Kambda Chanan (Punjabi Story) : Jarnail Singh

ਕੰਬਦਾ ਚਾਨਣ (ਕਹਾਣੀ) : ਜਰਨੈਲ ਸਿੰਘ

ਗੱਡੀ ਰੁਕੀ। ਇੱਕ ਫੌਜੀ ਜਵਾਨ ਨੇ ਪਹਿਲਾਂ ਸਮਾਨ ਲਾਹਿਆ ਤੇ ਫਿਰ ਦੂਜੇ ਜਵਾਨ ਸੂਬੇਦਾਰ ਜਗਮੀਤ ਸਿੰਘ ਨੂੰ ਸਹਾਰਾ ਦੇ ਕੇ ਥੱਲੇ ਉਤਾਰਿਆ। ਕੂਕ ਮਾਰ ਕੇ ਗੱਡੀ ਟੁਰ ਗਈ ਤੇ ਨਿੱਕੇ ਜਿਹੇ ਸਟੇਸ਼ਨ ’ਤੇ ਸੁੰਨ ਪੈ ਗਈ। ਇਨ੍ਹਾਂ ਦੋ ਸਵਾਰੀਆਂ ਤੋਂ ਬਿਨਾਂ ਸ਼ਾਇਦ ਹੀ ਕੋਈ ਹੋਰ ਸਵਾਰੀ ਇਸ ਸਟੇਸ਼ਨ ’ਤੇ ਉੱਤਰੀ ਹੋਵੇ ਤੇ ਜਾਂ ਫਿਰ ਉੱਤਰਦਿਆਂ-ਸਾਰ ਪਤਾ ਨਹੀਂ ਕਿਹੜੇ ਵੇਲੇ, ਧੁੰਦ ਨਾਲ਼ ਸੰਘਣੇ ਹੋਏ ਹਨ੍ਹੇਰੇ ਵਿੱਚ ਅਲੋਪ ਹੋ ਗਈ ਹੋਵੇ।
ਜਗਮੀਤ ਸਿੰਘ ਦੇ ਨਾਲ਼ ਵਾਲ਼ੇ ਫੌਜੀ ਨੇ ਟਰੰਕ ਬਿਸਤਰਾ, ਕਿੱਟ ਆਦਿ ਸਮਾਨ ਇੱਕ-ਇੱਕ ਕਰਕੇ ਚੁਕਿਆ ਤੇ ਬਰਾਂਡਾ-ਨੁਮਾ ਮੁਸਾਫ਼ਰਖਾਨੇ ਵਿੱਚ ਇੱਕ ਬੈਂਚ ਕੋਲ਼ ਟਿਕਾ ਦਿੱਤਾ। ਫਹੁੜੀਆਂ ਦੇ ਆਸਰੇ ਪਲੇਟਫਾਰਮ ਤੋਂ ਤੁਰਦਾ ਜਗਮੀਤ ਸਿੰਘ ਸਮਾਨ ਕੋਲ਼ ਪੁੱਜਾ ਤੇ ਆਪਣੇ ਨਾਲ ਵਾਲ਼ੇ ਜਵਾਨ ਨੂੰ ਸੰਬੋਧਨ ਕੀਤਾ, "ਤੂੰ ਏਥੇ ਬੈਠ, ਮੈਂ ਜਾ ਕੇ ਬੰਦਾ ਭੇਜਦਾਂ। ਤੇਰੇ ਨਾਲ਼ ਸਮਾਨ ਚੁਕਾ ਕੇ ਲੈ ਜਾਏਗਾ।"
"ਸਾਹਬ! ਮੇਰਾ ਵਿਚਾਰ ਇਹ ਸੀ ਪਈ ਤੁਸੀਂ ਐਥੇ ਬਹਿੰਦੇ, ਮੈਂ ਜਾ ਕੇ ਗੱਡਾ ਜੁੜਵਾ ਲਿਆਉਂਦਾ। ਨਾਲ਼ੇ ਸਮਾਨ ਲੈ ਜਾਂਦੇ ਤੇ ਨਾਲ਼ੇ ਤੁਸੀਂ, ’ਰਾਮ ਨਾਲ ਬੈਠ ਕੇ ਚਲੇ ਜਾਂਦੇ।"
"ਤੈਨੂੰ ਘਰ ਦਾ ਪਤਾ ਨਹੀਂ। ਕਿੱਧਰ ਨ੍ਹੇਰੇ ਵਿੱਚ ਟੱਕਰਾਂ ਮਾਰਦਾ ਫਿਰੇਂਗਾ, ਮੈਂ ਈ ਜਾਨਾਂ ਆਂ।"
"ਪਰ ਸਾਹਬ! ਤੁਹਾਨੂੰ ਤਕਲੀਫ਼ ਹੋਵੇਗੀ।" ਫੌਜੀ ਜਵਾਨ ਦੇ ਬੋਲਾਂ ਵਿੱਚ ਸਤਿਕਾਰ ਸੀ।
"ਓ ਨਹੀਂ, ਕੋਈ ਤਕਲੀਫ਼ ਨਹੀਂ ਹੁੰਦੀ। ਪਿੰਡ ਸਾਡਾ ਲਾਗੇ ਈ ਆ। ਬਹੁਤਾ ਦੂਰ ਨਹੀਂ।"
"ਚੰਗਾ ਜੀ, ਜਿਵੇਂ ਤੁਹਾਡੀ ਮਰਜ਼ੀ।"

ਸੂਬੇਦਾਰ ਜਗਮੀਤ ਸਿੰਘ ਨੇ ਗਲ਼ ਦੁਆਲੇ ਲਪੇਟੇ ਮਫ਼ਲਰ ਤੇ ਕੋਟ ਦੇ ਕਾਲਰਾਂ ਨੂੰ ਠੀਕ ਕੀਤਾ, ਧੁੰਦ ਅਤੇ ਹਨ੍ਹੇਰੇ ਵਿੱਚ ਸੁੰਗੜੀ ਹੋਈ ਲਾਈਟ ਵਿੱਚ ਘੜੀ ’ਤੇ ਨਜ਼ਰ ਮਾਰੀ। ਪੌਣੇ ਚਾਰ ਵੱਜੇ ਸਨ। ਫਹੁੜੀਆਂ ਦੇ ਆਸਰੇ ਤੁਰਦਾ ਉਹ ਮੁਸਾਫ਼ਰਖਾਨੇ ਤੋਂ ਬਾਹਰ ਹੋ ਗਿਆ।
ਜਗਮੀਤ ਸਿੰਘ ਨੇ ਪਿਛਾਂਹ ਭਉਂ ਕੇ ਵੇਖਿਆ। ਉਸਦਾ ਫੌਜੀ ਸਾਥੀ ਕੰਬਲ ਦੀ ਬੁੱਕਲ ਮਾਰ ਕੇ ਬੈਂਚ ’ਤੇ ਬੈਠ ਗਿਆ ਸੀ। ਉਸਨੇ ਸਟੇਸ਼ਨ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਨਜ਼ਰ ਘੁਮਾਈ। ਧੁੰਦਲੇ ਰੂਪ ਵਿੱਚ ਦਿਖਾਈ ਦੇ ਰਹੇ ਸਟੇਸ਼ਨ ਦੇ ਕੋਨੇ ਕੋਨੇ ਨੂੰ ਉਹ ਪਛਾਣ ਰਿਹਾ ਸੀ। ਪਰ ਉਸਨੂੰ ਇੰਜ ਲੱਗਾ ਜਿਵੇਂ ਅੱਜ ਸਟੇਸ਼ਨ ਨੇ ਉਸਨੂੰ ਪਛਾਣਿਆ ਨਹੀਂ ਸੀ। ਨਾ-ਪਛਾਨਣ ਦਾ ਕਾਰਨ ਧੁੰਦ-ਪਸਰਿਆ ਹਨ੍ਹੇਰਾ ਨਹੀਂ ਸੀ। ਕਈ ਵਾਰ ਪਹਿਲਾਂ ਵੀ ਉਹ ਇਸ ਸਟੇਸ਼ਨ ’ਤੇ ਗੱਡੀ ਚੜ੍ਹਿਆ ਤੇ ਉੱਤਰਿਆ ਸੀ ਤੇ ਹਰ ਵਾਰ ਸਟੇਸ਼ਨ ਉਸਨੂੰ ਪਛਾਣਦਾ ਰਿਹਾ ਸੀ। ਜਾਣ ਲੱਗਿਆਂ ਸਟੇਸ਼ਨ ਨੇ ਉਸਨੂੰ 'ਅਲਵਿਦਾ' ਤੇ ਆਉਣ ’ਤੇ 'ਜੀ ਆਇਆਂ' ਕਿਹਾ ਸੀ। ਪਰ ਅੱਜ ਸਟੇਸ਼ਨ ਉਸਨੂੰ ਇੱਕ ਅਜਨਬੀ ਵਾਂਗ ਵੇਖ ਰਿਹਾ ਸੀ।
ਉਹ ਅੱਜ ਛੁੱਟੀ ਨਹੀਂ ਸੀ ਆਇਆ। ਪੈਨਸ਼ਨਰ ਹੋ ਕੇ ਆਇਆ ਸੀ। ਪੈਨਸ਼ਨਰ ਇਸ ਕਰਕੇ ਨਹੀਂ ਕਿ ਉਸਦੀ ਨੌਕਰੀ ਪੂਰੀ ਹੋ ਗਈ ਸੀ। ਇਸ ਕਰਕੇ ਕਿ ਉਹ ਅੰਗਹੀਣ ਹੋ ਗਿਆ ਸੀ। ਸਰੀਰ ਦੇ ਉਹ ਅੰਗ ਜਿਨ੍ਹਾਂ ਦੇ ਆਸਰੇ ਉਸਨੇ ਜੀਵਨ ਦੇ ਪੈਂਡੇ ਤੈਅ ਕੀਤੇ ਸਨ, ਜਿਨ੍ਹਾਂ ਦੇ ਸਪਰਸ਼ ਨਾਲ ਪੈਂਡਿਆਂ ਨੂੰ ਉਸਦੀ ਪਛਾਣ ਹੋ ਜਾਂਦੀ ਹੁੰਦੀ ਸੀ, ਅੱਜ ਪੂਰਨ ਤੌਰ ’ਤੇ ਉਸਦੇ ਸਰੀਰ ਦੇ ਨਾਲ਼ ਨਹੀਂ ਸਨ। ਤੇ ਟੁਰੇ ਜਾ ਰਹੇ ਜਗਮੀਤ ਸਿੰਘ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਕਿ ਸਿਰਫ਼ ਸਟੇਸ਼ਨ ਹੀ ਨਹੀਂ, ਸਟੇਸ਼ਨ ਤੋਂ ਉਸਦੇ ਪਿੰਡ ਨੂੰ ਜਾਣ ਵਾਲ਼ੇ ਕੱਚੇ ਰਾਹ ਨੇ ਵੀ ਉਸਨੂੰ ਪਛਾਣਿਆ ਨਹੀਂ ਸੀ। ਮੁਸਾਫ਼ਰਖਾਨੇ ਵਿੱਚ ਬੈਂਚ ’ਤੇ ਬੈਠਾ ਫੌਜੀ, ਜਗਮੀਤ ਸਿੰਘ ਦੀ ਯੂਨਿਟ ਦਾ ਇੱਕ ਸਿਪਾਹੀ ਸੀ। ਜਗਮੀਤ ਸਿੰਘ ਨੂੰ ਘਰ ਪਹੁੰਚਾਉਣ ਵਾਸਤੇ ਉਸਦੀ ਡਿਊਟੀ ਲਗਾਈ ਗਈ ਸੀ। ਉਸਨੂੰ ਮੁਸਾਫ਼ਰਖਾਨੇ ਵਿੱਚ ਬਿਠਾ ਕੇ ਤੇ ਆਪ ਪਿੰਡ ਜਾ ਕੇ ਜਗਮੀਤ ਸਿੰਘ ਦੇ ਘਰ ਦਾ ਪਤਾ ਕਰਨਾ ਫੌਜੀ ਸਿਪਾਹੀ ਵਾਸਤੇ ਕੋਈ ਮੁਸ਼ਕਿਲ ਨਹੀਂ ਸੀ। ਜਗਮੀਤ ਸਿੰਘ ਵੀ ਜਾਣਦਾ ਸੀ ਕਿ ਪੁੱਛ-ਗਿੱਛ ਕਰਕੇ ਘਰ ਲੱਭਿਆ ਜਾ ਸਕਦਾ ਸੀ। ਭਾਵੇਂ ਤੜਕਾ ਹੀ ਹੋਵੇ, ਪੁੱਛ-ਗਿੱਛ ਵਾਸਤੇ ਗਲੀ-ਮੁਹੱਲੇ ਕੋਈ ਨਾ ਕੋਈ ਮਿਲ ਹੀ ਜਾਂਦਾ ਹੈ। ਪਰ ਉਹ ਦਿਨ-ਚੜ੍ਹੇ ਗੱਡੇ ’ਤੇ ਬੈਠ ਕੇ ਪਿੰਡ ਨਹੀਂ ਸੀ ਜਾਣਾ ਚਾਹੁੰਦਾ। ਮੂੰਹ-ਹਨ੍ਹੇਰੇ ਹੀ ਉਹ ਘਰ ਚਲਾ ਜਾਣਾ ਚਾਹੁੰਦਾ ਸੀ। ਕਿਸੇ ਦੇ ਮੱਥੇ ਨਹੀਂ ਸੀ ਲੱਗਣਾ ਚਾਹੁੰਦਾ।
ਉਸਨੂੰ ਪਿੰਡ ਦੇ ਲੋਕਾਂ ਨੂੰ ਮਿਲਣ ਦਾ ਬੜਾ ਸ਼ੌਕ ਸੀ। ਸਾਲ ਛੇ ਮਹੀਨੇ ਬਾਅਦ ਜਦੋਂ ਵੀ ਉਹ ਛੁੱਟੀ ਆਉਂਦਾ, ਪਿੰਡ ਦੇ ਸਾਰੇ ਜੀਆਂ ਨੂੰ ਮਿਲਦਾ। ਉਨ੍ਹਾਂ ਦਾ ਦੁੱਖ-ਸੁੱਖ ਪੁੱਛਦਾ। ਆਪਣਾ ਦੱਸਦਾ। ਜ਼ਿਆਦਾ ਨੇੜ ਵਾਲ਼ਿਆਂ ਨਾਲ਼ ਬੈਠ ਕੇ ਦਾਰੂ ਵੀ ਪੀਂਦਾ। ਕਦੀ ਰੱਮ ਤੇ ਕਦੀ ਦੇਸੀ। ਪਰ ਅੱਜ ਉਹ ਕਿਸੇ ਨੂੰ ਮਿਲਣਾ ਨਹੀਂ ਸੀ ਚਾਹੁੰਦਾ। ਸ਼ਾਇਦ ਲੋਕਾਂ ਪ੍ਰਤੀ ਉਸਦੀ ਮਿਲਣ-ਤਾਂਘ ਨੂੰ ਉਸਦੀ ਹੀਣ ਭਾਵਨਾ ਨੇ ਦਬੋਚ ਲਿਆ ਸੀ।
ਰਾਹ ਦੇ ਨਾਲ਼ ਲਗਦੇ ਸਕੂਲ ਸਾਹਮਣੇ ਉਹ ਰੁਕ ਗਿਆ। ਸਕੂਲ ਦੇ ਗੇਟ ਉੱਤੇ ਲਿਖਿਆ 'ਸਰਕਾਰੀ ਹਾਈ ਸਕੂਲ ਸ਼ੇਰਪੁਰ' ਭਾਵੇਂ ਉਸਨੂੰ ਦਿਸ ਨਹੀਂ ਸੀ ਰਿਹਾ, ਪਰ ਉਸਨੇ ਇਹ ਕਈ ਵਾਰ ਪੜ੍ਹਿਆ ਸੀ ਤੇ ਉਹ ਜਾਣਦਾ ਸੀ ਕਿ ਇਹ ਸ਼ਬਦ ਹੁਣ ਵੀ ਮੌਜੂਦ ਸਨ। 'ਯੂ' ਸ਼ਕਲ ਵਿੱਚ ਬਣੀ ਸਕੂਲ ਦੀ ਇਮਾਰਤ ਸਾਹਮਣੇ ਖਲੋਤਾ ਉਹ ਸਕੂਲ ਨਾਲ਼ ਆਪਣੀ ਪੁਰਾਣੀ ਪਛਾਣ ਕੱਢਣ ਲੱਗ ਪਿਆ। ਚਾਰ ਜਮਾਤਾਂ ਉਸਨੇ ਇਸੇ ਸਕੂਲ ਵਿੱਚ ਪੜ੍ਹੀਆਂ ਸਨ। ਉਦੋਂ ਇਹ ਪ੍ਰਾਇਮਰੀ ਸਕੂਲ ਹੁੰਦਾ ਸੀ। ਪੜ੍ਹਾਈ ਵਿੱਚ ਉਹ ਬੜਾ ਹੁਸ਼ਿਆਰ ਸੀ। ਚਾਰੇ ਸਾਲ ਉਹ ਮਨੀਟਰ ਰਿਹਾ ਸੀ। ਮਾਸਟਰ ਤੁਫ਼ੈਲ ਮੁਹੰਮਦ ਜਦੋਂ ਉਰਦੂ ਦੀ ਇਮਲਾ ਲਿਖਾਉਂਦਾ ਤਾਂ ਜਗਮੀਤ ਦੀ ਲਿਖਤ ਵੇਖ ਕੇ ਅਸ਼ ਅਸ਼ ਕਰ ਉੱਠਦਾ। ਉਹ ਲਿਖਦਾ ਕਾਹਦਾ ਸੀ, ਮੋਤੀ ਪਰੋ ਦਿੰਦਾ ਸੀ। ਤੁਫ਼ੈਲ ਮੁਹੰਮਦ ਪੜ੍ਹਾਈ ਵਿੱਚ ਨਿਕੰਮੇ ਬੱਚਿਆਂ ਨੂੰ ਲੰਮੇ ਹੱਥੀਂ ਲੈਂਦਾ ਸੀ। ਜਿਨ੍ਹਾਂ ਦੀ ਇਮਲਾ ਗ਼ਲਤ ਹੁੰਦੀ ਉਹ ਉਨ੍ਹਾਂ ਦੀਆਂ ਉਂਗਲਾਂ ਦੀਆਂ ਗੱਠਾਂ ਵਿੱਚਕਾਰ ਕਲਮ ਅੜਾ ਕੇ ਘੁੱਟ ਦਿੰਦਾ। ਪਰ ਉਹ ਲਾਇਕ ਵਿਦਿਆਰਥੀਆਂ ਨੂੰ ਪਿਆਰ ਵੀ ਬਹੁਤ ਕਰਦਾ ਸੀ ਤੇ ਜਗਮੀਤ ਨੂੰ ਉਹ ਸ਼ਾਇਦ ਸਭ ਤੋਂ ਵੱਧ ਪਿਆਰ ਕਰਦਾ ਹੁੰਦਾ ਸੀ।
ਜਗਮੀਤ ਦਾ ਬਾਪੂ, ਮੁਣਸ਼ੀ ਤੁਫ਼ੈਲ ਮੁਹੰਮਦ ਦਾ ਕਾਫ਼ੀ ਸਤਿਕਾਰ ਕਰਦਾ ਸੀ। ਉਹ ਜਗਮੀਤ ਰਾਹੀਂ ਮੁਣਸ਼ੀ ਦੇ ਘਰ ਗੰਨੇ, ਸਾਗ ਤੇ ਰਹੁ ਆਦਿ ਭੇਜਦਾ ਰਹਿੰਦਾ।
ਪਿੰਡ ਦੇ ਸਕੂਲ ਤੋਂ ਚਾਰ ਜਮਾਤਾਂ ਪਾਸ ਕਰਕੇ ਜਗਮੀਤ ਸ਼ਾਮਚੁਰਾਸੀ ਦੇ ਹਾਈ ਸਕੂਲ ਵਿੱਚ ਦਾਖ਼ਲ ਹੋ ਗਿਆ ਸੀ। ਇਸ ਸਕੂਲ ਵਿੱਚ ਵੀ ਉਹ ਹੁਸ਼ਿਆਰ ਵਿਦਿਆਰਥੀਆਂ ਵਿੱਚ ਗਿਣਿਆ ਜਾਂਦਾ ਸੀ। ਤੇ ਉਸਦਾ ਹੁਸ਼ਿਆਰ ਹੋਣਾ ਸਿਰਫ਼ ਉਸਦੇ ਮਿਹਨਤੀ ਹੋਣ ਕਰਕੇ ਹੀ ਨਹੀਂ ਸੀ, ਤੁਫ਼ੈਲ ਮੁਹੰਮਦ ਦੀ ਸਹਾਇਤਾ ਕਰਕੇ ਵੀ ਸੀ। ਤੁਫ਼ੈਲ ਮੁਹੰਮਦ ਹਾਈ ਸਕੂਲ ਦੀ ਪੜ੍ਹਾਈ ਵਿੱਚ ਵੀ ਉਸਨੂੰ ਗਾਈਡ ਕਰਦਾ ਰਿਹਾ ਸੀ। ਤਕਰੀਬਨ ਰੋਜ਼ ਸ਼ਾਮ ਨੂੰ ਉਹ ਉਸਦੇ ਘਰ ਪੜ੍ਹਨ ਜਾਂਦਾ ਹੁੰਦਾ ਤੇ ਫਿਰ... ਪਤਾ ਨਹੀਂ ਕੈਸੀ ਹਨ੍ਹੇਰੀ ਚੱਲੀ। ਚਾਰੇ ਪਾਸੇ ਜ਼ੁਲਮ ਦੀ ਅੱਗ ਦੇ ਭਾਂਬੜ ਮਚ ਉੱਠੇ। ਮਨੁੱਖ ਨੇ ਮਨੁੱਖ ਨੂੰ ਕੋਹਣਾ ਸ਼ੁਰੂ ਕਰ ਦਿੱਤਾ। ਆਪਸ ਵਿੱਚ ਭਰਾਵਾਂ ਵਾਂਗ ਵਸਦੇ ਲੋਕਾਂ ਵਿੱਚਕਾਰ ਮਜ਼ਹਬ ਦੀ ਕੰਧ ਖਲੋ ਗਈ। ਪਿੰਡ ਦੀਆਂ ਧੀਆਂ ਭੈਣਾਂ ਦਾ ਰਿਸ਼ਤਾ ਹਵਸ ਦਾ ਰੂਪ ਧਾਰ ਗਿਆ। ਘਰ-ਹਵੇਲੀਆਂ ਛੱਡ ਲੋਕੀਂ ਵਾਘਿਉਂ ਉਸ ਪਾਰ ਤੇ ਇਸ ਪਾਰ ਨਵੇਂ ਟਿਕਾਣਿਆਂ ਦੀ ਭਾਲ ਵਿੱਚ ਟੁਰ ਪਏ।

ਸਕੂਲ ਸਾਹਮਣੇ ਖਲੋਤੇ ਜਗਮੀਤ ਸਿੰਘ ਨੂੰ ਇੱਜ ਲੱਗਾ ਜਿਵੇਂ ਕਿ ਸਕੂਲ ਦੇ ਕਮਰਿਆਂ ਵਿੱਚੋਂ ਉਸ ਦੀਆਂ ਅੱਠਵੀਂ ਤੇ ਛੇਵੀਂ ਜਮਾਤ ਵਿੱਚ ਪੜ੍ਹਦੀਆਂ ਧੀਆਂ ਨੇ ਉਸਨੂੰ ਵੇਖ ਲਿਆ ਹੋਵੇ ਤੇ ਭੱਜ ਕੇ ਉਸਨੂੰ ਮਿਲਣ ਆ ਰਹੀਆਂ ਹੋਣ। ਤੇ ਸੋਚਾਂ ਹੀ ਸੋਚਾਂ ਵਿੱਚ ਉਸ ਦੀਆਂ ਪੁੱਤਰੀਆਂ ਨੇ ਬਸ਼ੀਰਾਂ ਦਾ ਰੂਪ ਧਾਰ ਲਿਆ। ਉੱਚੀ ਲੰਮੀ ਤੇ ਕਣਕਵੰਨੇ ਰੰਗ ਦੀ ਬਸ਼ੀਰਾਂ ਸਤਾਰਵੇਂ ਸਾਲ ਨੂੰ ਢੁੱਕੀ ਹੋਈ ਸੀ... ਜਗਮੀਤ ਉਦੋਂ ਅਠਵੀਂ ’ਚ ਪੜ੍ਹਦਾ ਸੀ... ਤੁਫ਼ੈਲ ਮੁਹੰਮਦ ਤੇ ਉਸਦਾ ਟੱਬਰ ਜਗਮੀਤ ਹੋਰਾਂ ਦੇ ਘਰ, ਅੰਦਰਲੀ ਕੋਠੜੀ ਵਿੱਚ ਸਹਿਮੇ ਹੋਏ ਬੈਠੇ ਸਨ। ਉਸਦੇ ਟੱਬਰ ਦਾ ਇੱਕ ਜੀਅ ਬਸ਼ੀਰਾਂ... ਉਨ੍ਹਾਂ ਵਿੱਚ ਸ਼ਾਮਲ ਨਹੀਂ ਸੀ। ਜਗਮੀਤ ਨੂੰ ਇੰਜ ਲੱਗਾ ਜਿਵੇਂ ਇਹ ਅਜੇ ਕੱਲ੍ਹ ਦੀ ਗੱਲ ਹੋਵੇ। ਲੋਕਾਂ ਨੇ ਤੁਫ਼ੈਲ ਮੁਹੰਮਦ ਦਾ ਘਰ ਲੁੱਟ ਲਿਆ ਸੀ ਤੇ ਰੋਂਦੀ-ਕੁਰਲਾਂਦੀ ਬਸ਼ੀਰਾਂ ਨੂੰ ਉਠਾ ਕੇ ਲੈ ਗਏ ਸਨ। ਤੁਫ਼ੈਲ ਮੁਹੰਮਦ ਵੀਹ-ਬਾਈ ਸਾਲ ਪਿੰਡ ਤੇ ਆਲ਼ੇ-ਦੁਆਲ਼ੇ ਦੇ ਬੱਚਿਆਂ ਨੂੰ ਪੜ੍ਹਾਉਂਦਾ ਰਿਹਾ ਸੀ। ਲੋਕੀਂ ਉਸਨੂੰ. ਇੱਜ਼ਤ ਨਾਲ ਬੁਲਾ ਕੇ ਲੰਘਦੇ ਸਨ। ਪਰ ਅੱਜ ਲੋਕਾਂ ਨੇ ਉਸਨੂੰ ਕੀੜੀਆਂ-ਕਾਢਿਆਂ ਵਾਂਗ ਰੋਲ਼ ਦਿੱਤਾ ਸੀ... ਵਰਾਂਡੇ ਦੇ ਇੱਕ ਕੋਨੇ ਵਿੱਚ ਜਗਮੀਤ ਦਾ ਬਾਪੂ ਤੇ ਦੋ ਕੁ ਹੋਰ ਬੰਦੇ ਘੁਸਰ-ਮੁਸਰ ਕਰ ਰਹੇ ਸਨ। ਤੁਫ਼ੈਲ ਮੁਹੰਮਦ ਤੇ ਉਸਦੀ ਪਤਨੀ ਆਪਣੇ ਦੋਨਾਂ ਪੁੱਤਰਾਂ ਨੂੰ ਹਿੱਕਾਂ ਨਾਲ ਲਾਈ ਡੌਰ-ਭੌਰ ਹੋਏ ਬੈਠੇ ਸਨ। ਬਾਹਰ ਕ੍ਰਿਪਾਨਾਂ, ਬਰਛੇ, ਟਕੂਏ ਤੇ ਬੰਦੂਕਾਂ ਉਠਾਈ ਦਗੜ-ਦਗੜ ਕਰਦੇ ਲੋਕੀਂ ਅਦਮਬੋ-ਆਦਮਬੋ ਕਰ ਰਹੇ ਸਨ। ਤੜਕਸਾਰ ਉਸਦਾ ਬਾਪੂ ਤੇ ਕੁਝ ਹੋਰ ਬੰਦੇ ਤੁਫ਼ੈਲ ਮੁਹੰਮਦ ਤੇ ਉਸਦੇ ਪਰਿਵਾਰ ਨੂੰ ਇੱਕ ਕਾਫ਼ਲੇ ਵਿੱਚ ਪਹੁੰਚਾ ਆਏ ਸਨ।

... ਤੇ ਕੁਝ ਹੀ ਦਿਨਾਂ ਬਾਅਦ ਜਗਮੀਤ ਦੇ ਬਾਪੂ ਨੂੰ ਪਤਾ ਲੱਗ ਗਿਆ ਸੀ। ਲੰਬੜਦਾਰ ਜੈਮਲ ਸਿੰਘ ਨੇ ਬਸ਼ੀਰਾਂ ਆਪਣੇ ਕਬਜ਼ੇ ਵਿੱਚ ਰੱਖੀ ਹੋਈ ਸੀ। ਘਰ ਨਹੀਂ, ਖੂਹ ਵਾਲ਼ੇ ਕੋਠੇ ਵਿੱਚ। ਗੁਪਤ ਢੰਗ ਰਾਹੀਂ ਪਤਾ ਕਰਕੇ ਜਗਮੀਤ ਦੇ ਬਾਪੂ ਨੇ ਪੁਲਿਸ ਦਾ ਛਾਪਾ ਪੁਆ ਦਿੱਤਾ। ਬਸ਼ੀਰਾਂ ਦੀ ਦੁਧੀਆ ਰੰਗੀ ਜਵਾਨੀ ਤੇ ਭਾਵੇਂ ਧੱਬੇ ਪਾ ਦਿੱਤੇ ਗਏ ਸਨ ਪਰ ਫਿਰ ਵੀ ਉਹ ਆਪਣੇ ਅੱਬਾ, ਅਤੇ ਛੋਟੇ ਵੀਰਾਂ ਕੋਲ ਜਾਣਾ ਚਾਹੁੰਦੀ ਸੀ। ਤੇ ਫਿਰ ਤੁਫ਼ੈਲ ਮੁਹੰਮਦ ਦੀ ਇੱਕ ਲੰਮੀ ਚਿੱਠੀ ਆਈ ਸੀ। ਚਿੱਠੀ ਕਾਹਦੀ ਸੀ, ਹੰਝੂ ਹੀ ਹੰਝੂ ਸਨ... ਬਸ਼ੀਰਾਂ ਉਨ੍ਹਾਂ ਕੋਲ ਪਹੁੰਚ ਗਈ ਸੀ।
ਲੰਬੜਦਾਰ ਜੈਮਲ ਸਿੰਘ ਪਹਿਲਾਂ ਹੀ ਜਗਮੀਤ ਦੇ ਪਿਓ ਨਾਲ਼ ਖਾਰ ਖਾਂਦਾ ਸੀ ਤੇ ਬਸ਼ੀਰਾਂ ਵਾਲੀ ਗੱਲ ਤੋਂ ਬਾਅਦ ਉਹ ਜ਼ਿਆਦਾ ਹੀ ਭੜਕ ਉੱਠਿਆ। ਦੋ ਚਾਰ ਵਾਰੀ ਉਨ੍ਹਾਂ ਦੀ ਤੂੰ-ਤੂੰ ਮੈੰ-ਮੈਂ ਹੋਈ। ਤੇ ਫਿਰ ਇੱਕ ਦਿਨ... ਜਦੋਂ ਉਹ ਤੇ ਉਹਦਾ ਬਾਪੂ ਲਾਗਲੇ ਪਿੰਡੋਂ ਮੇਲਾ ਵੇਖ ਕੇ ਆ ਰਹੇ ਸਨ ਤਾਂ ਜੈਮਲ ਸਿੰਘ ਨੇ ਅਚਾਨਕ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਪਲ਼ਾਂ ਵਿੱਚ ਹੀ ਸਭ ਕੁਝ ਵਾਪਰ ਗਿਆ ਸੀ। ਜੈਮਲ ਨੇ ਉਸਦੇ ਬਾਪੂ ਦੇ ਢਿੱਡ ਵਿੱਚ ਬਰਛਾ ਲੰਘਾ ਦਿੱਤਾ ਸੀ ਤੇ ਥਾਂ ਹੀ ਉਸਦੇ ਪ੍ਰਾਣ ਨਿਕਲ ਗਏ ਸਨ। ਖ਼ੂਨ ਨਾਲ ਲਿੱਬੜਿਆ ਬਰਛਾ ਉਸ ਵੱਲ ਵੀ ਉੱਲਰਿਆ ਸੀ ਤੇ ਉਹ ਵਾਹੋ ਦਾਹੀ, ਨਾਲ ਲਗਦੇ ਮੱਕੀ ਦੇ ਖੇਤਾਂ ਵਿੱਚੀਂ ਇਵੇਂ ਭੱਜਾ ਸੀ ਜਿਵੇਂ ਸ਼ਿਕਾਰੀ ਕੁੱਤਿਆਂ ਅੱਗੇ ਸਿਹਾ।
ਉਸਦੇ ਬਾਪੂ ਦੇ ਖ਼ੂਨ ਦਾ ਮੁਕੱਦਮਾ ਚੱਲਿਆ। ਪਿੰਡ ਵਿੱਚੋਂ ਕੋਈ ਗਵਾਹ ਨਾ ਬਣਿਆ। ਲੰਬੜਦਾਰ ਨਾਲ਼ ਲੋਕਾਂ ਨੂੰ ਹਰ ਵੇਲ਼ੇ ਕੰਮ ਰਹਿੰਦੇ ਸਨ ਤੇ ’ਕੱਲੇ ਕਾਰੇ ਜਗਮੀਤ ਤੋਂ ਕਿਸੇ ਨੇ ਕੀ ਲੈਣਾ ਸੀ। ਚਾਚਾ-ਤਾਇਆ ਕੋਈ ਹੈ ਨਹੀਂ ਸੀ। ਇੱਕੋ ਇੱਕ ਗਵਾਹ ਸੀ ਮੌਕੇ ਦਾ ਉਹ ਆਪ ਤੇ ਉਸਨੂੰ ਵੀ ਵਕੀਲਾਂ ਦੀ ਜਿਰਾਹ ਨੇ ਬੌਖਲਾ ਦਿੱਤਾ। ਉਸ ਨੂੰ ਪਤਾ ਹੀ ਨਾ ਲੱਗਾ ਕਿ ਉਸ ਤੋਂ ਕੀ ਕੁਝ ਬੋਲਿਆ ਗਿਆ ਸੀ। ਜੈਮਲ ਬਰੀ ਹੋ ਗਿਆ।

ਸਕੂਲ ਪਿੱਛੇ ਰਹਿ ਚੁੱਕਾ ਸੀ। ਰਾਹ ਦੇ ਦੋਨੀਂ ਪਾਸੀਂ ਹਨ੍ਹੇਰੇ ਵਿੱਚ ਆਪਣੀ ਹੋਂਦ ਪ੍ਰਗਟ ਕਰ ਰਹੀ ਤੇ ਤ੍ਰੇਲ ਵਿੱਚ ਨਹਾ ਰਹੀ ਕਣਕ ਚੁੱਪ-ਚਾਪ ਖੜੀ ਸੀ। ਵੱਡੇ ਰਾਹ ਵਿੱਚੋਂ ਦੋ ਕਰਮ ਦਾ ਇੱਕ ਰਾਹ ਹੋਰ ਪਾਟਦਾ ਸੀ। ਇਹ ਰਾਹ ਅਗਾਂਹ ਇੱਕ ਖੂਹ ਨੂੰ ਜਾਂਦਾ ਸੀ ਜੋ ਪਹਿਲਾਂ ਜੈਮਲ ਦਾ ਹੁੰਦਾ ਸੀ। ਇਸੇ ਰਾਹ ਉੱਤੋਂ ਕਈ ਵਰ੍ਹੇ ਪਹਿਲਾਂ ਜਗਮੀਤ ਆਪਣੇ ਫੌਜੀ ਯਾਰ 'ਮਾਖੇ' ਨਾਲ ਮੋਟਰ ਸਾਈਕਲ ’ਤੇ ਲੰਘਿਆ ਸੀ। ਉਦੋਂ ਉਸਨੂੰ ਫੌਜ ਵਿੱਚ ਭਰਤੀ ਹੋਇਆਂ ਤਿੰਨ ਸਾਲ ਹੋ ਚੁੱਕੇ ਸਨ। ਉਨ੍ਹਾਂ ਦੀ ਪਲਟਣ ਇੱਕ ਸਕੀਮ ਅਧੀਨ ਹੁਸ਼ਿਆਰਪੁਰ ਤੋਂ ਅੱਗੇ ਇੱਕ ਰੱਕੜ ਵਿੱਚ ਆਈ ਹੋਈ ਸੀ। ਉਸਨੇ ਗਿੜਗਿੜਾ ਕੇ ਐਡਜੂਟੈਂਟ ਸਾਹਿਬ ਅੱਗੇ ਆਪਣੀ ਹਾਲਤ ਬਿਆਨ ਕੀਤੀ। ਆਪਣੇ ਬਾਪੂ ਦੇ ਕਤਲ ਤੋਂ ਬਾਅਦ ਕਿਵੇਂ ਮੁਸ਼ਕਲਾਂ ਨਾਲ਼ ਉਸਨੇ ਦਸਵੀਂ ਪਾਸ ਕੀਤੀ ਸੀ। ਸਿਰ ਦੇ ਸਾਈਂ ਦਾ ਕਤਲ਼ ਹੋਣ ਬਾਅਦ ਉਸਦੀ ਮਾਂ ਦਾ ਜਿਵੇਂ ਲੱਕ ਟੁੱਟ ਗਿਆ ਸੀ। ਕੁਝ ਮਹੀਨਿਆਂ ਵਿੱਚ ਹੀ ਉਸਦੇ ਸਿਰ ਦੇ ਵਾਲ਼ ਚਿੱਟੇ ਹੋ ਗਏ ਸਨ। ਉਹ ਹਰ ਵੇਲ਼ੇ ਸਹਿਮੀ ਰਹਿੰਦੀ, ਰਾਤ ਨੂੰ ਬੁੜਾ-ਬੁੜਾ ਉੱਠਦੀ। ਵੇਲੇ-ਕੁਵੇਲੇ ਜਗਮੀਤ ਨੂੰ ਘਰੋਂ ਬਾਹਰ ਨਾ ਜਾਣ ਦਿੰਦੀ ਮਤੇ ਉਸਦੇ ਇੱਕੋ ਇੱਕ ਪੁੱਤਰ ਦਾ ਵੀ ਜੈਮਲ ਸਿੰਘ ਕਿਤੇ ਖ਼ੂਨ...। ਉਹ ਉਸਨੂੰ ਖੇਤੀ ਦੇ ਕੰਮ ਵਿੱਚ ਨਹੀਂ ਪਾਉਣਾ ਚਾਹੁੰਦੀ ਸੀ ਤੇ ਉਹ ਫੌਜ ਵਿੱਚ ਭਰਤੀ ਹੋ ਗਿਆ ਸੀ। ਭਰਤੀ ਹੋਣ ਬਾਅਦ ਉਹ ਤਿੰਨ-ਚਾਰ ਵਾਰੀ ਛੁੱਟੀ ਆਇਆ ਤੇ ਛੁੱਟੀ ਦੇ ਦੌਰਾਨ ਗਲੀ-ਮੁਹੱਲੇ ਜਾਂ ਖੇਤਾਂ ਵਿੱਚ ਜਦੋਂ ਵੀ ਜੈਮਲ ਉਸ ਕੋਲੋਂ ਲੰਘਿਆ ਤਾਂ ਖੰਘੂਰਾ ਮਾਰ ਕੇ ਲੰਘਿਆ ਸੀ। ਸਾਰੀ ਵਿਥਿਆ ਸੁਣ ਕੇ ਐਡਜੂਟੈਂਟ ਨੇ ਪੂਰਾ ਕੰਮ ਚੁਸਤੀ ਤੇ ਚੌਕਸੀ ਨਾਲ਼ ਕਰਨ ਦੀ ਤਾੜਨਾ ਕਰਦਿਆਂ ਇਜਾਜ਼ਤ ਦੇ ਦਿੱਤੀ।

ਅੱਸੂ-ਕੱਤੇ ਦੇ ਦਿਨ ਸਨ। ਮੋਟਰ ਸਾਈਕਲ ਉਨ੍ਹਾਂ ਕਮਾਦ ਦੇ ਬੰਨੇ ਖੜਾ ਕਰ ਦਿੱਤਾ ਤੇ ਪੋਲੇ-ਪੋਲੇ ਪੈਰੀਂ ਖੂਹ ’ਤੇ ਬਣੇ ਕੋਠੇ ਕੋਲ ਜਾ ਪਹੁੰਚੇ। ਜੈਮਲ ਤੇ ਉਸਦਾ ਚੌਦਾਂ ਕੁ ਸਾਲ ਦਾ ਪੁੱਤਰ ਬਲਦਾਂ ਦੀ ਖੁਰਲੀ ਦੇ ਲਾਗੇ ਸੁੱਤੇ ਪਏ ਸਨ। ਉਸਨੇ ਕੰਨੀਓਂ ਫੜ ਕੇ ਚਾਦਰ ਜੈਮਲ ਦੇ ਸਰੀਰ ਤੋਂ ਪਰੇ ਕਰ ਦਿੱਤੀ।
"ਕੌਣ...?" ਜੈਮਲ ਅੱਭੜਵਾਹੇ ਬੋਲ ਉੱਠਿਆ।
"ਜੈਮਲਾ! ਉੱਠ ਜ਼ਰਾ, ਤੇਰਾ ਹਿਸਾਬ ਚੁਕਾਉਣ ਆਇਆਂ।"
"ਕੌਣ? ਜਗਮੀਤ!" ਉਹ ਅੱਖਾਂ ਮਲ਼ਦਾ ਉੱਠਕੇ ਬੈਠ ਗਿਆ। ਉਸਨੂੰ ਜਿਵੇਂ ਸੱਚ ਨਹੀਂ ਸੀ ਆ ਰਿਹਾ ਕਿ ਜਗਮੀਤ ਉਸਦੇ ਸਾਹਮਣੇ ਖੜਾ ਸੀ ਜਾਂ ਉਹ ਉਸਨੂੰ ਸੁਪਨੇ ਵਿੱਚ ਵੇਖ ਰਿਹਾ ਸੀ।
"ਹਾਂ, ਮੈਂ ਜਗਮੀਤ ਆਂ। ਛੇਤੀ ਪਛਾਣ ਲਿਐ।"
"ਜਗਮੀਤ! ਪਰ ਗੱਲ ਤੇ ਦੱਸ।" ਉਸਦੇ ਹੱਥ ਵਿੱਚ ਬੰਦੂਕ ਵੇਖ ਕੇ ਜੈਮਲ ਦੇ ਹੋਸ਼-ਹਵਾਸ ਉੱਡ ਗਏ।
"ਘਬਰਾ ਕਿਉਂ ਗਿਐਂ? ਐਡਾ ਵੱਡਾ ਬਦਮਾਸ਼ ਐਂ ਤੂੰ। ਸਾਰਾ ਪਿੰਡ ਤੈਥੋਂ ਡਰਦੈ। ਉੱਠ ਕੇ ਸਾਹਮਣੇ ਤੇ ਖਲੋ," ਜਗਮੀਤ ਨੇ ਗਲ਼ ਦੇ ਕੋਲੋਂ ਉਸਦੇ ਕੁੜਤੇ ਨੂੰ ਹੱਥ ਪਾ ਕੇ ਜ਼ੋਰ ਦੀ ਖਿੱਚਿਆ। ਖੱਦਾ ਹੋਣ ਕਰਕੇ ਕੁੜਤਾ ਪਾਟ ਗਿਆ। ਕੰਬ ਰਿਹਾ ਜੈਮਲ ਉੱਠ ਕੇ ਖਲੋ ਗਿਆ, "ਤੂੰ ਕੀ ਸਮਝਦਾ ਸੀ ਪਈ ਬਾਪੂ ਦਾ ਕਤਲ ਕਰਕੇ ਤੂੰ ਬਚ ਜਾਏਂਗਾ। ਹਰਾਮਜ਼ਾਦੇ...।" ਕਚੀਚੀ ਵੱਟ ਕੇ ਉਹ ਜੈਮਲ ’ਤੇ ਗਰਜਿਆ।
"ਮਾਰ ਸੁੱਟੇ ਓਏ ਲੋਕੋ! ਮਾਰ ਸੁੱਟੇ।" ਨਾਲ ਦੇ ਮੰਜੇ ਤੋਂ ਜੈਮਲ ਦੇ ਪੁੱਤਰ ਨੇ ਲੇਰ ਮਾਰੀ।
"ਚੁੱਪ ਕਰ ਓਏ! ਜੇ ਰੌਲ਼ਾ ਪਾਇਆ ਤਾਂ ਤੈਨੂੰ ਵੀ ਨਾਲ਼ ਈ ਭੁੰਨ ਦਿਆਂਗੇ।" ਮਾਖੇ ਨੇ ਬੰਦੂਕ ਦੀ ਨਾਲ਼ੀ ਉਸ ਵੱਲ ਘੁਮਾਈ ਤੇ ਉਹ ਚੁੱਪ ਹੋ ਗਿਆ।
"ਸੂਰ ਦਿਆ... ਦੱਸ ਬਾਪੂ ਨੂੰ ਕਿਉਂ ਮਾਰਿਆ ਸੀ?" ਤਾੜ ਕਰਦੀ ਇੱਕ ਚਪੇੜ ਜੈਮਲ ਦੇ ਵੱਜੀ ਤੇ ਉਹ ਗਲ੍ਹੇਟਣੀ ਖਾ ਕੇ ਜਗਮੀਤ ਤੋਂ ਦੋ ਕਦਮ ਪਰੇ ਹੋ ਗਿਆ।
"ਜਗਮੀਤ! ਮੈਥੋਂ ਗ਼ਲਤੀ ਹੋ ਗਈ, ਬਹੁਤ ਵੱਡੀ ਗ਼ਲਤੀ। ਮੈਨੂੰ ਮਾਫ਼ ਕਰਦੇ," ਉਸਦੀ ਆਵਾਜ਼ ਕੰਬ ਰਹੀ ਸੀ, "ਮੇਰੇ ਨਿੱਕੇ ਨਿੱਕੇ ਨਿਆਣਿਆਂ ’ਤੇ ਤਰਸ ਕਰ।"
"ਤੂੰ ਤਰਸ ਕੀਤਾ ਸੀ, ਕੰਜਰਾ? ਹੋਵੇਂ ਲੰਬੜਦਾਰ ਤੇ ਲੋਕਾਂ ਦਾ ਖ਼ੂਨ ਪੀਵੇਂ। ਧੀਆਂ-ਭੈਣਾਂ ਦੀ ਇੱਜ਼ਤ ਲੁੱਟੇਂ?" ਜਗਮੀਤ ਦੇ ਐਂਕਲ-ਬੂਟ ਦਾ ਠੁੱਡ ਉਸਦੀ ਵੱਖੀ ਵਿੱਚ ਲੱਗਾ ਤੇ ਉਹ ਧਰਤੀ ’ਤੇ ਡਿੱਗ ਪਿਆ।
"ਜਗਮੀਤ! ਰੱਬ ਦੇ ਵਾਸਤੇ ਮੈਨੂੰ ਮਾਫ਼ ਕਰਦੇ। ਮੈਂ ਤੇਰੀ ਮਿੰਨਤ ਕਰਦਾਂ, ਜਗਮੀਤ ਸਿਆਂ। ਅੱਗੇ ਪਿਆਂ ਨੂੰ ਤਾਂ ਸ਼ੇਰ ਵੀ ਨਹੀਂ ਖਾਂਦਾ।" ਜੈਮਲ ਉਸਦੇ ਪੈਰਾਂ ਵਿੱਚ ਵਿਛਿਆ ਪਿਆ ਸੀ।
"ਚੱਲ, ਜਾਣ ਦੇ ਜਗਮੀਤ! ਸਾਲੇ ਮਰਿਉ ਦਾ ਕੀ ਮਾਰਨੈਂ?" ਇੱਕ ਹੱਥ ਨਾਲ ਤਾਣੀ ਹੋਈ ਬੰਦੂਕ ਫੜਕੇ, ਦੂਜਾ ਹੱਥ ਉਸਦੇ ਮੋਢੇ ’ਤੇ ਰੱਖਦਿਆਂ ਮਾਖੇ ਨੇ ਉਸਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।
ਕੁਝ ਚਿਰ ਸੋਚਣ ਬਾਅਦ ਜਗਮੀਤ ਨੇ ਬੰਦੂਕ ਥੱਲੇ ਕਰ ਲਈ ਤੇ ਜੈਮਲ ਨੂੰ ਤਾੜਨਾ ਕਰਦਿਆਂ ਬੋਲਿਆ, "ਜੈਮਲਾ! ਕੰਨ ਖੋਲ੍ਹ ਕੇ ਸੁਣ ਲੈ। ਜੇ ਪੜੀ ਪੁਲਿਸ ਵਿੱਚ ਰੀਪੋਰਟ ਕੀਤੀ ਜਾਂ ਕੋਈ ਹੋਰ ਚਿੰਜੜੀ ਛੇੜੀ ਤਾਂ ਤੇਰਾ ਅਤੇ ਤੇਰੇ ਟੱਬਰ ਦਾ ਤੁਖਮ ਉਡਾ ਦਿਆਂਗਾ। ਮੈਂ ਤੇ ਸਿਰ ’ਤੇ ਕੱਫ਼ਣ ਬੰਨ੍ਹੀ ਫਿਰਦੈਂ...।"
ਇਸ ਘਟਨਾ ਤੋਂ ਕੁਝ ਮਹੀਨੇ ਬਾਅਦ ਜੈਮਲ ਨੇ ਸ਼ੇਰਪੁਰ ਦੀ ਸਾਰੀ ਜ਼ਮੀਨ-ਜਾਇਦਾਦ ਵੇਚ ਦਿੱਤੀ ਤੇ ਯੂ.ਪੀ. ਵਿੱਚ ਰਹਿੰਦੇ ਇੱਕ ਰਿਸ਼ਤੇਦਾਰ ਕੋਲ਼ ਜਾ ਖਰੀਦੀ। ਉਹ ਪੱਕੇ ਤੌਰ ’ਤੇ ਯੂ.ਪੀ. ਵਿੱਚ ਰਹਿਣ ਲੱਗ ਪਿਆ।
ਜੈਮਲ ਦੇ ਖੂਹ ਨੂੰ ਜਾਣ ਵਾਲ਼ਾ ਰਾਹ ਪਿੱਛੇ ਰਹਿ ਚੁੱਕਾ ਸੀ। ਜਗਮੀਤ ਇੱਕ ਪੁਰਾਣੀ ਜਿਹੀ ਮਟੀ ਕੋਲ਼ ਖੜ੍ਹਾ ਸੀ, ਜਿਸਨੂੰ ਪਿੰਡ ਦੇ ਜਠੇਰੇ ਕਿਹਾ ਜਾਂਦਾ ਸੀ। ਜਠੇਰਿਆਂ ਦੀ ਇਹ ਮਟੀ ਤੇ ਪਿੰਡ ਦੇ ਪਹਿਲੇ ਪਹਿਲੇਰੇ ਮਨੁੱਖਾਂ ਦੀ ਕਹਾਣੀ ਸੱਚੀ ਸੀ ਜਾਂ ਝੂਠੀ ਪਰ ਇਹ ਸੱਚ ਸੀ ਕਿ ਜਦੋਂ ਉਸਦੀ ਜੰਞ ਚੜ੍ਹੀ ਸੀ ਤਾਂ ਪਿੰਡ ਦੀਆਂ ਬੁੜ੍ਹੀਆਂ ਉਸਨੂੰ ਮੱਥਾ ਟਿਕਾਉਣ ਲਈ ਜਠੇਰੀਂ ਲੈ ਆਈਆਂ ਸਨ... ਤੇ ਉਹ ਸਵਰਨੋ ਨੂੰ ਵਿਆਹ ਲਿਆਇਆ ਸੀ।। ਸਵਰਨੋ ਦਾ ਗੋਰਾ-ਗ਼ੁਲਾਬੀ ਰੰਗ, ਸੁਹਣੇ ਨੈਣ-ਨਕਸ਼... ਉਸਦੇ ਜੀਵਨ ਦੇ ਮਿੱਠੇ ਤੇ ਕੌੜੇ ਪਲ਼ਾਂ ਵਿੱਚ ਹਮੇਸ਼ਾਂ ਉਸਦੇ ਅੰਗ-ਸੰਗ ਰਹੇ ਸਨ। ਸਵਰਨੋ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਨੇ ਉਸਨੂੰ ਇੱਕ ਅਨੋਖਾ ਉਤਸ਼ਾਹ ਪ੍ਰਦਾਨ ਕੀਤਾ ਸੀ। ਉਸ ਦੀ ਮਾਂ ਸਵਰਨੋ ਦੀਆਂ ਸਿਫ਼ਤਾਂ ਕਰਦੀ ਨਾ ਥੱਕਦੀ। ਕਈ ਸਾਲ ਬੀਤ ਗਏ। ਉਨ੍ਹਾਂ ਦੇ ਘਰ ਇੱਕ ਪੁੱਤਰ ਤੇ ਦੋ ਧੀਆਂ ਨੇ ਜਨਮ ਲਿਆ। ਸੱਸ ਦੀ ਮੌਤ ਪਿੱਛੋਂ ਸਵਰਨੋ ਨੇ ਘਰ ਦਾ ਸਾਰਾ ਕੰਮ-ਕਾਜ ਸੁਚੱਜੇ ਢੰਗ ਨਾਲ਼ ਸਾਂਭ ਲਿਆ ਸੀ।
ਸਵਰਨੋ ਨੇ ਜਗਮੀਤ ਨੂੰ ਹਮੇਸ਼ਾਂ ਹੀ ਧੀਰਜ ਦਿੱਤਾ ਸੀ। ਕਦੀ ਡੋਲਣ ਨਹੀਂ ਸੀ ਦਿੱਤਾ। ਪਰ ਜਦੋਂ ਉਹ ਆਪਣੇ ਭਰਾ ਨੂੰ ਨਾਲ਼ ਲੈ ਕੇ ਦੁਰਾਡੇ ਫੌਜੀ ਹਸਪਤਾਲ ਵਿੱਚ ਉਸਦੀ ਖ਼ਬਰ ਨੂੰ ਗਈ ਤਾਂ ਉਸਦਾ ਸਾਰੇ ਦਾ ਸਾਰਾ ਧੀਰਜ ਜਿਵੇਂ ਨੁੱਚੜ ਗਿਆ ਸੀ। ਉਦੋਂ ਉਸਦੀ ਲੱਤ ਦਾ ਇਲਾਜ ਚੱਲ ਰਿਹਾ ਸੀ, ਅਜੇ ਕੱਟੀ ਨਹੀਂ ਸੀ ਗਈ। ਮਸਾਂ ਹੀ ਸਵਰਨੋ ਦਾ ਰੋਣ ਠੱਲ੍ਹਿਆ ਸੀ। ਪਤਨੀ ਵੱਲ ਵੇਖਦਿਆਂ ਉਸਦੇ ਭਰੇ ਗਲ਼ੇ ਵਿੱਚੋਂ ਕੋਈ ਸ਼ਬਦ ਨਹੀਂ ਸੀ ਨਿਕਲ ਸਕਿਆ। ਉਸਨੇ ਸਵਰਨੋ ਦਾ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਪਲੋਸਿਆ ਸੀ।
ਸਵਰਨੋ ਹਸਪਤਾਲ ਵਿੱਚ ਜਗਮੀਤ ਕੋਲ ਹੋਰ ਰਹਿਣਾ ਚਾਹੁੰਦੀ ਸੀ। ਪਰ ਜਗਮੀਤ ਨੇ ਉਸਨੂੰ, ਇਹ ਕਹਿ ਕੇ ਕਿ ਨਿਆਣੇ ਘਰ ਵਿੱਚ ’ਕੱਲੇ ਸਨ, ਵਾਪਸ ਭੇਜ ਦਿੱਤਾ ਸੀ। ਘਰ ਆ ਕੇ ਸਵਰਨੋ ਦੇ ਮਨ ਨੂੰ ਧੁੜਕੂ ਜਿਹਾ ਲੱਗਾ ਰਹਿੰਦਾ। ਭੈੜੇ-ਭੈੜੇ ਸੁਪਨੇ ਆਉਂਦੇ। ਹਸਪਤਾਲ ਵਿੱਚ ਇੱਕ ਦਿਨ ਇੱਕ ਮਦਰਾਸਣ ਨਰਸ ਦੀ ਟੁੱਟੀ-ਫੁੱਟੀ ਹਿੰਦੀ ਵਿੱਚ ਸਰਕਦੀ ਇਹ ਆਵਾਜ਼ - ਜੇਕਰ ਜਗਮੀਤ ਸਿੰਘ ਦੀ ਲੱਤ ਠੀਕ ਨਾ ਹੋਈ ਤਾਂ ਕੱਟਣੀ ਪਏਗੀ - ਉਸ ਦੇ ਕੰਨਾਂ ਕੋਲੋਂ ਗੋਲ਼ੀ ਵਾਂਗ ਲੰਘ ਗਈ ਸੀ। ਤੇ ਜਦੋਂ ਵੀ ਉਸਨੂੰ ਇਹ ਗੱਲ ਚੇਤੇ ਆ ਜਾਂਦੀ, ਉਹ ਸਿਰ ਤੋਂ ਪੈਰਾਂ ਤੱਕ ਕੰਬ ਜਾਂਦੀ। ਜਗਮੀਤ ਦਾ ਇੱਕ ਦੂਰ ਦਾ ਰਿਸ਼ਤੇਦਾਰ ਉਨ੍ਹਾਂ ਦੀ ਪਲਟਣ ਵਿੱਚ ਸੀ। ਉਹ ਛੁੱਟੀ ਆਇਆ ਤਾਂ ਸਵਰਨੋ ਉਸ ਕੋਲੋਂ ਆਪਣੇ ਪਤੀ ਦਾ ਹਾਲ-ਚਾਲ ਪੁੱਛਣ ਗਈ। ਉਸ ਨੇ ਸਵਰਨੋ ਨੂੰ ਦੱਸਿਆ ਕਿ ਜਗਮੀਤ ਠੀਕ ਠਾਕ ਸੀ ਤੇ ਜਲਦੀ ਹੀ ਉਸਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਆਪਣੇ ਫੌਜੀ ਰਿਸ਼ਤੇਦਾਰ ਨੂੰ ਜਗਮੀਤ ਨੇ ਪੱਕੀ ਹਦਾਇਤ ਕੀਤੀ ਹੋਈ ਸੀ ਕਿ ਉਹ ਉਸਦੀ ਕੱਟੀ ਗਈ ਲੱਤ ਦਾ ਕਿਸੇ ਕੋਲ ਵੀ ਜ਼ਿਕਰ ਨਾ ਕਰੇ। ਪਤੀ ਦੀ ਠੀਕ-ਠਾਕ ਹਾਲਤ ਦੀ ਖ਼ਬਰ ਨੂੰ ਸੁਣ ਕੇ ਸਵਰਨੋ ਨੂੰ ਕੁਝ ਧੀਰਜ ਮਿਲਿਆ, ਪਰ ਫਿਰ ਵੀ ਕਦੀ-ਕਦੀ ਉਸਨੂੰ ਬੇਚੈਨੀ ਜਿਹੀ ਹੋਣ ਲੱਗ ਪੈਂਦੀ।
ਇੱਕ ਲੱਤ ਤੇ ਪੈਰ - ਜੋ ਜਗਮੀਤ ਦੇ ਸਰੀਰ ਦਾ ਬੋਝ ਚੁੱਕਣ ਵਿੱਚ ਸਹਾਈ ਹੁੰਦੇ ਸਨ - ਦੋਨੋਂ ਉਸ ਦੇ ਸਰੀਰ ਨਾਲੋਂ ਅਲੱਗ ਹੋ ਚੁੱਕੇ ਸਨ ਤੇ ਉਹ ਫਹੁੜੀਆਂ ਦੇ ਸਹਾਰੇ ਫਿਰਨੀ ਵਿੱਚ ਤੁਰਿਆ ਜਾ ਰਿਹਾ ਸੀ... ਛੱਪੜ ਦੇ ਕੋਲੋਂ ਦੀ ਲੰਘ ਰਿਹਾ ਸੀ, ਜਿੱਥੇ ਲੱਤਾਂ ਤੇ ਬਾਹਾਂ ਦੇ ਸਹਾਰੇ ਉਹ ਆਪਣੇ ਸਾਥੀਆਂ ਨਾਲ ਤਰਦਾ ਹੁੰਦਾ ਸੀ। ਤੇ ਅੱਜ ਉਹ ਇੰਝ ਮਹਿਸੂਸ ਕਰ ਰਿਹਾ ਸੀ ਜਿਵੇਂ ਛੱਪੜ ਤੋਂ ਬਾਹਰ ਹੀ ਗੋਤੇ ਖਾ ਰਿਹਾ ਹੋਵੇ। ਕਿਸਨੇ ਖੋਹ ਲਈ ਸੀ ਉਸਦੀ ਲੱਤ? ਵਾਘਿਉਂ ਪਾਰ ਵਸਦੇ ਭਰਾਵਾਂ ਨਾਲ ਹੋਈ ਲੜਾਈ ਨੇ। ਜੰਗ ਵਿੱਚ ਐਮ.ਐਮ.ਜੀ. ਦੇ ਬਰਸਟ ਨਾਲ ਉਸਦੀ ਲੱਤ ਜ਼ਖ਼ਮੀ ਹੋ ਗਈ ਸੀ। ਜੰਗ ਵਿੱਚ ਉਸਨੂੰ ਇੰਝ ਲੱਗਦਾ ਰਿਹਾ ਸੀ ਜਿਵੇਂ ਕਿ ਉਹ ਆਪਣੇ ਭਰਾਵਾਂ ਨਾਲ - ਤੁਫ਼ੈਲ ਮੁਹੰਮਦ ਦੇ ਪੁੱਤਰਾਂ ਤੇ ਭਤੀਜਿਆਂ ਨਾਲ ਲੜ ਰਿਹਾ ਹੋਵੇ।
ਛੱਪੜ ਲੰਘ ਕੇ ਉਹ ਆਪਣੀ ਗਲ਼ੀ ਨੂੰ ਮੁੜ ਪਿਆ। ਉਸਦੇ ਕੋਲ਼ੋਂ ਉਸਦੀ ਗੁਆਂਢਣ ਜੱਸ ਕੌਰ ਲੰਘੀ, ਜੋ ਸ਼ਾਇਦ ਧਾਰਾਂ ਕੱਢਣ ਜਾ ਰਹੀ ਸੀ। ਜੱਸ ਕੌਰ ਖਲੋ ਕੇ ਉਸ ਵੱਲ ਤੱਕਣ ਲੱਗ ਪਈ ਤੇ ਉਹ ਪੇਤਲੇ-ਪੇਤਲੇ ਹਨ੍ਹੇਰੇ ਉਹਲੇ ਆਪਣਾ ਆਪ ਲੁਕੋਣ ਦੇ ਯਤਨ ਵਿੱਚ ਇੱਕ ਪਾਸੇ ਮੂੰਹ ਕਰਕੇ ਲੰਘ ਗਿਆ।
ਬੀਹੀ ਵਿੱਚੋਂ ਲੰਘਦਿਆਂ ਉਸਨੂੰ ਸਾਰੇ ਘਰਾਂ ਦੀ ਬਿੜਕ ਆ ਰਹੀ ਸੀ। ਵਿਹੜਿਆਂ, ਵਰਾਂਡਿਆਂ, ਵਰਾਂਡਿਆਂ ਨਾਲ ਲੱਗਦੇ ਕਮਰਿਆਂ ਤੇ ਕਮਰਿਆਂ ਵਿੱਚ ਸੁੱਤੇ ਤੇ ਸੌਂ ਕੇ ਉੱਠ ਰਹੇ ਲੋਕਾਂ ਦੇ ਮੂੰਹ-ਮੜੰਗੇ ਉਸਦੇ ਦਿਮਾਗ਼ ਵਿੱਚ ਘੁੰਮ ਰਹੇ ਸਨ।
ਉਸਨੇ ਦਰਵਾਜ਼ਾ ਖਟਖਟਾਇਆ।
"ਕੌਣ?" ਉਸਦੇ ਪੁੱਤਰ ਬਿੱਟੇ ਦੀ ਆਵਾਜ਼ ਸੀ, ਜੋ ਬੈਠਕ ਵਿੱਚ ਬੈਠਾ ਪੜ੍ਹ ਰਿਹਾ ਸੀ।
ਪਿਛਲੀ ਛੁੱਟੀ ਵੀ ਉਹ ਤੜਕੇ ਸਾਢੇ ਤਿੰਨ ਵਜੇ ਦੀ ਗੱਡੀ ਉੱਤਰਿਆ ਸੀ। ਦਰਵਾਜ਼ਾ ਖਟਖਟਾਉਣ ’ਤੇ ਪੁੱਤਰ ਨੇ ਇਸੇ ਤਰ੍ਹਾਂ ਆਵਾਜ਼ ਦਿੱਤੀ ਸੀ ਤੇ ਉਸਨੇ ਬੜੇ ਹੀ ਲਾਡ ਵਿੱਚ ਆ ਕੇ ਕਿਹਾ ਸੀ, "ਬਿੱਟੇ! ਮੈਂ ਆਂ ਦਰਵਾਜ਼ਾ ਖੋਲ੍ਹ।" ਤੇ ਦਰਵਾਜ਼ਾ ਖੋਲ੍ਹਦਿਆਂ ਹੀ ਉਸਦਾ ਪੁੱਤਰ ਉਸ ਨਾਲ ਚੰਬੜ ਗਿਆ ਸੀ। ਪਰ ਅੱਜ ਕੌਣ ਦੇ ਜਵਾਬ ਵਿੱਚ ਉਸਨੂੰ ਕੋਈ ਸ਼ਬਦ ਨਹੀਂ ਸੀ ਲੱਭ ਰਿਹਾ। 'ਬਿੱਟਾ' ਸ਼ਬਦ ਉਸਦੀਆਂ ਰਗ਼ਾਂ ਤੋਂ ਉਤਾਂਹ ਵੱਲ ਆਉਣ ਦੀ ਬਜਾਇ ’ਠਾਂਹ ਚਲਾ ਗਿਆ ਸੀ। ਆਪਣੇ ਵਿਹੜੇ ਵਿੱਚ ਦਾਖ਼ਲ ਹੋਣ ਲਈ ਉਸ ਅੰਦਰ ਜੋ ਚਾਅ ਉਮਡ ਰਿਹਾ ਹੁੰਦਾ ਸੀ, ਅੱਜ ਪਤਾ ਨਹੀਂ ਕਿੱਧਰ ਉੱਡ ਗਿਆ ਸੀ।
"ਦਰਵਾਜ਼ਾ ਖੋਲ੍ਹੋ।" ਮਾਮੂਲੀ ਜਿਹੀ ਆਵਾਜ਼ ਕੱਢਣ ਲਈ ਉਸਨੂੰ ਜਿਵੇਂ ਸੰਖ ਵਜਾਉਣ ਜਿੰਨਾ ਜ਼ੋਰ ਲਾਉਣਾ ਪਿਆ।
ਬਿੱਟੇ ਨੇ ਵਿਹੜੇ ਦੀ ਬੱਤੀ ਜਗਾਈ ਤੇ ਦਰਵਾਜ਼ਾ ਖੋਲ੍ਹ ਦਿੱਤਾ। ਆਪਣੇ ਸਰੀਰ ਨੂੰ ਧਕੇਲਦਾ ਹੋਇਆ ਜਗਮੀਤ ਸਿੰਘ ਅੰਦਰ ਆ ਗਿਆ।
"ਭਾਪਾ ਜੀ।" ਆਪਣੇ ਪਿਤਾ ਵੱਲ ਵੇਖ ਕੇ ਮੱਸ-ਫੁੱਟ ਬਿੱਟੇ ਦੀ ਲੇਰ ਨਿਕਲ਼ ਗਈ।
ਜਗਮੀਤ ਸਿੰਘ ਆਪਣੇ ਹੀ ਘਰ ਦੇ ਵਿਹੜੇ ਵਿੱਚ ਇੰਜ ਖੜਾ ਸੀ ਜਿਵੇਂ ਕਿਸੇ ਓਪਰੇ ਥਾਂ ਆ ਗਿਆ ਹੋਵੇ। ਉਸ ਦੇ ਚਾਰੇ ਪਾਸੇ ਖਿਲਾਅ ਹੀ ਖਿਲਾਅ ਸੀ। ਸਭ ਕੁਝ ਗਤੀ-ਹੀਣ ਹੋ ਗਿਆ ਜਾਪਦਾ ਸੀ। ਵਿਹੜੇ ਵਿੱਚ ਜਗ ਰਹੀ ਬੱਤੀ ਦਾ ਚਾਨਣ ਕੰਬ ਰਿਹਾ ਸੀ।
ਦਲਾਨ ਵਿੱਚ ਆਪਣੀਆਂ ਘੂਕ ਸੁੱਤੀਆਂ ਧੀਆਂ ਦੇ ਮੰਜਿਆਂ ਲਾਗੇ ਸਵਰਨੋ ਦੁੱਧ ਰਿੜਕ ਰਹੀ ਸੀ। ਪੁੱਤਰ ਦੀ ਲੇਰ ਸੁਣਕੇ ਉਹ ਬਾਹਰ ਭੱਜ ਆਈ। ਪਤੀ ਵੱਲ ਵੇਖਦਿਆਂ ਹੀ ਸੁੰਨ ਜਿਹੀ ਹੋ ਗਈ ਤੇ 'ਸਤਿ ਸ੍ਰੀ ਅਕਾਲ' ਦੇ ਸ਼ਬਦ ਉਸਦੇ ਬੁੱਲ੍ਹਾਂ ਨਾਲ਼ ਹੀ ਚੰਬੜ ਕੇ ਰਹਿ ਗਏ। ਉਸਨੇ ਪਤੀ ਦੇ ਚਿਹਰੇ ’ਤੇ ਨਜ਼ਰ ਮਾਰੀ। ਹਮੇਸ਼ਾਂ ਵਾਂਗ ਮੁੱਛਾਂ ਉਤਾਂਹ ਨੂੰ ਸਨ ਤੇ ਦਾੜ੍ਹੀ ਉੱਤੇ ਜਾਲੀ ਚਾੜ੍ਹੀ ਹੋਈ ਸੀ। ਪਰ ਚਿਹਰੇ ਦੀ ਲਾਲੀ ਗ਼ਾਇਬ ਸੀ।
ਜਗਮੀਤ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਸਨ। ਉਸਨੂੰ ਚੱਕਰ ਜਿਹਾ ਆਇਆ ਤੇ ਉਸਦੀਆਂ ਫਹੁੜੀਆਂ ਡਗਮਗਾ ਗਈਆਂ। ਉਹ ਡਿੱਗਣ ਹੀ ਲੱਗਾ ਸੀ ਕਿ ਹੰਝੂ ਕੇਰ ਰਹੇ ਬਿੱਟੇ ਤੇ ਸਵਰਨੋ ਨੇ ਉਸਦੀਆਂ ਬਾਹਾਂ ਥੱਲੇ ਮੋਢੇ ਦੇ ਦਿੱਤੇ।
ਆਪਣੇ ਮੋਢਿਆਂ ਨਾਲ਼ ਜੁੜੇ ਹੋਏ ਮੋਢਿਆਂ ਦੇ ਸਹਾਰੇ ਜਗਮੀਤ ਸਿੰਘ ਧਰਤੀ ਉੱਤੇ ਤੁਰਿਆ ਜਾ ਰਿਹਾ ਸੀ।

(ਰਾਹੀਂ: ਮੁਹੰਮਦ ਆਸਿਫ਼ ਰਜ਼ਾ 'ਮਾਂ ਬੋਲੀ ਰੀਸਰਚ ਸੈਂਟਰ ਲਾਹੌਰ')

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਜਰਨੈਲ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ