Kartar Singh Duggal Nu Yaad Kardian : Gulzar Singh Sandhu
ਕਰਤਾਰ ਸਿੰਘ ਦੁੱਗਲ ਨੂੰ ਯਾਦ ਕਰਦਿਆਂ : ਗੁਲਜ਼ਾਰ ਸਿੰਘ ਸੰਧੂ
ਕਰਤਾਰ ਸਿੰਘ ਦੁੱਗਲ ਇੰਨਾ ਸੁਹਣਾ ਦਿਸਦਾ ਨਹੀਂ ਸੀ ਜਿੰਨਾ ਉਹ ਅੰਦਰੋਂ ਬਾਹਰੋਂ ਹਕੀਕਤ ਵਿੱਚ ਹੈ ਸੀ। ਉਸ ਦਾ ਨੱਕ ਚੌੜਾ, ਅੱਖਾਂ ਦੇ ਝਿੰਮਣ ਕੱਚੇ ਵੱਢ ਦੀ ਸਵੇਰ ਵਰਗੇ, ਦਾੜ੍ਹੀ ਛਿਦਰੀ ਤੇ ਪਗੜੀ ਸੋਧਵਾਦੀ। ਉਸ ਦਾ ਸੁਹੱਪਣ ਗਰਦਣ ਤੋਂ ਸ਼ੁਰੂ ਹੁੰਦਾ ਤੇ ਪੈਰਾਂ ’ਤੇ ਨਹੁੰਆਂ ਤੱਕ ਜਾਂਦਾ। ਉਹ ਆਪਣੇ ਸਰੀਰ ਨੂੰ ਸੁਬਕ ਅਤੇ ਛਬੀਲਾ ਰਖਦਾ ਹੋਇਆ ਵੀ ਪੂਰੀ ਤਰ੍ਹਾਂ ਕੱਜ ਕੇ ਰੱਖਦਾ। ਕੁੜਤਾ ਪਜਾਮਾ ਤੇ ਜੈਕਟ ਹੋਵੇ ਜਾਂ ਪੈਂਟ ਕੋਟ ਨਕਨਾਈ,ਇਨ੍ਹਾਂ ਦੇ ਰੰਗ ਰਲਵੇਂ, ਮਿਲਵੇਂ ਅਤੇ ਸਾਵੇਂ ਹੁੰਦੇ। ਕੁਝ ਇਸੇ ਤਰ੍ਹਾਂ ਜਿਵੇਂ ਇਹ ਰੰਗ ਉਸ ਦੇ ਦਿਲ ਨਾਲ ਮੇਲ ਖਾਂਦੇ ਹੋਣ ਤੇ ਸਵੈਮਾਣ ਨਾਲ ਵੀ। ਸਭ ਕੁਝ ਚੰਗਾ ਚੰਗਾ ਲੱਗਣ ਲਗਦਾ। ਅਨੇਕ ਰੰਗਾਂ ਦਾ ਮੇਲ ਮਿਲਾ ਕੇ ਉਹ ਆਪਣੇ ਸਵੈਮਾਨ ਨੂੰ ਪ੍ਰਵਾਨਗੀ ਦੁਆ ਲੈਂਦਾ।
ਕਰਤਾਰ ਸਿੰਘ ਦੁੱਗਲ ਨਾਲ ਮੇਰੀ ਮੁੱਢਲੀ ਜਾਣ ਪਛਾਣ ਉਸਦੀਆਂ ਕਹਾਣੀਆਂ ਰਾਹੀਂ ਹੋਈ। ਇਨ੍ਹਾਂ ਕਹਾਣੀਆਂ ਦੇ ਪਾਤਰਾਂ, ਰੇਲ ਗੱਡੀਆਂ, ਰੇਲਵੇ ਸਟੇਸ਼ਨਾਂ ਅਤੇ ਡੰਗਰਾਂ ਦੀ ਨੁਹਾਰ ਮੇਰੇ ਨਾਨਕੇ (ਮਾਲਵਾ) ਅਤੇ ਦਾਦਕੇ (ਦੁਆਬਾ) ਦੇ ਮਾਲ ਅਸਬਾਬ ਨਾਲੋਂ ਭਿੰਨ ਸੀ। ਭਾਸ਼ਾ ਪੋਠੋਹਾਰ ਪੁੱਠ ਵਾਲੀ। ਝਨਾਂ ਦੇ ਪਾਣੀਆਂ ਵਿੱਚ ਭਿੱਜੀ ਹੋਈ। ਇਹ ਪਤਾ ਲੱਗਣ ਉੱਤੇ ਕਿ ਕਰਤਾਰ ਸਿੰਘ ਦੁੱਗਲ ਵੀ ਕਵੀ ਮੋਹਨ ਸਿੰਘ ਦੇ ਪਿੰਡ ਧਮਿਆਲ ਦਾ ਜੰਮਪਲ ਹੈ ਮੇਰੇ ਪਾਠਕ ਮਨ ਵਿਚ ਅੰਬੀ ਦੇ ਬੂਟਿਆਂ ਅਤੇ ਵੱਢ ਦੀਆਂ ਸਵੇਰਾਂ ਵੇਖਣ ਦੀ ਲੋਚਾ ਪੈਦਾ ਹੋ ਜਾਂਦੀ।
ਇਹ ਗੱਲ 1950 ਦੀ ਹੈ ਜਦੋਂ ਮੈਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਮਾਹਿਲਪੁਰ ਵਿੱਚ ਨਵੇਂ-ਨਵੇਂ ਹੋਂਦ ਵਿੱਚ ਆਏ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਿਜ ਦਾ ਵਿਦਿਆਰਥੀ ਸਾਂ। ਉਦੋਂ ਤਕ ਮੈਂ ਸੰਤਾਲੀ ਦੀ ਵੰਡ ਤੋਂ ਪਿੱਛੋਂ ਏਧਰਲੇ ਹਿੰਦੂ-ਸਿੱਖ ਲੁਟੇਰਿਆਂ ਵੱਲੋਂ ਪਾਕਿਸਤਾਨ ਨੂੰ ਹਿਜਰਤ ਕਰ ਰਹੇ ਮੁਸਲਮ ਪਰਿਵਾਰਾਂ ਉੱਤੇ ਢਾਹੇ ਜ਼ੁਲਮ ਅਤੇ ਸਿਤਮ ਦੇਖ ਚੁੱਕਾ ਸਾਂ। ਪਾਕਿਸਤਾਨ ਦੇ ਮੁਸਲਮਾਨ ਸਾਡੇ ਬਾਰੇ ਕੀ ਸੋਚਦੇ ਹੋਣਗੇ, ਇਸ ਬਾਰੇ ਮੈਨੂੰ ਕੋਈ ਭੁਲੇਖਾ ਨਹੀਂ ਸੀ। ਓਧਰਲੇ ਹਿੰਦੂ ਅਤੇ ਸਿੱਖ ਕਿਹੜੇ ਹਾਲੀਂ ਏਧਰ ਆਏ, ਇਸ ਬਾਰੇ ਵੀ ਮੈਨੂੰ ਚੋਖੀ ਜਾਣਕਾਰੀ ਸੀ। ਓਧਰਲੇ ਸਰਗੋਧਾ ਅਤੇ ਜਿਹਲਮ ਤੋਂ ਆਏ ਸ਼ਰਨਾਰਥੀ ਪਰਿਵਾਰਾਂ ਨੂੰ ਮੈਂ ਆਪਣੀ ਮਾਸੀ ਦੇ ਇਲਾਕੇ ਡੇਰਾ ਬਸੀ ਅਤੇ ਮੁਬਾਰਕਪੁਰ (ਅੰਬਾਲਾ) ਦੇ ਰੇਲਵੇ ਸਟੇਸ਼ਨਾਂ ਅਤੇ ਸੁੰਢਰਾਂ, ਖੇੜੀ ਅਤੇ ਭੰਖਰਪੁਰ ਦੇ ਪਿੰਡਾਂ ਵਿੱਚ ਰੇੜ੍ਹੀਆਂ ਲਾ ਕੇ ਤੇ ਡਿੱਗੀਆਂ ਬੰਨ੍ਹ ਕੇ ਨਿੱਕਾ-ਮੋਟਾ ਕੱਪੜਾ-ਲੀੜਾ ਅਤੇ ਗਹਿਣਾ-ਗੱਟਾ ਵੇਚ ਕੇ ਗੁਜ਼ਾਰਾ ਕਰਦੇ ਵੇਖ ਚੁੱਕਿਆ ਸਾਂ।
ਉੱਚੀ ਧੋਤੀ ਅਤੇ ਕਾਲਰ ਵਾਲਾ ਕੁੜਤਾ ਪਹਿਨੀ ਫਿਰਦੀਆਂ ਔਰਤਾਂ ਅਤੇ ਬੱਚਿਆਂ ਦੀ ਬੇਚਾਰਗੀ ਉਨ੍ਹਾਂ ਦੇ ਗੋਰੇ ਰੰਗ ਦੇ ਨੈਣ ਨਕਸ਼ਾਂ ਨੂੰ ਮੋਹ ਲੈਣ ਵਾਲੀ ਸੁੰਦਰਤਾ ਪ੍ਰਦਾਨ ਕਰਦੀ ਸੀ। ਓਧਰੋਂ ਆਏ ਸ਼ਰਨਾਰਥੀਆਂ ਨੇ ਏਧਰ ਦੀਆਂ ਵੱਢਾਂ ਤੇ ਸਵੇਰਾਂ ਨੂੰ ਪੋਠੋਹਾਰੀ ਤੇ ਝਾਂਗੀ ਬਣਾ ਛੱਡਿਆ ਸੀ। ਘੱਗਰ ਦਾ ਪਾਣੀ ਝਨਾ ਵਰਗਾ ਜਾਪਣ ਲੱਗਿਆ, ਮੁਬਾਰਕਪੁਰ ਦਾ ਰੇਲਵੇ ਸਟੇਸ਼ਨ ਉਸ ਸਟੇਸ਼ਨ ਵਰਗਾ ਜਿਹੜਾ ਦੁੱਗਲ ਦੀ ਇੱਕ ਕਹਾਣੀ ‘ਗੱਡੀ ਤੁਰ ਗਈ’ ਵਿੱਚ ਦਿਖਾਇਆ ਸੀ। ਅੰਬੀ ਦੇ ਬੂਟਿਆਂ ਦਾ ਮੇਰੇ ਜੱਦੀ ਜ਼ਿਲ੍ਹੇ ਹੁਸ਼ਿਆਰਪੁਰ ਵਿਚ ਵੀ ਅੰਤ ਨਹੀਂ ਸੀ ਤੇ ਮਾਸੀ ਦੇ ਜ਼ਿਲ੍ਹੇ ਅੰਬਾਲੇ ਵਿਚ ਵੀ।
ਦੁੱਗਲ ਨਾਲ ਮੇਰੀ ਪਹਿਲੀ ਮੁਲਾਕਾਤ ਉਸ ਦੇ ਆਕਾਸ਼ਵਾਣੀ ਵਾਲੇ ਦਫਤਰ ਵਿੱਚ ਹੋਈ, ਨਵੀਂ ਦਿੱਲੀ ਵਿੱਚ। ਉਹ ਦੱਖਣੀ ਭਾਰਤ ਦੇ ਕਿਸੇ ਵੱਡੇ ਰੇਡੀਓ ਸਟੇਸ਼ਨ ਦਾ ਡਾਇਰੈਕਟਰ ਰਹਿ ਕੇ ਦਿੱਲੀ ਆਇਆ ਸੀ। ਉਸਦੀਆਂ ਕਹਾਣੀਆਂ ਦੇ ਇੱਕ ਦਰਜਨ ਸੰਗ੍ਰਹਿ ਛਪ ਚੁੱਕੇ ਸਨ ਤੇ ਇਨ੍ਹਾਂ ਤੋਂ ਬਿਨਾਂ ਮੈਂ ਉਸਦਾ ਇੱਕ ਨਾਵਲ ਤੇ ਮਹਿੰਦਰ ਸਿੰਘ ਰੰਧਾਵਾ ਵੱਲੋਂ ਸੰਪਾਦਤ ਲੋਕ ਗੀਤਾਂ ਦੀਆਂ ਪੁਸਤਕਾਂ ਦੇ ਮੁੱਖਬੰਦ ਪੜ੍ਹ ਚੁੱਕਿਆ ਸਾਂ। ਇੱਕ ਮੁੱਖਬੰਦ ਵਿੱਚ ਉਸਨੇ ਬਹੁਤ ਥੋੜ੍ਹੇ ਸ਼ਬਦਾਂ ਵਿਚ ਡਾਕਟਰ ਰੰਧਾਵਾ ਦੀ ਸ਼ਖ਼ਸੀਅਤ, ਕੰਮ ਕਰਨ ਦੇ ਅੰਦਾਜ਼ ਅਤੇ ਵਕਤ ਦੀ ਪਾਬੰਦੀ ਦਾ ਜਿਹੜਾ ਖੂਬਸੂਰਤ ਚਿੱਤਰ ਖਿੱਚਿਆ ਸੀ, ਉਸਨੇ ਮੈਨੂੰ ਅਤਿਅੰਤ ਪ੍ਰਭਾਵਤ ਕੀਤਾ ਸੀ। ਪਹਿਲੀ ਮਿਲਣੀ ਦੀਆਂ ਗੱਲਾਂ ਕੁੱਝ ਇਨ੍ਹਾਂ ਹੀ ਵਿਸ਼ਿਆਂ ਦੁਆਲੇ ਘੁੰਮਦੀਆਂ ਰਹੀਆਂ। ਇਹ ਗੱਲ ਤਾਂ ਉਸਨੇ ਸ਼ੁਰੂ ਵਿੱਚ ਹੀ ਦੱਸ ਦਿੱਤੀ ਸੀ ਕਿ ਉਸਨੇ ਮੇਰੀਆਂ ਕਹਾਣੀਆਂ ਬੜੇ ਧਿਆਨ ਨਾਲ ਪੜ੍ਹੀਆਂ ਸਨ ਤੇ ਉਹ ਮੈਨੂੰ ਤੇ ਰਵਿੰਦਰ ਰਵੀ ਨੂੰ ਆਪਣੇ ਤੋਂ ਅਗਲੀ ਪੀੜ੍ਹੀ ਦੇ ਚੰਗੇ ਕਹਾਣੀਕਾਰਾਂ ਵਿਚ ਗਿਣਦਾ ਸੀ।
ਆਪਣੀ ਪਹਿਲੀ ਮਿਲਣੀ ਤਕ ਮੈਂ ਕਰਤਾਰ ਸਿੰਘ ਦੁੱਗਲ ਨੂੰ ਕਹਾਣੀਕਾਰ ਦੇ ਤੌਰ ’ਤੇ ਹੀ ਜਾਣਦਾ ਸਾਂ। ਉਸਦੀਆਂ ਕਵਿਤਾਵਾਂ, ਇਕਾਂਗੀ ਅਤੇ ਨਾਟਕ ਮੈਨੂੰ ਆਮ ਜਿਹੇ ਲੱਗੇ ਸਨ, ਜਿਵੇਂ ਕਿਸੇ ਦੀ ਬੇਨਤੀ ਉੱਤੇ ਲਿਖੇ ਗਏ ਹੋਣ ਜਾਂ ਬੇਨਤੀ ਦੀ ਆਸ ਵਿੱਚ। ਮਿਹਨਤ ਜ਼ਿਆਦਾ, ਰਵਾਨੀ ਘੱਟ। ਕੁਝ ਇਸੇ ਤਰ੍ਹਾਂ ਦਾ ਪ੍ਰਭਾਵ ਉਸਦੇ ਨਾਵਲ ‘ਆਂਦਰਾਂ’ ਦਾ ਪਿਆ ਸੀ, ਜਿਵੇਂ ਇਸ ਵਿੱਚ ਕਹਾਣੀਆਂ ਦਾ ਦਖਲ ਹੋਵੇ। ਨਾ ਰਫਤਾਰ ਨਾ ਰਵਾਨੀ। ਨਿਰਾ ਸੱਚ। ਦੁੱਗਲ ਦਾ ਸੱਚ। ਉਹ ਸੱਚ ਜੋ ਕੇਵਲ ਲੇਖਕ ਨੂੰ ਹੀ ਦਿਸਦਾ ਹੈ।
ਮੇਰੀ ਸਮਝ ਅਨੁਸਾਰ ਕਹਾਣੀਕਾਰ ਕਰਤਾਰ ਸਿੰਘ ਦੁੱਗਲ ਪਾਠਕ ਨੂੰ ਆਪਣੇ ਨਾਲ ਲੈ ਤੁਰਦਾ ਸੀ, ਆਪਣੀ ਉਂਗਲ ਫੜਾ ਕੇ। ਉਹ ਕਿਸੇ ਇਕੱਲੇ ਕੰਵਾਰੇ ਨੂੰ ਪੌੜੀਆਂ ਚੜ੍ਹਨ ਵਾਲਿਆਂ ਬੰਦਿਆਂ ਦੇ ਪੈਰਾਂ ਦੀ ਚਾਪ ਸੁਣਾ ਰਿਹਾ ਹੁੰਦਾ, ਜਾਂ ਸੂਟ ਦਾ ਮੇਚਾ ਦਿੰਦੀ ਤ੍ਰੀਮਤ ਨੂੰ ਦਰਜ਼ੀ ਦੀਆਂ ਉਂਗਲਾਂ ਦੀ ਛੁਹ ਦਾ ਸੁਆਦ ਦੁਆ ਰਿਹਾ ਹੁੰਦਾ ਆਪਣੇ ਪਾਠਕ ਨੂੰ ਭੱਜਣ ਨਹੀਂ ਸੀ ਦਿੰਦਾ। ਉਸਨੇ ਆਪਣੀਆਂ ਕਹਾਣੀਆਂ ਵਿੱਚ ਅੱਗ ਖਾਣ ਵਾਲਿਆਂ ਦੇ ਅੰਗਿਆਰ ਵੀ ਪੇਸ਼ ਕੀਤੇ ਸਨ ਤੇ ਕਰਾਮਾਤਾਂ ਵਿਚ ਵਿਸ਼ਵਾਸ ਵੀ। ਮੇਰੇ ਲਈ ਉਹ ਕੋਹ ਹਿਮਾਲਾ ਤੋਂ ਕੰਨਿਆ ਕੁਮਾਰੀ ਤੱਕ ਦੀ ਮਿੱਟੀ ਉੱਤੇ ਤੁਰਨ ਵਾਲਿਆਂ ਦੀਆਂ ਪੈੜਾਂ ਨਾਪਣ ਵਾਲਾ ਕਹਾਣੀਕਾਰ ਸੀ।
ਜਿਨ੍ਹਾਂ ਸਮਿਆਂ ਵਿੱਚ ਦੁੱਗਲ ਨੇ ਲਿਖਣਾ ਸ਼ੁਰੂ ਕੀਤਾ, ਆਕਾਸ਼ਵਾਣੀ ਨਾਂ ਦੀ ਸੰਸਥਾ ਵਿੱਚ ਕੰਮ ਕੀਤਾ, ਇਸ ਸਭ ਕਾਸੇ ਵਿੱਚ ਉਰਦੂ ਅਫਸਾਨਾ ਨਿਗਾਰ ਸਾਅਦਤ ਹਸਨ ਮੰਟੋ ਬੋਲਦਾ ਸੀ। ਉਦੋਂ ਗਿਣੀ-ਮਿਥੀ ਪਹੁੰਚ ਅਤੇ ਬੱਝਵੇਂ ਪੰਨਿਆਂ ਵਾਲੀ ਕਹਾਣੀ ਦਾ ਬੋਲ-ਬਾਲਾ ਸੀ, ਜਿਸਨੂੰ ਮੰਟੋ ਉਡਾਈ ਫਿਰਦਾ ਸੀ। ਗਲੀ ਬਜ਼ਾਰਾਂ, ਰੇਡੀਓ ਸਟੇਸ਼ਨਾਂ ਅਤੇ ਕਚਹਿਰੀਆਂ ਵਿੱਚ ਮੰਟੋ ਹੀ ਮੰਟੋ ਹੋ ਰਹੀ ਸੀ। ਅੱਧ ਨੰਗੀਆਂ, ਇਕਹਿਰੀ ਤੰਦ ਵਾਲੀਆਂ ਤੇ ਸਿੱਧੀ ਚੋਭ ਵਾਲੀਆਂ ਕਹਾਣੀਆਂ। ਉਂਝ ਵੀ ਫਰਾਇਡ ਦੇ ਪ੍ਰਭਾਵ ਨੇ ਸਰੀਰਕ ਮੇਲ ਦੀ ਭੁੱਖ ਨੂੰ ਕਾਰਲ ਮਾਰਕਸ ਵੱਲੋਂ ਦਰਸਾਈ ਜਾ ਰਹੀ ਢਿੱਡ ਦੀ ਭੁੱਖ ਦੇ ਬਰਾਬਰ ਲੈ ਆਂਦਾ ਹੋਇਆ ਸੀ। ਪੰਜਾਬੀ ਕਹਾਣੀਕਾਰਾਂ ਵਿੱਚੋਂ ਇਸ ਪ੍ਰਭਾਵ ਨੂੰ ਗੌਲਣ ਵਾਲਿਆਂ ਵਿੱਚ ਦੁੱਗਲ ਸਭ ਤੋਂ ਅੱਗੇ ਸੀ ਤੇ ਪ੍ਰਭਾਵਸ਼ਾਲੀ ਵੀ। ਆਪਣੀ ਰਚਨਾ ਵਿਚ ਬਲਵੰਤ ਗਾਰਗੀ ਵੀ ਇਨ੍ਹਾਂ ਵਰਗਾ ਹੀ ਸੀ। ਨਵੀਂ ਗੱਲ ਨੂੰ ਨਵੇਂ ਅੰਦਾਜ਼ ਵਿਚ ਪੇਸ਼ ਕਰਨ ਦੀ ਅਭਿਲਾਸ਼ਾ ਇਨ੍ਹਾਂ ਦੋਹਾਂ ਲੇਖਕਾਂ ਵਿਚ ਪ੍ਰਧਾਨ ਰਹੀ ਤੇ ਇਹੀਓ ਇਨ੍ਹਾਂ ਦੀ ਪ੍ਰਾਪਤੀ ਅਤੇ ਚੜ੍ਹਤ ਦੀ ਚੂਲ ਸੀ।
ਦੋਵੇਂ ਲੇਖਕ ਆਪੋ ਆਪਣੇ ਇਲਾਕੇ ਦੀ ਮਿੱਟੀ ਅਤੇ ਭਾਸ਼ਾ ਨੂੰ ਪਰਨਾਏ ਹੋਏ ਸਨ। ਕਰਤਾਰ ਸਿੰਘ ਦੁੱਗਲ ਨੇ ਪੋਠੋਹਾਰ ਦੀ ਮਿੱਟੀ ਤੇ ਭਾਸ਼ਾ ਅਤੇ ਬਲਵੰਤ ਗਾਰਗੀ ਨੇ ਧੁਰ ਮਾਲਵੇ ਦੀ ਮਿੱਟੀ ਤੇ ਭਾਸ਼ਾ ਤੋਂ ਲੰਮੇ ਪੈਂਡਿਆਂ ’ਤੇ ਖਾਧੀ ਜਾਣ ਵਾਲੀ ਚੂਰੀ ਦਾ ਕੰਮ ਲਿਆ ਸੀ। ਓਦੋਂ ਇਸ ਚੂਰੀ ਦਾ ਮੁੱਲ ਪਾਉਣ ਵਾਲੇ ਵੀ ਧੜੱਲੇਦਾਰ ਵਿਅਕਤੀ ਸਨ - ਪ੍ਰਿੰਸੀਪਲ ਤੇਜਾ ਸਿੰਘ, ਗੁਰਮੁਖ ਸਿੰਘ ਮੁਸਾਫਰ, ਮੋਹਨ ਸਿੰਘ ਤੇ ਭਾਈ ਜੋਧ ਸਿੰਘ। ਸਾਹਿਤ ਦੀ ਦੁਨੀਆਂ ਵਿੱਚ ਦੁੱਗਲ ਇਸ ਮਾਹੌਲ ਦੀ ਪੈਦਾਵਾਰ ਸੀ।
ਕਰਤਾਰ ਸਿੰਘ ਦੁੱਗਲ ਪਿੰਡ ਦਾ ਜੰਮਪਲ ਸੀ ਤੇ ਕਾਨਵੈਂਟ ਸਕੂਲ ਦਾ ਪੜ੍ਹਿਆ ਹੋਇਆ। ਉਹ ਸਮਾਜ ਸੇਵੀ ਪਿਤਾ ਦੇ ਚਾਰ ਪੁੱਤਰਾਂ ਵਿੱਚੋਂ ਇੱਕ ਸੀ।ਦੋ ਭਰਾ ਇੰਜੀਨੀਅਰ ਤੇ ਇੱਕ ਅਧਿਆਪਕ। ਉਸਦਾ ਪਿੰਡ ਧਮਿਆਲ, ਰਾਵਲਪਿੰਡੀ ਦੇ ਬਹੁਤ ਨੇੜੇ ਸੀ। ਅੱਜ ਇਹ ਸਾਰੇ ਦਾ ਸਾਰਾ ਪਿੰਡ ਇਸਲਾਮਾਬਾਦ ਦੀ ਛਾਉਣੀ ਦਾ ਹਿੱਸਾ ਬਣ ਚੁੱਕਾ ਹੈ। ਇਸ ਪਿੰਡ ਨੇ ਹੋਰ ਵੀ ਅੱਧੀ ਦਰਜਨ ਲੇਖਕ ਪੰਜਾਬੀ ਨੂੰ ਦਿੱਤੇ ਹਨ। ਦੁੱਗਲ ਦਾ ਚਾਚਾ ਵੀ ਕਵਿਤਾ ਲਿਖਦਾ ਸੀ। ਵਿਦਿਆਰਥੀ ਜੀਵਨ ਵਿੱਚ ਦੁੱਗਲ ਖੁਦ ਵੀ ਸਟੇਜ ਉੱਤੇ ਕਵਿਤਾ ਪੜ੍ਹਦਾ ਰਿਹਾ। ਉਸ ਨੂੰ ਉਦਾਰਤਾ ਵਿਰਸੇ ਵਿੱਚ ਮਿਲੀ ਸੀ।ਉਸਦੀ ਬੀਵੀ ਮੁਸਲਿਮ ਪਰਿਵਾਰ ਵਿੱਚੋਂ ਹੈ। ਇਸ ਨਾਤੇ ਉਰਦੂ ਦਾ ਮਸ਼ਹੂਰ ਸ਼ਾਇਰ ਸਰਦਾਰ ਜਾਫ਼ਰੀ ਉਸਦਾ ਸਾਂਢੂ ਸੀ। ਗੁਰਮੁਖ ਸਿੰਘ ਮੁਸਾਫਰ,ਮੋਹਨ ਸਿੰਘ ਤੇ ਪ੍ਰੀਤਮ ਸਿੰਘ ਸਫੀਰ ਨਾਲ ਉਸਦੇ ਬਹੁਤ ਨੇੜੇ ਦੇ ਸੰਬੰਧ ਰਹੇ ਹਨ। ਉਰਦੂ ਲੇਖਕਾਂ ਸੱਜਾਦ ਜ਼ਹੀਰ ਤੇ ਕ੍ਰਿਸ਼ਨ ਚੰਦਰ ਨਾਲ ਵੀ।
ਨਿੱਜੀ ਤੌਰ ’ਤੇ ਉਹ ਸਿੱਖੀ ਧਰਮ ਨੂੰ ਪਰਨਾਇਆ ਹੋਇਆ ਸੀ। ਉਹ ਹਰ ਰੋਜ਼ ਗੁਰਬਾਣੀ ਦਾ ਪਾਠ ਕਰਦਾ ਸੀ। ਉਸਨੇ ਇੱਕ ਮਨ ਇੱਕ ਚਿੱਤ ਹੋ ਕੇ ਪੂਰੇ ਦਾ ਪੂਰਾ ਗ੍ਰੰਥ ਸਾਹਿਬ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਤੇ ਇਸ ਵਿਚਲੇ ਕਾਵਿਕ ਗੁਣਾਂ ਦਾ ਧਿਆਨ ਰੱਖਦਿਆਂ ਹੀ ਕਵਿਤਾ ਵਿਚ ਹੀ ਉਲਥਾਇਆ। ਚਾਰ ਜਿਲਦਾਂ ਵਿੱਚ ਮਿਲਦਾ ਹੈ।
ਉਹ ਸ਼ਰਾਬ ਨਹੀਂ ਸੀ ਪੀਂਦਾ ਪਰ ਅਪਣੇ ਮਨ-ਪਸੰਦ ਮਿੱਤਰਾਂ ਨੂੰ ਇਸਦੇ ਸੇਵਨ ਤੋਂ ਮਨ੍ਹਾ ਵੀ ਨਹੀਂ ਸੀ ਕਰਦਾ। ਬਹੁਤ ਗੂੜ੍ਹੇ ਮਿੱਤਰਾਂ ਲਈ ਇੱਕ-ਅੱਧ ਸ਼ੀਸ਼ੀ ਘਰ ਵਿੱਚ ਵੀ ਰੱਖਦਾ। ਉਸਦੀ ਬੀਵੀ ਆਇਸ਼ਾ ਮੈਡੀਕਲ ਡਾਕਟਰ ਹੈ ਤੇ ਸੁਭਾਅ ਦੀ ਸਲੀਕੇ ਵਾਲੀ ਹੈ। ਅੰਤਾਂ ਦੀ ਮਹਿਮਾਨ ਨਿਵਾਜ਼ ਤੇ ਪੁਰ ਖਲੂਸ। ਉਸਦੇ ਘਰ ਬੈਠਿਆਂ ਕਦੀ ਏਦਾਂ ਨਹੀਂ ਸੀ ਜਾਪਦਾ ਕਿ ਤੁਸੀਂ ਕਿਸੇ ਹੋਰ ਦੇ ਘਰ ਬੈਠੇ ਹੋ।
ਦੁੱਗਲ ਸਾਹਿਤ-ਸਿਰਜਣਾ ਵਿਚ ਬਹੁ-ਭਾਂਤੀ ਵੀ ਸੀ ਤੇ ਬਹੁ-ਰੂਪੀ ਵੀ। ਕਵਿਤਾ, ਕਹਾਣੀ, ਨਾਵਲ, ਨਾਟਕ, ਆਲੋਚਨਾ ਤੇ ਇਤਿਹਾਸਕਾਰੀ ਉਸਨੇ ਹਰ ਵਿਧਾ ਵਿਚ ਰਚਨਾ ਕੀਤੀ। ਗੁਰੂ ਗ੍ਰੰਥ ਸਾਹਿਬ ਦਾ ਅੰਗ੍ਰੇਜ਼ੀ ਅਨੁਵਾਦ ਉਸਦੀ ਰਚਨਾਕਾਰੀ ਦੀ ਸਿਖ਼ਰ ਹੈ। ਉਹ ਆਪਣੇ ਬਹੁ-ਪੱਖੀ ਸਮਕਾਲੀਆਂ ਮਹਿੰਦਰ ਸਿੰਘ ਰੰਧਾਵਾ ਤੇ ਖੁਸ਼ਵੰਤ ਸਿੰਘ ਵਾਂਗ ਦਿਨ-ਰਾਤ ਕੰਮ ਵਿਚ ਰੁੱਝਾ ਰਹਿਣ ਵਾਲਾ ਵਿਅਕਤੀ ਸੀ। ਜਿਸਮ ਨੂੰ ਫਿੱਟ ਰੱਖਣ ਲਈ ਸ਼ਾਮ ਦੀ ਸੈਰ ਤੋਂ ਬਿਨਾਂ ਉਹ ਹੋਰ ਕਿਸੇ ਸ਼ੁਗਲ ਵਿਚ ਸਮਾਂ ਨਸ਼ਟ ਨਹੀਂ ਸੀ ਕਰਦਾ।
ਰਚਨਾਕਾਰੀ ਵਿੱਚ ਉਹ ਘਟਨਾਵਾਂ ਨੂੰ ਘੜਨਾ ਤੇ ਪਾਤਰਾਂ ਨੂੰ ਉਸਾਰਨਾ ਜਾਣਦਾ ਸੀ। ਉਸਦੇ ਪਾਤਰ ਉਸਦੇ ਨਾਵਲਾਂ, ਨਾਟਕਾਂ ਤੇ ਕਹਾਣੀਆਂ ਵਿੱਚ ਅੱਗੇ-ਪਿੱਛੇ ਵੀ ਹੁੰਦੇ ਰਹਿੰਦੇ। ਉਹ ਇਨ੍ਹਾਂ ਨਾਲ ਕਈ ਤਰ੍ਹਾਂ ਦੇ ਕਲੋਲ ਕਰਦਾ। ਭਿੰਨ-ਭਿੰਨ ਭੂਸ਼ਨਾਂ ਤੇ ਵਸਤਰਾਂ ਨਾਲ ਬਣਾਉਂਦਾ, ਸੰਵਾਰਦਾ ਤੇ ਸ਼ਿੰਗਾਰਦਾ। ਇਹ ਬਣਦੇ ਫੱਬਦੇ ਗੁੱਡੀਆਂ ਪਟੋਲਿਆਂ ਵਾਂਗ ਆਕਰਸ਼ਕ ਤੇ ਮਨ-ਚਿੱਤ ਲੱਗਣ ਵਾਲੇ ਹਨ। ਪਾਠਕ ਨੂੰ ਇਨ੍ਹਾਂ ਦੇ ਨਾਲ ਨਾਲ ਤੁਰਨਾ ਚੰਗਾ ਲਗਦਾ ਹੈ।
ਪੰਜਾਬੀ ਸਾਹਿਤ ਵਿੱਚ ਉਸਦੀ ਪਛਾਣ ਉਸ ਦੇ ਕਹਾਣੀ ਸੰਗ੍ਰਹਿ ‘ਸਵੇਰ ਸਾਰ’ ਨਾਲ ਹੋਈ। ਇਸ ਸੰਗ੍ਰਹਿ ਦਾ ਨਾਂ ਉਸਦੀ ਪ੍ਰਸਿੱਧ ਕਹਾਣੀ ‘ਸਵੇਰ ਸਾਰ’ ਉੱਤੇ ਹੀ ਸੀ, ਜਿਹੜੀ ਛਪਦੇ ਸਾਰ ਹੀ ਤਿੱਖੀ ਚਰਚਾ ਦਾ ਵਿਸ਼ਾ ਬਣੀ। ਇਸ ਕਹਾਣੀ ਦਾ ਵਿਸ਼ਾ-ਵਸਤੂ ਤੇ ਚਿਹਰਾ-ਮੋਹਰਾ ਪੱਛਮੀ ਸੀ। ਇਸ ਉੱਤੇ ਕਿਸੇ ਹੱਦ ਤੱਕ ਅਸ਼ਲੀਲ ਹੋਣ ਦਾ ਵੀ ਦੋਸ਼ ਲੱਗਿਆ, ਜਿਹੜਾ ਕਿ ਕਰਤਾਰ ਸਿੰਘ ਦੁੱਗਲ ਦੀਆਂ ਮੁੱਢਲੀਆਂ ਰਚਨਾਵਾਂ ਉੱਤੇ ਲੱਗਦਾ ਹੀ ਚਲਾ ਗਿਆ। ਵਾਸਨਾ ਨਾਲ ਸੰਬੰਧਤ ਛੋਹਾਂ ਵਾਲੀਆਂ ਇਹ ਕਹਾਣੀਆਂ ਬਹੁਤ ਮਕਬੂਲ ਹੋਈਆਂ, ਜਿਸ ਨੂੰ ਪ੍ਰਗਤੀਵਾਦੀ ਧਾਰਨਾ ਵਾਲੇ ਕੁਝ ਲੋਕਾਂ ਨੇ ਤਾਂ ਪ੍ਰਵਾਨ ਕਰ ਲਿਆ ਪਰ ਸਾਰਿਆਂ ਨੇ ਨਹੀਂ। ਇਸ ਸਭ ਕੁੱਝ ਦੇ ਬਾਵਜੂਦ ਕਰਤਾਰ ਸਿੰਘ ਦੁੱਗਲ ਬੇ-ਰੋਕ ਲਿਖਦਾ ਰਿਹਾ।
ਚੀਜ਼ਾਂ ਅਤੇ ਘਟਨਾਵਾਂ ਨੂੰ ਇਤਿਹਾਸਕ ਪ੍ਰੰਸਗ ਵਿਚ ਵੇਖਣਾ ਤੇ ਵਰਤਮਾਨ ਉੱਤੇ ਪੱਖ ਲਏ ਬਿਨਾਂ ਟਿੱਪਣੀ ਕਰਨਾ ਦੁੱਗਲ ਦੀ ਕਲਾ ਦਾ ਕਮਾਲ ਸੀ। ਜ਼ਿੰਦਗੀ ਨੂੰ ਵੇਖਣ ਤੇ ਪਰਖਣ ਦੇ ਉਸ ਨੂੰ ਅਦੁੱਤੀ ਮੌਕੇ ਮਿਲੇ। ਉਸਨੇ ਭਾਰਤ ਦੇ ਵੱਖ-ਵੱਖ ਕੋਨਿਆਂ ਵਿਚ ਰੇਡੀਓ ਸਟੇਸ਼ਨਾਂ ਦਾ ਡਾਇਰੈਕਟਰ,ਨੈਸ਼ਨਲ ਬੁੱਕ ਟਰੱਸਟ ਦਾ ਸਕੱਤਰ ਤੇ ਭਾਰਤੀ ਪਲਾਨਿੰਗ ਕਮਿਸ਼ਨ ਦਾ ਐਡਵਾਈਜ਼ਰ ਰਹਿ ਚੁੱਕਣ ਦੇ ਨਾਤੇ ਦੇਸ਼ ਵਿੱਚ ਹੀ ਨਹੀਂ, ਬਾਹਰਲੇ ਦੇਸ਼ਾਂ ਦਾ ਵੀ ਚੋਖਾ ਗਮਨ ਕੀਤਾ। ਉਸਦੀਆਂ ਰਚਨਾਵਾਂ ਵਿੱਚ ਹਰ ਥਾਂ ਤੋਂ ਪ੍ਰਾਪਤ ਕੀਤੇ ਤਜਰਬਿਆਂ ਦਾ ਜ਼ਿਕਰ ਹੈ। ਉਸ ਦਾ ਸੈਕੂਲਰ ਸੋਚ ਨੂੰ ਪ੍ਰਣਾਏ ਹੋਣ ਦਾ ਕਾਰਨ ਵੀ ਇਹੀਓ ਹੈ। ਉਹ ਭਾਵੇਂ ਮੂ਼ਲ ਰੂਪ ਵਿੱਚ ਪੰਜਾਬੀ ਦਾ ਲੇਖਕ ਹੈ ਪਰ ਉਸ ਨੇ ਸ਼ੁਰੂ ਵਿੱਚ ਕੁੱਝ ਕਹਾਣੀਆਂ ਉਰਦੂ ਤੇ ਅੰਗਰੇਜ਼ੀ ਵਿੱਚ ਵੀ ਲਿਖੀਆਂ ਤੇ ਹੁਣ ਤੱਕ ਉਹ ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਵਿਚ ਚੰਗਾ ਸਾਹਿਤਕਾਰ ਪ੍ਰਵਾਨ ਹੋ ਚੁੱਕਿਆ ਹੈ।
ਮੈਂ ਕਰਤਾਰ ਸਿੰਘ ਦੁੱਗਲ ਨੂੰ ਕੰਮ-ਰਸ ਦਾ ਸਿਖਰ ਸਮਝਦਾ ਹਾਂ। ਉਹ ਜਿਹੜਾ ਵੀ ਕੰਮ ਕਰਦਾ ਸਿਰ ਤੋਂ ਪੈਰਾਂ ਤਕ ਭਿੱਜ ਕੇ ਕਰਦਾ। ਹਰ ਵੇਲੇ ਕਿਸੇ ਨਾ ਕਿਸੇ ਕੰਮ ਦੇ ਨਸ਼ੇ ਵਿੱਚ ਰਹਿੰਦਾ। ਰਚਨਾਕਾਰੀ ਦੇ ਪਲਾਂ ਵਿਚ ਉਹ ਆਲਾ-ਦੁਆਲਾ ਨਹੀਂ ਸੀ ਵੇਖਦਾ। ਉਹ ਜੋ ਕੁੱਝ ਵੀ ਲਿਖਦਾ, ਉਸਦੇ ਅੰਦਰੋਂ ਆ ਰਿਹਾ ਹੁੰਦਾ।
ਸਾਹਿਤਕਾਰੀ ਵਿੱਚ ਉਸਦਾ ਪ੍ਰਵੇਸ਼, ਉਸ ਤੋਂ ਬਾਰਾਂ ਵਰ੍ਹੇ ਵੱਡੇ ਮੋਹਨ ਸਿੰਘ ਦੇ ਪ੍ਰਭਾਵ ਅਧੀਨ ਹੀ ਸਹੀ, ਕਵਿਤਾ ਦੁਆਰਾ ਹੀ ਹੋਇਆ। ਸੁਭਾਵਕ ਹੀ ਉਸ ਦੇ ਮਨ ਵਿਚ ਇਹ ਭਰਮ ਵੀ ਘਰ ਕਰੀ ਬੈਠਾ ਸੀ ਕਿ ਜੇ ਉਹ ਕਵਿਤਾ ਛੱਡ ਕੇ ਗਲਪਕਾਰੀ ਵੱਲ ਨਾ ਤੁਰਦਾ ਤਾਂ ਮੋਹਨ ਸਿੰਘ ਦੇ ਪਾਏ ਦਾ ਕਵੀ ਹੋ ਸਕਦਾ ਸੀ।
‘ਵੀਹਵੀਂ ਸਦੀ ਤੇ ਹੋਰ ਕਵਿਤਾਵਾਂ’ਨੂੰ ਪੁਸਤਕ ਰੂਪ ਦਿੰਦੇ ਸਮੇਂ ਕਵਿਤਾ ਤੋਂ ਕਲਮੀ ਜੀਵਨ ਸ਼ੁਰੂ ਕਰਨ ਵਾਲੇ ਦੁੱਗਲ ਨੇ ਕਵਿਤਾ ਦੇ ਮਾਧਿਅਮ ਰਾਹੀਂ ਅਲਵਿਦਾ ਕਹਿਣ ਵੱਲ ਇਸ਼ਾਰਾ ਵੀ ਕੀਤਾ ਸੀ। ਆਪਣੇ ਜੀਵਨ ਦੀ ਇੱਕ ਸਦੀ ਮਾਤਰ ਉਮਰਾ ਨੂੰ ਵੀਹਵੀਂ ਸਦੀ ਦੇ ਅੰਤ ਵਿਚ ਕਵਿਤਾ ਰਾਹੀਂ ਅਲਵਿਦਾ ਕਹਿਣ ਦਾ ਇਹ ਢੰਗ ਸ਼ਾਇਰਾਨਾ ਸੀ। ਨਾਚ, ਸੰਗੀਤ, ਚਿੱਤਰਕਾਰੀ ਤੇ ਮੂਰਤਕਾਰੀ ਵਾਂਗ ਸਾਹਿਤ ਵਿੱਚੋਂ ਜੇ ਕਿਸੇ ਵਿਧਾ ਨੂੰ ਕੋਮਲ ਹੁਨਰਾਂ ਵਿੱਚ ਸਥਾਨ ਪ੍ਰਾਪਤ ਹੈ ਤਾਂ ਕੇਵਲ ਕਵਿਤਾ ਨੂੰ। ਇਸ ਤੱਥ ਦੀ ਕਰਤਾਰ ਸਿੰਘ ਦੁੱਗਲ ਨੂੰ ਪੂਰੀ ਸੋਝੀ ਸੀ। ਕੁੱਲ ਮਿਲਾ ਕੇ ਕੋਮਲ ਕਲਾ ਦੇ ਸਿਰਜਕਾਂ ਵਿੱਚ ਹੀ ਕਿਉਂ ਨਾ ਖੜ੍ਹਿਆ ਜਾਵੇ, ਦੁੱਗਲ ਨੇ ਸੋਚਿਆ ਹੋਵੇਗਾ।
ਇਸ ਸੰਗ੍ਰਹਿ ਵਿੱਚ ਕਰਤਾਰ ਸਿੰਘ ਦੁੱਗਲ ਨੇ ਵਿਦਾ ਹੋ ਗਈ ਸਦੀ ਨੂੰ ਹੰਭੀ ਹੁੱਟੀ, ਪੱਛੀ ਗੁੱਡੀ, ਝੁਲਸੀ ਲੂਠੀ, ਘਸੀ ਪਿੱਟੀ, ਹਾਰੀ ਹਫੀ ਤੇ ਭਿੱਜੀ ਬਿੱਲੀ ਵਾਂਗ ਤੁਰੀ ਜਾਂਦੀ ਦਰਸਾਇਆ ਹੈ। ਇਹ ਸਦੀ ਅਗਨੀ ਦੇ ਰੱਥ ਉੱਤੇ ਸਵਾਰ ਹੋ ਕੇ ਆਈ। ਇਸਦੇ ਰਾਜੇ ਕਪਟੀ ਕਸਾਈ ਤੇ ਪਾਪ ਕਮਾਵਣ ਵਾਲੇ ਸਨ। ਇਸਦੇ ਪੋਟੇ, ਪਹੁੰਚੇ ਤੇ ਉਂਗਲਾਂ ਮਨੁੱਖ ਦੇ ਖੂਨ ਨਾਲ ਰੱਤੋ ਰੱਤ ਤੇ ਲਥ-ਪਥ ਹਨ। ‘ਵੀਹਵੀ ਸਦੀ’ ਵਿਦਾਇਗੀ ਗੀਤ ਦਾ ਅੰਤ ਉਹ ਇਸ ਤਰ੍ਹਾਂ ਕਰਦਾ ਹੈ:
ਸਾਡੀ ਜਿੱਤ ਹੋਈ ਜਾਂ ਹਾਰ,
ਅਸੀਂ ਆਪਣੀ ਖੇਡ ਮੁਕਾ ਲਈ।
ਅਸੀਂ ਪਿੱਛੇ ਆਪਣੇ ਛੱਡ ਚੱਲੇ,
ਕਲਯੁਗ ਦਾ ਪਹਿਰੇਦਾਰ।
ਦੁੱਗਲ ਦੀਆਂ ਕਵਿਤਾਵਾਂ ਵਿਚ ਇਹ ਨਿਰਾਸ਼ਾ, ਹਾਰ ਤੇ ਉਦਾਸੀ ਵੀਹਵੀਂ ਸਦੀ ਦੀ ਅਮਾਵਸ ਤੋਂ ਪੈਦਾ ਹੋਈ ਜਾਂ ਇੱਕੀਵੀਂ ਸਦੀ ਦੇ ਧੁੰਦਲਕੇ ਤੋਂ, ਇਸ ਵਿਚ ਕਵੀ ਦੀ ਆਪਣੀ ਉਮਰ ਦਾ ਪਰਛਾਵਾਂ ਜ਼ਰੂਰ ਘੁਲਿਆ ਹੋਇਆ ਹੈ। ਫੇਰ ਵੀ ਉਸਦਾ ਕਵੀ ਮਨ ਇਸ ਨਿਰਾਸ਼ਾ ਨੂੰ ਆਸ਼ਾ ਪ੍ਰਦਾਨ ਕਰਨ ਤੋਂ ਪਿਛਾਂਹ ਨਹੀਂ ਹਟਦਾ। ਜੇ ਉਸਨੂੰ ਕੋਈ ਪੁਲ ਚੰਗਾ ਲਗਦਾ ਹੈ, ਤਾਂ ਕੇਵਲ ਇਸ ਲਈ ਕਿ ਇਹ ਪੁਲ ਆਪਣੇ ਹੇਠਾਂ ਮੈਲੇ ਜਾਂ ਉੱਜਲੇ ਪਾਣੀਆਂ ਤੋਂ ਲਾਪਰਵਾਹ ਹੋਣ ਦੀ ਸਮਰੱਥਾ ਰੱਖਦਾ ਹੈ। ਇਸ ਲਈ ਵੀ ਕਿ ਇਹ ਕਵੀ ਦੁੱਗਲ ਨੂੰ ਆਪਣੇ ਤੋਂ ਪਾਰ ਦੇਖਣ ਦਾ ਸੱਦਾ ਦਿੰਦਾ ਸੀ।
ਕਵੀ ਮਨ ਦੀ ਇਹ ਅਵਸਥਾ ਉਸਨੂੰ ਟੁੱਟੀ ਗੰਢਣ ਲਈ ਧੂਹ ਲਿਜਾਂਦੀ। ਕਵੀ ਦਾ ਅਕੀਦਾ ਹੈ ਕਿ ਟੁੱਟੀ ਗੰਢਣ ਵਾਲੇ ਰੱਬ ਦਾ ਲੜ ਛੱਡਿਆਂ ਉਹ ਕੱਖਾਂ ਤੋਂ ਹੌਲਾ ਹੋ ਜਾਂਦਾ ਹੈ, ਛੱਜ-ਛੱਜ ਰੋਂਦਾ ਤੇ ਕਦਮ-ਕਦਮ ਉੱਤੇ ਮਰਦਾ ਹੈ। ਇਸ ਅਕੀਦੇ ਦੀ ਤਰਜਮਾਨੀ ਕਰਨ ਸਮੇਂ ਕਾਵਿਕ ਰਸ,ਸ਼ਬਦਾਵਲੀ ਤੇ ਬਿੰਬ ਆਪ ਮੁਹਾਰੇ ਕਵੀ ਦੀ ਉਂਗਲ ਫੜ ਤੁਰਦੇ ਹਨ:
ਆਪ ਆਪਣੇ ਤੋਂ ਮੰਝਦਾਰ ਤੋਂ ਲੰਘਣਾ ਔਖਾ,
ਆਪਣੀ ਇਸ ਲੋਅ ਨਾਲ, ਅੰਧਕਾਰ, ’ਚੋਂ ਲੰਘਣਾ ਔਖਾ।
ਤੇਰੀ ਬਖਸ਼ਸ਼ ਤੋਂ ਬਿਨਾ, ਵਾਲ਼ਾਂ ਤੋਂ ਨਿੱਕੀ ਨਿੱਕੀ,
ਖੰਡੇ ਤੋਂ ਤਿੱਖੀ ਤਿੱਖੀ, ਇਸ ਧਾਰ ਤੋਂ ਲੰਘਣਾ ਔਖਾ।
ਕਰਤਾਰ ਸਿੰਘ ਦੁੱਗਲ ਵੱਲੋਂ ਵੀਹਵੀਂ ਸਦੀ ਦੇ ਅੰਤ ਨੂੰ ਉਮਰਾਂ ਦੇ ਪੰਧ ਨਾਲ ਜੋੜਨ ਦੀ ਸੋਚ ਕਈ ਥਾਈਂ ਪ੍ਰਧਾਨ ਹੈ:
ਮਨ ਲੋਚੇ ਉਹ ਪੱਤਣ ਵੇਖਾਂ, ਜਿੱਥੇ ਯਾਰ ਵਸੇਂਦੈ,
ਉਹ ਮਾੜੀ ਉਸ ਮਹਿਲ ਨੂੰ ਤੱਕਾਂ, ਜਿੱਥੇ ਸਾਜਣ ਥੀਂਦੈ।
ਬਹਿੰਦੈ, ਉਠਦੈ, ਖਾਂਦੈ, ਪੀਂਦੈ, ਕਦ ਸੌਂਵੇਂ ਕਦ ਜਾਗੇ?
ਤੇ ਜਦ ਉਹਦਾ ਮਨ ਹੁਲਸਾਏ, ਕਿਸ ਨਾਲ ਗੱਲ ਕਰੇਂਦੈ।
ਆਸ਼ਾ, ਨਿਰਾਸ਼ਾ ਤੇ ਉਪਰਾਮਤਾ ਦੀ ਅਵਸਥਾ ਵਿੱਚ ਰੱਬ ਡਾਢੇ ਦੀ ਟੇਕ ਵਿੱਚ ਜਿਊਣਾ ਜ਼ਿੰਦਗੀ ਦੇ ਕਿਸੇ ਇੱਕ ਪੜਾਅ ਤੱਕ ਹੀ ਸੀਮਤ ਰਹੇ ਤਾਂ ਠੀਕ ਹੈ ਪਰ ਕਰਤਾਰ ਸਿੰਘ ਦੁੱਗਲ ਦੀ ਕਵਿਤਾ ਵਿੱਚ ਇਸਦਾ ਉਸ ਦੇ ਮਨ ਉੱਤੇ ਇਸ ਕਦਰ ਭਾਰੂ ਹੋਣਾ ਚਿੰਤਾ ਵਾਲੀ ਗੱਲ ਸੀ। ਉਂਝ ਮਨੋਵਿਗਿਆਨੀ ਦੱਸਦੇ ਹਨ ਕਿ ਅੰਤਲੇ ਜੀਵਨ ਵਿੱਚ ਨਿਰਾਸ਼ਾ ਦਾ ਮੂ਼ਲ ਕਈ ਵਾਰੀ ਜੀਵਨ ਦੀਆਂ ਪ੍ਰਾਪਤੀਆਂ ਵੀ ਹੁੰਦਾ ਹੈ। ਉਸਦਾ ਕਵਿਤਾ ਵੱਲ ਮੁੜਨਾ ਸ਼ਾਇਦ ਨਵੇਂ ਦਿਸਹੱਦੇ ਲੱਭਣ ਦਾ ਇੱਕ ਯਤਨ ਮਾਤਰ ਹੀ ਸੀ। ਆਸ਼ਾ ਨੂੰ ਫੜਨਾ ਤੇ ਨਿਰਾਸ਼ਾ ਨੂੰ ਲਿਤਾੜਨਾ।
ਕਰਤਾਰ ਸਿੰਘ ਦੁੱਗਲ ਨੇ ਬਹੁਤ ਲਿਖਿਆ। ਨਵਯੁਗ ਪ੍ਰਕਾਸ਼ਨ ਨੇ ਉਸਦੀਆਂ ਕਹਾਣੀਆਂ ਇਕੱਠੀਆਂ ਕਰਕੇ ਇਹਨਾਂ ਨੂੰ ਪੰਜ ਜਿਲਦਾਂ ਵਿੱਚ ਸਾਂਭਣ ਦਾ ਯਤਨ ਕੀਤਾ ਹੈ। ਦੁੱਗਲ ਦੇ ਕਈ ਕਹਾਣੀ ਸੰਗ੍ਰਹਿ ਸਵੇਰ ਸਾਰ, ਪਿੱਪਲ ਪੱਤੀਆਂ, ਕੁੜੀ ਕਹਾਣੀ ਕਰਦੀ ਗਈ, ਡੰਗਰ, ਕਰਾਮਾਤ, ਫੁੱਲ ਤੋੜਨਾ ਮਨ੍ਹਾ ਹੈ, ਪਾਰੇ ਮੈਰੇ, ਇੱਕ ਛਿੱਟ ਚਾਨਣ ਦੀ ਤੇ ਪੈਣਗੇ ਵੈਣ ਡੂੰਘੇ; ਉਸਦੇ ਨਾਵਲਾਂ ਦੀ ਇੱਕ ਤਿਕੜੀ ਨਾਨਕ ਨਾਮ ਚੜਦੀ ਕਲਾ, ਤੇਰੇ ਭਾਣੇ, ਤੇ ਸਰਬੱਤ ਦਾ ਭਲਾ ਉਸਦੇ ਉੱਦਮੀ ਤੇ ਲਗਨ ਵਾਲਾ ਲੇਖਕ ਹੋਣ ਦੀ ਤਰਜ਼ਮਾਨੀ ਕਰਦੇ ਹਨ। ਦੁੱਗਲ ਨੇ ‘ਕਿਸ ਪੈ ਖੋਲਿਓ ਗੰਠੜੀ’ ਸਿਰਲੇਖ ਥੱਲੇ ਆਪਣੀ ਸਵੈ-ਜੀਵਨੀ ਵੀ ਲਿਖੀ ਹੈ, ਜਿਸ ਵਿੱਚ ਪਿਛਲੀ ਪੌਣੀ ਸਦੀ ਦਾ ਇਤਿਹਾਸ ਤੇ ਸੱਭਿਆਚਾਰ ਦਰਜ ਹੈ।
ਪੰਜਾਬੀ ਸਾਹਿਤ ਦੀ ਝੋਲੀ ਨੂੰ ਨਿਰੰਤਰ ਆਪਣੀਆਂ ਰਚਨਾਵਾਂ ਨਾਲ ਭਰਨ ਤੋਂ ਇਲਾਵਾ ਦੁੱਗਲ ਨੇ ਪੰਜਾਬੀ ਸਾਹਿਤ ਨੂੰ ਗੈਰ ਪੰਜਾਬੀ ਪਾਠਕਾਂ ਵਿੱਚ ਉਭਾਰਿਆ। ਦੋ ਦਹਾਕੇ ਪਹਿਲਾਂ ਉਹ ਲਗਾਤਾਰ ਇੰਡੀਅਨ ਰਾਈਟਿੰਗ ਟੂਡੇ ਨਾਂ ਦੇ ਬੰਬਈ ਤੋਂ ਨਿਕਲਦੇ ਰਸਾਲੇ ਵਿੱਚ ਪੰਜਾਬੀ ਸਾਹਿਤ ਬਾਰੇ ਖੁਦ ਲੇਖ ਲਿਖਦਾ ਰਿਹਾ ਤੇ ਆਪਣੇ ਸਾਥੀਆਂ ਨੂੰ ਮੌਲਿਕ ਰਚਨਾਵਾਂ ਭੇਜਣ ਲਈ ਪ੍ਰੇਰਦਾ ਰਿਹਾ। ਇੱਕ ਲੰਮਾ ਅਰਸਾ ਅੰਗਰੇਜ਼ੀ ਟ੍ਰਿਬਿਊਨ ਵਿੱਚ ਉਸਦਾ ਕਾਲਮ ਫਰੌਮ ਮਾਈ ਬੁੱਕ ਸੈਲਫ਼ ਪੰਜਾਬੀ ਦੇ ਪਾਠਕਾਂ ਉੱਤੇ ਛਾਇਆ ਰਿਹਾ। ਉਹ ਹਰ ਨਵੀਂ ਰਚਨਾ ਪੜ੍ਹਦਾ ਤੇ ਉਸ ਬਾਰੇ ਆਪਣੀ ਰਾਇ ਬਣਾਉਂਦਾ ਰਿਹਾ। ਇਸ ਕਾਲਮ ਵਿੱਚ ਦੁੱਗਲ ਦੀ ਮੌਲਿਕ ਰਾਇ ਦਾ ਆਪਣਾ ਹੀ ਸਥਾਨ ਹੁੰਦਾ ਸੀ।
ਕਰਤਾਰ ਸਿੰਘ ਦੁੱਗਲ ਸਾਹਿਤ ਦੇ ਨਵੇਂ ਸਿਤਾਰਿਆਂ ਦਾ ਮੁੱਲ ਪਾਉਣ ਵਿੱਚ ਸਭ ਤੋਂ ਅੱਗੇ ਰਿਹਾ। ਜਦੋਂ ਸ਼ਿਵ ਕੁਮਾਰ ਦੀ ਲੂਣਾ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ, ਉਦੋਂ ਦੁੱਗਲ ਫੈਸਲਾ ਕਰਨ ਵਾਲੀ ਕਮੇਟੀ ਦਾ ਉੱਘਾ ਮੈਂਬਰ ਸੀ। ਸ਼ਿਵ ਕੁਮਾਰ ਵਰਗੇ ਚੜ੍ਹਦੇ ਸੂਰਜ ਨੂੰ ਛੋਟੀ ਉਮਰੇ ਵੱਡਾ ਪੁਰਸਕਾਰ ਦਿਵਾਉਣ ਵਿੱਚ ਦੁੱਗਲ ਦਾ ਪ੍ਰਭਾਵੀ ਦਖ਼ਲ ਸੀ। ਇਨਾਮ ਮਿਲਣ ਵਾਲੇ ਦਿਨ ਦੁੱਗਲ ਨੇ ਆਪਣੇ ਪਟੌਦੀ ਹਾਊਸ ਵਾਲੇ ਨਿੱਕੇ ਜਿਹੇ ਘਰ ਵਿੱਚ ਸ਼ਿਵ ਕੁਮਾਰ ਲਈ ਵੱਡੀ ਸਾਰੀ ਪਾਰਟੀ ਦਾ ਇੰਤਜ਼ਾਮ ਕੀਤਾ ਜਿਸ ਵਿੱਚ ਮੋਹਨ ਸਿੰਘ, ਪ੍ਰੀਤਮ ਸਿੰਘ ਸਫ਼ੀਰ, ਹਰਿਭਜਨ ਸਿੰਘ, ਸੱਜਾਦ ਜ਼ਹੀਰ, ਜਿਹੇ ਉੱਚ ਕੋਟੀ ਦੇ ਸਾਹਿਤਕਾਰ ਸ਼ਾਮਿਲ ਹੋਏ। ਉਮਰ ਵਿੱਚ ਆਪਣੇ ਨਾਲੋਂ ਇੰਨੇ ਛੋਟੇ ਵਿਅਕਤੀ ਦੇ ਸਨਮਾਨ ਵਿੱਚ ਇੰਨਾ ਚਾਅ ਜਿਤਾਉਣਾ ਦੁੱਗਲ ਦੀ ਵਡੱਤਣ ਦਾ ਲਖਾਇਕ ਹੈ। ਉਸ ਦਿਨ ਵਾਲੇ ਦੁੱਗਲ ਦੇ ਨੂਰੋ-ਨੂਰ ਚਿਹਰੇ ਦਾ ਮੈਂ ਚਸ਼ਮਦੀਦ ਗਵਾਹ ਹਾਂ।
ਉੱਭਰਦੀ ਪ੍ਰਤਿਭਾ ਦਾ ਮੁੱਲ ਪਾਉਣ ਦੇ ਨਾਲ ਨਾਲ ਦੁੱਗਲ ਨਿਰਪੱਖਤਾ ਦਾ ਪੱਲਾ ਨਹੀਂ ਸੀ ਛੱਡਦਾ। ਜਿਸ ਵਰ੍ਹੇ ਸੰਤੋਖ ਸਿੰਘ ਧੀਰ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ, ਹੋਰਨਾਂ ਤੋਂ ਬਿਨਾ ਜਸਵੰਤ ਸਿੰਘ ਕੰਵਲ ਤੇ ਪਿਆਰਾ ਸਿੰਘ ਸਹਿਰਾਈ ਦੀਆਂ ਪੁਸਤਕਾਂ ਵੀ ਵਿਚਾਰੀਆਂ ਜਾਣੀਆਂ ਸਨ। ਧੀਰ ਨੂੰ ਕੇਵਲ ਇਸ ਲਈ ਲਾਂਭੇ ਰੱਖਿਆ ਜਾ ਰਿਹਾ ਸੀ ਕਿ ਉਸਨੇ ਆਪਣੀ ਹਰ ਕਹਾਣੀ ਦੇ ਅੰਤ ਉੱਤੇ ਲਿਖੇ ਜਾਣ ਦਾ ਵਰ੍ਹਾ ਛਪਵਾ ਰੱਖਿਆ ਸੀ। ਵੱਡੀ ਗਿਣਤੀ ਉਹਨਾਂ ਕਹਾਣੀਆਂ ਦੀ ਸੀ ਜਿਨ੍ਹਾਂ ਦੀ ਲਿਖਣ ਮਿਤੀ ਤਿੰਨ ਸਾਲ ਤੋਂ ਪਹਿਲਾਂ ਦੀ ਸੀ। ਓਪਰਾ ਪ੍ਰਭਾਵ ਇਹ ਪੈਂਦਾ ਸੀ ਕਿ ਪੁਸਤਕ ਵਿੱਚ ਸ਼ਾਮਿਲ ਕਹਾਣੀਆਂ ਬਹੁਤ ਪੁਰਾਣੀਆਂ ਸਨ ਅਤੇ ਇਸ ਕਾਰਨ ਪੁਰਸਕਾਰ ਲਈ ਵਿਚਾਰਨ ਦੇ ਯੋਗ ਨਹੀਂ ਸਨ। ਇਸ ਵਾਰੀ ਮੈਂ ਅੰਤਿਮ ਕਮੇਟੀ ਦਾ ਮੈਂਬਰ ਸਾਂ ਤੇ ਦੁੱਗਲ ਦਾ ਕੰਮ ਕਨਵੀਨਰ ਦੀ ਹੈਸੀਅਤ ਵਿੱਚ ਫੈਸਲੇ ਦੇ ਠੀਕ ਹੋਣ ਦੀ ਸੂਰਤ ਵਿੱਚ ਉਸ ਉੱਤੇ ਸਹੀ ਪਾਉਣਾ ਹੀ ਸੀ। ਮੈਨੂੰ ਜਾਪਦਾ ਸੀ ਕਿ ਧੀਰ ਨੇ ਆਪਣੇ ਸੁਭਾਅ ਦੇ ਅਨੁਸਾਰ ਲਿਖਣ ਵਰ੍ਹੇ ਦੀ ਮਿਤੀ ਲਿਖ ਛੱਡੀ ਸੀ ਪਰ ਪੁਸਤਕ ਰੂਪ ਵਿੱਚ ਸ਼ਾਮਿਲ ਕੀਤਿਆਂ ਤਿੰਨ ਸਾਲ ਤੋਂ ਵੱਧ ਨਹੀਂ ਸਨ ਹੋਏ ਤੇ ਪੁਸਤਕ ਪੁਰਸਕਾਰ ਲਈ ਵਿਚਾਰੀ ਜਾ ਸਕਦੀ ਸੀ। ਗ਼ਲਤ ਠੀਕ ਦਾ ਨਿਤਾਰਾ ਧੀਰ ਦੀ ਜ਼ੁਬਾਨ ਨੇ ਕਰਨਾ ਸੀ। ਬੜੀ ਮੁਸ਼ਕਿਲ ਨਾਲ ਧੀਰ ਦਾ ਟੈਲੀਫੋਨ ਲੱਭ ਕੇ ਉਸ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਿਆ ਕਿ ਪੁਸਤਕ ਵਿਚਾਰੀ ਜਾ ਸਕਦੀ ਸੀ। ਧੀਰ ਨੂੰ ਟੈਲੀਫ਼ੋਨ ਕਰਦੇ ਸਮੇਂ ਦੁੱਗਲ ਉਸ ਬੰਦੇ ਨੂੰ ਨਾਲ ਲੈ ਕੇ ਗਿਆ ਜਿਹੜਾ ਧੀਰ ਦੀ ਪੁਸਤਕ ਉੱਤੇ ਕਿੰਤੂ ਪ੍ਰੰਤੂ ਕਰ ਰਿਹਾ ਸੀ। ਉਚਿਤ ਫੈਸਲਾ ਕਰਦੇ ਸਮੇਂ ਦੁੱਗਲ ਦੇ ਚਿਹਰੇ ਉੱਤੇ ਉਹੀਓ ਨੂਰ ਸੀ, ਜਿਹੜਾ ਸ਼ਿਵ ਕੁਮਾਰ ਨੂੰ ਪੁਰਸਕਾਰ ਮਿਲਣ ਸਮੇਂ।
ਸਾਹਿਤ ਦੇ ਖੇਤਰ ਵਿੱਚ ਨਿਰਪੱਖ ਹੋ ਕੇ ਵਿਚਰਨ ਵਾਲਿਆਂ ਵਿੱਚ ਦੁੱਗਲ ਦਾ ਨਾਂ ਸਿਖ਼ਰ ਉੱਤੇ ਆਉਂਦਾ ਹੈ। ਸਹਿਜ, ਸਲੀਕਾ ਅਤੇ ਨਿਰਪੱਖਤਾ ਦੁੱਗਲ ਦੇ ਮੋਢੀ ਗੁਣ ਸਨ। ਇਨ੍ਹਾਂ ਗੁਣਾਂ ਦੇ ਸਦਕਾ ਦੁੱਗਲ ਬਾਹਰੋਂ ਵੀ ਉੰਨਾ ਖ਼ੂਬਸੂਰਤ ਸੀ, ਜਿੰਨਾ ਅੰਦਰੋਂ।
ਕਰਤਾਰ ਸਿੰਘ ਦੁੱਗਲ ਪੰਜਾਬੀ ਦੇ ਉਹਨਾਂ ਗਿਣੇ-ਚੁਣੇ ਬੰਦਿਆਂ ਵਿੱਚੋਂ ਇੱਕ ਹੈ ਜਿਹੜੇ ਸੱਚਮੁਚ ਖ਼ੂਬਸੂਰਤ ਹਨ। ਹੁਸੀਨ ਬੰਦਿਆਂ ਵਿੱਚ ਉਸਦਾ ਸ਼ੁਮਾਰ ਸਭ ਤੋਂ ਉੱਤੇ ਵੀ ਹੋ ਸਕਦਾ ਹੈ। ਸਰੀਰਕ ਸੁਹੱਪਣ ਦੀ ਗੱਲ ਕਰਨੀ ਹੋਵੇ ਤਾਂ ਇੰਨਾ ਹੀ ਕਹਿ ਦੇਣਾ ਕਾਫੀ ਹੈ ਕਿ ਉਸਦਾ ਪ੍ਰੇਮ ਵਿਵਾਹ ਉਸ ਸਮੇਂ ਦੀ ਸਭ ਤੋਂ ਹੁਸੀਨ ਔਰਤ ਆਇਸ਼ਾ ਨਾਲ ਹੋਇਆ ਸੀ। ਮੇਰੇ ਵੱਲੋਂ ਦੁੱਗਲ ਜੋੜੀ ਨਾਲ ਖਾਸ ਸਨੇਹ ਰੱਖਣ ਦਾ ਇਸ ਜੋੜੀ ਦਾ ਸਾਡੇ ਪ੍ਰਤੀ ਮੋਹ ਦਾ ਰਿਸ਼ਤਾ ਵੀ ਹੈ। ਮੈਂ ਦੁੱਗਲ ਦੇ ਘਰ ਵਿੱਚ ਰੱਖੀ ਸ਼ੀਸ਼ੀ ਦਾ ਨਸ਼ਾ ਵੀ ਲਿਆ ਹੈ ਪਰ ਉਸਦੇ ਜਾਤੀ ਮੋਹ ਦਾ ਨਸ਼ਾ ਮੇਰੀ ਰਗ ਰਗ ਵਿੱਚ ਰਚਿਆ ਹੋਇਆ ਹੈ ਜੋ ਨਵੇਂ ਲੇਖਕਾਂ ਪ੍ਰਤੀ ਉਸਦੇ ਮਨ ਅੰਦਰਲੇ ਹੁਸਨ ਦਾ ਲਖਾਇਕ ਹੈ। ਦੁੱਗਲ ਹੁਸੀਨ ਸੀ। ਉਹਦੀ ਬੀਵੀ ਹੋਰ ਵੀ ਹੁਸੀਨ। ਲਿਖਤਾਂ ਦੋਨਾਂ ਤੋਂ ਵੱਧ ਹੁਸੀਨ।