Kafan (Story in Punjabi) : Munshi Premchand

ਕਫ਼ਨ (ਕਹਾਣੀ) : ਮੁਨਸ਼ੀ ਪ੍ਰੇਮਚੰਦ

ਝੁੱਗੀ ਦੇ ਬਾਹਰ ਪਿਓ ਪੁੱਤ ਦੋਵੇਂ ਇੱਕ ਧੁਖ਼ਦੀ ਧੂਣੀ ਦੁਆਲੇ ਚੁੱਪਚਾਪ ਬੈਠੇ ਸਨ ਅਤੇ ਅੰਦਰ ਮੁੰਡੇ ਦੀ ਜਵਾਨ ਘਰਵਾਲ਼ੀ ਬੁਧੀਆ ਜੰਮਣ-ਪੀੜਾਂ ਦੇ ਦਰਦ ਕਰਕੇ ਤੜਫ਼ ਰਹੀ ਸੀ। ਥੋੜੀ ਥੋੜੀ ਦੇਰ ਬਾਅਦ ਉਸਦੇ ਮੂੰਹੋਂ ਅਜਿਹੀ ਦਿਲ ਚੀਰਵੀਂ ਚੀਕ ਨਿਕਲਦੀ ਕਿ ਦੋਹਾਂ ਦਾ ਕਾਲ਼ਜਾ ਮੂੰਹ ਨੂੰ ਆ ਜਾਂਦਾ। ਸਰਦੀਆਂ ਦੀ ਰਾਤ ਸੀ, ਕੁਦਰਤ ਸੰਨਾਟੇ ਵਿੱਚ ਡੁੱਬੀ ਹੋਈ ਸੀ। ਪੂਰਾ ਪਿੰਡ ਹਨੇਰੇ ’ਚ ਖੋ ਗਿਆ ਸੀ।
ਘੀਸੂ ਨੇ ਕਿਹਾ, ‘‘ਬਚਦੀ ਨੀ ਲੱਗਦੀ ਇਹ। ਸਾਰਾ ਦਿਨ ਭੱਜ ਨੱਠ ’ਚ ਹੀ ਲੰਘ ਗਿਆ, ਜਾ ਦੇਖ ਕੇ ਤਾਂ ਆ ਜ਼ਰਾ।’’
ਮਾਧਵ ਖਿਝ ਕੇ ਬੋਲਿਆ, ‘‘ਮਰਨਾ ਹੀ ਹੈ ਤਾਂ ਛੇਤੀ ਮਰੇ, ਦੇਖ ਕੇ ਕੀ ਕਰਾਂ?’’
‘‘ਤੂੰ ਤਾਂ ਬਾਹਲ਼ਾ ਹੀ ਪੱਥਰ ਦਿਲ ਹੈਂ! ਸਾਰਾ ਸਾਲ ਜਿਹਦੇ ਨਾਲ਼ ਹੱਸਦਾ ਖੇਡਦਾ ਰਿਹਾ, ਉਹਦੇ ਨਾਲ਼ ਹੀ ਐਨੀ ਬੇਵਫਾਈ!’’
‘‘ਮੈਥੋਂ ਤਾਂ ਉਹਦਾ ਤੜਫ਼ਣਾ ਤੇ ਹੱਥ-ਪੈਰ ਮਾਰਨਾ ਦੇਖ ਨੀ ਹੁੰਦਾ।’’
ਚਮਾਰਾਂ ਦਾ ਟੱਬਰ ਸੀ ਤੇ ਸਾਰੇ ਪਿੰਡ ਵਿੱਚ ਬਦਨਾਮ। ਘੀਸੂ ਇੱਕ ਦਿਨ ਕੰਮ ਕਰਦਾ ਤਾਂ ਤਿੰਨ ਦਿਨ ਆਰਾਮ ਕਰਦਾ। ਮਾਧਵ ਐਡਾ ਕੰਮਚੋਰ ਸੀ ਕਿ ਜੇ ਅੱਧਾ ਘੰਟਾ ਕੰਮ ਕਰਦਾ ਤਾਂ ਘੰਟਾ-ਘੰਟਾ ਚਿਲਮ ਪੀਣ ਨੂੰ ਲਾਉਂਦਾ। ਇਸ ਲਈ ਉਹਨਾਂ ਨੂੰ ਕਿਤੇ ਦਿਹਾੜੀ ਨਹੀਂ ਮਿਲਦੀ ਸੀ। ਘਰ ਵਿੱਚ ਜੇ ਮੁੱਠੀ ਭਰ ਵੀ ਦਾਣੇ ਹੁੰਦੇ ਤਾਂ ਉਹ ਕੰਮ ਨਾ ਕਰਨ ਦੀ ਤਾਂ ਜਿਵੇਂ ਸੌਂਹ ਹੀ ਖਾ ਲੈਂਦੇ।
ਜਦੋਂ ਦੋ ਚਾਰ ਫਾਕੇ ਕੱਟਣੇ ਪੈਂਦੇ ਤਾਂ ਘੀਸੂ ਦਰੱਖਤ ’ਤੇ ਚੜਕੇ ਲੱਕੜਾਂ ਵੱਢਦਾ ਤੇ ਮਾਧਵ ਮੰਡੀ ’ਚ ਵੇਚ ਆਉਂਦਾ ਤੇ ਜਦੋਂ ਤੱਕ ਉਹ ਪੈਸੇ ਬਚੇ ਰਹਿੰਦੇ ਦੋਨੋ ਜਣੇ ਕੰਧਾਂ ਕੌਲ਼ੇ ਕੱਛਦੇ ਫਿਰਦੇ। ਜਦੋਂ ਫਾਕੇ ਦੀ ਨੌਬਤ ਆਉਂਦੀ ਤਾਂ ਫਿਰ ਲੱਕੜਾਂ ਵੱਢਦੇ ਜਾਂ ਮਜ਼ਦੂਰੀ ਭਾਲ਼ਦੇ। ਪਿੰਡ ਵਿੱਚ ਕੰਮ ਦੀ ਕੋਈ ਘਾਟ ਨਹੀਂ ਸੀ। ਕਿਸਾਨਾਂ ਦਾ ਪਿੰਡ ਸੀ, ਮਿਹਨਤੀ ਬੰਦੇ ਲਈ ਪੰਜਾਹ ਕੰਮ ਸਨ। ਪਰ ਇਹਨਾਂ ਦੋਹਾਂ ਨੂੰ ਲੋਕ ਉਦੋਂ ਹੀ ਬੁਲਾਉਂਦੇ ਜਦੋਂ ਦੋ ਬੰਦਿਆਂ ਤੋਂ ਇੱਕ ਦਾ ਕੰਮ ਲੈ ਕੇ ਵੀ ਸਬਰ ਕਰ ਲੈਣ ਤੋਂ ਬਿਨਾਂ ਹੋਰ ਕੋਈ ਚਾਰਾ ਨਾ ਬਚਦਾ ਹੋਵੇ। ਅਜੀਬ ਜ਼ਿੰਦਗੀ ਸੀ ਇਹਨਾਂ ਦੀ! ਘਰ ਵਿੱਚ ਦੋ ਚਾਰ ਮਿੱਟੀ ਦੇ ਭਾਂਡਿਆਂ ਤੋਂ ਬਿਨਾਂ ਹੋਰ ਕੋਈ ਜਾਇਦਾਦ ਨਹੀਂ ਸੀ। ਲੀਰਾਂ ਨਾਲ਼ ਆਪਣਾ ਨੰਗੇਜ਼ ਢੱਕਦੇ ਹੋਏ ਜੀ ਰਹੇ ਸਨ। ਦੁਨੀਆਂ ਦੇ ਫ਼ਿਕਰਾਂ ਤੋਂ ਅਜ਼ਾਦ। ਗਲ਼ ਤੱਕ ਕਰਜ਼ੇ ’ਚ ਡੁੱਬੇ ਹੋਏ। ਗਾਲ਼ਾਂ ਵੀ ਖਾਂਦੇ, ਕੁੱਟ ਵੀ ਸਹਿੰਦੇ, ਪਰ ਕੋਈ ਦੁੱਖ ਨਹੀਂ। ਨਿਮਾਣੇ ਐਨੇ ਕਿ ਪੈਸੇ ਮੁੁੜਨ ਦੀ ਕੋਈ ਉਮੀਦ ਨਾ ਹੋਣ ’ਤੇ ਵੀ ਲੋਕ ਇਹਨਾਂ ਨੂੰ ਥੋੜਾ-ਬਹੁਤਾ ਕਰਜ਼ਾ ਦੇ ਦਿੰਦੇ ਸਨ। ਮਟਰ-ਆਲੂ ਦੀ ਫ਼ਸਲ ਸਮੇਂ ਹੋਰਾਂ ਦੇ ਖੇਤਾਂ ’ਚੋਂ ਮਟਰ ਜਾਂ ਆਲੂ ਪੱਟ ਲਿਆਉਂਦੇ ਤੇ ਭੁੰਨ ਕੇ ਖਾ ਲੈਂਦੇ, ਜਾਂ ਪੰਜ-ਸੱਤ ਗੰਨੇ ਪੁੱਟ ਲਿਆਉਂਦੇ ਤੇ ਰਾਤ ਨੂੰ ਬਹਿ ਕੇ ਚੂਪਦੇ।
ਘੀਸੂ ਸੱਠ ਸਾਲ ਦੀ ਉਮਰ ਹੰਢਾ ਚੁੱਕਿਆ ਸੀ ਅਤੇ ਮਾਧਵ ਵੀ ਲਾਇਕ ਸਪੁੱਤਰ ਵਾਂਗ ਪਿਓ ਦੇ ਪਦ-ਚਿੰਨ੍ਹਾਂ ’ਤੇ ਹੀ ਚੱਲ ਰਿਹਾ ਸੀ, ਸਗੋਂ ਉਸਦਾ ਨਾਮ ਹੋਰ ਵੀ ਰੌਸ਼ਨ ਕਰ ਰਿਹਾ ਸੀ। ਹੁਣ ਵੀ ਦੋਵੇਂ ਜਣੇ ਧੂਣੀ ਦੁਆਲ਼ੇ ਬੈਠੇ ਆਲੂ ਭੁੰਨ ਰਹੇ ਸਨ, ਜਿਹੜੇ ਕਿਸੇ ਦੇ ਖੇਤੋਂ ਪੁੱਟ ਲਿਆਏ ਸਨ। ਘੀਸੂ ਦੀ ਘਰਵਾਲੀ ਤਾਂ ਬਹੁਤ ਦਿਨ ਪਹਿਲਾਂ ਹੀ ਚਲਾਣਾ ਕਰ ਗਈ ਸੀ। ਮਾਧਵ ਦਾ ਵਿਆਹ ਪਿਛਲੇ ਸਾਲ ਹੋਇਆ ਸੀ। ਜਿੱਦਣ ਦੀ ਇਹ ਔਰਤ ਆਈ ਸੀ ਉਸਨੇ ਇਸ ਖਾਨਦਾਨ ਨੂੰ ਬੰਨਣ ਦੀ ਨੀਂਹ ਰੱਖੀ ਸੀ। ਚੱਕੀ ਪੀਹ ਕੇ ਜਾਂ ਘਾਹ ਖੋਤ ਕੇ ਉਹ ਸੇਰ ਕੁ ਆਟੇ ਦਾ ਇੰਤਜ਼ਾਮ ਕਰ ਲੈਂਦੀ ਸੀ ਅਤੇ ਇਹਨਾਂ ਦੋਹਾਂ ਬੇਗੈਰਤਾਂ ਦਾ ਨਰਕ ਭੋਗਦੀ ਸੀ। ਜਿੱਦਣ ਦੀ ਉਹ ਆਈ ਇਹ ਦੋਵੇਂ ਹੋਰ ਵੀ ਆਲਸੀ ਅਤੇ ਆਰਾਮਪ੍ਰਸਤ ਹੋ ਗਏ ਸਨ, ਹੋਰ ਤਾਂ ਹੋਰ ਆਕੜਾਂ ਵੀ ਦਿਖਾਉਣ ਲੱਗ ਪਏ ਸਨ। ਕੋਈ ਕਿਸੇ ਕੰਮ ਲਈ ਸੱਦਦਾ ਤਾਂ ਪੂਰਾ ਆਕੜ ਕੇ ਦੁੱਗਣੀ ਦਿਹਾੜੀ ਮੰਗਦੇ। ਉਹੀ ਔਰਤ ਅੱਜ ਜੰਮਣ-ਪੀੜਾਂ ਨਾਲ਼ ਮਰ ਰਹੀ ਸੀ ਤੇ ਇਹ ਦੋਵੇਂ ਸ਼ਾਇਦ ਇਸੇ ਉਡੀਕ ਵਿੱਚ ਸਨ ਕਿ ਕਦੋਂ ਉਹ ਮਰੇ ਤੇ ਇਹ ਅਰਾਮ ਨਾਲ਼ ਸੌਂਣ।
ਘੀਸੂ ਨੇ ਆਲੂ ਕੱਢਕੇ ਛਿੱਲਦਿਆਂ ਕਿਹਾ, ‘‘ਜਾ ਕੇ ਦੇਖ ਤਾਂ ਸਹੀ ਕੀ ਹਾਲ ਹੈ ਉਸਦਾ? ਕੋਈ ਕਸਰ-ਕੁਸਰ ਤਾਂ ਨੀ ਹੋਗੀ? ਇੱਥੇ ਤਾਂ ਸਿਆਣਾ ਵੀ ਆਉਣ ਦਾ ਪੂਰਾ ਇੱਕ ਰੁਪਿਆ ਮੰਗਦੈ!’’
ਮਾਧਵ ਨੂੰ ਇਹ ਡਰ ਸੀ ਕਿ ਜੇ ਉਹ ਅੰਦਰ ਗਿਆ ਤਾਂ ਘੀਸੂ ਨੇ ਆਲੂਆਂ ਦਾ ਵੱਡਾ ਹਿੱਸਾ ਹੜੱਪ ਲੈਣਾ ਹੈ। ਅਖੇ, ‘‘ਮੈਨੂੰ ਤਾਂ ਅੰਦਰ ਜਾਣ ਤੋਂ ਡਰ ਲੱਗਦੈ।’’
‘‘ਲੈ, ਡਰ ਕਾਹਦਾ, ਮੈਂ ਬੈਠਾ ਤਾਂ ਹਾਂ!’’
‘‘ਫਿਰ ਤੂੰ ਹੀ ਦੇਖ ਲੈ ਜਾ ਕੇ?’’
‘‘ਮੇਰੀ ਜਨਾਨੀ ਜਦ ਮਰੀ ਸੀ, ਤਾਂ ਮੈਂ ਤਿੰਨ ਦਿਨ ਉਹਦੇ ਕੋਲੋਂ ਹਿੱਲਿਆ ਨਹੀਂ ਸੀ। ਤੇ ਨਾਲ਼ੇ ਮੈਥੋਂ ਉਹਨੂੰ ਸੰਗ ਨੀ ਆਊਗੀ? ਜਿਹਦਾ ਕਦੇ ਮੂੰਹ ਨੀ ਦੇਖਿਆ, ਅੱਜ ਉਸਦਾ ਉੱਧੜਿਆ ਹੋਇਆ ਸਰੀਰ ਦੇਖਾਂ! ਉਹਨੂੰ ਕਿਹੜਾ ਕੋਈ ਆਪਣੀ ਸੁੱਧ-ਬੁੱਧ ਹੋਣੀ ਐ। ਮੈਨੂੰ ਦੇਖ ਲਿਆ ਤਾਂ ਖੁੱਲ ਕੇ ਹੱਥ-ਪੈਰ ਮਾਰਨੋਂ ਵੀ ਔਖੀ ਹੋਜੂ।’’
‘‘ਮੈਂ ਤਾਂ ਇਹ ਸੋਚ ਰਿਹਾਂ ਬਈ ਜੇ ਕੋਈ ਜਵਾਕ-ਜੱਲਾ ਹੋ ਗਿਆ ਤਾਂ ਕੀ ਕਰਾਂਗੇ। ਸੌਂਫ, ਗੁੜ, ਤੇਲ ਘਰੇ ਤਾਂ ਕੱਖ ਵੀ ਹੈ ਨੀ’’
‘‘ਸਭ ਕੁਝ ਆ ਜਾਊ। ਰੱਬ ਦਵੇ ਤਾਂ ਸਹੀ। ਜਿਹੜੇ ਲੋਕ ਹੁਣ ਇੱਕ ਪੈਸਾ ਨੀ ਦਿੰਦੇ, ਉਹੀ ਕੱਲ ਨੂੰ ਆਪ ਸੱਦ-ਸੱਦ ਕੇ ਦੇਣਗੇ। ਮੇਰੇ ਨੌਂ ਮੁੰਡੇ ਹੋਏ, ਘਰ ’ਚ ਕਦੇ ਕੁਝ ਨਹੀਂ ਸੀ, ਪਰ ਰੱਬ ਨੇ ਕਿਸੇ ਤਰ੍ਹਾਂ ਬੇੜਾ ਪਾਰ ਲਾਇਆ ਹੀ ਹੈ।’’
ਜਿਹੜੇ ਸਮਾਜ ਵਿੱਚ ਦਿਨ-ਰਾਤ ਮਿਹਨਤ ਕਰਨ ਵਾਲ਼ਿਆਂ ਦੀ ਹਾਲਤ ਇਹਨਾਂ ਦੀ ਹਾਲਤ ਤੋਂ ਕੋਈ ਬਹੁਤੀ ਚੰਗੀ ਨਹੀਂ ਸੀ ਅਤੇ ਕਿਸਾਨਾਂ ਦੇ ਮੁੁਕਾਬਲੇ ਉਹ ਲੋਕ, ਜਿਹੜੇ ਕਿਸਾਨਾਂ ਦੀਆਂ ਕਮਜ਼ੋਰੀਆਂ ਦਾ ਲਾਹਾ ਖੱਟਣਾ ਚਾਹੁੰਦੇ ਸਨ, ਕਿਤੇ ਜ਼ਿਆਦਾ ਖੁਸ਼ਹਾਲ ਸਨ, ਉੱਥੇ ਅਜਿਹੀ ਮਨੋਬਿਰਤੀ ਦਾ ਪੈਦਾ ਹੋ ਜਾਣਾ ਕੋਈ ਹੈਰਾਨੀ ਦੀ ਗੱਲ ਨਹੀਂ ਸੀ। ਅਸੀਂ ਤਾਂ ਕਹਾਂਗੇ ਕਿ ਘੀਸੂ ਕਿਸਾਨਾਂ ਨਾਲ਼ੋਂ ਕਿਤੇ ਜ਼ਿਆਦਾ ਸਿਆਣਾ ਸੀ, ਜਿਹੜਾ ਕਿਸਾਨਾਂ ਦੇ ਵਿਚਾਰਹੀਣ ਸਮੂਹ ਵਿੱਚ ਸ਼ਾਮਲ ਹੋਣ ਨਾਲ਼ੋਂ ਬੈਠਕਬਾਜ਼ਾਂ ਦੀ ਬਦਨਾਮ ਮੰਡਲੀ ਵਿੱਚ ਜਾ ਰਲ਼ਿਆ ਸੀ। ਹਾਂ ਉਹਦੇ ਵਿੱਚ ਐਨੀ ਤਾਕਤ ਨਹੀਂ ਸੀ ਬੈਠਕਬਾਜ਼ਾਂ ਦੇ ਨਿਯਮ ਅਤੇ ਨੀਤੀਆਂ ਦਾ ਪਾਲਣ ਕਰ ਸਕਦਾ। ਇਸ ਲਈ ਜਿੱਥੇ ਉਸਦੀ ਮੰਡਲੀ ਦੇ ਸਰਗਣੇ ਪਿੰਡ ਦੇ ਪ੍ਰਧਾਨ ਬਣੇ ਹੋਏ ਸਨ, ਉਸ ’ਤੇ ਸਾਰਾ ਪਿੰਡ ਉਂਗਲੀ ਚੁੱਕਦਾ ਸੀ। ਫਿਰ ਵੀ ਉਸਨੂੰ ਐਨੀ ਕੁ ਤਾਂ ਤਸੱਲੀ ਸੀ ਕਿ ਜੇਕਰ ਉਹ ਬੁਰੇ-ਹਾਲ ਹੈ ਤਾਂ ਘੱਟੋ-ਘੱਟ ਉਸਨੂੰ ਕਿਸਾਨਾਂ ਵਰਗੀ ਲੱਕ-ਭੰਨਵੀਂ ਮਿਹਨਤ ਤਾਂ ਨਹੀਂ ਕਰਨੀ ਪੈਂਦੀ ਸੀ। ਉਸਦੀ ਸਾਦਗੀ ਅਤੇ ਸਰਲਤਾ ਦਾ ਲੋਕ ਫਾਇਦਾ ਤਾਂ ਨਹੀਂ ਚੱਕਦੇ।
ਦੋਵੇਂ ਆਲੂ ਕੱਢ ਕੇ ਗਰਮ-ਗਰਮ ਹੀ ਖਾਣ ਲੱਗ ਪਏ। ਕੱਲ ਦਾ ਕੁਝ ਨਹੀਂ ਸੀ ਖਾਧਾ। ਐਨਾ ਸਬਰ ਨਹੀਂ ਸੀ ਕਿ ਉਹਨਾਂ ਨੂੰ ਠੰਢੇ ਹੀ ਕਰ ਲਈਏ। ਕਈ ਵਾਰ ਦੋਹਾਂ ਦੇ ਮੂੰਹ ਸੜ ਗਏ। ਛਿੱਲੇ ਜਾਣ ’ਤੇ ਆਲੂ ਦਾ ਬਾਹਰੀ ਹਿੱਸਾ ਤਾਂ ਜ਼ਿਆਦਾ ਗਰਮ ਨਾ ਲੱਗਦਾ ਪਰ ਦੰਦਾਂ ਹੇਠ ਚੱਬਦਿਆਂ ਹੀ ਅੰਦਰਲਾ ਹਿੱਸਾ ਜੀਭ, ਹਲ਼ਕ, ਅਤੇ ਤਾਲ਼ੂਏ ਨੂੰ ਫੂਕ ਕੇ ਰੱਖ ਦਿੰਦਾ ਸੀ ਅਤੇ ਉਸ ਭਖ਼ਦੇ ਕੋਲੇ ਨੂੰ ਮੂੰਹ ’ਚ ਰੱਖਣ ਨਾਲ਼ੋਂ ਜ਼ਿਆਦਾ ਖ਼ੈਰੀਅਤ ਇਹੀ ਸੀ ਕਿ ਉਹ ਅੰਦਰ ਪਹੁੰਚ ਜਾਵੇ। ਉੱਥੇ ਉਸਨੂੰ ਠੰਢਾ ਕਰਨ ਲਈ ਕਾਫ਼ੀ ਸਮਾਨ ਸੀ ਇਸ ਲਈ ਦੋਵੇਂ ਜਲਦੀ ਜਲਦੀ ਨਿਗਲ਼ ਜਾਂਦੇ। ਭਾਵੇਂਕਿ ਇਸ ਕੋਸ਼ਿਸ਼ ਵਿੱਚ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰਦੇ।
ਘੀਸੂ ਨੂੰ ਉਸ ਵੇਲ਼ੇ ਠਾਕੁਰ ਦੀ ਬਰਾਤ ਯਾਦ ਆਈ, ਜਿਸ ਵਿੱਚ ਵੀਹ ਸਾਲ ਪਹਿਲਾਂ ਉਹ ਗਿਆ ਸੀ। ਉਸ ਦਾਅਵਤ ਵਿੱਚ ਉਸਨੂੰ ਜਿਹੜੀ ਤ੍ਰਿਪਤੀ ਮਿਲ਼ੀ ਸੀ, ਉਹ ਉਸਦੀ ਜ਼ਿੰਦਗੀ ਵਿੱਚ ਇੱਕ ਯਾਦ ਰੱਖਣ ਲਾਇਕ ਗੱਲ ਸੀ ਅਤੇ ਅੱਜ ਵੀ ਉਸਦੀ ਯਾਦ ਤਾਜ਼ਾ ਸੀ। ਕਹਿਣ ਲੱਗਿਆ, ‘‘ਉਹ ਦਾਅਵਤ ਨਹੀਂ ਭੁੱਲਦੀ। ਮੁੜ ਕੇ ਕਦੇ ਫਿਰ ਇਹੋ ਜਿਹਾ ਖਾਣਾ ਰੱਜ ਕੇ ਖਾਣ ਨੂੰ ਨਹੀਂ ਮਿਲ਼ਿਆ। ਕੁੜੀ ਵਾਲਿਆਂ ਨੇ ਸਾਰਿਆਂ ਨੂੰ ਖੁੱਲੀਆਂ ਪੂੜੀਆਂ ਵਰਤਾਈਆਂ, ਸਾਰਿਆਂ ਨੂੰ! ਛੋਟੇ ਵੱਡੇ ਸਭ ਨੇ ਪੂੜੀਆਂ ਖਾਧੀਆਂ ਤੇ ਉਹ ਵੀ ਖਾਲਸ ਘਿਉ ਦੀਆਂ! ਚਟਣੀ, ਰਾਇਤਾ, ਤਿੰਨ ਤਰ੍ਹਾਂ ਦੇ ਸੁੱਕੇ ਸਾਗ, ਇੱਕ ਚਟਪਟੀ ਤਰੀ, ਦਹੀਂ, ਮਿਠਾਈ। ਹੁਣ ਕੀ ਦੱਸਾਂ ਕਿ ਉਸ ਦਾਅਵਤ ਵਿੱਚ ਕੀ ਸਵਾਦ ਆਇਆ! ਕੋਈ ਰੋਕ ਟੋਕ ਨਹੀਂ ਸੀ। ਜਿਹੜੀ ਚੀਜ਼ ਚਾਹੋ ਜਿੰਨੀ ਮਰਜ਼ੀ ਖਾਓ। ਲੋਕਾਂ ਨੇ ਐਨਾ ਖਾਧਾ, ਐਨਾ ਖਾਧਾ ਕਿ ਕਿਸੇ ਤੋਂ ਪਾਣੀ ਵੀ ਨਾ ਪੀ ਹੋਇਆ। ਪਰ ਵਰਤਾਉਣ ਵਾਲ਼ੇ ਕਾਹਨੂੰ ਟਲ਼ਦੇ ਸੀ, ਪੱਤਲ ’ਚ ਗਰਮ-ਗਰਮ, ਗੋਲ਼-ਗੋਲ਼ ਕਚੌਰੀਆਂ ਰੱਖ ਜਾਂਦੇ। ਬਥੇਰਾ ਮਨ੍ਹਾ ਕਰਦੇ ਕਿ ਨਹੀਂ ਚਾਹੀਦੀਆਂ, ਪੱਤਲ਼ਾਂ ’ਤੇ ਹੱਥ ਰੱਖ ਰੱਖ ਰੋਕਦੇ, ਪਰ ਉਹ ਤਾਂ ਬਸ ਵਰਤਾਈ ਜਾ ਰਹੇ ਸੀ ਅਤੇ ਜਦੋਂ ਮੂੰਹ ਧੋ ਲਿਆ ਤਾਂ ਪਾਨ-ਇਲਾਇਚੀ ਵੀ ਮਿਲ਼ੀ, ਪਰ ਮੈਨੂੰ ਪਾਨ ਲੈਣ ਦੀ ਸੁੱਧ ਕਿੱਥੇ ਸੀ! ਖੜਾ ਤਾਂ ਹੋ ਨੀ ਸੀ ਹੁੰਦਾ। ਬਸ ਜਾ ਕੇ ਆਪਣੇ ਕੰਬਲ ’ਤੇ ਪੈ ਗਿਆ। ਐਸਾ ਦਰਿਆ-ਦਿਲ ਸੀ ਉਹ ਠਾਕੁਰ!’’
ਮਾਧਵ ਨੇ ਇਹਨਾਂ ਪਦਾਰਥਾਂ ਦਾ ਮਨ ਹੀ ਮਨ ਸਵਾਦ ਲੈਂਦਿਆਂ ਕਿਹਾ, ‘‘ਹੁਣ ਸਾਨੂੰ ਕੋਈ ਅਜਿਹਾ ਭੋਜ ਨਹੀਂ ਖਿਲਾਉਂਦਾ।’’
‘‘ਹੁਣ ਕੀਹਨੇ ਖਿਲਾਉਣਾ? ਉਹ ਜ਼ਮਾਨਾ ਹੋਰ ਸੀ। ਹੁਣ ਤਾਂ ਸਾਰਿਆਂ ਨੂੰ ਸਰਫ਼ਾ ਹੀ ਸੁੱਝਦਾ ਬਸ। ਵਿਆਹ-ਸ਼ਾਦੀ ’ਚ ਖਰਚਾ ਨਾ ਕਰੋ, ਮਰਨ-ਭੋਗ ’ਤੇ ਖਰਚਾ ਨਾ ਕਰੋ! ਕੋਈ ਪੁੱਛਣ ਵਾਲ਼ਾ ਹੋਵੇ ਬਈ ਗਰੀਬਾਂ ਦਾ ਐਨਾ ਮਾਲ ਲੁੱਟ ਕੇ ਲਿਜਾਣਾ ਕਿੱਥੇ ਐ! ਲੁੱਟਣ ’ਚ ਕੋਈ ਕਮੀ ਨਹੀਂ ਹੈ। ਹਾਂ, ਖਰਚੇ ’ਚ ਬੱਚਤ ਸੁੱਝਦੀ ਹੈ।’’
‘‘ਤੂੰ ਵੀਹ ਕੁ ਪੂੜੀਆਂ ਤਾਂ ਖਾ ਹੀ ਲਈਆਂ ਹੋਣੀਆਂ?’’
‘‘ਵੀਹ ਤੋਂ ਤਾਂ ਜ਼ਿਆਦਾ ਹੀ ਖਾਧੀਆਂ ਸੀ।’’
‘‘ਮੈਂ ਹੁੰਦਾ ਤਾਂ ਪੰਜਾਹ ਖਾ ਜਾਂਦਾ।’’
‘‘ਪੰਜਾਹ ਤੋਂ ਘੱਟ ਤਾਂ ਮੈਂ ਵੀ ਨੀ ਖਾਧੀਆਂ ਹੋਣੀਆਂ। ਹੱਟਾ ਕੱਟਾ ਹੁੰਦਾ ਸੀ। ਤੂੰ ਤਾਂ ਮੇਰਾ ਅੱਧਾ ਵੀ ਨੀ ਹੈਂ।’’
ਆਲੂ ਖਾ ਕੇ ਦੋਹਾਂ ਨੇ ਪਾਣੀ ਪੀਤਾ ਅਤੇ ਉੱਥੇ ਹੀ ਧੂਣੀ ਕੋਲ਼ ਆਪਣੀਆਂ ਧੋਤੀਆਂ ਉੱਤੇ ਲੈ ਕੇ, ਗੁੱਛਾ-ਮੁੱਛਾ ਜਿਹਾ ਹੋ ਕੇ ਸੌਂ ਗਏ। ਜਿਵੇਂ ਦੋ ਵੱਡੇ ਵੱਡੇ ਅਜਗਰ ਕੁੰਡਲੀਆਂ ਮਾਰ ਕੇ ਪਏ ਹੋਣ।
ਬੁਧੀਆ ਹਾਲੇ ਤੱਕ ਤੜਫ਼ ਰਹੀ ਸੀ।

ਸਵੇਰੇ ਮਾਧਵ ਨੇ ਝੁੱਗੀ ’ਚ ਜਾ ਕੇ ਦੇਖਿਆ ਤਾਂ, ਉਸਦੀ ਘਰਵਾਲ਼ੀ ਠੰਡੀ ਹੋ ਗਈ ਸੀ ਉਸਦੇ ਮੂੰਹ ’ਤੇ ਮੱਖੀਆਂ ਭਿਣਕ ਰਹੀਆਂ ਸਨ। ਪਥਰਾਈਆਂ ਅੱਖਾਂ ਉੱਪਰ ਵੱਲ ਝਾਕ ਰਹੀਆਂ ਸਨ। ਸਾਰਾ ਜਿਸਮ ਧੂੜ-ਮਿੱਟੀ ਨਾਲ਼ ਲਥਪਥ ਹੋਇਆ ਪਿਆ ਸੀ। ਉਸਦੀ ਕੁੱਖ ਵਿੱਚ ਬੱਚਾ ਮਰ ਗਿਆ ਸੀ।
ਮਾਧਵ ਭੱਜਦਾ ਹੋਇਆ ਘੀਸੂ ਕੋਲ਼ ਆਇਆ। ਫਿਰ ਦੋਵੇਂ ਉੱਚੀ ਉੱਚੀ ਲੇਰਾਂ ਮਾਰਨ ਲੱਗ ਪਏ ਅਤੇ ਛਾਤੀ ਪਿੱਟ ਪਿੱਟ ਕੇ ਸਿਆਪਾ ਕਰਨ ਲੱਗ ਪਏ। ਗੁਆਂਢੀਆਂ ਨੇ ਰੌਲ਼ਾ ਸੁਣਿਆ ਤਾਂ ਭੱਜੇ-ਭੱਜੇ ਆਏ ਅਤੇ ਪੁਰਾਣੀ ਮਰਿਆਦਾ ਅਨੁਸਾਰ ਇਹਨਾਂ ਬਦਨਸੀਬਾਂ ਨੂੰ ਸਮਝਾਉਣ ਲੱਗੇ।
ਪਰ ਜ਼ਿਆਦਾ ਰੋਣ-ਪਿੱਟਣ ਦਾ ਮੌਕਾ ਨਹੀਂ ਸੀ। ਕਫ਼ਨ ਅਤੇ ਲੱਕੜਾਂ ਦੀ ਫਿਕਰ ਕਰਨੀ ਸੀ। ਪਰ ਘਰ ’ਚ ਤਾਂ ਪੈਸਾ ਇੰਝ ਗਾਇਬ ਸੀ ਜਿਵੇਂ ਗਿਰਝ ਦੇ ਆਲਣੇ ਵਿੱਚ ਮਾਸ ਹੁੰਦਾ ਹੈ।
ਪਿਓ-ਪੁੱਤ ਰੋਂਦੇ-ਪਿੱਟਦੇ ਪਿੰਡ ਦੇ ਜ਼ਿਮੀਂਦਾਰ ਕੋਲ ਗਏ। ਉਹ ਇਹਨਾਂ ਦੋਹਾਂ ਦੀ ਸ਼ਕਲ ਵੀ ਪਸੰਦ ਨਹੀਂ ਸੀ ਕਰਦਾ। ਕਈ ਵਾਰ ਇਹਨਾਂ ਨੂੰ ਚੋਰੀ ਕਰਨ ਲਈ ਜਾਂ ਵਾਅਦੇ ਮੁਤਾਬਿਕ ਕੰਮ ’ਤੇ ਨਾ ਆਉਣ ਕਾਰਨ ਕੁੱਟ ਚੁੱਕਿਆ ਸੀ।
ਪੁੱਛਿਆ, ‘‘ਕੀ ਗੱਲ ਹੈ ਓਏ ਘੀਸੂ, ਪਿੱਟਣ ਕਿਉਂ ਲੱਗਿਐਂ? ਅੱਜ ਕੱਲ ਤਾਂ ਤੂੰ ਕਿਤੇ ਦਿਖਦਾ ਵੀ ਨੀ! ਲੱਗਦੈ ਪਿੰਡ ’ਚ ਰਹਿਣ ਦਾ ਦਿਲ ਨੀ ਕਰਦਾ ਤੇਰਾ।’’
ਘੀਸੂ ਨੇ ਜ਼ਮੀਨ ’ਤੇ ਸਿਰ ਰੱਖ ਕੇ ਅੱਖਾਂ ਵਿੱਚ ਹੰਝੂ ਭਰਦਿਆਂ ਕਿਹਾ, ‘‘ਸਰਕਾਰ! ਬੜੀ ਮੁਸੀਬਤ ਪੈ ਗਈ। ਰਾਤ ਮਾਧਵ ਦੀ ਘਰਵਾਲ਼ੀ ਗੁਜ਼ਰ ਗਈ। ਸਾਰੀ ਰਾਤ ਤੜਫਦੀ ਰਹੀ, ਸਰਕਾਰ! ਅਸੀਂ ਦੋਨੇ ਉਹਦੇ ਸਿਰਹਾਣੇ ਬੈਠੇ ਰਹੇ। ਦਵਾ-ਦਾਰੂ ਜੋ ਵੀ ਸਰਿਆ ਕਰਦੇ ਰਹੇ, ਪਰ ਉਹ ਫਿਰ ਵੀ ਸਾਨੂੰ ਧੋਖਾ ਦੇ ਗਈ। ਹੁਣ ਤਾਂ ਕੋਈ ਰੋਟੀ ਦੇਣ ਵਾਲ਼ਾ ਵੀ ਨੀ ਰਿਹਾ, ਮਾਲਕ! ਲੁੱਟੇ ਗਏ। ਘਰ ਉੱਜੜ ਗਿਆ। ਤੇਰਾ ਗੁਲਾਮ ਹਾਂ। ਹੁਣ ਤੇਰੇ ਬਿਨਾਂ ਕੌਣ ਹੈ, ਉਸਦੀ ਮਿੱਟੀ ਵੀ ਚੁੱਕਣੀ ਹੈ। ਤੇਰੇ ਬਿਨਾਂ ਹੋਰ ਕੀਹਦੇ ਦੁਆਰੇ ਜਾਵਾਂ?’’
ਜ਼ਿਮੀਦਾਰ ਸਾਹਬ ਦਿਆਲੂ ਸਨ। ਪਰ ਘੀਸੂ ’ਤੇ ਤਰਸ ਖਾਣਾ ਕਾਲ਼ੇ ਕੰਬਲ ’ਤੇ ਰੰਗ ਚੜਾਉਣ ਬਰਾਬਰ ਸੀ। ਦਿਲ ਤਾਂ ਕੀਤਾ ਕਿ ਕਹਿ ਦੇਣ, ਚੱਲ, ਦਫਾ ਹੋ ਇੱਥੋਂ। ਉਂਝ ਤਾਂ ਬੁਲਾਉਣ ’ਤੇ ਵੀ ਨੀ ਆਉਂਦਾ, ਹੁਣ ਲੋੜ ਪਈ ਤਾਂ ਮਿੱਠੇ ਪੋਚੇ ਮਾਰ ਰਿਹੈਂ, ਹਰਾਮਖੋਰ ਕਿਸੇ ਥਾਂ ਦਾ, ਬਦਮਾਸ਼! ਪਰ ਇਹ ਗੁੱਸੇ ਹੋਣ ਜਾਂ ਸਜ਼ਾ ਦੇਣ ਦਾ ਮੌਕਾ ਨਹੀਂ ਸੀ। ਦਿਲ ’ਚ ਕੁੜ੍ਹਦੇ ਹੋਏ ਨੇ ਦੋ ਰੁਪਏ ਕੱਢ ਕੇ ਸੁੱਟ ਦਿੱਤੇ। ਪਰ ਹਮਦਰਦੀ ਦਾ ਇੱਕ ਬੋਲ ਵੀ ਮੂੰਹੋਂ ਨਾ ਕੱਢਿਆ। ਉਹਦੇ ਵੱਲ ਦੇਖਿਆ ਤੱਕ ਨਾ। ਜਿਵੇਂ ਸਿਰ ਦਾ ਭਾਰ ਲਾਹਿਆ ਹੋਵੇ।
ਜਦੋਂ ਜ਼ਿਮੀਦਾਰ ਸਾਹਬ ਨੇ ਦੋ ਰੁਪਏ ਦੇ ਦਿੱਤੇ, ਤਾਂ ਪਿੰਡ ਦੇ ਬਾਣੀਏ-ਮਹਾਜਨ ਨਾਂਹ ਕਰਨ ਦੀ ਹਿੰਮਤ ਕਿਵੇਂ ਕਰ ਸਕਦੇ ਸੀ? ਘੀਸੂ ਜ਼ਿਮੀਦਾਰ ਦੇ ਨਾਮ ਦਾ ਢੰਡੋਰਾ ਪਿੱਟਣਾ ਵੀ ਚੰਗੀ ਤਰ੍ਹਾਂ ਜਾਣਦਾ ਸੀ। ਕਿਸੇ ਨੇ ਦੋ ਆਨੇ ਦਿੱਤੇ ਤਾਂ ਕਿਸੇ ਨੇ ਚਾਰ ਦੇ ਦਿੱਤੇ। ਘੰਟੇ ਵਿੱਚ ਘੀਸੂ ਕੋਲ਼ ਪੰਜ ਰੁਪਏ ਦੀ ਚੰਗੀ-ਖਾਸੀ ਰਕਮ ਜਮਾਂ ਹੋ ਗਈ। ਕਿਤੋਂ ਦਾਣੇ ਮਿਲ ਗਏ ਤਾਂ ਕਿਤੋਂ ਲੱਕੜਾਂ। ਤੇ ਦੁਪਹਿਰੇ ਘੀਸੂ ਅਤੇ ਮਾਧਵ ਮੰਡੀਉਂਂ ਕਫ਼ਨ ਲੈਣ ਚਲੇ ਗਏ। ਇੱਧਰ ਲੋਕ ਬਾਂਸ ਵੱਢਣ ਲੱਗ ਪਏ।
ਪਿੰਡ ਦੀਆਂ ਨਰਮ-ਦਿਲ ਔਰਤਾਂ ਆ ਕੇ ਲਾਸ਼ ਨੂੰ ਦੇਖਦੀਆਂ ਤੇ ਉਸਦੀ ਬੇਵਸੀ ’ਤੇ ਦੋ ਹੰਝੂ ਵਹਾ ਕੇ ਚਲੀਆਂ ਜਾਂਦੀਆਂ।
‘‘ਕਿਹੋ ਜਿਹਾ ਭੈੜਾ ਰਿਵਾਜ ਹੈ ਕਿ ਜਿਸਨੂੰ ਜਿਉਂਦੇ ਜੀ ਤਨ ਢਕਣ ਨੂੰ ਲੀਰਾਂ ਵੀ ਨਾ ਜੁੜੀਆਂ, ਮਰਨ ’ਤੇ ਉਸਨੂੰ ਕਫ਼ਨ ਚਾਹੀਦਾ ਹੈ।’’
‘‘ਕਫ਼ਨ ਲਾਸ਼ ਨਾਲ਼ ਸੜ ਹੀ ਜਾਣਾ!’’
‘‘ਹੋਰ, ਰਹਿ ਵੀ ਕੀ ਜਾਣਾ? ਇਹੀ ਪੰਜ ਰੁਪਏ ਪਹਿਲਾਂ ਮਿਲ਼ ਜਾਂਦੇ ਤਾਂ ਕੋਈ ਦਵਾ-ਦਾਰੂ ਹੀ ਕਰ ਲੈਂਦੇ।’’

ਦੋਨੇ ਇੱਕ ਦੂਜੇ ਦੀ ਮਨ ਦੀ ਗੱਲ ਤਾੜ ਰਹੇ ਸਨ। ਮੰਡੀ ਵਿੱਚ ਇੱਧਰ ਓਧਰ ਘੁੰਮਦੇ ਰਹੇ। ਕਦੇ ਇਸ ਬਜਾਜ ਦੀ ਦੁਕਾਨ ’ਤੇ ਗਏ, ਕਦੇ ਦੂਜੇ ਦੀ ’ਤੇ। ਤਰ੍ਹਾਂ ਤਰ੍ਹਾਂ ਦੇ ਕੱਪੜੇ ਰੇਸ਼ਮੀ ਅਤੇ ਸੂਤੀ ਦੇਖੇ ਪਰ ਕੋਈ ਜਚਿਆ ਨਾ। ਇੱਥੋਂ ਤੱਕ ਕਿ ਸ਼ਾਮ ਹੋ ਗਈ। ਫਿਰ ਦੋਵੇਂ ਪਤਾ ਨਹੀਂ ਕਿਹੜੀ ਦੈਵੀ ਪ੍ਰੇਰਣਾ ਨਾਲ਼ ਇੱਕ ਸ਼ਰਾਬ ਦੇ ਠੇਕੇ ਦੇ ਸਾਹਮਣੇ ਜਾ ਪੁੱਜੇ ਅਤੇ ਜਿਵੇਂ ਕੋਈ ਪਹਿਲਾਂ ਹੀ ਬਣਾਈ ਹੋਈ ਵਿਉਂਤ ਹੋਵੇ, ਅੰਦਰ ਲੰਘ ਗਏ। ਉੱਥੇ ਕੁਝ ਦੇਰ ਤੱਕ ਦੋਵੇਂ ਹੱਕੇ-ਬੱਕੇ ਜਿਹੇ ਖੜੇ ਰਹੇ। ਫਿਰ ਘੀਸੂ ਨੇ ਗੱਦੀ ਦੇ ਸਾਹਮਣੇ ਜਾ ਕੇ ਕਿਹਾ, ‘‘ਸ਼ਾਹ ਜੀ, ਇੱਕ ਬੋਤਲ ਸਾਨੂੰ ਵੀ ਦੇ ਦਿਓ।’’
ਉਸਤੋਂ ਬਾਅਦ ਕੁਝ ਨਮਕੀਨ ਆਇਆ, ਤਲ਼ੀਆਂ ਹੋਈਆਂ ਮੱਛੀਆਂ ਆਈਆਂ ਅਤੇ ਦੋਵੇਂ ਜਣੇ ਵਰਾਂਡੇ ਵਿੱਚ ਬੈਠ ਕੇ ਅਰਾਮ ਨਾਲ਼ ਪੀਣ ਲੱਗ ਪਏ।
ਕਈ ਗਲਾਸ ਦੜਾ-ਦੜ ਅੰਦਰ ਸੁੱਟਣ ਤੋਂ ਬਾਅਦ ਦੋਨੇ ਸਰੂਰ ਵਿੱਚ ਆ ਗਏ।
ਘੀਸੂ ਬੋਲਿਆ, ‘‘ਕਫ਼ਨ ਦੇਣ ਨਾਲ਼ ਕੀ ਹੋਣੈਂ? ਸੜਨਾ ਹੀ ਸੀ, ਬਹੂ ਦੇ ਨਾਲ਼ ਤਾਂ ਨੀ ਜਾਣਾ ਸੀ।’’
ਮਾਧਵ ਅਸਮਾਨ ਵੱਲ ਦੇਖ ਕੇ ਬੋਲਿਆ, ਜਿਵੇਂ ਦੇਵਤਿਆਂ ਨੂੰ ਆਪਣੇ ਨਿਰਦੋਸ਼ ਹੋਣ ਦਾ ਗਵਾਹ ਬਣਾ ਰਿਹਾ ਹੋਵੇ, ‘‘ਦੁਨੀਆਂ ਦਾ ਦਸਤੂਰ ਹੈ, ਨਹੀਂ ਤਾਂ ਕੋਈ ਬਾਹਮਣਾਂ ਨੂੰ ਹਜ਼ਾਰਾਂ ਰੁਪਏ ਕਿਉਂ ਦੇਵੇ। ਕਿਹੜਾ ਦੇਖਦੈ, ਪਰਲੋਕ ’ਚ ਮਿਲ਼ਦਾ ਵੀ ਹੈ ਜਾਂ ਨਹੀਂ।’’
‘‘ਵੱਡੇ ਬੰਦਿਆਂ ਕੋਲ਼ ਪੈਸਾ ਹੈ, ਚਾਹੇ ਰੱਖਣ ਚਾਹੇ ਫੂਕਣ। ਸਾਡੇ ਕੋਲ਼ ਕੀ ਹੈ ਫੂਕਣ ਵਾਸਤੇ?’’
‘‘ਪਰ ਲੋਕਾਂ ਨੂੰ ਕੀ ਜਵਾਬ ਦੇਵਾਂਗੇ। ਲੋਕ ਪੁੱਛਣਗੇ ਨੀ, ਕਫ਼ਨ ਕਿੱਥੇ ਹੈ?’’
ਘੀਸੂ ਹੱਸਿਆ, ‘‘ਓ ਛੱਡ, ਕਹਿ ਦਿਆਂਗੇ ਕਿ ਪੈਸੇ ਕਿਤੇ ਗਿਰ ਗਏ। ਬਥੇਰਾ ਲੱਭਿਆ ਪਰ ਮਿਲ਼ੇ ਹੀ ਨੀ। ਯਕੀਨ ਤਾਂ ਉਹਨਾਂ ਨੂੰ ਆਉਣਾ ਨੀ, ਪਰ ਫਿਰ ਪੈਸੇ ਦੇਣਗੇ ਵੀ ਉਹੀ।’’
ਮਾਧਵ ਵੀ ਹੱਸਿਆ, ਅਚਾਨਕ ਮਿਲ਼ੀ ਖੁਸ਼ਕਿਸਮਤੀ ’ਤੇ ਕਹਿਣ ਲੱਗਿਆ, ‘‘ਚੰਗੀ ਸੀ ਵਿਚਾਰੀ! ਮਰੀ ਵੀ ਤਾਂ ਪੂਰਾ ਖੁਆ-ਪਿਆ ਕੇ।’’
ਹੁਣ ਬੋਤਲ ਤੋਂ ਜ਼ਿਆਦਾ ਹੋ ਗਈ। ਘੀਸੂ ਨੇ ਦੋ ਸੇਰ ਪੂੜੀਆਂ ਮੰਗਵਾਈਆਂ। ਚਟਣੀ, ਅਚਾਰ, ਕਲ਼ੇਜੀਆਂ। ਠੇਕੇ ਦੇ ਸਾਹਮਣੇ ਹੀ ਦੁਕਾਨ ਸੀ। ਮਾਧਵ ਭੱਜਕੇ ਦੋ ਪੱਤਲ਼ਾਂ ਵਿੱਚ ਸਾਰਾ ਸਮਾਨ ਲੈ ਆਇਆ। ਪੂਰਾ ਡੇਢ ਰੁਪਿਆ ਹੋਰ ਖਰਚ ਹੋ ਗਿਆ। ਹੁਣ ਬਸ ਥੋੜੇ ਜਿਹੇ ਪੈਸੇ ਹੀ ਬਚੇ ਰਹਿ ਗਏ।
ਦੋਵੇਂ ਇਸ ਵੇਲ਼ੇ ਬੜੀ ਸ਼ਾਨ ਨਾਲ਼ ਬੈਠੇ ਪੂੜੀਆਂ ਖਾ ਰਹੇ ਸਨ, ਜਿਵੇਂ ਜੰਗਲ ਵਿੱਚ ਕੋਈ ਸ਼ੇਰ ਆਪਣੇ ਸ਼ਿਕਾਰ ਦੀ ਦਾਅਵਤ ਉਡਾ ਰਿਹਾ ਹੋਵੇ। ਨਾ ਜਵਾਬਦੇਹੀ ਦਾ ਡਰ ਸੀ, ਨਾ ਬਦਨਾਮੀ ਦਾ ਫਿਕਰ। ਇਹਨਾਂ ਭਾਵਨਾਵਾਂ ਨੂੰ ਉਹਨਾਂ ਨੇ ਬਹੁਤ ਪਹਿਲਾਂ ਹੀ ਜਿੱਤ ਲਿਆ ਸੀ।
ਘੀਸੂ ਦਾਰਸ਼ਨਿਕਾਂ ਵਾਂਗ ਬੋਲਿਆ, ‘‘ਸਾਡੀ ਆਤਮਾ ਖੁਸ਼ ਹੋ ਰਹੀ ਹੈ ਤਾਂ ਇਹਦਾ ਉਹਨੂੰ ਪੁੰਨ ਨੀ ਲੱਗੂ?’’
ਮਾਧਵ ਨੇ ਸ਼ਰਧਾ ਨਾਲ਼ ਸਿਰ ਝੁਕਾ ਕੇ ਤਸਦੀਕ ਕੀਤੀ, ‘‘ਜ਼ਰੂਰ ਲੱਗੂ। ਰੱਬਾ ਤੂੰ ਤਾਂ ਜਾਣੀ ਜਾਣ ਐਂ। ਉਸਨੂੰ ਸਵਰਗ ਭੇਜੀਂ। ਅਸੀਂ ਦੋਵੇਂ ਦਿਲੋਂ ਉਸਨੂੰ ਅਸੀਸ ਦੇ ਰਹੇ ਹਾਂ। ਅੱਜ ਜੋ ਖਾਣ-ਪੀਣ ਨੂੰ ਮਿਲਿਆ, ਉਹ ਤਾਂ ਸਾਰੀ ਉਮਰ ਨਾ ਮਿਲਿਆ ਕਦੇ।’’
ਇੱਕ ਪਲ ਬਾਅਦ ਮਾਧਵ ਦੇ ਮਨ ਵਿੱਚ ਇੱਕ ਸ਼ੰਕਾ ਉੱਠੀ। ਕਹਿੰਦਾ, ‘‘ਕਿਉਂ ਬਾਪੂ, ਆਪਾਂ ਵੀ ਤਾਂ ਇੱਕ ਨਾ ਇੱਕ ਦਿਨ ਉੱਥੇ ਜਾਵਾਂਗੇ ਹੀ।’’
ਘੀਸੂ ਨੇ ਇਸ ਭੋਲ਼ੇ-ਭਾਲ਼ੇ ਸਵਾਲ ਦਾ ਕੋਈ ਜਵਾਬ ਨਾ ਦਿੱਤਾ। ਉਹ ਪਰਲੋਕ ਦੀਆਂ ਗੱਲਾਂ ਸੁਣ ਕੇ ਇਸ ਆਨੰਦ ਵਿੱਚ ਕੋਈ ਅੜਿੱਕਾ ਨਹੀਂ ਪਾਉਣਾ ਚਾਹੁੰਦਾ ਸੀ।
‘‘ਜੇ ਉਹਨੇ ਉੱਥੇ ਸਾਨੂੰ ਪੁੱਛਿਆ ਕਿ ਤੁਸੀਂ ਕਫ਼ਨ ਕਿਉਂ ਨਹੀਂ ਦਿੱਤਾ ਤਾਂ ਕੀ ਕਹਾਂਗੇ?’’
‘‘ਕਹਾਂਗੇ ਤੇਰਾ ਸਿਰ!’’
‘‘ਪੁੱਛੂ ਤਾਂ ਜ਼ਰੂਰ।’’
‘‘ਤੈਨੂੰ ਪਤਾ ਹੈ ਬਈ ਉਸਨੂੰ ਕਫ਼ਨ ਨਹੀਂ ਮਿਲਣਾ? ਤੂੰ ਮੈਨੂੰ ਕੋਈ ਗਧਾ ਸਮਝਿਆ ਹੈ। ਸੱਠ ਸਾਲ ਇਸ ਦੁਨੀਆਂ ਵਿੱਚ ਘਾਹ ਨਹੀਂ ਖੋਤਦਾ ਰਿਹਾ ਮੈਂ। ਉਹਨੂੰ ਕਫ਼ਨ ਮਿਲੂਗਾ ਤੇ ਇਸਤੋਂ ਵੀ ਵਧੀਆ ਮਿਲੂਗਾ।’’
ਮਾਧਵ ਨੂੰ ਯਕੀਨ ਨਾ ਹੋਇਆ। ਕਹਿੰਦਾ, ‘‘ਕੌਣ ਦਊਗਾ? ਰੁਪਏ ਤਾਂ ਤੂੰ ਖਾ ਗਿਆ ਸਾਰੇ। ਉਹ ਤਾਂ ਮੈਥੋਂ ਪੁੱਛੂਗੀ। ਉਹਨੂੰ ਵਿਆਹ ਕੇ ਤਾਂ ਮੈਂ ਹੀ ਲਿਆਇਆ ਸੀ।’’
ਘੀਸੂ ਗਰਮ ਹੋ ਕੇ ਕਹਿਣ ਲੱਗਿਆ, ‘‘ਮੈਂ ਕਿਹਾ ਨਾ, ਉਹਨੂੰ ਕਫ਼ਨ ਮਿਲ਼ੂਗਾ, ਤੂੰ ਮੰਨਦਾ ਕਿਉਂ ਨੀ?’’
‘‘ਕੌਣ ਦਊਗਾ? ਦੱਸ ਤਾਂ ਸਹੀ?’’
‘‘ਉਹੀ ਦੇਣਗੇ, ਜਿਹਨਾਂ ਨੇ ਹੁਣ ਦਿੱਤਾ ਸੀ। ਬਸ ਐਤਕੀਂ ਪੈਸੇ ਆਪਣੇ ਹੱਥ ਨੀ ਆਉਣੇ।’’

ਜਿਵੇਂ ਜਿਵੇਂ ਹਨੇਰਾ ਵਧਦਾ ਜਾਂਦਾ ਤੇ ਤਾਰਿਆਂ ਦੀ ਚਮਕ ਤਿੱਖੀ ਹੁੰਦੀ ਜਾਂਦੀ, ਠੇਕੇ ਦੀ ਰੌਣਕ ਵੀ ਵਧਦੀ ਜਾਂਦੀ ਸੀ। ਕੋਈ ਗਾਉਂਦਾ, ਕੋਈ ਫੜ੍ਹਾਂ ਮਾਰਦਾ, ਕੋਈ ਆਪਣੇ ਨਾਲ਼ ਦੇ ਨੂੰ ਜੱਫੀਆਂ ਪਾਈ ਜਾਂਦਾ। ਕੋਈ ਆਪਣੇ ਦੋਸਤ ਦੇ ਮੂੰਹ ਨੂੰ ਗਲਾਸ ਲਾਈ ਜਾਂਦਾ ਸੀ।
ਉਸ ਵਾਤਾਵਰਣ ਵਿੱਚ ਸਰੂਰ ਸੀ, ਹਵਾ ਵਿੱਚ ਨਸ਼ਾ ਸੀ। ਕਈ ਤਾਂ ਇੱਥੇ ਆ ਕੇ ਇੱਕ ਅੱਧੇ ਬੁੱਕ ਵਿੱਚ ਹੀ ਮਸਤ ਹੋ ਜਾਂਦੇ ਸਨ। ਸ਼ਰਾਬ ਨਾਲ਼ੋਂ ਜ਼ਿਆਦਾ ਉੱਥੋਂ ਦੀ ਹਵਾ ਉਹਨਾਂ ’ਤੇ ਜ਼ਿਆਦਾ ਅਸਰ ਕਰਦੀ ਸੀ। ਜ਼ਿੰਦਗੀ ਦੇ ਅੜਿੱਕੇ ਇੱਥੇ ਖਿੱਚ ਲਿਆਉਂਦੇ ਸਨ, ਅਤੇ ਕੁਝ ਸਮੇਂ ਲਈ ਤਾਂ ਉਹ ਭੁੱਲ ਹੀ ਜਾਂਦੇ ਕਿ ਉਹ ਜਿਉਂਦੇ ਹਨ ਜਾਂ ਮਰ ਚੁੱਕੇ ਹਨ। ਜਾਂ, ਨਾ ਜਿਉਂਦੇ ਹਨ ਨਾ ਮਰਦੇ ਹਨ।
ਤੇ ਇਹ ਦੋਵੇਂ ਪਿਓ-ਪੁੱਤ ਅਜੇ ਵੀ ਸਾਵਦ ਲੈ-ਲੈ ਕੇ ਚੁਸਕੀਆਂ ਭਰ ਰਹੇ ਸਨ। ਸਾਰਿਆਂ ਦੀਆਂ ਨਜ਼ਰਾਂ ਇਹਨਾਂ ’ਤੇ ਹੀ ਟਿਕੀਆਂ ਹੋਈਆਂ ਸਨ। ਦੋਵੇਂ ਕਿੰਨੇ ਕਿਸਮਤ ਵਾਲ਼ੇ ਨੇ, ਪੂਰੀ ਬੋਤਲ ਵਿਚਾਲ਼ੇ ਪਈ ਹੈ।
ਰੱਜ ਕੇ ਖਾਣ ਤੋਂ ਬਾਅਦ ਮਾਧਵ ਨੇ ਬਚੀਆਂ ਹੋਈਆਂ ਪੂੜੀਆਂ ਦਾ ਪੱਤਲ਼ ਚੁੱਕ ਕੇ ਇੱਕ ਭਿਖਾਰੀ ਨੂੰ ਦੇ ਦਿੱਤਾ, ਜਿਹੜਾ ਖੜਾ ਇਹਨਾਂ ਵੱਲ ਭੁੱਖੀਆਂ ਨਜ਼ਰਾਂ ਨਾਲ਼ ਦੇਖ ਰਿਹਾ ਸੀ। ਅਤੇ ‘ਦੇਣ’ ਦਾ ਮਾਣ, ਆਨੰਦ ਅਤੇ ਖੁਸ਼ੀ ਉਸਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਮਹਿਸੂਸ ਕੀਤੀ।
ਘੀਸੂ ਨੇ ਕਿਹਾ, ‘‘ਲੈ, ਜਾ ਰੱਜ ਕੇ ਖਾ ਤੇ ਅਸੀਸ ਦੇ। ਜਿਸਦੀ ਕਮਾਈ ਹੈ ਉਹ ਤਾਂ ਮਰ ਗਈ। ਪਰ ਤੇਰੀ ਅਸੀਸ ਉਸ ਤੱਕ ਜ਼ਰੂਰ ਪਹੁੰਚੇਗੀ। ਦਿਲੋਂ ਅਸੀਸ ਦਈਂ, ਬੜੀ ਸਖ਼ਤ ਕਮਾਈ ਦੇ ਪੈਸੇ ਨੇ।’’
ਮਾਧਵ ਨੇ ਫਿਰ ਅਸਮਾਨ ਵੱਲ ਤੱਕਦਿਆਂ ਕਿਹਾ, ‘‘ਸਵਰਗ ਜਾਊ ਉਹ ਬਾਪੂ, ਸਵਰਗ ਦੀ ਰਾਣੀ ਬਣੂੰ।’’
ਘੀਸੂ ਖੜਾ ਹੋ ਗਿਆ ਅਤੇ ਜਿਵੇਂ ਅਨੰਦ ਦੀਆਂ ਲਹਿਰਾਂ ਵਿੱਚ ਤੈਰਦਾ ਹੋਇਆ ਕਹਿਣ ਲੱਗਿਆ, ‘‘ਹਾਂ, ਪੁੱਤਰ ਸਵਰਗ ਜਾਊਗੀ। ਕਿਸੇ ਨੂੰ ਸਤਾਇਆ ਨੀ, ਕਿਸੇ ਨੂੰ ਦਬਾਇਆ ਨੀ। ਮਰਦੀ ਮਰਦੀ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਲਾਲਸਾ ਪੂਰੀ ਕਰ ਗਈ। ਸਵਰਗ ’ਚ ਉਹ ਨੀ ਜਾਊ ਤਾਂ ਹੋਰ ਕੀ ਆਹ ਢਿੱਡਲ਼ ਜਿਹੇ ਜਾਣਗੇ, ਜਿਹੜੇ ਗਰੀਬਾਂ ਨੂੰ ਦੋਹਾਂ ਹੱਥਾਂ ਨਾਲ਼ ਲੁੱਟਦੇ ਨੇ ਤੇ ਆਪਣੇ ਪਾਪ ਧੋਣ ਲਈ ਗੰਗਾ ’ਚ ਡੁਬਕੀਆਂ ਲਾਉਂਦੇ ਫਿਰਦੇ ਨੇ, ਮੰਦਰਾਂ ਵਿੱਚ ਜਲ ਚੜ੍ਹਾਉਂਦੇ ਨੇ!’’
ਸ਼ਰਧਾ ਦਾ ਇਹ ਰੰਗ ਛੇਤੀ ਹੀ ਉੱਤਰ ਗਿਆ। ਅਸਥਿਰਤਾ ਨਸ਼ੇ ਦੀ ਖਾਸੀਅਤ ਹੈ। ਦੁੱਖ ਅਤੇ ਨਿਰਾਸ਼ਾ ਦਾ ਦੌਰ ਸ਼ੁਰੂ ਹੋਇਆ।
ਮਾਧਵ ਨੇ ਕਿਹਾ, ‘‘ਪਰ ਬਾਪੂ, ਵਿਚਾਰੀ ਨੇ ਸਾਰੀ ਉਮਰ ਦੁੱਖ ਹੀ ਭੋਗਿਆ ਬਸ। ਕਿੰਨਾ ਦੁੱਖ ਸਹਿ ਕੇ ਮਰੀ!’’
ਉਹ ਅੱਖਾਂ ’ਤੇ ਹੱਥ ਰੱਖ ਕੇ ਰੋਣ ਲੱਗ ਪਿਆ, ਉੱਚੀ ਉੱਚੀ ਲੇਰਾਂ ਮਾਰਕੇ।
ਘੀਸੂ ਨੇ ਸਮਝਾਇਆ, ‘‘ਕਿਉਂ ਰੋਨੈਂ ਪੁੱਤ, ਖੁਸ਼ ਹੋ ਕਿ ਉਹ ਮਾਇਆ-ਜਾਲ ਤੋਂ ਅਜ਼ਾਦ ਹੋ ਗਈ। ਜੰਜਾਲ ਤੋਂ ਛੁੱਟੀ। ਬੜੀ ਕਿਸਮਤ ਵਾਲ਼ੀ ਸੀ ਜਿਹੜੀ ਐਨੀ ਛੇਤੀ ਮੋਹ-ਮਾਇਆ ਦੇ ਰਿਸ਼ਤੇ ਤੋੜ ਗਈ।’’
ਤੇ ਦੋਨੇ ਖੜੇ ਹੋ ਕੇ ਗਾਉਣ ਲੱਗ ਪਏ,
‘‘ਠੱਗਣੀ ਕਿਉਂ ਅੱਖਾਂ ਮਟਕਾਵੇਂ? ਓ ਠੱਗਣੀ!’’
ਸ਼ਰਾਬੀਆਂ ਦੀਆਂ ਨਜ਼ਰਾਂ ਇਹਨਾਂ ’ਤੇ ਹੀ ਟਿਕੀਆਂ ਹੋਈਆਂ ਸਨ ਅਤੇ ਇਹ ਦੋਵੇਂ ਆਪਣੇ ਦਿਲ ਵਿੱਚ ਮਸਤ ਹੋਏ ਗਾਉਂਦੇ ਰਹੇ।
ਫਿਰ ਦੋਵੇਂ ਨੱਚਣ ਲੱਗ ਪਏ। ਨੱਚੇ, ਟੱਪੇ। ਡਿੱਗੇ ਵੀ, ਲੱਕ ਵੀ ਮਟਕਾਏ। ਸ਼ਕਲਾਂ ਵੀ ਬਣਾਈਆਂ, ਡਰਾਮੇ ਵੀ ਕੀਤੇ ਅਤੇ ਅਖੀਰ ਨਸ਼ੇ ’ਚ ਟੱਲੀ ਹੋ ਕੇ ਉੱਥੇ ਹੀ ਡਿੱਗ ਪਏ।

  • ਮੁੱਖ ਪੰਨਾ : ਮੁਨਸ਼ੀ ਪ੍ਰੇਮਚੰਦ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ