Kadon Gaye Si Picnic 'Te ? (Story in Punjabi) : Kamlesh Bharti
ਕਦੋਂ ਗਏ ਸੀ ਪਿਕਨਿਕ ’ਤੇ ? (ਕਹਾਣੀ) : ਕਮਲੇਸ਼ ਭਾਰਤੀ
‘‘ਨਾਨਾ ਜੀ, ਇਸ ਐਤਵਾਰ ਨੂੰ ਅਸੀਂ ਟਾਊਨ ਪਾਰਕ ਵਿੱਚ ਪਿਕਨਿਕ ਮਨਾਵਾਂਗੇ।’’
ਮੇਰੇ ਦੋਹਤੇ ਆਰੀਅਨ ਨੇ ਮੈਨੂੰ ਇੱਕ ਤਰ੍ਹਾਂ ਨਾਲ ਹੁਕਮ ਦਿੱਤਾ ਸੀ। ਸਿਰਫ਼ ਪੰਜ ਸਾਲਾਂ ਦਾ ਆਰੀਅਨ ਜਾਣਦਾ ਸੀ ਕਿ ਉਹ ਆਪਣੇ ਨਾਨਾ ਜੀ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ। ਉਸ ਨੂੰ ਕਦੇ ਵੀ ਕਿਸੇ ਗੱਲ ਲਈ ਨਾਨਾ ਜੀ ਤੋਂ ਨਾਂਹ ਸੁਣਨ ਦੀ ਆਦਤ ਨਹੀਂ ਹੈ। ਇਸ ਲਈ ਉਹ ਸਿੱਧੇ ਹੁਕਮ ਦੇ ਲਹਿਜ਼ੇ ਵਿੱਚ ਗੱਲ ਕਰਦਾ ਹੈ।
‘‘ਨਾ ਪੁੱਤਰ, ਨਾਨਾ ਜੀ ਨੇ ਦੁਨੀਆਂ ਭਰ ਦੀਆਂ ਖ਼ਬਰਾਂ ਦੇਣੀਆਂ ਹੁੰਦੀਆਂ ਹਨ। ਇਹ ਐਤਵਾਰ ਵੀ ਨਹੀਂ ਮਨਾਉਂਦੇ।’’ ਆਰੀਅਨ ਦੀ ਨਾਨੀ ਭਾਵ ਮੇਰੀ ਬੀਵੀ ਨੇ ਛੇੜਨ ਦੇ ਅੰਦਾਜ਼ ਵਿੱਚ ਕਿਹਾ ਤਾਂ ਆਰੀਅਨ ਨੇ ਉੱਚੀ ਆਵਾਜ਼ ਵਿੱਚ ਫਿਰ ਉੱਤਰ ’ਚ ਕਿਹਾ, ‘‘ਕੋਈ ਖ਼ਬਰ ਨਹੀਂ। ਕੋਈ ਕੰਮ ਨਹੀਂ। ਬੱਸ ਮੈਂ ਕਹਿ ਦਿੱਤਾ ਹੈ, ਨਾਨਾ ਜੀ ਪਿਕਨਿਕ ’ਤੇ ਚੱਲਣਗੇ।’’
‘‘ਹਾਂ, ਪੁੱਤਰ ਜ਼ਰੂਰ ਚੱਲਣਗੇ।’’ ਮੈਂ ਵਿਸ਼ਵਾਸ਼ ਦਿਵਾਇਆ। ਆਰੀਅਨ ਦੀਆਂ ਅੱਖਾਂ ਵਿੱਚ ਚਮਕ ਆ ਗਈ। ਉਹ ਆਪਣੀ ਨਾਨੀ ਵੱਲ ਵੇਖਣ ਲੱਗਿਆ। ਇਉਂ ਜਾਪਦਾ ਸੀ ਜਿਵੇਂ ਉਹ ਕਹਿ ਰਿਹਾ ਹੋਵੇ ਜੋ ਕੰਮ ਤੁਸੀਂ ਸਾਲਾਂ ਤੋਂ ਨਹੀਂ ਕਰਵਾ ਸਕੇ ਉਹ ਕੰਮ ਮੈਂ ਮਿੰਟਾਂ ਵਿੱਚ ਕਰਵਾ ਲਿਆ ਹੈ।
ਪਤਨੀ ਨੇ ਵੀ ਕਿਹਾ, ‘‘ਜੇ ਮੈਂ ਕਹਿੰਦੀ ਤਾਂ ਤੁਸੀਂ ਆਸਾਨੀ ਨਾਲ ਨਾ ਮੰਨਦੇ, ਆਰੀਅਨ ਦਾ ਕਿਹਾ ਟਾਲ ਨਹੀਂ ਸਕੇ। ਹੁਣ ਚੱਲੋਗੇ ਤਾਂ ਤਿਆਰੀ ਸ਼ੁਰੂ ਕਰ ਦਿਉ।’’
‘‘ਉਹ ਭਰਾਵਾ ਆਰੀਅਨ ਮੇਰਾ ਵਾਅਦਾ ਕਦੀ ਝੂਠਾ ਨਹੀਂ ਹੁੰਦਾ।’’ ਦੋਵੇਂ ਕੁੜੀਆਂ ਨੇ ਪਿਕਨਿਕ ਮਨਾਉਣ ਦੇ ਫ਼ੈਸਲੇ ’ਤੇ ਤਾੜੀਆਂ ਵਜਾਈਆਂ। ਮੈਂ ਦਫ਼ਤਰ ਚਲਾ ਗਿਆ।
‘ਆਖਰੀ ਵਾਰੀ ਕਦੋਂ ਗਏ ਸੀ ਪਿਕਨਿਕ ’ਤੇ?’ ਦਫ਼ਤਰ ਦੀ ਘੁੰਮਣ ਵਾਲੀ ਕੁਰਸੀ ’ਤੇ ਬੈਠਦਿਆਂ ਇਹ ਸਵਾਲ ਮੈਂ ਆਪਣੇ ਆਪ ਨੂੰ ਕੀਤਾ। ਭੂਤਕਾਲ ਦੀਆਂ ਗਲੀਆਂ ਵਿੱਚ ਦੂਰ ਤਕ ਚਲਦਿਆਂ ਯਾਦ ਆਇਆ ਕਿ ਸਕੂਲ ਦੇ ਦਿਨਾਂ ਵਿੱਚ ਮੈਂ ਸਾਹਿਤ ਸਭਾ ਦਾ ਮੈਂਬਰ ਚੁਣਿਆ ਗਿਆ ਸੀ, ਉਦੋਂ ਆਪਣੇ ਦੋਸਤਾਂ ਨਾਲ ਨਹਿਰ ਕਿਨਾਰੇ ਪਿਕਨਿਕ ਮਨਾਉਣ ਗਿਆ ਸੀ। ਤਿੰਨ ਇੱਟਾਂ ਦਾ ਚੁੱਲ੍ਹਾ ਬਣਾ ਅਸੀਂ ਸਾਰਿਆਂ ਨੇ ਰਲ ਕੇ ਚਾਹ ਬਣਾਈ ਸੀ ਤੇ ਖ਼ੂਬ ਨੱਚੇ-ਕੁੱਦੇ ਸਾਂ। ਉਹ ਸਾਰੇ ਦ੍ਰਿਸ਼ ਪੁਰਾਣੀ ਬਲੈਕ ਐਂਡ ਵ੍ਹਾਈਟ ਫ਼ਿਲਮ ਵਾਂਗ ਨਜ਼ਰ ਵਿੱਚੋਂ ਲੰਘੇ।
ਮੇਰੇ ਸਕੂਲ ਸਮੇਂ ਹੀ ਪਿਤਾ ਜੀ ਨੇ ਜੀਵਨ ਦੀਆਂ ਆਖ਼ਰੀ ਘੜੀਆਂ ਗਿਣੀਆਂ ਤੇ ਵੱਡਾ ਪੁੱਤਰ ਹੋਣ ਨਾਤੇ ਪੜ੍ਹਾਈ ਦੇ ਨਾਲ ਜ਼ਮੀਨ ਦੇ ਮੁਕੱਦਮੇ ਤੇ ਰਿਸ਼ਤੇਦਾਰੀ ਦੀ ਸ਼ਤਰੰਜ ਵੇਖਣੀ ਪਈ। ਕਿਵੇਂ ਯਾਦ ਰਹਿੰਦੀ ਸਾਹਿਤ ਸਭਾ ਤੇ ਕਿਤੇ ਛੁੱਟ ਗਈ ਨਦੀ-ਕਿਨਾਰੇ ਦੋਸਤਾਂ ਨਾਲ ਜਸ਼ਨ ਦੇ ਤੌਰ ’ਤੇ ਮਨਾਈ ਪਿਕਨਿਕ।
ਜੇ ਆਰੀਅਨ ਨੇ ਨਾ ਕਿਹਾ ਹੁੰਦਾ ਤਾਂ ਇਸ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਮੈਨੂੰ ਪਿਕਨਿਕ ਕਦੇ ਵੀ ਯਾਦ ਨਾ ਆਉਂਦੀ। ਮੈਂ ਪਿਕਨਿਕ ਦਾ ਮਤਲਬ ਹੀ ਭੁੱਲ ਗਿਆ ਸੀ। ਪਿਤਾ ਜੀ ਤੋਂ ਬਾਅਦ ਜ਼ਮੀਨ ਦਾ ਕੇਸ ਲੰਮਾ ਭਾਵ 25 ਸਾਲ ਚੱਲਿਆ। ਇਸ ਦੀਆਂ ਤਰੀਕਾਂ ਭੁਗਤਣ ਲਈ ਕਦੇ ਜਲੰਧਰ ਤੇ ਕਦੇ ਚੰਡੀਗੜ੍ਹ ਆਉਣਾ ਪੈਂਦਾ ਸੀ। ਇਸ ਤਰ੍ਹਾਂ ਪਿਕਨਿਕ ਤਾਂ ਦੂਰ, ਕੋਈ ਕੁੜੀ ਵੀ ਡੇਟ ਮੰਗ ਲੈਂਦੀ ਤਾਂ ਮੇਰੀ ਨਾਂਹ ਸੁਣ ਕੇ ਚੁੱਪਚਾਪ ਸਬੰਧ ਤੋੜ ਦਿੰਦੀ ਸੀ।
ਕਾਲਜ ਦੀ ਪੜ੍ਹਾਈ ਮਗਰੋਂ ਜਿਉਂ ਹੀ ਨੌਕਰੀ ਮਿਲੀ ਤਾਂ ਬਾਜ਼ਾਰ ਵਿੱਚ ਨਿੱਕੇ ‘ਦੁੱਲਹੇ’ ਦਾ ਆਗਮਨ ਹੋ ਗਿਆ। ਮਾਂ ਬੀਮਾਰ ਰਹਿੰਦੀ ਸੀ, ਛੋਟੇ ਭੈਣ-ਭਰਾ ਅਜੇ ਸਕੂਲ-ਕਾਲਜ ਵਿੱਚ ਪੜ੍ਹਦੇ ਸਨ। ਰਿਸ਼ਤੇ ਆ ਰਹੇ ਸਨ। ਮਾਂ ਨੂੰ ਡਰ ਸੀ ਕਿ ਵਿਆਹ ਤੋਂ ਬਾਅਦ ਜੇ ਵੱਡੇ ਮੁੰਡੇ ’ਤੇ ਵਹੁਟੀ ਨੇ ਜਾਦੂ ਕਰ ਦਿੱਤਾ ਤਾਂ ਛੋਟੇ ਭੈਣ-ਭਰਾਵਾਂ ਦਾ ਕੀ ਹੋਵੇਗਾ? ਆਖਰ ਇਹ ਸ਼ਰਤ ਰੱਖੀ ਗਈ ਕਿ ਜੇ ਮਾਂ ਦੀ ਸੇਵਾ ਕਰਨ ਵਿੱਚ ਮਦਦ ਕਰੇਗੀ, ਨਾਲ ਭੈਣ-ਭਰਾਵਾਂ ਦੇ ਖਰਚ ਨੂੰ ਬੁਰਾ ਨਹੀਂ ਮੰਨੇਗੀ ਤਾਂ ਵਿਆਹ ਹੋ ਸਕਦਾ ਹੈ।
ਜਿਸ ਕੁੜੀ ਨੇ ਇਨ੍ਹਾਂ ਸ਼ਰਤਾਂ ਨੂੰ ਮੰਨਿਆ, ਉਹ ਅੱਜ ਮੇਰੀ ਪਤਨੀ ਤੇ ਆਰੀਅਨ ਦੀ ਨਾਨੀ ਹੈ। ਉਸ ਨੇ ਤੇ ਜੀਵਨ ਵਿੱਚ ਆਈਆਂ ਦੋਵੇਂ ਕੁੜੀਆਂ ਨੇ ਕਿਹਾ ਹੀ ਨਹੀਂ ਕਿ ਪਿਕਨਿਕ ਮਨਾਉਣ ਜਾਵਾਂਗੇ।
ਸੱਚ, ਕਿੰਨੇ ਸਾਲ ਜ਼ਿੰਦਗੀ ਦੀ ਭੱਜ-ਦੌੜ ਚੱਲਦੀ ਰਹੀ। ਆਪਣੇ ਆਪ ਤੋਂ ਸੁਆਲ ਕਰਦਾ ਹਾਂ। ਅਜਿਹੀ ਰੇਲਗੱਡੀ ਵਿੱਚ ਬਦਲ ਲਿਆ ਜ਼ਿੰਦਗੀ ਨੂੰ ਜੋ ਆਰਾਮ ਲਈ ਇੱਕ ਮਿੰਟ ਵੀ ਕਿਸੇ ਪਲੇਟਫਾਰਮ ’ਤੇ ਨਹੀਂ ਰੁਕਦੀ। ਭਰਾ-ਭੈਣਾਂ, ਪਤਨੀ, ਬੱਚੇ ਸਾਰੇ ਰੌਲਾ ਪਾ ਚੁੱਕੇ ਹਨ ਕਿ ‘ਰੁਕੋ ਬਹੁਤ ਹੋ ਗਿਆ, ਥੋੜ੍ਹਾ ਰੁਕੋ…ਦੇਖੋ ਤਾਂ ਸਹੀ…’
ਮੈਂ ਸੀ ਕਿ ਰੋਜ਼ ਨਵੀਆਂ ਖ਼ਬਰਾਂ ਲੱਭਣ, ਨਵਾਂ ਕੁਝ ਕਰਨ ਅਤੇ ਦੁਸ਼ਮਣਾਂ ਦੇ ਛੱਕੇ ਛੁਡਾਉਣ ਵਿੱਚ ਮਜ਼ਾ ਲੈਂਦਾ ਸੀ। ਅੱਜ ਆਰੀਅਨ ਨੇ ਕਿਹਾ ਤਾਂ ਲੱਗਿਆ ਕਿ ਪਿਕਨਿਕ ਦੇ ਵੀ ਮਾਅਨੇ ਹੁੰਦੇ ਹਨ।
‘‘ਹਾਂ ਤਾਂ ਟਾਊਨ ਪਾਰਕ ਵਿੱਚ ਪਿਕਨਿਕ ’ਤੇ ਕਿੰਨੇ ਵਜੇ ਜਾਵਾਂਗੇ?’’ ਮੈਂ ਘਰ ਫੋਨ ਕਰਕੇ ਪੁੱਛਿਆ।
‘‘ਸਰਦੀਆਂ ਦੇ ਦਿਨ ਹਨ। ਦੁਪਹਿਰ ਸਮੇਂ ਜਿਸ ਵੇਲੇ ਸੂਰਜ ਖਿੜੇਗਾ ਉਦੋਂ ਚੱਲਾਂਗੇ। ਨਾਨਾ ਜੀ, ਤੁਹਾਨੂੰ ਮੇਰੇ ਨਾਲ ਖੇਡਣਾ ਪਵੇਗਾ।’’
‘‘ਹਾਂ, ਪੁੱਤਰ ਕਿਉਂ ਨਹੀਂ!’’
‘‘ਫੁਟਬਾਲ ਵੀ ਖੇਡੋਗੇ?’’
ਇਸ ਤਰ੍ਹਾਂ ਪਿਕਨਿਕ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਐਤਵਾਰ ਆ ਗਿਆ। ਦਾਲ ਪੁੰਗਰ ਗਈ। ਸਵੇਰੇ ਫਿਰ ਯਾਦ ਦਿਵਾਇਆ ਗਿਆ ਕਿ ਅੱਜ ਖ਼ਬਰਾਂ ਤੋਂ ਬੇਖ਼ਬਰ ਰਹਿਣਾ ਹੈ। ਆਰੀਅਨ ਨਾਲ ਕੀਤਾ ਵਾਇਦਾ ਪੂਰਾ ਕਰਨਾ ਹੈ।
ਧੁੱਪ ਵੀ ਚੜ੍ਹ ਗਈ, ਜਿਵੇਂ ਧੁੱਪ ਨੇ ਨਿੱਕੇ ਜਿਹੇ ਆਰੀਅਨ ਦਾ ਦਿਲ ਰੱਖਿਆ ਹੋਵੇ। ਜਦੋਂ ਆਰੀਅਨ ਮੋਟਰਸਾਈਕਲ ’ਤੇ ਬੈਠਿਆ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਜੇਤੂ ਹੋਵੇ। ਉਸ ਦੀ ਖ਼ੁਸ਼ੀ ਸੰਭਾਲਿਆਂ ਨਹੀਂ ਸੰਭਲ ਰਹੀ ਸੀ। ਸ਼ਾਇਦ ਮੈਂ ਗ਼ਲਤ ਕਹਿ ਰਿਹਾ ਹਾਂ। ਉਹ ਖ਼ੁਸ਼ੀ ਵਿੱਚ ਉੱਛਲ ਰਿਹਾ ਸੀ ਤੇ ਦੁਨੀਆਂ ਨੂੰ ਦੱਸਣਾ ਚਾਹੁੰਦਾ ਸੀ ਕਿ ‘ਮੈਂ ਨਾਨਾ ਜੀ ਨਾਲ ਪਿਕਨਿਕ ’ਤੇ ਜਾ ਰਿਹਾ ਹਾਂ। ਕੌਣ ਕਹਿੰਦਾ ਹੈ ਕਿ ਮੇਰੇ ਨਾਲ ਜੀ ਕੋਲ ਵਿਹਲ ਨਹੀਂ ਹੈ।’
ਟਾਊਨ ਪਾਰਕ ਵਿੱਚ ਬਹੁਤ ਸਾਰੇ ਬੱਚੇ ਆਪਣੇ ਪਰਿਵਾਰ ਨਾਲ ਧੁੱਪ ’ਚ ਖੇਡ ਰਹੇ ਸਨ। ਕਿਤੇ ਟਿਫਨ ਖੁੱਲ੍ਹ ਰਹੇ ਹਨ। ਕਿਤੇ ਅੰਤਾਕਸ਼ਰੀ ਚੱਲ ਰਹੀ ਹੈ। ਕਿਤੇ ਪੁਰਾਣੇ ਕਿੱਸੇ ਚਟਕਾਰੇ ਲੈ ਕੇ ਸੁਣਾਏ ਜਾ ਰਹੇ ਹਨ।
‘‘ਕਿੱਥੇ, ਕਿਸ ਦੁਨੀਆਂ ਵਿੱਚ ਸੀ ਹੁਣ ਤਕ?’’ ਮੈਂ ਖ਼ੁਦ ਤੋਂ ਹੀ ਪੁੱਛਿਆ। ਸਵੇਰੇ-ਸ਼ਾਮ ਅਖ਼ਬਾਰ ਦਰਵਾਜ਼ੇ ’ਤੇ ਡਿੱਗਣ ਦੀ ਆਵਾਜ਼ ਤੋਂ ਲੈ ਕੇ ਦੂਜੇ ਅਖ਼ਬਾਰਾਂ ਨਾਲ ਤੁਲਨਾ, ਉਨ੍ਹਾਂ ਤੋਂ ਪਛੜਨ ਜਾਂ ਅੱਗੇ ਰਹਿਣ ਦੀ ਪੜਚੋਲ, ਪੂਰਾ ਦਿਨ ਕੰਮਾਂ ’ਤੇ ਨਜ਼ਰ ਰੱਖਣ ਤੇ ਨਵੀਂ ਰਣਨੀਤੀ ਬਣਾਉਣ ਨਾਲ ਦਿਨ ਦੀ ਸ਼ੁਰੂਆਤ ਹੁੰਦੀ। ਕਦੀ ਰੈਸਟ ਹਾਊਸ ਵਿੱਚ ਕਿਸੇ ਨੇਤਾ ਦਾ ਸਵੇਰੇ-ਸਵੇਰੇ ਸੱਦਾ ਆ ਜਾਂਦਾ ਸੀ, ਕਿਤੇ ਪੱਤਰਕਾਰ ਸੰਮੇਲਨ ਤੇ ਕਿਤੇ ਪ੍ਰਦਰਸ਼ਨ ਦੀ ਕਵਰੇਜ। ਇਨ੍ਹਾਂ ਸਾਰੇ ਕੰਮਾਂ ਵਿੱਚ ਕਿੱਥੇ ਵਿਹਲ ਸੀ ਕਿ ਸ਼ਾਮ ਨੂੰ ਬੱਚਿਆਂ ਨਾਲ ਕਿਸੇ ਹੋਟਲ ਜਾਂ ਰੇਸਤਰਾਂ ਵਿੱਚ ਬਿਤਾਉਂਦਾ। ਇਹ ਵੀ ਤਾਂ ਦੁਨੀਆਂ ਹੈ… … ਬੱਚਿਆਂ ਵਿੱਚ ਮਸਤੀ ਨਾਲ ਦਿਨ ਬਿਤਾਉਣ ਦੀ। ਇੰਨੇ ਨੂੰ ਆਰੀਅਨ ਨੇ ਫੁਟਬਾਲ ਦੀ ਕਿੱਕ ਮੇਰੇ ਵੱਲ ਮਾਰ ਦਿੱਤੀ। ਮੈਂ ਉਸ ਨਾਲ ਖੇਡਣ ਲੱਗਿਆ। ਮੈਂ ਮਨ ਹੀ ਮਨ ਕਿਹਾ ਕਿ ਇਸ ਦਿਨ ਦੀ ਪਿਕਨਿਕ ’ਤੇ ਮੇਰਾ ਸਾਰਾ ਕੁਝ ਕੁਰਬਾਨ। ਇੱਕ ਮੁਸਕਰਾਹਟ ਅੱਗੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਇਸ ਸਾਹਮਣੇ ਸਾਰਾ ਕੁਝ ਫਿੱਕਾ ਹੈ। ਆਰੀਅਨ ਤੇ ਫੁਟਬਾਲ ਨਾਲ ਮੈਂ ਦੌੜ ਰਿਹਾ ਸੀ। ਮੈਂ ਸ਼ਾਇਦ ਜ਼ਿੰਦਗੀ ਵਿੱਚ ਪਹਿਲੀ ਵਾਰ ਭੱਜਿਆ ਸੀ।
‘‘ਅਗਲੀ ਪਿਕਨਿਕ ਕਦੋਂ ਮਨਾਵਾਂਗੇ ਆਰੀਅਨ?’’
‘‘ਹਰ ਐਤਵਾਰ…’’ ਫੁਟਬਾਲ ’ਤੇ ਕਿੱਕ ਮਾਰਦਿਆਂ ਆਰੀਅਨ ਨੇ ਕਿਹਾ।
(ਅਨੁਵਾਦ: ਸੁਰੇਖਾ ਮਿੱਡਾ)