Kahanian Dian Kirchan : Afzal Tauseef

ਕਹਾਣੀਆਂ ਦੀਆਂ ਕਿਰਚਾਂ : ਅਫ਼ਜ਼ਲ ਤੌਸੀਫ਼

ਪਿਛਲੇ ਸਾਲ ਉਹਨਾਂ ਦਿਨਾਂ ਦੀ ਗੱਲ ਏ ਉਹ ਸਾਰੇ ਮੇਰੇ ਬੁੱਢੇ ਤਾਏ ਨੂੰ ਸ਼ਹਿਰ ਚੁੱਕ ਲਿਆਏ, ਉਸ ਪਿੰਡ ਤੋਂ, ਜਿਹਨੇ ਉਹਨਾਂ ਸਾਰਿਆਂ ਨੂੰ ਜਨਮ ਦਿੱਤਾ, ਨਾਲ ਰਿਜਕ ਵੀ ਦਿੱਤਾ। ਸ਼ਹਿਰ ਤੇ ਸ਼ਹਿਰ ਵਾਲਿਆਂ ਨੂੰ ਵੀ। ਉਹ ਸਾਰੇ ਸਨ ਕੌਣ? ਤਾਏ ਦੀ ਆਪਣੀ ਆਲ-ਔਲਾਦ ਤੋਂ ਛੁੱਟ ਕੌਣ ਹੋ ਸਕਦੇ ਸਨ। ਉਹਨਾਂ ਨੂੰ ਇਹ ਕਰਨਾ ਈ ਪਿਆ, ਕਿਓਂ ਜੋ ਤਾਇਆ ਉਥੇ ਪਿੰਡ ਵਿੱਚ ਇਕੱਲਾ ਹੀ ਰਹਿ ਗਿਆ ਸੀ। ਟੱਬਰ ਦੇ ਸਾਰੇ ਪੰਛੀ ਸ਼ਹਿਰ ਵੱਲ ਉਡਾਰੀ ਮਾਰ ਗਏ ਸਨ। ਹੁਣ ਤਾਇਆ ਉਥੇ ਆਪਣੇ ਪੁਰਾਣੇ ਕੱਚੇ ਮਕਾਨ ਵਿੱਚ ਪੁਰਾਣੀਆਂ ਯਾਦਾਂ ਦੀ ਸੰਗਤ ਵਿਚ ਰਹਿੰਦਾ ਸੀ। ਉਂਝ ਤਾਂ ਪਿੰਡ ਵਿੱਚ ਨਵੇਂ ਪੁਰਾਣੇ ਬਥੇਰੇ ਲੋਕੀਂ ਹੈ ਸਨ, ਪਰ ਖਾਸ ਆਪਣਾ ਕੋਈ ਨਹੀਂ ਸੀ ਰਹਿ ਗਿਆ। ਕੁਝ ਮਰ ਗਏ ਕੁਝ ਕਮਾਉਣ ਚਲੇ ਗਏ। ਬਾਕੀ ਕਮਾਵਣ ਵਾਲਿਆਂ ਦੇ ਪਿੱਛੇ ਪਿੱਛੇ ਨਿਕਲ ਗਏ। ਏਥੇ ਲਾਹੌਰ ਸ਼ਹਿਰ ਵਿਚ ਤਾਏ ਦਾ ਪੁੱਤਰ, ਨੂੰਹ, ਪੋਤੇ ਪੋਤਰੀਆਂ ਸਾਰੇ ਆਪਣੇ ਪੱਕੇ ਫਰਸ਼ ਵਾਲੇ ਮਕਾਨ ਵਿਚ ਰਹਿੰਦੇ ਸਨ, ਜਿਹੜਾ ਪੱਕੀ ਗਲੀ ਤੇ ਪੱਕੀ ਸੜਕ ਨਾਲ ਜੁੜਿਆ ਹੋਇਆ ਸੀ।
ਤਾਏ ਨੇ ਏਥੇ ਆ ਕੇ ਬੜਾ ਰੋਸ ਕੀਤਾ। ਆਪਣੇ ਪਿੰਡ ਦੀ ਯਾਦ ਨਾਲ ਉਹਨੇ ਸ਼ਹਿਰ ਦੀ ਜ਼ਿੰਦਗੀ ਤੋਂ ਅਵਾਜਾਰੀ ਦਾ ਸਾਫ਼ ਐਲਾਨ ਕਰ ਦਿੱਤਾ। ''ਕਿਉਂ ਮੇਰੀ ਮਿੱਟੀ ਖਰਾਬ ਕਰਦੇ ਓ।'' ਅੱਖਾਂ ਵਿੱਚ ਅੱਥਰੂ ਭਰ ਕੇ ਉਹਨੇ ਮੁੜ ਮੁੜ ਆਖਿਆ। ਕਦੇ ਹੌਲੀ ਕਦੇ ਉੱਚੀ ਆਵਾਜ਼ ਵਿਚ। ''ਮੇਰਾ ਅਖੀਰ ਪਹਿਰਾ ਏ। ਮੈਨੂੰ ਉਥੇ ਹੀ ਛੱਡ ਆਓ। ਮੈਂ ਆਪਣੇ ਘਰ ਵਿੱਚ ਰਹਾਂਗਾ। ਅੰਤ ਸਮੇਂ ਮੈਨੂੰ ਓਥੇ ਜ਼ਰੂਰ ਹੋਣਾ ਚਾਹੀਦਾ ਏ।''
''ਪਰ ਅੱਬਾ ਜੀ, ਇਹ ਘਰ ਵੀ ਤੁਹਾਡਾ ਏ। ਦੱਸੋ ਏਥੇ ਤੁਹਾਨੂੰ ਕੋਈ ਤਕਲੀਫ ਏ? ਅਸੀਂ ਤਾਬਿਆਦਾਰ ਹਾਂ। ਕੁਝ ਦਿਨ ਸਾਡੇ ਕੋਲ ਵੀ ਰਹੋ।'' ਉਸ ਦੀ ਨੂੰਹ ਮੱਖਣ ਵਰਗੇ ਮੁਲਾਇਮ ਲਹਿਜੇ ਵਿਚ ਕਹਿੰਦੀ।
''ਏਥੇ ਤਕਲੀਫ ਈ ਤਕਲੀਫ ਏ। ਇੱਕ ਤਾਂ ਇਹ ਪੱਕਾ ਫਰਸ਼ ਤਾਏ ਨੇ ਚਿਪਸ ਵਾਲੇ ਫਰਸ਼ ਨੂੰ ਹੱਥ ਲਾਇਆ। ਮੇਰੇ ਪੈਰਾਂ ਨੂੰ ਇਹ ਠੰਢਾ ਬਹੁਤ ਲੱਗਦਾ ਏ'' ਨੂੰਹ ਹੱਸ ਪਈ ''ਤੁਸੀਂ ਜੁੱਤੀ ਪਾ ਕੇ ਨਹੀਂ ਰੱਖਦੇ।''
''ਲੈ ਦੱਸ, ਝੱਲੀ ਨਾ ਹੋਵੇ ਤਾਂ। ਬਾਹਰ ਦੀ ਜੁੱਤੀ ਘਰ ਦੇ ਅੰਦਰ ਸਾਡੀਆਂ ਪੁਸ਼ਤਾਂ ਵਿਚ ਕਿਸੇ ਨੇ ਨਹੀਂ ਪਾਈ।'' ਜੱਦੀ-ਪੁਸ਼ਤੀ ਤਹਿਜ਼ੀਬ ਦੀ ਗੱਲ ਸੀ। ਜੁੱਤੀ ਸਰਦਲ ਤੋਂ ਬਾਹਰ ਲਾਹ ਕੇ ਪੈਰ ਪਾਵਣ ਦੀ। ਤਾਇਆ ਉਸ ਨੂੰ ਨਿਭਾਵਣ ਵਾਲਾ ਅਖੀਰਲਾ ਬੰਦਾ ਸੀ।
ਦੂਜੇ ਦਿਨ ਨੂੰਹ ਨੇ ਸਹੁਰੇ ਦੇ ਮਸਲੇ ਦਾ ਹੱਲ ਬਜਾਰੋਂ ਖਰੀਦ ਲਿਆਂਦਾ। ਨਵੇਂ ਸਲੀਪਰ ਲਿਆ ਕੇ ਅੱਗੇ ਰੱਖ ਦਿੱਤੇ, ''ਤੁਸੀਂ ਇਹ ਪਾਇਆ ਕਰੋ ਅੱਬਾ ਜੀ। ਬੜੇ ਹੌਲੇ ਤੇ ਨਰਮ ਨੇ, ਵੇਖੋ ਅੰਦਰ ਫਲਾਲੀਨ ਦਾ ਅਸਤਰ ਵੀ ਲੱਗਿਆ ਹੋਇਆ ਹੈ।''
''ਨਾ, ਨਾ ਕਾਕੀ'' ਤਾਏ ਨੇ ਰੰਗਹੀਨ ਦੇ ਸਲੀਪਰ ਪਰਾਂ ਹਟਾ ਕੇ ਆਖਿਆ,
''ਮੈਨੂੰ ਤਾਂ ਚਮਾਰੂ ਜੁੱਤੀ ਠੀਕ ਰਹਿੰਦੀ ਏ।'' ''ਚੰਗਾ ਕੱਲ੍ਹ ਨੂੰ ਚੱਕ ਜਾ ਕੇ ਚਮਾਰੂ ਜੁੱਤੀ ਨਵੀਂ ਬਣਾ ਲਿਆਉਂਦਾ ਹਾਂ'' ਘਰ ਵਿੱਚੋਂ ਕਿਸੇ ਨੇ ਮਸਲੇ ਦਾ ਨਵਾਂ ਹੱਲ ਪੇਸ਼ ਕੀਤਾ।
''ਜੁੱਤੀ ਖੇਹ ਬਣਵਾਉਣੀ ਏਂ। ਤੁਸੀਂ ਮੈਨੂੰ ਉਥੇ ਜਾਣ ਦਿਓ ਕਈ ਹੋਰ ਤਕਲੀਫਾਂ ਵੀ ਲੱਗੀਆਂ ਨੇ ਏਥੇ।''
''ਹੋਰ ਤਕਲੀਫਾਂ?''
''ਹਾਹੋ, ਇੱਕ ਤਾਂ ਏਥੇ ਮਸੀਤ ਦੀ ਬੜੀ ਤੰਗੀ ਏ'' ''ਮਸੀਤ?'' ਤਾਏ ਦਾ ਪੁੱਤਰ ਹੈਰਾਨੀ ਨਾਲ ਹੱਸ ਪਿਆ ''ਮਸੀਤਾਂ ਤਾਂ ਆਪਣੀ ਗਲੀ ਵਿਚ ਪੂਰੀਆਂ ਚਾਰ ਹਨ। ਸੁੰਨੀ, ਵਹਾਬੀ, ਸ਼ੀਆ ਤੇ ਅਹਿਲੇ-ਹਦੀਸ। ਚੌਹਾਂ ਨੂੰ ਚਾਰ ਚਾਰ ਸਪੀਕਰ ਲੱਗੇ ਹੋਏ ਨੇ, ਘਰ ਬੈਠੇ ਸਾਰਾ ਦਿਨ ਵਾਅਜ਼ ਸੁਣੋ। ਅਸੀਂ ਤਾਂ ਰਹਿੰਦੇ ਹੀ ਮਸੀਤਾਂ ਦੀ ਛਾਵੇਂ ਆ।''
ਤਾਏ ਦੇ ਪੁੱਤਰ ਨੇ ਹੱਸਦੇ ਹੱਸਦੇ ਪਿਓ ਦੀ ਬੇਕਾਰ ਦਲੀਲ ਨੂੰ ਰੱਦ ਕਰ ਦਿੱਤਾ। ਪਰ ਤਾਏ ਨੇ ਪੁੱਤਰ ਦੀ ਗੱਲ ਇਹ ਕਹਿ ਕੇ ਰੱਦ ਕਰ ਕੇ ਛੱਡੀ ''ਬਰਖੁਰਦਾਰ ਤੈਨੂੰ ਪਤਾ ਨਹੀਂ। ਸ਼ਹਿਰ ਦਾ ਮੌਲਵੀ ਵਾਅਜ਼ ਨਹੀਂ, ਸਿਆਸਤ ਕਰਦਾ ਏ, ਵਾਅਜ਼ ਕਰਨੀ ਉਹ ਨੂੰ ਆਉਂਦੀ ਕਿੱਥੇ।''
''ਕੀ ਮਤਲਬ ਏ ਅੱਬਾ ਜੀ, ਸਹਿਰ ਦਾ ਮੌਲਵੀ ਵਾਅਜ਼ ਨਹੀਂ ਕਰਦਾ?'' ਨੂੰਹ ਨੇ ਪੁੱਛਿਆ। ''ਆਹੋ ਕਾਕੀ'' ਤਾਏ ਨੇ ਰਸਾਣ ਨੂੰਹ ਨੂੰ ਸਮਝਾਉਣ ਸ਼ੁਰੂ ਕੀਤਾ, ''ਏਥੇ ਮੌਲਵੀ ਕੜਕੇ ਨਾਲ ਬੋਲਦੇ ਨੇ। ਇਸਲਾਮ ਵਿਚ ਕੜਕੇ ਨਾਲ ਬੋਲਣਾ ਮਨ੍ਹਾ ਏ। ਫੇਰ ਇਹ ਸਰਕਾਰੀ ਨੌਕਰ ਨੇ। ਪੱਕੇ ਬੱਦ-ਨੀਤੇ, ਸਾਰੀਆਂ ਗੱਲਾਂ ਸਰਕਾਰੀ ਮਤਲਬ ਵਾਲੀਆਂ ਨੇ। ਇਹਨਾਂ ਦਾ ਤਾਂ ਆਪਣਾ ਈਮਾਨ ਮਾੜਾ ਏ। ਏਸੇ ਕਰਕੇ ਇਹਨਾਂ ਦਾ ਵਾਅਜ਼ ਵੀ ਬੰਦੇ ਨੂੰ ਠੰਢ ਨਹੀਂ ਪਾਉਂਦਾ। ਸਗੋਂ ਅੱਗ ਲਾਉਂਦਾ ਏ। ਮੈਂ ਅਜੇਹੇ ਮੌਲਵੀਆਂ, ਪਿੱਛੇ ਨਮਾਜ਼ ਨਹੀਂ ਪੜ੍ਹ ਸਕਦਾ। ਇਹ ਨਿਰੇ ਮਸਾਫਕ ਨਹੀਂ ਐਵੇਂ ਮਸੀਤਾਂ ਮੱਲ ਕੇ ਬੈਠੇ ਹੋਏ ਨੇ।''
''ਚਲੋ ਛੱਡੋ, ਤੁਸੀਂ ਘਰੇ ਨਿਮਾਜ਼ ਪੜ੍ਹ ਲਿਆ ਕਰੋ'' ਕਿਸੇ ਹੋਰ ਨੇ ਮੁਸ਼ਕਿਲ ਮਸਲੇ ਦਾ ਸੌਖਾ ਹੱਲ ਪੇਸ਼ ਕੀਤਾ। ''ਨਾ ਨਾ, ਇਹ ਪੱਕਾ ਫਰਸ਼ ਵੇਖੋ। ਮੇਰੇ ਗੋਡਿਆਂ ਨੂੰ ਨੀਲ ਪਏ ਗਏ ਹੋਏ ਨੇ। ਉਂਝ ਵੀ ਮੈਨੂੰ ਲੱਗਦਾ ਏ ਤੁਸੀਂ ਸਾਰੇ ਰਲ ਕੇ ਮੇਰੀ ਆਕਬਤ ਖਰਾਬ ਕਰਨ ਲੱਗੇ ਹੋਏ ਓ, ਮੈਨੂੰ ਪਿੰਡ ਜਾਣ ਤੋਂ ਕਿਓਂ ਰੁੱਝਦੇ ਓ।''
ਨਿੱਕਾ ਜਿਹਾ ਸੰਕਟ ਜਦੋਂ ਕਈ ਦਿਨਾਂ ਉੱਤੇ ਖਿੱਲਰ ਗਿਆ ਤਾਂ ਤਾਏ ਦੀ ਨੂੰਹ ਨੇ ਮੈਨੂੰ ਸੱਦ ਭੇਜਿਆ। ਨਿੱਕੀ ਹੁੰਦੀ ਤੋਂ ਮੈਂ ਤਾਏ ਦੀ ਲਾਡਲੀ ਭਤੀਜੀ ਰਹੀਂ ਹਾਂ। ਮਾਰੇ ਜਾਣ ਵਾਲੇ ਭਾਈ ਦੀ ਧੀ। ਤਾਏ ਦੇ ਖਿਆਲ ਵਿਚ ਮੇਰੇ ਬਾਪ ਨੇ ਸ਼ਹੀਦੀ ਦਾ ਦਰਜਾ ਪਾਇਆ। ਉਹ ਸਾਰੇ ਲੋਕੀਂ ਸਾਰਾ ਪਿੰਡ, ਆਪਣਾ ਕਬੀਲਾ.....ਸਰਹਿੰਦ ਨਹਿਰ ਦੇ ਕੰਢੇ ਉਹਨਾਂ ਦਾ ਲਹੂ ਡੁੱਲਿਆ। ਉਹਨਾਂ ਦੀਆਂ ਅੱਖਾਂ ਗਵਾਚ ਗਈਆਂ। ਦਰਿੰਦੇ ਵਹਿਸ਼ੀ-ਮਾਰਦੇ ਰਹੇ। ਮੇਰਾ ਤਾਇਆ ਲੜਦਾ ਰਿਹਾ। ਖਬਰੇ ਕਿਹਨੂੰ ਕਿਹਨੂੰ ਬਚਾਉਂਦਾ ਹੋਇਆ ਉਹ ਆਪ ਫੱਟੜ ਹੋ ਗਿਆ। ਉਹ ਇੱਕ ਬਾਂਹ ਉਥੇ ਕਿਧਰੇ ਰਹਿ ਗਈ। ਭਰਾ ਵੀ ਤੇ ਬਾਂਹ ਹੁੰਦਾ ਏ। ਤਾਏ ਦੇ ਛੇ ਜਵਾਨ ਭਰਾ। ਇਕੋ ਵਿਹੜੇ ਦੇ ਬੂਟੇ। ਸਾਂਝੀ ਜ਼ਮੀਨ ਦੇ ਪਾਲਕ, ਸਾਂਝੀ ਕਮਾਈ ਕਰਦੇ। ਕਈ ਕਈ ਮੱਝਾਂ ਗਾਈਆਂ, ਦੁੱਧ ਦੇ ਗੜਵੇ, ਲੱਸੀ ਦੇ ਛੰਨੇ, ਮੱਖਣਾਂ ਦੇ ਪੇੜੇ ਤੇ ਵਿਹੜਾ ਭਰਿਆ ਬੱਚਿਆਂ ਦਾ। ਉਸ ਜ਼ਮਾਨੇ ਪਿੰਡ ਦੇ ਜੀਵਨ ਵਿਚ ਸਵਰਗ ਦਾ ਨਕਸ਼ਾ ਏਸੇ ਤਰ੍ਹਾਂ ਬਣਦਾ ਸੀ। ਪਰ ਤਾਇਆ ਓਸ ਸਵਰਗ ਦੇ ਲੁੱਟੇ ਜਾਣ ਪਿੱਛੋਂ ਲਾਸ਼ਾਂ ਦੇ ਢੇਰ ਤੋਂ ਉੱਠ ਕੇ ਪਾਕਿਸਤਾਨ ਆ ਗਿਆ ਸੀ।
''ਕਿਸ ਤਰ੍ਹਾਂ ਕੀ ਕੁਝ ਹੋਇਆ? ਕਿੰਝ ਹੋਇਆ? ਮੈਂ ਜਦ ਵੀ ਤਾਏ ਨੂੰ ਮਿਲਦੀ, ਪੁੱਛਦੀ। ਪਰ ਬੁੱਢਾ ਤਾਇਆ ਵੇਰਵੇ ਨਾਲ ਕਦੇ ਵੀ ਨਾ ਦੱਸਦਾ। ''ਬੱਸ, ਧੀਏ ਆ ਗਏ ਸਾਂ। ਆਈ ਦੇ ਅੱਗੇ ਹੋਰ ਕੀ ਹੋਣਾ ਸੀ। ਇਹ ਵੀ ਚੰਗਾ ਤੇਰੀ ਮਾਂ ਤੈਨੂੰ ਨਾਨਕਿਆਂ ਦੇ ਘਰ ਲੈ ਗਈ ਹੋਈ ਸੀ ਉਸ ਵੇਲੇ.........ਨਹੀਂ ਤਾਂ ਤੂੰ ਵੀ ਕਿੱਥੇ ਬਚਣਾ ਸੀ।... ਏਥੇ ਆ ਕੇ ਤਾਏ ਨੂੰ ਕਾਂਬਾ ਜਿਹਾ ਛਿੜ ਜਾਂਦਾ। ਮੈਨੂੰ ਪਤਾ ਏ ਤਾਇਆ ਉਸ ਹੋਣੀ ਦਾ ਵੇਰਵਾ ਕਿਓਂ ਨਹੀਂ ਦੱਸਦਾ। ਉਹਨੂੰ ਆਪਣੀਆਂ ਭੈਣਾਂ, ਭਰਾਵਾਂ, ਭਰਜਾਈਆਂ, ਭਾਣਜੀਆਂ, ਭਤੀਜੀਆਂ ਦੀ ਯਾਦ ਆਉਂਦੀ ਸੀ, ਜੋ ਨਹਿਰ ਸਰਹਿੰਦ ਵਿਚ ਡੁੱਬ ਗਈਆਂ ਸਨ। ਉਹ ਆਪਣੀ ਕਹਾਣੀ ਉਥੋਂ ਸ਼ੁਰੂ ਕਰਦਾ ਏ, ਜਿਥੇ ਲਾਹੌਰ ਦਾ ਰੀਫਿਊਜੀ ਕੈਂਪ ਸ਼ੁਰੂ ਹੁੰਦਾ ਏ। ਉਹ ਆਪਣੀ ਵੱਢੀ ਹੋਈ ਬਾਂਹ ਦਾ ਜ਼ਖ਼ਮ ਲਈ ਬੈਠਾ, ਆਪਣੇ ਆਪ ਨਾਲ ਗੱਲਾਂ ਕਰਦਾ। ''ਹੁਣ ਕੀ ਜੀਣਾ, ਮਨਾ, ਮੇਰਾ ਕੀ ਏ ਏਸ ਜੱਗ ਵਿਚ। ਸਾਂਝ ਤਾਂ ਮੁੱਕ ਗਈ।''
ਫੇਰ ਇਕ ਦਿਨ ਉਹਨੇ ਸੁਣਿਆ। ਕੈਂਪ ਦੇ ਲਾਉਡ ਸਪੀਕਰ ਉਤੇ ਉਹਦੇ ਪਿੰਡ ਦਾ ਨਾਂ ਬੋਲਿਆ। ਉੱਥੋਂ ਦੇ ਕੁਝ ਨਿਆਣੇ ਲਿਆਂਦੇ ਗਏ ਸਨ। ਨਿੱਕੇ ਨਿੱਕੇ ਨਿਆਣੇ ਜੋ ਕਿਸੇ ਤਰ੍ਹਾਂ ਬਚ ਗਏ ਸਨ। ਇਹਨਾਂ ਬਾਲਾਂ ਦਾ ਕੋਈ ਵਾਲੀ ਵਾਰਸ ਸੁਣਦਾ ਹੋਵੇ ਤਾਂ ਆਵੇ। ਕੋਠੇ ਜੇਡੀ ਛਾਲ ਮਾਰ ਕੇ ਉਹ ਐਲਾਨ ਵਾਲੀ ਥਾਂ ਤੇ ਜਾ ਖਲੋਤਾ। ਉੱਜੜੇ ਇਨਸਾਨਾਂ ਦੇ ਉਸ ਮੇਲੇ ਵਿਚ ਉਹਨੇ ਆਪਣੇ ਨਿੱਕੇ ਕਾਕਿਆਂ ਨੂੰ ਪਛਾਣ ਲਿਆ। ਫੇਰ ਦੂਜੇ ਭਤੀਜੇ ਨੂੰ ਵੀ ਜਫੀ ਪਾ ਲਈ। ਇੱਕ ਪਲ ਵਿੱਚ ਦੁਨੀਆਂ ਬਦਲ ਗਈ, ਹੁਣ ਦੁਨੀਆਂ ਦੇ ਬਾਜ਼ਾਰ ਵਿਚ ਲੁੱਟਿਆ ਪੁੱਟਿਆ, ਇਕੱਲਾ ਪਨਾਹਗੀਰ ਨਹੀਂ ਸੀ। ਉਹਦੇ ਕੋਲ ਤਿੰਨ ਬੱਚੇ ਸਨ। ਜੜ੍ਹਾਂ!! ਜੀਵਨ-ਪਿੜ ਵਿਚ ਉਸ ਦੀ ਥਾਂ ਬਣ ਗਈ ਸੀ। ਜੁੰਮੇਵਾਰੀ ਵਾਲੀ ਥਾਂ। ਤਾਇਆ ਇਹ ਗੱਲ ਸੁਣਾਉਂਦਾ ਥੱਕਦਾ ਨਹੀਂ ਸੀ।
''ਉਹ ਬੱਚੇ ਕੌਣ ਲਿਆਇਆ ਸੀ? ਕਿਸ ਤਰ੍ਹਾਂ ਬਚ ਗਏ? ਮੈਂ ਇੱਕ ਵਾਰੀ-ਪੁਛਿਆ। ਤਾਏ ਦੇ ਕਹਿਣ ਅਨੁਸਾਰ ਕਈ ਨਿੱਕੇ ਨਿਆਣੇ ਕਮਿਊਨਿਸਟਾਂ ਨੇ ਬਚਾਏ ਸਨ। ਉਹੋ ਉਹਨਾਂ ਨੂੰ ਪਾਕਿਸਤਾਨ ਲੈ ਕੇ ਵੀ ਆਏ। ਅੱਜ ਇਹ ਸ਼ਬਦ ਕਿੱਡਾ ਆਮ ਏ। ਮੈਨੂੰ ਇਹ ਸਾਰੇ ਮਤਲਬ ਆਉਂਦੇ ਨੇ। ਪਰ ਪਹਿਲੀ ਵਾਰੀ ਤਾਏ ਕੋਲੋਂ ਸੁਣ ਕੇ ਮੈਂ ਪੁੱਛਿਆ ਸੀ ਇਹ ਕਮਿਊਨਿਸਟ ਕੌਣ ਹੁੰਦੇ ਨੇ? ਤਾਏ ਨੇ ਦੱਸਿਆ ਉਹ ਹਿੰਦੂ ਸਿੱਖ ਨਹੀਂ ਹੁੰਦੇ। ਮੁਸਲਮਾਨ ਈਸਾਈ ਵੀ ਨਹੀਂ ਹੁੰਦੇ। ਫੇਰ ਉਹ ਕੌਣ ਹੁੰਦੇ ਨੇ? ਬੱਸ ਤੂੰ ਇੰਝ ਸਮਝ ਲੈ ਕਾਕੀ ਉਹ ਬੱਚਿਆਂ ਨੂੰ ਬਚਾਵਣ ਵਾਲੇ ਹੁੰਦੇ ਨੇ। ਉਹਨਾਂ ਵਿੱਚੋਂ ਇੱਕ ਬੰਦਾ ਏਥੇ ਆਇਆ ਕਿਸੇ ਫਰਿਸ਼ਤੇ ਵਾਂਗ ਤੇਰੇ ਵੀਰੇ ਲੈ ਕੇ ਆਇਆ। ਉਹ ਬੰਦਾ ਤਾਏ ਦੇ ਬਕੌਲ ਚੰਗਾ ਪੜ੍ਹਿਆ ਲਿਖਿਆ ਸੀ। ਪਨਾਹਗੀਰਾਂ ਦੇ ਕਾਫਲੇ ਦੇ ਨਾਲ ਟੁਰਦਾ ਹੋਇਆ ਆਇਆ ਸੀ। ਫੇਰ ਏਥੇ ਕੈਂਪ ਵਿਚ ਐਲਾਨ ਕਰਵਾਉਂਦਾ ਰਿਹਾ। ਵਿਛੜੇ ਮਿਲ ਗਏ ਤਾਂ ਮੁੜ ਕੇ ਉਹ ਆਪਣੇ ਦੇਸ਼ ਚਲਾ ਗਿਆ। ਤਾਏ ਦੇ ਲਫ਼ਜ਼ਾਂ ਵਿਚ ''ਮੇਰੇ ਹੱਥ ਵਿਚ ਬੱਚਿਆਂ ਦਾ ਹੱਥ ਦੇ ਕੇ ਜਾਣ ਲੱਗਾ ਤਾਂ ਮੈਂ ਉਹਦੇ ਪੈਰ ਫੜ ਲਏ। ਉਹਦੀ ਮਿਹਰ ਦਾ ਸ਼ੁਕਰਾਨਾ ਹੋਰ ਕੀ ਸੀ ਮੇਰੇ ਕੋਲ। ਪਰ ਉਹ ਕੋਈ ਮਹਾਨ ਰੂਹ ਸੀ, ਆਖਣ ਲੱਗਾ, ''ਇੰਝ ਨਾ ਕਰ ਬੇਲੀਓ। ਅਸੀਂ ਉਹਨਾਂ ਸਾਰਿਆਂ ਦੇ ਸਾਥੀ ਹੁੰਦੇ ਹਾਂ, ਜਿਹੜੇ ਮਾੜੇ ਹੋਣ।'' ਏਧਰ ਆ ਕੇ ਵੀ ਉਹ ਨੇਕੀਆਂ ਖੱਟਦਾ ਰਿਹਾ। ਹਿੰਦੂਆਂ ਸਿੱਖਾਂ ਦੇ ਗਵਾਚੇ ਨਿਆਣੇ ਲੱਭਦਾ-ਫਿਰਿਆ। ਫੇਰ ਉਹਨਾਂ ਦੇ ਕਾਫਲੇ ਵਿਚ ਰਲ ਕੇ ਪਿਛਾਹ ਨੂੰ ਮੁੜ ਗਿਆ।
ਮੇਰੇ ਤਾਏ ਦੀ ਕਹਾਣੀ ਬੜੀ ਲੰਮੀ ਏ, ਪਰ ਏਸ ਕਹਾਣੀ ਦਾ ਜੋ ਹਿੱਸਾ ਪਾਕਿਸਤਾਨ ਤੋਂ ਸ਼ੁਰੂ ਹੁੰਦਾ, ਉਹੀ ਦਿਲ ਲਾ ਕੇ ਸੁਣਾਉਂਦਾ। ਜਿੰਨੀ ਵਾਰੀ ਸੁਣੋ, ਸੁਣਾਵੇਗਾ।
ਬੜੀ ਛੇਤੀ ਉਸ ਥਾਂ ਆ ਖਲੋਂਦਾ, ਜਿੱਥੇ ਕੈਂਪ ਵਿਚ ਤਿੰਨ ਬੱਚੇ ਉਹਨੂੰ ਆ ਰਲੇ ਸਨ। ਉਹਦਾ ਨਿੱਕਾ ਜੇਹਾ ਟੱਬਰ ਬਣ ਗਿਆ। ਉਹਦੀ ਜ਼ੁੰਮੇਵਾਰੀ ਵਧ ਗਈ ਹੁਣ ਉਹ ਸਿਰ-ਵੱਢਿਆ ਦਰੱਖਤ ਨਹੀਂ ਸੀ ਰਿਹਾ। ਖਾਨਦਾਨ ਦੀ ਜੜ੍ਹ ਬਚ ਗਈ। ਬੜੀ ਛੇਤੀ ਉਹਨੇ ਕੈਂਪ ਦੀ ਰੋਟੀ ਛੱਡ ਦਿੱਤੀ। ਮਜ਼ਦੂਰੀ ਕਰਨ ਲੱਗ ਪਿਆ। ਠੀਕ ਵੀ ਸੀ ਜਿਨ੍ਹਾਂ ਦੀ ਜਦਪੁਸ਼ਤ ਵਿਚ ਕਿਸੇ ਨੇ ਬਹਿ ਕੇ ਨਾ ਖਾਧਾ ਹੋਵੇ, ਉਹ ਮੰਗ ਕੇ ਕਿਵੇਂ ਖਾਂਦੇ ''ਪੂਰਾ ਸਾਲ ਇਹਨਾਂ ਮੈਨੂੰ ਜ਼ਮੀਨ ਅਲਾਟ ਨਾ ਕੀਤੀ। ਪੂਰਾ ਸਾਲ ਮੈਂ ਮਜ਼ਦੂਰੀ ਕੀਤੀ। ਆਪਣੇ ਬੱਚਿਆਂ ਨੂੰ ਕਮਾ ਕੇ ਟੁੱਕਰ ਖਵਾਇਆ।'' ਤਾਏ ਦੇ ਜੀਵਨ ਵਿਚ ਇਹ ਫਖ਼ਰ ਦੀ ਗੱਲ ਸੀ। ਬੱਸ ਇੱਕੋ ਪਛਤਾਵਾ ਰਹਿ ਗਿਆ। ਸੌਣ ਲਈ ਮੰਜੀਆਂ ਦਾ ਪ੍ਰਬੰਧ ਛੇਤੀ ਨਾ ਹੋ ਸਕਿਆ। ਏਸੇ ਕਰਕੇ ਬਾਲਾਂ ਵਿੱਚੋਂ ਇੱਕ ਨੂੰ ਸੱਪ ਲੜ ਗਿਆ।
ਉਹਨਾਂ ਦਿਨਾਂ ਵਿਚ ਹੋਰ ਦੁਸ਼ਮਣਾਂ ਦੇ ਨਾਲ ਸੱਪ ਵੀ ਆਪਣਾ ਕੰਮ ਕਰ ਰਹੇ ਸਨ। ਪਨਾਹਗੀਰਾਂ ਦੇ ਹੜ੍ਹ ਨਾਲ ਦਰਿਆ ਵਿਚ ਵੀ ਹੜ੍ਹ ਆਇਆ। ਪਾਣੀ ਨਾਲ ਪਤਾਲ ਦੇ ਸੱਪ ਬਾਹਰ ਆ ਗਏ, ਕੈਂਪਾਂ ਵਿਚ ਪਏ ਬੰਦਿਆਂ ਨੂੰ ਤੋੜ ਤੋੜ ਖਾਣ ਲੱਗੇ।
ਤਾਏ ਕੋਲ ਹੁਣ ਦੋ ਬੱਚੇ ਰਹਿ ਗਏ। ਸ਼ਹਿਰ ਕੋਲੋਂ ਉਹਨਾਂ ਨੂੰ ਭੈਅ ਆਉਣ ਲੱਗਾ ਦੋਵਾਂ ਕਾਕਿਆਂ ਨੂੰ ਉਂਗਲੀ ਲਾ ਕੇ ਉਹ ਨੇ ਸ਼ਹਿਰ ਛੱਡ ਦਿੱਤਾ। ਪਿੰਡ ਵਿਚ ਆ ਕੇ ਕੱਚਾ ਕੋਠਾ ਮੁੱਲ ਲਿਆ ਕੁਝ ਭਾਂਡੇ-ਟੀਂਡੇ ਤੇ ''ਗੁਜ਼ਾਰਾ ਯੂਨਿਟ'' ਦੇ ਛੇ ਕਿੱਲੇ। ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਹੋਈ। ਹੱਥ ਤਾਂ ਇੱਕੋ ਸੀ, ਪਰ ਤਾਏ ਨੇ ਇੱਕੋ ਹੱਥ ਨਾਲ ਹਲ ਵਾਹਿਆ। ਆਟਾ ਗੁੰਨਿਆਂ, ਮੱਝਾਂ ਚੌਈਆਂ। ਕਦੇ ਤਾਂ ਰੋਟੀ ਵੀ ਪਕਾ ਲੈਂਦਾ, ਹੁਣ ਤਾਈਂ ਏਹੋ ਸਿਲਸਿਲਾ ਰਿਹਾ। ਪਰ ਹੁਣ ਉਹਦੀ ਸਾਰੀ ਕਮਾਈ ਸ਼ਹਿਰ ਆ ਚੁੱਕੀ। ਉਥੇ ਪਿੰਡ ਵਿਚ ਹੁਣ ਘਰ ਦਾ ਕੋਈ ਬੰਦਾ ਨਹੀਂ ਸੀ ਰਹਿੰਦੈ। ਕੋਠੀ ਵੀ ਖੱਲਾ ਖੰਡਰ ਜੇਹਾ ਬਣ ਗਿਆ ਸੀ। ਇੱਕ ਮੁਸ਼ਕਲ ਹੋਰ ਬਣੀ। ਤਾਇਆ ਏਸ ਉਸਾਰੇ ਵੀ ਉਸੇ ਤਰ੍ਹਾਂ ਮਿਹਨਤ ਕਰੀ ਜਾਂਦਾ। ਕਮਜ਼ੋਰ ਅੱਖਾਂ ਨਾਲ ਉਹਨੇ ਖੇਤਾਂ ਦੀ ਹਰਿਆਵਲ ਜਵਾਨ ਰੱਖੀ। ਪਰ ਏਸ ਤਰ੍ਹਾਂ ਦੀ ਗੱਲ ਨਾਲ ਤਾਏ ਦਾ ਪ੍ਰੋਫੈਸਰ ਪੁੱਤਰ ਰਾਜ਼ੀ ਨਹੀਂ ਸੀ। ਉਸ ਨੂੰ ਨਿਮੋਸ਼ੀ ਹੁੰਦੀ। ਕੀ ਉਹ ਅਖੀਰੀ ਪਾਹਰੇ ਸਨ। ਆਪਣੇ ਬਾਪ ਨੂੰ ਆਰਾਮ ਦੇ ਚਾਰ ਦਿਨ ਵੀ ਨਹੀਂ ਸੀ ਦੇ ਸਕਦਾ ਏ। ਅੰਦਰ ਹੀ, ਅੰਦਰ ਉਹਨੇ ਪਲਾਨ ਬਣਾਇਆ। ਜ਼ਮੀਨ ਠੇਕੇ ਵਟਾਈ ਉੱਤੇ ਦੇ ਕੇ ਬਾਪ ਨੂੰ ਆਪਣੇ ਕੋਲ ਲੈ ਆਂਦਾ। ਤਾਏ ਨੂੰ ਏਸੇ ਯੋਗਦਾਨ ਦੀ ਖਬਰ ਨਹੀਂ ਸੀ। ਉਹਤੇ ਇੰਝ ਹੀ ਸ਼ਹਿਰ ਨਾਲ ਰੁਸਿਆ ਬੈਠਾ ਸੀ, ਬੱਚਿਆ ਵਾਂਗ ਜ਼ਿੱਦਾਂ ਕਰ ਰਿਹਾ ਸੀ।
ਹੁਣ ਉਹਨਾਂ ਨੂੰ ਮੇਰੀ ਲੋੜ ਸੀ। ਤਾਏ ਨੂੰ ਮਨਾਉਣ ਲਈ ਮੈਨੂੰ ਆਪਣੇ ਆਪ ਉੱਤੇ ਬਹੁਤਾ ਇਤਬਾਰ ਤੇ ਨਹੀਂ ਸੀ। ਇਹਨਾਂ ਪੇਂਡੂ ਬੁੱਢਿਆਂ ਦੀਆਂ ਆਦਤਾਂ ਦਾ ਮੈਨੂੰ ਚੰਗੀ ਤਰ੍ਹਾਂ ਪਤਾ ਹੈ। ਸ਼ਹਿਰੀ ਬਜ਼ੁਰਗਾਂ ਕੋਲੋਂ ਬਿਲਕੁਲ ਵੱਖਰੇ ਹੁੰਦੇ ਨੇ। ਇਹਨਾਂ ਦਾ ਮਸਲਾ ਆਰਾਮ ਦੀ ਤਲਬ ਨਹੀਂ, ਬੱਚਿਆਂ ਕੋਲੋਂ ਤਵੱਕੋ ਨਹੀਂ ਰੱਖਦੇ। ਆਪਣੇ ਵਾਸਤੇ ਕੁਝ ਨਹੀਂ ਮੰਗਦੇ। ਇਹਨਾਂ ਦਾ ਮਸਲਾ ਤਾਂ ਬੱਸ ਏਨਾ ਕੁ ਹੁੰਦਾ ਏ, ਪਈ ਕਿਸੇ ਦੇ ਕੰਮ ਆਉਂਦੇ ਰਹਿਣ। ਆਪਣੀ ਰੁਟੀਨ ਪੂਰੀ ਹੋਵੇ। ਹਰ ਹਾਲ ਵਿਚ ਕੁਝ ਕਰਦੇ ਰਹਿਣ, ਕਾਰ ਆਮਦ ਰਹਿਣ। ਘਰ ਵਾਸਤੇ, ਦੂਜਿਆਂ ਵਾਸਤੇ। ਨੂੰਹ ਰਾਣੀ ਪੀੜ੍ਹੇ ਬੈਠੀ ਪਰ ਹਾਂਡੀ (ਤੌੜੀ), ਡੋਈ (ਕੜਛੀ) ਤੇ ਰਸੋਈ ਉੱਤੇ ਕਬਜ਼ਾ ਨਾਦਰੇ। ਪੁੱਤਰ ਨਿੱਤ ਨਿੱਤ ਅਫਸਰ ਬਣੇ, ਸ਼ਹਿਰ ਵਿਚ ਰਵੇ, ਪਰ ਉਹਨਾਂ ਦਾ ਖੇਤ ਬੰਨਾ ਅਖੀਰਲੇ ਸਾਹ ਤਾਈਂ ਓਸੇ ਤਰ੍ਹਾਂ ਰਹੇ। ਕੋਈ ਕੁਝ ਨਾ ਦੇਵੇ। ਇਹ ਰਾਜੀ ਰਹਿਣਗੇ, ਪਰ ਕੋਈ ਬਹੁਤ ਸਾਰਾ ਦੇਣਾ ਚਾਹਵੇ, ਤਾਂ ਇਹ ਬਹੁਤ ਸਾਰਾ ਨਾਰਾਜ਼ ਹੋ ਜਾਣਗੇ।
ਏਥੇ ਸਾਡੇ ਕੋਲ ਤਾਏ ਜੋਗੀ ਕੋਈ ਸ਼ੈਅ ਤਾਂ ਹੈ ਨਹੀਂ ਸੀ। ਫੇਰ ਕਿਸ ਬਦਲੇ ਤਾਏ ਦੇ ਖੇਤ, ਜੋ ਉਹਨੇ ਦੂਜੀ ਵਾਰੀ ਹੱਥੀਂ ਕਮਾਏ, ਛੁਡਾ ਸਕਦੇ ਸਾਂ? ਇੰਝ ਤਾਏ ਦੇ ਏਥੇ ਆ ਕੇ ਰਹਿਣ ਵਿੱਚ ਮੇਰੀ ਦਿਲਚਸਪੀ ਘੱਟ ਨਹੀਂ ਸੀ। ਕਿਉਂ ਜੋ ਮੇਰਾ ਤਾਇਆ ਕਹਾਣੀਆਂ ਦੀ ਇੱਕ ਭਾਰੀ ਪੰਡ ਬੰਨ੍ਹੀ ਫਿਰਦਾ ਸੀ। ਮੈਂ ਉਹ ਕਹਾਣੀਆਂ ਸੁਣਨਾ ਚਾਹੁੰਦੀ ਸਾਂ। ਤਾਏ ਨੂੰ ਆਪ ਕਹਾਣੀ ਸੁਣਾਉਣ ਦਾ ਝੱਸ ਵੀ ਸੀ। ਏਹੋ ਇੱਕ ਟਰੰਪਕਾਰਡ ਮੇਰੇ ਕੋਲ ਹੈ ਸੀ। ਮੈਨੂੰ ਲੱਗਾ ਕਿਧਰੇ ਨਾ ਕਿਧਰੇ ਮੁਆਮਲਾ ਹੋ ਜਾਵੇਗਾ। ਤਾਏ ਨੂੰ ਹਰ ਹਾਲ ਏਥੇ ਸ਼ਹਿਰ ਵਿਚ ਰੱਖਣਾ ਏ। ਸਾਡੇ ਕੋਲੋਂ ਕੋਈ ਸੁੱਖ, ਕੋਈ ਖਿਦਮਤ ਕਬੂਲ ਹੋ ਜਾਵੇ, ਬੱਸ, ਏਹੋ ਸਾਰੇ ਚਾਹੁੰਦੇ ਸੀ, ਹੋਰ ਕਿਸੇ ਗੱਲ ਨੂੰ ਵਿਚਕਾਰ ਲਿਆਉਂਦੇ ਬਗੈਰ ਮੈਂ ਤਾਏ ਨੂੰ ਉਹ ਦਿਨ, ਸ਼ਹਿਰ ਜਾਣ ਕਰਵਾਇਆ। ਏਹੋ ਸ਼ਹਿਰ ਸੀ ਜਿੱਥੇ ਉਹ ਪਨਾਹਗੀਰ ਹੋ ਕੇ ਆਇਆ ਸੀ। ਉਹ ਦਿਨ....ਜਿਥੋਂ ਕਹਾਣੀ ਮੋੜ ਲੈਂਦੀ ਏ... ਉਹ ਮੋੜ ਜਿੱਥੇ ਆ ਕੇ ਤਾਏ ਦਾ ਦਿਲ ਦਰਿਆ ਵਰਗਾ ਹੋ ਜਾਂਦਾ। ਇਨਸਾਨੀਅਤ ਦਾ ਬਹੁਤ ਵੱਡਾ ਬਹੂੰ ਡੂੰਘਾ ਦਰਿਆ ਛੱਲਾਂ ਮਾਰਦਾ। ਓਸ ਥਾਂ ਤੋਂ ਜ਼ਰਾ ਕੁ ਪਿੱਛੇ, ਅੱਗੇ ਜਿੱਥੇ ਉਹ ਲਖਾਂ ਵਿਚਕਾਰ ਇਕੱਲਾ ਬੈਠਾ ਆਪਣੇ ਟੁੱਟੇ ਦਿਲ ਤੇ ਵੱਢੀ ਬਾਂਹ ਨਾਲ ਗੱਲਾਂ ਕਰਦਾ...ਮੁੜ ਮੁੜ ਇੱਕੋ ਗੱਲ ਦੁਹਰਾਉਂਦਾ।''
''ਹੁਣ ਕੀ ਹੈ ਮਨਾ ਕਾਹਦੇ ਲਈ। ਏਥੇ ਜੋ ਕੀ ਲੋੜਨ ਆਇਆ? ਮੇਰਾ ਏਥੇ ਕੀ ਰੱਖਿਆ ਪਿਆ ਏ? ਆਪਣਾ ਕੌਣ ਏ?'' ਫੇਰ ਇੱਕ ਦਿਨ ਜ਼ਿੰਦਗੀ ਵੱਲੋਂ ਆਵਾਜ਼ ਆਈ। ਜ਼ਿੰਦਗੀ ਆਪ ਤੁਰ ਕੇ ਉਹਦੇ ਕੋਲ ਆਈ। ਉਹਦੇ ਗਵਾਰੇ ਬੱਚੇ ਨਾਲ ਲਿਆਈ...ਏਹੋ ਇੱਕ ਪਲ ਸੀ, ਏਸੇ ਨੂੰ ਸੱਦ ਲਿਆਈ। ਤਾਏ ਕੋਲੋਂ ਵਾਹਦਾ ਮਿਲ ਗਿਆ। ਕੁੱਝ ਦਿਹਾੜੇ ਸਾਡੇ ਕੋਲ ਰਹਿ ਜਾਵੇ। ਬੱਸ ਗਿਆਨ ਦਾ ਇੱਕ ਮੌਸਮ ਸਾਡੇ ਨਾਂਅ ਲੱਗ ਜਾਵੇ। ਅਸੀਂ ਕੋਈ ਮੁਰੱਬੇ ਤਾਂ ਨਹੀਂ ਮੰਗਦੀਆਂ। ''ਚੰਗਾ ਜਿਵੇਂ ਤੁਹਾਡੀ ਮਰਜੀ-ਕੁੜੀਓ।''
ਤਾਏ ਨੇ ਮੈਨੂੰ ਤੇ ਆਪਣੀ ਨੂੰਹ ਨੂੰ ਮਿਹਰ ਦਾ ਖਜ਼ਾਨਾ ਬਖਸ਼ ਦਿੱਤਾ। ਪਰ ਨਾਲ ਹੀ ਇਹ ਵੀ ਜਤਾ ਦਿੱਤਾ ''ਤੁਸੀਂ ਵੇਖ ਲੈਣਾ, ਮੇਰਾ ਜੀ ਏਥੇ ਲੱਗਣਾ ਨਹੀਂ'' ਜਵਾਬ ਵਿੱਚ ਅਸੀਂ ਸਾਰੀਆਂ ਨੇ ਇੱਕ ਖੁੱਲ੍ਹੀ ਰਿਆਇਤ ਤਾਏ ਨੂੰ ਦੇ ਦਿੱਤੀ। ''ਜਦੋਂ ਉਹਦਾ ਜੀ ਕਰੇ, ਪਿੰਡ ਫੇਰਾ ਮਾਰ ਆਵੇ। ਖੇਤ ਬੰਨਾ ਵੇਖ ਆਵੇ। ਇਹ ਨਾਲ ਤੇ ਪਿੰਡ ਖੜਾ, ਆਪਣਾ ਘੰਟੇ ਦੋ ਦਾ ਰਸਤਾ।''
ਪਰ ਤਾਏ ਦਾ, ਦਿਲ ਜਿਵੇਂ ਠੁੱਠਰ ਗਿਆ ਹੋਇਆ ਸੀ। ਪੂਰੇ ਸੱਤ ਦਿਨ ਵੀ ਨਹੀਂ ਸੀ ਲੰਘੇ, ਉਹ ਘਰੋਂ ਚਿੱਟੇ ਕੱਪੜੇ ਪਾ ਕੇ ਨਿਕਲ ਤੁਰਿਆ। ਖਬਰੇ ਪਿੰਡ ਲਈ, ਖਬਰੇ ਕਿਸੇ ਨੂੰ ਮਿਲਣ ਲਈ....ਕਿਸੇ ਨੂੰ ਪਤਾ ਨਹੀਂ, ਪਰ ਚੌੜੀ ਸੜਕ ਉੱਤੇ ਚੜ੍ਹਦੇ ਸਾਰ ਕਿਸੇ ਭੈੜੇ ਬਦਮਸਤ ਕਾਰ ਵਾਲੇ ਨੇ ਟੱਕਰ ਮਾਰ ਕੇ ਉਸ ਕਮਜ਼ੋਰ ਜਹੇ ਬੁੱਢੇ ਨੂੰ ਵੀਹ ਗਜ਼ ਪਰਾਹ ਜਾ ਸੁੱਟਿਆ। ਏਸ ਭੈੜੇ ਐਕਸੀਡੈਂਟ ਮਗਰੋਂ ਵੀ ਤਾਏ ਨੇ ਔਖੇ ਸਾਹਵਾਂ ਦੀ ਡੋਰੀ ਕਈ ਮਹੀਨੇ ਖਿੱਚੀ। ਪਰ ਏਸ ਅਰਸੇ ਵਿਚ ਉਹ ਸ਼ਹਿਰ ਭੁੱਲ ਗਿਆ। ਉਸ ਪਿੰਡ ਨੂੰ ਵੀ ਭੁੱਲ ਗਿਆ, ਜਿੱਥੇ ਪੂਰੇ ਮੁਰੱਬੇ ਦਾ ਮਿੱਟੀ ਉਹਨੇ ਆਪਣੇ ਇੱਕ ਹੱਥ ਨਾਲ ਕਮਾਈ ਸੀ। ਉਹ ਸ਼ੱਕਰ ਵਰਗੀ ਨਰਮ ਮਿੱਠੀ ਮਿੱਟੀ। ਉਹ ਖੇਤ ਪੈਲੀ ਜਿਨ੍ਹਾਂ ਦੀ ਖੁਸ਼ਬੂ ਆਪਣੇ ਅੰਤ ਸਮੇਂ ਤੋੜ ਜੀਊਣਾ ਚਾਹੁੰਦਾ ਸੀ।
ਪਰ ਹੁਣ ਏਸ ਦੁਨੀਆਂ ਵਿੱਚ ਤਾਏ ਵਾਸਤੇ ਸਮੇਂ ਦਾ ਅੰਤ, ਨਾ ਜ਼ਖ਼ਮਾਂ ਦਾ ਅੰਤ। ਉਹਦੀਆਂ ਬੁੱਢੀਆਂ ਹੱਡੀਆਂ ਨੂੰ ਪੂਰੇ ਬਾਈ ਗੰਢ (ਫਰੈਕਚਰ) ਲੱਗੇ, ਸਿਰ ਨੂੰ ਪੂਰੇ ਪੰਜ। ਕਈ ਘੰਟੇ ਬਾਅਦ ਹਸਪਤਾਲ ਵਿਚ ਹੋਸ਼ ਆਈ ਤਾਂ ਡਾਕਟਰ ਨੂੰ ਵੇਖਦੇ ਸਾਰ ਆਖਣ ਲੱਗੇ ''ਤੂੰ ਏਥੇ ਕੀ ਕਰਨਾ ਪਿਆ ਏ ਕਾਕਾ?'' ਜਾ ਦੌੜਦਾ ਜਾ ਲੱਗ ਜਾ ਕਿਧਰੇ ਜਾ ਕੇ ਛੱਡੋ ਜਾ ਏਸ ਥਾਂ ਨੂੰ। ਏਥੇ ਬੜਾ ਜੁਲਮ ਫੈਲ ਗਿਆ ਏ। ਵੇਖ ਮੇਰੇ ਵੱਲਾ ਮੈ ਇਹਨਾਂ ਦਾ ਕੀ ਵਿਗਾੜਿਆ ਸੀ। ਵੇਖ ਜ਼ਾਲਮਾਂ ਨੇ ਕਿਵੇਂ ਫੱਟੜ ਕਰਕੇ ਸੁੱਟ ਦਿੱਤਾ ਏ ਮੈਨੂੰ।'' ਤਾਏ ਦੇ ਜਿਸਮ ਵਿਚੋਂ ਆਪਣੇ ਲਹੂ ਦੀ ਬੂੰਦ ਬੂੰਦ ਵਗ ਚੁੱਕੀ ਸੀ। ਹੁਣ ਤਾਂ ਆਪਣਿਆਂ ਪਿਆਰਿਆਂ ਦਾ ਦਿੱਤੇ ਹੋਇਆ ਲਹੂ ਰਗਾਂ ਵਿਚਾਲੇ ਲਈ ਫਿਰਦਾ ਪਿਆ ਸੀ। ਏਸੇ ਲਹੂ ਦੀ ਗਰਮੀ ਨਾਲ ਜਾਨ ਵਿਚ ਜਾਨ ਆਈ ਤਾਂ ਅੱਖਾਂ ਖੋਲ ਆਲੇ ਦਵਾਲੇ ਵੇਖਿਆ। ਉਹਦੀਆਂ ਅੱਖਾਂ ਵਿਚ ਪਛਾਣ ਵਰਗੀ ਕੋਈ ਸ਼ੈਅ ਨਹੀਂ ਸੀ। ਉਹ ਕੋਈ ਹੋਰ ਈ ਬੰਦਾ ਸੀ, ਇਹ ਦੁਨੀਆਂ ਹੋਰ ਹੀ ਦੁਨੀਆਂ ਸੀ। ਪਿੰਡੇ ਦੇ ਜ਼ਖ਼ਮ ਦਵਾਈਆਂ ਨਾਲ ਠੀਕ ਵੀ ਹੋਣ ਲੱਗ ਪਏ ਸੀ। ਪਰ ਉਹ ਰੂਹ ਕਦੇ ਮੁੜ ਕੇ ਨਾ ਆਈ, ਜਿਹਦੇ ਨਾਲ ਤਾਏ ਨੇ ਏਥੇ ਪਾਕਿਸਤਾਨ ਵਿੱਚ ਜ਼ਿੰਦਗੀ ਗੁਜ਼ਾਰੀ ਸੀ। ਪੂਰੀ ਹੁਸ਼ਿਆਰੀ ਨਾਲ, ਪੂਰੀ ਸੋਝੀ ਨਾਲ ਉਹ ਆਪਣੇ ਪੁਰਾਣੇ, ਪਿੰਡ ਚਲਾ ਗਿਆ ਸੀ। ਆਪਣੇ ਬਚਪਨ ਤੋਂ ਲੈ ਕੇ ਆਪਣੇ ਬੱਚਿਆਂ ਦੇ ਬਚਪਨ ਤੋੜੀ ਸਾਰੀਆਂ ਗੱਲਾਂ ਉਹਨੂੰ ਯਾਦ ਆ ਗਈਆਂ। ਉਹ ਹੁਣ ਬੀਤ ਗਏ ਵੱਲ ਮੁੜ ਗਿਆ ਸੀ। ਉਹ ਸਾਰੇ ਲੋਕੀਂ ਜੋ ਉਸ ਵੇਲੇ ਉਥੇ ਹੈ ਸਨ, ਉਹਨਾਂ ਨੂੰ ਬੁਲਾਉਂਦਾ, ਗੱਲਾਂ ਕਰਦਾ ਕਦੇ ਕਹਿੰਦਾ ਫਲਾਣੇ ਨੂੰ ਸੱਦ ਕੇ ਲਿਆਓ। ਫਲਾਣੇ ਜਰਾਹ ਦੀ ਮਲ੍ਹਮ ਲਿਆ ਕੇ ਮੇਰੇ ਜ਼ਖਮਾਂ ਤੇ ਲਾਓ। ਬੜੇ ਜਾਗਦੇ ਜ਼ਿਹਨ ਨਾਲ ਉਹ ਆਪਣੇ ਪੁਰਾਣੇ ਪਿੰਡ ਜਾ ਵੱਸਿਆ। ਪਿਛੋਕੜ ਦੀਆਂ ਨਿਕੀਆਂ ਮੋਟੀਆਂ ਗੱਲਾਂ, ਬੀਤੇ ਦੁੱਖ ਸੁੱਖ ਯਾਦ ਕਰਕੇ ਉਹਨਾਂ ਨਾਲ ਜੀਵਨ ਬਸੇਰਾ ਕਰ ਲਿਆ। ਸਾਲ ਦੇ ਚਾਰੇ ਮੌਸਮ, ਆਪਣੇ ਪੈਲੀ ਬੰਨਾ, ਨਦੀ ਕਿਨਾਰਾ, ਯਾਰ ਬੇਲੀ ਉਹਨਾਂ ਮੁੜ ਕੇ ਸੱਦ ਲਏ। ਪੁਰਾਣੇ ਗੀਤ ਯਾਦ ਕੀਤੇ, ਵਿਸਾਖੀ ਦੇ ਗੀਤ, ਕਣਕਾਂ ਛੱਲੀਆਂ ਦੇ ਗੀਤ, ਰੱਤੇ ਸਾਲੂ ਦੇ ਗੀਤ।
ਖਾਣ ਪੀਣ ਦੀ ਲੋੜ ਪੈਂਦੀ ਤਾਂ ਉਹ ਕਿਸੇ ਅਜੇਹੇ ਬੰਦੇ ਨੂੰ ਹਾਕ ਮਾਰਦਾ, ਜਿਹਨੂੰ ਸੱਦ ਕੇ ਲਿਆਉਣਾ ਸਾਡੇ ਵੱਸ ਦੀ ਗੱਲ ਨਹੀਂ ਸੀ। ਕੋਈ ਹਲਕੀ ਗਜਾ, ਦਲੀਆ, ਖਿੱਚੜੀ ਸਾਹਮਣੇ ਰੱਖਦੇ ਤਾਂ ਉਹ ਗੁੱਸੇ ਹੋ ਜਾਂਦਾ। ''ਕੇਹੀ ਬੇ ਸਵਾਦ, ਸਾਬਣ ਵਰਗੀ।'' ਉਹ ਥਾਲੀ ਪਰ੍ਹਾਂ ਕਰ ਦੇਂਦਾ। ''ਲੱਸੀ ਰੋਟੀ ਕਿਉਂ ਨਹੀਂ ਦਿੰਦੇ। ਰੱਬਾ, ਮੈਨੂੰ ਭੁੱਖੇ ਮਾਰਨ ਲੱਗੇ ਹੋਏ ਨੇ। ਬਾਈ, ਬਾਈ''... ਉਹ ਵੱਡੇ ਭਰਾ ਨੂੰ ਹਾਕਾਂ ਮਾਰਦਾ, ਰੋਣ ਲੱਗ ਪੈਂਦਾ। ਅਸੀਂ ਸਾਰੇ ਓਸ ਘੜੀ ਨੂੰ ਪਛਤਾਉਂਦੇ, ਜਦੋਂ ਤਾਏ ਨੂੰ ਸ਼ਹਿਰ ਲਿਆਏ ਸਾਂ। ਪੱਟੀਆਂ ਨੂੰ ਉਹ ਰੱਸੀਆਂ ਸਮਝ ਦਾ, ਸਾਨੂੰ ਸਾਰਿਆਂ ਨੂੰ ਜ਼ਾਲਮ। ਆਜ਼ਾਦੀ ਮੰਗਦਾ। ਬਾਹਰ ਜਾਣ ਦੀ ਜ਼ਿੱਦ ਕਰਦਾ। ਜਿਵੇਂ ਜਿਵੇਂ ਖਿਦਮਤ ਕਰਦੇ, ਤਿਵੇਂ ਤਿਵੇਂ ਗੁੱਸੇ ਹੁੰਦਾ। ਅਸੀਂ ਉਹਦੇ ਆਪਣੇ, ਬੇਬੱਸ ਜੇਹੇ, ਪਰਾਏ ਹੋ ਚੁੱਕੇ ਸਾਂ।
ਫੇਰ ਇੱਕ ਦਿਨ ਕੀ ਹੋਇਆ। ਨੂੰਹ ਦੁੱਧ ਦਾ ਗਲਾਸ ਲੈ ਕੇ ਆਈ ਤਾਂ ਘੁੱਟ ਲੈ ਕੇ ਮੂੰਹ ਮੋੜ ਲਿਆ।
''ਇਹ ਦੁੱਧ ਏ? ਨਿਰੀ ਕੱਚੀ ਲੱਸੀ। ਬੂਰੀ ਦਾ ਕੱਚਾ ਦੁੱਧ ਲੈ ਕੇ ਆਓ।'' ਤਾਹੀਓਂ ਅਸੀਂ ਦੋਧੀ ਦੀ ਮਿੰਨਤ ਕੀਤੀ। ਵੇਖ ਭਾਈ ਗਵਾਲੇ ਜੋ ਰੇਟ ਲਾਉਣਾ ਏ, ਲਾ ਲੈ, ਪਰ ਦੁੱਧ ਨਿਰਾ ਦਵਾਲੀ ਵਰਗਾ ਅਸਲੀ ਖਾਲਸਾ ਦੂਜੇ ਦਿਨ ਖੀਰ ਵਰਗੇ ਗਾੜ੍ਹੇ ਦੁੱਧ ਦੀ ਘੁੱਟ ਭਰ ਕੇ ਤਾਏ ਨੇ ਸਿਰ ਫੇਰ ਦਿੱਤਾ। ''ਝੱਲੀ ਕੁੜੀ, ਬੂਰੀ ਦਾ ਦੁੱਧ ਲੈ ਕੇ ਨਹੀਂ ਆਈ।'' ਨੂੰਹ ਦੇ ਦਿਲ ਵਿਚ ਪਤਾ ਨਹੀਂ ਕੀ ਆਈ। ਉਹ ਆਪ ਗਵਾਲਿਆਂ ਦੇ ਮਹੱਲੇ ਚਲੀ ਗਈ। ਬੂਰੀ ਮੱਝ ਵੇਖ ਕੇ ਉਹਨੇ ਆਪਣੇ ਸਾਹਮਣੇ ਚਵਾਈ। ਗਲਾਸ ਹੱਥ ਵਿੱਚ ਲੈ ਕੇ ਤਾਏ ਨੇ ਖੁਸ਼ਬੂ ਸੁੰਘੀ ਤੇ ਖੁਸ਼ੀ ਪ੍ਰਗਟ ਕੀਤੀ। ਫੇਰ ਪਲ ਵਿਚ ਗਲਾਸ ਖਾਲੀ ਕਰਕੇ, ਆਪਣੇ ਪੱਟੀ ਬੱਧੇ ਹੱਥ ਨਾਲ ਮੂੰਹ ਪੂੰਝਿਆ।
''ਮੈਂ ਕਿਹਾ, ਕਾਕਾ ਬੂਰੀ ਮੱਝ ਲਿੱਸੀ ਹੋ ਗਈ ਲੱਗਦੀ ਏ। ਖਲ ਵੜੇਵੇ ਥੋੜੇ ਪਾਉਂਦੇ ਓ ਤੁਸੀਂ। ਚੱਲ ਹੋਊ ਮੈਂ ਉੱਠ ਕੇ ਸਾਂਭ ਲਵਾਂਗਾ। ਪਰ ਤੁਸੀਂ ਦਿਲਗੀਰ ਨੂੰ ਵੇਲੇ ਸਿਰ ਰੋਟੀ ਅਪੜਾਇਆ ਕਰੋ। ਕਾਮੇ ਨੂੰ ਤੇ ਬਲਦ ਨੂੰ ਖੁਰਾਕ ਚੰਗੀ ਮਿਲਣੀ ਚਾਹੀਦੀ ਏ। ਸ਼ੁਦਾਈਓ ਪੈਦਾਵਾਰ ਕਰਨ ਵਾਲੇ ਨਾਲ ਕਾਹਦਾ ਸਰਫਾ।''
''ਦਿਲਗੀਰ ਸਿੰਘ''? ਸ਼ਾਇਦ ਪਿੱਛੇ ਕੋਈ ਕਾਮਾ ਰਿਹਾ ਹੋਣੈ। ਇਹ ਗੱਲ ਅਖੀਰੀ ਸੀ ਜੋ ਉਸ ਅਜ਼ਲੀ ਅਬਦੀ ਕਿਸਾਨ ਦੇ ਮੂੰਹੋਂ ਨਿਕਲੀ। ਸਾਹ ਉਤੇ ਦਾ ਉੱਤੇ, ਥੱਲੇ ਦਾ ਥੱਲੇ। ਥੋੜੀ ਜਹੀ ਧੌਂਕਣੀ ਚੱਲੀ। ਫੇਰ ਸਾਰੇ ਬੰਧਨ ਟੁੱਟ ਗਏ। ਚੁੱਪ-ਚਾਪ। ਬੇਆਵਾਜ਼ ਕਦਮਾਂ ਤੇ ਚੱਲਦਾ ਉਹ ਜਿਵੇਂ ਮੌਤ ਦੀ ਘਾਟੀ ਉਤਰ ਗਿਆ। ਕਣਕਾਂ ਬੀਜਣ ਵਾਲਾ ਮਰ ਗਿਆ। ਨਾਲ ਈ ਰੱਤਾ ਸਾਲੂ ਰੰਗਣ ਵਾਲਾ ਵੀ। ਪੌਣੀ ਸਦੀ ਦਾ ਜੀਵਨ ਵਿੱਚੋਂ ਅੱਧਾ ਕਾਲੀ ਰਾਤ ਵਰਗਾ। ਉਹ ਕਾਲੀ ਰਾਤ ਓਸ ਪਲ ਪੂਰੀ ਹੋ ਗਈ। ਉਹਦੇ ਮੰਜੇ ਦੀ ਬਾਹੀ ਤੇ ਸਿਰ ਰੱਖ ਮੈਂ ਕਿੰਨਾ ਕੁਝ ਸੋਚਿਆ। ਅੱਧੀ ਰਾਤ ਦੀ ਆਜ਼ਾਦੀ ਦਾ ਮੁਸਾਫ਼ਰ। ਵੀਹਵੀਂ ਸਦੀ ਦਾ ਪਨਾਹ-ਗੀਰ ਅੰਤ ਸਮੇਂ ਤੋੜੀ ਜ਼ਖਮੀ ਸੀ। ਪੱਟੀਆ ਪਲੱਸਤਰਾਂ ਵਿੱਚ ਜਕੜਿਆ। ਉਹਦਾ ਜਿਸਮ ਸਾਹਮਣੇ ਪਿਆ ਸੀ। ਪਰ ਉਹਦੀ ਰੂਹ ਸਦਾ ਤੰਦੁਰਸਤ ਤੇ ਬੇਦਾਗ਼ ਰਹੀ। ਅਮਨ ਦੀ ਘੁੱਗੀ ਵਰਗੀ। ਅੱਜ ਕਿਧਰੇ ਦੂਰ ਉਡਾਰੀ ਮਾਰ ਗਈ ਸੀ। ਓਸ ਦੁਨੀਆਂ ਵਿੱਚ ਜਿੱਥੇ ਕੋਈ ਮਜ਼ਹਬ ਨਹੀਂ ਹੁੰਦਾ। ਲੋਕੀਂ ਮਜ਼ਹਬ ਦੇ ਨਾਂਅ ਤੇ ਆਪਣੀਆਂ ਜ਼ਮੀਨਾਂ ਤੋਂ ਕੱਢੇ ਨਹੀਂ ਜਾਂਦੇ ਹੋਣਗੇ। ਤਾਇਆ ਹੁਣ ਸਾਰੀਆਂ ਗੱਲਾਂ ਤੋਂ ਪਰਾਂਹ ਸੀ। ਪਰ ਮੈਂ ਜ਼ਿੰਦਗੀ ਦੀ ਗੁਲਾਮੀ ਵਿੱਚ ਸੋਚ ਦੀ ਸੰਗਲੀ ਨਾਲ ਬੱਧੀ ਹੋਈ, ਨਾਸ਼ਾਦ ਬੈਠੀ ਸਾਂ। ਕੀ ਏ ਏਸ ਫਾਨੀ ਦੁਨੀਆਂ ਦੇ ਅਧੂਰੇ ਜੀਵਨ ਵਿੱਚ? ਤਾਰੀਖ ਨੇ, ਸਿਆਸਤ ਨੇ, ਮਜ਼ਹਬ ਵਾਲਿਆਂ ਦੇ ਦਿਲ ਦੀ ਕਾਲਖ ਨੇ, ਉਸ ਭੋਲੇ ਦਿਹਾਤੀ ਇਨਸਾਨ ਨਾਲ ਕੀ ਕੀਤਾ। ਕੀ ਕੀਤਾ? ਉਸ ਮਾਸੂਮ ਦੀ ਖੱਲ ਨੂੰ ਸਾਰਿਆਂ ਨੇ ਆਪਣੀ ਅੱਗ ਵਿੱਚ ਭੁੰਨਿਆਂ। ਉਸੇ ਦੇ ਦਿਲ ਨੂੰ ਆਪਣੀ ਛੁਰੀ ਦੇ ਤਜਰਬਿਆਂ ਲਈ ਪਸੰਦ ਕੀਤਾ ਕੀ ਸਮਝਿਆ ਸੀ ਉਹਨੂੰ। ਆਪਣਾ ਸ਼ਿਕਾਰ? ਕਿ ਆਪਣਿਆਂ ਤਜਰਬਿਆਂ ਲਈ ਇਕੋ ਵਸਤੂ? ਸਾਰੀ ਤਲਖੀ ਮੇਰੇ ਕੋਲ ਰਹਿ ਗਈ।
ਪਰ ਉਹ ਬੰਦਾ ਜਿਸ ਨੂੰ ਉਹਨਾਂ ਇਨਸਾਨ ਨਹੀਂ ਸੀ ਮੰਨਿਆ, ਓਸਨੇ ਆਦਮ ਜ਼ਾਤ ਦਾ ਕੇਡਾ ਭਰਮ ਰੱਖਿਆ। ਦੋ ਟੋਟੇ ਹੋ ਕੇ ਵੀ ਉਹ ਖਿਲਰਿਆ ਨਹੀਂ। ਕੱਚੀ ਮਿੱਟੀ ਦੇ ਅੰਦਰ ਰਹਿ ਕੇ ਉਹਨੇ ਆਪਣਾ ਸਾਰਾ ਜੀਵਨ ਜੀ ਲਿਆ। ਅੱਵਲ ਆਖਰ ਮੇਰਾ ਤਾਇਆ ਇਨਸਾਨ ਸੀ। ਕੱਚੀ ਮਿੱਟੀ ਦਾ ਵਸਨੀਕ। ਪੱਕੀ ਸੜਕੋਂ ਉਹਨੂੰ ਨਫਰਤ ਸੀ। ਜ਼ਿੰਦਗੀ ਵਿੱਚ ਦੋ ਵਾਰੀ ਉਹ ਪੱਕੀਆਂ ਸੜਕਾਂ ਤੋਂ ਲੰਘਿਆ। ਦੋਵੇਂ ਵਾਰੀ ਹਿੰਦੁਸਤਾਨ ਪਾਕਿਸਤਾਨ ਦੀਆਂ ਪੱਕੀਆਂ ਸੜਕਾਂ ਨੇ ਉਹ ਦੇ ਕੋਲੋਂ ਭਾਰਾ ਖਰਾਜ ਵਸੂਲਿਆ। ਹੁਣ ਉਹ ਪੱਕੇ ਫਰਸ਼ ਤੋਂ ਵੀ ਨਾਰਾਜ਼ ਹੋ ਕੇ ਚਲਾ ਗਿਆ। ਅੱਗੋਂ ਕੀ ਸੀ। ਉਹਦੀ ਮਿੱਟੀ ਨੂੰ ਚੁੱਕ ਕੇ ਪਿੰਡ ਲੈ ਗਏ। ਸ਼ੱਕਰ ਵਰਗੀ ਮਿੱਟੀ, ਜਿਸ ਦੀ ਖੁਸ਼ਬੂ ਦੇ ਗੁੱਛਿਆਂ ਨਾਲ ਲੱਦੀ ਬਾਸਮਤੀ ਏ ਤੇ ਛੇ-ਛੇ ਫੁੱਟ ਉੱਚੇ ਗੰਨੇ।
ਪਿੰਡੋਂ ਮੁੜ ਕੇ ਅਸੀਂ ਇੱਕ ਦਿਨ ਤਾਏ ਦੀਆਂ ਗੱਲਾਂ ਕਰਦੇ ਰਹੇ। ਉਹੋ ਗੱਲਾਂ ਜੋ ਉਹਨੇ ਸ਼ਹਿਰ ਆ ਕੇ ਕੀਤੀਆਂ। ਉਹ ਸੱਤ ਦਿਹਾੜੇ ਪਿੰਡ ਵਿਛੋੜੇ ਦੀਆਂ ਗੱਲਾਂ। ਉਹ ਗੱਲਾਂ ਜੋ ਉਹਨੇ ਹਸਪਤਾਲ ਵਿੱਚ ਕੀਤੀਆਂ। ਉਹ ਦਿਨ ਜਦੋਂ ਹੋਸ਼ ਦੀ ਦੁਨੀਆਂ ਨਾਲੋਂ ਵਿਛੜ ਕੇ ਉਹ ਆਪਣੇ ਪਿੰਡ ਪੁਰਾਣੇ ਚਲਾ ਗਿਆ ਸੀ। ਉਹਨਾਂ ਸਾਰਿਆਂ ਨਾਲ ਜਾ ਰਲਿਆ ਜੋ ਅਬਦ ਦੀਆਂ ਹੱਦਾਂ ਤੋਂ ਪਰਲੇ ਪਾਸੇ ਜਾ ਕੇ ਆਬਾਦ ਹੋ ਗਏ ਨੇ। ਉਹਦੇ ਭੈਣ ਭਰਾ, ਯਾਰ ਬੇਲੀ, ਸਾਡੇ ਵੀ ਕੁਝ ਲੱਗਦੇ ਸਨ। ਪਰ ਉਹ ਦਿਲਗੀਰ ਸਿੰਘ? ਉਹ ਕੌਣ ਸੀ? ਸ਼ਾਇਦ ਪੁਰਾਣੇ ਪਿੰਡ ਦਾ ਕੋਈ ਦੋਸਤ ਹੋਵੇਗਾ ਜਾਂ ਕਾਮਾ। ਤਾਏ ਦੇ ਨੂੰਹ-ਪੁੱਤਰ ਨੇ ਤਾਂ ਏਨਾ ਹੀ ਸੋਚਿਆ, ਪਰ ਮੈਨੂੰ ਪਤਾ ਸੀ ਕਿ ਇਹ ਦਿਲਗੀਰ ਸਿੰਘ ਕੌਣ ਸੀ, ਉਹ ਪੁਰਾਣੇ ਪਿੰਡ ਦਾ ਨਹੀਂ, ਏਸੇ ਪਿੰਡ ਦਾ ਰਹਿਣ ਵਾਲਾ ਸੀ, ਜਿੱਥੇ ਅੱਜ ਤਾਏ ਦੀ ਕਬਰ ਬਣੀ ਸੀ। ਦਿਲਗੀਰ ਸਿੰਘ ਦੀ ਕਹਾਣੀ ਆਖਰੀ ਸੀ ਜੋ ਮੈਨੂੰ ਤਾਏ ਨੇ ਸੁਣਾਈ। ਮੈਂ ਇਹ ਕਹਾਣੀ ਜ਼ਰੂਰ ਲਿਖਾਂਗੀ ਕਿਓਂ ਜੋ ਏਸ ਕਹਾਣੀ ਨੂੰ ਸੁਣਾਉਂਦਾ ਹੋਇਆ ਮੇਰਾ ਤਾਇਆ ਹਉਕਿਆਂ ਨਾਲ ਰੋਇਆ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਫ਼ਜ਼ਲ ਤੌਸੀਫ਼
  • ਮੁੱਖ ਪੰਨਾ : ਪੰਜਾਬੀ ਕਹਾਣੀਆਂ