Kamle Kar 'te Youtube Walian Ne (Punjabi Story): Amrit Kaur
ਕਮਲ਼ੇ ਕਰ 'ਤੇ ਯੂ-ਟਿਊਬ ਵਾਲਿਆਂ ਨੇ.... (ਕਹਾਣੀ) : ਅੰਮ੍ਰਿਤ ਕੌਰ
"ਤੈਨੂੰ ਐਨੀਆਂ ਗੱਲਾਂ ਦਾ ਕਿੱਥੋਂ ਪਤਾ ਲੱਗ ਜਾਂਦੈ ਕੁੜੇ। " ਭਾਨੋ ਨੇ ਦੀਪੋ ਨੂੰ ਪੁੱਛਿਆ ।
" ਮੁੰਡਾ ਅਵਦਾ ਪੁਰਾਣਾ ਮੋਬਾਈਲ ਦੇ ਗਿਆ... ਉਹਦੇ ਵਿੱਚ ਸਾਰੀਆਂ ਗੱਲਾਂ ਦਾ ਪਤਾ ਲੱਗਦੈ ।" ਦੀਪੋ ਨੇ ਦੱਸਿਆ।
ਬਸ ਫਿਰ ਕੀ ਸੀ... ਭਾਨੋ ਕੰਮੋਂ ਕਾਰੋਂ ਵਿਹਲੀ ਹੋ ਕੇ ਦੀਪੋ ਕੋਲ ਚਲੀ ਜਾਂਦੀ। ਵੈਸੇ ਵੀ ਦੋਵੇਂ ਇੱਕ ਪਿੰਡ ਦੀਆਂ ਸਨ। ਇੱਕ ਦੂਜੀ ਨਾਲ ਮੋਹ ਕਰਦੀਆਂ। ਪੇਕੇ ਜਾਣਾ ਹੁੰਦਾ ਇਕੱਠੀਆਂ ਹੀ ਜਾਂਦੀਆਂ। ਇੱਕ ਦੂਜੀ ਦੇ ਕੰਮ ਆਉਂਦੀਆਂ।ਘਰ ਵੀ ਕੋਲ ਕੋਲ ਸਨ। ਕਈ ਵਾਰ ਉਹਨਾਂ ਦੇ ਘਰ ਵਾਲੇ ਮਜ਼ਾਕ ਵਿੱਚ ਆਖਦੇ....'ਜਦੋਂ ਧਰਮਰਾਜ ਲੈਣ ਆਇਆ ਤਾਂ ਆਖਣਗੀਆਂ... ਖੜ੍ਹ ਜਾ ਮੈਂ ਨਾਲ ਦੀ ਨੂੰ ਸੱਦ ਲਵਾਂ।'
ਭਾਨੋ ਹਰ ਰੋਜ਼ ਦੀਪੋ ਕੋਲ ਚਲੀ ਜਾਂਦੀ। ਉਹਨਾਂ ਨੇ ਆਪਣੇ ਪੇਕੇ ਪਿੰਡ ਵਿਆਹ ਜਾਣਾ ਸੀ। ਇਸ ਲਈ ਮੋਬਾਈਲ 'ਤੇ ਯੂ-ਟਿਊਬ ਖੋਲ੍ਹੀ ਰੱਖਦੀਆਂ। ਜੋ ਚਾਹੁੰਦੀਆਂ ਜਾਣਕਾਰੀ ਮਿਲ ਜਾਂਦੀ। ਭਾਨੋ ਨੂੰ ਮੋਬਾਈਲ 'ਕਲਪ ਬਿਰਖ' ਦੀ ਤਰ੍ਹਾਂ ਜਾਪਣ ਲੱਗਾ। ਇੱਕ ਦਿਨ ਉਸ ਨੇ ਸੁਣਿਆ ਕਿ ਪੰਜ ਲੀਟਰ ਪਾਣੀ ਪੀਣ ਨਾਲ ਬੰਦਾ ਤੰਦਰੁਸਤ ਹੋ ਜਾਂਦੈ... ਅਨੇਕਾਂ ਬਿਮਾਰੀਆਂ ਖਤਮ ਹੋ ਜਾਂਦੀਆਂ ਨੇ। ਉਸ ਦੇ ਪਤੀ ਭਾਨੇ ਨੂੰ ਵੀ ਦੋ ਕੁ ਦਿਨ ਤੋਂ ਹਲਕਾ ਬੁਖ਼ਾਰ ਹੋ ਜਾਂਦਾ ਸੀ। ਬਸ ਫਿਰ ਕੀ ਸੀ ਦੂਜੇ ਦਿਨ ਸਵੇਰੇ ਸਵੇਰੇ ਹੀ ਪਾਣੀ ਦਾ ਜੱਗ ਭਰਿਆ ਥੋੜ੍ਹਾ ਗਰਮ ਕਰਕੇ ਪਹਿਲਾਂ ਭਾਨੇ ਨੂੰ ਉਹਦੇ ਫਾਇਦੇ ਦੱਸੇ । ਫਿਰ ਪਿਆਉਣਾ ਸ਼ੁਰੂ ਕਰ ਦਿੱਤਾ। ਦੋ ਕੁ ਗਲਾਸ ਪੀਣ ਤੋਂ ਬਾਅਦ ਭਾਨੇ ਦਾ ਚਿੱਤ ਘਾਊਂ -ਮਾਊਂ ਹੋਣ ਲੱਗ ਪਿਆ। ਉਸ ਨੇ ਤਰਲਾ ਜਿਹਾ ਕਰਦਿਆਂ ਆਖਿਆ,
" ਬੱਸ ਕਰ ਭਾਨੋ....ਕੀ ਹੋ ਗਿਆ ਤੈਨੂੰ.... ਕਿਉਂ ਮੇਰੀ ਜਾਨ ਲੈਣ ਤੇ ਤੁਲੀ ਹੋਈ ਐਂ... ?"
"ਮੇਰੀ ਗੱਲ ਧਿਆਨ ਨਾਲ ਸੁਣ... ਬੱਸ ਦੋ ਤਿੰਨ ਦਿਨਾਂ ਦੀ ਔਖ ਐ। ਫਿਰ ਦੇਖੀਂ ਘੋੜੇ ਵਾਂਗ ਦੁੜੰਗੇ ਲਾਉਂਦਾ ਫਿਰੇਂਗਾ।" ਭਾਨੋ ਨੇ ਹੌਸਲਾ ਦਿੰਦਿਆਂ ਆਖਿਆ।
"ਹਾਏ.... ਹਾਏ .....ਏ.... ਏ...ਮੈਂ ਨ੍ਹੀਂ ਲਾਉਣੇ ਦੁੜੰਗੇ । ਮੈਂ ਜਿਵੇਂ ਹੈਗਾ ਠੀਕ ਆਂ।"
ਭਾਨੋ ਨੇ ਪਾਣੀ ਦਾ ਗਲਾਸ ਭਰ ਕੇ ਭਾਨੇ ਨੂੰ ਫੜਾਉਂਦਿਆਂ ਕਿਹਾ, "ਲੈ ....ਔਖਾ ਸੌਖਾ ਹੋ ਕੇ ਪੀ ਲੈ। ਬੱਸ ਹੁਣ ਤਾਂ ਇੱਕ ਗਲਾਸ ਰਹਿ ਗਿਆ ।"
ਭਾਨੇ ਨੇ ਬੱਚਿਆਂ ਵਾਂਗ ਬੁੱਲ੍ਹ ਘੁੱਟ ਲਏ ਅਤੇ ਹੱਥ ਦੇ ਇਸ਼ਾਰੇ ਨਾਲ ਮਨ੍ਹਾਂ ਕਰਨ ਲੱਗਾ। ਪਰ ਭਾਨੋ ਨੂੰ ਵੀ ਪੂਰਾ ਹਿਸਾਬ ਸੀ। ਜਿਵੇਂ ਬੀਮਾਰ ਕੱਟਰੂਆਂ ਨੂੰ ਕਾੜ੍ਹਾ ਪਿਆਉਣ ਲਈ ਜਬਾੜ੍ਹੇ ਦੱਬ ਕੇ ਮੂੰਹ ਖੋਲ੍ਹ ਲੈਂਦੀ ਸੀ ਉਵੇਂ ਭਾਨੇ ਦਾ ਮੂੰਹ ਖੋਲ੍ਹ ਕੇ ਆਖਰੀ ਗਲਾਸ ਵੀ ਅੱਧਾ ਕੁ ਡੁੱਲ੍ਹਿਆ ਅੱਧਾ ਕੁ ਭਾਨੇ ਦੇ ਅੰਦਰ ।
"ਹੁਣ ਡੂਢ ਦੋ ਘੰਟੇ ਬਾਅਦ ਖਾਣੈ ਕੁਸ਼।" ਭਾਨਾ ਨਿਢਾਲ ਜਿਹਾ ਹੋਇਆ ਪਿਆ ਸੀ। ਦੱਬੀ ਜਿਹੀ ਆਵਾਜ਼ ਵਿੱਚ ਬੋਲਿਆ, " ਮੈਨੂੰ ਲੱਗਦਾ ਹੁਣ ਸਾਰੀ ਉਮਰ ਨ੍ਹੀਂ ਭੁੱਖ ਲਗਦੀ ਮੈਨੂੰ ...ਜੋ ਅੰਦਰ ਐ ਉਹ ਵੀ ਬਾਹਰ ਨੂੰ ਆਉਣ ਲੱਗਿਐ। "
"ਨਾਲੇ ਮੈਂ ਹੁਣ ਇੱਕ ਹੋਰ ਨੁਸਖਾ ਸਿੱਖਿਆ ਅੱਜ। ਆਹ... ਦੇਖ ਤੇਲ ਬਣਾਇਆ ਇਹਦੇ ਨਾਲ ਵਾਲ ਵੀ ਲੰਬੇ ਹੁੰਦੇ ਨੇ ਤੇ ਕਾਲੇ ਵੀ ।"ਭਾਨੋ ਨੇ ਖੁਸ਼ ਹੁੰਦਿਆਂ ਦੱਸਿਆ ।
"ਮੈਂ ਨਹੀਂ ਲਵਾਉਣਾ ਤੇਲ ਜਿਵੇਂ ਦੇ ਹੈਗੇ ਨੇ ਠੀਕ ਨੇ ਮੇਰੇ ਤਾਂ...।"
"ਤੇਰੇ ਕੌਣ ਲਾਉਂਦੈ ? ਇਹ ਤਾਂ ਮੈਂ ਅਵਦੇ ਲਾਊਂ। ਸਾਰੀ ਉਮਰ ਹੋ ਗੀ ਤਰਸਦੀ ਨੂੰ ਕਿ ਮੇਰੀ ਵੀ ਲੰਬੀ...ਈ... ਈ ਸਾਰੀ ਗੁੱਤ ਹੋਵੇ... ਪਰ ਰੀਝ ਮਨ ਵਿੱਚ ਹੀ ਰਹਿ ਗਈ ਸੀ। ਜਿਉਂਦੇ ਰਹਿਣ ਜੂ ਟੂਬ (ਯੂ-ਟਿਊਬ) ਵਾਲੇ ....ਹੁਣ ਤਾਂ ਇਹ ਰੀਝ ਵੀ ਪੂਰੀ ਹੋਜੂ ਮੇਰੀ।" ਪੀੜ੍ਹੀ ਤੇ ਬੈਠ ਕੇ ਆਪਣੇ ਸਿਰ ਵਿੱਚ ਉਂਗਲਾਂ ਦੇ ਪੋਟਿਆਂ ਨਾਲ ਤੇਲ ਲਾਉਣ ਲੱਗ ਪਈ ਉਸ ਨੂੰ ਖੁਸ਼ੀ ਭਰੀ ਬੇਚੈਨੀ ਹੋ ਰਹੀ ਸੀ ।
" ਇੱਕ ਵਾਰੀ ਆਥਣੇ ਜੇ ਲਾ ਲਊਂ ....।" ਉਸ ਨੇ ਆਪਣੇ ਆਪ ਨੂੰ ਕਿਹਾ।
ਦੂਜੇ ਦਿਨ ਸਵੇਰੇ ਉੱਠਣ ਸਾਰ ਭਾਨੋ ਨੇ ਆਪਣੀ ਗੁੱਤ ਨੂੰ ਹੱਥ ਲਾ ਕੇ ਦੇਖਿਆ । ਇੱਕ ਵਾਰ ਤਾਂ ਹੌਲ ਜਿਹਾ ਪੈ ਗਿਆ.... ਗੁੱਤ ਤਾਂ ਉੱਨੀ ਕੁ ਸੀ ....ਗਿੱਠ ਕੁ ਦੀ। ਫੇਰ ਮਾੜਾ ਜਿਹਾ ਸਵਾਖਲਾ ਹੋਣ ਤੇ ਉਹ ਦੀਪੋ ਦੇ ਘਰ ਚਲੀ ਗਈ ਉਸ ਦੇ ਵਾਲ ਦੇਖੇ ਉਸ ਦੇ ਵੀ ਓਨੇ ਕੁ ਹੀ ਸਨ। ਘਰ ਕੰਮਕਾਰ ਕਰਨ ਵਾਲੇ ਪਏ ਸਨ। ਇਸ ਲਈ ਉਹ ਜਲਦੀ ਘਰ ਵਾਪਸ ਆ ਗਈ। ਪਰ ਉਸ ਦਾ ਹੌਸਲਾ ਜਿਹਾ ਡਿੱਗ ਗਿਆ।
ਅੱਜ ਜਦੋਂ ਉਹ ਭਾਨੇ ਕੋਲ ਪਾਣੀ ਲੈ ਕੇ ਆਈ ਤਾਂ ਉਸ ਦੀ ਚਾਲ ਕੁਝ ਮੱਠੀ ਸੀ ।
"ਅੱਜ ਜਮਦੂਤ ਦੀ ਚਾਲ ਨੂੰ ਕੀ ਹੋ ਗਿਆ ?" ਭਾਨਾ ਹੱਸ ਕੇ ਕਹਿਣ ਲੱਗਿਆ।
"ਮੈਨੂੰ ਜਮਦੂਤ ਕਿਹੈ ?"
"ਹੋਰ ਕੀ.... ਬੱਸ ਸਿੰਗ ਈ ਨ੍ਹੀਂ ਹੈਗੇ । ਮੇਰੀ ਜਾਨ ਦੇ ਪਿੱਛੇ ਤਾਂ ਪਈ ਹੋਈ ਐਂ ।"
" ਤੇਰੇ ਭਲੇ ਲਈ ਕਰਦੀ ਆਂ ਜੋ ਕੁਸ਼ ਕਰਦੀ ਆਂ। ਅੱਜ ਮੈਂ ਧੱਕਾ ਨ੍ਹੀਂ ਕਰਦੀ ਅੱਜ ਆਪੇ ਹੀ ਪੀ ਲੈਣਾ ਅੱਧਾ ਅੱਧਾ ਗਲਾਸ ਕਰਕੇ ।" ਪਾਣੀ ਦਾ ਜੱਗ ਤੇ ਗਲਾਸ ਰੱਖ ਕੇ ਭਾਨੋ ਫਿਰ ਦੀਪੋ ਵੱਲ ਚਲੀ ਗਈ ।
" ਹੈਂ ਕੁੜੇ ਦੀਪੋ! ਉਹ ਤਾਂ ਕੰਜਰ ਕਹਿੰਦਾ ਤੀ ....ਰਾਤੋ ਰਾਤ ਵਾਲ ਲੰਬੇ ਹੋ ਜਾਣਗੇ । ਐਨੇ ਲੰਬੇ ਲੰਬੇ ਵਾਲਾਂ ਵਾਲੀ ਕੁੜੀ ਦੀ ਫੋਟੋ ਲਾ ਰੱਖੀ ਤੀ.... ਇਹ ਤਾਂ ਕੁਸ਼ ਵੀ ਨ੍ਹੀਂ ਫ਼ਰਕ ਪਿਆ ।"
"ਆਹ ਨਾਲ ਦੇ ਗੁਆਂਢੀਆਂ ਦੀ ਕੁੜੀ ਤਾਂ ਕਹਿੰਦੀ ਹੁੰਦੀ ਐ... ਅੱਧੀਆਂ ਤੋਂ ਵੱਧ ਗੱਲਾਂ ਗੱਪ ਹੁੰਦੀਆਂ ਨੇ ਇਹਨਾਂ ਦੀਆਂ।" ਦੀਪੋ ਨੇ ਕਿਹਾ।
"ਫੇਰ ਹੁਣ.....? "
"ਘਰ ਦੇ ਸਾਰੇ ਕੰਮ ਰਹਿ ਜਾਂਦੇ ਨੇ ਖਾਣ-ਪਕਾਉਣ ਤੋਂ ਬਿਨਾਂ ਕੁਸ਼ ਨ੍ਹੀਂ ਬਣਦਾ । ਮੈਂ ਤਾਂ ਘਰਦਿਆਂ ਤੋਂ ਚੋਰੀਓਂ ਰੰਗ ਗੋਰਾ ਕਰਨ ਵਾਲੀਆਂ ਕਰੀਮਾਂ ਵੀ ਮੰਗਵਾ ਲਈਆਂ... ਪਰ ਭੋਰਾ ਫਰਕ ਨ੍ਹੀਂ ਪਿਆ। ਜਿਹੜੇ ਪੰਜ ਸੱਤ ਸੌ ਜੋੜ -ਜੋੜ ਰੱਖਿਆ ਸੀ ਸਾਰਾ ਖਰਾਬ ਕਰ ਲਿਆ। ਆਪਾਂ ਐਂ ਕਰਦੇ ਆਂ .....ਜਿਹੜਾ ਸਮਾਨ ਆਪਣੇ ਘਰੇ ਹੁੰਦੈ .....ਉਹਨੂੰ ਵਰਤ ਕੇ ਦੇਖ ਲੈਨੇ ਆਂ.... ਮੈਂ ਤਾਂ ਐਵੇਂ ਬੌਲ਼ੀ ਹੋ ਕੇ ਪੈਸੇ ਖਰਚ ਬੈਠੀ।"
" ਹੋਰ ਕੀ... ਰੰਗ ਸਾਫ ਕਰਨ ਨੂੰ ਕਿੰਨਾ ਕੁਸ਼ ਦੱਸਦੇ ਨੇ। ਟਮਾਟਰ, ਆਲੂ, ਨਿੰਬੂ, ਦੁੱਧ,ਬੇਸਣ ਆਪਣੇ ਘਰੇ ਹੁੰਦੈ ਇਹ ਸਭ । ਗਿਆਰਾਂ ਕੁ ਵਜੇ ਸਾਡੇ ਘਰੇਂ ਆ ਜੀਂ... ਮੇਰੇ ਕੋਲ ਸਾਰਾ ਸਮਾਨ ਪਿਆ।" ਭਾਨੋ ਨੇ ਉਸ ਨੂੰ ਪੱਕਾ ਕੀਤਾ ਅਤੇ ਆਪਣੇ ਘਰ ਵਾਪਸ ਆ ਗਈ।
ਗਿਆਰਾਂ ਕੁ ਵਜੇ ਦੀਪੋ ਆ ਗਈ। ਦੋਵੇਂ ਰਸੋਈ ਵਿੱਚ ਚਲੀਆਂ ਗਈਆਂ.... ਜਿਉਂ ਹੀ ਟਮਾਟਰ ਅੱਧਾ ਅੱਧਾ ਲੈ ਕੇ ਮੂੰਹ 'ਤੇ ਘਸਾਉਣ ਲੱਗੀਆਂ.... ਦੋਵਾਂ ਦੇ ਮੂੰਹ ਲਾਲ ਹੋ ਗਏ। ਜਲਣ ਹੋਣ ਲੱਗੀ... ਪਾਣੀ ਨੂੰ ਭੱਜੀਆਂ। ਮੂੰਹ ਧੋਤੇ... ਪਰ ਜਲਣ ਨਹੀਂ ਹਟੀ । ਟਮਾਟਰ ਨਾਲ ਐਨੀ ਜਲਣ। ਭਾਨੋ ਨੇ ਮੱਥੇ 'ਤੇ ਹੱਥ ਮਾਰਿਆ ਤੇ ਦੱਸਿਆ ਕਿ ਇਸੇ ਚਾਕੂ ਨਾਲ ਤਾਂ ਉਸ ਨੇ ਮਿਰਚਾਂ ਕੱਟੀਆਂ ਸਨ ਜਿਹੜੇ ਨਾਲ ਟਮਾਟਰ ਕੱਟਿਆ। ਦੋਵਾਂ ਦੀਆਂ ਅੱਖਾਂ ਲਾਲ ਹੋ ਗੲੀਆਂ। ਦੀਪੋ ਭਾਨੋ ਨੂੰ ਗਾਲ੍ਹਾਂ ਕੱਢੇ , "ਤੂੰ ਅੰਨ੍ਹੀ ਤੀ... ਮਿਰਚਾਂ ਵਾਲਾ ਚਾਕੂ ਧੋ ਕੇ ਨ੍ਹੀਂ ਰੱਖਿਆ । "
"ਚੁੱਪ ਕਰ ਹੌਲੀ ਬੋਲ....।" ਭਾਨੋ ਨੇ ਕਚੀਚੀ ਜਿਹੀ ਵੱਟਿਆਂ ਆਖਿਆ।
" ਬੂਹ.... ਹ... ਨੀ ਤੇਰਾ ਤਾਂ ਮੂੰਹ ਲਾਲ ਹੋਇਆ ਪਿਆ। " ਦੀਪੋ ਨੇ ਕਿਹਾ।
" ਤੇਰਾ ਵੀ ਤਾਂ ...।"
"ਕੁੜੇ ਇਹ ਕੀ ਕਰ ਲਿਆ ਆਪਾਂ.... ਮੈਨੂੰ ਤਾਂ ਘਰੋਂ ਵੀ ਗਾਲ੍ਹਾਂ ਪੈਣਗੀਆਂ। "
ਆਹ ਲਾ ਲੈ ਠੀਕ ਹੋ ਜੂ।" ਭਾਨੋ ਨੇ ਦੁੱਧ ਤੋਂ ਮਲਾਈ ਲਾਹ ਕੇ ਫੜਾਉੰਦਿਆਂ ਕਿਹਾ। ਥੋੜ੍ਹੀ ਦੇਰ ਬਾਅਦ ਜਲਣ ਤਾਂ ਘਟ ਗਈ, ਪਰ ਜਿੱਥੇ ਜਿੱਥੇ ਟਮਾਟਰ ਰਗੜਿਆ ਸੀ, ਉੱਥੋਂ ਲਾਲੀ ਨਹੀਂ ਗਈ।
"ਅੱਜ ਆਪਾਂ ਨੂੰ ਵੀ ਸਕੂਟਰੀ ਚਲਾਉਣ ਵਾਲੀਆਂ ਕੁੜੀਆਂ ਵਾਂਗ ਮੂੰਹ ਵਲੇਟਣੇ ਪੈਣਗੇ। .....ਮੈਂ ਤਾਂ ਭੈਣੇ ਜਾਨੀ ਆਂ ਘਰੇ।"
ਭਾਨੋ ਵੀ ਮੂੰਹ ਤੇ ਪੱਲਾ ਜਿਹਾ ਲੈ ਕੇ ਮੰਜੇ 'ਤੇ ਜਾ ਬੈਠੀ। ਸੋਚਣ ਲੱਗੀ 'ਮੈਂ ਤੇ ਦੀਪੋ ਸੱਚੀ ਕਮਲ਼ੀਆਂ ਹੋ ਜਾਂਦੀਆਂ ਕਦੇ ਕਦੇ। ਬੈਠੀਆਂ ਬਿਠਾਈਆਂ ਨੇ ਕੀ ਪੰਗਾ ਛੇੜ ਲਿਆ। ਇਹ ਨੀ ਪਤਾ ਹੁਣ ਡਾਕਟਰ ਤੋਂ ਦਵਾਈ ਲੈ ਕੇ ਠੀਕ ਹੋਵੇ।'
ਬਾਹਰੋਂ ਭਾਨੇ ਦੀ ਆਵਾਜ਼ ਆਈ, ਨਾਲ ਹੀ ਦੀਪੋ ਦੇ ਘਰ ਵਾਲਾ ਸੀ। ਭਾਨੋ ਨੇ ਪਿੱਠ ਕਰ ਲਈ ਉਧਰ ਨੂੰ।
" ਭਾਨਿਆ... ਸਾਡੇ ਆਲ਼ੇ ਚੰਦ ਤੇ ਤਾਂ ਦਾਗ ਪੈ ਗਿਆ ਅੱਜ। " ਭਾਨੇ ਨੂੰ ਤਾਂ ਸਮਝ ਨਾ ਲੱਗੀ ਪਰ ਭਾਨੋ ਦਾ ਮੱਥਾ ਠਣਕਿਆ ਕਿ ਦੀਪੋ ਨੇ ਦੱਸ ਦਿੱਤਾ ਹੋਊ।
" ਸੱਚ ਭਾਨੋ!.. ਗੁੱਡੀ ਤੇ ਪ੍ਰਾਹੁਣਾ ਆਉਣ ਵਾਲੇ ਨੇ ਫੂਨ ਆਇਆ ਤੀ ... ।" ਭਾਨੇ ਨੇ ਜੁੱਤੀ ਝਾੜਦਿਆਂ ਕਿਹਾ। ਭਾਨੋ ਤਾਂ ਉੱਠ ਕੇ ਫਟਾਫਟ ਅੰਦਰ ਚਲੀ ਗਈ । ਜਿਹੜੀ ਧੀ ਦੇ ਆਉਣ ਤੇ ਉਸ ਦਾ ਚਾਅ ਨਹੀਂ ਸੀ ਚੁੱਕਿਆ ਜਾਂਦਾ। ਉਸ ਦੇ ਮੂੰਹੋਂ ਨਿਕਲਿਆ "ਲੈ ਅੱਜ ਈ ਆਉਣਾ ਤੀ ਗੁੱਡੀ ਨੇ ਵੀ। ਜਮਾਈ ਕੀ ਕਹੂ... ਇਹ ਤਾਂ ਦੱਸ ਦੇਣਗੇ ਸਾਰਾ ਕੁਸ਼... ਦੀਪੋ ਦੇ ਵੀ ਕੁਸ਼ ਨੀ ਪਚਦਾ। " ਉਹ ਸੋਚ ਹੀ ਰਹੀ ਸੀ ਮੋਟਰਸਾਈਕਲ ਵਿਹੜੇ ਆ ਵੜਿਆ। ਭਾਨੋ ਨੂੰ ਸਮਝ ਨਾ ਲੱਗੇ ਉਹ ਕੀ ਕਰੇ। ਫਿਰ ਉਸ ਨੇ ਮੱਥੇ ਤੱਕ ਮਲਮਲ ਦਾ ਦੁਪੱਟਾ ਲੈ ਕੇ ਨੱਕ ਮੂੰਹ ਢੱਕ ਕੇ ਬਾਹਰ ਆ ਕੇ ਧੀ ਜਵਾਈ ਨੂੰ ਮਿਲੀ।
" ਮਾਂ ਕੀ ਹੋਇਆ... ਮੂੰਹ ਢਕਿਆ। " ਗੁੱਡੀ ਨੇ ਪੁੱਛਿਆ।
"ਜਾੜ੍ਹ ਦੁਖਦੀ ਐ ਪੁੱਤ। " ਭਾਨੋ ਨੇ ਕਿਹਾ।
ਭਾਨਾ ਅਤੇ ਧਰਮਾ ਦੋਵੇਂ ਤਾੜੀ ਮਾਰ ਕੇ ਹੱਸ ਪਏ।
" ਹੁਣ ਇਹ ਕੰਜਰ ਨ੍ਹੀਂ ਧਰੀ ਢਕੀ ਛੱਡਦੇ... ਐਂ ਨ੍ਹੀਂ ਸੋਚਦੇ ਕਿ ਜਮਾਈ ਭਾਈ ਦੇ ਸਾਹਮਣੇ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ।" ਭਾਨੋ ਬੁੜਬੁੜਾਈ ਉਸ ਦੇ ਮੂੰਹੋਂ ਦੋਵਾਂ ਨੂੰ ਗਾਲ੍ਹ ਨਿਕਲੀ।
" ਤੁਸੀਂ ਪੁੱਤ ਕਿਵੇਂ ਆਏ ...ਬਿਨਾਂ ਖਬਰ ਕੀਤੇ ਈ। " ਭਾਨੋ ਨੇ ਗੁੱਡੀ ਨੂੰ ਪੁੱਛਿਆ।
" ਮੇਰੀ ਗਰਦਨ ਤੇ ਬਾਂਹ ਵਿੱਚ ਦਰਦ ਹੁੰਦਾ ਸੀ , ਦਵਾਈ ਲੈਣ ਆਏ ਸੀ ਸ਼ਹਿਰ.... ਸੋਚਿਆ ਕਿਹੜਾ ਰੋਜ ਰੋਜ ਘਰੋਂ ਨਿਕਲਿਆ ਜਾਂਦੈ... ਮਿਲ ਚਲਦੇ ਆਂ। "
" ਕਿਉਂ ਹੁੰਦੈ ਦਰਦ?"
"ਮੈਨੂੰ ਸਰਵਾਈਕਲ ਐ ਮਾਂ... ਤੈਨੂੰ ਪਤਾ ਤਾਂ ਹੈ। "
ਭਾਨੋ ਚਾਹ ਬਣਾਉਣ ਲੱਗੀ। ਬਾਹਰੋਂ ਉੱਚੀ ਉੱਚੀ ਹੱਸਣ ਦੀਆਂ ਅਵਾਜ਼ਾਂ ਆ ਰਹੀਆਂ ਸਨ। ਭਾਨੋ ਸ਼ਰਮ ਨਾਲ ਮਰੀ ਜਾ ਰਹੀ ਸੀ। ਉਸ ਨੂੰ ਦੀਪੋ ਤੇ ਗੁੱਸਾ ਆ ਰਿਹਾ ਸੀ। ਦੀਪੋ ਨੂੰ ਸਬਕ ਸਿਖਾਉਣ ਦੀ ਸਕੀਮ ਸੁੱਝੀ। ਉਸ ਨੇ ਗੁੱਡੀ ਨੂੰ ਕਿਹਾ, "ਤੇਰੀ ਮਾਸੀ ਨੂੰ ਹਾਕ ਮਾਰ ਲੈ.... 'ਕੱਲੀ ਐ ਘਰੇ.. ਉਹ ਵੀ ਪੀ ਲਊ ਚਾਹ। ......ਕਾਕੇ ਨੂੰ ਵੀ ਆਖ ਅੰਦਰ ਬੈਠਕ 'ਚ ਬੈਠ ਜਾਣਗੇ। "
ਗੁੱਡੀ ਥੋੜ੍ਹੀ ਦੇਰ ਬਾਅਦ ਵਾਪਸ ਆੲੀ ਉਸ ਨੇ ਬਾਹਰੋਂ ਈ ਆਵਾਜ਼ ਮਾਰੀ, " ਮਾਸੀ ਤਾਂ ਮੂੰਹ ਸਿਰ ਲਪੇਟ ਕੇ ਸਫ਼ਾਈਆਂ ਕਰਨ ਲੱਗੀ ਹੋਈ ਐ।"
" ਤੈਨੂੰ ਦੇਖ ਕੇ ਲੱਗ ਗੀ ਹੋਣੀ ਐ । " ਧਰਮੇ ਨੇ ਆਖਿਆ। ਸਾਰੇ ਫਿਰ ਹੱਸ ਪਏ। ਅੰਦਰ ਭਾਨੋ ਕਚੀਚੀਆਂ ਵੱਟੀ ਜਾਵੇ। ਗੁੱਡੀ ਨੇ ਮਾਂ ਨੂੰ ਆਖਿਆ, " ਬਾਹਰ ਨਿੰਮ ਹੇਠ ਬੈਠ ਕੇ ਹੀ ਚਾਹ ਪੀਣਗੇ ਸਾਰੇ। " ਮੰਜਿਆਂ ਵਿਚਕਾਰ ਛੋਟਾ ਮੇਜ਼ ਰੱਖਿਆ। ਕੌਲੀਆਂ ਵਿੱਚ ਪੰਜੀਰੀ ਪਾ ਕੇ ਨਾਲ ਚਾਹ ਵਾਲੀ ਟਰੇ ਗੁੱਡੀ ਨੂੰ ਫੜਾਉਂਦਿਆਂ ਆਖਿਆ, "ਜਾਹ ਪੁੱਤ, ਤੂੰ ਹੀ ਫੜਾ ਆ ਚਾਹ।" ਗੁੱਡੀ ਚਾਹ ਫੜਾਉਣ ਗਈ ਤਾਂ ਧਰਮਾ ਆਖਣ ਲੱਗਿਆ, " ਤੇਰੀ ਮਾਂ ਨੂੰ ਵੀ ਬੁਲਾ ਲੈ। ਉਹ ਵੀ ਇੱਥੇ ਹੀ ਆ ਕੇ ਪੀ ਲਊ।"
" ਮਾਂ ਦੀ ਜਾੜ੍ਹ ਦੁਖਦੀ ਐ।"
" ਭਾਨ ਕੁਰੇ ਆ ਜਾ ਬਾਹਰ..... ਆਪਣੀ ਗੁੱਡੀ ਵੀ ਥੋਡੀ ਜੂ-ਟੂਬ ਨੇ ਈ ਬਿਮਾਰ ਕੀਤੀ ਐ। " ਭਾਨੇ ਨੇ ਆਵਾਜ਼ ਮਾਰਦਿਆਂ ਆਖਿਆ। ਭਾਨੋ ਬਾਹਰ ਆ ਗਈ। ਜਵਾਈ ਨੇ ਦੱਸਿਆ,
"ਯੂ-ਟਿਊਬ ਤੇ ਦੇਖ ਕੇ ਸਰਵਾਈਕਲ ਦੀ ਐਕਸਰਸਾਈਜ਼ ਕਰਨ ਲੱਗੀ ....ਛੇਤੀ ਠੀਕ ਹੋਣ ਲਈ... ਵਧ ਜ਼ੋਰ ਲਾ ਬੈਠੀ..ਦਰਦ ਵਧ ਗਿਆ.... ਡਾਕਟਰ ਨੇ ਸਾਰੇ ਟੈਸਟ ਤੇ ਐਕਸ-ਰੇ ਕਰਵਾਇਆ, ਕਹਿੰਦਾ ਨਾੜਾਂ 'ਤੇ ਵੱਧ ਦਾਬ ਪਈ ਹੋਈ ਐ। "
"ਹੋਰ ......ਹੁਣ ਚਾਰ ਹਜ਼ਾਰ ਲਾ ਕੇ ਆਏ ਆਂ। " ਗੁੱਡੀ ਨੇ ਢਿੱਲਾ ਜਿਹਾ ਮੂੰਹ ਬਣਾ ਕੇ ਆਖਿਆ।
"ਤੇਰੀ ਮਾਂ ਤੇ ਮਾਸੀ ਵੀ ਡਾਕਟਰਨੀਆਂ ਬਣੀਆਂ ਫਿਰਦੀਆਂ ਨੇ।...... ਭਾਨੋ ! ਆਵਦੀ ਲੰਬੀ ਗੁੱਤ ਤੇ ਗੋਰਾ ਰੰਗ ਵੀ ਦਿਖਾ ਦੇ ਗੁੱਡੀ ਨੂੰ। " ਉਹ ਫਿਰ ਹੱਸ ਪਏ।
" ਭਾਨਿਆ ਤੈਨੂੰ ਯਾਦ ਐ ,ਇਹ ਸਾਰੀ ਉਮਰ ਆਵਦੇ ਕਣਕ ਵੰਨੇ ਰੰਗ ਕਰਕੇ ਇੱਕੋ ਬੋਲੀ 'ਤੇ ਨੱਚਦੀਆਂ ਸੀ ਗਿੱਧੇ ਵਿੱਚ-
......ਅਕਲ ਹੋਵੇ ਨੀ ਭਾਵੇਂ ਰੰਗ ਹੋਵੇ ਕਾਲ਼ਾ ........ਪਰ ਹੁਣ ਪਤਾ ਨਹੀਂ ਕਿਉਂ ਅਕਲ ਨੂੰ ਪਿੱਛੇ ਕਰ 'ਤਾ।" ਧਰਮਾ ਬੋਲਿਆ।
"ਬਸ ਕਰੋ ਜੀ! ਹੁਣ ਮਾਂ ਨੂੰ ਹੋਰ ਤੰਗ ਨਾ ਕਰੋ। " ਜਵਾਈ ਨੇ ਭਾਨੋ ਦਾ ਪੱਖ ਲੈਂਦਿਆਂ ਆਖਿਆ।
"ਕੋਈ ਨਾ ਪੁੱਤ ਕਰ ਲੈਣ ਦੇ ਟਿੱਚਰਾਂ ਇਹਨਾਂ ਨੂੰ। " ਭਾਨੋ ਨੇ ਹਾਰ ਮੰਨਦਿਆਂ ਆਖਿਆ।
" ਪਰ ਇੱਕ ਗੱਲ ਐ... ਭਾਨੋ ਤੇ ਦੀਪੋ ਨੂੰ ਟੈਮ ਦਾ ਨ੍ਹੀਂ ਕਦੇ ਪਤਾ ਲੱਗਿਆ..... ਜਿਹੜੇ ਕੰਮ ਬਿਨਾਂ ਸਰਦਾ ਨ੍ਹੀਂ ਤੀ ਉਹੀ ਕਰਿਆ.... ਇਹਨਾਂ ਨੇ...ਪੰਦਰਾਂ ਦਿਨ ਹੋ ਗੇ।"
" ਪਰਸੋਂ ਮੇਰੀ ਸਹੇਲੀ ਦਾ ਫੋਨ ਆਇਆ ਸੀ.... ਕਹਿੰਦੀ ਉਹਦੀ ਸੱਸ ਨੇ ਯੂ-ਟਿਊਬ ਤੇ ਸਬਜ਼ੀ ਬਣਾਉਂਦੇ ਦੇਖ ਲਿਆ ਕਿਸੇ ਨੂੰ..... ਮੇਰੀ ਸਹੇਲੀ ਨੇ ਉਵੇਂ ਸਬਜ਼ੀ ਬਣਾਈ ਜਿਵੇਂ ਆਪਾਂ ਆਮ ਬਣਾਉਨੇ ਆਂ..... ਸੱਸ ਕਹੇ ਤੂੰ ਸਬਜ਼ੀ ਯੂ-ਟਿਊਬ ਵਾਲਿਆਂ ਵਾਂਗ ਕਿਉਂ ਨ੍ਹੀਂ ਬਣਾਈ... ਅਖੇ ਮੈਂ ਨ੍ਹੀਂ ਰੋਟੀ ਖਾਣੀ...ਘਰਵਾਲ਼ਾ ਕਹੇ... ਜਿਵੇਂ ਮੇਰੀ ਮਾਂ ਆਖਦੀ ਐ ਉਵੇਂ ਕਰ, ਮੇਰੀ ਮਾਂ ਦਾ ਕਿਹਾ ਪੱਥਰ ਤੇ ਲਕੀਰ ਐ..... ਉਹਨਾਂ ਦੇ ਘਰੇਂ ਪੂਰਾ ਕਲੇਸ਼ ਪਿਆ।"
" ਇਹ ਤਾਂ ਮਾੜੀ ਗੱਲ ਐ...ਐਂ ਤਾਂ ਨੂੰਹ ਧੀ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੀ ਗੱਲ ਹੋਈ।" ਧਰਮਾ ਬੋਲਿਆ।
"ਮੈਨੂੰ ਲੱਗਦੈ ਅੱਧੀ ਦੁਨੀਆਂ ਆਵਦਾ ਟੈਮ ਖਰਾਬ ਕਰਦੀ ਐ... ਕਮਲ਼ੇ ਹੋਏ ਪਏ ਐ ਲੋਕ। ਆਵਦਾ ਦਿਮਾਗ ਨ੍ਹੀਂ ਵਰਤਦੇ।" ਭਾਨੇ ਦਾ ਜਵਾਈ ਬੋਲਿਆ।
" ...ਗੱਲ ਸੱਚੀ ਐ ਭਾਈ ਅਸੀਂ ਤਾਂ ਸੱਚੀਂ ਕਮਲ਼ੀਆਂ ਹੋ ਗੀਆਂ। " ਦੀਪੋ ਵਿਹੜੇ ਵੜਦਿਆਂ ਬੋਲੀ।