Punjabi Kavita
  

Kehie Vage Hawa (Novel) : Aziz Sroay

ਕੇਹੀ ਵਗੇ ਹਵਾ (ਨਾਵਲ) : ਅਜ਼ੀਜ਼ ਸਰੋਏ (ਪੰਜਾਬੀ ਕਹਾਣੀ)


ਸਮਰਪਿਤ ਬੇਟੀ ਜੈਸਮੀਨ ਸਰੋਏ ਨੂੰ

ਆਦਰਸ਼ਮਈ ਧਰਾਤਲ ਦੀ ਤਲਾਸ ਕਰਦਾ ਨਾਵਲ ‘ਕੇਹੀ ਵਗੇ ਹਵਾ’

ਅਜ਼ੀਜ਼ ਸਰੋਏ ਦੇ ਨਾਵਲ ‘ਕੇਹੀ ਵਗੇ ਹਵਾ’ ਵਿੱਚ ਜ਼ਿੰਦਗੀ ਦੇ ਵਿਭਿੰਨ ਪਹਿਲੂਆਂ ਨੂੰ ਦ੍ਰਿਸ਼ਟੀਗੋਚਰ ਕਰਦੇ ਹੋਏ ਇੱਕ ਸਾਰਥਕ ਸਮਾਜਕ ਜੀਵਨ ਦੀ ਕਾਮਨਾ ਕੀਤੀ ਗਈ ਹੈ। ਜ਼ਿੰਦਗੀ ਦੀਆਂ ਅਨੇਕ ਪਰਤਾਂ ਨੂੰ ਇੱਕੋ ਬਿੰਦੂ ਉੱਪਰ ਕੇਂਦਰਤ ਕਰਦੇ ਹੋਏ ਕਿਸੇ ਰੌਚਕਤਾ ਭਰਪੂਰ ਲਹਿਜੇ ਵਿੱਚ ਪ੍ਰਗਟਾਉਣਾ ਆਪਣੇ—ਆਪ ਵਿੱਚ ਇੱਕ ਚੁਣੌਤੀ ਹੈ। ਅਜ਼ੀਜ਼ ਸਰੋਏ ਨੇ ਇਸ ਚੁਣੌਤੀ ਨੂੰ ਸਵੀਕਾਰ ਹੀ ਨਹੀਂ ਕੀਤਾ ਸਗੋਂ ਬਾਖੂਬੀ ਨਿਭਾਇਆ ਵੀ ਹੈ। ਬੁਢਲਾਡਾ ਦੇ ਪੀਰਾਂਵਾਲੀ ਪਿੰਡ ਦੀ ਦਾਸਤਾ ਰਾਹੀਂ ਨਾਵਲਕਾਰ ਨੇ ਜਿੱਥੇ ਪਿੰਡਾਂ ਦੀ ਰਹਿਣੀ—ਬਹਿਣੀ ਤੇ ਉਥੋਂ ਦੇ ਵਾਤਾਵਰਨ ਦਾ ਚਿਤਰਨ ਕੀਤਾ ਹੈ, ਉੱਥੇ ਸਮੇਂ ਦੇ ਨਾਲ ਆ ਰਹੀ ਤਬਦੀਲੀ ਸਬੰਧੀ ਵੀ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਨਾਵਲ ਦੇ ਮੁੱਖ ਪਾਤਰ ਵਜੋਂ ਉੱਭਰੇ ਜਗਤੂ ਦੀ ਜ਼ਿੰਦਗੀ ਤੇ ਉਸ ਦੇ ਆਲੇ—ਦੁਆਲੇ ਵਾਪਰਦੀਆਂ ਘਟਨਾਵਾਂ ਪਾਠਕ ਦੀ ਸੋਚ ਨੂੰ ਟੁੰਬਦੀਆਂ ਹਨ। ਜਗਤੂ ਦੀ ਪਤਨੀ, ਲਾਜੋ ਦੀ ਸੰਘਰਸ਼ ਭਰੀ ਜ਼ਿੰਦਗੀ ਵਿੱਚ ਦੁੱਖਾਂ ਦੀ ਦਾਸਤਾ ਨਾ ਖਤਮ ਹੋਣ ਵਾਲੀ ਹੈ ਤੇ ਉਹ ਆਪਣੇ ਦੁਖਾਂਤ ’ਚੋਂ ਉਭਰਨ ਦੀ ਕੋਸ਼ਸ ਵਿੱਚ ਹੀ ਪੂਰੀ ਜ਼ਿੰਦਗੀ ਜੀਅ ਲੈਂਦੀ ਹੈ। ਜਗਤੂ ਦੀ ਕੁੜੀ ਵਿਆਹੀ ਜਾਣ ਪਿੱਛੋਂ ਜਦ ਸਹੁਰਿਆਂ ਦੀ ਸਤਾਈ ਵਾਪਸ ਪੇਕੇ ਘਰ ਆ ਜਾਂਦੀ ਹੈ ਤਾਂ ਪਰਿਵਾਰ ਲਈ ਮੁਸ਼ਕਲ ਬਣ ਜਾਂਦੀ ਹੈ। ਪਿੰਡ ਦੀ ਪੰਚਾਇਤ ਪਿੰਡ ਦੀ ਧੀ ਦਾ ਮਸਲਾ ਹੱਲ ਕਰਦੀ ਹੈ। ਇੰਝ ਪਿੰਡ ਵਿੱਚ ਨਿਆਂ ਵਿਵਸਥਾ ਦਾ ਸੁਚੱਜਾਪਣ ਨਜ਼ਰ ਆਉਂਦਾ ਹੈ। ਪਰ ਦੂਜੇ ਪਾਸੇ ਬਘੇਲ ਸਿੰਘ ਵਰਗੇ ਆਪਣੇ ਕਾਮਿਆਂ ਤੋਂ ਵਧੇਰੇ ਕੰਮ ਲੈਣ ਦੇ ਲਾਲਚ ਵਿੱਚ ਉਨ੍ਹਾਂ ਨੂੰ ਨਸ਼ੇ ਦਿੰਦੇ ਹਨ ਜੋ ਹੌਲ਼ੀ—ਹੌਲ਼ੀ ਉਹਨਾਂ ਦੀ ਆਦਤ ਬਣ ਜਾਂਦੇ ਹਨ। ਜਗਤੂ ਤੇ ਦੁੱਲਾ ਅਮਲੀ ਇਸੇ ਪ੍ਰਕਾਰ ਦੇ ਹਾਲਾਤਾਂ ਦਾ ਸਾਹਮਣਾ ਕਰਦੇ ਹਨ। ਪਿੰਡਾਂ ਵਿੱਚ ਸਰਦੇ ਪੁੱਜਦੇ ਕਿਸਾਨ ਵੀ ‘ਘਰ ਦੀ ਕੱਢੀ’ ਸ਼ਰਾਬ ਨੂੰ ਪਸੰਦ ਕਰਦੇ ਹਨ ਤੇ ਕਿਸੇ ਅਫ਼ਸਰ ਤੋਂ ਆਪਣਾ ਕੰਮ ਕਢਵਾਉਣ ਲਈ ਇਸ ‘ਪਹਿਲੇ ਤੋੜ ਦੀ’ ਨਾਲ ਸੇਵਾ ਕਰਦੇ ਹਨ। ਇਸ ਤਰ੍ਹਾਂ ਦੇ ਸ਼ੌਕ ਕਾਰਨ ਹੀ ਪਿੰਡਾਂ ਵਿੱਚ ਨਸ਼ਿਆਂ ਦਾ ਰੁਝਾਨ ਵੱਧਦਾ ਰਿਹਾ ਹੈ। ਗਲਤ ਤਰੀਕੇ ਅਪਣਾਉਣ ਨਾਲ ਭਲਾ ਘੱਟ ਲੋਕਾਂ ਦਾ ਹੁੰਦਾ ਹੈ ਪਰ ਨੁਕਸਾਨ ਬਹੁਗਿਣਤੀ ਦਾ ਹੋ ਜਾਂਦਾ ਹੈ ਜਿਵੇਂ ਨਾਵਲਕਾਰ 1982 ਵੇਲੇ ਦੇ ਹੜ੍ਹਾਂ ਦੀ ਗੱਲ ਕਰਦੇ ਹੋਏ ਦੱਸਦਾ ਹੈ— “ਸਰਕਾਰ ਵੱਲੋਂ ਪੀੜਤਾਂ ਲਈ ਮੁਆਵਜੇ ਦਾ ਐਲਾਨ ਕੀਤਾ ਗਿਆ। ਪਟਵਾਰੀ ਨੇ ਸਰਪੰਚ ਦੀ ਮੱਦਦ ਨਾਲ ਸਰਵੇ ਕੀਤਾ। ਪੰਦਰ੍ਹਾਂ ਦਿਨਾਂ ਦੇ ਅੰਦਰ, ਕਲੌਨੀਆਂ ਦੇ ਲੋੜਬੰਦਾਂ ਦੀ ਸੂਚੀ ਤਿਆਰ ਕਰ ਲਈ। ਸਰਪੰਚ ਤੇ ਬਘੇਲ ਨੇ ਆਖ ਕੇ, ਆਪਣੇ ਬੰਦਿਆਂ ਦੇ ਨਾਂ ਪੀੜਤਾਂ ਵਾਲੀ ਸੂਚੀ 'ਚ ਦਰਜ ਕਰਵਾ ਦਿੱਤੇ। ਲੋੜਵੰਦ ਫਿਰ ਰਹਿ ਗਏ ਸੀ, ਟੱਲੀਆਂ ਵਜਾਉਂਦੇ।” ਸਮਾਜ ਵਿੱਚ ਬੁਰਾਈ ਫੈਲਾਉਣ ਵਾਲੇ ਅਨਸਰ ਆਪਣੇ ਘਰਾਂ ਵਿੱਚ ਵੀ ਕੋਈ ਵਧੀਆ ਭੂਮਿਕਾ ਨਹੀਂ ਨਿਭਾਉਂਦੇ। ਜਿਨ੍ਹਾਂ ਲਈ ਪਦਾਰਥਕ ਸੁੱਖ ਵਧੇਰੇ ਅਹਿਮੀਅਤ ਰੱਖਦੇ ਹੋਣ ਉਹਨਾਂ ਲਈ ਭਾਵਨਾਤਮਕ ਪਹਿਲੂਆਂ ਦੀ ਮਹੱਤਤਾ ਜ਼ੀਰੋ ਹੁੰਦੀ ਹੈ। ਨਾਵਲ ਵਿੱਚ ਬਘੇਲ ਦੇ ਪਿਤਾ ਭਗਤੇ ਦਾ ਜਿਸ ਤਰ੍ਹਾਂ ਸ਼ੋਸਣ ਹੁੰਦਾ ਹੈ ਉਸ ਬਾਰੇ ਨਾਵਲਕਾਰ ਲਿਖਦਾ ਹੈ— “ਪ੍ਰੀਤਮ ਸਿੰਘ ਉਸ ਸਮੇਂ ਪਿੰਡ ਦਾ ਪਟਵਾਰੀ ਸੀ। ਬਘੇਲ ਦਾ ਉਸ ਨਾਲ ਵਧੀਆ ਮੋਹ—ਮੁਲਾਜ੍ਹਾ ਸੀ। ਪਟਵਾਰੀ ਤੇ ਨੰਬਰਦਾਰ ਨਾਲ ਮਿਲ ਕੇ ਬਘੇਲ ਨੇ ਆਪਣੇ ਬਾਪੂ ਭਗਤੇ ਦੇ ਹਿੱਸੇ ਦੀ ਜਮੀਨ ਵੀ ਹੜੱਪ ਲਈ ਸੀ। ਬੁੱਢੇ ਠੇਰੇ ਨੂੰ ਦਿਸਦਾ ਭਾਲਦਾ ਘੱਟ ਸੀ। ਕਾਗਜਾਂ ਤੇ ਅੰਗੂਠਾ ਲਵਾ ਲਿਆ। ਜਿਵੇਂ ਹੀ ਬਾਪੂ ਵਾਲੇ ਪੰਜ ਕਿੱਲੇ ਵਾਹਣ ਮਿਲ ਗਿਆ, ਬਜੁਰਗ ਦੀ ਜੂਨ ਕੁੱਤਿਆਂ ਵਰਗੀ ਹੋ ਗਈ। ਵੇਲੇ ਕੁਵੇਲੇ ਰੋਟੀ ਮਿਲ ਗਈ ਤਾਂ ਠੀਕ, ਨਹੀਂ ਫਿਰ ਢਿੱਡ ਨੂੰ ਗੰਢਾਂ ਦੇ ਕੇ ਸੌਂ ਜਾਣਾ। ਭਗਤਾ ਵੀ ਰੋਵੇ, ਪਿੱਟੇ— “ਉਏ ਲੋਕੋ ! ਆਪਣਾ ਖੂਨ ਚਿੱਟਾ ਹੋ ਗਿਆ ਭਾਈ। ਮੈਂਨੂੰ ਬਘੇਲਾ ਡੋਬਾ ਦੇ ਗਿਆ।” ਪਿੰਡ ਵਿੱਚ ਕਿਸੇ ਉੱਪਰ ਵਧੀਕੀ ਹੋਵੇ ਤਾਂ ਪੰਚਾਇਤ ਆਪਣੀ ਭੂਮਿਕਾ ਨਿਭਾਉਂਦੀ ਹੈ ਪਰ ਜਿੱਥੇ ਇੱਕ ਧਿਰ ਵਧੇਰੇ ਜ਼ਾਲਮਾਨਾ ਤੇ ਤਕੜੀ ਹੋਵੇ ਤਾਂ ਉੱਥੇ ਦੜ੍ਹ ਵੱਟਣ ਦੀ ਕੋਸ਼ਸ ਵੀ ਕੀਤੀ ਜਾਂਦੀ ਹੈ। ਪਿੰਡਾਂ ਵਿੱਚ ਇੱਕ ਤੋਂ ਬਾਅਦ ਫੈਲਦੀ ਦੂਜੀ ਬੁਰਾਈ ਇੱਕ ਚਿੰਤਾ ਨੂੰ ਦਰਸਾਉਂਦੀ ਹੈ। ਜਗਤੂ ਦਾ ਸਰੀਰ ਜਦੋਂ ਨਸ਼ਿਆਂ ਕਾਰਨ ਬੇਕਾਰ ਹੋ ਗਿਆ ਤਾਂ ਉਸ ਨੇ ਸੀਰਪੁਣਾ ਛੱਡ ਦਿੱਤਾ ਤੇ ਆਪਣੀ ਜਗ੍ਹਾ ਆਪਣੇ ਮੁੰਡੇ ਨੇਕੀ ਨੂੰ ਸੀਰੀ ਰੱਖਵਾ ਦਿੱਤਾ। ਅਮਲੀਆਂ ਦੀਆਂ ਔਰਤਾਂ ਦੀ ਪਰਿਵਾਰਕ ਹਾਲਤ ਵਧੇਰੇ ਤਰਸਯੋਗ ਹੁੰਦੀ ਹੈ। ਲਾਜੋ ਇਸੇ ਗੱਲ ਦੀ ਗਵਾਹੀ ਭਰਦੀ ਹੈ। ਉਸ ਦੀ ਜ਼ਿੰਦਗੀ ਦੇ ਅੰਤਮ ਸਮੇਂ ਨੂੰ ਨਾਵਲਕਾਰ ਇੰਝ ਬਿਆਨ ਕਰਦਾ ਹੈ— ਪਿੰਡ ਦੇ ਕਈ ਸਮਾਜ ਸੇਵੀ ਬੰਦਿਆਂ ਨੇ ਹੰਭਲਾ ਮਾਰ ਕੇ ਪੈਸੇ ਇਕੱਠੇ ਕੀਤੇ, ਲਾਜੋ ਦੇ ਟੈਸਟ ਕਰਵਾਏ। ਅਫਸੋਸ ! ਸਾਰੀ ਉਮਰ ਘੱਟਾ ਢੋਣ ਵਾਲੀ, ਅਮਲੀ ਦਾ ਗੋਲਪੁਣਾ ਕਰਨ ਵਾਲੀ ਲਾਜੋ ਮੰਜੇ ਤੇ ਨਿਢਾਲ ਪਈ ਮੌਤ ਦੇ ਕਰੀਬ ਆ ਗਈ ਸੀ। ਉਸ ਨੂੰ ਕੈਂਸਰ ਸੀ। ਕੈਂਸਰ ਦੀ ਸ਼ਿਕਾਰ ਲਾਜੋ ਮਰਨ ਤੋਂ ਪਹਿਲਾਂ ਆਪਣੀਆਂ ਜ਼ਿਮੇਵਾਰੀਆਂ ਨਿਭਾਉਣ ਦੀ ਇੱਛੁਕ ਸੀ। ਇਸੇ ਕਾਰਨ ਉਸ ਨੂੰ ਵਧੇਰੇ ਚਿੰਤਾ ਆਪਣੇ ਮੁੰਡੇ ਦੇ ਵਿਆਹ ਦੀ ਸੀ। ਨੇਕੀ ਜਦੋਂ ਟਰੱਕ ਕੰਡਕਟਰ ਬਣ ਕੇ ਹੋਰਨਾਂ ਸੂਬਿਆਂ ਵਿੱਚ ਜਾਣ ਲੱਗਾ ਤਾਂ ਉਸ ਦਾ ਰਹਿਣ ਸਹਿਣ ਵੀ ਬਦਲ ਗਿਆ। ਉਹ ਨਸੀਰਾਂ ਨਾਂ ਦੀ ਬੰਗਾਲਣ ਵਿਆਹ ਕੇ ਪਿੰਡ ਲੈ ਆਇਆ ਤਾਂ ਪਿੰਡ ਵਿੱਚ ਇਸ ਸਬੰਧੀ ਚਰਚਾ ਹੋਣ ਲੱਗੀ ਪਰ ਲਾਜੋ ਤੇ ਜਗਤੂ ਨੂੰ ਆਪਣੇ ਪੁੱਤ ਦਾ ਘਰ ਵਸ ਜਾਣ ਕਾਰਨ ਖੁਸ਼ੀ ਹੋਈ। ਨੇਕੀ ਦੇ ਕਈ ਕਈ ਮਹੀਨੇ ਘਰੋਂ ਬਾਹਰ ਰਹਿਣ ਕਾਰਨ ਨਸੀਰਾਂ ਦੇ ਪਿੰਡ ਦੇ ਮੁੰਡਿਆਂ ਨਾਲ ਬਣੇ ਸਬੰਧਾਂ ਨੇ ਉਸ ਸਮੇਂ ਪਿੰਡ ਵਿੱਚ ਸਹਿਮ ਦਾ ਮਾਹੌਲ ਬਣਾ ਦਿੱਤਾ ਜਦ ਉਸ ਦੀ ‘ਏਡਜ’ ਸਬੰਧੀ ਰਿਪੋਰਟ ਆਈ। ਅਜ਼ੀਜ਼ ਨੇ ਜਿੱਥੇ ਪਿੰਡ ਵਿੱਚ ਵਗਦੀਆਂ ਤੱਤੀਆਂ ਹਵਾਵਾਂ ਦੇ ਸੇਕ ਵਿੱਚ ਝੁਲਸਦੀਆਂ ਜਿੰਦਾਂ ਦਾ ਜਿਕਰ ਕਰਦੇ ਹੋਏ ਇੱਕ ਚਿੰਤਾ ਜ਼ਾਹਰ ਕੀਤੀ ਹੈ ਉਥੇ ਇਹਨਾਂ ਹਵਾਵਾਂ ਦੇ ਸੇਕ ਤੋਂ ਪਿੰਡ ਦੀ ਹਿਫਾਜਤ ਕਰਨ ਦੇ ਇਛੁਕ ਜਸਵੰਤ ਸਿੰਘ ਵਰਗੇ ਪਾਤਰਾਂ ਰਾਹੀਂ ਉਮੀਦ ਪੈਦਾ ਕੀਤੀ ਹੈ। ਜਸਵੰਤ ਸਿੰਘ ਵਰਗਾ ਪੜ੍ਹਿਆ—ਲਿਖਿਆ, ਆਦਰਸ਼ਵਾਦੀ ਪਾਤਰ ਪਿੰਡ ਦੀ ਭਲਾਈ ਵਿੱਚ ਜੋ ਭੂਮਿਕਾ ਨਿਭਾਉਂਦਾ ਹੈ ਉਹ ਕਿਸੇ ਵੀ ਪਿੰਡ ਵਿੱਚ ਸੁਖਾਵੇਂ ਮਾਹੌਲ ਦੀ ਸਿਰਜਣਾ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਹ ਨਵੇਂ ਤਰੀਕੇ, ਨਵੀਆਂ ਵਿਧੀਆਂ ਅਪਨਾ ਕੇ ਖੇਤੀ ਕਰਨ ਤੇ ਵਧੇਰੇ ਮੁਨਾਫਾ ਕਮਾਉਣ ਦਾ ਰਾਹ ਦਿਖਾਉਂਦਾ ਹੈ। ਪਿੰਡਾਂ ਵਿੱਚ ਸਮਾਜ ਸੇਵੀ ਸੰਸਥਾਵਾਂ ਬਣਾ ਕੇ ਹੀ ਅੱਗੇ ਵਧਿਆ ਜਾ ਸਕਦਾ ਹੈ। ਚੇਤਨਤਾ ਪੈਦਾ ਕਰਨ ਲਈ ਲੋਕਾਂ ਨੂੰ ਪੜ੍ਹਾਈ ਵੱਲ ਪ੍ਰੇਰਨਾ ਜ਼ਰੂਰੀ ਹੈ। ਆਰਥਿਕ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਖੁਸ਼ੀਆਂ ਗਮੀਆਂ ਨਾਲ ਜੁੜੀਆਂ ਰਸਮਾਂ ਨਿਭਾਈਆਂ ਜਾਣ ਤਾਂ ਜ਼ਿੰਦਗੀ ਵਧੇਰੇ ਸੁਖਾਲੀ ਹੋ ਸਕਦੀ ਹੈ। ਨਾਵਲਕਾਰ ਨੇ ਆਪਣੇ ਇਸ ਨਾਵਲ ਵਿੱਚ ਜਿੱਥੇ ਅਨੇਕਾਂ ਬੁਰਾਈਆਂ ਦਾ ਸ਼ਿਕਾਰ ਹੋਏ ਲੋਕਾਂ ਦੀ ਪਰੇਸ਼ਾਨੀ ਦੇ ਕਾਰਨਾਂ ਨੂੰ ਉਭਾਰਿਆ ਹੈ ਉਥੇ ਇਹਨਾਂ ਬੁਰਾਈਆਂ ਨਾਲ ਨਜਿੱਠਣ ਲਈ ਰਸਤਾ ਵੀ ਦਿਖਾਇਆ ਹੈ। ਇੱਕ ਆਦਰਸ਼ਵਾਦੀ ਧਰਾਤਲ ਦੀ ਤਲਾਸ਼ ਕਰਦਾ ਇਹ ਨਾਵਲ ਥੋੜੇ ਵਿੱਚ ਬਹੁਤਾ ਸਮੇਟਣ ਦੀ ਕੋਸ਼ਿਸ ਹੈ। ਛੋਟੀਆਂ ਛੋਟੀਆਂ ਅਨੇਕਾਂ ਘਟਨਾਵਾਂ ਨਾਵਲ ਦੀ ਵਿਸ਼ਾ ਲੜੀ ਨੂੰ ਤੋੜਦੀਆਂ ਜ਼ਰੂਰ ਹਨ ਪਰ ਮੌਕਾ ਮੇਲ ਬਣ ਕੇ ਨਾਵਲ ਵਿੱਚ ਰੌਚਕਤਾ ਭਰ ਦਿੰਦੀਆਂ ਹਨ। ਚਿੰਤਾ ਤੋਂ ਸ਼ੁਰੂ ਹੋਇਆ ਨਾਵਲ ਇੱਕ ਉਮੀਦ ਭਰੀ ਕੋਸ਼ਿਸ ਤੇ ਖਤਮ ਹੁੰਦਾ ਹੈ ਜਿਸ ਤੋਂ ਪਾਠਕ ਦੀ ਸੋਚ ਨੂੰ ਇੱਕ ਸਕੂਨ ਪ੍ਰਾਪਤੀ ਤਾਂ ਹੁੰਦੀ ਹੀ ਹੈ ਸਗੋਂ ਸਮਾਜ ਦੇ ਹਿੱਤਾਂ ਲਈ ਕੁੱਝ ਕਰਨ ਦੀ ਪ੍ਰੇਰਨਾ ਵੀ ਮਿਲਦੀ ਹੈ। ਅਮਲੀਆਂ ਦੀ ਤਰਸਯੋਗ ਹਾਲਤ ਜਿਥੇ ਨਸ਼ੇੜੀਆਂ ਪ੍ਰਤੀ ਚਿੰਤਾ ਪ੍ਰਗਟਾਉਂਦੀ ਹੈ ਉਥੇ ਉਹਨਾਂ ਦੀਆਂ ਹਰਕਤਾਂ ਰਾਜਸੀ ਤੇ ਸਮਾਜਕ ਤੱਤਾਂ ’ਤੇ ਕਟਾਖਸ ਕਰਦੀਆਂ ਨਜਰ ਆਉਂਦੀਆਂ ਹਨ। ਨਿੱਕੀਆਂ ਨਿੱਕੀਆਂ ਬੁਰਾਈਆਂ ਨੂੰ ਜੇ ਕਾਬੂ ਹੇਠ ਨਾ ਕੀਤਾ ਜਾਵੇ ਤਾਂ ਭਵਿੱਖ ਵਿੱਚ ਇਹੋ ਵੱਡੀ ਮੁਸੀਬਤ ਬਣ ਜਾਂਦੀਆਂ ਹਨ। ਨਾਵਲਕਾਰ ਇਸੇ ਪਹਿਲੂ ਨੂੰ ਦ੍ਰਿਸ਼ਟੀਗੋਚਰ ਕਰਦਾ ਹੈ। ਪਾਤਰਾਂ ਦੀ ਸਾਦ ਮੁਰਾਦੀ ਜ਼ਿੰਦਗੀ ਤੇ ਸੰਜਮਤਾ ਭਰੀ ਵਾਰਤਾਲਾਪ, ਕਥਾਨਕ ਦੀ ਗਤੀ ਨੂੰ ਇਕਸੁਰਤਾ ਵਿੱਚ ਅੱਗੇ ਤੋਰੀ ਰੱਖਦੀ ਹੈ ਅਤੇ ਇਸ ਲੈਅ ਵਿੱਚ ਜਨਮਿਆ ਨਾਵਲ ਪਾਠਕ ਲਈ ਸਦਾ ਉਤਸੁਕਤਾ ਭਰਪੂਰ ਬਣਿਆ ਰਹਿੰਦਾ ਹੈ। ਸ਼ਾਲਾ ! ਅਜ਼ੀਜ਼ ਸਰੋਏ ਦੀ ਕੋਸ਼ਿਸ ਸਾਰਥਿਕਤਾ ਦੀ ਧਾਰਨੀ ਬਣੇ। ਡਾ. ਸਿਮਰਜੀਤ ਗਿੱਲ 6/666 ਸਾਹਮਣੇ ਗਿੱਲ ਹਸਪਤਾਲ , ਦੁਸਾਂਝ ਰੋਡ ਮੋਗਾ

ਕੇਹੀ ਵਗੇ ਹਵਾ (ਨਾਵਲ) ਇੱਕ

ਸਵੇਰ ਦੇ ਸਾਢੇ ਚਾਰ ਵੱਜ ਚੁੱਕੇ ਸੀ ਪਰ ਹਨੇਰਾ ਅਜੇ ਵੀ ਕਾਫ਼ੀ ਸੀ। ਪਹੁ ਫੁੱਟ ਆਈ ਸੀ। ਵੱਡੇ ਗੁਰੂਦੁਆਰੇ ਵਾਲੇ ਪਾਠੀ ਨੇ ਨਲਕੇ ਤੋਂ ਤਾਜ਼ੇ ਪਾਣੀ ਦੀ ਬਾਲਟੀ ਭਰ ਕੇ ਇਸ਼ਨਾਨ ਵੀ ਕਰ ਲਿਆ ਸੀ। ਫਿਰ ਤੇੜ ਲਪੇਟੇ ਕੱਪੜੇ ਨੂੰ ਪੂਰੇ ਜ਼ੋਰ ਨਾਲ ਨਚੋੜ ਕੇ ਕੰਧੋਲੀ ’ਤੇ ਸੁੱਕਣਾ ਪਾ ਦਿੱਤਾ। ਨਿੱਤ ਦੀ ਤਰ੍ਹਾਂ ਉਸਨੇ ਮਾਈਕ ’ਤੇ ਪੋਲੇ—ਪੋਲੇ ਠੋਲੇ ਜਿਹੇ ਮਾਰ ਕੇ ਚੇਤ ਮਹੀਨੇ ਦਾ ਦਿਨ, ਵਾਰ, ਤਿੱਥ ਤਰੀਕ, ਗੰਡ—ਮੂਲ ਆਦਿ ਦੱਸਦਿਆਂ ਸਪੀਕਰ ਚਾਲੂ ਕਰ ਦਿੱਤਾ। ‘ਕੋਈ ਬੋਲੇ ਰਾਮ—ਰਾਮ, ਕੋਈ ਖੁਦਾਇ’, ਸ਼ਬਦ ਚਾਰੇ ਕੂਟਾਂ 'ਚ ਗੂੰਜ ਉੱਠਿਆ। ਕੁੱਝ ਹੀ ਸਮੇਂ ਬਾਅਦ ਰਮਦਾਸੀਆਂ ਦੇ ਗੁਰੂ—ਘਰ ਅਤੇ ਨੇੜਲੇ ਪਿੰਡਾਂ ਰਿਉਂਦ, ਮਘਾਣੀਆਂ, ਭਾਵਾ ਦੇ ਗੁਰੂਘਰਾਂ ਚੋਂ ਆਉਂਦੀਆਂ ਆਵਾਜਾਂ ਆਪਸ ’ਚ ਟਕਰਾਉਣ ਲੱਗੀਆਂ। ਪਰਤਵੀਆਂ ਆਵਾਜ਼ਾਂ ਸੰਗ ਕੁੱਝ ਵੀ ਸਮਝ ਨਹੀਂ ਸੀ ਆ ਰਿਹਾ। ਇੰਝ ਲੱਗਦਾ ਸੀ, ਜਿਵੇਂ ਆਵਾਜ਼ਾਂ ਦਾ ਮੁਕਾਬਲਾ ਚੱਲ ਰਿਹਾ ਹੋਵੇ। ਅੱਧਾ ਪੀਰਾਂਵਾਲੀ ਜਾਗ ਉੱਠਿਆ ਸੀ। ਠੰਢੀ ਠਾਰ ਰੁਮਕਦੀ ਹਵਾ ਕਦੋਂ ਦੀ ਪੱਤਿਆਂ ਨੂੰ ਝੱਲ ਮਾਰ ਰਹੀ ਸੀ। ਦੂਰ ਖੜ੍ਹੇ ਰੁੱਖਾਂ ਤੋਂ ਅਜੇ ਵੀ ਬੁੱਤਾਂ ਦਾ ਝਾਉਲ਼ਾ ਪੈਂਦਾ ਸੀ। ਸਪੀਕਰ ਦੀ ਆਵਾਜ਼ ਸੁਣ ਕੇ ਜਗਤੂ ਅਮਲੀ ਤੇ ਉਸ ਦਾ ਮੁੰਡਾ ਨੇਕੀ ਜਾਗ ਉੱਠੇ। ਨੇਕੀ ਚਾਹ ਪੀਤੇ ਤੋਂ ਬਿਨਾਂ ਹੀ ਬਘੇਲ ਦੇ ਘਰ ਵੱਲ ਚੱਲ ਪਿਆ। ਉਸ ਨੇ ਜਾਣ ਸਾਰ ਡੰਗਰਾਂ ਦੀ ਸੰਨ੍ਹੀ ਕਰਨੀ ਹੈ। ਸੱਜਰ ਸੂਈਆਂ ਮੱਝਾਂ ਦੀ ਧਾਰ ਵੀ ਕੱਢਣੀ ਹੈ। ਜਗਤੂ ਨੇ ਲਾਜੋ ਨੂੰ ਗਹੁ ਨਾਲ ਤੱਕਿਆ। ਉਹ ਅਜੇ ਵੀ ਅੱਧਨੀਂਦਰੀ ਸੁੱਤੀ ਪਈ ਸੀ । “ਉੱਠ ਜਾ ਭਾਗਵਾਨੇ। ਹੁਣ ਤਾਂ ਬਾਬੇ ਵੀ ਬੋਲਪੇ।” ਜਗਤੂ ਨੇ ਉਸ ਨੂੰ ਹਲੂਣਿਆਂ। ਉਸਨੇ ਢਿੱਲੜ ਜਿਹੇ ਮੰਜੇ ’ਤੇ ਪਾਸਾ ਮਾਰਿਆ ਤਾਂ ਮੰਜੇ ਨੇ ਜ਼ੋਰ ਦੀ ਚੂੰ ਦੀ ਆਵਾਜ਼ ਦਿੱਤੀ। ਜਗਤੂ ਸਮਝ ਗਿਆ ਸੀ, ਲਾਜੋ ਨੇ ਕੁੱਝ ਹੀ ਸਮੇਂ ਬਾਅਦ ਖੜ੍ਹੇ ਹੋ ਜਾਣਾ ਹੈ ਤੇ ਆਪਣੇ ਚੁੱਲ੍ਹੇ—ਚੌਂਕੇ ਦੇ ਆਹਰੀਂ ਲੱਗ ਜਾਣਾ ਹੈ। ਉਹ ਚਾਹ ਪੀਤੇ ਤੋਂ ਬਿਨਾਂ ਹੀ ਜੱਗਰ ਦੀ, ਛੱਪੜ ਨਾਲ ਲੱਗਦੀ ਜ਼ਮੀਨ 'ਚ ਜੰਗਲ ਪਾਣੀ ਨੂੰ ਚੱਲ ਪਿਆ। ਸੰਘਣੇ ਹਨੇਰੇ ’ਚ ਇੱਕ ਦੋ ਜਣੇ ਲੰਮੀਆਂ ਪੁਲਾਂਘਾਂ ਪੁੱਟਦੇ, ਉਸ ਦੇ ਮੂਹਰਦੀ ਲੰਘ ਗਏ ਪਰ ਉਸ ਤੋਂ ਉਹ ਬੰਦੇ ਪਛਾਣੇ ਨਾ ਗਏ। ਕਾਫੀ ਚਿਰ ਤੱਕ ਉਸ ਨੂੰ ਮੂਹਰੇ ਲੰਘਣ ਵਾਲਿਆਂ ਦੀਆਂ ਚੱਪਲਾਂ ਦੀ ‘ਪਟਾਕ—ਪਟਾਕ’ ਸੁਣਦੀ ਰਹੀ। ਕਾਹਲੀ ’ਚ ਉਹ ਤੇੜ ਚਾਦਰਾ ਹੀ ਲਪੇਟ ਲਿਆਇਆ। ਛੱਪੜ ਦੇ ਗੰਦੇ ਪਾਣੀ ’ਚ ਪੈਦਾ ਹੋਇਆ ਮੱਛਰ, ਉਸ ਦੇ ਖੱਬੇ ਗਿੱਟੇ ’ਤੇ ਲੜਿਆ ਤਾਂ ਉਸ ਨੇ ਪੈਰ ਉੱਪਰ ਚੁੱਕ ਕੇ ਜੋਰ ਦੀ ਹੱਥ ਮਾਰਿਆ— “ਹੈ, ਮੇਰੇ ਪੁੱਤ ਦਾ, ਕਿਮੇਂ ਵੱਡ ਖਾਣ ਨੂੰ ਪੈਂਦੈ। ਜੇੜ੍ਹਾ ਛਟਾਂਕ ਖੂਨ ਹੈਗੈ, ਤੂੰ ਚੂਸ ਲੇਂ ਗਾ।” ਮੱਧਮ ਹਨ੍ਹੇਰੇ ’ਚ ਉਹ ਵੱਡੀ ਵੱਟ ਕੋਲ ਹੀ ਡਰਦਾ—ਡਰਦਾ ਬੈਠ ਗਿਆ । “ਕਿਤੇ ਜੱਗਰ ਵੀ ਨਾ ਆਜੇ। ਉਹ ਤਾਂ ਮਾਂ ਭੈਣ ਦੀ ਗਾਲ੍ਹ ਤੋਂ ਬਿਨਾਂ ਨੀ ਬੋਲਦਾ।” ਉਸ ਨੂੰ ਜੱਗਰ ਦਾ ਡਰ ਵੀ ਸਤਾ ਰਿਹਾ ਸੀ। ਜੱਗਰ ਨੇ ਕੱਲ੍ਹ ਹੀ ਗੁਰੂ—ਘਰ ਤੋਂ ਹੋਕਰਾ ਮਰਵਾਇਆ। ਗੁਰੂਘਰ ਵਾਲੇ ਪਾਠੀ ਨੂੰ ਜਾ ਕੇ ਕਹਿੰਦਾ — “ਬਾਬਾ ਜੀ, ਹੋਕਰਾ ਮਾਰੋ, ਲੋਕ ’ਜਾੜਾ ਕਰੀ ਜਾਂਦੇ ਨੇ। ਥਾਂ ਕ ਥਾਂ ਵੀ ਨੀ ਵੇਖਦੇ।” ਜੱਗਰ ਆਪ ਵੀ ਲੋਈ ਪਾਟਦੀ ਨਾਲ ਹੀ ਕਹੀ ਦਾ ਬਾਂਹਾਂ ਲੈ ਕੇ ਆ ਖੜ੍ਹਦਾ ਹੈ। ਬੇਰੀ ਤੋਂ ਮੋਟੇ ਡਾਹਣੇ ਛਾਂਗ ਕੇ ਉਸ ਨੇ ਵਾੜ ਵੀ ਕਰ ਦਿੱਤੀ ਪਰ ਫਿਰ ਵੀ ਲੋਕ ਆਸਾ—ਪਾਸਾ ਵੇਖ, ਡਾਹਣੇ ਪਾਸੇ ਕਰਕੇ ਬੈਠ ਜਾਂਦੇ ਹਨ। ਜਿਹੜਾ ਜੱਗਰ ਦੇ ਡਿੱਕੇ ਚੜ੍ਹ ਜਾਂਦਾ ਹੈ, ਉਹਦੀ ਤਾਂ ਜੱਗਰ ਮਾਂ—ਭੈਣ ਇੱਕ ਕਰ ਦਿੰਦਾ ਹੈ। ਸਵੇਰ ਵੇਲੇ ਛੱਪੜ ਵੱਲ, ਕੀੜਿਆਂ ਦੇ ਭੌਣ ਵਾਂਗੂ, ਕੋਈ ਆਉਂਦਾ ਤੇ ਕੋਈ ਜਾਂਦਾ ਨਜ਼ਰੀਂ ਪੈਂਦਾ ਹੈ। ਸਿਆਣੇ ਬੰਦੇ ਤਾਂ ਹੱਥ ’ਚ ਪਾਣੀ ਦੀ ਬੋਤਲ ਜਾਂ ਡੱਬਾ ਲੈ ਕੇ ਆਉਂਦੇ ਹਨ ਪਰ ਨਵੀਂ ਮੁੰਡੀਰ ਤਾਂ ਛੱਪੜ ’ਤੇ ਹੀ ਕੰਮ ਸਾਰ ਲੈਂਦੀ ਹੈ। ਜਗਤੂ ਕਣਕ ਦੀ ਦੌਗੀ ਮਿੱਧ ਕੇ ਬੈਠਣ ਲੱਗਿਆ ਤਾਂ ਜੱਗਰ ਨੇ ਦੂਰੋਂ ਹੀ ਲਲਕਾਰਾ ਮਾਰਿਆ— “ਅਮਲੀਆ, ਫਸਲ ਪੁੱਤਾਂ ਮਾਂਗੂ ਪਾਲ਼ੀ ਐ। ਦੋ ਕਿੱਲੇ ਅੱਗੇ ਮਰਜਿਆ ਕਰ।” “ਕੋਈ ਨਾ ਬਾਈ, ਅੱਗੇ ਤੋਂ ਨੀਂ ਬੈਂਦ੍ਹਾ। ਅੱਜ ਤਾਂ ਗਲਤੀ ਮਲਤੀ ਮਾਫ ਕਰ।” ਜਗਤੂ ਨੇ ਮਿੰਨਤ ਤਰਲਾ ਕੀਤਾ, ਤਾਂ ਕਿਤੇ ਜਾ ਕੇ ਜੱਗਰ ਨੇ ਖਹਿੜਾ ਛੱਡਿਆ। ਦਸ ਮਿੰਟਾਂ ਬਾਅਦ ਬੁੜ—ਬੁੜ ਕਰਦਾ ਉਹ ਵਾਪਸ ਪਰਤ ਆਇਆ । ਉਸਦੇ ਮੁੜਦਿਆਂ ਤਕ ਚਿੱਟਾ ਦਿਨ ਚੜ੍ਹ ਆਇਆ। ਸੂਰਜ ਜੱਗਰ ਦੇ ਖੇਤ, ਸਮਾਧ ਵਾਲੀ ਬੇਰੀ ਦੀਆਂ ਵਿਰਲੀਆਂ ਟਾਹਣੀਆਂ ਦੇ ਪਿਛਲੇ ਪਾਸਿਓਂ ਚੜ੍ਹਦਾ ਵਿਖਾਈ ਦੇਣ ਲੱਗਾ। ਲਾਜੋ ਵੀ ਜਾਗ ਉੱਠੀ ਸੀ। ਕੋਸੇ ਪਾਣੀ ਦੇ ਛਿੱਟੇ ਮਾਰ ਕੇ ਉਸਨੇ ਆਪਣੇ ਕੱਦੂ ਰੰਗੇ ਸ਼ਾਲ ਨਾਲ ਮੂੰਹ ਪੂੰਝਿਆ ਤੇ ਉਸਦੇ ਮੂੰਹੋਂ ਸਹਿਜ—ਸ਼ੁਭਾਅ ਹੀ ਨਿਕਲਿਆ— “ਵਾਖਰੂ, ਸੱਚਿਆ ਪਾ ਛਾ, ਤੂੰ ਹੀਂ ਐਂ ਮੇਰਿਆ ਮਾਲਕਾ।” ਛਿਟੀਆਂ ਦਾ ਝੋਕਾ ਲਾ ਕੇ ਉਹ ਚਾਹ ਧਰਨ ਲੱਗੀ। “ਗਿੱਲੀਆਂ ਹੋਈਆਂ ਪਈਆਂ ਨੇ, ਏਨਾਂ ਨੂੰ ਕੇੜ੍ਹਾ, ਜੈ ਵੱਢੀ ਦੀਆਂ ਨੂੰ, ਸ਼ੇਤੀ ਅੱਗ ਲੱਗਦੀ ਐ।” ਛਿਟੀਆਂ ਗਿੱਲੀਆਂ ਹੋਣ ਕਾਰਨ, ਅੱਗ ਨਹੀਂ ਸੀ ਫੜ ਰਹੀਆਂ। ਅੱਗ ਥੋੜੀ ਜਿਹੀ ਧੁਖਦੀ, ਫਿਰ ਬੁੱਝ ਜਾਂਦੀ। “ਲਿਆ ਭੋਰਾ, ਜੇ ਬਣਗੀ ।” ਅਮਲੀ ਖੰਘੂਰੇ ਮਾਰਦਾ ਘਰ ਪਹੁੰਚ ਗਿਆ। ਉਸਨੇ ਕੌਲ਼ੇ ਨਾਲ ਲੱਗਿਆ ਮੰਜਾ ਪਿੱਠ ਪਿੱਛੇ ਚੁੱਕਿਆ। “ਬੈਠਜਾ ਹਲੇ, ਬਾਲ਼ਾ ਨੀ ਆਇਆ।” ਲਾਜੋ ਨੇ ਅੱਗ ਧੁਖਾਉਣ ਲਈ ਫੂਕਣੀ ਚੁੱਕੀ। ਜਗਤੂ ਸੂਰਜ ਵੱਲ ਮੂੰਹ ਕਰਕੇ ਮੰਜੇ ’ਤੇ ਬੈਠ ਗਿਆ। ਮੱਠੀ—ਮੱਠੀ ਧੁੱਪ ਉਸਨੂੰ ਚੰਗੀ ਲੱਗੀ। “ਲੈ ਫੜ।” ਲਾਜੋ ਨੇ ਚਾਹ ਦੀ ਬਾਟੀ ਜਗਤੂ ਮੂਹਰੇ ਕਰ ਦਿੱਤੀ। ਫਿਰ ਆਪਣੇ ਕੰਮਾਂ ’ਚ ਲੱਗ ਗਈ। ਜਗਤੂ ਨੇ ਬਾਟੀ ਦੋਵੇਂ ਹੱਥਾਂ ਨਾਲ ਘੁੱਟ ਕੇ ਮੂੰਹ ਨਾਲ ਲਾਈ। ਤਿੰਨ ਕੁ ਘੁੱਟਾਂ ਵਿੱਚ ਹੀ ਸਾਰੀ ਚਾਹ ਛੜ੍ਹਾਕ ਗਿਆ ਤੇ ਫਿਰ ਰੋਜ਼ਮਰਾ ਦੀ ਤਰ੍ਹਾਂ, ਬੱਸ—ਅੱਡੇ ਨੂੰ ਚੱਲ ਪਿਆ। * * * ਜਗਤੂ ਅੱਡੇ ਕੋਲ ਦੀ ਲੰਘਿਆ ਤਾਂ ਬੁੱਢੀ ਮਾਈ, ਬੋਹੜ ਕੋਲ ਬੈਠੀ ਨਜ਼ਰੀਂ ਪਈ। ਜਗਤੂ ਨੂੰ ਉਹ ਓਪਰੇ ਪਿੰਡ ਦੀ ਲੱਗੀ, ਫਿਰ ਵੀ ਉਸ ਨੇ, ਉਸ ਨੂੰ ਬੁਲਾ ਹੀ ਲਿਆ। “ਕਿੱਦਰ ਜਾਣੈ, ਬੇਬੇ ?” “ਸੰਦਲੀ ਜਾਣੈ, ਭਾਈ। ਪੁੱਛਾਂ ਲੈਣ ਆਈ ਸੀ, ਟਿੱਬੀ ਆਲ਼ੇ ਬਾਬੇ ਕੋਲ।” “ਕੋਈ ਗੱਲ, ਰਾਹ ਪਈ ਕੇ ਨਾ ?” “ਸੱਤ ਚੌਂਕੀਆਂ ਭਰਨ ਨੂੰ ਕਿਹੈ, ਗੱਲ ਫੇਰ ਕੋਈ ਤਣ—ਪੱਤਣ ਲੱਗੂ।” “ਬਾਬਾ ਕਰਨੀ ਆਲ਼ੈ, ਬੇਬੇ। ਜਿਮੇਂ ਕੈਂਦ੍ਹੈ, ਕਰੀ ਚੱਲ। ਏਥੇ ਤਾਂ ਹਰੇਕ ਦੀਆਂ ਮਰਾਦਾਂ ਪੂਰੀਆਂ ਹੁੰਦੀਆਂ ਨੇ।” ਜਗਤੂ ਪੁਲਾਂਘ ਪੁੱਟਦਾ ਅੱਗੇ ਲੰਘ ਗਿਆ। ਬੁੱਢੀ ਮਾਈ ਬੱਸ ਦੀ ਉਡੀਕ ’ਚ ਬੈਠੀ—ਬੈਠੀ ਅੱਕ ਗਈ। “ਲੈ, ਕੋੜ੍ਹੀ ਤੋਂ ਬੱਸ ਬਾਰੇ ਤਾਂ ਪੁੱਛਿਆ ਈ ਨੀ।” ਗੱਲਾਂ ਕਰਦਿਆਂ, ਜਗਤੂ ਤੋਂ ਬੱਸ ਬਾਰੇ ਪੁੱਛਣਾ ਤਾਂ ਉਹ ਭੁੱਲ ਹੀ ਗਈ। ਉਸ ਨੇ ਉੱਠ ਕੇ, ਨਾਲੇ ਵੱਲ ਵੀ ਨਜ਼ਰ ਮਾਰੀ ਪਰ ਬੱਸ ਆਉਂਦੀ ਨਜ਼ਰੀਂ ਨਾ ਪਈ। ਫਿਰ ਉਸ ਨੇ ਨੇੜਿਓਂ ਹੀ ਸਾਈਕਲ ਘੜੀਸੀ ਜਾਂਦੇ ਮਛੋਰ੍ਹ ਤੋਂ ਪੁੱਛਿਆ— “ਵੇ ਪੁੱਤ, ਬੋਹਾ ਆਲ਼ੀ ਬੱਸ ਕਦ ਕ ਆਊ, ਭਲਾਂ ?” “ਅਜੇ ਤਾਂ ਖਾਸਾ ਟੈਮ ਪਿਐ, ਬੇਬੇ।” ਮੁੰਡਾ ਆਪਣਾ ਪੈਂਚਰ ਹੋਇਆ ਸਾਈਕਲ, ਰੋੜ੍ਹ ਕੇ ਨਾਹਰ ਪੈਂਚਰਾਂ ਵਾਲੇ ਦੀ ਦੁਕਾਨ ਵੱਲ ਚੱਲ ਪਿਆ। ਬੱਸ ਅੱਡੇ ਕੋਲ ਸਭ ਤੋਂ ਪੁਰਾਣੀ ਦੁਕਾਨ ਨਾਹਰ ਪੈਂਚਰਾਂ ਵਾਲ਼ੇ ਦੀ ਹੀ ਹੈ। ਦੁਕਾਨ ਦੇ ਬਾਹਰ ਕਿੰਨੇ ਹੀ ਜੰਗਾਲ ਲੱਗੇ ਸਾਈਕਲ, ਪੁਰਾਣੇ ਟਾਇਰ ਤੇ ਟਿਊਬਾਂ ਪਈਆਂ ਹਨ। ਹਵਾ ਭਰਨ ਵਾਲ਼ਾ ਪੰਪ ਕੌਲ਼ੇ ਨਾਲ ਲਾਇਆ ਪਿਆ ਹੈ। ਭਾਰੇ ਸਰੀਰ ਦਾ ਨਾਹਰ, ਪੈਂਚਰ ਦੀ ਪਰਖ ਕਰਨ ਲਈ, ਪਾਣੀ ਦੀ ਬੱਠਲੀ ਵਿੱਚ ਟਿਊਬ ਨੂੰ ਡੁਬੋ ਕੇ ਵੇਖਣ ਲੱਗਾ। ਉਸਨੇ ਫਿੜਕਿਆ ਜਿਹਾ ਸਾਈਕਲ ਆਪਣੇ ਕੋਲ ਲੰਮਾ ਪਾ ਰੱਖਿਆ ਸੀ। “ਕਿੰਨਾਂ ਕ ਟੈਮ ਲੱਗੂ ਤਾਇਆ ?” “ਆਹ ਮੂਹਰੇ ਦੋ ਸੈਂਕਲ ਖੜ੍ਹੇ ਨੇ। ਏਨਾਂ ਤੋਂ ਬਾਦ ਤੇਰੀ ਵਾਰੀ ਆਊ। ਹਲੇ ਛਮਾਈ ਰੱਖ।” ਨਾਹਰ ਨੇ ਪੈਂਚਰ ਵਾਲੀ ਥਾਂ ਨੂੰ ਰੇਤੀ ਨਾਲ ਰਗੜਿਆ, ਖੱਬੇ ਹੱਥ ਦੀ ਉਂਗਲ ਤੇ ਸਲੋਚਲ ਰੱਖ ਕੇ ਫਿਰ ਉਸੇ ਉਂਗਲ ਨੂੰ ਘੁਮਾਇਆ ਤੇ ਗੋਲ ਪੈਂਚਰ ਰੱਖ ਕੇ ਨਾਹਰ ਨੇ ਸਲੋਚਨ ਵਾਲ਼ੀ ਟਿਊਬ, ਪਾਨੇ ਚਾਬੀਆਂ ਵਾਲ਼ੀ ਲੱਕੜ ਦੀ ਪਟਾਰੀ ਵਿੱਚ ਵੱਗਵੀਂ ਮਾਰੀ। ਮਛੋਰ੍ਹ ਸਾਈਕਲ ਖੜ੍ਹਾ ਕਰ ਕੇ, ਲੱਕੜ ਦੀ ਕੁਰਸੀ ’ਤੇ ਬੈਠ ਗਿਆ ਤੇ ਅੱਡੇ ’ਤੇ ਬਣੀਆਂ ਨਵੀਆਂ ਦੁਕਾਨਾਂ ਵੱਲ ਤੱਕਣ ਲੱਗਾ। ਅੱਡੇ ’ਤੇ ਨਵੀਆਂ ਬਣੀਆਂ ਦੁਕਾਨਾਂ ਨੇ ਨਾਹਰ ਪੈਂਚਰਾਂ ਵਾਲ਼ੇ ਦੀ ਦੁਕਾਨ ਦੀ ਚਮਕ—ਦਮਕ ਘਟਾ ਦਿੱਤੀ। ਹੁਣ ਤਾਂ ਅੱਡੇ ’ਤੇ ਰਾਮਲਾਲ ਹਲਵਾਈ, ਬੀਰਾ ਹੇਅਰ ਡਰੈਸਰ, ਸਿੱਧੂ ਆਟੋ ਪਾਰਟਸ, ਗਾਮਾ ਮੋਬਾਇਲ ਰਿਪੇਅਰ ਸੈਂਟਰ ਤੇ ਹੋਰ ਕਿੰਨੀਆਂ ਹੀ ਦੁਕਾਨਾਂ ਨੇ ਦਰਮਿਆਨੇ ਜਿਹੇ ਪਿੰਡ ’ਚ ਮਿੰਨੀ ਮਾਰਕੀਟ ਬਣਾ ਦਿੱਤੀ। * * * ਜ਼ੋਰ ਦੀ ਲੰਮਾ ਹਾਰਨ ਵੱਜਿਆ ਤਾਂ ਬੁੱਢੀ ਮਾਈ ਉੱਠ ਕੇ ਸੇਮ ਨਾਲ਼ੇ ਵੱਲ ਦੇਖਣ ਲੱਗੀ। ਮਿੰਨੀ ਬੱਸ ਵੇਖਦਿਆਂ ਹੀ ਵੇਖਦਿਆਂ, ਸੇਮ ਨਾਲ਼ੇ ਦੀ ਢਾਲ ਉੱਤਰ ਗਈ। ਪਿੰਡ ਦੇ ਚੜ੍ਹਦੇ ਵੱਲ ਸੇਮ ਨਾਲ਼ਾ, ਬੱਸ ਅੱਡੇ ਤੋਂ ਪੰਜ ਕੁ ਕਿੱਲੇ ਵਾਟ ਪਿੰਡ ਦੇ ਬਾਹਰ—ਬਾਹਰ ਦੀ ਲੰਘਦਾ ਹੈ। ਬੱਸ ਅੱਡੇ ਤੋਂ ਝਾਤ ਮਾਰੀਏ, ਤਾਂ ਸਾਹਮਣੇ ਨਾਲੇ ਦੀ ਪਟੜੀ ’ਤੇ ਬੱਕਰੀਆਂ—ਭੇਡਾਂ ਦਾ ਇੱਜੜ ਚਰਦਾ ਵਿਖਾਈ ਦਿੰਦਾ ਹੈ। ਕਾਲ਼ੇ ਰੰਗ ਦੇ ਆਜੜੀ ਮੁੰਡੇ ਹੱਥ ਲੰਮੀ ਢਾਂਗੀ ਤੇ ਦੂਜੇ ਹੱਥ ਚਾਹ ਵਾਲੀ ਪਤੀਲੀ ਹੋਣ ਦਾ ਭੁਲੇਖਾ ਪੈਂਦਾ ਹੈ। ਪਟੜੀ ਤੋਂ ਜਦ ਕੋਈ ਵੱਡਾ ਸਾਧਨ ਲੰਘਦਾ ਹੈ ਤਾਂ ਉਹ ਲਿਸੜੂ ਮੁੰਡਾ ਆਪਣੀ ਢਾਂਗੀ ਨਾਲ ਇੱਜੜ ਪਾਸੇ ਕਰਦਾ, ਸਾਧਨ ਲੰਘਣ ਦਾ ਰਾਹ ਬਣਾਉਂਦਾ ਹੈ। ਨਾਲ਼ੇ ਦੀ ਪਟੜੀ ’ਤੇ ਹੁਣ ਟਾਂਵੀਆਂ—ਟੱਲੀਆਂ ਕਿੱਕਰਾਂ ਹੀ ਵਿਖਾਈ ਦਿੰਦੀਆਂ ਹਨ। ਉਹ ਵੀ ਲੰਡੀਆਂ ਹੋ ਗਈਆਂ। ਵੱਡੀਆਂ ਕਿੱਕਰਾਂ ਜਾਂ ਮਲ੍ਹੇ—ਝਾੜੀਆਂ ਤਾਂ, ਲੰਘਦੇ—ਟੱਪਦੇ ਲੋਕ ਬਾਲਣ ਲਈ, ਟਾਕੂਏ ਜਾਂ ਕੁਹਾੜੀਆਂ ਨਾਲ ਵੱਢ ਕੇ ਲੈ ਗਏ। ਹੁਣ ਤਾਂ ਪਹੇ ’ਤੇ ਕੱਕਾ ਰੇਤ ਹੀ ਉੱਡਦਾ ਵਿਖਾਈ ਦਿੰਦਾ ਹੈ। ਸਾਰੇ ਦਿਨ ਵਿੱਚ ਇੱਕੋ ਬੱਸ ਤਿੰਨ ਗੇੜੇ ਲਾਉਂਦੀ ਹੈ। ਰਿਉਂਦ ਤੋਂ ਚੱਲ ਕੇ ਪੀਰਾਂਵਾਲੀ ਤੋਂ ਮਘਾਣੀਆਂ ਤੇ ਸ਼ੇਰਖਾਂ ਹੁੰਦੀ ਹੋਈ ਬੋਹਾ ਤਕ ਜਾਂਦੀ ਹੈ। ਪਿੰਡ ਦੇ ਲੋਕਾਂ ਨੂੰ ਤਾਂ ਇਸਦੇ ਆਉਣ—ਜਾਣ ਦੀ ਸਮਾਂ—ਸਾਰਣੀ ਦਾ ਪਤਾ ਹੈ ਪਰ ਦੂਰ—ਦੁਰਾਡੇ ਜਾਣ ਵਾਲ਼ੀ ਕੋਈ ਇੱਕਾ—ਦੁੱਕਾ ਅਨਜਾਣ ਸਵਾਰੀ, ਬੱਸ ਦੀ ਉਡੀਕ 'ਚ ਪੱਥਰ ਬਣ ਜਾਂਦੀ ਹੈ। ਧੂੜ ਉਡਾਉਂਦੀ ਬੱਸ ਅੱਡੇ ’ਤੇ ਪਹੁੰਚ ਕੇ ਇੱਕ ਦਮ ਰੁਕੀ ਤਾਂ ਪਿਛਲੀ ਤਾਕੀ, ਜ਼ੋਰ ਨਾਲ ਖੁੱਲ੍ਹ ਕੇ, ਬੱਸ ਦੀ ਵੱਖੀ 'ਚ ਫੜਾਕ ਦੇਣੇ ਜਾ ਵੱਜੀ। ਪੰਜ ਜਮਾਤਾਂ ਪਾਸ, ਦੇਸੀ ਜਿਹਾ ਕੰਡਕਟਰ ਤਾਕੀ ਨਾਲ ਲੱਗੇ ਡੰਡੇ ਨੂੰ ਹੱਥ ਛੱਡਦਾ ਤੇਜ਼ੀ ਨਾਲ ਹੇਠਾਂ ਉੱਤਰ ਗਿਆ। “ਬੋਹਾ.....................ਬੋਹਾ.................. .....ਬੋਹਾ......।” ਸਵੇਰ ਤੋਂ ਉਡੀਕ ਰਹੀ ਬੁੱਢੀ ਮਾਈ ਦੀ ਜਾਨ 'ਚ ਜਾਨ ਪੈ ਗਈ। ਬੱਸ ਦਾ ਹਾਰਨ ਸੁਣ ਕੇ ਪਿੰਡ ਦੀਆਂ ਸਵਾਰੀਆਂ ਵੀ ਅੱਡੇ ’ਤੇ ਪਹੁੰਚ ਗਈਆਂ। ਉਹ ਇੱਕ—ਦੂਜੇ ਤੋਂ ਅੱਗੇ ਹੋ ਕੇ ਤਾਕੀ ਕੋਲ ਪਹੁੰਚਦੀਆਂ ਹਨ। ਬੁੱਢੀ ਮਾਈ ਖੱਦਰ ਦਾ, ਬੂਟੀਆਂ ਵਾਲਾ ਝੋਲਾ ਲੈ ਕੇ, ਚਿੱਤ ’ਚ ਸੋਚਦੀ ਹੋਈ, ਮੂਹਰਲੀ ਤਾਕੀ ਕੋਲ ਪਹੁੰਚ ਗਈ। “ਕਿਤੇ ਸੀਟ ਈ ਨਾ ਰੁਕਜੇੇ। ਬੁੱਢੇ ਸਰੀਰ ਨੂੰ ਖੜ੍ਹਨਾ ਵੀ ਔਖੈ।” ਸ਼ਹਿਰ ਜਾਣ ਵਾਲੇ ਪੜ੍ਹਾਕੂ ਮੁੰਡੇ, ਸਵਾਰੀਆਂ ਤੋਂ ਪਹਿਲਾਂ ਹੀ ਧੱਕਾ—ਮੁੱਕੀ ਕਰਦੇ ਤਾਕੀਆਂ ’ਚ ਲਮਕ ਗਏ। “ਜਾਅਦੇ ਕਾਲਿ੍ਹਓ, ਮੈਨੂੰ ਤਾਂ ਚੜ੍ਹ ਜਾਣ ਦੋ।” ਬੁੱਢੀ ਮਾਈ ਨੇ ਡੰਡੇ ਨੂੰ ਘੁੱਟ ਕੇ ਫੜ੍ਹ ਲਿਆ। ਜ਼ਿਆਦਾ ਤੇਜ਼—ਤਰਾਰ ਮੁੰਡਿਆਂ ਨੇ ਤਾਂ ਸੀਟਾਂ ਵੀ ਮੱਲ ਲਈਆਂ ਸੀ। “ਸੀਟਾਂ ਛੱਡੋ ਉਏ। ਸਵਾਰੀਆਂ ਨੂੰ ਤਾਂ ਬੈਠ ਜਾਣ ਦੋ, ਬ੍ਹੈ ਗੇ ਚੌੜੇ ਹੋ ਕੇ।” ਕੰਡਕਟਰ ਹੇਠਾਂ ਖੜ੍ਹਾ ਪੜ੍ਹਾਕੂਆਂ ਨੂੰ ਰੁੱਖਾ ਬੋਲਿਆ ਤਾਂ ਉਨ੍ਹਾਂ ਬੁੱਢੀਆਂ ਸਵਾਰੀਆਂ ਨੂੰ ਬਿਠਾ ਦਿੱਤਾ। ਇੱਕਾ—ਦੁੱਕਾ ਜ਼ਿੱਦੀ ਮੁੰਡਿਆਂ ਨੇ ਕੰਡਕਟਰ ਦੇ ਕਹਿਣ ’ਤੇ ਵੀ ਸੀਟ ਨਾ ਛੱਡੀ, ਸਗੋਂ ਉਹ ਕੰਡਕਟਰ ਵੱਲ ਕੌੜ ਮੱਝ ਵਾਂਗੂ ਝਾਕੇ। ਪੀਰਾਂਵਾਲੀ ਦੇ ਕਈ ਮੁੰਡੇ ਬੋਹਾ ਜਾਂਦੇ ਹਨ, ਉਚੇਰੀ ਪੜ੍ਹਾਈ ਕਰਨ ਲਈ। ਸ਼ਹਿਰ ਦੇ ਮਾਹੌਲ ਦਾ ਉਨ੍ਹਾਂ ’ਤੇ ਵੀ ਅਸਰ ਹੋ ਗਿਆ। ਖਾਣ—ਪੀਣ, ਪਹਿਨਣ, ਉੱਠਣ—ਬੈਠਣ ਦੇ ਸਭ ਤੌਰ—ਤਰੀਕੇ ਬਦਲ ਗਏ। ਪਿੰਡ ਦੀ ਸੱਥ ’ਚ ਜਾਂ ਬੱਸ—ਅੱਡੇ ’ਤੇ, ਵੇਖਣ ਵਾਲ਼ੇ, ਇਨ੍ਹਾਂ ਮੁੰਡਿਆਂ ਬਾਰੇ ਤਰ੍ਹਾਂ—ਤਰ੍ਹਾਂ ਦੀਆਂ ਗੱਲਾਂ ਕਰਦੇ ਹਨ— “ਮੁੰਡੇ ਤਾਂ ਸੈਰ ਜਾ ਕੇ ਮੱਛਰਗੇ ਬਈ।” “ਬੋਦੀਆਂ ਤਾਂ ਦੇਖੋ, ਕਿਮੇ ਰੱਖਦੇ ਐ ਵਾਹ ਕੇ।” “ਆਹ ਕਈਆਂ ਨੇ, ਸਾਲ਼ਿਆਂ ਨੇ, ਪਿੱਛੇ ਪੂੰਛਾਂ ਜੀਆਂ ਵੀ ਰੱਖ ਰੱਖੀਆਂ ਨੇ।” “ਵਾਲ਼ਾਂ ਤੇ ਗੂੰਦ ਵਰਗੀ ਦਵਾਈ ਜੀ ਵੀ ਲੌਂਦੇ ਨੇ।” “ਖੱਦਰ ਦੀਆਂ ਪੈਂਟਾਂ ਜੀਆਂ ਬੀ ਪਾ ਕੇ ਰੱਖਦੇ ਨੇ, ਕੀ ਕੈਂਅਦੇ ਨੇ ਓਹਨੂੰ ?” “ਜੀਂਨਸ .... ਜੀਂਨਸ...” “ਹਾਂ ਹਾਂ ਆਹੀ, ਜੀਂਸ ਜੂੰਨਸ।” “ਚਲੋ, ਮਾਂ ਪਿਓ ਆਪੇ ਸਮਝਣ ਭਾਈ। ਆਵਦੀ ਲਾਦ ਨੂੰ ਮਾਂ—ਪਿਓ ਆਪ ਈ ਵਿਗਾੜਦੇ ਨੇ।” ਇਨ੍ਹਾਂ ਪੜ੍ਹਾਕੂ ਮੁੰਡਿਆਂ ਬਾਰੇ ਜਿੰਨੇ ਮੂੰਹ, ਉਨ੍ਹੀਆਂ ਗੱਲਾਂ। * * * “ਅੱਗੇ ਅੱਗੇ ਹੋ ਜੋ ਭਾਈ, ਬਾਬਾ ਵਿਚਾਲ਼ੇ ਹੋਜਾ, ਬੀਬੀ ਰੂੰ ਆਲ਼ੀ ਪੰਡ ਪਾਸੇ ਕਰ।” ਕੰਡਕਟਰ ਹੇਠਾਂ ਖੜ੍ਹਾ ਸਵਾਰੀਆਂ ਨੂੰ ਦਿਸ਼ਾ—ਨਿਰਦੇਸ਼ ਦਿੰਦਾ ਹੈ। “ਚਲ......ਬਈ....., ਚਲ....... ਉਏ......।” ਲੰਬੀ ਵਿਸਲ ਵੱਜਦਿਆਂ ਹੀ ਬੱਸ ਚੱਲ ਪਈ। ਅਚਾਨਕ ਰੁਕਣ ਦੀ ਵਿਸਲ ਵੱਜੀ ਤਾਂ ਡਰਾਈਵਰ ਨੇ ਵਿਸਲ ਦਾ ਕਾਰਨ ਜਾਨਣ ਲਈ ਸ਼ੀਸ਼ੇ ਵਿੱਚੋਂ ਦੀ ਵੇਖਿਆ। ਨੰਜੂ ਚਮਾਰ ਖੱਬੇ ਹੱਥ ’ਚ, ਰੋਟੀਆਂ ਵਾਲ਼ਾ ਲਿਫਾਫਾ ਫੜ ਕੇ ਭੱਜਿਆ ਆਉਂਦਾ ਸੀ। “ਖੜ੍ਹਾਇਓ ਬਾਈ ਉਏ .... ਖੜ੍ਹਾਇਓ ਉਏ .... ” ਉਹ ਸਾਹੋ—ਸਾਹ ਹੋਇਆ ਪਿਆ ਸੀ। “ਘਰੋਂ ਟੈਮ ਨਾਲ਼ ਚੱਲ ਪਿਆ ਕਰੋ। ਥਾਂ—ਥਾਂ ’ਤੇ ਅੱਡੇ ਬਣਾ ਰੱਖੇ ਨੇ।” ਕੰਡਕਟਰ ਬਾਰੀ ’ਚੋਂ ਕੂਹਣੀ ਦੇ ਜ਼ੋਰ ਨਾਲ, ਉਸ ਨੂੰ ਅੱਗੇ ਧੱਕਦਾ ਬੁੜਬੁੜਾਇਆ। ਬੋਹਾ ਨੂੰ ਤਿੰਨ ਕੱਚੇ ਪਹੇ ਜਾਂਦੇ ਹਨ ਤੇ ਇੱਕ ਟੁੱਟੀ ਜਿਹੀ ਸੜਕ। ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਖ਼ਬਰਾਂ ਵੀ ਲਵਾਈਆਂ। ਸਰਕਾਰੇ—ਦਰਵਾਰੇ ਵੀ ਪਹੁੰਚ ਕੀਤੀ ਪਰ ਇਹ ਸੜਕ ਦੁਬਾਰਾ ਨਾ ਬਣੀ। ਪਿੰਡ ਦੀ ਫਿਰਨੀ ਲੰਘਦਿਆਂ ਹੀ ਬੱਸ ਜ਼ੋਰ ਦੀ ਬੁੜ੍ਹਕੀ ਤਾਂ ਸਵਾਰੀਆਂ ਇੱਕਦਮ ਉਤਾਂਹ ਨੂੰ ਉੱਛਲੀਆਂ। ਬੁੱਢੀ ਮਾਈ ਨੇ ਮੂਹਰਲੀ ਸੀਟ ਦਾ ਡੰਡਾ ਘੁੱਟ ਕੇ ਫੜ ਲਿਆ। “ਹੌਲੀ ਤੋਰਲੈ ਵੇ ਭਾਈ, ਕੋਈ ਹੱਡੀ—ਪੱਸਲੀ ਟੁੱਟਜੂਗੀ।” ਗਿੱਲਾਂ ਦੇ ਘਰਾਂ ਕੋਲ ਬਣੇ ਦੂਜੇ ਅੱਡੇ ’ਤੇ, ਡਰਾਇਵਰ ਨੇ ਇੱਕਦਮ ਬਰੇਕ ਮਾਰੇ। ਭਾਰੇ ਸਰੀਰ ਦੀਆਂ ਦੋ ਜ਼ਨਾਨਾ ਸਵਾਰੀਆਂ ਚੜ੍ਹੀਆਂ ਤਾਂ ਪਾੜ੍ਹੇ ਉਨ੍ਹਾਂ ਦੀ ਸਰੀਰਕ ਦਿੱਖ ਵੇਖ ਕੇ ਹੱਸਣ ਲੱਗੇ। “ਵੇਖ, ਨਪੁੱਤੇ ਕਿਮੇ ਹੱਸਦੇ ਐ ! ਕਦੇ ਬੁੜ੍ਹੀਆਂ ਨੀ ਵੇਖੀਆਂ ? ਜੈ ਰੋਏ ਨਾ ਹੋਣ ! ਥੋਡੇ ਘਰੇਂ ਮਾਵਾਂ ਭੈਣਾਂ ਨੀ !” ਵੱਡੀ ਬੁੜ੍ਹੀ ਨੇ ਖੜਕਾਏ ਤਾਂ ਪਾੜ੍ਹੇ ਸੁਸਰੀ ਬਣ ਗਏ। ਦੋਹਰੀ ਸੀਟ ’ਤੇ ਉਹ ਫਸ ਕੇ ਬੈਠ ਗਈਆਂ ਤੇ ਨਾਲ ਦੀ ਨਾਲ ਗੱਲਾਂ ਸ਼ੁਰੂ ਕਰ ਦਿੱਤੀਆਂ। “ਕੁੜੇ ਤੈਨੂੰ ਦਲੀਪੋ ਜੁਲਾਹੀ ਦੀ ਕੁੜੀ ਦਾ ਪਤੈ ?” ਪਹਿਲੀ ਬੁੜ੍ਹੀ ਬੋਲੀ। “ਨਾ ਭੈਣੇ ! ਕੀ ਭਾਣਾ ਵਰਤ ਗਿਆ ?” ਦੂਜੀ ਬੁੜੀ ਆਪਣੇ ਗੀਝੇ ਦਾ ਬਕਸੂਆ ਠੀਕ ਕਰਨ ਲੱਗੀ। ਸੁਣ ਕੇ ਉਹ ਤ੍ਰਭਕ ਪਈ। “ਨਿੱਕਾ—ਨਿਆਣਾ ਹੋਣ ਆਲਾ ਸੀ।” “ਕੇਹੜੀ ਕੋਲ, ਜਿਹੜੀ ਫੱਗਣ ’ਚ ਵਿਆਈ ਸੀ ?” ਬੋਲਦੀ ਹੋਈ ਉਹ ਠੀਕ ਹੋ ਕੇ ਬੈਠ ਗਈ। ਉਨ੍ਹਾਂ ਦੇ ਗੱਲਾਂ ਕਰਦਿਆਂ ਹੀ ਕੰਡਕਟਰ ਝੋਲ਼ਾ ਠੀਕ ਕਰਦਾ ਆ ਗਿਆ। “ਕਿੱਥੇ ਜਾਣੈ ਬੇਬੇ ?” “ਬੋਹਾ ਦੀਆਂ ਦੋ ਕੱਟਦੇ।” ਉਮਰ ’ਚ ਵਡੇਰੀ ਔਰਤ ਨੇ ਗੀਝੇ ’ਚੋਂ ਸੰਤਰੀ ਰੰਗੀ ਰੁਮਾਲ ਦੀਆਂ ਗੰਢਾਂ ਖੋਲ੍ਹ ਕੇ ਉਲਝੇ ਹੋਏ ਨੋਟਾਂ ਵਿੱਚੋਂ ਦਸ ਰੁਪਏ ਕੱਢ ਕੇ ਕੰਡਕਟਰ ਨੂੰ ਫੜਾ ਦਿੱਤੇ। ਕੰਡਕਟਰ ਨੇ ਅੰਗੂਠੇ ਨੂੰ ਥੁੱਕ ਲਾ ਕੇ, ਦੋ ਟਿਕਟਾਂ ’ਤੇ ਪੈੱਨ ਨਾਲ ਝਰੀਟ ਮਾਰੀ। ਉਸ ਨੇ ਕਾਲ਼ੇ ਝੋਲ਼ੇ ਨੂੰ ਖੜਕਾ ਕੇ, ਅੰਦਰ ਡੂੰਘਾ ਜਿਹਾ ਹੱਥ ਮਾਰਿਆ, ਠੋਲੂ ਤਲੀ ’ਤੇ ਰੱਖ ਲਏ ਤੇ ਫਿਰ ਬਣਦੇ ਪੈਸੇ ਤੇ ਟਿਕਟਾਂ ਬੇਬੇ ਨੂੰ ਫੜਾ ਦਿੱਤੀਆਂ। ਭੀੜ ਵਿੱਚੋਂ ਦੀ ਲੰਘਦਾ ਉਹ ਅੱਗੇ ਰਿਸਕ ਗਿਆ। “ਅੱਸ਼ਾ, ਫੇਰ ਭੈਣੇ ?” ਉਨ੍ਹਾਂ ਦੀ ਗੱਲ—ਬਾਤ ਦੀ ਲੜੀ ਫਿਰ ਸ਼ੁਰੂ ਹੋ ਗਈ। “ਪਿਛਲੇ ਫੱਗਣ ਨੀ ਵਿਆਹੀ ਸੀ, ਸੂਲਰ ਘਰਾਟ।” “ਹੂੰ, ਫੇਰ ?” “ਕੁੜੀ ਜਾਦੇ ਤੰਗ ਹੋਗੀ ਭਾਈ। ਬੋਹਾ ਲਜਾਣੀ ਪਈ।” “ਸੋਧਾਂ ਨੇ ਨੀ ਕੋਈ ਓਹੜ—ਪੋਹੜ ਕੀਤਾ ?” “ਉਹਨੇ ਤਾਂ ਵਥੇਰੀ ਵਾਹ ਲਾਈ। ਗੱਲ ਨੀ ਬਣੀਂ, ਕਹਿੰਦੀ, ਕੁੜੀ ਨੂੰ ਸ਼ੇਤੀ ਚੱਕੋ ਭਾਈ, ਮੇਰੇ ਤਾਂ ਵੱਸੋਂ ਬਾਰ੍ਹ ਐ।” “ਫੇਰ ਤਾਂ ਕੁੜੀ ਚੱਕਣੀ ਪੈਣੀ ਸੀ।” “ਝਿਊਰਾਂ ਦੇ ਜੂਪੇ ਨੂੰ ਬਲਾਇਆ। ਉਹ ਖੇਤ ਪੱਠੇ ਲੈਣ ਗਿਆ ਸੀ। ਆਉਂਦੇ—ਕਰਦੇ ਟੈਮ ਲਾਗਿਆ। ਕੁੜੀ ਗੱਡੀ ’ਚ ਪਾਈ। ਬੱਸ ! ਕਲੀਪੁਰ ਪਹੁੰਚੇ ਸੀ। ਤਕਲੀਫ ਵੱਧਗੀ। ਕੁੜੀ ਤੋਂ ਦੁੱਖ ਝੱਲਿਆ ਨੀ ਗਿਆ ਤੇ ਜਾਨ ਤੋਂ ਹੱਥ ਧੋ ਬੈਠੀ।” “ਓ .... ਹੋ ...., ਮੇਰਿਆ ਮਾਲਕਾ ! ਕੁੜੀ ਦੇ ਮਾੜੇ ਨਸੀਬ।” ਉਸ ਵੱਡ ਉਮਰ ਔਰਤ ਦੇ ਮੂੰਹੋਂ ਸਹਿਜ—ਸ਼ੁਭਾਅ ਹੀ, ਤਰਸ ਭਰੇ ਥਿੜਕਦੇ ਬੋਲ ਨਿਕਲੇ ਤੇ ਉਸ ਦੇ ਦੋਵੇਂ ਹੱਥ ਵੀ ਜੁੜ ਗਏ। “ਹੱਥ ਪੱਲੇ ਕੁਸ਼ ਨਾ ਲੱਗਿਆ ਤਾਂ ਥੱਕ ਹਾਰ ਕੇ ਗੱਡੀ ਕਲੀਪੁਰ ਤੋਂ ਵਾਪਸ ਮੋੜਨੀ ਪਈ।” “ਆਹ ਤਾਂ ਭੈਣੇ ਬਲਾਂ ਈ ਮਾੜਾ ਹੋਇਆ। ਚੱਲ ਆਪਾਂ ਭੋਗ ’ਤੇ ਜਾ ਆਈਏ, ਫੇਰ ਬਹਿ ਕੇ ਆਮਾਂਗੀਆਂ।” ਗੱਲਾਂ ਕਰਦਿਆਂ ਉਨ੍ਹਾਂ ਨੂੰ ਪਤਾ ਹੀ ਨਾ ਲੱਗਾ, ਮਘਾਣੀਆਂ ਵੀ ਪਹੁੰਚ ਗਈ।

ਦੋ

ਜਗਤੂ ਅਮਲੀ ਦੁਬਾਰਾ ਟੋਭੇ ਵੱਲ ਜਾ ਕੇ, ਵਾਪਸ ਪਰਤ ਰਿਹਾ ਸੀ। ਉਸ ਨੂੰ ਮਿੰਨੀ ਬੱਸ ਦੇ ਹਾਰਨ ਦੀ ਪਰਤਵੀਂ ਆਵਾਜ਼ ਮਘਾਣੀਆਂ ਪਿੰਡ ਵਾਲੇ ਪਾਸਿਓਂ ਆਉਂਦੀ ਸੁਣਾਈ ਦਿੱਤੀ। ਪਿੰਡ ਦੇ ਪੂਰਬ ਵੱਲ ਪੁਰਾਣੇ ਖੂਹ ਤੋਂ ਮੁੜ ਕੇ, ਅੰਦਰ ਵੱਲ ਚੌੜੀ ਬੀਹੀ ਲੰਘ ਕੇ, ਉਹ ਵੱਡੇ ਬੋਹੜ ਹੇਠ ਆ ਖਲੋਇਆ। ਉਸਨੇ ਪੈਰ ਗੱਡ ਕੇ ਹੇਠਾਂ ਤੋਂ ਲੈ ਕੇ ਉੱਪਰ ਤਕ ਬੋਹੜ ਨੂੰ ਗਹੁ ਨਾਲ ਤੱਕਿਆ। ਉਸਨੂੰ ਯਾਦ ਆਇਆ, ਇਹ ਬੋਹੜ ਜਸਵੰਤ ਸਿੰਘ ਨੇ ਆਪਣੇ ਹੱਥੀਂ ਲਾਇਆ ਸੀ ਪਰ ਇਹ ਨਹੀਂ ਪਤਾ, ਕਿਉਂ ? ਬੱਸ ਐਨਾ ਕੁ ਹੀ ਚੇਤਾ ਹੈ ਕਿ ਜਸਵੰਤ ਬਾਹਰੋਂ ਵੱਡੀ ਪੜ੍ਹਾਈ ਕਰ ਕੇ ਆਇਆ ਸੀ। ਬੀਤੀਆਂ ਗੱਲਾਂ ਵੀ ਉਸ ਦੇ ਜ਼ਿਹਨ ’ਚ ਉੱਤਰ ਆਈਆਂ, ਜਦ ਪਿੰਡ ਦੇ ਲੋਕ ਜਸਵੰਤ ਬਾਰੇ ਤਰ੍ਹਾਂ—ਤਰ੍ਹਾਂ ਦੀਆਂ ਗੱਲਾਂ ਕਰਦੇ ਸੀ— “ਲੈ ਭਾਈ ! ਮੁੰਡਾ ਬਾਹਰੋਂ ਪੜ੍ਹ ਕੇ ਆਇਐ। ਕਹਿੰਦਾ, ਮੈਂ ਕਿਸਾਨਾਂ ਨੂੰ ਨੁਕਤੇ ਦੱਸੂੰਗਾ।” “ਲਧਿਆਣੇ ਪੜ੍ਹਦਾ ਸੀ, ਜੂਨੀਵਸਟੀ ’ਚ।” “ਪੜ੍ਹਾਈ ਵੀ ਬਹੁਤ ਕੀਤੀ ਐ ਭਾਈ, ਮੋਟੀਆਂ—ਮੋਟੀਆਂ ਕਤਾਬਾਂ ਨਾਲ ਮੱਥਾ ਮਾਰਿਐ।” ਖੇਤ ਬਾਜਰਾ ਡੁੰਗਦੇ ਕਿਸਾਨ ਆਪਸ ’ਚ ਗੱਲਾਂ ਕਰਦੇ। ਹੁਣ ਤਾਂ ਸੁੱਖ ਨਾਲ ਉਹ ਬੋਹੜ ਵੀ ਪੂਰਾ ਕੱਦ ਕਰ ਗਿਆ। ਉਸ ਦਾ ਲੰਮਾ ਦਾਹੜਾ ਧਰਤੀ ਨੂੰ ਸਪਰਸ਼ ਕਰਦਾ ਹੈ। ਬੋਹੜ ਵੀ ਅੱਜ ਦੀ ਘੜੀ ਮੌਜਾਂ ਮਾਣਦਾ ਹੈ, ਪੰਛੀਆਂ ਦੇ ਮਿੱਠੇ ਗੀਤ ਸੁਣਦੈ। ਉਸ ਹੇਠ ਬਣੇ ਥੜ੍ਹੇ ’ਤੇ ਬੈਠ ਸਿਆਣੇ ਆਦਮੀ, ਜਦ ਜੁੜ ਕੇ ਬਹਿੰਦੇ ਹਨ ਤਾਂ ਬੁੱਢਾ ਬੋਹੜ ਵੀ ਉਨ੍ਹਾਂ ਦੀ ਹਾਂ ’ਚ ਹਾਂ ਮਿਲਾਉਂਦਾ ਹੈ। ਜਸਵੰਤ ਕੋਲੋਂ ਲੰਘਦਾ ਉਸ ਦਾ ਹਾਲ—ਚਾਲ ਜ਼ਰੂਰ ਪੁੱਛਦੈ ਤਾਂ ਬੁੱਢਾ ਬੋਹੜ ਵੀ ਜਵਾਬ ਦਿੰਦਾ ਹੈ — “ਜਸਵੰਤ ਸਿਆਂ, ਤੇਰੀ ਮੇਹਰ ਸਦਕਾ ਠੀਕ ਆਂ।” ਜਗਤੂ ਦੀ ਪੀਣਕ ਟੁੱਟੀ ਤਾਂ ਉਸਨੇ ਚੌੜੀ ਬੀਹੀ ਵੱਲ ਕਦਮ ਪੁੱਟਿਆ। ਉਸਦੀ ਨਜ਼ਰ ਮਸੂਰੀ ਇੱਟਾਂ ਦੀ ਬਣੀ ਹੋਈ ਹਵੇਲੀ ਨਾਲ ਜਾ ਟਕਰਾਈ। ਪੁਰਾਣੀ ਹਵੇਲੀ ਅੱਜ ਵੀ ਆਪਣੇ ਪੁਰਾਤਨ ਜਲੌਅ ’ਚ ਵਿਖਾਈ ਦਿੰਦੀ ਹੈ। ਇਸੇ ਹਵੇਲੀ 'ਚ ਹੱਲਿਆਂ ਤੋਂ ਪਹਿਲਾਂ ਨੀਰੂ ਮੁਹੰਮਦ ਦਾ ਹੱਸਦਾ—ਵਸਦਾ ਪਰਿਵਾਰ ਰਹਿੰਦਾ ਸੀ। ਉਸ ਦੀ ਦਸ ਸਾਲ ਦੀ ਬੇਟੀ ਪ੍ਰਵੀਨ ਬੇਗ਼ਮ ਗੁੱਡੀਆਂ ਪਟੋਲਿਆਂ ਨਾਲ ਖੇਡਦੀ ਵਿਹੜੇ ’ਚ ਰੌਣਕ ਲਾਈ ਰੱਖਦੀ। ਨੀਰੂ ਨੇ ਆਪਣੀ ਬੇਗ਼ਮ, ਫਰਜ਼ਾਨਾ ਦੇ ਕਹਿਣ ’ਤੇ, ਪ੍ਰਵੀਨ ਨੂੰ ਰਾਮਜੀ ਸੁਨਿਆਰ ਤੋਂ ਛੋਟੀਆਂ—ਛੋਟੀਆਂ ਝਾਂਜਰਾਂ ਵੀ ਬਣਵਾ ਕੇ ਦੇ ਦਿੱਤੀਆਂ ਸੀ। ਧਰਮ ਆਧਾਰ ਵੰਡ ਹੋਈ ਤਾਂ ਜਾਂਦਾ ਹੋਇਆ ਨੀਰੂ, ਘਰ ਦੀਆਂ ਚਾਬੀਆਂ ਜਸਵੰਤ ਦੇ ਚਾਚੇ ਘੂਤਰ ਨੂੰ ਸੌਂਪ ਗਿਆ । ਆਪਣੇ ਪਰਿਵਾਰ ਨੂੰ ਲੈ ਕੇ ਉਹ ਅਜੇ ਪਿੰਡ ਦੇ ਟਿੱਬੇ ਹੀ ਲੰਘਿਆ ਸੀ ਕਿ ਵਹਿਸ਼ੀ ਲੋਕ ਘੇਰ ਕੇ ਖੜ੍ਹ ਗਏ। ਨੀਰੂ ਨੇ ਵਿੱਚੋਂ ਕੁੱਝ ਬੰਦੇ ਪਛਾਣ ਲਏ, ਤਾਂ ਆਖਣ ਲੱਗਾ— “ਉਏ ਕਮਲ਼ਿਓ ! ਆਪਣੇ ਭਰਾਵਾਂ ਦਾ ਈ ਕਤਲ ਕਰੋਂਗੇ।” ਤਾਂ ਉਨ੍ਹਾਂ ਵਿੱਚੋਂ ਇੱਕ ਗਾਤਰੇ ਵਾਲਾ ਕਹਿੰਦਾ— “ਮੁਸਲਿਆ ! ਤੂੰ ਸਾਡਾ ਕਾਹਦਾ ਭਾਈ ? ਤੂੰ ਮੁਸਲਾ ਤੇ ਅਸੀਂ ਸਿੱਖ।” ਪੰਦਰਾਂ ਜਣਿਆਂ ਦੀ ਟੋਲੀ ਨੰਗੀਆਂ ਤਲਵਾਰਾਂ ਹਵਾ ’ਚ ਘੁੰਮਾਉਂਦੀ ਫਿਰਦੀ ਸੀ। ਉਨ੍ਹਾਂ ਦੀਆਂ ਅੱਖਾਂ ’ਚ ਖੂਨ ਉੱਤਰ ਆਇਆ। ਆਉਣ ਵਾਲ਼ੇ ਖ਼ਤਰੇ ਨੂੰ ਭਾਂਪਦਿਆਂ, ਫਰਜ਼ਾਨਾ ਨੇ ਪ੍ਰਵੀਨ ਨੂੰ ਘੁੱਟ ਕੇ ਫੜ ਲਿਆ। ਡਰੀ ਹੋਈ ਪ੍ਰਵੀਨ ਮਾਂ ਦੇ ਗਲ ਲੱਗ ਕੇ ਚਿੰਬੜੀ। ਉਸ ਦੀਆਂ ਝਾਜਰਾਂ ਛਣਕੀਆਂ ਤਾਂ ਮਿੱਠਾ ਸੰਗੀਤ ਉਤਪੰਨ ਹੋਇਆ। ਬੇਕਾਬੂ ਹੋਈ ਟੋਲੀ ’ਚੋਂ ਕਿਸੇ ਨੇ ਜੈਕਾਰਾ ਛੱਡਿਆ ਤਾਂ ਸਾਰੇ ਜਣੇ ਉਨ੍ਹਾਂ ਤੇ ਟੁੱਟ ਕੇ ਪੈ ਗਏ। ਪੰਜ ਮਿੰਟ ’ਚ ਹੀ ਨੀਰੂ ਦਾ ਪਰਿਵਾਰ ਖੱਖੜੀ ਵਾਂਗ ਖਿੰਡਾ ਦਿੱਤਾ। ਘੂਤਰ ਨੂੰ ਜਦ ਪਤਾ ਲੱਗਾ ਤਾਂ ਬਹੁਤ ਰੋਇਆ। ਕਹਿੰਦਾ— “ਚੰਡਾਲ ! ਆਪਣੇ ਆਪ ਨੂੰ ਗੁਰੂ ਦੇ ਸਿੱਖ ਦੱਸਦੇ ਨੇ। ਸਿੱਖ ਤਾਂ ਧੀਆਂ ਭੈਣਾਂ ਦੀ ਰੱਖਿਆ ਕਰਦੇ ਨੇ, ਤੇ ਇਹ ਲੁਟੇਰੇ,ੇ ਸਿੱਖਾਂ ਦੇ ਭੇਸ ’ਚ ਧੀਆਂ ਭੈਣਾਂ ਦੀ ਇੱਜਤ ਲੁੱਟੀ ਜਾਂਦੇ ਨੇ।” ਘੂਤਰ ਕੰਧ ਨਾਲ ਟੱਕਰਾਂ ਮਾਰ—ਮਾਰ ਰੋਇਆ। ਵੱਢਾ—ਟੁੱਕੀ ਨੂੰ ਪਚਵੰਜਾ ਸਾਲ ਬੀਤ ਗਏ ਗਏ, ਅੱਜ ਵੀ ਜਸਵੰਤ ਦਾ ਪਰਿਵਾਰ ਹੀ, ਇਸ ਹਵੇਲੀ ਨੂੰ ਵਰਤਦਾ ਹੈੈ। ਪਸ਼ੂ—ਡੰਗਰ ਬੰਨ੍ਹ ਦਿੰਦੇ ਨੇ। ਖੇਤੀ ਦੇ ਸੰਦ ਹਲ, ਸੁਹਾਗਾ, ਤਵੀਆਂ, ਟਰੈਕਟਰ ਦੇ ਪੁਰਾਣੇ ਟਾਇਰ, ਛਿਟੀਆਂ ਤੇ ਪਾਥੀਆਂ, ਸਭ ਇੱਥੇ ਹੀ ਸਾਂਭਿਆ ਪਿਆ ਹੈ। ਹਵੇਲੀ ਦੇ ਨਾਲ ਲੱਗਦਾ ਘਰ ਜਸਵੰਤ ਦਾ ਹੈ। ਜਸਵੰਤ ਹੋਰੀਂ ਦੋ ਭਰਾ ਹਨ। ਸਤਵੰਤ ਸਿੰਘ ਫੌਜ 'ਚ ਭਰਤੀ ਹੋ ਗਿਆ । ਸ਼ੁਰੂ ਤੋਂ ਹੀ ਬਾਹਰ ਰਿਹਾ ਹੈ। ਪਿੰਡ ਨਾਲ ਉਸ ਦਾ ਮੋਹ ਘੱਟ ਹੈ। ਅੱਜ—ਕੱਲ੍ਹ ਗੁਹਾਟੀ ਰਹਿੰਦਾ ਹੈ ਤੇ ਬਾਲ—ਬੱਚੇ ਵੀ ਉੱਥੇ ਹੀ ਪੜ੍ਹਦੇ ਹਨ। ਜਸਵੰਤ ਹੋਰਾਂ ਦਾ ਬਾਪ ਮੱਘਰ ਸਿੰਘ ਬਾਰਾਂ ਏਕੜ ਜ਼ਮੀਨ ਦਾ ਮਾਲਕ ਸੀ। ਇਹ ਜ਼ਮੀਨ ਐਵੇਂ ਹੀ ਨਹੀਂ ਬਣੀ। ਹੱਥੀ ਕਿਰਤ ਕਰਕੇ, ਆਪ ਹਲ ਵਾਹ ਕੇ ਉਸ ਨੇ ਜ਼ਮੀਨ ਜੋੜੀ, ਝੋਟੇ ਦੇ ਸਿਰ ਵਰਗੀ। ਰਾਤਾਂ ਨੂੰ ਲਾਲਟੈਣਾਂ ਲਾ ਕੇ ਵੀ ਖੇਤ ਕੰਮ ਕਰਦਾ ਰਿਹਾ। ਘੂਤਰ ਤਾਂ ਪਹਿਲੇ ਦਿਨੋਂ ਹੀ ਸਾਧ ਮਤੇ ਦਾ ਬੰਦਾ ਸੀ। ਮੱਘਰ ਦੇ ਮੋਢੇ ਨਾਲ ਮੋਢਾ ਜੋੜ ਕੇ ਉਸ ਨੇ ਵੀ ਪੂਰਾ ਸਾਥ ਨਿਭਾਇਆ। ਦੋਵਾਂ ਭਰਾਵਾਂ ਨੇ ਪਹਾੜੀ ਕਿੱਕਰਾਂ ਵਾਲੀ, ਬੇਆਬਾਦ ਜ਼ਮੀਨ ਨੂੰ ਮਿਹਨਤ ਕਰਕੇ ਵਾਹੀਯੋਗ ਬਣਾਇਆ। ਘੂਤਰ ਦੀ ਭਰਜਾਈ ਗੁਰਦਿਆਲੋ ਨੇ ਬਥੇਰਾ ਜ਼ੋਰ ਪਾਇਆ, ਆਪਣੀ ਛੋਟੀ ਭੈਣ ਦਾ ਰਿਸ਼ਤਾ ਲਿਆਉਣ ਲਈ। ਜਦ ਘਰ ’ਚ ਰਿਸ਼ਤੇ ਦੀ ਗੱਲ ਚੱਲੀ ਤਾਂ ਘੂਤਰ ਨੇ ਸਾਫ਼ ਇਨਕਾਰ ਕਰ ਦਿੱਤਾ— “ ਨਾ ਵਿਆਹ ਮੈਂ ਅੱਜ ਕਰਾਵਾਂ, ਨਾ ਕੱਲ੍ਹ।” ਇਹ ਗੱਲ ਜੇਠ ਦੀ ਮੰਡੀ ਵੇਲੇ ਦੀ ਸੀ। ਜ਼ੋਰ ਦਾ ਮੀਂਹ ਆਇਆ। ਮੱਘਰ ਬਾਹਰਲੇ ਘਰ ਵਹਿੜਕਾ ਬੰਨ੍ਹਣ ਚਲਾ ਗਿਆ। ਵਹਿੜਕਾ ਚੰਦਰਾ ਸੀ। ਉਸ ਨੇ ਤਾਂ ਮੱਘਰ ਨੂੰ ਜਿਉਂ ਲਿਆ ਸੰਨ੍ਹ ’ਚ, ਮਾਰ—ਮਾਰ ਢੁੱਡਾਂ, ਉਸ ਦੀਆਂ ਪੱਸਲੀਆਂ ਬਿਠਾ ਦਿੱਤੀਆਂ। ਪੂਰਾ ਇੱਕ ਮਹੀਨਾ ਮੱਘਰ ਮੰਜੇ ਚੋਂ ਨਾ ਉੱਠਿਆ। ਕਿਸੇ ਦਵਾਈ ਬੂਟੀ ਨੇ ਅਸਰ ਨਾ ਕੀਤਾ। ਪਿੰਡ ਚੋਂ ਸ਼ਰੀਕੇ—ਕਬੀਲੇ ਵਾਲ਼ੇ ਤੇ ਰਿਸ਼ਤੇਦਾਰ ਵੀ ਪਤਾ ਲੈਣ ਆਇਆ ਕਰਨ। “ਭਾਈ, ਬਲਾਂ ਈ ਮਾੜਾ ਕੰਮ ਹੋਇਆ। ਹਲੇ ਪੰਜ ਦਿਨ ਪਹਿਲਾਂ ਤਾਂ ਮੱਘਰ ਚੰਗਾ—ਭਲਾ ਟੁਰਿਆ ਫਿਰਦਾ ਸੀ। ਮਾੜਾ ਵੇਲਾ ਕਿਸੇ ਨੂੰ ਪੁੱਛ ਕੇ ਨੀ ਆਉਂਦਾ, ਵੀਰ।” “ਤੂੰ ਪੰਜਮੇਂ ਨੂੰ ਰੋਨੈ, ਮੈਂ ਪਰਸੋਂ ਵੇਖਿਐ, ਬਲ਼ਦ ਹੱਕੀਂ ਫਿਰਦਾ ਸੀ।” ਪਰ ਮੱਘਰ ਤਾਂ ਮੰਜੇ ਨਾਲ ਹੀ ਜੁੜ ਗਿਆ ਸੀ। ਇਲਾਜ ਪੱਖ ਤੋਂ ਕੋਈ ਕਸਰ ਨਾ ਛੱਡੀ। ਸਾਰੇ ਪਰਿਵਾਰ ਨੇ ਸੇਵਾ ਵੀ ਬਥੇਰੀ ਕੀਤੀ। ਆਖਰ ਉਸ ਦਾ ਮਰ ਕੇ ਹੀ ਖਹਿੜਾ ਛੁੱਟਿਆ। ਸਾਰੇ ਪਰਿਵਾਰ ’ਚ ਮਾਤਮ ਛਾ ਗਿਆ। ਭੋਗ ਵਾਲ਼ੇ ਦਿਨ ਸ਼ਰੀਕੇ ਵਾਲ਼ੇ ਤੇ ਰਿਸ਼ਤੇਦਾਰ ਘੁਸਰ—ਮੁਸਰ ਕਰਨ ਲੱਗੇ— “ਗੁਰਦਿਆਲੋ ਦਾ ਪੱਲਾ ਤਾਂ ਘੂਤਰ ਨੂੰ ਈ ਫੜਾਉਂਣਾ ਪਊ। ਚੱਲ ਜਵਾਕ ਪਲ਼ ਜਾਣਗੇ।” ਉਨ੍ਹਾਂ ਵਿੱਚੋਂ ਹੀ ਕਈ ਆਖਣ ਲੱਗੇ— “ਵੇਖ ਲੋ ਭਾਈ, ਘੂਤਰ ਸੈਦ ਹੀ ਮੰਨੇ।” ਮੋਹਰੀ ਰਿਸ਼ਤੇਦਾਰਾਂ ਨੇ ਘੂਤਰ ਨਾਲ ਗੱਲ ਤੋਰੀ। ਉਹ ਭਰਾ ਦੇ ਵਿਯੋਗ ’ਚ ਕੌਲ਼ੇ ਨਾਲ ਲੱਗਿਆ, ਅਜੇ ਵੀ ਡੁਸਕੀਂ ਜਾਂਦਾ ਸੀ। “ਘੂਤਰ ਭਾਈ, ਘਰ ਬਾਰ ਹੁਣ ਤੈਨੂੰ ਹੀ ਚਲਾਉਣਾ ਪਊ। ਮੱਘਰ ਤਾਂ ਚੱਲ ਵਸਿਆ। ਉਹਨੂੰ ਤਾਂ ਆਪਾਂ ਮੋੜ ਕੇ ਲਿਆ ਨੀ ਸਕਦੇ।” ਘੂਤਰ ਨਾਂਹ ਵਿੱਚ ਸਿਰ ਮਾਰ ਗਿਆ। ਸ਼ਰੀਕੇ ਵਾਲ਼ਿਆਂ ਨੇ ਵੀ ਦਬਾਅ ਪਾਇਆ— “ਉਏ ਆਹ ਛੋਟੇ—ਛੋਟੇ ਬਲੂਰਾਂ ਵੱਲ ਵੇਖ, ਤੂੰ ਤਾਂ ਆਪਣੀ ਹਿੰਡ ਕਰ ਕੇ ਬਹਿ ਗਿਆ। ਏਨ੍ਹਾਂ ਨੂੰ ਕੌਣ ਪਾਲ਼ੂ ?” ਦੋ—ਚਾਰ ਹੋਰ ਰਿਸ਼ਤੇਦਾਰਾਂ ਨੇ ਦਬਾਅ ਪਾਇਆ। ਆਖਰ ਉਸਨੇ ਹਾਂ ਕਰ ਦਿੱਤੀ, ਰਿਸ਼ਤੇਦਾਰਾਂ ਦੇ ਕਹਿਣ ਤੇ ਉਸਨੇ ਗੁਰਦਿਆਲੋ ਦਾ ਪੱਲਾ ਫੜ ਲਿਆ। ਕੁਦਰਤ ਦੇ ਕਹਿਰ ਮੂਹਰੇ ਝੁਕਦਿਆਂ ਘੂਤਰ ਨੇ ਭਾਈਆਂ ਵਾਲਾ ਫ਼ਰਜ਼ ਨਿਭਾਇਆ। ਜਸਵੰਤ ਦੀ ਉਮਰ ਉਸ ਸਮੇਂ ਸੱਤ ਤੇ ਸਤਵੰਤ ਦੀ ਦਸ ਸਾਲ ਸੀ। ਘੂਤਰ ਨੇ ਦਿਲ ਕਰੜਾ ਕਰਕੇ ਖੇਤੀ ਦਾ ਕੰਮ ਸੰਭਾਲਿਆ। ਦੋਵਾਂ ਭਰਾਵਾਂ ਨੂੰ ਪੜ੍ਹਨ ਦਾ ਮੌਕਾ ਦਿੱਤਾ। ਸਮਾਂ ਬੀਤਦਿਆਂ ਜ਼ਖਮ ਭਰਦੇ ਗਏ। ਮੁੰਡੇ ਗੱਭਰੂ ਹੋ ਗਏ। ਖੇਤੀ ਦੇ ਕੰਮ ’ਚ ਵੀ ਹੱਥ ਵਟਾਉਣ ਲੱਗੇ। ਚੰਗੇ ਟਿਕਾਣੇ ਵੇਖ ਕੇ ਘੂਤਰ ਨੇ ਜਸਵੰਤ ਹੋਰਾਂ ਦੇ ਵਿਆਹ ਵੀ ਕੀਤੇ। ਮੱਘਰ ਦੀ ਘਾਟ ਵਾਲੇ ਜਖਮ ਅਜੇ ਭਰੇ ਹੀ ਸੀ, ਜਸਵੰਤ ਦੇ ਵਿਆਹ ਤੋਂ ਢਾਈ ਕੁ ਸਾਲ ਮਗਰੋਂ ਗੁਰਦਿਆਲੋ ਵੀ ਚੱਲ ਵਸੀ। ਪੋਹ ਦੀ ਠੰਡ ਉਸ ਤੋਂ ਸਹਾਰੀ ਨਾ ਗਈ। ਘੂਤਰ ਨੇ ਜਵਾਕਾਂ ਨੂੰ ਹੱਲਾਸ਼ੇਰਾ ਦਿੱਤੀ— ‘ਕੋਈ ਨਾ ਸ਼ੇਰੋ, ਹਾਲੇ ਥੋਡਾ ਤਾਇਆ ਜਿਉਂਦੈ। ਆਪਾਂ ਹੌਸਲਾ ਨੀ ਹਾਰਨਾ।’ ਬੱਸ ! ਉਦੋਂ ਤੋਂ ਹੀ ਘੂਤਰ ਜਸਵੰਤ ਹੋਰਾਂ ਦੀ ਦੇਖਭਾਲ ਕਰਦਾ ਆ ਰਿਹਾ ਹੈ। ਜਿੰਨੇ ਜੋਗਾ ਹੈ, ਨਾਲ ਲੱਗ ਕੇ ਖੇਤੀਬਾੜੀ ਦੇ ਕੰਮ ’ਚ ਹੱਥ ਵਟਾਈ ਜਾਂਦਾ ਹੈ। ਸਤਵੰਤ ਤਾਂ ਕਦੇ ਵਰ੍ਹੇ—ਛਿਮਾਹੀ ਹੀ ਪਿੰਡ ਗੇੜਾ ਮਾਰਦੈ ਤੇ ਆਪਣਾ ਠੇਕਾ—ਹਿੱਸਾ ਲੈ ਜਾਂਦੈ। ਪਿੰਡ ਦੀ ਨਵੀਂ ਪੀੜ੍ਹੀ ਤਾਂ ਉਸ ਤੋਂ ਇੰਨੀ ਵਾਕਿਫ਼ ਨਹੀਂ। ਬਹੁਤੇ ਤਾਂ ਇਹ ਹੀ ਸਮਝਦੇ ਹਨ ਕਿ ਜਸਵੰਤ ਹੋਰੀਂ ਘੂਤਰ ਦੀ ਔਲਾਦ ਹੀ ਹੈ। * * * ਅਮਲੀ ਹਵੇਲੀ ਮੂਹਰ ਦੀ ਲੰਘਣ ਲੱਗਿਆ ਤਾਂ ਘੂਤਰ ਨੇ ਦੂਰੋਂ ਹੀ ਆਵਾਜ਼ ਮਾਰੀ। “ਉਏ ਆਜਾ ਅਮਲੀਆ। ਕੋਈ ਸੁਣਾ ਜਾ ਰੱਬ ਦੇ ਰਾਹ ਦੀ।” “ਕੀ ਦੱਸੀਏ ਚਾਚਾ, ਗਰੀਬਾਂ ਦਾ ਤਾਂ ਹੱਗਣਾ—ਮੂਤਣਾ ਵੀ ਦੁੱਬਰ ਹੋ ਗਿਆ।” ਜਗਤੂ ਨੱਕ ’ਚ ਉਂਗਲ ਮਾਰਦਾ ਘੂਤਰ ਵੱਲ ਆ ਪਹੁੰਚਿਆ। ਉਹ ਮੱਝ ਦਾ ਕਿੱਲਾ ਬਦਲ ਕੇ ਵਿਹਲਾ ਹੋ ਗਿਆ ਸੀ। “ਕੀ ਗੱਲ ਹੋਗੀ ਅਮਲੀਆ ?” ਜਸਵੰਤ ਵੀ ਹਵੇਲੀ ਦੇ ਅੰਦਰ ਹੀ ਸੀ। ਉਹ ਮੱਝਾਂ ਦੀ ਧਾਰ ਚੋ ਕੇ ਹਟਿਆ ਸੀ। ਉਸਨੇ ਪੰਜ ਮੱਝਾਂ ਰੱਖੀਆਂ ਹੋਈਆਂ ਹਨ। “ਗੱਲ ਕੀ ਹੋਣੀ ਸੀ ! ਜੱਗਰ ਤੜਕੀ ਖੜ੍ਹ ਜਾਂਦੈ ਕੁਤਕਾ ਲੈ ਕੇ। ਦੱਸੋ ਭਲੇ ਲੋਕੋ, ਅਸੀਂ ਜੰਗਲ ਪਾਣੀ ਕਿੱਧਰ ਜਾਈਏ ?” ਨੱਕ ਛਿਣਕ ਕੇ ਜਗਤੂ, ਕੋਲ ਪਏ ਕਿੱਕਰ ਦੇ ਪੁਰਾਣੇ ਖੁੰਢ ’ਤੇ ਬੈਠ ਗਿਆ। “ਫਸਲ ਦਾ ਜਾੜਾ ਹੁੰਦੈ ਭਾਈ, ਜੱਗਰ ਬੀ ਕੀ ਕਰੇ ?” ਘੂਤਰ ਆਪਣਾ ਛੋਟੀ ਡੱਬੀ ਵਾਲਾ, ਢਿੱਲਾ ਜਿਹਾ ਪਰਨਾ ਸਿਰ ਤੋਂ ਉਤਾਰ ਕੇ ਫਿਰ ਤੋਂ ਵਲ੍ਹੇਟਦਾ ਬੋਲਿਆ। “ ਤੂੰ ਬੀ ਚਾਚਾ ਓਹੀ ਜੱਟਾਂ ਆਲ਼ੀ ਗੱਲ ਕਰਤੀ, ਅਖੇ ਜੱਟ ਜੱਟਾਂ ਦਾ ਤੇ ਭੋਲੂ ਨਰੈਣ ਦਾ। ਫੇਰ ਕਹੋਂਗੇ ਜਗਤੂ ਬੋਲਦੈ। ਹੂੰ !” ਬੋਲਣ ਤੋਂ ਬਾਅਦ ਜਗਤੂ ਦੇ ਅੰਦਰੋਂ ਭੜਾਸ ਜਿਹੀ ਨਿਕਲੀ ਤੇ ਉਸ ਨੇ ਹਲਕਾ ਜਿਹਾ ਮਹਿਸੂਸ ਕੀਤਾ ਜਿਵੇਂ ਕਾਫੀ ਸਮੇਂ ਤੋਂ ਮਨ ਅੰਦਰ ਖੁੱਭੀ ਕੋਈ ਚੀਜ਼ ਬਾਹਰ ਨਿਕਲ ਗਈ ਹੋਵੇ। “ਉਏ ਕਮਲ਼ਿਆ ! ਗੰਦ ਪੈਂਦੈ, ਥਾਂ ਕ ਥਾਂ ਵੇਖ ਕੇ ਬੈ੍ਹਜਿਆ ਕਰੋ। ਨਾਲ਼ੇ ਹੁਣ ਤਾਂ ਲੋਕ ਘਰੇਂ ਪਟਾਈ ਜਾਂਦੇ ਨੇ।” ਘੂਤਰ ਕੋਲ ਪਈ ਛੋਟੀ ਜਿਹੀ ਪਲੂੰਘੜੀ ’ਤੇ ਬੈਠ ਗਿਆ। “ਮੈਂ ਦੁੱਧ ਧਰ ਆਮਾਂ।” “ਚਾਹ ਵੀ ਲੈ ਆਈਂ, ਸ਼ੇਰਾ।” “ਚੰਗਾ ਚਾਚਾ।” ਜਸਵੰਤ ਦੁੱਧ ਸੰਭਾਲਣ ਚਲਾ ਗਿਆ। ਉਸ ਨੇ ਕਈ ਸਾਲਾਂ ਤੋਂ ਕੁਦਰਤੀ ਖੇਤੀ ਦੇ ਨਾਲ ਨਾਲ, ਪਸ਼ੂ ਪਾਲਣ ਜਿਹੇ ਸਹਾਇਕ ਧੰਦੇ ਵੀ ਅਪਨਾ ਰੱਖੇ ਹਨ। “ਘਰੇਂ ਹੁਣ ਚੁੱਲਿਆਂ ਕੋਲ ਪਟਾਲੀਏ। ਗਿੱਠ ਗਿੱਠ ਤਾਂ ਥਾਂ ਐ ਸਾਡੇ ਕੋਲ। ਮੰਜਾ ਵੀ ਮਸੀਂ ਡੈਂਅਦੈ।” ਜਗਤੂ ਘੂਤਰ ਨੂੰ ਹੁੜ੍ਹੀ ਕਰਕੇ ਪੈ ਗਿਆ। “ਹੋਰ ਫੇਰ ਕੀ ਹੱਲ ਕਰੀਏ ਸ਼ੇਰਾ, ਥੋਡਾ ?” ਘੂਤਰ ਵੀ ਸਮਝ ਗਿਆ — ‘ਇਹ ਵੀ ਕਰਨ ਤਾਂ ਕੀ ਕਰਨ ! ਜ਼ਮੀਨਾਂ ਮਹਿੰਗੀਆਂ ਹੋ ਰਹੀਆਂ ਹਨ। ਰਿਹਾਇਸ਼ੀ ਜਮੀਨਾਂ ਦੇ ਰੇਟਾਂ ਨੂੰ ਤਾਂ ਹੋਰ ਵੀ ਅੱਗ ਲੱਗੀ ਪਈ ਐ। ਪੰਚਾਇਤੀ ਜ਼ਮੀਨਾਂ ’ਤੇ ਨਜਾਇਜ਼ ਕਬਜ਼ੇ ਵੀ ਸਰਕਾਰ ਛੁਡਾ ਰਹੀ ਹੈ। ਅਖ਼ਬਾਰਾਂ ਵਿੱਚ ਨਿੱਤ ਖ਼ਬਰਾਂ ਲੱਗਦੀਆਂ ਹਨ। ਬੁਲਡੋਜ਼ਰ ਚਲਾ ਕੇ ਅੱਖ ਝਪਕਦਿਆਂ ਹੀ ਵੱਡੀਆਂ—ਵੱਡੀਆਂ ਇਮਾਰਤਾਂ ਢਹਿ—ਢੇਰੀ ਹੋ ਜਾਂਦੀਆਂ ਹਨ। ਬੇਘਰ ਹੋਏ ਲੋਕ ਵਿਰੋਧ ਕਰਦੇ ਨੇ ਤਾਂ ਪੁਲਿਸ ਤਸੱਦਦ ਕਰਦੀ ਹੈ, ਲਾਠੀਚਾਰਜ ਹੁੰਦਾ ਹੈ, ਝੂਠੇ ਕੇਸ ਪਾ ਕੇ ਜੇਲ੍ਹਾਂ ’ਚ ਸੁੱਟ ਦਿੱਤੇ ਜਾਂਦੇ ਹਨ।’ “ਸਾਡਾ ਤਾਂ ਜਿਉਣਾ ਬੀ ਦੁੱਭਰ ਐ, ਚਾਚਾ। ਨਾ ਕਿੱਧਰੇ ਉਜੜਨ ਜੋਗੇ ਆਂ।” “ਉੱਜੜ ਕੇ ਕਿੱਧਰ ਜਾਣੈ, ਭਤੀਜ ? ਇਹ ਤਾਂ ਆਪਣਾ ਜੱਦੀ ਪਿੰਡ ਐ। ਆਪਾਂ ਏਥੀ ਜੰਮੇ ਆਂ, ਪਲ਼ੇ ਆਂ, ਏਥੀ ਮਰਾਂਗੇ।” ਜਸਵੰਤ ਚਾਹ ਲੈ ਕੇ ਆ ਗਿਆ। ਉਸ ਨੇ ਪਿੱਤਲ ਦੇ ਡੋਲੂ ਚੋਂ ਤਿੰਨ ਗਲਾਸਾਂ ’ਚ ਚਾਹ ਪਾ ਲਈ। ਦੋ ਗਲਾਸ ਚੱਕ ਕੇ ਘੂਤਰ ਤੇ ਅਮਲੀ ਮੂਹਰੇ ਕਰ ਦਿੱਤੇ। “ਲਓ ਚਾਚਾ, ਪਹਿਲਾਂ ਚਾਹ ਪੀਓ, ਬਾਕੀ ਗੱਲਾਂ ਫੇਰ।” “ਮੈਨੂੰ ਤਾਂ ਸ਼ੇਰਾ ਬਾਟੀ ’ਚ ਪੀਣ ਦੀ ਆਦਤ ਐ।” “ਮੈਂ ਬਾਟੀ ਲਿਆ ਦਿੰਨੇ।” “ਚੱਲ ਕਾਹਨੂੰ ਖੇਚਲ ਕਰਨੀ ਐ। ਏਸੇ ’ਚ ਪੀਲੂੰ, ਹੇਠਾਂ ਧਰਦੇ, ਠਰਜੂਗੀ।” ਚਲਦੀਆਂ ਗੱਲਾਂ ’ਚ ਜਸਵੰਤ ਵੀ ਘੂਤਰ ਨੂੰ ਪਿੰਡ ਦੇ ਵਸੇੇਬੇ ਬਾਰੇ ਪੁੱਛਣ ਲੱਗ ਪਿਆ। “ਚਾਚਾ ਆਪਣਾ ਪਿੰਡ ਕਿਵੇਂ ਬੱਝਿਆ ?” “ਪੁੱਤ ਇਹ ਪੀਰਾਂ ਦਾ ਪਿੰਡ ਐ।” ਘੂਤਰ ਨੇ ਚਾਹ ਦੀ ਘੁੱਟ ਭਰਦੇ ਦੇ ਨੇ ਜਵਾਬ ਦਿੱਤਾ। “ਏ ... ਇੱਕ ਮਿਨਟ, ਹੁਣ ਦੱਸ, ਪੀਰਾਂ ਦਾ ਪਿੰਡ ਕਿਮੇ ਐ ?” ਜਗਤੂ ਵੀ ਪਲਾਥੀ ਮਾਰ ਕੇ ਬੈਠ ਗਿਆ ਸੀ, ਜਿਵੇਂ ਕਥਾ ਸੁਣਨੀ ਹੋਵੇ। “ਪੀਰ ਏਸ ਪਿੰਡ ਦੇ ਮਾਲਕ ਸੀ। ਤਾਹੀਉਂ ਪਿੰਡ ਦਾ ਨਾਂ ਪੀਰਾਂਵਾਲੀ ਪਿਐ। ਉਹ ਆਪਣਾ ਗੁਰੂ ਸ਼ਾਹ ਹੁਸੈਨ ਨੂੰ ਮੰਨਦੇ ਸੀ। ਸ਼ਾਹ ਹੁਸੈਨ ਮੁਲਤਾਨ ਦੇ ਸੀ। ਜਦੋਂ ਉਹ ਚੋਲ਼ਾ ਛੱਡਗੇ ਤਾਂ ਉਹਨਾਂ ਦੀ ਦੇਹ ਬੋਤੀ ’ਤੇ ਲੱਦ ’ਤੀ। ਬੋਤੀ ਦੇ ਮਗਰ—ਮਗਰ ਪੈਰੋਕਾਰ। ਜਿੱਥੇ ਵੀ ਬੋਤੀ ਬਹਿੰਦੀ ਗਈ, ਉਥੇ ਪੀਰ ਦੀ ਕਬਰ ਬਣਦੀ ਗਈ। ਆਪਣੇ ਪਿੰਡ ਵੀ ਆ ਕੇ ਬੋਤੀ ਬਹਿ ਗਈ।” ਜਸਵੰਤ ਤੇ ਜਗਤੂ ਪਿੰਡ ਦੇ ਜਨਮ ਦੀਆਂ ਗੱਲਾਂ ਧਿਆਨ ਨਾਲ ਸੁਣ ਰਹੇ ਸੀ। “ਸ਼ੇਰੋ, ਉੱਥੇ ਵਣ ਹੀ ਵਣ ਸੀ। ਜੰਡ, ਕਰੀਰ, ਮਲ੍ਹੇ—ਝਾੜੀਆਂ। ਮਖਿਆ ਨਿਰਾ ਜੰਗਲ। ਕੱਲਾ ਕੈਰ੍ਹਾ ਡਰਦਾ ਕੋਈ ਜਾਂਦਾ ਵੀ ਨੀ ਸੀ।” “ਫੇਰ ਵੀ ਚਾਚਾ ?” ਜਗਤੂ ਚਾਹ ਪੀ ਕੇ ਰੇਤੇ ਨਾਲ ਗਲਾਸ ਮਾਂਜਣ ਲੱਗ ਪਿਆ, ਪਰ ਧਿਆਨ ਉਸਦਾ ਘੂਤਰ ਦੀਆਂ ਗੱਲਾਂ ਵੱਲ ਸੀ। “ਬੋਤੀ ਬੀਚਰਗੀ ! ਪੈਰੋਕਾਰਾਂ ਨੇ ਬਥੇਰਾ ਜੋਰ ਲਾਇਆ, ਪਰ ਨਾ ਉੱਠੀ। ਬੋਤੀ ਨੇ ਗੋਡਣੀ ਲ਼ਾ—ਲ਼ੀ। ਪੈਰੋਕਾਰਾਂ ਨੇ ਪੀਰ ਦੀ ਕਬਰ ਬਣਾਤੀ। ਖੂੰਜੇ 'ਚ ਕਬਰ ਵੀ ਤੁਸੀਂ ਵੇਖੀ ਹੋਣੀ।” “ ਹੂੰ, ਕਰੀਰ ਹੇਠ।” ਜਸਵੰਤ ਬੋਲਿਆ। “ਉਹ ਕਬਰ ਸ਼ੇਰਾ ਬੋਤੀ ਦੀ ਐ...। ਇਸ ਤਰ੍ਹਾਂ ਪੀਰਾਂਵਾਲੀ ਬੱਝ ਗਿਆ।” “ਹੱਲਿਆਂ—ਗੁੱਲਿਆਂ ਵੇਲੇ ਤਾਂ ਵਥੇਰਾ ਘਸਮਾਨ ਪਿਆ ਸੀ, ਕੈਂਅਦੇ ਏਥੇ। ਮੇਰਾ ਤਾਇਆ ਮੇਹਰੂ ਵੀ ਦੱਸਦਾ ਹੁੰਦਾ ਸੀ। ਮੈਨੂੰ ਕੈਂਅਦਾ, ਤੂੰ ਤਾਂ ਓਦੋਂ ਦੁੱਧ ਚੁੰਘਦਾ ਹੁੰਦਾ ਸੀ।” ਜਗਤੂ ਨੇ ਵਿਰਲੀ ਦਾੜ੍ਹੀ ਖੁਰਕੀ। “ਹੂੰ, ਡਰਦੇ ਮੁਸਲਮਾਨ ਘਰ ਛੱਡ ਗਏ। ਸਾਰਿਆਂ ਨੂੰ ਆਪਣੀ ਜਾਨ ਦੀ ਪਈ ਸੀ। ਰਸਦ ਮੁਹੰਮਦ ਪਟਵਾਰੀ, ਸਯਾਦਾ ਕਾਲੀਪੋਸ਼ ਤੇਲੀ ਤੇ ਨੀਰੂ ਮੁਹੰਮਦ ਸਾਡਾ ਗੁਆਂਢੀ ਸੀ। ਪਟਵਾਰੀ ਨੂੰ ਮੈਂ ਬੋਤੀ ਤੇ ਬਿਠਾ ਕੇ ਘੱਗਰ ਪਾਰ ਕਰਾ ਕੇ ਆਇਆ । ਪਟਵਾਰੀ ਜਾਂਦੀ ਵਾਰ ਮੇਰੇ ਗਲ ਲੱਗ ਰੋਇਆ ਸੀ, ਉਹ ਮੁੜ—ਮੁੜ ਪਿੰਡ ਵੱਲ ਦੇਖੀ ਗਿਆ । ਉਹਦੇ ਘਰ ਵਾਲੀ ਨੂਰਜਹਾਂ ਵੀ ਭਾਵੁਕ ਹੋਗੀ ਸੀ। ਨੀਰੂ ਵੀ ਘਰ ਦੀਆਂ ਚਾਬੀਆਂ ਮੈਨੂੰ ਫੜਾ ਗਿਆ ਸੀ।” ਫਿਰ ਘੂਤਰ ਨੇ ਜਸਵੰਤ ਹੋਰਾਂ ਨੂੰ, ਅੰਦਰੋਂ ਲੱਕੜ ਦੇ ਸੰਦੂਕ ’ਚੋਂ ਦੋ ਚਾਬੀਆਂ ਕੱਢ ਕੇ ਵਿਖਾਈਆਂ। “ਆਹ ਦੇਖੋ, ਆਹ ਚਾਬੀਆਂ ਨੀਰੂ ਦੇ ਕੇ ਗਿਆ ਸੀ। ਕਹਿੰਦਾ, ਘੂਤਰ ਬਾਈ ਜਦ ਮਹੌਲ ਠੀਕ ਹੋ ਗਿਆ ਤਾਂ ਅਸੀਂ ਮੁੜ ਕੇ ਆਮਾਂਗੇ। ਮਹੌਲ ਤਾਂ ਕੀ ਠੀਕ ਹੋਣਾ ਸੀ। ਵੱਢਾ—ਟੁੱਕੀ ਨਾਲ ਧਰਤੀ ਲਾਲ ਹੋਗੀ ਸੀ।” “ਦੋ—ਤਿੰਨ ਮੀਨ੍ਹੇ ਤਾਂ ਕੈਂਅਦੇ ਲੋਥਾਂ ਸਾਂਮ੍ਹਣ ’ਤੇ ਲਾਗੇ ਸੀ।” ਜਗਤੂ ਨੇ ਆਪਣੇ ਵਡੇਰਿਆਂ ਤੋਂ ਸੁਣੀ ਗੱਲ, ਚਾਚੇ—ਭਤੀਜ ਨਾਲ ਸਾਂਝੀ ਕੀਤੀ। “ਬੱਸ ! ਉਹ ਵੇਲ਼ਾ ਤਾਂ ਯਾਦ ਈ ਨਾ ਕਰਾਓ ਸ਼ੇਰੋ।” ਘੂਤਰ ਦਾ ਮਨ ਭਰ ਆਇਆ ਸੀ। ਉਸਦੀਆਂ ਅੱਖਾਂ ਨਮ ਹੋ ਗਈਆਂ। “ਚਾਚਾ ! ਆ ਭਾਊਆਂ ਤੇ ਰਾਅ ਸਿੱਖਾਂ ਦਾ ਪਿੱਛਾ ਕਿੱਧਰ ਦੈ ?” ਅਚਾਨਕ ਜਸਵੰਤ ਦਾ ਖਿ਼ਆਲ ਪਾਕਿਸਤਾਨ ਤੋਂ ਆਏ ਰਫਿਊਜ਼ੀਆਂ ਵੱਲ ਹੋ ਗਿਆ। “ਸ਼ੇਰਾ ! ਭਾਊ ਲਾਹੌਰ ਤੋਂ ਤੇ ਰਾਏ ਸਿੱਖ ਮੁਲਤਾਨ ਤੇ ਝੰਗ ਤੋਂ ਆਏ ਨੇ ।” “ ਆਹ ਰਾਏ ਸਿੱਖਾਂ ਦੇ ਤਾਂ ਰਸਮ—ਰਿਵਾਜ ਹੀ ਹੋਰ ਨੇ ਚਾਚਾ। ਆਪਣੇ ’ਚ ਨੀ ਇਹ ਰਲ਼ਦੇ—ਮਿਲ਼ਦੇ।” ਜਗਤੂ ਨੇ ਗੀਝੇ ਚੋਂ ਡੱਬੀ ਕੱਢ ਕੇ ਬੀੜੀ ਲਾ ਲਈ। “ ਵਿਆਹ ਵੇੇਲ਼ੇ ਦੇਖ ਕਿਵੇਂ ਘੜੋਲੀਆਂ ਭਰਦੇ ਨੇ।” ਘੂਤਰ ਬੋਲਿਆ। “ਢੋਲ ’ਤੇ ਨੱਚ—ਨੱਚ ਦੂਹਰੇ ਹੋ ਜਾਂਦੇ ਨੇ।” ਜਸਵੰਤ ਬੋਲਿਆ। “ ਬੇਫਿਕਰੇ ਲੋਕ ਨੇ ਸ਼ੇਰਾ। ਜਾਦ੍ਹੇ ਮਰੂੰ—ਮਰੂੰ ਨੀ ਕਰਦੇ।” “ਤੇ ਆਪਣੇ ਜੱਟ ਭਾਈ ਦੀਆਂ ਦੋ ਕਨਾਲਾਂ ਵਿਕ ਜਾਣ, ਜਾਨ ਨਿਕਲ ਜਾਂਦੀ ਐ।” ਜਸਵੰਤ ਨੇ ਆਪਣੇ ਜੱਟ ਭਾਈਚਾਰੇ ਦਾ ਤਜਰਬਾ ਵੀ ਸਾਂਝਾ ਕੀਤਾ। “ਬੋਲੀ ਬੜੀ ਮਿੱਠੀ ਐ ਏਨ੍ਹਾਂ ਦੀ।” ਜਗਤੂ ਨੇ ਸੂਟਾ ਮਾਰ ਕੇ ਹੱਥ ਦੀ ਚੁਟਕੀ ਵਜਾਈ ਤਾਂ ਬੀੜੀ ਦੇ ਧੁਖਦੇ ਪਾਸੇ ਵਾਲੀ ਰਾਖ ( ਬੀੜੀ ਦਾ ਜਲਿਆ ਭਾਗ ) ਹੇਠਾਂ ਡਿੱਗੀ। “ਜੀ ਕਰਦੈ ਚਾਚਾ, ਸੁਣੀ ਚੱਲ। ਇੱਕ ਦਿਨ ਕੱਕੂ ਦਾ ਮਿੰਦੀ ਆ ਗਿਆ ਆਪਣੇ ਘਰੇ। ਕਹਿੰਦਾ, ਤੇ ਮੁੜ ਜਸਵੰਤ ਸਿੰਘ ਜੀ, ਮੈਂ ਤੇ ਤਰੰਗਲ ਲੈਵਣ ਆਇਆ ਸੀ।” “ਫੇਰ ਤੂੰ ਕੀ ਕਿਹਾ ?” “ਮਖਿਆ, ਤਰੰਗਲ ਤਾਂ ਵਿੰਗਾ ਹੋ ਗਿਆ। ਤਾਂ ਅੱਗੋਂ ਬੋਲਿਆ— ਮੈਂ ਜੋਤੀ ਤਰਖਾਣ ਤੂੰ ਠੀਕ ਕਰਾ ਲੈਸੀਂ। ਮਾਂ ਦਾ ਪੁੱਤ ਤੰਗਲੀ ਲੈ ਕੇ ਹਿੱਲਿਆ।” “ਏਸੇ ਨੂੰ ਤੇਰਾ ਬਾਪੂ ਦਿਹਾੜੀ ਲੈ ਗਿਆ। ਉਹਨੇ ਪੁੱਛਿਆ, ਕਿੰਨੀਆਂ ਰੋਟੀਆਂ ਖਾਏਂਗਾ ਤਾਂ ਕਹਿੰਦਾ, ਤੇ ਮੁੜ ਪੰਜ—ਪੰਜ ਫੱਕ ਲੈਸੀਂ।” ਗੱਲਾਂ ਕਰਦਿਆਂ ਹੀ ਅਚਾਨਕ ਜਸਵੰਤ ਦੀ ਜੇਬ ’ਚ ‘ਘੁਰਰ ਘੁਰਰ’ ਦੀ ਆਵਾਜ਼ ਹੋਈ। “ਜਸਵੰਤਿਆ, ਜੇਬ ’ਚ ਕੀ ਵੜਗਿਆ ?” ਅਮਲੀ ਦਾ ਧਿਆਨ ਉਸਦੀ ਜੇਬ ’ਤੇ ਚਲਾ ਗਿਆ। “ਫੋਨ ਆਇਐ, ਵੱਡੇ ਬਾਈ।” ਆਖ ਜਸਵੰਤ ਨੇ ਮੋਬਾਇਲ ਦੇ ਖੱਬੇ ਪਾਸੇ ਵਾਲੇ ਬਟਨ ਨੂੰ ਜ਼ੋਰ ਦੀ ਦਬਾਇਆ। ਕੰਨ ਨਾਲ ਲਾ ਕੇ ਮੀਣੀ ਮੱਝ ਦੀ ਖੁਰਲੀ ਵੱਲ ਚਲਾ ਗਿਆ। “ਪਤੰਦਰ, ਕੱਲਾ ਈ ਹੂੰ ਹਾਂ ਕਰੀ ਜਾਂਦੈ।” ਜਗਤੂ ਦੀ ਨਜ਼ਰ ਉਸਦਾ ਪਿੱਛਾ ਕਰਦੀ ਗਈ। “ਕੋਈ ਜਵਾਬ ਆਇਐ ਓਨ੍ਹਾਂ ਦਾ ?” ਘੂਤਰ ਨੇ ਜਗਤੂ ਨੂੰ ਸੁਤੇ—ਸੁਭਾਅ ਹੀ ਪੁੱਛ ਲਿਆ। “ਕਿੰਨ੍ਹਾਂ ਦਾ ਚਾਚਾ ?” ਜਗਤੂ ਨੂੰ ਘੂਤਰ ਦੀ ਗੱਲ ਸਮਝ ਨਾ ਆਈ। “ਦਿਆਲਪੁਰੇ ਆਲਿਆਂ ਦੀ ਗੱਲ ਕਰਦੈਂ ਮੈਂ।” “ਓਨ੍ਹਾਂ ਨੇ ਤਾਂ ਚਾਚਾ ਕੋਈ ਬਰ ਸਰਾਫ ਦਿੱਤਾ ਨੀ।” ਦਿਆਲਪੁਰੇ ਜਗਤੂ ਦੀ ਕੁੜੀ ਗੋਲੋ ਵਿਆਹੀ ਸੀ। ਅਜੇ ਵਿਆਹ ਨੂੰ ਦੋ ਸਾਲ ਹੀ ਹੋਏ ਸੀ। ਸਹੁਰੇ ਪਰਿਵਾਰ ਨਾਲ ਅਣਬਣ ਹੋ ਗਈ। ਪਿਛਲੇ ਐਤਵਾਰ ਪੰਚਾਇਤ ਇਕੱਠੀ ਹੋਈ ਤਾਂ ਜਗਤੂ ਘੂਤਰ ਨੂੰ ਸੱਦਾ ਦੇਣ ਆਇਆ। “ਸਾਡਾ ਕਰਾਓ ਕੋਈ ਨਬੇੜਾ।” ਉਸ ਦੇ ਘਰਵਾਲੀ ਲਾਜੋ ਵੀ ਨਾਲ ਆਈ ਸੀ। ਸੱਜੇ ਹੱਥ ਨਾਲ, ਕੇਸਰੀ ਚੁੰਨੀ ਦਾ ਇੱਕ ਗਿੱਠ ਲੰਮਾ ਘੁੰਡ ਕੱਢ ਕੇ ਉਹ ਘੂਤਰ ਨੂੰ ਕਹਿਣ ਲੱਗੀ — “ਜਰੂਰ ਆਇਓ ਜੀ। ਕੁੜੀ ਘਰੇਂ ਬਠੌਣੀ ਬਹੁਤ ਔਖੀ ਐ।” “ਚਲੋ ਭਾਈ, ਮੈਂ ਹੁਣੇ ਨਾਲ ਚੱਲਦੈਂ। ਕੁੜੀ ਕੱਤਰੀ ਤਾਂ ਸਾਰੇ ਪਿੰਡ ਦੀ ਸਾਂਝੀ ਐ।” ਘੂਤਰ ਉਨ੍ਹੇ ਪੈਰੀਂ, ਪੈਰ ਜਲਸਾ ਅੜਕਾਉਂਦਾ ਹੋਇਆ, ਜਗਤੂ ਹੋਰਾਂ ਦੇ ਨਾਲ ਹੀ ਚੱਲ ਪਿਆ। ਪਿੰਡ ਦੀ ਪੰਚਾਇਤ ਨੇ, ਮੁੰਡੇ ਵਾਲਿਆਂ ਦੇ ਗੱਲੀਂ—ਬਾਤੀਂ ਬਹੁਤ ਛਿੱਤਰ ਮਾਰੇ। “ਨਾ ਭਾਈ ਪਹਿਲਾਂ ਤਾਂ ਐਂ ਦੱਸੋ, ਬਈ ਸਾਡੀ ਕੁੜੀ ਚ ਖੋਟ ਕੀ ਐ ?” ਕੁੜੀ ਦਾ ਸਹੁਰਾ ਆਖਣ ਲੱਗਾ— “ਕੁੜੀ ਸਾਡੀ ਇੱਜਤ ਨੀ ਕਰਦੀ। ਸਾਨੂੰ ਚਾਹ ਪਾਣੀ ਨੀ ਪੁੱਛਦੀ।” ਕੁੜੀ ਨੂੰ ਘੂਤਰ ਨੇ ਪੁੱਛਿਆ— “ਦੱਸ ਭਾਈ ਗੁੱਡੀ, ਕੀ ਗੱਲ ਐ ?” ਕੁੜੀ ਆਖਣ ਲੱਗੀ— ‘ਰੋਟੀ—ਪਾਣੀ ਪਹਿਲਾਂ ਮੈਂ ਸੱਸ ਸਹੁਰੇ ਨੂੰ ਦਿੰਨੀ ਆਂ। ਆਪ ਫੇਰ ਖਾਂਦੀ ਆਂ। ਮੈਨੂੰ ਦੋ ਵਾਰ ਓਨੇ ਚੁੱਲ੍ਹੇ ’ਚ ਧੱਕਾ ਦੇਤਾ, ਆਹ ਵੇਖੋ ਬਾਂਹ ਮੱਚੀ ਪਈ ਐ।” ਕੁੜੀ ਨੇ ਭਰੀ ਪੰਚਾਇਤ ਨੂੰ ਆਪਣੀ ਵਿੱਥਿਆ ਸੁਣਾਈ। ਉਸਦਾ ਮਨ ਭਰ ਆਇਆ ਤਾਂ ਅੰਦਰ ਚਲੀ ਗਈ। “ਮੁੰਡਾ ਆਪ ਕਿਉਂ ਨੀ ਆਇਆ ?” ਘੂਤਰ ਨੇ ਮੁੰਡੇ ਦੇ ਪਿਉ ਤੋਂ ਪੁੱਛਿਆ। “ਡਰਦਾ ਨੀ ਆਇਆ, ਕੈਂਅਦਾ ਕੁੱਟਣਗੇ।” “ਕੁੱਟਣ ਨੂੰ ਅਸੀਂ ਕਿਹੜਾ ਡਾਂਗਾਂ—ਸੋਟੇ ਚੱਕੀ ਬੈਠੇ ਆਂ ਸਰਦਾਰ ਜੀ। ਅਸੀਂ ਤਾਂ ਧੀ ਆਲ਼ੇ ਆਂ, ਧੀ ਆਲ਼ਿਆਂ ਨੂੰ ਤਾਂ ਨਿਮ ਕੇ ਰੈਣ੍ਹਾ ਪੈਂਦੈ।” ਭਰੀ ਪੰਚਾਇਤ ’ਚ ਜਗਤੂ ਵੀ ਬੋਲ ਪਿਆ। “ਮੁੰਡੇ ਨੂੰ ਨਾਲ ਲੈ ਕੇ ਆਇਓ ਭਾਈ, ਫੇਰ ਕੋਈ ਨਬੇੜਾ ਕਰਾਂਗੇ। ਰੋਜ—ਰੋਜ ਕੱਠੇ ਹੋਣਾ ਵੀ ਔਖੈ।” ਜੁੜੀ ਪੰਚਾਇਤ ਨੇ ਦਿਆਲਪੁਰੇ ਦੀ ਪੰਚਾਇਤ ਨੂੰ ਆਪਣਾ ਫੈਸਲਾ ਸੁਣਾ ਦਿੱਤਾ ਸੀ। ਇਕੱਠ ’ਚ ਦਿਆਲਪੁਰੇ ਦੀ ਪੰਚਾਇਤ ਨੇ ਤਿੰਨ ਦਿਨ ਦਾ ਸਮਾਂ ਮੰਗਿਆ। ਸਰਪੰਚ ਕਹਿੰਦਾ— “ਕੋਈ ਨਾ ਜੀ, ਮੁੰਡੇ ਨੂੰ ਸਮਝਾਮਾਂਗੇ। ਅਸੀਂ ਬੀ ਛਿੱਤਰ ਮਾਰਾਂਗੇ। ਚੌਥੇ ਉਹਨੂੰ ਨਾਲ ਲੈ ਕੇ ਆਮਾਂਗੇ। ਸਾਡੀ ਵੀ ਸਾਰੀ ਪੰਚੈਤ ਦੀ ਏਸ ਗੱਲ ਚ ਬੇਜ਼ਤੀ ਐ।” “ਧੰਨ—ਭਾਗ ਸਾਰੀ ਪੰਚੈਤ ਦੇ, ਤੁਸੀਂ ਸਾਡੇ ਪਿੰਡ ਆਏ। ਅਸੀਂ ਥੋਡੀ ਇੱਜ਼ਤ ਕਰਦੇ ਆਂ। ਬੱਸ, ਓਹਨੂੰ ਕੋਹੜੀ ਨੂੰ ਸਮਝਾਓ, ਕਿਉਂ ਘਰ ਪੱਟਦੈ! ਏਸ ਪਰਵਾਰ ਨੂੰ ਵੀ ਕੁੜੀ ਘਰੇਂ ਬਠੌਣੀ ਔਖੀ ਐ।” ਪੀਰਾਂਵਾਲੀ ਦੇ ਸਰਪੰਚ ਨੇ ਵੀ ਦੋਵੇਂ ਹੱਥ ਜੋੜ ਕੇ, ਦਿਆਲਪੁਰੇ ਦੀ ਪੰਚਾਇਤ ਦਾ ਪੂਰਾ ਆਦਰ—ਸਤਿਕਾਰ ਕੀਤਾ। * * * “ਚੰਗਾ ਬੀ ਚਾਚਾ ਸਿਆਂ, ਚੱਲਦੇ ਆਂ। ਖਾਸਾ ਟੈਮ ਹੋਗਿਆ।” ਜਗਤੂ ਕਿੱਕਰ ਦੇ ਖੁੰਢ ਤੋਂ ਉੱਠ ਖੜੋਤਾ ਤੇ ਅੰਗੜਾਈ ਲਈ। “ਚੰਗਾ ਭਾਈ, ਜਿੱਦੇਂ ਦਿਆਲਪੁਰੇ ਆਲ਼ੇ ਆਏ, ਦੱਸ ਦੇਈਂ।” “ਚੰਗਾ ਚਾਚਾ। ਫੈਂਸਲਾ ਤਾਂ ਤੁਸੀਂ ਕਰਨੈ, ਚਾਰ ਭਾਈਆਂ ਨੇ। ਨਾਲ਼ੇ ਆਪਾਂ ਬੀ ਕੁੜੀ ਨੂੰੰ ਘਰੇਂ ਰੱਖ ਕੇ ਕੀ ਕਰਨੈ। ਆਪਾਂ ਤਾਂ ਆਪ ਸੋਚਦੇ ਆਂ ਬਈ ਕੁੜੀ ਆਵਦੇ ਈ ਘਰੇਂ ਵਸੇ ਰਸੇ। ਸਾਡਾ ਕੌਲ਼ਾ ਕਦੋਂ ਕ ਤੱਕ ਫੜ ਕੇ ਬੈਠੀ ਰਹੂਗੀ। ” “ਸਿਆਣੀਆਂ ਗੱਲਾਂ ਤਾਂ ਬਥੇਰੀਆਂ ਕਰ ਲੈਨੈ, ਆ ਨਸ਼ਾ—ਪੱਤਾ ਤਾਂ ਛੱਡਦੇ, ਕੋਈ ਤੰਤ ਨੀ ਏਹਦੇ ’ਚ।” ਘੂਤਰ ਨੇ ਜਾਂਦੇ ਹੋਏ ਜਗਤੂ ਨੂੰ ਨਸੀਹਤ ਵੀ ਦਿੱਤੀ। “ਘਟਾਉਂਦੇ ਆਂ ਚਾਚਾ, ਹੌਲ਼ੀ—ਹੌਲ਼ੀ।” ਖੰਘਦਾ ਹੋਇਆ ਜਗਤੂ ਆਪਣੀ ਬੀਹੀ ਪੈ ਗਿਆ। ਜਸਵੰਤ ਫੋਨ ਸੁਣ ਕੇ ਵਾਪਸ ਘੂਤਰ ਕੋਲ ਆ ਗਿਆ। “ਕੀਅਦਾ ਫੋਨ ਸੀ ਸ਼ੇਰਾ ?” “ਮੱਲ ਹਲਵਾਈ ਦਾ, ਕੈਂਦ੍ਹਾ ਮਘਾਣੀਏਂ ਵਿਆਹ ਐ, ਜਿਮੀਂਦਾਰਾਂ ਦੇ। ਦੁੱਧ ਪੁੱਛਦਾ ਸੀ। ਮੈਂ ਕਿਹਾ, ਜੇਹੜਾ ਤੀਹ—ਚਾਲੀ ਕਿੱਲੋ ਹੋਇਆ, ਲੈ ਜੀਂ ਭਾਈ।” “ਪੈਸੇ ਨਗਦ ਲੈ ਲੀਂ, ਭਾਈ। ਫੇਰ ਮਗਰ—ਮਗਰ ਭਕਾਈ ਕਰਦੇ ਫਿਰਾਂਗੇ।” “ਹੂੰ, ਨਗਦ ਈ ਲਮਾਂਗੇ।” ਚੇਤ ਮਹੀਨੇ ਦੀ ਕੋਸੀ—ਕੋਸੀ ਧੁੱਪ ਉਨ੍ਹਾਂ ਨੂੰ ਬਹੁਤ ਚੰਗੀ ਲੱਗੀ। “ਅੱਜ ਤਾਂ ਚਾਚਾ ਕੇਸੀ ਨਾਈਏ।” “ਹੂੰ, ਪਾਣੀ ਤੱਤਾ ਕਰਵਾਈਏ, ਜਾ ਕੇ।” ਫਿਰ ਉਹ ਦੋਵੇਂ ਨਹਾਉਣ ਲਈ, ਘਰ ਨੂੰ ਹੋ ਤੁਰੇ। * * * ਜਸਵੰਤ ਕੇਸੀ ਨਹਾ ਕੇ ਹਟਿਆ ਹੀ ਸੀ, ਵੱਡੇ ਗੁਰੂ—ਘਰ ਵਾਲੇ ਬਾਬੇ ਦੀ ਆਵਾਜ਼ ਉਸਦੇ ਕੰਨੀਂ ਪਈ— “ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ... ਬੇਨਤੀ ਕੀਤੀ ਜਾਂਦੀ ਆ ਭਾਈ, ਅੱਜ ਗੂਗਾ ਮੈੜੀ ਤੇ ਗੁਰੂ ਘਰ ਦੇ ਦਾਸ, ਜੱਗਰ ਸਿੰਘ ਦੀ ਟਰਾਲੀ ਜਾਊਗੀ। ਜੇ ਕਿਸੇ ਵੀਰ ਭਾਈ ਨੇ ਜਾਣਾ ਹੋਵੇ ਤਾਂ ਆਉਂਣ—ਜਾਣ ਦਾ ਕਿਰਾਇਆ ਸੌ ਰੁਪਏ ਐ। ਜੱਗਰ ਸਿੰਘ ਕੋਲ ਆਪਣਾ ਨਾਂ ਨੋਟ ਕਰਵਾਦੋ ਭਾਈ। ਟਰਾਲੀ ਗੁਰੂ—ਘਰ ਕੋਲ਼ੋਂ ਤੁਰੂਗੀ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।” ਬਾਬੇ ਦੀ ਸੂਚਨਾਂ ਸੁਣਦਿਆਂ ਹੀ, ਜਸਵੰਤ ਕੋਲ ਬੈਠੇ ਚਾਚੇ ਘੂਤਰ ਨੂੰ ਕਹਿੰਦਾ— “ਹਾਲੇ ਇਹੀ ਕਹਿੰਦੇ , ਸਿੱਖ ਧਰਮ ਨੂੰ ਡੇਰਿਆਂ ਤੋਂ ਖਤਰੈ। ਪਤੰਦਰ ਆਪ ਤਾਂ ਸਿੱਖੀ ਦਾ ਪ੍ਰਚਾਰ ਕਰਨ ਦੀ ਥਾਂ ’ਤੇ ਹੋਰ ਈ ਪ੍ਰਚਾਰ ਕਰੀ ਜਾਂਦੇ ਨੇ।” “ਕਿਹੜੇ ਪ੍ਰਚਾਰ ਦੀ ਗੱਲ ਕਰਦੈਂ, ਭਤੀਜ ! ਇਹ ਤਾਂ ਸੂਚਨਾ ਦੇਣ ਦਾ ਕੰਮ ਵੱਧ ਕਰਦੇ ਨੇ।” ਘੂਤਰ ਨੇ ਕੰਘੀ ਕਰਦਿਆਂ ਗੁਰੂਘਰ ਦੇ ਪਾਖੰਡੀ ਬਾਬਿਆਂ ’ਤੇ ਵਿਅੰਗ ਕਸਿਆ। “ਕੱਲ੍ਹ ਮਘਾਣੀਆਂ ਵਾਲ਼ਾ ਬਾਬਾ ਬੋਲੀ ਜਾਵੇ। ਕਹਿੰਦਾ ਭਾਈ ਨਛੱਤਰ ਸਿੰਘ ਸਨੌਫ ਬਾਘਾ ਸਿੰਘ ਦੀ ਕੱਟੀ ਗਵਾਚੀ ਐ। ਜੇ ਕਿਸੇ ਨੇ ਵੇਖੀ ਹੋਵੇ ਤਾਂ ਦੱਸਣ ਦੀ ਕਿਰਪਾਲਤਾ ਕਰਨੀ ਭਾਈ।” ਜਸਵੰਤ ਨੇ ਵੀ ਘੂਤਰ ਦੀ ਗੱਲ ਅੱਗੇ ਤੋਰੀ। “ਕੱਪੜਾ—ਲੀੜਾ ਵੇਚਣ ਵਾਲ਼ੇ ਵੀ ਤਾਂ ਸ਼ੇਰਾ ਗੁਰੂ—ਘਰ ਤੋਂ ਹੀ ਹੋਕਾ ਦਿੰਦੇ ਨੇ। ਕਦੇ ਕੋਈ ਬਲਬ ਵੇਖਣ ਆ ਗਿਆ, ਕਦੇ ਹਵਾ ਭਰਨ ਆਲ਼ੇ ਪੰਪਾਂ ਆਲ਼ਾ।” ਕੰਘੀ ਕਰਨ ਤੋਂ ਬਾਅਦ ਘੂਤਰ ਨੇ ਆਪਣੇ ਸੰਘਣੇ ਵਾਲ਼ਾਂ ਦਾ ਜੂੜਾ ਕਰ ਲਿਆ। “ਬਾਬਾ ਐਵੇਂ ਨੀ ਹੋਕਰਾ ਮਾਰਦਾ, ਦਸ ਰੁਪਏ ਲੈਂਦੈ।” “ਹੁਣ ਤਾਂ ਬਾਬਿਆਂ ਨੇ ਵੀ ਖਾਸਾ ਪੈਸਾ ਕਮਾ ਲਿਆ, ਭਤੀਜ।” “ਮੈਂ ਸੁਣਿਐਂ, ਕਈ ਬਾਬਿਆਂ ਦੀਆਂ ਕਮੇਟੀਆਂ ਵੀ ਚਲਦੀਆਂ ਨੇ।” “ਕਮੇਟੀਆਂ ਕਿਉਂ ਨਾ ਚੱਲਣ ? ਲੰਗਰ ਪਿੰਡ 'ਚੋਂ ਹੋ ਜਾਂਦੈ। ਦਸ—ਬਾਰਾਂ ਕਿਲੋ ਡਾਲੀ ਆਲਾ ਦੁੱਧ, ਕਿੱਲੋ—ਦੋ ਕਿੱਲੋ ਵਰਤਣ ਨੂੰ, ਬਾਕੀ ਜਾਗ ਲਾ ਕੇ ਰਿੜਕਣ ਨੂੰ।” “ਨਾ ਨਾ ਕਰਦੇ ਸੌ—ਪੰਜਾਹ ਸੂਚਨਾ ਵਾਲੇ ਬਣ ਜਾਂਦੇ ਨੇ। ਵਿਆਹ—ਸ਼ਾਦੀਆਂ ਤੇ ਮੌਤਾਂ ਦਾ ਸੀਜਨ ਅੱਡ ਚਲਦਾ ਰਹਿੰਦੈ।” “ਪਿੰਡ ’ਚ ਗੁਰਦਵਾਰੇ ਵੀ ਕਈ ਹੋਗੇ। ਰਮਦਾਸੀਆਂ ਦੇ ਗੁਰਦਵਾਰੇ ਬਣੇ ਨੂੰ ਵੀ ਖਾਸਾ ਟੈਮ ਹੋ ਗਿਆ।” ਘੂਤਰ ਦਾ ਧਿਆਨ ਪਿੰਡ ਦੇ ਗੁਰੂ—ਘਰਾਂ ਵੱਲ ਚਲਾ ਗਿਆ।

ਤਿੰਨ

ਘੂਤਰ ਨੂੰ ਯਾਦ ਆਇਆ, ਰਮਦਾਸੀਆਂ ਦੇ ਗੁਰੂ—ਘਰ ਬਣਨ ਵੇਲੇ ਕਾਫੀ ਰੌਲ਼ਾ—ਰੱਪਾ ਪਿਆ। ਰਮਦਾਸੀਆਂ ਦੇ ਕਈ ਬੰਦੇ ਆਖਣ ਲੱਗੇ — “ਵੱਡੇ ਗੁਰੂਦੁਆਰੇ 'ਚ ਸਾਨੂੰ ਮਾਣ—ਇੱਜਤ ਨੀਂ ਮਿਲਦਾ। ਅਸੀਂ ਆਪਣਾ ਗੁਰੂ—ਘਰ ਅੱਡ ਬਣਾਵਾਂਗੇ।” ਰੀਸੋ—ਰੀਸ ਰਾਇ ਸਿੱਖ ਆਪਣੀ ਪੀਪਣੀ ਅੱਡ ਵਜਾਉਣ ਲੱਗ ਪਏ। ਉਹ ਵੀ ਆਖਣ ਲੱਗੇ— “ਮੁੜ ਸਾਡਾ ਵੀ ਪਿੰਡ 'ਚ ਸੀਰ ਐ।” ਉਦੋਂ ਰਮਦਾਸੀਆ ਦਾ ਪੂਰਨ, ਸਰਪੰਚ ਸੀ। ਆਪਣੇ ਠੁਲ੍ਹੇ ਵਾਲਿਆਂ ਨੂੰ ਉਸ ਨੇ ਮਗਰ ਲਾ ਲਿਆ — “ਆਪਾਂ ਤਾਂ ਆਪਣਾ ਗੁਰੂ—ਘਰ ਅੱਡ ਬਣਾਵਾਂਗੇ।” ਘੂਤਰ ਨੇ ਵੀ ਬਥੇਰਾ ਸਮਝਾਇਆ । “ਉਏ ਪੂਰਨਾ, ਕਿਉੁਂ ਕਮਲਾ ਹੋਇਐਂ। ਪਿੰਡ 'ਚ ਫੁੱਟ ਪਊ। ਭਾਈਚਾਰਾ ਕਿਉਂ ਖਤਮ ਕਰਦੇ ਓਂ।” ਪਰ ਘੂਤਰ ਦੀ, ਵਿਹੜੇ ਵਾਲ਼ਿਆਂ ਨੇ ਇੱਕ ਨਾ ਸੁਣੀ। “ਫਿਰ ਠੁਲ਼ਿਆਂ ਮੁਤਾਬਕ ਬਾਸ ਪਾ ਲ਼ੋ।” ਜਗਤੂ ਅਮਲੀ ’ਕੱਠ ਨੂੰ ਪਾਸੇ ਕਰਦਾ ਮੂਹਰੇ ਆ ਖਲੋਇਆ। ਉਸਨੇ ਧੋਤੀ ਦਾ ਪੱਲਾ ਬੋਚਦਿਆਂ, ਕਮਰ ਦੇ ਦੁਆਲੇ ਲਪੇਟਿਆ । ਜਗਤੂ ਅਮਲੀ ਉਦੋਂ ਬਘੇਲ ਸਿੰਘ ਦੇ ਸੀਰ ਕਰਦਾ ਸੀ । ਬਘੇਲ ਹੋਰੀਂ ਦੋ ਭਰਾ ਹਨ। ਵੱਡਾ ਬਘੇਲ ਆਪ ਤੇ ਛੋਟਾ ਬਾਘ ਸਿੰਘ। ਬਾਘ ਨੇ ਤਾਂ ਆਪਣਾ ਘਰ—ਬਾਰ ਖੇਤ ਹੀ ਬਣਾ ਲਿਆ। ਇਸ ਗੱਲ ਨੂੰ ਵੀ ਬਾਈ—ਤੇਈ ਸਾਲ ਤੋਂ ਵੀ ਉੱਪਰ ਹੋ ਗਏ। ਬਾਘ ਦੇ ਘਰ ਵਾਲ਼ੀ ਸਿੱਧਰੀ ਸੀ, ਨਿਰੀ ਭਗਤਣੀ। ਬਘੇਲ ਦੇ ਘਰੋਂ ਸੀ ਚਤੁਰ ਚਲਾਕ। ਦੁੱਧ ਆਪ ਡੋਲ੍ਹ ਕੇ ਉਸਦਾ ਨਾਂ ਲੈ ਦਿਆ ਕਰੇ। ਸਬਜ਼ੀ ’ਚ ਲੂਣ ਵੱਧ ਪਾਕੇ ਬਾਘ ਤੋਂ ਛਿੱਤਰ ਉਸ ਦੇ ਪਵਾ ਦਿਆ ਕਰੇ। ਘਰ ’ਚ ਨਿੱਤ ‘ਤੂੰ—ਤੂੰ, ਮੈਂ—ਮੈਂ’ ਰਹਿੰਦੀ ਸੀ। ਬਾਘ ਨੂੰ ਸੱਚਾਈ ਦਾ ਪਤਾ ਲੱਗਿਆ ਤਾਂ ਮਨ ਦੁਖੀ ਹੋਇਆ। “ਮਨਾਂ ! ਏਹਨੂੰ ਭਗਤਣੀ ਨੂੰ ਊਂਈ ਕੁੱਟਦਾ ਰਿਹਾ।” ਸਿਆਣੇ ਬੰਦਿਆਂ ਨੇ ਵੀ ਬਾਘ ਨੂੰ ਸਲਾਹ ਦਿੱਤੀ— “ਕਲੇਸ ਦਾ ਮੂੰਹ ਕਾਲਾ, ਬਾਘਿਆ ਪਾਸਾ ਵੱਟਿਆ ਚੰਗੈ। ਐਮੇ ਕੋਈ ਕੁਸ ਖਾ ਪੀ ਕੇ ਮਰਜੂ। ਫੇਰ ਕੀ ਖੱਟੋਂਗੇ ?” ਬਾਘ ਦੇ ਮਨ ਨੂੰ ਠੋਕਰ ਲੱਗੀ। ਅੱਡ—ਵਿੱਢ ਹੋ ਕੇ ਖੇਤ ਜਾ ਵਸਿਆ। ਉਸਨੇ ਤਾਂ ਬਾਪੂ ਭਗਤੇ ਨੂੰ ਵੀ ਬਥੇਰਾ ਜ਼ੋਰ ਲਾਇਆ— “ਤੂੰ ਵੀ ਬਾਪੂ ਸਾਡੇ ਨਾਲ ਈ ਚੱਲ।” ਪਰ ਭਗਤਾ ਵੀ ਟੀਂਡਰ ਗਿਆ। ਬਘੇਲ ਨੇ ਕੰਨ ’ਚ ਐਸੀ ਫੂਕ ਮਾਰੀ, ਭਗਤਾ ਆਖੇ — “ ਰਹੂੰ, ਤਾਂ ਬੱਸ ਵੱਡੇ ਨਾਲ ਈ ਰਹੂੰ।” ਪ੍ਰੀਤਮ ਸਿੰਘ ਉਸ ਸਮੇਂ ਪਿੰਡ ਦਾ ਪਟਵਾਰੀ ਸੀ। ਬਘੇਲ ਦਾ ਉਸ ਨਾਲ ਵਧੀਆ ਮੋਹ—ਮੁਲਾਜਾ ਸੀ। ਪਟਵਾਰੀ ਤੇ ਨੰਬਰਦਾਰ ਨਾਲ ਮਿਲ ਕੇ ਬਘੇਲ ਨੇ ਆਪਣੇ ਬਾਪੂ ਭਗਤੇ ਦੇ ਹਿੱਸੇ ਦੀ ਜ਼ਮੀਨ ਵੀ ਹੜੱਪ ਲਈ ਸੀ। ਬੁੱਢੇ—ਠੇਰੇ ਨੂੰ ਦਿਸਦਾ—ਭਾਲਦਾ ਘੱਟ ਸੀ। ਕਾਗਜਾਂ ’ਤੇ ਅੰਗੂਠਾ ਲਵਾ ਲਿਆ। ਜਿਵੇਂ ਹੀ ਬਾਪੂ ਵਾਲੇ ਪੰਜ ਕਿੱਲੇ ਵਾਹਣ ਮਿਲ ਗਿਆ, ਬਜੁਰਗ ਦੀ ਜੂਨ ਕੁੱਤਿਆਂ ਵਰਗੀ ਹੋ ਗਈ। ਵੇਲੇ—ਕੁਵੇਲੇ ਰੋਟੀ ਮਿਲ ਗਈ ਤਾਂ ਠੀਕ, ਨਹੀਂ ਫਿਰ ਢਿੱਡ ਨੂੰ ਗੰਢਾਂ ਦੇ ਕੇ ਸੌਂ ਜਾਣਾ। ਭਗਤਾ ਵੀ ਰੋਵੇ, ਪਿੱਟੇ— “ਉਏ ਲੋਕੋ ! ਆਪਣਾ ਖੂਨ ਚਿੱਟਾ ਹੋ ਗਿਆ ਭਾਈ। ਮੈਨੂੰ ਬਘੇਲਾ ਡੋਬਾ ਦੇ ਗਿਆ।” ਇਸ ਗੱਲ ਦੀ ਭਿਣਕ ਜਿਵੇਂ ਹੀ ਬਾਘ ਦੇ ਕੰਨੀਂ ਪਈ, ਸਾਉਣ ਦੇ ਬੱਦਲਾਂ ਵਾਂਗੂ ਚੜ੍ਹ ਕੇ ਆ ਗਿਆ। ਉਹ ਤਾਂ ਬਘੇਲ ਨੂੰ ਟੁੱਟ—ਟੁੱਟ ਪਵੇ। “ਜੇ ਤੇਰਾ ਢਿੱਡ ਨੀ ਭਰਿਆ, ਮੇਰੇ ਆਲ਼ੀ ਵੀ ਸਾਂਭ ਲੈਂਦਾ। ਕੁੱਤਿਆ, ਤੈਨੂੰ ਨਰਕਾਂ ’ਚ ਵੀ ਢੋਈ ਨੀ ਮਿਲਣੀ ।” “ਨਾ ਜਦੋਂ ਬੁੜ੍ਹਾ ਮੰਜੇ ’ਤੇ ਬੈਠਾ ਸੀ, ਉਦੋਂ ਤਾਂ ਕਦੇ ਪਤਾ ਲੈਣ ਨੀ ਆਇਆ। ਬਹਿ ਗਿਆ ਖੇਤ ਕੋਠੜਾ ਪਾ ਕੇ।” ਬਘੇਲ ਨੇ ਅੱਗੋਂ ਘੜਿਆ—ਘੜਾਇਆ ਜਵਾਬ ਦਿੱਤਾ। ਵੇਖਦਿਆਂ ਹੀ ਵੇਖਦਿਆਂ ਆਂਢੀ—ਗੁਆਂਢੀ ਵੀ ਇਕੱਠੇ ਹੋ ਗਏ। ਵਿੱਚੋਂ ਸਿਆਣੇ ਬੰਦੇ ਕਹਿਣ ਲੱਗੇ— “ਚਲੋ ਚੁੱਪ ਕਰੋ ਭਾਈ, ਬਹਿ ਕੇ ਨਬੇੜਾ ਕਰੋ। ਆਬਦੇ ਚਾਰ ਰਿਸਤੇਦਾਰ ਕੱਠੇ ਕਰਲੋ।” ਇੱਕ ਚਿੱਟ—ਦਾੜ੍ਹੀਆ ਅਜੇ ਗੱਲ ਟਿਕਾਉਣ ਦਾ ਯਤਨ ਕਰ ਹੀ ਰਿਹਾ ਸੀ ਕਿ ਬਘੇਲ ਦੇ ਘਰੋਂ ਬੋਲ ਪਈ— “ਹੁਣ ਏਹਨੂੰ ਜਾਅਦੇ ਹੇਜ਼ ਆ ਗਿਆ, ਬਾਪੂ ਦਾ।” “ਉਏ ਤੂੰ ਚੁੱਪ ਕਰਜਾ ਭਾਈ, ਜਾਂ ਫੇਰ ਅਸੀਂ ਵਗ ਜਾਨੇ ਆਂ। ਤੁਸੀਂ ਆਪਣਾ ਨਬੇੜਾ ਆਪ ਕਰਲੋ।” ਉਹੀ ਚਿੱਟ ਦਾੜ੍ਹੀਆ ਬਘੇਲ ਦੇ ਘਰਵਾਲੀ ਨੂੰ ਹੂੜੀ ਕਰਕੇ ਪੈ ਪਿਆ ਤਾਂ ਉਹ ਪਾਸੇ ਜਾ ਕੇ ਬੈਠ ਗਈ। “ਸਾਰੀ ਗਲਤੀ ਏਦ੍ਹੀ ਐ।ਓਦੋਂ ਤਾਂ ਇਹ ਵੀ ਟੀਂਡਰ ਗਿਆ, ਕਹਿੰਦਾ ਮੈਂ ਤਾਂ ਬਘੇਲ ਨਾਲ ਈ ਰਹੂੰ। ਨਾ ਖਾ ਲੈ ਹੁਣ ਬਘੇਲ ਦੇ ਚੁੱਲ੍ਹੇ ਦੀਆਂ ਪੱਕੀਆਂ।” ਬਾਘ ਨੂੰ ਆਪਣੇ ਬਾਪੂ ਭਗਤੇ ’ਤੇ ਵੀ ਗੁੱਸਾ ਆਇਆ। ਭਗਤਾ ਢਿੱਲਾ ਜਿਹਾ ਮੂੰਹ ਕਰੀਂ ਕੌਲ਼ੇ ਲੱਗਿਆ ਬੈਠਾ ਸੀ। ਬਾਘ ਦੀ ਗੱਲ ਸੁਣ ਕੇ ਭਗਤਾ ਕਹਿੰਦਾ— “ਉਏ ਭਲੇ ਲੋਕ ! ਮੈਨੂੰ ਕੀ ਪਤਾ ਸੀ, ਸਾਲ਼ਾ ਇਹੀ ਮੇਰੀਆਂ ਜੜ੍ਹਾਂ ’ਚ ਦਾਤੀ ਫੇਰੂ।” ਭਗਤੇ ਨੂੰ ਉਸਦੀ ਕੰਬਦੀ ਆਵਾਜ਼ ਨੇ ਸਾਰਿਆਂ ਲਈ ਤਰਸ ਦਾ ਪਾਤਰ ਬਣਾ ਦਿੱਤਾ। “ਮੈਂ ਤਾਂ ਤੇਰੀਆਂ ਜੜ੍ਹਾਂ ’ਚ ਫੇਰਤੀ ਦਾਤੀ। ਹੁਣ ਫੇਰ ਏਹਦੇ ਚੁੱਲ੍ਹੇ ਦੀਆਂ ਪੱਕੀਆਂ ਹੀ ਖਾ ਲੀਂ।” ਬਘੇਲ ਨੇ ਭਗਤੇ ਵੱਲ ਘੁਰਕੀ ਵੱਟੀ। “ਚੱਲ, ਹੁਣ ਤਾਂ ਉੱਠਜਾ, ਕੇ ਹੋਰ ਰੈਂਦ੍ਹੀਆਂ ਨੇ ਰੋਟੀਆਂ ਖਾਣ ਆਲ਼ੀਆਂ। ਜਾਦ੍ਹੇ ਵਿਸਰ—ਵਿਸਰ ਨਾ ਕਰ, ਕਰਦੇ ਆਂ ਚਾਰ ਰਿਸਤੇਦਾਰ ਕੱਠੇ।” ਬਾਘ ਭਰੇ ਇਕੱਠ ’ਚੋਂ ਭਗਤੇ ਦੀ ਬਾਂਹ ਫੜ ਕੇ ਆਪਣੇ ਨਾਲ ਖੇਤ ਲੈ ਗਿਆ। ਪ੍ਰੀਤਮ ਪਟਵਾਰੀ ਬਘੇਲ ਤੋਂ ਜ਼ਮੀਨ ਨਾਂ ਕਰਾਉਣ ਦੀ ਪਾਰਟੀ ਦੀ ਮੰਗ ਕਰ ਰਿਹਾ ਸੀ। ਉਹ ਦੇਸੀ ਪੀਣ ਦਾ ਸ਼ੌਕੀਨ ਸੀ। ਉਹ ਬਘੇਲ ਨੂੰ ਕਹਿ ਕੇ ਰੱਖਦਾ — “ਬਘੇਲ ਸਿਆਂ, ਬਣਾ ਕੇ ਰੱਖੀਂ ਫਿਰ ਪਹਿਲੇ ਤੋੜ ਦੀ।” ਇਹ ਕੰਮ ਫਿਰ ਜਗਤੂ ਨੂੰ ਕਰਨਾ ਪੈਂਦਾ। ਜਗਤੂ ਕਮਾਦ ’ਚ ਗੁੜ ਘੋਲਦਾ। ਇੱਕ ਦਿਨ ਪਟਵਾਰੀ ਦਿਨ ਖੜ੍ਹੇ ਹੀ ਖੇਤ ਆ ਗਿਆ। ਜਗਤੂ ਤੇ ਦੁੱਲਾ ਸ਼ਰਾਬ ਕੱਢ ਕੇ ਹੀ ਹਟੇ ਸੀ। ਤੱਤੀ ਸ਼ਰਾਬ ਪੀ ਕੇ ਪਟਵਾਰੀ ਕਹਿੰਦਾ— “ਜਗਤੂਆ ! ਕੰਜਰ ਦਿਆ ਪੁੱਤਾ, ਸਰਾਬ ਤਾਂ ਦੁੱਖ ਤੋੜਦੀ ਐ।” “ਸਰਕਾਰ ਜੀ, ਹੱਥ ਜਗਤੇ ਦੇ ਲੱਗੇ ਨੇ।” “ਦਾਰੂ ਤਾਂ ਜਗਤੂ ਇੱਕ ਨੰਬਰ ਬਣਾਉਂਦੈ ਜੀ।” ਬਘੇਲ ਪੈੱਗ ਸੜ੍ਹਾਕਦੇ ਬੋਲਿਆ। “ਜਨਾਬ, ਮੇਰੀ ਕਲੌਨੀ ਤਾਂ ਪਵਾਦੋ ਜੀ।” ਜਗਤੂ ਨੇ ਪਟਵਾਰੀ ਨੂੰ ਬੇਨਤੀ ਕੀਤੀ। ਹੜ੍ਹਾਂ ਦੀ ਮਾਰ ਉਸ ਦੇ ਕੱਚੇ ਕੋਠੇ ਨੂੰ ਢਹਿ—ਢੇਰੀ ਕਰ ਗਈ ਸੀ। “ਪ੍ਰੀਤਮਾਂ, ਇਹਦਾ ਤਾਂ ਮਸਲਾ ਹੱਲ ਕਰ। ਦੋ ਸ਼ਤੀਰੀਆਂ ਹੇਠ ਮਰੀ ਜਾਂਦੈ।” ਇਹ ਗੱਲ ਉੱਨੀ ਸੌ ਬਿਆਸੀ ਦੇ ਪਾਣੀ ਵੇਲ਼ਿਆਂ ਦੀ ਹੈ। ਸਾਰਾ ਪਿੰਡ ਹੜ੍ਹਾਂ ਦੀ ਮਾਰ ਹੇਠ ਆ ਗਿਆ ਸੀ। ਫ਼ਸਲਾਂ ਬਰਬਾਦ ਹੋ ਗਈਆਂ। ਜਾਨੀ ਨੁਕਸਾਨ ਵੀ ਬਥੇਰਾ ਹੋਇਆ। ਪਸ਼ੂ—ਡੰਗਰ ਪਾਣੀ 'ਚ ਕੱਕੜੀਆਂ ਵਾਂਗੂ ਰੁੜੇ ਜਾਂਦੇ ਸੀ। ਸੇਮ ਨਾਲ਼ੇ ਦਾ ਪੁਲ਼ ਵੀ ਢਹਿ—ਢੇਰੀ ਹੋ ਗਿਆ। ਲੋਕ ਦੰਦਾਂ ਹੇਠ ਉਂਗਲ਼ਾਂ ਰੱਖ ਕੇ ਗੱਲਾਂ ਕਰਦੇ ਸੀ— “ਵਾਹ ਬਈ ਵਾਹ ! ਤਿੱਤਰਾ !! ਮੇਰੇ ਪੁੱਤ ਦਾ, ਐਨਾ ਪਾਣੀ ਕਦੇ ਨੀ ਵੇਖਿਆ।” ਜੱਗਰ ਪਾਣੀ ਵੇਖ ਕੇ ਹੈਰਾਨ ਸੀ। ਉਸਦੀਆਂ ਅੱਖਾਂ ਟੱਡੀਆਂ ਗਈਆਂ। “ਤੂੰ ਆਪੇ ਵੇਖ ਲੈ, ਬਾਈ ਜੱਗਰ ! ਅਹੁ ਮੇਰੇ ਪੁੱਤ ਦੀ, ਗਿੱਲਾਂ ਆਲੀ ਸਬਾਤ ਦੇ ਵੀ ਦੋ ਰਦੇ ਦੀਂਹਦੇਂ ਨੇ।” ਤਿੱਤਰ ਵੀ ਛੱਲਾਂ ਮਾਰਦਾ ਪਾਣੀ ਵੇਖ ਕੇ ਹੈਰਾਨ ਸੀ। ਸਾਰਾ ਪਿੰਡ ਬਾਹਰ ਟਿੱਬਿਆਂ ’ਤੇ ਚਲਾ ਗਿਆ। ਲੋਕ ਭੁੱਖ—ਤੇਹ ਨਾਲ ਮਰਨ ਲੱਗੇ। ਭਿਆਨਕ ਬਿਮਾਰੀ ਵੀ ਫੈਲ ਗਈ ਸੀ। ਹਰੇ—ਚਾਰੇ ਦੀ ਘਾਟ ਕਾਰਨ ਪਸ਼ੂ ਵੀ ਦੁੱਧੋਂ ਭੱਜ ਗਏ। ਹੜ੍ਹ ਪੀੜਤਾਂ ਦੀ ਮਦਦ ਲਈ ਪੰਜਾਬ ਤਾਂ ਕੀ, ਬਾਕੀ ਸੂਬਿਆਂ ਨੇ ਵੀ ਰਾਸ਼ਨ—ਪਾਣੀ ਦੇ ਭਰੇ ਟਰੱਕ ਭੇਜੇ। ਰਾਸ਼ਨ ਲੈਣ ਸਮੇਂ ਲੰਮੀਆਂ ਕਤਾਰਾਂ ਲੱਗ ਜਾਇਆ ਕਰਨ। ਸਮੇਂ ਦੇ ਫੇਰ ਨੇ ਕਈ ਸਰਦੇ—ਪੁੱਜਦੇ ਘਰ ਵੀ ਮੰਗਤੇ ਬਣਾ ਦਿੱਤੇ। ਲਾਲਚੀ ਤੇ ਚਤੁਰ ਲੋਕਾਂ ਨੇ ਤਾਂ ਆਟਾ, ਘਿਉ, ਦਾਲਾਂ ਤੇ ਕੱਪੜਿਆਂ ਨਾਲ ਆਪਣਾ ਢਿੱਡ ਭਰ ਲਿਆ। ਇੱਕ ਮਹੀਨੇ ਬਾਅਦ, ਜਦ ਪਾਣੀ ਦੇ ਪ੍ਰਕੋਪ ਤੋਂ ਮੁਕਤੀ ਮਿਲੀ ਤਾਂ ਕਿਤੇ ਜਾ ਕੇ ਲੋਕ ਪਿੰਡ ਵਾਪਸ ਆਏ। ਸਰਕਾਰ ਵੱਲੋਂ ਪੀੜਤਾਂ ਲਈ ਮੁਆਵਜੇ ਦਾ ਐਲਾਨ ਕੀਤਾ ਗਿਆ। ਪਟਵਾਰੀ ਨੇ ਸਰਪੰਚ ਦੀ ਮਦਦ ਨਾਲ ਸਰਵੇ ਕੀਤਾ। ਪੰਦਰਾਂ ਦਿਨਾਂ ਦੇ ਅੰਦਰ, ਕਲੌਨੀਆਂ ਦੇ ਲੋੜਵੰਦਾਂ ਦੀ ਸੂਚੀ ਤਿਆਰ ਕਰ ਲਈ। ਸਰਪੰਚ ਤੇ ਬਘੇਲ ਨੇ ਆਖ ਕੇ, ਆਪਣੇ ਬੰਦਿਆਂ ਦੇ ਨਾਂ ਪੀੜਤਾਂ ਵਾਲੀ ਸੂਚੀ 'ਚ ਦਰਜ ਕਰਵਾ ਦਿੱਤੇ। ਲੋੜਵੰਦ ਫਿਰ ਰਹਿ ਗਏ ਸੀ, ਟੱਲੀਆਂ ਵਜਾਉਂਦੇ। ਜਗਤੂ ਦੇ ਦਿਨ ਫਿਰ ਗਏ। ਛੱਪਰੀ ਦੀ ਥਾਂ ’ਤੇ ਹੁਣ ਉਸ ਦੀ ਕਲੋਨੀ ਬਣ ਗਈ ਸੀ। ਸੇਮ ਨਾਲੇ ਤੋਂ, ਟਾਕੂਆ ਤਿੱਖਾ ਕਰਕੇ, ਕਿੱਕਰਾਂ ਦੇ ਝਾਫੇ ਲਿਆ ਕੇ, ਵਾੜ ਵੀ ਕਰ ਦਿੱਤੀ। ਸਾਰਾ ਕੰਮ ਨਬੇੜ ਕੇ ਜਗਤੂ ਚੇਤ ਢਲਦਿਆਂ ਹੀ ਬਘੇਲ ਦੇ ਖੇਤ ਜਾ ਹਾਜ਼ਰ ਹੋਇਆ। ਬਘੇਲ ਵੱਡੀ ਵੱਟ ’ਤੇ ਖੜ੍ਹ ਕੇ ਕਣਕ ਦੇ ਝਾੜ ਦਾ ਅਨੁਮਾਨ ਲਾ ਰਿਹਾ ਸੀ। ਕਣਕਾਂ ਸੁਨਹਿਰੀ ਰੰਗ ਦੀ ਭਾਅ ਮਾਰਨ ਲੱਗ ਪਈਆਂ ਸੀ। ਕੋਲੋਂ ਲੰਘਦਾ ਜੱਗਰ ਬਘੇਲ ਨੂੰ ਪੁੱਛਣ ਲੱਗਾ— “ਫਸਲ ਵਾੜੀ ਦਾ ਕੀ ਹਾਲ ਐ, ਬਾਈ ?” ਦੂਰ ਖੜ੍ਹੇ ਬਘੇਲ ਨੂੰ ਸਮਝ ਨਾ ਆਈ ਤਾਂ ਖਾਲ ਟੱਪ ਕੇ ਉਹ ਪਹੀ ’ਤੇ ਆ ਗਿਆ। ਜੱਗਰ ਨੇ ਖੇਤੀ ਦਾ ਹਾਲ—ਚਾਲ ਫਿਰ ਪੁੱਛਿਆ, ਤਾਂ ਬਘੇਲ ਨੇ ਜਵਾਬ ਦਿੱਤਾ— “ਕਣਕ ਤਾਂ ਵੱਢਲੋ—ਵੱਢਲੋ ਕਰਦੀ ਐ। ਕਿੱਲੇ ਦੀ ਸੱਠ ਮਣ ਝੜੂ। ਰੇਹ—ਸਪਰੇਅ ਵੀ ਠੋਕ ਕੇ ਪਾਈ ਐ।” “ਮੈਨੂੰ ਤਾਂ ਕਿੱਲੇ ਮਗਰ ਤੀਹ ਦਾ ਈ ਦੜਾ ਪਊ। ਦੋ—ਤਿੰਨ ਵਾਰੀ ਤਾਂ ਪਾਣੀ ਦੀ ਘਾਟ ਪੈਗੀ ਸੀ। ਆਹ ਲੋਕਾਂ ਦਾ ਲਤਾੜਾ ਵੀ ਨਕਸਾਨ ਈ ਕਰਦੈ।” ਜੱਗਰ ਦੀ ਬਹੁਤੀ ਜ਼ਮੀਨ ਪਿੰਡ ਦੇ ਛੱਪੜ ਨਾਲ ਲੱਗਦੀ ਹੋਣ ਕਰਕੇ ਲੋਕ ’ਜਾੜਾ ਕਰਦੇ ਹਨ, ਜਿਸ ਕਾਰਨ ਫਸਲ ਦਾ ਝਾੜ ਘੱਟ ਜਾਂਦਾ ਹੈ। ਜੱਗਰ ਨੇ ਸਭ ਹੀਲੇ—ਵਸੀਲੇ ਵਰਤ ਕੇ ਵੇਖੇ। ਕੰਡਿਆਲੀ ਤਾਰ ਵੀ ਲਾ ਕੇ ਵੇਖੀ, ਕਿੱਕਰ ਤੇ ਬੇਰੀ ਦੇ ਝਾਫਿਆਂ ਦੀ ਵਾੜ ਵੀ ਕੀਤੀ, ਪਰ ਕੋਈ ਉਚਿਤ ਹੱਲ ਨਾ ਨਿਕਲਿਆ। ਬਘੇਲ ਨੂੰ ਦੱਸਦਿਆਂ ਜੱਗਰ ਦਾ ਚਿਹਰਾ ਉਦਾਸ ਪੈ ਗਿਆ। ਵੱਡੀ ਵੱਟ ’ਤੇ ਖੜ੍ਹੇ ਉਹ ਕਿੰਨਾਂ ਹੀ ਚਿਰ ਕਬੀਲਦਾਰੀ ਦੀਆਂ ਗੱਲਾਂ ਕਰਦੇ ਰਹੇ। ਫਿਰ ਬਘੇਲ ਨੂੰ ‘ਚੰਗਾ ਬਾਈ, ਪਾਣੀ ਦੀ ਵਾਰੀ ਐ’ ਕਹਿੰਦਾ ਹੋਇਆ ਜੱਗਰ ਆਪਣੀ ਖੱਤੀ ਵੱਲ ਚੱਲ ਪਿਆ। ਬਘੇਲ ਨੇ ਚੜ੍ਹਦੇ ਵੱਲ ਨਜ਼ਰ ਮਾਰੀ ਤਾਂ ਉਸਨੂੰ ਪੰਜ ਕੁ ਕਿੱਲਿਆਂ ਦੀ ਵਿੱਥ ’ਤੇ ਵੀਹ ਕੁ ਮਰਲਿਆਂ ’ਚ ਬਣਿਆ ਘਰ ਤੇ ਪਸ਼ੂਆਂ ਦਾ ਬਾਗਲ ਨਜ਼ਰੀਂ ਪਿਆ। ਇਹ ਘਰ ਬਾਘ ਨੇ ਆਪਣੇ ਹਿੱਸੇ ਦੀ ਪੈਲੀ ’ਚ ਬਣਾਇਆ ਸੀ। ਬਾਗਲ ’ਚ ਪਸ਼ੂਆਂ ਕੋਲ ਫਿਰਦੇ ਬਾਘ ਨੂੰ ਵੇਖ ਕੇ ਉਸਨੂੰ ਖਿੱਝ ਜਿਹੀ ਚੜ੍ਹਣ ਲੱਗੀ, ਉਹ ਕੱਲਾ ਹੀ ਬੋਲਣ ਲੱਗਿਆ— “ਹੂੰ, ਲੈ ਲੈ ਹੁਣ ਬਾਪੂ ਆਲ਼ੀ, ਤੂੰ ਸੋਚਿਆ ਬਘੇਲਾ ਊਂਈ ਤੁਰਿਆ ਫਿਰਦੈ। ਮੈਂ ਵੀ ਕੱਚੀਆਂ ਗੋਲ਼ੀਆਂ ਨੀ ਖੇਡੀਆਂ।” ਬਾਘ ਦੇ ਘਰ ਤੋਂ ਨਿਗਾਹ ਮੋੜ ਕੇ, ਸਾਹਮਣੇ ਪਹੀ ਵੱਲ ਵੇਖਿਆ, ਪਟਵਾਰੀ ਮੋਢੇ ਝੋਲ਼ਾ ਪਾਈਂ ਵੱਟੋ—ਵੱਟੋ ਤੁਰਿਆ ਆਉਂਦਾ ਨਜ਼ਰੀਂ ਪਿਆ। “ਆਜੋ ਪਟਵਾਰੀ ਸਾਬ੍ਹ, ਕਦੋਂ ਦਾ ਡੀਕੀ ਜਾਨੈ।” ਬਘੇਲ ਪਟਵਾਰੀ ਨੂੰ ਟਾਹਲੀ ਹੇਠ ਲੈ ਗਿਆ। ਟਾਹਲੀ ਦੀ ਜੜ੍ਹ ’ਚ ਬਣੇ ਚੁੱਲ੍ਹੇ ’ਤੇ ਮੁਰਗੇ ਦਾ ਮੀਟ ਕਦੋਂ ਦਾ ਰਿੱਝ ਰਿਹਾ ਸੀ। ਜਗਤੂ ਕਦੋਂ ਦਾ ਕੜਛੀਆਂ ਖੜਕਾਈ ਜਾਂਦਾ ਸੀ। ਵਾਣ ਦੇ ਮੰਜੇ ’ਤੇ ਬੈਠ ਪਟਵਾਰੀ ਤੇ ਬਘੇਲ ਰਿਝਦੇ ਮੀਟ ਦੀ ਤਿੱਖੀ ਸੁਗੰਧ ਦਾ ਆਨੰਦ ਮਾਨਣ ਲੱਗੇ। “ਉਏ ਲੈ ਆ ਹੁਣ।” ਬਘੇਲ ਨੇ ਪੈੱਗ ਬਣਾਉਂਦਿਆਂ ਜਗਤੂ ਨੂੰ ਆਵਾਜ਼ ਮਾਰੀ । “ਬਸ ਥੋੜੀ ਜੀ ਕਸਰ ਐ ਜੀ।” ਜਗਤੂ ਨੇ ਬਾਟੀ ’ਚ ਦੋ ਟੁਕੜੇ ਪਾ ਕੇ ਮੀਟ ਦੇ ਰਿੱਝਣ ਦੀ ਪਰਖ ਕੀਤੀ। “ ਲੈ ਬਈ ਬਘੇਲ, ਅੱਜ ਦੀ ਸ਼ਾਮ ਤੇਰੇ ਨਾ ਹੋ ਜਾਏੇ।” “ਪਟਵਾਰੀ ਸਾਅਬ ! ਬਾਘਾ ਫਿਰਦੈ ਕਚੈਰ੍ਹੀਆਂ ਚ ਗੇੜੇ ਮਾਰਦਾ, ਮੈਂ ਵੀ ਕਹਿਤਾ, ਬਈ ਜਿੱਥੇ ਮਰਜੀ ਭੱਜ ਲੈ, ਹੁਣ ਨੀ ਜਮੀਨ ਹੱਥ ਆਉਂਦੀ।” “ਜਿੱਥੇ ਮਰਜੀ ਭੌਂਕਦਾ ਫਿਰੇ, ਜਿਹੜੇ ਜਿੰਦੇ ਪ੍ਰੀਤਮ ਨੇ ਲਾਤੇ, ਉਹ ਨੀ ਬਘੇਲਿਆ ਹੁਣ ਖੁੱਲ੍ਹਦੇ।” ਪਟਵਾਰੀ ਦੀ ਗੱਲ ਸੁਣ ਕੇ ਬਘੇਲ ਨੂੰ ਆਨੰਦ ਆਇਆ। ਬਾਘ ਨੂੰ ਮੂਰਖ ਜਾਂ ਬੇਵੱਸ ਸਮਝਦੇ ਹੋਏ ਉਹ ਦੋਵੇਂ ਜ਼ੋਰ—ਜ਼ੋਰ ਦੀ ਹੱਸੇ। “ਲਓ ਪਟਵਾਰੀ ਸਾਬ੍ਹ।” ਬਘੇਲ ਨੇ ਨਿੱਤਰੀ ਸ਼ਰਾਬ ਦਾ ਪੈਗ ਬਣਾ ਕੇ ਪ੍ਰੀਤਮ ਅੱਗੇ ਰੱਖ ਦਿੱਤਾ। “ ਕਣਕ ਕੀ ਕਹਿੰਦੀ ਐ, ਬਘੇਲ ਸਿਆਂ ?” ਪੈਗ ਸੜ੍ਹਾਕਦਾ ਪ੍ਰੀਤਮ ਬੋਲਿਆ। “ਕਣਕ ਤਾਂ ਕਹਿੰਦੀ ਐ, ਬਈ ਬੰਦਾ ਮਾਰਦੇ, ਮੈਂ ਆਪੇ ਛੁਡਾਲੂੰਗੀ।” “ਐਤਕੀ ਤਾਂ ਬੱਲੀ ਵੀ ਮੋਟੇ ਦਾਣੇ ਦੀ ਐ ਜੀ।” ਮੀਟ ਦਾ ਪਤੀਲਾ ਖੱਦਰ ਦੇ ਪੋਣੇ ਨਾਲ ਚੁੱਕੀ ਆਉਂਦਾ ਜਗਤੂ ਉਨ੍ਹਾਂ ਦੀ ਗੱਲ ’ਚ ਬੋਲਿਆ। ਪਤੀਲਾ ਮੰਜੇ ਕੋਲ ਰੱਖ ਕੇ ਉਹ ਚੁੱਲ੍ਹੇ ਦੀ ਅੱਗ ਬੁਝਾਉਣ ਚਲਾ ਗਿਆ। “ਜਗਤਿਆ, ਤੇਰਾ ਘਰ ਨਾ ਵਸਦਾ ਕਰਦੀਏ।” ਪਟਵਾਰੀ ਨੇ ਮੁੱਛ ਨੂੰ ਵਟ ਦਿੱਤਾ। “ਮੋਤੀਆਂ ਆਲ਼ਿਓ, ਕੋਈ ਚੱਜ ਦਾ ਮਜਾਕ ਕਰੋ।” ਜਗਤੂ ਨੂੰ ਪਟਵਾਰੀ ਦੀ ਗੱਲ ’ਤੇ ਯਕੀਨ ਨਾ ਆਇਆ। “ਉਏ ਮੈਂ ਸਹੀ ਕਹਿਨੈ । ਹੁਣ ਤਾਂ ਤੇਰੀ ਕਾਲੋਨੀ ਵੀ ਬਣਗੀ।” ਪਟਵਾਰੀ ਨੇ ਮੀਟ ਵਾਲੀ ਬਾਟੀ ਆਪਣੇ ਵੱਲ ਖਿਸਕਾਈ। “ਵੇਖ ਲੋ ਸਾਬ੍ਹ ਜੇ ਕੋਈ ਬੰਨ੍ਹ—ਸੁੱਬ ਹੁੰਦੈ। ਗ਼ਰੀਬ ਦਾ ਘਰ ਵਸਦਾ ਹੋਜੂ।” ਬਘੇਲ ਨੇ ਵੀ ਪਟਵਾਰੀ ਕੋਲ ਜਗਤੂ ਦੀ ਹਮਾਇਤ ਕੀਤੀ। “ਕੁੜੀ ਦਾ ਰੰਗ ਪੱਕੈ।” “ਰੰਗ ਦਾ ਕੀ ਐ ਜੀ, ਰੰਗ ਤਾਂ ਦੋ ਈ ਨੇ।” ਜਗਤੂ ਨੇ ਕਿਸੇ ਵਡੇਰੀ ਉਮਰ ਦੇ ਬਜ਼ੁਰਗ ਵਾਂਗ ਆਪਣੀ ਸਿਆਣਪ ਵਿਖਾਈ। ਤੇ ਫਿਰ ਜਗਤਾ ਕਾਫੀ ਦੇਰ ਪਟਵਾਰੀ ਦੇ ਪੈਰ ਫੜ ਕੇ ਬੈਠਾ ਰਿਹਾ — “ਗਰੀਬ ਦਾ ਬੇੜਾ ਪਾਰ ਲਾਓ ਜੀ।ਜੱਗ 'ਚ ਸੀਰ ਪੈਜੂ।” “ਤੇਰਾ ਤਾਂ ਮਸਲਾ ਹੱਲ ਕਰੂੰ।” ਪਟਵਾਰੀ ਨੇ ਉਸ ਨੂੰ ਧਰਵਾਸ ਦਿੱਤਾ। ਉਸ ਨੂੰ ਯਾਦ ਆਇਆ, ਉਸਦੇ ਸੀਰੀ ਦਿਆਲ ਨੇ ਕਈ ਵਾਰ ਕਿਹਾ ਸੀ— “ਪਟਵਾਰੀ ਸਾਬ੍ਹ, ਤੁਸੀ ਤਾਂ ਬਾਹਰ—ਅੰਦਰ ਤੁਰੇ ਫਿਰਦੇ ਓ। ਲਾਜੋ ਵਾਸਤੇ ਕੋਈ ਥਹੁ—ਟਿਕਾਣਾ ਵੇਖ ਲੋ।” ਪਟਵਾਰੀ ਨੇ ਸੋਚਿਆ — “ਮਨਾਂ, ਜਗਤਾ ਵੀ ਕਾਮਾ ਬੰਦੈ ਤੇ ਕੁੜੀ ਵਾਲੇ ਵੀ ਗ਼ਰੀਬ ਨੇ। ਰਿਸ਼ਤਾ ਬਣ ਸਕਦੈ।” ਪਟਵਾਰੀ ਨੇ ਘਰ ਜਾ ਕੇ ਆਪਣੇ ਸੀਰੀ ਦਿਆਲ ਨੂੰ ਸਾਰੀ ਗੱਲ ਖੋਲ੍ਹ ਕੇ ਦੱਸੀ। ਲਾਜੋ ਦਾ ਮਾਮਾ ਤੇ ਤਾਇਆ ਆ ਕੇ ਘਰ—ਬਾਰ ਵੇਖ ਗਏ ਸੀ। ਉਹਨਾਂ ਦੇ ਗੱਲ ਫਿੱਟ ਲੱਗੀ। ਪੱਕ—ਠੱਕ ਹੋ ਗਈ ਸੀ। ਹਾੜ ਦੇ ਮਹੀਨੇ ਲਾਜੋ ਦਾ ਬਾਪੂ ਦਿਆਲ, ਵੱਡਾ ਤਾਇਆ, ਮਾਮਾ ਤੇ ਨਾਨਾ ਸ਼ਗਨ ਪਾਉਣ ਆਏ ਤਾਂ ਦਿਆਲ ਨੇ ਗੁੜ ਦੀ ਰੋੜੀ ਨਾਲ ਜਗਤੂ ਦਾ ਮੂੰਹ ਮਿੱਠਾ ਕਰਵਾਇਆ।ਹੱਥ ਚਾਂਦੀ ਦਾ ਰੁਪਈਆ ਧਰ ਕੇ ਝੋਲ਼ੀ ਸੱਤ ਮੁੱਠੀਆਂ ਸ਼ੱਕਰ ਦੀਆਂ ਪਾ ਕੇ ਸਿਰ ਪਲ਼ੋਸਿਆ। ਫਿਰ ਕੁੜੀ ਦੇ ਤਾਏ, ਨਾਨੇ, ਮਾਮੇ ਨੇ ਵੀ ਸ਼ਗਨ ਦੀ ਰਸਮ ਨਿਭਾਈ। ਉਸ ਦਿਨ ਤੋਂ ਜਗਤੂ ਭੰਬੀਰੀ ਬਣਿਆ ਫਿਰਦਾ ਸੀ। ਧਰ—ਬਾਰ, ਖੇਤ—ਬੰਨੇ ਸਾਰੇ ਕੰਮ ਆਪ ਹੀ ਕਰੀਂ ਜਾਂਦਾ ਸੀ। ਡੇਢ ਸਾਲ ਬਾਅਦ ਵਿਆਹ ਕਢਵਾ ਲਿਆ। ਜਗਤੂ ਦੀ ਫਰਵਾਹੀਂ ਵਿਆਹੀ ਵੱਡੀ ਭੈਣ ਛੋਟੋ ਤੇ ਡਸਕੇ ਵਾਲੀ ਛੋਟੀ ਭੈਣ ਗੇਜੋ ਵਿਆਹ ਤੋਂ ਕਈ ਦਿਨ ਪਹਿਲਾਂ ਹੀ ਆ ਗਈਆਂ। ਦੋਹਾਂ ਨੇ ਆ ਕੇ ਸਾਰੇ ਘਰ ਦੀ ਲਿੱਪਾ—ਪੋਚੀ ਕੀਤੀ। ਚੁੱਲ੍ਹਾ—ਚੌਂਕਾ ਤਿਆਰ ਕੀਤਾ। ਫਿਰ ਕਿਤੇ ਜਾ ਕੇ ਘਰ ਦਾ ਮੂੰਹ ਮੱਥਾ ਬਣਿਆ। ਜਗਤੂ ਨੇ ਤਿੰਨ ਦਿਨ ਪਹਿਲਾਂ ਹੀ ਕੋਠੇ ’ਤੇ ਦੋ ਮੰਜੇ ਜੋੜ ਕੇ ਸਪੀਕਰ ਲਾ ਦਿੱਤਾ। ਮੇਲ਼ ਤੋਂ ਪਹਿਲੇ ਦਿਨ ਦੁੱਲੇ ਨੇ ਮੁੰਡਿਆਂ—ਖੁੰਡਿਆਂ ਨਾਲ ਲੱਗ ਲਗਾ ਕੇ ਮੰਜੇ—ਬਿਸਤਰੇ ’ਕੱਠੇ ਕਰ ਲਏ। ਗੁਰੂਦੁਆਰੇ ਤੋਂ ਬੇਲ ਲੈ ਆਇਆ, ਕੌਲੀਆਂ, ਬਾਟੀਆਂ, ਦੇਗੇ, ਪਤੀਲੇ, ਜਿਸ ਬਰਤਨ ਦੀ ਵੀ ਲੋੜ ਸੀ। ਰੋਟੀ ਵਾਲੇ ਦਿਨ ਨਾਨਕਾ—ਮੇਲ਼ ਪਿੰਡ ਵਾਲ਼ਿਆਂ ਦੀ ਖੁੰਭ ਠੱਪਦਾ, ਪਿੰਡ ਵੜਦਿਆਂ ਹੀ, ਬੰਬੀਹਾ ਬੁਲਾਉਂਦਾ ਆਉਂਦਾ ਸੀ। ਜਗਤੂ ਦੇ ਵਿਹੜੇ ’ਚ ਪੈਰ ਧਰਦਿਆਂ ਹੀ ਦਾਦਕੀਆਂ ਨਾਨਕੀਆਂ ਮੜਿੱਕਣ ਲੱਗ ਪਈਆਂ। ਨਾਨਕੀਆਂ ਨੇ ਸਿੱਠਣੀ ਦਿੱਤੀ— “ਕਿੱਧਰ ਗਈਆਂ ਵੇ, ਜਗਤੂ ਤੇਰੀਆਂ ਦਾਦਕੀਆਂ ...” ਤਾਂ ਬਾਰ ਰੋਕੀਂ ਖੜ੍ਹੀਆਂ ਦਾਦਕੀਆਂ ਨੇ ਜਗਤੂ ਵੱਲ ਹੱਥ ਕੱਢ ਕੇ ਮੋੜ ਦਿੱਤਾ— “ਅਸੀਂ ਹਾਜ਼ਰ ਖੜ੍ਹੀਆਂ ਵੇ, ਜਗਤੂ ਤੇਰੀਆਂ ਦਾਦਕੀਆਂ ...” ਜਦੋਂ ਨਾਨਕੀਆਂ—ਦਾਦਕੀਆਂ ਨਾ ਹਟੀਆਂ ਤਾਂ ਜਗਤੂ ਦੀ ਭੈਣ ਛੋਟੋ ਬੋਲੀ— “ਕੁੜੇ, ਤੜਕੇ ਦੀਆਂ ਚੱਲੀਆਂ ਨੇ, ਹੁਣ ਚਾਹ ਪਾਣੀ ਵੀ ਪਿਆ ਦੋ ਏਨ੍ਹਾਂ ਨੂੰ।” ਬਰਾਤ ਵਾਲਾ ਦਿਨ ਚੜ੍ਹਿਆ ਤਾਂ ਜਗਤੂ ਦੀ ਨਾੲ੍ਹੀ—ਧੋਈ ਸ਼ੁਰੂ ਹੋ ਗਈ। ਜਗਤੂ ਦੇ ਕਾਲੇ ਪਿੰਡੇ ਤੇ ਵਟਣਾ ਮਲਿ੍ਹਆ ਗਿਆ। ਲੱਕੜ ਦੇ ਪੱਟੜੇ ’ਤੇ ਉਹ ਚੜ੍ਹਦੇ ਵੱਲ ਮੂੰਹ ਕਰੀ ਬੈਠਾ ਸੀ। ਮਾਮੇ ਨੇ ਖਾਰਿਓਂ ਉਤਾਰਿਆ ਤਾਂ ਸੁਕੜੂ ਜਿਹਾ ਮਾਮਾ ਉੜਕ ਕੇ ਹੀ ਡਿੱਗ ਪਿਆ ਹੁੰਦਾ। ਸਿਹਰਾ—ਬੰਦੀ ਵੇਲੇ ਛੋਟੋ ਤੇ ਗੇਜੋ ਦੋਸੜਾ ਲਈ ਖੜ੍ਹੀਆਂ ਸੀ। ਜਗਤੂ ਗੁਲਾਬੀ ਪੱਗ ਬੰਨ੍ਹ ਕੇ ਚੜ੍ਹਦੇ ਵੱਲ ਗਦੈਲੇ ’ਤੇ ਬੈਠਾ ਸੀ। ਪਿੱਛੇ ਖੜ੍ਹੀਆਂ ਮੇਲਣਾਂ ਗੌਣ ਛੋਹ ਰਹੀਆਂ ਸੀ। ਵੱਡੀ ਭੈਣ ਨੇ ਸਿਹਰਾ ਬੰਨਿ੍ਹਆਂ ਤਾਂ ਗੌਣ ਸ਼ੁਰੂ ਹੋ ਗਿਆ— “ਅੱਜ ਦਾ ਦਿਨ ਮੈਂ ਮਸਾਂ ਲਿਆ— ਸੁੱਖ ਸਰੀਣੀ ਨਾਲ..... ਵੇ ਮੈਂ ਭਰ ਭਰ ਵੰਡਾਂ ਮੁੱਠੀਆਂ, ਵੇ ਵੀਰਨ ਮੇਰਿਆ ...... ਬੜੇ ਹੌਸਲੇ ਨਾਲ।” । ਦੁੱਲਾ ਜਗਤੂ ਦਾ ਸਰਬਾਲਾ ਸੀ। ਉਹ ਦਸ—ਪੰਦਰਾਂ ਦਿਨ ਪਹਿਲਾਂ ਆਪਣੀ ਤਿਆਰੀ ਕਰਨ ਲੱਗ ਪਿਆ ਸੀ। ਉਸ ਨੇ ਮੋਚਨੇ ਨਾਲ ਕੱਲਾ—ਕੱਲਾ ਚਿੱਟਾ ਵਾਲ਼ ਪੱਟ ਦਿੱਤਾ। ਵਿਆਹ ਵਾਲੇ ਦਿਨ ਲੱਡੂ ਰੰਗੀ ਪੱਗ ਬੰਨ੍ਹੀ ਉਹ ਮੁੱਛਾਂ ਨੂੰ ਵੱਟ ਦਿੰਦਾ ਫਿਰਦਾ ਸੀ। ਦਮਕੌਰੇ ਵਾਲ਼ੀ ਭਾਬੀ ਸੁਰਮੇਦਾਨੀ ਫੜ ਕੇ ਸੁਰਮੇ ਦੀ ਸਲਾਈ ਪਾਉਣ ਲੱਗੀ ਤਾਂ ਜਗਤੂ ਨੇ ਅੱਖ ਮਟਕਾਈ। ਮੇਲੋ ਨੇ ਰਸਮ ਨਿਭਾਉ਼ਦਿਆਂ ਹੀ ਹੇਰ੍ਹਾ ਲਾਇਆ— “ਪਹਿਲੀ ਸਲਾਈ ਵੇ ਦਿਉਰਾ ਰਸ ਭਰੀ......, ਦੂਜੀ ਵੇ ਗੁਲਾਨਾਰ, ਤੀਜੀ ਸਲਾਈ ਤਾਂ ਪਾਵਾਂ, ਜੇ ਮੋਹਰਾਂ ਦੇਵੇਂ, ਵੇ ਅੰਤ ਪਿਆਰਿਆ , ਵੇ ਚਾਰ।” “ਚਲੋ ਬਈ, ਲੇਟ ਹੋਈ ਜਾਂਦੇ ਆ।” ਪਟਵਾਰੀ ਨੇ ਖਿੱਚ ਕੀਤੀ ਤਾਂ ਜਗਤੂ ਹੋਰੀਂ ਧਾਰਮਿਕ ਸਥਾਨਾਂ ’ਤੇ ਮੱਥਾ ਟੇਕਣ ਚਲੇ ਗਏ। ਬਾਗ ਦੀਆਂ ਚਾਰੋ ਕੰਨੀਆਂ ਫੜ ਜਗਤੂ ਦੀਆਂ ਭੈਣਾਂ ਤੇ ਮੇਲਣਾਂ ਗੁਰੂ—ਘਰ, ਬਾਬਾ ਸ਼ਾਹ ਹੁਸੈਨ ਦੀ ਸਮਾਧ, ਮਾਤਾ ਰਾਣੀ ਤੇ ਗੂਗਾ ਪੀਰ ਦਾ ਸਥਾਨ, ਸਭ ਕਿਤੇ ਮੱਕਾ ਟੇਕ ਦਿੱਤਾ ਸੀ। ਜਗਤੂ ਦੀ ਵੱਡੀ ਭੈਣ ਮੱਥਾ ਟੇਕਣ ਤੋਂ ਬਾਅਦ ਆਪਣੇ ਥਾਲ ’ਚੋਂ ਸਾਰੇ ਕਿਤੇ ਦੋ—ਦੋ ਲੱਡੂ ਰੱਖਦੀ ਗਈ।ਕਹਿੰਦੀ— “ਭਾਈ ਕੋਈ ਗੁਰੂ—ਪੀਰ ਰੁੱਸ ਨਾ ਜਾਏ। ਜਗਤੂ ਸਾਰੀ ਉਮਰ ਠਿੱਠ ਹੋਊਗਾ।” ਬਰਾਤ ਤੁਰਨ ਲੱਗੀ ਤਾਂ ਜਗਤੂ ਦੇ ਚਾਚੇ ਟਾਹਲੂ ਨੇ ਆਪਣੀ ਭਾਨ ਵਾਲੀ ਥੈਲੀ ਚੋਂ ਇੱਕ ਮੁੱਠ ਕੱਠ ਵੱਲ ਸੁੱਟੀ ਤਾਂ ਨਿਆਣੇ ਤੇ ਕੁੱਝ ਜਨਾਨੀਆਂ ਪੈਸੇ ਚੁੱਕਣ ਲੱਗ ਪਏ। ਬਰਾਤ 'ਚ ਵੀਹ ਕੁ ਬੰਦੇ ਹੀ ਸੀ। ਸਿਖਰ ਦੁਪਹਿਰ ਤੋਂ ਪਹਿਲਾਂ ਬਰਾਤ ਕੁੜੀ ਵਾਲਿਆਂ ਦੇ ਜਾ ਢੁੱਕੀ। ਬਰਾਤ ਦੀ ਧਰਮਸ਼ਾਲਾ ’ਚ ਠਹਿਰ ਸੀ। ਬਰਾਤੀਆਂ ਲਈ ਮੰਜੇ—ਬਿਸਤਰੇ ਅੰਦਰ—ਬਾਹਰ ਪਾਣੀ ਛਿੜਕ ਕੇ ਸਜਾਏ ਪਏ ਸੀ। ਬਰਾਤੀਆਂ ਨੇ ਜਾਣ—ਸਾਰ ਆਪਣੇ ਕੱਪੜੇ ਝਾੜੇ। ਖੂੰਜੇ ’ਚ ਪਏ ਘੜੇ ’ਚੋਂ ਪਾਣੀ ਪੀਤਾ। ਕਈ ਬਰਾਤੀ ਤਾਂ ਪਿੰਡ ਦੇ ਕੋਲ਼ੋਂ ਲੰਘਦੇ ਸੂਏ ’ਤੇ ਨਹਾਉਣ ਵੀ ਚਲੇ ਗਏ। ਸਾਰਿਆਂ ਨੂੰ ਭਾਈਚਾਰੇ ਵਲੋਂ ਦੁਪਹਿਰ ਦੀ ਰੋਟੀ ਦਾ ਸੱਦਾ ਆਇਆ ਤਾਂ ਕੁੜੀਆਂ ਨੇ ਬਰਾਤ ਬੰਨ੍ਹ ਦਿੱਤੀ— “ਲੈ ਕੇ ਨਾਮ ਗਪਾਲ ਦਾ, ਬੰਨ੍ਹੀ ਜੰਨ ਮੈਂ ਆਪ, ਖੋਲ੍ਹੇ ਬਿਨਾਂ ਜੋ ਖਾਊਗਾ, ਖਾਣਾ ਹੋਊ ਸਰਾਪ।” ਬਰਾਤ ’ਚ ਕੋਈ ਬੰਨ੍ਹੀ ਜੰਨ ਛੁਡਾਉਣ ਵਾਲਾ ਨਹੀਂ ਸੀ। ਸਾਰੀ ਬਰਾਤ ਦੀ ਗੀਤਾਂ ਰਾਹੀਂ ਸ਼ਾਮਤ ਆ ਗਈ। ਲਾੜੇ, ਉਸਦੇ ਪਿਉ, ਮਾਂ, ਭੈਣਾਂ ਤੇ ਬਰਾਤੀਆਂ ਨੂੰ ਸਿੱਠਣੀਆਂ ਦਿੱਤੀਆਂ ਗਈਆਂ। ਰੋਟੀ ਖਾਂਦੇ ਸਮੇਂ ਦੁੱਲੇ ਨੇ ਚੋਰ—ਅੱਖ ਨਾਲ ਮੇਲਣਾਂ ਵੱਲ ਤੱਕਿਆ ਤਾਂ ਉਨ੍ਹਾਂ ਨੇ ਖੱਟੀਆਂ ਮਿੱਠੀਆਂ ਸੁਣਾ ਦਿੱਤੀਆਂ। “ਬਰਾਤੀਓ ਕੱਲੜੇ ਕਿਉਂ ਆਏ ਵੇ ਅੱਜ ਦੀ ਘੜੀ.... ਨਾਲ ਭੈਣੋਂ ਨੂੰ ਨਾ ਲਿਆਏ , ਵੇ ਅੱਜ ਦੀ ਘੜੀ।” ਦੁੱਲੇ ਦੇ ਕੋਲ ਬੈਠੇ ਬਰਾਤੀ ਨੇ ਉਸਦੇ ਹੁੱਜ ਮਾਰੀ। ਕਹਿੰਦਾ “ਹੁਣ ਜਵਾਬ ਵੀ ਦੇ” ਤਾਂ ਦੁੱਲੇ ਨੇ ਵੀ ਮੋੜ ਦਿੱਤਾ— “ਏਥੇ ਸਾਡੀ ਸੇਵਾ ’ਚ, ਤੁਸੀਂ ਜੋ ਹੈਗੀਆਂ ਸੀ।” ਅੰਨ੍ਹ—ਜਲ ਛਕ ਕੇ ਕਈ ਬਰਾਤੀ ਪਿੰਡ ’ਚ ਵਿਆਹੀ ਧੀ, ਭੈਣ, ਦੋਹਤੀ, ਪੋਤੀ ਨੂੰ ਪੱਤਲ ਦੇਣ ਚਲੇ ਗਏ ਸੀ। ਬਰਾਤ ਦੀ ਸੇਵਾ 'ਚ ਸ਼ਰੀਕੇ ਵਾਲ਼ਿਆਂ ਨੇ ਕੋਈ ਕਸਰ ਬਾਕੀ ਨਾ ਰਹਿਣ ਦਿੱਤੀ। ਤਾਰਾ ਚੜ੍ਹਣ ਤੋਂ ਪਹਿਲਾਂ ਡੋਲੀ ਵਿਦਾ ਹੋ ਗਈ। ਬਰਾਤ ਮੁੜ ਕੇ ਪਿੰਡ ਆਈ ਤਾਂ ਲੋਕ ਕਹਿਣ ਲੱਗੇ — “ਚਲੋ ! ਵਸਦਿਆਂ 'ਚ ਹੋ ਗਿਆ। ਹੁਣ ਠੀਕ ਆਊ, ਲਗਾਮ ਪੈ ਗਈ।” * * * ਉਹ ਵੀ ਸਮਾਂ ਸੀ ਜਦ ਪਟਵਾਰੀ ਨੇ ਕਹਿ ਕਹਾ ਕੇ ਕਲੋਨੀ ਪਵਾ ਦਿੱਤੀ, ਰਿਸ਼ਤਾ ਵੀ ਕਰਵਾ ਦਿੱਤਾ ਸੀ। ਰੱਬ ਨੇ ਵੀ ਬਾਂਹ ਫੜ ਲਈ ਸੀ। ਸੋਹਣੇ ਦੋ ਮੁੰਡੇ ਹੋ ਗਏ ਤੇ ਇੱਕ ਕੁੜੀ। ਪਰਿਵਾਰ ’ਚ ਵਾਧਾ ਹੋ ਗਿਆ ਸੀ। ਕੰਮ—ਧੰਦਾ ਕੀਤੇ ਬਿਨਾਂ ਹੁਣ ਕਿੱਥੇ ਸਰਦਾ ਸੀ ? ਘਰ ਦਾ ਮੋਢੀ ਸੀ। ਖੇਤ ਕੰਮ—ਧੰਦੇ 'ਚ ਉਲਝਿਆ ਨਸ਼ਿਆਂ ’ਤੇ ਲੱਗ ਗਿਆ। ਹੁਣ ਤਾਂ ਸੀਰ ਛੱਡੇ ਨੂੰ ਵੀ ਪੰਜ ਸਾਲ ਹੋ ਗਏ। ਘਰ ਦੇ ਪਸ਼ੂ—ਡੰਗਰ ਸਭ ਵੇਚ ਦਿੱਤੇ ਤੇ ਪੈਸੇ ਆਪਣੇ ਢਿੱਡ ’ਚ ਪਾ ਲਏ। ਲਾਜੋ ਨੇ ਆਪ ਦਿਹਾੜੀ—ਦੱਪਾ ਕਰਕੇ ਕੁੜੀ ਬਾਰੋਂ ਉਠਾਈ। ਦੋਵੇਂ ਮਾਂਵਾਂ—ਧੀਆਂ ਝੋਨਾ ਲਾਉਂਦੀਆਂ, ਕੱਤੇ ’ਚ ਨਰਮਾ ਚੁਗਦੀਆਂ, ਵਾਢੀ ਕਰਦੀਆਂ, ਲੋਕਾਂ ਦੇ ਘਰਾਂ ’ਚ ਭੱਜ—ਭੱਜ ਕੰਮ ਕਰਦੀਆਂ। ਹੁਣ ਤਾਂ ਲਾਜੋ ਵੀ ਹੰਭ ਗਈ। ਬਹੁਤ ਸੰਘਰਸ਼ ਕਰ ਲਿਆ। ਇੱਕ ਵਕਤ ਰੋਟੀ ਖਾ ਕੇ ਵੀ ਡੰਗ ਟਪਾਇਆ ਹੈ ਪਰ ਅਮਲੀ ਦੀ ਜ਼ਿੱਦ ਮੂਹਰੇ ਕਰੇ, ਤਾਂ ਕੀ ਕਰੇ ! ਅਮਲੀ ਦਾ ਨਸ਼ਾ ਦਿਨ—ਬ—ਦਿਨ ਵੱਧਦਾ ਹੀ ਜਾ ਰਿਹਾ ਸੀ। ਜਦ ਬਘੇਲ ਦੇ ਕੰਮ ਕਰਦਾ ਨਸ਼ੇ ਤੇ ਲੱਗਿਆ ਸੀ ਤਦ ਦੋ ਚਮਚੇ ਹੀ ਖਾਂਦਾ ਸੀ। ਉਦੋਂ ਤਾਂ ਖਾਣ ਵੇਲੇ ਵੀ ਨਾਂਹ—ਨੁੱਕਰ ਜਿਹੀ ਕਰਦਾ ਸੀ। ਜਦ ਬਘੇਲਾ ਆਖਦਾ — “ਕੋਈ ਨਾ ! ਕੋਈ ਨਾ ! ਜਗਤਿਆ, ਖਾ ਲੈ, ਏਹਦੇ ਨਾਲ ਕਿੱਧਰੇ ਨੀ ਆਫਰਦਾ। ਸਰੀਰ ਠੀਕ ਰਹੂ। ਊਰੀ ਵਾਂਗੂ ਘੁੰਮੇਂਗਾ।” ਉਨ੍ਹਾਂ ਦੋ ਚਮਚਿਆਂ ਤੋਂ ਸ਼ੁਰੂ ਹੋਇਆ ਕੰਮ ਹੁਣ ਦਿਨ ਦੀ ਪਾਈਆ ’ਤੇ ਆ ਗਿਆ। ਸ਼ੁੱਧ ਪੋਸਤ ਤਾਂ ਹੁਣ ਮਿਲਣੋਂ ਹੀ ਬੰਦ ਹੋ ਗਈ। ਇਹ ਤਾਂ ਜਗਤਾ ਆਪ ਵੀ ਸੱਥ ਵਿੱਚ ਕਹਿੰਦਾ ਹੈ — “ਹੁਣ ਤਾਂ ਪਿੰਡ 'ਚ ਕਦੇ—ਕਦੇ ਈ ਜਾਅਜ ਉਤਰਦੈ। ਮੇਰੇ ਸਾਲ਼ੇ, ਚੌਲ਼ਾਂ ਦੀ ਫੱਕ ਈ ਰਲਾ—ਰਲਾ ਵੇਚੀ ਜਾਂਦੇ ਨੇ। ਚੱਲ, ਕੋਲ਼ ਪਈ ਦਾ ਆਸਰਾ ਜਾ ਰਹਿੰਦੈ।” ਹੁਣ ਭੁੱਕੀ ਦੇ ਭਾਅ ਅਸਮਾਨੀਂ ਜਾ ਚੜ੍ਹੇ। ਬਾਰਾਂ ਸੌ ਰੁਪਏ ਕਿਲੋ ਮਿਲਦੀ ਹੈ। ਉਹ ਵੀ ਨਿਰੀ ਰਹਿੰਦ—ਖੂੰਹਦ। ਜਗਤੂ ਨੇ ਆਪ ਸੀਰ ਛੱਡਿਆਂ ਤਾਂ ਨੇਕੀ ਨੂੰ ਰਲਾ ਦਿੱਤਾ। ਆਪਣੇ ਗੀਝੇ ਵਿੱਚ ਰੱਖੀ ਭੁੱਕੀ ਨੂੰ ਉਹ ਵੱਡੇ ਕੌਲੇ ਵਿੱਚ ਹੀ ਘੋਲ਼ ਲੈਂਦਾ ਹੈ। ਉਸਦਾ ਦਗ—ਦਗ ਕਰਦਾ ਸਰੀਰ, ਹੁਣ ਸੁੱਕੇ ਗੰਨੇ ਵਰਗਾ ਹੋ ਗਿਆ। ਜਬਾੜੇ ਅੰਦਰ ਨੂੰ ਧਸ ਗਏ। ਘੋਰੀ ਬਣ ਗਿਆ। ਬੋਲਦੇ ਦੀ ਵੀ ਘਟ ਹੀ ਸਮਝ ਪੈਂਦੀ ਹੈ। ਮੂੰਹ 'ਚ ਹੀ ਗੁਣਨ—ਗੁਣਨ ਕਰੀਂ ਜਾਂਦਾ ਰਹਿੰਦਾ ਹੈ। ਲਾਜੋ ਬੀਤਿਆ ਵਕਤ ਯਾਦ ਕਰਦੀ ਹੈ। “ਉਹ ਵੀ ਵੇਲ਼ਾ ਸੀ— ਬਘੇਲ ਦੇ ਅਧੀਏ ਆਲ਼ੇ ਖੇਤੋਂ ਬਾਰਾਂ ਪਸ਼ੂਆਂ ਦੀ ਕੜਬ ਮੋਢਿਆਂ ’ਤੇ ਢੋਦਾਂ ਤੇ ਹੱਥੀਂ ਕੁਤਰਦਾ ਸੀ।”

ਚਾਰ

ਜਗਤੂ ਜਸਵੰਤ ਹੋਰਾਂ ਕੋਲ਼ੋਂ ਉੱਠ ਕੇ, ਅਜੇ ਬੋਹੜ ਕੋਲ ਹੀ ਪਹੁੰਚਿਆ ਸੀ, ਰੁਲਦੂ ਕਹੀ ਠੀਕ ਕਰਦਾ ਮਿਲ ਗਿਆ। ਉਹ ਪਜਾਨੇ ਦੀਆਂ ਮੂਹਰੀਆਂ ਨੂੰ ਮੋੜ੍ਹ ਕੇ ਗੋਡਿਆਂ ਤੱਕ ਚੜ੍ਹਾਈ ਫਿਰਦਾ ਸੀ। “ਕੀ ਹਾਲ ਨੇ ਛੋਟੇ ਭਾਈ ਦੇ ?” ਜਗਤੂ ਨੇ ਉਸ ਨੂੰ ਰੋਕ ਲਿਆ। “ਠੀਕ ਐ ਬਾਈ, ਰਾਤ ਦੀ ਵਾਰੀ ਸੀ, ਪਾਣੀ ਲਾ ਕੇ ਆਇਐਂ।” “ਚਲ ਛਕ ਜਾ ਕੇ ਰੋਟੀ—ਪਾਣੀ, ਜਸਵੰਤੇ ਹੋਰੀਂ ’ਡੀਕੀ ਜਾਂਦੇ ਨੇ।” ਆਖਦਾ ਹੋਇਆ ਅਮਲੀ ਘਰ ਵੱਲ ਚੱਲ ਪਿਆ ਤੇ ਰੁਲਦੂ ਜਸਵੰਤ ਦੇ ਘਰ ਨੂੰ। ਰੁਲਦੂ ਰਮਦਾਸੀਆਂ ਦੇ ਭੂਰੇ ਦਾ ਛੋਟਾ ਮੁੰਡਾ ਹੈ। ਪਹਿਲਾ ਸੀਰ ਉਸ ਨੇ ਪੰਦਰਾਂ ਸਾਲ ਦੀ ਉਮਰ ’ਚ ਸ਼ੁਰੂ ਕੀਤਾ। ਬਾਰ੍ਹਾਂ ਸਾਲ ਹੋ ਗਏ, ਉਸ ਨੂੰ ਸੀਰ ਕਰਦਿਆਂ। ਪਿਛਲੇ ਸਾਲ ਤੋਂ ਹੀ ਉਹ ਜਸਵੰਤ ਸਿੰਘ ਦੇ ਸੀਰੀ ਹੈ। ਠੋਕ ਵਜਾ ਕੇ ਵੀਹ ਹਜ਼ਾਰ ਲਿਆ ਹੈ। ਕਹਿੰਦਾ — “ਹੁਣ ਤਾਂ ਮੰਗ੍ਹਾਈ ਬਹੁਤ ਹੋਗੀ। ਗੁੜ—ਚਾਹ ਈ ਨੀ ਪੂਰਾ ਆਉਂਦਾ।” “ਪੈਸੇ ਤਾਂ ਤੈਨੂੰ ਮੂੰਹੋਂ ਮੰਗੇ ਦੇ ਦਿੰਦੇ ਆਂ, ਪਰ ਕੰਮ ਦੱਬ ਕੇ ਕਰੀਂ।” ਜਸਵੰਤ ਬੋਲਿਆ। “ਏਸ ਘਰ ਨੂੰ ਆਪਣਾ ਘਰ ਸਮਝੀਂ।” ਘੂਤਰ ਨੇ ਰੁਲਦੂ ਨੂੰ ਠੋਕਰ ਕੇ ਕਿਹਾ। * * * ਰੁਲਦੂ ਨੇ ਜਾਣ—ਸਾਰ ਹਵੇਲੀ ਦਾ ਗੇਟ ਖੋਲਿ੍ਹਆ। ਕਹੀ ਰੱਖ ਕੇ ਪਸ਼ੂਆਂ ਦੇ ਕਿੱਲੇ ਵੀ ਆਪ ਹੀ ਵੇਖ ਕੇ ਬਦਲ ਦਿੱਤੇ। ਖਲ੍ਹ ਵਾਲਾ ਟੱਬ ਪਾਸੇ ਰੱਖ ਕੇ ਉਹ ਚਾਹ ਪੀਣ ਚਲਾ ਗਿਆ। ਹਰਦੀਪ ਨੇ ਰੁਲਦੂ ਦਾ ਬੋਲ ਸੁਣ ਕੇ ਚਾਹ ਪਾ ਵੀ ਦਿੱਤੀ। “ਕਿੰਨੀ ਕ ਰਮਗੀ ?” ਜਸਵੰਤ ਨੇ ਚਾਹ ਦੀ ਘੁੱਟ ਭਰ ਰਹੇ ਰੁਲਦੂ ਨੂੰ ਪੁੱਛਿਆ। “ਦੋ ਕ ਕਿੱਲੇ ਰਮ ਗੇ, ਪਾਣੀ ਖਾਸਾ ਸੀ।” ਰੁਲਦੂ ਨੇ ਜਵਾਬ ਦਿੱਤਾ। “ਪਾਪਾ ਜੀ, ਤੁਹਾਨੂੰ ਕੱਲ੍ਹ ਨੂੰ ਸਕੂਲ ’ਚ ਬੁਲਾਇਐ।” ਅਚਾਨਕ ਅੰਦਰੋਂ ਸਕੂਲ ਲਈ ਤਿਆਰ ਹੁੰਦੀ ਪਰਮੀ ਬੋਲੀ। “ਚੰਗਾ ਬੇਟਾ।” ਜਸਵੰਤ ਨੇ ਪਰਮੀ ਨੂੰ ਜਵਾਬ ਦਿੱਤਾ। ਪਰਮੀ ਬਾਬੇ ਦੇ ਬੋਲਦਿਆਂ ਸਾਰ ਹੀ ਪੜ੍ਹਨ ਲੱਗੀ ਪਈ ਸੀ। ਵੱਡਾ ਮੁੰਡਾ ਜਿੰਦਰ ਅਜੇ ਵੀ ਘੁਰਾੜੇ ਮਾਰ ਰਿਹਾ ਸੀ। ਮਾਂ ਹਰਦੀਪ ਨੇ ਦੋ—ਤਿੰਨ ਵਾਰ ਹਲੂਣਿਆਂ ਵੀ ਪਰ ਪਾਸਾ ਜਿਹਾ ਮਾਰ ਕੇ ਫਿਰ ਸੌਂ ਗਿਆ।ਜਿੰਦਰ ਅਜੇ ਕੱਲ੍ਹ ਹੀ ਆਇਆ ਸੀ, ਰਾਜਿੰਦਰਾ ਕਾਲਜ ਬਠਿੰਡੇ ਤੋਂ। ਬੀ.ਐਸ.ਸੀ. ਪਹਿਲਾ ਸਾਲ ’ਚ ਹੁਣੇ ਹੀ ਦਾਖਲਾ ਲਿਆ ਹੈ। ਛੋਟੀ ਪਰਮੀ ਨੇ ਨੇੜਲੇ ਸ਼ਹਿਰ ’ਚ ਗਿਆਰਵੀਂ ਜਮਾਤ ਮੈਡੀਕਲ ’ਚ ਦਾਖਲਾ ਲਿਆ ਹੈ। ਪਰਮੀ ਦੇ ਨਾਲ ਹੀ ਪਿੰਡ ਦੀਆਂ ਚਾਰ ਕੁੜੀਆਂ ਹੋਰ ਹਨ। ਜਸਵੰਤ ਦੇ ਸਮਝਾਉਂਣ ’ਤੇ ਉਨ੍ਹਾਂ ਦੇ ਮਾਪਿਆਂ ਨੇ ਵੀ ਆਪਣੀਆਂ ਬੱਚੀਆਂ ਨੂੰ ਦਾਖਲ ਕਰਵਾ ਦਿੱਤਾ ਸੀ । ਜਸਵੰਤ ਨੇ ਜਿਵੇਂ ਹੀ ਬੱਚੀਆਂ ਨੂੰ ਸਹਿਰ ਦਾਖਲ ਕਰਾਉਣ ਦੀ ਗੱਲ ਛੇੜੀ ਤਾਂ ਅਨਪੜ੍ਹ ਮਾਪੇ ਆਖਣ ਲੱਗੇ— “ਅਸੀਂ ਨੀ ਆਪਣੀਆਂ ਕੁੜੀਆਂ ਨੂੰ ਬਾਰ੍ਹ ਭੇਜਦੇ। ਮਹੌਲ ਮਾੜੈ।” ਜਸਵੰਤ ਦੇ ਨਾਲ ਗਈ ਹਰਦੀਪ ਉਨ੍ਹਾਂ ਦੀਆਂ ਮਾਵਾਂ ਨੂੰ ਆਖਣ ਲੱਗੀ— “ਅਸੀਂ ਵੀ ਤਾਂ ਸਾਡੀ ਪਰਮੀ ਨੂੰ ਬਾਰ੍ਹ ਭੇਜਾਂਗੇ। ਬਾਰ੍ਹ ਜਾ ਕੇ ਈ ਕੁੜੀਆਂ ਨੂੰ ਅਕਲ ਆਊ, ਨਾਲੇ ਹੁਣ ਤਾਂ ਕੁੜੀਆਂ ਚੰਦ ’ਤੇ ਵੀ ਪਹੁੰਚਗੀਆਂ।” ਪਰ ਅਨਪੜ੍ਹ ਮਾਪਿਆਂ ਨੇ ਇੱਕੋ ਰੱਟ ਲਾਈ ਰੱਖੀ— “ਸਾਡੀਆਂ ਕੁੜੀਆਂ ਬੱਸਾਂ ’ਚ ਧੱਕੇ ਖਾਣਗੀਆਂ।” “ਬੱਸ ’ਚ ਕੁੜੀਆਂ ਨੂੰ ਔਖੈ। ਇਹ ਤਾਂ ਮੈਂਨੂੰ ਵੀ ਪਤੈ। ਬੱਸ ਵੀ ਟੈਮ ਸਿਰ ਨੀ ਆਉਂਦੀ। ਸਕੂਲ ਦੀ ਵੈਨ ਮਘਾਣੀਆਂ ਤਕ ਆਉਂਦੀ ਐ। ਆਪਾਂ ਕਰਾਇਆ ਦੇ ਦਿਆ ਕਰਾਂਗੇ। ਵੈਨ ਆਪਣੇ ਜਵਾਕਾਂ ਨੂੰ ਘਰੋਂ ਲੈਜਿਆ ਕਰੂ।” ਜਸਵੰਤ ਨੇ ਸਾਰਿਆਂ ਨੂੰ ਵਿਸ਼ਵਾਸ ’ਚ ਲੈ ਕੇ ਕਿਹਾ। ਕੁੜੀਆਂ ਵੀ ਜਿੱਦ ਕਰ ਕੇ ਬੈਠ ਗਈਆਂ। ਆਖਣ ਲੱਗੀਆਂ— “ਅਸੀਂ ਤਾਂ ਅੱਗੇ ਪੜ੍ਹਨੈ, ਅਸੀਂ ਸਿਆਣੀਆਂ ਬਣਕੇ ਪੜ੍ਹਾਂਗੀਆਂ, ਕੋਈ ਲਾਂਭਾ ਨੀ ਆਉਂਦਾ।” ਆਖ਼ਰ ਮਾਪੇ ਸਹਿਮਤ ਹੋ ਗਏ। ਵੈਨ ਵਾਲੀ ਗੱਲ ਵੀ ਉਨ੍ਹਾਂ ਦੇ ਜਚ ਗਈ ਸੀ। ਜਸਵੰਤ ਤੇ ਹਰਦੀਪ ਦੇ ਹੰਭਲੇ ਨਾਲ ਹੁਣ ਪਿੰਡ ਦੀਆਂ ਕਈ ਕੁੜੀਆਂ ਬੋਹਾ ਜਾਂਦੀਆਂ ਹਨ। ਸਕੂਲ ਦੀ ਵੈਨ ਹੁਣ ਪੀਰਾਂਵਾਲੀ ਤਕ ਆਉਂਦੀ ਹੈ। * * * ਜਸਵੰਤ ਖੁਰਪੀ ਲੈ ਕੇ ਬਗ਼ੀਚੀ ਵੱਲ ਜਾਣ ਹੀ ਲੱਗਿਆ ਸੀ, ਹਰਦੀਪ ਨੇ ਪਿੱਛੋਂ ਆਵਾਜ਼ ਮਾਰੀ— “ਚਾਹ ਦੀ ਘੁੱਟ ਤਾਂ ਪੀ ਜਾਂਦੇ। ਸਵੇਰੇ ਉੱਠਣ ਸਾਰ ਖੁਰਪਾ ਚੱਕ ਲਿਆ।” “ਕੀ ਕਰਾਂ ਹਰਦੀਪ ਕੁਰੇ ! ਇਹ ਫੁੱਲ—ਬੂਟੇ ਮੈਂ ਹੱਥੀਂ ਪਾਲ਼ੇ ਨੇ, ਇਹਨਾਂ 'ਚ ਮੇਰੀ ਜਾਨ ਐ।” “ਪਾਪਾ, ਚਾਹ ਤਾਂ ਪੀ ਲੈ।” ਸਕੂਲ ਲਈ ਤਿਆਰ ਹੁੰਦੀ ਪਰਮੀ ਜਸਵੰਤ ਲਈ ਚਾਹ ਦਾ ਗਲਾਸ ਲਈ ਖੜ੍ਹੀ ਸੀ। ਹਰਦੀਪ ਕੌਰ ਔਖੇ ਜਿਹੇ ਸਾਹ ਲੈਂਦੀ ਮੰਜੇ ’ਤੇ ਬੈਠ ਗਈ। ਉਸ ਨੂੰ ਪੇਟ ਦੀ ਸਮੱਸਿਆ ਰਹਿੰਦੀ ਹੈ । ਕਈ ਦਿਨਾਂ ਤੋਂ ਮਿੰਨ੍ਹਾਂ—ਮਿੰਨ੍ਹਾਂ ਦਰਦ ਹੋਈ ਜਾਂਦੈ। ਚਾਹ ਦਾ ਗਲਾਸ ਲੈ ਕੇ, ਜਸਵੰਤ ਮੰਜੇ ’ਤੇ ਲੱਤਾਂ ਨਿਸਾਲ੍ਹ ਕੇ ਬੈਠ ਗਿਆ। ਉਸਨੇ ਚਾਹ ਦੀ ਘੁੱਟ ਭਰੀ ਹੀ ਸੀ ਕਿ ਅਖਬਾਰ ਵਾਲੇ ਮੁੰਡੇ ਨੇ ਵੀ ਆਪਣੇ ਸਾਈਕਲ ਦੀ ਘੰਟੀ ਵਜਾਈ ਤੇ ਅਖ਼ਬਾਰ ਨੂੰ ਪੂਰੇ ਜ਼ੋਰ ਨਾਲ ਬੂਹੇ ’ਤੇ ਸੁੱਟ ਗਿਆ। “ਲਿਆ ਪੁੱਤ ਪਰਮੀ ਅਖਵਾਰ, ਵੇਖੀਏ ਕੀ ਖਬਰਬਾਣੀ ਐ ?” ਆਖਣ ਦੀ ਦੇਰ ਸੀ, ਪਰਮੀ ਅਖਬਾਰ ਚੁੱਕ ਲਿਆਈ। ਦੇਹਲ਼ੀ ਤੋਂ ਜਸਵੰਤ ਤਕ ਅੱਪੜਦਿਆਂ—ਅੱਪੜਦਿਆਂ, ਉਸ ਨੇ ਮੁੱਖ ਸੁਰਖੀਆਂ ’ਤੇ ਝਾਤ ਮਾਰੀ। “ਆਹ ਨਾਹੀ ਸੰਸਾਰ ਵਾਲਾ ਪੰਨਾ ਤਾਂ ਮੈਨੂੰ ਦੇ ਦੋ।” ਹਰਦੀਪ ‘ਨਾਰੀ ਸੰਸਾਰ’ ਜ਼ਰੂਰ ਪੜ੍ਹਦੀ ਐ। ਸਿਹਤ ਸੰਬੰਧੀ ਚੰਗੇ ਲੇਖ ਜਾਂ ਨੁਸਖੇ ਕੱਟ ਕੇ ਰੱਖਣਾ ਜਾਂ ਨੋਟ ਕਰਨਾ ਉਸਦੀ ਆਦਤ ਹੈ। ਅਖਬਾਰ ਵਿੱਚ ਦਿੱਤੇ ਸੁਝਾਵਾਂ ਮੁਤਾਬਕ ਉਹ ਰਸੋਈ ’ਚ ਪਕਵਾਨ ਵੀ ਤਿਆਰ ਕਰਕੇ ਵੇਖਦੀ ਹੈ। ਜਸਵੰਤ ਨੇ ਨਾਰੀ ਸੰਸਾਰ ਵਾਲਾ ਪੰਨਾ ਹਰਦੀਪ ਨੂੰ ਫੜਾ ਦਿੱਤਾ ਤੇ ਆਪ ਵੀ ਅਖਬਾਰ ਪੜ੍ਹਨ ’ਚ ਮਗਨ ਹੋ ਗਿਆ। “ਥਾਣਾ ਮੁਖੀ ਦੀ ਅਗਵਾਈ 'ਚ ਇੱਕ ਟਰੱਕ ਭੁੱਕੀ ਦਾ ਕਾਬੂ, ਦੋਸ਼ੀ ਮੌਕੇ ’ਤੇ ਫਰਾਰ।” “ਲੈ ਹਰਦੀਪ ਕੁਰੇ ! ਬਠਿੰਡਾ ਮਾਨਸਾ ਬਾਣੀ ਤਾਂ ਫੀਮ—ਭੁੱਕੀ ਨਾਲ ਹੀ ਭਰੀ ਪਈ ਐ। ਕੋਈ ਐਸਾ ਦਿਨ ਨਹੀਂ, ਜਿਸ ਦਿਨ ਫੀਮ, ਭੁੱਕੀ, ਡਕੈਤ ਜਾਂ ਬਲਾਤਕਾਰ ਦੀ ਖਬਰ ਨਾ ਹੋਵੇ।” “ਟੁੱਟ ਪੈਣੇ ਜਿੰਨੇ ਅਮਲੀ ਪੰਜਾਬ 'ਚ, ਓਨੇ ਕੱਲੀ ਮਾਨਸਾ 'ਚ।” ਹਰਦੀਪ ‘ਸੇਬ ਦੀ ਖੀਰ ਕਿਵੇਂ ਬਣਾਈਏ’ ਪੜ੍ਹਦੀ ਪੜ੍ਹਦੀ ਵਿੱਚੋਂ ਹੀ ਹਟ ਗਈ। ਜਸਵੰਤ ਦੀ ਹਾਂ ’ਚ ਹਾਂ ਮਿਲਾਉਣੀ ਉਸਨੇ ਜ਼ਰੂਰੀ ਸਮਝੀ। ਉਸ ਨੂੰ ਵੀ ਮਾਨਸਾ ਜ਼ਿਲ੍ਹੇ ਦੇ ਪਛੜੇ ਹੋਣ ਦਾ ਅਹਿਸਾਸ ਸੀ। “ਜਿੰਨੇ ਅਮਲੀ ਮਾਨਸਾ ਜਿਲ੍ਹੇ 'ਚ, ਉਸ ਤੋਂ ਅੱਧੇ ਆਪਣੇ ਪਿੰਡ 'ਚ।” ਜਸਵੰਤ ਨੇ ਆਪਣੇ ਪਿੰਡ ਦੇ ਅਮਲੀਆਂ ਦਾ ਜੋੜ—ਤੋੜ ਲਾਇਆ। ਉਸਦੀ ਸੋਚ ਘੁੰਮਦੀ—ਘੁੰਮਾਉਂਦੀ ਦੁੱਲੇ ਕੋਲ ਜਾ ਪਹੁੰਚੀ। “ਆਹ ਦੁੱਲੇ ਦੀ ਗੱਲ ਦੱਸਾਂ ਤੈਨੂੰ, ਭਾਗਵਾਨੇ।” “ਦੱਸੋ ਜੀ।” ਹਰਦੀਪ ਸੁਣਨ ਲਈ ਹੋਰ ਨੇੜੇ ਹੋ ਗਈ। “ਉਹ ਤੇ ਜਗਤੂ ਨੇ ਪਿੰਡ ਦੇ ਮੋਢੀ ਅਮਲੀ। ਇੱਕ ਵਾਰ ਦੁੱਲਾ ਟੋਕਰੇ ਬਣਾਉਣ ਆਇਆ। ਪਤੰਦਰ ਐਂ ਹੱਲੇ ਜਿਵੇਂ ਹਵਾ ਆਈ ਤੋਂ ਡੌਰੂ ਹੱਲਦੈ। ਮੈਂ ਤਾਂ ਸੋਚਾਂ ਬਈ ਇਹ ਕਿਹੜੇ ਟੋਕਰੇ ਬਣਾਉ ? ਪਰ ਮਾਂ ਦੇ ਪੁੱਤ ਨੇ ਖਾ ਕੇ ਪੰਜ ਚਮਚੇ ਭੁੱਕੀ ਦੇ, ਟੋਕਰੇ ਤਾਂ ਬਣਾ ’ਤੇ। ਜਾਂਦਾ ਹੋਇਆ ਸੌ ਰੁਪਇਆ ਤੇ ਇੱਕ ਟੋਕਰਾ ਲੈ ਗਿਆ। ਅਗਲੇ ਦਿਨ ਫੇਰ ਆ ਗਿਆ। ਕਹਿੰਦਾ — ਸੌ ਦੀ ਤਾਂ ਮੈਂ ਮੈਸ ਵਾਸਤੇ ਖਲ਼ ਲੈ ਗਿਆ। ਮੇਰੀ ਖਲ਼ ਤਾਂ ਰਹਿ ਹੀ ਗਈ। ਪੈਸੇ ਹੋਰ ਦੇ।” ਜਸਵੰਤ ਨੂੰ ਪਤਾ ਹੀ ਨਾ ਲੱਗਾ, ਕਦ ਪੰਨਾ ਪਲਟਿਆ ਗਿਆ। “ਆਹ ਅਗਲੀ ਖਬਰ ਤਾਂ ਸੁਣ, ਹਰਦੀਪ।” “ਹਾਂ ਜੀ।” “ਬਟਰਫਲਾਈ ਈਕੋ ਕਲੱਬ ਵੱਲੋਂ ‘ਧਰਤੀ ਦਿਵਸ’ ਮਨਾਇਆ ਗਿਆ।” “ਇਹ ਤਾਂ ਬਹੁਤ ਵਧੀਆ ਉੱਦਮ ਐ, ਜੀ।” “ਧਰਤੀ ਤਾਂ ਪੁਕਾਰ ਕਰ ਰਹੀ ਐ। ਧਰਤੀ ਦੀ ਹੋਂਦ ਨੂੰ ਖਤਰੈ। ਗ੍ਰੀਨ ਹਾਊਸ ਪ੍ਰਭਾਵ ਵਧੀ ਜਾਂਦੈ।” “ਧਰਤੀ ਨੂੰ ਹਰਾ—ਭਰਾ ਬਣਾਉਣ ਦੀ ਲੋੜ ਐ ਜੀ।” ਜਸਵੰਤ ਦੀ ਚਾਹ ਖਤਮ ਹੋ ਗਈ ਸੀ। “ਲੈ, ਆਹ ਵੀ ਪੜ੍ਹ ਲੈ।” ਆਪਣੇ ਹੱਥ ਵਿਚਲੇ ਪੰਨੇ ਹਰਦੀਪ ਨੂੰ ਫੜਾ, ਉਹ ਅਜੇ ਦੇਹਲ਼ੀ ਹੀ ਲੰਘਿਆ ਸੀ, ਦੁੱਲਾ ਅਮਲੀ ਆ ਪਹੁੰਚਿਆ। ਦੁੱਲਾ ਰਮਦਾਸੀਆਂ ਦੇ ਮਾੜੂ ਦਾ ਵਿਚਕਾਰਲਾ ਮੁੰਡਾ ਹੈ। ਦੁੱਲੇ ਤੋਂ ਵੱਡਾ ਫੂਲਾ ਤਾਂ ਵਿਆਹਿਆ—ਵਰਿਆ ਹੈ। ਵਿਆਹੇ ਨੂੰ ਵੀ ਵੀਹ ਸਾਲ ਹੋ ਗਏ। ਆਪਣੇ ਸਹੁਰੇ ਘੁਰਕਣੀ ਹੀ ਠੇਕੇ—ਹਿੱਸੇ ’ਤੇ ਵਾਹੀ ਕਰਦਾ ਹੈ। ਦੁੱਲੇ ਤੋਂ ਛੋਟਾ ਭੋਲਾ, ਚਿਣਾਈ ਦਾ ਕੰਮ ਕਰਦਾ ਹੈ। ਭੋਲੇ ਦਾ ਛੋਟਾ ਮੁੰਡਾ ਅੱਠਵੀਂ ’ਚ ਪੜ੍ਹਦੈ ਤੇ ਵੱਡੇ ਦਾ ਪੜ੍ਹਾਈ ’ਚ ਮਨ ਨਾ ਲੱਗਿਆ, ਉਹ ਫਰਨੀਚਰ ਦਾ ਕੰਮ ਸਿੱਖਣ ਲੱਗ ਪਿਆ। ਦੋ ਸਾਲ ’ਚ ਹੀ ਵਧੀਆ ਕਾਰੀਗਰ ਬਣ ਗਿਆ। ਦੁੱਲਾ ਜਵਾਨੀ ਉਮਰੇ ਹੀ ਨਸ਼ੇ—ਪੱਤੇ ਕਰਨ ਲੱਗ ਪਿਆ ਸੀ। ਮਾੜੂ ਨੇ ਆਪਣੇ ਰਿਸ਼ਤੇਦਾਰਾਂ ਤੇ ਭਾਈਚਾਰੇ ਵਾਲਿਆਂ ਦਾ ਮਿੰਨਤ ਤਰਲਾ ਕੀਤਾ। ਆਖਰ ਦੁੱਲੇ ਦੀ ਭੂਆ ਨੇ ਦੂਰ ਦੀ ਰਿਸ਼ਤੇਦਾਰੀ ਚੋਂ ਰਿਸ਼ਤਾ ਕਰਵਾ ਕੇ ਉਸਦਾ ਹੂਲਾ ਫੱਕਿਆ (ਚੁੱਲ੍ਹਾ ਬਲ਼ਦਾ ਕੀਤਾ)। ਦੁੱਲਾ ਅੜੀਅਲ ਸੁਭਾਅ ਦਾ ਸੀ। ਜਦ ਨਵਾਂ—ਨਵਾਂ ਵਿਆਹਿਆ ਤਾਂ ਬਘੇਲ ਦੇ ਸੀਰ ਕਰਦਾ ਸੀ। ਆਪਣੇ ਘਰ—ਵਾਲ਼ੀ ਨੰਦ ਕੁਰ ਨੂੰ ਕਹਿੰਦਾ— “ਜਿੰਨਾਂ ਚਿਰ ਮੈਂ ਘਰ ਨੀ ਆਉਂਦਾ, ਰਾਤ ਨੂੰ ਤੂੰ ਸੌਣਾ ਨਹੀਂ।” ਨੰਦ ਕੁਰ ਦੀਆਂ ਅੱਖਾਂ ’ਚ ਨੀਂਦ ਰੜਕਿਆ ਕਰੇ। ਵਾਣ ਦੇ ਮੰਜੇ ’ਤੇ ਬੈਠੀ ਦੁੱਲੇ ਨੂੰ ਉਡੀਕਿਆ ਕਰੇ। ਇੱਕ ਦਿਨ ਨੀਂਦ ਨੰਦ ਕੁਰ ’ਤੇ ਹਾਵੀ ਹੋ ਗਈ। ਉਹ ਸੌਂ ਗਈ। ਦੁੱਲਾ ਸੀਰੀਆਂ ਦੇ ਘਰੋਂ ਆਇਆ। ਉਸ ਦੇ ਇੱਕ ਹੱਥ ਰੋਟੀ ਤੇ ਦੂਜੇ ਹੱਥ ਪਰਾਣੀ ਸੀ। ਪੁੱਛਿਆ ਨੀ ਦੱਸਿਆ ਨੀ, ਨੰਦ ਕੁਰ ਨੂੰ ਪਰਾਣੀ ਨਾਲ ਕੁੱਟਣ ਲੱਗ ਪਿਆ। ਉਹ ਰੋਵੇ, ਕੁਰਲਾਵੇ ਤੇ ਚੀਕਾਂ ਮਾਰੇ।ਭੋਲੇ ਹੋਰਾਂ ਨੇ ਆ ਕੇ ਛੁਡਾਈ। ਭੋਲਾ ਤਾਂ ਉਦੋਂ ਕੁਆਰਾ ਹੁੰਦਾ ਸੀ।ਚਿਣਾਈ ਦਾ ਕੰਮ ਅਜੇ ਚਿੜੀਏ ਮਿਸਤਰੀ ਤੋਂ ਸਿੱਖਦਾ ਹੀ ਸੀ। ਦੁੱਲੇ ਦੇ ਕੋਲ ਬੈਠੇ ਤੋਂ ਇੱਕ ਸ਼ਾਮ ਨੰਦ ਕੁਰ ਨੇ ਚਿੱਬੜਾਂ ਦੀ ਚਟਣੀ ਨਾਲ ਪਹਿਲਾਂ ਭੋਲੇ ਨੂੰ ਰੋਟੀ ਫੜਾ ਦਿੱਤੀ। ਦੁੱਲਾ ਤਾ ਲੋਹਾ—ਲਾਖਾ ਹੋ ਗਿਆ। ਕਹਿੰਦਾ— “ ਤੂੰ ਤਾਂ ਭੋਲੇ ਨਾਲ਼ ਮਾੜੀ ਐਂ।” ਮਾੜੂ ਨੇ ਵੀ ਬਥੇਰਾ ਸਮਝਾਇਆ। ਅਖੇ— “ ਸ਼ੇਰਾ ! ਫੇਰ ਕੀ ਹੋ ਗਿਆ। ਉਹ ਵੀ ਤਾਂ ਘਰ ਦਾ ਜੀਅ ਐ। ਦਿਨੇ ਉਹਨੇ ਰੋਟੀ ਨੀ ਖਾਧੀ, ਉਹਨੂੰ ਭੁੱਖ ਲੱਗੀ ਸੀ।” “ਤੈਨੂੰ ਕੀ ਪਤੈ, ਬੁੜ੍ਹਿਆ।” ਅੱਗੋਂ ਦੁੱਲਾ ਟੁੱਟ ਕੇ ਪੈ ਗਿਆ। ਮਾੜੂ ਤਾਂ ਬੁੜ—ਬੁੜ ਕਰਦਾ ਪਰ੍ਹਾਂ ਜਾ ਕੇ ਮੰਜੇ ’ਤੇ ਬੈਠ ਗਿਆ ਤੇ ਕਿੰਨਾਂ ਹੀ ਚਿਰ ਉਹ ਇਕੱਲਾ ਹੀ ਬੋਲਦਾ ਰਿਹਾ— “ਮੈਨੂੰ ਕੀ ਐ ? ਸਾਲ਼ਿਓ, ਮਰੋ ਚਾਹੇ ਖਪੋ।” ਉਸ ਦਿਨ ਤੋਂ ਦੁੱਲੇ ਦਾ ਨੰਦ ਕੁਰ ਤੋਂ ਵਿਸ਼ਵਾਸ ਹੀ ਉੱਠ ਗਿਆ। ਰਾਤ ਨੂੰ ਪੈਣ ਵੇਲ਼ੇ ਮੰਜੇ ਦੇ ਆਲ਼ੇ—ਦੁਆਲ਼ੇ ਕੱਕਾ ਰੇਤ ਵਿਛਾ ਦਿਆ ਕਰੇ।ਕਹਿੰਦਾ— “ ਜੇ ਰਾਤ ਨੂੰ ਉੱਠੂ, ਸਾਲੀ ਲੰਡਰ ਤੀਮੀ ਦਾ ਪਤਾ ਤਾਂ ਲੱਗੂੂ।” ਖੇਤੋਂ ਘਰ ਆਇਆ ਕਰੇ। ਨੰਦ ਕੁਰ ਨਾਲ ਮਹੀਨਾ ਭਰ ਬਿਲਕੁਲ ਨਾ ਬੋਲਿਆ। ਫਿਰ ਇੱਕ ਦਿਨ ਉਸ ਨੇ ਪਹਿਲੇ ਤੋੜ ਦੀ ਘਰ ਦੀ ਕੱਢੀ ਤੱਤੀ ਦਾਰੂ ਦਾ ਪਊਆ ਨੰਦ ਕੁਰ ਨੂੰ ਜਬਰਦਸਤੀ ਪਿਆ ਦਿੱਤਾ। ਸਵੇਰ ਤਕ ਨੰਦ ਕੁਰ ਦਾ ਘੋਗਾ ਚਿੱਤ ਹੋ ਗਿਆ। ਇਨ੍ਹਾਂ ਗੱਲਾਂ ਨੂੰ ਵੀਹ ਸਾਲ ਬੀਤ ਗਏ। ਬਸ, ਉਸ ਦਿਨ ਤੋਂ ਦੁੱਲਾ ਆਪਣੇ ਭੈਣ—ਭਰਾਵਾਂ ਦੇ ਨੱਕੋਂ—ਬੁੱਲੋਂ ਲਹਿ ਗਿਆ। * * * ਢਿੱਲਾ ਜਿਹਾ ਮੂੰਹ ਬਣਾ ਕੇ ਦੁੱਲਾ ਜਸਵੰਤ ਨੂੰ ਕਹਿੰਦਾ— “ਬਾਈ, ਜਿਮੇ ਮਰਜੀ ਕਰ, ਪੰਜਾਹ ਕ ਰਪੀਏ ਦੇ।” “ਪੈਸੇ ਕੀ ਅਮਲੀਆ, ਝਾੜਾਂ ਨਾਲ ਲੱਗਦੇ ਨੇ।” “ਖੰਘ ਜੀ ਹੋਗੀ, ਦਵਾਈ—ਬੂਟੀ ਲੈ ਕੇ ਆਊਂ, ਮੈਂ ਥੋਡੇ ਪੈਸੇ ਰੱਖਦਾ ਨੀਂ, ਦਿਆੜ੍ਹੀ ਲਵਾਦੂੰਗਾ।” ਅਮਲੀ ਤਾਂ ਡੂੰਮਣੇ ਮਖਿਆਲ਼ ਵਾਂਗ ਮਗਰ ਹੀ ਪੈ ਗਿਆ ਸੀ। “ਇਹ ਤਾਂ ਜਿੱਦ ਕਰਕੇ ਬਹਿ ਗਿਆ, ਕੱਟ ਏਹਦੀ ਰਾਂਦ ਪਰ੍ਹਾਂ।” ਜਸਵੰਤ ਨੇ ਹਰਦੀਪ ਨੂੰ ਪੈਸੇ ਲਿਆ ਕੇ ਦੇਣ ਨੂੰ ਕਿਹਾ ਤਾਂ ਉਹ ਔਖੇ ਜਿਹੇ ਸਾਹ ਲੈਂਦੀ ਅੰਦਰ ਚਲੀ ਗਈ। “ਭਰਜਾਈ ਕੰਡਮ ਲੱਗਦੀ ਐ, ਬਾਈ।” ਅਮਲੀ ਨੇ ਹਰਦੀਪ ਤੋਂ ਨਜ਼ਰ ਹਟਾ ਕੇ ਜਸਵੰਤ ਨਾਲ ਮਿਲਾਈ। “ਹੂੰ, ਪੇਟ ਚ ਦਰਦ ਜਾ ਰਹਿੰਦੈ।” “ਲੈ, ਇਹ ਬੀ ਕੋਈ ਵੱਡੀ ਗੱਲ ਐ, ਮੈਂ ਟਿੱਬਿਆਂ ਤੋਂ ਕੌੜਤੂੰਬੇ ਲਿਆ ਕੇ ਦਊਂ, ਨਾਲ਼ੇ ਦਵਾਈ ਬਣਾ ਕੇ ਦਊਂ। ਤੜਕੀ ਉੱਠ ਕੇ ਦੋ ਫੱਕੇ ਨਿਰਨੇ ਕਾਲ਼ਜੇ ਮਾਰੋ, ਟੱਲੀ ਵਰਗੀ ਹੋਜੂ।” ਦੇਸੀ ਦਵਾਈ ਵਾਲੀ ਗੱਲ ਤਾਂ ਜਸਵੰਤ ਦੇ ਵੀ ਜਚ ਗਈ ਸੀ। ਹਰਦੀਪ ਨੇ ਪੰਜਾਹ ਰੁਪਏ ਲਿਆ ਕੇ ਦੁੱਲੇ ਨੂੰ ਫੜਾ ਦਿੱਤੇ।ਅਮਲੀ ਖੁਸ਼ ਹੋ ਗਿਆ। “ਅਮਲੀਆ, ਹੁਣ ਕੌੜਤੂੰਬੇ ਵੀ ਲਿਆ ਕੇ ਦੇਈਂ।” “ਚੰਗਾ ਬਾਈ।” ਆਖਦਾ ਅਮਲੀ ਆਪਣੀ ਗਲੀ ਪੈ ਗਿਆ ਤੇ ਜਸਵੰਤ ਬਗ਼ੀਚੀ ਵੱਲ ਚੱਲ ਪਿਆ। ਉਹ ਹਰ ਸਮੇਂ ਕੰਮ 'ਚ ਰੁਝਿਆ ਰਹਿੰਦਾ ਹੈ। ਅਜੇ ਵੀ ਸਰੀਰ ’ਚ ਜਵਾਨਾਂ ਵਾਲੀ ਚੁਸਤੀ—ਫੁਰਤੀ ਹੈ। ਸੀਰੀ ਨਾਲ ਆਪ ਖੇਤ ਕੰਮ ਕਰਾਉਂਦਾ ਹੈ। ਪਿਛਲੇ ਐਤਵਾਰ ਦੀ ਗੱਲ ਹੈ। ਜਸਵੰਤ ਖੇਤੋਂ ਬਰਸੀਮ ਦੀ ਰੇਹੜੀ ਲਈ ਆਵੇੇ। ਅੱਡੇ ’ਤੇ ਖੜ੍ਹੇ ਤਿੱਤਰ ਨੇ ਹੱਸਦਿਆਂ ਕਿਹਾ — “ਜਸਵੰਤ ਸਿਆਂ ! ਹੁਣ ਤਾਂ ਕੰਮ ਛੱਡਦੇ, ਸੀਰੀ ਬਥੇਰਾ ਕੰਮ ਕਰੀ ਜਾਂਦੈ।” “ਚਾਚਾ ਸਿਆਂ ! ਸਰੀਰ ਤਾਂ ਕੰਮ ਕਰਦੇ ਹੀ ਚੰਗੇ ਰਹਿੰਦੇ ਨੇ। ਗੰਦਾ ਮੁੜਕਾ ਬਾਰ੍ਹ ਨਿਕਲ ਜਾਂਦੈ। ਕੰਮ ਤਾਂ ਬੰਦੇ ਦਾ ਕਰਮ ਐ। ” “ਤਿੰਨ ਟਾਇਰੀ ਰੇਹੜੀ ਦਾ ਖਹਿੜਾ ਛੱਡ। ਸੀਤੇ ਮਾਂਗੂੰ ਮੋਟਰ ਸੈਂਕਲ ਆਲੀ ਰੇੜ੍ਹੀ ਬਣਵਾ ਲੈ।” ਸੀਤਾ ਪੀਰਾਂਵਾਲੀ ਦਾ ਘੱਟ ਜ਼ਮੀਨਾਂ ਕਿਸਾਨ ਹੈ। ਪਿੰਡ ’ਚ ਉਹ ‘ਸੀਤਾ ਜੁਗਾੜੀ’ ਨਾਂ ਨਾਲ ਮਸ਼ਹੂਰ ਹੈ। ਉਹ ਨਿੱਕੇ—ਨਿੱਕੇ ਕੰਮਾਂ ਲਈ ਵੀ ਜੁਗਾੜ ਲਾਉਂਦਾ ਹੈ। ਕਈ ਦਿਨ ਪਹਿਲਾਂ ਉਹ ਰਤੀਏ ਛੋਟਾ ਜਿਹਾ ਨਟ ਲੈਣ ਚਲਾ ਗਿਆ। ਪਹਿਲੇ ਦੁਕਾਨਦਾਰ ਨੇ ਨਟ ਦਾ ਮੁੱਲ ਪੰਦਰਾਂ ਰੁਪਏ ਦੱਸਿਆ, ਦੂਸਰੇ ਨੇ ਤੇਰ੍ਹਾਂ ਦਾ। ਸੀਤਾ ਅੜ ਗਿਆ। ਕਹਿੰਦਾ — “ਦਸ ਰੁਪਏ ਦਊਂ।” ਦੁਕਾਨਦਾਰ ਕਹਿੰਦਾ — “ਦਸ ਵੀ ਰੱਖਲੈ, ਨਟ ਵੀ ਲੈ ਜਾ।” ਸੀਤੇ ਨੇ ਦਸ ਰੁਪਏ ਪਾਏ ਜੇਬ 'ਚ ਤੇ ਨਟ ਵੀ ਲੈ ਆਇਆ। ਸੀਤੇ ਨੇ ਮੋਟਰ—ਸਾੀੲਕਲ ਨਾਲ ਤਿੰਨ ਟਾਇਰੀ ਰੇਹੜੀ ਜੋੜ ਲਈ। ਰੇਹੜੀ ਦੇ ਪਿੱਛੇ ਫੱਟੇ ਤੇ ਪੇਂਟਰ ਤੋਂ ਮੋਟੇ ਅੱਖਰਾਂ ’ਚ ‘ਜੱਟ ਜੁਗਾੜੀ ਹੁੰਦੇ ਨੇ’ ਲਿਖਵਾ ਲਿਆ। ਇਸੇ ਰੇਹੜੀ ਨਾਲ ਸੀਤਾ ਖੇਤੋਂ ਪੱਠੇ ਲੈ ਕੇ ਆਉਂਦਾ ਹੈ, ਸ਼ਹਿਰੋਂ ਸੌਦਾ—ਪੱਤਾ ਵੀ ਲੈ ਆਉਂਦਾ ਹੈ। ਹੋਰ ਤਾਂ ਹੋਰ, ਪੀਹਣਾ ਵੀ ਇਸੇ ਰੇਹੜੀ ’ਤੇ ਰੱਖ ਕੇ ਆਉਂਦਾ ਹੈ। ਰੀਸੋ—ਰੀਸ ਹੋਰ ਕਿਸਾਨਾਂ ਨੇ ਵੀ ਇਸ ਤਰ੍ਹਾਂ ਦੀਆਂ ਮੋਟਰ ਰੇਹੜੀਆਂ ਬਣਵਾ ਲਈਆਂ। ਹੁਣ ਤਾਂ ਸ਼ਹਿਰ ਵਿੱਚ ਢੋਆ—ਢੁਆਈ ਲਈ, ਇਸ ਤਰ੍ਹਾਂ ਦੀਆਂ ਰੇਹੜੀਆਂ ਆਮ ਵੇਖਣ ਨੂੰ ਮਿਲਦੀਆਂ ਹਨ। ਤਿੱਤਰ ਹੋਰਾਂ ਦੇ ਕਹਿਣ ’ਤੇ ਵੀ ਜਸਵੰਤ ਨੇ ਆਪਣੀ ਪੁਰਾਣੀ ਤਿੰਨ ਟਾਇਰੀ ਰੇਹੜੀ ਦਾ ਖਹਿੜਾ ਨਾ ਛੱਡਿਆ। ਅੱਜ ਵੀ ਸ਼ਾਮ ਨੂੰ ਰੇਹੜੀ ’ਤੇ ਪੱਠੇ ਲੈ ਆਇਆ। ਸ਼ਾਮ ਲਈ ਸਬਜ਼ੀ ਵੀ ਲੈ ਆਇਆ। ਕੁਤਰਾ ਵੀ ਆਪ ਹੀ ਕਰ ਲਿਆ। ਰੁਲਦੂ ਤੇ ਘੂਤਰ ਖੇਤ ਹੀ ਕਣਕ ਨੂੰ ਪਾਣੀ ਲਾ ਰਹੇ ਸੀ। ਜਿੰਦਰ ਆਪਣੀ ਤਿਆਰੀ ਕਰਨ ਚ ਰੁੱਝਾ ਪਿਆ ਸੀ। “ਸਵੇਰੇ ਜਾਣੈ, ਸ਼ੇਰਾ ?” ਕੱਪੜੇ ਪ੍ਰੈੱਸ ਕਰਦੇ ਜਿੰਦਰ ਨੂੰ ਜਸਵੰਤ ਨੇ ਸਰਸਰੀ ਪੁੱਛ ਲਿਆ। “ਹਾਂ ਪਾਪਾ, ਸਵੇਰੇ ਡੱਬੇ ਤੇ ਜਾਊਂ, ਮੈਨੂੰ ਬੱਸ ਚੜ੍ਹਾ ਕੇ ਆਇਓ।” “ਛੇਤੀ ਉੱਠਜੀਂ, ਕਿਤੇ ਬੱਸ ਲੰਘਜੇ।” ਆਖ ਜਸਵੰਤ ਆਪਣੇ ਕੰਮ ’ਚ ਰੁੱਝ ਗਿਆ। ਜਿੰਦਰ ਕੱਪੜੇ ਬੈਗ ’ਚ ਪਾਉਣ ਲੱਗਾ।

ਪੰਜ

ਜਿੰਦਰ ਸਵੇਰੇ ਜਲਦੀ ਉੱਠਿਆ। ਹਰਦੀਪ ਨੇ ਚਾਹ ਬਣਾ ਦਿੱਤੀ। ਬੁਢਲਾਡੇ ਤੋਂ ਉਸ ਨੇ ਬਠਿੰਡੇ ਲਈ ਗੱਡੀ ਫੜਨੀ ਹੈ। ਜਸਵੰਤ ਉਸ ਨੂੰ ਸੁਵੱਖਤੇ ਹੀ ਰੋਝਾਂਵਾਲੀ ਛੱਡ ਆਇਆ। ਸਵੇਰੇ ਰਤੀਆ ਤੋਂ ਸਾਢੇ ਚਾਰ ਵਜੇ ਚੱਲਣ ਵਾਲੀ ਬੱਸ ਰੋਝਾਂਵਾਲੀ ਤੋਂ ਹੁੰਦੀ ਹੋਈ ਬੁਢਲਾਡੇ ਜਾਂਦੀ ਹੈ। ਇਹ ਬੱਸ ਜਾਖਲ ਤੋਂ ਬਠਿੰਡਾ ਜਾਣ ਵਾਲੀ ਗੱਡੀ ਨੂੰ ਸਹੀ ਸਮੇਂ ’ਤੇ ਮਿਲਾ ਦਿੰਦੀ ਹੈ। ਜਾਂਦੇ ਵਕਤ ਜਸਵੰਤ ਨੇ ਸਿਆਣੇ ਮਾਪਿਆਂ ਦੀ ਤਰ੍ਹਾਂ ਜਿੰਦਰ ਨੂੰ ਸਮਝਾ ਦਿੱਤਾ— “ਪੁੱਤ ਸਿਆਣਾ ਬਣ ਕੇ ਪੜ੍ਹੀਂ। ਨਸ਼ੇ ਪੱਤਿਆਂ ਤੋਂ ਦੂਰ ਰਹੀਂ। ਕਾਲਜਾਂ ਦਾ ਮਾਹੌਲ ਸਕੂਲਾਂ ਤੋਂ ਬਹੁਤ ਵੱਖਰਾ ਹੁੰਦੈ।” “ਕੋਈ ਨਾ, ਪਾਪਾ ਜੀ। ਤੁਸੀਂ ਫਿਕਰ ਨਾ ਕਰੋ।” ਜਿੰਦਰ ਪੈਰੀਂ ਹੱਥ ਲਾਉਂਦਾ ਬੋਲਿਆ। ਜਿੰਦਰ ਨੂੰ ਛੱਡ ਕੇ ਜਸਵੰਤ ਘਰ ਆਇਆ ਤਾਂ ਚਿੱਟੀ ਧੁੱਪ ਚੜ੍ਹ ਆਈ। ਮੋਟਰਸਾਈਕਲ ਖੜ੍ਹਾ ਕੇ ਉਹ ਹਵੇਲੀ ’ਚ ਪਸ਼ੂ ਵੇਖਣ ਚਲਾ ਗਿਆ। ਰੁਲਦੂ ਧਾਰਾਂ ਕੱਢ ਰਿਹਾ ਸੀ। ਚਾਚਾ ਘੂਤਰ ਖੁਰਲੀਆਂ ’ਚ ਹੱਥ ਮਾਰ ਕੇ ਗੰਦਾ ਨੀਰਾ, ਟੋਕਰੇ ’ਚ ਇਕੱਠਾ ਕਰ ਰਿਹਾ ਸੀ। “ਖੁਰਲੀਆਂ ਵੀ ਸ਼ੇਰਾ, ਹੋਰ ਬਣਾਉਣ ਆਲੀਆਂ ਨੇ, ਆਹ ਮੀਣੀ ਮੱਝ ਨੇ ਮਾਰ—ਮਾਰ ਸਿੰਗ, ਸਾਰੀ ਖੁਰਲੀ ਢਾ ’ਤੀ।” ਘੂਤਰ ਨੀਰੇ ਵਾਲਾ ਟੋਕਰਾ ਖੂੰਜੇ ’ਚ ਸੁੱਟਦਾ ਬੋਲਿਆ। “ਮੀਣੀ ਮੱਝ ਵੀ ਚਾਚਾ, ਵੇਚਣੀ ਪਊ, ਕੌੜ ਵਾਲ੍ਹੀ ਐ।” ਜਸਵੰਤ ਵੀ ਮੀਣੀ ਮੱਝ ਤੋਂ ਦੁਖੀ ਹੈ। ਹਰ ਵੇਲੇ ਖੁਰਵੱਢ ਕਰੀ ਰੱਖਦੀ ਹੈ, ਕਿੱਲਾ ਪਟਾ ਲੈਂਦੀ ਹੈ ਤੇ ਦੂਜੀਆਂ ਮੱਝਾਂ ਨੂੰ ਵੀ ਤੰਗ ਕਰਦੀ ਐ। “ਮੀਣੀ ਤਾਂ ਵੇਚੋ ਬਾਈ, ਪਰਸੋਂ ਮੈਨੂੰ ਵੀ ਮਾਰਨ ਪੈਗੀ ਸੀ। ਜੇ ਮੈਂ ਫੌੜ੍ਹਾ ਨਾ ਚੱਕਦਾ ਤਾਂ ਏਨ੍ਹੇ ਮੇਰਾ ਵੀ ਘੋਗਾ ਚਿੱਤ ਕਰ ਦੇਣਾ ਸੀ।” ਰੁਲਦੂ ਵੀ ਮੀਣੀ ਨੂੰ ਵੇਚਣ ਦੇ ਹੱਕ ’ਚ ਸੀ। ਬੂਰੀ ਮੱਝ ਦੀ ਧਾਰ ਚੋਣ ਤੋਂ ਬਾਅਦ ਉਸ ਨੇ ਮੱਝ ਦੀ ਪਿੱਠ ਥਾਪੜੀ, ਦੁੱਧ ਵਾਲ਼ੀ ਬਾਲਟੀ ਪਾਸੇ ਧਰ ਕੇ ਕੱਟਾ ਛੱਡ ਦਿੱਤਾ। ਜਸਵੰਤ ਬਗੀਚੀ ਵਿੱਚਲੀ ਕਿੱਕਰ ਤੋਂ ਦਾਤਣ ਤੋੜਨ ਚਲਾ ਗਿਆ। ਸਵੇਰ ਕਾਹਲ ’ਚ ਹੋਣ ਕਰਕੇ ਦਾਤਣ ਨਹੀਂ ਸੀ ਕੀਤੀ। ਢਾਂਗੀ ਲੈ ਕੇ ਉਹ ਦਾਤਣ ਤੋੜਨ ਲੱਗਾ ਤਾਂ ਬਗ਼ੀਚੀ ਵਿਚਲੇ ਫੁੱਲਾਂ ਦੀ ਖੁਸ਼ਬੋ, ਤਿਤਲੀਆਂ ਤੇ ਭੌਰਿਆਂ ਦੀ ਚਹਿਲ—ਪਹਿਲ ਨਾਲ ਉਸ ਦਾ ਅੰਗ—ਅੰਗ ਨਸ਼ਿਆਂ ਗਿਆ। ਦੰਦਾਂ ਹੇਠ ਦਾਤਣ ਨੂੰ ਜ਼ੋਰ—ਜ਼ੋਰ ਦੀ ਦੱਬਦਾ ਉਹ ਟਹਿਲਦਾ ਫਿਰਦਾ ਸੀ। ਦਾਤਣ ਕਰਨ ਤੋਂ ਬਾਅਦ ਉਹ ਟਹਿਲਦਾ ਹੋਇਆ, ਵੱਡੇ ਬੋਹੜ ਵੱਲ ਚਲਾ ਗਿਆ। ਵਾਢੀ ਦੀ ਰੁੱਤ ਹੋਣ ਕਾਰਨ ਹਫੜਾ—ਦਫੜੀ ਮੱਚੀ ਪਈ ਸੀ। ਕਾਮੇ ਟੋਲੀਆਂ ਬਣਾ—ਬਣਾ ਖੇਤਾਂ ਵੱਲ ਭੱਜੇ ਜਾਂਦੇ ਸੀ। ਵਾਢੀ ਦਾ ਕੰਮ ਪੂਰੇ ਜ਼ੋਰ—ਸ਼ੋਰ ਨਾਲ ਸ਼ੁਰੂ ਹੋ ਗਿਆ ਸੀ। ਐਤਕੀ ਹੱਥੀਂ ਕਟਾਈ ਦਾ ਕੰਮ ਘੱਟ ਹੈ। ਬਹੁਤੇ ਜਿਮੀਂਦਾਰਾਂ ਨੇ ਕਣਕਾਂ ਦੀ ਕਟਾਈ ਕੰਬਾਇਨਾਂ ਨਾਲ ਕਰਵਾ ਲਈ। ਜਸਵੰਤ ਨੇ ਵੇਖਿਆ, ਚੌਂਕੜੀ ’ਤੇ ਕੰਮ ਦੀ ਤਲਾਸ਼ ’ਚ ਕੱਠੇ ਹੋਏ ਦਿਆੜੀਏ ਆਪਣੀਆਂ ਤਕਲੀਫਾਂ ਸਾਂਝੀਆਂ ਕਰ ਰਹੇ ਸੀ। ਘੂਤਰ ਨੇ ਚੌਂਕੜੀ ਵੱਲ ਜਾਂਦੇ ਜਸਵੰਤ ਨੂੰ ਆਵਾਜ਼ ਮਾਰੀ— “ਆਜਾ ਸ਼ੇਰਾ, ਦੁੱਧ ਆਲੇ ਆਏ ਨੇ।” ਘੂਤਰ ਦਾ ਬੋਲ ਸੁਣ ਕੇ, ਉਹ ਦੂਰੋਂ ਹੀ ਉਨਾਂ ਨੂੰ ਵੇਖ ਵਾਪਸ ਮੁੜ ਗਿਆ। ਕੱਠੇ ਹੋਏ ਦਿਹਾੜੀਏ ਅਜੇ ਵੀ ਆਪਣਾ ਦੁੱਖੜਾ ਰੋ ਰਹੇ ਸੀ — “ਹੁਣ ਨੀ ਜੱਟ ਆਪਣੇ ਮਗਰ ਮਗਰ ਫਿਰਦੇ।” ਰਮਦਾਸੀਆਂ ਦਾ ਸੂਹਲਾ ਮੋਢੇ ’ਤੇ ਦਾਤੀ ਟੰਗੀ ਖੜਾ ਸੀ। ਉਹ ਪੁਰਾਣੇ ਟਾਕੀਆਂ ਵਾਲੇ ਕੱਪੜੇ ਪਾਈ ਫਿਰਦਾ ਸੀ। “ਜੱਟ ਸੀਰੀ ’ਚ ਹੁਣ ਕਿਹੜੀ ਸਾਂਝ ਰਹਿਗੀ। ਹੁਣ ਤਾਂ ਜੱਟ ਰਸ ’ਚੋਂ ਕਸ ਕੱਢਦੈ।” ਉਸ ਦੇ ਕੋਲ ਖੜ੍ਹਾ ਧਾਨਕਾਂ ਦਾ ਰੂਪ ਬੋਲਿਆ। “ਪਹਿਲਾਂ ਤਾਂ ਮਗਰ—ਮਗਰ ਫਿਰਦੇ ਹੁੰਦੇ ਸੀ। ਹੁਣ ਤਾਂ ਆਥਣ ਨੂੰ ਵੱਢ ਕੇ ਪਰ੍ਹਾਂ ਹੁੰਦੇ ਨੇ।” “ਗਰੀਬ—ਗੁਰਬਾ ਪਸੂ—ਡੰਗਰ ਕਿੱਥੇ ਰੱਖਲੂ, ਆਵਦਾ ਢਿੱਡ ਤਾਂ ਭਰਿਆ ਨੀ ਜਾਂਦਾ।” ਉਨ੍ਹਾਂ ਵਿੱਚ ਹੁਣੇ ਹੀ ਸ਼ਾਮਲ ਹੋਇਆ ਜਗਨਾ ਪ੍ਰੇਮੀ ਬੋਲਿਆ। “ਹੁਣ ਤਾਂ ਕਣਕ, ਤੂੜੀ ’ਤੇ ਵੱਢਣ ਨੂੰ ਵੀ ਨੀ ਮਿਲਦੀ।” ਜਗਨਾ ਰੂਪ ਦੇ ਮੋਢੇ ’ਤੇ ਹੱਥ ਰੱਖਦਾ ਫਿਰ ਬੋਲਿਆ। “ਰੂਪ ਸਿਆਂ, ਜੱਗਰ ਕੇ ਵੱਢਿਐ, ਇੱਕ ਕਿੱਲਾ ਤੂੜੀ ’ਤੇ। ਹੜੰਬਾ ਵੀ ਆਪ ਨੂੰ ਲਾਉਣਾ ਪਊ, ਦਿਹਾੜੀਏ ਵੀ ਆਪ ਦੇਣੇ ਪੈਣਗੇ।” ਸੂਹਲੇ ਨੇ ਆਪਣੀ ਬੇਵਸੀ ਜ਼ਾਹਰ ਕੀਤੀ। “ਤੂੜੀ ਆਲ਼ੀਆਂ ਮਸ਼ੀਨਾਂ ਆਗੀਆਂ, ਤੂੜੀ ਬਣਾ ਕੇ ਆਪੇ ਘਰੇ ਡੇਗਦੀਆਂ ਨੇ। ਹੁਣ ਤਾਂ ਤੂੜੀ ਵੀ ਮੁੱਲ ਦੀ ਹੋਗੀ।” ਜਗਨਾ ਬੋਲਿਆ। “ਉਹ ਸਵਾਹ ਤੂੜੀ ਐ ! ਨਿਰਾ ਮਿੱਟੀ—ਘੱਟਾ, ਖਾ—ਖਾ ਕੇ ਪਸ਼ੂਆਂ ਦੇ ਬੰਨ੍ਹ ਪੈ ਜਾਂਦੈ।” ਸੂਹਲੇ ਨੇ ਮਸ਼ੀਨ ਵਾਲੀ ਤੂੜੀ ਨੂੰ ਨਕਾਰਿਆ। “ਮਸੀਨ ਆਲੀ ਤੂੜੀ ਦਾ ਕਸੀਰ ਈ ਨੀ ਮਰਦਾ। ਪਸ਼ੂ ਵੀ ਨੱਕ ਮਾਰ ਕੇ ਖਾਂਦੇ ਨੇ।” ਰੂਪ ਦਾਤੀ ਦਾ ਮੁੱਠਾ ਪਲੋਸਦਾ ਬੋਲਿਆ। “ਵਾਢੀ ਦਾ ਰੇਟ, ਐਤਕੀ ਵੀ ਓਹੀ ਐ, ਪਿਛਲੇ ਸਾਲ ਆਲਾ, ਪਤੰਦਰਾਂ ਨੇ ਵਧਾਇਆ ਈ ਨੀ।” ਸੂਹਲੇ ਨੂੰ ਵਾਢੀ ਦੇ ਪੁਰਾਣੇ ਰੇਟ ਦਾ ਦੁੱਖ ਹੋਇਆ। “ਹੂੰ, ਤਿੰਨ ਮਣ ਐ ! ਇੱੱਕ ਟੈਮ ਦਾ ਚਾਹ—ਗੁੜ।” ਰੂਪੇ ਨੇ ਜਵਾਬ ਦਿੱਤਾ। “ਉਏ ਆਹ ਡੂਢੀ ਆਲੇ ਝੱਜੂ ਪਾਉਂਦੇ ਨੇ। ਜੀਹਨੇ ਸਿਆਲ 'ਚ ਡੂਢੀ ’ਤੇ ਲੈ ਕੇ ਖਾ ਲੀ, ਉਹਦੇ ਤੋਂ ਜਿੰਨੇ ਮਰਜੀ ਤੇ ਵਢਾ ਲੈਣ।” ਸੂਹਲੇ ਨੇ ਖਰੀ ਗੱਲ ਕੀਤੀ। ਸਿਆਲ ’ਚ ਜਿਮੀਂਦਾਰਾਂ ਦੇ ਕਈ ਘਰ ਵਿਹੜੇ ਵਾਲ਼ਿਆਂ ਨੂੰ ਕਣਕ ਦੇ ਕੇ ਹਾੜ੍ਹੀ ਦੇ ਸਮੇਂ ਇੱਕ ਮਣ ਦੀ ਡੇਢ ਮਣ ਵਸੂਲ ਕਰਦੇ ਹਨ। “ਸੁਣਿਐ ! ਗਰੇਵਾਲਾਂ ਨੇ ਵੀ ਕਪੈਣ ਲਿਆਂਦੀ।” ਜਗਨੇ ਨੇ ਰੂਪ ਨਾਲ ਸੈਨਤ ਮਿਲਾਉਂਦੇ ਨੇ ਕਿਹਾ। “ਉਹ ਤਾਂ ਭਾਮੇਂ ਜਾਅਜ ਲੈ ਆਵੇ, ਆਪਣਾ ਕਹੀ—ਕਹਾੜਾ ਤਾਂ ਉਹੀ ਰਹਿਣੈ।” ਰੂਪਾ ਬੋਲਿਆ। ਦੂਰੋਂ, ਨਾਲ ਵਾਲੇ ਸਾਥੀਆਂ ਨੇ ਰੂਪੇ ਹੋਰਾਂ ਨੂੰ ਆਵਾਜ਼ ਮਾਰੀ। ਉਹ ਮੋਢਿਆਂ ’ਤੇ ਦਾਤੀਆਂ ਟੰਗੀ ਖੜ੍ਹੇ ਸੀ ਤੇ ਖੇਤ ਜਾਣ ਲਈ ਤਿਆਰ—ਬਰ—ਤਿਆਰ ਸਨ। “ਆਜੋ ਬਈ, ਬਘੇਲ ਪੁੱਛ ਕੇ ਗਿਐ।” ਆਵਾਜ਼ ਸੁਣਦਿਆਂ ਸਾਰ ਰੂਪ ਹੋਰੀਂ ਆਪਣੀ ਟੋਲੀ ਨਾਲ ਜਾ ਰਲੇ ਤੇ ਬਘੇਲ ਦੇ ਖੇਤ ਨੂੰ ਚੱਲ ਪਏ । * * * ਲਾਜੋ ਪਤੀਲੀ ਮਾਂਜ ਕੇ ਗੰਧਲਾ ਪਾਣੀ ਡੋਲਣ ਲਈ ਗਲੀ ’ਚ ਆਈ। ਉਸਨੇ ਅੱਡੀਆਂ ਚੁੱਕ ਕੇ, ਅੱਖਾਂ ਉੱਤੇ ਸੱਜੇ ਹੱਥ ਦਾ ਸੇਜਾ ਜਿਹਾ ਬਣਾਉਂਦਿਆਂ, ਦੂਰ ਤਕ ਨਜ਼ਰ ਮਾਰੀ। ਉਸਨੂੰ ਰੂਪ ਤੇ ਸੂਹਲੇ ਹੋਰੀਂ ਖੇਤਾਂ ਵੱਲ ਜਾਂਦੇ ਨਜ਼ਰੀਂ ਪਏ। “ਲੈ, ਜੀਦ੍ਹੇ ਭਾਗ ਚੰਗੇ ਐ, ਔਹ ਜਾਂਦੇ ਨੇ ਖੇਤਾਂ ਨੂੰ ਭੱਜੇ। ਤੇ ਆਹ ਭੁੰਨਣਾ, ਹਲੇ ਬੀ ਪਿਐ, ਨ ਕੜਮਾਂ ਕਿਸੇ ਥਾਂ ਦਾ।” ਜਗਤੂ ਅਜੇ ਵੀ ਮੰਜੇ ਦੀ ਬਾਹੀ ਫੜੀ, ਚਾਦਰ ਤਾਣੀ ਪਿਆ ਸੀ। ਮੈਲ਼ੀ ਜਿਹੀ ਜਾਕਟ ਸਿਰਹਾਣੇ ਪਈ ਸੀ। ਮੰਜੇ ਦੇ ਹੇਠ ਬੀੜੀਆਂ ਦੇ ਟੋਟੇ ਅਤੇ ਮਾਚਸ ਦੀਆਂ ਤੀਲੀਆਂ ਪਈਆਂ ਸਨ। ਕੋਲ ਹੀ ਖੰਘਾਰ ’ਤੇ ਮੱਖੀਆਂ ਭਿਣ—ਭਿਣਾ ਰਹੀਆਂ ਸੀ। ਲਾਜੋ ਕਿੰਨਾਂ ਹੀ ਚਿਰ ਘੁਸਰ—ਮੁਸਰ ਕਰਦੀ ਰਹੀ। ਪਿੱਤਲ ਦੀ ਪਤੀਲੀ 'ਚ ਸਾਰੇ ਟੱਬਰ ਦੀ ਚਾਹ ਧਰ ਕੇ ਗੁਆਂਢ 'ਚ ਚਲੀ ਗਈ। ਚਾਹ ਪੱਤੀ ਮੁੱਕੀ ਪਈ ਸੀ। ਸਵੇਰੇ ਚਾਹ ਬਣਾਉਂਣ ਸਮੇਂ ਜਦ ਡੱਬਾ ਖੜਕਾ ਕੇ ਵੇਖਿਆ ਤਾਂ ਖਾਲੀ ਸੀ। ਮੱਥੇ ’ਤੇ ਹੱਥ ਮਾਰਦੀ ਚਾਹ—ਪੱਤੀ ਲੈਣ ਲਈ ਗੁਆਂਢ ’ਚ ਚਲੀ ਗਈ। “ਨੀ ਭੈਣੇ ਜੀਤੋ, ਘਰੀਂ ਐਂ ?” ਲਾਜੋ ਨੇ ਲੱਕੜ ਦੇ ਸਿਉਂਕ ਖਾਧੇ ਤਖਤੇ ਨੂੰ ਪਾਸੇ ਕਰਿਆ ਤਾਂ ਤਖਤੇ ਨੇ ‘ਚੂੰ ’ ਦੀ ਲੰਬੀ ਆਵਾਜ਼ ਦਿੱਤੀ। “ਘਰੀਂ ਆਂ।” ਜੀਤੋ ਚੁੱਲੇ 'ਚ ਜ਼ੋਰ ਨਾਲ ਫੂਕਾਂ ਮਾਰ ਰਹੀ ਸੀ। “ਕੁੜੇ, ਮੈਂ ਤਾਂ ਦੋ ਕੁ ਦਾਣੇ, ਚਾਹ ਦੇ ਲੈਣ ਆਈ ਸੀੇ।” “ਭੈਣੇ ! ਮੰਗੂ ਦਾ ਪਾਪਾ ਆਹੀ ਲਿਆਇਆ ਸੀ। ਵਿੱਚੋਂ ਦੋ ਦਾਣੇ ਤੂੰ ਲੈ ਜਾ।” ਉਸਨੇ ਗੋਲ ਜਿਹਾ ਡੱਬਾ ਲਾਜੋ ਅੱਗੇ ਕਰ ਦਿੱਤਾ। ਲਾਜੋ ਨੇ ਚਾਹ ਪੱਤੀ ਦੀ ਮੁੱਠ ਭਰ ਲਈ। “ਨਾ ਉਹਦੇ ਕੀ ਦਗਾੜਾ ਵੱਜਿਐ ! ਚਾਹ—ਗੁੜ ਤਾਂ ਲਿਆ ਕੇ ਦੇ ਸਕਦੈ।” ਜੀਤੋ ਨੇ ਅਮਲੀ ਨੂੰ ਕਰੜੇ ਹੱਥੀ ਲਿਆ, ਭਾਵੇਂ ਕਿ ਲਾਜੋ ਨਾਲ ਉਸ ਦੀ ਹਮਦਰਦੀ ਸੀ। “ਜੇ ਆਪ ਡੱਕਾ ਦੂਹਰਾ ਕਰੇ, ਅਸੀਂ ਕਿਉਂ ਭੁੱਖੇ ਮਰੀਏ?” ਲਾਜੋ ਦੀਆਂ ਅੱਖਾਂ 'ਚ ਪਾਣੀ ਭਰ ਆਇਆ। “ਸਾਰੀ ਉਮਰ ਦੋਜਖਾਂ 'ਚ ਕੱਢਤੀ ਜੀਤੋ। ਬਥੇਰੀਆਂ ਧੰਗੇੜਾਂ ਝੱਲੀਆਂ ਨੇ।” ਲਾਜੋ ਬਿਰ—ਬਿਰ ਕਰਨ ਲੱਗ ਪਈ। ਉਸਦੀ ਆਵਾਜ਼ ਪਹਿਲਾਂ ਨਾਲੋਂ ਭਾਰੀ ਹੋ ਗਈ। ਚੁੰਨੀ ਦੇ ਪੱਲੇ ਨਾਲ ਉਸਨੇ ਅੱਖਾਂ ਸਾਫ਼ ਕੀਤੀਆਂ ਤਾਂ ਪੱਲਾ ਹੰਝੂਆਂ ਦੇ ਖਾਰੇ ਪਾਣੀ ਨਾਲ ਸਲਾਬਿ੍ਹਆ ਗਿਆ। “ਮੈਨੂੰ ਯਾਦ ਐ ਭੈਣੇ, ਉਦੋਂ ਤਾਂ ਬਲਾਂਈਂ ਕੰਮ ਕਰਦਾ ਸੀ। ਸਾਨ੍ਹ ਮਾਂਗੂੰ ਕੰਮ ਨੂੰ ਮੂਹਰੇ ਲਾਈ ਰੱਖਦਾ ਸੀ। ਬਸ ਜਿਉਂ ਨਸ਼ੇ 'ਚ ਪਿਆ, ਕੋਹੜੀ ਨੇ ਘਰ ਦਾ ਬੇੜਾ ਈ ਡੋਬਤਾ।” ਜੀਤੋ ਬੋਲੀ। “ਬਸ ਸਾਡੇ ਨਸੀਬਾਂ 'ਚ ਸੁੱਖ ਨੀ ਲਿਖਿਆ ਭੈਣੇ। ਕੁੜੀ ਐ, ਉਹ ਬਾਰੋਂ ’ਠਾਈ ਸੀ, ਉਹ ਘਰੇਂ ਬੈਠੀ ਐ।” ਲਾਜੋ ਨੂੰ ਆਪਣੀ ਧੀ ਗੋਲ਼ੋ ਦਾ ਵੀ ਫਿਕਰ ਹੈ। “ਕੁੜੀ ਦੇ ਭਾਗ ਈ ਠੰਡੇ ਨੇ, ਤੇਰਾ ਨਾਂ ਲਾਜੋ। ਘਰ ਦਾ ਕੌਲ਼ਾ ਈ ਫੜ ਕੇ ਬੈਗ੍ਹੀ।” “ਉਹਦਾ ਬੇੜਾ ਬੈਠਿਐ, ਧੌਲ—ਦਾੜ੍ਹੀਏ ਹਰਚੰਦ ਦਾ।” ਲਾਜੋ ਨੂੰ ਗਿਆਨੀ ਹਰਚੰਦ ਸਿੰਘ ਤੇ ਗੁੱਸਾ ਆਇਆ। ਜੀਤੋ ਵੀ ਸਮਝ ਗਈ ਸੀ ਕਿ ਲਾਜੋ ਹਰਚੰਦ ਦੀ ਗੱਲ ਕਰ ਰਹੀ ਹੈ। ਉਹ ਰਮਦਾਸੀਆਂ ਦੇ ਗੁਰੂ—ਘਰ 'ਚ ਪਾਠੀ ਹੁੰਦਾ ਸੀ। ਉਸ ਨੇ ਹੀ ਗੋਲ਼ੋ ਦਾ ਰਿਸ਼ਤਾ ਕਰਵਾਇਆ ਸੀ— ਬਰੇਟੇ ਨਾਲ ਲੱਗਵੇਂ ਪਿੰਡ ਦਿਆਲਪੁਰੇ। “ਆਪ ਤਾਂ ਜੁੱਲੀ—ਬਿਸਤਰਾ ਲਪੇਟ ਕੇ, ਜਾ ਰਲਿਆ ਬੁੱਢੇ ਦਲ ਆਲਿਆਂ ਨਾਲ। ਪਰ&੍ਰਚਰਵਸ੍ਹਂਣਾ ਕੁੜੀ ਨੂੰ ਰੋਜ਼ ਦਾਰੂ ਪੀ ਕੇ ਕੁੱਟਦੈ। ਕਈ ਵਾਰੀ ਕੁੜੀ ਦੇ ਜੂੰਡੇ ਵੀ ਪੱਟੇ ਨੇ। ਚੁੱਲ੍ਹੇ 'ਚ ਵੀ ਧੱਕਾ ਦੇਤਾ ਸੀ। ਬਾਂਹ ਮੱਚ ਗਈ ਸੀ।” “ਲੈ, ਭੁੰਨਣੇ ਨੂੰ ਪੁੱਛੇ ਕੋਈ, ਕੁੜੀ ਕੋਈ ਗਾਂ ਮੈਸ੍ਹ ਐ ? ਕੁੜੀ ਨੂੰ ਕਿਮੇ ਕਸਾਈਆਂ ਮਾਂਗੂੰ ਕੁੱਟਦੈ !” “ਕੁੜੀ ਤਾਂ ਭੈਣੇ ਜੀਤੋ, ਕਹਿੰਦੀ ਐ, ਮਾਂ ! ਕੁੱਟ ਲੋ, ਮਾਰ ਲੋ ! ਪਰ ਉਹਦੇ ਵਿਹੜੇ 'ਚ ਪੈਰ ਨੀ ਧਰਦੀ।” “ਮੈਨੂੰ ਲੱਗਦੈ ਭਾਈ ਵਿਆਹ ਨੂੰ ਵੀ ਦੋ ਸਾਲ ਹੋਗੇ, ਸੈਦ ਅੱਸੂ ਦੇ ਨੰਦ ਸੀ।” ਵਿਆਹ ਦਾ ਵਰ੍ਹਾ ਜੀਤੋ ਨੂੰ ਚੰਗੀ ਤਰ੍ਹਾਂ ਯਾਦ ਨਹੀਂ ਸੀ। “ਤੀਜਾ ਲਾਗਿਆ। ਉਹ ਤਾਂ ਲੈਣ ਨੀ ਆਇਆ। ਕੁੜੀ ਆਪ ਗਈ ਨੀ। ਦੋ ਵਾਰ ਪਨਚੈਤ ਵੀ ਕੱਠੀ ਹੋਈ ਪਰ ਉਹਦੀ ਕਿਸੇ ਨੇ ਹਾਮੀ ਨੀ ਓਟੀ।” “ਜਾਅਦੇ ਚਿੰਤਾ ਨਾ ਕਰਿਆ ਕਰ, ਵਾਗ੍ਹਰੂ ਭਲੀ ਕਰੂ।” ਜੀਤੋ ਦੇ ਹੌਸਲਾ ਦੇਣ ਤੇ ਉਸਦੇ ਮਨ ਦਾ ਭਾਰ ਘਟ ਗਿਆ। ਚਾਹ ਪੱਤੀ ਲੈ ਕੇ ਲਾਜੋ ਘਰ ਪਹੁੰਚ ਗਈ। ਗੋਲੋ ਦੋਵੇਂ ਹੱਥ ਹੇਠਾਂ ਲਾ ਕੇ ਫੂਕਾਂ ਮਾਰ ਰਹੀ ਸੀ। “ਕੁੜੇ ਲਾਜੋ, ਤੈਨੂੰ ਤਾਂ ਭੋਰਾ ਲੱਖਣ ਨੀ, ਸਾਰਾ ਵਿਅੜਾ ਧੂੰਆਂ ਧਾਰ ਕਰ ਖਿਐ, ਅੱਗ ਨੀ ਮਚਾਈ ਗਈ !” ਉਹ ਗੋਲੋ ਨੂੰ ਹੁੜੀ ਕਰਕੇ ਪੈ ਗਈ। “ਲੈ ਪੁੱਤ ਆਹ ਪਾ ਦੇ।” ਉਸਨੇ ਚਾਹ ਪੱਤੀ ਵੀ ਉਹਨੂੰ ਫੜਾ ਦਿੱਤੀ। “ਚੁੱੱਲ੍ਹੇ 'ਚ ਦੇਣਿਆਂ ! ਹੁਣ ਤਾਂ ਉੱਠ ਜਾ। ਲੋਕ ਖੇਤ ਵੀ ਵਾਗੇ।” ਲਾਜੋ ਨੇ ਉਸਦਾ ਚਾਦਰਾ ਉੱਪਰੋ ਖਿੱਚਿਆ, ਉਹ ਸੁੰਡੀ ਵਾਂਗੂ ਕੱਠਾ ਹੋ ਕੇ ਲਿਪਟ ਗਿਆ। “ਗੰਦੀ ਜਨਾਨੀ ਦੇ ਘੋਟਣਾ ਮਾਰੂੰ। ਮੇਰਾ ਨਸ਼ਾ ਟੁੱਟੀ ਜਾਂਦੈੈ। ਕਿਤੋਂ ਲਿਆਦੇ।” “ਲਿਆਦੋ ਇਹਨੂੰ ਨਗੌਰੀ ਨੂੰ ! ਕਿੱਥੋਂ ਲਿਆਦਾਂ ਤੈਨੂੰ ?” ਲਾਜੋ ਨੇ ਉਸ ਵੱਲ ਕਸੀਸ ਵੱਟੀ। “ਜਨਕ ਡਾਕਟਰ ਤੋਂ, ਓਹਦੀ ਦਕਾਨ ਖੁੱਲ੍ਹਗੀ ਹੋਣੀ।” ਲਾਜੋ ਨੇ ਉਹਦੀ ਗੱਲ ਅਣਸੁਣੀ ਕਰ ਦਿੱਤੀ। “ਇਹ ਤਾਂ ਭੌਂਕੀ ਜਾਊ।” ਆਖਦੀ ਨੇ ਦੁੱਧ ਦਾ ਗਲਾਸ ਕੰਧੋਲੀ ’ਤੇ ਧਰ ਦਿੱਤਾ ਤੇ ਆਪ ਪਰ੍ਹਾਂ ਜਾ ਕੇ ਸਿਰ ਫੜ ਕੇ ਬਹਿ ਗਈ। “ਚਾਹ ਨੂੰ ਬਾਲ਼ਾ ਆ ਗਿਆ ਹੋਣਾ, ਵਿਰ, ਦੁੱਧ ਪਾ ਦੇ।” ਲਾਜੋ ਨੂੰ ਖਿਆਲ ਆਇਆ, ਉਹ ਚਾਹ ’ਚ ਦੁੱਧ ਪਾਉਣਾ ਤਾਂ ਭੁੱਲ ਹੀ ਗਈ। ਗੋਲੋ ਨੇ ਵੇਖਿਆ, ਚਾਹ ਉੱਬਲ—ਉੱਬਲ ਕੇ ਬੌਲ਼ੀ ਹੋ ਗਈ ਸੀ। ਦੁੱਧ ਪਾ ਕੇ ਉਸ ਨੇ ਦੋਵਾਂ ਹੱਥਾਂ ਨਾਲ, ਆਪਣੇ ਸ਼ਾਲ ਦੇ ਪੱਲਿਆਂ ਨਾਲ ਪਤੀਲੀ ਹੇਠਾਂ ਉਤਾਰ ਲਈ। “ਪਹਿਲਾਂ ਤੇਰੇ ਬਾਪੂ ਦਾ ਮੱਥਾ ਡੰਮ੍ਹ ਦੇ।” ਲਾਜੋ, ਪਲੇ ਨਾਲ ਚਾਹ ਪੁਣਦੀ ਗੋਲ਼ੋ ਨੂੰ ਬੋਲੀ। “ਉਹ ਤਾਂ ਬਾਰ੍ਹ ਨੂੰ ਵਾਗਿਆ, ਬੇਬੇ।” ਗੋਲ਼ੋ ਨੇ ਚਾਹ ਦੀ ਬਾਟੀ ਮਾਂ ਕੋਲ ਲਿਆ ਕੇ ਰੱਖ ਦਿੱਤੀ। “ਆਪੀ ਆ ਜੂ, ਤੂੰ ਬੀ ਪੀ ਲੈ ਭਾਈ। ਫੇਰ ਲੱਗਦੇ ਆਂ ਕਿਸੇ ਕੰਮ—ਧੰਦੇ।” * * * ਲਾਜੋ ਨੂੰ ‘ਬੁੜ—ਬੁੜ’ ਕਰਦੀ ਵੇਖ, ਜਗਤੂ ਆਪ ਹੀ ਡਾਕਟਰ ਜਨਕ ਦੀ ਦੁਕਾਨ ਵੱਲ ਚੱਲ ਪਿਆ। “ਚੱਲ ਵੀ ਜਗਤਿਆ, ਇਹ ਤਾਂ ਮਾਂਮਾਂ—ਧੀਆਂ ਹੁਣ ਬੋਲੀ ਜਾਣਗੀਆਂ। ਨਾਲੇ ਆਵਦੇ ਮਰੇ ਬਿਨਾਂ ਸੁਰਗਾਂ ਨੂੰ ਕੌਣ ਜਾਂਦੈ।” ਉਹ ਅਜੇ ਚਾਰ ਕ ਘਰ ਹੀ ਲੰਘਿਆ ਸੀ, ਸਾਹਮਣਿਓਂ ਕੁਣੱਖੀ ਜਿਹੀ ਝਾਕਦੀ, ਸੋਧਾਂ ਦਾਈ ਆਉਂਦੀ ਨਜ਼ਰੀਂ ਪਈ। “ਮੰਡੇਰ ਕੁਰੇ, ਕੀਅਦੇ ਭਲੋ ਭਲੀ ਹੋਗੀ।” ਬੋਹਾ ਨੇੜਲੇ ਪਿੰਡ ਮੰਡੇਰ ਦੀ ਹੋਣ ਕਾਰਨ ਸੋਧਾਂ ਦਾਈ ਨੂੰ ਮੰਡੇਰੋ ਵੀ ਕਿਹਾ ਜਾਂਦਾ ਹੈ। “ਵੇ ਟੁੱਟ ਪੈਣਿਆਂ, ਭਲੋ ਭਲੀ ਕੀਦ੍ਹੇ ਹੋਣੀ ਸੀ, ਦਲੀਪੋ ਜਲਾਹੀ ਦੀ ਕੁੜੀ ਨੀ ਮਰਗੀ ਸੀ, ਜਾਪੇ ’ਚ !” “ਹੂੰ, ਉਹ ਤਾਂ ਕਈ ਦਿਨਾਂ ਦੀ ਗੱਲ ਐ। ਮੈਨੂੰ ਲਾਜੋ ਬੀ ਦੱਸਦੀ ਸੀ, ਉਹ ਬੈ੍ਹ ਕੇ ਆਈ ਹੋਣੀ।” “ਦਲੀਪੋ ਕੋਲ ਗਈ ਸੀ, ਉਹ ਬਲਾ ਲੈਂਦੀ ਐ, ਕੈਂਅਦੀ .. ਤੇਰਾ ਨਾਂ ਭਾਈ ਸੋਧਾਂ, ਗੇੜਾ ਮਾਰ ਲਿਆ ਕਰ, ਚੱਲ ਢਿੱਡ ਹੌਲ਼ਾ ਹੋ ਜਾਂਦੈ। ਊਂ ਭਾਈ ਜਗਤੂਆ, ਉਹ ਮੇਰੇ ਕੋਲ ਢਿੱਡ ਵੀ ਫਰੋਲ ਲੈਂਦੀ ਐ।” “ਤੂੰ ਤਾਂ ਗਿੱਲਾ ਪੀਣ੍ਹ ਪਾ ਕੇ ਬੈਗ੍ਹੀ, ਮੈਂ ਤਾਂ ਜਾਨੈ ਭਾਬੀ।” “ਹੂੰ .. ਗਿੱਲਾ ਪੀਣ੍ਹ, ਥੋਨੂੰ ਕੀ ਪਤੈ, ਜਨਾਨੀਆਂ ਦੇ ਢਿੱਡ ਦੀਆਂ।” ਜਗਤੂ ਵੱਲ ਕੌੜ ਝਾਕਦੀ ਸੋਧਾਂ ਅੱਗੇ ਤੁਰ ਗਈ। ਜਗਤੂ ਬੋਹੜ ਕੋਲ ਪਹੁੰਚ ਗਿਆ ਸੀ। ਉਸਨੇ ਸਾਹਮਣੇ ਨਜ਼ਰ ਮਾਰੀ, ਜਸਵੰਤ ਘੁਲ਼ੇ ਅਸਮਾਨ ਵੱਲ ਤੱਕ ਰਿਹਾ ਸੀ। “ਦੇਖ, ਮੇਰੇ ਪੁੱਤ ਦੇ ਨੇ, ਜੱਟਾਂ ਦੇ ਵੀ ਪੱਦ ਕੱਢ ਰਖੇ ਨੇ।” ਜਸਵੰਤ ਵੱਲ ਵੇਖਦਿਆਂ ਉਸਦੀ ਹਾਸੀ ਨਿਕਲੀ। “ਏਹ ਵੀ ਧਨੋਗੇ ਨੂੰ, ਹੁਣ ਜਾਦ ਕਰਨਗੇ।” ਆਪਣੇ—ਆਪ ਨਾਲ ਬੋਲਦਾ ਤੇ ਸਿਰ ਉੱਪਰ—ਹੇਠ ਮਾਰਦਾ, ਉਹ ਅੱਗੇ ਲੰਘ ਗਿਆ।

ਛੇ

ਜਸਵੰਤ ਨੇ ਉੱਪਰ ਵੱਲ ਤੱਕਿਆ, ਤਿੱਤਰ ਖੰਭੀ ਬੱਦਲ ਗਸ਼ਤ ਕਰਦੇ ਫਿਰਦੇ ਸੀ। ਅੱਧੀ ਵਾਢੀ ਦਾ ਕੰਮ ਨਿੱਬੜ ਚੁੱਕਾ ਸੀ। ਪਛੇਤੀਆਂ ਕਣਕਾਂ ਨੂੰ ਅਜੇ ਦਾਤੀ ਨਹੀਂ ਪਈ। ਅੱਜ ਤਾਂ ਦਿਨ ਚੜ੍ਹਦੇ ਸਾਰ ਹੀ ‘ਗਰੜ ਗਰੜ’ ਹੋਣ ਲੱਗ ਪਈ ਜਿਸ ਨਾਲ ਜਿਮੀਂਦਾਰਾਂ ਦੇ ਸਾਹ ਉਤਾਂਹ ਚੜ੍ਹ ਗਏ। “ਚਾਚਾ ਸਿਆਂ ! ਇਹ ਨੀ ਟਿਕਦਾ। ਛੇ ਮਹੀਨੇ ਹੋਗੇ, ਹੱਡ ਭੰਨਮੀਂ ਮਿਹਨਤ ਕਰਦਿਆਂ, ਮਿੱਟੀ ਸੰਗ ਮਿੱਟੀ ਹੁੰਦਿਆਂ, ਪੋਹ ਮਾਘ ਦੀਆਂ ਠੰਢੀਆਂ ਰਾਤਾਂ ਸਿਰ ਤੋਂ ਲੰਘਾਈਆਂ ਨੇ ਤੇ ਜਦ ਪੱਕਣ ਦਾ ਟੈਮ ਆਇਆ, ਤਾਂ ਇਹ ਕਹਿਰਵਾਨ ਹੋ ਕੇ ਖੜ੍ਹ ਗਿਆ।” ਜਸਵੰਤ ਸਿਰ ’ਤੇ ਮੂਕਾ ਲਪੇਟਦਾ ਘੁਲ਼ੇ ਅਸਮਾਨ ਵੱਲ ਝਾਕਿਆ। “ਹੂੰ, ਅੱਜ ਨੀ ਸੁੱਕਾ ਮੁੜਦਾ।” ਘੂਤਰ ਵੀ ਕਾਲੇ ਬੱਦਲਾਂ ਵੱਲ ਝਾਕਿਆ। “ਮੇਰਾ ਢੇਕਾ, ਖੜੀ ਫਸਲ ’ਜਾੜੂ।” ਜਸਵੰਤ ਨੂੰ ਮੀਂਹ ਪੈਣ ਦੀ ਪੂਰੀ ਸੰਭਾਵਨਾ ਸੀ। “ਕਰ ਲੈਣ ਦੇ, ਇਹਨੂੰ ਵੀ ਚਾਅ ਪੂਰਾ। ਰੋਜ—ਰੋਜ ਇਹਨੂੰ ਵੀ ਪਾਣੀ ਦੀਆਂ ਟੈਂਕੀਆਂ ਚੱਕਣੀਆਂ ਔਖੀਆਂ ਨੇ।” ਘੂਤਰ ਕੁਦਰਤ ਮੂਹਰੇ ਬੇਵੱਸ ਹੋਇਆ ਨਜ਼ਰੀਂ ਪਿਆ। ਉਸਨੇ ਅੱਖਾਂ ’ਤੇ ਸੱਜੇ ਹੱਥ ਦਾ ਸੇਜਾ ਬਣਾਉਂਦਿਆਂ, ਗਹਿਰੇ ਅਸਮਾਨ ਵੱਲ ਤੱਕਿਆ, ਰੱਬ ਨੂੰ ਭਰੇ ਮਨ ਨਾਲ ਤਾਅਨਾ ਮਾਰਿਆ। ਗਸਤ ਕਰ ਰਹੇ ਬੱਦਲ ਉਸ ਨੂੰ ਕਿੰਨੇ ਹੀ ਭੈੜੇ ਲੱਗ ਰਹੇ ਸੀ, ਬਘਿਆੜ ਵਰਗੇ। ਚਿੰਤਾ ਅਨੁਭਵ ਕਰਦਿਆਂ ਉਸ ਦਾ ਸਿਰ ਆਪਣੇ ਆਪ ਹਿੱਲਿਆ ਤੇ ਉਹ ਬੋਲਿਆ — “ਇਹ ਤਾਂ ਸਾਰਾ ਰਾਸਨ—ਪਾਣੀ ਆਪਣੇ ਪਿੰਡ ਈ ’ਤਾਰ ਕੇ ਜਾਊ।” ਉਸ ਨੂੰ ਬੱਦਲ ਰਿਉਂਦ ਤੋਂ ਪੀਰਾਂਵਾਲੀ ਵੱਲ ਤੇਜ਼ੀ ਨਾਲ ਆਉਂਦੇ ਦਿਸੇ। ਕਾਲੇ ਬੱਦਲ ਵੇਖ ਕੇ ਜ਼ਿਮੀਂਦਾਰਾਂ ਦੇ ਸਾਹ ਸੂਤੇ ਗਏ। ਜਸਵੰਤ ਦੇ ਗੁਆਂਢੀ ਕਿਸਾਨਾਂ ਨੇ ਵੀ ਖੇਤਾਂ ਵੱਲ ਕੂਚ ਕਰ ਦਿੱਤਾ। ਭਵਿੱਖ ’ਚ ਆਉਣ ਵਾਲੇ ਖਤਰੇ ਤੋਂ ਉਹ ਸੁਚੇਤ ਹੋ ਗਏ। ਖੇਤਾਂ ਵੱਲ ਭੱਜੇ ਜਾਂਦੇ ਉਹ ਜਸਵੰਤ ਨਾਲ ਦੁੱਖ ਸਾਂਝਾ ਕਰਲ ਲੱਗੇ— “ਪਹਿਲਾਂ ਟਿੱਡੀ ਦਲ ਨੀ ਟਿਕਣ ਦਿੰਦਾ ਸੀ, ਫੇਰ ਮਿੱਲੀ ਬੱਗ ਆਗੀ।” “ਜੇ ਥੋੜੀ—ਮੋਟੀ ਬੱਚਤ ਰਹਿੰਦੀ ਐ, ਛਟਾਂਕ ਦਾਣੇ ਪਤੰਦਰ, ਜੱਟਾਂ ਦੀ ਝੋਲ਼ੀ ਏਹ ਨੀ ਪੈਣ ਦਿੰਦਾ।” ਜਸਵੰਤ ਨੇ ਮੋੜਵਾ ਜਵਾਬ ਦਿੱਤਾ। ਉਸਦੇ ਵੇਖਦੇ ਹੀ ਵੇਖਦੇ ਗੁਆਂਢੀ ਕਿਸਾਨ ਕਿੰਨਾ ਅੱਗੇ ਲੰਘ ਗਏ ਸੀ। ਹਲ ਚਲ ਹੁੰਦੀ ਵੇਖ ਕੇ ਜਸਵੰਤ ਨੇ ਘੂਤਰ ਨੂੰ ਉੱਚੀ ਆਵਾਜ਼ ਮਾਰੀ। “ਆਜਾ ਚਾਚਾ, ਆਪਾਂ ਵੀ ਚੱਲੀਏ।” ਜਸਵੰਤ ਨੇ ਕਹੀ ਮੋਢੇ ’ਤੇ ਰੱਖੀ। “ਚਲ ਸ਼ੇਰਾ, ਕਿਤੇ ਕਰੀ—ਕਰਾਈ ਤੇ ਪਾਣੀ ਫੇਰਦੇ। ਮੈਂ ਤਾਂ ਕਹੀ ਲੱਭਦਾ ਸੀ।” “ਕਹੀ ਤਾਂ ਚੱਕ ਲੀ ਸੀ।” ਉਹ ਦੋਵੇਂ ਖੇਤ ਨੂੰ ਦਰਿਆ ਵਾਂਗ ਸ਼ੂਕਦੇ ਚੱਲ ਪਏ। ਰੁਲਦੂ ਸਵੇਰ ਦਾ ਖੇਤ ਹੀ ਸੀ। * * * ਪਿੰਡ ਦੀ ਫਿਰਨੀ ਲੰਘ ਕੇ ਦੋਵੇਂ ਛੱਪੜ ਕੋਲ ਪਹੁੰਚ ਗਏ। ਇਕਲਾਪੇ ਦਾ ਸੰਤਾਪ ਭੋਗ ਰਿਹਾ ਛੱਪੜ ਉਦਾਸੀ ਤੇ ਨਿਰਾਸ਼ਾ ਦੇ ਆਲਮ 'ਚ ਡੁੱਬਿਆ ਪਿਆ ਸੀ। “ਉਹ ਵੀ ਸਮਾਂ ਸੀ, ਜਦ ਸਾਰੇ ਪਿੰਡ ਦਾ ਵੱਗ ਏਥੇ ਪਾਣੀ ਪੀਂਦਾ ਸੀ। ਮਖਿਆਂ ਟੋਭੇ ’ਤੇ ਮੇਲਾ ਲੱਗਿਆ ਹੁੰਦਾ ਸੀ।” “ਹੁਣ ਤਾਂ ਚਾਚਾ ਘਰ—ਘਰ ਮੋਟਰਾਂ ਲਾਗੀਆਂ। ਇਹਨਾਂ ਦੀ ਵੀ ਕਦਰ ਘਟਗੀ।” “ਸਾਡੇ ਵੇਲ਼ੇ ਤਾਂ ਸ਼ੇਰਾ ਲੀੜਾ ਲੱਤਾ ਵੀ ਏਥੇ ਹੀ ਧੋਣਾ। ਜਨਾਨੀਆਂ ਛੱਪੜ ਦੇ ਕੰਢੇ ’ਤੇ ਬੈਠ, ਅੱਡੀਆਂ ਕੂਚ—ਕੂਚ ਨਾਉਂਦੀਆਂ ਸੀ।” ਛੱਪੜ ਲੰਘ ਕੇ ਉਹ ਰੋਹੀ ਵਾਲੇ ਪਹੇ ’ਤੇ ਜਾ ਚੜ੍ਹੇ। ਪਹੇ ਦੀ ਜੜ੍ਹ ’ਚ ਹਰੇ—ਭਰੇ ਪਿੱਪਲ ਨੂੰ ਘੂਤਰ ਨੇ ਗਹੁ ਨਾਲ ਤੱਕਿਆ। “ਛੋਟੇ ਹੁੰਦੇ ਅਸੀਂ ਏਥੇ ਬਥੇਰਾ ਖੇਡਦੇ। ਮੈਂ, ਤੇਰਾ ਪਾਪਾ ਮੱਘਰ, ਨੀਰੂ ਮੁਹੰਮਦ, ਅਬਦੁੱਲਾ ਸਾਰੇ ਖੇਡਦੇ। ਗਫੂਰ ਬਕੱਰੀਆਂ ਰੱਖਦਾ ਸੀ। ਜਦ ਮੀਂਹ—ਕਣੀ ਪੈਣੀ ਤਾਂ ਬੱਕਰੀਆਂ ਪਿੱਪਲ ਹੇਠ ਬਿਠਾ ਦਿੰਦਾ। ਕਣੀਆਂ ਤੋਂ ਡਰਦੀਆਂ ਬੱਕਰੀਆਂ ਇੱਕ—ਦੂਜੀ ਦੇ ਅੰਦਰ ਵੜਨ ਤੱਕ ਜਾਂਦੀਆਂ।” “ਬੱਕਰੀਆਂ ਤੇ ਮੀਂਹ ਦੀ ਤਾਂ ਚਾਚਾ ਬਹੁਤ ਲਾਗ—ਡਾਟ ਐ। ਬੱਦਲ ਜਿਵੇਂ ਹੀ ਗੜੈਂ—ਗੜੈਂ ਕਰਦੈ ਤਾਂ ਬੱਕਰੀਆਂ ਮਿਆਂ—ਮਿਆਂ ਕਰਨ ਲੱਗ ਪੈਂਦੀਆਂ ਨੇ।” ਦੋਵੇਂ ਗੱਲਾਂ ਕਰਦੇ ਟਿੱਬੇ ਲੰਘ ਗਏ ਸੀ। ਵੱਡੇ—ਵੱਡੇ ਟਿੱਬੇ ਹੁਣ ਤਾਂ ਛੋਟੀਆਂ ਛੋਟੀਆਂ ਟਿੱਬੀਆਂ ਹੀ ਬਣ ਕੇ ਰਹਿ ਗਏ। ਲੋਕਾਂ ਨੇ ਮਿੱਟੀ ਦੀਆਂ ਢਿੱਗਾਂ ਚੱਕ ਕੇ ਘਰਾਂ ਵਿੱਚ ਭਰਤ ਪਾ ਲਈ। ਮਿਹਨਤੀ ਤੇ ਸਿਰੜੀ ਕਿਸਾਨਾਂ ਨੇ ਰੇਤਲੇ ਟਿੱਬੇ ਵੀ ਵਾਹੀਯੋਗ ਬਣਾ ਲਏ। ਜਸਵੰਤ ਨੇ ਚਾਰ—ਚੁਫੇਰੇ ਨਿਗ੍ਹਾ ਮਾਰੀ, ਡਰਦੇ ਕਿਸਾਨ ਜਿੰਨੀ ਕੁ ਕਣਕ ਵੱਢੀ ਗਈ ਸੀ, ਦੇ ਭਰ੍ਹੇ ਬੰਨ੍ਹ ਰਹੇ ਸੀ। ਨਿੱਕਾ ਨਿਆਣਾ ਮੂਹਰੇ—ਮੂਹਰੇ ਸੁੱਬ ਵਿਛਾਉਂਦਾ ਤੇ ਵਾਢੇ ਦਾਤੀਆਂ ਦੀਆਂ ਚੁੰਝਾਂ ਅੜਾ ਕੇ ਕਣਕ ਦੀਆਂ ਥੱਬੀਆਂ ਚੁੱਕੀ ਆਉਂਦੇ ਸੀ। ਮਿੰਟ ’ਚ ਭਰ੍ਹਾ ( ਭਰੋਟਾ ) ਬਣ ਜਾਂਦਾ ਤਾਂ ਦੋ ਤਕੜੇ ਸਰੀਰ ਵਾਲੇ ਕਾਮੇ ਦੋਂਵੇਂ ਪਾਸਿਓਂ ਸੁੱਬ ਜ਼ੋਰ ਦੀ ਖਿੱਚ ਕੇ, ਗੋਡਾ ਮਾਰ ਕੇ, ਜ਼ੋਰ ਨਾਲ ਗੰਢ ਦੇ ਰਹੇ ਸੀ। “ਇੱਕ ਪੀਰ ਬਖਸ਼ ਹੁੰਦਾ ਸੀ।” ਲੰਮਾ ਕਦਮ ਪੁੱਟਦਾ ਘੂਤਰ ਫਿਰ ਬੋਲਿਆ। “ਅੱਛਾ।” ਜਸਵੰਤ ਨੇ ਕਹੀ ਉਗਾਸ ਕੇ ਅੱਗੇ ਕਰ ਲਈ। “ਉਹ ਜਦੋਂ ਵੀ ਘੋੜੀ ’ਤੇ ਲੰਘਦਾ ਤਾਂ ਸਾਨੂੰ ਪਿੱਪਲ ਹੇਠ ਜਰੂਰ ਮਿਲ ਕੇ ਜਾਂਦਾ।” “ਮੇਰੀ ਮਾਂ ਦੱਸਦੀ ਸੀ, ਆਪਣੀ ਵੀ ਉਧਰ ਲਾਹੌਰ ਕੰਨੀ ਜਮੀਨ ਸੀ।” “ਮਿੰਟਗੁੰਮਰੀ ਜਿਲੇ ਦੇ ਚੱਕ ਪੈਂਹਟ ’ਚ ਆਪਣੇ ਚਾਰ ਕਿੱਲੇ ਸੀ। ਤੇਰਾ ਬਾਪੂ ਤੇ ਤਾਇਆ ਉਧਰ ਹੀ ਰਹਿੰਦੇ ਸੀ।ਕਮਾਦ ਤੇ ਮੱਕੀ ਬਹੁਤ ਹੁੰਦੀ ਸੀ। ਦੋ ਕਿੱਲੇ ਕਿੰਨੂਆਂ ਦਾ ਬਾਗ ਸੀ। ਬਸ ਪਿੰਡ ਤੋਂ ਪੰਜ ਕ ਕਿੱਲੇ ਵਾਟ ਸੀ ਆਪਣਾ ਖੇਤ। ਤੇਰਾ ਬਾਪੂ ਕਹਿੰਦਾ, ਮੇਰੇ ਕੋਲ ਸੌ ਮੁਰਗੀਆਂ ਸੀ। ਜਦ ਐਲਾਨ ਹੋ ਗਿਆ ਬਈ ਮੁਲਕ ਵੰਡਿਆ ਗਿਆ ।” “ਫੇਰ ਵੀ ਚਾਚਾ !” “ਤਾਇਆ ਭੱਜਿਆ ਆਵੇ, ਖੇਤ ਨੂੰ। ਤੇਰੇ ਬਾਪੂ ਨੂੰ ਕਹਿੰਦਾ, ਆਜਾ ਉਏ ਮੁੰਡਿਆ, ਲੋਕ ਸਮਾਨ ਚੱਕੀ ਜਾਂਦੇ ਨੇ। ਤੇਰਾ ਬਾਪੂ ਆਪ ਦੱਸਦਾ ਹੁੰਦਾ ਸੀ, ਕਹਿੰਦਾ, ਮੈਂ ਵੀ ਕਹੀ ਡੇਗ ਕੇ ਭੱਜ ਆਇਆ। ਕਈ ਦਿਨਾਂ ਦੀ ਹਲਚਲ ਜੀ ਹੋਈ ਜਾਂਦੀ ਸੀ। ਸਪੀਕਰਾਂ ਚ ਵੀ ਬੋਲੇ ਸੀ, ਅਖੇ ਆਪਣਾ ਜੁੱਲੀ—ਬਿਸਤਰਾ ਬੰਨ੍ਹਲੋ ਭਾਈ।” “ ਮੁਰਗੀਆਂ ਦਾ ਕੀ ਬਣਿਆ ਚਾਚਾ ?” “ ਮੁਰਗੀਆਂ ਦਾ ਕੀ ਬਣਨਾ ਸੀ। ਮਾਰਗੀਆਂ ਡਾਰੀਆਂ।” “ਬਾਕੀ ਸਮਾਨ ?” “ਕਿਹੜਾ ਸਮਾਨ ਸ਼ੇਰਾ ! ਓਸ ਵਕਤ ਤਾਂ ਜਾਨ ਦੀ ਪਈ ਸੀ, ਨਾਲ ਕੀ ਚੱਕਣਾ ਸੀ। ਦੋ ਮੱਝਾਂ ਸੀ, ਉਹ ਸ਼ਾਹੀਵਾਲ ਤਸੀਲ ਦੇ ਮੁਸਲਮਾਨ ਖੋਹ ਕੇ ਲੈਗੇ।” “ਫੇਰ ਬਚ ਕੇ ਕਿਮੇ ਆਏ ?” “ਕਮਾਦ ’ਚ ਵੜਗੇ ਸੀ। ਡਸਕੇ ਦੇ ਸਰਦਾਰਾਂ ਨਾਲ ਰਲ ਕੇ ਮੀਆਂ ਚੰਨੂ ਕੈਂਪ ’ਚ ਪਹੁੰਚੇ। ਮੇਰੀ ਮਾਂ ਰੋਵੇ ਸੋ ਰੋਵੇ। ਕਹਿੰਦੀ —ਪਤਾ ਨੀ ਮਾਂ ਜਾਏ ਕਿੱਥੇ ਹੋਣੇ ?” ਦੱਸਦਿਆਂ ਘੂਤਰ ਦਾ ਮਨ ਭਰ ਆਇਆ ਸੀ। ਸੰਤਾਲੀ ਦੀ ਵੱਢਾ—ਟੁੱਕੀ ਨੇ ਉਸਦਾ ਚਿੱਤ ਉਦਾਸ ਕਰ ਦਿੱਤਾ। ਜਸਵੰਤ ਗੰਭੀਰ ਹੋ ਕੇ ਨਾਲ ਤੁਰਿਆ ਜਾ ਰਿਹਾ ਸੀ। “ਆਪਣੇ ਪਿੰਡ ਆਲਿਆਂ ਨੇ ਕਿਹੜਾ ਘੱਟ ਕੀਤੀ। ਮਾਰ—ਮਾਰ ਮੁਸਲਮਾਨਾਂ ਨੂੰ ਬਾਹਰਲਾ ਖੂਹ ਸਾਰਾ ਭਰ ’ਤਾ ਸੀ।” “ਮਰੇ ਵੀ ਕੀੜੇ ਪੈ ਕੇ ਨੇ।” ਵੱਢਾ—ਟੁੱਕੀ ਕਰਨ ਵਾਲੇ ਪਿੰਡ ਦੇ ਕਸਾਈ ਤਾਂ ਜਸਵੰਤ ਨੇ ਆਪਣੇ ਅੱਖੀਂ ਆਪ ਮਰਦੇ ਵੇਖੇ ਨੇ। “ਤੇਰੇ ਬਾਪੂ ਹੋਰੀਂ ਤਾਂ ਪੋਹ ਦੀ ਸੰਗਰਾਂਦ ਵਾਲੇ ਦਿਨ ਘਰ ਪਹੁੰਚਗੇ ਸੀ। ਸਾਰੇ ਘਰ ’ਚ ਰੌਣਕ ਆਗੀ ਸੀ।” ਜਸਵੰਤ ਦਾ ਧਿਆਨ ਘੂਤਰ ਦੀਆਂ ਗੱਲਾਂ ਤੋਂ ਭਟਕ ਕੇ ਅਸਮਾਨ ਵੱਲ ਚਲਾ ਗਿਆ। ਮੌਸਮ ਕੁੱਝ ਸਾਫ ਹੋ ਗਿਆ ਸੀ। ਜੋਰ ਦੀ ਸੜ੍ਹਾਕਾ ਜਿਹਾ ਆ ਕੇ ਮੀਂਹ ਰੁਕ ਵੀ ਗਿਆ। ਤੇਜ ਰੁਮਕਦੀ ਹਵਾ ਬੱਦਲਾਂ ਨੂੰ ਭਾਵੇ ਵੱਲ ਉਡਾ ਕੇ ਲੈ ਗਈ। ਘੂਤਰ ਨੇ ਹੱਥ ਜੋੜ ਕੇ ਲੰਮਾ ਸਾਹ ਲਿਆ। “ਚਲੋ ਸ਼ੁਕਰ ਐ, ਟਲ਼ ਗਿਆ।” ਦੋ ਤਿੰਨ ਕੰਬਾਇਨਾਂ ਥੋੜ੍ਹੀ—ਥੋੜ੍ਹੀ ਵਿੱਥ ’ਤੇ ਕੁੱਝ ਸਮਾਂ ਰੁਕ ਕੇ ਫਿਰ ਜੁਟ ਗਈਆਂ। ਵਿੱਢ ਵਾਲ਼ੀਆਂ ਟਰਾਲੀਆਂ ਕਣਕ ਨੂੰ ਮੰਡੀ ਤਕ ਲੈ ਕੇ ਜਾਣ ਲਈ ਤਿਆਰ—ਬਰ—ਤਿਆਰ ਖੜ੍ਹੀਆਂ ਸੀ। ਸੂਆ ਲੰਘੇ ਤਾਂ ਬਾਈਆਂ ਦਾ ਜੱਗਾ, ਕੋਲੋਂ ਸਰੋਂ ਦੀ ਲੱਦੀ ਟਰਾਲੀ ਲੈ ਕੇ ਆ ਰਿਹਾ ਸੀ। ‘ਬਾਈ’ ਪੀਰਾਂਵਾਲੀ ਪਿੰਡ ਦਾ ਇੱਕ ਲਾਣਾ ਹੈ। ਇਸ ਲਾਣੇ ਦੇ ਪੁਰਾਣੇ ਬਜ਼ੁਰਗ ਜਦ ਵੀ ਕਿਸੇ ਨਾਲ ਵਿਚਰਦੇ, ਤਾਂ ਕਦੇ ਵੀ ਵੱਡੇ—ਛੋਟੇ ਨੂੰ ਬਾਈ ਤੋਂ ਬਿਨਾਂ ਨਹੀਂ ਸੀ ਬੋਲੇ। ਦੋ—ਤਿੰਨ ਪੀੜ੍ਹੀਆਂ ਤੋਂ ਇਸ ਲਾਣੇ ਦਾ ਨਾਂ ‘ਬਾਈਆਂ ਦਾ ਲਾਣਾ’ ਪੈ ਗਿਆ। ਜੱਗੇ ਨੇ ਪਾਸੇ ਕਰਕੇ ਟ੍ਰੈਕਟਰ ਰੋਕ ਲਿਆ। “ਕੀ ਕਹਿੰਦੀਆਂ ਨੇ ਜੱਗਿਆ ਕਣਕਾਂ ?” ਜਸਵੰਤ ਟ੍ਰੈਕਟਰ ਦੇ ਮੂਹਰਲੇ ਟਾਇਰ ਕੋਲ ਜਾ ਖੜ੍ਹਾ। “ਲੱਗੇ ਪਏ ਆਂ ਵੱਢਣ। ਤਿੰਨ ਦਿਆੜੀਏ ਨੇ ਤੇ ਦੋ ਬਿੜ੍ਹੀਏ। ਪੰਡਾਂ ਬੰਨ੍ਹੀ ਜਾਂਦੇ ਨੇ।” ਜੱਗੇ ਦਾ ਜਵਾਬ ਸੀ। “ਤੁਸੀਂ ਨੀ ਲੱਗੇ ਵੱਢਣ ?” ਜੱਗੇ ਨੇ ਉਸੇ ਵਕਤ ਸਵਾਲ ਕੀਤਾ। “ਲਊਗੀ ਦੋ ਦਿਨ।” ਘੂਤਰ ਬੋਲਿਆ। “ ਚੰਗਾ ਬਾਈ, ਮੈਂ ਪਿੜ ’ਚ ਸਰ੍ਹੋਂ ਢੇਰੀ ਕਰਨੀ ਐ।” ਜੱਗੇ ਦਾ ਆਇਸ਼ਰ ਟ੍ਰੈਕਟਰ, ਕਦੋਂ ਦਾ ਸੂਏ ਦੀ ਢਾਲ ਉੱਤਰ ਗਿਆ ਪਰ ‘ਪਿਟ—ਪਿਟ’ ਆਵਾਜ਼ ਅਜੇ ਵੀ ਉਨ੍ਹਾਂ ਦੇ ਕੰਨਾਂ ਤੱਕ ਪਹੁੰਚ ਰਹੀ ਸੀ। “ਸਾਂਝੇ ਪਿੜ ਦਾ ਫੈਅਦੈ ਚਾਚਾ। ਸਰੋਂ ਦੀ ਗਹਾਈ ਸੌਖੀ ਹੋ ਜਾਂਦੀ ਐ। ਛੋਲਿਆਂ ਦਾ ਵੇਲਾ ਤਾਂ ਬੀਤ ਗਿਆ।” “ਛੋਲੇ ਨੀ ਹੁਣ ਪਿੜਾਂ ’ਚ ਦਿਸਦੇ। ਹੁਣ ਤਾਂ ਸਰਦੇ ਪੁੱਜਦੇ ਘਰੇ ਵੀ ਪਸੇਰੀ ਛੋਲੇ ਨਾ ਮਿਲਣ। ਉਹ ਵੀ ਸਮਾਂ ਸੀ, ਬਲਦਾਂ ਨੂੰ ਵੀ ਛੋਲੇ ਚਾਰਦੇ ਸੀ, ਖੇਤੋਂ ਬਲਦਾਂ ਤੇ ਸਾਰੀ ਫਸਲ ਢੋਂਦੇ।” “ਜੱਟ ਤਾਂ ਹਰੀ ਕ੍ਰਾਂਤੀ ਨੇ ਮਾਰਤੇ ਚਾਚਾ।” “ਹੂੰ ! ਵਧਾਲੇ ਝਾੜ, ਪਾ—ਪਾ ਰੇਆਂ ਸਪਰੇਆਂ। ਪੁੱਛਣ ਆਲਾ ਹੋਵੇ, ਪਤੰਦਰੋ ਝਾੜ ਨੂੰ ਕੀ ਚੱਟਣੈ, ਜੇ ਖਾਣ ਚੀ ਸਵਾਦ ਨੀ।” “ਹਾਲੇ ਮੈਨੂੰ ਪਿੰਡ ਆਲੇ ਟਿੱਚਰਾਂ ਕਰਦੇ ਨੇ। ਕਹਿੰਦੇ, ਆਹ ਵੱਡਾ ਪਾੜ੍ਹਾ ਕਰੂ ਕੁਦਰਤੀ ਖੇਤੀ। ਪਰ ਆਪਾਂ ਵੀ ਚਾਚਾ ਕਿਸੇ ਦੀ ਪਰਵਾਹ ਨੀ ਕੀਤੀ। ਇੱਕ ਨ ਇੱਕ ਦਿਨ ਲੋਕ ਆਪੇ ਮੇਰੇ ਮਗਰ ਲੱਗਣਗੇ।” “ਝਾੜ ਚਾਹੇ ਘੱਟ ਨਿਕਲੇ ਸ਼ੇਰਾ, ਪਰ ਅੰਨ ਤਾਂ ਸ਼ੁੱਧ ਐ।” “ਮੈਨੂੰ ਆਪਣਾ ਆੜ੍ਹਤੀਆ ਰਾਮਾ ਵੀ ਕਹਿੰਦਾ ਸੀ, ਬੀ ਵੀਹ ਕ ਮਣ ਕਣਕ ਸਾਨੂੰ ਵੀ ਦੇਈਂ। ਰੇਟ ਭਾਵੇਂ ਦੁਗਣਾ ਲੈ ਲਈਂ।” “ਉਹ ਤਾਂ ਸ਼ੇਰਾ ਪਿਛਲੀ ਵਾਰ ਵੀ ਰਾਜਸਥਾਨ ਤੋਂ ਲੈ ਕੇ ਆਏ ਸੀ।” “ਬੈਂਕਾਂ ਖੋਲ੍ਹੀਆਂ ਸੀ, ਕਿਸਾਨਾਂ ਨੂੰ ਕਰਜਾ—ਮੁਕਤ ਕਰਨ ਲਈ। ਕਿਸਾਨਾਂ ਨੂੰ ਸਸਤੀਆਂ ਦਰਾਂ ’ਤੇ ਕਰਜੇ ਦੇਤੇ, ਅਖੇ ਲੈ ਲਓ ਟ੍ਰੈਕਟਰ—ਟਰਾਲੀਆਂ। ਹੁਣ ਕਿਸਾਨਾਂ ਨੂੰ ਬੈਂਕਾਂ ਨੇ ਦੱਬ ਲਿਆ।” ਜਸਵੰਤ ਨੇ ਘੂਤਰ ਦੀ ਗੱਲ ਅਣਸੁਣੀ ਕਰਕੇ ਸਹਿਕਾਰੀ ਬੈਂਕਾਂ ਦੀ ਗੱਲ ਤੋਰ ਲਈ। “ਕੀ ਵੱਡਾ, ਕੀ ਛੋਟਾ, ਹਰ ਜੱਟ ਬੈਂਕਾਂ ਦਾ ਕਰਜ਼ਾਈ ਐ। ਜਦੋਂ ਕਰਜਾ ਮੁੜਦਾ ਨੀ, ਖੁਦਕੁਸ਼ੀ ਕਰ ਲੈਂਦੈ।” “ਜਦੋਂ ਦਾ ਹਰਾ ਇਨਕਲਾਬ ਆਇਐ, ਆਹ ਖੁਦਕਸ਼ੀਆਂ ਵੀ ਉਦੋਂ ਤੋਂ ਸ਼ੁਰੂ ਹੋਈਆਂ ਨੇ।” “ਸਾਡੇ ਵੇਲੇ ਤਾਂ ਸ਼ੇਰਾ ਕਿਸੇ ਨੇ ਫਾਹਾ ਲਿਆ ਨੀਂ।” “ਉਦੋਂ ਖਰਚੇ ਘੱਟ ਸੀ, ਚਾਚਾ। ਜਮੀਨਾਂ ਖੁੱਲ੍ਹੀਆਂ ਪਈਆਂ ਸੀ। ਨਾ ਰੇਹਾਂ ਸਪਰੇਆਂ ਦਾ ਟੰਟਾਂ ਸੀ। ਜੱਟ ਚਾਦਰ ਵੇਖ ਕੇ ਪੈਰ ਪਸਾਰਦੇ ਸੀ। ਹੁਣ ਤਾਂ ਇੱਕ—ਦੂਜੇ ਤੋਂ ਵੱਧ—ਚੜ ਕੇ ਵਿਆਹ—ਸ਼ਾਦੀਆਂ ਕਰਦੇ ਆਂ। ਅਖੇ, ਸਾਡਾ ਨੱਕ ਨੀ ਰਹਿੰਦਾ।” “ਜੇ ਫਜੂਲ ਖਰਚਿਆਂ ਤੇ ਨੱਥ ਪਾਈਏ, ਤਾਂ ਬੇੜੀ ਕਿਸੇ ਤਨ—ਪੱਤਣ ਲੱਗ ਸਕਦੀ ਐ।” “ਹਰੀ ਕ੍ਰਾਂਤੀ ਨੇ ਕਿਸਾਨਾਂ ਦਾ ਫਾਇਦਾ ਵੀ ਬਹੁਤ ਕੀਤੈ। ਕਈ ਦਿਨਾਂ ਦਾ ਕੰਮ ਥੋੜ੍ਹੇ ਘੰਟਿਆਂ ’ਚ ਹੋ ਜਾਂਦੈ।” “ਇਹ ਤਾਂ ਗੱਲ ਸੋਲ਼ਾਂ ਆਨੇ ਸਹੀ ਐ, ਮਸੀਨਾਂ ਆਉਣ ਨਾਲ ਕਿਸਾਨਾਂ ਦੀ ਜੂਨ ਤਾਂ ਸੁਧਰੀ ਐ।” ਹਰੇ ਇਨਕਲਾਬ ਤੇ ਕੁਦਰਤੀ ਖੇਤੀ ਬਾਰੇ ਵਿਚਾਰ ਚਰਚਾ ਕਰਦਿਆਂ, ਉਨ੍ਹਾਂ ਨੂੰ ਪਤਾ ਹੀ ਨਾ ਲੱਗਾ, ਕਦੋਂ ਅਧੀਏ ਵਾਲੇ ਖੇਤ ਪਹੁੰਚ ਗਏ। ਰੁਲਦੂ ਸੁਵੱਖਤੇ ਹੀ ਮੱਝਾਂ ਨੂੰ ਪੱਠੇ ਪਾ ਕੇ, ਦਾਤੀ ਲੈ ਕੇ ਖੇਤ ਆ ਗਿਆ ਸੀ। ਉਹ ਤੇ ਦਿਹਾੜੀਆ, ਕਣਕ ਵਾਲੀਆਂ ਵੱਟਾਂ ’ਤੇ ਉੱਗੀ ਸਰ੍ਹੋਂ ਵੱਢਣ ਲੱਗੇ ਪਏ ਸੀ। “ਕਿੰਨਾ ਕੁ ਕੰਮ ਨਬੇੜ *ਤਾ ?” ਜਸਵੰਤ ਨੇ ਟਾਹਲੀ ਕੋਲੋਂ ਆਵਾਜ਼ ਮਾਰਦਿਆਂ ਰੁਲਦੂ ਨੂੰ ਪੁੱਛਿਆ। “ਇੱਕ ਕਿੱਲੇ ਦੀ ਵੱਢ ’ਤੀ।” “ਆਥਣ ਤੱਕ ਸਾਰੀ ਵੱਢਦਾਂਗੇ।” ਰੁਲਦੂ ਦੇ ਮਗਰ ਹੀ ਦਿਹਾੜੀ ਤੇ ਆਇਆ ਗੋਰੀਆ ਬੋਲਿਆ। “ਪੱਲੀਆਂ ’ਚ ਬੰਨ੍ਹ ਦੀਏ ਸ਼ੇਰੋ।” ਘੂਤਰ ਨੇ ਸਲਾਹ ਦਿੱਤੀ। “ਬੱਸ, ਕੱਠੀ ਕਰਦੇ ਆਂ ਚਾਚਾ।” ਰੁਲਦੂ ਨੇ ਸਰ੍ਹੋਂ ਦੇ ਖਿੱਲਰੇ ਬੂਟੇ ਨੂੰ ’ਕੱਠਾ ਕਰਕੇ ਜ਼ੋਰ ਦੀ ਖਿੱਚਿਆ। “ਕਣਕ ਵੀ ਪੱਕਗੀ।” ਜਸਵੰਤ ਨੇ ਇੱਕ ਬੱਲੀ ਤੋੜ ਕੇ ਹਥੇਲੀ ’ਤੇ ਧਰ ਕੇ, ਦਾਣੇ ਦੇ ਕੱਚਾ ਪੱਕਾ ਹੋਣ ਦੀ ਪਰਖ ਕੀਤੀ। “ਮੈਂ ਤਾਂ ਕਹਿਣੈ, ਕੱਲ੍ਹ ਨੂੰ ਪੁੱਛਲੀਏ ਦਿਆੜ੍ਹੀਏ। ਕੱਲ੍ਹ ਨੂੰ ਦਾਤੀ ਪੈਜੇ ਤਾਂ ਚੰਗੀ ਗੱਲ ਐ।” ਘੂਤਰ ਨੇ ਵੀ ਦਾਣਿਆਂ ਨੂੰ ਪਰਖਿਆ। “ਠੀਕ ਐ ਚਾਚਾ, ਤੂੰ ਬੋਹਾ ਜਾ ਕੇ ਦਾਤੀਆਂ ਦੇ ਦੰਦੇ ਕਢਾ ਲਿਆਈਂ।” “ਦੰਦੇ ਤਾਂ ਮੈਂ ਕਢਾ ਲਿਆਊਂ, ਤੂੰ ਦਿਆੜ੍ਹੀਆਂ ਦਾ ਹੀਲਾ ਕਰ।” “ਇਹ ਕੰਮ ਮੇਰੇ ’ਤੇ ਛੱਡਦੇ ਚਾਚਾ। ਮੈਂ ਆਥਣੇ ਦਿਆੜ੍ਹੀਏ ਆਪੇ ਪੁੱਛਲੂੰਗਾ। ਤੂੰ ਦਾਤੀਆਂ ਲੈ ਕੇ ਬੋਹਾ ਵਗ ਹੀ ਜਾ।” “ਚੰਗਾ। ਪੜਛੱਤੀ ’ਤੇ ਈ ਪਈਆਂ ਨੇ ?” ਪਿੰਡ ਵੱਲ ਜਾਂਦੇ ਘੂਤਰ ਨੇ ਜਸਵੰਤ ਵੱਲ ਭਉਂ ਕੇ ਪੁੱਛਿਆ। “ਹਾਂ। ਪੌੜੀ ਲਾ ਕੇ ਤਾਰਲਿਓ।” ਘਰ ਵੱਲ ਜਾਂਦੇ ਘੂਤਰ ਨੂੰ ਜਸਵੰਤ ਨੇ ਸਭ ਸਮਝਾ ਦਿੱਤਾ। ਕੰਮ ਦੀ ਦੇਖਭਾਲ ਲਈ ਆਪ ਉਹ ਖੇਤ ਹੀ ਰੁਕ ਗਿਆ। * * * ਲੰਮੀਆਂ ਪੁਲਾਂਘਾਂ ਪੁੱਟਦਾ ਘੂਤਰ ਘਰ ਪਹੁੰਚ ਗਿਆ। ਪੌੜੀ ਲਾ ਕੇ ਉਸ ਨੇ ਪੜਛੱਤੀ ਤੋਂ ਪੁਰਾਣੀਆਂ ਦਾਤੀਆਂ ਉਤਾਰ ਲਈਆਂ। ਮੱਕੜੀ ਦੇ ਜਾਲ਼ਿਆਂ ਤੇ ਧੂੜ—ਘੱਟੇ ਨਾਲ ਲਿਬੜੀਆਂ ਦਾਤੀਆਂ ਘੂਤਰ ਨੇ ਪੁਰਾਣੇ ਕੱਪੜੇ ਨਾਲ ਝਾੜੀਆਂ ਤੇ ਬੱਸ ਅੱਡੇ ਵੱਲ ਚੱਲ ਪਿਆ। ਉਸ ਨੇ ਚਾਬੀ ਵਾਲੀ ਘੜੀ ਦੀਆਂ ਸੂਈਆਂ ਨੂੰ ਤੱਕਿਆ, ਦੁਪਹਿਰ ਦੇ ਬਾਰ੍ਹਾਂ ਵੱਜੇ ਪਏ ਸੀ। ਬੱਸ ਆਉਣ ’ਚ ਦਸ ਮਿੰਟ ਬਾਕੀ ਸੀ। ਉਨ੍ਹਾਂ ਸਮਾਂ ਘੂਤਰ ਨਵੀਆਂ ਬਣੀਆਂ ਦੁਕਾਨਾਂ ਵੱਲ ਤੱਕਦਾ ਰਿਹਾ। ਉਸਨੂੰ ਹੱਥ ’ਚ ਤੂਤ ਦੀ ਛਮਕੀ ਫੜੀ, ਆਪਣੇ ਵੱਲ ਜਗਤੂ ਆਉਂਦਾ ਨਜਰੀਂ ਪਿਆ। ਘੂਤਰ ਅਮਲੀ ਨਾਲ ਗੱਲ ਕਰਨ ਹੀ ਲੱਗਿਆ ਸੀ ਕਿ ਬੱਸ ਨੇ ਹਾਰਨ ਮਾਰ ਦਿੱਤਾ। ਬੱਸ ਧੂੜ ਉਡਾਉਂਦੀ ਅੱਡੇ ’ਤੇ ਪਹੁੰਚ ਵੀ ਗਈ ਸੀ। ਕੰਮ ਦਾ ਮਹੀਨਾ ਹੋਣ ਕਾਰਨ ਬੱਸ ਖਾਲੀ ਵਾਂਗ ਹੀ ਸੀ, ਟਾਂਵੀਆਂ—ਟੱਲੀਆਂ ਸਵਾਰੀਆਂ ਹੀ ਸੀ। “ਚੰਗਾ ਅਮਲੀਆ।” ਘੂਤਰ ਧੋਤੀ ਦਾ ਪੱਲਾ ਬੋਚਦਾ ਬੱਸ ’ਤੇ ਚੜ੍ਹ ਗਿਆ। ਜਗਤੂ ਦੇ ਵੇਖਦਿਆਂ ਹੀ ਬੱਸ ਕੂਹਣੀ ਮੋੜ ਮੁੜ ਗਈ। ਹੱਥ 'ਚ ਤੂਤ ਦੀ ਛਮਕੀ ਫੜ ਕੇ ਜਗਤੂ ਦੁੱਲੇ ਵੱਲ ਚੱਲ ਪਿਆ। ਉਸਨੇ ਦੂਰੋਂ ਹੀ ਆਵਾਜ਼ ਮਾਰੀ — “ਉਏ ਦੁਲਿਆ, ਘਰੀਂ ਐਂ ?” “ਘਰੀਂ ਆਂ। ਨੰਘਿਆ, ਕਿੱਧਰੇ ਨੀ ਤੇਰੀ ਘੱਗਰੀ ਅੜਦੀ।” ਉਹ ਮਿਰਚਾਂ ਰਗੜ ਕੇ ਹਟਿਆ ਸੀ। “ਮੇਰੀ ਤਾਂ ਜਮਾਂ ਈ ਬੱਸ ਹੋਈ ਪਈ ਐ।” “ਉਏ ਤੇਰੇ ਕੀ ਕੋਹੜ ਚੱਲਿਐ ?” “ਨਸ਼ਾ ਜਮਾਂ ਈ ਮੁੱਕਿਆ ਪਿਐ। ਜਨਕਾ ਬੀ ਨੀ ਮਿਲਿਆ, ਲੱਗਦੈ ਉਹ ਬੀ ਮੰਡੀ ਵਾਗਿਆ।” “ਮੇਰੇ ਪੁੱਤ ਦੀ ਢੀਚੂੰ—ਢੀਚੂੰ ਕਰੀ ਜਾਂਦੀ ਐ। ਹੁਣ ਹੱਲ।” ਦੁੱਲਾ ਟੁੱਟੀ ਜਿਹੀ ਪਲੂੰਘੜੀ ਦੀ ਦੌਣ ਕਸਣ ਲੱਗਾ ਪਿਆ ਸੀ।ਉਸਨੇ ਆਪਣਾ ਖੱਬਾ ਪੈਰ ਮੰਜੀ ਦੀ ਬਾਹੀ ਨਾਲ ਲਾ ਕੇ ਜ਼ੋਰ ਦੀ ਰੱਸੀ ਖਿੱਚੀ। “ਮਾਂ ਦਿਆ ਪੁੱਤਾ ! ਮੰਜੀ ਤਾਂ ਕਸ ਕੇ ਢੋਲਕੀ ਵਰਗੀ ਕਰਤੀ। ਹੁਣ ਮੈਨੂੰ ਵੀ ਕਸ ਦੇ।” ਜਗਤੂ ਨੂੰ ਆਪਣੀ ਫਿਕਰ ਪਈ ਸੀ। “ਉਏ ਸਬਰ ਤਾਂ ਕਰ, ਮੈਂ ਕੱਢਦੈਂ ਕਿੱਧਰੋਂ ।” ਦੁੱਲਾ ਮੰਜੀ ਕਸ ਕੇ ਅੰਦਰ ਚਲਾ ਗਿਆ। ਜਗਤੂ ਦੀ ਨਜ਼ਰ ਚਾਰੇ ਪਾਸੇ ਘੁੰਮਦੀ ਅਚਾਨਕ ਵਿਹੜੇ 'ਚ ਨਿੰਮ ਤੇ ਲੱਗੇ ਛੱਤੇ ’ਤੇ ਗਈ — “ਵਾਹ ਬਈ ਵਾਹ ! ਮੇਰੇ ਪੁੱਤ ਦਾ ਕਿੱਡਾ ਵੱਡੈ।” ਜਗਤੂ ਛੱਤਾ ਦੇਖ ਕੇ ਦੰਗ ਰਹਿ ਗਿਆ। “ਤੂੰ ਮੇਰੀ ਮੈਂ ਤੇਰਾ, ਭੁੱਲ ਨਾ ਜਾਂਈਂ ਤੂੰ।” ਦੁੱਲਾ ਭੁੱਕੀ ਵਾਲਾ ਲਿਫ਼ਾਫ਼ਾ ਚੁੰਮਦਾ ਆਉਂਦਾ ਸੀ। “ਬਈ ਅਮਲੀਆ, ਹੁਣ ਤਾਂ ਦਿਨੇ ਤਾਰੇ ਦੀਣ੍ਹਗੇ।” ਜਗਤੂ ਨੇ ਮੁੱਛ ਮਰੋੜੀ। “ਲੈ ਬਈ, ਵੱਡੇ ਭਾਈ ! ਮਸਾਂ ਲੱਭ ਕੇ ਲਿਆਂਦੀ ਐ। ਤੇਰੇ ਕਨੀਂ ਪਹਿਲਾਂ ਵੀ ਅਧਾਰ ਪਈ ਐ।” “ਕੋਈ ਨਾ ਦੁੱਲਿਆ, ਤੇਰੀਆਂ ’ਦਾਰਾਂ ਸਾਰੀਆਂ ਮੋੜਦੂੰ। ਬਸ ਉਹ ਸੰਧੂਆਂ ਦੀ ਮੋਟਰ ਮੇਰੇ ਡਿੱਕੇ ਚੜਜੇ।” “ਤੂੰ ਕਿੱਥੇ ਵੇਖੀ ਐ ?” ਮੋਟਰ ਦਾ ਨਾਂ ਸੁਣ ਕੇ ਦੁੱਲੇ ਦੇ ਕੰਨ ਖੜ੍ਹੇ ਹੋ ਗਏ। “ਮੇਰੇ ਸਹੁਰੇ ਦੀ ਰਾਹ ’ਤੇ ਪਈ ਐ।” “ਫਿਰ ਰਾਤ ਨੂੰ ਹਮਲਾ ਕਰਾਂਗੇ।” “ਹੁਣ ਚਾਹ ਦੀ ਘੁੱਟ ਵੀ ਬਣਾਲੈ। ਸਰੀਰ ’ਚ ਜਾਨ ਜੀ ਪੈਜੂ।” ਜਗਤੂ ਨੇ ਭੁੱਕੀ ਦਾ ਫੱਕਾ ਮਾਰਦਿਆਂ ਚਾਹ ਦੀ ਇੱਛਾ ਜਤਾਈ। “ਕਿਉਂ, ਦੁੱਧ ਦੀ ਬਾਲਟੀ ਲੈ ਕੇ ਆਇਐਂ ?” ਦੁੱਲੇ ਨੇ ਸੱਜੇ ਹੱਥ ਨਾਲ ਗਿੱਚੀ ਖੁਰਕਦਿਆਂ, ਜਗਤੂ ਨੂੰ ਝਾੜ ਪਾਈ। “ਅੱਡ ਹੋਣ ਆਲ਼ੀਆਂ ਗੱਲਾਂ ਨਾ ਕਰ। ਆਪਾਂ ਪੁਰਾਣੇ ਆੜੀ ਆਂ।” ਜਗਤੂ ਉਸ ਦੇ ਖਹਿੜੇ ਪੈ ਗਿਆ। ਸੱਚਮੁੱਚ ਹੀ ਦੁੱਲੇ ਤੇ ਜਗਤੂ ਦੀ ਜੋੜੀ ਪੰਦਰ੍ਹਾਂ—ਵੀਹ ਸਾਲ ਪੁਰਾਣੀ ਸੀ, ਜਦੋਂ ਉਹ ਦੋਵੇਂ ਨਹਾ—ਧੋ, ਕੁੜਤਾ—ਚਾਦਰਾ ਪਾ ਕੇ ਪੈਦਲ ਤਲਵੰਡੀ ਸਾਬੋ, ਵਿਸਾਖੀ ਦਾ ਮੇਲਾ ਵੇਖਣ ਗਏ ਸੀ। ਦੋਵਾਂ ਨੇ ਮੇਲੇ ’ਚੋਂ ਪੰਜ ਰੁਪਏ ਦੀਆਂ ਜਲੇਬੀਆਂ ਖਾਧੀਆਂ। ਤੁਰ—ਫਿਰ ਕੇ ਬਾਜ਼ਾਰ ਵੇਖਿਆ । ਢਾਡੀ ਜਥੇ ਵਾਲ਼ਿਆਂ ਤੋਂ ਗੁਰੂ ਦੀਆਂ ਵਾਰਾਂ ਵੀ ਸੁਣੀਆਂ। ਛੋਟੇ ਸਾਹਿਬਜ਼ਾਦਿਆਂ ਦਾ ਕਿੱਸਾ ਸੁਣ ਕੇ ਜਗਤੂ ਤਾਂ ਭਾਵੁਕ ਹੋ ਗਿਆ। “ਬੱਲੇ ! ਬੱਲੇ !! ਸ਼ੋਟੇ—ਸ਼ੋਟੇ ਬੱਚਿਆਂ ਦੀ ਐਡੀ ਵੱਡੀ ਕਰਬਾਨੀ !” ਅਗਲੇ ਦਿਨ ਦੋਵੇਂ ਮੱਥਾ ਟੇਕ ਕੇ, ਲੰਗਰ ਛਕ ਕੇ ਹੀ ਹਟੇ ਸੀ ਕਿ ਮੇਲੇ ’ਚ ਰੌਲ਼ਾ ਪੈ ਗਿਆ। “ਓਧਰ ਨਾ ਜਾਇਓ ਉਏ...ਉਏ ਓਧਰ ਨਾ ਜਾਇਓ, ਬੰਦਾ ਮਾਰਤਾ ਉਏ।” ਸਿਰ ’ਤੇ ਮੂਕੇ ਲਪੇਟੀ ਸੀਂਗੋ ਦੇ ਜੱਟ ਆਪਸ ਵਿੱਚ ਲੜ ਪਏ। ਕਬਜ਼ੇ ਵਾਲੀ ਜ਼ਮੀਨ ਕਾਰਨ ਉਨ੍ਹਾਂ ਦੀ ਪੁਰਾਣੀ ਬੈਂਸ ਸੀ। ਇੱਕ ਧਿਰ ਨੇ ਦੂਜੀ ਧਿਰ ਦੇ ਕੱਲੇ—ਕਹਿਰੇ ਬੰਦੇ ਨੂੰ ਤਕਾ ਲਿਆ। ਮਾਰ—ਮਾਰ ਗੰਡਾਸੇ ਸਿਰ ਧੜ ਤੋਂ ਅਲੱਗ ਕਰ ਦਿੱਤਾ। ‘ਲ਼ਾਲ਼ਾ—ਲ਼ਾਲ਼ਾ’ ਹੁੰਦੀ ਵੇਖ ਕੇ ਜਗਤੂ ਆਖਣ ਲੱਗਾ— “ਦੁੱਲਿਆ, ਭੱਜ ਲੈ ਸਾਲਿਆ, ਕੀ ਮੰਗਦੈਂ !” ਜਗਤੂ ਦੇ ਆਖਣ ਦੀ ਹੀ ਦੇਰ ਸੀ, ਦੋਵੇਂ ਪਿੰਡ ਨੂੰ ਚੱਲ ਪਏ । “ਚੌਥੇ ਮੈਨੂੰ ਬਘੇਲ ਮਿਲਿਆ ਸੀ।” ਦੁੱਲੇ ਨੇ ਵਾਪਸੀ ’ਤੇ ਆਉਂਦੇ ਸਮੇਂ ਜਗਤੂ ਨਾਲ ਗੱਲ ਸਾਂਝੀ ਕੀਤੀ। “ਕੀ ਕਹਿੰਦਾ ?” “ਸੀਰ ਲਾਉਣੈ, ਤਾਂ ਰੈਅ ਕਰਕੇ ਦੱਸ ਦੇਈਂ।” “ਚਲ ਜੇਠ ਦੀ ਮੰਡੀ ’ਤੇ ਬਘੇਲ ਦੇ ਕੌਲਾ—ਬਾਟੀ ਧਰਾਂਗੇ।” ਮੇਲੇ ਤੋਂ ਪਰਤੇ ਤਾਂ ਦੋਵਾਂ ਨੇ ਮਨ ਬਣਾ ਲਿਆ। ਦੋਵੇਂ ਬਘੇਲ ਦੇ ਸੀਰੀ ਰਲ ਗਏ। ਸਾਰੀ ਲਿਖਤ—ਪੜ੍ਹਤ ਹੋ ਗਈ। ਜਗਤੂ ਤਾਂ ਟੱਬਰ—ਟੀਹਰ ਵਾਲਾ ਸੀ। ਦੁੱਲਾ ਸੀ ਲੰਡਾ—ਚਿੜਾ। ਉਸਦੇ ਨਾ ਕੋਈ ਰੰਨ ਸੀ ਨਾ ਕੰਨ। ਉਹ ਤਾਂ ਆਪ ਆਖਦਾ ਹੈ— “ਨੂੰਹ ਲਿਔਣੀ ਨੀ ਤੇ ਕੁੜੀ ਵਿਅੌਂਣੀ ਨੀ।” ਦੋਵੇਂ ਸੁਵੱਖਤੇ ਹੀ ਬਾਬੇ ਦੇ ਬੋਲਣ ਸਾਰ ਕੰਮ ’ਤੇ ਚਲੇ ਜਾਂਦੇ। ਬਘੇਲ ਦੇ ਘਰੋਂ ਚਾਹ ਦੇ ਕੌਲੇ ਭਰ ਦਿੰਦੀ। ਚਾਹ ਪੀਣ ਤੋਂ ਬਾਅਦ ਦੋਵੇਂ ਆਪਣੇ ਟਿਕਾਣਿਆਂ ’ਤੇ ਕੌਲੇ ਰੱਖ ਦਿੰਦੇ ਤੇ ਖੇਤਾਂ 'ਚ ਹੱਡ—ਭੰਨਵੀਂ ਮਿਹਨਤ ਕਰਦੇ। ਨਤੀਜਾ ਇਹ ਕਿ ਬਘੇਲ ਦੀ ਫਸਲ ਪਿੰਡ 'ਚੋਂ ਮੰਨੀ ਜਾਣ ਲੱਗੀ। ਸੱਥਾਂ ਵਿੱਚ ਗੱਲਾਂ ਹੁੰਦੀਆਂ— “ਬਈ, ਬਘੇਲੇ ਦਾ ਨਰਮਾ ਤਾਂ ਟੀਂਡਿਆਂ ਨਾਲ ਲੱਦਿਐ ਪਿਐ।” “ਹੈਗੇ ਨੇ ਬਘੇਲ ਦੇ ਦੋ ਕਾਮੇ ਬਲਦ, ਜਗਤੂ ਤੇ ਦੁੱਲਾ।” ਜਗਤੂ ਨੇ ਸੀਰ ਛੱਡਿਆ ਤਾਂ ਬਘੇਲ ਦੇ ਘਰ ਹੀ ਨੇਕੀ ਦਾ ਸੀਰ ਪੱਕਾ ਕਰ ਦਿੱਤਾ।

ਸੱਤ

ਵਾਢੀ ਦਾ ਕੰਮ ਪੂਰੇ ਜ਼ੋਰਾਂ ’ਤੇ ਸੀੇ। ਕਣਕ ਵੀ ਵੱਢਲੋ—ਵੱਢਲੋ ਕਰਦੀ ਸੀ। ਕੰਮ ਦਾ ਖਿਲਾਰਾ ਪਿਆ ਹੋਇਆ ਸੀ। ਸੀਤਾ ਪੱਠਿਆਂ ਨੂੰ ਰੌਣੀ ਕਰਨ ਲਈ, ਬਘੇਲ ਤੋਂ ਮੋਟਰ ਦਾ ਪਾਣੀ ਪੁੱਛਣ ਆਇਆ ਤਾਂ ਬਘੇਲ ਨੇ ਸੀਤੇ ਜੁਗਾੜੀ ਨਾਲ ਗੱਲ ਸਾਂਝੀ ਕੀਤੀ— “ਸੀਤਾ ਸਿਆਂ, ਦਿਆੜ੍ਹੀਏ ਕੰਮ ਕਰਕੇ ਰਾਜੀ ਨੀ, ਕੋਈ ਸਕੀਮ ਤਾਂ ਦੱਸ।” “ਵੱਡੇ ਭਾਈ, ਤੂੰ ਤਾਂ ਕਮਲ਼ੈਂ , ਤੜਕੀ ਦੋ—ਦੋ ਚਮਚੇ ਖਵਾ ਦਿਆ ਕਰ, ਫੇਰ ਦੇਖੀਂ ਕੰਮ ਦੇ ਵਰੋਲੇ ਠਾਅ ਦੇਣਗੇ।” ਕਹੀ ਨੱਕਾ ਆਪਣੇ ਖੇਤ ਨਾਲ ਵੱਲ ਬਦਲਦਾ ਸੀਤਾ ਬੋਲਿਆ। “ਸੋਚਦਾ ਤਾਂ ਮੈਂ ਵੀ ਆਹੀ ਸੀ, ਮੈਂ ਤਾਂ ਸੀਤਾ ਸਿਆਂ ਤੇਰਾ ਦਿਮਾਗ ਦੇਖਦਾ ਸੀ।” ਬੱਸ ਫੇਰ ਕੀ ਸੀ ? ਬਘੇਲ ਨੇ ਨੇਕੀ ਦੇ ਹੱਥ ਸੁੱਚੇ ਬਲੈਕੀਏ ਨੂੰ ਸੱਦਾ ਭੇਜਿਆ। ਬਘੇਲ ਦੀ ਵੱਡੇ ਸਾਹਬ ਨਾਲ ਵਧੀਆ ਲਿਹਾਜ਼ ਹੋਣ ਕਾਰਨ, ਪਿੰਡ ’ਚ ਅਫੀਮ—ਭੁੱਕੀ ਦਾ ਧੰਦਾ ਲੈ—ਦੇ ਕੇ ਚੱਲਦਾ ਹੈ। ਸਾਰਿਆਂ ਤੋਂ ਮਹੀਨਾ ਇਕੱਠਾ ਕਰ ਕੇ ਬਘੇਲ ਆਪ ਦੇ ਕੇ ਆੳਂੁਦਾ ਹੈ। ਅੱਧੇ ਘੰਟੇ ਬਾਅਦ ਸੁੱਚੇ ਬਲੈਕੀਏ ਨੇ ਬਘੇਲ ਦਾ ਕਾਲੇ ਰੰਗ ਦਾ ਵੱਡਾ ਗੇਟ ਜਾ ਖੜਕਾਇਆ। “ਹੋਰ ਬਘੇਲ ਸਿੰਘ ਜੀ, ਕੀ ਹਾਲੇ—ਬਾਲੇ ਨੇ ?” “ਠੀਕ ਐ ਸੁੱਚਿਆ।” “ਨੇਕੀ ਨੂੰ ਕਿਵੇਂ ਘੱਲਿਆ ਸੀ ?” “ਹਾੜ੍ਹੀ ਆਉਂਦੀ ਐ। ਤੂੰ ਆਪ ਸਿਆਣੈ। ਕਾਮਿਆਂ ਵਾਸਤੇ ਮਾਲ—ਪੱਤੇ ਦੀ ਲੋੜ ਐ।” “ ਨੇਕੀ ਨੂੰ ਭੇਜ ਦੇਸੀਂ। ਮੈਂ ਵੱਡਾ ਪੈਕਟ ਫੜਾ ਦਿਆਂਗਾ।” ਸੁੱਚਾ ਬਘੇਲ ਦਾ ਇਸ਼ਾਰਾ ਸਮਝ ਗਿਆ। ਸੁੱਚਾ ਉੱਠ ਕੇ ਜਾਣ ਲੱਗਿਆ ਤਾਂ ਬਘੇਲ ਬੋਲਿਆ— “ਤਰੀਕ ਨੇੜੇ ਲੱਗੀ ਜਾਂਦੀ ਐ, ਸੁੱਚਾ ਸਿਆਂ।” “ਬਘੇਲ ਸਿੰਘ ਜੀ, ਅਸੀਂ ਥੋਡੇ ਤੂੰ ਬਾਹਰ ਤੇ ਨੀ। ਕੋਈ ਨਾ ਕਰ ਲੈਸੀਂ।” ਸੁੱਚਾ ਵੀ ਜਾਣਦਾ ਸੀ, ਜੇ ਮਹੀਨਾ ਨਾ ਦਿੱਤਾ ਤਾਂ ਸਾਰਾ ਕੰਮ ਰੁਕ ਜਾਏਗਾ। ਨੇਕੀ ਸੁੱਚੇ ਦੇ ਨਾਲ ਜਾ ਕੇ ਕਿਲੋ—ਕਿੱਲੋ ਵਾਲੇ ਦੋ ਪੈਕਟ ਲੈ ਆਇਆ। “ਲੈ ਬਾਈ, ਦੋ ਪੈਟਕ ਦਿੱਤੇ ਨੇ।” ਨੇਕੀ ਨੇ ਦੋਵੇਂ ਪੈਕਟ ਬਘੇਲ ਨੂੰ ਫੜਾ ਦਿੱਤੇ। “ਤੂੰ ਤਾਂ ਚੱਲ ਖੇਤ, ਮੈਂ ਰੋਟੀ ਲੈ ਕੇ ਆਇਆ।” ਸੁਣਦਿਆਂ ਸਾਰ ਹੀ ਨੇਕੀ ਖੇਤ ਵੱਲ ਚੱਲ ਪਿਆ। ਅੱਧੇ ਘੰਟੇ ਬਾਅਦ ਹੀ ਬਘੇਲ ਰੋਟੀ ਲੈ ਕੇ ਖੇਤ ਪਹੁੰਚ ਗਿਆ। ਅੱਠ ਵਜੇ ਤਕ ਬਾਰਾਂ ਕਾਮਿਆਂ ਨੇ ਅੱਧਾ ਕਿੱਲਾ ਵੱਢ ਦਿੱਤਾ। “ਹਲਾ ਉਏ .... , ਹਲਾ ਉਏ ... , ਚਲ ਉਏ ਸੂਲਿਆ ..., ਚਲ ਉਏ ਰੂਪਿਆ।” ਕਾਮੇ ਲਲਕਾਰ—ਲਲਕਾਰ ਕੇ ਕਣਕ ਵੱਢ ਰਹੇ ਸੀ। “ਆਜੋ ਬਈ ਭਗਤੋ, ਰੋਟੀ ਖਾ ਲੋ।” ਟਾਹਲੀ ਹੇਠ ਖੜ੍ਹੇ ਬਘੇਲੇ ਨੇ ਕਾਮਿਆਂ ਨੂੰ ਆਵਾਜ਼ ਮਾਰੀ। ਆਵਾਜ਼ ਸੁਣਦਿਆਂ ਹੀ ਸਵੇਰ ਦੇ ਢਿੱਡੋਂ ਭੁੱਖੇ ਕਾਮਿਆਂ ਦੀ ਜਾਨ 'ਚ ਜਾਨ ਆਈ। “ਹੁਹ ....ਬਲੇ......।” ਦਾਤੀਆਂ ਮੋਢਿਆਂ ’ਤੇ ਰੱਖ, ਗੋਡਿਆਂ ’ਤੇ ਹੱਥ ਰੱਖਦੇ ਹੋਏ ਕਾਮੇ ਉੱਠ ਖੜ੍ਹੋਤੇ। ਟਾਹਲੀ ਦੀ ਸੰਘਣੀ ਛਾਂ ਹੇਠ ਆ ਬੈਠੇ। ਬਘੇਲ ਵਾਣ ਦੀ ਮੰਜੀ ਡਾਹੀ ਬੈਠਾ ਸੀ। ਕਈ ਕਾਮੇ ਉਹਲਾ—ਛਪੋਲਾ ਵੇਖ ਕੇ ਪਿਸ਼ਾਬ ਕਰਨ ਚਲੇ ਗਏ। “ਕੰਮ ਦੇ ਟੈਮ 'ਚ, ਮੇਰੇ ਪੁੱਤ ਦਾ ਮੂਤ ਵੀ ਤਹਾਂ ਚੜ੍ਹ ਜਾਂਦੈ।” ਰੂਪੇ ਨੇ ਕੇਸਰੀ ਪਜਾਮੇ ਦਾ ਨਾਲਾ ਬੰਨ੍ਹ ਕੇ ਵਿੱਚ ਥੁੰਨਦਿਆਂ ਨਾਲ ਬੈਠੇ ਸੂਹਲੇ ਨੂੰ ਕਿਹਾ। “ਬਾਈ, ਗਰਮੀ ’ਚ ਮੁੜਕਾ ਵੱਧ ਆਉਂਦੈ। ਮੂਤ ਨੇ ਤਾਂ ਤਹਾਂ ਚੜ੍ਹਨਾ ਈ ਹੋਇਆ।” ਸੂਹਲੇ ਦੀ ਗੱਲ ਸੁਣ ਕੇ ਰੂਪਾ ‘ਹੀਂ ....ਹੀਂ....’ ਕਰ ਕੇ ਹੱਸਿਆ। ਉਸਦੇ ਕਰੇੜੇ ਨਾਲ ਪੀਲ਼ੇ ਹੋਏ ਦੰਦ ਦਿਖਾਈ ਦਿੱਤੇ। ਬਘੇਲ ਨੇ ਰੋਟੀਆਂ ਵਰਤਾਉਣੀਆਂ ਸ਼ੁਰੂ ਕਰ ਦਿੱਤੀਆਂ। ਸਾਰੇ ਕਾਮੇ ਦੋਵੇਂ ਹੱਥ ਜੋੜ ਕੇ ਅੱਗੇ ਕਰਦੇ ਗਏ ਤੇ ਬਘੇਲ ਨੇ ਦੋ—ਦੋ ਰੋਟੀਆਂ ਤੇ ਤਿੰਨ ਭਾਂਤਾ ਅਚਾਰ ਸਭ ਨੂੰ ਵੰਡ ਦਿੱਤਾ। ਰਾਇ ਸਿੱਖਾਂ ਦਾ ਮਿੰਦੀ ਤਾਂ ਵੱਡੀਆਂ ਬੁਰਕੀਆਂ ਬਣਾ ਕੇ ਸਾਰਿਆਂ ਤੋਂ ਪਹਿਲਾਂ ਹੀ ਰੋਟੀਆਂ ਖਾ ਗਿਆ। “ਦੋ ਮੰਨੀਆਂ ਹੋਰ ਦੇ,ਹਾਲੀ ਤੇ ਮੁੜ ਗੱਲ ਈ ਨੀ ਬਣੀ।” ਬਘੇਲ ਨੇ ਦੋ ਰੋਟੀਆਂ ਫਿਰ ਮਿੰਦੀ ਦੇ ਹੱਥ ’ਤੇ ਰੱਖ ਦਿੱਤੀਆਂ। ਸਭ ਨੇ ਰੋਟੀ ਖਾ ਲਈ। “ਬਾਈ ਮਸਾਲਾ ਤਾਂ ਲਿਔਣਾ ਸੀ।” ਦੰਦਾਂ ’ਚ ਟਾਹਲੀ ਦਾ ਬਰੀਕ ਡੱਕਾ ਮਾਰਦਾ, ਇੱਕ ਐਬੀ ਕਾਮਾ ਬੋਲਿਆ। ਬਘੇਲ ਟਾਹਲੀ ਦੀ ਖੂੰਘੀ *ਤੇ ਟੰਗਿਆਂ ਖੱਦਰ ਦਾ ਝੋਲ਼ਾ ਉਤਾਰਨ ਲੱਗਾ। “ਟਾਲ੍ਹੀ ਦਾ ਪੋਰਾ ਤਾਂ ਤਕੜਾ ਬਣੂ, ਬਾਈ।” ਰੂਪੇ ਨੇ, ਝੋਲ਼ੇ ਦੀ ਰਿਸਕਵੀਂ ਗੰਢ ਨੂੰ ਆਪਣੇ ਦੰਦਾਂ ਨਾਲ ਖੋਲ੍ਹਦੇ ਹੋਏ, ਬਘੇਲ ਨੂੰ ਕਿਹਾ, ਪਰ ਬਘੇਲ ਨੇ ਗੱਲ ਅਣਸੁਣੀ ਕਰ ਦਿੱਤੀ। “ਲਉ ਵੀ ਸੱਜਣੋਂ, ਮਾਰੋ ਪਾਣੀ ਨਾਲ ਫੱਕੇ।” ਬਘੇਲ ਨੇ ਭੁੱਕੀ ਵਾਲਾ ਲਿਫ਼ਾਫ਼ਾ ਸਾਰਿਆਂ ਦੇ ਅੱਗੇ ਕਰ ਦਿੱਤਾ। “ਹੁਣ ਤੇ ਸਰਦਾਰ ਜੀ, ਕਨਕ ਵੀ ਮੂਹਰੇ ਮੂਹਰੇ ਭੱਜਸੀਂ।” ਮਿੰਦੀ ਨੇ ਦੋ ਚਮਚੇ ਖਾ ਕੇ ਲਿਫਾਫਾ ਅਗਲੇ ਕਾਮੇ ਮੂਹਰੇ ਕਰ ਦਿੱਤਾ। “ਥੋਡਾ ਆਪਣਾ ਕੰਮ ਐ। ਬੱਸ ! ਚੱਕ ਦੋ ਫੱਟੇ।” ਬਘੇਲ ਨੇ ਸਾਰੇ ਕਾਮਿਆਂ ਨੂੰ ਫੂਕ ਛਕਾਉਣ ਵਾਲਾ ਕੰਮ ਕੀਤਾ। ਬਸ ਫਿਰ ਕੀ ? ਕਾਮੇ ਫਿਰ ਤਾਂ ਇੱਕ—ਦੂਜੇ ਤੋਂ ਅੱਗੇ ਨਿਕਲ—ਨਿਕਲ ਜਾਣ। ਸ਼ਾਮ ਢਲਣ ਤੋਂ ਪਹਿਲਾਂ ਬਾਰ੍ਹਾਂ ਜਣਿਆਂ ਦੀ ਟੋਲੀ ਨੇ ਢਾਈ ਕਿੱਲੇ ਵੱਢ ਕੇ ਭਰੇ੍ਹ ਪਾ ਦਿੱਤੇ। ਸਾਰਾ ਦਿਨ ਅੱਗ ਡੇਗਦਾ ਸੂਰਜ ਪੱਛਮ ਵੱਲ ਹੌਲ਼ੀ—ਹੌਲ਼ੀ ਹੇਠਾਂ ਉੱਤਰਦਾ ਵਿਖਾਈ ਦਿੱਤਾ। “ਚਲੋ ਬਈ ਮੁੰਡਿਓ ! ਬਹੁਤ ਕੰਮ ਨਿਬੜ ਗਿਆ।” ਬਘੇਲ ਨੇ ਵੇਖਿਆ ਕਿ ਦਿਹਾੜੀਦਾਰਾਂ ਨੇ ਪੂਰਾ ਇੱਕ ਘੰਟਾ ਵੱਧ ਲਾ ਕੇ ਕਾਫ਼ੀ ਕੰਮ ਨਿਬੇੜ ਦਿੱਤਾ ਸੀ। “ਚਲੋ ਬਈ।” ਸੂਹਲੇ ਨੇ ਲੱਕ ’ਤੇ ਹੱਥ ਧਰ ਕੇ ਜਿੱਥੇ ਤਕ ਨਜ਼ਰ ਜਾ ਸਕਦੀ ਸੀ, ਨਜ਼ਰ ਮਾਰੀ। ਦਿਨਾਂ ’ਚ ਹੀ ਕਣਕਾਂ ਵੱਢੀਆਂ ਗਈਆਂ। ਦੂਰ ਤੱਕ ਨਜਰ ਮਾਰੀਏ ਤਾਂ ਸਾਰੇ ਵੱਢ ਖਾਲੀ ਹੋ ਗਏ। ਕਿਤੇ—ਕਿਤੇ ਕਣਕ ਦੇ ਭਰ੍ਹੇ ਬੰਨ੍ਹੇ ਵੀ ਨਜਰ ਆ ਰਹੇ ਸੀ। ਇੱਕ—ਦੋ ਖੇਤਾਂ ’ਚ ਖਲ੍ਹੀਆਂ ਵੀ ਲੱਗੀਆਂ ਪਈਆਂ ਸੀ। ਪਛੇਤੀ ਕਣਕ ਹੀ ਵੱਢਣ ਤੋਂ ਰਹਿ ਗਈ ਸੀ। “ਆਜਾ ਹੁਣ, ਪੀਣਕ ਈ ਲਾ ਲੀ। ਸਾਰੇ ਘਰਾਂ ਨੁੰ ਚੱਲਪੇ।” ਰੂਪੇ ਨੇ ਵੇਖਿਆ, ਮੋਢਿਆਂ ਤੇ ਦਾਤੀਆਂ ਟੰਗੀ ਕਾਮੇ ਘਰਾਂ ਨੂੰ ਚੱਲ ਪਏ ਸੀ। “ਅਹੁ ਕਿਹੜੇ ਨੇ ਉਏ, ਸਿਆਣ ਚੀ ਨੀ ਆਉਂਦੇ ?” ਸੂਹਲੇ ਨੂੰ ਦੋ ਕਿੱਲੇ ਦੂਰ, ਪਹੀ ਤੇ ਜਾਂਦੇ ਕਾਮੇ ਪਛਾਣ ’ਚ ਨਾ ਆਏ। “ਮੇਰੇ ਤਾਂ ਆਪ ਸਿਆਣ ਚ ਨੀ ਆਏ।” ਰੂਪੇ ਨੇ ਵੀ ਅੱਖਾਂ ਤੇ ਜ਼ੋਰ ਪਾਇਆ ਪਰ ਧੂੜ ਦੇ ਲਿੱਬੜੇ ਕਾਮੇ ਹੋਰ ਅੱਗੇ ਲੰਘ ਗਏ। “ਮੂੰਹ ਤੇ ਲਿੱਬੜੇ ਪਏ ਨੇ, ਕਾਲੇ ਸਿਆਹ ਹੋਏ ਪਏ ਨੇ।” ਮਿੰਦੀ ਨੇ ਵੀ ਦੂਰ ਤੱਕ ਨਜਰ ਮਾਰੀ। ਪੱਠਿਆਂ ਦੀਆਂ ਰੇਹੜੀਆਂ, ਕੱਖਾਂ ਦੀ ਪੰਡਾਂ ਜਾਂ ਭਾਂਡਿਆਂ ਵਾਲੇ ਟੋਕਰੇ ਵਾਲੀਆਂ ਜਨਾਨੀਆਂ ਤੇਜ਼ੀ ਨਾਲ ਘਰਾਂ ਵੱਲ ਵਗੀਆਂ ਜਾਂਦੀਆਂ ਸੀ। “ਬਹੁਤ ਕੰਮ ਨਬੇੜ ’ਤਾ ਬਈ।” ਬਘੇਲ ਨੇ ਟਾਹਲੀ ਹੇਠ ਆਪਣਾ ਸਮਾਨ ਕੱਠਾ ਕਰਦੇ ਕਾਮਿਆਂ ਦੀ ਫੋਕੀ ਪ੍ਰਸੰਸਾ ਕਰਨੀ ਜ਼ਰੂਰੀ ਸਮਝੀ। ਨੇਕੀ ਨੇ ਆਪਣੇ ਸੱਜੇ ਪੈਰ ਦਾ ਫਿੱਡਾ ਕੱਢਿਆ ਤੇ ਦਾਤੀ ਦੇ ਮੁੱਠੇ ਨਾਲ ਜ਼ੋਰ ਦੀ ਝਾੜਿਆ । ਉਸ ਵਿੱਚ ਰੋੜ ਫਸ ਗਿਆ ਸੀ। ਢਲ਼ੀ ਸ਼ਾਮ ਨੂੰ ਸਾਰੇ ਕਾਮੇ ਘਰਾਂ ਨੂੰ ਚੱਲ ਪਏ। “ਮੇਰੇ ਪੁੱਤਾਂ ਦੀ ਆਹ ਕਦ ਵੱਢਤੀ ?” ਰੂਪੇ ਨੇ ਸੂਏ ਦੇ ਨਾਲ ਲੱਗਦੇ, ਅਮਰੀਕ ਸੰਧੂ ਦੇ ਦਸ ਕਿੱਲਿਆਂ ਦੇ ਕੱਠੇ ਟੱਕ ਦੀ ਗੱਲ ਛੇੜੀ। “ਤੜਕੀ ਤਾਂ ਚੰਗੀ ਭਲੀ ਖੜ੍ਹੀ ਸੀ।” ਸੂਹਲੇ ਨੂੰ ਯਾਦ ਆਇਆ, ਸਵੇਰੇ ਆਉਣ ਵੇਲੇ ਕਣਕ ਲਹਿਰਾ ਰਹੀ ਸੀ। “ਕਪੈਨ ਨੂੰ ਕੀ ਟੈਮ ਲੱਗਦੈ। ਦਿਨੇ ਗੇੜਾ ਦੇਗੀ ਹੋਣੀ।” ਰੂਪੇ ਹੋਰਾਂ ਦੇ ਨਾਲ ਆਉਂਦਾ ਨੇਕੀ ਵੀ ਉਨ੍ਹਾਂ ਦੀ ਗੱਲ ’ਚ ਬੋਲਿਆ। * * * ਥੱਕੇ ਤੇ ਹੰਭੇ ਹੋਏ ਜਸਵੰਤ ਤੇ ਰੁਲਦੂ ਹੋਰੀਂ, ਮੂੰਹ ਹਨ੍ਹੇਰੇ ਹੁਣੇ ਹੀ ਖੇਤੋਂ ਘਰ ਆਏ ਸੀ। ਦਿਹਾੜੀਏ ਸਿੱਧੇ ਘਰ ਹੀ ਚਲੇ ਗਏ। ਘੂਤਰ ਹਵੇਲੀ ’ਚੋਂ ਪਸ਼ੂਆਂ ਦੇ ਕਿੱਲੇ ਬਦਲ ਕੇ ਆਇਆ, ਤਾਂ ਪੁੱਛਣ ਲੱਗਾ— “ਕਿੰਨਾਂ ਕ ਕੰਮ ਨਬੇੜਤਾ, ਜਸਵੰਤ ?” “ਵਾਹਵਾ ਨਿੱਬੜ ਗਿਆ।” ਆਖ ਜਸਵੰਤ ਕੰਡ—ਭਰੇ ਕੱਪੜੇ ਉਤਾਰਨ ਲੱਗ ਪਿਆ। ਹਰਦੀਪ ਨੇ ਕੋਸੇ ਪਾਣੀ ਦੀ ਬਾਲਟੀ ਭਰ ਕੇ ਨਹਾਉਣ ਲਈ ਰੱਖ ਦਿੱਤੀ। ਰੁਲਦੂ ਰੋਟੀ ਆਉਣ ਤਕ ਮੰਜੇ ’ਤੇ ਬੈਠ ਗਿਆ। “ਹਰਦੀਪ ਭਾਈ, ਪਹਿਲਾਂ ਰੁਲਦੂ ਦੀ ਰੋਟੀ ਪਾ ਦੇ। ਬਾਕੀ ਕੰਮ ਫੇਰ ਕਰੀਂ।” ਘੂਤਰ ਵੀ ਜਾਣਦਾ ਸੀ— ‘ਰੁਲਦੂ ਲਈ ਬੈਠਣਾ ਹੁਣ ਮੁਸ਼ਕਲ ਐ, ਸਾਰੇ ਦਿਨ ਦਾ ਥੱਕਿਆ—ਟੁੱਟਿਆ ਪਿਐ।’ “ਲੈ ਜਾ ਬਾਪੂ, ਮੈਂ ਪਾ ’ਤੀ।” ਹਰਦੀਪ ਰਸੋਈ ’ਚੋਂ ਬੋਲੀ ਤਾਂ ਘੂਤਰ ਨੇ ਰੋਟੀ ਲਿਆ ਕੇ ਰੁਲਦੂ ਨੂੰ ਫੜਾ ਦਿੱਤੀ। ਰੋਟੀ ਲੈ ਕੇ ਉਹ ਘਰ ਦੀ ਦੇਹਲ਼ੀ ਲੰਘ ਗਿਆ। ਜਸਵੰਤ ਨਹਾ ਕੇ ਰੋਟੀ ਖਾਣ ਹੀ ਲੱਗਿਆ ਸੀ, ਕੋਲ ਬੈਠਾ ਘੂਤਰ ਬੋਲ ਪਿਆ— “ ਸਕੂਲੋਂ ਸੁਨੇਹਾ ਆਇਆ ਸੀ ਸ਼ੇਰਾ, ਕੱਲ੍ਹ ਨੂੰ ਮੀਟੰਗ ਐ ਕੋਈ।” ਜਸਵੰਤ ਸਕੂਲ ਦੀ ਪੇਂਡੂ ਸਿੱਖਿਆ ਵਿਕਾਸ ਕਮੇਟੀ ਦਾ ਚੇਅਰਮੈਨ ਹੈ। ਪਿਛਲੇ ਸਾਲ ਜਦੋਂ ਕਮੇਟੀ ਦੀ ਚੋਣ ਹੋਈ ਤਾਂ ਬਥੇਰਾ ਝੱਜੂ ਪਿਆ । ਹਰ ਕੋਈ ਕਹਿੰਦਾ — “ਚੇਅਰਮੈਨੀ ਮੈਨੂੰ ਦਿਓ।” ਮਾਸਟਰ ਪਿਆਰਾ ਸਿੰਘ ਨੇ ਗੱਲ ਪਸਵਕ ਮੈਂਬਰਾਂ ਦੇ ਸਿਰ ਛੱਡ ਦਿੱਤੀ। ਕਹਿੰਦੇ — “ਭਾਈ ਉਹ ਬੰਦਾ ਬਣਾਓ, ਜਿਹੜਾ ਚਾਰ ਪੈਸੇ ਪੱਲਿਓਂ ਵੀ ਲਾਉਣ ਵਾਲਾ ਹੋਵੇ। ਸਕੂਲ ਲਈ ਸਮਾਂ ਵੀ ਕੱਢੇ। ਇੱਥੋਂ ਕੋਈ ਖਾਣ ਦਾ ਸਵਾਲ ਤਾਂ ਹੈ ਈ ਨਹੀਂ। ਦੋ ਪੈਸੇ ਕੋਲੋਂ ਤਾਂ ਭਾਵੇਂ ਲੱਗ ਜਾਣ।” ਸਾਰੇ ਜਸਵੰਤ ’ਤੇ ਰਾਜ਼ੀ ਹੋ ਗਏ। ਇਕੱਲਾ ਬਘੇਲ ਸਿੰਘ ਸਾਰਾ ਕੰਮ ਖਰਾਬ ਕਰਨ ਲੱਗਾ। ਚੇਅਰਮੈਨੀ ਲੈਣ ਲਈ ਉਸ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ। ਕਹਿੰਦਾ— “ਮੈਂ ਦਾਨੀ ਸੱਜਣ ਆਂ।” “ਦਾਨੀ ਸੱਜਣ ਨੂੰ, ਤੂੰ ਕਿਹੜਾ ਸਕੂਲ ਨੂੰ ਵਾਟਰ ਕੂਲਰ ਦਾਨ ਕਰਤਾ !” ਬਘੇਲ ਦੀ ਗੱਲ ਸੁਣ ਕੇ ਹਾਕਮ ਗਿੱਲ ਬੋਲ ਪਿਆ। ਹਾਕਮ ਸਕੂਲ ’ਚ ਹਰ ਸਾਲ ਛਿਟੀਆਂ ਡੇਗ ਕੇ ਜਾਂਦਾ ਹੈ। ਗਰਮੀਆਂ ਦੀ ਰੁੱਤ ’ਚ ਦੋ ਪੱਖੇ ਵੀ ਦਾਨ ਦਿੱਤੇ ਸੀ। ਹਾਕਮ ਦੀ ਗੱਲ ਸੁਣ ਕੇ ਬਘੇਲ ਦੇ ਹਮਾਇਤੀ ਉਸਦੇ ਮੁੱਕੀਆਂ ਮਾਰਨ ਤਕ ਜਾਣ। ਲ਼ਾਲ਼ਾ—ਲ਼ਾਲ਼ਾ ਹੋ ਗਈ। ਮੀਟਿੰਗ ਮੁਲਤਵੀ ਕਰ ਦਿੱਤੀ ਗਈ। ਅਗਲੇ ਦਿਨ ਜਸਵੰਤ ਹੋਰੀਂ ਜਾ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸਾਰੀ ਗੱਲ ਸਮਝਾ ਆਏ। ਜ਼ਿਲ੍ਹਾ ਸਿੱਖਿਆ ਅਫ਼ਸਰ ਆਪ ਵੀ ਆਏ। ਉਹਨਾਂ ਨੇ ਆਪ ਪਸਵਕ ਦੀ ਚੋਣ ਕਰਵਾਈ। ਬਘੇਲ ਸਿੰਘ ਤੇ ਲੀਹ ਪਾੜਾਂ ਦੇ ਟੀਟੂ ਨੇ ਆਪਣਾ ਬਥੇਰਾ ਜ਼ੋਰ ਲਾਇਆ। ਬਹੁਤੇ ਮੈਂਬਰ ਜਸਵੰਤ ਦੇ ਨਾਂ ’ਤੇ ਸਹਿਮਤ ਹੋ ਗਏ। ਕਹਿੰਦੇ — “ਚਲੋਂ ਫਿਰ ਵੀ ਅਗਾਂਹ ਵਧੂ ਸੋਚ ਵਾਲੈ। ਸਕੂਲ ਦੇ ਭਲੇ ਬਾਰੇ ਸੋਚੂ। ਹਾਕਮ ਨੂੰ ਵੀ ਛੱਡੋ ਤੇ ਬਘੇਲ ਨੂੰ ਵੀ, ਚੇਅਰਮੈਨੀ ਜਸਵੰਤ ਨੂੰ ਦਓ।” ਅੰਤ ਬਹੁਮਤ ਜਸਵੰਤ ਦੇ ਹੱਕ ਵਿੱਚ ਭੁਗਤ ਗਿਆ। ਮਾਸਟਰ ਪਿਆਰਾ ਸਿੰਘ ਜੀ ਵੀ ਬਹੁਤ ਖੁਸ਼ ਹੋਏ। ਆਖਣ ਲੱਗੇ— “ਚਲੋ, ਜਸਵੰਤ ਦਾ ਵੀ ਸਾਨੂੰ ਸੁਖ ਹੋ ਗਿਆ, ਅੰਦਰ—ਬਾਹਰ ਜਾਂਦਾ ਰਹਿੰਦੈ, ਸਕੂਲ ਦੇ ਕਈ ਕੰਮ ਤਾਂ ਜਸਵੰਤ ਆਪ ਹੀ ਕਰ ਆਇਆ ਕਰੂਗਾ।” ਸਕੂਲ ਦੇ ਵਿਕਾਸ ਲਈ ਪਿਆਰਾ ਸਿੰਘ ਆਪ ਵੀ ਜਸਵੰਤ ਨਾਲ ਫੋਨ ’ਤੇ ਗੱਲ ਕਰ ਲੈਂਦਾ ਹੈ।

ਅੱਠ

ਜਸਵੰਤ ਤਿਆਰ—ਬਰ—ਤਿਆਰ ਹੋ ਕੇ ਸਕੂਲ ਪਹੁੰਚ ਗਿਆ। ਅਧਿਆਪਕ ਜਮਾਤਾਂ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਸੀ। ਖੇਡ ਵਿਭਾਗ ਵਾਲੇ ਬੱਚੇ ਖੇਡ ਦੇ ਮੈਦਾਨ ’ਚ ਤਿਆਰੀ ਕਰ ਰਹੇ ਸੀ। ਉਸ ਨੇ ਤੱਕਿਆ, ਪੀ ਟੀ ਆਈ ਅਧਿਆਪਕ ਵਿਸਲ ਦੇ ਇਸ਼ਾਰੇ ਨਾਲ ਹੀ ਖਿਡਾਰੀਆਂ ਨੂੰ ਨੁਕਤੇ ਦੱਸ ਰਿਹਾ ਸੀ। ਕਬੱਡੀ ਤੇ ਵਾਲੀਵਾਲ ਦੇ ਖਿਡਾਰੀ ਸਵੈ—ਅਭਿਆਸ ਕਰਨ ਲੱਗੇ ਪਏ ਸੀ। ਜੂਪੇ ਦਾ ਮੁੰਡਾ ਤੋਤੀ ਸਾਰੇ ਮਾਸਟਰਾਂ ਨੂੰ ਪਾਣੀ ਪਿਲਾਉਂਦਾ ਫਿਰਦਾ ਸੀ। ਜਸਵੰਤ ਜਦੋਂ ਦਫ਼ਤਰ 'ਚ ਪਹੁੰਚਿਆ, ਮਾਸਟਰ ਜੀ ਦਫ਼ਤਰੀ ਕੰਮਾਂ 'ਚ ਰੁੱਝੇ ਹੋਏ ਸੀ। ਜਸਵੰਤ ਨੂੰ ਵੇਖਦਿਆਂ ਸਾਰ ਹੀ ਉੱਠ ਖੜੋਤੇ। “ਹੋਰ ਜਸਵੰਤ ਸਿੰਘ ਜੀ, ਠੀਕ—ਠਾਕ ?” “ਠੀਕ ਐ ਜੀ। ਮੇਹਰ ਐ ਵਾਹਿਗੁਰੂ ਦੀ।” ਜਸਵੰਤ ਅਜੇ ਮਾਸਟਰ ਜੀ ਨੂੰ ਮਿਲ ਕੇ ਬੈਠਿਆ ਹੀ ਸੀ, ਤੋਤੀ ਪਾਣੀ ਦੀ ਟਰੇਅ ਲੈ ਕੇ ਹਾਜ਼ਰ ਹੋ ਗਿਆ। “ਮਾਸਟਰ ਜੀ, ਬੱਚਿਆਂ ਤੋਂ ਨਾ ਕੰਮ ਕਰਾਇਆ ਕਰੋ। ਕੋਈ ਊਂ ਨਾ ਫੋਟੋ ਖਿੱਚ ਲੇ।” “ਕੀ ਕਰੀਏ ਜੀ ? ਪੋਸਟ ਤਾਂ ਖਾਲੀ ਪਈ ਐ। ਚਲੋ ਬੱਚੇ ਡੰਗਾ ਸਾਰੀ ਜਾਂਦੇ ਨੇ।” “ਬਘੇਲ ਤੋਂ ਬਚੋ ਜੀ। ਕਿਤੇ ਸ਼ਕੈਤ ਕਰਦੇ। ਭੂਸਰਿਆ ਫਿਰਦੈ।” “ਵੇਖੀ ਜਾਊ ਜੀ। ਫਿਰ ਥੋਡਾ ਕੀ ਫਾਇਦੈ।” “ਆਓ, ਪਹਿਲਾਂ ਤੁਹਾਨੂੰ ਗੇੜਾ ਲਵਾ ਕੇ ਲਿਆਵਾਂ।” ਫਿਰ ਮਾਸਟਰ ਜੀ ਜਸਵੰਤ ਨੂੰ ਨਾਲ ਲੈ ਕੇ ਸਕੂਲ ਦਾ ਗੇੜਾ ਲਾਉਣ ਚਲੇ ਗਏ। ਜਸਵੰਤ ਸਕੂਲ ਦੀਆਂ ਦੀਵਾਰਾਂ ’ਤੇ ਲਿਖੀਆਂ ਅਰਥ ਭਰਪੂਰ ਸਤਰਾਂ ਤੇ ਚਿੱਤਰਾਂ ਨੂੰ ਵੇਖ ਕੇ ਗਦ—ਗਦ ਹੋ ਉੱਠਿਆ। “ਮਾਸਟਰ ਜੀ, ਆਹ ਤਾਂ ਕਮਾਲ ਕਰੀ ਪਈ ਐ। ਸਕੂਲ ਚਮਕਾਇਆ ਪਿਐ।” “ਇਹ ਸਾਰਾ ਕੰਮ ਡਰਾਇੰਗ ਮਾਸਟਰ ਨੱਥਾ ਸਿੰਘ ਨੇ ਕੀਤੈ ਜੀ।” ਕੰਧਾਂ ਕੌਲ਼ਿਆਂ ’ਤੇ ਨਜ਼ਰ ਮਾਰਦੇ ਉਹ ਨਵੀਆਂ ਬਣੀਆਂ ਫਲ਼ੱਸ਼ਾਂ, ਬਾਥਰੂਮ ਤੇ ਸਾਈਕਲ ਸ਼ੈੱਡ ਵੇਖਣ ਚਲੇ ਗਏ। “ਵਧੀਆ ਚੀਜ ਬਣਗੀ ਜੀ।” ਜਸਵੰਤ ਨੇ ਸਾਇਕਲ ਸ਼ੈੱਡ ਦੀ ਤਾਰੀਫ਼ ਕਰਨੀ ਜ਼ਰੂਰੀ ਸਮਝੀ। “ਆਪਣਾ ਸਾਰਾ ਕੰਮ, ਇੱਕ ਨੰਬਰ ਐ। ਥੋਨੂੰ ਪਤੈ, ਆਪਾਂ ਸਾਰਾ ਸਮਾਨ ਆਪਣੇ ਹੱਥੀਂ ਲਿਆਂਦੈ।” ਉਹਨਾਂ ਦੇ ਗੱਲਾਂ ਕਰਦਿਆਂ ਹੀ ਕਮੇਟੀ ਮੈਂਬਰ ਹਾਕਮ ਸਿੰਘ, ਜਸਮੇਲ ਸਿੰਘ ਤੇ ਭਾਈਚਾਰੇ ਦਾ ਮੈਂਬਰ ਬੁਗਲਾ ਸਿੰਘ ਵੀ ਪਹੁੰਚ ਗਏ। ਉਨ੍ਹਾਂ ਨੂੰ ਵੇਖ ਮਾਸਟਰ ਜੀ ਤੇ ਜਸਵੰਤ ਵੀ ਦਫ਼ਤਰ 'ਚ ਪਹੁੰਚ ਗਏ। ਚਾਹ ਵੀ ਆ ਗਈ। ਮਾਸਟਰ ਜੀ ਨੇ ਆਪਣੀ ਕੁਰਸੀ ’ਤੇ ਬੈਠਦਿਆਂ, ਮੀਟਿੰਗ ਸ਼ੁਰੂ ਕੀਤੀ— “ਸਤਿਕਾਰਯੋਗ ਪਸਵਕ ਚੇਅਰਮੈਨ ਤੇ ਮੈਂਬਰ ਸਾਹਿਬਾਨ, ਆਪ ਜੀ ਦਾ ਇੱਥੇ ਪਹੁੰਚਣ ’ਤੇ ਨਿੱਘਾ ਸਵਾਗਤ ਹੈ। ਸਾਰਿਆਂ ਨੂੰ ਪਤਾ ਹੀ ਹੈ, ਨਵੇਂ ਉਸਾਰੇ ਜਾ ਰਹੇ ਕਲਾਸ ਰੂਮ ਲਈ ਲਈ ਛੇ ਲੱਖ ਦੀ ਗਰਾਂਟ ਆਈ ਐ। ਆਪਾਂ ਨੇ ਸਹਿਮਤੀ ਨਾਲ ਜੈ ਗਣੇਸ਼ ਭੱਠੇ ਤੋਂ ਇੱਟਾਂ ਮੰਗਵਾਈਆਂ ਸੀ। ਮੈਂ ਤੇ ਜਸਵੰਤ ਸਿੰਘ ਨੇ ਆਪ ਕੋਲ ਖੜ੍ਹ ਕੇ ਵਧੀਆ ਇਕ ਨੰਬਰ ਇੱਟ ਮੰਗਾਈ ਸੀ। ਬਘੇਲਾ ਕੱਲ੍ਹ ਸਕੂਲ ਆਇਆ ਸੀ, ਕਹਿੰਦਾ....।” “ ਕੀ ਕਹਿੰਦਾ ਮਾਸਟਰ ਜੀ ?” ਜਸਮੇਲ ਵਿੱਚੋਂ ਹੀ ਬੋਲ ਪਿਆ। “ਇੱਟਾਂ ਪਿੱਲੀਆਂ ਨੇ, ਅਸੀਂ ਸ਼ਕੈਤ ਕਰਾਂਗੇ।” “ਪੈਸੇ ਭਾਲਦੈ ਜੀ। ਥਾਂ—ਥਾਂ ’ਤੇ ਮੂੰਹ ਮਾਰਦੈ। ਪੈਸੇ ਖਾਣ ਦੀ ਆਦਤ ਐ ਜੀ, ਉਹਨੂੰ ਤਾਂ।” ਹਾਕਮ ਬਘੇਲੇ ਦੀ ਰਮਜ਼ ਜਾਣਦਾ ਸੀ। “ਤੁਸੀਂ ਫਿਕਰ ਨਾ ਕਰੋ ਜੀ। ਆਪਣਾ ਸਾਰਾ ਕੰਮ ਇੱਕ ਨੰਬਰ ਐ।” “ਅਸੀਂ ਸਾਰੇ ਥੋਡੇ ਨਾਲ ਆਂ ਜੀ। ਤੁਸੀਂ ਡਟ ਕੇ ਕੰਮ ਕਰੋ।” ਜਸਵੰਤ ਨੇ ਸਾਰੀ ਕਮੇਟੀ ਵੱਲੋਂ ਵਿਸ਼ਵਾਸ ਦੁਆਇਆ। “ਬੱਸ ! ਸਾਨੂੰ ਵੀ ਥੋਡਾ ਹੀ ਸਹਿਯੋਗ ਚਾਹੀਦੈ।” ਮਾਸਟਰ ਜੀ ਨੇ ਸਭ ਦਾ ਧੰਨਵਾਦ ਕੀਤਾ। ਮੀਟਿੰਗ ਖਤਮ ਹੋਣ ਤੋਂ ਪਹਿਲਾਂ, ਮਾਸਟਰ ਜੀ ਨੇ ਸਾਰੇ ਮਤਿਆ ’ਤੇ ਦਸਤਖ਼ਤ ਕਰਵਾ ਲਏ। ਸਾਰੇ ਮੈਂਬਰ ਆਪੋ—ਆਪਣੇ ਘਰਾਂ ਨੂੰ ਚੱਲ ਪਏ। * * * ਜਸਵੰਤ ਖੇਤ ਨੂੰ ਚੱਲ ਪਿਆ। ਉਹ ਅਜੇ ਕੱਚੇ ਪਹੇ ਕੋਲ ਹੀ ਪਹੁੰਚਿਆ ਸੀ ਕਿ ਬੁਘੜੂ ਘੁਮਿਆਰ ਕਣਕ ਦੇ ਭਰੇ ਲੱਦੀ, ਖੱਚਰ ਲਈ ਆਉਂਦਾ ਸੀ। ਖੱਚਰ ਤੋਂ ਭਾਰ ਨਾਲ ਤੁਰਿਆ ਨਹੀਂ ਸੀ ਜਾ ਰਿਹਾ। “ਘੱਟ ਲੱਦ ਲੈ ਬੁਘੜਿਆ, ਖੱਚਰ ਨੂੰ ਮਾਰੇਂਗਾ।” ਜਸਵੰਤ ਨੇ ਬੁਘੜੂ ਨੂੰ ਮਸ਼ਕਰੀ ਕੀਤੀ ਤਾਂ ਜਾਂਦਾ—ਜਾਂਦਾ ਉਹ ਬੋਲਿਆ— “ਗਰੀਬਾਂ ਦਾ ਆਹੀ, ਚਾਰ ਦਿਨ ਦਾ ਸੀਜਨ ਐ ਜੀ।” ਲਹਿਰਾਉਂਦੀਆਂ ਫ਼ਸਲਾਂ ਵੇਖ ਕੇ ਜਸਵੰਤ ਫ਼ਸਲਾਂ ਦੇ ਨਾਲ ਹੀ ਝੂਮ ਉੱਠਿਆ। ਉਸਦੀ ਨਜ਼ਰ ਆਪਣੀਆਂ ਫ਼ਸਲਾਂ ਨੂੰ ਤੱਕਦੀ ਹੋਈ, ਅਹੁ ਦੂਰ ਤੱਕ ਪੱਕੀਆਂ ਕਣਕਾਂ ਤਕ ਜਾ ਪਹੁੰਚੀ। ਮਨ ਹੀ ਮਨ ਉਹ ਅਗਲੀ ਰੁੱਤ ਲਈ ਬੀਜਣ ਵਾਲੀਆਂ ਫਸਲਾਂ ਬਾਰੇ ਸੋਚਣ ਲੱਗਾ। ਫਰਵਰੀ ਮਹੀਨੇ ’ਚ ਬੀਜੀ ਸੂਰਜਮੁਖੀ ਦੀ ਨਵੀਂ ਕਿਸਮ ਪੀ ਏ ਸੀ 35 ਦਾ ਜਾਇਜ਼ਾ ਲੈ ਕੇ ਉਹ ਘੂਤਰ ਵੱਲ ਚੱਲ ਪਿਆ। ਚਾਚਾ ਘੂਤਰ ਡੇਕ ਦੇ ਮੁੱਢ ਨਾਲ ਢੋਂ ਲਾਈ ਆਰਾਮ ਕਰ ਰਿਹਾ ਸੀ। “ਆ ਗਿਆ ?” ਘੂਤਰ ਨੇ ਕੋਰੇ ਤੌੜੇ ’ਚੋਂ ਪਾਣੀ ਪੀਂਦੇ ਜਸਵੰਤ ਨੂੰ ਪੁੱਛਿਆ। “ਹੂੰ।” ਜਸਵੰਤ ਨੇ ਪਾਣੀ ਪੀ ਕੇ ਗਲਾਸ ਘੜੇ ਉੱਪਰ ਰੱਖ ਦਿੱਤਾ। ਘੂਤਰ ਨੇ ਘੜੀ ਵੇਖੀ। “ਚਾਹ ਦਾ ਟੈਮ ਹੋ ਗਿਆ, ਜਸਵੰਤ।” “ਮੈਂ ਲੈ ਆਉਂਨੈ। ਰੁਲਦੂ ਹੋਰਾਂ ਨੂੰ ਕਹਿ ਦੇ, ਰਾਮ ਕਰ ਲੈਣਗੇ, ਦੋ ਘੜੀ।” ਚਾਹ ਵਾਲੀ ਵੱਡੀ ਕੇਨੀ ਚੁੱਕ ਕੇ ਜਸਵੰਤ ਘਰ ਨੂੰ ਚੱਲ ਪਿਆ। ਦਿਆੜ੍ਹੀਏ ਆਰਾਮ ਕਰਨ ਲਈ ਡੇਕ ਦੀ ਸੰਘਣੀ ਛਾਂ ਹੇਠ ਆ ਬੈਠੇ।

ਨੌਂ

ਜਸਵੰਤ ਖੇਤੋਂ ਆ ਕੇ ਖੜ੍ਹਿਆ ਹੀ ਸੀ, ਟੈਲੀਫੋਨ ਦੀ ਘੰਟੀ ਖੜ੍ਹਕੀ। “ਫੋਨ ਚੱਕਿਓ ਜੀ। ਘੰਟੀ ਕਦੋਂ ਦੀ ਵੱਜੀ ਜਾਂਦੀ ਐ।” ਆਖਦੀ ਹੋਈ ਹਰਦੀਪ ਪਾਣੀ ਲੈਣ ਚਲੀ ਗਈ। ਜਸਵੰਤ ਫੋਨ ਸੁਣਨ ’ਚ ਰੁੱਝ ਗਿਆ। ............................. “ਕੀਹਦਾ ਫੋਨ ਸੀ ਜੀ ?” ਪਾਣੀ ਦਾ ਗਲਾਸ ਜਸਵੰਤ ਨੂੰ ਫੜਾਉਂਦਿਆਂ ਹੀ ਹਰਦੀਪ ਬੋਲੀ। “ਜਗਰਾਜ ਸਿੰਘ ਦਾ ਸੀ। ਜਗਰਾਜ ਤੇ ਤੇਰੀ ਭੈਣ ਬੋਹਾ ਖੜ੍ਹੇ ਨੇ। ਕਹਿੰਦੇ ਬੱਸ ਤਾਂ ਦੋ ਘੰਟਿਆਂ ਨੂੰ ਆਊ। ਤੁਸੀਂ ਆ ਕੇ ਲੈਜੋ।” ਜਸਵੰਤ ਨੇ ਇੱਕੋ ਸਾਹ ’ਚ ਸਾਰੀ ਗੱਲ ਮੁਕਾ ਦਿੱਤੀ। ਜਗਰਾਜ ਸਿੰਘ, ਜਸਵੰਤ ਦਾ ਦਿੜ੍ਹਬੇ ਵਾਲਾ ਸਾਢੂ ਹੈ। ਅੱਜ ਨਵਦੀਪ ( ਹਰਦੀਪ ਦੀ ਛੋਟੀ ਭੈਣ ) ਤੇ ਜਗਰਾਜ ਕੋਈ ਜ਼ਰੂਰੀ ਕੰਮ ਆਏ ਸੀ। ਬੋਹਾ ਅੱਡੇ ’ਤੇ ਦੋ ਘੰਟਿਆਂ ਦੇ ਖੜ੍ਹੇ ਸੀ। ਜਸਵੰਤ ਦੇ ਘਰ ਜਦ ਵੀ ਕੋਈ ਰਿਸ਼ਤੇਦਾਰ ਆਉਂਦਾ ਹੈ ਤਾਂ ਬੋਹਾ ਤੋਂ ਲੈ ਕੇ ਆਉਣਾ ਪੈਂਦਾ ਹੈ। “ਮੈਂ ਜਗਰਾਜ ਹੋਰਾਂ ਨੂੰ ਲੈ ਆਮਾਂ। ਤੂੰ ਤਿਆਰੀ ਕਰ।” ਜਸਵੰਤ ਮੋਟਰਸਾਇਕਲ ਲੈ ਕੇ ਬੋਹਾ ਨੂੰ ਚੱਲ ਪਿਆ। “ਲੈ ! ਮਸਾਂ ਆਈ ਐ ਨੀਤੂ ਵੀ।” ਜਗਰਾਜ ਤੇ ਨਵਦੀਪ ਹੋਰਾਂ ਬਾਰੇ ਮਨ ਹੀ ਮਨ ਗੱਲਾਂ ਕਰਦੀ ਹਰਦੀਪ ਮਹਿਮਾਨਾਂ ਦੀ ਖਾਤਰਦਾਰੀ ਲਈ ਤਿਆਰੀ ਕਰਨ ਲੱਗ ਪਈ। ਘੰਟੇ ਬਾਅਦ ਜਸਵੰਤ ਜਗਰਾਜ ਹੋਰਾਂ ਨੂੰ ਲੈ ਕੇ ਪਹੁੰਚ ਗਿਆ । “ਸਾਡਾ ਪਿੰਡ ਦਿਸ ਹੀ ਗਿਆ।” ਆਖਦੀ ਹੋਈ ਹਰਦੀਪ ਨੇ ਨੀਤੂ ਨੂੰ ਜੱਫੀ ਪਾ ਕੇ ਇਸ ਤਰ੍ਹਾਂ ਘੁੱਟ ਲਿਆ, ਜਿਵੇਂ ਵਰਿ੍ਹਆਂ ਬਾਅਦ ਮਿਲੀ ਹੋਵੇ। “ਜਸਵੰਤ ਸਿਆਂ, ਬੋਹਾ ਤੋਂ ਕੋਈ ਬੱਸ ਈ ਨਾ ਆਈ। ਖੜ੍ਹੇ—ਖੜ੍ਹੇ ਸੁੱਕਗੇ।” ਜਗਰਾਜ ਧੂੜ ਭਰੇ ਕੱਪੜੇ ਝਾੜਦਾ ਬੋਲਿਆ। “ਜਗਰਾਜ ਸਿਆਂ, ਪੀਰਾਂਵਾਲੀ ਦੀ ਬੱਸ ਤਾਂ ਕਰਮਾਂ ਆਲੇ ਬੰਦੇ ਨੂੰ ਨਸੀਬ ਹੁੰਦੀ ਐ।” ਆਖਦਾ ਜਸਵੰਤ ਹੱਸਿਆ। “ਬਲਾਢੇ ਆਲੀ ਸੜਕ ਐਨੀ ਮਾੜੀ ! ਬੁੜਕ—ਬੁੜਕ ਕੇ ਢਿੱਡ ਦੁਖਣ ਲੱਗ ਪਿਆ।” “ਕੋਈ ਨਾ, ਰੋਟੀਆਂ ਵੱਧ ਖਾ ਲਿਓ।” ਹਰਦੀਪ ਨੇ ਜਗਰਾਜ ਨੂੰ ਮਜਾਕ ਕੀਤਾ ਤਾਂ ਸੁਣ ਕੇ ਸਾਰੇ ਹੱਸ ਪਏ। “ਪਰਮੀ ਤੇ ਜਿੰਦਰ ਚਮਕਦੇ ਈ ਨੀ !” ਅੰਦਰ ਵੜਦਿਆਂ ਸਾਰ ਹੀ ਨਵਦੀਪ ਨੇ ਆਸੇ—ਪਾਸੇ ਵੇਖ ਕੇ ਪੁੱਛਿਆ। “ਬੋਹਾ ਪੜ੍ਹਨ ਗਈ ਐ। ਜਿੰਦਰ ਨੇ ਬਠਿੰਡੇ ਦਾਖਲਾ ਲਿਐ।” ਜਸਵੰਤ ਦੱਸਣ ਲੱਗਾ। “ਮੈਂ ਚਾਹ ਧਰ ਆਮਾਂ।” ਆਖਦੀ ਹਰਦੀਪ ਚਾਹ ਬਣਾਉਣ ਚਲੀ ਗਈ। “ਚਾਚਾ ਘੂਤਰ ਕਿੱਧਰ ਗਿਆ ?” ਜਗਰਾਜ ਨੇ ਜੁੱਤੇ ਉਤਾਰਦਿਆਂ ਪੁੱਛਿਆ। “ਖੇਤ ਗਿਐ। ਦਿਹਾੜੀਏ ਲਾਏ ਨੇ। ਚਾਚੇ ਦੀ ਤਾਂ ਇੱਕ ਲੱਤ ਘਰੇ ਤੇ ਇੱਕ ਖੇਤ ਰਹਿੰਦੀ ਐ।” ਜਸਵੰਤ ਬੋਲਿਆ। ਹਰਦੀਪ ਚਾਹ ਲੈ ਆਈ। ਜਸਵੰਤ ਚਾਹ ਰੱਖਣ ਲਈ ਟੇਬਲ ਠੀਕ ਕਰਨ ਲੱਗਾ। ‘ਚਾਹ ਪਾਣੀ’ ਦੇ ਨਾਲ—ਨਾਲ ਕਬੀਲਦਾਰੀ ਦੀਆਂ ਗੱਲਾਂ ਵੀ ਚਲਦੀਆਂ ਰਹੀਆਂ। “ਮੈਂ ਖੇਤ ਚਾਹ ਦੇ ਆਮਾਂ ? ਦਿਆੜ੍ਹੀਏ ’ਡੀਕਦੇ ਹੋਣੇ।” ਜਸਵੰਤ ਨੇ ਜਗਰਾਜ ਤੋਂ ਇਜਾਜਤ ਲੈਣੀ ਜ਼ਰੂਰੀ ਸਮਝੀ। “ਕੋਈ ਨਾ .. ਕੋਈ ਨਾ ..। ਤੂੰ ਜਾ ਆ। ਅਸੀਂ ਬੈਠੇ ਆਂ।” ਜਗਰਾਜ ਦਾ ਬੋਲ ਸੁਣਦਿਆਂ ਹੀ ਜਸਵੰਤ ਚਾਹ ਦੀ ਭਰੀ ਕੈਨੀ ਲੈ ਕੇ ਖੇਤ ਨੂੰ ਚੱਲ ਪਿਆ। * * * “ਕਾਮੇ ਵੀ ’ਡੀਕੀ ਜਾਂਦੇ ਨੇ। ਅੱਡੀਆਂ ਚੱਕ ਚੱਕ ਵੇਖਦੇ ਹੋਣੇ।” ਲੰਮੀਆਂ ਪੁਲਾਂਘਾਂ ਪੱਟਦਾ ਜਸਵੰਤ ਤੁਰਿਆ ਜਾਂਦਾ ਸੀ। ਟੋਭੇ ਵਾਲੇ ਪਿੱਪਲ ਕੋਲ ਉਸ ਨੂੰ ਆਪਣੇ ਵੱਲ ਬਘੇਲ ਤੇ ਲੀਹਪਾੜ੍ਹਾਂ ਦਾ ਟੀਟੂ ਆਉਂਦੇ ਨਜ਼ਰੀਂ ਪਏ। ਜਸਵੰਤ ਨੇ ਅੱਜ ਬਹੁਤ ਦਿਨਾਂ ਬਾਅਦ ਬਘੇਲ ਨੂੰ ਵੇਖਿਆ। ਉਸ ਦਾ ਮਨ ਕੀਤਾ, ਬਘੇਲ ਨਾਲ ਗੱਲਾਂ ਕਰਨ ਨੂੰ, ਗਿਲ੍ਹੇ—ਸ਼ਿਕਵੇ ਦੂਰ ਕਰਕੇ ਪਿੰਡ ਤੇ ਸਕੂਲ ਦੇ ਵਿਕਾਸ ਬਾਰੇ ਸੋਚਣ ਨੂੰ। ਫਿਰ ਉਸਦਾ ਮਨ ਦੁਚਿੱਤੀ ’ਚ ਪੈ ਗਿਆ— ‘ਪਤਾ ਨੀ ਬਘੇਲ ਕੀ ਸੋਚੂ ? ਕਿਤੇ ਏਹ ਨਾ ਸੋਚੇ ਬਈ ਜਸਵੰਤ ਨੂੰ ਕੋਈ ਗੌਂ ਐ।’ ਉਹ ਅਜੇ ਕਿੱਲਾ ਵਾਟ ਹੀ ਅੱਗੇ ਲੰਘਿਆ ਸੀ, ਬਘੇਲ ਹੋਰੀਂ ਪਾਸਾ ਵੱਟ ਕੇ ਛੋਟੀ ਪਹੀ ਤੋਂ ਹੁੰਦੇ ਹੋਏ, ਪਿੱਪਲ ਦੇ ਉਹਲੇ ਹੋ ਗਏ। ਬਘੇਲ ਦੇ ਜਸਵੰਤ ਦੀ ਚੇਅਰਮੈਨੀ ਹਜ਼ਮ ਨਾ ਆਈ। ਉਸ ਨੂੰ ਆਪਣੀ ਹੇਠੀ ਮਹਿਸੂਸ ਹੋਈ। ਉਸਦਾ ਮਨ ਉੱਖੜਣ ਲੱਗਿਆ। ਰਾਤ ਵੀ ਉਹ ਚੁੱਪ—ਚਾਪ ਆਪਣੇ ਮੰਜੇ ’ਤੇ ਬੈਠਾ ਰਿਹਾ। ਸੁਰਜੀਤ ਕੁਰ ਵੀ ਅਜਿਹੀ ਹਾਲਤ ’ਚ ਬਘੇਲ ਨੂੰ ਵੇਖ ਕੇ ਹੈਰਾਨ ਹੋਈ ਤੇ ਪੁੱਛਣ ਲੱਗੀ— “ਕਿਮੇ, ਬੁਝੇ—ਬੁਝੇ ਜੇ ਪਏ ਓਂ !” “ਕੀ ਕਰਾਂ ਭਾਗਵਾਨੇ ! ਮੇਰੀ ਤਾਂ ਰਾਖ ਬਣਗੀ ਰਾਖ, ਚੇਅਰਮੈਨੀ ਤਾਂ ਜਸਵੰਤ ਲੈ ਗਿਆ।” “ਬੱਸ ਆਹੀ ਗੱਲ ਐ, ਊਂਈ ਓਦਰੇ ਬੈਠੇ ਓਂ।” ਆਖਦੀ ਹੋਈ ਸੁਰਜੀਤ ਕੁਰ ਨੇ ਆਪਣਾ ਮੰਜਾ ਵੀ ਬਘੇਲ ਵੱਲ ਘੜੀਸ ਲਿਆ। “ਗੱਲ ਛੋਟੀ ਨੀ, ਵੱਡੀ ਐ ਸੁਰਜੀਤ ਕੁਰੇ, ਮੈਨੂੰ ਲੋਕਾਂ ’ਚੋਂ ਲੰਘਣਾ ਔਖਾ ਹੋ ਗਿਆ।” “ਤੁਸੀਂ ਪੰਦਰਾਂ ਕਿੱਲਿਆਂ ਦੇ ਮਾਲਕ, ਹਿੱਕ ਠੋਕ ਕੇ ਲੰਘਿਆ ਕਰੋ। ਲੋਕਾਂ ਦਾ ਆਪਾਂ ਕੀ ਦੇਣੈ ਕੁਸ਼।” “ਲੋਕ ਪੰਦਰਾਂ ਕਿੱਲਿਆਂ ਦਾ ਮੇਹਣਾ ਮਾਰਦੇ ਐ, ਬਾਘਾ ਅੱਡ ਨੀ ਮੈਨੂੰ ਟਿਕਣ ਦਿੰਦਾ। ਚੌਥੇ ਦਿਨ ਰਿਸਤੇਦਾਰ ਕੱਠੇ ਕਰ ਲੈਂਦੈ। ਵਕੀਲ ਕਰੀਂ ਫਿਰਦੈ। ਕਹਿੰਦਾ ਤੈਨੂੰ ਠਾਣੇ—ਕਚੈਰ੍ਹੀਆਂ ’ਚ ਘੜੀਸੂੰ।” “ਫਿਰ ਸਰਦਾਰਾ ਕੋਈ ਬੰਨ੍ਹ—ਸੁੱਬ ਤੂੰ ਕੀ ਕਰਲੈ।” “ਬੰਨ੍ਹ—ਸੁੱਬ ਤਾਂ ਪਟਵਾਰੀ ਨੇ ਪੱਕਾ ਕੀਤੈ। ਕੱਚੇ ਪੈਰੀਂ ਤਾਂ ਜਮੀਨ ਕਿੱਧਰੇ ਜਾਂਦੀ ਨੀ।” “ਜਾਅਦੇ ਬਿਸਰ—ਬਿਸਰ ਨਾ ਕਰਿਆ ਕਰ। ਮਨ ਕਰੜਾ ਰੱਖਿਆ ਕਰ।” ਸੁਰਜੀਤ ਕੁਰ ਨਾਲ ਗੱਲਾਂ ਕਰਕੇ ਬਘੇਲ ਦਾ ਮਨ ਕੁੱਝ ਹੌਲਾ ਹੋ ਗਿਆ। ਉਹ ਦੋਵੇਂ ਕਿੰਨਾਂ ਹੀ ਚਿਰ ਗੱਲਾਂ ਕਰਦੇ ਰਹੇ। ਸਕੂਲ ਦੀ ਚੇਅਰਮੈਨੀ ਤੋਂ ਸ਼ੁਰੂ ਹੋਈ ਗੱਲ, ਜ਼ਮੀਨ ਦੀ ਵੰਡ, ਬਾਪੂ ਦੇ ਚਲਾਣੇ, ਬਾਘ ਨਾਲ ਜ਼ਮੀਨ—ਜਾਇਦਾਦ ਦਾ ਕਲੇਸ਼, ਨਿੱਕੀ ਉਮਰੇ ਵਿਆਹ ਤਕ ਜਾ ਪਹੁੰਚੀ ਸੀ। ਅੱਜ ਬਘੇਲ ਤੇ ਸੁਰਜੀਤ ਕੁਰ ਨੇ ਕੁੱਝ ਹੀ ਸਮੇਂ ਵਿੱਚ ਆਪਣੇ ਪੂਰੇ ਜੀਵਨ ਪੰਧ ’ਤੇ ਹੀ ਝਾਤ ਮਾਰ ਲਈ ਸੀ। ਸੂਤ ਦੇ ਮੰਜੇ ’ਤੇ ਪਈ ਸੁਰਜੀਤ ਆਪਣੀ ਖੱਬੀ ਬਾਂਹ ਨਾਲ ਅੱਖਾਂ ਨੂੰ ਢੱਕ ਕੇ ‘ਹਾਂ ਹੂੰ ’ ਕਰਦੀ ਰਹੀ। ਫਿਰ ਉਸਨੂੰ ਪਤਾ ਹੀ ਨਾ ਲੱਗਾ, ਕਦ ਨੀਂਦ ਆ ਗਈ ? ਬਘੇਲ ਨੇ ਉਸਦੇ ਮੰਜੇ ਵੱਲ ਉਲਰ ਕੇ ਵੇਖਿਆ, ਉਹ ਲੰਮੇ ਸਾਹ ਲੈਂਦੀ ਸੌਂ ਗਈ। ਬਘੇਲ ਨੇ ਵੀ ਸੌਣ ਦਾ ਯਤਨ ਕੀਤਾ ਪਰ ਚੇਅਰਮੈਨੀ ਦਾ ਖਿਆਲ ਉਸ ਦੇ ਮਨ ’ਚ ਫਿਰ ਪੈਦਾ ਹੋ ਗਿਆ। ਗਈ ਰਾਤ ਤਕ ਉਹ ਪਾਸੇ ਮਾਰਦਾ ਰਿਹਾ। ਫਿਰ ਉਸਨੂੰ ਆਪ ਵੀ ਪਤਾ ਨਾ ਲੱਗਾ, ਕਦ ਨੀਂਦ ਆ ਗਈ। ਅੱਜ ਸਵੇਰੇ ਹੀ ਬਘੇਲ ਨੇ ਲੀਹਪਾੜਾਂ ਦੇ ਟੀਟੂ ਨੂੰ ਆਪਣੇ ਘਰ ਬੁਲਾਇਆ। ਉਸਨੂੁੰ ਸਰਪੰਚੀ ਦਾ ਲਾਲਚ ਦੇ ਕੇ ਆਪਣੇ ਨਾਲ ਰਲਾ ਲਿਆ। “ਪਿੰਡ ਦਾ ਅਗਲਾ ਸਰਪੰਚ ਟੀਟੂ ਸਿਆਂ ਤੂੰ ਹੋਮੇਗਾ।” ਪਿੰਡ ਦੇ ਦੋ—ਚਾਰ ਖੜਪੈਂਚ ਇਕੱਠੇ ਕੀਤੇ। ਉਹਨਾਂ ਨੂੰ ਸਸਕੀਰ ਲਿਆ। ਟੀਟੂ ਨੂੰ ਬਘੇਲ ਆਖਣ ਲੱਗਾ — “ਟੀਟਿਆ, ਇਹ ਆਪਣੇ ਸਿਰ ’ਤੇ ਚੜ੍ਹਣਗੇ। ਆਪਣੀ ਵੀ ਇੱਜਤ ਐ। ਤੁਸੀਂ ਚੱਲੋ ਮੇਰੇ ਨਾਲ ਡੀ.ਸੀ. ਦਫ਼ਤਰ। ਆਪਾਂ ਇਹਨਾਂ ਦੀ ਸਕੈਤ ਕਰਕੇ ਆਈਏ।” ਆਪਣੀ ਜੀਪ ਭਰ ਕੇ ਉਹ ਜਾ ਪੇਸ਼ ਹੋਇਆ ਡੀ.ਸੀ. ਦੇ ਸਾਹਮਣੇ। ਕਹਿੰਦਾ — “ਸਾਹਬ ਜੀ, ਸਾਡੇ ਪਿੰਡ ਜਾ ਕੇ ਮੌਕਾ ਵੇਖੋ। ਸਕੂਲ ਨੂੰ ਛੇ ਲੱਖ ਦੀ ਗਰਾਂਟ ਆਈ ਐ। ਮਾਸਟਰ ਤੇ ਕਮੇਟੀ ਮਿਲ ਕੇ ਛਕਣ—ਛਕਾਣ ’ਤੇ ਲੱਗੇ ਨੇ।” “ਸਾਹਬ ਜੀ, ਨਿਰੀਆਂ ਪਿੱਲੀਆਂ ਇੱਟਾਂ। ਜਿੰਨਾਂ ਵੀ ਸਮਾਨ ਲਿਆਂਦੈ, ਕਾਣੀ—ਕੌਡੀ ਦਾ ਨੀ।” ਟੀਟੂ ਵੀ ਬੇਝਿਜਕ ਬੋਲ ਪਿਆ। ਡੀ.ਸੀ. ਨੇ ਉਹਨਾਂ ਦੀ ਗੱਲ ਧਿਆਨ ਨਾਲ ਸੁਣੀ। ਉਸੇ ਵਕਤ ਬਲਾਕ ਵਿਕਾਸ ਅਫ਼ਸਰ ਨੂੰ ਫੋਨ ਕੀਤਾ। “ਪੀਰਾਂਵਾਲੀ ਪਿੰਡ ਦੇ ਸਕੂਲ 'ਚ, ਗਰਾਂਟ ਦੀ ਸ਼ਿਕਾਇਤ ਆਈ ਐ। ਇਨਕੁਐਰੀ ਕਰਕੇ ਆਉ ਤੇ ਹਫ਼ਤੇ 'ਚ ਰਿਪੋਰਟ ਦਿਉ।” ਬਘੇਲ ਸਿੰਘ ਹੋਰਾਂ ਨੂੰ ਡੀ.ਸੀ. ਸਾਹਿਬ ਨੇ ਤਸੱਲੀ ਕਰਵਾ ਕੇ ਤੋਰਿਆ। “ਲੈ ਬਈ ਹੁਣ ਆਪਾਂ ਚੱਲੀਏ, ਚੁੱਘ ਦੇ ਹੋਟਲ ’ਤੇ।” “ਹੋਰ ਬਾਈ, ਮੈਂ ਤਾਂ ਸਵੇਰੇ ਘਰੋਂ ਭੁੱਖਾ ਚੱਲਿਆ ਸੀ।” ਟੀਟੂ ਨੇ ਢਿੱਡ ’ਤੇ ਹੱਥ ਫੇਰਦੇ ਨੇ ਕਿਹਾ। ਬਘੇਲੇ ਨੇ ਗੱਡੀ ਚੁੱਘ ਦੇ ਹੋਟਲ ਮੂਹਰੇ ਜਾ ਰੋਕੀ। ਢਿੱਡੋਂ ਭੁੱਖੇ ਜਗਤੇ ਹੋਰਾਂ ਨੇ ਛੋਲੇ—ਭਟੂਰੇ ਖਾ—ਖਾ ਕੇ ਕੁੱਖਾਂ ਕੱਢ ਲਈਆਂ। “ਬਾਈ, ਇੱਕ—ਇੱਕ ਕੱਪ ਚਾਹ ਦਾ ਵੀ ਹੋਜੇ।” ਜਗਤੂ ਨੇ ਆਪਣੀਆਂ ਬੇਤਰਤੀਬੀਆਂ ਮੁੱਛਾਂ ’ਤੇ ਜੀਭ ਫੇਰੀ। ਪਾਣੀ ਪੀ ਕੇ ਗਲਾਸ ਪਰ੍ਹਾਂ ਰੱਖ ਦਿੱਤਾ। * * * ਬਘੇਲੇ ਵੱਲੋਂ ਹੋਈ ਸ਼ਿਕਾਇਤ ’ਤੇ ਗੌਰ ਹੋ ਗਈ ਸੀ। ਬਲਾਕ ਵਿਕਾਸ ਤੇ ਪੰਚਾਇਤ ਅਫਸਰ ਜਾਂਚ—ਪੜਤਾਲ ਲਈ ਆ ਗਿਆ ਸੀ। ਵਿਰੋਧੀ ਧਿਰ ਦਾ ਮੱਥਾ ਠਣਕਿਆ। ਉਹ ਵੀ ਆ ਪਹੁੰਚੇ। ਤਮਾਸ਼ਬੀਨ ਵੀ ਇਕੱਠੇ ਹੋ ਗਏ। ਬੀ.ਡੀ.ਪੀ.ਓ. ਨੇ ਸਾਰੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਪਹਿਲਾਂ ਉਸਨੇ ਮਾਸਟਰ ਪਿਆਰਾ ਸਿੰਘ ਤੋਂ ਪ.ਸ.ਵ.ਕ. ਦੀ ਬਣਤਰ ਬਾਰੇ ਪੂਰੀ ਜਾਣਕਾਰੀ ਲੈ ਕੇ ਸਾਰੇ ਇੰਦਰਾਜ ਆਪਣੀ ਡਾਇਰੀ ਵਿੱਚ ਨੋਟ ਕਰ ਲਏ। ਮਾਸਟਰ ਜੀ ਨੇ ਵਿਸਥਾਰ 'ਚ ਦੱਸ ਦਿੱਤਾ ਸੀ ਕਿ ਪਸਵਕ ਕੀ ਹੈ ? ਇਸ ਦੇ ਕੀ ਉਦੇਸ਼ ਹਨ ? ਇਸ ਦੀ ਬਣਤਰ ਕੀ ਐ ? ਮਾਸਟਰ ਜੀ ਦੀ ਗੱਲਬਾਤ ਪੂਰੀ ਹੋਣ ’ਤੇ ਬੀ.ਡੀ.ਪੀ.ਓ. ਨੇ ਹੁਕਮ ਦਿੱਤਾ — “ਸਿਰਫ ਪਸਵਕ ਮੈਂਬਰ ਅਤੇ ਸ਼ਿਕਾਇਤ ਕਰਤਾ ਹੀ ਇੱਥੇ ਰਹਿਣ। ਕੱਠ ਮਾਰਨ ਦੀ ਲੋੜ ਨਹੀਂ।” ਤਮਾਸ਼ਾਬੀਨ ਤਾਂ ਨਾਲ ਦੀ ਨਾਲ ਹੀ ਤਿੱਤਰ—ਬਿੱਤਰ ਹੋ ਗਏ। ਬੀ.ਡੀ.ਪੀ.ਓ. ਨੇ ਇਤਰਾਜ਼ ਨੋਟ ਕੀਤੇ। ਨਕਸ਼ਾ ਵੇਖਿਆ, ਜਿਸ ਮੁਤਾਬਕ ਰਾਸ਼ੀ ਖਰਚ ਕਰਨੀ ਸੀ। ਇੱਟਾਂ, ਬਜਰੀ, ਸੀਮੇਂਟ, ਸਰੀਆ ਸਾਰੇ ਦਾ ਸਾਰਾ ਸਮਾਨ ਅਫ਼ਸਰ ਸਾਹਿਬਾਨ ਦੀ ਟੀਮ ਨੇ ਨਿਰਖਿਆ—ਪਰਖਿਆ। ਕੋਈ ਵੀ ਊਣਤਾਈ ਨਹੀਂ ਸੀ ਪਾਈ ਗਈ। ਬੀ.ਡੀ.ਪੀ.ਓ. ਤਾਂ ਖੁਦ ਪਸਵਕ ਤੇ ਪਿਆਰਾ ਸਿੰਘ ਨੂੰ ਹੱਲਾਸ਼ੇਰੀ ਦੇ ਕੇ ਗਿਆ। “ਮਾਸਟਰ ਜੀ, ਬੇਫਿਕਰ ਹੋ ਕੇ ਕੰਮ ਚਲਾਉ।” ਬਘੇਲ ਹੋਰਾਂ ਨੇ ਬਥੇਰਾ ਰੌਲ਼ਾ ਪਾਇਆ। ਕਹਿੰਦੇ — “ ਸਾਰਿਆਂ ਦੀ ਹਿੱਸਾ—ਪੱਤੀ ਐ। ਸਾਰੇ ਰਲੇ—ਮਿਲੇ ਨੇ।” ਪਰ ਉਨ੍ਹਾਂ ਦੀ ਇੱਕ ਨਾ ਚੱਲੀ। ਕਮਰਿਆਂ ਦੀ ਉਸਾਰੀ ਦਾ ਕੰਮ ਸ਼ੁਰੂ ਹੁੰਦਿਆਂ ਸਾਰ ਹੀ ਇੱਟਾਂ, ਸੀਮੇਂਟ, ਬੱਜਰੀ, ਰੇਤਾ, ਸਰੀਆ ਸਭ ਆ ਗਿਆ ਸੀ। ਜਗਤੂ ਤੇ ਦੁੱਲਾ ਤਾਂ ਸਮਾਨ ਲਹਿੰਦਿਆਂ ਕਰਦਿਆਂ ਦੋ ਵਾਰ ਗੇੜਾ ਵੀ ਮਾਰ ਗਏ। “ਜਗਤੂਆ, ਸਰੀਆ ਤਾਂ ਖਾਸਾ ਮੋਟੈ।” “ਉਏ ਕੰਜਰਾਂ, ਚੱਕਾਂਗੇ ਕਿਮੇ ? ਖੜਕਾ ਨੀ ਹੋਊ ?” “ਚੱਲ ਵੱਡੇ ਵੀਰ ਕਿਤੇ ਹੋਰ ਹੱਥ—ਪੱਲਾ ਮਾਂਰਾਂਗੇ।” ਅਮਲੀਆਂ ਦੀ, ਸਰੀਆ ਚੋਰੀ ਕਰਨ ਵਾਲੀ ਯੋਜਨਾ ਸਿਰੇ ਨਾ ਚੜ੍ਹੀ।

ਦਸ

ਜਗਤੂ ਦੀ ਨੀਂਦ ਕਦੋਂ ਦੀ ਟੁੱਟ ਚੁੱਕੀ ਸੀ। ਅਜੇ ਤਾਂ ਬਾਬਾ ਵੀ ਨਹੀਂ ਸੀ ਬੋਲਿਆ। ਉਸਨੂੰ ਸਵੇਰ ਦੀ ਚਿੰਤਾ ਸਤਾ ਰਹੀ ਸੀ। ਜਾਗੋ—ਮੀਚੀ 'ਚ ਪਿਆ ਉਹ ਵਾਣ ਦੇ ਮੰਜੇ ’ਤੇ ਪਾਸੇ ਮਾਰ ਰਿਹਾ ਸੀ। ਉੱਠ ਕੇ ਕੋਰੇ ਤੌੜੇ ਚੋਂ ਪਾਣੀ ਪੀਤਾ। ਸੋਚਿਆ — “ਮਨਾਂ ! ਕਿਤੋਂ ਤਾਂ ਹੀਲਾ—ਵਸੀਲਾ ਕਰਨਾ ਪਊ। ਸਕੂਲ ਆਲਾ ਸਰੀਆ ਤਾਂ ਕਿਸੇ ਸਾਬ੍ਹ ’ਚ ਆਉਂਦਾ ਨੀਂ।” ਬਾਬੇ ਦੇ ਬੋਲਣ ਤੋਂ ਪਹਿਲਾਂ ਹੀ ਉਹ ਬਾਈਆਂ ਦੇ ਜੱਗੇ ਦੇ ਘਰ ਨੂੰ ਚੱਲ ਪਿਆ। ਉਸਨੂੰ ਯਾਦ ਆਇਆ, ਉਹਨਾਂ ਨੇ ਕਣਕ ਕੱਢ ਕੇ ਆਪਣੀ ਪੁਰਾਣੀ ਸਬ੍ਹਾਤ ਵਿੱਚ ਲਿਆ ਸੁੱਟੀ ਸੀ। ਆਪਣੀ ਕੁੱਛੜ ਵਿੱਚ ਜਗਤੂ ਨੇ ਗੱਟਾ ਲਿਆ ਤੇ ਹਾਥੀ ਵਾਂਗ ਝੂੰਮਦਾ ਜੱਗੇ ਦੀ ਸਬ੍ਹਾਤ ਵੱਲ ਚੱਲ ਪਿਆ। ਸਬ੍ਹਾਤ ਕੋਲ ਪਹੁੰਚ ਕੇ ਉਸ ਦੀ ਪੈੜ੍ਹ—ਚਾਲ ਹੌਲ਼ੀ ਹੋ ਗਈ। ਉਸਨੇ ਚੋਰ—ਨਜ਼ਰ ਨਾਲ ਤੱਕਿਆ, ਸਾਰੇ ਦਿਨ ਦਾ ਥੱਕਿਆ ਜੱਗਾ, ਸਬ੍ਹਾਤ ਮੂਹਰੇ ਗੂੜ੍ਹੀ ਨੀਂਦ ਸੁੱਤਾ ਪਿਆ ਸੀ। ਹੌਲ਼ੀ—ਹੌਲ਼ੀ ਜਗਤੂ ਕਣਕ ਦੇ ਬੋਹਲ ਕੋਲ ਜਾ ਪਹੁੰਚਿਆ। ਹੱਥ ਦਾ ਪਾੜਛਾ ਬਣਾ ਕੇ ਉਸ ਨੇ ਗੱਟਾ ਭਰ ਲਿਆ। ਮੋਢੇ ’ਤੇ ਲੱਦ ਕੇ ਭੂੰਦੜ ਵੱਲ ਚੱਲ ਪਿਆ। * * * ਲਾਜੋ ਜਦੋਂ ਦੀ ਜਾਗੀ ਹੈ, ਵਾਰ—ਵਾਰ ਜਗਤੂ ਨੂੰ ਅੰਦਰ—ਬਾਹਰ ਵੇਖ ਰਹੀ ਹੈ। ਫਿਰ ਉਸਨੇ ਸੋਚਿਆ— “ਐਥੀ ਹੋਣਾ ਕਿਤੇ। ਨਸ਼ਾ—ਪੱਤਾ ਟੁੱਟ ਗਿਆ ਹੋਣਾ।” ਹੌਲ਼ੀ—ਹੌਲ਼ੀ ਜਗਤੂ ਪ੍ਰਤੀ ਉਸਦੇ ਮਨ 'ਚੋਂ ਚਿੰਤਾ ਦੇ ਲੱਛਣ ਘਟ ਗਏ। ਪਹਿਲਾਂ ਵੀ ਜਗਤੂ, ਕਈ ਵਾਰ ਬਾਬਾ ਜੀ ਦੇ ਬੋਲਣ ਤੋਂ ਪਹਿਲਾਂ ਹੀ ਉੱਠ ਕੇ ਕਿੱਧਰੇ ਚਲਾ ਜਾਂਦਾ ਹੈ। ਲਾਜੋ ਨੇ ਆਪਣੇ ਤੇ ਗੋਲੋ ਜੋਗੀ ਚਾਹ ਧਰ ਲਈ। ਨੇਕੀ ਤਾਂ ਰਾਤ ਵੀ ਘਰ ਨਹੀਂ ਸੀ ਆਇਆ। ਅਧੀਏ ਵਾਲੇ ਖੇਤ ਕਣਕ ਕੁਤਰਦੇ ਸੀ। ਚਾਹ ਪੀ ਕੇ ਗੋਲੋ ਸਿੱਧੂਆਂ ਦੇ ਗੋਹਾ ਸੁੱਟਣ ਚਲੀ ਗਈ। ਲਾਜੋ ਨੇ ਚਾਹ ਵਾਲੀ ਪਤੀਲੀ ਭੁੱਬਲ ਦੀ ਅੱਗ 'ਚ ਰੱਖ ਦਿੱਤੀ। ਦਿਨ ਚੜ੍ਹ ਗਿਆ ਸੀ। ਜਗਤੂ ਅਜੇ ਤਕ ਨਹੀਂ ਸੀ ਆਇਆ। ਇੱਕ ਵਾਰ ਫਿਰ ਲਾਜੋ ਦੇ ਮਨ 'ਚ ਚਿੰਤਾ ਜਾਗੀ — “ਰੱਬਾ ! ਕੀ ਪਤਾ ਕਿੱਧਰੇ ਚੋਰੀ ਕਰਨ ਵਾਗਿਆ ਹੋਵੇ। ਕਿਸੇ ਨੇ ਊਂ ਨਾ ਫੜਲਿਆ ਹੋਵੇ।” ਹੁਣ ਤਾਂ ਚਾਹ ਵੀ ਬਾਸੀ ਹੋ ਗਈ। ਉਸਨੇ ਚਾਹ ਗੜਵੀ ’ਚ ਪਾ ਕੇ ਭੁੱਬਲ ’ਤੇ ਰੱਖ ਦਿੱਤੀ ਤੇ ਪਤੀਲੀ ਮਾਂਜ ਦਿੱਤੀ। ਖੇਤ ਜਾਣ ਦਾ ਸਮਾਂ ਹੋ ਗਿਆ ਸੀ। ਵਿਹੜੇ ਦੀਆਂ ਔਰਤਾਂ ਜੀਤੋ, ਦਲੀਪੋ, ਗਿੰਦੋ ਹੋਰੀਂ ਉਸ ਨੂੰ ਕਦੋਂ ਦੀਆਂ ਉਡੀਕ ਰਹੀਆਂ ਸੀ। “ਆਜਾ ਭੜੀਏ, ਵਾਲ੍ਹਾ ਟੈਮ ਲਾ ਤਾ।” ਜੀਤੋ ਖਿੱਚ ਕਰ ਰਹੀ ਸੀ। “ਚਲੋ ... ਚਲੋ ....।” ਲਾਜੋ ਨੇ ਦਾਤੀ ਦੁਆਲ਼ੇ ਪੱਲੀ ਲਪੇਟ ਕੇ ਕੁੱਛੜ ’ਚ ਲੈ ਲਈ ਤੇ ਖੇਤ ਨੂੰ ਬੱਲੀਆਂ ਚੁਗਣ ਚੱਲ ਪਈਆਂ। ਇੱਕ ਹਰੇ ਰੰਗ ਦੀ ਕੰਬਾਇਨ ਉਨ੍ਹਾਂ ਕੋਲ ਦੀ ਲੰਘਣ ਲੱਗੀ ਤਾਂ ਉਹ ਸੜਕ ਛੱਡ ਕੇ ਕੱਚੇ ਲੈ ਗਈਆਂ। “ਪਰੀਂ ਹੋਜੋ ਭੈਣੇ, ਇਸ ਜਾਅਜ ਜੇ ਤੋਂ। ਕਿਤੇ ਮੂਹਰਲਾ ਸਕੰਜਾ ਜਾ ਨਾਲ ਈ ਲੈ ਜੇ ਖਿੱਚ ਕੇ।” ਜੀਤੋ ਦੇ ਬੋਲਦਿਆਂ ਬੋਲਦਿਆਂ ਕੰਬਾਇਨ ਅੱਗੇ ਲੰਘ ਵੀ ਗਈ ਸੀ। “ਨਪੁੱਤੇ ਦੀਆਂ ਆਹ ਮਸ਼ੀਨਾਂ ਨੇ ਵੀ, ਆਪਣੀ ਤਾਂ ਰੋਟੀ 'ਚ ਲੱਤ ਮਾਰੀ ਐ।” ਲਾਜੋ ਨੂੰ ਕੋਲੋਂ ਲੰਘੀ ਕੰਬਾਇਨ ’ਤੇ ਖਿੱਝ ਜਿਹੀ ਚੜ੍ਹੀ। “ਹੋਰ ਭੈਣੇ, ਪਹਿਲਾਂ ਚਾਰ ਪੰਜ ਕਿਲੇ ਟੱਬਰ—ਟੀਹਰ ਵੱਢ ਲੈਂਦਾ ਸੀ। ਖਾਣ ਜੋਗਾ ਦਾਣਾ ਫੱਕਾ ਜੁੜ ਜਾਂਦਾ ਸੀ।” ਗਿੰਦੋ ਨੇ ਵੀ ਆਪਣਾ ਦੁਖ ਵਿਅਕਤ ਕੀਤਾ। ਉਹ ਅਜੇ ਝਿਉਰਾਂ ਦੀ ਬਸਤੀ ਕੋਲ ਹੀ ਪਹੁੰਚੀਆਂ ਸੀ, ਜਗਤੂ ਅਮਰੀਕੀ ਢੱਠੇ ਵਾਂਗੂ ਭੱਜਿਆ ਆਉਂਦਾ ਸੀ। ਇੱਕ ਹੱਥ 'ਚ ਤੂਤ ਦੀ ਛਮਕੀ ਤੇ ਦੂਜੇ 'ਚ ਬੀੜੀ ਫੜੀ ਹੋਈ ਸੀ। “ਵੇ ਸੁਣੱਖਿਆ, ਦਿਉਰਾ ! ਕਿੱਧਰੋਂ ਆਇਐਂ ?” ਦੀਪੋ ਨੇ ਜਗਤੂ ਨੂੰ ਚਹੇਢ ਕੀਤੀ। ਉਹ ਸਾਰੀਆਂ ਉਸ ਨੂੰ ਘੇਰ ਕੇ ਖੜ੍ਹ ਗਈਆਂ। “ਹੜਦੀ ਨੀ ! ਮੇਰੇ ਬਾਪ ਦੀ ਰੰਨ, ਪਤੰਦਰ ਨੂੰ ਛੇੜੇ ਬਿਨਾਂ।” ਜਗਤੂ ਦੇ ਬੋਲਣ ਤੋਂ ਪਹਿਲਾਂ, ਲਾਜੋ ਨੇ ਜੀਤੋ ਵੱਲ ਮੁੱਕੀ ਵੱਟੀ। “ਟਿੱਬੀ ਆਲ਼ੇ ਬਾਬੇ ਕੋਲ ਗਿਆ ਸੀ।” ਜਗਤੂ ਨੇ ਉਨ੍ਹਾਂ ਤੋਂ ਖਹਿੜਾ ਛੁਡਾਉਣਾ ਚਾਹਿਆ। “ਗੋਲੀ—ਗੱਟਾ ਲੈਣ ਗਿਆ ਹੋਣਾ, ਗਿਆ ਸੀ ਤੂੰ ਟਿੱਬੀ ਆਲੇ ਬਾਬੇ ਕੋਲ !” ਲਾਜੋ ਹਰਖ ਗਈ, ਜਗਤੂ ਬਿਲਕੁਲ ਨਾ ਬੋਲਿਆ। “ਹੁਣ ਤਾਂ ਗੂੰਗਾ ਗੁੜ ਖਾ ਲਿਆ, ਚਾਹ ਪੀ ਲੀਂ ਘਰੇਂ ਜਾ ਕੇ।” ਲਾਜੋ ਨੇ ਜਗਤੂ ਨੂੰ ਖੜਕਾਇਆ ਤਾਂ ਉਹ ਕੰਨ ਜਿਹੇ ਝਾੜਦਾ ਪਿੰਡ ਵੱਲ ਚੱਲ ਪਿਆ। * * * ਜਗਤੂ ਝਿਉਰਾਂ ਦੀ ਢਾਣੀ ਕੋਲ ਪਹੁੰਚ ਗਿਆ ਸੀ। ਪਿੰਡ ਦੇ ਬਾਹਰ ਛੋਟੀਆਂ—ਛੋਟੀਆਂ ਢਾਣੀਆਂ ਬਣ ਗਈਆਂ। ਜਦੋਂ ਪਿੰਡ ਬੱਝਿਆ ਸੀ, ਚਿੜੀ ਦੇ ਪੌਂਚੇ ਜਿੰਨਾ ਸੀ। ਵਿਰਲੀ ਜਿਹੀ ਆਬਾਦੀ ਦੇ ਰਹਿਣ ਨੂੰ ਖੁੱਲ੍ਹੀ ਥਾਂ ਸੀ। ਹੁਣ ਤਾਂ ਸੁੱਖ ਨਾਲ ਪਰਿਵਾਰ ਵੱਧ ਗਏ। ਇੱਕ ਪਰਿਵਾਰ ਤੋਂ ਤਿੰਨ—ਤਿੰਨ ਘਰ ਬਣ ਗਏ। ਨਵੀਂ ਪੀੜ੍ਹੀ ਸੰਯੁਕਤ ਪਰਿਵਾਰ ’ਚ ਰਹਿਣਾ ਪਸੰਦ ਨਹੀਂ ਕਰਦੀ। ਵਿਆਹ ਹੋਇਆ, ਨਾਲ ਦੀ ਨਾਲ ਭਾਂਡਾ—ਟੀਂਡਾ ਵੰਡਾ ਕੇ ਅੱਡ। ਰਹਿਣ ਵਸੇਰੇ ਲਈ ਥਾਂ ਥੁੜਨ ਲੱਗੀ ਤਾਂ ਲੋਕਾਂ ਨੇ ਪਿੰਡੋਂ ਬਾਹਰ ਵਾਹੀ ਯੋਗ ਜ਼ਮੀਨਾਂ ਖਰੀਦ ਕੇ ਘਰ ਬਣਾਉਣੇ ਸ਼ੁਰੂ ਕਰ ਦਿੱਤੇ। ਪਿੰਡ ਦੇ ਬਾਹਰ—ਵਾਰ ਢਾਣੀਆਂ ਉੱਸਰ ਆਈਆਂ। ਢਾਣੀਆਂ ਵੀ ਜਾਤਾਂ, ਗੋਤਾਂ, ਲਾਣਿਆਂ ਦੇ ਨਾਂ ਤੇ ਬਣ ਗਈਆਂ। ਝਿਉਰਾਂ ਦੀ ਢਾਣੀ, ਗਿੱਲਾਂ ਦੀ ਢਾਣੀ, ਲੀਹਪਾੜਾਂ ਦੀ ਢਾਣੀ, ਇੰਦਰਾ ਬਸਤੀ। ਵੀਹ ਸਾਲਾਂ ’ਚ ਹੀ ਪਿੰਡ ਦਾ ਆਕਾਰ ਪਹਿਲਾਂ ਨਾਲੋਂ ਦੁੱਗਣਾ ਹੋ ਗਿਆ। ਦੀਪੋ ਝਿਉਰੀ ਟੂਟੀ ਤੋਂ ਪਾਣੀ ਦਾ ਤੌੜਾ ਭਰ ਕੇ ਹਟੀ ਸੀ। ਤੌੜਾ ਚੁਕਾਉਣ ਲਈ ਉਸਨੇ ਆਸੇ—ਪਾਸੇ ਵੇਖਿਆ ਤਾਂ ਜਗਤੂ ਨਜਰੀਂ ਪਿਆ। “ਵੇ ਜਗਤੂ, ਤੌੜਾ ਚਕਾ ਕੇ ਜਾ।” “ਹੂੰ ....... ਕੈਅਤਾ ਜਗਤੂ। ਜਗਤ ਸੂੰ ਆਖਦੀ ਦੇ ਗੋਲ਼ੀ ਵੱਜਦੀ ਐ। “ਆਖਦੋ ਇਹਨੂੰ ਜਗਤ ਸੂੰ। ਕਿਉਂ, ਡਸਕੇ ਆਲਾ ਸਰਦਾਰ ਐਂ ?” “ਆਖਦੇ ਭਰਜਾਈ। ਮੇਰੀ ਇੱਜਤ ਬਣਜੂ।” ਜਗਤੂ ਨੇ ਮੁਸਕੜੀਆਂ ਹੱਸਦੇ ਨੇ ਕਿਹਾ। ਦੀਪੋ ਗਿੰਦਰ ਦੇ ਘਰੋਂ ਐ। ਜਦੋਂ ਜਗਤੂ ਬਘੇਲ ਦੇ ਹਾਲ਼ੀ ਸੀ ਤਾਂ ਗਿੰਦਰ ਵੀ ਉਨ੍ਹਾਂ ਦੇ ਪਾਲ਼ੀ ਹੁੰਦਾ ਸੀ। ਜਗਤੂ ਨੇ ਗਿੰਦਰ ਨੂੰ ਹਲ਼ ਦੀ ਮੁੰਨੀ ਫੜ ਕੇ ਓੜੇ ਕੱਢਣੇ ਸਿਖਾਏ। ਗਿੰਦਰ ਛੇਤੀ ਹੀ ਦੋ ਬਲਦਾਂ ਤੇ ਵਾਹੀ ਕਰਨੀ ਸਿੱਖ ਗਿਆ ਸੀ। ਗਿੰਦਰ ਦਾ ਵਿਆਹ ਜਗਤੂ ਤੋਂ ਪੰਜ ਸਾਲ ਪਛੜ ਕੇ ਹੋਇਆ। ਜਗਤੂ ਵੀ ਬਰਾਤ ਗਿਆ ਸੀ। ਜਗਤੂ ਦਾ ਗਿੰਦਰ ਦੇ ਪਰਿਵਾਰ ਨਾਲ ਅੱਜ ਵੀ ਮੋਹ—ਮੁਲਾਜ੍ਹਾ ਉਸੇ ਤਰ੍ਹਾਂ ਹੈ। ਗਿੰਦਰ ਨੂੰ ਤਾਂ ਕਿਸੇ ਤਕੜੇ ਰਿਸ਼ਤੇਦਾਰ ਨੇ ਕਹਿ—ਕਹਾ ਕੇ ਨਹਿਰੀ ਮਹਿਕਮੇ ’ਚ ਬੇਲਦਾਰ ਭਰਤੀ ਕਰਵਾ ਦਿੱਤਾ ਸੀ। ਉਹ ਤਾਂ ਆਥਣੇ ਘਰ ਆਉਂਦੈ, ਜਗਤੂ ਨੂੰ ਕਦੇ ਕਦਾਈ ਹੀ ਟੱਕਰਦੈ। “ਤੂੰ ਤੌੜਾ ਵੀ ਨੀ ਚੱਕ ਸਕਦੀ। ਗੱਲਾਂ ਮਾਰਦੀ ਐਂ ਵੱਡੀਆਂ—ਵੱਡੀਆਂ।” ਜਗਤੂ ਨੇ ਤੌੜਾ ਚੁਕਾਉਂਦਿਆਂ ਦੀਪੋ ਨੂੰ ਤਾਅਨਾ ਮਾਰਿਆ। “ਹੁਣ ਸਰੀਰ ਚ ਕੇਹੜੀ ਜਾਨ ਰੈਗ੍ਹੀ ?” ਦੀਪੋ ਘੜਾ ਚੁੱਕ ਕੇ ਚੁੰਨੀ ਦੀ ਕੰਨੀ ਮੂੰਹ ’ਚ ਲੈ ਕੇ ਜਗਤੂ ਦੀ ਅੱਖੋਂ ਉਹਲੇ ਹੋ ਗਈ। ਜਗਤੂ ਨੂੰ ਆਪਣੀ ਭੈਣ ਨਾਮੋ ਯਾਦ ਆਈ। ਪਿੰਡ ਵਾਲੇ ਤਾਂ ਉਸ ਨੂੰ ਨਾਮੋ ਬੋਲ਼ੀ ਆਖਦੇ। ਉਹ ਕੱਲੀ ਹੀ ਬਾਹਰਲੇ ਖੂਹ ਤੋਂ ਪਾਣੀ ਲੈਣ ਜਾਂਦੀ, ਆਪੇ ਡੋਲ ਖਿੱਚਦੀ। ਉਹ ਇੱਕ ਮੀਲ ਤੋਂ ਦੋਘੜ ਲੈ ਕੇ ਆਉਂਦੀ। ਪਾਣੀ ਦੀ ਚੂਲ੍ਹੀ ਵੀ ਨਹੀਂ ਸੀ ਡੁੱਲ੍ਹਣ ਦਿੰਦੀ। ਵਿਆਹ ਤੋਂ ਸਾਲ ਬਾਅਦ ਹੀ ਜਣੇਪੇ ’ਚ ਮਰ ਗਈ ਸੀ। ਜਗਤੂ ਖੰਘੂਰੇ ਮਾਰਦਾ ਸਿੱਧਾ ਡਾਕਟਰ ਜਨਕ ਦੀ ਦੁਕਾਨ ਵੱਲ ਚੱਲ ਪਿਆ। ਡਾਕਟਰ ਜਨਕ ਨੇ ਛੇ ਸਾਲ ਪਹਿਲਾਂ ਇਸ ਪਿੰਡ ਵਿੱਚ ਪੈਰ ਧਰਿਆ, ਤਾਂ ਲੋਕਾਂ ਨੇ ਬਹੁਤ ਸਤਿਕਾਰ ਦਿੱਤਾ, ਹੱਥੀਂ ਛਾਂਵਾਂ ਕੀਤੀਆਂ, ਬੈਠਣ ਨੂੰ ਆਸਰਾ ਦਿੱਤਾ। ਉਸਨੂੰ ਰਹਿਣ ਲਈ ਰਾਮਜੀ ਸੁਨਿਆਰ ਨੇ ਆਪਣੇ ਘਰ ਦਾ ਕਮਰਾ ਦਿੱਤਾ। ਬਸ ! ਸਾਲ ਵਿੱਚ ਹੀ ਡਾ. ਜਨਕ ਨੇ ਪੈਰ ਜਮਾ ਲਏ। ਲੋਕ ਉਸਨੂੰ ਭਗਵਾਨ ਸਮਝਣ ਲੱਗੇ। ਵਰ੍ਹੇ—ਛਿਮਾਹੀ ਉਸ ਨਾਲ ਹਿਸਾਬ—ਕਿਤਾਬ ਕਰਦੇ। ਵੱਡੇ ਘਰ ਉਸ ਨੂੰ ਦਾਣਾ—ਫੱਕਾ ਵੀ ਦੇ ਦਿੰਦੇ। ਉਸ ਨੂੰ ਦੇਸੀ ਜੜੀ—ਬੂਟੀਆਂ ਦੀ ਪਛਾਣ ਹੈ। ਦੇਸੀ ਨੁਸਖੇ ਵਾਲੀ ਡਾਇਰੀ ਵੀ ਆਪਣੇ ਕੋਲ ਰੱਖਦਾ ਹੈ। ਆਪਣੇ ਹੱਥੀਂ ਦੇਸੀ ਜੜੀ—ਬੂਟੀਆਂ ਤੋਂ ਦਵਾਈਆਂ ਤਿਆਰ ਕਰ ਲੈਂਦਾ ਹੈ। ਹੁਣ ਤਾਂ ਉਸਨੇ ਆਪਣਾ ਪਲਾਟ ਲੈ ਕੇ ਘਰ ਵੀ ਬਣਾ ਲਿਆ। ਪਿੰਡ ’ਚੋਂ ਕਈ ਲੋਕ ਤਾਂ ਇਹ ਵੀ ਕਹਿੰਦੇ ਸੁਣੇ ਹਨ— “ਬਈ, ਡਕਾਟਰ ਕੋਲ ਤਾਂ ਸੋਨੇ ਦੇ ਬਿਸਕੁਟ ਨੇ।” “ਵਥੇਰੇ ਕਮੌਂਦੈ, ਦੋ ਮਰੀਜਾਂ ਦੇ ਟੀਕੇ ਲਾਤੇ ਤਾਂ ਦਿਆੜੀ ਬਣਗੀ।” “ਕਹਿੰਦੇ, ਚੋਰੀਓਂ—ਛਪੋਰੀਓਂ ਗੋਲ਼ੀਆਂ ਵੀ ਵੇਚਦੈ।” “ਬਈ ਸੱਚੀ ਗੱਲ ਐ, ਤਾਹੀਓਂ ਤਾਂ ਕੋਠੀ ਬਣਾ ਗਿਆ।” ਜਿਨ੍ਹਾਂ ਸਮਿਆਂ ਵਿੱਚ ਜਗਤੂ ਨੂੰ ਨਸ਼ੇ ਦੀ ਲੱਤ ਲੱਗੀ, ਉਦੋਂ ਭੁੱਕੀ ਸਸਤੀ ਵੀ ਸੀ ਤੇ ਸ਼ੁੱਧ ਵੀ। ਪਿੰਡ ਦੇ ਅਮਲੀ ਭੁੱਕੀ ਖਾ ਕੇ ਖੇਤਾਂ ’ਚ ਕੰਮ ਵੀ ਦੱਬ ਕੇ ਕਰਦੇ ਸੀ। ਹੌਲੀ—ਹੌਲੀ ਭੁੱਕੀ ਦੇ ਭਾਅ ਵੱਧ ਗਏ। ਅਮਲੀ ਭਾਈਚਾਰੇ ਲਈ ਨਵਾਂ ਤੋਹਫ਼ਾ ਆ ਗਿਆ — ਨਸ਼ੀਲੀਆਂ ਦਵਾਈਆਂ । ਪਿੰਡਾਂ 'ਚ ਬੈਠੇ ‘ਝੋਲ਼ਾ—ਛਾਪ’ ਡਾਕਟਰਾਂ ਨੇ ਆਪਣੇ ਕਾਰੋਬਾਰ 'ਚ ਹੋਰ ਵਾਧਾ ਕਰ ਲਿਆ। ਚੋਰੀਉਂ—ਛਪੋਰੀਉਂ ਨਸ਼ੀਲੇ ਪਦਾਰਥ ਵੇਚਣ ਲੱਗ ਪਏ । ਅਮਲੀਆਂ ਲਈ ਹੁਣ ਅਫ਼ੀਮ—ਭੁੱਕੀ ਦਾ ਖਰਚ ਝੱਲਣਾ ਔਖਾ ਹੋ ਗਿਆ। ਨਸ਼ੇ ਛੱਡ ਨਹੀਂ ਸਕਦੇ। ਹੁਣ ਤਾਂ ਉਨ੍ਹਾਂ ਦੀ ਗੱਲ, ਸੱਪ ਦੇ ਮੂੰਹ 'ਚ ਕੋਹੜ ਕਿਰਲੀ ਵਾਲੀ ਹੈ। ਪਿੰਡ ਦੇ ਅਮਲੀ ਹੁਣ ਤਾਂ ਫਿਨੋਟੈੱਲ ਦੀਆਂ ਗੋਲੀਆਂ ਨਾਲ ਹੀ ਸ਼ੁਰੂ ਹੁੰਦੇ ਨੇ। ਡਾਕਟਰ ਜਨਕ ਆਪਣੇ ਪੁਰਾਣੇ ਅਤੇ ਤੱਸਲੀਬਖ਼ਸ ਗਾਹਕਾਂ ਨੂੰ ਹੀ ਨਸ਼ਾ ਵੇਚ ਰਿਹਾ ਸੀ। ਮਘਾਣੀਆਂ ਪਿੰਡ ਦਾ ਵਿੰਗੜ ਜਿਹਾ ਮੁੰਡਾ ਹੁਣੇ ਹੀ ਦੁਕਾਨ ’ਤੇ ਆਇਆ। ਆਪਣੇ ਹੀ ਬਣਾਏ ਕੋਡ—ਵਾਰਡ 'ਚ ਜਨਕ ਨੂੰ ਕਹਿੰਦਾ— “ਡਾਕਟਰ ਸਿਆਂ ! ਜਮੂਰੇ ਚਾਹੀਦੇ ਨੇ। ਸਰੀਰ ਟੁੱਟੀ ਜਾਂਦੈ।” ਜਨਕ ਨੇ ਗੁਪਤ ਥਾਂ ਤੋਂ ਫਿਨੋਟਿਲ ਦੇ ਛੋਟੇ ਪੈਕਟ ਲਿਆ ਉਸ ਦੀ ਹਥੇਲੀ ’ਤੇ ਧਰ ਦਿੱਤੇ। ਉਸ ਨੇ ਬੇ—ਸਬਰਿਆਂ ਵਾਂਗ ਫੱਕਾ ਮਾਰਿਆ ਤੇ ਫੋਰਡ ਟ੍ਰੈਕਟਰ ਵਾਂਗੂ ਆਪਣੇ ਪਿੰਡ ਵੱਲ ਭੱਜ ਲਿਆ। ਅਮਲੀ ਅਜੇ ਜਨਕ ਦੀ ਦੁਕਾਨ ’ਚ ਵੜਿਆ ਹੀ ਸੀ, ਜਨਕ ਬੋਲ ਪਿਆ— “ਅੱਜ ਤਾਂ ਅਮਲੀਆ, ਕਿਤੇ ਸਵੇਰ ਨਾਲ ਹੀ ਧਾਵਾ ਬੋਲਿਆ ਲੱਗਦੈ।” “ਕੋਈ ਨਾ ਕੋਈ ਜਗਾੜ ਤਾਂ ਕਰਨੈ ਪੈਂਦੇ ਜੀ।” ਜਗਤੂ ਨੇ ਆਪਣੇ ਗੀਝੇ ਵਿੱਚ ਹੱਥ ਮਾਰਿਆ। “ਮੇਰੇ ਪੁੱਤ ਦੇ ਗੀਝੇ ਨਾਲ ਹੀ ਚਿੰਬੜ ਕੇ ਬਹਿਗੇ।” ਉਸ ਨੇ ਗੀਝੇ ਵਿਚਲੇ ਪੈਸਿਆਂ ਦੀ ਫਰੋਲ਼ਾ—ਫਰਾਲ਼ੀ ਕਰਦਿਆਂ ਕਿਹਾ। “ਲੈ, ਦੋ ਪੁੜੀਆਂ ਲਿਆ।” ਡਾਕਟਰ ਨੇ ਦੋ ਥੈਲੀਆਂ ਲਿਆ ਕੇ ਅਮਲੀ ਦੀ ਹਥੇਲੀ ’ਤੇ ਧਰ ਦਿੱਤੀਆਂ। ਅਮਲੀ ਖੁਸ਼ ਹੋ ਗਿਆ, ਜਿਵੇਂ ਉਸ ਦੀ ਬੁਢਾਪਾ ਪੈਨਸ਼ਨ ਲੱਗੀ ਹੋਵੇ। ਦਸ ਗੋਲੀਆਂ ਦਾ ਉਸਨੇ ਡਾਕਟਰ ਦੇ ਸਾਹਮਣੇ ਹੀ, ਮੂੰਹ ਟੱਡ ਕੇ ਫੱਕਾ ਮਾਰਿਆ। ਕਹਿੰਦਾ— “ਹੁਣ ਤਾਂ ਭਾਵੇਂ ਅਮਲੀ ਨੂੰ ਗੱਡੇ ਮੂਹਰੇ ਜੋੜ ਲੋ।” “ਅਮਲੀਆ, ਤੇਰਾ ਵੱਡਾ ਮੁੰਡਾ ਕਿੱਥੇ ਰਹਿੰਦੈ ? ਕਦੇ ਵੇਖਿਆ ਈ ਨੀਂ।” “ਮੇਰੇ ਸਾਲ਼ੇ ਨੂੰ ਬਘੇਲ ਦੇ ਰਲਾਇਐ, ਪਤਾ ਨੀ ਕੱਟੂ ਕਿ ਨਾ। ਕਹਿੰਦਾ— ਕੰਮ ਬਹੁਤ ਲੈਂਦੇ ਨੇ।” ਤੌੜੇ 'ਚੋਂ ਰਬੜ ਦੇ ਡੱਬੇ ਨਾਲ ਪਾਣੀ ਪੀ ਕੇ, ਉਹ ਉੱਥੇ ਹੀ ਪਲਾਥੀ ਮਾਰ ਕੇ ਬੈਠ ਗਿਆ। “ਡਕਾਟਰ ਸਾਬ੍ਹ, ਆਪਣੇ ਤਾਂ ਵੱਸੋਂ ਬਾਰ੍ਹ ਐ। ਆਵਦੀ ਮਾਂ ਮਗਰ ਲੱਗਦੈ। ਮੈਨੂੰ ਨੀ ਕਦੇ ਉਹਨੇ ਦੁੱਕੀ ਦਿੱਤੀ। ਮੈਂ ਤਾਂ ਸਾਰਾ ਖਰਚਾ ਪੱਠਾ ਆਪ ਈ ਚਲਾਈ ਜਾਨੈ।” “ਤੂੰ ਨਾਲੇ ਟੋਕਰੇ ਬਣਾਉਣ ਲੱਗਿਆ ਸੀ।” “ਉਏ ਜਨਕਿਆ ! ਟੋਕਰੇ ਕਿਹੜਾ ਬਾਰਾਂ ਮੀਨ੍ਹੇ ਬਣਾਈ ਜਾਨੈ।” ਜਗਤੂ ਦੀਆਂ ਅੱਖਾਂ ਲਾਲ ਹੋ ਗਈਆਂ, ਸਰੀਰ ਵੀ ਕੁੱਝ ਫੁਰਤੀ 'ਚ ਆ ਗਿਆ ਲੱਗਦਾ ਸੀ। “ਮੇਰੇ ਸਹੁਰੇ ਦੀ .........ਗੰਦੀ ਜਨਾਨੀ...........। ਉਹ ਅੱਡ ਮੈਨੂੰ ਕੁੱਟਦੀ ਐ।ਬਾਈ ਆ ਵੇਖ........, ਕੱਲ ਮੇਰੇ ਘੋਟਣਾ ਮਾਰਿਆ।” ਜਗਤੂ ਆਪਣਾ ਝੁੱਗਾ ਕਮਰ ਤੋਂ ਉਤਾਂਹ ਚੁੱਕ ਕੇ ਡਾਕਟਰ ਨੂੰ ਵਿਖਾਉਣ ਲੱਗਿਆ। ਏਨੇ ਨੂੰ ਡਾਕਟਰ ਕੋਲ ਕੋਈ ਹੋਰ ਲੋੜਵੰਦ ਆ ਪਹੁੰਚਿਆ। ਡਾਕਟਰ ਉੱਧਰ ਰੁੱਝ ਗਿਆ। “ਚੱਲ ਮਨਾਂ। ਤਿੱਤਰ ਹੋਰਾਂ ਕੋਲ ਚੱਲੀਏ।” ਜਗਤੂ ਧਰਤੀ ਤੇ ਹਥੇਲੀ ਲਾ ਕੇ ਜ਼ੋਰ ਨਾਲ ਉੱਠਿਆ ਤੇ ਸੱਥ ਵੱਲ ਚੱਲ ਪਿਆ। ਉਹ ਅਜੇ ਬੱਸ—ਅੱਡੇ ’ਤੇ ਪਹੁੰਚਿਆ ਹੀ ਸੀ, ਹਰੇ ਰੰਗ ਦੀਆਂ ਪੱਗਾਂ ਬੰਨ੍ਹੀ ਤੇ ਡੰਡਿਆਂ ਚ ਝੰਡੇ ਪਾ ਕੇ ਕਿਸਾਨ ਯੂਨੀਅਨ ਦੇ ਨੁਮਾਇੰਦੇ ਤੇ ਕਿਸਾਨ ਤਿਆਰ—ਬਰ—ਤਿਆਰ ਖੜ੍ਹੇ ਸੀ। “ਲੱਗਦੈ, ਗੱਡੀ ਰੋਕਣ ਜਾਂਦੇ ਨੇ।” ਜਗਤੂ ਨੇ ਦੂਰੋਂ ਹੀ ਖੱਬੇ ਹੱਥ ਦੀ ਦੂਰਬੀਨ ਜਿਹੀ ਬਣਾ ਕੇ ਟਰਾਲੀ ’ਚ ਚੜ੍ਹਦੇ ਕਿਸਾਨਾਂ ਨੂੰ ਵੇਖ, ਮਨ ਹੀ ਮਨ ਸੋਚਿਆ। ਨੇੜੇ ਪਹੁੰਚਿਆ ਤਾਂ ਟ੍ਰੈਕਟਰ ਕੋਲ ਖੜ੍ਹੇ ਜੱਗਰ ਨੂੰ ਕਹਿੰਦਾ— “ਪਰਦਾਨ ਜੀ, ਸਸਕਾਰ ਤੇ ਜਾਂਦੇ ਓਂ।” ਜੱਗਰ ਭਾਰਤੀ ਕਿਸਾਨ ਯੂਨੀਅਨ ਏਕਤਾ ਦਾ ਬਲਾਕ ਪ੍ਰਧਾਨ ਹੈ। ਇਹੀ ਕਾਰਨ ਹੈ ਕਿ ਪਿੰਡ ਵਿੱਚ ਉਸ ਨੂੰ ‘ਪ੍ਰਧਾਨ’ ਕਹਿ ਕੇ ਹੀ ਬੁਲਾਇਆ ਜਾਂਦਾ ਹੈ। ਘੱਟ ਜ਼ਮੀਨਾਂ ਵਾਲੇ ਕਾਫ਼ੀ ਕਿਸਾਨ ਜੱਗਰ ਨਾਲ ਜੁੜੇ ਹੋਏ ਹਨ। ਜਦ ਵੀ ਯੂਨੀਅਨ, ਕੇਂਦਰ ਜਾਂ ਰਾਜ ਸਰਕਾਰ ਪ੍ਰਤੀ ਕੋਈ ਕਿਰਿਆ ਕਰਦੀ ਹੈ ਤਾਂ ਪਿੰਡੋਂ ਟਰਾਲੀਆਂ ਭਰ ਕੇ ਕਿਸਾਨ ਸਰਕਾਰ ਦਾ ਪਿੱਟ—ਸਿਆਪਾ ਕਰਨ ਜਾਂਦੇ ਹਨ। “ਉਏ ਅਮਲੀਆ, ਸਸਕਾਰ ਨੀ ਅੱਜ ਤਾਂ ਭੋਗ ਐ। ਜੇ ਚੱਲਣੈ ਤਾਂ ਚੜ੍ਹਜਾ ਟਰਾਲੀ ’ਚ।” ਜੱਗਰ ਨੇ ਅਮਲੀ ਨੂੰ ਵੀ ਨਾਲ ਚੱਲਣ ਲਈ ਪ੍ਰੇਰਿਆ ਪਰ ਜਗਤੂ ਮਨ੍ਹਾਂ ਕਰ ਗਿਆ। ਆਖਣ ਲੱਗਾ— “ਨਾ ਉਏ ਭਰਾਵੋ ! ਮੇਰੀ ਕੇੜ੍ਹਾ ਮਾਂ ਦੇ ਫੇਰੇ ਖੜ੍ਹੇ ਨੇ। ਮੈਥੋਂ ਤਾਂ ਫੁੜਕੇ ਜੇ ਤੋਂ ਭੱਜਿਆ ਵੀ ਨੀ ਜਾਣਾ। ਪੁਲਸ ਆਲੇ ਮੇਰੇ ਪਤਿਉਰ੍ਹੇ ਦੋਂਮੇ ਹੱਥਾਂ ਨਾਲ ਜੋੜ ਕੇ ਡਾਂਗਾਂ ਮਾਰਦੇ ਨੇ।” ਜਗਤੂ ਸਾਰਿਆਂ ਮੂਹਰੇ ਹੱਥ ਜੋੜ ਕੇ ਖੜ੍ਹ ਗਿਆ। ਉਸਦੇ ਵੇਖਦੇ ਹੀ ਵੇਖਦੇ ਅੱਧਖੜ ਉਮਰ ਦੇ ਦਸ ਬਾਰ੍ਹਾਂ ਕਿਸਾਨ ਇਕੱਠੇ ਹੋ ਗਏ। ਗਿਣਤੀ ਘੱਟ ਵੇਖ ਕੇ ਇੱਕ ਬੁੱਢੇ ਕਿਸਾਨ ਨੇ ਜੱਗਰ ਨੂੰ ਸਲਾਹ ਦਿੱਤੀ— “ਪ੍ਰਧਾਨ ਜੀ, ਸੂਚਨਾਂ ਇੱਕ ਵਾਰੀ ਹੋਰ ਕਰਕੇ ਆ। ਆਪਾਂ ਉੱਥੇ ’ਕੱਠ ਵੀ ਵਖੌਣੈ। ਆਹ ਦਸ ਜਣਿਆਂ ਨਾਲ ਕੀ ਬਣੂੰ ?” “ਚਲ ਮੈਂ ਜਾਨੈ।” ਉਸ ਵਡੇਰੀ ਉਮਰ ਦੇ ਕਿਸਾਨ ਦੀ ਗੱਲ ਸੁਣ ਕੇ ਜੱਗਰ ਗੁਰੂ—ਘਰ ਵੱਲ ਹੋ ਤੁਰਿਆ। ਉਹੀ ਬੁੱਢਾ ਕਿਸਾਨ ਆਪਣੀ ਸਿਆਣਪ ਸਾਰਿਆਂ ਨਾਲ ਸਾਂਝੀ ਕਰਨ ਲੱਗਾ— “ਪੰਜਾਬ ਦਾ ਕਿਸਾਨ, ਕਹਿੰਦੇ ਅੰਨਦਾਤੈ, ਉਏ ਲੰਡੀ ਢੱਠੀ ਦੇ ਸਾਲ਼ਿਓ ! ਅੰਨਦਾਤੇ ਦੀ ਤਾਂ ਤੁਸੀਂ ਸੰਘੀ ਘੁੱਟੀ ਜਾਂਦੇ ਓ। ਉੱਤਲੇ ਅੱਡ ਨੀ ਟਿਕਣ ਦਿੰਦੇ। ਵਿਦੇਸੀ ਕੰਪਨੀਆਂ ਨੂੰ ਹੋਕਰਾ ਮਾਰਤਾ, ਅਖੇ ਆਜੋ, ਸਾਡੇ ਲੋਕ ਲੁੱਟਣ ਕੰਨੀਂਓਂ ਪਏ ਨੇ। ਜੱਟਾਂ ਦੀਆਂ ਜਮੀਨਾਂ ਕੰਪਨੀਆਂ ਖੋਹੀ ਜਾਂਦੀਆਂ ਨੇ।ਭਲਿਓ ਲੋਕੋ, ਜੇ ਜੱਟਾਂ ਕੋਲੇ ਜਮੀਨ ਈ ਨਾ ਰਹੀ ਤਾਂ ਭੂਪਨੇ ਵੇਚਣਗੇ ?” ਉਹ ਬੁੱਢਾ ਕਿਸਾਨ ਨਿਰੰਤਰ ਹੀ ਬੋਲਦਾ ਜਾ ਰਿਹਾ ਸੀ। “ਸਾਲ਼ਾ ਆਪਣੀ ਪੀਪਣੀ ਵਜਾਈ ਜਾਂਦੈ। ਹਿੱਲੇ ਦਮਾਕ ਆਲ਼ਾ। ਕਿਸੇ ਨੂੰ ਬੋਲਣ ਬੀ ਨੀ ਦਿੰਦਾ।” ਪਿੱਛੇ ਖੜ੍ਹੇ ਜਗਤੂ ਤੋਂ ਰਿਹਾ ਨਾ ਗਿਆ। ਉਹ ਬੋਲ ਹੀ ਪਿਆ। ਜੱਗਰ ਨੇ ਗੁਰੂ—ਘਰ ਜਾ ਕੇ ਸਪੀਕਰ ਚਾਲੂ ਕਰ ਦਿੱਤਾ— “ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਕਿਸਾਨ ਵੀਰਾਂ ਨੂੰ ਬੇਨਤੀ ਐ ਭਾਈ, ਅੱਜ ਭਾਰਤੀ ਕਿਸਾਨ ਯੂਨੀਅਨ ਦੀ ਬੋਹਾ ਭਰਵੀਂ ਰੈਲੀ ਐ। ਕਿਸਾਨਾਂ ਨਾਲ ਸਮੇਂ ਦੀਆਂ ਸਰਕਾਰਾਂ ਧੱਕਾ ਕਰ ਰਹੀਆਂ ਨੇ। ਜਿਣਸਾਂ ਮੰਡੀਆਂ ’ਚ ਰੁਲ ਰਹੀਆਂ ਨੇ। ਸਾਰੇ ਮਸਲਿਆਂ ਦਾ ਹੱਲ ਕਰਨ ਲਈ, ਅੱਜ ਦਸ ਵਜੇ ਅਨਾਜ ਮੰਡੀ ਬੋਹਾ ਵਿਖੇ ਰੈਲੀ ਤੇ ਰੋਸ ਮੁਜਾਰੈ। ਆਪਣੇ ਪਿੰਡੋਂ ਬੱਸ ਅੱਡੇ ਤੋਂ ਟਰਾਲੀ ਚੱਲਣ ਲਈ ਤਿਆਰ ਐ। ਪੰਜ ਮਿੰਟਾਂ ਚ ਪਹੁੰਚਣ ਦੀ ਕਿਰਪਾਲਤਾ ਕਰਨੀ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।” ਜੱਗਰ ਸੂਚਨਾ ਕਰਕੇ ਵਾਪਸ ਆ ਗਿਆ। ਉਸਦੇ ਵਾਪਸ ਮੁੜਦੇ ਤੱਕ ਪੰਜ ਕੁ ਕਿਸਾਨ ਹੋਰ ਆ ਗਏ ਸੀ। “ਚਲੋ ਪ੍ਰਧਾਨ ਜੀ, ਹੋਰ ਨੀ ਕੋਈ ਆਉਂਦਾ, ਜੀਹਨੇ ਆਉਣਾ ਸੀ, ਆ ਗਿਆ। ਪਤੰਦਰ ਕੰਮਾਂ ਨਾਲ ਚੰਬੜੇ ਪਏ ਨੇ।” ਸਾਰੇ ਟਰਾਲੀ ’ਚ ਚੜ ਗਏ ਸੀ। ਵਡੇਰੀ ਉਮਰ ਦੇ ਕਿਸਾਨ ਨੇ ਚੱਲਣ ਦੀ ਸਲਾਹ ਦਿੱਤੀ ਤਾਂ ਜੱਗਰ ਨੇ ਟ੍ਰੈਕਟਰ ਚਾਲੂ ਕੀਤਾ ਤੇ ਬੋਹਾ ਅਨਾਜ ਮੰਡੀ ਵੱਲ ਚੱਲ ਪਏ। ਜਗਤੂ ਕਿੰਨਾ ਹੀ ਚਿਰ ਟਰਾਲੀ ਵੱਲ ਤੱਕਦਾ ਰਿਹਾ। “ਬਈ, ਇਹ ਨੀ ਟਿਕਦੇ, ਪੱਕੇ ਮੰਤਰੀ ਨੇ। ਪਤੰਦਰੋ ਜੇ ਸੋਡਾ ਨੀ ਕੁਸ਼ ਬਣਦਾ, ਚਾਰ—ਚਾਰ ਕਿੱਲਿਆਂ ਆਲਿਆਂ ਦਾ, ਤਾਂ ਸਾਡਾ ਕੀ ਬਣੂੰ ?” ਆਖਦਾ ਹੋਇਆ ਅਮਲੀ ਵੱਡੇ ਬੋਹੜ ਵੱਲ ਚੱਲ ਪਿਆ।

ਗਿਆਰ੍ਹਾਂ

ਬੋਹੜ ਦੇ ਥੜ੍ਹੇ ਹੇਠ ਵਾਢੀ ਕਾਰਨ ਰੌਣਕ ਘਟ ਗਈ ਪਰ ਬਜ਼ੁਰਗ ਤਾਂ ਅਜੇ ਵੀ ਬੋਹੜ ਦੀ ਹਾਂ 'ਚ ਹਾਂ ਭਰ ਰਹੇ ਸੀ। ਤਿੱਤਰ, ਵਿਸਾਖਾ, ਲੀਹ—ਪਾੜਾਂ ਦਾ ਸੋਹਣਾ ਤੇ ਸੁਰਜਣ ਹੋਰਾਂ ’ਤੇ ਵਾਢੀ ਦਾ ਕੋਈ ਅਸਰ ਨਹੀਂ । ਤਿੱਤਰ ਤਾਸ਼ ਵਾਲਾ ਪੱਲੜ ਲੈ ਕੇ ਸੱਥ 'ਚ ਪਹੁੰਚ ਵੀ ਗਿਆ। ਵਿਸਾਖੇ ਹੋਰੀਂ ਕਦੋਂ ਦੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। “ਆਜਾ ਉਏ ਤਿੱਤਰਾ, ਕਿਵੇਂ ਵਾਹਵਾ ਲੇਟ ਹੋ ਗਿਆ।” ਸੋਹਣੇ ਨੇ ਉਸ ਤੋਂ ਪੱਲੜ ਫੜ ਲਿਆ। “ਜਵਾਕ ਕਹਿੰਦੇ, ਬਾਬਾ ਮੱਝਾਂ ਨੂੰ ਮੋਟਰ ਤੇ ਪਾਣੀ ਪਿਆ ਕੇ ਜਾਈਂ। ਫੇਰ ਨਾਂਹ ਕਿੱਥੇ ਹੁੰਦੀ ਐ।” “ਚਲ ਭਾਈ ਤਿੱਤਰਾ, ਘਰ ਦਾ ਕੰਮ ਧੰਦਾ ਵੀ ਕਰਨਾ ਪੈਂਦੈ। ਦੋ ਟੈਮ ਦੀ ਰੋਟੀ ਵੀ ਤਾਹੀਂ ਮਿਲੂ।” ਸੁਰਜਣ ਪੱਲੜ ਵਿਛਾਉਂਦਾ ਬੋਲਿਆ। “ਸਾਰੀ ਉਮਰ ਘੱਟਾ ਢੋਂਹਦੇ ਮਰਗੇ। ਜਵਾਕ ਕਹਿੰਦੇ, ਤੂੰ ਕੀ ਕੀਤੈ !” ਤਿੱਤਰ ਦੇ ਕੰਬਦੇ ਬੋਲ ਸੁਣ ਕੇ ਬੋਹੜ ਦੇ ਪੱਤੇ ਵੀ ਜ਼ੋਰ ਨਾਲ ਹਿੱਲੇ। “ਹੁਣ ਆਲੇ ਨੀ ਸਿੱਧੇ ਮੂੰਹ ਬੋਲਦੇ।” ਸੁਰਜਣ ਅੰਦਰੋਂ ਕਾਫ਼ੀ ਸਮੇਂ ਤੋਂ ਦੱਬੀ ਪਈ ਗੱਲ ਆਪ—ਮੁਹਾਰੇ ਹੀ ਬਾਹਰ ਆ ਗਈ । “ਕਲਯੁੱਗ ਆ ਗਿਆ, ਸੁਰਜਣਾ। ਕੱਲ੍ਹ ਮੇਰਾ ਪੋਤਾ ਕਹਿੰਦਾ, ਬੁੜ੍ਹਿਆ ਜਾਅਦੇ ਬੁੜ—ਬੁੜ ਨਾ ਕਰ। ਮੇਰਾ ਜੀਅ ਤਾਂ ਕਰੇ, ਮੌਰਾਂ ’ਚ ਮਾਰਾਂ ਡਾਂਗ।” ਵਿਸਾਖੇ ਨੇ ਆਪਣੇ ਛੋਟੇ ਪੋਤੇ ਦੀ ਗੱਲ ਦੱਸੀ ਜਿਹੜਾ ਅਜੇ ਦਸ ਕੁ ਸਾਲ ਦਾ ਹੈ। “ਹੁਣ ਆਲੇ ਨੀ ਵੱਡੇ—ਛੋਟੇ ਦੀ ਇੱਜ਼ਤ ਕਰਦੇ, ਜਿੰਨੀਆਂ ਪੜ੍ਹੀਆਂ, ਸਾਰੀਆਂ ਗਈਆਂ ਖੂਹ ਚ।” ਤਿੱਤਰ ਨੇ ਝੁੱਗੇ ਦੇ ਲੜ ਨਾਲ ਐਨਕ ਦਾ ਸ਼ੀਸ਼ਾ ਸਾਫ ਕੀਤਾ। “ਚੱਲੋ ਛੱਡੋ ਰੋਣੇ—ਧੋਣੇ। ਮਸਾਂ ਤਾਂ ਦੋ ਘੜੀ ਟੈਮ ਲੰਘੌਂਣ ਆਉਂਦੇ ਆਂ।” ਸੋਹਣਾ ਬੋਲਿਆ। “ਲਿਆ ਕੱਢ ਬਈ ਤਿੱਤਰਾ, ਤਾਸ਼ ਆਲ਼ੀ ਡੱਬੀ।” ਸੋਹਣੇ ਦੇ ਆਖਣ ’ਤੇ ਤਿੱਤਰ ਨੇ ਕਲੀਆਂ ਵਾਲੇ, ਦੁੱਧ—ਰੰਗੇ ਕੁੜਤੇ ਦੇ ਗੀਝੇ 'ਚੋਂ ਟ੍ਰੈਕਟਰ ਦੇ ਚਿੱਤਰਾਂ ਵਾਲੀ ਤਾਸ਼ ਦੀ ਡੱਬੀ ਕੱਢ ਲਈ। “ਘਸਗੀ।” ਤਿੱਤਰ ਪੱਤੇ ਤਰਾਸ਼ਦਾ ਬੋਲਿਆ। “ਹੋਰ ਲੈ ਆਮਾਂਗੇ।” ਆਖ ਵਿਸਾਖੇ ਨੇ ਪਲਾਥੀ ਮਾਰ ਲਈ। ਚਾਰੇ ਆਪੋ—ਆਪਣੀਆਂ ਪੱਲੜ ਦੀਆਂ ਕੰਨੀਆਂ ਦੱਬ ਕੇ ਬੈਠ ਗਏ ਤੇ ਮੋਰਚੇ ਸੰਭਾਲ ਲਏ। ਵਿਸਾਖੇ ਨੇ ਪੱਤਾ ਡੇਗਦੇ ਨੇ ਬੀੜੀ ਦਾ ਸੂਟਾ ਲਾਇਆ। “ਬਾਈ, ਆਹ ਧੂੰਆਂ ਜਾ ਪਰ੍ਹਾਂ ਛੱਡਿਆ ਕਰ।” ਬੀੜੀ ਦਾ ਧੂੰਆਂ ਵਲ ਖਾਂਦਾ ਜਿਵੇਂ ਹੀ ਸੋਹਣੇ ਵੱਲ ਗਿਆ, ਉਸ ਨੇ ਨੱਕ ਤੇ ਹੱਥ ਦਾ ਪੱਖਾ ਮਾਰਿਆ। ਪਰਨੇ ਦੇ ਲੜ ਨੂੰ ਠੀਕ ਕਰਦਾ ਹੋਇਆ ਜਗਤੂ ਵੀ ਬੋਹੜ ਹੇਠ ਆ ਪਹੁੰਚਿਆ। ਉਸ ਦਾ ਦਿਨ ਵੀ ਵਿਸਾਖੇ ਹੋਰਾਂ ਕੋਲ ਹੀ ਲੰਘਦਾ ਹੈ। “ਆਜਾ ਬਈ ਅਮਲੀਆ। ਤੂੰ ਵੀ ਸਾਡਾ ਬੁੜ੍ਹੇ ਬੰਦਿਆਂ ਦਾ ਚਿੱਤ ਪਰਚਾਈ ਰੱਖਦੈਂ। ਦੋ ਸੁਣ ਲੈਨੈ, ਦੋ ਕੈਹ ਲੈਨੈ।” ਸੋਹਣੇ ਨੇ ਉਸਨੂੰ ਬੈਠਣ ਲਈ ਪੱਲੜ ’ਤੇ ਕੁੱਝ ਥਾਂ ਛੱਡ ਦਿੱਤੀ। “ਸੋਹਣਿਆਂ ! ਕੱਲ ਸਵੇਰੇ, ਬਾਈ ਤੂੰ ਆਇਆ ਈ ਨੀ।” ਤਿੱਤਰ ਨੇ ਅੰਗੂਠੇ ’ਤੇ ਥੁੱਕ ਲਾ ਕੇ ਪੱਤਾ ਸੁੱਟਿਆ ਤੇ ਸੋਹਣੇ ਤੋਂ ਕੱਲ੍ਹ ਨਾ ਆਉਣ ਦਾ ਕਾਰਨ ਵੀ ਪੁੱਛਿਆ। “ਬਾਈ, ਕੱਲ੍ਹ ਦਿੜਬੇ ਗਿਆ ਸੀ। ਮਰਗਤ ਦਾ ਭੋਗ ਸੀ।” ਠਾਹ ਦੇਣੇ ਪੱਤਾ ਡੇਗਣ ਤੋਂ ਬਾਅਦ ਸੋਹਣੇ ਨੇ ਜਵਾਬ ਦਿੱਤਾ। “ਕੌਣ ਗੁਜਰ ਗਿਆ ਸੀ, ਸੋਹਣ ਸਿਆਂ ?” ਜਗਤੂ ਨੇ ਢੂੰਈ ਖੁਰਕਦਿਆਂ ਸਵਾਲ ਕੀਤਾ। “ਰਿਸ਼ਤੇਦਾਰ ਸੀ ਕੋਈ। ਦੂਰ ਦੀ ਰਿਸਤੇਦਾਰੀ 'ਚੋਂ।” “ਅਮਲੀ ਤਾਂ ਨੀਂ ਸੀ ?” ਜਗਤੂ ਨੇ ਫੁਰਤੀ ਨਾਲ ਫਿਰ ਸਵਾਲ ਕੀਤਾ। “ਚੰਗਾ ਭਲਾ ਸੀ। ਨਸ਼ੇ—ਪੱਤੇ ਦੇ ਤਾਂ ਨੇੜੇ ਨੀ ਗਿਆ।” “ਜੇ ਨਸ਼ਾ—ਪੱਤਾ ਕਰਦਾ ਹੁੰਦਾ, ਫੇਰ ਨੀ ਛੇਤੀ ਮਰਦਾ ਸੀ। ਇਹ ਵੀ ਸ਼ੁਕਰ ਐ, ਅਮਲੀ ਨੀ ਮਰਿਆ। ਮੈਂ ਸੋਚਿਆ ਬਈ ਸਾਡੇ ਭਾਈਚਾਰੇ ਦਾ ਬੰਦਾ ਮਰ ਗਿਐ।” “ਸ਼ਰਮ ਮੰਨ ਉਏ ਜਗਤੂਆ।” ਜਦੋਂ ਤਿੱਤਰ ਨੇ ਝਾੜਿਆ, ਫਿਰ ਤਾਂ ਸੁਸਰੀ ਬਣ ਗਿਆ। ਅਚਾਨਕ ਬੋਹੜ ਉੱਤੇ ਬੈਠੀਆਂ ਘੁੱਗੀਆਂ ਬਿੱਠਾਂ ਕਰਨ ਲੱਗੀਆਂ ਤਾਂ ਸੁਰਜਣ ਐਨਕ ਵਿੱਚੋਂ ਦੀ ਉਤਾਂਹ ਨੂੰ ਝਾਕਦਾ ਬੋਲਿਆ — “ਹਲਾ ........ ਥੋਡੇ ਰੱਖਦਿਆਂ ਨੂੰ .......।” ਹੱਥਾਂ ਨਾਲ ਵੱਜੀ ਜ਼ੋਰ ਦੀ ਤਾੜੀ ਨਾਲ ਬੈਠੇ ਪੰਛੀ ਉੱਡੇ ਤਾਂ ਬੋਹੜ ਦੇ ਪੱਤਿਆਂ ਦੀ ‘ਖੜ—ਖੜ’ ਹੋਰ ਵੀ ਮਿੱਠੀ ਲੱਗੀ। “ਜਗਤਿਆ, ਕੋਹੜੀਆ..... ਤੈਨੂੰ ਤਾਂ ਭੁੱਕੀ ਨੇ ਹੀ ਖਾ ਲਿਆ।” ਵਿਸਾਖੀ ਨੇ ਉਸਨੂੰ ਬਾਹੋਂ ਫੜ ਕੇ ਹਲੂਣਿਆ। “ਵਿਸਾਖਾ ਸਿਆਂ, ਲੋਕਾਂ ਨੂੰ ਤਾਂ ਭੁੱਕੀ ਖਾਂਦੀ ਐ। ਮੈਂ ਭੁੱਕੀ ਨੂੰ ਖਾਧੈ।” ਜਗਤੂ ਨੇ ਫਖਰ ਮਹਿਸੂਸ ਕੀਤਾ। “ਖਾ—ਖਾ ਕੇ ਭੁੱਕੀ, ਤੂੰ ਤਾਂ ਕਾਰਗਿਲ ਆਲ਼ੀ ਜੰਗ ਜਿੱਤਲੀ ! ਬੜੀ ਬਹਾਦਰੀ ਖੱਟੀ ਐ।” ਤਿੱਤਰ ਨੇ ਜਗਤੂ ਨੂੰ ਤਾਅਨਾ ਮਾਰਿਆ। “ਜਗਤਿਆ, ਉਹ ਮਿਰਚਾਂ ਆਲੀ ਗੱਲ ਯਾਦ ਐ।” ਸੋਹਣੇ ਨੇ ਸਵਾਦ ਲੈ ਕੇ ਗੱਲ ਆਖੀ। “ਕਿਹੜੀ ਬਈ ?” “ਜਦੋਂ ਗਰੇਵਾਲਾਂ ਦੇ ਮਿਰਚਾਂ ਗੁੱਡਦੇ ਸੀ।” “ਹੂੰ ....... ਯਾਦ ਐ।” ਜਗਤੂ ਨੇ ਬੋਤੇ ਵਾਲੀ ਮਾਚਸ ’ਚੋਂ ਤੀਲੀ ਕੱਢ ਕੇ ਬੀੜੀ ਲਾ ਲਈ। “ਜੇਠ ਦੇ ਮੀਨ੍ਹੇ ਜਗਤੂ ਤੇ ਦੁੱਲਾ ਮਿਰਚਾਂ ਗੁੱਡਦੇ ਸੀ। ਰੀਠੇ ਜਿੰਨੀ ਨਾਗਣੀ ਦੋਹਾਂ ਦੇ ਢਿੱਡ ’ਚ ਗਈ ਹੋਈ ਸੀ। ਤਿੱਖੀ ਧੁੱਪ 'ਚ ਮਾਂ ਦੇ ਪੁੱਤਾਂ ਦਾ ਨਸ਼ਾ ਖਿੜ ਗਿਆ। ਫੇਰ ਕੀ ! ਇੱਕ ਥਾਂ ’ਤੇ ਹੀ ਖੁਰਪੇ ਮਾਰੀ ਗਏ। ਆਥਣ ਹੋਗੀ। ਲੋਕ ਘਰਾਂ ਨੂੰ ਚੱਲਪੇ। ਪਰ ਇਹ ਅਜੇ ਵੀ ਖੁਰਪੀਆਂ ਖੜਕਾਈਂ ਜਾਣ। ਬਾਈਆਂ ਦਾ ਜੱਗਾ ਕੋਲ ਦੀ ਹਲ ਲੈ ਕੇ ਲੰਘਿਆ। ਦੋਹਾਂ ਨੂੰ ਧੱਕੇ ਨਾਲ ’ਠਾ ਕੇ ਘਰ ਲਿਆਇਆ। ਸੁਣ ਕੇ ਸੁਰਜਣ ਤੇ ਵਿਸਾਖੇ ਹੋਰ ਲਿਟਦੇ ਫਿਰਨ। “ਜਗਤਿਆ, ਫੇਰ ਤਾਂ ਉਹ ਗੱਲ ਵੀ ਯਾਦ ਹੋਣੀ।” ਸੋਹਣੇ ਨੇ ਉਸ ਨੂੰ ਫੇਰ ਛੇੜਿਆ। ਉਹ ਜਗਤੂ ਦੀਆਂ ਸਾਰੀਆਂ ਘਤਿੱਤਾਂ ਤੋਂ ਜਾਣੂ ਹੈ। “ਕਿਹੜੀ ਬਾਈ ?” ਜਗਤੂ ਸੁਣ ਕੇ ਪੋਲਾ ਪੈ ਗਿਆ। “ਸਲਵਾਰ ਆਲ਼ੀ।” “ਬਾਈ ਉਹ ਨਾ ਦੱਸੀਂ।” ਜਗਤੂ ਨੇ ਸੋਹਣੇ ਦਾ ਝੁੱਗਾ ਖਿੱਚ ਲਿਆ। “ਉਹ ਗੱਲ ਤਾਂ ਅਮਲੀਆ ਮੈਂ ਜਰੂਰ ਦੱਸੂੰ।” ਤਿੱਤਰ ਹੋਰ ਸੁਣਨ ਲਈ ਤਿਆਰ ਸੀ। “ਉਦੋਂ ਜਗਤੂ ਸੈਦ ਗਿੱਲਾਂ ਦੇ ਹਾਲ਼ੀ ਸੀ। ਸਵੇਰੇ ਚਾਰ ਵਜੇ ਘਰੋਂ ਚੱਲਿਆ। ਤੇੜ ਚਾਦਰਾ ਤਾਂ ਬੰਨਿ੍ਹਆਂ ਨੀ, ਮੋਢੇ ’ਤੇ ਹੀ ਧਰ ਲਿਆ। ਸੋਚਿਆ, ਖੇਤ ਜਾ ਕੇ ਬੰਨੂੰ। ਜਦੋਂ ਦਿਨ ਚੜ੍ਹਿਆ, ਨਾਲ ਵਾਲੇ ਹਾਲ਼ੀਆਂ ਨੇ ਵੇਖਿਆ। ਕਹਿੰਦੇ —” “ਕੀ ਕਹਿੰਦੇ ?” ਤਿੱਤਰ ਬੋਲਿਆ। “ਕਹਿੰਦੇ, ਉਏ ਜਗਤੂਆ ਆਹ ਕੀ !” “ਕੀ ?” ਸਾਰੇ ਇਕੱਠੇ ਬੋਲੇ। “ਉਏ ਕੰਜਰਾਂ, ਮੋਢੇ ’ਤੇ ਲਾਜੋ ਦੀ ਸਲਵਾਰ ਟੰਗੀਂ ਫਿਰਦੈਂ।” ਜਗਤੂ ਪਾਣੀ—ਪਾਣੀ ਹੋ ਗਿਆ। “ਪਤੰਦਰ ਨੇਰ੍ਹੇ 'ਚ, ਲਾਜੋ ਦੀ ਸਲਵਾਰ ਹੀ ਮੋਢੇ ’ਤੇ ਟੰਗ ਕੇ ਲੈ ਗਿਆ।” “ਇਹਦੀ ਕੀ ਗਲਤੀ ਐ ਬਈ ? ਉਦੋਂ ਲੈਟਾਂ ਨੀ ਹੁੰਦੀਆਂ ਸੀ। ਦੀਵੇ ਦੇ ਚਾਨਣ 'ਚ ਦਿਖਿਆ ਨੀ ਹੋਣਾ।” ਤਿੱਤਰ ਨੇ ਜਗਤੂ ਦਾ ਪੱਖ ਪੂਰਿਆ। ਉਸਨੇ ਸੋਚਿਆ— “ਕਿਤੇ ਅਮਲੀ ਸੋਹਣੇ ਨਾਲ ਲੜ ਹੀ ਨਾ ਪਵੇ।” ਸੋਹਣੇ ਦੀਆਂ ਗੱਲਾਂ ਸੁਣ ਕੇ ਸਾਰੇ ਲਿਟਦੇ ਫਿਰਨ। “ਫਿਰ ਤਾਂ ਮਿੱਟੀ ਦੇ ਤੇਲ ਆਲੀ ਗੱਲ ਵੀ ਸੁਣਾ ਦਿਆਂ।” ਸੋਹਣਾ ਹਟਣ ਵਾਲਾ ਨਹੀਂ ਸੀ। “ਹੁਣ ਤਾਂ ਸੋਹਣਿਆਂ ਉਹ ਵੀ ਸੁਣਾ ਦੇ।” “ਜਦੋਂ ਭਾਈ ਰੂਪੋ ਨੈਣ ਮਰੀ ਸੀ। ਨਾਈਆਂ ਦਾ ਤੋਤੀ ਮਿੱਟੀ ਦਾ ਗੇਲਣ ਲੈ ਕੇ ਸਿਵਿਆਂ 'ਚ ਜਾਂਦਾ ਸੀ, ਸੈਂਕਲ ’ਤੇ। ਸੇਮ ਨਾਲ਼ੇ ਕੋਲੋਂ ਜਗਤੂ ਉਹਦੇ ਮਗਰ ਬੈਠ ਗਿਆ, ਗੇਲਣ ਫੜ ਕੇ। ਜਦ ਸਿਵਿਆਂ ਕੋਲ ਪਹੁੰਚੇ ਤਾਂ ਜਗਤੂ ਨੇ ਤਾਂ ਹਿੰਡ ਫੜ ਲਈ। ਕਹਿੰਦਾ, ਪਹਿਲਾਂ ਭੂੰਦੜ ( ਪਿੰਡ ਦਾ ਨਾਂ ) ਚੱਲਦੇ ਆਂ ਗੋਲ਼ੀਆਂ ਲੈਣ। ਸਿਵਿਆਂ 'ਚ ਤਾਂ ਫੇਰ ਜਾਮਾਂਗੇ।” “ਚੰਗਾ ਭਰਾਵੋ ਮੈਂ ਤਾਂ ਜਾਨੈ।” ਅਮਲੀ ਦੇ ਗੱਲਾਂ ਹਜ਼ਮ ਨਹੀਂ ਸੀ ਆਈਆਂ। “ਬਹਿ ਜਾ ਅਮਲੀਆ, ਅਜੇ ਤਾਂ ਗੂਗਾ ਮੈੜੀ ਵਾਲੀ ਗੱਲ ਵੀ ਦੱਸੂੰ।” ਪਰ ਅਮਲੀ ਹੁਣ ਖੜਣ ਵਾਲਾ ਨਹੀਂ ਸੀ। “ਚਲੋ ਵੀ ਵੰਡੋ ਪੱਤੇ।” ਤਿੱਤਰ ਦੇ ਤਾਸ਼ ਦੀ ਤਲਬ ਲੱਗੀ ਹੋਈ ਸੀ। ਤਾਸ਼ ਦੀਆਂ ਬਾਜ਼ੀਆਂ ਫਿਰ ਸ਼ੁਰੂ ਹੋ ਗਈਆਂ। * * * ਜਗਤੂ ਵੱਡੇ ਬੋਹੜ ਕੋਲ ਪਹੁੰਚਿਆ ਤਾਂ ਲੰਮਾ ਹਾਰਨ ਮਾਰਦਾ ਹੋਇਆ ਭੋਲਾ ਦੋਧੀ ਮੋਟਰ ਸਾਈਕਲ ਤੇ ‘ਡੁਰਨ—ਡੁਰਨ’ ਕਰਦਾ ਪਿੱਛੋਂ ਆ ਰਿਹਾ ਸੀ। “ਪਾਸੇ ਹੋਜਾ। ਜਗਤ ਸਿਆਂ, ਕਿਤੇ ਪਤੰਦਰ ਮਿੱਧ ਦੇ।” ਜਗਤੂ ਗਲੀ ਦੇ ਇੱਕ ਪਾਸੇ ਹੋ ਕੇ ਖੜ੍ਹ ਗਿਆ। ਮੋਟਰ ਸਾਈਕਲ ਉਸੇ ਗਤੀ ਨਾਲ ਅੱਗੇ ਲੰਘ ਗਿਆ। ਆਵਾਜ਼ ਸੁਣ ਕੇ ਜਸਵੰਤ ਘਰੋਂ ਬਾਹਰ ਨਿਕਲਿਆ, ਤਾਂ ਭੋਲਾ ਦੋਧੀ ਉਸ ਕੋਲ ਸਹਿਜ—ਸੁਭਾਅ ਹੀ ਰੁਕ ਗਿਆ। “ਕਿੰਨਾਂ ਕ ਦੁੱਧ ਹੋ ਜਾਂਦੈ, ਭੋਲਿਆ ?” “ਦੋ ਵੱਡੇ ਢੋਲ ਨੱਕੋ—ਨੱਕ ਭਰ ਕੇ ਬੋਹਾ ਵੇਚਦੈਂ, ਬਾਈ।” ਭੋਲੇ ਨੇ ਦੁੱਧ ਢੋਹਣ ਲਈ ਖਰੀਦੇ ਨਵੇਂ ਮੋਟਰਸਾਈਕਲ ਦਾ ਸਟੈਂਡ ਲਾਇਆ। “ਕਿੰਨੇ ਦੋਧੀ ਹੋਗੇ ਸ਼ੇਰਾ, ਆਪਣੇ ਪਿੰਡ ?” ਆਵਾਜ਼ ਸੁਣ ਕੇ ਘੂਤਰ ਵੀ ਵਾਲਾਂ ’ਚ ਹੱਥ ਮਾਰਦਾ ਬਾਹਰ ਆ ਗਿਆ। “ਤਿੰਨ ਨੇ।” “ਤੁਸੀਂ ਵੀ ਦੁੱਧ ਪਾ ਦਿਆ ਕਰੋ, ਯਰ ਜਸਵੰਤ।” ਭੋਲਾ ਮੋਟਰ ਸਾਈਕਲ ਦੀ ਰੇਸ ਦਿੰਦਾ ਫਿਰ ਬੋਲਿਆ। “ਆਪਣੇ ਤਾਂ ਬਾਈ, ਵਿਆਹ—ਸ਼ਾਦੀਆਂ ਆਲੇ ਨੀ ਟਿਕਣ ਦਿੰਦੇ। ਸਾਰੇ ਮਠਿਆਈਆਂ ਬਣਾਉਣ ਲਈ ਆਪਣਿਓਂ ਹੀ ਦੁੱਧ ਲੈ ਕੇ ਜਾਂਦੇ ਨੇ।” “ਥੋੜਾ—ਬਹੁਤਾ ਸ਼ੇਰਾ, ਘਰੇ ਵੀ ਚਾਹੀਦੈ, ਦੁੱਧ ਦਹੀਂ ਨੂੰ।” “ਮਰਜੀ ਐ, ਬਾਈ ਥੋਡੀ।” ਆਖਦਾ ਭੋਲਾ ਸਮੁੰਦਰ ਦੇ ਘਰ ਨੂੰ ਚੱਲ ਪਿਆ। ਸਮੁੰਦਰ ਦਾ ਛੋਟਾ ਮੁੰਡਾ ਦੁੱਧ ਵਾਲੀ ਕੇਨੀ ਲਈ ਬਾਰ ਮੂਹਰੇ ਖੜ੍ਹਾ ਸੀ। “ਦੁੱਧ ਦੀ ਜੇਹੜੀ ਘੁੱਟ ਡੰਗਰ ਦਿੰਦੇ ਨੇ, ਲੋਕ ਜਵਾਕਾਂ ਦੇ ਮੂੰਹ 'ਚੋਂ ਕੱਢ ਕੇ ਦੋਧੀਆਂ ਨੂੰ ਪਾ ਦਿੰਦੇ ਨੇ।” ਜਸਵੰਤ ਦੀ ਨਜ਼ਰ ਅਜੇ ਵੀ ਭੋਲੇ ਦਾ ਪਿੱਛਾ ਕਰ ਰਹੀ ਸੀ। “ਲੈ ਸ਼ੇਰਾ ! ਜਵਾਕ ਕਿੱਥੋਂ ਵਧਣ—ਫੁਲਣ। ਨਾ ਖਾਣ ਨੂੰ ਘਿਉ—ਮੱਖਣੀ ਨਾ ਪੀਣ ਨੂੰ ਦੁੱਧ।” ਘੂਤਰ ਘਰ ਦੇ ਮੂਹਰੇ ਬਣੀ ਥੜੀ ’ਤੇ ਬੈਠ ਗਿਆ। “ਹੁਣ ਕਿਹੜੀਆਂ ਖੁਰਾਕਾਂ ਰਹਿਗੀਆਂ, ਚਾਚਾ।” “ਰੀਣ ਤੇ ਮਿੱਟੀ ਆਲੀ ਤੂੜੀ ਪਾ ਕੇ ਭਾਲਦੇ ਨੇ ਲਵੇਰੀਆਂ ਤੋਂ ਨੇਕੜੂ।” ਘੂਤਰ ਨੇ ਦਿਲ ਦੀ ਗੱਲ ਕਹਿ ਹੀ ਦਿੱਤੀ। “ਪਸ਼ੂਆਂ ਨੇ ਕਿਹੜਾ ਬੋਲਣੈ ਚਾਚਾ।” “ਹੁਣ ਆਲੇ ਜਵਾਕ ਵੇਖ ਲੈ, ਜਮਾਂ ਲਿਸੜੂ।” “ਮੇਰੀ ਮਾਂ ਚਾਚਾ ਧੱਕੇ ਨਾਲ, ਦੋਹਾਂ ਭਾਈਆਂ ਨੂੰ ਘਿਉ, ਦੁੱਧ, ਮੱਖਣੀ ਖਵਾਈ ਜਾਂਦੀ।” ਆਖ ਕੇ ਜਸਵੰਤ ਹੱਸ ਪਿਆ। ਫਿਰ ਇੱਕ ਦਮ ਖਾਮੋਸ਼ ਹੋ ਗਿਆ। ਉਸਨੂੰ ਆਪਣੀ ਮਾਂ ਦੀ ਯਾਦ ਆਈ। ਕਿਵੇਂ ਨਿੱਕੇ ਹੁੰਦਿਆਂ ਨੂੰ ਨਵ੍ਹਾਉਂਦੀ—ਧਮਾਉਂਦੀ ! ਸੁਰਮੇ ਦੀ ਡਲੀ ਚੱਪਣੀ ਤੇ ਰਗੜ ਕੇ ਅੱਖਾਂ 'ਚ ਸੁਰਮਾ ਪਾਉਂਦੀ, ਵਾਲ਼ ਕੰਘੀ ਕਰ ਕੇ ਸਿਰ ’ਤੇ ਵੱਡਾ ਸਾਰਾ ਜੂੜਾ ਕਰ ਦਿੰਦੀ। ਮੱਥੇ ’ਤੇ ਕਾਲਾ ਟਿੱਕਾ ਲਾ ਕੇ ਬਾਹਾਂ ਵਿੱਚ ਘੁੱਟ ਲੈਣਾ ਤੇ ਮੱਥਾ ਚੁੰਮਦੀ ਨੇ ਆਖਣਾ — “ਲੈ ਮੇਰਾ ਪੁੱਤ, ਹੁਣ ਖੇਡ ਆਉ। ਕਿਸੇ ਨਾਲ ਲੜਨਾ ਨੀ, ਕੱਪੜੇ ਨੀ ਲਬੇੜਨੇ।” ਗੁਰਦਿਆਲੋ ਦਾਨੀ ਸੁਭਾਅ ਦੀ ਮਾਲਕ ਸੀ। ਮਜ਼ਾਲ ਐ ! ਕਦੇ ਮਾੜਾ—ਮੰਗਤਾ ਦਰ ਤੋਂ ਖ਼ਾਲੀ ਮੋੜਿਆ ਹੋਵੇ। ਦਾਣਾ—ਫੱਕਾ ਪਾ ਕੇ ਤੋਰਦੀ। “ਭਤੀਜ, ਸੁਰਤੀ ਕਿੱਧਰ ਜੁੜਗੀ ? ਅੱਜ ਤੂੜੀ ਢੋਣੀ ਐ।” ਘੂਤਰ ਨੇ ਹਲੂਣਿਆਂ ਤਾਂ ਜਸਵੰਤ ਨੇ ਸਿਰ ਹਿਲਾਇਆ ਤੇ ਅੱਖਾਂ ਤੇ ਹੱਥ ਫੇਰਿਆ, ਜਿਵੇਂ ਸੁਸਤੀ ਦੂਰ ਕੀਤੀ ਹੋਵੇ। “ਹਾਂ ਚਾਚਾ, ਚਲੋ ਫਿਰ, ਕਰੀਏ ਪੱਲੀਆਂ ਕੱਠੀਆਂ।” “ਪੱਲੀਆਂ ਤਾਂ ਤਿਆਰ ਨੇ ਬਾਈ, ਤੰਗਲੀਆਂ ਵੀ ਟਰਾਲੀ ’ਚ ਰੱਖਲੀਆਂ।” ਰੁਲਦੂ ਨੇ ਪੱਲੀਆਂ, ਤੰਗਲੀਆਂ ਤੇ ਹੋਰ ਸਮਾਨ ਟਰਾਲੀ ’ਚ ਰੱਖ ਲਿਆ ਸੀ। “ਚਲੋ ਪਰ੍ਹਾਂ ਨਬੇੜੀਏ ਕੰਮ, ਫੇਰ ਰੌਣੀ ਵੀ ਕਰਨੀ ਐ।” ਆਖਦਾ ਜਸਵੰਤ ਟਰਾਲੀ ਵੱਲ ਜਾਂਦੇ ਰੁਲਦੂ ਹੋਰਾਂ ਮਗਰ ਚੱਲ ਪਿਆ।

ਬਾਰ੍ਹਾਂ

ਅੱਜ ਸਾਰਾ ਦਿਨ ਜਸਵੰਤ ਹੋਰੀਂ ਟ੍ਰੈਕਟਰ—ਟਰਾਲੀ ਨਾਲ ਤੂੜੀ ਢੋਂਹਦੇ ਰਹੇ। ਅਖ਼ੀਰਲੇ ਗੇੜੇ ਤਾਂ ਬਿਲਕੁਲ ਹੀ ਸ਼ਾਮ ਹੋ ਗਈ। ਕਿਸੇ ਹਨ੍ਹੇਰੀ ਰਾਤ ਵਰਗੀ ਇਹ ਸ਼ਾਮ। ਸਾਰੇ ਵਾਤਾਵਰਨ ਵਿੱਚ ਧੂੜ ੳੱੱਡਣ ਲੱਗੀ ਤੇ ਅਸਮਾਨ ਵਿੱਚ ਖੱਖ ਚੜ੍ਹ ਗਈ ਸੀ। ਕੱਚੇ ਪਹੇ ਤੇ ਖੇਤੋਂ ਚਰ ਕੇ ਆਉਂਦੇ ਡੰਗਰ ਖੁਰ—ਵੱਢ ਕਰਦੇ ਧੂੜ ’ਡਾਉਂਦੇ ਆ ਰਹੇ ਸੀ। ਦੂਰ—ਦੁਰੇਡੇ ਰੁੱਖ ਬੁੱਤਾਂ ਦਾ ਭੁਲੇਖਾ ਪਾਉਂਦੇ ਨਜ਼ਰ ਆ ਰਹੇ ਸੀ। ਹੜ੍ਹੰਬਿਆਂ, ਥਰੈਸ਼ਰਾਂ, ਕੰਬਾਇਨਾਂ ਤੇ ਤੂੜੀ ਵਾਲ਼ੀਆਂ ਮਸ਼ੀਨਾਂ ਕਾਰਨ ਫੱਕ ਉੱਡਣ ਲੱਗੀ, ਜਿਸ ਨਾਲ ਸਾਹ ਲੈਣਾ ਵੀ ਦੁੱਭਰ ਹੋ ਗਿਆ। ਸਾਹ ਦੇ ਰੋਗੀ ਲਈ ਤਾਂ ਹੋਰ ਵੀ ਔਖਾ। ਧਰਤੀ ਮਾਤਾ ਪ੍ਰਦੂਸ਼ਣ ਦੀ ਮਾਰ ਹੇਠ ਆ ਗਈ। “ਓ.......ਹੋ.......ਹੋ.......ਹੋ....... ਚਾਚਾ, ਸਾਹ ਲੈਣਾ ਵੀ ਦੁੱਭਰ ਹੋ ਗਿਆ।” ਜਸਵੰਤ ਨੇ ਮੂੰਹ ’ਤੇ ਪਰਨੇ ਦਾ ਮੰਡਾਸਾ ਮਾਰਿਆ। ਘੂਤਰ ਤੇ ਉਹ ਖੁੱਡੀ ਦੇ ਪਾਸੇ ਹੋ ਕੇ ਬੈਠ ਗਏ। ਦਿਹਾੜੀਏ ਪੰਡਾਂ ਚੁੱਕ—ਚੁੱਕ ਖੁੱਡੀ ’ਚ ਸੁੱਟ ਰਹੇ ਸੀ। “ਜੇ ਚਾਰ ਕਣੀਆਂ ਪੈਣਗੀਆਂ, ਤਾਂ ਦਬੂਗੀ।” ਘੂਤਰ ਨੇ ਅੰਬਰੀ ਚੜ੍ਹੀ ਖੱਖ ਦੀ ਗੱਲ ਕੀਤੀ। “ਰੁੱਖ ਤਾਂ ਕੋਈ ਲਾ ਕੇ ਰਾਜੀ ਨੀ। ਹਰੇਕ ਨੇ ਆਰਾ ਧਰ ਰੱਖਿਐ।” “ਤਾਹੀਓਂ ਤਾਂ ਸ਼ੇਰਾ, ਕੁਦਰਤ ਰੁੱਸ ਗਈ।” “ਵੱਢ ਲਏ ਜੰਗਲ, ਬਣਾਤੀਆਂ ਵੱਡੀਆ—ਵੱਡੀਆ ਕੋਠੀਆਂ, ਫੈਕਟਰੀਆਂ। ਉਏ ਭਲੇ ਮਾਣਸੋ ! ਪੰਛੀ ਕਿੱਧਰ ਜਾਣਗੇ ?” “ਪੰਛੀ ਕਿਹੜੇ ਰਹਿ ਗਏ ਭਤੀਜ, ਮੈਂ ਤਾਂ ਕਦੇ ਹੁਣ ਵੇਖੀਆਂ ਨੀ ਘੁੱਗੀਆਂ—ਗੁਟਾਰਾਂ।” “ਘੁੱਗੀਆਂ—ਗੁਟਾਰਾਂ ਕਿੱਥੇ ਰਹਿਗੀਆਂ ! ਪਾ ਕੇ ਜਹਿਰੀਲੀਆਂ ਦਵਾਈਆਂ, ਮਾਰ ’ਤੇ ਸਾਰੇ ਪੰਛੀ।” “ਮੈਂ ਸੁਣਿਐ, ਸ਼ੇਰਾ, ਆਹ ਜੇਹੜੇ ਟਾਵਰ ਜੇ ਲੱਗੀ ਜਾਂਦੇ ਨੇ , ਇਹ ਵੀ ਪੰਛੀਆਂ ’ਤੇ ਅਸਰ ਪਾਉਂਦੇ ਨੇ।” “ਹੋਰ ਚਾਚਾ ! ਇਹਨਾਂ 'ਚੋਂ ਖਤਰਨਾਕ ਕਿਰਨਾਂ ਨਿਕਲਦੀਆਂ ਨੇ। ਕੱਲੇ ਪੰਛੀਆਂ ’ਤੇ ਕੀ, ਇਹ ਤਾਂ ਆਪਣੇ ’ਤੇ ਵੀ ਅਸਰ ਪਾਉਂਦੇ ਨੇ।” “ ਇੱਕ ਆਪਣੇ ਪਿੰਡ ਵੀ ਗੱਡਗੇ।” “ਵੋਡਾਫੋਨ ਵਾਲੇ ਨੇ, ਚਾਚਾ। ਇੰਗਲੈਂਡ ਦੀ ਕੰਪਨੀ ਐ।” “ਅੰਗਰੇਜਾਂ ਵਾਂਗੂ ਇਹ ਵੀ ਲੁੱਟ ਕੇ ਲੈ ਜਾਣਗੇ।” “ਲੀਹਪਾੜਾਂ ਨੇ ਇੱਕ ਕਨਾਲ ਦਿੱਤੀ ਐ। ਉਨਾਂ ਦਾ ਇੱਕ ਬੰਦਾ ਵੀ ਰੱਖਣਗੇ।” “ਚਲ ਉਨਾਂ ਦਾ ਵੀ ਘਰ ਪੂਰਾ ਹੋਜੂ।” “ਇਨ੍ਹਾਂ ਚੀਜਾਂ ਬਿਨਾਂ ਵੀ ਨੀ ਸਰਦਾ ਚਾਚਾ। ਸਾਡੀ ਵੀ ਮਜਬੂਰੀ ਬਣਗੀ।” “ਗੱਲ ਤੇਰੀ ਸੋਲ੍ਹਾਂ ਆਨੇ ਸੱਚੀ ਐ, ਭਤੀਜ। ਮਬੈਲਾਂ ਬਿਨਾਂ ਹੁਣ ਕੌਣ ਸਾਰਦੈ ?” “ਮਿੰਟਾਂ ਸਕਿੰਟਾਂ ’ਚ ਕਿੱਥੇ—ਕਿੱਥੇ ਗੱਲ ਹੋ ਜਾਂਦੀ ਐ।” “ਤਾਹੀਂ ਤਾਂ ਜਣਾ—ਖਣਾ ਜੇਬ ’ਚ ਪਾਈ ਫਿਰਦੈ।” “ਕਰਲੋ ਦੁਨੀਆਂ ਮੁੱਠੀ ਮੇਂ, ਦੁਨੀਆਂ ਮੁੱਠੀ ਚ ਬੰਦ ਹੋਗੀ ਚਾਚਾ।” “ਹੂੰ।” ਦੋਵੇਂ ਚਾਚਾ—ਭਤੀਜ ਕਿੰਨਾਂ ਹੀ ਚਿਰ ਆਧੁਨਿਕ ਤਕਨੀਕ ਬਾਰੇ ਗੱਲਾਂ ਕਰਦੇ ਰਹੇ। ਰੁਲਦੂ ਤੇ ਦਿਹਾੜੀਏ ਸਾਰਾ ਕੰਮ ਆਪ ਹੀ ਕਰਦੇ ਰਹੇ। ਸ਼ਾਮ ਦਾ ਛਿਪਾ ਜਿਹਾ ਤਾਂ ਹੋ ਗਿਆ ਸੀ ਪਰ ਧੂੜ ਕਾਰਨ ਕੋਈ ਜ਼ਿਆਦਾ ਪਤਾ ਨਾ ਲੱਗਿਆ। “ਲੈ ਬੀ ਚਾਚਾ, ਮੈਂ ਖੇਤੋਂ ਸਬਜੀ ਲੈਣ ਆਮਾਂ।” “ਚੱਪਣ ਕੱਦੂ ਲੈ ਆਈਂ ਸ਼ੇਰਾ। ਕਰਾਰਾ ਜਾ ਬਣਜੂ।” “ਚੰਗਾ ਚਾਚਾ।” ਆਖਦਾ ਹੋਇਆ ਜਸਵੰਤ ਖੇਤ ਨੂੰ ਚੱਲ ਪਿਆ। ਘੂਤਰ ਖੁੱਡੀ ਦਾ ਮੁਆਇਨਾ ਲੈਣ ਚਲਾ ਗਿਆ। ਜਸਵੰਤ ਨੇ ਖੇਤ ਦੋ ਕਨਾਲਾਂ ’ਚ ਆਪਣੇ ਖਾਣ ਜੋਗੀ ਸਬਜ਼ੀ ਬੀਜ ਰੱਖੀ ਹੈ। ਪਿੰਡ ’ਚੋਂ ਵੀ ਕਈ ਘਰ ਸਬਜ਼ੀ ਤੋੜ ਕੇ ਲੈ ਜਾਂਦੇ ਹਨ। ਜਸਵੰਤ ਨੇ ਚੱਪਣ ਕੱਦੂ ਤੋੜ ਕੇ ਖੱਦਰ ਦਾ ਝੋਲ਼ਾ ਭਰ ਲਿਆ। ਛਿਪਦੇ ਵੱਲ ਨਜ਼ਰ ਮਾਰੀ ਤਾਂ ਸੂਰਜ ਘਸਮੈਲ਼ੇ ਜਿਹੇ ਆਕਾਸ਼ ’ਚ ਜਾ ਡੁੱਬਿਆ। ਜਸਵੰਤ ਵਾਪਸ ਮੁੜ ਕੇ ਵੱਡੇ ਪਹੇ ’ਤੇ ਚੜ੍ਹਿਆ ਹੀ ਸੀ, ਬਾਘ ਮਿਲ ਗਿਆ। ਜਸਵੰਤ ਨੇ ਉਸ ਨੂੰ ਆਪ ਹੀ ਬੁਲਾ ਲਿਆ— “ਹੋਰ ਬਾਈ, ਬਾਘ।” “ਠੀਕ ਐ ਬਾਈ, ਹੋਰ ਤੂੰ ਸਣਾ, ਬਾਲ—ਬੱਚੇ ਤਾਂ ਠੀਕ ਨੇ ?” “ਸਭ ਠੀਕ ਐ। ਤੂੰ ਦੱਸ ਕੀ ਬਣਿਆ ਜਮੀਨ ਆਲ਼ੇ ਮਸਲੇ ਦਾ ?” “ਕੁਸ ਨੀ ਬਣਿਆ, ਵੱਡੇ ਭਾਈ। ਜੇ ਬਾਪੂ ਜਿਉਂਦਾ ਰੈਂਦ੍ਹਾ ਤਾਂ ਸੈਦ ਕੁਸ ਬਣ ਜਾਂਦਾ। ਬਾਕੀ ਭਾਈ ਹੁਣ ਮੇਰੇ ਕੋਲੇ ਵੀ ਗਜੈਂਸ ਨੀ, ਕੇਸ ਲੜਨ ਦੀ। ਮੈਂ ਵੀ ਥੱਕ—ਹਾਰ ਗਿਆ।” “ਚਲ ਮਰਜੀ ਐ ਭਾਈ, ਓਹਦੀ। ਊਂ ਕੋਹੜੀ ਨੇ ਮਾੜਾ ਈ ਕੀਤਾ।” “ਚਲੋ, ਚੰਗਾ ਬਾਈ।” ਆਖਦਾ ਬਾਘ ਆਪਣੇ ਖੇਤ ਵਾਲੀ ਪਹੀ ’ਤੇ ਜਾ ਚੜ੍ਹਿਆ। ਜਸਵੰਤ ਲੰਮੇ ਕਦਮ ਪੁੱਟਦਾ ਰਸਤੇ ’ਚ ਪੈਂਦੇ ਠੇਕੇ ਕੋਲ ਪਹੁੰਚ ਗਿਆ ਸੀ। ਉਸਨੇ ਠੇਕੇ ਵੱਲ ਓਪਰੀ ਜਿਹੀ ਝਾਤ ਮਾਰੀ। ਲੋਕ ਛੋਟੀ ਜਿਹੀ ਖਿੜਕੀ ਰਾਹੀਂ ਇੱਕ ਹੱਥ ਪੈਸੇ ਦੇ ਕੇ ਦੂਜੇ ਹੱਥ ਰੰਗ—ਬਰੰਗੀਆਂ ਬੋਤਲਾਂ ਖਰੀਦ ਰਹੇ ਸੀ। “ਕਮਲੇ ! ਮੌਤ ਦਾ ਸਮਾਨ ਖਰੀਦੀ ਜਾਂਦੇ ਨੇ।” ਜਸਵੰਤ ਦੀ ਨਜ਼ਰ ਠੇਕੇ ਕੋਲ ਫਿਰਦੇ ਚਿਹਰਿਆਂ ਨੂੰ ਫੜਦੀ ਹੋਈ ਸਹਿਜ—ਸ਼ੁਭਾਅ, ਦੋ ਗਿੱਠ ਦੀ ਖਿੜਕੀ ’ਤੇ ਜਾ ਟਿਕੀ। ਉਸਨੇ ਮਨ ਹੀ ਮਨ ਸੋਚਿਆ— “ਦੋ ਗਿੱਠ ਦੀ ਖਿੜਕੀ, ਕਿੰਨੀਆਂ ਹੀ ਜਮੀਨਾਂ—ਜੈਦਾਦਾਂ ਹੜੱਪ ਗਈ ! ਕਿੰਨੀਆਂ ਹੀ ਮਾਂਵਾਂ ਦੇ ਛੈਲ—ਛਬੀਲੇ ਪੁੱਤਾਂ ਨੂੰ ਨਿਗਲ ਗਈ !” ਠੇਕੇ ਵੱਲ ਉਹ ਜ਼ਿਆਦਾ ਸਮਾਂ ਨਾ ਵੇਖ ਸਕਿਆ। ਮੱਥੇ ’ਤੇ ਹੱਥ ਮਾਰਦਾ ਆਪੇ ਨਾਲ ਬੋਲਦਾ ਪਿੰਡ ਵੱਲ ਹੋ ਤੁਰਿਆ। ਪਿੰਡ ਦੇ ਧਾਰਮਿਕ ਸਥਾਨਾਂ ਤੇ ਠੇਕਿਆਂ ਦੇ ਦ੍ਰਿਸ਼ ਉਸ ਦੇ ਜ਼ਿਹਨ ’ਚ ਆ ਅਟਕੇ। ਉਸਨੂੰ ਖਿਆਲ ਆਇਆ, ਪਿੰਡ ਵਿੱਚ ਤਿੰਨ ਗੁਰਦੁਆਰੇ ਹਨ ਤੇ ਤਿੰਨ ਹੀ ਠੇਕੇ। ਫ਼ਰਕ ਸਿਰਫ਼ ਇਹ ਹੈ ਕਿ ਗੁਰੂ—ਘਰ ਪਿੰਡ ਦੇ ਅੰਦਰ ਹਨ ਤੇ ਠੇਕੇ ਬਾਹਰ । ਸ਼ਾਮ ਨੂੰ ਠੇਕਿਆਂ ਤੇ ਮੇਲੇ ਵਰਗਾ ਮਾਹੌਲ ਹੁੰਦਾ ਹੈ।ਪਿੰਡ ਦੇ ਅੰਦਰ ਵੀ ਕਈ ਬੰਦੇ ਡੱਬਾ ਰੱਖਦੇ ਹਨ। ਸ਼ਾਮ ਨੂੰ ਸ਼ਹਿਰੋਂ ਦਿਹਾੜੀ—ਦੱਪਾ ਕਰਨ ਵਾਲਿਆਂ ਨੂੰ ਤਾਂ ਬਾਹਰਲੇ ਠੇਕੇ ਹੀ ਓਟ ਲੈਂਦੇ ਹਨ। ਪਿੰਡ ਦੇ ਬਾਹਰਲੇ ਠੇਕਿਆਂ ਤੇ ਮੇਲੇ ਵਰਗਾ ਮਾਹੌਲ ਹੁੰਦੈ। ਠੇਕੇ ਦੇ ਨੇੜੇ ਲੱਗਦੀਆਂ ਅੰਡਿਆਂ, ਪਕੌੜਿਆਂ ਤੇ ਹੋਰ ਰੇਹੜੀਆਂ ਵਾਲੇ ਸ਼ਰਾਬੀਆਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ। ਪਿੰਡ ਵਿਚਲੇ ਪਿਆਕੜ, ਡੱਬੇ ਵਾਲਿਆਂ ਕੋਲ ਆ ਕੇ ਆਪਣੀ ਭਲ ਪੂਰੀ ਕਰਦੇ ਹਨ। ਸ਼ਾਮ ਨੂੰ ਦੁੱਨੇ ਦੇ ਸਾਧੂ ਵਾਲੀ ਗਲੀ 'ਚ ਪੂਰੀ ਚਹਿਲ—ਪਹਿਲ ਹੋ ਜਾਂਦੀ ਹੈ। ਸਾਧੂ ਵੀ ਡੱਬਾ ਰੱਖਦਾ ਹੈ। ਗਲੀ ਤੇ ਆਂਢ—ਗੁਆਂਢ ਵਾਲਿਆਂ ਨੇ ਬਥੇਰਾ ਸਮਝਾਇਆ। “ਸਾਧੂ ਸਿਆਂ ! ਆਪਾਂ ਨੂੰਹਾਂ—ਧੀਆਂ ਵਾਲੇ ਆਂ। ਤੂੰ ਜੇ ਚਾਰ ਕਾਕੜੀਆਂ ਵੇਚਣੀਆਂ ਈ ਨੇ, ਤਾਂ ਬਾਹਰ ਮੰਡੀ 'ਚ ਰੇਹੜੀ ਲਾ ਲਿਆ ਕਰ। ਤੂੰ ਆਪ ਨੂੰਹਾਂ—ਧੀਆਂ ਵਾਲੈਂ। ਚਾਰ ਟਕੇ ਦਾ ਬੰਦਾ ਨੀ ਹੁੰਦਾ, ਤੇਰੇ ਚੁੱਲ੍ਹੇ ’ਤੇ ਆ ਚੜ੍ਹਦੈ। ਸੱਚ ਪੁੱਛੇਂ ਤਾਂ ਅਸੀਂ ਬਹੁਤ ਔਖੇ ਆਂ।” ਪਰ ਸਾਧੂ ਨੇ ਕਿਸੇ ਦੀ ਇੱਕ ਨਾ ਸੁਣੀ।ਗਲੀ ਵਾਲੇ ਆਪਸ ’ਚ ਗੱਲਾਂ ਕਰਨ— “ਇਹਦੇ ਤਾਂ ਦਿਮਾਗ ’ਤੇ ਮੂਧਾ ਠੀਕਰਾ ਵੱਜਿਆ ਪਿਐ।ਇਹ ਨੀ ਕਿਸੇ ਦੀ ਸੁਣਦਾ।” “ਪਿਆਕੜੂ ਅਮਰੀਕੀ ਢੱਠੇ ਵਾਂਗੂ ਗਲੀ 'ਚ ਮੇਲ੍ਹਦੇ ਆਉਂਦੇ ਨੇ। ਆਹ ਤੋਤਣ ਦੇ, ਐਨਕ ਲੱਗਗੀ। ਦੀਂਹਦਾ ਭਾਲਦਾ ਹੈ ਨਹੀਂ, ਪਊਆ ਪੀਣ ਸਾਲ਼ਾ ਏਥੇ ਆਉਂਦੈ।” ਤੋਤਣ ਸੂਏ ਪਾਰ ਢਾਣੀ ’ਚੋਂ, ਸਾਈਕਲ ’ਤੇ ਆਉਂਦਾ ਹੈ। “ਝੋਟੇ ਦੇ ਸਿਰ ਵਰਗੀ ਜਮੀਨ ਤਾਂ ਸਾਰੀ ਵੇਚਤੀ। ਘਰੇ ਜਾ ਕੇ ਨੂੰਹਾਂ ਨੂੰ ਗੰਦੀਆਂ ਗਾਲਾਂ ਕੱਢਦੈ , ਕੰਨ ਵੀ ਸੁਣ ਨੀਂ ਸਕਦੇ।” “ਮਜ੍ਹਬੀਆਂ ਦਾ ਸੀਤਾ ਸਾਰਾ ਦਿਨ ਤਾਸ਼ ਖੇਡਦੈ। ਡੱਕਾ ਨੀਂ ਤੋੜਦਾ। ਘਰ ਵਾਲੀ ਫਿਰਦੀ ਐ, ਲੋਕਾਂ ਦਾ ਗੋਲਪੁਣਾ ਕਰਦੀ। ਦਾਰੂ ਵਾਸਤੇ ਪੈਸੇ, ਪਤਾ ਨੀ ਕਿੱਥੋਂ ਲਿਅੌਂਦੈ ?” ਗਲੀ ਵਾਲੇ ਸ਼ਾਮ ਨੂੰ ਆਉਣ ਵਾਲੇ ਹਰ ਪਿਆਕੜ ਨੂੰ ਉਧੇੜਦੇ ਹਨ। ਜਗਨੇ ਪ੍ਰੇਮੀ ਨੇ ਟਾਈਮ ਨਾਲ ਹੀ ਦਰਵਾਜ਼ਾ ਬੰਦ ਕਰ ਲਿਆ। ਅਜੇ ਅੱਠ ਕੁ ਵਜੇ ਰੋਟੀ—ਟੁੱਕਰ ਖਾ ਕੇ ਹਟੇ ਸੀ, ਅਚਾਨਕ ਰੌਲਾ ਪੈ ਗਿਆ। ਤੋਤਣ ਨੇ ਗਲੀ ਵਿੱਚ ਲਲਕਾਰਾ ਮਾਰਿਆ। “ਕਿਹੜਾ ਜੰਮ ਪਿਆ ਸੂਰਮਾ, ਜਿਹੜਾ ਸਾਡੀ ਸੜਕ ਨੂੰ ਰੋਕੇ।” ਉਹ ਖਾਕੀ ਰੰਗ ਦੇ ਚਾਦਰੇ ਦੇ ਡੱਬ ਚ ਮੋਟਾ ਸੰਤਰਾ ਦਾ ਅਧੀਆ ਥੁੰਨੀ ਫਿਰਦਾ ਸੀ। “ਉਏ ਕਿਹੜਾ ਜੰਮ ਪਿਆ ਸੂਰਮਾ। ਤਾਜੀ ਵੇਚੀ ਐ, ਸੋਡੇ ਪ੍ਰਾਹੁਣੇ ਨੇ।” ਉਸਦੀ ਰਕਾਬੀ ਚਿੱਕੜ ਨਾਲ ਲਿਬੜ ਗਈ, ਨੱਕ ਛਿੱਲਿਆ ਗਿਆ। ਇੱਕ—ਦੋ ਵਾਰ ਤਾਂ ਉਹ ਗੰਦੀ ਨਾਲੀ 'ਚ ਡਿੱਗਣੋ ਮਸਾਂ ਬਚਿਆ। ਨਵੇਂ ਜੰਮੇ ਵੱਛਰੂ ਵਾਂਗ, ਉਹ ਡਿੱਗਦਾ ਤੇ ਨਾਲ ਦੀ ਨਾਲ ਉੱਠ ਖੜ੍ਹਦਾ। ਜੇਬ ਦੀ ਇੱਕ ਕੰਨੀ ਵੀ ਫਟੀ ਪਈ ਸੀ। ਉਹ ਆਪਣੇ ਗੀਝੇ ਵਿੱਚੋਂ ਵਾਰ—ਵਾਰ ਸੌ—ਸੌ ਦੇ ਨੋਟ ਕੱਢ ਕੇ ਵਿਖਾਉਣ ਲੱਗਾ। ਆਂਢ—ਗੁਆਂਢ ਵਾਲਿਆਂ ਨੇ, ਪਹਿਲਾਂ ਤਾਂ ਭਲੇਮਾਣਸੀ ਨਾਲ ਸਮਝਾਇਆ। “ਤੋਤਣ ਸਿਆਂ, ਬੰਦਿਆਂ ਵਾਂਗੂ ਘਰੇ ਜਾ।” ਪਰ ਤੋਤਣ ਤਾਂ ਟੀ.ਟੀ. ਬਣਿਆ ਹੋਇਆ ਸੀ। ਕਹਿੰਦਾ— “ਥੋਡਾ ਪ੍ਰਾਹੁਣਾ ਏਥੀ ਪਊ।” ਉਹ ਗਲੀ ਵਿੱਚ ਹੀ ਚੌਂਕੜੀ ਮਾਰ ਕੇ ਬੈਠ ਗਿਆ। ਉੱਚੀ ਅਵਾਜ਼ 'ਚ ਚਮਕੀਲੇ ਦੇ ਗਾਣੇ ਗਾਉਣ ਲੱਗ ਪਿਆ। “ਉਏ ਜੀਨ੍ਹੇ ਲਾਲ ਪਰੀ ਨਾ ਪੀਤੀ, ਰੰਨ ਕੁੱਟ ਕੇ ਸਿੱਧੀ ਨਾ ਕੀਤੀ, ਬੁ.. ਰ.. ਰ...ਆ...” ਤੋਤਣ ਦਾ ਲਲਕਾਰਾ ਸੁਣਦਿਆਂ ਹੀ ਗਲੀ ਵਾਲਿਆ ਨੇ ਸੋਚਿਆ — “ਇਹਦਾ ਤਾਂ ਭੂਤ ਹੁਣ ਛਿੱਤਰਾਂ ਨਾਲ ਹੀ ਉੱਤਰੂ।” ਜਗਨਾ ਪ੍ਰੇਮੀ ਚੁੱਕ ਲਿਆਇਆ, ਘਰੋਂ ਰੈਂਗਲਾ। ਜਦੋਂ ਮੌਰਾਂ 'ਚ ਮਾਰਿਆ, ਭੱਜਦੇ ਨੂੰ ਰਾਹ ਨਾ ਲੱਭਿਆ। ਗਲੀ 'ਚੋਂ ਘੋੜੇ ਵਾਂਗੂ ਭੱਜਿਆ ਜਾਵੇ। “ਭੈਣ ਦਿਆ ਯਾਰਾ ! ਤੈਨੂੰ ਬੰਦਿਆਂ ਵਾਂਗੂ ਸਮਝਾਈ ਜਾਨੇ ਆਂ। ਬਈ ਜੇ ਦੋ ਘੁੱਟ ਪੀ ਲਈ ਕਿਉਂ ਖਰੀ ਕਰਦੈਂ ? ਆਪਣੇ ਘਰੇ ਜਾ।” ਜਗਨਾ ਅਜੇ ਵੀ ਭੂਸਰੇ ਢੱਠੇ ਵਾਂਗ ਖੜ੍ਹਾ ਸੀ। “ਛਿੱਤਰ ਖਾਧੇ ਬਿਨਾਂ ਪ੍ਰੇਮੀਆਂ, ਇਹਨਾਂ ਦੇ ਕਿੱਥੇ ਹਜਮ ਆਉਂਦੀ ਐ। ਤੂੰ ਤਾਂ ਚੰਗਾ ਕੀਤਾ। ਚਾਰ ਦੇ ਹੋਰ ਕੰਨ ਹੋਣਗੇ।” ਨਿੱਕਰ ਬੁਨੈਣ ਵਿੱਚ ਡਾਂਗ ਚੁੱਕੀ ਖੜ੍ਹਾ ਰੂਪ ਵੀ ਹੁਣੇ ਹੀ ਆਇਆ ਸੀ। ਉਹ ਤਾਂ ਸੌਣ ਦੀ ਤਿਆਰੀ ਕਰ ਰਿਹਾ ਸੀ। ਰੌਲਾ ਸੁਣ ਕੇ ਆ ਪਹੁੰਚਿਆ ਸੀ। “ਕੱਲ੍ਹ ਨੂੰ ਸਾਰੀ ਗਲੀ ਵਾਲਿਆਂ ਦਾ ਕੱਠ ਕਰੀਏ। ਇਹ ਤਾਂ ਰੋਜ਼ ਦਾ ਕੰਜਰ ਕਲੇਸ਼ ਐ।” ਜਗਨੇ ਪ੍ਰੇਮੀ ਨੇ ਸਾਰੀ ਗਲੀ ਵਾਲਿਆਂ ਨੂੰ ਸਲਾਹ ਦਿੱਤੀ। “ਮੇਰੇ ਸਾਲੇ ਸਾਧੂ ਦੇ ਪੁੜੇ ਕਟਵਾਈਏ, ਪੁਲਸ ਤੋਂ।” ਭੀੜ ’ਚੋਂ ਕਿਸੇ ਨੇ ਜਗਨੇ ਦੀ ਗੱਲ ਨੂੰ ਅੱਗੇ ਤੋਰਿਆ। “ਸਾਰੇ ਸਿਆਪੇ ਦੀ ਜੜ੍ਹ, ਭੁੰਨਣਾ ! ਆਹ ਸਾਧੂ ਐ।” ਰੂਪੋ ਸਾਧਣੀ ਨੇ ਸਾਧੂ ਦੇ ਘਰ ਵੱਲ ਹੱਥ ਕਰਿਆ। ਦਸ—ਪੰਦਰਾਂ ਮਿੰਟ ਰੌਲਾ ਪੈਂਦਾ ਰਿਹਾ। ਜਸਵੰਤ ਨੇ ਕੋਠੇ ’ਤੇ ਚੜ੍ਹ ਕੇ ਵੇਖਿਆ, ਆਵਾਜ਼ ਸਾਫ ਸੁਣਾਈ ਨਹੀਂ ਸੀ ਦੇ ਰਹੀ। ਵਿਹੜੇ ’ਚ ਖੜ੍ਹੇ ਘੂਤਰ ਨੇ ਉਤਾਂਹ ਮੂੰਹ ਕਰਕੇ ਜਸਵੰਤ ਨੂੰ ਪੁੱਛਿਆ— “ਕੀ ਗੱਲ ਹੋਗੀ ਸ਼ੇਰਾ, ਰੌਲਾ ਜਾ ਖਾਸਾ ਪਾਈ ਜਾਂਦੇ ਨੇ।” “ਜਗਨੇ ਪ੍ਰੇਮੀ ਦੇ ਘਰਾਂ ਕੋਲ ਐ। ਸ਼ਰਾਬੀ—ਕਬਾਬੀ ਲੜਪੇ ਹੋਣੇ, ਹੋਰ ਕੀ?” ਜਸਵੰਤ ਹੇਠਾਂ ਪੌੜੀਆਂ ਉੱਤਰ ਆਇਆ। “ਚਲ ਪੈਜਾ ਸ਼ੇਰਾ, ਸਾਰੇ ਦਿਨ ਦੇ ਥੱਕੇ ਆਂ।” ਘੂਤਰ ਜਸਵੰਤ ਨੂੰ ਆਖਦਾ ਆਪ ਵੀ ਸੌਣ ਲਈ ਆਪਣੇ ਬਿਸਤਰ ’ਤੇ ਚਲਾ ਗਿਆ। ਜਸਵੰਤ ਕੱਪੜੇ ਵਿਛਾ ਕੇ ਪੈ ਗਿਆ। ਜਗਨੇ ਦੇ ਘਰ ਕੋਲੋਂ ਆਉਂਦਾ ਰੌਲਾ ਸ਼ਾਂਤ ਹੋ ਗਿਆ ਲੱਗਦਾ ਸੀ। ਪੈਣ ਸਮੇਂ ਜਸਵੰਤ ਨੂੰ ਆਕਾਸ਼ ’ਚ ਦਾਤੀ ਦੀ ਸ਼ਕਲ ਵਰਗਾ ਚੰਨ ਵਿਖਾਈ ਦਿੱਤਾ। ਕੁੱਝ ਸਮੇਂ ਬਾਅਦ ਰਹਿੰਦਾ ਚੰਦ ਵੀ ਹਨੇਰੇ ਦੀ ਬੁੱਕਲ 'ਚ ਅਲੋਪ ਹੋ ਗਿਆ। ਕੁੱਤਿਆਂ ਦੇ ਰੋਣ ਦੀ ਕਰੁਣਾਮਈ ਆਵਾਜ਼ ਜਸਵੰਤ ਦੀ ਸ਼ਾਂਤੀ ਭੰਗ ਕਰਦੀ ਰਹੀ। ਅਚਾਨਕ ਦਸ ਵਜੇ ਬਾਬਾ ਜੀ ਨੇ ਪੋਲੇ—ਪੋਲੇ ਠੋਲ੍ਹੇ ਮਾਈਕ ’ਤੇ ਮਾਰੇ — “ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ.........।” ਟਿਕੀ ਰਾਤ ਨੂੰ ਅਜਿਹੀ ਕਿਹੜੀ ਬੇਨਤੀ ਜਾਂ ਸੂਚਨਾਂ ਹੋਈ। ਜਸਵੰਤ ਮੰਜੇ ’ਤੋਂ ਅੱਭੜਵਾਹੇ ਉੱਠਿਆ। ਉਹ ਜਾਣਦਾ ਸੀ— “ਟਿਕੀ ਰਾਤ ਵਾਲੀ ਸੂਚਨਾਂ ਦਾ ਸ਼ੁਭ—ਸੰਕੇਤ ਨਹੀਂ ਹੰਦਾ।” ਉਹ ਉਡੀਕ ਕਰਨ ਲੱਗਾ। ਆਉਣ ਵਾਲੀ ਹੋਣੀ ਲਈ ਆਪਣੇ—ਆਪ ਨੂੰ ਤਿਆਰ ਕਰਨ ਲੱਗਾ। “ਸੂਚਨਾਂ ਦਿੱਤੀ ਜਾਂਦੀ ਐ ਭਾਈ .......... ਆਪਣੇ ਮਾਊਂ ਵਾਲੇ ਖੇਤਾਂ ਕੋਲ ਕਣਕ ਦੇ ਨਾੜ ਨੂੰ ਅੱਗ ਲੱਗ ਗਈ ਹੈ। ਅੱਗ ਦੀ ਲਪੇਟ 'ਚ ਨੇੜੇ ਦੇ ਕਿਸਾਨਾਂ ਦੀ ਤੂੜੀ ਮੱਚ ਗਈ ਭਾਈ। ਅੱਗ ਬਹੁਤ ਤੇਜੀ ਨਾਲ ਪਿੰਡ ਵੱਲ ਵਧ ਰਹੀ ਹੈ। ਨਗਰ ਨਿਵਾਸੀਆਂ ਨੂੰ ਬੇਨਤੀ ਐ ਭਾਈ ਛੇਤੀ ਤੋਂ ਛੇਤੀ ਮਾਊਂ ਵਾਲੇ ਖੇਤ ਪਹੁੰਚਣ ਦੀ ਖੇਚਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।” ਅਚਾਨਕ ਹੀ ਸਾਰਾ ਪਿੰਡ ਭੈ—ਭੀਤ ਹੋ ਗਿਆ। ਸਭ ਦੀ ਨੀਂਦ ਉੱਡ ਗਈ। ਪਿੰਡ ਦੇ ਦੱਖਣ ਵਾਲੇ ਪਾਸੇ ਮਾਊਂ ਵਾਲੇ ਖੇਤਾਂ ਵੱਲ ਨਜ਼ਰ ਮਾਰੀਏ ਤਾਂ ਹਨੇਰੀ ਰਾਤ ਵਿੱਚ ਚਾਨਣ ਨਜ਼ਰ ਆਉਂਦਾ ਹੈ। ਅੱਗ ਦੀਆਂ ਲਾਟਾਂ ਪਿੰਡੋਂ ਵੀ ਵਿਖਾਈ ਦਿੰਦੀਆਂ ਹਨ। ਬਾਬੇ ਦੀ ਬੇਨਤੀ ਸੁਣਦਿਆਂ ਸਾਰ ਹੀ ਲੋਕ ਆਪੋ—ਆਪਣੇ ਸਾਧਨ, ਸਲੰਘ, ਤੰਗਲੀਆਂ, ਕਹੀਆਂ, ਬਾਲਟੀਆਂ ਲੈ ਕੇ ਮੇਲੇ ਦੇ ਖੇਤਾਂ ਵੱਲ ਚੱਲ ਪਏ। ਹਵਾ ਵੀ ਪੂਰੀ ਤੇਜ਼ੀ ਨਾਲ ਰੁਮਕਣ ਲੱਗੀ। ਲੀਹਪਾੜ੍ਹਾਂ ਦੇ ਮੇਲੇ ਨੂੰ ਕਾਹਲ਼ ਪਈ ਸੀ।( ਮੇਲਾ ਟੀਟੂ ਤੋਂ ਵੱਡਾ ਹੈ) ਅੱਜ ਦਿਨੇ ਹੀ ਆਪਣੇ ਸੀਰੀ ਮਿਤਰੂ ਨੂੰ ਕਹਿ ਕੇ ਹਟਿਆ ਸੀ— “ਬਸ, ਸਾਰਾ ਨਾੜ ਮਚਾ ਦੇਈਏ। ਦੋ—ਤਿੰਨ ਦਿਨਾਂ ਤਕ ਰੌਣੀ ਕਰਕੇ, ਨਰਮਾ ਬੀਜ ਦੇਣੈ। ਆਪਾਂ ਸਾਰਿਆਂ ਤੋਂ ਪਿੱਛੇ ਰਹਿ ਗਏ।” ਮਿੱਤਰੂ ਨਾੜ ਨੂੰ ਅੱਗ ਲਾ ਕੇ ਆਪ ਘਰੇ ਜਾ ਕੇ ਸੌਂ ਗਿਆ। ਅੱਗ ਆਪੇ ਤੋਂ ਬਾਹਰ ਹੋ ਗਈ। ਪਿੰਡ ਵਾਲਿਆਂ ਨੇ ਆਣ ਹੰਭਲਾ ਮਾਰਿਆ। ਰੇਤੇ ਜਾਂ ਪਾਣੀ ਦੀਆਂ ਬਾਲਟੀਆਂ, ਜੋ ਕੁੱਝ ਵੀ ਮਿਲਿਆ, ਉਸ ਨਾਲ ਮਸਾਂ ਦੋ ਘੰਟਿਆਂ 'ਚ ਅੱਗ ’ਤੇ ਕਾਬੂ ਪਾਇਆ। ਜਸਵੰਤ ਨੇ ਮੇਲੇ ਨੂੰ ਬਥੇਰਾ ਝਾੜਿਆ। ਕਹਿੰਦਾ— “ਮੇਲਿਆ, ਐਨੀ ਤੈਨੂੰ ਕੀ ਕਾਹਲ ਹੋਈ ਸੀ ? ਭਲੇ ਮਾਨਸਾ ! ਵਿਚਾਰੇ ਗਰੀਬ ਨਰੈਣ ਦੀ ਤੂੜੀ ਸੜ ਕੇ ਸੁਆਹ ਹੋ ਗਈ। ਉਹਦਾ ਹਰਜਾਨਾ ਕੌਣ ਭਰੂ ? “ਉਏ ਜਸਵੰਤਿਆਂ, ਆ ਮੇਰੇ ਸਾਲੇ ਮਿਤਰੂ ਨੂੰ ਕਿਹਾ ਸੀ, ਬਈ ਪਾਣੀ ਦਾ ਪ੍ਰਬੰਧ ਕਰਕੇ ਅੱਗ ਲਾਈਂ।” ਮੇਲਾ ਤਾਂ ਪੈਰਾਂ ’ਤੇ ਪਾਣੀ ਹੀ ਨਾ ਪੈਣ ਦੇਵੇ। ਮੈਂ ਤਾਂ ਗਰੀਬ ਪੱਟਿਆ ਗਿਆ। ਮੇਰੀ ਸੱਠ ਮਣ ਤੂੜੀ ਦੀ ਰਾਖ ਬਣਗੀ।” ਨਰੈਣ ਰੋ—ਰੋ ਕਮਲਾ ਹੋ ਗਿਆ। ਤੂੜੀ ਦੀ ਬਣੀ ਸੁਆਹ ਨੂੰ ਮੁੱਠੀਆਂ ’ਚ ਚੁੱਕ ਕੇ ਵੇਖ ਰਿਹਾ ਸੀ। ਅੱਖਾਂ ਪੂੰਝਦਿਆਂ, ਉਸਨੇ ਜਸਵੰਤ ਦੀ ਮਿੰਨਤ ਕੀਤੀ— “ਬਾਈ, ਥੋਡੇ ਸਾਰੇ ਐ, ਪਿੰਡ ਦੇ ਪਤਵੰਤੇ ਸੱਜਣਾਂ ਦੇ। ਕ੍ਹੈ—ਕਹਾ ਕੇ ਮੇਰਾ ਮਸਲਾ ਹੱਲ ਕਰੋ।” “ਤੂੰ ਚਿੰਤਾ ਨਾ ਕਰ, ਨਰੈਣ। ਤੇਰੀ ਕੀ ਗਲਤੀ ਐ ! ਜਿਹੜਾ ਗਲਤੀ ਕਰੂ, ਹੁਣ ਭੁਗਤੇ। ਕੱਲ ਨੂੰ ਸਰਪੰਚ ਨੂੰ ਕਹਿ ਕੇ ਤੇਰਾ ਮਸਲਾ ਹੱਲ ਕਰਾਂਗੇ।” ਜਸਵੰਤ ਦੀ ਗੱਲ ਸੁਣਕੇ ਨਰੈਣ ਦੀ ਤਸੱਲੀ ਜਿਹੀ ਹੋ ਗਈ। ਉਸ ਦੇ ਟੁੱਟੇ ਦਿਲ ਨੂੰ ਢਾਰਸ ਮਿਲ ਗਿਆ। ਪੂਰੇ ਦੋ ਘੰਟਿਆਂ ਦੀ ਖੱਜਲ—ਖੁਆਰੀ ਤੋਂ ਬਾਅਦ ਅੱਗ ਸ਼ਾਂਤ ਹੋ ਗਈ। ਲੋਕਾਂ ਦੇ ਘਰਾਂ ਨੂੰ ਪਰਤਦਿਆਂ ਤਕ ਰਾਤ ਕਾਫੀ ਹੋ ਬੀਤ ਗਈ ਸੀ। ਉਨੀਂਦਰੇ ਲੋਕ ਜਾਣ ਸਾਰ ਘੋੜੇ ਵੇਚ ਕੇ ਸੌਂ ਗਏ। ਜਗਤੂ ਤੇ ਦੁੱਲਾ ਤਾਂ ਰਾਤ ਦੇ ਹਨ੍ਹੇਰੇ ਦੀ ਓਟ ਲੈਂਦੇ ਹੋਏ ਗਿੱਲਾਂ ਦੇ ਖੇਤ ਨੂੰ ਚੱਲ ਪਏ। “ਸ਼ੇਤੀ ਆਜਾ, ਆਪਾਂ ਨੂੰ ਮੋਟਰ ‘ਡੀਕੀ ਜਾਂਦੀ ਐ।” ਜਗਤੂ ਵੱਡੀ ਪਹੀ ਵੱਲ ਤੇਜ਼ੀ ਨਾਲ ਤੁਰਿਆ ਜਾਂਦਾ ਸੀ। ਦੁੱਲਾ ਅੱਖਾਂ ਮਲਦਾ ਜਗਤੂ ਦੇ ਮਗਰ ਹੋ ਤੁਰਿਆ। ਦੋਵੇਂ ਰਸਤੇ ’ਚ ਵਿਉਂਤਾਂ ਬਣਾਉਂਣ ਲੱਗੇ। ਵਿਉਂਤਾਂ ਜੋੜਦੇ—ਘਟਾਉਂਦੇ ਉਹ ਪਹੀ ਦੀ ਜੜ੍ਹ ’ਚ, ਪੰਚਾਇਤ ਵੱਲੋਂ ਲਾਏ ਹੋਏ ‘ਕੁੱਤਾ ਨਲਕੇ’ ਕੋਲ ਪਹੁੰਚ ਗਏ। ਦੁੱਲੇ ਨੂੰ ਕਿਸੇ ਓਪਰੇ ਬੰਦੇ ਦਾ ਝਾਉਲਾ ਪਿਆ ਤਾਂ ਉਸਨੇ ਪਿੱਛੇ ਮੁੜ ਕੇ ਵੇਖਿਆ ਪਰ ਸਿਰਫ ਭੁਲੇਖਾ ਹੀ ਸੀ। ਕੋਈ ਨਜ਼ਰ ਨਾ ਆਇਆ। “ਉਏ ਨੇਰ੍ਹੀ ਰਾਤ 'ਚ ਕੀਹਨੇ ਆਉਣੈ ?” ਜਗਤੂ ਨੇ ਡਰੇ ਹੋਏ ਦੁੱਲੇ ਨੂੰ ਧਰਵਾਸ ਦਿੱਤਾ। “ਉਏ ਮੈਂ ਤਾਂ ਜੰਗਲ—ਪਾਣੀ ਜਾ ਕੇ ਆਉਨੈ। ਸਾਲਾ ਢਿੱਡ ’ਚ ਖਰਲ ਜਾ ਪੈ ਗਿਆ।” ਦੁੱਲੇ ਨੇ ਪਜਾਮੇ ਦਾ ਨਾਲਾ ਖੋਲਿਆ ਤੇ ਵੱਡੇ ਖਾਲ ’ਤੇ ਜਾ ਬੈਠਾ। “ਹੈ ਕੰਜਰ ! ਸ਼ਿਕਾਰ ਵੇਲੇ ਕੁੱਤੀਆ ਮੁਤਾਈ। ਖਾਣ ਵੇਲੇ ਬੀ ਸਬਰ ਰੱਖਿਆ ਕਰ।” ਦੁੱਲੇ ਨੂੰ ਝਾੜ ਪਾ ਕੇ ਜਗਤੂ ਨੇ ਪਹੇ ’ਤੇ ਖੜ੍ਹ ਕੇ ਚਾਰੇ ਪਾਸੇ ਨਜ਼ਰ ਮਾਰੀ। ਉਸ ਨੂੰ ਧੋਰੀ ਖਾਲ ਵਾਲੇ ਸਫੈਦੇ ਵੀ ਬੰਦਿਆਂ ਵਰਗੇ ਜਾਪੇ। “ਪਾਣੀ ਤਾਂ ਹੈ ਨੀ ਯਾਰ।” ਦੁੱਲੇ ਨੇ ਪਜਾਮੇ ਦਾ ਨਾਲਾ ਫੜ ਕੇ ਖਾਲ 'ਚ ਨਿਉਂ ਕੇ ਵੇਖਿਆ। ਕਈ ਦਿਨਾਂ ਤੋਂ ਬੰਦੀ ਹੋਣ ਕਰਕੇ ਖਾਲ ਸੁੱਕਾ ਪਿਆ ਸੀ। “ਉਏ ਸੱਡ ਪਰਾਂ, ਹੱਥ ਧੋਣ ਨੂੰ ਕੀ ਐ ।” ਦੁੱਲਾ ਨਾਲਾ ਬੰਨ੍ਹ ਕੇ ਜਗਤੂ ਦੇ ਮਗਰ ਮੋਟਰ ਵੱਲ ਚੱਲ ਪਿਆ। “ਜਗਤਿਆ, ਇਹ ਵਾਹਵਾ ਭਾਰੀ ਐ।” ਦੁੱਲੇ ਨੇ ਹਿਲਾ ਕੇ ਵੇਖੀ। ਇਕੱਲੇ ਤੋਂ ਹਿੱਲੀ ਨਾ। “ਉਏ ਕਮਲਿਆ ! ਅਮਲੀ ਰੇਲ ਦਾ ਇੰਜਣ ਵੀ ਚੱਕਲੇ। ਤੂੰ ਏਸੇ ਤੋਂ ਡਰੀ ਜਾਨੈ।” “ਪਰ੍ਹਾਂ ਤੋਂ ਹੱਥ ਪਾ।” ਜਗਤੂ ਨੇ ਵੀ ਘੁੱਟ ਕੇ ਹੱਥ ਪਾ ਲਏ ਸੀ। ਜ਼ੋਰ ਦੀ ਝੂਟਾ ਮਾਰੇ ਤੋਂ ਮੋਟਰ ਆਪਣੀ ਥਾਂ ਤੋਂ ਹਿਲ ਪਈ। ਮੋਟਰ ਨੂੰ ਦੋਵੇਂ ਧੂਹ ਕੇ ਲੈ ਗਏ ਤੇ ਸਵੇਰ ਹੋਣ ਤਕ ਬੰਤ ਲਾਲ ਕਬਾੜੀਏ ਕੋਲ ਵੇਚ ਆਏ।

ਤੇਰ੍ਹਾਂ

ਜਗਤੂ ਤੇ ਦੁੱਲਾ ਮੋਟਰ ਵੇਚ ਕੇ, ਮੂੰਹ ਹਨ੍ਹੇਰੇ ਪਿੰਡ ਵੱਲ ਆਉਂਦੇ ਸੀ। ਟਿਕੀ ਸਵੇਰ ਨੂੰ, ਉਨ੍ਹਾਂ ਨੂੰ ਆਪਣੇ ਪਿੱਛਿਓਂ ਕਿਸੇ ਦੇ ਆਉਣ ਦੀ, ‘ਖੜੱਪ ਖੜੱਪ’ ਦੀ ਆਵਾਜ਼ ਸੁਣਾਈ ਦਿੱਤੀ। ਜਗਤੂ ਨੇ ਪਿੱਛੇ ਮੁੜ ਕੇ ਵੇਖਿਆ, ਜਸਵੰਤ ਹੌਲ਼ੀ ਹੌਲ਼ੀ ਭੱਜਿਆ ਆਉਂਦਾ ਸੀ। “ਉਏ ਦੁੱਲਿਆ, ਪਿੱਸ਼ੇ ਜਸਵੰਤਾ ਭੱਜਿਆ ਆਉਂਦੈ।” “ਚੱਲ ... ਚੱਲ ... ਔਧਰੀ ਹੋ ਜਾ ਪਰ੍ਹਾਂ।” ਜਸਵੰਤ ਨੂੰ ਵੇਖ ਉਹ ਸਿਵਿਆਂ ਦੀ ਕੰਧ ਉਹਲੇ ਲੁਕ ਗਏ। “ਇਹ ਪਤੰਦਰ ਤੜਕੀ—ਤੜਕੀ ਸ਼ੈਰ ਕਰਨ ਆਉਂਦੈ।” ਜਗਤੂ ਨੇ ਵੇਖਿਆ, ਜਸਵੰਤ ਕਾਫੀ ਅੱਗੇ ਲੰਘ ਗਿਆ। ਉਹ ਦਸ ਕਿੱਲੇ ਵਾਟ ਅੱਗੇ ਲੰਘ ਗਿਆ, ਤਾਂ ਉਹ ਕੰਧ ਕੋਂਲੋਂ ਉੱਠ ਕੇ ਪਿੰਡ ਨੂੰ ਹੋ ਤੁਰੇ। ਜਸਵੰਤ ਨੇ ਆਉਣ—ਸਾਰ ਵਿਹੜੇ ਵਿੱਚ ਚੌਲ ਤੇ ਕਣਕ ਦੇ ਰਲੇ—ਮਿਲੇ ਦਾਣੇ ਖਿਲਾਰੇ। ਚੋਗੇ ’ਤੇ ਇੱਕਾ—ਦੁੱਕਾ ਚਿੜੀਆਂ ਹੀ ਆਈਆਂ। ਜਸਵੰਤ ਦਾ ਮਨ ਕੀਤਾ, ਪੰਛੀਆਂ ਨਾਲ ਗੱਲਾਂ ਕਰਨ ਨੂੰ, ਚਿੜੀਆਂ ਦੀ ਚੀਂ—ਚੀਂ ਸੁਣਨ ਨੂੰ। ਚਿੜੀਆਂ ਦੀ ਘਟਦੀ ਗਿਣਤੀ ਕਾਰਨ ਉਸ ਦਾ ਮਨ ਉਦਾਸ ਹੋ ਗਿਆ। ਪਰਮੀ ਵੀ ਟਹਿਲਦੀ ਜਸਵੰਤ ਕੋਲ ਆ ਗਈ। ਅੱਜ ਐਤਵਾਰ ਦੀ ਛੁੱਟੀ ਸੀ। ਅੱਧੀ ਮੁੱਠੀ ਜਸਵੰਤ ਤੋਂ ਫੜ੍ਹ, ਉਹ ਵੀ ਚਿੜੀਆਂ ਨੂੰ ਆਵਾਜ਼ ਮਾਰਨ ਲੱਗੀ। “ਪਾਪਾ, ਚਿੜੀਆਂ ਤਾਂ ਜਮਾਂ ਈ ਖਤਮ ਹੋ ਰਹੀਆਂ ਨੇ।” “ਜੇ ਆਹੀ ਹਾਲ ਰਿਹਾ ਪੁੱਤ, ਇਹ ਵੀ ਕਿੱਧਰੇ ਉੱਡ ਜਾਣਗੀਆਂ।” “ਹੂੰ, ਇਹ ਵੀ ਪਾਪਾ ਜੀ, ਕਿਤਾਬਾਂ ’ਚ ਈ ਰਹਿ ਜਾਣਗੀਆਂ।” ਪਰਮੀ ਨੇ ਦੇਖਿਆ, ਚਿੜੀਆਂ ਚੁੰਝ ’ਚ ਚੋਗਾ ਲੈ ਕੇ ਫੁਰਰ ਹੋ ਗਈਆਂ। “ਸਹੀ ਗੱਲ ਆਖੀ ਐ, ਤੂੰ ਪੁੱਤ। ਸਾਡੀ ਸੁਰਤ ’ਚ ਗਿਰਝਾਂ ਹੁੰਦੀਆਂ ਸੀ, ੳਹ ਵੀ ਅਲੋਪ ਹੋ ਗੀਆਂ। ਉਹ ਤਾਂ ਕਤਾਬਾਂ ’ਚ ਵੀ ਨੀ ਦੀਂਅਦੀਆਂ।” ਹਰਦੀਪ ਦੇ ਅਵਾਜ਼ ਮਾਰੀ, ਜਿਸ ਨਾਲ ਉਨ੍ਹਾਂ ਦਾ ਧਿਆਨ ਟੁੱਟ ਗਿਆ— “ਰੋਟੀ ਖਾ ਲੋ ਜੀ, ਆ ਕੇ। ਤੂੰ ਵੀ ਆ ਜਾ ਪੁੱਤ ਪਰਮੀ, ਖਾ ਲੈ ਤੱਤੀ ਤੱਤੀ।” ਹਰਦੀਪ ਨੇ ਦੋਹਾਂ ਨੂੰ ਰੋਟੀ ਪਾ ਕੇ ਫੜ੍ਹਾ ਦਿੱਤੀ। ਜਸਵੰਤ ਰੋਟੀ ਖਾਣ ਲੱਗਿਆ ਤਾਂ ਬੇਗੂ ਚੌਂਕੀਦਾਰ ਆ ਪਹੁੰਚਿਆ। “ਬਾਈ ਘਰੀਂ ਐ ਜੀ ?” “ਆਜਾ ਭਾਈ, ਘਰੀਂ ਨੇ।” ਹਰਦੀਪ ਨੇ ਬੇਗੂ ਨੂੰ ਅੰਦਰ ਬੁਲਾ ਲਿਆ। ਅੰਦਰ ਲੰਘ ਕੇ ਉਹ ਮੰਜੇ ਦੀ ਪੈਂਦ ’ਤੇ ਬੈਠ ਗਿਆ। “ਹਾਂ ਭਾਈ ਬੇਗੂ, ਦੱਸ, ਕੀ ਸਨੇਹਾ ਲਿਆਇਆ ?” ਕੁਰਲੀ ਕਰਨ ਤੋਂ ਬਾਅਦ ਜਸਵੰਤ ਬੇਗੂ ਕੋਲ ਆ ਬੈਠਾ। “ਬੋਹਾ ਤੋਂ ਕਾਰਟ ਆਇਐ ਜੀ। ਅੱਖਾਂ ਦਾ ਕੈਂਪ ਐ।” ਆਖਦਿਆਂ ਬੇਗੂ ਨੇ ਆਪਣੇ ਝੋਲ਼ੇ ਵਿਚਲੇ ਕਾਰਡਾਂ ’ਚੋਂ ਇੱਕ ਕਾਰਡ ਕੱਢ ਕੇ ਜਸਵੰਤ ਮੂਹਰੇ ਕਰ ਦਿੱਤਾ। ਜਸਵੰਤ ਦੇ ਕਾਰਡ ਪੜ੍ਹਦਿਆਂ ਹੀ ਹਰਦੀਪ ਚਾਹ ਲੈ ਆਈ। “ਕੀਹਦਾ ਕਾਰਡ ਐ ਜੀ ?” ਬੇਗੂ ਨੂੰ ਚਾਹ ਫੜਾਉਂਦੀ ਹਰਦੀਪ ਬੋਲੀ। “ਬੋਹਾ ਤੋਂ ਐ। ਆਤਮਾ ਰਾਮ ਸਮਾਜ ਸੇਵੀ ਸੰਸਥਾ ਵੱਲੋਂ ਅੱਖਾਂ ਦਾ ਤੇਰਵਾਂ ਕੈਂਪ ਲਾਇਆ ਜਾ ਰਿਹੈ।” ਜਸਵੰਤ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਜੁੜਿਆ ਹੋਇਆ ਹੈ। ਸੱਦਾ ਪੱਤਰ ਆਉਂਦੇ ਹੀ ਰਹਿੰਦੇ ਹਨ। “ਪੰਚੈਤੀ ਘਰ ’ਚ ਕੱਠ ਐ, ਅੱਜ।” ਬੇਗੂ ਨੇ ਚਾਹ ਪੀ ਕੇ ਦੂਜਾ ਸੁਨੇਹਾ ਦਿੱਤਾ। “ਜਰੂਰ ਆਊਂਗਾ ਭਾਈ ।” ਉਸ ਨੇ ਕਾਰਡ ਮੇਜ਼ ’ਤੇ ਰੱਖ ਦਿੱਤਾ। ਬੇਗੂ ਝੋਲੇ ਦੀ ਤਣੀ ਮੋਢੇ ’ਚ ਪਾਉਂਦਾ ਹੋਇਆ ਘਰ ਦੀ ਦਹਿਲੀਜ਼ ਲੰਘ ਗਿਆ । ਜਸਵੰਤ ਦਾ ਅੱਜ ਗਲਾ ਠੀਕ ਨਹੀਂ ਸੀ। ਧੂੜ—ਘੱਟੇ ਤੋਂ ਐਲਰਜੀ ਹੋ ਗਈ। ਸਾਰੀ ਰਾਤ ਤੰਗ ਹੋਈ ਗਿਆ। ਦਿਲ ‘ਫੜਾਕ ਫੜਾਕ’ ਵੱਜਦਾ ਰਿਹਾ। ਇੰਝ ਲੱਗਦਾ ਰਿਹਾ, ਜਿਵੇਂ ਦਿਲ ਦਾ ਦੌਰਾ ਪੈਣ ਵਾਲਾ ਹੋਵੇ। ਉਹ ਕੋਸੇ ਪਾਣੀ ’ਚ ਲੂਣ ਪਾ ਕੇ ਗਰਾਰੇ ਕਰਨ ਲੱਗਾ ਤਾਂ ਜਗਨਾ ਪ੍ਰੇਮੀ ਤੇ ਉਸਦੀ ਗਲੀ ਵਾਲੇ ਆ ਪਹੁੰਚੇ। ਕਹਿੰਦੇ— “ਬਾਈ ਜੀ, ਤੁਸੀਂ ਕ੍ਹੈ—ਕਹਾ ਕੇ ਸਾਧੂ ਦਾ ਡੱਬਾ ਤਾਂ ਬੰਦ ਕਰਾਉ। ਰੋਜ਼ ਲੜਾਈ—ਝਗੜਾ ਹੁੰਦੈ। ਅਸੀਂ ਸਰਪੰਚ ਨੂੰ ਕਿਹਾ ਸੀ। ਉਹਨੇ ਤਾਂ ਸਾਡੀ ਗੱਲ ’ਤੇ ਕੋਈ ਗੌਰ ਨੀ ਕੀਤੀ।” “ਅੱਜ ਪੰਚੈਤ ਘਰ 'ਚ ਆਇਉ। ਉੱਥੇ ਗੱਲ ਕਰਾਂਗੇ।ਮੈਂ ਵੀ ਬੱਸ ਜਾਨੈ।” “ਬੱਸ ਆਏ ਬਾਈ ਅਸੀਂ ਵੀ, ਮੈਂ ਕਰਦੈਂ ਸਾਰਿਆਂ ਨੂੰ ਕੱਠੇ।” ਆਖਦਾ ਹੋਇਆ ਜਗਨਾ ਸਾਰਿਆਂ ਨੂੰ ਵਾਪਸ ਲੈ ਗਿਆ। ਜਸਵੰਤ ਨਹਾ ਕੇ ਪੰਚਾਇਤੀ ਘਰ ਵੱਲ ਚੱਲ ਪਿਆ। ਉਹ ਬਾਈਆਂ ਦੇ ਘਰ ਕੋਲ ਹੀ ਪਹੁੰਚਿਆ, ਜੱਗਾ ਮੋਟਰ ਛੱਡ ਕੇ ਪਸ਼ੂਆਂ ਨੂੰ ਪਾਣੀ ਪਿਲਾ ਰਿਹਾ ਸੀ। ਉਸਨੇ ਸਾਰੀ ਗਲੀ 'ਚ ਚਿੱਕੜ ਕਰ ਦਿੱਤਾ। “ਜੱਗਾ ਸਿਆਂ ! ਪਾਣੀ ਬਹੁਤ ਕੀਮਤੀ ਐ।” ਜਸਵੰਤ ਨੇ ਮੱਝ ਨੂੰ ਮਲ਼—ਮਲ਼ ਕੇ ਨ੍ਹਾ ਰਹੇ ਜੱਗੇ ਨੂੰ ਸਮਝਾਇਆ। “ਸਰਕਾਰੀ ਮੋਟਰ ਐ , ਕਿੱਧਰੇ ਨੀ ਮੁੱਕਦਾ। ਨਾਲੇ ਆਪਾਂ ਕਿਹੜਾ ਬਿੱਲ ਭਰਨੈ।” “ਉਏ ਕਮਲਿਆ ……………, ਉਏ ਕਮਲਿਆ ....... ਗੁਰੂ ਸਾਹਿਬਾਨਾਂ ਨੇ ਵੀ ਪਾਣੀ ਨੂੰ ਪਿਤਾ ਦਾ ਰੁਤਬਾ ਦਿੱਤੈ। ਤੈਨੂੰ ਜਿੰਨੀ ਲੋੜ ਐ, ਓਨਾਂ ਵਰਤ। ਐਵੇਂ ਵਾਧੂ ਪਾਣੀ ਕਿਉਂ ਡੋਲ੍ਹੀ ਜਾਨੈ। ਜੇ ਲੋਕ ਐਵੇਂ ਪਾਣੀ ਵਰਤਦੇ ਰਹੇ, ਉਹ ਦਿਨ ਦੂਰ ਨਹੀਂ, ਜਦ ਧਰਤੀ ਬੰਜਰ ਹੋਜੂ।” “ਬਾਈ ...., ਆਪਣੇ ਜਿਉਂਦੇ ਜੀ ਤਾਂ ਨੀ ਪਾਣੀ ਮੁੱਕਦਾ।” ਜੱਗਾ ਅਜੇ ਵੀ ਮੀਣੀ ਕੱਟੀ ਦੇ ਸਿੰਙਾਂ ਕੋਲ ਪਾਇਪ ਦਾ ਪਰੈਸ਼ਰ ਮਾਰ—ਮਾਰ ਕੇ ਪਾਣੀ ਵਹਾ ਰਿਹਾ ਸੀ। “ਆਉਣ ਵਾਲੀਆਂ ਨਸਲਾਂ, ਦਾ ਕੀ ਬਣੂ ਕਮਲਿਆ ? ਸਾਰਾ ਪੰਜਾਬ ਰਾਜਸਥਾਨ ਬਣਜੂੰ। ਜਿੰਨੀ ਚੀਜ ਦੀ ਲੋੜ ਐ, ਉਨੀ ਹੀ ਵਰਤੋ।” ਜਸਵੰਤ ਦੀਆਂ ਗੱਲਾਂ ਸੁਣਕੇ ਆਂਢੀ—ਗੁਆਂਢੀ ਵੀ ਇਕੱਠੇ ਹੋ ਗਏ। ਸੁਣ ਕੇ ਉਹ ਵੀ ਦੰਗ ਰਹਿ ਗਏ। “ਬਾਈ, ਥੋਡੀ ਗੱਲ ਸੋਲਾਂ ਆਨੇ ਸੱਚੀ ਐ।” ਸਾਰਿਆਂ ਦੇ ਜਸਵੰਤ ਦੀ ਗੱਲ ਜਚ ਗਈ। “ਅੱਗੇ ਤੋਂ ਮੈਂ ਪਾਣੀ ਸੰਕੋਚ ਨਾਲ ਵਰਤੂੰ।” ਜੱਗੇ ਦੀ ਅਕਲ ਦਾ ਵੀ ਪਰਦਾ ਖੁੱਲ੍ਹ ਗਿਆ। ਜੱਗੇ ਨੂੰ ਸਮਝਾ ਕੇ ਜਸਵੰਤ ਪੰਚਾਇਤ ਘਰ ਵੱਲ ਚੱਲ ਪਿਆ। ਪੰਚਾਇਤ ਜੁੜੀ ਬੈਠੀ ਸੀ। ਮੇਲਾ ਆਪਣੇ ਹਮਾਇਤੀ ਨਾਲ ਲੈ ਕੇ ਪਹੁੰਚ ਗਿਆ। ਮਿੱਤਰੂ ਤੋਰੀ ਵਾਂਗੂ ਮੂੰਹ ਲਟਕਾਈ, ਸਾਰਿਆਂ ਤੋਂ ਮੂਹਰੇ ਬੈਠਾ ਸੀ। “ਹਾਂ ਭਾਈ ਮੇਲਾ ਸਿਆਂ, ਤੂੰ ਨਰੈਣ ਦੀ ਸਾਰੀ ਤੂੜੀ ਮਚਾ ’ਤੀ।” ਸਰਪੰਚ ਨੇ ਗੱਲ ਸ਼ੁਰੂ ਕੀਤੀ। “ਮੈਂ ਕਿਹੜਾ ਜਾਣ—ਬੁੱਝ ਕੇ ਮਚਾਈ ਐ। ਮੈਂ ਮਿੱਤਰੂ ਨੂੰ ਕਿਹਾ ਸੀ, ਬਈ ਪਾਣੀ ਦਾ ਪ੍ਰਬੰਧ ਕਰਕੇ ਅੱਗ ਲਾਈਂ।” “ਮੇਲਿਆ, ਐਨਾ ਤਾਂ ਤੂੰ ਵੀ ਸਿਆਣੈ, ਬਈ ਨਾੜ ਨੂੰ ਅੱਗ ਲਾਉਣੀ ਕਨੂੰਨੀ ਜੁਰਮ ਐ।” ਜਸਵੰਤ ਨੇ ਆਪਣਾ ਕਨੂੰਨੀ ਨੁਕਤਾ ਸਾਂਝਾ ਕੀਤਾ। “ਇਹਨੇ ਕੀ ਜਾਣ—ਬੁੱਝ ਕੇ ਲਾਈ ਐ ਅੱਗ।” ਬਘੇਲ ਵੀ ਪੰਚਾਇਤ ’ਚ ਆ ਜੁੜਿਆ ਸੀ। ਉਸਨੇ ਜਸਵੰਤ ਦੀ ਗੱਲ ਦਾ ਵਿਰੋਧ ਕੀਤਾ। “ਤੂੰ ਬਘੇਲਿਆ, ਆਪਣੀ ਅਕਲ ਆਪਣੇ ਕੋਲ ਰੱਖ।” ਜਸਵੰਤ ਬਘੇਲ ਨੂੰ ਹੁੜੀ ਕਰਕੇ ਪੈ ਗਿਆ। “ ਨਾ ਬਘੇਲਿਆ, ਜੇ ਕਸੂਰ ਮੇਲੇ ਦਾ ਨੀ, ਤਾਂ ਫੇਰ ਮੇਰਾ ਹੋਣਾ।” ਜਦ ਨਰੈਣ ਨੇ ਆਪਣੀ ਭੜਾਸ ਕੱਢੀ ਤਾਂ ਬਘੇਲ ਮੂਤ ਦੀ ਝੱਗ ਵਾਂਙੂ ਬੈਠ ਗਿਆ। “ਇਹਦੀ ਸੱਠ ਮਣ ਤੂੜੀ ਪੂਰੀ ਕਰਦੇ, ਸਮਝੌਤਾ ਕਰਵਾ ਦਿੰਦੇ ਆਂ।” ਸਰਪੰਚ ਬੋਲਿਆ। “ਇਹਨਾਂ ਨੂੰ ਠਾਣੇ ਜਾਣ ਦੇ ਸਰਪੰਚਾ।” ਮੇਲੇ ਦੇ ਬੋਲਣ ਤੋਂ ਪਹਿਲਾਂ ਹੀ ਬਘੇਲ ਬੋਲ ਪਿਆ। ਜਸਵੰਤ ਮੇਲੇ ਨੂੰ ਇੱਕ ਪਾਸੇ ਲੈ ਗਿਆ। “ਮੇਲਿਆ, ਕਿਉਂ ਕਮਲ ਮਾਰਦੈਂ। ਸਾਰੇ ਤੈਨੂੰ ਮਾੜਾ ਕਹਿਣਗੇ। ਹੁਣ ਥੂ—ਥੂ ਨਾ ਕਰਾ। ਉਹਦੀ ਗਰੀਬ ਦੀ ਤੂੜੀ ਪੂਰੀ ਕਰ।” ਮੇਲੇ ਨੇ ਜਸਵੰਤ ਦੀ ਗੱਲ ਮੰਨ ਲਈ ਸੀ। ਭਰੀ ਪੰਚਾਇਤ ’ਚ ਉਸਦੇ ਕਹਿਣ ’ਤੇ ਮਾਫ਼ੀ ਵੀ ਮੰਗ ਲਈ ਸੀ। “ਗਲਤੀ ਮੰਨਦੈ ਜੀ, ਜਿਵੇਂ ਸਾਰੀ ਪੰਚਾਇਤ ਡੰਡ ਲਾਊ, ਸਿਰ ਮੱਥੇ ਐ ਜੀ।” ਮੇਲੇ ਨੂੰ ਅਹਿਸਾਸ ਹੋ ਗਿਆ ਸੀ, ਆਪਣੇ ਕਸੂਰ ਦਾ। ਮਾਮਲਾ ਸਿਰੇ ਚੜ੍ਹ ਗਿਆ ਸੀ। ਜਾਂਦਾ ਹੋਇਆ ਬਘੇਲ ਮੇਲੇ ’ਤੇ ਆਪਣਾ ਗੁੱਸਾ ਜਰੂਰ ਕੱਢ ਗਿਆ। ਉਹ ਆਪਣੀ ਸੱਜੀ ਬਾਂਹ ਉਤਾਂਹ ਨੂੰ ਉਲਾਰਦਾ ਮੇਲੇ ਨੂੰ ਹਰਖਿਆ — “ਮੈਨੂੰ ਬੇਜ਼ਤੀ ਕਰੌਣ ਨੂੰ ਬੁਲਾਇਆ ਸੀ। ਸਾਲਿਓ, ਤਾਹੀਂ ਤਾਂ ਲੋਕ ਥੋਨੂੰ ਲੀਹਪਾੜ ਕੈਂਅਦੇ ਨੇ। ਹੂੰ !” ਨਰੈਣ ਵਾਲਾ ਮਸਲਾ ਅਜੇ ਨਿਬੜਿਆ ਹੀ ਸੀ, ਭਰੇ ਇਕੱਠ ਵਿੱਚ ਅਮਰੀਕ ਸਿੰਘ ਸੰਧੂ ਆ ਪੇਸ਼ ਹੋਇਆ — “ਸਰਪੰਚ ਸਾਬ੍ਹ, ਰਾਤ ਸਾਡੀ ਮੋਟਰ ਚੋਰੀ ਹੋ ਗਈ।” “ਕੀਹਦੇ ਤੇ ਸ਼ੱਕ ਐ ?” ਸਰਪੰਚ ਦੇ ਬੋਲਣ ਤੋਂ ਪਹਿਲਾਂ ਹੀ ਬੁਗਲਾ ਮੈਂਬਰ ਬੋਲ ਪਿਆ। “ਮੋਟਰ ਦੇ ਕੋਲ ਗੰਦ ਪਿਐ। ਉਹਦੇ ਸਾਬ੍ਹ ਨਾਲ ਤਾਂ ਦੁੱਲੇ ਹੋਰਾਂ ਦਾ ਕੰਮ ਐ।” “ਸਾਰਾ ਪਿੰਡ ਜਾਣਦੈ ਬਈ ਜਦੋਂ ਚੋਰੀ ਆਲੀ ਥਾਂ ’ਤੇ ਜੰਗਲ—ਪਾਣੀ ਕੀਤਾ ਪਿਆ ਹੋਵੇ ਤਾਂ ਇਹ ਕੰਮ ਦੁੱਲੇ ਦਾ ਹੁੰਦੈ।” ਬੇਗੂ ਬੋਲਿਆ। “ਰਾਤ ਜੱਗਰ ਦੇ ਸੀਰੀ ਪਾਣੀ ਲਾਉਣ ਗਏ ਸੀ। ਕਹਿੰਦੇ ਅਸੀਂ ਆਪ ਨੇਰੇ 'ਚ ਦੋ ਜਣੇ ਥੋਡੀ ਪਹੀ ਕੋਲ ਵੇਖੇ ਨੇ।” ਅਮਰੀਕ ਬੋਲਿਆ। “ਚੌਂਕੀਦਾਰ ਨੂੰ ਭੇਜ ਕੇ ਬੁਲਾਓ ਦੁੱਲੇ ਹੋਰਾਂ ਨੂੰੰ।” ਜਸਵੰਤ ਨੇ ਸਲਾਹ ਦਿੱਤੀ। ਸਰਪੰਚ ਦੇ ਕਹਿਣ ’ਤੇ ਬੇਗੂ ਦੁੱਲੇ ਦੇ ਘਰ ਨੂੰ ਚੱਲ ਪਿਆ। ਦੁੱਲਾ ਭੁੰਜੇ ਬੈਠਾ ਕੱਟੀ ਦੀ ਛਿਕਲੀ ਬਣਾ ਰਿਹਾ ਸੀ। “ਅਮਲੀਆ। ਤੈਨੂੰ ਸਰਪੰਚ ਨੇ ਬੁਲਾਇਐ।” “ਕਿਉਂ ...... ਪੈਲਸ਼ਨ ........ਪੁਲਸ਼ਨ ਆਈ ਐ।” “ਆਹੋ , ਛਈ ਦੇਣੇ ਆਜੋ।” ਬੇਗੂ ਨੇ ਸੋਚਿਆ— “ਸੱਚੀ ਗੱਲ ਦੱਸਤੀ ਤਾਂ, ਬੀਚਰ ਜਾਣਗੇ। ਨਾਲ ਨਹੀਂ ਜਾਣਾ।” “ਜਗਤੂ ਨੂੰ ਵੀ ਲੈ ਆ।” ਬੇਗੂ ਨੇ ਜਗਤੂ ਨੂੰ ਕਿਹਾ। “ਹੂੰ, ਉਹਨੂੰ ਵੀ ਲੈ ਆਊਂ। ਪੈਲਸ਼ਨ ਵਾਲੀਆਂ ਕਾਪੀਆਂ ਵੀ ਲੈ ਆਈਏ ?” “ਹਾਂ, ਉਹਨਾਂ ਤੋਂ ਬਿਨਾਂ ਕਿਮੇਂ ਮਿਲੂ।” “ਛਿਕਲੀ ਵੀ ਫੇਰ ਈ ਬਣਾਊਂ।” ਦੁੱਲੇ ਨੇ ਛਿਕਲੀ ਪਰ੍ਹਾਂ ਵਗਾਹ ਮਾਰੀ। ਗੀਝੇ ਵਿੱਚ ਪੈਨਸ਼ਨ ਵਾਲੀ ਕਾਪੀ ਪਾ ਲਈ। ਜਗਤੂ ਨੂੰ ਵੀ ਆਪਣੇ ਨਾਲ ਜਾ ਰਲਾਇਆ। ਬੇਗੂ ਅੱਗੇ—ਅੱਗੇ ਤੇ ਜਗਤੂ ਹੋਰੀਂ ਪਿੱਛੇ—ਪਿੱਛੇ। “ਆਹ ਦਓ ਸਰਪੰਚ ਸਾਬ੍ਹ, ਏਨ੍ਹਾਂ ਨੂੰ ਬਢਾਪਾ ਪੈਲਸ਼ਨ।” ਬੇਗੂ ਨੇ ਦੋਵਾਂ ਨੂੰ ਸਰਪੰਚ ਕੋਲ ਭੇਜ ਦਿੱਤਾ। “ਅਮਲੀਆ, ਰਾਤ ਕਿੱਥੇ ਸੀ ?” “ਸਰਪੰਚ ਸਾਬ੍ਹ, ਰਾਤ ਤਾਂ ਅੱਗ ਬੁਝਾਉਂਦੇ ਸੀ। ਥੋਨੂੰ ਨੀ ਪਤਾ ! ਮੇਲੇ ਕੇ ਖੇਤ ਅੱਗ ਲਾਗੀ ਸੀ।” ਜਗਤੂ ਪੂਰਾ ਚੁਸਤ ਸੀ। “ਦੁੱਲਾ ਵੀ ਨਾਲ ਸੀ ?” “ਹਾਂ ਜੀ, ਇਹਨੇ ਤਾਂ ਹੰਭਲਾ ਮਾਰ ਕੇ ਅੱਗ ਬੁਝਾਈ ਸੀ।” ਜਗਤੂ ਤੇ ਦੁੱਲਾ ਪੈਰਾਂ ਭਾਰ ਬੈਠ ਗਏ। ਦੋਹਾਂ ਨੂੰ ਪਤਾ ਲੱਗ ਗਿਆ ਸੀ ਕਿ ਕਿਹੜੀ ਪੈਨਸ਼ਨ ਮਿਲਣੀ ਐ ! ਜੱਗਰ ਦਾ ਸੀਰੀ ਵੀ ਪਹੁੰਚ ਗਿਆ। ਕਹਿੰਦਾ — “ਜਗਤੂਆ, ਰਾਤ ਤੁਸੀਂ ਸੰਧੂਆਂ ਦੀ ਮੋਟਰ ਚੋਰੀ ਕੀਤੀ ਐ।” ਸਰਪੰਚ ਨੇ ਫੋਕਾ ਦਬਕਾ ਮਾਰਿਆ। ਖਬਰੇ ਮੰਨ ਹੀ ਜਾਣ। ਪਰ ਅਮਲੀਆਂ ਨੇ ਛੇਤੀ ਪੈਰਾਂ ’ਤੇ ਪਾਣੀ ਨਾ ਪੈਣ ਦਿੱਤਾ। “ਨਾ ਸਰਪੰਚਾਂ , ਤੂੰ ਕਮਲਾ ਹੋ ਗਿਆ। ਰਾਤ ਤਾਂ ਮੇਲੇ ਦੇ ਖੇਤ ਸੀ।” ਦੁੱਲੇ ਨੇ ਫੁਰਤੀਲਾ ਜਵਾਬ ਦਿੱਤਾ। “ਭਲਾਂ, ਐਂਨੀ ਭਾਰੀ ਮੋਟਰ, ਦੋ ਬੰਦੇ ਕਿਵੇਂ ਚੱਕਣਗੇ।” ਦੁੱਲੇ ਦੇ ਮਗਰ ਜਗਤੂ ਬੋਲਿਆ। “ਸਰਪੰਚ ਸਾਬ੍ਹ, ਫਿਰ ਇਹਨਾਂ ਨੂੰ ਠਾਣੇ ਨਾ ਫਸਾਈਏ। ਉੱਥੇ ਆਪੇ ਮੰਨਣਗੇ, ਜਦ ਪੁਲਸ ਆਲਿਆਂ ਨੇ ਮਾਰੇ ਚਿੱਤੜਾਂ ’ਤੇ ਪਟੇ।” ਅਮਰੀਕ ਸਿੰਘ ਨੂੰ ਅਮਲੀ ਮੰਨਦੇ ਨਜ਼ਰ ਨਾ ਆਏ। “ਫਿਰ ਉੱਥੇ ਹੀ ਰਪਟ ਲਖਾਓ।” ਸਰਪੰਚ ਨੇ ਵੀ ਸਹੀ ਸਲਾਹ ਦਿੱਤੀ। ਮੋਟਰ ਵਾਲਾ ਮਾਮਲਾ ਪੰਚਾਇਤ ’ਚ ਕਿਸੇ ਤਣ—ਪੱਤਣ ਨਾ ਲੱਗਿਆ। ਅਮਰੀਕ ਨੇ ਚੋਰੀ ਦੀ ਰਿਪੋਰਟ ਥਾਣੇ ਜਾ ਦਰਜ ਕਰਾਈ। * * * ਸਾਧੂ ਨੂੰ ਵੀ ਭਿਣਕ ਪੈ ਗਈ ਸੀ। ਕਿਸੇ ਖਾਸ ਬੰਦੇ ਨੇ ਦੱਸ ਦਿੱਤਾ— “ਸਾਧੂਆ, ਕੰਜਰ ਦਿਆ, ਤੇਰੀ ਗਲੀ ਆਲੇ ਕੱਠੇ ਹੋ ਕੇ ਜਸਵੰਤ ਕੋਲ ਗਏ ਨੇ। ਜਗਨਾ ਵਾਹਵਾ ਔਖਾ ਭਾਰਾ ਜਾ ਹੁੰਦਾ ਸੀ।” ਉਨ੍ਹੀ ਪੈਰੀਂ ਸਾਧੂ ਬਘੇਲ ਦੀ ਸ਼ਰਨ ’ਚ ਜਾ ਪਹੁੰਚਿਆ। “ਬਾਈ, ਡੱਬਾ ਚੁਕਾਣ ਨੂੰ ਫਿਰਦੇ ਨੇ।” “ਕਿਹੜੇ ਨੇ ?” “ਜਗਨੇ ਪ੍ਰੇਮੀ ਹੋਰੀਂ। ਜਸਵੰਤ ਨੂੰ ਲੈ ਕੇ ਸਰਪੰਚ ਕੋਲ ਜਾਣਗੇ । ਮੈਨੂੰ ਕਿਸੇ ਖਾਸ ਬੰਦੇ ਨੇ ਦੱਸਿਐ, ਉਹਨੇ ਆਪ ਵੇਖੇ ਨੇ ਜਾਂਦੇ।” “ਸਾਧੂਆ, ਆਹ ਜਸਵੰਤ ਅੱਡ ਨਗੌਰੀ ਬਣਿਆ ਫਿਰਦੈ। ਉਹਦੇ ਪਤਾ ਨੀ ਕੀ ਚਲੂਣੇ ਲੜਦੇ ਨੇ।” “ਬਾਈ ਮੇਰੀ ਤਾਂ ਰੋਜੀ—ਰੋਟੀ ਮਾਰੀ ਜਾਊ।” “ਭੱਜ ਲੈਣ ਦੇ ਜਿੱਥੇ ਭਜਦੇ ਨੇ। ਸਰਪੰਚ ਵੀ ਤਾਂ ਲੱਕੜ ਦਾ ਮੁੰਡਾ ਹੀ ਦਊ।” ਬਘੇਲ ਨੇ ਸਾਧੂ ਦਾ ਗੱਲੀਂ ਬਾਤੀਂ ਪੂਰਾ ਸਮਰਥਨ ਕੀਤਾ। ਸਾਧੂ ਬੇਫਿਕਰਾ ਹੋ ਕੇ ਘਰ ਨੂੰ ਚੱਲ ਪਿਆ। ਜਗਨੇ ਹੋਰੀਂ ਉਸ ਨੂੰ ਪੰਚਾਇਤ ਘਰ ਵੱਲ ਜਾਂਦੇ ਜ਼ਰੂਰ ਦਿਸੇ। ਜਸਵੰਤ ਪਹਿਲਾਂ ਹੀ ਪੰਚਾਇਤ ਘਰ ਜਾ ਚੁੱਕਾ ਸੀ। “ਸਰਪੰਚ ਸਾਹਬ, ਪਿੰਡ 'ਚ ਜਿੰਨੇ ਵੀ ਸਰਾਬ ਦੇ ਡੱਬੇ ਨੇ, ਸਾਰੇ ਬੰਦ ਕਰਾਉ।” “ਥੋਨੂੰ ਪਤੈ ? ਅਸੀਂ ਕਿੰਨੇ ਦੁਖੀ ਆਂ। ਅਸੀਂ ਨੂੰਹਾਂ—ਧੀਆਂ ਵਾਲੇ ਨੀ ਇਹ ਬਰਦਾਸਤ ਕਰ ਸਕਦੇ।” ਜਗਨਾ ਪ੍ਰੇਮੀ ਪੂਰੇ ਕ੍ਰੋਧ ਵਿੱਚ ਸੀ। “ਕੋਈ ਨਾ ਵੱਡੇ ਭਾਈ, ਮੈਂ ਬੇਗੂ ਨੂੰ ਭੇਜ ਕੇ ਉਹਨਾਂ ਨੂੰ ਕਹੂੰ, ਬਈ ਜਾਂ ਤਾਂ ਡੱਬਾ ਬੰਦ ਕਰੋ ਜਾਂ ਫਿਰ ਬਾਹਰ ਮੰਡੀ 'ਚ ਰੱਖਿਆ ਕਰੋ। “ਸਰਪੰਚਾ, ਜੇ ਹਫਤੇ 'ਚ ਡੱਬੇ ਬੰਦ ਨਾ ਹੋਏ ਤਾਂ ਅਸੀਂ ਟਰਾਲੀਆਂ ਭਰ ਕੇ ਥਾਣੇ ਜਾਵਾਂਗੇ।” “ਜਸਵੰਤ ਸਿਆਂ, ਜਦ ਤੈਨੂੰ ਕਹਿ ਹੀ ਦਿੱਤਾ।” “ਨਾਲੇ ਜਨਕ ਡਾਕਟਰ ਨੂੰ ਵੀ ਸਮਝਾ ਦੇਈਂ, ਬਈ ਆਪਣਾ ਗੋਰਖ ਧੰਦਾ ਬੰਦ ਕਰੇ।” “ਉਹਦੇ ਨਾਲ ਵੀ ਨਜਿੱਠਾਂਗੇ।” ਸਰਪੰਚ ਦੇ ਬੋਲਾਂ ਤੋਂ ਜਸਵੰਤ ਸਮਝ ਗਿਆ ਸੀ, ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ।” ਤਿੰਨੋਂ ਡੱਬੇ ਰੱਖਣ ਵਾਲੇ, ਆਏ ਮਹੀਨੇ ਸਰਪੰਚ ਤੇ ਬਘੇਲ ਨੂੰ ਦੋ ਸੌ ਰੁਪਇਆ ਦੇ ਕੇ ਜਾਂਦੇ ਨੇ। ਗਿਆਰਾਂ ਵਜੇ ਪੰਚਾਇਤ ਉੱਠ ਗਈ । ਸਭ ਆਪੋ—ਆਪਣੇ ਕੰਮੀਂ ਜਾ ਲੱਗੇ।

ਚੌਦਾਂ

ਜਸਵੰਤ ਸਕੂਲ ਨੂੰ ਚੱਲ ਪਿਆ। ਕਈ ਮਤਿਆਂ ’ਤੇ ਦਸਤਖਤ ਕਰਨ ਵਾਲੇ ਸੀ। ਉਸਾਰੀ ਦਾ ਕੰਮ ਚੱਲ ਰਿਹਾ ਸੀ। ਕਮਰਿਆਂ ਦੀਆਂ ਨੀਂਹਾਂ ਭਰੀਆ ਜਾ ਰਹੀਆਂ ਸੀ। ਮਾਸਟਰ ਪਿਆਰਾ ਸਿੰਘ ਕੋਲ ਖੜ੍ਹ ਕੇ ਸਾਰਾ ਕੰਮ ਕਰਵਾ ਰਿਹਾ ਸੀ। “ਆਉ ਚੇਅਰਮੈਨ ਜੀ।” ਪਿਆਰਾ ਸਿੰਘ ਨੇ ਦੂਰੋਂ ਹੀ ਜਸਵੰਤ ਨੂੰ ਆਉਂਦਿਆਂ ਵੇਖ ਕੇ ਫਤਿਹ ਬੁਲਾਈ। “ਕਿਵੇਂ ਚੱਲ ਰਿਹੈ ਜੀ ਕੰਮ?” ਜਸਵੰਤ ਨੇ ਫਤਿਹ ਦਾ ਜਵਾਬ ਦਿੰਦਿਆਂ ਪੁੱਛਿਆ। “ਠੀਕ ਚੱਲੀ ਜਾਂਦੈ।” ਫਿਰ ਉਹ ਦੋਵੇਂ ਦਫਤਰ ਵੱਲ ਚੱਲ ਪਏ। ਜਸਵੰਤ ਨੇ ਸਾਰੇ ਮਤੇ ਪੜ੍ਹ ਕੇ ਦਸਤਖਤ ਕਰ ਦਿੱਤੇ। “ਬਘੇਲ ਹੋਰੀਂ ਫੇਰ ਤਾਂ ਨੀ ਬੋਲੇ ਜੀ ?” ਜਸਵੰਤ ਨੇ ਕੁਰਸੀ ਅਗਾਂਹ ਖਿਸਕਾਉਂਦੇ ਨੇ ਪੁੱਛਿਆ। “ਨਾ ਜੀ, ਦੁਬਾਰਾ ਨੀ ਇੱਥੇ ਕੋਈ ਆਇਆ।” “ਮਾਸਟਰ ਜੀ ਆਪਾਂ ਸਹੀ ਆਂ। ਆਪਾਂ ਕਿਹੜਾ ਵਿੱਚੋਂ ਕੋਈ ਖਾਣੀ ਖਾਣੀ ਐ।” “ਪੱਲਿਓਂ ਤਾਂ ਭਾਵੇਂ ਲੱਗ ਜਾਣ ਜੀ।” ਗੱਲਾਂ ਕਰਦਿਆਂ ਹੀ ਚਾਹ ਆ ਗਈ। “ਜਸਵੰਤ ਸਿੰਘ ਜੀ, ਆਪਾਂ ਕੱਲ੍ਹ ਨੂੰ ਪਿੰਡ ਵਿੱਚ ਰੈਲੀ ਕੱਢਣੀ ਐ। ਮਹਿਕਮੇ ਵੱਲੋਂ ਹਦਾਇਤ ਆਈ ਐ।” “ਕਾਹਦੇ ਸੰਬੰਧ 'ਚ ?” ਜਸਵੰਤ ਨੇ ਚਾਹ ਦੀ ਚੁਸਕੀ ਲੈਂਦੇ ਪੁੱਛਿਆ। “ਕਣਕ ਦੇ ਨਾੜ ਨੂੰ ਸਾੜਨ ਦੇ ਸੰਬੰਧ 'ਚ ਚੇਤਨਾ ਰੈਲੀ ਕੱਢਣੀ ਐ।” “ਏਸ ਵਿਸ਼ੇ ਤੇ ਤਾਂ ਮੈਂ ਆਪ ਵੀ ਤੁਹਾਡੇ ਨਾਲ ਗੱਲ ਕਰਨੀ ਸੀ। ਚਲੋ ਚੰਗਾ ਹੋਇਆ। ਤੁਸੀਂ ਆਪ ਹੀ ਪ੍ਰੋਗਰਾਮ ਬਣਾ ਲਿਆ।” “ਰਾਤ ਸੁਣਿਐ, ਪਿੰਡ ਵਿੱਚ ਅੱਗ ਪੈਗੀ ਸੀ।” “ਹਾਂ ਜੀ, ਇੱਕ ਕਿੱਲੇ ਦੀ ਤੂੜੀ ਮੱਚ ਗਈ। ਜਾਨੀ ਨੁਕਸਾਨ ਤੋਂ ਤਾਂ ਬਚ ਗਏ।” “ਵੇਖਲੋ ਚੇਅਰਮੈਨ ਸਾਬ੍ਹ, ਕਿਸਾਨਾਂ ਦੇ ਦਿਮਾਗ ’ਤੇ ਕੀ ਮੂਧਾ ਠੀਕਰਾ ਵੱਜਿਐ। ਜਿਹੜੀ ਮਿੱਟੀ ਖਾਣ ਨੂੰ ਦਿੰਦੀ ਐ, ਉਸੇ ਨੂੰ ਸਾੜੀ ਜਾਂਦੇ ਨੇ।” “ਕਿੰਨੇ ਕੀਟ—ਮਕੌੜੇ, ਪੰਛੀ ਸੜਦੇ ਨੇ। ਖੇਤਾਂ ਵਿਚਲੇ ਰੁੱਖਾਂ ਦਾ ਵੀ ਜਿਉਣਾ ਦੁੱਭਰ ਐ।” “ਜਸਵੰਤ ਜੀ, ਇਹ ਸਾਰੀਆਂ ਗੱਲਾਂ, ਆਪਾਂ ਨੂੰ ਲੋਕਾਂ ਨਾਲ ਸਾਂਝੀਆਂ ਕਰਨੀਆਂ ਪੈਣਗੀਆਂ।” “ਹੂੰ। ਫਿਰ ਕੱਲ ਨੂੰ ਮਿਲਦੇ ਆਂ। ਮੈਨੂੰ ਖੇਤ ਕੰਮ ਐ ਜੀ।” “ਜਸਵੰਤ ਸਿਆਂ, ਫਸਲ ਬਾੜੀ ਤਾਂ ਠੀਕ ਐ ?” “ਹਾਂ ਜੀ... ਹਾਂ ਜੀ... ਬਹੁਤ ਵਧੀਆ, ਮੇਹਰ ਐ ਦਾਤੇ ਦੀ।” ਆਖਦਾ ਹੋਇਆ ਜਸਵੰਤ ਸਕੂਲ ਦਾ ਗੇਟ ਲੰਘ ਗਿਆ। * * * ਸੂਏ ਦੇ ਪੁਲ ਕੋਲੋਂ ਲੰਘਦਿਆਂ, ਜਸਵੰਤ ਨੇ ਵੇਖਿਆ, ਅੰਨਦਾਤਾ ਲੱਗਿਆ ਪਿਆ ਸੀ, ਸਫਾਈ ਕਰਨ। ਉਸਨੇ ਸੋਚਿਆ— “ਜੇ ਸੂਆ ਸਾਫ਼ ਹੋਏਗਾ ਤਾਂ ਹੀ ਪਾਣੀ ਦੀ ਤਿੱਪ ਖੇਤਾਂ ਤੱਕ ਪਹੁੰਚਦੀ ਹੋਊ। ਪਾਣੀ ਨਾਲ ਹੀ ਤਾਂ ਫਸਲਾਂ ਹਰੀਆਂ—ਭਰੀਆਂ ਹੋਣਗੀਆਂ।” ਧਰਮਪੁਰੇ ਵਾਲੇ ਸੂਏ ਵਿੱਚ ਪਾਣੀ ਦੀ ਬੰਦੀ ਸੀ। ਸੂਆ ਗੰਦ ਨਾਲ ਭਰਿਆ ਪਿਆ ਸੀ। ਦੋਵੇਂ ਪਾਸਿਆਂ ’ਤੇ ਉੱਗੀ ਗੰਦੀ ਬੂਟੀ, (ਕਾਂਗਰਸੀ ਘਾਹ) ਸੱਪਾਂ ਦਾ ਘਰ ਬਣੀ ਪਈ ਸੀ। ਟਿਕੀ ਰਾਤ ਨੂੰ ਸੂਏ ਤੋਂ ਲੰਘਣਾ ਮੁਸਕਲ ਹੋ ਜਾਂਦੈ। ‘ਸਾਂ—ਸਾਂ’ ਦੀ ਆਵਾਜ ਨਾਲ ਮਾੜੇ ਬੰਦੇ ਦਾ ਤਾਂ ਦਿਲ ਵੀ ਦਹਿਲ ਜਾਂਦੈ। ਰਾਤ ਨੂੰ ਸੂਏ ਦੇ ਪੁੱਲ ’ਤੇ ਲੁੱਟ—ਖੋਹ ਦੀਆਂ ਵਾਰਦਾਤਾਂ ਵੀ ਹੁੰਦੀਆਂ ਨੇ । ਪਿਛਲੀ ਰਾਤ ਅਣਪਛਾਤੇ ਬੰਦੇ ਮੂੰਹ ’ਤੇ ਮੂਕੇ ਲਪੇਟੀ। ਤੇਜ਼ਧਾਰ ਹਥਿਆਰ ਲਈ ਖੜ੍ਹੇ ਸੀ। ਜਿਵੇਂ ਹੀ ਮੰਡੀਓਂ ਦਿਹਾੜੀਏ ਲੰਘਣ ਲੱਗੇ ਤਾਂ ਉਹ ਟੁੱਟ ਕੇ ਪੈ ਗਏ। ਸਾਈਕਲ ਤੇ ਪੈਸਾ—ਟਕਾ ਖੋਹ ਲਿਆ, ਕੁੱਟਮਾਰ ਵੀ ਕੀਤੀ। ਦਿਹਾੜੀਦਾਰਾਂ ਦਾ ਪਿੰਡ ਵੱਲ ਮੂੰਹ ਕਰਵਾ ਕੇ ਪਿੱਛੇ ਲੱਤ ਮਾਰੀ— “ਚਲੋ ਭਾਜੋ, ਮੇਰੇ ਸਾਲ਼ਿਆਂ ਨੂੰ ਨਹੀਂ ਤਾਂ ਮਾਰ ਕੇ ਸੂਏ ਚ ਡੇਗਦਾਂਗੇ।” ਦਿਹਾੜੀਦਾਰ ਤਾਂ ਹਵਾ ਹੋ ਗਏ। ਰਾਤ ਨੂੰ ਕੋਈ ਸੂਏ ਵੱਲ ਖਾਲੀ ਹੱਥ ਨਹੀਂ ਜਾਂਦਾ। ਖੇਤ—ਬੰਨੇ ਜਾਣ ਵਾਲੇ ਵੀ ਆਪਣੇ ਨਾਲ ਤਿੱਖੀ ਘੋਪ ਜਾਂ ਗੰਡਾਸਾ ਲੈ ਕੇ ਜਾਂਦੇ ਹਨ। ਜਿਹੜੇ ਕਿਸਾਨਾਂ ਦੀ ਇਸ ਸੂਏ ਨਾਲ ਜ਼ਮੀਨ ਲੱਗਦੀ ਐ, ਉਹ ਅੱਜ ਸੂਏ ਦੀ ਸਫਾਈ ਕਰਨ ਆਏ ਹੋਏ ਨੇ। ਸਵੇਰੇ ਵੱਡੇ ਗੁਰੂਦਵਾਰੇ ਵਾਲੇ ਬਾਬੇ ਨੇ ਵੀ ਦੋ ਵਾਰ ਸੂਚਨਾ ਦਿੱਤੀ। ਕੰਮ ਦਾ ਜ਼ੋਰ ਹੋਣ ਕਰਕੇ ਜਸਵੰਤ ਦਾ ਸੀਰੀ ਰੁਲਦੂ ਨਹੀਂ ਸੀ ਆ ਸਕਿਆ। ਭਾਈਚਾਰਾ ਰੱਖਣ ਲਈ ਜਸਵੰਤ ਨੇ ਇੱਕ ਦਿਹਾੜੀਆ ਭੇਜ ਦਿੱਤਾ। ਜਸਵੰਤ ਅਜੇ ਸੁਰਜਨ ਦੇ ਅਮਰੂਦਾਂ ਦੇ ਬਾਗ਼ ਕੋਲ ਹੀ ਪਹੁੰਚਿਆ ਸੀ, ਉਸ ਨੇ ਸੂਏ ਵੱਲ ਝਾਤ ਮਾਰੀ। ਗੋਧੂ ਟੁੰਡਾ ਤੇ ਤੋਤੀ ਨਾਈ ਸੂਏ—ਸੂਏ ਤੁਰੇ ਫਿਰਦੇ ਸੀ। ਸੂਏ ਦੀ ਪਟੜੀ ’ਤੇ ਉੱਗੇ ਸੁੱਖੇ ਦੇ ਬੂਟਿਆਂ ਤੋਂ ਦੋਵੇਂ ਹੱਥ ਨਾਲ ਛੇਤੀ—ਛੇਤੀ ਸੁਲਫ਼ਾ ਮਲ ਰਹੇ ਸੀ। ਗੋਧੂ ਆਪਣੇ ਟੁੰਡ ਨਾਲ ਹੀ ਜੁਟਿਆ ਪਿਆ ਸੀ। ਸਿਖਰ ਦੁਪਹਿਰ, ਤਿੱਖੀ ਧੁੱਪ ਦੀ ਪਰਵਾਹ ਕੀਤਿਆਂ ਬਿਨਾਂ ਹੀ ਦੋਵੇਂ ਡਟੇ ਹੋਏ ਸੀ। ਦੋਵਾਂ ਨੂੰ ਸੁਲਫੇ ਦੀ ਲੱਤ ਉਦੋਂ ਲੱਗੀ ਜਦ ਨਿੱਕੇ ਹੁੰਦੇ ਪੰਚਾਇਤੀ ਕਿੱਕਰਾਂ 'ਚ ਪਸ਼ੂ ਚਰਾਉਣ ਜਾਂਦੇ ਸੀ। ਦੋਵਾਂ ਨੇ ਸਾਰੇ ਪਿੰਡ ਦੀ ਮੁੱਛ—ਫੁੱਟ ਮੁੰਡੀਰ ਵੀ ਨਸ਼ਿਆਂ ’ਤੇ ਲਾ ਦਿੱਤੀ। ਸਾਰਾ ਦਿਨ ਰਮਦਾਸੀਆਂ ਦੀ ਧਰਮਸ਼ਾਲਾ 'ਚ ਇਨ੍ਹਾਂ ਦਾ ਮੇਲਾ ਲੱਗਿਆ ਰਹਿੰਦਾ ਹੈ। ਜਦੋਂ ਗੋਧੂ ਤੇ ਤੋਤਾ ਸੂਏ ਤੋਂ ਮਾਲ ਲੈ ਕੇ ’ਥਾਈ 'ਚ ਪਹੁੰਚ ਜਾਂਦੇ ਹਨ, ਨਾਲ ਦੀ ਨਾਲ ਹੀ ਖਬਰ ਫ਼ੈਲ ਜਾਂਦੀ ਹੈ— “ਪਟਵਾਰੀ ਸਾਹਬ ਆ ਗਏ ਉਏ, ਮਿਣਤੀ ਕਰਵਾ ਲਉ।” ਇਹ ਇਹਨਾਂ ਦਾ ਗੁਪਤ ਕੋਡ ਹੈ। ਤੋਤਾ ਚਿਲਮ ਭਰ ਕੇ ਵਾਰ—ਵਾਰ ਸਾਰਿਆਂ ਨੂੰ ਸਪਲਾਈ ਕਰਦਾ ਹੈ। ਫਿਰ ਖਿੱਚਦੇ ਨੇ ਮਾਂ ਦੇ ਪੁੱਤ ਲੰਮੇ—ਲੰਮੇ ਸੂਟੇ ਤੇ ਆਖਦੇ ਨੇ — “ਆਹ ........ ਹਾ ......... ਅ........., ਮਾਂ ਦਿਆ ਤੋਤਿਆ, ਜਨਾਰਾ ਜਾ ਆ ਗਿਆ।” “ਬਾਈ, ਮੈਂ ਤਾਂ ਸਿਵ ਜੀ ਕੋਲ ਪਹੁੰਚ ਗਿਆ।” ਰਾਤ ਦੇ ਬਾਰਾਂ ਵਜੇ ਤਕ ਵੀ ਇਹ ਟੋਲੀ ਇੱਥੇ ਹੀ ਬੈਠੀ ਰਹਿੰਦੀ ਹੈ। ਫਿਰ ਗਾਉਂਦੇ ਨੇ ਮਾਂ ਦੇ ਪੁੱਤ ਸਵੱਈਏ। ਜਸਵੰਤ ਦਾ ਰੁੱਖ ਗੋਧੂ ਹੋਰਾਂ ਵੱਲ ਹੋ ਗਿਆ। ਉਸਦੇ ਉੱਥੇ ਪਹੁੰਚਣ ’ਤੇ ਤੋਤੀ ਹੋਰੀਂ ਨਿਸੰਗ ਆਪਣਾ ਕੰਮ ਕਰਦੇ ਰਹੇ। “ਉਏ ..... ਗੋਧੂ ..... ਕੰਜਰਾ, ਤੂੰ ਕਿਉਂ ਸਾਰਾ ਪਿੰਡ ਬਰਬਾਦ ਕੀਤੈ।” “ਮੈਂ ਭਲਾਂ ਚਾਚਾ ਕਾਹਦੇ ਨਾਲ ਬਰਬਾਦ ਕਰਤਾ। ਮੈਂ ਕੀ ਕਿਸੇ ਨੂੰ ਘਰੋਂ ਬਲਾ ਕੇ ਲਿਆੳਂੁਨੈ।” “ਨਾ ਭਲਾ ਚਾਚਾ ! ਅਸੀਂ ਕਿਸੇ ਨੂੰ ਕੀ ਤਕਲੀਫ ਦਿੰਨੇ ਆਂ।” ਆਪਣੇ ਕੰਮ 'ਚ ਮਸਤ ਤੋਤੀ ਵੀ ਬੋਲਿਆ। “ਅਨਪੜ੍ਹ ਟੋਲੇ, ਤੁਸੀ ਸਾਰੀ ਪਨੀਰੀ ਖਰਾਬ ਕਰਤੀ।ਅਜੇ ਕਹਿੰਦੇ ਓ ਅਸੀਂ ਕਿਸੇ ਨੂੰ ਕੀ ਤਕਲੀਫ ਦਿੰਦੇ ਆਂ। ਜੇ ਇਹ ਗੋਰਖ—ਧੰਦਾ ਬੰਦ ਨਾ ਕੀਤਾ ਤਾਂ ਮੈਂ ਪੁਲਸ ਤੋਂ ਲਵਾਊਂ ਥੋਡੇ ਪਟੇ।” “ਦੋ—ਦੋ ਸੂਟੇ ਪੁਲਸ ਆਲਿਆਂ ਨੂੰ ਲਵਾਂਵਗੇ।” ਤੋਤੀ ਦੇ ਬੋਲਣ ਤੇ ਗੋਧੂ ਜ਼ੋਰ—ਜ਼ੋਰ ਦੀ ਹੱਸਿਆ। “ਨਿਕੰਮੀ ’ਲਾਦ।ਮਿਲੀ ਬੱਗ ਵਾਂਗੂ ਸਾਰੇ ਪਿੰਡ ਤੇ ਪੈ ਗਈ।” ਮਨ ਹੀ ਮਨ ਦੁਖੀ ਹੁੰਦਾ ਜਸਵੰਤ ਖੇਤ ਆ ਗਿਆ। ਸੂਰਜਮੁਖੀ ਹੁਣ ਤਾਂ ਕਾਫੀ ਵੱਡੀ ਹੋ ਗਈ। ਵਿੱਚ—ਵਿੱਚ ਗੂੜ੍ਹੇ ਪੀਲੇ ਫੁੱਲ ਵੀ ਬਣ ਗਏ। ਰੁਲਦੂ ਰੌਣੀ ਕਰ ਰਿਹਾ ਸੀ। ਛੇਤੀ ਹੀ ਨਰਮੇ ਦੀ ਗੁਡਾਈ ਕਰਨੀ ਹੈ। ਕਾਹਲ਼ੇ ਕਿਸਾਨਾਂ ਨੇ ਤਾਂ ਯੂਰੀਆ ਦਾ ਛਿੱਟਾ ਵੀ ਦੇ ਦਿੱਤਾ। ਮੇਲੇ ਦਾ ਨਰਮਾ ਤਾਂ ਗਿੱਠ—ਗਿੱਠ ਹੋ ਵੀ ਗਿਆ। ਇੱਕ ਵਾਰ ਉਸਨੇ ਗੁਡਾਈ ਵੀ ਕਰ ਦਿੱਤੀ। “ਸ਼ੇਰਾ, ਵੱਟਾਂ ਖੁਰਚਣ ਵਾਲੀਆਂ ਨੇ। ਵੇਖ ਕਿਵੇਂ ਘਾਹ ਵਧਿਐ।” ਜਸਵੰਤ ਨੇ ਮੋਢੇ ’ਤੇ ਕਹੀ ਧਰੀਂ ਆਪਣੇ ਵੱਲ ਆਉਂਦੇ ਰੁਲਦੂ ਨੂੰ ਕਿਹਾ। ਉਹ ਖਾਲ ਦੇ ਪਾਣੀ ’ਚ ਛਪੜ—ਛਪੜ ਕਰਦਾ ਆਉਂਦਾ ਸੀ। “ਕੋਈ ਨਾ ਚਾਚਾ, ਇਹ ਤਾਂ ਮੈਂ ਆਪੇ ਖੁਰਚ—ਖੁਰਚ ਕੇ ਖੁਸ਼ਰੇ ਦੀ ਅੱਡੀ ਵਰਗੀਆਂ ਕਰਦੂੰ।” ਰੁਲਦੂ ਨੱਕਾ ਬਦਲਦਾ ਬੋਲਿਆ। “ਜੇਠ 'ਚ ਕਿਵੇਂ ਕਰਨੈ ਫਿਰ ?” ਅੱਗੇ ਜੇਠ ਮਹੀਨਾ ਵੀ ਆ ਰਿਹਾ ਹੈ। ਸਾਰੇ ਸੀਰ ਜੇਠ ਦੀ ਸੰਗਰਾਂਦ ਤੇ ਖਤਮ ਹੋ ਜਾਣਗੇ। “ਚਲ, ਘਰ ਬਣਿਐ ਚਾਚਾ ਸੋਡੇ ਨਾਲ, ਇੱਕ ਸਾਲ ਹੋਰ ਲਾਊਂਗਾ।” “ਸਾਲ ਹੋਗਿਆ ਲਾਇਆਂ ਨੂੰ।” ਜਸਵੰਤ ਨੇ ਵੱਟਾਂ *ਤੇ ਲਾਏ ਕਲੋਨ ਸਫੈਦਿਆਂ ਵੱਲ ਤੱਕਿਆ। ਰੁਲਦੂ ਵੱਟ ਤੇ ਬੈਠਾ ਠੀਕਰੀ ਨਾਲ ਕਹੀ ਖੁਰਚਣ ਲੱਗ ਪਿਆ। “ਹੁਣ ਤਾਂ ਵਾਹਵਾ ਵੱਡੇ ਹੋ ਗਏ।” ਜਸਵੰਤ ਸਫੈਦਿਆਂ ਤੋਂ ਨਿਗ੍ਹਾਂ ਹਟਾਉਂਦਾ ਰੁਲਦੂ ਵੱਲ ਝਾਕਿਆ। “ਕੱਸੀ ਦਾ ਪਾਣੀ ਮਿਲਦੈ ਚਾਚਾ।” ਰੁਲਦੂ ਨੇ ਜਵਾਬ ਦਿੱਤਾ। “ਬੁੱਧਵਾਰ ਨੂੰ ਆਪਾਂ ਨਰਸਰੀ 'ਚ ਜਾਵਾਂਗੇ।” “ਕਿਵੇਂ ਚਾਚਾ ?” “ਸਾਗਵਾਨ ਤੇ ਪਾਪੂਲਰ ਲਿਆਵਾਂਗੇ।” ਜਸਵੰਤ ਦੇ ਮਨ 'ਚ ਕਾਫ਼ੀ ਸਮੇਂ ਤੋਂ ਵੱਟਾਂ ਤੇ ਸਾਗਵਾਨ ਤੇ ਪਾਪੂਲਰ ਲਾਏ ਜਾਣ ਖਿ਼ਆਲ ਆ ਰਿਹਾ ਸੀ। ਚਾਚੇ ਘੂਤਰ ਨੂੰ ਵੀ ਕਹਿ ਕੇ ਹਟਿਆ ਸੀ— “ਹਰਿਆਲੀ ਹੋਜੂ, ਵਾਤਾਵਰਨ ਵੀ ਸੁੱਧ ਰਹੂ।” “ਕੋਈ ਚਾਰ ਆਨਿਆਂ ਦਾ ਫੈਅਦਾ ਵੀ ਹੋਊ।” ਘੂਤਰ ਵੀ ਜਸਵੰਤ ਨਾਲ ਸਹਿਮਤ ਹੋ ਗਿਆ। ਜਸਵੰਤ ਨੇ ਤਾਂ ਕਿਸਾਨ ਵੀਰਾਂ ਨੂੰ ਵੀ ਸਲਾਹ ਦਿੱਤੀ। “ਆਪਾਂ ਸਾਰੇ ਕਿਸਾਨ ਵੀਰ ਨਵੀਂ ਕਿਸਮ ਦੇ ਹਾਈਬ੍ਰਿਡ ਪੌਦੇ ਲਾਈਏ। ਸੁਣਿਐ, ਕਲੋਨ ਸਫੈਦੇ ਚਾਰ—ਪੰਜ ਸਾਲਾਂ 'ਚ ਹੀ ਕਾਫੀ ਕਮਾਈ ਦੇ ਦਿੰਦੇ ਨੇ। ਫ਼ਸਲ ਦਾ ਨੁਕਸਾਨ ਵੀ ਘੱਟ ਹੁੰਦੈ। ਵਾਤਾਵਰਨ ਵੀ ਸੁੱਧ ਰਹਿੰਦੈ। ਕਿਸਾਨ ਵੀਰੋ, ਮੈਂ ਤਾਂ ਕਹਿਨੈ ਆਪਾਂ ਨੂੰ ਫ਼ਸਲੀ ਚੱਕਰ ਵੀ ਬਦਲਣਾ ਚਾਹੀਦੈ। ਕਣਕ—ਝੋਨਾ ਜਾਂ ਕਣਕ—ਨਰਮਾ ਦੀ ਰਵਾਇਤ ਤੋੜ ਕੇ ਹੋਰ ਫ਼ਸਲਾਂ ਵੱਲ ਧਿਆਨ ਦੇਣਾ ਚਾਹੀਦੈ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਕਿਸਾਨ ਮੇਲੇ ਲੱਗਦੇ ਹਨ, ਸਾਨੂੰ ਸਾਰਿਆਂ ਨੂੰ ਮੇਲੇ ਤੇ ਜਾ ਕੇ ਲਾਹਾ ਲੈਣਾ ਚਾਹੀਦੈ ।” ਬਘੇਲ ਦੇ ਇਹ ਗੱਲਾਂ ਹਜ਼ਮ ਨਾ ਹੋਈਆਂ। ਉਸਨੇ ਉਲਟ ਪ੍ਰਚਾਰ ਸ਼ੁਰੂ ਕਰ ਦਿੱਤਾ। ਘੱਟ ਜ਼ਮੀਨ ਵਾਲਿਆਂ ਨੂੰ ਕਹਿੰਦਾ— “ਭਰਾਵੋ, ਇਹ ਤਾਂ ਆਪਣਾ ਭੱਠਾ ਬਿਠਾਊ। ਨਾ ਇਹਨੂੰ ਕੋਈ ਪੁੱਛੇ ! ਅਸੀਂ ਸੂਰਜਮੁਖੀ ਕਿੱਥੇ ਵੇਚਾਂਗੇ ?” ਕੁੱਝ ਪਿਛਲੱਗੂ ਕਿਸਾਨ ਬਘੇਲ ਨਾਲ ਸਹਿਮਤ ਹੋ ਗਏ। ਉਹ ਇੱਕ—ਦੂਜੇ ਨੂੰ ਕਹਿਣ ਲੱਗੇ — “ਆਹ ਕਣਕ—ਝੋਨਾ ਤਾਂ ਠੀਕ ਐ। ਕਿਹੜਾ ਬੀਜੂ ਸੂਰਜਮੁਖੀਆਂ !” “ਕਹਿੰਦਾ, ਕੁਦਰਤੀ ਖੇਤੀ ਕਰੋ। ਭਲੇ ਮਾਣਸਾ, ਸਾਡੇ ਪੱਲੇ ਕੀ ਛੱਕੂ ਪਊ।” “ਬਿਨਾਂ ਰੇਹਾਂ—ਸਪਰੇਆਂ ਤੋਂ, ਸਾਡਾ ਪੱਲਾ ਕਿਵੇਂ ਪੂਰਾ ਹੋਊ ?” “ਏਹਨੂੰ ਕੋਈ ਪੁੱਛੇ, ਸਪਰੇਅ ਤੋਂ ਬਿਨਾਂ ਮਿੱਲੀ ਬੱਗ ਕਿਮੇਂ ਮਰੂਗੀ ?” “ਆਹ ਜੂਨੀਵਸਟੀ ਆਲੇ ਬੀ ਭਕਾਈ ਮਾਰੀ ਜਾਂਦੇ ਨੇ, ਅਖੇ ਕਿੱਲੇ ਚ ਕਣਕ ਦਾ ਬੀ ਪਾਓ। ਸਾਲਿਆਂ ਨੂੰ ਖੇਤ ਚ ਲਿਆ ਕੇ ਖੜਾ ਦੇ। ਫੇਰ ਪੁੱਸ਼ੇ ਬੀ ਆ ਗਿਐ ਬੀ, ਪਾ ਕੇ ਦਖਾਓ।” ਪਰ ਫਿਰ ਵੀ ਜਸਵੰਤ ਦੀਆਂ ਗੱਲਾਂ ਦਾ ਕੁੱਝ ਨਾ ਕੁੱਝ ਕਿਸਾਨ ਵੀਰਾਂ ’ਤੇ ਕਾਫੀ ਅਸਰ ਹੋਇਆ। ਉਹ ਜਸਵੰਤ ਨਾਲ ਲੁਧਿਆਣੇ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ’ਤੇ ਵੀ ਜਾ ਕੇ ਆਏ। ਖੇਤੀਬਾੜੀ ਮਾਹਰਾਂ ਨਾਲ ਮਿਲਣ ਤੋਂ ਬਾਅਦ ਉਹ ਜਸਵੰਤ ਨੂੰ ਕਹਿਣ ਲੱਗੇ— “ਬਾਈ, ਅਸੀਂ ਤਾਂ ਨੇਰ੍ਹੇ ’ਚ ਤੁਰੇ ਫਿਰਦੇ ਸੀ, ਅਗਲੀਵਾਰ ਬੀ ਵੀ ਏਥੋਂ ਲੈ ਕੇ ਜਾਮਾਂਗੇ।” ਜਸਵੰਤ ਨੇ ਆਪ ਵੀ ਸੂਰਜਮੁਖੀ ਬੀਜੀ ਤੇ ਹੋਰ ਵੀ ਬਹੁਤ ਸਾਰੇ ਕਿਸਾਨਾਂ ਨੇ ਇਹ ਪ੍ਰਯੋਗ ਕਰਕੇ ਵੇਖਿਆ। ਉਸਨੇ ਦਸ ਏਕੜ ਕਣਕ ਬੀਜੀ ਐ, ਉਹ ਵੀ ਬਿਨਾਂ ਰੇਹ—ਸਪਰੇਅ ਤੋਂ। ਕੁੱਝ ਵਾਹਣ ਖਾਲੀ ਵੀ ਪਿਆ ਹੈ।

ਪੰਦਰਾਂ

ਮਿਥੇ ਪ੍ਰੋਗਰਾਮ ਅਨੁਸਾਰ ਜਸਵੰਤ ਸਿੰਘ ਸਕੂਲ ਪਹੁੰਚ ਗਿਆ। ਅੱਜ ਵਾਤਾਵਰਨ ਪ੍ਰਤੀ ਚੇਤਨਾ ਰੈਲੀ ਕੱਢੀ ਜਾਣੀ ਹੈ। ਬੱਚਿਆਂ ਵਿੱਚ ਪੂਰਾ ਉਤਸ਼ਾਹ ਹੈ। ਸਾਰੇ ਬੱਚੇ ਵਰਦੀਆਂ 'ਚ ਤਿਆਰ—ਬਰ—ਤਿਆਰ ਹਨ। ਡਰਾਇੰਗ ਮਾਸਟਰ ਨੱਥਾ ਸਿੰਘ ਨੇ ਨਾਅਰਿਆਂ ਵਾਲੀਆਂ ਤਖਤੀਆਂ ਤੇ ਬੈਨਰ ਤਿਆਰ ਕਰਵਾ ਲਏ ਸੀ। ਬੱਚਿਆਂ ਨੂੰ ਦੋ ਵੱਡੀਆਂ ਕਤਾਰਾਂ ਵਿੱਚ ਖੜ੍ਹੇ ਕੀਤਾ ਗਿਆ। ਨੰਨ੍ਹੇ—ਮੁੰਨੇ ਬੱਚੇ ਕਿੰਨੇ ਪਿਆਰੇ ਲੱਗ ਰਹੇ ਸੀ, ਅਬਾਬੀਲਾਂ ਵਰਗੇ। ਜਾਪਦੇ ਸੀ ਜਿਵੇਂ ਹੁਣੇ ਹੀ ਅੰਬਰ 'ਚ ਉਡਾਰੀ ਮਾਰ ਜਾਣਗੇ। “ਜਿਹੜੀ ਧਰਤ ਦਾ ਖਾਈਏ, ਉਸ ਨੂੰ ਅੱਗ ਨੀ ਲਾਈ ਦੀ।” “ਵਾਤਾਵਰਨ ਦਾ ਧੂੰਆਂ—ਧਾਰਾ, ਰੁੱਖਾਂ ਨੇ ਪੀ ਲੈਣਾ ਸਾਰਾ।” ਬੱਚੇ ਬਾਹਾਂ ਉਲਾਰ—ਉਲਾਰ ਕੇ ਨਾਅਰੇ ਲਾ ਰਹੇ ਸੀ— ਸਮੂਹ ਸਟਾਫ਼ ਅਤੇ ਪਸਵਕ ਦੀ ਅਗਵਾਈ 'ਚ ਚੇਤਨਾ ਰੈਲੀ ਸਕੂਲ ਦੇ ਮੁੱਖ ਗੇਟ ਤੋਂ ਰਵਾਨਾ ਹੋਈ । ਫਿਰਨੀ ਤੋਂ ਲੰਘਦੇ ਬੱਚੇ ਪਿੰਡ ਦੀ ਵੱਡੀ ਗਲੀ 'ਚ ਪੈ ਗਏ। “ਜੇ ਅੱਗ ਨਾੜ ਨੂੰ ਲਾਉਂਗੇ, ਸਾਰੀ ਉਮਰ ਪਛਤਾਓਗੇ।” ਨਾਅਰਿਆਂ ਦੀ ਗੂੰਜ ਸੁਣਕੇ ਲੋਕ ਘਰਾਂ ਤੋਂ ਬਾਹਰ ਆ ਕੇ ਵੇਖਣ ਲੱਗੇ। “ਭਾਈ ਇਹ ਕਾਹਦਾ ਰੌਲੈ ?” ਸੀਤੇ ਜੁਗਾੜੀ ਦੇ ਬਾਪੂ ਨੇ ਖੂੰਡੇ ਦੇ ਸਹਾਰੇ ਖੜ੍ਹਦਿਆਂ ਮਾਸਟਰ ਨੱਥਾ ਸਿੰਘ ਨੂੰ ਪੁੱਛਿਆ। ਰੌਲਾ—ਰੱਪਾ ਸੁਣ ਕੇ ਉਹ ਬੀਹੀ ’ਚ ਆ ਗਿਆ। “ਬਾਬਾ, ਕਣਕ ਦੇ ਨਾੜ ਨੂੰ ਅੱਗ ਲਾਉਣ ਦੇ ਬਹੁਤ ਨੁਕਸਾਨ ਨੇ, ਇਹਦੇ ਸੰਬੰਧ ’ਚ ਸਕੂਲ ਨੇ ਰੈਲੀ ਕੱਢੀ ਐ।” ਨੱਥਾ ਸਿੰਘ ਨੇ ਪੂਰੇ ਠਰੰਮੇ ਨਾਲ ਜਵਾਬ ਦਿੱਤਾ। ਬੋਹੜ ਦੇ ਥੜ੍ਹੇ ਹੇਠ ਆ ਕੇ ਸਾਰੇ ਬੱਚੇ ਬੈਠ ਗਏ। ਮਾਸਟਰ ਪਿਆਰਾ ਸਿੰਘ ਨੇ ‘ਕਣਕ ਦੇ ਨਾੜ ਨੂੰ ਅੱਗ ਲਾਉਣ ਦੇ ਨੁਕਸਾਨ’ ਵਿਸ਼ੇ ’ਤੇ ਭਾਸ਼ਣ ਦਿੱਤਾ। ਥੜੇ ਤੇ ਬੈਠੇ ਤਿੱਤਰ ਸਿੰਘ ਹੋਰਾਂ ਦੀ ਅਕਲ ਟਿਕਾਣੇ ਆ ਗਈ। ਕਹਿੰਦੇ — “ਐਨੇਂ ਨੁਕਸਾਨ ! ਅਸੀਂ ਤਾਂ ਕਦੇ ਸੋਚਿਆ ਈ ਨੀ।” “ਮਾਸਟਰ ਜੀ, ਹੁਣ ਨੀ ਅਸੀਂ ਨਾੜ ਸਾੜਦੇ।” ਵਿਸਾਖੇ ਨੇ ਮੂਹਰੇ ਆ ਕੇ ਜਵਾਬ ਦਿੱਤਾ। “ਉਏ ਭਰਾਵੋ, ਮੈਂ ਵੀ ਬੇਨਤੀ ਕਰਦੈਂ, ਮੇਰੀ ਵੀ ਬੇਨਤੀ ਪਰਵਾਨ ਕਰੋ। ਕਣਕ ਜਾਂ ਝੋਨੇ ਦੇ ਨਾੜ ਨੂੰ ਅੱਗ ਨਾ ਲਾਓ ਉਏ। ਧਰਤੀ ਰੁਸਜੂ, ਪੰਛੀ ਨਾਰਾਜ ਹੋ ਜਾਣਗੇ, ਦਰੱਖਤ ਮੂੰਹ ਮੋੜ ਲੈਣਗੇ। ਕੱਲਾ ਪੈਸਾ ਕਿਸੇ ਕੰਮ ਨੀ ਆਉਣਾ। ਥੋੜਾ ਖਾ ਲੋ, ਪਰ ਖਾਓ ਚੰਗਾ। ਬਾਕੀ ਭਾਈ ਥੋਡੀ ਮਰਜੀ।” ਜਸਵੰਤ ਵੀ ਬੋਲੇ ਬਿਨ ਰਹਿ ਨਾ ਸਕਿਆ। ਦੋ ਮਿੰਟ ਦਾ ਸਮਾਂ ਉਸ ਨੇ ਵੀ ਲੈ ਲਿਆ ਸੀ। ਲਗਪਗ ਇੱਕ ਘੰਟੇ ਵਿੱਚ ਪਿੰਡ ਦੀਆਂ ਗਲੀਆਂ, ਕੂਚਿਆਂ ਵਿੱਚੋਂ ਲੰਘਦੇ ਬੱਚੇ ਵਾਪਸ ਸਕੂਲ ਪਰਤ ਆਏ। “ਕਿਵੇਂ ਰਹੀ ਜੀ ਰੈਲੀ ?” ਪਿਆਰਾ ਸਿੰਘ ਨੇ ਸਕੂਲ ਆ ਕੇ ਕਮੇਟੀ ਮੈਂਬਰਾਂ ਦੀ ਪ੍ਰਤੀਕਿਰਿਆ ਜਾਨਣ ਚਾਹੀ। “ਬਹੁਤ ਵਧੀਆ। ਬੋਹੜ ਹੇਠਾਂ ਕਿੰਨਾ ਕੱਠ ਸੀ। ਲੋਕ ਜਰੂਰ ਸਮਝਣਗੇ।” ਦਾਨੀ ਸੱਜਣ ਹਾਕਮ ਅੱਜ ਦੀ ਚੇਤਨਾ ਰੈਲੀ ਤੋਂ ਖੁਸ਼ ਸੀੇ। “ਸਾਰੇ ਲੋਕਾਂ ਨੇ ਪੂਰਨ ਸਹਿਯੋਗ ਦਿੱਤੈ। ਭਵਿੱਖ ਵਿੱਚ ਚੰਗੇ ਨਤੀਜੇ ਜਰੂਰ ਆਉਂਣਗੇ।” ਜਸਵੰਤ ਨੇ ਆਪਣੀ ਰਾਇ ਜ਼ਾਹਰ ਕੀਤੀ। “ਤੂੰ ਵੀ ਜਸਵੰਤ ਸਿਆਂ, ਚੰਗਾ ਸੁਨੇਹਾ ਦਿੱਤੈ। ਵਧੀਆ ਬੋਲਿਆ।” “ਜੇ ਅਸਰ ਹੋਊ, ਤਾਂ ਈ ਮੰਨਾਂਗੇ ਜੀ।” ਮਾਸਟਰ ਪਿਆਰਾ ਸਿੰਘ ਨੇ ਸਾਰਿਆਂ ਦਾ ਚੇਤਨਾ ਰੈਲੀ ’ਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। “ਹਾਕਮਾਂ, ਚੱਲ ਖੇਤ ਗੇੜਾ ਮਾਰਕੇ ਆਈਏ। ਤੈਨੂੰ ਖੇਤ ਵਖਾ ਕੇ ਲਿਆਵਾਂ।” ਜਾਂਦੇ ਵਕਤ ਜਸਵੰਤ ਨੇ ਹਾਕਮ ਨੂੰ ਆਪਣੇ ਨਾਲ ਖੇਤ ਚੱਲਣ ਦੀ ਸਲਾਹ ਦਿੱਤੀ। “ਚੱਲ ਬਾਈ, ਤੇਰੀ ਕੁਦਰਤੀ ਖੇਤੀ ਵੀ ਵੇਖ ਆਈਏ।” ਆਖਦਾ ਹਾਕਮ ਜਸਵੰਤ ਦੇ ਮਗਰ ਹੋ ਤੁਰਿਆ। ਵੱਡੇ ਬੋਹੜ ਕੋਲ ਪਹੁੰਚੇ ਤਾਂ ਤਿੱਤਰ ਹੋਰੀਂ ਤਾਸ਼ ਖੇਡਣ ਲੱਗੇ ਪਏ ਸੀ। ਅਚਾਨਕ ਸਪੀਕਰ ਦੀ ਉੱਚੀ ਆਵਾਜ਼ ਕੰਨੀਂ ਪਈ ਤਾਂ ਜਸਵੰਤ ਨੇ ਥੜ੍ਹੇ ਤੇ ਪਹੁੰਚ ਕੇ ਵਿਸਾਖੇ ਤੋਂ ਪੁੱਛਣਾ ਚਾਹਿਆ— “ਤਾਇਆ ਸਿਆਂ। ਕੀਹਦੇ ਪ੍ਰੋਗਰਾਮ ਐ ?” “ ਉਏ ਭਲਿਆ, ਅੱਜ ਸੀਤੇ ਦੇ ਵੱਡੇ ਮੁੰਡੇ ਦਾ ਵਿਆਹ ਐ।” ਵਿਸਾਖਾ ਪੱਤਾ ਡੇਗਦਾ ਬੋਲਿਆ। “ਅੱਛਾ ! ਸੀਤੇ ਜੁਗਾੜੀ ਦੇ ਮੁੰਡੇ ਦਾ ਵਿਆਹ ਐ।” ਹਾਕਮ ਸਮਝ ਗਿਆ, ਸਪੀਕਰ ਦੀ ਆਵਾਜ ਕਿੱਧਰੋਂ ਆ ਰਹੀ ਹੈ। “ਤੜਕੀ ਬਾਬੇ ਨੇ ਬੇਨਤੀ ਕੀਤੀ ਤਾਂ ਸੀ, ਬਈ ਸੀਤੇ ਦੇ ਘਰੇਂ ਥੋੜੇ ਚੋਂ ਥੋੜਾ, ਬਹੁਤੇ ਚੋਂ ਬਹੁਤਾ ਦੁੱਧ ਪਚਾਓ।” ਤਿੱਤਰ ਸਾਰਿਆਂ ਨੂੰ ਸੰਬੋਧਨ ਕਰਦਾ ਹੋਇਆ ਬੋਲਿਆ। ਸੀਤਾ ਪਿੰਡ 'ਚ ਕਿਸਾਨਾਂ ਵੱਲੋਂ ਬਣਾਏ ਭੂਪਨਾ ਕਲੱਬ ਦਾ ਮੁਖੀ ਹੈ। ਉਸ ਸਿਰ ਆੜ੍ਹਤੀਏ ਦਾ ਪੰਜ ਲੱਖ ਹੋ ਗਿਆ। ਆੜਤੀਏ ਤੋਂ ਪੈਸੇ ਫੜ—ਫੜ ਚੰਗੀ ਕੋਠੀ ਪਾ ਲਈ। ਕੁੱਝ ਜ਼ਮੀਨ ਬੈਅ ਲੈ ਲਈ। ਕਰਜ਼ਾ ਵੱਧ ਗਿਆ ਤਾਂ ਸੋਚਿਆ — “ਮਨਾਂ ! ਐਨੇ ਪੈਸਿਆਂ ਦਾ ਤਾਂ ਵਿਆਜ ਵੀ ਨੀ ਉਤਰਨਾ, ਕੋਈ ਜਗਾੜ ਲੌਣਾ ਪਊਗਾ।” ਉਸਨੇ ਪਿੰਡ ’ਚੋਂ ਕਈ ਕਰਜਾਈ ਤੇ ਟੁੱਟੇ ਹੋਏ ਕਿਸਾਨ ਆਪਣੇ ਮਗਰ ਲਾਏ। ਭੂਪਨਾ ਕਲੱਬ ਬਣਾ ਲਿਆ। ਸਾਰਿਆਂ ਨੇ ਬਸੰਤੀ ਲਾਲ ਬਾਣੀਏ ਦੀ ਦੁਕਾਨ ਅੱਗੇ ਧਰਨਾ ਜਾ ਲਾਇਆ। ਬਸੰਤ ਲਾਲ ਕਹਿੰਦਾ— “ਪੈਸਾ ਤਾਂ ਖਾਏ ਖਸਮਾਂ ਨੂੰ, ਤੁਸੀਂ ਮੇਰੀ ਜਾਨ ਬਖਸੋ।” ਰੀਸੋ—ਰੀਸ ਪਿੰਡ ਦੇ ਕਈ ਕਿਸਾਨ ਆੜ੍ਹਤੀਆਂ ਦਾ ਪੈਸਾ ਮੁੱਕਰ ਗਏ। ਭੂਪਨਾ ਕਲੱਬ ਦੇ ਮੈਂਬਰਾਂ ਦੀ ਗਿਣਤੀ ਵੱਧ ਗਈ। ਸਾਰੀ ਮੰਡੀ 'ਚ ਪੀਰਾਂਵਾਲੀ ਦਾ ਨਾਂ ਪਿਟ ਗਿਆ। ਸਾਰੇ ਆੜ੍ਹਤੀਆਂ ਨੇ ਫੈਸਲਾ ਕੀਤਾ — “ਪੀਰਾਂਵਾਲੀ ਦੇ ਕਿਸੇ ਕਿਸਾਨ ਨੂੰ ਪੈਸਾ ਨੀ ਦੇਣਾ। ਸਭ ਨਾਲੋਂ ਆੜ੍ਹਤ ਤੋੜੋ। ਇਹਨਾਂ ਭੂਪਨਾ ਕਲੱਬ ਵਾਲਿਆਂ ਨੇ ਚੰਗੇ—ਭਲੇ ਤੇ ਇੱਜਤਦਾਰ ਕਿਸਾਨਾਂ ਦਾ ਕੰਮ ਵੀ ਠੱਪ ਕਰ ਦਿੱਤਾ। ਆੜ੍ਹਤੀਏ ਥੜ੍ਹੇ ’ਤੇ ਨੀ ਚੜ੍ਹਨ ਦਿੰਦੇ। ਰਿਸ਼ਤੇ ਵਾਲੇ ਸੀਤੇ ਦੀ ਕੋਠੀ ਤੇ ਡੁੱਲ੍ਹ ਗਏ। ਵਿਆਹ ਤੇ ਪੂਰਾ ਤਿੰਨ ਲੱਖ ਓਟਿਐ, ਕੁੜੀ ਵਾਲਿਆਂ ਨੇ। ਸਵੇਰ ਤੋਂ ਹੀ ਸੀਤੇ ਦੇ ਘਰ ਡੀ. ਜੇ. ਵੱਜ ਰਿਹਾ ਹੈ । ਡੀ.ਜੇ. ਦੀ ਧਮਕ ਬੋਹੜ ਦੇ ਥੜ੍ਹੇ ਤਕ ਵੀ ਸੁਣਦੀ ਐ। ਸੁਰਜਣ ਹੋਰੀਂ ਬੈਠੇ ਗੱਲਾਂ ਕਰਨ — “ਆਹ ਨਵਾਂ ਹੀ ਕੰਜਰ ਖਾਨਾ ਆ ਗਿਆ। ਬਸ ਰੌਲ਼ਾ ਜਾ ਪਈ ਜਾਂਦੈ, ਨਾ ਸੁਣੇ ਨਾ ਗਿਣੇ।” ਸੁਰਜਣ ਬੋਲਿਆ। “ਤੂੰ ਤਾਂ ਚਾਚਾ ਯਮਲੇ ਆਲਾ ਸਵਾਦ ਭਾਲਦੈਂ। ਉਹ ਵੇਲੇ ਗਏ ਜਦੋਂ ਦੋ ਮੰਜਿਆਂ ਤੇ ਸਪੀਕਰ ਲਾਉਂਦੇ ਸੀ।” ਜਸਵੰਤ ਥੜ੍ਹੇ ’ਤੇ ਬੈਠਦਾ ਬੋਲਿਆ। ਉਸਦੀ ਰੀਸੋ—ਰੀਸ ਹਾਕਮ ਵੀ ਬੈਠ ਗਿਆ। “ਹੁਣ ਤਾਂ ਨਵੀਆਂ ਗੁੱਡੀਆਂ, ਨਵੇਂ ਪਟੋਲ੍ਹੇ ਵਾਲੀ ਗੱਲ ਐ ।” ਹਾਕਮ ਵੀ ਬੋਲ ਪਿਆ । “ਅਜੇ ਤਾਂ ਤੂੰ ਅਧਨੰਗੀਆਂ ਕੁੜੀਆਂ ਨੀ ਨੱਚਦੀਆਂ ਵੇਖੀਆਂ।” ਸੁਰਜਣ ਨੇ ਸੋਹਣੇ ਨੂੰ ਕਿਹਾ। “ਉਹਨਾਂ ਦੀ ਤਾਂ ਬਾਈ ਜਮਾਂ ਈ ਉਤਰੀ ਪਈ ਐ। ਕੇਰਾ ਮੈਂ ਡਸਕੇ ਵਾਗਿਆ ਪੈਲਸ 'ਚ। ਆਹੀ ਅਧਨੰਗੀਆਂ ਜੀਆਂ ਆਈਆਂ ਸੀ ਵਿਆਹ 'ਚ। ਕਹਿੰਦੀ — ਮੁੰਨੀ ਬਦਨਾਮ ਹੁਈ, ਡਾਰਲਿੰਗ ਤੇਰੇ ਲੀਏ। ਤਿੱਤਰਾ ! ਆਪਣੇ ਵਰਗੇ ਧੌਲ ਦਾੜ੍ਹੀਏ ਵੀ ਉਹਨਾਂ ਤੇ ਲਾਲ਼ਾਂ ਡੇਗਣ।” ਵਿਸਾਖੇ ਨੇ ਆਪਣੀ ਹੱਡ—ਬੀਤੀ ਸਾਂਝੀ ਕੀਤੀ। “ਲੈ ਵੇਖ ਲੈ, ਸੁਰਜਣਾ ! ਸਮੇਂ ਨਾਲ ਸਾਰਾ ਕੁੱਝ ਬਦਲ ਗਿਆ।” ਵਿਸਾਖਾ ਐਨਕ ਦਾ ਸ਼ੀਸ਼ਾ ਸਾਫ ਕਰਦਾ ਬੋਲਿਆ। “ ਆਪਣੇ ਆਲੇ ਵਿਆਹ ਕਿੱਥੇ ਰੈਗ੍ਹੇ। ਤਿੰਨ—ਤਿੰਨ ਦਿਨ ਤਾਂ ਬਰਾਤ ਰੈਂਦ੍ਹੀ ਸੀ। ਹੁਣ ਤਾਂ ਤਿੰਨ—ਚਾਰ ਘੰਟਿਆਂ ’ਚ ਅਗਲੇ ਆਪਣੀ ਟਿੰਡ—ਫੌੜ੍ਹੀ ਚੱਕ ਕੇ ਲੈ ਜਾਂਦੇ ਨੇ।” ਸੋਹਣਾ ਬੋਲਿਆ। “ਇਹਨਾਂ ਨੇ, ਮਾਂ ਦੇ ਪੁੱਤਾਂ ਨੇ ਰਾਤ ਨੂੰ ਵੀ ਨੀ ਸੌਣ ਦੇਣਾ।” ਜਸਵੰਤ ਨੂੰ ਰਾਤ ਦੀ ਚਿੰਤਾ ਸਤਾ ਰਹੀ ਸੀ। ਪਿੰਡ ’ਚ ਲਗਾਤਾਰ ਵਿਆਹ ਹੋਣ ਕਾਰਨ, ਬਾਰਾਂ—ਬਾਰਾਂ ਵਜੇ ਤਕ ਡੀ ਜੇ ਵੱਜਦਾ ਰਹਿੰਦਾ ਹੈ। “ਤੁਸੀਂ ਤਾਂ ਲਾਓ ਬਾਜੀਆਂ ਚਾਚਾ। ਅਸੀਂ ਤਾਂ ਖੇਤ ਚੱਲੇ ਆਂ।” ਹਾਕਮ ਤੇ ਜਸਵੰਤ ਤਿੱਤਰ ਤੋਂ ਇਜਾਜ਼ਤ ਲੈ ਕੇ ਖੇਤ ਨੂੰ ਚੱਲ ਪਏ। * * * “ਲੈ ਬਈ ਹਾਕਮ ਸਿਆਂ, ਦੇਖ ਮੇਰੀ ਕਰਸਾਨੀ।” ਜਸਵੰਤ ਨੇ ਹਾਕਮ ਨੂੰ ਆਪਣੀ ਸੂਰਜਮੁਖੀ ਤੇ ਕਮਾਦ ਕੋਲ ਜਾ ਖੜ੍ਹਾਇਆ। “ਰੂਹ ਖੁਸ਼ ਹੋ ਗਈ ਬਾਈ।” ਫਸਲਾਂ ਵੱਲ ਤੱਕ ਕੇ ਹਾਕਮ ਦੀ ਰੂਹ ਨਸ਼ਿਆ ਗਈ। “ਗੰਨਾ ਚੂਪ ਕੇ ਦੇਖ, ਰਸ ਬਹੁਤ ਐ ਤੇ ਹੈ ਵੀ ਮਿੱਠਾ।” ਜਸਵੰਤ ਨੇ ਗੰਨਾ ਪੱਟਿਆ, ਛਿੱਲ ਕੇ ਹਾਕਮ ਨੂੰ ਫੜਾ ਦਿੱਤਾ। “ਗੰਨਾ ਤਾਂ ਬਾਈ ਖੰਡ ਵਰਗੈ, ਕਿਹੜਾ ਬੀ ਐ ?” ਹਾਕਮ ਗੰਨੇ ਦਾ ਛਿਲਕ ਅਜੇ ਤਕ ਵੀ ਚੱਬੀ ਜਾਂਦਾ ਸੀ। “ਉੱਨੀ ਨੰਬਰ ਐ। ਹਾਲੇ ਤਾਂ ਤੈਨੂੰ ਏਹਦਾ ਗੁੜ ਵੀ ਖਵਾਊਂ।” ਵੱਟੋ—ਵੱਟ ਹੁੰਦੇ ਹੋਏ ਉਹ ਸਬਜ਼ੀ ਵਾਲੇ ਪਾਸੇ ਹੋ ਤੁਰੇ। ਹਾਕਮ ਸਾਰਾ ਖੇਤ ਵੇਖ ਕੇ ‘ਧੰਨ—ਧੰਨ’ ਹੋ ਗਿਆ। ਵਾਪਸ ਆਉਂਦਾ ਹੋਇਆ, ਜਸਵੰਤ ਨੂੰ ਕਹਿਣ ਲੱਗਾ— “ਬਾਈ ਫੇਰ ਆਪਾਂ ਵੀ ਕਰਦੇ ਆਂ, ਨਵੀਂ ਖੇਤੀ ਸ਼ੁਰੂ।” “ਤੈਨੂੰ ਪੂਰਾ ਸਹਿਯੋਗ ਦਊਂਗਾ, ਮੇਰੇ ਵੀਰ।” ਜਸਵੰਤ ਨੇ ਵੀ ਉਸ ਨੂੰ ਕੁਦਰਤੀ ਖੇਤੀ ਲਈ ਪ੍ਰੇਰਿਤ ਕੀਤਾ। * * * ਸ਼ਾਮ ਨੂੰ ਜਸਵੰਤ ਖੇਤੋਂ ਘਰ ਆਇਆ ਤਾਂ ਉਸ ਨੇ ਹਰਦੀਪ ਦੀਆਂ ਅੱਖਾਂ ’ਚ ਚਮਕ ਵੇਖੀ। “ਕੀ ਗੱਲ, ਹਰਦੀਪ ਕੁਰੇ, ਬੜੀ ਖੁਸ਼ ਲੱਗਦੀ ਐਂ !” “ਮੇਰੀ ਧੀ ਜਿੱਤ ਕੇ ਆਈ ਐ।” ਹਰਦੀਪ ਅੰਦਰੋਂ ਟਰਾਫ਼ੀ ਚੁੱਕ ਲਿਆਈ। “ਬੱਲੇ...ਬੱਲੇ...., ਬਈ ਕਾਹਦੀ ਐ ?” ਹਰਦੀਪ ਤੋਂ ਫੜਦਿਆਂ ਸਾਰ ਜਸਵੰਤ ਨੇ ਟਰਾਫ਼ੀ ਚੁੰਮੀ। “ਕਵਿਤਾ ’ਚੋਂ ਫਸਟ ਆਈ ਐ, ਮੇਰੀ ਧੀ।” “ਬਲਾ ਖਾਂ, ਪਰਮੀ ਨੂੰ।” ਹਰਦੀਪ ਨੇ ਆਵਾਜ਼ ਮਾਰੀ ਤਾਂ ਪਰਮੀ ਅੰਦਰੋਂ ਨੱਚਦੀ—ਟੱਪਦੀ ਆਵੇ। “ਬਈ ਮੇਰੇ ਪੁੱਤ ਨੇ ਕਮਾਲ ਕਰਤੀ। ਅਸ਼ਕੇ ਜਾਮਾਂ, ਮੇਰੀ ਧੀ ਦੇ !” ਜਸਵੰਤ ਨੇ ਪਰਮੀ ਨੂੰ ਪਿਆਰ ਨਾਲ ਬੁੱਕਲ ’ਚ ਲੈ ਲਿਆ। “ਪਾਪਾ ਮੈਂ ਜ਼ਿਲ਼ੇ ’ਚੋਂ ਫਸਟ ਆਈ ਆਂ। ਹੁਣ ਬਠਿੰਡੇ ਜਾਣੈ, ਖੇਤਰੀ ਪੱਧਰ ਦੇ ਮੁਕਾਬਲੇ ਲਈ।” ਅਚਾਨਕ ਬੂਹਾ ਖੁੱਲਿ੍ਹਆ ਤਾਂ ਸਾਰਿਆਂ ਦਾ ਧਿਆਨ ਬੂਹੇ ਵੱਲ ਹੋ ਗਿਆ। “ਲੈ ਜਿੰਦਰ ਵੀ ਆ ਗਿਆ, ਮੇਰਾ ਲਾਡੂ—ਮਾਡੂ।” ਹਰਦੀਪ ਬੋਲੀ। ਪਿੱਠ ’ਤੇ ਬੈਗ ਟੰਗੀਂ ਜਿੰਦਰ ਵੀ ਆ ਪਹੁੰਚਿਆ। ਸਾਰਿਆਂ ਨੂੰ ਫਤਿਹ ਬੁਲਾ ਕੇ ਉਹ ਬੋਲਿਆ— “ਸਾਰੇ ਬੜੇ ਖੁਸ਼ ਓਂ ?” “ਮੇਰੀ ਕਵਿਤਾ ਵਿੱਦਿਅਕ ਮੁਕਾਬਲੇ ’ਚੋਂ ਫਸਟ ਆਈ ਐ। ਆਹ ਵੇਖ ਟਰਾਫ਼ੀ।” ਪਰਮੀ ਨੇ ਟਰਾਫੀ ਮੰਜੇ ਤੇ ਬੈਠੇ ਜਿੰਦਰ ਨੂੰ ਫੜਾ ਦਿੱਤੀ। “ਸੱਚ ਪਾਪਾ, ਥੋਨੂੰ ਮੇਰੇ ਵੱਲੋਂ ਵੀ ਵਧਾਈਆਂ।” ਸਾਰਿਆਂ ਦੇ ਵਿਚਾਲੇ ਬੈਠਾ ਜਿੰਦਰ ਬੋਲਿਆ। “ਵੇ ਪੁੱਤ ਤੂੰ ਕਾਹਦੀਆਂ ਵਧਾਈਆਂ ਲੈ ਆਇਆ ?” ਹਰਦੀਪ ਉਸ ਦੇ ਮੱਥੇ ’ਤੇ ਹੱਥ ਫੇਰਦੀ ਬੋਲੀ। “ਅੱਜ ਮੈਨੂੰ ਪਿੰਡ ਆਲੀ ਬੱਸ ਟੈਮ ਸਿਰ ਮਿਲਗੀ। ਨਹੀਂ ਤਾਂ ਫੋਨ ਕਰਨਾ ਪੈਂਦਾ।” “ਵਾਹ ਬਈ ਜਿੰਦਰਾ, ਪੱਟਿਆ ਪਹਾੜ, ਨਿਕਲਿਆ ਚੂਹਾ।” ਸਾਰੇ ਹੱਸ—ਹੱਸ ਲੋਟ—ਪੋਟ ਹੋ ਗਏ। “ਚਾਚਾ ਕਿੱਥੇ ਐ ?” ਜਿੰਦਰ ਨੇ ਆਸੇ—ਪਾਸੇ ਵੇਖਿਆ, ਪਰ ਘੂਤਰ ਨਜ਼ਰ ਨਾ ਆਇਆ। ਜਿੰਦਰ ਤੇ ਪਰਮੀ ਹੋਰੀਂ ਵੀ ਜਸਵੰਤ ਹੋਰਾਂ ਮਗਰ, ਘੂਤਰ ਨੂੰ ਚਾਚਾ ਆਖ ਬੁਲਾਉਂਦੇ ਹਨ। “ਹਵੇਲੀ ’ਚ ਪਸ਼ੂਆਂ ਦੇ ਕਿੱਲੇ ਗੱਡੀ ਜਾਂਦੈ।” “ਚਲੋ ਚਾਹ ਬਣਾਈਏ।” ਹਰਦੀਪ ਦੇ ਕਹਿਣ ’ਤੇ ਸਾਰੇ ਅੰਦਰ ਚਲੇ ਗਏ।ਉਹ ਅਜੇ ਅੰਦਰ ਹੀ ਗਏ ਸੀ, ਵੱਡੇ ਗੁਰੂ—ਘਰ ਵਾਲੇ ਬਾਬਾ ਜੀ ਨੇ ਹਾੜ੍ਹ ਮਹੀਨੇ ਦੀ ਸੰਗਰਾਂਦ ਦਾ ਹੋਕਰਾ ਦਿੱਤਾ। ਸੁਣ ਕੇ ਜਸਵੰਤ ਹਰਦੀਪ ਨੂੰ ਆਖਣ ਲੱਗਾ— “ਜੇਠ ਲੰਘ ਵੀ ਗਿਆ !” “ਹੋਰ ਜੀ, ਕੰਮਾਂ—ਧੰਦਿਆਂ ’ਚ ਥੋਨੂੰ ਪਤਾ ਨੀ ਲੱਗਦਾ।” ਹਰਦੀਪ ਬੋਲੀ। “ਪਾਪਾ, ਆਹ ਦੇਸੀ ਮਹੀਨਿਆਂ ਦੇ ਨਾਂ ਤਾਂ ਮੇਰੇ ਅੱਜ ਤਕ ਨੀ ਯਾਦ ਹੋਏ।” ਜਿੰਦਰ ਨੇ ਆਪਣੀ ਕਮਜ਼ੋਰੀ ਨੂੰ ਵੀ ਸਾਰਿਆਂ ਨਾਲ ਸਾਂਝਾ ਕੀਤਾ। “ਮੇਰੇ ਤਾਂ ਸਾਰੇ ਯਾਦ ਨੇ, ਚੇਤ ..ਵਿਸਾਖ .. ਜੇਠ .. ਹਾੜ੍ਹ...ਸ” “ਬੱਸ ਪੁੱਤ, ਮੈਨੂੰ ਪਤੈ, ਤੇਰੇ ਤਾਂ ਸਾਰੇ ਯਾਦ ਹੋਣੇ।” ਪਰਮੀ ਦੇਸੀ ਮਹੀਨਿਆਂ ਦੇ ਨਾਂ ਬੋਲਣ ਲੱਗੀ ਤਾਂ ਹਰਦੀਪ ਨੇ ਵਿੱਚੋਂ ਹੀ ਟੋਕ ਦਿੱਤੀ।

ਸੋਲ੍ਹਾਂ

ਹਾੜ੍ਹ ਮਹੀਨੇ ਦੀ ਸੰਗਰਾਂਦ ਆ ਵੀ ਗਈ ਸੀ। ਤਾਪਮਾਨ ਵਧਣਾ ਸ਼ੁਰੂ ਹੋ ਗਿਆ। ਸੂਰਜ ਆਪਣੀ ਸ਼ਕਤੀ ਦਾ ਅਹਿਸਾਸ ਕਰਾਉਣ ਲੱਗਾ। ਵਗਦੀਆਂ ਗਰਮ ਹਵਾਵਾਂ ਤੇ ਲੋਆਂ ਨਾਲ ਸੰਘਰਸ ਕਰਦੇ ਨਰਮਿਆਂ ਨੇ ਆਪਣਾ ਕੱਦ ਵੀ ਚਾਰ—ਚਾਰ ਉਂਗਲਾਂ ਕਰ ਲਿਆ। ਹੁਣ ਤਾਂ ਇੱਕ ਜ਼ੋਰਦਾਰ ਮੀਂਹ ਦੀ ਘਾਟ ਰੜਕ ਰਹੀ ਸੀ। ਪਿਆਸੀ ਧਰਤੀ ਮੂੰਹ ਟੱਡੀਂ ਖੜ੍ਹੀ ਸੀ। ਝੋਨੇ ਦੀ ਬੀਜਾਈ ਉੱਤੇ ਅਜੇ ਸਰਕਾਰ ਵੱਲੋਂ ਪਾਬੰਦੀ ਹੋਣ ਕਾਰਨ ਕਿਸਾਨ ਉਸਲੳੱਟੇ ਲੈ ਰਹੇ ਸੀ। ਗੁਆਂਢੀ ਪਿੰਡ ਦੇ ਦੋ ਕਿਸਾਨਾਂ ਨੇ ਤਾਂ ਲਹਿੰਦੇ ਜੇਠ ਹੀ ਜੀਰੀ ਲਾ ਦਿੱਤੀ ਸੀ ਪਰ ਮਹਿਕਮੇ ਵਾਲੇ ਸ਼ਿਕਾਇਤ ਮਿਲਣ ’ਤੇ ਸਾਰੀ ਫ਼ਸਲ ਆਪ ਵਾਹ ਗਏ। ਆਏ ਸਾਲ ਹਾੜ੍ਹ ਦੀ ਸੰਗਰਾਂਦ ਨੂੰ ਭੋਪਾਲਾਂ ਦਾ ਮੇਲਾ ਭਰਦੈ ਤੇ ਰਾਤ ਨੂੰ ਦੀਵਾਨ ਸਜਾਏ ਜਾਂਦੇ ਹਨ। ਹਰ ਸਾਲ ਪਿੰਡੋਂ ਟਰੈਕਟਰ—ਟਰਾਲੀਆਂ ਜਾਂਦੀਆਂ ਹਨ। ਅੱਜ ਸਵੇਰੇ ਹੀ ਵੱਡੇ ਗੁਰੂਦਵਾਰੇ ਵਾਲੇ ਬਾਬੇ ਨੇ ਬੇਨਤੀ ਕੀਤੀ — “ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਬੇਨਤੀ ਕਰਦੇ ਆਂ ਭਾਈ, ਅੱਜ ਭੁਪਾਲਾਂ ਦੇ ਮੇਲੇ ’ਤੇ ਗੁਰੂਘਰ ਦੇ ਸ਼ਰਧਾਲੂ, ਜੱਗਰ ਸੂੰਹ ਦੀ ਟਰਾਲੀ ਜਾਣੀ ਐਂ। ਆਉਣ—ਜਾਣ ਦਾ ਕਿਰਾਇਆ ਚਾਲ਼ੀ ਰੁਪਏ ਐ, ਭਾਈ। ਜਿਸ ਵੀ ਵੀਰ ਭਾਈ ਨੇ ਜਾਣੈ ਤਾਂ ਦਸ ਵਜੇ ਟਰਾਲੀ ਗੁਰੂ ਘਰ ਕੋਲੋਂ ਚੱਲੂਗੀ। ਬੇਨਤੀ ਪ੍ਰਵਾਨ ਕਰਨੀ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।” ਜੱਗਰ ਸਿੰਘ ਹਰ ਸਾਲ ਆਪਣੀ ਟਰੈਕਟਰ—ਟਰਾਲੀ ਲੈ ਕੇ ਜਾਂਦੈ। ਜਗਤੂ ਤੇ ਦੁੱਲੇ ਨੇ ਵੀ ਤਿਆਰੀ ਖਿੱਚ ਲਈ ਸੀ। ਜਗਤੂ ਸਵੇਰ ਦਾ ਬੂਟੀਆਂ ਵਾਲਾ ਖੱਦਰ ਦਾ ਝੋਲ਼ਾ ਮੋਢੇ ਵਿੱਚ ਲਟਕਾਈ ਫਿਰਦਾ ਸੀ। “ਆਜਾ ਖਾਂ ਦੁੱਲਿਆ .........., ਟਰਾਲੀ ਤੁਰਜੂ।” ਦੋਵੇਂ ਤਿਆਰ—ਬਰ—ਤਿਆਰ ਹੋ ਕੇ ਗੂਰੁਦੁਆਰੇ ਮੂਹਰੇ ਖੜ੍ਹੀ ਟਰਾਲੀ ਕੋਲ ਜਾ ਪਹੁੰਚੇ। “ਅਮਲੀਆ, ਚਾਲੀ ਰਪੀਏ ਲੱਗਣਗੇ।” ਜਗਤੂ ਟਰਾਲੀ ਦਾ ਕੁੰਡਾ ਫੜ ਕੇ ਅਜੇ ਚੜ੍ਹਣਨ ਹੀ ਲੱਗਾ ਸੀ ਕਿ ਜੱਗਰ ਬੋਲ ਪਿਆ। “ਦਮਾਂਗੇ।” ਜਗਤੂ ਪੂਰੇ ਦਾਅਵੇ ਨਾਲ ਬੋਲਿਆ। “ਅਸੀਂ ਕਿਹੜਾ ਪਿੰਡ ਛੱਡ ਕੇ ਚੱਲੇ ਆਂ।” ਮਗਰ ਹੀ ਦੁੱਲਾ ਬੋਲਿਆ। ਦਸ ਵਜੇ ਤਕ ਟਰਾਲੀ ਨੱਕੋ—ਨੱਕ ਭਰ ਗਈ ਸੀ। ਪੈਰ ਰੱਖਣ ਨੂੰ ਵੀ ਥਾਂ ਨਹੀਂ ਸੀ ਬਚੀ। “ਚਲ ਬਈ ਸ਼ੇਰਾ, ਕਰ ਸਟਾਟ, ਪਾਈਏ ਚਾਲੇ।” ਜੱਗਰ ਨੇ ਆਪਣੇ ਸੀਰੀ ਨੂੰ ਹੁਕਮ ਦਿੱਤਾ। ਜਿਉਂ ਹੀ ਟਰੈਕਟਰ ਦੇ ਧੁੱਤੂ ਚੋਂ ਧੂੰਆਂ ਨਿਕਲਿਆ ਤੇ ‘ਪਿਟ—ਪਿਟ’ ਦੀ ਆਵਾਜ਼ ਆਈ, ਸੰਗਤਾਂ ਨੇ ਜ਼ੋਰ ਦੀ ਜੈਕਾਰਾ ਛੱਡਿਆ — “ਜੋ ਬੋਲੇ ਸੋ ਨਿਹਾਲ .................., ਸੋ ਸਰੀ ਕਾਲ .......................।” ਬੱਚਿਆਂ, ਬੀਬੀਆਂ, ਬੰਦਿਆਂ ਦੀ ਭਰੀ ਟਰਾਲੀ ਨੇ ਭੁਪਾਲਾਂ ਵੱਲ ਚਾਲੇ ਪਾ ਦਿੱਤੇ। ਸੰਗਤ ਦੀ ਭਰੀ ਟਰਾਲੀ ਦਾ ਰਸਤੇ 'ਚ ਟਾਇਰ ਪੈਂਚਰ ਹੋ ਗਿਆ। ਵਿਰਲੀ ਜਿਹੀ ਕਿੱਕਰ ਹੇਠ ਸਾਰੀ ਸੰਗਤ ਨੇ ਡੇਰਾ ਲਾ ਲਿਆ। ਤਿੱਖੀ ਧੁੱਪ 'ਚ ਸੰਗਤ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਪੈਂਚਰ ਲੱਗਦਿਆਂ ਕਰਦਿਆਂ ਦੋ ਘੰਟੇ ਲੱਗ ਗਏ। ਰਹਿਰਾਸ ਦੇ ਵੇਲੇ ਟਰਾਲੀ ਭੁਪਾਲ ਪਹੁੰਚੀ। ਸ਼ਾਮ ਨੂੰ ਮੇਲਾ ਵੇਖਣ ਲਈ ਦੂਰੋਂ—ਨੇੜਿਉਂ ਲੋਕ ਪਹੁੰਚ ਰਹੇ ਸੀ। ਥਾਂ—ਥਾਂ ’ਤੇ ਟੋਲੀਆਂ ਆਪਣੇ ਰਹਿਣ ਲਈ ਤੰਬੂ ਲਾ ਰਹੀਆਂ ਸੀ। ਸੀਰੀ ਨੇ ਵੀ ਖਾਲੀ ਥਾਂ ਵੇਖ ਕੇ ਟਰਾਲੀ ਬੈਕ ਲਾ ਕੇ ਖੜ੍ਹਾ ਦਿੱਤੀ — “ਉਏ ਸ਼ੇਰਾ, ਪਹਿਲਾਂ ਥਾਂ—ਤਾਂ ਵੇਖ ਲੈ, ਸਾਫ ਐ।” ਜਗਤੂ ਨੇ ਟਰਾਲੀ ਚੋਂ ਪੱਲੜ ਕੱਢ ਰਹੇ ਸੀਰੀ ਨੂੰ ਕਿਹਾ। “ਊ.........ਹੂੰ.......ਊਂ...............ਊਂ.... ....., ਕਿਵੇਂ ਮੁਸ਼ਕ ਮਾਰਦੀ ਐ।” ਦੁੱਲੇ ਨੇ ਮੂੰਹ ਤੇ ਪਰਨਾ ਲਪੇਟ ਲਿਆ ਜਿਵੇਂ ਸੂਗ ਆਉਂਦੀ ਹੋਵੇ। “ਵੇਖ, ਸਾਲ਼ੇ ਕਿਵੇਂ ਕਲੋਲਾਂ ਕਰਦੇ ਨੇ।” ਕਾਫੀ ਸਮੇਂ ਤੋਂ ਚੁੱਪ ਬੈਠਾ ਜੱਗਰ ਸਿੰਘ ਬੋਲ ਹੀ ਪਿਆ। ਸੀਰੀ ਨੇ ਪੱਲੜ ਵਿਛਾ ਦਿੱਤਾ । ਸਾਰੇ ਦਿਨ ਦੀਆਂ ਥੱਕੀਆਂ ਸੰਗਤਾਂ ਧੜੰਮ ਕਰਕੇ ਬੈਠ ਗਈਆਂ। ਜਗਤੂ ਨੇ ਚਾਰੇ ਪਾਸੇ ਨਜ਼ਰ ਮਾਰੀ। “ਬੱਲੇ ! ਬੱਲੇ ! ਥਾਂ—ਥਾਂ ਤੇ ਲੰਗਰ ਨੇ, ਜਲੇਬੀਆਂ ਦਾ ਲੰਗਰ, ਬਰੈਡਾਂ ਦਾ ਲੰਗਰ, ਦਾਲ—ਰੋਟੀ ਦਾ ਲੰਗਰ। ਦੁੱਲਿਆ, ਖੜ੍ਹਾ ਹੋ ਕੇ ਤਾਂ ਦੇਖ।” ਜਗਤੂ ਦੀਆਂ ਵੇਖਣ ਸਾਰ ਲਾਲ਼ਾਂ ਡਿੱਗ ਪਈਆਂ। “ਲੈ ਬਈ ਜਗਤੂਆਂ, ਇੱਥੇ ਤਾਂ ਮੌਜਾਂ ਈ ਮੌਜਾਂ। ਚਲ ਫੇਰ ਚਲੀਏ।” ਦੁੱਲਾ ਲੰਗਰ ਵਰਤਾਉਂਦੇ ਸੇਵਾਦਾਰ ਵੇਖ ਕੇ ਖੁਸ਼ ਹੋ ਗਿਆ। “ਉਏ ਕਿਤੇ ਭੁੱਕੀ ਦਾ ਲੰਗਰ ਵੀ ਵੇਖ ਲੈ।” ਦੁੱਲੇ ਦੇ ਨਾਲ ਕਦਮ ਮਿਲਾਉਂਦਾ ਜਗਤੂ ਬੋਲਿਆ। “ਜਗਤੂ, ਪਹਿਲਾਂ ਪਕੌੜੇ ਛਕੀਏ।” ਦੁੱਲਾ ਇੱਕ ਪਕੌੜਿਆਂ ਵਾਲੇ ਲੰਗਰ ਕੋਲ ਆ ਰੁਕਿਆ ਸੀ। ਦੋਵੇਂ ਬੈਠ ਗਏ ਪਲਾਥੇ ਮਾਰ ਕੇ। “ਦੁੱਲਿਆ, ਆਪਾਂ ਕੱਲ੍ਹ ਦਾ ਪ੍ਰਬੰਧ ਵੀ ਕਰੀਏ।” ਜਗਤੂ ਨੂੰ ਆਉਣ ਵਾਲੀ ਸਵੇਰ ਦੀ ਚਿੰਤਾ ਸਤਾ ਰਹੀ ਸੀ। ਉਸ ਕੋਲ ਅੱਜ ਦੀ ਰਾਤ ਦਾ ਹੀ ਮਾਲ ਪੱਤਾ ਸੀ। ਵੈਸੇ ਉਹਨਾਂ ਨੇ ਸੁਣਿਆਂ ਸੀ ਕਿ ਭੋਪਾਲਾਂ ਦੇ ਮੇਲੇ ’ਤੇ ਬਥੇਰਾ ਸਮਾਨ ਮਿਲਦੈ। ਪਰ ਕਿੱਧਰੇ ਨਜ਼ਰ ਨਾ ਆਇਆ। “ਜਗਤਿਆ। ਬਾਈ ਕਿਸੇ ਨੂੰ ਪੁੱਛ ਕੇ ਤਾਂ ਵੇਖੀਏ।” “ਹੂੰ .............., ਪੁੱਛਣਾ ਪਊ।” ਫਿਰ ਦੋਵਾਂ ਨੇ ਮੇਲੇ ਵਿੱਚ ਆਪਣੀਆਂ ਨਜ਼ਰਾਂ ਦੇ ਘੋੜੇ ਦੌੜਾਏ। ਅਚਾਨਕ ਜਗਤੂ ਦੀ ਨਜ਼ਰ ਸਿਰ ’ਤੇ ਮੂਕਾ ਲਪੇਟੀ ਜਾਂਦੇ ਸੰਤਰੀ ਝੁੱਗੇ ਵਾਲੇ ਵਿਆਕਤੀ ’ਤੇ ਗਈ। “ਦੁੱਲਿਆ, ਆਹ ਬੰਦਾ ਆਪਣੇ ਮਹਿਕਮੇ ਦਾ ਲੱਗਦੈ।” ਜਗਤੂ ਉਸ ਵੱਲ ਉਂਗਲ ਕਰਦਾ ਬੋਲਿਆ। “ਪੁੱਛ ਕੇ ਵੇਖ ਲੈਨੇ ਆਂ।” ਦੁੱਲਾ ਲੰਮੇ ਕਦਮ ਪੁੱਟਦਾ ਉਸ ਨਾਲ ਜਾ ਰਲਿਆ। “ਵੱਡੇ ਵੀਰ, ਗੱਲ ਸੁਣੀ ਸਾਡੀ।” ਦੁੱਲੇ ਦੇ ਹੱਥ ਲਾਉਣ ਦੀ ਦੇਰ ਸੀ ਕਿ ਉਹ ਠਠੰਬਰ ਗਿਆ ਤੇ ਇੱਕਦਮ ਖੜ ਗਿਆ। “ਉਏ..........! ਇੱਥੇ ਜਾਜ੍ਹ ਨੀ ਉਤਰਦਾ?” ਜਗਤੂ ਨੇ ਉਸ ਦੇ ਕੰਨ ਕੋਲ ਮੂੰਹ ਕਰਕੇ ਇੰਨੀ ਹੌਲੀ ਅਵਾਜ਼ 'ਚ ਪੁੱਛਿਆ ਕਿ ਕਿਸੇ ਨੂੰ ਸੁਣ ਹੀ ਨਾ ਜਾਵੇ। “ਭਰਾਵੋ ਮੈਂ ਤਾਂ ਆਪ ਮਰੀਂ ਜਾਨੈ।” “ਕਿਉਂ ਦੁੱਲਿਆ, ਅਮਲੀ ਨੇ ਅਮਲੀ ਪਛਾਣ ਲਿਆ ਨਾ।” ਆਖਣ ਦੀ ਹੀ ਦੇਰ ਸੀ ਕਿ ਦੋਵੇਂ ਠਹਾਕਾ ਮਾਰ ਕੇ ਹੱਸੇ। “ਭਰਾਵੋ, ਤਿੰਨ ਦਿਨ ਹੋਗੇ, ਮੇਰੀ ਤਾਂ ਉੱਤਰੀ ਨੀ। ਬੱਸ ! ਤੜਕੀ ਤਿੰਨ ਕ ਲੇਡੇ ਜੇ ਆਏ ਸੀ।” ਉਹ ਤਾਂ ਆਪ ਆਪਣੀ ਵਿੱਥਿਆ ਸੁਣਾਉਣ ਲੱਗ ਪਿਆ ਸੀ। “ਉਏ ਕੋਈ ਥਹੁ ਟਿਕਾਣਾ ਪਤਾ ਨੀ ਕਰਿਆ?” ਦੁੱਲਾ ਬੋਲਿਆ। “ਬਾਈ ਨੰਬਰ ਫਾਟਕ ’ਤੇ ਸਵੇਰੇ ਜਾਜ੍ਹ ਉਤਰਦੇ ਨੇ। ਉੱਠਣ ਸਾਰ ਉੱਥੇ ਵਗਜਿਉ।” “ਬਾਈ ਨੰਬਰ ਫਾਟਕ ਕਿੱਧਰ ਐ ?” ਜਗਤੂ ਨੇ ਪੁੱਛਿਆ। “ਔਧਰ।” ਇਸ਼ਾਰੇ ਨਾਲ ਸਮਝਾ ਕੇ ਉਹ ਬਰੈਡਾਂ ਦੇ ਲੰਗਰ ਵੱਲ ਚੱਲ ਪਿਆ। ਸ਼ਾਮ ਢਲ ਗਈ ਸੀ। ਸੂਰਜ ਗੁਰੂ—ਘਰ ਦੇ ਓਹਲੇ ਹੋ ਗਿਆ ਸੀ। ਬਾਜ਼ਾਰ ’ਚ ਭੀੜ ਘੱਟ ਗਈ ਸੀ। ਦੀਵਾਨ ਸਜ਼ ਗਏ ਸੀ। ਗੁਰੂ—ਘਰ ਦੇ ਸ਼ਰਧਾਲੂ ਲੰਗਰ ਛਕ ਕੇ ਪੰਡਾਲ ’ਚ ਸ਼ਿਰਕਤ ਕਰਨ ਲੱਗੇ। ਸੰਗਤਾਂ ਨੂੰ ਨਿਹਾਲ ਕਰਨ ਲਈ ਪ੍ਰਸਿੱਧ ਕੀਰਤਨੀਏ ਤੇ ਕਥਾਵਾਚਕ ਪਹੁੰਚੇ ਹੋਏ ਸੀ। ਲੁਧਿਆਣੇ ਵਾਲੇ ਬਾਬਾ ਜੀ ਵਿਸੇਸ਼ ਤੌਰ ’ਤੇ ਪਹੁੰਚੇ ਹੋਏ ਸੀ। ਜਦੋਂ ਉਨ੍ਹਾਂ ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀ ਕਥਾ ਸ਼ੁਰੂ ਕੀਤੀ ਤਾਂ ਸੰਗਤਾਂ ਸੁਸਰੀ ਬਣ ਕੇ ਬੈਠ ਗਈਆਂ । ਬਾਬਾ ਜੀ ਮੁਗਲਾਂ ਦੇ ਸਿੱਖ ਕੌਮ ਤੇ ਕੀਤੇ ਅੱਤਿਆਚਾਰ ਤੇ ਪੰਜਵੀਂ ਪਾਤਸ਼ਾਹੀ ਦੀ ਸ਼ਹੀਦੀ ਦੇ ਕਾਰਨਾਂ ਨੂੰ ਅੰਕੜਿਆਂ ਸਮੇਤ ਖੋਲ੍ਹ—ਖੋਲ੍ਹ ਦੱਸ ਰਹੇ ਸੀ। ਕਦੇ—ਕਦੇ ਜੋਸ਼ ’ਚ ਆਈਆਂ ਸੰਗਤਾਂ ਬੁਲੰਦ ਹੌਸਲੇ ਨਾਲ ਜੈਕਾਰਾ ਛੱਡਦੀਆਂ— “ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ” ਜਗਤੂ ਤੇ ਦੁੱਲਾ ਵੀ ਦੀਵਾਨ ਸੁਣਨ ਲਈ ਪੰਡਾਲ ’ਚ ਬੈਠੇ ਸੀ।ਦੁੱਲਾ ਆਖਣ ਲੱਗਾ— “ਆਹ ਜੇਹੜੇ ਬਾਰ—ਬਾਰ ਜਕਾਰੇ ਛੱਡਦੇ ਨੇ, ਘਰੇ ਜਾ ਕੇ ਸਾਰਾ ਝਾੜ ਦੇਣਗੇ।” “ਦੀਵੇ ਥੱਲੇ ਨੇਰ੍ਹੇ ਆਲ਼ੀ ਗੱਲ ਐ, ਦੁੱਲਿਆ।” ਬਾਰ੍ਹਾਂ ਵਜੇ ਦੀਵਾਨਾਂ ਦੀ ਸਮਾਪਤੀ ਹੋਈ। ਸੰਗਤਾਂ ਆਪੋ—ਆਪਣੇ ਟਿਕਾਣਿਆਂ ’ਤੇ ਜਾ ਕੇ ਸੌਂ ਗਈਆਂ। * * * ਅਜੇ ਸੂਰਜ ਉੱਗਿਆ ਨਹੀਂ ਸੀ। ਜਗਤੂ ਦੀ ਪੰਜ ਵਜੇ ਹੀ ਅੱਖ ਖੁੱਲ੍ਹ ਗਈ। ਉਸ ਨੇ ਕੋਲ ਪਏ ਦੁੱਲੇ ਦੇ ਹੁੱਜ ਮਾਰੀ। “ਦੁੱਲਿਆ, ਕੁੜੀ ਦਿਆ ਪੁੱਤਾ ! ਖੜ੍ਹਾ ਹੋ। ਮੈਂ ਮਰੀ ਜਾਨੈ।” ਹੁੱਜ ਮਾਰਨ ਨਾਲ ਦੁੱਲਾ ਖੜ੍ਹਾ ਹੋ ਗਿਆ। “ਉਏ ਚਲ ਕੰਜਰਾਂ ! ਕਿਤੇ ਜਾਜ੍ਹ ਪਿੱਛੋਂ ਹੀ ਮੁੜਜੇ।” ਜਗਤੂ ਪੈਰ 'ਚ ਜੁੱਤੀ ਅੜ੍ਹਕਾਉਂਦੇ ਬੋਲਿਆ। ਦੁੱਲਾ ਉੱਠਿਆ। ਜਗਤੂ ਦੇ ਮਗਰ ਹੋ ਤੁਰਿਆ। ਜਗਤੂ ਅੱਗੇ—ਅੱਗੇ ਇਸ ਤਰ੍ਹਾਂ ਵੱਧ ਰਿਹਾ ਸੀ ਜਿਵੇਂ ਉਸ ਨੂੰ ਸਾਰੇ ਥਹੁ—ਟਿਕਾਣਿਆਂ ਦਾ ਪਤਾ ਹੋਵੇ। ਪੰਦਰਾਂ ਮਿੰਟਾਂ 'ਚ ਦੋਵੇਂ ਬਾਈ ਨੰਬਰ ਫਾਟਕ ਤੇ ਪਹੁੰਚ ਗਏ। “ਵਾਹ ਬਈ ਵਾਹ ! ਬੜੀ ਭੀੜ ਐ ! ਐਂ ਲੱਗਦੈ, ਜਿਮੇ ਕੋਈ ਧਰਨਾ ਦੇਣ ਆਏ ਹੋਣ।” ਦੁੱਲਾ ਅਮਲੀਆਂ ਦੀ ਭੀੜ ਵੇਖ ਕੇ ਦੰਗ ਰਹਿ ਗਿਆ। “ਬਾਈ, ਕੀ ਸਾਬ—ਕਿਤਾਬ ਐ ?” ਜਗਤੂ ਨੇ ਆਪਣੇ ਕੋਲ ਮੋਢੇ ’ਤੇ ਝੋਲ਼ਾ ਟੰਗੀ ਖੜ੍ਹੇ ਅਮਲੀ ਭਰਾ ਨੂੰ ਪੁੱਛਿਆ। “ਪੰਜਾਹ ਦੀ ਪੁੜੀ ਐ।” “ਐਨੀ ਮਹਿੰਗੀ !” ਦੁੱਲੇ ਦੀਆਂ ਅੱਖਾਂ ਟੱਡੀਆਂ ਗਈਆਂ। “ਹੁਣ ਕਿਵੇਂ ਕਰੀਏ।” ਦੁੱਲਾ ਝੋਲ਼ੇ ਨੂੰ ਫਰੋਲਦਾ ਬੋਲਿਆ। “ਕਰਨਾ ਕੀ ਐ ! ਹੁਣ ਤਾਂ ਚਾਹੇ ਸੌ ਦੀ ਦੇਣ, ਲੈ ਲੈ, ਜਾਨ ਤਾਂ ਨਿਕਲੀ ਜਾਂਦੀ ਐ।” ਦੁੱਲਾ ਦੋ ਪੁੜੀਆਂ ਲੈ ਆਇਆ। ਦੋਹਾਂ ਨੇ ਅੱਧੀ—ਅੱਧੀ ਲੱਪ ਉਸੇ ਸਮੇਂ ਮਾਰੀ ਮੂੰਹ 'ਚ। “ਚੱਲ ਬਈ ਦੁੱਲਿਆ, ਹੁਣ ਆਊ ਮੇਲਾ ਵੇਖਣ ਦਾ ਸਵਾਦ।” ਦੁੱਲੇ ਨੇ ਬਾਕੀ ਬਚੀ ਥੈਲੀ ਆਪਣੀ ਜਾਕਟ ਦੇ ਗੀਝੇ 'ਚ ਪਾ ਲਈ ਤੇ ਵਾਪਸ ਮੇਲੇ ਨੂੰ ਪਰਤ ਆਏ। “ਜਗਤਿਆ, ਚੰਡੋਲ ਝੂਟੀਏ।” ਚੰਡੋਲ ਵੱਲ ਵੇਖ ਕੇ ਦੁੱਲੇ ਦਾ ਮਨ ਝੂਟਾ ਲੈਣ ਨੂੰ ਕੀਤਾ। “ਨਾ ਭਰਾਵਾ, ਮੈਂ ਤਾਂ ਇੱਕ ਵਾਰ ਗੂਗਾ ਮੈੜੀ ਝੂਟੀ ਸੀ, ਮੇਰਾ ਤਾਂ ਮੂਤ ਨਿਕਲ ਗਿਆ ਸੀ, ਓਦੂੰ ਮੁੜ ਕੇ ਮੈਂ ਨੀ ਝੂਟੀ।” ਜਗਤੂ ਨੇ ਚੰਡੋਲ ਝੂਟਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਪਿੰਡੋਂ ਆਈ ਸੰਗਤ ਵੀ ਸਾਰਾ ਦਿਨ ਮੇਲਾ ਵੇਖਦੀ ਰਹੀ। ਆਥਣ ਸਮੇਂ ਮੌਸਮ ਕੁੱਝ ਖਰਾਬ ਹੋ ਗਿਆ, ਹਨ੍ਹੇਰ ਚੱਲ ਪਿਆ। ਬੱਦਲਾਂ ਦੀ ਗਰੜ—ਗਰੜ ਨੇ ਸਾਰੇ ਡਰਾ ਦਿੱਤੇ । ਇੱਕ—ਦੋ ਕਣੀਆਂ ਦਾ ਛੜਾਕਾ ਵੀ ਆਇਆ । ਜੱਗਰ ਨੇ ਸਾਰੀ ਸੰਗਤ ਨੂੰ ਕਿਹਾ — “ਚਲੋ ਵੀ ਸੰਗਤੇ, ਮੌਸਮ ਖਰਾਬ ਐ। ਨਹੀਂ ਤਾਂ ਰਾਹ 'ਚ ਡਿੱਕਤ ਆਊ।” ਇੱਕ ਘੰਟੇ 'ਚ ਮਸਾਂ ਸਾਰੀ ਸੰਗਤ ਇਕੱਠੀ ਹੋਈ। ਕਿਸੇ ਦਾ ਮੇਲੇ ’ਚੋਂ ਜਾਣ ਨੂੰ ਜੀ ਨਹੀਂ ਸੀ ਕਰਦਾ। ਆਥਣ ਸਮੇਂ ਗੁਬਾਰਿਆਂ, ਵਾਜਿਆਂ, ਬੰਸਰੀਆਂ ਤੇ ਹੋਰ ਖਿਡੌਣਿਆਂ ਨਾਲ ਸ਼ਿੰਗਾਰੀ ਟਰਾਲੀ ਪੀਰਾਂਵਾਲੀ ਨੂੰ ਚੱਲ ਪਈ । * * * ਸਵੇਰ ਹੁੰਦਿਆਂ ਹੀ ਜਗਤੂ ਦੇ ਛਟੀ ਵਰਗੇ ਸਰੀਰ ਨੇ ਥਕਾਵਟ ਮੰਨੀ। ਜਨਕ ਦੀ ਦੁਕਾਨ ਚੱਲ ਪਿਆ। ਸਾਹਮਣੇ ਨਿਗ੍ਹਾ ਮਾਰੀ, ਜਨਕ ਦੀ ਦੁਕਾਨ ਬੰਦ ਪਈ ਸੀ। ਨਿਰਾਸ਼ ਹੋ ਕੇ ਉਹ ਵਾਪਸ ਪਰਤਿਆ, ਰਸਤੇ ’ਚ ਸੁੱਚੇ ਬਲੈਕੀਏ ਦੇ ਘਰ ਵੱਲ ਜਾਂਦਾ ਕੱਕੂ ਦਾ ਮਿੰਦੀ ਮਿਲ ਗਿਆ। “ਕਿੱਧਰ ਗਿਐ ਉਏ, ਪਤੈ ਕੁਸ ?” ਜਗਤੂ ਨੇ ਉਸ ਤੋਂ ਜਨਕ ਬਾਰੇ ਪੁੱਛਿਆ। “ਓਹ ਤੇ ਬੇਲੀਆ, ਪਟਾ ਗਿਆ ਕਿੱਲੀਆਂ।” “ਕਾਸਤੋਂ ? ਕੀ ਗੱਲ ਹੋਗੀ ?” ਜਗਤੂ ਅਨਜਾਣ ਸੀ। “ਜਗਨੇ ਪ੍ਰੇਮੀ ਹੋਰਾਂ ਨੇ ਕੱਲ ਹੱਲਾ ਬੋਲਤਾ, ਓਂਅਦੀ ਦਕਾਨ ਤੇ। ਜਸਵੰਤ ਆਹਦਾਂ, ਮੁੜ ਜਨਕ ਸਿਆਂ, ਆਪਣੀ ਟਿੰਡ ਫੌੜ੍ਹੀ ਚੱਕ, ਤੇ ਸਾਡੇ ਪਿੰਡ ਦਾ ਖਹਿੜਾ ਛੱਡ। ਉਹ ਤੇ ਕੱਲ੍ਹ ਦਾ ਪਤਾ ਨੀ ਕਿੱਧਰ ਗਿਐ ?” ਮਿੰਦੀ ਨੇ ਮੇਲੇ ਤੋਂ ਪਰਤੇ ਜਗਤੂ ਨੂੰ ਸਾਰੀ ਘਟਨਾ ਖੋਲ੍ਹ ਕੇ ਦੱਸ ਦਿੱਤੀ। “ਫੇਰ ਤਾਂ ਮਾੜਾ ਹੋਇਆ।” ਆਖਦਾ ਜਗਤੂ ਅੱਡੇ ਨੂੰ ਹੋ ਤੁਰਿਆ। * * * ਦੋ ਦਿਨ ਬਾਅਦ ਜਸਵੰਤ ਹੋਰਾਂ ਨੇ ਵੇਖਿਆ, ਵਾਰ—ਵਾਰ ਕਹਿਣ ਦੇ ਬਾਵਜੂਦ ਵੀ ਸਰਪੰਚ ਦੇ ਕੰਨ ’ਤੇ ਜੂੰ ਨਾ ਸਰਕੀ। ਜਗਨਾ ਪੇ੍ਰਮੀ ਜਸਵੰਤ ਕੋਲ ਆਇਆ — “ਬਾਈ, ਸਰਪੰਚ ਤਾਂ ਥੁੱਕ ਕੇ ਚੱਟ ਗਿਆ ਕੋਈ ਕਾਰਵਾਈ ਨੀਂ ਕੀਤੀ।” “ਚਲੋ ਫਿਰ ਥਾਣੇ ਚਲਦੇ ਆਂ, ਟਰਾਲੀਆਂ ਭਰ ਕੇ।” ਜਸਵੰਤ ਨੇ ਸਲਾਹ ਦਿੱਤੀ ਤਾਂ ਡੱਬੇ ਵਾਲ਼ਿਆਂ ਦੇ ਸਤਾਏ ਲੋਕ ਟਰਾਲੀਆਂ ਭਰ ਕੇ ਥਾਣੇ ਵੱਲ ਚੱਲ ਪਏ। ਲੋਕਾਂ ਵਿੱਚ ਬਹੁਤ ਰੋਸ ਸੀ। ਥਾਣੇ ਦੇ ਮੁੱਖ ਦਰਵਾਜ਼ੇ ’ਤੇ ਜਾਣ ਸਾਰ ਹੀ ਭੀੜ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। “ਪਿੰਡ 'ਚੋਂ ਡੱਬੇ ...........।” “ਬੰਦ ਕਰੋ ................ਬੰਦ ਕਰੋ।” “ਪਿੰਡ ’ਚੋਂ ਠੇਕੇ .......... ਬੰਦ ਕਰੋ।” “ਨਸ਼ੀਲੀਆਂ ਦਵਾਈਆਂ..............।” “ਬੰਦ ਕਰੋ.......ਬੰਦ ਕਰੋ।” ਥਾਣੇ ਦੇ ਕਰਮਚਾਰੀ ਬਾਹਰ ਆ ਗਏ। ਨਾਅਰਿਆਂ ਦੀ ਆਵਾਜ਼ ਹੋਰ ਤੇਜ਼ ਹੋ ਗਈ ਸੀ। ਹਾਕਮ ਗਿੱਲ, ਜਸਵੰਤ ਨੂੰ ਕਹਿੰਦਾ — “ਭੀੜ ਨੂੰ ਏਥੀ ਰਹਿਣ ਦੇਈਏ।ਆਪਾਂ ਚਾਰ ਬੰਦੇ ਠਾਣੇਦਾਰ ਨੂੰ ਮਿਲ ਕੇ ਆਈਏ।” ਜਸਵੰਤ ਨੇ ਉਸ ਨੂੰ ਸਮਝਾਇਆ— “ਹਾਕਮਾਂ, ਤੂੰ ਇਸ ਕੰਮ ’ਚ ਪਹਿਲੀ ਵਾਰ ਆਇਐਂ। ਰੌਲ਼ਾ ਪਾਏ ਤੋਂ ਹੀ ਕੋਈ ਕਾਰਵਾਈ ਹੋਊ। ਥਾਣੇਦਾਰ ਤਾਂ ਮੰਗ ਪੱਤਰ ਲੈਣ ਆਪ ਆਊ।” ਮੁਨਸੀ ਜਸਵੰਤ ਨਾਲ ਗੱਲ ਕਰਨ ਵੀ ਆਇਆ। “ਤੁਸੀਂ ਆਪਣਾ ਮੰਗ ਪੱਤਰ ਆ ਕੇ ਦੇ ਦਿਓ। ਸਾਹਬ ਰੁੱਝੇ ਹੋਏ ਨੇ।” ਪਰ ਜਸਵੰਤ ਕਹਿੰਦਾ— “ਐਥੇ ਆ ਕੇ ਸਾਡੀ ਗੱਲ ਸੁਣਨ। ਅਸੀਂ ਓਨਾਂ ਚਿਰ ਨੀ ਹੱਲਦੇ, ਜਦ ਤੱਕ ਸਾਰਾ ਮਸਲਾ ਹੱਲ ਨੀ ਹੁੰਦਾ।” ਉਸਨੇ ਇੱਕ ਦੋ ਪੱਤਰਕਾਰ ਵੀ ਬੁਲਾ ਲਏ। ਨਾਅਰੇਬਾਜ਼ੀ ਤੇ ਰੋਸ ਪ੍ਰਗਟ ਕਰਦੇ ਲੋਕਾਂ ਦੀਆਂ ਉਨ੍ਹਾਂ ਨੇ ਤਸਵੀਰਾਂ ਵੀ ਲੈ ਲਈਆਂ। ਸਾਰੀ ਗੱਲ ਜਸਵੰਤ ਨੇ ਦੱਸ ਦਿੱਤੀ ਸੀ। ਭੜ੍ਹਕੀ ਜਨਤਾ ਦਾ ਰੌਲਾ—ਰੱਪਾ ਸੁਣ ਕੇ ਥਾਣੇਦਾਰ ਦਲੇਰ ਸਿੰਘ ਨੂੰ ਆਪ ਹੀ ਮੰਗ ਪੱਤਰ ਲੈਣ ਲਈ ਆਉਣਾ ਪਿਆ। ਜਸਵੰਤ ਤੇ ਜਗਨੇ ਨੇ ਸਾਰੀ ਗੱਲ ਦੱਸ ਦਿੱਤੀ। ਦਲੇਰ ਸਿੰਘ ਨੇ ਵੀ ਭਰੋਸਾ ਦਿੱਤਾ— “ਪਿੰਡ 'ਚ ਕੋਈ ਵੀ ਡੱਬਾ ਨਹੀਂ ਰੱਖੇਗਾ।” ਪਰ ਜਸਵੰਤ ਸਿੰਘ ਤੇ ਦੁਖੀ ਲੋਕਾਂ ਨੇ ਮੰਗ ਕੀਤੀ — “ਆਪਣੇ ਕਰਮਚਾਰੀ ਭੇਜ ਕੇ ਹੁਣੇ ਐਕਸ਼ਨ ਲਉ ਜੀ। ਨਾਲੇ ਡਾਕਟਰ ਜਨਕ ਨੂੰ ਚੱਕ ਕੇ ਲਿਆਓ। ਪਿੰਡ ਦੀ ਬਰਬਾਦੀ ਦਾ ਕਾਰਨ ਓਹ ਵੀ ਐ।” ਲੋਕਾਂ ਦਾ ਉਮੜਿਆਂ ਹਜੂਮ ਵੇਖ ਕੇ ਦਲੇਰ ਸਿੰਘ ਬੇਵੱਸ ਹੋ ਗਿਆ। ਉਸ ਨੇ ਉਸੇ ਵਕਤ ਆਪਣੇ ਕਰਮਚਾਰੀ ਕਾਰਵਾਈ ਕਰਨ ਲਈ ਭੇਜੇ। ਜਗਨੇ ਪ੍ਰੇਮੀ ਦੀ ਗਲੀ ਵਾਲੇ ਅੱਜ ਪੂਰੇ ਖੁਸ਼ ਸੀ। * * * ਬਘੇਲ ਨੇ ਹਲਕਾ ਵਿਧਾਇਕ ਤੋਂ ਫੋਨ ਕਰਵਾ ਦਿੱਤਾ। “ਆਪਣੇ ਬੰਦੇ ਨੇ ਜੀ, ਛੱਡ ਦੋ।” ਥਾਣੇਦਾਰ ਕੋਲ ਇੱਕ ਫੋਨ ਜਾਂਦਿਆਂ ਹੀ ਸ਼ਾਮ ਤਕ ਸਾਧੂ ਹੋਰਾਂ ਨੂੰ ਛੱਡ ਦਿੱਤਾ ਗਿਆ। ਸਾਰੇ ਪਿੰਡ ’ਚ ਖਬਰ ਫੈਲ ਗਈ। “ਜਨਕੇ ਹੋਰੀਂ ਰਿਹਾਅ ਹੋ ਕੇ ਆ ਗਏ।” ਸ਼ਾਮ ਨੂੰ ਸਾਧੂ, ਸਿਰ ’ਤੇ ਡੱਬਾ ਰੱਖ ਮੰਡੀ ਵੱਲ ਜਾਂਦਾ ਹੋਇਆ, ਗਲੀ ਵਾਲਿਆਂ ਨੂੰ ਆਖ ਵੀ ਰਿਹਾ ਸੀ — “ਕੋਈ ਨਾ ........। ਮੈਂ ਸਾਰਿਆਂ ਨੂੰ ਵੇਖੂੰ।”

ਸਤਾਰਾਂ

ਪਿੰਡ ਦੀ ਦਾਣਾ ਮੰਡੀ ’ਚ ਹੁਣ ਤਾਂ ਪੂਰੀ ਰੌਣਕ ਲੱਗਣ ਲੱਗ ਪਈ। ਪਿੰਡ ਵਿਚਲੇ ਠੇਕਿਆਂ ਦਾ ਟੰਟਾ ਹੁਣ ਮੁੱਕ ਗਿਆ ਸੀ। ਸ਼ਰਾਬ ਦੇ ਪਿਆਕੜ ਹੁਣ ਤਾਂ ਮੰਡੀ ਵਿੱਚ ਹੀ ਆਪਣੀ ਮਜਲਿਸ ਲਾਉਂਦੇ ਹਨ। ਪਰ ਇਹ ਰੌਣਕ ਜ਼ਿਆਦਾ ਸਮਾਂ ਨਾ ਰਹੀ। ਸਾਉਣ ਦੇ ਮਹੀਨੇ ਤੇਜ਼ ਬਾਰਸ਼ਾਂ ਨੇ ਸਾਧੂ ਹੋਰਾਂ ਦੀਆਂ ਮੁਸ਼ਕਲਾਂ ’ਚ ਵਾਧਾ ਕਰ ਦਿੱਤਾ। ਮੰਡੀ ਦਾ ਫੜ੍ਹ ਅਜੇ ਪੱਕਾ ਨਹੀਂ ਸੀ ਬਣਿਆ। ਫੜ੍ਹ ਕੱਚਾ ਹੋਣ ਕਾਰਨ ਸਾਰੀ ਮੰਡੀ ਵਿੱਚ ਪਾਣੀ ਖੜ੍ਹ ਗਿਆ। ਸਾਧੂ ਬਘੇਲ ਕੋਲ ਫਿਰ ਗਿਆ— “ਬਾਈ, ਮੰਡੀ ਚ ਤਾਂ ਪਾਣੀ ਖੜ੍ਹੈ। ਰੇਹੜੀ ਲੱਗਦੀ ਨੀ, ਕਿਮੇਂ ਕਰਾਂ ?” “ਬੋਚ ਬਚਾ ਕੇ ਘਰੇਂ ਵੇਚ ਲੈ, ਚਾਰ ਬੋਤਲਾਂ। ਜੇ ਕੁਸ਼ ਹੋਇਆ, ਮੈਂ ਆਪੇ ਸਮਝੂੰ।” ਬਘੇਲ ਨੇ ਹੱਲਾ ਸ਼ੇਰੀ ਦਿੱਤੀ ਤਾਂ ਸਾਧੂ ਨੇ ਫਿਰ ਘਰੇਂ ਹੀ ਡੱਬਾ ਰੱਖਣਾ ਸ਼ੁਰੂ ਕਰ ਦਿੱਤਾ। * * * ਸਾਉਣ ਦੀ ਝੜੀ ਕਾਰਨ ਸਕੂਲ ਦੇ ਕਈ ਕਮਰੇ ਚੋਣ ਲੱਗ ਪਏ। ਸਕੂਲ ਦਾ ਵਿਹੜਾ ਨੀਂਵਾਂ ਹੋਣ ਕਾਰਨ ਵੀ ਪਾਣੀ ਦੇ ਨਿਕਾਸ ਦੀ ਸਮੱਸਿਆ ਆ ਗਈ। ਇਸ ਤੋਂ ਵੱਡੀ ਸਮੱਸਿਆ, ਸਕੂਲ ਤੇ ਰਮਦਾਸੀਆਂ ਦੇ ਸਿਵਿਆਂ ਦੀ ਕੰਧ ਸਾਂਝੀ ਸੀ। ਪਿਆਰਾ ਸਿੰਘ ਨੇ ਸਕੂਲ ਦੀ ਪ੍ਰਬੰਧਕੀ ਕਮੇਟੀ ਨੂੰ ਸਕੂਲ ’ਚ ਬੁਲਾ ਕੇ ਆਪਣੀ ਮੁਸ਼ਕਲ ਦੱਸੀ — “ਪਾਣੀ ਵਾਲੀ ਸਮੱਸਿਆਂ ਤਾਂ ਆਪਾਂ ਹੱਲ ਕਰ ਲਵਾਂਗੇ, ਜੇ ਆਹ ਸਮਸ਼ਾਨ ਘਾਟ ਵਾਲੀ ਸਮੱਸਿਆ ਹੱਲ ਹੋ ਜਾਵੇ ਤਾਂ ਠੀਕ ਐ।” “ਸਿਵਿਆਂ ਆਲੀ ਥਾਂ ਤਾਂ ਰਮਦਾਸੀਆਂ ਦੀ ਐ ਜੀ, ਜੇ ਪੰਚਾਇਤ ਰਮਦਾਸੀਆਂ ਨੂੰ ਪਿੰਡੋ ਬਾਹਰ ਪੰਚਾਇਤੀ ਥਾਂ ਦੇ ਦੇਵੇ ਤਾਂ ਮਸਲਾ ਹੱਲ ਹੋ ਸਕਦੈ ਜੀ।” ਜਸਵੰਤ ਬੋਲਿਆ। “ਅਸੀਂ ਆਪ ਗੱਲ ਕਰ ਕੇ ਵੇਖਦੇ ਆਂ ਜੀ।” ਹਾਕਮ ਬੋਲਿਆ। “ਹੂੰ, ਪਿੰਡ ਦਾ ਮਸਲੈ, ਤੁਸੀਂ ਆਪ ਕੋਈ ਹੱਲ ਕੱਢੋ।” ਪਿਆਰਾ ਸਿੰਘ ਨੇ ਸਮੂਹ ਕਮੇਟੀ ਨੂੰ ਬੇਨਤੀ ਕੀਤੀ। ਸਕੂਲ ਅਤੇ ਸਿਵਿਆਂ ਦੀ ਕੰਧ ਸਾਂਝੀ ਹੋਣ ਕਾਰਨ, ਜਦੋਂ ਅਰਥੀ ਲਿਆ ਕੇ ਸਿਵਿਆਂ 'ਚ ਰੱਖਣੀ, ਮੁਰਦਾ ਫੂਕਣਾ ਤਾਂ ਸਕੂਲ ਪੜ੍ਹਦੇ ਛੋਟੇ—ਛੋਟੇ ਜਵਾਕ ਡਰ ਜਾਂਦੇ। ਰਾਤ ਨੂੰ ਕੰਬ ਉੱਠਦੇ ਤੇ ਮਾਵਾਂ ਦੇ ਸੀਨਿਆਂ ਨਾਲ ਜਾ ਚਿੰਬੜਦੇ । “ਹਾਏ ਬੇਬੇ ! ਭੂਤ।” ਅਨਪੜ੍ਹ ਮਾਪਿਆਂ ਨੇ ਵਹਿਮਾਂ—ਭਰਮਾਂ ’ਚ ਉਲਝ ਜਾਣਾ। “ਮੁੰਡੇ ਨੂੰ ਕਸਰ ਹੋ ਗਈ। ਓਪਰੀ ਚੀਜ ਬੋਲਦੀ ਐ, ਭਾਈ।” ਘਰ ਦੇ ਓਹੜ—ਪੋਹੜ 'ਚ ਜੁੱਟ ਜਾਂਦੇ। ਟਿੱਬੀ ਵਾਲੇ ਬਾਬੇ, ਲੱਖੂ ਭਗਤ ਦੀ ਸ਼ਰਨ ਜਾ ਲੈਂਦੇ। “ਬਾਬਾ ਜੀ, ਜਵਾਕ ਸਾਰੀ ਰਾਤ ਤੜਪੀ ਗਿਆ। ਉੱਚੀ—ਉੱਚੀ ਕੂਕਾਂ ਮਾਰਦਾ ਰਿਹਾ। ਕੋਈ ਧਾਗਾ—ਤਬੀਤ ਕਰੋ।” ਲੱਖੂ ਭਗਤ ਸੱਜੇ ਹੱਥ 'ਚ ਮੰਜੇ ਦੇ ਪਾਵੇ ਜਿੱਡੀ ਖੂੰਡੀ ਲੈ ਕੇ, ਸੰਤਰੀ ਰੰਗ ਦਾ ਕੁੜਤਾ ਤੇ ਕਾਲ਼ਾ ਚਾਦਰਾ ਪਾ ਆਪਣੀ ਚੌਂਕੀ ’ਤੇ ਬੈਠਾ ਹੁੰਦਾ। ਗਲ 'ਚ ਵੱਡੇ ਮਣਕਿਆਂ ਵਾਲੀ ਮਾਲ਼ਾ। ਬੋਲਦਾ — “ਕਾਲ਼ੀ ਮੁਰਗੀ ਦੇਣੀ ਪਊ ਭਾਈ। ਚੀਜ ਵੱਡੀ ਐ।” ਭਗਤ ਜਵਾਕ ਦੇ ਮੱਥੇ ਤੇ ਰਾਖ ਦੀ ਚੁਟਕੀ ਲਾਉਂਦਾ ਮੰਗ ਕਰਦਾ। ਵਹਿਮਾਂ—ਭਰਮਾਂ 'ਚ ਫਸੇ ਲੋਕ ਅਕਸਰ ਬਾਬਾ ਜੀ ਦੇ ਬਚਨਾਂ ਤੇ ਫੁੱਲ ਚੜ੍ਹਾਉਂਦੇ। * * * ਸਾਰੀ ਕਮੇਟੀ ਨੇ ਮੌਜੂਦਾ ਸਰਪੰਚ ਨਾਲ ਗੱਲ ਕੀਤੀ। ਉਹ ਗੋਲ ਮੋਲ ਜਿਹੀ ਗੱਲ ਕਰਨ ਲੱਗਾ। ਕਹਿੰਦਾ — ‘ ਜੇ ਰਮਦਾਸੀਆਂ ਨੂੰ ਕੋਈ ਡਿੱਕਤ ਨੀ, ਮੈਂ ਸਹਿਮਤ ਹਾਂ, ਰਹੀ ਗੱਲ ਮੈਂਬਰਾਂ ਦੀ, ਉਹਨਾਂ ਨੂੰ ਮੈਂ ਆਪੇ ਹੀ ਸਮਝਾ ਲਊਂ। ਤੁਸੀਂ ਕੇਰ੍ਹਾਂ ਕੱਠ ਤਾਂ ਕਰੋ।’ ਆਖਰ ਪਸਵਕ ਕਮੇਟੀ ਦੇ ਸੱਦੇ ’ਤੇ ਸਰਪੰਚ, ਪੰਚ ਤੇ ਰਮਦਾਸੀਆਂ ਦੇ ਮੋਹਰੀ ਬੰਦੇ ਸਕੂਲ ਵਿੱਚ ਕੱਠੇ ਹੋ ਗਏ। ਜਸਵੰਤ ਉੱਚੀ ਅਵਾਜ ਵਿੱਚ ਬੋਲਿਆ — “ਭਾਈ ਸੰਗਤੇ, ਗੱਲ ਇਹ ਐ ਬਈ, ਸਕੂਲ ਦੇ ਨਾਲ ਲੱਗਦੀ ਦੋ ਏਕੜ ਸਿਵਿਆਂ ਵਾਲੀ ਜਮੀਨ ਰਮਦਾਸੀਆਂ ਨੂੰ ਅਲਾਟ ਹੋਈ ਐ। ਮਸਲਾ ਇਹ ਐ ਬਈ ਸਿਵੇ ਲੱਗਦੇ ਨੇ ਸਕੂਲ ਦੇ ਨਾਲ।” “ਜਵਾਕਾਂ ਨੂੰ ਔਖੈ।” ਹਾਕਮ ਵਿੱਚੋਂ ਹੀ ਬੋਲ ਪਿਆ । “ਜੇ ਸਿਵਿਆਂ ਵਾਲੀ ਥਾਂ ਸਕੂਲ ਨੂੰ ਦੇ ਦੇਈਏ ?” ਸਰਪੰਚ ਨੇ ਇਕੱਠ ਨੂੰ ਸੰਬੋਧਨ ਕਰਕੇ ਪੁੱਛਿਆ। “ਤੇ ਅਸੀਂ ਮੁਰਦਿਆਂ ਨੂੰ ਘਰੇ ਦਾਹ ਕਰਾਂਗੇ।” ਪੂਰਨ ਨੂੰ ਗੁੱਸਾ ਆ ਗਿਆ। ਉਸ ਦੇ ਹਾਕਮ ਦੀ ਗੱਲ ਹਜ਼ਮ ਨਾ ਹੋਈ। “ਹੂੰ ! ਆ ਗਿਆ ਵੱਡਾ ਸਿਆਣਾ। ਸਰਪੰਚੀਆਂ ਤਾਂ ਅਸੀਂ ਵੀ ਕੀਤੀਆਂ ਨੇ।” ਪੂਰਨ ਫਿਰ ਬਾਂਹ ਝੜਕਾਉਂਦਾ ਬੋਲਿਆ । “ਉਏ, ਗੱਲ ਤਾਂ ਸੁਣ ਲੈ ਪਹਿਲਾਂ ਇਹਦੀ, ਪੂਰਨਾਂ।” ਪੂਰਨ ’ਕੱਠ ’ਚੋਂ ਉੱਠ ਕੇ ਜਾਣ ਲੱਗਿਆਂ ਤਾਂ ਘੂਤਰ ਨੇ ਉਸ ਨੂੰ ਬਾਂਹੋ ਫੜ ਕੇ ਬਿਠਾ ਲਿਆ। “ਪੂਰਨਾਂ ਥੋਡਾ ਵੀ ਪ੍ਰਬੰਧ ਕਰਾਂਗੇ। ਅਸੀਂ ਸਾਰੀ ਪੰਚੈਤ ਨੇ ਰਾਇ ਕੀਤੀ ਐ।” ਸਰਪੰਚ ਬੋਲਿਆ। “ਕੀ ਰੈਅ ਕੀਤੀ ਐ?” ਪੂਰਨ ਰੁੱਖਾ ਬੋਲਿਆ। “ਬਈ ਔਹ ਪੰਚਾਇਤੀ ਖੂਹ ਕੋਲ ਦੋ ਕਿੱਲੇ ਸ਼ਾਮਲਾਟ ਪਈ ਐ। ਉਹ ਥੋਨੂੰ ਦੇ ਦਿਆਂਗੇ।” ਸੁਣ ਕੇ ਪੂਰਨ ਕੁੱਝ ਨਰਮ ਪੈ ਗਿਆ। “ਅਸੀਂ ਆਪਣੇ ਠੁੱਲ਼ਿਆਂ ਵਾਲੇ ਰਾਇ ਕਰਕੇ ਦੱਸਾਂਗੇ।” ਪੂਰਨ *ਕੱਠ ’ਚੋਂ ਬਾਹਰ ਆ ਗਿਆ। ਚਲੋ—ਚਾਲ ਸਾਰੇ ਉੱਠ ਖੜ੍ਹੇ। ਦੋ—ਦੋ ਜਣੇ ਖੜ੍ਹ ਕੇ ਟੋਲੀਆਂ ਬਣਾ ਆਪਣੇ—ਆਪਣੇ ਨੁਕਤੇ ਸਾਂਝੇ ਕਰਨ ਲੱਗੇ। ਕੋਈ ਪੂਰਨ ਨੂੰ ਤੇ ਕੋਈ ਸਰਪੰਚ ਨੂੰ ਤੇ ਕੋਈ ਜਸਵੰਤ ਹੋਰਾਂ ਨੂੰ ਗਲਤ ਸਿੱਧ ਕਰ ਰਿਹਾ ਸੀ। ਪੂਰਨ ਨੇ ਆਪਣੇ ਭਾਈਚਾਰੇ ਵਾਲਿਆਂ ਨਾਲ ਗੱਲਬਾਤ ਕੀਤੀ। ਤੀਜੇ ਦਿਨ ਫਿਰ ’ਕੱਠ ਹੋਇਆ। ਸਰਪੰਚ ਬੋਲਿਆ ਹੀ ਸੀ, ਫਿਰ ਰੌਲਾ ਪੈ ਗਿਆ। ਘੂਤਰ ਨੇ ਸਾਰਿਆ ਨੂੰ ਸ਼ਾਂਤ ਹੋ ਕੇ ਬੈਠਣ ਲਈ ਕਿਹਾ। “ਉਏ ਭਾਈ ਬਹਿ ਤਾਂ ਜਾਓ, ਮੈਂ ਦੱਸਦੈਂ .......।” ਸਾਰੇ ਬੈਠ ਗਏ। ਘੂਤਰ ਪੂਰਨ ਨੂੰ, ਇਕੱਲੇ ਨੂੰ, ਇੱਕ ਪਾਸੇ ਲੈ ਗਿਆ। “ਉਏ ਪੂਰਨਾਂ, ਕਿਉਂ ਕਮਲੇ ਹੋਏ ਓਂ। ਪਿੰਡ ਦੀ ਚੀਜ ਬਣਜੂ। ਨਾਲੇ ਥੋਡੀ ਰਹਿਜੂ। ਥੋਨੂੰ ਪੂਰੀ ਥਾਂ ਬਾਹਰ ਦੇਈਂ ਤਾਂ ਜਾਂਦੇ ਆਂ। ਮਸਾਂ ਤਾਂ ਸਰਪੰਚ, ਇੱਕ ਚੰਗਾ ਕੰਮ ਕਰਨ ਲੱਗਿਐ, ਓਹਦੇ ’ਚ ਤੂੰ ਠੱਲ੍ਹ ਪਾਈ ਜਾਨੈ।” ਘੂਤਰ ਦੀ ਗੱਲ ਪੂਰਨ ਦੇ ਖਾਨੇ ਵੜ੍ਹ ਗਈ ਤਾਂ ਮੰਨ ਗਿਆ — “ਚਲ ਬਾਈ, ਜਿਵੇਂ ਤੂੰ ਕਹਿਨੈ, ਉਵੇਂ ਠੀਕ ਐ।” ਆਖਰ ਫ਼ੈਸਲਾ ਹੋ ਗਿਆ। ਸਿਵਿਆਂ ਵਾਲੀ ਥਾਂ ਸਕੂਲ ਨੂੰ ਦੇ ਦਿੱਤੀ। ਸਕੂਲ ਦੀ ਥਾਂ ਹੁਣ ਹੋਰ ਵੀ ਖੁੱਲ੍ਹ ਗਈ। * * * ਸਾਉਣ ਦੀਆਂ ਬਰਸਾਤਾਂ ਤੋਂ ਬਾਅਦ ਪਸਵਕ ਤੇ ਪੀ. ਟੀ. ਏ. ਕਮੇਟੀ ਨੇ ਮਤਾ ਪਾ ਕੇ ਸਿਵਿਆਂ ਵਿੱਚ ਦੋ—ਦੋ ਫੁੱਟ ਭਰਤ ਪਾ ਦਿੱਤੀ। ਇੰਨੇ ਨਾਲ ਥਾਂ ਦਾ ਕੁੱਝ ਮੂੰਹ—ਮੁਹਾਦਰਾਂ ਬਣ ਗਿਆ । ਜਸਵੰਤ ਸਿੰਘ ਤੇ ਪਸਵਕ ਮੈਂਬਰਾਂ ਨੇ ਮਾਸਟਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਪੂਰਾ ਸਾਥ ਦਿੱਤਾ। ਪਿੰਡ ਚੋਂ ਫੰਡ ਇਕੱਠਾ ਕੀਤਾ। ਪਿੰਡ ਦੇ ਮਾਸਟਰ ਭਾਈਚਾਰੇ ਤੇ ਹੋਰ ਮੁਲਾਜ਼ਮਾਂ ਨੇ ਹੱਸ ਕੇ ਯੋਗਦਾਨ ਦਿੱਤਾ। ਵੱਡੇ ਮੁਲਾਜ਼ਮਾਂ ਨੇ ਪੰਜ—ਪੰਜ ਸੌ ਤੇ ਛੋਟਿਆਂ ਨੇ ਆਪਣੀ ਸ਼ਰਧਾ ਮੁਤਾਬਕ ਸਹਿਯੋਗ ਦਿੱਤਾ। ਕਈ ਮਾੜੇ ਮਾਜਨੇ ਵਾਲੇ ਵੀਹ—ਪੱਚੀ ਦੇਣ ਵਾਲੇ ਵੀ ਸੀ। ਵੀਹ—ਪੱਚੀ ਹਜ਼ਾਰ ਇਕੱਠਾ ਹੋ ਗਿਆ। ਸਕੂਲ ਦੇ ਚਾਰ ਵੱਡੇ—ਵੱਡੇ ਪਾਰਕ ਬਣਾਏ ਗਏ। ਅੰਗਰੇਜ਼ੀ ਘਾਹ ਲਾਇਆ ਗਿਆ। ਪਾਸਿਆਂ ’ਤੇ ਕਿਆਰੀਆਂ ਬਣਾ ਕੇ, ਸਜਾਵਟੀ ਤੇ ਫੁੱਲਦਾਰ ਬੂਟੇ ਲਾਏ ਗਏ। ਦੋ ਪਾਰਕਾਂ 'ਚ ਗੁਲਾਬ ਹੀ ਗੁਲਾਬ ਲਾਇਆ ਗਿਆ, ਜਿਸ ਨਾਲ ਸਕੂਲ ਦੀ ਤਾਂ ਨੁਹਾਰ ਹੀ ਬਦਲ ਗਈ। ਸਾਰੇ ਪਿੰਡ 'ਚ ਚਰਚਾ ਛਿੜ ਗਈ। ਲੋਕ ਅਧਿਆਪਕਾਂ ਦਾ ਜਸ ਗਾਉਣ ਲੱਗੇ— “ਡਰੈਂਗ ਆਲੇ ਮਾਸਟਰ ਨੇ ਸਾਰੇ ਬੂਟੇ ਆਪ ਲਾਏ ਨੇ।” “ਰੋੜੀ ਆਲਾ ਮਾਸਟਰ ਤਾਂ ਜਵਾਕਾਂ ਦੇ ਸਿਰ ’ਚੋਂ ਜੂੰਆਂ ਵੀ ਆਪ ਫੜਦੈ।” “ਕਈ ਜਵਾਕਾਂ ਨੂੰ ਜੂੰਆਂ ਆਲੀ ਦਵਾਈ ਤੇ ਦੋ—ਤਿੰਨ ਕੰਘੀਆਂ ਵੀ ਲਿਆ ਕੇ ਦਿੱਤੀਆਂ ਨੇ।” “ਲੈ ਹੋਰ ਸੁਣ, ਘੁਰਕਣੀ ਆਲੇ ਮਾਸਟਰ ਨੇ ਟੂਟੀਆਂ ਦੀ ਫਿਟਿੰਗ ਵੀ ਆਪ ਕੀਤੀ ਐ।” “ਬਈ, ਸਾਰਾ ਸਟਾਫ ਵੱਡੇ ਮਾਸਟਰ ਦੀ ਗੱਲ ਨੀ ਅਲਟੌਂਦਾ ।” ਹੁਣ ਤਾਂ ਸਕੂਲ ’ਚ ਵੜਦਿਆਂ ਸਾਰ ਹੀ ਰੂਹ ਨਸ਼ਿਆ ਜਾਂਦੀ ਹੈ।

ਅਠਾਰਾਂ

ਭਾਦੋਂ ਦੇ ਮਹੀਨੇ ਨਰਮੇ ਦੇ ਟੀਂਡਿਆਂ ਦੇ, ਮੱਖਣ ਵਰਗੇ ਚਿੱਟੇ ਫੁੱਟ ਬਣ ਗਏ । ਕੀਟਨਾਸ਼ਕ ਤੇ ਨਦੀਨਨਾਸ਼ਕਾਂ ਦਾ ਅਸਰ ਲੈ ਕੇ ਨਰਮੇ ਬੰਦਿਆਂ ਦੇ ਕੱਦ ਦੇ ਹੋ ਗਏ। ਨਰਮੇ ਦੀ ਚੁਗਾਈ ਲਈ ਜਿਮੀਂਦਾਰਾਂ ਨੇ ਚੁਗਾਣੀਆਂ ਦੀ ਭਾਲ ਲਈ ਦਲਿਤਾਂ ਦੇ ਵਿਹੜਿਆਂ ਚ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ। ਚੁਗਾਣੀਆਂ ਦੀ ਘਾਟ ਤੇ ਕੰਮ ਦਾ ਜ਼ੋਰ ਹੋਣ ਕਾਰਨ ਜਿਮੀਂਦਾਰ ਦੋ ਵਾਰ ਦੀ ਚਾਹ ਦੇਣ ਲਈ ਵੀ ਰਾਜ਼ੀ ਹੋ ਗਏ ਸੀ। ਪਾਸਲੇ ਪਿੰਡਾਂ ਦੇ ਕਿਸਾਨ ਵੀ ਚੁਗਾਣੀਆਂ ਲੈ ਕੇ ਜਾਣ ਲਈ ਆਪਣੀਆਂ ਟਰਾਲੀਆਂ ਸੂਰਜ ਉੱਗਣ ਤੋਂ ਪਹਿਲਾਂ ਹੀ ਲਿਆ ਖੜ੍ਹਾਉਂਦੇ ਹਨ। ਕਈ ਚੁਗਾਣੀਆਂ ਤਾਂ ਸਕੂਲ ਪੜ੍ਹਦੇ ਬੱਚਿਆਂ ਨੂੰ ਵੀ ਆਪਣੇ ਨਾਲ ਲੈ ਜਾਂਦੀਆਂ ਹਨ। ਕਹਿੰਦੀਆਂ— “ਕੰਮ ਦਾ ਟੈਮ ਐ, ਆਹ ਚੀਚਲੇ ਮੀਚਲੇ ਕੋਈ ਚਾਰ ਫੁੱਟੀਆਂ ਤਾਂ ਫੜਨਗੇ।” ਕਈ ਚੁਗਾਣੀਆਂ ਤਾਂ ਪੱਕੇ ਤੌਰ ’ਤੇ ਹੀ ਕੱਤਕ ਤਕ ਇੱਕ ਜਿਮੀਂਦਾਰ ਦੇ ਖੇਤ ਹੀ ਜਚ ਗਈਆਂ। ਲਾਜੋ ਨੇ ਵੀ ਪੂਰੇ ਸ਼ੀਜਨ ਲਈ ਗਿੱਲਾਂ ਨੂੰ ਹਾਂ ਕਰ ਦਿੱਤੀ। ਕਹਿੰਦੀ— “ਅੱਧੇ ਕਿੱਲੇ ਦੀਆਂ ਛਿਟੀਆਂ ਦੇਣਗੇ, ਬਾਲਣ ਹੋਜੂਗਾ।” ਲਾਜੋ ਸਵੇਰ ਹੁੰਦਿਆਂ ਹੀ ਅੱਗ ਬੁਝਾਊ ਯੰਤਰ ਵਾਂਗ ਘਰ ਦੇ ਕੰਮਾਂ ਨੂੰ ਸਮੇਟਦੀ ਹੋਈ ਆਪਣੀਆਂ ਗੁਆਂਢਣਾਂ ਜੀਤੋ, ਗਿੰਦੋ ਤੇ ਸੀਤੋ ਹੋਰਾਂ ਨਾਲ ਦਾਤੀ ਕੱਪੜਾ ਲਪੇਟ, ਜਾ ਰਲਦੀ ਹੈ। ਜਗਤੂ ਨੂੰ ਹੁਣ ਉਹ ਵੱਧ—ਘੱਟ ਹੀ ਟੋਕਦੀ ਹੈ ।ਆਪਣੀ ਕਿਸਮਤ ਦਾ ਠੀਕਰਾ ਆਪਣੇ ਕਰਮਾਂ ’ਤੇ ਹੀ ਲਿਆ ਫੋੜਦੀ ਹੈ— “ਮੇਰੇ ਭਾਗ ਈ ਖੋਟੇ ਸੀ, ਸਾਰੀ ਉਮਰ ਲਾਂਘੀ ਦੁੱਖਾਂ ਤਖਲੀਫਾਂ ’ਚ, ਪਤਾ ਨੀ ਚੰਦਰੇ ਨੂੰ ਕਦ ਠੋਕਰ ਲੱਗੂ।ਲੋਕ ਦਾਰੂ—ਪਿਆਲੇ ਸ਼ੱਡ ਕੇ ਡੇਰੇ ਜਾਣ ਲੱਗਪੇ। ਇਹਦੀ ਵਾਰੀ ਪਤਾ ਨੀ ਕਦ ਆਊ ?” ਇੱਕ ਦਿਨ ਉਹ ਸਾਰੀਆਂ ਹਾਕਮ ਦੇ ਟਿੱਬੀ ਵਾਲੇ ਖੇਤ ਨਰਮਾ ਚੁਗਦੀਆਂ ਸੀ। ਅਚਾਨਕ ਲਾਜੋ ਦੀ ਸੱਜੀ ਦੁੱਧੀ ’ਚ ਦਰਦ ਹੋਣ ਲੱਗਾ। ਉਹ ਦਰਦ ਨਾਲ ਵਿਲਕਣ ਲੱਗੀ। ਜੀਤੋ ਆਖਣ ਲੱਗੀ— “ਕੋਈ ਖਾਧੇ—ਪੀਤੇ ਦਾ ਹੋ ਜਾਂਦੈ। ਠੀਕ ਹੋਜੂ, ਜਨਕੇ ਤੋਂ ਜਾ ਕੇ ਗੋਲੀਆਂ ਲੈ ਲੀਂ।” ਸ਼ਾਮ ਨੂੰ ਥੱਕੀ—ਹਾਰੀ ਲਾਜੋ ਘਰ ਪਹੁੰਚੀ। ਆਉਣ ਸਾਰ ਮੰਜੇ ’ਤੇ ਪੈ ਗਈ ਗਈ। ਜਗਤੂ ਨੂੰ ਆਖਣ ਲੱਗੀ— । “ਗੋਲ਼ੋ ਦੇ ਬਾਪੂ, ਮੈਨੂੰ ਦਵਾਈ—ਬੂਟੀ ਲਿਆ ਕੇ ਦੇ। ਤਕਲੀਫ ਬਾਲ੍ਹੀ ਹੋਈ ਜਾਂਦੀ ਐ। ਦਰਦ ਜਾ ਹੋਈ ਜਾਂਦੈ, ਦੁੱਧੀਆਂ ’ਚ।” ਜਗਤੂ ਨੇ ਜਨਕ ਤੋਂ ਦੋ ਗੋਲ਼ੀਆਂ ਲਿਆ ਕੇ ਲਾਜੋ ਨੂੰ ਫੜਾ ਦਿੱਤੀਆਂ। “ਲੈ, ਆਹ ਲੈ ਲੈ ਪਾਣੀ ਨਾਲ। ਠੀਕ ਹੋਜੇਂਗੀ।” ਲਾਜੋ ਨੇ ਪਾਣੀ ਨਾਲ ਗੋਲ਼ੀ ਲਈ। ਉਸ ਨੂੰ ਕੁੱਝ ਆਰਾਮ ਜਿਹਾ ਮਹਿਸੂਸ ਹੋਇਆ। * * * ਮਿੰਨ੍ਹਾ—ਮਿੰਨ੍ਹਾ ਦਰਦ ਹਰ ਰੋਜ਼ ਹੋਇਆ ਕਰੇ। ਘਰ ਦੀ ਕਬੀਲਦਾਰੀ ਚਲਾਉਂਦੀ ਲਾਜੋ ਕਾਫ਼ੀ ਕਮਜ਼ੋਰ ਪੈ ਗਈ। ਉਸਦੀ ਸਾਰੀ ਜ਼ਿੰਦਗੀ ਹੀ ਤਾਂ ਭੱਜ—ਨੱਠ ਚ ਗੁਜ਼ਰ ਗਈ। ਸਾਰੀ ਉਮਰ ਅਮਲੀ ਦਾ ਗੋਲ—ਪੁਣਾ ਕਰਦੀ ਮਰ ਗਈ। ਕੱਤਕ ਵੇਲੇ ਦੀ ਕਹਿੰਦੀ ਆ ਰਹੀ ਸੀ ਪਰ ਕੌਣ ਸੀ, ਘਰ 'ਚ ਉਸ ਦੀ ਸਾਰ ਲੈਣ ਵਾਲਾ ? ਜਗਤੂ ਨੂੰ ਆਪਣਾ ਨਸ਼ਾ ਚਾਹੀਦਾ ਹੈ ਤੇ ਨੇਕੀ ਦਾ ਸੁੱਖ ਵੀ ਸਾਇਦ ਲਾਜੋ ਦੇ ਨਸੀਬਾਂ ’ਚ ਨਹੀਂ ਲਿਖਿਆ। ਤਿੰਨ—ਚਾਰ ਮਹੀਨਿਆਂ 'ਚ ਹੀ ਦੁੱਧੀ ’ਚ ਗੰਢ ਜਿਹੀ ਬਣ ਗਈ ਤੇ ਉਸ ਗੰਢ ਤੋਂ ਹੀ ਗੋਲ਼ਾ ਜਿਹਾ। ਹੁਣ ਤਾਂ ਉਸ ਤੋਂ ਮੰਜੇ ’ਤੋਂ ਨਹੀਂ ਉੱਠਿਆ ਜਾਂਦਾ। ਉਹ ਵੀ ਸਮਾਂ ਸੀ, ਜਦ ਭੱਜ—ਭੱਜ ਕੰਮ ਕਰਦੀ । ਥਾਂ—ਸਿਰ ਲੱਗਦੇ ਕਈ ਬੰਦੇ ਉਸ ਨੂੰ ‘ਵਰੋਲ਼ੀ’ ਆਖਦੇ ।ਉਹ ਵਰੋਲ਼ੇ ਵਾਂਗ, ਕੰਮ ਕਰਦੀ ਭੱਜੀ ਫਿਰਦੀ ਰਹਿੰਦੀ। ਪਿੰਡ 'ਚ ਕਿਸੇ ਦੇ ਵੀ ਵਿਆਹ—ਸ਼ਾਦੀ ਹੁੰਦੀ ਤਾਂ ਲਾਜੋ ਜ਼ਰੂਰ ਨਜ਼ਰੀਂ ਪੈਂਦੀ। ਵਿਆਹ ਤੋਂ ਪਹਿਲਾਂ ਮਿੱਟੀ ਫੇਰਦੀ, ਪੋਚਾ ਲਾਉਂਦੀ, ਚੁੱਲ੍ਹੇ ਲਿੱਪਦੀ ਤੇ ਹੋਰ ਕਿੰਨੇ ਹੀ ਕੰਮ ਕਰਦੀ, ਘਰ ਨੂੰ ਚਮਕਾ ਦਿੰਦੀ। ਵਿਆਹ ਵਾਲੇ ਦਿਨ ਤਾਂ ਉਸ ਕੋਲ ਹੋਰ ਵੀ ਕੰਮ ਵੱਧ ਜਾਂਦੇ। ਭਾਂਡੇ—ਟੀਂਡੇ ਕੱਠੇ ਕਰਨੇ, ਮਾਂਜਣੇ ਤੇ ਪਸ਼ੂਆਂ ਦਾ ਗੋਹਾ ਸੁੱਟਣਾ। ਪਿੰਡ ਦੇ ਕਈ ਸਮਾਜ ਸੇਵੀ ਬੰਦਿਆਂ ਨੇ ਹੰਭਲਾ ਮਾਰ ਕੇ ਪੈਸੇ ਇਕੱਠੇ ਕੀਤੇ। ਲਾਜੋ ਦੇ ਟੈਸਟ ਕਰਵਾਏ। ਸਾਰੀ ਉਮਰ ਘੱਟਾ ਢੋਣ ਵਾਲੀ, ਅਮਲੀ ਦਾ ਗੋਲਪੁਣਾ ਕਰਨ ਵਾਲੀ ਲਾਜੋ ਮੌਤ ਦੇ ਕਰੀਬ ਆ ਗਈ ਸੀ। ਉਸ ਨੂੰ ਕੈਂਸਰ ਸੀ। ਟੈਸਟ ਦੀ ਰਿਪੋਰਟ ਵੇਖ ਕੇ ਜਸਵੰਤ ਦੇ ਮੂੰਹੋਂ ਨਿਕਲਿਆ — “ਵੇਖੋ, ਜੇ ਵਧੀ ਹੋਵੇ, ਮੇਦ ਤਾਂ ਕੋਈ ਹੈ ਨੀ।” ਹੁਣ ਤਾਂ ਲਾਜੋ ਮੰਜੇ ’ਤੇ ਨਿਢਾਲ ਪਈ ਐ। ਪਿੰਡ ’ਚੋਂ ਸਹਿਚਾਰ ਵਾਲੇ ਆ ਕੇ ਪਤਾ ਲੈ ਜਾਂਦੇ ਹਨ। ਉਹ ਨੇਕੀ ਦੀ ਚਿੰਤਾ ਕਰਦੀ ਰਹਿੰਦੀ ਹੈ। “ਲੈ, ਮੇਰੇ ਜਿਊਂਦੇ ਜੀਅ, ਜੇ ਵਿਆਹਿਆ ਜਾਵੇ ਤਾ ਚੰਗੀ ਗੱਲ ਐ। ਮੇਰੇ ਵੀ ਕਲੇਜੇ ਠੰਡ ਪੈਜੂ। ਕੋੜ੍ਹੀ ਦੇ ਭਾਗ ਈ ਠੰਡੇ ਨੇ।” ਨੇਕੀ ਉਣੱਤੀ ਵਰ੍ਹਿਆਂ ਦਾ ਹੋ ਗਿਆ। ਅਜੇ ਤਕ ਕਿੱਧਰੋਂ ਰਿਸ਼ਤੇ ਵਾਲੀ ਠਾਹ—ਭੰਨ ਨੀ ਬਣੀ। ਲਾਜੋ ਨੇ ਬਹੁਤ ਜ਼ੋਰ ਲਾਇਆ, ਸ਼ਰੀਕੇ—ਕਬੀਲੇ ਵਾਲਿਆਂ ਨੂੰ। ਹਰ ਕੋਈ ਘਰ—ਬਾਰ ਵੇਖ ਕੇ ਨੱਕ—ਬੁੱਲ੍ਹ ਕੱਢਦਾ। ਰਹਿੰਦੀ—ਖੂੰਹਦੀ ਕਮੀ ਜਗਤੂ ਪੂਰੀ ਕਰ ਦਿੰਦਾ। ਹਰ ਕੋਈ ਮਨ 'ਚ ਸੋਚਦਾ — “ਕੁੜੀ ਭੁੱਖੀ ਮਾਰਨੀ ਐ ! ਇਹਦੇ ਨਾਲੋਂ ਤਾਂ ਖੂਹ 'ਚ ਧੱਕਾ ਦਿੱਤਾ ਠੀਕ ਐ।” ਲਾਜੋ ਨੇ ਤਾਂ ਸੁੱਖੇ ਭਾਊ ਦੇ ਘਰ ਬੰਗਾਲ ਤੋਂ ਆ ਕੇ ਵਸੀ ਚੀਨਾ ਦਾ ਵੀ ਕਈ ਵਾਰ ਮਿੰਨਤ—ਤਰਲਾ ਕੀਤਾ — “ਕੁੜੇ ਚੀਨਾ, ਮੇਰੇ ਨੇਕੀ ਵਾਸਤੇ ਤੂੰ ਈਂ ਲੈ ਆ ਬੰਗਾਲ ’ਚੋਂ। ਤੇਰਾ ਮਾਣ—ਤਾਣ ਕਰਦਾਂਗੇ। ਮੇਰਾ ਨੇਕ ਕੇਹੜਾ ਕੰਮ ਤੋਂ ਖੜ੍ਹਦੈ।” ਚੀਨਾ ਉਹਨਾਂ ਦੇ ਬੇੜੇ ਨੂੰ ਕਿੱਥੇ ਪਾਰ ਲਾਵੇ ! ਉਹ ਤਾਂ ਆਪ ਫਸੀ ਬੈਠੀ ਐ। ਪੱਛਮੀ ਬੰਗਾਲ 'ਚ ਉਸ ਦਾ ਪਿੰਡ ਵਰਧਮਾਨ —ਅਹੁ ਕਿੱਥੇ ਐ ! ਸੁੱਖਾ ਭਾਊ ਉਸ ਨੂੰ ਜਾਣ ਨੀ ਦਿੰਦਾ। ਕਹਿੰਦਾ— “ਪੈਸਿਆਂ ਦਾ ਰੁੱਗ ਭਰ ਕੇ ਦਿੱਤੈ। ਜੇ ਕੇਰ੍ਹਾਂ ਵਾਗੀ, ਫੇਰ ਨੀ ਆਉਂਦੀ।” ਲਾਜੋ ਕੋਲ ਤਾਂ ਖੋਟਾ ਸਿੱਕਾ ਵੀ ਨਹੀਂ ਦੇਣ ਲਈ। ਨੇਕੀ ਦੀ ਉਮਰ ਜਦ ਸਕੂਲ ਜਾਣ ਦੀ ਸੀ, ਗਿਆਨ ਦੇ ਚਾਰ ਅੱਖਰ ਸਿੱਖਣ ਦਾ ਜਦ ਵਕਤ ਸੀ, ਜਗਤੂ ਨੇ ਗਿੱਲਾਂ ਦੇ ਪਾਲ਼ੀ ਰਲ਼ਾ ਦਿੱਤਾ। ਸਵੇਰ ਦੀ ਰੋਟੀ ਖਾ ਕੇ ਮਾਲ ਛੱਡ ਲੈਣਾ। ਖੇਤਾਂ ਵਿੱਚ ਦਲੀਪੋ ਜੁਲਾਹੀ ਦੇ ਮੁੰਡੇ ਨਾਲ ਰਲ ਕੇ ਮਾਲ ਚਰਾਉਣਾ। ਦੁਪਹਿਰ ਦੀ ਰੋਟੀ ਨਾਲ ਲੈ ਜਾਣੀ। ਸਿਖਰ ਦੁਪਹਿਰੇ ਪਸ਼ੂ ਨਿਆਈਂ ਵਾਲੀਆਂ ਕਿੱਕਰਾਂ ਹੇਠ ਲਿਆ ਬਿਠਾੳਂੁਣੇ। ਪਸ਼ੂ ਆਰਾਮ ਨਾਲ ਛਾਂ ਹੇਠ ਬੈਠ ਜਾਂਦੇ ਤੇ ਗਾਲ਼ਾ ਕਰੀ ਜਾਂਦੇ ਰਹਿੰਦੇ। ਪਾਲ਼ੀ ਕਿੱਕਰਾਂ ਹੇਠ ਪੀਲ—ਪਲਾਂਗੜਾ ਜਾਂ ਡੰਡਾ—ਡੁੱਕ ਖੇਡਦੇ ਰਹਿੰਦੇ। ਨੇਕੀ ਜਵਾਨ ਹੋਇਆ ਤਾਂ ਜਗਤੂ ਨੂੰ ਉਸਦਾ ਵਾਹਵਾ ਆਸਰਾ ਹੋ ਗਿਆ ਸੀ। ਦੋਵੇਂ ਪਿਉ—ਪੁੱਤ ਜੱਟਾਂ ਦੇ ਖੇਤਾਂ 'ਚ ਹਲਾਂ ਮਗਰ ਫਿਰਦੇ ਰਹਿੰਦੇ ਤੇ ਮਾਂਵਾਂ—ਧੀਆਂ ਘਰਾਂ 'ਚ ਗੋਹਾ—ਕੂੜਾ ਕਰਦੀਆਂ। ਨੇਕੀ ਤੋਂ ਵੱਡਾ ਸੀ— ਮਿੰਦੀ। ਬੇਸ਼ੱਕ ਸਾਰੇ ਉਸ ਨੂੰ ਰੱਬ ਹੀ ਆਖ ਕੇ ਬੁਲਾਉਂਦੇ ਸੀ। ਕਾਰਨ — ਮਿੰਦੀ ਸਿੱਧਾ—ਸਾਦਾ ਤੇ ਭੋਲ਼ਾ—ਭਾਲ਼ਾ ਸੀ।ਪਿੰਡ ਚ ਜਿਸ ਵੀ ਕਿਸੇ ਦੇ ਘਰ ਕੰਮ ਚੱਲਦਾ ਹੁੰਦਾ ਤਾਂ ਮਿੰਦੀ ਉਸ ਘਰ ਜਾ ਕੇ ਕੰਮ ਕਰਾਉਣ ਲੱਗ ਪੈਂਦਾ। ਬਸ, ਦੋ ਵਕਤ ਦੀ ਰੋਟੀ ਅਗਲੇ ਦੇ ਘਰ ਖਾ ਛੱਡਦਾ। ਮਿੰਦੀ ਜਵਾਨ ਹੋ ਗਿਆ ਸੀ ਪਰ ਕੱਪੜਾ—ਲੀੜ੍ਹਾ ਘੱਟ ਹੀ ਪਾਉਂਦਾ। ਘੂਤਰ ਨੇ ਤਨ ਢਕਣ ਲਈ ਉਸ ਨੂੰ ਦੋ ਖੱਦਰ ਦੇ ਕੁੜਤੇ—ਪਜਾਮੇ ਬਣਵਾ ਦਿੱਤੇ ਸੀ। ਅਜੇ ਉਹ ਗਿਆਰਵੇਂ ਸਾਲ ’ਚ ਲੱਗਿਆ ਹੀ ਸੀ ਕਿ ਪਿੰਡ ’ਚੋਂ ਕੋਈ, ਘਰ ਬੱਚੇ ਦੀ ਲਾਲਸਾ ਲਈ ਟੂਣਾ—ਟਾਮਣ ਕਰਨ ਲਈ ਉਸ ਨੂੰ ਵਰਗਲਾ ਕੇ ਲੈ ਗਿਆ।ਇਨ੍ਹਾਂ ਗੱਲਾਂ ਨੂੰ ਉੱਨੀ ਵਰ੍ਹੇ ਤੋਂ ਵੀ ਉੱਤੇ ਹੋ ਗਏ ਪਰ ਮਿੰਦੀ ਅਜੇ ਤਕ ਘਰ ਨੀ ਆਇਆ। ਲਾਜੋ ਬਥੇਰਾ ਰੋਈ—ਕੁਰਲਾਈ। ਆਂਢਣਾਂ—ਗੁਆਂਢਣਾਂ ਨੇ ਵੀ ਸਮਝਾਈ— “ਬੱਸ ਕਰ ਭੈਣੇ, ਰੋ ਰੋ ਕਿਉਂ ਦੀਦੇ ਗਾਲੇ ਨੇ। ਦੇਹ ਨੂੰ ਕੋਈ ਰੋਗ ਲੱਗਜੂ, ਫੇਰ ਸਾਰੀ ਉਮਰ ਪਛਤਾਏਂਗੀ।” “ਪਤਾ ਨੀ ਭਾਈ, ਮੇਰਾ ਮਿੰਦੀ ਕਿੱਥੇ ਹੋਣਾ !” ਗੁਆਂਢਣਾਂ ਦੇ ਸਮਝਾਉਣ ’ਤੇ ਉਸ ਦਾ ਮਨ ਕੁੱਝ ਹਲਕਾ ਹੋ ਜਾਂਦਾ। ਮੈਲ਼ੀ ਚੁੰਨੀ ਮੂੰਹ ’ਤੇ ਫੇਰ ਕੇ ਉਹ ਹੰਝੂ ਪੂੰਝਦੀ। ਜਗਤੂ ਨੂੰ ਮੌਜਾਂ ਲੱਗ ਗਈਆਂ ਸੀ। ਮਾਵਾਂ—ਧੀਆਂ ਦੀ ਕਮਾਈ ਤੇ ਨੇਕੀ ਦਾ ਸੀਰ, ਜਗਤੂ ਦੇ ਗੀਝੇ 'ਚ ਜਾਂਦਾ। ਅੱਕੀ ਹੋਈ ਲਾਜੋ ਨੇ ਕਹਿ ਵੀ ਦਿੱਤਾ — “ਜੇ ਤੇਰਾ ਬੱਬਰ ਨੀ ਭਰਦਾ, ਸਾਨੂੰ ਵੀ ਵੇਚ ਦੇ।” ਜਗਤੂ ਮੂੰਹੋਂ ਕੁੱਝ ਨਾ ਬੋਲਦਾ। ਕੌਲ਼ੇ ਲੱਗਿਆ ਚੁੱਪ—ਚਾਪ ਸੁਣਦਾ ਰਹਿੰਦਾ। ਲਾਜੋ ਦੀ ਤਕਲੀਫ ਅੱਸੂ ਤੋਂ ਸ਼ੁਰੂ ਹੋਈ ਸੀ, ਕੱਤਕ ਤੇ ਮੱਘਰ ਵੀ ਲੰਘ ਗਏ। ਪੋਹ ਵੀ ਚੜ੍ਹ ਗਿਆ ਸੀ। ਪਰ ਦੁੱਖ ਟੁੱਟੇ ਛਿੱਤਰ ਵਾਂਗੂ ਵਧਦਾ ਹੀ ਜਾ ਰਿਹਾ ਸੀ। ਪੋਹ ਦਾ ਮਹੀਨਾ ਕੜਾਕੇ ਦੀ ਠੰਡ, ਸੰਘਣੀ ਧੁੰਦ ਤੇ ਕੋਹਰੇ ਨੇ ਸਾਰੇ ਕੰਮ ਹੀ ਪ੍ਰਭਾਵਤ ਕਰ ਦਿੱਤੇ। ਲੋਕ ਬੰਦ ਕਮਰਿਆਂ ’ਚ ਹੀ ਰਜਾਈਆਂ ਦੀ ਨਿੱਘ ਮਾਣਦੇ। ਸੰਘਣੀ ਧੁੰਦ ਸੂਰਜ ਤੋਂ ਜਿੱਤ ਜਾਂਦੀ, ਸੂਰਜ ਥੋੜਾ ਜਿਹਾ ਦਿਖਾਈ ਦੇਕੇ ਫਿਰ ਲੁਕ ਜਾਂਦਾ। ਖੇਤ ਚ ਡੇਢ ਗਿੱਠ ਵਧੀਆਂ ਕਣਕਾਂ ਨੂੰ ਪਾਣੀ ਲਾਉਂਦਾ ਨੇਕੀ ‘ਠਰੂੰ—ਠਰੂੰ’ ਕਰਦਾ । ਦੰਦ ਵੱਜਦੇ ਤਾਂ ਮੋਟੇ ਖੇਸ ਦੀ ਮੁਟਕੀ ਜਿਹੀ ਮਾਰ ਲੈਣੀ। ਨੱਕਾ ਮੋੜ ਕੇ ਕੰਬਲ ਜਾਂ ਖੇਸ ਦੀ ਬੁੱਕਲ ਮਾਰ ਕੇ ਸਵੇਰ ਤੋਂ ਧੁਖਦੀ ਧੂਣੀ ’ਤੇ ਹੱਥ—ਪੈਰ ਸੇਕਦਾ। * * * ਕੜ੍ਹਾਕੇ ਦੀ ਠੰਢ ਵਿੱਚ ਸੁਰਜਣ ਹੋਰਾਂ ਲਈ ਹੁਣ ਬੋਹੜ ਦੇ ਥੜ੍ਹੇ ਹੇਠ ਆਉਣਾ ਮੁਸ਼ਕਲ ਹੋ ਗਿਆ। ਤਿੱਤਰ ਤੋਂ ਤਾਂ ਪੋਹ ਦੀ ਠੰਢ ਸਹਾਰੀ ਨਾ ਗਈ। ਉਸਨੂੰ ਨਮੂਨੀਆਂ ਹੋ ਗਿਆ। ਮੰਜੇ ਹੇਠ ਬੱਠਲ ’ਚ ਅੱਗ ਪਾ ਕੇ ਵੀ ਰੱਖੀ ਗਈ, ਰਜਾਈ ਉੱਤੇ ਕੰਬਲ ਵੀ ਜੋੜ—ਜੋੜ ਪਾਏ ਪਰ ਤਿੱਤਰ ਦਾ ਕਾਂਬਾ ਨਾ ਹਟਿਆ। ਮੁੰਡਿਆਂ ਨੂੰ ਕਹਿੰਦਾ— “ਬੱਸ, ਮੈਨੂੰ ਬੰਗਾਲੀ ਦੇ ਲੈਜੋ, ਮੈਂ ਟੱਲੀ ਵਰਗਾ ਹੋਜੂੰਗਾ।” ਮੁੰਡਿਆਂ ਨੇ ਬੋਹਾ ਬੰਗਾਲੀ ਡਾਕਟਰ ਦੇ ਵੀ ਦਾਖਲ ਰੱਖਿਆ ਪਰ ਬੁੱਢੇ ਸਰੀਰ ਤੋਂ ਨਮੂਨੀਏ ਦੀ ਮਾਰ ਝੱਲੀ ਨਾ ਗਈ ਤੇ ਉਹ ਚੱਲ ਵਸਿਆ। ਤਿੱਤਰ ਦੇ ਚਾਰੇ ਮੁੰਡਿਆਂ ਨੇ ਰਲ ਕੇ ਬਾਪੂ ਨੂੰ ਵੱਡਾ ਕੀਤਾ। ਭੋਗ ਵਾਲੇ ਦਿਨ ਕੌਲ਼ੇ ਨਾਲ ਲੱਗੇ ਬੈਠੇ ਸੁਰਜਣ ਹੋਰਾਂ ਨੂੰ ਬਹੁਤ ਦੁੱਖ ਹੋਇਆ। “ਜਿਊਂਦੇ ਜੀਅ ਕਿਸੇ ਨੇ ਪਾਣੀ ਨੀ ਪੁੱਛਿਆ, ਹੁਣ ਕਰਤਾ ਵੱਡਾ।” ਸੁਰਜਣ ਤਿੱਤਰ ਦੇ ਵੱਡੇ ਮੁੰਡੇ ਵੱਲ ਕੌੜ—ਕੌੜ ਝਾਕਿਆ। “ਲਾਅਤਾ ਵਿਹੜੇ ’ਚ ਟੈਂਟ, ਜਿਵੇਂ ਤਿੱਤਰ ਦਾ ਵਿਆਹ ਰੱਖਿਆ ਹੋਵੇ।” ਵਿਸਾਖੇ ਨੂੰ ਵਿਹੜੇ ’ਚ ਲਾਇਆ ਟੈਂਟ ਉੱਕਾ ਚੰਗਾ ਨਾ ਲੱਗਾ। “ਲੋਕ ਖਾ ਕੇ ਖੀਰ—ਜਲੇਬੀਆਂ, ਢਿੱਡ ’ਤੇ ਹੱਥ ਫੇਰੀ ਜਾਂਦੇ ਨੇ” “ਨਾਲੇ ਖਾਂਦੇ ਨੇ, ਨਾਲੇ ਨਖ਼ਰੇ ਕਰਦੇ ਨੇ, ਅਖੇ ਜਲੇਬੀਆਂ ਠੰਢੀਆਂ ਨੇ।” ਅੰਤਮ ਅਰਦਾਸ ’ਚ ਸ਼ਾਮਲ ਹੋਣ ਲਈ ਆਏ ਲੋਕ ਖਾਣੇ ਵਾਲੀਆਂ ਪਲੇਟਾਂ ਨੱਕੋ—ਨੱਕ ਭਰ—ਭਰ ਖਾ ਰਹੇ ਸੀ ਪਰ ਵਿਸਾਖੇ ਹੋਰਾਂ ਦੇ ਜਲੇਬੀਆਂ ਜਿਵੇਂ ਸੰਘ ਵਿੱਚ ਹੀ ਅਟਕ ਗਈਆਂ। “ਚਲ ਵਿਸਾਖਿਆ, ਫਤੇਗੜ੍ਹ ਚੱਲੀਏ, ਮਨੀਰਾਮ ਠੀਕ ਹੋਜੂ।” ਟੈਂਟ ਦੇ ਖੂੰਜੇ ’ਚ ਰੱਖੀ ਚਾਹ ਵਾਲੀ ਕੇਤਲੀ ’ਚੋਂ ਚਾਹ ਲੈਂਦਿਆਂ ਸੁਰਜਣ ਬੋਲਿਆ। “ਫਤੇਗੜ੍ਹ ਕਿਮੇਂ, ਬਾਈ ?” ਵਿਸਾਖੇ ਨੂੰ ਪੋਹ ਦੀ ਠੰਢ ਨਾਲ ਜ਼ੋਰ ਦੀ ਕਾਂਬਾ ਛਿੜਿਆ। ਉਹ ਚੰਗੀ ਤਰ੍ਹਾਂ ਬੋਲ ਵੀ ਨਾ ਸਕਿਆ। “ਛੋਟੇ ਸਾਹਬਜਾਦਿਆਂ ਦਾ ਮੇਲੈ, ਜੱਗਰ ਦਾ ਟਰੱਕ ਜਾਊਗਾ। ਚਲ ਦਰਸਨ—ਮੇਲਾ ਕਰ ਆਮਾਂਗੇ।” ਵਿਸਾਖਾ ਨੇੜੇ ਪਈ ਲਾਲ ਰੰਗ ਦੀ ਕੁਰਸੀ ਨੂੰ ਅਗਾਂਹ ਖਿੱਚਦਾ ਬੈਠ ਗਿਆ। “ਹਾਂ ਭਾਈ, ਜੱਗਰ ਤਾਂ ਟਰੱਕ ਆਲਾ ਹੋ ਗਿਆ। ਹੁਣ ਤੀਰਥਾਂ ਦੀ ਯਾਤਰਾ ਟਰੱਕ ’ਤੇ ਕਰਾਇਆ ਕਰੂ।” ਕੰਬਲ ਦੀ ਮੁਟਕੜੀ ਮਾਰਦਾ ਸੋਹਣਾਂ ਵੀ ਵਿੱਚ ਬੋਲ ਪਿਆ। ਉਸਨੂੰ ਯਾਦ ਆਇਆ, ਅਜੇ ਕੱਲ੍ਹ ਹੀ ਜੱਗਰ ਨਵਾਂ ਟਰੱਕ ਲਿਆਇਆ। ਸਾਰੇ ਪਿੰਡ 'ਚ ਚਰਚਾ ਛਿੜ ਗਈ। “ਬਈ, ਫਤੇਗੜ੍ਹ ਸਾਹਬ ਛੋਟੇ ਸਾਹਬਜਾਦਿਆਂ ਦੇ ਮੇਲੇ ’ਤੇ ਜੱਗਰ ਆਪਣੇ ਨਵੇਂ ਟਰੱਕ ’ਤੇ, ਪਿੰਡੋਂ ਸਵਾਰੀਆਂ ਮੁਫਤ ਲੈ ਕੇ ਜਾਊਗਾ।” ਜਗਤੂ ਅਮਲੀ ਸੱਥ ’ਚ ਕਹਿੰਦਾ— “ਸਾਲਾ, ਟਰਾਲੀ ਤੇ ਸਵਾਰੀਆਂ ਢੋਦ੍ਹਾਂ—ਢੋਦ੍ਹਾਂ ਟਰੱਕ ਲਿਆਇਆ। ਹੁਣ ਤਾਂ ਸਾਰੇ ਪਿੰਡ ਨੂੰ ਬਾਬਿਆਂ ਦੇ ਦਰਸਨ ਕਰਾ ਕੇ ਹਟੂ।” * * * ਜੱਗਰ ਨੇ ਪਹਿਲਾਂ ਦੀ ਤਰ੍ਹਾਂ ਗੁਰੂ—ਘਰ ਤੋਂ ਸੂਚਨਾਂ ਕਰਵਾ ਦਿੱਤੀ — “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਭਾਈ ਜੱਗਰ ਦਾ ਪਰਿਵਾਰ ਟਰੱਕ ਲਿਆਇਆ। ਪਰਮਾਤਮਾ ਉਹਨਾਂ ਦੀ ਕਮਾਈ 'ਚ ਬਰਕਤ ਕਰੇ। ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲੇ ’ਤੇ ਜੱਗਰ ਦਾ ਮੁੰਡਾ ਛਿੰਦਾ, ਟਰੱਕ ਲੈ ਕੇ ਜਾਊ । ਆਉਣ—ਜਾਣ ਦਾ ਕੋਈ ਕਿਰਾਇਆ ਨਹੀਂ। ਜਿਸ ਵੀਰ ਭਾਈ ਨੇ ਜਾਣੈ, ਜਾ ਸਕਦੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।” ਨੇਕੀ ਦਾ ਵੀ ਜੀਅ ਕੀਤਾ, ਸ਼ਹੀਦੀ ਜੋੜ ਮੇਲੇ ’ਤੇ ਜਾਣ ਲਈ। ਮੰਜੇ ’ਤੇ ਪਈ ਲਾਜੋ ਨੂੰ ਆਖਣ ਲੱਗਾ— “ਬੇਬੇ, ਮੈਂ ਤਾਂ ਆਪ ਜਾਊਂ।” “ਚੱਲ ਕਰ ਆ ਪੁੱਤ, ਦਰਸ਼ਨ—ਮੇਲਾ। ਜਿਮੇਂ ਤੇਰਾ ਮਨੀਂ ਰਾਮ ਮੰਨਦੈ।” “ਮੈਂ ਦੇਗ ਵੀ ਕਰਾ ਕੇ ਆਊਂ ਬੇਬੇ।” “ਚੰਗਾ ਭਾਈ, ਰੱਬ ਤੇਰੀ ਉਮਰ ਵੱਡੀ ਕਰੇ।” ਲਾਜੋ ਨੇ ਲਿਸੜੂ ਜਿਹਾ ਹੱਥ ਨੇਕੀ ਦੇ ਮੋਢੇ ’ਤੇ ਧਰਿਆ। * * * ਬਾਬੇ ਦੀ ਸੂਚਨਾ ਕੰਨੀਂ ਪੈਂਦਿਆਂ ਹੀ ਹਰ ਘਰ 'ਚੋਂ ਕਈ—ਕਈ ਜਣੇ ਜਾਣ ਲਈ ਤਿਆਰ ਹੋ ਗਏ। ਟਰੱਕ ਨੱਕੋ—ਨੱਕ ਭਰ ਗਿਆ। ਵਧੀ ਸੰਗਤ ਵੇਖ ਕੇ ਲੱਕੜ ਦੇ ਫੱਟੇ ਜੋੜ ਕੇ ਦੂਹਰੀ ਛੱਤ ਬਣਾਉਣੀ ਪਈ। ਫਿਰ ਵੀ ਕੁਝ ਸਵਾਰੀਆਂ ਛੱਡਣੀਆਂ ਪਈਆਂ। ਸਾਰੀ ਸੰਗਤ ਨੇ ਤਿੰਨ ਦਿਨ ਮੇਲਾ ਵੇਖਿਆ, ਦੀਵਾਨ ਸੁਣੇ, ਸੇਵਾ ਕੀਤੀ, ਸਾਰੇ ਗੁਰੂਦੁਆਰਿਆਂ ਦੇ ਦਰਸ਼ਨ—ਦੀਦਾਰ ਕੀਤੇ। ਤੀਜੇ ਦਿਨ ਸਾਰੀ ਸੰਗਤ ਵਾਪਸ ਆ ਗਈ ਸੀ। ਛਿੰਦੇ ਨੇ ਸੁਭਾਵਕ ਹੀ ਨੇਕੀ ਨਾਲ ਗੱਲ ਕੀਤੀ — “ਛੱਡ ਖਹਿੜਾ ਸੀਰ ਦਾ, ਮੇਰੇ ਨਾਲ ਟਰੱਕ ’ਤੇ ਚੱਲ।” “ਮਨਾਂ, ਐਥੇ ਖੇਤਾਂ 'ਚ ਦਿਨ—ਰਾਤ ਫਿਰਦੇ ਆਂ, ਸੱਪਾਂ ਦੀਆਂ ਸਿਰੀਆਂ ਮਿੱਧਦੇ। ਇਹ ਕੰਮ ਵਧੀਐ। ਟਰੱਕ ’ਤੇ ਦੂਰ—ਦੂਰ ਘੁੰਮਾਂਗੇ। ਢਾਬਿਆਂ ’ਤੇ ਭਾਂਤ—ਭਾਂਤ ਦੀਆਂ ਰੋਟੀਆਂ ਖਾਮਾਂਗੇ।” ਛਿੰਦੇ ਦੀ ਗੱਲ ਸੁਣ ਕੇ ਨੇਕੀ ਨੇ ਠੰਢੇ ਦਿਮਾਗ ਨਾਲ ਸੋਚਿਆ। “ਕਿਵੇਂ ਸੋਚੀਂ ਪੈ ਗਿਆ ! ਦੇਸਾਂ—ਪਰਦੇਸਾਂ ਦੀ ਸੈਰ ਕਰੇਂਗਾ।” ਛਿੰਦੇ ਨੇ ਨੇਕੀ ਦੀ ਚੁੱਪ ਤੋੜੀ ਤੇ ਉਸ ਦਾ ਮੋਢਾ ਵੀ ਥਾਪੜਿਆ। “ਮੈਂ ਤਿਆਰ ਆਂ ਬਾਈ।” ਨੇਕੀ ਨੇ ਹਾਂ 'ਚ ਸਿਰ ਹਿਲਾ ਦਿੱਤਾ । “ਘਰੇਂ ਵੀ ਪੁੱਛ ਲੈਂਦਾਂ।” “ਘਰੇਂ ਕੀਹਦੇ ਤੋਂ ਪੁੱਛਣੈ। ਸਾਰੀ ਉਮਰ ਹੋਗੀ ਬਾਪੂ ਦੀਆਂ ਜੇਬਾਂ ਭਰਦਿਆਂ, ਬੇਬੇ ਨੂੰ ਤਾਂ ਕੋਈ ’ਤਰਾਜ ਨੀ। ਉਹ ਨੀ ਕੋਈ ਵੱਧਮੀਂ—ਘਟਮੀਂ ਕਰਦੀ।” ਬੱਸ ਫਿਰ ਕੀ ? ਸੀਰ ਵਾਲਾ ਕੰਮ ਵਿੱਚ—ਵਿਚਾਲੇ ਹੀ ਛੱਡ ਦਿੱਤਾ। ਬਘੇਲਾ ਤਾਂ ਬਥੇਰਾ ਪਿੱਟਿਆ । “ਸਾਨੂੰ ਅੱਧ ਵਿਚਾਲੇ ਡੋਬਤਾ। ਤੇਰੇ ਬਾਪੂ ਨੇ ਤਾਂ ਕਦੇ ਧੋਖਾ ਦਿੱਤਾ ਨੀ।” ਛਿੰਦਾ ਹਿੱਕ ਤਾਣ ਕੇ ਖੜ੍ਹ ਗਿਆ । “ਬਘੇਲਿਆ, ਪੈਸੇ ਮੈਂ ਓਟਦੈਂ।” ਚਾਰ ਪੈਸੇ ਜਿਹੜੇ ਬਘੇਲ ਸੂੰਹ ਦੇ ਵਧੇ, ਨੇਕੀ ਨੇ ਛਿੰਦੇ ਤੋਂ ਫੜ ਕੇ ਉਤਾਰ ਦਿੱਤੇ । ਉਸ ਦਿਨ ਤੋਂ ਚੱਲ ਸੋ ਚੱਲ। ਪੰਜਾਬ ਤੋਂ ਉੱਤਰ ਪ੍ਰਦੇਸ਼, ਬਿਹਾਰ, ਬੰਗਾਲ, ਅਸਾਮ ਤੇ ਉਧਰੋਂ ਪੰਜਾਬ। ਨੇਕੀ ਤਾਂ ਪੱਕਾ ਕੰਡਕਟਰ ਬਣ ਗਿਆ ਸੀ। ਸਿਰ ’ਤੇ ਡੱਬੀਆਂ ਵਾਲਾ ਮੂਕਾ ਤੇ ਲੱਕ ਦੁਆਲੇ ਚਾਦਰਾ। ਹੁਣ ਤਾਂ ਉਹ ਮੁੱਛਾਂ ਵੀ ਕੁੰਢੀਆਂ ਕਰਕੇ ਰੱਖਣ ਲੱਗ ਪਿਆ । ਉਹ ਵੀ ਸਮਾਂ ਸੀ, ਖੇਤਾਂ ਦੇ ਕੰਮਾਂ 'ਚ ਰੁੱਝੇ ਹੋਏ ਨੂੰ ਕਈ—ਕਈ ਮਹੀਨੇ ਵਾਲ ਕਟਾਉਣ ਦਾ ਸਮਾਂ ਨਹੀਂ ਸੀ ਮਿਲਦਾ। ਨੇਕ ਛਿੰਦੇ ਨਾਲ ਢਾਬਿਆਂ ’ਤੇ ਭਾਂਤ—ਭਾਂਤ ਦੀਆਂ ਰੋਟੀਆਂ ਖਾਂਦਾ। ਜਦੋਂ ਕਦੇ ਬੰਗਾਲ ਜਾਂ ਅਸਾਮ ਦਾ ਗੇੜਾ ਲੱਗਦਾ ਤਾਂ ਰੋਟੀ ਖਾਣ ਨੂੰ ਨਾ ਮਿਲਦੀ। ਚੌਲ ਖਾ ਕੇ ਡੰਗ ਟਪਾਉਣਾ ਪੈਂਦਾ। * * * ਵੀਹ ਦਿਨ ਬਾਅਦ ਨੇਕੀ ਵਾਪਸ ਪਿੰਡ ਆਇਆ ਤਾਂ ਰਮਦਾਸੀਆਂ ਦੀ ਧਰਮਸ਼ਾਲਾ 'ਚ ਮੁੰਡੀਰ *ਕੱਠੀ ਹੋ ਗਈ। ਸਾਰੇ ਨੇਕ ਦੇ ਦੁਆਲ਼ੇ ਇਕੱਠੇ ਹੋ ਕੇ ਬਹਿ ਗਏ। ਗੋਧੂ ਨੇ ਸੁਲਫੇ ਦੀ ਚਿਲਮ ਤੁੰਨ—ਤੁੰਨ ਕੇ ਭਰ ਲਈ। ਵਾਰੀ ਸਿਰ ਸਾਰੇ ਸੂਟੇ ਲਾਉਂਦੇ ਰਹੇੇ। ਪਰ ਧਿਆਨ ਸਾਰਿਆਂ ਦਾ ਨੇਕੀ ਦੀਆਂ ਗੱਲਾਂ 'ਚ ਸੀ। ਨੇਕੀ ਨੇ ਵੀ ਮਸਾਲਾ ਲਾ—ਲਾ ਕੇ ਸਾਰਿਆਂ ਨੂੰ ਨਿਹਾਲ ਕਰ ਦਿੱਤਾ — “ਮਾਂ ਦਿਓ ਪੁੱਤੋ, ਵੱਡੇ—ਵੱਡੇ ਜੰਗਲਾਂ ਵਿੱਚੋਂ ਦੀ ਜਦ ਟਰੱਕ ਲੰਘਦੇ ਨੇ ਤਾਂ ਲੁਟੇਰੇ ਘੇਰ ਲੈਂਦੇ ਨੇ।” “ਸੱਚੀਂ ...... !” ਤਾਰੇ ਨੇ ਸੂਟਾ ਲਾਉਣ ਤੋਂ ਬਾਅਦ ਹੈਰਾਨੀ ਨਾਲ ਸਿਰ ਹਿਲਾਇਆ। “ਫੇਰ ਬਈ ਮੱਲਾ !” ਮੇਲੂ ਕਾਣੇ ਨੇ ਲੱਤਾਂ ਨਿਸਾਲੀਆਂ। ਉਸਦੀ ਇੱਕ ਅੱਖ 'ਚ ਬੱਜ ਹੈ। ਜਦ ਨਿਆਣਾ ਹੁੰਦਾ ਸੀ, ਖੇਡਦੇ ਜਵਾਕਾਂ ਤੋਂ ਉਸ ਦੀ ਅੱਖ 'ਚ ਲੋਹੇ ਦੀ ਮੁਖੀ ਵੱਜੀ, ਤੇ ਉਸਦੀ ਸੱਜੀ ਅੱਖ ਚਲੀ ਗਈ ਸੀ। ਹੌਲ਼ੀ—ਹੌਲ਼ੀ ਉਸ ਦਾ ਨਾਂ ਮੇਲੂ ਕਾਣਾ ਹੀ ਪੱਕ ਗਿਆ। ਉਹ ਪੰਜ ਜਮਾਤਾਂ ਪੜ੍ਹ ਕੇ ਹੀ ਉਹ ਹਟ ਗਿਆ ਸੀ। ਮਾਸਟਰ ਦੇ ਡਲਾ ਮਾਰ ਕੇ ਭੱਜ ਆਇਆ, ਫਿਰ ਡਰਦਾ ਸਕੂਲ ਹੀ ਨਾ ਵੜਿਆ। ਪੰਜ ਜਮਾਤਾਂ ਪੜ੍ਹਿਆ ਹੋਣ ਕਾਰਨ, ਨੇਕੀ ਹੋਰਾਂ ’ਚ ਉਸਦੀ ‘ਅੰਨਿਆਂ ’ਚ ਕਾਣਾ ਰਾਜਾ’ ਵਾਲੀ ਗੱਲ ਹੈ। ਬੱਸ ਅੱਡਿਆਂ ’ਤੇ ਵਿਕਦੀਆਂ ਭੜਕੀਲੀਆਂ ਕਿਤਾਬਾਂ ਉਹ ਬੜੇ ਚਾਅ ਨਾਲ ਪੜ੍ਹਦਾ ਹੈ ਤੇ ਮਸਾਲਾ ਲਾ—ਲਾ ਸਾਰਿਆਂ ਨੂੰ ਸੁਣਾਉਂਦਾ ਹੈ। “ਫੇਰ ਕੀ ? ਕਈ—ਕਈ ਗੱਡੀਆਂ ’ਕੱਠੀਆਂ ਚੱਲਦੀਆਂ ਨੇ। ਤਕੜੇ ਮਾਲਕ ਤਾਂ ਡੱਬ 'ਚ ਪਸਤੌਲ ਰੱਖਦੇ ਨੇ। ਫੈਰ ਮਾਰੋ ਮੇਰੇ ਸਾਲੇ ਡਾਕੂਆਂ ਨੂੰ ਭੱਜਦਿਆਂ ਨੂੰ ਰਾਹ ਨੀ ਥਿਆਉਂਦਾ।” “ਮੈਂ ਸੁਣਿਐਂ, ਓਧਰ ਜਨਾਨੀਆਂ ਸਸਤੀਆਂ ਨੇ ਬੇਰਾਂ ਆਂਗੂ।” ਗੋਧੂ ਨੇ ਬੁੱਲ੍ਹਾਂ ’ਤੇ ਜੀਭ ਫੇਰਦੇ ਨੇ ਕਿਹਾ। “ਆਏ ....... ਹਾਏ ...., ਉਏ ਮੈਨੂੰ ਵੀ ਲਿਆਦੇ ਇੱਕ।” ਨੇਕੀ ਦਾ ਜਵਾਬ ਜਾਣੇ ਤੋਂ ਪਹਿਲਾਂ ਹੀ ਸੋਧਾਂ ਦਾਈ ਦਾ ਮੁੰਡਾ ਚੱਡਿਆਂ 'ਚ ਹੱਥ ਦੇ ਕੇ ਤਰਲੋ ਮੱਛੀ ਹੋਇਆ। ਉਸ ਦੇ ਅੰਦਰੋਂ ਧੁੜਧੁੜੀ ਜਿਹੀ ਉੱਠੀ। ਉਸਨੂੰ ਵਿਆਹ ਦੀ ਕਾਹਲ ਪਈ ਸੀ। “ਉਏ, ਸੋਧਾਂ ਆਲਿਆ, ਪਹਿਲਾਂ ਮੇਰੀ ਗੁੱਲੀ ਤਾਂ ਦਣ ਪੈ ਜਾਣਦੇ।” ਨੇਕੀ ਨੂੰ ਤਾਂ ਆਪ ਅੱਗੇ ਕੋਈ ਚਾਨਣ ਦਿਸਦਾ ਨਜ਼ਰ ਨਹੀਂ ਸੀ ਆਉਂਦਾ। “ਨਾ ਸੱਚੀ .....! ਓਧਰ ਕਿੰਨੀਆਂ ਕੁ ਸਸਤੀਆਂ ਨੇ?” ਤਾਰੇ ਨੇ ਲੰਬੀ ਚੁੱਪ ਤੋੜੀ। “ਉਧਰ ਤਾਂ ਇੱਕ—ਇੱਕ ਕਿਲੋਮੀਟਰ ’ਤੇ ਕੋਈ ਨਾ ਕੋਈ ਬਈਆ ਰਾਣੀ ਹੱਥ ਦੇ ਦਿੰਦੀ ਐ।” “ਫਿਰ ਡੁੰਗ ਲਿਆ ਕੰਜਰ ਦਿਆ ਉਧਰੋਂ ਈ।” ਮੇਲੂ ਨੇ ਆਪਣੀ ਸੱਜੀ ਅੱਖ ਨੂੰ ਮਲ਼ਦੇ ਨੇ ਰਾਇ ਦਿੱਤੀ। “ਏਥੇ ਤਾਂ ਆਪਾਂ ਨੂੰ ਕੌਣ ਦਊ ਡੋਲ਼ੇ, ਉਧਰੋਂ ਹੀ ਲਿਔਣੀ ਪਊ।” ਨੇਕੀ ਨੇ ਭੰਗ ਨਾਲ ਰੱਜੇ ਸਾਧ ਵਾਂਗ ਸਿਰ ਹਿਲਾਇਆ। “ਉਏ ਬਈ, ਆਹ ਤੇਰੀ ਕਤਾਬ ’ਚੋਂ ਤਾਂ ਸਣਾ ਦੇ ਕੋਈ ਕਹਾਣੀ।” ਤਾਰੇ ਨੇ ਮੇਲੂ ਨੂੰ ਕਿਹਾ। ‘ਰਾਤ ਦੀ ਮਸਤੀ’ ਨਾਂ ਦੀ ਕਿਤਾਬ ਉਹ ਆਪਣੀ ਕੱਛ ’ਚ ਲਈ ਫਿਰਦਾ ਸੀ। “ਅੱਜ ਰਾਤ ਨੂੰ ਪੜੂੰਗਾ, ਕੱਲ੍ਹ ਨੂੰ ਸਾਰਿਆਂ ਨੂੰ ਸਣਾਊਂਗਾ। ਏਦੇ ’ਚ ਤੀਮੀਆਂ ਵਸ ’ਚ ਕਰਨ ਦੇ ਤਰੀਕੇ ਨੇ।” “ਫੇਰ ਤਾਂ ਛੋਟਿਆ ਜਰੂਰ ਸਣਾਈਂ। ਕੋਈ ਇੱਕ—ਨੱਦੀ ਆਪਾਂ ਬੀ ਵਸ ’ਚ ਕਰਲਾਂਗੇ।” ਗੋਧੂ ਨੂੰ ਵੀ ਅੱਚਵੀ ਲੱਗੀ ਹੋਈ ਸੀ। ਸਾਰੀ ਮੁੰਡੀਰ ਬਾਰਾਂ ਵਜੇ ਤਕ ਇੱਧਰ—ਉੱਧਰ ਦੀਆਂ ਗੱਲਾਂ ਕਰਦੀ ਰਹੀ। ਲੋਕ ਚਾਨਣੀ ਰਾਤ ਹੇਠ ਘੂਕ ਸੁੱਤੇ ਪਏ ਸੀ। ਟਿਕੀ ਰਾਤ ਨੂੰ ਰੋਟੀ ਦੇ ਟੁਕੜੇ ਵਰਗਾ ਚੰਨ ਪਹਿਰਾ ਦੇ ਰਿਹਾ ਸੀ। ਜਦੋਂ ਸੜਕ ਤੋਂ ਕਿਸੇ ਟਰੈਕਟਰ—ਟਰਾਲੀ ਜਾਂ ਹੋਰ ਸਾਧਨ ਨੇ ਲੰਘਣਾ ਤਾਂ ਸੜਕਾਂ ਕੰਢੇ ਸੁੱਤੇ ਪਏ ਕੁੱਤਿਆਂ ਨੇ ਇਕਦਮ ਉੱਠ ਖੜੋਣਾਂ ਤੇ ਭੌਕਣਾ ਸ਼ੁਰੂ ਕਰ ਦੇਣਾ। “ਚਲੋ ਬਾਈ ...., ਸਵੇਰੇ ਮਿਲਾਂਗੇ।” ਨੇਕੀ ਦੀਆਂ ਅੱਖਾਂ 'ਚ ਨੀਂਦ ਰੜਕ ਰਹੀ ਸੀ। ਉਸਦੇ ਉੱਠਣ ਸਾਰ ਹੀ ਸਾਰੀ ਮੁੰਡੀਰ ਆਪੋ—ਆਪਣੇ ਟਿਕਾਣਿਆਂ ਵੱਲ ਚੱਲ ਪਈ।

ਉੱਨੀ

ਇਸ ਵਾਰ ਕੇਲਿਆਂ ਦਾ ਲੱਦਿਆ ਟਰੱਕ ਲੈ ਕੇ ਛਿੰਦਾ ਤੇ ਨੇਕ ਪਿੰਡ ਪਹੁੰਚੇ। ਐਤਕੀ ਉਹ ਡੇਢ ਮਹੀਨੇ ਬਾਅਦ ਵਾਪਸ ਪਰਤੇ। ‘ਆਹ ਕੀ !’ ਨੇਕੀ ਨੂੰ ਵੇਖ ਕੇ ਸਾਰਾ ਪਿੰਡ ਦੰਦਾਂ ਥੱਲੇ ਜੀਭਾਂ ਦਬਾ ਕੇ ਵੇਖਣ ਲੱਗਾ। ਲੋਕਾਂ ਦੇ ਸਰੀਰ ਹੀ ਸੁੰਨ ਹੋ ਗਏ। ਨੇਕੀ ਦੇ ਹੱਥ 'ਚ ਹੱਥ ਪਾਈ ਇੱਕ ਸਾੜ੍ਹੀ ਵਾਲੀ ਔਰਤ ਟਰੱਕ ਤੋਂ ਉੱਤਰੀ। ਵਿਹੜੇ ਦੀਆਂ ਔਰਤਾਂ ਗੱਲਾਂ ਕਰਨ ਲੱਗੀਆਂ — “ਨਪੁੱਤਿਆਂ ਦੀਓ ! ਇਹ ਤਾਂ ਬੰਗਾਲਣ ਲਿਆਇਆ।” “ਇਹ ਤਾਂ ਜੱਗਰ ਕੇ ਛਿੰਦੇ ਦੀ ਕਰਾਮਾਤ ਐ।” ਜਿੰਨੇ ਮੂੰਹ ਉਨੀਆਂ ਗੱਲਾਂ। “ਬਈ ਇਹਨੇ ਤਾਂ ਗਾਰ ’ਚੋਂ ਗਾਂ ਕੱਢਤੀ।” ਸਾਰੇ ਪਿੰਡ 'ਚ ਗੱਲ ਉੱਡ ਗਈ। “ਨੇਕੀ ਮੁੱਲ ਦੀ ਤੀਮੀਂ ਲਿਆਇਆ।” ਜਗਤੂ ਦੇ ਘਰ *ਕੱਠ ਬੱਝ ਗਿਆ ਜਿਵੇਂ ਉਸ ਦੇ ਘਰ ਕੌਰੂ ਦੇ ਖਜ਼ਾਨੇ ਦੀ ਦੱਸ ਪਈ ਹੋਵੇ। ਨੇਕੀ ਨੂੰ ਤੱਕਦਿਆਂ ਸਾਰ ਹੀ, ਮੰਜੇ ’ਤੇ ਪਈ ਲਾਜੋ ਦੇ ਮੁਰਝਾਏ ਚਿਹਰੇ ’ਤੇ ਰੌਣਕ ਪਰਤ ਆਈ ਸੀ— “ਚਲ ਆਹ ਕੰਮ ਤਾਂ ਪੁੱਤ ਤੂੰ ਬਲਾਂਈਂ ਸੋਹਣਾ ਕੀਤਾ।” ਉਸ ਨੇ ਬੂਹੇ ’ਤੇ ਖੜੇ ਨੇਕੀ ਤੇ ਬੰਗਾਲਣ ਦਾ ਸਿਰ ਪਲ਼ੋਸਿਆ। “ਤੁਸੀਂ ਖੜ੍ਹੋ ਪੁੱਤ, ਮੈਂ ਪਾਣੀ ਤਾਂ ਵਾਰ ਲਾਂ।” ਉਸਦੇ ਸਰੀਰ ਚ ਹੁਣ ਸਾਹ—ਸਤ ਨਹੀਂ ਸੀ ਰਿਹਾ, ਫਿਰ ਵੀ ਉਹ ਗੜਵੀ 'ਚ ਪਾਣੀ ਪਾ ਲਿਆਈ। ਮੇਲੂ ਥੜ੍ਹੇ ’ਤੋਂ ਬੋਹੜ ਦੇ ਪੱਤੇ ਤੋੜ ਲਿਆਇਆ। ਲਾਜੋ ਨੇ ਚਾਵਾਂ ਨਾਲ ਨੂੰਹ—ਪੁੱਤ ਦੇ ਸਿਰ ਤੋਂ ਪਾਣੀ ਵਾਰਿਆ। ਦੋ ਚਾਰ ਆਂਢਣਾਂ—ਗੁਆਂਢਣਾਂ ਨੇ ਵੀ ਪਾਣੀ ਵਾਰਨ ਦੀ ਰਸਮ ਪੂਰੀ ਕੀਤੀ। “ਹੁਣ ਮੇਰੀ ਜਾਨ ਸੌਖੀ ਨਿਕਲਜੂਗੀ, ਪੁੱਤ।” ਮੰਜੇ ’ਤੇ ਬੈਠੀ ਲਾਜੋ ਵਾਰ—ਵਾਰ ਨੇਕੀ ਨੂੰ ਅਸੀਸਾਂ ਦੇ ਰਹੀ ਸੀ। ਲੋਕ ਜਿੱਥੇ ਜਗਤੂ ਤੇ ਲਾਜੋ ਨੂੰ ਵਧਾਈਆਂ ਦੇ ਰਹੇ ਸੀ, ਉੱਥੇ ਛਿੰਦੇ ਨੂੰ ਵੀ ਵਧਾਈਆਂ ਮਿਲ ਰਹੀਆਂ ਸੀ। “ਪੁੱਤ ਤੈਨੂੰ ਵਧਾਈਆਂ, ਚਲ ਇਹਦਾ ਘਰ ਵਸਦਾ ਕਰਤਾ।” “ਫੇਰ ਡੁੰਗ ਹੀ ਲਿਆਇਆ ਨੇਕ ਸਿਆਂ।” ਮੇਲੂ ਨੇ ਬੁੱਲ੍ਹਾਂ ’ਤੇ ਜੀਭ ਫੇਰਦੇ ਨੇ ਕਿਹਾ। ਮੇਲੂ ਹੋਰਾਂ ਨੂੰ ਜਿਵੇਂ ਹੀ ਖਬਰ ਮਿਲੀ, ਇਕੱਠੇ ਹੋ ਕੇ ਪਹੁੰਚ ਗਏ । “ਕਿੰਨੇ ਦੀ ਲਿਆਇਆ ਉਏ ?” ਤਾਰੇ ਨੇ ਜ਼ਰਦਾ ਬੁੱਲ੍ਹਾਂ 'ਚ ਧਰਦੇ ਨੇ ਪੁੱਛਿਆ। “ਬਾਈ, ਦੁੱਕੀ ਨੀ ਲੱਗੀ।” “ਜਗਤ ਸਿਆਂ, ਮੁੰਡੇ ਨੇ ਵਾਹਵਾ ਹਿੰਮਤ ਮਾਰੀ।” ਦੁੱਲੇ ਨੂੰ ਜਿੱਥੇ ਨੇਕੀ ਦੇ ਘਰ ਵਸਣ ਦੀ ਖੁਸ਼ੀ ਹੋਈ, ਉੱਥੇ ਹੀ ਆਪਣੇ ਰੰਡੇ ਹੋਣ ਦਾ ਪਛਤਾਵਾ ਵੀ ਹੋਇਆ। “ਪਿੰਡ 'ਚ ਤਾਂ ਕਿਸੇ ਨੇ ਹੂਲਾ ਫੱਕਿਆ ਨੀ। ਚਲ ਆਪਣੀ ਹਿੰਮਤ ਨਾਲ ਵਸਦਿਆਂ 'ਚ ਹੋ ਗਿਆ।” ਜਗਤੂ ਬੋਲਿਆ। ਦਿਨ ਢਲਦੇ ਤੱਕ ਜਗਤੂ ਦੇ ਘਰ ਲੋਕਾਂ ਦਾ ਆਉਣ—ਜਾਣ ਬਣਿਆ ਰਿਹਾ। ਹਰ ਕੋਈ ਬੰਗਾਲਣ ਨੂੰ ਵੇਖਣ ਲਈ ਕਾਹਲ਼ਾ ਸੀ। ਸੂਰਜ ਢਲਣ ਤੋਂ ਬਾਅਦ ਤੀਵੀਆਂ ਦੀ ਭੀੜ ਕੁੱਝ ਘਟ ਗਈ ਸੀ। ਨਸੀਰਾਂ ਸਭ ਕੁੱਝ ਵੇਖ ਕੇ ਹੈਰਾਨ ਸੀ ਤੇ ਡਰੀ ਹੋਈ ਵੀ। ਪੱਗਾਂ ਵਾਲੇ ਸਰਦਾਰ ਵੇਖ ਕੇ ਉਹ ਹੋਰ ਵੀ ਹੈਰਾਨ ਸੀ। “ਆਜਾ ਹੁਣ, ਸਾਡੇ ਬੀ ਪੱਲੇ ਪਾ ਦੇ ਕੁਛ।” ਤਾਰਾ, ਮੇਲੂ, ਗੋਧੂ ਹੋਰੀਂ ਨੇਕੀ ਨੂੰ ਖਿੱਚ ਕੇ ਬਾਹਰ ਵੱਲ ਲੈ ਗਏ। “ਸਾਲ਼ਿਆ, ਮੂੰਹ ਤਾਂ ਮਿੱਠਾ ਕਰਾ ਦੇ।” ਮੇਲੂ ਨੇ ਨੇਕੀ ਨੂੰ ਕਰਾਰੀ ਜਿਹੀ ਗਾਲ਼ ਵੀ ਕੱਢੀ। “ਕੋਈ ਨਾ ਭਰਾਵੋ, ਆਪਾਂ ਪਾਲਟੀ ਕਰਾਂਗੇ।” “ਆਜੋ ਉਏ, ਸਕੂਲ ’ਚ ਚੱਲਦੇ ਆਂ, ਓਥੇ ਗੱਲਾਂ ਕਰਾਂਗੇ, ਨਾਲੇ ਨੇਕੀ ਦੀਆਂ ਸੁਣਾਂਗੇ।” ਤਾਰੇ ਨੇ ਸਾਰਿਆਂ ਨੂੰ ਸਲਾਹ ਦਿੱਤੀ। “ਥਿਆਈ ’ਚ ਨੀ ਚੱਲਦੇ ?” ਨੇਕ ਨੇ ਪੁੱਛਿਆ। “ਨਾ ਯਰ, ਓਥੇ ਤਾਂ ਹੁਣ ਗੇਟ ਨੂੰ ਜਿੰਦਾ ਲਾ ਕੇ ਰੱਖਦੇ ਨੇ। ਪੰਚੈਤ ਕੈਂਦ੍ਹੀ, ਆਹ ਲਾਧੜੂ ਗੰਦ ਪਾਉਂਦੇ ਨੇ। ਆਪਾਂ ਨੂੰ ਈ ਕੈਂਦ੍ਹੇ ਸੀ।” ਗੋਧੂ ਨੇ ਨੇਕੀ ਨੂੰ ਸਾਰੀ ਗੱਲ ਦੱਸ ਦਿੱਤੀ। “ਚਲੋ ਫੇਰ, ਸਕੂਲ ਚੱਲਦੇ ਆਂ।” ਨੇਕੀ ਨੇ ਹੁੰਗਾਰਾ ਭਰਿਆ ਤਾਂ ਸਾਰੇ ਸਕੂਲ ਨੂੰ ਹੋ ਤੁਰੇ। * * * ਉਹ ਨਵੇਂ ਬਣੇ ਕਮਰੇ ਦੀ ਓਟ ਲੈ ਕੇ ਬੈਠ ਗਏ। ਗੋਧੂ ਨੇ ਤਾਂ ਬੈਠਣ ਸਾਰ ਚਿਲਮ ਭਰਨੀ ਵੀ ਸ਼ੁਰੂ ਕਰ ਦਿੱਤੀ। “ਫੇਰ ਬੰਗਾਲਣ ਕਿਮੇ ਪੱਟੀ ਉਏ ?” ਮੇਲੂ ਇੱਟ ਹੇਠਾਂ ਰੱਖ ਕੇ, ਬੈਠ ਗਿਆ। “ਰਪੀਈਆ ਪੰਜ ਜਾਰ੍ਹ ਲੱਗਿਐ। ਛਿੰਦੇ ਨੇ ਗਿਣ ਕੇ ਅਗਲਿਆਂ ਦੀ ਥੇਲੀ ’ਤੇ ਧਰ ਤੇ। ਨਸੀਰਾਂ ਦਾ ਹੱਥ ਮੇਰੇ ਹੱਥ ’ਚ ਫੜਾ ਤਾ।” “ਅੱਛਿਆ ! ਸਾਡੀ ਨਮੀਂ ਭਾਬੀ ਦਾ ਨਾਂ ਨਸੀਰੈਂ।” ਸੂਟਾ ਲਾ ਕੇ ਧੂੰਆਂ ਪਰ੍ਹਾਂ ਛੱਡਦਾ ਤਾਰਾ ਬੋਲਿਆ। “ਨਾ ਫਿਰ, ਗੱਲ ਕਿਮੇਂ ਬਣੀ ਬਾਈ ?” ਸੋਧਾਂ ਦਾਈ ਦੇ ਮੁੰਡੇ ਨੇ ਪੁੱਛਿਆ। ਉਹ ਨੇਕੀ ਦਾ ਪੁਰਾਣਾ ਆੜੀ ਐ। “ਮੋਗੇ ਦਾ ਪੰਜਾਬੀ ਰੈਂਦ੍ਹੈ ਓਧਰ। ਓਹਨੇ ਗੱਲ ਚਲਾਈ ਸੀ। ਉਹਦਾ ਕਲਕੱਤੇ ਢਾਬੈ, ਨਾਲ ਆਾ ਕੁੱਤੇ ਬਿੱਲੇ ਬੀ ਕਰਦੈ।” ਗੋਧੂ ਨੇ ਚਿਲਮ ਦਾ ਸੂਟਾ ਲਾ ਕੇ, ਚਿਲਮ ਨੇਕੀ ਮੂਹਰੇ ਕਰ ਦਿੱਤੀ। “ਲੈ ਬਾਈ।” “ਨਾ ਬਈ ਗੋਧੂ। ਚਿਲਮ ਦੀ ਭਲ ਨੀ ਹੁਣ ਉੱਠਦੀ। ਹੁਣ ਤਾਂ ਕਾਲ਼ੀ ਨਾਗਣੀ ਹਲਕ ਥਾਣੀਂ ਟਪਾਈ ਦੀ ਐ।” ਨੇੇਕੀ ਨੇ ਸੂਟਾ ਲਾਉਣ ਤੋਂ ਸਾਫ਼ ਨਾਂਹ ਕਰ ਦਿੱਤੀ ਸੀ। ਗੱਲਾਂ ਕਰਦਿਆਂ ਸ਼ਾਮ ਹੋ ਗਈ। ਸੁਲਫ਼ੇ ਦੇ ਸੂਟੇ ਲਾ ਕੇ ਗੋਧੂ ਹੋਰਾਂ ਤਾਂ ਆਪਣੀ ਭਲ਼ ਪੂਰੀ ਕਰ ਲਈ ਸੀ। * * * ਸਵੇਰ ਹੋਣ ’ਤੇ ਸਾਰਾ ਟੱਬਰ ਜਾਗ ਪਿਆ। ਜਗਤੂ ਤਾਂ ਬਾਬੇ ਦੇ ਬੋਲਦਿਆਂ ਸਾਰ ਹੀ ਬਾਹਰ ਚਲਾ ਗਿਆ। ਨੇਕੀ ਨੇ ਆਪ ਹੀ ਉੱਠ ਕੇ ਚਾਹ ਬਣਾਈ, ਬਾਟੀਆਂ ਚ ਪਾ ਕੇ, ਮੰਜੇ ’ਤੇ ਬੈਠੀਆਂ ਲਾਜੋ ਤੇ ਨਸੀਰਾਂ ਨੂੰ ਫੜਾ ਦਿੱਤੀ। “ਨਸੀਰਾਂ, ਅੱਗੇ ਤੋਂ ਮਾਂ ਨੂੰ ਚਾਹ, ਤੂੰ ਬਣਾ ਕੇ ਦੇਣੀ ਐ।” “ਹੂੰ ” ਉਸਨੇ ਹੁੰਗਾਰਾ ਭਰਿਆ। ਚਾਹ ਪੀਂਦੀ ਨਸੀਰਾਂ, ਨੇਕੀ ਦੀ ਗੱਲ ਸਮਝ ਗਈ। “ਹੋਰ ਬੇਬੇ, ਹੁਣ ਤਾਂ ਠੀਕ ਐਂ ?” ਚਾਹ ਦਾ ਗਲਾਸ ਲੈ ਕੇ ਨੇਕੀ ਵੀ ਮਾਂ ਵਾਲੇ ਮੰਜੇ ’ਤੇ ਬੈਠ ਗਿਆ। “ਠੀਕ ਆਂ ਪੁੱਤ, ਥੋਨੂੰ ਦੇਖ ਕੇ। ਊਂ ਹੁਣ ਮੈਥੋਂ ਜਾਦੇ ਤੁਰਿਆ—ਫਿਰਿਆ ਨੀ ਜਾਂਦਾ।” “ਦਵਾਈ ਕਿੱਥੋਂ ਲਿਆਂਦੀ ਐ, ਬੇਬੇ ?” “ਦਵਾਈ ਤਾਂ ਨੇਕੂ ਪੁੱਤਾ, ਜਸਵੰਤ ਹੋਰੀਂ ਦਵਾ ਲਿਆਏ ਸੀ। ਐਧਰੋਂ .... ਜੈ ਰੋਏ ਦਾ ਕੀ ਨਾਂ ਐ ... ਹਾਂ ਸੱਚ ... ਬੀਕਾਨੇਰ ।” “ਜਸਵੰਤ ਬੀ ਵਧੀਆ ਬੰਦੈ, ਬੇਬੇ। ਬਘੇਲਾ ਊਂਈ ਮਾੜਾ ਕੈਂਅਦੈ ਓਹਨੂੰ।” “ਆਪਾਂ ਤਾਂ ਪੁੱਤ, ਓਹਨੇ ਬਚਾ ’ਤੇ ਰੱਬ ਵਰਗੇ ਬੰਦੇ ਨੇ। ਮੈਂ ਤਾਂ ਸਾਰੀ ਉਮਰ ਨੀ ਓਹਦਾ ਗੁਣ ਭੁੱਲਦੀ ਪੁੱਤ।” “ਪਰਮਾਤਮਾ ਓਅਦੇ ਬੱਚੜੇ ਜਿਉਂਦੇ ਰੱਖੇ।” ਫਿਰ ਲਾਜੋ ਨੇ ਦੋਵੇਂ ਹੱਥ ਉੱਪਰ ਵੱਲ ਕਰ ਕੇ ਜਸਵੰਤ ਲਈ ਦੁਆਵਾਂ ਮੰਗੀਆਂ। ਕੋਲ ਬੈਠੀ ਨਸੀਰਾਂ ਦੇ ਇਹ ਗੱਲਾਂ ਸਮਝ ਨਹੀਂ ਸੀ ਆ ਰਹੀਆਂ। “ਦਵਾਈ ਦਾ ਨਾਂਗਾ ਨਾ ਪਾਇਆ ਕਰ, ਟੈਮ ਸਿਰ ਲੈ ਲਿਆ ਕਰ।” “ਕੀ ਕਰਾਂ ਪੁੱਤ ! ਮੈਨੂੰ ਤਾਂ ਗੋਲ਼ੀਆਂ ਦੇਖ ਕੇ ਉਲਟੀ ਔਣ ਆਲ਼ੀ ਹੋ ਜਾਂਦੀ ਐ।” “ਹੌਂਸਲਾ ਰੱਖ ਬੇਬੇ, ਠੀਕ ਹੋਜੇਂਗੀ। ਮੈਂ ਸਰਹੰਦ ਦੇਗ ਤਾਂ ਕਰਾ ਕੇ ਆਇਆ ਸੀ।” “ਏਹ ਤਾਂ ਦੂਈ ਬਮਾਰੀ, ਕਈਆਂ ਨੂੰ ਚਿੰਬੜਗੀ, ਪੁੱਤ। ਬਾਂਗਰੋ ਨੂੰ, ਛਿੰਦੋ ਖਾਲਸਣੀ ਨੂੰ ਤੇ ਹੋਰ ਬੀ ਕਈਆਂ ਨੂੰ।” “ਸਭ ਦਾ ਭਲਾ ਹੋਊ, ਬੇਬੇ।” * * * ਸੱਚਮੁੱਚ ਹੀ ਪੀਰਾਂਵਾਲੀ 'ਚ ਕੈਂਸਰ ਦੀ ਬਿਮਾਰੀ ਨੇ ਆਪਣੀਆਂ ਜੜ੍ਹਾਂ ਲਾ ਲਈਆਂ । ਇਸ ਭਿਆਨਕ ਤੇ ਜਾਨਲੇਵਾ ਬੀਮਾਰੀ ਦੀ ਮਾਰ ਝੱਲਦੇ ਕਈ ਮਰੀਜ਼ ਮੰਜੇ 'ਚ ਪਏ ਹਨ। ਪਿੰਡ 'ਚ ਔਰਤਾਂ ਸਿਰ ਜੋੜ—ਜੋੜ ਗੱਲਾਂ ਕਰਦੀਆਂ ਹਨ — “ਨੀਂ ਭੈਣੇ ! ਤੇਲੂ ਨਾਈ ਦੇ ਘਰੋਂ ਬਾਗਰੋਂ ਨੂੰ ਤਾਂ ਦੂਜੀ ਬਮਾਰੀ ਐ।” “ਕੱਲੀ ਬਾਂਗਰੋਂ ਕੀ ! ਆਪਣੀ ਲਾਜੋ, ਰੂਪ ਦੀ ਮਾਂ ਬਸੰਤੀ ਤੇ ਰਾ—ਸਿੱਖਾਂ ਦੇ ਮਿੰਦੀ ਦੀ ਬਹੂ ਛਿੰਦੋ ਤੇ ਨਰੰਜਨ ਖਾਲਸੇ ਨੂੰ ਵੀ ਦੂਜੈ। ਉਂ.... ਹੂੰ.... ਊਂ.... ਬਸ ਦੇਖੀਆਂ ਨੀ ਜਾਂਦੀਆਂ।” ਦੱਸਣ ਵਾਲੀ ਨੇ ਮੂੰਹ 'ਚ ਚੁੰਨੀ ਥੁੰਨ ਲਈ। ਜਿਵੇਂ ਉਸਨੂੰ ਉਲਟੀ ਆਉਂਦੀ ਹੋਵੇ। “ਲਾਜੋ ਦਾ ਤਾਂ ਕਹਿੰਦੇ ਫਿਸ ਗਿਆ।” “ਹੂੰ ! ਖੂਨ ਦੀਆਂ ਉਲਟੀਆਂ ਵੀ ਲੱਗ ਗੀਆਂ।” “ਕਹਿੰਦੇ, ਦੋ—ਚਾਰ ਦਿਨ ਈ ਕੱਟੂ।” “ਇਹਦਾ ਤਾਂ ਕਹਿੰਦੇ ਭਾਈ ਲਾਜ ਵੀ ਬੀਕਾਨੇਰ ਐ।” “ਐਨੀ ਦੂਰ ਗਰੀਬ—ਗੁਰਬਾ ਕਿੱਥੇ ਵਗਜੂ ਭਾਈ। ਸਿਰ ਦੁੱਖਦੇ ਦੀ ਗੋਲ਼ੀ ਤਾਂ ਲਈ ਨੀਂ ਜਾਂਦੀ।” ਹੁਣ ਤਾਂ ਇਸ ਬੀਮਾਰੀ ਦੀਆਂ ਗੱਲਾਂ ਦਾ ਸਿਲਸਿਲਾ ਨਿਰੰਤਰ ਚਲਦਾ ਹੀ ਰਹਿੰਦਾ ਹੈ। ਜਸਵੰਤ ਨੇ ਆਪਣੀ ਜਾਣ—ਪਛਾਣ ਵਾਲੇ ਪੱਤਰਕਾਰ ਨੂੰ ਸੱਦਾ ਦਿੱਤਾ— “ਜਤਿੰਦਰ ਸਾਹਬ, ਇੱਕ ਵਾਰ ਸਾਡੇ ਪਿੰਡ 'ਚ ਆ ਕੇ ਤਾਂ ਵੇਖੋ।” “ਕੀ ਗੱਲ ਜਸਵੰਤ ਜੀ, ਸੁੱਖ ਤਾਂ ਹੈ।” “ਕੋਈ ਪੀਣ ਵਾਲੇ ਪਾਣੀ ਦੀ ਸਹੂਲਤ ਨੀ। ਮਰੀਜ ਮੰਜਿਆਂ 'ਚ ਪਏ, ਬਿਨਾਂ ਇਲਾਜ ਤੋਂ ਤੜਫ ਰਹੇ ਨੇ। ਸਰਕਾਰਾਂ ਨੀ ਸਾਡੀ ਬਾਂਹ ਫੜਦੀਆਂ।” ਜਸਵੰਤ ਦੇ ਸੱਦੇ ਤੇ ਪੱਤਰਕਾਰਾਂ ਦੀ ਟੀਮ ਪਿੰਡ ਆਈ। ਘਰ—ਘਰ ਜਾ ਕੇ ਕੈਂਸਰ ਪੀੜਤ ਮਰੀਜ਼ਾਂ ਦੀ ਖ਼ਬਰਸਾਰ ਲਈ। ਸਾਰਾ ਪਿੰਡ *ਕੱਠਾ ਹੋ ਗਿਆ। ਖ਼ਬਰ ਫ਼ੈਲ ਗਈ । “ਪਿੰਡ 'ਚ ਧੂਤਨਿਆਂ ਵਾਲੇ ਆਏ ਨੇ।” ਜਸਵੰਤ ਪੱਤਰਕਾਰਾਂ ਦੀ ਟੀਮ ਦੀ ਅਗਵਾਈ ਕਰ ਰਿਹਾ ਸੀ। “ਤੁਸੀ ਹਾਲ ਤਾਂ ਵੇਖੋ, ਜਤਿੰਦਰ ਜੀ, ਇਹਨਾਂ ਲੋਕਾਂ ਦਾ।” “ਹੂੰ ....., ਬਹੁਤ ਮਾੜੀ ਜੂਨ ਹੰਢਾ ਰਹੇ ਨੇ।” ਜਤਿੰਦਰ ਪੱਤਰਕਾਰ ਆਪਣੀ ਰੋਜ਼ਾਨਾ ਡਾਇਰੀ ’ਚ ਸਾਰੀ ਜਾਣਕਾਰੀ ਦਰਜ ਕਰਦਾ ਬੋਲਿਆ। “ਕੋਈ ਖਬਰ ਬਣਾ—ਸਵਾਰ ਕੇ ਲਾਉ ਕਿ ਪ੍ਰਸ਼ਾਸ਼ਨ ਦੀਆਂ ਅੱਖਾਂ ਖੁੱਲ੍ਹ ਜਾਣ।” “ਜਸਵੰਤ ਜੀ, ਆਪਾਂ ਕਸਰ ਨੀ ਛੱਡਦੇ। ਬਾਕੀ ਰਹੀ, ਸਰਕਾਰ ਦੀ ਗੱਲ।” “ਚਲੋ, ਗਰੀਬਾਂ ਨੂੰ ਕੋਈ ਮਦਾਦ ਮਿਲਜੇ ਜੀ।” ਜਗਤੂ ਨੇ ਪੱਤਰਕਾਰ ਦੇ ਨੇੜੇ ਹੁੰਦਿਆਂ, ਹੱਥ ਜੋੜ ਕੇ ਬੇਨਤੀ ਕੀਤੀ। ਉਸ ਦੀਆਂ ਅੱਖਾਂ 'ਚ ਬੇਵਸੀ ਤੇ ਚਿਹਰੇ ਤੇ ਆਸ ਦੀ ਕਿਰਨ ਸੀ। ਅਗਲੇ ਦਿਨ ਕਈ ਅਖਬਾਰਾਂ 'ਚ ਪੂਰੀ ਵੱਡੀ ਖਬਰ ਛਪੀ — “ਪਿੰਡ ਪੀਰਾਂਵਾਲੀ ਕੈਂਸਰ ਦੀ ਮਾਰ ਹੇਠ — ਮਰੀਜਾਂ ਦੀ ਗਿਣਤੀ ਵੱਧ ਕੇ ਦਸ ਹੋਈ — ਸਰਕਾਰ ਤੋਂ ਮੁਆਵਜੇ ਦੀ ਮੰਗ।” ਕੈਂਸਰ ਪੀੜਤ ਪਰਿਵਾਰਾਂ ਦੇ ਮਨ ਚ ਆਸ ਦੀ ਕਿਰਨ ਜਾਗੀ — “ਚਲੋ ........, ਹੁਣ ਤਾਂ ਸਰਕਾਰ ਮਦਾਦ ਜਰੂਰ ਕਰੂ।” ਪਰ ਖ਼ਬਰ, ਸਿਰਫ਼ ਅਖ਼ਬਾਰੀ ਖਬਰ ਬਣ ਕੇ ਰਹਿ ਗਈ। * * * ਨੇਕੀ ਨੇ ਇਸ ਵਾਰ ਛਿੰਦੇ ਨੂੰ ਜਾਣ ਲਈ ਜਵਾਬ ਦੇ ਦਿੱਤਾ — “ਬਾਈ, ਬੇਬੇ ਵਾਹਵਾ ਕੰਡਮ ਲੱਗਦੀ ਐ। ਇੱਕ ਗੇੜੇ ਵਾਸਤੇ ਕੋਈ ਹੋਰ ਪ੍ਰਬੰਧ ਕਰਲੈ।” “ਤੂੰ ਚਾਚੀ ਨੂੰ ਸਮਾਲ, ਆਪਣਾ ਤਾਂ ਰੰਡੀ ਰੋਣਾ ਚੱਲਦਾ ਈ ਰਹੂ।” ਛਿੰਦੇ ਨੇ ਨੇਕੀ ਦੀ ਪਿੱਠ ਥਾਪੜ ਕੇ ਉਸ ਨੂੰ ਬੇਫ਼ਿਕਰ ਕਰ ਦਿੱਤਾ। ਨੇਕੀ ਹੁਣ ਘਰ ਸੀ, ਮਾਂ ਦੀ ਦੇਖਭਾਲ ਲਈ। “ਤਾਏ ਜਸਵੰਤ ਨੂੰ ਪੁੱਛ ਕੇ ਆ, ਬੀ ਬਣੂ ਕੁਛ ? ਖਬਰਾਂ ਤਾਂ ਲੱਗੀਆਂ ਸੀ।” ਨੇਕੀ ਨੇ ਜਗਤੂ ਨੂੰ ਜਸਵੰਤ ਕੋਲ ਜਾਣ ਦੀ ਸਲਾਹ ਦਿੱਤੀ। “ਹੂੰ ਹੂੰ , ਮੈਂ ਪੁੱਸ਼ ਕੇ ਔਣੈ।” ਜਗਤੂ ਜਸਵੰਤ ਦੇ ਘਰ ਗਿਆ ਤਾਂ ਅੱਗੋਂ ਹਰਦੀਪ ਮਿਲੀ। ਉਹ ਕਹਿਣ ਲੱਗੀ— “ਉਹ ਤਾਂ ਸ਼ਹਿਰ ਗਏ ਨੇ, ਚਾਚਾ ਹਵੇਲੀ ’ਚ ਐ, ਉਹਨੂੰ ਪੁੱਛ ਲੈ।” ਹਰਦੀਪ ਦੇ ਕਹਿਣ ਤੇ ਜਗਤੂ ਹਵੇਲੀ ਵੱਲ ਚੱਲ ਪਿਆ। ਘੂਤਰ ਫੌੜ੍ਹੇ ਨਾਲ ਗੋਹਾ ਖਿੱਚ ਕੇ ਹਟਿਆ ਸੀ। “ਬਣੂੰ ਚਾਚਾ ਸਿਆਂ, ਕੁਸ਼ ?” “ਗਰੀਬਾਂ ਦੀਆਂ ਹੂਕਾਂ ਕੌਣ ਸੁਣਦੈ, ਜਗਤਿਆ।” ਘੂਤਰ ਬੋਲਿਆ। “ਇਹ ਵੀ ਮੇਰੇ ਸਹੁਰੇ ਵੋਟਾਂ ਵੇਲ੍ਹੇ ਈ ਆਉਂਦੇ ਨੇ।” “ਉਦੋਂ ਤਾਂ ਅਮਲੀਆ, ਤੇਰੇ ਨਾਲ ਵੀ ਪੱਗ ਵਟਾਉਣ ਨੂੰ ਫਿਰਦੇ ਹੁੰਦੇ ਐ।” “ਹੂੰ, ਆਹ ਗੱਲ ਤਾਂ ਤੇਰੀ ਸੋਲ਼ਾਂ ਆਨੇ ਸੱਚੀ ਆ।” ਆਖਦਾ ‘ਹੋਇਆ ਜਗਤੂ ਗੋਡਿਆਂ ‘ਤੇ ਹੱਥ ਰੱਖਦਾ ਤਕਲੀਫ ’ਚ ਬੋਲਿਆ। “ਆਥਣੇ ਆਊਂ ਬਾਈ।” “ਹੂੰ, ਆਥਣੇ ਹੀ ਆਈਂ, ਜਸਵੰਤ ਤਾਂ ਬੋਹਾ ਗਿਐ, ਓਹੀ ਦੱਸੂ, ਕੀ ਗੱਲ ਬਾਤ ਐ ?”

ਵੀਹ

ਜਗਤੂ ਢਿੱਲਾ ਜਿਹਾ ਮੂੰਹ ਲਮਕਾਈ ਘਰ ਪਹੁੰਚ ਗਿਆ। ਲਾਜੋ ਅਜੇ ਵੀ ਮੰਜੇ ’ਤੇ ਖੇਸ ਲਈ ਪਈ ਸੀ। ਜਗਤੂ ਨੇ ਨੇੜੇ ਹੋ ਕੇ ਵੇਖਿਆ, ਉਸਦੇ ਪੈਰ ਸੁੱਜੇ ਪਏ ਸੀ, ਢਿੱਡ ਤੋਪ ਵਰਗਾ ਹੋ ਗਿਆ, ਸਿਰ ਦੇ ਵਾਲ਼ ਸਾਰੇ ਝੜੇ ਪਏ ਸੀ, ਕੰਨ ਦੀਆਂ ਪੇਪੜੀਆਂ ਮੁੜੀਆਂ ਗਈਆਂ। ਜਗਤੂ ਨੇ ਉਸਦੇ ਮੋਢੇ ਨੂੰ ਹਲੂਣਿਆਂ। “ਕਿਮੇਂ ਐਂ ਲਾਜੋ, ਠੀਕ ਐਂ ?” ਉਹ ਪਾਸਾ ਪਰਤ ਕੇ ਜਗਤੂ ਵੱਲ ਝਾਕੀ, ਬੋਲੀ ਕੁੱਝ ਵੀ ਨਾ। ਸ਼ਾਇਦ ਉਸਦਾ ਬੋਲਣ ਦਾ ਮਨ ਨਹੀਂ ਸੀ। ਉਸਨੇ ਸਿਰਫ਼ ਸਿਰ ਹਿਲਾਇਆ, ਜਿਸ ਤੋਂ ਜਗਤੂ ਉਸਦੀ ‘ਠੀਕ ਆਂ’ ਨੂੰ ਸਮਝ ਗਿਆ। “ਦਲੀਆ ਬਣਾਦੇ ਭਾਈ, ਕੋਈ ਦੋ ਚਮਚੇ ਖਾਲੂਗੀ।” ਜਗਤੂ ਨੇ ਚੁੱਲ੍ਹੇ ਕੋਲ ਫਿਰਦੀ ਗੋਲ਼ੋ ਨੂੰ ਆਖਿਆਂ ਤਾਂ ਉਹ ਦਲੀਆ ਬਣਾਉਣ ’ਚ ਰੁੱਝ ਗਈ। ਉਹ ਅੱਜ ਦੁਪਹਿਰੇ ਹੀ ਆਈ ਸੀ, ਆਪਣੀ ਮਾਂ ਦਾ ਪਤਾ ਲੈਣ। ਪਾਥੀਆਂ ਦੀ ਅੱਗ ’ਤੇ ਦਲੀਆ ਛੇਤੀ ਹੀ ਬਣ ਗਿਆ। ਗੋਲ਼ੋ ਨੇ ਦਲੀਆ ਠੰਡਾ ਕਰਕੇ ਲਾਜੋ ਦੇ ਸਿਰਹਾਣੇ ਰੱਖ ਦਿੱਤਾ ਤੇ ਆਪਣੇ ਜੋਗੀ ਰੋਟੀ ਦਾ ਆਟਾ ਗੁੰਨ੍ਹਣ ਲੱਗ ਪਈ। ਜਗਤੂ ਨੇ ਲਾਜੋ ਨੂੰ ਬਾਂਹੋਂ ਫੜ ਕੇ ਬਿਠਾ ਦਿੱਤਾ ਤੇ ਦਲੀਏ ਵਾਲੀ ਬਾਟੀ ਉਸਨੂੰ ਫੜਾ ਦਿੱਤੀ। ਮਸਾਂ ਹੀ ਉਸਦੇ ਅੰਦਰ ਦੋ ਚਮਚੇ ਗਏ। ਜਗਤੂ ਨੂੰ ਪਤਾ ਨਹੀਂ ਕਿਉਂ, ਅੱਜ ਲਾਜੋ ਦਾ ਮੋਹ ਆ ਰਿਹਾ ਸੀ। ਅੱਜ ਲਾਜੋ ਦੀ ਪੀੜ ਉਸ ਤੋਂ ਸਹਾਰੀ ਨਹੀਂ ਸੀ ਜਾ ਰਹੀ। “ਚਲ, ਰਾਮ ਕਰਲੈ ਬੇਬੇ।” ਨੇਕੀ ਨੇ ਦਲੀਏ ਵਾਲੀ ਬਾਟੀ, ਉਸ ਤੋਂ ਫੜ ਕੇ ਹੇਠਾਂ ਰੱਖ ਦਿੱਤੀ, ਉਸਨੂੰ ਆਸਰਾ ਦੇ ਕੇ ਪਹਿਲਾਂ ਦੀ ਤਰ੍ਹਾਂ ਲਿਟਾ ਦਿੱਤੀ। ਸ਼ਾਮ ਢਲ਼ ਗਈ ਸੀ। ਸੂਰਜ ਵੀ ਡੁੱਬ ਗਿਆ। ਅੱਜ ਸਾਰਾ ਦਿਨ ਅੱਗ ਵਰ੍ਹਦੀ ਰਹੀ। ਅਚਾਨਕ ਪੱਛੋਂ ਵੱਲ ਦੀ ਹਨ੍ਹੇਰੀ ਰੇਤਾ ਚੁੱਕ ਲਿਆਈ, ਜਿਸ ਨਾਲ ਸਾਰੇ ਵਾਤਾਵਰਨ ਵਿੱਚ ਖੱਖ ਚੜ੍ਹ ਗਈ। ਤੇਜ਼ ਹਨ੍ਹੇਰੀ ਰੁੱਖਾਂ ਦੇ ਸੁੱਕੇ ਪੱਤਿਆਂ ਨੂੰ ਹੂੰਝ ਕੇ ਦੂਰ ਤੱਕ ਲੈ ਗਈ। ਅਕਾਸ਼ 'ਚ ਉੱਡਦੇ ਪਾਲੀਥੀਨ ਪੰਛੀਆਂ ਦਾ ਭੁਲੇਖਾ ਪਾ ਰਹੇ ਸੀ। ਹਨੇਰੀ ਰੁੱਕ ਗਈ। ਪਿਆਸੀ ਧਰਤੀ ਨੇ ਮੂੰਹ ਟੱਡ ਲਿਆ। ਇੱਕਦਮ ਮੋਟੀ ਕਣੀ ਦਾ ਮੀਂਹ ਪੈਣ ਲੱਗਾ, ਜਿਸ ਨਾਲ ਧਰਤੀ ’ਚੋਂ ਭੜਦਾਅ ਮਾਰਨ ਲੱਗੀ। ਨੇਕੀ ਤੇ ਨਸੀਰਾਂ ਨੇ ਚੁੱਕ ਕੇ, ਲਾਜੋ ਦਾ ਮੰਜਾ ਅੰਦਰ ਕਰ ਦਿੱਤਾ। ਗੋਲ਼ੋ ਨੇ ਦਵਾਈ ਵਾਲਾ ਲਿਫ਼ਾਫ਼ਾ ਚੁੱਕ ਕੇ ਮਾਂ ਦੇ ਸਿਰਹਾਣੇ ਰੱਖ ਦਿੱਤਾ ਤੇ ਉਸ ਦੇ ਨਾਲ ਹੀ ਬੈਠ ਗਈ। ਜਗਤੂ ਤੇ ਨੇਕੀ ਨੇ ਰੋਟੀ ਖਾ ਲਈ ਸੀ। ਨਸੀਰਾਂ ਭਾਂਡਾ—ਟੀਂਡਾ ਇਕੱਠਾ ਕਰਨ ਲੱਗੀ। ਗੋਲੋ ਅਜੇ ਵੀ ਮਾਂ ਦਾ ਸਿਰ ਘੁੱਟ ਰਹੀ ਸੀ। ਲਾਜੋ ਤਾਂ ਮੂਕ ਸੁੱਤੀ ਪਈ ਸੀ। ਗੋਲ਼ੋ ਨੇ ਬੁਲਾ ਕੇ ਵੀ ਵੇਖੀ— “ਬੇਬੇ.. ਨੀ ਬੇਬੇ.., ਕੀ ਗੱਲ ਬੋਲਦੀ ਨੀ, ਠੀਕ ਐਂ ?” ਲਾਜੋ ਨੇ ਕੋਈ ਜਵਾਬ ਨਾ ਦਿੱਤਾ। ਉਸਨੇ ਫਿਰ ਹਿਲਾ ਕੇ ਵੇਖੀ, ਪਰ ਕੋਈ ਹਿਲ—ਜੁਲ ਨਾ ਹੋਈ। ਉਹ ਤਾਂ ਨਿਢਾਲ਼ ਪਈ ਸੀ। ਸਰੀਰ ਮਿੱਟੀ ਬਣ ਗਿਆ ਸੀ। ਪੰਖੇਰੂ ਸੰਸਾਰ ਰੂਪੀ ਪਿੰਜਰੇ ਚੋਂ ਅਜਾਦ ਹੋ ਗਿਆ ਸੀ। ਗੋਲ਼ੋ ਨੇ ਜਗਤੂ ਤੇ ਨੇਕੀ ਹੋਰਾਂ ਨੂੰ ਆਵਾਜ਼ ਮਾਰੀ— “ਦੇਖਿਓ, ਬੇਬੇ ਨੂੰ ਕੀ ਹੋ ਗਿਆ ? ਬੋਲਦੀ ਈ ਨੀ।” ਜਗਤੂ ਨੇ ਲਾਜੋ ਨੂੰ ਘੋਥਲਿਆ। ਉਸਨੂੰ ਤੱਕਦਿਆਂ ਹੀ ਜਗਤੂ ਦੇ ਬੁੱਲ੍ਹ ਸੁੱਕ ਗਏ, ਅੱਖਾਂ ਦੇ ਛੱਪਰ ਹੇਠਾਂ ਡਿੱਗ ਪਏ। ਉਸਨੇ ਖੇਸ ਉੱਪਰ ਵੱਲ ਖਿੱਚ ਕੇ ਉਸਦਾ ਮੂੰਹ ਢਕ ਦਿੱਤਾ। “ਭਾਈ ਗੋਲ਼ੋ, ਤੇਰੀ ਮਾਂ ਤਾਂ ਪੂਰੀ ਹੋਗੀ........” ਆਖਦਿਆਂ ਹੀ ਜਗਤੂ ਦੀ ਭੁੱਬ ਨਿਕਲ ਗਈ, ਅੱਖਾਂ ਚੋਂ ਹੰਝੂ ਡਲ੍ਹਕ ਪਏ। ਮੱਥੇ ’ਤੇ ਹੱਥ ਮਾਰਦਾ ਉਹ ਪਰ੍ਹਾਂ ਜਾ ਬੈਠਾ। “ਹੈ ...ਬੇਬੇ....ਅਸੀਂ ਉੱਜੜ ਗੇ।” ਨੇਕੀ ਕਿੰਨਾ ਹੀ ਚਿਰ, ਰੋਂਦਾ—ਪਿੱਟਦਾ ਮੰਜੇ ਦੀ ਬਾਹੀ ਨਾਲ ਚਿੰਬੜਿਆ ਰਿਹਾ। ਅੱਜ ਲਾਜੋ ਬੋਲੀ ਨਹੀਂ ਸੀ। ਗੋਲ਼ੋ ਨੇ ਪਿੱਟਣਾ ਸ਼ੁਰੂ ਕਰ ਦਿੱਤਾ। ਉਸਦੇ ਮਗਰ ਹੀ ਨਸੀਰਾਂ ਵੀ ਲੱਗ ਗਈ। ਉਸਦਾ ਮਨ ਵੀ ਵਲੂੰਧਰਿਆ ਗਿਆ ਸੀ। ਵਿਹੜੇ ’ਚੋਂ ਆਉਂਦੀਆਂ ਕਰੁਣਾਮਈ ਚੀਕਾਂ ਨੇ ਚੁੱਪ ਤੋੜੀ। ਆਂਢੀ—ਗੁਆਂਢੀ ਇਕੱਠੇ ਹੋ ਗਏ। “ਚਲ ਵਸੀ ਭਾਈ।” ਸੂਹਲਾ ਰੋਣ ਕਰਲਾਉਣ ਦੀ ਆਵਾਜ਼ ਸੁਣ ਕੇ ਆ ਗਿਆ। “ਹੂੰ, ਅੱਜ ਖਾਸੀ ਢਿੱਲੀ ਸੀ, ਨਾ ਹੀ ਚੱਜ ਨਾਲ ਬੋਲੀ।” ਜਗਤੂ ਨੇ ਘੱਗੀ ਆਵਾਜ਼ ’ਚ ਜਵਾਬ ਦਿੱਤਾ। “ਖਾਧਾ—ਪੀਤਾ ਵੀ ਨੀ ਕੁਛ।” ਨੱਕ ’ਚੋਂ ਪਾਣੀ ਪੂੰਝਦਾ ਨੇਕੀ ਬੋਲਿਆ। ਰੋਣਾ ਧੋਣਾ ਸੁਣ ਕੇ, ਜਿਸ ਨੂੰ ਪਤਾ ਲੱਗਿਆ, ਸਭ ਆਉਂਦੇ ਗਏ। “ਚੁੱਪ ਕਰੋ.....ਭਾਈ। ਕਮਲ ਕਿਉਂ ਕੁੱਟਿਐ। ਉਹਦੀ ਆ ਲੱਗੀ ਵਿਚਾਰੀ ਦੀ।” ਪੂਰਨ ਨੇ ਵੈਣ ਪਾਉਂਦੀਆਂ ਔਰਤਾਂ ਨੂੰ ਦਿਲਾਸਾ ਦਿੰਦਿਆਂ ਚੁੱਪ ਰਹਿਣ ਦੀ ਸਲਾਹ ਦਿੱਤੀ। “ਘਰੋਂ ਪੱਲੜ ਚੱਕ ਲਿਆ ਸੂਹਲਿਆਂ। ਸਾਰੇ ਬੈਠ ਜਾਣਗੇ।” ਫਿਰ ਉਸ ਨੇ ਸੂਹਲੇ ਨੂੰ ਘਰੋਂ ਵੱਡਾ ਪੱਲੜ ਲੈਣ ਭੇਜ ਦਿੱਤਾ। ਵਿਹੜੇ ਸੱਥਰ ਵਿਛ ਗਿਆ ਸੀ। ਆਂਢ—ਗੁਆਂਢ ਵਾਲਿਆਂ ਨੇ ਸਾਰੀ ਰਾਤ ਜਾਗਦਿਆਂ ਕੱਟੀ। ਦਿਨ ਚੜ੍ਹਦੇ ਤਕ ਸਾਰੀਆਂ ਰਿਸ਼ਤੇਦਾਰੀਆਂ 'ਚ ਸੁਨੇਹੇ ਘੱਲ ਦਿੱਤੇ ਗਏ। ਪਿੰਡ’ਚੋਂ ਮੂੰਹ—ਮੱਥੇ ਲੱਗਦਾ ਹਰ ਕੋਈ ਦੁੱਖ ਦੀ ਘੜੀ ’ਚ ਸ਼ਰੀਕ ਹੋਇਆ। “ਜਸਵੰਤ ਸਿਆਂ, ਕੋਈ ਮਾਵਜਾ—ਮੂਵਜਾ ਮਿਲੂ ?” ਸੱਥਰ ’ਤੇ ਬੈਠੇ ਸੂਹਲੇ ਨੇ ਜਸਵੰਤ ਸਿੰਘ ਤੋਂ ਪੁੱਛਿਆ। “ਕੋਸਸ਼ ਕਰਕੇ ਵੇਖਲਾਂਗੇ, ਜੇ ਚਾਰ ਆਨੇ ਮਿਲਦੇ ਹੋਏ।” “ਆਪਣੇ ਪਿੰਡ 'ਚ ਈ ਐਨੇ ਕੇਸ ਕਿਉਂ ਨੇ ?” ਪੂਰਨ ਨੇ ਜਸਵੰਤ ਤੋਂ ਇਸ ਬਿਮਾਰੀ ਦੇ ਕਾਰਨ ਜਾਨਣਾ ਚਾਹਿਆ। “ਏਹ ਕੱਲਾ ਆਪਣੇ ਪਿੰਡ ਦਾ ਦੁੱਖ ਨੀ। ਸਾਰੀ ਮਾਲਵਾ ਪੱਟੀ ਇਸ ਬਮਾਰੀ ਦੀ ਲਪੇਟ 'ਚ ਐ। ਪਾਣੀ ਸਾਰਾ ਯੂਰੇਨੀਅਮ ਵਾਲੈ।” “ਕੋਈ ਹੋਰ ਕਾਰਨ ਵੀ ਐ ਜੀ ?” ਸੂਹਲੇ ਨੇ ਪਰਨਾ ਠੀਕ ਕਰਦਿਆਂ ਅੱਖਾਂ ਫਰਕਾਈਆਂ। ਸੱਥਰ ’ਤੇ ਬੈਠੇ ਸੋਗੀ ਜਸਵੰਤ ਦੀਆਂ ਗੱਲਾਂ ਧਿਆਨ ਨਾਲ ਸੁਣਨ ਲੱਗੇ। ਲਾਜੋ ਬਾਰੇ ਘੱਟ ਤੇ ਇਸ ਬੀਮਾਰੀ ਬਾਰੇ ਚਰਚਾ ਵੱਧ ਹੋ ਰਹੀ ਸੀ। “ਗੁਰਮੁਖੋ, ਸਭ ਕਾਸੇ ਦੇ ਅਸੀਂ ਦੋਸ਼ੀ ਆਂ। ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰ ਰਹੇ ਆਂ।” “ਉਹ ਕਿਵੇਂ ?” ਪੂਰਨ ਜਸਵੰਤ ਦੀ ਗੱਲ ਸੁਣ ਕੇ ਤ੍ਰਭਕ ਪਿਆ। “ਹੋਰ ! ਕਣਕਾਂ ਤੇ ਝੋਨਿਆ 'ਚ ਦੋ—ਦੋ, ਤਿੰਨ—ਤਿੰਨ ਗੱਟੇ ਖਾਦਾਂ ਦੇ ਪਾਈ ਜਾਨੇ ਆਂ। ਕਹਿੰਦੇ ਝਾੜ ਵੱਧ ਗਿਆ। ਪੁੱਛਣ ਵਾਲਾ ਹੋਵੇ, ਕਮਲਿਓ ! ਝਾੜ ਤਾਂ ਵੱਧ ਗਿਆ ਤੇ ਆਹ ਜਿਹੜੀ ਕਣਕ ਤੇ ਚੌਲਾਂ 'ਚ ਜ਼ਹਿਰ ਭਰਗੀ।” “ਪਸ਼ੂ—ਡੰਗਰਾਂ ਦਾ ਦੁੱਧ ਵੀ ਜਹਿਰੀਲਾ ਹੋ ਗਿਆ।” ਪੂਰਨ ਬੋਲਿਆ। “ਹਾਂ ਸਰਪੰਚਾ, ਪੱਠੇ ਵੀ ਕਿਹੜਾ ਰੇਹਾਂ—ਸਪਰੇਹਾਂ ਬਿਨਾਂ ਹੁੰਦੇ ਨੇ। ਪਸ਼ੂ ਤਾਂ ਆਪ ਜ਼ੈਰ੍ਹ ਖਾਂਦੇ ਨੇ ।” “ਮੇਰੇ ਪੁੱਤ ਦਾ, ਫਲਾਂ—ਸਬਜੀਆਂ 'ਚ ਵੀ ਪਹਿਲਾਂ ਵਾਲਾ ਸਵਾਦ ਨੀ ਰਿਹਾ।” ਕਾਫੀ ਚਿਰ ਤੋਂ ਚੁੱਪ ਬੈਠਾ ਘੂਤਰ ਬੋਲਿਆ। “ਆਪਾਂ ਤਾਂ ਭਾਈ ਨਿਰਾ ਜ਼ਹਿਰ ਖਾਈ ਜਾਨੇ ਆਂ। ਸਰੀਰ ਐਨਾ ਜ਼ਹਿਰ ਕਿੱਥੇ ਹਜਮ ਕਰੂ !” ਜਸਵੰਤ ਬੋਲਿਆ। “ਲੈ ਵੇਖ ਲੈ ਜਸਵੰਤਿਆ ! ਜਿਹੜੇ ਕਦੇ ਦੁਸ਼ਮਣ ਤੋਂ ਨੀ ਹਾਰੇ, ਉਹ ਵੀ ਇਸ ਬਿਮਾਰੀ ਮੂਹਰੇ ਹਥਿਆਰ ਡੇਗ ਗਏ।” ਪੂਰਨ ਨੇ ਨਰੰਜਣ ਖਾਲਸੇ ਦੀ ਗੱਲ ਛੇੜੀ। ਉਹ ਵੀ ਪਿਛਲੇ ਹਫ਼ਤੇ ਕੈਂਸਰ ਨਾਲ ਸੰਘਰਸ਼ ਕਰਦਿਆਂ ਇਸ ਸੰਸਾਰ ਤੋਂ ਫਾਨੀ ਹੋ ਗਿਆ। “ਓਹਦੀਆਂ ਓਹ ਜਾਣੇ।” ਘੂਤਰ ਨੇ ਨੀਲੇ ਅਸਮਾਨ ਵੱਲ ਉਂਗਲੀ ਕੀਤੀ। ਬਾਰਾਂ ਵਜੇ ਤਕ ਦੂਰ—ਨੇੜੇ ਦੇ ਸਾਰੇ ਰਿਸ਼ਤੇਦਾਰ ਪਹੁੰਚ ਗਏ। “ਚਲੋ ਬਈ ਨੇਕ ਸਿਆਂ ! ਦਓ ਅਰਥੀ ਨੂੰ ਮੋਢਾ।” ਮੂਹਰਲੇ ਬੰਦਿਆਂ ’ਚੋਂ ਕੋਈ ਬੋਲਿਆ। ਸ਼ਾਇਦ ਦੁੱਲਾ ਸੀ। ਅਰਥੀ ਘਰ ’ਚੋਂ ਉੱਠਦਿਆਂ ਹੀ ਲਾਜੋ ਘਰ ਨੂੰ ਸੁੰਨਾ ਕਰ ਗਈ।

ਇੱਕੀ

ਭੋਗ ਵਾਲੇ ਦਿਨ ਰਿਸ਼ਤੇਦਾਰ ਤੇ ਸ਼ਰੀਕੇ—ਕਬੀਲੇ ਵਾਲੇ ਜੁੜ ਗਏ। ਸੋਗਮਈ ਆਵਾਜ਼ਾਂ ਤੇ ਅਫਸੋਸਮਈ ਗੱਲਾਂ ਦੇ ਚੱਲਦਿਆਂ ਇੱਕ ਵਜੇ ਭੋਗ ਪੈ ਗਿਆ। ਭੋਗ ਸਮੇਂ ਇਕੱਠ ਜ਼ਿਆਦਾ ਨਹੀਂ ਸੀ। ਚੋਣਾਂ ਦੇ ਰੰਗ ’ਚ ਰੰਗੇ ਲੋਕ ਸ਼ਾਇਦ ਲਾਜੋ ਦੇ ਭੋਗ ਵਾਲਾ ਦਿਨ ਵੀ ਭੁੱਲ ਗਏ। ਅਖ਼ਬਾਰ ਦੀਆਂ ਸੁਰਖ਼ੀਆਂ ਤੇ ਟੀ. ਵੀ. ਚੈਨਲਾਂ ਨੇ ਪੰਚਾਇਤੀ ਚੋਣ ਦੰਗਲ ਭਖਾ ਦਿੱਤਾ ਸੀ। ਸਾਰਾ ਪਿੰਡ ਹੀ ਪੰਚਾਇਤੀ ਚੋਣਾਂ ਵੱਲ ਉੱਲਰ ਗਿਆ। ਲੋਕ ਅਗਾਊਂ ਅਨੁਮਾਨ ਲੱਗੇ — “ਐਤਕੀ ਦੇਖੋ ਬਈ, ਪੀਰਾਂਵਾਲੀ ਦਾ ਸਰਪੰਚ ਕੇਹੜਾ ਬਣੂੰ ?” “ਫਿਰਦੇ ਤਾਂ ਕਈ ਨੇ, ਹੱਥਾਂ ’ਤੇ ਥੁੱਕੀ।” “ਲੀਹਪਾੜਾਂ ਦਾ ਟੀਟੂ ਵੀ ਕੈਂਦੇ੍ਹ, ਫੰਘ ਜੇ ਮਾਰੀ ਜਾਂਦੈ। ਉਹ ਤਾਂ ਘਰ—ਘਰ ਫਿਰਨ ਬੀ ਲਾਗਿਆ।” “ਬਘੇਲ ਨੇ ਥਾਪੀ ਦਿੱਤੀ ਐ, ਉਹਨੂੰ ਤਾਂ।” “ਨਿਤਰੂ ਤਾਂ ਕੋਈ ਵੜੇਮੇਂ ਖਾਣੀ।” ਆਖਰ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ। ਪਿੰਡ ’ਚ ਦੋ ਧਿਰਾਂ ਮੁੱਖ ਰੂਪ ’ਚ ਉੱਭਰ ਆਈਆਂ — ਇੱਕ ਧਿਰ ਬਘੇਲ ਸਿੰਘ ਦੀ ਤੇ ਦੂਜੀ ਜਸਵੰਤ ਦੀ। ਆਧੁਨਿਕ ਢੰਗ ਦੀ ਖੇਤੀ ਕਰਕੇ ਪਿੰਡ ਦੇ ਕਿਸਾਨਾਂ ਨੇ ਕਾਫੀ ਪੈਸਾ ਕਮਾ ਲਿਆ। ਉਹ ਜਸਵੰਤ ਦੇ ਗੁਣ ਗਾਉਂਦੇ ਨਹੀਂ ਥੱਕਦੇ— “ਜਸਵੰਤ ਨੇ ਬਚਾ ’ਤੇ। ਕਿੱਲੇ ਚੋਂ ਤੀਹ ਹਜ਼ਾਰ ਦੀ ਤਾਂ ਸਬਜੀ ਹੀ ਵੇਚਤੀ।” ਸਕੂਲ ਦੀ ਕਮੇਟੀ ਨਾਲ ਜੁੜੇ ਮੈਂਬਰ ਵੀ ਜਸਵੰਤ ਦਾ ਪ੍ਰਭਾਵ ਕਬੂਲਣ ਲੱਗ ਪਏ। ਉਹ ਆਪਸ ’ਚ ਗੱਲਾਂ ਕਰਦੇ ਹਨ। “ਬਈ, ਸਕੂਲ ਦੀ ਤਾਂ ਨੁਹਾਰ ਬਦਲਗੀ। ਜੇ ਆਪਾਂ ਬਘੇਲੇ ਨੂੰ ਚੇਅਰਮੈਨ ਬਣਾ ਦਿੰਦੇ, ਉਹ ਤਾਂ ਸਕੂਲ ਦੀਆਂ ਇੱਟਾਂ ਵੀ ਖਾ ਜਾਂਦਾ।” “ਲੈ ਬੌਲ਼ੇ ਹੋ ਗਏ ਤੁਸੀਂ ! ਓਹਨੇ ਤਾਂ ਕਮਲਿਓ, ਪਿਓ ਦੀ ਜਮੀਨ ਨੀ ਛੱਡੀ।” ਕਮੇਟੀ ਮੈਂਬਰਾਂ ਨੇ ਜਸਵੰਤ ਨੂੰ ਹਿੱਕ ਥਾਪੜ ਕੇ ਕਹਿ ਵੀ ਦਿੱਤਾ— “ਬਾਈ, ਅਸੀਂ ਤੇਰੇ ਨਾਲ ਆਂ। ਆਪਾਂ ਰਲ ਮਿਲ ਪਿੰਡ ਦਾ ਮੂੰਹ ਮੱਥਾ ਸੰਮਾਰੀਏ।” ਬਘੇਲ ਵੀ ਪਿਛਲੇ ਪੰਜ—ਛੇ ਮਹੀਨਿਆਂ ਤੋਂ ਆਪਣੀ ਧਿਰ ਨੂੰ ਮਜ਼ਬੂਤ ਕਰਨ ’ਤੇ ਲੱਗਿਆ ਹੋਇਆ ਸੀ। ਨੋਟੀਫਿਕੇਸ਼ਨ ਜਾਰੀ ਹੁੰਦਿਆਂ ਹੀ ਪਿੰਡ ’ਚ ਚੋਣ ਦੰਗਲ ਭਖ ਗਿਆ। ਸਾਂਝੀ ਥਾਂ ’ਤੇ ਸਾਰੇ ਪਿੰਡ ਦਾ ਇਕੱਠ ਵੀ ਹੋਇਆ। ਜਸਵੰਤ ਦੀ ਧਿਰ ਨੇ ਬਥੇਰੇ ਯਤਨ ਕੀਤੇ, ਸਰਵਸੰਮਤੀ ਹੋ ਜਾਵੇ। ਭਾਈਚਾਰਾ ਵੀ ਬਣਿਆ ਰਹੇਗਾ ਤੇ ਕੋਈ ਚੰਗਾ ਵਿਅਕਤੀ ਚੁਣ ਕੇ ਪਿੰਡ ਦਾ ਵਿਕਾਸ ਵੀ ਹੋ ਜਾਵੇਗਾ। ਭਰੇ ਇਕੱਠ ਚੋਂ ਦਸ ਜਣੇ ਖੜ੍ਹੇ ਹੋ ਗਏ। ਹਰ ਕੋਈ ਆਖਣ ਲੱਗਾ— “ਸਰਪੰਚੀ ਮੇਰੀ ਝੋਲ਼ੀ ਪਾਓ।” ਬਘੇਲਾ ਕਹਿੰਦਾ— “ਟੀਟੂ ਤੇ ਸਰਵਸੰਮਤੀ ਕਰਦੋ। ਮੈਂ ਸਹਿਮਤ ਆਂ।” ਪਰ ਰਮਦਾਸੀਆਂ ਦਾ ਪੂਰਨ ਕਹਿੰਦਾ— “ਟੀਟੂ ਦਾ ਲਾਣਾ ਤਾਂ ਲੀਹਪਾੜ ਐ।ਇਹ ਤਾਂ ਸਾਰੇ ਪਿੰਡ ਤੋਂ ਉਲਟ ਚੱਲਦੇ ਨੇ। ਅਸੀਂ ਨੀ ਟੀਟੂ ਤੇ ਸਹਿਮਤ।” ਘੂਤਰ ਨੇ ਲੋਕਾਂ ਨੂੰ ਬਥੇਰਾ ਸਮਝਾਇਆ— “ਕਿਉਂ ਕਮਲ ਮਾਰਦੇ ਓਂ। ਵਿਹੜਿਆਂ ਚੋਂ ਦੋ—ਦੋ ਬੰਦੇ ਲੈ ਕੇ ਕਮੇਟੀ ਬਣਾਲੋ।ਕਮੇਟੀ ਜੋ ਫੈਸਲਾ ਕਰੂ, ਸਾਰੇ ਮੰਨਾਂਗੇ।” ਟੀਟੂ ਦੇ ਘੂਤਰ ਦੀ ਇਹ ਗੱਲ ਹਜ਼ਮ ਨਾ ਹੋਈ। ਕਹਿੰਦਾ — “ਮੈਂ ਛੇ ਮਹੀਨਿਆਂ ਦਾ ਮੇਹਨਤ ਕਰੀਂ ਜਾਨੈ।ਤੁਸੀਂ ਮੈਨੂੰ ਸਰਪੰਚ ਬਣਾਓ।” ਸਰਵਸੰਮਤੀ ਵਾਲੀ ਗੱਲ ਕਿਸੇ ਤਰ੍ਹਾਂ ਸਿਰੇ ਨਾ ਚੜੀ। ਟੀਟੂ ਬਘੇਲ ਨੂੰ ਲੈ ਕੇ ਐਮ. ਐਲ. ਏ. ਕੋਲ ਜਾ ਪਹੁੰਚਿਆ। ਬਘੇਲ ਜਾ ਕੇ ਕਹਿੰਦਾ — “ਤੁਸੀਂ ਆਪਣੀ ਪਾਰਟੀ ਦੇ ਵਰਕਰਾਂ ਨੂੰ ਕਹੋ ਬਈ ਟੀਟੂ ਤੇ ਸਰਵਸੰਮਤੀ ਕਰਾਉਣ।” ਟੀਟੂ ਵੀ ਹਲਕਾ ਵਿਧਾਇਕ ਨੂੰ ਕਹਿੰਦਾ — “ਤੁਸੀਂ ਮੈਨੂੰ ਸਰਪੰਚੀ ਦਵਾ ਸਕਦੇ ਓ ਜੀ ।” “ਹੋਰ ਕਿਹੜਾ ਇੱਛਕ ਐ, ਸਰਪੰਚੀ ਲਈ ?” ਐਮ. ਐਲ. ਏ. ਨੇ ਬਘੇਲ ਤੋਂ ਪੁੱਛਿਆ। “ਹਾਕਮ ਐ ਜੀ, ਗਿੱਲਾਂ ਦਾ। ਜਸਵੰਤ ਹੋਰਾਂ ਨੇ ਖੜ੍ਹਾ ਕੀਤੈ।” “ਜਸਵੰਤ ਉਹੀ, ਜਿਹੜਾ ਕੁਦਰਤੀ ਖੇਤੀ ਦਾ ਰਾਗ ਅਲਾਪਦੈ।” “ਹਾਂ ਜੀ.. ਹਾਂ ਜੀ, ਓਹੀ ਐ ਸਾਮਾਂ।” ਟੀਟੂ ਨੇ ਤੁਰਤੋ—ਫੁਰਤੀ ਜਵਾਬ ਦਿੱਤਾ। “ਬਘੇਲਿਆ, ਤੁਸੀਂ ਆਪਣੀ ਤਿਆਰੀ ਕਰੋ, ਲਾਮਾਂਗੇ ਕੋਈ ਸਾਬ੍ਹ—ਕਤਾਬ।” ਹਲਕਾ ਵਿਧਾਇਕ ਨੇ ਬਘੇਲ ਨਾਲ ਨਜ਼ਰ ਮਿਲਾ ਕੇ ਗੁੱਝਾ ਭੇਤ ਸਾਂਝਾ ਕੀਤਾ। ਬਘੇਲ ਹੋਰੀਂ ਉੱਠ ਕੇ ਜਾਣ ਲੱਗੇ ਤਾਂ ਹਲਕਾ ਵਿਧਾਇਕ ਨੇ ਆਪਣੀ ਸਿਆਸਤ ਦਾ ਇੱਕ ਹੋਰ ਪੱਤਾ ਖੇਡਿਆ। “ਬਘੇਲ ਸਿਹਾਂ, ਸਰਪੰਚ ਮੈਂ ਨੀਂ ਬਣਾਉਣਾ। ਸਰਪੰਚ ਬਣਾਉਣੈ ਭਾਈਚਾਰੇ ਵਾਲਿਆਂ ਨੇ। ਪਿੰਡ ’ਚ ਭਾਈਚਾਰਾ ਵੀ ਬਣਾ ਕੇ ਰੱਖੋ।” “ਹਾਂ ਜੀ.. ਹਾਂ ਜੀ, ਭਾਈਚਾਰਾ ਤਾਂ ਪਹਿਲਾਂ ਐ ਜੀ।” ਆਖਦੇ ਹੋਏ ਦੋਵੇਂ ਵੱਡਾ ਗੇਟ ਲੰਘ ਕੇ ਪਿੰਡ ਵੱਲ ਹੋ ਤੁਰੇ। ਜਦ ਸਰਵਸੰਮਤੀ ਨਾ ਹੋਈ ਤਾਂ ਬਘੇਲ ਨੇ ਟੀਟੂ ਦੇ ਸਰਪੰਚੀ ਲਈ ਕਾਗਜ਼ ਭਰਾ ਦਿੱਤੇ। ਜਸਵੰਤ ਦੀ ਧਿਰ ਉਸਨੂੰ ਕਹਿਣ ਲੱਗੀ— “ਸਰਪੰਚੀ ਤੈਨੂੰ ਦੇ ਦਿੰਨੇ ਆਂ। ਤੇਰੇ ਤੋਂ ਵੱਧ ਯੋਗ, ਹੋਰ ਕਿਹੜੈ, ਪਿੰਡ ’ਚ ?” ਪਰ ਜਸਵੰਤ ਕਹਿੰਦਾ— “ਸਾਡੇ ਘਰ ਤਾਂ ਇੱਕ ਵਾਰ ਸਰਪੰਚੀ ਆ ਗਈ। ਵਾਰ—ਵਾਰ ਵੀ ਚੰਗਾ ਨੀ ਲੱਗਦਾ। ਇਸ ਵਾਰ ਗਿੱਲਾਂ ਦੇ ਹਾਕਮ ਨੂੰ ਬਣਾ ਦਿੰਦੇ ਆਂ।” ਲੰਮੀ—ਚੌੜੀ ਬਹਿਸ ਤੋਂ ਬਾਅਦ ਹਾਕਮ ਗਿੱਲ ’ਤੇ ਸਹਿਮਤੀ ਬਣ ਗਈ। ਵਿੱਚੋਂ ਕਈ ਕਹਿੰਦੇ— “ਚਲੋ ਸਿਆਣਾ ਬੰਦੈ। ਇਮਾਨਦਾਰ ਐ ਤੇ ਸਾਰਿਆਂ ਦਾ ਭਲਾ ਸੋਚਦੈ।” ਕਾਗ਼ਜ਼ ਭਰਨ ਗਏ ਤਾਂ ਜਸਵੰਤ ਨੇ ਹਾਕਮ ਨੂੰ ਚੇਤਾਵਨੀ ਦਿੱਤੀ— “ਕਾਗ਼ਜਾਂ ’ਚ ਘਾਟ ਨਾ ਰਹਿਜੇ। ਵਕੀਲ ਤੋਂ ਚੰਗੀ ਤਰ੍ਹਾਂ ਚੈਕ ਕਰਵਾਵਾਂਗੇ।” ਜਸਵੰਤ ਦੀ ਸਲਾਹ ’ਤੇ ਸਾਰੇ ਦਸਤਾਵੇਜ਼ ਵਕੀਲ ਤੋਂ ਚੰਗੀ ਤਰ੍ਹਾਂ ਚੈਕ ਕਰਵਾ ਕੇ ਕਾਗ਼ਜ਼ ਭਰੇ ਗਏ। ਚਾਰ ਦਿਨਾਂ ਬਾਅਦ ਚੋਣ ਨਿਸ਼ਾਨ ਮਿਲ ਗਏ। ਪਿੰਡ ਦੀ ਰਾਜਨੀਤੀ ਹੁਣ ਹੋਰ ਵੀ ਭਖ ਗਈ ਸੀ। ਖੇਤਾਂ—ਖਲਿਆਣਾਂ, ਸੱਥ, ਬੱਸ—ਅੱਡਾ, ਸਾਂਝੀਆਂ ਥਾਵਾਂ ਸਭ ਕਿਤੇ ਵੋਟਾਂ ਦੀ ਹੀ ਗੱਲ ਹੁੰਦੀ। ਸਾਰਾ ਪਿੰਡ ਰੰਗ—ਬਰੰਗੇ ਬੈਨਰਾਂ ਅਤੇ ਪੋਸਟਰਾਂ ਨਾਲ ਭਰ ਗਿਆ। ਮੌਜੂਦਾ ਪੰਚਾਇਤ ਨੇ ਟੀਟੂ ਨੂੰ ਸਮਰਥਨ ਦੇ ਦਿੱਤਾ। ਹਲਕਾ ਵਿਧਾਇਕ ਨੇ ਵੀ ਸਮੂਹ ਪੰਚਾਇਤ ’ਤੇ ਦਬਾਅ ਪਾਇਆ। ਦੂਜਾ ਕਾਰਨ, ਸਰਪੰਚ ਨੇ ਮੈਂਬਰਾਂ ਨਾਲ ਰਲ ਕੇ ਵੱਡੇ ਪੱਧਰ ’ਤੇ ਘਪਲੇ ਕੀਤੇ। ਪੰਚਾਇਤੀ ਜ਼ਮੀਨ ਤੇ ਛੱਪੜ ਦਾ ਠੇਕਾ, ਦਰੱਖਤਾਂ ਦੀ ਬੋਲੀ ਦਾ ਪੈਸਾ ਸਾਰੀ ਪੰਚਾਇਤ ਰਲ ਕੇ ਹਜ਼ਮ ਕਰ ਗਈ ਸੀ। ਪਿੰਡ ਦੀਆਂ ਗਲ਼ੀਆਂ ਅਜੇ ਤਕ ਕੱਚੀਆਂ ਹਨ। ਥੋੜ੍ਹਾ ਜਿਹਾ ਮੀਂਹ ਪੈਣ ’ਤੇ ਵੀ ਗਲੀਆਂ ’ਚ ਚਿੱਕੜ ਹੋ ਜਾਂਦਾ ਹੈ। ਪੰਚਾਇਤ ਸੈਕਟਰੀ ਨਾਲ ਰਲ ਕੇ ਸਰਪੰਚ ਜਾਅਲੀ ਹਾਜ਼ਰੀਆਂ ਲਾ ਕੇ ਨਰੇਗਾ ਦੀ ਰਾਸ਼ੀ ਵੀ ਹੜੱਪ ਗਿਆ। ਸਰਪੰਚ ਤੇ ਪੰਚਾਂ ਨੇ ਬੈਠ ਕੇ ਵਿਚਾਰ ਕੀਤਾ — “ਜੇ ਹਾਕਮ ਗਿੱਲ ਜਿੱਤਦੈ ਤਾਂ ਅੜ ਕੇ ਸਾਬ੍ਹ—ਕਤਾਬ ਲਊ। ਐਮ. ਐਲ. ਏ. ਵੀ ਛਿੱਤਰ ਮਾਰੂ। ਟੀਟੂ ਦੀ ਸਪੋਟ ਦਾ ਫੈਅਦੈ।” ਸ਼ਰਾਬੀਆਂ ਦੇ ਵੀ ਦਿਨ ਫੁਰ ਗਏ। ਸ਼ਾਮ ਨੂੰ ਪਿਆਕੜ ਟੀਟੂ ਦੇ ਘਰ ਆ ਪਹੁੰਚਦੇ। ਸ਼ਰਾਬ ਦਾ ਲੰਗਰ ਸ਼ੁਰੂ ਹੋ ਗਿਆ ਸੀ। ਪਿਆਕੜ ਸ਼ਰਾਬ ਦੇ ਨਾਲ—ਨਾਲ ਭੁਜੀਆ ਤੇ ਸਲਾਦ ਵੀ ਭਾਲਦੇ। ਇੱਕ—ਇੱਕ ਬੋਤਲ ਸ਼ਰਾਬ ਦੀ ਵੀ ਹਰ ਪਿਆਕੜ ਦੇ ਘਰ ਭੇਜੀ ਜਾਂਦੀ। ਪਿਆਕੜਾਂ ਨੂੰ ਮੌਜਾਂ ਲੱਗ ਗਈਆਂ। ਉਹਨਾਂ ਦੀ ਤਾਂ ਪ੍ਰਾਹੁਣਿਆਂ ਵਾਂਗ ਸੇਵਾ ਹੋਣ ਲੱਗੀ। ਕਈ ਤਾਂ ਲੋਈ ਪਾਟਦੀ ਨਾਲ ਹੀ ਟੀਟੂ ਦੇ ਘਰ ਆ ਪਹੁੰਚਦੇ ਹਨ। ਬੋਤਲ ਦੀ ਮੰਗ ਵੀ ਕਰਦੇ ਨੇ ਤੇ ਆਪਣੀ ਤਸੱਲੀ ਵੀ ਪ੍ਰਗਟਾਉਂਦੇ ਨੇ। “ਬਾਈ ਮੋਰ੍ਹ ਸੈਂਕਲ ’ਤੇ ਈ ਲਾਊਂ। ਚਾਹੇ ਆਪਣੇ ਹੱਥ ਨਾਲ ਫੜ ਕੇ ਪਵਾਲੀਂ।” ਹਾਕਮ ਦੇ ਸਮਰਥਕਾਂ ਨੇ ਵੀ ਹਾਕਮ ਨਾਲ ਰਾਇ ਕੀਤੀ — “ਬਾਈ, ਆਪਾਂ ਕਿਮੇ ਕਰੀਏ , ਸ਼ਰਾਬ ਦਾ ?” ਹਾਕਮ ਨੇ ਸਪਸ਼ਟ ਸ਼ਬਦਾਂ ’ਚ ਕਹਿ ਦਿੱਤਾ ਸੀ— “ਮੈਂ ਹਰਦਾ ਹਰ ਜਾਵਾਂ, ਸਰਾਬ ਦੀ ਤਿਪ ਨੀ ਚਲਾਉਂਦਾ।” “ਸ਼ਰਾਬ ਦੀ ਘੁੱਟ ਨੀਂ ਦੇਣੀ ਕਿਸੇ ਨੂੰ। ਠੰਢੇ ਚਲਾ ਦਿਓ। ਨਾਲੇ ਕੁੜੀਆਂ—ਬੁੜ੍ਹੀਆਂ ਤੇ ਜਵਾਕ ਵੀ ਝਾਕ ਕਰਦੇ ਨੇ। ਉਹ ਵੀ ਪੀ ਲੈਣਗੇ।” ਜਸਵੰਤ ਵੀ ਹਾਕਮ ਨਾਲ ਸਹਿਮਤ ਹੋ ਗਿਆ। ਸ਼ਾਮ ਨੂੰ ਹਾਕਮ ਦੇ ਘਰ ਬੈਠੇ ਸਮਰਥਕ ਵੋਟਰ—ਸੂਚੀਆਂ ਲੈ ਕੇ, ਵੋਟਾਂ ਦਾ ਜੋੜ—ਤੋੜ ਲਾਉਣ ਲੱਗੇ। ਗੁਪਤ ਰਾਜਨੀਤੀ ਘੜੀ ਜਾ ਰਹੀ ਸੀ। ਹਾਕਮ ਜਸਵੰਤ ਤੋਂ ਪੁੱਛਣ ਲੱਗਾ— “ਪ੍ਰੇਮੀਆਂ ਦੀ ਕੀ ਸੰਭਾਵਨਾ ਐ ?” “ਪ੍ਰੇਮੀਆਂ ਦੀਆਂ ਵੋਟਾਂ ਤਾਂ ਆਪਾਂ ਨੂੰ ਪੈਣਗੀਆਂ। ਜਗਨੇ ਹੋਰਾਂ ਦੀ ਆਪਾਂ ਬਥੇਰੀ ਮਦਾਦ ਕੀਤੀ ਐ। ਓਹਨੂੰ ਜਾ ਕੇ ਮਿਲਦੇ ਆਂ।” “ਹੁਣੇ ਚੱਲੀਏ ਫੇਰ ?” ਹਾਕਮ ਬੇਚੈਨ ਸੀ।ਉਸਦੀ ਬੇਚੈਨੀ ਨੂੰ ਭਾਂਪਦਿਆਂ, ਜਸਵੰਤ ਨੇ ਰਾਤ ਦੇ ਹਨੇਰੇ ’ਚ, ਹਾਕਮ ਨੂੰ ਨਾਲ ਲੈ ਕੇ ਆਸਾ—ਪਾਸਾ ਵੇਖ ਜਗਨੇ ਦਾ ਦਰਵਾਜ਼ਾ ਜਾ ਖੜਕਾਇਆ। “ਆਜੋ ਬਾਈ, ਅੰਦਰ ਆਜੋ।” ਬੂਹੇ ਤੇ ਜਸਵੰਤ ਹੋਰਾਂ ਨੂੰ ਖੜ੍ਹੇ ਵੇਖ ਜਗਨੇ ਨੇ ਉਨ੍ਹਾਂ ਨੂੰ ਅੰਦਰ ਬੁਲਾ ਲਿਆ। “ਬੈਠੋ।” ਆਖ ਉਹ ਪਾਣੀ ਲੈਣ ਚਲਾ ਗਿਆ। “ਹੁਣ ਦੱਸੋ।” ਪਾਣੀ ਦੇ ਕੇ ਉਹ ਆਪ ਵੀ ਉਨ੍ਹਾਂ ਦੇ ਸਾਹਮਣੇ ਵਾਲੇ ਮੰਜੇ ’ਤੇ ਬੈਠ ਗਿਆ। “ਵੋਟਾਂ ਦਾ ਕਿਵੇਂ ਕਰਨੈ, ਜਗਨਿਆਂ ?” ਜਸਵੰਤ ਨੇ ਪੁੱਛਿਆ। “ਮੈਂ ਭੰਗੀਦਾਸ ਨਾਲ ਰੈਅ ਕਰੂੰਗਾ। ਨਾਲੇ ਹਿੱਕ ਠੋਕ ਕੇ ਕਹੂੰਗਾ, ਬਈ ਜਸਵੰਤ ਹੋਰਾਂ ਨੇ ਸਾਡੀ ਬਹੁਤ ਮਦਾਦ ਕੀਤੀ ਸੀ।” ਜਗਨਾ ਗਲ ’ਚ ਪਾਏ ਲੌਕਟ ਨੂੰ ਠੀਕ ਕਰਦਾ ਬੋਲਿਆ। “ਕਦੋਂ ਦੱਸੇਂਗਾ ?” ਹਾਕਮ ਬੋਲਿਆ। “ਦੋ ਕ ਦਿਨਾਂ ਤਕ।” “ਪਰਸੋਂ ਨੂੰ ਆਮਾਂਗੇ, ਤੇਰੇ ਕੋਲ।” ਆਖ ਜਸਵੰਤ ਹੋਰੀਂ ਜਗਨੇ ਦਾ ਟੀਨ ਵਾਲਾ ਗੇਟ ਲੰਘ ਕੇ ਰਾਤ ਦੇ ਹਨੇਰੇ ’ਚ ਅਲੋਪ ਹੋ ਗਏ। ਅਗਲੇ ਦਿਨ ਜਗਨੇ ਨੇ ਭੰਗੀਦਾਸ ਨਾਲ ਗੱਲ ਕੀਤੀ। ਭੰਗੀਦਾਸ ਨੇ ਅੱਗੇ ਸਾਰੀ ਸੰਗਤ ਨਾਲ ਵਿਚਾਰ—ਵਟਾਂਦਰਾ ਕੀਤਾ ਤਾਂ ਸਾਰੇ ਹਾਕਮ ਦੇ ਨਾਂ ਤੇ ਸਹਿਮਤ ਹੋ ਗਏ। ਜਗਨੇ ਦੇ ਘਰ ਰੱਖੀ ਸਪੈਸ਼ਲ ਨਾਮ ਚਰਚਾ ’ਚ ਉਹਨਾਂ ਦੀ ਕਮੇਟੀ ਨੇ ਫੈਸਲਾ ਲਿਆ — “ਵੋਟ ਉਹਨੂੰ ਪਾਉਣੀ ਐ, ਜੋ ਨਸ਼ਾ—ਮੁਕਤ ਐ ਤੇ ਨਸ਼ਿਆਂ ਦਾ ਵਿਰੋਧ ਕਰਦੈ।” ਬਘੇਲ ਨੇ ਹਾਕਮ ਨੂੰ ਹਿੱਕ ਤਾਣ ਕੇ ਕਿਹਾ — “ਮੈਂ ਵੀ ਪਿਉ ਦਾ ਪੁੱਤ ਨੀ, ਜੇ ਤੂੰ ਜਿੱਤ ਗਿਆ। ਮੂਤ ਨਾਲ ਦਾੜ੍ਹੀ ਮੁਨਾਉਣੀ ਮੰਜੂਰ।” ਉਸ ਨੇ ਅੰਦਰ ਖਾਤੇ ਬਲੈਕੀਏ ਤੇ ਅਮਲੀ ਬੁਲਾ ਲਏ। ਉਨ੍ਹਾਂ ਨੂੰ ਕਹਿੰਦਾ— “ਜੇ ਹਾਕਮ ਜਿੱਤ ਗਿਆ, ਏਹਨਾਂ ਨੇ ਪਿੰਡ ’ਚ ਕੋਈ ਠੇਕਾ ਨੀ ਰਹਿਣ ਦੇਣਾ। ਮਿੱਤਰੋ ਫੇਰ ਨੀ ਫੀਮ—ਭੁੱਕੀ ਮਿਲਣੀ। ਸੁੱਚਿਆ, ਫੇਰ ਤਾਂ ਧੰਦਾ ਠੱਪ ਹੋਜੂ।” ਪਿੰਡ ਦੇ ਅਮਲੀ, ਪਿਆਕੜ, ਬਲੈਕੀਏ ਸ਼ਰੇਆਮ ਟੀਟੂ ਦੇ ਹੱਕ ਚ ਨਿੱਤਰ ਆਏ। ਸੱਥ ’ਚ ਬੈਠੇ ਵਿਸਾਖੇ ਹੋਰੀਂ ਵੀ ਹੁਣ ਤਾਂ ਵੋਟਾਂ ਦੀਆਂ ਹੀ ਗੱਲਾਂ ਕਰਦੇ ਨੇ — “ਵਿਸਾਖਿਆ ਟੀਟੂ ਜਿੱਤੂ।” ਸੁਰਜਣ ਬੋਲਦੈ। “ਤੈਨੂੰ ਬੜਾ ਪਤੈ। ਟੀਟੂ ਦੀ ਤਾਂ ਬਘੇਲਾ ਫੱਟੀ ਪੋਚੂ। ਬਘੇਲੇ ਕਰਕੇ ਨੀ ਵੋਟ ਪੈਂਦੀ।” ਵਿਸਾਖਾ ਡੂੰਘੀ ਰਾਜਨੀਤੀ ਤੋਂ ਪਰਦਾ ਚੁੱਕਦਾ ਹੈ। “ਸੁਣਿਐ, ਹਜ਼ਾਰ—ਹਜ਼ਾਰ ’ਚ ਵੋਟ ਵਿਕੀ ਜਾਂਦੀ ਐ।” ਸੁਰਜਣ ਬੋਲਿਆ। “ਗੜੱਦੀ ਤੋਂ ਮੇਰਾ ਦੋਹਤਾ ਆਇਆ ਸੀ। ਕਹਿੰਦਾ, ਨਾਨਾ ਸਾਡੇ ਤਾਂ ਪੰਜ ਵੋਟਾਂ ਮਗਰ ਫਰਿੱਜ ਦੇਈ ਜਾਂਦੇ ਨੇ।” “ਤੂੰ ਦੂਰ ਕਿਉਂ ਜਾਨੈ, ਤਿੱਤਰਾ। ਆਹ ਟੋਡਰਪੁਰ ਪੰਜ ਵੋਟਾਂ ਮਗਰ ਮੋਟਰ—ਸੈਂਕਲ ਦੇਈ ਜਾਂਦੇ ਨੇ।” ਵਿਸਾਖਾ ਬੋਲਿਆ। ਗੱਲਾਂ ਦਾ ਇਹ ਸਿਲਸਿਲਾ ਚੱਲਦਾ ਹੀ ਰਹਿੰਦਾ। ਹੁਣ ਤਾਂ ਵੋਟਾਂ ’ਚ ਪੰਜ ਦਿਨ ਹੀ ਬਚੇ ਸੀ। ਪਿੰਡ ’ਚ ਡਰੰਮਾਂ ਦੇ ਡਰੰਮ ਸ਼ਰਾਬ ਲੱਗ ਗਈ। ਹਾਕਮ ਗਿੱਲ ਨੇ ਆਪਣੇ ਸਮਰਥਕਾਂ ਦੇ ਕਹਿਣ ’ਤੇ ਠੰਡਿਆਂ ਦਾ ਭਰਿਆ ਛੋਟਾ ਹਾਥੀ ਵੰਡ ਦਿੱਤਾ। ਟੀਟੂ ਦੇ ਘਰ ਹਰ ਰੋਜ਼ ਪੰਦਰੇ—ਵੀਹ ਡੱਬੇ ਸ਼ਰਾਬ ਦੀ ਲਾਗਤ ਹੈ ।ਤਸੱਲੀ ਵੋਟਰਾਂ ਦੀ ਅਜੇ ਵੀ ਨਹੀਂ। ਵੋਟਰ ਦੋਵੇਂ ਪਾਸੇ ਹੀ ਪੈਰ ਪਸਾਰੀ ਬੈਠੇ ਹਨ। ਅੱਜ ਦੀ ਘੜੀ ਕਿਸੇ ਵੀ ਧਿਰ ਦੀ ਜਿੱਤ ਨਜ਼ਰ ਨਹੀਂ ਆ ਰਹੀ । ਉਮੀਦਵਾਰ ਵੋਟਰਾਂ ਕੋਲ ਘਰ—ਘਰ ਜਾ ਕੇ ਵੋਟਾਂ ਵੀ ਮੰਗਣ ਲੱਗ ਪਏ। ਹਰ ਕੋਈ ਆਪੋ—ਆਪਣੀਆਂ ਵੋਟਾਂ ਪੱਕੀਆਂ ਕਰਨ ’ਤੇ ਲੱਗਾ ਪਿਆ ਸੀ। ਨਿੱਤ ਓਪਰੇ ਜਿਹੇ ਬੰਦੇ ਘਰ ਆਇਆ ਕਰਨ, ਨਸੀਰਾਂ ਘਬਰਾ ਜਾਇਆ ਕਰੇ। “ਪਿੰਡ ਦੇ ਬੰਦੇ ਨੇ ਭਾਈ, ਵੋਟਾਂ ਮੰਗਣ ਆਉਂਦੇ ਨੇ। ਤੂੰ ਨਾ ਡਰਿਆ ਕਰ।” ਜਗਤੂ ਨੇ ਨਸੀਰਾਂ ਨੂੰ ਫ਼ਿਕਰ ਨਾ ਕਰਨ ਦੀ ਤਾਕੀਦ ਕੀਤੀ। ਕਈ ਦਿਨ ਤਾਂ ਨਸੀਰਾ ਦਾ ਮਨ ਵੀ ਉਖੜਿਆ—ਉਖੜਿਆ ਰਿਹਾ। ਹੁਣ ਤਾਂ ਉਸ ਦਾ ਦਿਲ ਲੱਗ ਗਿਆ। ਨਸੀਰਾਂ ਦਾ ਕਣਕ—ਵੰਨਾ ਰੰਗ, ਮਧਰਾ ਕੱਦ, ਮੋਟੀਆਂ ਅੱਖਾਂ ਤੇ ਨਿੰਬੂ ਜਿੱਡਾ ਨੱਕ। ਸਰੀਰ ਦੀ ਵਾਹਵਾ ਭਾਰੀ ਐ। ਲਾਜੋ ਦੀ ਮੌਤ ਤੋਂ ਬਾਅਦ ਨਸੀਰਾ ਨੇ ਚੁੱਲ੍ਹਾ—ਚੌਂਕਾ ਸੰਵਾਰ ਕੇ, ਡਿੱਗੂੰ—ਡਿੱਗੂੰ ਕਰਦੇ ਘਰ ਦੀ ਲਿੱਪਾ—ਪੋਚੀ ਵੀ ਕਰ ਲਈ । ਆਂਢਣਾ—ਗੁਆਂਢਣਾਂ ਨਾਲ ਨਸੀਰਾ ਘੁਲ—ਮਿਲ ਗਈ । ਕੰਮ—ਧੰਦਾ ਨਬੇੜ ਕੇ ਉਹਨਾਂ ਕੋਲ ਜਾ ਬਹਿੰਦੀ। ਆਪਣੇ ਬੀਤੇ ਨੂੰ ਯਾਦ ਕਰਦੀ। ਘਰ ਦੀ ਗ਼ਰੀਬੀ ਦੀਆਂ ਗੱਲਾਂ ਸਭ ਨਾਲ ਸਾਂਝੀਆਂ ਕਰਦੀ। ਦਲੀਪੋ ਜੁਲਾਹੀ ਕੋਲੋਂ ਲੰਘਦੀ ਉਸ ਦਾ ਹਾਲ—ਚਾਲ ਪੁੱਛ ਲੈਂਦੀ ਹੈ— “ਹੋਰ ਭਾਈ ਨਸੀਰਾਂ, ਠੀਕ ਐਂ ?” “ਆਮੀ ਭਾਲੋ ਆਛੀ ਤਾਈ ਠੀਕ—ਠੀਕ।” ਹੁਣ ਤਾਂ ਉਹ ਟੁੱਟੀ—ਫੁੱਟੀ ਪੰਜਾਬੀ ਵੀ ਸਿੱਖ ਗਈ । ਸ਼ੁਰੂ—ਸ਼ੁਰੂ 'ਚ ਤਾਂ ਉਹ ਵਿੰਗ—ਤੜਿੰਗੀਆਂ ਰੋਟੀਆਂ ਹੀ ਪਕਾਉਂਦੀ ਸੀ। ਇੱਕ ਹਫਤਾ ਦਲੀਪੋ ਨੇ ਉਸ ਨੂੰ ਸਿਖਲਾਈ ਦਿੱਤੀ। ਹੁਣ ਉਹ ਰੋਟੀਆਂ ਪਕਾਉਂਣੀਆ ਵੀ ਸਿੱਖ ਗਈ। ਨਸੀਰਾਂ ਨੂੰ ਰੋਟੀ ਖਾਣੀ ਔਖੀ ਲੱਗਦੀ ਐ। ਬੰਗਾਲ 'ਚ ਤਾਂ ਉਹ ਦਾਲ—ਚਾਵਲ ਹੀ ਖਾਂਦੀ ਸੀ।ਪਿੰਡ ਕੋਲੋਂ ਲੰਘਦੀ ਛੋਟੀ ਨਦੀ ਚੋਂ ਮੱਛੀਆਂ ਫੜ ਕੇ ਵੀ ਉਹ ਲਿਆਉਂਦੀ ਸੀ। ਉਹ ਦੱਸਦੀ ਐ — “ਰੋਟੀ ਤਾਂ ਸਾਡੇ ਮਰੀਜ ਖਾਂਦੇ ਨੇ।” ਨੇਕੀ ਪੰਦਰਾਂ ਦਿਨਾਂ ਬਾਅਦ ਆਇਆ ਤਾਂ ਨਸੀਰਾਂ ‘ਬਿਸਰ—ਬਿਸਰ’ ਕਰਨ ਲੱਗੀ। ਨੇਕੀ ਦੀ ਅਣਹੋਂਦ ’ਚ ਹੰਢਾਈ ਵਿਆਕੁਲਤਾ ਬਾਰੇ ਭਰੇ ਮਨ ਨਾਲ ਦੱਸਣ ਲੱਗੀ। ਜੀਅ ਨਾ ਲੱਗਣ ਦਾ ਵੀ ਉਸਨੇ ਪੱਜ ਲਾਇਆ। ਨੇਕੀ ਨੇ ਵੀ ਨਸੀਰਾਂ ਨੂੰ ਝੂਠਾ ਜਿਹਾ ਦਿਲਾਸਾ ਦਿੱਤਾ— “ਮੈਂ ਹੁਣ ਟਰੱਕ ’ਤੇ ਨੀ ਜਾਂਦਾ, ਤੇਰੇ ਕੋਲ ਈ ਰਹੂੰਗਾ।” ਉਂਝ ਉਹ ਜਾਣਦਾ ਸੀ, ‘ਇਹ ਹੋ ਨਹੀਂ ਸਕਦਾ। ਛਿੰਦੇ ਨੂੰ ਕਿਹੜੇ ਮੂੰਹ ਜਵਾਬ ਦੇਵਾਂਗਾ ?’ ਨੇਕੀ ਦੇ ਪਿੰਡ ਆਉਣ ’ਤੇ ਹੁਣ ਤਾਂ ਸਾਰੀ ਟੋਲੀ ਨੇਕੀ ਦੇ ਘਰ ਹੀ ਆ ਜਾਂਦੀ ਸੀ। ਨਸੀਰਾਂ ਸਾਰਿਆਂ ਨੂੰ ਜਾਣਨ ਵੀ ਲੱਗ ਗਈ ਸੀ। ਨੇਕੀ ਪੰਜ ਦਿਨ ਰਹਿ ਕੇ, ਟਰੱਕ ਲੈ ਕੇ ਜਾਣ ਲੱਗਾ ਤਾਂ ਨਸੀਰਾਂ ਫਿਰ ਅੱਖਾਂ ਭਰ ਆਈ। ਉਸਦਾ ਮਨ ਕੀਤਾ, ਨੇਕੀ ਨਾਲ ਹੀ ਬੰਗਾਲ ਵੱਲ ਉੱਡ ਜਾਵੇ, ਆਪਣੇ ਮਾਂ—ਪਿਓ, ਭੈਣ—ਭਰਾਵਾਂ ਕੋਲ ਚਲੀ ਜਾਵੇ। ਪਰ ਉਹ ਇਹ ਵੀ ਜਾਣਦੀ ਸੀ, ਹੁਣ ਇਹ ਹੋ ਨਹੀਂ ਸਕਦਾ। ਮੇਲੂ ਤਾਂ ਹੁਣ ਨੇਕੀ ਦੀ ਗ਼ੈਰ—ਹਾਜ਼ਰੀ ’ਚ ਵੀ ਨਸੀਰਾਂ ਕੋਲ ਆ ਜਾਂਦਾ ਹੈ। ਨਸੀਰਾਂ ਵੀ ਤਾਂ ਉਸ ਨਾਲ ਘੁਲ਼—ਮਿਲ ਗਈ। ਹੁਣ ਉਸ ਨੂੰ ਨੇਕੀ ਦੀ ਘਾਟ ਮਹਿਸੂਸ ਨਹੀਂ ਹੁੰਦੀ। ਮੇਲੂ ਇੱਕ—ਦੋ ਹੋਰ ਮੁੰਡਿਆਂ ਨੂੰ ਕਦੇ—ਕਦੇ ਲੈ ਆਉਂਦਾ ਹੈ। ਹੌਲ਼ੀ ਹੌਲ਼ੀ ਭੇਤ ਖੁੱਲ੍ਹਣ ਲੱਗੇ। ਆਂਢੀ—ਗੁਆਂਢੀ ਬਿੜਕ ਰੱਖਣ ਲੱਗੇ। ਉਹ ਹੁਣ ਨਸੀਰਾਂ ਤੇ ਮੇਲੂ ਹੋਰਾਂ ’ਤੇ ਕਚੀਚੀਆਂ ਵੱਟਣ ਲੱਗੇ। ਵਿਹੜੇ ਦੀਆਂ ਤੀਵੀਂਆਂ ਗੱਲਾਂ ਕਰਨ— “ਕਿੱਥੋਂ ਪਿੱਪਲ ਲੱਗੀ ਐ ? ਨਿਕਲੀ—ਉੱਧਲੀ ਕਿਸੇ ਥਾਂ ਦੀ।” “ਏਹ ਤਾਂ ਭਾਈ, ਆਪਣੀਆਂ ਕੁੜੀਆਂ ਨੂੰ ਵੀ ਵਿਗਾੜੂ।” “ਜਗਤੂ ਤਾਂ ਘਰੇਂ ਨੀ ਖੜ੍ਹਦਾ। ਔਖਾ ਤਾਂ ਆਪਾਂ ਨੂੰ ਹੋਇਆ ਪਿਐ।” “ਰਾਤ ਨੂੰ ਤਾਂ ਘਰੀਂ ਹੁੰਦੈ, ਆਹ ਮੇਲੂ ਮੈਂ ਰਾਤ ਨੂੰ ਬੀ ਕਈ ਵਾਰ ਦੇਖਿਐ।” “ਥੋਨੂੰ ਨੀ ਪਤਾ ਭਾਈ, ਨੀਂਦ ਆਲ਼ੀਆਂ ਗੋਲ਼ੀਆਂ ਦਿੰਦੇ ਨੇ ਜਗਤੂ ਨੂੰ। ਉਹ ਬੀ ਭੁੰਨਣਾ, ਕੁੰਬਕਰਨ ਮਾਂਗੂ ਸੌਂ ਜਾਂਦੈ।” “ਨੇਕੀ ਨਾਲ ਗੱਲ ਕਰਾਂਗੇ ਭਾਈ, ਸਾਥੋਂ ਧੀਆਂ ਪੁੱਤਾਂ ਆਲਿਆਂ ਤੋਂ ਨੀ ਏਹ ਦੇਖਿਆ ਜਾਂਦਾ।” ਆਂਢ—ਗੁਆਂਢ ਵਾਲੇ ਨੇਕੀ ਦੇ ਆਉਣ ਦੀ ਉਡੀਕ ਕਰਨ ਲੱਗੇ। ਜਿਹੜੇ ਲੋਕ ਕਦੇ ਛਿੰਦੇ ਬਰਾੜ ਨੂੰ ਵਧਾਈਆਂ ਦਿੰਦੇ ਸੀ, ਹੁਣ ਉਸ ਨੂੰ ਗਾਲ਼ਾਂ ਕੱਢਦੇ ਸੁਣੇ ਗਏ । “ਜੜ੍ਹ ਮਾਰੀ ਆਲ਼ਾ, ਕਿੱਥੋਂ ਲਿਆਇਐ ਛਾਂਟ ਕੇ।” “ਕੁੱਤੀ, ਹਰਾਮਣ, ਫਿਰਦੀ ਐ ਹਰਲ—ਹਰਲ ਕਰਦੀ। ਥਾਂ—ਥਾਂ ਸੁੰਘਦੀ ਫਿਰਦੀ ਐ ।” ਜਗਤੂ ਨੂੰ ਤਾਂ ਹੁਣ ਆਪਣਾ ਘਰ ਵੀ ਓਪਰਾ—ਓਪਰਾ ਲੱਗਣ ਲੱਗਾ। ਲਾਜੋ ਦੀ ਮੌਤ ਤੋਂ ਬਾਅਦ ਉਹ ਕੁਮਲਾਅ ਗਿਆ, ਢੇਰੀ ਢਾਹ ਬੈਠਾ। ਉਸ ਨੂੰ ਲਾਜੋ ਦੀ ਘਾਟ ਮਹਿਸੂਸ ਹੋਣ ਲੱਗ ਪਈ। ਗੋਲੋ ਦਾ ਵੀ ਪੰਚਾਇਤ 'ਚ ਰਾਜ਼ੀਨਾਮਾ ਹੋ ਗਿਆ ਸੀ। ਘੂਤਰ ਹੋਰਾਂ ਨੇ ਕਹਿ—ਕਹਾ ਕੇ ਮਸਲਾ ਹੱਲ ਕਰ ਦਿੱਤਾ। ਕੁੜੀ ਨੇ ਤਾਂ ਲਾਜੋ ਦੇ ਗੁਜ਼ਰ ਜਾਣ ਤੋਂ ਪਹਿਲਾਂ ਹੀ, ਆਪਣਾ ਸਹੁਰਾ ਘਰ ਸੰਭਾਲ ਲਿਆ। ਜਗਤੂ ਸਵੇਰ ਦੀ ਰੋਟੀ ਖਾ ਕੇ ਸੱਥ 'ਚ ਜਾ ਬਹਿੰਦਾ ਹੈ। ਸੱਥ 'ਚ ਵੀ ਹੁਣ ਉਸ ਦੀ ਪਹਿਲਾਂ ਵਾਲੀ ਤੜ੍ਹ ਨਹੀਂ ਰਹੀ। ਸ਼ਾਮ ਨੂੰ ਜਦੋਂ ਢਿੱਡ ਭਰਨਾ ਹੁੰਦਾ, ਫਿਰ ਘਰ ਪਰਤਦਾ। ਨੇਕੀ ਹੁਣ ਕੰਡਕਟਰ ਤੋਂ ਡਰਾਇਵਰ ਬਣ ਗਿਆ। ਮਹੀਨਾ—ਮਹੀੇਨਾ ਘਰ ਨਹੀਂ ਆਉਂਦਾ। ਵੋਟਾਂ ਤੋਂ ਪੰਜ ਕੁ ਦਿਨ ਪਹਿਲਾਂ ਆਇਆ ਤਾਂ ਵਿਹੜੇ ਵਾਲੇ ਉਸ ਨੂੰ ਟੁੱਟ ਕੇ ਪੈ ਗਏ। ਉਹ ਤਾਂ ਭਰੇ ਪਏ ਸੀ। “ਭਾਈ ਨੇਕ ਸਿਆਂ, ਤੇਰੀ ਪਦਮਣੀ ਨੂੰ ਸੰਭਾਲ।” “ਕਿਉਂ ! ਏਨੇ੍ਹ ਕੀ ਕਰਤਾ ?” “ਸਾਨੂੰ ਤਾਂ ਦੱਸਦਿਆਂ ਨੂੰ ਬੀ ਸ਼ਰਮ ਆਉਂਦੀ ਐ, ਭਾਈ।” “ਆਹ ਮੇਲੂ ਕਾਣਾ ਤਾਂ ਥੋਡੇ ਘਰੋਂ ਬਾਰ੍ਹ ਨੀਂ ਨਿਕਲਦਾ। ਬਾਕੀ ਤੂੰ ਸਮਝ ਈ ਗਿਆ ਹੋਣਾ। ਐਨੀ ਕ ਸਮਝ ਤਾਂ ਤੈਨੂੰ ਬੀ ਰੱਬ ਨੇ ਦਿੱਤੀ ਐ।” ਨੇਕੀ ਸਾਰੀ ਕਹਾਣੀ ਸਮਝ ਗਿਆ। “ਭੈਣ ਦਿਆ ਯਾਰਾ, ਕਾਣਿਆਂ, ਤੈਨੂੰ ਨੀ ਛੱਡਦਾ। ਢੂਕਣਾ ਓਦ੍ਹਾ ਬੀ ਕੁੱਟੂੰ।” ਕਚੀਚੀਆਂ ਵੱਟਦਾ ਨੇਕੀ ਘਰ ਨੂੰ ਚੱਲ ਪਿਆ। ਮੇਲੂ ਨੂੰ ਭਿਣਕ ਪੈ ਗਈ ਸੀ। ਉਹ ਤਾਂ ਨੌਂ ਦੋ ਗਿਆਰਾਂ ਹੋ ਗਿਆ। ਨੇਕੀ ਤਾਂ ਜਾਣ—ਸਾਰ ਨਸੀਰਾਂ ਨਾਲ ਘਸੁੰਨ—ਮੁੱਕੀ ਹੋ ਗਿਆ। ਨਸੀਰਾਂ ਮੂਹਰੇ ਹੱਥ ਕਰਦੀ ਫਿਰੇ। ਪੈਰੀਂ ਹੱਥ ਵੀ ਲਾਏ ਪਰ ਨੇਕੀ ਟਿਕਣ ਵਾਲਾ ਨਹੀਂ ਸੀ। ਜਗਤੂ ਬਾਹਰੋਂ ਆਇਆ, ਉਸ ਨੇ ਛੁਡਾਈ। “ਉਏ ਭਲੇ ਲੋਕਾ ! ਕਿਉਂ ਮਾਰੀ ਜਾਨੈਂ।” “ਅੱਜ ਨੀ ਏਹਨੂੰ ਸ਼ੱਡਦਾ, ਮਾਰ ਕੇ ਈ ਹਟੂੰ, ਸਾਲੀ ਲੰਡਰ ਤੀਮੀ ਨੂੰ।” “ਉਏ ਕੋਈ ਗੱਲ ਤਾਂ ਦੱਸ ?” “ਏਹ ਮੇਲੂ ਨਾਲ ਖੇਹ ਖਾਂਦੀ ਫਿਰਦੀ ਐ, ਤੂੰ ਕਹਿਨੈ, ਕਿਉਂ ਮਾਰੀ ਜਾਨੈ ?” “ਮੈਂ ਤਾਂ ਕਦੇ ਗੱਲ ਸੁਣੀ ਨੀਂ, ਨੇਕ ਸਿਆਂ।” “ਮੈਨੂੰ ਗਲੀ ਆਲ਼ੇ ਕੈਂਦ੍ਹੇ ਐ। ਫਿਰ ਉਹ ਝੂਠ ਮਾਰਦੇ ਐ ?” ਜਗਤੂ ਦੇ ਛੁਡਾਉਂਦਿਆਂ—2 ਵੀ ਨੇਕੀ ਨਸੀਰਾਂ ਦੇ ਕਈ ਥੱਪੜ ਮਾਰ ਗਿਆ। ਪਾਸੇ ਬੈਠ ਨਸੀਰਾਂ ਡੁਸਕਣ ਲੱਗੀ। “ਲੋਕਾਂ ਦਾ ਕੀ ਮੂੰਹ ਫੜਲਾਂ ਗੇ ਆਪਾਂ, ਨੇਕ ਸਿਆਂ!” ਜਗਤੂ ਨੇ ਮੰਜੇ ’ਤੇ ਬੈਠਦੇ ਸਮੇਂ ਨੇਕੀ ਨੂੰ ਕਿਹਾ। ਨੇਕੀ ਨੇ ਸਿਰ ’ਤੇ ਪਰਨਾ ਲਪੇਟਿਆ। ਨਸੀਰਾਂ ਨਾਲ ਗੁੱਕਮ—ਗੁੱਥੀ ਹੁੰਦਿਆਂ ਉਸ ਦਾ ਪਰਨਾ ਵੀ ਉੱਧੜ ਗਿਆ ਸੀ। ਮੰਜੇ ’ਤੇ ਬੈਠ ਉਸ ਨੇ ਠੰਢੇ ਮਤੇ ਨਾਲ ਸੋਚਿਆ, ‘ਕਿਤੇ ਲੋਕ, ਸਾਲੇ ਊਂਈਂ ਨਾ ਭਕਾਈ ਮਾਰਦੇ ਹੋਣ। ਸਾਲ਼ੇ ਮੇਰੇ ’ਤੇ ਰਾਜੀ ਨੀ।” ਜਗਤੂ ਦੇ ਆਖਣ ਤੇ ਵੀ ਉਹ ਸ਼ਾਂਤ ਹੋ ਗਿਆ ਸੀ। ਉਹ ਅਜੇ ਲੜ੍ਹ ਕੇ ਹਟੇ ਹੀ ਸੀ, ਵੋਟਾਂ ਵਾਲੀ ਪਾਰਟੀ ਆ ਪਹੁੰਚੀ। ਦਸ—ਬਾਰਾਂ ਜਣੇ ਸੀ, ਟੀਟੂ ਹੋਰੀਂ। ਬਘੇਲ ਵੀ ਨਾਲ ਹੀ ਸੀ। ਆਵਾਜ਼ ਸੁਣ ਕੇ ਜਗਤੂ ਬਾਰ ਕੋਲ ਆ ਗਿਆ ਸੀ। “ਜਗਤ ਸਿਆਂ, ਫਿਰ ਤਿਆਰ ਰਹਿਓ। ਆਹ ਐ ਆਪਣਾ ਚੋਣ ਨਿਸ਼ਾਨ।” ਟੀਟੂ ਨੇ ਜਗਤੂ ਦੇ ਨੇੜੇ ਹੋ ਕੇ ਡੰਮੀ ਬੈਲਟ ਪੇਪਰ ਵਿਖਾਇਆ। “ਆਪਾਂ ਕੀ ਥੋਡੇ ਤੋਂ ਬਾਰ੍ਹ ਆਂ, ਬਾਈ।” ਜਗਤੂ ਨੇ ਵਿਸ਼ਵਾਸ ਦੁਆਇਆ। “ਤੂੰ ਵੀ ਭਾਈ, ਨੇਕ ਸਿਆਂ, ਵੋਟ ਪਾ ਕੇ ਜਾਂਈਂ।” ਬਘੇਲ ਨੇ ਮੰਜੇ ਤੇ ਬੈਠੇੇ ਨੇਕੀ ਨੂੰ ਕਿਹਾ। “ਮੈਂ ਤਾਂ ਕੱਲ੍ਹ ਨੂੰ ਜਾਣਾ ਸੀ, ਮਾਲ ਲੱਦਿਆ ਪਿਐ।” “ਹੈਂ ਕਮਲ਼ਾ! ਪਰਸੋਂ ਨੂੰ ਤਾਂ ਵੋਟਾਂ ਨੇ, ਪਰਸੋਂ ਨੂੰ ਜਾਂਈਂ, ਵੋਟ ਪਾ ਕੇ। ਪਤੰਦਰਾ, ਸਾਡਾ ਕੱਲੀ—ਕੱਲੀ ਵੋਟ ’ਤੇ ਜ਼ੋਰ ਲੱਗਿਆ ਪਿਐ।” ਟੀਟੂ ਨੇ ਨੇਕੀ ਨੂੰ ਸਮਝਾਉਣ ਦਾ ਯਤਨ ਕੀਤਾ। * * * ਦੋਵੇਂ ਧਿਰਾਂ ਨੇ ਛਿੰਦੇ ਨੂੰ ਬਥੇਰਾ ਰੋਕਿਆ, ਪਰ ਮਾਲ ਹੀ ਐਸਾ ਲੱਦਿਆ ਹੋਇਆ ਸੀ, ਦੋਵਾਂ ਨੂੰ ਵੋਟਾਂ ਤੋਂ ਇੱਕ ਦਿਨ ਪਹਿਲਾਂ ਚੱਲਣਾ ਪਿਆ। “ਆਹ ਤਾਂ ਬਈ, ਨੇਕ ਸਿਆਂ ਵੋਟਾਂ ਆਲੀ ਬੱਸ ਲੱਗਦੀ ਐ।” ਛਿੰਦੇ ਹੋਰਾਂ ਨੂੰ ਮੁਲਾਜ਼ਮਾਂ ਦੀ ਭਰੀ ਬੱਸ ਸੇਮ ਨਾਲ਼ੇ ਕੋਲ ਮਿਲੀ। “ਹੂੰ, ਵਿੱਚ ਵੋਟਾਂ ਆਲ਼ੀਆਂ ਢੋਲੀਆਂ ਜੀਆਂ ਬੀ ਪਈਆਂ ਨੇ।” ਬੱਸ ਕੋਲ ਦੀ ਲੰਘੀ ਤਾਂ ਨੇਕੀ ਨੇ ਝਾਤ ਮਾਰੀ। * * * ਸ਼ਾਮ ਨੂੰ ਚੋਣ ਅਮਲਾ ਬੱਸ ’ਤੇ, ਸੰਦੂਕੜੀਆਂ ਲੈ ਕੇ ਸਕੂਲ ਚ ਪਹੁੰਚ ਗਿਆ। ਖਬਰ ਮਿਲਦਿਆਂ ਹੀ ਦੋਵੇਂ ਧਿਰਾਂ ਦੇ ਬੰਦੇ, ਆਉ—ਭਗਤ ਲਈ, ਠੰਢੇ ਦੀਆਂ ਬੋਤਲਾਂ ਲੈ ਕੇ ਪਹੁੰਚ ਗਏ। ਸਕੂਲ ਦੇ ਸੇਵਾਦਾਰ ਨੇ ਦੋ ਕਮਰੇ ਖੋਲ੍ਹ ਦਿੱਤੇ। ਬਘੇਲ ਆਪ ਅਫਸਰਾਂ ਨੂੰ ਠੰਢਾ ਵਰਤਾ ਲੱਗਾ। ਦਸ ਕੁ ਮਿੰਟ ਦੇ ਫ਼ਰਕ ਨਾਲ ਹੀ ਚਾਹ ਆ ਗਈ। ਚਾਹ—ਪਾਣੀ ਪੀਣ ਤੋਂ ਬਾਅਦ ਕਈ ਮੁਲਾਜ਼ਮ ਸਕੂਲ ਵਾਲੀ ਮੋਟਰ ਚਲਾ ਕੇ ਇਸਨਾਨ ਕਰਨ ਲੱਗੇ। ਪ੍ਰੀਜ਼ਾਈਡਿੰਗ ਅਫਸਰ ਅੰਦਰ ਬੈਠਾ ਕਾਗ਼ਜ਼ੀ ਕਾਰਵਾਈ ਪੂਰੀ ਕਰ ਰਿਹਾ ਸੀ, ਬਘੇਲ ਅੰਦਰ ਜਾ ਕੇ ਕੋਲ ਪਏ ਬੈਂਚ ’ਤੇ ਬੈਠ ਗਿਆ। “ਜਨਾਬ ਜੇ ਕੋਈ ਡਿੱਕਤ ਆਈ ਤਾਂ ਦੱਸ ਦਿਓ। ਮੈਂ ਬਘੇਲ ਆਂ ਜੀ। ਸਾਡਾ ਬੰਦਾ ਟੀਟੂ ਐ ਜੀ।” “ਕੋਈ ਨਾ ਭਾਈ, ਸਾਡੇ ਲਈ ਤਾਂ ਸਾਰੇ ਇੱਕ ਨੇ। ਅਸੀਂ ਤਾਂ ਆਪਣੀ ਡਿਊਟੀ ਕਰਨੀ ਐ ।” ਬਘੇਲ ਦੀ ਗੱਲ ਸੁਣ ਕੇ ਉਸ ਭਾਰੀ ਚਿਹਰੇ ਵਾਲੇ ਗੰਜੇ ਜਿਹੇ ਅਫਸਰ ਨੇ ਜਵਾਬ ਦਿੱਤਾ। “ਵੇਖਲੋ ਜਨਾਬ, ਜੇ ਕੋਈ ਹੇਠ ਉੱਤਾ ਹੋ ਸਕਦੈ।” “ਮੈਂ ਵੀ ਜਵਾਕ ਪਾਲਣੇ ਨੇ, ਮੈਂ ਅੱਜ ਤਕ ਨਾ ਕੋਈ ਗਲਤ ਕੰਮ ਕੀਤੈ ਤੇ ਨਾ ਕਰਨੈ।” ਬਘੇਲ ਸ਼ਰਮਿੰਦਾ ਹੁੰਦਾ ਹੋਇਆ ਬਾਹਰ ਆ ਗਿਆ। ਸਮੁੱਚੇ ਅਮਲੇ ਦੀ ਖਾਤਰਦਾਰੀ ’ਚ ਕੋਈ ਕਸਰ ਬਾਕੀ ਨਹੀਂ ਸੀ। ਦੋਵੇਂ ਧਿਰਾਂ ਅਫਸਰਾਂ ਨੂੰ ਖੁਸ਼ ਕਰਨ ’ਤੇ ਲੱਗੀਆਂ ਹੋਈਆਂ ਸੀ। ਸ਼ਾਮ ਢਲ਼ੀ ਤੋਂ ਦੋਵੇਂ ਧਿਰਾਂ ਦੇ ਬੰਦੇ ਚੋਣ ਅਮਲੇ ਦਾ ਮੂੰਹ ਸੁੰਘਦੇ ਫਿਰਦੇ ਸੀ, “ਹਾਂ ਜੀ, ਕਿਹੜੇ—ਕਿਹੜੇ ਪੀਣ ਆਲ਼ੇ ਨੇ ?” ਦੋ ਪਾਰਟੀਆਂ ਚੋਂ ਪੰਜ ਕੁ ਕਰਮਚਾਰੀ ਹੀ ਖਾਣ—ਪੀਣ ਵਾਲੇ ਸੀ। ਉਨ੍ਹਾਂ ਦੇ ਕਹਿਣ ’ਤੇ ਅੰਗਰੇਜੀ ਤੇ ਘਰ ਦੀ ਸ਼ਰਾਬ ਦੀਆਂ ਬੋਤਲਾਂ ਹਾਜ਼ਰ ਹੋ ਗਈਆਂ। ਮੁਰਗੇ ਦਾ ਤਰੀ ਵਾਲਾ ਮੀਟ ਤੇ ਅੰਡਿਆਂ ਦੀ ਭੁਰਜੀ ਵੇਖ ਕੇ ਮੁਲਾਜ਼ਮਾਂ ਦੇ ਮੂੰਹ ’ਚੋਂ ਲਾਂਲ਼ਾਂ ਟਪਕ ਪਈਆਂ। ਸੋਫੀ ਮੁਲਾਜ਼ਮਾਂ ਨੇ ਕਹਿ—ਕਹਾ ਕੇ ਮੰਜੇ—ਬਿਸਤਰੇ ਤੇ ਆਪਣੇ ਲਈ ਖਾਣਾ ਕਹਿ ਕੇ ਮੰਗਵਾ ਲਿਆ। ਸੁਰੱਖਿਆ ਅਮਲੇ ਦੀ ਛਤਰ—ਛਾਇਆ ਹੇਠ ਬਾਕੀ ਕਰਮਚਾਰੀ ਘੋੜੇ ਵੇਚ ਕੇ ਸੌਂ ਗਏ। ਸਵੇਰ ਦੇ ਸੱਤ ਵਜੇ ਤਕ ਚੋਣ ਅਮਲਾ ਤਿਆਰ—ਬਰ—ਤਿਆਰ ਸੀ। ਵੋਟਾਂ ਭੁਗਤਣੀਆਂ ਸ਼ੁਰੂ ਹੋ ਗਈਆਂ। ਸਵੇਰ ਵੇਲੇ ਵੋਟਰਾਂ ਦੀ ਰਫ਼ਤਾਰ ਕੁੱਝ ਢਿੱਲੀ ਸੀ। ਪੋਲਿੰਗ ਬੂਥ ਸਕੂਲ ਤੋਂ ਦੂਰ ਬੱਸ ਅੱਡੇ ਕੋਲ ਸੀ। ਦੋਵੇਂ ਧਿਰਾਂ ਦੇ ਚਹੇਤੇ, ਵੋਟਰਾਂ ਨੂੰ ਘੇਰ—ਘੇਰ ਸਮਝਾ ਰਹੇ ਸੀ— “ਬੇਬੇ, ਮੋਰ੍ਹ ਐਥੇ ਲਾਈਂ।” ਦੁਪਹਿਰ ਵੇਲੇ ਦੋਵੇਂ ਧਿਰਾਂ ਦੇ ਵਰਕਰ ਆਪਸ ਵਿੱਚ ਭਿੜ ਪਏ ਤਾਂ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਪੰਜ ਵਜੇ ਤਕ ਸੱਤਰ ਫੀਸਦੀ ਵੋਟ ਭੁਗਤ ਗਈ। ਪੰਦਰੇ ਮਿੰਟ ਦੇ ਵਕਫੇ ਨਾਲ ਦੋਵੇਂ ਬੂਥਾਂ ਦੀ ਇਕੱਠੀ ਗਿਣਤੀ ਸ਼ੁਰੂ ਹੋ ਗਈ। ਦੋਵੇਂ ਧਿਰਾਂ ਦੇ ਸਮਰਥਕ ਸਕੂਲ ਦੀਆਂ ਕੰਧਾਂ ’ਤੇ ਚਮਗਿੱਦੜ ਵਾਂਗ ਚਿੰਬੜੇ ਬੈਠੇ ਸੀ। ਇੱਕ—ਦੋ ਵਾਰ ਪੁਲਿਸ ਵਾਲਿਆਂ ਨੇ ਡਰਾਵਾ ਦੇ ਕੇ ਭਜਾਏ ਪਰ ਫਿਰ ਆ ਕੇ ਬੈਠ ਜਾਂਦੇ। ਅੰਦਰ ਟੀਟੂ ਤੇ ਹਾਕਮ ਮੁੜ੍ਹਕੋ—ਮੁੜ੍ਹਕੀ ਹੋਏ ਬੈਠੇ ਸੀ। ਗਿਣਤੀ ਹੁੰਦਿਆਂ ਕਰਦਿਆਂ ਰਾਤ ਦੇ ਨੌ ਵੱਜ ਗਏ। ਚੋਣ ਅਮਲੇ ਨੇ ਕੱਲੀ—ਕੱਲੀ ਵੋਟ ਦੋਵੇਂ ਧਿਰਾਂ ਨੂੰ ਵਿਖਾਈ। ਜਦ ਟੀਟੂ ਦੀ ਤਸੱਲੀ ਨਾ ਹੋਈ ਤਾਂ ਉਸਦੇ ਕਹਿਣ ’ਤੇ ਤੀਜੀ ਵਾਰ ਵੀ ਗਿਣਤੀ ਕੀਤੀ। ਹਾਕਮ ਜਿੱਤ ਗਿਆ। ਬਿਆਸੀ ਵੋਟਾਂ ਦਾ ਫ਼ਰਕ ਸੀ। “ਲਉ ਜੀ, ਦਸਖਤ ਕਰੋ।” ਪ੍ਰੀਜ਼ਾਈਡਿੰਗ ਅਫ਼ਸਰ ਦੇ ਕਹਿਣ ਤੇ ਟੀਟੂ ਨੇ ਭਰੇ ਮਨ ਨਾਲ ਦਸਤਖ਼ਤ ਕੀਤੇ। ਬਾਹਰ ਲੋਕਾਂ ਦੀ ਉਮੜੀ ਭੀੜ ਵੇਖ ਕੇ ਪ੍ਰੀਜ਼ਾਈਡਿੰਗ ਅਫ਼ਸਰ ਨੇ ਡਰਾਈਵਰ ਨੂੰ ਬੱਸ ਸਟਾਰਟ ਕਰਨ ਲਈ ਫੋਨ ਕੀਤਾ। ਸੁਰੱਖਿਆ ਅਮਲੇ ਸਮੇਤ ਚੋਣ ਅਮਲੇ ਨੇ ਸਾਰਾ ਸਮਾਨ ਬੱਸ ’ਚ ਰੱਖ ਲਿਆ। ਟੀਟੂ ਦੇ ਸਮਰਥਕਾਂ ਨੂੰ ਜਦ ਉਸ ਦੀ ਹਾਰ ਦਾ ਪਤਾ ਲੱਗਾ ਤਾਂ ਬੁਖਲਾਏ ਹੋਏ ਸਮਰਥਕਾਂ ਨੇ ਬੱਸ ’ਤੇ ਪਥਰਾਅ ਕਰ ਦਿੱਤਾ। ਇੱਕ ਦੋ ਸੁਰੱਖਿਆ ਕਰਮਚਾਰੀ ਵੀ ਫੱਟੜ ਹੋ ਗਏ। ਸੁਰੱਖਿਆ ਅਮਲੇ ਨੇ ਹਵਾਈ ਫਾਇਰਿੰਗ ਕੀਤੀ ਤਾਂ ਕਿਤੇ ਜਾ ਕੇ ਭੀੜ ਖਿੰਡੀ। ਹਾਕਮ ਗਿੱਲ ਨੂੰ ਉਸਦੇ ਸਮਰਥਕ ਫੁੱਲਾਂ ਦੇ ਹਾਰ ਪਾ ਕੇ ਘਰਾਂ ਵੱਲ ਲਈ ਆਉਂਦੇ ਸੀ। ਭਾਵੇ ਤੋਂ ਢੋਲ ਵਾਲਾ ਬੌਰੀਆ ਵੀ ਬੁਲਾ ਲਿਆ ਸੀ। ਸਮਰਥਕ ਢੋਲ ਮੂਹਰੇ ਨੱਚ—ਨੱਚ ਦੂਹਰੇ ਹੋਈ ਜਾਂਦੇ ਸੀ। ਉਨ੍ਹਾਂ ਨੇ ਧਰਤੀ ਪੱਟਣ ਵਾਲੀ ਕਰ ਰੱਖੀ ਸੀ। ਮੇਲੂ ਕਾਣਾ ਨਚਾਰਾਂ ਵਾਂਗ ਨੱਚਦਾ ਫਿਰਦਾ ਸੀ। ਢੋਲ ਦੀ ‘ਦੈਂਗੜ ਦੈਂਗੜ’ ਸੁਣ ਕੇ ਬਘੇਲ ਹੋਰਾਂ ਦਾ ਕਾਲ਼ਜਾ ਬਾਹਰ ਨੂੰ ਆ ਰਿਹਾ ਸੀ। ਹਾਕਮ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਸੀ। ਉਸ ਦੇ ਘਰ ਰੌਣਕਾਂ ਲੱਗ ਗਈਆਂ। ਫੋਟੋਗ੍ਰਾਫਰ ਵੀ ਆ ਗਿਆ। ਉਸ ਨੂੰ ਪਤਾ ਨੀ, ਕਿਸ ਨੇ ਬੁਲਾ ਲਿਆ ਸੀ ? ਸਾਰੇ ਵਾਰ—ਵਾਰ ਹਾਕਮ ਨਾਲ ਖੜ੍ਹ ਕੇ ਫੋਟੋ ਖਿਚਵਾ ਰਹੇ ਸੀ। ਦਸ ਵਜੇ ਤੱਕ ਸਾਰੇ ਸਮਰਥਕ ਜਾਂਦੀ ਵਾਰ ਫਿਰ ਹਾਕਮ ਨੂੰ ਵਧਾਈਆਂ ਦੇ ਕੇ ਘਰਾਂ ਨੂੰ ਜਾਣ ਲੱਗੇ। * * * ਹਾਕਮ ਦੇ ਘਰੋਂ ਰੋਟੀ ਖਾ ਕੇ, ਮੇਲੂ ਕਾਣਾ ਹਨੇਰੀ ਰਾਤ ਨੂੰ, ਪੋਲੇ—ਪੋਲੇ ਪੈਰ ਧਰਦਾ ਜਗਤੂ ਦੇ ਘਰ ਨੂੰ ਚੱਲ ਪਿਆ। ਜਗਨਾ ਪ੍ਰੇਮੀ ਪਿਸ਼ਾਬ ਕਰਨ ਉੱਠਿਆ । ਉਸ ਨੂੰ ਹਨੇਰੇ ਦੀ ਬੁੱਕਲ ’ਚ ਛੁਪੇ ਮੇਲੂ ਦੀ ਪਛਾਣ ਨਾ ਆਈ । “ਕੌਣ ਐ ?” ਜਗਨਾ ਡੋਕਲ ਕੱਛੇ ਦਾ ਨਾਲਾ ਬੰਨ੍ਹਦਾ ਦੂਰੋਂ ਹੀ ਬੋਲਿਆ । ਮੇਲੂ ਬੋਲਿਆ ਨਾ । ਜਗਨਾ ਗੰਡਾਸਾ ਲੈ ਕੇ ਕੋਲ ਆ ਗਿਆ । “ਕਿਹੜੈ ? ਬੋਲਦਾ ਈ ਨੀ ?” ਜਗਨੇ ਨੇ ਗੰਡਾਸਾ ਉਗਾਸਿਆ । “ਮੇਲੂ ਆਂ ਬਾਈ ।” ਮੇਲੂ ਵੀ ਡਰ ਗਿਆ । “ਐਸ ਵੇਲੇ ਕਿੱਧਰ ?” ਜਗਨਾ ਨਰਮ ਪੈ ਗਿਆ । “ਜੰਗਲ ਪਾਣੀ ਆਇਆ ਸੀ । ਖਰਲ ਜਾ ਪੈ ਗਿਆ ।” ਜਗਨੇ ਨੇ ਸੋਚਿਆ — “ਚਲੋ ਬੰਦਾ ਤਾਂ ਘਰਦੈ। ਵੋਟਾਂ ’ਚ ਠੰਢੇ ਵੱਧ ਪੀ ਗਿਆ ਹੋਣਾ, ਹਜਮ ਨੀ ਆਏ।” ਜਗਨਾ ਆਪ ਵੀ ਹਨੇਰੀ ਰਾਤ ’ਚ ਗੁਆਚ ਗਿਆ । ਮੇਲੂ ਜਗਤੂ ਦੇ ਘਰ ਕੋਲ ਪਹੁੰਚ ਗਿਆ। ਕਿੱਕਰ ਦੇ ਫੱਟਾਂ ਦਾ ਬਣਿਆ ਦਰਵਾਜ਼ਾ ਭੇੜਿਆ ਪਿਆ ਸੀ। ਮੇਲੂ ਨੇ ਹਲਕੇ—ਹਲਕੇ ਧੱਕੇ ਮਾਰੇ। ਦਰਵਾਜ਼ਾ ਖੁੱਲਿ੍ਹਆ ਨਾ। ਫਿਰ ਉਹ ਪਿੱਲੀਆ ਇੱਟਾਂ ਦੀ ਕੰਧ ’ਚ ਪੈਰ ਅੜਾੳਂੁਦਾ ਲੰਘਣ ਲੱਗਾ ਤਾਂ ਦੋ ਵਾਰ ਡਿੱਗ ਪਿਆ। ਉਸਨੇ ਦਰਵਾਜ਼ੇ ਦੀਆ ਝੀਥਾਂ ਥਾਈਂ ਧੀਮੀ ਆਵਾਜ਼ ਮਾਰੀ । “ਨਸੀਰਾਂ....ਨਸੀਰਾਂ...., ਬਾਰ ਖੋਲ੍ਹੀਂ ।” ਨਸੀਰਾ ਜਾਗ ਪਈ। ਉੁਹ ਪਿਸਾਬ ਕਰਨ ਦੇ ਬਹਾਨੇ ਵਿਹੜੇ ’ਚ ਆ ਗਈ। ਮੇਲੂ ਦੇ ਮਨ ’ਚ ਲੱਡੂ ਫੁੱਟੇ । ਨਸੀਰਾ ਨੇ ਦਰਵਾਜ਼ੇ ਨਾਲ ਲੱਗੀ ਇੱਟ ਪੈਰ ਨਾਲ ਪਰਾ੍ਹ ਹਟਾਈ। ਸੰਗਲੀ ਵਾਲਾ ਕੁੰਡਾ ਖੋਲਿ੍ਹਆ। ਸਾਹਮਣੇ ਪੰਜ ਫੁੱਟ ਦਾ ਮੇਲੂ ਤਿਆਰ—ਬਰ—ਤਿਆਰ ਖੜ੍ਹਾ ਸੀ। “ਤੇਰਾ ਤਾਇਆ ਜਾਗਦੈ ।” ਨਸੀਰਾ ਦਾ ਜਵਾਬ ਸੀ । “ਊਂ ....... ਤਾਏ ਨੂੰ ਬੜਾ ਪਤਾ ਲੱਗੂ ।” ਮੇਲੂ ਵੀ ਹੰਢਿਆ ਹੋਇਆ ਸੀ । ਨਸੀਰਾਂ ਦੇ ਬਹਾਨੇ ਨੂੰ ਉਸ ਨੇ ਅਣਗੌਲ਼ਿਆ ਕਰ ਦਿੱਤਾ। ਨਸੀਰਾਂ ਦੇ ਮਗਰ ਹੀ ਉਹ ਅੰਦਰ ਵੜ ਗਿਆ । ਨਸੀਰਾਂ ਨੇ ਪਹਿਲਾਂ ਦੀ ਤਰ੍ਹਾਂ ਦਰਵਾਜ਼ਾ ਭੇੜਿਆ ਤਾਂ ‘ਚੂੰ ’ ਦੀ ਆਵਾਜ਼ ਟਿਕੀ ਰਾਤ ਨੂੰ ਗੋਲ਼ੀ ਵਾਂਗ ਵੱਜੀ। ਰਾਤ ਦੇ ਹਨੇਰੇ ਚ ਇੱਕ ਵਾਰ ਉਸ ਨੇ ਨੇੜੇ ਹੋ ਕੇ ਜਗਤੂ ਨੂੰ ਤੱਕਿਆ । ਉਹ ਮੂੰਹ ਟੱਡੀਂ, ਨਿਸਲ ਹੋ ਕੇ ਪਿਆ ਸੀ । ਉਸ ਦੇੇ ਘੁਰਾੜੇ ਬੀਂਡਿਆਂ ਦੀ ਆਵਾਜ਼ ਦਾ ਭੁਲੇਖਾ ਪਾਉਂਦੇ ਸੀ।ਮੇਲੂ ਬੇਫਿਕਰ ਹੋ ਕੇ ਨਸੀਰਾਂ ਦੇ ਵਾਣ ਦੇ ਮੰਜੇ ’ਤੇ ਜਾ ਪਿਆ। ਸਿਰਹਾਣੇ ਰੱਖੀ ਗੜਵੀ ’ਚੋਂ ਨਸੀਰਾਂ ਨੇ ਪਾਣੀ ਦੀ ਘੁੱਟ ਭਰੀ ਤੇ ਉਹ ਵੀ ਮੇਲੂ ਨਾਲ ਆ ਪਈ । ਡੱਬੀਆਂ ਵਾਲਾ ਖੇਸ ਲੈ ਕੇ ਉਹ ਗਈ ਰਾਤ ਤਕ ਘੋੜੇ ਭਜਾਉਂਦੇ ਰਹੇ । ਬਾਬੇ ਦੇ ਬੋਲਣ ਤੋਂ ਪਹਿਲਾਂ ਮੇਲੂ ਨਸੀਰਾਂ ਦੀ ਬੁੱਕਲ ’ਚੋਂ ਉੱਠ ਆਇਆ । ਟੀਟੂ ਦੇ ਘਰ ਕੋਲ ਦੀ ਲੰਘਣ ਲੱਗਾ ਤਾਂ ਟੀਟੂ ਉਸ ਵੱਲ ਟੇਢਾ—ਟੇਢਾ ਝਾਕਿਆ। * * * ਚੋਣਾਂ ਤੋਂ ਦੋ ਦਿਨ ਬਾਅਦ ਹੀ ਪਿੰਡ ’ਚ ਤਣਾਅ ਵਧ ਗਿਆ। ਟੀਟੂ ਆਪਣੀ ਹਾਰ ਬਰਦਾਸ਼ਤ ਨਾ ਕਰ ਸਕਿਆ। ਬਘੇਲ ਤੇ ਟੀਟੂ ਨੇ ਹਾਕਮ ਦੇ ਸਮਰਥਕਾਂ ਦਾ ਸਮਾਜਿਕ ਬਾਈਕਾਟ ਕਰ ਦਿੱਤਾ। ਬਘੇਲ ਦੇ ਘਰ ਸੋਧਾਂ ਦਾਈ ਲੱਸੀ ਲੈਣ ਗਈ ਤਾਂ ਬਘੇਲ ਨੇ ਡੋਲੂ ਵਗਾਹੁਣਾ ਮਾਰਿਆ— “ਮੁੜ ਕੇ ਵੜੀਂ ਏਥੇ, ਹਾਕਮ ਕੇ ਈ ਵਗਜਾ।” “ਹਲੇ ਆਉਂਦੇ ਰਮਾਂਗੇ ਥੋਡੇ !” ਸੋਧਾਂ ਉਸ ਵੱਲ ਕੌੜ—ਕੌੜ ਝਾਕੀ। “ਦੇਖ, ਕਿਮੇਂ ਮੁਤਰ—ਮੁਤਰ ਝਾਕਦੀ ਐ ?” ਬਘੇਲ ਦੇ ਘਰੋਂ ਬੋਲੀ। “ਹੁਣ ਮੁਤਰ—ਮੁਤਰ ਵੀ ਖੋਹੇਂਗੀ।” ਡੋਲੂ ਦਾ ਢੱਕਣ ਲਾਉਂਦੀ ਹੋਈ ਸੋਧਾਂ, ਉਨ੍ਹੀ ਪੈਰੀਂ ਵਾਪਸ ਮੁੜ ਆਈ। ਪਿੰਡ ’ਚ ਸੌੜੀ ਰਾਜਨੀਤੀ ਦੀ ਅੱਗ ਮਘਣ ਲੱਗੀ। ਹੌਲ਼ੀ—ਹੌਲ਼ੀ ਇਸ ਅੱਗ ਦੇ ਸੇਕ ਨੇ ਸਾਰੇ ਪਿੰਡ ਨੂੰ ਆਪਣੀ ਲਪੇਟ ’ਚ ਲੈ ਲਿਆ। ਭਾਈਚਾਰਕ ਸਾਂਝ ਟੁੱਟਣ ਲੱਗੀ। ਘੂਤਰ ਨੇ ਆਪਣੀ ਸੁਰਤ ’ਚ ਭਾਈਚਾਰਕ ਸਾਂਝ ’ਚ ਐਨੀ ਲੰਮੀ ਤਰੇੜ ਪਹਿਲਾਂ ਕਦੇ ਨਹੀਂ ਸੀ ਵੇਖੀ। ਉਸਨੇ ਜਸਵੰਤ ਨਾਲ ਆਪਣੀ ਗੱਲ ਸਾਂਝੀ ਕੀਤੀ। “ਭਤੀਜ, ਪਿੰਡ ਪਾਟੀ ਜਾਂਦੈ।” “ਦੋ ਚਾਰ ਮਹੀਨਿਆਂ ਨੂੰ ਆਪੇ ਠੀਕ ਹੋਜੂ, ਚਾਚਾ।” “ਨਾ ਸ਼ੇਰਾ, ਮੇਰੀ ਕਿੰਨੀ ਉਮਰ ਹੋਗੀ, ਅਹੇ ਜੇ ਹਾਲਾਤ, ਮੈਂ ਨੀ ਆਪਣੀ ਜਿੰਦਗੀ ’ਚ ਕਦੇ ਵੇਖੇ।” “ਹੌਲ਼ੀ ਹੌਲ਼ੀ ਸਭ ਟਿਕ ਜਾਣਗੇ ।” ਪਰ ਅੱਗ ਦਿਨ—ਬ—ਦਿਨ ਭੱਖਦੀ ਜਾ ਰਹੀ ਸੀ। ਬਘੇਲ ਤੇ ਟੀਟੂ ਆਪਣੇ ਸਮਰਥਕਾਂ ਨੂੰ ਲੈ ਕੇ ਡੀ. ਸੀ. ਦੇ ਸ਼ਿਕਾਇਤ ਕਰਨ ਜਾ ਪਹੁੰਚੇ — “ਜਨਾਬ ! ਸਾਡੇ ਨਾਲ ਚੋਣਾਂ ’ਚ ਧੱਕਾ ਹੋਇਐ। ਪ੍ਰਜੈਡਿੰਗ ਨੇ ਸਾਡੇ ਤੋਂ ਧੱਕੇ ਨਾਲ ਦਸਖਤ ਕਰਾਏ ਨੇ।” “ਹਾਕਮ ਦੇ ਬੰਦਿਆਂ ਨੇ ਸਾਡੇ ਘਰਾਂ ’ਚ ਆ ਕੇ ਹੁੱਲੜਬਾਜੀ ਕੀਤੀ। ਸਾਡੀਆਂ ਜਨਾਨੀਆਂ ਨੂੰ ਗੰਦ—ਮੰਦ ਬੋਲਿਆ।” “ਹਵਾਈ ਫਾਇਰਿੰਗ ਵੀ ਕੀਤੀ ਐ ਜੀ।” ਡੀ. ਸੀ. ਨੇ ਠਰੰਮੇ ਨਾਲ ਗੱਲ ਸੁਣ ਕੇ ਸ਼ਿਕਾਇਤ ਦਰਜ ਕਰ ਲਈ ਸੀ।

ਬਾਈ

ਦੁੱਲਾ ਵੀ ਬਘੇਲ ਹੋਰਾਂ ਨਾਲ ਡੀ. ਸੀ. ਦਫਤਰ ਗਿਆ ਸੀ। ਸ਼ਿਕਾਇਤ ਕਰਕੇ ਵਾਪਸ ਆਏ ਤਾਂ ਉਹ ਗੱਡੀ ਤੋਂ ਉੱਤਰਨ ਸਾਰ ਹੀ ਪੀਰ ਦੀ ਸਮਾਧ ਵੱਲ ਚੱਲ ਪਿਆ। ਅੱਜ ਪੀਰ ਦੀ ਸਮਾਧ ’ਤੇ ਭਾਰੀ ਮੇਲਾ ਲੱਗਿਆ ਸੀ । ਦੂਰੋਂ—ਨੇੜਿਓਂ ਵਣ—ਵਣ ਦੀ ਲੱਕੜੀ ’ਕੱਠੀ ਹੋ ਰਹੀ ਸੀ। ਮਨਿਆਰੀ ਵਾਲਿਆਂ ਨੇ ਮੇਲੇ ਦੀ ਰੌਣਕ ਹੋਰ ਵੀ ਵਧਾ ਰੱਖੀ ਸੀ। ਸੇਵਾਦਾਰ ‘ਚੱਲਦੇ ਰਹੋ ਵੀਰ ਜੀ’ ਦੇ ਹੋਕਰੇ ਮਾਰ ਕੇ ਭੀੜ ਘਟਾਉਣ ਦੇ ਯਤਨ ਕਰ ਰਹੇ ਸੀ। ਲਾਊਡ ਸਪੀਕਰ ਤੋਂ ‘ਪੀਰ ਨਗਾਰੇ ਵਾਲਾ’ ਦੇ ਗੀਤ ਦੂਰ ਦੂਰ ਤੱਕ ਕੰਨੀਂ ਪੈ ਰਹੇ ਸੀ। ਵਿੱਚ ਵਿਚਾਲੇ ਸੀਤਾ ਜਗਾੜੀ ਆਪਣੇ ਹੱਥ ਵਿਚਲਾ ਮਾਇਕ ਚਾਲੂ ਕਰਕੇ ਦਾਨੀ ਸੱਜਣਾਂ ਦੀ ਸੂਚੀ ਬੋਲ ਰਿਹਾ ਸੀ। ਉਹ ਵੱਧ ਤੋਂ ਵੱਧ ਲੋਕਾਂ ਨੂੰ ਲੰਗਰ ਵਿੱਚ ਦਾਨ—ਪੁੰਨ ਕਰਨ ਤੇ ਆਪਣਾ ਜੀਵਨ ਸਫ਼ਲ ਬਣਾਉਣ ਲਈ ਪ੍ਰੇਰਨਾ ਦੇ ਰਿਹਾ ਸੀ। ਲੰਗਰ ਲਈ ਇਕੱਠੀ ਹੋਈ ਰਾਸ਼ੀ ਤੇ ਅਨਾਜ ਦਾ ਹਿਸਾਬ—ਕਿਤਾਬ ਉਸ ਕੋਲ ਹੀ ਹੈ। ਉਸ ਨੇ ਸਭ ਤੋਂ ਪਹਿਲਾਂ ਜਾਣ—ਸਾਰ ਲੰਗਰ ਛਕਿਆ। ਤਿੰਨ ਜਲੇਬੀਆਂ ਆਪਣੇ ਪਰਨੇ ਦੇ ਲੜ੍ਹ ਨਾਲ ਵੀ ਬੰਨ੍ਹ ਲਈਆਂ ਸੀ। ਫਿਰ ਉਸ ਨੇ ਤੁਰ—ਫਿਰ ਕੇ ਮੇਲਾ ਵੇਖਿਆ। ਉਸ ਨੇ ਬਾਹਰ ਮਸੀਤ ਕੋਲ ਆ ਕੇ ਨਜ਼ਰ ਮਾਰੀ। ਲੱਖੀ ਵਣਜਾਰੇ ਦੀ ਦੁਕਾਨ ਕੋਲ ਇੱਕ ਸਾਈਕਲ ਖੜ੍ਹਾ ਸੀ । ਉਸ ਨੇ ਆਸਾ—ਪਾਸਾ ਵੇਖ ਕੇ ਸਾਈਕਲ ਰੋੜ੍ਹ ਲਿਆ ਤੇ ਸੂਏ—ਸੂਏ ਪੈ ਗਿਆ। ਸੀਤੇ ਦੀ ਆਵਾਜ ਅਜੇ ਵੀ ਉਸ ਨੂੰ ਸੁਣਾਈ ਦੇ ਰਹੀ ਸੀ। “ਹੂੰ ! ਸ਼ਾਲਾ, ਖਰਬੂਜਿਆਂ ਦੀ ਰਾਖੀ ਗਿੱਦੜ ਬਠਾ ਰਖਿਐ। ਲੋਕਾਂ ਨੂੰ ਕੈਂਅਦਾ, ਦਾਨ ਪੁੰਨ ਕਰੋ, ਆਪ ਆਵਦੇ ਪਿੰਡੇ ਦੀ ਜੂੰ ਨੀ ਦਿੰਦਾ।” ਸੀਤੇ ਬਾਰੇ ਬੋਲਦਾ—ਬੋਲਦਾ ਉਹ ਮੇਲੇ ਦੇ ਅਧੀਏ ਵਾਲੇ ਖੇਤ ਪਹੁੰਚ ਵੀ ਗਿਆ ਸੀ। ਸਾਹਮਣੇ ਸੂਹਲਾ ਤੇ ਰੂਪ ਖੂਹ ਪੱਕਾ ਕਰ ਰਹੇ ਸੀ । ਸੂਹਲੇ ਨੇ ਦੁੱਲੇ ਨੂੰ ਦੂਰੋਂ ਹੀ ਆਵਾਜ ਮਾਰੀ — “ਉਏ ਅਮਲੀਆਂ, ਆ ਜਾ ਚਾਹ ਪੀ ਲੈ। ਕੱਲਾ ਈ ਬੋਲਦਾ ਜਾਨੈ।” ਕੱਚੇ ਪਹੇ ’ਤੇ ਸਾਈਕਲ ਖੜ੍ਹਾਉਂਦਾ ਹੋਇਆ ਦੁੱਲਾ ਸੂਹਲੇ ਹੋਰਾਂ ਕੋਲ ਪਹੁੰਚ ਗਿਆ । ਸੂਹਲੇ ਹੋਰੀਂ ਚਾਰ ਜਣੇ ਬਾਟੀਆਂ ’ਚ ਚਾਹ ਪਾਈ ਬੈਠੇ ਸੀ । “ਬਾਈ, ਥੋਨੂੰ ਇੱਕ ਗੱਲ ਦੱਸਾਂ !” ਦੁੱਲਾ ਪੈਰਾਂ ਭਾਰ ਬੈਠ ਗਿਆ । ਸਾਰੇ ਬੋਲੇ— “ ਦੱਸ।” “ਪਹਿਲਾਂ ਪਾਣੀ ਦੀਆਂ ਚੂਲ਼ੀਆਂ ਭਰੋ, ਕਿਸੇ ਨੂੰ ਦੱਸਦੇ ਨੀ ।” ਦੁੱਲੇ ਨੇ ਚਾਹ ਵਾਲੀ ਬਾਟੀ ਆਪਣੇ ਵੱਲ ਖਿਸਕਾਈ। ਸਾਰੇ ਇੱਕਦਮ ਚੁੱਪ ਹੋ ਗਏ— ‘ਅਜਿਹੀ ਕੀ ਗੱਲ ਹੋਣੀ ?’ ਸੂਹਲਾ ਕਹਿੰਦਾ— “ਚੱਲ ਭਰ ਲੈਂਨੇ ਆਂ ।” ਦੁੱਲੇ ਨੇ ਸਾਰਿਆ ਤੋਂ ਪਾਣੀ ਦੀਆਂ ਚੂਲੀਆਂ ਭਰਵਾ ਲਈਆਂ। ਕਹਿੰਦਾ— “ਭਾਈ, ਆ ਸੈਂਕਲ ਮੈਂ ਮੇਲੇ ’ਚੋਂ ਲਿਆਇਐਂ, ਚੱਕ ਕੇ। ਰਤੀਏ ਵੇਚਣ ਜਾਨੈ। ਜੇ ਕੋਈ ਏਧਰ ਆਵੇ ਤੁਸੀਂ ਦੱਸਣਾ ਨੀ।” ਸੂਹਲੇ ਹੋਰਾਂ ਦੇ ਹੱਥਾਂ ਦੇ ਤੋਤੇ ਉੱਡ ਗਏ । ਕਹਿੰਦੇ— “ਸਾਲ਼ਿਆਂ, ਸਾਨੂੰ ਸਾਰਿਆਂ ਨੂੰ ਚਾਰ ਗਿਆ। ਚਾਰ ਜਣਿਆਂ ਨੂੰ ਬੰਨ੍ਹ ’ਤਾ।” ਦੁੱਲਾ ਸਾਈਕਲ ਰੋੜਨ ਲੱਗਾ, ਸੂਹਲੇ ਨੇ ਫਿਰ ਬੁਲਾ ਲਿਆ। “ਦੁੱਲਾ ਸਿਆਂ, ਸੁਣਿਐਂ, ਬੰਗਾਲਣ ਦਾ ਪੈਰ ਭਾਰੀ ਹੋ ਗਿਆ।” “ਹੂੰ, ਸੱਚੀ ਗੱਲ ਐ, ਭਰਾਵੋ। ਬੱਸ ਨਿੱਕਾ—ਨਿਆਣਾ ਹੋਣ ਆਲੈ।” ਦੁੱਲੇ ਨੇ ਹਲਕ ’ਚ ਫਸਿਆ ਥੁੱਕ ਵਾਪਸ ਖਿੱਚ ਕੇ ਪਰ੍ਹਾਂ ਸੁੱਟਿਆ। “ਚੰਗਾ ਬਾਈ, ਫੇਰ ਦੱਸੂ ਆ ਕੇ।” ਉਸਨੇ ਸਾਈਕਲ ਫਿਰ ਰੋੜ੍ਹ ਲਿਆ। * * * ਨਸੀਰਾਂ ਗਰਭਵਤੀ ਹੋ ਗਈ ਸੀ। ਤੀਵੀਂਆਂ ਸਿਰ ਜੋੜ—ਜੋੜ ਕੇ ਗੱਲਾਂ ਕਰਨ— “ਲੈ ਦੱਸ ਭੈਣੇ ! ਹੁਣ ਇਹਦੀ ’ਲਾਦ ਨੂੰ ਕੀ ਕਹੀਏ। ਨਸਲ ਬੇਰੜੀ ਹੋਗੀ।” ਨਸੀਰਾਂ ਨੂੰ ਪੂਰਾ ਮਹੀਨਾ ਲੱਗ ਗਿਆ ਸੀ। ਅੱਜ ਦੁਪਹਿਰ ਦਾ ਮਿੰਨ੍ਹਾ—ਮਿੰਨ੍ਹਾ ਦਰਦ ਹੋ ਰਿਹਾ ਸੀ। ਮੇਲੂ ਨਸੀਰਾਂ ਦੇ ਆਖਣ ’ਤੇ ਸੋਧਾਂ ਦਾਈ ਨੂੰ ਬੁਲਾ ਲਿਆਇਆ। ਵਿਹੜੇ ਦੀਆਂ ਔਰਤਾਂ ਨੇ ਤਾਂ ਕਈ ਵਾਰ ਸੋਧਾਂ ਨੂੰ ਵੀ ਕਿਹਾ— “ਭਾਈ ਸੋਧਾਂ, ਤੂੰ ਨਸੀਰਾਂ ਦੇ ਮੂੰਹ ਕਿਉਂ ਲੱਗਦੀ ਐਂ ?” ਸੁਣ ਕੇ ਸੋਧਾਂ ਨੇ ਭੋਲ਼ਾ ਜਿਹਾ ਮੂੰਹ ਬਣਾ ਕੇ ਵਿਹੜੇ ਦੀਆਂ ਤੀਵੀਂਆਂ ਨੂੰ ਕਿਹਾ— “ਕੀ ਕਰਾਂ ਭਾਈ, ਮੈਥੋਂ ਰਿਹਾ ਨੀ ਜਾਂਦਾ। ਚੱਲ ਪੁੰਨ ਈ ਸਈ, ਪ੍ਰਦਸੋਂ ਆ ਕੇ ਵਸੀ ਐ, ਆਪਣੇ ਤੋਂ ਬੀ ਝਾਕ ਕਰਦੀ ਐ।” ਦਾਈ ਨੇ ਆਣ ਸਾਰ ਨਸੀਰਾਂ ਨੂੰ ਟੋਹ ਕੇ ਵੇਖਿਆ ਤੇ ਪੁੱਛਣ ਲੱਗੀ— “ਕੁੜੇ ਤੈਨੂੰ ਮੀਨ੍ਹਾ ਪੂਰਾ ਲੱਗਿਐ ?” “ਪੂਰੈ ਤਾਈ, ਦਾਸ ਦੀਨ ਉੱਤੋਂ ਦੀ ਲਾਂਘ ਗਏ।” ਦਰਦ ਨਾਲ ਕੁਰਲਾਉਂਦੀ, ਉੱਤਰਿਆ ਚਿਹਰਾ ਲਈ ਬੈਠੀ ਨਸੀਰਾਂ ਢਿੱਲਾ ਜਿਹਾ ਬੋਲੀ। “ਕੁੜੇ ਨਸੀਰਾਂ, ਬੱਚੇ ਦਾ ਰਾਹ ਤਾਂ ਬਣਿਆ ਪਿਐ। ਆਥਣ ਤਾਈਂ ਹੋਜੂ।” ਸੋਧਾਂ ਨੇ ਪੂਰੀ ਨਿਰਖ—ਪਰਖ ਕੀਤੀ। “ਕੱਪੜੇ—ਲੀੜੇ ਦਾ ਪ੍ਰਬੰਧ ਕਰ ਖਿਐ ?” ਖੱਬੀ ਅੱਖ ਮੀਚਦੀ ਸੋਧਾਂ ਨੇ ਪੁੱਛਿਆ। “ਹੂੰ।” ਨਸੀਰਾਂ ਨੇ ਸਿਰ ਮਾਰ ਦਿੱਤਾ। ਸੋਧਾਂ ਅੰਦਰ ਪਈ ਨਸੀਰਾਂ ਨੂੰ ਛੱਡ ਕੇ ਬਾਹਰ ਆ ਗਈ ਤੇ ਵਾਣ ਦੇ ਮੰਜੇ ’ਤੇ ਬੈਠੇ ਜਗਤੂ ਨੂੰ ਸਮਝਾਉਣ ਲੱਗੀ— “ਭਾਈ ਜਗਤ ਸਿਆਂ, ਆਥਣ ਤਾਈਂ ਭਲੋ ਭਲੀ ਹੋਜੂਗੀ। ਆਪਾਂ ਗੱਡੀ ਕਰਾ ਕੇ ਏਹਨੂੰ ਬਲਾਡੇ ਲੈ ਈ ਚੱਲਦੇ ਆਂ।” “ਓਹਨੂੰ ਪੁੱਛ ਭਾਈ, ਨੇਕੀ ਕੋਈ ਪੈਸਾ ਟਕਾ ਦੇ ਕੇ ਗਿਐ ਕੇ ਨਾ ?” ਜਗਤੂ ਨੇ ਅੰਦਰ ਪਈ ਨਸੀਰਾਂ ਵੱਲ ਬਾਂਹ ਕੀਤੀ। ਸੋਧਾਂ ਅੰਦਰ ਜਾਣ ਲੱਗੀ ਤਾਂ ਜਗਤੂ ਦੇ ਕੋਲ ਬੈਠਾ ਮੇਲੂ ਬੋਲ ਪਿਆ। “ਪੈਸੇ ਤਾਂ ਨੇਕੂ ਮੈਨੂੰ ਦੇ ਗਿਆ। ਕਹਿੰਦਾ ਸੀ, ਪਤਾ ਨੀ ਕਦ ਢਿੱਲ ਮੱਠ ਹੋਜੇ।” “ਮੇਰੇ ਤੇ ਤਾਂ ਸਾਲੇ ਨੂੰ ’ਤਬਾਰ ਈ ਨੀ।” ਜਗਤੂ ਨੂੰ ਨੇਕੀ ਤੇ ਖਿੱਝ ਜਿਹੀ ਚੜ੍ਹੀ। “ਚਲੋ, ਮਰਜੀ ਐ ਭਾਬੀ ਓਦ੍ਹੀ। ਜਿਮੇ ਓਹਨੂੰ ਠੀਕ ਲੱਗਦੈ।” ਸੋਧਾਂ ਨਾਲ ਗੱਲੀਂ ਲੱਗ ਕੇ ਉਹ ਬਿੰਦ ਦੀ ਬਿੰਦ ’ਚ ਸ਼ਾਂਤ ਵੀ ਹੋ ਗਿਆ। “ਜਾਇਆ ਫਿਰ ਮੇਲੂ ਸਿਆਂ, ਜੂਪੇ ਝਿਉਰ ਕੋਲੇ।” ਜਗਤੂ ਨੇ ਮੇਲੂ ਨੂੰ ਗੱਡੀ ਲੈਣ ਲਈ ਤੋਰ ਦਿੱਤਾ। ਸੋਧਾਂ ਕੱਪੜੇ—ਲੀੜੇ ਸੰਭਾਲਣ ਲਈ, ਫਿਰ ਅੰਦਰ ਚਲੀ। ਜਗਤੂ ਵਿਹੜੇ ’ਚ ਗੇੜੇ ਕੱਢਦਾ ਰਿਹਾ, ਜਿਵੇਂ ਉਸ ਨੂੰ ਅੱਚਵੀ ਲੱਗੀ ਹੋਵੇ। ਮੇਲੂ ਜੂਪੇ ਨੂੰ ਲੈ ਕੇ ਆ ਵੀ ਗਿਆ ਸੀ। “ਚਲੋ ਭਾਈ, ਚੱਕੋ ਕੱਪੜਾ ਲੱਤਾ। ਜਾਣ ’ਤੇ ਵੀ ਟੈਮ ਲੱਗੂ। ਸੜਕ ਵੀ ਮਾੜੀ ਐ।” ਸੋਧਾਂ ਦੇ ਆਖਣ ’ਤੇ ਮੇਲੂ ਅੰਦਰੋਂ, ਕੱਪੜਿਆਂ ਵਾਲਾ ਝੋਲ਼ਾ ਚੁੱਕ ਲਿਆਇਆ। “ਠੀਕ ਐਂ ਭਾਈ ? ਜਾਦ੍ਹੇ ਤਕਲੀਫ ਤਾਂ ਨੀ ?” ਸੋਧਾਂ ਨੇ ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਨਸੀਰਾਂ ਨੂੰ ਪੁੱਛਿਆ। ਨਸੀਰਾਂ ਨੇ ਸੋਧਾਂ ਨੂੰ ਕੰਨ ਵਿੱਚ ਸਭ ਸਮਝਾ ਦਿੱਤਾ ਸੀ। ਸੋਧਾਂ ਨੇ ਆਸਰਾ ਦੇ ਕੇ ਉਸ ਨੂੰ ਗੱਡੀ ਵਿੱਚ ਬਿਠਾ ਦਿੱਤਾ। ਆਪ ਵੀ ਨਾਲ ਹੀ ਸੀਟ ’ਤੇ ਬੈਠ ਗਈ। ਜਗਤੂ ਤੇ ਮੇਲੂ ਪਹਿਲਾਂ ਹੀ ਗੱਡੀ ’ਚ ਆ ਬੈਠੇ ਸੀ। “ਚੱਲਾਂ ਭਾਬੀ ?” ਜੂਪੇ ਨੇ ਗੱਡੀ ਦੀ ਰੇਸ ਦਿੰਦਿਆਂ ਸੋਧਾਂ ਨੂੰ ਚੱਲਣ ਬਾਰੇ ਪੁੱਛਿਆ। “ਚੱਲ ਭਾਈ, ਟੋਏ—ਟਿੱਬੇ ਦੇਖ ਕੇ ਚੱਲੀਂ। ਬੱਸ ਸਮਾਈ ਨਾਲ ਵਗਿਆ ਚੱਲ।” ਸੋਧਾਂ ਦੇ ਕਹਿਣ ਤੇ ਜੂਪੇ ਨੇ ਗੱਡੀ ਤੋਰ ਲਈ। ਟੁੱਟੀ ਸੜਕ ’ਤੇ, ਝੋਲੇ ਮਾਰਦੀ ਗੱਡੀ, ਇੱਕ ਘੰਟੇ ’ਚ ਬੁਢਲਾਡੇ ਦੇ ਸਿਵਲ ਹਸਪਤਾਲ ਦੇ ਗੇਟ ਮੂਹਰੇ ਜਾ ਰੁਕੀ। ਸੋਧਾਂ ਨੇ ਆਸਰਾ ਦੇ ਕੇ ਨਸੀਰਾਂ ਨੂੰ ਵੱਡੇ ਬੈਂਚ ’ਤੇ ਬਿਠਾ ਦਿੱਤਾ। ਮੇਲੂ ਨੇ ਕੱਪੜਿਆਂ ਵਾਲਾ ਝੋਲ਼ਾ ਨਸੀਰਾਂ ਕੋਲ ਰੱਖ ਦਿੱਤਾ। ਜਗਤੂ ਤੇ ਜੂਪਾ ਗੱਡੀ ਕੋਲ ਹੀ ਰੁਕ ਗਏ। “ਜਾ ਪੁੱਤ, ਆਹ ਨਾਲ ਆਲੇ ਕਮਰੇ ’ਚ, ਨਰਸ ਬੈਠੀ ਹੋਣੀ। ਓਹਨੂੰ ਡਾਕਟਰਨੀ ਬਾਰੇ ਪੁੱਸ਼ ਕੇ ਆ।” ਸੋਧਾਂ ਨੇ ਸਾਹਮਣੇ ਸ਼ੀਸ਼ੇ ਲੱਗੇ ਕਮਰੇ ਵੱਲ ਇਸ਼ਾਰਾ ਕਰਕੇ, ਮੇਲੂ ਨੂੰ ਡਾਕਟਰਨੀ ਦਾ ਪਤਾ ਕਰਨ ਲਈ ਭੇਜਿਆ। “ਚਾਰ ਵਜੇ ਆਊ ਡਾਕਟਰਨੀ ਤਾਂ।” ਮੇਲੂ ਉਨ੍ਹੇ ਪੈਰੀਂ ਪੁੱਛ ਕੇ ਵਾਪਸ ਵੀ ਮੁੜ ਆਇਆ ਸੀ। ਉਸ ਨੇ ਨਸੀਰਾਂ ਵੱਲ ਤੱਕਦਿਆਂ ਅੰਦਾਜਾ ਲਾਇਆ, ਉਸਨੂੰ ਤਕਲੀਫ ਵੱਧ ਰਹੀ ਸੀ। “ਕਿੰਨਾ ਕ ਟੈਮ ਹੋ ਗਿਆ, ਭਲਾਂ ?” ਸੋਧਾਂ ਨੇ ਕੱਪੜਿਆਂ ਵਾਲਾ ਝੋਲ਼ਾ ਠੀਕ ਕਰਦੀ ਨੇ ਪੁੱਛਿਆ। ਭਾਰੀ ਝੋਲ਼ਾ ਢਿਲਕ ਕੇ ਹੇਠਾਂ ਡਿੱਗ ਗਿਆ । “ਵੀਹ ਕ ਮਿੰਟ ਰੈਗ੍ਹੇ, ਤਾਈ।” ਮੇਲੂ ਅੰਦਰੋਂ ਟਾਈਮ ਵੀ ਪੁੱਛ ਆਇਆ ਸੀ। “ਪਰਚੀ ਤਾਂ ਬਣਵਾ ਲੀਏ। ਮੈਨੂੰ ਅੰਦਰ ਬੈਠੀ ਨਰਸ ਨੇ ਕਿਹੈ।” ਮੇਲੂ ਨੇ ਅੱਖ ਮਲਦੇ ਨੇ ਪਰਚੀ ਬਣਵਾਉਣ ਦੀ ਸਲਾਹ ਦਿੱਤੀ। “ਚਲੋ ਪੁੱਤ। ਜਗਤੂ ਹੋਰੀਂ ਕਿੱਧਰ ਗਏ ?” ਸੋਧਾਂ ਨੇ ਨਸੀਰਾਂ ਨੂੰ ਵੀ ਉਠਾ ਲਿਆ। ਗੱਡੀ ਵੱਲ ਵੇਖਿਆ, ਉਸਨੂੰ ਜਗਤੂ ਤੇ ਜੂਪਾ ਨਜਰ ਨਾ ਆਏ। “ਬਾਰ੍ਹ ਗਏ ਨੇ, ਕੈਂਹਦੇ ਸੀ, ਚਾਹ ਪੀ ਕੇ ਆਉਨੇ ਆਂ।” ਓ. ਪੀ. ਡੀ. ਅੰਦਰ ਦਾਖਲ ਹੋ ਕੇ ਮੇਲੂ ਹੋਰਾਂ ਨੇ ਪਰਚੀ ਬਣਵਾ ਲਈ। “ਕਮਰਾ ਨੰਬਰ ਚਾਰ ਚ ਇੱਕ ਬੈੱਡ ਖਾਲੀ ਐ, ਓਥੇ ਜਾ ਕੇ ਬਿਠਾਓ ਏਹਨੂੰ। ਮੈਡਮ ਆਉਣ ਵਾਲੀ ਐ।” ਪਰਚੀ ਵਾਲੇ ਕਾਊਂਟਰ ’ਤੇ ਬੈਠੀ ਤਿੱਖੇ ਨੈਣ—ਨਕਸ਼ ਵਾਲੀ ਮੈਡਮ ਨੇ ਸੋਧਾਂ ਨੂੰ ਸਭ ਸਮਝਾ ਦਿੱਤਾ। ਸੋਧਾਂ ਨਸੀਰਾਂ ਨੂੰ ਲੈ ਕੇ ਕਮਰੇ ’ਚ ਜਾਣ ਲੱਗੀ ਤਾਂ ਮੇਲੂ ਨੇ ਪਿੱਛੋਂ ਆਵਾਜ਼ ਮਾਰੀ— “ਤਾਈ, ਜੇ ਕੋਈ ਲੋੜ ਪਈ ਤਾਂ ਅਸੀਂ ਗੱਡੀ ਕੋਲ ਆਂ।” “ਚੰਗਾ ਪੁੱਤ। ਸੋਧਾਂ ਨੇ ਹੱਥ ਦਾ ਇਸ਼ਾਰਾ ਕੀਤਾ। ਮੇਲੂ ਗੱਡੀ ਕੋਲ ਖੜ੍ਹੇ ਜਗਤੂ ਹੋਰਾਂ ਵੱਲ ਚੱਲ ਪਿਆ। ਉਹ ਚਾਹ ਪੀ ਕੇ ਮੁੜ ਆਏ ਸੀ। “ਕੀ ਬਣਿਆਂ ਮੁੰਡਿਆ ?” ਗੱਡੀ ਦੀ ਪਿਛਲੀ ਤਾਕੀ ਦਾ ਆਸਰਾ ਲਈ ਖੜ੍ਹੇ ਜਗਤੂ ਨੇ ਪੁੱਛਿਆ। “ਡਾਕਟਰਨੀ ਨੀ ਆਈ ਹਾਲੇ।” “ਇਹ ਕੇੜ੍ਹਾ ਭਣੋਂਆਂ, ਟੈਮ ’ਤੇ ਆਉਂਦੀਆਂ ਨੇ। ਜਦੋਂ ਜੀਅ ਕਰਿਆ, ਆ ਜਾਂਦੀਆਂ ਨੇ।” ਸੱਜੀ ਹਥੇਲੀ ’ਤੇ ਜ਼ਰਦਾ ਰਗੜਦਾ ਜੂਪਾ ਬੋਲਿਆ। ਨਾਲ ਦੀ ਨਾਲ ਹੀ ਉਸ ਨੇ ਮਲ੍ਹੇ ਹੋਏ ਜ਼ਰਦੇ ਦੀ ਚੂੰਢੀ ਭਰ ਕੇ ਜੀਭ ਹੇਠ ਧਰ ਲਈ। ਅੰਗੂਠੇ ਨੂੰ ਝੁੱਗੇ ਦੇ ਲੜ ਨਾਲ ਸਾਫ਼ ਕਰਨ ਲੱਗਾ। “ਏਥੇ ਕੇੜ੍ਹਾ ਕੋਈ ਰਾਜਾ—ਬਾਬੂ ਐ, ਜੂਪਾ ਸਿਆਂ ! ਆਪਣੇ ਵਰਗਿਆਂ ਨੂੰ ਤਾਂ ਕੋਈ ਏਥੇ ਡੇਲਿਆਂ ਵੱਟੇ ਨੀ ਸਿਆਣਦਾ।” ਜੂਪੇ ਦੀ ਰੀਸੋ—ਰੀਸ ਜਗਤੂ ਨੇ ਵੀ ਬੀੜੀ ਕੱਢ ਲਈ। “ਆਜਾ ਵੇ ਮੇਲੂ, ਡਾਕਟਰਨੀ ਆਗੀ।” ਸੋਧਾਂ ਨੇ ਲੰਮੀ ਆਵਾਜ਼ ਮਾਰੀ ਤਾਂ ਸਾਰਿਆਂ ਦਾ ਧਿਆਨ ਜਨਾਨਾ ਵਾਰਡ ਵਾਲੇ ਪਾਸੇ ਹੋ ਗਿਆ। “ਜਾ ਭਾਈ ਮੁੰਡਿਆ, ਦਾਈ ਹੱਥ ਮਾਰੀ ਜਾਂਦੀ ਐ। ਸਾਡਾ ਤਾਂ ਕੋਈ ਕੰਮ, ਹੈ ਨੀ।” ਜੂਪੇ ਦੇ ਆਖਣ ਤੇ ਮੇਲੂ ਸੋਧਾਂ ਵੱਲ ਚੱਲ ਪਿਆ। ਉਹ ਹੱਥ ’ਚ ਪਰਚੀਆਂ ਜਿਹੀਆਂ ਲਈ ਖੜ੍ਹੀ ਸੀ। “ਆਹ ਰਪੋਟਾਂ ਕਰੌਣ ਨੂੰ ਕਿਹੈ। ਡਾਕਟਰਨੀ ਕੈਂਦ੍ਹੀ, ਪੈਲ੍ਹਾਂ ਕੋਈ ਟੈਸਟ ਨੀ ਕਰਾਇਆ, ਹੁਣ ਆਹ ਕਰਾ ਕੇ ਲਿਆਓ। ਐਥੇ ਤਾਂ ਕੋਈ ਪ੍ਰਬੰਧ ਨੀ।” “ਕਰਾ ਲੈਨੇ ਆਂ ਤਾਈ।” ਡਾਕਟਰ ਦੀ ਸਲਾਹ ਅਨੁਸਾਰ, ਹਸਪਤਾਲ ਦੇ ਬਾਹਰ ਨੁੱਕਰ ’ਤੇ ਬਣੀ ਲੈਬੋਰੇਟਰੀ ਤੋਂ ਨਸੀਰਾਂ ਦੇ ਸਾਰੇ ਟੈਸਟ ਕਰਵਾਉਣ ਚਲੇ ਗਏ। ਟੈਸਟਾਂ ਦੇ ਨਮੂਨੇ ਲੈ ਲਏ ਗਏ। “ਚਲੋ ਤਾਈ ਤੁਸੀਂ ਤਾਂ, ਮੈਂ ਰਪੋਟਾ ਲੈ ਕੇ ਆਇਆ।” ਮੇਲੂ ਦੇ ਕਹਿਣ ’ਤੇ ਉਹ ਪਹਿਲਾਂ ਵਾਲੇ ਟਿਕਾਣੇ ਵੱਲ ਚੱਲ ਪਈਆਂ। ਮੇਲੂ ਨਤੀਜਾ ਮਿਲਣ ਤਕ ਉੱਥੇ ਹੀ ਰੁਕ ਗਿਆ। ਜਗਤੂ ਤੇ ਜੂਪਾ ਵੀ ਲੈਬੋਰੇਟਰੀ ਕੋਲ ਆ ਗਏ। ਅੱਧੇ ਘੰਟੇ ਬਾਅਦ ਰਿਪੋਰਟ ਮਿਲ ਗਈ। ਮੇਲੂ ਨੇ ਆਪਣੀ ਜੇਬ ਚੋਂ ਕੱਢ ਕੇ ਬਣਦੀ ਰਕਮ ਅਦਾ ਕਰ ਦਿੱਤੀ। “ਤਾਈ ਹੋਰੀਂ ’ਡੀਕਦੀਆਂ ਹੋਣੀਆਂ।” ਆਖਦਾ ਉਹ ਜਨਾਨਾ ਵਾਰਡ ਵੱਲ ਚੱਲ ਪਿਆ। “ਸਾਡੇ ਘਰੇਂ ਤਾਂ ਸਾਲ਼ਾ ਏਹੀ ਪ੍ਰਧਾਨ ਬਣਿਆ ਫਿਰਦੈ।” ਜਗਤੂ ਨੂੰ ਇੱਕ ਵਾਰ ਫਿਰ ਮੇਲੂ ’ਤੇ ਗੁੱਸਾ ਆਇਆ। “ਮੈਨੂੰ ਤਾਂ ਲੱਗਦੈ ਅਮਲੀਆ, ਏਹਦਾ ਤਾਂ ਜਵਾਕ ’ਚ ਵੀ ਸੀਰ ਐ।” ਗੱਡੀ ਵੱਲ ਆਉਂਦਾ ਜੂਪਾ ਬੋਲਿਆ, ਫਿਰ ਸ਼ਰਮਿੰਦਾ ਵੀ ਹੋਇਆ— ‘ਮਨਾਂ, ਮੈਂ ਕੀ ਕੱਢ ਮਾਰਿਆ !’ “ਆਪਾਂ ਤਾਂ ਕੁੱਸ਼ ਕੈਹ ਈ ਨੀਂ ਸਕਦੇ। ਅਗਲਾ ਜਦੋਂ ਘਰ ਦਾ ਮਾਲਕ ਈ ਇਸ ਨੂੰ ਬਣਾ ਗਿਆ, ਫੇਰ ਮੈਂ ਬੀ ਜੂਪ ਸਿਆਂ, ਕੀ ਕਰ ਸਕਦੈਂ।” ਜਗਤੂ ਨੇ ਸਾਹਮਣੇ ਨਜ਼ਰ ਮਾਰੀ, ਮੇਲੂ ਸੋਧਾਂ ਕੋਲ ਪਹੁੰਚ ਵੀ ਗਿਆ ਸੀ। ਰਿਪੋਰਟਾਂ ਲੈ ਕੇ ਸੋਧਾਂ ਉਨ੍ਹੇ ਪੈਰੀਂ, ਵਾਪਸ ਮੁੜ ਗਈ। ਮੇਲੂ ਉੱਥੇ ਹੀ ਗੇੜੇ ਜਿਹੇ ਕੱਢਣ ਲੱਗਾ। “ਦੇਖ ਖਾਂ ਜੂਪ ਸਿਆਂ, ਸਾਲ਼ੇ ਨੂੰ ਕਿਮੇਂ ਅੱਚਵੀ ਲੱਗੀ ਐ।” “ਸੂਏ ਭੇਡ, ਤਿੰਘੇ ਮੀਢਾ। ਏਹ ਪਤੰਦਰ ਊਂਈਂ ਔਖਾ ਹੋਈ ਜਾਂਦੈ।” ਮੇਲੂ ਨੂੰ ਵੇਖ ਜੂਪਾ ਵੀ ਹੱਸਿਆ। ਨਰਸ ਨੇ ਟੈਸਟਾਂ ਦੀ ਰਿਪੋਰਟ ਵੇਖੀ, ਵੇਖਦਿਆਂ ਹੀ ਹੈਰਾਨ ਹੋ ਗਈ। ਨਸੀਰਾਂ ਨੂੰ ਐਚ. ਆਈ. ਵੀ. ਪੌਜ਼ਟਿਵ ਸੀ। “ਏਹਨੂੰ ਏਥੇ ਹੀ ਰਹਿਣ ਦਿਓ, ਤੁਸੀਂ ਮੇਰੇ ਨਾਲ ਆਓ।” ਨਰਸ ਨੇ ਦਾਈ ਨੂੰ ਆਪਣੇ ਕਮਰੇ ’ਚ ਚੱਲਣ ਨੂੰ ਕਿਹਾ। “ਤੁਸੀਂ ਵੀ ਏਥੇ ਹੀ ਰਹੋ।” ਨਰਸ ਨੇ ਆਪਣੀ ਸਹਾਇਕ ਨਰਸ ਨੂੰ ਨਸੀਰਾਂ ਕੋਲ ਹੀ ਰੁਕਣ ਦੀ ਸਲਾਹ ਦਿੱਤੀ। “ਏਹਦੇ ਨਾਲ ਕੌਣ—ਕੌਣ ਐ ?” ਨਰਸ ਆਪਣੇ ਕਮਰੇ ’ਚ ਜਾ ਕੇ ਘੁੰਮਣ ਵਾਲੀ ਕੁਰਸੀ ’ਤੇ ਬੈਠ ਗਈ ਸੀ। “ਸਹੁਰੈ ਜੀ, ਇੱਕ ਮੁੰਡਾ ਘਰਾਂ ’ਚੋਂ ਐ।” ਆਖਦੀ ਸੋਧਾਂ ਕੋਲ ਪਏ ਗੋਲ਼ ਸਟੂਲ ’ਤੇ ਬੈਠ ਗਈ। “ਇਹਦੇ ਘਰ ਵਾਲਾ ਕੀ ਕੰਮ ਕਰਦੈ ?” “ਉਹ ਤਾਂ ਜੀ ਟਰੱਕ ਚਲਾਉਂਦੈ, ਬਾਰ੍ਹ ਹੀ ਰਹਿੰਦੈ।” “ਹੂੰ, ਏ ਗੱਲ ਐ।” ਨਰਸ ਨੇ ਦੋ—ਤਿੰਨ ਵਾਰ ਸਿਰ ਉੱਪਰ ਹੇਠ ਘੁਮਾਇਆ। “ਕੀ ਗੱਲ ਹੋਗੀ ਜੀ, ਕੋਈ ਜਾਅਦੇ ਵੱਡੀ ਤਕਲੀਫ ਤਾਂ ਨੀ ?” “ਤਕਲੀਫ ਤਾਂ ਵੱਡੀ ਐ, ਇਹਨੂੰ ਏਡਜ਼ ਐ।” “ਏਡਜ ! ਏ ਕੋਈ ਨਮੀ ਬਮਾਰੀ ਐ ਜੀ !” ਸੋਧਾਂ ਹੈਰਾਨ ਹੋ ਗਈ। “ਹੁਣ ਫਿਰ ਕੀ ਬਣੂ ?” ਸੋਧਾਂ ਨੇ ਨਾਲ ਦੀ ਨਾਲ ਹੀ ਸਵਾਲ ਕੀਤਾ। “ਕੇਸ ਬਹੁਤ ਸਾਵਧਾਨੀ ਨਾਲ ਕਰਨਾ ਪਊ, ਛੇਤੀ ਕੀਤੇ ਕੋਈ ਹੱਥ ਨੀਂ ਪਾਉਂਦਾ, ਪਰ ਮੈਂ ਕਦੇ ਪਰਵਾਹ ਨੀ ਕੀਤੀ।” “ਚਲੋ ਕਰੋ ਕੋਈ ਹੱਲ ਜੀ, ਗਰੀਬ ਪਰਵਾਰ ਐ। ਸਹਰੁਾ ਤਾਂ ਅਮਲੀ ਐ। ਉਹਨੂੰ ਤਾਂ ਚੜ੍ਹੀ—ਉੱਤਰੀ ਦਾ ਕੋਈ ਫਰਕ ਨੀ।” ਸੋਧਾਂ ਵੱਡੀ ਨਰਸ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਤੀਜੇ ਚੌਥੇ ਦਿਨ ਕੋਈ ਨਾ ਕੋਈ ਕੇਸ਼ ਲੈ ਕੇ ਆਉਂਦੀ ਹੈ। ਮੈਡਮ ਨਾਲ ਵਾਹਵਾ ਵਾਕਫ਼ੀ ਹੈ ਉਸਦੀ। “ਕੇਸ ਤੇਰੇ ਕਰਕੇ ਕਰ ਰਹੀ ਆਂ, ਸੋਧਾਂ ਕੌਰ।” ਆਪਣੇ ਸਟੈਥੋਸਕੋਪ ਨੂੰ ਠੀਕ ਕਰਦੀ ਮੈਡਮ ਬੋਲੀ। “ਰੱਬ ਭਲਾ ਕਰੂ ਜੀ, ਥੋਡਾ ਵੀ।” “ਚੱਲ ਫਿਰ।” ਮੈਡਮ ਦੇ ਆਖਣ ’ਤੇ ਉਹ ਜਨਾਨਾ ਵਾਰਡ ਵੱਲ ਚੱਲ ਪਈਆਂ। * * * ਮੇਲੂ, ਜੂਪਾ ਤੇ ਜਗਤੂ ਗੱਡੀ ਕੋਲ ਖੜ੍ਹੇ, ਆਉਂਦੇ ਜਾਦੇ ਮਰੀਜ਼ਾਂ ਨੂੰ ਤੱਕਦੇ ਰਹੇ। “ਐਥੇ ਆ ਕੇ ਐਂ ਲਗਦੈ, ਬਈ ਸਾਰੀ ਦੁਨੀਆਂ ਈ ਰੋਗੀ ਹੋਈ ਪਈ ਐ।” ਓ. ਪੀ. ਡੀ. ਵੱਲ ਤੱਕਦਿਆਂ ਜਗਤੂ ਬੋਲਿਆ। “ਹੂੰ, ਦੇਖ ਲੈ ਜਗਤ ਸਿਆਂ, ਦੋ ਤਿੰਨ ਸਵਾਤਾਂ ਜੀਆਂ ਤਾਂ ਮਰੀਜ਼ਾਂ ਨਾਲ ਈ ਭਰੀਆਂ ਪਈਆਂ ਨੇ। ਕਿਸੇ ਦੇ ਪਲੱਸਤਰ ਲੱਗਿਆ ਪਿਐ, ਕਿਸੇ ਦੇ ਗੁਲੂਕੋਜ ਆਲ਼ੀਆਂ ਬੋਤਲਾਂ। ਆਹ ਦਵਾਈਆਂ ਦੀ ਮੁਸ਼ਕ ਜੀ ਅੱਡ ਮਾਰੀ ਜਾਂਦੀ ਐ।” ਜੂਪੇ ਨੇ ਜਨਾਨਾ ਤੇ ਮਰਦਾਨਾ ਵਾਰਡ ਵੱਲ ਤੱਕਿਆ। “ਹਾਲੇ ਤਾਂ ਚਾਚਾ ਤੁਸੀਂ ਐਮਰਜੈਂਸੀ ਆਲੇ ਪਾਸੇ ਨੀ ਗਏ, ਓਧਰ ਤਾਂ ਵਾਲ੍ਹੀਆਂ ਚੰਘਿਆੜਾਂ ਪੈਂਦੀਆਂ ਨੇ। ਸਾਰੇ ਵੱਢੇ—ਟੁੱਕੇ ਆਉਂਦੇ ਨੇ। ਮੈਂ ਵੀ ਗਿਆ ਸੀ ਓਧਰ, ਮੈਥੋਂ ਤਾਂ ਦੇਖੇ ਨੀ ਗਏ। ਕਈ ਤਾਂ ਚੰਡੀਗੜ ਭੇਜਤੇ। ਵਾਲ੍ਹੇ ਸੀਰੀਅਸ ਸੀ ” “ਇੱਕ ਗੱਡੀ ਜੀ ਹੁਣ ਲੰਘੀ ਸੀ ਸ਼ੇਰਾ, ‘ਘੂੰ—ਘੂੰ’ ਕਰਦੀ। ਔਹ ਖੜ੍ਹੀ, ਚਿੱਟੀ ਜੀ।” ਜਗਤੂ ਨੇ ਐਮਰਜੈਂਸੀ ਵਾਰਡ ਮੂਹਰੇ ਖੜ੍ਹੀ ਐਂਬੂਲੈਂਸ ਵੱਲ ਇਸ਼ਾਰਾ ਕੀਤਾ। “ਐਕਸੀਡੈਂਟ ਹੋ ਗਿਆ, ਬੋਹਾ ਕੋਲ। ਤਕੜੀ ਸੱਟ ਵੱਜੀ। ਉੱਥੇ ਖੜ੍ਹੇ ਬੰਦੇ ਗੱਲਾਂ ਕਰਦੇ ਸੀ।” ਮੇਲੂ ਨੇ ਆਪਣੀ ਜਾਣਕਾਰੀ ਸਾਂਝੀ ਕੀਤੀ। “ਮਸ਼ੀਨਰੀ ਵੀ ਵਾਲੀ ਹੋ ਗਈ, ਛੋਟੇ ਭਾਈ। ਸੜਕਾਂ ਤੋਂ ਲਾਰਾ ਨੀ ਟੁਟਦਾ।” ਜਗਤੂ ਨੇ ਆਪਣੀ ਸਮਝ ਅਨੁਸਾਰ ਗੱਲ ਕੀਤੀ। ਆਪਣੀਆਂ ਗੱਲਾਂ ਚ ਰੁੱਝੇ ਜਗਤੂ, ਜੂਪ ਤੇ ਮੇਲੂ ਹੋਰੀਂ ਭੁੱਲ ਹੀ ਗਏ ਸੀ, ਉਹ ਕਿਸ ਕੰਮ ਆਏ ਹਨ ? “ਆਜੋ ਭਾਈ, ਜਗਤੂਆ।” ਜਨਾਨਾ ਵਾਰਡ ਕੋਲ ਖੜ੍ਹੀ ਸੋਧਾਂ ਨੇ ਆਵਾਜ਼ ਮਾਰੀ। “ਲੈ ਵੀ ਅਮਲੀਆ, ਹੋ ਗਈ ਭਲੋ—ਭਲੀ।” ਜੂਪੇ ਦੇ ਆਖਣ ਤੇ ਜਗਤੂ ਦਾ ਚਿਹਰਾ ਖਿੜ ਗਿਆ। “ਕੀ ਬਣਿਆ ਭਾਬੀ ?” ਕੋਲ ਪਹੁੰਚ ਕੇ ਜਗਤੂ ਬੋਲਿਆ। “ਮੁੰਡੈ ...।” ਸੋਧਾਂ ਵੀ ਪੂਰੀ ਖੁਸ਼ ਸੀ। ਮੁੰਡਾ ਜੰਮਣ ਦੀ ਖੁਸ਼ੀ ’ਚ ਉਹ ਭੂੱਲ ਹੀ ਗਈ ਸੀ, ਨਸੀਰਾਂ ਨੂੰ ਏਡਜ਼ ਵੀ ਹੈ। “ਵਧਾਈਆਂ ਭਾਈ।” ਸੋਧਾਂ ਨੇ ਫੇਰ ਸਾਰਿਆਂ ਨੂੰ ਵਧਾਈ ਦਿੱਤੀ। ਫਿਰ ਸੋਧਾਂ ਇੱਕਦਮ ਖਾਮੋਸ਼ ਹੋ ਗਈ। “ਹੁਣ ਨਸੀਰਾਂ ਦਾ ਕੀ ਬਣੂ ?” ਉਸ ਦੇ ਮਨ ਨੇ ਸੁਆਲ ਕੀਤਾ। ਫਿਰ ਸੋਧਾਂ ਉਹਨਾਂ ਤਿੰਨਾਂ ਨੂੰ ਇੱਕ ਪਾਸੇ ਲੈ ਗਈ। “ਭਾਈ, ਏਹਨੂੰ ਤਾਂ ਚੰਦਰੀ ਨੂੰ ਭੈੜੀ ਬਮਾਰੀ ਐ, ਡਾਕਟਰਨੀ ਕੇਸ ਨੀ ਕਰਦੀ ਸੀ, ਮੈਂ ਮਿੰਨਤ—ਤਰਲਾ ਕੀਤਾ, ਤਾਂ ਕਿਤੇ ਜਾ ਕੇ ਕੇਸ ਕੀਤਾ।” ਦਿਲ ’ਤੇ ਪੱਥਰ ਧਰ, ਉਸ ਨੇ ਸਾਰੀ ਗੱਲ ਦੱਸ ਦਿੱਤੀ। “ਕੇਹੜੀ ਬਮਾਰੀ ਐ, ਤਾਈ ?” ਮੇਲੂ ਹੈਰਾਨ ਹੋ ਗਿਆ। “ਨਮੀਂ ਜੀ ਬਮਾਰੀ ਐ, ਪਹਿਲਾਂ ਤਾਂ ਆਪਣੇ ਪਿੰਡ ਚ ਕਦੇ ਆਈ ਨੀ। ਊਂ ਡਾਕਟਰਨੀ ਕੈਂਦ੍ਹੀ ਸੀ ਬਈ ਮੁੰਡਾ ਤਾਂ ਠੀਕ ਐ।” “ਕਿਤੇ ਏਡਜ ਤਾਂ ਨੀਂ ਤਾਈ ?” ਮੇਲੂ ਦਾ ਦਿਲ ਫੜਾਕ—ਫੜਾਕ ਵੱਜਣ ਲੱਗਾ। “ਹਾਂ ਪੁੱਤ, ਆਹੀ ਐ।” “ਚੱਲ ਆਹ ਬਮਾਰੀ ਵੀ ਠੀਕ ਹੋਜੂ ਭਾਬੀ, ਕੋਈ ਦਵਾਈ ਬੂਟੀ ਲੈ ਕੇ।” ਜੂਪੇ ਨੂੰ ਕੋਈ ਜ਼ਿਆਦਾ ਹੈਰਾਨੀ ਨਾ ਹੋਈ। “ਟਿੱਬੀ ਆਲ਼ੇ ਬਾਬੇ ਤੋਂ ’ਲਾਜ ਕਰਾਮਾਂਗੇ।” ਜਗਤੂ ਵੀ ਬੇਫ਼ਿਕਰ ਸੀ।

ਤੇਈ

ਨਸੀਰਾਂ ਨੂੰ ਤੀਜੇ ਦਿਨ ਛੁੱਟੀ ਮਿਲ ਗਈ। ਨਸੀਰਾਂ ਨੂੰ ਏਡਜ਼ ਵਾਲੀ ਗੱਲ ਸਾਰੇ ਪਿੰਡ ’ਚ, ਜੰਗਲ ਦੀ ਅੱਗ ਵਾਂਗ ਫੈਲ ਗਈ । ਸੱਥ ’ਚ, ਔਰਤਾਂ ਕੋਲ, ਖੇਤਾਂ ’ਚ ਕੰਮ ਕਰਦੇ ਮਜ਼ਦੂਰਾਂ—ਜਿਮੀਂਦਾਰਾਂ ਕੋਲ, ਸਭ ਕੋਲ ਇਸ ਗੱਲ ਦੀ ਭਿਣਕ ਪੈ ਗਈ। ਵਿਹੜੇ ਦੀਆਂ ਔਰਤਾਂ ਮੂੰਹ ’ਤੇ ਚੁੰਨੀਆਂ ਧਰ ਕੇ ਗੱਲਾਂ ਕਰਨ ਲੱਗੀਆਂ— “ਭਾਈ, ਬੰਗਾਲਣ ਕੋਲ ਤਾਂ ਮੁੰਡਾ ਹੋ ਗਿਆ।” “ਕੁੜੇ, ਨਸੀਰਾਂ ਨੂੰ ਤਾਂ ਕੈਂਦ੍ਹੇ, ਦੂਜੀ ਬਿਮਾਰੀ ਐ ।” “ਨੀ ਕਿਹੜੀ !” “ਕੀ ਨਾਂ ਐ ਓਅਦਾ, ਹਾਂ ਸੱਚ , ਏਡਸ ਊਡਸ।” “ਪਹਿਲਾਂ ਤਾਂ ਆਪਣੇ ਪਿੰਡ ਚ ਕਿਸੇੇੇ ਨੂੰ ਆਹ ਬਮਾਰੀ ਸੁਣੀ ਨੀ।” “ਲੈ ਭੁੰਨਣੀ ! ਕਿੱਥੋਂ ਲਿਆਈ ਐ ਬੰਗਾਲ ’ਚੋਂ ।” “ਇਹ ਕਾਹਨੂੰ ਲਿਆਈ ਐ, ਲਿਆਇਐੈ ਇਹਦਾ ਖਸਮ।” “ਵੀਰ, ਤੁਰਿਐ ਫਿਰਦੈ ਟਰੱਕਾਂ ’ਤੇ, ਭਾਂਤ—ਭਾਂਤ ਦੀਆਂ ਨਾਲ ਖਹਿੰਦਾ ਹੋਣਾ ।” “ਮੈਂ ਸੁਣਿਐ, ਟਿੱਬੀ ਆਲੇ ਬਾਬੇ ਕੋਲ ਗਏ ਨੇ, ਕੋਈ ਓੜ੍ਹ—ਪੋੜ੍ਹ ਕਰੌਣ।” “ਕੇੜ੍ਹੇ ਕੇੜ੍ਹੇ ?” “ਜਗਤੂ ਤੇ ਨਸੀਰਾਂ, ਨਸੀਰਾਂ ਨੇ ਮੁੰਡਾ ਕੁੱਛੜ ’ਚ ਆਪ ਲਪੇਟਿਆ ਹੋਇਆ ਸੀ, ਉਹ ਜੈ ਰੋਇਆ ਮੇਲੂ ਬੀ ਨਾਲ ਸੀ।” “ਖਬਰੇ ਭਾਈ, ਟਿੱਬੀ ਆਲਾ ਬਾਬਾ ਈ ਠੀਕ ਰਕਦੇ ਕੋਅੜ੍ਹਨ ਨੂੰ।” ਬੁੜ੍ਹੀਆਂ ਤੋਂ ਤੁਰਦੀ—ਤੁਰਦੀ ਗੱਲ ਸੱਥ ’ਚ ਬੈਠੇ ਸੁਰਜਣ ਹੋਰਾਂ ਕੋਲ ਵੀ ਪਹੁੰਚ ਗਈ। ਸੁਰਜਣ ਜਸਵੰਤ ਨੂੰ ਪੁੱਛਣ ਲੱਗਾ— “ਜਸਵੰਤ ਸਿਆਂ ! ਸੁਣਿਐ ਉਹ ਬਈਆ ਰਾਣੀ ਨੂੰ ਏਡਜ਼ ਐ ?” “ਹੂੰੰ....., ਮੈਂ ਵੀ ਸੁਣਿਐ, ਗੱਲ ਸੱਚੀ ਐ । ਮੈਂ ਰਿਪੋਰਟ ਵੇਖੀ ਐ ।” “ਕਿਤੇੇ ਪਲੇਗ ਵਾਂਗੂੰ ਸਾਰੇ ਪਿੰਡ ਚ ਨਾ ਫੈਲ ਜਾਵੇ !” ਸੋਹਣਾ ਅੱਖਾਂ ਮਲ਼ਦਾ ਚਿੰਤਤ ਹੁੰਦਾ ਬੋਲਿਆ। “ਐਂ ਤਾਂ ਕਾਹਨੂੰ ਫੈਲਦੀ ਐ। ਜਿਹੜਾ ਉਹਦੇ ਨਾਲ ਖੇਹ ਖਾਊ, ਉਹੀ ਮਰੂ।” ਜਸਵੰਤ ਨੇ ਸੋਹਣੇ ਦੀ ਗੱਲ ਦਾ ਜਵਾਬ ਦਿੱਤਾ । “ਆਹ ਜੇਹੜੇ ਦੋ—ਚਾਰ ਮੁੰਡੇ ਜਾਂਦੇ ਸੀ, ਉਹਦੇ ਕੋਲ, ਉਹਨਾਂ ਦਾ ਫਿਰ ਕੀ ਬਣੂ ?” ਸੋਹਣੇ ਨੇ ਆਪਣਾ ਵਹਿਮ ਦੂਰ ਕਰਨ ਲਈ ਸਵਾਲ ਕੀਤਾ। “ਬਨਣਾ ਕੀ ਐ ! ਮਾਂਜੇ ਗਏ। ਬੁਰੇ ਕੰਮਾਂ ਦੇ ਬੁਰੇ ਨਤੀਜੇ ।” “ਹੁਣ ਤਾਂ ਸਾਲ਼ਿਆਂ ਦੇ ਮੂੰਹ ਤੋਂ ਮੱਖੀ ਵੀ ਨੀਂ ਉੱਠਦੀ।” ਵਿਸਾਖਾ ਬੋਲਿਆ। ਸੱਚਮੁੱਚ ਹੀ ਪਿੰਡ ਦੀ ਮੁੰਡੀਰ ਦੇ ਸਾਹ ਸੂਤੇ ਗਏ। ਉਹਨਾਂ ਨੂੰ ਰੋਟੀ—ਪਾਣੀ, ਕੁੱਝ ਵੀ ਚੰਗਾ ਨਾ ਲੱਗਦਾ । ਇੱਕ—ਦੂਜੇ ਕੋਲ ਬੈਠਦੇ ਤਾਂ ਇਹੋ ਗੱਲਾਂ ਕਰਦੇ — “ਉਏ ਕਾਣਿਆ, ਤੂੰ ਵੀ ਗਿਆ ਸੀ ?” “ ਮੈਂ ਤਾਂ ਇੱਕ ਵਾਰੀ ਗਿਆ ਸੀ ।” ਗੱਲਾਂ—ਗੱਲਾਂ ’ਚ ਪਤਾ ਚੱਲਿਆ ਕਿ ਪੰਜ—ਸੱਤ ਮੁੰਡੇ ਨਸੀਰਾਂ ਕੋਲ ਜਾਂਦੇ ਸੀ । ਹੁਣ ਸਾਰੇ ਨਸੀਰਾਂ ’ਤੇ ਕਚੀਚੀਆਂ ਵੱਟਣ ਲੱਗੇ — “ਮਾਰਤੇ..... ਭੈਣ ਚੋ........ ਬਈਆ ਰਾਣੀ ਨੇ । “ਬਈ ਆਪਾਂ ਨੂੰ ਨੀ ਕੁਸ਼ ਹੁੰਦਾ।” ਮੇਲੂ ਨਿਡਰ ਬਣਿਆ ਖੜ੍ਹਿਆ ਸੀ।” “ਕਿਉਂ ? ਸਾਲ਼ਿਆ ਤੈਨੂੰ ਕਿਉਂ ਨੀ ਕੁਸ਼ ਹੁੰਦਾ ?” “ਮੈਂ ਤਾਂ ਬਾਈ, ਕਤਾਬਾਂ ’ਚ ਪੜ੍ਹਿਆ ਸੀ, ਏਡਜ ਬਾਰੇ, ਬਈ ਏਡਜ ਲਾ—ਅਲਾਜ ਬਮਾਰੀ ਐ। ਆਪਾਂ ਤਾਂ ਫੇਰ ਸਾਵਧਾਨੀ ਰੱਖਦੇ ਸੀ।” ਮੇਲੂ ਦਾ ਉੱਤਰ ਸੁਣ ਕੇ ਉਸਦੇ ਸਾਥੀ ਨਿਰਉੱਤਰ ਹੋ ਗਏ। ਉਨ੍ਹਾਂ ਦੇ ਚਿਹਰਿਆਂ ’ਤੇ ਪਸੀਨਾ ਆ ਗਿਆ। ਪਰ ਮੇਲੂ ਬੇਖੌਫ਼ ਸੀ। “ਚਲੋ ਜਨਕ ਦੀ ਸਲਾਹ ਲੈਨੇ ਐਂ, ਜਾ ਕੇ।” ਮੇਲੂ ਨੇ ਸਾਰਿਆਂ ਨੂੰ ਸਲਾਹ ਦਿੱਤੀ ਤਾਂ ਉਹ ਜਨਕ ਦੀ ਦੁਕਾਨ ਵੱਲ ਚੱਲ ਪਏ। ਜਨਕ ਨੇ ਧੀਰਜ ਨਾਲ ਗੱਲ ਸੁਣ ਕੇ ਸਲਾਹ ਦਿੱਤੀ— “ ਟੈਸਟ ਕਰਵਾ ਕੇ ਵੇਖਲੋ, ਪਤਾ ਲੱਗਜੂ।” ਉਸਦੀ ਸਲਾਹ ਮੰਨਦਿਆਂ ਮੁੰਡੇ ਨੇੜਲੇ ਸ਼ਹਿਰ ਲੈਬੋਰੇਟਰੀ ’ਤੇ ਟੈਸਟ ਕਰਵਾਉਣ ਗਏ। ਉਨ੍ਹਾਂ ਸਭ ਤੋ ਪਹਿਲਾਂ ਇਹੋ ਸਵਾਲ ਪੁੱਛਿਆ— “ਇਹ ਕਿਵੇਂ ਹੋ ਜਾਂਦੀ ਐ ਜੀ..........?” “ਮੈਂ ਤਾਂ ਇੱਕ ਵਾਰ ਗਿਆ ਸੀ.........?” “ਇੱਕ ਵਾਰੀ ਨਾਲ ਤਾਂ ਨੀ ਏਡਜ਼ ਹੁੰਦੀ ..........?” ਲੈਬੋਰੇਟਰੀ ਸਹਾਇਕ ਨੇ ਉਨ੍ਹਾਂ ਨੂੰ ਦਿਲਾਸਾ ਦਿੱਤਾ — “ਘਬਰਾਉ ਨਾ, ਸਭ ਠੀਕ ਹੋਜੂ । ਅੱਗੇ ਤੋਂ ਪ੍ਰਹੇਜ ਰੱਖੋ ।” ਨਤੀਜਾ ਪੌਜ਼ਟਿਵ ਹੋਣ ’ਤੇ ਦੋ ਮੁੰਡੇ ਤਾਂ ਚੁੱਪ ਹੀ ਹੋ ਗਏ, ਮੂੰਹ ’ਤੇ ਜਿੰਦਰਾ ਲੱਗ ਗਿਆ । ਮਾਨਸਿਕ ਸੰਤੁਲਨ ਐਨਾ ਜ਼ਿਆਦਾ ਵਿਗੜ ਗਿਆ, ਉਨ੍ਹਾਂ ਨੇ ’ਕੱਠੇ ਹੋ ਕੇ ਭਾਖੜਾ ਨਹਿਰ ’ਚ ਛਾਲ ਮਾਰੀ ਤੇ ਜਾਨ ਤੋਂ ਹੱਥ ਧੋ ਬੈਠੇ। ਪਿੰਡ ’ਦੇ ਕਈ ਸਿਆਣੇ ਬੰਦੇ ਕਹਿੰਦੇ— “ਇਹਨੂੰ ਗੰਦੀ ਤੀਮੀ ਨੂੰ ਪਿੰਡ ’ਚੋਂ ਕੱਢੋ। ਆਹ ਮੇਲੂ ਵਰਗਿਆਂ ਦੇ ਵੀ ਮਾਰੋ ਗੋਲ਼ੀ । ਸਾਲ਼ੇ ਬੇਹਾ ਦਲੀਆ ਖਾਂਦੇ ਸੀ ।” ਜਸਵੰਤ ਨੇ ਇਸ ਗੱਲ ਦਾ ਵਿਰੋਧ ਕੀਤਾ । ਕਹਿੰਦਾ — “ਇਹਨਾਂ ਨੂੰ ਵੀ ਜੀਣ ਦਾ ਹੱਕ ਐ। ਬੱਸ, ਆਪਣੀ ਬੱਚਤ ਰੱਖੋ ।” ਬਘੇਲ ਹੋਰ ਪਹਿਲਾਂ ਹੀ ਆਪਣੀ ਹਾਰ ਕਰਕੇ ਬੁਖਲਾਹਟ ’ਚ ਸੀ। ਕਹਿਣ ਲੱਗੇ— “ਆ ਗਿਆ ਵੱਡਾ ਸਿਆਣਾ। ਸਾਰੇ ਪਿੰਡ ਦੇ ਊਂਈਂ ਗੋਲੀ ਮਾਰ।” ਪਰ ਜਸਵੰਤ ਨੇ ਕਿਸੇ ਦੀ ਪਰਵਾਹ ਨਾ ਕੀਤੀ। ਸਿਵਲ ਹਸਪਤਾਲ ਤੋਂ ਡਾਕਟਰਾਂ ਦੀ ਟੀਮ ਸੱਦੀ। ਉਹਨਾਂ ਨਾਲ ਸਾਰੀ ਗੱਲਬਾਤ ਸਾਂਝੀ ਕੀਤੀ। ਡਾਕਟਰਾਂ ਦੀ ਟੀਮ ਨੇ ਪੀਰਾਂਵਾਲੀ ’ਚ ਏਡਜ਼ ਜਾਗਰੂਕਤਾ ਕੈਂਪ ਲਾਇਆ। ਗੁਪਤ ਰੋਗਾਂ ਦੇ ਮਾਹਰ ਡਾਕਟਰ ਵਿਜੇਂਦਰ ਰੋਹੀਲਾ ਨੇ ਪੂਰਾ ਇੱਕ ਘੰਟੇ ਦਾ ਭਾਸ਼ਣ ਦਿੰਦਿਆਂ ਏਡਜ ਦੇ ਕਾਰਨ, ਲੱਛਣ ਤੇ ਬਚਾਅ ਦੇ ਉਪਾਅ ਬਾਰੇ ਦੱਸਿਆ। ਜਾਂਦੇ ਸਮੇਂ ਬੱਚਤ ਲਈ ਲੋੜੀਂਦੀ ਦਵਾਈ ਵੀ ਵੰਡ ਕੇ ਗਏ । ਸੱਥ ’ਚ ਬੈਠਾ ਜਗਤੂ ਵੀ ਭਾਸ਼ਣ ਸੁਣਦਾ ਰਿਹਾ। ਅਚਾਨਕ ਖਾਮੋਸ਼ ਹੋ ਗਿਆ। ਉੱਠ ਖੜ੍ਹਾ ਹੋ ਗਿਆ। ਕੱਪੜੇ ਝਾੜ ਕੇ ਸਿੱਧਾ ਹੀ ਡਾਕਟਰ ਜਨਕ ਕੋਲ ਜਾ ਪਹੁੰਚਿਆ। ਫੈਨੋਟਿਲ ਦੀਆਂ ਦੋ ਪੁੜੀਆਂ ਲੈ ਲਈਆਂ। ਇੱਕ ਪੁੜੀ ਖੋਲ੍ਹ ਕੇ ਉਸੇ ਸਮੇਂ ਹੀ ਫੱਕਾ ਮਾਰਿਆ । ਖੂੰਜੇ ’ਚ ਪਏ ਘੜੇ ’ਚੋਂ ਰਬੜ ਦੇ ਡੱਬੇ ਨਾਲ ਪਾਣੀ ਪੀ ਲਿਆ । ਫਿਰ ਉਸ ਦੇ ਮਨ ’ਚ ਪਤਾ ਨਹੀਂ ਕੀ ਔੜੀ, ਧਰਮਪੁਰੇ ਵਾਲੇ ਸੂਏ ਦੀ ਪਟੜੀ ਚੱਲ ਪਿਆ। ਉਸਦੇ ਬੁੱਲ੍ਹ ਸੁੱਕ ਰਹੇ ਸੀ । ਵਾਰ—ਵਾਰ ਪਾਣੀ ਦੀ ਤੇਹ ਲੱਗ ਰਹੀ ਸੀ । ਸੂਏ ’ਚ ਉੱਤਰ ਕੇ ਪਾਣੀ ਪੀਣ ਲੱਗਾ ਡਿੱਗ ਪਿਆ। ਉਸਦਾ ਗੁੱਟ ਉੱਤਰ ਗਿਆ । ਉਹ ਸੂਏ ਦੀ ਪਟੜੀ ’ਤੇ ਹੀ ਨਿਢਾਲ ਹੋਇਆ ਪਿਆ ਸੀ । ਕੋਲ ਦੀ ਟਰੈਕਟਰ—ਟਰਾਲੀਆਂ ਲੰਘਦੀਆਂ ਰਹੀਆਂ। ਸ਼ਾਮਾਂ ਪੈ ਗਈਆਂ । ਗੁਆਂਢੀ ਪਿੰਡ ਦਾ ਜ਼ਿਮੀਂਦਾਰ ਆਪਣੇ ਟਰੈਕਟਰ—ਟਰਾਲੀ ’ਤੇ ਪੀਰਾਂਵਾਲੀ ਦੇ ਦਿਹਾੜੀਆਂ ਨੂੰ ਛੱਡਣ ਲਈ ਆ ਰਿਹਾ ਸੀ। ਉਸ ਨੇ ਝਾੜੀਆਂ ’ਚ ਪਏ ਜਗਤੂ ਨੂੰ ਤੱਕਿਆ। ਟਰੈਕਟਰ ਰੋਕ ਲਿਆ । ਸਾਰਿਆ ਨੇ ਪਛਾਣ ਲਿਆ । ਕਹਿੰਦੇ— “ਇਹ ਤਾਂ ਆਪਣੇ ਪਿੰਡ ਆਲਾ ਜਗਤੂ ਐ।” ਕੁੱਝ ਮੁੰਡਿਆਂ ਨੇ ਚੁੱਕ ਕੇ ਟਰਾਲੀ ’ਚ ਸੁੱਟ ਲਿਆ। ਜਦੋਂ ਜਗਤੂ ਨੂੰ ਚੁੱਕਿਆ ਤਾਂ ਕਹਿੰਦਾ— “ਉਏ ਮੈਨੂੰ ਛੱਡ ਦਿਉ, ਉਏ ।” ਉਸਦੇ ਪੈਰ ਚਿੱਕੜ ਨਾਲ ਲਿਬੜੇ ਪਏ ਸੀ। ਸੱਜੇ ਹੱਥ ਦਾ ਗੁੱਟ ਸੁੱਜ ਗਿਆ। ਮੂੰਹ ’ਚੋਂ ਝੱਗ ਆ ਰਹੀ ਸੀ। ਵਿਹੜੇ ਦੇ ਮੁੰਡਿਆਂ ਨੇ ਜਗਤੂ ਨੂੰ ਲਿਆ ਕੇ ਮੰਜੇ ’ਤੇ ਸੁੱਟ ਦਿੱਤਾ। “ਕਿੱਥੇੇ ਪਿਆ ਸੀ ?” ਮੇਲੂ ਨੇ ਮੁੰਡਿਆਂ ਨੂੰ ਪੁੱਛਿਆ। “ਸੂਏ ’ਤੇ...... ਭਾਵੇ ਕੋਲ....।” ਮੇਲੂ ਨੇ ਹਿਲਾ ਕੇ ਦੇਖਿਆ। ਜਗਤੂ ਕੁੱਝ ਨਾ ਬੋਲਿਆ। ਫਿਰ ਉਹ ਡਾਕਟਰ ਜਨਕ ਨੂੰ ਬੁਲਾ ਲਿਆਇਆ । “ਉਏ ਜਗਤੂ, ਲੈ ਗੋਲੀਆਂ ਖਾ ਲੈ ।” ਜਨਕ ਨੇ ਰੋਜ਼ ਦੀ ਤਰ੍ਹਾਂ ਚਹੇਡ ਕੀਤੀ। ਡਾਕਟਰ ਨੇ ਉਸ ਨੂੰ ਹਲੂਣਿਆ। ਫਿਰ ਉਸਦੀ ਨਬਜ਼ ਟੋਹੀ। “ਇਹਦਾ ਤਾਂ ਟੱਟੂ ਪਾਰ ਹੋ ਗਿਆ । ਉੱਤੇ ਕੱਪੜਾ ਪਾ ਦੋ।” ਜਗਤੂ ਦੇ ਸਾਹ ਪੂਰੇ ਹੋ ਗਏ ਸੀ। ਸਵੇਰ ਹੁੰਦਿਆਂ ਸਾਰ ਹੀ ਪਿੰਡ ’ਚ ਖ਼ਬਰ ਫੈਲ ਗਈ — “ਰਾਤ ਜਗਤੂ ਚੋਲ਼ਾ ਛੱਡ ਗਿਆ।” “ਭੰਗ ਦੇ ਭਾਣੇ ਗਿਆ।” ਦੁੱਲਾ ਉਸ ਨੂੰ ਵਾਰ—ਵਾਰ ਘੋਥਲ ਕੇ ਵੇਖ ਰਿਹਾ ਸੀ “ਉਏ ਯਾਰਾ ! ਤੂੰ ਧੋਖਾ ਕਰ ਗਿਆ । ਜੇ ਜਾਣਾ ਸੀ ਤਾਂ ਮੈਨੂੰ ਵੀ ਨਾਲ ਲੈ ਜਾਂਦਾ।” ਸ਼ਰੀਕੇ—ਕਬੀਲੇ ਵਾਲੇ ਤੇ ਰਿਸ਼ਤੇਦਾਰ ਪਹੁੰਚਣੇ ਸ਼ੁਰੂ ਹੋ ਗਏ। ਸੱਥਰ ’ਤੇ ਬੈਠੇ ਲੋਕ ਗੱਲਾਂ ਕਰਨ— “ਕੋੜ੍ਹੀ ਨੂੰ ਲਾਜੋ ਦਾ ਹੇਰਵਾ ਮਾਰ ਗਿਆ।” “ਊਂ ਜਿਮੇਂ ਮਰਜੀ ਸੀ, ਲਾਜੋ ਨੂੰ ਨੀ ਕਦੇ ਮਾੜਾ ਬੋਲਿਆ।” “ਤੂਤ ਦੀ ਛਮਕੀ ਲੈ ਕੇ ਜਾਣੀ ਤੁਰਿਆ ਫਿਰਦਾ ਸੀ।” “ਪਤੰਦਰ ਨੇ ਮੇਲਾ ਨੀ ਕਦੇ ਕੋਈ ਛੱਡਿਆ, ਸਾਰਿਆਂ ਤੋਂ ਮੂਹਰੇ ਹੁੰਦਾ ਸੀ।” * * * ਜਸਵੰਤ ਸਵੇਰੇ ਉੱਠਿਆ ਹੀ ਸੀ, ਗੁਰੂ—ਘਰੋਂ ਵਾਪਸ ਆਈ ਹਰਦੀਪ ਬੋਲੀ— “ਜਗਤੂ ਪੂਰਾ ਹੋਗਿਆ, ਓਧਰ ਮੁੰਡੇ ਲੱਕੜਾਂ ਕੱਠੀਆਂ ਕਰਦੇ ਫਿਰਦੇ ਨੇ।” “ਐਂ ਕੋਹੜੀ ਨੂੰ ਕੀ ਹੋਗਿਆ ?” ਜਸਵੰਤ ਹੈਰਾਨ ਹੋਇਆ। “ਉਏ ਭਾਈ, ਗੋਲ਼ੀ—ਗੱਟਾ ਵੱਧ ਛਕ ਗਿਆ। ਝੱਲਿਆ ਗਿਆ ਨੀ, ਧਰਮਪੁਰੇ ਆਲੇ ਸੂਏ ’ਚ ਡਿੱਗ ਪਿਆ ਸੀ। ਕਹਿੰਦੇ ਬੱਸ ਪਾਣੀ ਦੇ ਬੁਲਬੁਲੇ ਵਾਂਗੂ ਫੁੱਟ ਗਿਆ।” ਜਗਤੂ ਦੇ ਘਰ ਵੱਲੋਂ ਆਏ ਘੂਤਰ ਨੇ ਸਾਰੀ ਗੱਲ ਖੋਲ੍ਹ ਕੇ ਦੱਸੀ। “ਪਤੰਦਰ ਨੇ ਸਾਰੇ ਘਰ ਦਾ ਬੇੜਾ ਮੂਧਾ ਮਾਰਤਾ। ਦੇਖ ਲੈ ਚਾਚਾ ਸਿਆਂ, ਨਸਿਆਂ ਦੇ ਕਾਰੇ।” “ਨਸ਼ੇ ਕਾਹਨੂੰ ਛੱਡਦੇ ਨੇ ਸ਼ੇਰਾ, ਨਸ਼ਿਆਂ ਦਾ ਪੱਟਿਆ ਨੀ ਕੋਈ ਤਾਬ ਆਉਂਦਾ।” “ਚੱਲ ਚਾਚਾ, ਦੋ ਘੜੀ ਬੈਠ ਆਈਏ।” ਜਸਵੰਤ ਦੇ ਆਖਣ ’ਤੇ ਉਹ ਜਗਤੂ ਦੇ ਘਰ ਨੂੰ ਚੱਲ ਪਏ। ਪਿੰਡ ਦੀ ਸੱਥ ਕੋਲ ਦੀ ਲੰਘਣ ਲੱਗੇ ਤਾਂ ਸੱਥ ਵੀ ਸੁੰਨੀ ਪਈ ਸੀ। “ਅੱਜ ਵਿਸਾਖੇ ਹੋਰੀਂ ਵੀ ਨੀ ਆਏ ਸ਼ੇਰਾ।” “ਤਿੱਤਰ ਦਾ ਹੇਰਵਾ ਕਰਗੇ ਚਾਚਾ, ਨਾਲੇ ਵਿਸਾਖਾ ਵੀ ਦੱਸਦਾ ਸੀ, ਕੈਂਦ੍ਹਾ ਹੁਣ ਸਾਡੇ ਸਰੀਰ ਨੀਂ ਰਹੇ, ਤੁਰਨ—ਫਿਰਨ ਵਾਲੇ।” ਬੋਹੜ ਕੋਲੋਂ ਉਹ ਲੰਘਣ ਲੱਗੇ ਤਾਂ ਜ਼ੋਰ ਦੀ ਹਵਾ ਦਾ ਬੁੱਲ੍ਹਾ ਆਇਆ, ਜਿਸ ਨਾਲ ਬੋਹੜ ਦੇ ਪੱਤੇ ਦੂਰ ਤਕ ਉੱਡ ਗਏ। ਜਸਵੰਤ ਹੋਰਾਂ ਦੇ ਪਹੁੰਚਣ ਤਕ ਜਗਤੂ ਦੀ ‘ਨਹਾਈ ਧੋਈ’ ਹੋ ਗਈ ਸੀ। “ਚਲੋ ਚੱਕੋ ਬਈ।” ਆਖਣ ਦੀ ਦੇਰ ਸੀ, ਅਰਥੀ ਘਰ ’ਚੋਂ ਉੱਠ ਗਈ। “ਕੋਹੜੀ ਨੂੰ ਨੇਕੀ ਦਾ ਮੋਢਾ ਵੀ ਨਸੀਬ ਨੀਂ ਹੋਇਆ।” ਭੀੜ ਚ ਸ਼ਾਮਲ ਹੁੰਦਿਆਂ ਘੂਤਰ ਨੇ ਜਸਵੰਤ ਨੂੰ ਕਿਹਾ। ਨੇਕੀ ਤੇ ਛਿੰਦਾ ਆਸਾਮ ਦਾ ਗੇੜਾ ਲੈ ਕੇ ਗਏ ਸੀ। ਅਜੇ ਤਕ ਵਾਪਸ ਨਹੀਂ ਆਏ। ਜੱਗਰ ਨੇ ਫ਼ੋਨ ਕਰਕੇ ਛਿੰਦੇ ਨੂੰ ਜਗਤੂ ਦੀ ਮੌਤ ਬਾਰੇ ਦੱਸ ਤਾਂ ਦਿੱਤਾ ਸੀ ਪਰ ਛਿੰਦਾ ਕਹਿੰਦਾ— “ਹਾਲੇ ਤਾਂ ਅਸੀਂ ਸਿਲੀਗੁੜੀ ਨੀ ਟੱਪੇ, ਸਸਕਾਰ ’ਤੇ ਤਾਂ ਅੱਪੜਿਆ ਨੀ ਜਾਣਾ।” * * * ਜਗਤੂ ਦੇ ਸਸਕਾਰ ਹੋਣ ਤਕ ਹਰ ਕੋਈ ਆਪਣੀ ਸਿਆਣਪ ਘੋਟਦਾ ਰਿਹਾ— “ਬੰਦਾ ਤਾਂ ਭਾਈ ਊਂਈ ਮੇਰੀ—ਮੇਰੀ ਕਰਦੈ ਫਿਰਦੈ, ਪਰ ਬੰਦੇ ’ਚ ਹੈ ਕੁਸ਼ ਨੀ ?” “ਕਿਮੇ ਭੱਜਿਆ ਫਿਰਦੈ, ਦਿਨ—ਰਾਤ ਧੀਆਂ—ਪੁੱਤਾਂ ਵਾਸਤੇ, ਧੀਆਂ—ਪੁੱਤ ਕੇਹੜਾ ਨਾਲ ਜਾਂਦੇ ਨੇ।” “ਆਪਣੇ ਵੀ ਭਾਈ ਧਰਮ—ਕਰਮ ਦੀਆਂ ਗੱਲਾਂ ਏਥੀ ਯਾਦ ਆਉਂਦੀਆਂ ਨੇ। ਜਦੋਂ ਘਰੇਂ ਵਾਗ੍ਹੇ, ਫੇਰ ਓਸੇ ਗਧੀ—ਗੇੜ ’ਚ ਪੈਜਾਂਗੇ।” “ਹੂੰ, ਆਹ ਗੱਲ ਐਂ, ਜਮਾਂ ਸੱਚੀ। ਮੋਹ—ਮਾਇਆ ਤੋਂ ਕਾਹਨੂੰ ਪੈਂਡਾ ਸੁੱਟਦੈ।” ਆਪਣੀਆਂ ਗੱਲਾਂ ’ਚ ਕਈ ਬੰਦਿਆਂ ਨੂੰ ਤਾਂ ਪਤਾ ਹੀ ਲੱਗਾ, ਕਦ ਗੁਰੂ—ਘਰ ਵਾਲੇ ਬਾਬੇ ਨੇ ਅਰਦਾਸ ਵੀ ਕਰ ਦਿੱਤੀ ਸੀ। ਅੱਗ ਦੀਆਂ ਲਪਟਾਂ ਅਸਮਾਨ ਵੱਲ ਮੂੰਹ ਵੀ ਟੱਡਣ ਲੱਗ ਪਈਆਂ ਸੀ। ਡੱਕੇ ਤੋੜਦੇ ਤੇ ਸਮਸ਼ਾਨ ਘਾਟ ਵਾਲੇ ਨਲਕੇ ਤੋਂ ਹੱਥ ਧੋ ਕੇ ਸਭ ਪਿੰਡ ਵੱਲ ਚੱਲ ਪਏ। * * * ਜਗਤੂ ਦੇ ਗੁਆਂਢ ’ਚ ਸ਼ਾਮ ਤਕ ਘੁਸਰ—ਮੁਸਰ ਹੁੰਦੀ ਰਹੀ। ਗਲ਼ੀ ਵਾਲੇ ਨਸੀਰਾਂ ਬਾਰੇ ਆਪਸ ਵਿੱਚ ਵਿਚਾਰ ਕਰਨ ਲੱਗੇ— “ਇਹਨੂੰ ਬਮਾਰੀ ਨੂੰ ਪਿੰਡ ’ਚੋਂ ਬਾਹਰ ਕੱਢੋ ਉਏ ।” ਮੇਲੂ ਨੂੰ ਭਿਣਕ ਪਈ ਤਾਂ ਨਸੀਰਾਂ ਕੋਲ ਜਾ ਪਹੁੰਚਿਆ। ਨਸੀਰਾਂ ਗੰਭੀਰ ਮੁਦਰਾ ’ਚ ਬੈਠੀ ਸੀ। ਉਹ ਤਾਂ ਅਤੀਤ ਨਾਲ ਜਾ ਜੁੜੀ ਸੀ। ਬੀਤੇ ਨੂੰ ਯਾਦ ਕਰਦਿਆਂ ਉਸ ਨੂੰ ਪਤਾ ਹੀ ਨਾ ਰਿਹਾ, ਕਦ ਮੇਲੂ ਆ ਪਹੁੰਚਿਆ ਸੀ। ਆਪਣੀ ਜ਼ਿੰਦਗੀ ਦੇ ਕਾਲੇ ਦਿਨ ਯਾਦ ਕਰਦਿਆਂ ਉਸ ਨੂੰ ਕੰਬਣੀ ਜਿਹੀ ਛਿੜੀ। ਉਸਨੂੰ ਯਾਦ ਆਇਆ, ਉਹ ਛੋਟੀ ਜਿਹੀ ਹੁੰਦੀ ਸੀ, ਉਸ ਦੇ ਮਾਂ—ਪਿਉ ਬਚਪਨ ਉਮਰੇ ਹੀ ਛੱਡ ਤੁਰੇ ਸੀ। ਉਸ ਦਾ ਪਾਲਣ—ਪੋਸ਼ਣ ਉਸਦੇ ਚਾਚੇ ਨੇ ਕੀਤਾ ਸੀ। ਲਾਲਚੀ ਚਾਚੇ ਨੇ ਉਸ ਨੂੰ ਬਚਪਨ ਉਮਰੇ ਹੀ ਮਜ਼ਦੂਰੀ ਵੱਲ ਧੱਕ ਦਿੱਤਾ। ਜਵਾਨ ਹੋਈ ਤਾਂ ਉਸ ਦਾ ਤਨ ਵੇਚਣ ਲੱਗ ਪਿਆ। ਨਸੀਰਾਂ ਆਪਣੇ—ਆਪ ਨੂੰ ਰੇਲ ਦੀ ਪਟੜੀ ਮਹਿਸੂਸ ਕਰਦੀ, ਜਿਸ ਦੀ ਹਿੱਕ ’ਤੇ ਕਿੰਨੀਆਂ ਹੀ ਗੱਡੀਆਂ ਦੌੜੀਆਂ ਸੀ। ਫਿਰ ਉਸਦੇ ਚਾਚੇ ਨੇ ਪੈਸਿਆਂ ਦੇ ਲਾਲਚ ’ਚ ਨਸੀਰਾਂ ਪੰਜ ਹਜ਼ਾਰ ’ਚ ਨੇਕੀ ਨੂੰ ਵੇਚ ਦਿੱਤੀ। ਪੰਜਾਬ ਆਈ ਤਾਂ ਸੋਚਿਆ, ਸ਼ਾਇਦ ਨਵੀਂ ਜ਼ਿੰਦਗੀ ਸ਼ੁਰੂ ਹੋਵੇਗੀ, ਇੱਕ ਸੁਨਹਿਰੀ ਜ਼ਿੰਦਗੀ। ਪਰ ਵਕਤ ਬੀਤਦਿਆਂ ਉਸਦੀ ਜ਼ਿੰਦਗੀ ਕਾਲੀ ਹੁੰਦੀ ਗਈ। ਹਰ ਇੱਕ ਨੂੰ ਖੁਸ਼ ਕਰਨ ਲਈ ਉਹ ਕੱਪੜੇ ਦੇ ਥਾਨ ਵਾਂਗ ਵਿੱਛਦੀ ਰਹੀ ਤੇ ਆਪ ਦਿਨੋਂ—ਦਿਨ ਸੁੰਗੜਦੀ ਰਹੀ। ਉਸ ਨੂੰ ਅੱਜ ਆਪਣੀ ਜ਼ਿੰਦਗੀ ਗੋਲ੍ਹ—ਗੰਢ ਵਰਗੀ ਜਾਪੀ, ਜਿਹੜੀ ਕਿਸੇ ਤਰ੍ਹਾਂ ਖੁੱਲ੍ਹਣ ਦਾ ਨਾਂ ਹੀ ਨਹੀਂ ਸੀ ਲੈ ਰਹੀ। ਉਸ ਦੀਆਂ ਅੱਖਾਂ ਭਰ ਆਈਆਂ, ਅੱਖਾਂ ਵਿੱਚ ਡਲ਼ਕਦੇ ਹੰਝੂ ਗੋਦ ’ਚ ਪਏ ਬਲੂਰ ਦੇ ਮੱਧੇ ’ਤੇ ਜਾ ਡਿੱਗੇ। ਮੇਲੂ ਨੇ ਆਣ ਕੇ ਹਲੂਣੀ ਤਾਂ ਉਹ ਡਰ ਗਈ। “ਨਸੀਰਾਂ, ਪਿੰਡ ਆਲ਼ੇ ਤੈਨੂੰ ਪਿੰਡੋਂ ਕੱਢਣ ਨੂੰ ਫਿਰਦੇ ਨੇ। ਤੂੰ ਭਾਜਾ ਕਿੱਧਰੇ।” “ਮੈਂ ਅਬ ਕਿੱਥੇ ਜਾਣਾ ਮੇਲੂਆ, ਅਬ ਮੈਂ ਕਿੱਥੇ ਜਾਂਮਾਂਗੀ ?” ਨਸੀਰਾਂ ਦਾ ਮਨ ਹੋਰ ਵੀ ਭਰ ਆਇਆ। ਅਚਾਨਕ ਮੇਲੂ ਦੇ ਕੰਨਾਂ ’ਚ ਗਲ਼ੀ ’ਚੋਂ ਤਿੱਖੀ ਆਵਾਜ਼ ਸੁਣਾਈ ਦਿੱਤੀ। ਮੇਲੂ ਨੇ ਚੋਰ—ਨਜ਼ਰ ਨਾਲ ਬਾਹਰ ਆ ਕੇ ਵੇਖਿਆ, ਹੁਣ ਗਲ਼ੀ ਵਿੱਚ ਪੂਰਾ ਇਕੱਠ ਹੋ ਗਿਆ ਸੀ। ਕਈ ਮੋਹਤਬਰ ਬੰਦੇ ਆਖਣ ਲੱਗੇ— “ਅੱਜ ਤਾਂ ਕੱਟਾ—ਕੱਟੀ ਕੱਢ ਕੇ ਈ ਹਟਾਂਗੇ।” “ਚਲੋ ਜਸਵੰਤ ਦੀ ਵੀ ਸਲਾਹ ਲੈਂਨੇ ਆਂ।” ਜਗਨੇ ਨੇ ਸਲਾਹ ਦਿੱਤੀ ਤਾਂ ਸਾਰੇ ਜਸਵੰਤ ਦੇ ਘਰ ਨੂੰ ਚੱਲ ਪਏ। * * * ਜਸਵੰਤ ਤਾਂ ਸ਼ਾਮ ਹੁੰਦਿਆਂ ਹੀ ਖੇਤ ਜਾ ਚੁੱਕਾ ਸੀ। ਘੂਤਰ ਵੀ ਨਾਲ ਸੀ। ਜਸਵੰਤ ਦਾ ਮਨ ਠੀਕ ਨਹੀਂ ਸੀ, ਤਾਂ ਉਹ ਖੇਤ ਗੇੜਾ ਮਾਰਨ ਆ ਗਏ। “ਚਾਚਾ ਸਿਆਂ, ਆਪਾਂ ਪਿੰਡ ’ਚ ਕੁਦਰਤੀ ਖੇਤੀ ਦਾ ਬੀਜ਼ ਬੀਜਿਐ ਤੇ ਆਹ ਨੇਕੀ ਹੋਰਾਂ ਨੇ ਏਡਜ਼ ਦਾ ਬੀਜ਼ ਬੀਜਤਾ।” ਖੇਤ ਵੱਲ ਜਾਂਦਾ ਜਸਵੰਤ ਦੁਖੀ ਸੀ। “ਇਹ ਬੀ ਤਾਂ ਸ਼ੇਰਾ, ਚੁਗਣਾ ਵੀ ਬਹੁਤ ਔਖੈ।” ਘੂਤਰ ਨੇ ਵੀ ਦੁਖੀ ਹਿਰਦੇ ਨਾਲ ਸਿਰ ਹਿਲਾਇਆ। ਘੂਤਰ ਨੇ ਵੇਖਿਆ, ਖੇਤਾਂ ’ਚ ਫ਼ਸਲਾਂ ਲਹਿਰਾ ਰਹੀਆਂ ਸੀ। ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਸੀ। ਹਰੀਆਂ—ਭਰੀਆਂ ਫ਼ਸਲਾਂ ਵਿੱਚ ਸੂਰਜਮੁਖੀ ਦੇ ਫੁੱਲ ਵੀ ਵਿਖਾਈ ਦੇ ਰਹੇ ਸੀ। ਸੂਰਜਮੁਖੀ ਵੀ ਕਿੰਨੀ ਵੱਡੀ ਹੋ ਗਈ ! ਹੁਣ ਤਾਂ ਬੰਦਾ ਵੀ ਲੁਕੋਦੀਂ ਹੈ। ਬੱਦਲਾਂ ਦੀ ਛਾਂ ਹੇਠ ਜਸਵੰਤ ਨੂੰ ਸੂਰਜਮੁਖੀ ਦੇ ਫੁੱਲ ਅੱਜ ਭੱਦੇ ਲੱਗ ਰਹੇ ਸੀ। ਘੂਤਰ ਉੱਚੇ—ਲੰਮੇ ਸਫ਼ੈਦਿਆਂ ਨੂੰ ਵੇਖਦਾ ਫਿਰਦਾ ਸੀ। ਕਿੰਨਾਂ ਹੀ ਚਿਰ ਉਹ ਚੁੱਪ—ਚੁਪੀਤੇ, ਫਸਲਾਂ ਨੂੰ ਨਿਰਖਦੇ ਪਰਖਦੇ ਰਹੇ। ਜਸਵੰਤ ਨੇ ਛਿਪਦੇ ਵੱਲ ਨਜ਼ਰ ਮਾਰੀ। ਸੂਰਜ ਗੰਦਲੇ ਆਕਾਸ਼ ਵਿੱਚ ਘੁਲਦਾ ਜਾ ਰਿਹਾ ਸੀ। ਅਚਾਨਕ ਪਿੰਡ ਵਾਲੇ ਪਾਸਿਓਂ ਹਵਾ ਦਾ ਤੇਜ਼ ਬੁੱਲ੍ਹਾ ਆਇਆ, ਜਿਸ ਨਾਲ ਘੂਤਰ ਨੂੰ ਕੰਬਣੀ ਜਿਹੀ ਛਿੜੀ। ‘ਸ਼ਾਂ ਸ਼ਾਂ’ ਕਰਦੀ ਹਵਾ ਜਸਵੰਤ ਕੋਲ ਦੀ ਗੁਜਰ ਗਈ। ਘੂਤਰ ਨੇ ਆਪਣੀ ਚਿੱਟੀ ਦਾੜ੍ਹੀ ਦੇ ਉਲਝੇ ਵਾਲ਼ ਠੀਕ ਕੀਤੇ ਤੇ ਜਸਵੰਤ ਨੂੰ ਆਖਣ ਲੱਗਾ— “ਸ਼ੇਰਾ ! ਮੈਨੂੰ ਲੱਗਦੈ, ਪਿੰਡ ਰੋਈ ਜਾਂਦੈ, ਆਪਾਂ ਨੂੰ ਬੁਲਾਈ ਜਾਂਦੈ।” “ਹਾਂ ਚਾਚਾ, ਪਿੰਡ ਵੱਲੋਂ ਆਈ ਹਵਾ ਵੀ ਇਹੀ ਸੰਦੇਸ਼ ਦੇ ਕੇ ਗਈ ਐ। ਚੱਲ ਚਾਚਾ, ਪਿੰਡ ਨੂੰ ਆਪਣੀ ਲੋੜ ਐ।” “ਹਾਂ ਸ਼ੇਰਾ, ਅਗਲੀਆਂ ਨਸ਼ਲਾਂ ਆਪਾਂ ਨੂੰ ਤਾਅਨੇ ਮਾਰਿਆ ਕਰਨਗੀਆਂ, ਬਈ ਤੁਸੀਂ ਸਾਡੇ ਲਈ ਕੀ ਕੀਤੈ ?” ਘੂਤਰ ਦੇ ਆਖਣ ਦੀ ਹੀ ਦੇਰ ਸੀ, ਜਸਵੰਤ ਨੇ ਮੋਢੇ ਤੇ ਕਹੀ ਰੱਖੀ ਤੇ ਕਾਹਲ ਕਦਮੀਂ ਘੂਤਰ ਦੇ ਮਗਰ—ਮਗਰ ਚੱਲ ਪਿਆ। “ਕਹੀ ਤਾਂ ਰੱਖ ਦੇ ਚਾਚਾ, ਇਸਦੀ ਲੋੜ ਤਾਂ ਖੇਤਾਂ ਨੂੰ ਈ ਐ।” “ਹੂੰ, ਤੂੰ ਸੋਲਾਂ ਆਨੇ ਸੱਚ ਕਿਹੈ।” ਆਖਦਾ ਘੂਤਰ ਮੋਟਰ ਵਾਲੇ ਕਮਰੇ ’ਚ ਕਹੀ ਰੱਖਣ ਚਲਾ ਗਿਆ। ਵੱਡੀ ਵੱਟ ਤੋਂ ਹੁੰਦਾ ਹੋਇਆ ਉਹ ਜਸਵੰਤ ਨਾਲ ਆ ਵੀ ਮਿਲਿਆ ਸੀ। ਹੁਣ ਉਨ੍ਹਾਂ ਨੂੰ ਸਿਰਫ਼ ਪੀਰਾਂਵਾਲੀ ਹੀ ਵਿਖਾਈ ਦੇ ਰਿਹਾ ਸੀ।ਸਿਰਫ਼ ਪੀਰਾਂਵਾਲੀ....... * * *

ਨਾਵਲ ‘ਕੇਹੀ ਵਗੇ ਹਵਾ’ ਬਾਰੇ ਵੱਖ—ਵੱਖ ਵਿਦਵਾਨਾਂ ਦੀਆਂ ਟਿੱਪਣੀਆਂ

ਅਜ਼ੀਜ਼ ਸਰੋਏ ਦਾ ਇਹ ਦੂਸਰਾ ਨਾਵਲ ਹੈ। ਉਂਜ ਪਹਿਲੇ ਨਾਵਲ ‘ਹਨੇਰੀ ਰਾਤ ਦੇ ਜੁਗਨੂੰ’ ਤੋਂ ਹੀ ਇਹ ਆਭਾਸ ਹੁੰਦਾ ਸੀ, ਸਰੋਏ ਦੇ ਅੰਦਰ ਪ੍ਰਤਿਭਾ ਹੈ ਤੇ ਉਸ ਕੋਲੋਂ ਭਵਿੱਖ ਵਿੱਚ ਚੰਗੀਆਂ ਰਚਨਾਵਾਂ ਦੀ ਉਮੀਦ ਰੱਖੀ ਜਾ ਸਕਦੀ ਹੈ। ਇਸ ਸੋਚ ਉੱਪਰ ਖਰਾ ਉੱਤਰਦਾ ਹੈ, ਉਸਦਾ ਨਵਾਂ ਨਾਵਲ ‘ਕੇਹੀ ਵਗੇ ਹਵਾ’ ਇਸ ਨਾਵਲ ਰਾਹੀਂ ਸਰੋਏ ਨੇ ਪੇਂਡੂ ਵਸੇਬੇ ਦੇ ਉਹਨਾਂ ਸਾਰੇ ਪਹਿਲੂਆਂ ਨੂੰ ਛੂਹਿਆ ਹੈ ਜਿਹੜੇ ਪਿੰਡਾਂ ਵਿਚ ਵਸਦੇ ਸਾਧਾਰਨ ਲੋਕਾਂ ਦੇ ਸਦਾ ਅੰਗ—ਸੰਗ ਰਹਿੰਦੇ ਹਨ। ਅਨਪੜ੍ਹਤਾ, ਗਰੀਬੀ, ਅੰਧ—ਵਿਸਵਾਸ਼ ਅਤੇ ਜਾਤੀ—ਜਮਾਤੀ ਵਖਰੇਵੇਂ ਕਾਰਨ ਉਤਪੰਨ ਹੁੰਦੀਆਂ ਸਮੱਸਿਆਵਾਂ ਤੇ ਸੰਕਟਾਂ ਦਾ ਸਰੋਏ ਨੇ ਬਾਖੂਬੀ ਚਿਤਰਣ ਕੀਤਾ ਹੈ। ਨਸ਼ਿਆਂ ਦੇ ਰੁਝਾਨ ਵਿੱਚ ਗ੍ਰਸਤ ਨੌਜਵਾਨ ਪੀੜ੍ਹੀ ਅਤੇ ਉਸ ਪਿੱਛੇ ਕਾਰਨਾਂ ਨੂੰ ਉਜਾਗਰ ਕਰਨ ਦਾ ਵੀ ਸਰੋਏ ਨੇ ਜ਼ਿਕਰ ਕੀਤਾ ਹੈ। ਪਿੰਡਾਂ ਵਿੱਚ ਇੱਕ ਪਾਸੇ ਜਗਤੂ, ਲਾਜੋ ਤੇ ਦੁੱਲੇ ਅਮਲੀ ਵਰਗੇ ਹਾਸ਼ੀਏ ਤੋਂ ਬਾਹਰ ਧੱਕੇ ਪਾਤਰ ਵੀ ਹਨ ਤੇ ਦੂਸਰੇ ਪਾਸੇ ਬਘੇਲ ਸਿੰਘ ਜਿਹੇ ਘਾਗ ਵੀ ਹਨ, ਜਿਨ੍ਹਾਂ ਕੋਲ ਆਰਥਕ ਤੇ ਸਿਆਸੀ ਹਥਿਆਰ ਹਨ ਤੇ ਉਹ ਜੋ ਚਾਹੁਣ ਕਰ / ਕਰਵਾ ਸਕਦੇ ਹਨ। ਸਰਕਾਰੀ ਗਰਾਂਟਾਂ ਛਕ ਸਕਦੇ ਹਨ, ਸਰਕਾਰੀ ਮੁਆਵਜੇ ਆਪਣੇ ਚਹੇਤਿਆਂ ਨੂੰ ਦੁਆ ਸਕਦੇ ਹਨ। ਬੁਢਲਾਡੇ ਪਾਸੇ ਦੇ ਪਿੰਡ ਪੀਰਾਂਵਾਲੀ ਵਿੱਚੋਂ ਪੰਜਾਬ ਦਾ ਹਰ ਪਿੰਡ ਝਲਕਦਾ ਹੈ। ਮੈਂ ਇਸ ਨੌਜਵਾਨ ਨਾਵਲਕਾਰ ਦੇ ਅਰਥ ਭਰਪੂਰ ਯਤਨ ਦੀ ਸ਼ਲਾਘਾ ਕਰਦਾ ਹੋਇਆ, ਪੰਜਾਬੀ ਪਾਠਕਾਂ ਨੂੰ ਨਾਵਲ ‘ਕੇਹੀ ਵਗੇ ਹਵਾ’ ਪੜ੍ਹਨ ਦੀ ਅਪੀਲ ਕਰਦਾ ਹਾਂ। ਬਲਦੇਵ ਸਿੰਘ ਸੜਕਨਾਮਾ

ਪੇਂਡੂ ਜੀਵਨ ਦਾ ਗਤੀਸ਼ੀਲ ਯਥਾਰਥ— ਕੇਹੀ ਵਗੇ ਹਵਾ

ਨੌਜਵਾਨ ਨਾਵਲਕਾਰ ਅਜ਼ੀਜ਼ ਸਰੋਏ ਦਾ ਇਹ ‘ਕੇਹੀ ਵਗੇ ਹਵਾ’ ਦੂਸਰਾ ਨਾਵਲ ਹੈ। ਆਕਾਰ ਪੱਖੋਂ ਭਾਵੇਂ ਇਹ ਲਘੂ ਨਾਵਲ ਹੈ ਪਰ ਇਸ ਵਿੱਚ ਪੇਂਡੂ ਜੀਵਨ ਨੂੰ ਕਈ ਰੰਗਾਂ, ਪਰਤਾਂ, ਸੰਦਰਭਾਂ ਅਤੇ ਪਰਿਪੇਖਾਂ ਵਿੱਚ ਰੇਖਾਂਕਿਤ ਕੀਤਾ ਗਿਆ ਹੈ। ਹੈਰਾਨੀਜਨਕ ਤੇ ਗੌਰਤਲਬ ਪੱਖ ਇਹ ਹੈ ਕਿ ਸਰੋਏ ਨੇ ਪੇਂਡੂ—ਜੀਵਨ ਦੇ ਵਿਸ਼ਾਲਤਰ ਧਰਾਤਲ ਨੂੰ ਏਨੇ ਸੰਖੇਪਗਤ ਅਤੇ ਸਰਲਗਤ ਢੰਗ ਨਾਲ ਜਿਵੇਂ ਪ੍ਰਸਤੁਤ ਕੀਤਾ ਹੈ, ਇਹੋ ਇਸ ਨਾਵਲ ਦੀ ਪ੍ਰਾਪਤੀ ਹੈ। ਇਸ ਨਾਵਲ ਦਾ ਖੇਤਰ ਭਾਵੇਂ ਇੱਕ ਪਿੰਡ ਹੈ ਪਰ ਇਹ ਪਿੰਡ ਮਾਨਸਾ, ਬਰਨਾਲਾ, ਸੰਗਰੂਰ ਅਤੇ ਬਠਿੰਡਾ ਦੇ ਪਿੰਡਾਂ ਦਾ ਚਿਹਨਕ ਹੈ। ਇਸ ਖੇਤਰ ਦੀਆਂ ਜੋ ਸਮਾਜਕ—ਸੱਭਿਆਚਾਰਕ, ਆਰਥਕ, ਧਾਰਮਿਕ ਸਥਿਤੀਆਂ—ਪ੍ਰਸਥਿਤੀਆਂ ਹਨ, ਉਨ੍ਹਾਂ ਦੇ ਵੇਰਵੇ ਹੀ ਇਸ ਨਾਵਲ ਵਿੱਚ ਉਪਲੱਭਧ ਨਹੀਂ, ਸਗੋਂ ਇਨ੍ਹਾਂ ਸਰੰਚਨਾਵਾਂ ਵਿੱਚ ਹੋਏ ਪ੍ਰਮੁੱਖ ਪਰਿਵਰਤਨਾਂ ਅਤੇ ਰੂਪਾਂਤਰਨਾਂ ਨੂੰ ਵੀ ਦਰਸਾਇਆ ਗਿਆ ਹੈ। ਪੂੰਜੀਵਾਦੀ ਮਾਡਲ ਦੀ ਹਰੀ—ਕ੍ਰਾਂਤੀ ਕਾਰਨ ਜਿਸ ਕਿਸਮ ਦੀ ਪੰਜਾਬ ਦੀ ਵਿਆਪਕ ਬਰਬਾਦੀ ਹੋਈ ਹੈ, ਜਿਸ ਕਿਸਮ ਦੀਆਂ ਲਾਇਲਾਜ ਅਲਾਮਤਾਂ ਵਧੀਆਂ ਹਨ, ਸਰੋਏ ਨੇ ਉਨ੍ਹਾਂ ਦਾ ਬਿਊਰਾ ਮਾਨਵੀ ਦ੍ਰਿਸ਼ਟੀ ਤੋਂ ਨਾਵਲ ’ਚ ਅੰਕਤ ਕੀਤਾ ਹੈ। ਸੰਕਟਗ੍ਰਸਤ ਕ੍ਰਿਸਾਨੀ ( ਕਰਜ਼ੇ ਦੇ ਜਾਲ ਵਿੱਚ ਫਸੀ ਅਤੇ ਖੁਦਕੁਸ਼ੀਆਂ ਕਰ ਰਹੀ ) ਲਈ ਇੱਕ ਰਸਤਾ — ਕੁਦਰਤੀ ਖੇਤੀ ਦਾ ਵੀ ਦੱਸਿਆ ਹੈ। ਭਾਵੇਂ ਕਿ ਇਹ ਕਾਰਜ ਅਸੰਭਵ ਹੈ ਪਰ ਸਰੋਏ ਸੁਹਿਰਦਤਾ ਤੇ ਇਮਾਨਦਾਰੀ ਨਾਲ ਪੰਜਾਬ ਦੀ ਕਿਸਾਨੀ ਨੂੰ ਸੰਕਟ ਵਿੱਚੋਂ ਕੱਢਣ ਲਈ ਇਸ ਨਾਵਲ ਰਾਹੀਂ ਸੁਝਾਅ—ਨੁਮਾ ਚੇਤਨਾ ਦਿੰਦਾ ਹੈ। ਪੰਜਾਬ ਦੀ ਨਿੱਕੀ ਅਤੇ ਸੀਮਾਂਤ ਕਿਸਾਨੀ ਦੇ ਸੰਕਟ ਨੂੰ ਹੀ ਨਹੀਂ ਸਰੋਏ ਪੰਜਾਬ ਦੇ ਪੇਂਡੂ ਮਜ਼ਦੂਰਾਂ ਦੀ ਗੁਰਬਤ ਦੀ ਵੀ ਦਰਦਨਾਕ ਤਸਵੀਰਕਸ਼ੀ ਕਰਦਾ ਹੈ। ਪੰਜਾਬ ਦਾ ਮਜ਼ਦੂਰ ਤਬਕਾ ਗਰੀਬੀ ਦੀ ਰੇਖਾ ਤੋਂ ਦਿਨ ਕਟੀ ਕਰਨ ਲਈ ਬੇਵੱਸ ਹੈ। ਨਿਰਸੰਦੇਹ ਪੰਜਾਬ ਦੀ ਕਿਸਾਨੀ ਅਤੇ ਮਜ਼ਦੂਰ ਵਰਗ ਜਥੇਬੰਦਕ ਪਹੁੰਚ ਅਪਣਾ ਕੇ ਸੰਘਰਸ਼ਰਤ ਹਨ ਪਰ ਅਜੇ ਇਹ ਵਰਗ ਕੋਈ ਜਮਾਤੀ ਲਹਿਰ ਖੜੀ ਨਹੀਂ ਕਰ ਸਕੇ। ਸਰੋਏ ਨੇ ਇਸ ਨਾਵਲ ਵਿੱਚ ਨਰਮਾ ਪੱਟੀ ’ਚ ਫੈਲ ਰਹੇ ਕੈਂਸਰ ਦਾ ਨੋਟਿਸ ਵੀ ਲਿਆ ਹੈ। ਬੇਲੋੜੀਆਂ ਰੇਹਾਂ—ਸਪਰੇਆਂ ਕਰਕੇ ਜਿੱਥੇ ਕਿਸਾਨਾਂ ਨੇ ਆਪਣੀ ਧਰਤੀ, ਹਵਾ ਅਤੇ ਪਾਣੀ ਜ਼ਹਿਰੀਲੇ ਕਰ ਲਏ ਹਨ, ਉੱਥੇ ਕੈਂਸਰ, ਕਾਲ਼ੇ—ਪੀਲ਼ੀਏ ਤੇ ਏਡਜ਼ ਵਰਗੇ ਭਿਆਨਕ ਰੋਗ ਵੀ ਖ਼ਰੀਦ ਲਏ ਹਨ। ਪੰਜਾਬ ਦਾ ਵਾਤਾਵਰਨ ਪੂਰੀ ਤਰ੍ਹਾਂ ਪ੍ਰਦੂਸ਼ਤ ਹੋ ਚੁੱਕਾ ਹੈ। ਇਸ ਗੰਭੀਰ ਮਸਲੇ ਵੱਲ ਸਰੋਏ ਨੇ ਆਪਣੀ ਕਲਮ ਸੇਧਿਤ ਕੀਤੀ ਹੈ। ਇਵੇਂ ਹੀ ਸਰੋਏ ਨੇ ਨਸ਼ਿਆਂ ਦੇ ਵਧ ਰਹੇ ਰੁਝਾਨ ਅਤੇ ਪ੍ਰਕੋਪ ਦਾ ਮਸਲਾ ਵੀ ਇਸ ਨਾਵਲ ’ਚ ਉਭਾਰਿਆ ਹੈ। ਰਾਜਨੀਤੀ ਤੇ ਸਮੱਗਲਰ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਦੀ ਚਾਟ ਤੇ ਲਾ ਕੇ ਬਰਬਾਦੀ ਦੇ ਦਹਾਨੇ ’ਤੇ ਲੈ ਆਏ ਹਨ। ਪੰਜਾਬ ਦੇ ਸੂਝਵਾਨ, ਬੁੱਧੀਵਾਨ ਲੋਕ ( ਸਰੋਏ ਵਰਗੇ ) ਨਸ਼ਿਆਂ ਕਾਰਨ ਹੋ ਰਹੀ ਬਰਬਾਦੀ ਕਾਰਨ ਚਿੰਤਤ ਹਨ ਅਤੇ ਉਹ ਨਿਰੰਤਰ ਲੋਕਾਂ ਨੂੰ ਇਸ ਤੋਂ ਬਚਣ ਲਈ ਪਰੇਰਿਤ ਅਤੇ ਸੁਚੇਤ ਕਰ ਰਹੇ ਹਨ। ਨਾਵਲ ਵਿੱਚ ਇੱਕ ਹੋਰ ਅਹਿਮ ਮੁੱਦੇ ਨੂੰ ਉਠਾਇਆ ਗਿਆ ਹੈ। ਉਹ ਹੈ ਕਿ ਭਾਰਤ ਵਿੱਚ ਲੜਕੀਆਂ— ਔਰਤਾਂ ਦਾ ਉਤਪੀੜਨ, ਸ਼ੋਸ਼ਨ ਭਾਵ ਉਨ੍ਹਾਂ ਦੀ ਬਦਤਰ ਸਥਿਤੀ ਦਾ ਬੜੇ ਹੀ ਕਰੁਣਾਮਈ ਢੰਗ ਨਾਲ ਵਰਨਣ ਕੀਤਾ ਗਿਆ ਹੈ। ਕੁੜੀਆਂ ਨੂੰ ਜ਼ਬਰੀ ਵੇਸਵਾਗਿਰੀ ਦੀ ਜਿਹਲਣ ਵਿੱਚ ਸੁੱਟਿਆ ਜਾਂਦਾ ਹੈ, ਵੇਸਵਾਗਿਰੀ ਸਮੁੱਚੇ ਦੇਸ਼ ਦਾ ਦੀਰਘ ਮਸਲਾ ਹੈ ਜਿਸ ਦਾ ਕੋਈ ਸਮਾਧਾਨ ਤਾਂ ਕੀ ਸਗੋਂ ਇਸ ਨੂੰ ਹੋਰ ਪ੍ਰਫੁੱਲਤ ਕੀਤਾ ਜਾ ਰਿਹਾ ਹੈ। ਇਵੇਂ ਹੀ ਬੇਵਸ, ਮਜਬੂਰ ਅਤੇ ਗਰੀਬ ਲੜਕੀਆਂ ਦੀ ਖਰੀਦੋ—ਫਰੋਖਤ ਵੀ ਹੁੰਦੀ ਹੈ। ਪੈਸੇ ਲੈ ਕੇ ਲੜਕੀ ਨੂੰ ਵੇਚਣਾ ਇੱਕ ਘਨਿਆਉਣਾ, ਨਾ ਮੁਆਫ਼ੀਯੋਗ ਅਪਰਾਧ ਹੈ। ਇਸ ਅਮਾਨਵੀ ਵਰਤਾਰੇ ਨੂੰ ਵੀ ਸਰੋਏ ਨੇ ਨਾਵਲ ’ਚ ਉਠਾਇਆ ਹੈ। ਇਸ ਨਾਵਲ ਵਿੱਚ ਹੋਰ ਵੀ ਬਹੁਤ ਕੁੱਝ ਪ੍ਰਸਤੁਤ ਕੀਤਾ ਗਿਆ ਹੈ ਜਿਸ ਬਾਰੇ ਫਿਰ ਕਦੇ ਸਹੀ ਪਰ ਪਾਠਕ ਇਸ ਨਾਵਲ ’ਚੋਂ ਇੱਕ ਪਿੰਡ ਦੀ ਪੂਰੀ ਜ਼ਿਦਗੀ ਦੇ ਯਥਾਰਥ ਦੇ ਦਰਸ਼ਨ ਕਰ ਸਕਦੇ ਹਨ। ਇਸ ਨਾਵਲ ਦੀ ਭਾਸ਼ਾ, ਬੋਲੀ ਅਤੇ ਸ਼ੈਲੀ ਆਪਣੇ ਆਪ ਵਿੱਚ ਮਾਰਮਿਕ ਹੈ। ਨਾਵਲ ਦੀ ਪੜ੍ਹਨਯੋਗਤਾ ਕਾਰਨ ਵੀ ਇਹ ਨਾਵਲ ਵਿਲੱਖਣ ਅਤੇ ਮਹੱਤਵਸ਼ਾਲੀ ਹੈ। ਮੈਨੂੰ ਆਸ ਹੈ ਕਿ ਇਸ ਨਾਵਲ ਦੀ ਨਾਵਲ—ਖੇਤਰ ਵਿੱਚ ਆਮਦ ਦੀ ਸ਼ਲਾਘਾ ਹੋਵੇਗੀ ਅਤੇ ਸਰੋਏ ਇੱਕ ਨਾਵਲਕਾਰ ਦੇ ਤੌਰ ਤੇ ਸਥਾਪਤ ਹੋਏਗਾ। ਡਾ. ਸੁਰਜੀਤ ਬਰਾੜ ਨਾਵਲਕਾਰੀ ਔਖਾ ਕਾਰਜ ਹੈ। ਇਸ ਔਖ ਦੇ ਕਾਰਨ ਨਾਵਲੀ ਸਿਰਜਣਾ ਦੀ ਵਿਉਂਤਕਾਰੀ ਅਤੇ ਘਟਨਾਵਾਂ ਦੇ ਇਤਿਹਾਸਕ ਅੰਤਰਾਲ ਵਿਚਲੇ ਫੈਲਾਅ ਨਾਲ ਜੁੜੇ ਹੋਏ ਹਨ। ਇਸ ਸਿਰਜਨਾਤਮਕ ਚੁਣੌਤੀ ਨੂੰ ਸਵੀਕਾਰ ਕਰਨਾ ਹਿੰਮਤ ਵਾਲਾ ਕਾਰਜ ਹੈ। ਅਜ਼ੀਜ਼ ਸਰੋਏ ਇਸ ਚੁਨੌਤੀ ਨੂੰ ਸਵੀਕਾਰ ਕਰਕੇ ਨਾਵਲਕਾਰੀ ਦੇ ਖੇਤਰ ਵਿੱਚ ਪੈਰ ਧਰਦਾ ਹੈ। ਉਹ ਨਾਵਲੀ ਮਾਹੌਲ ਸਿਰਜਣ ਲਈ ਮਾਲਵੇ ਖੇਤਰ ਨਾਲ ਜੁੜ੍ਹੇ ਜੀਵਨ ਦੀ ਚੋਣ ਕਰਦਾ ਹੈ। ਉਹ ਇਸ ਭੂਗੋਲਿਕ ਖਿੱਤੇ ਰਾਹੀਂ ਸਮੁੱਚੇ ਕਿਸਾਨੀ ਜੀਵਨ ਦੇ ਸੰਕਟਾਂ ਨੂੰ ਸੰਬੋਧਿਤ ਹੁੰਦਾ ਹੈ। ਇਹਨਾਂ ਵਿੱਚ ਪੇਂਡੂ ਬਣਤਰ ਵਿੱਚ ਸੱਤਾ ਸੰਘਰਸ਼, ਸ਼ਰੀਕੇਬਾਜੀ, ਰਿਸ਼ਤਿਆਂ ਦਾ ਪਤਨ, ਔਰਤ—ਮਰਦ ਰਿਸ਼ਤੇ ਦੇ ਸ਼ੰਕਟ, ਨਸ਼ਾਖੋਰੀ, ਵਾਤਾਵਰਨ ਪ੍ਰਦੂਸ਼ਨ, ਕੈਂਸਰ, ਏਡਜ ਵਰਗੇ ਭਿਆਨਕ ਰੋਗ ਅਤੇ ਆਰਥਿਕ ਸੰਕਟਾਂ ’ਤੇ ਆਧਾਰਤ ਹੋਰ ਸਮਾਜਕ ਸੰਕਟ ਸਾਮਲ ਹਨ। ਸਰੋਏ ਇਸ ਨਾਵਲ ਦੀ ਵਿਉਂਤਬੰਦੀ ਦੀ ਟੇਕ ਵਾਰਤਾਲਾਪ ਵਿਧੀ ਦੀ ਪ੍ਰਭੁਸੱਤਾ ਉੱਤੇ ਰੱਖਦਾ ਹੈ। ਉਹ ਘਟਨਾਵਾਂ ਵਿਚਲੀ ਵਿੱਥ ਨੂੰ ਪੂਰਨ ਲਈ ਲੇਖਕੀ ਟਿੱਪਣੀਆਂ ਦੀ ਵਰਤੋਂ ਕਰਦਾ ਹੈ। ਇਨ੍ਹਾਂ ਟਿੱਪਣੀਆਂ ਵਿੱਚੋਂ ਹੀ ਸਰੋਏ ਦੀ ਨਾਵਲੀ ਦ੍ਰਿਸ਼ਟੀ ਉੱਭਰ ਕੇ ਸਾਹਮਣੇ ਆਉਂਦੀ ਹੈ। ਇਹ ਦ੍ਰਿਸ਼ਟੀ ਮਾਨਵਵਾਦ ਦੇ ਮੋਕਲੇ ਸੂਤਰਾਂ ਦੁਆਲੇ ਉਸਾਰੀ ਗਈ ਹੈ। ਉਹ ਨਾਵਲ ਵਿੱਚ ਜਿੱਥੇ ਕਿਤੇ ਵਿਅੰਗ ਅਤੇ ਮਸ਼ਕਰੀ ਦੀ ਵਿਧੀ ਦੇ ਮਿਸ਼ਰਤ ਰੂਪ ਦੀ ਵਰਤੋਂ ਕਰਦਾ ਹੈ, ਉੱਥੇ ਬਹੁਤ ਕਾਮਯਾਬ ਹੈ। ਸਰੋਏ ਜਿੰਨੇ ਮਸਲਿਆਂ ਨੂੰ ਹੱਥ ਪਾਉਂਦਾ ਹੈ, ਉਨ੍ਹਾਂ ਬਾਰੇ ਖੋਜ ਆਧਾਰਤ ਜਾਣਕਾਰੀ ਪ੍ਰਾਪਤ ਕਰਨਾ ਅਤੇ ਫਿਰ ਇਸ ਜਾਣਕਾਰੀ ਤੇ ਆਧਾਰਤ ਮਨੁੱਖੀ ਵਿਹਾਰ ਨੂੰ ਸੱਭਿਆਚਾਰਕ ਅੰਤਰ ਵਿਰੋਧਾਂ ਸਮੇਤ ਕਲਾਤਮਕ ਸੰਗਠਨ ਵਿੱਚ ਬੰਨ੍ਹਣ ਲਈ ਬਹੁਤ ਸਾਰੀ ਮਿਹਨਤ ਦਰਕਾਰ ਹੈ। ਇਹ ਹਿੰਮਤ ਮੈਨੂੰ ਲੇਖਕ ਦੇ ਆਉਣ ਵਾਲੇ ਯਤਨਾਂ ਵਿੱਚ ਨਜ਼ਰ ਆਉਂਦੀ ਹੈ। ਸਰੋਏ ਦੀ ਕਿਸੇ ਹੋਰ ਆਉਣ ਵਾਲੀ ਨਾਵਲੀ ਰਚਨਾ ਵਿੱਚੋਂ ਇਸੇ ਆਸ ਨਾਲ ਮੈਂ ਉਸ ਦੇ ਨਾਵਲ ‘ਕੇਹੀ ਵਗੇ ਹਵਾ’ ਦਾ ਸਵਾਗਤ ਕਰਦਾ ਹਾਂ। ਰਜਨੀਸ ਬਹਾਦਰ ਸਿੰਘ, ਸੰਪਾਦਕ ਪ੍ਰਵਚਨ ਪੰਜਾਬ ਦੇ ਬਦਲਦੇ ਹੋਏ ਪਿੰਡ ਦਾ ਚਿਤਰਣ ਪੰਜਾਬ ਦਾ ਰਵਾਇਤੀ ਪਿੰਡ ਹਰੇ ਇਨਕਲਾਬ ਦੇ ਵਰਤਾਰੇ ਨਾਲ ਤਿੱਖੀ ਤਬਦੀਲੀ ਦੇ ਰਾਹ ਤੁਰਿਆ। ਮੁਰੱਬੇਬੰਦੀ, ਨਵੀਂ ਕਿਸਮ ਦੇ ਬੀਜਾਂ, ਰਸਾਇਣਕ ਖਾਦਾਂ, ਕੀੜੇ ਤੇ ਘਾਹ ਮਾਰ ਦੁਆਈਆਂ ਨੇ ਫਸਲਾਂ ਦਾ ਝਾੜ ਇਕਦਮ ਵਧਾ ਦਿੱਤਾ, ਮਸ਼ੀਨਰੀ ਦੀ ਵਰਤੋਂ ਨੇ ਉਜਾੜਾਂ—ਰੱਕੜਾਂ ਨੂੰ ਵੀ ਵਾਹੀ ਅਧੀਨ ਲੈ ਆਂਦਾ। ਵਿਕਾਸ ਦੀ ਇਸ ਛਾਲ ਨਾਲ ਵਕਤੀ ਖੁਸ਼ਹਾਲੀ ਵੀ ਆਈ। ਲਿੰਕ ਰਾਹ ਪੱਕੇ ਬਣੇ, ਗਲੀਆਂ—ਨਾਲੀਆਂ ਬਣੀਆਂ ਤੇ ਪਿੰਡਾਂ ’ਚ ਕੱਚਿਆਂ ਦੀ ਬਜਾਏ ਪੱਕੇ ਮਕਾਨ ਵਧਣ ਲੱਗੇ, ਪਰ ਨਾਲ ਦੀ ਨਾਲ ਆਰਥਕ ਪਾੜਾ ਵੀ ਤਿੱਖਾ ਹੋਣ ਲੱਗਾ। ਅਜੀਜ਼ ਸਰੋਏ ਦਾ ਇਹ ਨਾਵਲ ਹਰੇ ਇਨਕਲਾਬ ਤੋਂ ਪਿੱਛੋਂ ਦੇ ਇਸ ਨਵੇਂ ਪਿੰਡ ਨੂੰ ਚਿਤਰਦਾ ਹੈ। ਇਸ ਪਿੰਡ ’ਚ ਸਵੇਰੇ ਚਿੜੀਆਂ ਨਹੀਂ ਚੂਕਦੀਆਂ ਜਾਂ ਭਾਈ ਦੇ ਸੰਖ ਨਾਲ ਹਾਲੀ ਹਰਨਾੜੀ ਲੈ ਕੇ ਨਹੀਂ ਤੁਰਦੇ, ਸਗੋਂ ਇਹ ਪਿੰਡ ਤਕਨੀਕ ’ਤੇ ਅਧਾਰਤ ਹੋ ਗਿਆ ਹੈ: ‘‘ਸਵੇਰ ਦੇ ਸਾਢੇ ਚਾਰ ਵੱਜ ਚੁੱਕੇ ਸਨ ਪਰ ਹਨੇਰਾ ਅਜੇ ਵੀ ਕਾਫ਼ੀ ਸੀ। ਪਹੁ ਫੁੱਟ ਆਈ ਸੀ। ਵੱਡੇ ਗੁਰਦੁਆਰੇ ਵਾਲੇ ਪਾਠੀ ਨੇ ਨਲਕੇ ਤੋਂ ਕੋਸੇ ਪਾਣੀ ਦੀ ਬਾਲਟੀ ਭਰ ਕੇ ਇਸ਼ਨਾਨ ਵੀ ਕਰ ਲਿਆ ਸੀ। ਫਿਰ ਤੇੜ ਲਪੇਟੇ ਕੱਪੜੇ ਨੂੰ ਪੂਰੇ ਜ਼ੋਰ ਨਾਲ ਨਚੋੜ ਕੇ ਕੰਧੋਲੀ ’ਤੇ ਸੁੱਕਣਾ ਪਾ ਦਿੱਤਾ ਸੀ। ਨਿੱਤ ਦੀ ਤਰਾਂ ਉਸ ਨੇ ਮਾਈਕ ’ਤੇ ਪੋਲੇ—ਪੋਲੇ ਠੋਲੇ ਜਿਹੇ ਮਾਰ ਕੇ ਚੇਤ ਮਹੀਨੇ ਦਾ ਦਿਨ, ਵਾਰ, ਤਿੱਖ—ਤਰੀਕ, ਗੰਢ ਮੂਲ ਆਦਿ ਦੱਸਦਿਆਂ ਸਪੀਕਰ ਚਾਲੂ ਕਰ ਦਿੱਤਾ। ‘ਕੋਈ ਬੋਲੇ ਰਾਮ—ਰਾਮ, ਕੋਈ ਖੁਦਾਇ’ ਸ਼ਬਦ ਚਾਰੇ ਕੂਟਾਂ ’ਚ ਗੂੰਜ ਉੱਠਿਆ। ਕੁਝ ਹੀ ਸਮੇਂ ਬਾਅਦ ਰਮਦਾਸੀਆਂ ਦੇ ਗੁਰੂ ਘਰ ਅਤੇ ਨੇੜਲੇ ਪਿੰਡਾਂ ਰਿਉਂਦ, ਮਘਾਣੀਆਂ, ਭਾਵਾ ਦੇ ਗੁਰਦੁਆਰੇ ’ਚੋਂ ਆਉਂਦੀਆਂ ਆਵਾਜ਼ਾਂ ਆਪਸ ’ਚ ਟਕਰਾਉਣ ਲੱਗੀਆਂ। ਪਰਤਵੀਆਂ ਆਵਾਜ਼ਾਂ ਸੰਗ ਕੁਝ ਵੀ ਸਮਝ ਨਹੀਂ ਆ ਰਿਹਾ। ਇੰਝ ਲੱਗਦਾ ਸੀ, ਜਿਵੇਂ ਆਵਾਜ਼ਾਂ ਦਾ ਮੁਕਾਬਲਾ ਚੱਲ ਰਿਹਾ ਹੋਵੇ!’’



(ਰਾਹੀਂ: ਮੁਹੰਮਦ ਆਸਿਫ਼ ਰਜ਼ਾ 'ਮਾਂ ਬੋਲੀ ਰੀਸਰਚ ਸੈਂਟਰ ਲਾਹੌਰ')

  • ਮੁੱਖ ਪੰਨਾ : ਅਜ਼ੀਜ਼ ਸਰੋਏ : ਪੰਜਾਬੀ ਨਾਵਲ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ