Punjabi Stories/Kahanian
ਗੁਰਬਚਨ ਸਿੰਘ ਭੁੱਲਰ
Gurbachan Singh Bhullar
Punjabi Kavita
  

Kasturi Wala Mirg Gurbachan Singh Bhullar

ਕਸਤੂਰੀ ਵਾਲਾ ਮਿਰਗ ਗੁਰਬਚਨ ਸਿੰਘ ਭੁੱਲਰ

ਮੇਰਾ ਕੋਈ ਮਹਿਮਾਨ ਆਇਆ ਹੈ।
"ਸ਼ਸ਼ੀ, ਜ਼ਰਾ ਨਾਂ ਤਾ ਪੁੱਛ ਕੇ ਦੱਸ", ਮੈਂ ਰਿਸੈਪਸ਼ਨਿਸਟ ਕੁੜੀ ਨੂੰ ਆਖਦਾ ਹਾਂ।
ਕੁਝ ਸਕਿੰਟ ਮਹਿਮਾਨ ਨਾਲ ਗੱਲ ਕਰ ਕੇ ਸ਼ਸ਼ੀ ਦਸਦੀ ਹੈ, "ਸਰਦਾਰ ਉਤਮ ਸਿੰਘ ਸੰਧੂ।"
"ਅੱਛਾ, ਉਨ੍ਹਾਂ ਨੂੰ ਕਹਿ, ਬੈਠਣ, ਮੈਂ ਪੰਜ ਮਿੰਟ ਵਿਚ ਆਇਆ", ਮੈਂ ਉਹਨੂੰ ਜਵਾਬ ਦਿੰਦਾ ਹਾਂ। ਅਜੇ ਕੱਲ੍ਹ ਹੀ ਤਾਂ ਉਨ੍ਹਾਂ ਨੂੰ ਵਿਦਾ ਕੀਤਾ ਹੈ ਅਤੇ ਅੱਜ ਉਹ ਫੇਰ ਆ ਗਏ ਹਨ। ਪਤਾ ਨਹੀਂ, ਹੁਣ ਉਹ ਕੀ ਕਹਿਣ ਆਏ ਹਨ।
ਸਰਦਾਰ ਉਤਮ ਸਿੰਘ ਸੰਧੂ ਨੇ ਕੁਝ ਸਾਲ ਪਹਿਲਾਂ ਪਿੰਡ ਵਾਲੀ ਜ਼ਮੀਨ ਦਾ ਇਕ ਹਿੱਸਾ ਵੇਚ ਕੇ ਯੂæਪੀ. ਵਿਚ ਸਸਤੀ ਜ਼ਮੀਨ ਲੈ ਲਈ ਸੀ, ਕੌਡੀਆਂ ਦੇ ਭਾਅ। ਹੌਲੀ-ਹੌਲੀ ਉਹ ਜ਼ਮੀਨ ਚੰਗੀ ਫਸਲ ਦੇਣ ਲੱਗੀ ਅਤੇ ਉਹ ਸਾਰਾ ਇਲਾਕਾ ਆਬਾਦ ਹੋਣ ਲੱਗ ਪਿਆ। ਸਰਦਾਰ ਉਤਮ ਸਿੰਘ ਸੰਧੂ ਪਿੰਡ ਵਾਲੀ ਜ਼ਮੀਨ ਵੇਚਦੇ ਰਹੇ ਅਤੇ ਯੂæਪੀ. ਵਿਚ ਜ਼ਮੀਨ ਖਰੀਦਦੇ ਰਹੇ। ਫੇਰ ਪਿੰਡ ਵਿਚ ਉਨ੍ਹਾਂ ਦਾ ਜੱਦੀ ਮਕਾਨ ਅਤੇ ਮਸਾਂ ਏਨੀਂ ਕੁ ਜ਼ਮੀਨ ਹੀ ਰਹਿ ਗਈ ਕਿ ਪੁਰਖਿਆਂ ਦੇ ਪਿੰਡ ਨਾਲ ਉਨ੍ਹਾਂ ਬੱਸ ਨਾਤਾ ਜੁੜਿਆ ਰਹੇ।
ਹੁਣ ਉਨ੍ਹਾਂ ਦੀ ਨਵੀਂ ਜ਼ਮੀਨ, ਯੂæਪੀ. ਵਾਲੀ ਜ਼ਮੀਨ ਦਾ ਕੋਈ ਝਗੜਾ ਖੜ੍ਹਾ ਹੋ ਗਿਆ ਹੈ ਅਤੇ ਉਹ ਸਮਝਦੇ ਹਨ ਕਿ ਮੈਂ ਉਨ੍ਹਾਂ ਲਈ ਸਹਾਈ ਹੋ ਸਕਦਾ ਹਾਂ। ਝਗੜਾ ਵੀ ਉਨ੍ਹਾਂ ਦਾ ਕਿਸੇ ਹੋਰ ਨਾਲ ਨਹੀਂ, ਆਪਣੇ ਹੀ ਪਰਿਵਾਰ ਨਾਲ, ਆਪਣੇ ਹੀ ਪੁੱਤਰਾਂ ਨਾਲ ਹੈ, ਜੋ ਉਨ੍ਹਾਂ ਦੇ ਕਹਿਣ ਅਨੁਸਾਰ 'ਹਰਾਮਜ਼ਾਦੇ ਗੁੰਡੇ' ਹਨ।
ਮੈਨੂੰ ਇਹ ਵੀ ਪਤਾ ਨਹੀਂ ਕਿ ਉਨ੍ਹਾਂ ਦੇ ਕਿੰਨੇ ਪੁੱਤਰ ਹਨ, ਕਿਸ ਉਮਰ ਦੇ ਹਨ, ਕੀ ਕੁਝ ਕਰਦੇ ਹਨ ਅਤੇ ਕਿਹੋ ਜਿਹੇ ਹਨ। ਉਹ ਸੱਚ-ਮੁੱਚ 'ਹਰਾਮਜ਼ਾਦੇ ਗੁੰਡੇ' ਹਨ ਜਾਂ ਇਨ੍ਹਾਂ ਦੀਆਂ ਨਜ਼ਰਾਂ ਵਿਚ ਹੀ ਅਜਿਹੇ ਹਨ। ਭਲਾ ਅਜਿਹੀ ਸੂਰਤ ਵਿਚ ਮੈਂ ਉਨ੍ਹਾਂ ਦੀ ਕੀ ਮਦਦ ਕਰ ਸਕਦਾ ਹਾਂ? ਅਸਲ ਗੱਲ ਤਾਂ ਇਹ ਹੈ ਕਿ ਜੇ ਮੈਨੂੰ ਸਭ ਕੁਝ ਪਤਾ ਵੀ ਹੋਵੇ, ਤਾਂ ਵੀ ਮੈਂ ਕੀ ਮਦਦ ਕਰ ਸਕਦਾ ਹਾਂ!
ਪਰ ਸਰਦਾਰ ਉਤਮ ਸਿੰਘ ਸੰਧੂ ਦਾ ਖਿਆਲ ਹੈ ਕਿ ਮੈਂ ਅਜਿਹਾ ਆਦਮੀ ਹਾਂ ਜੋ ਗੱਲ ਨੂੰ ਜ਼ਰੂਰ ਹੀ ਕਿਸੇ ਸਿਰੇ ਲਾ ਸਕਦਾ ਹਾਂ!
ਮੇਰੇ ਦਿੱਲੀ ਆਉਣ ਤੋਂ ਪਿੱਛੋਂ ਦੇ ਸਾਲਾਂ ਵਿਚ ਮੇਰਾ ਆਪਣੇ ਪਿੰਡ ਆਉਣਾ-ਜਾਣਾ ਬੜਾ ਹੀ ਘਟ ਗਿਆ ਹੈ-ਬੱਸ ਕਿਸੇ ਵਿਆਹ-ਸ਼ਾਦੀ ਜਾਂ ਕਿਸੇ ਮਰਨੇ-ਪਰਨੇ। ਦਿੱਲੀ ਆਉਣ ਤੋਂ ਪਹਿਲਾਂ ਵੀ ਕਿੰਨੇ ਹੀ ਸਾਲਾਂ ਤੋਂ ਮੇਰਾ ਪਿੰਡ ਨਾਲ ਬਹੁਤਾ ਸੰਘਣਾ ਸਬੰਧ ਨਹੀਂ ਸੀ ਰਿਹਾ। ਮੈਂ ਬਹੁਤਾ ਸਮਾਂ ਪਿੰਡੋਂ ਬਾਹਰ ਹੀ ਰਿਹਾ ਸੀ-ਪਹਿਲਾਂ ਪੜ੍ਹਾਈ ਕਾਰਨ ਤੇ ਫਿਰ ਨੌਕਰੀ ਕਾਰਨ। ਪਿੰਡ ਵੀ ਸਾਡਾ ਬੜਾ ਵੱਡਾ ਹੈ, ਬਾਈ ਨੰਬਰਦਾਰੀਆਂ ਹਨ ਸਾਡੇ ਪਿੰਡ ਦੀਆਂ। ਏਨੇ ਵੱਡੇ ਪਿੰਡ ਦੀ ਹਾਲਤ ਤਾਂ ਸ਼ਹਿਰ ਵਾਲੀ ਹੋ ਜਾਂਦੀ ਹੈ। ਬਿਨਾਂ ਲੋੜ ਤੋਂ ਕੌਣ ਕੀਹਨੂੰ ਜਾਣਦਾ ਹੈ? ਬੱਸ ਆਪਣੀ ਪੱਤੀ ਦੇ ਲੋਕਾਂ ਨਾਲ ਹੀ ਵਾਹ ਰਹਿੰਦਾ ਹੈ। ਵਿਆਹ-ਸਾਹੇ ਵਿਚ ਸ਼ਾਮਲ ਹੋਣਾ ਹੈ ਤਾਂ ਪੱਤੀ ਵਾਲਿਆਂ ਨੇ, ਦੁਖਦੇ-ਸੁਖਦੇ ਬਹੁੜਨਾ ਹੈ ਤਾਂ ਪੱਤੀ ਵਾਲਿਆਂ ਨੇ। ਦੂਜੀਆਂ ਪੱਤੀਆਂ ਦੇ ਲੋਕ ਤਾਂ ਦੂਜੇ ਪਿੰਡਾਂ ਵਰਗੇ ਹੋ ਜਾਂਦੇ ਹਨ। ਤੇ ਸਰਦਾਰ ਉਤਮ ਸਿੰਘ ਸੰਧੂ ਦਾ ਘਰ ਤਾਂ ਸਾਥੋਂ ਬਿਲਕੁਲ ਦੂਜੇ ਪਾਸੇ ਹੈ। ਅਸੀਂ ਸੇਖੋਆਂ ਦੀ ਪੱਤੀ ਵਿਚੋਂ ਹਾਂ ਅਤੇ ਉਹ ਸੰਧੂਆਂ ਦੀ ਪੱਤੀ ਵਿਚੋਂ।
ਸਰਦਾਰ ਉਤਮ ਸਿੰਘ ਸੰਧੂ ਨਾਲ ਮੇਰਾ ਪਹਿਲਾ ਨਿੱਜੀ ਵਾਹ ਉਸ ਸਮੇਂ ਪਿਆ, ਜਦੋਂ ਮੈਂ ਐਮਏ. ਪਾਸ ਕੀਤੀ। ਏਡੇ ਵੱਡੇ ਪਿੰਡ ਵਿਚ ਮੈਂ ਐਮਏ. ਪਾਸ ਕਰਨ ਵਾਲਾ ਪਹਿਲਾ ਨੌਜਵਾਨ ਸੀ। ਪਹਿਲੀ ਤੋਂ ਹੀ ਸ਼ੁਰੂ ਕਰ ਕੇ ਹਰ ਜਮਾਤ ਵਿਚੋਂ ਮੁੰਡੇ ਵੱਡੀ ਗਿਣਤੀ ਵਿਚ ਝੜਦੇ ਜਾਂਦੇ ਸਨ। ਤੇ ਆਖਰ ਪਿੰਡ ਦੇ ਮਿਡਲ ਸਕੂਲ ਵਿਚੋਂ ਮੁਸ਼ਕਲ ਨਾਲ ਵੀਹ-ਪੱਚੀ ਮੁੰਡੇ ਹੀ ਪਾਸ ਹੋ ਕੇ ਨਿੱਕਲਦੇ ਸਨ। ਉਨ੍ਹਾਂ ਵਿਚੋਂ ਅੱਧ-ਪਚੱਧ ਹੀ ਸ਼ਹਿਰ ਦੇ ਹਾਈ ਸਕੂਲ ਵਿਚ ਪੁਜਦੇ ਅਤੇ ਫੇਰ ਮੈਟ੍ਰਿਕ ਵਿਚੋਂ ਪਾਸ-ਫੇਲ੍ਹ ਹੋ ਕੇ ਮੁੰਡੇ ਜ਼ਿੰਦਗੀ ਦੇ ਵੱਖ-ਵੱਖ ਰਾਹਾਂ ਉਤੇ ਪੈ ਜਾਂਦੇ-ਕੋਈ ਖੇਤੀ ਵਿਚ, ਕੋਈ ਪਟਵਾਰੀ, ਕੋਈ ਅਧਿਆਪਕ ਅਤੇ ਕੋਈ ਫੌਜ ਵਿਚ। ਕੋਈ ਟਾਂਵਾਂ-ਟਾਂਵਾਂ ਕਾਲਜ ਵਿਚ ਵੀ ਚਲਿਆ ਜਾਂਦਾ। ਪਰ ਐਮਏ. ਕਰਨ ਵਾਲਾ ਮੈਂ ਪਹਿਲਾ ਮੁੰਡਾ ਸੀ।
ਐਮਏ. ਪਾਸ ਕਰਨ ਦਾ ਚਾਅ ਅਤੇ ਮਾਣ ਤਾਂ ਮੈਨੂੰ ਵੀ ਬੜਾ ਸੀ, ਪਰ ਓਨਾ ਨਹੀਂ ਜਿੰਨਾ ਸਰਦਾਰ ਉਤਮ ਸਿੰਘ ਸੰਧੂ ਨਾਲ ਮਿਲਣ ਪਿੱਛੋਂ ਮੈਂ ਮਹਿਸੂਸ ਕੀਤਾ। ਪਹਿਲੇ ਮੁੰਡੇ ਦਾ ਐਮਏ. ਪਾਸ ਕਰਨਾ ਪਿੰਡ ਵਿਚ ਇਕ ਖਬਰ ਜਿਹੀ ਬਣ ਗਿਆ ਅਤੇ ਅਗਲੇ ਦਿਨ ਸਰਦਾਰ ਉਤਮ ਸਿੰਘ ਸੰਧੂ ਮੈਨੂੰ ਮਿਲਣ ਲਈ ਸਾਡੇ ਘਰ ਆਏ। ਘੁੱਟਵਾਂ ਚੂੜੀਦਾਰ ਚਿੱਟਾ ਪਜਾਮਾ ਅਤੇ ਚਿੱਟੇ ਕਮੀਜ਼ ਉਤੋਂ ਦੀ ਟਸਰ ਦਾ ਲੰਮਾ ਕੋਟ। ਦਾੜ੍ਹੀ ਦੋ ਹਿੱਸਿਆਂ ਵਿਚ ਵੰਡ ਕੇ ਦੋਵੇਂ ਜਭਾੜਿਆਂ ਹੇਠ ਦੋ ਗੁੱਟੀਆਂ ਵਿਚ ਬੰਨ੍ਹੀ ਹੋਈ ਅਤੇ ਸਿਰ ਉਤੇ ਪੀਲੀ ਖਾਲਸਈ ਪੱਗ। ਹੱਥ ਵਿਚ ਖੂੰਡੀ। ਉਹ ਮੈਨੂੰ ਵਧਾਈ ਦੇਣ ਆਏ ਸਨ। ਉਨ੍ਹਾਂ ਦੇ ਕਹਿਣ ਮਤਾਬਿਕ ਮੈਂ ਪਿੰਡ ਦਾ ਨਾਂ ਬੁਲੰਦ ਕੀਤਾ ਸੀ ਅਤੇ ਤਾਲੀਮ ਦੇ ਮੈਦਾਨ ਵਿਚ ਕਾਰਨਾਮਾ ਕਰ ਦਿਖਾਇਆ ਸੀ। ਉਨ੍ਹਾਂ ਦੀ ਗੱਲ ਨਾਲ ਮੈਨੂੰ ਵੀ ਜਿਵੇਂ ਚੇਤਾ ਜਿਹਾ ਆਇਆ ਕਿ ਮੇਰੇ ਲਈ ਪਿੰਡ ਵਿਚੋਂ ਪਹਿਲਾ ਐਮਏ. ਪਾਸ ਹੋਣਾ ਬੜੇ ਮਾਣ ਵਾਲੀ ਗੱਲ ਹੈ। ਸਰਦਾਰ ਉਤਮ ਸਿੰਘ ਸੰਧੂ ਆਪ ਪੁਰਾਣੇ ਪ੍ਰਾਇਮਰੀ ਪਾਸ ਸਨ।
ਤੌੜੀ ਦਾ ਤੱਤਾ-ਤੱਤਾ ਕੜ੍ਹਿਆ ਹੋਇਆ ਦੁੱਧ ਪੀਣ ਮਗਰੋਂ ਉਨ੍ਹਾਂ ਨੇ ਮੇਰੀ ਸਫਲਤਾ ਦਾ ਸ਼ਗਨ ਮਨਾਉਣ ਲਈ ਮੰਗ ਕੇ ਗੁੜ ਦੀ ਰੋੜੀ ਲਈ ਸੀ। ਤੇ ਉਹ ਕਿੰਨਾ ਹੀ ਚਿਰ ਮੇਰੀ ਵਡਿਆਈ, ਤਾਲੀਮ ਦੀ ਮਹਿਮਾ ਅਤੇ ਪਿੰਡ ਦੇ ਅਨਪੜ੍ਹ ਲੋਕਾਂ ਦੀ ਜਹਾਲਤ ਦਾ ਜ਼ਿਕਰ ਕਰਨ ਪਿੱਛੋਂ ਮੈਨੂੰ ਬੁਲੰਦ-ਇਕਬਾਲ ਅਤੇ ਹਰ-ਮੈਦਾਨ-ਫਤਹਿ ਦੀਆਂ ਅਸੀਸਾਂ ਦਿੰਦੇ ਹੋਏ ਵਿਦਾ ਹੋਏ ਸਨ।
ਮੈਂ ਵਿਹਲਾ ਫਿਰਨ ਨਾਲੋਂ ਸ਼ਹਿਰ ਦੇ ਆਰੀਆ ਸਕੂਲ ਵਿਚ ਮਿਲਿਆ ਕੰਮ ਲੈ ਕੇ ਫੇਰ ਪਿੰਡੋਂ ਬਾਹਰ ਚਲਿਆ ਗਿਆ ਸੀ। ਉਥੇ ਪੜ੍ਹਾਉਂਦਿਆਂ ਹੋਇਆ ਮੈਂ ਇਕ ਐਮਏ. ਹੋਰ ਕਰ ਲਈ। ਇਸ ਦੌਰਾਨ ਮੇਰਾ ਲਿਖਣ-ਲਿਖਾਉਣ ਦਾ ਸ਼ੌਕ ਤਿੱਖਾ ਹੋਇਆ। ਮੈਂ ਆਪਣੇ ਸ਼ਹਿਰ ਵਿਚ ਇਕ ਸਾਹਿਤ ਸਭਾ ਵੀ ਬਣਾਈ, ਜੀਹਦਾ ਮੈਂ ਆਪ ਹੀ ਸਕੱਤਰ ਬਣ ਗਿਆ। ਮੇਰੀਆਂ ਕਵਿਤਾਵਾਂ ਅਖਬਾਰਾਂ-ਰਸਾਲਿਆਂ ਵਿਚ ਛਪਦੀਆਂ ਰਹਿੰਦੀਆਂ ਸਨ। ਇਨ੍ਹਾਂ ਕਵਿਤਾਵਾਂ ਵਿਚ ਕੋਈ ਬਹੁਤੀ ਡੂੰਘਿਆਈ ਨਹੀਂ ਸੀ ਹੁੰਦੀ। ਮੇਰੇ ਅੰਦਰ ਕਵੀ ਬਣਨ ਦੀ ਉਮੰਗ ਸੀ। ਮੈਂ ਆਮ ਤੌਰ ਉਤੇ ਪ੍ਰਚੱਲਤ ਛੰਦਾਂ ਵਿਚ ਕਵਿਤਾ ਲਿਖਦਾ, ਜੋ ਕਈ ਵਾਰ ਤਾਂ ਕਿਸੇ ਅਖਬਾਰ ਦੀ ਦਿੱਤੀ ਜਾਂ ਸਾਹਿਤ ਸਭਾ ਵਿਚ ਮਿਥੀ ਗਈ 'ਸਮੱਸਿਆ' ਅਨੁਸਾਰ ਲਿਖੀ ਹੋਈ ਹੁੰਦੀ ਸੀ। ਅਜਿਹੀਆਂ ਕਵਿਤਾਵਾਂ ਪੰਜਾਬੀ ਅਖਬਾਰਾਂ ਦੇ ਐਤਵਾਰ ਦੇ ਅੰਕਾਂ ਵਿਚ ਛਪਦੀਆਂ ਸਨ ਅਤੇ ਇਸ ਤਰ੍ਹਾਂ ਇਹ ਪਿੰਡ ਦੇ ਲੋਕਾਂ ਤੱਕ ਪੁੱਜ ਜਾਂਦੀਆਂ ਸਨ। ਸਾਹਿਤ ਸਭਾ ਦੀਆਂ ਸਰਗਰਮੀਆਂ ਦੀਆਂ ਖਬਰਾਂ ਵੀ ਛਪਦੀਆਂ ਰਹਿੰਦਿਆਂ ਸਨ। ਉਨ੍ਹਾਂ ਵਿਚ ਵੀ ਮੇਰਾ ਨਾਂ ਹੁੰਦਾ ਸੀ। ਇਸ ਤਰ੍ਹਾਂ ਮੇਰੀਆਂ ਕਵਿਤਾਵਾਂ ਦਾ ਅਤੇ ਮੇਰੇ ਨਾਂ ਵਾਲੀਆਂ ਖਬਰਾਂ ਦਾ ਅਖਬਾਰਾਂ ਵਿਚ ਛਪਣਾ ਪੰਜਾਬੀ ਪੜ੍ਹੇ ਪੇਂਡੂ ਲੋਕਾਂ ਲਈ ਬੜੀ ਵੱਡੀ ਗੱਲ ਸੀ।
ਇਕ ਗੁਰਪੁਰਬ ਵਾਲੇ ਦਿਨ ਪਿੰਡ ਵਿਚ ਕੱਢੇ ਗਏ ਜਲੂਸ ਵਿਚ ਭਾਈ ਜੀ ਦੇ ਜ਼ੋਰ ਦੇਣ ਸਦਕਾ ਮੈਂ ਕਈ ਪੜਾਵਾਂ ਉਤੇ ਆਪਣੀਆਂ ਗੁਰੂ ਸਾਹਿਬ ਬਾਰੇ, ਸਿੱਖੀ ਬਾਰੇ ਤੇ ਹੋਰ ਅਜਿਹੀਆਂ ਕਵਿਤਾਵਾਂ ਸੁਣਾਈਆਂ ਅਤੇ ਗੁਰੂ ਜੀ ਦੇ ਜੀਵਨ ਬਾਰੇ ਆਪਣੇ 'ਮਨੋਹਰ ਵਿਚਾਰ' ਵੀ ਪ੍ਰਗਟਾਏ।
ਸਰਦਾਰ ਉਤਮ ਸਿੰਘ ਸੰਧੂ ਜਲੂਸ ਦੀ ਸਮਾਪਤੀ ਪਿੱਛੋਂ ਉਡ ਕੇ ਮਿਲੇ। ਉਨ੍ਹਾਂ ਨੇ ਮੈਨੂੰ ਥਾਪੀ ਦੇ ਕੇ ਸ਼ਾਬਾਸ਼ ਦਿੱਤੀ। ਉਹ ਅਖਬਾਰਾਂ ਵਿਚ ਮੇਰੀਆਂ ਕਵਿਤਾਵਾਂ ਪੜ੍ਹਦੇ ਰਹਿੰਦੇ ਸਨ। ਮੇਰਾ ਡਬਲ ਐਮਏ. ਬਣਨਾ ਸੁਣ ਕੇ ਉਨ੍ਹਾਂ ਦਾ ਪ੍ਰਤੀਕਰਮ ਸੀ ਕਿ ਇਹ ਸਿੱਖ ਕੌਮ ਦੀ ਬਦਕਿਸਮਤੀ ਹੈ ਕਿ ਮੇਰੇ ਜਿਹੇ ਕਾਬਿਲ ਨੌਜਵਾਨ ਨੂੰ, ਕੌਮ ਦੇ ਅਜਿਹੇ ਹੀਰੇ ਨੂੰ, ਡਬਲ ਐਮਏ., ਸ਼ਾਇਰ, ਵਿਦਵਾਨ ਅਤੇ ਭਾਸ਼ਨਕਾਰ ਨੂੰ ਮਾਸਟਰੀ ਕਰਨੀ ਪੈ ਰਹੀ ਸੀ, ਉਹ ਵੀ ਇਕ ਆਰੀਆ ਸਕੂਲ ਵਿਚ!
ਉਸ ਪਿੱਛੋਂ ਮੈਨੂੰ ਜਲੰਧਰ ਦੇ ਇਕ ਪੰਜਾਬੀ ਅਖਬਾਰ ਵਿਚ ਕੰਮ ਮਿਲ ਗਿਆ। ਇਹ ਕੰਮ ਮੇਰੇ ਲਈ ਅਗਲੀ ਤਰੱਕੀ ਵਾਸਤੇ ਪੌੜੀ ਦਾ ਇਕ ਡੰਡਾ ਸਿੱਧ ਹੋਇਆ। ਇਹਦੇ ਆਸਰੇ ਮੈਨੂੰ ਦਿੱਲੀ ਦੇ ਇਕ ਅੰਗਰੇਜ਼ੀ ਅਖਬਾਰ ਵਿਚ ਨੌਕਰੀ ਮਿਲ ਗਈ। ਇਸ ਸਾਰੇ ਸਮੇਂ ਦੌਰਾਨ ਮੇਰੀ ਸਰਦਾਰ ਉਤਮ ਸਿੰਘ ਸੰਧੂ ਨਾਲ ਕਦੀ ਮੁਲਾਕਾਤ ਨਾ ਹੋ ਸਕੀ।
ਫੇਰ ਅਚਾਨਕ ਮੇਰੇ ਰਿਹਾਇਸ਼ੀ ਪਤੇ ਉਤੇ ਉਨ੍ਹਾਂ ਦੀ ਚਿੱਠੀ ਆਈ। ਚਿੱਠੀ ਬਹੁਤ ਹੱਦ ਤੱਕ ਲਗ-ਕੰਨਿਆਂ ਤੋਂ ਮੁਕਤ ਪੰਜਾਬੀ ਵਿਚ ਲਿਖੀ ਹੋਈ ਸੀ। ਇਸ ਚਿੱਠੀ ਤੋਂ ਮੈਨੂੰ ਪਹਿਲੀ ਵਾਰ ਉਨ੍ਹਾਂ ਦੇ ਜ਼ਮੀਨ ਦੇ ਝਗੜੇ ਦਾ ਪਤਾ ਲੱਗਾ ਸੀ। ਔਖਾ ਹੋ-ਹੋ ਕੇ ਅਤੇ ਅਣ-ਸਮਝੇ ਸ਼ਬਦ ਅਣ-ਪੜ੍ਹੇ ਛੱਡ-ਛੱਡ ਕੇ ਪੜ੍ਹੀ ਲੰਮੀ ਚਿੱਠੀ ਵਿਚੋਂ ਮੈਂ ਮੋਟੀ-ਮੋਟੀ ਇਹ ਗੱਲ ਸਮਝ ਲਈ ਸੀ ਕਿ ਉਨ੍ਹਾਂ ਦੇ ਪੁੱਤਰਾਂ ਨੇ ਉਨ੍ਹਾਂ ਦਾ ਯੂਪੀ. ਵਾਲੇ ਘਰ-ਜ਼ਮੀਨ ਵਿਚ ਵੜਨਾ ਇਕ ਕਿਸਮ ਦਾ ਬੰਦ ਕਰ ਦਿੱਤਾ ਹੈ ਅਤੇ ਉਹ ਪਿੰਡ ਵਾਲੀ ਮਾਮੂਲੀ ਜ਼ਮੀਨ ਉਤੇ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਦੀ ਇੱਛਾ, ਕਿਸੇ ਹੱਦ ਤੱਕ ਮਾਇਕ ਤੰਗੀ ਕਰਕੇ ਅਤੇ ਬਹੁਤੀ ਹੱਦ ਤੱਕ ਜੱਟ ਵਾਲੀ ਟੈਂ ਕਰਕੇ, ਯੂਪੀ. ਵਾਲੀ ਜ਼ਮੀਨ ਫੇਰ ਆਪਣੇ ਹੱਥ ਵਿਚ ਲੈਣ ਦੀ ਹੈ। ਤੇ ਇਸ ਕੰਮ ਵਿਚ ਮਦਦ ਲੈਣ ਲਈ ਉਨ੍ਹਾਂ ਨੇ ਮੈਨੂੰ ਚੁਣਿਆ ਹੈ।
ਚਿੱਠੀ ਵਿਚ ਉਨ੍ਹਾਂ ਨੇ ਮਦਦ ਦੀ ਸ਼ਕਲ ਵੀ ਲਿਖੀ ਹੋਈ ਸੀ। ਜਿਹੜੀ ਤਾਰੀਖ ਮੈਨੂੰ ਠੀਕ ਲੱਗੇ, ਮੈਂ ਉਨ੍ਹਾਂ ਨੂੰ ਚਿੱਠੀ ਰਾਹੀਂ ਸੱਦ ਕੇ ਉਨ੍ਹਾਂ ਨਾਲ ਯੂਪੀ. ਜਾਣਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਡਿਪਟੀ ਕਮਿਸ਼ਨਰ ਨੇ ਮੇਰੇ ਆਖਿਆਂ ਸਭ ਮਾਮਲਾ ਸਿੱਧਾ ਕਰ ਦੇਣਾ ਹੈ। ਚਿੱਠੀ ਦੇ ਅੰਤ ਵਿਚ ਉਨ੍ਹਾਂ ਨੇ ਛੇਤੀ ਜਵਾਬ ਦੀ ਤਾਕੀਦ ਕੀਤੀ ਹੋਈ ਸੀ ਅਤੇ ਯਾਦ ਕਰਵਾਇਆ ਹੋਇਆ ਸੀ ਕਿ ਮੈਨੂੰ ਆਪਣਾ ਰੁਤਬਾ ਆਪਣੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਵਰਤਣਾ ਚਾਹੀਦਾ ਹੈ। ਇਹ ਚਿੱਠੀ ਏਨੀਂ ਅਜੀਬ ਸੀ ਕਿ ਇਹਦਾ ਭਲਾ ਕੀ ਜਵਾਬ ਦਿੱਤਾ ਜਾ ਸਕਦਾ ਸੀ! ਅਨਪੜ੍ਹ ਰਿਸ਼ਤੇਦਾਰਾਂ ਅਤੇ ਵਾਕਫਾਂ ਦੀਆਂ ਅਜੀਬ-ਅਜੀਬ ਚਿੱਠੀਆਂ ਤਾਂ ਆਉਂਦੀਆਂ ਹੀ ਰਹਿੰਦੀਆਂ ਸਨ। ਕੋਈ ਮੈਥੋਂ ਵਲੈਤ ਭਿਜਵਾਏ ਜਾਣ ਵਿਚ ਮਦਦ ਮੰਗਦਾ, ਕੋਈ ਮੁੰਡੇ ਦੀ ਨੌਕਰੀ ਲਈ ਜ਼ੋਰ ਪਾਉਂਦਾ ਅਤੇ ਕੋਈ ਵਾਰੀ ਤੋਂ ਬਿਨਾਂ ਹੀ ਰੂਸੀ ਟਰੈਕਟਰ ਲੈ ਦੇਣ ਲਈ ਆਖਦਾ। ਪਰ ਸਰਦਾਰ ਉਤਮ ਸਿੰਘ ਸੰਧੂ ਨੇ ਤਾਂ ਹੱਦ ਹੀ ਕਰ ਦਿੱਤੀ ਸੀ। ਮੈਂ ਉਨ੍ਹਾਂ ਨੂੰ ਲੈ ਕੇ ਯੂਪੀ. ਜਾਵਾਂ ਅਤੇ ਉਥੋਂ ਦੇ ਡਿਪਟੀ ਕਮਿਸ਼ਨਰ ਨੂੰ ਕਹਾਂ! ਇਹ ਚਿੱਠੀ ਪਹਿਲਾਂ ਸਾਡੇ ਘਰ ਵਿਚ ਹਾਸੇ ਦਾ ਕਾਰਨ ਬਣੀ ਅਤੇ ਫੇਰ ਦੋਸਤਾਂ-ਮਿੱਤਰਾਂ ਵਿਚ। ਜਦੋਂ ਕਦੀ ਚਾਰ ਮਿੱਤਰਾਂ ਵਿਚ ਬੈਠਿਆਂ ਰਿਸ਼ਤੇਦਾਰਾਂ ਦੀਆਂ ਅਤੇ ਵਾਕਫਾਂ ਦੀਆਂ ਅਜੀਬ-ਅਜੀਬ ਫਰਮਾਇਸ਼ਾਂ ਦੀ ਗੱਲ ਚਲਦੀ, ਮੇਰੇ ਵਲੋਂ ਕੀਤਾ ਗਿਆ ਸਰਦਾਰ ਉਤਮ ਸਿੰਘ ਸੰਧੂ ਦੀ ਚਿੱਠੀ ਦਾ ਜ਼ਿਕਰ ਸਭ ਨੂੰ ਫਿੱਕਾ ਪਾ ਦਿੰਦਾ।
ਕੁਝ ਦਿਨਾਂ ਪਿੱਛੋਂ ਸਰਦਾਰ ਉਤਮ ਸਿੰਘ ਸੰਧੂ ਦੀ ਇਕ ਹੋਰ ਚਿੱਠੀ ਆਈ। ਪਿਛਲੀ ਵਾਰ ਲਿਫਾਫਾ ਆਇਆ ਸੀ, ਇਸ ਵਾਰ ਇਹ ਅੰਤਰਦੇਸੀ ਪੱਤਰ ਸੀ। ਉਨ੍ਹਾਂ ਨੇ ਮੇਰੇ ਜਵਾਬ ਨਾ ਦੇਣ ਦਾ ਕੋਈ ਬੁਰਾ ਨਹੀਂ ਸੀ ਮਨਾਇਆ, ਸਗੋਂ ਆਸ ਪ੍ਰਗਟ ਕੀਤੀ ਸੀ ਕਿ ਮੈਂ ਉਨ੍ਹਾਂ ਦਾ ਕੰਮ ਸਿਰੇ ਲਾਉਣ ਲਈ ਹੀ ਕੋਸ਼ਿਸ਼ ਕਰਦਾ ਰਿਹਾ ਹੋਵਾਂਗਾ। ਤੇ ਉਨ੍ਹਾਂ ਨੇ ਮੇਰੇ ਵਰਗੇ ਵੱਡੇ ਆਦਮੀਆਂ ਦੇ ਰੁਝੇਵਿਆਂ ਬਾਰੇ ਆਪਣੀ ਸਮਝ ਦਾ ਜ਼ਿਕਰ ਵੀ ਕੀਤਾ ਸੀ। ਇਹ ਚਿੱਠੀ ਲਿਖਣ ਦਾ ਮੂਲ ਮੰਤਵ ਇਨ੍ਹਾਂ ਕੋਸ਼ਿਸ਼ਾਂ ਵਿਚ ਤੇਜ਼ੀ ਲਿਆਉਣ ਲਈ ਜ਼ੋਰ ਪਾਉਣਾ ਸੀ ਅਤੇ ਇਹ ਦੱਸਣਾ ਸੀ ਕਿ ਜੇ ਦੂਜੇ ਸੂਬੇ ਦੇ ਜੰਮਪਲ ਅਤੇ ਦੂਜੇ ਧਰਮ ਨਾਲ ਸਬੰਧਤ ਡਿਪਟੀ ਕਮਿਸ਼ਨਰ ਨੂੰ ਕਹਿਣਾ ਮੈਂ ਵਾਜਬ ਨਾ ਸਮਝਦਾ ਹੋਵਾਂ, ਤਾਂ ਸਰਦਾਰ ਫੁਲਾਣਾ ਸਿੰਘ ਨੂੰ ਕਹਿਣਾ ਮੇਰੇ ਲਈ ਕੋਈ ਔਖੀ ਗੱਲ ਨਹੀਂ ਹੋਵੇਗਾ। ਇਹ ਸਰਦਾਰ ਸਾਹਿਬ ਯੂਪੀ. ਵਿਚ ਕਿਸੇ ਸਰਕਾਰੀ ਮਹਿਕਮੇ ਦੇ ਸਕੱਤਰ ਦੀ ਉਚੀ ਪਦਵੀ ਉਤੇ ਲੱਗੇ ਹੋਏ ਆਈ ਏ ਐਸ ਅਧਿਕਾਰੀ ਸਨ ਅਤੇ ਉਨ੍ਹਾਂ ਦੇ ਕਹਿਣ ਅਨੁਸਾਰ ਬੜੇ ਸੂਝਵਾਨ ਤੇ ਸਾਊ ਗੁਰਸਿੱਖ ਸਨ। ਸਰਦਾਰ ਉਤਮ ਸਿੰਘ ਸੰਧੂ ਦਾ ਭਰੋਸਾ ਸੀ ਕਿ ਉਹਨੇ ਸਿੱਖ ਕੌਮ ਦੇ ਮੇਰੇ ਵਰਗੇ ਹੀਰੇ ਦੀ ਕਹੀ ਗੱਲ ਕਦੀ ਵੀ ਨਹੀਂ ਸੀ ਮੋੜਨੀ।
ਪ੍ਰਤੱਖ ਹੈ ਕਿ ਮੈਂ ਇਸ ਚਿੱਠੀ ਦਾ ਕੋਈ ਜਵਾਬ ਨਾ ਦਿੱਤਾ।
ਤੇ ਪਰਸੋਂ ਅਚਾਨਕ ਸਰਦਾਰ ਉਤਮ ਸਿੰਘ ਸੰਧੂ ਮੇਰੇ ਘਰ ਆ ਗਏ। ਉਹ ਮੇਰੇ ਦਫਤਰੋਂ ਮੁੜਨ ਦੀ ਉਡੀਕ ਬੜੀ ਉਤਾਵਲਤਾ ਨਾਲ ਕਰਦੇ ਰਹੇ। ਉਨ੍ਹਾਂ ਨੇ ਮੇਰੀ 'ਲਗਾਤਾਰ ਤਰੱਕੀ' ਉਤੇ ਖੁਸ਼ੀ ਪ੍ਰਗਟ ਕੀਤੀ ਅਤੇ ਥਾਪੀ ਦੇ ਕੇ, ਪਿੰਡ ਦਾ ਹੀ ਨਹੀਂ ਸਗੋਂ ਸਾਰੀ ਕੌਮ ਦਾ ਨਾਂ ਉਚਾ ਕਰਨ ਲਈ ਮੈਨੂੰ ਮੁਬਾਰਕਾਂ ਦਿੱਤੀਆਂ।
ਰਾਤ ਨੂੰ ਉਨ੍ਹਾਂ ਨੇ ਆਪਣੀ ਰਾਮਕਥਾ ਛੇੜ ਲਈ। ਪਤਾ ਨਹੀਂ ਕੌਣ-ਕੌਣ ਉਸ ਕਹਾਣੀ ਦੇ ਪਾਤਰ ਸਨ। ਕਿੰਨੇ ਹੀ ਨਾਂਵਾਂ-ਥਾਂਵਾਂ ਦਾ ਜ਼ਿਕਰ ਸੀ। ਕਿੰਨੀਆਂ ਹੀ ਘਟਨਾਵਾਂ ਦੀ ਲੜੀ ਸੀ। ਉਨ੍ਹਾਂ ਦੀ ਗੱਲ ਮੁੱਕਣ ਪਿੱਛੋਂ ਮੈਂ ਆਪਣੀ ਪੂਰੀ ਵਾਹ ਉਨ੍ਹਾਂ ਨੂੰ ਇਹ ਸਮਝਾਉਣ ਲਈ ਲਾ ਦਿੱਤੀ ਕਿ ਉਨ੍ਹਾਂ ਦੀ ਮੇਰੇ ਉਤੇ ਲਾਈ ਹੋਈ ਆਸ ਬਿਲਕੁਲ ਨਿਰਾਧਾਰ ਹੈ। ਮੈਂ ਉਨ੍ਹਾਂ ਦੀ ਮਦਦ ਕਰਨ ਦੇ ਕਿਸੇ ਤਰ੍ਹਾਂ ਵੀ ਸਮਰੱਥ ਨਹੀਂ ਹਾਂ। ਮੈਂ ਤਾਂ ਕੁਝ ਵੀ ਨਹੀਂ ਹਾਂ। ਪਰ ਉਨ੍ਹਾਂ ਦੀ ਇਕੋ ਰੱਟ ਸੀ ਕਿ ਮੈਨੂੰ ਆਪਣਾ ਵਡੱਪਣ, ਆਪਣਾ ਅਸਰ-ਰਸੂਖ ਦੂਜਿਆਂ ਦੀ ਮਦਦ ਕਰਨ ਦੇ ਲੇਖੇ ਲਾਉਣਾ ਚਾਹੀਦਾ ਹੈ।
ਕੱਲ੍ਹ ਸਵੇਰੇ ਫੇਰ ਉਹ ਆਪਣੀ ਇਹੋ ਹੀ ਰੱਟ ਦੁਹਰਾਉਂਦੇ ਰਹੇ। ਇਕ 'ਏਨੇ ਵੱਡੇ ਅੰਗਰੇਜ਼ੀ ਅਖਬਾਰ ਦੀ ਕਲਮ ਦਾ ਮਾਲਕ' ਹੋਣਾ ਤਾਂ, ਉਨ੍ਹਾਂ ਦੇ ਵਿਚਾਰ ਅਨੁਸਾਰ, ਮੇਰੇ ਪਹਿਲਾਂ ਵਾਲੇ ਗੁਣਾਂ ਸਦਕਾ ਬਣੀ ਹੋਈ ਮੇਰੀ ਹੈਸੀਅਤ ਵਿਚ ਸੋਨੇ ਉਤੇ ਸੁਹਾਗੇ ਵਾਲਾ ਵਾਧਾ ਹੈ। ਮੈਂ ਅਖਬਾਰ ਵਿਚ ਚਾਰ ਸਤਰਾਂ ਲਿਖ ਕੇ ਜੀਹਦੇ ਚਾਹਾਂ ਹੋਸ਼ ਟਿਕਾਣੇ ਲਿਆ ਸਕਦਾ ਹਾਂ।
ਮੈਨੂੰ ਉਨ੍ਹਾਂ ਦੀ ਬੇਸਮਝੀ ਅਤੇ ਅੜੀ ਉਤੇ ਅਕੇਵਾਂ ਵੀ ਹੋ ਰਿਹਾ ਸੀ ਅਤੇ ਗੁੱਸਾ ਵੀ ਆ ਰਿਹਾ ਸੀ। ਮੇਰੀ ਕੋਈ ਵੀ ਦਲੀਲ ਬਤਖ ਦੇ ਫੰਘਾਂ ਉਤੇ ਪਈ ਪਾਣੀ ਦੀ ਬੂੰਦ ਵਾਂਗ ਉਨ੍ਹਾਂ ਦੇ ਦਿਮਾਗ ਵਿਚ ਅਟਕ ਨਹੀਂ ਸੀ ਰਹੀ। ਪਰ ਮੈਂ ਘਰ ਆਏ ਇਕ ਬਜ਼ੁਰਗ ਨੂੰ ਕੀ ਆਖ ਸਕਦਾ ਸੀ? ਮੈਂ ਟਾਲਮਟੋਲ ਕਰਨ ਲਈ ਕੋਈ ਅਜਿਹਾ ਆਦਮੀ ਲੱਭ ਕੇ ਉਨ੍ਹਾਂ ਨੂੰ ਚਿੱਠੀ ਲਿਖਣ ਦਾ ਇਕਰਾਰ ਕੀਤਾ ਜੋ ਇਸ ਕੰਮ ਵਿਚ ਸਹਾਈ ਸੋ ਸਕੇ।
ਮੇਰੇ ਨਾਲ ਹੀ ਤਿਆਰ ਹੋ ਕੇ ਸਰਦਾਰ ਉਤਮ ਸਿੰਘ ਸੰਧੂ ਤੁਰ ਪਏ। ਮੇਰੇ ਦਫਤਰ ਵਾਲੇ ਪਾਸੇ ਰਹਿੰਦੇ ਕੋਈ ਸਰਦਾਰ ਸਾਹਿਬ ਉਨ੍ਹਾਂ ਦੇ ਪ੍ਰੇਮੀ ਸਨ। ਉਨ੍ਹਾਂ ਨੂੰ ਮਿਲ ਕੇ ਉਨ੍ਹਾਂ ਨੇ ਸ਼ਾਮ ਦੀ ਗੱਡੀ ਪਿੰਡ ਪਰਤ ਜਾਣਾ ਸੀ। ਤੇ ਹੁਣ ਸਰਦਾਰ ਉਤਮ ਸਿੰਘ ਸੰਧੂ ਫੇਰ ਰਿਸੈਪਸ਼ਨ ਵਿਚ ਬੈਠੇ ਸਨ। ਮੈਂ ਉਨ੍ਹਾਂ ਨੂੰ ਸਤਿ ਸ੍ਰੀ ਅਕਾਲ ਬੁਲਾਉਂਦਾ ਹਾਂ। ਉਹ ਪੁਛਦੇ ਹਨ ਕਿ ਮੈਂ ਕੋਈ ਆਦਮੀ ਸੋਚਿਆ ਹੈ ਜਾਂ ਨਹੀਂ। ਮੈਂ ਜਵਾਬ ਦਿੰਦਾ ਹਾਂ ਕਿ ਇਹ ਕੰਮ ਏਨੀਂ ਛੇਤੀ ਹੋਣ ਵਾਲਾ ਨਹੀਂ ਹੈ। ਹੌਲੀ-ਹੌਲੀ ਸੋਚ ਕੇ ਹੀ ਕੋਈ ਤੰਦ ਲੱਭੀ ਜਾ ਸਕਦੀ ਹੈ।
"ਜੇ ਪੁੱਤਰ ਤੂੰ ਚਾਹੇਂ ਤਾਂ ਸਭ ਕੁਝ ਹੋ ਸਕਦਾ ਹੈ," ਉਹ ਗੱਲ ਦਾ ਤੋੜਾ ਫੇਰ ਉਥੇ ਹੀ ਝਾੜਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੇਰੇ ਰੁਝੇਵਿਆਂ ਦਾ ਵੀ ਅਹਿਸਾਸ ਹੈ ਅਤੇ ਉਸ ਝਿਜਕ ਦਾ ਵੀ, ਜੋ ਹਰ ਵੱਡੇ ਆਦਮੀ ਨੂੰ ਕਿਸੇ ਹੋਰ ਕੋਲ ਕਿਸੇ ਕੰਮ ਲਈ ਜਾਂਦਿਆਂ ਹੁੰਦੀ ਹੈ।
"ਤਾਇਆ ਜੀ, ਤੁਸੀਂ ਮੇਰੀ ਬੇਨਤੀ ਸੁਣੋ, ਮੇਰੀ ਗੱਲ ਸਮਝੋ, ਮੈਂ ਵੱਡਾ ਆਦਮੀ ਨਹੀਂ ਹਾਂ," ਮੈਂ ਰੋਣਹਾਕਾ ਹੋ ਕੇ ਆਖਦਾ ਹਾਂ।
"ਤੂੰ ਕੌਮ ਦਾ ਹੀਰਾ ਹੈਂ। ਤੂੰ ਕਸਤੂਰੀ ਵਾਲਾ ਮਿਰਗ ਹੈਂ ਜੋ ਇਹ ਨਹੀਂ ਜਾਣਦਾ ਹੁੰਦਾ ਕਿ ਉਹਦੇ ਅੰਦਰ ਕਿੰਨੀ ਖੁਸ਼ਬੂ ਲੁਕੀ ਹੋਈ ਹੁੰਦੀ ਹੈ!" ਉਹ ਮੇਰੇ ਮੋਢੇ ਉਤੇ ਹੱਥ ਰੱਖ ਕੇ ਥਾਪੜਦੇ ਹਨ।
"ਤਾਇਆ ਜੀ, ਮੈਂ ਐਹ ਸੜਕ ਉਤੇ ਜਾਂਦੇ ਲੱਖਾਂ ਲੋਕਾਂ ਵਿਚੋਂ ਇਕ ਹਾਂ। ਮੈਂ ਇਕ ਅਖਬਾਰ ਦੀ ਇਕ ਸੀਟ ਉਤੇ ਬੈਠ ਕੇ ਕਲਮ ਘਸਾਉਣ ਵਾਲੇ ਤੋਂ ਵੱਧ ਕੁਝ ਵੀ ਨਹੀਂ ਹਾਂ। ਮੈਂ ਬਹੁਤ ਛੋਟਾ ਆਦਮੀ ਹਾਂ, ਬਹੁਤ ਨਾਚੀਜ਼!" ਮੈਂ ਕਾਹਲਾ ਪੈ ਜਾਂਦਾ ਹਾਂ।
"ਇਸੇ ਵਿਚ ਹੀ ਤੇਰੀ ਵਡਿਆਈ ਹੈ ਬੇਟਾ," ਸਰਦਾਰ ਉਤਮ ਸਿੰਘ ਸੰਧੂ ਮੁਸਕਰਾਉਂਦੇ ਹੋਏ ਫੇਰ ਮੇਰਾ ਮੋਢਾ ਥਾਪੜਦੇ ਹਨ, "ਸਹੀ ਮਾਅਨਿਆਂ ਵਿਚ ਵੱਡਾ ਆਦਮੀ ਆਪਣੇ ਆਪ ਨੂੰ ਛੋਟਾ ਤੇ ਨਾਚੀਜ਼ ਹੀ ਕਹਿੰਦਾ ਹੁੰਦਾ ਹੈ। ਗੁਰੂ ਸਾਹਿਬ ਲਿਖ ਗਏ ਹਨ, ਉਹ ਨਿਵੇਂ ਜੋ ਗੌਰਾ ਹੋਏ!"
"ਤੁਸੀਂ ਨਹੀਂ ਗੱਲ ਸਮਝਦੇ!" ਮੈਂ ਬੇਵੱਸ ਹੋ ਕੇ ਸਿਰ ਮਾਰਦਿਆਂ ਸਿਰਫ ਏਨਾ ਹੀ ਆਖ ਸਕਦਾ ਹਾਂ।
"ਅੱਛਾ ਇਕ ਹੋਰ ਕੰਮ ਕਰ ਬੇਟਾ। ਮੈਨੂੰ ਦੂਜੇ ਸੂਬੇ ਦੇ ਅਫਸਰਾਂ ਕੋਲ ਜਾਣ ਤੋਂ ਤੇਰੀ ਝਿਜਕ ਦਾ ਅਹਿਸਾਸ ਹੈ। ਇਹ ਅਫਸਰ ਹੁੰਦੇ ਵੀ ਤੁੱਛ ਲੋਕ ਹੀ ਨੇ। ਕੱਲ੍ਹ ਨੂੰ ਆਪਣੇ ਕੰਮਾਂ ਲਈ ਤੈਨੂੰ ਤੰਗ ਕਰਨਾ ਸ਼ੁਰੂ ਕਰ ਦੇਣਗੇ।" ਜਾਪਦਾ ਹੈ ਉਹ ਕਿਸੇ ਤਰੀਕੇ ਨਾਲ ਮੇਰਾ ਪਿੱਛਾ ਛੱਡਣ ਲੱਗੇ ਹਨ। "ਦੱਸੋ?" ਮੈਂ ਕੁਝ ਉਤਸਾਹ ਨਾਲ ਪੁਛਦਾ ਹਾਂ।
"ਤੇਰੇ ਲਈ ਖੱਬੇ ਹੱਥ ਦਾ ਕੰਮ ਹੈ," ਉਹ ਖੱਬੇ ਹੱਥ ਦੇ ਅੰਗੂਠੇ ਅਤੇ ਵਿਚਕਾਰਲੀ ਉਂਗਲੀ ਨਾਲ ਚੁਟਕੀ ਮਾਰਦੇ ਹਨ, "ਤੂੰ ਟੈਲੀਫ਼ੋਨ ਘੁਮਾ ਕੇ ਕਰ ਸਕਦਾ ਹੈਂ।"
ਹੁਣ ਉਹ ਪਤਾ ਨਹੀਂ ਕੀ ਬੁਝਾਰਤ ਪਾ ਰਹੇ ਹਨ। ਮੈਂ ਅਬੋਲ-ਅਵਾਕ ਉਨ੍ਹਾਂ ਦੇ ਚਿਹਰੇ ਵੱਲ ਦੇਖ ਰਿਹਾ ਹਾਂ। ਉਹ ਕੁਝ ਸਕਿੰਟ ਚੁੱਪ ਰਹਿ ਕੇ ਮੇਰਾ ਹੱਥ ਘੁਟਦਿਆਂ ਆਖਦੇ ਹਨ, "ਤੂੰ ਆਪ ਕਿਤੇ ਨਾ ਜਾ, ਬੱਸ ਮੈਨੂੰ ਯੂਪੀ. ਦੇ ਮੁੱਖ ਮੰਤਰੀ ਦੇ ਨਾਂ ਇੰਦਰਾ ਗਾਂਧੀ ਦੀ ਚਿੱਠੀ ਲੈ ਦੇ।"
ਮੇਰਾ ਉਨ੍ਹਾਂ ਤੋਂ ਹੱਥ ਛੁਡਵਾ ਕੇ ਨੇੜੇ ਦੀ ਕੰਧ ਵਿਚ ਮੱਥਾ ਮਾਰਨ ਨੂੰ ਜੀਅ ਕਰਦਾ ਹੈ। ਪਰ ਸਰਦਾਰ ਉਤਮ ਸਿੰਘ ਸੰਧੂ ਮੇਰਾ ਹੱਥ ਹੋਰ ਜ਼ੋਰ ਨਾਲ ਘੁੱਟ ਕੇ ਆਖ ਰਹੇ ਹਨ, "ਬੱਸ ਇੰਦਰਾ ਤੋਂ ਇਹ ਚਾਰ ਲਫ਼ਜ਼ ਲਿਖਵਾਉਣੇ ਹਨ ਕਿ ਸਰਦਾਰ ਉਤਮ ਸਿੰਘ ਸੰਧੂ ਆਪਣਾ ਆਦਮੀ ਹੈ।"

ਪੰਜਾਬੀ ਕਹਾਣੀਆਂ (ਮੁੱਖ ਪੰਨਾ)