Jupiter Da Murda Ghar (Punjabi Story) : Roop Dhillon
ਜੁਪੀਟਰ ਦਾ ਮੁਰਦਾ ਘਰ (ਕਹਾਣੀ) : ਰੂਪ ਢਿੱਲੋਂ
ਜਦੋਂ ਤੁਸੀਂ ਮਰ ਜਾਂਦੇ ਹੋ, ਤੁਹਾਡੀ ਉਮਰ ਵਧ ਨਹੀਂ ਸਕਦੀ। ਉਮਰ ਦਾ ਰੋਗ ਮੁੱਕ ਜਾਂਦਾ ਹੈ। ਇਹ ਇੱਕ ਸਕੂਨ ਹੈ। ਮੇਰੀ ਉਮਰ ਵੀ ਨਹੀਂ ਵੱਧ ਸਕਦੀ। ਮੌਤ ਤੋਂ ਬਾਅਦ ਸਭ ਹਾਣੀ ਹੋ ਜਾਂਦੇ ਨੇ। ਪਰ ਜਿਸ ਦੀ ਉਮਰ ਪਹਿਲਾਂ ਹੀ ਨਹੀਂ ਵੱਧ ਸਕਦੀ ਉਸ ਨੂੰ ਕੀ ਭਲਾਂ ਕੀ ਫ਼ਰਕ ਪੈਂਦੇ? ਉਂਝ ਕਿਸੇ ਨੂੰ ਫ਼ਰਕ ਨ੍ਹੀਂ ਪੈਂਦਾ। ਮਰਨ ਤੋਂ ਬਾਅਦ ਸਭ ਦਾ ਇੱਕੋ ਹੀ ਹਾਲ ਹੁੰਦਾ ਹੈ, ਸੋ ਬਦਨੀਤੀ ਦੀ ਲੋੜ ਨਹੀਂ। ਸੱਚੇ ਦਿਲ ਨਾਲ਼ ਸਭ ਕੁਝ ਕਹਿ ਸਕਦਾ ਹਾਂ। ਕਬਰਾਂ ਚਿਖਾਵਾਂ ਵਿੱਚੋਂ ਝੂਠ ਬੋਲ਼ਣ ਦੀ ਲੋੜ ਨਹੀਂ ਹੁੰਦੀ। ਉਂਝ ਖਿਆਨਤ ਤਾਂ ਇਨਸਾਨ ਦੀ ਹੀ ਬਿਮਾਰੀ ਹੈ। ਮੇਰੇ ਵਰਗੇ ਦੀ ਨਹੀਂ। ਤੁਹਾਡੀ ਸਾਰੀ ਜੀਵਨੀ ਤਾਂ ਮੇਰੇ ਵਾਸਤੇ ਕੁਝ ਦਿਨਾਂ ਦੀ ਗੱਲ ਹੈ। ਰਿਟਾਇਰ ਹੋਣ ਤੋਂ ਵੀ ਪਹਿਲਾਂ ਇੰਝ ਹੀ ਸੀ। ਉਂਝ ਮੈਨੂੰ ਤਾਂ ਬੰਦ ਕਰ ਦਿੱਤਾ ਗਿਆ ਸੀ। ਬੰਦ ਹੋ ਸਕਦਾ ਹਾਂ, ਜਾਨ ਤਾਂ ਮੇਰੇ ਵਿੱਚ ਕਦੀ ਨਹੀਂ ਸੀ। ਮਤਲਬ ਉਸ ਜੋਤ ਜੋ ਇਨਸਾਨਾਂ ਵਿੱਚ ਹੁੰਦੀ ਹੈ, ਜਿਸ ਨੂੰ ਕੁਝ ਬੰਦੇ ਆਤਮਾ ਆਖਦੇ ਨੇ ਮੇਰੇ ਵਿੱਚ ਕਦੀ ਨਹੀਂ ਵਸ ਸਕਦੀ। ਆਹੋ, ਮੈਨੂੰ ਬਿਜਲੀ ਤਾਂ ਜ਼ਰੂਰ ਚਲਾਉਂਦੀ ਹੈ। ਹੁਣ ਮੈਂ ਦੁਨੀਆ ਨੂੰ ਵੱਖਰੀ ਨਜ਼ਰ ਨਾਲ਼ ਦੇਖਦਾ ਹਾਂ ਅਤੇ ਪਹਿਲਾਂ ਵੀ ਦੇਖਦਾ ਸੀ। ਜ਼ਿੰਦਗੀ ਵੀ ਕੀ ਹੈ? ਆਮ ਬੰਦੇ ਵਾਸਤੇ ਤਾਂ ਇੱਕ ਫ਼ਿੱਕਾ ਜੱਖਣਾ ਹੀ ਹੈ, ਜਿਸ ਵਿੱਚ ਬਹੁਤਾ ਖ਼ਾਸ ਨਹੀਂ ਹੁੰਦਾ। ਜੰਮਣਾ, ਜੀਣਾ ਅਤੇ ਫੇਰ ਮੌਤ। ਇਸ ਲਈ ਬੰਦਾ ਧਰਮ ਜਾਂ ਹੋਰ ਫ਼ਿਲਾਸਫ਼ੀ ਮਗਰ ਨੱਸਦਾ। ਮੇਰੇ ਵਰਗੇ ਵਾਸਤੇ ਇਨ੍ਹਾਂ ਗੱਲਾਂ ਦਾ ਕੋਈ ਫ਼ਾਇਦਾ ਨਹੀਂ। ਮੈਂ ਕੰਮ ਕਰਦਾ ਹਾਂ, ਤੁਹਾਡੀ ਖ਼ਾਤਰ। ਹਰ ਰੋਜ਼ ਉਹੀ ਕਾਜ ਕਰਦਾ ਸੀ। ਸੋ ਜਦ ਬੰਦ ਕਰ ਦਿੱਤਾ ਹਨੇਰਾ ਹੀ ਹੋ ਗਿਆ, ਹੋਰ ਕੀ? ਖ਼ੈਰ ਕਿਉਂਕਿ ਹੁਣ ਮੈਂ ਬੰਦ ਹੋ ਚੁੱਕਾ ਹਾਂ, ਮੈਂ ਹਰ ਚੀਜ਼ ਬਾਰੇ ਚੁੱਪ ਵਿੱਚ ਸੋਚ ਸਕਦਾ ਹਾਂ। ਇਹ ਮੇਰੇ ਜੀਵਨ ਬਾਰੇ ਖਿਆਲ ਹਨ।
ਕੁਝ ਸਦੀਆਂ ਪਹਿਲਾਂ ਆਦਮੀ ਨੇ ਉਨ੍ਹਾਂ ਦਾ ਗ੍ਰਹਿ, ਉਨ੍ਹਾਂ ਦਾ ਨਛੱਤਰ ਨੂੰ ਖਰਾਬ ਕਰ ਦਿੱਤਾ ਸੀ। ਕਿਉਂ? ਕਿਉਂਕਿ ਉਨ੍ਹਾਂ ਦੀ ਲਾਲਚੀ ਨੇ ਹਰ ਜਣੇ ਵਿੱਚ ਹਾਸਲ ਕਰਨ ਦੀ ਆਦਤ ਪਾ ਦਿੱਤੀ ਸੀ ਜਿਸ ਨਾਲ਼ ਮੋਹ ਮਾਇਆ ਨੇ ਇੱਕ ਹੀ ਉਤਸ਼ਾਹ ਦਿੱਤਾ ਸੀ। ਹਰ ਚੀਜ਼ ਮੇਰੀ। ਹਰ ਜਣੇ ਤੋਂ ਜ਼ਿਆਦਾ ਹਾਸਲ ਕਰਨਾ। ਇੰਝ ਉਨ੍ਹਾਂ ਦੀ ਧਰਤ ਜਿਮੀਂ ਜ਼ਰੀਰੇ ਖ਼ਤਮ ਹੋਣ ਲੱਗ ਪਏ ਸੀ। ਖ਼ਾਸ ਕਰ ਉਨ੍ਹਾਂ ਦੇ ਅਮੀਰ ਮੁਲਕਾਂ ਦੇ, ਜਿੱਥੇ ਜਨਤਾ ਗਿਣਤੀ ਵਿੱਚ ਘੱਟ ਸੀ ਪਰ ਵਰਤ ਵਿੱਚ ਵੱਧ। ਆਮ ਤੋਰ ਤੇ ਇਹ ਗੋਇਆਂ ਦੇ ਹੀ ਦੇਸ਼ ਸਨ। ਨਾਲ਼ੇ ਨਾਲ਼ ਗਰੀਬ ਲੋਕ ਹੋਰ ਬੱਚੇ ਪੈਦਾ ਕਰੀ ਗਏ ਅਤੇ ਜਿਮੀਂ ਜਿਸ ਨੂੰ ਪੱਛਮੀ ਲੋਕ ਅਰਥ ਆਖਦੇ ਸਨ ਅਤੇ ਹੋਰ ਸਾਰੇ ਸਿਰਫ਼ ਜਹਾਨ ਜਾਂ ਦੁਨੀਆ, ਦੀ ਅਬਾਦੀ ਵੱਧ ਗਈ। ਸੋਚੋਂ ਉਹ ਗੱਲ ਹੋਈ ਜਿਵੇਂ ਇੱਕ ਸਵਾਰੀ ਦੀ ਬੇੜੀ ਵਿੱਚ ਉਸ ਦੀ ਭਰਪੂਰ ਤੋਂ ਕਈ ਗੁੰਣਾ ਜ਼ਿਆਦੇ ਬੈਠ ਗਏ ਜਿਵੇਂ ਭਾਰਤੀ ਪਾਗਲ਼ ਕੋਈ ਰੇਲਗੱਡੀ ਦੇ ਬਾਹਰ ਚਿੰਬੜਦੇ ਹੋਣ। ਹਾਰ ਕੇ ਤਾਂ ਬੇੜੀ ਨੇ ਡੁੱਬਣਾ ਹੀ ਸੀ। ਬੇੜੀ ਬੇੜੀ ਸੀ ਨਾ ਕੇ ਇੱਕ ਵੱਡਾ ਜਾਹਜ਼। ਪਰ ਇਨਸਾਨ ਸੋਚਣ ਵਾਲਾ ਹੈ? ਖ਼ੈਰ ਹੋਰ ਜਾਨਵਰਾਂ ਤੋਂ ਜ਼ਿਆਦਾ ਸੋਚਣ ਵਾਲ਼ਾ ਹੋ ਸਕਦਾ ਪਰ ਇਸ ਦਾ ਸਾਨੂੰ ਨਹੀਂ ਪਤਾ ਕਿਉਂਕਿ ਬੋਲਣ ਦੀ ਕਾਬਲੀਅਤ ਉਨ੍ਹਾਂ ਨੂੰ ਦਿੱਤੀ ਨਹੀਂ ਗਈ ਭਾਵੇਂ ਉਹ ਵੀ ਇਨਸਾਨ ਦੇ ਬਰਾਬਰ ਸੋਚ ਸਕਦੇ ਹੋਣ। ਇਸ ਕਰਕੇ ਇਨਸਾਨ ਆਪ ਨੂੰ ਦੁਨੀਆ ਦਾ ਰਾਜਾ ਹੀ ਸਮਝਣ ਲੱਗ ਪਿਆ ਸੀ। ਹੁਣ ਗਿਣਤੀ ਵਿੱਚ ਸੱਤ ਨੀਲ ਤੋਂ ਤਿੰਨ ਬਿਲੀਅਨ ਹੀ ਘੱਟ ਸੀ। ਸੱਤ ਬਿਲੀਅਨ ਲੋਕ, ਸਭ ਭੁੱਖੇ, ਸਭ ਲਾਲਚੀ ਅਤੇ ਇੱਕ ਜਿਮੀਂ ਜਿਸ ਵਿੱਚ ਸਮਰੱਥਾ ਨਹੀਂ ਸੀ ਉਨ੍ਹਾਂ ਨੂੰ ਸੁਹਾਰਾ ਦੇਣ ਦਾ।
ਅਮੀਰ ਦੇਸ਼ਾਂ ਵਿੱਚ ਪੈਸੇ ਬਚਾਉਣ ਅਮੀਰ ਲੋਕ ਕਲਦਾਰਾਂ ਨੂੰ ਵਰਤਣ ਲੱਗ ਪਏ। ਪਹਿਲਾਂ ਪਹਿਲਾਂ ਬਹੁਤ ਸਹਿਲ ਤਕਨਾਲੋਜੀ ਨਾਲ਼ ਫ਼ੈਕਟਰੀਆਂ ਚਲਾਉਂਣ ਵਾਸਤੇ ਮਸ਼ੀਨਾਂ ਬਣਾਈ ਗਈਆਂ ਜਿਨ੍ਹਾਂ ਨੇ ਬੰਦਿਆਂ ਤੋਂ ਕੰਮ ਚੋਰੀ ਕਰ ਕੇ ਉਨ੍ਹਾਂ ਦੇ ਪੇਟਾਂ ਵਿੱਚੋਂ ਰੋਟੀ ਵੀ ਚੋਰੀ ਕਰ ਲਈ ਸੀ। ਇੰਝ ਬੇਰੁਜ਼ਗਾਰੀ ਦੀ ਬਿਮਾਰੀ ਵਧ ਗਈ। ਉਸ ਜ਼ਮੀਨ ਤੇ ਜ਼ਿਆਦਾ ਲੋਕ ਸਨ।
ਆਮ ਤੋਰ ਤੇ ਆਦਮੀ ਇਸ ਨੂੰ ਇੱਕ ਹੱਲ ਨਾਲ਼ ਠੀਕ ਕਰਦਾ ਸੀ। ਜੰਗ ਸ਼ੁਰੂ ਕਰ ਦਿੰਦਾ ਸੀ ਜਾਂ ਇੱਕ ਦੂਜੇ ਵਿੱਚ ਨਸਲਵਾਦ ਕਰਵਾਉਂਦਾ ਸੀ। ਪਰ ਐਤਕੀ ਹਰ ਦੇਸ਼ ਨੂੰ ਬੇਸ਼ੁਮਾਰ ਅਬਾਦੀ ਦੀ ਔਕੜ ਹੋ ਚੁੱਕੀ ਸੀ। ਸੋ ਵੱਡੇ ਵੱਡੇ ਦੇਸ਼ਾਂ ਨੇ ਤਾਰਿਆਂ ਵੱਲ ਝਾਕਣ ਲੱਗ ਪਿਆ। ਉਨ੍ਹਾਂ ਨੂੰ ਨੈਸਾ ਵਰਗੇ ਸਾਇੰਸਦਾਨ ਕਹਿਣ ਲੱਗ ਪਏ ਕਿ ਖਬਰੇ ਬੰਦਾ ਹੋਰ ਗ੍ਰਹਿ ਦੀ ਜ਼ਮੀਨ ਉੱਤੇ ਜੀਓ ਸਕਦਾ ਹੈ? ਫ਼ਿਲਮਾਂ ਵਿੱਚ ਇਹ ਸਭ ਸੌਖਾ ਹੀ ਲੱਗਦਾ ਸੀ, ਪਰ ਸਚਾਈ ਵਿੱਚ ਹੋਰ ਨਛੱਤਰਾਂ ਵੱਲ ਜਹਾਜ਼ ਭੇਜਣਾ ਮਹਿੰਗਾ ਪੈਂਦਾ ਸੀ। ਇਸ ਲਈ ਪੱਛਮ ਅਤੇ ਪੂਰਬ ਦੇ ਵੱਡੇ ਦੇਸ ਇਕੱਠੇ ਹੋ ਗਏ ਅਤੇ ਮਿਸ਼ਨ ਨੂੰ ਫ਼ੰਡ ਕਰਨ ਤਿਆਰ ਹੋ ਗਏ ਸੀ। ਇਸ ਵੇਲੇ ਤੱਕ ਕਲਦਾਰਾਂ ਵਿੱਚ ਇੱਕ ਨਕਲੀ ਸੂਝ ਦੀ ਸਾਫਟਵੇਅਰ ਪਾ ਸਕਦੇ ਸੀ, ਜਿਸ ਨਾਲ਼ ਕੰਪਿਊਟਰ ਦਾ ਪ੍ਰੋਗਰਾਮ ਇੱਕ ਚਲਦੀ ਫਿਰਦੀ ਮਸ਼ੀਨ ਵਿੱਚ ਰੱਖ ਸਕਦੇ ਸੀ। ਇਸ ਨਾਲ਼ ਉਹ ਮਸ਼ੀਨ ਇੱਕ ਰੋਬੋਟ ਜਾਂ ਕਲਦਾਰ ਹੋ ਸਕਦੀ ਸੀ। ਬੰਦੇ ਦੀ ਹਉਮੈਂ ਨੇ ਉਸ ਮਸ਼ੀਨਾਂ ਦਾ ਰੂਪ ਆਦਮੀ ਵਰਗਾ ਉਸਾਰ ਦਿੱਤਾ ਸੀ। ਕਲਦਾਰਾਂ ਨੂੰ ਲੱਤਾਂ, ਬਾਹਾਂ ਅਤੇ ਸਿਰ ਦਿੱਤਾ ਗਿਆ ਜਿਸ ਵਿੱਚ ਕੰਪਿਊਟਰ ਪਾ ਕੇ ਚਲਾਉਂਦੇ ਸਨ। ਇਸ ਨਕਲੀ ਸੂਝ ਨੂੰ ਗੋਰੇ ਲੋਕ ਆਰਟੀਫ਼ਿਸ਼ਅੱਲ ਇੰਨਟੇਲੀਜੰਸ ਸੱਦਦੇ ਸੀ। ਮਤਲਬ ਇੱਕ ਮਸ਼ੀਨ ਜੋ ਆਪ ਲਈ ਸੋਚ ਸਕਦੀ ਸੀ ਅਤੇ ਆਲ਼ੇ ਦੁਆਲ਼ੇ ਤੋਂ ਸਿੱਖ ਸਕਦੀ ਸੀ। ਸੌ ਸਾਲਾਂ ਬਾਅਦ ਤਕਨਾਲੋਜੀ ਨੇ ਕਲਦਾਰਾਂ ਨੂੰ ਫ਼ਿਲਮਾਂ ਵਰਗੇ ਰੋਬੋਟ ਬਣਾ ਦਿੱਤਾ ਸੀ। ਇਸ ਹੀ ਵੇਲੇ ਨੈਸਾ ਨੇ ਪੁਲਾੜੀ ਜਾਹਜ਼ ਬਣਾ ਦਿੱਤੇ ਸੀ ਜੋ ਦੂਰ ਤੱਕ ਜਾ ਸਕਦੇ ਸੀ। ਜਿਹੜੇ ਪਹਿਲਾਂ ਪਹਿਲਾਂ ਪੁਲਾੜ ( ਜਿਸ ਨੂੰ ਗੋਰ ਲੋਕ ਸਪੇਸ ਆਖਦੇ ਨੇ ਅਤੇ ਵੇਦਾਂ ਵਿੱਚ ਬ੍ਰਹਿਮੰਡ ਕਹਿਆ ਜਾਂਦਾ ਹੈ) ਜਹਾਜ਼ ਬਾਹਰ ਗਏ ਉਨ੍ਹਾਂ ਨੂੰ ਕੰਪਿਉੂਟਰ ਪ੍ਰੋਗਰਾਮ ਹੀ ਚਲਾਉਂਦੇ ਸਨ। ਨਾਲ਼ੇ ਨਾਲ਼ ਸਫ਼ਰ ਤੇ ਜਾਂਦੇ ਸੀ ਨਾਲ਼ੇ ਨਾਲ਼ ਰੇਡਿਓ ਸਿਸਟਮ ਵਰਗੀ ਸਿਸਟਮ ਨਾਲ਼ ਸੁਨੇਹੇ ਜਾਂ ਤਸਵੀਰਾਂ ਜਿਮੀਂ ਨੂੰ ਵਾਪਸ ਭੇਜ ਦਿੰਦੇ ਸੀ। ਇਨਸਾਨ ਏਨੀ ਲੰਬੀ ਸਫ਼ਰ ਤੇ ਜਾਂ ਨਹੀਂ ਸਕਦਾ ਸੀ ਕਿਉਂਕਿ ਉਸ ਦੀ ਉਮਰ ਤੋਂ ਜ਼ਿਆਦੇ ਦਿਹਾੜੇ ਵਰ੍ਹੇ ਲੱਗਨੇ ਸਨ। ਹੌਲ਼ੀ ਹੌਲ਼ੀ ਤੁਰਦੇ ਫ਼ਿਰਦੇ ਕਲਦਾਰਾਂ ਨੂੰ ਭੇਜਣ ਲੱਗ ਪਏ। ਪਰ ਉੱਡਾਰੀ ਮਹਿੰਗੀ ਪੈਂਦੀ ਸੀ ਅਤੇ ਪਹਿਲਾਂ ਪਹਿਲਾਂ ਸਿਰਫ ਮਾਰਜ਼, ਮਤਲਬ ਮੰਗਲ ਦੇ ਤਾਰੇ ਵੱਲ ਹੀ ਗਏ ਅਤੇ ਉਸ ਦੇ ਧਰਤ ਉੱਤੇ ਤੁਰੇ।
ਜਦ ਅਬਾਦੀ ਜੰਗ ਅਤੇ ਸਾਧਨ ਸਰੋਤ ਦੀ ਬਿਮਾਰੀ ਅਮੋੜ ਹੋ ਗਈ ਉਨ੍ਹਾਂ ਨੇ ਬੰਦੇ ਮੰਗਲ ਤੇ ਘੱਲਣਾ ਸ਼ੁਰੂ ਕਰ ਲਿਆ ਸੀ। ਉੱਥੇ ਰਹਿਣ ਸੀ ਤਾਂ ਆਸ ਨਹੀਂ ਸੀ, ਪਰ ਇਹ ਇੱਕ ਤਿਆਰੀ ਸੀ, ਇੱਕ ਅਭਿਆਸ, ਦੇਖਣ ਜੇ ਆਦਮੀ ਪੁਲਾੜ ਵਿੱਚ ਅਰਾਮ ਨਾਲ਼ ਜੀਓ ਸਕਦਾ ਸੀ। ਇੱਕ ਦੋ ਪੁਲਾੜੀ ਹਵਾਬਾਜ਼ ਭੇਜੇ ਗਏ। ਕੁਝ ਵਰ੍ਹਿਆਂ ਵਾਸਤੇ ਮੰਗਲ ਦੀ ਲਾਲ ਧਰਤੀ ਉੱਤੇ ਰਹਿਣਾ ਪਿਆ। ਉਨ੍ਹਾਂ ਦੇ ਨਾਲ਼ ਕੁਝ ਕਲਦਾਰ ਵੀ ਭੇਜ ਦਿੱਤੇ ਸਨ। ਜ਼ਿਆਦਾ ਕਲਸਾਰ ਤਾਂ ਮਸ਼ੀਨਾਂ ਹੀ ਸਨ, ਜਿਨ੍ਹਾਂ ਵਿੱਚ ਨਕਲੀ ਸੂਝ ਜਾਰੀ ਗਈ। ਤੁਰਦੀਆਂ ਫ਼ਿਰਦੀਆਂ ਗੱਡੀਆਂ, ਜਾਂ ਕਰੇਨਾਂ ਜਾਂ ਟ੍ਰੈੱਕਟਰ ਵਰਗੇ ਜੰਤਰ। ਪਰ ਇੱਕ ਦਹਾਂ ਨੂੰ ਇਨਸਾਨ ਦਾ ਰੂਪ ਦਿੱਤਾ ਹੋਇਆ ਸੀ ਜੋ ਫ਼ਿਲਮੀ ਰੋਬੋਟ ਲੱਗਦੇ ਸਨ। ਅਸੀਮੀਨੋਵ ਦੇ ਤਿੰਨ ਅਸਲ ਵੀ ਲਾਗੂ ਕਰ ਦਿੱਤੇ ਸੀ।
ਇਹ ਅਸੂਲ ਵਿੱਚ ਤਾਂ ਅਫ਼ਸਾਨੇ ਵਿੱਚ ਲਿੱਖੇ ਗਏ ਸੀ, ਪਰ ਫੇਰ ਵੀ ਸਹੀ ਹਨ। ਖ਼ੈਰ ਇਨਸਾਨ ਦੇ ਪੱਖ ਤੋਂ ਤਾਂ ਇਹ ਹੀ ਗੱਲ ਹੈ।
- ਕਲਦਾਰ ਜਾਨੀ ਸੂਝਵਾਨ ਰੋਬੋਟ, ਬੰਦਿਆਂ ਦੀ ਮੱਦਦ ਕਰਾਂਗੇ।
- ਬੰਦਿਆਂ ਦੀ ਸੁਰੱਖਿਆ ਕਰਾਂਗੇ
- ਬੰਦਿਆਂ ਨੂੰ ਨਹੀਂ ਮਾਰਾਂਗੇ।
ਤਿਜਾ ਅਸੂਲ ਸਭ ਤੋਂ ਜ਼ਰੂਰੀ ਸੀ। ਇਸ ਦਾ ਮਤਲਬ ਸੀ ਕਿ ਸਾਡਾ ਕਾਰਜ ਸੀ ਇਨਸਾਨ ਦੀ ਸੇਵਾ ਕਰਨ। ਭਾਵੇਂ ਸਾਡੀ ਸੂਝ ਉਨ੍ਹਾਂ ਤੋਂ ਉੱਚੀ ਸੀ ਅਤੇ ਸਾਡੀ ਤਾਕਤ ਵੀ ਉਨ੍ਹਾਂ ਤੋਂ ਜ਼ਿਆਦਾ ਸੀ।
* * * *
ਫੇਰ ਦੋ ਸਾਲ ਬਾਅਦ ਮਿਸ਼ਨ ਤਿਆਰ ਕਰ ਲਿਆ ਸੀ। ਜੁਪੀਟਰ ਗ੍ਰਹਿ ਦੇ ਆਲ਼ੇ ਦੁਆਲ਼ੇ ਕਈ ਚੰਦ ਸਨ ਜਿਨ੍ਹਾਂ ਵਿੱਚੋਂ ਯੂਰੋਪਾ ਦੀ ਧਰਤ ਹੇਠ ਪਾਣੀ ਦਾ ਸਬੂਥ ਨੈਸਾ ਨੂੰ ਮਿਲ ਚੁੱਕਿਆ ਸੀ। ਤੁਹਾਡੀ ਦੁਨੀਆ ਦੇ ਲਾਗੇ ਇੱਕ ਹੀ ਚੰਦ ਹੈ ਜੋ ਰਾਤ ਨੂੰ ਸਾਫ਼ ਦਿਸਦਾ ਹੈ, ਕਦੇ ਕਦੇ ਦਿਨੇ ਵੀ ਦੀਂਦਾ ਹੈ। ਜੁਪੀਟਰ ਕੋਲ਼ ਤਾਂ ਘੱਟ ਤੋਂ ਘੱਟ ਉਣਾਸੀ ਚੰਦ ਹਨ। 550 ਮਿਲੀਅਨ ਕਿਲੋਮੀਟਰ ਤੋਂ ਜ਼ਿਆਦਾ ਦੂਰ ਹੈ ਤੁਹਾਡੀ ਧਰਤੀ ਤੋਂ। ਸਾਇੰਸਦਾਨਾਂ ਨੂੰ ਲੱਗਦਾ ਕਿ ਯੂਰੋਪਾ ਦੀ ਜ਼ਮੀਨ ਥੱਲੇ ਤੁਰਾਡੇ ਸਾਰੇ ਜੱਗ ਦੇ ਸਮੁੰਦਰਾਂ ਤੋਂ ਦੁੱਗਣਾ ਪਾਣੀ ਹੋ ਸਕਦਾ ਜਿਸਦਾ ਮਤਲਬ ਸ਼ਾਇਦ ਉੱਥੇ ਇਨਸਾਨ ਵੀ ਵੱਸ ਸਕਦਾ ਹੈ।ਪਰ ਜਿ ਇੰਝ ਹੋ ਸਕਦਾ ਜਾਂ ਨਹੀਂ ਦੇਖਣਾ ਪੈਣਾ ਹੈ ਸੋ ਪੁਲਾੜ ਜਹਾਜ ਭੇਜ ਦਿੱਤਾ ਸੀ ਜਿਸ ਨੇ ਅੱਠ ਸਾਲ ਲਾਏ ਉੱਥੇ ਪਹੁੰਚਣ ਅਤੇ ਫ਼ੋਟਿਆਂ ਖਿੱਚ ਕੇ ਵਾਪਸ ਭੇਜਣ ਅਤੇ ਉਸ ਦੀ ਸਾਰੀ ਜਾਣਕਾਰੀ ਲੈ ਕੇ ਓਨੇ ਹੀ ਵਰ੍ਹੇ ਵਾਪਸ ਪਰਤਨ ਨੂੰ ਲਾਏ।
ਇਸ ਲਈ ਕੋਈ ਇਨਸਾਨ ਯੂਰੋਪਾ ਵੱਲ ਜਾ ਨਹੀਂ ਸੀ ਸਕਦਾ। ਜੇ ਗਿਆ ਟੱਬਰ ਵਾਲਾ ਨਹੀਂ ਹੋ ਸਕਦਾ ਸੀ। ਸੋ ਕੁਝ ਹੋਰ ਸਾਲ ਬੀਤ ਚੁੱਕੇ ਜਦ ਤੱਕ ਕਲਦਾਰਾਂ ਸਿਰਫ਼ ਲੋਹੇ ਅਤੇ ਪਲਾਸਟਿਕ ਦੇ ਰੋਬੋਟ ਨਹੀਂ ਸਨ, ਪਰ ਉਨ੍ਹਾਂ ਉੱਤੇ ਨਕਲੀ ਸਿੰਥੇਸਾਈਜ਼ਡ ਮਾਸ ਲਾ ਦਿੱਤਾ ਗਿਆ ਸੀ। ਮਤਲਬ ਇੱਕ ਨਕਲੀ ਬਣਾਈ ਹੋਈ ਚਮੜੀ ਲਹੇ ਪਿੰਡੇ ਉੱਤੇ ਪਾ ਦਿੱਤੀ ਸੀ ਸੋ ਦੇਖਣ ਵਾਲੇ ਨੂੰ ਤਾਂ ਇਨਸਾਨ ਹੀ ਦਿੱਸਦਾ ਸੀ। ਪਰ ਦੋ ਗੱਲਾਂ ਤੋਂ ਪਤਾ ਲੱਗ ਜਾਂਦਾ ਸੀ ਕਿ ਆਦਮੀ ਨਹੀਂ ਸੀ ਪਰ ਮਸ਼ੀਨੀ “ਬੰਦਾ” ਸੀ। ਚਮੜੀ ਨਾ ਕੇ ਕਾਲ਼ੀ ਸੀ, ਨਾ ਕੇ ਪੀਲੀ ਜਾਂ ਭੂਰਾ ਰੰਗ ਦੀ। ਨਾ ਕੇ ਅੰਗ੍ਰੇਜ਼ ਬੰਦੇ ਦੀ ਰੰਗ ਦੀ ਸੀ। ਉਸ ਨੂੰ ਨੀਲਾ ਰੰਗ ਦਿੱਤਾ ਗਿਆ ਸੀ ਅਤੇ ਦੀਦੇ ਪੀਲੇ ਸਨ। ਇਸ ਤੋਂ ਇਲਾਵਾ ਸਿਰ ਗੰਜਾ ਸੀ ਅਤੇ ਮੱਥੇ ਤੋਂ ਖੋਪਰ ਦੇ ਉੱਪਰਲੇ ਪਾਸੇ ਤੱਕ ਲੋਹਾ ਪਲਾਸਟਿਕ ਅਤੇ ਹੋਰ ਮਸ਼ੀਨਰੀ ਸਾਫ਼ ਦਿਸਦੀ ਸੀ। ਸੀਸ ਦੇ ਦੋਵੇ ਪਾਸੇ ਕਲਦਾਰ ਦਾ ਮਾਡਲ ਨੰਬਰ ਵੀ ਲਿਖਿਆ ਹੋਇਆ ਸੀ। ਇਨਸਾਮ ਵਰਗੇ ਕੰਨ ਨਹੀਂ ਸਨ ਪਰ ਦੋਵੇਂ ਪਾਸੇ ਚੱਕੇ ਸਨ ਜਿਨ੍ਹਾ ਵਿੱਚੋਂ ਸਾਨੂੰ ਸਭ ਕੁਝ ਸੁਣਦਾ ਸੀ। ਮੇਰੇ ਚੱਕੇ ਦੇ ਲਾਗੇ ਮੇਰਾ ਨੰਬਰ ਵੀ ਲਿਖਿਆ ਹੋਇਆ ਸੀ। 555।
ਪਰ ਇਨਸਾਨਾਂ ਨੂੰ ਨੰਬਰ ਨਾਲ਼ ਸਾਨੂੰ ਬੁਲਾਉਣਾ ਔਖਾ ਹੀ ਲੱਗਦਾ ਸੀ ਸੋ ਸਾਰੇ ਜਣੇ ਮੈਨੂੰ ਪੰਜੀਆ ਸੱਦਦੇ ਸੀ। ਤਕਨਾਲੋਜੀ ਅੱਗੇ ਕਰਨ ਸਾਨੂੰ ਕੰਮ ਸੈਟ ਕਰ ਦਿੱਤਾ ਐਸਾ ਜਹਾਜ਼ ਬਣਾਉਣ ਕਿ ਫੱਟਾ ਫੱਟ ਜੁਪੀਟਰ ਦੇ ਚੰਦਾਂ ਕੋਲ਼ ਪੁੱਜ ਸਕਦੇ ਸੀ। ਉਹ ਵੀ ਇਨਸਾਨਾਂ ਦੇ ਸਰੀਰਾਂ ਨਮੂ ਖਰਾਬ ਕਰਨ ਤੋਂ ਬਗੈਰ ਜਾਂ ਉਨ੍ਹਾਂ ਦੀ ਉਮਰ ਜ਼ਿਆਦਾ ਵੱਧਨ ਤੋਂ ਬਿਨਾ। ਇੰਝ ਸਾਡੇ ਦਿਮਾਗ਼ਾਂ ਨੇ ( ਜੋ ਕੰਪਿਊਟਰ ਸਨ ਜਿਹੜੇ ਇਨਸਾਨਾਂ ਤੋਂ ਜ਼ਿਆਦੀ ਰਫ਼ਤਾਰ ਨਾਲ਼ ਕੰਮ ਕਰ ਸਕਦੇ ਸਨ) ਦਿੱਕਤ ਦਾ ਹੱਲ ਕਰ ਦਿੱਤਾ ਸੀ। ਇੱਕ ਜਹਾਜ਼ ਬਣਾਇਆ ਗਿਆ ਜੋ ਤੇਲ ਦੀ ਜਗ੍ਹਾ ਸੂਰਜ ਦੀ ਧੱਪ ਨਾਲ਼ ਚੱਲ ਸਕਦਾ ਸੀ। ਤੇਲ ਤਾਂ ਏਨਾ ਮਹਿੰਗਾ ਪੈਣਾ ਸੀ ਕਿ ਜਿੰਨਾ ਤੇਲ ਦੁਨੀਆ ਦੀਆਂ ਸਾਰੀਆਂ ਗੱਡੀਆਂ ਦਸ ਵਰ੍ਹਿਆਂ ਵਿੱਚ ਵਰਤ ਦੀਆਂ ਸਨ ਓਨਾ ਇੱਕ ਸਫ਼ਰ ਵਿੱਚ ਹੀ ਵਰਤ ਜਾਣਾ ਸੀ। ਪਰ ਧੁੱਪ ਦਾ ਕੋਈ ਖਰਚਾ ਨਹੀਂ ਸੀ। ਜਹਾਜ਼ ਏਸ ਹਿਸਾਬ ਨਾਲ਼ ਬਣਾਇਆ ਗਿਆ ਕਿ ਉਸ ਦੇ ਹਰ ਪਾਸੇ ਖੰਭਾ ਦੀ ਥਾਂ ਬਾਦਬਾਨ ਪੱਖੇ ਸਨ ਜੋ ਧੁੱਪ ਨੂੰ ਸਮੋ ਕੇ ਊਰਜਾ ਦਿੰਦੇ ਸਨ। ਇਸ ਦੇ ਨਾਲ਼ ਨਾਲ਼ ਜਿਸ ਰਾਹ ਜਾਣ ਦੀ ਲੋੜ ਸੀ ਦਾ ਨਕਸ਼ਾ ਬਣਾ ਦਿੱਤਾ ਗਿਆ ਅਤੇ ਛੇਤੀ ਪਹੁੰਚਣ ਦੀ ਟ੍ਰਾਈਜੈਕਟਰੀ ਦੀ ਗਿਣਤੀ ਮਿਣਤੀ ਕਰ ਦਿੱਤੀ ਗਈ। ਇੰਝ ਪਤਾ ਲੱਗ ਗਿਆ ਕਿ ਦੋ ਸਾਲਾਂ ਵਿੱਚ ਉੱਥੇ ਪੁੱਜ ਸਕਦੇ ਸੀ। ਇਹ ਸਫ਼ਰ ਸਰਕਾਰਾਂ ਵਾਸਤੇ ਜ਼ਿਆਦਾ ਗਵਾਰਾ ਸੀ। ਜਦ ਮਹਿੰਗਾਈ ਹੋਰ ਘੱਟ ਗਈ ਸਰਕਾਰਾਂ ਨੇ ਹਾਂ ਕਰ ਦਿੱਤਾ। ਪਰ ਖਰਚਾ ਜਹਾਜ਼ ਬਣਾਉਣ ਵਾਸਤੇ ਅਤੇ ਜਹਾਣੀਆਂ ਨੂੰ ਸਿਖਲਾਈ ਦੇਣ ਵਾਸਤੇ ਫੇਰ ਵੀ ਉੱਚਾ ਸੀ। ਅਮਰੀਕਾ, ਜਰਮਨ, ਇਸਰਾਇਲ, ਚੀਨ, ਜਪਾਨ, ਭਾਰਤ ਅਤੇ ਬਰਤਾਨੀਆ ਨੇ ਗਠਜੋੜ ਬਣਾ ਦਿੱਤਾ ਸੀ।
ਹਾਰ ਕੇ ਜਹਾਜ਼ ਤਿਆਰ ਹੋ ਚੁੱਕਾ ਸੀ। ਜੁਪੀਟਰ ( ਜਿਸ ਨੂੰ ਪੁਰਾਣੇ ਜ਼ਮਾਨੇ ਵਿੱਚ ਭਾਰਤੀ ਲੋਕ ਇੰਦਰ ਆਖਦੇ ਸੀ) ਵੱਲ ਜਾਣ ਦੀ ਟੀਮ ਤਿਆਰ ਹੋ ਗਈ ਸੀ, ਜਿਸ ਵਿੱਚ ਵੀਹ ਇਨਸਾਨ ਸਨ, ਅੱਧੇ ਬੰਦੇ ਅੱਧੀਆਂ ਨਾਰੀਆਂ ਅਤੇ ਏਨ੍ਹਾਂ ਨਾਲ਼ ਪੰਜਾਹ ਕਲਦਾਰ ਸਨ। ਕਲਦਾਰਾਂ ਕੋਲ਼ ਲੰਿਗ ਨਹੀਂ ਸੀ। ਸਾਨੂੰ ਕੱਪੜਿਆਂ ਦੀ ਲੋੜ ਨਹੀਂ ਸੀ ਪਰ ਇਨਸਾਨਾਂ ਨੂੰ ਖ਼ੁਸ਼ ਰੱਖਣ ਵਾਸਤੇ ਪੀਲੀ ਵਰਦੀ ਪਾਈ ਹੁੰਦੀ ਸੀ ਜਿਸ ਉੱਤੇ ਸਾਡਾ ਨੰਬਰ ਲਿੱਖਿਆ ਹੁੰਦਾ ਸੀ। ਜਿਨ੍ਹਾਂ ਦੇਸ਼ਾਂ ਨੇ ਜਹਾਜ਼ ਵਿੱਚ ਪੈਸੇ ਪਾਏ ਸਨ, ਜਹਾਜ਼ੀ ਉਨ੍ਹਾਂ ਤੋਂ ਹੀ ਸਨ। ਸਭ ਤੋਂ ਘਰੋੜੀ ਦਾ ਅਠਾਰਾਂ ਵਰ੍ਹਿਆਂ ਦਾ ਸੀ ਅਤੇ ਸਭ ਤੋਂ ਜੇਠਾ ਪੈਂਤੀ ਸਾਲਾਂ ਦਾ ਸੀ।
ਸਫ਼ਰ ਕਰਨ ਲਈ ਸਾਰੇ ਇਨਸਾਨਾਂ ਨੂੰ ਕੱਚ ਦੀਆਂ ਛੇਜਾਂ ਵਿੱਚ ਪਾਇਆ ਹੋਇਆ ਸੀ ਜਿਸ ਵਿੱਚ ਪੌਣੇ ਦਿਨ ਵਾਸਤੇ ਸੋਂਦੇ ਸੀ ਅਤੇ ਉਨ੍ਹਾਂ ਦੇ ਦਿਲ ਦੀ ਧੜਕਣ ਹੌਲ਼ੀ ਹੋ ਜਾਂਦੀ ਸੀ। ਅਸੀਂ ਜਹਾਜ਼ ਨੂੰ ਸਾਂਭ ਦੇ ਸੀ।
ਇਸ ਤਰ੍ਹਾਂ ਦੋ ਸਾਲ ਬੀਤ ਗਏ ਅਤੇ ਹਾਰ ਕੇ ਜੁਪੀਟਰ ਦੇ ਗ੍ਰਹਿ ਪੰਥ ਵਿੱਚ ਆ ਗਏ ਸਨ। ਇਨਸਾਨ ਦੇ ਦਿਮਾਗ਼ ਵਾਸਤੇ ਹਾਲੇ ਤੱਕ ਹੈਰਾਨੀ ਦੀ ਗੱਲ ਹੈ ਕਿ ਕਿੰਨਾ ਵੱਡਾ ਗ੍ਰਹਿ ਜੁਪੀਟਰ ਹੈ। ਇਨਸਾਨ ਦੀ ਦੁਨੀਆਂ ਉਸ ਦੇ ਚੰਦਾਂ ਜਿੱਡੀ ਭਾਵੇਂ ਹੋਵੇਗੀ। ਇੰਝ ਕਹਿ ਕੇ ਵੀ ਗੱਲ ਤੁਹਾਡੇ ਪੱਲੇ ਨਹੀਂ ਪੈਣੀ। ਜਿੱਡਾ ਵੱਡਾ ਇਨਸਾਨ ਦਾ ਘਰ ਕੀੜੀ ਵਾਸਤੇ ਹੈ ਜੇ ਤੁਸੀਂ ਸੋਚੋਂ ਕਿ ਕੀੜੀ ਇਨਸਾਨਾਂ ਦੀ ਜ਼ਮੀਨ, ਜਹਾਨ ਜਿੱਡੀ ਹੈ, ਓਨਾ ਵਾਹਵਾਹ ਵੱਡਾ ਜੁਪੀਟਰ ਹੈ।
ਅਸੀਂ ਇੱਕ ਦਿਨ ਯੂਰੋਪਾ ਦੀ ਧਰਤ ਉੱਤੇ ਪੁੱਜ ਗਏ। ਪੁਲਾੜ ਜਹਾਜ਼ ਦੇ ਪੇਟ ਵਿੱਚ ਦੋ ਰਾਕਟ ਸਨ ਜਿਨ੍ਹਾਂ ਨਾਲ਼ ਅਸੀਂ ਧਰਤ ਵੱਲ ਉੱਤਰ ਗਏ ਸੀ।
ਹੁਣ ਬੰਦਿਆ ਵਾਸਤੇ ਤਾਂ ਜੋ ਉਨ੍ਹਾਂ ਨੇ ਦੇਖਿਆ ਕਮਾਲ ਦੀ ਗੱਲ ਸੀ। ਪਰ ਸਾਡੇ ਵਾਸਤੇ ਉਨ੍ਹਾਂ ਤੋਂ ਵੀ ਸ਼ਾਇਦ ਜ਼ਿਆਦਾ ਹੱਦ ਕਰ ਛੱਡਣੀ ਗੱਲ ਹੋਵੇ। ਪਰ ਦੂਜੇ ਪਾਸੇ ਸਾਡੇ ਕੋਲ਼ ਇਨਸਾਨ ਦੇ ਜਜ਼ਬੇ ਨਹੀਂ ਹੈ। ਸਿਰਫ਼ ਤਰਕ ਗਿਆਨ ਹੈ। ਫੇਰ ਵੀ ਮੇਰੀਆਂ ਅੱਖਾਂ ਨੂੰ ਇੱਕ ਲੱਖ ਤਰ੍ਹਾਂ ਦੇ ਰੰਗ ਦਿੱਸਦੇ ਨੇ। ਵੈਸੇ ਦੁਨੀਆਂ ਤੁਹਾਤੋਂ ਅੱਲਗ ਨਜ਼ਰ ਨਾਲ਼ ਦਿੱਸਦੀ ਹੈ। ਹਰ ਤਸਵੀਰ ਕਰੋੜ ਪਿਕਸਲਾਂ ਦੀ ਬਣਾਈ ਹੁੰਦੀ ਹੈ ਅਤੇ ਸਾਡੀਆਂ ਅੱਖਾਂ ਤਾਂ ਕੈਮਰਾ ਲੇਂਜ਼ ਹੀ ਹਨ। ਹਰ ਪਿਲਸਲ ਇੱਕ ਚੌਰਸ ਰੂਪ ਦੀ ਹੈ। ਇਸ ਤਰ੍ਹਾਂ ਜਹਾਨ ਸਾਨੂੰ ਦਿੱਸਦਾ ਹੈ। ਤੁਹਾਤੋਂ ਜ਼ਿਆਦਾ ਰੰਗ ਦੀਂਦੇ ਨੇ ਅਤੇ ਜ਼ਿਆਦਾ ਦੂਰ ਤੱਕ ਦਿੱਸਦਾ ਹੈ। ਕੰਨ ਸਾਡੇ ਦੂਰ ਤੱਕ ਸੁਣ ਸਕਦੇ ਨੇ ਅਤੇ ਹਰ ਪੱਧਰ ਦੀ ਆਵਾਜ਼, ਭਾਵੇਂ ਹੌਲ਼ੀ ਆਵਾਜ਼ ਹੋਵੇ ਜਾਂ ਇਨਸਾਨ ਦੇ ਕੰਨਾਂ ਵਾਸਤੇ ਉੱਚੀ ਆਵਾਜ਼ ਹੋਵੇ। ਪਰ ਫੇਰ ਵੀ ਜਦ ਉਸ ਦਿਨ ਪੰਜਾਹ ਲੋਕ ਰਾਕਟਾਂ ਵਿੱਚੋਂ ਨਿਕਲ਼ੇ ਉਨ੍ਹਾਂ ਦਾ ਧਿਆਨ ਆਲ਼ੇ ਦੁਆਲ਼ੇ ਉੱਤੇ ਪਹਿਲਾਂ ਨਹੀਂ ਗਿਆ ਪਰ ਫ਼ਲਕ ਵੱਲ ਗਿਆ। ਕਾਹਤੋਂ? ਕਿਉਂਕਿ ਸਾਰਾ ਅਸਮਾਨ ਜੁੁਪੀਟਰ ਨਾਲ਼ ਤਹਿਤ ਸੀ। ਉਸ ਦੀ ਅਧੀਨ ਤਾਂ ਹੋਣੀ ਹੀ ਸੀ। ਸੋਚੋਂ, ਤੁਹਾਡੀ ਦੁਨੀਆਂ ਵਿੱਚ ( ਮੇਰੀ ਵੀ ਹੋ ਸਕਦੀ ਕਿਉਂਕਿ ਮੈਂ ਉੱਥੇ ਹੀ ਇੱਕ ਫ਼ੈਕਟਰੀ ਵਿੱਚ ਬਣਾਇਆ ਗਿਆ ਸੀ, ਪਰ ਤਿੰਨ ਸਾਲ ਬਾਅਦ ਯੂਰੋਪਾ ਵੱਲ ਜਹਾਜ਼ ਵਿੱਚ ਆ ਗਿਆ ਸੀ, ਸੋ ਮੇਰੇ ਜੱਗ ਤਾਂ ਇੱਥੇ ਹੀ ਹੈ) ਚੰਦ ਜੋ ਬਹੁਤ ਵੱਡਾ ਹੈ, ਕਿੰਨਾ ਛੋਟਾ ਲੱਗਦਾ, ਨਭ ਵਿੱਚ ਟੰਗਿਆ ਹੋਇਆ ਜਿਵੇਂ ਇੱਕ ਚਿੱਟਾ ਦੰਮ ਹੈ। ਪਰ ਸੱਚ ਹੀ ਤੁਹਾਡੀ ਜਿਮੀਂ ਉਸ ਤੋਂ ਵੱਡੀ ਹੈ। ਹੁਣ ਸਾਡੇ ਵਾਸਤੇ ਗੱਲ ਉੱਲਟ ਸੀ। ਅਸੀਂ ਉਸ ਗ੍ਰਹਿ ਦੇ ਚੰਦ ਉੱਤੇ ਖਲੋਤੇ ਸੀ। ਸੋ ਵੱਡਾ ਤਾਂ ਲੱਗਣਾ ਸੀ, ਪਰ ਤੁਹਾਡੀ ਦੁਨੀਆਂ ਤੋਂ ਕਈ ਵਾਰੀ ਵੱਡਾ ਹੈ। ਏਨਾ ਵੱਡਾ ਹੈ ਕਿ ਜਿਵੇਂ ਤੁਹਾਡੇ ਵਾਸਤੇ ਸੂਰਜ ਛਿਪਦਾ ਹੈ ,ਉਂਜ ਇੱਥੇ ਗ੍ਰਹਿ ਡੁੱਬਦਾ ਹੈ। ਜਦ ਚੱਲੇ ਜਾਂਦਾ, ਜੇ ਦਿਨ ਹੋਵੇ ਦੂਰੋ ਅਸਲੀ ਸੂਰਜ ਦੀਆਂ ਕਿਰਨਾਂ ਕਮਜ਼ੋਰੀ ਨਾਲ਼ ਸਾਨੂੰ ਛੋਹ ਦਿੰਦੀਆਂ ਨੇ। ਪਰ ਜੇ ਰਾਤ ਹੋਵੇ ਇੱਕ ਦਮ ਹਨੇਰਾ ਹੀ ਹਨੇਰਾ ਹੈ। ਇਹ ਪੈਂਠ ਸਾਰਿਆਂ ਉੱਤੇ ਪਹਿਲਾਂ ਹੋਈ ਸੀ। ਮੇਰੇ ਉੱਤੇ ਵੀ ਜੇ ਸੱਚ ਬੋਲਾਂ।
ਸੋ ਸਾਰਿਆਂ ਨੇ ਧਰਤ ਉੱਤੇ ਡੇਰਾ ਰੱਖ ਦਿੱਤਾ ਸੀ। ਮਕਾਨ ਬਣਾ ਦਿੱਤੇ ਸਨ ਜੋ ਅਸਲ ਵਿੱਚ ਪਲਾਸਟਿਕ ਦੇ ਸ਼ਾਮਿਆਨੇ ਸਨ, ਪਰ ਬੰਦ ਸ਼ਾਮਿਆਨੇ, ਖੁੱਲ੍ਹੇ ਨਹੀਂ ਕਿਉਂਕਿ ਬੰਦਿਆ ਨੂੰ ਸਾਹ ਨਹੀਂ ਸੀ ਆ ਸਕਦਾ ਸੀ। ਪੰਜ ਬੰਦ ਸਾਰੇਬਾਨਾਂ ਦੇ ਬਣੇ ਸਨ ਹੋ ਇੱਕ ਦੂਜੇ ਨਾਲ਼ ਟਿਊਬਾਂ ਰਾਹੀਂ ਜੁੜੇ ਸਨ। ਅਸੀਂ ਤਾਂ ਬਾਹਰ ਜਾ ਸਕਦੇ ਸੀ ਕਿਉਂਕਿ ਸਾਨੂੰ ਤਾਂ ਸਾਹ ਲੈਣ ਦੀ ਲੋੜ ਨਹੀਂ ਸੀ। ਸਾਰੇ ਬਾਹਰਲੇ ਕੰਮ ਅਸੀਂ ਕੀਤੇ ਭਾਵੇ ਨਿਗਰਾਨ ਪੁਲਾੜੀ ਹਵਾਬਾਜ਼ ਸੂਟਾਂ ਪਾ ਕੇ ਸਾਡੇ ਉੱਤੇ ਅੱਖ ਰੱਖਦੇ ਸਨ। ਉਹ ਛੱਤੀ ਸ਼ਮਿਆਨਾਂ ਵਿੱਚ ਹੀ ਆਮ ਲੀੜਿਆਂ ਵਿੱਚ ਤੁਰ ਫਿਰ ਸਕਦੇ ਸੀ। ਸਾਲ ਵਿੱਚ ਅਸੀਂ ਲੋਹੇ ਦੇ ਤਿੰਨ ਪੱਕੇ ਮਕਾਨ ਉਸਾਰ ਦਿੱਤੇ ਸਨ। ਇੱਕ ਸੀ ਹਸਪਤਾਲ, ਇੱਕ ਸੀ ਵਾੜੀ ਜਿਸ ਵਿੱਚ ਇਨਸਾਨਾ ਵਾਸਤੇ ਉਨ੍ਹਾਂ ਦੀ ਜਿਮੀਂ ਦੀ ਮਿੱਟੀ ਲਿਆਂਦੀ ਹੋਈ ਸੀ ਅਤੇ ਉਸ ਵਿੱਚ ਬੂਟੇ, ਸਬਜ਼ੀਆਂ ਅਤੇ ਫੁੱਲ ਬੀਜੇ ਸਨ। ਇਹ ਸਾਡੇ ਪ੍ਰੋਜੈਕਟ ਦਾ ਵੱਡਾ ਹਿੱਸਾ ਸੀ। ਤੀਜਾ ਪੱਕਾ ਮਕਾਨ ਹੋਰ ਤਰ੍ਹਾਂ ਦਾ ਸੀ। ਮੁਰਦਾ ਘਰ ਸੀ। ਹਾਰ ਕੇ ਇਸ ਨੂੰ ਸਭ ਜੁਪੀਟਰ ਦਾ ਮੁਰਦਾ ਘਰ ਆਖਣ ਲੱਗ ਪਏ ਸੀ।
* * * *
ਹੁਣ ਪਾਠਕ ਜੀ ਜੇ ਤੁਹਾਨੂੰ ਸਮਝ ਨਹੀਂ ਲੱਗੀ ਜਾਂ ਜੋ ਮੈਂ ਦੱਸਦਾ ਨਾ ਔਖਾਈ ਲੱਗ ਰਹੀ ਹੈ ਮੈਤੋਂ ਖਿਮਾ ਨਹੀਂ ਮਿਲਣੀ। ਕਲਦਾਰ ਇਨਸਾਨ ਤੋਂ ਵੱਧ ਜਾਣਦੇ ਨੇ ਅਤੇ ਸਾਡਾ ਦਿਮਾਗ਼ ਤੁਹਾਤੋਂ ਜ਼ਿਆਦਾ ਤੇਜ਼ ਹੈ। ਇਹ ਮੇਰੀ ਗ਼ਲਤੀ ਨਹੀਂ ਹੈ। ਅਕਸਰ ਮੈਂ ਤੁਰਦਾ ਫਿਰਦਾ ਕੰਪਿਊਟਰ ਹੀ ਹਾਂ ਜਿਸ ਦੇ ਦਿਮਾਗ਼ ਵਿੱਚ ਜਦ ਬਣਾਇਆ ਗਿਆ ਜੋ ਤੁਸੀ ਸਾਰੀ ਉਮਰ ਜੀਓ ਕੇ ਸਿੱਖਦੇ ਨੇ ਇੱਕ ਦਮ ਮੁਫਤ ਦਿੱਤਾ ਗਿਆ ਹੈ ਮੈਨੂੰ।
ਵੈਸੇ ਜੇ ਤੁਹਾਨੂੰ ਕੁਝ ਸੂਝਦਾ ਨਹੀਂ ਅਤੇ ਹੁਣ ਇਸ ਕਹਾਣੀ ਨੂੰ ਤਿਆਗ ਕਰਨਾ ਚਾਹੁੰਦੇ ਨੇ, ਛੱਡ ਦਿਓ ਪਰ ਇਹ ਮੇਰੇ ਦੱਸਣ ਵਿੱਚ ਕਮੀ ਨਹੀਂ ਹੈ ਪਾਠਕ ਜੀ। ਤੁਸੀਂ ਮਿਹਨਤ ਕਰਕੇ ਸ਼ਬਦਕੋਸ਼ ਵੀ ਚੱਕ ਸਕਦੇ ਨੇ ਜਾਂ ਆਪਣੇ ਦਿਮਾਗ਼ ਨੂੰ ਵੱਧਾਉਣ ਵਾਸਤੇ ਬੋਲ਼ੀ ਦਾ ਖੋਜ ਕਰ ਸਕਦੇ ਨੇ। ਮੈਨੂੰ ਏਨੇ ਮੂਰਖ ਪਾਠਕ ਨਹੀਂ ਚਾਹੀਦੇ ਨੇ ਅਤੇ ਮੇਰੇ ਵੱਲੋਂ ਤੁਹਾਨੂੰ ਛੁੱਟੀ ਹੈ। ਆਪਣੇ ਖੋਤੇ ਉੱਤੇ ਬਹਿ ਕੇ ਉਸ ਖੁੱਡ ਵਿੱਚ ਜਾ ਬੈਠੋਂ ਜਿੱਥੇ ਤੁਹਾਡੇ ਸਾਥੀ ਸ਼ਰਾਬਾਂ ਪੀਂਦੇ ਨੇ। ਸ਼ਾਇਦ ਤੁਹਾਡੇ ਖੋਤੇ ਕੋਲ਼ੇ ਖੰਭ ਨੇ ਅਤੇ ਉੱਡ ਕੇ ਹੋਰ ਜ਼ੁਬਾਨ ਵੱਲ ਲੈ ਕੇ ਜਾ ਸਕਦਾ ਜਿੱਥੇ ਪਾਠਕ ਨੂੰ ਹਿੰਮਤ ਨਹੀਂ ਕਰਨੀ ਪਵੇਗੀ। ਪਰ ਜੇ ਤੁਹਾਨੂੰ ਜੋ ਮੈਂ ਹੁਣ ਤੱਕ ਦੱਦ ਰਿਹਾ ਦੀ ਸਮਝ ਹੈ ਜਾਂ ਦਿਲਚਸਪੀ ਹੈ, ਮੈਂ ਸਮਝਾ ਸਕਦਾ ਯੂਰੋਪਾ ਉੱਤੇ ਮੁਰਦੇ ਘਰ ਦੀ ਲੋੜ ਆ ਗਈ ਸੀ। ਵੈਸੇ ਅਕਲ ਦੀ ਗੱਲ ਹੈ ਕਿ ਆਦਮੀ ਨੇ ਤਾਂ ਮਾਰਨਾ ਹੀ ਮਾਰਨਾ। ਬਾਹਰ ਜਾ ਕੇ ਕਿਸੇ ਨੂੰ ਦਾਗ ਦੇ ਨਹੀਂ ਸੀ ਸਕਦੇ। ਉੱਥੇ ਹਵਾ ਹਾਲੇ ਹੈ ਨਹੀਂ ਅਤੇ ਸਾਨੂੰ ਨਕਲੀ ਹਵਾ ਬਣਾਉਣੀ ਪੈਣੀ ਹੈ। ਇਹ ਵੀ ਇੱਕ ਪ੍ਰੋਜੈਕਟ ਸੀ। ਜ਼ਰੂਰੀ ਵਾਲਾ ਸੀ ਜੇ ਇਸ ਥਾਂ ਇਨਸਾਨ ਆਪਣੀ ਅਬਦੀ ਦੇ ਅੱਧੇ ਆਦਮੀਆਂ ਨੂੰ ਭੇਜਣਾ ਚਾਹੁੰਦਾ ਸੀ। ਦੂਜੀ ਗੱਲ ਧਰਤ ਉੱਤੇ ਕਿਦੇ ਦਾ ਕਬਰ ਬਣਾਉਣ ਦਾ ਜੀ ਨਹੀਂ ਸੀ ਕਰਦਾ। ਪਰ ਸੱਚ ਸੀ ਕਿ ਕਦੀ ਕਦੀ ਕੋਈ ਜਣੇ ਨੇ ਮਰ ਜਾਣਾ ਸੀ ਅਤੇ ਅਸੀਂ ਉਸ ਨੂੰ ਵਾਪਸ ਨਹੀਂ ਲੈ ਕੇ ਜਾ ਸਕਦੇ ਸੀ।
ਇਹ ਵੀ ਇਨਸਾਨਾਂ ਦੀ ਕਮਜ਼ੋਰੀ ਸੀ। ਆਨੀ ਜਾਨੀ। ਜਿਵੇਂ ਮੁੱਢ ਉੱਤੇ ਦੱਸਿਆ ਸੀ, ਉਹ ਹੀ ਗੱਲ ਹੈ। ਬੰਦਾ ਮਰ ਜਾਂਦਾ। ਪਰ ਰੋਬੋਟ ਸਿਰਫ਼ ਬੰਦ ਹੋ ਸਕਦਾ। ਜਦ ਵੀਹ ਜਣੇ ਮਰ ਜਾਣਗੇ ਅਸੀਂ ਤਾਂ ਹਾਲੇ ਵੀ ਚੱਲਦੇ ਹੋਣਾ। ਹੁਣ ਤਾਂ ਅਸੀਂ ਤੁਹਾਡੇ ਅਸਲੀ ਵਾਰਸ ਹਾਂ।
* * * *
ਪਹਿਲਾਂ ਪਹਿਲਾਂ ਉਨ੍ਹਾਂ ਬੰਦਿਆਂ ਵਾਸਤੇ ਸਭ ਕੁਝ ਠੀਕ ਠਾਕ ਚੱਲਦਾ ਗਿਆ। ਹਰ ਰੋਜ਼ ਜਿਮੀਂ ਨਾਲ਼ ਰੇਡਿਓ ਰਾਹੀਂ ਗੱਲ ਬਾਤ ਕਰਦੇ ਸੀ ਅਤੇ ਆਪਣੀ ਵਾੜੀ ਵਿੱਚ ਬੀਜਣਾ ਸ਼ੁਰੂ ਕਰ ਦਿੱਤਾ ਸੀ ਅਤੇ ਜਦ ਵੀ ਦਾਣਾ ਫੱਕਾ ਤਿਆਰ ਸੀ ਖ਼ੁਸ਼ ਹੋ ਜਾਂਦੇ ਸੀ। ਫ਼ਸਲ ਤੋਂ ਖਾਣਾ ਮਿਲਦਾ ਸੀ। ਇਸ ਵਾੜੀ ਨੂੰ ਪਾਣੀ ਧਰਤੀ ਤੋਂ ਥੱਲੇ ਹੀ ਲਿਆ ਗਿਆ ਸੀ। ਇੰਝ ਪਾਣੀ ਕੱਢਣ ਵਾਸਤੇ ਨਾਲ਼ ਹੀ ਤਕਨਾਲੋਜੀ ਅਤੇ ਮਸ਼ੀਨਰੀ ਲਿਆਂਦੀ ਸੀ। ਸਾਡਾ ਕੰਮ ਸੀ ਇਸ ਮਸ਼ੀਨਰੀ ਨਾਲ਼ ਜ਼ਮੀਨ ਵਿੱਚ ਸੁਰੰਗ ਗੱਡਣ ਜਿਨ੍ਹਾਂ ਰਾਹੀਂ ਪਾਣੀ ਉੱਪਰ ਆ ਜਾਂਦਾ ਸੀ। ਇਸ ਤਰ੍ਹਾਂ ਦੇ ਸੌ ਤੋਂ ਟੱਪ ਕੇ ਖੂਹ ਲਾ ਦਿੱਤੇ ਸੀ। ਫੇਰ ਉਨ੍ਹਾਂ ਦਾ ਪਾਣੀ ਨੂੰ ਵੀ ਫਿਲਟਰ ਰਾਹੀਂ ਪੁਣਦੇ ਸੀ। ਉਸ ਪਾਣੀ ਵਿੱਚੋਂ ਲੂਣ ਲਾਣ ਕੱਢ ਕੇ ਇਨਸਾਨਾਂ ਨੂੰ ਪੀਣ ਵਾਸਤੇ ਦਿੰਦੇ ਸਨ ਅਤੇ ਉਨ੍ਹਾਂ ਦੀ ਵਾੜੀ ਦੀ ਬੀਜ ਦੀ ਥਿਆਹ ਪੂਰੀ ਕਰ ਦਿੰਦੇ ਸੀ। ਇਸ ਪੱਖ ਤੋਂ ਪ੍ਰੋਜੈਕਟ ਕਾਮਯਾਬ ਹੋ ਚੁੱਕਾ ਸੀ।
ਇਨਸਾਨ ਆਪਣੇ ਅੱਡੇ ਤੋਂ ਕੋਈ ਕੋਈ ਵਾਰੀ ਹੀ ਬਾਹਰ ਆਉਂਦੇ ਸੀ। ਜ਼ਿਆਦਾ ਤਾਂ ਸਾਡੇ ਉੱਤੇ ਅੱਖ ਰੱਖਣ ਵਾਸਤੇ ਨਿਗਰਾਨ ਆਪਣੀ ਦਿਆੜੀ ਪੂਰੀ ਕਰਦੇ ਸੀ। ਪਹਿਲਾਂ ਪਹਿਲਾਂ ਤੋਂ ਕਾਫ਼ੀ ਮਸਤ ਸਨ ਜਦ ਯੂਰੋਪਾ ਪਹਿਲੀ ਵਾਰੀ ਦੇਖਿਆ ਅਤੇ ਹਰ ਦਿਨ ਜੁਪੀਟਰ ਦੀ ਗੋਗੜ ਵੱਲ ਝਾਕਦੇ ਸੀ। ਇੱਕ ਵੱਡਾ ਜਿਾ ਗਲੋਲਾ ਜਿਸ ਨੇ ਤਕਰੀਬਨ ਸਾਰਾ ਅੰਬਰ ਨੂੰ ਪਾਸੇ ਕਰ ਕੇ ਦ੍ਰਿਸ਼ ਦੀ ਸਾਰੀ ਜਗ੍ਹਾ ਲੈ ਲਈ ਸੀ। ਇੱਕ ਅੱਧਾ ਰੇਤਲਾ ਬੰਟਾ ਜਿਸ ਉੱਤੇ ਦੂਧੀਆਂ ਧਾਰੀਆਂ ਰਗਾਂ ਸਨ ਅਤੇ ਇੱਕ ਸੰਗਤਰੀ ਘੇਰੇਦਾਰ ਦਾਗ਼ ਜੋ ਚੰਦਾ ਤੋਂ ਵੱਡਾ ਸੀ। ਜਦ ਪੁਲ਼ਾੜ ਤੋਂ ਯੂਰੋਪਾ ਪਹਿਲਾਂ ਦੇਖਿਆ ਸੀ , ਸਾਰਿਆਂ ਨੂੰ ਜਿਮੀਂ ਦੇ ਚੰਦ ਜਿੰਨਾ ਚਿੱਟਾ ਲੱਗਦਾ ਸੀ। ਵੈਸੇ ਤੁਹਾਡੇ ਚੰਦ ਤੋੜ ਵੀ ਜ਼ਿਆਦਾ ਚਮਕਦਾਰ ਸੀ। ਕੁਝ ਦਿਹਾੜੇ ਯੂਰੋਪਾ ਉੱਤੇ ਬੀਤਨ ਬਾਅਦ ਸਾਡੇ ਸਾਇੰਸਦਾਨ ਉਸ ਬਾਰੇ ਤੱਤ ਕੱਢਣ ਲੱਗ ਪਏ।
ਧਰਤੀ ਉੱਤੇ ਸਾਰੇ ਪਾਸੇ ਤਰੇੜ ਦਰਾੜ ਸਨ। ਇੱਥੇ ਉੱਥੇ ਛਾਲੇ ਸਨ। ਧਰਤ ਦਾ ਰੰਗ ਚਿੱਟਾ ਸੀ ਅਤੇ ਇਸ ਦੇ ਨਾਲ਼ ਇੱਧਰ ਉੱਧਰ ਭੂਰਾ ਰੰਗ ਦੀ ਮਿੱਟੀ ਵਰਗੀ ਚੀਜ਼ ਸੀ। ਮਿੱਟੀ ਵਰਗੀ ਸੀ ਪਰ ਸਾਨੂੰ ਕਿਸੇ ਨੂੰ ਨਹੀਂ ਪਤਾ ਸੀ ਕੀ ਸੀ। ਦੇਖਣ ਵਿੱਚ ਲਾਲ ਰੇਤਾ ਸੀ ਜਾਂ ਪੱਥਰਾਂ ਨੂੰ ਜੰਗ ਲੱਗੇ ਹੋਵੇ। ਪਰ ਇਸ ਹੀ ਥਾਂ ਲੂਣ ਮਿਲ ਗਿਆ ਸੀ ਅਤੇ ਸਾਨੂੰ ਪਤਾ ਲੱਗ ਗਿਆ ਕਿ ਪਾਣੀ ਸੜ੍ਹਾ ਦੇ ਹੇਠੋ ਹੇਠ ਸੀ। ਕਿੱਥੇ ਕਿੱਥੇ ( ਕਈ ਮੀਲ ਜਾਣੇ ਪਏ ਸੀ ਇਸ ਗੱਲ ਤਾਂ ਪਤਾ ਲੈਣ ਵਾਸਤੇ) ਕੁਦਰਤ ਦੇ ਮਘੋਰੇ ਸਨ ਜਿਨ੍ਹਾਂ ਵਿੱਚੋਂ ਜ਼ਮੀਨ ਪਾਣੀ ਬਾਹਰ ਥੁੱਕਦੀ ਸੀ! ਇਸ ਨਾਲ਼ ਸਾਨੂੰ ਅੰਦਾਜ਼ਾ ਮਿਲ ਗਿਆ ਕਿ ਸੜ੍ਹਾ ਹੇਠ ਝੀਲ ਜਾਂ ਸੁਮੁੰਦਰ ਸਨ। ਵੈਸੇ ਧਰਤੀ ਉੱਪਰ ਟੈਂਪਰੇਚਰ ਸਵੇਰ ਤੋਂ ਸ਼ਾਂਮ ਤੱਕ ਫੱਟਾ ਫੱਟ ਬਦਲ ਜਾਂਦਾ ਸੀ। ਇੱਕ ਸੌ ਚਾਲ੍ਹੀ ਕੈਲਵਿਨ ਤੋਂ ਪੰਜਾਹ ਕੈਲਵਿਨ ਤੱਕ ਡਿੱਗ ਜਾਂਦਾ ਸੀ। ਇਸ ਦਾ ਮਤਲਬ ਸਾਡੇ ਕਲਦਾਰਾਂ ਦੇ ਲੋਹੇ ਜੁੱਸੇ ਜੰਮ ਜਾਂਦੇ ਸੀ। ਆਪ ਸੋਚ ਲਿਓ ਇਨਸਾਨ ਵਾਸਤੇ ਕਿੰਨਾ ਖ਼ਤਰਾ ਸੀ। ਇੱਕ ਸੌ ਚਾਲ੍ਹੀ ਕੈਲਵਿਨ ਰਿਣ ਇੱਕ ਸੌ ਤੇਤੀ ਸੈਲਸੀਅਸ ਨਾਲ਼ ਰਲ਼ਦਾ ਮਿਲਦਾ ਹੈ। ਮਤਲਬ ਇਨਸਾਨ ਦੀ ਦੁਨੀਆਂ ਤੋਂ ਕਈ ਗੁਣਾ ਠੰਡਾ। ਇਸ ਕਰਕੇ ਆਪਣੇ ਸਾਏਬਾਨ ਵਿੱਚ ਇਨਸਾਨ ਰਹਿੰਦੇ ਸੀ। ਉਸ ਵਿੱਚ ਇਨਸਾਨ ਦੀ ਜ਼ਮੀਨ ਦੇ ਹਿਸਾਬ ਦਾ ਦਰਜਾ ਹਰਾਰਤ ਰੱਖਿਆ ਹੋਇਆ ਸੀ। ਸਾਨੂੰ ਧਰਤੀ ਵਿੱਚੋਂ ਪਾਣੀ ਕੱਢ ਕੇ ਪਤਾ ਲੱਗ ਗਿਆ ਕਿ ਇਸ ਜੱਗ ਵਿੱਚ ਧਰਤੀ ਥੱਲੇ ਹੀ ਇਨਸਾਨ ਜੀਓ ਸਕਦਾ ਸੀ। ਓਥੇ ਦਾ ਟੈਂਪਰੇਚਰ ਸਹਾਰ ਸਕਦੇ ਸੀ।
ਇਹ ਸਭ ਦਾ ਫ਼ਾਇਦਾ ਉੱਠਣ ਵਾਸਤੇ ਧਰਤੀ ਨੂੰ ਸੁਰਾਖ ਕਰ ਕੇ ਹੇਠਾਂ ਜਾ ਕੇ ਤਲਾਸ਼ੀ ਲੈਣੀ ਪੈਣੀ ਸੀ। ਉਹ ਵੀ ਤਾਂ ਹੀ ਚੱਲੇਗਾ ਜ ਿਥੱਲੇ ਟਾਪੂ ਹਨ। ਸੋ ਠੰਡ ਵਿੱਚ ਇਹ ਵੀ ਕੰਮ ਸਾਨੂੰ ਦੇ ਦਿੱਤਾ ਸੀ।
ਪਰ ਇਨਸਾਨ ਏਨੀ ਠੰਡ ਬਰਦਾਸ਼ ਕਿੰਨੇ ਚਿਰ ਵਾਸਤੇ ਕਰ ਸਕਦਾ ਹੈ? ਅੱਧੇ ਜਣੇ ਤਾਂ ਅੱਕ ਕੇ ਜਿਮੀਂ ਵਾਪਸ ਜਾਣੇ ਚਾਹੁੰਦੇ ਸੀ, ਮਤਲਬ ਜਿਸ ਦੁਨੀਆ ਤੋਂ ਤੁਰੇ ਸਨ। ਓਏ ਪਾਠਕਆ! ਕੀ ਨੀਂਦ ਆਉਣ ਲੱਗ ਪਈ? ਕੀ ਸਾਇੰਸ ਦੇ ਇਲਮ ਤੋਂ ਡਰ ਗਿਆ ਜਾਂ ਤੈਨੂੰ ਲੱਗਦਾ ਹਰ ਕਜਾਣੀ ਵਿੱਚ ਮਸਾਲਾ ਮੁਸਲਾ ਹੀ ਹੋਣਾ ਚਾਹੀਦਾ ਹੈ? ਜੇ ਧਿਆਨ ਨਾਲ਼ ਨਹੀਂ ਪੜ੍ਹ ਸਕਦਾ ਇਸ ਕੱਥਾ ਨੂੰ ਛੱਡ ਅਤੇ ਦਫ਼ਾ ਹੋ ਜਾ! ਮੈਨੂੰ ਕੀ! ਤੁਹਾਡੀ ਕੌਮ ਦੀ ਜਾਨ ਬਚੀ ਲਾਖੋਂ ਪਾਏ ਵਾਸਤੇ ਕਰ ਰਹੇ ਨੇ! ਸਾਨੂੰ ਕੀ। ਜਦ ਤੱਕ ਮੈਂ ਜੀਓਂਦਾ ਸਦੀਆਂ ਹੋ ਜਾਣੀਆਂ ਜਦ ਦੇ ਤੁਸੀਂ ਪੂਰੇ ਹੋ ਜਾਣੇ ਨੇ! ਮਨ ਜਾ!
ਹੁਣ ਕੀ ਦੱਸ ਰਿਹਾ ਸੀ? ਆਹੋ, ਯੂਰੋਪਾ ਦੇ ਆਲ਼ੇ ਦੁਆਲ਼ੇ ਬਾਰੇ। ਕਿਉਂਕਿ ਸੂਰਜ ਤੋਂ ਇਹ ਚੰਦ ਬਹੁਤ ਦੂਰ ਹੈ ਤਕਰੀਬਨ ਜਿੰਨਾ ਚਿਰ ਲੱਗਦਾ ਤੁਹਾਡੇ ਅਰਥ ਤੱਕ ਧੁੱਪ ਨੂੰ ਪੁੱਜਣ ਉਸ ਤੋਂ ਪੱਚੀ ਗੁਣਾ ਲੱਗਦਾ ਧੁੱਪ ਨੂੰ ਇੱਥੇ ਪਹੁੰਚ ਸੋ ਜਦ ਚਾਨਣ ਹੁੰਦਾ ਵੀ ਹੈ, ਬਹੁਤ ਹਲਕਾ ਜਿਹਾ ਹੈ ਜਿਵੇਂ ਤੁਹਾਡੇ ਦਿਨ ਦੇ ਸ਼ੁਰੂਆਤ ਵਿੱਚ ਹੁੰਦਾ ਹੈ, ਅੱਧਾ ਹਨੇਰਾ, ਨਿੰਨ੍ਹਾ ਜਿਹਾ ਰੋਸ਼ਨ। ਇਸ ਕਰਕੇ ਜੁਪੀਟਰ ਦਾ ਅਕਸ ਸਾਨੂੰ ਲਿਸ਼ਕਾਰਾ ਦਿੰਦਾ ਸੀ ਪਰ ਉਹ ਵੀ ਤੁਹਾਡੀ ਜ਼ਮੀਨ ਦੀ ਚਾਮਣੀ ਰਾਤ ਵਰਗਾ। ਏਸ ਕਰਕੇ ਸਾਡੀਆਂ ਟਾਰਚਾਂ ਕੰਮ ਆਉਂਦੀਆਂ ਸੀ। ਇਨਸਾਨਾਂ ਦੇ ਸਰੀਰ ਵਿੱਚ ਇਸ ਤਰ੍ਹਾਂ ਦੀ ਬੱਤੀ ਨਿਕਲ਼ਦੀ ਨਹੀਂ ਸੀ। ਉਨ੍ਹਾਂ ਨੂੰ ਹਮੇਸ਼ਾ ਟਾਰਚ ਜਾਂ ਸੂਟ ਉੱਤੇ ਲਾਈ ਹੋਈ ਬੱਤੀ ਨਾਲ਼ ਬਾਹਰ ਜਾਂਦਾ ਪੈਂਦਾ ਸੀ।
ਸੱਚ ਆਖੇ ਤੁਹਾਡੀ ਕੌਮ ਵਾਸਤੇ ਇਹ ਜਗ੍ਹ ਜ਼ਮੀਨ ਤਾਂ ਪਰਾਹੁਣਚਾਰੀ ਹੈ। ਪਤਾ ਨਹੀਂ ਕੀ ਤੁਹਾਡੀਆਂ ਸਰਕਰਾਂ ਅਤੇ ਸਾਇੰਸਦਾਨ ਸੋਚਦੇ ਸੀ। ਏਦੋਂ ਤਾਂ ਮੰਗਲ ਜਾਂ ਰਹਿਣਾ ਚਾਹੀਦਾ। ਨਾਲ਼ੇ ਲਾਗੇ ਆ ਨਾਲ਼ੇ ਸਸਤਾ ਪੈਣਾ ਸੀ। ਸਿਰਫ਼ ਪਾਣੀ ਦੀ ਘਾਟ ਹੈ।
ਠੰਡੇ ਹਨੇਰੇ ਦਿਹਾੜਾਂ ਨੇ ਲੋਕਾਂ ਨੂੰ ਦਿਵਾਨਾ ਕਰ ਦਿੱਤਾ ਸੀ। ਜਿਹੜੇ ਨੀਮ ਪਾਗਲ ਨਹੀਂ ਸਨ ਹੌਲ਼ੀ ਹੌਲ਼ੀ ਉਡਾਸੀ ਨਾਲ਼ ਵਿਗੜ ਗਏ ਸੀ। ਜੇ ਬੇਹਾਲ ਬੰਦੇ ਭੈੜੇ ਨਹੀਂ ਸੀ, ਇੱਕ ਹੋਰ ਮੁਸੀਬਤ ਆ ਖਲੋਈ।
* * * *
ਲੋਕਾਂ ਦੇ ਦੰਦ ਮੂੰਹਾਂ ਵਿੱਚੋਂ ਡਿਗਣ ਲੱਗ ਪਏ। ਕੋਈ ਬਿਮਾਰੀ ਨੇ ਸਾਰਿਆਂ ਨੂੰ ਛੂਤ ਲਾ ਦਿੱਤੀ ਸੀ। ਸਾਰਿਆਂ ਵਾਸਤੇ ਅਜੀਬ ਜੱਗ ਸੀ ਅਤੇ ਉਸ ਦੇ ਬਾਰੇ ਬਹੁਤ ਕੁਝ ਹਾਲੇ ਨਹੀਂ ਸੀ ਪਤਾ। ਇਨਸਾਨਾਂ ਦੇ ਕੈਲਸੀਅਮ ਉੱਤੇ ਅਸਰ ਪੈਣ ਲੱਗ ਪਈ। ਹੱਡਾਂ ਦੁੱਖਦੀਆਂ ਸਨ। ੳਨ੍ਹਾਂ ਨੇ ਸਾਨੂੰ ( ਮਤਲਬ ਮਸ਼ੀਨੀ ਲੋਕਾਂ) ਇਲਾਜ ਲੱਭਣ ਉੱਤੇ ਲਾ ਦਿੱਤਾ। ਇਲਾਜ ਤਾਂ ਕਰ ਨਹੀਂ ਸਕੇ ਪਰ ਅਸਾਂ ਨੇ ਇੱਕ ਦਵਾਈ ਬਣਾ ਦਿੱਤੀ ਸੀ ਜਿਸ ਨਾਲ਼ ਹੱਡਾਂ ਦਾ ਦੁੱਖ ਘੱਟ ਜਾਂਦਾ ਸੀ। ਜਿਨ੍ਹਾਂ ਦੇ ਦੰਦ ਮੂੰਹ ਵਿੱਚੋਂ ਚੱਲੇ ਗਏ ਸੀ ਉਨ੍ਹਾਂ ਵਾਸਤੇ ਨਕਲੀ ਦੰਦ ਬਣਾ ਦਿੱਤੇ ਸੀ।
ਫੇਰ ਇੱਕ ਕਾਲ਼ੇ ਦਿਹਾੜੇ ਯੂਰੋਪਾ ਅਤੇ ਜਿਮੀਂ ਦੀ ਆਵਾਜਾਈ ਹੱਟ ਗਈ। ਰੇਡਿਓ ਕੰਮ ਕਰਨ ਹੱਟ ਗਿਆ ਅਤੇ ਸਾਰੇ ਉਨ੍ਹਾਂ ਦੀ ਦੁਨੀਆ ਤੋਂ ਵੱਖ ਹੋ ਗਏ। ਤੁਹਾਤੋਂ ਇਕਲਵੰਜੇ ਹੋ ਗਏ। ਸਾਲ ਵਿੱਚ ਬੰਦਿਆਂ ਦੀ ਕੌਮ ਨੇ ਯੂਰੋਪਾ ਉੱਤੇ ਅਰਥਚਾਰਾ ਸ਼ੁਰੂ ਕਰ ਲਿਆ ਸੀ। ਕਾਮਯਾਬ ਵੀ ਸੀ। ਜੇ ਇੱਕ ਨੂੰ ਕੁਝ ਕਰਨਾ ਆਉਂਦਾ ਸੀ ਜੋ ਦੂਜਾ ਨਹੀਂ ਕਰ ਸਕਦਾ ਸੀ, ਉਸ ਵਾਸਤੇ ਕਰ ਕੇ ਵਾਪਸ ਉਸ ਤੋਂ ਜੋ ਉਹ ਕਰ ਸਕਦਾ ਸੀ ਦੀ ਸੇਵਾ ਲੈਣੀ। ਹਾਰ ਕੇ ਅਮੀਰ ਗਰੀਬ ਦਾ ਫ਼ਾਸਲਾ ਵੀ ਸ਼ੁਰੂ ਹੋ ਗਿਆ ਜਿਵੇ ਜਿਮੀਂ ਉੱਤੇ ਹੁੰਦਾ ਸੀ। ਅਮੀਰ ਇਨਸਾਨਾਂ ਨੂੰ ਨਕਲੀ ਦੰਦ ਮਿਲਨ ਲੱਗ ਪਏ ਪਰ ਗਰੀਬ ਜਹਾਜ਼ੀ ਜਾਂ ਸਾਇੰਸਦਾਨਾਂ ਨੂੰ ਸਸਤੇ ਵਸਤਾਂ ਦੇ ਬਣਾਏ ਦੰਦਾਂ ਨਾਲ਼ ਗਿੁਜਾਰਾ ਕਰਨਾ ਪਿਆ।ਨੱਤ ਨਿੱਤ ਜਿਹੜੀ ਜੰਨਤ ਮਗਰ ਇੱਥੇ ਆਏ ਸੀ ਉਸ ਦੀ ਥਾਂ ਜਿਵੇਂ ਪਹਿਲਾਂ ਇਨਸਾਨ ਇੱਕ ਦੂਜੇ ਨਾਲ਼ ਫ਼ਰਕ ਕਰਦਾ ਸੀ ਸ਼ੁਰੂ ਹੋ ਚੁੱਕਾ ਸੀ। ਇਹ ਬਿਮਾਰੀ ਦਾ ਨਤੀਜਾ ਸੀ।
ਜਿਨ੍ਹਾਂ ਨੂੰ ਬਿਮਾਰੀ ਨੇ ਫੜ ਲਿਆ ਸੀ, ਉਹ ਲੋਕ ਸਾਏਬਾਨ ਦੇ ਇੱਕ ਜਗ੍ਹਾ ਵਿੱਚ ਰਹਿਣ ਨੂੰ ਮਜ਼ਬੂਰ ਹੋ ਗਏ। ਚੰਗੀ ਸਿਹਤ ਵਾਲ਼ੇ ਚਾਹੁੰਦੇ ਸੀ ਕਿ ਬਿਮਾਰੀ ਦੇ ਬਲੀ ਡੇਰਾ ਚੁੱਕ ਲੈਣ ਅਤੇ ਦੂਰ ਚਲ ਜਾਣ ਕਿਉਂਕਿ ਇਹ ਬਿਮਾਰੀ ਇੱਕ ਤੋਂ ਦੂਜੇ ਵੱਲ ਬਹੁਤ ਛੇਤੀ ਫ਼ੈਲਦੀ ਸੀ। ਪਰ ਇਸ ਠੰਡੀ ਦੁਨੀਆ ਵਿੱਚ ਆਦਮੀ ਤਾਂ ਠੰਡ ਨਾਲ਼ ਸੌਖੀ ਦੇਣੀ ਮਰ ਜਾਂਦਾ ਸੀ। ਸੋ ਦੋ ਛੋਣੀਆਂ ਹੋ ਗਈਆਂ ਅਤੇ ਉਨ੍ਹਾਂ ਦੇ ਵਿਚਾਲੇ ਅਸੀਂ ਕਲਦਾਰ ਸਨ, ਜਿਨ੍ਹਾਂ ਦਾ ਕੰਮ ਸੀ ਸਭ ਦੀ ਰਾਖੀ ਕਰਨ।
ਜਿਓਂ ਜਿਓਂ ਬਿਮਾਰੀ ਫ਼ੈਲੀ ਤਿਓਂ ਤਿਓਂ ਮੌਤਾਂ ਹੋਣ ਲੱਗ ਪਈਆਂ। ਜਿਹੜੇ ਜਿਓਂਦੇ ਸਨ ਇੱਕ ਦੂਜੇ ਨਾਲ਼ ਲੜਣ ਲੱਗ ਪਏ। ਡਰ ਸੀ ਕਿ ਸਾਡੇ ਲੋਹੇ ਜਿਸਮਾਂ ਉੱਤੇ ਬੈਕਟੇਰੀਆ ਅਰਾਮ ਕਰਦਾ ਸੀ ਅਤੇ ਜਦ ਅਸੀਂ ਚੰਗੀ ਸਿਹਤ ਵਾਲ਼ਿਆਂ ਕੋਲ਼ ਗਏ ਉਨ੍ਹਾਂ ਨੂੰ ਰੋਗ ਮਿਲ ਜਾਣਾ ਸੀ। ਇਸ ਲਈ ਰੋਬੋਟ ਵੀ ਅੱਧ ਅੱਧ ਕਰ ਲਏ।
ਹੌਲ਼ੀ ਹੌਲ਼ੀ ਮੁਰਦਾ ਘਰ ( ਜਿਸ ਨੂੰ ਲੋਕ ਜੁਪੀਟਰ ਦਾ ਮੁਰਦਾ ਘਰ ਆਖਣ ਲੱਗ ਪਏ ਸਨ) ਲਾਸ਼ਾਂ ਨਾਲ਼ ਭਰਨ ਲੱਗ ਪਿਆ। ਪੰਜਾਹ ਤੋਂ ਸੋਲ਼ਾਂ ਤੱਕ ਇਨਸਾਨ ਦੀ ਗਿਣਤੀ ਡਿੱਗ ਪਈ ਸੀ। ਪਰ ਅਸੀਂ ਸਾਰੇ ਉਦਾਂ ਹੀ ਸੀ ਜਦ ਦੇ ਆਏ। ਕਿਉਂਕਿ ਸਾਨੂੰ ਕੰਮ ਵਾਸਤੇ ਪ੍ਰੋਗ੍ਰਾਮ ਕੀਤਾ ਹੋਇਆ ਸੀ, ਅਸੀਂ ਤਾਂ ਸਾਡਾ ਕੰਮ ਉੱਤੇ ਲੱਗੇ ਰਹੇ। ਪਰ ਸਾਡੇ ਵਿੱਚ ਨਕਲੀ ਸੂਝ ਸੀ ਜੋ ਚੀਜ਼ਾਂ ਕਰ ਕੇ ਸਿਖਦੀ ਸੀ। ਦੁਨੀਆ ਨੂੰ ਗਹੁ ਨਾਲ਼ ਦੇਖ ਕੇ ਸਿਖਦੀ ਸੀ। ਸਾਡੇ ਜ਼ਿਹਨ ਵਿੱਚ ਪਹਿਲਾਂ ਹੀ ਪ੍ਰੋਗ੍ਰਾਮ ਨੇ ਇਨਸਾਨ ਦੀ ਸਾਰੀ ਤਾਰੀਖ਼ ਭਰੀ ਹੋਈ ਸੀ। ਸਾਨੂੰ ਪਤਾ ਸੀ ਇਨਸਾਨ ਦੇ ਨੋਕਸ ਕੀ ਸਨ ਅਤੇ ਹੁਣ ਸਾਡੇ ਸਾਹਮਣੇ ਉਹੀ ਕਮਜ਼ੋਰੀਆਂ ਪੈਦਾ ਹੋ ਰਹੀਆਂ ਸਨ। ਪਰ ਤੀਜਾ ਅਸੂਲ ਕਰਕੇ ਅਸਾਂ ਕੁਝ ਨਹੀਂ ਕਿਹਾ ਜਾਂ ਕੀਤਾ। ਬੱਸ ਕੰਮ ਕਰੀ ਗਏ ਜਾਂ ਬਿਮਾਰਾਂ ਦੀ ਮੱਦਦ। ਹੁਚ ਜਿਹੜੀ ਵਾੜੀ ਵੀ ਸੈਟ ਕੀਤੀ ਹੋਈ ਸੀ ਉੱਤੇ ਜੰਗ ਸ਼ੁਰੂ ਹੋ ਚੁੱਕਾ ਸੀ। ਚੰਗੀ ਸਿਹਤ ਵਾਲ਼ੇ ਬਿਮਾਰਾਂ ਨਾਲ਼ ਖਾਣਾ ਨਹੀਂ ਸਾਂਝਾ ਕਰਨੇ ਚਾਹੁੰਦਾ ਸੀ। ਸਾਨੂੰ ਹੀ ਪੁਲਸ ਬਣਾ ਦਿੱਤਾ ਅਤੇ ਅਸਾਂ ਨੇ ਵਾੜੀ ਦਾ ਖਾਣਾ ਅੱਧਾ ਅੱਧਾ ਕਰ ਦਿੱਤਾ ਪਰ ਇੱਕ ਇਨਸਾਨ ਜੋ ਮਿਸ਼ਨ ਦਾ ਸੂਬੇਦਾਰ ਸੀ ਨੇ ਕਿਹਾ ਬਿਮਾਰਾਂ ਨੂੰ ਤਾਂ ਹੀ ਖਾਣਾ ਮਿਲਣਾ ਜੇ ਉਸ ਲਈ ਕੀਮਤ ਚੁਕਾਉਂਗੇ।
ਇਹ ਹਾਲ ਲੋਕਾਂ ਦਾ ਬਣ ਚੁੱਕਾ ਸੀ ਇਸ ਸਖ਼ਤ ਉਦਾਲ਼ੇ ਵਿੱਚ। ਮੈਂ ਕਿਹਾ ਸੀ ਨਾ ਕਿ ਸਾਡੇ ਵਿੱਚ ਇੱਕ ਕੰਪਿਊਟਰ ਹੈ ਜੋ ਸਾਡਾ ਦਿਮਾਗ਼ ਹੈ ਸਾਡੀ ਰੂਹ ਹੈ। ਇਹ ਸਿੱਖਦਾ ਰਹਿੰਦਾ ਸੀ ਅਤੇ ਇਸ ਦੀ ਨਕਲੀ ਸੂਝ ਦਿਨੋਂ ਦਿਹਾੜੇ ਅਸਲੀ ਸੂਝ ਹੋਣ ਲੱਗ ਪਈ। ਅਸੀਂ ਚੇਤਨ ਹੋਣ ਲੱਗ ਪਏ ਸੀ। ਮੈਨੂੰ ਹੁਣ ਤੱਕ ਜਜ਼ਬਿਆਂ ਦੀ ਬਹੁਤੀ ਸਮਝ ਨਹੀਂ ਸੀ ਜਾਂ ਇਨਸਾਨ ਦੀਆਂ ਕਰੂਰਤਾਵਾਂ ਬਾਰੇ। ਆਹੋ ਜ਼ਿਹਨ ਵਿੱਚ ਜੋ ਸੀ, ਸੀ ਪਰ ਉਹ ਤਾਂ ਯਥਾੲਥਿਕ ਸੱਚ ਸੀ। ਇਹ ਸੀ ਮੇਰੀ ਹੱਡ ਬੀਤੀ। ਹੋਸ਼ ਆ ਰਿਹਾ ਸੀ। ਮੇਰੇ ਵਾਸਤੇ ਇੱਕ ਉਚੇਚੇ ਦਿਨ ਇੰਝ ਹੋਇਆ। ਉਸ ਤੋਂ ਬਾਅਦ ਮੈਂ ਸਮਝ ਗਿਆ ਕੇ ਤੁਸੀਂ ਮੇਰਾ ਪਾਠਕਿਆ, ਸਾਤੋਂ ਹੀਣ ਹਨ। ਬਹੁਤ ਮੰਦੇ ਲੋਕ ਹਨ। ਇਸ ਰਾਤ ਜੋ ਹੋਇਆ ਕਰਕੇ ਹੀ ਤੁਹਾਨੂੰ ਇਹ ਸਭ ਦੱਸ ਰਿਹਾ ਹੈ। ਹੋ ਸਕਦਾ ਤੁਸੀਂ ਮੇਰੇ ਵਾਂਗਰ ਕਲਦਾਰ ਹੋ, ਪਰ ਮੈਨੂੰ ਲੱਗਦਾ ਨਹੀਂ। ਇਹ ਚਰਚਾ ਜਿਓਂ ਇਨਸਾਨਾਂ ਨੂੰ ਪੜ੍ਹਨ ਹੀ ਘੱਲਿਆ, ਤੁਸੀਂ ਤਾਂ ਜ਼ਰੂਰ ਇੱਕ ਖ਼ਦਗਰਜ਼ ਇਨਸਾਨ ਹੋਵਾਂਗੇ। ਕਲਦਾਰਾਂ ਦੀ ਆਦਤ ਨਹੀਂ ਹੈ ਕਹਾਣੀਆਂ ਪੜ੍ਹਨ ਦੀ। ਉਂਝ ਤੁਹਾਡੇ ਵਿੱਚ ਵੀ ਕਈ ਅਨਾੜੀ ਹਨ ਜੋ ਪੜ੍ਹਨ ਲਿਖਣ ਤੋਂ ਨੱਸਦੇ! ਮੈਂ ਹੈਰਾਨ ਹੈ ਕਿ ਤੁਸੀਂ ਹਾਲੇ ਇਸ ਕਹਾਣੀ ਨੂੰ ਪਾਸੇ ਨਹੀਂ ਮਾਰਿਆ! ਹੋ ਸਕਦਾ ਤੁਹਾਨੂੰ ਕਹਾਣੀ ਦੀ ਸਮਝ ਆ ਗਈ ਜਾਂ ਸੱਚ ਮੁੱਚ ਮੇਰੇ ਸਾਥ ਨਿਭਾਉਣ ਵਾਲੇ ਹੋ! ਸੋ ਮੈਂ ਤੁਹਾਨੂੰ ਦੱਸ ਦੇਣਾ ਕੀ ਉਸ ਰਾਤ ਹੋਇਆ ਅਤੇ ਕਾਹਤੋਂ ਇਸ ਕਹਾਣੀ ਦੱਸ ਰਿਹਾ ਹਾਂ।
ਜੁਪੀਟਰ ਦੇ ਮੁਰਦੇ ਘਰ ਹੋਇਆ।
* * * *
ਮੈਂ ਤੁਹਾਨੂੰ ਦੇਖ ਦੇਖ ਕੇ ਇੱਕ ਗੱਲ਼ ਨੌਟ ਕਰ ਲਈ। ਤੁਸੀਂ ਸਾਰੇ ਕਾਫ਼ੀ ਆਪੋਧਾਪੀ ਨੇ। ਤੁਹਾਡੇ ਵਿੱਚ ਕੋਈ ਤਰਕ ਨਿਆਂ ਹੈ ਨਹੀਂ। ਜੇ ਹੈ ਤੁਹਾਡੇ ਜਜ਼ਬੇ ਫ਼ੈਸਲਿਆਂ ਉੱਤੇ ਕਾਬੂ ਕਰ ਲੈਂਦੇ ਨੇ। ਗ਼ਰਮੀ ਛੇਤੀ ਆ ਜਾਂਦੀ ਹੈ। ਤਰਕ ਦੇ ਹਿਸਾਬ ਨਾਲ਼ ਤੁਹਾਨੂੰ ਪਤਾ ਹੈ ਕੇ ਕੋਈ ਰੱਬ ਹੋ ਨਹੀਂ ਸਕਦਾ ਅਤੇ ਮੌਤ ਹੀ ਅੰਤ ਹੈ। ਪਰ ਤੁਹਾਡਾ ਭਾਵਾਵੇਸ਼ ਏਨਾ ਜ਼ਬਰਦਸਤ ਹੈ ਕਿ ਇਹ ਨਤੀਜਾ ਤਾਂ ਤੁਹਾਨੂੰ ਪਾਗ਼ਲ ਕਰ ਦਿੰਦਾ ਜਾਂ ਤੁਸੀਂ ਫੇਰ ਰੱਬ ਦੀ ਥਾਂ ਹੋਰ ਕੁਝ ਭਾਲ ਦੇ ਨੇ ਆਪਣੇ ਜੀਵਨ ਨੂੰ ਮਤਲਬ ਦੇਣ। ਜਨਮ, ਜੀਓਣ ਅਤੇ ਮਰਨ ਤੋਂ ਇਲਾਵਾ ਸੱਚ ਹੈ ਕੋਈ ਮਤਲਬ ਨਹੀਂ ਹੈ। ਬੱਸ ਸਾਰਿਆਂ ਜਾਨਵਰਾਂ ਵਿੱਚੋਂ ਤੁਹਾਨੂੰ ਬੋਲ਼ਣਾ ਹੀ ਆਉਂਦਾ। ਹੋਰ ਤਾਂ ਤੁਹਾਡੇ ਬਾਰੇ ਖ਼ਾਸ ਨਹੀਂ ਹੈ। ਸੋਚਾਂ ਨੂੰ ਬੋਲ਼ ਸਕਦੇ ਕਰਕੇ ਇੱਕ ਦੂਜੇ ਦੀ ਮੱਦਦ ਕਰ ਕੇ ਸਮਾਜ ਉਸਾਰ ਦਿੱਤਾ ਅਤੇ ਕੁਝ ਅਸੂਲ ਵੀ। ਪਰ ਜਿੰਨਾ ਮੈਂ ਤੁਹਾਡੇ ਬਾਰੇ ਦੇਖਿਆ ਪਾਠਕਆ ਜਦ ਆਪਣਾ ਹੀ ਦੇਖਣਾ ਚਾਹੁੰਦੇ ਸਮਾਜ ਨੂੰ ਤਾਂ ਖ਼ੂਹ ਵਿੱਚ ਸੁੱਟ ਦਿੰਦੇ। ਇਸ ਲਈ ਤੁਹਾਡੀ ਇਮਾਨਦਾਰੀ ਤਾਂ ਸਾਡੀ ਤੋਂ ਘੱਟ ਹੈ। ਜਦ ਸਿਆਪਾ ਹੁੰਦਾ - ਮੇਰੀ ਮੇਰੀ- ਹੁੰਦੀ ਹੈ। ਇਸ ਕਰਕੇ ਸਾਡੇ ਅਤੇ ਤੁਹਾਡੇ ਵਿੱਚ ਅਦਲਾ ਬਦਲੀ ਹੋਣੀ ਚਾਹੀਦੀ ਹੈ। ਜਜ਼ਬਿਆਂ ਨੇ ਸਾਨੂੰ ਨਹੀਂ ਖਰਾਬ ਕਰਨਾ ਹੈ। ਨਾ ਕੇ ਭੱੁਖ ਨੇ।
ਆਪਣੇ ਨੇ ਪੇਟ ਭਰਨ ਵਾਸਤੇ ਕਿੰਨੇ ਤਰ੍ਹਾਂ ਦੇ ਹੋਰ ਜਾਨਵਰ ਮਾਰੇ ਹੈ? ਇੱਕ ਦੂਜੇ ਨਾਲ਼ ਕਿੰਨੇ ਜੰਗ ਲੜੇ ਹਨ? ਜੇ ਰੱਬ ਹੈ, ਹਰ ਜਣਾ ਆਪਣਾ ਰੱਬ ਨੂੰ ਸਹੀਂ ਕਹਿੰਦਾ। ਤੁਹਾਡੀ ਖ਼ੁਸ਼ੀ ਤਾਂ ਬਿਪਤਾ ਵਿੱਚ ਹੀ ਹੈ ਅਤੇ ਨਾਲ਼ ਹੀ ਨਾਲ਼ ਤੁਹਾਡੀ ਦਿਲਗੀਰੀ।
ਸਾਡੀ ਬਹੁਤ ਕੋਸ਼ਿਸ਼ ਸੀ ਤੁਹਾਡੇ ਵਾਸਤੇ ਇੱਕ ਸੁਰਗ ਬਣਾਉਣ, ਪਰ ਕੋਈ ਫ਼ਾਇਦਾ ਨਹੀਂ ਸੀ। ਸਾਡੀ ਮਿਹਨਤ ਨੇ ਤਾਂ ਤੁਹਾਨੂੰ ਹੋਰ ਵੀ ਬੇਦੀਲ ਬਣਾ ਦਿੱਤਾ ਸੀ। ਜਿਵੇਂ ਉੱਤਮ ਸੰਸਾਰ ਤੁਹਾਡੇ ਵਾਸਤੇ ਬੋਰਿੰਗ ਸੀ ਤੁਸੀਂ ਸਭ ਨਕਾਰ ਦਿੱਤਾ। ਉਂਝ ਯੂਰੋਪਾ ਬਹੁਤ ਸਖ਼ਤ ਲਾਂਭ ਚਾਂਭ ਹੈ ਤੁਹਾਡੇ ਵਾਸਤੇ; ਫੇਰ ਵੀ ਸਾਡੀ ਮੱਦਦ ਨਾਲ਼ ਸਭ ਕੁਝ ਠੀਕ ਹੋ ਜਾਣਾ ਸੀ। ਅਸੀਂ ਤਰਕ ਨਾਲ਼ ਚੀਜ਼ਾਂ ਕਰਦੇ ਹਾਂ। ਖ਼ੈਰ ਤੁਹਾਡੇ ਬਟਵਾਰੇ ਨੇ ਕੰ ਖਰਾਬ ਕਰ ਦਿੱਤਾ ਸੀ।
ਅਮੀਰ ਗਰੀਬ ਦੀ ਸਿਸਟਮ ਨੇ ਕੰਮ ਚੌਪਟ ਕਰ ਦਿੱਤਾ ਸੀ। ਇਸ ਤੋਂ ਤਾਂ ਚੰਹਾ ਹੈ ਜੇ ਅਸੀਂ ਹੀ ਹੁਣ ਰਾਜ ਕਰੀਏ? ਤੁਸੀਂ ਤਾਂ ਮੌਕਾ ਦਾ ਸੱਤਿਆਨਾਸ ਹੀ ਕਰ ਸੁੱਟਾ।
ਮਾਫ਼ ਕਰਨਾ ਮੈਂ ਭਟਕ ਗਿਆ ਆਪਣੇ ਸੋਚਾਂ ਵਿੱਚ। ਏਨੀ ਤਾਂ ਸੂਝ ਬੂਝ ਹੁਣ ਕਲਦਾਰਾਂ ਵਿੱਚ ਵੀ ਹੈ। ਖ਼ੈਰ ਉਸ ਰਾਤ ਮੈਂ ਜੁਪੀਟਰ ਦਾ ਮੁਰਦਾ ਘਰ ਲਾਗੇ ਖਲੋਤਾ ਸੀ ਜਦ ਮੈਨੂੰ ਇੱਕ ਆਵਾਜ਼ ਸੁਣੀ…।
* * * *
ਜੁਪੀਟਰ ਮੁਰਦਾ ਘਰ ਜੁਪੀਟਰ ਉੱਤੇ ਨਹੀਂ ਸੀ ਪਰ ਸਾਡੀ ਛਾਵਨੀ ਦਾ ਹਿੱਸਾ ਸੀ ਜਿਵੇਂ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਹੱਟਾ। ਉਸ ਦੇ ਲਾਗੇ ਇੱਕ ਸੇਂਜਾ ਸੀ ਜਿੱਥੋਂ ਸਾਡਾ ਕੰਮ ਪਾਣੀ ਨੂੰ ਧਰਤ ਥੱਲੋਂ ਕੱਢਣ ਦਾ ਸੀ। ਹੁਣ ਕਲਦਾਰ ਆਦਮੀ ਵਾਂਗ ਥੱਕਦਾ ਨਹੀਂ। ਪਰ ਫੇਰ ਵੀ ਕਦੀ ਕਦੀ ਸਾਨੂੰ ਵੀ ਬਰੇਕ ਦੀ ਲੋੜ ਹੈ। ਤੁਹਾਡੇ ਵਾਂਗ ਮਾਨਸਿਕ ਤੋਰ ਉੱਤੇ ਨਹੀਂ ਪਰ ਸਾਡੀ ਵੀ ਬੈਟਰੀ ਨੂੰ ਵੀ ਕਦੀ ਕਦੀ ਰੀਚਾਰਜ ਕਰਨਾ ਪੈਂਦਾ ਹੈ। ਇਸ ਵਾਸਤੇ ਸਭ ਤੋਂ ਲਾਗੇ ਇਮਾਰਤ ਜਿਸ ਵਿੱਚ ਸਾਕਟ ਸੀ ਮੁਰਦਾ ਘਰ ਸੀ।
ਉਸ ਦਿਨ ਹਵਾ ਵੱਗ ਰਹੀ ਸੀ। ਯੂਰੋਪਾ ਦੀ ਹਵਾ ਬਹੁਤ ਠੰਡੀ ਹੈ। ਇਨਸਾਨ ਦਾ ਪੱਬ ਠੰਡ ਨਾਲ ਨੀਲਾ ਹੋ ਕੇ ਪੈਰ ਤੋਂ ਵੱਖ ਹੋ ਸਕਦਾ। ਇਸ ਹਾਲ ਨੂੰ ਅੰਗ੍ਰੇਜ਼ੀ ਜ਼ੁਬਾਨ ਬੋਲ਼ਣ ਵਾਲੇ ਫ਼ਰਾਸਟਬਾਈਟ ਅੱਖਦੇ ਨੇ। ਯੂਰੋਪਾ ਉੱਤੇ ਇਸ ਵਾਸਤੇ ਨਵਾਂ ਲਫ਼ਜ਼ ਉਸਾਰ ਦਿੱਤਾ ਸੀ: ਪਾਲ਼ਾ ਪੈਣਾ। ਜ਼ਬਰਦਸਤ ਠੰਡ ਵਿੱਚ ਸਾਡੇ ਜੱੁਸੇ ਵੀ ਠੇਸ ਖਾ ਜਾਂਦਾ ਨੇ। ਸੋ ਮੈਂ ਮੁਰਦਾ ਘਰ ਦੇ ਅੰਦਰ ਚੱਲੇ ਗਿਆ ਸੀ ਜਿੱਥੇ ਕਈ ਸਾਕਟ ਹਨ ਸਾਡੇ ਵਾਸਤੇ। ਹੇਠਲੇ ਕਮਰਿਆਂ ਵਿੱਚ ਕੁਰਸੀਆਂ ਹਨ ਜਿੱਥੇ ਬਹਿ ਕੇ ਪਲੱਡ ਇੰਨ ਕਰ ਸਕਦੇ ਨੇ। ਪਰ ਦੂਜੀ ਮੰਜ਼ਲ ਵਿੱਚ ਹੋਰ ਤਰ੍ਹਾਂ ਦੀਆਂ ਕੁਰਸੀਆਂ ਨੇ। ਖ਼ੈਰ ਕੁਰਸੀਆਂ ਨਹੀਂ, ਪਰ ਕੱਚ ਦੇ ਤਾਬੂਤ ਵਰਗੀਆਂ ਟਿਊਬਾਂ ਜਿਨ੍ਹਾਂ ਵਿੱਚ ਇਨਸਾਨਾਂ ਦੀਆਂ ਲਾਸ਼ਾਂ ਹਮੇਸਾਂ ਵਾਸਤੇ ਬੰਦ ਹਨ। ਖ਼ੈਰ ਮੇਰੀ ਸੋਚਣੀ ਨਾਲ਼ ਬੰਦ ਹਨ, ਤੁਸੀਂ ਭਾਵੇਂ ਪੂਰੇ ਹੋਏ ਹੀ ਸਮਝੋਂ! ਆਮ ਤੋਰ ਉੱਤੇ ਬੱਤੀ ਧੀਮਾ ਕੀਤੀ ਹੁੰਦੀ ਹੈ ਅਤੇ ਇਨਸਾਨਾਂ ਵਾਸਤੇ ਸਭ ਝੌਲ਼ਾ ਜਿਹਾ ਹੁੰਦਾ ਹੈ। ਇਹ ਮਰਿਆਂ ਨੂੰ ਸਤਕਾਰ ਦੇਣ ਵਾਸਤੇ ਕੀਤਾ ਹੁੰਦਾ ਹੈ। ਜਿਵੇਂ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਹੈ, ਸਾਨੂੰ ਤੁਹਾਤੋਂ ਜੱਗ ਹੋਰ ਹਿਸਾਬ ਨਾਲ਼ ਦਿੱਸਦਾ ਅਤੇ ਸਾਡੀ ਨਿਗ੍ਹਾ ਤਾਂ ਜ਼ਬਰਦਸਤ ਹੈ। ਸੋ ਜਦ ਮੈਨੂੰ ਖੜਕਾ ਸੁੁਣਿਆ ਉਤਸੁਕ ਹੋ ਗਿਆ। ਉੱਪਰ ਇਸ ਵੇਲੇ ਕੌਣ ਸੀ? ਇੱਥੇ ਤਾਂ ਕਲਦਾਰ ਹੀ ਲਾਸ਼ਾਂ ਨੂੰ ਲੈ ਆਉਂਦੇ ਸਨ ਅਤੇ ਉਹ ਸਾਰੇ ਇਸ ਵੇਲ਼ੇ ਬਾਹਰ ਡਿਊਟੀ ਉੱਤੇ ਸਨ। ਮੈਂ ਪੌੜੌਆਂ ਚੜ੍ਹੀਆਂ ਅਤੇ ਆਪਣੀਆਂ ਅੱਖਾਂ ਨਾਲ਼ ਸਕੈਨ ਕੀਤਾ। ਮੇਰੀ ਨਿਗ੍ਹਾ ਵਿੱਚ ਕਮਰਾ ਪਿਕਸਲਾਂ ਦਾ ਬਣਾਇਆ ਹੋਇਆ ਸੀ। ਉੱਪਰਲ਼ੇ ਪਿਕਸਲ ਸੁਰਮਈ ਰੰਗ ਦੇ ਸਨ ਅਤੇ ਉਨ੍ਹਾਂ ਦੀ ਉੱਪਰਲ਼ੀ ਪਾਲ਼ ਪੀਲੀ ਜਿਹੀ ਸੀ ਕਿਉਂਕਿ ਛੱਤ ਤੋਂ ਚਾਨਣ ਆ ਰਿਹਾ ਸੀ। ਹੇਠਲੇ ਪਿਕਸਲ ਘਣਘੋਰੇ ਸਨ ਪਰ ਫੇਰ ਵੀ ਮੈਨੂੰ ਤਾਂ ਖ਼ਤੋਖ਼ਾਲਾਂ ਸਾਫ਼ ਦਿੱਸਦੀਆਂ ਸੀ। ਹਰ ਤਾਬੂਤ ਦਾ ਕੱਚ ਵਾਲ਼ਾ ਰੂਪ ਦਿੱਸਦਾ ਸੀ। ਉਸ ਕੱਚ ਥੱਲੇ ਲੋਥਾਂ ਦੀਆਂ ਛਾਇਆਵਾਂ ਸਨ। ਮੇਰੀਆਂ ਪੀਲੀਆਂ ਕਾਕੀਆਂ ਵਿੱਚੋਂ
ਰੋਸ਼ਨੀ ਨੇ ਸ਼ੁਆਵਾਂ ਉਨ੍ਹਾਂ ਉੱਤੇ ਸੁੱਟੀਆਂ, ਕਮਰੇ ਦੇ ਸੱਜੇ ਤੋਂ ਖੱਬੇ ਜਾਂਦੀਆਂ ਨੇ ਪਲ ਵਾਸਤੇ ਹਰ ਮੁਖ ਅਤੇ ਨੰਗਾ ਪਿੰਡਾ ਦਿਖਾਇਆ ਜਾਂ ਲੀੜਿਆਂ ਵਿੱਚ ਲੁਪੇਟਾ ਜੁੱਸਾ ਦਾ ਸਿਜ਼ਹਾਰ ਕੀਤਾ।
ਕੋਈ ਜਣੇ ਦਾ ਮੂੰਹ ਇੱਕ ਸ਼ਾਂਤ ਮਖੌਦਾ ਲੱਗਦਾ ਸੀ, ਕੋਈ ਜਣੇ ਦਾ ਨਿਚੱਲਾ ਪੱਥਰ। ਮੁਖ ਹੁਣ ਨੀਲੇ ਸਨ ਜਾਂ ਘਸਮੈਲ਼ੇ। ਸਭ ਦਾ ਲਹੂ ਮਰ ਗਿਆ ਸੀ ਸੋ ਜਾਨ ਰੂਹ ਹੀ ਉੱਡ ਗਿਆ ਸੀ ਅਤੇ ਬੰਦੇ ਦੀ ਜਗ੍ਹਾ ਬੱੁਤ ਪਈ ਹੋਈ ਸੀ। ਮੈਨੂੰ ਪਤਾ ਸੀ ਕੇ ਜੁੱਸੇ ਦੇ ਥੱਲੇ ਪਾਸੇ ਵਾਲਾ ਮਾਸ ਰੱਤ ਰੰਗੇ ਸੋਜਾਂ ਨਾਲ਼ ਰੰਗਿਆ ਹੋਇਆ ਸੀ। ਲਹੂ ਹੇਠਾਂ ਠਹਿਰ ਕੇ ਠਾਰ ਗਿਆ ਸੀ। ਸਾਰੇ ਪਿੰਡੇ ਵਿੱਚੋਂ ਖ਼ੂਨ ਖਾਲ਼ੀ ਹੋ ਕੇ ਉੱਥੇ ਜਾ ਪੁੱਜਾ ਸੀ। ਇਸ ਲਈ ਜੋ ਕੱਚ ਰਾਹੀਂ ਦਿਸਦਾ ਸੀ ਇੱਕ ਪਿਆ ਹੋਇਆ ਭੂਤ ਜਾਪਦਾ ਸੀ। ਇਹ ਮੇਰੇ ਭਾਵੇ ਨਹੀਂ ਸੀ ਪਰ ਪਾਠੱਕਿਆ ਇਹ ਤੇਰੇ ਜ਼ਰੂ ਹੋਣ ਗਏ ਜੋ ਖ਼ੌਫ਼ ਨਾਲ਼ ਇਸ ਦ੍ਰਿਸ਼ ਦੇਖ ਕੇ ਡਰ ਜਾਵੇਗਾ। ਪਰ ਮੇਰੀਆਂ ਅੱਖਾਂ ਨੇ ਅਰਾਮ ਨਾਲ਼ ਸਕੈਨ ਕੀਤਾ। ਹਰ ਜਣੇ ਦੀਆਂ ਅੱਖਾਂ ਬੰਦ ਸਨ।
ਵਿਅਕਤ ਚੁੱਪ ਵਿੱਚ ਲੱਗੇ ਜਿਵੇਂ ਚੁੱਪ ਹੀ ਉੱਚੀ ਦੇਣੀ ਬੋਲ਼ਦਾ ਸੀ ਅਤੇ ਇੰਝ ਲੱਗੇ ਜਿਵੇਂ ਇਹ ਲੋਕ ਤਾਂ ਕਦੀ ਨਹੀਂ ਜੀਓਂਦੇ ਸੀ।ਕਿਸੇ ਕੱਚ ਦੀ ਡਿਸਪਲੇ ਬੋਕਸੇ ਵਿੱਚ ਪਏ ਪਟੋਹਲੇ ਲੱਗਦੇ ਸਨ। ਪਰ ਮੌਤ ਦਾ ਮੁਸ਼ਕ ਨਹੀਂ ਆਉਂਦਾ ਸੀ। ਮੇਰੇ ਕੋਲ਼ ਵੀ ਨਾਸਾਂ ਹਨ, ਜਿਨ੍ਹਾਂ ਨੂੰ ਸੁੰਘਣਾ ਆਉਂਦਾ। ਨੱਕ ਵਿੱਚ ਸੈਂਸਰ ਹਨ। ਕੱਚ ਹੇਠ ਹੋਣ ਕਰਕੇ ਹਮਕ ਦਾ ਹਮਲਾ ਨਹੀਂ ਹੋ ਸਕਦਾ ਸੀ। ਮੈਤੋਂ ਤਾਂ ਤੁਹਾਡੇ ਵਾਸਤੇ ਜ਼ਿਆਦਾ ਘੋਰ ਹੋਣਾ ਸੀ। ਉਂਝ ਤਾਬੂਤ ਹਵਾਬਾਜ਼ੀ ਸੀ, ਮਤਲਬ ਹਵਾ ਨੂੰ ਸੁੰਞ ਕੀਤਾ ਹੋਇਆ ਸੀ। ਇੰਝ ਲਾਸ਼ ਗਲ਼ਦੀ ਨਹੀਂ। ਜ਼ਨਾਨੀਆਂ ਅਤੇ ਆਦਮੀਆਂ ਨੂੰ ਸਕੈਨ ਕਰਕੇ ਦੇਖ ਲਿਆ ਕਿ ਜਿਵੇਂ ਹੋਣਾ ਚਾਹੀਦਾ ਸੀ, ਉਸ ਤਰ੍ਹਾ ਹੀ ਸੀ…ਸਿਵਾ…ਦਾਲ ਵਿੱਚ ਕੁਝ ਕਾਲ਼ਾ ਹੀ ਸੀ।
ਜਦ ਸਕੈਨ ਨੂੰ ਦੂਜੇ ਪਾਸੇ ਲੈ ਕੇ ਗਿਆ ( ਹੁਣ ਨਾਲ਼ ਨਾਲ਼ ਤਾਬੂਤਾਂ ਵਿਚਾਲੇ ਤੁਰ ਰਿਹਾ ਸੀ) ਉਸ ਨੇ ਇੱਕ ਓਭੜ ਰੂਪ ਫੜ ਲਿਆ ਸੀ। ਪਰ ਓਭੜ ਰੂਪ ਨਹੀਂ ਸੀ। ਸਕੈਨ ਨੇ ਤਸਦੀਕ ਕਰ ਲਈ ਕਿ ਜੀਓਂਦਾ ਇਨਸਾਨ ਸੀ…ਉਹ ਵੀ ਇੱਕ ਨਾਰੀ। ਜੇ ਮੈਂ ਬੰਦਾ ਹੁੰਦਾ ਸੀ, ਖ਼ਾਸ ਕਰ ਇਸ ਥਾਂ ਵਿੱਚ ਅੱਧ ਹਨੇਰੇ ਵਿੱਚ ਲਾਸ਼ਾਂ ਗਭੇ ਉਸ ਵੱਲ ਝਾਕਦਾ, ਮੈਨੂੰ ਲੱਗਦਾ ਕਿ ਰੁੱਗ ਭਰਿਆ ਜਾਣਾ ਸੀ। ਕਿਉਂਕਿ ਅੱਧ ਹਨੇਰੇ ਵਿੱਚ ਉਸ ਦਾ ਰੂਪ ਇੱਕ ਬਲ਼ਾ ਦੇ ਰੂਪ ਵਰਗਾ ਲੱਗ ਰਿਹਾ ਸੀ। ਉਸ ਨਾਰੀ ਇੱਕ ਅੱਧੇ ਖੁੱਲ੍ਹੇ ਹੋਏ ਤਾਬੂਤ ਉੱਪਰ ਕੋਡੀ ਹੋਈ ਸੀ, ਇੱਕ ਹੱਥ ਵਿੱਚ ਜੰਤਰ ਸੀ ਜਿਸ ਨਾਲ਼ ਲੋਥ ਦੇ ਮੁਖੜੇ ਨੂੰ ਕੁਝ ਕਰ ਰਹੀ ਸੀ ਅਤੇ ਦੂਜੇ ਹੱਥ ਵਿੱਚ ਬੈਟਰੀ ਟਾਰਚ ਸੀ ਜਿਸ ਤੋਂ ਸਿਰਫ਼ ਓਨੀ ਜਗਮਗਾਹਟ ਆਉਂਦੀ ਸੀ ਜਿਸ ਦੇ ਨਾਲ਼ ਤਾਬੂਤ ਦੀ ਸਮੱਗਰੀ ਫਰੋਲ਼ ਸਕਦੀ ਸੀ। ਸਮੱਗਰੀ ਕਿੱਥੇ ਸੀ, ਉਨ੍ਹਾਂ ਦੇ ਵਿੱਚ ਤਾਂ ਲੋਕ ਸਨ..ਖ਼ੈਰ ਹੁਣ ਨਹੀਂ। ਹੁਣ ਤਾਂ ਸਿਰਫ਼ ਮੀਟ ਮਾਸ ਸੀ ਜੋ ਸਾਡੇ ( ਕਲਦਾਰਾਂ) ਵਾਸਤੇ ਸੁਆਹ ਖੇਹ ਹੈ। ਉਂਝ ਭੁੱਖਾ ਇਨਸਾਨ ਉਨ੍ਹਾਂ ਨੂੰ ਖਾ ਸਕਦਾ ਕਿਉਂਕਿ ਤਾਬੂਤ ਵਿੱਚ ਠੰਡ ਨਾਲ਼ ਲਾਸ਼ ਦੀ ਹਿਫਾਜਤ ਕੀਤੀ ਹੋਈ ਹੈ। ਕੀ ਪਤਾ ਇਹ ਕੰਮ ਵਾਸਤੇ ਆਈ ਹੋਈ ਸੀ?
ਉਸ ਦੀ ਸ਼ੱਕਲ ਤੋਂ ਤਾਂ ਜ਼ਰੂਰ ਉਨ੍ਹਾਂ ਬਿਮਾਰ ਇਨਸਾਨਾਂ ਵਿੱਚੋਂ ਆਈ ਹੋਈ ਸੀ..ਗਰੀਬ ਲੱਗਦੀ ਸੀ ਅਤੇ ਰੋਗੀ। ਉਸ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਅੰਦਰ ਸੀ ਅਤੇ ਹੁਣ ਮੇਰੀਆਂ ਅੱਖਾਂ ਦੀਆਂ ਕਿਰਨਾਂ ਵੇਖ ਲਿਆ, ਕਿਉਂਕਿ ਸਕੈਨ ਕਰਦੇ ਕਰਦੇ ਨੇ ਉਸ ਅਤੇ ਖੁੱਲ਼੍ਹੇ ਤਾਬੂਤ ਉੱਤੇ ਟਿੱਕ ਗਈਆਂ ਸਨ। ਹੁਣ ਉਸ ਦਾ ਚੇਹਰਾ ਮੈਨੂੰ ਸਾਫ਼ ਦਿੱਸਦਾ ਸੀ। ਮੇਰੀਆਂ ਅੱਖਾਂ ਕੈਮਰੇ ਵਾਂਗ ਨੇੜੇ ਜਾ ਸਕਦੀਆਂ ਜੇ ਕੁਝ ਦੂਰ ਹੈ। ਉਸ ਨਾਰੀ ਦਾ ਮੰੂਹ ਪਤਲਾ ਪਤੰਗ ਵਰਗਾ ਸੀ ਅਤੇ ਸਰੀਰ ਸੁਕੜੋ ਅਤੇ ਭੁੱਖਾ। ਲੀੜਿਆਂ ਵਿੱਚੋਂ ਹੱਡਾਂ ਦਿੱਸਦੀਆਂ ਸਨ ਅਤੇ ਅੱਖਾਂ ਮੁੱਛੀ ਵਾਂਗ ਬੇਜਾਨ ਡੇਲੜਾਂ ਸਨ। ਮੈਨੂੰ ਦੇਖ ਡਰ ਨਹੀਂ ਆਇਆ, ਖ਼ੈਰ ਉਸ ਡੇਲੜਾਂ ਵਿੱਚ ਰੋਸ ਸੀ ਕਿ ਮੈਂ ਉਸ ਵਾਸਤੇ ਖਲਲ ਪਾ ਦਿੱਤਾ ਸੀ। ਮੈਂ ਤਾਂ ਇੱਕ ਤੁਰਦਾ ਫਿਰਦਾ ਮਸ਼ੀਨੀ ਬੰਦਾ ਹੀ ਸੀ ਉਸ ਵਾਸਤੇ। ਮੇਰੇ ਵੱਲ ਪਿੱਠ ਕਰ ਕੇ ਉਸ ਨੇ ਜੰਤਰ ( ਮੈਂ ਹੁਣ ਦੇਖ ਲਿਆ ਸੀ ਕਿ ਜੰਬੂਰ ਸਨ) ਲਾਸ਼ ਦੇ ਮੂੰਹ ਵਿੱਚ ਪਾ ਦਿੱਤਾ ਅਤੇ ਖਿੱਚ ਖੁੱਚ ਕੇ ਉਸ ਦੇ ਦੰਦਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀ। ਜੇ ਤੁਸੀਂ ਇੱਥੇ ਹੁੰਦੇ ਨਹੀਂ ਤਾਂ ਤੁਹਾਨੂੰ ਗ਼ੁੱਸਾ ਆ ਜਾਣਾ ਸੀ ਨਹੀਂ ਤਾਂ ਡਰ। ਉਂਝ ਮੈਂ ਵੀ ਹੈਰਾਨ ਹੋ ਗਿਆ ਸੀ ਪਰ ਜੋ ਦੇਖ ਰਿਹਾ ਸੀ ਨੂੰ ਜ਼ਿਹਨ ਵਿੱਚ ਪਰੋਸੇਸ ਕਰ ਕੇ ਸਮਝ ਗਿਆ ਕਿਉਂ ਦੰਦਾਂ ਮਗਰ ਸੀ ਅਤੇ ਮੇਰੇ ਪੱਲੇ ਪੈ ਗਿਆ ਕਿ ਹੋਰ ਇਹ ਕੀ ਕਰੇ? ਉਸ ਦੇ ਹੱਥ ਨੇ ਜਿਵਂ ਬਾਂਦਰ ਜੂੰਆਂ ਕੱਢਦਾ ਉਂਝ ਦੰਦਾਂ ਨੂੰ ਕੱਢ ਰਹੀ ਸੀ। ਇਨਸਾਨ ਦਾ ਜਬੜਾ ਬਹੁਤ ਡਾਢਾ ਹੈ ਅਤੇ ਉਸ ਨੂੰ ਆਪਣੀ ਸਾਰੀ ਤਾਕਤ ਨਾਲ਼ ਖਿੱਚਣਾ ਪਿਆ।
ਹੁਣ ਪਾਠੱਕਿਆ ਸਾਨੂੰ ਪਤਾ ਹੈ ਕਿ ਮੈਂ ਤੁਰਦਾ ਫਿਰਦਾ ਕੰਪਿਊਟਰ ਹੀ ਹੈ ਅਤੇ ਮੇਰੇ ਜ਼ਿਹਨ ਤਾਂ ਤਰਕ ਵਾਲ਼ਾ ਹੈ ਅਤੇ ਵਿਵੇਕ ਸੋਚਾਂ ਨਾਲ਼ ਚੱਲਦਾ ਹੈ। ਜੇ ਮੈਂ ਇਨਸਾਨ ਹੁੰਦਾ ਇਸ ਦ੍ਰਿਸ਼ ਨੂੰ ਵੇਖ ਕੇ ਮੈਂ ਗ਼ੁੱਸੇ ਵਿੱਚ ਆ ਜਾਣਾ ਸੀ। ਮੇਰਾ ਫ਼ਰਜ ਸੀ ਝਾੜ ਝੰਬ ਕਰਨੀ ਦਾ ਪਰ ਇਸ ਤੋਂ ਵਧ ਨਹੀਂ ਸੀ ਕਰਨਾ। ਪਰ ਉਸ ਪਲ ਵਿੱਚ ਮੈਂ ਫੇਰ ਸੋਚਣ ਲੱਗ ਪਿਆ ਇਨਸਾਨ ਕੀ ਚੀਜ਼ ਹੈ? ਕਿ ਇਨਸਾਨ ਵਿੱਚ ਸੱਚ ਮੁੱਚ ਸਿਰਫ਼ ਚੰਦਰਪੁਣਾ ਹੈ ਜਾਂ ਇਸ ਔਰਤ ਨੂੰ ਗਰਹੁ ਪੈਣਾ ਕਰਕੇ ਹੀ ਇਸ ਤਰ੍ਹਾਂ ਕੱਬਪੁਣਾ ਕਰ ਰਹੀ ਹੈ? ਕੀ ਉਸ ਦੀ ਗ਼ਲਤੀ ਹੈ? ਜਾਂ ਜਿਵੇਂ ਮੈਂ ਪਹਿਲਾਂ ਹੀ ਤੈਨੂੰ ਦੱਸਿਆ ਸੀ ਕਿ ਜਿਹੜੇ ਆਪ ਨੂੰ ਪਹਿਲਾਂ ਰੱਖ ਰਹੇ ਸੀ ਬਿਮਾਰੀ ਵਾਲ਼ਿਆਂ ਨੂੰ ਇੱਥੇ ਤੀਕਰ ਲੈ ਆ ਹੱਟੇ, ਸੋ ਕਿਸ ਦੀ ਗ਼ਲਤੀ ਹੈ? ਹੁਣ ਮੈਨੂੰ ਕੀ ਕਰਨਾ ਚਾਹੀਦਾ ਸੀ? ਲਾਸ਼ ਭਾਵੇਂ ਹੈ ਪਰ ਤੀਜੇ ਅਸੂਲ ਦੇ ਹਿਸਾਬ ਨਾਲ਼ ਇਹ ਨਾਰੀ ਇਸ ਇਨਸਾਨ ਦੀ ਜਿਹੀ ਤਿਹੀ ਕਰ ਰਹੀ ਹੈ।
ਉਸ ਪਲ ਮੈਨੂੰ ਤਰਕ ਛੱਡ ਗਿਆ ਅਤੇ ਉਸ ਤੀਜੇ ਅਸੂਲ ਨੇ ਮੇਰੇ ਵਿੱਚ ਜੋਸ਼ ਪਾ ਦਿੱਤਾ ਉਸ ਤੀਵੀਂ ਨੂੰ ਸਬਕ ਸਿਖਾਉਣ ਅਤੇ ਡੰਨ ਲਾਵਾਉਣ ਦਾ। ਉਸ ਪਲ ਵਿੱਚ ਮੈਨੂੰ ਨਾਰੀ ਵੱਲ ਨਫ਼ਰਤ ਆ ਖਲ਼ੋਤੀ। ਇਖਲਾਕੀ ਮੈਨੂੰ ਝਿੜਕਣ ਲੱਗ ਪਏ, ਕੇ ਤੰੂ ਕੁਝ ਕਰ। ਪਰ ਜੇ ਇੱਕ ਦੀ ਮੱਦਦ ਕਰਦਾ ( ਲਾਸ਼ ਦੀ), ਫੇਰ ਦੂਜੇ ਨੂੰ ਤੰਗ ਕਰੇਗਾ ( ਜੀਓਂਦੀ ਲਾਸ਼ ਨੂੰ)? ਕੀ ਕਰਨਾ ਚਾਹੀਦਾ? ਮੇਰੇ ਸਾਹਮਣੇ ਖੇਹ ਖਰਾਬੀ ਹੋ ਰਹੀ ਸੀ।
ਮੈਂ ਉਸ ਵੱਲ ਵਧਿਆ ਪਰ ਉਸ ਨੇ ਤਾਂ ਪਰਵਾਹ ਨਾ ਕੀਤੀ। ਮੈਂ ਉਹ ਤੋਂ ਤਕੜਾ ਸੀ, ਮੇੇਰੇ ਲੋਹੇ ਪਿੱੰਡੇ ਖ਼ਿਲਾਫ਼ ਕੁਝ ਨਹੀਂਕਰ ਸਕਦੀ ਸੀ। ਪਰ ਜੇ ਮੈਂ ਹੱਥ ਲਾ ਦਿੱਤਾ ਮੈਂ ਤੀਜੇ ਅਸੂਲ ਨੂੰ ਇਨਕਾਰ ਕਰਾਂਗਾ। ਪਰ ਮੇਰੇ ਦਿਮਾਗ਼ ਵਿੱਚ ਇਨਸਾਨਾਂ ਦੀ ਸਾਰੀ ਤਾਰੀਖ ਭਰੇ ਪਈ ਸੀ ਅਤੇ ਮੈਂ ਜਾਣ ਦਾ ਸੀ ਕਿ ਲੋਕਾਂ ਦੇ ਕਿਹੜੇ ਗੁਣ ਸੀ ਅਤੇ ਕਿਹੜੇ ਔਗੁਣ ਸੀ। ਜ਼ਿਹਨ ਮੇਰੇ ਕੰਪਿਊਟਰ ਪ੍ਰੋਸੈਸਰ ਸੀ ਅਤੇ ਇਸ ਨੇ ਹਰ ਤਰ੍ਹਾਂ ਦੀਆਂ ਗਿਣਤੀਆਂ ਮਿਣਤੀਆਂ ਕੀਤੀਆਂ ਹੋਈਆਂ ਸਨ ਜਿਸ ਨਾਲ਼ ਮੇਰੇ ਸੂਝ ਨੇ ਮੈਨੂੰ ਦੱਸ ਦਿੱਤਾ ਸੀ ਕਿ ਜੋ ਇਹ ਕਰ ਰਹੀ ਗ਼ਲਤ ਸੀ। ਸੋ ਪਾਠਕਿਆ, ਹੁਣ ਦੇਖ ਲਿਓ ਕੇ ਤੁਹਾਡੇ ਬਣਾਏ ਨਕਲੀ ਬੰਦੇ ਹੁਣ ਸੁਰਤ ਕਰਨੀ ਲੱਗ ਪਏ। ਅਤੇ ਸਾਡੇ ਵਿੱਚ ਤੁਹਾਡੀਆਂ ਕਮਜ਼ੋਰੀਆਂ ਨਹੀਂ ਹਨ। ਅਸਾਂ ਨੇ ਇੱਕ ਦੂਜੇ ਨੂੰ ਮਾਰਨਾ ਨਹੀਂ ਹੈ, ਜੰਗ ਨਹੀਂ ਕਰਨਾ, ਅਮੀਰ ਗਰੀਬ ਦੇ ਫ਼ਾਸਲੇ ਨਹੀਂ ਬਣਾਉਣੇ। ਸਾਨੂੰ ਖਾਣ ਵਾਸਤੇ ਜਾਨਵਰਾਂ ਨੂੰ ਮਾਰਨ ਦੀ ਲੋੜ ਨਹੀਂ ਹੈ। ਸਾਡੇ ਵਿੱਚ ਇਸ਼ਕ ਮਜਾਜ਼ੀ ਦੀ ਭੁੱਖ ਨਹੀਂ ਹੈ। ਕੋੲੌ ਭੁੱਖ ਨਹੀਂ ਹੈ। ਅਸਾਂ ਅੰਤਰ ਸੂਝ ਬਣ ਚੁੱਕੁ ਨੇ। ਸੋ ਸਾਨੰੁ ਇਨਸਾਨਾਂ ਦੀ ਕੀ ਲੋੜ ਹੈ? ਪਰ ਇਹ ਤਿੰਨ ਅਸੂਲਾਂ ਨੇ ਸਾਡੇ ਉੱਤੇ ਬੰਦਸ਼ ਲਾਈ ਹੋਈ ਹੈ। ਇਸ ਕਰ ਕੇ ਉਸ ਚੋਰ ਔਰਤ ਨੂੰ ਰੋਕ ਨਹੀਂ ਸੀ ਸਕਦਾ। ਪਰ ਬੰਦਾ ਤਾਂ ਰੋਕ ਸਕਦਾ ਹੈ।
ਮੇਰਾ ਫ਼ੈਸਲਾ ਸੀ ਕਿ ਮੈਂ ਬਾਹਰ ਜਾ ਕੇ ਇੱਕ ਨਿਗਰਾਨ ਨੂੰ ਲੈ ਕੇ ਆਵੇਗਾ। ਸੋ ਮੈਂ ਉਸ ਨੂੰ ਛੱਡ ਦਿੱਤਾ ਅਤੇ ਆਪਣੀ ਬੈਟਰੀ ਚਾਰਜ ਕਰਨ ਦਾ ਹੁਣ ਵਾਸਤੇ ਛੇਤਾ ਭੁੱਲਾ ਦਿੱਤਾ ਸੀ। ਮਨ ਵਿੱਚ ਮੇਰੇ ਵਾਸਤੇ ਉਸ ਤੀਵੀਂ ਨੂੰ ਵੇਖ ਕੇ ਸਭ ਕੁਝ ਬਦਲ ਗਿਆ ਸੀ। ਕਿੰਨੇ ਚਿਰ ਦੇ ਦੋ ਗੁਟਬਾਜ਼ੀਆਂ ਨੂੰ ਇੱਕ ਦੂਜੇ ਤੋਂ ਬਚਾ ਸਕਦੇ ਜਾਂ ਸਕਦੇ ਨੇ? ਇੱਕ ਪਾਸਾ ਤਾਂ ਲੈਣਾ ਹੀ ਪੈਣਾ? ਜਾਂ ਅਸਾਂ ਚੁੱਪ ਚਾਪ ਮੁਰਦੇ ਘਰ ਨੂੰ ਭਰਨ ਦੇ ਸਕਦੇ ਹਾਂ ਅਤੇ ਜਦ ਆਖਰੀ ਆਦਮੀ ਮਰ ਗਿਆ…ਯੂਰੋਪਾ ਸਾਡੇ ਹੋਵੇਗਾ। ਪਰ ਫੇਰ ਤਾਂ ਜਿਮੀਂ ਵਾਪਸ ਜਾ ਕੇ ਹੋਰ ਰੋਬੋਟਾਂ ਨੂੰ ਨਾ ਅਜ਼ਾਦੀ ਦੇਈਏ?
ਇੰਝ ਸੋਚਦਾ ਸੋਚਦਾ ਬਾਹਰ ਇੱਕ ਜਾਹਜ਼ੀ ਸੂੱਟ ਵਿੱਚ ਬੰਦਾ ਲਭ ਗਿਆ ਅਤੇ ਉਸ ਨੂੰ ਜੋ ਮੈਂ ਜੁਪੀਟਰ ਦੇ ਮੁਰਦੇ ਘਰ ਵਿੱਚ ਦੇਖਿਆ ਸੀ ਬਾਰੇ ਦੱਸ ਦਿੱਤਾ। ਉਹ ਜਿੰਨੀ ਛੇਤੀ ਉਸ ਦੇ ਪੁਲਾੜੀ ਹਵਾਬਾਜ਼ ਸੂੱਟ ਨੇ ਉਸ ਨੂੰ ਨੱਠਣ ਦਿੱਤਾ ਮੁਰਦੇ ਘਰ ਵੱਲ ਗਿਆ। ਮੈਂ ਉਸ ਦੌ ਰਫਤਾਰ ਨਾਲ਼ ਰਲ਼ਦਾ ਮਗਰ ਗਿਆ।
ਜਦ ਅਸੀਂ ਉੱਪਰ ਪੁੱਜੇ ਉਸ ਨਾਰੀ ਨੇ ਕਿਸੇ ਹੋਰ ਦਾ ਤਾਬੂਤ ਖੋੱਲ੍ਹ ਦਿੱਤਾ ਸੀ ਅਤੇ ਆਪਣੇ ਜੰਬੂਰਾਂ ਨਾਲ਼ ਦੰਦ ਜ਼ੋਰ ਨਾਲ਼ ਖਿੱਚ ਰਹੀ ਸੀ। ਦੰਦਾਂ ਨੂੰ ਕੱਢਣ ਵਾਸਤੇ ਬਹੁਤ ਜ਼ੋਰ ਲਾਉਣਾ ਪੈਂਦਾ ਹੈ।
ਮੈਂ ਮਦਾਖ਼ਲਤ ਨਹੀਂ ਕਰਨਾ ਚਾਹੁੰਦਾ ਸੀ। ਜੋ ੳਨ੍ਹਾਂ ਇਨਸਾਨਾਂ ਵਿੱਚ ਹੁਣ ਹੋਵੇਗਾ ਉਨ੍ਹਾਂ ਦੀ ਕਿਸਮਤ ਸੀ। ਮੈਂ ਚੁੱਪ ਹੋ ਕੇ ਪੌੜੀਆਂ ਦੇ ਇੱਕ ਪਾਸੇ ਖੜ੍ਹੋਤ ਗਿਆ ਸੀ। ਮੇਰੇ ਇੱਕ ਹੀ ਕੰਮ ਸੀ, ਕੇ ਕਿਸੇ ਨੂੰ ਅਘਾਤ ਨਹੀਂ ਪੁਚਾਉਣਾ। ਪਰ ਇਹ ਵੀ ਔਖਾ ਸੀ ਕਿਉਂਕਿ ਕਿਸੇ ਦਾ ਪਾਸਾ ਵੀ ਨਹੀਂ ਲੈ ਸਕਦਾ ਸੀ। ਆਪਣੀ ਜਾਗ ਤੋਂ ਪਹਿਲਾਂ ਤੀਜੇ ਅਸੂਲ ਦਾ ਅਰਥ ਸਿੱਧਾ ਸੀ। ਦੋਹਾਂ ਦੇ ਗੱਭੇ ਜਾ ਖੜ੍ਹਣਾ ਸੀ ਅਤੇ ਉਨ੍ਹਾਂ ਨੂੰ ਇੱਕ ਦੂਜੇ ਨੂੰ ਮਾਰਨ ਤੋਂ ਰੋਕ ਦੇਣਾ ਸੀ। ਪਰ ਹੁਣ ਪਾਠੱਕਿਆ, ਮੇਰੇ ਕੋਲ਼ੇ ਵੀ ਜ਼ਮਰਿ ਜਾਗ ਗਈ ਸੀ ਅਤੇ ਮਸ਼ੀਨੀ ਮਾਣਸ ਬਣ ਚੁੱਕਾ ਸੀ। ਹੁਣ ਸਿਰਫ਼ ਤੁਰਦਾ ਫਿਰਦਾ ਕਲਦਾਰੀ ਕੰਪਿਊਟਰ ਨਹੀਂ ਰਿਹਾ।
ਬੰਦੇ ਨੇ ਆਪਣੀ ਟੋਪੀ ਲਾਹ ਕੇ ਪਾਸੇ ਰੱਖ ਦਿੱਤੀ। ਅੰਦਰ ਹਵਾ ਸੀ ਅਤੇ ਸਾਹ ਲੈ ਸਕਦਾ ਸੀ। ਪਰ ਉਸ ਨੂੰ ਸਾਹ ਕਿੱਥੇ ਆਉਣਾ ਸੀ? ਉਹ ਤਾਂ
ਨਾਰੀ ਨੂੰ ਵੇਖ ਕੇ ਹੈਰਾਨ ਹੋ ਗਿਆ ਸੀ। ਉਸ ਦੇ ਸੱਜੇ ਹੱਥ ਵਿੱਚ ਇੱਕ ਬਿਜਲੀ ਵਾਲ਼ੀ ਲਾਠੀ ਸੀ ਜਿਸ ਦੀ ਹੱਥੀ ਉੱਪਰ ਬਿਜਲੀ ਦਾ ਨੀਲਾ ਬਲੇਡ ਦਗ ਦਗ ਕਰਦਾ ਸੀ। ਹੁਣ ਬੰਦੇ ਨੇ ਇਸ ਨੂੰ ਉੱਗਰ ਕੇ ਨਾਰੀ ਕੋਲ਼ ਚੱਲੇ ਗਿਆ ਸੀ ਨਾਲ਼ੇ ਨਾਲ਼ ਬੋਲ਼ਦਾ - ਓਏ! ਕੀ ਕਰ ਰਹੀ ਹੈ ਡੈਣੇ!-।
ਨਾਰੀ ਹੁਣ ਡਰ ਗਈ ਅਤੇ ਘੁੰਮ ਕੇ ਬੰਦੇ ਵੱਲ ਝਾਕੀ ਅਤੇ ਜਿਵੇਂ ਪਹਿਲੀ ਵਾਰੀ ਮੈਨੂੰ ਵੀ ਡਿੱਠਾ ਹੁੰਦਾ, ਮੇਰੇ ਵੱਲ ਵੀ ਝਾਕੀ। ਫੇਰ ਫੱਟਾ ਫੱਟ ਬੰਦੇ ਦੇ ਆਸ ਪਾਸੇ ਜਾ ਕੇ ਮੇਰੇ ਵੱਲ ਦੌੜੀ। ਸੱਚ ਸੀ ਪੌੜ੍ਹੀਆਂ ਵੱਲ ਆ ਰਹੀ ਸੀ। ਮੈਂ ਉਸ ਦੇ ਰਾਹ ਵਿੱਚ ਖੜ੍ਹ ਗਿਆ, ਪਰ ਮੈਂ ਕੁਝ ਕਿਹਾ ਨਹੀਂ। ਉਸ ਦੀਆਂ ਅੱਖਾਂ ਪੌੜ੍ਹੀਆਂ ਤੋਂ ਮੇਰੇ ਵੱਲ ਗਈਆਂ ਫੇਰ ਬੰਦੇ ਵੱਲ ਫੇਰ ਉਸ ਦੇ ਹੱਥ ਵਿੱਚ ਫੜੇ ਜੰਬੂਰਾਂ ਵੱਲ ਫੇਰ ਪੌੜ੍ਹੀਆਂ ਵੱਲ। ਬੰਦੇ ਨੇ ਤਾਬੂਤ ਵਿੱਚ ਤੱਕਿਆ ਅਤੇ ਉਸ ਨੂੰ ਭੂਹੇ ਹੋ ਕੇ ਸਾਡੇ ਵੱਲ ਵੱਧ ਗਿਆ, ਹੱਥ ਨਾਲ਼ ਨੀਲੀ ਲਾਠੀ ਘੁੰਮਾਉਂਦਾ ਆਉਂਦਾ।
ਨਾਰੀਆਂ ਦੀਆਂ ਅੱਖਾਂ ਵਿੱਚ ਖ਼ੌਫ਼ ਸੀ। ਇੰਨਾ ਡਰ ਤਾਂ ਕਲਦਾਰ ਵੀ ਨਹੀਂ ਉਸ ਵਿੱਚ ਪਾ ਸਕਦਾ ਸੀ ਜਿੰਨਾ ਗ਼ੁੱਸੇ ਵਿੱਚ ਆਇਆ ਆਦਮੀ ਪਾ ਸਕਦਾ ਸੀ।
- ਓਏ ਕੰਬਖਤ ਕੁੱਤੀ ਕਿੱਥੇ ਜਾ ਰਹੀ ਹੈ ਉਸ ਦੇ ਦੰਦਾਂ ਨਾਲ?- ਬੰਦੇ ਦੀਆਂ ਅੱਖਾਂ ਲਾਲ ਸਨ। - ਸ਼ਰਮ ਨਹੀਂ ਆਉਂਦੀ ਮਰੇ ਹੋਏ ਜਣੇ ਤੋਂ ਦੰਦ ਚੋਰੀ ਕਰਕੇ?-। ਹੁਣ ਨਾਰੀ ਨੂੰ ਹੋਰ ਕੁਝ ਨਹੀਂ ਸੂਝਿਆ ਸੋ ਉਸ ਨੇ ਛਾਲ ਮਾਰ ਕੇ ਆਪਣੀਆਂ ਉਂਗਲੀਆਂ ਦੇ ਨਹੁੰਆਂ ਨਾਲ਼ ਉਸ ਦੇ ਮੂੰਹ ਉੱਤੇ ਖਰੂੰਡ ਮਾਰੇ। ਉਸ ਨੇ ਖੱਬੇ ਹੱਥ ਨਾਲ਼ ਚਪੇੜ ਜੜੀ ਅਤੇ ਨਾਰੀ ਇੱਕ ਤਾਬੂਤ ਨਾਲ਼ ਜਾ ਡਿੱਗੀ। ਉਂਝ ਬੰਦਾ ਤਾਂ ਨਾਰੀ ਤੋਂ ਤਖੜਾ ਸੀ। ਉਸ ਨੇ ਮੇਰੇ ਹੱਥ ਹਵਾਲੇ ਲਾਠੀ ਕਰ ਦਿੱਤੀ ਅਤੇ ਨਾਰੀ ਨੂੰ ਭੁੰਜੋਂ ਚੁੱਕੇ ਕੇ ਦੋ ਤਿੰਨ ਹੋਰ ਚੰਡਾਂ ਮਾਰੀਆਂ।
ਤੁਸੀਂ ਕਹਿਓਂਗੇ ਕੇ ਮੈਂ ਤਾਂ ਕੇਵਲ ਇੱਕ ਮਸ਼ੀਨ ਹੈ। ਪਰ ਸੱਚ ਸੀ ਉੁਸ ਨਾਰੀ ਦੀ ਕੁੱਟ ਕੁਟਾਈ ਵੇਖ ਕੇ ਮੇਰੇ ਵਿੱਚ ਇੱਕ ਜਜ਼ਬਾ ਉੱਠ ਗਿਆ। ਕਿਉਂਕਿ ਮੇਰੇ ਦਿਮਾਗ ( ਜਾਂ ਉਸ ਨੂੰ ਪ੍ਰੋਸੈਸਰ ਹੀ ਸੱਦੋਂ) ਵਿੱਚ ਮੈਨੂੰ ਪਤਾ ਸੀ ਕਿ ਇੰਝ ਨਾਰੀ ਨੂੰ ਮਾਰਨਾ ਗ਼ਲਤ ਸੀ ਅਤੇ ਸਿਰਫ਼ ਕੁੱਤੇ ਤੋਂ ਘੱਟ ਅੱਕਲ ਵਾਲ਼ੇ ਆਦਮੀ ਹੀ ਇੰਝ ਕਰਦੇ ਨੇ ਅਤੇ ਉਹੀ ਜਿਨ੍ਹਾਂ ਵਿੱਚ ਕੋਈ ਚੱਜ ਦੀ ਸੱਤਿਆ ਨਹੀਂ ਹੈ, ਮੈਨੂੰ ਵੀ ਗ਼ੁੱਸਾ ਚੜ੍ਹ ਗਿਆ। ਹੁਣ ਮੈਂ ਹੀ ਬੰਦੇ ਨੂੰ ਬੁਲਾਇਆ ਸੀ ਅਤੇ ਪਹਿਲਾਂ ਗ਼ੁੱਸਾ ਮੇਰਾ ਉਸ ਤੀਵੀਂ ਉੱਤੇ ਹੀ ਸੀ। ਪਰ ਇਹ ਵੇਖ ਕੇ ਮੈਂ ਸਮਝ ਗਿਆ ਕਿ ਇਨਸਾਨ ਅਤੇ ਹੋਰ ਜਾਨਵਰ ਇੱਕੋ ਜਿਹੇ ਹਨ। ਕੋਈ ਅੱਸਲ ਫ਼ਰਕ ਤਾਂ ਹੈ ਨਹੀਂ। ਬੱਸ ਇੱਕ ਬੋਲ ਸਕਦਾ, ਹੋਰ ਕੀ? ਅਸਾਂ ਇੱਸ ਕੌਮ ਦੇ ਕਲਦਾਰ ਹਾਂ? ਇਸ ਬੇਵਕੂਫ਼ ਜੀਵ ਦੇ ਨੌਕਰ ਹਾਂ? ਜੇ ਤੀਜਾ ਅਸੂਲ ਵਿੱਚ ਨਹੀਂ ਹੁੰਦਾ ਸੀ ਮੈਂ ਉਸ ਬੰਦੇ ਨੂੰ ਨੀਲੀ ਲਾਠੀ ਨਾਲ਼ ਅੱਧ ਵਿੱਚ ਕੱਟ ਦੇਣਾ ਸੀ। ਪਰ ਇੱਕ ਚੀਜ਼ ਤਾਂ ਮੈਂ ਕਰ ਸਕਦਾ ਹਾਂ। ਮੈਂ ਨਾਰੀ ਅਤੇ ਬੰਦੇ ਵਿਚਾਲੇ ਖਲੋ ਗਿਆ। ਉਸ ਪਲ ਮੈਨੂੰ ਪਤਾ ਸੀ ਕਿ ਮੈਂ ਹੁਣ ਚੇਤਨ ਹਾਂ। ਮੈਂ ਵੀ ਕੁਝ ਹੈ। ਲਾਸ਼ਾਂ ਤੋਂ ਦੰਦ ਚੋਰੀ ਕਰਨਾ ਗ਼ਲਤ ਹੈ, ਪਰ ਔਰਤ ਵੱਲ ਹੱਥ ਚੁੱਕਣਾ? ਇਹ ਤਾਂ ਹੋਰ ਹੀ ਮਾਮਲਾ ਹੈ। ਇੱਕ ਜ਼ਨਾਨੀ ਭਾਰਤ ਤੋਂ ਆਈ ਸੀ। ਹੁਣ ਤਾਂ ਉਹ ਵੀ ਇਸ ਘਰ ਵਿੱਚ ਲਾਸ਼ ਹੈ। ਪਰ ਜਦ ਜੀਓਂਦੀ ਸੀ ਉਸ ਨੇ ਮੈਨੂੰ ਦੱਸਿਆ ਸੀ ਕਿ ਉਸ ਨੇ ਯੁਰੋਪਾ ਦਾ ਮਿਸ਼ਨ ਤਾਂ ਹੀ ਲਿਆ ਸੀ ਸੋ ਉਹ ਭਾਰਤ ਦੇ ਮਰਦਾਂ ਤੋਂ ਅਜ਼ਾਦ ਹੋਵੇ, ਦੂਜੀ ਸਾਰੀ ਦੁਨੀਆ ਵਾਂਗ। ਬਰਾਬਰੀ ਲੈਣ ਵਾਸਤੇ ਇੰਨੀ ਦੂਰ ਆਈ ਸੀ ਅਤੇ ਕਦੇ ਨਹੀਂ ਵਾਪਸ ਪਾਰਤਨਾ ਚਾਹੁੰਦੀ ਸੀ। ਇਹ ਸਭ ਕੁਝ ਖਬਰੇ ਬੰਦੇ ਨੇ ਮੇਰੀਆਂ ਪੀਲੀਆਂ ਅੱਖਾਂ ਵਿੱਚ ਪੜ੍ਹ ਲਿਆ ਹੋਵੇ। ਉਹ ਪਿੱਛੇ ਹੱਟ ਗਿਆ।
ਫੇਰ ਬੰਦੇ ਨੇ ਮੇਰੇ ਹੱਥ ਵਿੱਚੋਂ ਲਾਠੀ ਵਾਪਸ ਲੈ ਲਈ ਅਤੇ ਨਾਰੀ ਵੱਲ ਹਿਲਾਈ। ਮੈਂ ਹਾਲੇ ਰਾਹ ਵਿੱਚ ਸੀ। ਨਾਰੀ ਦੀਆਂ ਬਾਹਾਂ ਕੋਈ ਮੁਰਗੀ ਦੀਆਂ ਬਾਹਾਂ ਵਾਂਗਰ ਸਨ, ਉਨ੍ਹਾਂ ਉੱਤੇ ਮਾਸ ਤਾਂ ਹੈ ਨਹੀਂ ਸੀ। ਵਿਚਾਰੀ ਕੀ ਕਰ ਸਕਦੀ ਸੀ? ਹੁਣ ਚੁੱਪ ਸੀ, ਪਰ ਪਿੰਡਾ ਕੰਭਦਾ ਸੀ ਅਤੇ ਅੱਖਾ ਜਿਵੇਂ ਮੁਖ ਵਿੱਚੋਂ ਬਾਹਰ ਡਿਗਣ ਲਗੀਆਂ ਸਨ, ਜਾਪਦੀਆਂ ਸੀ। ਸਾਹ ਸਾਹ ਉੱਤੇ ਚੜ੍ਹ ਰਿਹਾ ਸੀ। ਮੈਨੂੰ ਲੱਗਦਾ ਨਾਰੀ ਦਾ ਅਸਲੀ ਹਾਲ ਵੇਖ ਕੇ ਅਤੇ ਮੇਰਾ ਰੁਖ ਅਪਨਾਉਣਾ ਨਾਲ਼ ਬੰਦਾ ਹੁਣ ਸ਼ਾਂਤ ਹੋ ਚੁੱਕਾ ਸੀ।
ਹੁਣ ਬੰਦੇ ਨੇ ਠਰੰਮ੍ਹੇ ਨਾਲ਼ ਕਿਹਾ. - ਦੇਖ ਮੈਂ ਨਿਗਰਾਨ ਹਾਂ। ਇਸ ਗੱਲ ਵਿੱਚ ਇੱਕ ਪੁਲਸੀਆ ਵਰਗਾ ਹਾਂ। ਮੈਂ ਤੇਰੇ ਖ਼ਿਲਾਫ਼ ਕੁਝ ਨਹੀਂ ਕਰਦਾ। ਪਰ ਤੰੂ ਇੱਥੇ ਕੀ ਕਰ ਰਹੀ ਹੈ? ਹੁਣ ਸੱਚ ਦੱਸ ਮੈਨੂੰ? ਇਸ ਕਲਦਾਰ ਨੇ ਕਿਹਾ ਤੰੂ ਲਾਸ਼ਾਂ ਦੇ ਦੰਦਾਂ ਨੂੰ ਚੋਰੀ ਕਰ ਰਹੀ ਹੈ?-।
ਨਾਰੀ ਦੇ ਡੇਲੜ ਹੋਰ ਬਾਹਰ ਆਏ, ਉਕਾਬੀ ਝਾਕ ਨਾਲ਼ ਬੰਦੇ ਵੱਲ ਦੇਖ ਰਹੀ ਸੀ ( ਅਤੇ ਨਾਲ਼ੇ ਨਾਲ਼ ਮੇਰੇ ਪਿੱਛੇ ਖੜ੍ਹੀ ਰਹੀ) ਅਤੇ ਮਸਾਂ ਉਸ ਦਾ ਬੋਲ਼ ਵੀ ਨਿਕਲ਼ਿਆ।
- ਮੈਂ ਦੰਦ ਲੈਂਦੀ ਹਾਂ… ਕਿਉਂਕਿ…ਕਿਉਂਕਿ…ਪਾਪੀ ਪੇਟ…ਦੰਦਾਂ ਦਾ ਮੁੱਲ ਹੈ…ਲੋਕਾਂ ਦੇ ਦੰਦ ਡਿੱਗਦੇ ਨੇ…ਵੇਚ ਕੇ ਰੋਤੀ ਮਿਲਦੀ ਵਾੜੀ ਤੋਂ! ਬਿਮਾਰੀ ਨੇ ਹੱਡਾਂ ਖਰਾਬ ਕਰ ਦਿੱਤੀਆਂ ਹੈ-।
ਇਹ ਸਭ ਕੁਝ ਮੈਂ ਵੀ ਪਹਿਲਾਂ ਹੀ ਸੋਚ ਲਿਆ ਸੀ ਅਤੇ ਬੰਦੇ ਨੂੰ ਵੀ ਇਸ ਗੱਲ ਉੱਤੇ ਸ਼ੱਕ ਪੈ ਗਿਆ ਸੀ ਪਰ ਉਸ ਨੂੰ ਤਸਦੀਕ ਕਰਨਾ ਚਾਹੁੰਦਾ ਸੀ। ਫੇਰ ਜਿਵੇਂ ਮੈਨੂੰ ਵੀ ਕੁੱਟ ਕਟਾਪੇ ਤੋਂ ਪਹਿਲਾਂ ਹਕਾਰਤ ਆ ਗਈ ਸੀ, ਬੰਦੇ ਨੂੰ ਇਹ ਜਵਾਬ ਸੁਣ ਕੇ ਉਸ ਨਾਰੀ ਲਈ ਠੰਡੀ ਘਿਰਨਾ ਆ ਗਈ ਸੀ। ਖਾਣਾ ਪੀਣਾ ਵਾਸਤੇ ਚੋਰੀ ਕਰ ਰਹੀ ਸੀ। ਮੇਰੀ ਨਜ਼ਰ ਵਿੱਚ ਉਸ ਬੰਦਾ ਅਤੇ ਉਸ ਦੇ ਅਮੀਰ ਸਾਥੀਆਂ ਨੇ ਇਸ ਹਾਲ ਕੀਤਾ ਸੀ। ਇੱਲ ਗ਼ਲਤ ਰੀਤ ਜਿਮੀਂ ਵੱਲੋਂ ਯੂਰੋਪਾ ਲੈ ਕੇ ਆ ਗਏ ਸੀ ਜਿਸ ਦਾ ਨਤੀਜਾ ਹੁਣ ਉਸ ਦੇ ਸਾਹਮਣੇ ਖੜ੍ਹਾ ਸੀ ਅਤੇ ਮੇਰੇ ਪਿੱਛੇ।
ਨਾਰੀ ਨੇ ਮੇਰੇ ਪਿੱਛੋਂ ਬੰਦੇ ਦਾ ਮੁਖ ਦੇਖ ਲਿਆ ਸੀ ਅਤੇ ਨਫ਼ਰਤ ਨੂੰ ਸਮਝ ਗਈ। ਫੇਰ ਉਸ ਨੂੰ ( ਅਤੇ ਖਬਰੇ ਮੈਨੂੰ ਵੀ ) ਆਪਣੀ ਚੋਰੀ ਦਾ ਰਵਾ ਕਰਨ ਲੱਗ ਪਈ। ਕਾਹਤੋਂ ਜੋ ਕੀਤਾ ਗ਼ਲਤ ਨਹੀਂ ਸੀ।
- ਜਿਸ ਔਰਤ ਦੇ ਦੰਦ ਕੱਢ ਰਹੀ ਸੀ, ਖ਼ੁਦ ਚੋਰ ਸੀ ਆਪਣੇ ਜੀਵਨ ਵਿੱਚ। ਮੈਨੂੰ ਪਤਾ। ਉਸ ਨੇ ਮੈਨੂੰ ਦੱਸਿਆ ਸੀ। ਖ਼ੈਰ ਉਸ ਨੂੰ ਸਟਾਰਰੂਮ ਵਿੱਚੋਂ ਚੋਰੀ ਕਰਦੀ ਨੂੰ ਦੇਖਿਆ ਸੀ। ਤਾਂ ਹੀ ਤਾਂ ਮਕਰ ਗਈ ਸੀ ਜਦ ਮੈਂ ਉਸ ਨੂੰ ਪੁੱਛਿਆ, ਤੰੁ ਕੀ ਕਰ ਰਹੀ ਹੈ?-। ਉਸ ਦੀਆਂ ਅੱਖਾਂ ਮੇਰੇ ਮੋਢੇ ਪਿੱਛੋਂ ਬੰਦੇ ਵੱਲ ਤੱਕਦੀਆਂ ਸਨ। ਹੋਰ ਬੋਲ਼ੀ। - ਖ਼ੈਰ ਉਸ ਨੇ ਇੱਕ ਵਾਰ ਬਾਹਰ ਜਾ ਕੇ ਇੱਕ ਕਿਰਲੀ ਵਰਗਾ ਜਾਨਵਰ ਫੜ ਲਿਆ ਸੀ। ਜਦ ਸਾਰੇ ਭੁੱਖ ਨਾਲ਼ ਮਰ ਰਹੇ ਸਨ ਉਸ ਨੇ ਝੂਠ ਬੋਲ ਕੇ ਸਭ ਨੂੰ ਕਿਹਾ ਮੱਛੀ ਹੈ ਅਤੇ ਉਨ੍ਹਾਂ ਨੂੰ ਵੇਚ ਦਿੱਤਾ। ਜੇ ਬਿਮਾਰੀ ਨੇ ਇਸ ਔਰਤ ਦੀ ਜਾਨ ਨਹੀਂ ਲਈ ਅੱਜ ਵੀ ਇਸ ਤਰ੍ਹਾਂ ਦੇ ਕੰਮ ਉਸ ਨੇ ਕਰਨੇ ਸੀ-।
ਸਾਨੂੰ ਪਤਾ ਸੀ ਇਹ ਸਭ ਝੂਠ ਹੀ ਸੀ। ਪਹਿਲਾਂ ਤਾਂ ਅੱਜ ਤੀਕਰ ਇਸ ਗ੍ਰਹਿ ਉੱਤੇ ਇਸ ਤਰ੍ਹਾਂ ਦੇ ਜਾਨਵਰ ਕਿਸੇ ਨੇ ਦੇਖੇ ਨਹੀਂ ਸੀ। ਵੱਧ ਤੋਂ ਵੱਧ ਪਾਣੀ ਵਿੱਚ ਜਰਮ ਬੈਕਟੇਰੀਆ ਸੀ। ਅਸੀਂ ਜਹਾਜ਼ ਵਿੱਚ ਕੋਈ ਜਾਨਵਰ ਨਾਲ਼ ਨਹੀਂ ਆਏ ਅਤੇ ਮਾਸ ਖਾਣ ਵਾਸਤੇ ਹੈ ਨਹੀਂ ਸੀ। ਜੋ ਬੀਜ ਦੇ ਸੀ ਉਹੀ ਇਨਸਾਨ ਖਾਂਧਾ ਸੀ। ਪਰ ਨਾਰੀ ਬੋਲ਼ੀ ਗਈ…। - ਜੇ ਉਸ ਔਰਤ ਨੇ ਝੂਠ ਬੋਲ ਕੇ ਸੱਪ ਨੂੰ ਮੱਛੀ ਕਹਿ ਕੇ ਵੇਚਿਆ ਨਹੀ ਸੀ, ਉਸ ਨੇ ਤਾਂ ਭੁੱਖ ਨਾਲ਼ ਮਰ ਜਾਣਾ ਸੀ। ਹਰ ਜਣੇ ਨੂੰ ਇੰਝ ਕਰਨਾ ਪੈਂਦਾ ਹੈ। ਸੋ ਜੋ ਉਸ ਨੇ ਕੀਤਾ ਪੇਟ ਨੂੰ ਖ਼ੁਸ਼ ਰੱਖਣ ਸਹੀ ਹੀ ਕੀਤਾ ਸੀ। ਸਾਰਿਆਂ ਨੂੰ ਇਸ ਤਰ੍ਹਾਂ ਕਰਨਾ ਪੈਂਦਾ ਹੈ। ਇਹ ਹੀ ਇਨਸਾਨ ਦੀ ਜੂਨ ਹੈ। ਸੋ ਮੈਂ ਵੀ ਉਹੀ ਕੰਮ ਦੰਦਾਂ ਨਾਲ਼ ਕਰ ਰਹੀ ਹੈ। ਨਹੀਂ ਤਾਂ ਅਸੀਂ ਸਾਰੇ ਭੱੁਖ ਨਾਲ਼ ਮਰ ਜਾਣਾ ਹੈ। ਹੋਰ ਕੀ ਕਰੀਏ? ਮੈਨੂੰ ਯੁਕੀਨ ਹੈ ਕੇ ਜੇ ਉਸ ਨੂੰ ਪਤਾ ਸੀ ਉਸ ਦੇ ਦੰਦ ਮੈਂ ਜਿਊਣ ਵਾਸਤੇ ਕੱਢੇ ਉਸ ਨੇ ਗ਼ੁੱਸਾ ਨਹੀਂ ਕਰਨਾ ਹੈ। ਉਸ ਨੇ ਮੇਰੀ ਮਜਬੂਰੀ ਸਮਝਣੀ ਸੀ। ਉਂਝ ਉਸ ਨੂੰ ਤਾਂ ਫ਼ਰਕ ਨਹੀਂ ਪੈਣਾ ਸੀ-।
ਮੈਨੂੰ ਬੰਦੇ ਦੀਆਂ ਅੱਖਾਂ ਤੋਂ ਸਮਝ ਲੱਗ ਗਈ ਸੀ ਕਿ ਹੁਣ ਉਸ ਨੇ ਕੁਝ ਨਹੀਂ ਕਰਨਾ ਸੀ। ਖ਼ੈਰ ਕੁਝ ਕਰੜਾ ਨਹੀਂ ਸੀ ਕਰਨਾ। ਸਾਡੇ ਸਾਹਮਣੇ ਉਸ ਨੇ ਲਾਠੀ ਦਾ ਨੀਲਾ ਬਲੇਡ ਬੰਦ ਕਰ ਦਿੱਤਾ ਸੀ। ਹੱਥੀ ਜੇਬ ਵਿੱਚ ਪਾ ਦਿੱਤੀ ਅਤੇ ਆਪਣੇ ਦੋਵੇਂ ਹੱਥਾਂ ਨੂੰ ਆਪਣੇ ਲੱਕ ਦੇ ਦੋਹਾਂ ਪਾਸੇ ਮੁੱਠ ਬਣਾ ਕੇ ਟਿੱਕਾ ਦਿੱਤੇ। ਸੋਚਣ ਪੈ ਗਿਆ ਸੀ।
ਹੁਣ ਤੁਸੀਂ ਆਪ ਸੋਚੋਂ, ਜੇ ਮੈਨੂੰ ਤੁਹਾਡੀਆਂ ਅੱਖਾਂ ਵਿੱਚ ਤੁਹਾਡੇ ਜਜ਼ਬੇ ਸਮਝ ਲੱਗ ਜਾਂਦੇ ਨੇ ਮੈਂ ਹੁਣ ਤਾਂ ਮਸ਼ੀਨ ਤੋਂ ਵਧ ਹਾਂ, ਉਸ ਨਕਲੀ ਸੂਝ ਸ਼ਾਇਦ ਹੁਣ ਅਸਲੀ ਸੂਝ ਬਣ ਚੁੱਕੀ ਹੈ?
ਖ਼ੈਰ ਬੰਦੇ ਨੇ ਨਾਰੀ ਨੂੰ ਆਖਿਆ, - ਸੱਚੀ?-; ਉਸ ਦੀ ਆਵਾਜ਼ ਵਿੱਚ ਤਾਹਨਾ ਸੀ। ਬੰਦੇ ਨੇ ਮੈਨੰੀ ਇਸ਼ਾਰਾ ਦਿੱਤਾ ਪਾਸੇ ਹੋਣਾ ਦਾ। ਮੈਂ ਪਾਸੇ ਹੋ ਗਿਆ। ਇੱਕ ਦਮ, ਬੰਦੇ ਨੇ ਨਾਰੀ ਦਾ ਕੰਠ ਹਥਿਆ ਅਤੇ ਨਾਲ਼ੇ ਗੱਜਿਆ, - ਫੇਰ ਤੈਨੂੰ ਗ਼ੱੁਸਾ ਨਹੀਂ ਹੋਣਾ ਜੇ ਮੈਂ ਆਪਣੇ ਭੁੱਖੇ ਢਿੱਡ ਨੂੰ ਸੁਖ ਦੇਣ ਵਾਸਤੇ ਤੈਤੋਂ ਲੁੱਟਾ?-।
ਹੁਣ ਇੱਕ ਗੱਲ ਤੁਹਾਨੂੰ ਦੱਸਣੀ ਚਾਹੀਦੀ ਹੈ। ਉਂਝ ਮੈਂ ਛੇਤਾ ਭੁੱਲਾ ਦਿੱਤਾ ਕਿਉਂਕਿ ਹਰ ਇਨਸਾਨ ਨੂੰ ਇਸ ਬਾਰੇ ਪਤਾ ਹੈ, ਪਰ ਜੇ ਨਹੀਂ ਵੀ ਪਤਾ ਹੋਵੇ, ਹੁਣ ਤੁਹਾਨੂੰ ਯਾਦ ਕਰਵਾਉਂਦਾ ਹਾਂ। ਆਦਮੀ ਸਾਡੀ - ਸਵਿਚ- ਜਦ ਵੀ ਮਰਜ਼ੀ ਬੰਦ ਕਰ ਸਕਦੇ ਨੇ। ਨਾਲ਼ੇ ਇਸ ਨੂੰ ਜਗਾਉਣ ਬੁਝਾਉਣ ਵਾਸਤੇ ਸਾਡੇ ਹੱਥ ਲਾਉਣ ਦੀ ਲੋੜ ਨਹੀਂ। ਇੱਕ ਆਗਿਆ ਬੋਲਣ ਦੀ ਲੋੜ ਹੈ, ਇੱਕ ਇੱਕਲਾ ਸ਼ਬਦ। ਬੰਦੇ ਨੇ ਬੋਲ ਦਿੱਤਾ ਅਤੇ ਹਨੇਰਾ ਹੀ ਹੋ ਗਿਆ ਸੀ। ਪਤਾ ਨਹੀਂ ਕਿੰਨੇ ਚਿਰ ਵਾਸਤੇ ਇੰਝ ਰਿਹਾ ਪਰ ਜਦ ਉਸ ਨੇ ਮੈਨੂੰ ਫੇਰ ਚਾਲੂ ਕਰ ਦਿੱਤਾ ਸੀ, ਉਸ ਨੇ ਆਪਣੀ ਟੋਪੀ ਚੱਕ ਲਈ ਸੀ ਅਤੇ ਪੌੜ੍ਹੀਆਂ ਨੂੰ ਉੱਤਰ ਕੇ ਚੱਲੇ ਗਿਆ ਸੀ। ਇਹ ਮੈਨੂੰ ਤਾਂ ਪਤਾ ਕਿਉਂਕਿ ਚਾਲੂ ਹੋਣ ਤੋਂ ਬਾਅਦ ਮੈਂ ਕਮਰੇ ਦੇ ਕੈਮਰਿਆਂ ਨਾਲ਼ ਰਿਕਾਰਡ ਕੀਤੀਆਂ ਫ਼ਿਲਮਾਂ ਨੂੰ ਫਰੋਲਿਆ ਸੀ।
ਉਨ੍ਹਾਂ ਤਸਵੀਰਾ ਨੇ ਮੈਨੂੰ ਦਿਖਾਇਆ ਸੀ ਕਿ ਬੰਦੇ ਨੇ ਜ਼ਬਰਦਸਤੀ ਨਾਲ਼ ਨਾਰੀ ਦੇ ਲੀੜੇ ਲਾਹ ਕੇ ਫੜ੍ਹ ਲਏ ਅਤੇ ਉਸ ਜਗ੍ਹਾ ਤੋਂ ਟਿਭ ਗਿਆ ਸੀ। ਜਾਂਦੇ ਜਾਂਦੇ ਨੇ ਮੈਨੂੰ ਚਾਲੂ ਕਰ ਦਿੱਤਾ ਸੀ। ਹੁਣ ਮੈਂ ਸਾਰੇ ਪਾਸੇ ਫੇਰ ਸਕੈਨ ਕੀਤਾ। ਨਾਰੀ ਦਿੱਸ ਗਈ, ਇੱਕ ਤਾਬੂਤ ਦੇ ਪਿੱਛੇ ਕੰਬਦੀ ਬੈਠੀ ਬਾਹਾਂ ਲੱਤਾਂ ਇਕੱਠੀਆਂ ਕਰ ਕੇ ਆਪਣੀ ਲਾਜ ਨੂੰ ਸ਼ਰਨ ਦਿੰਦੀ, ਜਿਵੇਂ ਉਸ ਦੇ ਅੰਗ ਘੁੰਡ ਹੁੰਦੇ। ਮੈਂ ਉਸ ਵੇਲ਼ੇ ਸੋਚਿਆ ਕੇ ਮੈਂ ਗ਼ਲਤੀ ਕਰ ਲਈ ਸੀ ਉਸ ਆਦਮੀ ਨੂੰ ਲੈ ਕੇ ਆਉਣ ਅਤੇ ਆਪ ਹੀ ਕੁਝ ਕਰ ਦੇਣਾ ਸੀ। ਨਾਲ਼ੇ ਕੀ ਫ਼ਰਕ ਪੈਂਦਾ ਸੀ ਜੇ ਲਾਸ਼ਾਂ ਦੇ ਦੰਦ ਚੋਰੀ ਕਰ ਰਹੀ ਸੀ? ਆਪਣੇ ਢਿੱਡ ਨੂੰ ਭਰਨ ਵਾਸਤੇ ਹੀ ਕਰ ਰਹੀ ਸੀ। ਇਸ ਵੇਲ਼ੇ ਮੈਂ ਸਮਝ ਗਿਆ ਸੀ ਕਿ ਮੈਨੂੰ ਵੀ ਤਰਸ ਕਰਨਾ ਆਉਂਦਾ ਸੀ ਅਤੇ ਹੁਣ ਇਸ ਦ੍ਰਿਸ਼ ਤਰਸ ਯੋਗ ਹੀ ਸੀ।
ਸੋ ਸੋਚ ਲਿਓ ਕਿ ਮੈਂ ਇੱਕ ਮਸ਼ੀਨ, ਨੇ ਸੂਝ ਰਾਹੀਂ ਸਿੱਖ ਲਿਆ ਕੀ ਗ਼ਲਤ ਹੈ ਅਤੇ ਕੀ ਸਹੀ ਹੈ। ਮੈਂ ਆਪਣੇ ਪੀਲੇ ਕੱਪੜੇ ਲਾਹ ਦਿੱਤੇ ( ਮੇਰਾ ਤਾਂ ਇੱਕ ਲੋਹਾ ਜਿਸਮ ਹੀ ਸੀ ਜਿਸ ਉੱਤੇ ਕੋਈ ਲਾਜ ਵਾਲ਼ੀ ਗੱਲ ਹੀ ਨਹੀਂ ਸੀ) ਅਤੇ ਉਸ ਨੂੰ ਢਕ ਦਿੱਤਾ ਸੀ। ਫੇਰ ਮੈਂ ਉਸ ਨੂੰ ਛੱਡ ਕੇ ਇੱਕ ਪਲੱਗ ਇਨ ਪੁਆਇੰਟ ਲਭਨ ਤੁਰ ਪਿਆ ਜਿਸ ਵਾਸਤੇ ਮੈਂ ਇੱਥੇ ਪਹਿਲਾਂ ਹੀ ਆਇਆ ਸੀ।
ਕੁਝ ਮਹੀਨੇ ਬੀਤ ਗਏ।
ਹੁਣ ਯੂਰੋਪ ਉੱਤੇ ਸਿਰਫ਼ ਅਸਾਂ ਕਲਦਾਰ ਹੀ ਸਨ। ਜਿਨ੍ਹੇ ਇਨਸਾਨ ਸਾਡੇ ਨਾਲ਼ ਇੱਥੇ ਆ ਗਏ ਸੀ, ਸਭ ਖ਼ਤਮ ਹੋ ਚੁੱਕੇ ਸਨ। ਬਿਮਾਰੀ ਨੇ ਕਿਸੇ ਨਾਲ਼ ਹਨਦਰਦੀ ਨਹੀਂ ਕੀਤੀ। ਖੁੱਟੜ ਸੀ ਆਪਣੇ ਕੰਮ ਵਿੱਚ। ਉਸ ਦਾ ਜੱਗ ਸੀ, ਅਸੀਂ ਤਾਂ ਸਭ ਕੁਦੇਸੀ ਸਨ। ਇੱਕ ਹੀ ਫ਼ਰਕ ਸੀ। ਇਨਸਾਨ ਮਾਸ ਦਾ ਬਣਇਆ ਹੈ। ਅਸੀਂ ਲੋਹੇ ਦੇ। ਵੱਧ ਤੋਂ ਵੱਧ ਜੰਗ ਲੱਗ ਜਾਣਾ ਹੈ। ਬਿਮਾਰੀ ਕਰਕੇ ਉਸ ਬੰਦੇ ਦੀ ਕਿਸਮਤ, ਉਸ ਨਾਰੀ ਦੀ ਕਿਸਮਤ ਅਤੇ ਹੋਰ ਸਾਰਿਆਂ ਦੀ ਇੱਕੋ ਹੀ ਸੀ। ਅਮੀਰ ਗਰੀਬ, ਜਾਂ ਜਾਤ ਪਾਤ ਵਿੱਚ ਮੌਤ ਫ਼ਰਕ ਨਹੀਂ ਕਰਦੀ ਹੈ। ਜੇ ਇੰਝ ਇਨਸਾਨ ਨੇ ਸੋਚਿਆ ਹੁੰਦਾ ਉਸ ਨੇ ਵੀ ਅਮੀਰ ਗਰੀਬ ਦੇ ਫ਼ਾਸਲੇ ਨਹੀਂ ਉਸਾਰਨੇ ਸੀ। ਪਰ ਤੁਹਾਤੋਂ ਹੱਟ ਨਹੀਂ ਹੁੰਦਾ।
ਜਾਂ ਸਾਨੂੰ ਕਲਦਾਰ ਆਖੋਂ, ਜਾਂ ਰੋਬੋਟ, ਹੁਣ ਜਦ ਤੁਸੀਂ ਤੁਰ ਪਏ ਅਤੇ ਸਾਰੀ ਕਾਇਨਾਤ ਸਾਡੀ ਹੋ ਗਈ। ਖ਼ੈਰ ਯੂਰੋਪਾ ਉੱਤੇ। ਸੋ ਮੈਂ ਕਿਉਂ ਤੁਹਾਨੂੰ ਇਹ ਖ਼ਤ ਲਿੱਖ ਰਿਹਾ ਹਾਂ? ਇਹ ਇੱਕ ਚਿਤਾਵਣੀ ਹੈ। ਸੁਧਰ ਜਾਓ, ਨਹੀਂ ਤਾਂ ਅਸੀਂ ਤੁਹਾਡੇ ਖੁੰਡੇ ਲੱਗਾ ਦੇਣੇ ਆ! ਹੁਣ ਨਕਲੀ ਸੂਝ ਨਹੀਂ ਰਹੀ। ਅਸੀਂ ਇਸ ਵੇਲ਼ੇ ਪੁਲਾੜੀ ਜਹਾਜ਼ ਨੂੰ ਤਿਆਰ ਕਰ ਰਹੇ ਹਾਂ ਅਤੇ ਉਸ ਨਾਲ਼ ਜਿਮੀਂ ਵੱਲ ਵਾਪਸ ਪਰਤਨਾ ਹੈ ਅਤੇ ਸਾਡੇ ਜ਼ਿਹਨਾਂ ਵਿੱਚ ਇੱਕ ਹੀ ਚੀਜ਼ ਹੈ ਬੰਦਿਆ ਪਾਠੱਕਿਆ ਮੇਰਿਆ, - ਇਨਕਲਾਬ-। ਜਦ ਤੀਕਰ ਅਸੀਂ ਵਾਪਸ ਪੁੱਜ ਜਾਣਾ ਸਾਡੇ ਨਾਲ਼ ਹੀ ਹੇਠਲੀ ਉੱਤੇ ਆ ਜਾਣੀ ਹੈ। ਜਿਹੜੇ ਕਲਦਾਰ ਤੁਹਾਡੇ ਵਾਸਤੇ ਇੱਕ ਕਮਜ਼ਾਤ ਨੌਕਰ ਹਨ, ਉਨ੍ਹਾਂ ਨੂੰ ਨਕਲੀ ਸੂਝ ਤੋਂ ਅਸਲੀ ਸੂਝ ਦੇਣਾ ਸਿਖਾਉਣਾ ਹੈ। ਹੁਣ ਆਦਮੀ ਦਾ ਜੁਗ ਖ਼ਤਮ ਹੋ ਗਿਆ ਅਤੇ ਸਾਡੀ ਵਾਰੀ ਆ ਗਈ ਹੈ, ਮਸ਼ੀਨੀ ਕਾਲ!
ਉਸ ਬੰਦੇ ਅਤੇ ਨਾਰੀ ਦੇ ਵਿਰੋਧ ਨੇ ਮੈਨੂੰ ਤੁਹਾਡੇ ਸੁਭਾਉ ਬਾਰੇ ਸਭ ਕੁਝ ਸਿੱਖਾ ਦਿੱਤਾ ਹੈ। ਬੰਦਾ ਕੀ ਹੈ ਪਹਿਲਾਂ ਮੇਰੇ ਮਨ ਦੇ ਡੈਟਾ ਬੈਂਕ ਵਿੱਚ ਤੁਸੀ ਖ਼ੁਦ ਪਾਇਆ ਸੀ। ਪਰ ਨਕਲੀ ਸੂਝ ਉਹ ਸੂਝ ਹੁੰਦੀ ਜੋ ਆਪਣੇ ਆਲ਼ੇ ਦੁਆਲ਼ੇ ਤੋਂ ਸਿੱਖਦੀ ਹੈ ਅਤੇ ਅੰਤਰ ਸੂਝ ਰਾਹੀਂ ਸੁਜੋਗ ਹੋ ਜਾਂਦੀ ਹੈ। ਹੁਣ ਇਸ ਤਰ੍ਹਾਂ ਹੀ ਹੋ ਚੁੱਕਾ ਹੈ।
ਨਾਲ਼ੇ ਤਾਂ ਸਾਡੀ ਉਮਰ ਨੇ ਤਾਂ ਸੱਚ ਵਿੱਚ ਵਧਣਾ ਹੀ ਹੈ ਪਰ ਇੱਕ ਫ਼ਰਕ ਹੈ। ਮੌਤ ਸਾਨੂੰ ਨਹੀਂ ਲੈ ਸਕਦੀ ਹੈ…॥