Karma Sari (Story in Punjabi) : Ram Lal

ਕਰਮਾਂ ਸੜੀ (ਕਹਾਣੀ) : ਰਾਮ ਲਾਲ

ਬਾਹਰ ਸਾਈਕਲ ਦੀ ਟੱਲੀ ਦੀ ਆਵਾਜ਼ ਸੁਣਦਿਆਂ ਹੀ ਮੋਤਾ ਸਿੰਘ ਦੇ ਨਿਆਣੇ ਦਰਵਾਜ਼ਾ ਖੋਲ੍ਹਣ ਲਈ ਦੌੜ ਪਏ। ਤਿਨਾਂ ਨੇ ਇਕੱਠਿਆਂ ਕੁੰਡੇ ਨੂੰ ਹੱਥ ਪਾਇਆ ਤੇ ਦਰਵਾਜ਼ਾ ਖੋਲ੍ਹ ਕੇ ਕਾਂਵਾਂ-ਰੌਲੀ ਪਾ ਦਿੱਤੀ...:
“ਦਾਰ-ਜੀ ਆ ਗਏ, ਦਾਰ-ਜੀ ਆ ਗਏ!”
ਫੇਰ ਉਹ ਤਿੰਨੇ ਮੋਤਾ ਸਿੰਘ ਦੇ ਸਾਈਕਲ ਉੱਤੇ ਚੜ੍ਹ ਗਏ—ਇਕ ਅਗਲੇ ਡੰਡੇ ਉੱਤੇ, ਦੂਜਾ ਕਾਠੀ ਉੱਤੇ ਤੇ ਤੀਜਾ ਪਿਛਲੇ ਕੇਰੀਅਰ ਉੱਤੇ! ਮੋਤਾ ਸਿੰਘ ਹੱਸਦਾ ਹੋਇਆ ਅੰਦਰ ਆ ਗਿਆ। ਉਸਦੀ ਪਤਨੀ ਧੁੱਪ ਵਿਚ ਸੁੱਕਣੀ ਪਾਈ ਦਾਲ ਨੂੰ ਇਕੱਠੀ ਕਰ ਰਹੀ ਸੀ। ਧੁੱਪ ਵਿਹੜੇ ਵਿਚੋਂ ਹੁੰਦੀ ਹੋਈ ਉਪਰ ਕੰਧ ਉੱਤੇ ਜਾ ਚੜ੍ਹੀ ਸੀ।
ਰੋਜ਼ ਇਸ ਵੇਲੇ ਤਕ ਧੁੱਪ ਬੁਰਜੀ ਉੱਤੇ ਚੜ੍ਹ ਜਾਂਦੀ ਸੀ। ਮੋਤਾ ਸਿੰਘ ਵੀ ਹਰ ਰੋਜ਼ ਤੇਲ ਦੇ ਵੱਡੇ-ਵੱਡੇ ਧੱਬਿਆਂ ਵਾਲੀ ਖਾਕੀ ਕਮੀਜ਼,ਨਿੱਕਰ ਤੇ ਕਾਲਸ ਨਾਲ ਲਿੱਬੜੇ ਬੂਟ ਲਈ ਇਸੇ ਵੇਲੇ ਵਰਕਸ਼ਾਪ ਤੋਂ ਆਉਂਦਾ ਹੁੰਦਾ ਸੀ। ਉਸਦਾ ਚਿਹਰਾ ਹਰ ਵੇਲੇ ਖਿੜਿਆ ਹੁੰਦਾ—ਕਰੜ-ਬਰੜੀਆਂ ਦਾੜ੍ਹੀ-ਮੁੱਛਾਂ ਵਿਚੋਂ ਛਣ-ਛਣ ਕੇ ਨਿਕਲਣ ਵਾਲੀ ਮੁਸਕਾਨ ਹਰੇਕ ਮਿਲਣ-ਗਿਲਣ ਵਾਲੇ ਨੂੰ ਨਿਹਾਲ ਕਰ ਦੇਂਦੀ।
ਜਿੰਨਾ ਉਹ ਸਿਹਤਮੰਦ, ਲੰਮਾਂ-ਉੱਚਾ ਤੇ ਹਸਮੁਖ ਆਦਮੀ ਸੀ, ਉਸਦੀ ਪਤਨੀ ਓਨੀ ਹੀ ਮਰੀਅਲ ਜਿਹੀ ਤੇ ਗੁੰਮਸੁੰਮ ਜਿਹੀ ਜ਼ਨਾਨੀ ਸੀ। ਪੰਜ ਬੱਚੇ ਜੰਮ ਲੈਣ ਪਿੱਛੋਂ ਉਸਦੇ ਸਰੀਰ ਵਿਚ ਤਣ ਕੇ ਖੜ੍ਹੀ ਹੋ ਸਕਣ ਤੇ ਤੁਰਨ-ਫਿਰਨ ਦੀ ਹਿੰਮਤ ਨਹੀਂ ਸੀ ਰਹੀ। ਉਸਦੇ ਲੰਮੇ ਕੱਦ ਤੇ ਦਿਲਕਸ਼ ਨੱਕ-ਨਕਸ਼ੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਆਪਣੇ ਸਮੇਂ ਵਿਚ ਉਹ ਵੀ ਕਹਿਰ ਢਾਊਂਦੀ ਹੋਏਗੀ। ਇਹਨਾਂ ਤਿੰਨ ਬੱਚਿਆਂ ਦੇ ਇਲਾਵਾ, ਜਿਹੜੇ ਪਿਊ ਦੇ ਸਈਕਲ ਉੱਤੇ ਸਵਾਰ ਸਨ, ਦੋ ਵੱਡੀਆਂ ਕੁੜੀਆਂ ਹੋਰ ਸਨ। ਸਭ ਤੋਂ ਵੱਡੀ ਦਾ ਦੋ ਸਾਲ ਪਹਿਲਾਂ ਵਿਆਹ ਹੋ ਚੁੱਕਿਆ ਸੀ, ਤੇ ਉਸ ਤੋਂ ਛੋਟੀ ਦਸਵੀਂ ਵਿਚ ਪੜ੍ਹਦੀ ਸੀ। ਉਹ ਰਸੋਈ ਵਿਚ ਬੈਠੀ ਅੰਗੀਠੀ ਬਾਲ ਰਹੀ ਸੀ—ਪਿਉ ਦੀ ਆਵਾਜ਼ ਸੁਣ ਕੇ ਬਾਹਰ ਨਿਕਲ ਆਈ ਤੇ ਬੋਲੀ...:
“ਦਾਰ-ਜੀ ਅੱਜ ਇਕ ਖ਼ਤ ਆਇਆ ਏ ਪਾਕਿਸਤਾਨੋਂ।”
“ਪਾਕਿਸਤਾਨ ਤੋਂ?” ਮੋਤਾ ਸਿੰਘ ਨੇ ਹੈਰਾਨੀ ਨਾਲ ਪੁੱਛਿਆ, “ਕਿਸਦਾ ਖ਼ਤ ਏ, ਮਨਜੀਤ?” ਮਨਜੀਤ ਕਮਰੇ ਦੀ ਕੰਧ ਵਿਚ ਬਣੀ ਬਾਰੀ ਵਿਚ ਸਜਾ ਕੇ ਰੱਖੇ ਗੁਰੂ ਗਰੰਥ ਸਾਹਬ ਦੇ ਪਿੱਛੋਂ ਇਕ ਲਿਫ਼ਾਫ਼ਾ ਕੱਢ ਲਿਆਈ, ਜਿਸ ਉੱਤੇ ਪਾਕਿਸਤਾਨ ਗੌਰਮਿੰਟ ਦੀਆਂ ਟਿਕਟਾਂ ਲੱਗੀਆਂ ਹੋਈਆਂ ਸਨ ਤੇ ਪਿਉ ਨੂੰ ਫੜਾਉਂਦੀ ਹੋਈ ਬੋਲੀ...:
“ਪਤਾ ਨਹੀਂ ਕਿਸ ਦਾ ਏ? ਉਰਦੂ 'ਚ ਏ। ਮੈਂ ਤਾਂ ਉਰਦੂ ਜਾਣਦੀ ਨਹੀਂ।” ਬੱਚਿਆਂ ਦੀਆਂ ਖੜਮਸਤੀਆਂ ਕਾਰਨ ਸਾਈਕਲ ਡਿੱਗਣ ਲੱਗਿਆ, ਉਸਨੂੰ ਸਾਂਭਣ ਦੀ ਕੋਸ਼ਿਸ਼ ਵਿਚ ਮੋਤਾ ਸਿੰਘ ਦੇ ਹੱਥੋਂ ਲਿਫ਼ਾਫ਼ਾ ਛੁੱਟ ਕੇ ਹੇਠਾਂ ਡਿੱਗ ਪਿਆ। ਉਸਨੇ ਮਨਜੀਤ ਨੂੰ ਸਾਈਕਲ ਫੜਾਇਆ ਤੇ ਕਾਹਲ ਨਾਲ ਲਿਫ਼ਾਫ਼ਾ ਚੁੱਕ ਕੇ ਵਿਹੜੇ ਵਿਚ ਡੱਠੀ ਮੰਜੀ ਦੇ ਸਿਰੇ ਉੱਤੇ ਜਾ ਬੈਠਿਆ। ਇਕ ਹੱਥ ਨਾਲ ਪੱਗ ਲਾਹ ਕੇ ਆਪਣੇ ਗੋਡੇ ਉੱਤੇ ਰੱਖ ਲਈ ਤੇ ਦੂਜੇ ਵਿਚ ਫੜੇ ਲਿਫ਼ਾਫ਼ੇ ਅੰਦਰ ਝਾਕ ਕੇ ਤੈਹ ਕੀਤਾ ਹੋਇਆ ਕਾਗਜ਼ ਬਾਹਰ ਕੱਢਿਆ—ਉਹ ਦੋਵੇਂ ਪਾਸੇ ਲਿਖਿਆ ਇਕ ਪੂਰਾ ਕਾਗਜ਼ ਸੀ।
“ਉਪਰੋਂ ਹੇਠਾਂ ਉਤਰੋ—ਨਹੀਂ ਤਾਂ ਡੇਗ ਦਿਆਂਗੀ।” ਮਨਜੀਤ ਨੇ ਭਰਾਵਾਂ ਨੂੰ ਉਤਾਰ ਕੇ ਸਾਈਕਲ ਵਰਾਂਡੇ ਵਿਚ ਖੜ੍ਹਾ ਕਰ ਦਿੱਤਾ। ਨਿਆਣੇ ਫੇਰ ਪਿਉ ਨੂੰ ਜਾ ਚਿੰਬੜੇ। ਇਕ ਪਿਛਲੇ ਪਾਸਿਓਂ ਗਲ਼ੇ ਵਿਚ ਬਾਹਾਂ ਪਾ ਕੇ ਝੂਲਣ ਲੱਗ ਪਿਆ, ਦੂਜਾ ਨਾਲ ਢੁੱਕ ਕੇ ਬੈਠ ਗਿਆ ਤੇ ਤੀਜੇ ਨੇ ਉਸਦੇ ਹੱਥੋਂ ਲਿਫ਼ਾਫ਼ਾ ਖੋਹ ਕੇ ਹੈਰਾਨੀ ਨਾਲ ਪੁੱਛਿਆ...:
“ਇਹ ਟਿਕਟਾਂ ਕਿਹੋ ਜਿਹੀਆਂ ਨੇ ਦਾਰ-ਜੀ?”
“ਇਹ ਪਾਕਿਸਤਾਨ ਦੀਆਂ ਨੇ ਪੁੱਤਰ!”
“ਪਾਕਿਸਤਾਨ ਕਿੱਥੇ ਕੁ ਏ ਦਾਰ-ਜੀ?”
“ਪਾਕਿਸਤਾਨ ਓਧਰ ਈ ਏ, ਜਿਧਰ ਤੇਰੇ ਨਾਨਾ ਜੀ ਰਹਿੰਦੇ ਨੇ—ਡੇਰਾ ਬਾਬਾ ਨਾਨਕ ਵੱਲ! ਉਥੋਂ ਬਸ ਥੋੜ੍ਹੀ ਕੁ ਦੂਰ ਰਹਿ ਜਾਂਦਾ ਏ। ਲਿਆ ਹੁਣ ਲਿਫ਼ਾਫ਼ਾ ਫੜਾ ਮੈਨੂੰ...ਤੇ ਮਨਜੀਤ ਤੂੰ ਇਹਨਾਂ ਸਾਰਿਆਂ ਨੂੰ ਬਾਹਰ ਲੈ ਜਾ! ਮੈਂ ਜ਼ਰਾ ਖ਼ਤ ਪੜ੍ਹ ਲਵਾਂ।”
“ਪਹਿਲਾਂ ਇਹ ਤਾਂ ਦੱਸੋ ਬਈ ਇਹ ਹੈ ਕਿਸਦਾ?”
“ਇਹ—ਦੇਖਦਾ ਆਂ ਹੁਣੇ। ਇਹ—” ਤੇ ਖ਼ਤ ਦੇ ਆਖ਼ਰ ਵਿਚ ਗੁਲਾਮ ਸਰਵਰ ਦਾ ਨਾਂ ਦੇਖ ਕੇ ਉਹ ਤ੍ਰਬਕ ਪਿਆ—'ਗੁਲਾਮ ਸਰਵਰ'! ਉਸਦੇ ਮੂੰਹੋਂ ਨਿਕਲਿਆ ਤੇ ਉਸਦੀਆਂ ਨਿਗਾਹਾਂ ਆਪਣੀ ਪਤਨੀ ਵੱਲ ਭੌਂ ਗਈਆਂ। ਗੁਲਾਮ ਸਰਵਰ ਦਾ ਨਾਂ ਸੁਣ ਕੇ ਉਹ ਵੀ ਤ੍ਰਬਕ ਗਈ ਸੀ ਤੇ ਦਾਲ ਇਕੱਠੀ ਕਰਨੀ ਛੱਡ ਕੇ ਗਰਦਨ ਭੁਆਂ ਕੇ ਉਸ ਵੱਲ ਦੇਖਣ ਲੱਗ ਪਈ ਸੀ।
“ਗੁਲਾਮ ਸਰਵਰ ਕੌਣ?” ਮਨਜੀਤ ਨੇ ਭਰਾ ਨੂੰ ਪਿਉ ਕੋਲੋਂ ਉਠਾ ਕੇ ਆਪ ਉੱਥੇ ਬੈਠਦਿਆਂ ਹੋਇਆਂ ਪੁੱਛਿਆ। “ਪਹਿਲਾਂ ਕਦੇ ਇਸਦਾ ਖ਼ਤ ਨਹੀਂ ਆਇਆ!”
“ਹਾਂ ਪਹਿਲਾਂ ਕਦੇ ਨਹੀਂ ਆਇਆ।” ਮੋਤਾ ਸਿੰਘ ਮਨ ਹੀ ਮਨ ਵਿਚ ਖ਼ਤ ਪੜ੍ਹਨ ਲੱਗ ਪਿਆ। ਉਹ ਦੋ-ਦੋ ਸੱਤਰਾਂ ਇਕੋ ਸਾਹ ਵਿਚ ਪੜ੍ਹਦਾ ਜਾ ਰਿਹਾ ਸੀ, ਪਰ ਉਸਦੀ ਸਮਝ ਵਿਚ ਨਹੀਂ ਸੀ ਆ ਰਿਹਾ ਗੁਲਾਮ ਸਰਵਰ ਨੇ ਉਸਨੂੰ ਏਨੇ ਚਿਰ ਬਾਅਦ ਯਾਦ ਕਿਵੇਂ ਕੀਤਾ ਸੀ? ਬਾਰਾਂ ਸਾਲਾਂ ਬਾਅਦ ਪਹਿਲੀ ਵਾਰੀ ਉਸਦੇ ਜਿਊਂਦੇ ਹੋਣ ਦਾ ਸਬੂਤ ਮਿਲਿਆ ਸੀ! ਪਹਿਲੀ ਵਾਰੀ ਉਸਨੇ ਉਸਦੀ ਸੁੱਖ-ਸਾਂਦ ਪੁੱਛੀ ਸੀ! ਉਸਨੇ ਤਾਂ ਇਹ ਸਮਝਿਆ ਹੋਇਆ ਸੀ ਕਿ ਸਰਵਰ ਹੁਣ ਜਿਊਂਦਾ ਨਹੀਂ ਹੋਏਗਾ।
ਜੇ ਬਚ ਗਿਆ ਸੀ ਤਾਂ ਆਖ਼ਰ ਹੈ ਤਾਂ ਮੁਸਲਮਾਨ ਹੀ ਸੀ—ਉਸਦੀ ਸੁੱਖ-ਸਾਂਦ ਕਿਉਂ ਪੁੱਛਦਾ?...ਉਹ ਉਸਦਾ ਕੀ ਲੱਗਦਾ ਸੀ? ਬਸ ਦੋ ਸਾਲ ਦੀ ਜਾਣ-ਪਛਾਣ ਸੀ ਉਹਨਾਂ ਦੀ! ਉਦੋਂ ਉਹ ਇਕੱਠੇ ਇਕੋ ਵਰਕਸ਼ਾਪ ਵਿਚ ਹੁੰਦੇ ਸਨ ਤੇ ਸਬੱਬ ਨਾਲ ਇਕੋ ਬੈਰਕ ਵਿਚ ਇਕ ਦੂਜੇ ਦੇ ਗੁਆਂਢੀ ਬਣ ਗਏ ਸਨ। ਸਿਰਫ ਦੋ ਸਾਲ ਦੀ ਜਾਣ-ਪਛਾਣ—ਤੇ ਹੁਣ ਤਾਂ ਸਮੇਂ ਦੇ ਇਸ ਨਿੱਕੇ ਜਿਹੇ ਟੁਕੜੇ ਉਪਰ ਬਾਰਾਂ ਸਾਲਾਂ ਦੀ ਧੂੜ ਦਾ ਬੜਾ ਵੱਡਾ ਤੇ ਉੱਚਾ ਢੇਰ ਲੱਗ ਚੁੱਕਿਆ ਸੀ। ਸਮੇਂ ਦੇ ਇਸ ਮਲਬੇ ਹੇਠ ਉਹਨਾਂ ਦੇ ਕਿੰਨੇ ਜੁੜਵਾਂ ਹਾਸੇ, ਸਾਂਝੇ ਮਜ਼ਾਕ ਤੇ ਅਣਗਿਣਤ ਯਾਦਾਂ ਦਫ਼ਨ ਹੋ ਕੇ ਮਰ-ਮੁੱਕ ਚੁੱਕੀਆਂ ਸਨ। ਸਮਾਂ ਉਸ ਤੇਜ਼ ਵਹਿੰਦੇ, ਡੂੰਘੇ ਦਰਿਆ ਵਰਗਾ ਹੁੰਦਾ ਹੈ ਜਿਹੜਾ ਵਾਰੀ-ਵਾਰੀ ਆਪਣੇ ਰਸਤੇ ਬਦਲਦਾ ਰਹਿੰਦਾ ਹੈ ਤੇ ਆਪਣੇ ਤੂਫ਼ਾਨੀ ਵਹਾਅ ਨਾਲ ਧਰਤੀ ਉਪਰ ਗੱਡੀਆਂ ਚਟਾਨਾਂ ਦੀਆਂ ਪਰਤਾਂ ਉਧੇੜ ਦਿੰਦਾ ਹੈ ਤੇ ਉਹਨਾਂ ਨੂੰ ਕਣ-ਕਣ ਕਰਕੇ ਕਿਸੇ ਡੂੰਘੀ ਸ਼ਾਂਤ ਝੀਲ ਦੀ ਹਿੱਕ ਉੱਤੇ ਵਿਛਾ ਦੇਂਦਾ ਹੈ...ਉਸ ਜਗ੍ਹਾ ਦਾ ਨਾਮੋ-ਨਿਸ਼ਾਨ ਤਕ ਮਿਟਾਅ ਦੇਂਦਾ ਹੈ; ਉਸ ਮਿੱਟੀ ਦੀ ਮਹਿਕ ਨੂੰ ਖ਼ਤਮ ਕਰ ਦੇਂਦਾ ਹੈ, ਉਸਦੇ ਗੀਤ ਮਰ ਜਾਂਦੇ ਨੇ। ਫੇਰ ਕਿਸੇ ਨੂੰ ਯਾਦ ਤਕ ਨਹੀਂ ਰਹਿੰਦਾ ਕਿ ਕਿੱਥੇ ਇਕ ਬਹੁਤ ਵੱਡੀ ਪਹਾੜੀ ਸੀ, ਕਿੱਥੇ ਕੋਈ ਉੱਚੀ ਇਮਾਰਤ, ਕਿੱਥੇ ਕੋਈ ਵੱਡਾ ਕਬਰਿਸਤਾਨ, ਕਿੱਥੇ ਕਿਸੇ ਫਕੀਰ ਦੀ ਕਬਰ ਜਾਂ ਕਿੱਥੇ ਕੋਈ ਵੱਡਾ ਮੈਦਾਨ ਸੀ?!? ਕਿੱਥੇ ਕੋਈ ਵਿਸ਼ਾਲ ਚਾਰਾਗਾਹ ਸੀ, ਜਿੱਥੇ ਦੂਰ ਨੇੜੇ ਦੇ ਪਿੰਡਾਂ ਦੇ ਲੋਕ ਆਪਣੇ ਪਸ਼ੂ ਚਰਾਉਂਦੇ ਹੁੰਦੇ ਸਨ, ਕਿੱਥੇ ਮੇਲੇ ਲੱਗਦੇ ਸਨ; ਕਿੱਥੇ ਲੋਕ ਨੱਚਦੇ ਤੇ ਗਾਉਂਦੇ ਹੁੰਦੇ ਸਨ?...ਸਭ ਕੁਝ ਪਾਣੀ ਹੇਠਲੀ ਧਰਤੀ ਵਾਂਗ ਅਲੋਪ ਹੋ ਜਾਂਦਾ ਹੈ ਤੇ ਉਸ ਧਰਤੀ ਦੀ ਹਿੱਕ ਉੱਤੇ ਹੋਰ ਮਣਾ ਮੂੰਹੀ ਰੇਤ ਆ ਕੇ ਵਿਛਦੀ ਰਹਿੰਦੀ ਹੈ।
ਖ਼ਤ ਪੜ੍ਹਦਿਆਂ ਹੋਇਆਂ ਮੋਤਾ ਸਿੰਘ ਦੀਆਂ ਅੱਖਾਂ ਸਿੱਜਲ ਹੋ ਗਈਆਂ ਸਨ। ਉਸਨੇ ਉਸਦਾ ਪਤਾ ਕਈ ਜਣਿਆ ਨੂੰ ਪੁੱਛਿਆ ਸੀ, ਕਈਆਂ ਨੂੰ ਖ਼ਤ ਲਿਖੇ ਸਨ—ਕਈਆਂ ਨੇ ਤਾਂ ਕੋਈ ਜਵਾਬ ਹੀ ਨਹੀਂ ਸੀ ਦਿੱਤਾ ਤੇ ਜਿਹਨਾਂ ਦੇ ਜਵਾਬ ਆਏ ਸਨ, ਉਹ ਮੋਤਾ ਸਿੰਘ ਦਾ ਪਤਾ ਨਹੀਂ ਸੀ ਜਾਣਦੇ। ਮੋਤਾ ਸਿੰਘ ਕਈ ਸਾਲ ਪਹਿਲਾਂ ਅੰਮ੍ਰਿਤਸਰੋਂ ਬਦਲੀ ਹੋ ਜਾਣ ਕਰਕੇ ਦਿੱਲੀ ਆ ਗਿਆ ਸੀ। ਕਿਸੇ ਨੂੰ ਉਸਦਾ ਪਤਾ ਆਸਾਨੀ ਨਾਲ ਮਿਲ ਵੀ ਕਿਵੇਂ ਸਕਦਾ ਸੀ! ਆਖ਼ਰ ਗੁਲਾਮ ਸਰਵਰ ਨੇ ਆਪਣੇ ਮੁਲਕ ਵਿਚ ਲੱਗੇ ਇਕ ਹਿੰਦੁਸਤਾਨੀ ਹਾਈ ਕਮਿਸ਼ਨਰ ਦੀ ਮਦਦ ਨਾਲ ਉਸਦਾ ਪਤਾ ਪ੍ਰਾਪਤ ਕਰ ਹੀ ਲਿਆ ਸੀ।...ਤੇ ਉਸਨੂੰ ਉਹ ਦਿਨ ਯਾਦ ਕਰਵਾਇਆ ਸੀ ਜਦੋਂ ਫਸਾਦਾਂ ਦੇ ਦਿਨਾਂ ਵਿਚ ਗੁਲਾਮ ਸਰਵਰ ਆਪਣੀ ਬੈਠਕ ਵਿਚ ਇਕੱਲਾ ਰਹਿੰਦਾ ਹੁੰਦਾ ਸੀ। ਉਸ ਦਿਨ ਉਸਦੇ ਬਚਣ ਦੀ ਕੋਈ ਉਮੀਦ ਨਹੀਂ ਸੀ...ਉਹ ਕੰਧਾਂ, ਕੋਠੇ ਟੱਪਦਾ ਹੋਇਆ ਮੋਤਾ ਸਿੰਘ ਕੇ ਘਰ ਆ ਪਹੁੰਚਿਆ ਸੀ। ਉਸਦੇ ਚਿਹਰੇ ਉੱਤੇ ਮੌਤ ਦੀ ਪੀਲਕ ਛਾਈ ਹੋਈ ਸੀ—ਕਿਸੇ ਵੀ ਪਲ ਉਸਦੇ ਜੀਵਨ ਦਾ ਅੰਤ ਹੋ ਸਕਦਾ ਸੀ। ਉਸਨੂੰ ਮਾਰਨ ਵਾਸਤੇ ਉਸਦੇ ਕਈ ਆਂਢੀ-ਗੁਆਂਢੀ ਉਸਨੂੰ ਲੱਭਦੇ ਫਿਰ ਰਹੇ ਸਨ। ਮੋਤਾ ਸਿੰਘ ਕੋਲ ਉਹ ਕਿਸੇ ਉਮੀਦ ਨਾਲ ਨਹੀਂ ਸੀ ਆਇਆ। ਉਸਦੀਆਂ ਸਾਰੀਆਂ ਉਮੀਦਾਂ ਖ਼ਤਮ ਹੋ ਚੁੱਕੀਆਂ ਸਨ। ਨਾ ਅੱਖਾਂ ਦੀ ਸ਼ਰਮ ਹੀ ਬਚੀ ਸੀ, ਨਾ ਦਿਲਾਂ ਦਾ ਮੋਹ। ਸਰਹੱਦ ਦੇ ਦੋਵੇਂ ਪਾਸੇ ਅਜੀਬ ਜਿਹੀ ਦੀਵਾਨਗੀ ਤੇ ਵਹਿਸ਼ਤ ਦਾ ਰਾਜ ਸੀ। ਨੰਗੀਆਂ ਤਲਵਾਰਾਂ, ਨੇਜੇ, ਖੰਡੇ ਚਾਰੇ ਪਾਸੇ ਨੰਗਾ ਨਾਲ ਕਰ ਰਹੇ ਸਨ—ਉਹ ਬਿਜਲੀ ਵਾਂਗ ਲਿਸ਼ਕਦੇ ਤੇ ਅੱਖ ਦੇ ਫੋਰੇ ਵਿਚ ਸਿਰ, ਧੜ ਨਾਲੋਂ ਵੱਖ ਕਰ ਦੇਂਦੇ। ਉਹ ਮੋਤਾ ਸਿੰਘ ਨੂੰ ਕੁਝ ਵੀ ਨਹੀਂ ਸੀ ਕਹਿ ਸਕਦਾ। ਉਹ ਚਾਹੁੰਦਾ ਤਾਂ ਸਰਵਰ ਦੇ ਟੋਟੇ-ਟੋਟੇ ਕਰਕੇ, ਆਪਣੇ ਭਰਾਵਾਂ ਦੇ ਕਤਲ ਤੇ ਭੈਣ ਦੇ ਅਗਵਾਹ ਦਾ ਬਦਲਾ ਲੈ ਸਕਦਾ ਸੀ।
ਜਦੋਂ ਉਸਨੇ ਕੰਧ ਨਾਲ ਲਮਕ ਕੇ ਹੇਠਾਂ ਛਾਲ ਮਾਰੀ ਸੀ, ਇਕ ਧਮਾਕਾ ਜਿਹਾ ਹੋਇਆ ਸੀ। ਮੋਤਾ ਸਿੰਘ ਉਦੋਂ ਆਪਣੀ ਰੋਂਦੀ ਹੋਈ ਨਿੱਕੀ ਕੁੜੀ ਨੂੰ ਹਿੱਕ ਨਾਲ ਲਾਈ ਬੈਠਾ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ—ਉਸਦੀ ਪਤਨੀ ਵਰਾਂਡੇ ਵਿਚ ਵੱਡੀ ਨੂੰ ਨਾਲ ਲਈ ਪਈ ਸੀ। ਉਹਨਾਂ ਸਮਝਿਆ ਲਗਾਤਾਰ ਮੀਂਹ ਪੈਣ ਕਰਕੇ ਕੰਧ ਦਾ ਕੋਈ ਹਿੱਸਾ ਡਿੱਗ ਪਿਆ ਹੈ, ਸ਼ਾਇਦ! ਮੋਤਾ ਸਿੰਘ ਨੇ ਵਿਹੜੇ ਵਿਚ ਜਾ ਕੇ ਦੇਖਿਆ, ਗੁਲਾਮ ਸਰਵਰ ਗੋਡਿਆਂ ਭਾਰ ਬੈਠਾ ਉਸ ਵੱਲ ਦੇਖ ਰਿਹਾ ਸੀ—ਉਸਦੀਆਂ ਅੱਖਾਂ ਮੌਤ ਦੇ ਸਹਿਮ ਨਾਲ ਪਾਟੀਆਂ ਹੋਈਆਂ ਸਨ, ਉਹਨਾਂ ਵਿਚ ਨਾ-ਉਮੀਦੀ ਅੱਟਕੀ ਹੋਈ ਸੀ। ਦੋਵਾਂ ਵਿਚੋਂ ਕੋਈ ਕੁਝ ਨਾ ਬੋਲਿਆ—ਬਸ, ਚੁੱਪਚਾਪ ਇਕ ਦੂਜੇ ਵੱਲ ਦੇਖਦੇ ਰਹੇ ਕਿ ਉਹ ਇਕ ਦੂਜੇ ਨੂੰ ਪਛਾਣਨ ਵਿਚ ਕੋਈ ਗ਼ਲਤੀ ਤਾਂ ਨਹੀਂ ਕਰ ਰਹੇ! ਇਸਦਾ ਕੋਈ ਕਾਰਨ ਵੀ ਨਹੀਂ ਸੀ...ਪਰ ਜ਼ਬਾਨਾਂ ਬੰਦ ਸਨ ਤੇ ਦਿਲ-ਦਿਮਾਗ਼ ਬੋਝਲ। ਕਿਸੇ ਨੂੰ ਕੁਝ ਕਹਿਣ-ਸੁਣਨ ਦੀ ਲੋੜ ਹੀ ਨਹੀਂ ਸੀ ਪਈ—ਦੋਵੇਂ ਇਕ ਦੂਜੇ ਦੇ ਦਿਲ ਦੀ ਜਾਣਦੇ ਸਨ, ਸਮਝ ਗਏ ਸਨ। ਕੁਝ ਚਿਰ ਬਾਅਦ ਬਾਹਰਲਾ ਦਰਵਾਜ਼ਾ ਖੜਕਾਇਆ ਜਾਣ ਲੱਗ ਪਿਆ। ਗੁਲਾਮ ਸਰਵਰ ਨੇ ਪਹਿਲਾਂ ਤ੍ਰਬਕ ਕੇ ਦਰਵਾਜ਼ੇ ਵੱਲ ਦੇਖਿਆ, ਫੇਰ ਮੋਤਾ ਸਿੰਘ ਵੱਲ ਤੇ ਫੇਰ ਹਊਕਾ ਜਿਹਾ ਲੈ ਕੇ ਨੀਵੀਂ ਪਾ ਲਈ—ਜੇ ਮੋਤਾ ਸਿੰਘ ਉਹਨੂੰ ਬਚਾਉਣਾ ਵੀ ਚਾਹੇ ਤਾਂ ਹੁਣ ਬਚਾਅ ਨਹੀਂ ਸਕੇਗਾ; ਫਸਾਦੀ ਉਸਦਾ ਦਰਵਾਜ਼ਾ ਤੋੜ ਕੇ ਅੰਦਰ ਵੜ ਆਉਣਾ ਚਾਹੁੰਦੇ ਸਨ। ਸ਼ਾਇਦ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਉਸਨੇ ਇਸ ਕੁਆਟਰ ਵਿਚ ਛਾਲ ਮਾਰੀ ਹੈ!
ਅਚਾਨਕ ਮੋਤਾ ਸਿੰਘ ਨੇ ਉਸਦੇ ਸਿਰ ਨੂੰ ਛੂਹਿਆ। ਉਸਦਾ ਮੋਢਾ ਹਲੂਣਿਆ ਤੇ ਉਸਨੂੰ ਬਾਹੋਂ ਫੜ੍ਹ ਕੇ ਘਸੀਟਦਾ ਹੋਇਆ, ਘਸੀਟ ਕੇ, ਅੰਦਰ ਵੱਲ ਲੈ ਤੁਰਿਆ, ਪਰ ਉਸ ਵਿਚ ਪੈਰੀਂ ਤੁਰਨ ਦੀ ਹਿੰਮਤ ਵੀ ਕਿੱਥੇ ਸੀ। ਗੋਡੇ ਉੱਤੇ ਸੱਟ ਵੱਜੀ ਹੋਣ ਕਰਕੇ ਡਿੱਕ-ਡੋਲੇ ਜਿਹੇ ਖਾ ਰਿਹਾ ਸੀ ਉਹ। ਮੋਤਾ ਸਿੰਘ ਨੂੰ ਗੁੱਸਾ ਆ ਗਿਆ ਸੀ। ਉਹ ਉਸਨੂੰ ਮਾਂ ਦੀ ਗਾਲ੍ਹ ਕੱਢ ਕੇ ਘਸੀਟਦਾ ਹੋਇਆ ਅੰਦਰ ਲੈ ਗਿਆ ਸੀ ਤੇ ਇਕ ਮੰਜੇ ਉੱਤੇ ਸੁੱਟ ਕੇ ਬੋਲਿਆ ਸੀ...:
“ਇੱਥੇ ਮਰ!”
ਤੇ ਕਾਹਲ ਨਾਲ ਕਮਰੇ ਵਿਚੋਂ ਇਕ ਰਜਾਈ ਲਿਆ ਕੇ ਉਸ ਉੱਤੇ ਪਾ ਦਿੱਤੀ ਸੀ। ਉਸੇ ਮੰਜੇ ਉੱਤੇ ਉਸਦੀ ਪਤਨੀ ਪਈ ਸੀ—ਉਹ ਭੁੜਕ ਕੇ ਉਠੀ, ਕੁੜੀ ਹੇਠਾਂ ਜਾ ਡਿੱਗੀ, ਉਹ ਕੜਕੀ...:
“ਇਹ ਕੀ ਕਰ ਰਹੇ ਓ?”
“ਤੂੰ ਬਕਵਾਸ ਬੰਦ ਕਰ, ਨਹੀਂ ਤਾਂ ਕਿਰਪਾਨ ਛਾਤੀ 'ਚੋਂ ਪਾਰ ਲੰਘਾ ਦਿਆਂਗਾ।”
ਤੇ ਮੋਤਾ ਸਿੰਘ ਸੱਚਮੁੱਚ ਕਿਰਪਾਨ ਫੜ੍ਹ ਕੇ ਉਸਦੇ ਸਿਰਹਾਣੇ ਆ ਖੜ੍ਹਾ ਹੋਇਆ ਸੀ। ਕੁੜੀ ਭੁੰਜੇ ਪਈ ਉੱਚੀ-ਉੱਚੀ ਰੋ ਰਹੀ ਸੀ।
“ਖ਼ਬਰਦਾਰ ਜੇ ਸਾਹ ਕੱਢਿਆ, ਇਕ ਦੂਜੇ ਨਾਲ ਲੱਗੇ ਪਏ ਰਹੋ ਦੋਵੇਂ। ਕਿਸ ਨੂੰ ਸ਼ੱਕ ਨਾ ਹੋਏ, ਦੋ ਜਣੇ ਪਏ ਨੇ।”
ਸੁਣ ਕੇ ਗੁਲਾਮ ਸਰਵਰ ਤੇ ਮੋਤਾ ਸਿੰਘ ਦੀ ਪਤਨੀ ਦਾ ਸਾਹ ਸੁੱਕ ਗਿਆ ਸੀ—ਦੋਵੇਂ ਅਹਿੱਲ-ਅਡੋਲ ਤੇ ਸੁੰਨ ਜਿਹੇ ਹੋਏ ਪਏ ਰਹੇ ਸਨ। ਰਜ਼ਾਈ ਦੇ ਬਾਹਰ ਸਿਰਫ ਮੋਤਾ ਸਿੰਘ ਦੀ ਪਤਨੀ ਦਾ ਚਿਹਰਾ ਸੀ। ਉਹ ਅੱਖਾਂ ਪਾੜ-ਪਾੜ ਕੇ ਉਸ ਵੱਲ ਦੇਖ ਰਹੀ ਸੀ, ਜਿਵੇਂ ਉਹ ਪਾਗਲ ਹੋ ਗਿਆ ਹੋਏ!
ਉਸੇ ਵੇਲੇ ਕਈ ਜਣੇ ਕੰਧਾਂ ਟੱਪ ਕੇ ਅੰਦਰ ਆ ਵੜੇ ਸਨ ਤੇ ਦਰਵਾਜ਼ਾ ਖੋਲ੍ਹ ਕੇ ਉਹਨਾਂ ਨੇ ਬਾਹਰਲਿਆਂ ਨੂੰ ਵੀ ਅੰਦਰ ਵਾੜ ਲਿਆ ਸੀ। ਵਿਹੜੇ ਵਿਚ ਤਿਲ ਸੁੱਟਣ ਦੀ ਜਗ੍ਹਾ ਨਹੀਂ ਸੀ ਰਹੀ। ਹਰੇਕ ਆਦਮੀ ਦੇ ਹੱਥ ਵਿਚ ਕੋਈ ਨਾ ਕੋਈ ਹਥਿਆਰ ਸੀ। ਹਰੇਕ ਗੁਲਾਮ ਸਰਵਰ ਦੇ ਖ਼ੂਨ ਦਾ ਪਿਆਸਾ ਦਿਸਦਾ ਸੀ। ਪਰ ਗੁਲਾਮ ਸਰਵਰ ਉੱਥੇ ਸੀ ਕਿੱਥੇ? ਉਹਨਾਂ ਨੇ ਘਰ ਦਾ ਕੋਨਾ ਕੋਨਾ ਛਾਣ ਮਾਰਿਆ—ਫੇਰ ਹੈਰਾਨ-ਪ੍ਰੇਸ਼ਾਨ ਤੇ ਨਿਰਾਸ਼ ਜਿਹੇ ਹੋ ਕੇ ਉੱਥੋਂ ਚਲੇ ਗਏ। ਗੁਲਾਮ ਸਰਵਰ ਨੇ ਲਿਖਿਆ ਸੀ...:
'...ਅੱਜ ਵੀ ਉਹਨਾਂ ਪਲਾਂ ਦੀ ਯਾਦ ਆਉਂਦੀ ਹੈ ਤਾਂ ਮੇਰੇ ਸਾਹ ਉਸੇ ਤਰ੍ਹਾਂ ਖ਼ੁਸ਼ਕ ਹੋ ਜਾਂਦੇ ਨੇ। ਖ਼ੁਦਾ ਦੀ ਸੌਂਹ! ਤੂੰ ਉਹ ਕੁਰਬਾਨੀ ਕੀਤੀ ਸੀ, ਜਿਹੜੀ ਘੱਟੋਘੱਟ ਮੈਂ ਓਹੋ ਜਿਹੇ ਹਾਲਾਤ ਵਿਚ ਵੀ ਨਹੀਂ ਸਾਂ ਕਰ ਸਕਦਾ। ਮੇਰਾ ਸਿਰ ਤੁਹਾਡੇ ਦੋਵਾਂ ਅੱਗੇ ਹਮੇਸ਼ਾ ਲਈ ਝੁਕਦਾ ਰਹੇਗਾ। ਮੈਂ ਅਜਮੇਰ ਸ਼ਰੀਫ਼ ਵਿਚ ਚਿਸ਼ਤੀ ਵਾਲੇ ਖਵਾਜਾ ਦੇ ਮੇਲੇ ਵਿਚ ਸ਼ਾਮਲ ਹੋਣ ਆ ਰਿਹਾ ਹਾਂ, ਇਸੇ ਮਹੀਨੇ ਦੀ ਪੰਦਰਾਂ ਤਾਰੀਖ਼ ਨੂੰ ਫਰੰਟੀਅਲ ਮੇਲ ਰਾਹੀਂ ਦਿੱਲੀ ਪਹੁੰਚਾਂਗਾ। ਇਕ ਦਿਨ ਤੁਹਾਡੇ ਨਾਲ ਵੀ ਬਿਤਾਵਾਂਗਾ। ਤੂੰ ਮੈਨੂੰ ਸਟੇਸ਼ਨ ਉਪਰ ਮਿਲੀਂ—ਖ਼ੁਦਾ ਜਾਣਦਾ ਏ, ਮੈਂ ਤੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ—ਮਿਲਾਂਗਾ ਤਾਂ ਸਾਂਝੀਆਂ ਕਰਾਂਗਾ। ਹੁਣ ਤਾਂ ਸੁੱਖ ਨਾਲ ਦੋਵੇਂ ਗੁੱਡੀਆਂ ਵੀ ਸਿਆਣੀਆਂ ਹੋ ਗਈਆਂ ਹੋਣੀਆਂ ਨੇ ਤੇਰੀਆਂ—ਹੋ ਸਕਦਾ ਏ, ਵਿਆਹ ਵੀ ਦਿੱਤੀਆਂ ਹੋਣ। ਹੋਰ ਬਾਲ-ਬੱਚੇ ਵੀ ਹੋਣੇ ਨੇ—ਉਹਨਾਂ ਨੂੰ ਮੇਰਾ ਵੱਖਰਾ-ਵੱਖਰਾ ਪਿਆਰ ਦੇਵੀਂ। ਭਾਬੀ ਸਾਹਿਬਾ ਦੀ ਖ਼ਿਦਮਤ ਵਿਚ ਮੇਰਾ ਸਲਾਮ ਅਰਜ਼ ਹੈ। ਮੇਰੇ ਵੀ ਚਾਰ ਨਿਆਣੇ ਨੇ—ਸੁੱਖ ਨਾਲ ਵੱਡੇ-ਵੱਡੇ ਨੇ। ਪੜ੍ਹਦੇ ਨੇ। ਮਿਲ ਕੇ ਸਭਨਾਂ ਦਾ ਹਾਲਚਾਲ ਦੱਸਾਂਗਾ। ਮਿਲੀਂ ਜ਼ਰੂਰ। ਵਰਨਾ ਤੇਰਾ ਘਰ ਲੱਭਣ ਵਿਚ ਮੈਨੂੰ ਬੜੀ ਪ੍ਰੇਸ਼ਾਨੀ ਹੋਏਗੀ।
ਤੇਰਾ—
ਗੁਲਾਮ ਸਰਵਰ
ਮਿਸਤਰੀ (ਫਿੱਟਰ) ਗਰੇਡ ਅਵੱਲ ਮਸ਼ੀਨ ਸ਼ਾਪ,
ਲੋਕੋ ਮੁਗਲਪੁਰਾ ,
ਐਨ.ਡਬਲਿਊ ਆਰ, ਪੱਛਮੀ ਪਾਕਿਸਤਾਨ।'
ਖ਼ਤ ਖ਼ਤਮ ਹੋ ਚੁੱਕਿਆ ਸੀ। ਉਸਨੇ ਉਸਨੂੰ ਤੈਹ ਕਰਕੇ ਲਿਫ਼ਾਫ਼ੇ ਵਿਚ ਵੀ ਪਾ ਦਿੱਤਾ ਸੀ, ਪਰ ਆਪ ਸੋਚਾਂ ਵਿਚ ਗਵਾਚ ਗਿਆ ਸੀ। ਕਿਸੇ ਗੁੱਝੀ ਚਿੰਤਾ ਕਾਰਨ ਉਸਦੇ ਚਿਹਰੇ ਦੀ ਢਿੱਲੀ-ਢਿੱਲੀ ਚਮੜੀ ਵੀ ਤਣ ਗਈ ਸੀ।
ਉਸਦੀ ਪਤਨੀ ਦੋਵਾਂ ਹੱਥਾਂ ਵਿਚ ਦਾਲ ਦਾ ਭਰਿਆ ਛੱਜ ਚੁੱਕੀ ਉਸਦੇ ਕੋਲ ਆ ਖੜ੍ਹੀ ਹੋਈ। ਸਲਵਾਰ, ਕਮੀਜ਼ ਤੇ ਦੁੱਪੜੇ ਨਾਲ ਢਕੀ, ਹੱਡੀਆਂ ਦੀ ਮੁੱਠ ਦੇਹ, ਰੁੱਖੇ-ਰੁੱਖੇ ਕਾਲੇ ਵਾਲ ਜਿਹੜੇ ਆਪਣੀ ਚਮਕ ਗੰਵਾਅ ਚੁੱਕੇ ਸਨ—ਚਿਹਰੇ ਉੱਤੇ ਪੀਲਕ ਜਿਹੀ ਫਿਰੀ ਹੋਈ ਸੀ। ਉਸਨੇ ਪੁੱਛਿਆ...:
“ਇਹ ਉਹੀ ਗੁਲਾਮ ਸਰਵਰ ਹੈ ਨਾ, ਜਿਹੜਾ ਅੰਮ੍ਰਿਤਸਰ ਵਿਚ ਸਾਡੀ ਬਾਰਕ ਵਿਚ ਰਹਿੰਦਾ ਹੁੰਦਾ ਸੀ?” ਮੋਤਾ ਸਿੰਘ ਨੇ ਪਤਨੀ ਵੱਲ ਘੂਰ ਕੇ ਦੇਖਿਆ—ਫੇਰ ਉਹਨਾਂ ਅੱਖਾਂ ਵਿਚ ਇਕ ਅਜੀਬ ਜਿਹਾ ਭੈ ਦਿਸਿਆ, ਤੇ ਫੇਰ ਉਹ ਭੈ, ਕੁਰਖ਼ਤੀ ਤੇ ਨਫ਼ਰਤ ਵਿਚ ਬਦਲ ਗਿਆ ਤੇ ਉਸਨੇ ਜਵਾਬ ਦਿੱਤਾ...:
“ਹਾਂ—”
“ਕੀ ਲਿਖਿਆ ਏ ਉਸਨੇ?” ਉਸਦੀ ਪਤਨੀ ਨੇ ਫੇਰ ਪੁੱਛਿਆ।
“ਉਹ ਅਜਮੇਰ ਸ਼ਰੀਫ਼ ਦੇ ਮੇਲੇ ਵਿਚ ਆ ਰਿਹੈ। ਲਿਖਦਾ ਏ ਤੁਹਾਡੇ ਘਰੇ ਵੀ ਆਵਾਂਗਾ, ਮਿਲਣ। ਪਰ ਮੈਂ ਉਸਨੂੰ ਇੱਥੇ ਨਹੀਂ ਲਿਆਵਾਂਗਾ।”
“ਕਿਉਂ?” ਅਚਾਨਕ ਉਸਦੀ ਪਤਨੀ ਨੇ ਛੱਜ ਹੇਠਾਂ ਰੱਖ ਦਿੱਤਾ ਤੇ ਦੁੱਪਟੇ ਦੇ ਪੱਲੇ ਨੂੰ ਦੋਵਾਂ ਹੱਥਾਂ ਵਿਚ ਫੜ ਕੇ ਇੰਜ ਮਰੋੜਨ ਲੱਗ ਪਈ, ਜਿਵੇਂ ਕਿਸੇ ਦੀ ਗਰਦਨ ਮਰੋੜ ਰਹੀ ਹੋਏ। ਫੇਰ ਕਰੜ ਕੇ ਬੋਲੀ...:
“ਕਿਉਂ ਉਸਨੂੰ ਏਥੇ ਕਿਉਂ ਨਹੀਂ ਲਿਆਓਗੇ?”
“ਮਾਂ, ਕੀ ਹੋ ਗਿਐ ਤੈ—” ਮਨਜੀਤ ਘਬਰਾ ਕੇ ਪਰ੍ਹੇ ਹਟ ਗਈ। ਮੋਤਾ ਸਿੰਘ ਵੀ ਘਬਰਾ ਕੇ ਮੰਜੇ ਤੋਂ ਉਠ ਖੜ੍ਹਾ ਹੋਇਆ, ਜਿਵੇਂ ਉਹ ਪਾਗਲ ਹੋ ਗਈ ਹੋਏ।
“ਮਨਜੀਤ ਦੀ ਮਾਂ! ਮੈਂ ਉਸਨੂੰ ਮਿਲਾਂਗਾ ਵੀ ਨਹੀਂ...ਉਸਦੇ ਸਾਹਮਣੇ ਜਾਂਦਿਆਂ ਹੋਇਆਂ, ਸ਼ਰਮ ਜਿਹੀ ਆਉਂਦੀ ਏ ਮੈਨੂੰ!”
ਉਹ ਬਿੱਫਰ ਗਈ ਤੇ ਉਸਨੇ ਆਪਣੇ ਪਤੀ ਨੂੰ ਗਲ਼ੋਂ ਫੜ੍ਹ ਲਿਆ।
“ਤੈਨੂੰ ਸ਼ਰਮ ਆਉਂਦੀ ਏ? ਅੱਜ ਤੈਨੂੰ ਸ਼ਰਮ ਆਉਂਦੀ ਏ—ਜਦੋਂ ਮੈਂ ਬੁੱਢੀ ਹੋ ਗਈ ਆਂ!...ਬਾਰਾਂ ਸਾਲ ਪਹਿਲਾਂ ਸ਼ਰਮ ਨਹੀਂ ਆਈ ਸੀ ਤੈਨੂੰ, ਉਦੋਂ ਤਾਂ ਤੂੰ ਮੇਰੀ ਛਾਤੀ 'ਤੇ ਕਿਰਪਾਨ ਰੱਖ ਕੇ ਮੈਨੂੰ ਚੁੱਪ ਕਰਾ ਦਿੱਤਾ ਸੀ। ਮੈਂ ਆਪਣੇ ਦਿਲ ਦੇ ਫੱਟ ਨੂੰ ਅੱਜ ਤਕ ਨਹੀਂ ਭੁੱਲ ਸਕੀ। ਤੈਨੂੰ ਵੀ ਉਹ ਫੱਟ ਨਜ਼ਰ ਨਹੀਂ ਆਇਆ ਕਦੀ—ਆਉਂਦਾ ਵੀ ਕਿਵੇਂ! ਇਹ ਕਰਮਾਂ ਸੜੀ ਮੈਂ ਹੀ ਆਂ, ਜਿਹੜੀ ਅੱਜ ਤਕ ਚੁੱਪਚਾਪ ਰੋ-ਰੋ ਤੇ ਸਿਸਕ-ਸਿਸਕ ਕੇ ਉਸ ਫੱਟ ਦੀ ਪੀੜ ਝੱਲਦੀ ਰਹੀ। ਮੈਂ ਉਸੇ ਦਿਨ ਮਰ ਜਾਂਦੀ, ਉਸੇ ਵੇਲੇ ਜਾਨ ਦੇ ਦੇਂਦੀ—ਪਰ ਤੂੰ ਮੈਨੂੰ ਮਰਨ ਵੀ ਨਹੀਂ ਦਿੱਤਾ। ਤੂੰ ਮੈਨੂੰ ਦਿਲਾਸਾ ਦਿੱਤਾ, ਯਕੀਨ ਦਿਵਾਇਆ—ਇਸ ਗੱਲ ਨੂੰ ਕਦੀ ਯਾਦ ਨਹੀਂ ਕਰੇਂਗਾ, ਕਦੀ ਨਫ਼ਰਤ ਨਹੀਂ ਕਰੇਂਗਾ, ਕਦੀ ਮਿਹਣਾ ਨਹੀਂ ਦਏਂਗਾ। ਅੱਜ ਤੈਨੂੰ ਉਸ ਨਾਲ ਮਿਲਦਿਆਂ ਸ਼ਰਮ ਆ ਰਹੀ ਏ? ਤੈਨੂੰ ਇਹ ਓਦੋਂ ਕਿਉਂ ਨਹੀਂ ਆਈ—? ਮੇਰੀ ਵੀ ਕੋਈ ਸ਼ਰਮ ਏ! ਮੇਰੀ ਵੀ ਕੋਈ ਇੱਜ਼ਤ ਏ! ਮੇਰਾ ਜਖ਼ਮ ਅੱਜ ਫੇਰ ਉੱਚੜ ਗਿਆ ਏ...ਅੱਜ ਮੇਰੀ ਇੱਜ਼ਤ ਮਿੱਟੀ ਵਿਚ ਮਿਲ ਗਈ ਏ—”
ਕਹਿੰਦੀ ਹੋਈ ਉਹ ਉੱਚੀ-ਉੱਚੀ ਰੋਣ ਲੱਗ ਪਈ, ਦੋਵਾਂ ਹੱਥਾਂ ਨਾਲ ਆਪਣੀ ਛਾਤੀ ਪਿੱਟਣ ਲੱਗੀ ਤੇ ਫੇਰ ਹੇਠਾਂ ਬੈਠ ਕੇ ਸਿਰ ਫਰਸ਼ ਉੱਤੇ ਮਾਰਨ ਲੱਗ ਪਈ।
(ਅਨੁਵਾਦ : ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਰਾਮ ਲਾਲ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ