Kahani Da Passport (Punjabi Story) : Afzal Tauseef
ਕਹਾਣੀ ਦਾ ਪਾਸਪੋਰਟ (ਕਹਾਣੀ) : ਅਫ਼ਜ਼ਲ ਤੌਸੀਫ਼
ਕਹਾਣੀ ਕੀ ਏ? ਹਰ ਥਾਂ ਲੱਭ ਜਾਂਦੀ ਹੈ। ਹਰ ਥਾਂ ਤੁਰੀ ਫਿਰਦੀ ਏ। ਦੇਸ਼-ਪ੍ਰਦੇਸ਼, ਸਫਰ, ਸ਼ਹਿਰ, ਮਕਾਨਾਂ, ਬੰਦਾ 'ਤੇ ਬੰਦਾ, ਇੱਟ ਦੀ ਵੀ ਕਹਾਣੀ ਬਣ ਜਾਂਦੀ ਏ। ਆਹੋ! ਜੇ ਮੈਂ ਓਸ ਦਿਨ... ਓਸ ਖਾਸ ਦਿਨ ਜੋ ਆਪ ਵੀ ਕਹਾਣੀ ਬਣ ਚੁੱਕਾ ਏ। ਸਿੰਬਲੀ (ਪਿਛਲਾ ਪਿੰਡ) ਜਾ ਕੇ ਆਪਣੇ ਚੁਬਾਰੇ ਦੀ ਡਿੱਗੀ ਇਕ ਇੱਟ ਚੁਕ ਲਿਆਉਂਦੀ ਤਾਂ ਓਸ ਇੱਟ ਦੀ ਕਹਾਣੀ ਲਿਖਣ ਲਈ ਮੈਨੂੰ ਮੁਗ਼ਲਾਂ ਦੇ ਜ਼ਮਾਨੇ ਤਾਈਂ ਜਾਣਾ ਪੈਂਦਾ। ਮੈਂ ਇੱਟ ਨਹੀਂ ਚੁੱਕੀ, ਚੰਗਾ ਹੋਇਆ। ਪਰ ਕੀ ਚੰਗਾ? ਮੂਸਾ ਡਰਿਆ ਮੌਤ ਤੋਂ ਅੱਗੇ ਮੌਤ ਖੜ੍ਹੀ ਵਾਲੀ ਗੱਲ ਹੋਈ। ਕਹਾਣੀ ਨੇ ਮੇਰੇ ਸਿਰ ਚੜ੍ਹਨਾ ਹੀ ਸੀ, ਇੱਟ ਨਾ ਪੁੱਟੀ, ਅਖਬਾਰ ਪੜ੍ਹ ਲਿਆ। ਅਖਬਾਰ ਵਾਲੀ ਕਿਹੜੀ ਘੱਟ ਸੀ। ਉਹ ਮੈਨੂੰ ਲੈ ਤੁਰੀ, ਪਹਿਲਾਂ ਅਮਰੀਕਾ ਲੈ ਗਈ। ਅੱਜ ਦੇ ਅਮਰੀਕਾ ਵਿਚ ਕਈ ਥਾਂ ਫਿਰਾਉਂਦੀ ਹੋਈ, ਪਿੱਛੇ ਦੂਰ ਸੱਠ ਵਰ੍ਹੇ ਪਹਿਲਾਂ ਦੇ ਅਮਰੀਕਾ ਵਿਚ ਕੰਟਰੀ ਸਾਈਡ (ਪੇਂਡੂ ਇਲਾਕਾ) ਤੇ ਕਾਲਿਆਂ ਦੀ ਕਾਲੋਨੀ ਵੱਲ ਲੈ ਤੁਰੀ। ਅਣਜਾਣੇ ਮੁਲਕ ਦੇ ਅਣਜਾਣੇ ਜ਼ਮਾਨੇ। ਕਿੱਡੀ ਮੁਸ਼ਕਿਲ ਏ, ਮੇਰੇ ਵਰਗੇ ਬੰਦੇ ਲਈ, ਜੋ ਕਦੇ ਅਮਰੀਕਾ ਗਿਆ ਈ ਨਾ ਹੋਵੇ।
ਪਰ ਹੋਰ ਕੀ ਆਸਾਨ ਸੀ। ਓਸ ਕਹਾਣੀ ਦਾ ਧੰਨ ਜਿਗਰਾ। ਕਹਾਣੀ ਦੀ ਰਾਮ ਦੁਲਾਰੀ ਜੋ ਮੈਨੂੰ ਅਮਰੀਕਾ ਫਿਰਾ ਕੇ ਮੁੜ ਹਿੰਦੁਸਤਾਨ ਲੈ ਆਈ। ਭਾਰਤ ਨਹੀਂ ਉਹ ਹਿੰਦੁਸਤਾਨ ਦਾ ਪੰਜਾਬ ਸੀ, ਉਹ ਜ਼ਮਾਨਾ ਬ੍ਰਿਟਿਸ਼ ਰਾਜ ਦਾ ਸੀ। ਅੱਜ ਤੋਂ ਸੱਠ ਕੁ ਸਾਲ ਪਹਿਲਾਂ ਜਾਰਜ ਕਿ ਐਡਵਰਡ, ਸ਼ਿਸ਼ਮ ਕਿ ਹਫਤੰਮ (ਛੇਵਾਂ ਕਿ ਸੱਤਵਾਂ), ਮਲਕਾ ਵਿਕਟੋਰੀਆ ਦਾ ਕੋਈ ਪੋਤਾ ਸੀ ਤਖ਼ਤ ਉਤੇ। ਮੇਰਾ ਮਤਲਬ ਏ ਇੰਗਲਿਸਤਾਨ ਦੇ ਤਖਤ ਉਤੇ ਕੋਹੇਨੂਰ ਹੀਰੇ ਵਾਲਾ ਤਾਜ ਸਿਰ 'ਤੇ ਰੱਖੀ ਬੈਠਾ ਹਕੂਮਤ ਕਰ ਰਿਹਾ ਸੀ। ਬਰਤਾਨੀਆਂ ਦੀਆਂ ਫੌਜਾਂ ਤੇ ਸਮੁੰਦਰੀ ਬੇੜੇ ਯੂਰਪ ਤੋਂ ਲੈ ਕੇ ਏਸ਼ੀਆ ਤੋੜੀ ਯੂਨੀਅਨ ਜੈਕ ਦਾ ਝੰਡਾ ਲਹਿਰਾ ਕੇ ਦੁਨੀਆਂ ਦੀ ਸੁਪਰਪਾਵਰ ਦਾ ਡੰਕਾ ਵਜਾ ਰਿਹਾ ਸੀ। ਬਰਤਾਨੀਆ ਰਾਜ ਵਾਲੇ ਉਸ ਦੁਨੀਆਂ ਵਿਚ ਸੂਰਜ ਨੂੰ ਹੁਕਮ ਸੀ ਕਿ ਉਹ ਰਾਤ ਨੂੰ ਵੀ ਦਿਨ ਰੱਖੇ। ਓਸ ਜ਼ਮਾਨੇ ਹਿੰਦੁਸਤਾਨ ਵਿਚ ਬੜਾ ਹੀ ਹਨ੍ਹੇਰਾ ਸੀ। ਦਿਨ ਨੂੰ ਦਿਨ ਨਹੀਂ ਸੀ ਚੜ੍ਹਦਾ। ਪਰ ਇਹ ਗੱਲ ਸਿਰਫ ਲੋਕਾਂ ਵਾਸਤੇ ਹੀ ਸੱਚ ਸੀ। ਹਾਕਮਾਂ ਵਾਸਤੇ ਨਹੀਂ।
ਸੱਚ ਝੂਠ, ਹਨ੍ਹੇਰ ਚਾਨਣ। ਸਤਯੁੱਗ। ਕਲਯੁੱਗ ਦੇ ਓਸ ਹਿੰਦੁਸਤਾਨ ਵਿਚ ਇਕ ਪਾਸਪੋਰਟ ਬਣਿਆ। ਹਿੱਜ਼ ਮੈਜਸਟੀ ਦੀ ਕਿੰਗ ਦੀ ਤਸਵੀਰ ਵਾਲੇ ਕਾਗਜ਼, ਇਕ ਹੁਕਮਨਾਮਾ ਵਾਇਸਰਾਏ ਹਿੰਦ ਵਲੋਂ ਜਾਰੀ ਹੋਇਆ। 19 ਸਾਲ ਦੀ ਉਮਰ ਦਾ ਇਕ ਗੱਭਰੂ ਕਿਸਾਨ, ਪੰਦਰਾਂ ਕੁ ਸਾਲ ਦੀ ਵਹੁਟੀ ਲੈ ਕੇ ਅਮਰੀਕਾ ਜਾਣਾ ਚਾਹੁੰਦਾ ਸੀ। ਓਸ ਵੇਲੇ ਦੇ ਹਿਸਾਬ ਨਾਲ ਬਹੁਤੀ ਖਾਸ ਗੱਲ ਵੀ ਨਹੀਂ ਸੀ। ਕਿਉਂ ਜੇ ਉਸ ਦੀ ਥਾਂ ਪਹਿਲਾਂ ਓਸ ਮੁੰਡੇ ਦਾ ਤਾਇਆ ਤੇ ਦਾਦਾ ਅਮਰੀਕਾ ਜਾ ਚੁੱਕੇ ਸਨ। ਉਥੇ ਵਰਜੀਨੀਆ ਦੇ ਫਾਰਮਾਂ ਉਤੇ ਘੋੜਿਆਂ ਨਾਲ ਹਲ ਵਾਹੁੰਦੇ ਹੋਏ ਅੱਗੋਂ ਟਰੈਕਟਰ ਚਲਾਉਣਾ ਵੀ ਸਿੱਖ ਗਏ ਸੀ। ਉਹਨਾਂ ਦੀਆਂ ਚਿੱਠੀਆਂ ਪੱਤਰਾਂ ਤੋਂ ਪਤਾ ਲੱਗਦਾ ਸੀ ਬਈ ਮਿਹਨਤ ਭਾਵੇਂ ਬਹੁਤ ਸਖਤ ਏ, ਪਰ ਰੱਜਵੀਂ ਰੋਟੀ ਬੜੀ ਲੱਭਦੀ ਏ ਤੇ ਚੋਖੀ ਆਜ਼ਾਦੀ ਵੀ ਹੈ। ਕੋਈ ਮੁਜ਼ਾਰਾ ਕਰਜ਼ੇ ਥੱਲੇ ਦੱਬਿਆ ਹੋਇਆ ਨਹੀਂ। ਕਿਸੇ ਨੂੰ ਅਨਾਜ ਉਗਾ ਕੇ ਭੁੱਖਾ ਨਹੀਂ ਮਰਨਾ ਪੈਂਦਾ। ਮਾਲਕਾਂ ਵਲੋਂ ਵੀ ਕੋਈ ਤੰਗੀ ਨਹੀਂ ਦਿੱਤੀ ਜਾਂਦੀ। ਸਾਡੀ ਕਹਾਣੀ ਦੇ ਹੀਰੋ, ਹੀਰੋਇਨ ਅਮਰੀਕਾ ਵਿਚ ਸਾਰੀ ਜਵਾਨੀ, ਵਿਚਕਾਰਲੀ ਉਮਰ ਤੇ ਬੁਢੇਪਾ ਗੁਜ਼ਾਰ ਚੁੱਕੇ ਨੇ। ਉਹਨਾਂ ਨੂੰ ਕੱਖ ਪਤਾ ਨਹੀਂ ਪਿੱਛੇ ਹਿੰਦੁਸਤਾਨ ਵਿਚ ਕੀ ਹੋਇਆ ਤੇ ਕਿਸ ਤਰ੍ਹਾਂ ਹੋਇਆ। ਉਹਨਾਂ ਦਾ ਪਹਿਲਾ ਪੁੱਤਰ ਉਥੇ ਵਰਜੀਨੀਆ ਦੇ ਕਿਸੇ ਫਾਰਮ 'ਤੇ ਜੰਮਿਆ ਸੀ। ਪਿੱਛੇ ਕੋਈ ਰਿਸ਼ਤੇਦਾਰ ਬਚਿਆ ਨਹੀਂ ਸੀ। ਫੇਰ ਵੀ ਉਹ ਅਮਰੀਕੀ ਨਹੀਂ ਸਨ। ਹਿੰਦੂਸਤਾਨੀ ਟੱਕਰਾਂ ਹੀ ਰਹੀਆਂ। ਹੁਣ ਕੋਈ ਪੁੱਛੇ, ਸੱਠ ਸਾਲ ਅਮਰੀਕਾ ਵਿਚ ਰਹਿ ਕੇ ਕਦੇ ਵੀ ਪਿੱਛੇ ਦਾ ਪਤਾ ਨਾ ਕੀਤਾ, ਤੇ ਅਖੀਰ ਉਹਨਾਂ ਦੀ ਤਕਦੀਰ ਉਹੋ ਕਿਉਂ ਬਣੀ, ਜੋ ਹਿੰਦੁਸਤਾਨੀ ਸਮਾਜ ਦੇ ਗਰੀਬ ਬੁੱਢੇ ਬੁੱਢੀ ਦੀ ਹੁੰਦੀ ਏ। ਉਂਝ ਗਰੀਬ ਤਾਂ ਉਹ ਸੱਠ ਸਾਲ ਪਹਿਲਾਂ ਹੁੰਦੇ ਸੀ।
ਪਿੱਛੋਂ ਅਮਰੀਕਾ ਜਾ ਕੇ ਉਹਨਾਂ ਦੇ ਦਿਨ ਬਦਲ ਗਏ। ਦੱਬ ਕਮਾਈਆਂ ਕੀਤੀਆਂ। ਆਪਣਾ ਮਕਾਨ। ਕਈ ਮੁੰਡੇ ਕੁੜੀਆਂ ਜੰਮ ਪਏ। ਫੇਰ ਅੱਗੋਂ ਪੋਤੇ ਵੀ ਹੋ ਗਏ, ਹਿੰਦੂਸਤਾਨੀ ਸਮਾਜ ਵਿਚ ਦੌਲਤ-ਮੰਦੀ ਤੇ ਬਖਤਾਵਰੀ ਏਸੇ ਨੂੰ ਆਖਿਆ ਜਾਂਦਾ ਏ। ਨਹੀਂ?
ਪਰ ਇਕ ਦਿਨ ਅਚਾਨਕ ਉਹਨਾਂ ਨੂੰ ਲੱਗਾ ਕਿ ਉਹ ਲੁੱਟੇ ਗਏ ਨੇ। ਉਹਨਾਂ ਦਾ ਘਰ, ਫਾਰਮ, ਮਕਾਨ ਤੇ ਬੈਂਕ ਵਿਚਲੇ ਪੈਸੇ ਸਭ ਕੁੱਝ ਖੁਸ ਗਿਆ ਹੈ ਤੇ ਉਹ ਘਰੋਂ ਕੱਢੇ ਜਾ ਰਹੇ ਨੇ। ਘਰੋਂ ਨਿਕਲ ਕੇ ਜਾਣਾ ਕਿੱਥੇ? ਮੁੜ ਪਿੱਛੇ। ਬੁੱਢੜੀ ਨੇ ਖੌਰੇ ਕੰਧ ਕੋਲੋਂ ਪੁਛਿਆ ਕਿ ਤਕਦੀਰ ਕੋਲੋਂ। ਪਰ ਉਹਦੀ ਕੰਧ ਤੇ ਤਕਦੀਰ ਤਾਂ ਉਹੋ ਇਹ ਬੰਦਾ ਸੀ, ਜਿਹਦੇ ਲੜ ਲੱਗ ਕੇ, ਫੇਰੇ ਲੈ ਕੇ ਪਹਿਲਾਂ ਬਾਪ ਦੀ ਦਹਿਲੀਜ਼ ਟੱਪੀ ਸੀ। ਫੇਰ ਵਰ੍ਹੇ ਕੁ ਪਿੱਛੋਂ, ਪਿੱਛੇ-ਪਿੱਛੇ ਤੁਰਦੀ ਰੇਲ 'ਤੇ ਚੜ੍ਹ ਕੇ ਬੰਬਈ ਅੱਪੜੀ। ਸਮੁੰਦਰੀ ਜਹਾਜ਼ ਦੀਆਂ ਪੌੜੀਆਂ ਚੜ੍ਹਨ ਵੇਲੇ ਉਹ ਬਹੁਤ ਈ ਡਰ ਗਈ ਸੀ। ਏਸੇ ਕਰਕੇ ਪਹਿਲੀ ਵਾਰੀ ਉਹ ਦੁਨੀਆਂ ਦੇ ਸਾਹਮਣੇ ਆਪਣੇ ਪਤੀ ਦੀ ਬਾਂਹ ਨਾਲ ਜਾ ਲੱਗੀ। ਪਹਿਲੀ ਵਾਰ ਈ ਲਾਲਾ ਜੀ ਨੇ ਵੀ ਆਪਣੀ ਚਿੜੀ ਵਰਗੀ ਵਹੁਟੀ ਨੂੰ ਸਹਾਰਾ ਦੇ ਕੇ ਪੌੜੀਆਂ ਚੜ੍ਹਾਈਆਂ। ਏਸ ਥੀਂ ਪਿੱਛੋਂ ਫੇਰ ਸਾਰੇ ਜ਼ਮਾਨੇ ਅੱਗੇ-ਪਿੱਛੇ ਟੁਰਨੇ ਦੇ ਸੀ। ਮੂੰਹ ਤੇ ਘੁੰਢ। ਅੱਖਾਂ ਨੀਵੀਆਂ, ਪਤੀ ਕੋਲੋਂ ਦੋ ਕਦਮ ਪਿੱਛੇ ਰਹਿ ਕੇ ਉਹਦੇ ਮਗਰ ਮਗਰ ਟੁਰਦੀ ਨੂੰ ਇਹ ਦਿਨ ਆ ਗਿਆ । ਪਰ ਅੱਜ ਫਿਰ ਉਹਨੂੰ ਬੜਾ ਈ ਡਰ ਲੱਗਾ। ਅੱਜ ਉਹਦੇ ਸਾਹਮਣੇ ਕੋਈ ਜਹਾਜ਼ ਵੀ ਨਹੀਂ ਸੀ, ਜੋ ਕਿਸੇ ਨੂੰ ਨਵੀਂ ਦੁਨੀਆਂ ਵੱਲ ਲੈ ਜਾਊ। ਪੰਦਰਾਂ ਸਾਲਾਂ ਦੀ ਕੁੜੀ ਪੰਝੱਤਰਾਂ ਵਰ੍ਹਿਆਂ ਦੀ ਬੁੱਢੀ ਬਣ ਚੁੱਕੀ ਸੀ । ਪਰ ਅੰਦਰ ਡਰ ਕੇ ਕਾਂਬਾ ਉਸੇ ਬਾਲੜੀ ਵਰਗਾ ਸੀ । ਅੱਜ ਤਾਂ ਉਹ ਬਾਂਹ ਵੀ ਬੜੀ ਥੱਕੀ ਹੋਈ ਸੀ, ਜਿਹਨੂੰ ਫੜ ਕੇ ਉਹ ਪ੍ਰਦੇਸ ਦੀ ਰਾਹ 'ਤੇ ਟੁਰੀ ਸੀ।
ਅੱਸੀ ਕੁ ਸਾਲ ਦੇ ਕਿਸਾਨ ਨੇ ਅੱਖ ਚੁੱਕ ਕੇ ਵੇਖਿਆ, ਅੱਗੇ ਭਵਿੱਖ ਦੀ ਹਰਿਆਵਲ ਕੋਈ ਨਹੀਂ ਸੀ ਦਿਸਦੀ।
ਪਿੱਛੇ ਬੀਤੇ ਦੇ ਬੰਜਰ ਹੀ ਬੰਜਰ। ''ਇਹ ਤਾਂ ਬੜੀ ਬੇਇਨਸਾਫੀ ਏ ਭਾਈ।'' ਮੈਂ ਵੱਡੇ ਸ਼ਹਿਰ ਜਾਵਾਂਗਾ। ਗੋਰੇ ਸਦਰ ਕੋਲ ਫਰਿਆਦ ਕਰਾਂਗਾ। ਉਹਨੂੰ ਯਾਦ ਆਇਆ ਹਿੰਦੁਸਤਾਨ ਵਿਚ ਕਿਸ ਤਰ੍ਹਾਂ ਗੋਰਾ ਸਾਹਿਬ ਕਚਹਿਰੀ ਲਾ ਕੇ ਨਿੱਕੇ ਵੱਡੇ ਦਾ ਇਨਸਾਫ ਕਰਦਾ ਸੀ। ਕਿਸੇ ਦੀ ਮਜ਼ਾਲ ਨਹੀਂ ਕੋਈ ਡਾਢਾ ਮਾੜੇ ਨੂੰ ਘਰੋਂ ਕੱਢ ਦੇਵੇ। ਚੱਲ ਚੱਲੀਏ, ਭਲੀਏ ਲੋਕੇ, ਕਿਤੇ ਸ਼ਹਿਰ ਜਾ ਕੇ ਇਨਸਾਫ ਦਾ ਘਰ ਲੱਭੀਏ। ਖਾਵੰਦ ਨੇ ਸਲਾਹ ਕੀਤੀ। ਜ਼ਨਾਨੀ ਨੇ ਗੱਠੜੀ ਬੰਨ੍ਹ ਲਈ। ਆਪਣੀ ਟੂੰਬ ਟਾਕੀ ਪੈਸਿਆਂ ਦੀ ਗੁਥਲੀ ਤੇ ਇਕ ਹੋਰ ਗੁਥਲੀ ਟਰੰਕ ਵਿਚੋਂ ਕੱਢ ਕੇ ਨਾਲ ਰੱਖ ਲਈ।
ਵੱਡੇ ਅਮਰੀਕਾ ਦੇ ਵੱਡੇ ਸ਼ਹਿਰ ਦੀਆਂ ਚੌੜੀਆਂ ਸੜਕਾਂ ਤੇ ਉਚੀਆਂ ਇਮਾਰਤਾਂ ਵਿਚਕਾਰ ਉਹ ਦੋਵੇਂ ਬਹੁਤ ਹੀ ਨਿੱਕੇ ਨਿੱਕੇ, ਡਰੇ ਡਰੇ ਜਾਨਵਰ ਜਿਹੇ ਗੱਡੀਆਂ ਬੱਸਾਂ ਦੀ ਭੀੜ ਵਿਚ ਬੇਬੱਸ ਹੋ ਗਏ ਤਾਂ ਇਕ ਬੱਸ ਸਟਾਪ 'ਤੇ ਸਾਹ ਲੈਣ ਲਈ ਖਲੋ ਗਏ। ਲਾਲਾ ਜੀ ਨੂੰ ਅੰਗਰੇਜ਼ੀ ਗੁਜ਼ਾਰੇ ਲਾਇਕ ਆਉਂਦੀ ਸੀ। ਪਰ ਕੀਹਦੇ ਕੋਲੋਂ ਪੁੱਛਣ ਤੇ ਕੀ ਪੁੱਛਣ। ਹਰ ਕੋਈ ਰੁੱਝਿਆ, ਬਸ ਦੀ ਉਡੀਕ ਵਾਲੇ ਪੰਜ ਮਿੰਟ ਗੁਜ਼ਾਰਨ ਲਈ ਆਪਣੇ ਆਹਰੇ ਲੱਗੇ ਹੋਏ, ਕਿਸੇ ਦੀਆਂ ਅੱਖਾਂ ਅਖਬਾਰ 'ਤੇ ਗੱਡੀਆਂ ਹੋਈਆਂ। ਕਿਸੇ ਦੀਆਂ ਗਰਲ ਫਰੈਂਡ ਦੇ ਮੂੰਹ 'ਤੇ ਲੱਗੀਆਂ। ਕਿਸੇ ਨੇ ਬੁੱਲ੍ਹ ਸਿਗਰਟ ਨਾਲ ਸੀਤੇ ਹੋਏ, ਕਿਸੇ ਦੇ ਕੁੜੀ ਦੇ ਬੁੱਲਾਂ ਨਾਲ ਗੋਂਦੇ ਹੋਏ।
''ਪਾਣੀ ਪੀਣਾ ਏ।'' ਜ਼ਨਾਨੀ ਦੀ ਆਵਾਜ਼ ਸੁਣ ਕੇ ਲਾਲਾ ਜੀ ਨੂੰ ਲੱਗਾ, ਜਿਵੇਂ ਉਹ ਆਪ ਵੀ ਧੁਰ ਦਾ ਪਿਆਸਾ ਹੋਵੇ। ਚੰਗਾ ਤੂੰ ਇੱਥੇ ਖਲੋ, ਮੈਂ ਪਾਣੀ ਦੀ ਬੋਤਲ ਲਿਆਉਂਦਾ। ਪਾਣੀ ਦੀ ਥਾਂ ਲੱਭਦਾ ਲੱਭਦਾ ਵਿਚਾਰਾ ਪ੍ਰਦੇਸੀ, ਉਹ ਥਾਂ ਵੀ ਭੁੱਲ ਗਿਆ, ਜਿੱਥੇ ਜੀਵਨ ਸਾਥਣ ਨੂੰ ਛੱਡ ਕੇ ਗਿਆ ਸੀ। ਹੁਣ ਉਹਨਾਂ ਦੀ ਹਾਲਤ ਬਹੁਤ ਬੁਰੀ ਸੀ। ਕੱਲੇ ਕੱਲੇ ਪ੍ਰੇਸ਼ਾਨ ਇਕ ਦੂਜੇ ਨੂੰ ਲੱਭ ਰਹੇ ਸਨ। ਜ਼ਨਾਨੀ ਤਾਂ ਉਸੇ ਥਾਂ ਗੱਡੀ ਖੜ੍ਹੀ ਸੀ। ਅੱਖਾਂ ਵਿਚ ਅੱਥਰੂ, ਦਿਲ ਕੰਬ ਰਿਹਾ ਸੀ। ਮੁਸ਼ਕਿਲ ਨਾਲ ਆਵਾਜ਼ ਕੱਢਦੀ, ਲਾਲਾ ਜੀ, ਲਾਲਾ ਜੀ, ਫੇਰ ਆਸ ਪਾਸ ਵਾਲਿਆਂ ਦੀ ਮਿੰਨਤ ਕੀਤੀ। ਹੈਲਪ, ਹੈਲਪ, ਕਰੋ ਜੀ।
ਹੈਲਪ (ਸਹਾਇਤਾ) ਕਰਨ ਵਾਲੇ ਆ ਗਏ, ਤਾਂ ਅੱਗੋਂ ਵੀ ਮੁਸ਼ਕਿਲ। ਇਕ ਲਫ਼ਜ਼ ''ਹਸਬੈਂਡ ਲੋਸਟ'' (ਪਤੀ ਗਵਾਚ ਗਿਆ) ਹੋਰ ਕੰਮ ਆ ਗਿਆ। ਪਰ ਜਦੋਂ ਉਹਨਾਂ ਓਸ ਹਸਬੈਂਡ ਦਾ ਨਾਂ ਪੁੱਛਿਆ ਤਾਂ ਬੜੀ ਮੁਸ਼ਕਿਲ ਬਣੀ। ਹਿੰਦੂਸਤਾਨੀ ਔਰਤ ਪੁਰਾਣੇ ਵੇਲਿਆਂ ਦੀ। ਆਪਣੇ ਸਿਰਤਾਜ ਦਾ ਨਾਂ ਕਿਵੇਂ ਲੈ ਸਕਦੀ ਸੀ। ਏਸ ਗੱਲ ਨੂੰ ਗੋਰੇ ਸਮਝ ਵੀ ਨਹੀਂ ਸੀ ਸਕਦੇ। ਤਾਹੀਓਂ ਇਕ ਸਮਝਣ ਵਾਲਾ ਵੀ ਆ ਗਿਆ। ਕੋਈ ਹਿੰਦੁਸਤਾਨੀ ਸੀ ਜਾਂ ਪਾਕਿਸਤਾਨੀ ਸੀ। ਉਸਨੇ ਮਾਈ ਨੂੰ ਕਿਹਾ, ਕੋਈ ਕਾਗਜ਼ ਪੱਤਰ ਹੋਵੇ ਤਾਂ ਵਿਖਾ ਦਿਓ। ਨਾਂ ਵੀ ਪਤਾ ਹੋਵੇ ਤਾਂ ਬੰਦਾ ਲੱਭਣਾ ਆਸਾਨ ਹੋ ਜਾਊ।
ਹੁਣ ਮਾਈ ਨੇ ਆਪਣੇ ਕੰਬਦੇ ਹੱਥਾਂ ਨਾਲ ਪੁਰਾਣੇ ਵੇਲਿਆਂ ਦੀ ਅਟੈਚੀ ਖੋਲ੍ਹੀ। ਅੰਦਰੋਂ ਇਕ ਗੱਠੜੀ ਵਿਚੋਂ ਗੁਥਲੀ ਕੱਢ ਕੇ ਪਾਸਪੋਰਟ ਦਾ ਕਾਗਜ਼ ਖਿੱਚ ਲਿਆ। ਪਹਿਲਾਂ ਕਾਗਜ਼ ਹਿੱਜ਼ ਮੈਜਸਟੀ ਦੀ ਕਿੰਗ ਜਾਰਜ ਸ਼ਿਸ਼ਮ (ਛੇਵਾਂ) ਦੀ ਮੋਹਰ ਸੀ। ਇਕ ਗੱਭਰੂ ਜਵਾਨ ਪੇਂਡੂ ਜਿਹੇ ਬੰਦੇ ਦੀ ਤਸਵੀਰ। ਥੱਲੇ ਨਾਂ, ਪਿੰਡ ਦਾ ਨਾਂ, ਜਾਤ, ਗੋਤ, ਨਿਸ਼ਾਨ, ਗਵਾਹ, ਹਿਸਟਰੀ ਦਾ ਇਕ ਪੰਨਾ। ਅੱਜ ਕਿਸ ਤਰ੍ਹਾਂ ਦਾ ਸੀ। ਗਵਾਚੇ ਬੰਦੇ ਨੂੰ ਲੱਭਣ ਵਿਚ ਮਦਦ ਨਹੀਂ ਕਰ ਸਕਦਾ। ਅਮਰੀਕਾ ਵਿਚ ਗਵਾਚਿਆਂ ਨੂੰ ਲੱਭਣ ਦਾ ਚੰਗਾ ਸਿਸਟਮ ਹੈਗਾ ਏ। ਪਰ ਓਸ ਸਿਸਟਮ ਨੂੰ ਬਹੁਤ ਖੇਚਲ ਈ ਨਾ ਕਰਨੀ ਪਈ। ਰਾਮ ਰੱਖਾ ਦੇ ਹੁਲੀਏ ਦਾ ਇਕੋ ਈ ਤਾਂ ਬੰਦਾ ਸੀ ਓਸ ਇਲਾਕੇ ਵਿਚ। ਫੇਰ ਉਹ ਗਵਾਚਾ ਸੀ ਆਪਣੀ ਗਵਾਚੀ ਬੁੱਢੀ ਨੂੰ ਲੱਭਦਾ ਏਸ ਗੱਲ ਦਾ ਪੂਰਾ ਧਿਆਨ ਰੱਖ ਰਿਹਾ ਸੀ ਕਿ ਪਈ ਕਿਤੇ ਦੂਰ ਨਾਂ ਨਿਕਲ ਜਾਵੇ। ਉਧਰ ਸੀਤਾ ਦੇਵੀ ਲਛਮਣ ਰੇਖਾ 'ਤੇ ਜੰਮ ਕੇ ਖੜ੍ਹੀ ਸੀ। ਦਸਾਂ ਕੁ ਮਿੰਟਾਂ ਪਿਛੋਂ ਉਹ ਦੋਵੇਂ ਇਕ ਦੂਜੇ ਦੇ ਅੱਥਰੂ ਪੂੰਝ ਰਹੇ ਸੀ। ਅੱਧੇ ਘੰਟੇ ਦੀ ਜੁਦਾਈ ਸਦੀ ਬਰੋਬਰ ਲੱਗੀ। ਪਰ ਏਸ ਵਿਛੋੜੇ ਪਿਛੋਂ ਮਿਲਣ ਦਾ ਮੁੱਲ....! ਤੁਸੀਂ ਕਿਥੋਂ ਆਏ ਹੋ। ਕਿੱਥੇ ਜਾਣਾ ਏ। ਵਿਛੜ ਕਿਵੇਂ ਗਏ? ਅਮਰੀਕੀ ਵੈਲਫੇਅਰ ਸਿਸਟਮ ਦੀ ਮਦਦਗਾਰ ਇਨਕੁਆਰੀ ਸ਼ੁਰੂ ਹੋਈ ਤਾਂ ਉਹ ਕਹਾਣੀ ਨਿਕਲੀ ਜੋ ਨਿਊਯਾਰਕ ਨੇ ਛਾਪੀ, ਇੰਡੀਅਨ ਐਕਸਪ੍ਰੈਸ ਨੇ ਲਿਫਟ ਕੀਤੀ ਤੇ ਮੈਂ ਜਲੰਧਰ ਦੇ ਸਕਾਈਲਾਰਕ ਹੋਟਲ ਦੇ ਕਮਰੇ ਦੀ ਖਿੜਕੀ 'ਚੋਂ ਆਉਂਦੀ ਮਾਘ ਦੀ ਧੁੱਪ ਸੇਕਦੀ ਨੇ ਪੜ੍ਹੀ। ਅਜਬ ਅਹਿਸਾਸ ਬਣਿਆ। ਪ੍ਰਦੇਸੋਂ ਆਈ, ਦੇਸ਼ ਦੇ ਲੋਕਾਂ ਦੀ ਕਹਾਣੀ ਮੈਂ ਪ੍ਰਦੇਸ ਵਿਚ ਪੜ੍ਹੀ ਤਾਂ ਲੱਗਾ ਕਹਾਣੀ ਦੇ ਦੋਹਾਂ ਕਿਰਦਾਰਾਂ ਨਾਲ ਮੇਰਾ ਜੀਵਨ ਜਨਮ ਦਾ ਰਿਸ਼ਤਾ ਏ। ਜਿਹਨੇ ਕਹਾਣੀ ਬੁਣ ਦਿੱਤੀ। ਨਹੀਂ ਤਾਂ ਗੱਲ ਏਨੀ ਕੁ ਸੀ ਪਈ ਹਿੰਦੁਸਤਾਨ ਦੇ ਰਾਮ ਰੱਖਾ ਤੇ ਰਾਮ ਦੁਲਾਰੀ ਨੇ ਸੱਠ ਸਾਲ ਪਹਿਲਾਂ ਵਰਜੀਨੀਆ ਜਾ ਕੇ ਫਸਲਾਂ ਉਗਾਈਆਂ, ਬੱਚੇ ਜੰਮੇ, ਪਾਲੇ ਵਿਆਹੇ। ਕੰਮਾਂ ਕਾਰਾਂ 'ਤੇ ਲਾਏ, ਜੁਦੇ ਕਰ ਦਿੱਤੇ। ਫੇਰ ਜਦੋਂ ਪੋਤਿਆਂ ਦੀ ਨਸਲ ਜਵਾਨ ਹੋਈ ਤਾਂ ਇਕ ਪੋਤਾ ਬਹੁਤ ਹੀ ਪਿਆਰਾ ਹੋ ਗਿਆ। ਅਸਲ ਵਿਚ ਉਹਨੂੰ ਮਾਪਿਆਂ ਨੇ ਘਰੋਂ ਕੱਢ ਦਿੱਤਾ ਸੀ। ਦਾਦੇ ਦਾਦੀ ਨੂੰ ਦਇਆ ਆਈ। ਉਹਨਾਂ ਦਿਲਾਸਾ ਦਿੱਤਾ। ਆਪਣੇ ਕੋਲ ਜੋ ਕੁਝ ਸੀ, ਉਹ ਸਾਰਾ ਈ ਦੇ ਦਿੱਤਾ। ਮਤਾਂ ਮੁੰਡੇ ਦਾ ਦਿਲ ਹਲਕਾ ਨਾ ਹੋਵੇ। ਫਾਰਮ, ਮਕਾਨ ਤੇ ਬੈਂਕ ਦੀ ਕਾਪੀ ਸਭ ਕੁੱਝ ਦੇ ਕੇ ਆਖਿਆ, ''ਸਾਡਾ ਤਾਂ ਅਖੀਰਲਾ ਪਹਿਰਾ ਏ ਕਾਕਾ। ਬਸ ਦੋ ਰੋਟੀਆਂ ਚਾਹੀਦੀਆਂ ਨੇ। ਰਾਮ ਨਾਮ ਜਪਦਿਆਂ, ਵੇਲਾ ਬੀਤ ਜਾਵੇਗਾ। ਅੰਤ ਸਮੇਂ ਸਾਰਿਆਂ ਨੂੰ ਸੱਦੀਂ। ਅਖੀਰੀ ਰਸਮ ਕਰਵਾਈਂ।'' ਪਰ ਮੁੰਡੇ ਨੇ ਇਹ ਗੱਲ ਤਾਂ ਸੁਣੀ ਨਾ। ਆਪਣੇ ਖੇਲ੍ਹ ਲੱਗ ਗਿਆ।
ਥੋੜ੍ਹੇ ਦਿਨਾਂ ਪਿੱਛੋਂ ਅਮਰੀਕਨ ਕੁੜੀ ਵਿਆਹ ਲਿਆਇਆ। ਤੇਜ਼ ਤਰਾਰ ਸ਼ਹਿਰੀ? ਫਾਰਮ 'ਤੇ ਕਿਵੇਂ ਰਹਿੰਦੀ। ਨਿਊਯਾਰਕ ਦੇ ਮਜ਼ੇ ਕਿਉਂ ਨਾ ਲੈਂਦੀ? ਦਾਦੇ ਦਾਦੀ ਨੂੰ ਪਤਾ ਈ ਨਾ ਲੱਗਾ। ਫਾਰਮ ਵਿਕ ਗਿਆ। ਗੱਲ ਠੀਕ ਸੀਗੀ। ਹੁਣ ਉਹ ਮਾਲਕ ਨਹੀਂ ਸਨ, ਮਾਲਕ ਨੇ ਵੇਚ ਦਿੱਤਾ। ਓਸ ਵੇਲੇ ਜਦੋਂ ਦੋਹਾਂ ਬੁੱਢੜਿਆਂ ਨੂੰ ਫਾਰਮ ਹਾਊਸ ਖਾਲੀ ਕਰਨ ਦਾ ਨੋਟਿਸ ਮਿਲਿਆ। ਉਹਨਾਂ ਦਾ ਪੋਤਾ ਕਿਤੇ ਦੂਰ ਸ਼ਹਿਰ ਵਿਚ ਹੋਟਲ ਖਰੀਦ ਰਿਹਾ ਸੀ। ਏਥੋਂ ਹੋ ਸਕਦਾ ਤੁਹਾਨੂੰ ਲੱਗੇ ਗੱਲ ਮੁੱਕ ਗਈ। ਮੈਨੂੰ ਵੀ ਏਸ ਤਰ੍ਹਾਂ ਲੱਗਾ ਸੀ। ਪਰ ਨਹੀਂ ਕਹਾਣੀ ਪੰਧ ਅਜੇ ਰਹਿੰਦਾ ਏ। ਉਹ ਵੇਖੋ ਹੌਲੀ ਹੌਲੀ ਤੁਰੀ ਜਾ ਰਹੀ ਏ ਰਾਮ ਦੁਲਾਰੀ ਲਾਲਾ ਜੀ ਦੇ ਮਗਰ ਮਗਰ। ਕਿੱਥੇ ਜਾਵਾਂਗੇ ਦੋਵੇਂ? ਹੁਣ ਉਹਨਾਂ ਦੇ ਦੇਸ ਕੋਈ ਨਹੀਂ ਰਿਹਾ। ਲੋਕਾਂ ਨੇ ਚੰਗੀ ਤਰ੍ਹਾਂ ਸਮਝਾ ਦਿੱਤਾ। ਪਈ ਅਮਰੀਕਾ ਦਾ ਸਦਰ ਇਸ ਮਾਮਲੇ ਵਿਚ ਕੁਝ ਵੀ ਨਹੀਂ ਕਰ ਸਕਦਾ। ਅਮਰੀਕੀ ਸਮਾਜ ਵਿਚ ਏਸ ਤਰ੍ਹਾਂ ਦੇ ਪੁੱਤ ਪੋਤਿਆਂ ਨੂੰ ਲਾਹਣ-ਤਾਣ ਕਰਨ ਦਾ ਵੀ ਕੋਈ ਰਿਵਾਜ ਨਹੀਂ।
ਪਰ ਸਭ ਤੋਂ ਮਾੜੀ ਗੱਲ ਜੋ ਉਹਨਾਂ ਦੋਹਾਂ ਦੇ ਹੱਕ ਵਿਚ ਇੰਝ ਹੋ ਗੀ, ਉਹ ਇਹ ਪਤਾ ਲੱਗਣਾ ਏ ਪਈ ਉਹਨਾਂ ਦਾ ਪਾਸਪੋਰਟ ਆਊਟ ਡੇਟ ਹੋ ਗਿਆ ਏ। ਹਿਜ਼ ਮੇਜੈਸਟੀ ਦੀ ਕਿੰਗ ਜਾਰਜ ਸ਼ਿਸ਼ਮ (ਛੇਵੇਂ) ਦੀ ਤਸਵੀਰ ਵਾਲਾ ਕਾਗਜ਼ ਜ਼ੀਹਦੇ ਉਤੇ ਉਹਨਾਂ ਦੇ ਪਿੰਡ ਦਾ ਨਾਂ ਅਤੇ ਡਾਕਖਾਨਾ, ਤਹਿਸੀਲ ਜ਼ਿਲ੍ਹਾ ਸਮਝੋ ਸਭ ਕੁਝ ਦਰਜ ਏ, ਅਖੀਰੀ ਜਗੀਰ ਹੁਣ ਉਹਨਾਂ ਕੋਲੋਂ ਆਪ ਵਕਤ ਦੇ ਪੋਤੇ ਨੇ ਖੋਹ ਲਈ। ਵਕਤ ਜੋ ਬਦਲ ਕੇ ਵੀ ਬਦਲ ਗਿਆ ਸੀ।
ਹੁਣ ਬਿਨਾਂ ਪਾਸਪੋਰਟ ਕਹਾਣੀ ਨੇ ਜਾਣਾ ਵੀ ਕਿੱਥੇ ਏ?