Kaun Haan Main ? : Manjot Kaur
ਕੌਣ ਹਾਂ ਮੈਂ ? ਮਨਜੋਤ ਕੌਰ
ਆਮ ਆਦਮੀ ਦੀ ਡਾਇਰੀ ਦੀ ਸ਼ੁਰੂਆਤ ਉਹਦੀ ਜੇਬ ਤੋਂ ਹੀ ਹੁੰਦੀ ਹੈ। ਬੱਚਿਆਂ ਦੀ ਭੁੱਖ ਤੋਂ ਲੈ ਕੇ ਜੇ ਕਦੀ ਕਫ਼ਨ ਤੱਕ ਦੀ ਜਰੂਰਤ ਵੀ ਆਣ ਪਵੇ ਤਾਂ ਜੇਬ ਵਿਚ ਹੱਥ ਪਾਣ ਤੋਂ ਗੁਰੇਜ਼ ਕਰਦਾ ਹੈ। ਕੱਚੇ ਕੋਠੇ ਕਦੋਂ ਚੋ ਪੈਣ ਕੁੱਝ ਪਤਾ ਨੀ। ਕੁਦਰਤ ਤਾਂ ਕੁਦਰਤ ਉੱਚੇ ਚੁਬਾਰੇ ਵਾਲੇ ਵੀ ਧੱਕਾ ਕਰ ਜਾਂਦੇ ਨੇ । ਡਾਇਰੀ ਦੇ ਹਰ ਪੰਨੇ ਤੇ ਇੱਕ ਹੀ ਸਵਾਲ ਅਖੀਰ ਕੌਣ ਹਾਂ ਮੈਂ? ਇਕ ਮਜਬੂਰ?
ਮਜਬੂਰੀ ਇੰਨੀ ਕਿ ਜੇ ਕਦੀ ਦਿਹਾੜੀ ਨਾ ਮਿਲੇ ਤਾਂ ਘਰ - ਘਰ ਝੋਲ਼ੀ ਅਡਣੀ ਪੈ ਜਾਂਦੀ ਹੈ। ਨਿਰਾਸ਼ ਹੋ ਕਈ ਵਾਰ ਉਥੋਂ ਵੀ ਖਾਲੀ ਹੀ ਮੁੜਨਾ ਪੈਂਦਾ ਹੈ। ਘਰ ਵਿੱਚੋਂ ਬਾਸੀ ਰੋਟੀਆਂ ਹਰ ਸ਼ਾਮ ਬਾਹਰ ਸੁੱਟ ਦਿੱਤੀਆਂ ਜਾਂਦੀਆਂ ਨੇ। ਪਰ ਜੇ ਕਦੀ ਕੋਈ ਮਜਬੂਰ ਘਰ ਵੱਲ ਆਉਂਦਾ ਨਿਗ੍ਹਾ ਪੈ ਜਾਵੇ , ਅਸੀਂ ਬੂਹੇ ਢੋ ਲੈਂਦੇ ਹਾਂ। ਅਖੇ ਕਿੱਤੇ ਸਾਡੇ ਘਰੋਂ ਹੀ ਨਾ ਮੰਗਣ ਆ ਜੇ । ਉਹ ਆਮ ਇਨਸਾਨ ਬੇਚਾਰਾ ਪਹਿਲਾਂ ਹੀ ਮਰ - ਮਰ ਮੰਗਣ ਜਾਂਦਾ ਹੈ । ਅੱਗੋਂ ਬੂਹਾ ਭੇੜਦਿਆਂ ਦੇਖ, ਅਗਲੇ ਬੂਹੇ ਵੱਲ ਕਦਮ ਪੁਟਣ ਦੀ ਓਹਦੀ ਹਿੰਮਤ ਨਹੀਂ ਹੁੰਦੀ। ਫਿਰ ਆਪਣੇ ਆਪ ਤੋਂ ਉਹੀ ਸਵਾਲ , ਕੌਣ ਹਾਂ ਮੈਂ? ਇਕ ਮਜਬੂਰ ?
ਅੱਜ ਬੜਾ ਖੁੱਸ਼ , ਫਲਾਣੇ ਘਰੋਂ ਦੋ ਫ਼ੁਲਕੇ ਮਿਲ ਹੀ ਗਏ । ਘਰ ਆ ਕੇ ਖਾਣ ਹੀ ਲਗਿਆ ਸੀ ਕਿ ਕੁੱਝ ਪੰਛੀ ਭੁੱਖੇ ਚਹਿਕਦੇ ਨਿਗ੍ਹਾ ਪੈ ਗਏ। ਓਹ ਬੁਰਕੀਆਂ ਵੀ ਸੰਘ ਹੇਠਾਂ ਨਾ ਉਤਰੀਆਂ । ਪੰਛੀਆਂ ਨੂੰ ਪਾ, ਆਪ ਸੋਚਿਆ ਚੱਲੋ ਪਾਣੀ ਪੀ ਕੇ ਹੀ ਸੌਂ ਜਾਨਾ ਅੱਜ। ਘੜੇ ਤੋਂ ਚੱਪਣੀ ਚੁੱਕੀ ਫਿਰ ਸਾਹਮਣੇ ਨਮੋਸ਼ੀ ਆਣ ਖਲੋਈ। ਸਬਰ ਕਰ ਢਿੱਡ ਨੂੰ ਪਰਨਾ ਲਪੇਟ ਸੌਂ ਗਿਆ 'ਤੇ ਸੌਣ ਤੋਂ ਪਹਿਲੋਂ ਫਿਰ ਉਹੀ ਸਵਾਲ ਕੌਣ ਹਾਂ ਮੈਂ ? ਇਕ ਮਜਬੂਰ ? ਹੁਣ ਤਾਂ ਭੁੱਖ ਵੀ ਸ਼ਰਮਿੰਦੀ ਹੋ ਕੇ ਪੁੱਛ ਨਾ ਸਕਦੀ ਕਿ ਭੁੱਖ ਲੱਗੀ ਆ?
ਘਰ ਵਿਚ ਬੱਚੇ ਘਰਵਾਲੀ ਜੇ ਕਦੀ ਇਕੱਠੇ ਬਿਮਾਰ ਹੋ ਜਾਣ, ਉਸ ਮਜਬੂਰ ਨੂੰ ਫ਼ਿਕਰ ਸਤਾਉਣ ਲਗਦਾ ਹੈ ਕਿ ਇਲਾਜ ਕਿਹਦਾ ਪਹਿਲੋਂ ਕਰਵਾਵਾਂ ? ਹੌਕਾ ਲੈਂਦਾ ਹੋਇਆ ਹਾਲਾਤ ਤੇ ਕਿਸਮਤ ਨੂੰ ਕੋਸਦਾ, ਜੇਬ ਵਿਚ ਹੱਥ ਮਾਰਦਾ ਹੋਇਆ ਡਾਇਰੀ ਦੇ ਅਗਲੇ ਪੰਨੇ ਤੇ ਫਿਰ ਇਕ ਹੀ ਸਵਾਲ ਅਖ਼ੀਰ ਕੌਣ ਹਾਂ ਮੈਂ ? ਇੱਕ ਮਜਬੂਰ ?
ਉਹ ਕੋਲ਼ ਕੁੱਝ ਨਾ ਹੁੰਦੇ ਹੋਏ ਵੀ ਭੁੱਖੇ ਪੰਛੀਆਂ ਦਾ ਢਿੱਡ ਭਰ ਦਿੰਦਾ ਹੈ। ਅਸੀਂ ਚੁਬਾਰਿਆਂ ਵਾਲ਼ੇ, ਆਪ ਤਾਂ ਕਦੀ ਕਿਸੇ ਗਰੀਬ ਮੂੰਹ ਬੁਰਕੀ ਨੀ ਪਾਉਂਦੇ । ਉਸ ਬੇਬਸ ਨੂੰ ਮੰਗਤਾ ਬੁਲਾਉਣਗੇ ਤੇ ਕਦੀ ਨੰਗ ਵੀ ਕਹਿ ਠੇਡੇ ਮਾਰਨਗੇ । ਹਰ ਆਏ ਦਿਨ ਇਨ੍ਹਾਂ ਲੀਡਰਾਂ ਦੀਆਂ ਗੁਲਾਮੀਆਂ ਕਰਦੇ ਹਾਂ, ਬੜੇ ਫਾਰਮ ਭਰਦੇ ਹਾਂ, ਕੋਈ ਜਗ੍ਹਾ ਨਹੀਂ ਛੱਡਾਂਗੇ ਜਿਥੋਂ ਮੰਗਦੇ ਨਾ ਹੋਈਏ, ਅਖੇ ਅਸੀਂ ਤਾਂ ਹਾਂ ਚੁਬਾਰਿਆਂ ਵਾਲ਼ੇ । ਜੇਬ ਭਰ - ਭਰ ਫੱਟਣ ਤੱਕ ਆ ਗਈ, ਅੱਜੇ ਵੀ ਮੌਲਾ ਅੱਗੇ ਝੋਲ਼ੀ ਅੱਡੀ ਖੜੇ ਹਾਂ । ਕੌਣ ਹੈ ਉਹ ਗਰੀਬ ਜਿਹਨੂੰ ਮੰਗਤਾ ਤੇ ਨੰਗ ਕਹਿੰਦੇ ਨੇ ਲੋਕ ਤੇ ਕੌਣ ਹਾਂ ਆਪਾਂ ਜਿਹੜੇ ਸਭ ਹੁੰਦੇ ਹੋਏ ਵੀ ਮੰਗਤੇ ਬਣੇ ਰਹਿੰਦੇ ਹਾਂ। ਉਸ ਗਰੀਬ ਆਮ ਆਦਮੀ ਦੀ ਡਾਇਰੀ ਵਿਚ ਤੇ ਅਜੇ ਵੀ ਉਹੀ ਸਵਾਲ , ਕੌਣ ਹਾਂ ਮੈਂ ? ਇੱਕ ਮਜਬੂਰ ? ਜਾਂ ਇਕ ਮੰਗਤਾ ?
ਅੱਜ ਇਹ ਆਮ ਇਨਸਾਨ ਮੌਲਾ ਅੱਗੇ ਗੋਹਾਰ ਲਾਉਂਦਾ ਹੋਇਆ, ਘਰ ਖਾਣ ਨੂੰ ਦਾਣਾ ਨੀ 'ਤੇ ਨਾ ਤਨ ਢੱਕਣ ਲਈ ਲੀੜੇ । ਗਰਮੀਂ ਵਿਚ ਧੁੱਪ ਚਮੜੀ ਫੂਕ ਦਿੰਦੀ ਏ। ਸਰਦੀ ਵਿਚ ਗਰਮੈਸ਼ ਨੀ ਮਿਲਦੀ । ਕੰਮ ਕਰ ਕੇ ਵੀ ਮਿਹਨਤਾਨਾ ਨੀ ਮਿਲਦਾ । ਕਦੀ ਆਈਂ ਮੇਰੀ ਛਪਰੀ ਵਿਚ, ਜੱਚਾ - ਬੱਚਾ ਵਿਲਕਦੇ ਦੇਖੀਂ, ਧੀ ਦੇ ਸਿਰ ਨੂੰ ਸੁਭਰ ਨੀ ਜੁੜਦਾ । ਹਾਂ, ਬੂਹਾ ਹੈ ਹੀ ਨਹੀਂ, ਮੈਂ ਘਰ ਸਭ ਲਈ ਖੁੱਲ੍ਹਾ ਹੀ ਰੱਖਦਾ ਹਾਂ। ਖਾਣ ਨੂੰ ਜੋ ਖਾਣਾ ਹੋਇਆ ਦਸ ਦਵੀਂ, ਮੇਰੇ ਘਰ ਤਾਂ ਆਟਾ ਹੀ ਮਿਲਣਾ ਤੇ ਖਾਣ ਵੇਲੇ ਮਿੱਟੀ ਦਾ ਸਵਾਦ ਵੀ ਜਰੂਰ ਆਊ। ਕੱਲ੍ਹ ਤਾਂ ਹਨੇਰੀ ਨੇ ਛਪਰੀ ਵੀ ਢਾਹ ਦਿੱਤੀ, ਮਸੀਂ ਦੋ ਕਾਨੇ ਖੜ੍ਹੇ ਕਰ ਕੇ ਦੋਬਾਰਾ ਕੱਜੀ ਏ । ਇਸ ਲਈ ਉੱਠਣ ਬੈਠਣ ਵਿੱਚ ਥੋੜ੍ਹੀ ਤਕਲੀਫ਼ ਜਰੂਰ ਹੋਊ। ਹੇ ਰਹਿਬਰ! ਸ਼ਰਮਿੰਦਾ ਮੈਂ ਨਹੀਂ ਸ਼ਰਮਿੰਦਾ ਤਾਂ ਤੂੰ ਹੋ ਰਿਹਾ ਹੂਨੈ । ਜੋ ਇਨਸਾਨ ਇਨਸਾਨੀਅਤ ਲਈ ਬਣਾਏ, ਉਨ੍ਹਾਂ ਵਿਚੋਂ ਤੇ ਇਨਸਾਨੀਅਤ ਹੀ ਮੁੱਕਣ ਲੱਗ ਗਈ , ਹੁਣ ਇਨ੍ਹਾਂ ਇਨਸਾਨਾਂ ਦਾ ਕੀ ਕਰੇਂਗਾ ? ਮੇਰੇ ਜਿਹੇ ਨੂੰ ਜਨਮ ਤਾਂ ਦੇ ਦਿੱਤਾ, ਇੱਕ ਸਵਾਲ ਦਾ ਜਵਾਬ ਵੀ ਦੇ ਦਵੀਂ, ਆਖਿਰ ਕੌਣ ਹਾਂ ਮੈਂ ?