Jinn (One-act Play) : Ishwar Chander Nanda
ਜਿੰਨ (ਇਕਾਂਗੀ ਨਾਟਕ) : ਈਸ਼ਵਰ ਚੰਦਰ ਨੰਦਾ
ਨਾਟਕ ਦੇ ਪਾਤਰ
ਸੁਖਾ ਸਿੰਘ : ਇਕ ਸਿਧਾ ਜਿਹਾ ਕਿਸਾਨ, ਉਮਰ ਪੰਜਾਹ-ਪਚਵੰਜਾ ਸਾਲ।
ਭੋਲੀ : ਇਹਦੀ ਤੀਵੀਂ, ਉਮਰ ਪੰਜਤਾਲੀ ਪੰਜਾਹ ਸਾਲ।
ਗੁਰਾਂ : ਇਹਦੀ ਨੂੰਹ, ਉਮਰ ਅਠਾਰਾਂ ਉੱਨੀ ਸਾਲ ।
ਸੁਰੈਣ ਸਿੰਘ : ਇਹਦਾ ਪੁਤ ਜੋ ਕਾਲਿਜ ਵਿਚ ਪੜ੍ਹਦਾ ਹੈ।
ਇੱਕ ਬੁੱਢੀ ਗਵਾਂਢਣ : ਜੋ ਪਿੰਡ ਵਿਚ ਬੜੀ ਸਿਆਣੀ ਸਮਝੀ ਜਾਂਦੀ ਹੈ ।
ਇੱਕ ਨਿਕਾ ਜਿਹਾ ਮੁੰਡਾ : ਬੁਢੀ ਗਵਾਂਢਣ ਦਾ ਪੋਤਾ।
ਰੱਖੀ : ਇਕ ਮੁਟਿਆਰ ਗੁਆਂਢਣ, ਗੁਰਾਂ ਦੀ ਸਹੇਲੀ
ਤਿੰਨ ਚਾਰ ਅਧਖੜ ਜਿਹੀਆਂ ਹੋਰ ਗਵਾਂਢਣਾਂ।
ਚੇਲਾ : ਜੋ ਜਿੰਨ ਖਿਡਾਉਣ ਤੇ ਉਹਨੂੰ ਬਾਹਰ ਕਢਣ ਦਾ ਯਤਨ ਕਰਦਾ ਹੈ ।
ਜੋਗੀ : ਚੇਲੇ ਦਾ ਜੋਟੀਦਾਰ, ਜਿਸ ਦਾ ਕੰਮ ਜ਼ਿਆਦਾ ਕਰਕੇ ਢੋਲਕੀ ਆਦਿ ਵਜਾਉਣ ਤੇ ਨਾਲ ਭਜਨ ਗਾਉਣਾ ਹੁੰਦਾ ਹੈ।
ਇਕ ਟਮ ਟਮ ਵਾਲਾ : ਜੋ ਸਟੇਜ ਉੱਤੇ ਨਹੀਂ ਆਉਂਦਾ, ਪਰ ਬਾਹਰੋਂ ਹੀ ਅਵਾਜ਼ ਦੇਂਦਾ ਹੈ।
ਜਿੰਨ (ਇਕਾਂਗੀ ਨਾਟਕ) : ਈਸ਼ਵਰ ਚੰਦਰ ਨੰਦਾ
ਝਾਕੀ :- ਪਿੰਡ ਵਿਚ ਇਕ ਗ਼ਰੀਬ ਜੱਟ ਦਾ ਘਰ। ਪਰਦਾ ਉਠਣ ਤੇ ਇਕ ਦਲਾਨ ਜਿਹਾ ਨਜ਼ਰ ਆਉਂਦਾ ਹੈ। ਸਟੇਜ ਦੇ ਖੱਬੇ ਬੰਨੇ ਮੰਜੀ ਉੱਤੇ ਇਕ ਮੁਟਿਆਰ ਬੀਮਾਰ ਪਈ ਹੈ ਤੇ ਇਉਂ ਜਾਪਦਾ ਹੈ ਜਿਵੇਂ ਬੀਮਾਰੀ ਦੇ ਕਾਰਨ ਘੂਕ ਸੁਤੀ ਪਈ ਹੈ । ਬਿਸਤਰਾ ਰੱਜ ਕੇ ਮੈਲਾ ਹੈ ਤੇ ਉਹਦੇ ਉਤੇ ਮਖੀਆਂ ਭਿਣਕ ਰਹੀਆਂ ਹਨ । ਬੀਮਾਰ ਦਾ ਮੂੰਹ ਚਾਦਰ ਨਾਲ ਢਕਿਆ ਪਿਆ ਹੈ । ਦਲਾਨ ਦੇ ਪਿਛੇ ਇਕ ਹਨੇਰ ਮੁਨ੍ਹੇਰੀ ਕੋਠੜੀ ਨਜ਼ਰ ਆ ਰਹੀ ਹੈ ਜਿਸ ਦਾ ਇਕ ਬੂਹਾ ਅਧ-ਖੁਲ੍ਹਾ ਪਿਆ ਹੈ । ਦਲਾਨ ਦੇ ਸੱਜੇ ਖੱਬੇ ਚੌਂਕਾ ਚੁਲ੍ਹਾ ਹੈ । ਕੁਝ ਭਾਂਡੇ ਟੀਂਡੇ ਭੀ ਪਏ ਹਨ । ਚੁਲ੍ਹੇ ਦੇ ਲਾਗੇ ਭੱਜੇ ਹੋਏ ਸੁਕੇ ਗੋਹੇ ਰਖੇ ਹਨ । ਦੋ ਪੀੜ੍ਹੀਆਂ ਤੇ ਇਕ ਦੋ ਖਜੂਰੀ ਮੂੜ੍ਹੇ ਭੀ ਪਏ ਹਨ । ਦਲਾਨ ਦੀ ਕੰਧ ਨਾਲ ਕੋਠੜੀ ਦੇ ਬੂਹੇ ਕੋਲ ਇਕ ਪੁਰਾਣਾ ਜਿਹਾ ਪਰ ਰੰਗੀਲ ਚਰਖਾ ਖੜਾ ਹੈ। ਸਟੇਜ ਦੇ ਖਬੇ ਬਾਹਰ ਆਉਣ ਜਾਣ ਦਾ ਦਰਵਾਜ਼ਾ ਹੈ ।ਜਿਉਂ ਹੀ ਪਰਦਾ ਉਠਦਾ ਹੈ, ਬੀਮਾਰ ਕੁੜੀ ਦੀ ਸਸ ਕਾੜ੍ਹਨੀ ਵਿਚੋਂ ਦੁੱਧ ਗਲਾਸ ਵਿਚ ਪਾਕੇ ਠੰਡਾ ਕਰਦੀ ਦਿਸਦੀ ਹੈ ।
ਵੇਲਾ :- ਢਲਦੀਆਂ ਦੁਪਿਹਰਾਂ ।
ਭੋਲੀ - (ਦੁੱਧ ਦਾ ਗਲਾਸ ਲੈ ਕੇ ਮੰਜੀ ਕੋਲ ਆਉਂਦੀ ਹੈ ਤੇ ਬੀਮਾਰ ਦੇ ਮੂੰਹ ਤੋਂ ਚਾਦਰ ਹਟਾ ਕੇ) ਉਠ ਕੁੜੀਏ, ਫੜ ਦੁੱਧ ਦਾ ਘੁਟ ਪੀ ਲੈ, ਉਠ ਮੇਰੀ ਬੀਬੀ ਧੀ (ਬੀਮਾਰ ਨੂੰ ਜ਼ਰਾ ਮੋਢਾ ਫੜਕੇ ਹਲੂਣਦੀ ਹੈ, ਬੀਮਾਰ ਕੁੜੀ “ਹੂੰ-ਹਾਂ” ਕਰਕੇ ਚੁੱਪ ਹੋ ਜਾਂਦੀ ਹੈ) ਨਾਂ, ਸਾਰਾ ਦਿਨ ਹੁਣ ਸੁੱਤੇ ਹੀ ਰਹਿਣਾ ਏਂ, ਏਡੀ ਨੀਂਦਰ ਵੀ ਕੀ ਆਖ ? (ਕੁੜੀ ਕੋਈ ਜਵਾਬ ਨਹੀਂ ਦੇਂਦੀ-ਨਿਰਾਸ ਹੋ ਕੇ ਸੱਸ ਦੁੱਧ ਦੇ ਗਲਾਸ ਨੂੰ ਮੁੜ ਚੌਂਕੇ ਵਿਚ ਰਖ ਦਿੰਦੀ ਹੈ ਤੇ ਆਪ ਮੂੜ੍ਹੇ ਉਤੇ ਬੈਠਕੇ ਮੁੱਢੇ ਅਟੇਰਨ ਲਗ ਜਾਂਦੀ ਹੈ) ਹੇ ਵਾਹਿਗੁਰੂ ਮਿਹਰ ਕਰ, ਦੁੱਖ ਸਾਡਾ ਪਿੱਛਾ ਨਹੀਂ ਛਡਦਾ, ਖਬਰ ਏ ਸਾਡੀ ਕਿਹੜੇ ਪਾਪਾਂ ਦੀ ਤਹਿ ਖੁਲ੍ਹਦੀ ਪਈ ਏ ? ਦੋ ਮਹੀਨੇ ਹੋਣ ਲਗੇ ਨੇ ਕੁੜੀ ਨੂੰ ਮੰਜੀ ਮੱਲਿਆਂ, ਕੀ ਕਰੀਏ !
( ਇਕ ਬੁੱਢੀ ਗੁਆਂਢਣ ਆਉਂਦੀ ਹੈ )
ਗੁਆਂਢਣ - ਕਿਉਂ ਬੀਬੀ, ਕੀ ਹਾਲ ਏ ਕੁੜੀ ਦਾ ?
ਭੋਲੀ - ਕੀ ਦੱਸਾਂ ਚਾਚੀ, ਕੁਝ ਪਤਾ ਨਹੀਂ ਲਗਦਾ (ਪੀੜ੍ਹੀ ਅਗੇ ਕਰਕੇ) ਬਹਿ ਜਾ ।
ਗੁਆਂਢਣ - (ਬੈਠ ਜਾਂਦੀ ਹੈ-ਮੰਜੀ ਵਲ ਹੱਥ ਕਰਕੇ) ਤੇ ਇਹ ਕੀ ਕੀਤਾ ਏ ਤੂੰ ? ਮੰਜੀ ਬਾਹਰ ਕਢ ਦਿਤੀ ਏ ਵਾ ਵਿਚ। ਬੀਮਾਰ ਨੂੰ ਏਦਾਂ ਵਾ ਨਹੀਂ ਲਵਾਉਣੀ ਚਾਹੀਦੀ। ਵਾ ਤਾਂ ਕਲੇਜਾ ਚੱਟ ਜਾਂਦੀ ਏ ਬੀਮਾਰ ਦਾ। ਮੇਰੀ ਜਾਚੇ ਤਾਂ ਮੰਜੀ ਨੂੰ ਮੁੜ ਅੰਦਰ ਈ ਕਰ ਦੇ।
ਭੋਲੀ - ਹੁੱਟ ਕਰਕੇ ਅੰਦਰ ਘਾਬਰਦੀ ਬੜੀ ਸੀ ।
ਗੁਆਂਢਣ - ਬੀਬੀ, ਤੁਸੀਂ ਗਹੁ ਨਾਲ ਦਵਾ ਦਾਰੂ ਕਰੋ ਨਾ, ਨਾਲੇ ਬੰਦਾ ਲਖੀਂ ਤੇ ਹਜ਼ਾਰੀਂ ਹੱਥ ਨਹੀਂ ਆਉਂਦਾ।
ਭੋਲੀ - ਚਾਚੀ, ਸਾਨੂੰ ਦੁਪਰਿਆਰੀ ਏ ਕੋਈ ? ਇਹ ਸਾਡੀ ਦੇਹ ਪ੍ਰਾਣ, ਸਾਡੀ ਜਿੰਦ ਜਾਨ, ਇਹਦੇ ਨਾਲ ਸਾਡਾ ਘਰ ਵਸਦਾ, ਦਵਾ ਦਾਰੂ ਵਲੋਂ ਅਸਾਂ ਕੋਈ ਢਿੱਲ ਕੀਤੀ ਏ ? ਪੈਸੇ ਨੂੰ ਪੈਸਾ ਕਰਕੇ ਨਹੀਂ ਜਾਤਾ।
ਗੁਆਂਢਣ - ਸਿਆਣੇ ਕਹਿੰਦੇ ਨੇ, ਦੁੱਖ ਹੋਵੇ ਤਾਂ ਕੋਠੇ ਚੜ੍ਹ ਕੇ ਢੋਲ ਵਜਾਈਏ। ਖਬਰ ਏ ਰੱਬ ਕਿਹੜੀ ਕੂਟੋਂ ਬਹੁੜਦਾ ਏ ?
ਭੋਲੀ - ਅਸੀਂ ਤਾਂ ਚਾਚੀ ਵੈਦਾਂ, ਹਕੀਮਾਂ ਦੇ ਘਰ ਭਰ ਛਡੇ ਨੇ । ਜੋ ਕਿਸੇ ਨੇ ਮੂੰਹੋਂ ਮੰਗਿਆ, ਸੋਈ ਦਿੱਤਾ। ਇੱਕ ਇੱਕ ਦਾਰੂ ਕੀਤੇ ਨੇ ਅਸਾਂ ? ਕਿਤੇ ਕਾੜ੍ਹੇ ਤੇ ਫੱਕੀਆਂ, ਕਿਤੇ ਗੋਲੀਆਂ ਤੇ ਲੇਪ, ਕਿਤੇ ਮਾਲਸ਼ਾਂ ਤੇ ਝੱਸੀਆਂ, ਕੋਈ ਓਢ ਪੋਢ ਨਹੀਂ ਜਿਹੜਾ ਅਸਾਂ ਨਹੀਂ ਕੀਤਾ।
ਗੁਆਂਢਣ - ਤਾਂ ਫੇਰ, ਕੁੜੀ ਦਾ ਖੂਨ ਖਰਾਬ ਜੇ, ਪੱਛ ਲਵਾ ਵੇਖੋ ।
ਭੋਲੀ - ਹਾਏ ਹਾਏ, ਇਹਦੇ ਕੋਲੋਂ ਸਿਹਾ ਜਾਣਾ ਏਂ ਪੱਛਾਂ ਦਾ ਦੁੱਖ ?
ਗੁਆਂਢਣ - ਚੰਗਾ, ਸਿੰਗੀਆਂ ਤਾਂ ਏਨੀ ਪੀੜ ਨਹੀਂ ਕਰਦੀਆਂ।
ਭੋਲੀ - ਨਾ ਚਾਚੀ, ਮੈਂ ਵੇਖ ਬੈਠੀ ਹੋਈ ਆਂ। ਮੇਰੀ ਮਲ੍ਹੇਸ ਦੀ ਨੂੰਹ ਨੂੰ ਸਿੰਗੀਆਂ ਲਵਾ ਬੈਠੇ ਸਨ, ਏਡਾ ਦੁਖ ਪਾਇਆ ਜੇ ਕੁਛ ਪੁਛੋ ਨਾਂ, ਕੁੜੀ ਅਗਲੇ ਜੁਗੋਂ ਬਚੀ ਸੀ।
ਗੁਆਂਢਣ - ਭਲਾ ਨਾ ਸਹੀ, ਨਾ ਜੋਕਾਂ ਦਾ ਕੀ ਡਰ ਏ, ਕੁਝ ਖੱਟੀਆਂ ਕੁਝ ਮਿੱਠੀਆਂ ਜ਼ਰਾ ਵੀ ਪੀੜ ਨਹੀਂ ਕਰਦੀਆਂ। ਮੈਂ ਆਪ ਲਵਾਈਆਂ ਸਨ, ਦੋਹਾਂ ਪੁੜਪੜੀਆਂ ਤੇ ਚਾਰ ਚਾਰ । ਸਿਰ ਪਾਟਦਾ ਰਹਿੰਦਾ ਸੀ । ਮੇਰਾ ਪੀੜ ਨਾਲ ਤੇ ਹਾਰ ਗਏ ਸਾਂ ਦਾਰੂ ਕਰ ਕਰ ਕੇ । ਜੋਕਾਂ ਨੇ ਚੁਪ ਚੁਪਾਤੇ ਗੰਦਾ ਲਹੂ ਚੂਪ ਲਿਆ ਤੇ ਠੰਢ ਪੈ ਗਈ।
ਭੋਲੀ - ਚਾਚੀ, ਅਸੀਂ ਬੜੀ ਸ਼ਾਮਤ ਦੇ ਮੂੰਹ ਆਏ ਆਂ, ਕੁੜੀ ਵਿਚ ਰਤ ਅੱਗੇ ਹੀ ਨਜ਼ਰ ਨਹੀਂ ਆਉਂਦੀ, ਪੀਲੀ ਵਸਾਰ ਹੋਈ ਪਈ ਏ । ਜੋਕਾਂ ਰਹਿੰਦਾ ਖੂੰਹਦਾ ਤੁਪਕਾ ਵੀ ਕਢ ਲੈਣਗੀਆਂ ਤੇ ਕੁੜੀ ਬਚੇਗੀ ਕਿਹੜੀ ਰਾਹ ? ਉਹ ਤਾਂ ਅੱਗੇ ਈ ਕਰੰਗ ਬਣੀ ਪਈ ਏ, ਖੜਾ ਤਾਂ ਹੋਇਆ ਨਹੀਂ ਜਾਂਦਾ, ਪੱਖੇ ਵਾਂਗ ਝੁਲਦੀ ਏ ।
ਗੁਆਂਢਣ - ਹਾਂ, ਹਾਂ ਫੇਰ ਗਜ਼ਾ ਦੇ ਨਾ ਉਹਨੂੰ ਜੇ ਸਰੀਰ ਵਿਚ ਤਾਕਤ ਆਵੇ ਕੁਝ । ਸੌ ਦਾਰੂਆਂ ਦਾ ਦਾਰੂ ਤੇ ਬੰਦੇ ਦੀ ਗਜ਼ਾ ਏ । ਸੁਣਿਆਂ ਨਹੀਂ ਓਂ, ‘ਸੌ ਚਾਚਾ ਤੇ ਇਕ ਪਿਉ, ਸੌ ਦਾਰੂ ਤੇ ਇਕ ਘਿਉ ।’
ਭੋਲੀ - ਕੁੜੀ ਖਾਣ ਵਾਲੀ ਵੀ ਬਣੇ । ਕਿਸ ਗੱਲ ਦੀ ਥੁੜ ਏ। ਘਰ ਦਾ ਲਵੇਰਾ ਏ, ਵਾਹਗੁਰੂ ਦਾ ਦਿੱਤਾ ਹੋਇਆ। ਪਰ ਕੁੜੀ ਤਾਂ ਸੰਘੇ ਚੋਂ ਕੁਝ ਲੰਘਾਉਂਦੀ ਈ ਨਹੀਂ। ਮੋਣ ਵਾਲੀ ਨਿੱਕੀ ਟਿਕੀ ਦਿੱਤੀ ਸੀ ਕਲ੍ਹ, ਉਹ ਸੁਕਦੀ ਸੁਕ ਗਈ ਪਰ ਇਹਨੇ ਨਹੀਂ ਖਾਧੀ। ਸਵੇਰੇ ਪਰੌਂਠੀ ਪਕਾ ਦਿੱਤੀ ਸੀ ਤੇ ਤਰਲੇ ਕਰ ਰਹੀਆਂ ਪਈ ਧੀਏ ਖਾ ਲੈ। ਜ਼ਰਾ ਡੁੰਗ ਕੇ ਪਰੇ ਕਰ ਛਡੀ ਤੇ ਮੁੜ ਤਕਿਆ ਨਹੀਂ ਉਹਦੇ ਵਲ । ਕੀ ਕਰੀਏ, ਕੀ ਨਾ ਕਰੀਏ, ਕੁਝ ਔੜਦਾ ਨਹੀਂ।
ਗੁਆਂਢਣ - ਤੂੰ ਮੇਰੀ ਗੱਲ ਮੰਨ, ਇਹਨੂੰ ਦੇ ਘਿਉ ਦੁੱਧ ਵਿਚ ਪਾਕੇ, ਪਰ ਹੋਵੇ ਨਖਾਲਸ ਗੋਕਾ। ਇਕ ਸਾਤਾ ਪਲਾ ਕੇ ਵੇਖ ਜੇ ਕੁੜੀ ਮੁੜ ਗੋਲੀ ਦੀ ਗੋਲੀ ਨਾ ਬਣ ਜਾਏ ਤਾਂ ਮੇਰਾ ਨਾਂ ਵਟਾ ਦੇਈਂ।
ਭੋਲੀ - ਤੇਰਾ ਮੂੰਹ ਸੁਲੱਖਣਾ ਹੋਵੇ, ਚਾਚੀ ਵਾਰ ਸੁਟਿਆ ਦੁੱਧ ਘਿਉ, ਇਹਦੇ ਕੋਲੋਂ ਚੰਗਾ ਏ । ਪਰ ਪੀਵੇ ਵੀ ਕੁੜੀ, ਇਹੋ ਤਾਂ ਵੱਡਾ ਦੁੱਖ ਏ ।
ਗੁਆਂਢਣ - ਲੈ ਪੀਵੇ ਕਿਉਂ ਨਾ, ਲਿਆ ਖਾਂ ਮੈਂ ਪਿਲਾਵਾਂ।
ਭੋਲੀ - ਸਤ ਵਾਰੀ, ਚਾਚੀ, ਵਾਹਗੁਰੂ ਨੂੰ ਭਾਵੇ ਤੇਰੇ ਵਡੀ ਵਡੇਰੀ ਦੇ ਹੱਥੋਂ ਇਹਦਾ ਦੁੱਖ ਕਟਿਆ ਜਾਵੇ !
(ਸੱਸ ਉਠਕੇ ਕਾੜ੍ਹਨੀ ਵਿੱਚੋਂ ਦੁੱਧ ਪਾਉਂਦੀ ਹੈ, ਨਾਲੇ ਵਿੱਚ ਘਿਉ)।
ਗੁਆਂਢਣ - ਪਰੇ ਅੜੀਏ ਸ਼ੱਕਰ ਦਾ ਭੋਰਾ ਵੀ ਪਾ ਲਈਂ -ਸਵਾਦ ਹੋ ਜਾਇਗਾ ਸਗੋਂ ।
ਭੋਲੀ - ਚਾਚੀ, ਮੈਂ ਕਹਿਨੀਆਂ ਪਈ ਸੁੱਤੀ ਨੂੰ ਨਾ ਜਗਾਈਏ। ਆਪੇ ਪਲ ਘੜੀ ਨੂੰ ਉਠੇਗੀ, ਤਾਂ ਸਹੀ। ਜਦੋਂ ਕਦੀ ਏਦਾਂ ਅਭੜਵਾਈ ਉਠਦੀ ਏ ਤਾਂ ਕਿਲਕਾਂ ਮਾਰ ਮਾਰ ਬੜਾ ਭੜਥੂ ਪਾਉਂਦੀ ਏ ।
ਗੁਆਂਢਣ - ਹੇ ਖਾਂ, ਲਿਆ ਤੂੰ ਉਰੇ, ਐਵੇਂ ਕੁੜੀਆਂ ਖੋਖਨ ਵੀ ਕਰਦੀਆਂ ਹੁੰਦੀਆਂ ਨੇ ।
(ਗੁਆਂਢਣ ਉਠਕੇ ਮੰਜੀ ਦੇ ਕੋਲ ਜਾ ਖੜੀ ਹੁੰਦੀ ਹੈ, ਫੇਰ ਬੀਮਾਰ ਕੁੜੀ ਦੇ ਮੂੰਹ ਤੋਂ ਪਲੂ ਹਟਾਉਂਦੀ ਹੈ । ਫੇਰ ਉਹਦੇ ਸਿਰ ਨੂੰ ਫੜਕੇ ਹੌਲੀ ਜਿਹੀ ਹਿਲਾਉਂਦੀ ਹੈ । “ਉਠ ਉਠ ਕੁੜੀਏ, ਦੁੱਧ ਦਾ ਘੱਟ ਪੀ ਲੈ”। ਕੁੜੀ ਨਹੀਂ ਜਾਗਦੀ । ਗੁਆਂਢਣ ਫੇਰ ਉਹਨੂੰ ਮੋਢਿਆਂ ਤੋਂ ਫੜ ਕੇ ਝੰਝੋੜਦੀ ਹੈ) ।
ਗੁਰਾਂ - ( ਚੀਕਾਂ ਮਾਰ ਕੇ ਜਾਗਦੀ ਹੈ ਤੇ ਬਾਹਾਂ ਉਲਾਰ ਉਲਾਰ ਕੇ ਗੁਆਂਢਣ ਨੂੰ ਪਰੇ ਹਟਾਉਂਦੀ ਹੈ ) ਮਾਂ, ਮਾਂ, ਆਈ ਊ, ਆਈ ਊ ਡੈਣ ਆਈ ਊ, ਮੇਰਾ ਲਾਲ ਖੋਹਣ ਆਈ ਊ । ਪਰੇ ਮਰ ਨੀ, ਮੂੰਹ ਕਾਲੀਏ, ਤੇਰੇ ਸਿਰ ਭੁੱਬਲ ਪਾਵਾਂ, ਦੂਰ ਹੋ ਜਾ, ਦਫ਼ਾ ਹੋ ਜਾ, ਚਵਾਤੀ ਮਾਰਾਂਗੀ ਤੇਰੇ ਮੂੰਹ ਤੇ ।” (ਜ਼ੋਰ ਨਾਲ ਬਾਂਹ ਮਾਰਦੀ ਹੈ ਜੋ ਬੁਢੜੀ ਦੇ ਮੂੰਹ ਤੇ ਲਗਦੀ ਹੈ।) “ਸੌਂ ਜਾ, ਸੌਂ ਜਾ, ਮੇਰਾ ਹੀਰਾ (ਹੱਥਾਂ ਨਾਲ ਥਾਪੜਦੀ ਹੈ ਜਿਦਾਂ ਕਿਸੇ ਬਾਲ ਨੂੰ ਮਾਂਵਾਂ ਸੁਲਾਉਣ ਲਗਿਆਂ ਥਾਪੜਦੀਆਂ ਹਨ -ਫੇਰ ਉਹਨੂੰ ਥਣ ਦੇਂਦੀ ਹੈ) ਲੈ ਲੈ, ਲੈ ਦੁੱਧੀ ਲੈ ਲੈ -(ਇਸੇ ਤਰਾਂ ਕਰਦੀ ਕਰਦੀ ਬੇਹੋਸ਼ ਹੋ ਜਾਂਦੀ ਹੈ ਤੇ ਮੂੰਹ ਅੱਡਕੇ ਮੰਜੀ ਤੇ ਪੈ ਜਾਂਦੀ ਹੈ)
ਗੁਆਂਢਣ - (ਸਿਰਹਾਣਿਉਂ ਹਟ ਕੇ ਪਵਾਂਦੀ ਵੱਲ ਆ ਜਾਂਦੀ ਹੈ-ਉਹਦਾ ਮੂੰਹ ਡਰ ਨਾਲ ਬੱਗਾ ਹੋ ਜਾਂਦਾ ਹੈ ਤੇ ਸਾਰੇ ਸਰੀਰ ਨੂੰ ਕਾਂਬਾ ਛਿੜਿਆ ਹੋਇਆ ਹੈ) ਹਾਏ, ਹਾਏ, ਮੈਂ ਮਰ ਗਈ, ਮੈਂ ਕੀ ਜਾਣਾ ਇਹ ਨੂੰ ਕੁਝ ਚੰਬੜਿਆ ਹੋਇਆ ਏ। ਹਾਏ, ਮੇਰਾ ਤਾਂ ਬੁਥਾੜ ਸੁਜਾ ਦਿੱਤਾ ਏ ।ਹਾਏ, ਹਾਏ ਏਡਾ ਜ਼ੋਰ ਕਿਥੋਂ ਆ ਗਿਆ ਇਹਦੇ ਵਿੱਚ ? ਇਹਨੂੰ ਤਾਂ ਕੁਝ ਚੰਬੜਿਆ ਹੋਇਆ ਏ, ਏਡੀ ਧੌਲ ਮਾਰੀ ਏ, ਹੇ ਮੇਰੇ ਰਾਮ ! ਸੱਤਾਂ ਝੋਟਿਆਂ ਦਾ ਜ਼ੋਰ ਹੁੰਦਾਂ ਏ ਪਰੇਤ ਵਿੱਚ, ਤੂੰ ਮੈਨੂੰ ਪਹਿਲੋਂ ਕਿਉਂ ਨਾ ਦੱਸਿਆ ?
ਭੋਲੀ - ਚਾਚੀ, ਮੈਂ ਕੀ ਜਾਣਾ ? ਜਦੋਂ ਦਾ ਨਿੱਕਾ ਗੁਜਰਿਆ ਏ, ਇਹਦਾ ਇਹੋ ਹਾਲ ਏ। ਜਦੋਂ ਉਠਦੀ ਏ, ਕਿਲਕਾਂ ਮਾਰ ਮਾਰ ਕੇ ਉਠਦੀ ਏ। ਤੇ ਫੇਰ ਗ਼ਸ਼ ਖਾਕੇ ਡਿੱਗ ਪੈਂਦੀ ਏ। ਤੱਦੇ ਮੈਂ ਆਂਹਦੀ ਸਾਂ, ਪਈ ਸੁੱਤੀ ਪਈ ਨੂੰ ਨਾ ਜਗਾ ।
ਗੁਆਂਢਣ - ਅਸੀਂ ਕਦੀ ਵੇਖਿਆ ਨਾ ਸੁਣਿਆ ਇਹੋ ਜਿਹਾ ਰੋਗ । ਬਸ, ਬੀਬੀ, ਮੈਂ ਲਭ ਲਿਆ ਇਹਦਾ ਰੋਗ । ਇਹ ਸਰੀਰੀ ਰੋਗੀ ਨਹੀਂ। ਤਦੇ ਤਾਂ ਦਵਾ ਦਾਰੂ ਪੋਹੰਦਾ ਨਹੀਂ । ਖਾਧਾ ਪੀਤਾ ਲਗਦਾ ਨਹੀਂ।
ਭੋਲੀ - ਚਾਚੀ, ਸੱਚ ਜਾਣੀ, ਦਵਾ ਦਾਰੂ ਵੱਲੋਂ ਅਸਾਂ ਓੜਕ ਕਰ ਛੱਡੀ ਏ । ਜੋ ਜੋ ਕਿਸੇ ਨੇ ਦੱਸਿਆ ਏ, ਉਹੋ ਕੁਝ ਈ ਕੀਤਾ ਏ। ਜੇ ਕਿਤੇ ਨੇੜੇ ਤੇੜੇ ਵੀ ਕਿਸੇ ਸਿਆਣੇ ਦੀ ਦੱਸ ਪਈ ਤਾਂ ਇਹਦਾ ਬਾਪੂ ਵਿਚਾਰਾ ਉਥੇ ਵੀ ਫਾਟਾਂ ਭਨਾਉਂਦਾ ਗਿਆ ਏ, ਪਰ ਰੋਗ ਕਿਸੇ ਦੇ ਹੱਥ ਨਹੀਂ ਆਇਆ ।
ਗੁਆਂਢਣ - ਬੀਬੀਏ, ਕੋਈ ਰਾਹ ਦਾ ਰੋਗ ਹੋਵੇ, ਤਾਂ ਹੱਥ ਵੀ ਆਵੇ। ਇਹਦੇ ਵਿੱਚ ਤਾਂ ਕੋਈ ਭੂਤ ਵੜਕੇ ਬੈਠਾ ਏ । ਦਵਾ ਦਾਰੂ ਸਭ ਵਿਅਰਥਾ, ਦੁੱਧ ਘਿਉ ਵੀ ਸਭ ਵਿਅਰਥਾ । ਜੇ ਕੁਝ ਖਾਂਦੀ ਪੀਂਦੀ ਏ, ਉਹ ਅੰਦਰਲਾ ਭਖਦਾ ਜਾਂਦਾ ਏ, ਇਹਨੂੰ ਕੀ ਲਗੇ ਖਾਧਾ ਪੀਤਾ, ਸਵਾਹ ?
ਭੋਲੀ - ਚਾਚੀ, ਸਾਡੇ ਖੋਟੇ ਕਰਮ ! ਕੀ ਦੱਸਾਂ, ਕੀ ਕੀ ਜਫਰ ਜਾਲੇ ਨੇ ਇਹਦੇ ਦੁੱਖ ਦੇ ਕਾਰਨੇ ?
ਗੁਆਂਢਣ - ਤੇਰੀ ਘੌਲੋਂ ਏ, ਬੀਬੀ, ਬੁਰਾ ਨਾ ਮੰਨੀ, ਤੂੰ ਇਹਦੀ ਰੱਖ ਨਹੀਂ ਕੀਤੀ । ਜਦੋਂ ਬਾਲ ਹੁੰਦਾ ਏ, ਸਿਆਣੀਆਂ ਰੰਨਾਂ ਸੇਤੀ ਸਰਹੋਂ ਦੀ ਪਟੋਲੀ ਬੰਨ੍ਹ ਦਿੰਦੀਆਂ ਨੇ ਗਲ, ਤੇ ਸਰਹਾਂਦੀ ਰਖਦੀਆਂ ਨੇ ਲੋਹਾ । ਆਪਣੇ ਪਰਾਏ ਆਏ ਗਏ ਦੇ ਪਰਛਾਵੇਂ ਤੋਂ ਰੱਖ ਰਹਿੰਦੀ ਏ । ਤੇਰ੍ਹਾਂ ਦਿਨਾਂ ਤੀਕ ਕੁੜੀ ਨੂੰ ਪੈਰ ਭੁੰਜੇ ਨਹੀਂ ਰਖਣ ਦਈਦਾ । ਪੂਰੇ ਇੱਕੀ ਹੋ ਜਾਣ, ਤਾਂ ਵਿਹੜੇ ਵਿੱਚ ਕਢੀਦਾ ਏ । ਸਵਾ ਮਹੀਨੇ ਤੋਂ ਅੱਗੇ ਬੂਹੇ ਤੋਂ ਪੈਰ ਬਾਹਰ ਨਹੀਂ ਧਰਨ ਦਿੰਦੀਆਂ ਸੱਸਾਂ । ਪੰਦਰਾਂ ਦਿਨ ਹੋਏ ਨਾ ਤੇ ਤੂੰ ਕੁੜੀ ਨੂੰ ਕੰਮ ਲਾ ਦਿੱਤਾ, ਤੈਨੂੰ ਕੌਣ ਸਿਆਣੀ ਆਖੇ ।
ਭੋਲੀ - ਚਾਚੀ, ਤੂੰ ਠੀਕ ਕਹਿਨੀਆਂ, ਪਰ ਸਾਡੇ ਗ਼ਰੀਬਾਂ ਤੋਂ ਏਡੀਆਂ ਰੱਖਾਂ ਕਿਥੇ ਪੁਗਦੀਆਂ ਨੇ ? ਸਾਡੇ ਕੰਮ ਕਰਨ ਲਈ ਕੋਈ ਕਾਮੇ ਥੋੜੇ ਨੇ । ਗੋਹਾ ਗੱਟਾ ਵੀ ਆਪੇ ਕਰਨਾ ਹੋਇਆ 'ਤੇ ਚੌਕਾ ਚੁਲ੍ਹਾ ਵੀ ਆਪੇ। ਵੇਲੇ ਕੁਵੇਲੇ ਪਾਣੀ ਧਾਣੀ ਵੀ ਆਪ ਈ ਭਰਨਾ ਹੋਇਆ ! ਝੀਊਰਾਂ ਮੋਇਆਂ ਦੀ ਤਾਂ ਮਜਾਜ ਵਿੱਚ ਨੌਂਹ ਨਹੀਂ ਖੁਭਦਾ ਕਿਤੇ ।
ਗੁਆਂਢਣ - ਬਸ, ਬਾਹਰ ਜੂ ਗਈ, ਤਾਂ ਕਿਤੇ ਚੰਗਾ ਮੰਦਾ ਥਾਂ ਉਲੰਘ ਆਈ ਏ, ਹੋਰ ਕੀ ?
ਭੋਲੀ - ਨਾ ਚਾਚੀ, ਮੈਂ ਬਾਹਰ ਨਹੀਂ ਜਾਣ ਦਿੱਤਾ, ਮੈਥੋਂ ਪਰੋਖੀ ਕਿਤੇ ਚਲੀ ਗਈ ਹੋਵੇ, ਤਾਂ ਮੈਨੂੰ ਪਤਾ ਨਹੀਂ
ਗੁਆਂਢਣ - ਕੁੜੇ, ਕਿਸੇ ਨੇ ਕੁਝ ਘੋਲ ਕੇ ਤੇ ਤਾਂ ਨਹੀਂ ਪਿਲਾ ਦਿੱਤਾ ? ਤੂੰ ਨਹੀਂ ਜਾਣਦੀ, ਰੰਨਾਂ ਕੀ ਕੀ ਕਾਰਨੇ ਕਰਦੀਆਂ ਨੇ । ਜਿਨ੍ਹਾਂ ਦੀ ਉਲਾਦ ਨਹੀਂ ਰਹਿੰਦੀ ਜਾਂ ਉਲਾਦ ਹੋ ਕੇ ਕੁੱਖ ਸੁੱਕ ਜਾਂਦੀ ਏ, ਉਹ ਤਾਂ ਪਲੇਠੀ ਦੇ ਬਾਲ ਤੇ ਉੱਘੀ ਨਜ਼ਰ ਰਖਦੀਆਂ ਨੇ । ਜਾਦੂ ਬਰ ਹੱਕ ਤੇ ਕਰਨ ਵਾਲਾ ਕਾਫਰ । ਮੇਰੇ ਪੇਕੇ ਪਿੰਡ ਦੀ ਗਲ ਏ । ਇਕ ਤੱਤ-ਭਲੱਥੀ ਨੇ ਆਪਣੇ ਗਵਾਂਢ ਵਿੱਚ ਈ ਇਕੀਆਂ ਦਿਨਾਂ ਦੇ ਬਾਲ ਨੂੰ ਚੋਰੀ ਚੁਕ ਲਿਆ, ਮਸਾਣਾ ਵਿੱਚ ਜਾ ਕੇ ਉਹਨੂੰ ਆਪਣੀ ਹੱਥੀਂ ਵਢਿਆ ਤੇ ਉਹਦੀ ਲੋਥ ਉੱਤੇ ਨਹਾਉਣ ਕੀਤਾ ਪਈ ਉਹਦੀ ਗੋਦ ਹਰੀ ਹੋਵੇ ।
ਭੋਲੀ - ਹਾਏ ! ਹਾਏ ! ਏਡੀ ਕਠੋਰ, ਫੇਰ ਉਹਦੇ ਉਲਾਦ ਹੋਈ ?
ਗੁਆਂਢਣ - ਜਾਣੇ ਮੇਰੀ ਜੁੱਤੀ, ਹੋਈ ਹੋਵੇਗੀ ਤਾਂ ਕਾਲੇ ਪਾਣੀ ਜਾ ਕੇ, ਉਹਦਾ ਤਾਂ ਬੜਾ ਮੁਕੱਦਮਾ ਚਲਿਆ ਸੀ। ਚਲ ਛੱਡ ਪਰੇ, ਇਹੋ ਜਿਹੀਆਂ ਡੈਣਾਂ ਦਾ ਭੋਗ ਕੀ ਪਾਉਣਾ ਹੋਇਆ। ਭਾਵੇਂ ਫਾਹੇ ਲਾ ਦਿੰਦੇ ਉਹਨੂੰ, ਅਗਲਿਆਂ ਦਾ ਬਾਲ ਤਾਂ ਨਾ ਮੁੜਿਆ ਨਾਂ।
ਭੋਲੀ - ਚੰਦਰੀ ਦੀਆਂ ਸੱਤ ਕੁਲਾਂ ਨਰਕ ਨੂੰ ਜਾਣਗੀਆਂ । ਵੇਖ ਖਾਂ ਭਲਾ, ਹੈਂਸਿਆਰੀਏ, ਤੂੰ ਮਸੂਮ ਬਾਲ ਉਤੇ ਜੂ ਵਾਰ ਕੀਤਾ, ਤੇਰਾ ਕਿਸ ਜੁਗ ਭਲਾ ਹੋਵੇਗਾ ।
ਗੁਆਂਢਣ - ਮੇਰੀ ਜਾਚੇ, ਨਿੱਕਾ ਤੇਰਾ ਵੀ ਨਜਰਾਇਆ ਗਿਆ। ਕਈਆਂ ਦੀ ਨਜ਼ਰ ਬੜੀ ਭਾਰੀ ਹੁੰਦੀ ਏ।
ਭੋਲੀ - ਏਡਾ ਸੋਹਣਾ, ਗੋਰਾ ਚਿੱਟਾ, ਉਹਨੂੰ ਤਾਂ ਚਾਚੀ ਆਹਟੀ ਨਜ਼ਰ ਲਗਦੀ ਸੀ। ਏਸੇ ਕਰਕੇ ਮੈਂ ਉਹਦੇ ਮੂੰਹ ਤੇ ਕਾਲੋਂ ਲਾ ਦਿੰਦੀ ਸਾਂ ਤੇ ਕਦੀ ਇਕੱਲਾ ਨਹੀਂ ਸਾਂ ਛਡਦੀ ।
ਗੁਆਂਢਣ - ਮੈਂ ਕਹਿਨੀ ਆਂ, ਕਦੀ ਚਿੰਤੀ ਡੂਮਣੀ ਤਾਂ ਨਹੀਂ ਤੁਹਾਡੇ ਆਈ। ਉਹਦੀ ਨਜ਼ਰ ਤਾਂ ਪੱਥਰ-ਪਾੜ ਏ।
ਭੋਲੀ - ਮੈਨੂੰ ਸਾਰਾ ਪਤਾ ਏ। ਇਕ ਦਿਨ ਸਾਡੀ ਗਲੀ ਵਿਚ ਫਿਰਦੀ ਸੀ। ਮੈਂ ਸਾਰੀ ਵਾਟ ਬੂਹੇ ਵਿਚ ਖੜੀ ਰਹੀ ਪਈ ਮਤਾਂ ਏਧਰ ਝਾਤੀ ਨਾ ਮਾਰ ਬੈਠੇ । ਜੀ ਕਰਦਾ ਸੀ ਅੱਖਾਂ ਵਿੱਚ ਸੂਏ ਦੇ ਦੇਵਾਂ ਇਹੋ ਜਿਹੀ ਕਲਹਿਣੀ ਦੇ, ਜਿਹੜੀ ਦੂਜਿਆਂ ਦਾ ਬੁਰਾ ਇੱਛੇ। ਪਰ ਨਿਕਾ ਤਾਂ ਸਾਡਾ ਏਡਾ ਹੁੰਦੜਹਾਰ ਸੀ ਜੇ ਕੀ ਦੱਸਾਂ । ਮਹੀਨੇ ਦਾ ਸੀ ਵਿੱਚੋਂ ਤੇ ਛਿਆਂ ਮਹੀਨਿਆ ਦਾ ਲਗਦਾ ਸੀ।
ਗੁਆਂਢਣ - ਭੈਣਾਂ, ਕਦੀ ਆਪਣੀ ਨਜ਼ਰ ਵੀ ਲਗ ਜਾਂਦੀ ਏ। ਮੈਂ ਤਾਂ ਇਹ ਟੀਚਾ ਰਖਿਆ ਹੋਇਆ ਸੀ ਪਈ ਜਦੋਂ ਬਾਲ ਬਹੁਤ ਰੋਏ ਤੇ ਕਿਲਕਾਂ ਮਾਰੇ, ਮੈਂ ਹਮੇਸ਼ਾ ਮਿਰਚ ਵਾਰ ਕੇ ਚੁਲ੍ਹੇ ਵਿਚ ਪਾਉਂਦੀ ਸਾਂ।
ਭੋਲੀ - ਚਾਚੀ, ਜਦੋਂ ਵੀ ਕੋਈ ਜ਼ਨਾਨੀ ਆਉਂਦੀ ਰਹੀ ਏ, ਮੈਂ ਸਦਾ ਹੀ ਮਿਰਚ ਵਾਰਦੀ ਰਹੀ ਆਂ । ਖਬਰ ਏ ਕੀ ਹੋਇਆ ਇਕ ਦਿਨ ਮੁੰਡੇ ਨੂੰ, ਸਾਡੇ ਖੋਟੇ ਭਾਗ, ਮੈਂ ਬੈਠੀ ਉਹਨੂੰ ਵਰਾਉਂਦੀ ਸਾਂ ਪਈ। ਕੁੜੀ ਦਾ ਜੀ ਰਾਜੀ ਨਹੀਂ ਸੀ ਤੇ ਉਹਦੀ ਅੱਖ ਲਗੀ ਹੋਈ ਸੀ। ਮੁੰਡੇ ਨੇ ਅਚਨਚੇਤ ਚੀਕਾਂ ਛਡੀਆਂ ਤੇ ਏਡੇ ਪਲਸੋਟੇ ਮਾਰੇ ਜੋ ਹੱਥਾਂ ਵਿਚੋਂ ਡਿਗਦਾ ਜਾਵੇ ।
ਗੁਆਂਢਣ - ਤੂੰ ਸੌਂਫ਼ ਦੀ ਭਿੱਤੀ ਦੇ ਦੇਣੀ ਸੀ ਨਾ ।
ਭੋਲੀ - ਉਹ ਤਾਂ ਓਹਦੀ ਮਾਂ ਨੇ ਉਠਕੇ ਦੇਣੀ ਈ ਸੀ। ਪਰ ਮੈਨੂੰ ਰੋਟੀ ਦੀ ਕਾਹਲੀ ਸੀ ਪਈ ਲੋਏ ਲੋਏ ਕੀੜੇ ਪਤੰਗੇ ਤੋਂ ਪਹਿਲੋਂ ਪਹਿਲੋਂ ਪਕਾ ਲਵਾਂ । ਮੈਂ ਉਹਨੂੰ ਰਵਾਲ ਅਮਲ ਦੇ ਦਿੱਤਾ ਪਈ ਸੌਂ ਜਾਏ। ਬਸ (ਅੱਖਾਂ ਵਿਚ ਅਥਰੂ ਭਰ ਕੇ) ਉਹ ਵੇਲਾ ਮੈਨੂੰ ਹੱਥ ਨਹੀਂ ਆਉਂਦਾ, ਏਡਾ ਸੁੱਤਾ, ਏਡਾ ਸੁੱਤਾ, ਜੋ ਮੁੜ ਜਾਗਿਆ ਈ ਨਹੀਂ।
ਗੁਆਂਢਣ - ਕਿਤੇ ਜ਼ਿਆਦਾ ਦਿੱਤਾ ਗਿਆ ਹੋਊ।
ਭੋਲੀ - ਨਹੀਂ ਚਾਚੀ, ਮੇਰੇ ਤਾਂ ਹੱਥ ਜਾਚੇ ਹੋਏ ਨੇ। ਸਾਰੀ ਉਮਰ ਬੱਚੇ ਪਾਲਦੇ ਈ ਲੰਘੀ ਏ । ਜੇ ਉਹਦੀ ਵਧੀ ਨਹੀਂ ਸੀ, ਤਾਂ ਰੱਬ ਨਾਲ ਕਿਸੇ ਦਾ ਜ਼ੋਰ ਤਾਂ ਨਹੀਂ ।
ਗੁਆਂਢਣ - ਵੇਖ ਕੁੜੇ, ਪਿੱਛੇ ਜੋ ਹੋਈ, ਸੋ ਹੋਈ । ਅੱਗੇ ਲਈ ਮੇਰੀ ਗਲ ਸੁਣ ਤੇ ਕੰਨੀ ਬੰਨ੍ਹ । ਕੁੜੀ ਵੱਲੋਂ ਹੁਣ ਘੌਲੋਂ ਨਾ ਕਰੀਂ, ਨਹੀਂ ਤਾਂ ਬੰਦਾ ਘੜੀ ਦਾ ਖੁੰਝਿਆ ਸੈਆਂ ਕੋਹਾਂ ਤੇ ਜਾ ਪੈਂਦਾ ਏ। ਇਹਨੂੰ ਕਿਸੇ ਸਿਆਣੇ ਨੂੰ ਵਖਾਓ । ਓਹੋ ਸੋਧ ਕੇ ਦੱਸੂ ਪਈ ਇਹਨੂੰ ਕੀ ਕਸ਼ਟ ਏ । ਸਰੀਰੀ ਰੋਗ ਹੁੰਦਾ ਤੇ ਖਸਮਾਂ-ਖਾਣੇ ਏਡੇ ਦਵਾ ਦਾਰੂ ਕੀਤੇ, ਕੋਈ ਨਾ ਪੋਂਹਦਾ ?
ਭੋਲੀ - ਦਵਾਵਾਂ ਨਾਲ ਤਾਂ ਕੁੜੀ ਸਗੋਂ ਦਿਨ ਦਿਨ ਨਿਘਰਦੀ ਜਾਂਦੀ ਏ ।
ਗੁਆਂਢਣ - ਬਸ, ਮੈਂ ਜੂ ਤੈਨੂੰ ਕਹਿ ਦਿਤਾ ਏ ਪਿਛੋਂ ਪਛੋਤਾਏਂਗੀ-ਇਹਦੇ ਬਾਪੂ ਨੂੰ ਕਹੋ ਪਈ ਕਿਸੇ ਸਿਆਣੇ ਦੀ ਭਾਲ ਕਰੇ ਤੇ ਝੱਬਦੀ ਉਹਨੂੰ ਲਿਆਵੇ।
ਭੋਲੀ - ਚਾਚੀ, ਮੈਂ ਤਾਂ ਕਦੋਂ ਦੀ ਸਿਰ ਪਟਕ ਪਟਕ ਰਹੀ ਆਂ, ਪਰ ਮਰਦ ਤਾਂ ਸੁਣਦੇ ਈ ਨਹੀਂ ਨਾਂ। ਆਪਣੀ ਮਨ-ਆਈ ਕਰਦੇ ਨੇਂ।
ਗੁਆਂਢਣ - ਛਡ ਪਰੇ, ਤੀਵੀਂ ਤੀਵੀਂ ਬਣੇ ਤਾਂ ਮਰਦ ਦੀ ਕੀ ਵਾਹ ਚਲਦੀ ਏ । ਕਹੋ ਖਾਂ ਜੋਰ ਦੇ ਕੇ ਜਰਾ, ਵੇਖਾਂ ਆਪਣੀ ਗੌਂ ਨੂੰ ਮੰਨਦਾ ਏ ਕਿ ਨਾ ? ਭੋਲੀ ਮੈਂ ਕਈ ਵਾਰੀ ਆਖਿਆ ਤੇ ਉਹ ਇਹੋ ਈ ਕਹਿ ਕੇ ਕੰਨੀ ਛੁਡਾਇਆ ਕਰੇ, ‘ਬੁੱਢੀਆਂ ਦੇ ਭਰਮ ਨੇ, ਨਿਰੇ ਭਰਮ ਨੇ। ਫੇਰ ਮੈਂ ਦੋ ਟੋਕ ਗਲ ਕੀਤੀ ਪਈ ਜੇ ਮੇਰੀ ਨਾ ਮੰਨੀ ਤਾਂ ਨਾ ਮੈਂ ਰੋਟੀ ਖਾਣੀ ਏ, ਨਾ ਪਾਣੀ ਪੀਣਾ ਏਂ।
ਗੁਆਂਢਣ - ਫੇਰ ?
ਭੋਲੀ - ਫੇਰ ਕੀ ? ਚਾਚੀ, ਹੁਣ ਤੇਰੇ ਕੋਲੋਂ ਕੀ ਪੜਦਾ ਏ ਪਰ ਅੱਗੇ ਕਿਸੇ ਨਾਲ ਗਲ ਨਾ ਕਰੀਂ ! ਉਹ ਸਵੇਰ ਦਾ ਕਮਾਲਪੁਰੀਏ ਚੇਲੇ ਨੂੰ ਸੱਦਣ ਗਿਆ ਹੋਇਆ ਏ। ਸਗੋਂ ਅਵੇਰਾ ਹੋ ਗਿਆ ਏ, ਉਹਨੂੰ ਆਇਆ ਚਾਹੀਦਾ ਸੀ ਹੁਣ ਤੀਕ । ਉਹਦੀ ਬੜੀ ਸੋ ਸੁਣੀ ਏ ।
ਗੁਆਂਢਣ - ਵੇਖਿਆ ਬੀਬੀ, ਸੌ ਸਿਆਣੇ ਇਕੋ ਮਤ। ਕਮਾਲਪੁਰੀਏ ਚੇਲੇ ਦੀਆਂ ਤੇ ਹੁੱਗਾਂ ਪਈਆਂ ਹੋਈਆਂ ਨੇ । ਮੈਂ ਵੀ ਤੈਨੂੰ ਉਹਦੀ ਦੱਸ ਪਾਉਣ ਲੱਗੀ ਸਾਂ, ਪਰ ਉਹਦਾ ਨਾਉਂ ਵਿਸਰ ਗਿਆ ਏ।
ਭੋਲੀ - ਪਰ ਵੇਖੀਂ ਚਾਚੀ, ਕਿਸੇ ਹੋਰ ਨਾਲ ਗਲ ਨਾ ਕਰੀਂ। ਲੋਕ ਆ ਕੇ ਮੁਖਤ ਦਾ ਰੌਲਾ ਪਾ ਦਿੰਦਾ ਏ। ਸਾਨੂੰ ਅਗੋਂ ਆਪਣੀ ਬਿਪਤਾ ਹੋਈ ।
ਗੁਆਂਢਣ - ਲੈ, ਮੈਨੂੰ ਕੀ ਪਈ ਏ ਕਿਸੇ ਨਾਲ ਭੋਗ ਪਾਉਣ ਦੀ। ਮਨ ਸੋ ਮਨ, ਚਿਤ ਸੋ ਚਿਤ । ਪਰ ਵੇਖੇ ਨਾਂ ਜੋਗੀ ਆਵੇ 'ਤੇ ਮੈਨੂੰ ਪਤਾ ਜ਼ਰੂਰ ਦੇਈਂ ਮੈਂ ਵੀ ਇਕ ਪ੍ਰਸ਼ਨ ਜ਼ਰੂਰ ਲਵਾਉਣਾ ਈਂ।
ਭੋਲੀ - ਚਾਚੀ, ਤੇਰੇ ਕੋਲੋਂ ਕਿਸੇ ਗੱਲੋਂ ਨਾਬਰ ਆਂ।
( ਇੱਕ ਨਿਕਾ ਜਿਹਾ ਮੁੰਡਾ ਰੋਂਦਾ ਰੋਂਦਾ ਆ ਵੜਦਾ ਹੈ । ਇਹ ਬੁਢੜੀ ਵਾ ਪੋਤਾ ਹੈ)
ਮੁੰਡਾ - (ਹਟਕੋਰੇ ਲੈ ਲੈ ਕੇ) ਊਂ, ਊਂ, ਊਂ, ਆਂ, ਆਂ, ਆਂ -ਮੈਨੂੰ ਮਾਂ - ਮਾਂ -ਮਾਰਿਆ ਏ ।
ਗੁਆਂਢਣ - ਵੇ ਕਿਨ ਮਾਰਿਆ ਏ ? ਚਲ ਦਸ ਖਾਂ ਮੈਨੂੰ, ਮੈਂ ਉਸ ਸਿੜੀ ਪੈਣੇ ਦੇ ਡਕਰੇ ਕਰਾਂ । ਲੈ, ਬੀਬੀ, ਮੈਂ ਚੱਲੀਉਂ, ਮੇਰੀ ਗੱਲ ਭੁਲੀਂ ਨਾਂ !!
( ਬੁੱਢੀ ਗੁਆਂਢਣ ਛੇਤੀ ਛੇਤੀ ਜਾਂਦੀ ਹੈ ਤੇ ਨਿਕਾ ਮੁੰਡਾ ਭੀ ਨਾਲ ਈ ਉਹਦੀ ਚਾਦਰ ਦਾ ਪੱਲੂ ਫੜੀ ਅਜੇ ਨਿਕੇ ਨਿਕੇ ਹਟਕੋਰੇ ਲੈਂਦਾ ਤੁਰ ਜਾਂਦਾ ਹੈ )
ਭੋਲੀ - (ਆਪਣੇ ਆਪ ਨਾਲ) ਗੁਰਾਂ ਦਾ ਬਾਪੂ ਆਉਂਦਾ ਤੇ ਕੁਝ ਥਹੁ ਪਤਾ ਲਗਦਾ। ਜਾਨ ਬੜੀ ਬਿਪਤਾ ਦੇ ਮੂੰਹ ਆਈਏ । ਹੇ ਵਾਹਗੁਰੂ, ਮਿਹਰ ਕਰ, ਕੋਈ ਚੰਗਾ ਢੋ ਮਿਲਾ, ਜੇ ਕੁੜੀ ਛੇਤੀ ਛੇਤੀ ਰਾਜੀ ਹੋ ਜਾਏ । ਹੁਣ ਤੇਰਾ ਈ ਆਸਰਾ ਈ, ਸਾਡੀ ਕੋਈ ਵਾਹ ਨਹੀਂ ਚਲਦੀ।
( ਬਾਹਰੋਂ ਅਵਾਜ਼ ਆਉਂਦੀ ਹੈ, ‘ਤਾਈ ਘਰ ਏਂ' ਤੇ ਨਾਲ ਈ ਰੱਖੀ, ਇਕ ਮੁਟਿਆਰ ਗੁਆਂਢਣ, ਅੰਦਰ ਆਉਂਦੀ ਹੈ )
ਰੱਖੀ - ਤਾਈ, ਕੀ ਹਾਲ ਏ ਗੁਰਾਂ ਦਾ, ਹੁਣ ਰਮਾਣ ਏ ਸੁਖ ਨਾਲ ?
ਭੋਲੀ - ਕੀ ਦੱਸਾਂ, ਕਾਕੋ, ਰਮਾਨ ਨਸੀਬਾਂ ਨਾਲ। ਅਜੇ ਤਾਂ ਸਾਡੀ ਸੁੱਧ ਮਾਰੀ ਹੋਈ ਏ ।
ਰੱਖੀ - ਤਾਈ, ਛੇਤੀ ਛੇਤੀ ਰਾਜੀ ਕਰੋ ਨਾ, ਸਾਡਾ ਤਾਂ ਜੀ ਨਹੀਂ ਲਗਦਾ ਇਹਦੇ ਬਿਨਾਂ । ਤੁਸਾਂ ਹਕੀਮ ਨੂੰ ਨਾੜੀ ਤਾਂ ਵਖਾਉਣੀ ਸੀ; ਨਿਰੇ ਆਪਣੇ ਦਾਰੂ ਈ ਨਾ ਨਾ ਕਰੀ ਜਾਉ ।
ਭੋਲੀ - ਬੀਬੀਏ, ਹਕੀਮ ਵੀ ਆਏ ਤੇ ਵੈਦ ਵੀ, ਨਾੜੀ ਵੀ ਵੇਖ ਗਏ ਤੇ ਦਵਾਈਆਂ ਵੀ ਦੇ ਗਏ ਪਰ ਇਥੇ ਤਾਂ ਪੋਂਹਦਾ ਈ ਕੁਝ ਨਹੀਂ, ਕਮਲੇ ਹੋ ਗਏ ਆਂ ਫਿਕਰਾਂ ਵਿਚ ।
ਰੱਖੀ - ਜਾਂ ਫੇਰ ਤੁਸੀਂ ਇਹਨੂੰ ਡਕਾਖਾਨੇ ਲੈ ਜਾਉ। ਡਾਕਦਾਰ ਟੂਟੀਆਂ ਲਾ ਕੇ ਅੰਦਰ ਦਾ ਸਾਰਾ ਹਾਲ ਜਾਣ ਲੈਂਦੇ ਨੇ। ਉਥੇ ਦਸ ਦਿਨ ਰਹੇਗੀ ਤਾਂ ਆਪੇ ਰਮਾਨ ਆ ਜਾਏਗਾ।
ਭੋਲੀ - ਕਿੱਦਾਂ ਲੈ ਜਾਈਏ ਡਾਕਖਾਨੇ ? ਡਾਕਦਾਰਾਂ ਦੀਆਂ ਦਵਾਂਵਾਂ ਹੁੰਦੀਆਂ ਨੇ ਗਰਮ ਤੇ ਖੁਸ਼ਕ । ਅੱਗ ਫੂਕ ਦਿੰਦੀਆਂ ਨੇ ਅੰਦਰ । ਕੁੜੀ ਵਿਚਾਰੀ ਨੂੰ ਤਾਂ ਅੱਗੇ ਈ ਆਖਰਾਂ ਦੀ ਖ਼ੁਸ਼ਕੀ ਚੜ੍ਹੀ ਹੋਈ ਏ, ਏਡਾ ਤਾਂ ਆਕੜ ਬਕੜ ਬਕਦੀ ਤੇ ਕਿਲਕਾਂ ਮਾਰ ਮਾਰ ਉੱਠਦੀ ਏ ।
ਰੱਖੀ - ਇਹ ਤਾਂ ਨਿੱਕੇ ਦੇ ਹਾਵ ਕਰਕੇ ਆ, ਤੂੰ ਮੈਥੋਂ ਪੁੱਛ ।
ਭੋਲੀ - ਮੈਂ ਜਾਣਦੀਆਂ, ਬੀਬੀ । ਚੰਦ ਜਿਹਾ ਲਾਲ ਪਲੇਠੀ ਦਾ, ਹਸਦਾ ਖੇਡਦਾ ਵੇਖਦਿਆਂ ਵੇਖਦਿਆਂ ਹੱਥਾਂ ਵਿੱਚੋਂ ਤੁਰ ਗਿਆ, ਕੋਈ ਥੋੜੀ ਜਿਹੀ ਸੱਟ ਏ । ਹੁਣ ਤਾਂ ਇਹੋ ਲੋੜਨੇ ਆਂ ਪਈ ਰੱਬ ਕੁੜੀ ਦੀ ਜਿੰਦ ਬਖਸ਼ੇ।
ਰੱਖੀ - ਤਾਈ, ਮੇਰੀ ਗਲ ਮੰਨ, ਇਹਨੂੰ ਡਾਕਖਾਨੇ ਪੁਚਾਓ । ਜ਼ਰੂਰ ਈ' ਰਮਾਨ ਆਵੇਗਾ । ਮੇਰੇ ਮਾਮੇ ਦੀ ਧੀ ਭੈਣ ਨੂੰ ਵੀ ਕੋਈ ਕੰਵਲਾ ਜਿਹਾ ਰੋਗ ਚੰਬੜ ਗਿਆ ਸੀ । ਬਥੇਰੇ ਦਵਾ ਦਾਰੂ ਕੀਤੇ, ਕੁਝ ਨਹੀਂ ਸੀ ਬਣਦਾ। ਓੜਕ ਮਹੀਨਾ ਪੱਕਾ ਡਾਕਖਾਨੇ ਰਹੀ ਤਾਂ ਰਮਾਨ ਆਇਆ ।
ਭੋਲੀ - ਕੁੜੀਏ, ਸਾਡੀ ਪਹੁੰਚ ਕਿੱਥੇ ਡਾਕਖਾਨਿਆਂ ਤੀਕ । ਉਥੇ ਤਾਂ ਪੈਸੇ ਵਾਲਿਆਂ ਦੀ ਪੁੱਛ ਏ । ਕਹਿੰਦੇ ਨੇ, ਉਥੋਂ ਦਾ ਤੇ ਚੂਹੜਾ ਵੀ ਅਪਸਰ ਏ, ਪੈਸੇ ਤਲੀ ਤੇ ਧਰਾਏ ਬਿਨਾਂ ਗੱਲ ਨਹੀਂ ਕਰਦਾ । ਤੇ ਨਾਲੇ ਉਥੇ ਕਿਦਾਂ ਜਾ ਕੇ ਬਹਿ ਰਹੀਏ, ਪਿੱਛੇ ਡੰਗਰ ਵੱਛਾ ਕੌਣ ਸਾਂਭੇ, ਘਰ ਦਾ ਧੰਧਾ ਕੌਣ ਕਰੇ ।
ਰੱਖੀ - ਨਹੀਂ, ਤੁਸੀਂ ਭਰਾ ਹੋਰਾਂ ਨੂੰ ਲਿਖੋ ਨਾ, ਉਹ ਆਪੇ ਆਣਕੇ ਸਾਰਾ ਬੰਦੋਬਸਤ ਕਰ ਲੈਣਗੇ। ਤੇ ਸੁੱਖ ਨਾਲ ਕਦੋਂ ਕੁ ਆਉਣਾ ਏ ਹੁਣ ?
ਭੋਲੀ - ਭਰਾ ਤੇਰੇ ਦੀਆਂ ਤਾਂ ਘੜੀ ਘੜੀ ਦੀਆਂ ਉਡੀਕਾਂ ਨੇ। ਪਿਛੇ ਜਹੇ ਖਤ ਆਇਆ ਸੀ ਪਈ ਮੈਂ ਛੇਤੀ ਈ ਆਵਾਂਗਾ, ਧਮਿਆਨ ਮੁਕਦਿਆਂ ਈ । ਅਸੀਂ ਤਾਂ ਉਹਨੂੰ ਨਿੱਕੇ ਦੇ ਗੁਜਰ ਜਾਣ ਦੀ ਖ਼ਬਰ ਵੀ ਨਹੀਂ ਭੇਜੀ, ਪਈ ਪੜ੍ਹਾਈ ਵੱਲੋਂ ਉਹਦਾ ਜੀ ਨਾ ਉਟਕੇ। ਓੜਕ ਧਮਿਆਨ ਜੂ ਹੈਗਾ ਸੀ, ਕਿੱਦਾਂ ਲਿਖਦੇ ?
ਰੱਖੀ - ਭਰਾ ਹੋਰੀ ਆਉਣਗੇ ਤਾਂ ਮੈਂ ਉਨ੍ਹਾਂ ਨੂੰ ਆਪ ਆਖਾਂਗੀ।
ਭੋਲੀ - ਧੀਏ ਇਹ ਮੰਗ ਪਈ ਉਹਦੇ ਆਉਣ ਤੋਂ ਅੱਗੇ ਈ ਕੁੜੀ ਰਾਜੀ ਹੋ ਜਾਏ ! ਆਵੇ ਤੇ ਵਹੁਟੀ ਨੂੰ ਤਗੜੀ ਨਰੋਈ ਹਸਦੀ ਖੇਡਦੀ ਵੇਖੇ ਜਿਵੇਂ ਛੱਡ ਕੇ ਗਿਆ ਸੀ । ਮੇਰੀ ਤਾਂ ਏਸੇ ਚਿੰਤਾ ਨਾਲ ਜਾਨ ਸੁਕਦੀ ਜਾਂਦੀ ਏ। ਧੀ ਧਿਆਣੀ ਏਂ ਅਸੀਸ ਕਰ, ਰੱਬ ਤੇਰੀ ਈ ਸੁਣ ਲਏ ।
ਰੱਖੀ - ਤਾਈ, ਮੇਰੇ ਵੱਸ ਹੋਵੇ ਤਾਂ ਉਹਦਾ ਦੁੱਖ ਤੋੜਕੇ ਆਪਣੇ ਲਾ ਲਵਾਂ। ਉਹ ਮੈਨੂੰ, ਸਚ ਜਾਣੀ; ਜਿੰਦ ਤੋਂ ਵੀ ਪਿਆਰੀ ਏ।ਉਹ ਘੜੀਉਂ ਪਹਿਲੇ ਰਾਜੀ ਹੋਵੇ ਤੇ ਮੁੜ ਅਸੀਂ ਛੇਤੀ ਤ੍ਰਿੰਝਣ ਪਾਈਏ, ਮੇਰਾ ਤਾਂ ਇਹਦੇ ਬਿਨਾਂ ਉੱਕਾ ਜੀ ਨਹੀਂ ਲਗਦਾ । ਤੁਸੀਂ ਵੀ, ਤਾਈ ਦਵਾ ਦਾਰੂ ਕੋਲੋਂ ਢਿੱਲ ਨਾ ਕਰੋ।
ਭੋਲੀ - ਅਸੀਂ ਅੱਗੇ ਕਦੋਂ ਢਿੱਲ ਕੀਤੀ ਏ, ਪਰ ਸਾਡੇ ਕਰਮ ਜੂ ਭੈੜੇ ਹੋਏ । ਇੱਕ ਇੱਕ ਸੋਚਾਂ ਆਉਂਦੀਆਂ ਨੇ ਮੈਂਨੂੰ । ਕਦੀ ਕਹਿਨੀ ਆਂ ਪਈ ਮਤਾਂ ਕਿਸੇ ਸਾਡੇ ਵੈਰੀ ਨੇ ਕੋਈ ਜਾਦੂ ਟੂਣਾ ਨਾ ਕਰਾ ਛਡਿਆ ਹੋਵੇ। ਓੜਕ ਦਵਾ ਦਾਰੂ ਜੂ ਨਹੀਂ ਪੋਂਹਦਾ, ਖਾਧਾ ਪੀਤਾ ਨਹੀਂ ਲਗਦਾ, ਇਹ ਕੀ ਗੱਲ ਏ, ਜਿਦ੍ਹੀ ਉਘ ਸੁਘ ਨਹੀਂ ਨਿਕਲਦੀ ।
ਰੱਖੀ - ਤਾਂ ਫੇਰ ਕਿਸੇ ਸਿਆਣੇ ਨੂੰ ਵਿਖਾਓ, ਸਿੱਧੀ ਗੱਲ ਏ। ਵੇਲਾ ਕਾਹਨੂੰ ਗਵਾਉਂਦੇ ਓ। ਜੇ ਕਿਸੇ ਟੂਣਾ ਕਰਾਇਆ ਏ ਤਾਂ, ਜੇ ਕੋਈ ਚੰਗੀ ਮਾੜੀ ਥਾਂ ਉਲੰਘ ਆਈ ਏ ਤਾਂ, ਸਭ ਕੁਝ ਦਸ ਦਏਗਾ ਸਿਆਣਾ । ਮੇਰੇ ਸੌਹਰਿਆਂ ਦੇ ਗਵਾਂਢ ਚੋਰੀ ਹੋ ਗਈ ਸੀ। ਢੇਰ ਸਾਰਾ ਜ਼ੇਵਰ ਚਲਿਆ ਗਿਆ ਸੀ । ਪੁਲਸ ਤੀਕਣ ਜ਼ੋਰ ਲਾ ਰਹੇ ਪਰ ਕੁਝ ਖ਼ਬਰ ਨਾ ਮਿਲੀ। ਫੇਰ ਉਨ੍ਹਾਂ ਨੇ ਇਕ ਚੇਲੇ ਨੂੰ ਸਦਿਆ ਤੇ ਉਹਨੇ ਸਾਫ ਕਹਿ ਦਿੱਤਾ ਪਈ ਚੋਰ ਕੋਈ ਸਾਕਦਾਰੀ ਵਿੱਚੋਂ ਈ ਏ।
ਭੋਲੀ - ਉਹਦਾ ਨਾਉਂ ਦੱਸੇਂ ਨਾ ਤਾਂ ਅਸੀਂ ਵੀ ਪਤਾ ਕਰੀਏ, ਪਈ ਸਾਡਾ ਦੋਖੀ ਕੌਣ ਏ।
ਰੱਖੀ - ਨਾਉਂ ਤਾਂ ਉਹਦਾ ਭਲਾ ਜਿਹਾ ਈ ਤੇ ਮੇਰੇ ਮੂੰਹ ਅਗੇ ਈ ਫਿਰਦਾ ਈ । ਅਗ-ਲਗੜਾ ਚੇਤਾ ਈ ਖਰਾਬ ਹੋ ਗਿਆ ਏ -ਲੈ ਲੈ (ਹਸਦੀ ਹੈ) ਆਗਿਆ ਈ ਚੇਤਾ ਇਹੋ ਤਾਂ ਉਹਦਾ ਨਾਂ ਹੈਗਾ---‘ਚੇਤੂ ਚੇਲਾ'। ਚੇਤੂ ਦੀਆਂ ਤਾਂ ਦੂਰ ਦੂਰ ਹੁੱਗਾਂ ਪਈਆਂ ਹੋਈਆਂ ਨੇ ।
ਭੋਲੀ - ਵੇਖ ਰੱਖੀ, ਤੂੰ ਤਾਂ ਹੋਈ ਸਾਡੀ ਆਪਣੀ, ਤੇਰੇ ਕੋਲੋਂ ਕੀ ਪੜਦਾ ਏ। ਗੁਰਾਂ ਦਾ ਬਾਪੂ ਸਵੇਰ ਦਾ ਉਸੇ ਨੂੰ ਲੱਭਣ ਗਿਆ ਹੋਇਆ ਏ।
ਰੱਖੀ - ਤਾਂ ਫੇਰ ਦੁਖ ਨਠਿਆ ਸਮਝੋ ।
ਭੋਲੀ - ਤੇਰਾ ਮੂੰਹ ਸੁਲੱਖਣਾ ਹੋਵੇ । ਖੰਡ ਪਾਵਾਂ ਤੇਰੇ ਮੂੰਹ ਜੇ ਵਹੁਟੀ ਸੁੱਖਾਂ ਲੱਧੇ ਦੇ ਆਉਣ ਤੋਂ ਪਹਿਲੇ ਪਹਿਲੇ ਤਗੜੀ ਹੋ ਜਾਏ !
ਰੱਖੀ - ਜੇ ਬਾਪੂ ਹੋਰੀਂ ਅਜ ਚੇਲੇ ਨੂੰ ਲੈ ਆਏ ਤਾਂ ਉਹਨੇ ਅੱਜੋ ਈ ਜਿੰਨ ਖਿਡਾ ਦੇਣਾ ਏਂ। ਗੁਰਾਂ ਨੇ ਤਾਂ ਫੇਰ ਅਗਲੇ ਭਲਕ ਈ ਤਗੜੀ ਹੋ ਜਾਣਾ ਏਂ।
ਭੋਲੀ - ਬੀਬੀ ਧੀ, ਇਕ ਮੇਰੀ ਗਲ ਮੰਨੀਂ, ਕਿਸੇ ਹੋਰ ਅੱਗੇ ਗੱਲ ਨਾ ਕਰੀਂ। ਲੋਕਾਂ ਸੁਣਿਆ, ਤਾਂ ਉਨ੍ਹਾਂ ਝੁਮ ਝੁਮਾ ਕੇ ਆ ਜਾਣਾ ਏਂ । ਸਾਨੂੰ ਤਾਂ ਆਪਣਾ ਵਖਤ ਪਿਆ ਹੋਇਆ ਏ। ਲੋਕਾਂ ਦੇ ਕਿੱਦਾਂ ਨਜਿਠਦੇ ਫਿਰੀਏ।
ਰੱਖੀ - ਕਿਸੇ ਗਲ ਦੀ ਚਿੰਤਾ ਨਾ ਕਰ ਤੂੰ ਤਾਈਂ। ਮੈਨੂੰ ਕੀ ਪਈ ਏ ਇਹ ਫੋਲਣੇ ਫੋਲਦੀ ਫਿਰਾਂ ਲੋਕਾਂ ਨਾਲ, ਪਰ ਬੀਬੀ ਤਾਈ, ਮੈਨੂੰ ਜ਼ਰੂਰ ਬੁਲਾ ਲਈਂ ਵੇਲੇ ਸਿਰ ।
ਭੋਲੀ - ਲੈ, ਤੈਨੂੰ ਤਾਂ ਮੈਂ ਸੱਤ ਵਾਰੀ ਬੁਲਾ ਲਊਂ, ਪਰ ਵੇਖੀਂ ਹੋਰ ਕਿਸੇ ਨਾਲ ਗੱਲ ਨਾ ਕਰੀਂ।
ਰੱਖੀ - ਮੈਂ ਜਾਨੀ ਆਂ ਹੁਣ, ਫੇਰ ਆਵਾਂਗੀ (ਕੋਠੜੀ ਵਲ ਜਾਂਦੀ ਹੈ ਤੇ ਬੂਹੇ ਕੋਲ ਖੜੋ ਕੇ) ਗੁਰਾਂ, ਅੜੀਏ, ਛੇਤੀ ਛੇਤੀ ਰਾਜੀ ਹੋ ਨਾ, ਕੀ ਤੂੰ ਮੰਜੀ ਮੱਲ ਕੇ ਬੈਠੀ ਏਂ ਜੋ ਸਾਨੂੰ ਉੱਕਾ ਈ ਵਸਾਰ ਛੱਡਿਆ ਈ।
ਭੋਲੀ - ਨਾ, ਰੱਖੀ, ਧੀਏ, ਜਗਾਵੀਂ ਨਾਂ, ਅੱਖ ਲੱਗੀ ਹੋਈ ਏ। ਅੱਗੇ ਚਾਚੀ ਰਾਮੋ ਬੁਲਾ ਬੈਠੀ ਸੀ ਤੇ ਉਹਨੂੰ ਕੁਦ ਕੇ ਪਈ ਤੇ ਧੌਲ ਕਢ ਮਾਰੀ ਮੂੰਹ ਤੇ । ਨਾਲੇ ਬੜਾ ਬਕੜਵਾਹ ਵੀ ਕੀਤਾ ।
ਰੱਖੀ - ਹਾਏ, ਸਚ ? ਤਾਂ ਤਾਈ ਇਹਨੂੰ ਜ਼ਰੂਰ ਕੁਝ ਫੜਕੇ ਬੈਠਾ ਏ। ਚੇਲਾ ਖਿਡਾਵੇਗਾ ਤਾਂ ਹੀ ਰਮਾਨ ਆਏਗਾ। ਨਹੀਂ ਤਾਂ ਭਰਾ ਹੋਰੀ ਆਉਣਗੇ ਤਾਂ ਆਪੇ ਡਾਕਖਾਨੇ ਲੈ ਜਾਣਗੇ।
ਭੋਲੀ - ਹੁਣ ਰੱਬ ਕੋਲੋਂ ਇਹ ਮੰਗ ਪਈ ਮੁੰਡੇ ਦੇ ਆਉਣ ਤੋਂ ਪਹਿਲੋਂ ਈ ਇਹ ਰਾਜੀ ਹੋ ਜਾਏ। ਮੈਂ ਡਰਨੀ ਆਂ ਪਈ ਉਹ ਆਕੇ ਬਿਮਾਰ ਨੂੰ ਵੇਖੇਗਾ ਤੇ ਤੇ ਕੀ ਕਹੇਗਾ।
ਰੱਖੀ - ਤਾਈ ਤੂੰ ਜ਼ਰਾ ਵੀ ਤੌਖਲਾ ਨਾ ਕਰ ।
( ਰੱਖੀ ਚਲੀ ਜਾਂਦੀ ਹੈ )
ਭੋਲੀ - ਹਾਏ ! ਤੌਖਲਾ ਕਿੱਦਾਂ ਨਾ ਕਰਾਂ ! ਬਥੇਰਾ ਜੀ ਨੂੰ ਸਮਝਾਉਣੀ ਆਂ ਪਰ ਚਿੰਤਾ ਚਿਖਾ ਬਰੋਬਰ, ਕਿੱਥੋਂ ਖਹਿੜਾ ਛਡਦੀ ਏ ਸਾਡਾ ?
( ਇਕ ਅਧਖੜ ਜਿਹੀ ਬੁਢੀ ਆਉਂਦੀ ਹੈ )
ਬੁੱਢੀ - ਸੁਣਾ ਭੈਣਾਂ, ਕੁੜੀ ਦਾ ਕੀ ਹਾਲ ਸੁੱਖ ਨਾਲ ? ਮੈਂ ਕਿਹਾ ਪੁਛ ਆਵਾਂ ਜਾਕੇ ?
ਭੋਲੀ - ਅਜੇ ਤਾਂ ਬੇਬੇ ਉਸੇ ਤਰ੍ਹਾਂ ਈ ਏ । ਖਬਰੇ, ਕਦੋਂ ਰੱਬ ਸਾਡੀ ਸੁਣਦਾ ਹੈ।
ਬੁਢੀ - ਲੈ, ਹੁਣ ਤੂੰ ਫਿਕਰ ਛਡ ਦੇ ਬਿਸ਼ਕ । ਚੰਗਾ ਕੀਤਾ ਈ ਜੇ ਚੇਲਾ ਬੁਲਾ ਲਿਆ ਈ । ਉਹ ਵੇਖ ਸੋਧ ਕੇ ਸਾਰਾ ਪਤਾ ਕੱਢੇਗਾ । ਵੇਖੀਂ ਤੂੰ, ਦੂਜੇ ਦਿਨ ਈ ਮੋੜ ਪੈ ਜਾਣਾ ਏ।
ਭੋਲੀ - ਅਸਾਂ ਬੇਬੇ ਕੋਈ ਨਹੀਂ ਚੇਲਾ ਚੂਲਾ ਸੱਦਿਆ।
ਬੁੱਢੀ - ਇਹਦੇ ਵਿੱਚ ਲਕੋ ਕਾਹਦਾ ਭੈਣਾ ? ਸਾਰਾ ਪਿੰਡ ਜਾਣਦਾ ਏ ਪਈ ਚੌਧਰੀ ਚੇਲੇ ਨੂੰ ਲੈਣ ਗਿਆ ਏ ਤੇ ਚੇਲਾ ਆਇਆ ਕਿ ਆਇਆ।
ਭੋਲੀ - ਖਬਰ ਏ ਖਲਕਤ ਕਿੱਥੋਂ ਲੈ ਉਠਦੀ ਏ ਕੁਝ ਦਾ ਕੁਝ ? ਆਇਆ ਹੁੰਦਾ ਤਾਂ ਇਥੇ ਈ ਹੁੰਦਾ ਨਾ, ਮੈਂ ਕਿਤੇ ਡੱਬ ਵਿਚ ਪਾ ਕੇ ਰਖ ਲੈਣਾ ਸੀ।
ਬੁੱਢੀ - ਮੈਂ ਤਾਂ ਆਖਿਆ ਸੀ ਪਈ ਇਕ ਪ੍ਰਸ਼ਨ ਮੈਂ ਵੀ ਲਵਾ ਲਵਾਂ ਲਗਦੇ ਹਥ, ਸਾਡੇ ਘਰ ਬੜੀ ਕਲਾ ਰਹਿੰਦੀ ਏ। ਕਿਸੇ ਨੇ ਸੇਹ ਦਾ ਤਕਲਾ ਦੱਬਿਆ ਹੋਇਆ ਲਗਦਾ ਏ ਸਾਡੇ। ਚੇਲੇ ਹੋਰੀ ਕੋਈ ਉਪਾੳ ਦਸ ਦੇਣਗੇ।
(ਦੋ ਜਨਾਨੀਆਂ ਹੋਰ ਆ ਵੜਦੀਆਂ ਹਨ)
ਪਹਿਲੀ - ਕਿਉਂ ਭੈਣਾ, ਅਜੇ ਕਦੋਂ ਕੂ ਆਉਣਾ ਏ ਸੁੱਖ ਨਾਲ? ਅਪੜੇ ਨਹੀਂ ਅਜੇ ?
ਦੂਜੀ - ਬੇਬੇ, ਮੇਰੀ ਵੇਨਤੀ ਏ ਪਈ ਇਕ ਪ੍ਰਸ਼ਨ ਮੈਨੂੰ ਜ਼ਰੂਰ ਲਵਾ ਲੈਣ ਦੇਵੀਂ । ਮੈਂ ਬੜੀ ਦੁਖੀ ਆਂ। ਕੁੜੀ ਨੂੰ ਵਰ੍ਹਾ ਹੋਣ ਲਗਾ ਏ ਬੂਹੇ ਬੈਠਿਆਂ । ਘਰ ਵਾਲਾ ਉਹਦਾ ਲੈ ਜਾਂਦਾ ਨਹੀਂ ਸੂ। ਕਿਸੇ ਚੰਦਰੀ ਨੇ ਪਾਟਕ ਪਵਾ ਦਿੱਤੀ ਏ ਦੋਹਾਂ ਵਿੱਚ ? ਮੈਂ ਆਖਨੀ ਆਂ ਪਈ ਚੇਲੇ ਹੋਰੀ ਤਵੀਜ਼ ਕਰ ਦੇਣ ਤੇ ਕੁੜੀ ਦਾ ਘਰ ਵਸ ਜਾਏ। ਇਹ ਤਾਂ ਸੌ ਗਊ ਦਾ ਪੁੰਨ ਜਾਣੀ, ਤੇਰੇ ਬਚੜੇ ਜੀਉਣ ।
ਭੋਲੀ - ਹਾਏ, ਹਾਏ, ਕੀ ਹੋ ਗਿਆ ਏ ਤੁਹਾਨੂੰ ? ਕਿਹੜਾ ਚੇਲਾ ? ਕਿੱਥੇ ਏ ਉਹ ?
ਪਹਿਲੀ - ਲੈ ਪਿੰਡ ਵਿੱਚ ਤਾਂ ਧੁੰਮ ਪਈ ਹੋਈ ਏ ਸਾਰੇ । ਤੂੰ, ਭੈਣਾਂ, ਕਾਹਨੂੰ ਮੁਕਰਨੀ ਏਂ ?
ਭੋਲੀ - ਲੈ ਖਾਂ ਭਲਾ, ਮੁਕਰਨਾ ਕਾਹਦਾ ? ਆਖਿਆ ਜੂ ਤੁਹਾਨੂੰ ਪਈ ਜਾਓ ਆਪੋ ਆਪਣੀ ਘਰੀਂ। ਸਾਨੂੰ ਅੱਗੇ ਈ ਵਖਤ ਪਿਆ ਹੋਇਆ ਏ, ਉਤੋਂ ਲੋਕਾਂ ਵੀ ਰਾਹ ਜਾਂਦੀ ਅੱਤ ਚੁੱਕੀ ਹੋਈ ਏ ।
ਪਹਿਲੀ - ਭੈਣੇਂ, ਏਡੀ ਨਰਾਜ਼ੀ ਕਾਹਦੀ ? ਅਸਾਂ ਸੁਣਿਆਂ ਸੀ ਚੇਲੇ ਵੱਲੋਂ ਤਾਂ ਆ ਗਏ, ਨਹੀਂ ਤਾਂ ਸਾਨੂੰ ਕੀ ਪਈ ਸੀ ?
ਦੂਜੀ - ਲੈ ਦਸ ਖਾਂ ਭਲਾ, ਮੈਂ ਅਗੇ ਵੀ ਕਦੀ ਤੇਰੇ ਘਰ ਪੈਰ ਪਾਇਆ ਏ ? ਓੜਕ ਕੋਈ ਗਰਜ਼ ਦਾ ਮਾਰਿਆ ਈ ਆਉਂਦਾ ਏ ਨਾ ।
( ਤਿੰਨੇ ਗੁਆਂਢਣਾਂ ਜਾਣ ਲਈ ਉਠਦੀਆਂ ਹਨ )
ਭੋਲੀ - ਆਉਣ ਨੂੰ ਬੇਬੇ, ਅਮੀਂ ਜਮੀਂ ਆਓ, ਸਾਡੇ ਸਿਰ ਮੱਥੇ ਤੇ, ਪਰ ਮੈਂ ਜੂ ਤੁਹਾਨੂੰ ਕਿਹਾ ਪਈ ਚੇਲੇ ਚਾਲੇ ਕਿਸੇ ਨਹੀਂ ਆਣਾ ਇੱਥੇ ।
ਦੂਜੀ - ਚੰਗਾ ਭੈਣ, ਕੋਈ ਜ਼ੋਰ ਤੇ ਨਹੀਂ ਨਾ ਤੇਰੇ ਨਾਲ ।
(ਉਹ ਬੂਹੇ ਵੱਲ ਤੁਰਦੀਆਂ ਹਨ ਤੇ ਅਗੋਂ ਸੁੱਖਾ ਸਿੰਘ ਤੇ ਚੇਲਾ ਤੇ ਜੋਗੀ ਆ ਜਾਂਦੇ ਹਨ । ਚੇਲੇ ਤੇ ਜੋਗੀ ਦੋਹਾਂ ਨੇ ਗੂੜ੍ਹੇ ਜੋਗੀਏ ਰੰਗ ਦੀਆਂ ਪੱਗਾਂ ਬੰਨ੍ਹੀਆਂ ਹੋਇਆਂ ਹਨ-ਗਲ ਲੰਮੇ ਲੰਮੇ ਕੁੜਤੇ ਹਨ । ਕਾਲੀਆਂ ਕਾਲੀਆਂ ਮੁੱਛਾਂ ਹਨ-ਚੇਲੇ ਦੀ ਦਾੜ੍ਹੀ ਵੀ ਹੈ ਪਰ ਬਹੁਤ ਵੱਡੀ ਨਹੀਂ । ਇੱਕ ਜਣੇ ਨੇ ਮੋਢੇ ਢੋਲਕੀ ਪਾਈ ਹੋਈ ਹੈ ਤੇ ਦੂਜੇ ਨੇ ਝੋਲੀ ਜਿਹਦੇ ਵਿੱਚ ਕੁਝ ਉਨ੍ਹਾਂ ਦਾ ਉਰਲ ਪਰਲ ਰਖਿਆ ਜਾਪਦਾ ਹੈ )
ਜੋਗੀ - ( ਅਵਾਜ਼ ਲਗਾ ਕੇ ) ਹੋ ਭੈਰੋਂ ਨਾਥ ਕੀ ਜੈ, ਭਲੇ ਕਾ ਭਲਾ, ਦੁਸ਼ਟ ਪਾਪੀ ਕੀ ਖੈ ।
( ਗੁਆਂਢਣਾਂ ਫੇਰ ਮੁੜ ਆਉਂਦੀਆਂ ਹਨ )
ਪਹਿਲੀ - ਵੇਖਿਆ ਈ, ਹੋਈ ਨਾ ਸਾਡੀ ਗੱਲ ਸੱਚ । ਆਂਹਦੀ ਸੀ, ਚੇਲੇ ਹੁਰਾਂ ਨਹੀਂ ਆਉਣਾ । ਹੁਣ ਤਾਂ ਬੇਬੇ ਅਸੀਂ ਬੈਠਾਂ ਗੀਆਂ ।
ਭੋਲੀ - ਗੁਰਾਂ ਦੇ ਬਾਪੂ, ਏਡੀ ਡੇਰ ਲਾ ਦਿੱਤੀ ਜੇ । ਮਾਰ ਰਾਹ ਵੇਖ ਵੇਖ ਕੇ ਅੱਖਾਂ ਵੀ ਪੱਕ ਗਈਆਂ ਨੇ ।
ਸੁੱਖਾ ਸਿੰਘ - ਤੂੰ ਤੇ ਕਮਲੀ ਏਂ । ਓੜਕ ਲੈ ਕੇ ਵੀ ਆਉਣਾ ਸੀ ਨਾ। ਅਗੋਂ ਚੇਲੇ ਹੋਰੀਂ ਘਰ ਨਹੀਂ ਸਨ। ਇਹ ਆਏ ਤਾਂ ਜੋਗੀ ਕਿਤੇ ਛਪਨ ਹੋ ਗਿਆ, ਲੱਭਣ ਵਿੱਚ ਈ ਨਾ ਆਵੇ।
ਚੇਲਾ - ਚੌਧਰੀ, ਕੰਮ ਵਾਲੇ ਬੰਦੇ ਨੂੰ ਵਿਹਲ ਕਿੱਥੇ ਹੁੰਦੀ ਏ । ਮੈਂ ਅੱਜੇ ਸਵੇਰੇ ਈ ਵੱਡੇ ਪਿੰਡੋਂ ਆਇਆਂ ਆਂ। ਦੋ ਦਿਨਾਂ ਤੋਂ ਉਹਦੇ ਲੰਬੜ ਦੀ ਨੂੰਹ ਨੂੰ ਖਿਡਾਉਂਦੇ ਸਾਂ । ਮੇਰਾ ਤਾਂ ਅਜੇ ਵੀ ਸਰੀਰ ਭੱਜਿਆ ਹੋਇਆ ਏ।
ਜੋਗੀ - ਮਾਤਾ, ਲਟਕੀ ਦੇ ਕਸ਼ਟ ਵੱਲੋਂ ਸੁਣ ਕੇ ਚਲੇ ਆਏ ਆਂ, ਨਹੀਂ ਤਾਂ ਅਜੇ ਸਾਨੂੰ ਬਿਸਰਾਮ ਦੀ ਲੋੜ ਸੀ।
ਭੋਲੀ - ਹੱਛਾ, ਚੇਲਾ ਜੀ, ਰੱਬ ਤੁਹਾਡਾ ਭਲਾ ਕਰੇ ! ਤੁਹਾਡੇ ਪੈਰਾਂ ਦੀ ਖੈਰ ਖਰੈਤ ਕੁੜੀ ਨੂੰ ਰਮਾਨ ਹੋ ਜਾਏ ।
ਜੋਗੀ - ਮਾਤਾ, ਚਿੰਤਾ ਕਿਹੜੀ ਗੱਲ ਦੀ ਹੈ ? ਸੇਵਾ ਨੂੰ ਮੇਵਾ ਹੈ । ਹੁਣ ਉਠਾਂਗੇ ਤਾਂ ਜੋ ਲਟਕੀ ਤੇਰੀ ਆਪਣੇ ਮੂੰਹੋਂ ਆਖੇਗੀ ਪਈ ਮੈ ਰਾਜੀ ਆਂ, ਮੈਨੂੰ ਕੋਈ ਦੁੱਖ ਨਹੀਂ ।
ਭੋਲੀ - ਇਕ ਵਾਰ ਮੇਰੀ ਧੀ ਨੂੰ ਰਾਜੀ ਕਰ ਦਿਓ ਤੇ ਸਾਡੇ ਗ਼ਰੀਬਾਂ ਕੋਲੋਂ ਜੋ ਸਰਦਾ ਬਣਦਾ ਏ ਤੁਹਾਡੀ ਭੇਟਾ ਕਰਾਂਗੇ ।
ਚੇਲਾ - ਮਾਤਾ, ਸਾਨੂੰ ਲੋਭ ਲਾਲਚ ਕੋਈ ਨਹੀਂ ਹੈ। ਲਟਕੀ ਦਾ ਕਸ਼ਟ ਕਟਿਆ ਜਾਏ ਤੇ ਸਾਨੂੰ ਸਭੋ ਕੁਝ ਆ ਗਿਆ।
ਗੁਆਂਢਣ - ਸਦਕੇ ਜਾਈਏ, ਵੇਖਾਂ, ਏਡੇ ਪਰੋਪਕਾਰੀ ਜੀ ਵੀ ਹੁੰਦੇ ਨੇਂ।
ਦੂਜੀ - ਇਕ ਤਾਂ ਮੇਰਾ ਪ੍ਰਸ਼ਨ ਵੀ ਹੈ। ਮੇਰੇ ਉੱਤੇ ਵੀ ਮਿਹਰ ਕਰਨੀ ।
ਤੀਜੀ- ਮਹਾਰਾਜ, ਮੇਰੇ ਧੀ ਜਵਾਈ ਦੀ ਬਣਦੀ ਨਹੀਂ, ਕੋਈ ਉਪਾਓ ਦੱਸੋ ।
ਭੋਲੀ - ਬੇਬੇ, ਸਾਡਾ ਕੰਮ ਤਾਂ ਹੋ ਲੈਣ ਦਿਓ, ਲਵਾ ਲੈਣੇ ਪ੍ਰਸ਼ਨ ਤੁਸੀਂ ਵੀ, ਹੁਣ ਜਾਓ, ਸਾਨੂੰ ਅਜੇ ਆਪਣੀ ਪਈ ਹੋਈ ਏ ਤੁਹਾਨੂੰ ਕੀ ਕਰੀਏ । ਫੇਰ।
ਜੋਗੀ - ਮਾਈ, ਪ੍ਰਸ਼ਨ ਸਵੇਰੇ ਲਗਣਗੇ। ਦੋ ਘੜੀ ਸੂਰਜ ਚੜ੍ਹਦਿਆਂ ਆ ਜਾਣਾ, ਰਾਤ ਅਸੀਂ ਇਥੇ ਈ ਬਿਸਰਾਮ ਕਰਾਂਗੇ। ਪਹਿਲਾਂ ਤਾਂ ਲਟਕੀ ਵੱਲੋਂ ਸੋਧ ਲਈਏ ।
ਗੁਆਂਢਣ - ਹੱਛਾ ਜੀ, ਹੱਛਾ !
ਚੇਲਾ - ਮਾਈਓ, ਪਰਾਤਕਾਲ ਉਠਣਾ, ਅਸ਼ਨਾਨ ਕਰਕੇ ਆਪਣੇ ਰੱਬ ਨੂੰ ਯਾਦ ਕਰਨਾ, ਫੇਰ ਪ੍ਰਸ਼ਨ ਨੂੰ ਜੀ ਵਿੱਚ ਧਰਨਾ ਤੇ ਜੋ ਸਰਦਾ ਹੋਵੇ ਲੈਕੇ ਇਥੇ ਆ ਜਾਣਾ।
ਗੁਆਂਢਣ - ਸਤ ਬਚਨ, ਮਹਾਰਾਜ ।
ਭੋਲੀ - ਹੁਣ ਜਾਓ ਵੀ ਨਾ ਭੈਣਾਂ।
ਇਕ - ਉਠੋ ਨੀ, ਉਠੋ ।
ਦੂਜੀ - ( ਉਠਦੀ ਉਠਦੀ ) ਹਾਏ ਵੇ ਮੇਰੇ ਗੋਡਿਓ, ਚੱਲੋ ਨੀ ।
( ਗੁਆਂਢਣਾਂ ਜਾਂਦੀਆਂ ਹਨ )
ਤੀਜੀ - ( ਦਰਵਾਜ਼ੇ ਦੇ ਕੋਲ ਪੁਜ ਕੇ ਦੂਜੀਆਂ ਨੂੰ ) ਅੜੀਏ, ਇਹ ਰੰਨ ਕੇਡੀ ਹਗਮਾਨੀ ਹੋਈ ਏ ।
ਪਹਿਲੀ - ਹਾਹੋ ਨੀ, ਮੁੰਡਾ ਜੂ ਪੜ੍ਹਾ ਲਿਆ ਏ । ਕੇਡੀ ਗਮਰੂਰੀ ਆ ਗਈ ਏ ।
ਭੋਲੀ - ਚੇਲਾ ਜੀ, ਏਡੀ ਦਇਆ ਕਰੋ ਜੇ ਮੇਰੇ ਸੁਖਾਂ ਲੱਧੇ ਦੇ ਆਉਣ ਤੋਂ ਪਹਿਲੋਂ ਪਹਿਲੋਂ ਰਾਜੀ ਹੋ ਜਾਵੇ । ਉਹ ਆਵੇ ਤਾਂ ਹਸਦੀ ਖੇਡਦੀ ਨੂੰ ਵੇਖੇ।
ਚੇਲਾ - ਸਾਈਂ ਸਮਰਥ ਹੈ, ਮਾਤਾ, ਉਹਦੇ ਘਰ ਕੋਈ ਘਾਟਾ ਨਹੀਂ ਉਹਦੀ ਨਜ਼ਰ ਸਵੱਲੀ ਹੋਵੇ । ਸਾਰੇ ਕਾਰਜ ਸਿੱਧ ਹੋਣਗੇ । ਲਿਆਓ, ਲਟਕੀ ਕਿੱਥੇ ਹੈ ?
ਸੁੱਖਾ ਸਿੰਘ - ਏ ਭਲਾ ਚੇਲਾ ਜੀ, ਮੇਰੇ ਉੱਤੇ ਵੀ ਮਿਹਰਵਾਨੀ ਕਰੋ ਕੁਝ, ਮੇਰਾ ਹੱਥ ਬੜਾ ਤੰਗ ਰਹਿੰਦਾ ਏ । ਪੈਰ ਸੁਟਨਾ ਅੱਗੇ ਆਂ ਤੇ ਪੈਂਦਾ ਪਿੱਛੇ ਆ । ਮੁੰਡੇ ਦੀ ਪੜ੍ਹਾਈ ਨੇ ਲਕ ਤੋੜ ਸੁੱਟਿਆ ਏ, ਮਾਰ ਅੰਨ੍ਹਾਂ ਰੁਪਈਆ ਜਾਂਦਾ ਏ। ਕਰਜੇ ਦੀਆਂ ਪੰਡਾਂ ਬੱਝ ਗਈਆਂ ਸਿਰ ਉੱਤੇ । ਫ਼ਸਲ ਔੜ ਨੇ ਵੱਖ ਭੁੰਨ ਸੁਟੀ ਏ ਤੇ ਸ਼ਾਹ ਪਿਆ ਤੜੀਆਂ ਦਿੰਦਾ ਏ ਪਈ ਨਾਂਵਾਂ ਤਾਰ ਛੇਤੀ !
ਚੇਲਾ - ਫਿਕਰ ਨਾ ਕਰ, ਚੌਧਰੀ, ਮੈਨੂੰ ਜਰਾ ਵੇਖ ਲੈਣ ਦੇ। ਜਿਸ ਕਾਰਨੇ ਤੇਰੇ ਕੰਮ ਵਿਚ ਵਿਘਨ ਪੈਂਦਾ ਹੈ, ਉਹ ਕਿਰੜ ਵੀ ਕਢ ਦੇਵਾਂਗਾ। ਲਿਆ ਖਾਂ, ਮਾਤਾ, ਇਕ ਪਾਣੀ ਦਾ ਗਲਾਸ ਪਰ ਡਕਾ ਡਕ ਭਰਿਆ ਹੋਇਆ ਹੋਵੇ। (ਉਹ ਪਾਣੀ ਦਾ ਗਲਾਸ ਲਿਆਉਂਦੀ ਹੈ । ਪਰ ਲਿਆਉਂਦੀ ਕੋਲੋਂ ਜ਼ਰਾ ਡੁਲ੍ਹ ਜਾਂਦਾ ਹੈ) ।
ਚੇਲਾ - ਡੋਲ੍ਹ ਦਿੱਤਾ ਈ ਨਾ-ਲਿਆ ਹੋਰ ਥੋੜਾ ਜਿਹਾ, ਕੌਲੀ ਵਿੱਚ ।
(ਉਹ ਹੋਰ ਪਾਣੀ ਲਿਆਉਂਦੀ ਹੈ । ਚੇਲਾ ਗਲਾਸ ਨੂੰ ਬਾਹਰੋਂ ਪੂੰਝ ਕੇ ਮੂੰਹੋਂ ਮੂੰਹ ਭਰਦਾ ਹੈ । ਫੇਰ ਆਪਣੀ ਝੋਲੀ ਵਿੱਚੋਂ ਇੱਕ ਰੁਮਾਲ ਕੱਢਕੇ ਉਸਨੂੰ ਗਲਾਸ ਦੇ ਮੂੰਹ ਉੱਤੇ ਕੱਸ ਕੇ ਤਾਣ ਦਿੰਦਾ ਹੈ । ਫੇਰ ਗਲਾਸ ਨੂੰ ਥਲਿਉਂ ਫੜਕੇ ਤੇ ਦੂਜੇ ਹੱਥ ਨਾਲ ਕਪੜੇ ਨੂੰ ਨਪਕੇ ਮੂਧਾ ਕਰ ਦੇਂਦਾ ਹੈ । ਗਲਾਸ ਵਿੱਚੋਂ ਪਾਣੀ ਨਹੀਂ ਡਿੱਗਦਾ।)
ਲੈ ਵੇਖ, ਚੌਧਰੀ, ਹੈ ਪਾਣੀ ਦੀ ਬੂੰਦ ਵੀ ਡਿਗਦੀ ਥੱਲੇ ?
ਸੁੱਖਾ ਸਿੰਘ - (ਹੈਰਾਨ ਹੋਕੇ) ਹੈਂ ਇਹ ਕੀ ? ·
ਭੋਲੀ - ਇਹ ਤਾਂ ਬੜੀ ਚਰਜ ਵਾਲੀ ਗੱਲ ਏ !
ਚੇਲਾ - ਭਲਾ ਜਲ ਕੀ ਆਖ ਤੇ ਗਲਾਸ ਮੂਧਾ ਕੀਤਿਆਂ ਡਿੱਗੇ ਨਾ ! ਚੌਧਰੀ ਬੁਰਾ ਨਾਂ ਮੰਨੀ, ਤੇਰਾ ਰਿਜਕ ਇਸੇ ਤਰ੍ਹਾਂ ਬੰਨ੍ਹਿਆ ਹੋਇਆ ਹੈ । ਕਿਸੇ ਦੋਖੀ ਨੇ ਕੁਝ ਕਰਾਇਆ ਹੋਇਆ ਏ।
ਸੁੱਖਾ ਸਿੰਘ - ਉਹਦਾ ਨਾਉਂ ਦਸ, ਚੇਲਾ ਜੀ, ਜੇ ਉਹਦਾ ਸਿਰ ਨਾ ਪਾੜ ਦਵਾਂ ਜਾਕੇ ।
ਚੇਲਾ - ਨਾ, ਨਾ, ਨਾ, ਇਹ ਕੰਮ ਨਹੀਂ ਕਰਨਾ। ਅਸੀਂ ਜੁ ਬੈਠੇ ਆਂ। ਜੰਤਰ ਕਰ ਦਵਾਂਗਾ ਅਜੇਹਾ ਜੇ ਤੇਰੇ ਸਾਰੇ ਗੁੰਝਲ ਨਿਕਲ ਜਾਣਗੇ । ਦਿਨੋ ਦਿਨ ਨੌ ਨਿਧੀ ਤੇ ਬਾਰਾਂ ਸਿੱਧੀ ਹੋਵੇਗੀ। ਤੇਰਾ ਹੱਥ ਰਹੇ ਸੁਖਾਲਾ ਤੇ ਦੂਤੀ ਦਾ ਮੂੰਹ ਕਾਲਾ ।
ਸੁਖਾ ਸਿੰਘ - ਬਸ ਹੋਰ ਕੀ ਚਾਹੀਦਾ ਏ ਚੇਲਾ ਜੀ ? ਤੇਰੀ ਬੜੀ ਸੇਵਾ ਕਰਾਂਗਾ। ਚੇਲਾ ਇਕ ਗਲ ਮੇਰੀ ਮੰਨ। ਕਾਲੀ ਗਊ ਨੂੰ ਆਟੇ ਦਾ ਪੇੜਾ ਦਿਆ ਕਰ ਨੇਮ ਨਾਲ, ਤੇ ਆਉਂਦੀ ਪੁੰਨਿਆਂ ਨੂੰ ਜੰਤਰ ਨੂੰ ਸਵੇਰ ਸਾਰ ਮੂੰਹ ਹਨੇਰੇ ਘੋਲ ਕੇ ਪੀ ਜਾਈਂ ।
ਭੋਲੀ - ਤੇ ਚੇਲਾ ਜੀ, ਮੇਰੇ ਸੁਖਾਂ ਲੱਧੇ ਵਲੋਂ ਵੀ ਦਸ ਦਿਓ ਨਾਂ ਕੁਝ ? ਮੈਂ ਤਾਂ ਬੜੀਆਂ ਆਸਾਂ ਲਾਈ ਬੈਠੀ ਆਂ ।
ਚੇਲਾ - ਮਾਤਾ, ਮੈਨੂੰ ਜ਼ਰਾ ਅੰਤਰ ਧਿਆਨ ਹੋਕੇ ਵੇਖ ਲੈਣ ਦੇ। (ਚੌਂਕੜੀ ਮਾਰਕੇ ਅੱਖਾਂ ਮੀਟ ਲੈਂਦਾ ਹੈ) ਹੂੰ, ਹੂੰ, ਮਾਤਾ ਤੇਰੇ ਮੁੰਡੇ ਹੱਲ ਨਹੀਂ ਵਾਹੁਣਾ ।
ਭੋਲੀ - ਤੇ ਕੀ ਲੈਣਾ ਏ ਖੇਹ ਮਿੱਟੀ ਵਿਚੋਂ ?
ਸੁੱਖਾ ਸਿੰਘ -- ਚੇਲਾ ਜੀ, ਮੈਂ ਥੋੜ੍ਹਾ ਵਾਹੁਨਾ ਆਂ ਹੱਲ । ਮਾਰ ਮਿੱਟੀ ਨਾਲ ਮਿੱਟੀ ਹੋ ਜਾਈਦਾ ਏ ।
ਚੇਲਾ - ਮਾਤਾ ਕਿਸੇ ਸ਼ੁਭ ਘੜੀ ਦਾ ਜਨਮ ਹੈ। ਮੈਂ ਸਰਦਾਰ ਨੂੰ ਪਰਤੱਖ ਵੇਖ ਰਿਹਾ ਹਾਂ । ਗੋਰਾ ਭਰਵਾਂ ਮੂੰਹ, ਨਿੱਕੀ ਨਿੱਕੀ ਦਾੜ੍ਹੀ ਠੋਡੀ ਦੇ ਨਾਲ ਚੰਬੜੀ ਹੋਈ। ਤਿੱਖੀ ਨੋਕ ਵਾਲਾ ਸਾਫਾ ! ਸੂਹੇ ਰੰਗ ਦਾ ਬੰਨ੍ਹਦਾ ਏ ਨਾ ? ਭੋਲੀ ਕਦੀ ਕਦੀ ਸੂਹੇ ਰੰਗ ਦਾ ਵੀ ਬੰਨ੍ਹਦਾ ਏ।
ਚੇਲਾ - ਬਸ ਏਸ ਵੇਲੇ ਫੇਰ ਸੂਹੇ ਦਾ ਸਜਾਇਆ ਹੋਇਆ ਈ । ਸਰਦਾਰ ਬੜੇ ਭਾਗਾਂ ਵਾਲਾ ਹੈ ।
ਭੋਲੀ - ਤੁਹਾਡਾ ਮੂੰਹ ਸੁਲੱਖਣਾ ਹੋਵੇ, ਚੇਲਾ ਜੀ।
ਚੇਲਾ - ਮੈਂ ਵੇਖ ਰਿਹਾ ਹਾਂ ... ਹੂੰ ... ਹੂੰ …ਹੂੰ ... ਅਗੇ ਮੇਜ਼, ਪਿਛੇ ਕੁਰਸੀ ਤੇ ਸਰਦਾਰ ਪਿਆ ਹੁਕਮ ਚਲਾਉਂਦਾ ਹੈ ।
ਸੁੱਖਾ ਸਿੰਘ - ਫੇਰ ਤਾਂ ਲੰਬੜ ਵੀ ਮੇਰੇ ਨਾਲ ਰਾਹ ਜਾਂਦਿਆਂ ਨਾ ਖੁੜਬਿਆ ਕਰੂ।
ਚੇਲਾ - ਚੌਧਰੀ, ਬੜੇ ਇਕਬਾਲ ਵਾਲਾ ਜੀ ਹੈ। ਜਦੋਂ ਤੁਰੇਗਾ ਚਾਰ ਬੰਦੇ ਨਾਲ ਤੁਰਨਗੇ।
ਸੁੱਖਾ ਸਿੰਘ - ਚੇਲਾ ਜੀ, ਉਹ ਸੁੱਖ ਦਾ ਦਿਹਾੜਾ ਆਵੇ ਤਾਂ ਮੇਰੀ ਤਾਂ ਜੂਨੀ ਵਟ ਜਾਏ।
ਭੋਲੀ - (ਬੜੀ ਖ਼ੁਸ਼ ਹੋਕੇ ਹਸਦੀ ਹਸਦੀ) ਚੇਲਾ ਜੀ, ਡਿਪਟੀ ਹੋ ਜਾਏ ਤਾਂ ਤੇਰੀ ਝੋਲੀ ਰੁਪਈਆਂ ਨਾਲ ਭਰ ਦਿਆਂ।
ਚੇਲਾ - ਧੰਨ ਤੇਰੀ ਕੁੱਖ ਏ ਮਾਤਾ, ਰੱਬ ਬੜਾ ਭਾਗ ਲਾਉਣਾ ਈ । ਬਾਕੀ ਇਕ ਜੰਤਰ ਮੈਂ ਦਵਾਂਗਾ। ਉਹਨੂੰ ਸਦਾ ਸੱਜੇ ਡੌਲੇ ਨਾਲ ਰੱਖੇ ਬੰਨ੍ਹ ਕੇ । ਰਾਜ ਦਰਬਾਰ ਵਿੱਚ ਬੜਾ ਮਾਣ ਪਾਵੇਗਾ । ਕੀਹਦੀ ਮਜਾਲ ਹੈ ਜੇ ਅਗੇ ਅੱਖ ਚੁਕ ਜਾਏ ਫੇਰ।
( ਮਾਂ ਦਾ ਚਿਹਰਾ ਖੁਸ਼ੀ ਨਾਲ ਖਿੜ ਜਾਂਦਾ ਹੈ, ਅੱਖਾਂ ਵਿਚੋਂ ਖੁਸ਼ੀ ਦਾ ਚਾਨਣ ਝਲਕਾਂ ਮਾਰਦਾ ਹੈ )
ਭੋਲੀ - ਸਦਕੇ ਤੇਰੇ ਬੋਲਾਂ ਤੋਂ, ਚੇਲਾ ਜੀ । ਹੁਣ ਮੇਰੀ ਇਕ ਬੇਨਤੀ ਮੰਨ ਲਓ । ਜਿੱਦਾਂ ਹੋਵੇ ਕੁੜੀ ਨੂੰ ਰਾਜੀ ਕਰ ਦਿਓ । ਉਹਦੀਆਂ ਉਡੀਕਾਂ ਨੇ ਅਜ ਕਲ ਆਉਣ ਦੀਆਂ। ਆਵੇ ਤਾਂ ਵਹੁਟੀ ਨੂੰ ਹਸਦਾ ਖੇਡਦਾ ਵੇਖੇ, ਤੁਹਾਡੇ ਚਰਨਾਂ ਦੇ ਪਰਤਾਪ। ਅਗੇ ਈ ਨਿੱਕੇ ਵਲੋਂ ਸੋਚਨੀ ਆਂ ਤੇ ਜੀ ਨੂੰ ਰੁਗ ਭਰੌਂਦੇ ਨੇਂ। ਕੀ ਜਵਾਬ ਦਵਾਂਗੀ ਉਹਨੂੰ ਮੈਂ ਕੁਲੱਖਣੀ ।
(ਅਖਾਂ ਵਿਚ ਅਥਰੂ ਭਰ ਲੈਂਦੀ ਹੈ)
ਚੇਲਾ - ਕਿਹੜਾ ਨਿੱਕਾ, ਨਿੱਕੇ ਦੀ ਕੀ ਗਲ ਏ ?
ਭੋਲੀ - ਸੁਰੈਣੇ ਦੇ ਬਾਪੂ, ਤੂੰ ਦੱਸਿਆ ਨਹੀਂ ਇਨ੍ਹਾਂ ਨੂੰ ਨਿੱਕੇ ਵਲੋਂ ?
ਸੁਖਾ ਸਿੰਘ - ਮੈਂ ਆਖਿਆ ਤੂੰ ਆਪੇ ਦਸ ਲਏਂਗੀ ਸਭ ਗੱਲ ਬਾਤ ।
ਭੋਲੀ - ਚੇਲਾ ਜੀ, ਪਤਾ ਨਹੀਂ ਕੀ ਹੋਇਆ ? ਹਸਦਾ ਖੇਡਦਾ ਮੇਰੇ ਹੱਥਾਂ ਚੋਂ ਤੁਰ ਗਿਆ । ਅਜ ਵੀਹ ਬਾਈ ਦਿਨ ਹੋਣ ਲੱਗੇ ਨੇ। ਅਜੇ ਸਵਾ ਮਹੀਨੇ ਦਾ ਵੀ ਨਹੀਂ ਸੀ ਹੋਇਆ । ਕੁੜੀ ਅੱਗੇ ਈ ਮਾਂਦੀ ਸੀ। ਤਦ ਤੋਂ ਗਸ਼ਾਂ ਪੈ ਪੈ ਜਾਂਦੀਆਂ ਨੇ ਤੇ ਰੋਗ ਹੱਥ ਨਹੀਂ ਆਉਂਦਾ।
ਚੇਲਾ - (ਅਖਾਂ ਮੀਟਕੇ) ਸੱਚੀ ਆਖਾਂ, ਮਾਏ ਬੁਰਾ ਨਾ ਮੰਨੀ। ਨਿਕੇ ਨਾਲ ਵੈਰ ਤੂੰ ਆਪ ਕਮਾਇਆ।
ਭੋਲੀ - (ਅੱਖਾਂ ਵਿਚ ਅੱਥਰੂ ਭਰਕੇ) ਹਾਏ, ਮੈਂ ਤੱਤੀ ਕੋਲੋਂ ਕੀ ਖਨਾਮੀ ਹੋਈ ?
ਚੇਲਾ - ਤੂੰ ਇੱਕ ਦਿਨ ਨਿੱਕੇ ਨੂੰ ਬਾਹਰ ਲੈ ਗਈ, ਨਾ ਉਹਦੇ ਗਲ ਸੇਤੀ ਸਰਹੋਂ, ਨਾ ਲੋਹੇ ਦਾ ਛੱਲਾ, ਤੂੰ ਕਿਸੇ ਨਾਲ ਗੱਲੀਂ ਪੈ ਗਈ ਤੇ ਕਰਨ ਵਾਲਾ ਆਪਣਾ ਕਾਰਾ ਕਰ ਗਿਆ ।
ਭੋਲੀ - ਕਿਹੜਾ ਬੰਦਾ ਏ ਉਹ, ਮੈਂ ਉਹਦੇ ਡੋਲੇ ਕੱਢ ਲਵਾਂ ਜਾਕੇ।
ਚੇਲਾ - ਕਾਲੀ ਘਗਰੀ, ਪੀਲੀ ਚਾਦਰ, ਕੁਰਤਾ ਲਾਲੋ ਲਾਲ, ਅੱਖਾਂ ਚੁਚਮੁਚੁਚੀਆਂ, ਮੂੰਹ ਫਿਦੜ ਜਿਉਂ ਭਜਿਆ ਠੀਕਰਾ, ਨਜ਼ਰ ਪੱਥਰ-ਪਾੜ, ਮਨੋ ਹਰ ਕਿਸੇ ਦਾ ਬੁਰਾ ਇੱਛਦੀ। ਲੈ ਗਈ ਨਜ਼ਰ ਦੇ ਨਾਲ ਬਾਲ ਈ ਜਿੰਦ ਕਢਕੇ । ਮੈਂ ਸਿਆਣਦੀ ਆਂ
ਭੋਲੀ - ਮੈਂ ਸਿਆਣਦੀ ਆਂ ਉਹਨੂੰ ਭਲਾ, ਚੇਲਾ ਜੀ।
ਚੇਲਾ - ਮਾਤਾ, ਇਹ ਤਾਂ ਤੂੰ ਈ ਜਾਣੇ ।
ਜੋਗੀ - ਮਾਏ, ਛਡ ਇਨ੍ਹਾਂ ਗੱਲਾਂ ਨੂੰ ਹੁਣ। ਕਮਾਨੋਂ ਛੁਟਿਆ ਤੀਰ ਕਦੀ ਮੁੜਿਆ ਹੈ ! ਕਾਕੋ ਦੀ ਮੰਜੀ ਕਢ ਬਾਹਰ, ਤੇ ਲਿਆ ਸਾਡੇ ਸਾਮ੍ਹਣੇ । ਕੋਈ ਜਤਨ ਕਰੀਏ। ਪਹਿਲੋਂ ਬੁਹਾਰਾਂ ਦੇ ਕੇ ਜਲ ਦਾ ਛਿੱਟਾ ਮਾਰ ਲੈ। ਨਾਲੇ ਕੋਈ ਆਸਣ ਹੋਵੇ ਤਾਂ ਕਢ, ਨਹੀਂ ਤਾਂ ਚਿੱਟੀ ਚਾਦਰ ਜਾਂ ਖੇਸੀ ਦੀ ਤਹਿ ਮਾਰ ਕੇ ਰੱਖ ਦੇ ਚੇਲੇ ਹੋਰਾਂ ਦੇ ਬੈਠਣ ਲਈ।
( ਉਹ ਝਾੜੂ ਦੇ ਕੇ ਪਾਣੀ ਛਿੜਕਦੀ ਹੈ, ਫੇਰ ਇਕ ਚਾਦਰ ਲਿਆ ਕੇ ਚੌਠਲੀ ਰਖ ਦਿੰਦੀ ਹੈ )
ਚੇਲਾ - ਚੌਧਰੀ, ਘਰ ਗੁੱਗਲ ਦਾ ਭੋਰਾ ਜਾਂ ਧੂਫ ਹੈ ?
ਸੁੱਖਾ ਸਿੰਘ - ਮੈਂ ਕੀ ਜਾਣਾ ? ਕਿਉਂ, ਸੁਰੈਣੇ ਦੀ ਮਾਂ, ਹੈਗਾ ਈ ?
ਭੋਲੀ - ਅਸਾਂ ਕਾਹਨੂੰ ਰੱਖੀਆਂ ਇਹੋ ਜਿਹੀਆਂ ਚੀਜ਼ਾਂ ਕਦੀ ?
ਜੋਗੀ - ਕੋਈ ਡਰ ਨਹੀਂ, ਹੈ ਮੇਰੀ ਝੋਲੀ ਵਿੱਚ ਸਭੋ ਕੁਝ। ਇਹ ਸਭ ਸਮਗਰੀ ਮੈਂ ਆਪਣੇ ਨਾਲ ਰਖਨਾ ਆਂ। ਬਾਜੇ ਵੇਲੇ ਲੋੜੀਂਦੀ ਚੀਜ਼ ਕਿਸੇ ਮੁੱਲ ਤੋਂ ਨਹੀਂ ਲੱਭਦੀ।
( ਸੁੱਖਾ ਸਿੰਘ ਤੇ ਉਹਦੀ ਵਹੁਟੀ ਗੁਰਾਂ ਦੀ ਮੰਜੀ ਬਾਹਰ ਕਢਦੇ ਹਨ ।)
ਚੇਲਾ - ਲਿਆ ਮਾਤਾ, ਕੱਢ ਪੰਜ ਰੁਪਏ, ਤੇ ਕੱਚੀ ਲੱਸੀ ਵਿੱਚ ਧੋ ਕੇ ਰਖ ਥਾਲੀ ਵਿੱਚ ।
( ਪੰਜਾਂ ਦਾ ਨਾਉਂ ਸੁਣ ਕੇ ਉਹ ਜ਼ਰਾ ਘਬਰਾਉਂਦੀ ਹੈ ।)
ਜੋਗੀ - (ਉਹਨੂੰ ਸੋਚਾਂ ਵਿਚ ਵੇਖ ਕੇ) ਮਾਏ, ਦਲੀਲਾਂ ਵਿੱਚ ਕਿਉਂ ਪੈ ਗਈ ਏਂ ? ਕੋਹ ਚੱਲੀ ਨਾ ਬਾਬਾ ਤਿਹਾਈ, ਅਜੇ ਤੇਰਾ ਖਰਚ ਤੇ ਹੋਰ ਬੜਾ ਹੋਣਾ ਏਂ। ਓਵਕ ਇਹ ਜਿੰਦਾਂ ਦੇ ਸੌਦੇ ਹਨ, ਕੋਈ ਕੌਡੀਆਂ ਦੀ ਖੇਡ ਨਹੀਂ।
ਸੁੱਖਾ ਸਿੰਘ - ਕੱਢ ਨਾ ਪਰੇ, ਛੇਤੀ ਕਰ। ਚੇਲਾ ਜੀ, ਤੂੰ ਭਰਮ ਨਾ ਕਰ। ਪੰਜ ਛਡ ਮੈਂ ਲੋੜ ਪਈ ਨੂੰ ਪੰਜਾਹ ਦਵਾਂਗਾ, ਬੰਦਾ ਲਖੀਂ ਤੇ ਹਜ਼ਾਰੀਂ ਹੱਥ ਨਹੀਂ ਆਉਂਦਾ ।
ਜੋਗੀ - ਵਾਹ ਚੌਧਰੀ, ਤੇਰੇ ਬਚੜੇ ਜੀਉਣ, ਕਿਹੀ ਸਿਆਣੀ ਗਲ ਆਖੀ ਏ। ਮੇਰਾ ਤੇ ਰੂਹ ਖੁਸ਼ ਕਰ ਦਿੱਤਾ ਈ ।
ਚੇਲਾ - ਚੌਧਰੀ ਸਿਆਣਾ ਏਂ, ਜ਼ਮਾਨਾ ਵੇਖਿਆ ਏ, ਗੱਲ ਨੂੰ ਸਮਝਦਾ ਏ।
( ਚੌਧਰਾਣੀ ਰੁਪਈਏ ਕੱਚੀ ਲੱਸੀ ਵਿੱਚ ਧੋ ਕੇ ਥਾਲੀ ਵਿੱਚ ਰੱਖ ਲਿਆਉਂਦੀ ਹੈ । ਜੋਗੀ ਫੜ ਲੈਂਦਾ ਹੈ ਤੇ ਰੁਪਈਆਂ ਨੂੰ ਧੂਫ ਦਿੰਦਾ ਹੈ ਤੇ ਨਾਲੇ ਉੱਚੀ ਕਹਿੰਦਾ ਹੈ, “ਸਤ ਕਰਤਾਰ, ਸਰਬਤ ਦਾ ਭਲਾ, ਅੰਤ ਭਲੇ ਦਾ ਭਲਾ” ।)
ਮਾਤਾ, ਲਟਕੀ ਦਾ ਨਾਉਂ ਕੀ ਹੈ ?
ਭੋਲੀ - ਗੁਰਾਂ-ਗੁਰੂ ਪਿਆਰੀ ।
ਚੇਲਾ - ਮਾਤਾ ਨਾਓਂ ਸੋਹਣਾ ਏ। ਗੁਰਾਂ ਦੀ ਮਿਹਰ ਹੋਵੇਗੀ। ਜੋਗੀ ਜੀ, ਕੱਢੋ ਖਾਂ ਧੂਣੀ ਵਾਲੀ ਕਟੋਰੀ, ਧੂਣੀ ਧੁਖਾਓ ਤੇ ਵਿੱਚ ਪਾਉ ਗੁੱਗਲ ਰਵਾਲ । ਜ਼ਰਾ ਕਾਕੋ ਨੂੰ ਧੂਣੀ ਦੇ ਲਈਏ ।
( ਉਠ ਕੇ ਧੂਣੀ ਮੰਜੀ ਦੇ ਆਲੇ ਦੁਆਲੇ ਫੇਰਦਾ ਹੈ, ਗੁਰਾਂ ਦੇ ਪੈਰਾਂ ਤੋਂ ਲੈ ਕੇ ਸਿਰ ਤੀਕ ਤੇ ਫੇਰ ਸਿਰ ਦੇ ਆਲੇ ਦੁਆਲੇ ਫੇਰਦਾ ਹੈ, “ਹੇ ਭੈਰੋਂ ਨਾਥ ਮਹਾਂਬਲੀ, ਕਰ ਭਲੀ, ਕਰ ਭਲੀ, ਕਰ ਭਲੀ” ।)
ਜੋਗੀ - ਹੱਛਾ ਮਾਤਾ, ਹੁਣ ਤੂੰ ਦਸ ਪਈ ਕਾਕੋ ਨੂੰ ਰੋਗ ਕੀ ਹੈ ?
ਸੁੱਖਾ ਸਿੰਘ - ਤੇ ਜੋਗੀ ਜੀ, ਤੈਨੂੰ ਕਾਹਦੇ ਲਈ ਸੱਦਿਆ ਏ ? ਸਾਨੂੰ ਰੋਗ ਦਾ ਪਤਾ ਹੁੰਦਾ ਤਾਂ.....
ਚੇਲਾ - ਚੌਧਰੀ, ਅਸੀਂ ਆਏ ਕਿਸ ਗੱਲ ਲਈ ਆਂ, ਬੀਬੀ ਦਾ ਕਸ਼ਟ ਗਵਾਉਣ ਲਈ, ਤੁਸੀਂ ਵੀ ਆਪਣੀ ਵੇਦਨਾਂ ਪੂਰੀ ਤਰ੍ਹਾਂ ਦੱਸ ਲਓ ਨਾ।
ਭੋਲੀ - ਚੇਲਾ ਜੀ, ਕੁੜੀ ਕਿਲਕਾਂ ਮਾਰ ਮਾਰ ਉਠਦੀ ਏ, ਘੂਕੀ ਵਿੱਚ ਬਕੜਵਾਹ ਬੜਾ ਕਰਦੀ ਏ । ਕਦੀ ਰੋਂਦੀ ਏ, ਕਦੀ ਹਸਦੀ ਏ। ਫੇਰ ਪਹਿਰਾਂ ਬੱਧੀ ਗਸ਼ ਖਾ ਕੇ ਬੇ ਸੁਧ ਪਈ ਰਹਿੰਦੀ ਏ। ਤਾਪ ਵੀ ਹੁੰਦਾ ਸੂ, ਸਰੀਰ ਚੁਲ੍ਹੇ ਦੀ ਲਟ ਵਾਂਗ ਭਖਦਾ ਹੈ।
ਜੋਗੀ - ਮਾਤਾ ਬੜੀ ਸਿਆਣੀ ਏਂ। ਵੇਖਾਂ ਗੱਲ ਹੋਈ ਨਾ, ਹੁਣ ਅਸੀਂ ਆਪਣੀ ਵਿਦਿਆ ਨਾਲ ਜਾਚਾਂਗੇ ਪਈ ਇਹਦੇ ਅੰਦਰ ਕੋਈ ਬਾਹਰਲਾ ਵਸਦਾ ਹੈ ਜਾਂ ਬੀਬੀ ਦਵਾ ਦਾਰੂ ਦੀ ਘੌਲੋਂ ਕਰ ਕੇ ਦੁਖ ਪਈ ਪਾਉਂਦੀ ਹੈ।
ਚੇਲਾ - ਜੇ ਸਰੀਰੀ ਰੋਗ ਹੈ, ਤਾਂ ਵੀ ਸਾਡੇ ਕੋਲ ਏਡੀ ਅਸਚਰਜ ਰਸਾਇਣ ਹੈ ਜੋ ਭਾਵੇਂ ਬੰਦਾ ਭੁੰਜੇ ਲੱਥਾ ਹੋਇਆ ਹੋਵੇ ਤੇ ਘੁਰੜੂ ਪਿਆ ਵਜਦਾ ਹੋਵੇ, ਬਸ ਜਰਾ ਤੀਲੇ ਉੱਤੇ ਚੜ੍ਹਾ ਕੇ ਦੇਣ ਦੀ ਲੋੜ ਹੈ । ਦਾਰੂ ਅੰਦਰ ਤੇ ਰੋਗ ਬਾਹਰ, ਬੰਦਾ ਦਿਨਾਂ ਵਿਚ ਦੁੜੰਗੇ ਮਾਰਨ ਲਗ ਜਾਂਦਾ ਹੈ।
ਭੋਲੀ - ਹੱਛਾ ਚੇਲਾ ਜੀ, ਰਬ ਤੋਂ ਉਰੇ ਹੁਣ ਤੁਹਾਡੀ ਆਸ ਜੇ। ਸਾਡੀ ਲਾਜ ਰਖ ਲਓ ।ਜਿੱਦਾਂ ਕਿੱਦਾਂ ਹੋਵੇ ਕੁੜੀ ਨੂੰ ਰਾਜੀ ਕਰ ਦਿਓ । ਮੇਰਾ ਜੀਉਣ ਜੋਗਾ ਆਵੇ ਤੇ ਇਹਨੂੰ ਰਾਜੀ ਦੇਖੇ ।
ਜੋਗੀ - ਮਾਏ, ਚਿੰਤਾ ਕਿਉਂ ਕਰਨੀ ਏਂ। ਇਥੋਂ ਹਿੱਲਾਂਗੇ ਤਾਂ ਜੋ ਇਹਨੂੰ ਨੌਂ ਬਰ ਨੌ ਕਰ ਕੇ ।
ਚੇਲਾ - ਘਾਬਰਨ ਦੀ ਲੋੜ ਨਹੀਂ ਦੁਖ ਸੁਖ ਸਰੀਰ ਦੇ ਆਪਣੇ ਆਪਣੇ ਕਰਮ ਦਾ ਫਲ ਭੋਗਣਾ ਪੈਂਦਾ ਹੈ ਪਰਾਣੀ ਨੂੰ । ਹੱਛਾ ਜੋਗੀ, ਭਜਨ ਲਾਓ ਜਰਾ, ਚੌਧਰੀ ਤੂੰ ਵਾਹਗੁਰੂ ਚਿਤਾਰ, ਮਾਤਾ ਤੂੰ ਵੀ।
( ਜੋਗੀ ਗਾਉਂਦਾ ਹੈ ਤੇ ਚੇਲਾ ਚੌਕੜੀ ਮਾਰ ਅੱਖਾਂ ਮੀਟ ਕੇ ਬੈਠ ਜਾਂਦਾ ਹੈ ਜਿੱਦਾਂ ਕਿ ਬੜੀ ਗੂੜ੍ਹੀ ਸਮਾਧੀ ਵਿਚ ਹੁੰਦਾ ਹੈ ।)
ਹੇ ਨਾਥਨ ਕੇ ਨਾਥ ਸਵਾਮੀ, ਰਾਖੋ ਹਮਰੀ ਲਾਜ ।
ਕਿਰਪਾ ਦਰਿਸ਼ਟੀ ਹੋਏ ਤਿਹਾਰੀ, ਸੌਰਨ ਸਾਰੇ ਕਾਜ ।
ਤੁਧ ਬਿਨ ਹਮਰੋ ਕੌਣ ਸਵਾਮੀ, ਹਮ ਦਾਸਨ ਕੇ ਦਾਸ ।
ਤੁਮਰੀ ਦਇਆ ਸੋ ਸਭੋ ਦੁਖ ਨਾਠੇ, ਸੁਖ ਦਾ ਹਰਦਮ ਵਾਸ ।
ਹੇ ਨਾਥਨ ਕੇ ਨਾਥ ਸਵਾਮੀ, ਰਾਖੋ ਹਮਰੀ ਲਾਜ।
ਚੇਲਾ - (ਅੱਖਾਂ ਜਰਾ ਖੋਲ੍ਹ ਕੇ) ਮਾਤਾ, ਇਸ ਲਟਕੀ ਨੂੰ ਸਰੀਰੀ ਰੋਗ ਨਹੀਂ ਹੈ।
ਭੋਲੀ - ਮੈਨੂੰ ਅੱਗੇ ਈ ਭਾਸਦਾ ਸੀ।
ਚੇਲਾ - ਇਹਦੇ ਅੰਦਰ ਕੋਈ ਪਾਪੀ ਜੀਵੜਾ ਬੈਠਾ ਹੈ ।
ਸੁੱਖਾ ਸਿੰਘ - ਤੇ ਉਹਦੇ ਕਢਣ ਦਾ ਜਤਨ ਕਰੋ ਨਾ ਫੇਰ ।
ਜੋਗੀ - ਧੀਰੇ ਧੀਰੇ, ਚੌਧਰੀ, ਕਾਹਲੀ ਅੱਗੇ ਟੋਏ ।
ਜਤਨ ਹਮਾਰਾ ਕਾਮ ਪਰ, ਕਰਤਾ ਕਰੇ ਸੋ ਹੋਏ।
ਭੋਲੀ - ਹਾਏ, ਏਸ ਵਿਚਾਰੀ ਕੀ ਵਿਗਾੜਿਆ ਸੀ ਜੇ ਇਹਨੂੰ ਆਣ ਫੜਿਆ ਏ ?
ਚੇਲਾ - ਮਾਤਾ, ਭੁੱਖਾ ਕਿਸੇ ਦੇ ਦੋਸ਼ ਨੂੰ ਨਹੀਂ ਵੇਖਦਾ, ਉਹ ਆਪਣੀ ਭੁੱਖ ਮਟਾਉਣ ਨੂੰ ਚੁੱਕ ਕੇ ਵੀ ਖਾ ਲੈਂਦਾ ਹੈ । ਏਸ ਲਟਕੀ ਨਾਲ ਇਹੋ ਵਰਤਾਰਾ ਵਰਤਿਆ ਹੈ ।
ਭੋਲੀ - ਵੀਰਾ ਮੈਂ ਨਹੀਂ ਸਮਝੀ ।
ਚੇਲਾ - ਭੋਲੀਏ ਮਾਏ, ਸੁਣ, ਇਕ ਮੁਟਿਆਰ ਸੂਤਕ ਵਿੱਚ ਹੀ ਮਰ ਗਈ । ਅਜੇ ਉਹਦੇ ਹੰਢਾਉਣ ਦੇ ਚਾਉ ਲੱਥੇ ਨਹੀਂ ਸਨ। ਉਹਦੀਆਂ ਰੀਝਾਂ ਵਿੱਚ ਦੀਆਂ ਵਿੱਚ ਹੀ ਰਹਿ ਗਈਆਂ । ਉਹਨਾਂ ਦੀ ਪੂਰਤੀ ਲਈ ਉਹਨੇ ਇਸ ਲਟਕੀ ਵਿੱਚ ਆਣ ਵਾਸ ਕੀਤਾ ਏ।
ਭੋਲੀ - ਫੇਰ ਉਹਨੂੰ ਚੰਦਰੀ ਨੂੰ ਦਫ਼ਾ ਕਰੋ ਨਾ। ਇਹਦਾ ਖਹਿੜਾ ਛਡੇ ਹੁਣ, ਅੱਗੇ ਥੋੜਾ ਦੁਖ ਪਾਇਆ ਏ ਵਿਚਾਰੀ ਨੇ।
ਚੇਲਾ - ਮਾਤਾ, ਅਸੀਂ ਮੜ੍ਹੀਆਂ ਮਸਾਣਾ ਵਿੱਚ ਜਿੰਦ ਹੀਲ ਕੇ ਸ਼ਿਲੇ ਕੀਤੇ ਹਨ ਤਾਂ ਐਵੇਂ ਨਹੀਂ ਕੀਤੇ। ਏਸ ਵਿਦਿਆ ਵਿੱਚ ਉਮਰ ਗਾਲ ਛੱਡੀ ਏ । ਜੇ ਇਹਨੂੰ ਕੱਢ ਕੇ ਕੁੱਜੇ ਵਿੱਚ ਪਾ ਕੇ ‘ਭੈਂ ਭੈਂ’ ਕਰਦੇ ਨੂੰ ਨਾਲ ਨਾ ਲੈ ਗਿਆ ਤੇ ਤੂੰ ਆਖੀਂ ਪਈ ਮੈਨੂੰ ਮਾਂ ਨਹੀਂ, ਕੋਈ ਹੋਰ ਚੁੱਕੀ ਫਿਰੀ ਏ। (ਜੋਗੀ ਨੂੰ) ਧੁਖਾ ਜਰਾ ਧੂਣੀ ਹੋਰ ਤੇਜ ਕਰ ਕੇ ।
( ਜੋਗੀ ਧੂਣੀ ਨੂੰ ਹੋਰ ਤੇਜ ਕਰਦਾ ਹੈ ਤੇ ਚੇਲਾ ਉਠ ਕੇ ਗੁਰਾਂ ਦੇ ਸਿਰ ਦੇ ਆਲੇ ਦੁਆਲੇ ਫੇਰਦਾ ਹੈ ਤੇ ਉਹਦੇ ਨਕ ਕੋਲ ਕਰਦਾ ਹੈ । ਧੂੰਆਂ ਬਹੁਤ ਸਾਰਾ ਤੇ ਅਤੀ ਤੇਜ ਹੋਣ ਕਰ ਕੇ ਉਥੂ ਛਿੜਦਾ ਹੈ । ਸੁਖਾ ਸਿੰਘ ਤੇ ਉਹਦੀ ਵਹੁਟੀ ਨੂੰ ਵੀ ਨਿੱਛਾਂ ਆਉਂਦੀਆਂ ਹਨ । ਗੁਰਾਂ ਜੋਰ ਨਾਲ ਚੀਕ ਮਾਰ ਕੇ ਰੋਣ ਲਗ ਪੈਂਦੀ ਹੈ। ਸਸ-ਸੌਹਰਾ ਡਰ ਜਾਂਦੇ ਹਨ।)
ਭੈਰੋਂ ਨਾਥ, ਵਖਾ ਦੇ ਹਾਥ ।
ਬਲੀਆਂ ਦੇ ਬਲੀ, ਕਰ ਦੇ ਉਪਰ-ਥਲੀ।
ਮੈਂ ਕੁਚੱਜਾ, ਤੇਰੀ ਆਸ
ਵਿਗੜੇ ਬੰਦੇ ਕਰ ਦੇ ਰਾਸ ।
ਇਹ ਦੁਸ਼ਟ ਜੀ ਤੇਰੇ ਭਾਣੇ ।
ਨੱਠੇ ਇਥੋਂ ਹੋਰ ਟਿਕਾਣੇ।
ਪੂਰਨ ਹੋਵੇ ਮੇਰੀ ਆਸ ।
ਮਾਤਾ ਦੇ ਘਰ ਸੁਖ ਦਾ ਵਾਸ ।
(ਜੋਗੀ ਨੂੰ) ਜੋਗੀ ਜੀ, ਇਹਦੀ ਰਾਧਨਾਂ ਕਰ ਲਓ ਜ਼ਰਾ ।
( ਜੋਗੀ ਢੋਲਕੀ ਵਜਾਉਂਦਾ ਹੈ ਤੇ ਗਾਉਂਦਾ ਹੈ ।)
ਤੂੰ ਸੁਣ ਲੈ ਭਲੀਏ ਮੁਟਿਆਰੇ।
ਜੋਗੀ ਚੇਲਾ ਅਰਜ ਗੁਜਾਰੇ ।
ਏਸ ਬੇਦੋਸੀ ਨੂੰ ਛਡ ਜਾਈਂ ।
ਮੁੜ ਨਾ ਏਧਰ ਫੇਰਾ ਪਾਈਂ ।
ਜੋ ਮੰਗੇ ਸੋ ਹਾਜ਼ਰ ਕਰਸਾਂ।
ਪਰ ਮੈਂ ਤੈਥੋਂ ਮੂਲ ਨਾ ਡਰਸਾਂ।
ਮੰਨ ਜਾ, ਮੰਨ ਜਾ, ਮੰਨ ਜਾ ਮੇਰੀ,
ਮੈਂ ਵੀ ਕਰਾਂਗਾ ਸੇਵਾ ਤੇਰੀ।
( ਗੁਰਾਂ ਢੋਲਕ ਦੇ ਸ਼ੋਰ ਤੇ ਜੋਗੀ ਦੇ ਕੜਕ ਕੜਕ ਕੇ ਗਾਉਣ ਨਾਲ ਡਰ ਕੇ ਜ਼ੋਰ ਨਾਲ ਚੀਕਦੀ ਹੈ ।)
(ਗੁਰਾਂ ਵਿੱਚ ਵੜੇ ਹੋਏ ਜਿੰਨ ਨੂੰ ਬੁਲਾ ਕੇ) ਵੇਖ, ਇਸ ਘਰ ਨੂੰ ਛਡ ਦੇ ਹੁਣ । ਤੈਨੂੰ ਇਥੋਂ ਰਾਜੀ ਕਰ ਕੇ ਘੱਲਾਂਗਾ ਮੇਰਾ ਧਰਮ ਹੋਇਆ (ਸੱਸ ਨੂੰ ਕਿਉਂ ਮਾਤਾ, ਜੇ ਤੇਰੀ ਲਟਕੀ ਨੂੰ ਛਡ ਜਾਏ ਤੇ ਇਹਨੂੰ ਕੀ ਦਏਂਗੀ ? ਕੀ ਇਹਦੀ ਭੇਟਾ ਕਰੇਂਗੀ ?
ਭੋਲੀ - ਅਸੀਂ ਬੜੇ ਗਰੀਬ ਆਂ ਚੇਲਾ ਜੀ, ਜੋ ਸਰਦਾ ਬਣਦਾ ਏ ਹਾਜਰ ਏ।
ਜੋਗੀ - ਮਾਤਾ, ਸੇਵਾ ਨੂੰ ਮੇਵਾ ਹੈ।
ਚੇਲਾ - ਮਾਤਾ, ਮੈਂ ਇਹਦੇ ਨਾਲ ਬਚਨ ਕਰ ਬੈਠਾ ਹਾਂ, ਮੈਨੂੰ ਝੂਠਾ ਨਾ ਕਰਾਈਂ।
ਭੋਲੀ - ਦੱਸ ਚੇਲਾ ਕੀ ਮੰਗਦੀ ਏ ?
ਚੇਲਾ - ਮਾਤਾ ਤੈਨੂੰ ਦੱਸਿਆ ਹੈ ਮੈਂ ਪਈ ਇਸ ਨੂੰ ਖਾਣ ਹੰਢਾਉਣ ਦੀ ਬੜੀ ਰੀਝ ਸੀ। ਬੀਬੀ ਦੇ ਤਨ ਦੇ ਬਸਤਰ ਤੇ ਟੂੰਬਾਂ ਕਢ ।
ਭੋਲੀ - ਕਪੜੇ ਲੱਤੇ ! ਟੂੰਬਾਂ ।
ਸੁੱਖਾ ਸਿੰਘ - ਇਹ ਚੰਗਾ ਡਾਕੂ ਜਿੰਨ ਚੰਬੜਿਆ ਸਾਨੂੰ।
ਜੋਗੀ - ਤੁਸੀਂ ਵੀ ਕਮਲੇ ਓ, ਕਿਹੜੀਆਂ ਦਲੀਲਾਂ ਵਿੱਚ ਪੈ ਗਏ ਓ । ਅਸੀਂ ਕਿਤੇ ਲੈ ਜਾਣੇ ਹਨ ਰਾਧਨਾ ਕਰਕੇ ਫੇਰ ਤੁਹਾਡੀ ਚੀਜ਼ ਤੁਹਾਡੇ ਕੋਲ ।
ਚੇਲਾ - ਜੋਗੀ, ਜਾਣ ਦੇ ਛਡ ਏਸ ਗਲ ਨੂੰ । ਮੈਂ ਤਾਂ ਆਖਿਆ ਸੀ ਪਈ ਜੇ ਵੈਰੀ ਗੁੜ ਦਿਤਿਆਂ ਮਰਦਾ ਹੋਵੇ ਤਾਂ ਮੋਹਰਾ ਦੇਣ ਦੀ ਲੋੜ ਨਹੀਂ। ਪਰ ਮੈਂ ਇਹਨੂੰ ਕਢ ਜ਼ਰੂਰ ਦੇਣਾ ਏਂ।
( ਜਿੰਨ ਨੂੰ ਪੁਕਾਰ ਕੇ )
ਵੇਖ, ਆਖੇ ਲਗ ਜਾ ਤੇ ਚੁਪ ਕਰਕੇ ਛਡ ਦੇ ਏਸ ਘਰ ਨੂੰ । ਜਿਦ ਨਾ ਕਰ । ਨਹੀਂ ਤਾਂ ਬੁਰਾ ਹਾਲ ਕਰੂੰਗਾ । ਮੈਂ ਵਡਿਆਂ ਵਡਿਆਂ ਤੋਂ ਨਕ ਨਾਲ ਲੀਕਾਂ ਕਢਾ ਛਡੀਆਂ ਤੇ ਤੂੰ ਕਿਹੜੇ ਬਾਗ ਦੀ ਮੂਲੀ ਏਂ ? ਚਲੀ ਜਾ, ਚਲੀ ਜਾ, ਲਗ ਜਾ ਮੇਰੇ ਆਖੇ ਨਹੀਂ ਤਾਂ ਯਾਦ ਰੱਖੀਂ ਗੁਰਜ ਫੇਰਾਂਗਾ ਤੇ ਗੁੱਤੋਂ ਫੜ ਕੇ ਘਸੀਟਾਂਗਾ।
(ਇਕ ਮੁਕਾ ਮਾਰਦਾ ਹੈ ਕੁੜੀ ਦੀਆਂ ਡਾਡਾਂ ਨਿਕਲ ਜਾਂਦੀਆਂ ਹਨ) ਅਜੇ ਹੁਣੇ ਈਂ, ਫੜਾਈਂ ਮੈਨੂੰ ਗੁਰਜ, ਜੋਗੀ ਜਰਾ ਇਹਦੀ ਭੁਗਤ ਸਵਾਰਾਂ । ਠੀਕ ਆਖਿਆ ਨੇ “ਵਿਗੜਿਆਂ ਤਿਗੜਿਆਂ ਦਾ ਡੰਡਾ ਪੀਰ”
( ਹੁਣ ਗੁਰਜ ਉਲਰਦਾ ਹੈ ਸੱਸ ਤੇ ਸੁੱਖਾ ਸਿੰਘ ਸਹਿਮੇ ਹੋਏ ਖੜੇ ਹਨ । ਉਨ੍ਹਾਂ ਵਲ ਤਕ ਤਕ ਕੇ ਇਕ ਗੁਰਜ ਗੁਰਾਂ ਦੇ ਟਿਕਾ ਦੇਂਦਾ ਹੈ - ਗੁਰਜ ਵੱਜਣ ਨਾਲ ਗੁਰਾਂ ਨੇ ਤਾਂ ਚੀਕਾਂ ਛਡ ਦਿਤੀਆਂ ਹਨ। ਨਾਲ ਸੱਸ ਦੀ ਵੀ ਚੀਕ ਨਿਕਲਦੀ ਹੈ - ਸੁਖਾ ਸਿੰਘ ਚੇਲੇ ਦੇ ਹੱਥੋਂ ਗੁਰਜ ਨੂੰ ਫੜਨ ਪੈਂਦਾ ਹੈ ਪਰ ਜੋਗੀ ਰੋਕਦਾ ਹੈ ।)
ਜੋਗੀ - ਘਾਬਰੋ ਨਹੀਂ - ਸੱਟ ਜੂ ਵਜਦੀ ਹੈ ਤਾਂ ਅੰਦਰਲੇ ਨੂੰ । ਕੁੜੀ ਨੂੰ ਨਹੀਂ । ਜੋ ਚੀਕਦਾ ਹੈ, ਕੁੜੀ ਨਹੀਂ।
ਭੋਲੀ - ਵੇ ਭਾਈ, ਵੇ ਚੇਲਾ, ਬਸ ਕਰ ਹੋਰ ਨਾ ਮਾਰੀਂ, ਕੁੜੀ ਮਰ ਜਾਏਗੀ ।
ਚੇਲਾ - ਮਾਤਾ, ਜੀ, ਏਡੀ ਛੇਤੀ ਛਡ ਦਿੱਤਾ ਈ । ਮੇਰੀ ਇਹਦੀ ਸਿਰ ਧੜ ਦੀ ਬਾਜੀ ਲਗ ਗਈ ਏ । ਇਹ ਜਿਦ ਕਰਦਾ ਹੈ ਤੇ ਸਿਰੜ ਮੈਂ ਵੀ ਨਹੀਂ ਛੱਡੀ। ਅਜ ਜਾਂ ਇਹ ਹੈ ਨਹੀਂ ਜਾਂ ਇਹ ... ...
ਭੋਲੀ - ਇਹ ਵਸਤਰ ਟੂੰਬਾਂ ਨਾਲ ਖੁਸ਼ ਹੁੰਦਾ ਏ ਤਾਂ ਉਹੋ ਹੀ ਦੇ। ਇਦਾਂ ਕੁੜੀ ਮੇਰੀ ਮਰ ਜਾਏਗੀ ।
ਸੁੱਖਾ ਸਿੰਘ - ਚਾੜ੍ਹ ਇਹਨੂੰ ਵੀ ਵੱਢੀ । ਹੁਣ ਫਸੀ ਨੂੰ ਫਟਕਣ ਕੀ ?
ਚੇਲਾ - ਚੌਧਰੀ, ਅਸੀਂ ਕੋਈ ਰਖ ਲੈਣੀਆਂ ਹਨ ? ਸਾਡੇ ਹੈਨ ਕਿਸ ਕੰਮ ? ਇਹ ਤਾਂ ਅਰਾਧਣਾ ਲਈ ਲੋੜੀਂਦੇ ਹਨ । ਅਸਾਂ ਆਪਣੀ ਮੌਖ ਵਖ ਲੈਣੀ ਹੈ, ਸਾਨੂੰ ਇਨ੍ਹਾਂ ਨਾਲ ਕੀ ?
( ਸੱਸ ਦੌੜਕੇ ਅੰਦਰੋਂ ਕਪੜੇ, ਗਹਿਣੇ ਕਢ ਲਿਆਉਂਦੀ ਹੈ, “ਵੇ ਚੇਲਾ ਜੀ, ਹੋਰ ਦਸ, ਹੁਣ ਮਾਰੀਂ ਨਾ” ।
ਜੋਗੀ - ਮਾਏ, ਅੱਗੇ ਈ ਕਿਹਾ ਹੈ ਕਿ ਜੇ ਵੈਰੀ ਗੁੜ ਦਿੱਤਿਆਂ ਮਰਦਾ ਹੈ ਤਾਂ ਮਹੁਰਾ ਦੇਣ ਦੀ ਲੋੜ ਨਹੀਂ।
( ਕਪੜਿਆਂ ਵਾਲੀ ਗੰਢੜੀ ਤੇ ਟੂੰਬਾਂ ਵਾਲੀ ਪੋਟਲੀ ਨੂੰ ਅੱਗੇ ਰਖ ਕੇ ਚੇਲਾ ਕੁਝ ਮੰਤਰ ਪੜ੍ਹਦਾ ਹੈ । ਗੁਰਾਂ ਦੇ ‘ਹਾਏ ਹਾਏ’ ਕਰਨ, ਰੋਣ ਤੇ ਉੱਚੇ ਉੱਚੇ ਹਾਉਕੇ ਲੈਣ ਦੀ ਆਵਾਜ਼ ਆਉਂਦੀ ਹੈ। ਇਸ ਵੇਲੇ ਬਾਹਰੋਂ ਇਕ ਠਮ-ਟਮ ਦੇ ਆ ਖੜੇ ਹੋਣ ਦੀ ਅਵਾਜ਼ ਆਉਂਦੀ ਹੈ ਤੇ ਸੁਰੈਣ ਸਿੰਘ ਅਮਦਰ ਆਉਂਦਾ ਹੈ। ਟਮ-ਟਮ ਵਾਲਾ ਸੂਟ ਕੇਸ ਤੇ ਬਿਸਤਰਾ ਛਡ ਕੇ ਪੈਸੇ ਮੰਗਦਾ ਹੈ ਪਰ ਸੁਰੈਣ ਸਿੰਘ ਉਹਨੂੰ ਜ਼ਰਾ ਠਹਿਰਨ ਲਈ ਆਖਦਾ ਹੈ ।)
ਸੁਰੈਣ ਸਿੰਘ -(ਗੁਰਾਂ ਨੂੰ ਰੋਂਦਿਆਂ ਸੁਣ ਕੇ ਤੇ ਜੋਗੀ ਚੇਲੋ ਦਾ ਤਮਾਸ਼ਾ ਵੇਖ ਕੇ) ਬਾਪੂ ਇਹ ਕੀ ? ਇਹ ਕੀ ਤਮਾਸ਼ਾ ਬਣਾਇਆ ਹੋਇਆ ਏ ? ਇਹ ਕੌਣ ਹੈਨ ।
ਭੋਲੀ - ਵੇ ਪੁੱਤਰ, ਬੋਲੀਂ ਨਾ, ਗੁਰਾਂ ਨੂੰ ਜਿੰਨ ਚੰਬੜਿਆ ਹੋਇਆ ਏ, ਤੇ ਚੇਲੇ ਹੋਰੀਂ ਕੱਢਣ ਲਗੇ ਨੇ।
ਸੁਰੈਣ ਸਿੰਘ - ਇਹ ਜਿੰਨ ਨਹੀਂ ਕੱਢਣ ਲੱਗੇ, ਉਹਦੀ ਜਿੰਦ ਕੱਢਣ ਲੱਗੇ ਨੇ ।
ਭੋਲੀ - ਵੇ ਬੱਚਾ, ਬੋਲੀਂ ਨਾ, ਚੁਪ ਕਰ ਜਾ, ਖੋਟੇ ਸਾਡੇ ਭਾਗ ਜੇ ਸਾਨੂੰ ਏਡੀ ਬਿਪਤਾ ਆਣਕੇ ਪਈ । ਨਿੱਕਾ ਵੀਹ ਦਿਨ ਹੋਏ, ਤੁਰ ਗਿਆ ।ਗੁਰਾਂ ਬੜੀ ਬੀਮਾਰ ਰਹੀ ਏ । ਦਵਾ ਦਾਰੂ ਬੜੇ ਕੀਤੇ । ਕੋਈ ਰੁਮਾਨ ਨਹੀਂ ਆਉਂਦਾ ਸੀ । ਪਰ ਆਉਂਦਾ ਕਿੱਥੋਂ ਉਹਨੂੰ ਤਾਂ ਜਿੰਨ ਚੰਬੜਿਆ ਹੋਇਆ ਏ।
ਗੁਰਾਂ - (ਸੱਟਾਂ ਦੀ ਪੀੜ ਨਾਲ ਰੋਂਦਿਆਂ ਹੋਇਆਂ) ਹਾਏ, ਹਾਏ, ਮੈਨੂੰ ਕੋਹ ਸੁਟਿਆ ਏ, ਮੁੱਕਿਆਂ ਤੇ ਗੁਰਜਾਂ ਨਾਲ। ਮੈਂ ਕੁਰਲਾਂਦੀ ਰਹੀ, ਮੇਰੀ ਕਿਸੇ ਨਹੀਂ ਸੁਣੀ ! ਹਾਏ ਮੇਰੀ ਅੰਮੜੀ।
ਭੋਲੀ - ਧੀਏ ਰਾਜੀ ਹੋ ਜਾਏਂਗੀ, ਜੇਰਾ ਕਰ। ਹਾਏ ਕੀ ਕਰੀਏ, ਕਵੱਲਾ ਦੁਖ ਜੁ ਲਗ ਗਿਆ ।
ਸੁਰੈਣ ਸਿੰਘ - ਮਾਂ, ਮਾਂ, ਇਹ ਕੀ ਕੀਤਾ ਤੂੰ ! ਬਗਾਨੀ ਧੀ ਏਦਾਂ ਮਰਵਾ ਸੁਟਣੀ ਸੀ । ਬਾਪੂ, ਤੂੰ ਤਾਂ ਸਿਆਣਾ ਸੀ, ਤੇਰੀ ਅਕਲ ਕਿੱਥੇ ਗਈ ? ਇਹ ਕੀ ਪਖੰਡ ਪਾਇਆ ਜੇ ।
ਸੁੱਖਾ ਸਿੰਘ - ਮੈਂ ਤਾਂ ਆਖ ਆਖ ਰਿਹਾ ਸਾਂ, ਪਈ ਨਿਰੇ ਪਖੰਡ ਹੈਗੇ ਨੇ ਪਰ ਇਹਨੇ ਜਿਦ ਕੀਤੀ।
ਭੋਲੀ - ਵੇ ਪੁੱਤਰ, ਦੁਖ ਦਿਆਂ ਮਾਰਿਆਂ ਅੱਕੀਂ ਪਲਾਹੀ ਬੰਦਾ ਹਥ ਮਾਰਦਾ ਈ ਏ।
ਜੋਗੀ - ਮਾਤਾ, ਘਰ ਸਦ ਕੇ ਸਾਡਾ ਏਡਾ ਨਿਰਾਦਰ ! ਮਹਾਂ ਬਲੀ ਦੀ ਕਰੋਪੀ ਤੋਂ ਕਿਤੇ ਢੋਈ ਨਹੀਂ, ਪਿੱਛੋਂ ਨਾ ਆਖਿਓ।
ਸੁਰੈਣ ਸਿੰਘ - ਚੁਪ ਕਰ ਕੇ ਨਠ ਜਾਓ ਜੇ ਭਲੀ ਚਾਹੁੰਦੇ ਓ।ਪਖੰਡੀ ਕਿਤੋਂ ਦੇ ।
ਭੋਲੀ - ਵੇ ਬਚਾ ਵੇਖੀਂ, ਕੌੜਾ ਫਿੱਕਾ ਨਾ ਬੋਲੀਂ ਚੇਲਾ ਕ੍ਰੋਧਵਾਨ ਨਾ ਹੋ ਜਾਏ। ਕੀ ਕਰਾਂਗੇ ਫੇਰ।
ਜੋਗੀ - ਵੇਖ, ਵੇਖ ਬੋਲ ਕਬੋਲ ਨਾ ਬੋਲ ਬਾਬੂ ।
ਸੁਰੈਣ ਸਿੰਘ - ਦਫਾ ਹੁੰਦੇ ਓ ਕਿ ਸਦਾਂ ਪੁਲੀਸ ਨੂੰ ?
ਚੇਲਾ - ਮੂੰਹ ਬੰਦ ਕਰ ਬਾਬੂ, ਨਹੀਂ ਤਾਂ ਪਛੋਤਾਵੇਂਗਾ। ਮਾਤਾ ਵਰਜ ਲੈ ਇਹਨੂੰ ਫੇਰ ਨਾ ਆਖੀਂ।
ਭੋਲੀ - ਵੇ ਪੁੱਤਰ, ਚੁਪ, ਹੁਣ ਬੋਲੀਂ ਨਾ।
ਸੁਰੈਣ ਸਿੰਘ - ਮੈਂ ਇਨ੍ਹਾਂ ਨੂੰ ਅੰਦਰ ਕਰਵਾ ਦੇਣਾ ਏ ਪਖੰਡੀਆਂ ਨੂੰ।
ਚੇਲਾ - ਚੁਪ ਪਾਪੀ, ਨਹੀਂ ਤਾਂ ਭਸਮ ਕਰ ਦਿਵਾਂਗਾ ਖੜੇ ਖਵੋਤੇ ।
ਭੋਲੀ - ਚੇਲਾ ਜੀ, ਦਯਾ ਕਰੋ, ਇਹ ਨਦਾਨ ਏ, ਬੱਚਾ ਏ ਤੁਹਾਡਾ। ਮੂਰਖ ਏ।
ਜੋਗੀ - ਮਾਤਾ, ਤੇਰੇ ਮੂੰਹ ਕੋ ਬਸ਼ਕ ਦਿੱਤਾ ਹੈ ਪਰ ਅਜੇ ਵੀ ਦੁਖ ਪਾਵੇਗਾ। ਚੇਲਾ ਜੀ ਕਾ ਹੁਕਮ ਹੈ ?
ਸੁਰੈਣ ਸਿੰਘ - ਨਿਕਲਦੇ ਓ ਕਿ ਧੱਕੇ ਖਾਣੇ ਜੇ।
ਚੇਲਾ - ਚਲੋ ਜੋਗੀ ਜੀ, ਦਿਓ ਮੈਨੂੰ ਭਿਬੂਤੀ ਜ਼ਰਾ । ਜੋਗੀ ਝੋਲੀ ਵਿੱਚੋਂ ਇਕ ਪੁੜੀ ਜਿਹੀ ਕੱਢ ਕੇ ਦਿੰਦਾ ਹੈ) ਹਛਾ ਬਾਬੂ ਕੀਤਾ ਪਾਵੇਂਗਾ ।(ਜਾਣ ਨੂੰ ਤਿਆਰ ਹਨ ਜੋਗੀ ਨੇ ਟੂੰਬਾਂ ਵਾਲੀ ਗੰਢ ਝੋਲੀ ਵਿੱਚ ਪਾ ਲਈ ਹੈ- ਚੇਲਾ ਹੱਥ ਦੀ ਤਲੀ ਉਤੇ ਥੋੜ੍ਹੀ ਜਿਹੀ ਭਬੂਤ ਰਖ ਕੇ ਸੁਰੈਣ ਸਿੰਘ ਵਲ ਮੂੰਹ ਦੀ ਫੂਕ ਨਾਲ ਉਡਾਉਂਦਾ ਹੈ) ਹੋ, ਹੋ, ਮਹਾਂਬਲੀ ਕਰ ਦੇ ਉਪਰ ਥਲੀ । ਤੇਰੀ ਕੀਤੀ ਕਦੀ ਨਾ ਟਲੀ, ਬਾਬੂ ਰੁਲਦਾ ਗਲੀ ਗਲੀ ।
( ਸੁਰੈਣ ਸਿੰਘ ਨੂੰ ਗੁੱਸਾ ਚੜ੍ਹਦਾ ਹੈ ਤੇ ਉਹ ਉਨ੍ਹਾਂ ਦੇ ਪਿਛੇ ਦਰਵਾਜ਼ੇ ਤਕ ਜਾ ਕੇ ਧਕਾ ਦੇਂਦਾ ਹੈ- ਭੋਲੀ ਕਪੜਿਆਂ ਦੀ ਗੰਢਣੀ ਨੂੰ ਸਾਂਭਦੀ ਹੈ ਤੇ ਟੂੰਬਾਂ ਵਾਲੀ ਗੰਢ ਨੂੰ ਨਾ ਵੇਖ ਕੇ ।)
ਭੋਲੀ - ਸੁਰੈਣੇ ਦੇ ਬਾਪੂ, ਟੂੰਬਾਂ ਨਹੀਂ ਲੱਭਦੀਆਂ, ਉਨ੍ਹਾਂ ਦੇ ਪਿਛੇ ਹੋ ਤੇ ਪਤਾ ਲੈ, ਵੇ ਕਾਕਾ, ਤੂੰ ਵੀ ਭੱਜ, ਫੜ ਉਨ੍ਹਾਂ ਨੂੰ ।
ਸੁੱਖਾ ਸਿੰਘ - ਮੈਂ ਲਿਆਉਣਾ ਆਂ (ਜਾਂਦਾ ਹੈ) ਓ ਚੇਲਾ ਜੀ, ਓ ਚੇਲਾ ਜੀ, ਓ ਜੋਗੀ, ਓ ਜੋਗੀ ।
ਭੋਲੀ - ਹਾਏ ਵੇ ਲੋਕੋ ਅਸੀਂ ਲੁੱਟੇ ਗਏ ! ਕਾਕਾ, ਫੜ ਉਨ੍ਹਾਂ ਨੂੰ ।
ਸੁਰੈਣ ਸਿੰਘ - ਮਾਂ ਗੁਰਾਂ ਨੂੰ ਹਸਪਤਾਲ ਲੈ ਜਾਵਾਂ, ਖ਼ਬਰ ਏ ਬਚ ਈ ਜਾਏ । (ਵਾਜ ਮਾਰਦਾ ਏ) ਓਏ ਟਮ ਟਮ ਵਾਲੇ, ਓਏ ਟਮ ਟਮ ਵਾਲੇ ।
( ਸੁਰੈਣ ਸਿੰਘ ਬਾਹਿਰ ਚਲਾ ਜਾਂਦਾ ਹੈ - ਭੋਲੀ ਹੈਰਾਨ ਪਰੇਸ਼ਾਨ ਹਥ ਚੁਕੀ ਖੜੀ ਹੈ “ਹਾਏ ਵੇ ਰੱਬਾ, ਟੂੰਬਾਂ ਕਿਥੋਂ ਲਭਣਗੀਆਂ।” ਏਸ ਵੇਲੇ ਬੁਢੀ ਗੁਆਂਢਣ ਇਕ ਹੋਰ ਗੁਆਂਢਣ ਨੂੰ ਲਈ ਆ ਵੜਦੀ ਹੈ ।)
ਬੁੱਢੀ ਗੁਆਂਢਣ - ਏ ਵੇਖੇਂ ਨਾ ਭੋਲੀ, ਇਹ ਬੜੇ ਤਰਲੇ ਕਰਦੀ ਸੀ। ਤਾਂ ਮੈਂ ਲੈ ਆਈ।
ਦੂਜੀ ਗੁਆਂਢਣ - ਮੇਰਾ ਭਤਰੀਆ ਘਰੋਂ ਨਿਕਲ ਗਿਆ ਏ। ਏਨਾਂ ਪਤਾ ਕਰ ਦੇ ਪਈ ਕਿਹੜੀ ਕੂਟੇ ਗਿਆ ਏ।
ਭੋਲੀ - ਹਾਏ ਨੀ ਭੈਣਾਂ, ਚੇਲਾ ਲੁਟ ਕੇ ਲੈ ਗਿਆ । ਕੋਈ ਦੱਸੋ ਕਿਹੜੀ ਕੂਟੇ ਗਿਆ ਏ ਨੀ ?
ਦੋਵੇਂ ਗੁਆਂਢਣਾਂ - ਹਾਏ ਹਨੇਰੀ ਨੀ !
( ਪਰਦਾ )