Narinder Khajuria ਨਰਿੰਦਰ ਖਜੂਰੀਆ
ਸ੍ਰੀ ਨਰਿੰਦਰ ਖਜੂਰੀਆ ਜੀ (1933-1970) ਨੇ ਡੋਗਰੀ ਸਾਹਿਤ ਨੂੰ ਨਵੀਆਂ ਲੀਹਾਂ ਉੱਤੇ ਚਲਾਇਆ । ੧੯੫੭-੫੮ ਈ.
ਵਿਚ ਉਨ੍ਹਾਂ ਲਿਖਣਾ ਸ਼ੁਰੂ ਕੀਤਾ ਤੇ ਅਖੀਰ ਤਕ ਸਾਹਿਤ ਸਿਰਜਣ ਵਿਚ ਲਗੇ ਰਹੇ । ਉਨ੍ਹਾਂ ਕਹਾਣੀਆਂ,
ਰੇਡੀਓ ਨਾਟਕ, ਇਕਾਂਗੀ ਬਾਲ ਸਾਹਿਤ, ਨਾਵਲ ਤੇ ਕਈ ਲੇਖ ਲਿਖੇ । ਇਨ੍ਹਾਂ ਦੀਆਂ ਬਹੁਤ ਸਾਰੀਆਂ
ਕਹਾਣੀਆਂ ਦਾ ਹੋਰਾਂ ਜ਼ਬਾਨਾਂ ਵਿਚ ਵੀ ਅਨੁਵਾਦ ਕੀਤਾ ਗਿਆ ਹੈ। ਡੋਗਰੀ ਦੀ ਪਹਿਲੀ ਫਿ਼ਲਮ
'ਗੱਲਾਂ ਹੋਈਆਂ ਬੀਤੀਆਂ' ਦੀ ਕਹਾਣੀ ਖਜੂਰੀਆ ਹੋਰਾਂ ਦੀ ਹੀ ਸੀ। ਉਨ੍ਹਾਂ ਕਈ ਕਿਤਾਬਾਂ ਸੰਪਾਦਨ ਵੀ
ਕੀਤੀਆਂ।
ਸ੍ਰੀ ਖਜੂਰੀਆ ਜੰਮੂ ਕਸ਼ਮੀਰ ਕਲਚਰਲ ਅਕੈਡਮੀ 'ਚ ਹਿੰਦੀ 'ਸ਼ੀਰਾਜ਼ਾ' ਦੇ ਸੰਪਾਦਕ ਸਨ । ਇਨ੍ਹਾਂ ਨੂੰ
ਰਿਆਸਤੀ ਅਕਾਦਮੀ ਵਲੋਂ ਚਾਰ ਇਨਾਮ ਮਿਲੇ ਤੇ ਪਹਿਲਾ ਪੰਜ ਹਜ਼ਾਰ ਰੁਪਏ ਦਾ ਅਕਾਦਮੀ
ਇਨਾਮ ਇਨ੍ਹਾਂ ਦੀ ਕਿਤਾਬ 'ਨੀਲਾ ਅੰਬਰ, ਕਾਲੇ ਬੱਦਲ' ਨੂੰ ਮਿਲਿਆ।
ਸ੍ਰੀ ਖਜੂਰੀਆ ਹੋਰਾਂ ਜੀ ਦੀਆਂ ਕਹਾਣੀਆਂ ਵਿਚ ਪਹਾੜਾਂ, ਪਿੰਡਾਂ, ਸ਼ਹਿਰਾਂ ਦੇ ਗ਼ਰੀਬ, ਦੁਖੀ ਲੋਕਾਂ ਦੇ
ਅਨੇਕ ਚਿੱਤਰ ਮਿਲਦੇ ਹਨ । ਕਹਾਣੀਆਂ ਦਾ ਵਾਤਾਵਰਣ ਸਭਾਵਕ, ਰੋਚਕ ਤੇ ਬੋਲੀ ਆਮ ਬੋਲੇ ਜਾਣ
ਵਾਲੀ ਤੇ ਮੁਹਾਵਰੇਦਾਰ ਹੈ। ਬਦ-ਕਿਸਮਤੀ ਇਹ ਹੈ ਕਿ ੨੮ ਅਪਰੈਲ ੧੯੭੦ ਈ. ਡੋਗਰੀ ਦੇ ਸਫ਼ਲ ਤੇ
ਪ੍ਰਸਿੱਧ ਸਾਹਿਤਕਾਰ ਸੁਰਗਵਾਸ ਹੋ ਗਏ।
ਇਨ੍ਹਾਂ ਦੀਆਂ ਛਪੀਆਂ ਹੋਈਆਂ ਕਿਤਾਬਾਂ :-
੧) ਕੋਲੇ ਦੀਆਂ ਲੀਕਰਾਂ (ਕਹਾਣੀਆਂ),
੨) ਸ਼ਾਨੋ (ਨਾਵਲ),
੩) ਅਸ ਭਾਗ ਜਗਾਨੇ ਆਲੇ ਆਂ (ਬਾਲ ਇਕਾਂਗੀ ਸੰਗ੍ਰਹਿ),
੪) ਰੋਚਕ ਕਹਾਣੀਆਂ (ਕਹਾਣੀਆਂ),
੫) ਨੀਲਾ ਅੰਬਰ-ਕਾਲੇ ਬੱਦਲ (ਬਾਲ ਕਹਾਣੀਆਂ),
੬) ਰਾਸਤੇ ਪਰ (ਹਿੰਦੀ ਕਹਾਣੀਆਂ),
੭) ਰਾਸਤਾ, ਕਾਂਟੇ ਔਰ ਹਾਥ (ਹਿੰਦੀ ਨਾਟਕ ਸੰਗ੍ਰਹਿ) ।
