣ ਲੱਗਦਾ ਹਾਂ ਮੈਂ।ਜਦ ਕਦੇ ਵੀ ਇੰਜ ਵਾਪਰਦਾ ਹੈ ਮੈਂ ਕੰਬਦੇ ਹੱਥਾਂ ਨਾਲ ਸਰਿੰਜ ਭਰਨ ਲੱਗਦਾ ਹਾਂ।
ਫਿਰ ਬੱਸ!
ਉਦੋਂ ਮੈਂ ਕਰਮਾ ਨਹੀਂ ਰਹਿੰਦਾ।
ਸੂਤਰਧਾਰ ਬਣ ਬੈਠਦਾ ਹਾਂ ਉਸ ਪਲ।ਪਲਾਂ-ਛਿਣਾਂ ਸੱਜ ਜਾਂਦੀ ਹੈ ਇੱਕ ਸਟੇਜ।ਕਈ ਸਾਰੇ ਕਿਰਦਾਰ ਉਭਰ ਆਉਂਦੇ ਨੇ ਅੱਖਾਂ ਸਾਹਵੇਂ।ਚੱਲਣ ਲੱਗਦਾ ਹੈ ਇੱਕ ਨਾਟਕ।
ਸੀਨ-ਦਰ-ਸੀਨ।

ਸੀਨ-ਪਹਿਲਾ
ਮੇਰੇ ਬਾਪੂ ਨੂੰ ਬਾਹਾਂ ਬੰਨ੍ਹੀ, ਪੁਲਿਸ ਵਾਲੇ ਖਿਚਦੇ ਹੋਏ ਲਿਜਾ ਰਹੇ ਨੇ। ਮੇਰੀ ਮਾਂ ਹਾਲ ਦੁਹਾਈਆਂ ਮਚਾ ਰਹੀ ਹੈ।ਮੈਂ ਡੌਰ-ਭੌਰ ਜਿਹਾ ਚਾਰੇ ਪਾਸੇ ਝਾਕਦਾ। ਕੋਈ ਵੀ ਬਾਪੂ ਨੂੰ ਛੁਡਾਉਣ ਲਈ ਅੱਗੇ ਨਹੀਂ ਆਉਂਦਾ।
ਨਾਜਰ ਕਾਣਾ ਬੀਹੀ ਦੇ ਮੋੜ ’ਤੇ ਖੜਾ ਹੱਸ ਰਿਹਾ।
“ਮਾਰ ਹੁਣ ਕਾਰ ਦੀ ਸੈਲਫ ਮੁਖਿਆ।ਨੱਪ ਦੇ ਰੇਸ ਮਾਈਂ…।”
“ਭਾਈ ਚਾਬੀ ਹੀ ਗੁੰਮ ਗਈ ਹੁਣ ਇਹ ਗੱਡੀ ਕਿੱਥੋਂ ਚੱਲਣੀ।”
ਉਸ ਦਿਨ ਬੈਂਕ ਤੋਂ ਮੁੜਿਆ ਬਾਪੂ ਕਹਿ ਰਿਹਾ ਸੀ।
ਜਿਹੜਾ ਮੈਨੇਜਰ ‘ਆਪਣੀ ਤਾਂ ਘਰ ਵਾਲੀ ਗੱਲ ਹੈ’ ਆਖਦਾ ਸੀ, ਉਹ ਹੁਣ ‘ਮੇਰੇ ਤਾਂ ਹੱਥ ਖੜ੍ਹੇ ਨੇ’ ਆਖ ਰਿਹਾ ਸੀ।
ਮੇਰੇ ਤੋਂ ਵੱਡੀ ਮੇਰੀ ਭੈਣ ਰੋਜ਼ੀ ਦਾ ਵਿਆਹ ਸੀ। ਘਰ ਵਿੱਚ ਹਾਸੇ ਗੂੰਜ ਰਹੇ ਸਨ। ਇਲਾਕੇ ਦਾ ਸਭ ਤੋਂ ਮਹਿੰਗਾ ਪੈਲਿਸ ਬੁੱਕ ਕੀਤਾ ਗਿਆ।
ਸਭ ਤਿਆਰੀਆਂ ਮੁਕੰਮਲ ਸਨ।
ਅਚਾਨਕ…।
ਵਿਚੋਲੇ ਨੇ ਵਿੱਚੇ ਆ ਕੇ ਹੋਰ ਸੁਰਾਂ ਛੇੜ ਦਿੱਤੀਆਂ।

“ਮੁਖਤਾਰ ਸਿਆਂ! ਸੱਤ ਕਿੱਲੇ ਆਉਦੇ ਨੇ ਮੁੰਡੇ ਨੂੰ। ਅਗਲੇ ਸੱਤ ਲੱਖ ਵਾਲੀ ਹੀ ਗੱਡੀ ਮੰਗਦੇ।ਬੋਲ ਭਾਈ ਕੀ ਜਵਾਬ ਦੇਵਾਂ ਜਾ ਕੇ?”
ਸਾਰੇ ਟੱਬਰ ਦੀ ਜ਼ੁਬਾਨ ਨੂੰ ਜਿਵੇਂ ਤਾਲੇ ਵੱਜ ਗਏ ਸੀ।ਪਰ ਹਰ ਤਾਲੇ ਦੀ ਚਾਬੀ ਮੈਨੇਜਰ ਕੋਲ ਸੀ।ਕਰਜ਼ਾ ਪਾਸ ਹੋ ਗਿਆ।ਲਾਲ ਹਾਰ ਪਾਈ, ਚਿੱਟੇ ਰੰਗ ਦੀ ਗੱਡੀ ਵਿਹੜੇ ਵਿੱਚ ਖੜ੍ਹੀ ਸੀ।

***

ਵਿਆਹ ਵਾਲੇ ਦਿਨ ਲੋਕ ਅਸ਼-ਅਸ਼ ਕਰ ਉਠੇ।ਮਹਿੰਗੀ ਅੰਗਰੇਜ਼ੀ ਦਾਰੂ ਨੇ ਸਭ ਦਾ ਸਿਰ ਘੁੰਮਾ ਦਿੱਤਾ।ਲੋਕ ਸਿਫਤਾਂ ਕਰਦੇ ਘਰਾਂ ਨੂੰ ਮੁੜੇ ਸੀ।
“ਚਿੱਬ ਕੱਢ ਦਿੱਤੇ ਬਈ ਸਾਨ੍ਹ ਜੱਟ ਨੇ..ਐਸਾ ਕਾਜ ਤਾਂ ਮਾਈਂ ’ਲਾਕੇ ’ਚ ਨਹੀਂ ਕੀਤਾ ਹੋਣਾ ਕਿਸੇ ਨੇ…।”
ਦਾਰੂ ਸਿਰ ਚੜ੍ਹ ਕੇ ਬੋਲਦੀ ਪਈ ਸੀ।
ਪਰ ਵਿਆਹ ਤੋਂ ਕਈ ਸਾਲਾਂ ਬਾਅਦ, ਜਦ ਬੈਂਕ ਦਾ ਕਰਜ਼ਾ ਨਹੀਂ ਸੀ ਉਤਰਿਆ।ਥਾਣਾ ਚੜ੍ਹ ਕੇ ਆ ਗਿਆ ਸੀ।ਵਿਆਹ ਦੀਆਂ ਸਿਫਤਾਂ ਕਰਨ ਵਾਲੇ ਲੋਕ ਹੁਣ ਕੁਝ ਹੋਰ ਆਖ ਰਹੇ ਸਨ।
“ਸਾਲੇ ਜੱਟ ਵੀ ਫੰਨ੍ਹੇ ਖ਼ਾਂ ਬਣਦੇ। ਬਈ ਜਦ ਪੁਜਤ ਹੈ ਨੀ੍ਹ ਕਰਜ਼ਾ ਕਾਸਤੋ ਚੜਾਉਂਣਾ ਸਿਰ ’ਤੇ…।ਅਖੇ…ਕਾਵਾਂ ਨੂੰ ਸੈਨਤਾਂ।”
ਸਰੀਕੇ ਵਿੱਚ ਜਿਸ ਮੁੱਛ ਨੂੰ ਖੜੀ ਰੱਖਣ ਲਈ ਬਾਪੂ ਨੇ ਗ਼ਲ ਪੰਜਾਲੀ ਪਾਈ ਸੀ, ਉਹੀ ਮੁੱਛ ਹੁਣ ਸਰੀਕੇ ਸਾਹਵੇਂ ਨੀਵੀਂ ਹੋ ਗਈ ਸੀ।

ਸੀਨ-ਦੂਸਰਾ
ਕਿਤਾਬਾਂ ਹੱਥ ਵਿੱਚ ਫੜ੍ਹੀ ਮੈਂ ਕਾਲਜ ਜਾ ਰਿਹਾ।
ਬਹੁਤ ਚਾਅ ਹੈ ਬਾਪੂ ਨੂੰ ਮੇਰੇ ਕਾਲਜ ਜਾ ਕੇ ਪੜ੍ਹਨ ਦਾ।ਉਹ ਜਾਣਦਾ ਹੈ..ਹੁਣ ਡੇਢ ਕਿਲੇ ਜ਼ਮੀਨ ਨਾਲ ਪਾਰ ਉਤਾਰਾ ਨਹੀਂ ਹੋਣਾ। ਇਸੇ ਲਈ ਉਹ ਚਾਹੁੰਦਾ ਹੈ, ਮੈਂ ਪੜ੍ਹ-ਲਿਖ ਕੇ ਕਿਸੇ ਟੁਕੜੇ ’ਤੇ ਲਗ ਜਾਵਾਂ।ਮੈਂ ਜਾਣਦਾ ਹਾਂ, ਬੜੀ ਮੁਸ਼ਕਿਲ ਨਾਲ ਫ਼ੀਸਾਂ ਭਰਦਾ ਹੈ ਬਾਪੂ।ਰੋਜ਼ੀ ਦੇ ਵਿਆਹ ਦੀ ਉਲਝੀ ਤਾਣੀ ਅਜੇ ਤੀਕ ਨਹੀਂ ਸੁਲਝੀ।ਬਾਪੂ ਜਾਣਦਾ ਹੈ, ਕੁਝ ਨਹੀਂ ਨਿਕਲਦਾ ਹੁਣ ਖੇਤੀ ਵਿਚੋਂ। ਇਸੇ ਲਈ ਉਹ ਚਾਹੁੰਦਾ ਹੈ ਕਿ ਮੈਂ ਦੱਬ ਕੇ ਪੜ੍ਹਾਂ।ਮੇਲੇ ਵਰਗੇ ਮਾਹੌਲ ਵਿੱਚ ਮੈਂ ਗੁਆਚੀ ਗਾਂ ਵਾਂਗ ਫਿਰਦਾ ਹਾਂ। ਬਾਪੂ ਦੀ ਕਹੀ ਗੱਲ ਯਾਦ ਆਉਂਦੀ ਹੈ ਮੈਨੂੰ।
“ਪੁਤਰਾ! ਚਾਦਰ ਵੇਖ ਕੇ ਪੈਰ ਪਸਾਰੀ ਦੇ ਨੇ…ਨਹੀਂ ਤਾਂ ਘਾਟੇ ’ਚ ਜਾਂਦੈ ਬੰਦਾ।ਜੱਗ ਨਹੀਂ ਜਿੱਤ ਹੁੰਦਾ ਕਦੀ।ਤੂੰ ਬੱਸ ਇੱਕ ਚਿੱਤ ਹੋ ਕੇ ਪੜਾਈ ਕਰੀਂ।”
…ਤੇ ਮੈਂ ਹੋਰ ਸਾਰਾ ਕੁਝ ਬੇਧਿਆਨਾ ਕਰਕੇ ਆਪਣਾ ਪੂਰਾ ਧਿਆਨ ਪੜਾਈ ਵੱਲ ਲਗਾਉਂਦਾ ਹਾਂ।
ਨਤੀਜਾ-
ਯੂਨੀਵਰਸਿਟੀ ਮੈਰਿਟ ਹੋਲਡਰ।
ਕਾਲਜ ਦਾ ਟਾਪਰ।
ਟਰਾਫ਼ੀਆਂ , ਸਨਮਾਨਾਂ ਨਾਲ ਭਰੀਆਂ ਅੰਗੀਠੀਆਂ।
ਸਮਾਂ :ਪੰਜ ਸਾਲ।
ਡਿਗਰੀਆਂ , ਸਰਟੀਫਿਕੇਟ ਲੈ ਕੇ ਕਾਲਜ ਤੋਂ ਨਿਕਲਦਾ ਹਾਂ।

ਆੜਤੀਏ ਦੇ ਪੈਸੇ ਹਰ ਸਾਲ ਟੁੱਟਦੇ ਰਹੇ ਨੇ…ਤਾਂ ਹੀ ਮੇਰੀਆਂ ਫ਼ੀਸਾਂ ਤਰਦੀਆਂ ਰਹੀਆਂ ਨੇ।ਪਰ ਇਹ ਡਿਗਰੀਆਂ ਤਾਂ ਬੱਸ ਕਾਗ਼ਜ਼ ਦੇ ਟੁੱਕੜੇ ਹੀ ਨੇ।ਕੁਝ ਨਹੀਂ ਬਦਲਿਆ ਮੇਰੇ ਪੜ੍ਹ-ਲਿਖ ਜਾਣ ਨਾਲ।ਬਸ ਵਧਿਆ ਹੈ ਤਾਂ ਬਾਪੂ ਦੇ ਸਿਰ ਕਰਜ਼ਾ।ਅੱਜ-ਕੱਲ੍ਹ ਮੈਨੂੰ ਵਿਹਲਾ ਫਿਰਦਾ ਵੇਖ ਕੇ ਖਿਝਣ ਲੱਗਦਾ ਹੈ ਬਾਪੂ।…ਤੇ ਬਾਪੂ ਨਾਲੋਂ ਵੱਧ ਮੈਂ ਖਿਝਿਆ ਹੋਇਆਂ।
ਮੈਨੂੰ ਲੱਗਦਾ ਜਿਵੇਂ ਮੈਂ ਪਾਗਲ ਹੋਈ ਜਾ ਰਿਹਾ ਹੋਵਾਂ।
“ਇਹ ਜੁੱਗ ਹੀ ਐਸਾ ਕਰਮਿਆਂ।ਚੰਗੇ ਭਲੇ ਬੰਦੇ ਨੂੰ ਪਾਗਲ ਕਰਨ ਵਾਲਾ।ਉਧਰ ਵੇਖ…ਮੇਰਾ ਗੋਗੀ ਥਾਣੇਦਾਰ ਬਣ ਕੇ ਤੁਰਿਆ ਆਉਂਦਾ।…ਤੇ ਇਹ ਪਾਗਲ ਲੋਕ ਪਤਾ ਕੀ ਕਹਿੰਦੇ…ਕਹਿੰਦੇ ਗੋਗੀ ਮਰ ਗਿਆ।ਦਸ ਕੀ ਕਰੇਗਾ ਤੂੰ ਇਹਨਾਂ ਪਾਗਲਾਂ ਦਾ।”
ਤਾਏ ਬਸੰਤਾ ਸਿਹੁੰ ਦੀ ਗੱਲ ਸੁਣ ਕੇ ਮੇਰੀਆਂ ਅੱਖਾਂ ਵਿੱਚ ਅੱਥਰੂ ਵਗ ਤੁਰਦੇ ਨੇ।

ਉਹ ਦੂਜੇ ਚੌਥੇ ਬੀਹੀ ਦੇ ਮੌੜ ’ਤੇ ਖੜਾ ਮਿਲਦਾ ਹੈ ਮੈਨੂੰ।ਹੋਰ ਕੋਈ ਗੱਲ ਨਹੀਂ ਸੁਣਦਾ ਉਸਦੀ।ਉਸਨੂੰ ਵੇਖ ਕੇ ਪਾਸਾ ਵੱਟ ਜਾਂਦੇ ਨੇ ਲੋਕ।ਆਖਦੇ ਨੇ ਇਹ ਤਾਂ ਹਿੱਲਿਆ ਫਿਰਦਾ।ਊਂਘ-ਪਤਾਲ ਦੀਆਂ ਮਾਰਦਾ। ਪਰ ਮੈਂ ਤਾਏ ਨੂੰ ਵੇਖ ਕੇ ਪਾਸਾ ਨਹੀਂ ਵੱਟਦਾ।ਉਹ ਜਦ ਇਸ਼ਾਰੇ ਨਾਲ ਆਖਦਾ ਹੈ-‘ਉਹ ਦੇਖ ਮੇਰਾ ਥਾਣੇਦਾਰ ਪੁੱਤ’ ਤਾਂ ਮੈਂ ਗੋਗੀ ਦੀ ਕਲਪਨਾ ਕਰਨ ਲੱਗਦਾ ਹਾਂ।ਸਕੂਲ ਵਾਲੀ ਗਰਾਊਂਡ ’ਚ ਮਿਹਨਤ ਲਗਾਉਂਦਾ ਕੜ੍ਹੀ ਵਰਗਾ ਜਵਾਨ।
ਮੈਂ ਤਾਏ ਵੱਲ ਦੇਖਣ ਲੱਗਦਾ ਹਾਂ।

ਪੁਲਿਸ ਵਿੱਚ ਭਰਤੀ ਹੋਣ ਗਏ ਗੋਗੀ ਦੀ ਲਾਸ਼ ਮੁੜੀ ਸੀ ਘਰੇ।ਮੈਡੀਕਲ ਟੈਸਟ ਦੇਣ ਗਏ ਗੋਗੀ ਦੀ ਬੱਸ, ਟਰੱਕ ਨਾਲ ਟਕਰਾ ਗਈ।ਮਰਨ ਵਾਲੇ ਸੱਤ ਮੁਸਾਫ਼ਿਰਾਂ ਵਿੱਚ ਇੱਕ ਗੋਗੀ ਵੀ ਸੀ।ਜ਼ਮੀਨ ਗਹਿਣੇ ਧਰ ਕੇ ਰਿਸ਼ਵਤ ਦਿੱਤੀ ਸੀ ਤਾਏ ਨੇ।ਪੈਸੇ ਖੂਹ ਵਿੱਚ ਪੈ ਗਏ ਤੇ ਸੱਤ ਭੈਣਾਂ ਦਾ ਇੱਕੋ-ਇੱਕ ਭਰਾ, ਕੁਝ ਬਨਣ ਤੋਂ ਪਹਿਲਾਂ ਹੀ ਰਾਖ ਦੀ ਢੇਰੀ ਬਣ ਗਿਆ।ਉਸ ਦਿਨ ਤੋਂ ਤਾਇਆ ਬਸੰਤਾ, ਡੌਰ-ਭੌਰ ਜਿਹਾ ਗਲੀਆਂ ਵਿੱਚ ਫਿਰਦਾ।ਗੋਗੀ ਨੂੰ ਹਾਕਾਂ ਮਾਰਦਾ।
“ਲੋਕ ਤਾਂ ਪਾਗਲ ਨੇ ਤਾਇਆ।ਤੂੰ ਘਰੇ ਚੱਲ।ਮੈਂ ਲਿਆਉਂਦਾ ਗੋਗੀ ਨੂੰ ਲੱਭ ਕੇ।”
ਮੈਂ ਤਾਏ ਨੂੰ ਘਰ ਨੂੰ ਤੋਰਨ ਦੀ ਕੋਸ਼ਿਸ਼ ਕਰਦਾ ਹਾਂ।
ਤਾਇਆ ਆਪਣੀ ਗਲੀ ਦਾ ਮੋੜ ਮੁੜ ਜਾਂਦਾ।ਪਰ ਮੇਰੇ ਕਦਮ ਮਣਾਂ ਮੂੰਹੀਂ ਭਾਰੇ ਹੋਣ ਲੱਗਦੇ ਨੇ।ਮੈਂ ਕਦਮ ਅੱਗੇ ਵਧਾਉਂਦਾ ਹਾਂ।ਪਰ ਮੇਰੇ ਹੀ ਕਦਮ ਜਿਵੇਂ ਮੇਰਾ ਸਾਥ ਨਹੀਂ ਦਿੰਦੇ।ਮੇਰਾ ਰੋਣ ਨਿਕਲ ਜਾਂਦਾ।
“ਕਰਮਿਆਂ!ਬੰਦੇ ਦੀ ਕਿਸਮਤ ਮਾੜੀ ਨਾ ਹੋਵੇ।ਨਹੀਂ ਤਾਂ ਰੋਲ ਸੁਟਦੀ ਹੈ ਜ਼ਿੰਦਗੀ।”
ਮੇਰੇ ਹੀ ਅੰਦਰੋਂ ਬੋਲਦਾ ਹੈ ਕੋਈ।

ਪ੍ਰੇਸ਼ਾਨ ਹੋ ਉਠਦਾ ਹਾਂ ਮੈਂ।ਮੈਨੂੰ ਮੇਰਾ ਤਵਾਜ਼ਨ ਡੋਲਦਾ ਜਾਪਦਾ।ਬਿਲਕੁਲ ਉਸੇ ਦਿਨ ਵਾਂਗੂੰ।ਜਿਸ ਦਿਨ ਇਹ ਧਰਤੀ ਹਿਲਦੀ ਜਾਪੀ ਸੀ ਮੈਨੂੰ।ਟੈਸਟ ’ਚੋ ਫਸਟ ਤੇ ਇੰਟਰਵਿਊ ’ਚੋਂ ਕਲੀਅਰ ਸਾਂ ਮੈਂ।ਪਰ ਜਦੋਂ ਫਾਈਨਲ ਲਿਸਟ ਆਊਟ ਹੋਈ, ਮੇਰੀ ਥਾਂਏ ਕਿਸੇ ਹੋਰ ਦਾ ਨਾਮ ਸੀ।ਕੰਪਿਊਟਰ ਦੀ ਸਕਰੀਨ ਧੁੰਦਲੀ ਹੁੰਦੀ ਜਾਪੀ ਸੀ ਮੈਨੂੰ।ਪਰ ਪਤਾ ਨਹੀਂ ਕਿਉਂ ਉਸ ਦਿਨ ਇੱਕ ਵੀ ਅੱਥਰੂ ਨਹੀਂ ਸੀ ਡਿਗਿਆ ਮੇਰੀ ਅੱਖ ’ਚੋਂ। ਪਰ ਬੇਰੁਜ਼ਗਾਰੀ ਦਾ ਛਤੀਰ ਟੁੱਟ ਕੇ ਆਣ ਡਿਗਿਆ ਸੀ ਮੇਰੇ ਉਤੇ। “ਕਰਮਿਆਂ!ਮਾੜੇ ਬੰਦੇ ਦੀ ਤਾਂ ਰੱਬ ਨਹੀਂ ਸੁਣਦਾ।ਆਹ ਮੰਤਰੀਆਂ-ਸੰਤਰੀਆਂ ਕਿੱਥੋਂ ਪੈਰ ਲੱਗਣ ਦੇਣੇ ਤੇਰੇ ਮੇਰੇ ਵਰਗਿਆਂ ਦੇ।ਨੋਟਾਂ ਦਾ ਭਰਿਆ ਝੋਲਾ ਚਾਹੀਦਾ ਮੋਢੇ ’ਤੇ ਜੇ ਨੌਕਰੀ ਲੈਣੀ ਤਾਂ।”
ਸ਼ਹਿਰੋਂ ਮੁੜਦਿਆਂ ਹੱਟੀ ਵਾਲਿਆਂ ਦਾ ਧੀਰਾ ਆਖ ਰਿਹਾ ਸੀ।ਝੋਲਾ ਭਰ ਕੇ ਨੋਟਾਂ ਦਾ ਕਿੱਥੋਂ ਲਿਆਉਂਦਾ ਮੈਂ?

ਸੀਨ-ਤੀਸਰਾ

ਰੋਜ਼ੀ ਦਾ ਸਿਵਾ ਬਲ ਰਿਹਾ ਹੈ।
ਸਾਰਾ ਧੂੰਆਂ ਮੇਰੇ ਅੰਦਰ ਇੱਕਠਾ ਹੋਈ ਜਾਂਦਾ।ਬੇਬੇ ਪਰਾਂ ਖੜ੍ਹੀ ਹਾਲੋ-ਬੇਹਾਲ ਹੋਈ ਜਾ ਰਹੀ ਹੈ। ਪਿੰਡ ਦੀਆਂ ਤੀਵੀਆਂ ਸੰਭਾਲ ਰਹੀਆਂ ਨੇ ਉਸਨੂੰ।ਬਾਪੂ ਦੀਆਂ ਅੱਖਾਂ ਵਿੱਚੋਂ ਕਿਰਦੇ ਅੱਥਰੂ ਉਸਦੀ ਦਾਹੜੀ ਵਿੱਚ ਹੀ ਕਿਧਰੇ ਗੁਆਚ ਰਹੇ ਨੇ…।
ਕੱਲ੍ਹ ਅਖ਼ਬਾਰ ਦੀ ਵਾਧੂ ਜਿਹੀ ਨੁਕਰੇ ਖ਼ਬਰ ਲੱਗੇਗੀ-
“ਇੱਕ ਹੋਰ ਅਬਲਾ ਚੜੀ ਦਾਜ ਦੀ ਬਲੀ।”
…ਤੇ ਫਿਰ ਬਸ।
ਆਮ ਵਾਂਗ ਚੱਲਣ ਲੱਗੇਗਾ ਸਾਰਾ ਕੁਝ।

ਰੋਜ਼ੀ ਦੇ ਸਹੁਰਿਆਂ ਨੂੰ ਲੱਗਦਾ ਸੀ ਆਪਣਾ ਇੱਕੋ ਇੱਕ ਪੁੱਤ , ਉਹਨਾਂ ਭੁਖ ਨੰਗਾਂ ਦੇ ਵਿਆਹ ਲਿਆ।ਇੱਕੋ-ਇੱਕ ਧੀ ਦਾ ਦਾਜ ਨਾਲ ਘਰ ਭਰ ਦੇਣਾ ਵਾਲਾ ਬਾਪੂ ਹੁਣ ਹਰ ਵੇਲੇ ਸੋਚਾਂ ਵਿੱਚ ਗੁਆਚਿਆ ਰਹਿੰਦਾ ਹੈ।ਜਿਸ ਧੀ ਨੂੰ ਵਿਆਹ ਕੇ ਬਾਪੂ ਬੋਝ ਮੁਕਤ ਹੋਣਾ ਚਾਹੁੰਦਾ ਸੀ, ਉਸੇ ਧੀ ਦੀ ਮੌਤ ਦਾ ਬੋਝ ਹੁਣ ਬਾਪੂ ਨੂੰ ਜਿਊਣ ਨਹੀਂ ਦਿੰਦਾ।ਘਰ ਵਿਚੋਂ ਖੁਸ਼ੀਆਂ ਜਿਵੇਂ ਕਿਤੇ ਦੂਰ ਉਡਾਰੀ ਭਰ ਗਈਆਂ ਹੋਣ। ਨਾ ਕਦੀ ਚੱਜ ਨਾਲ ਕੁਝ ਰਿਜਦਾ-ਬਣਦਾ ਹੈ , ਨਾ ਕਦੀ ਕੋਈ ਚੱਜ ਨਾਲ ਖਾਂਦਾ ਹੈ। ਮੈਨੂੰ ਰੋਜ਼ੀ ਦੀਆਂ ਗੱਲਾਂ ਯਾਦ ਆਉਂਦੀਆਂ ਨੇ…।ਉਹ ਵੱਡੀ ਨੌਕਰੀ ’ਤੇ ਲੱਗਿਆ ਵੇਖਣਾ ਚਾਹੁੰਦੀ ਸੀ ਮੈਨੂੰ।ਪਰ ਉਸਨੇ ਉਹ ਦਿਨ ਨਹੀਂ ਉਡੀਕਿਆ।ਉਸਦੀ ਤਸਵੀਰ ਬਾਰ-ਬਾਰ ਮੇਰੇ ਦਿਮਾਗ਼ ਵਿੱਚ ਉਭਰਨ ਲੱਗਦੀ ਹੈ।
ਰੋਜ਼ੀ ਦੀ ਗੱਲ ਤੁਰਦਿਆਂ ਹੀ ਬੇਬੇ ਦੀਆਂ ਅੱਖਾਂ ਵਿੱਚੋਂ ਅੱਥਰੂ ਵਗਣ ਲੱਗਦੇ ਨੇ..।

ਸੀਨ-ਚੌਥਾ
ਬੱਸ ਵਿੱਚ ਬੈਠਾ ਸੋਚਾਂ ਵਿੱਚ ਗੁਆਚਿਆਂ ਪਿਆਂ ਹਾਂ।
ਬੱਸ ਦੀ ਗਤੀ ਨਾਲੋਂ ਤੇਜ਼ ਮੇਰੇ ਮਨ ਦੀ ਗਤੀ ਹੈ।ਪਲਾਂ-ਛਿਣਾਂ ਵਿੱਚ ਮੈਂ ਅੱਜ, ਕੱਲ੍ਹ ਅਤੇ ਭਲਕ ਦੀਆਂ ਸੀਮਾਵਾਂ ਪਾਰ ਕਰ ਜਾਂਦਾ ਹਾਂ।
ਵਰਤਮਾਨ :

ਨੂਰ ਦੇ ਘਰ ਤੋਂ ਮੁੜਿਆਂ ਹਾਂ।ਬੜੇ ਸਲੀਕੇ ਨਾਲ ਉਸਨੇ ਜੂਸ ਪੇਸ਼ ਕੀਤਾ।…ਤੇ ਫਿਰ ਚਾਹ।ਚਾਹ ਪੀਂਦਿਆਂ ਮੈਂ ਆਲੇ ਦੁਆਲੇ ਝਾਕਣ ਲੱਗਦਾ ਹਾਂ।ਇਸ ਮਹਿੰਗੇ ਸ਼ਹਿਰ ਦੇ ਮਹਿੰਗੇ ਇਲਾਕੇ ਵਿੱਚ ਦੋ ਮੰਜ਼ਿਲੇ ਇਸ ਆਲੀਸ਼ਾਨ ਘਰ ਵਿੱਚ ਨੂਰ ਵੱਸਦੀ ਹੈ।ਆਪਣੇ ਪਤੀ ਨਾਲ।ਅਚਾਨਕ ਉਸਨੇ ਉਹ ਗੱਲਾਂ ਛੇੜ ਲਈਆਂ ਜੋ ਮੇਰੇ ਅੰਦਰ ਚੀਸ ਪੈਦਾ ਕਰਦੀਆਂ ਨੇ।
“ਤੈਨੂੰ ਨੌਕਰੀ ਮਿਲ ਜਾਂਦੀ ਤਾਂ ਚੰਗਾ ਹੁੰਦਾ ਕਰਮ।ਘਰ ਦੀ ਸੁਣੀ ਜਾਂਦੀ।ਮਾੜੇ ਘਰਾਂ ਦੀ ਹਾਲਤ ਸਮਝਦੀ ਆਂ ਮੈਂ।ਸਿਸਟਮ ਹੀ ਗੰਦਾ ਸਾਡਾ।ਮੰਮੀ ਕਿਵੇਂ ਹੁਣ ਤੇਰੇ।ਕੀ ਹਾਲ ਉਹਨਾਂ ਦੇ ਗੋਡਿਆ ਦਾ।ਠੰਢ ’ਚ ਤਾਂ ਬਹੁਤੇ ਦੁਖਦੇ ਹੋਣੇ?”
ਮੈਨੂੰ ਯਾਦ ਆਇਆ।ਮੇਰਾ ਹਰ ਦੁਖ ਵੰਡਾਉਣ ਦੀ ਗੱਲ ਕੀਤੀ ਸੀ ਉਸਨੇ ਕਦੇ।ਬੇਬੇ ਦੇ ਦੁਖਦੇ ਗੋਡਿਆਂ ਦੇ ਆਪ੍ਰੇਸ਼ਨ ਲਈ ਰਲ-ਮਿਲ ਕੇ ਪੈਸੇ ਇੱਕਠੇ ਕਰਨ ਦੀਆਂ ਵਿਉਂਤਾ ਵੀਹ ਵਾਰ ਬੁਣੀਆਂ ਸਨ ਉਸਨੇ।
“ਬਸ ਟਾਈਮ ਪਾਸ ਕਰੀ ਜਾਂਦੇ ਨੇ…।”
ਮੈਂ ਆਖਿਆ ਪਰ ਮੇਰਾ ਧਿਆਨ ਉਖੜਿਆ ਹੋਇਆ ਸੀ।ਮੈਂ ਚਾਹ ਦਾ ਕੱਪ ਖਾਲੀ ਕਰ ਮੇਜ਼ ’ਤੇ ਰੱਖਦਾ ਹਾਂ।ਨੂਰ ਆਪਣੇ ਮਹਿੰਗੇ ਮੋਬਾਇਲ ਉਪਰ ਉਂਗਲਾਂ ਘੁੰਮਾ ਰਹੀ ਹੈ।
“ਮੇਰੀ ਕੁਲੀਗ ਨੇ ਡਿਪਾਰਟਮੈਂਟ ਦੀ ਕੋਈ ਲੈਟਰ ਵਟਸਅੱਪ ਕੀਤੀ ਸੀ।”
ਨੂਰ ਦੱਸਦੀ ਹੈ।
“ਹੂੰਅ…”
“ਕਰਮ ਆਹ ਕੁਝ ਬੈੱਡ ਸ਼ੀਟਸ ਆਨ ਲਾਈਨ ਆਰਡਰ ਕਰ ਰਹੀ ਹਾਂ।ਕਲਰ ਸਿਲੈਕਸ਼ਨ ਵਿੱਚ ਹੈਲਪ ਕਰੇਗਾ?”
ਨੂਰ ਮੋਬਾਇਲ ਦੀ ਸਕਰੀਨ ਮੇਰੇ ਵੱਲ ਕਰਦੀ ਹੈ।
“ਮੈਨੂੰ ਰੰਗਾਂ ਦੀ ਬਹੁਤੀ ਸਮਝ ਨਹੀਂ ਹੈ ਨੂਰ।”
ਮੈਂ ਬੇਰੰਗ ਜਿਹਾ ਮੁਸਕੁਰਾਉਦਾ ਹਾਂ।
ਨੂਰ ਪੂਰੀ ਦੁਨੀਆਂ ਮੁੱਠੀ ਵਿੱਚ ਕਰੀ ਬੈਠੀ ਹੈ।ਪਰ ਮੈਨੂੰ ਲੱਗਿਆ ਜਿਵੇਂ ਉਹ ਮੈਥੋਂ ਕੋਹਾਂ ਦੂਰ ਬੈਠੀ ਹੋਵੇ।ਵਟਸਅੱਪ ’ਤੇ ਸੰਦੇਸ਼ ਭੇਜਣ ਵਾਲੀ ਨੂਰ ਕਦੇ ਮੈਥੋਂ ਜ਼ਿੱਦ ਕਰਕੇ ਖ਼ਤ ਲਿਖਵਾਇਆ ਕਰਦੀ ਸੀ।ਮੇਰੇ ਜ਼ਿਹਨ ਵਿੱਚ ਹਰ ਖ਼ਤ ਦੀ ਇੱਕ-ਇੱਕ ਸਤਰ ਅੱਜ ਵੀ ਜਿਊਂਦੀ ਸੀ।
“ਘਰ ਦੇਖੋਗੇ ਸਾਡਾ?”
ਨੂਰ ਪੁਛਦੀ ਹੈ।
ਮੈਂ ‘ਹਾਂ’ ਆਖ ਸੋਫ਼ੇ ਤੋਂ ਉਠ ਖੜਦਾ ਹਾਂ।ਉਹ ਬੋਲਦੀ ਜਾਂਦੀ ਹੈ ਮੈਂ ਸੁਣਦਾ ਜਾਂਦਾ ਹਾਂ।
“ਇਹ ਸਾਡਾ ਬੈਡਰੂਮ।”
ਅੰਦਰ ਵੜ ਇਸ਼ਾਰਾ ਕਰਦੀ ਹੈ ਨੂਰ।ਖਿੜਕੀ ਰਾਹੀਂ ਸੂਰਜ ਦੀ ਮੱਧਮ ਜਿਹੀ ਰੌਸ਼ਨੀ ਅੰਦਰ ਦਾਖਲ ਹੋ ਰਹੀ ਹੈ।
‘ਮੇਰਾ ਤਾਂ ਸੂਰਜ ਚੋਰੀ ਹੋ ਗਿਆ’
ਸ਼ਿਵ ਦੀ ਕਵਿਤਾ ਮੇਰੇ ਜ਼ਿਹਨ ਵਿੱਚ ਘੁੰਮਣ ਲੱਗੀ।ਨੂਰ ਮੇਰੇ ਵੱਲ ਦੇਖਦੀ ਹੈ।ਸਾਡੀਆਂ ਨਜ਼ਰਾਂ ਮਿਲਦੀਆਂ ਨੇ…।ਮੇਰੀਆਂ ਅੱਖਾਂ ਨਮ ਹੋ ਜਾਂਦੀਆਂ।ਸਾਡੇ ਦਰਮਿਆਨ ਚੁੱਪ ਹੈ।
ਅਚਾਨਕ…
ਨੂਰ ਮੇਰੀਆਂ ਬਾਹਾਂ ਵਿੱਚ ਡਿਗ ਪਈ ਹੈ।ਕਿੰਨੀ ਹੀ ਦੇਰ ਤੀਕ ਅਸੀਂ ਇੱਕ ਦੂਜੇ ਨੂੰ ਗਲੇ ਲਗਾਈ ਖੜ੍ਹੇ ਰਹਿੰਦੇ ਹਾਂ।ਹਵਾ ਨਾਲ ਦਰਵਾਜ਼ਾ ਹਿਲਦਾ ਹੈ।ਸੁਰਤ ਟੁਟਦੀ ਹੈ।
“ਨੂਰ ਅੱਜ ਦੀ ਰਾਤ ਮੈਨੂੰ ਆਪਣੇ ਕੋਲ ਰੱਖ ਲੈ।”
ਮੇਰੇ ਬੋਲਾਂ ਵਿੱਚ ਤਰਲਾ ਹੈ।
“ਇੰਜ ਕਿਵੇ ਹੋ ਸਕਦਾ ਹੈ ਕਰਮ?”

ਨੂਰ ਮੇਰੇ ਨਾਲੋਂ ਅਲੱਗ ਹੁੰਦੀ ਹੈ।ਮੈਂ ਬਿਨਾਂ ਕੁਝ ਬੋਲੇ ਕਮਰੇ ਵਿੱਚੋਂ ਬਾਹਰ ਆਉਂਦਾ ਹਾਂ।
“ਆਹ ਲੈ ਕਰਮ! ਪੰਜ ਹਜ਼ਾਰ ਨੇ…।ਰੱਖ ਲੈ ਤੇਰੇ ਕੰਮ ਆਉਣਗੇ।”
ਨੂਰ ਪੈਸੇ ਮੇਰੇ ਵੱਲ ਵਧਾਉਂਦੀ ਹੈ।
ਮੈਂ ਪੈਸੇ ਫੜ੍ਹੇ ਬਿਨਾਂ ਆਖਦਾ, “ਮੈਂ ਕਿਵੇਂ ਲੈ ਸਕਦਾ।ਇੰਜ ਤਾਂ…।”
“ਕੀ ਫ਼ਰਕ ਪੈਂਦਾ ਕਰਮ।ਮੈਨੂੰ ਤਾਂ ਅਗਲੇ ਮਹੀਨੇ ਫੇਰ ਬਥੇਰੇ ਮਿਲ ਜਾਣੇ।ਤੂੰ ਦੱਸ...ਕਿੰਨੇ ਪੈਸੇ ਚਾਹੀਦੇ ਤੈਨੂੰ।ਉਦਾਸ ਨਾ ਹੋਇਆ ਕਰ ਤੂੰ..।”
ਮੈਨੂੰ ਲੱਗਿਆ ਨੂਰ ਜਿਵੇਂ ਇੱਕ ਪਲ ਲਈ ਭੁੱਲ ਗਈ ਹੋਵੇ ਕਿ ਕੌਣ ਹਾਂ ਮੈਂ।ਮੈਨੂੰ ਮੇਰੀ ਹੀ ਸੋਚ ਦੇ ਉਲਟੇ ਰੁਖ ਤੁਰਨ ਲਈ ਆਖ ਰਹੀ ਹੋਵੇ ਜਿਵੇਂ ਉਹ।
“ਨੂਰ ਮੇਰੇ ਹਾਸੇ ਖ੍ਰੀਦ ਸਕਦੀ ਹੈ ਤੂੰ ਇੰਨਾ ਪੈਸਿਆ ਨਾਲ?”

ਮੈਂ ਪੁਛਦਾ ਹਾਂ।ਪਰ ਮੇਰੀ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ ਉਸ ਕੋਲ।ਅੱਜ ਉਸਦੀ ਹਰ ਗੱਲ ਵਿੱਚ ‘ਮੈਂ’ ਬੋਲ ਰਹੀ ਸੀ।ਮੈਨੂੰ ਪਹਿਲੀ ਵਾਰ ਉਸਦੇ ਮੈਥੋਂ ਵੱਧ ਅਮੀਰ ਹੋਣ ਤੇ ਮੈਥੋਂ ਵੱਧ ‘ਕਮਾਊ’ ਹੋਣ ਦਾ ਅਹਿਸਾਸ ਹੋ ਰਿਹਾ ਸੀ।ਕਿੰਨਾ ਬਦਲ ਗਈ ਹੈ ਨੂਰ, ਮੈਂ ਸੋਚਦਾ ਹਾਂ।ਬਿਨਾਂ ਕੁਝ ਕਹੇ ਬੈੱਗ ਚੁਕਦਾ ਹਾਂ।ਆਟੋ ਲੈਂਦਾ ਹਾਂ ਤੇ ਬੱਸ ਵਿੱਚ ਆਣ ਬੈਠਦਾ ਹਾਂ।

ਭੂਤਕਾਲ :

ਬਹੁਤ ਚਾਹਿਆ ਸੀ ਮੈਂ ਨੂਰ ਨੂੰ।ਕਿੰਨੇ ਸੁਪਨੇ ਸਜਾਏ ਸੀ ਮੈਂ ਖ਼ੁਦ ਨੂੰ ਤੇ ਨੂਰ ਨੂੰ ਲੈ ਕੇ।ਪਰ ਮੇਰਾ ਸਜਾਇਆ ਹਰ ਸੁਪਨਾ ਤੀਲ੍ਹਾ-ਤੀਲ੍ਹਾ ਹੋ ਗਿਆ।ਨੂਰ ਮੇਰੀ ਨਹੀਂ ਸੀ ਹੋਈ।
ਕਿਉਂਕਿ…
ਮੇਰੇ ਬਾਪ ਕੋਲ ਬਸ ਡੇਢ ਕਿੱਲਾ ਜ਼ਮੀਨ ਸੀ।
ਮੈਂ ਬੇਰੁਜ਼ਗਾਰ ਸੀ।
ਪਿਆਰ ਕਰਨ ਦਾ ਗੁਨਾਹ ਕੀਤਾ ਸੀ ਅਸੀਂ।
ਨੂਰ ਦੇ ਵਿਆਹ ਵਾਲੇ ਦਿਨ, ਉਸਦੇ ਪਿੰਡ ਵਾਲੇ ਮੋੜ ’ਤੇ ਖੜਾ ਦੇਰ ਤੀਕ ਰੋਂਦਾ ਰਿਹਾ ਸੀ ਮੈਂ।ਉਸ ਦਿਨ ਵੀ ਉਹੀ ਅਵਾਜ਼ ਬਾਰ-ਬਾਰ ਗੂੰਜਦੀ ਰਹੀ ਸੀ ਮੇਰੇ ਅੰਦਰ।
“ਕਰਮਿਆਂ! ਬੰਦੇ ਦੀ ਕਿਸਮਤ ਮਾੜੀ ਨਾ ਹੋਵੇ।ਨਹੀਂ ਤਾਂ ਰੋਲ ਸੁਟਦੀ ਹੈ ਜ਼ਿੰਦਗੀ।”

ਭਵਿੱਖ :
ਮੈਂ ਖ਼ੁਦ ਨੂੰ ਦੋ ਹਿਸਿਆਂ ਵਿੱਚ ਵੰਡ ਸਕਣ ਤੋਂ ਅਸਮਰੱਥ ਹਾਂ।
ਜਿਸ ਨੂੰ ਮੈਂ ਜਾਣਦਾ ਨਹੀਂ।ਜਿਸ ਨਾਲ ਕੋਈ ਭਾਵੁਕ ਸਾਂਝ ਨਹੀਂ।ਉਸ ਨਾਲ ਪੂਰੀ ਜ਼ਿੰਦਗੀ ਕਿਵੇਂ ਬਿਤਾਈ ਜਾ ਸਕਦੀ ਹੈ।ਮੇਰਾ ਜਹਾਨ ਤਾਂ ਬਸ ਨੂਰ ਨਾਲ ਸੀ।ਨੂਰ
ਬਿਨਾਂ ਇਸ ਬੇਨੂਰ ਜ਼ਿੰਦਗੀ ਵਿੱਚ ਕੁਝ ਦਿਖਾਈ ਨਹੀਂ ਦਿੰਦਾ ਮੈਨੂੰ।ਚਾਰੇ ਪਾਸੇ ਜਿਵੇਂ ਘੋਰ ਅੰਧਕਾਰ ਹੈ।

***
ਡੇਢ ਸਾਲ ਬਾਅਦ ਅੱਜ ਅਚਾਨਕ ਨੂਰ ਮਿਲ ਗਈ।ਉਸਨੂੰ ਦੇਖ ਕੇ ਮੇਰਾ ਸਰੀਰ ਝੂਠਾ ਪੈਣ ਲੱਗਿਆ। ਵੀਹ ਵਾਰੀ ਗਿਆ ਸਾਂ ਮੈਂ ਉਸ ਸ਼ਹਿਰ।ਪਰ ਅੱਜ ਸੱਤ ਕਿਲੋਮੀਟਰ ਦਾ ਪੈਂਡਾ ਜਿਵੇਂ ਮੁਕਣ ਵਿੱਚ ਹੀ ਨਹੀਂ ਸੀ ਆਉਂਦਾ।

ਸੀਨ-ਪੰਜਵਾਂ
ਮੋਟਰ ਵਾਲੇ ਕੋਠੇ ਵਿੱਚੋਂ ਬਾਪੂ ਦੀ ਲਾਸ਼ ਮਿਲੀ ਹੈ।
ਮੈਂ ਤੇ ਬੇਬੇ ਨੰਗੇ ਪੈਰੀਂ ਖੇਤਾਂ ਵੱਲ ਦੌੜਦੇ ਹਾਂ।ਮੇਰੀ ਪੜਾ੍ਹਈ ਲਈ ਸਿਰ ਚੜਿਆ ਕਰਜ਼ਾ ਅਜੇ ਉਤਰਿਆ ਨਹੀਂ ਸੀ ਕਿ ਰੋਜ਼ੀ ਦੇ ਕਤਲ ਦੀਆਂ ਤਰੀਕਾਂ ਪੈਣ ਲੱਗੀਆਂ।
ਸਮਾਂ : ਚਾਰ ਸਾਲ
ਫੈਸਲਾ :ਦੋਸ਼ੀ ਬਾਇੱਜ਼ਤ ਬਰੀ।

ਰੋਜ਼ੀ ਦਾ ਕਤਲ ਹਾਦਸਾ ਬਣ ਗਿਆ।ਕਾਨੂੰਨ ਅੰਨ੍ਹਾ ਹੋ ਗਿਆ।ਗੁਨਾਹਗਾਰ ਬਚ ਗਏ।…ਤੇ ਇੱਕ ਹੋਰ ਲਾਚਾਰ ਬਾਪ ਪੱਲ੍ਹਾ ਝਾੜ ਕੇ ਘਰ ਮੁੜ ਆਇਆ।ਮੈਂ ਵਿਹਲਾ ਫਿਰਦਾ ਹੁਣ ਹੋਰ ਵੀ ਤੰਗ ਕਰਨ ਲੱਗਿਆ ਸੀ ਬਾਪੂ ਨੂੰ।ਉਹ ਸਾਰਾ ਦਿਨ ਗੁੰਮ-ਸੁੰਮ ਉਦਾਸ ਜਿਹਾ ਬੈਠਾ ਰਹਿੰਦਾ।ਇਸ ਔਖੀ ਘੜੀ ਮੈਂ ਕੁਝ ਵੀ ਨਹੀਂ ਸੀ ਕਰ ਸਕਦਾ ਬਾਪੂ ਲਈ।ਰੋਜ਼ੀ ਦੀ ਮੌਤ ਨੇ ਲੱਕ ਤੋੜ ਸੁਟਿਆ ਸੀ ਉਸਦਾ।ਕਿਵੇਂ ਜੀ ਸਕਦਾ ਸੀ ਬਾਪੂ ਇੰਨਾ ਬੋਝ ਲੈ ਕੇ।ਸਵੇਰੇ ਘਰੋਂ ਖੇਤਾਂ ਲਈ ਨਿਕਲਿਆ ਬਾਪੂ ਇਸ ਘਰ ਤੋਂ ਹਮੇਸ਼ਾ ਲਈ ਤੁਰ ਗਿਆ।ਬਾਪੂ ਦੀ ਮੌਤ ’ਤੇ ਗੋਡਾ ਨਿਵਾਉਣ ਆਇਆ ਆੜ੍ਹਤੀਆ ਗੱਲਾਂ-ਗੱਲਾਂ ਵਿੱਚ ਸਾਰਾ ਹਿਸਾਬ-ਕਿਤਾਬ ਵੀ ਸੁਣਾ ਗਿਆ।

ਉਸ ਪਲ ਗੁਰੀ ਆਣ ਖੜਿਆ ਸੀ ਮੇਰੀਆਂ ਅੱਖਾਂ ਅੱਗੇ।ਮੇਰਾ ਕਾਲਜ ਟਾਈਮ ਦਾ ਸਾਥੀ।ਮੋਢੇ ’ਤੇ ਝੋਲਾ ਲਮਕਾਈ।ਜਿਸ ਝੋਲੇ ਵਿੱਚ ਬੇਸ਼ੁਮਾਰ ਗਿਆਨ ਸੀ।ਸਮਾਜਕ ਨਾ ਬਰਾਬਰੀ ਦੀਆਂ ਗੱਲਾਂ ਸਮਝਾ ਰਿਹਾ ਸੀ ਉਹ ਮੈਨੂੰ।ਹਜ਼ਾਰਾ ਕਿਸਾਨਾਂ ਦੀ ਵਿਥਿਆ ਸੁਣਾ ਰਿਹਾ ਸੀ, ਜੋ ਕਰਜ਼ੇ ਦੀ ਦਲਦਲ ਵਿੱਚ ਡੁੱਬ ਕੇ ਮਰ ਰਹੇ ਨੇ।ਆਪਣੇ ਪਿੰਡ ਐਕਵਾਇਰ ਹੋਈ ਕਿਸੇ ਗਰੀਬ ਕਿਸਾਨ ਦੀ ਜ਼ਮੀਨ ਲਈ ਲੜਨ ਦੀ ਗੱਲ ਕਰ ਰਿਹਾ ਸੀ।…ਤੇ ਜਗਾ ਰਿਹਾ ਸੀ ਮੇਰੇ ਅੰਦਰਲਾ ਘੂਕ ਸੁਤਾ ਕਾਮਰੇਡ ਕਰਮ, ਜਿਨੇ੍ਹ ਕਾਲਜ ਵਿੱਚ ਕੰਨਟੀਨ ਵਾਲੇ ਗਰੀਬ ਕਾਲੂ ਰਾਮ ਤੋਂ ਖੋਹ ਕੇ ਕਿਸੇ ਰਸੂਖ ਵਾਲੇ ਬੰਦੇ ਨੂੰ ਕੰਨਟੀਨ ਦਾ ਠੇਕਾ ਦਿੱਤੇ ਜਾਣ ਦਾ ਸਖ਼ਤ ਵਿਰੋਧ ਕੀਤਾ ਸੀ।‘ਨੌਜਵਾਨ ਚੇਤਨਾ ਸੰਘ’ ਵਿੱਚ ਸਭ ਤੋਂ ਮੂਹਰੇ ਖੜਿਆ ਕਰਦਾ ਸੀ ਜੋ।..ਜੋ ਕੋਸਦਾ ਸੀ ਇਸ ਸਿਸਟਮ ਨੂੰ।ਕਲਪਦਾ ਸੀ ਸਮਿਆਂ ਦੀ ਹੋਣੀ ’ਤੇ।

“ਕੀ ਕਰੇਗਾ ਗੁਰੀ ਬਾਈ ਲੜ ਕੇ।ਇਹ ਨਜ਼ਾਮ ਨਹੀਂ ਬਦਲ ਸਕਦਾ।ਆਪਣਾ ਘਰ ਬਚਾ ਲੈ ਬੰਦਾ ਇੰਨਾ ਬੜਾ।ਜੱਟ ਕਰਜ਼ਾ ਲੈਂਦੇ ਹੀ ਕਿਉਂ ਨੇ? ਜਿਹੜਾ ਆਪੇ ਡੁਬਣ ’ਤੇ ਆਇਆ ਹੋਵੇ, ਉਹਨੂੰ ਤੂੰ-ਮੈਂ ਕੀ ਬਚਾ ਲਵਾਗੇ।ਐਵੇਂ ਦਿਲ’ਤੇ ਨਾ ਲਾਇਆ ਕਰ।ਜ਼ਰਾ ਕੁ ਮੋਟੀ ਕਰ ਲੈ ਚਮੜੀ।ਇੰਨਾ ਵੀ ਸੰਵੇਦਨਸ਼ੀਲ ਨਹੀਂ ਬਣੀਦਾ।ਤੂੰ ਠੇਕਾ ਲਿਆ ਸਾਰੀ ਦੁਨੀਆਂ ਦਾ।”
“ਕਰਮ ਜੋ ਲੜਦੇ ਨਹੀਂ ਆ ਨਾ…ਉਹ ਜ਼ਿੰਦਗੀ ਦੇ ਸਾਊ ਪੁੱਤ ਨਹੀ ਹੁੰਦੇ।”
ਚਲਾ ਗਿਆ ਸੀ ਉਸ ਦਿਨ ਗੁਰੀ।

ਪਰ ਮੈਂ ਤਾਂ ਆਪਣੇ ਬਾਪੂ ਦਾ ਸਾਊ ਪੁੱਤ ਵੀ ਨਹੀ ਸਾਂ ਬਣ ਸਕਿਆ।ਕਦੀ ਕੁਝ ਕਮਾ ਕੇ ਨਹੀਂ ਸੀ ਦਿੱਤਾ ਮੈਂ ਬਾਪੂ ਨੂੰ। ਉਸ ਰਾਤ ਬਾਪੂ ਦਾ ਬਲਦਾ ਹੋਇਆ ਸਿਵਾ, ਮੇਰੀਆਂ ਅੱਖਾਂ ਅੱਗੇ ਘੁੰਮਦਾ ਰਿਹਾ।ਪੂਰੀ ਰਾਤ ਮੈਂ ਜੋੜ-ਘਟਾਉ ਕਰਦਾ ਰਿਹਾ।ਕਿਉਂ ਚੜ੍ਹਿਆ ਸੀ ਬਾਪੂ ਦੇ ਸਿਰ ’ਤੇ ਕਰਜ਼ਾ? ਕੰਨੀ ਨਹੀਂ ਸੀ ਲੱਭੀ ਮੈਨੂੰ ਇਸ ਗੱਲ ਦੀ।
ਨਹੀਂ ਸਾਂ ਬਚਾ ਸਕਿਆ ਮੈਂ ਆਪਣਾ ਘਰ।ਜੀਅ ਕਰਦਾ ਸੀ ਉਹੀ ਗੁਰੀ, ਮੇਰਾ ਸਾਥੀ ਨਾਲ ਹੋਵੇ ਮੇਰੇ।…ਤੇ ਮੈਂ ਕਹਾਂ ਉਸਨੂੰ।
“ਆ ਗੁਰੀ ਮਿਲ ਕੇ ਲੜੀਏ ਆਪਾਂ।ਮੇਰੇ ਬਾਪੂ ਲਈ।ਤੇਰੇ ਬਾਪੂ ਲਈ।ਸੈਂਕੜੇ ਉਹਨਾਂ ਕਿਸਾਨਾਂ ਲਈ ਜਿੰਨ੍ਹਾਂ ਦਾ ਦਰਦ ਮਹਿਸੂਸ ਕੀਤਾ ਸੀ ਤੂੰ।ਉਹਨਾਂ ਨੌਜਵਾਨਾਂ ਲਈ ਇਸ ਮੰਡੀ ਨੇ ਲਹੂ ਨਿਚੋੜ ਲਿਆ ਜਿਨ੍ਹਾਂ ਦਾ।ਉਹਨਾਂ ਬੇਰੁਜ਼ਗਾਰਾਂ ਲਈ ਰੋਟੀ ਦਾ ਸੰਸਾ ਤਲਵਾਰ ਵਾਂਗੂੰ ਲਟਕਦਾ ਜਿਨ੍ਹਾਂ ਦੇ ਸਿਰ ’ਤੇ…ਤੇ ਉਹਨਾਂ ਲਈ…”

ਪਰ ਗੁਰੀ ਤਾਂ ਕਿਤੇ ਵੀ ਨਹੀਂ ਉਥੇ।ਕੌਣ ਸੁਣਦਾ ਮੇਰੀ ਅਵਾਜ਼।
ਪਤਾ ਨਹੀਂ ਕੀ ਦੋਸ਼ ਸੀ ਸਾਡਾ। ਮੇਰੇ ਬਾਪੂ ਨੇ ਸਜ਼ਾ ਭੁਗਤੀ ਸੀ ਜਿਸਦੀ।…ਤੇ ਉਹੀ ਔਕੜਾਂ ਮੈਨੂੰ ਵਿਰਾਸਤ ਵਿੱਚ ਦੇ ਕੇ ਤੁਰਦਾ ਬਣਿਆ ਸੀ ਬਾਪੂ।
ਇਉਂ ਵੀ ਰੋਲਦੀ ਹੈ ਜ਼ਿੰਦਗੀ ਬੰਦੇ ਨੂੰ, ਮੈਂ ਕਦੇ ਨਹੀਂ ਸੀ ਸੋਚਿਆ।

ਸੀਨ-ਛੇਵਾਂ
ਦਿਨ ਡੁੱਬ ਰਿਹਾ ਹੈ।
ਮੈਂ ਪੱਕੀ ਹੋਈ ਫ਼ਸਲ ਨੂੰ ਘੂਰ ਰਿਹਾ।ਸੋਚਦਾ, ਇਸ ਫ਼ਸਲ ਨੇ ਪੱਕ ਕੇ ਘਰ ਨਹੀਂ ਜਾਣਾ।ਕੈਸੀ ਅਜੀਬ ਜਿਹੀ ਚਾਲ ਹੈ ਹੋਣੀ ਦੀ।ਜ਼ਿੰਦਗੀ ਦਾ ਅਧੂਰਾਪਣ ਬੇਚੈਨ ਕਰੀ ਰੱਖਦਾ ਹੈ ਮੈਨੂੰ।
ਅਲਮਾਰੀ ਵਿੱਚ ਪਏ ਡਿਗਰੀਆਂ ਸਰਟੀਫਿਕੇਟ ਮੂੰਹ ਚਿੜਾਉਂਦੇ ਨੇ ਮੇਰਾ।
“ਮੂੰਹ ਕਿਉਂ ਬਣਾਈ ਬੈਠਾ ਹੈ ਬਾਈ ਸਿੰਹਾਂ”।
ਮੈਂ ਪਿੱਛੇ ਦੇਖਿਆ।ਭਾਗੀ ਸੀ ਇਹ।
“ਆਜਾ ਪਰ੍ਹੇ ਬੈਠਦੇ ਆ ਚੱਲ ਕੇ”।
ਭਾਗੀ ਬਾਹੋਂ ਫੜ੍ਹ ਕੇ ਲੈ ਗਿਆ ਸੀ ਮੈਨੂੰ।ਸਾਡੇ ਖੇਤਾਂ ਤੋਂ ਪਾਰ ਆਪਣੇ ਢੱਠੇ ਜਿਹੇ ਘਰ ਵਿੱਚ।
“ਚਾਚੇ ਵੱਲੋਂ ਤਾਂ ਬਹੁਤ ਬੁਰਾ ਹੋਇਆ ਕਰਮਿਆਂ।ਭੀੜਾਂ ਤਾਂ ਬੰਦਿਆ ’ਤੇ ਪਿਆ ਈ ਕਰਦੀਆਂ ਪਰ ਬੰਦੇ ਦਾ ਮੁੱਲ ਨਾ ਲੱਖੀ ਨਾ ਹਜ਼ਾਰੀ।”
ਬਾਪੂ ਦੀ ਮੌਤ ਦਾ ਦੁੱਖ ਫੋਲਣ ਲੱਗਾ ਸੀ ਭਾਗੀ।
ਪਰ ਮੈਨੂੰ ਫੇਰ ਗੁਰੀ ਦਿਸਣ ਲੱਗਿਆ ਸੀ।
“ਗਰੀਬ ਦੀ ਜ਼ਿੰਦਗੀ ਦਾ ਮੁੱਲ ਬੜਾ ਸਸਤਾ ਹੈ ਇਸ ਮੰਡੀ ਵਿੱਚ।”
ਮੈਂ ਸੋਚਾਂ ਵਿੱਚੋਂ ਬਾਹਰ ਆਇਆ।
“ਗੱਲ ਤਾਂ ਸ਼ਾਇਦ ਲਿਖਤਾਂ ਦੀ ਏ ਵੀਰ। ਕੀ ਕਰੀਏ”।
ਮੈਂ ਸਰਦ ਸਾਹ ਛੱਡਿਆ।
“ਊਂਅ ਮੇਰਾ ਸਹੁਰਾ ਨੀਲੀ ਛੱਤਰੀ ਵਾਲਾ ਵੀ ਨਿਆਂ ਨਹੀਂ ਕਰਦਾ ਕੋਈ। ਮੈਨੂੰ ਤਾਂ ਨਾ ਕਈ ਵਾਰ ਰੁਲੀਏ ਕਾਮਰੇਡ ਦੀ ਗੱਲ ਠੀਕ ਹੀ ਜਾਪਦੀ ਬਈ ਰੱਬ-ਰੁੱਬ ਨਹੀਂ ਹੈਗਾ ਕੋਈ।ਹੋਵੇ ਤਾਂ ਨਿਆਂ ਨਾ ਕਰੇ ਉਹ।”
ਗੱਲਾਂ ਕਰਦਿਆਂ ਭਾਗੀ ਨੇ ਦੇਸੀ ਦਾਰੂ ਲਿਆ ਧਰੀ ਸੀ ਸਿਰਹਾਣੇ।ਉਹਦੇ ਮੂੰਹੋਂ ਇਹੋ ਜਿਹੀਆਂ ਡੂੰਘੀਆਂ ਗੱਲਾਂ ਸੁਣ ਕੇ ਹੈਰਾਨ ਸਾਂ ਮੈਂ।ਚਾਲੀਆਂ ਨੂੰ ਪਹੁੰਚਣ ਲੱਗਾ ਭਾਗੀ, ਬੇਜ਼ਮੀਨਾਂ ਹੋਣ ਕਰਕੇ ਵਿਅਹ ਨਹੀਂ ਸੀ ਹੋਇਆ ਉਸਦਾ।
“ਚੱਲ ਮਨ ਠੀਕ ਕਰਦੇ ਆ ਤੇਰਾ।”
ਉਹਨੇ ਬੋਤਲ ਦਾ ਡੱਟ ਪੁਟ ਲਿਆ।
“ਮੈਂ ਤਾਂ ਕਦੀ ਪੀਤੀ ਨਹੀਂ…।”
“ਪੱਟੂਆ ਇਹ ਕਿਹੜਾ ਜ਼ਹਿਰ ਏ..।ਐਵੇਂ ਮਨ ਹੌਲਾ ਕਰਨਾ ਘੜੀ ਆਪਾਂ ਨੇ…।”
ਮੇਰੇ ਰੋਕਦਿਆਂ-ਰੋਕਦਿਆਂ ਭਾਗੀ ਨੇ ਪੈੱਗ ਪਾ ਦਿੱਤਾ।
“ਵੀਰ ਮੇਰਿਆ ਮੈਂ ਸਮਝਦਾ ਸਾਰੀ ਗੱਲ।ਮੈਂ ਵੀ ਬਥੇਰੇ ਦੁਖ ਦੇਖੇ ਨੇ।ਆਪਾਂ ਤਾਂ ਹੁਣ ਦਿਲ ਕਰੜਾ ਕਰ ਲਿਆ।”

ਪਹਿਲੇ ਪੈੱਗ ਨਾਲ ਹੀ ਭਾਗੀ ਉਧੜਨ ਲੱਗਿਆ ਸੀ।ਪਰ ਕਿੰਨੀ ਸਚਾਈ ਸੀ ਉਸਦੀ ਹਰ ਗੱਲ ਵਿੱਚ।ਭਾਗੀ ਪੈੱਗ ਪਾਉਂਦਾ ਰਿਹਾ ਮੈਂ ਪੀਂਦਾ ਰਿਹਾ।ਪਹਿਲੀ ਵਾਰ ਸ਼ਰਾਬ ਪੀਤੀ ਸੀ ਮੈਂ ਉਸ ਦਿਨ।ਉਪਰੋਂ-ਥੱਲੀ ਪੀਤੇ ਦੋ-ਤਿੰਨ ਪੈੱਗਾ ਨੇ ਹੀ ਹਿਲਾ ਕੇ ਰੱਖ ਦਿੱਤਾ ਸੀ ਮੈਨੂੰ।ਲੜਖੜਾਉਂਦੇ ਕਦਮੀ ਘਰ ਪਹੁੰਚਿਆ ਸੀ ਮੈਂ।ਰਾਤ ਕਿਥੇ ਗੁਜ਼ਰ ਗਈ ਕੁਝ ਪਤਾ ਹੀ ਨਹੀਂ ਸੀ ਲੱਗਿਆ।ਉਸ ਰਾਤ ਬਾਪੂ ਤੇ ਰੋਜ਼ੀ ਦੀਆਂ ਸ਼ਕਲਾਂ ਬਾਰ-ਬਾਰ ਉਭਰਦੀਆਂ ਰਹੀਆਂ ਸਨ ਮੇਰੇ ਸੁਪਨਿਆਂ ’ਚ।

ਬਾਪੂ ਆਖਦਾ, “ਕਰਮਿਆਂ! ਪੁੱਤ ਕਰਜ਼ਾ ਨਾ ਲਈ ਕਦੇ ਭੁੱਲ ਕੇ ਵੀ।ਜੋਕ ਵਾਂਗੂੰ ਖੂਨ ਪੀ ਜਾਂਦਾ ਇਹ ਤਾਂ ਬੰਦੇ ਦਾ।ਸਿਆਣਪ ਨਾਲ ਚੱਲੀ।”
ਰੋਜ਼ੀ ਪੁਛਦੀ, “ਕਰਮਿਆਂ! ਕਦ ਲੱਗਣਾ ਤੂੰ ਅਫ਼ਸਰ।ਮੈਂ ਸ਼ਹਿਰ ਜਾ ਕੇ ਸਭ ਤੋਂ ਮਹਿੰਗਾ ਸੂਟ ਲੈਣਾ।ਵੇਖੀ ਮੁੜਕੇ ਮੁਕਰ ਨਾ ਜਾਈਂ ”
ਮੇਰੇ ਕੋਲ ਦੋਨਾਂ ਲਈ ਹੀ ਕੋਈ ਜਵਾਬ ਨਹੀਂ ਹੁੰਦਾ।

***

ਨਿੱਤ ਮੈਂ ਤੇ ਭਾਗੀ ਬੈਠੇ ਗ਼ਮ ਗ਼ਲਤ ਕਰਨ ਲੱਗਦੇ।ਪਰ ਗ਼ਮ ਦਾ ਬੋਝ ਪੈਰੋ-ਪੈਰ ਵੱਧਦਾ ਤੁਰਿਆ ਜਾਂਦਾ।
“ਕਰਮਿਆਂ! ਕਹਾਣੀ ਸਾਰੀ ਕੁੜੀ ਦੇ ਵਿਆਹ ਮੌਕੇ ਉਲਝੀ।ਜੇ ਕਿਤੇ ਬਾਪੂ ਤੇਰਾ…।ਸ਼ਾਇਦ ਆਹ ਦਿਨ ਨਾ ਵੇਖਣੇ ਪੈਂਦੇ ਤੈਨੂੰ।”
ਭਾਗੀ ਗੱਲ ਛੇੜ ਕੇ ਬੈਠ ਗਿਆ।
ਝਟਕੇ ਵਿੱਚ ਹੀ ਮੇਰਾ ਸਾਰਾ ਨਸ਼ਾ ਉਤਰ ਗਿਆ।ਭਾਗੀ ਦੇ ਬੋਲ ਵਰਮੇ ਵਾਂਗ ਮੇਰੇ ਸੀਨੇ ਵਿੱਚ ਛੇਕ ਕਰ ਗਏ।ਜਿਵੇਂ ਬੇਬੇ ਦੇ ਸੀਨੇ ਸ਼ਰੀਕਾਂ ਦੀਆਂ ਗੱਲਾਂ ਕਰਦੀਆਂ ਨੇ।
ਸ਼ਰੀਕ ਆਖਦੇ ਨੇ..ਮੁਖਤਾਰ ਸਿਹੁੰ ਦੀ ਤਾਂ ਕੁਲ ਦਾ ਹੀ ਨਾਸ਼ ਹੋ ਗਿਆ ਸਮਝੋ।ਕਰਮੇ ਨੂੰ ਧੀ ਦੇਣ ਨਾਲੋਂ ਤਾਂ ਅਗਲਾ ਖੂਹ ਵਿੱਚ ਧੱਕਾ ਦੇ ਦਏ..।
ਬੇਬੇ ਗਲੀ ਗੁਆਂਢ ਦੀਆਂ ਕੁੜੀਆਂ-ਬੁੜੀਆਂ ਦੀਆਂ ਲਿਲੜੀਆਂ ਕੱਢਦੀ।
“ਕੁੜੇ! ਕੋਈ ਮੇਰੇ ਕਰਮੇ ਨੂੰ ਸਾਕ ਕਰਾਓ ਨੀ।ਜਿਦੇ ਅਫ਼ਸਰ ਲੱਗ ਗਿਆ ਮੇਰਾ ਪੁੱਤ ਫਿਰ ਦੇਖਿਓ।ਮੈਂ ਸੋਨੇ ਦੀ ਮੁੰਦਰੀ ਪਾਊਂ ਵਿਚੋਲਣ ਨੂੰ।”
“ਤਾਈ ਬਹੁਤੀਆਂ ਛਾਲਾਂ ਨਾ ਮਾਰ।ਕਰਜ਼ਾ ਚੁਕ ਕੇ ਮੁੰਦੀ ਪਾਈ ਤਾਂ ਕੀ ਪਾਈ।”
ਕੋਈ ਜਾਣੀ ਚੋਟ ਕਰਦੀ।
ਬੇਬੇ ਸ਼ਰੀਕਾ ਦੇ ਬੋਲ ਸੁਣ ਘਰ ਮੁੜ ਆਉਂਦੀ।ਰੱਬ ਅੱਗੇ ਅਰਜੋਈਆਂ ਕਰਦੀ।ਆਖਦੀ, “ਸੱਚੇ ਪਾਤਸ਼ਾਹ ਸਿੱਧੀਆਂ ਪਾਈ।”
ਪਰ ਬੇਬੇ ਦੀਆਂ ਮੰਨਤਾਂ ਪਰਵਾਨ ਨਾ ਚੜੀਆਂ।ਉਸਦੀਆਂ ਸਜਾਈਆਂ ਸਭੇ ਸਧਰਾਂ ਉਸੇ ਦੇ ਨਾਲ ਹੀ ਤੁਰ ਗਈਆਂ।
“ਓਏ ਕਰਮਿਆਂ! ਵੀਰ ਚਾਚੀ ਵੀ ਇਉਂ ਈ ਤੁਰ ਗਈ ਉਏ।ਆਪਣੇ ਪਤਾ ਨਹੀਂ ਕਿਹੜੇ ਭੁੰਨ ਕੇ ਬੀਜੇ ਹੋਏ ਨੇ।”

ਬੇਬੇ ਦੀ ਅੰਤਿਮ ਕਿਰਿਆ ਕਰਕੇ, ਮੈਂ ਤੇ ਭਾਗੀ ਦੇਰ ਰਾਤ ਤੀਕ ਬੈਠੇ ਦਾਰੂ ਪੀਂਦੇ ਰਹੇ ਤੇ ਆਪਣੇ ਆਪਣੇ ਦੁੱਖ ਅੱਥਰੂਆਂ ਵਿੱਚ ਰੋੜਦੇ ਰਹੇ।
ਦੋ ਵੇਲੇ ਢਿੱਡ ਨੂੰ ਝੁਲਕਾ ਦੇਣ ਲਈ ਮੈਂ ਚੁਲ੍ਹੇ ਵਿੱਚ ਫੂੰਕਾ ਮਾਰਦਾ ਰਹਿੰਦਾ।ਆਟਾ ਗੁੰਨਦਾ ਤਾਂ ਪਰਾਤ ਵਿੱਚ ਪਾਇਆ ਬਹੁਤਾ ਪਾਣੀ, ਚਾਰੇ ਪਾਸੇ ਭੱਜਾ ਫਿਰਦਾ।ਲੇਵੀ ਵਰਗੇ ਆਟੇ ਦੀ ਰੋਟੀ ਨਾ ਪੱਕਦੀ।
“ਕਰਮਿਆਂ! ਛੜਿਆਂ ਦੀ ਅੱਗ ਨਹੀਂਉ ਮੱਚਦੀ ਹੁੰਦੀ।ਉਹ ਬੋਲੀ ਆਪਣੇ ਵਰਗੇ ਕਿਸੇ ਛੜੇ ਨੇ ਈ ਬਣਾਈ ਹੋਣੀ।”
ਭਾਗੀ ਲੋਕ ਬੋਲੀਆਂ ਦੇ ਅਰਥ ਸਮਝਾਉਣ ਲੱਗਦਾ।
ਚੁੱਲ੍ਹੇ ਵਿੱਚ ਤਾਂ ਅੱਗ ਨਾ ਬਲਦੀ ਪਰ ਮੇਰੇ ਅੰਦਰ ਬਹੁਤ ਕੁਝ ਧੁਖਣ ਲੱਗਦਾ।

ਸੀਨ-ਸੱਤਵਾਂ
“ਇਹ ਕੌਣ ਏ ਭਾਗੀ?”
ਸਬਾਤ ਵਿੱਚ ਬੈਠੀ ਤੀਵੀਂ ਵੱਲ ਦੇਖ ਕੇ, ਮੈਂ ਦੱਬੇ ਸੁਰ ਵਿੱਚ ਪੁਛਿਆ।
“ਸਾਲਿਆ ਤੀਵੀਂ ਆ…ਤੈਨੂੰ ਕੀ ਦਿੱਸਦਾ…ਮਾਈਂ ਅੱਖਾਂ ਕਿ…।”
“ਨਹੀਂ ਮਤਲਬ ਇਹ ਇੱਥੇ…?”
ਸਵਾਲੀਆ ਨਿਸ਼ਾਨ ਲਟਕ ਰਿਹਾ ਸੀ ਮੇਰੇ ਚਿਹਰੇ ਉਤੇ।
“ਜ਼ਿੰਦਗੀ ਦਾ ਸਵਾਦ ਚੱਖ ਲੈ ਪੱਟੂਆ।”
ਭਾਗੀ ਅੱਖ ਦੱਬ ਕੇ ਆਖਿਆ।

***
ਮੈਂ ਉਸ ਕਾਲੀ ਜਿਹੀ ਔਰਤ ਨਾਲ ਭੁੱਖਿਆਂ ਵਾਂਗੂੰ ਘੁਲਦਾ ਰਿਹਾ।ਪਤਾ ਨਹੀਂ ਕਿਸ ਜੁੱਗ ਦੀ ਭੁੱਖ ਜਾਗ ਪਈ ਸੀ ਮੇਰੇ ਅੰਦਰ।ਰਾਤ ਦੇ ਪਿਛਲੇ ਪਹਿਰ, ਉਹਦੀ ਮੁਠੀ ਵਿੱਚ ਪੈਸੇ ਤੁੰਨ ਕੇ ਭਾਗੀ ਉਹਨੂੰ ਬੀਹੀ ਦਾ ਮੋੜ ਪਾਰ ਕਰਾ ਆਇਆ ਸੀ।
“ਕੌਣ ਸੀ ਇਹ ਭਾਗੀ?”
ਮੈਂ ਫੇਰ ਪੁਛਿਆ।
“ਔਰਤ ਸੀ ਬੱਸ…।”
“ਪਰ ਤੈਨੂੰ ਕਿਵੇਂ ਜਾਣਦੀ ਇਹ।ਪਤਾ ਵੀ ਤਾਂ ਲੱਗਾ…।”
“ਕਰਮਿਆਂ ਇਹਦਾ ਤੇ ਸਾਡਾ ਲੋੜ ਦਾ ਰਿਸ਼ਤਾ ਬੱਸ।ਅਸੀਂ ਉਹਨੂੰ ਪੈਸੇ ਦਿੱਤੇ।ਉਹਨੇ ਸਾਨੂੰ...।”
ਉਹ ਔਰਤ ਹੁਣ ਅਕਸਰ ਆਉਣ ਲੱਗੀ ਸੀ।
“ਆਪਣਾ ਇਹੀ ਸੰਸਾਰ ਹੈ ਕਰਮਿਆਂ।ਹੋਰ ਆਪਣੀ ਕਿਹੜਾ ਚੂੜੇ ਵਾਲੀ ਬੈਠੀ ਘਰੇ।”
ਭਾਗੀ ਸੀਤ ਸਾਹ ਛੱਡਦਾ।

***
“ਕਾਮ ਸਿਰ ਨੂੰ ਚੜ੍ਹ ਜਾਏ ਤਾਂ ਬੰਦਾ ਪਾਗਲ ਹੋ ਜਾਂਦਾ ਕਰਮਿਆਂ।”
ਹਥੇਲੀ ’ਤੇ ਜ਼ਰਦਾ ਮਲਦਾ ਹੋਇਆ ਭਾਗੀ ਦੱਸਣ ਲੱਗਾ।ਮੈਂ ਜ਼ਰਦੇ ਦੀ ਚੂੰਡੀ ਬੁਲ੍ਹਾਂ ਵਿੱਚ ਤੁੰਨੀ।
“ਭਾਗੀ ਕਦੀ ਤੇਰਾ ਦਿਲ ਨਹੀਂ ਕਰਦਾ ਕਿ ਘਰ ਹੋਵੇ। ਘਰਵਾਲੀ ਹੋਵੇ।ਬੱਚੇ ਹੋਣ..।”
ਮੈਂ ਭਾਗੀ ਦੀਆਂ ਅੱਖਾਂ ਵਿੱਚ ਵੇਖ ਕੇ ਪੁਛਿਆ।
“ਦਿਲ ਕੀਹਦਾ ਨਹੀਂ ਕਰਦਾ ਕਰਮਿਆਂ।ਪਰ ਆਪਣੇ ਹੱਥਾਂ ਵਿੱਚ ਉਹ ਲਕੀਰ ਹੀ ਹੈ ਨਹੀਂ।ਘਰ ਤੇ ਘਰਵਾਲੀ ਦੇ ਸੁਪਨੇ ਲੈਣੇ ਛੱਡਦੇ।ਆਪਾਂ ਤਾਂ ਉਹ ਹਾਂ ਵੀਰ ਜਿਨ੍ਹਾਂ ਦਾ ਕੋਈ ਘਰ ਨਹੀਂ ਹੁੰਦਾ।ਪਹਿਲਾ ਗੇਅਰ ਪਾ ਕੇ ਤੋਰੀ ਚੱਲ ਗੱਡੀ।”
ਪਰ ਗੱਡੀ ਹੀ ਤਾਂ ਨਹੀਂ ਸੀ ਚੱਲਦੀ ਪਈ।ਤੀਵੀਂ ਦੀ ਭੁੱਖ ਬਾਕੀ ਸਭ ਭੁੱਖਾਂ ਭੁਲਾਈ ਛੱਡਦੀ।ਲੋਕ ਮੂੰਹ ਜੋੜੀ ਸਾਡੀਆਂ ਗੱਲਾਂ ਕਰਦੇ।ਮੈਂ ਭਾਗੀ ਵੱਲ ਹੁੰਦਾ ਜਾਂ ਭਾਗੀ ਮੇਰੇ ਵੱਲ।
“ਕਰਮਿਆਂ! ਮੇਰਾ ਉਸ ਘਰ ’ਚ ਜਾਣ ਨੂੰ ਜੀਅ ਨਹੀਂ ਕਰਦਾ।ਸੱਚੀ ਦੱਸਾਂ? ਮੈਨੂੰ ਇੱਕਲੇ ਨੂੰ ਤਾਂ ਡਰ ਆਉਂਦਾ ਉਥੇ।ਉਥੇ ਭੂਤ ਵਸਦੇ ਨੇ ਕਰਮਿਆਂ ਭੂਤ।”
ਨਸ਼ੇ ਦੀ ਹਾਲਤ ਵਿੱਚ ਭਾਗੀ ਬਿਨਾਂ ਸਿਰ-ਪੈਰ ਦੀਆਂ ਮਾਰਨ ਲੱਗਦਾ।ਕਿਸੇ ਦੇ ਕਦਮਾਂ ਦੀ ਆਹਟ ਮੇਰੇ ਵੀ ਕੰਨਾਂ ਵਿੱਚ ਗੂੰਜਣ ਲੱਗਦੀ।ਹਨ੍ਹੇਰੇ ਵਿੱਚੋਂ ਨੂਰ ਦਾ ਅਕਸ ਉਭਰਨ ਲੱਗਦਾ।

ਸੀਨ-ਅੱਠਵਾਂ
ਬਾਕੀ ਬਚੀ ਹੋਈ ਜ਼ਮੀਨ ਦਾ ਅਗੂੰਠਾ ਨੱਪ ਕੇ ਮੁੜੇ ਸਾਂ ਅਸੀਂ।
ਘਰੇ ਆ ਕੇ ਭਾਗੀ ਦੇਰ ਤੀਕ ਰੋਂਦਾ ਰਿਹਾ।ਭਾਗੀ ਨੂੰ ਰੋਂਦਾ ਦੇਖ ਮੇਰਾ ਵੀ ਰੋਣ ਨਿਕਲ ਗਿਆ।ਇੱਕ ਦੂਜੇ ਨੂੰ ਗ਼ਲੇ ਲਗਾਈ ਅਸੀਂ ਦੇਰ ਤੀਕ ਰੋਂਦੇ ਰਹੇ।ਜਦੋਂ ਅੱਖਾਂ ਵਿੱਚੋਂ ਅੱਥਰੂ ਸੁਕ ਗਏ, ਅਸੀਂ ਪੀਣ ਬੈਠ ਗਏ।
“ਜ਼ਮੀਨ ਨੇ ਵਫ਼ਾ ਨਹੀਂ ਕੀਤੀ ਕਰਮਿਆਂ ਆਪਣੇ ਨਾਲ।ਜ਼ਮੀਨ ਘੱਟ ਹੋਣ ਕਰਕੇ ਮੇਰੇ ਬਾਪੂ ਨੂੰ ਰਿਸ਼ਤਾ ਨਹੀਂ ਸੀ ਚੜਿਆ।ਉਹ ਪੈਸੇ ਦੇ ਕੇ ਲਿਆਇਆ ਸੀ ਮੇਰੀ ਮਾਂ ਨੂੰ।ਨਿੱਕੇ ਹੁੰਦਿਆਂ ਛੇੜਦੇ ਹੁੰਦੇ ਸੀ ਲੋਕ ਮੈਨੂੰ।ਪਰ ਮੈਨੂੰ ਤਾਂ ਮੁੱਲ ਦੀ ਤੀਵੀਂ ਵੀ ਨਹੀਂ ਜੁੜੀ ਬਾਈ।ਮੇਰਾ ਤਾਂ ਘਰ ਈ ਖਿੰਡ ਗਿਆ।ਮੈਨੂੰ ਕੀ ਪਤਾ ਕਰਮਿਆਂ ਘਰ ਕੀ ਹੁੰਦਾ।ਕਬੀਲਦਾਰੀ ਕੀ ਸ਼ੈਅ ਹੁੰਦੀ।”
ਭਾਗੀ ਦਾ ਗਲਾ ਬੈਠਣ ਲੱਗਿਆ ਸੀ।
ਮੈਂ ਚਾਰੇ ਪਾਸੇ ਝਾਤ ਮਾਰੀ।ਮੈਨੂੰ ਵੀ ਸਾਰਾ ਘਰ ਖਿੰਡਿਆ ਹੋਇਆ ਲੱਗਿਆ।ਕਦੇ ਇਸ ਘਰ ਦੀਆਂ ਕੰਧਾਂ ’ਤੇ ਉਲੀਕੇ ਮੋਰ-ਘੁੱਗੀਆਂ ਉੱਡੂ-ਉੱਡੂ ਕਰਦੇ ਸਨ।
ਪਰ ਹੁਣ…।

ਨਾ ਘਰ ਸੀ ਨਾ ਕੋਈ ਆਪਣਾ।ਮਾਂ, ਬਾਪ ਤੇ ਭੈਣ ਗੁਆ ਕੇ ਖਾਲੀ ਹੋਇਆ ਫਿਰਦਾ ਸਾਂ ਮੈਂ।ਇੱਕ ਸੀ ਤਾਂ ਭਾਗੀ।ਉਹੀ ਯਾਰ ਬਣ ਜਾਂਦਾ।ਉਹੀ ਭਰਾ।ਕਦੇ ਉਹੀ ਸਿਆਣਿਆਂ ਵਾਂਗ ਮੱਤਾਂ ਦੇਣ ਲੱਗਦਾ।ਕਦੇ ਨਿਆਣਿਆਂ ਵਾਂਗ ਕਰਨ ਲੱਗਦਾ।ਪਰ ਜਿਸ ਦਿਨ ਭਾਗੀ ਵੀ ਤੁਰ ਗਿਆ ਉਸ ਦਿਨ ਪੂਰੀ ਤਰ੍ਹਾਂ ਕੰਗਾਲ ਹੋ ਗਿਆ ਸੀ ਮੈਂ।ਸਰਪੰਚਾਂ ਦੇ ਖੇਤ, ਬਿਜਲੀ ਦੀ ਪਤਾ ਨਹੀਂ ਕਿਹੜੀ ਪੁਠੀ-ਸਿੱਧੀ ਤਾਰ ਜੋੜ ਬੈਠਾ ਸੀ ਭਾਗੀ ਕਿ ਉਸਦੇ ਸਾਹਾਂ ਦੀ ਡੋਰ ਟੁੱਟ ਗਈ।ਬਿਜਲੀ ਦੇ ਇੱਕੋ ਝਟਕੇ ਨੇ ਧੂੰਆਂ ਕੱਢ ਦਿੱਤਾ ਸੀ ਉਹਦੇ ਕੰਨਾਂ ਵਿੱਚਦੀ।ਮੈਂ ਸਰਪੰਚਾਂ ਦੇ ਖੇਤਾਂ ਵੱਲ ਨੂੰ ਸ਼ੂਟ ਵੱਟ ਲਈ।
ਸਾਹਮਣੇ ਭਾਗੀ ਪਿਆ ਸੀ।ਧੁਆਂਖਿਆ ਹੋਇਆ।
“ਆਪਣੀ ਹੱਡੀ ਬੜੀ ਚੀੜੀ ਹੈ ਕਰਮਿਆਂ।ਅਜੇ ਨਾ ਮਰੇ ਆਪਾਂ।ਉਂਜ ਵੀ ਆਪਾਂ ਵੇਖਿਆ ਵੀ ਕੀ ਏ?”
ਪਰ ਆਪਣੇ ਹੀ ਬੋਲ ਝੂਠੇ ਕਰ ਗਿਆ ਸੀ ਉਹ।ਦੋ ਘੜੀਆਂ ਵੀ ਨਹੀਂ ਸੀ ਲੱਗੀਆਂ ਉਸਦੇ ਪ੍ਰਾਣ ਨਿਕਲਦਿਆਂ ਨੂੰ।ਉਸਦੀ ਦੇਹੀ ਨੂੰ ਫੂਕ ਸ਼ਮਸ਼ਾਨ ਭੂਮੀ ਤੋਂ ਘਰ ਤੀਕ ਆਉਂਦਿਆਂ ਹਫ਼ ਗਿਆ ਸੀ ਮੈਂ।

***
ਦਿਮਾਗ਼ ਵਿੱਚ ਕੁਝ ਰੀਂਗ ਰਿਹਾ।
ਭਾਗੀ ਦਿੱਸ ਰਿਹਾ ਮੈਨੂੰ।ਸਾਹਮਣੇ ਖੜ੍ਹਾ।ਗੁਲਾਬੀ ਪੱਗ ਬੰਨ੍ਹੀ।
“ਆਜਾ ਕਰਮਿਆਂ! ਭੰਗੜੇ ਪਾਈਏ।ਵੀਰ ਤੇਰਾ ਘੋੜੀ ਚੜ੍ਹਨ ਲੱਗਿਆ।ਮੇਰਾ ਬਰਾਤੀ ਵੀ ਤੂੰ ਤੇ ਸਰਬਾਲਾ ਵੀ ਤੂੰ।ਸੁੱਟ ਮੁੱਠ ਭਰ ਕੇ ਰੁਪਈਆਂ ਦੀ।”
ਘੋੜੀ ਚੜਿਆ ਭਾਗੀ ਮੈਨੂੰ ਹਾਕ ਮਾਰਦਾ।
ਮੈਂ ਪੈਸਿਆਂ ਵਾਲੀ ਗੁਥਲੀ ’ਚ ਹੱਥ ਮਾਰਦਾ ਪਰ ਗੁਥਲੀ ਤਾਂ ਪਾਟੀ ਪਈ ਹੈ।
“ਇਹਦੇ ’ਚ ਤਾਂ ਖੋਟੀ ਦੁਆਨੀ ਵੀ ਹੈ ਨ੍ਹੀ ਭਾਗੀ।”
ਮੈਂ ਗੁਥਲੀ ਹਵਾ ਵਿੱਚ ਲਹਿਰਾਉਂਦਾ।ਘੋੜੀ ਸਪਾਟ ਦੌੜਨ ਲੱਗਦੀ।ਭਾਗੀ ਧੜੰੰਮ ਕਰਦਾ ਡਿਗਦਾ।ਉਹਦੀ ਪੱਗ ਲਹਿ ਕੇ ਦੂਰ ਜਾ ਡਿਗਦੀ।
ਭਾਗੀ ਘੋੜੀ ਮਗਰ ਦੌੜਨ ਲੱਗਦਾ। ਮੈਂ ਭਾਗੀ ਮਗਰ।ਵਾਹੋਦਾਹੀ।
ਅੱਗੇ ਜਾ ਕੇ ਇੱਕ ਖਲਾਅ ਉਸਰ ਆਉਂਦਾ।
“ਲੈ ਕਰਮਿਆਂ! ਤੂੰ ਬਣ ਜਾ ਲਾੜਾ।ਔਹ ਵੇਖ ਨੂਰ ਉਡੀਕਦੀ ਤੈਨੂੰ।”
ਪੱਗ ਚੁੱਕ ਭਾਗੀ ਮੇਰੇ ਸਿਰ ’ਤੇ ਰਖਦਾ।

ਪਰ ਨੂਰ ਤਾਂ ਰੋ ਰਹੀ ਹੈ।ਚਿੱਟੇ ਕੱਪੜੇ ਪਾਈ।ਮੇਰੀ ਹੀ ਲਾਸ਼ ’ਤੇ ਦੋਹੱਥੜਾ ਮਾਰਦੀ।ਇਹ ਕੀ ਮੈਂ ਮਰ ਗਿਆ। ਮੈਨੂੰ ਕੁਝ ਸਮਝ ਨਹੀਂ ਆਉਂਦਾ।ਹੱਥ ’ਤੇ ਚੂੰਡੀ ਵੱਢ ਕੇ ਆਪਣੇ ਜਿਊਂਦੇ ਹੋਣ ਦੀ ਪੁਸ਼ਟੀ ਕਰਦਾ ਹਾਂ।

***

ਖ਼ਿਆਲਾਂ ਦੀ ਲੜੀ ਟੁੱਟ ਰਹੀ ਹੈ।
ਚਲਦਾ ਹੋਇਆ ਨਾਟਕ ਰੁਕਣ ਲੱਗਦਾ।ਅੱਖਾਂ ਬੰਦ ਹੋ ਰਹੀਆਂ ਨੇ।ਸਾਰਾ ਕੁਝ ਘੁੰਮਦਾ ਹੋਇਆ ਜਾਪ ਰਿਹਾ ਮੈਨੂੰ।ਕਈ ਚਿਹਰੇ ਅੱਖਾਂ ਸਾਹਵੇਂ ਉਭਰਨ ਲੱਗੇ ਨੇ…।ਦੇਖਦੇ ਹੀ ਦੇਖਦੇ ਸਾਰੀਆਂ ਸ਼ਕਲਾਂ ਹਨੇਰੇ ਵਿੱਚ ਮਿਲ ਜਾਂਦੀਆਂ।
ਮੈਂ ਹਨੇਰੇ ਵਿੱਚ ਗੁਆਚੇ ਅਕਸ ਪਹਿਚਾਣਨ ਦੀ ਕੋਸ਼ਿਸ਼ ਕਰ ਰਿਹਾ।
ਪਰ ਕੁਝ ਸਾਫ਼ ਨਹੀਂ ਦਿਸਦਾ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸਿਮਰਨ ਧਾਲੀਵਾਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ