ਕਸ਼ਮੀਰ ਗ੍ਰੇਟ ਲੇਕ ਟਰੈੱਕ ਇਕ ਹੁਸੀਨ ਸਫ਼ਰਨਾਮਾ : ਰਿਪਨਜੋਤ ਕੌਰ ਸੋਨੀ ਬੱਗਾ

"ਗਰ ਫ਼ਿਰਦੌਸ ਬਰੂਹੇ ਜ਼ਮੀਂ ਅਸਤ, ਹਮੀ ਅਸਤੋ ,ਹਮੀ ਅਸਤੋ ,ਹਮੀ ਅਸਤੋ।"

ਜੇਕਰ ਦੁਨੀਆਂ ਵਿੱਚ ਕੋਈ ਸਵਰਗ ਹੈ ਤਾਂ ਉਹ ਕਸ਼ਮੀਰ ਵਿਚ ਹੈ, ਇਥੇ ਹੈ ਇਥੇ ਹੈ, ਇਥੇ ਹੈ।

ਸਮਰਾਟ ਜਹਾਂਗੀਰ।

ਜਹਾਂਗੀਰ ਨੂੰ ਕਸ਼ਮੀਰ ਨਾਲ ਇੰਨਾ ਪਿਆਰ ਸੀ ਕਿ ਉਹ ਤੇਰਾਂ ਵਾਰੀ ਕਸ਼ਮੀਰ ਆਇਆ ਸੀ। ਸਮਰਾਟ ਅਕਬਰ ਨੇ ਤਿੰਨ ਵਾਰ ਕਸ਼ਮੀਰ ਦੀ ਯਾਤਰਾ ਕੀਤੀ ਸੀ। ਖੂਬਸੂਰਤ ਹਿਮਾਲਿਆ ਦੀਆਂ ਵਾਦੀਆਂ ਵਿੱਚ ਘਿਰੇ ਕਸ਼ਮੀਰ ਨੂੰ ਦੁਨੀਆਂ ਦੀ ਜੰਨਤ ਹੋਣ ਦਾ ਦਰਜਾ ਹਾਸਿਲ ਹੈ। ਪੂਰਬ ਦਾ ਸਵਰਗ, ਕਸ਼ਮੀਰ ਘਾਟੀ ਦੀ ਕੁਦਰਤੀ ਸੁੰਦਰਤਾ ਮਾਨਣ ਵਾਲੀ ਹੈ।

ਕੁਝ ਦਿਨ ਪਹਿਲਾਂ ਜਿਉਂ ਹੀ ਮੈਂ ਸਵੇਰੇ ਉਠੀ ਤਾਂ ਮੇਰੀ ਬੇਟੀ ਕਹਿੰਦੀ ਮੈਂ ਟਰੈੱਕ ਤੇ ਜਾਣਾ ਹੈ, ਸਾਰਾ ਦਿਨ ਵਿਚਾਰ ਕਰਨ ਤੋਂ ਬਾਅਦ ਬੇਟੀ ਦੀ ਜ਼ਿਦ ਅੱਗੇ ਮਾਂ ਨੇ ਵੀ ਇਕ ਸ਼ਰਤ ਰੱਖੀ ਕਿ ਮੈਂ ਵੀ ਨਾਲ ਹੀ ਜਾਣਾ ਹੈ। ਘਰ ਦਾ ਮਾਹੌਲ ਦੇਖਦੇ ਹੋਏ ਮਾਂ ਬੇਟੀ ‌ ਦਾ ਐਵਰੈਸਟ ਦੇ ਬੇਸ ਕੈਂਪ ਤੇ ਜਾ ਚੁੱਕੇ ਗੁਰਪ੍ਰੀਤ ਸਿੰਘ ਨਾਲ ਕਸ਼ਮੀਰ ਗਰੇਟ ਲੇਕ ਟ੍ਰੈਕ ਤੇ ਜਾਣ ਦਾ ਪ੍ਰੋਗਰਾਮ ਬਣ ਗਿਆ,ਜੋਂ ਕਿ ਕਾਫੀ ਸਮੇਂ ਤੋਂ ਮੁੰਡਿਆਂ ਕੁੜੀਆਂ ਦੇ ਗਰੁਪਾਂ ਨੂੰ ਹਿਮਾਲਿਆ ਵਿਚ ਪਰਬਤ ਆਰੋਹਣ ਕਰਵਾ ਰਿਹਾ ਸੀ। ਕਸ਼ਮੀਰ ਗਰੇਟ ਲੇਕ ਟ੍ਰੈਕ ਨੂੰ ਕਰਨ ਦਾ ਸਮਾਂ ਜੁਲਾਈ ਤੋਂ ਸਤੰਬਰ ਤੱਕ ਹੁੰਦਾ ਹੈ, ਉਸ ਦੌਰਾਨ ਦਿਨ ਦਾ ਤਾਪਮਾਨ ਵੀਹ ਡਿਗਰੀ ਸੈਂਟੀਗਰੇਡ ਅਤੇ ਰਾਤ ਦਾ ਤਾਪਮਾਨ ਚਾਰ ਡਿਗਰੀ ਸੈਂਟੀਗ੍ਰੇਡ ਤਕ ਚਲਾ ਜਾਂਦਾ ਹੈ।ਉਸਨੇ ਕਸ਼ਮੀਰ ਗ੍ਰੇਟ ਲੇਕ ਟਰੈਕ ਦਾ ਲਗਭਗ 72 ਕਿ.ਮੀ ਪੈਂਡਾ 6 ਦਿਨਾਂ ਵਿੱਚ ਤੁਰ ਕੇ ਤੈਅ ਕਰਨ ਲਈ ਉਥੇ ਗਾਇਡ , ਖਾਣਾ ਬਣਾਉਣ ਵਾਸਤੇ ਲੋੜੀਂਦਾ ਸਮਾਨ ਅਤੇ ਟੈਂਟ ਦਾ ਪ੍ਰਬੰਧ ਕਰ ਲਿਆ। ਦੋ ਦਿਨਾਂ ਬਾਅਦ ਜ਼ਰੂਰੀ ਸਮਾਨ, ਜਿਵੇਂ ਕਿ ਟਰੈਂਕਿੰਗ ਬੂਟ,ਨੀ ਕੈਪ,ਰੇਨਕੋਟ,ਸਟਿੱਕ,ਸਲੀਪਿੰਗ ਬੈਗ, ਜੁਰਾਬਾਂ ਦੇ ਜੋੜੇ,ਗਰਮ ਕੱਪੜੇ,ਏਅਰ ਜੈਕਟ, ਖਾਣ ਵਾਸਤੇ ਗੁੜ, ਚਨੇ, ਬਿਸਕੁਟ ਅਤੇ ਨਮਕੀਨ ਦੇ ਛੋਟੇ ਪੈਕਟ,ਅਤੇ ਕੁੱਝ ਡਰਾਈ ਫਰੂਟ ਅਤੇ ਹੋਰ ਲੋੜੀਂਦਾ ਸਮਾਨ ਪੈਕ ਕਰ ਕੇ ਅਸੀਂ ਦੋਨੋਂ ਹਵਾਈ ਜਹਾਜ਼ ਰਾਹੀ ਸ੍ਰੀਨਗਰ ਪੁੱਜੇ। ਜਿਉਂ ਹੀ ਅਸੀਂ ਹਵਾਈ ਅੱਡੇ ਉੱਤੇ ਉਤਰੇ, ਤਾਂ ਮਹਿਸੂਸ ਹੋਇਆ ਕਿ ਅਸੀਂ ਮੋਬਾਈਲ ਦਾ ਪੋਸਟਪੇਡ ਸਿੰਮ ਲੈਣਾ ਭੁੱਲ ਗਏ ਹਾਂ । ਸੋਨਮਰਗ ਜਾਣ ਵਾਸਤੇ ਆਪਣੇ ਸਾਥੀ ਟਰੈਕਰ ਅਤੇ ਡਰਾਈਵਰ ਨਾਲ ਰਾਬਤਾ ਕਰਨਾ ਸੀ , ਸਾਨੂੰ ਅੰਦਰਖਾਤੇ ਡਰ ਵੀ ਲੱਗੀ ਜਾਵੇ, ਫੇਰ ਵੀ ਅਗਲੇ ਇਕ ਘੰਟੇ ਦੌਰਾਨ ਅਣਜਾਣੇ ਕਸ਼ਮੀਰੀਆਂ ਤੋਂ ਫੋਨ ਲੈ ਕੇ ਅਸੀਂ ਤਕਰੀਬਨ ,5/7 ਕਾਲਾਂ ਕੀਤੀਆਂ, ਸਾਡੀ ਹਾਲਤ ਦੇਖ ਕੇ ਉਥੇ ਇੱਕ ਕਸ਼ਮੀਰੀ ਭੈਣ ਭਰਾ ਜੋ ਕਿ ਕਸ਼ਮੀਰ ਤੋਂ ਬਾਹਰ ਕਿਸੇ ਯੂਨੀਵਰਸਿਟੀ ਵਿੱਚ ਪੜਦੇ ਸਨ, ਲਗਾਤਾਰ ਸਾਡੀ ਟੈਕਸੀ ਆਉਣ ਤੱਕ ਸਾਡੇ ਨਾਲ ਖੜੇ ਰਹੇ। ਉਹਨਾਂ ਨੂੰ ਇਹ ਪਤਾ ਚੱਲ ਚੁੱਕਾ ਸੀ ਕਿ ਇਹ ਮਾਵਾਂ ਧੀਆਂ ਪੰਜਾਬ ਤੋਂ ਆਈਆਂ ਹਨ, ਅਤੇ ਉਹਨਾਂ ਨੇ ਕਈ ਵਾਰੀ ਸਾਡੇ ਡਰਾਇਵਰ ਨੂੰ ਫੋਨ ਕਰਕੇ ਆਪਣੀ ਭਾਸ਼ਾ ਵਿੱਚ ਪੁੱਛਿਆ, ਸਾਇਦ ਉਹ ਕਿਤੇ ਟ੍ਰੈਫਿਕ ਜਾਮ ਵਿਚ ਫਸ ਗਿਆ ਸੀ। ਡਰਾਈਵਰ ਨੇ ਆਉਂਦੇ ਹੀ ਬਿਨਾਂ ਸਾਡੇ ਨਾਲ ਅੱਖ ਮਿਲਾਏ ਕਈ ਵਾਰੀ ਮੁਆਫ਼ੀ ਮੰਗੀ, ਅਤੇ ਸਾਨੂੰ ਹਨ੍ਹੇਰਾ ਹੋਣ ਤੋਂ ਪਹਿਲਾਂ ਸੋਨਮਰਗ ਪਹੁੰਚਾਇਆ। ਰਾਹ ਵਿੱਚ ਇੱਕ ਢਾਬੇ ਉੱਤੇ ਕਸ਼ਮੀਰੀ ਕਾਹਵੇ ਦਾ ਆਨੰਦ ਲਿਆ, ਅਤੇ ਬਹੁਤ ਆਉ-ਭਗਤ ਹੋਈ, ਸਾਨੂੰ ਕਾਹਵਾ ਦੇਣ ਆਇਆ ਮੁੰਡਾ ਬਾਰ_ਬਾਰ ਪੁੱਛ ਰਿਹਾ ਸੀ ਕਿ ਹਮ ਆਪ ਕੋ ਕੈਸੇ ਲਗੇ, ਆਈਏ ਮੈਂ ਆਪਕੀ ਫੋਟੋ ਖੀਂਚ ਦੇਤਾ ਹੂੰ, ਟੂਰਿਸਟ ਇਹਨਾਂ ਵਾਸਤੇ ਸਭ ਕੁਝ ਹੈ।ਮੈਨੂੰ ਕੁਝ ਘੰਟਿਆਂ ਵਿੱਚ ਹੀ ਪਤਾ ਚੱਲ ਚੁੱਕਾ ਸੀ ਕਿ ਕਸ਼ਮੀਰੀਆਂ ਦੇ ਮਨਾਂ ਵਿੱਚ ਪੰਜਾਬੀਆਂ ਲਈ ਇਕ ਬਹੁਤ ਹੀ ਖਾਸ ਇਜ਼ਤਦਾਰ ਥਾਂ ਹੈ, ਜਿਸ ਕਾਰਨ ਸਾਡੇ ਮਨਾਂ ਦਾ ਡਰ ਵੀ ਜਾਂਦਾ ਰਿਹਾ। ਸੋਨਮਰਗ ਪਹੁੰਚ ਕੇ , ਟਰੈਕਰ ਗੁਰਪ੍ਰੀਤ ਤੇ ਗੁਰਜੀਤ ਨਾਲ ਗੱਲ ਕੀਤੀ ਅਤੇ ਅਸੀਂ ਸ਼ਾਮ ਨੂੰ ਜਲਦੀ ਹੀ ਖਾਣਾ ਖਾ ਕੇ ਆਰਾਮ ਕਰਨ ਵਾਸਤੇ ਆਪਣੇ ਕਮਰੇ ਵਿਚ ਚਲੀਆਂ ਗਈਆਂ , ਕਿਉਂਕਿ ਅਗਲੇ ਦਿਨ ਸਵੇਰੇ ‌,7 ਵਜੇ ਟ੍ਰੈਕ ਸ਼ੁਰੂ ਕਰਨਾ ਸੀ। ਸਵੇਰੇ ਉਠ ਕੇ ਆਪਣੇ ਕਮਰੇ ਦੀ ਬਾਰੀ ਵਿਚੋਂ ਦਿਓਦਾਰ ਲੱਦੇ ਉੱਚੇ ਪਹਾੜ ਦੇਖ ਕੇ ਮਨ ਬਹੁਤ ਖ਼ੁਸ਼ ਹੋ ਰਿਹਾ ਸੀ। ਮੈਂ ਆਪਣੇ ਪਿਤਾ ਜੀ,ਬੇਟੇ , ਪਤੀ ਅਤੇ ਭੈਣ ਭਰਾ ਨੂੰ ਵੀਡੀਓ ਕਾਲ ਕਰਕੇ ਸਭ ਵਿਖਾਇਆ, ਕਿਉਂਕਿ ਮੈਨੂੰ ਇਹ ਪਤਾ ਸੀ ਕਿ ਟਰੈਕ ਸ਼ੁਰੂ ਕਰਨ ਤੋਂ ਕੁਝ ਘੰਟੇ ਬਾਅਦ ਮੋਬਾਈਲ ਦਾ ਸਿਗਨਲ ਆਉਣਾ ਬੰਦ ਹੋ ਜਾਵੇਗਾ। ਅਸੀਂ ਪਹਿਲੇ ਦਿਨ ਨਿਚਨੱੲਈ ਪਾਸ ਸਰ ਕਰਨਾ ਸੀ । ਸਮੇਂ ਅਨੁਸਾਰ ਚੱਲ ਕੇ ਅਸੀਂ ਸਾਰੇ ਗਾਈਡ ਨਾਲ ਇਕ ਨਿਰਧਾਰਿਤ ਜਗ੍ਹਾ ਤੇ ਇਕੱਠੇ ਹੋ ਗਏ। ਜਿੱਥੋਂ ਟਰੈਕ ਸ਼ੁਰੂ ਹੁੰਦਾ ਹੈ ਫੌਜ ਦੇ ਸਿਪਾਹੀ ਸਾਰਿਆਂ ਦੀ ਗਾਈਡ ਦੇ ਨਾਲ ਫੋਟੋਆਂ ਖਿੱਚਦੇ ਹਨ, ਸਭ ਬਾਰੇ ਜਾਣਕਾਰੀ ਲਿਖਤੀ ਰੂਪ ਵਿੱਚ ਲਈ ਜਾਂਦੀ ਹੈ। ਇਹ ਇੱਕ ਕਿਸਮ ਦੀ ਟਰੈਕ ‌ਸੁਰੂ ਕਰਨ ਦੀ ਅਗਾਊਂ ਪਰਮਿਸਨ ਹੁੰਦੀ ਹੈ।ਫਿਰ ਤੀਸਰੇ ਦਿਨ ਵੀ ਰਾਹ ਵਿਚ ਫੋਜ ਦੇ ਅਧਿਕਾਰੀ ਸਾਰਾ ਕੁਝ ਚੈੱਕ ਕਰਦੇ ਹਨ ਅਤੇ ਆਖਰੀ ਦਿਨ ਜਿਸ ਦਿਨ ਨਾਰਾਂਨਾਗ ਪਹੁੰਚਣਾ ਹੁੰਦਾ ਹੈ ਸਾਰਿਆਂ ਦੀਆਂ ਫੋਟੋਆਂ ਖਿੱਚੀਆਂ ਜਾਂਦੀਆਂ ਹਨ ਅਤੇ ਵੇਰਵਾ ਫੌਜੀਆਂ ਵੱਲੋਂ ਲਿਆ ਜਾਂਦਾ ਹੈ। ਇਹ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਪਾਕਿਸਤਾਨ ਵਿਚਲੇ ਕਸ਼ਮੀਰ ਦੇ ਪਹਾੜ ਵੀ ਇੱਕ ਜਗ੍ਹਾ ਦੂਰੋਂ ਦਿਖਦੇ ਹਨ।

ਜਿਉਂ ਜਿਉਂ ਅਸੀਂ ਅੱਗੇ ਵਧ ਰਹੇ ਸਾਂ, ਵੰਨ-ਸੁਵੰਨੇ ਰੁੱਖ, ਹਰੇ ਕਚੂਰ ਘਾਹ‌ ਵਿੱਚ ਖਿੜੇ ਰੰਗ ਬਰੰਗੇ ਫੁੱਲ, ਖੂਬਸੂਰਤ ਵਾਦੀਆਂ ,ਗਗਨ ਛੋਂਹਦੇ ਪਹਾੜਾਂ ਦੀਆਂ ਲੜੀਆਂ, ਵਾਦੀ ਦੀ ਸੁੰਦਰਤਾ ਨੂੰ ਬਿਆਨ ਕਰ ਰਹੀਆਂ ਸਨ, ਪਰ ਰਸਤਾ ਅੱਤ ਦਾ ਦੁਰਗਮ ਹੋਣ ਕਰਕੇ ਸਾਡਾ ਧਿਆਨ ਰਸਤੇ ਵੱਲ ਜ਼ਿਆਦਾ ਸੀ। ਸਾਹਿਤ ਅਕਾਦਮੀ ਯੁਵਾ ਪੁਰਸਕਾਰ ਜੇਤੂ ਕਸ਼ਮੀਰੀ ਕਵੀ ਮਸਰੂਰ ਮੁਜ਼ੱਫਰ ਦੀ ਕਵਿਤਾ ਦੀ ਇਹ ਪੰਕਤੀਆਂ ਹੀ ਕਾਫੀ ਹਨ, ਇਸ ਸੁੰਦਰਤਾਂ ਨੂੰ ਬਿਆਨ ਕਰਨ ਲਈ-

"ਕਸ਼ਮੀਰ ਸੁਰਗ ਜੈਸੀ ਮਿਸਾਲ ਹੈ ਔਰ ਜਹਾਂ ਹਰ ਏਕ ਚੀਜ਼ ਕਮਾਲ ਹੈ, ਇਹ ਚਸ਼ਮੋਂ ਔਰ ਦਰਿਆਓ ਕਾ ਵਤਨ ਹੈ , ਜਹਾ ਹਰ ਏਕ ਗੁਲ ਸੇ ਖੂਬਸੂਰਤੀ ਛਲਕਤੀ ਹੈ।"

ਚਾਰ ਪੰਜ ਘੰਟਿਆ, ਦੀ ਦੁਰਗਮ ਪਹਾੜੀ ਚੜਾਈ ਚੜ ਕੇ ਅਤੇ ਜੰਗਲੀ ਰਸਤਾ ਲੰਘ ਕੇ ਅਸੀਂ ਟੇਬਲ ਟਾਪ ਨਾਮੀ ਜਗਾ ਤੇ ਪਹੁੰਚੇ , ਉਥੇ ਇਕ ਛੋਟਾ ਜਿਹਾ ਢਾਬਾ ਹੈ ਜਿਸ ਤੇ ਅਸੀਂ ਚਾਹ ਪੀਤੀ। ਰਸਤੇ ਵਿੱਚ ਸਾਨੂੰ ਬਹੁਤ ਵੱਡੇ-ਵੱਡੇ ਚੀਲ, ਦਿਓਦਾਰ ,ਵੀਪਿਂਗ ਵਿਲੌ, ਭੋਜਪੱਤਰ( ਹਿਮਾਲੀਅਨ ਬਰਚ ) ਅਤੇ ਹੋਰ ਬਹੁਤ ਸਾਰੀਆਂ ਕਿਸਮਾਂ ਦੇ ਰੁੱਖਾਂ ਦੇ ਜੰਗਲ ਮਿਲੇ। ਭੋਜ ਪੱਤਰ ਜਿਸਦੀ ਛਾਲ ਦੀ ਵਰਤੋਂ ਪੁਰਾਣੇ ਜ਼ਮਾਨੇ ਵਿਚ ਗ੍ਰੰਥ ਲਿਖਣ ਲਈ ਹੁੰਦੀ ਸੀ ਮੈਂ ਪਹਿਲੀ ਵਾਰ ਦੇਖਿਆ। ਇਥੇ ਲੱਗੇ ਰੁੱਖਾਂ ਦੀ ਉਮਰ ਘੱਟ ਘੱਟ ਸੌ ਸਾਲ ਤਾਂ ਹੋਵੇਗੀ ਹੀ। ਵੀਜ਼ਲ ਅਤੇ ਔਟਟਰ ਨਾਮੀ ਜਾਨਵਰਾਂ ਨੂੰ ਤਾਂ ਮੈਂ ਦੇਖਦੇ ਹੀ ਪਛਾਣ ਲਿਆ। ਸਾਰੇ ਰਾਹ ਸਾਰੇ ਦਿਨ ਸਾਡੇ ਪੈਰਾਂ ਵਿਚ ਬਾਹਮਣੀਆਂ ਫਿਰਦੀਆਂ ਰਹੀਆਂ, ਪਰ ਸਾਨੂੰ ਕਿਹਾ ਕੁਝ ਨਹੀਂ। ਹਰੇ ਘਾਹ ਵਿੱਚ ਉੱਗੇ ਰੰਗ ਬਰੰਗੇ ਫੁੱਲਾਂ ਉੱਤੇ ਸੈਂਕੜੇ ਤਿਤਲੀਆਂ ਸਨ। ਰਾਹ ਵਿਚ ਕਿਧਰੇ-ਕਿਧਰੇ ਕੰਕਰ ,ਪਥਰੀਲਾ ਇਲਾਕਾ ਅਤੇ ਵੱਡੇ-ਵੱਡੇ ਚਟਾਨਾਂ ਰੂਪੀ ਪੱਥਰ ਖਿਲਰੇ ਪਏ ਸਨ ।ਉਦੋਂ ਮੇਰੀ ਹੈਰਾਨੀ ਦੀ ਕੋਈ ਸੀਮਾ ਨਾ ਰਹੀ ਜਦੋਂ ਲੱਗ-ਭੱਗ 14 ਹਜ਼ਾਰ ਫੁੱਟ(ਵਿਸ਼ਨੂੰਸਰ) ਉੱਚੇ ਪਹਾੜਾਂ ਦੀਆਂ ਖੁੰਦਰਾਂ ਵਿੱਚ ਬੈਠੀ ਇਕ ਗੁੱਜ਼ਰ ਮੁਸਲਮਾਨ ਬਜ਼ੁਰਗ ਮਾਤਾ ਨੇ ਮੈਨੂੰ ਪੁੱਛਿਆ ਕਿ ਹੁਣੇ ਵੀ ਪੰਜਾਬ ਦੇ ਕਿਸਾਨ ਦਿੱਲੀ ਹੀ ਬੈਠੇ ਹਨ ਕਿ ਘਰਾਂ ਨੂੰ ਵਾਪਸ ਆ ਗਏ ਨੇ ,ਮੈਂ ਕਿਹਾ ਜਦੋਂ ਤੱਕ ਜਿੱਤਦੇ ਨਹੀਂ, ਵਾਪਿਸ ਨਹੀ ਆਓਦੇਂ,ਅਗੋਂ ਕਹਿੰਦੀ ਪੰਜਾਬੀਆਂ ਨੂੰ ਇਹੋ ਤੇ ਵਰਦਾਨ ਏ ਉਹਨਾਂ ਦੇ ਗੁਰਾਂ ਦਾ,ਮੈਨੂੰ ਉਸਦੀ ਇਸ ਸੁਚੇਤਤਾ ਤੇ ਮਾਣ ਜਿਹਾ ਮਹਿਸੂਸ ਹੋਇਆ। ਸਾਨੂੰ ਇਸ ਨੇ ਚਿੱਟੀ ਮੱਕੀ ਦੀ ਰੋਟੀ ਖੁਆਈ ਅਤੇ ਲੱਸੀ ਪਿਆਈ। ਪੰਜਾਬੀਆਂ ਖਾਸ ਕਰ ਸਿੱਖਾਂ ਵਾਸਤੇ ਵਾਸਤੇ ਇਹਨਾਂ ਦੇ ਮਨਾਂ ਵਿਚ ਬਹੁਤ ਜ਼ਿਆਦਾ ਪਿਆਰ ਅਤੇ ਸਤਿਕਾਰ ਹੈ ।ਸਾਨੂੰ ਜਿੰਨੇ ਵੀ ਲੋਕ ਮਿਲੇ,ਸਭਨਾਂ ਨੇ ਕਿਰਸਾਨੀ ਅੰਦੋਲਨ ਨਾਲ ਆਪਣੀ ਇੱਕਜੁਟਤਾ ਅਤੇ ਹਮਦਰਦੀ ਜਿਤਾਈ।

ਬੇਬੇ ਦੇ ਘਰ ਤੋਂ 3 ਕੁ ਕਿਲੋਮੀਟਰ ਦੂਰ ਉਥੇ ਰਜੌਰੀ ਤੋਂ ਆਏ ਕੁਝ ਗੁਜੱਰ ਅਤੇ ਬੱਕਰਵਾਲ ਲੋਕ ਭੇਡਾਂ ਤੋਂ ਉਨ ਲਾਹ ਰਹੇ ਸਨ, ਜਦੋਂ ਮੈਂ ਕਿਸਾਨਾਂ ਦੇ ਅੰਦੋਲਨ ਬਾਰੇ ਗੱਲ ਕੀਤੀ, ਤਾਂ ਉਹਨਾਂ ਦੀਆਂ ਅੱਖਾਂ ਵਿਚਲੀ ਚਮਕ ਅਤੇ ਅੰਦਰੋਂ ਅੰਦਰ ਹਿਮਾਇਤ ਸਾਫ ਝਲਕ ਰਹੀ ਸੀ ਜੋਂ ਉਹਨਾਂ ਸਿਰ ਹਿਲਾ ਕੇ ਪੱਕੀ ਕੀਤੀ। ਮੈਨੂੰ ਉਹ ਵਾਕਿਆ ਅਜੇ ਵੀ ਯਾਦ ਹੈ। ਇਹਨਾਂ ਤੋਂ ਫਾਰਿਗ ਹੋ ਅਸੀਂ ਵਿਸ਼ਨੂੰ ਸਰ ਝੀਲ ਨੂੰ ਚਾਲੇ ਪਾਏ ਦਿੱਤੇ।ਸੂਰਜ ਡੁੱਬਣ ਤੋਂ ਪਹਿਲਾਂ ਅਸੀਂ ਉਥੇ ਪਹੁੰਚ ਗਏ, ਰੰਗ ਬਦਲਦੀ ਝੀਲ ਨੂੰ ਦੇਖਦੇ ਸਾਰ ਹੀ ਸਾਡੀ ਸਾਰੀ ਥਕਾਵਟ ਉਤਰ ਗਈ, ਇੰਝ ਮਹਿਸੂਸ ਹੋਇਆ ਕਿ ਜਿਹੜਾ ਰਸਤਾ ਅਸੀਂ ਸਾਰਾ ਦਿਨ ਤੁਰੇ ਹਾਂ ਇਸ ਸਵਰਗ ਨੂੰ ਦੇਖਣ ਲਈ ਉਹ ਬਹੁਤ ਘੱਟ ਹੈ। ਇਸ ਝੀਲ ਵਿਚ ਚਾਰ ਵਾਦੀਆਂ ਦੀ ਝਲਕ ਪੈਂਦੀ ਸੀ। ਉਥੇ ਪਹੁੰਚ ਕੇ ਸਾਨੂੰ ਕੁਝ ਕਸ਼ਮੀਰੀ ਮੁੰਡੇ ਕੁੜੀਆਂ ਟਰੈਕਿੰਗ ਕਰਦੇ ਵੀ ਮਿਲੇ, ਇਹਨਾਂ ਟਰੈਕਿੰਗ ਵਾਲੇ ਇਲਾਕਿਆਂ ਵਿੱਚ ਕਸ਼ਮੀਰੀਆਂ ਦੀਆਂ ਨਵੀਆਂ ਪੀੜੀਆਂ ਆਪਣੇ ਪਿਓ-ਦਾਦੇ ਵੱਲੋਂ ਭੇਜੀਆਂ ਜਾਂਦੀਆਂ ਹਨ, ਤਾਂ ਕਿ ਉਹ ਬਾਹਰਲੇ ਦੇਸ਼ਾਂ ਤੋਂ ਆਉਂਦੇ ਟੂਰਿਸਟਾਂ ਦੇ ਨਾਲ ਪੀੜ੍ਹੀ ਦਰ ਪੀੜ੍ਹੀ ਰਾਬਤਾ ਕਾਇਮ ਰੱਖਿਆ ਜਾ ਸਕੇ। ਇਹਨਾਂ ਇਲਾਕਿਆਂ ਵਿਚ ਗਾਈਡ ਖੂਬ ਪੈਸਾ ਕਮਾਉਂਦੇ ਹਨ, ਇਹ ਗਾਇਡ ਰੱਜੇ ਪੁੱਜੇ ਘਰਾਂ ਵਾਲੇ ਹੁੰਦੇ ਹਨ, ਪਰ ਉਹਨਾਂ ਦੇ ਪਹਿਰਾਵੇ ਤੋਂ ਪਤਾ ਨਹੀਂ ਚਲਦਾ, ਜਦੋਂ ਤੁਹਾਨੂੰ ਉਹ ਆਪਣੇ ਘਰਾਂ ਦੀਆਂ ਤਸਵੀਰਾਂ ਦਿਖਾਉਂਦੇ ਹਨ ਤਾਂ ਸਮਝ ਲੱਗ ਜਾਂਦੀ ਹੈ। ਗੁਜੱਰ ਗਾਈਡ ਬਹੁਤ ਹੀ ਜ਼ਿੰਮੇਵਾਰੀ ਨਾਲ ਟ੍ਰੈਕ ਪੂਰਾ ਕਰਵਾਉਂਦੇ ਹਨ, ਦੁਰਗਮ ਰਸਤੇ ਹੋਣ ਕਰਕੇ ਟੂਰਿਸਟ ਦਿਲ ਛੱਡ ਜਾਂਦੇ ਹਨ, ਗਾਇਡ ਉਹਨਾਂ ਦਾ ਸਾਮਾਨ ਚੁੱਕਣ ਤੋਂ ਇਲਾਵਾ ਉਹਨਾਂ ਨੂੰ ਹੱਲਾਸ਼ੇਰੀ ਵੀ ਦਿੰਦੇ ਜਾਂਦੇ ਹਨ। ਇਕ ਸਫ਼ਲ ਟ੍ਰੈਕ ਕਰਨ ਵਾਸਤੇ ਇਕ ਵਧੀਆ ਗਾਇਡ ਦਾ ਹੋਣਾ ਬਹੁਤ ਜਰੂਰੀ ਹੈ।

ਹੁਣ ਅਗਲੇ ਦਿਨ ਅਸੀਂ ਵਿਸ਼ਨੂੰ ਸਾਗਰ ਝੀਲ ਦੇ ਕੰਢੇ ਤੇ ਆਪਣੇ ਟੈਂਟ ਅਤੇ ਹੋਰ ਸਮਾਨ ਚੁੱਕ ਕੇ ਨਾਲ ਚਲਦੇ ਘੋੜਿਆਂ ਤੇ ਪਾ ਦਿੱਤਾ ਤੋਂ ਗਡਸਰ ਝੀਲ ਜਾਣਾ ਸੀ, ਸੋ ਅਸੀਂ ਸਵੇਰੇ 8 ਵਜੇ ਤੱਕ ਉੱਠ ਕੇ ਤੁਰ ਪਏ ਕਿਉਂਕਿ ਇਸ ਨੂੰ ਸਭ ਤੋਂ ਔਖਾ ਪਾਸ ਕਿਹਾ ਜਾਂਦਾ ਹੈ। ਕਈ ਟੂਰਿਸਟ ਇੱਥੋਂ ਵਾਸਤੇ ਘੋੜੇ ਉੱਤੇ ਬੈਠ ਜਾਂਦੇ ਹਨ, ਇਸ ਦੀ ਚੜ੍ਹਾਈ ਇਕ ਦਮ ਸਿੱਧੀ ਅਤੇ ਉੱਪਰ ਨੂੰ ਤਿੱਖੀ ਹੈ।ਗਡਸਰ ਝੀਲ ਨੂੰ ਇਕ ਰਹੱਸ ਮਈ ਝੀਲ ਕਿਹਾ ਜਾਂਦਾ ਹੈ, ਇਸ ਦੀ ਡੂੰਘਾਈ ਦਾ ਕੋਈ ਪਤਾ ਨਹੀਂ।ਕੋਈ ਵੀ ਟੂਰਿਸਟ ਇਸ ਦੇ ਕੋਲ ਬਹੁਤਾ ਚਿਰ ਨਹੀਂ ਰੁਕਦਾ। ਅਸੀਂ ਫਟਾਫੱਟ ਫੋਟੋਆਂ ਖਿੱਚੀਆਂ ਅਤੇ ਗਾਇਡ ਸਾਨੂੰ ਕਾਹਲੀ ਵਿੱਚ ਲੱਗਿਆ ਅੱਗੇ ਜਾਣ ਲਈ। ਉਹ ਕਹਿ ਰਿਹਾ ਸੀ ਇਸ ਜਗਾ ਤੇ ਕਿਸੇ ਵੀ ਸਮੇਂ ਬਹੁਤ ਜ਼ਿਆਦਾ ਬਾਰਿਸ਼ ਆ ਸਕਦੀ ਹੈ। ਕਾਫ਼ੀ ਉਚਾਈ ਤੇ ਹੋਣ ਕਰਕੇ ਉਹ ਕਹਿ ਰਿਹਾ ਸੀ ਕਿ ਇੱਥੇ ਤਾਂ ਰਿੱਛ ਵੀ ਆ ਜਾਂਦੇ ਹਨ, ਅਤੇ ਬਹੁਤ ਘੋੜੇ ਆਪਣੀ ਜਾਨ ਗੁਆ ਚੁੱਕੇ ਹਨ। ਰਾਹ ਵਿੱਚ ਫੁਲਾਂ ਦੀ ਵਾਦੀ ਆਈ ਪਰ ਸਾਨੂੰ ਗਾਈਡ ਨੇ ਜਾਮਨੀ ਚਿੱਟੇ ਰੰਗ ਦੇ ਫੁੱਲਾਂ ਨੂੰ ਹੱਥ ਨਹੀਂ ਲਾਉਣ ਦਿੱਤਾ, ਕਹਿੰਦਾ ਕਿ ਇਹ ਜ਼ਹਿਰੀਲੇ ਹੁੰਦੇ ਹਨ।

ਗਡਸਰ ਝੀਲ ਨੂੰ ਪਾਰ ਕਰਕੇ ਅਸੀਂ ਕਾਫੀ ਅੱਗੇ ਜਾ ਕੇ ਇਕ ਥਾਂ ਤੇ ਟੈਂਟ ਲਗਾਏ। ਸਾਡੇ ਨਾਲ ਆਉਂਦੇ ਗੁਰਪ੍ਰੀਤ ਨੇ ਸਾਡੇ ਖਾਣ ਪੀਣ ਦਾ ਪੂਰਾ ਖਿਆਲ ਰੱਖਿਆ। ਮੋਬਾਈਲ ਦਾ ਸਿਗਨਲ ਨਾ ਹੋਣ ਕਰਕੇ, ਹਨੇਰਾ ਪੈਣ ਤੱਕ ਸਾਰੇ ਟੂਰਿਸਟ ਆਪਸ ਵਿੱਚ ਗੱਪਾਂ ਮਾਰਦੇ ਜਾਂ ਗੀਤ ਸੁਣਾਉਂਦੇ। ਅਸੀਂ ਕਿਸਾਨੀ ਅੰਦੋਲਨ ਅਤੇ ਸਿੱਖ ਇਤਿਹਾਸ ਬਾਰੇ ਗੱਲਾਂ ਕੀਤੀਆਂ, ਕਸ਼ਮੀਰ ਦੇ ਲੋਕ ਸਿੱਖ ਇਤਿਹਾਸ ਬਾਰੇ ਜਾਣ ਕੇ ਬੜੇ ਖੁਸ਼ ਹੁੰਦੇ ਸਨ।ਸਾਡੇ ਨਾਲ ਕੇਰਲਾ ਤੋਂ ਵੀ ਕੁਝ ਮੁਸਲਿਮ ਲੋਕ ਆਏ ਹੋਏ ਸਨ, ਮੈਂ ਉਹਨਾ ਨੂੰ ਸਿੱਖ ਇਤਿਹਾਸ ਬਾਰੇ ਦੱਸਿਆ।ਇਹ ਕਿਸੇ ਨੂੰ ਨਹੀਂ ਪਤਾ ਸੀ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਨੀਂਹ ਸਾਈਂ ਮੀਆਂ ਮੀਰ ਜੀ ਨੇ ਰੱਖੀ ਸੀ। ਮੈਂ ਉਹਨਾਂ ਨੂੰ ਕਿਹਾ ਕਿ ਸਿੱਖ ਹਿਸਟਰੀ ਨਾਲ ਸਬੰਧਤ ਕਿਤਾਬਾਂ ਪੜੋ।, ਉਹ ਬਹੁਤ ਪ੍ਰਭਾਵਿਤ ਹੋਏ। ਉਹ ਪਹਿਲਗਾਮ ਤੋਂ ਆਏ ਸਨ ਜਿੱਥੇ ਉਹ ਗੁਰਦੁਆਰਾ ਸਾਹਿਬ ਠਹਿਰੇ ਸਨ ।ਉਹ ਕਹਿੰਦੇ ਅਸੀਂ ਜਾ ਕੇ ਸਿੱਖ ਇਤਿਹਾਸ ਦੀ ਕਿਤਾਬ ਪੜਾਂਗੇ।ਇੱਕ ਦਿਨ ਟਰੈਕਿੰਗ ਕਰਦੇ ਕਰਦੇ ਇਕ ਵਾਰ ਅਸੀਂ ਮਾਵਾਂ ਧੀਆਂ ਵਿਛੜ ਗਈਆਂ,ਮੈਂ ਹੌਲੀ ਤੁਰਨ ਕਰਕੇ ਕਾਫੀ ਪਿਛੇ ਰਹਿ ਗਈ, ਪਿਛੋਂ ਆ ਰਹੇ ਇਕ ਗੁੱਜਰ ਰਾਹੀ ਨੇ ਮੈਨੂੰ ਸਤਿਕਾਰ ਨਾਲ ਬੁਲਾਇਆ ਅਤੇ ਕਹਿੰਦਾ ਅਮਰੀਕਾ ਜਾ ਰਹੇ ਹੋ ਵਾਪਿਸ, ਮੈਂ ਅੱਗੋਂ ਕਿਹਾ ਜੀ ਨਹੀਂ ਪੰਜਾਬ ,ਉਹ ਬੜਾ ਖੁਸ਼ ਹੋ ਗਿਆ ਅਤੇ ਮੇਰੇ ਨਾਲੋ ਨਾਲ ਚੱਲਣ ਲੱਗਾ ।ਸ਼ੁਰੂ ਵਿੱਚ ਤਾਂ ਮੈਨੂੰ ਬੜਾ ਅਜੀਬ ਜਿਹਾ ਲੱਗਾ, ਫਿਰ ਗੱਲਾਂ ਗੱਲਾਂ ਵਿਚ ਉਸ ਨੂੰ ਪਤਾ ਚੱਲ ਗਿਆ ਕਿ ਸਾਡਾ ਟਰੈਕਿੰਗ ਵਾਲਾ ਗਾਈਡ ਅੱਗੇ ਹੈ। ਰਾਹ ਬਹੁਤ ਹੀ ਸੌੜਾ, ਪੱਥਰਾਂ ਭਰਿਆ ਅਤੇ ਔਖਾ ਸੀ, ਜਿਆਦਾਤਰ ਬਹੁਤ ਹੀ ਡੂੰਘੀਆਂ ਖਾਈਆਂ ਸਨ, ਉਥੇ ਰੁਕਣਾ ਮਤਲਬ ਚੱਕਰ ਖਾ ਕੇ ਡਿੱਗ ਵੀ ਸਕਦੇ ਹੋ, ਕਿਧਰੇ ਕਿਧਰੇ ਬਹੁਤ ਹੀ ਸੰਘਣਾ ਜੰਗਲ ਆ ਜਾਂਦਾ ਜਿੱਥੇ ਕਿ ਰਿੱਛ ਦਾ ਡਰ ਵੀ ਸੀ।

ਇਕ ਥਾਂ ਤੇ ਪਹਾੜ ਦੇ ਉਪਰ ਜਗ੍ਹਾ ਇੰਨੀ ਛੋਟੀ ਸੀ ਕਿ ਮੇਰਾ ਬਿਨਾਂ ਹੱਥ ਫੜੇ ਲੰਘਣਾ ਮੁਸ਼ਕਲ ਸੀ, ਅੱਗੋਂ ਚਾਰ ਪੰਜ ਕਸ਼ਮੀਰੀ ਮੁੰਡੇ ਆ ਰਹੇ ਸਨ, ਬਾਕੀ ਜਣੇ ਉਥੇ ਹੀ ਬਹਿ ਗਏ ਅਤੇ ਇੱਕ ਕਸ਼ਮੀਰੀ ਮੁੰਡਾ ਮੈਨੂੰ ਤਕਰੀਬਨ ਅੱਧਾ ਕਿਲੋ ਮੀਟਰ ਰਾਹ ਪਾਰ ਕਰਾ ਕੇ ਆਇਆ, ਮੇਰੇ ਕੋਲ ਉਸ ਨੂੰ ਦੇਣ ਲਈ ਸਿਰਫ ਅਸੀਸਾਂ ਅਤੇ ਸਤਿਕਾਰ ਹੀ ਸੀ। ਹਾਂ ਤੇ ਉਹ ਗੁੱਜਰ ਬਾਬਾ ਮੇਰੇ ਨਾਲ ਨਾਲ ਟੁਰੀ ਜਾਵੇ, ਮੈਂ ਉਸ ਨੂੰ ਕਿਹਾ ਕਿ ਉਹ ਤਾਂ ਇਹ ਇੱਥੋਂ ਦੇ ਰਾਹਾਂ ਦਾ ਜਾਣੂ ਹੈ ਤੇਜ਼ ਤੁਰ ਕੇ ਮੇਰੇ ਗਾਈਡ ਨੂੰ ਮੇਰੇ ਕੋਲ ਭੇਜ ਦੇਵੇ। ਮੇਰੀ ਬੇਟੀ ਨੂੰ ਇਹ ਸੁਨੇਹਾ ਦੇ ਦੇਵੇ ਕਿ ਇਕ ਥਾਂ ਤੇ ਮੇਰੀ ਬੇਟੀ ਰੁਕ ਕੇ ਮੇਰੀ ਉਡੀਕ ਕਰੇ । ਤਕਰੀਬਨ ਡੇਢ ਘੰਟੇ ਮਗਰੋ ਜਦੋਂ ਮੈਂ ਆਪਣੀ ਬੇਟੀ ਕੋਲ ਪਹੁੰਚੀ ਤਾਂ ਉਸ ਨੇ ਮੈਨੂੰ ਦੱਸਿਆ, ਕਿ ਉਸ ਨੇ ਇੱਕ ਜਗ੍ਹਾ ਤੋਂ ਗਾਈਡ ਨੂੰ ਮੇਰੇ ਵੱਲ ਭੇਜ ਦਿੱਤਾ ਸੀ ਤੇ ਆਪ ਅੱਗੇ ਤੁਰ ਪਈ, ਉਹ ਇਕੱਲੀ ਤੁਰੀ ਜਾ ਰਹੀ ਸੀ ਕਿ ਇਕ ਗੁੱਜਰ ਬਾਬਾ ਪਿੱਛੋਂ ਆ ਕੇ ਉਸ ਨਾਲ ਤੁਰਦਾ ਰਿਹਾ ਅਤੇ ਗੱਲਾਂ ਕਰਦਾ ਰਿਹਾ, ਉਸ ਨੇ ਦੱਸਿਆ ਕਿ ਤੇਰੀ ਮਾਂ ਪਿੱਛੇ ਆ ਰਹੀ ਹੈ, ਜਦੋਂ ਤੱਕ ਟੀਮ ਦੇ ਬਾਕੀ ਮੈਂਬਰ ਉਸ ਨੂੰ ਨਹੀਂ ਮਿਲ ਗਏ ਗੁਜ਼ਰ ਬਾਬੇ ਨੇ ਉਸ ਦਾ ਸਾਥ ਨਹੀਂ ਛੱਡਿਆ। ਮੈਂ ਮਨ ਹੀ ਮਨ ਉਸ ਲਾਲ ਅੱਖਾਂ ਵਾਲੇ ਗੁੱਜਰ ਬਾਬੇ ਦਾ ਧੰਨਵਾਦ ਕਰ ਰਹੀ ਸੀ, ਜਿਸ ਦੀਆਂ ਸ਼ੁਰੂ ਵਿਚ ਲਾਲ ਅੱਖਾਂ ਵੇਖ ਕੇ ਇਕ ਵਾਰ ਤਾਂ ਮੈਂ ਡਰ ਹੀ ਗਈ ਸੀ। ਮੈਨੂ ਰਾਹ ਵਿਚ ਸਭ "ਬਾਜੀ "ਕਹਿ ਕੇ ਸੰਬੋਧਨ ਕਰ ਰਹੇ ਸਨ। ਇਕ ਜਗ੍ਹਾ ਤੇ ਕੁਝ ਘੋੜਿਆਂ ਵਾਲੇ ਗੁਜ਼ਰ ਬੱਕਰਵਾਲ ਸਾਨੂੰ ਮਿਲੇ ਉਹਨਾਂ ਕੋਲ ਇਕ ਬੋਤਲ ਵਿੱਚ ਲੱਸੀ ਸੀ, ਮੇਰਾ ਗਲਾ ਸੁੱਕ ਰਿਹਾ ਸੀ ਮੈਂ ਕਿਹਾ ਦੋ ਘੁੱਟ ਲੱਸੀ ਦੇ ਪਿਲਾ ਦਿਓ, ਉਹਨਾਂ ਪੂਰੀ ਬੋਤਲ ਦੇ ਦਿੱਤੀ ਅਤੇ ਹੱਸਕੇ ਕਿਹਾ ਕੋਈ ਪੰਜਾਬੀ ਹੀ ਲੱਸੀ ਮੰਗ ਸਕਦਾ ਹੈ। ਹਰ ਟਿਕਾਣੇ ਤੋਂ ਅਗਲੇ ਦਿਨ ਪਹੁ ਫੁੱਟਦੇ ਹੀ ਟਰੈੱਕ ਸ਼ੁਰੂ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸਨ। ਅਸੀਂ ਟੈਂਟ ਹਮੇਸ਼ਾਂ ਨਿੱਕੀਆਂ ਨਿੱਕੀਆਂ ਵਗਦੀਆਂ ਕੂਲਾਂ ਦੇ ਕੰਢੇ ਤੇ ਹੀ ਲਗਾਉਂਦੇ ਸਾਂ। ਹੁਣ ਅਗਲਾ ਪੜ੍ਹਾ ਸਾਡਾ ਸਤਸਰ ਸੀ। ਸਤਸਰ ਪਹੁੰਚਣ ਲਈ ਸਾਨੂੰ ਇੱਕ ਗਲ਼ੇਸੀਅਰ ਲੰਘ ਕੇ ਜਾਣਾ ਪੈਣਾ ਸੀ‌‌, ਇਹ ਟ੍ਰੈਕ ਦਾ ਇੱਕ ਔਖਾ ਮੰਜਰ ਸੀ, ਮੈਂ ਦੋਨੋਂ ਹੱਥਾਂ ਵਿਚ ਸਟਿੱਕ ਫੜ ਕੇ ਅਤੇ ਗਾਇਡ ਦੀ ਸਹਾਇਤਾ ਨਾਲ ਮਿੱਟੀ ਅਤੇ ਜੰਮ ਚੁੱਕੀ ਬਰਫ ਨਾਲ ਸਖ਼ਤ ਹੋਇਆ ਇਕ ਛੋਟਾ ਜਿਹਾ ਗਲੇਸ਼ੀਅਰ ਪਾਰ ਕੀਤਾ। ਗਾਇਡ ਕਹੇ ਇਕ ਸਕਿੰਟ ਵੀ ਗਲੇਸ਼ੀਅਰ ਉਪਰ ਨਹੀਂ ਰੁਕਣਾ, ਇਸ ਗਲੇਸ਼ਿਅਰ ਨੂੰ ਉੱਧਰ ਦੇ ਗੁਜੱਰ ਅਤੇ ਲੋਕ ਪੀਰ ਦੀ ਜਗਾਹ ਮੰਨਦੇ ਹਨ। ਸੱਤਸਰ ਦੇ ਰਾਹ ਵਿੱਚ ਛੋਟੀਆਂ-ਛੋਟੀਆਂ ਸੱਤ- ਨੀਲਰੰਗੇ ਪਾਣੀ ਦੀਆਂ ਸਾਫ ਝੀਲਾਂ freshwater lakes,ਹਨ। ਆਮ ਬੰਦੇ ਨੂੰ ਇਹਨਾਂ ਦੇ ਨੇੜੇ ਜਾਣਾ ਮਨਾ ਹੈ, ਇਹਨਾਂ ਦੀ ਡੂੰਘਾਈ ਦਾ ਕੋਈ ਅੰਦਾਜ਼ਾ ਨਹੀਂ ਹੈ। ਇਹਨਾਂ ਝੀਲ੍ਹਾਂ ਦੇ ਆਸਪਾਸ ਦੀਆਂ ਵਾਦੀਆਂ ਵਿੱਚ ਤਰਾਂ-ਤਰਾਂ ਦੇ ਰੰਗ-ਬਰੰਗੇ ਫੁੱਲ ਖਿੜੇ ਹੋਏ ਸਨ, ਇਹਨਾਂ ਰਾਹਾਂ ਵਿਚ ਕਦੇ ਬਹੁਤ ਵੱਡੇ ਵੱਡੇ ਪੱਥਰ ਤੇ ਕਦੇ ਠੰਢੇ ਬਰਫੀਲੇ ਪਾਣੀ ਦੀਆਂ ਕੂਲਾਂ ਆ ਜਾੱਦੀਆਂ ਸਨ, ਜਿਥੇ ਪੰਜ ਮਿੰਟ ਖੜ ਕੇ ਰਾਹੀ ਪਾਣੀ ਪੀਂਦੇ ਅਤੇ ਮੂੰਹ ਹੱਥ ਧੋ ਲੈਂਦੇ ਹਨ। ਸਾਨੂੰ ਇਹਨਾਂ ਝੀਲ੍ਹਾਂ ਦੀਆਂ ਵਾਦੀਆਂ ਵਿੱਚ ਜਗ੍ਹਾ-ਜਗ੍ਹਾ ਭੇਡਾਂ ਦੇ ਝੁੰਡ ਮਿਲੇ, ਪਹਾੜਾਂ ਦੀਆਂ ਉਚਾਈਆਂ ਉੱਤੇ ਖ਼ਾਸ ਕਿਸਮ ਦੇ ਪਹਾੜੀ ਕੁੱਤੇ ਆਪਣੇ ਗੁਜੱਰ ਅਤੇ ਬੱਕਰਵਾਲ ਆਜੜੀਆਂ ਦਾ ਸਾਥ ਦਿੰਦੇ ਦਿਖਾਈ ਦਿੱਤੇ। ਕੁੱਤਿਆਂ ਦਾ ਆਪਣੇ ਇੱਜੜ ਪ੍ਰਤੀ ਪਿਆਰ ਅਤੇ ਡਿਸਿਪਲਨ ਦੇਖ ਕੇ ਅਸੀਂ ਦੰਗ ਰਹਿ ਗਏ। ਇੱਕ ਥਾਂ ਤੇ ਪਹਾੜੀ ਉਪਰ ਝੀਲ ਦੇ ਕੰਢੇ ਬੜੇ ਹੀ ਸੋਹਣੇ ਪਹਾੜੀ ਘੋੜੇ ਦਿਖੇ, ਬਿਸ਼ਾਰਦ ਸਾਡਾ ਗਾਇਡ ਕਹਿੰਦਾ ਕਿ ਇਕ ਬਹੁਤ ਅਮੀਰ ਗੁੱਜਰ ਹੈ ਜਿਸ ਦੇ ਇਹ ਘੋੜੇ ਹਨ, ਅਤੇ ਜ਼ਿਆਦਾਤਰ ਭੇਡਾਂ ਉਸੇ ਦੀਆਂ ਹਨ। ਇਹ ਸਾਰਾ ਚਰਾਗਾਹਾਂ ਵਾਲਾ ਇਲਾਕਾ ਵੰਡਿਆ ਹੋਇਆ ਹੈ, ਲੋਕਾਂ ਦੀ ਮਲਕੀਅਤ ਹੈ ਜੋ, ਸੋਨਮਰਗ ਦੇ ਪਿੰਡਾਂ ਵਿੱਚ ਰਹਿੰਦੇ ਹਨ, ਅਤੇ ਗਰਮੀਆਂ ਦੇ ਕੁਝ ਮਹੀਨੇ ਖੁੰਦਰਾਂ ਵਿੱਚ ਬਣੇ ਘਰਾਂ ਵਿੱਚ ਗੁਜ਼ਾਰਦੇ ਹਨ। ਉੱਚੇ ਪਹਾੜਾਂ ਵਿੱਚ ਇਹਨਾਂ ਦਾ ਘਰ ਸਾਨੂੰ ਦੂਰੋਂ ਦਿਖ ਜਾਂਦਾ । ਛੋਟੇ-ਛੋਟੇ ਕੁਝ ਬੱਚੇ ਸਾਡੇ ਕੋਲੋ ਟਾਫੀਆਂ ਬਿਸਕੁਟ ਮੰਗਦੇ।

ਇਹ ਰਾਹ ਬੜਾ ਦੁਰਗਮ ਸੀ। ਪਹਾੜਾਂ ਦੇ ਕੋਨਿਆਂ ਤੇ ਬਣੀਆਂ ਛੋਟੀਆਂ-ਛੋਟੀਆਂ ਪਗਡੰਡੀਆਂ ਤੇ ਤੁਰਨਾ ਅਤੇ ਵੱਡੇ ਵੱਡੇ ਪੱਥਰਾਂ ਅਤੇ ਚੱਟਾਨਾਂ ਉੱਤੇ ਚੜ੍ਹਨਾ ਬਹੁਤ ਔਖਾ ਸੀ। ਅਗਲੇ ਦਿਨ ਅਸੀਂ ਗੰਗਬਲ ਨੂੰ ਚਾਲੇ ਪਾ ਦਿੱਤੇ। ਇਹ ਇੱਕ ਬੜੀ ਪਿਆਰੀ ਅਤੇ ਖ਼ੂਬਸੂਰਤ ਪਹਾੜੀ ਹਰਿ ਨਾਉ ਦੇ ਥੱਲੇ ਹੈ। ਜਦੋਂ ਅਸੀਂ ਇੱਥੇ ਪਹੁੰਚੇ ਤਾਂ ਸਾਡੀ ਹੈਰਾਨੀ ਦੀ ਕੋਈ ਗੱਲ ਨਾ ਰਹੀ ਜਦੋਂ ਅਸੀਂ ਓਥੇ ਕਸ਼ਮੀਰੀਆਂ ਨੂੰ ਟਰਾਊਟ ਮੱਛੀ ਫੜਦਿਆਂ ਦੇਖਿਆ । ਕਸ਼ਮੀਰ ਦੇ ਗਾਂਦਰਬਲ ਸ਼ਹਿਰ ਤੋਂ ਆਮ ਲੋਕ ਗ਼ੰਗਬਲ ਝੀਲ ਵਿੱਚ ਮੱਛੀਆਂ ਫੜਨ ਆਉਂਦੇ ਹਨ। ਮੈਂ ਤੇ ਮੇਰੀ ਬੇਟੀ ਟੈਂਟ ਦੇ ਬਾਹਰ ਬੈਠੇ ਝੀਲ ਦੇ ਠਹਿਰੇ ਹੋਏ ਪਾਣੀ ਉਪਰ ਪਹਾੜਾਂ ਪਿੱਛੋਂ ਡੁੱਬਦੇ ਸੂਰਜ ਦੀਆਂ ਪੈਂਦੀਆ ਕਿਰਨਾਂ ਦਾ ਮਨਮੋਹਕ ਨਜ਼ਾਰਾ ਮਾਣ ਰਹੇ ਸਾਂ, ਕੇ ਸਾਮ੍ਹਣੇ ਵਾਲੇ ਪਾਸੀਓ ਮੱਛੀਆਂ ਫੜਨ ਦੇ ਔਜਾਰ ਹੱਥ ਵਿੱਚ ਫੜੀ ਆਉਂਦੇ ਚਾਰ ਪੰਜ ਉੱਚੇ ਲੰਮੇ, ਸੋਹਣੀ ਦਿੱਖ ਵਾਲੇ, ਅੱਧਖੜ ਉਮਰ ਦੇ ਪਠਾਣੀ ਕੱਪੜੇ ਪਾਏ ਹੋਏ ਕਸ਼ਮੀਰੀ ਆਉਂਦੇ ਦਿਖਾਈ ਦਿੱਤੇ , ਸੱਚ ਕਹਾਂ ਤਾਂ ਮੈਨੂੰ ਅੰਦਰੋਂ ਡਰ ਵੀ ਲਗਿਆ ਕੀ ਇਹ ਕਿਧਰੇ ਬੰਦੂਕਾਂ ਦੀ ਕੋਈ ਕਿਸਮ ਨਾ ਹੋਵੇ। ਮੈਂ ਕਦੇ ਮੱਛੀਆਂ ਫੜਨ ਵਾਲਾ ਔਜਾਰ ਨਹੀਂ ਦੇਖਿਆ ਸੀ, ਜਦੋਂ ਉਹ ਮੇਰੇ ਕੋਲੋਂ ਲੰਘਣ ਲੱਗੇ ਤਾਂ ਮੈਂ ਆਦਤਨ ਵੱਸ ਪੁੱਛ ਲਿਆ ਇਹ ਕੀ ਫੜਿਆ ਹੈ, ਤਾਂ ਉਹਨਾ ਹੱਸ ਕੇ ਜਵਾਬ ਦਿੱਤਾ ਕਿ ਤੇ ਇਹ ਮੱਛਲੀ ਫੜਨ ਵਾਲਾ ਹੈ,ਨਾਲ ਦੀ ਪਹਾੜੀ ਤੇ ਇਕ ਹੋਰ ਵੱਡੀ ਝੀਲ ਹੈ ਅਸੀਂ ਉਥੇ ਟਰਾਊਟ ਮੱਛੀ ਫੜਨ ਜਾ ਰਹੇ ਹਾਂ। ਮੈਂ ਉਨ੍ਹਾਂ ਨੂੰ ਕਿਹਾ ਭਾਈ ਸਾਹਬ ਸਾਨੂੰ ਵੀ ਕੁਝ ਮੱਛੀਆਂ ਦੇ ਦੇਵੋ ਅਸੀਂ ਵੀ ਰਾਤੀਂ ਖਾਣੇ ਵਿਚ ਬਣਾ ਲਵਾਂਗੇ। ਉਹਨਾਂ ਨੇ ਆਪਣੇ ਕੈਂਪ ਵੱਲ ਇਸ਼ਾਰਾ ਕਰ ਕੇ ਕਿਹਾ ਕਿ ਆਪਣਾ ਗਾਈਡ ਉਥੇ ਭੇਜ ਦਿਉ , ਟੈਂਟ ਵਿਚ ਸਾਡੇ ਬੱਚੇ ਹਨ ਉਹ ਮੱਛੀਆਂ ਦੇ ਦੇਣਗੇ। ਮੈਂ ਆਪਣੇ ਗਾਈਡ ਨੂੰ ਕਿਹਾ ਕਿ ਜਾਹ ਉਥੋਂ ਮੱਛੀਆਂ ਲੈ ਇਸ ਉਹ ‌ਬਹੁਤ ਹੈਰਾਨ ਹੋਇਆ ਕਿ ਬਾਜ਼ੀ ਆਪ ਕੋ ਕੈਸੇ ਇਨਹੋਨੇ ਮਛਲੀ ਦੇਨੇ ਕੀ ਹਾਂ ਕਰ ਦੀ। ਥੋੜ੍ਹੀ ਦੇਰ ਬਾਅਦ ਜਦੋਂ ਮੈਂ ਮੱਛੀਆਂ ਫੜ ਰਹੇ ਪੰਜ-ਛੇ ਛੋਟੀ ਉਮਰ ਦੇ ਮੁੰਡਿਆਂ ਕੋਲ ਜਾ ਕੇ ਉਹਨਾਂ ਨੂੰ ਮੱਛੀਆਂ ਫੜਦੇ ਦੇਖ ਰਹੀ ਸੀ, ਤਾਂ ਉਹਨਾਂ ਵਿੱਚੋਂ ਇੱਕ ਨੇ ਮੈਨੂੰ ਪਠਾਣੀ ਵਿਚ ਫਤਿਹ ਬੁਲਾਈ। ਮੈਂ ਬੱਚਿਆਂ ਨੂੰ ਪੁੱਛਿਆ ਕਿ ਉਹ ਕੀ ਪੜ੍ਹਾਈ ਕਰ ਰਹੇ ਹਨ, ਅੱਗੋਂ ਉਹਨਾਂ ਨੇ ਹਾਸਾ ਠੱਠਾ ਕੀਤਾ ਕਿ ਦੋ ਸਾਲਾਂ ਤੋਂ ਤਾਂ ਸਕੂਲ ਬੰਦ ਸੀ ਹੁਣ ਪਿਛਲੇ ਹਫ਼ਤੇ ਡੀਸੀ ਨੇ ਸਕੂਲ ਖੋਲ ਦਿੱਤਾ ਹੈ, ਉਸ ਵਾਸਤੇ ਟਰਾਊਟ ਮੱਛੀ ਫੜਨ ਆਏ ਹਾਂ। ਗੱਲਾਂ-ਗੱਲਾਂ ਵਿੱਚ ਉਹਨਾਂ ਦੱਸਿਆ ਕਿ ਉਹਨਾਂ ਨੇ ਸਵੇਰ ਦੀਆ ਪੰਜ ਮੱਛੀਆਂ ਫੜੀਆਂ ਸਨ ਜੋ ਕਿ ਸਾਡੇ ਗਾਈਡ ਨੂੰ ਦੇ ਦਿੱਤੀਆਂ, ਇਹ ਬੱਚੇ ਗਾਂਦਰਬਲ ਸਨ ਅਤੇ ਸਾਡੇ ਨਾਲ ਕਾਫੀ ਘੁੱਲ ਮਿਲ ਗਏ, ਕਹਿੰਦੇ ਕਿ ਸਾਨੂੰ ਸਰਦਾਰ ਬਹੁਤ ਅੱਛੇ ਲਗਦੇ ਹਨ, ਕਸ਼ਮੀਰ ਦੇ ਜ਼ਿਆਦਾਤਰ ਸ਼ਾਲ ਅਤੇ ਗਰਮ ਕੱਪੜੇ ਪੰਜਾਬ ਵਿੱਚ ਹੀ ਵਿਕਦੇ ਹਨ। ਇਹਨਾਂ ਬੱਚਿਆਂ ਨੇ ਸਾਨੂੰ ਦੱਸਿਆ ਕਿ ਨਾਰਾਨਾਗ ਵਿਚ ਇਕ ਪੁਰਾਣਾ ਇਤਿਹਾਸਿਕ ਮੰਦਰ ਵੀ ਹੈ।ਮੈਂ ਇਕ ਗੱਲ ਮਹਿਸੂਸ ਕੀਤੀ ਹੈ ਕਿ ਕਸ਼ਮੀਰ ਵਿਚ ਕਈ ਜਾਤੀਆਂ ਦੇ ਲੋਕ ਵਸਦੇ ਹਨ, ਮੁਸਲਿਮ ਧਰਮ ਬਹੁਤਾਤ ਵਿਚ ਹੈ, ਸ਼ਹਿਰਾਂ ਵਿਚ ਬਹੁਤ ਘੱਟ ਹਿੰਦੂ ਅਤੇ ਸਿੱਖ ਆਬਾਦੀ ਵੀ ਹੈ।

ਆਮ ਲੋਕ ਸਿੱਧੇ ਸਾਧੇ, ਇਮਾਨਦਾਰ ਅਤੇ ਰੱਜੇ ਪੁੱਜੇ ਹੁੰਦੇ ਹਨ, ਮੁੰਡਿਆਂ ਨੇ ਸਵੇਰ ਦੀਆਂ ਮਿਹਨਤ ਨਾਲ ਫੜੀਆਂ ਮੱਛੀਆਂ ਸਾਨੂੰ ਅਣਜਾਣ ਬੰਦਿਆਂ ਨੂੰ ਦੇ ਦਿੱਤੀਆਂ, ਅਸੀਂ ਸਭ ਨੇ ਸਬਜ਼ੀ ਦੇ ਰੂਪ ਵਿੱਚ ਬਣਾਕੇ ਇੱਕ ਇੱਕ ਦੋ ਦੋ ਟੁਕੜੇ ਵੰਡ ਕੇ ਖਾ ਲਏ। ਮੈੱ ਟਰਾਊਟ ਬਾਰੇ ਪੜ੍ਹਿਆ ਤੇ ਬਹੁਤ ਸੀ ਪਰ ਖਾਧੀ ਪਹਿਲੀ ਵਾਰ ਸੀ, ਅਤੇ ਇਹ ਮੈਨੂੰ ਬਹੁਤ ਸੁਆਦ ਲੱਗੀ। ਉਸ ਰਾਤ ਬਾਰਿਸ਼ ਹੋਈ ਅਤੇ ਬੱਦਲਾਂ ਨੇ‌ ਪਹਾੜਾਂ ਨੂੰ ਢੱਕੀ ਰੱਖਿਆ। ਝੀਲਾਂ ਦੇ ਕਿਨਾਰੇ ਆਪਣੀ ਆਖ਼ਰੀ ਰਾਤ ਬਿਤਾ ਕੇ, ਅੱਜ ਅਸੀਂ ਵਾਪਸ ਨਾਰਾਨਾਗ ਅਤੇ ਫਿਰ ਸ੍ਰੀਨਗਰ ਪਹੁੰਚਣਾ ਸੀ, ਸਵੇਰੇ ਉੱਠ ਕੇ ਚਾਹ ਤੇ ਬਿਸਕੁਟ ਖਾ ਕੇ, ਅਸੀਂ ਪਹਾੜੀ ਦੇ ਪੈਰਾਂ ਵਿਚਲੀ ਝੀਲ ਵਿਚੋਂ ਨਿਕਲਦੀ ਛੋਟੀ ਨਦੀ ਚੋਂ ਲੰਘ ਕੇ ਦੂਜੇ ਪਾਸੇ ਜਾਣਾ ਸੀ, ਛੋਟੀ ਜਿਹੀ ਨਦੀ ਡੂੰਘੀ ਹੋਣ ਕਰਕੇ ਉਸ ਉਪਰ ਆਰਜ਼ੀ ਤੌਰ ਤੇ ਲੱਕੜ ਦਾ ਫੱਟਾ ਰੱਖ ਕੇ ਇਕ ਪੁਲ ਬਣਾਇਆ ਹੋਇਆ ਸੀ। ਮੈਨੂੰ ਤਾਂ ਬਹੁਤ ਜ਼ਿਆਦਾ ਡਰ ਲੱਗ ਰਿਹਾ ਸੀ ਕਿ ਇਸਨੂੰ ਕਿਵੇਂ ਪਾਰ ਕਰਾਂਗੀ, ਗਾਂਦਰਬਲ ਤੋਂ ਆਏ ਉਹਨਾਂ ਛੋਟੇ ਜਿਹੇ ਮੁੰਡਿਆਂ ਨੇ ਮੈਨੂੰ ਪਕੜ ਕੇ ਪਾਰ ਕਰਵਾ ਦਿੱਤਾ। ਅਸੀਂ ਸਾਰੀਆਂ ਝੀਲਾਂ ਵਿਚੋਂ ਛੋਟੀਆਂ-ਛੋਟੀਆਂ ਨਦੀਆਂ ਨਿਕਲਦੀਆਂ ਵੇਖੀਆਂ ਸਨ, ਅਤੇ ਤਕਰੀਬਨ ਤਿੰਨ ਝੀਲਾਂ ਕਿਨਾਰੇ ਕਿ ਅਸੀਂ ਰਾਤਾਂ ਕੱਟੀਆਂ, ਨਦੀਆਂ ਦੇ ਮੁਹਾਣਿਆਂ ਤੇ, ਮੂੰਹ ਹੱਥ ਧੋਤੇ ,ਇਕ ਦਮ ਸ਼ਾਂਤ ਸਿਰਫ਼ ਪਾਣੀ ਦੀ ਆਵਾਜ਼ ਸਾਰੀ ਰਾਤ ਤੁਹਾਡੇ ਕੰਨਾਂ ਵਿੱਚ ਪੈਂਦੀ ਹੈ, ਇਹਨਾਂ ਪੰਜਾਂ ਦਿਨਾਂ ਵਿਚ ਸਾਡੀ ਮਾਂ ਧੀ ਦੇ ਚਿਹਰੇ ਦਾ ਰੰਗ ਇੱਕ ਦਮ ਨਿਖਰ ਗਿਆ ਸੀ। ਸਵਖਤੇ ਜਦੋਂ ਉੱਠੇ ਤਾਂ ਖੁਸ਼ਬੂਦਾਰ ਫਿਜ਼ਾ ਬੜੀ ਰੂਹਾਨੀਅਤ ਭਰੀ ਅਤੇ ਸ਼ਾਂਤ ਸੀ। ਅਸੀਂ ਨਾਰਾਂਨਾਗ ਤੋਂ ਹੁੰਦੇ ਹੋਏ ਸ੍ਰੀਨਗਰ ਨੂੰ ਵਾਪਸੀ ਸਮੇਂ ਦਿਓਦਾਰ ਚੀਲਾਂ ਦੇ ਘਣੇ ਜੰਗਲਾਂ ਵਿੱਚੋਂ ਦੀ ਲੰਘੇ, ਜੰਗਲ ਬੜਾ ਹੀ ਹਰਿਆਲਾ ਸੀ ਪਰ ਰਸਤਾ ਬੜਾ ਹੀ ਸੰਕੀਰਣ ਸੀ। ਇਸ ਸਾਰੇ ਰਾਹ ਵਿਚ ਹਰ ਪਹਾੜੀ ਉੱਤੇ ਰਸਤਾ ਵੱਖ ਵੱਖ ਹੁੰਦਾ ਸੀ।ਕਸ਼ਮੀਰ ਗਰੇਟ ਲੇਕ ਟਰੈਕ ਦਾ ਸਾਰਾ ਰਸਤਾ ਜਿਨ੍ਹਾਂ ਖੂਬਸੂਰਤ ਹੈ, ਉਸ ਤੋਂ ਵੀ ਜ਼ਿਆਦਾ ਔਖਾ ਹੈ, ਪਰ ਇਹ ਜਿੰਦਗੀ ਦੀ ਇਕ ਅਨੋਖੀ , ਪਿਆਰੀ ਅਤੇ ਅਭੁੱਲ ਯਾਦ ਬਣ ਕੇ ਮੇਰੀਆਂ ਯਾਦਾਂ ਵਿੱਚ ਰਹੇਗਾ। ਜਦੋਂ ਵੀ ਮੈਨੂੰ ਮੌਕਾ ਮਿਲੇਗਾ ਮੈਂ ਕਸ਼ਮੀਰ ਦੀਆਂ ਇੰਨ੍ਹਾਂ ਖੂਬਸੂਰਤ ਵਾਦੀਆਂ ਵਿਚ ਦੁਬਾਰਾ ਜ਼ਰੂਰ ਜਾਵਾਂਗੀ।

  • ਮੁੱਖ ਪੰਨਾ : ਰਿਪਨਜੋਤ ਕੌਰ ਸੋਨੀ ਬੱਗਾ : ਪੰਜਾਬੀ ਲੇਖ ਅਤੇ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ