Khanabadosh Birti Wala Ravinder Ravi : Gulzar Singh Sandhu

ਖਾਨਾਬਦੋਸ਼ ਬਿਰਤੀ ਵਾਲਾ ਰਵਿੰਦਰ ਰਵੀ : ਗੁਲਜ਼ਾਰ ਸਿੰਘ ਸੰਧੂ

ਮੇਰੇ ਰਚਨਾ ਕਾਲ ਦੇ ਮੁੱਢਲੇ ਵਰ੍ਹਿਆਂ ਦੌਰਾਨ ਦਿੱਲੀ ਵਿਖੇ ਤਾਰਾ ਸਿੰਘ ਕਾਮਲ, ਹਰਿਭਜਨ ਸਿੰਘ ਤੇ ਅਜੀਤ ਕੌਰ ਅਤੇ ਜਲੰਧਰ ਵਿੱਚ ਰਵਿੰਦਰ ਰਵੀ, ਜਸਬੀਰ ਸਿੰਘ ਆਹਲੂਵਾਲੀਆ ਤੇ ਸੁਖਪਾਲਵੀਰ ਸਿੰਘ ਹਸਰਤ ਬੜੇ ਕਰਮਸ਼ੀਲ ਸਨ। ਹਰਿਭਜਨ ਸਿੰਘ ਦੀ ਰਚਨਾਕਾਰੀ ਤੇ ਪੇਸ਼ਕਾਰੀ ਦੋਵੇਂ ਕਮਾਲ ਦੇ ਸਨ। ਤਾਰਾ ਸਿੰਘ ਕਾਮਲ, ਮਹਿਫ਼ਿਲ ਦਾ ਬਾਦਸ਼ਾਹ ਸੀ। ਅਜੀਤ ਉੱਦਮੀ ਤੇ ਧੜੱਲੇਦਾਰ। ਜਲੰਧਰ ਵਾਲਿਆਂ ਵਿੱਚੋਂ ਜਸਬੀਰ ਆਹਲੂਵਾਲੀਆ ਆਪਣੀ ਵਿਦਵਾਨੀ ਸੋਚ ਨੂੰ ਅਫ਼ਸਰੀ ਫਿਆਜ਼ੀਆਂ ਨਾਲ ਚਮਕਾਉਣ ਦਾ ਮਾਹਿਰ ਸੀ। ਹਸਰਤ ਹਰ ਚੜ੍ਹਦੇ ਸੂਰਜ ਦਾ ਛੋਟਾ ਭਾਈ ਬਣ ਬਹਿੰਦਾ ਸੀ ਤੇ ਰਵੀ ਸ਼ਬਦਾਂ, ਬੋਲਾਂ ਤੇ ਵਾਕਾਂ ਰਾਹੀਂ ਚਿਣਗਾਂ ਪੈਦਾ ਕਰਨ ਵਿੱਚ ਰੁੱਝਿਆ ਰਹਿੰਦਾ ਸੀ।
ਉਨ੍ਹਾਂ ਸਮਿਆਂ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਤਿੰਨ ਬਰਾਂਚਾਂ ਜਗਤਪੁਰ, ਬਰਨਾਲਾ ਤੇ ਰਾਮਪੁਰ ਸਭ ਦੀ ਆਪੋ-ਆਪਣੀ ਬੁਲੰਦੀ ਸੀ। ਰਵਿੰਦਰ ਰਵੀ ਤੇ ਮਹਿੰਦਰ ਸਿੰਘ ਦੁਸਾਂਝ, ਜਗਤਪੁਰ ਲਿਖਾਰੀ ਸਭਾ ਦੇ ਸਰਗਨਾ ਸਨ ਅਤੇ ਹਰ ਤਰ੍ਹਾਂ ਦੀ ਸਰਕੋਬੀ ਲਈ ਵਚਨਬੱਧ। ਰਵਿੰਦਰ ਰਵੀ ਨੇ ਆਹਲੂਵਾਲੀਆ ਤੇ ਹਸਰਤ ਨਾਲ ਮਿਲ ਕੇ ਸਾਹਿਤਕ ਪ੍ਰਯੋਗ ਦੀ ਲਹਿਰ ਚਲਾਈ ਤੇ ਈਸ਼ਰ ਸਿੰਘ ਅਟਾਰੀ ਨਾਲ ਮਿਲ ਕੇ ਪੰਜਾਬੀ ਸਮੀਖਿਆ ਬੋਰਡ ਦੀ ਸਥਾਪਨਾ ਕੀਤੀ।
ਰਵਿੰਦਰ ਰਵੀ ਦੀ ਜੀਵਨ ਸ਼ੈਲੀ ਖਾਨਾਬਦੋਸ਼ਾਂ ਵਾਲੀ ਹੈ। ਉਹ ਪਿਛਲੀ ਅੱਧੀ ਸਦੀ ਆਪਣੇ ਵਸਤਰਾਂ ਦਾ ਬੁਗਚਾ ਚੁੱਕੀ ਦੁਨੀਆਂ ਦੇ ਹਰ ਸੰਭਵ ਸ਼ਹਿਰ ਤੇ ਕਸਬੇ ਵਿੱਚ ਘੁੰਮਿਆ ਹੈ। ਉਸ ਦਾ ਰੋਜ਼ਾਨਾ ਵਰਤੋਂ ਦਾ ਸਾਮਾਨ ਉਸ ਦੀ ਪਿੱਠ ਉੱਤੇ ਹੁੰਦਾ ਸੀ ਤਾਂ ਸ਼ਬਦਾਂ ਦਾ ਜੰਗਲ ਉਸ ਦੇ ਦਿਮਾਗ਼ ਵਿੱਚ। ਉਸ ਦਾ ਜੀਵਨ ਤੇ ਰਚਨਾ ਪ੍ਰਤੀਕੂਲ ਥਾਵਾਂ ਵਿੱਚ ਵਾਸੇ ਤੇ ਇਨ੍ਹਾਂ ਦੀ ਬਿਆਨਕਾਰੀ ਵਿੱਚ ਓਤ ਪ੍ਰੋਤ ਹੈ। ਸ਼ਬਦ ਤੇ ਅਰਥ ਆਪੋ ਵਿੱਚ ਟਕਰਾਉਂਦੇ ਰਹੇ ਹਨ:
ਸ਼ਬਦਾਂ ਦੇ ਦਰ ਸੌੜੇ ਹਨ
ਤੇ ਕੱਦ ਅਰਥਾਂ ਦੇ ਉੱਚੇ
ਬਹੁ-ਦਿਸ਼ਾਵੀ ਚੇਤੰਨ ਅਨੁਭਵ
ਕੱਵਣ ਸੁ ਦਰ ਜਿਤ ਢੁੱਕੇ
ਸ਼ਬਦਾਂ ਬਾਝੋਂ ਅਰਥ ਬੇ-ਅਰਥੇ
ਮਰਦੇ ਵਿੱਚ ਨਮੋਸ਼ੀ
ਕੋਈ ਸਿਰਜੇ ਕਿਵੇਂ ਖ਼ਾਮੋਸ਼ੀ।
ਪਾਰੇ ਵਾਂਗ ਡਲਕਦਾ ਛਿਣ ਛਿਣ
ਅੱਖੀਆਂ ਨੂੰ ਚੁੰਧਿਆਵੇ
ਬੇਆਵਾਜ਼ ਆਵਾਜ਼ ’ਚ ਛਿਣ ਛਿਣ
ਫੁੱਲ ਵਾਂਗੂ ਖੁੱਲ੍ਹ ਜਾਵੇ
ਪਕੜੇ ਜੀ ਕੋਈ ਪਕੜੇ ਕੀਕੂੰ
ਮਹਿਕਾਂ ਦੀ ਸਰਗੋਸ਼ੀ
ਕੋਈ ਸਿਰਜੇ ਕਿਵੇਂ ਖ਼ਾਮੋਸ਼ੀ।
ਰਵਿੰਦਰ ਰਵੀ ਦੀ ਕਵਿਤਾ ਦੀ ਇਹ ਨੁਹਾਰ ਪ੍ਰਯੋਗਵਾਦੀ ਧਾਰਨਾ ਦੇ ਦਿਨਾਂ ਦੀ ਨਹੀਂ। ਉਸ ਦੀ ਪ੍ਰਯੋਗੀ ਰੁਚੀ ਉਸ ਦੇ ਮੁਢਲੇ ਦਿਨਾਂ ਵਿੱਚ ਪ੍ਰਗਤੀਵਾਦ ਦੀ ਪ੍ਰਧਾਨਗੀ ਦੇ ਪ੍ਰਤੀਕਰਮ ਵਜੋਂ ਹੋਂਦ ਵਿੱਚ ਆਈ ਸੀ। ਉਸ ਦੇ ਕੀਨੀਆ ਪਹੁੰਚਦੇ ਸਾਰ ਉਸ ਦਾ ਵਾਹ ਓ ਲੈਵਲ ਦੇ ਵਿਦਿਆਰਥੀਆਂ ਨਾਲ ਪਿਆ। ਉੱਥੇ ਓ ਲੈਵਲ ਦੀ ਅੰਗਰੇਜ਼ੀ ਸਾਡੀ ਐੱਫਏ ਦੀ ਅੰਗਰੇਜ਼ੀ ਦੇ ਬਰਾਬਰ ਦੀ ਸੀ। ਕਿਸੇ ਹੱਦ ਤਕ ਅੱਜ ਦੀ ਬੀਏ, ਐੱਮਏ ਦੇ ਬਰਾਬਰ ਦੀ। ਓਥੇ ਸ਼ੈਕਸਪੀਅਰ, ਮਿਲਟਨ, ਵਰਡਸਵਰਥ, ਸ਼ੈਲੀ, ਕੀਟਸ ਤੇ ਹੋਰ ਕਵੀ ਅਤੇ ਨਾਟਕਕਾਰ ਪੜ੍ਹਾਉਣੇ ਪੈਂਦੇ ਸਨ। ਉੱਥੋਂ ਦੇ ਵਿਦਿਆਰਥੀਆਂ ਵਿੱਚ ਰਵੀ ਦੀ ਪਦਵੀ ਇੱਥੋਂ ਦੇ ਸੰਤ ਸਿੰਘ ਸੇਖੋਂ, ਗੁਰਬਚਨ ਸਿੰਘ ਤਾਲਿਬ ਤੇ ਗੋਪਾਲ ਸਿੰਘ ਦਰਦੀ ਵਾਲੀ ਹੋ ਗਈ। ਅੰਗਰੇਜ਼ੀ ਭਾਸ਼ਾ ਤੇ ਸਾਹਿਤ ਨਾਲ ਰਵੀ ਦੀ ਇਹ ਸਾਂਝ ਕੈਨੇਡਾ ਪਹੁੰਚਣ ’ਤੇ ਵੀ ਨਹੀਂ ਟੁੱਟੀ। 1976 ਤੋਂ 2003 ਤਕ ਬ੍ਰਿਟਿਸ਼ ਕੋਲੰਬੀਆ ਵਿੱਚ ਪੈਂਦੇ ਆਦਿਵਾਸੀ ਕਸਬੇ ਨਿਊ ਆਏਸ਼ ਵਿੱਚ ਸਮਾਜਿਕ ਵਿਦਿਆ ਦੇ ਨਾਲ ਅੰਗਰੇਜ਼ੀ ਭਾਸ਼ਾ ਤੇ ਸਾਹਿਤ ਪੜ੍ਹਾਉਣਾ ਉਸ ਦਾ ਕਿੱਤਾ ਵੀ ਸੀ ਤੇ ਧਰਮ ਵੀ। ਸ਼ਬਦਾਂ ਦੀ ਖਾਮੋਸ਼ੀ ਆਦਿ ਬਿੰਬ ਇਸੇ ਅਧਿਐਨ ਤੇ ਅਧਿਆਪਨ ਦੀ ਉਪਜ ਹਨ।
ਨਿਊ ਆਏਸ਼ ਦੇ ਆਦਿਵਾਸੀ ਜੀਵਨ ਨੇ ਰਵੀ ਦੀ ਸਿਰਜਣਾ ਸ਼ਕਤੀ ਨੂੰ ਝੰਜੋੜਿਆ। ਉਸ ਨੂੰ ਆਦਿਵਾਸੀਆਂ ਦੇ ਗੋਤਾਂ ਨੇ ਪ੍ਰਭਾਵਿਤ ਕੀਤਾ। ਇਹ ਸਨ: ਉਕਾਬ, ਮਗਰਮੱਛ, ਬਘਿਆੜ ਤੇ ਗਿਰਝਾਂ। ਆਦਿਵਾਸੀ ਬੜੇ ਸਾਦਾ ਤੇ ਖਰੇ ਬੰਦੇ ਸਨ। ਉਨ੍ਹਾਂ ਨੇ ਰਵੀ ਨੂੰ ਰੱਜਵਾਂ ਪਿਆਰ ਤੇ ਨਿੱਘ ਦਿੱਤਾ। ਇੱਥੋਂ ਤਕ ਕਿ ਉਹਦੇ ਲਈ ਆਪਣਾ ਦੇਸ਼ ਵੀ ਆਪਣਾ ਨਹੀਂ ਰਿਹਾ। ਦੇਸ਼ ਕਾਲ ਦੀਆਂ ਹੱਦਾਂ ਉਸ ਲਈ ਬੇਅਰਥ ਹੋ ਗਈਆਂ:
ਪਹਿਲਾਂ ਦੇਸ ਰਹਿੰੰਦਿਆਂ ਇੰਜ ਸੀ
ਹੁਣ ਪ੍ਰਦੇਸ ਰਹਿੰਦਿਆਂ ਇੰਜ ਹੈ
ਆਪਣਾ ਦੇਸ ਕਿਆ ਹੈ ਪਿਆਰੇ
ਆਪਣਾ ਦੇਸ ਤੇ ਕੇਵਲ ਮੈਂ ਹਾਂ।
ਉਸ ਦੀਆਂ ਕਹਾਣੀਆਂ ਵਿੱਚ ਵੀ ਆਦਿਵਾਸੀ ਵਰਤ ਵਰਤਾਰਾ ਹੈ। ਰਵਿੰਦਰ ਰਵੀ ਨੂੰ ਹਨੇਰੀਆਂ ਰਾਤਾਂ ਵਿੱਚ ਅੱਗ ਬਾਲਣ ਜਾਂ ਤੁਰਦਿਆਂ ਰਹਿਣ ਦਾ ਸ਼ੌਕ ਹੈ। ਇਸ ਅਮਲ ਤੋਂ ਉਸ ਨੂੰ ਇੰਜ ਅਹਿਸਾਸ ਹੁੰਦਾ ਹੈ ਜਿਵੇਂ ਉਸ ਦੀ ਅੱਗ ਵਿੱਚ ਹਨੇਰਾ ਬਲ ਰਿਹਾ ਹੈ ਤੇ ਉਸ ਦੇ ਹਰ ਕਦਮ ਨਾਲ ਵਾਟ ਮੁੱਕ ਰਹੀ ਹੈ। ਮੈਂ ਵੀ ਉਸ ਨੂੰ ਤੁਰਦਿਆਂ ਤੇ ਭੱਜਦਿਆਂ ਹੀ ਵੇਖਿਆ ਹੈ ਤੇ ਜਾਂ ਫਿਰ ਲਿਖਦਿਆਂ। ਉਸ ਨੇ ਬਹੁਤ ਹਨੇਰਾ ਬਾਲਿਆ ਹੈ ਤੇ ਬੇਹੱਦ ਵਾਟ ਮੁਕਾਈ ਹੈ। ਇਹ ਹਨੇਰੇ ਉਸ ਦੇ ਪਾਤਰਾਂ ਨੇ ਵੀ ਇੰਜ ਹੀ ਬਾਲੇ ਹਨ। ਉਸ ਦੀ ਇੱਕ ਪਾਤਰ ਦੇ ਕਹੇ ਸ਼ਬਦ ਇਸ ਦਾ ਪ੍ਰਮਾਣ ਹਨ:
‘‘ਨਹੀਂ, ਐਡੇ ਵੱਡੇ ਘਰ ਵਿੱਚ, ਮੈਂ ’ਕੱਲੀ ਕਿਵੇਂ ਸੌਂ ਸਕਦੀ ਹਾਂ- ਬੱਦਲ, ਬਿਜਲੀ, ਗਰਜ- ਮੈਨੂੰ ਡਰ ਲੱਗਦਾ ਹੈ। ਕਮਰਾ ਮੈਨੂੰ ’ਕੱਲੀ ਨੂੰ ਖਾ ਜਾਵੇਗਾ। ਮੈਂ ਕੱਲੀ ਨਹੀਂ ਸੌਂ ਸਕਦੀ। ਡਾਕਟਰ ਸਮਿੱਥ (ਪਤੀ) ਵੀ ਮੈਨੂੰ ’ਕੱਲੀ ਨੂੰ ਛੱਡ ਕੇ ਨਾਲ ਦੇ ਕਮਰੇ ਦੀ ਪ੍ਰਯੋਗਸ਼ਾਲਾ ਵਿੱਚ ਚਲੇ ਜਾਂਦੇ ਹਨ। ਮੈਨੂੰ ਡਰ ਲੱਗਦਾ ਹੈ, ਮੈਂ ਚੀਕ ਮਾਰ ਉੱਠਦੀ ਹਾਂ ਤਾਂ ਵੇਖਦੀ ਹਾਂ ਉਹ ਮੇਰੇ ਵੱਲ ਪਿੱਠ ਭੁਆ ਕੇ ਘੂਕ ਸੁੱਤੇ ਪਏ ਹਨ ਜਿਵੇਂ ਅੱਜ ਦਾ ਪ੍ਰਯੋਗ ਖ਼ਤਮ ਕਰ ਚੁੱਕੇ ਹੋਣ। ਇਹ ਕਠੋਰ ਹਕੀਕਤ ਇੱਕੋ ਮੰਜੇ ’ਤੇ ਪਿਆਂ ਸਾਡੇ ਦੋਹਾਂ ਵਿਚਕਾਰ ਇੱਕ ਦੀਵਾਰ ਖੜ੍ਹੀ ਕਰ ਦਿੰਦੀ ਹੈ। ਦੋ ਕਮਰੇ ਉਸਾਰ ਦਿੰਦੀ ਹੈ- …ਖਿਮਾ ਕਰਨਾ ਮਿਸਟਰ ਸਿੰਘ! ਜਿਸ ਦੀਵਾਰ ਦੀ ਵਿੱਥ ’ਤੇ ਅਸੀਂ ਪਏ ਹਾਂ, ਉਸ ’ਚੋਂ ਇੱਕ ਬੂਹਾ ਅੰਦਰ ਵੱਲ ਵੀ ਖੁੱਲ੍ਹਦਾ ਹੈ। ਉਸੇ ਬੂਹੇ ਦੀ ਸਾਂਝ ਮੈਂ ਤੈਥੋਂ ਮੰਗਦੀ ਹਾਂ। ਹਰ ਦੀਵਾਰ ’ਚੋਂ ਇੱਕ ਬੂਹਾ ਅੰਦਰ ਵੱਲ ਵੀ ਖੁੱਲ੍ਹਦਾ ਹੈ। ਮੈਨੂੰ ਅੰਦਰ ਵੱਲ ਖੁੱਲ੍ਹਦੇ ਬੂਹੇ ਦੀ ਸਾਂਝ ਦੇ ਦੇ।’’
ਰਵੀ ਦੀ ਕਵਿਤਾ ਤੇ ਕਹਾਣੀ ਵਿੱਚ ਇਹ ਤੇ ਇਹੋ ਜਿਹੀਆਂ ਹੋਰ ਪਾਤਰ ਵਾਰ ਵਾਰ ਆਉਂਦੀਆਂ ਹਨ। ਆਦਿਵਾਸੀਆਂ ਦੇ ਰੀਤੀ ਰਿਵਾਜ ਬਹੁਤ ਕਰਕੇ ਆਪਣੇ ਵਾਲੇ ਹੀ ਹਨ। ਕੌਣ ਕਿਸ ਦੇ ਨਾਲ ਵਿਆਹ ਕਰ ਸਕਦਾ ਹੈ, ਇਨ੍ਹਾਂ ਰਹੁ-ਰੀਤਾਂ ਨੇ ਹੀ ਤੈਅ ਕਰਨਾ ਹੁੰਦਾ ਹੈ। ਰਵੀ ਦੀ ਇੱਕ ਬਹੁਤ ਪਿਆਰੀ ਵਿਦਿਆਰਥਣ ਸੋਨੀਆ ਉਕਾਬ ਨਾਂ ਦੇ ਕਬੀਲੇ ਵਿੱਚੋਂ ਸੀ। ਉਸ ਦਾ ਕਬੀਲਾ ਉਸ ਨੌਜਵਾਨ ਨਾਲ ਵਿਆਹ ਨਹੀਂ ਸੀ ਕਰਨ ਦਿੰਦਾ ਜਿਸ ਨੂੰ ਉਹ ਪਿਆਰ ਕਰਦੀ ਸੀ। ਸੋਨੀਆ ਨੇ ਆਪਣੀ ਮਾਂ ਨੂੰ ਜਿਹੜਾ ਵਾਸਤਾ ਪਾਇਆ ਉਹ ਸੋਨੀਆ ਦੀ ਇੱਕ ਕਵਿਤਾ ਵਿੱਚ ਦਰਜ ਹੈ:
ਮਾਂ! ਮੇਰੀ ਦੇਹ ਤਪਦੀ ਹੈ,
ਮਾਂ! ਮੇਰੀ ਛਾਤੀ ਫਟਦੀ ਹੈ,
ਮਾਂ! ਮੇਰੀ ਉਮਰ ਵਧਦੀ ਹੈ,
ਮਾਂ! ਮੇਰੀ ਉਮਰ ਘਟਦੀ ਹੈ,
ਮਾਂ! ਮੈਨੂੰ ਜੀ ਲੈਣ ਦੇ,
ਮੈਨੂੰ ਨੱਕੋ ਨੱਕ ਡੁੱਬ ਲੈਣ ਦੇ
ਮੈਨੂੰ ਅੰਤਿਮ ਤਿਪ ਪੀ ਲੈਣ ਦੇ।
ਸੋਨੀਆ ਨੇ ਆਪਣੀ ਕਵਿਤਾ ਵਿੱਚ ਉਸ ਵਿਅਕਤੀ ਦਾ ਜ਼ਿਕਰ ਵੀ ਕੀਤਾ ਹੈ ਜਿਸ ਤੋਂ ਬੇਮੁਖ ਹੋ ਕੇ ਉਸ ਦੀ ਮਾਂ ਨੇ ਮੋਹ ਦੇ ਪਾਣੀਆਂ ਤੋਂ ਹੋਠ ਭੁਆਏ ਸਨ:
ਤੇਰਿਆਂ ਸਾਹਾਂ ਵਿੱਚ ਸੁਗੰਧਾਂ,
ਮੇਰੇ ਨੈਣੀ ਵਰ੍ਹਨ ਅੰਗਾਰੇ।
ਤੂੰ ਭਰਵਾਂ ਰੁੱਖ, ਸੰਘਣੀ ਛਾਂ,
ਬਲਦੀ ਹਿੱਕ ਤੇ,
ਮੈਂ, ਇੱਕ ਭੁਜਦੀ ਥਾਂ।
ਅੱਜ ਤਾਂ ਬੱਦਲ ਬਣ ਜਾ,
ਸੁੱਕੇ ਮੇਰੇ ਹੋਠ ਸਿੰਜ ਦੇ।
ਜਦੋਂ ਸੋਨੀਆ ਦੇ ਮਾਪਿਆਂ ਤੇ ਕਬੀਲੇ ਨੇ ਕੁੜੀ ਦੀ ਇੱਛਾ ਪੂਰੀ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਉਸ ਨੇ ਆਤਮਘਾਤ ਕਰ ਲਿਆ। ਰਵੀ ਨੇ ਉਸ ਦੀਆਂ ਕਵਿਤਾਵਾਂ ਨੂੰ ਮੁੜ ਵਾਚਿਆ ਤੇ ‘ਪੌਣਾਂ ਦੇ ਗੀਤ ਦੀ ਕਵਿਤਾ’ (ਵਿੰਡ ਸੌਂਗ ਪੋਇਟਰੀ) ਨਾਂ ਥੱਲੇ ਆਪਣੇ ਸਕੂਲ ਵੱਲੋਂ ਛਪਵਾ ਦਿੱਤਾ। ਇੱਥੇ ਹੀ ਬਸ ਨਹੀਂ ਇਸੇ ਨਾਂ ਉੱਤੇ ਸੋਨੀਆ ਦੀ ਯਾਦ ਵਿੱਚ ਇੱਕ ਐਵਾਰਡ ਦੀ ਸਥਾਪਨਾ ਵੀ ਕੀਤੀ ਜਿਹੜਾ ਕਵਿਤਾ ਮੁਕਾਬਲੇ ਵਿੱਚ ਅੱਵਲ ਆਉਣ ਵਾਲੇ ਵਿਅਕਤੀ ਨੂੰ ਦਿੱਤਾ ਜਾਂਦਾ ਸੀ। ਜੇਤੂ ਕਵਿਤਾਵਾਂ ਵੀ ਸੰਪਾਦਤ ਕਰ ਕੇ ਛਾਪੀਆਂ ਜਾਣ ਲੱਗੀਆਂ। ਬੱਚਿਆਂ ਨੂੰ ਆਪਣੀਆਂ ਲਿਖਤਾਂ ਤੇ ਆਪਣਾ ਨਾਂ ਛਪਿਆ ਵੇਖ ਕੇ ਚਾਅ ਚੜ੍ਹ ਜਾਂਦਾ। ਰਵੀ ਲਈ ਖ਼ੁਸ਼ੀ ਦੀ ਗੱਲ ਇਹ ਵੀ ਸੀ ਕਿ ਇਨ੍ਹਾਂ ਆਦਿਵਾਸੀਆਂ ਦੀ ਸਿਰਫ਼ 25 ਫ਼ੀਸਦੀ ਵਸੋਂ ਗੋਰੀ ਸੀ, ਬਾਕੀ 75 ਫ਼ੀਸਦੀ ਰੈੱਡ ਇੰਡੀਅਨ ਸਨ; ਜਿਨ੍ਹਾਂ ਦਾ ਬਹੁਤ ਕੁਝ ਭਾਰਤੀਆਂ ਵਰਗਾ ਸੀ।
ਰਵੀ ਨੇ ਇਸ ਕੁੜੀ ਦੀਆਂ ਭਾਵਨਾਵਾਂ ਬਾਰੇ ਇੱਕ ਕਹਾਣੀ ਵੀ ਲਿਖੀ ‘ਰੋਹ ਦੀ ਸ਼ੈਲੀ।’ ਉਸ ਦੇ ਪਾਠਕਾਂ ਤੇ ਵਿਦਿਆਰਥੀਆਂ ਵਿੱਚ ਇਹ ਕਹਾਣੀ ਵੀ ਉਸੇ ਤਰ੍ਹਾਂ ਪ੍ਰਸਿੱਧ ਹੋਈ ਜਿਵੇਂ ਪੌਣਾਂ ਦੇ ਗੀਤ ਦੀ ਕਵਿਤਾ।
ਕਥਾ ਵਾਰਤਾ ਲਿਖੇ ਜਾਂ ਕਵਿਤਾ, ਉਹ ਮੈਨੂੰ ਸਦਾ ਹੀ ਤੁਰਦਾ ਨਜ਼ਰ ਆਇਆ ਹੈ। ਮੈਂ ਉਸ ਨੂੰ ਧਰਤੀ ਗਾਹੁੰਦਾ, ਜੰਗਲ ਚੀਰਦਾ ਤੇ ਨਦੀਏ ਤਰਦਾ ਹੀ ਦੇਖਿਆ ਹੈ। ਉਸ ਦੀ ਟਰੱਕ ਰੂਪੀ ਗੱਡੀ ਉੱਤਰੀ ਅਮਰੀਕਾ ਦੇ ਦੂਰ ਦੁਰਾਡੇ ਸ਼ਹਿਰਾਂ ਤਕ ਦੌੜ ਲਾਉਂਦੀ ਰਹੀ ਹੈ। ਚੰਨ, ਤਾਰੇ ਤੇ ਬ੍ਰਹਿਮੰਡ ਉਸ ਦਾ ਹਰ ਥਾਂ ਪਿੱਛਾ ਕਰਦੇ ਰਹੇ ਹਨ। ਇਸ ਦੌੜ ਵਿੱਚ ਉਸ ਨੇ ਆਪਣੀ ਸਿਹਤ ਦਾ ਕਾਫ਼ੀ ਕਬਾੜਾ ਕੀਤਾ ਹੈ। ਉਸ ਦਾ ਸਾਰੇ ਦਾ ਸਾਰਾ ਸਰੀਰ ਡਾਕਟਰਾਂ ਦੀਆਂ ਛੁਰੀਆਂ, ਕੈਂਚੀਆਂ ਤੇ ਸੂਈਆਂ ਨਾਲ ਵਿੰਨ੍ਹਿਆ ਪਿਆ ਹੈ। ਉਸ ਦੇ ਥੈਲੇ ਵਿੱਚ ਵਸਤਰਾਂ ਨਾਲੋਂ ਸਰੀਰ ਦੀ ਸਵੈ-ਜਾਂਚ ਦੇ ਯੰਤਰ ਬਹੁਤੇ ਹੁੰਦੇ ਹਨ। ਬਲੱਡ ਪ੍ਰੈਸ਼ਰ, ਪਾਣੀ ਦੀ ਪੱਧਰ ਤੇ ਸ਼ੱਕਰ ਮਿਸ਼ਰੀ ਦਾ ਅੰਸ਼ ਦੇਖਣ ਵਾਲੇ। ਸਵੇਰੇ ਚਾਰ ਵਜੇ ਉੱਠ ਕੇ ਬਿਸਕੁਟ, ਮੱਠੀ ਜਾਂ ਮਟਰੀ ਨੂੰ ਠੂੰਗੇ ਮਾਰ ਕੇ ਇੱਕ ਲੱਪ ਗੋਲੀਆਂ ਖਾਣਾ ਉਸ ਦਾ ਨਿੱਤ ਨੇਮ ਹੈ। ਆਪਣੀ ਚੜ੍ਹਤ ਦੇ ਦਿਨਾਂ ਵਿੱਚ ਹਰ ਰੰਗ ਦੀ ਪਗੜੀ ਨਾਲ ਸਿਰ ਢੱਕਣ ਵਾਲਾ ਇਹ ਵਿਅਕਤੀ ਅੱਜ ਲਾਲ ਸੂਹੇ ਰੰਗ ਦੀ ਪੱਗ ਬੰਨ੍ਹ ਕੇ ਪਗੜੀ ਦੀ ਭਾਹ ਰਾਹੀਂ ਆਪਣੇ ਮਾੜਕੂ ਜਿਹੇ ਚਿਹਰੇ ਨੂੰ ਰੁਸ਼ਨਾ ਕੇ ਰੱਖਦਾ ਹੈ।
ਬ੍ਰਿਟਿਸ਼ ਕੋਲੰਬੀਆ ਦੇ ਆਦਿਵਾਸੀਆਂ ਵਿੱਚ ਸਿਰਫ਼ ਇੱਕ ਮਹੀਨੇ ਦੀ ਕੱਚੀ ਨੌਕਰੀ ’ਤੇ ਕੰਮ ਕਰਨ ਗਿਆ ਰਵੀ ਪੂਰੇ ਸਤਾਈ ਸਾਲ ਉੱਥੇ ਹੀ ਟਿਕਿਆ ਰਿਹਾ। ਮਾਸਟਰੀ, ਹੈੱਡ ਮਾਸਟਰੀ, ਪ੍ਰਿੰਸੀਪਲੀ ਤੇ ਟੀਚਰ ਯੂਨੀਅਨ ਦੀ ਪ੍ਰਧਾਨਗੀ, ਉਸ ਨੇ ਸਾਰੇ ਰਸ ਮਾਣੇ ਹਨ। ਆਪਣੀ ਉਮਰ ਦੀ ਢਲਦੀ ਦੁਪਹਿਰ ਵਿੱਚ ਉਹ ਹਾਲੇ ਵੀ ਉੱਥੋਂ ਵਾਲੇ ਅਨੁਭਵ ਦੀ ਜੁਗਾਲੀ ਕਰਦਾ ਰਹਿੰਦਾ ਹੈ:
ਆਪਣੀ ਹਸਤੀ ਨੂਰ ਬਣਾ ਕੇ
ਸੂਰਜ ਨੂੰ ਚਿਪਕਾ ਦਿੱਤੀ ਹੈ
ਸ਼ਬਦਾਂ ਦੀ ਰਚਨਾ ਦੇ ਦੁਆਲੇ
ਧਰਤੀ ਘੁੰਮਣ ਲਾ ਦਿੱਤੀ ਹੈ।
ਉਸ ਦੀ ਕਵਿਤਾ ਦੀਆਂ ਇਹ ਸਤਰਾਂ ਉਸ ਦੀ ਸ਼ਖ਼ਸੀਅਤ ਦੇ ਦੋਵੇਂ ਪਾਸੇ ਹਨ। ਸੂਰਜ, ਚੰਦ, ਸਿਤਾਰੇ, ਬ੍ਰਹਿਮੰਡ ਦੇ ਬਹੁਧਰਤੀ ਚਾਨਣ ਨੂੰ ਮਾਣਨ ਤੇ ਪਛਾਣਨ ਵਾਲਾ ਇਹ ਕਵੀ ਆਪਣੇ ਮਨ ਦੇ ਹਨੇਰਿਆਂ ਨੂੰ ਨਫ਼ਰਤ ਦਾ ਨਾਂ ਦੇ ਕੇ ਇਨ੍ਹਾਂ ਦੇ ਹਾਂ-ਪੱਖੀ ਅਰਥ ਕੱਢਦਾ ਹੈ। ਉਹ ਜ਼ਿੰਦਗੀ ਦੇ ਹਰ ਪਲ ਨੂੰ ਮਾਣਨ ਦਾ ਅਭਿਲਾਸ਼ੀ ਹੈ ਤੇ ਮਾਣ ਰਿਹਾ ਹੈ:
ਵਾਣੀ ਦੇ ਵਣ ’ਚੋਂ ਭੱਜ ਚੱਲੀਏ
ਮੌਨਾਂ ਦੀ ਸ਼ਰਨਾਈ।
ਅੰਦਰ ਵੱਲ ਨੂੰ ਮੋੜੀਏ ਨਜ਼ਰਾਂ
ਅੰਦਰ ਦੀ ਰੁਸ਼ਨਾਈ
ਇਹ ਰੁਸ਼ਨਾਈ ਪੁਸਤਕ ਵਰਗੀ
ਅੱਖਰ ਅੱਖਰ ਆਪਣਾ
ਆਪੇ ਦੀ ਸਿੱਧ ਪੁੱਠ ਨੂੰ ਤੱਕਣਾ
ਆਪਣਾ ਆਪਾ ਜਪਣਾ।
ਰਵਿੰਦਰ ਰਵੀ ਮੈਡਲਵਾਦੀ (ਤਮਗਾ ਮਾਸਟਰ) ਹੈ। ਉਹ ਫ਼ੌਜੀਆਂ ਤੇ ਪੁਲੀਸ ਵਾਲਿਆਂ ਵਾਂਗ ਆਪਣੇ ਸਾਰੇ ਤਮਗੇ ਤੇ ਸਨਮਾਨ ਆਪਣੀ ਹਿੱਕ ਉੱਤੇ ਚਿਪਕਾ ਕੇ ਰੱਖਦਾ ਹੈ। ਫ਼ਰਕ ਹੈ ਤਾਂ ਸਿਰਫ਼ ਇੰਨਾ ਕਿ ਉਸ ਦੀ ਆਤਮਾ ਤੇ ਸਰੀਰ ਉਸ ਦੀਆਂ ਪੁਸਤਕਾਂ ਹਨ, ਹਿੱਕ ਢਕਣ ਵਾਲੀ ਪੁਸ਼ਾਕ ਪੁਸਤਕਾਂ ਦੇ ਅਸਤਰ। ਪੁਸਤਕ ‘ਮੇਰੀ ਕਹਾਣੀ’ ਵਿੱਚ ਉਸ ਨੇ ਹੁਣ ਤਕ ਦੀਆਂ ਲਿਖੀਆਂ ਸਾਰੀਆਂ ਕਹਾਣੀਆਂ ਇਕੱਠੀਆਂ ਛਪਵਾਈਆਂ ਹਨ। ਇਸ ਦੇ ਅਸਤਰ ਉੱਤੇ ਪੰਜਾਬੀ ਦੇ ਸਿਰਮੌਰ ਲੇਖਕਾਂ ਤੇ ਆਲੋਚਕਾਂ ਦੀਆਂ ਰਾਵਾਂ ਦਰਜ ਹਨ। ਸੰਤ ਸਿੰਘ ਸੇਖੋਂ, ਅੰਮ੍ਰਿਤਾ ਪ੍ਰੀਤਮ, ਕਰਤਾਰ ਸਿੰਘ ਦੁੱਗਲ, ਕੁਲਵੰਤ ਸਿੰਘ ਵਿਰਕ, ਡਾ. ਹਰਿਭਜਨ ਸਿੰਘ ਤੇ ਡਾ. ਰਘਬੀਰ ਸਿੰਘ ਸਿਰਜਣਾ ਦੀਆਂ। ਸੇਖੋਂ, ਦੁੱਗਲ ਤੇ ਵਿਰਕ ਇਹ ਕਹਿੰਦੇ ਹਨ :
ਮੈਂ ਸਮਝਦਾ ਹਾਂ ਕਿ ਰਵਿੰਦਰ ਰਵੀ ਜੀਵਨ ਦੀ ਸ਼ਾਹ ਰਗ ਪਛਾਨਣ ਵਾਲਾ ਲੇਖਕ ਹੈ। ਉਸ ਦੀ ਕਹਾਣੀ ਜਿਸਮ ਦੀ ਥਾਂ ਰੂਹ ਦੀ ਬਾਤ ਪਾਉਂਦੀ ਹੈ। ਉਹ ਨਵੇਂ ਵਿਸ਼ਿਆਂ ਤੇ ਨਵੇਂ ਰੂਪਾਂ ’ਤੇ ਹੱਥ ਅਜ਼ਮਾਉਣ ਲੱਗਿਆ ਅੱਗਾ ਪਿੱਛਾ ਨਹੀਂ ਦੇਖਦਾ। – ਕਰਤਾਰ ਸਿੰਘ ਦੁੱਗਲ
ਮੁੱਖ ਰੂਪ ਵਿੱਚ ਰਵੀ ਦੀ ਕਹਾਣੀ ਵਿੱਚ ਨਾਇਕ ਦਾ ਸਥਾਨ ਸਾਧਾਰਨ ਮਾਨਵ ਨੂੰ ਹੀ ਦਿੱਤਾ ਜਾਂਦਾ ਹੈ ਜੋ ਆਪਣੇ ਜੀਵਨ ਵਿੱਚ ਸਮਾਜਿਕ ਤੇ ਆਰਥਿਕ ਅਨਿਆਂ ਦਾ ਸ਼ਿਕਾਰ ਹੈ। ਪਰ ਉਸ ਦਾ ਧਿਆਨ ਬਹੁਤ ਵਾਰੀ ਮਾਨਵ ਦੀ ਸਮਾਜਿਕ ਤੇ ਆਰਥਿਕ ਦਸ਼ਾ ਵੱਲੋਂ ਹਟ ਕੇ ਉਸ ਦੇ ਅੰਦਰਲੇ ਪਾਪ ਤੇ ਰੋਗ ਵੱਲ ਚਲਾ ਜਾਂਦਾ ਹੈ। ਇਹ ਪ੍ਰਕਿਰਤੀਵਾਦ ਉਸ ਦੇ ਅਸਤਿਤ੍ਵਵਾਦ ਵੱਲ ਝੁਕਾਅ ਦਾ ਨਤੀਜਾ ਹੈ। – ਸੰਤ ਸਿੰਘ ਸੇਖੋਂ
ਰਵੀ ਜਿੱਥੇ ਵੀ ਗਿਆ ਹੈ ਉੱਥੋਂ ਦੇ ਲੋਕਾਂ ਵਿੱਚ ਰਚ-ਮਿਚ ਕੇ ਵਿਚਰਿਆ ਹੈ। ਉਸ ਦੀਆਂ ਕਹਾਣੀਆਂ ਵਿੱਚ ਬਾਹਰਲੇ ਦੇਸ਼ਾਂ ਦੇ ਇਸਤਰੀ ਮਰਦ ਜਿਉਂਦੇ ਵਸਦੇ ਨਜ਼ਰ ਆਉਂਦੇ ਹਨ। ਸਮੁੱਚੀ ਮਨੁੱਖਤਾ ਦੇ ਰੂਪ ਵਿੱਚ। – ਕੁਲਵੰਤ ਸਿੰਘ ਵਿਰਕ
ਰਵੀ ਦਾ ਦੂਜਾ ਗੁਣ ਮੈਡਲ ਪ੍ਰਦਾਨ ਕਰਨ ਵਾਲਿਆਂ ਦਾ ਮੁੱਲ ਚੁਕਾਉਣਾ ਹੈ। ਆਪਣੀਆਂ ਕੁਝ ਕਹਾਣੀਆਂ ਦਾ ਇਹ ਸੰਗ੍ਰਹਿ ਉਸ ਨੇ ਕਰਤਾਰ ਸਿੰਘ ਦੁੱਗਲ, ਸੰਤ ਸਿੰਘ ਸੇਖੋਂ ਤੇ ਕੁਲਵੰਤ ਸਿੰਘ ਵਿਰਕ ਨੂੰ ਸਮਰਪਿਤ ਕੀਤਾ ਹੈ। ਰਵਿੰਦਰ ਰਵੀ ਪਰਵਾਸੀ ਲੇਖਕਾਂ ਵਿੱਚੋਂ ਸਭ ਤੋਂ ਵੱਧ ਸਨਮਾਨਿਤ ਤੇ ਹਰਮਨ ਪਿਆਰਾ ਜੀਊੜਾ ਹੈ। ਉਹ ਰਾਵਾਂ, ਤਮਗੇ ਤੇ ਸਨਮਾਨ ਲੈਂਦਾ ਹੀ ਨਹੀਂ, ਦਿੰਦਾ ਵੀ ਰਿਹਾ ਹੈ। ਉਹ ਅੰਤਰਰਾਸ਼ਟਰੀ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਦਾ ਸੰਚਾਲਕ ਤੇ ਇਆਪਾ ਦਾ ਮੋਢੀ ਪ੍ਰਧਾਨ ਹੈ। ਆਪਣੇ ਇਨ੍ਹਾਂ ਲਾਟੂਆਂ ਉੱਤੇ ਉਸ ਨੇ ਅੰਮ੍ਰਿਤਾ ਪ੍ਰੀਤਮ, ਸੰਤ ਸਿੰਘ ਸੇਖੋਂ, ਬਲਵੰਤ ਗਾਰਗੀ, ਫਖਰ ਜ਼ਮਾਂ, ਸੋਹਨ ਕਾਦਰੀ ਤਾਂ ਕੀ, ਆਪਣੀ ਮੁਹੱਬਤ ਵਿੱਚ ਆਏ ਨਵੇਂ ਨਵੇਲੇ ਮੁੰਡੂਆਂ ਨੂੰ ਰੱਜ ਕੇ ਘੁਮਾਇਆ ਹੈ।
ਘੁੰਮਣਾ ਤੇ ਘੁਮਾਉਣਾ ਉਸ ਦੀ ਜੀਵਨ ਸ਼ੈਲੀ ਦਾ ਸੋਮਾ ਹਨ। ਕਾਲੇ ਚਿੱਟੇ ਧੱਬੇ, ਰੋਹ ਦੀ ਸ਼ੈਲੀ, ਪਿਆਸੇ ਬੱਦਲ, ਅੰਨ੍ਹੇ ਸੂਰਜ, ਸੁੱਤੀਆਂ ਦੁਪਹਿਰਾਂ, ਜਾਗਦੇ ਹਨੇਰੇ, ਮੈਲੀ ਪੁਸ਼ਾਕ, ਨੰਗੀਆਂ ਕੰਧਾਂ, ਮੱਕੜੀਆਂ ਤੇ ਜਾਲੇ ਆਦਿ ਸਾਹਿਤਕ ਬਿੰਬ ਸਿਰਜਦਾ ਉਹ ਲੀਕ ਤੋਂ ਹਟ ਕੇ ਲਿਖਣ ਤੇ ਨਵੀਆਂ ਲੀਹਾਂ ਪਾਉਣ ਵਾਲਾ ਸਾਹਿਤਕਾਰ ਸਿੱਧ ਹੋਇਆ ਹੈ।
ਉਸ ਦੀ ਖ਼ਾਮੋਸ਼ੀ ਵਿੱਚ ਵੀ ਅੰਤਾਂ ਦਾ ਸ਼ੋਰ ਹੈ ਤੇ ਉਸ ਦੇ ਸ਼ੋਰ ਅੰਦਰ ਮੌਨ ਸਮਾਧੀ, ਬਿਫਰੇ ਦਰਿਆ ਦੀ ਤਹਿ ਵਿੱਚ ਟਿਕੀ ਹੋਈ ਸ਼ਾਂਤ ਝੀਲ ਵਾਂਗ ਨਜ਼ਰ ਆਉਂਦੀ ਹੈ। ਉਸ ਦੇ ਪਾਤਰਾਂ ਦੀ ਪਛਾਣ ਦੀਆਂ ਜੜ੍ਹਾਂ ਬੇਗਾਨਗੀ ਵਿੱਚ ਹਨ। ਉਨ੍ਹਾਂ ਦੇ ਚਿਹਰਿਆਂ ਦੇ ਨਕਸ਼, ਭੀੜ ਦੇ ਚਿਹਰਿਆਂ ’ਤੇ ਚਿਪਕੇ ਹੋਏ ਹਨ। ਭੀੜ ਦੀ ਕੋਈ ਚੇਤਨਾ ਨਹੀਂ ਹੁੰਦੀ ਤੇ ਰਵੀ ਕਹਿੰਦਾ ਹੈ ਕਿ ਜੋ ਨਕਸ਼ ਵੀ ਵੇਖਣ ਵਾਲੀ ਅੱਖ ਵਿੱਚ ਇੱਕ ਸੁਪਨਾ ਲਟਕਾ ਸਕੇ, ਉਹ ਹੀ ਆਪਣੇ ਆਪ ਵਿੱਚ ਇੱਕ ਪੂਰਾ ਸੰਸਾਰ ਹੈ।
ਰਵਿੰਦਰ ਰਵੀ ਜੁਗਤੀ ਜੀਊੜਾ ਹੈ। ਉਹ ਤਿੰਨ ਬੰਦੇ ਇਕੱਠੇ ਕਰ ਕੇ ਪ੍ਰਯੋਗਵਾਦੀ ਲਹਿਰ ਚਲਾ ਸਕਦਾ ਹੈ। ਲਹਿਰ ਸਥਾਪਤ ਹੋਣ ਉਪਰੰਤ ਅਕਥ ਕਥਾਵਾਂ, ਵਣ ਵਾਣੀਆਂ ਤੇ ਪਿਆਸੇ ਬੱਦਲਾਂ ਤੋਂ ਅਸ਼ੀਰਵਾਦ ਲੈ ਕੇ ਜੁਰਮ ਦੇ ਪਾਤਰ, ਕੰਪਿਊਟਰ ਕਲਚਰ, ਕੋਨ ਪ੍ਰਤੀਕੋਨ, ਅਘਰਵਾਸੀ ਤੇ ਆਪਣੇ ਆਪਣੇ ਟਾਪੂ ਨਾਵਾਂ ਥੱਲੇ ਮੈਲੀਆਂ ਪੁਸਤਕਾਂ ਦੀ ਦਾਸਤਾਨ ਬਣ ਸਕਦਾ ਹੈ। ਉਹ ਆਪਣੀਆਂ ਰਚਨਾਵਾਂ ਨੂੰ ਸਿਫਰਾਂ, ਸੂਰਜਾ, ਦਰ ਦੀਵਾਰਾਂ ਤੇ ਚੌਕਾਂ ਵਿੱਚ ਖਲਿਆਰ ਕੇ ਉਨ੍ਹਾਂ ਦੇ ਗਲਾਂ ਵਿੱਚ ਪ੍ਰਯੋਗੀ ਹਾਰ ਪਾਉਂਦਾ ਹੈ। ਪੋਥੀ ਦਰ ਪੋਥੀ ਕਵਿਤਾਵਾਂ ਰਚ ਕੇ ਬਿੰਦੂ ਵਸਤਰ, ਧੱਬੇ, ਧੂਣੀਆਂ ਦਾ ਢੋਆ ਢੋਂਦਾ ਆਪਣੇ ਮੌਸਮ ਦੀ ਵਾਰੀ ਉਡੀਕਦਾ ਹੈ। ਉਹ ਅਲਵਿਦਾ ਕਹਿ ਗਏ ਮਿੱਤਰ ਪਿਆਰਿਆਂ ਨੂੰ ਮੋੜ ਲਿਆਉਣ ਦਾ ਵੱਲ ਵੀ ਜਾਣਦਾ ਹੈ। ਉਸ ਨੇ ਪਿਤਾ ਪਿਆਰਾ ਸਿੰਘ ਗਿੱਲ ਤੇ ਭਣਵੱਈਏ ਕਰਮ ਸਿੰਘ ਸੰਧੂ ਦੇ ਨਾਂ ’ਤੇ ਅੰਤਰਰਾਸ਼ਟਰੀ ਪੁਰਸਕਾਰ ਸਥਾਪਤ ਕਰ ਕੇ ਸੇਖੋਂ, ਦੁੱਗਲ, ਅੰਮ੍ਰਿਤਾ ਪ੍ਰੀਤਮ, ਅਜੀਤ ਕੌਰ, ਹਰਿਭਜਨ ਸਿੰਘ, ਗਾਰਗੀ, ਤਾਰਾ ਸਿੰਘ, ਰਘਬੀਰ, ਸੇਠੀ, ਦੇਵ, ਕਾਂਗ ਤੇ ਗੁਰੂਮੇਲ ਆਦਿ ਨੂੰ ਆਪਣੇ ਇਸ ਜੰਬੋ ਜੈੱਟ ਦੀਆਂ ਇੰਟਰਨੈਸ਼ਨਲ ਉਡਾਣਾਂ ਦੇ ਝੂਟੇ ਦਿੱਤੇ ਹਨ। ਪਿਆਰਾ ਸਿੰਘ ਗਿੱਲ ਤੇ ਕਰਮ ਸਿੰਘ ਸੰਧੂ ਦੀਆਂ ਅਸਥੀਆਂ ਤੇ ਆਤਮਾਵਾਂ ਨੂੰ ਉਨ੍ਹਾਂ ਥਾਂਵਾਂ ਦੀ ਸੈਰ ਕਰਵਾਈ ਹੈ ਜਿੱਥੇ ਉਹ ਜੀਉਂਦੇ ਜੀਅ ਨਹੀਂ ਸਨ ਜਾ ਸਕੇ।
ਉਸ ਨੇ ਗੁਆਂਢੀ ਦੇਸ਼ ਦੇ ਫਖਰ ਜ਼ਮਾਂ ਤੇ ਅਫਜ਼ਲ ਅਹਿਸਨ ਰੰਧਾਵਾ ਨਾਲ ਸਾਂਝਾਂ ਪਾ ਕੇ ਆਪਣੇ ਜਨਮ ਸਥਾਨ ਸਿਆਲਕੋਟ ਦੀ ਮਿੱਟੀ ਨੂੰ ਚੁੰਮਿਆ ਹੈ। ਉਸ ਦੀ ਸਿਰਜੀ ਇਆਪਾ ਨਾਂ ਦੀ ਸੰਸਥਾ ਨੇ ਡੈਨਮਾਰਕ, ਇੰਡੀਆ, ਪਾਕਿਸਤਾਨ, ਕੈਨੇਡਾ, ਇੰਗਲੈਂਡ ਤੇ ਕੀਨੀਆ ਵਿੱਚ ਉਚੇਚੇ ਸਮਾਗਮ ਕੀਤੇ ਹਨ।
ਇਆਪਾ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਪੋਇਟਸ, ਆਥਰਜ਼ ਐਂਡ ਆਰਟਿਸਟਸ ਦਾ ਸੰਖੇਪ ਹੈ। ਹੁਣ ਜਦੋਂ ਉਸ ਦੀ ਸਿਹਤ ਪਹਿਲਾਂ ਵਾਲੀ ਨਹੀਂ ਤਾਂ ਵੀ ਟਿਕ ਕੇ ਨਹੀਂ ਬੈਠਦਾ। ਉਸ ਦੀ ਜੁਗਤੀ-ਪੌੜੀ ਦੇ ਡੰਡੇ ਹਾਲੇ ਮੁੱਕੇ ਨਹੀਂ। ਉਹ ਆਪਣੀਆਂ ਰਚਨਾਵਾਂ ਦੇ ਗ੍ਰੰਥ ਤਿਆਰ ਕਰਵਾ ਕੇ ਆਪਣੇ ਕੰਮ ਨੂੰ ਸਮੇਟਣ ਦਾ ਪ੍ਰਭਾਵ ਦੇ ਰਿਹਾ ਹੈ, ਪਰ ਉਸ ਦੀ ਅਸਲੀ ਨੀਅਤ ਇਨ੍ਹਾਂ ਦਾ ਦੂਰ ਦੂਰ ਤਕ ਛੱਟਾ ਦੇਣ ਦੀ ਹੈ। ਭੁੱਲੀ ਵਿਸਰੀ ਤੇ ਮਰ ਰਹੀ ਰਚਨਾ ਨੂੰ ਆਕਸੀਜਨ ਦੇਣ ਵਾਂਗ। ਉਸ ਦੀ ਕਾਰਜ ਵਿਧੀ ਦੇ ਰੰਗ ਨਿਆਰੇ ਹਨ। ਬਹੁਤ ਪਹਿਲਾਂ ਸੱਠਵਿਆਂ ਦੇ ਅੱਧ ਵਿੱਚ ਜਦੋਂ ਪੰਜਾਬੀ ਸਾਹਿਤ ਸਮੀਖਿਆ ਬੋਰਡ ਨੇ ਮੇਰੀ ਪੁਸਤਕ ‘ਹੁਸਨ ਦੇ ਹਾਣੀ’ ਤੇ ਤਾਰਾ ਸਿੰਘ ਦੀ ‘ਸੂੁਰਜ ਦਾ ਲੈਟਰ ਬਾਕਸ’ ਨਾਲ ਰਵੀ ਦੀ ਰਚੀ ਨਵੀਂ ਪੁਸਤਕ ਵੀ ਸ਼ਾਮਲ ਕਰ ਲਈ ਤਾਂ ਰਵੀ ਨੇ ਡੱਬੇ ’ਚੋਂ ਬੋਤਲ ਕੱਢ ਕੇ ਇੱਕ ਦੋ ਵੱਡੇ ਹਾੜੇ ਲਾ ਲਏ ਤੇ ਸਾਨੂੰ ਵੀ ਦਿੱਤੇ। ‘‘ਇਹ ਕੌਣ ਹੁੰਦੇ ਹਨ ਸਾਡੀ ਰਚਨਾ ਦੀ ਸਮੀਖਿਆ ਕਰਨ ਵਾਲੇ!’’ ਅਸੀਂ ਤਿੰਨਾਂ ਨੇ ਸ਼ੀਸ਼ੇ ਦੇ ਫਰੇਮਾਂ ਵਿੱਚ ਜੜੇ ਹੋਏ ਇਨਾਮੀ ਸਰਟੀਫਿਕੇਟ ਇੱਕ ਇੱਕ ਕਰ ਕੇ ਧਰਤੀ ਉੱਤੇ ਸੁੱਟੇ ਤੇ ਬੂਟਾਂ ਦੀਆਂ ਅੱਡੀਆਂ ਨਾਲ ਮਧੋਲ ਕੇ ਚੂਰਾ ਚੂਰਾ ਕਰ ਦਿੱਤੇ। ਇੱਕ ਵਾਰ ਉਸ ਨੇ ਆਪਣੀ ਸਥਾਪਿਤ ਕੀਤੀ ਇਆਪਾ ਸੰਸਥਾ ਦੇ ਬਿਲਮੁਕਾਬਲ ਇੱਕ ਸਾਹਿਤ ਵਿਚਾਰ ਮੰਚ ਨਾਂ ਦੀ ਨਵੀਂ ਸੰਸਥਾ ਵੀ ਸਥਾਪਿਤ ਕੀਤੀ। ਸਥਾਪਨਾ ਤੋਂ ਪਿੱਛੋਂ ਇਸ ਨਵੀਂ ਸੰਸਥਾ ਵੱਲੋਂ ਉਸ ਨੇ ਪੰਜਾਬੀ ਭਾਸ਼ਾ ਸਾਹਿਤ ਤੇ ਸਭਿਆਚਾਰ ਨਾਲ ਮੋਹ ਰੱਖਣ ਵਾਲੇ ਪਪੰਜਾਬ ਦੇ ਪ੍ਰਮੁੱਖ ਹਸਤਾਖਰਾਂ ਮਹਿੰਦਰ ਸਿੰਘ ਰੰਧਾਵਾ, ਕੁਲਵੰਤ ਸਿੰਘ ਵਿਰਕ, ਕਪੂਰ ਸਿੰਘ ਘੁੰਮਣ ਤੇ ਪ੍ਰੀਤਮ ਸਿੰਘ ਸਫੀਰ ਨੂੰ ਵਿਸ਼ਵ ਪੰਜਾਬੀ ਸਾਹਿਤਕਾਰ ਨਾਮੀ ਐਵਾਰਡ ਪ੍ਰਦਾਨ ਕੀਤੇ ਤੇ ਕਰਵਾਏ।
ਰਵਿੰਦਰ ਰਵੀ ਨੇ ਬਹੁਤ ਸਫ਼ਰ ਕੀਤਾ ਹੈ। ਪੂਰੇ ਵੀਹ ਸਾਲ ਉਹ ਸਾਈਕਲ ’ਤੇ ਸਵਾਰ ਹੋ ਕੇ ਪੰਜਾਬ ਦੇ ਸਰਕਾਰੀ ਤੇ ਗੈਰ-ਸਰਕਾਰੀ ਸਕੂਲਾਂ ਵਿੱਚ ਵਿਦਿਆ ਲੈਂਦਾ ਤੇ ਦਿੰਦਾ ਰਿਹਾ ਹੈ। ਇਹ ਕਾਰਜ ਉਸ ਨੇ 1967 ਤਕ ਕੀਨੀਆ ਜਾ ਕੇ ਵੀ ਜਾਰੀ ਰੱਖਿਆ। ਇਸ ਧਰਤੀ ਤੋਂ ਉਸ ਨੇ ਅਮਰੀਕਾ ਤੇ ਉੱਤਰੀ ਅਮਰੀਕਾ ਦਾ ਦੌਰਾ ਕੀਤਾ। ਇਸ ਗਮਨ ਵਿੱਚ ਯੂਕੇ ਤੋਂ ਬਿਨਾਂ ਮਿਡਲ ਈਸਟ ਤੇ ਯੂਰਪ ਦੇ ਦੇਸ਼ ਵੀ ਸ਼ਾਮਲ ਹਨ। 1974 ਵਿੱਚ ਉਹ ਕੈਨੇਡਾ ਦੀ ਬਹੁਤ ਹੀ ਖ਼ੂਬਸੂਰਤ ਰਿਆਸਤ ਬ੍ਰਿਟਿਸ਼ ਕੋਲੰਬੀਆ ਵਿੱਚ ਅਧਿਆਪਕ ਜਾ ਲੱਗਿਆ। ਸਾਰੇ ਸਫ਼ਰ ਉਸ ਨੇ ਸਾਈਕਲ, ਕਾਰ ਜਾਂ ਹਵਾਈ ਜਹਾਜ਼ ਰਾਹੀਂ ਕੀਤੇ। ਉਸ ਦੀ ਯਾਤਰਾ ਦੇ ਕੋਹਾਂ ਦਾ ਰੰਗ ਕਦੇ ਵੀ ਕਾਲਾ ਨਹੀਂ ਰਿਹਾ। ਧਰਤ ਕੁਆਰੀ, ਸੜਕਾਂ ਖੁੱਲ੍ਹੀਆਂ ਸਿੱਧੀਆਂ ਤੇ ਚਿੱਟੀਆਂ। ਆਸਮਾਨ ਵਿੱਚ ਦੁੱਧ ਚਿੱਟੇ ਬੱਦਲਾਂ ਦੀ ਸਵਾਰੀ। ਉਹ ਚਿੱਟੇ ਕੋਹਾਂ ਦਾ ਅਣਥੱਕ ਪਾਂਧੀ ਹੈ। ਉਸ ਦੀ ਤ੍ਰਿਸ਼ਨਾ ਬਾਕਾਇਦਾ ਕਾਇਮ ਹੈ। ਉਹ ਲਿਖਦਾ ਹੈ:
ਸਰਾਪੀ ਸਿਰਜਣਾ ਦਾ ਵਰ
ਪ੍ਰਾਪਤ ਹੋਂਦ ਮੇਰੀ ਨੂੰ
ਤ੍ਰੀਮਤ ਆਪਣੇ ਅੰਦਰ ਦੀ
ਮੈਂ ਬਾਹਰ ਭਾਲਦਾ ਫਿਰਦਾਂ
ਗੁਨਾਹ ਕਹਿ ਕੇ ਜੋ ਨਿੰਦਣਾ
ਨਿੰਦ ਲਵੋ ਇਹ ਅਮਲ ਕਰਤਾਰੀ
ਮੇਰੇ ਅੰਦਰ ਦਾ ਆਦਮ
ਫਿਰ ਅੰਜੀਰਾਂ ਖਾਣ ਚੱਲਿਆ ਹੈ।
+++
ਮੈਂ ਤਾਂ ਇੱਕ ਅਘਰਵਾਸੀ ਹਾਂ
ਚੁੱਕ ਕੇ ਬੁਚਕੀ ਜਦੋਂ ਤੁਰਾਂਗਾ
ਖੁੱਲ੍ਹਣਗੇ ਸੜਕਾਂ ਦੇ ਦੁਆਰ।
ਨਿਊ ਆਏਸ਼ ਦੀ ਜਿਸ ਧਰਤੀ ਉੱਤੇ ਰਵਿੰਦਰ ਰਵੀ ਪਿਛਲੇ ਤੀਹ ਸਾਲਾਂ ਤੋਂ ਬੈਠਾ ਹੈ ਉਹ ਖੁੱਲ੍ਹੇ ਦਰਾਂ ਵਾਲੀ ਧਰਤੀ ਹੈ। ਅਣਭੋਲ ਜਵਾਨੀਆਂ ਦਾ ਗੜ੍ਹ। ਇੱਥੋਂ ਦੇ ਵਸਨੀਕਾਂ ਨੂੰ ਉਸ ਨੇ ਏ ਬੀ ਸੀ ਤੋਂ ਪੜ੍ਹਨਾ ਸਿਖਾਇਆ ਹੈ। ਜਦੋਂ ਉਹ ਉੱਥੇ ਪਹੁੰਚਿਆ ਸੀ ਉੱਥੇ ਪੜ੍ਹਾਈ ਨਾਂ ਦੀ ਕੋਈ ਚੀਜ਼ ਹੀ ਨਹੀਂ ਸੀ। ਟੀਸੀਆਂ ਉੱਤੇ ਰੁੱਖਾਂ ਦੀਆਂ ਮੀਢੀਆਂ ਵਾਲੇ ਪਹਾੜ ਹੀ ਸਨ। ਇਨ੍ਹਾਂ ਰੁੱਖਾਂ ਦੀ ਤਰਤੀਬ, ਵਿਉਂਤ ਤੇ ਬੁਣਤ ਰਵਿੰਦਰ ਰਵੀ ਨੂੰ ਨੀਗਰੋ ਔਰਤਾਂ ਦੀਆਂ ਮੀਢੀਆਂ ਤੇ ਗੋਂਦ ਨੂੰ ਮਾਤ ਪਾਉਂਦੀ ਜਾਪੀ। ਰਵੀ ਦਾ ਨਿਊ ਆਏਸ਼ ਵਾਲਾ ਘਰ ਧੁਰ ਉੱਤਰ ਵਿੱਚ ਅਲਾਸਕਾ ਦੇ ਨੇੜੇ ਹੈ ਜਿਵੇਂ ਅਲਾਸਕਾ ਦੀ ਗੁੱਤ ਨਾਲ ਲਟਕਦਾ ਹੋਵੇ! ਉਸ ਦਾ ਇਹ ਘਰ ਤੱਕ ਕੇ ਮਿਰਜ਼ਾ ਗ਼ਾਲਿਬ ਦਾ ਸ਼ਿਅਰ ਚੇਤੇ ਆ ਜਾਂਦਾ ਹੈ:
ਮੰਜ਼ਿਰ ਏਕ ਬੁਲੰਦੀ ਪਰ ਔਰ ਹਮ ਬਨਾ ਸਕਤੇ
ਅਰਸ਼ ਸੇ ਇਧਰ ਹੋਤਾ ਕਾਸ਼ ਕਿ ਮਕਾਂ ਅਪਨਾ
ਉਸ ਨੂੰ ਇਸ ਘਰ ਨਾਲ ਮੋਹ ਹੈ। ਉਹ ਦੂਰੋਂ ਆਏ ਮਿੱਤਰ ਪਿਆਰਿਆਂ ਨੂੰ ਘਰ ਲਿਜਾ ਕੇ ਖ਼ੁਸ਼ ਹੁੰਦਾ ਹੈ। ਇੱਥੋਂ ਅਲਾਸਕਾ ਜਾਣਾ ਸਹਿਲ ਹੈ। ਦੋ ਘੰਟੇ ਦੀ ਕਾਰ ਯਾਤਰਾ। ਰਵੀ ਆਪਣੀ ਕਾਰ ਸਿੱਧੀਆਂ ਤੇ ਚਿੱਟੀਆਂ ਸੜਕਾਂ ’ਤੇ ਤੋਰ ਲੈਂਦਾ ਹੈ। ਇਹ ਸੜਕਾਂ ਖੁੱਲ੍ਹੀਆਂ ਹਨ, ਸਿੱਧੀਆਂ ਹਨ, ਸਾਫ਼ ਹਨ, ਸਫ਼ੈਦ ਹਨ। ਸਲੇਟੀ ਨਹੀਂ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਲਜ਼ਾਰ ਸਿੰਘ ਸੰਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ