Kafan (Story in Punjabi) : Munshi Premchand

ਕਫ਼ਨ (ਕਹਾਣੀ) : ਮੁਨਸ਼ੀ ਪ੍ਰੇਮਚੰਦ; ਕਾਵਿ ਰੂਪ ਬਾਵਾ ਬਲਵੰਤ

(ਮੁਨਸ਼ੀ ਪ੍ਰੇਮਚੰਦ ਦੀ ਪ੍ਰਸਿਧ ਕਹਾਣੀ ਕੱਫਣ ਦੇ ਅਧਾਰ ਤੇ ਬਾਵਾ ਬਲਵੰਤ ਦਾ ਕਾਵ ਨਾਟ)
ਇਕ ਪਿੰਡ ਵਿਚ ਦੋ ਗਰੀਬ ਚਮਾਰ ਰਹਿੰਦੇ ਸਨ । ਪਿਉ ਦੀ ਨੂੰਹ ਤੇ ਪੁੱਤਰ ਦੀ ਪਤਨੀ ਕਿਸੇ ਬਿਮਾਰੀ ਨਾਲ ਗੁਜ਼ਰ ਜਾਂਦੀ ਹੈ । ਪਿੰਡ ਵਾਲੇ ਕੱਫਣ ਲੈ ਆਉਣ ਲਈ ਕੁਝ ਪੈਸੇ ਚੰਦਾ ਉਗਰਾਹ ਕੇ ਉਹਨਾਂ ਨੂੰ ਦਿੰਦੇ ਹਨ । ਰਾਹ ਵਿਚ ਉਹਨਾ ਦੀ ਗੱਲਬਾਤ ਇਸ ਤਰ੍ਹਾਂ ਦੀ ਹੈ:
ਪਿਤਾ-
ਪੀਓ, ਸ਼ਰਾਬ ਪੀਓ! ਹਾ ਪੀਓ, ਸ਼ਰਾਬ ਪੀਓ!
ਮਰ ਗਈ ਮਰਨ ਵਾਲੀ
ਭੱਜ ਗਈ ਜਿਵੇਂ ਪਿਆਲੀ;
ਦੋ ਘੜੀ ਤੁਸੀ ਤਾਂ ਜੀਓ;
ਪੀਓ ਸ਼ਰਾਬ ਪੀਓ !
ਪੁੱਤਰ-
ਮਿਲੇ ਨੇ ਪੈਸੇ ਜੋ ਇਹ ਕੁਝ ਨਵੇਂ ਕੱਫਣ ਦੇ ਲਈ
ਜੇ ਖਾ ਲਏ ਤਾਂ ਖਫਾ ਹੋਣਗੇ ਗਰਾਂ ਵਾਲੇ।
ਉਜਾੜ ਦੇਣਗੇ ਕੁੱਲੀ ਵੀ ਇਹ ਗਰਾਂ ਵਾਲੇ ।
ਦਵਾਰ ਬੰਦ ਆਉਣਗੇ ਯਤਨ ਦੇ ਲਈ।
ਸੜੇਗੀ ਲਾਸ਼ ਵਿਚਾਰੀ ਪਈ ਕੱਫਣ ਦੇ ਲਈ ।
ਪਿਤਾ-
ਨਾ ਲੀਰ ਜਿਸ ਨੂੰ ਮਿਲੀ ਜ਼ਿੰਦਗੀ 'ਚ ਤਨ ਦੇ ਲਈ
ਨਵੇਂ ਕੱਫਣ ਦੀ ਜ਼ਰੂਰਤ ਕੀ ਉਸ ਬਦਨ ਦੇ ਲਈ ।
ਪੀਓ ਸ਼ਰਾਬ ਕਰੋ ਪੂਰੀਆਂ ਹਜ਼ਮ ਨਾਲੇ,
ਕੱਫਣ ਦੇ ਵਾਸਤੇ ਮੁੜ ਦੇਣਗੇ ਘਰਾਂ ਵਾਲੇ ।
ਤਰਸ ਰਹੀ ਹੈ ਉਮਰ ਪੇਟ ਭਰ ਕੇ ਰੋਟੀ ਨੂੰ,
ਆਨੰਦ ਖ਼ੂਬ ਲਵੋ ਇਸ ਕੱਫਣ ਦੇ ਚੰਦੇ ਤੋਂ ।
ਲੁਕਾਓ ਮੂੰਹ ਨਾ ਜ਼ਰਾ ਕਿਸੇ ਵੀ ਬੰਦੇ ਤੋਂ ।
ਖੜਾਂਗੇ ਨੰਗੀ ਹੀ ਤਕਦੀਰ ਆਪਣੀ ਖੋਟੀ ਨੂੰ ।
ਮਰ ਗਈ ਮਰਨ ਵਾਲੀ,
ਹੋ ਗਈ ਜਗਾ ਖਾਲੀ
ਆਰਾਮ-ਰਾਤ ਲਈ !
ਬਸ ਕਬਰ 'ਚ ਪੈ ਕੇ ਜੀਓ
ਪੀਓ ਸ਼ਰਾਬ ਪੀਓ !
ਪੁੱਤਰ-
ਇਹ ਚੰਦਾ ਪਹਿਲਾਂ ਹੀ ਮਿਲਦਾ ਦਵਾ ਹੀ ਕਰ ਲੈਂਦੇ,
ਇਹ ਮਰਨ ਵਾਲੀ ਜਵਾਨੀ ਗ਼ਰੀਬ ਬਚ ਜਾਂਦੀ ।
ਇਸੇ ਚਿੰਗਾਰੀ ਤੋਂ ਅਗਨ-ਉਮੀਦ ਮਚ ਜਾਂਦੀ ।
ਇਹ ਪੈਸੇ ਪਹਿਲਾਂ ਹੀ ਦੇਂਦੇ ਤਾਂ ਠੰਡ ਤੋਂ ਸ਼ਾਇਦ,
ਮਲੂਕ ਜਿੰਦ ਦਾ ਕੋਈ ਬਚਾਅ ਹੀ ਕਰ ਲੈਂਦੇ !
ਗਵਾਂਢੀਆਂ ਦਾ ਹੈ ਚੰਦਾ ਕਿ ਬੋਅ ਨਿਕਲ ਜਾਏ,
ਨਗਰ ਦੇ ਰਸਤੇ 'ਚੋਂ ਇਹ ਮੌਤ-ਛੋਹ ਨਿਕਲ ਜਾਏ !
ਇਸੇ ਦਾ ਨਾਮ ਹੈ ਜੇ ਦੂਸਰੇ ਦੀ ਹਮਦਰਦੀ,
ਤਾਂ ਲਗ ਜਾਏ ਜ਼ਮਾਨੇ ਨੂੰ ਮੌਤ ਦੀ ਸਰਦੀ !
ਹਜ਼ਾਰ ਲਾਹਨਤਾਂ ਇਸ ਬੇਕਰਾਰ ਧਨ ਦੇ ਲਈ !
ਹਜ਼ਾਰ ਲਾਹਨਤਾਂ ਉਸ ਬੇਦਰਦ ਵਤਨ ਦੇ ਲਈ
ਕਿ ਜਿਸ 'ਚ ਹੁੰਦਾ ਏ ਚੰਦਾ ਕਿਸੇ ਕਫ਼ਨ ਦੇ ਲਈ !
ਮਰ ਗਈ ਮਰਨ ਵਾਲੀ,
ਜ਼ਖਮ ਸੀਓ ਨਾ ਸੀਓ !
ਪਰ ਸ਼ਰਾਬ ਖੂਬ ਪੀਓ !
ਪਿਤਾ-
ਜੀਆਂਗੇ ਖ਼ੂਬ ਗ਼ਲਤ ਜ਼ਿੰਦਗੀ ਦਾ ਗ਼ਮ ਕਰ ਕੇ,
ਆਨੰਦ ਜੀਣ ਦਾ ਆਏਗਾ ਪੇਟ ਨੂੰ ਭਰ ਕੇ ।
ਖਿਆਲ ਭੁੱਖ ਦਾ ਪਹਿਲਾਂ ਹੈ ਮੌਤ ਦਾ ਮਗਰੋਂ ।
ਹਯਾ ਦੀ ਭੁੱਖ ਨੂੰ ਬਸ ਜਰ ਗਈ ਜਰਨ ਵਾਲੀ !
ਕੱਫਣ ਦਾ ਗ਼ਮ ਨਾ ਕਰੋ,
ਅੱਜ ਸ਼ਰਾਬ ਖੂਬ ਪੀਓ !
ਇਹ ਕਹਿ ਕੇ ਦੋਵੇਂ ਹੀ ਪੀ ਪੀ ਕੇ ਹੋਏ ਮਸਤਾਨੇ,
ਸ਼ਰਾਬ-ਖਾਨੇ 'ਚ ਨੱਚੇ ਉਹ ਖ਼ੂਬ ਦੀਵਾਨੇ !
ਠੂਠੀਆਂ ਚੜ੍ਹਾ ਕੇ ਉਹ,
ਪੂਰੀਆਂ ਨੂੰ ਖਾ ਕੇ ਉਹ,
ਗੀਤ ਕੋਈ ਗਾ ਕੇ ਉਹ,
ਬੇਹੋਸ਼ੀਆਂ ਦੇ ਮਹਾਂ-ਸੁਫਨਿਆਂ 'ਚ ਲੇਟ ਗਏ
ਸ਼ਰਾਬ-ਖਾਨੇ ਵਿਚ ।

  • ਮੁੱਖ ਪੰਨਾ : ਮੁਨਸ਼ੀ ਪ੍ਰੇਮਚੰਦ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ