Kastu Da Kala Tittar (Dogri Story in Punjabi) : Narinder Khajuria
ਕਾਸਤੂ ਦਾ ਕਾਲਾ ਤਿੱਤਰ (ਡੋਗਰੀ ਕਹਾਣੀ) : ਨਰਿੰਦਰ ਖਜੂਰੀਆ
(ਸ੍ਰੀ ਨਰਿੰਦਰ ਖਜੂਰੀਆ ਦੀ ਕਹਾਣੀ 'ਕਾਸਤੂ ਦਾ ਕਾਲਾ ਤਿੱਤਰ' ਸਮਾਜਕ ਬੁਰਿਆਈਆਂ, ਵਹਿਮਾਂ 'ਚ ਫਸੇ ਲੋਕ। ਜਾਂ ਪਹਾੜ ਦਾ ਜੀਵਨ, ਜਾਦੂ ਮੰਤਰਾਂ 'ਚ ਅੰਧ ਵਿਸ਼ਵਾਸ਼ ਦੀ ਕਹਾਣੀ ਹੈ।)
ਕਾਸ਼ਤੂ ਇਕ ਗੋਹਾ ਪਰਤਦੀ ।
'ਕੁਰ ... ਕੁਰ ... ਕੁ ... ਰ ... ਰ...ਰ...'
ਇਹ ਅਵਾਜ਼ ਸੁਣ ਕੋਡੂ ਤਿੱਤਰ ਚੁੰਝ ਉੱਚੀ ਕਰ ਦੂਰ-ਪਰ੍ਹੇ-ਦੂਰ ਦੇਖਦਾ। ਧੌਣ ਅੱਗੇ ਕਰ ਦੌੜ ਪੈਂਦਾ । ਉਸ ਦੇ ਗਲ ਬੱਝੀ ਨਿੱਕੀ ਜਿਹੀ ਘੁੰਗਰੀ ਛਣਕ ਪੈਂਦੀ । ਇਹ ਛਣਕਾਰ ਸੁਣ ਕਾਸਤੂ ਦੀਆਂ ਅੱਖਾਂ ਅੱਗੇ ਦੋ ਨਾਜ਼ਕ ਨਰੋਏ ਹੱਥ ਉਭਰ ਆਉਂਦੇ, ਜਿਨ੍ਹਾਂ ਵਿਚ ਕਦੇ ਉਹ ਕੰਗਣ ਪੈਂਦੇ ਸਨ, ਜਿਨ੍ਹਾਂ ਕੰਗਣਾਂ ਦੀ ਇਕ ਘੁੰਗਰੀ ਕਾਸਤੂ ਨੇ ਕੋਡੂ ਤਿੱਤਰ ਦੇ ਗੱਲ੍ਹ ਪਾ ਦਿਤੀ ਸੀ।
ਕਾਸਤੂ ਦੀ ਦੁਨੀਆਂ ਗੋਲ ਨਹੀਂ ਲੰਮੀ ਏਂ... ਜਿਸ ਦੇ ਵਿਚ ਮੋੜ ... ਮੋੜ ਤੇ ਫੇਰ ਮੋੜ । ਹਰ ਮੋੜ ਉੱਤੇ ਉਸ ਨੇ ਇਕ ਨਵਾਂ ਜੀਵਨ ਭੋਗਿਆ।
ਦਿਨ ਡੁੱਬਣ ਵਾਲਾ ਸੀ । ਡੂੰਘਾ ਨਾਲਾ ਟੱਪ ਕੇ ਜਿਸ ਵੇਲੇ ਕਾਸਤੂ ਸਾਵੀ ਸਾਵੀ ਛਪੜੀ ਕੋਲ ਪੁੱਜੀ ਤਾਂ ਉਸ ਦੀ ਨਜ਼ਰ ਪਾਰ ਸਾਹਮਣੇ ਚੌਹਾਂ ਪਾਸੀਂ ਝੁਲਦੀਆਂ ਰੰਗ ਬਰੰਗੀ ਝੰਡੀਆਂ ਉਤੇ ਜਾ ਪਈ। ਉਹ ਉਸੀ ਸੇਧ ਤੇ ਟੁਰ ਪਈ ।
ਜਿਸ ਵੇਲੇ ਉਹ ਜਗਤੂ ਬਰਵਾਲੇ (ਜ਼ਾਤ) ਦੇ ਅਸਥਾਨ ਉਤੇ ਪੁੱਜੀ ਤਾਂ ਝੰਡੀਆਂ ਕਾਲੀਆਂ ਦਿਸਣ ਲਗ ਪਈਆਂ ਸਨ । ਅਸਥਾਨ ਦੇ ਅੰਦਰ ਜਗਤੂ ਬਰਵਾਲਾ ਸੁਰਗਲ ਦੇਵਤੇ ਅੱਗੇ ਧੂਫ ਧੁਖਾ ਰਿਹਾ ਸੀ ਤੇ ਬਾਹਰ ਥੜੇ ਤੀਕ ਗੂਗਲ ਧੂਪ ਦੀ ਖ਼ੁਸ਼ਬੂ ਆ ਰਹੀ ਸੀ। ਧੁੱਖਦੇ ਧੁੱਪ ਵਾਲੀ ਕੜਛੀ ਹੱਥ 'ਚ ਫੜੀ ਬਰਵਾਲਾ ਬਾਹਰ ਆਇਆ।"ਜੈ ਜੈ ਸੁਰਗਲ ਦੇਵਤਾ ... ਤੇਰੀ ਜੈ ... ਜੈ ।"
ਇਹ ਕੌਣ ਏ ?
“ਬਰਵਾਲਾ ਜੀ, ਮੈਂ ... ਮੈਂ ... ਇਕ ਮੁਸਾਫਿ਼ਰ ਆਂ"
ਬਰਵਾਲਾ ਚੌਹਾਂ ਪਾਸੀਂ ਆਪਣੀ ਧੂਪ ਵਾਲੀ ਕੜਛੀ ਫੇਰਨ ਲਗ ਪਿਆ ..."ਚੌਹਾਂ ਦਿਸ਼ਾਂ ਵਿਚ ਸਾਡੀ ਰਖਿਆ ਕਰੋ ।"
ਸੰਖ ਵਜਾ ਕੇ ਉਹ ਪਸਾਰ ਵਿਚ ਥੰਮ੍ਹ ਨਾਲ ਢੋਅ ਲਗਾ ਕੇ ਬੈਠ ਗਿਆ ਤੇ ਲੰਮੀ ਟੋਪੀ ਫੜ 'ਪੱਕ ...ਪੱਕ ...ਪੱਕ' ਪੋਲੇ ਪੋਲੇ ਸੁੱਟੇ ਲਾਣ ਲਗਾ ਤੇ ਇਕ ਜ਼ੋਰ ਦਾ ਦਮ ਭਰਿਆ "ਜੈ ਸੁਰਗਲ ਦੇਵਤਾ !"
ਟੋਪੀ ਉੱਤੇ ਅੱਗ ਦੀ ਲਾਟ ਨੱਚ ਪਈ । ਲਾਟ ਦੇ ਝਲਕਾਰੇ ਵਿਚੋਂ ਬਰਵਾਲੇ ਨੂੰ ਕਾਸਤੂ ਦੀ ਝਲਕ ਪਈ ।
‘ਤੂੰ ਕਿਸ ਜ਼ਾਤ ਦੀ ਏਂ ?"
"ਮਹਾਸ਼ੀ" (ਜ਼ਾਤ)।
“ਇਥੇ ਫ਼ਲੈ (ਪਿੰਡ ਦਾ ਨਾਂ) ਕੋਈ ਰਿਸ਼ਤੇਦਾਰ ਰਹਿੰਦਾ ਏ ?''
"ਬਰਵਾਲਾ ਜੀ ਸਿਰ ਦੇ ਸਾਈਂ ਪਿੱਛੋਂ ਸਾਰੀਆਂ ਰਿਸ਼ਤੇਦਾਰੀਆਂ ਮੁੱਕ ਜਾਂਦੀਆਂ ਨੇ ! ਪੂਰਾ ਵਰ੍ਹਾ ਹੋ ਗਿਐ ਮੇਰੇ ਮਹਾਸ਼ੇ ਨੂੰ ਫਾਂਸੀ ਲਗਿਆਂ ।'
"ਉਹ ਕਿਉਂ ?
'ਕੁਝ ਕਰੜੇ ਸੁਭਾ ਦਾ ਮਨੁੱਖ ਸੀ । ਉਸ ਆਪਣੇ ਦੋ ਸ਼ਰੀਕ ਇਕੱਠੇ ਹੀ ਮਾਰ ਮੁਕਾਏ ਸਨ ।' ਕਾਸਤੂ ਨੇ ਇਕ ਠੰਡਾ ਸਾਹ ਭਰਿਆ 'ਬਰਵਾਲਾ ਜੀ ਸਤਿਆਨਾਸ ਹੋਏ ਇਸ ਕਿਸਮਤ ਦਾ, ਵਸਦੀ ਰਸਦੀ ਗ੍ਰਹਿਸਤੀ ਖੋਹ ਕੇ ਕਰਮਾਂ ਵਿਚ ਇਹ ਸੜੀ ਫਕੀਰੀ ਲਿਖ ਦਿਤੀ ਸੁ। ਘਰ ਘਾਟ ਵੇਚ ਦਿਤਾ । ਅਠਤ੍ਰੀ ਅਠਤ੍ਰੀ ਵਟੀਆਂ ਚਿੱਟੀ ਮਿਟੀ ਸਿਰ ਉਤੇ ਚੁੱਕ ਸ਼ਹਿਰ ਵਿਚ ਜਾ ਕੇ ਵੇਚੀ । ਬੜੇ ਬੜੇ ਵੱਡੇ ਤੇ ਸਿਆਣੇ - ਵਕੀਲ ਕੀਤੇ ...ਧੁਰ ਤੀਕ ਅਪੀਲਾਂ ਵੀ ਕੀਤੀਆਂ ...ਪਰ ਮੇਰੇ ਮਹਾਸ਼ੇ ਦੇ ਕਰਮਾਂ ਵਿਚ ਫਾਂਸੀ ਦਾ ਝੂਟਾ ਹੀ ਲਿਖਿਆ ਸੀ।"
“ਤਾਂ ਤੂੰ ‘ਫਾਂਸੀ ਦੀ ਤ੍ਰੀਮਤ ਏਂ। ਉਹ ਇਕ ਵਾਰੀ ਇਥੇ ਇਸੇ ਅਸਥਾਨ ਤੇ ਕਣ ਛਡਾਣ ਆਇਆ ਸੀ..ਉਲਾਦ ਲਈ ਪੁੱਛਦਾ ਸੀ..ਪਰ ਤੂੰ ਹੁਣ..?"
ਸੁਣੋ ਬਰਵਾਲਾ ਜੀ ...ਪਰਦੇਸ ਵਿਚ ਭੀਖ ਮੰਗਣ ਦਾ ਵੀ ਕੋਈ ਮੇਹਣਾ ਨਹੀਂ । ਪਰ ਸ਼ਰੀਕਾਂ ਵਿਚ..! ਤੇ ਬਰਵਾਲਾ ਜੀ, ...ਸ਼ਰੀਕ ਵੀ ਉਹ ਜਿਨ੍ਹਾਂ ਇਕ ਦੀਆਂ ਇੱਕੀ ਗਵਾਹੀਆਂ ਬਣਾਈਆਂ ...ਮੇਰੇ ਮਹਾਜ਼ੇ ਦੇ ਫਾਂਸੀ ਲੱਗਣ ਉਤੇ ਉਨ੍ਹਾਂ ਨਾਚ, ਗਾਣੇ, ਖ਼ੁਸ਼ੀਆਂ ਮਨਾਈਆਂ ...। ਉਨ੍ਹਾਂ ਵਿਚ ਮੈਂ ਕਿਵੇਂ ਦਿਨ ਕੱਟ ਸਕਦੀ ਸਾਂ।”
“ਮਹਾਸ਼ੀ—ਤੂੰ ਘਬਰਾ ਨਹੀਂ। ਤੇਰੇ ਭਾਗਾਂ ਵਿਚ ਹਾਲੀਂ ਵੀ ਰਾਜ ਲਿਖਿਆ ਹੋਇਆ ਹੈ । ਸੁਰਗਲ ਦੇਵਤੇ ਨੇ ਤੈਨੂੰ ਆਪਣੀ ਛੱਤਰ ਛਾਇਆ ਵਿਚ ਬੁਲਾ ਲਿਆ ਹੈ।”
+ + +
ਕਾਸਤੂ ਇਕ ਗੋਹਾ (ਪਾਥੀ) ਹੋਰ ਪਰਤਦੀ। ਕੁਰਬਲ ...ਕੁਰਬਲ ਕਰਦੀ ਸਿਓਂਕ । “ਕੁਰ ...ਕੁਰ ...ਕੁਰ" ਕੋਡੂ ਤਿੱਤਰ 'ਟਿਕ ...ਟਿਕ ...ਟਿਕ' ਚੁਣ ਚੁਣ ਕੇ ਸਿਓਂਕ ਖਾਣ ਲਗਾ ।
ਕਾਸਤੂ ਦੀ ਜਿੰਦ ਉੱਤੇ ਵੀ ਸਮੇਂ ਨੇ ਕਈ ਪਾਥੀਆਂ ਦੇ ਢੇਰ ਪੱਥੇ ਹੋਏ ਹਨ । ਜਿਨ੍ਹਾਂ ਚੋਂ ਕੁਝ ਸੁੱਕ ਕੇ ਭੁਰ ਭਰ ਗਏ ਹਨ । ਤੇ ਉਨ੍ਹਾਂ ਦਾ ਉਭਾ ਖੜੂਬੇ ਖੌਰੇ ਖੌਰੇ ਨਿਸ਼ਾਨ ਹੀ ਉਸ ਦੀ ਜਿੰਦ ਉਤੇ ਬਾਕੀ ਰਹਿ ਗਏ ਸਨ, ਪਰ ਕੁਝ ਪਾਥੀਆਂ ਤੇ ਗੋਹੇ ਅੰਦਰੋਂ ਅਜੇ ਗਿੱਲੇ ਹਨ, ਬੇਸ਼ਕ ਬਾਹਰੋਂ ਸੁੱਕ ਗਏ ਨੇ ਤੇ ਉਨ੍ਹਾਂ ਵਿਚ ਕੁਰਬਲ ਕੁਰਬਲ ਕਰਦਾ ਕੁਝ ਟੁਰਦਾ ਰਹਿੰਦੈ...। ਉਸ ਵੇਲੇ ਕਾਸਤੂ ਦੀ ਸਾਰੀ ਜਾਨ ਜਿਵੇਂ ਟੁਟਣ ਲਗਦੀ ਏ... ਤੇ ਮੂੰਹ ਵਿਚ ਵੀ ਬੇ-ਸੁਆਦਾ ਜਿਹਾ ਕੁਝ ਘੁਲ ਜਾਂਦੈ।
ਉਸ ਰਾਤੀ ਜਿਵੇਂ ਜਗਤੂ ਨੂੰ ਕੋਈ ਪਰਛਾਵਾਂ ਪੈ ਗਿਆ ਹੋਵੇ। ਕਾਸਤੂ ਨੇ ਕਾਲਕਾ ਦਾ ਰੂਪ ਧਾਰ ਲਿਆ ਸੀ ਜਿਵੇਂ ਸ਼ਹੁ ਦਰਿਆ ਉੱਤੇ ਝਖੜ ਝੁਲ ਰਿਹਾ ਹੋਏ । ਇਕ ਹੱਥ ਨਾਲ ਜਗਤੂ ਦੀ ਬਾਂਹ ਮਰੋੜ ਕੇ ਤੇ ਦੂਜੇ ਨਾਲ ਜਗਤੂ ਦੀਆਂ ਕਾਲੀਆਂ ਲਿਟਾਂ ਫੜੀ ਉਹ ਗੱਜ ਰਹੀ ਸੀ "ਬਰਵਾਲਿਆ ਤੇਰੀਆਂ ਲਿਟਾਂ ਹੀ ਨਹੀਂ...ਤੇਰੀ ਆਤਮਾ ਵੀ ਕਾਲੀ ਏ..ਤੂੰ ਕੀ ਸਮਝ ਕੇ ਮੈਨੂੰ ਹੱਥ ਪਾਇਆ ? ਮੂਰਖਾ ! ਮੇਰੇ ਮਹਾਸ਼ੇ ਨੇ ਇਕੱਠੇ ਦੋ ਕੀਤੇ ਸਨ ਤੇ ਪਾਪੀਆ ! ਇਕ ਖੂਨ ਕਰਨ ਜੋਗਾ ਜ਼ੋਰ ਤਾਂ ਹਾਲਾਂ ਮੇਰੇ ਵਿਚ ਵੀ ਏ।"
ਜਗਤੂ ਬਰਵਾਲੇ ਨੇ ਕਾਸਤੂ ਨੂੰ ਮਾਂ ਆਖ, ਮਿੰਨਤਾਂ ਮੁਥਾਜੀਆਂ ਕਰ, ਤਰਲੇ ਕਰ ਕਰ ਆਪਣੀ ਜਾਨ ਛੁੜਵਾਈ।
ਕਾਸਤੂ ਉਸੀ ਰਾਤ ‘ਫ਼ਲੈ' ਚਲੀ ਗਈ। ਅਲਗੋਜ਼ਿਆਂ ਤੇ ਕੋਈ "ਚੰਨ" ਰਿਹਾ ਸੀ । ਸਉਣ ਮਹੀਨੇ ਦੀ ਹਨੇਰੀ ਰਾਤ, 'ਫ਼ਲੈ' ਦੇ ਕੁੱਤੇ ਕਾਸਤੂ ਦਾ ਭਿਆਨਕ ਰੂਪ ਦੇਖ ਜ਼ੋਰ ਜ਼ੋਰ ਦੀ ਭੌਂਕਣ ਲਗੇ । ਬਰਵਾਲੇ ਨੂੰ ਬੇਸ਼ਕ ਉਹ ਮਾਫ ਕਰ ਆਈ ਸੀ ਪਰ ਉਸ ਦਾ ਲੂੰ-ਲੂੰ ਅਜੇ ਤੀਕ ਗੁੱਸੇ ਨਾਲ ਕੰਬ ਰਿਹਾ ਸੀ।
"ਇਹ ਕੁੱਤੇ ਕਿਸ ਨੂੰ ਭੌਂਕ ਰਹੇ ਨੇ ?'' ਹਨੇਰੇ 'ਚੋਂ ਹੀ ਸ਼ੋਂਕੂ ਚੌਕੀਦਾਰ ਦੀ ਅਵਾਜ਼ ਆਈ।
“ਅੜਿਆ, ਪਤਾ ਨਹੀਂ ਕਿਉਂ ? ਫਲੈ ਦੇ ਕੁੱਤੇ ਮੇਰੇ ਪਿੱਛੇ ਹੀ ਪੈ ਗਏ ਨੇ।"
“ਤੂੰ ਕੌਣ ਏਂ ?”
"ਮੈਂ...ਪਰਦੇਸਣ"
ਸ਼ੋਂਕੂ ਚੌਕੀਦਾਰ ਨੇ ਕੋਲ ਆ ਕੇ ਡੱਬੀ ਦੀ ਤੀਲੀ ਬਾਲੀ "‘ਫਲੈ' ਕਿਸ ਦੇ ਘਰ ਜਾਣਾ ਈ ?"
"ਜਿਥੇ ਜਗ੍ਹਾ ਮਿਲ ਜਾਏ"
“ਤੇਰੀ ਜ਼ਾਤ ਕੀ ਏ ?''
“ਮਹਾਸ਼ੀ” ।
ਸ਼ੋਂਕੂ ਨੇ ਜੇਬ ਵਿਚੋਂ ਸਿਗਰਟ ਕੱਢੀ ਤੇ ਸੁਲਗਾਈ । ਕਾਸਤੂ ਨੇ ਦੇਖਿਆ ਅਲਗੋਜ਼ਿਆਂ ਦੀ ਜੋੜੀ ਉਸ ਦੇ ਗਲ ਵਿਚ ਪਈ ਹੋਈ ਹੈ। ਉਸ ਸੋਚਿਆ—ਮੇਰਾ ਮਹਾਸ਼ਾ ਵੀ ਇੰਝ ਹੀ ਅਲਗੋਜ਼ਿਆਂ ਵਿਚ ਚੰਨ ਗਾਉਂਦਾ ਹੁੰਦਾ ਸੀ।
ਸਾਰੀ 'ਫ਼ਲੈ' ਵਿਚ ਖ਼ਬਰ ਉੱਡ ਗਈ ਕਿ "ਸ਼ੋਂਕੂ ਚੌਕੀਦਾਰ ਨੇ ਇਕ ਪਹਾੜਨ ਜਨਾਨੀ ਰੱਖ ਲਿਤੀ ਏ।"
ਚੌਂਕੀਦਾਰ ਦੀ ਇਕ ਬੁੱਢੀ ਮਾਂ ਹੀ ਸੀ । ਕਾਸਤੂ ਨੇ ਆਪਣੀ ਸੁੰਦਰਤਾ ਨਾਲ ਸ਼ੋਂਕੂ ਨੂੰ ਤੇ ਕੰਮ ਨਾਲ ਉਸ ਦੀ ਮਾਂ ਨੂੰ ਮੋਹ ਲਿਆ ।
ਅਸਥਾਨ ਉਤੇ ਜਗਤੂ ਬਰਵਾਲੇ ਨੇ ਚੌਂਕੀ ਲਈ ਤੇ ਜਿਵੇਂ ਅਲਹਾਮ ਹੋਇਆ “ਫ਼ਲੈ" ਤੇ ਕੋਈ ਬੜੀ ਭਾਰੀ ਬਿਪਤਾ ਆਉਣ ਵਾਲੀ ਏ । ਇਕ ਗੋੜ ਬੰਗਾਲ ਦੀ ਜਾਦੂਗਰਨੀ ਨੇ ਫ਼ਲੈ ਉਤੇ ਆਪਣੇ ਖੂਨੀ ਨਹੁੰਆਂ ਦਾ ਪੰਜਾ ਲਗਾ ਦਿਤੈ।
‘ਫ਼ਲੈ' ਵਿਚ ਜਿੰਨੇ ਮੂੰਹ ਉਨੀਆਂ ਗੱਲਾਂ ਉੱਡਣ ਲਗੀਆਂ। ਕੋਈ ਆਖੇ ਉਹ ਸਾਰਾ ਕੰਮ ਮਸਾਨਾ ਤੋਂ ਕਰਾਉਂਦੀ ਹੈ। ਰਾਤੋਂ ਰਾਤ ਮਸਾਨ ਸ਼ੋਂਕੂ ਦੀ ਜ਼ਮੀਨ ਵਿਚ ਨਰਾਈ ਕਰਕੇ ਗੋਡੀ ਵੀ ਕਰ ਛੱਡਦੇ ਨੇ। ਉਹ ਇਕ ਫੇਰਾ ਘਾਹ ਦਾ ਲਿਆਏ ਤਾਂ ਤਿੰਨ ਤਿੰਨ ਦਿਨ ਮਾਲ ਖਾਂਦੇ ਰਹਿੰਦੇ ਨੇ...ਬਸਾਠੀਆਂ (ਬਾਲਣ) ਤਾਂ ਜਦੋਂ ਦੀ ਆਈ ਏ ਬਸ ਇਕੋ ਵਾਰੀ ਲਿਆਂਦੀਆਂ ਸੀ ਤੇ ਅਜੇ ਤੀਕ ਨਹੀਂ ਮੁੱਕੀਆਂ।
ਸ਼ੋਂਕੂ ਦੀ ਮਾਂ ਆਖਦੀ “ਪੁੱਤਰਾ ਲੋਕ ਠੀਕ ਹੀ ਤਾਂ ਕਹਿੰਦੇ ਨੇ ਬਰਵਾਲਾ ਝੂਠ ਤਾ ਨਹੀਂ ਬੋਲਦਾ...ਸੱਚੀ ! ਇਹ ਜ਼ਨਾਨੀ ਤਾਂ ਕੋਈ ਜਿਵੇਂ ਛਲਾਵਾ ਹੀ ਹੋਏ...ਅੱਗ ਲਗੇ ਇਹੋ ਜਿਹੇ ਕੰਮ ਨੂੰ ਅਸੀਂ ਕੰਮ ਬਿਨਾਂ ਹੀ ਖਰੇ,..ਤੂੰ ਇਸ ਨੂੰ ਕਢ ਦੇ..."
ਸੁਣ ਕੇ ਸ਼ੋਂਕੂ ਮੁਸਕਰਾਉਣ ਲਗ ਪੈਂਦਾ..ਗੱਲ ਪਈ ਅਲਗੋਜ਼ਿਆਂ ਦੀ ਜੋੜੀ ਨੂੰ ਵਜਾ ਕੇ ਚੰਨ ਗਾਉਣ ਲਗਦਾ ..।
ਬੁੱਢੀ ਜਗਤੁ ਬਰਵਾਲੇ ਦੇ ਅਸਥਾਨ ਉੱਤੇ ਜਾ ਕੇ ਪਿਟਦੀ "ਓ ਬਰਵਾਲਿਆ ! ਮੇਰੇ ਬੱਚੇ ਨੂੰ ਬਚਾ ਲੈ...... ਉਸ ਡੈਣ ਨੇ ਮੇਰੇ ਪੁੱਤਰ ਨੂੰ ਭੇਡੂ ਬਣਾ ਦਿਤੈ...।
ਜਗਤੂ ਆਖਦਾ ਅਨਰਥ ਹੋਣ ਵਾਲਾ ਏ ਦੇਵਤਾ ਕ੍ਰੋਧੀ ਹੋ ਗਿਆ ਹੈ, ਰੋਜ਼ ਰਾਤੀਂ ਉਹ ਮੈਨੂੰ ਜਗਾ ਦੇਂਦੈ...ਪਰ ਮੈਂ ਕਿਸ ਨੂੰ ਜਗਾਵਾਂ...? ਸਾਰਾ "ਫਲਾ" ਸੌਂ ਰਿਹੈ.. ਤੇ ਹੁਣ ਉਸੇ ਵੇਲੇ ਜਾਗਣਗੇ ਜਦੋਂ ਇਹ ਗੋੜ ਬੰਗਾਲਨ ਸਾਰੇ ‘ਫਲਾਂ' ਨੂੰ ਸਾਂਭ ਲਏਗੀ।
ਕਾਸਤੂ ਇਕ ਗੋਟਾ ਹੋਰ ਪਰਤਦੀ "ਕੁਰ ...ਕੁਰ ...ਕੁਰ ...ਰ ... ਰ... ਰ..." ।
ਯਾਦਾਂ ਦੀ ਬਰਾਤ ਅਜ ਫੇਰ ਸਾਰੀ ਇਕੱਠੀ ਹੋ ਗਈ। ਯਾਦਾਂ ਦੀ ਬਰਫ਼ ਕਾਸਤੂ ਦੇ ਮਨ ਵਿਚ ਪਿਘਲਣ ਲਗੀ। ਉਸ ਨੂੰ ਲਗਾ ਜਿਵੇਂ ਬੀਤੀਆਂ ਸਾਰੀਆਂ ਗੱਲਾਂ ਉਸ ਬਰਫ਼ ਵਿਚ ਦਬੀਆਂ ਲਾਸ਼ਾਂ ਹੋਣ । ਬਰਫ਼ ਵਿਚ ਦੱਬੀਆਂ ਲੋਥਾਂ ਜਿਵੇਂ ਹੁਣੇ ਉਨ੍ਹਾਂ ਦੇ ਸੁਆਸ ਨਿਕਲੇ ਹੋਣ ।
ਇਕ ਦਿਨ ਲੋਥ ਕਾਸਤੂ ਦੀਆਂ ਅੱਖਾਂ ਸਾਹਮਣੇ ਆ ਖਲੋਤੀ...
ਫ਼ਲੈ ਦੀ ਉਹ ਪੰਚਾਇਤ !
ਸ਼ੋਂਕੂ ਚੌਕੀਦਾਰ ਦੀ ਮਾਂ ਦਾ ਵਿਰਲਾਪ ! ਪੰਚਾਂ ਸਾਹਮਣੇ ਉਹ ਛਾਤੀ ਪਿੱਟ ਪਿਟ ਵੈਣ ਪਾ ਰਹੀ ਸੀ ...“ਪੰਚੋ ... ... ! ਇਹ ਗੋੜ ਬੰਗਾਲਨ, ਮੇਰੇ ਪੁੱਤਰ ਦਾ ਕਲੇਜਾ ਖਾ ਗਈ ਏ ... ਪੰਚ ਪਰਮੇਸ਼ਰ, ਮੇਰੇ ਬੱਚੜੇ ਦੀ ਰੱਤ ਹਾਲੀਂ ਵੀ ਇਸ ਕਰਕਸ਼ਾ ਰਾਖਸ਼ਣੀ, ਦੇ ਹੋਠਾਂ ਤੇ ਲਗੀ ਹੋਈ ਹੈ ...ਮੇਰਾ ਨਿਆਂ ਕਰੋ।”
ਜਗਤੂ ਬਰਵਾਲਾ ਇਕੋ ਲੱਤ ਦੇ ਭਾਰ ਖਲੋਤਾ ਆਖ ਰਿਹਾ ਸੀ “ਮਾਲਕੋ ! ਮੈਂ ਪਹਲਿਾਂ ਹੀ ਭਵਿੱਸ਼ ਬਾਣੀ ਕੀਤੀ ਸੀ ਕਿ ਇਹ ਜਾਦੂਗਰਨੀ ਏ... ... ਕਰਕਸ਼ਾ... ... ਡਾਕਣੀ (ਦੁਸ਼ਟਣੀ) ਏ। ਜਿਸ ਨੇ ਪਹਿਲਾਂ ਹੀ ਆਪਣੇ ਦੋ ਖਸਮਾਂ ਨੂੰ ਖਾ ਛਡਿਆ ਏ।”
ਤੇ ਦੂਜੇ ਪਾਸੇ ਨਿੱਕਾ ਜਿਹਾ 'ਗਿਲੂ' ਗਲ ਨਾਲ ਲਾ ਕੇ ਕਾਸਤੂ ਬੈਠੀ ਹੋਈ ਸੀ। ਉਹ ਨਾ ਬੇਹੋਸ਼ ਸੀ ਤੇ ਨਾ ਹੋਸ਼ ਵਿਚ। ਅੱਖੀਆਂ 'ਚੋਂ ਛਮਛਮ ਅੱਥਰੂ ਵਗ ਰਹੇ ਸਨ। ਸ਼ੋਂਕੂ ਚੌਂਕੀਦਾਰ ਅਜੇ ਵੀ ਉਸ ਦੇ ਸਾਹਮਣੇ ਅਲਗੋਜ਼ੇ ਵਜਾ ਰਿਹਾ ਸੀ, ਚੰਨ ਗਾ ਰਿਹਾ ਸੀ। ਕਾਸਤੂ ਝੂਰ ਰਹੀ ਸੀ ... ਚੌਂਕੀਦਾਰਾ ਇਹ ਤੂੰ ਕੀ ਕੀਤਾ ... ਉਨ੍ਹਾਂ ਨਾਲ ਹੀ ਰਲਣਾ ਸੀ ਤਾਂ ਮੈਨੂੰ ਇਸ ਚਿਕੜ ਵਿਚ ਕਿਉਂ ਫਸਾਇਆ ਈ।
ਪੰਚਾਂ ਦਾ ਫੈਸਲਾ ਸਿਰ ਮੱਥੇ। ਕਾਸਤੂ ਫ਼ਲੈ 'ਚੋਂ ਵਿਦਾ ਹੋ ਗਈ। ਉਸ ਦੇ ਪਿਛੋਂ ਲੋਕਾਂ ਸਰਿਹੋਂ ਤੇ ਸੁਆਹ ਸੁੱਟੀ । ਕੱਚੀਆਂ ਲਸੀਆਂ ਝੌਂਕੀਆਂ ... ਤਾਂ ਜੇ ਇਹ ਗੋੜ ਬੰਗਾਲਨ ਫੇਰ ਮੁੜ ਕੇ ‘ਫ਼ਲਾਂ’ ਵਿਚ ਨਾ ਆਏ। ਕਾਸਤੂ ਨੇ ਬੀ ਪਿੱਛੇ ਮੁੜ ਕੇ 'ਫ਼ਲਾਂ' ਵਲ ਇਕ ਵਾਰੀ ਵੀ ਨਾ ਤੱਕਿਆ। ਉਹ ਹੁਣ ਆਪਣੇ ਲੰਮੇ ਪੈਂਡੇ ਦਾ ਇਕ ਮੋੜ ਹੋਰ ਟੱਪ ਆਈ ਸੀ। ਅੱਗੋਂ ਵੀ ਉਹੀ ਪੈਂਡਾ ਸੀ, ਉਹੀ ਰਸਤਾ ਸੀ । ਰਸਤੇ ਵਿਚ ਹੀ ਇਕ ਗੁੱਫਾ ਸੀ। ਜਿਸ ਵਿਚ ਕਦੇ ਕਿਸੇ ਸਿਆਲੇ ਬਕਰਵਾਲ ਆ ਡੇਰਾ ਜਮਾਂਦੇ ਸਨ । ਉਸੇ ਗੁਫਾ ਵਿਚ ਕਾਸਤੂ ਨੇ ਆਪਣੇ ਬੱਚੇ ਸਮੇਤ ‘ਗ੍ਰਹਿ' ਪਰਵੇਸ਼ ਕੀਤਾ ।
+ + + + +
ਕੋਡੂ ਤਿੱਤਰ ਹੁਣ ਮਛਰਿਆ ਹੋਇਆ ਧੂੜ ਵਿਚ ਵਲਿਦਦਾ ਪਿਆ ਸੀ। ਕਾਸਤੂ ਉਸੇ ਨੂੰ ਹੀ ਦੇਖੀ ਜਾ ਰਹੀ ਸੀ । ਪੁੱਤਰਾ, ਮੈਂ ਵੀ ਇਕ ਪੰਖੇਰੂੰ ਹੀ ਸਾਂ ... ... ਪਤਾ ਨਹੀਂ ਕਿਹੜੇ ਭੁੱਲ ਭੁਲੇਖੇ ਵਿਧਾਤਾ ਨੇ ਮੈਨੂੰ ਮਨੁੱਖ ਜੂਨ ਵਿਚ ਸੁੱਟ ਛਡਿਐ ਤੇ ਮਨੁੱਖਾਂ ਨੇ ਵੀ ਮੈਨੂੰ ਆਪਣੀ ਬਿਰਾਦਰੀ ਵਿਚੋਂ ਛੇਕੀ ਹੀ ਰਖਿਆ । ਮੈਨੂੰ ਨਾ ਉੱਡਣ ਦਿਤਾ ਤੇ ਨਾ ਹੀ ਟੁਰਨ ਦਿਤਾ ।
ਉਸੇ ਵੇਲੇ ਮਾਲ ਚਾਰ ਕੇ ਪਰਤਦੇ ਚਰਆਲ ਮੁੰਡੇ ਪਾਰੋਂ ਦੂਰੋਂ ਕੀ ਜ਼ੋਰ ਜ਼ੋਰ ਦੀ ਸ਼ੋਰ ਮਚਾਂਦੇ ਕਾਸੂ ... ...ਕਾਸੂ ... ਊ...। ਕਾਸਤੂ ਵੀ ਉਨ੍ਹਾਂ ਨੂੰ ਹੀ ਉਡੀਕ ਰਹੀ ਹੁੰਦੀ ਤੇ ਉਨ੍ਹਾਂ ਤੋਂ ਵੀ ਜ਼ੋਰ ਦਾ ਕੁਰਲਾਂਦੀ ... ... "ਹਾਂ ...ਹਾਂ ... ਇਹ ਕੋਡੂ ਨਹੀਂ ਕਾਸੂ ਐ... ...ਕਾਸੂ...ਤੁਹਾਡੀਆਂ ਮਾਂਵਾਂ ਦਾ ਖਸਮ" ।
ਸੁਣ ਕੇ ਜਾਕਤ ... ਮੁੰਡੇ ਹੱਸ ਹੱਸ ਦੂਹਰੇ ਹੋ ਜਾਂਦੇ।
ਫ਼ਲੈ ਦੇ ਨਿੱਕੇ ਵੱਡੇ ਅਜ ਵੀ ਸੁਰਗਲ ਦੇਵਤੇ ਵਲ ਹੱਥ ਕਰਕੇ ਕਹਿੰਦੇ "ਕਾਸੂ ਦਾ ਕਲੇਜਾ ਵੀ ਕਾਸਤੂ ਨੇ ਹੀ ਕਢਿਆ ਸੀ।” ਜਗਤੂ ਬਰਵਾਲਾ ਵੀ ਢੋਲਕ ਤੇ ਥਾਲੀ ਦੇ ਤਾਲ ਨਾਲ ਮੁੰਡੀ ਘੁੰਮਾ ਘੁੰਮਾ ਕੇ ਆਖਦਾ "ਕਾਸਤੂ ਨੇ ਤਿੱਤਰ ਵਿਚ ਕਾਸੂ ਦੀ ਆਤਮਾ ਕੈਦ ਕੀਤੀ ਹੋਈ ਏ ... ... ਇਹ ਜ਼ਨਾਨੀ ਨਹੀਂ ਗੋੜ ਬੰਗਾਲ ਦੀ ਡਾਕਣੀ (ਦੁਸ਼ਟਣੀ) ਏ ... ... ਕਰਕਸ਼ਾ (ਰਾਖਸ਼ਣੀ) ਏ ... ...।"
ਇਨ੍ਹਾਂ ਗੱਲਾਂ ਦੀ ਸੋਅ ਕਾਸਤੂ ਦੇ ਕੰਨਾਂ ਵਿਚ ਵੀ ਪੈਂਦੀ । ਉਹ ਜਗਤੂ ਦਾ ਨਾਂ ਲੈ ਲੈ ਥੁੱਕਦੀ । ਆਪਣੀਆਂ ਲਿੰਬਾਂ ਖੋਂਹਦੀ ਜਿਵੇਂ ਉਹ ਜਗਤੂ ਬਰਵਾਲੇ ਦੀਆਂ ਲਿਟਾਂ ਹੋਣ । ‘‘ਉਹ ! ਬਰਵਾਲਿਆ ਙ ਗੂਗਲ ਧੂਫ਼ ਦੀ ਵਾਸ਼ਨਾ ਵਿਚ ਕਜਿਆ ਤੇਰਾ ਅਸਲੀ ਰੂਪ ਮੈਂ ਜਾਣਦੀ ਹਾਂ। ਤੇਰੀ ਗੰਦੀ, ਤਰੱਕੀ ਹੋਈ ਆਤਮਾ ਗੋਹੇ ਦੇ ਕੀੜਿਆਂ ਤੋਂ ਵੀ ਵੱਧ ਨਰਕ ਭੋਗ ਰਹੀ ਏ ।"
ਕਾਸਤੂ ਆਪਣੇ ਖਸਮ ਨੂੰ ਸਿਰ ਦਾ ਸਾਈਂ ਹੀ ਨਹੀਂ ਘਰ ਦਾ ਦੀਵਾ ਵੀ ਸਮਝਦੀ ਸੀ । ਘਰ ਤਾਂ ਹੁਣ ਰਿਹਾ ਹੀ ਨਹੀਂ ਸੀ ਪਰ ਦੀਵੇ ਦੀ ਲੋਅ ਤਾਂ ਗੁਫਾ ਵਿਚ ਵੀ ਚਾਹੀਦੀ ਸੀ। ਤੇ ਫੇਰ ਆਖ਼ਰੀ ਦੀਵਾ ਸੀ ... ...ਕਾਸੂ । ਜਿਸ ਦਾ ਨਾ ਕੋਈ ਘਰ ਸੀ ਨਾ ਘਾਟ। ਉਹ ਸ਼ਹਿਰੀ ਕਚਿਹਰੀ ਵਿਚ ਝੂਠੀਆਂ ਗੁਆਹੀਆਂ ਦੇਂਦਾ ਸੀ। 'ਫ਼ਲੈ' ਵਿਚੋਂ ਸ਼ਰਾਬ ਇਕੱਠੀ ਕਰ ਸ਼ਹਿਰ ਵਿਚ ਵੇਚਦਾ ਸੀ ਪਰ ਪਹਿਲਾਂ ਆਪਣਾ ਪੇਟ ਸ਼ਰਾਬ ਨਾਲ ਤੂੜ ਲੈਂਦਾ ।
ਇਕ ਦਿਨ ਉਹ ਸ਼ਰਾਬ ਪੀ ਕੇ ਨਾਲੇ ਦੇ ਪਾਰ ਰਸਤੇ ਵਿਚ ਡਿਗਿਆ ਪਿਆ ਸੀ। ਸ਼ਰਾਬ ਪੀ ਕੇ ਡਿੱਗਣਾ ਉਸ ਲਈ ਕੋਈ ਨਵੀਂ ਗੱਲ ਨਹੀਂ ਸੀ। ਜ਼ਿੰਦਗੀ ਵਿਚ ਉਹ ਟੁਰਿਆ ਘਟ ਤੇ ਢਠਾ ਜ਼ਿਆਦਾ ਸੀ। ਸਵੇਰੇ ਜਦ ਕਾਸਤੂ ਉੱਠੀ ਤਾਂ ਕਾਸੂ ਪਾਰ ਗੁੱਛਾ ਮੁੱਛਾ ਹੋਇਆ ਪਿਆ ਸੀ । ਕਾਸਤੂ ਕੰਬ ਗਈ ਬੇੜਾ ਗਰਕ ਇਸ ਕਿਸਮਤ ਦਾ ਕਾਸਤੂ ਦੇ ਜ਼ਿਮੇਂ ਇਕ ਹੋਰ ਕਲੇਜਾ ਲਗ ਗਿਆ। ਉਹ ਉਸ ਦੇ ਕੋਲ ਗਈ । ਕਾਸੂ ਹਾਲੀਂ ਸੁਆਸ ਲੈ ਰਿਹਾ ਸੀ । ਲਗਦਾ ਸੀ ਕਿ ਤੱਤੀ ਤੱਤੀ ਸ਼ਰਾਬ ਉਸ ਦੇ ਪੱਠਿਆਂ ਨੂੰ ਖਾ ਗਈ। ਕਾਸਤੂ ਉਸ ਨੂੰ ਚੁੱਕ ਕੇ ਲੈ ਆਈ । ਪੂਰੇ ਦਸ ਦਿਨ ਉਹ ਉਸ ਦੀ ਸੇਵਾ ਕਰਦੀ ਰਹੀ। ਨਿੱਕਾ ਜਿਹਾ ਬੱਚਾ ਪਿਠ ਤੇ ਚੁੱਕ ਉਹ ਰਾਮਨਗਰ ਪਰੋਲਾ (ਚਿੱਟੀ ਮਿੱਟੀ) ਬਹਾਰੀਆਂ ਵੇਚਣ ਜਾਂਦੀ ਤੇ ਆਉਂਦੇ ਹੋਏ ਕਾਸੂ ਲਈ ਦੁਆਈ ਲੈ ਆਉਂਦੀ ।
ਕਾਸੂ ਵੱਲ ਹੋਇਆ, ਉਸ ਦੀਆਂ ਅੱਖਾਂ 'ਚ ਅੱਥਰੂ ਛਲਕ ਆਏ "ਕਾਸਤੂ ਮੋਈਏ, ਤੇਰਾ ਬਿਨਾਂ ਤਾਂ ਅਸਾਂ ਇਕ ਦਿਨ ਉਸ ਪੱਕੀ ਸੜਕ ਉੱਤੇ ਹੀ ਮਰਨੈ— ਪਰ ਇਸ ਵਾਰੀ ਤਾਂ ਤੂੰ ਤਲੀ ਦੇ ਕੇ ਬਚਾ ਛਡਿਆ ਏ।”
ਕਾਸਤੂ ਆਖਦੀ “ਅੜਿਆ ! ਜੇ ਮੈਂ ਬਚਾਉਣ ਵਾਲੀ ਹੁੰਦੀ ਤਾਂ ਆਪਣੇ ਮਹਾਸੇ ਤੇ ਚੌਂਕੀਦਾਰ ਨੂੰ ਨਾ ਬਚਾ ਲੈਂਦੀ । ਮੈਂ ਬਚਾਉਣ ਵਾਲੀ ਖਾਣ ਵਾਲੀਆਂ ... ਫ਼ਲੈ ਦਾ ਬੱਚਾ ਬੱਚਾ ਮੈਨੂੰ ਗੋਲ ਬੰਗਾਲਣ ਆਖਦੈ ।"
ਕਾਸੂ ਬੋਲਿਆ "ਮੋਈਏ .... ਤੂੰ ਨਹੀਂ ਵੀ ਏ ਨਾ ਤਾਂ ਇਸ ਉਜਾੜ ਵਿਚ ਇਕੱਲ ਮੁਕੱਲੀ ਜ਼ਰੂਰ ਹੋ ਜਾਏਂਗੀ। ਮਨੁੱਖ ਨੂੰ ਮਨੁੱਖ ਦਾ ਸਹਾਰਾ । ਮੇਰੀ ਵੀ ਸਿਰ ਛੁਪਾਉਣ ਲਈ ਕੋਈ ਠਾਹਰ ਨਹੀਂ । ਜੇ ਹੁਣ ਤੂੰ ਬਚਾਇਐ ਤਾਂ ਸਿਰ ਛੁਪਾਉਣ ਲਈ ਵੀ ਜਗ੍ਹਾ ਦੇ । ਇਕ ਵਾਰੀ ਭਾਟੜੇ ਨੇ ਮੇਰਾ ਹੱਥ ਦੇਖਿਆ ਸੀ ...ਵਿਆਹ ਵਾਲੀ ਰੇਖਾ ਉਸ ਨੇ ਦੱਸੀ ...ਸੀ।
ਕਾਸਤੂ ਮੂੰਹ ਨੀਵਾਂ ਸੁੱਟੀ ਆਖਦੀ "ਕਾਸੂ ! ਮੇਰੀ ਮਾਂਗ ਵਿਚ ਵਿਧਾਤਾ ਨੇ ਸੰਧੂਰ ਨਹੀਂ ਸੁਆਹ ਲਿਖੀ ਹੋਈ ਏ । ਜਿਧਰੋਂ ਜਿਧਰੋਂ ਲੰਘਦੀ ਹਾਂ ਉੱਧਰ ਉੱਧਰ ਉੱਡਦੀ ਏ !''
ਕਾਸੂ ਛਾਤੀ ਠੋਕ ਕੇ ਆਖਦਾ "ਇਹ ਗੱਲ ਏ ਕਾਸੂ ਤਾਂ ਵਿਧਾਤਾ ਦੇ ਲਿਖੇ ਲੇਖ ਮੇਟ ਕੇ ਮੈਂ ਤੇਰੀ ਮਾਂਗ ਵਿਚ ਸੰਧੂਰ ਭਰਾਂਗਾ।"
ਮਹਾਸ਼ਿਆਂ ਦੇ ਫ਼ਲੈ ਜਿਵੇਂ ਇਕ ਵਾਰੀ ਫੇਰ ਭੁਚਾਲ ਆ ਗਿਆ । ਜ਼ਨਾਨੀਆਂ ਝੁਰਮਟਾਂ ਵਿਚ ਗੱਲਾਂ ਕਰਦੀਆਂ ਇਹ ਮਰਦ ਵੀ ਕਿੰਨੇ ਨਿੱਘਰੇ ਹੋਏ ਹੁੰਦੇ ਨੇ ...ਮੂਸ ...ਮੂਸ ਕਰ ਕੇ ਉਹ ਗੌੜ ਬੰਗਾਲਨ ਉਨਾਂ ਦੇ ਕਲੇਜੇ ਕੱਢ ਲੈਂਦੀ ਏ ...ਫੇਰ ਵੀ ਉਸੇ ਵਲ ਦੌੜਦੇ ਭਜਦੇ ਨੇ ... ... ਜਿਵੇਂ ਧਰਤੀ ਉਤੇ ਇਕੋ ਉਹ ਹੀ ਹੁਸਨ ਪਰੀ ਹੋਏ ।"
ਮਰਦਾਂ ਦੀ ਚੋਂਕੜੀ ਆਖਦੀ "ਇਹ ਸਾਲੀ ਮਹਾਸ਼ੀ ਨਿਰੀ ਡੈਣ ਹੀ ਨਹੀਂ, ਇਸ ਕੋਲ ਕੋਈ ਪੱਕਾ ਵਸੀਕਰਣ ਮੰਤਰ ਏ ਇਕ ਨੂੰ ਭੁਗਤਾਂਦੀ ਏ ਤਾਂ ਦੂਜਾ ਤਿਆਰ ਹੋ ਜਾਂਦੈ।"
ਜਗਤੂ ਬਰਵਾਲਾ ਕੰਬ ਕੰਬ ਕੇ ਆਪਣਾ ਸਿਰ ਮਾਰਦਾ, ਜ਼ੋਰ ਜ਼ੋਰ ਦੀ ਡੰਡ ਵਜਾਉਂਦਾ, ਭਵਿਸ਼ ਬਾਣੀਆਂ ਕਰਦਾ "ਦੇਖ ਲੈਣਾ, ਇਕ ਦਿਨ ਇਹ ਕਰਕਸ਼ਾ...... ਡਾਕਣੀ ਕਾਸੂ ਦਾ ਕਲੇਜਾ ਵੀ ਖਾ ਲਏਗੀ। ਜੇ ਨਹੀਂ ਖਾਧਾ ਤਾਂ ਸੁਰਗਲ ਦੇਵਤੇ ਦਾ ਇਹ ਚੇਲਾ ਭੇਡਾਂ ਮੁਨਣ ਵਾਲੀ ਕੈਂਚੀ ਨਾਲ ਆਪਣੀਆਂ ਇਹ ਜਟਾਂ ਕਤਰਾ ਦੇਏਗਾ ... ਸੁਰਗਲ ਦੇਵਤਾ ... ਤੇਰੀ ਸ਼ਰਨ।
ਕਾਸੂ ਇਹ ਗੱਲਾਂ ਸੁਣਦਾ ਤਾਂ ਅੱਖਾਂ ਮੀਟ ਕੇ ਜ਼ੋਰ ਦੀ ਹੱਸ ਪੈਂਦਾ। ਕੀੜਾ ਲਗੀਆਂ ਅਗਲੀਆਂ ਪਿਛਲੀਆਂ ਦਾਹੜਾਂ ਨੰਗੀਆਂ ਹੋ ਜਾਂਦੀਆਂ। ਉਹ ਆਖਦਾ “ਮੋਈਏ... ਤੂੰ ਰਤਾ ਫ਼ਿਕਰ ਨਾ ਕਰ ... ਮੇਰਾ ਕਲੇਜਾ ਤਾਂ ਅੱਗੇ ਹੀ ਸ਼ਰਾਬ ਨੇ ਖਾ ਛਡਿਐ ਏ” ।
+++
ਸੂਰਜ ਦੀ ਸੰਧੂਰੀ ਟਿਕੀ ਡੁੱਬਣ ਦੀ ਤਿਆਰੀ ਵਿਚ ਸੀ । ਕਾਸਤੂ ਦਾ ਅੰਗ ਅੰਗ ਟੁੱਟ ਰਿਹਾ ਸੀ । ਪਿਛਲੀਆਂ ਯਾਦਾਂ ਦਾ ਬੇਥਵਾ ਭਾਰ ਉਸ ਦੀ ਜਿੰਦ ਨੂੰ ਜਕੜੀ ਬੈਠਾ ਸੀ ।
ਸੁੱਕੇ ਗੋਹੇ ਉਸ ਨੇ ਇਕ ਪਾਸੇ ਕਰ ਦਿਤੇ ਸਨ । ਕੋਡੂ ਵੀ ਹੁਣ ਰੱਜ ਕੇ ਆਰਨੀ ਉੱਤੇ ਬੈਠਾ ਆਪਣੇ ਪੰਖ ਖੁਰਕ ਰਿਹਾ ਸੀ। ਉਸ ਦੇ ਗੱਲ ਬੱਝੀ ਹੋਈ ਘੁੰਗਰੀ ਛਣਕ ਰਹੀ ਸੀ। ਇਹ ਤਾਲ ਸੁਣ ਕਾਸਤੂ ਦੀਆਂ ਅੱਖਾਂ ਅੱਗੇ ਫੇਰ ਦੋ ਨਿੱਕੇ ਨਿੱਕੇ ਨਾਜਕ ਹੱਥ ਉੱਮਲ ਆਉਂਦੇ, ਜਿਨ੍ਹਾਂ ਵਿਚ ਘੁੰਗਰੀਆਂ ਵਾਲੇ ਕੰਗਣ ਪਏ ਹੁੰਦੇ ਸਨ। ਕਾਸਤੂ ਦੀਆਂ ਛਾਤੀਆਂ 'ਚ ਕੁਝ ਹੋਣ ਲਗਦਾ । ਨਿੱਕੇ ਨਿੱਕੇ ਨਾਜ਼ੁਕ ਹੋਠ ਉਸ ਦੀਆਂ ਕੁਤਕੁਤਾਰੀਆਂ ਕਢ ਜਾਂਦੇ। ਉਹ ਕੋਡੂ ਦੀ ਡਿੰਗੀ ਚੁੰਝ ਨੂੰ ਦੇਖਣ ਲਈ ਪੈਂਦੀ । ਕੋਡੂ ਤਿੱਤਰ ਅੰਦਰ ਛੁਪੇ ਹੋਏ ਆਪਣੇ ਬੱਚੇ ਕੋਡੂ ਨੂੰ ਭਾਲਣ ਲਗਦੀ ਤੇ ਕੋਡੂ ਦੇ ਗੱਲ ਪਈ ਘੁੰਗਰੀ ਉਂਝ ਛਣਕੀ ਜਾ ਰਹੀ ਸੀ। ਢਲਦੇ ਸੂਰਜ ਦੀ ਸੁਨਹਿਰੀ ਲੋਅ ਵਿਚ ਕਾਸਤੂ ਦੀਆਂ ਅੱਖਾਂ ਸਾਹਮਣੇ ਦੇ ਨਿੱਕੇ ਨਿੱਕੇ ਨਾਜ਼ਕ ਨਰੋਏ ਹੱਥ ਉੱਭਰ ਰਹੇ ਸਨ।
ਤੇ ਫਿਰ ਆਖ਼ਰੀ ਵਾਰੀ ਇਹ ਕੰਗਣ ਉਦੋਂ ਛਣਕੇ ਸਨ ਜਦੋਂ ਕਾਸਤੂ ਨੇ ਆਪਣੇ ਬੱਚੇ ਦੇ ਭੱਖਦੇ ਹੱਥਾਂ 'ਚੋਂ ਉਤਾਰੇ ਸਨ। ਕਿੰਨਾਂ ਚਿਰ ਉਹ ਕੰਗਣਾਂ ਨੂੰ ਦੇਖਦੀ ਰਹੀ ਸੀ। ਫਿਰ ਉਸਨੇ ਉਨ੍ਹਾਂ 'ਚੋਂ ਇਕ ਘੁੰਗਰੀ ਉਤਾਰਕੇ ਕਾਸੂ ਨੂੰ ਕੰਗਣ ਦੇਂਦੇ ਕਿਹਾ ਸੀ “ਅੜਿਆ ਇਹ ਕੰਗਣ ਮੇਰੇ ਚੌਕੀਦਾਰ ਨੇ ਬੜੇ ਚਾਹ ਨਾਲ ਘੜਾਏ ਸਨ ।"
ਕਾਸੂ ਚੌਂਕੀਦਾਰ ਦਾ ਨਾਂ ਸੁਣ ਕੇ ਭੜਕ ਉਠਿਆ “ਸੁਣ ਕਾਸਤੂ, ਜੇ ਤੇਰਾ ਬੱਚਾ ਬੱਚ ਗਿਆ ਤਾਂ ਕਾਸੂ ਸੋਨੇ ਦੇ ਕੰਗਣ ਘੜਾ ਦੇਏਗਾ ... ਮੋਈਏ ! ਅਸੀਂ ਵੀ ਕਚਿਹਰੀਆਂ ਜਾਣ ਵਾਲੇ ਲੋਕ ਹਾਂ। ਜਿਸ ਦੇ ਖ਼ਲਿਾਫ਼ ਗੁਆਹੀ ਦੇਈਏ ...ਉਸ ਦੀ ਝਗ ਬਿਠਾ ਦੇਨੇ ਆ"
ਕਾਸੂ ਡਾਕਟਰ ਨੂੰ ਸੱਦਣ ਰਾਮ ਨਗਰ ਟੁਰ ਗਿਆ । ਕਾਸਤੂ ਬੱਚੇ ਨੂੰ ਝੋਲੀ ਵਿਚ ਲੈ ਉਸ ਦੇ ਮੂੰਹ ਨੂੰ ਦੇਖੀ ਜਾਂਦੀ ਸੀ। ਬੱਚੇ ਦਾ ਬੁਖਾਰ ਹੋਰ ਤੇਜ਼ ਹੋ ਗਿਆ ਸੀ । ਤੇ ਉਹ ਤ੍ਰਕਾਲਾਂ ਵੇਲੇ ਜਿਵੇਂ ਬਿਲੀ ਰੋਂਦੀ ਏ ਉਂਝ ਕਿਲ ਕਿਲ ਕੇ ਅਵਾਜ਼ਾਂ ਕੱਢ ਰਿਹਾ ਸੀ ।
ਦਿਨ ਚੜ੍ਹ ਆਇਆ ਪਰ ਕਾਸੂ ਹਾਲੀਂ ਤੀਕ ਡਾਕਟਰ ਨੂੰ ਲੈ ਕੇ ਨਾ ਆਇਆ। ਬੱਚੇ ਦੀ ਹਾਲਤ ਬੜੀ ਖ਼ਰਾਬ ਹੋ ਗਈ ਸੀ । ਚਿੜੀ ਦੇ ਬੋਟ ਵਾਂਗਰ ਉਹ ਮੂੰਹ ਖੋਲ੍ਹੀ ਹੌਲੀ ਹੌਲੀ ਸਾਹ ਲੈ ਰਿਹਾ ਸੀ। ਕਿਲ੍ਹਣ ਦੀ ਸਮਰਥਾ ਵੀ ਮੁੱਕ ਗਈ ਸੀ । ਕਾਸਤੂ ਬੇਵੱਸ ਜਿਹੀ ਫਟੀਆਂ ਫਟੀਆਂ ਨਜ਼ਰਾਂ ਨਾਲ ਉਸ ਨੂੰ ਦੇਖੀ ਜਾਂਦੀ ਸੀ।
ਚਿੜੀ ਦਾ ਬੋਟ ਸਦਾ ਲਈ ਸੌਂ ਗਿਆ। ਕਾਸਤੂ ਦਾ ਆਲ੍ਹਣਾ, ਆਸਰਾ ਤੇ ਮਮਤਾ ਉਜਾੜ ਗਈ।
ਕਾਸੂ ਨੂੰ ਉਡੀਕ ਉਡੀਕ, ਦੁਪਿਹਰ ਤੋਂ ਬਾਦ ਉਸ ਨੇ ਨਾਲੇ ਦੇ ਪਾਰ ਇਕ ਟੋਇਆ ਪੁਟਿਆ ਤੇ ਬੱਚੇ ਨੂੰ ਚੰਗੀ ਤਰ੍ਹਾਂ ਨੁਹਾ ਧੁਆ, ਬਣਾ ਸੰਵਾਰ ਕੇ ਟੋਏ ਵਿਚ ਦਬ ਦਿਤਾ।
ਕਾਸਤੂ ਬੈਠੀ ਵਿਰਲਾਪ ਕਰ ਰਹੀ ਸੀ ‘ਮੇਰੇ ਬੱਚਿਆ ! ‘ਫ਼ਲੈ’ ਵਾਲਿਆਂ ਦੇ ਡਰ ਨਾਲ ਮੈਂ ਤੈਨੂੰ ਜ਼ੋਰ ਜ਼ੋਰ ਦੀ ਰੋ ਵੀ ਨਹੀਂ ਸਕਦੀ ... ਉਹ ਆਖਣਗੇ ਕਾਸਤੂ ਆਪਣੇ ਪੁੱਤਰ ਦਾ ਕਲੇਜਾ ਕੱਢ ਕੇ ਵੀ ਖਾ ਗਈ ਏ ...ਮੇਰੇ ਪੁੱਤਰਾ ! ਮੈਂ ਤੇਰਾ ਚੰਗੀ ਤਰ੍ਹਾਂ ਇਲਾਜ ਵੀ ਨਹੀਂ ਕਰਾ ਸਕੀ ...ਫੇਰ ਵੀ ਮੈਂ ਤੇਰੇ ਕੰਗਣ ਉਤਾਰ ਲਏ ਮੇਰੇ ...ਬਚੂਆ । ..."
ਇਕ ਦਿਨ ਤੇ ਇਕ ਰਾਤ ਕਾਸਤੂ ਆਪਣੇ ਬੱਚੇ ਦੀ ਮੜੀ ਉੱਤੇ ਬੈਠੀ ਰਹੀ ਪਰ ਕਾਸੂ ਪਰਤ ਕੇ ਨਹੀਂ ਆਇਆ । ਸ਼ਹਿਰ ਸਮਾਨ ਢੋਣ ਵਾਲੇ ਮਜ਼ਦੂਰਾਂ ਨੇ ਫ਼ਲੈ ਜਾ ਕੇ ਸੁਣਵਾਇਆ ਕਿ ਕਾਸੂ ਬੋਹਣ ਵਾਲੀ ਢੱਕੀ ਉੱਤੇ ਮੋਇਆ ਪਿਆ ਹੈ । ‘ਫ਼ਲੈ’ ਦੇ ਬੂਹੇ, ਬਾਰੀਆਂ, ਛੱਜੇ ਇਕ ਵਾਰੀ ਫਿਰ ਕੰਬ ਗਏ ਰਾਤੀ ਸੁਰਗਲ ਦੇਵਤੇ ਦੇ ਅਸਥਾਨ ਉੱਤੇ ਢੋਲਕ, ਥਾਲੀ ਜ਼ੋਰ ਜ਼ੋਰ ਦੀ ਵੱਜਣ ਲਗ ਪਈ । ਜਗਤੂ ਆਪਣੀਆਂ ਜਟਾਂ ਭੁਆ ਭੁਆ ਕੇ ਕਹਿ ਰਿਹਾ ਸੀ "ਜੈ ...ਸੱਚੀ ਸੱਤਿਆ ਵਾਲਿਆ ... ਆਪਣੇ ਚੇਲੇ ਦੇ ਬੋਲ ਸੱਚੇ ਕਰਨ ਵਾਲਿਆ ... ... ਤੇਰੀ ਜੈ ...ਜੈ ਜੈ ਸੁਰਗਲ ਦੇਵਤਾ ...... ਤੇਰੀ ਸ਼ਰਨ ... ।
ਗਰਮੀਆਂ 'ਚ ਕਾਸਤੂ ਆਪਣੇ ਬੱਚੇ ਦੀ ਮੜੀ ਉੱਤੇ ਬਰੈਂਕੜ ਦੇ ਪੱਤਰ ਵਿਛਾ ਆਉਂਦੀ ਤਾਂ ਕਿ ਦੁਪਿਹਰੀ ਉਸ ਦੇ ਬੱਚੇ ਨੂੰ ਧੁੱਪ ਨਾ ਲਗੇ । ਇਕ ਦਿਨ ਸਵੇਰੇ ਉਹ ਪੱਤਰ ਚੁਣ ਰਹੀ ਸੀ ਕਿ ਅਚਾਨਕ ਬਰੈਂਕੜ ਦੀ ਝਾੜੀ ਵਿਚੋਂ "ਕਿਰ .. ਕਿਰ" ਕਰਦਾ ਇਕ ਕਾਲੇ ਤਿੱਤਰ ਦਾ ਬੱਚਾ ਨਿਕਲ ਆਇਆ । ਮਾਂ ਤੋਂ ਵਿਛੜਿਆ ਉਹ "ਚਰੈਂ ...ਚਰੈਂ..." ਕਰ ਰਿਹਾ ਸੀ। ਕਾਸਤੂ ਨੇ ਉਸ ਨੂੰ ਗੋਦ ਵਿਚ ਪਾ ਲਿਆ, ਜਿਵੇਂ ਉਸ ਦੇ ਕੋਡੂ ਨੇ ਤਿੱਤਰ ਦਾ ਰੂਪ ਧਾਰਨ ਕਰ ਲਿਆ ਹੋਏ।
ਕਾਸਤੂ ਆਪਣੇ ਬੱਚੇ ਨੂੰ ਕੋਡੂ ਆਖਦੀ ਸੀ । ਤਿੱਤਰ ਦੇ ਬੱਚੇ ਨੂੰ ਵੀ ਉਹ ਕੋਡੂ ਹੀ ਆਖਣ ਲਗ ਪਈ। ਕੰਗਣਾ ਜਿਹੜੀ ਇਕ ਘੁੰਗਰੀ ਬਚੀ ਸੀ, ਉਸ ਦੇ ਤਿੱਤਰ ਦੇ ਗਲ ਪੁਆ ਦਿਤੀ ।
ਪਹਿਲੋਂ ਪਹਿਲ ਜਗਤੂ ਨੇ ਹੀ ਕੁਫਰ ਤੋਲਿਆ ਸੀ ਕਿ ਕਾਸਤੂ ਨੇ ਪੇਂਡੂ ਤਿੱਤਰ ਵਿਚ ਕਾਸੂ ਦੀ ਆਤਮਾ ਕੈਦ ਕੀਤੀ ਹੋਈ ਏ । ਕਾਸਤੂ ਆਖਦੀ "ਬੇੜਾ ਗਰਕ ਹੋਏ ਇਸ ਬਰਵਾਲੇ ਦਾ ...ਕੋਡੂ ਤਾਂ ਮੇਰਾ ਬੱਚਾ ਹੈ ... ... ਮੇਰਾ ਪੁੱਤਰ ਜਿਹੜਾ ਅੱਜ ਵੀ ਨਾਲੇ ਦੇ ਪਾਰ ਚੁਪ ਚਾਪ ਲੇਟਿਆ ਹੋਇਆ ਏ ।"
ਕਤਕ ਮਹੀਨੇ ਦਾ ਸੁੰਨਾ ਸੁੰਨਾ ਅੰਬਰ ਜਿਵੇਂ ਲਹੂ-ਲੁਹਾਣ ਹੋ ਗਿਆ ਹੋਏ। ਕਾਸਤੂ ਗੋਡਿਆਂ ਉੱਤੇ ਹੱਥ ਰੱਖ ਕੇ ਉੱਠੀ । ਕੋਡੂ ਹਾਲੀ ਆਪਣੇ ਖੰਬਾਂ ਨੂੰ ਖੁਰਕੀ ਜਾ ਰਿਹਾ ਸੀ। ਕਾਸਤੂ ਉਸ ਦੇ ਕੋਲ ਜਾ ਖਲੋਤੀ । ਬੋਲੀ “ਆ ਕੌਡੂ ਪੁੱਤਰਾ ਘਰ ਚਲੀਏ, ਕਾਸਤੂ ਨੇ ਇਕ ਹੱਥ ਉਸ ਵਲ ਵਧਾਇਆ। ਪਤਾ ਨਹੀਂ ਕੀ ਹੋਇਆ ? ਕੋਡੂ ਕੁਝ ਝਭਕਿਆ, ਮੁੰਡੀ ਕੁਝ ਨੀਵੀਂ ਕੀਤੀ ਤੇ ਫੇਰ ਫੁਰ ਕਰ ਕੇ ਉੱਡ ਗਿਆ । ਕਾਸਤੂ ਨੂੰ ਲਗਿਆ ਜਿਵੇਂ ਉਸ ਦੀ ਜਿੰਦ ਵਿਚੋਂ ਪ੍ਰਾਣ ਉੱਡ ਗਏ ਹੋਣ "ਕੋਡੂ ...ਕੋ...ਡੂ..." ਡਿਗਦੀ ਢਹਿੰਦੀ ਉਹ ਉਸੀ ਪਾਸੇ ਦੌੜੀ ਜਿਧਰ ਕੋਡੂ ਉਡਿਆ ਸੀ। "ਡੰਗੇ ਵਾਲੀ ਥੋਹੜੀ" ਤੀਕ ਉਹ ਉੱਡਦਾ ਲਭਾ ਸੀ। ਉਸ ਤੋਂ ਬਾਦ ਕਾਸਤੂ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਤੇ ਉਹ ਦੋਵੇਂ ਹੱਥਾਂ ਨਾਲ ਮੂੰਹ ਢੱਕ ਕੇ ਬਚਿਆਂ ਵਾਂਗ ਰੋਣ ਲਗ ਪਈ ।
'ਫਲੈ' ਦੇ ਬਾਹਰ ਉਜਾੜ ਵਿਚ ਕਾਸਤੂ ਕਿੰਨਾਂ ਚਿਰ ਕੋਡੂ ...ਕੋਡੂ" ਕਰਕੇ ਕੁਰਲਾਂਦੀ ਰਹੀ । ਪਰ ਜਾਣ ਵਾਲਾ ਬੇਈਮਾਨ ਨਾ ਪਰਤਿਆ ।
ਕਾਸਤੂ ਦੀ ਗੁਫਾ ਜਿਵੇਂ ਅਜ ਇਕ ਦਿਹਰੀ ਹੋਏ । ਕੋਡੂ ਦਾ ਸਖਣਾ ਪਿੰਜਰਾ ... ਜਿਵੇਂ ਕਾਸਤੂ ਦੀ ਆਪਣੀ ਲੋਥ ਹੋਏ। ਦੁਖਾਂ, ਮੁਸੀਬਤਾਂ ਤੇ ਜ਼ੁਲਮਾਂ ਦੇ ਮੋਹਲਿਆਂ ਨਾਲ ਫੰਡੀ ਹੋਈ, ਤਾਹਨੇ ਮਿਹਣਿਆਂ ਨਾਲ ਤਰੁੰਭੀ ਹੋਈ, ਆਪਣੀ ਜਿੰਦ ਉਤੇ ਉਸ ਨੇ ਕੋਡੂ ਤਿੱਤਰ ਦੇ ਆਸਰੇ ਤੰਦ ਤੰਦ ਕਤ ਕੇ ਜਿਹੜੀਆਂ ਬੁਣਤਾਂ ਬੁਣੀਆਂ ਸਨ ... ਕੋਡੂ ਜਿਵੇਂ ਸਭ ਨੂੰ ਆਪਣੇ ਨਾਲ ਹੀ ਲੈ ਗਿਆ। ਕਾਸਤੂ ਦੀਆਂ ਸਾਰੀਆਂ ਪੀੜਾਂ ਅੱਜ ਫੇਰ ਜਾਗ ਪਈਆਂ ਸਨ।
“ਕੋਡੂ ਬੱਚਿਆ, ਫਲੈ ਵਾਲੇ ਸੱਚ ਹੀ ਆਖਦੇ ਨੇ, ਮੈਂ ਸੱਚੀ ਮੁਚੀ ਪੱਕੀ ਡੈਣ ਆਂ। ਜਗਤੂ ਬਰਵਾਲੇ ਨੇ ਤਾਂ ਸਿਰਫ਼ ਆਖਿਆ ਹੀ ਸੀ ... ਪਰ ਤੁਸਾਂ ਵਾਰੀ ਵਾਰੀ ਜਾਣ ਵਾਲਿਆਂ ਉਸ ਨੂੰ ਪਰਤੱਖ ਕਰ ਦਿਤਾ" ਕਾਸਤੂ ਕੁਝ ਭਿਆਨਕ ਜਿਹਾ ਵਿਅੰਗਮਈ ਹਾਸਾ ਹੱਸੀ...।
ਬਾਹਰ ਤੇਜ਼ ਹਵਾ ਚੱਲਣ ਲਗੀ ਕਾਸਤੂ ਨੂੰ ਕੋਡੂ ਦੇ ਗੱਲ ਪਿਆ ਧਾਗਾ ਯਾਦ ਆ ਗਿਆ । ਉਸ ਸੋਚਿਆ ਕਿਧਰੇ ਉਹ ਧਾਗਾ ਕਿਸੇ ਰੁੱਖ ਦੀ ਟਾਹਣੀ ਵਿਚ ਨਾ ਫਸ ਜਾਏ ਤੇ ਫਿਰ ਉਸ ਦੀਆਂ ਅੱਖਾਂ ਅੱਗੇ ਰੁੱਖ ਨਾਲ ਟੰਗਿਆ ਕੋਡੂ ਫਿਰ ਜਾਂਦਾ। ਉਸ ਦਾ ਅੰਗ ਅੰਗ ਕੰਬ ਉੱਠਦਾ । ਉਹ ਝਟਪਟ ਜਾ ਕੇ ਕੁਰਲਾਉਣ ਲਗ ਪੈਂਦੀ'' ਕੋਡੂ ...ਕੋਡੂ ਉਸ ਦੀ ਕੰਬਦੀ ਅਵਾਜ਼ ਹਨੇਰੀ ਝਖੜ ਵਿਚ ਹੀ ਗੁੰਮ ਹੋ ਜਾਂਦੀ।
ਇਕ ਅਣਬੁੱਝੀ ਪੀੜ ਨਾਲ ਉਸ ਦਾ ਅੰਗ ਅੰਗ ਟੁੱਟਣ ਲਗ ਪਿਆ । ਉਸ ਨੂੰ ਲੱਗਿਆ ਜਿਵੇਂ ਅਜ ਦੀ ਰਾਤ ਉਸ ਦੀ ਆਖ਼ਰੀ ਰਾਤ ਹੋਏ ... ਉਮਰ ਦੇ ਪੈਂਡੇ ਦਾ ਆਖ਼ਰੀ ਮੋੜ । ਉਹ ਅੰਦਰ ਆ ਕੇ ਜ਼ਮੀਨ ਉੱਤੇ ਹੀ ਲੇਟ ਗਈ । ਅੱਖੀਆਂ ਵਿਚ ਡੱਕਿਆ ਹੜ੍ਹ ਅੱਜ ਫੇਰ ਵਗ ਟੁਰਿਆ। ਉਹ ਸੋਚਦੀ ... ਹਾਏ ! ਮੈਂ ਕੀ ਕੀ ਸੋਚਿਆ ਸੀ। ਮਹੀਨਾ ਹੋਇਆ ਉਸ ਨੂੰ ਕਿਸੇ ਦਸ ਪਾਈ ਸੀ ਕਿ 'ਘੋਰੜੀ' ਪਿੰਡ ਵਿਚ ਕਿਸੇ ਨੇ ਤਿੱਤਰ ਤਿੱਤਰੀਆਂ ਪਾਲੇ ਹੋਏ ਹਨ । ਉਸ ਨੇ ਕੋਡੂ ਲਈ ਇਕ ਤਿੱਤਰੀ ਦਾ ਇੰਤਜ਼ਾਮ ਕੀਤਾ ਸੀ। ਉਸ ਸੋਚਿਆ ਸੀ ਹੁਣ ਕੋਡੂ ਲਈ ਇਕ ਵੱਡੇ ਪਿੰਜਰੇ ਦੀ ਲੋੜ ਏ ... ਸੁੱਖ ਨਾਲ ਉਸ ਨੇ ਟਬਰਦਾਰ ਹੋਣੈ ਤੇ ਕਾਸਤੂ ਇਨ੍ਹਾਂ ਸੋਚਾਂ ਵਿਚ ਇੰਝ ਡੁੱਬ ਜਾਂਦੀ ਜਿਵੇਂ ਉਹ ਸੱਚੀ ਮੁੱਚੀ ਸੱਸ ਤੇ ਦਾਦੀ ਬਣਨ ਵਾਲੀ ਹੋਏ।
ਉਸ ਹੌਲੀ ਜਿਹੀ ਪਾਸਾ ਪਰਤਿਆ । ਉਸ ਦੀ ਦੇਹ ਨਿਢਾਲ ਤੇ ਬੇਸੁਰਤ ਹੁੰਦੀ ਜਾ ਰਹੀ ਸੀ ਸਾਹ ਹੌਲੀ ਹੌਲੀ ਆ ਰਿਹਾ ਸੀ। ਉਸ ਨੂੰ ਲਗਿਆ ਜਿਵੇਂ ਉਸ ਨੂੰ ਅਧਰੰਗ ਹੋ ਗਿਆ ਹੋਏ । ਹਿਲਣ ਜੁਲਣ ਦੀ ਤਾਕਤ ਖ਼ਤਮ ਹੁੰਦੀ ਜਾ ਰਹੀ ਏ। ਉਹ ਲਾਚਾਰ ਨਜ਼ਰਾਂ ਨਾਲ ਖਾਲੀ ਪਿੰਜਰੇ ਨੂੰ ਦੇਖੀ ਜਾ ਰਹੀ ਸੀ। ਫੇਰ ਉਸ ਦੇ ਮੂੰਹੋਂ ਇਕ ਲੰਮੀ ਜਿਹੀ ਚੀਕ ਨਿਕਲ ਗਈ, ਜਿਵੇਂ ਕੋਈ ਡੂੰਘੇ ਨਾਲੇ ਵਿਚ ਡਿੱਗ ਪਿਆ ਹੋਏ। ਉਸ ਦਾ ਬੇਸੁਰਤ ਸਰੀਰ ਥੋੜਾ ਹਿਲਿਆ ਤੇ ਫਰਿ ਇਕ ਅਣਸਹੀ ਪੀੜ ਨਾਲ ਇਕ ਪਾਸੇ ਲੁੜਕ ਗਿਆ ।
ਇਸੇ ਹਾਲਤ ਵਿਚ ਪਏ ਪਏ, ਰਾਤ ਦਾ ਆਖ਼ਰੀ ਪਹਿਰ ਵੀ ਗੁਜ਼ਰ ਗਿਆ।
ਕਾਸਤੂ ਦੇ ਕੰਨਾਂ ਵਿਚ ਇਕ ਜਾਣੀ ਪਛਾਣੀ ਅਵਾਜ਼ ਪਈ । ਉਹ ਜਿਵੇਂ ਬੇਸੁਰਤੀ ਦੀ ਗੂੜ੍ਹੀ ਸਮਾਧੀ ਵਿਚੋਂ ਵਾਪਸ ਆਈ ਹੋਏ । ਸਵੇਰ ਦੀ ਨਿੰਮ੍ਹੀ ਨਿੰਮ੍ਹੀ ਲੋਅ ਅੰਦਰ ਆ ਗਈ ਸੀ । ਕਾਸਤੂ ਨੂੰ ਲਗਿਆ ਜਿਵੇਂ ਉਸ ਨੂੰ ਕੋਈ ਬੁਲਾ ਰਿਹੈ । ਇਕ ਨਵੇਂ ਉਦਮ ਨੇ ਉਸ ਦੀ ਸਾਰੀ ਜਿੰਦ ਨੂੰ ਝੰਝੋੜ ਦਿਤਾ । ਉਹ ਉੱਠ ਕੇ ਬਾਹਰ ਆਈ । ਸਾਹਮਣੇ ਬੰਨੀ ਉੱਤੇ ਕੋਡੂ ਬੈਠਾ ਬੋਲ ਰਿਹਾ ਸੀ । ਉਸ ਨੂੰ ਦੇਖ ਉਹ ਮੱਛਰ ਗਿਆ, ਗੱਲ ਪਈ ਘੁੰਗਰੀ ਛਣਕ ਪਈ । ਘੁੰਗਰੀ ਜਿੰਨੇ ਦੋ ਮੋਟੇ ਮੋਟੇ ਅੱਥਰੂ ਕਾਸਤੂ ਦੀਆਂ ਅੱਖਾਂ 'ਚੋਂ ਕਿਰ ਪਏ ... ''ਕੋ ... ਡੂ...ਪੁੱਤਰਾ......"
(ਅਨੁਵਾਦ : ਚੰਦਨ ਨੇਗੀ)