Punjabi Kavita
  

Khaan Peen Te Aish Lai ! : Lochan Singh Bakshi

ਖਾਣ ਪੀਣ ਤੇ ਐਸ਼ ਲਈ ! (ਕਹਾਣੀ) : ਲੋਚਨ ਸਿੰਘ ਬਖਸ਼ੀ

(ੳ)

"ਆਮ ਕੀ ਪੱਤੀ, ਇਮਲੀ ਕੀ ਪੱਤੀ। ਆਮ ਕੀ ਪੱਤੀ, ਇਮਲੀ ਕੀ ਪੱਤੀ ......ਆਮ ਕੀ ਪੱਤੀ ਰਾਈਟ, ਆਮ ਕੀ ਪੱਤੀ ਰਾਈਟ। ਲੈਫ਼ਟ ਰਾਈਟ ਲੈਫ਼ਟ ਰਾਈਟ - ..."

ਭਾਰਤੀ ਰੰਗਰੂਟਾਂ ਨੂੰ ਟਰੇਨਿੰਗ ਦੇਣ ਲਈ ਗੋਰੇ ਇਨਸਟਰਕਟਰ ਬੜੀ ਕਠਨਾਈ ਉਠਾ ਰਹੇ ਸਨ। ਸੱਜੇ ਤੇ ਖੱਬੇ ਦੀ ਪਛਾਣ ਲਈ ਉਨ੍ਹਾਂ ਨੇ ਭਾਰਤੀ ਰੰਗਰੂਟਾਂ ਦਿਆਂ ਪੈਰਾਂ ਵਿਚ ਵਿਚ ਅੰਬ ਤੇ ਇਮਲੀ ਦੀਆਂ ਪੱਤੀਆਂ ਬਨ੍ਹਵਾ ਦਿੱਤੀਆਂ ਸਨ।

ਸਾਰਜੰਟ ਮੇਜਰ ਯਾਰਕ ਨੇ ਰੰਗਰੂਟਾਂ ਦਿਆਂ ਪੈਰਾਂ ਵਲ ਵੇਖਦਿਆਂ ਹੋਇਆਂ ਸਾਰਜੰਟ ਸਕਾਟ ਨੂੰ ਆਖਿਆ..

"ਡੈਮ ਦੀਜ਼ ਇੰਡੀਅਨਜ਼।"

ਜਾਪਦਾ ਸੀ ਕਿਸੇ ਰੰਗਰੂਟ ਨੇ ਗ਼ਲਤ ਕਦਮ ਚੁੱਕਿਆ ਸੀ ਤੇ ਅੰਬ ਅਤੇ ਇਮਲੀ ਦੀਆਂ ਪੱਤੀਆਂ ਆਪਸ ਵਿਚ ਗਡ ਮਡ ਹੋ ਗਈਆਂ ਸਨ। ਸਾਰਜੰਟ ਮੇਜਰ ਦੀਆਂ ਲੰਮੀਆਂ ਭੂਰੀਆਂ ਮੁੱਛਾਂ ਤੇ ਧੂੜ ਦੀ ਇਕ ਤਹਿ ਜੰਮ ਗਈ ਸੀ ਤੇ ਧੁੱਪ ਤੇ ਮਿੱਟੀ ਵਿਚ ਪਰੇਡ ਕਰਾਂਦਿਆਂ ਉਸ ਦੀ ਗੰਜੀ ਖੋਪੜੀ ਤੇ ਪਸੀਨੇ ਦੇ ਮੋਟੇ ਮੋਟੇ ਕਤਰੇ ਉਭਰ ਆਏ ਸਨ। ਇਹੋ ਜਹੀ ਹਾਲਤ ਵਿਚ ਉਸ ਦਾ ਖਿੱਝ ਜਾਣਾ ਹੋਰ ਵੀ ਸੁਭਾਵਕ ਸੀ।

"ਬਲੱਡੀ ਈਡੀਅਟਸ। ਇਤਨਾ ਵੀ ਨਹੀਂ ਜਾਣਦੇ ਕਿ ਲੈਫਟ ਖੱਬੇ ਨੂੰ ਕਹਿੰਦੇ ਹਨ ਤੇ ਰਾਈਟ ਸਜੇ ਨੂੰ।"

"ਹੂੰ ਜੰਗਲੀ ਹਨ ਨਿਰੇ।" ਸਾਰਜੰਟ ਸਕਾਟ ਨੇ ਉਤਰ ਦਿਤਾ।

"ਤੇ ਅਸੀਂ ਇਨ੍ਹਾਂ ਨੂੰ ਤਹਿਜ਼ੀਬ ਸਿਖਾ ਰਹੇ ਹਾਂ।"

"ਨਹੀਂ ਜਨਾਬ ਗੋੜ ਕੇ ਜ਼ਹਿਰ ਖਵਾ ਰਹੇ ਹਾਂ।" ਸਾਰਜੰਟ ਸਕਾਟ ਨੇ ਕਿਹਾ।

"ਜ਼ਹਿਰ ਤੇ ਤਹਿਜ਼ੀਬ। ਹਾ ਹਾ ਹਾ। ਸਾਰਜੰਟ ਮੇਜਰ ਨੇ ਇਕ ਖਰਵਾ ਜਿਹਾ ਹਾਸਾ ਉਗਲਦਿਆਂ ਹੋਇਆਂ ਕਿਹਾ। "ਜ਼ਹਿਰ ਤੇ ਤਹਿਜ਼ੀਬ। ਅਛਾ, ਜੋੜ ਹੈ। ਵੈਸੇ ਮੇਰਾ ਜ਼ਾਤੀ ਖ਼ਿਆਲ ਹੈ ਇਨ੍ਹਾਂ ਨੂੰ ਤਹਿਜ਼ੀਬ ਕਦੀ ਵੀ ਨਹੀਂ ਆ ਸਕਦੀ। ਘਟੋ ਘਟ ਆਣ ਵਾਲੀਆਂ ਪੰਜ ਸਦੀਆਂ ਤੀਕ। ਹਾਂ ਅਲਬੱਤਾ ਸਾਡੇ ਨਾਲ ਰਹਿ ਕੇ ਅਛੇ ਨੌਕਰ ਜ਼ਰੂਰ ਬਣ ਸਕਦੇ ਹਨ। ਤਹਿਜ਼ੀਬ ਤੇ ਇਕ ਉੱਚੀ ਚੀਜ਼ ਹੈ। ਇਸ ਤੇ ਕੇਵਲ ਸਾਨੂੰ ਪੱਛਮੀ ਲੋਕਾਂ ਨੂੰ ਹੀ ਅਧਿਕਾਰ ਹੈ।"

ਸਾਰਜੰਟ ਮੇਜਰ ਯਾਰਕ ਨੇ ਇਕ ਸ਼ਾਨ ਭਰੀ ਨਜ਼ਾਕਤ ਨਾਲ ਆਪਣੀਆਂ ਲੰਮੀਆਂ ਭੂਰੀਆਂ ਮੁੱਛਾਂ ਤੇ ਹੱਥ ਫੇਰਿਆ ਜਿਨ੍ਹਾਂ ਲਈ ਉਹ ਅੰਗਰੇਜ਼ੀ ਸੈਨਾ ਦੇ ਇਸ ਸ਼ਿਕਸ਼ਾ ਕੇਂਦਰ ਵਿਚ ਪਰਸਿਧ ਸੀ। ਉਸ ਨੇ ਆਪਣੀਆਂ ਮੁੱਛਾਂ ਪਾਲਣ ਵਿਚ ਬੜਾ ਕਸ਼ਟ ਸਹਾਰਿਆ ਸੀ ਤੇ ਹੁਣ ਉਹ ਉਨ੍ਹਾਂ ਨੂੰ ਬੜੇ ਪਿਆਰ ਨਾਲ ਰਖਦਾ ਸੀ ਜਿਵੇਂ ਉਹ ਸਰਕਾਰ ਬਰਤਾਨੀਆਂ ਲਈ ਨਹੀਂ ਸਗੋਂ ਆਪਣੀਆਂ ਮੁੱਛਾਂ ਲਈ ਹੀ ਲੜ ਰਿਹਾ ਹੋਵੇ। ਯੂਨਿਟ ਦੇ ਬਾਕੀ ਗੋਰੇ ਉਸ ਦਾ ਬੜਾ ਸਤਕਾਰ ਕਰਦੇ ਸਨ ਤੇ ਪਿਆਰ ਨਾਲ ਉਸ ਨੂੰ 'ਜਾਹਨੀ' ਕਹਿੰਦੇ ਸਨ।

'ਜਾਹਨੀ ਨੇ ਆਪਣੀਆਂ ਮੁੱਛਾਂ ਤੇ ਹਥ ਫੇਰਦਿਆਂ ਹੋਇਆਂ ਆਖਿਆ---

'ਜੋ ਪਿਛਲੇ ਐਤਵਾਰ ਦੀ ਗੱਲ ਮੈਂ ਤੈਨੂੰ ਨਹੀਂ ਸੁਣਾਈ।"

"ਨਹੀਂ ਜਾਹਨੀ" ਮਧਰੇ ਕਦ ਤੇ ਭਾਰੇ ਸਰੀਰ ਵਾਲੇ ਸਾਰਜੰਟ ਨੇ ਉਤਰ ਦਿੰਦਿਆਂ ਹੋਇਆਂ ਆਪਣੇ ਚਿਹਰੇ ਤੋਂ ਮੁੜ੍ਹਕਾ ਪੂੰਝਿਆ। ਤੇ ਫਿਰ ਉਸ ਦੇ ਚਿਹਰੇ ਤੇ ਦੋਵੇਂ ਅੱਖੀਆਂ, ਉਤਸਕਤਾ ਨਾਲ ਗਡ ਦਿਤੀਆਂ।

"ਪਿਛਲੇ ਐਤਵਾਰ ਡਿਊਟੀ ਤੋਂ ਔਫ ਹੋ ਕੇ ਮੈਂ ਸ਼ਹਿਰ ਚਲਾ ਗਿਆ ਸੀ। ਗਰੈਂਡ ਵਿਚ ਚਾਹ ਪੀਤੀ, ਰੀਗਲ ਵਿਚ ਮੈਟਨੀ ਸ਼ੋ ਵੇਖਿਆ।"

"ਸੁਆਹ ਤੇ ਮਿੱਟੀ। ਤੇ ਮਾਦਾਮ ਬਰਰੀਜ਼ਾ ਦੀ ਬਾਰ ਵਿਚ, ਕਿਉਂ ਨਾ ਗਿਆ।"

"ਸੁਣ ਤੇ ਸਹੀ। ਜ਼ਰਾ ਅਨ੍ਹੇਰਾ ਹੋਇਆ ਹੀ ਸੀ ਤੇ ਮੈਂ ਬਾਰ ਵਲ ਜਾ ਹੀ ਰਿਹਾ ਸਾਂ ਕਿ ਮੈਨੂੰ ਇਕ ਦੰਮ ਦੋ ਹਿੰਦੁਸਤਾਨੀ ਕੁੜੀਆਂ ਮਿਲ ਗਈਆਂ।"

"ਇਹ ਤੋ ਗਲ ਹੋਈ ਨਾ। ਕੈਸੀਆਂ ਸਨ?"

"ਕੰਬਖ਼ਤ ਅਛੀਆਂ ਸਨ, ਪਰ ਫਿਰ ਵੀ ਹਿੰਦੁਸਤਾਨੀ ਸਨ ਨਾ। ਖ਼ਾਕ ਮਜ਼ਾ ਨਹੀਂ ਆਇਆ ਕੰਮਬਖ਼ਤਾਂ ਨੇ ਮੈਨੂੰ ਮੇਰੀ ਐਲਜ਼ਾ ਯਾਦ ਕਰਵਾ ਦਿੱਤੀ। ਮੈਂ ਬਥੇਰਾ ਯਤਨ ਕੀਤਾ ਕਿ ਉਹ ਮੈਨੂੰ ਨਾ ਚੇਤੇ ਆਵੇ। ਤੇ ਇਸੇ ਲਈ ਡਟ ਕੇ ਸ਼ਰਾਬ ਪੀਤੀ। ਅਰਮਾਨ ਲਾ ਕੇ ਡਾਂਸ ਕੀਤਾ ਪਰ ਐਲਜ਼ਾ ਦੀ ਸੂਰਤ ਇਕ ਪਲ ਵੀ ਮੇਰੀਆਂ ਅੱਖੀਆਂ ਤੋਂ ਓਝਲ ਨਾ ਹੋ ਸਕੀ। ਦੋ ਹਿੰਦੁਸਤਾਨੀ ਕੁੜੀਆਂ ਰਲ ਕੇ ਇਕ ਅੰਗਰੇਜ਼ ਕੁੜੀ ਦੀ ਛਾਪ ਮੇਰੇ ਮੰਨ ਤੋਂ ਨਾ ਮਿਟਾ ਸਕੀਆਂ। ਮੇਰੀ ਮੇਜ਼ ਤੇ ਸ਼ਰਾਬ ਦੀ ਬੋਤਲ ਸੀ। ਮੇਰੀ ਬਗਲ ਵਿਚ ਦੋ ਕੁੜੀਆਂ ਸਨ, ਪਰ ਫਿਰ ਵੀ ਖ਼ਾਕ ਮਜ਼ਾ ਨਹੀਂ ਆਇਆ। ਇਕ ਦੋ ਕਦਮ ਬੜੇ ਛੋਟੇ ਸਨ, ਬਤਖ਼ ਵਾਂਗ ਤੇ ਦੂਜੀ ਦੇ ਲੰਮ ਸਲਮੇ, ਜਿਵੇਂ ਕੋਈ ਸਾਰਸ ਹੋਵੇ। ਤੇ ਮੈਨੂੰ ਇਉਂ ਲਗ ਰਿਹਾ ਸੀ ਕਿ ਇਸ ਬਤਖ਼ ਔਰ ਸਾਰਸ ਦੇ ਵਿਚਕਾਰ ਮੈਂ ਇਕ ਲੋਥੜੇ ਵਾਂਗ ਖੜਾ ਸੀ ਜਿਸਨੂੰ ਨਿਗਲ ਜਾਣ ਲਈ ਉਹ ਦੋਵੇਂ, ਪਲ ਪਲ ਆਪਣੀਆਂ ਚੁੰਝਾਂ ਸੰਵਾਰ ਰਹੀਆਂ ਸਨ।"

"ਨਹੀਂ ਜਾਹਨੀ ਇਹ ਗਲ ਨਹੀਂ, ਇਹ ਕਮਬਖ਼ਤ ਹਿੰਦੁਸਤਾਨੀ ਕੁੜੀਆਂ ਡਾਂਸ ਕਰ ਹੀ ਨਹੀਂ ਸਕਦੀਆਂ। ਕਿਆ ਬਾਤ ਹੈ ਬਲਾਇਟੀ ਦੀ। ਉਥੇ ਹਰ ਕੁੜੀ ਆਪਣੇ ਆਪ ਵਿਚ ਇਕ ਸਟਾਈਲ ਹੈ।"

'ਹਾਂ ਜਨਾਬ ਮੈਨੂੰ ਮੇਰੀ ਸਟੈਲਾ ਕਦੀ ਭੁਲਦੀ ਹੀ ਨਹੀਂ। ਪਰ ਕੀ ਕਰੀਏ ਬਲੱਡੀ ਵਾਰ ਹੋ ਰਹੀ ਹੈ।" "ਹਾਂ ਨਾਜ਼ੀ ਕੁੱਤੇ ਤਾਂ ਲੜ ਹੀ ਰਹੇ ਸਨ, ਪਰ ਵੇਖੋ ਨਾ ਇਨ੍ਹਾਂ ਜਾਪਾਨੀ ਚੂਹਿਆਂ ਨੂੰ ਵੀ ਕੀ ਸੁੱਝੀ ਏ। ਇਕ ਦੰਮ ਲੜਾਈ ਦੇ ਮੈਦਾਨ ਵਿਚ ਕੁਦ ਪਏ ਨੇ।"

"ਗ਼ਮ ਨਾ ਲਾ ਦੋਸਤ। ਭਾਵੇਂ ਸਰਕਾਰ ਬਰਤਾਨੀਆ ਦਾ ਜਹਾਜ਼ ਡੋਲ ਰਿਹੈ। ਪਰ ਫਿਰ ਵੀ ਸਾਡੀ ਸਲਤਨਤ ਤੇ ਸੂਰਜ ਕਦੀ ਨਹੀਂ ਡੁਬਦਾ।"

"ਅਤੇ ਕਦੀ ਨਹੀਂ ਡੁੱਬੇਗਾ ਮੇਰੇ ਦੋਸਤ।"

"ਸਾਡਾ ਝੰਡਾ ਸਦਾ ਉੱਚਾ ਰਹੇਗਾ। ਹਾਂ ਜਾਨ ਬੁਲ ਆਪਣੇ ਝੰਡੇ ਨੂੰ ਉੱਚਾ ਰਖਣਾ ਜਾਣਦੈ," ਜਾਹਨੀ ਦੀਆਂ ਅੱਖੀਆਂ ਵਿਚ ਵੱਕਾਰ ਸੀ।

"ਤੇ ਜਨਾਬ ਜਾਨ ਬੁਲ ਸਦਾ ਤੋਂ ਇਵੇਂ ਹੀ ਕਰਦਾ ਆਇਐ। ਉਸਨੇ ਕਈ ਮੁਸੀਬਤਾਂ ਝਾਗੀਆਂ ਨੇ। ਉਸ ਨੇ ਕਈ ਜ਼ਮਾਨੇ ਤੱਕੇ ਨੇ।"

"ਉਹ ਆਪਣੀ ਐਲਜ਼ਾ ਨੂੰ ਪਿੱਛੇ ਛਡ ਕੇ ਸਤ ਸਮੁੰਦਰ ਪਾਰ ਚਲਾ ਜਾਂਦੇ ਤੇ ਉਹ ਉਸਨੂੰ ਉਡੀਕਦੀ ਰਹਿੰਦੀ ਏ।"

"ਤੇ ਜਨਾਬ ਜਾਨ ਬੁਲ ਆਪਣੀ ਪ੍ਰੀਤਮਾ ਦਿਆਂ ਬੁਲ੍ਹਾਂ ਤੇ ਮੁਸਕਾਨ ਵੇਖਣ ਲਈ ਮਹਾਨ ਲੜਾਈਆਂ ਲੜਦਾ ਰਹਿੰਦਾ। ਆਪਣੀ ਚਤੁਰਾਈ ਤੇ ਬਾਹੂ ਬਲ ਨਾਲ ਉਹ ਇੰਡੀਆ ਵਰਗੀਆਂ ਮਹਾਨ ਸਲਤਨਤਾਂ ਆਪਣੇ ਦੇਸ਼ ਲਈ ਘੜ ਸਕਦੈ ਤੇ ਘੜ ਰਿਹੈ।"

ਤੇ ਇਸ ਤਰ੍ਹਾਂ ਆਪਣੇ ਅਤੀਤ ਦਾ ਗੌਰਵ ਵਰਨਣ ਕਰਦਿਆਂ ਗੋਰੇ ਸਿਪਾਹੀ ਝੂਮ ਝੂਮ ਜਾਂਦੇ। ਪਰ ਅਸਲ ਵਿਚ ਇਹ ਗਲ ਨਹੀਂ ਸੀ। ਆਪਣੇ ਘਰ ਤੋਂ ਦੇਸ਼ ਤੋਂ ਵਰ੍ਹਿਆਂ ਬਧੀ ਦੂਰ ਰਹਿਣ ਨਾਲ ਉਨਾਂ ਦਿਆਂ ਮੰਨਾ ਵਿਚ ਇਕ ਖ਼ਲਾ ਹੀ ਬਣ ਗਈ ਸੀ। ਤੇ ਇਸ ਸਖਣੇ ਪੰਨ ਨੂੰ ਪੂਰਣ ਲਈ ਉਹ ਝੂਠੀਆਂ ਤਸੱਲੀਆਂ ਲਭਦੇ ਸਨ ਤੇ ਇਕ ਦੂਜੇ ਦਾ ਦਿਲ ਪ੍ਰਚਾਈ ਰਖਦੇ ਸਨ।

ਜਿਸ ਦਿਨ ਸਮੁੰਦਰ ਪਾਰੋਂ ਡਾਕ ਆਉਣ ਦੀ ਵਾਰੀ ਹੁੰਦੀ ਸੀ, ਉਸ ਦਿਨ ਉਹ ਸਵੇਰ ਤੋਂ ਹੀ ਆਪੋ ਆਪਣੀਆਂ ਚਿਠੀਆਂ ਲਈ ਤਾਂਘਦੇ ਰਹਿੰਦੇ ਸਨ। ਦੂਰੋਂ ਹੀ ਜਦੋਂ ਖ਼ਾਕੀ ਵਰਦੀ ਵਾਲਾ ਡਾਕੀਆ ਜੋ ਇਕੋ ਸਮੇਂ ਉਨ੍ਹਾਂ ਦੀ ਯੂਨਿਟ ਦਾ ਕਲਰਕ ਵੀ ਸੀ ਉਨ੍ਹਾਂ ਦੀ ਨਜ਼ਰੀਂ ਪੈਂਦਾ ਤਾਂ ਉਹ ਚੀਖ਼ ਉਠਦੇ, "ਹੋ। ਮੇਲ ਬੁਆਏਜ਼।" (ਮੁੰਡਿਉ ਡਾਕ ਆਈ ਜੇ) ਤੇ ਉਹ ਸਾਰੇ ਜਣੇ ਬਦ ਤਮੀਜ਼ੀ ਦਾ ਇਕ ਤੂਫ਼ਾਨ ਲੈ ਕੇ ਡਾਕੀਏ ਦੇ ਦੁਆਲੇ ਘੇਰਾ ਘਤ ਲੈਂਦੇ। ਡਾਕੀਆ ਵਾਰੋ ਵਾਰੀ ਉਨ੍ਹਾਂ ਦੀਆਂ ਚਿੱਠੀਆਂ ਫੜਾਈ ਜਾਂਦਾ ਤੇ ਇਹ ਬੇਸਬਰੀ ਨਾਲ ਉਸ ਪਾਸੋਂ ਚਿਠੀਆਂ ਖੋਹੀ ਜਾਂਦੇ। ਫੇਰ ਆਪੋ ਆਪਣੀਆਂ ਚਿੱਠੀਆਂ ਪੜ੍ਹਨ ਵਿਚ ਰੁਝ ਜਾਂਦੇ। ਜਦੋਂ ਜੋ ਆਪਣੀਆਂ ਚਿਠੀਆਂ ਪੜ੍ਹ ਰਿਹਾ ਹੁੰਦਾ ਤਾਂ ਜਾਹਲੀ ਬੜੇ ਪਿਆਰ ਨਾਲ ਉਸਦੇ ਮਗਰ ਜਾ ਕੇ ਬੈਠ ਜਾਂਦਾ ਤੇ ਇਕ ਬੜੀ ਪਿਆਰੀ ਅਦਾ ਨਾਲ ਗਾ ਉਠਦਾ।

"ਯੂ ਆਰ ਮਾਈ ਸਨ ਸ਼ਾਈਨ
ਮਾਈ ਓਨਲੀ ਸਨ ਸ਼ਾਈਨ"
(ਮੇਰੇ ਪਿਆਰੇ ਤੂੰ ਮੇਰੇ ਜੀਵਨ ਦਾ ਸੂਰਜ ਹੈ)

ਉਹਦੀ ਆਵਾਜ਼ ਵਿਚ ਮਾਂ ਦੀ ਲੋਰੀ ਜਿੱਡੀ ਮਿਠਤ ਹੁੰਦੀ। ਸਾਰੀ ਬਾਰਕ ਖਾਹ ਖਾਹ ਕਰ ਕੇ ਹਸ ਪੈਂਦੀ। ਫੇਰ ਉਹ ਰਲ ਕੇ ਉਸ ਪੁਰਾਣੇ ਲੋਕ ਗੀਤ ਦੇ ਬੋਲ ਗਾਉਣ ਲਗ ਜਾਂਦੇ ਜਿਸ ਵਿਚ ਪ੍ਰੀਤਮਾਂ ਆਪਣੇ ਪ੍ਰੀਤਮ ਨੂੰ ਕਹਿੰਦੀ ਹੈ।

ਮੈਂ ਤੈਨੂੰ ਪਿਆਰ ਕਰਦੀ ਹਾਂ,
ਮੇਰੇ ਪਿਆਰੇ!
ਸਮੁੰਦਰ ਦੇ ਕੰਢੇ ਮੈਂ ਖੜੀ ਹਾਂ,
ਲਹਿਰਾਂ ਨਚ ਰਹੀਆਂ ਹਨ।
ਇਹ ਮੇਰੇ ਵਿਆਕੁਲ ਮੰਨ ਦੀਆਂ ਪ੍ਰੀਤਕ ਹਨ
ਰੇਤ ਤੇ ਪਈਆਂ ਅਨਗਿਣਤ ਸਿੱਪੀਆਂ
ਸਦਾ ਵਾਂਗ ਨਸ਼ੇ ਵਿਚ ਗੜੂੰਦ ਹਨ।
ਸਮੁੰਦਰੀ ਪੰਛੀਆਂ ਦੇ ਜੋੜੋ
ਸਦਾ ਵਾਂਗ ਆਪਣੇ ਖੰਭ ਫੜ ਫੜਾ ਰਹੇ ਹਨ,
ਡੂਅਟ ਗਾ ਰਹੇ ਹਨ,
ਉਹੀ ਸਮੁੰਦਰ ਦਾ ਕਿਨਾਰਾ ਹੈ
ਉਹੀ ਮੈਂ ਹਾਂ,
ਮੇਰੇ ਪਿਆਰੇ!
ਇਕ ਤੂੰ ਨਹੀਂ ਹੈਂ।

ਇਹ ਗੀਤ ਉਂਝ ਤਾਂ ਸਾਰੇ ਹੀ ਕੋਰਸ ਦੇ ਰੂਪ ਵਿਚ ਗਾਂਦੇ ਸਨ, ਪਰ ਜਾਹਨੀ ਤੇ ਜਿਵੇਂ ਇਸ ਦਾ ਅਸਰ ਸਭ ਤੋਂ ਵਧੀਕ ਹੁੰਦਾ ਸੀ। ਇਸ ਦੇ ਖਤਮ ਹੋਣ ਤੇ ਉਹ ਅਕਸਰ ਉਦਾਸ ਹੋ ਜਾਇਆ ਕਰਦਾ ਸੀ। ਉਸਦਾ ਜੀ ਕਰਦਾ ਕਿ ਲੜਾਈ ਛੇੜੀ ਮੁਕ ਜਾਵੇ ਤੇ ਉਹ ਆਪਣੇ ਘਰ ਬਲਾਈਟੀ ਵਿਚ ਵਾਪਸ ਪਰਤ ਜਾਵੇ।

"ਇਹ ਗੀਤ ਬੜਾ ਦੁਖਾਂਤ ਹੈ। ਕਿਉਂ ਜੋ?

"ਇਉ ਕਉਂ ਨਹੀਂ ਕਹਿੰਦਾ ਕ ਸਟੇਲਾ ਚੇਤੇ ਆਉਂਦੀ ਹੈ।" ਸਾਰਜੰਟ ਸਕਾਟ ਆਪਣੀ ਖੱਬੀ ਅੱਖ ਨਪਦਾ ਤੇ ਫੇਰ ਫਾਹ ਕਰਕੇ ਹਸ ਪੈਂਦਾ।

"ਨਹੀਂ ਇਹ ਗਲ ਤੇ ਨਹੀਂ ਪਰ ਇਹ ਗੀਤ ਮੈਨੂੰ ਉੱਞ ਹੀ ਉਦਾਸ ਕਰ ਦਿੰਦੈ। ਜੀ ਚਾਹੁੰਦੇ ਮੇਰੀ ਰੀਪੈਟਰੀਏਸ਼ਨ ਛੇਤੀ ਆ ਜਾਵੇ।"

"ਤੇ ਤੂੰ ਉਡ ਕੇ ਬਲਾਈਟੀ ਚਲਾ ਜਾਵੇਂ।" ਸਾਰਜੰਟ ਸਕਾਟ ਫੋਰ ਮਸ਼ਕਰੀ ਕਰਦਾ। ਇਸ ਦੇ ਉਤਰ ਵਿਚ ਸਾਜੰਟ ਮੇਜਰ ਇਕ ਮੁਕੀ ਵਟਦਾ। ਆਪਣੇ ਦੰਦ ਕਰੀਚਦਾ ਤੇ ਫੇਰ ਬੁਲ੍ਹਾਂ ਨੂੰ ਮੀਚ ਕੇ ਬੋਲਦਾ:

"ਇਹ ਬਲੱਡੀ ਵਾਰ ਸ਼ੈਤਾਨ ਦੀ ਆਂਦਰ ਵਾਂਗ ਵੱਧਦੀ ਹੀ ਤੁਰੀ ਜਾਂਦੀ ਹੈ। 'ਰੀਪੈਟ' ਤਾ ਕੀ ਆਣੀ ਸੀ ਸਗੋਂ 'ਓਵਰ ਸੀਜ਼' ਦੀ ਮਿਆਦ ਵਧਾ ਦਿੱਤੀ ਗਈ ਹੈ।" ਤੇ ਫੇਰ ਸਾਰਜੰਟ ਸਕਾਟ ਵੀ ਉਸਦੀ ਵੇਦਨਾ ਦਾ ਖ਼ਿਆਲ ਬਣ ਜਾਂਦਾ। ਸਰਕਾਰ, ਬਰਤਾਨੀਆਂ ਦੇ ਪਰਮੁੱਖ ਅਧਿਕਾਰੀਆਂ ਲਈ ਉਸਦੇ ਮੰਨ ਵਿਚ ਇਕ ਵਿਰੋਧਤਾ ਉਗਮਦੀ ਤੋਂ ਉਹ ਕਹਿ ਰਿਹਾ ਹੁੰਦਾ:

"ਗਧੇ ਹਨ ਨਿਰੇ! ਇਤਨਾ ਵੀ ਨਹੀਂ ਜਾਣਦੇ ਕਿ ਇੰਡੀਆ ਦੀ ਗਰਮੀ ਨੂੰ ਵਕਤ ਤੋਂ ਪਹਿਲਾਂ ਹੀ ਰਾੜ੍ਹ ਸੁਟੇਗੀ। ਤੇ ਉਧਰੋਂ ਪਿਉ ਵਾਲੇ ਜਬਰੀ ਕਾਨੂੰਨ ਬਣਾਈ ਜਾ ਰਹੇ ਹਨ। ਈਸਾ ਮਸੀਹ ਇਨ੍ਹਾਂ ਨੂੰ ਸੁਮੱਤ ਬਖ਼ਸ਼ੇ।" 

*****

(ਅ)

ਭਾਰਤ ਦਿਆਂ ਵਡਿਆਂ ਛੋਟਿਆਂ ਸ਼ਹਿਰਾਂ, ਪਿੰਡਾਂ ਤੇ ਕਸਬਿਆਂ ਵਿਚ ਦਬਾ ਦਬ ਭਰਤੀ ਖੁਲ੍ਹ ਗਈ। ਭਰਤੀ ਕਰਨ ਵਾਲੇ ਦਫ਼ਤਰ ਦੇ ਏਜੰਟ, ਥਾਂ ਥਾਂ ਤੋਂ ਨੌਜਵਾਨ ਮੁੰਡਿਆਂ ਨੂੰ ਇਕੱਠਾ ਕਰਦੇ, ਸਰਕਾਰ ਅੰਗਰੇਜ਼ੀ ਦੀਆਂ ਬਰਕਤਾਂ ਦਾ ਦਿਖਾਣ ਕਰਦੇ ਤੇ ਉਨ੍ਹਾਂ ਨੂੰ ਉਜਵਲ ਭਵਿਸ਼ ਦੀ ਝਲਕ ਦਿਖਾਂਦੇ।

"ਹੁਨਰ ਸਿਖੋ ਨਾਲੇ ਕਮਾਓ। ਤਿੰਨ ਚੀਜ਼ਾਂ-ਚੋਖੀ ਤਨਖਾਹ, ਚੰਗੀ ਖੁਰਾਕ ਤੇ ਤੁਰਤ ਤਰੱਕੀ। ਹਵਾਈ ਸੈਨਾ ਵਿਚ ਭਰਤੀ ਹੋਵੋ ਤੇ ਅਰਸ਼ੀ ਉਡਦੇ ਫਿਰੋ। ਸਮੁੰਦਰੀ ਫੌਜ ਵਿਚ ਭਰਤੀ ਹੋਵੋ ਤੇ ਨਿਤ ਨਵੇਂ ਦੋਸ਼ਾਂ ਦੀ ਸੈਰ ਕਰੋ।

ਭਾਵੇਂ ਭਰਤੀ ਕਰਨ ਵਾਲਿਆਂ ਦਾ ਸਾਹਸ ਦਿਨ ਬਦਿਨ ਵਧਦਾ ਜਾ ਰਿਹਾ ਸੀ। ਫਿਰ ਵੀ ਭਾਰਤ ਵਿਚ ਇਸ ਦੇ ਨਾਲ ਨਾਲ ਲੋਕਾਂ ਵਿਚ ਇਕ ਨਵੀਂ ਪਰਕਾਰ ਦੀ ਨਿਰਾਸਤਾ ਜਨਮ ਲੈ ਰਹੀ ਸੀ। ਦੱਬੀ ਦੱਬੀ ਜਹੀ ਇਕ ਲਹਿਰ ਲੋਕਾਂ ਦਿਆਂ ਮਨਾਂ ਵਿਚ ਅੰਦਰੋ ਅੰਦਰ ਹੀ ਮਚਲ ਰਹੀ ਸੀ। ਇਹ ਸੀ ਬਦੇਸ਼ੀ ਸਾਮਰਾਜ ਦਾ ਬਾਈਕਾਟ! ਪਰ ਭਾਰਤ ਦੇ ਬਦੇਸ਼ੀ ਹਾਕਮ ਇਸ ਸਾਰੀ ਯੋਜਨਾ ਤੋਂ ਭਲੀ ਪਰਕਾਰ ਜਾਣੂ ਜਾਪਦੇ ਸਨ। ਤੇ ਅੰਦਰੋ ਅੰਦਰ ਉਹ ਵੀ ਇਸ ਨੂੰ ਕੁਚਲਣ ਦੀਆਂ ਵਿਉਂਤਾਂ ਸੋਚ ਰਹੇ ਸਨ। ਉਨ੍ਹਾਂ ਨੇ ਆਪਣੀ ਚਤੁਰਾਈ ਨਾਲ ਦੇਸ਼ ਵਿਚ ਇਕ ਐਸੀ ਆਰਥਿਕ ਸਮੱਸਿਆ ਪੈਦਾ ਕਰ ਦਿੱਤੀ ਸੀ ਕਿ ਨੌਜਵਾਨਾਂ ਲਈ ਫ਼ੌਜ ਵਿਚ ਭਰਤੀ ਹੋਣ ਤੋਂ ਛੁਟ ਹੋਰ ਕੋਈ ਕੰਮ ਹੀ ਨਹੀਂ ਸੀ ਰਹਿ ਗਿਆ।

ਲੈਫ਼ਟੀਨੈਂਟ ਸਿੰਘ ਨੂੰ ਵੀ ਉਨ੍ਹੀਂ ਦਿਨੀਂ ਹੀ ਐਮਰਜੰਸੀ ਕਮਿਸ਼ਨ ਮਿਲਿਆ ਸੀ। ਉਸ ਦੇ ਖ਼ਾਨਦਾਨ ਦੀ ਇਕ ਪੁਰਾਣੀ ਫ਼ੌਜੀ ਪਰਮਪਰਾ ਸੀ, ਜਿਸ ਨੂੰ ਅਮੁਕ ਚਖਣ ਲਈ ਉਸ ਦਾ ਫ਼ੌਜ ਵਿਚ ਭਰਤੀ ਹੋਣਾ ਬੜਾ ਜ਼ਰੂਰੀ ਜਾਪਦਾ ਸੀ। ਅਸਲ ਵਿਚ ਗਲ ਇਸ ਤਰ੍ਹਾਂ ਹੋਈ ਕਿ ਲੈਫ਼ਟੀਨੈਟ ਸਿੰਘ ਦਾ ਪਤਾ ਜਦੋਂ ਫ਼ੌਜ ਵਿਚੋਂ ਰੀਟਾਇਰ ਹੋ ਕੇ ਘਰ ਆਇਆ ਤਾਂ ਉਸ ਨੂੰ ਪੈਨਸ਼ਨ ਤਾਂ ਮਿਲ ਗਈ ਸੀ, ਪਰ ਫਿਰ ਵੀ ਸਰਕਾਰ ਬਰਤਾਨੀਆਂ ਦੀ ਸ਼ਾਨਦਾਰ ਨੌਕਰੀ ਕਰਨ ਦੇ ਬਦਲੇ ਵਿਚ ਉਸ ਨੂੰ ਆਪਣੇ ਇਲਾਕੇ ਦਾ ਔਨਰੇਰੀ ਮੈਜਿਸਟਰੇਟ ਵੀ ਨੀਅਤ ਕੀਤਾ ਗਿਆ। ਉਸ ਦੇ ਪਿੰਡ ਦੇ ਅਨਪੜ੍ਹ ਲੋਕ ਉਸ ਨੂੰ 'ਨੇਰੀ ਮਸ਼ਟਰੇਟ' ਕਹਿੰਦੇ ਸਨ। ਇਕ ਦਿਨ ਜ਼ਿਲੇ ਦੇ ਅੰਗਰੇਜ਼ ਹਾਕਮ ਡਿਪਟੀ ਕਮਿਸ਼ਨਰ ਸਾਹਿਬ ਬਹਾਦਰ ਨੇ ਉਸ ਨੂੰ ਖਾਣੇ ਤੇ ਬੁਲਾਇਆ। ਉਸ ਨਾਲ ਹਥ ਮਿਲਾਇਆ, ਤੇ ਕਿਹਾ, "ਸਰਦਾਰ ਸਾਹਿਬ ਹਰ ਇਲਾਕੇ ਵਿਚ ਭਰਤੀ ਕਾਫ਼ੀ ਜ਼ੋਰਾਂ ਤੇ ਹੈ, ਪਰ ਤੁਹਾਡੇ ਇਲਾਕੇ ਵਿਚੋਂ ਕੋਈ ਖ਼ਾਸ ਰੰਗਰੂਟ ਨਹੀਂ ਮਿਲੇ।"

"ਨਹੀਂ ਹਜੂਰ, ਅਜੇ ਪਿਛੇ ਜਹੇ ਹੀ ਤੇ ਮੈਂ ਤੀਹ ਆਦਮੀਆਂ ਦਾ ਇਕ ਬੈਚ ਭਿਜਵਾਇਆ ਸੀ।"

"ਤੀਹ ਆਦਮੀਆਂ ਦਾ ਬੈਂਚ। ਸਿੰਘ ਸਾਹਿਬ, ਤੁਸੀਂ ਤੇ ਪੁਰਾਣੇ ਫ਼ੌਜੀ ਹੋ ਤੇ ਫਿਰ ਲਾਮ ਲਗੀ ਹੋਈ ਹੈ, ਲਾਮ। ਤੁਸੀਂ ਤੋਂ ਜਾਣਦੇ ਹੋ ਲੜਾਈ ਵਿਚ ਕਿਸ ਤਰ੍ਹਾਂ ਬੰਦਿਆਂ ਦੀ ਲੋੜ ਪੈਂਦੀ ਹੈ। ਮਚਦੀ ਅਗ ਲਈ ਬਾਲਣ ਜਿਤਨਾ ਵੀ ਹੋਵੇ ਥੋੜਾ ਹੈ। ਹੋਰ ਭਰਤੀ ਦਿਓ ਨਹੀਂ ਤੇ "ਔਨਰੇਰੀ ਮੈਜਿਸਟਰੇਟੀ ਖੁਸਦੀ ਜੇ।"

ਡਿਪਟੀ ਕਮਿਸ਼ਨਰ ਨੇ ਇਹ ਗਲ ਭਾਵੇਂ ਭਾਵਆਵੇਸ਼ ਵਿਚ ਕਹਿ ਦਿੱਤੀ ਸੀ, ਪਰ ਇਸ ਨਾਲ ਸਿੰਘ ਸਾਹਿਬ ਦੇ ਅੰਦਰ ਧੁਖ ਧੁਖੀ ਜਹੀ ਲਗ ਗਈ ਅਤੇ ਉਹ ਅੰਗਰੇਜ਼ ਹਾਕਮ ਦੇ ਹੁਕਮ ਤੇ ਫੁਲ ਚੜ੍ਹਾਨ ਲਈ ਪੂਰੇ ਤਾਣ ਨਾਲ ਜੁਟ ਗਏ।

"ਮੈਂ ਕਿਹਾ ਗੁਲਾਮ ਮੁਹੰਮਦਾ, ਪੁਤਰ ਤੇਰਾ ਜਵਾਨ ਹੋ ਗਿਐ। ਵਾਹ ਵਾਹ ਸੋਹਣਾ ਗਭਰੂ ਹੈ। ਇਸ ਨੂੰ ਤੂੰ ਭਰਤੀ ਕਿਉਂ ਨਹੀਂ ਕਰਾਂਦਾ ਕੋਈ ਅਹੁਦਾ ਪਾ ਜਾਈਗਾ। ਮੈਂ ਸ਼ਰਤ ਲਾਨਾ ਜੇ ਇਸ ਨੂੰ ਵੇਖ ਕੇ ਸੀ.ਇਨ.ਸੀ. ਸਾਹਿਬ ਨਾ ਕਹਵੇ "ਇਸ ਮਾਫਕ ਜਵਾਨ ਮਾਂਗਟਾ।" ਤੇ ਉਹ ਕੌਣ ਏਂ ਸ਼ੈਕਰ ਦੇ ਨਾਲ .... ਅਛਾ ਅਛਾ ਆਪਣਾ ਹੀਰਾ ਲਾਲ ਹੈ। ਹੀਰਾ ਲਾਲ ਤੇਰੀ ਛਾਤੀ ਤਾਂ ਰਤਾ ਘਟ ਰੀ ਹੈ, ਪਰ ਕੋਈ ਨਹੀਂ ਰੀਕਰੂਟਿੰਗ ਔਫ਼ੀਸਰ ਨੂੰ ਕਹਿ ਦਿਆਂਗੇ। ਉਸ ਦਿਨ ਆਪਣੇ ਸਾਵਣ ਸੋਂਹ ਦਾ ਮੁੰਡਾ ਲੈ ਗਏ ਸਾਂ। ਉਸ ਦਾ ਕਦ ਰਤਾ ਘਟ ਨਿਕਲਿਆ। ਜੀਟਨ ਸਾਹਿਬ ਪਹਿਲਾਂ ਤਾਂ ਕਹਿਣ ਲਗਾ '"ਇਹ ਮਾਤਾ ਦਾ ਮਾਲ ਕਿਥੋਂ ਆਇਆ?" ਪਰ ਫਿਰ ਮੈਂ ਉਸ ਨੂੰ ਕਿਹਾ ਤੇ ਮੰਨ ਗਿਆ। ਭਲਾ ਲੋਕ ਹੈ ਵਿਚਾਰਾ। ਸਾਡਾ ਕਿਹਾ ਨਹੀਂ ਮੋੜਨ ਲਗਾ।"

ਜਦੋਂ ਸੂਬੇਦਾਰ ਸਾਹਿਬ ਦੇ ਆਪਣੇ ਪੁੱਤਰ ਨੂੰ ਆਰਮੀ ਵਿਚ ਐਮਰਜੈਂਸੀ ਕਮਿਸ਼ਨ ਮਿਲਿਆ ਤਾਂ ਭਾਵੇਂ ਉਪਰੋਂ ਉਪਰੋਂ ਤੇ ਉਹ ਬਹੁਤ ਖ਼ੁਸ਼ ਲਗਦੇ ਸਨ, ਪਰ ਵਿਚੋਂ ਉਨ੍ਹਾਂ ਦਾ ਦਿਲ 'ਘਾਊ ਮਾਉਂ ਹੋ ਰਿਹਾ ਸੀ। ਕਿਉਂ ਜੋ ਪਿਛਲੇ ਦੋ ਮਹੀਨਿਆਂ ਤੋਂ ਲੜਾਈ ਦੀਆਂ ਖ਼ਬਰਾਂ ਬੜੀਆਂ ਭਿਆਨਕ ਆ ਰਹੀਆਂ ਸਨ। ਲੜਾਈ ਇਕ ਦੰਮ ਮਚ ਉੱਠੀ ਸੀ ਤੇ ਸੂਬੇਦਾਰ ਸਾਹਿਬ ਦੇ ਭਰਤੀ ਕਰਾਏ ਮੁੰਡਿਆਂ ਵਿਚੋਂ ਕਈਆਂ ਦੀਆਂ ਮੌਤ ਦੀਆਂ ਖ਼ਬਰਾਂ ਆ ਚੁੱਕੀਆਂ ਸਨ। ਪਰ ਫਿਰ ਵੀ ਉਹ ਆਪਣੇ ਦਿਲ ਨੂੰ ਧਰਵਾਸ ਬੰਨ੍ਹਦੇ। "ਮੇਰਾ ਬਾਪ ਇਕ ਫ਼ੌਜੀ ਸੀ। ਮੈਂ ਆਪ ਆਪਣੀ ਸਾਰੀ ਦੀ ਸਾਰੀ ਉਮਰ ਫ਼ੌਜ ਵਿਚ ਗੁਜ਼ਾਰੀ ਹੈ। ਮੇਰਾ ਬਾਪ ਹਵਾਲਦਾਰ ਸੀ। ਮੈਂ ਸੂਬੇਦਾਰ ਰੀਟਾਇਰ ਹੋਇਆ ਹਾਂ ਤੇ ਹੁਣ ਮੇਰਾ ਪੁਤਰ ਲਫ਼ਟੈਨ ਬਣੇਗਾ। ਲਫ਼ਟੈਨੀ ਹੁਣ ਤੀਕ ਅੰਗਰੇਜ਼ੀ ਰੈਂਕ ਸੀ। ਬਹੁਤ ਘਟ ਇਹੋ ਜਹੇ ਭਾਰਤੀ ਹਨੇ ਜਿਨ੍ਹਾਂ ਨੂੰ ਅੰਗਰੇਜ਼ ਨਾਲ ਮਿਲ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਤੇ ਮਾਣ ਨਾਲ ਉਨ੍ਹਾਂ ਦਾ ਸਿਰ ਹੋਰ ਉੱਚਾ ਹੋ ਜਾਂਦਾ।

ਦੂਜੇ ਪਾਸੇ ਲੈਫ਼ਟੀਨੈਂਟ ਸਿੰਘ, ਭਾਵੇਂ ਆਪਣੇ ਨਾਲ ਇਕ ਪੁਰਾਣੀ ਫੌਜੀ ਪਰਮਪਰਾ ਲੈ ਕੇ ਆਇਆ ਸੀ, ਪਰ ਫਿਰ ਵੀ ਉਸ ਦਾ ਦਿਲ ਫੌਜ ਵਿਚ ਨਹੀਂ ਸੀ ਲਗਦਾ। ਅਸਲ ਵਿਚ ਉਹ ਫੌਜੀ ਨੌਕਰੀ ਵਾਸਤੇ ਨਹੀਂ ਸੀ ਬਣਿਆਂ। ਨਾ ਉਸ ਨੂੰ ਕੋਈ ਜਿਤ ਪਰਾਪਤ ਕਰਨ ਦਾ ਸ਼ੌਕ ਸੀ ਤੇ ਨਾ ਹੀ ਉਸ ਦੇ ਸਾਹਮਣੇ ਗੋਰੇ ਸਿਪਾਹੀਆਂ ਵਾਂਗ ਕਿਸੇ ਮਹਾਨ ਕੌਮੀ ਜੰਗ ਦੀ ਮਹਾਨ ਯੋਜਨਾ ਸੀ। ਉਹ ਇਕ ਅਮਨ ਪਸੰਦ ਸ਼ਹਿਰੀ ਸੀ ਜੋ ਲਿਖਣ ਪੜ੍ਹਨ ਲਈ ਬਣਿਆਂ ਸੀ। ਉਸ ਦੇ ਖ਼ਿਆਲ ਅਨੁਸਾਰ ਉਸ ਦਾ ਕੰਮ ਸੰਸਾਰ ਵਿਚ ਹੋਣਾ ਚਾਹੀਦਾ ਸੀ ਕੇਵਲ ਕਵਿਤਾ ਲਿਖਣੀ। ਤਸਵੀਰਾਂ ਬਣਾਉਣੀਆਂ ਤੇ ਪਿਆਰ ਕਰਨਾ। ਤੇ ਇਹ ਆਖ਼ਰੀ ਗੁਣ ਹੀ ਸੀ ਜਿਹੜਾ ਗੋਰੇ ਸਾਰਜੈਂਟ ਮੇਜਰ ਤੇ ਲੈਂਫਟੀਨੈਟ ਸਿੰਘ ਦੇ ਵਿਚਕਾਰ ਸਾਂਝਾ ਥੀ। ਸਾਰਜੈਂਟ ਮੇਜਰ ਯਾਰਕ ਦੀ ਪਰੀਤਮਾਂ ਸਮੁੰਦਰ ਪਾਰ ਰਹਿੰਦੀ ਸੀ। ਉਸ ਦੀ ਫੋਟੋ ਸਾਰਜੈਂਟ ਮੇਜਰ ਦੀ'ਪਰਸਨਲ ਕਿਟ' ਦਾ ਇਕ ਜ਼ਰੂਰੀ ਅੰਗ ਸੀ। ਉਹ ਉਸ ਨੂੰ ਪਿਆਰ ਕਰਦੀ ਸੀ, ਉਸ ਨੂੰ ਚਿਠੀਆਂ ਲਿਖਦੀ ਸੀ ਤੇ ਜਾਹਨੀ ਦੇ ਕਹਿਣ ਅਨੁਸਾਰ, ਉਸ ਦਿਨ ਦਾ ਇੰਤਜ਼ਾਰ ਕਰ ਰਹੀ ਸੀ ਜਦੋਂ ਜੰਗ ਮੁਕ ਜਾਵੇਗੀ। ਪਰ ਲੈਫ਼ਟੀਨੈਂਟ ਸਿੰਘ ਦੀ ਪ੍ਰੀਤਮਾਂ ਉਸ ਨੂੰ ਚਿੱਠੀਆਂ ਨਹੀਂ ਸੀ ਲਿਖਦੀ। ਪਿਆਰ ਕਰਦੀ ਸੀ। ਉਸ ਪਾਸ ਉਸ ਦੀ ਕੋਈ ਫੋਟੋ ਨਹੀਂ ਸੀ। ਪਰ, ਉਸ ਦੀ ਯਾਦ ਸੀ ਜਿਵੇਂ ਲੈਫ਼ਟੀਨੈਂਟ ਸਿੰਘ ਦੇ ਰੂਏਂ ਰੂਏਂ ਵਿਚ ਸਮਾਂ ਗਈ ਹੋਵੇ।

"ਮੇਰੀ ਪ੍ਰੀਤਮਾਂ ਸੁੰਦਰ ਹੈ, ਸੁਨੱਖੀ ਹੈ। ਪਰ ਕੀ ਉਸ ਦਾ ਸੁਹਪਣ ਬਿਆਨਣ ਲਈ ਮੈਂ ਉਸ ਦੀ ਤਸਵੀਰ ਤੁਹਾਨੂੰ ਖਿਚ ਕੇ ਵਖਾਵਾਂ?" ਕਈ ਵਾਰੀ ਉਹ ਆਖਿਆ ਕਰਦਾ ਸੀ, "ਤਸਵੀਰ ਖਿਚਣ ਲਈ ਤਾਂ ਮੈਂ ਤਿਆਰ ਹਾਂ ਪਰ ਉਸ ਦੀ ਤਸਵੀਰ ਦੀ ਪੂਰਤੀ ਲਈ ਮੈਂ ਰੰਗ ਕਿਥੋਂ ਲਿਆਵਾਂਗਾ। ਉਸ ਦੀਆਂ ਅੱਖਾਂ ਦੀ ਕਚਰਾਹਟ, ਉਸ ਦਿਆਂ ਬੁਲ੍ਹਾਂ ਦੀ ਯਾਕੂਤੀ ਲਾਲੀ। ਉਸ ਦੀਆਂ ਲੰਮੀਆਂ ਕਾਲੀਆਂ ਜ਼ੁਲਫ਼ਾਂ ਦੀ ਸਾਂਵਲੀ ਫਬਨ। ਕੀ ਇਹ ਸਭ ਕੁਝ ਇਨ੍ਹਾਂ ਫ਼ਾਨੀ ਰੰਗਾਂ ਨਾਲ ਦਰਸਾਇਆ ਜਾ ਸਕਦਾ ਹੈ। ਮੇਰਾ ਪਿਆਰ ਇਕ ਸੂਖਸ ਜਹੀ ਬੇਮਲੂਮ ਛੋਹ ਹੈ ਜਿਸ ਨੂੰ ਵੇਖਿਆ ਨਹੀਂ ਜਾ ਸਕਦਾ। ਇਸ ਨਾਲ ਤਾਂ ਕੇਵਲ ਰੂਹ ਨੂੰ ਟੁੰਬਿਆ ਜਾ ਸਕਦਾ ਹੈ। ਮੈਨੂੰ ਵਿਸ਼ਵਾਸ ਹੈ ਅਸੀਂ ਜ਼ਰੂਰ ਕਿਸੇ ਪਿਛਲੇ ਜਨਮ ਵਿਚ ਮਿਲ ਚੁਕੇ ਹਾਂ। ਫੇਰ ਅਸੀਂ ਵਿਛੜ ਗਏ, ਤੇ ਹੁਣ ਅਸੀਂ ਇਸ ਜਨਮ ਵਿਚ ਫਿਰ ਮਿਲ ਪਏ ਹਾਂ ਕਿਉਂਕਿ ਸਾਡੇ ਸੰਸਾਰ ਵਿਚ ਜਨਮ ਮਰਨ ਦਾ ਚਕਰ ਚਲ ਰਿਹਾ ਹੈ, ਇਸ ਲਈ ਸਾਡੀਆਂ ਸੁੱਤੀਆਂ ਪਰੀਤਾਂ ਜਾਗ ਪਈਆਂ ਹਨ। ਪਿਆਰ ਅਸਲ ਵਿਚ ਰੂਹਾਂ ਦੀ ਪਛਾਣ ਹੀ ਤਾਂ ਹੈ।"

ਇਹ ਕਹਿੰਦਿਆਂ ਕਹਿੰਦਿਆਂ ਲੈਫ਼ਟੀਨੈਟ ਸਿੰਘ ਦੀਆਂ ਅੱਖਾਂ ਵਿਚ ਕੋਈ ਗੈਰਫ਼ਾਨੀ ਚਮਕ ਆ ਜਾਂਦੀ। ਉਸ ਦੇ ਚਿਹਰੇ ਤੇ ਇਕ ਜਲਾਲ ਜਿਹਾ ਦਿਸਦਾ ਤੇ ਝਟ ਹੀ ਸਾਰਜੈਂਟ ਮੇਜਰ ਦੀ ਆਵਾਜ਼ ਉਸ ਦਿਆਂ ਕੰਨਾਂ ਵਿਚ ਗੂੰਜ ਉਠਦੀ।

"ਲਫ਼ਟੈਨ ਸਾਹਬ ਭੁਲ ਜਾਓ ਇਸ ਆਪਣੇ ਅਗੰਮੀ ਸੂਖਮ ਪਿਆਰ ਨੂੰ ਤੇ ਰੂਹਾਂ ਦੀ ਪਛਾਣ ਨੂੰ। ਮੈਨੂੰ ਅਫ਼ਸੋਸ ਹੈ ਤੁਸੀ ਭਾਰਤ-ਵਾਸੀ ਪੜ੍ਹ ਲਿਖ ਕੇ ਵੀ ਅਗਲੇ ਅਤੇ ਪਿਛਲੇ ਜਨਮਾਂ ਵਿਚ ਵਿਸ਼ਵਾਸ ਰਖਦੇ ਓ। ਅਸੀਂ ਤਾਂ ਕੇਵਲ ਇਤਨਾਂ ਜਾਣਦੇ ਹਾਂ, ਜ਼ਿੰਦਗੀ ਜੀਣ ਲਈ ਹੈ, ਖਾਣ ਪੀਣ ਤੇ ਐਸ਼, ਕਰਨ ਲਈ ਹੈ।"

"ਸਾਰਜੈਂਟ ਮੇਜਰ ਸਾਹਿਬ! ਭੁਲੋ ਨਾ ਤੁਹਾਡੇ ਲਈ ਜ਼ਿੰਦਗੀ ਕੇਵਲ ਜੰਗ ਲੜਨ ਲਈ ਹੈ ਤੇ ਉਪਰੋਂ ਲਾਮ ਲਗੀ ਹੋਈ ਹੈ।"

"ਓ ਡੈਮ ਇਸ ਵਾਰ" ਸਾਰਜੰਟ ਮੇਜਰ ਕਹਿੰਦਾ ਤੇ ਫੇਰ ਜਰਮਨਾਂ ਤੇ ਜਾਪਾਨੀਆਂ ਨੂੰ ਮੋਟੀਆਂ ਮੋਟੀਆਂ ਗਾਲ੍ਹਾਂ ਕਢਦਾ ਹੋਇਆ ਬੇਦਿੱਲੀ ਨਾਲ ਨਵੇਂ ਆਏ ਰੰਗਰੂਟਾਂ ਨੂੰ ਲੈਣ ਲਈ ਤੁਰ ਪੈਂਦਾ ਜੋ ਦਬਾ ਦਬ ਭੂਰੇ ਸਾਵੇ ਟਰੱਕਾਂ ਵਿਚੋਂ ਕੁਦ ਰਹੇ ਹੁੰਦੇ। ਇਨ੍ਹਾਂ ਨੂੰ ਵੇਖ ਕੇ ਕਈ ਵਾਰੀ ਸਾਰਜੰਟ ਮੇਜਰ ਕਿਹਾ ਕਰਦਾ ਸੀ -

ਇਹ ਉਨ੍ਹਾਂ ਬਰਸਾਤੀ ਡਡੂਆਂ ਵਾਂਗ ਹਨ, ਜੋ ਤਲਾਬ ਦੇ ਕੰਡੇ ਬੈਠੇ ਰਹਿੰਦੇ ਹਨ ਤੇ ਜਿਉਂ ਹੀ ਕੋਈ ਉਨ੍ਹਾਂ ਵਲ ਵਧਦਾ ਹੈ ਤਾਂ ਧੜਾਮ ਧੜਾਮ ਪਾਣੀ ਵਿਚ ਕੁਦ ਜਾਂਦੇ ਹਨ।

* * ** *

(ੲ)

ਸੌਧੇ ਡਰਾਈਵ,
ਯਾਰਕ ਸ਼ਾਇਰ,
ਯੂ: ਕੇ:
੧ ਜਨਵਰੀ ੧੯੪੪.

ਪਿਆਰੇ ਜਾਹਨੀ.

ਨੀਓ ਈਅਰ ਡੇ ਲਈ, ਨਿਘੀ ਮਿੱਠੀ ਯਾਦ। ਹੁਣੇ ਹੁਣੇ ਚਰਚ ਚੋਂ ਵਾਪਸ ਆਈ ਹਾਂ। ਸਰਬ ਸ਼ਕਤੀਮਾਨ ਪਰਮਾਤਮਾ ਅਗੇ ਦੋ ਪਰਾਰਥਨਾਵਾਂ ਕੀਤੀਆਂ ਹਨ। ਤੇਰੀ ਸੁਰੱਖਸ਼ਾ ਲਈ ਤੇ ਜੰਗ ਮਕਣ ਲਈ। ਮੈਂ ਉਸ ਦਿਨ ਨੂੰ ਬੜੀ ਉਤਸੁਕਤਾ ਨਾਲ ਉਡੀਕ ਰਹੀ ਹਾਂ ਜਦੋਂ ਤੂੰ ਵਿਜਯ ਪਰਾਪਤ ਕਰ ਕੇ ਘਰ ਪਰਤੇਂਗਾ। ਸਾਡੇ ਇਤਿਹਾਸ ਵਿਚ ਉਹ ਇਕ ਮਹਾਨ ਦਿਨ ਹੋਵੇਗਾ। ਪਰ ਉਹ ਦਿਨ ਕਦੋਂ ਆਵੇਗਾ। ਕਦੋਂ।

ਅਜ ਕਲ ਹੋਮ ਇਕ ਅਜਬ ਬੇਰੌਣਕ ਥਾਂ ਹੈ। ਜਵਾਨ ਮੁੰਡਾ ਤੇ ਕੋਈ ਵੇਖਣ ਨੂੰ ਵੀ ਨਹੀਂ ਮਿਲਦਾ। ਘਰ ਦੇ ਸਾਰੇ ਨਿਕੇ ਮੋਟੇ ਕੰਮ ਵਡੇਰੀਆਂ ਤੀਵੀਆਂ ਕਰਦੀਆਂ ਹਨ। ਵਡੇ ਬੁਢੇ ਤੇ ਜਵਾਨ ਕੁੜੀਆਂ ਸਾਰੇ ਰਲ ਕੇ ਹੋਰ ਕੰਮ ਕਰਦੇ ਹਨ। ਦਫ਼ਤਰੀ ਕੰਮਾਂ ਤੋਂ ਲੈ ਕੇ ਕਾਰਖ਼ਾਨੇ ਤੇ ਮਸ਼ੀਨਾਂ ਚਲਾਉਣ ਤੀਕ ਹਰ ਕੰਮ ਅਸੀਂ ਆਪ ਕਰਦੀਆਂ ਹਾਂ। ਸ਼ਾਇਦ ਅਗੇ ਮੈਂ ਤੈਨੂੰ ਲਿਖਿਆ ਨਹੀਂ। ਮੈਂ ਇਕ ਆਰਡੀਨੈਂਸ ਫੈਕਟਰੀ ਵਿਚ ਕੰਮ ਕਰਦੀ ਹਾਂ। ਮੈਂ ਕਈ ਵਾਰੀ ਸੋਚਦੀ ਹਾਂ, ਕਿਤਨੀ ਡੂੰਘੀ ਸਾਂਝ ਹੈ ਮੇਰੇ ਵਿਚ ਤੇ ਮੇਰੇ ਜਾਹਨੀ ਵਿਚ-ਮੈਂ ਬੰਬ ਬਣਾਉਂਦੀ ਹਾਂ ਤੇ ਮੇਰਾ ਜਾਹਨੀ ਬੰਬ ਚਲਾਉਂਦਾ ਹੈ। ਅਸਲ ਵਿਚ ਇਹ ਕੰਮ ਮੈਂ ਆਪ ਹੀ ਚੁਣਿਆਂ ਸੀ। ਕਰਨ ਨੂੰ ਤਾਂ ਕੁਝ ਹੋਰ ਵੀ ਕੀਤਾ ਜਾ ਸਕਦਾ ਸੀ। ਕੌਮੀ ਲੜਾਈ ਵਿਚ ਹਰ ਕਿਸੇ ਦਾ ਹਿੱਸਾ ਹੈ। ਪਰ ਮੈਂ ਸੋਚਿਆ ਇਹ ਕੰਮ ਵਧੇਰੇ ਚੰਗਾ ਹੈ, ਇਸ ਤਰ੍ਹਾਂ ਮੇਰੇ ਜਾਹਨੀ ਨਾਲ ਮੇਰੀ ਸਾਂਝ ਬਣੀ ਰਹੇਗੀ। ਨਾਲੇ ਮੈਂ ਬੰਦੂਕ ਚਲਾਣਾ ਵੀ ਸਿਖ ਗਈ ਹਾਂ। ਬੁੱਢਾ ਟਾਮੀ ਵਾਈਟ ਸਾਨੂੰ ਡਰਿਲ ਕਰਾਂਦਾ ਹੈ। ਲੰਗੜਾ ਟਾਮੀ! ਲੜਾਈ ਵਿਚ ਵਿਚਾਰੇ ਦੀ ਲਤ ਕਟੀ ਗਈ ਸੀ। ਟਾਮੀ ਵਾਈਟ, ਆਪਣੀ ਨੌਕਰੀ ਦਾ ਕਾਫ਼ੀ ਭਾਗ ਹਿੰਦੁਸਤਾਨ ਵਿਚ ਗੁਜ਼ਾਰ ਕੇ ਆਇਆ ਹੈ। ਮੈਂ ਉਸ ਕੋਲੋਂ ਹਿੰਦੁਸਤਾਨ ਬਾਬਤ ਸਾਰੀਆਂ ਗੱਲਾਂ ਪੁਛੀਆਂ ਹਨ। "ਹਿੰਦੁਸਤਾਨ" ਉਹ ਕਹਿੰਦਾ ਹੈ, "ਇਕ ਵਚਿਤਰ ਦੇਸ਼ ਹੈ ਜਿਥੋਂ ਦੀ ਹਰ ਗਲ ਅਨੋਖੀ ਹੈ।" ਜਾਹਨੀ ਕੀ ਇਹ ਸਚ ਹੈ? ਕੀ ਹਿੰਦੁਸਤਾਨੀ ਲੋਕ ਨੰਗੇ ਹੁੰਦੇ ਹਨ ਤੇ ਪਹਾੜਾਂ ਦੀਆਂ ਕੰਧਰਾਂ ਵਿਚ ਰਹਿੰਦੇ ਹਨ? ਇਨ੍ਹਾਂ ਵਹਿਸ਼ੀਆਂ ਕੋਲੋਂ ਬਚ ਕੇ ਰਹੀ ਤੇ ਇਨ੍ਹਾਂ ਦਾ ਇਤਬਾਰ ਨਾ ਕਰੀ।

ਅਜ ਸ਼ਾਮ ਹੋਮ ਗਾਰਡਜ਼ ਦੀ ਮੀਟਿੰਗ ਹੈ। ਟਾਮੀ ਕੋਲੋਂ ਹਿੰਦੁਸਤਾਨ ਬਾਬਤ ਹੋਰ ਗੱਲਾਂ ਪੁਛਾਂਗੀ। ਹਾਂ ਸਚ ਮੈਂ ਤੈਨੂੰ ਦਸਿਆ ਨਹੀਂ ਅਸੀਂ ਸਾਰੀਆਂ ਕੁੜੀਆਂ ਤੇ ਸਕੂਲਾਂ ਦੇ ਮੁੰਡੇ ਰਲ ਕੇ ਹੋਮ ਗਾਰਡਜ਼ ਚਲਾ ਰਹੇ ਹਾਂ। ਪਰ ਸੁਣਿਆਂ ਹੈ ਛੇਤੀ ਹੀ ਯੈਂਕੀ ਟਰੂਪਸ ਬਲਾਇਟੀ ਦੀ ਡੀਫੈਂਸ ਲਈ ਆ ਰਹੇ ਹਨ।

ਬਾਕੀ ਫੇਰ ਕਦੀ ਲਿਖਾਂ ਗੀ।

ਤੇਰੀ ਆਪਣੀ---

ਐਲਜ਼ਾ
ਤਾਜ ਮਹਲ,
ਬੰਬਈ,
ਇੰਡੀਆ।
੧੫ ਫ਼ਰਵਰੀ ੧੯੪੪

ਮੇਰੀ ਪਿਆਰੀ ਐਲਜ਼ਾ,

ਮਿਠੀ ਯਾਦ ਘਲਦਾ ਹਾਂ।

ਇਹ ਖ਼ਤ ਮੈਂ ਤੈਨੂੰ ਇੰਡੀਆ ਦੇ ਪਰਸਿਧ ਸ਼ਹਿਰ ਬੰਬਈ ਵਿਚੋਂ ਲਿਖ ਰਿਹਾ ਹਾਂ। ਇਹ ਸਮੁੰਦਰ ਦੇ ਕੰਢੇ ਇਕ ਆਰਟੀਵਿਸ਼ਲ ਹਾਰਬਰ ਹੈ ਆਰਟੀਫਿਸ਼ਲ ਹਾਰਬਰ ਤੂੰ ਜਾਣਦੀ ਏਂ ਉਹ ਹੁੰਦੀ ਹੈ ਜਿਸਨੂੰ ਮਨੁੱਖ ਆਪ ਬੰਣਾਵੇ। ਭਾਵ ਜੋ ਈਸ਼ਵਰ ਦੀ ਵਡੱਤ ਨਾਲੋਂ ਮਨੁੱਖ ਦੀ ਵਡੱਤ ਨੂੰ ਉਘਾੜੇ। ਤੇ ਇਹੋ ਗਲ ਬੰਬਈ ਸ਼ਹਿਰ ਦੀ ਹੈ। ਇਹ ਇਕ ਮਹਾਨ ਸ਼ਹਿਰ ਹੈ। ਸਾਫ਼ ਸੁੱਥਰਾ ਤੇ ਵਿਸ਼ਾਲ। ਜਿਸ ਨੂੰ ਇਨਸਾਨ ਨੇ ਆਪਣੀ ਕਾਰੀਗਰੀ ਨਾਲ ਉਸਾਰਿਆ ਹੈ। ਇਹ ਸਾਡੇ ਪੱਛਮੀ ਸ਼ਹਿਰਾਂ ਨਾਲ ਬਹੁਤ ਮਿਲਦਾ ਜੁਲਦਾ ਹੈ। ਮੇਰਾ ੪੮ ਘੰਟੇ ਦਾ ਔਫ਼ ਸੀ ਤੇ ਮੈਂ ... ਛੁੱਟੀ ਲੈ ਕੇ ਇਥੇ ਆਇਆ ਹਾਂ। ਬੜੀ ਰਮਣੀਕ ਜਗਾ ਹੈ। ਕਿਸੇ ਗਲੋਂ ਵੀ ਸਾਡੇ ਲੰਡਨ ਨਾਲੋਂ ਘੱਟ ਨਹੀਂ। ਅਲੀ ਖ਼ਾਸੀ ਯੂਰੋਪੀਅਨ-ਸਭਯਤਾ। ਇਨ੍ਹਾਂ ਲੋਕਾਂ ਤੇ ਹਾਵੀਂ ਹੈ। ਇਨ੍ਹਾਂ ਦੇ ਸਿਨਮਾ, ਰੈਸਟੂਰੈੰਟ, ਪਾਰਕ ਤੇ ਕਲਬਜ਼ ਸਾਡੇ ਵਾਂਗ ਹਨ ਤੇ ਮੈਨੂੰ ਇਉਂ ਪਰਤੀਤ ਹੁੰਦਾ ਹੈ ਕਿ ਮੈਂ ਆਪਣੇ ਦੇਸ਼ ਵਿਚ ਹੀ ਫਿਰ ਰਿਹਾ ਹਾਂ।

ਤੈਨੂੰ ਯਾਦ ਹੈ ਸ਼ੁਰੂ ਸ਼ੁਰੂ ਵਿਚ ਮੈਂ ਤੈਨੂੰ ਲਿਖਿਆ ਸੀ ਕਿ ਭਾਰਤ ਸਪੇਰਿਆਂ ਦਾ ਦੇਸ਼ ਹੈ। ਇਥੋਂ ਦੇ ਲੋਕ ਜਾਦੂਗਰ ਹਨ। ਉਹ ਹਵਾ ਵਿਚ ਉਡ ਸਕਦੇ ਹਨ। ਰੱਸੀ ਦੇ ਸਹਾਰੇ ਅਕਾਸ਼ ਵਿਚ ਖੜੇ ਰਹਿ ਸਕਦੇ ਹਨ। ਤੇ ਹੋਰ ਇਹੋ ਜਹੀਆਂ ਊਲ ਜਲੂਲ ਗੱਲਾ ਵਿਚ ਇਨ੍ਹਾਂ ਦਾ ਵਿਸ਼ਵਾਸ ਹੈ। ਇੰਡੀਆ ਦੀਆਂ ਬਾਰਸ਼ਾਂ ਇੰਡੀਆ ਦੀ ਗਰਮੀ, ਇੰਡੀਆ ਦੇ ਲੋਕ, ਮੈਨੂੰ ਕੁਝ ਵੀ ਤੇ ਚੰਗਾ ਨਹੀਂ ਸੀ ਲਗਦਾ। ਪਰ ਹੁਣ ਜਾਪਦਾ ਹੈ। ਜਿਵੇਂ ਉਹ ਸਭ ਮੇਰਾ ਵਹਿਮ ਸੀ। ਇਹੋ ਜਹੀ ਕੋਈ ਵੀ ਅਯੋਗ ਗਲ ਮੈਂ ਉਨਾਂ ਵਿਚ ਵੇਖੀ ਨਹੀਂ। ਤੇ ਮੈਂ ਹੁਣ ਹੌਲੀ ਹੌਲੀ ਆਪਣੇ ਆਪ ਨੂੰ ਇਨ੍ਹਾਂ ਨਾਲ ਐਡਜਸਟ ਕਰੀ ਜਾ ਰਿਹਾ ਹਾਂ। ਭਾਵੇਂ ਇਨ੍ਹਾਂ ਲਈ ਮੇਰੇ ਮਨ ਵਿਚ ਅਜੇ ਕੋਈ ਪਰਸ਼ੰਸਾ ਨਹੀਂ ਉਤਪੰਨ ਹੋ ਸਕੀ ਪਰ ਫਿਰ ਵੀ ਇੰਝ ਲਗਦੈ ਜਿਵੇਂ ਇਹ ਆਪਣਾ ਓਪਰਾ ਪੰਨ ਗੰਵਾ ਬੈਠੇ ਹਨ।

ਅਜੇ ਕਲ ਦੀ ਤਾਂ ਗਲ ਹੈ। ਅਸੀਂ ਸਾਰੇ ਇਨਸਟਰੱਕਟਰ, ਹਿੰਦੁਸਤਾਨੀ ਰੰਗਰੂਟਾਂ ਦੇ ਆਪੋ ਆਪਣੇ ਵਗ ‘ਪਾਸ ਆਊਟ’ ਪਰੇਡ ਵਾਸਤੇ ਲੈ ਕੇ ਜਾ ਰਹੇ ਸਾਂ ਰਸਤੇ ਵਿਚ ਬਹਿਸ ਛਿੜੇ ਪਈ। 'ਜੋ ਕਹਿਣ ਲਗਾ।

"ਇਕ ਹਿੰਦੁਸਤਾਨੀ ਇਕ ਅਛਾ ਬਹਿਰਾ ਅਛਾ ਖਾਨਸਾਮਾਂ ਔਰ ਅਛਾ ਨੌਕਰ ਬੰਣ ਸਕਦਾ ਹੈ। ਜੇ ਉਸਨੂੰ ਠੀਕ ਟਰੇਨਿੰਗ ਦਿੱਤੀ ਜਾਵੇ।"

"ਸ਼ਾਇਦ ਇਕ ਅਛਾ ਸਿਪਾਹੀ " ਮੈਂ ਕਿਹਾ।

"ਨਹੀਂ ਮੇਰੇ ਖ਼ਿਆਲ ਵਿਚ ਇਸਦਾ ਕਰੈਡਿਡ ਉਸ ਨੂੰ ਸਿਪਾਹੀ ਬਣਾਉਣ ਵਾਲਿਆਂ ਨੂੰ ਵਧੇਰੇ ਹੈ।" ਜੋ ਨੇ ਉਤਰ ਦਿਤਾ।

"ਠੀਕ ਹੈ।" ਮੈ ਕਿਹਾ "ਜੇ ਇਹ ਨਾ ਹੁੰਦਾ ਤਾਂ ਸਾਨੂੰ ਵੀ ਕੀ ਲੋੜ ਪਈ ਸੀ ਕਿ ਬਲਾਇਟੀ ਤੋਂ ਇਥੇ ਆਉਂਦੇ।"

"ਹਾਂ ਦੇਖੋ ਨਾ ਕਿਤਨਾਂ ਭੈੜਾ ਦੇਸ਼ ਹੈ।" ' ਜੋ ਬੋਲਿਆ, "ਕਿਸ ਕਦਰ ਗਰਮੀ ਪੈਂਦੀ ਹੈ। ਸੂਰਜ ਤਾ ਇਉਂ ਤਪਦਾ ਹੈ, ਜਿਵੇਂ ਕਲ ਤਪੇਗਾ ਹੀ ਨਹੀਂ ਤੇ ਕਲ ਇਸ ਨਾਲੋਂ ਵੀ ਵਧੀਕ ਤਪਸ਼ ਹੋਵੇਗੀ। ਨਾਲੇ ਧੁੱਪ ਵਿਚ ਇਨ੍ਹਾਂ ਵਹਿਸ਼ੀਆਂ ਨੂੰ ਪਰੇਡ ਕਰਵਾ ਕਰਵਾ ਕੇ ਸਾਡਾ ਤੇ ਇਨ੍ਹਾਂ ਵਾਂਗ ਰੰਗ ਵੀ ਕਾਲਾ ਪੈ ਗਿਆ ਹੈ। ਜੋ ਕਦੀ ਮੈਂ ਹੁਣ ਬਲਾਇਟੀ ਜਾਵਾਂ ਤੇ ਮੇਰੀ ਸਟੈਲਾ ਮੈਨੂੰ ਪਛਾਣ ਵੀ ਨਾ ਸਕੇ।"

"ਤੇ ਸ਼ਾਇਦ ਤੈਨੂੰ ਵਹਿਸ਼ੀ ਸਮਝ ਲਵੇ।" ਮੈਂ ਕਿਹਾ। ਇਸ ਤੋਂ ਸਾਰੇ ਖਿੜ ਖਿੜ ਕਰ ਕੇ ਹਸ ਪਏ।

ਹਾਂ ਸਚ ਐਲਜ਼ਾ ਰੰਗ ਤੇ ਮੇਰਾ ਵੀ ਸੰਵਲਾ ਗਿਆ ਹੈ। ਪਰ ਕੀ ਰੰਗਤ ਬਦਲ ਜਾਣ ਨਾਲ ਮਨੁੱਖ ਵੀ ਬਦਲ ਜਾਂਦਾ ਹੈ। ਸਾਡੀ ਯੂਨਿਟ ਵਿਚ ਇਕ ਦੇਸ਼ੀ ਅਫ਼ਸਰ ਲੈਫਟੀਨੈਂਟ ਸਿੰਘ ਆਇਆ ਹੈ। ਬੜਾ ਬਾਂਕਾ ਜਵਾਨ ਹੈ। ਮੈਂ ਇਹੋ ਜਹੇ ਖੂਬਸੂਰਤ ਹਿੰਦੁਸਤਾਨੀ ਘਟ ਹੀ ਦੇਖੇ ਹਨ।

ਪਹਿਲੋਂ ਪਹਿਲ ਸਾਰੇ ਦੇ ਸਾਰੇ ਅੰਗਰੇਜ਼ ਇਨਸਟਰੱਕਟਰ ਉਸਦੀ ਪਰਵਾਹ ਨਹੀਂ ਸਨ ਕਰਦੇ। ਉਸਨੂੰ ਸਲਾਮ ਤੀਕ ਨਹੀਂ ਸਨ ਕਰਦੇ ਸਗੋਂ ਉਸਨੂੰ ਆਪਣੇ ਤੋਂ ਘਟੀਆ ਜਾਣਦੇ ਸਨ। ਪਰ ਇਹ ਆਦਮੀ ਕਾਫ਼ੀ ਸੂਝਵਾਨ, ਸਮਝਦਾਰ ਤੇ ਦਿਲਚਸਪ ਹੈ। ਹੁਣ ਅੰਗਰੇਜ਼ ਇਨਸਟਰਕਟਰ ਉਸ ਸਬੰਧੀ ਆਪਣਾ ਵਤੀਰਾ ਬਦਲ ਰਹੇ ਹਨ। ਨੁਕਤਾ ਇਹ ਕਢਿਆ ਨੇ "ਕਿ ਸਲਾਮ ਉਸਦੇ ਮੋਢਿਆਂ ਤੇ ਲਗੇ ਪਿਪਸ ਨੂੰ ਕੀਤਾ ਜਾਂਦਾ ਹੈ ਨਾ ਕੇ ਉਸਦੀ ਜ਼ਾਤ ਨੂੰ।"

ਜਦੋਂ ਜੋ ਇਹੋ ਜਹੀਆਂ ਗਲਾਂ ਕਰਨ ਲਗ ਜਾਂਦੇ ਤਾਂ ਮੈਂ ਉਸਨੂੰ ਚੇਤਾਉਣੀ ਦਵਾਂਦਾ ਹਾਂ ਕਿ ਅਸੀਂ ਇਕ ਮਹਾਨ ਜੰਗ ਲੜ ਰਹੇ ਹਾਂ। ਇਹ ਸਾਡੀ ਕੌਮੀ ਲੜਾਈ ਹੈ ਤੇ ਸਾਡੇ ਲਈ ਜ਼ਿੰਦਗੀ ਅਤੇ ਮੌਤ ਜਿੱਡੀ ਮਹੱਤਾ ਰਖਦੀ ਹੈ। ਸਾਨੂੰ ਕਿਸੇ ਗਲੇ ਤੰਗ ਦਿੱਲੀ ਨਹੀਂ ਪਰਗਟ ਕਰਨੀ ਚਾਹੀਦੀ। ਪਰ ਇਸ ਗਲ ਤੇ 'ਜੋ ਹਮੇਸ਼ਾ ਖਿੱਝ ਜਾਂਦਾ ਹੈ ਤੇ ਆਖਦਾ ਹੈ "ਬਾਈ ਗਾਡ ਜੇ ਇਹ ਬਲੱਡੀ ਲੜਾਈ ਨਾ ਲਗੀ ਹੁੰਦੀ ਤੇ ਮੈਂ ਕਦੀ ਇਨ੍ਹਾਂ ਕਾਲਿਆਂ ਕਲੂਟਿਆਂ ਦੀਆਂ ਸ਼ਕਲਾਂ ਵੀ ਨਾ ਵੇਖਦਾ।"

"ਤੇ ਹੁਣ ਕਿਹੜਾ ਮੁੜ ਵੇਖੇਂਗਾ। ਸੁਖ ਨਾਲ ਲੜਾਈ ਦੇ ਮੈਦਾਨ ਵਿਚ ਜਾ ਰਹੇ ਹਨ। ਮਾਂ ਕੋਲ ਨਹੀਂ ਚਲੇ।" ਪਰ ਇਹ ਹਨ ਕਿ ਹਸੂੰ ਹਸੂੰ ਕਰਦੇ ਵਧਦੇ ਤੁਰੇ ਜਾਂਦੇ ਹਨ।

ਮੈਨੂੰ ਇਨ੍ਹਾਂ ਦੀ ਸਾਦਗੀ ਤੇ ਬੜਾ ਹਾਸਾ ਆਉਂਦਾ ਹੈ। ਇਕ ਦਿਨ ਲੈਫਟੀਨੈਟ ਸਿੰਘ ਨੇ ਮੈਨੂੰ ਇਹ ਗਲ ਸੁਣਾਈ ਸੀ। ਇਕ ਬੁੱਢੀ ਹਿੰਦੁਸਤਾਨੀ ਮਾਂ ਆਪਣੇ ਇਕੋ ਇਕ ਜਵਾਨ ਪੁਤਰ ਨੂੰ ਜਿਸਦੀ ਛੁਟੀ ਮੁਕ ਚਲੀ ਸੀ। ਫੌਜ ਵਿਚ ਵਾਪਸ ਭੇਜ ਰਹੀ ਸੀ। ਜਦੋਂ ਮੁੰਡਾ ਜਾਣ ਲਗਾ ਤਾਂ ਮਾਂ ਨੇ ਉਸਨੂੰ ਬੜੇ ਪਿਆਰ ਤੇ ਰੀਝਾਂ ਨਾਲ ਬੰਣਾਈ ਹੋਈ ਇਕ ਖਦਰ ਦੀ ਚਾਦਰ ਦਿੱਤੀ ਕਿ ਪੁਤਰ ਪਰਦੇਸ ਚਲਿਆ ਹੈਂ ਲੈਂਦਾ ਜਾ। ਪੁਤਰ ਨੇ ਆਖਿਆ ਮਾਂ ਫੌਜ ਵਿਚ ਮੈਨੂੰ ਸਭ ਕੁਝ ਮਿਲ ਜਾਂਦਾ ਹੈ। ਮੈਨੂੰ ਇਸਦੀ ਲੋੜ ਨਹੀਂ ਪੈਣੀ। ਪਰ ਮਾਂ ਨੇ ਇਸਰਾਰ ਕਰਦਿਆਂ ਹੋਇਆਂ ਕਿਹਾ "ਕੋਈ ਨਹੀਂ ਪੁੱਤ ਕੋਲ ਹੋਈ ਤਾਂ ਕਦੀ ਕੰਮ ਹੀ ਆਵੇਗੀ। ਹੋਰ ਨ ਹੋਇਆ ਤਾਂ ਜਦੋਂ ਗੋਲੀ ਚਲਣ ਲਗੇ ਤਾਂ ਉਤੇ ਲੈ ਲਈਂ।"

ਲੈਫਟੀਨੈਂਟ ਸਿੰਘ ਇਸ ਗਲ ਨੂੰ ਕਿਸ ਅੰਦਾਜ਼ ਨਾਲ ਸੁਣਾਂਦਾ ਹੈ। ਲੋਕਲ ਐਕਸੈਂਟ ਵਿਚ ਕਹੀ ਹੋਈ ਇਹ ਗਲ ਸੁਣਕੇ B.O.R'S ਹਸਦੇ ਹਨ ਤੇ ਹਿੰਦੁਸਤਾਨੀ ਲੋਕਾਂ ਦੀ ਸਾਦਗੀ ਦਾ ਮਜ਼ਾਕ ਉਡਾਂਦੇ ਹਨ। ਪਰ ਮੈਂ ਸਮਝਦਾ ਹਾਂ ਇਸ ਵਿਚ ਇਨ੍ਹਾਂ ਦੀ ਸਾਦਗੀ ਨਾਲੋਂ ਵੀ ਵਧੇਰੇ, ਮਾਂ ਦੀ ਮਮਤਾ ਦਾ ਜਜ਼ਬਾ ਕੰਮ ਕਰ ਰਿਹੈ ਜੋ ਦੁਸ਼ਮਣ ਦੀਆਂ ਵਰ੍ਹਦੀਆਂ ਗੋਲੀਆਂ ਵਿਚ ਵੀ ਆਪਣੇ ਪਿਆਰੇ ਦੀ ਸਹਾਇਤਾ ਕਰਨ ਦਾ ਹੀਆ ਕਰ ਸਕਦੈ। ਪਿਆਰ ਭਾਵੇਂ ਮਾਂ ਦਾ ਹੋਵੇ ਤੇ ਭਾਵੇਂ ਪਰੀਤਮਾਂ ਦਾ ਇਹ ਇਕ ਐਸੀ ਸ਼ਕਤੀ ਹੈ ਮੇਰੀ ਪਿਆਰੀ ਐਲਜ਼ਾ! ਜਿਸ ਨਾਲ ਭਿਆਨਕ ਬੰਬ ਦੇ ਸੇਕ ਨੂੰ ਸ਼ਾਂਤ ਕੀਤਾ ਜਾ ਸਕਦੈ। ਜਿਸ ਨਾਲ ਮਨੁੱਖ ਮਹਾਂ ਸਮੁੰਦਰਾਂ ਨੂੰ ਹੁੰਗਾਲ ਸਕਦੇ ਤੇ ਪਹਾੜਾਂ ਦਾ ਸੀਨਾ ਚੀਰ ਸਕਦੈ। ਕੀ ਇਹ ਤੇਰਾ ਪਿਆਰ ਨਹੀਂ ਜਿਸਨੂੰ ਸੁਰਜੀਵ ਰਖਣ ਲਈ ਅਜ ਮੈਂ ਸੱਤ ਸਮੁੰਦਰ ਪਾਰ ਆ ਪਹੁੰਚਿਆ ਹਾਂ ਤਾਂ ਕਿ ਤਰੇ ਬੁਲ੍ਹਾਂ ਦੀ ਮੁਸਕਾਨ ਸਦੀਵੀ ਹੋ ਸਕੇ।

ਅਛਾ ਹੁਣ ਦੇਰ ਹੋ ਰਹੀ ਹੈ। ਇਸ ਬਾਰੇ ਤੈਨੂੰ ਫੇਰ ਕਦੀ ਲਿਖਾਂਗਾ। ਘਰ ਦਾ ਸਾਰਾ ਹਾਲ ਵਾਲ ਲਿਖੀ। ਆਪਣੀ ਲੇਟੈਸਟ ਫੋਟੋ ਭੇਜੀਂ।

ਤੇਰਾ ਆਪਣਾ

ਜਾਹਨੀ ਯਾਰਕ
ਸੌਧੇ ਡਰਾਈਵ
ਯਾਰਕ ਸ਼ਾਇਰ
ਯੂ: ਕੇ:
੧ ਨਵੰਬਰ ੧੯੪੪.

ਪਿਆਰੇ ਜਾਹਨੀ।

ਕੁਝ ਸਮੇਂ ਲਈ ਤੈਨੂੰ ਚਿਠੀ ਨਹੀਂ ਪਾਈ। ਐਵੇਂ ਹੀ ਕੁਝ ਕੰਮ ਕਾਜ ਤੇ ਰੁਝੇਵੇਂ ਇਤਨੇ ਰਹੇ ਹਨ ਕਿ ਚਿਠੀ ਲਿਖਣ ਦਾ ਅਵਸਰ ਹੀ ਨਹੀਂ ਲਭ ਸਕੀ। ਤੇਰਾ ਘਲਿਆ ਹੋਇਆ ਇੰਡੀਅਨ ਟੀ ਦਾ ਗਿਫ਼ਟ ਪਾਰਸਲ ਮਿਲ ਗਿਆ ਹੈ। ਹੁਣ ਚਾਹ ਤੇ ਚੀਨੀ ਦੀ ਇਤਨੀ ਘਾਟ ਨਹੀਂ ਪਰਤੀਤ ਹੁੰਦੀ। ਭਾਵੇਂ ਇਨ੍ਹਾਂ ਚੀਜ਼ਾਂ ਦਾ ਅਜੇ ਤੀਕ ਰਾਸ਼ਨ ਹੈ। ਯੈਂਕੀ ਟਰੁਪਸ ਆਪਣੇ ਨਾਲ ਕਈ ਇਕ ਮੋਬਾਈਲ ਕੈਨਟੀਨਜ਼ ਲੈ ਕੇ ਆਏ ਹਨ। ਇਨ੍ਹਾਂ ਨੂੰ ਸਦਾ ਵਕਤ ਸਿਰ ਰਾਸ਼ਨ ਪੁਜ ਜਾਂਦਾ ਹੈ। ਸ਼ਹਿਰ ਵਿਚ ਹਰ ਥਾਵੇਂ ਯੈਂਕੀ ਪੁਜ ਜਾਂਦੇ ਹਨ ਤੇ ਸ਼ਹਿਰ ਵਿਚ ਹਰ ਥਾਵੇਂ ਕੈਂਨਟੀਨਜ਼ ਪੁਜ ਜਾਂਦੀਆਂ ਹਨ। ਤੁਸੀਂ ਇਨ੍ਹਾਂ ਨੂੰ ਇਕ ਵਾਰ ਹੋਸਪੀਟੈਲਿਟੀ ਔਫਰ ਕਰੋ ਤੇ ਇਹ ਅਗੋਂ ਚਾਰ ਵਾਰੀ ਪਰਤਾਂਦੇ ਹਨ। ਸ਼ਹਿਰੀਆਂ ਨਾਲ ਚੰਗਾ ਵਰਤਾ ਕਰਦੇ ਹਨ। ਯੈਂਕੀ ਕਮਾਨ ਅਫ਼ਸਰ ਨੇ ਆਪਣੀ ਯੂਨਿਟ ਵਲੋਂ ਕਲ ਸਾਨੂੰ ਸਾਰਿਆਂ ਨੂੰ ਖਾਣੇ ਦੀ ਦਾਅਵਤ ਦਿੱਤੀ ਹੈ। ਮੈਂ, ਸਟੈਲਾ, ਟਾਮੀ ਵਾਈਟ ਤੇ ਹੋਰ ਸਾਰੇ ਹੋਮ ਗਾਰਡਜ਼ ਕਲ ਦੀਆਂ ਤਿਆਰੀਆਂ ਵਿਚ ਲਗੇ ਹੋਏ ਹਾਂ। ਇਸੇ ਲਈ ਕਾਹਲੀ ਕਾਹਲੀ ਚਿਠੀ ਲਿਖ ਰਹੀ ਹਾਂ। ਓ: ਕੇ: ਗੁਡ ਲੁਕ।

ਤੇਰੀ......

ਐਲਜ਼ਾ।
ਟਰਾਂਜ਼ਿਟ ਕੈਪ ਨੰ: ੧੮੮,
ਕੇਅਰ ਬੇਸ ਪੋਸਟ ਆਫ ਨੰ: ੫੫੫,
ਇੰਡੀਆ।
੧੦ ਨਵੰਬਰ ੧੯੪੪.

ਪਿਆਰੀ ਐਲਜ਼ਾ।

ਇਕ ਮੁੱਦਤ ਬਾਦ ਤੇਰੀ ਚਿਠੀ ਆਈ ਹੈ। ਜਾਪਦਾ ਹੈ ਇਕ ਯੁਗ ਬੀਤ ਗਿਆ ਹੈ। ਪਰ ਸ਼ੁਕਰ ਹੈ ਆਈ ਤਾਂ ਹੈ। ਇਸ ਨਾਲ ਬੇਕਰਾਰ ਦਿਲ ਦੀ ਫੇਰ ਕੁਝ ਧਰਵਾਸ ਬੁਝ ਗਈ ਹੈ। ਯਾਦ ਕਰਨ ਲਈ ਬਹੁਤ ਬਹੁਤ ਧੰਨਵਾਦ।

ਪਰਾਈਮ ਮਨਿਸਟਰ ਚਰਚਲ ਨੇ ਸ਼ਹਿਰੀਆਂ ਦੇ ਨਾਂ ਇਕ ਅਪੀਲ ਜਾਰੀ ਕੀਤੀ ਹੈ, ਸ਼ਾਇਦ ਤੂੰ ਵੀ ਵੇਖੀ ਹੋਵੇਗੀ। ਲੰਡਨ ਬੀ.ਬੀ.ਸੀ. ਤੋਂ ਕਲ ਦੇ ਪਰੋਗਰਾਮ ਵਿਚ ਸਾਨੂੰ ਇਸ ਦਾ ਰੀਕਾਰਡ ਸੁਣਾਇਆ ਗਿਆ। "United we stand & united we win."-- ਇਹ ਸਾਡੀ ਆਪਣੀ ਲੜਾਈ ਹੈ ਤੇ ਅਸੀਂ ਇਸ ਨੂੰ ਸਾਂਝੇ ਰਹਿ ਕੇ ਹੀ ਜਿਤ ਸਕਾਂਗੇ। ਯੈਂਕਸ ਕੋਈ ਓਪਰੇ ਥੋੜੇ ਹੀ ਹਨ। ਇਹ ਸਾਡਾ ਆਪਣਾ ਖ਼ੂਨ ਹਨ। ਵੈਸੇ ਸਰਕਾਰ ਬਰਤਾਨੀਆਂ ਦੀ ਇਹ ਨੀਤੀ ਮੇਰੀ ਸਮਝ ਵਿਚ ਨਹੀਂ ਆ ਸਕੀ। ਇਸ ਵਿਚ ਜ਼ਰੂਰ ਕੋਈ ਭੇਤ ਹੋਵੇਗਾ। ਅਸੀਂ ਘਰੋਂ ਬੇਘਰ ਹੋ ਕੇ ਲੜੀਏ ਤੇ ਸਾਡੇ ਘਰ ਦੀ ਰਖਵਾਲੀ ਲਈ ਯੈਂਕਸ ਭੇਜੇ ਜਾਣ।

ਕਲ 'ਜੋ' ਨੂੰ ਸਟੈਲਾ ਦੀ ਚਿਠੀ ਮਿਲੀ ਹੈ, ਤਾਂ ਸਾਨੂੰ ਇਹ ਗਲ ਪਤਾ ਲਗੀ ਹੈ ਕਿ ਯੈਂਕੀ ਟਰੁਪਸ ਬਲਾਇਟੀ ਵਿਚ ਆ ਗਏ ਹਨ। ਉਸ ਨੇ ਉਨ੍ਹਾਂ ਦੀਆਂ ਕੁਝ ਇਹੋ ਜਿਹੀਆਂ ਹਰਕਤਾਂ ਵੀ ਲਿਖੀਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਸਾਨੂੰ ਬਹੁਤ ਨਿਰਾਸਤਾ ਹੋਈ ਹੈ। ਕਿਤਨੀ ਬੁਰੀ ਗਲ ਹੈ, ਸਟੈਲਾ ਲਿਖਦੀ ਹੈ, ਯੈਂਕੀ ਸਿਪਾਹੀ ਸਾਡੇ ਸਿਪਾਹੀਆਂ ਨਾਲੋਂ ਵਧੇਰੇ ਤਨਖ਼ਾਹ ਲੈਂਦੇ ਹਨ। ਉਨ੍ਹਾਂ ਦੀ ਵਰਦੀ ਸਾਡੇ ਸਿਪਾਹੀਆਂ ਨਾਲੋਂ ਵਧੇਰੇ ਸੁੰਦਰ ਹੁੰਦੀ ਹੈ ਤੇ ਇਸ ਤੋਂ ਵੀ ਵਧੀਕ ਇਹ ਕਿ ਉਹ ਵਧੇਰੇ ਮਿਲਨਸਾਰ ਸੁਨੱਖੇ ਤੇ ਹਸਮੁਖ ਹੁੰਦੇ ਹਨ। ਜਦੋਂ ‘ਜੋ ਇਹ ਚਿੱਠੀ ਪੜ੍ਹ ਰਿਹਾ ਸੀ. ਉਸ ਵੇਲੇ ਸਾਰੀ ਬਾਰਕ ਇਹ ਕੋਰਸ ਗਾਉਣ ਲਗ ਪਈ, "ਸ਼ੀ ਲਵਜ਼ ਮੀਂ ਨੌ ਮੌਰ" (ਹੁਣ ਉਹ ਮੈਨੂੰ ਪਿਆਰਦੀ ਨਹੀਂ)। ਵਿਚਾਰ ਜੋ। ਉਸ ਦਾ ਦਿਲ ਟੁਟ ਗਿਆ ਹੈ। ਕਾਸ਼! ਤੂੰ ਯੈਂਕੀ ਕਮਾਨ ਅਫ਼ਸਰ ਦੀ ਦਾਅਵਤ ਤੇ ਨਾ ਗਈ ਹੁੰਦੀ।

ਪਰ ਇਹ ਕਿਤਨੀ ਬੁਰੀ ਗਲ ਹੈ ਐਲਜ਼ਾ! ਕੀ ਬਰਿਟਨ ਦਾ ਬੁਲ ਡਾਗ ਆਪਣੀ ਚੌਕੀਦਾਰੀ ਆਪ ਨਹੀਂ ਕਰ ਸਕਦਾ? ਇਨਾਂ ਸੌਹਰਿਆਂ ਯੈਂਕੀਆਂ ਨੇ ਕੀ ਚੌਕੀਦਾਰੀ ਕਰਨੀ ਹੈ। ਐਸ਼ ਕਰਨਗੇ ਐਸ਼। ਇਸ ਮਾਮਲੇ ਵਿਚ ਇਹ ਤਾਂ ਸਾਡੇ ਤੋਂ ਵੀ ਇਕ ਕਦਮ ਅਗੇ ਹਨ। ਉਸ ਦਿਨ ‘ਜੋ’ ਇਕ ਗਲ ਮੈਨੂੰ ਸੁਣਾ ਰਿਹਾ ਸੀ। ਕਿ ਯੈਂਕਸ ਦਾ ਇਕ ਸਕੁਐਡ ਸੀ ਕਿਧਰੇ ਵੈਸਟਰਨ ਫਰੰਟ ਤੇ ਇਕ ਥਾਵੇਂ। ਜਰਮਨਾਂ ਨੇ ਹਵਾਈ ਹੱਲਾ ਕੀਤਾ ਤਾਂ ਅਲਾਰਮ ਸਾਇਰਨ ਵਜਾਇਆ ਗਿਆ। ਜਿਸ ਵੇਲੇ ਜਰਮਨੀ. ਦੇ ਹਵਾਈ ਜਹਾਜ਼ ਆਕਾਸ਼ ਤੇ ਚਾਰੇ ਪਾਸੇ ਉਨ੍ਹਾਂ ਦਿਆ ਹਾਂ ਤੇ ਮੰਡਲਾ ਰਹੇ ਸਨ ਤਾਂ ਸਾਰੇ ਦੇ ਸਾਰੇ ਯੈਂਕ ਮਸਤ ਸ਼ਰਾਬੀ ਬਣੇ ਚੀਖ਼ ਰਹੇ ਸਨ।

"ਗਾਡ ਡੈਮ ਦੀਜ਼ ਜੈਰੀਜ਼! ਵਟ ਅਬਾਊਟ ਮਾਈ ਵਿਮੈਨ ਹੇ॥ ਬਟ ਅਬਾਉਟ ਮਾਈ ਵਾਈਨ ਹੇ!!!-- (ਰਬ ਗਾਰਤ ਕਰੇ ਇਨ੍ਹਾਂ ਜਰਮਨਾਂ ਨੂੰ। ਮੈਂ ਕਿਹਾ ਮੇਰੀ ਕੁੜੀ ਕੀ ਹੋਈ। ਮੇਰੀ ਸ਼ਰਾਬ ਕਿਥੇ ਗਈ)।

ਤੇ ਇਤਨੇ ਵਿਚ ਜ਼ੋਰ ਜ਼ੋਰ ਦੇ ਧਮਾਕੇ ਹੋਏ। ਫੇਰ ਸਾਰੇ ਦੀ ਸਾਰੀ ਫਿਜ਼ਾ ਖ਼ਾਮੋਸ਼ ਹੋ ਗਈ। ਨਾਜ਼ੀ ਹਵਾਈ ਜਹਾਜ਼ ਉਡਦੇ ਹੋਏ ਦੁਰ ਚਲੇ ਗਏ। ਧਰਤੀ ਤੇ ਵਡੇ ਵਡੇ ਡੂੰਘੇ ਟੋਏ ਬਣ ਗਏ ਤੇ ਇਨ੍ਹਾਂ ਟੋਇਆਂ ਵਿਚ ਹੀ ਸਾਰੇ ਦੇ ਸਾਰੇ ਯੈਂਕੀ ਪੂਰੇ ਗਏ। ਦੂਜੇ ਦਿਨ ਇਤਹਾਦੀ ਅਖਬਾਰਾਂ ਵਿਚ ਉਨ੍ਹਾਂ ਦੀ ਬਹਾਦਰੀ ਦੀ ਤਾਰੀਫ਼ ਕੀਤੀ ਗਈ। ਉਨ੍ਹਾਂ ਦੀ ਦਰਿੜਤਾ ਦੇ ਪੁਲ ਬੰਨੇ ਗਏ। ਸਾਰੀ ਕੌਮ ਨੇ ਉਨ੍ਹਾਂ ਦੀ ਸਰਾਹਨਾਂ ਕੀਤੀ। "ਦੇ ਡਾਈਡ ਵਿਦ ਦੇਅਰ ਬਟਸ ਆਨ" (ਉਹ ਸਣੇ ਬੂਟਾਂ ਦੇ ਮਰ ਗਏ ਅਰਥਾਤ ਉਹ ਆਪਣੀ ਡਿਊਡੀ ਤੇ ਲੜਦੇ ਲੜਦੇ ਸ਼ਹੀਦ ਹੋ ਗਏ)।

ਮੈਂ ਕਿਹਾ, "ਇਸ ਸੁਰਖੀ ਦਾ ਥਾਵੇਂ ਉਨ੍ਹਾਂ ਨੂੰ ਲਿਖਣਾ ਚਾਹੀਦਾ ਸੀ "ਦੇ ਡਾਈਡ ਵਿਦ ਦੇਅਰ ਵਾਈਨ ਐਂਡ ਵਿਮੈਨ।" (ਉਹ ਸਣੇ ਸ਼ਰਾਬ ਤੇ ਔਰਤਾਂ ਦੇ ਮਰ ਗਏ।)

ਪਰ ਸ਼ਾਇਦ ਫੌਜੀ ਇਸ਼ਾਰਿਆਂ ਦੀ ਜ਼ੁਬਾਨ ਵਿਚ ਚਿਨਾਤਮਕ ਬੋਲ ਕੁਝ ਹੋਰ ਹੀ ਅਰਥ ਰਖਦੇ ਹਨ। ਤੂੰ ਇਸ ਗੁੱਥੀ ਨੂੰ ਸੁਲਝਾ ਨਹੀਂ ਸਕੇਂਗੀ। ਨਾਲੇ ਮੈਂ ਤੇਰਾ ਸਮਾਂ ਫਾਲਤੂ ਗੱਲਾਂ ਵਿਚ ਕਾਹਨੂੰ ਨਸ਼ਟ ਕਰਾਂ। ਮੈਂ ਤੈਨੂੰ ਇਹ ਦਸ ਦੇਣਾ ਚਾਹੁੰਦਾ ਹਾਂ ਕਿ ਹੁਣ ਮੇਰੀ ਯੂਨਿਟ ਟਰੇਨਿੰਗ ਯੂਨਿਟ ਨਹੀਂ ਰਹੀ। ਉਹ ਐਕਟਿਵ ਯੂਨਿਟ ਹੈ ਤੇ ਅਸੀਂ ਬਰਮਾਂ ਵਿਚ ਸਰਕਾਰ ਬਰਤਾਨੀਆਂ ਦੇ ਗਵਾਚੇ ਹੋਏ ਵੱਕਾਰ ਨੂੰ ਮੁੜ ਸੁਰਜੀਵ ਕਰਨ ਲਈ ਅਗੇ ਵਧ ਰਹੇ ਹਾਂ। ਇਹ ਸਾਡੇ ਲਈ ਇਕ ਕੌਮੀ ਜੰਗ ਹੈ ਇਕ ਮੁਕੱਦਸ ਜੰਗ। ਈਸਾ ਮਸੀਹ ਸਾਨੂੰ ਬੱਲ ਬਖ਼ਸ਼ੇ।

ਤੇਰਾ ਜੋਹਨੀ

******

(ਸ)

ਇਹ ਇਕ ਪਿੰਡ ਦੀ ਕਹਾਣੀ ਹੈ। ਸੀਗਾਂਗ ਦੀ ਕਹਾਣੀ। ਸੀਗਾਂਗ ਜੋ ਕਦੀ ਬਰਮਾਂ ਦਾ ਇਕ ਸ਼ਾਨਦਾਰ ਪਿੰਡ ਸੀ। ਬਾਂਸ ਬੇਲ ਤੇ ਪਪੀਤੇ ਦਿਆਂ ਝੁੰਡਾਂ ਵਿਚ ਘਿਰਿਆ ਹੋਇਆ, ਸ਼ਾਂਤ ਤੇ ਇਕਾਂਤ ਵਾਯੂ ਮੰਡਲ ਵਿਚ ਗੜੁੰਦ, ਲੜਾਈ ਤੋਂ ਪਹਿਲੇ ਬਰਮਾਂ ਦਾ ਇਕ ਤਿਜਾਰਤੀ ਪਿੰਡ। ਇਹ ਧਾਨ ਤੇ ਮੱਛੀ ਦੀ ਤਿਜਾਰਤ ਲਈ ਪਰਸਿਧ ਸੀ। ਪਿੰਡ ਦੇ ਇਕ ਬਨੇ ਦਰਿਆ ਵਗਦਾ ਹੈ। ਦਰਿਆ ਦੇ ਕਿਨਾਰੇ ਪੈਗੋਡਾ ਸੀ। ਮਹਾਤਮਾ ਬੁਧ ਦਾ ਨਿਵਾਸ ਅਸਥਾਨ। ਉਸ ਦੇ ਨਾਲ ਕਰ ਕੇ ਬਚਿਆਂ ਦਾ ਸਕੂਲ ਸੀ। ਜਿਥੇ ਬਚੇ ਸਨ, ਹੰਸੂ ਹੰਸੂ ਕਰਦੇ ਭੋਲੇ ਭਾਲੇ ਬਚੇ। ਮਿੱਠੀਆਂ ਤੇ ਤੋਤਲੀਆਂ ਗੱਲਾਂ ਕਰਨ ਵਾਲੇ ਬੱਚੇ। ਇਸ ਤੋਂ ਜ਼ਰਾ ਕੁ ਹਟ ਕੇ ਪਿੰਡ ਦੀ ਆਬਾਦੀ ਸ਼ੁਰੂ ਹੋ ਜਾਂਦੀ ਸੀ। ਰੰਗ ਬਰੰਗੇ ਪੇਂਟ ਕੀਤੇ ਹੋਏ ਲਕੜ ਦੇ ਮਕਾਨ ਸਨ ਜਿੰਨਾਂ ਵਿਚ ਅਮਨ ਪਸੰਦ ਸ਼ਹਿਰੀ ਰਹਿੰਦੇ ਸਨ। ਇਨ੍ਹਾਂ ਵਿਚ ਇਸਤਰੀਆਂ ਸਨ ਜਿਹੜੀਆਂ ਕੰਮ ਕਾਜ ਕਰਦੀਆਂ ਸਨ। ਬਚਿਆਂ, ਭਰਾਵਾਂ, ਪਤੀਆਂ ਤੇ ਰਿਸ਼ਤੇਦਾਰਾਂ ਦੀ ਦੇਖ ਭਾਲ ਕਰਦੀਆਂ ਸਨ। ਫੇਰ ਧਾਨ ਦਿਆਂ ਖੇਤਾਂ ਵਿਚ ਦਿਨ ਭਰ ਲਤ ਪਤ ਰਹਿਣ ਵਾਲੇ ਜਵਾਨ ਗੱਭਰੂ ਸਨ। ਸੁਹਿਰਦ ਮਿਤਰ ਸਨ। ਵਡੇ ਬਜ਼ੁਰਗ ਸਨ। ਜੋ ਪਾਈਪ ਵਿਚ ਤਮਾਕੂ ਪੀਂਦੇ ਸਨ। ਅਫ਼ੀਮ ਖਾ ਕੇ ਲੰਮੀਆਂ ਸੋਚਾਂ ਸੋਚਦੇ ਸਨ। ਆਏ ਗਏ ਮਹਿਮਾਨ ਦੀ ਖਾਤਰ ਕਰਨ ਲਈ ‘ਨੱਪੀ’ ਤੇ ਘਰ ਦੀ ਕਢੀ ਹੋਈ ਸ਼ਰਾਬ ਦਿਲ ਖੋਲ੍ਹ ਕੇ ਦਿੰਦੇ ਸਨ। ਉਦੋਂ ਜਿਵੇਂ ਇਸ ਪਿੰਡ ਵਿਚ ਜ਼ਿੰਦਗੀ ਤੋਂ ਖੇੜਾ ਰਾਜ ਕਰਦੇ ਸਨ।

ਪਰ ਅਜ ਜਾਪਦਾ ਹੈ ਜਿਵੇਂ ਇਸ ਪਿੰਡ ਤੋਂ ਮੌਤ ਦਾ ਰਾਜ ਹੈ। ਉਹ ਹੰਸੂ ਹੰਸੂ ਕਰਦੇ ਚਿਹਰੇ ਪਤਾ ਨਹੀਂ ਕਿਥੇ ਅਲੋਪ ਹੋ ਗਏ ਹਨ। ਉਹ ਅਮਨ ਪਸੰਦ ਸ਼ਹਿਰੀ ਪਤਾ ਨਹੀਂ ਕਿਧਰ ਤੁਰ ਗਏ ਹਨ। ਮੌਤ ਦੇ ਫਰਿਸ਼ਤੇ ਹਰ ਪਾਸੇ ਪਰ ਫੈਲਾਈ ਪਸਰ ਗਏ ਜਾਪਦੇ ਹਨ। ਬਾਂਸ, ਬੇਲ ਤੇ ਪਪੀਤੇ ਦਿਆਂ ਝੁੰਡਾਂ ਵਿਚੋਂ ਜਦੋਂ ਸਾਂ ਸਾਂ ਕਰ ਕੇ ਹਵਾ ਲੰਗਦੀ ਹੈ ਤਾਂ ਇਉਂ ਪਰਤੀਤ ਹੁੰਦਾ ਹੈ ਜਿਵੇਂ ਕੋਈ ਡੂੰਘੇ ਵੈਣ ਛੋਹ ਬੈਠੀ ਹੈ। ਕਹਿੰਦੇ ਹਨ ਇਸ ਥਾਵੇਂ ਇਤਹਾਦੀ ਫੌਜਾਂ ਤੇ ਜਾਪਾਨ ਦੀ ਸੈਨਾ ਵਿਚਕਾਰ ਬੜੀ ਭਿਆਨਕ ਲੜਾਈ ਹੋਈ ਸੀ। ਫੇਰ ਜਾਪਾਨੀ ਸੈਨਾ ਪਿਛੇ ਹਟ ਗਈ। ਫੇਰ ਇਤਹਾਦੀ ਫੌਜ ਦਾ ਇਸ ਪਿੰਡ ਤੇ ਕਬਜ਼ਾ ਹੋ ਗਿਆ। ਅਜ ਕਲ ਇਹ ਇਕ ਪਰਸਿਧ ਫੌਜੀ ਛਾਉਣੀ ਹੈ। ਇਤਹਾਦੀ ਸੈਨਾ ਦੇ ਟਰੱਕ, ਜੀਪਾਂ, ਟੈਂਕ, ਗਨ ਮਸ਼ੀਨਾਂ, ਆਰਮਰਡ ਕਾਰਾਂ, ਵਡੇ ਬੁਲ ਡੋਜ਼ਰ, ਹਵਾਈ ਜਹਾਜ਼ ਜਿੰਨਾਂ ਵਿਚ ਬੰਬਰ ਹਨ, ਲੜਾਕੇ ਹਨ। ਟਰੁਪਸ ਤੇ ਗੁਡਜ਼ ਕੈਰੀਅਰਜ਼ ਹਨ, ਸਭ ਏਥੇ ਰਾਜ ਕਰਦੇ ਹਨ। ਇਨ੍ਹਾਂ ਦੀਆਂ ਗਰਜਦਾਰ ਅਵਾਜ਼ਾਂ ਦਿਨ ਰਾਤ, ਭਿਆਨਕ ਦੇਵਾਂ ਵਾਂਗ ਸੀਗਾਂਗ ਦੀ ਫਿਜ਼ਾ ਵਿਚ ਗੁੰਜਦੀਆਂ ਰਹਿੰਦੀਆਂ ਹਨ। ਚੁੜੇਲਾਂ ਦੀਆਂ ਚੀਕਾਂ ਵਾਂਗ, ਹਵਾਈ ਹਮਲੇ ਦਾ ਸਾਇਰਨ ਦਿਨ ਵਿਚ ਕਈ ਕਈ ਵਾਰੀ ਵਾਯੂ ਮੰਡਲ ਵਿਚ ਗੂੰਜ ਉਠਦਾ ਹੈ। ਇਕ ਅਜਬ ਬੇਰਹਿਮੀ ਭਰੀ ਨਿਰਾਸਤਾ ਇਸ ਪਿੰਡ ਵਿਚ ਹਰ ਪਾਸੇ ਪਸਰ ਗਈ ਜਾਪਦੀ ਹੈ। ਕੋਈ ਕਿਸੇ ਦੀ ਨਹੀਂ ਸੁਣਦਾ। ਕੋਈ ਕਿਸੇ ਨੂੰ ਨਹੀਂ ਜਾਣਦਾ।

ਅਜ ਕਈ ਦਿਨਾਂ ਤੋਂ ਇਸੇ ਬਾਵੇਂ ਹੀ ਜਾਹਨੀ, ਜੋ ਤੇ ਲੈਫ਼ਟੀਨੈਂਟ ਸਿੰਘ ਦੀ ਰਜਮੈਂਟ ਛਾਉਣੀ ਪਾ ਕੇ ਬੈਠੀ ਹੈ। ਇਨ੍ਹਾਂ ਕਈ ਦਿਨਾਂ ਦਾ ਵੇਰਵਾ ਵੀ ਬੜਾ ਅਜੀਬ ਹੈ। ਪਹਿਲੇ ਦਿਨ ਜਦੋਂ ਓ ਆਏ ਤਾਂ ਉਨ੍ਹਾਂ ਨੇ ਹਰ ਥਾਵੇਂ ਮੈਦਾਨ ਵਿਚ ਟਰੈਂਚਾ ਪੁਟਣੀਆਂ ਸ਼ੁਰੂ ਕਰ ਦਿਤੀਆਂ। ਲੰਮੀਆਂ ਡੂੰਘੀਆਂ ਸਿਧੀਆਂ ਟੇਢੀਆਂ ਖਾਈਆਂ। ਹਰ ਇਕ ਸਿਪਾਹੀ ਨੇ ਆਪਣੀ ਟਰੈਂਚ ਆਪ ਬਣਾਈ ਸੀ। "ਇਹ ਡੂੰਘੀ ਖਾਈ ਬਚਾ ਲਈ ਬੜੀ ਜ਼ਰੂਰੀ ਹੈ" ਕਿਸੇ ਨੇ ਕਿਹਾ।

"ਹਾਂ ਲੋੜ ਪੈਣ ਤੇ ਇਹੋ ਹੀ ਕਬਰ ਦਾ ਕੰਮ ਵੀ ਦੇ ਸਕਦੀ ਹੈ।"

ਦੂਜਾ ਦਿਨ ਟੈਂਟ ਗਡਣ ਵਿਚ ਲਗ ਗਿਆ। ਤੀਜੇ ਦਿਨ ਝਾੜੀਆਂ ਤੇ ਦਰਖ਼ਤਾਂ ਦੀਆਂ ਟਹਿਣੀਆਂ ਕਟ ਕੇ ਤੰਬੂਆਂ ਦੇ ਉਪਰ ਵਿਛਾਈਆਂ ਗਈਆਂ ਤਾਂ ਜੋ ਅਕਾਸ਼ ਵਿਚ ਉਡਦੇ ਹਵਾਈ ਜਹਾਜ਼ ਇਨ੍ਹਾਂ ਨੂੰ ਵੇਖ ਨ ਸਕਣ। ਤੇ ਹੁਣ ਉਹ ਕੁਝ ਪੈਰ ਜਮਾ ਕੇ ਟਿਕ ਗਏ ਹਨ। ਉਨ੍ਹਾਂ ਦੀ ਯੂਨਿਟ ਦੇ ਤਿੰਨ ਭਾਗ ਹਨ। ਜਾਂ ਇਉਂ ਕਹੀਏ ਕਿ ਉਨ੍ਹਾਂ ਦੀ ਯੂਨਿਟ ਤਿੰਨ ਥਾਵੇਂ ਵੰਡੀ ਰਹਿੰਦੀ ਹੈ। ਇਕ ਭਾਗ ਜੋ ਐਡਵਾਂਸ ਪਾਰਟੀ ਦੇ ਰੂਪ ਵਿਚ ਤਿੰਨਾਂ ਦਿਨਾਂ ਲਈ ਮੁਹਰਲੇ ਮੁਹਾਜ਼ ਦਾ ਦੌਰਾ ਕਰਦਾ ਹੈ। ਦੂਜਾ ਭਾਗ ਜੋ ਕੈਂਪ ਦੀ ਡੀਫੈਂਸ ਲਈ ਤਿੰਨ ਦਿਨ ਪਹਿਰਾ ਦਿੰਦਾ ਹੈ ਤੇ ਤੀਜਾ ਭਾਗ ਜੋ ਇਹ ਛੇ ਦਿਨ ਮੁਕਾਣ ਪਿਛੋਂ ਸਤਵੇਂ ਦਿਨ ਰੈਸਟ ਲੈਂਦਾ ਹੈ। ਇਹ ਰੈਸਟ ਲੈਣ ਵਾਲਾ ਦਿਨ ਵੀ ਬੜਾ ਅਜੀਬ ਹੈ। ਜਦੋਂ ਕਦੀ ‘ਜੋ’ ਤੇ ‘ਜਾਹਨੀਂ’ ਦਾ ਰੈਸਟ ਇਕੱਠਾ ਆ ਜਾਂਦਾ ਹੈ। ਤਾਂ ਖ਼ੂਬ ਮੌਜ ਲਗ ਜਾਂਦੀ ਹੈ। ਹੱਸਦਿਆਂ ਹੱਸਦਿਆਂ 'ਜਾਹਨੀਂ' ਆਪਣੀਆਂ ਮੁੱਛਾਂ ਤੇ ਹਥ ਫੇਰਦਾ ਹੈ ਤੇ 'ਜੋਂ ਕਹਿੰਦਾ ਹੈ,

"ਜਾਹਨੀ! ਅਸਲ ਵਿਚ ਤੇਰੀ ਸਾਖ ਤਾਂ ਤੇਰੀਆਂ ਮੁੱਛਾਂ ਨਾਲ ਕਾਇਮ ਹੈ।"

"ਜੀ ਹਾਂ ਚਾਰਲੀ ਚਪਲਨ ਸਾਹਿਬ।"

"ਮੈਂ ਕਿਹਾ ਲੋਕੀ ਦਿਲ ਨਾਲ ਦਿਲ ਵਟਾਂਦੇ ਹਨ ਤੂੰ ਮੇਰੇਆਂ ਮੁੱਛਾਂ ਨਾਲ ਮੁੱਛਾਂ ਹੀ ਵਟਾਂ ਲੈ।" 'ਜੋ ਹਸ ਕੇ ਕਹਿੰਦਾ ਹੈ।

"ਗਿਠੇ ਸਾਰਜੰਟ ਸਾਹਿਬ ਜ਼ਰਾ ਆਪਣੇ ਨਾਟੇ ਕਦ ਦਾ ਵੀ ਖ਼ਿਆਲ ਕਰ ਲੈਣਾ। ਉਹ ਨ ਹੋਵੇ ਕਿ ਜਨਾਬ ਦੀ ਆਪਣੀ ਲੰਬਾਈ ਨਾਲੋਂ ਮੁੱਛਾਂ ਦੀ ਲੰਬਾਈ ਵਧ ਜਾਵੇ।" ਜਾਹਨੀ ਉਤਰ ਦੇਂਦਾ ਹੈ। ਇਕ ਭਰਪੂਰ ਹਾਸੀ ਸਾਰੇ ਪਾਸੇ ਫੈਲ ਜਾਂਦੀ ਹੈ। ਹਰ ਕੋਈ ਹਸਦਾ ਦਿਸਦਾ ਹੈ। ਫੇਰ ਹੌਲੀ ਹੌਲੀ ਮਜ਼ਾਕ ਵਧੇਰੇ ਲਚੱਰ ਬੰਨਦਾ ਜਾਂਦਾ ਹੈ। ਸਾਰੇ ਦਾ ਸਾਰਾ ਕੈਂਪ ਇਸ ਮਜ਼ਾਕ ਵਿਚ ਹਿੱਸਾ ਲੈਂਦਾ ਪਰਤੀਤ ਹੁੰਦਾ ਹੈ। ਹਰ ਇਕ ਗੋਰਾ ਸਿਪਾਹੀ ਵਾਰੋ ਵਾਰੀ ਇਕ ਲਚੱਰ ਗਲ ਸੁਣਾਂਦਾ ਹੈ। ਇਸ ਤਰ੍ਹਾਂ 'ਰੈਸਟ ਡੇ' ਮੁਕ ਜਾਂਦਾ ਹੈ। ਸ਼ਾਮ ਨੂੰ ਰਜ ਕੇ ਸ਼ਰਾਬ ਪੀਤੀ ਜਾਂਦੀ ਹੈ ਤੇ ਕੋਰਸ ਗਾਏ ਜਾਂਦੇ ਹਨ। ਇਹ ਕੋਰਸ ਲੜਾਈ ਦੇ ਮੈਦਾਨ ਤੋਂ ਸ਼ੁਰੂ ਹੁੰਦੇ ਹਨ ਤੇ 'ਹੋਮ ਸਵੀਟ ਕੌਮ' ਤੇ ਜਾ ਕੇ ਮੁਕਦੇ ਹਨ। ਇਨ੍ਹਾਂ ਵਿਚ ਖੀਵੇ ਹੋ ਕੇ ਗੋਰੇ ਸਿਪਾਹੀ ਕੁਝ ਦੇਰ ਲਈ ਜੰਗ ਦੀ ਪੀੜ ਨੂੰ ਭੁੱਲ ਜਾਂਦੇ ਹਨ। ਇਸੇ ਸ਼ਾਮ ਨੂੰ ‘ਜਾਹਨੀਂ' ਆਪਣੀ ਐਲਜ਼ਾ ਨੂੰ ਖ਼ਤ ਲਿਖਿਆ ਕਰਦਾ ਹੈ। 'ਜੋ ਆਪਣੀ ਸਟੈਲਾ ਦੀ ਤਸਵੀਰ ਨੂੰ ਸਾਹਮਣੇ ਰੱਖ ਕੇ ਲੰਮੇ ਹੌਕੇ ਭਰਦਾ ਹੈ। ਕਦੀ ਜਰਮਨਾਂ ਨੂੰ ਗਾਲ੍ਹਾਂ ਕਢਦਾ ਹੈ ਜਿਨ੍ਹਾਂ ਨੇ ਜੰਗ ਸ਼ੁਰੂ ਕੀਤੀ ਸੀ ਤੇ ਕਦੀ ਜਾਪਾਨੀਆਂ ਨੂੰ ਜੋ ਜੰਗ ਮੁਕਣ ਨਹੀਂ ਦਿੰਦੇ।

ਪਰ ਕਦੀ ਕਦੀ ਹੋਰ ਹੀ ਠਾਠ ਹੁੰਦੇ ਹਨ। ਦੁਪਹਿਰ ਨੂੰ ਜਦੋਂ ਸਾਰੇ ਜਣੇ ਲੱਚਰ ਮਜ਼ਾਕ ਉਡਾ ਰਹੇ ਹੁੰਦੇ ਹਨ ਅਚਾਨਕ ਹੀ ਫਰੰਟ ਵਲੋਂ ਕੋਈ ਘੂੰ ਘੂੰ ਕਰਦੀ ਹੋਈ ਜੀਪ ਆਂਦੀ ਦਿਖਾਈ ਦੇਂਦੀ ਹੈ। ਉਸਦੇ ਪਿਛੇ ਇਕ ਬੰਦ ਆਰਮਰਡ ਕਾਰ ਹੁੰਦੀ ਹੈ। ਦੋਵੇਂ ਗਡੀਆਂ ਕੈਂਪ ਕੋਲ ਆ ਕੇ ਰੁਕ ਜਾਂਦੀਆਂ ਹਨ। ਜੀਪ ਵਿਚੋਂ ਕੋਈ ਗੋਰਾ ਸੈਨਕ ਜੋ ਐਡਵਾਂਸ ਪਾਰਟੀ ਨਾਲ ਗਸ਼ਤ ਕਰਕੇ ਆਇਆ ਹੁੰਦਾ ਹੈ। ਬਾਹਰ ਕੁਦਦਾ ਹੈ। ਸਾਰੇ ਦਾ ਸਾਰਾ ਕੈਂਪ ਉਸਨੂੰ ਵੇਖਣ ਲਈ ਰੁਕ ਜਾਂਦਾ ਹੈ। ਉਹ ਉਨ੍ਹਾਂ ਵਲ ਵੇਖ ਕੇ ਮੁਸਕਰਾਉਂਦਾ ਹੈ ਜਿਵੇਂ ਉਨ੍ਹਾਂ ਦੇ ਮੰਨ ਦੇ ਭਾਵਾਂ ਤੋਂ ਜਾਣੂ ਹੋਵੇ। ਫਿਰ ਉਹ ਇਕ ਸ਼ਾਨ ਭਰੀ ਨਜ਼ਾਕਤ ਨਾਲ ਆਪਣੇ ਨਾਲ ਲਿਆਂਦੀ ਆਰਮਡ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਚੀਖ਼ਦਾ ਹੈ। "ਦੋਸਤੋ ਪੈਟਰੋਲ ਪਾਰਟੀ ਦਾ ਤੁਹਾਡੇ ਲਈ ਤੁਹਫ਼ਾ।" ਸਾਰੇ ਜਣੇ ਭਾਵ ਪੂਰਤ ਨਜ਼ਰਾਂ ਨਾਲ ਆਰਮਰਡ ਕਾਰ ਦੇ ਦਰਵਾਜ਼ੇ ਵਲ ਵੇਖਣ ਲਗ ਜਾਂਦੇ ਹਨ, ਜੋ ਪਹਿਲਾਂ ਵਾਂਗ ਸੁੰਨ ਮਸੁੰਨੀ ਤੇ ਵੀਰਾਨ ਜਾਪਦੀ ਹੈ। ਫੇਰ ਉਹ ਗੱਡੀ ਦੇ ਅੰਦਰ ਝਾਤੀ ਮਾਰ ਕੇ ਵੇਖਦਾ ਹੈ ਤੇ ਅੰਦਰ ਚਲਾ ਜਾਂਦਾ ਹੈ। ਥੋੜੀ ਦੇਰ ਲਈ ਅੰਦਰੋਂ ਅਜੀਬ ਜਹੀਆਂ ਆਵਾਜ਼ਾਂ ਆਂਦੀਆਂ ਰਹਿੰਦੀਆਂ ਹਨ, ਜਿਵੇਂ ਕੋਈ ਸਿਸਕ ਸਿਸਕ ਕੇ ਵਿਚੋ ਵਿਚ ਰੋ ਰਿਹਾ ਹੋਵੇ। ਜਿਵੇਂ ਕੋਈ ਘੋਲ ਕਰ ਰਿਹਾ ਹੋਵੇ। ਜਾਂ ਕਦੀ ਕਦੀ ਤਾੜ ਕਰਦੀ ਚਪੇੜ ਦੀ ਆਵਾਜ਼ ਵੀ ਲੋਹੇ ਦੀ ਬਕਤਰ ਬੰਦ ਗੱਡੀ ਵਿਚੋਂ ਨਿਕਲਦੀ ਸੁਣਾਈ ਦੇਂਦੀ ਹੈ। ਫੇਰ ਗੋਰੇ ਸੈਨਕ ਦੀ ਗਰਜਦਾਰ ਆਵਾਜ਼ ਫਿਜ਼ਾ ਵਿਚ ਗੂੰਜਦੀ ਹੈ।"

"ਹਰਾਮਜਾਦੀ! ਗਡੀ ਵਿਚ ਇਸ ਤਰ੍ਹਾਂ ਬਹਿ ਗਈ ਹੈ ਜਿਵੇਂ ਪਿਉ ਦੀ ਜ਼ਰ ਖ਼ਰੀਦ ਹੁੰਦੀ ਸੂ। ਚਲ ਬਾਹਰ ਨਿਕਲ।"

ਇਕ ਪਲ ਲਈ ਇਕ ਧੁੰਦਲਾ ਜਿਹਾ ਪਰਛਾਵਾਂ ਬਾਹਰ ਝਾਕਦਾ ਹੈ। ਬੇਸ਼ੁਮਾਰ ਗੋਰੇ ਸੈਨਕ ਵਹਿਸ਼ਤ ਭਰੀ ਬੇਸਬਰੀ ਨਾਲ ਬਾਹਰ ਉਸਨੂੰ ਉਡੀਕਦੇ ਰਹਿੰਦੇ ਹਨ। ਜਿਵੇਂ ਅਨਗਿਣਤ ਗਿਧ ਆਪਣੇ ਸ਼ਿਕਾਰ ਲਈ ਪੰਜੇ ਸੰਵਾਰ ਰਹੇ ਹੋਣ ਚੁੰਝਾਂ ਤੇਜ਼ ਕਰ ਰਹੇ ਹੋਣ।

"ਗੈਟ ਆਊਟ ਯੂ ਬਲਾਸਟਿਡ ਸਵਾਈਨ - "

(ਚੁੜੇਲ ਦੀ ਬੱਚੀ ਨਿਕਲ ਬਾਹਰ! ਨਿਕਲ ·);

ਤਾੜ ਕਰਦੀ ਇਕ ਹੋਰ ਚਪੇੜ ਸੁਣਾਈ ਦੇਂਦੀ ਹੈ। ਕੋਈ ਦੁਸ਼ਾਸਨ, ਮੱਥੇ ਦੇ ਵਾਲਾਂ ਤੋਂ ਫੜ ਕੇ ਦਰੋਪਦੀ ਨੂੰ ਕੌਰਵਾਂ ਦੇ ਦਰਬਾਰ ਵਿਚ ਘਸੀਟੀ ਲਈ ਆਉਂਦਾ ਹੈ। ਦਰੋਪਦੀ ਦੀ ਸੂਰਤ ਅਜ ਇਕ ਜਾਪਾਨੀ ਨਾਇਕਾ ਵਰਗੀ ਹੈ। ਉਸਦੇ ਵਾਲ ਖੁਲ੍ਹੇ ਦੇ ਖੁਲ੍ਹੇ ਹਨ। ਬਾਹਵਾਂ ਪਿਠ ਪਿਛੇ ਬੱਝੀਆਂ ਦੀਆਂ ਬੱਝੀਆਂ ਹਨ।

"ਬੈਸਟ ਆਫ਼ ਲਕ ਬੁਆਏਜ਼"

(ਐਸ਼ ਕਰੋ ਪਠਿਓ।)

ਤੇ ਜੀਪ ਵਾਪਸ ਚਲੀ ਜਾਂਦੀ ਹੈ। ਆਰਮਵਡ ਕਾਰ ਵਾਪਸ ਚਲੀ ਜਾਂਦੀ ਹੈ। ਯੁਵਤੀ ਦੇ ਦੁਆਲੇ ਗੋਰੇ ਸੈਨਕ ਘੇਰਾ ਘਤ ਲੈਂਦੇ ਹਨ। ਬੇਸ਼ਰਮ ਹਾਸੀਆਂ ਉਭਰਦੀਆਂ ਰਹਿੰਦੀਆਂ ਹਨ। ਕੋਈ ਆਖਦਾ ਹੈ।

"ਚਿੰਤਾ ਨਾ ਕਰ ਪਿਆਰੀ ਤੂੰ ਮੇਰੇ ਹੱਥਾਂ ਵਿਚ ਸੁਰੱਖਸ਼ਤ ਰਹਵੇਂਗੀ।"

ਇਕ ਹੋਰ ਆਵਾਜ਼ ਆਂਦੀ ਹੈ।

"ਓ। ਤੂੰ ਰੋ ਰਹੀ ਹੈ। ਮੇਰੀ ਜਾਨ। ਇਸ ਤਰ੍ਹਾਂ ਨਾ ਰੋ। ਮੈਂ ਫਨਾਹ ਹੋ ਜਾਵਾਂਗਾ।"

ਫੇਰ ਕੋਈ ਕਹਿੰਦਾ ਹੈ।

"ਓ ਤੈਨੂੰ ਜੰਗ ਦਾ ਡਰ ਹੈ ਸ਼ਾਇਦ? ਘਬਰਾਉਣ ਦੀ ਉੱਕੀ ਲੋੜ ਨਹੀਂ ਜੰਗ ਇਥੇ ਕਦੀ ਨਹੀਂ ਆ ਸਕਦਾ। ਮੇਰੀਆਂ ਬਾਹਵਾਂ ਕਾਫ਼ੀ ਬਲਵਾਨ ਹਨ।"

ਤੇ ਕੁੜੀ ਸਹਿਮੀ ਹੋਈ, ਡਰੀ ਹੋਈ, ਬਿਟ ਬਿਟ ਤਕਦੀ ਰਹਿੰਦੀ ਹੈ। ਮੁਰਝਾਏ ਪੱਤੇ ਵਾਂਗ ਉਸਦਾ ਪੀਲਾ ਰੰਗ, ਪੀਲਾ ਭੂਕ ਹੋ ਜਾਂਦਾ ਹੈ। ਉਹ ਆਪਣੀ ਥਾਂ ਤੇ ਅਹਿਲ ਖੜੀ ਰਹਿੰਦੀ ਹੈ। ਉਸਦੀਆਂ ਅੱਖਾਂ ਬਿਟ ਬਿਟ ਤਕਦੀਆਂ ਰਹਿੰਦੀਆਂ ਹਨ।

"ਐਪੀਅਰਜ਼ ਟੂ ਬੀ ਅਨਟੇਮਡ ਹੈ! (ਅਣਸਿਧਾਈ ਜਾਪਦੀ ਹੈ) ਤਮਾਕੂ ਚਬਦਾ ਹੋਇਆ ਬੁਢਾ ਕਾਰਪੋਰਲ ਜੋ ਕਿਤਨੀ ਦੇਰ ਤੋਂ ਟਿੱਕ ਟਿੱਕੀ ਬੱਨ੍ਹਕੇ ਉਸ ਵਲ ਵੇਖ ਰਿਹਾ ਸੀ ਬੋਲਦਾ ਹੈ।

"ਹੂੰ ਜੰਗਲੀ ਹੈ ਨਿਰੀ।"

"ਨਹੀਂ ਨੀਮ ਵਹਿਸ਼ੀ ਹੈ।"

"ਸ਼ਟ ਅਪ। ਫੇਰ ਕੀ ਹੋਇਆ। ਵੇਖਦਾ ਨਹੀਂ ਚੰਗੀ ਭਲੀ ਕੁੜੀ ਹੈ।"

ਤਬਾਕੂ ਚਬਦਾ ਹੋਇਆ ਬੁਢਾ ਕਾਰਪੋਰਲ ਫੇਰ ਬੋਲਦਾ ਹੈ।

"ਮੈਂ ਕਿਹਾ ਕੋਈ ਜਣਾ ਇਸ ਨੂੰ ਸਿਧਾ ਨਹੀਂ ਸਕਦਾ।"

"ਕਿਉਂ ਨਹੀਂ। ਪਰ ਜਨਾਬ ਇਉਂ ਆਖੋ ਕਿ ਕੋਈ ਜਣਾ ਇਸਨੂੰ ਤਹਿਜ਼ੀਬ ਨਹੀਂ ਸਿਖਲਾ ਸਕਦਾ।

"ਦੈਟਸ ਬੈਟਰ।" (ਇਹ ਠੀਕ ਹੈ) ਤਮਾਕੂ ਚਬਦਾ ਹੋਇਆ ਬੁੱਢਾ ਕਾਰਪੋਰਲ ਅਗੇ ਵਧਦਾ ਹੈ। ਉਸਦੀ ਗੰਜੀ ਟਿੰਡ ਲਿਸ਼ਕਦੀ ਹੈ। ਉਸਦੇ ਦੰਦ-ਰਹਿਤ ਮੂੰਹ ਵਿਚੋਂ ਰਾਲਾਂ ਵਗਦੀਆਂ ਹਨ ਤੇ ਉਹ ਆਖਦਾ ਹੈ।

"ਇਸ ਸ਼ੁਭ ਕੌਮੀ ਕੰਮ ਲਈ ਬੰਦਾ ਹਾਜ਼ਰ ਹੈ।"

"ਹੇ ਕਾਰਪੋਰਲ! ਹਿਪ ਹਿਪ ਹੁੱਰਾ ... ਗੰਜਾ ਕਾਰਪੋਰਲ ਹਿਪ ਹਿਪ ਹੁਰਾ।"

ਸਾਰਾ ਕੈਂਪ ਚੀਖ਼ ਉਠਦਾ ਹੈ। ਫਿਰ ਇਕ ਜਲੂਸ ਦੀ ਸ਼ਕਲ ਵਿਚ ਸਾਰੇ ਜਣੇ ਪਿੰਡ ਦੇ ਪੈਗੋਡਾ ਵਲ ਤੁਰ ਪੈਂਦੇ ਹਨ।

ਪੈਗੋਡਾ ਜੋ ਕਦੀ ਮਹਾਤਮਾ ਬੁਧ ਦਾ ਨਿਵਾਸ ਅਸਥਾਨ ਸੀ। ਇਸ ਦੀ ਛਤ ਹਵਾਈ ਹਮਲੇ ਵਿਚ ਉਡ ਚੁਕੀ ਹੈ। ਬੁਧ ਮਹਾਤਮਾਂ ਦੀ ਵਡੀ ਜੜਾਉ ਮੂਰਤੀ, ਸ਼ੈਲ ਸਪਲਿੰਟਰਜ਼ ਨਾਲ ਫੀਤੇ ਫੀਤੇ ਹੋ ਚੁਕੀ ਹੈ। ਹੁਣ ਇਹ ਥਾਂ ਇਸ ਫ਼ੌਜੀ ਛਾਉਣੀ ਦੀ ਸਟੇਸ਼ਨ ਕੈਨਟੀਨ ਅਥਵਾ ਸਭਯਤਾ ਕੇਂਦਰ ਹੈ। ਕਦੀ ਕਦੀ ਇਥੇ ਜੰਗ ਦੇ ਬੰਦੀ ਲਿਆਏ ਜਾਂਦੇ ਹਨ, ਰੱਖੇ ਜਾਂਦੇ ਹਨ ਤੇ ਸਿਧਾਏ ਜਾਂਦੇ ਹਨ।

ਸਾਰਾ ਕੈਂਪ ਹੁਲੜ ਮਚਾ ਰਿਹਾ ਹੈ। ਅਗੇ ਅਗੇ ਬੰਦੀ ਕੁੜੀ ਤੇ ਉਸਨੂੰ ਸਿਧਾਣ ਵਾਲਾ ਕੌਮੀ ਸ਼ਹੀਦ ਗੰਜਾ ਕਾਰਪੋਰਲ ਹੈ। ਉਨ੍ਹਾਂ ਦੇ ਪਿਛੇ ਪਿਛੇ ਸਾਰੀ ਕੰਪਨੀ ਚਲੀ ਜਾਂਦੀ ਹੈ। ਲੈਫ਼ਟ ਰਾਈਟ ਲੈਫ਼ਟ ਰਾਈਟ......

"ਮੈਂ ਕਿਹਾ ਇਸਦੀਆਂ ਗਲ੍ਹਾਂ ਹਨ ਕਿ ਡਬਲ ਰੋਟੀਆਂ।"

"ਤੇ ਨਕ ਕਿਵੇਂ ਸੂ ਫੀਨਾ ਜਿਹਾ। "

"ਆਹੋ ਵੇਖ ਤੇ ਸਹੀ ਕਿਵੇਂ ਕਬੂਤਰੀ ਹਾਰ ਅੱਖਾਂ ਗੁਟਕਾ ਰਹੀ ਹੈ।"

"ਸਾਡੇ ਤੇ ਸਪਾਈਂਗ ਕਰਨ ਆਈ ਸੀ। "

"ਮਾਤਾ ਹਰੀ! ਹੇ..."

"ਨਹੀਂ ਸਾਡੇ ਨਾਲ ਲੜਨ ਆਈ ਸੀ।"

"ਤਦੇ ਹੀ ਕੀਲ ਕਾਂਟੇ ਨਾਲ ਲੈਸ ਹੋ ਕੇ ਆਈ ਸੀ। ਮੈਂ ਕਿਹਾ ਇਸਦੇ ਵਾਲਾਂ ਵਿਚ ਉਲਝੇ ਲਾਲ ਫੁਲਾਂ ਦੇ ਗੁੱਛੇ ਨੂੰ ਵੇਖ਼।"

"ਆਰਟਿਸਟ ਹੈ ਕੰਬਖ਼ਤ। ਲੈਫ਼ਟੀਨੈਂਟ ਸਿੰਘ ਇਸ ਨੂੰ ਵੇਖਦਾ ਤੇ ਕਹਿੰਦਾ ਜਨਾਬ ਰਾਤ ਦੀ ਕਾਲਖ ਵਿਚ ਉਸ਼ਾ ਮੁਸਕਰਾ ਹੀ ਹੈ।"

"ਜਨਾਬ ਖ਼ਾਲਸ ਪੂਰਬੀ ਅੰਦਾਜ਼ ਵਿਚ ਇਸਨੂੰ ਕਾਲੀ ਨਾਗਨ ਤੇ ਲਾਲ ਮਣੀ ਕਹਿੰਦੇ ਹਨ। ਇਸਦਾ ਡੰਗਿਆ ਪਾਣੀ ਘਟ ਹੀ ਮੰਗਦਾ ਹੁੰਦੈ। ਦਿਲ ਫੈਂਕ ਜੀ ਜ਼ਰਾ ਬਚ ਕੇ ਰਹਿਣਾ।"

"ਸ਼ਟ ਅਪ। ਜਦ ਤੀਕ ਮੇਰੇ ਹੱਥਾਂ ਵਿਚ ਬੰਦੂਕ ਹੈ। ਜਦ ਤੀਕ ਮੇਰੀਆਂ ਬਾਹਵਾਂ ਵਿਚ ਬਲ ਹੈ। ਤੇ ਜਦ:ਤੀਕ. ਮੇਰੀ ਮੁਠੀ ਵਿਚ ਅਗਨੀ ਬੰਬ ਹੈ। ਮੈਨੂੰ ਇਸ਼ਕ ਕਰਨ ਤੋਂ ਕੋਈ ਰੋਕ ਨਹੀਂ ਸਕਦਾ। ਕੋਈ ਰੋਕ ਨਹੀਂ ਸਕਦਾ .....ਮੇਰੇ ਰਸਤੇ ਵਿਚੋਂ ਹਟ ਜਾਓ....ਲੈਫਟ ਰਾਈਟ... ਲੈਫ਼ਟ ਰਾਈਟ..."।

"ਠਹਿਰੋ। ਮੈਂ ਕਿਹਾ ਠਹਿਰ ਜਾਓ ਇਹ ਕੀ ਹੋ ਰਿਹਾ ਹੈ?" ਲੈਫ਼ਟੀਨੈਂਟ ਸਿੰਘ ਨਠਦੇ ਆਂਦੇ ਹਨ। ਉਨ੍ਹਾਂ ਦਾ ਸਾਹ ਫੁਲਿਆ ਹੋਇਆ ਹੈ। ਉਹ ਫਿਰ ਬੋਲਦੇ ਹਨ।

ਇਹ ਕੀ ਹੋ ਰਿਹਾ ਹੈ। ਧਰਮ, ਬੁਧ ਲੜਨ ਵਾਲਿਓ ਕੀ ਇਕ ਅਬਲਾ ਨਾਰੀ ਦੀ ਬੇਪਤੀ ਤੁਹਾਡੀ ਤਹਿਜ਼ੀਬ ਨੂੰ ਸ਼ੋਭਾ ਦਿੰਦੀ ਹੈ।"

ਕੋਈ ਉਤਰ ਨਹੀਂ ਦੇਂਦਾ।

ਲੈਫ਼ਟੀਨੈਂਟ ਸਿੰਘ ਫੇਰ ਬੋਲਦੇ ਹਨ।

"ਮੈਂ ਪੁਛਦਾ ਹਾਂ ਕਿਥੇ ਹੈ ਤੁਹਾਡੀ ਤਹਿਜ਼ੀਬ। ਈਸਾ ਮਸੀਹ ਦੇ ਪੁੱਤਰੋ ਕੀ ਇਸ ਤਰ੍ਹਾਂ ਕਿਸੇ ਅਬਲਾ ਨਾਰੀ ਨੂੰ ਰੋਲਿਆ ਜਾਂਦਾ ਹੈ? ਉੱਚੀ ਸਭਿਅਤਾ ਦੇ ਵਾਲੀਓ ਅਜ ਕਿਥੇ ਹੈ ਤੁਹਾਡੀ ਤਹਿਜ਼ੀਬ ਜਿਸ ਵਿਚ ਨਾਰੀ ਦਾ ਸਨਮਾਨ ਇਸ ਤਰ੍ਹਾਂ ਕੀਤਾ ਜਾਂਦਾ ਹੈ। ਨਾਰੀ ਜੋ ਸਭ ਦੀ ਜਨਮ ਦਾਤਾ ਹੈ। ਜੋ ਸਭ ਦੀ ਸਦੀਵੀ ਮਾਂ ਹੈ।"

ਕੰਪਨੀ ਵਿਚ ਕੁਝ ਖੁਸਰ ਪੁਸਰ ਹੁੰਦੀ ਹੈ। ਕੁਝ ਆਵਾਜ਼ਾਂ ਉਠਦੀਆਂ ਹਨ ਤੇ ਉਠ ਕੇ ਦਬ ਜਾਂਦੀਆਂ ਹਨ।

"ਚੇਤੇ ਰਖੋ, ਪਿਛੇ ਕੋਈ ਤੁਹਾਡੀ ਵੀ ਮਾਂ ਹੈ। ਭੈਣ ਹੈ। ਜੇ ਕੋਈ ਉਨ੍ਹਾਂ ਨੂੰ ......"

"ਸ਼ਟਅਪ।" ਕੰਪਨੀ ਵਿਚ ਖਲਬਲੀ ਮਚ ਜਾਂਦੀ ਹੈ। ਲੈਫ਼ਟੀਨੈਂਟ ਸਿੰਘ ਅਗੇ ਵਧ ਕੇ ਯੁਵਤੀ ਦੇ ਬੰਧਨ ਕਟ ਦੇ ਹਨ। ਇਕ ਗੋਰਾ ਸੈਨਕ ਚੀਖ਼ ਉਠਦਾ ਹੈ "ਬਲੱਡੀ ਇੰਡੀਅਨ।"

ਬੁੱਢਾ ਕਾਰਪਰਲ ਇਕ ਪਲ ਲਈ ਰੁਕਦਾ ਹੈ। ਕਹਿਰ ਭਰੀਆਂ ਅੱਖਾਂ ਨਾਲ ਲੈਫ਼ਟੀਨੈਂਟ ਸਿੰਘ ਵਲ ਵੇਖਦਾ ਹੈ। ਫਿਰ ਇਕ ਝਟਕੇ ਨਾਲ ਆਪਣਾ ਪਸਤੋਲ ਕਢਦਾ ਹੈ। ਕਾਇਰਾਂ ਵਾਂਗ ਉਸ ਦੇ ਹਥ ਕੰਬਦੇ ਹਨ। ਉਹ ਪਸਤੋਲ ਨੂੰ ਦੋ ਹੱਥਾਂ ਵਿਚ ਫੜ ਕੇ ਨਾਲੀ ਲੈਫ਼ਟੀਨੈਂਟ ਸਿੰਘ ਵਲ ਕਰਦਾ ਹੈ। ਮੁਕਤ ਹੋਈ ਬਦੇਸ਼ੀ ਯੁਵਤੀ ਚੀਕ ਕੇ ਇਕ ਦੰਮ ਲੈਫ਼ਟੀਨੈਂਟ ਸਿੰਘ ਦੇ ਅਗੇ ਆ ਖਲੋਂਦੀ ਹੈ। ਉਸ ਨੂੰ ਗੋਲੀ ਲਗਦੀ ਹੈ ਤੇ ਪਲ ਵਿਚ ਲੈਫ਼ਟੀਨੈਂਟ ਸਿੰਘ ਦਿਆਂ ਕਦਮਾਂ ਵਿਚ ਢੇਰ ਹੋ ਜਾਂਦੀ ਹੈ। ਲੈਫ਼ਟੀਨੈਂਟ ਸਿੰਘ ਉਸ ਤੇ ਝੁਕ ਜਾਂਦੇ ਹਨ। ਉਸ ਦੀਆਂ ਅੱਖੀਆਂ ਬਿਟ ਬਿਟ ਲੈਫ਼ਟੀਨੈਂਟ ਸਿੰਘ ਵਲ ਵੇਖਦੀਆਂ ਰਹਿੰਦੀਆਂ ਹਨ। ਉਸ ਦੇ ਬੁਲ੍ਹ ਫੜ ਫੜਾਂਦੇ ਹਨ। ਉਹ ਕੁਝ ਹੌਲੀ ਹੌਲੀ ਕਹਿੰਦੀ ਪਰਤੀਤ ਹੁੰਦੀ ਹੈ, ਧੀਮੇ ਤੇ ਓਪਰੇ ਲਹਿਜੇ ਵਿਚ। ਜਿਵੇਂ ਕਹਿ ਰਹੀ ਹੋਵੇ "ਮੇਰੇ ਦੇਵਤਾ! ਮੇਰੇ ਬੁਧ!"

* * * ***

ਅਜ ਜੰਗ ਮੁਕ ਗਈ ਹੈ। ਬਰਮਾ ਦੇਸ਼ ਸੁਤੰਤਰ ਹੋ ਗਿਆ ਹੈ। ਸੀਗਾਂਗ ਇਕ ਵਾਰੀ ਫੇਰ ਵਸ ਗਿਆ ਹੈ ਉਹ ਧਾਨ ਤੇ ਪੰਛੀ ਦੀ ਬੜੀ ਵੱਡੀ ਮੰਡੀ ਹੈ। ਸੀਗਾਂਗ ਦਾ ਪੈਗੋਡਾ ਪਹਿਲਾਂ ਨਾਲੋਂ ਵੀ ਵਧੇਰੇ ਸ਼ਾਨਦਾਰ ਹੈ। ਮਹਾਤਮਾ ਬੁਧ ਦੀ ਵਡੀ ਤੇ ਜੜਾਉ ਮੂਰਤੀ ਪਹਿਲਾਂ ਵਾਂਗ ਪੈਗੋਡਾ ਦੇ ਮਧ ਵਿਚ ਸਥਾਪਿਤ ਹੈ। ਉਨ੍ਹਾਂ ਦਿਆਂ ਬੁਲ੍ਹਾਂ ਦੀ ਮੁਸਕਾਨ, ਉਸ ਵਦੇਸ਼ੀ ਕੁੜੀ ਦਿਆਂ ਬੁਲ੍ਹਾਂ ਦੀ ਮੁਸਕਾਨ ਨਾਲ ਮਿਲਦੀ ਪਰਤੀਤ ਹੁੰਦੀ ਹੈ ਜਿਸ ਨੂੰ ਲੈਫ਼ਟੀਨੈਂਟ ਸਿੰਘ ਦੇ ਹਿਰਦੇ ਵਿਚ ਗੋਤਮ ਬੁਧ ਜਿੱਡੀ ਦਇਆ ਪਰਤੀਤ ਹੋਈ ਸੀ।

ਪਰ ਹੁਣ ਵੀ ਕਦੀ ਕਦੀ ਸੀਗਾਂਗ ਤੋਂ ਦੂਰ ਬਹੁਤ ਦੂਰ ਸਭਯ ਲੋਕਾਂ ਦੇ ਪੱਛਮੀ ਸ਼ਹਿਰ "ਯਾਰਕ ਸ਼ਾਇਰ" ਦੀਆਂ ਗਲੀਆਂ ਵਿਚ, ਇਕ ਸਿਰ ਫਿਰਿਆ ਬੁਢਾ ਵੇਖਣ ਵਿਚ ਆਉਂਦਾ ਹੈ। ਉਸ ਗਹਿਰੇ ਸਾਵੇ ਰੰਗ ਦੀ ਵਰਦੀ ਪਾਈ ਹੁੰਦੀ ਹੈ ਜੋ ਹੁਣ ਲੀਰ ਲੀਰ ਹੋ ਚੁਕੀ ਹੈ। ਸੈਨਕਾਂ ਵਾਂਗ ਉਸ ਦੇ ਪੈਰਾਂ ਵਿਚ ਫੁਲ ਬੂਟ ਹੁੰਦੇ ਹਨ ਜਿਨ੍ਹਾਂ ਨੂੰ ਥਾਵੇਂ ਕੁਥਾਵੇਂ ਟਾਕੀਆਂ ਨੇ ਢਕ ਰਖਿਆ ਹੈ। ਉਸ ਦੇ ਚਿਹਰੇ ਤੇ ਢਿਲਕੀਆਂ ਹੋਈਆਂ ਦੋ ਲੰਮੀਆਂ ਚਿੱਟੀਆਂ ਮੁੱਛਾਂ ਇਸ ਗਲ ਦੀਆਂ ਸੂਚਕ ਹਨ ਕਿ ਕਿਸੇ ਜ਼ਮਾਨੇ ਵਿਚ ਜ਼ਰੂਰ ਇਹ ਇਕ ਬਾਰੁਅਬ ਚਿਹਰਾ ਸੀ। ਤੁਸੀਂ ਉਸ ਕੋਲ ਖ਼ੱਤਾਂ ਦਾ ਇਕ ਦੱਥਾ ਵੀ ਵੇਖ ਸਕਦੇ ਹੋ। ਉਹ ਤੁਹਾਨੂੰ ਕਹੇਗਾ----

ਇਹ ਖ਼ਤ ਮੇਰੇ ਹਨ। ਮੈਂ ਪਾਰ ਸਮੁੰਦਰੋਂ ਐਲਜ਼ਾ ਨੂੰ ਲਿਖੇ ਸਨ। ਪਰ ਐਲਜ਼ਾ ਨੇ ਇਹ ਮੈਨੂੰ ਪਰਤਾ ਦਿਤੇ। ਐਲਜ਼ਾ ਨੇ ਮੈਨੂੰ ਇਕ ਬਲੱਡੀ ਯੈਂਕ ਲਈ ਤਿਲਾਂਜਲੀ ਦੇ ਦਿਤੀ। ਤੇ ਹਾਂ ਇਹ ਖ਼ਤ ਜੋ ਤੁਸੀਂ ਮੇਰੇ ਕੋਲ ਵੇਖ ਰਹੇ ਓ, ਇਹ 'ਸਟੈਲਾ' ਦੇ ਹਨ। 'ਸਟੈਲਾ' ਨੇ ਮੇਰੇ ਮਿਤਰ 'ਜੋ' ਨੂੰ ਲਿਖੇ ਸਨ। 'ਜੋ'। ਬਰਮਾ ਦੀ ਲੜਾਈ ਵਿਚ ਮਾਰਿਆ ਗਿਆ। ਵਿਚਾਰਾ 'ਜੋ' ਅੰਤ ਸਮੇਂ ਤੀਕ ਕਹਿੰਦਾ ਰਿਹਾ, "ਸ਼ੀ ਲਵਜ਼ ਮੀ ਮੋਰ।' (ਹੁਣ ਉਹ ਮੈਨੂੰ ਨਹੀਂ ਪਿਆਰਦੀ) ਸਟੈਲਾ ਨੇ ਇਕ ਸਭਯ ਯੈਂਕ ਨਾਲ ਵਿਆਹ ਕਰਾ ਲਿਆ। ਉਸ ਯੈਂਕ ਨੇ ਉਸਨੂੰ ਜਰੂਰ ਆਖਿਆ ਹੋਵੇਗਾ-ਜ਼ਿੰਦਗੀ ਜੀਣ ਲਈ ਹੈ, ਖਾਣ ਪੀਣ 'ਤੇ ਐਸ਼ ਕਰਨ ਲਈ ਹੈ।"


ਪੰਜਾਬੀ ਕਹਾਣੀਆਂ (ਮੁੱਖ ਪੰਨਾ)