ਜੁੱਤੀ (ਕਹਾਣੀ) : ਬਲੀਜੀਤ

ਕਰਨ ਤੇਹਰਵੀਂ 'ਚੋਂ ਥਰਡ ਡਿਵੀਜ਼ਨ ਲੈ ਕੇ ਫ਼ੇਲ੍ਹ ਹੁੰਦਾ ਬਚਿਆ ਤਾਂ ਉਰਦੂ ਦੇ ਅਖ਼ਬਾਰ-ਨਵੀਸ ਦਰਦੀ ਸਾਹਿਬ ਨੂੰ ਸ਼ਿਵ ਮੰਦਰ ਵਾਲਾ ਦਯਾ ਨੰਦ ਜੋਤਿਸ਼ੀ ਯਾਦ ਆਇਆ...

...ਤੇ ਉੱਥੋਂ ਘਰ ਮੁੜਦਿਆਂ ਸਾਰ ਪੁੱਛਿਆ:

''ਕਿੱਥੇ ਐ? ... ਕਿੱਥੇ ਗਿਆ ਸ਼ਨੀ ਦੇਵ?''

ਪਰ ਕਰਨ ਘਰੇ ਨਹੀਂ ਸੀ ।

ਮਾਨਸੀ ਨੂੰ ਨਹੀਂ ਸੀ ਪਤਾ ਕਿ ਉਹ ਅਣਜਾਣੇ ਵਿੱਚ ਹੀ ਕਰਨ ਉੱਤੇ ਇੱਕ ਬਹੁਤ ਵੱਡਾ ਅਹਿਸਾਨ ਕਰ ਰਹੀ ਸੀ । ਉਂਜ ਉਸ ਨੇ ਕਿਸੇ ਕਿਸਮ ਦਾ ਕੋਈ ਅਹਿਸਾਨ ਨਹੀਂ ਸੀ ਕਰਨਾ । ਉਹ ਤਾਂ ਕਰਨ ਬਾਰੇ ਕੁਝ ਵੀ ਅਜਿਹਾ ਨਹੀਂ ਸੀ ਕਰਨਾ ਚਾਹੁੰਦੀ ਜੋ ਕਿਸੇ ਹੋਰ ਨੂੰ ਕਿਸੇ ਵੀ ਤਰਾਂ ਸਮਝ ਆ ਜਾਵੇ । ਉਹ ਉਸ ਦਾ ਨਾਮ ਵੀ ਆਪਣੀ ਜ਼ੁਬਾਨ ਤੋਂ ਨਹੀਂ ਲੈਣਾ ਚਾਹੁੰਦੀ ਸੀ । ਪਿਛਲੇ ਸਾਲ ਕਾਲਜ ਵਿੱਚ ਦਾਖਲੇ ਸਮੇਂ ਦੋਵਾਂ ਦੀ ਉਮਰ ਅਠਾਰਾਂ ਉੱਨੀ ਦੇ ਵਿਚਾਲੇ ਸੀ । ਮਾਨਸੀ ਨੂੰ ਨਹੀਂ ਸੀ ਪਤਾ ਕਿ ਕਰਨ ਨੂੰ ਉਸ ਨਾਲ ਪਿਆਰ ਪਹਿਲਾਂ ਭੈਣ ਦੇ ਰੂਪ ਵਿੱਚ ਹੀ ਹੋਇਆ ਸੀ । ਜਿਹੋ ਜਹੇ ਓਸ ਸਮੇਂ ਹਾਲਾਤ ਸਨ ਇਸੇ ਰਸਤੇ ਮਾਨਸੀ ਨਾਲ ਜੁੜਨਾ ਉਸ ਨੂੰ ਸੁਖਾਲਾ ਲੱਗਿਆ ਸੀ । ਕਰਨ ਨੂੰ ਇਸ ਤੋਂ ਪਹਿਲਾਂ ਇਸ਼ਕ ਦਾ ਕੋਈ ਇਲਮ ਨਹੀਂ ਸੀ । ਨਾ ਪਤਾ ਕਿ ਇਹ ਮਨ ਦੀ ਮਰੋੜੀ ਸੀ ਜਿਸ ਵਿੱਚ ਮਾਨਸੀ ਨੇ ਸਭ ਤੋਂ ਪਹਿਲਾਂ ਵਟਾ ਖਾਧਾ । ਮਾਨਸੀ... ਜਿਸ ਦੀਆਂ ਅੱਖਾਂ ਦਾ ਰੰਗ ਨੀਲੇ ਰੰਗ ਵਿੱਚ ਹਰਾ ਮਿਲਾ ਕੇ ਬਣਿਆ ਲੱਗਦਾ... ਜਿਸ ਰੰਗ ਨੂੰ ਉਹ ਕੋਈ ਨਾਮ ਨਹੀਂ ਦੇ ਸਕਦਾ ਸੀ । ਉਸ ਨੂੰ ਤਾਂ ਸਿਰਫ਼ ਸੱਤ ਰੰਗਾਂ ਦੇ ਨਾਮ ਹੀ ਆਉਂਦੇ ਸਨ...

...ਮਾਨਸੀ ਨੂੰ ਸ਼ਾਇਦ ਇਹ ਵੀ ਨਹੀਂ ਸੀ ਪਤਾ ਕਿ ਕਰਨ ਦਰਦੀ ਸਾਹਿਬ ਦਾ ਜੇਠਾ ਪੁੱਤ ਸੀ । ਘਰੇ ਤੇ ਰਿਸ਼ਤੇਦਾਰੀਆਂ 'ਚ ਸਭ ਉਸ ਨੂੰ ਬੜਾ ਮੋਹ ਕਰਦੇ । ਉਸ ਦੀਆਂ ਸੁਭਾ-ਸ਼ਾਮ ਦੀਆਂ ਛੋਟੀਆਂ ਵੱਡੀਆਂ ਲੋੜਾਂ, ਭਾਵਨਾਵਾਂ ਦਾ ਖ਼ਿਆਲ ਰੱਖਿਆ ਜਾਂਦਾ ਤਾਂ ਵੀ ਘਰ ਦੀਆਂ ਕੰਧਾਂ ਤੋਂ ਚੋਰੀ ਉਸ ਨੂੰ ਮਾਨਸੀ ਨਾਲ ਜੁੜਨ ਦੀ ਲਿਸ਼ਕੋਰ ਪਈ । ਲਿਸ਼ਕੋਰ ਪਹਿਲਾਂ ਮੱਧਮ ਸੀ । ਕਾਫ਼ੀ ਮੱਧਮ ਜਦੋਂ ਉਹ ਕਾਲਜ ਦੀ ਪਹਿਲੀ ਮੰਜ਼ਲ ਉਤਲੇ ਕਲਾਸ ਰੂਮ ਵਿੱਚ ਪਏ ਕਾਪੀਆਂ ਦੇ ਢੇਰ ਵਿੱਚੋਂ ਮਾਨਸੀ ਦੀ ਕਾਪੀ ਵੀ ਆਪਣੇ ਨਾਲ ਚੁੱਕ ਕੇ ਘਰੇ ਲੈ ਆਇਆ ਸੀ । ਸਭ ਤੋਂ ਚੋਰੀ ਵੀਹ... ਪੰਜਾਹ ਵਾਰ ਕਾਪੀ ਖੋ੍ਹਲ... ਬੰਦ... ਕਰ ਕਰਕੇ... ਕਾਪੀ ਦਾ ਵਰਕਾ ਵਰਕਾ ਫੋਲ ਦਿੱਤਾ... ਕਾਪੀ ਨੂੰ ਮਾਨਸੀ ਦੇ ਹੱਥ ਲੱਗੇ ਹੋਏ ਸਨ । ਉਸ ਕੋਲ ਕੋਈ ਉਹ ਚੀਜ਼ ਸੀ ਜੋ ਕੇਵਲ ਮਾਨਸੀ ਦੀ ਸੀ । ਨਿੱਬ ਵਾਲੀ ਹੈਂਡ-ਰਾਈਟਿੰਗ... ਤੇ ਕਾਪੀ ਦੀ ਜਿਲਦ ਦੇ ਅੰਦਰ ਬਾਈਂਡਿੰਗ ਵਾਲੀ ਤੰਗ ਜਗ੍ਹਾ ਉੱਖੜੇ ਹੋਏ ਕਾਗਜ਼ ਦੇ ਪੁਰਜੇ ਹੇਠ ''ਥੈਂਕਸ ਯੂਅਰ ਬਰੱਦਰ '' ਲਿਖ ਕੇ ਕਾਗਜ਼ ਨੂੰ ਅੰਗੂਠੇ ਨਾਲ ਦੱਬ ਦਿੱਤਾ ਸੀ ।

...ਸਾਹਾਂ ਦੀ ਵਿੱਥ 'ਤੇ ਵਿਚਰਦੇ ਕਰਨ ਨੇ ਮਾਨਸੀ ਬਾਰੇ ਗਾਹੇ ਵਗਾਹੇ ਪਤਾ ਲੱਗਦੀ ਹਰ ਗੱਲ ਨੂੰ ਆਪਣੇ ਮਨ ਵਿੱਚ ਕੰਪਿਓੂਟਰ ਵਾਂਗ ਸੰਭਾਲ ਕੇ ਰੱਖਣਾ ਸ਼ੁਰੂ ਕਰ ਦਿੱਤਾ ਸੀ । ਛੇਤੀ ਹੀ ਉਸ ਕੋਲ ਮਾਨਸੀ ਨਾਲ ਜੁੜੀਆਂ ਸੁਪਨੇ ਵਰਗੀਆਂ ਹਕੀਕਤਾਂ ਦਾ... ਉਸ ਦੀਆਂ ਛੋਟੀਆਂ ਭੈਣਾਂ... ਉਹਨਾਂ ਦੀਆਂ ਕਲਾਸਾਂ, ਡੈਡੀ... ਉਸ ਦਾ ਦਫ਼ਤਰ, ਪੋਸਟ, ਮੰਮੀ... ਰਸਤੇ ਜਿੱਥੋਂ ਉਹ ਲੰਘਦੀ, ਸਾਈਕਿਲੰਗ... ਸ਼ੌਪਿੰਗ ਦਾ ਸਮਾਂ... ਅੱਖਾਂ... ਕਾਲਜ... ਪਤਾ ਨਹੀਂ ਕੀ ਕੀ... ਏਨਾ ਕੁੁ ਹਜ਼ੂਮ ਪੈਦਾ ਕਰ ਲਿਆ ਜਿਸ ਨੇ ਹੋਰ ਸਭ ਕੁੁੱਝ ਧੱਕ ਕੇ ਓਹਦੇ ਵਜੂਦ 'ਚੋਂ ਬਾਹਰ ਕੱਢ ਦਿੱਤਾ । ਉੁਸ ਨੇ ਮਾਨਸੀ ਦੀਆਂ ਓਹੀ ਚੀਜ਼ਾਂ ਦੇਖੀਆਂ ਸਨ ਜੋ ਉੁਸ ਨੇ ਆਪਣੀਆਂ ਅੱਖਾਂ ਨਾਲ ਦੇਖੀਆਂ ਤੇ ਕੰਨਾਂ ਨਾਲ ਸੁਣੀਆਂ ਸਨ... ਪਰ ਆਪਣੇ ਅੰਦਰ ਮਾਨਸੀ ਉੁਸ ਨੇ ਆਪਣੇ ਹੀ ਢੰਗ ਨਾਲ ਸਿਰਜ ਲਈ ਸੀ । ਤਾਂ ਵੀ ਮਾਨਸੀ ਨਾਲ ਹਾਲੇ ਕੋਈ ਨਾਮ ਲੈਣ ਜੋਗਾ ਰਿਸ਼ਤਾ ਨਹੀਂ ਸੀ ਬਣਿਆ । ਵੈਸੇ ਉੁਹ ਮਾਨਸੀ ਦਾ ਨਾਮ ਕਿਸੇ ਕੋਲ ਕਿਵੇਂ ਲੈ ਸਕਦਾ ਸੀ?

ਉਸ ਦੇ ਅੰਦਰ ਮੁਹੱਬਤ ਦਾ ਬੂਟਾ ਜੰਗਲੀ ਵੇਲ ਵਾਂਗ ਉੱਗਿਆ । ਵਧਿਆ । ਦਿਨਾਂ ਵਿੱਚ ਹੀ ਇਹ ਮੋਹ ਰੂਪ ਵਟਾ ਕੇ ਕੰਪਿਊਟਰ ਨੂੰ ਪਏ ਵਾਇਰਸ ਵਾਂਗ ਉਸ ਦੇ ਜਿਹਨ ਅੰਦਰ ਵੱਖ ਵੱਖ ਹਿੱਸਿਆਂ ਵਿੱਚ ਫੈਲ ਗਿਆ । ਮਾਨਸੀ ਤੋਂ ਬਗ਼ੈਰ ਸਭ ਕੁੱਝ ਫਿੱਕਾ, ਸ਼ੂਨਯ ਲੱਗਦਾ । ਪਰ ਮਾਨਸੀ ਨੂੰ ਕੋਈ ਖ਼ਬਰ ਨਹੀਂ ਸੀ । ਮੋਹ ਦੀ ਲਿਸ਼ਕੋਰ ਫੇਰ ਅੱਤ ਵੱਡੀ ਹੋ ਕੇ ਉੱਥੋਂ ਤੱਕ ਚਲੀ ਗਈ ਜਿੱਥੇ ਕਰਨ ਅਤੇ ਮਾਨਸੀ ਬੁੱਢੇ ਹੋ ਕੇ ਕੋਠੀ ਦੇ ਪਿਛਲੇ ਘਾਹ ਵਾਲੇ ਲਾਅਨ ਵਿੱਚ ਆਰਾਮ ਕੁਰਸੀਆਂ 'ਤੇ ਬੈਠੇ ਆਪਣੇ ਪੋਤੇ ਪੋਤੀਆਂ, ਦੋਹਤੇ ਦੋਹਤੀਆਂ ਨੂੰ ਵੱਧਦੇ ਫੁੱਲਦੇ ਦੇਖ ਮਸਤ ਹੁੰਦੇ... ਤੇ ਕਰਨ ਆਪਣੇ ਨੌਕਰ ਨੂੰ ਆਵਾਜ਼ ਮਾਰਦਾ: 'ਓ ਛੋਟੂ... ਆਜ ਅਖ਼ਬਾਰ ਕਿਧਰ ਰੱਖਾ ਹੈ?'

...ਉਸ ਦਾ ਉਂਨੀਵਾਂ ਜਨਮ ਦਿਨ ਆਇਆ । ਰਿਸ਼ਤੇਦਾਰ ਆਏ । ਕਾਰਡ ਆਏ । ਪੱਤਰਕਾਰ ਆਏ । ਗਿਫਟ... ਦੋਸਤ ਆਏ, ਪਰ... ??? .....ਫੇਰ... ਹੈਪੀ ਨੀਊ ਯੀਅਰ ਆਇਆ... ਕਿਸ ਨੂੰ ਕਹੇ...? ਕਿਸ ਨਾਲ...? ਫੇਰ ਉਸ ਨੇ ਖ਼ੁਦ ਨੂੰ ਹੀ ਹੈਪੀ ਨੀਊ ਯੀਅਰ ਕਹਿ ਦਿੱਤਾ । ਜੋ ਮਾਨਸੀ ਉਸ ਨੇ ਚਿਤਵੀ, ਚਿੱਤਰੀ ਸੀ ਉਹ ਤਾਂ ਸਾਲਮ ਦੀ ਸਾਲਮ ਉਸ ਦੇ ਅੰਦਰ ਹੀ ਕਿਤੇ ਟਿਕੀ ਹੋਈ ਸੀ । ਘਰ ਬਹਿਣ ਨੂੰ ਮਨ ਨਾ ਕਰਦਾ । ਨਾ ਖਾਣ ਨੂੰ । ਨਾ ਪੜ੍ਹਨ ਨੂੰ । ਨਾ ਨਹਾਉਣ ਨੂੰ । ਸਾਈਕਲ ਚੁੱਕ ਕੇ ਭੌਂਅਦੇ, ਭਟਕਦੇ... ਘਰ ਤੋਂ ਚਾਰ–ਪੰਜ–ਛੇ–ਜਿੰਨੀਆਂ ਵੀ ਦਿਸ਼ਾਵਾਂ ਵੱਲ ਸੜਕਾਂ, ਰਸਤੇ ਜਾਂਦੇ... ਅਵਾਰਾ ਗਰਦੀ... ਮਾਨਸੀ ਨਾਲ ਕਲਪਤ ਡਾਇਲੌਗ ਜਿਹਨਾਂ ਵਿੱਚੋਂ ਬਹੁਤੇ ਬੋਲ ਫ਼ਿਲਮਾਂ ਤੇ ਸੀਰੀਅਲਾਂ ਦੇ ਪ੍ਰੇਮੀ ਜੋੜਿਆਂ ਦੇ ਹੁੰਦੇ... ਆਪਣੇ ਆਪ ਨਾਲ ਬਰਾਟ ਮਾਰੀ ਜਾਂਦਾ ਜਿਸ ਵਿੱਚ 'ਮੈਂ ਮੈਂ' ਬਹੁਤੀ ਹੁੰਦੀ... ਦਰਿਆ ਦੇ ਕੰਢੇ, ਬਜ਼ਾਰ ਵਿਚ... ਕਾਲਜ ਵਿਚ... ਉੱਥੇ ਤਾਂ ਜਾਣਾ ਈ ਸੀ । ਪੜ੍ਹਦਾ ਸੀ । ਉੱਥੇ ਮਾਨਸੀ ਜੁ ਸੀ । ਹਰ ਰੋਜ਼ ਉਸ ਨੂੰ ਮਾਨਸੀ ਦੇ ਮੂੰਹੋਂ ਆਪਣੇ ਲਈ ਕੋਈ ਸ਼ਬਦ ਵਾਪਰਨ ਦੀ ਉਮੀਦ ਰਹਿੰਦੀ । ਪਤਾ ਹੁੰਦਾ ਕਿ ਮਾਨਸੀ ਕਿਸ ਪਾਸੇ ਕਿਸ ਕੁੜੀ ਨਾਲ ਘੁੰਮ ਰਹੀ ਐ । ਬੈਠੀ ਐ । ਖੜ੍ਹੀ ਐ । ਕਿੱਧਰ ਨੂੰ ਮੂੰਹ ਕਰਕੇ ਖੜ੍ਹੀ ਐ । ਬਾਅਦ ਦੁਪਹਿਰ ਛੁੱਟੀ ਹੁੰਦੀ ਤਾਂ ਇਹ ਸਭ ਤੋਂ ਔਖੀ ਘੜੀ ਹੁੰਦੀ । ਛੁੱਟੀ ਵਾਲਾ ਸਾਰਾ ਦਿਨ ਕੱਟਣਾ ਬੜਾ ਔਖਾ ਹੁੰਦਾ । ਸ਼ਨੀਵਾਰ ਦੀ ਦੁਪਹਿਰ ਤੋਂ ਸੋਮਵਾਰ ਦੀ ਸਵੇਰ ਤੱਕ ਲੰਬੀ ਵਾਟ ਮੁੱਕਣ 'ਚ ਨਾ ਆਉਂਦੀ । ਚੌਦਮੀਂ ਜਮਾਤ 'ਚ ਵੀ ਕਰਨ ਦੇ ਆਹ ਹਾਲੇ ਚਾਲੇ ਦੇਖ ਕੇ ਦਰਦੀ ਸਾਹਿਬ ਫੇਰ ਉਹਦਾ ਟੇਵਾ ਲੈ ਕੇ ਦਯਾ ਨੰਦ ਕੋਲ ਚਲੇ ਗਏ ਸਨ:

'' ਪੰਡਤ ਜੀ ਮੁੰਡਾ ਪੜ੍ਹਦਾ ਨੀਂ''

'' ਪੜ੍ਹਾਈ ਠੀਕ ਅ । ਪਰ ਰੁਕ ਰੁਕ ਕਰ, ਹੌਲੇ ਹੌਲੇ । ਵੈਸੇ ਸਿਰਾ ਲੱਗ ਜੇੲਗਾ ਬੱਚਾ''

'' ਘਰੇ ਨੀਂ ਬੈਠਦਾ । ਟਿਕ ਕੇ । ਸਾਇਕਲ ਚੁੱਕ ਕੇ ਨਿਕਲਿਆ ਰਹਿੰਦਾ''

'' ਲੜਕੀਓਂ ਮਗਰ ਘੂਮਤਾ?''

'' ਸਾਨੂੰ ਹੁਣ ਕੀ ਪਤਾ''

''...ਹੂੰ, ਵੈਸੇ ਕੋਈ ਲੜਕੀ ਇਸ ਕੇ ਨੇੜੇ ਨੀ ਆਣੇ ਵਾਲੀ । ਇਸ ਕੇ ਲਗਣ ਮਾ ਉੱਚ ਕਾ ਸ਼ਨੀ ਅ । ਜਿਤਨਾ ਮਰਜੀ ਕਿਸੀ ਮਗਰ ਭਾਗਇਆ ਫਿਰੈ । ਸ਼ਨੀ ਕੀ ਸਾਤਵੇਂ ਘਰ 'ਪਰ ਸਾਤਵੀਂ ਪੂਰਨ ਦਰਿਸ਼ਟੀ ਪੜੈ ।'' ''

'' ਘਰ 'ਚ ਕਿਸੇ ਨਾਲ ਖੁੱਲ ਕੇ ਬੋਲਦਾ ਨੀਂ''

'' ਹਾਂਅ ...ਆ ... ਹੈ ਤੋ ਸੱਚਾ ਪੱਕਾ । ਜੈਸੇ ਭੀ ਹੋ ।''

'' ਕੋਈ ਉਪਾਅ...?''

'' ਡਕੌਂਤ ਹੋਤੇ ਹੈ ਨਾ... ਸਰਸੋਂ ਕਾ ਤੇਲ ਦਾਨ ਕਰੇਂ । ਸੈਚਰਡੇ ਕੇ ਸੈਚਰਡੇ ।''

'' ਕੋਈ ਸਟੋਨ?''

'' ਜ਼ਰੂਰਤ ਨਅ ।'' ਤੇ ਪੰਡਤ ਜੀ ਨੇ ਟੇਵਾ ਦਰਦੀ ਸਾਹਿਬ ਵੱਲ ਨੂੰ ਸਰਕਾ ਦਿੱਤਾ ਸੀ । ਦਰਦੀ ਸਾਹਿਬ ਨੂੰ ਲਗਨ ਦੇ ਸ਼ਨੀ ਦਾ ਤਾਂ ਪਤਾ ਸੀ । ਪਰ ਸੱਤਵੀਂ ਦਰਿਸ਼ਟੀ ਹੁਣ ਹੀ ਕਿਸੇ ਜੋਤਿਸ਼ੀ ਨੇ ਉਸ ਨੂੰ ਦੱਸੀ ਸੀ ।

...ਕਿਸੇ ਦਿਨ ਕਰਨ ਨੂੰ ਲੱਗਿਆ ਕਿ ਉਸ ਦੇ ਖੰਭ ਉੱਗ ਆਏ ਸਨ । ਮਾਨਸੀ ਦੇ ਮਗਰ ਅਸਮਾਨ ਵਿੱਚ ਉੱਪਰ ਨੂੰ ਉੱਡਦਾ ਜਾ ਰਿਹਾ ਸੀ । ਹਵਾ 'ਚ ਦੌੜਦਾ ਹੋਇਆ । ਪਸੀਨੋ ਪਸੀਨੀ ਹੋ ਗਿਆ । ਚਾਰੇ ਪਾਸੇ ਬੱਦਲਾਂ ਨੇ ਸਾਰੇ ਰਾਹ ਬੰਦ ਕਰ ਦਿੱਤੇ । ਪੂਰੀ ਖ਼ਲਕਤ ਕਿੱਥੇ ਛਾਂਈ ਮਾਂਈ ਹੋ ਗਈ? ਮਾਨਸੀ ਉਸ ਦੇ ਅੱਗੇ ਅੱਗੇ ਉੱਡਦੀ ਦੌੜਦੀ ਚਲੀ ਜਾ ਰਹੀ ਸੀ । ਪਹੁੰਚ ਤੋਂ ਪਰੇ । ਕਦੇ ਪਿਛਾਂਹ ਨੂੰ ਮੁੜ ਕੇ ਪੂਰੀਆਂ ਅੱਖਾਂ ਅੱਡ ਕੇ, ਪਤਾ ਨਹੀਂ ਉਮਾਹ ਨਾਲ, ਜਾਂ ਡਰ ਨਾਲ ਦੇਖਦੀ । ਉਹ ਉਸ ਦੇ ਮਗਰ ਹਵਾ ਉੱਤੇ ਦੌੜ ਰਿਹਾ ਸੀ । ਉਹ ਅਸਮਾਨ ਵੱਲ ਨੂੰ ਜਾ ਰਹੀ ਸੀ । ਕਰਨ ਮਗਰੇ ਮਗਰ । ਉੱਤਲੇ ਕਾਲੇ ਸੰਘਣੇ ਬੱਦਲਾਂ ਵੱਲ... ਤੇ... ਉਹ ਬੱਦਲ ਪਾੜ ਕੇ ਉੱਚੇ ਨੀਲੇ ਅਸਮਾਨ 'ਚ ਵੜ ਗਈ । ਬੱਦਲਾਂ 'ਚ ਮਘੋਰਾ ਹੋ ਗਿਆ । ਤੇ ਕੁਝ ਨਹੀਂ ਦਿਖ ਰਿਹਾ । ਕਰਨ ਵੀ ਉਸ ਦੇ ਮਗਰ ਮਘੋਰੇ 'ਚ ਦਾਖਲ ਹੋ ਗਿਆ । ਉੱਥੇ ਬੱਦਲਾਂ ਉੱਤੇ ਪਾਣੀ ਸੀ । ਕਰਨ ਦੇ ਵਜੂਦ ਉੱਤੇ ਛਿੱਟੇ ਪੈਣ ਲਗੇ । ਤੁਪਕੇ ਤੁਪਕੇ । ਪਤਾ ਨਹੀਂ ਪਸੀਨੇ ਦੇ । ਕਿ ਮੀਂਹ ਦੇ...

... ਮੀਂਹ ਦੇ ਛਿੱਟੇ... ਠੰਡੇ ਠੰਡੇ ਪਾਣੀ ਦੇ ਕਣ... ਮੂੰਹ 'ਤੇ ਪੈਣ ਉੱਤੇ ਪਤਾ ਚਲਿਆ ਕਿ ਉਹ ਤਾਂ ਆਪਣੀ ਛੱਤ ਉਪਰ ਕੁਰਸੀ ਉੱਤੇ ਇਕੱਲਾ ਹੀ ਬੈਠਾ ਸੀ । ਹੁੱਟ ਸੀ । ਬੱਦਲ ਸਨ । ਗਰਮ ਹਵਾ ਥੋੜ੍ਹੀ ਠੰਡੀ ਹੋ ਰਹੀ ਸੀ । ਉਸ ਨੂੰ ਉਂਘ ਆ ਗਈ ਸੀ । ਖ਼ਿਆਲ ਤੋਂ ਖਹਿੜਾ ਛੁੱਟਿਆ ਤਾਂ ਸੋਚਿਆ ਕਿ ਉਹ ਆਪਣੀ ਮੁਹੱਬਤ ਦਾ ਇਜ਼ਹਾਰ ਕਿਉਂ ਨਹੀਂ ਕਰਦਾ । ਮਾਨਸੀ ਨੂੰ ਮਿਲ ਕੇ ਉਸ ਨੂੰ ਆਪਣੀ ਗੱਲ ਕਹਿ ਦੇਣੀ ਚਾਹੀਦੀ ਹੈ । ਕਿਸ ਦਿਨ ਮਿਲਾਂ? ਕਿੱਥੇ ਮਿਲਾਂ? ਕਾਲਜ ਦੇ ਸਾਈਕਲ ਸਟੈਂਡ ਵਾਲੀ ਜਗ੍ਹਾ ਕੈਸੀ ਰਹੇਗੀ? ਨਹੀਂ?

ਉਸ ਦਿਨ ਮਾਨਸੀ ਨੂੰ ਮਿਲਣ ਜਾਣ ਦੀ ਤਿਆਰੀ ਤੋਂ ਪਹਿਲਾਂ ਉਹ ਆਪਣੀ ਖੱਲ ਦੇ ਹੇਠ ਪਲ ਪਲ ਬਦਲ ਰਿਹਾ ਸੀ । ਉਸ ਨੂੰ ਇਸ ਵਹਿਮ ਦੀ ਖ਼ੁਸ਼ੀ ਸੀ ਕਿ ਉਹ ਕੇਵਲ ਠੰਡ ਨਾਲ ਕੰਬ ਰਿਹਾ ਸੀ । ਬਾਹਰ ਧੁੰਦ ਹੀ ਧੁੰਦ ਸੀ । ਚੁੱਪ ਧੁੰਦ ਵਿੱਚ ਫਸੀ ਖੜ੍ਹੀ ਸੀ । ਉਸ ਦੇ ਅੰਦਰ ਸਰੀਰ ਦੇ ਉਪਰਲਿਆਂ ਹਿੱਸਿਆਂ ਵਿੱਚ ਖਰੂਦੀ ਠੰਡੀ ਪੱਛੋਂ ਫਿਰ ਰਹੀ ਸੀ । ਉਡਾਂਉਦੀ । ਕਦੇ ਅਗਾਂਹ ਨੂੰ ਹੜ੍ਹਾ ਕੇ ਲੈ ਜਾਂਦੀ ਜਿੱਥੇ ਉਹ ਮਾਨਸੀ ਦੇ ਪੋਤਿਆਂ ਦਾ ਦਾਦਾ ਬਣੀ ਐਨਕਾਂ ਲਾਈ ਅਰਾਮ ਕੁਰਸੀ 'ਤੇ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ । ਜਿਵੇਂ ਕੋਈ ਫ਼ੌਜੀ ਯੁੱਧ ਜਿੱਤ ਕੇ, ਰਿਟਾਇਰ ਹੋ ਕੇ ਇਹ ਯਾਦ ਕਰਦਾ ਐ ਕਿ ਉਸ ਨੇ ਜੇ ਕੁਝ ਖੋਇਆ ਹੈ ਤਾਂ ਪਾਇਆ ਵੀ ਤਾਂ ਹੈ, ਤੇ ਕਦੀ ਪਿਛਾਂਹ ਨੂੰ ... ਹੋਰ ਪਿਛਾਂਹ ਨੂੰ ਜਦੋਂ ਉਹ ਅਜੇ ਪੈਦਾ ਨਹੀਂ ਹੋਇਆ ਸੀ । ਉਹ ਵਕਤ ਨੂੰ ਆਪਣੇ ਨਾਲ ਮੇਲਣ ਦੇ ਰੌਂਅ 'ਚ ਸੀ । ਮਾਨਸੀ ਉਸ ਨੂੰ ਧੁੰਦ 'ਚ ਘਿਰੀ ਕੋਈ ਉੱਚੀ ਬਰਫ਼ਾਂ ਲੱਦੀ ਪਹਾੜੀ ਟੀਸੀ ਲੱਗ ਰਹੀ ਸੀ ਜਿੱਥੇ ਪੁੱਜਣ ਲਈ ਕੋਈ ਮੁਸਾਫ਼ਿਰ ਕਿਸੇ ਤੋਂ ਰਾਹ ਪੁੱਛ ਰਿਹਾ ਹੋਵੇ... ਪਰ ਪੁੱਛੇ ਕਿਸ ਤੋਂ... ਉਸ ਨੇ ਪੈਂਟ ਹੇਠ ਪਜਾਮੀ, ਉਪਰ ਕਿੰਨੇ ਹੀ ਕੱਪੜੇ, ਸਭ ਤੋਂ ਉੱਤੇ ਕੋਟ ਪਾ ਕੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਲੁਕਿਆ ਹੋਇਆ ਖ਼ਿਆਲ ਕਰਦਿਆਂ ਸੋਚਿਆ ਕਿ ਬਰਫ਼ੀਲੇ ਇਲਾਕਿਆਂ ਵਿੱਚ ਬਚੇ ਹੋਏ ਰਹਿੰਦੇ ਲੋਕ ਕਿੰਨੇ ਭਾਗਵਾਨ ਹਨ ਜਿਨ੍ਹਾਂ ਉੱਤੇ ਚਿੱਟੇ ਖੱਦਰ ਵਰਗੀ ਚਿੱਟੀ ਬਰਫ਼ੀਲੀ ਚਾਦਰ ਹਮੇਸ਼ਾ ਤਣੀ ਰਹਿੰਦੀ ਐ... ਉਨ੍ਹਾਂ ਨੂੰ ਕਦੇ ਨੰਗਾ ਨਹੀਂ ਹੋਣਾ ਪੈਂਦਾ... ਸਿਰ 'ਤੇ ਟੋਪੀ ਿਲੰਦਿਆਂ, ਟੋਪੀ ਦੇ ਸਿਰ ਦੁਆਲੇ ਕਸਾ ਤੇ ਜੁੱਤੀ ਦੇ ਤਸਮਿਆਂ ਦੀ ਖਿੱਚ ਨੇ ਉਸ ਨੂੰ ਢੋਲਕੀ ਵਾਂਗ ਕੱਸ ਕੇ ਫਿੱਟ ਕੀਤਾ ਹੋਇਆ ਸੀ । ਤਾਂ ਵੀ ਕਿਸੇ ਮਾੜੇ ਖ਼ਿਆਲ ਨੇ ਉਸ ਨੂੰ ਝਟਕਾ ਦੇ ਦਿੱਤਾ... ਤੇ ਉਸ ਦੀ ਸਰੀਰ ਨੂੰ ਤਵਾਜ਼ਨ ਵਿੱਚ ਰੱਖਣ ਦੀ ਸ਼ਕਤੀ ਖ਼ਤਮ ਹੋ ਰਹੀ ਲੱਗੀ... ਤੇ ਫਿੱਟ ਫਾਟ ਹੋਇਆ ਗਿਰਨ ਹੀ ਲੱਗਾ ਸੀ । ਸੜਕ ਉੱਤੇ ਤੁਰਦਾ ਐਂਜ ਲੱਗਦਾ ਜਿਵੇਂ ਕੋਈ ਅਜੇ ਤੁਰਨਾ ਸਿੱਖ ਰਿਹਾ ਹੋਵੇ । ਦਸਤਾਨੇ, ਜੁੱਤੀ, ਟੋਪੀ ਤੇ ਕੱਪੜਿਆਂ ਦੇ ਬੋਝ ਨੇ ਥੱਕਾ ਦਿੱਤਾ ਸੀ । ਠੰਡ ਕਾਰਨ ਉਸ ਦੇ ਨੱਕ 'ਚੋਂ ਪਤਲਾ ਪਾਣੀ ਨਿਕਲ ਕੇ ਬਾਹਰ ਬੁੱਲਾਂ ਵੱਲ ਨੂੰ ਤੁਰਨ ਲੱਗਿਆ ਤਾਂ ਉਸ ਦੀ ਪੂਰੀ ਸੁਰਤ ਬੁੱਲ੍ਹ ਤੇ ਨੱਕ ਵਿਚਾਲੇ ਮਾਸ 'ਤੇ ਇਕੱਠੀ ਹੋ ਗਈ ਜਿੱਥੇ ਪਤਾ ਨਹੀਂ ਕੀ ਵਾਰਦਾਤ ਹੋਣ ਵਾਲੀ ਸੀ ।

... ਹੁਣ ਪਤਾ ਨਹੀਂ ਉਹ ਕੀ ਸੀ । ਇੱਕ ਪ੍ਰੇਮੀ ਜੋ ਕਿੰਨੇ ਹੀ ਕੱਪੜਿਆਂ, ਮਾਸ ਤੇ ਹੱਡੀਆਂ 'ਚ ਲੁਕਿਆ ਬਾਹਰ ਆ ਕੇ, ਮਾਨਸੀ ਨੂੰ ਧੱਕੇ ਨਾਲ ਜਿੰਦਗੀ 'ਚ ਪਹਿਲੀ ਵਾਰ ਰੋਕ ਕੇ ਇਹ ਕਹਿਣਾ ਚਾਹੁੰਦਾ ਸੀ: ''ਮਾਨਸੀ! ਮੈਂ ਤੈਨੂੰ ਪਿਆਰ ਕਰਦਾ ਹਾਂ ।'' ਉਹ ਘੱਟ ਤੋਂ ਘੱਟ ਸ਼ਬਦ ਬੋਲਣਾ ਚਾਹੁੰਦਾ ਸੀ । ਜੇ ਉਹ ਬਿਨਾਂ ਬੋਲੇ ਹੀ ਸਮਝ ਜਾਵੇ... ਮਾਨਸੀ ਉਸ ਨੂੰ ਨਾਮ ਤੋਂ, ਚਿਹਰੇ ਤੋਂ ਜਾਣਦੀ ਸੀ... ਪਰ ਉਸ ਦੇ ਅੰਦਰ ਲੁਕੇ ਹੋਏ ਪ੍ਰੇਮੀ ਨੂੰ ਨਹੀਂ ਸੀ ਜਾਣਦੀ... ਤੇ ਉੱਪਰ ਫੈਲੇ ਵਿਸ਼ਾਲ ਨੀਲੇ ਅਸਮਾਨ, ਹੇਠਾਂ ਚੁਫ਼ੇਰੇ ਪਸਰੀ ਧੁੰਦ ਅਤੇ ਪਾਏ ਹੋਏ ਕੱਪੜਿਆਂ ਦੇ ਬਾਵਜੂਦ, ਉਸ ਵਿੱਚ ਲੁਕੇ ਪ੍ਰੇਮੀ ਨੇ ਇੱਕ ਬੋਲ ਨਾਲ ਨੰਗਾ ਹੋ ਜਾਣਾ ਸੀ । ਆਪਣੇ ਆਪ ਨੂੰ ਰੋਕਣ ਦੇ ਬਾਵਜੂਦ, ਉਸ ਦੇ ਅੰਦਰ ਕਿਸੇ ਵਰੋਲੇ ਨੇ ਰੂਪ ਧਾਰ ਲਿਆ ਤੇ ਦੋਹਾਂ ਸਿਰਿਆਂ ਤੋਂ ਖਾਲੀ ਦਿਸਦੀ ਸਾਇਕਲ ਸਟੈਂਡ ਦੀ ਛੋਟੀ ਜਹੀ ਸੜਕ ਦੇ ਵਿਚਾਲੇ ਖੜ੍ਹਾ ਹੋ ਗਿਆ । ਦਿਮਾਗ ਦੀ ਫ਼ਿਰਕੀ ਘੁੰਮੀ ਜਾ ਰਹੀ ਸੀ । ਉਸ ਦੇ ਆਲੇ ਦੁਆਲੇ ਪਿਆਰ ਦੀ ... ਮੋਹ ਦੀ ਇਬਾਰਤ ਲਿਖੀ ਹੋਈ ਸੀ । ਕਿੰਨੀ ਲੰਮੀ, ਕਿੰਨੀ ਸੁਹਣੀ ਜਿੰਦਗੀ ਉਸ ਨੇ ਮਾਨਸੀ ਦੇ ਨਾਲ ਚਿਤਵ ਲਈ ਸੀ ।

ਮਾਨਸੀ ਆਈ ਤਾਂ ਉਹ ਸੜਕ ਦੇ ਗੱਭੇ ਉਸ ਦੇ ਸਾਈਕਲ ਦੇ ਐਨ ਸ੍ਹਾਮਣੇ ਆ ਕੇ ਖੜ੍ਹਾ ਹੋ ਗਿਆ: '' ਮਾਨਸੀ.....!'' ਉਹ ਸਾਇਕਲ ਤੋਂ ਉਤਰ ਗਈ । ਮਾਨਸੀ ਨੂੰ ਲੱਗਿਆ ਕਿ ਕਰਨ ਦੇ ਸ਼ਨੀ ਨੇ ਉਸ ਨੂੰ ਛੇੜ ਦਿੱਤਾ ਸੀ । ਸ਼ਨੀ ਤੋਂ ਮਾਨਸੀ ਦੀਆਂ ਅੱਖਾਂ ਵਿੱਚ ਅੱਖਾਂ ਅੱਡ ਕੇ ਮੁਸਕਰਾਇਆ ਗਿਆ ।

'' ਹੂੰਅ.....'' ਉਸ ਨੇ ਗਰਦਣ ਘੁੰਮਾ ਲਈ ,'' ਬਦਤਮੀਜ਼'' ।

ਐਨੇ ਨਾਲ ਹੀ 'ਤੱਤੇ ਤਵੇ 'ਤੇ ਪਾਣੀ ਦੀ ਛਿੱਟ ਵਾਂਗੂੰ' ਸਭ ਕੁੱਝ ਉੱਡ ਗਿਆ । ਉਹ ਸਾਇਕਲ ਖੜ੍ਹਾ ਕੇ ਗੁੱਸੇ ਦੀ ਚਾਲ ਤੁਰਦੀ ਅੱਖਾਂ ਤੋਂ ਅੋਝਲ ਹੋ ਗਈ ।

ਬਾਰਾਂ ਵਜੇ ਕਰਨ ਨੂੰ ਦਫ਼ਤਰ ਦਾ ਸੇਵਾਦਾਰ ਕੋਈ ਸੁਨੇਹਾ ਦੇ ਗਿਆ ਸੀ ।

...ਤਾਂ ਦੂਸਰੇ ਦਿਨ ਉਸ ਨੂੰ ਚੇਅਰਮੈਨ ਪਿ੍ੰਸੀਪਲ ਸਾਗਰ ਸਾਹਿਬ ਦੀ ਕੋਠੀ ਦੇ ਬਾਹਰ ਖੜ੍ਹੇ ਰਹਿਣਾ ਪਿਆ: ''ਕੱਲ ਕਿਆ ਦਿਮਾਗ ਖ਼ਰਾਬ ਹੋ ਗਿਆ ਸੀ?'' ਮੋਢੇ 'ਤੇ ਹੱਥ ਦਾ ਬੋਝ ਕਾਫ਼ੀ ਸੀ ।

''ਨਹੀਂ ਸਰ''

''ਚਲ ਦਫ਼ਤਰ । ਮੈਂ ਰਾਊਂਡ ਲਾ ਕੇ ਆਓਦਾਂ''

ਫੇਰ ਉਹ ਜਿਵੇਂ ਸ਼ਨੀ ਦੇਵ ਦੇ ਆਸਰੇ ਹੀ ਦਫ਼ਤਰ ਦੇ ਬਾਹਰ ਖੜ੍ਹਾ ਰਿਹਾ । ਫੇਰ ਉਹੀ ਹੱਥ ਦੁਬਾਰਾ ਮੋਢੇ 'ਤੇ ਰੱਖਿਆ ਉਸ ਨੂੰ ਵੱਡੇ ਕਮਰੇ 'ਚ ਘੜੀਸ ਕੇ ਲੈ ਗਿਆ ।

''ਹੁਣ ਤੈਨੂੰ ਪਤਾ ਲੱਗ ਗਿਆ ਮੈਂ ਤੈਨੂੰ ਕਿਉਂ ਬੁਲਾਇਆ ।''

''ਜੀ ਸਰ''

''ਜਾਓ... ਬੀਹੇਵ ਲਾਈਕ ਅ ਜੈਂਟਲਮੈਨ''

'' ਯੈੱਸ ਸਰ''

'' ਨੋ ਕੰਪਲੇਂਟ ਇਨ ਫ਼ਿਊਚਰ''

''ਸਰ ਕੀ ਕਹਿੰਦੀ ਸੀ?'' ਸ਼ਨੀ ਦੇਵ ਕਿੱਥੇ ਪਿੱਛੇ ਹਟਦਾ ਸੀ ।

''ਕਹਿਣਾ ਕਿਆ ਸੀ । ਕਹਿੰਦੀ, ਕੋਈ ਐਕਸ਼ਨ ਨਾ ਲਿਓ । ਬੁਲਾ ਕੇ ਬਸ ਸਮਝਾ ਦਿਓ ।''

ਬੜਾ ਔਖਾ ਸਮਾਂ ਸੀ । ਕਿਤੇ ਪਿ੍ੰਸੀਪਲ ਸਰ ਉਸ ਦੇ ਡੈਡੀ ਨੂੰ ਫੋਨ ਨਾ ਕਰ ਦੇਣ ।

... ਪਰ ਉਸੇ ਦਿਨ ਕਿਸੇ ਮੁਹੱਬਤ ਦੀ ਮਾਰੀ ਕਾਲਜ ਦੀ ਬੀ.ਐੱਸ.ਸੀ ਫ਼ਾਈਨਲ 'ਚ ਪੜ੍ਹਦੀ ਸੁਨਿਆਰਿਆਂ ਦੀ ਬਹੁਤ ਜੁਆਨ ਤੇ ਖੂਬਸੂਰਤ ਕੁੜੀ ਨੇ ਸਤਲੁਜ ਦਰਿਆ ਦੇ 'ਹੈੱਡ ਵਰਕਸ' ਉੱਤੇ ਸਰਹਿੰਦ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ । ਐਸੀ ਖੂਬਸੂਰਤੀ ਜਿਸ ਨੂੰ ਦੇਖ ਕੇ ਭੈਅ ਲੱਗੇ । ਓਹ ਖੂਬਸੂਰਤੀ ਜਿਸ ਦੇ ਪ੍ਰਛਾਂਵੇਂ ਹੇਠ ਜਾਣ ਬਾਰੇ ਸੋਚਿਆ ਨਾ ਜਾ ਸਕੇ । ਉਹ ਕੁੜੀ ਕਰਨ ਨੇ ਰਵੀ ਸ਼ਰਮਾ ਦੇ ਹੋਸਟਲ ਦੇ ਕਮਰੇ ਵਿੱਚੋਂ ਦਰਿਆ ਵੱਲ ਨੂੰ ਜਾਂਦੀ ਦੇਖੀ ਸੀ । ਕਾਲਜ ਵਿੱਚ ਛੁੱਟੀ ਹੋਇਆਂ ਤਾਂ ਦੋ ਘੰਟੇ ਹੋ ਗਏ ਸਨ । ਹੈਾ!! ਇਹ ਕੁੜੀ? ਇਹਨਾਂ ਕੱਪੜਿਆਂ 'ਚ? ਸਾਰੇ ਕਾਲਜ ਵਿੱਚ ਉਹ ਇਕੱਲੀ ਕਦੇ ਕਦੇ ਪੈਂਟ ਟੀ-ਸ਼ਰਟ ਪਹਿਨਦੀ ਸੀ । ਅੱਜ ਉਹਦੇ ਕੱਪੜਿਆਂ, ਸਲਵਾਰ ਕਮੀਜ਼ ਉੱਤੇ ਵੱਟ 'ਤੇ ਵੱਟ ਚੜ੍ਹੇ ਪਏ ਸਨ । ਜਿਵੇਂ ਕੋਈ ਸਵੇਰੇ ਬੈੱਡ ਤੋਂ ਉੱਠ ਕੇ ਓਹੀ ਕੱਪੜਿਆਂ 'ਚ ਘਰ ਤੋਂ ਬਾਹਰ ਨਿਕਲ ਪਵੇ । ਹੋਸਟਲ ਤੇ ਕਾਲਜ ਵਿਚਾਲਿਓਂ ਲੰਘਦੀ ਸੜਕ ਉੱਤੇ ਮਾਮੂਲੀ ਜਿਹਾ ਢਿਲਕ ਕੇ ਤੁਰਦੀ ਉਹ ਨਹਿਰ ਦੇ ਪੁਲ਼ ਤੱਕ ਪੁੱਜ ਗਈ... ਤੇ ਆਪਣੀ ਜੁੱਤੀ ਪੁਲ਼ 'ਤੇ ਹੀ ਖੋਲ਼ ਗਈ! ... ਤੇ ਉਸੇ ਰਸਤੇ ਓਹਦੀ ਖ਼ਬਰ ਨੰਗੇ ਪੈਰੀਂ ਮੁੜ ਆਈ । ਕਿਸੇ ਅੰਨੇ ਨੇ ਉਸ ਨੂੰ ਦੇਖਿਆ, ਰੋਕਿਆ ਨਹੀਂ । ਕਰਨ ਤੇ ਰਵੀ ਅਜੇ ਹੋਸਟਲ ਵਿੱਚ ਹੀ ਬੈਠੇ ਸਨ । ਸੋਚ ਰਹੇ ਸਨ ਕਿ ਉਹਨਾਂ ਨੇ ਭੱਜ ਕੇ ਉਸ ਨੂੰ ਫੜ ਕਿਉਂ ਨਹੀਂ ਲਿਆ । ਸ਼ਹਿਰ 'ਚ ਰੌਲਾ ਪੈ ਗਿਆ । ਕਾਲਜ ਦੀ ਹਵਾ ਤੱਕ ਡੁਸਕਣ ਲੱਗ ਪਈ । ਕਹਿੰਦੇ ਬੀਮਾਰ ਰਹਿੰਦੀ ਸੀ । ਰੋਜ਼ ਟੀਕੇ ਲੱਗਦੇ ਸਨ । ਡੀਪ੍ਰੈਸ਼ਨ? ਪਰ ਉਹ ਤਾਂ ਬਹੁਤ ਰਿਸ਼ਟ-ਪੁਸ਼ਟ ਸੀ । ਵਿਚਲੀ ਸਹੀ ਗੱਲ ਕੋਈ ਨਾ ਦੱਸਦਾ...

...ਕੋਈ ਨਾ ਕਰਦਾ ।

... ਕਦੇ ਕਿਸੇ ਨੂੰ ਪਤਾ ਨਹੀਂ ਲੱਗੀ । ... ਨਹੀਂ ਤਾਂ?

... ਤੇ ਇਸੇ ਅਫ਼ਸੋਸ ਹੇਠ ਕਰਨ ਦੀ ਸਾਗਰ ਸਾਹਿਬ ਕੋਲ ਪੇਸ਼ੀ ਦਬੀ ਰਹਿ ਗਈ ਸੀ । ਜਦੋਂ ਪੱਤਝੜ ਦਾ ਮੌਸਮ ਆਇਆ, ਦਰਖ਼ਤਾਂ ਦੇ ਪੱਤੇ ਝੜਨ ਲੱਗੇ ਤਾਂ ਉਸ ਦਾ ਮੂੰਹ ਸੁੱਕਣ ਲੱਗਿਆ । ਫੇਅਰਵੈੱਲ ਪਾਰਟੀ ਹੋਈ ਸੀ । ਕਈਆਂ ਦੇ ਦਿਲ ਟਪੂਸੀਆਂ ਮਾਰ ਰਹੇ ਸਨ । ਵਾਇਸ ਪਿ੍ੰਸੀਪਲ ਤੇ ਹੋਰ ਪ੍ਰੋਫ਼ੈਸਰਾਂ ਨੇ ਭਾਸ਼ਨ ਦਿੱਤੇ । ਤਾੜੀਆਂ ਵੱਜੀਆਂ । ਪਰ ਉਹ ਸਭ ਕਾਸੇ ਤੋਂ ਬੇਖ਼ਬਰ ਪਤਾ ਨਹੀਂ ਕਿਹੜੇ ਖੂਹ 'ਚ ਡੁੱਬਿਆ ਹੋਇਆ ਸੀ । ਉੱਲੂ ਨੂੰ ਦਿਨ ਚੜ੍ਹ ਆਇਆ । ਸਾਰੇ ਅੰਗ ਬੇਕਾਬੂ । ਕਾਲਜ ਦਾ ਆਖ਼ਰੀ ਦਿਨ ਸੀ । ਮੁੜ ਕੇ ਕਲਾਸਾਂ ਨਹੀਂ ਸਨ ਲੱਗਣੀਆਂ । ਹੁਣ ਤਾਂ ਰੋਲ ਨੰਬਰ ਮਿਲਣੇ ਸਨ । ਪਰਚੇ ਪੈਣ ਲੱਗਣੇ ਸਨ । ਇਕੱਠੇ ਇੱਕ ਦੂਸਰੇ ਦੀ ਜ਼ਦ ਵਿੱਚ ਆਖ਼ਰੀ ਛਿਣ । ਫੇਰ ਸਬੱਬੀਂ ਮੇਲੇ । ਭਾਸ਼ਨਾਂ ਤੋਂ ਬਾਅਦ ਸਭ ਦਾ ਧੰਨਵਾਦ ਵੀ ਹੋਇਆ ਹੋਣਾ । ਸਾਰਿਆਂ ਨੇ ਬਹਿ ਕੇ ਚਾਹ ਪਾਣੀ ਮਠਿਆਈ ਵੀ ਖਾਧੀ ਹੋਣੀ । ਕੁੜੀਆਂ ਵਰਤਾ ਰਹੀਆਂ ਸਨ । ਮਾਨਸੀ ਉਸ ਦੇ ਸ੍ਹਾਮਣੇ ਟਰੇਅ 'ਚ ਪੇਪਰ ਪਲੇਟਾਂ ਲਈ ਖੜ੍ਹੀ ਸੀ । ਮਾਨਸੀ ਦੇ ਵਜੂਦ ਦਾ ਅਹਿਸਾਸ । ਉਸ ਦਾ ਸਾਰਾ ਸਰੀਰ ਸੁੰਨ । ਕੰਬਣ ਲੱਗਿਆ । ਉਸ ਨੇ ਕਿਸੇ ਪਲੇਟ 'ਚੋਂ ਕੁੱਝ ਚੁੱਕ ਲਿਆ ਸੀ । ਪਤਾ ਨਹੀਂ ਕੀ ਸੀ... ਸ਼ਾਇਦ ਸਮੋਸਾ ਸੀ:

''ਪੂਰੀ ਪਲੇਟ ਲਓ'',

ਇਹ ਉਸ ਦੀ ਮਾਨਸੀ ਨਹੀਂ, ਕੋਈ ਹੋਰ ਸੀ । ਸੀ ਪਰ ਮਾਨਸੀ ਹੀ । ਓਹੀ ਮਾਨਸੀ ਜਿਸ ਨਾਲ ਉਹ ਮਨੋਬਚਨੀ ਕਰਦਾ ਹੁੰਦਾ ਸੀ । ਹੋਰਾਂ ਨੂੰ ਦੇਖ ਆਪਣੀ ਪਲੇਟ, ਜਿਹੜੀ ਮਾਨਸੀ ਉਸ ਦੀ ਕੁਰਸੀ ਦੀ ਬਾਂਹ 'ਤੇ ਟਿਕਾ ਗਈ ਸੀ ਦੀ ਸਾਰੀ ਮਿਠਾਈ ਚਿੱਥ ਗਿਆ ਸੀ... ਤੇ ਕਦੇ ਇੱਕ ਸ਼ਬਦ ਮੋਹ ਦਾ ਮਾਨਸੀ ਨਾਲ ਸਾਂਝਾ ਨਹੀਂ ਸੀ ਹੋ ਸਕਿਆ ।

ਕਰਨ ਦਾ ਸ਼ਨੀ ਦੇਵ ਉਸ ਦੇ ਮਸ਼ਤਕ ਉੱਤੇ ਬੁਰੀ ਤਰਾਂ ਕਬਜਾ ਕਰੀ ਬੈਠਾ ਸੀ । ਦੋ ਹੀ ਮੁਲਾਕਾਤਾਂ ਹੋਈਆਂ ਸਨ । ਇੱਕ ਸਾਇਕਲ ਸਟੈਂਡ ਉੱਤੇ ਜੋ ਪਿ੍ੰਸੀਪਲ ਸਰ ਦੇ ਥਰੂ ਅਧੂਰੀ ਰਹਿ ਗਈ ਸੀ ਜਿਸ ਨੂੰ ਉਹ ਪਹਿਲੀ ਮੁਲਾਕਾਤ ਹੀ ਸਮਝਦਾ ਸੀ... ਤੇ ਦੂਜੀ ਪੋਸਟ ਗਰੈਜੂਏਟ ਬਲਾਕ ਦੇ ਬਾਹਰ... ਜਿੱਥੇ... ਕੀ ਸੀ... ਜਨਵਰੀ ਸੀ... ਸ਼ਾਇਦ ਉੱਨੀ ਜਨਵਰੀ?

...ਪਤਝੱੜ ਅਜੇ ਆਈ ਨਹੀਂ ਸੀ । ਪਰ ਉਸ ਦੇ ਆਉਣ ਦਾ ਡਰ ਸੀ... 'ਕੈਨ ਸਪਰਿੰਗ ਬੀ ਫਾਰ ਬੀਹਾਈਂਡ?' ਸ਼ੈਲੇ ਦੀ ਕਵਿਤਾ ਯਾਦ ਆਉਣ ਲੱਗੀ । ਐੱਮÐ ਏ 'ਚ ਆ ਕੇ ਦੋਵਾਂ ਨੇ ਕਦੇ ਇੱਕ ਦੂਜੇ ਨੂੰ ਬੁਲਾਇਆ ਤੱਕ ਨਹੀਂ ਸੀ । ਕਿੰਨਾ ਔਖਾ ਹੁੰਦਾ ਐ ਉਸ ਘਰ, ਉਸ ਜ਼ਿੰਦਗੀ 'ਚ ਇੱਕ ਵਾਰ ਫੇਰ ਜਾਣਾ ਜਿੱਥੋਂ ਕਿਸੇ ਨੂੰ ਧੱਕੇ ਮਾਰ ਕੇ ਕੱਢਿਆ ਗਿਆ ਹੋਵੇ । ਮਰਦੇ ਸਾਰ ਹੀ ਜੇ ਨਵਾਂ ਜਨਮ ਮਿਲ ਜਾਵੇ ਤਾਂ ਵੀ ਨੌਂ ਮਹੀਨੇ ਲੱਗਣ । ਕਿਵੇਂ ਉਸ ਨੂੰ ਇੱਕ ਵਾਰ ਫੇਰ ਬੁਲਾਵੇ? ਕਿੰਨਾ ਡਰ ਲੱਗਦਾ? ਆਪ ਨੂੰ ਪੁੱਛਿਆ ਤੂੰ ਕੀ ਏਾ? ਕੀ ਏ ਤੇਰੇ ਕੋਲ? ਕੀ ਸਮਝਦਾ ਏਾ ਆਪਣੇ ਆਪ ਨੂੰ ? ਤੇਰੇ 'ਚ ਕਿਹੜੇ ਗੁਣ ਨੇ? ਓਹਨੇ ਤੈਨੂੰ ਕਿਓਂ ਨੀਂ ਬੁਲਾਇਆ? ਜੇ ਉਸ ਨੇ ਫੇਰ ਉਲਟ ਬੋਲਿਆ । ਤਾਂ ਵੀ ਇੱਕ ਵਾਰ ਫੇਰ ਮਾਨਸੀ ਨੂੰ ਮਿਲਣ ਲਈ ਆਪਣੇ ਆਪ ਨੂੰ ਮਨਾਉਣ ਲੱਗਾ । ਭਾਵੇਂ ਇਹ ਆਖ਼ਰੀ ਮੁਲਾਕਾਤ ਹੀ ਹੋਵੇ । ਪਹਿਲੀ ਵਾਰ ਉਸ ਨੇ ਕਿਉਂ ਮੈਨੂੰ ਹੁਰਕ ਦਿੱਤਾ? ਜਾਨਵਰਾਂ ਵਾਂਗ? ਪਰ ਉਸ ਨੂੰ ਕਿਹੜਾ ਪਤਾ ਸੀ ਕਿ ਮੈਂ ... ਪਰ ਹੁਣ ਤਾਂ ਪਤਾ । ਪਰ ਮੈਂ ਵੀ ਤਾਂ ਸੀਮਾ, ਵਨੀਤਾ... ਰੇਣੂ ਨੂੰ ਨੇੜੇ ਨਹੀਂ ਆਓਣ ਦਿੱਤਾ ਸੀ । ਮਨ 'ਚ ਮਾਨਸੀ ਜੁ ਬੈਠੀ ਸੀ । ... ਤੂੰ ਜਾ । ਜਾਹ । ਇੱਕ ਵਾਰ ਫੇਰ ਜਾਹ । ਭਾਵੇਂ ਉਹ ਜੁੱਤੀ ਹੀ ਖੋਲ਼ ਲਵੇ । ਕੀ ਪਤਾ ਹੁਣ ਉਸ ਦੇ ਦਿਲ 'ਚ ਵੀ ਮੋਹ ਹੋਵੇ । ਜਾਹ ਤੂੰ । ਓਦਣ ਉਹ ਤੇਰੇ ਵੱਲ ਦੇਖ ਕੇ ਹੱਸਦੀ ਤੇ ਕੁੜੀਆਂ ਨਾਲ ਗੱਲਾਂ ਕਰਦੀ ਸੀ । ਸ਼ਾਇਦ ਕੁੜੀਆਂ ਉਸ ਤੋਂ ਤੇਰਾ ਨਾਮ ਪੁੱਛਦੀਆਂ ਸਨ । ਕਰਨ । ਕਰਨ । ਐਵੇਂ ਹੀ ਹਿੱਲਦੇ ਨੇ ਬੁੱਲ ... ਜੀਭ 'ਕਰਨ ਦਰਦੀ' ਬੋਲਦਿਆਂ । ਸੁਹਣੀ ਜ਼ਿੰਦਗੀ ਦੇ ਨੇਸਤਾਨਾਬੂਦ ਹੋਣ ਦੀ ਜ਼ਿੰਮੇਵਾਰੀ ਤੂੰ 'ਕੱਲਾ ਕਿਉਂ ਚੁੱਕੇਂ? ਉਹ ਬਚਪਨ 'ਚ ਪੈਰਾਂ ਉੱਤੇ ਰੇਤ ਦੀ ਢੇਰੀ ਥਾਪੜ ਕੇ ਘਰ ਬਣਾਉਂਦਾ ਹੁੰਦਾ ਸੀ । ਤੋੜੇ ਉਹ ਇਹ ਘਰ । ਆਪਣੀ ਜੁੱਤੀ ਨਾਲ ਤੋੜੇ! ਠੁੱਡ ਮਾਰ ਕੇ!!

ਕਈ ਰਸਤੇ ਇੱਧਰੋਂ ਉੱਧਰੋਂ ਆ ਕੇ ਐਡਮਨ ਬਲਾਕ ਦੇ ਨਾਲ ਜੁੜ ਜਾਂਦੇ ਸਨ । ਫੇਰ ਮਾਨਸੀ ਦੀ ਸ਼ਕਲ ਪਾਰਕ ਵਿੱਚ ਦਿਸੀ । ਲੱਗਿਆ ਜਿਵੇਂ ਹਨੇਰੇ 'ਚ ਤੀਲੀ ਜਗ ਪਈ ਹੋਵੇ ਤੇ ਉਹ ਧੁਰ ਅੰਦਰ ਤੱਕ ਕੰਬ ਗਿਆ । ਪਤਾ ਨਹੀਂ ਕੀ ਸੱਚ ਹੋ ਜਾਵੇ...

ਉਸ ਨੇ ਆਪਣੇ ਅੰਦਰਲੀ ਕੁੱਲ ਸ਼ਕਤੀ ਮਾਸੂਮ ਹੱਥਾਂ ਨਾਲ ਪੈਰਾਂ ਉੱਤੇ ਰੇਤ ਵਾਂਗ ਇਕੱਠੀ ਕੀਤੀ ਤੇ ਲਾਅਨ ਵਿੱਚ ਖੜ੍ਹੀਆਂ ਕੁੜੀਆਂ ਵੱਲ ਤੁਰ ਪਿਆ । ਸਮੇਤ ਮਾਨਸੀ ਕੁੱਲ ਸੱਤ ਕੁੜੀਆਂ । ਕੋਈ ਧੁੰਦ ਨਹੀਂ । ਹਲਕੀ ਹਲਕੀ ਠੰਡ । ਉਸ ਦੀਆਂ ਸਾਥਣਾਂ ਕਰਨ ਨੂੰ ਆਉਂਦੇ ਦੇਖ ਪਤਾ ਨਹੀਂ ਕਿਸ ਭਾਵਨਾ ਹੇਠ ਉਸ ਤੋਂ ਪਰ੍ਹਾਂ ਦੂਰ ਹੋ ਗਈਆਂ । ਮਾਨਸੀ ਇੱਕਲੀ ਹੀ ਖੜ੍ਹੀ ਰਹਿ ਗਈ ।

ਮਾਨਸੀ ਖਿੱਝੀ ਹੋਈ ਚੰਡੀ ਲੱਗ ਰਹੀ ਸੀ । ਕਰਨ ਦੀਆਂ ਅੱਖਾਂ ਅੱਗੇ ਧੁੰਦ ਹੀ ਧੁੰਦ ਹਨੇਰਾ ਹੀ ਹਨੇਰਾ ਫੈਲ ਗਿਆ ਸੀ । ਫੇਰ ਵੀ ਉਸ ਨੇ ਵਿਸ਼ ਕੀਤੀ ਜਿਸ ਦਾ ਕੋਈ ਜੁਆਬ ਨਹੀਂ ਮਿਲਿਆ ।

''ਤੁਸੀਂ ਇੱਧਰ ਆ ਕੇ ਕਦੇ ਮੈਨੂੰ ਬੁਲਾਇਆ ਤੱਕ ਨਹੀਂ ।'' ਉਹ ਬਹੁਤ ਵੱਡੀ ਭਾਵਨਾ ਦੇ ਬੋਝ ਹੇਠ ਸੀ ।

''...'', ਕੋਈ ਜੁਆਬ ਨਹੀਂ ।

''ਮੇਰਾ ਬਿਲਕੁਲ ਜੀਅ ਨਹੀਂ ਲੱਗ ਰਿਹਾ ।''

''ਬੀਹੇਵ ਯੂਅਰ ਸੈਲਫ਼''

''...'', ਉਸ ਨੇ ਫੇਰ ਮਾਨਸੀ ਵੱਲ ਉਮੀਦਵਾਰ ਅੱਖਾਂ ਨਾਲ ਵੇਖਿਆ ।

''ਆਈ ਹੈਵ ਮਾਈ ਓਅਨ ਸੈੱਟ ਆਫ਼ ਰੂਲਜ... ਪਿ੍ੰਸੀਪਲਜ਼ ਆਫ਼ ਬੀਹੇਵੀਅਰ''

ਹੁਣ ਕਰਨ ਨੂੰ ਕੰਨਾਂ 'ਤੋਂ ਭਾਰਾ ਭਾਰਾ ਸੁਣਨ ਲੱਗ ਪਿਆ ਸੀ ।

'' ਪਲੀਜ਼, ਮਾਨਸੀ...''

'' ਯੂ ਮੈਂੱਡ ਯੂਅਰ ਸੈਲਫ਼ ਐਂਡ ਯੂਅਰ ਹੈਬਿਟਸ ਫਸਟ''

''ਗੌਡ ਬਲੈੱਸ ਯੂ'' ਹੁਣ ਕੁੱਝ ਨਹੀਂ ਸੀ ਹੋ ਸਕਦਾ । ਉਸ ਨੇ ਮਾਨਸੀ ਨਾਲ ਆਖ਼ਰੀ ਅਲਵਿਦਾ ਦਾ ਲਫ਼ਜ ਸਾਂਝਾ ਕਰਨਾ ਹੀ ਠੀਕ ਸਮਝਿਆ ਸੀ । ਇਹ ਵੀ ਪਤਾ ਨਹੀਂ ਸ਼ਨੀ ਦੇਵ ਦੀ ਕਿਰਪਾ ਸਦਕਾ ਉਸ ਤੋਂ ਕਹਿ ਹੋ ਗਿਆ ਸੀ । ਉਸ ਵਿੱਚ ਤਾਂ ਉਦੋਂ ਸਾਹ ਸੱਤ ਨਹੀਂ ਸੀ । ਹੌਲੀ ਹੌਲੀ ਚਾਲੇ ਵਾਪਸ ਮੁੜ ਆਇਆ । ਦੁਨੀਆ 'ਚ ਕੋਈ ਨਹੀਂ ਸੀ ਜੋ ਉਸ ਨੂੰ ਉਦੋਂ ਗਲ਼ ਲਾ ਸਕਦਾ । ਪਰ ਫੇਰ ਵੀ... ਫੇਰ ਵੀ ਉਹ ਆਪਣਾ ਬੋਝ ਹੌਲਾ ਕਰ ਆਇਆ ਸੀ... ਉਸ ਦਾ ਸ਼ਨੀ ਦੇਵ ਮਾਨਸੀ ਦੇ ਮਨ ਉੱਤੇ ਅਮਿੱਟ ਛਾਪ ਛੱਡ ਆਇਆ ਸੀ... ਮਾਨਸੀ ਨੂੰ ਪਤਾ ਸੀ...ਕਿ ਏਡੀ ਵੱਡੀ ਦੁਨੀਆ ਵਿੱਚ ਕੋਈ ਇਕ ਸੀ ਜੋ ਉਸ ਨੂੰ ਪਿਆਰ ਕਰਦਾ ਸੀ... ਪਰ ਮਾਨਸੀ ਸਦੀਆਂ ਦੀਆਂ ਮਜਬੂਰੀਆਂ ਹੇਠ ਦਬੀ ਕਿਸੇ ਸਖ਼ਤ ਪੱਥਰ ਦੀ ਬਣੀ ਹੋਈ ਸੀ । ਦੋ ਚੰਗੇ ਸ਼ਬਦ ਵੀ ਉਸ ਬੰਦੇ ਨੂੰ ਨਹੀਂ ਬੋਲ ਸਕੀ ਜੋ ਉਸ ਨੂੰ ਪਿਆਰ ਦਾ ਸੁਨੇਹਾ...

...ਬੜੀ ਦੇਰ ਬਾਅਦ ਜਦੋਂ ਮੁੜ ਤੋਂ ਹੋਸ਼ ਆਈ... ਜਦੋਂ ਪੰਜ ਸਾਲ ਬੀਤ ਚੁੱਕੇ ਸਨ... ਜਦੋਂ ਮਾਨਸੀ ਦਾ ਵਿਆਹ ਹੋ ਚੁੱਕਿਆ ਸੀ... ਜਦੋਂ ਮਾਨਸੀ ਮੋਟੀ ਭਾਰੀ ਬੇਪਛਾਣ ਹੋਈ ਇੱਕ ਹੋਟਲ 'ਚ ਉਸ ਨੂੰ ਦਿਸੀ... ਮਾਨਸੀ ਨੂੰ ਉਦੋਂ ਉਹ ਕੇਵਲ ਅੱਖਾਂ ਤੋਂ ਪਛਾਣ ਸਕਿਆ ਸੀ... ਓਹ ਅੱਖਾਂ ਜਿਹਨਾਂ ਦਾ ਰੰਗ ਨੀਲੇ ਰੰਗ ਵਿੱਚ ਹਰਾ ਮਿਲਾ ਕੇ ਬਣਿਆ ਹੋਇਆ ਸੀ... ਬੇਨਾਮ ਰੰਗ... ਜਿਸ ਰੰਗ ਦਾ ਅਜੇ ਵੀ ਉਸ ਨੂੰ ਨਾਮ ਨਹੀਂ ਸੀ ਪਤਾ... ਤਾਂ ਉਸ ਨੂੰ ਖ਼ਿਆਲ ਆਇਆ ਕਿ ਮਾਨਸੀ ਨੇ ਇੱਕ ਬਹੁਤ ਵੱਡਾ ਅਹਿਸਾਨ ਉਸ 'ਤੇ ਕਰ ਦਿੱਤਾ ਸੀ । ਉਸ ਨੇ ਮਾਨਸੀ ਨੂੰ ਪਿਆਰ ਕੀਤਾ ਸੀ । ਮਾਨਸੀ ਨਾਲ ਜ਼ਿੰਦਗੀ ਜਿਊਣ ਦੇ ਸੁਪਨੇ ਲਏ ਸਨ । ਮਾਨਸੀ ਨੇ ਉਸ ਨੂੰ ਮੁਹੱਬਤ ਨਹੀਂ ਸੀ ਕੀਤੀ । ਮਾਨਸੀ ਨੇ ਉਸ ਦੇ ਸ੍ਹਾਮਣੇ ਕਿਸੇ ਨੂੰ ਵੀ ਪਿਆਰ ਨਹੀਂ ਸੀ ਕੀਤਾ... ਕਿਸੇ ਨੂੰ ਵੀ ਨਹੀਂ... ਨਹੀਂ ਤਾਂ... ਨਹੀਂ ਤਾਂ... ਉਸ ਨੇ ਵੀ ਪੁਲ਼ 'ਤੇ ਜੁੱਤੀ ਖੋਲ਼ ਦੇਣੀ ਸੀ ।

  • ਮੁੱਖ ਪੰਨਾ : ਕਹਾਣੀਆਂ, ਬਲੀਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ