Jivandaati (Russian Story in Punjabi) : Nikolai Chukovsky
ਜੀਵਨਦਾਤੀ (ਰੂਸੀ ਕਹਾਣੀ) : ਨਿਕੋਲਾਈ ਚੂਕੋਵਸਕੀ
ਮੈਂ ਅਜੇ ਵੀ ਆਪਣੇ ਆਪ ਨੂੰ ਠੀਕ-ਠਾਕ ਮਹਿਸੂਸ ਕਰਦਾ ਸਾਂ, ਬਸ ਚੰਗੀ ਤਰ੍ਹਾਂ ਵਿਖਾਈ ਨਹੀਂ ਸੀ ਦੇਂਦਾ। ਕਿਸੇ-ਕਿਸੇ ਵੇਲੇ ਲਾਂਬੂ ਛੱਡਦੇ ਦੰਦੇਦਾਰ ਚੱਕਿਆਂ ਦੀਆਂ ਤੇ ਲਾਲ-ਸੁਨਹਿਰੀ ਜੁਮੈਟਰੀ ਦੀਆਂ ਸ਼ਕਲਾਂ ਮੇਰੀ ਨਜ਼ਰ ਨੂੰ ਧੁੰਦਲਾ ਦੇਂਦੀਆਂ। ਫੇਰ ਇਹ ਚੱਕੇ ਬੱਗੇ ਚਿੱਟੇ ਹੋ ਜਾਂਦੇ, ਸ਼ਕਲਾਂ ਲੋਪ ਹੋ ਜਾਂਦੀਆਂ ਤੇ ਮੈਨੂੰ ਸਭ ਕੁਝ ਪਹਿਲਾਂ ਵਾਂਗ ਹੀ ਨਜ਼ਰ ਆਉਣ ਲੱਗ ਪੈਂਦਾ। ਇਕ ਅਲਾਮਤ ਹੋਰ ਵੀ ਸੀ : ਗਸ਼ ਪੈ ਜਾਣੀ।ਅਚਨਚੇਤ ਹੀ ਮੈਂ ਪੌੜੀਆਂ ਵਿਚ ਆ ਜਾਂਦਾ ਤੇ ਮੈਨੂੰ ਇਹ ਬਿਲਕੁਲ ਯਾਦ ਨਹੀਂ ਸੀ ਰਹਿੰਦਾ ਕਿ ਮੈਂ ਓਥੇ ਕਿਵੇਂ ਗਿਆ ਸਾਂ ਜਾਂ ਮੈਂ ਕਿੱਧਰ ਜਾ ਰਿਹਾ ਸਾਂ। ਕਈ ਲੋਕਾਂ ਦਾ ਖਿਆਲ ਹੈ ਕਿ ਭੁੱਖੇ ਰਹਿਣ ਨਾਲ ਹਾਬੜ ਵੱਧਦੀ ਹੈ। ਹਾਬੜ ਅਸਲ ਵਿਚ ਸ਼ੁਰੂ-ਸ਼ੁਰੂ ਵਿਚ ਹੀ ਹੁੰਦੀ ਹੈ। ਮਗਰੋਂ ਤਾਂ ਢਿੱਡ ਖਾਲੀ ਹੋਣ ਦਾ ਅਕਾਊਂ ਤੇ ਫਿੱਕਾ ਜਿਹਾ ਅਹਿਸਾਸ ਹੀ ਰਹਿ ਜਾਂਦਾ ਹੈ। ਮੈਨੂੰ ਭੁੱਖਿਆਂ ਰਹਿਣ ਦੀ ਆਦਤ ਹੋ ਗਈ ਸੀ ਤੇ ਮੇਰੇ ਮਾਤਹਿਤ ਕੰਮ ਕਰਨ ਵਾਲਿਆਂ ਨੂੰ ਇਹ ਪਤਾ ਨਹੀਂ ਸੀ ਲੱਗਣਾ ਚਾਹੀਦਾ ਕਿ ਮੇਰੀਆਂ ਅੱਖਾਂ ਅੱਗੇ ਚੱਕੇ ਨੱਚਦੇ ਰਹਿੰਦੇ ਹਨ ਤੇ ਮੈਨੂੰ ਗਸ਼ ਪੈ ਜਾਂਦੀ ਹੈ।
ਇਹ ਉਹਨਾਂ ਦੀ ਖਾਤਰ ਹੀ ਸੀ ਕਿ ਮੈਂ ਹਵਾਈ ਹਮਲੇ ਤੋਂ ਬਚਣ ਵਾਲੀ ਥਾਂ ਹੇਠਾਂ ਤਹਿਖਾਨੇ ਵਿਚ ਗਿਆ।ਜੇ ਮੈਂ ਆਪ ਨਾ ਜਾਂਦਾ ਤਾਂ ਉਹਨਾਂ ਨੇ ਵੀ ਹੇਠਾਂ ਨਹੀਂ ਸੀ ਜਾਣਾ। ਉਹਨਾਂ ਦਾ ਖਿਆਲ ਸੀ ਕਿ ਜੇ ਬੰਬ ਸਿਰ ਉੱਤੇ ਆ ਡਿੱਗੇ ਤਾਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਮਕਾਨ ਦੇ ਉੱਪਰ ਹਾਂ, ਮਕਾਨ ਦੇ ਅੰਦਰ ਹਾਂ ਜਾਂ ਮਕਾਨ ਦੇ ਹੇਠਾਂ। ਮੈਂ ਵੀ ਇਸ ਤਰ੍ਹਾਂ ਹੀ ਸੋਚਦਾ ਸਾਂ। ਪਰ ਹਵਾਈ ਹਮਲੇ ਦੀ ਮਾਰ ਤੋਂ ਬਚਣ ਲਈ ਹੇਠਾਂ ਪਨਾਹਗਾਹ ਵਿਚ ਨਾ ਜਾਣਾ ਨੇਮ ਤੋੜਨ ਵਾਲੀ ਗੱਲ ਸੀ।ਮੈਂ ਨੇਮ ਨਹੀਂ ਤੋੜ ਸਕਦਾ ਸਾਂ।
ਹੇਠਾਂ ਤਹਿਖਾਨੇ ਵਿਚ ਨਿੱਘ ਤੇ ਸਿੱਲ੍ਹ ਸੀ। ਦੋ ਦਿਨ ਤੋਂ ਬਿਜਲੀ ਨਹੀਂ ਸੀ ਤੇ ਭੋਰੇ ਵਿਚ ਮਿੱਟੀ ਦੇ ਤੇਲ ਦੀ ਲੈਂਪ ਦੀ ਪੀਲੀ ਜਿਹੀ ਲਾਟ ਦਾ ਹੀ ਚਾਨਣ ਸੀ। ਲੈਂਪ ਦੀ ਚਿਮਨੀ ਗ਼ਾਇਬ ਸੀ। ਕਾਲਖ਼ ਨਾਲ ਸਾਡਾ ਮੂੰਹ ਮੱਥਾ ਮੈਲਾ ਹੋ ਗਿਆ ਸੀ ਤੇ ਹਰ ਇਕ ਦੀਆਂ ਅੱਖਾਂ ਵਿਚ ਨਿੱਕੀ ਜਿਹੀ ਪੀਲੀ ਲਾਟ ਦਾ ਪਰਛਾਵਾਂ ਸੀ। ਜਦੋਂ ਕਿਤੇ ਬੰਬ ਡਿੱਗਦਾ ਤਾਂ ਲੈਂਪ ਵਿਚ ਵੀ ਤੇ ਸਾਡੀਆਂ ਅੱਖਾਂ ਵਿਚ ਵੀ ਇਹ ਲਾਟ ਕੰਬ ਉੱਠਦੀ। ਇਕ ਲਾਊਡ ਸਪੀਕਰ ਲੱਗਾ ਹੋਇਆ ਸੀ ਜਿਹੜਾ ਓਨਾ ਚਿਰ ਟਿਕ-ਟਿਕ ਕਰਦਾ ਰਹਿੰਦਾ ਜਿੰਨਾ ਚਿਰ ਖਤਰੇ ਦਾ ਘੁੱਗੂ ਵਜਦਾ ਰਹਿੰਦਾ ਸੀ।ਇਸ ਟਿਕ-ਟਿਕ ਨਾਲ ਮੈਨੂੰ ਸਿਲ੍ਹੇ ਤੇ ਤਿਲਕਵੇਂ ਫੱਟੇ ਉੱਤੇ ਵੀ ਨੀਂਦ ਆ ਜਾਂਦੀ ਜੇਕਰ ਆਂਗੇਲੀਨਾ ਇਵਾਨੋਵਨਾ ਨਾ ਹੁੰਦੀ ਜਿਹੜੀ ਮੁੜ-ਮੁੜ ਇਕੋ ਗੱਲ ਕਹਿੰਦੀ ਰਹਿੰਦੀ ਸੀ – ਉਹ ਕੇਡੀ ਲਿੱਸੀ ਹੋ ਗਈ ਸੀ। ਇਹ ਠੀਕ ਹੈ ਕਿ ਦੋ ਮਹੀਨੇ ਪਹਿਲਾਂ, ਜਦੋਂ ਮੈਂ ਇਹ ਤਹਿਖਾਨਾ ਪਹਿਲੀ ਵਾਰੀ ਵੇਖਿਆ ਸੀ, ਉਹ ਕੱਕੇ ਵਾਲਾਂ ਤੇ ਗਦਰਾਏ ਹੋਏ ਬਦਨ ਵਾਲ਼ੀ ਔਰਤ ਸੀ। ਤੇ ਹੁਣ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਉਹਦਾ ਸਰੀਰ ਕੋਈ ਖਾਲੀ ਬੋਰੀ ਹੋਵੇ। ਉਹ ਬਾਰ-ਬਾਰ ਕਹਿੰਦੀ ਕਿ ਹੁਣ ਉਹਦੇ ਕੱਪੜੇ ਉਹਦੇ ਵਾਸਤੇ ਬਹੁਤ ਵੱਡੇ ਹਨ ਤੇ ਉਹ ਦੂਜੀਆਂ ਔਰਤਾਂ ਨੂੰ ਆਪਣਾ ਬਦਨ ਟੋਹ ਕੇ ਵੇਖਣ ਲਈ ਮਜ਼ਬੂਰ ਕਰਦੀ।ਉਹਦਾ ਪੱਕਾ ਯਕੀਨ ਸੀ ਕਿ ਉਹ ਛੇਤੀ ਹੀ ਮਰ ਜਾਏਗੀ ਤੇ ਉਹ ਗਿਲੇ ਸ਼ਿਕਵੇ ਕਰਦੀ ਤੇ ਉਹਦੇ ਸਿਰ ਦੇ ਕੁੰਡਲ ਮੱਥੇ ਉੱਤੇ ਆ ਡਿੱਗਦੇ।
ਫੇਰ ਉਹ ਦੱਸਣ ਲਗਦੀ ਕਿ ਸਾਡਾ ਚੌਂਕੀਦਾਰ ਕਿਵੇਂ ਮਰਿਆ ਸੀ। ਇਸ ਬਾਬਤ ਸਾਰਿਆਂ ਨੂੰ ਪਹਿਲਾਂ ਹੀ ਪਤਾ ਸੀ। ਮੈਂ ਉਸ ਨੂੰ ਵੇਖਿਆ ਸੀ ਕਿ ਮੈਨੇਜਰ ਦੇ ਦਫ਼ਤਰ ਵਿਚ ਲੱਕੜ ਦੇ ਬੈਂਚ ਉੱਤੇ ਬੈਠਾ ਹੀ ਮਰ ਗਿਆ ਸੀ। ਵੱਡੇ ਸਾਰੇ ਨਵੇਂ ਨਕੋਰ ਨਮਦੇ ਦੇ ਬੂਟ ਪਾ ਕੇ ਉਸ ਨੇ ਆਪਣੇ ਪੈਰ ਲੋਹੇ ਦੀ ਅੰਗੀਠੀ ਵੱਲ ਪਸਾਰੇ ਹੋਏ ਸਨ। ਬੀਤੀ ਰਾਤ ਉਹ ਆਪਣੇ ਆਪ ਨੂੰ ਨਿੱਘਾ ਕਰਨ ਲਈ ਅੰਦਰ ਆਇਆ ਸੀ ਤੇ ਉਹ ਐਸਾ ਸੁੱਤਾ ਕਿ ਮੁੜ ਨਹੀਂ ਜਾਗਿਆ।
ਇਸ ਪਨਾਹਗਾਹ ਵਿਚ ਕੋਈ ਪੰਜਾਹ ਬੰਦੇ ਸਨ ਅਤੇ ਆਂਗੇਲੀਨਾ ਇਵਾਨੋਵਨਾ ਤੋਂ ਬਗੈਰ ਸਭ ਖਾਮੋਸ਼ ਸਨ।ਉਸ ਦੀ ਸੋਗ ਭਰੀ ਲੁਤਰ-ਲੁਤਰ ਬਰਦਾਸ਼ਤ ਨਹੀਂ ਸੀ ਹੁੰਦੀ ਪਰ ਇਸ ਤੋਂ ਛੁਟਕਾਰਾ ਨਹੀਂ ਸੀ ਪਾਇਆ ਜਾ ਸਕਦਾ। ਮੈਨੂੰ ਉਮੀਦ ਸੀ ਕਿ ਉਹ ਥੱਕ ਜਾਵੇਗੀ ਤੇ ਪਲ ਕੁ ਵਾਸਤੇ ਮੂੰਹ ਬੰਦ ਕਰ ਲਵੇਗੀ। ਅਖੀਰ ਜਦੋਂ ਉਹ ਪਲ ਆਇਆ ਤਾਂ ਇਕ ਕੁੜੀ ਨੇ ਗੂੰਜਦੀ ਅਵਾਜ਼ ਵਿਚ ਆਖਿਆ:
“ਬੰਬ ਏਥੇ ਨਹੀਂ ਵਰ੍ਹ ਰਹੇ, ਨੇਵਾ ਦੇ ਪਾਰ ਵਰ੍ਹਦੇ ਨੇ।ਏਥੇ ਕਿਉਂ ਬੈਠੇ ਰਹੀਏ, ਆਓ ਕੋਠੇ ’ਤੇ ਚਲੀਏ।"
ਮੈਂ ਨਜ਼ਰਾਂ ਉੱਪਰ ਕੀਤੀਆਂ ਅਤੇ ਮੈਨੂੰ ਲੋਹੇ ਦੇ ਬੰਦ ਦਰਵਾਜ਼ੇ ਦੇ ਕੋਲ ਚਿੱਟੀ ਗਰਮ ਸ਼ਾਲ ਲਈ ਖਲੋਤੀ ਇਕ ਕੁੜੀ ਵਿਖਾਈ ਦਿੱਤੀ। ਅਸਲ ਵਿਚ ਮੈਂ ਹਨੇਰੇ ਵਿਚ ਸਿਰਫ ਚਿੱਟੀ ਸ਼ਾਲ ਹੀ ਵੇਖੀ ਸੀ ਤੇ ਬੱਸ।ਮੈਂ ਤੁਰੰਤ ਭੁੜਕ ਕੇ ਖੜਾ ਹੋ ਗਿਆ।
ਕਿਉਂਕਿ ਮੈਨੂੰ ਬੇਹੋਸ਼ੀ ਦੇ ਦੌਰੇ ਪੈ ਜਾਂਦੇ ਸਨ, ਇਸ ਲਈ ਮੈਂ ਪੂਰੇ ਗੁੰਦਵੇਂ ਸੰਸਾਰ ਵਿਚ ਨਹੀਂ, ਸਗੋਂ ਟੋਟੇ-ਟੋਟੇ ਹੋਏ ਜਗਤ ਵਿਚ ਰਹਿੰਦਾ ਸਾਂ। ਅੱਜ ਕਲ੍ਹ ਕਈ ਦਿਨਾਂ ਤੋਂ ਇਹ ਕੂਲੇ ਚਿੱਟੇ ਸ਼ਾਲ ਵਾਲੀ ਕੁੜੀ ਇਸ ਦੁਨੀਆਂ ਵਿਚ ਮੌਜੂਦ ਸੀ। ਹਮੇਸ਼ਾ ਹਨੇਰੇ ਵਿਚ ਤੇ ਹਮੇਸ਼ਾ ਅਚਨਚੇਤ ਹੀ ਮੇਰਾ ਉਹਦੇ ਨਾਲ ਟਾਕਰਾ ਹੋ ਜਾਂਦਾ।ਉਹ ਵਿਹੜੇ ਵਿਚ ਜਾਂ ਪੌੜੀਆਂ ਵਿਚ ਅਚਾਨਕ ਮੇਰੇ ਅੱਗੋਂ ਦੀ ਲੰਘਦੀ। ਮੈਨੂੰ ਉਹਦੇ ਸਿਰ ਅਤੇ ਮੋਢਿਆਂ ਉੱਤੇ ਲਈ ਹੋਈ ਸਿਰਫ ਸ਼ਾਲ ਹੀ ਨਜ਼ਰ ਆਉਂਦੀ ਸੀ ਅਤੇ ਇਹ ਧੁੰਦਲਕੇ ਵਿਚ ਉੱਡਦੀ ਜਾਂਦੀ ਜਾਪਦੀ ਸੀ। ਮੇਰਾ ਜੀਅ ਕਰਦਾ ਕਿ ਉਹਦੇ ਮਗਰ ਦੌੜਾਂ ਤੇ ਉਹਦਾ ਚਿਹਰਾ ਵੇਖਾਂ, ਪਰ ਖਿਆਲ ਅਜੇ ਮੇਰੇ ਮਨ ਵਿਚ ਆਉਂਦਾ ਹੀ ਕਿ ਸ਼ਾਲ ਕਿਸੇ ਨੁੱਕਰ ਵਿਚ ਗਾਇਬ ਹੋ ਜਾਂਦੀ ਜਾਂ ਸਿਰਫ ਹਨੇਰੇ ਵਿਚ ਘੁਲਮਿਲ ਜਾਂਦੀ। ਜਿਉਂ ਹੀ ਮੈਂ ਉਸ ਨੂੰ ਤਹਿਖਾਨੇ ਵਿਚ ਵੇਖਿਆ, ਮੈਂ ਭੁੜਕ ਕੇ ਖੜ੍ਹਾ ਹੋਇਆ ਤੇ ਉਹਦੇ ਵੱਲ ਵਧਿਆ। ਪਰ ਉਹ ਤਾਂ ਕਿਧਰੇ ਖਿਸਕ ਗਈ ਹੋਈ ਸੀ।
ਮੈਂ ਜਲਦੀ ਨਾਲ ਪਿੱਛੇ ਮੁੜ ਕੇ ਵੇਖਿਆ।ਕੰਪੋਜ਼ੀਟਰ ਸੁਮਾਰੋਕੋਵ ਫੱਟੇ ਉੱਤੇ ਸੁੱਤਾ ਪਿਆ ਸੀ। ਉਹਨੇ ਜਹਾਜ਼ੀਆਂ ਵਾਲੀ ਪਤਲੂਣ ਪਾਈ ਹੋਈ ਸੀ ਤੇ ਲੱਤਾਂ ਚੌੜੀਆਂ ਕੀਤੀਆਂ ਹੋਈਆਂ ਸਨ। ਉਹਦੀ ਇਕ ਲੱਤ ਵਿੰਗੀ ਸੀ ਤੇ ਗੋਡੇ ਤੋਂ ਮੁੜਦੀ ਨਹੀਂ ਸੀ। ਛਾਪਕ ਤਸਵੇਤਕੋਵ ਵੀ ਸੁੱਤਾ ਹੋਇਆ ਸੀ। ਮੈਂ ਵਾਹੋਦਾਹੀ ਤਹਿਖਾਨੇ ਵਿਚੋਂ ਬਾਹਰ ਆ ਗਿਆ।
ਮੈਂ ਲੋਹੇ ਦਾ ਦਰਵਾਜ਼ਾ ਮਸਾਂ ਬੰਦ ਕੀਤਾ ਹੀ ਸੀ ਕਿ ਅਸਮਾਨ ਵਿਚ ਹਵਾ ਮਾਰ ਗੋਲੇ ਦੀ ਤੜ-ਤੜ ਹੋਈ। ਵਿਹੜੇ ਦੇ ਚੁਫੇਰੇ ਚਾਰ ਛੇ-ਮੰਜ਼ਲੀਆਂ ਕੰਧਾਂ ਸਨ ਜਿਨ੍ਹਾਂ ਦੀਆਂ ਖਿੜਕੀਆਂ ਵਿਚ ਹਨੇਰਾ ਸੀ। ਸਭ ਪਾਸੇ ਘੁੱਪ ਹਨੇਰਾ ਸੀ ਤੇ ਸਿਰਫ ਅਸਮਾਨ ਦੀ ਇਕ ਚੌਕੋਰ ਚਿੱਪਰ ਹੀ ਲਿਸ਼ਕਾਰਿਆਂ ਨਾਲ ਚਮਕ ਰਹੀ ਸੀ । ਮੈਂ ਹਨੇਰੇ ਨੂੰ ਘੂਰਦਿਆਂ ਤੇ ਇਹ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰਦਿਆਂ ਚੁਫੇਰੇ ਨਜ਼ਰ ਦੌੜਾਈ ਕਿ ਕੁੜੀ ਕਿੱਧਰ ਗਈ ਹੈ। ਸਾਡੇ ਬਲਾਕ ਦੇ ਅੰਦਰ ਆਉਣ ਲਈ ਕਈ ਦਰਵਾਜ਼ੇ ਸਨ।ਮੈਂ ਇਕ ਝਲਕ ਵੇਖਿਆ ਕਿਵੇਂ ਚਿੱਟੀ ਸ਼ਾਲ ਚੋਰਾਂ ਵਾਂਗ ਦਰਵਾਜ਼ੇ ਅੰਦਰ ਗਾਇਬ ਹੋ ਗਈ ਸੀ।
ਅਸੀਂ ਦੋਵੇਂ ਦੌੜ ਕੇ ਪੌੜੀਆਂ ਚੜ੍ਹਨ ਲੱਗੇ। ਉਹ ਇਕ ਮੰਜ਼ਲ ਦੀਆਂ ਪੌੜੀਆਂ ਮੇਰੇ ਨਾਲੋਂ ਅੱਗੇ ਸੀ।ਹਵਾ-ਮਾਰ ਗੋਲਿਆਂ ਦੀ ਤੜ-ਤੜ ਵਿਚ ਵੀ ਪੌੜੀਆਂ ਵਿਚ ਉਹਦੀ ਉੱਚੀ ਅੱਡੀ ਦੀ ਠੱਕ-ਠੱਕ ਸੁਣਾਈ ਦੇ ਰਹੀ ਸੀ। ਸ਼ਾਲ ਪਲ ਦੀ ਪਲ ਮੈਨੂੰ ਓਦੋਂ ਦਿੱਸਦੀ ਜਦੋਂ ਉਹ ਪੌੜੀਆਂ ਮੁੜਦੀ। ਇਕ ਰਾਕਟ ਨਾਲ ਪੌੜੀਆਂ ਦੀ ਇਕ ਖਿੜਕੀ ਵਿਚ ਚਾਨਣ ਹੋਇਆ, ਅਤੇ ਉਸ ਦੀ ਹਨੇਰੀ ਪਤਲੀ ਸੂਰਤ ਦਾ ਇਕ ਪਾਸਾ ਚਮਕ ਪਿਆ। ਦਿਨ ਵੇਲੇ ਜਦੋਂ ਮੈਂ ਕੁਝ ਕਦਮ ਹੀ ਤੁਰਦਾ ਤਾਂ ਮੈਨੂੰ ਚੱਕਰ ਆਉਣ ਲੱਗ ਪੈਂਦੇ ਸਨ। ਪਰ ਹੁਣ ਮੈਂ, ਇਕੋ ਵੇਲੇ ਕਈ ਪੌੜੀਆਂ ਚੜ੍ਹ ਆਇਆ ਸਾਂ, ਪਰ ਮੈਨੂੰ ਇਸ ਨਾਲ ਕੋਈ ਥਕਾਵਟ ਨਹੀਂ ਸੀ ਹੋਈ। ਮੈਨੂੰ ਆਪਣਾ ਆਪ ਹਲਕਾ-ਹਲਕਾ ਮਹਿਸੂਸ ਹੋ ਰਿਹਾ ਸੀ, ਜਿਵੇਂ ਕੋਈ ਫੁੱਲ ਹੋਵੇ। ਮੈਂ ਏਨਾ ਤੇਜ਼- ਤੇਜ਼ ਦੌੜਿਆ ਕਿ ਮੈਂ ਉਸ ਨੂੰ ਤੀਜੀ ਜਾਂ ਚੌਥੀ ਮੰਜ਼ਲ ਉੱਤੇ ਜਾ ਮਿਲਿਆ।
“ਮੈਨੂੰ ਪਤਾ ਏ ਤੁਸੀਂ ਕੌਣ ਓ,” ਉਸ ਦੌੜੀ ਜਾਂਦੀ ਨੇ ਕਿਹਾ।“ਤੁਸੀਂ ਸੰਪਾਦਕ ਓ।”
“ਠੀਕ ਹੈ,” ਮੈਂ ਜਵਾਬ ਦਿੱਤਾ।“ਮੈਂ ਸੰਪਾਦਕ ਹਾਂ। ਤੇ ਤੁਸੀਂ ਕੌਣ ਹੋ ?”
“ਬਸ ਇਕ ਕੁੜੀ।”
ਮੈਂ ਉਸ ਦੀ ਅਵਾਜ਼ ਤੇ ਬੱਚਿਆਂ ਵਰਗੀ ਫੁਰਤੀ ਤੋਂ ਅੰਦਾਜ਼ਾ ਲਾਇਆ ਕਿ ਉਹ ਪੰਦਰਾਂ ਵਰ੍ਹਿਆਂ ਤੋਂ ਵੱਧ ਉਮਰ ਦੀ ਨਹੀਂ।
“ਤੁਹਾਡਾ ਨਾਂ ਕੀ ਹੈ ??”
“ਅਲੇਕਸਾਂਦਰਾ।"
“ਸਾਸ਼ਾ ?”
“ਨਹੀਂ, ਆਸਿਯਾ।”
“ਸੋਹਣਾ ਹੈ।”
“ਕੀ ਸੋਹਣਾ ?”
“ਤੁਹਾਡਾ ਨਾਂ, ਆਸਿਯਾ।”
ਉਹ ਕੁਝ ਨਹੀਂ ਬੋਲੀ, ਬਸ ਭੱਜਦੀ ਗਈ। ਇਕ ਮੰਜ਼ਿਲ ਦੀਆਂ ਪੌੜੀਆਂ ਹੋਰ ਚੜ੍ਹ ਗਈ।ਬਿਨਾਂ ਪਿੱਛੇ ਵੇਖਿਆਂ ਉਸ ਨੇ ਪੁੱਛਿਆ:
“ਪਤਲੂਣ ਵਾਲਾ ਲੰਗੜਾ ਮੁੰਡਾ ਤੁਹਾਡੇ ਕੋਲ ਕੰਮ ਕਰਦਾ ਏ ?”
“ਹਾਂ,” ਮੈਂ ਆਖਿਆ।“ਉਹਦਾ ਨਾਂ ਸੁਮਾਰੋਕੋਵ ਹੈ। ਉਹਦੀ ਹਾਲਤ ਖ਼ਰਾਬ ਹੈ।”
“ਖ਼ਰਾਬ ਏ ?”
“ਹਾਂ।” ਉਹ ਛੇਤੀ ਹੀ ਮਰ ਜਾਏਗਾ।”
“ਉਹ ਨਹੀਂ ਮਰਦਾ,” ਉਹਨੇ ਆਖਿਆ। "ਮੈਂ ਉਹਦੇ ਨਾਲ ਗੱਲ ਕਰਾਂਗੀ।” ਮੈਂ ਹੱਸ ਪਿਆ।
“ਗੱਲ ਕਰ ਕੇ ਮਰਨੋਂ ਬਚਾ ਲਓਗੇ ?”
“ਬਚਾ ਲਵਾਂਗੀ,” ਉਸ ਨੇ ਹੱਸਿਆਂ ਬਗ਼ੈਰ ਜਵਾਬ ਦਿੱਤਾ।“ਮੈਂ ਤੁਹਾਡੇ ਛਾਪੇਖਾਨੇ ਆ ਸਕਦੀ ਆਂ ?"
“ਕਿਉਂ ਨਹੀਂ।”
“ਆਂਗੇਲੀਨਾ ਇਵਾਨੋਵਨਾ ਵੀ ਤੁਹਾਡੇ ਕੋਲ ਆਉਂਦੀ ਏ ?”
“ਆਉਂਦੀ ਹੈ।”
“ਉਸ ਨੂੰ ਨਹੀਂ ਆਉਣ ਦੇਣਾ ਚਾਹੀਦਾ। ਉਹਨੇ ਮੇਰੇ ਸਾਰੇ ਲੋਕ ਮਾਰ ਦਿੱਤੇ।” ਤੇ ਲਾਟਾਂ ਛੱਡਦੇ ਚੱਕੇ ਮੇਰੀਆਂ ਅੱਖਾਂ ਅੱਗੇ ਘੁੰਮਣ ਲੱਗੇ ਤੇ ਮੇਰੇ ਕੰਨਾਂ ਵਿਚ ਲਹੂ ਸਾਂ- ਸਾਂ ਕਰਨ ਲੱਗਾ ਜਿਵੇਂ ਕੋਈ ਆਬਸ਼ਾਰ ਗੂੰਜਦੀ ਹੋਵੇ।
ਜਦੋਂ ਮੈਨੂੰ ਸੁਰਤ ਆਈ, ਤਾਂ ਮੈਂ ਗਲਿਆਰੇ ਵਿਚ ਕੰਧ ਨਾਲ ਢਾਸਣਾ ਲਾਈ ਹਨੇਰੇ ਵਿਚ ਖੜ੍ਹਾ ਸਾਂ।
“ਹੁਣੇ ਹਟ ਜਾਏਗਾ,” ਆਪਣੇ ਕੋਲੋਂ ਹੀ ਮੈਂ ਉਸ ਦੀ ਅਵਾਜ਼ ਸੁਣੀ।
ਸੁਨਹਿਰੀ ਦੰਦਿਆਂ ਵਾਲੇ ਲਾਟਾਂ ਛੱਡਦੇ ਚੱਕੇ ਤਕਰੀਬਨ ਦਿਸਣੋ ਹਟ ਗਏ ਸਨ। ਮੇਰੇ ਕੰਨਾਂ ਵਿਚਲਾ ਸ਼ੋਰ ਮੱਠਾ ਹੋ ਗਿਆ ਤੇ ਬੰਦ ਹੋ ਗਿਆ।
“ਮਾਮੂਲੀ ਗੱਲ ਹੈ,” ਮੈਂ ਆਖਿਆ।
ਉਹ ਮੇਰੇ ਹੋਰ ਨੇੜੇ ਆ ਗਈ ਤੇ ਮੇਰਾ ਹੱਥ ਫੜ ਲਿਆ। ਮੈਨੂੰ ਉਸ ਦੀ ਚਿੱਟੀ ਸ਼ਾਲ ਧੁੰਦਲੀ-ਧੁੰਦਲੀ ਨਜ਼ਰ ਆਉਂਦੀ ਸੀ ਤੇ ਉਹਦੇ ਸਾਹਾਂ ਦੀ ਅਵਾਜ਼ ਸੁਣਦੀ ਸੀ।ਉਹਦਾ ਹੱਥ ਨਿੱਕਾ ਜਿਹਾ ਸੀ, ਤੇ ਨਿੱਘਾ ਸੀ।
“ਤੁਹਾਡੇ ਕੋਲ ਟਾਰਚ ਤਾਂ ਨਹੀਂ ?” ਉਹਨੇ ਪੁੱਛਿਆ।
ਮੇਰੇ ਕੋਲ ਟਾਰਚ ਸੀ ਪਰ ਮੈਂ ਘੱਟ ਵੱਧ ਹੀ ਵਰਤਦਾ ਸਾਂ, ਤਾਂ ਜੋ ਸੈੱਲ ਖ਼ਤਮ ਨਾ ਹੋ ਜਾਣ।
“ਮੈਨੂੰ ਦੇ ਦਿਓ।”
ਮੈਂ ਟਾਰਚ ਉਹਦੇ ਹੱਥ ਵਿਚ ਥਮਾ ਦਿੱਤਾ। ਬਜਾਏ ਇਸ ਦੇ ਕਿ ਕੰਧ ਵੱਲ ਚਾਨਣ ਕਰਦੀ, ਉਹਨੇ ਮੇਰੇ ਮੂੰਹ ਉੱਤੇ ਚਾਨਣ ਸੁੱਟਿਆ। ਤੇਜ਼ ਚਾਨਣ ਵਿਚ ਮੈਂ ਆਪਣੀਆਂ ਅੱਖਾਂ ਸੁੰਗੇੜ ਲਈਆਂ ਤੇ ਉਹਨੇ ਸਿਰ ਤੋਂ ਪੈਰਾਂ ਤੱਕ ਮੈਨੂੰ ਘੋਖਿਆ।
“ਤੁਹਾਡੀ ਰੂੰਦਾਰ ਜੈਕਟ ਦੇ ਬਟਨ ਖੁੱਲ੍ਹੇ ਨੇ।” ਉਸ ਨੇ ਅਖੀਰ ਆਖਿਆ।
ਇਹ ਠੀਕ ਗੱਲ ਸੀ। ਮੇਰੀ ਜੈਕਟ ਦੇ ਬਟਨ ਕਦੇ ਬੰਦ ਨਹੀਂ ਸੀ ਹੋਏ ਕਿਉਂਕਿ ਉਸ ਨੂੰ ਇਕ ਵੀ ਬਟਨ ਨਹੀਂ ਸੀ ਲੱਗਾ ਹੋਇਆ। ਤਿੰਨ ਮਹੀਨੇ ਪਹਿਲਾਂ, ਅਗਸਤ ਦੇ ਅਖੀਰ ਜਦੋਂ ਮੈਂ ਜਰਮਨਾਂ ਦੇ ਕਬਜ਼ੇ ਵਿਚ ਆ ਗਏ ਉਸ ਸ਼ਹਿਰ ਤੋਂ ਲੈਨਿਨਗ੍ਰਾਦ ਆਇਆ ਸਾਂ ਜਿੱਥੇ ਮੈਂ ਪਹਿਲਾਂ ਇਸ ਜ਼ਿਲ੍ਹੇ ਦੇ ਰੋਜ਼ਾਨਾ ਅਖਬਾਰ ਦਾ ਸੰਪਾਦਕ ਹੁੰਦਾ ਸਾਂ, ਓਦੋਂ ਮੌਸਮ ਹਾਲੇ ਨਿੱਘਾ ਸੀ ਤੇ ਮੈਂ ਸਾਧਾਰਨ ਕੱਪੜਿਆਂ ਵਿਚ, ਬਿਨਾਂ ਵੱਡੇ ਕੋਟ ਦੇ ਹੀ ਆ ਗਿਆ ਸਾਂ। ਲੈਨਿਨਗ੍ਰਾਦ ਵਿਚ ਮੈਨੂੰ ਇਕ ਹੂੰਰੂੰਦਾਰ ਜੈਕਟ ਦਿੱਤੀ ਗਈ ਸੀ, ਪਰ ਇਸ ਨੂੰ ਬਟਨ ਨਹੀਂ ਸੀ ਲੱਗੇ ਹੋਏ। ਉਸ ਨੇ ਟਾਰਚ ਬੰਦ ਕੀਤੀ ਤੇ ਮੇਰੀ ਜੇਬ ਵਿਚ ਪਾ ਦਿੱਤੀ।
“ਮੇਰੇ ਕੋਲ ਅੰਗ੍ਰੇਜ਼ੀ ਬਕਸੂਏ ਹੈਨ," ਉਸ ਨੇ ਆਖਿਆ।
“ਕੋਈ ਲੋੜ ਨਹੀਂ।”
“ਨਹੀਂ, ਲੋੜ ਏ। ਬਸ ਸਿੱਧੇ ਖੜੇ ਰਹੋ,” ਉਸ ਨੇ ਆਪਣਾ ਮੂੰਹ ਖੋਹਲੇ ਬਗੈਰ ਹੀ ਆਖਿਆ ਤੇ ਮੈਂ ਸਮਝ ਗਿਆ ਕਿ ਇਕ ਬਕਸੂਆ ਪਹਿਲਾਂ ਹੀ ਉਹਦੇ ਬੁੱਲ੍ਹਾਂ ਵਿਚ ਸੀ। ਉਹਦੇ ਹੱਥ ਮੇਰੇ ਗਲਮੇ ਤੱਕ, ਮੇਰੇ ਕਾਲਰ ਤੱਕ ਪੁੱਜੇ।
ਓਸੇ ਪਲ ਅਸੀਂ ਬੰਬਾਂ ਦਾ ਜ਼ੋਰਦਾਰ ਧਮਾਕਾ ਸੁਣਿਆ ਤੇ ਮਕਾਨ ਕੰਬ ਗਿਆ।
ਮੈਂ ਡਰ ਗਿਆ, ਕਿਤੇ ਬਕਸੂਆ ਮੇਰੀ ਧੌਣ ਵਿਚ ਹੀ ਨਾ ਚੁੱਭ ਜਾਵੇ, ਪਰ ਉਹਦੀਆਂ ਉਂਗਲਾਂ ਨਹੀਂ ਹਿੱਲੀਆਂ ਤੇ ਨਾ ਹੀ ਕੰਬੀਆਂ।
“ਨੇਵਾ ਦੇ ਪਰਲੇ ਪਾਸੇ,” ਉਸ ਨੇ ਉੱਚੀ ਸਾਰੀ ਆਖਿਆ ਤਾਂ ਜੋ ਹਵਾਮਾਰ ਤੋਪਾਂ ਦੇ ਸ਼ੋਰ ਵਿਚ ਵੀ ਅਵਾਜ਼ ਸੁਣ ਜਾਏ, ਅਤੇ ਬਕਸੂਆ ਲਾ ਦਿੱਤਾ।
ਜੈਕਟ ਦੇ ਵਿਚਕਾਰ ਵੀ ਉਹਨੇ ਇਕ ਬਕਸੂਆ ਲਾ ਦਿੱਤਾ।
“ਬਸ, ਅਸੀਂ ਆ ਗਏ,'' ਉਸ ਨੇ ਆਖਿਆ ਤੇ ਨੀਵਾਂ ਜਿਹਾ ਦਰਵਾਜ਼ਾ ਖੋਹਲ ਦਿੱਤਾ। ਮੈਂ ਵੀ ਉਹਦੇ ਮਗਰ-ਮਗਰ ਨਿਕਲ ਆਇਆ ਤੇ ਅਸਮਾਨ ਵੱਲ ਵੇਖਿਆ।
* * * * *
ਕੁਝ ਵੀ ਇਸ ਤੋਂ ਵੱਧ ਗਹਿਰ-ਗੰਭੀਰ ਨਹੀਂ ਹੁੰਦਾ ਜਿੰਨਾ ਤਾਰਿਆਂ ਜੜਿਆ ਪਤਝੜ ਦਾ ਅੰਬਰ, ਸ਼ਾਂਤ ਤੇ ਅਡੋਲ । ਪਰ ਜਿਹੜਾ ਅੰਬਰ ਮੈਂ ਵੇਖਿਆ ਉਹ ਇਸ ਤਰ੍ਹਾਂ ਦਾ ਨਹੀਂ ਸੀ। ਉਸ ਦੀ ਗੰਭੀਰਤਾ ਟੁੱਟ ਗਈ। ਇਹ ਕੰਬ ਰਿਹਾ ਸੀ, ਫੜਫੜਾ ਰਿਹਾ ਸੀ, ਕਲਵਲ ਹੋ ਰਿਹਾ ਸੀ ਤੇ ਧੂੰਆਂ ਛੱਡਦੇ ਲਾਂਬੂਆਂ ਨਾਲ ਦਾਗ਼-ਦਾਗ਼ ਸੀ।
ਨੱਚ ਰਹੀਆਂ ਲਾਟਾਂ ਵਿਚ ਮਕਾਨ ਦੀ ਛੱਤ ਇਉਂ ਸੀ ਜਿਵੇਂ ਕੋਈ ਜਹਾਜ਼ ਹੋਵੇ। ਮੈਂ ਉੱਪਰ ਚੜ੍ਹ ਗਿਆ ਤਾਂ ਜੋ ਅੱਗ ਦੇ ਲਿਸ਼ਕਾਰਿਆਂ ਵਿਚ ਵੱਧ ਤੋਂ ਵੱਧ ਜੋ ਵੇਖ ਸਕਾਂ। ਧਮਾਕੇ ਇਕ ਦੂਜੇ ਨਾਲ ਗੱਲਾਂ ਕਰਦੇ ਜਾਪਦੇ ਸਨ, ਜਿਵੇਂ ਵਿਸ਼ਾਲ ਅੰਬਰ ਵਿਚ ਇਕ ਦੂਜੇ ਨੂੰ ਵਾਜਾਂ ਮਾਰਦੇ ਹੋਣ । ਇਕ ਭੰਬੂਕਾ ਜਿਹਾ ਉੱਠਦਾ : ਭਾਂਬੜ ਦੀ ਲੋਅ ਬੁਝ ਜਾਂਦੀ, ਤਾਰੇ ਬੁਝ ਜਾਂਦੇ ਅਤੇ ਘਿਰੇ ਹੋਏ ਸ਼ਹਿਰ ਦੀਆਂ ਛੱਤਾਂ, ਟੀਸੀਆਂ, ਪੁਲ ਤੇ ਚੁਰੱਸਤੇ ਇਕ ਛਿਣ ਵਾਸਤੇ ਹਨੇਰੇ ਦੇ ਸਮੁੰਦਰ ਵਿਚੋਂ ਬਾਹਰ ਉੱਭਰ ਆਉਂਦੇ। ਉਸ ਤੋਂ ਬਾਅਦ ਸਭ ਕੁਝ ਫੇਰ ਹਨੇਰੇ ਵਿਚ ਲੋਪ ਹੋ ਜਾਂਦਾ ਅਤੇ ਫਿੱਕੀਆਂ-ਫਿੱਕੀਆਂ ਚਾਨਣੀਆਂ ਚਿੱਪਰਾਂ ਵਾਲਾ ਕਾਲਾ ਅਸਮਾਨ ਹੀ ਬਾਕੀ ਰਹਿ ਜਾਂਦਾ।
ਸ਼ਹਿਰ ਚਾਰ ਚੁਫੇਰੇ ਤੋਂ ਅੱਗ ਵਿਚ ਘਿਰਿਆ ਹੋਇਆ ਸੀ, ਪਰ ਦੱਖਣ ਤੇ ਦੱਖਣ-ਪੱਛਮ ਵੱਲੋਂ ਸਭ ਤੋਂ ਵੱਧ ਲਿਸ਼ਕਦੀਆਂ ਲਾਟਾਂ ਉੱਠਦੀਆਂ ਸਨ।ਓਧਰ ਇਉਂ ਲੱਗਦਾ ਜਿਵੇਂ ਕੋਈ ਸੋਨੇ ਦਾ ਦਰਿਆ ਵੱਗਦਾ ਹੋਵੇ। ਇਹ ਤਾਂ ਲੀਗੋਵੋ ਮੱਚ ਰਿਹਾ ਸੀ, ਸਤਰੇਲਨਾ ਮੱਚ ਰਿਹਾ ਸੀ। ਇਹ ਤਾਂ ਫੰਦਾ ਸੀ ਜਿਹੜਾ ਸਾਡੀ ਸੰਘੀ ਘੁੱਟ ਰਿਹਾ ਸੀ। ਦਿਨ ਵੇਲੇ ਅਸੀਂ ਇਸ ਨੂੰ ਵੇਖ ਨਹੀਂ ਸਕਦੇ ਸਾਂ, ਭਾਵੇਂ ਮਹਿਸੂਸ ਸਾਨੂੰ ਹਰ ਪਲ ਹੁੰਦਾ ਸੀ।ਪਰ ਰਾਤ ਵੇਲੇ ਇਹ ਨਜ਼ਰ ਆ ਜਾਂਦਾ ਸੀ।ਇਹ ਪਹਿਲੀ ਵਾਰੀ ਸੀ ਕਿ ਮੈਂ ਇਸ ਮਾਰੂ, ਹੌਲੀ-ਹੌਲੀ ਕੱਸੇ ਜਾ ਰਹੇ ਫੰਦੇ ਨੂੰ ਇਉਂ ਸਾਫ ਸਪੱਸ਼ਟ ਵੇਖਿਆ ਸੀ ਤੇ ਇਸ ਨੂੰ ਵੇਖ ਕੇ ਗੁੱਸੇ ਨਾਲ ਮੇਰਾ ਗੱਚ ਭਰ ਆਇਆ।
ਆਸਿਯਾ ਮੇਰੇ ਪਿੱਛੇ ਖੜੀ ਸੀ, ਛੱਤ ਉੱਤੇ ਹੋਰ ਵੀ ਉੱਚੀ।ਮੈਨੂੰ ਯਾਦ ਸੀ ਕਿ ਉਹ ਓਥੇ ਸੀ ਤੇ ਮੈਂ ਮੂੰਹ ਭੁਆਇਆ। ਤਣ ਕੇ ਖੜੀ, ਸ਼ਾਲ ਨੂੰ ਕੱਸ ਕੇ ਵਲ੍ਹੇਟੀ ਹੋਈ, ਉਹ ਮੇਰੇ ਸਿਰ ਉੱਤੋਂ ਦੀ ਸਾਮ੍ਹਣੇ ਵੇਖ ਰਹੀ ਸੀ। ਇਸ ਧੁੰਦੂਕਾਰ ਅਸਮਾਨ ਵਿਚ ਨੱਚ ਰਹੀਆਂ ਸਾਰੀਆਂ ਰੌਸ਼ਨੀਆਂ ਉਹਦੀਆਂ ਅੱਖਾਂ ਵਿਚ ਝਲਕਦੀਆਂ ਸਨ।
“ਉਹ ਸਾਡੀ ਮੌਤ ਚਾਹੁੰਦੇ ਨੇ,” ਉਸ ਨੇ ਆਖਿਆ।“ਪਰ ਅਸੀਂ ਉਹਨਾਂ ਨੂੰ ਚਿੜਾਉਣ ਵਾਸਤੇ ਜਿਊਂਦੇ ਰਹਾਂਗੇ ! ਜ਼ਰੂਰ ਜੀਵਾਂਗੇ!..”
* * * * *
ਅਗਲੇ ਦਿਨ ਸਵੇਰੇ ਜਦੋਂ ਮੈਂ ਛਾਪੇਖਾਨੇ ਗਿਆ, ਤਾਂ ਸੁਮਾਰੋਕੋਵ ਆਪਣੇ ਸਟੂਲ ਤੋਂ ਨਹੀਂ ਸੀ ਉੱਠਿਆ।
ਮੈਂ ਕਦੇ ਇਹ ਤਕਾਜ਼ਾ ਨਹੀਂ ਸੀ ਕੀਤਾ ਕਿ ਮੈਂ ਜਦੋਂ ਅੰਦਰ ਪੈਰ ਰੱਖਾਂ ਤਾਂ ਮੇਰੇ ਛਾਪਕ ਉੱਠ ਕੇ ਖੜੇ ਹੋਇਆ ਕਰਨ, ਪਰ ਹਾਲੇ ਤੱਕ ਉਹ ਇਸ ਤਰ੍ਹਾਂ ਕਰਦੇ ਰਹੇ ਸਨ।
ਸੁਮਾਰੋਕੋਵ ਪਤਲੂਣ ਪਾਈ ਬੈਠਾ ਸੀ ਤੇ ਲੱਤਾਂ ਉਸ ਨੇ ਲੋਹੇ ਦੀ ਅੰਗੀਠੀ ਵੱਲ ਕੀਤੀਆਂ ਹੋਈਆਂ ਸਨ ਜਿਸ ਵਿਚ ਕਾਗਜ਼ ਦੇ ਪੁਰਜ਼ੇ ਜਿਹੇ ਬਲ ਰਹੇ ਸਨ।ਉਸ ਦੀ ਇਕ ਲੱਤ ਵਿੰਗੀ ਸੀ। ਇਸ ਕਰਕੇ ਹੀ ਉਸ ਨੂੰ ਫੌਜ ਵਿਚ ਭਰਤੀ ਨਹੀਂ ਸੀ ਕੀਤਾ ਗਿਆ। ਹਾਲੇ ਥੋੜ੍ਹਾ ਚਿਰ ਪਹਿਲਾਂ ਤੱਕ ਉਹ ਇਸ ਬਾਰੇ ਬਹੁਤ ਸ਼ਿਕਵੇ ਗਿਲੇ ਕਰਦਾ ਰਹਿੰਦਾ ਸੀ। ਉਹ ਉੱਨੀਆਂ ਵਰ੍ਹਿਆਂ ਦਾ ਸੀ। ਜਹਾਜ਼ੀਆਂ ਦੇ ਸ਼ਹਿਰ ਵਿਚ ਜੰਮਿਆ ਪਲਿਆ ਸੀ ਤੇ ਉਸ ਨੇ ਜਲਸੈਨਾ ਵਿਚ ਭਰਤੀ ਹੋਣ ਦੇ ਸੁਪਨੇ ਬੁਣੇ ਸਨ। ਪਰ ਹੁਣ ਉਹ ਇਹਨਾਂ ਸਭ ਗੱਲਾਂ ਨੂੰ ਭੁੱਲ ਗਿਆ ਸੀ।ਉਹ ਚੁੱਪ ਤੇ ਬੇਦਿਲ ਜਿਹਾ ਰਹਿੰਦਾ ਅਤੇ ਉਸ ਦੇ ਕਮਜ਼ੋਰ ਤੇ ਮੈਲੇ ਕੁਚੈਲੇ ਚਿਹਰੇ ਤੋਂ – ਬਹੁਤ ਚਿਰ ਤੋਂ ਉਸ ਨੇ ਮੂੰਹ ਨਹੀਂ ਸੀ ਧੋਤਾ – ਨਿਰੰਤਰ ਪੀੜ ਤੋਂ ਸਿਵਾਏ ਕੁਝ ਨਹੀਂ ਸੀ ਝਲਕਦਾ।
“ਅਦਾਬ!” ਤਸਵੇਤਕੋਵ ਨੇ ਆਖਿਆ ਜਿਹੜਾ ਪ੍ਰੈਸ ਨਾਲ ਢੋ ਲਾ ਕੇ ਖੜਾ ਸੀ। ਤਸਵੇਤਕੋਵ ਅੱਧ-ਖੜ ਉਮਰ ਦਾ ਛਾਪਕ ਸੀ ਜਿਸ ਨੂੰ ਦਮਾ ਹੋਣ ਕਾਰਨ ਭਰਤੀ ਨਹੀਂ ਕੀਤਾ ਗਿਆ।ਪਿਛਲੇ ਹਫਤੇ ਉਹਦੀ ਬੀਵੀ ਮਰ ਗਈ ਸੀ।
“ਕਿਉਂ, ਕੀ ਹਾਲ ਹੈ ?” ਮੈਂ ਪੁੱਛਿਆ।
“ਬਿਜਲੀ ਨਹੀਂ,” ਉਸ ਨੇ ਜਵਾਬ ਦਿੱਤਾ।
ਸਾਡੇ ਛਾਪੇਖਾਨੇ ਵਿਚ ਚਾਰ ਅੱਖਰਦਾਨ ਸਨ ਤੇ ਇਕ ਸਿਲੰਡਰ ਪ੍ਰੈਸ ਮਸ਼ੀਨ ਜਿਹੜੀ ਬਿਜਲੀ ਨਾਲ ਚਲਦੀ ਸੀ। ਪਰਸੋਂ ਬਿਜਲੀ ਕੋਈ ਨਹੀਂ ਸੀ, ਤੇ ਕੱਲ੍ਹ ਵੀ ਅਸੀਂ ਸਾਰਾ ਦਿਨ ਐਵੇਂ ਬਿਜਲੀ ਦੀ ਇੰਤਜ਼ਾਰ ਕਰਦੇ ਰਹੇ। ਮੈਂ ਮਹਿਸੂਸ ਕੀਤਾ ਕਿ ਬਿਜਲੀ ਕਦੇ ਨਹੀਂ ਆਉਣੀ।
“ਕੀ ਕਰੀਏ ?” ਮੈਂ ਪੁੱਛਿਆ।
ਸੁਮਾਰੋਕੋਵ ਨੇ ਕੋਈ ਜਵਾਬ ਨਹੀਂ ਦਿੱਤਾ।
ਤੇ ਤਸਵੇਤਕੋਵ ਨੇ ਆਖਿਆ :
“ਮੈਂ ਕੀ ਦੱਸਾਂ ?”
“ਜੋੜੇ ਹੋਏ ਟਾਈਪ ਵਿਚ ਤਾਰੀਖ਼ ਬਦਲ ਦੇ,” ਮੈਂ ਸੁਮਾਰੋਕੋਵ ਨੂੰ ਹੁਕਮ ਦਿੱਤਾ।
ਤਿੰਨ ਦਿਨ ਪਹਿਲਾਂ ਦੀਆਂ ਤਰਕਾਲਾਂ ਵੇਲੇ ਟਾਈਪ ਬੀੜਿਆ ਗਿਆ ਸੀ ਤੇ ਮਸ਼ੀਨ ਉੱਤੇ ਚੜ੍ਹਾਇਆ ਹੋਇਆ ਸੀ।ਮੈਂ ਵੇਖਣਾ ਚਾਹੁੰਦਾ ਸਾਂ ਕਿ ਸੁਮਾਰੋਕੋਵ ਉੱਠ ਵੀ ਸਕਦਾ ਹੈ ਜਾਂ ਨਹੀਂ। ਮੈਨੂੰ ਡਰ ਸੀ ਕਿ ਉਹ ਨਹੀਂ ਉੱਠ ਸਕੇਗਾ। ਪਰ ਉਹ ਉੱਠਿਆ ਅਤੇ ਪੈਰ ਘਸੀਟਦਾ ਪ੍ਰੈਸ ਮਸ਼ੀਨ ਕੋਲ ਆਇਆ। ਤੁਰਨ ਲੱਗਾ ਉਹ ਝੂਲ ਰਿਹਾ ਸੀ ਅਤੇ ਮੈਂ ਮਹਿਸੂਸ ਕੀਤਾ ਕਿ ਉਸ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਉਸ ਨੂੰ ਝੂਲਦਿਆਂ ਵੇਖ ਲਿਆ ਸੀ।
ਉਹ ਕੰਪੋਜ਼ ਕੀਤੇ ਹੋਏ ਪੰਨੇ ਉੱਤੇ ਝੁਕਿਆ।
“ਕੋਈ ਆਇਆ ਸੀ ?" ਮੈਂ ਤਸਵੇਤਕੋਵ ਨੂੰ ਪੁੱਛਿਆ।
“ਗੁਆਂਢਣ !” ਉਸ ਨੇ ਆਖਿਆ।
“ਕਿਹੜੀ ?”
“ਆਂਗੇਲੀਨਾ ਇਵਾਨੋਵਨਾ।”
“ਵਾਹ ! ਕੌਣ ਪਹਿਲਾਂ ਮਰੇਗਾ, ਉਹ ਕਿ ਮੈਂ ?" ਸੁਮਾਰੋਕੋਵ ਨੇ ਕਿਹਾ।
ਤੇ ਮੈਂ ਸਮਝ ਗਿਆ ਕਿ ਉਹ ਆਂਗੇਲੀਨਾ ਇਵਾਨੋਵਨਾ ਨਾਲ ਕੀ ਗੱਲਾਂ ਕਰਦੇ ਰਹੇ ਸਨ।
ਸੁਮਾਰੋਕੋਵ ਢੇਰ ਚਿਰ ਤੱਕ ਟਾਈਪ ਨੂੰ ਚੁੱਕਦਾ ਰੱਖਦਾ ਰਿਹਾ, ਭਾਵੇਂ ਉਸ ਨੇ ਸਿਰਫ ਇਕ ਅੱਖਰ ਹੀ ਬਦਲਣਾ ਸੀ।ਕੱਲ੍ਹ ਦੀ ਥਾਂ ਅੱਜ ਦੀ ਤਾਰੀਖ਼ ਪਾਉਣੀ ਸੀ।
“ਛੇਤੀ ਕਰ ਤੂੰ।”
“ਬਸ, ਇਕ ਮਿੰਟ।”
ਮੇਰੇ ਸਬਰ ਦਾ ਪਿਆਲਾ ਛਲਕ ਗਿਆ।
“ਹਟ ਜਾ ਪਰੇ, ਮੈਂ ਆਪੇ ਬਦਲ ਲਵਾਂਗਾ,” ਮੈਂ ਉਸ ਨੂੰ ਆਖਿਆ।
ਉਹ ਖੁਸ਼ੀ ਨਾਲ ਪਰੇ ਹਟ ਗਿਆ ਤੇ ਫੇਰ ਸਟੂਲ ਉੱਤੇ ਜਾ ਬੈਠਾ। ਮੈਂ ਅੱਖਰ ਬਦਲਿਆ ਤੇ ਸਿੱਧਾ ਖੜਾ ਹੋ ਗਿਆ। ਦੋਵੇਂ ਮੇਰੇ ਵੱਲ ਝਾਕਣ ਲੱਗੇ ਕਿ ਹੁਣ ਅੱਗੋਂ ਮੈਂ ਕੀ ਕਰਦਾ ਹਾਂ। ਬਿਜਲੀ ਤਾਂ ਆਈ ਨਹੀਂ ਸੀ।
ਉਹਨਾਂ ਦੀ ਪ੍ਰਤੱਖ ਬੇਪ੍ਰਵਾਹੀ ਤੋਂ ਮੈਨੂੰ ਗੁੱਸਾ ਆ ਗਿਆ। ਇਹਨਾਂ ਨੂੰ ਕੋਈ ਫ਼ਰਕ ਹੀ ਨਹੀਂ, ਅਖਬਾਰ ਨਿਕਲੇ, ਨਾ ਨਿਕਲੇ ? ਪਰ ਮੈਨੂੰ ਉਹ ਥੋੜ੍ਹੀ ਦੇਰ ਪਹਿਲਾਂ ਚੰਗੇ ਲੱਗਦੇ ਸਨ ਕਿਉਂਕਿ ਉਹ ਚੁਸਤੀ ਨਾਲ ਕੰਮ ਕਰਦੇ ਸਨ ਅਤੇ ਦੋਸਤਾਂ ਵਾਂਗ ਰਲਮਿਲ ਕੇ ਕੰਮ ਕਰਦੇ ਸਾਂ। ਪਰ ਹੁਣ ? ਮੈਂ ਚੱਕੇ ਕੋਲ ਆਇਆ ਤੇ ਪਟਾ ਲਾਹੁਣ ਲੱਗ ਪਿਆ। ਸੁਮਾਰੋਕੋਵ ਦਾ ਚਿਹਰਾ ਕੁਝ ਨਹੀਂ ਸੀ ਦੱਸਦਾ, ਪਰ ਤਸਵੇਤਕੋਵ ਦੇ ਚਿਹਰੇ ਤੋਂ ਪਤਾ ਲੱਗਦਾ ਸੀ ਕਿ ਉਹ ਸਮਝਦਾ ਸੀ, ਮੈਂ ਕੀ ਕਰਨ ਲੱਗਾ ਸਾਂ। ਮੈਂ ਚੱਕੇ ਨੂੰ ਹੱਥ ਨਾਲ ਚਲਾਉਣ ਦਾ ਫੈਸਲਾ ਕਰ ਲਿਆ ਸੀ। “ਆ ਸ਼ੁਰੂ ਕਰੀਏ।” ਮੈਂ ਤਸਵੇਤਕੋਵ ਨੂੰ ਆਖਿਆ।
ਉਹ ਮਸ਼ੀਨ ਦੇ ਕੋਲ ਆਇਆ, ਕਾਗਜ਼ ਚੁੱਕਿਆ ਤੇ ਰੋਲਰ ਉੱਤੇ ਟਿਕਾ ਦਿੱਤਾ। “ਸੁਮਾਰੋਕੋਵ”, ਮੈਂ ਆਖਿਆ।
ਸੁਮਾਰੋਕੋਵ ਹੌਲੀ-ਹੌਲੀ ਆਪਣੇ ਸਟੂਲ ਤੋਂ ਉੱਠਿਆ।
“ਚੱਕੇ ਨੂੰ ਥੋੜ੍ਹਾ ਜਿਹਾ ਘੁਮਾ।”
ਉਸ ਨੇ ਹੈਰਾਨ ਹੋ ਕੇ ਮੇਰੇ ਵੱਲ ਵੇਖਿਆ ਪਰ ਇਨਕਾਰ ਨਹੀਂ ਕੀਤਾ। ਉਹ ਇਕ ਪਲ ਅਹਿਲ ਖਲੋਤਾ ਰਿਹਾ, ਫੇਰ ਓਸੇ ਤਰ੍ਹਾਂ ਹੈਰਾਨ ਹੋਇਆ ਅੱਗੇ ਵਧਿਆ, ਹੈਂਡਲ ਦੋਹਾਂ ਹੱਥਾਂ ਵਿਚ ਫੜਿਆ ਤੇ ਉਸ ਉੱਤੇ ਝੁਕਿਆ।
ਉਸ ਨੇ ਚੱਕੇ ਉੱਤੇ ਆਪਣਾ ਪੂਰਾ ਭਾਰ ਪਾ ਦਿੱਤਾ ਸੀ ਪਰ ਚੱਕਾ ਨਹੀਂ ਸੀ ਹਿਲਿਆ। ਮੈਂ ਸੋਚਿਆ, ਇਹ ਪਖੰਡ ਕਰਦਾ ਹੈ।
“ਚੱਲ, ਚੱਲ!” ਮੈਂ ਉਸ ਨੂੰ ਕੜਕ ਕੇ ਆਖਿਆ।
ਅਚਾਨਕ ਹੀ ਮੈਂ ਉਸ ਦੀ ਲਾਲ ਹੋ ਗਈ ਧੌਣ ਨੂੰ ਵੇਖ ਕੇ ਸਮਝ ਲਿਆ ਕਿ ਉਹ ਤਾਂ ਸਾਰਾ ਜ਼ੋਰ ਲਾ ਰਿਹਾ ਸੀ। ਮੈਨੂੰ ਉਹਦੇ ਉੱਤੇ ਤਰਸ ਆ ਗਿਆ। ਅਸਲ ਵਿਚ, ਬੜੇ ਚਿਰ ਤੋਂ ਮੈਨੂੰ ਉਹਦੇ ’ਤੇ ਤਰਸ ਆ ਰਿਹਾ ਸੀ, ਅਤੇ ਗੁੱਸਾ ਤਾਂ ਮੈਨੂੰ ਸਿਰਫ ਲਾਚਾਰੀ ਦੇ ਅਹਿਸਾਸ ਨਾਲ ਆ ਗਿਆ ਸੀ।
“ਬਹਿ ਜਾ,” ਮੈਂ ਉਸ ਨੂੰ ਆਖਿਆ ਤੇ ਆਪ ਚੱਕੇ ਦੇ ਕੋਲ ਆ ਗਿਆ।
ਮੈਂ ਇਸ ਕਿਸਮ ਦੀ ਮਸ਼ੀਨ ਦੇ ਚੱਕੇ ਪਹਿਲਾਂ ਗੇੜ ਚੁੱਕਾ ਸਾਂ, ਤੇ ਮੈਨੂੰ ਯਾਦ ਸੀ ਕਿ ਇਹ ਸੌਖਾ ਹੀ ਕੰਮ ਹੈ। ਪਰ ਜਦੋਂ ਮੈਂ ਹੈਂਡਲ ਨੂੰ ਹੱਥ ਪਾ ਕੇ ਗੇੜਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਹੈਰਾਨ ਰਹਿ ਗਿਆ ਕਿ ਇਹ ਤਾਂ ਹਿਲਦਾ ਹੀ ਨਹੀਂ ਸੀ। ਮੈਂ ਉਹਦੇ ਉੱਤੇ ਆਪਣੇ ਸਰੀਰ ਦਾ ਸਾਰਾ ਭਾਰ ਪਾਇਆ। ਹੈਂਡਲ ਮਾਮੂਲੀ ਜਿਹਾ ਹਿੱਲਿਆ ਤੇ ਅਰਾਂ ਅੱਗੜ ਪਿੱਛੜ ਮੇਰੀ ਨਜ਼ਰ ਅੱਗੋਂ ਦੀ ਲੰਘਣ ਲੱਗੀਆਂ।
ਚੱਕੇ ਨੇ ਪੂਰਾ ਇਕ ਗੇੜਾ ਖਾਧਾ ਤੇ ਰੁਕ ਗਿਆ। ਛਪਿਆ ਹੋਇਆ ਸਫਾ ਹੌਲੀ ਜਿਹੀ ਪ੍ਰੈਸ ਵਿਚੋਂ ਬਾਹਰ ਨਿਕਲ ਆਇਆ। ਮੇਰੇ ਮੱਥੇ ਉੱਤੇ ਪਸੀਨਾ ਆ ਗਿਆ ਸੀ। ਮੈਂ ਜ਼ੋਰ ਨਾਲ ਹਵਾ ਅੰਦਰ ਨੂੰ ਖਿੱਚ ਕੇ ਸਾਹ ਲਿਆ।ਆਪਣੀ ਪੂਰੀ ਹਿੰਮਤ ਜੁਟਾ ਕੇ, ਮੈਂ ਇਕ ਵਾਰੀ ਫੇਰ ਧੱਕਾ ਲਾਇਆ ਤੇ ਚੱਕਾ ਇਕ ਵਾਰੀ ਫੇਰ ਘੁੰਮ ਗਿਆ।ਇਸ ਦੂਜੇ ਗੇੜੇ ਮਗਰੋਂ, ਮੇਰੀਆਂ ਅੱਖਾਂ ਅੱਗੇ ਅਗਨ ਤੀਰ ਉੱਡਣ ਲੱਗੇ। ਮੈਂ ਸਾਹ ਲੈਣ ਲਈ ਤਣ ਕੇ ਖੜਾ ਹੋ ਗਿਆ, ਤੀਰ ਗ਼ਾਇਬ ਹੋ ਗਏ। ਤਸਵੇਤਕੋਵ ਨਾਲ ਮੇਰੀਆਂ ਅੱਖਾਂ ਮਿਲੀਆਂ।
ਉਹਦੀ ਤੱਕਣੀ ਵਿਚ ਇਕ ਦਰਦ ਸੀ।ਇਕ ਤਰਸ ਦੀ ਭਾਵਨਾ ਸੀ। ਜਦੋਂ ਕੋਈ ਮੇਰੇ ਉੱਤੇ ਤਰਸ ਕਰੇ ਤਾਂ ਮੈਨੂੰ ਚੰਗਾ ਨਹੀਂ ਲੱਗਦਾ ਤੇ ਮੈਂ ਇਕ ਵਾਰੀ ਫੇਰ ਹੈਂਡਲ ਉੱਤੇ ਉਲਰਿਆ। ਚੱਕੇ ਨੇ ਇਕ ਹੋਰ ਗੇੜਾ ਖਾਧਾ।
ਮੈਂ ਹੋਰ ਜ਼ੋਰ ਲਾਉਂਦਾ ਗਿਆ।ਮੈਨੂੰ ਸਿਵਾਏ ਅਗਨ ਤੀਰਾਂ ਤੋਂ ਹੋਰ ਕੁਝ ਵਿਖਾਈ ਨਹੀਂ ਸੀ ਦੇਂਦਾ। ਚੱਕੇ ਨੂੰ ਇਕ ਹੋਰ ਗੇੜਾ ਆ ਗਿਆ, ਤੇ ਫੇਰ ਇਕ ਹੋਰ। ਮੈਂ ਪੂਰਾ ਤਾਣ ਲਾ ਕੇ ਕੰਮ ਕਰ ਰਿਹਾ ਸਾਂ। ਮੇਰੇ ਕੰਮ ਵਿਚ ਜਾਂ ਹਵਾ ਦੀ ਘਾਟ ਅੜਿੱਕਾ ਸੀ ਜਾਂ ਮੇਰੇ ਕੰਨਾਂ ਦਾ ਸ਼ੋਰ ਜਿਹੜਾ ਪਲ-ਪਲ ਉੱਚਾ ਹੁੰਦਾ ਜਾਂਦਾ ਸੀ। ਮੈਨੂੰ ਤੀਰਾਂ ਤੋਂ ਬਗ਼ੈਰ ਕੁਝ ਨਜ਼ਰ ਨਹੀਂ ਸੀ ਆਉਂਦਾ, ਤੇ ਸ਼ੋਰ ਤੋਂ ਬਗੈਰ ਕੁਝ ਸੁਣਦਾ ਨਹੀਂ ਸੀ। ਮੈਂ ਮਹਿਸੂਸ ਕੀਤਾ ਕਿ ਤਸਵੇਤਕੋਵ ਮੇਰੇ ਕੋਲ ਖਲੋਤਾ ਸੀ ਤੇ ਚੀਕ ਕੇ ਕੁਝ ਆਖ ਰਿਹਾ ਸੀ, ਪਰ ਮੈਂ ਇਕ ਲਫਜ਼ ਵੀ ਨਹੀਂ ਸਮਝ ਸਕਿਆ ਸਾਂ। ਜਦੋਂ ਉਸ ਨੇ ਮੈਨੂੰ ਖਿੱਚ ਕੇ ਪਰੇ ਕੀਤਾ ਤੇ ਹੈਂਡਲ ਆਪ ਫੜ ਲਿਆ ਓਦੋਂ ਮੈਨੂੰ ਇਹ ਸਮਝ ਆਈ ਕਿ ਉਹਨੇ ਮੇਰੀ ਥਾਂ ਚੱਕਾ ਗੇੜਨ ਦਾ ਫੈਸਲਾ ਕੀਤਾ ਸੀ।
ਮੈਂ ਹਫ਼ਿਆ ਹੋਇਆ ਕੰਧ ਨਾਲ ਢੋ ਲਾ ਕੇ ਖੜਾ ਸਾਂ। ਕਮਰਾ ਘੁੰਮ ਰਿਹਾ ਸੀ ਤੇ ਮੈਨੂੰ ਡਰ ਸੀ ਕਿ ਮੈਨੂੰ ਗਸ਼ ਨਾ ਪੈ ਜਾਏ।ਜੇ ਇਹ ਹੋ ਗਿਆ ਤਾਂ ਸਭ ਤੋਂ ਮਾੜੀ ਗੱਲ ਹੋਵੇਗੀ।ਫੇਰ ਹਰ ਕਿਸੇ ਨੇ ਸਮਝ ਲੈਣਾ ਸੀ ਕਿ ਚੱਕੇ ਨੂੰ ਗੇੜਨਾ ਨਹੀਂ ਸੀ ਚਾਹੀਦਾ। ਮੈਂ ਆਪਣੇ ਆਪ ਨੂੰ ਸੰਭਾਲ ਲਿਆ, ਤਸਵੇਤਕੋਵ ਦੀ ਥਾਂ ਲੈ ਲਈ ਤੇ ਇਕ ਹੋਰ ਕਾਗਜ਼ ਰੋਲਰ ਉੱਤੇ ਤਿਲਕਾ ਦਿੱਤਾ।
ਤਸਵੇਤਕੋਵ ਦੇ ਹੱਥਾਂ ਵਿਚ ਚੱਕਾ ਛੇਤੀ-ਛੇਤੀ ਗੇੜੇ ਖਾਣ ਲੱਗ ਪਿਆ ਸੀ। ਕਾਗਜ਼ ਰੋਲਰ ਉੱਤੇ ਡਿੱਗਦਾ ਤੇ ਛਪ ਕੇ ਬਾਹਰ ਆ ਜਾਂਦਾ ਸੀ। ਇਸ ਤੋਂ ਮਗਰੋਂ ਇਕ ਹੋਰ ਕਾਗਜ਼, ਫੇਰ ਇਕ ਹੋਰ ...
ਤਸਵੇਤਕੋਵ ਦਾ ਅਣਮੁੰਨੀ ਦਾੜ੍ਹੀ ਨਾਲ ਚਿਹਰਾ ਬੱਗਾ ਪੂਣੀ ਹੋ ਗਿਆ ਜਾਪਦਾ ਸੀ। ਉਸ ਦੀਆਂ ਟੱਡੀਆਂ ਹੋਈਆਂ ਅੱਖਾਂ ਮੈਨੂੰ ਵੇਖੀ ਜਾਂਦੀਆਂ ਸਨ।ਉਸ ਨੇ ਹੌਲ਼ੀ-ਹੌਲ਼ੀ ਚੱਕੇ ਨੂੰ ਗੇੜਾ ਦਿੱਤਾ, ਤੇ ਹਰ ਗੇੜੇ ਨਾਲ ਉਹਦਾ ਚਿਹਰਾ ਹੋਰ ਬੱਗਾ, ਹੋਰ ਬੱਗਾ ਹੁੰਦਾ ਗਿਆ। ਇਕ ਹੋਰ ਗੇੜਾ, ਇਕ ਹੋਰ, ਫੇਰ ਇਕ ...
ਉਹਨੇ ਹੈਂਡਲ ਛੱਡ ਦਿੱਤਾ ਤੇ ਵੱਖੀ ਪਰਨੇ ਉਲਰ ਗਿਆ। ਮੈਂ ਹੱਥਾਂ 'ਚ ਕੋਰਾ ਕਾਗਜ਼ ਫੜੀ ਵੇਖ ਰਿਹਾ ਸਾਂ ਕਿ ਤਸਵੇਤਕੋਵ ਡਿੱਗਦਾ ਜਾ ਰਿਹਾ ਸੀ।
ਉਹ ਹੈਂਡਲ ਤੋਂ ਲੁੜਕ ਗਿਆ ਤੇ ਫਰਸ਼ ਉੱਤੇ ਮੂਧੇ ਮੂੰਹ ਲੇਟ ਗਿਆ। ਉਹ ਇਸ ਤਰ੍ਹਾਂ ਲੇਟਿਆ ਹੋਇਆ ਸੀ ਕਿ ਉਹਦਾ ਪਿੰਡਾ ਸਾਹ ਨਾਲ ਕਦੇ ਹੇਠਾਂ ਹੁੰਦਾ, ਕਦੇ ਉੱਪਰ।
ਮੈਂ ਛਪੇ ਹੋਏ ਕਾਗਜ਼ ਗਿਣੇ। ਇਹ ਬਾਈ ਕਾਗਜ਼ ਸਨ। ਮੈਂ ਤੇ ਤਸਵੇਤਕੋਵ ਨੇ ਬਾਈ ਵਾਰੀ ਚੱਕਾ ਘੁੰਮਾਇਆ ਸੀ।ਅਸੀਂ ਪੰਜ ਸੌ ਤੋਂ ਘੱਟ ਕਾਪੀਆਂ ਨਹੀਂ ਸੀ ਛਾਪਣੀਆਂ। ਹਰ ਕਾਗਜ਼ ਨੂੰ ਦੋਹਾਂ ਪਾਸਿਆਂ ਤੋਂ ਛਾਪਣਾ ਸੀ। ਹਰ ਕਾਪੀ ਵਾਸਤੇ ਚੱਕੇ ਦੇ ਦੋ ਗੇੜੇ । ਇਕ ਹਜ਼ਾਰ ਗੇੜੇ !
ਇਕ ਹਜ਼ਾਰ !
ਤਸਵੇਤਕੋਵ ਦਾ ਮੰਜਾ ਇਕ ਨੁੱਕਰੇ ਪਿਆ ਸੀ।ਮੈਂ ਜਾ ਕੇ ਉਹਦੇ ਉੱਤੇ ਲੰਮਾ ਪੈ ਗਿਆ।
* * * * *
ਮੁਹਾਸਰੇ ਦੇ ਸ਼ੁਰੂ ਵਿਚ ਤਸਵੇਤਕੋਵ ਤੇ ਸੁਮਾਰੋਕੋਵ ਨੂੰ “ਸੈਨਿਕ ਦਰਜਾ” ਦੇ ਦਿੱਤਾ ਗਿਆ ਸੀ। ਇਸ ਦਾ ਮਤਲਬ ਇਹ ਸੀ ਕਿ ਉਹ ਛਾਪੇਖਾਨੇ ਵਿਚ ਕੰਮ ਹੀ ਨਹੀਂ ਸੀ ਕਰਦੇ, ਰਹਿੰਦੇ ਵੀ ਓਥੇ ਹੀ ਸੀ। ਤਸਵੇਤਕੋਵ ਪ੍ਰੈਸ ਦੇ ਕੋਲ ਸੌਂਦਾ ਸੀ ਅਤੇ ਸੁਮਾਰੋਕੋਵ ਨੇ ਆਪਣਾ ਮੰਜਾ ਨਾਲ ਲੱਗਦੇ ਕਮਰੇ ਵਿਚ ਡਾਹਿਆ ਹੋਇਆ ਸੀ। ਨਿੱਕਾ ਜਿਹਾ ਕਮਰਾ, ਮਸਾਂ ਅਲਮਾਰੀ ਜੇਡਾ। ਹਾਲੇ ਥੋੜ੍ਹਾ ਚਿਰ ਪਹਿਲਾਂ ਤੱਕ ਇਹ ਸਾਫ ਸੁੱਥਰਾ ਹੁੰਦਾ ਸੀ। ਪਰ ਅਕਤੂਬਰ ਤੋਂ, ਜਦੋਂ ਖਾਣ-ਪੀਣ ਦੀਆਂ ਚੀਜ਼ਾਂ ਦੀ ਥੁੜ੍ਹ ਭਿਆਨਕ ਸ਼ਕਲ ਧਾਰ ਗਈ, ਕਮਰੇ ਵਿਚ ਮਿੱਟੀ ਘੱਟਾ, ਧੁਆਂਖ ਤੇ ਕੂੜਾ ਕਰਕਟ ਜਮ੍ਹਾ ਹੋਣਾ ਸ਼ੁਰੂ ਹੋ ਗਿਆ।
“ਇਹ ਤੁਹਾਡੀ ਤਸਵੀਰ ਏ ?” ਮੈਂ ਕੁੜੀਆਂ ਵਰਗੀ ਉੱਚੀ ਅਵਾਜ਼ ਵਿਚ ਕਿਸੇ ਨੂੰ ਪੁੱਛਦਿਆਂ ਸੁਣਿਆ।
“ਮੇਰੀ,” ਸੁਮਾਰੋਕੋਵ ਦੀ ਅਵਾਜ਼ ਵਿਚ ਜਵਾਬ ਸੀ।
“ਕਦੋਂ ਖਿਚਾਈ ਸੀ ??
“ਜੁਲਾਈ ਵਿਚ।”
“ਤੁਸੀਂ ਇਸ ਤਰ੍ਹਾਂ ਦੇ ਹੁੰਦੇ ਸੀ ?”
“ਇਸ ਤਰ੍ਹਾਂ ਦਾ,” ਸੁਮਾਰੋਕੋਵ ਨੇ ਬਗ਼ੈਰ ਕਿਸੇ ਖੁਦਪਸੰਦੀ ਦੇ ਕਿਹਾ।“ਥੋੜ੍ਹਾ ਜਿਹਾ ਲਿੱਸਾ ਹੋ ਗਿਆਂ ? ਕੁਦਰਤੀ ਗੱਲ ਏ.."
“ਤੁਸੀਂ ਬਹੁਤੇ ਲਿੱਸੇ ਤਾਂ ਨਹੀਂ। ਸਿਰਫ਼ ਚਿਹਰਾ ਕਾਲਾ ਹੋ ਗਿਆ ਏ।”
“ਅੰਗੀਠੀ ਕਰਕੇ,” ਸੁਮਾਰੋਕੋਵ ਨੇ ਉਦਾਸ ਜਿਹੇ ਹੋ ਕੇ ਆਖਿਆ।
ਤਸਵੇਤਕੋਵ ਦੇ ਮੰਜੇ ਉੱਤੇ ਪਿਆਂ ਮੈਂ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕੀਤੀ ਕਿ ਸੁਮਾਰੋਕੋਵ ਨਾਲ ਕੌਣ ਗੱਲਾਂ ਕਰ ਰਿਹਾ ਸੀ।ਇਹ ਜ਼ਰੂਰ ਆਸਿਯਾ ਹੋਵੇਗੀ, ਜਿਸ ਨਾਲ ਮੈਂ ਛੱਤ ਉੱਤੇ ਖੜ੍ਹਾ ਸਾਂ !
ਫੇਰ ਉਹ ਛਾਪੇਖਾਨੇ ਦੇ ਅੰਦਰ ਚਲੀ ਗਈ। ਅਤੇ ਮੈਂ ਉਸ ਨੂੰ ਪਹਿਲੀ ਵਾਰ ਵੇਖਿਆ ਜਦੋਂ ਉਹ ਹਨੇਰੇ ਵਿਚ ਨਹੀਂ ਸੀ, ਜਦੋਂ ਗੋਲਿਆਂ ਤੇ ਧਮਾਕਿਆਂ ਦਾ ਚਾਨਣ ਨਹੀਂ ਸੀ ਥਰਥਰਾਉਂਦਾ। ਕੀ ਇਹ ਓਹੋ ਕੁੜੀ ਸੀ ਜਿਸ ਦੀ ਭੇਤਭਰੀ ਸ਼ਾਲ ਦੇ ਮਗਰ, ਮੈਂ ਚੁੰਧਿਆ ਦੇਣ ਵਾਲੇ ਲਿਸ਼ਕਾਰਿਆਂ ਵਿਚ ਹਨੇਰੇ ਤੋਂ ਚਾਨਣ ਅਤੇ ਚਾਨਣ ਤੋਂ ਹਨੇਰੇ ਵਿਚ ਭੱਜਾ ਜਾਂਦਾ ਪੌੜੀਆਂ ਚੜ੍ਹ ਗਿਆ ਸਾਂ ? ਹੁਣ ਉਹਦੇ ਬਾਰੇ ਭੇਤ ਵਾਲੀ ਉੱਕਾ ਹੀ ਕੋਈ ਗੱਲ ਨਹੀਂ ਸੀ ਰਹਿ ਗਈ, ਅਤੇ ਸ਼ਾਲ ਵੀ ਸਾਰੀ ਚਿੱਟੀ ਨਹੀਂ ਸੀ।ਆਪਣੀ ਉਮਰ ਦੇ ਲਿਹਾਜ਼ ਨਾਲ ਉਹ ਮੋਟੀ ਤਕੜੀ ਕੁੜੀ ਸੀ ਤੇ ਸਿੱਧੀ ਤਣੀ ਹੋਈ ਸੀ। ਪਰ ਉਸ ਦੇ ਚਿਹਰੇ ਉੱਤੇ, ਜਿਹੜਾ ਬੱਚੇ ਵਰਗਾ ਸੀ, ਭੁੱਖ ਦੀ ਮੋਹਰ ਲੱਗੀ ਸੀ ਜਿਸ ਨਾਲ ਸਭਨਾਂ ਔਰਤਾਂ ਦੇ ਚਿਹਰੇ ਵਡੇਰੀ ਉਮਰ ਦੇ ਜਾਪਣ ਲੱਗ ਜਾਂਦੇ ਹਨ।
ਮੈਨੂੰ ਇਹ ਗੱਲ ਬੜੀ ਕੁਚੱਜੀ ਲੱਗੀ ਕਿ ਮੈਂ ਕੰਮ-ਦਿਹਾੜੀ ਦੇ ਅੱਧ-ਵਿਚਾਲੇ ਮੰਜੇ ਉੱਤੇ ਪਿਆ ਹੋਇਆ ਸਾਂ। ਪਰ ਮੈਂ ਫੈਸਲਾ ਕੀਤਾ ਕਿ ਨਹੀਂ ਉਠਾਂਗਾ। ਵਿਖਾਵਾ ਕਰਨ ਦਾ ਕੀ ਫਾਇਦਾ ਜੇ ਕਿਸੇ ਵੀ ਤਰ੍ਹਾਂ ਅਖਬਾਰ ਨਹੀਂ ਨਿਕਲ ਸਕਣਾ !
ਉਸ ਨੇ ਸਿਰ ਹਿਲਾ ਕੇ ਮੈਨੂੰ ਸੈਣਤ ਕੀਤੀ, ਬੰਦ ਪਈ ਪ੍ਰੈਸ ਮਸ਼ੀਨ ਕੋਲ ਆਈ ਤੇ ਉਤਸੁਕਤਾ ਨਾਲ ਇਸ ਦਾ ਮੁਆਇਨਾ ਕੀਤਾ।ਉਸ ਨੇ ਨਵਾਂ ਅਖਬਾਰੀ ਕਾਗਜ਼ ਪਿਆ ਵੇਖਿਆ ਤੇ ਇਕ ਪੱਤਰਾ ਚੁੱਕ ਲਿਆ।
“ਜੰਗੀ ਅਗਨਬੋਟ,” ਉਸ ਨੇ ਉੱਚੀ ਅਵਾਜ਼ ਵਿਚ ਪੜ੍ਹਿਆ।
ਇਹ ਸਾਡੇ ਅਖਬਾਰ ਦਾ ਨਾਂ ਸੀ।
“ਇਹ ਕੀ, ਮਲਾਹਾਂ ਦਾ ਅਖਬਾਰ ਏ ?” ਉਸ ਨੇ ਪੁੱਛਿਆ ?
“ਹਾਂ,’” ਮੈਂ ਆਖਿਆ।
“ਜਹਾਜ਼ਾਂ ਦੀ ਫੌਰੀ ਮੁਰੰਮਤ—ਜਿੱਤ ਦੀ ਗਰੰਟੀ,” ਉਸ ਨੇ ਸੰਪਾਦਕੀ ਦੀ ਸੁਰਖ਼ੀ ਪੜ੍ਹੀ ਜਿਹੜਾ ਮੈਂ ਲਿਖਿਆ ਸੀ।ਉਹ ਇਸ ਵੇਲੇ ਆਪਣੇ ਜਹਾਜ਼ ਮੁਰੰਮਤ ਕਰਦੇ ਨੇ ?”
“ਹਾਂ,” ਮੈਂ ਆਖਿਆ।“ਮੁਰੰਮਤ ਜ਼ਰੂਰੀ ਹੈ।”
“ਤੇ ਉਹ ਮੁਰੰਮਤ ਕਰਦੇ ਨੇ ?”
"ਹੈਰਾਨੀ ਦੀ ਗੱਲ ਹੈ, ਪਰ ਕਰਦੇ ਨੇ।”
"ਹੈਰਾਨੀ ਦੀ ਗੱਲ ਕਿਉਂ ?”
“ਕਿਉਂਕਿ ਅਖਬਾਰ ਛਾਪਣ ਨਾਲੋਂ ਜਹਾਜ਼ ਦੀ ਮੁਰੰਮਤ ਕਰਨਾ ਵਧੇਰੇ ਔਖਾ ਹੈ।”
“ਬਿਜਲੀ ਹੈ ਨਹੀਂ,” ਤਸਵੇਤਕੋਵ ਵਿਚੋਂ ਬੋਲਿਆ। “ਤੇ ਹੱਥ ਨਾਲ ਪ੍ਰੈਸ ਚਲਾਉਣ ਦੀ ਸਾਡੇ ਵਿਚ ਸੱਤਿਆ ਨਹੀਂ।”
ਸੁਮਾਰੋਕੋਵ ਛਾਪੇਖਾਨੇ ਅੰਦਰ ਆਇਆ। ਇਕ ਮਹੀਨੇ ਤੋਂ ਬਹੁਤੇ ਦਿਨ ਹੋ ਗਏ ਸਨ, ਮੈਂ ਉਸ ਨੂੰ ਏਨਾ ਸਾਫ ਸੁਥਰਾ ਨਹੀਂ ਸੀ ਵੇਖਿਆ। ਹੁਣੇ ਹੁਣੇ ਮੂੰਹ ਧੋਤਾ ਲੱਗਦਾ ਸੀ, ਵਾਲ ਵਾਹੇ ਹੋਏ ਸਨ ਤੇ ਲਿਸ਼-ਲਿਸ਼ ਕਰਦੇ ਸਨ, ਬੂਟ ਪਾਲਿਸ਼ ਕੀਤੇ ਹੋਏ ਸਨ, ਰੂੰਦਾਰ ਜੈਕਟ ਦੇ ਬਟਨ ਖੁੱਲ੍ਹੇ ਸਨ ਤੇ ਹੇਠੋਂ ਜਹਾਜ਼ੀਆਂ ਵਾਲੀ ਧਾਰੀਦਾਰੀ ਬੰਡੀ ਨਜ਼ਰ ਆ ਰਹੀ ਸੀ ਜਿਹੜੀ ਉਸ ਨੇ ਪਾਈ ਹੋਈ ਸੀ ।ਲੱਗਦਾ ਸੀ ਉਹ ਲੰਗੜਾ ਨਹੀਂ ਰਿਹਾ, ਸਿਰਫ ਕਿਸੇ ਕਿਸੇ ਵੇਲੇ ਲੜਖੜਾ ਜਾਂਦਾ ਹੈ।
“ਮੈਂ ਕਦੇ ਨਹੀਂ ਵੇਖਿਆ ਕਿ ਅਖ਼ਬਾਰ ਕਿਵੇਂ ਛਪਦਾ ਏ,” ਆਸਿਯਾ ਨੇ ਆਖਿਆ। “ਮਜ਼ਾ ਆਏਗਾ ਵੇਖ ਕੇ।”
ਉਸ ਨੇ ਚੱਕੇ ਦੇ ਹੈਂਡਲ ਨੂੰ ਹੱਥ ਪਾ ਲਿਆ।
ਚੌਂਕਾ ਥੋੜ੍ਹਾ ਜਿਹਾ ਘੁੰਮਿਆ ਤੇ ਏਨਾ ਕੁ ਜ਼ੋਰ ਲਾਉਣ ਨਾਲ ਉਹਦੇ ਚਿਹਰੇ ਦੀ ਗੋਰੀ ਚਮੜੀ ਲਾਲ ਸੁਰਖ ਹੋ ਗਈ। ਚੱਕਾ ਬਹੁਤ ਹੌਲੀ-ਹੌਲੀ ਗਿੜ ਰਿਹਾ ਸੀ।
“ਔਖਾ ਕੰਮ ਏ,” ਸੁਮਾਰੋਕੋਵ ਨੇ ਆਖਿਆ।“ਲਿਆਓ ਮੈਂ ਹੱਥ ਵਟਾਵਾਂ।”
ਉਹ ਉਹਦੇ ਕੋਲ ਖੜਾ ਹੋ ਗਿਆ ਤੇ ਉਹਨੇ ਵੀ ਚੱਕੇ ਦੇ ਹੈਂਡਲ ਨੂੰ ਹੱਥ ਪਾ ਲਿਆ। ਖੁਸ਼ੀ ਤੇ ਮਿਹਨਤ ਦੀ ਮੁਸਕਾਨ ਨਾਲ, ਦੋਹਾਂ ਨੇ ਰਲ ਕੇ ਚੱਕੇ ਨੂੰ ਗੇੜਾ ਦਿੱਤਾ।
“ਕਾਗਜ਼ ਕਿੱਥੇ ਆ ?” ਉਸ ਨੇ ਪੁੱਛਿਆ।“ਕਿਵੇਂ ਛਾਪਦੇ ਓ ?”
ਤਸਵੇਤਕੋਵ ਆਪਣੀ ਥਾਂ ਆ ਗਿਆ। ਕਾਗਜ਼ ਰੋਲਰ ਉੱਤੇ ਗਿਆ ਤੇ ਛਪ ਕੇ ਬਾਹਰ ਆ ਗਿਆ।
ਉਹ ਹੱਸ ਪਈ।
ਇਕ ਹੋਰ ਕਾਗਜ਼, ਤੇ ਫੇਰ ਇਕ ਹੋਰ..
“ਤੁਸੀਂ ਥੱਕ ਗਏ ਓ, ” ਸੁਮਾਰੋਕੋਵ ਨੇ ਉਹਦੇ ਵੱਲ ਵੇਖ ਕੇ ਕਿਹਾ, ਜਿਵੇਂ ਉਹ ਆਪ ਕਦੇ ਵੀ ਨਾ ਥੱਕ ਸਕਦਾ ਹੋਵੇ।“ਛੱਡੋ ਮੈਂ 'ਕੱਲਾ ਹੀ ਗੇੜਦਾ ਹਾਂ।”
ਉਸ ਨੇ ਸਿਰ ਮਾਰ ਦਿੱਤਾ।
“ਦੋ ਜਣਿਆਂ ਵਾਸਤੇ ਕੋਈ ਮੁਸ਼ਕਿਲ ਨਹੀਂ,” ਆਸਿਯਾ ਨੇ ਆਖਿਆ।“ਇਕ ਵਾਰੀ ਚਾਲੂ ਹੋ ਜਾਏ ਤਾਂ ਫੇਰ ਸੌਖਾ ਹੀ ਏ। ਚਲੋ ਹੋਰ ਤੇਜ਼ ਗੇੜਾ ਦੇਈਏ।”
ਚੱਕੇ ਦੀਆਂ ਅਰਾਂ ਭੁਆਟਣੀਆਂ ਖਾਣ ਲੱਗੀਆਂ ਤੇ ਤਸਵੇਤਕੋਵ ਨੂੰ ਕੋਰੇ ਕਾਗਜ਼ ਤਿਲਕਾਉਂਦੇ ਰਹਿਣ ਲਈ ਪੱਬਾਂ ਭਾਰ ਹੋਣਾ ਪਿਆ।ਚੱਕੇ ਦੇ ਰਫਤਾਰ ਫੜ ਜਾਣ ਨਾਲ ਹੁਣ ਇਸ ਨੂੰ ਗੇੜਾ ਦੇਣ ਲਈ ਘੱਟ ਜ਼ੋਰ ਲਾਉਣਾ ਪੈਂਦਾ ਸੀ।
ਇਹ ਤਾਂ ਕੋਈ ਰਾਜ਼ ਖੁੱਲ੍ਹ ਜਾਣ ਵਾਲੀ ਗੱਲ ਸੀ।
“ਮੈਂ ਇਕੱਲਾ ਹੀ ਚਲਾ ਲਊਂ,'' ਸੁਮਾਰੋਕੋਵ ਨੇ ਦ੍ਰਿੜ੍ਹਤਾ ਨਾਲ ਆਖਿਆ ਅਤੇ ਧੱਕ ਕੇ ਉਹਨੂੰ ਹੈਂਡਲ ਤੋਂ ਪਰੇ ਕਰ ਦਿੱਤਾ।
ਉਹ ਇਕ ਦੋ ਕਦਮ ਪਿੱਛੇ ਹਟ ਗਈ ਅਤੇ ਸੁਮਾਰੋਕੋਵ, ਇਹ ਮਹਿਸੂਸ ਕਰਦਿਆਂ ਕਿ ਉਹਦੀਆਂ ਨਜ਼ਰਾਂ ਉਹਦੇ ਉੱਤੇ ਟਿਕੀਆਂ ਹੋਈਆਂ ਹਨ, ਬੜਾ ਮਨ ਜੋੜ ਕੇ ਤੇ ਫੂਕ ਲੈ ਕੇ ਚੱਕਾ ਗੇੜਨ ਲੱਗਾ। ਉਹ ਹੁਣ ਝੁਕਿਆ ਹੋਇਆ ਨਹੀਂ ਸੀ ਤੇ ਹੈਂਡਲ ਤਾਂ ਜਿਵੇਂ ਆਪਣੇ-ਆਪ ਹੀ ਉੱਡਦਾ ਜਾਂਦਾ ਜਾਪਦਾ ਸੀ।
ਇਹ ਵੇਖ ਕੇ ਮੈਂ ਮੰਜੇ ਤੋਂ ਉੱਠਿਆ।
“ਕਿੰਨੇ ਕਾਗਜ਼ ?” ਮੈਂ ਤਸਵੇਤਕੋਵ ਨੂੰ ਪੁੱਛਿਆ।
“ਇਕ ਸੌ ਉੱਨੀ, ਇਕ ਸੌ ਵੀਹ, ਇਕ ਸੌ ਇੱਕੀ," ਤਸਵੇਤਕੋਵ ਨੇ ਗਿਣਤੀ ਕੀਤੀ। “ਇਕ ਪਾਸੇ ਹੋ ਜਾ !” ਮੈਂ ਚਿੱਲਾ ਕੇ ਸੁਮਾਰੋਕੋਵ ਨੂੰ ਆਖਿਆ ਤੇ ਇਸ ਤੋਂ ਪਹਿਲਾਂ ਕਿ ਚੱਕੇ ਦੀ ਰਫਤਾਰ ਮੱਠੀ ਹੋਵੇ ਹੈਂਡਲ ਨੂੰ ਹੱਥ ਪਾ ਲਿਆ।
ਮੈਂ ਕਲਾਈ ਦੇ ਢਿੱਲੇ ਜਿਹੇ ਝਟਕੇ ਨਾਲ, ਬੇਪ੍ਰਵਾਹ ਹੋ ਕੇ ਇਸ ਨੂੰ ਘੁੰਮਾਈ ਜਾ ਰਿਹਾ ਸਾਂ। ਕਾਗਜ਼ ਛਪ ਕੇ ਬਾਹਰ ਉੱਡਦੇ ਆਉਂਦੇ ਸਨ।
“ਜੇ ਸਾਨੂੰ ਢਿੱਡ ਭਰਨ ਨੂੰ ਮਿਲੇ, ਅਸੀਂ ਇਸ ਚੱਕੇ ਨੂੰ ਲਾਟੂ ਵਾਂਗ ਘੁੰਮਾਈ ਚੱਲੀਏ,” ਸੁਮਾਰੋਕੋਵ ਨੇ ਮੇਰੇ ਮੋਢਿਆਂ ਉੱਤੋਂ ਦੀ ਆਖਿਆ।“ਹਾਲਤ ਇਹ ਆ ਕਿ ਅਸੀਂ ਅੱਜ ਮੋਏ ਕਿ ਕੱਲ੍ਹ।”
"ਜਿੰਨਾ ਚਿਰ ਅਖਬਾਰ ਨਿਕਲਦਾ ਰਹੇਗਾ, ਤੁਸੀਂ ਨਹੀਂ ਮਰਦੇ,” ਆਸਿਯਾ ਨੇ ਆਖਿਆ।
* * * * *
ਪਰ ਬਹੁਤੇ ਦਿਨ ਨਹੀਂ ਹੋਏ ਕਿ ਅਖਬਾਰ ਨਿਕਲਣਾ ਬੰਦ ਹੋ ਗਿਆ।ਸਮਾਰੋਕੋਵ ਦੀ ਮੌਤ ਹੋ ਗਈ। ਕਈ ਹੋਰ ਬੰਦੇ ਵੀ ਮਰੇ। ਸਾਡੇ ਯਖ਼ ਹੋਏ ਫਲੈਟਾਂ ਦੇ ਛੇ ਮੰਜ਼ਲੇ ਘਰ ਵਿਚ ਥਾਂ- ਥਾਂ ’ਤੇ ਲਾਸ਼ਾਂ ਪਈਆਂ ਸਨ ਜਿਨ੍ਹਾਂ ਨੂੰ ਕਿਸੇ ਨੇ ਦੱਬਿਆ ਨਹੀਂ ਸੀ।
ਤਸਵੇਤਕੋਵ ਨੂੰ ਇਕ ਫੌਜੀ ਛਾਪੇਖਾਨੇ ਵਿਚ ਜਾਣ ਦਾ ਹੁਕਮ ਮਿਲ ਗਿਆ। ਉਹ ਬਰਫੀਲੇ ਝੱਖੜ ਵਾਲੇ ਇਕ ਦਿਨ ਚਲਾ ਗਿਆ। ਆਪਣਾ ਛੋਟਾ ਜਿਹਾ ਸੂਟਕੇਸ ਉਹ ਆਪਣੇ ਨਾਲ ਲੈ ਗਿਆ ਤੇ ਉਸ ਤੋਂ ਬਾਦ ਮੈਂ ਉਹਨੂੰ ਕਦੇ ਨਹੀਂ ਵੇਖਿਆ।ਮੈਂ ਛਾਪੇਖਾਨੇ ਵਿਚ ਇਕੱਲਾ ਰਹਿ ਗਿਆ। ਛਾਪੇਖਾਨੇ, ਟਾਈਪ ਤੇ ਕਾਗਜ਼ ਦੀ ਨਿਗਰਾਨੀ ਕਰਨੀ ਜ਼ਰੂਰੀ ਸੀ। ਬੇਸ਼ਕ ਮੇਰਾ ਵੱਡਾ ਅਫਸਰ ਵੀ ਸੀ ਤੇ ਮੈਨੂੰ ਉਹਦੇ ਹੁਕਮ ਦੀ ਉਡੀਕ ਸੀ ਕਿ ਅੱਗੋਂ ਕੀ ਕੀਤਾ ਜਾਏ। ਪਰ ਮੇਰਾ ਕਿਸੇ ਉਤਲੇ ਅਫਸਰ ਨਾਲ ਸੰਪਰਕ ਨਹੀਂ ਸੀ ਹੋ ਸਕਿਆ। ਸ਼ਹਿਰ ਦੇ ਟੈਲੀਫੋਨ ਕੰਮ ਨਹੀਂ ਸੀ ਕਰਦੇ।ਖੈਰ, ਫਾਇਦਾ ਵੀ ਕੀ ਸੀ ? ਉਹਨਾਂ ਨੂੰ ਛਾਪੇਖਾਨੇ ਦੀ ਅਤੇ ਮੇਰੀ ਹਾਲਤ ਦਾ ਪਤਾ ਹੀ ਸੀ। ਮੈਨੂੰ ਥੋੜ੍ਹਾ ਚਿਰ ਉਡੀਕ ਕਰਨ ਦੀ ਹੀ ਲੋੜ ਸੀ...
ਹੁਣ ਮੈਂ ਸੁਮਾਰੋਕੋਵ ਦੇ ਛੋਟੇ ਜਿਹੇ ਕਮਰੇ ਵਿਚ ਰਹਿੰਦਾ ਸਾਂ ਤੇ ਉਸ ਦੇ ਮੰਜੇ ਉੱਤੇ ਲੇਟਦਾ ਸਾਂ। ਖਿੜਕੀਆਂ ਦੇ ਸ਼ੀਸ਼ੇ ਸਾਬਤ ਸਨ ਤੇ ਕਮਰੇ ਵਿਚ ਇਕ ਲੋਹੇ ਦੀ ਅੰਗੀਠੀ ਸੀ ਜਿਸ ਵਿਚ ਮੈਂ ਪੁਰਾਣੇ ਅਖਬਾਰ ਤੇ ਇਕ ਅਲਮਾਰੀ, ਜਿਸ ਨੂੰ ਤੋੜ ਖੋਹਲ ਲਿਆ ਸੀ, ਦੇ ਫੱਟੇ ਬਾਲਦਾ ਸਾਂ। ਪਰ ਸਖ਼ਤ ਸਰਦੀ ਦਾ ਮੌਸਮ ਆ ਗਿਆ ਸੀ ਤੇ ਇਸ ਅੰਗੀਠੀ ਦਾ ਕੋਈ ਫਾਇਦਾ ਨਹੀਂ ਸੀ ਹੁੰਦਾ। ਮੈਂ ਆਪਣੀ ਰੂੰਦਾਰ ਜੈਕਟ ਤੇ ਨਮਦੇ ਦੇ ਬੂਟ ਪਾ ਕੇ, ਆਪਣਾ ਤੇ ਸੁਮਾਰੋਕੋਵ ਦਾ, ਦੋਵੇਂ ਕੰਬਲ ਉੱਪਰ ਲੈ ਕੇ ਰਾਤ ਦਿਨ ਮੰਜੇ ਉੱਤੇ ਪਿਆ ਰਹਿੰਦਾ ਸਾਂ। ਗੱਤੇ ਦੀ ਇਕ ਵੱਡੀ ਸਾਰੀ ਸ਼ੀਟ ਖਿੜਕੀ ਵਿਚ ਹਨੇਰਾ ਕਰਨ ਦਾ ਕੰਮ ਦੇਂਦੀ ਸੀ। ਸਵੇਰ ਵੇਲੇ ਇਸ ਨੂੰ ਹਟਾਉਣਾ ਪੈਂਦਾ ਤੇ ਰਾਤ ਵੇਲੇ ਫੇਰ ਟਿਕਾਉਣਾ ਪੈਂਦਾ ਸੀ। ਪਹਿਲਾਂ ਤਾਂ ਮੈਂ ਇਸ ਨੂੰ ਰੋਜ਼ ਲਾਉਂਦਾ ਲਾਹੁੰਦਾ ਰਿਹਾ, ਪਰ ਛੇਤੀ ਹੀ ਇਹ ਮੈਨੂੰ ਬਹੁਤ ਔਖਾ ਕੰਮ ਲੱਗਣ ਲੱਗ ਪਿਆ ਤੇ ਮੈਂ ਹਰ ਵਕਤ ਹਨੇਰੇ ਵਿਚ ਹੀ ਰਹਿਣ ਲੱਗਾ ਜਿਵੇਂ ਰਾਤ ਪਈ ਰਹਿੰਦੀ ਹੋਵੇ।
ਚਾਨਣ, ਲੋਕਾਂ ਤੇ ਨਿੱਘ ਵਾਲੀ ਦੁਨੀਆਂ, ਉੱਪਰ ਬਹੁਤ ਦੂਰ ਸੀ ਤੇ ਮੈਂ ਇਕ ਟੋਏ ਵਿਚ ਜਿਸ ਦਾ ਕੋਈ ਥੱਲਾ ਨਹੀਂ ਸੀ ਹੇਠਾਂ ਹੋਰ ਹੇਠਾਂ ਧੱਸਦਾ ਜਾ ਰਿਹਾ ਸਾਂ।
ਕਿਸੇ-ਕਿਸੇ ਵੇਲੇ ਮੇਰਾ ਦਿਮਾਗ ਬੜਾ ਸਾਫ ਹੁੰਦਾ ਤੇ ਮੈਂ ਸਮਝਦਾ ਕਿ ਮੈਂ ਮਰ ਰਿਹਾ ਹਾਂ। ਪਰ ਫੇਰ ਮੈਂ ਸੋਚਦਾ ਕਿ ਉੱਠਣਾ ਚਾਹੀਦਾ ਹੈ, ਕੋਈ ਸੱਕ-ਛੌਡਾ ਲੱਭਣਾ ਚਾਹੀਦਾ ਹੈ, ਅੰਗੀਠੀ ਵਿਚ ਅੱਗ ਬਾਲਣੀ ਤੇ ਪਾਣੀ ਗਰਮ ਕਰਨਾ ਚਾਹੀਦਾ ਹੈ। ਪਰ ਉੱਠਣ ਦਾ ਖਿਆਲ ਹੀ ਏਨਾ ਖੌਫਨਾਕ ਜਾਪਦਾ ਕਿ ਮੈਂ ਬਿਨਾਂ ਕਿਸੇ ਡਰ ਭੈ ਦੇ ਮੌਤ ਬਾਰੇ ਸੋਚਦਾ, ਤੇ ਹੇਠਾਂ, ਹੋਰ ਹੇਠਾਂ ਧੱਸਦਾ ਜਾਂਦਾ ਮੌਤ ਦੀ ਉਡੀਕ ਕਰਨ ਲੱਗ ਪੈਂਦਾ।
* * * * *
ਇਕ ਦਿਨ ਇਸ ਅਥਾਹ ਤੇ ਨਿਰਾਸ਼ਾਮਈ ਖੱਡ ਵਿਚ, ਜਿਸ ਅੰਦਰ ਮੈਂ ਡੂੰਘਾ ਧਸ ਗਿਆ ਹੋਇਆ ਸਾਂ, ਮੈਨੂੰ ਉਪਰੋਂ ਇਕ ਥਿਰਕਦੀ ਕੰਬਦੀ ਉੱਚੀ ਸਾਰੀ ਅਵਾਜ਼ ਸੁਣੀ :
“ਤੁਸੀਂ ਜਿਊਂਦੇ ਓ, ਜਿਊਂਦੇ ਓ ! ਉਠੋ !”
ਮੇਰਾ ਹੇਠਾਂ ਨੂੰ ਧੱਸਣਾ ਬੰਦ ਹੋ ਗਿਆ।ਕੋਈ ਚੀਜ਼ ਮੈਨੂੰ ਉੱਪਰ ਧੱਕਣ ਲੱਗੀ, ਉੱਪਰ, ਹੋਰ ਉੱਪਰ, ਅਤੇ ਮੈਂ ਮਹਿਸੂਸ ਕੀਤਾ ਕਿ ਕਿਸੇ ਨੇ ਮੇਰੇ ਮੂੰਹ ਤੋਂ ਕੰਬਲ ਲਾਹ ਦਿੱਤਾ ਹੈ, ਕਿ ਚਾਰ- -ਚੁਫੇਰੇ ਚਾਨਣ ਹੈ।ਗੱਤਾ ਖਿੜਕੀ ਤੋਂ ਲਾਹ ਦਿੱਤਾ ਗਿਆ ਸੀ ਤੇ ਕੱਕਰ-ਜੰਮੇ ਸ਼ੀਸ਼ਿਆਂ ਵਿਚੋਂ ਦਿਨ ਦਾ ਚਾਨਣ ਅੰਦਰ ਆ ਰਿਹਾ ਸੀ। ਮੇਰੇ ਸਿਰ ਉਪਰ ਆਸਿਯਾ ਖਲੋਤੀ ਸੀ ਤੇ ਖੁਸ਼ੀ ਵਿਚ ਆਈ ਚੀਖ਼ ਰਹੀ ਸੀ :
“ਤੁਸੀਂ ਜਿਊਂਦੇ ਓ ! ਆਂਗੇਲੀਨਾ ਇਵਾਨੋਵਨਾ ਕਹਿੰਦੀ ਸੀ ਕਿ ਛਾਪੇਖਾਨੇ ਵਿਚ ਕੋਈ ਵੀ ਨਹੀਂ, ਕਿ ਤੁਸੀਂ ਮਰੇ ਪਏ ਓ, ਤੇ ਮੈਂ ਆ ਕੇ ਤੁਹਾਨੂੰ ਹੱਥ ਲਾ ਕੇ ਵੇਖਿਆ-ਤੁਸੀਂ ਜਿਊਂਦੇ ਓ ! ਠਹਿਰੋ, ਠਹਿਰੋ ... ਮੈਂ ਹੁਣੇ ਸਭ ਕੁਝ ਕਰ ਦੇਂਦੀ ਆਂ...”
ਮੈਂ ਉਹਦੇ ਵੱਲ ਵੇਖਿਆ ਤੇ ਮਹਿਸੂਸ ਕੀਤਾ ਕਿ ਮੈਂ ਮੁਸਕ੍ਰਾ ਰਿਹਾ ਸਾਂ। ਬੇਸ਼ਕ, ਮੈਂ ਜਿਊਂਦਾ ਸਾਂ! ਉਹ ਕੇਡੀ ਖਿੜੀ ਹੋਈ ਸੀ, ਕੇਡੀ ਖੁਸ਼ ਸੀ, ਮੈਨੂੰ ਜਿਊਂਦਾ ਵੇਖ ਕੇ। ਇਸ ਹਾਲਤ ਵਿਚ ਮਰਨਾ ਤਾਂ ਨਾਸ਼ੁਕਰਾਪਨ ਹੁੰਦਾ। ਮੈਂ ਉਹਦੇ ਵੱਲ ਵੇਖਿਆ, ਮੁਸਕ੍ਰਾਇਆ ਤੇ ਮੈਨੂੰ ਵੀ ਖੁਸ਼ੀ ਹੋਈ ਕਿ ਉਹ ਜਿਊਂਦੀ ਸੀ। ਉਹ ਬਦਲ ਗਈ ਸੀ। ਬੁਢਾਪੇ ਦੇ ਖੌਫਨਾਕ ਚਿੰਨ੍ਹ ਉਹਦੇ ਬੱਚਿਆਂ ਵਰਗੇ ਚਿਹਰੇ ਉੱਤੇ ਹੋਰ ਵੀ ਡੂੰਘੇ ਹੋ ਗਏ ਸਨ। ਪਰ ਉਹ ਤੁਰੀ ਫਿਰਦੀ ਸੀ, ਗੱਲਾਂ ਕਰਦੀ ਸੀ, ਖੁਸ਼ ਸੀ। ਅਸੀਂ ਦੋਵੇਂ ਜਿਊਂਦੇ ਸਾਂ।
"ਬਸ, ਇਕ ਮਿੰਟ ਠਹਿਰ ਜਾਓ !” ਉਹ ਅੰਗੀਠੀ ਵਿਚ ਅੱਗ ਬਾਲਦੀ ਬੋਲੀ ਜਾਂਦੀ ਸੀ।
ਮੈਂ ਸੋਚਦਾ ਸਾਂ ਕਿ ਛਾਪੇਖਾਨੇ ਵਿਚ ਬਾਲਣ ਵਾਸਤੇ ਕੁਝ ਵੀ ਨਹੀਂ ਰਹਿ ਗਿਆ, ਸਿਵਾਏ ਟਾਈਪ ਵਾਲੇ ਬਕਸਿਆਂ ਦੇ, ਪਰ ਉਸ ਨੂੰ ਕੋਠੜੀ ਲੱਭ ਪਈ ਜਿਥੇ ਸੁਮਾਰੋਕੋਵ ਤੇ ਤਸਵੇਤਕੋਵ ਨੇ ਕੁਝ ਫੱਟੀਆਂ, ਕੁਝ ਛੌਡੇ ਤੇ ਥੋੜ੍ਹੇ ਜਿਹੇ ਕੋਲੇ ਸਾਂਭ ਕੇ ਰੱਖੇ ਹੋਏ ਸਨ। ਅੰਗੀਠੀ ਵਿਚੋਂ ਉੱਚੀ-ਉੱਚੀ ਤਿੜ-ਤਿੜ ਦੀ ਆਵਾਜ਼ ਆਉਣ ਲੱਗੀ ਤੇ ਕਾਲੇ ਲੋਹੇ ਦਾ ਧੂੰਕਸ਼ ਦਗਣ ਲੱਗ ਪਿਆ।
“ਥੋੜ੍ਹਾ ਜਿਹਾ ਪਾਣੀ ਲਿਆਂਵਾ,” ਉਸ ਨੇ ਤਾਂਬੇ ਦੀ ਇਕ ਵੱਡੀ ਸਾਰੀ ਕੇਤਲੀ ਚੁੱਕ ਕੇ ਕਮਰੇ ਵਿਚੋਂ ਬਾਹਰ ਜਾਦਿਆਂ ਆਖਿਆ।
ਅਜੇ ਮਸਾਂ ਉਹ ਗਈ ਹੀ ਸੀ ਕਿ ਮੇਰਾ ਲੂੰ-ਲੂੰ ਕੰਬ ਉੱਠਿਆ ਕਿ ਉਹ ਕਦੇ ਵਾਪਸ ਨਹੀਂ ਆਵੇਗੀ।ਉਸ ਨੇ ਨਮਦੇ ਦੇ ਬੂਟ ਪਾਏ ਹੋਏ ਸਨ ਤੇ ਤੁਰਦੀ ਦੀ ਤਕਰੀਬਨ ਕੋਈ ਅਵਾਜ਼ ਨਹੀਂ ਸੀ ਆਉਂਦੀ।ਉਹਦੇ ਬਾਹਰ ਨਿਕਲਦਿਆਂ ਹੀ ਕਮਰਾ ਬੰਦ ਹੋ ਗਿਆ ਸੀ ਤੇ ਉਹਦੇ ਪੈਰਾਂ ਦਾ ਖੜਾਕ ਆਉਣੋਂ ਹਟ ਗਿਆ ਸੀ।“ਵਾਪਸ ਮੁੜ ਆ, ਜੀਵਨਦਾਤੀ ਕੁੜੀਏ,” ਉਸ ਨੂੰ ਉਡੀਕਦਾ ਮੈਂ ਸੋਚ ਰਿਹਾ ਸਾਂ।“ਵਾਪਸ ਮੁੜ ਆ।”
ਮੇਰੀ ਆਸ ਦਮ ਤੋੜਨ ਹੀ ਵਾਲੀ ਸੀ ਕਿ ਜੀਵਨਦਾਤੀ ਕੁੜੀ ਵਾਪਸ ਮੁੜ ਆਈ।
* * * * *
ਇਹ ਵੇਖ ਕੇ, ਕਿ ਕਿਵੇਂ ਉਸ ਨੇ ਕੇਤਲੀ ਪਾਣੀ ਨਾਲ ਭਰੀ ਹੋਈ ਹੈ, ਕਿਵੇਂ ਉਸ ਨੂੰ ਚੁੱਕੀ ਆਉਂਦੀ ਹੈ, ਮੈਂ ਹੱਕਾ ਬੱਕਾ ਰਹਿ ਗਿਆ। ਮੈਨੂੰ ਲੰਮੇ ਪਏ ਨੂੰ ਸ਼ਰਮ ਆਉਣ ਲੱਗੀ।ਆਖਰ ਉਸ ਨੂੰ ਵੀ ਓਨੀ ਹੀ ਰੋਟੀ ਮਿਲਦੀ ਸੀ, ਜਿੰਨੀ ਮੈਨੂੰ, ਉਹਦੇ ਵਾਸਤੇ ਵੀ ਓਨੀ ਹੀ ਮੁਸ਼ਕਲ ਸੀ ਜਿੰਨੀ ਮੇਰੇ ਵਾਸਤੇ। ਮੈਂ ਦੋਵੇਂ ਕੰਬਲ ਲਾਹ ਕੇ ਪਰੇ ਮਾਰੇ, ਫਰਸ਼ ਉੱਤੇ ਪੈਰ ਰੱਖੇ ਤੇ ਖੜਾ ਹੋ ਗਿਆ।
“ਵੇਖਿਆ, ਮੈਂ ਆਖਿਆ ਸੀ ਨਾ! ਤੁਸੀਂ ਖੜੇ ਹੋ ਸਕਦੇ ਓ।”
“ਸੱਚਮੁੱਚ, ਮੈਂ ਖਲੋ ਸਕਦਾ ਹਾਂ,” ਮੈਂ ਫੁਰਤੀ ਨਾਲ ਆਖਿਆ, ਅਤੇ ਇਹ ਦੱਸਣ ਲਈ ਕਿ ਮੈਂ ਅਜੇ ਵੀ ਕੇਡਾ ਤਕੜਾ ਹਾਂ, ਮੈਂ ਛੁਰੀ ਨਾਲ ਇਕ ਫੱਟੀ ਪਾੜੀ ਤੇ ਛੌਡੇ ਅੰਗੀਠੀ ਵਿਚ ਸੁੱਟ ਦਿੱਤੇ।
ਉਸ ਨੇ ਆਪਣੇ ਬੇਉਂਗਲੇ ਦਸਤਾਨੇ ਲਾਹੇ ਤੇ ਅੰਗੀਠੀ ਉੱਤੇ, ਕੇਤਲੀ ਉੱਤੇ ਆਪਣੇ ਹੱਥ ਸੇਕੇ।ਉਸ ਦੇ ਹੱਥ ਨਿੱਕੇ-ਨਿੱਕੇ ਸਨ। ਪਰ ਉਹਦੀਆਂ ਉਂਗਲਾਂ ਸੁੱਜੀਆਂ ਹੋਈਆਂ, ਆਕੜੀਆਂ ਹੋਈਆਂ ਸਨ, ਪਾਟੀਆਂ ਹੋਈਆਂ ਸਨ ਤੇ ਨਹੁੰਆਂ ਕੋਲੋਂ ਉਹਨਾਂ ਵਿਚ ਪੀਕ ਪੈ ਗਈ ਹੋਈ ਸੀ।
ਕਮਰੇ ਵਿਚ ਨਿੱਘ ਨਿੱਘ ਹੋ ਗਿਆ। ਮੈਂ ਬਕਸੂਏ ਲਾਹੇ ਤੇ ਆਪਣੀ ਜੈਕਟ ਖੋਹਲ ਲਈ। ਕੇਤਲੀ ਗੁੜਗੁੜ ਕਰਨ ਲੱਗ ਪਈ, ਉਸ ਦੀ ਟੂਟੀ ਵਿਚੋਂ ਭਾਫ ਨਿਕਲਣ ਲੱਗੀ ਤੇ ਉਹਦਾ ਢੱਕਣ ਖੜਖੜ ਕਰਨ ਤੇ ਹਿਲਣ ਉੱਛਲਣ ਲੱਗਾ।ਆਸਿਯਾ ਨੇ ਦੋ ਮੱਗ ਭਰੇ, ਅਤੇ ਅਸੀਂ ਚੌਕੜੀ ਜਿਹੀ ਮਾਰ ਕੇ ਮੰਜੇ ਉੱਤੇ ਬਹਿ ਗਏ ਤੇ ਤੱਤੇ ਪਾਣੀ ਦੇ ਘੁੱਟ ਭਰਨ ਲੱਗੇ। ਕਮਰੇ ਵਿਚ ਸੁਭਾਗਾ ਨਿੱਘ ਹੋ ਗਿਆ। ਸਾਡੇ ਚਿਹਰਿਆਂ ਉੱਤੇ ਪਸੀਨੇ ਦੀਆਂ ਬੂੰਦਾਂ ਚਮਕਣ ਲੱਗੀਆਂ। ਆਪਣੇ ਬੁੱਲ੍ਹ ਸਾੜ ਲੈਣ ਤੋਂ ਡਰਦੇ, ਅਸੀਂ ਬਹੁਤ ਸੰਭਲ-ਸੰਭਲ ਕੇ ਘੁੱਟ ਭਰਦੇ ਸਾਂ ਅਤੇ ਅਨੰਤ ਖੁਸ਼ੀ ਤੇ ਦੋਸਤਾਨਾ ਮੁਹੱਬਤ ਨਾਲ ਇਕ ਦੂਜੇ ਨੂੰ ਵੇਖ ਰਹੇ ਸਾਂ। ਸਾਡੇ ਵਿਚਕਾਰ ਇਕ ਅਣੋਖੀ ਕਿਸਮ ਦੀ ਨੇੜਤਾ ਸੀ—ਜਿਊਂਦਿਆਂ ਦੀ ਨੇੜਤਾ। ਉਹ ਬੱਚਿਆਂ ਵਰਗੀ ਸ਼ਰਾਰਤ ਨਾਲ ਆਪਣੇ ਭਾਫ ਛੱਡਦੇ ਮੱਗ ਦੇ ਉਪਰੋਂ ਮੇਰੇ ਵੱਲ ਵੇਖ ਰਹੀ ਸੀ: ਅਸੀਂ ਖੁਸ਼ਕਿਸਮਤ ਸਾਂ, ਅਸੀਂ ਚਲਾਕ ਸਾਂ, ਅਸੀਂ ਦੋਵੇਂ ਜਿਊਂਦੇ ਸਾਂ।
ਉਸ ਨੇ ਮੈਨੂੰ ਦੱਸਿਆ ਕਿ ਉਹ ਫੌਜ ਵਿਚ ਭਰਤੀ ਹੋਣਾ ਤੇ ਨਿਸ਼ਾਨੇਬਾਜ਼ ਬਣਨਾ ਚਾਹੁੰਦੀ ਸੀ ਕਿਉਂਕਿ ਉਹਦੀ ਨਜ਼ਰ ਬਹੁਤ ਤਿੱਖੀ ਹੈ।ਉਹ ਦਿਆਰ ਦੇ ਉੱਚੇ ਲੰਮੇ ਰੁੱਖ ਉੱਤੇ ਚੜ੍ਹ ਜਾਂਦੀ, ਤੇ ਜਰਮਨ ਝਾੜੀ ਵਿਚ ਰਤਾ ਕੁ ਹਿਲਜੁਲ ਕਰਦਾ ਤੇ ... ਠਾਹਾ ਉੱਤੇ ਭੁੰਜੇ ਵਿਛਿਆ ਹੁੰਦਾ। ਪੱਤਝੜ ਵਿਚ ਉਹਦੇ ਇਕ ਸਾਰਜੈਂਟ ਦੋਸਤ ਨੇ ਆਖਿਆ ਸੀ ਕਿ ਉਸ ਨੂੰ ਨਿਸ਼ਾਨੇਬਾਜ਼ ਦੀ ਹੈਸੀਅਤ ਵਿਚ ਜ਼ਰੂਰ ਭਰਤੀ ਕਰ ਲਿਆ ਜਾਵੇਗਾ।
“ਫੇਰ ਹੋਏ ਕਿਉਂ ਨਾ ?”
“ਮਾਂ ਕਰਕੇ।”
ਉਹ ਆਪਣੀ ਮਾਂ ਦੇ ਨਾਲ ਰਹਿੰਦੀ ਸੀ ਜਿਸ ਨੂੰ ਇਕੱਲਿਆਂ ਨਹੀਂ ਸੀ ਛੱਡਿਆ ਜਾ ਸਕਦਾ।
“ਮਾਂ ਬੀਮਾਰ ਹੈ ?”
“ਹਾਂ। ਤੀਜਾ ਮਹੀਨਾ ਹੋ ਗਿਆ, ਉਹਦੇ ਸਾਰੇ ਸਰੀਰ ’ਤੇ ਸੋਜ ਏ।ਐਡੀ ਮੋਟੀ ਹੋ ਗਈ ਫੁੱਲ ਕੇ।”
ਮੈਨੂੰ ਪਤਾ ਸੀ ਕਿ ਲੋਕ ਭੁੱਖ ਨਾਲ ਸਿਰਫ ਲਿੱਸੇ ਹੀ ਨਹੀਂ ਹੋ ਜਾਂਦੇ, ਫੁੱਲ ਵੀ ਜਾਂਦੇ ਨੇ। ਇਸ ਕਰਕੇ ਗੱਲ ਅੱਗੇ ਨਾ ਤੋਰੀ।
“ਤੇ ਤੁਸੀਂ ਸੈਨਾ ਵਿਚ ਕਿਉਂ ਨਾ ਭਰਤੀ ਹੋਏ ?"
“ਮੈਨੂੰ ਲਿਆ ਨਹੀਂ ਸੀ ਗਿਆ।” ਮੈਂ ਆਖਿਆ।“ਮੇਰਾ ਅਪਰੇਸ਼ਨ ਹੋਣਾ ਸੀ, ਪਰ ਲੜਾਈ ਛਿੜਨ ਕਾਰਨ ਨਾ ਹੋ ਸਕਿਆ।”
“ਕੀ ਤਕਲੀਫ਼ ਸੀ ਤੁਹਾਨੂੰ ?”
“ਅਲਸਰ, ਪੇਟ ਵਿਚ।”
ਮੈਂ ਉਸ ਨੂੰ ਦੱਸਿਆ ਕਿ ਮੈਨੂੰ ਕਿੰਨੀ ਮਾਯੂਸੀ ਹੋਈ ਸੀ ਜਦੋਂ ਮੈਨੂੰ ਸੈਨਾ ਵਿਚ ਭਰਤੀ ਕਰਨ ਦੀ ਥਾਂ ਅਖਬਾਰ ਦੀ ਸੰਪਾਦਨਾ ਦੇ ਕੰਮ ਲਾ ਦਿੱਤਾ। ਤੇ ਹੁਣ ਅਖਬਾਰ ਨਿਕਲਣਾ ਬੰਦ ਹੋ ਗਿਆ ਹੈ।
“ਤੁਹਾਨੂੰ ਕਿਸ ਗੱਲ ਦੀ ਉਡੀਕ ਏ ?”
“ਹਦਾਇਤਾਂ ਦੀ ਉਡੀਕ,'' ਮੈਂ ਜਵਾਬ ਦਿੱਤਾ।
“ਬੜਾ ਚਿਰ ਹੋ ਗਿਆ ਉਡੀਕਦਿਆਂ ?”
ਮੈਂ ਚੇਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਤਸਵੇਤਕੋਵ ਕਦੋਂ ਗਿਆ ਸੀ। ਕਿੰਨੇ ਦਿਨਾਂ ਤੋਂ ਮੈਂ ਇਸ ਮੰਜੇ ’ਤੇ ਪਿਆ ਸਾਂ ? ਪਹਿਲਾਂ ਮੈਨੂੰ ਖਿਆਲ ਆਇਆ ਕਿ ਤਕਰੀਬਨ ਛੇ ਦਿਨ ਤੋਂ, ਪਰ ਫੇਰ ਜਦੋਂ ਮੈਂ ਗਿਣਨ ਲੱਗਾ, ਤਾਂ ਬਹੁਤੇ ਦਿਨ ਹੋ ਗਏ ਨਿਕਲੇ।
“ਹਦਾਇਤਾਂ ਕੋਈ ਨਹੀਂ ਆਉਣੀਆਂ,” ਉਹਨੇ ਆਖਿਆ।
ਮੈਂ ਆਪ ਵੀ ਕੁਝ ਦਿਨਾਂ ਤੋਂ ਏਹੋ ਸੋਚ ਰਿਹਾ ਸਾਂ, ਪਰ ਉਹਦੇ ਯਕੀਨ ਤੋਂ ਮੈਂ ਹੈਰਾਨ ਰਹਿ ਗਿਆ।
“ਕਿਉਂ ?”
“ਤੁਹਾਡੇ ਸਾਹਿਬ ਵੀ ਲੰਮੇ ਪਏ ਹੋਏ ਨੇ। ਉਹਨਾਂ ਨੂੰ ਵੀ ਸਾਡੇ ਜਿੰਨੀ ਹੀ ਰੋਟੀ ਮਿਲਦੀ ਏ।”
ਉਹਦੀ ਗੱਲ ਠੀਕ ਹੈ। ਹਰ ਪਾਸੇ ਇਕੋ ਜਿੰਨੀ ਹੀ ਭੁੱਖ ਸੀ।
“ਕਾਸ਼ ਮੈਂ ਫੋਨ ਕਰ ਸਕਦਾ ,” ਮੈਂ ਆਖਿਆ।“ਪਰ ਇਹ ਸੰਭਵ ਨਹੀਂ...”
“ਤੇ ਤੁਸੀਂ ਆਪ ਚਲੇ ਜਾਓ।”
ਇਹ ਸੁਣ ਕੇ ਮੈਂ ਹੱਸ ਪਿਆ।
“ਪਤਾ ਹੈ ਤੁਹਾਨੂੰ, ਮੈਨੂੰ ਕਿੱਥੇ ਜਾਣਾ ਚਾਹੀਦਾ ਹੈ ? ਬੰਦਰਗਾਹ ’ਤੇ।”
"ਦੂਰ ਏ।”
“ਮੈਂ ਡਿੱਗ ਪਵਾਂਗਾ ਤੇ ਠੰਡ ਨਾਲ ਮਰ ਜਾਵਾਂਗਾ।”
“ਹੋ ਸਕਦਾ ਏ,’” ਉਸ ਨੇ ਠਰੰਮੇ ਤੇ ਗੰਭੀਰਤਾ ਨਾਲ ਆਖਿਆ।“ਇਹ ਤੁਹਾਡੇ ਉੱਤੇ ਨਿਰਭਰ ਏ।”
“ਮੇਰੇ ਉੱਤੇ ਨਿਰਭਰ ਨਹੀਂ,” ਮੈਂ ਕਿਹਾ।“ਮੈਂ ਤਾਂ ਸਿਰਫ ਇਹ ਜਾਣਦਾ ਹਾਂ ਕਿ ਮੇਰੇ ਸਰੀਰ ਵਿਚ ਸੱਤਿਆ ਨਹੀਂ।”
ਉਸ ਨੇ ਆਪਣੇ ਮੱਗ ਦੇ ਕੰਢੇ ਉੱਪਰੋਂ ਗਹੁ ਨਾਲ ਮੇਰੇ ਵੱਲ ਵੇਖਿਆ ਤੇ ਚੁੱਪ ਕੀਤੀ ਰਹੀ। ਮੈਂ ਵੀ ਚੁੱਪ ਹੋ ਗਿਆ। ਮੇਰੇ ਬੁੱਲ੍ਹਾਂ ਉੱਤੇ ਗਰਮ ਪਾਣੀ, ਕਮਰੇ ਵਿਚ ਨਿੱਘ, ਉਸ ਦੀ ਨੇੜਤਾ, ਇਹ ਚੀਜ਼ਾਂ ਬਹਿਸ ਤੇ ਚਿੰਤਾ ਵਿਚ ਗੁਆਉਣ ਵਾਲੀਆਂ ਨਹੀਂ ਸਨ।ਉਸ ਨੇ ਮੈਨੂੰ ਇਕ ਮੱਗ ਹੋਰ ਭਰ ਦਿੱਤਾ ਤੇ ਅਚਾਨਕ ਪੁੱਛਿਆ:
“ਬਹੁਤ ਦਿਨ ਹੋ ਗਏ ਸਿਰ ਮੂੰਹ ਧੋਤਿਆਂ ?”
ਮੈਂ ਚੇਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਪਿਛਲੀ ਵਾਰੀ ਕਦੋਂ ਮੂੰਹ ਸਿਰ ਧੋਤਾ ਸੀ। ਬਹੁਤ ਦਿਨ ਹੋ ਗਏ ਸਨ। ਸ਼ਹਿਰ ਵਿਚ ਪਤਝੜ ਦੇ ਦਿਨਾਂ ਤੋਂ ਇਕ ਵੀ ਹਮਾਮ ਕੰਮ ਨਹੀਂ ਸੀ ਕਰਦਾ ਤੇ ਠੰਡੇ ਛਾਪੇਖਾਨੇ ਵਿਚ ਇਹ ਕੰਮ ਔਖਾ ਵੀ ਸੀ ਤੇ ਨਾਖੁਸ਼ਗਵਾਰ ਵੀ। ਕਈ ਹਫਤੇ ਹੋ ਗਏ ਸਨ ਮੈਂ ਤਾਂ ਆਪਣੀ ਜੈਕਟ ਵੀ ਗਲੋਂ ਨਹੀਂ ਸੀ ਲਾਹੀ।
“ਕੇਤਲੀ ਭਰ ਗਰਮ ਪਾਣੀ ਬਚਦਾ ਏ,” ਉਹਨੇ ਆਖਿਆ।“ਮੈਂ ਹੁਣ ਚਲੀ ਜਾਵਾਂਗੀ, ਤੇ ਤੁਸੀਂ ਸਿਰ ਮੂੰਹ ਧੋ ਲਓ ਜਿੰਨਾ ਚਿਰ ਕਮਰਾ ਨਿੱਘਾ ਏ..”
ਉਹ ਉੱਠ ਖੜੀ ਹੋਈ।
“ਹੁਣੇ ਜਾਣਾ ਜ਼ਰੂਰੀ ਹੈ ?”
“ਮਾਂ ’ਕੱਲੀ ਏ,” ਉਸ ਨੇ ਪੋਲੇ ਜਿਹੇ ਜਵਾਬ ਦਿੱਤਾ। ਉਹ ਸਮਝਦੀ ਸੀ ਕਿ ਉਹਦੇ ਬਗ਼ੈਰ ਮੈਂ ਖ਼ੌਫ਼ਨਾਕ ਇਕੱਲ ਵਿਚ ਰਹਿ ਜਾਵਾਂਗਾ। ਉਸ ਨੂੰ ਆਪਣੀ ਮਾਨਸਿਕ ਵਡਿੱਤਣ ਦਾ ਅਹਿਸਾਸ ਸੀ ਤੇ ਮੇਰੇ ਨਾਲ ਬੱਚਿਆਂ ਵਾਲਾ ਸਲੂਕ ਕਰਦੀ ਸੀ, ਭਾਵੇਂ ਮੇਰੀ ਉਮਰ ਉਹਦੇ ਨਾਲੋਂ ਦੁੱਗਣੀ ਸੀ।“ਸਿਰ ਮੂੰਹ ਧੋ ਲਓ ਤੇ ਸੌਂ ਜਾਓ, ਤੇ ਭਲਕੇ ਬੰਦਰਗਾਹ ਜਾਣ ਦੀ ਕੋਸ਼ਿਸ਼ ਕਰਿਓ।”
ਮੇਰੀਆਂ ਅੱਖਾਂ ਵਿਚ ਬੇਯਕੀਨੀ ਵੇਖ ਕੇ, ਉਸ ਨੇ ਨਾਲ ਹੀ ਆਖਿਆ:
“ਤੁਸੀਂ ਪਹੁੰਚ ਜਾਉਗੇ। ਸਾਡੇ ਵਿਚ ਉਸ ਤੋਂ ਬਹੁਤੀ ਤਾਕਤ ਏ, ਜਿੰਨੀ ਅਸੀਂ ਸਮਝਦੇ ਆਂ।”
“ਤੁਹਾਨੂੰ ਕਿਵੇਂ ਪਤਾ ਹੈ ? ਆਪਣੇ ਤੋਂ ਅੰਦਾਜ਼ਾ ਕਰਦੇ ਹੋ ?”
“ਆਪਣੇ ਤੋਂ ਵੀ ਤੇ ਦੂਜਿਆਂ ਤੋਂ ਵੀ।ਪਹੁੰਚਣਾ ਜ਼ਰੂਰੀ ਏ, ਤੇ ਤੁਸੀਂ ਪਹੁੰਚ ਜਾਓਗੇ।”
* * * * *
ਮੈਂ ਪਹੁੰਚ ਗਿਆ।
ਮੈਂ ਅਜੇ ਫਾਟਕਾਂ ਤੋਂ ਬਾਹਰ ਆਇਆ ਹੀ ਸਾਂ ਕਿ ਸੂਈਆਂ ਚੁਭੋਂਦੀ ਬਰਫ ਨਾਲ ਭਰੀ ਹਵਾ ਦਾ ਫਰਾਟਾ ਮੇਰੇ ਮੂੰਹ ’ਤੇ ਵੱਜਾ, ਅਤੇ ਮੈਨੂੰ ਮਹਿਸੂਸ ਹੋਣ ਲੱਗ ਪਿਆ ਕਿ ਬੰਦਰਗਾਹ ਪਹੁੰਚ ਜਾਣ ਦੀ ਕੋਈ ਆਸ ਨਹੀਂ। ਮੇਰੀਆਂ ਲੱਤਾਂ ਬਹਿੰਦੀਆਂ ਜਾਂਦੀਆਂ ਸਨ। ਮੈਂ ਇਉਂ ਹਚਕੋਲੋ ਖਾ ਰਿਹਾ ਸਾਂ ਜਿਵੇਂ ਹਵਾ ਵਿਚ ਘਾਹ ਦਾ ਪੱਤਾ ਖਾਂਦਾ ਹੈ। ਬਰਫ ਵਿਚ ਲੰਮਾ ਪੈ ਜਾਵਾਂ ਤੇ ਅੱਖਾਂ ਬੰਦ ਕਰ ਲਵਾਂ-ਬਸ ਏਹੋ ਜੀਅ ਕਰਦਾ ਸੀ। ਨੁੱਕਰ ਤੱਕ ਪਹੁੰਚ ਕੇ ਮੈਂ ਇਰਾਦਾ ਛੱਡ ਦੇਣ ਦਾ ਫੈਸਲਾ ਕੀਤਾ। ਪਰ, ਇਸ ਦੀ ਬਜਾਏ ਮੈਂ ਡਿੱਗਦਾ ਢਹਿੰਦਾ ਅਗਲੀ ਨੁੱਕਰ ਤੱਕ ਪਹੁੰਚ ਗਿਆ। ਇਸ ਨਾਲ ਕੀ ਫਰਕ ਪੈਂਦਾ ਹੈ ਕਿ ਮੈਂ ਕਿੱਥੇ ਪਿਆ ਹਾਂ ? ਹੌਲ਼ੀ-ਹੌਲ਼ੀ ਅਖੀਰ ਮੈਂ ਪੁਲ ਤੱਕ ਪਹੁੰਚ ਗਿਆ, ਨੇਵਾ ਦਰਿਆ ਪਾਰ ਕੀਤਾ, ਮੋੜ ਮੁੜ ਕੇ ਇਕ ਲੰਮੀ ਸਾਰੀ ਸੜਕ ਉੱਤੇ ਪੈ ਗਿਆ ਤੇ ਸਿੱਧਾ ਤੁਰਿਆ ਗਿਆ, ਸੜੀਆਂ ਫੂਕੀਆਂ, ਠੰਡੀਆਂ ਯਖ ਇਮਾਰਤਾਂ ਅੱਗੋਂ ਦੀ ਲੰਘਦਾ ਗਿਆ। ਘੁਸ-ਮੁਸਾ ਹੋਣ ਤੱਕ ਮੈਂ ਸਾਰੀ ਸੜਕ ਲੰਘ ਕੇ ਬੰਦਰਗਾਹ ’ਤੇ ਪਹੁੰਚ ਗਿਆ। ਮੈਂ ਉਸ ਤੋਂ ਵੱਧ ਤਕੜਾ ਨਿਕਲਿਆ, ਜਿੰਨਾ ਮੈਂ ਸੋਚਦਾ ਸਾਂ।
ਜਦੋਂ ਪਹੁੰਚਿਆ ਤਾਂ ਪਹਿਲਾਂ ਕਿਸੇ ਮੈਨੂੰ ਪਛਾਣਿਆ ਹੀ ਨਾ, ਤੇ ਜਦੋਂ ਪਛਾਣ ਲਿਆ ਤਾਂ ਸਾਰੇ ਮੂੰਹ ਵਿਚ ਉਂਗਲਾਂ ਪਾਉਣ । ਸਾਰੇ ਇਹ ਸਮਝੀ ਬੈਠੇ ਸਨ ਕਿ ਮੈਂ ਮਰ ਗਿਆ ਸਾਂ। ਮੈਨੂੰ ਕੁਝ ਹੋਰ ਮਜ਼ਦੂਰਾਂ ਨਾਲ ਜਿਹੜੇ ਬੰਦਰਗਾਹ ਵਿਚ ਜਹਾਜਾਂ ਦੀ ਮੁਰੰਮਤ ਕਰ ਰਹੇ ਸਨ ਇਕ ਬਜਰੇ ਵਿਚ ਟਿਕਾ ਦਿੱਤਾ ਗਿਆ ਜਿਸ ਦੇ ਬਾਹਰ ਬਰਫ ਜੰਮੀ ਹੋਈ ਸੀ। ਬਜਰੇ ਵਿਚ ਨਿੱਘ ਸੀ।ਇਸ ਦੀ ਆਪਣੀ ਇਕ ਛੋਟੀ ਜਿਹੀ ਮੋਟਰ ਨਾਲ ਪੈਦਾ ਕੀਤੀ ਬਿਜਲੀ ਦਾ ਮੱਧਮ ਜਿਹਾ ਚਾਨਣ ਵੀ ਸੀ। ਹਾਲੇ ਮਸਾਂ ਇਕ ਮਹੀਨਾ ਪਹਿਲਾਂ ਬਜਰੇ ਤੇ ਤਹਿਖਾਨੇ ਵਿਚ ਇਕ ਸੌ ਤੋਂ ਵੱਧ ਬੰਦੇ ਰਹਿੰਦੇ ਸਨ। ਪਰ ਇਸ ਵੇਲੇ ਉਹਨਾਂ ਵਿਚੋਂ ਬਹੁਤ ਸਾਰੇ ਮਰ ਗਏ ਸਨ ਤੇ ਬਹੁਤ ਸਾਰੇ ਖਾਲੀ ਮੰਜੇ ਸਨ।
ਇਕ ਦਿਨ ਬਾਅਦ ਮੈਂ ਵੀ ਕੰਮ ’ਤੇ ਚਲਾ ਗਿਆ। ਮੇਰੀਆਂ ਲੱਤਾਂ ਵਿਚ ਕਮਜ਼ੋਰੀ ਸੀ ਪਰ ਹੁਣ ਮੈਨੂੰ ਪਤਾ ਲੱਗ ਚੁੱਕਾ ਸੀ ਕਿ ਮੇਰੇ ਸਰੀਰ ਵਿਚ ਉਸ ਤੋਂ ਬਹੁਤੀ ਸੱਤਿਆ ਹੈ ਜਿੰਨੀ ਮੈਂ ਸਮਝਦਾ ਸਾਂ। ਜੇ ਮੈਂ ਪੈਦਲ ਤੁਰ ਕੇ ਬੰਦਰਗਾਹ ਤੱਕ ਆ ਗਿਆ ਸਾਂ, ਤਾਂ ਮੈਂ ਨਿਸਚੇ ਹੀ ਕੰਮ ਵੀ ਕਰ ਸਕਦਾ ਸਾਂ। ਆਪਣੀ ਜਵਾਨੀ ਦੇ ਦਿਨਾਂ ਵਿਚ ਮੈਂ ਰੇਲਵੇ ਦੇ ਇਕ ਮੁਰੰਮਤਖਾਨੇ ਵਿਚ ਇਕ ਫਿਟਰ ਕੋਲੋਂ ਕੰਮ ਸਿੱਖਦਾ ਰਿਹਾ ਸਾਂ। ਓਹਨੀ ਦਿਨੀਂ ਮੈਂ ਪੱਤਰਕਾਰ ਬਣਨ ਦਾ ਸਿਰਫ ਸੁਪਨਾ ਹੀ ਲਿਆ ਸੀ।ਮੈਂ ਕੋਈ ਬਹੁਤਾ ਕਾਰੀਗਰ ਤਾਂ ਨਹੀਂ ਸਾਂ, ਪਰ ਇਸ ਕੰਮ ਲਈ ਬਹੁਤੀ ਕਾਰੀਗਰੀ ਦੀ ਲੋੜ ਵੀ ਨਹੀਂ ਸੀ। ਅਸੀਂ ਇਕ ਪੁਰਾਣੇ ਮਾਲ ਢੋਣ ਵਾਲੇ ਜਹਾਜ਼ ਦੀ ਮੁਰੰਮਤ ਕਰ ਰਹੇ ਸਾਂ ਜਿਹੜਾ ਪਿਛਲੀ ਪਤਝੜ ਵਿਚ ਬੰਬਾਂ ਦੀ ਮਾਰ ਹੇਠ ਆ ਗਿਆ ਸੀ। ਬਰਫ ਵਿਚ ਜੰਮਿਆ, ਇਹ ਸਾਡੇ ਬਜਰੇ ਦੇ ਕੋਲ ਉੱਚੀ ਕੰਧ ਵਾਂਗ ਖੜਾ ਸੀ ਅਤੇ ਸ਼ਾਇਦ ਸਭ ਤੋਂ ਔਖਾ ਕੰਮ ਕੰਧ ਦੇ ਸਿਖਰ ਤੱਕ ਪੌੜੀਆਂ ਚੜ੍ਹਨਾ ਸੀ। ਮੇਰੀ ਟੋਲੀ ਲੋਹੇ ਦੀਆਂ ਪਲੇਟਾਂ ਵਿਚ ਰਿਬਟਾਂ ਕਸਣ ਵਾਸਤੇ ਮੋਰੀਆਂ ਕਰ ਰਹੀ ਸੀ ਤੇ ਟੁੱਟੀਆਂ ਪਾਈਪਾਂ ਦੀ ਵੈਲਡਿੰਗ ਕਰ ਰਹੀ ਸੀ।ਜਹਾਜ਼ ਦੇ ਅੰਦਰ ਅਸੀਂ ਪਰਛਾਵਿਆਂ ਵਾਂਗ ਤੁਰੇ ਫਿਰਦੇ ਸਾਂ ਤੇ ਸਾਡਾ ਸਾਰਾ ਕੰਮ ਬੜੀ ਹੌਲੀ ਰਫਤਾਰ ਨਾਲ ਹੋ ਰਿਹਾ ਸੀ। ਜੇ ਅਸੀਂ ਕਿਸੇ ਚੀਜ਼ ਨੂੰ ਚੁੱਕਣਾ ਜਾਂ ਇਕ ਤੋਂ ਦੂਜੀ ਥਾਂ ਲਿਜਾਣਾ ਹੁੰਦਾ ਤਾਂ ਦਸ ਜਣੇ ਰਲ ਕੇ ਇਹ ਕੰਮ ਕਰਦੇ ਤੇ ਫੇਰ ਘੰਟਿਆਂ ਬੱਧੀ ਨੀਮ-ਬੇਹੋਸ਼ੀ ਦੀ ਹਾਲਤ ਵਿਚ ਬੈਠੇ ਰਹਿੰਦੇ।
ਹਰ ਵਾਰੀ ਜਦੋਂ ਅਸੀਂ ਬੈਠਦੇ, ਤਾਂ ਸਾਨੂੰ ਮਹਿਸੂਸ ਹੁੰਦਾ ਕਿ ਅਸੀਂ ਕਦੇ ਫੇਰ ਉੱਠ ਨਹੀਂ ਸਕਾਂਗੇ। ਪਰ ਹੁਣ ਮੈਂ ਇਸ ਅਹਿਸਾਸ ਉੱਤੇ ਯਕੀਨ ਨਹੀਂ ਸੀ ਕਰਦਾ। ਮੈਂ ਆਪਣੇ-ਆਪ ਨੂੰ ਆਖਦਾ ਸਾਂ ਕਿ ਜਿੰਨਾ ਚਿਰ ਅਸੀ ਜਹਾਜ਼ ਦੀ ਮੁਰੰਮਤ ਕਰਦੇ ਰਹਾਂਗੇ ਅਸੀਂ ਜਿਊਂਦੇ ਰਹਾਂਗੇ। ਮੈਂ ਕਹਿੰਦਾ ਸਾਂ ਕਿ ਫਾਸ਼ਿਸਟ ਚਾਹੁੰਦੇ ਹਨ ਅਸੀਂ ਮਰ ਜਾਈਏ, ਤੇ ਇਸ ਕਰਕੇ ਸਾਨੂੰ ਨਹੀਂ ਮਰਨਾ ਚਾਹੀਦਾ। ਮੈਂ ਜਾਣਦਾ ਸਾਂ ਕਿ ਇਹ ਲਫਜ਼ ਕਿਸੇ ਹੋਰ ਦੇ ਸਨ, ਤੇ ਮੈਨੂੰ ਇਹ ਵੀ ਯਾਦ ਸੀ ਕਿ ਕਿਸ ਦੇ ਸਨ। ਇਸ ਲਈ, ਬੈਠਣ ਤੋਂ ਮਗਰੋਂ ਵੀ ਅਸੀਂ ਉੱਠ ਖਲੋਂਦੇ ਸਾਂ।
ਬਜਰੇ ਉੱਤੇ ਕੁਝ ਦਿਨ ਬੀਤਣ ਮਗਰੋਂ, ਇਸ ਤਰ੍ਹਾਂ ਲੱਗਦਾ ਸੀ ਜਿਵੇਂ ਮੈਂ ਪਹਿਲਾਂ ਨਾਲੋਂ ਥੋੜ੍ਹਾ ਤੱਕੜਾ ਹੋ ਗਿਆ ਸਾਂ। ਮੈਨੂੰ ਨਹੀਂ ਪਤਾ ਕਿ ਇਸ ਗੱਲ ਨੂੰ ਕਿਵੇਂ ਸਮਝਾਇਆ ਜਾਏ, ਸਿਆਲ ਦੇ ਦੂਜੇ ਅੱਧ ਵਿਚ ਰੋਟੀ ਦਾ ਰਾਸ਼ਨ ਵਧ ਗਿਆ ਸੀ, ਪਰ ਏਨਾ ਮਾਮੂਲੀ ਕਿ ਲੋਕ ਉਸ ਤਰ੍ਹਾਂ ਹੀ ਮਰਦੇ ਜਾ ਰਹੇ ਸਨ ਜਿਸ ਤਰ੍ਹਾਂ ਪਹਿਲਾਂ ਮਰਦੇ ਸਨ। ਹੋ ਸਕਦਾ ਕੇ ਇਸ ਦਾ ਰਾਜ਼ ਉਹ ਸ਼ੋਰਬਾ ਹੋਵੇ ਜਿਹੜਾ ਸਾਨੂੰ ਭੋਜਣਸ਼ਾਲਾ ਵਿਚ ਦਿਨ ਵਿਚ ਦੋ ਵਾਰੀ ਮਿਲਦਾ ਸੀ - ਗਰਮ ਦੂਧੀਆ ਜਿਹਾ ਪਾਣੀ ਜਿਸ ਵਿਚ ਨਾ ਗਿਣਾਉਣ ਜੋਗਾ ਹੀ ਕੁਝ ਹੁੰਦਾ ਸੀ। ਜਾਂ ਸ਼ਾਇਦ ਇਸ ਦੀ ਵਜਾਹ ਇਹ ਸੀ ਕਿ ਜਹਾਜ਼ ਦਾ ਡਾਕਟਰ, ਜਿਹੜਾ ਵਿਟਮਿਨਾਂ ਵਿਚ ਬੜਾ ਯਕੀਨ ਰੱਖਦਾ ਸੀ, ਸਾਡੇ ਵਾਸਤੇ ਫਰ ਦੇ ਬੀਜਾਂ ਦਾ ਇਕ ਘੋਲ ਤਿਆਰ ਕਰਦਾ ਹੁੰਦਾ ਸੀ। ਮੈਂ ਠੀਕ-ਠੀਕ ਕੁਝ ਨਹੀਂ ਕਹਿ ਸਕਦਾ ਪਰ ਬਹੁਤੀ ਸੰਭਾਵਨਾ ਇਹ ਹੈ ਕਿ ਇਸ ਦਾ ਕਾਰਨ ਇਹ ਸੀ ਕਿ ਮੈਂ ਦੂਜੇ ਲੋਕਾਂ ਵਿਚ ਰਹਿੰਦਾ ਸਾਂ ਤੇ ਉਹਨਾਂ ਦੇ ਨਾਲ ਕੰਮ ਵਿਚ ਮਗਨ ਸਾਂ। ਮਿਲ ਕੇ ਰਹਿਣਾ ਹਮੇਸ਼ਾ ਹੀ ਆਸਾਨ ਹੁੰਦਾ ਹੈ। ਮੈਂ ਪਹਿਲਾਂ ਨਾਲੋਂ ਚੰਗਾ ਤੁਰਨ ਲੱਗ ਪਿਆ ਸਾਂ, ਮੰਜੇ ’ਤੇ ਘੱਟ ਪੈਂਦਾ ਸਾਂ ਤੇ ਜਦੋਂ ਪੌੜੀਆਂ ਚੜ੍ਹਦਾ ਸਾਂ ਤਾਂ ਬਹੁਤਾ ਨਹੀਂ ਸਾਂ ਥੱਕਦਾ। ਸਭ ਤੋਂ ਬਹੁਤੀ ਹੈਰਾਨੀ ਵਾਲੀ ਗੱਲ ਇਹ ਸੀ ਕਿ ਲਾਟਾਂ ਛੱਡਦੇ ਚੱਕੇ ਮੈਨੂੰ ਫੇਰ ਵਿਖਾਈ ਦੇਣ ਲੱਗ ਪਏ ਸਨ, ਜਿਵੇਂ ਉਹ ਪਹਿਲਾਂ ਨਜ਼ਰ ਆਉਣ ਲੱਗਦੇ ਸਨ ਜਦੋਂ ਮੇਰੀ ਹਾਲਤ ਵਿਗੜਦੀ ਸੀ। ਅਤੇ ਇਕ ਹੋਰ ਤਕਰੀਬਨ ਭੁੱਲੀ ਹੋਈ ਲਾਲਸਾ ਫੇਰ ਜਾਗ ਪਈ ਸੀ: ਮੈਨੂੰ ਭੁੱਖ ਲੱਗਣ ਲੱਗ ਪਈ ਸੀ, ਬਹੁਤ ਜ਼ਿਆਦਾ ਭੁੱਖ।
* * * * *
ਮੈਂ ਬਜਰੇ ਉੱਤੇ ਰਹਿੰਦਾ ਤੇ ਕੰਮ ਕਰਦਾ ਸਾਂ, ਪਰ ਆਸਿਯਾ ਮੈਨੂੰ ਨਹੀਂ ਸੀ ਭੁੱਲੀ। ਏਧਰ ਮੈਂ ਅੱਖਾਂ ਬੰਦ ਕਰਦਾ ਤੇ ਓਧਰ ਉਹ ਮੇਰੇ ਕੋਲ ਹੁੰਦੀ। ਉਹ ਮੇਰੀ ਜੈਕਟ ਨੂੰ ਬਕਸੂਏ ਲਾ ਰਹੀ ਹੁੰਦੀ; ਮੇਰੇ ਵਾਸਤੇ ਪਾਣੀ ਲਿਆ ਰਹੀ ਹੁੰਦੀ; ਮੈਨੂੰ ਉੱਠਣ ਵਾਸਤੇ ਮਜ਼ਬੂਰ ਕਰਦੀ ਜਦੋਂ ਮੈਂ ਇਹ ਸੋਚ ਰਿਹਾ ਹੁੰਦਾ ਕਿ ਹੁਣ ਮੈਂ ਕਦੇ ਉੱਠ ਹੀ ਨਹੀਂ ਸਕਣਾ; ਉਹ ਮੈਨੂੰ ਜਿਊਣ ਲਈ ਮਜ਼ਬੂਰ ਕਰਦੀ ਜਦੋਂ ਮੈਂ ਮਰਨ ਵਾਸਤੇ ਤਿਆਰ ਹੁੰਦਾ... ਪਹਿਲੇ ਹਫਤਿਆਂ ਵਿਚ ਮੈਨੂੰ ਜਾਪਦਾ ਸੀ ਕਿ ਵਾਪਸ ਜਾ ਕੇ ਉਹਨੂੰ ਮਿਲ ਸਕਣਾ ਮੇਰੇ ਵਾਸਤੇ ਸੰਭਵ ਨਹੀਂ। ਪਰ ਸਮਾਂ ਬੀਤਦਾ ਗਿਆ, ਤੇ ਮੈਂ ਆਪਣੇ-ਆਪ ਨੂੰ ਗੁਨਾਹਗਾਰ ਸਮਝਣ ਲੱਗ ਪਿਆ। ਮੈਂ ਬਿਜਲੀ ਦੇ ਚਾਨਣ ਵਾਲ਼ੀ ਇਕ ਨਿੱਘੀ ਥਾਂ ਜਿਊਂ ਰਿਹਾ ਸਾਂ ਅਤੇ ਉਹ ਹਾਲੇ ਵੀ ਹਨੇਰੇ ਠੰਡੇ ਯਖ਼ ਮਕਾਨ ਵਿਚ ਫਸੀ ਹੋਈ ਸੀ... ਕੀ ਉਹ ਹਾਲੇ ਵੀ ਜਿਊਂਦੀ ਸੀ ? ਜੇ ਜਿਊਂਦੀ ਸੀ ਤਾਂ ਤੁਰ ਸਕਦੀ ਸੀ ? ਉਸ ਨੂੰ ਬੇਕਰੀ ਤੋਂ ਰੋਟੀ ਕੌਣ ਲਿਆ ਕੇ ਦੇਂਦਾ ਸੀ: ਭੋਰੇ ਵਿਚੋਂ ਪਾਣੀ ਕੌਣ ਲਿਆ ਕੇ ਦੇਂਦਾ ਸੀ ? ਅਤੇ ਅੰਗੀਠੀ ਵਿਚ ਅੱਗ ਕੌਣ ਬਾਲਦਾ ਸੀ ? ਉਹਦੇ ਵੱਲ ਜਾਣਾ ਮੇਰਾ ਫਰਜ਼ ਸੀ। ਸਿਰਫ ਇਕੋ ਗੱਲ ਨੇ ਮੈਨੂੰ ਰੋਕਿਆ ਹੋਇਆ ਸੀ: ਮੈਂ ਖਾਲੀ ਹੱਥ ਨਹੀਂ ਜਾਣਾ ਚਾਹੁੰਦਾ ਸਾਂ। ਮੇਰੇ ਜਾਣ ਦਾ ਕੀ ਫਾਇਦਾ ਜੇ ਮੈਂ ਉਸਨੂੰ ਕੁਝ ਖਾਣ ਨੂੰ ਵੀ ਨਾ ਦੇ ਸਕਾਂ ?
ਪਹਿਲਾਂ ਮੈਂ ਸੋਚਿਆਂ ਕਿ ਆਪਣੇ ਰੋਜ਼ ਦੇ ਰਾਸ਼ਨ ਵਿਚੋਂ ਰੋਟੀ ਬਚਾਇਆ ਕਰਾਂ ਤੇ ਇਕ ਸੁੱਕੇ ਹੋਏ ਭੋਰੇ ਉਹਦੇ ਵਾਸਤੇ ਲੈ ਜਾਵਾਂ। ਪਰ ਜਲਦੀ ਹੀ ਮੈਂ ਇਹ ਖਿਆਲ ਦਿਮਾਗ਼ ਵਿਚੋਂ ਕੱਢ ਦਿੱਤਾ। ਤਿੰਨ ਸੌ ਗ੍ਰਾਮ ਰੋਟੀ ਜਮ੍ਹਾਂ ਕਰਨ ਵਾਸਤੇ ਪੂਰਾ ਹਫਤਾ ਲੱਗ ਜਾਏਗਾ। ਤੇ ਹਫਤੇ ਵਿਚ ਭਾਵੇਂ ਮਰ ਵੀ ਜਾਏ, ਜੇ ਹਾਲੇ ਤੱਕ ਨਾ ਵੀ ਮਰੀ ਹੋਵੇ। ਤੇ ਜੇ ਮੈਨੂੰ ਵੀ ਪੂਰਾ ਹਫਤਾ ਘੱਟ ਰੋਟੀ ਖਾਣੀ ਪਈ ਤਾਂ ਮੈਂ ਏਨਾ ਕਮਜ਼ੋਰ ਹੋ ਜਾਵਾਂਗਾ ਕਿ ਮੇਰੇ ਕੋਲੋਂ ਜਾਇਆ ਹੀ ਨਹੀਂ ਜਾਣਾ।
ਪਰ ਏਨੇ ਨੂੰ ਮੇਰੀ ਕਿਸਮਤ ਜਾਗ ਪਈ। ਜਹਾਜ਼ ਉੱਤੇ ਕੰਮ ਕਰਨ ਵਾਲੇ ਸਭ ਲੋਕਾਂ ਨੂੰ ਇਕ-ਇਕ ਪੁੜਾ ਮਿਲਿਆ ਜਿਸ ਨੂੰ “ਫਾਫਰੇ ਦਾ ਦਲੀਆ” ਕਹਿੰਦੇ ਸਨ। ਬਹੁਤਾ ਤਾਂ ਨਹੀਂ ਪਰ ਇਸ ਪੈਕਟ ਨਾਲ ਦਲੀਏ ਦੀ ਇਕ ਪੂਰੀ ਪਲੇਟ ਬਣ ਸਕਦੀ ਸੀ।ਮੈਂ ਜਾਣ ਦਾ ਫੈਸਲਾ ਕਰ ਲਿਆ, ਬਿਨਾਂ ਕਿਸੇ ਢਿੱਲ-ਮੱਠ ਦੇ। ਛੁੱਟੀ ਲਈ ਦਰਖਾਸਤ ਕਰਨਾ ਕੋਈ ਮੁਸ਼ਕਿਲ ਨਹੀਂ ਸੀ। ਮੈਂ ਅਜੇ ਵੀ ਛਾਪੇ ਦੇ ਸਾਜ਼-ਸਾਮਾਨ ਲਈ ਜ਼ਿੰਮੇਦਾਰ ਸਾਂ ਤੇ ਇਸ ਉੱਤੇ ਨਿਗਾਹ ਰੱਖਣਾ ਮੇਰਾ ਕੰਮ ਸੀ। ਮੈਂ ਸ਼ੋਰਬੇ ਦੀ ਇਕ ਪਲੇਟ ਖਾਧੀ, ਦਲੀਏ ਵਾਲਾ ਪੁੜਾ ਆਪਣੀ ਜੈਕਟ ਦੀ ਜੇਬ੍ਹ ਵਿਚ ਪਾਇਆ ਤੇ ਤੁਰ ਪਿਆ।
ਸਿਆਲ ਮੁੱਕਣ ਵਿਚ ਹੀ ਨਹੀਂ ਆਉਂਦਾ ਜਾਪਦਾ ਸੀ, ਪਰ ਦਿਨ ਵੱਡੇ ਹੋ ਗਏ ਸਨ। ਤੱਦ ਵੀ, ਕੁਝ-ਕੁਝ ਹਨੇਰਾ ਹੋ ਗਿਆ ਸੀ ਜਦੋਂ ਮੈਂ ਅਖੀਰ ਪੁਲ ਪਾਰ ਕੀਤਾ, ਇਕ ਮੋੜ ਮੁੜਿਆ, ਫੇਰ ਇਕ ਹੋਰ ਮੋੜ ਤੇ ਆਸਿਯਾ ਦਾ ਮਕਾਨ ਨਜ਼ਰ ਆ ਗਿਆ ਤੇ ਇਸ ਬਾਅਦ ਫਾਟਕ ।
ਫਾਟਕ ਵੱਲ ਜਾਂਦੇ ਰਾਹ ਉੱਤੇ, ਜਿੱਥੇ ਰਾਤ ਹਲਕੀ-ਹਲਕੀ ਬਰਫ ਪੈ ਗਈ ਹੋਈ ਸੀ, ਪੈਰ ਦਾ ਇਕ ਵੀ ਸੱਜਰਾ ਨਿਸ਼ਾਨ ਨਹੀਂ ਸੀ। ਬਹੁਤ ਸਾਰੀਆਂ ਖਿੜਕੀਆਂ ਵਿਚੋਂ ਅੰਗੀਠੀਆਂ ਦੇ ਕਾਲੇ ਧੂੰਕਸ਼ ਬਾਹਰ ਨਿਕਲੇ ਹੋਏ ਸਨ, ਪਰ ਕਿਸੇ ਵਿਚੋਂ ਵੀ ਧੂੰਆਂ ਨਹੀਂ ਸੀ ਨਿਕਲਦਾ। ਫਾਟਕ ਵਿਚ ਜਾਣੀ-ਪਛਾਣੀ ਹੱਡਾਂ ਨੂੰ ਚੀਰ ਕੇ ਲੰਘਦੀ ਹਵਾ ਦਾ ਬੁੱਲਾ ਲੱਗਾ। ਮੈਂ ਵਿਹੜੇ ਵਿਚ ਆ ਗਿਆ।ਓਥੇ ਕੋਈ ਵੀ ਨਹੀਂ ਸੀ। ਹੇਠਲੀ ਮੰਜ਼ਲ ਦੀਆਂ ਖਿੜਕੀਆਂ ਤੱਕ ਉੱਚੇ- ਉੱਚੇ ਬਰਫ ਦੇ ਧੋੜਿਆਂ ਵਿਚਾਲੇ ਨਿੱਕੀਆਂ-ਨਿੱਕੀਆਂ ਡੰਡੀਆਂ ਉੱਤੇ ਪੈਰਾਂ ਦਾ ਕੋਈ ਨਿਸ਼ਾਨ ਨਹੀਂ ਸੀ।ਅੱਜ ਭੋਰੇ ਵਿਚੋਂ ਪਾਣੀ ਲੈਣ ਕੋਈ ਨਹੀਂ ਸੀ ਗਿਆ। ਮੈਂ ਆਪਣੀ ਕੁੰਜੀ ਨਾਲ ਛਾਪੇਖਾਣੇ ਦਾ ਬੂਹਾ ਖੋਲ੍ਹਿਆ ਤੇ ਅੰਦਰ ਲੰਘ ਗਿਆ। ਹਰ ਚੀਜ਼ ਆਪਣੀ ਥਾਂ ਪਈ ਸੀ, ਕੁਝ ਵੀ ਨਹੀਂ ਸੀ ਬਦਲਿਆ। ਖਿੜਕੀਆਂ ਤੇ ਸ਼ੀਸ਼ੇ ਦੀ ਇਕ ਮੋਰੀ ਵਿਚੋਂ ਢੇਰ ਸਾਰੀ ਬਰਫ ਅੰਦਰ ਆ ਗਈ ਤੇ ਨੁੱਕਰਾਂ ਵਿਚ ਟਿਕ ਗਈ ਸੀ। ਛਾਪੇ ਦੀ ਮਸ਼ੀਨ ਦੀ ਧਾਤ ਉੱਪਰ ਬਰਫ ਦੇ ਗੋੜ੍ਹੇ ਲਿਸ਼ਕ ਰਹੇ ਸਨ। ਮੈਂ ਸੁਮਾਰੋਕੋਵ ਦੇ ਕਮਰੇ ਅੰਦਰ ਝਾਤੀ ਮਾਰੀ।ਓਥੇ ਵੀ ਸਭ ਕੁਝ ਜਿਵੇਂ- ਤਿਵੇਂ ਪਿਆ ਸੀ, ਬਿਸਤਰਾ ਓਸੇ ਤਰ੍ਹਾਂ ਤਹਿ ਲੱਗਾ ਪਿਆ ਸੀ ਜਿਵੇਂ ਮੈਂ ਛੱਡ ਗਿਆ ਸਾਂ।
ਏਥੇ ਮੇਰੇ ਕਰਨ ਵਾਲਾ ਹੋਰ ਕੋਈ ਕੰਮ ਨਹੀਂ ਸੀ। ਮੈਂ ਬਾਹਰ ਆ ਗਿਆ ਤੇ ਬੂਹੇ ਨੂੰ ਤਾਲਾ ਲਾ ਦਿੱਤਾ। ਹੁਣ ਮੈਂ ਆਸਿਯਾ ਕੋਲ ਜਾ ਸਕਦਾ ਸਾਂ, ਜੇ ਮੈਨੂੰ ਇਹ ਪਤਾ ਹੁੰਦਾ ਕਿ ਉਹ ਕਿੱਥੇ ਰਹਿੰਦੀ ਹੈ। ਮੈਂ ਉਹਦੇ ਫਲੈਟ ਵਿਚ ਕਦੇ ਨਹੀਂ ਸੀ ਗਿਆ। ਮੇਰੇ ਮਨ ਵਿਚ ਇਹ ਧੁੰਦਲਾ ਜਿਹਾ ਖਿਆਲ ਸੀ ਕਿ ਉਹ ਕਿਤੇ ਉੱਪਰਲੀ ਮੰਜ਼ਲ ’ਤੇ ਰਹਿੰਦੀ ਸੀ ਕਿਉਂਕਿ ਉਹ ਅਕਸਰ ਛਾਪੇਖਾਨੇ ਦੇ ਅੱਗੋਂ ਦੀ ਦੌੜ ਕੇ ਪੌੜੀਆਂ ਵੱਲ ਜਾਂਦੀ ਹੁੰਦੀ ਸੀ। ਪਰ ਉੱਪਰ ਤਾਂ ਕਈ ਮੰਜ਼ਲਾਂ ਤੇ ਕਈ ਫਲੈਟ ਸਨ !
ਮੈਂ ਜੱਕੋ-ਤੱਕੀ ਵਿਚ ਹਾਤੇ ਵਿਚ ਆ ਗਿਆ।ਇਸ ਆਸ ਨਾਲ ਕਿ ਇਸ ਮਕਾਨ ਵਿਚ ਘੱਟੋ-ਘੱਟ ਇਕ ਬੰਦਾ ਤਾਂ ਜਿਊਂਦਾ ਬਚਿਆ ਹੋਵੇਗਾ ਜਿਸ ਨੂੰ ਮੈਂ ਆਸਿਯਾ ਬਾਰੇ ਪੁੱਛ ਸਕਾਂ। ਇਸ ਵਾਰੀ ਮੈਂ ਖੁਸ਼ਕਿਸਮਤ ਨਿਕਲਿਆ। ਇਕ ਮਧਰੀ ਜਿਹੀ ਕੁੱਬੀ ਬੁੱਢੜੀ, ਜਿਸ ਨੇ ਸ਼ਾਲ ਦੀ ਬੁੱਕਲ ਮਾਰੀ ਹੋਈ ਸੀ, ਬਰਫ ਦੇ ਇਕ ਵੱਡੇ ਸਾਰੇ ਧੋੜੇ ਪਿਛਿਓਂ ਨਿਕਲੀ ਤੇ ਕੁਝ-ਕੁਝ ਫੁਰਤੀ ਨਾਲ ਸਿੱਧੀ ਮੇਰੇ ਵੱਲ ਆਈ।
“ਸੁਣਾਓ, ਤੁਸੀਂ ਜਿਊਂਦੇ ਓ!” ਉਹਨੇ ਆਖਿਆ।“ਤੇ ਮੈਂ ਸੋਚਦੀ ਸਾਂ ਕਿ ਦਸੰਬਰ ਵਿਚ ਤੁਹਾਡੀ ਮੌਤ ਹੋ ਗਈ ਸੀ।”
“ਨਹੀਂ, ਮੈਂ ਜਿਊਂਦਾ ਹਾਂ। ਤੁਸੀਂ ਆਪਣੀ ਸੁਣਾਓ।”
“ਪਛਾਣ ਲਿਆ ਮੈਨੂੰ ? ਕਿਉਂ, ਲਿੱਸੀ ਹੋ ਗਈ ਆਂ ਮੈਂ ?”
ਇਹ ਲਫਜ਼ ਸੁਣ ਕੇ ਮੈਂ ਉਸ ਨੂੰ ਪਛਾਣ ਲਿਆ।ਆਂਗੇਲੀਨਾ ਇਵਾਨੋਵਨਾ।ਜੇ ਉਹ ਗੱਲ ਨਾ ਕਰਦੀ ਮੈਂ ਉਸ ਨੂੰ ਨਹੀਂ ਸੀ ਪਛਾਣ ਸਕਣਾ।
“ਸਾਰੇ ਮਰ ਗਏ, ਸਾਰੇ ਹੀ!” ਉਸ ਨੇ ਆਖਿਆ। ਜਦੋਂ ਮੈਂ ਇਹ ਪੁੱਛਿਆ ਕਿ ਆਸਿਯਾ ਕੁੜੀ, ਜਿਹੜੀ ਚਿੱਟੀ ਗਰਮ ਸ਼ਾਲ ਲਈ ਫਿਰਦੀ ਰਹਿੰਦੀ ਸੀ, ਜਿਊਂਦੀ ਹੈ।“ਸਭ ਮਰ ਗਏ, ਸਭਨਾਂ ਫਲੈਟਾਂ ਵਿਚ !” ਲੱਗਦਾ ਸੀ ਜਿਵੇਂ ਉਹ ਇਸ ਗੱਲ ਦੀ ਆਪਣੇ ਆਪ ਨੂੰ ਵਧਾਈ ਦੇ ਰਹੀ ਹੋਵੇ, ਕਿਉਂਕਿ ਇਸ ਤੋਂ ਇਹ ਸਾਬਤ ਹੁੰਦਾ ਸੀ ਕਿ ਉਹਦੀ ਗੱਲ ਠੀਕ ਨਿਕਲੀ ਸੀ। “ਮੈਂ ਹਾਲੇ ਜਿਊਂਦੀ ਆਂ, ਪਰ ਹੁਣ ਬਹੁਤੇ ਦਿਨ ਨਹੀਂ ਰਹਿ ਗਏ... ਆਸਿਯਾ ? ਉਹ ਮੰਨਦੀ ਹੀ ਨਹੀਂ ਸੀ, ਦਗੜ-ਦਗੜ ਕਰਦੀ ਫਿਰਦੀ, ਲੋਕਾਂ ਨੂੰ ਪਾਣੀ ਲਿਆ ਲਿਆ ਕੇ ਦੇਂਦੀ, ਬਦੋ-ਬਦੀ ਉਹਨਾਂ ਨੂੰ ਉਠਾਉਂਦੀ ਤੇ ਤੁਰਾਉਂਦੀ, ਪਰ ਇਹ ਚੰਗੀ ਗੱਲ ਨਹੀਂ ਸੀ। ਪਹਿਲਾਂ ਉਹਦੀ ਮਾਂ ਮਰ ਗਈ, ਫੇਰ ਉਹ ਆਪ..."
ਹੁਣ ਮੇਰੇ ਸਾਮ੍ਹਣੇ ਇਸ ਤੋਂ ਸਿਵਾਏ ਹੋਰ ਕੁਝ ਨਹੀਂ ਸੀ ਰਹਿ ਗਿਆ ਕਿ ਵਾਪਸ ਬੰਦਰਗਾਹ ਬੱਜਰੇ ਵਿਚ ਚਲਾ ਜਾਵਾਂ। ਪਰ ਮੈਂ ਅਟਕਿਆ ਰਿਹਾ। ਮੈਨੂੰ ਆਂਗੇਲੀਨਾ ਇਵਾਨੋਵਨਾ ਦੀ ਗੱਲ ਦਾ ਯਕੀਨ ਨਹੀਂ ਸੀ ਆਉਂਦਾ।ਓਹਨੇ ਆਸਿਯਾ ਨੂੰ ਵੀ ਤਾਂ ਆਖਿਆ ਸੀ ਕਿ ਮੈਂ ਮਰ ਗਿਆ ਸਾਂ – ਹਾਲਾਂਕਿ ਮੈਂ ਜਿਊਂਦਾ ਸਾਂ। ਪੂਰੀ ਤਸੱਲੀ ਕੀਤੇ ਬਗ਼ੈਰ ਮੈਂ ਨਹੀਂ ਸੀ ਮੁੜ ਸਕਦਾ।
“ਉਨਤਾਲੀ ਨੰਬਰ ਦਾ ਫਲੈਟ ਏ ਉਹਦਾ,” ਆਂਗੇਲੀਨਾ ਇਵਾਨੋਵਨਾ ਨੇ ਮੇਰੀ ਬੇਵਿਸ਼ਵਾਸੀ ਤੋਂ ਖਫਾ ਹੁੰਦਿਆਂ ਆਖਿਆ। "ਚੌਥੀ ਮੰਜ਼ਲ ਉੱਤੇ। ਜਾਓ ਵੇਖ ਆਓ, ਜੇ ਚਾਰ ਮੰਜ਼ਲਾਂ ਚੜ੍ਹ ਸਕਦੇ ਓ ਤਾਂ...”
ਮੈਂ ਚੌਥੀ ਮੰਜ਼ਲ ’ਤੇ ਗਿਆ।
“ਤੁਸੀਂ ਹੋ ?”
“ਮੈਂ ! ਮੈਂ !”
“ਸੱਚਮੁਚ, ਤੁਸੀਂ ?”
“ਮੈਂ !”
“ਅਜੀਬ ਗੱਲ ਏ !”
"ਕੀ?"
ਉਹ ਲਗਪਗ ਮੂੰਹ ਵਿਚੋਂ ਅਵਾਜ਼ ਕੱਢੇ ਬਗ਼ੈਰ ਹੀ ਬੋਲੀ, ਤੇ ਮੈਨੂੰ ਲੱਗਾ ਕਿ ਮੈਂ ਉਹਦੀ ਗੱਲ ਸੁਣੀ ਨਹੀਂ।
“ਅਜੀਬ ਗੱਲ ਏ!”
ਮੈਂ ਇਕ ਵੱਡੇ ਸਾਰੇ ਫਲੈਟ ਦੀ ਇਕ ਨੁੱਕਰ ਵਿਚ ਉਹਨੂੰ ਲੱਭ ਲਿਆ ਸੀ।ਅੰਦਰ ਵੜਨ ਤੋਂ ਪਹਿਲਾਂ ਮੈਂ ਬੂਹਾ ਖੜਾਉਣ ਲੱਗਾ ਸਾਂ ਪਰ ਵੇਖਿਆ ਕਿ ਬੂਹਾ ਬੰਦ ਨਹੀਂ ਸੀ ਤੇ ਮੈਂ ਬੂਹਾ ਖੋਹਲ ਲਿਆ। ਉਸ ਸਿਆਲ ਫਲੈਟਾਂ ਦੇ ਬੂਹੇ ਅਕਸਰ ਖੁੱਲ੍ਹੇ ਹੀ ਰਹਿਣ ਦਿੱਤੇ ਜਾਂਦੇ ਸਨ ਕਿਉਂਕਿ ਉੱਠਣਾ ਤੇ ਬੂਹਾ ਖੋਹਲਣਾ ਬਹੁਤ ਔਖਾ ਸੀ।
ਅਗਲੇ ਕਮਰੇ ਵਿਚ ਪੌੜੀਆਂ ਨਾਲੋਂ ਬਹੁਤਾ ਨਿੱਘ ਨਹੀਂ ਸੀ। ਕਮਰਿਆਂ ਦੀਆਂ ਖਿੜਕੀਆਂ ਅੱਗੇ ਪਰਦੇ ਤਣੇ ਹੋਏ ਸਨ। ਹਨੇਰੇ ਨੇ ਮੈਨੂੰ ਘੇਰ ਲਿਆ ਸੀ। ਮੈਂ ਇਕ ਦੋ ਅਵਾਜ਼ਾਂ ਮਾਰੀਆਂ, ਪਰ ਅੱਗੋਂ ਬੋਲਿਆ ਕੋਈ ਨਹੀਂ।ਮੈਂ ਆਪਣੀ ਟਾਰਚ ਕੱਢੀ, ਸੈਲ ਤਕਰੀਬਨ ਮੁੱਕਣ ਹੀ ਵਾਲੇ ਸਨ ਤੇ ਇਹ ਬਹੁਤ ਫਿੱਕਾ ਜਿਹਾ ਚਾਨਣ ਸੁੱਟਦੀ ਸੀ। ਮੈਂ ਇਕ ਬੂਹਾ ਖੋਹਲਿਆ, ਫੇਰ ਦੂਜਾ ਬੂਹਾ ਖੋਹਲਿਆ, ਤੇ ਮੱਧਮ ਜਿਹੇ ਚਾਨਣ ਦਾ ਟਿਮਕਣਾ ਕੰਧਾਂ ਉੱਤੇ ਤਿਲਕਦਾ ਗਿਆ।
ਮੈਂ ਵੇਖਿਆ ਕਿ ਫਰਸ਼ ਉੱਤੇ ਚਾਨਣ ਦੀ ਇਕ ਕਤਾਰ ਜਿਹੀ ਪੈਂਦੀ ਸੀ। ਇਹ ਚਾਨਣ ਦਰਵਾਜੇ ਦੇ ਹੇਠੋਂ ਆਉਂਦਾ ਸੀ ਤੇ ਮੈਂ ਦਰਵਾਜੇ ਨੂੰ ਧੱਕਿਆ।
ਪਰਦੇ ਤੋਂ ਬਗੈਰ ਇਕ ਖਿੜਕੀ ਵਿਚੋਂ ਸਿਆਲ ਦਾ ਘੁਸਮੁਸਾ ਜਿਹਾ ਕਮਰੇ ਅੰਦਰ ਆ ਵੜਿਆ। ਕੰਧ ਉੱਤੇ ਇਕ ਘੜੀ ਲੱਗੀ ਹੋਈ ਸੀ ਜਿਸ ਦਾ ਪੈਂਡੂਲਮ ਹਿਲ ਰਿਹਾ ਸੀ ਤੇ ਖਾਮੋਸ਼ੀ ਵਿਚ ਘੜੀ ਦੀ ਟਿਕ-ਟਿਕ ਦੀ ਅਵਾਜ਼ ਬੇਹੱਦ ਉੱਚੀ ਸੁਣਾਈ ਦੇ ਰਹੀ ਸੀ।ਜੇ ਘੜੀ ਚਲਦੀ ਸੀ ਤਾਂ ਕੋਈ ਕਿਸੇ ਵੇਲ਼ੇ ਇਸ ਨਾਲ ਬੋਝਾ ਭਾਰ ਜ਼ਰੂਰ ਖਿੱਚਦਾ ਸੀ। ਕੰਧਾਂ ਦੇ ਨਾਲ ਦੋ ਪਲੰਘ ਸਨ । ਇਕ ਖਾਲੀ ਸੀ, ਦੂਜੇ ਉੱਤੇ ਕੱਪੜਿਆਂ ਦਾ ਢੇਰ ਲੱਗਾ ਹੋਇਆ ਸੀ।ਢੇਰ ਨੂੰ ਇਕ ਪਾਸੇ ਤੋਂ ਖਿੱਚਿਆ ਤਾਂ ਮੈਨੂੰ ਆਸਿਯਾ ਦਾ ਚਿਹਰਾ ਨਜ਼ਰ ਆਇਆ।
ਘੁਸਮੁਸੇ ਵਿਚ ਇਹ ਇਕ ਧੁੰਦਲਾ ਜਿਹਾ ਅਹਿਲ ਚਿੱਟਾ ਧੱਬਾ ਜਿਹਾ ਸੀ।ਗੋਡਿਆਂ ਪਰਨੇ ਹੋ ਕੇ ਮੈਂ ਆਪਣੇ ਕੰਨ ਉਹਦੇ ਬੁੱਲ੍ਹਾਂ ਦੇ ਕੋਲ ਕੀਤੇ।ਉਹ ਸਾਹ ਲੈ ਰਹੀ ਸੀ। ਉਹ ਸੁੱਤੀ ਹੋਈ ਸੀ।
ਮੈਂ ਉਸ ਨੂੰ ਜਗਾਉਣਾ ਨਹੀਂ ਸੀ ਚਾਹੁੰਦਾ। ਮੈਂ ਚਾਹੁੰਦਾ ਸਾਂ ਪਹਿਲਾਂ ਅੱਗ ਬਾਲ ਲਵਾਂ ਤੇ ਦਲੀਆ ਰਿੰਨ੍ਹ ਲਵਾਂ। ਮੈਨੂੰ ਲੱਕੜਾਂ ਤੇ ਪਾਣੀ ਲੱਭ ਪਿਆ ਸੀ। ਮੈਂ ਹੈਰਾਨ ਸਾਂ ਕਿ ਉਸਨੇ ਸਭ ਚੀਜ਼ਾਂ ਰੱਖੀਆਂ ਹੋਈਆਂ ਸਨ। ਅੰਗੀਠੀ ਵਿਚ ਅੱਗ ਕਿਉਂ ਨਹੀਂ ਸੀ, ਕਮਰੇ ਵਿਚ ਏਨੀ ਠੰਡ ਕਿਉਂ ਸੀ ? ਬਾਲਟੀ ਵਿਚ ਪਏ ਪਾਣੀ ਉੱਤੇ ਦੋ ਦੋ ਉਂਗਲ ਮੋਟੀ ਬਰਫ ਜੰਮੀ ਹੋਈ ਸੀ। ਜਿੰਨੇ ਚਿਰ ਵਿਚ ਮੈਂ ਅੱਗ ਬਾਲੀ ਤੇ ਪਾਣੀ ਗਰਮ ਕੀਤਾ, ਹਨੇਰਾ ਹੋਰ ਗੂੜ੍ਹਾ ਹੋ ਗਿਆ। ਮੈਂ ਖੁੱਲ੍ਹੀ ਅੰਗੀਠੀ ਦੇ ਸਾਮ੍ਹਣੇ ਪਥੱਲਾ ਮਾਰੀ ਬੈਠਾ ਸਾਂ ਜਦੋਂ ਮੈਂ ਮਹਿਸੂਸ ਕੀਤਾ ਕਿ ਉਹ ਮੇਰੇ ਵੱਲ ਵੇਖ ਰਹੀ ਸੀ।
ਮੈਂ ਉੱਠ ਖੜ੍ਹਾ ਹੋਇਆ।ਉਸ ਨੇ ਮੈਨੂੰ ਪਛਾਣ ਲਿਆ ਸੀ ਤੇ ਵਾਰ-ਵਾਰ ਆਖੀ ਜਾਂਦੀ ਸੀ: “ਕੇਡੀ ਅਜੀਬ ਗੱਲ ਏ !” ਅਤੇ ਢੇਰ ਚਿਰ ਤੱਕ ਮੈਂ ਸਮਝ ਨਾ ਸਕਿਆ ਉਸ ਨੂੰ ਕਿਹੜੀ ਗੱਲ ਏਡੀ ਅਜੀਬ ਜਾਪਦੀ ਸੀ।
“ਕੇਡੀ ਅਜੀਬ ਗੱਲ ਏ, ਨਹੀਂ ? ਕੇਡੀ ਅਜੀਬ ਗੱਲ ਏ ਕਿ ਮੈਂ ਫੇਰ ਜਾਗ ਪਈ।ਕੇਡੀ ਅਜੀਬ ਗੱਲ ਏ ਕਿ ਤੁਸੀਂ ਫੇਰ ਆ ਗਏ ! ਤੁਸੀਂ ਬੰਦਰਗਾਹ ਜਾਣਾ ਸੀ।ਮੈਂ ਜਾਣਦੀ ਆਂ ਕਿ ਤੁਸੀਂ ਗਏ ਸੀ, ਪਰ ਮੈਂ ਕਦੇ ਨਹੀਂ ਸੀ ਸੋਚਿਆ ਕਿ ਤੁਹਾਡੇ ਨਾਲ ਫੇਰ ਮੇਲ ਹੋਵੇਗਾ... ਸਭ ਕੁਝ ਕੇਡਾ ਅਜੀਬ ਏ ... ਕੇਡਾ ਅਜੀਬ ਏ ਕਿ ਮੈਂ ਮਰ ਰਹੀ ਆਂ ..”
ਉਹ ਬਹੁਤ ਹੌਲੀ-ਹੌਲੀ ਬੋਲਦੀ ਸੀ ਪਰ ਮੈਂ ਇਕ ਇਕ ਲਫਜ਼ ਸੁਣ ਲਿਆ ਸੀ। “ਤੁਸੀਂ ਨਹੀਂ ਮਰਨਾ,” ਮੈਂ ਆਖਿਆ।
“ਮੈਂ ਸਾਰਿਆਂ ਨੂੰ ਏਸੇ ਤਰ੍ਹਾਂ ਕਹਿੰਦੀ ਸਾਂ। ਤੇ ਉਹ ਸਭ ਮਰ ਗਏ।:
“ਤੁਸੀਂ ਮੈਨੂੰ ਵੀ ਏਹੋ ਆਖਿਆ ਸੀ। ਤੇ ਮੈਂ ਨਹੀਂ ਮਰਿਆ।”
“ਮੈਨੂੰ ਪਤਾ ਸੀ ਕਿ ਤੁਸੀਂ ਨਹੀਂ ਮਰਨਾ। ਸਿਰਫ ਸ਼ੁਰੂ ਵਿਚ ਮੇਰੇ ਕੋਲੋਂ ਗ਼ਲਤੀ ਹੋ ਗਈ ਸੀ। ਜਦੋਂ ਮੈਂ ਤੁਹਾਨੂੰ ਇਕੱਲਿਆਂ ਛਾਪੇਖਾਨੇ ਵਿਚ ਵੇਖਿਆ, ਮੇਰਾ ਭੁਲੇਖਾ ਦੂਰ ਹੋ ਗਿਆ ਸੀ। ਪਰ ਉਸ ਤੋਂ ਮਗਰੋਂ ਕਿੰਨੇ ਲੋਕ ਮਰ ਗਏ, ਤੇ ਮੈਂ ਵੇਖਿਆ ਕਿਵੇਂ ਉਹਨਾਂ ਦੀ ਜਾਨ ਨਿਕਲੀ ! ਮੈਂ ਮੌਤ ਬਾਰੇ ਸਭ ਕੁਝ ਜਾਣਦੀ ਆਂ ਤੇ ਜ਼ਿੰਦਗੀ ਬਾਰੇ ਕੁਝ ਨਹੀਂ ਜਾਣਦੀ।ਅਜੀਬ ਗੱਲ ਨਹੀਂ ?"
“ਹੁਣ ਨਿੱਘ ਹੋ ਜਾਏਗਾ,” ਮੈਂ ਅੰਗੀਠੀ ਵਿਚ ਝੁਲਕਾ ਦੇਂਦਿਆਂ ਆਖਿਆ “ਨਿੱਘ ਹੋ ਵੀ ਗਿਆ ਹੈ। ਤੁਹਾਨੂੰ ਮਹਿਸੂਸ ਨਹੀਂ ਹੁੰਦਾ ?”
“ਨਹੀਂ, ਨਹੀਂ ਮਹਿਸੂਸ ਹੁੰਦਾ,” ਉਸ ਨੇ ਜਵਾਬ ਦਿੱਤਾ।“ਮੈਨੂੰ ਹੁਣ ਗਰਮੀ ਜਾਂ ਸਰਦੀ ਮਹਿਸੂਸ ਨਹੀਂ ਹੁੰਦੀ। ਮੈਂ ਖੁਸ਼ ਆਂ ਕਿ ਤੁਹਾਨੂੰ ਨਿੱਘ ਆ ਗਿਆ। ਮੈਨੂੰ ਕੁਝ ਵੀ ਮਹਿਸੂਸ ਨਹੀਂ ਹੁੰਦਾ, ਨਾ ਲੱਤਾਂ, ਨਾ ਬਾਹਵਾਂ, ਜਿਵੇਂ ਹੋਣ ਹੀ ਨਾ। ਮੇਰੇ ਵਿਚ ਜਾਨ ਨਹੀਂ, ਪਰ ਦਿਮਾਗ਼ ਵਿਚ ਚਾਨਣ ਏ, ਇਹ ਨਹੀਂ ਬੁਝਿਆ ਉਡੀਕ ਰਹੀਂ ਆਂ, ਕਦੋਂ ਬੁਝਦਾ ਏ।”
ਮੈਂ ਚੁੱਪ ਕਰਕੇ ਬੈਠਾ ਵੇਖ ਰਿਹਾ ਸਾਂ ਕਿ ਤਸਲੇ ਵਿਚੋਂ ਭਾਫ ਨਿਕਲਣ ਲੱਗ ਪਈ ਸੀ। ਜਦੋਂ ਪਾਣੀ ਉਬਲ ਗਿਆ, ਪੁੜਾ ਆਪਣੀ ਜੇਬ ਵਿਚੋਂ ਕੱਢਾਂਗਾ ਤੇ ਤਸਲੇ ਵਿਚ ਉਲੱਦ ਦੇਵਾਂਗਾ ਤੇ ਦਲੀਆ ਬਣ ਜਾਏਗਾ। ਮੌਤ ਦੀਆਂ ਗੱਲਾਂ ਕਰਨੋਂ ਹਟ ਜਾਏਗੀ, ਜਦੋਂ ਉਹਨੇ ਵੇਖਿਆ ਕਿ ਮੈਂ ਉਹਦੇ ਵਾਸਤੇ ਦਲੀਆ ਲੈ ਕੇ ਆਇਆ ਹਾਂ।
“ਜਦੋਂ ਮਾਂ ਹਾਲੇ ਜਿਊਂਦੀ ਸੀ, ਮੈਂ ਸਭ ਕੁਝ ਕਰ ਸਕਦੀ ਸਾਂ,” ਉਹ ਆਖਣ ਲੱਗੀ। “ਰੋਟੀ ਲੈਣ ਜਾਂਦੀ ਸਾਂ, ਪਾਣੀ ਲਿਆਉਂਦੀ ਸਾਂ ਤੇ ਅੰਗੀਠੀ ਭਖਾਉਂਦੀ ਸਾਂ। ਸਿਰਫ ਮਾਂ ਵਾਸਤੇ ਹੀ ਨਹੀਂ, ਸਾਰਿਆਂ ਵਾਸਤੇ।ਮੈਨੂੰ ਇਸ ਇਮਾਰਤ ਦੀਆਂ ਸਭਨਾਂ ਅੰਗੀਠੀਆਂ ਦਾ ਪਤਾ ਸੀ। ਮੈਂ ਨਹੀਂ ਸੀ ਚਾਹੁੰਦੀ ਕਿ ਲੋਕ ਮਰਨ, ਮੈਂ ਚਾਹੁੰਦੀ ਸਾਂ ਕਿ ਉਹ ਜਿਊਂਦੇ ਰਹਿਣ, ਜਿਊਂਦੇ ਰਹਿਣ, ਜਿਊਂਦੇ ਰਹਿਣ ... ਮਰਨ ਵੇਲੇ ਮਾਂ ਨੇ ਚੀਕਾਂ ਮਾਰੀਆਂ ਤੇ ਰੋ ਪਈ ਸੀ।ਉਹ ਕੁਝ ਨਹੀਂ ਸੀ ਸਮਝਦੀ, ਮੈਨੂੰ ਪਛਾਣਦੀ ਵੀ ਨਹੀਂ ਸੀ, ਤਾਂ ਵੀ ਉਸ ਨੂੰ ਪੀੜ ਮਹਿਸੂਸ ਹੁੰਦੀ ਸੀ.. ਹੋ ਸਕਦਾ ਏ ਓਦੋਂ ਵੀ ਪੀੜ ਹੁੰਦੀ ਹੋਵੇ ਜਦੋਂ ਕਿਸੇ ਗੱਲ ਦੀ ਹੋਸ਼ ਨਹੀਂ ਹੁੰਦੀ!ਕੇਡੀ ਅਜੀਬ ਗੱਲ ਏ, ਜਦੋਂ ਕਿਸੇ ਗੱਲ ਦੀ ਹੋਸ਼ ਨਹੀਂ ਹੁੰਦੀ ਪਰ ਪੀੜ ਮਹਿਸੂਸ ਹੁੰਦੀ ਏ ! ਮੈਨੂੰ ਕੋਈ ਪੀੜ ਮਹਿਸੂਸ ਨਹੀਂ ਹੁੰਦੀ। ਜਦੋਂ ਮਾਂ ਦੀਆਂ ਚੀਕਾਂ ਬੰਦ ਹੋਈਆਂ ਤੇ ਉਹ ਠੰਡੀ ਹੋ ਗਈ ਤਾਂ ਮੈਂ ਉਹਨੂੰ ਚੁੱਕ ਕੇ ਦੂਜੇ ਕਮਰੇ ਵਿਚ ਲੈ ਗਈ ਤੇ ਫਰਸ਼ ਉੱਤੇ ਪਾ ਦਿੱਤਾ। ਤੇ ਮੈਂ ਡਿੱਗ ਪਈ। ਮੇਰੀਆਂ ਲੱਤਾਂ ਜਵਾਬ ਦੇ ਗਈਆਂ ਸਨ। ਮੈਂ ਰੀਂਗ ਕੇ ਵਾਪਸ ਆਈ।ਪੂਰਾ ਘੰਟਾ ਲੱਗ ਗਿਆ ਸੀ..”
“ਕਦੋਂ ਦੀ ਗੱਲ ਹੈ ?"
“ਪਤਾ ਨਹੀਂ, ਬੜੇ ਚਿਰ ਦੀ।”
"ਕੱਲ੍ਹ ?”
“ਨਹੀਂ, ਕੱਲ੍ਹ ਨਹੀਂ। ਬਹੁਤ ਪਹਿਲਾਂ। ਹਫਤਾ ਹੋ ਗਿਆ ਏ। ਨਹੀਂ, ਤਿੰਨ ਜਾਂ ਚਾਰ ਦਿਨ। ਜੇ ਹਫਤਾ ਹੋ ਗਿਆ ਹੁੰਦਾ ਤਾਂ ਘੜੀ ਖਲੋ ਜਾਣੀ ਸੀ..”
ਮੈਂ ਘੜੀ ਉੱਤੇ ਨਜ਼ਰ ਮਾਰੀ। ਇਕ ਪਾਸੇ ਦਾ ਵੱਟਾ ਬਹੁਤ ਉੱਪਰ ਚਲਾ ਗਿਆ ਹੋਇਆ ਸੀ ਤੇ ਦੂਜੇ ਪਾਸੇ ਦਾ ਤਕਰੀਬਨ ਭੁੰਜੇ ਆ ਲੱਗਾ ਸੀ। ਮੈਂ ਹੇਠਾਂ ਆ ਗਏ ਵੱਟੇ ਨੂੰ ਖਿੱਚ ਕੇ ਉੱਪਰ ਕਰ ਦਿੱਤਾ।
“ਮੈਂ ਮਰ ਜਾਵਾਂਗੀ ਤੇ ਘੜੀ ਟਿਕ ਟਿਕ ਕਰਦੀ ਰਹੇਗੀ।ਕੇਡੀ ਅਜੀਬ ਗੱਲ ਏ।”
“ਤੁਸੀਂ ਨਹੀਂ ਮਰੋਗੇ !” ਮੈਂ ਵਿਚੋਂ ਬੋਲ ਪਿਆ।“ਵੇਖੋ, ਮੈਂ ਕੀ ਲੈ ਕੇ ਆਇਆ ਹਾਂ!” ਤਸਲੇ ਦਾ ਪਾਣੀ ਉਬਲਣ ਲੱਗ ਪਿਆ ਸੀ। ਮੈਂ ਪੁੜਾ ਆਪਣੀ ਜੇਬ ਵਿਚੋਂ ਕੱਢਿਆ ਤੇ ਆਸਿਯਾ ਨੂੰ ਵਿਖਾਇਆ।
“ਇਹ ਕੀ ਏ ?”
“ਦਲੀਆ!” ਮੈਂ ਖੁਸ਼ੀ ਨਾਲ ਬੋਲ ਉੱਠਿਆ।
“ਹੂੰ,” ਉਸ ਨੇ ਬੇਪ੍ਰਵਾਹੀ ਨਾਲ ਆਖਿਆ।
“ਦਲੀਆ, ਦਲੀਆ,” ਮੈਂ ਪੁੜੇ ਵਿਚੋਂ ਦਲੀਆ ਤਸਲੇ ਵਿਚ ਪਾਉਂਦਿਆਂ ਦੁਹਰਾਇਆ।ਹੁਣੇ ਦਲੀਆ ਬਣ ਜਾਏਗਾ, ਬਹੁਤ ਸਾਰਾ ਦਲੀਆ।”
ਉਹ ਚੁੱਪ ਸੀ ਤੇ ਮੈਂ ਸੋਚਿਆ ਕਿ ਉਸ ਨੇ ਮੇਰੀ ਗੱਲ ਸਮਝੀ ਨਹੀਂ ਜਾਂ ਉਹਨੂੰ ਮੇਰੇ ਉੱਤੇ ਵਿਸ਼ਵਾਸ ਨਹੀਂ ਆਇਆ। ਪਰ ਉਸ ਨੇ ਮੇਰੀ ਗੱਲ ਬਹੁਤ ਚੰਗੀ ਤਰ੍ਹਾਂ ਸਮਝ ਲਈ ਹੋਈ ਸੀ।
“ਤੁਸੀਂ ਆਪ ਨਹੀਂ ਖਾਧਾ ਤੇ ਮੇਰੇ ਵਾਸਤੇ ਲੈ ਆਂਦਾ,” ਉਸ ਨੇ ਆਖਿਆ। "ਤੇ ਮੈਨੂੰ ਇਸ ਦੀ ਲੋੜ ਨਹੀਂ। ਤੁਸੀਂ ਖਾਓ ਤੇ ਮੈਂ ਵੇਖਾਂਗੀ, ਤੁਸੀਂ ਕਿਸ ਤਰ੍ਹਾਂ ਖਾਂਦੇ ਓ।”
“ਤੁਸੀਂ, ਤੁਸੀਂ ਵੀ ਖਾਓਗੇ।”
“ਮੈਂ ਨਹੀਂ ਖਾ ਸਕਦੀ।ਵੇਖੋ।”
ਮੈਨੂੰ ਫੌਰਨ ਸਮਝ ਨਹੀਂ ਆਈ ਕਿ ਮੈਂ ਕਿਧਰ ਵੇਖਾਂ, ਕਿਉਂਕਿ ਹਨੇਰਾ ਸੀ ਤੇ ਉਹ ਮੈਨੂੰ ਚੰਗੀ ਤਰ੍ਹਾਂ ਨਜ਼ਰ ਨਹੀਂ ਸੀ ਆਉਂਦੀ।
“ਐਧਰ ਵੇਖੋ, ਐਧਰ, ਆਪਣਾ ਹੱਥ ਕਰੋ ਸਿਰ੍ਹਾਣੇ ਹੇਠਾਂ,” ਉਸ ਨੇ ਕਿਹਾ।
ਮੈਂ ਉਹਦੇ ਸਿਰ੍ਹਾਣੇ ਹੇਠਾਂ ਹੱਥ ਪਾਇਆ ਤੇ ਇਕ ਇਕ ਕਰਕੇ ਰੋਟੀ ਦੇ ਕਈ ਭੋਰੇ ਨਿਕਲ ਆਏ।
“ਤੁਹਾਡੇ ਕੋਲ ਰੋਟੀ ਹੈ!”
“ਖਾਓ,” ਉਸ ਨੇ ਆਖਿਆ।
“ਤੇ ਤੁਸੀਂ, ਤੁਸੀਂ ਕਿਉਂ ਨਹੀਂ ਖਾਧੀ ?”
“ਨਹੀਂ ਖਾ ਸਕਦੀ। ਨਿਗਲ ਨਹੀਂ ਸਕਦੀ।ਬਾਹਰ ਨੂੰ ਆਉਂਦੀ ਏ।ਮੈਨੂੰ ਪਤਾ ਏ ਇਸ ਦਾ ਕੀ ਮਤਲਬ ਏ।”
ਮੈਂ ਚੁੱਪ ਸਾਂ। ਮੈਨੂੰ ਵੀ ਪਤਾ ਸੀ, ਇਸ ਦਾ ਕੀ ਮਤਲਬ ਹੈ।
“ਬਹੁਤ ਦਿਨ ਹੋਏ ਸ਼ੁਰੂ ਹੋਇਆ ?" ਮੈਂ ਹੌਲੀ ਜਿਹੀ ਪੁੱਛਿਆ।
"ਬਹੁਤ ਦਿਨ।ਮਾਂ ਹਾਲੇ ਜਿਊਂਦੀ ਸੀ।”
“ਤੱਦ ਤੋਂ ਤੁਸੀਂ ਕੁਝ ਵੀ ਨਹੀਂ ਖਾਧਾ ?”
“ਕੁਝ ਨਹੀਂ। ਮੈਨੂੰ ਇਸ ਤਰ੍ਹਾਂ ਸੌਖ ਏ। ਮੈਂ ਬੜੀ ਵਾਰੀ ਵੇਖਿਆ ਏ।ਮੈਂ ਨਹੀਂ ਖਾ ਸਕਦੀ।”
ਮੈਂ ਵੀ ਬੜੀ ਵਾਰੀ ਵੇਖਿਆ ਸੀ ਕਿ ਜੇ ਬੰਦੇ ਦੇ ਮਿਹਦੇ ਵਿਚ ਰਸ ਨਾ ਰਹੇ ਤਾਂ ਉਹ ਫੇਰ ਕਦੇ ਨਹੀਂ ਖਾ ਸਕਦਾ। ਪਰ ਮੈਂ ਹਾਲੇ ਵੀ ਜਿੱਦ ਕਰ ਰਿਹਾ ਸੀ।
“ਦਲੀਆ!” ਮੈਂ ਫੇਰ ਆਖਿਆ। "ਸੁੱਕੀ ਰੋਟੀ ਨਹੀਂ, ਸਗੋਂ ਨਰਮ ਕੋਸਾ ਦਲੀਆ!”
“ਨਹੀਂ ਲੋੜ,” ਉਸ ਨੇ ਤਰਲਾ ਲੈ ਕੇ ਆਖਿਆ।
ਤੇ ਮੈਂ ਚੁੱਪ ਹੋ ਗਿਆ।
ਹੁਣ ਪੂਰੀ ਤਰ੍ਹਾਂ ਹਨੇਰਾ ਹੋ ਗਿਆ ਸੀ। ਫਰਸ਼ ’ਤੇ ਕੰਧਾਂ ਉੱਤੇ ਸਿਰਫ ਅੰਗੀਠੀ ਦਾ ਹੀ ਲਾਲ ਚਾਨਣ ਥਿਰਕਦਾ ਨੱਚਦਾ ਸੀ। ਆਸਿਯਾ ਅਹਿਲ ਪਈ ਸੀ ਤੇ ਮੈਂ ਉਹਦੇ ਵੱਲ ਵੇਖ ਰਿਹਾ ਸਾਂ। ਮੈਂ ਇਹ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸਾਂ ਕਿ ਉਹਦੀਆਂ ਅੱਖਾਂ ਖੁੱਲ੍ਹੀਆਂ ਹਨ ਜਾਂ ਬੰਦ । ਪਰ ਹਨੇਰੇ ਵਿਚ ਮੈਨੂੰ ਉਹਦਾ ਚਿਹਰਾ ਵਿਖਾਈ ਨਹੀਂ ਸੀ ਦੇਂਦਾ। ਅੰਗੀਠੀ ਦੀ ਤਿੜ-ਤਿੜ ਤੇ ਘੜੀ ਦੀ ਟਿਕ-ਟਿਕ ਕਰਕੇ ਮੈਨੂੰ ਉਹਦੇ ਸਾਹਾਂ ਦੀ ਅਵਾਜ਼ ਵੀ ਸੁਣਾਈ ਨਹੀਂ ਸੀ ਦੇਂਦੀ। ਕਿਸੇ ਵੇਲੇ ਮੈਨੂੰ ਜਾਪਦਾ ਜਿਵੇਂ ਉਹ ਸਾਹ ਨਹੀਂ ਸੀ ਲੈ ਰਹੀ... ਤੇ ਅਚਾਨਕ ਹੀ ਉਸ ਨੇ ਕੁਝ ਆਖਿਆ।
ਮੈਂ ਦੁਬਾਰਾ ਪੁੱਛਿਆ। ਮੈਨੂੰ ਸੁਣਾਈ ਨਹੀਂ ਸੀ ਦਿੱਤਾ।
ਉਸ ਨੇ ਫੇਰ ਆਖਿਆ, ਪਰ ਮੈਨੂੰ ਹਾਲੇ ਵੀ ਕੁਝ ਨਹੀਂ ਸੁਣਿਆ। ਮੈਂ ਮੰਜੇ ਦੀ ਬਾਹੀ ਉੱਤੇ ਬਹਿ ਗਿਆ ਤੇ ਉਹਦੇ ਉੱਤੇ ਉਲਰ ਗਿਆ।
“ਤੁਪਕੇ ਡਿਗਦੇ ਸਨ,” ਉਸ ਨੇ ਬਹੁਤ ਹੌਲੀ ਜਿਹੀ ਆਖਿਆ।“ਅੱਜ ਖਿੜਕੀ ਵਿਚ ਸੂਰਜ ਚਮਕਿਆ ਸੀ, ਤੇ ਮੈਂ ਤੁਪਕੇ ਡਿੱਗਦੇ ਵੇਖੇ ਸਨ। ਹੇਠਾਂ ਡਿੱਗਦੇ ਤੁਪਕਿਆਂ ਦੇ ਪਰਛਾਵੇਂ। ਧੁੱਪ ਨਾਲ ਬਰਫ ਢਲ ਰਹੀ ਏ।”
“ਥੋੜ੍ਹੀ ਥੋੜ੍ਹੀ।” ਮੈਂ ਆਖਿਆ, “ਬਹੁਤ ਨਹੀਂ।”
“ਬਹਾਰ ਆਏਗੀ ਪਰ ਮੈਂ ਨਹੀਂ ਵੇਖਾਂਗੀ।ਕੇਡੀ ਅਜੀਬ ਗੱਲ ਏ। ਜਦੋਂ ਮੈਂ ਮਰ ਗਈ, ਮੇਰੇ ਵਾਸਤੇ ਇਕੋ ਗੱਲ, ਠੀਕ ਏ ਨਾ ? ਜਿਹੜਾ ਮਰ ਗਿਆ, ਉਹਦੇ ਵਾਸਤੇ ਇਕੋ ਗੱਲ। ਠੀਕ ਏ ਨਾ ?"
“ਠੀਕ ਏ,” ਮੈਂ ਆਖਿਆ।
“ਇਹ ਸਭ ਤੋਂ ਬਹੁਤੀ ਅਜੀਬ ਗੱਲ ਏ। ਮੇਰੇ ਵਾਸਤੇ ਕਦੇ ਵੀ ਇਕੋ ਗੱਲ ਨਹੀਂ ਸੀ ਹੋਈ। ਮੈਂ ਸਮਝ ਹੀ ਨਹੀਂ ਸਕਦਾ ਕਿ ਇਕੋ ਗੱਲ ਹੁੰਦੀ ਕੀ ਏ।”
“ਹਾਂ,” ਮੈਂ ਆਖਿਆ।“ਤੁਹਾਡੇ ਵਾਸਤੇ ਇਕੋ ਗੱਲ। ਪਰ ਜਿਹੜੇ ਜਿਊਂਦੇ ਰਹਿਣਗੇ ਉਹਨਾਂ ਵਾਸਤੇ ਕਦੇ ਇੱਕੋ ਗੱਲ ਨਹੀਂ। ਤੇ ਜਦੋਂ ਅਸੀਂ ਇਹਨਾਂ ਚੰਦਰੇ ਊਤਾਂ ਨੂੰ ਨੱਪ ਲਿਆ ਜਿਹੜੇ ਸਾਡੇ ਸ਼ਹਿਰ ਦੁਆਲੇ ਬਰਫ ਵਿਚ ਬੈਠੇ ਹੋਏ ਨੇ, ਸਾਡੇ ਉੱਤੇ ...”
“ਕਿਨ੍ਹਾਂ ਦੀ ਗੱਲ ਕਰਦੇ ਓ ?”
“ਉਹਨਾਂ ਦੀ।” ਮੈਂ ਆਖਿਆ।
ਘਿਰੇ ਹੋਏ ਸ਼ਹਿਰ ਵਿਚ ਅਸੀਂ ਕਦੇ ਜਰਮਨਾਂ ਦਾ ਜਰਮਨ ਆਖ ਕੇ ਜ਼ਿਕਰ ਨਹੀਂ ਸੀ ਕੀਤਾ।ਅਸੀਂ ਸਿਰਫ਼ ਏਹੋ ਕਹਿੰਦੇ ਸਾਂ “ਉਹਨਾਂ।”
“ਨਾ,” ਉਸ ਨੇ ਤਰਲਾ ਲਿਆ। “ਉਹਨਾਂ ਦੀ ਗੱਲ ਨਾ ਕਰੋ। ਹੁਣ ਮੈਂ ਉਹਨਾਂ ਬਾਰੇ ਸੋਚਣਾ ਹੀ ਨਹੀਂ ਚਾਹੁੰਦੀ।”
ਮੈਂ ਚੁੱਪ ਹੋ ਗਿਆ। ਮੈਂ ਮਹਿਸੂਸ ਕੀਤਾ ਕਿ ਦਿਲ ਵਿਚ ਨਫਰਤ ਲੈ ਕੇ ਮਰਨਾ ਔਖਾ ਹੈ। “ਮੈਂ ਤੁਹਾਡੇ ਬਾਰੇ ਸੋਚਣਾ ਚਾਹੁੰਦੀ ਆਂ। ਆਖਰੀ ਘੜੀ ਮੈਂ ਤੁਹਾਨੂੰ ਹੀ ਵੇਖ ਰਹੀ ਆਂ,” ਉਹਦੀ ਅਵਾਜ਼ ਵਿਚ ਜਾਨ ਨਹੀਂ ਸੀ ਤੇ ਮੈਂ ਉਹਦੀ ਗੱਲ ਸੁਣਨ ਲਈ ਝੁਕ ਕੇ ਉਹਦੇ ਮੂੰਹ ਦੇ ਨੇੜੇ ਹੋ ਗਿਆ ਸਾਂ।
“ਤੁਸੀਂ ਆ ਗਏ ਤੇ ਮੈਂ ਹੁਣ ਇਕੱਲੀ ਨਹੀਂ।ਮੈਂ ਸੋਚਦੀ ਸਾਂ ਕਿ ਮੇਰੇ ਕੋਲ ਕੋਈ ਨਹੀਂ ਆਵੇਗਾ।ਜੇ ਕੋਈ ਨਾ ਆਉਂਦਾ ਤਾਂ ਇਨਸਾਫ ਨਹੀਂ ਸੀ ਹੋਣਾ।ਤੇ ਤੁਸੀਂ ਆ ਗਏ .. ਦੱਸੋ, ਤੁਸੀਂ ਕਦੇ ਪਿਆਰ ਕੀਤਾ ਏ ? ਤੁਹਾਨੂੰ ਕਿਸੇ ਨੇ ਪਿਆਰ ਕੀਤਾ ਏ ? ਕੇਡਾ ਚੰਗਾ ਲੱਗਦਾ ਹੋਵੇਗਾ ਜਦੋਂ ਤੁਸੀਂ ਪਿਆਰ ਕਰੋ ਤੇ ਕੋਈ ਤੁਹਾਨੂੰ ਪਿਆਰ ਕਰੇ। ਦੱਸੋ ਮੈਨੂੰ..”
ਪਰ ਮੈਂ ਕੁਝ ਨਹੀਂ ਆਖਿਆ।ਮੈਂ ਤੀਹ ਸਾਲ ਦਾ ਹੋ ਗਿਆ ਸਾਂ ਤੇ ਮੈਂ ਪਿਆਰ ਕੀਤਾ ਸੀ ਤੇ ਮੈਨੂੰ ਪਿਆਰ ਮਿਲਿਆ ਸੀ ਤੇ ਇਕ ਤੋਂ ਬਹੁਤੀ ਵਾਰ । ਇਸ ਵਿਚ ਰੋਲ ਘਚੋਲ ਵੀ ਸੀ ਤੇ ਪੀੜ ਵੀ ਸੀ ਤੇ ਕਸੂਰ ਦੋਵਾਂ ਧਿਰਾਂ ਦਾ ਸੀ। ਪਰ ਇਹ ਗੱਲ ਮੈਂ ਉਸ ਨੂੰ ਨਹੀਂ ਸਾਂ ਸਮਝਾ ਸਕਦਾ ਜਿਸ ਨੇ ਕਦੇ ਪਿਆਰ ਨਹੀਂ ਸੀ ਕੀਤਾ, ਜਿਸ ਨੂੰ ਕਦੇ ਪਿਆਰ ਨਹੀਂ ਸੀ ਮਿਲਿਆ।
“ਮੈਨੂੰ ਇਕ ਦਿਨ ਇਕ ਮੁੰਡੇ ਨਾਲ ਪਿਆਰ ਹੋ ਗਿਆ ਸੀ, ਹਾਤੇ ਵਿਚ ਲੱਗੀ ਪੀਂਘ ਉੱਤੇ,” ਉਸ ਨੇ ਆਖਿਆ। "ਅਸੀਂ ਪੀਂਘ ਏਨੀ ਉੱਚੀ ਚੜ੍ਹਾ ਲਈ ਕਿ ਦੂਜੀ ਮੰਜ਼ਲ ਦੀ ਖਿੜਕੀ ਤੱਕ ਪਹੁੰਚ ਗਏ। ਪੀਂਘ ਝੂਟਦਿਆਂ ਉਹ ਮੇਰੇ ਉੱਤੇ ਉਲਰ ਪਿਆ, ਤੇ ਮੈਂ ਵੇਖਿਆ ਉਹ ਮੈਨੂੰ ਚੁੰਮਣਾ ਚਾਹੁੰਦਾ ਸੀ..ਮੈਂ ਫੇਰ ਕਦੇ ਪੀਂਘ ਨਹੀਂ ਝੂਟਾਂਗੀ। ਕੇਡੀ ਅਜੀਬ ਗੱਲ ਏ।”
ਉਹ ਚੁੱਪ ਹੋ ਗਈ। ਫੇਰ ਮੈਂ ਸੁਣਿਆ।
“ਉਹਦੀ ਥਾਂ ਤੁਸੀਂ ਮੈਨੂੰ ਚੁੰਮ ਲਓ।”
ਮੈਂ ਹੇਠਾਂ ਝੁਕ ਗਿਆ ਤੇ ਹਨੇਰੇ ਵਿਚ ਵੇਖ ਕੇ ਮਲਕੜੇ ਜਿਹੇ ਉਹਦੇ ਬੁੱਲ੍ਹਾਂ ਨਾਲ ਬੁੱਲ੍ਹ ਜੋੜ ਦਿੱਤੇ।
“ਹਾਂ, ਇਸ ਤਰ੍ਹਾਂ,” ਉਸ ਨੇ ਆਖਿਆ।
* * * * *
ਦਿਨ ਚੜ੍ਹੇ ਮੈਂ ਬੰਦਰਗਾਹ ਨੂੰ ਤੁਰ ਗਿਆ ਤੇ ਇਕ ਦਿਨ ਮਗਰੋਂ ਡਾਕਟਰੀ ਮੁਆਇਨੇ ਵਾਸਤੇ ਗਿਆ।ਐਕਸਰੇ ਕੀਤਾ ਗਿਆ।ਅਲਸਰ ਕੋਈ ਨਹੀਂ ਸੀ। ਭੁੱਖੇ ਰਹਿਣ ਨਾਲ ਮੈਂ ਰਾਜ਼ੀ ਹੋ ਗਿਆ ਸਾਂ। ਮੈਂ ਫ਼ੌਜ ਵਿਚ ਚਲਾ ਗਿਆ ਤੇ ਅਗਲੇ ਸਿਆਲ ਅਸੀਂ ਘੇਰਾ ਤੋੜ ਦਿੱਤਾ। ਦੋ ਸਾਲ ਹੋਰ ਬੀਤੇ ਤਾਂ ਮੈਂ ਵੇਖਿਆ ਕਿਵੇਂ ਸਾਡੀਆਂ ਫੌਜਾਂ ਨੇ ਬਰਲਿਨ ਨੂੰ ਘੇਰਾ ਪਾ ਲਿਆ ਸੀ ਜਿਸ ਦੇ ਦੋ ਹਫਤੇ ਵੀ ਪੈਰ ਨਹੀਂ ਸੀ ਲੱਗ ਸਕੇ।