Khat (Punjabi Story) : Roop Dhillon
ਖ਼ਤ (ਕਹਾਣੀ) : ਰੂਪ ਢਿੱਲੋਂ
ਨਾ ਵੰਞ ਨਾ ਵੰਞ ਢੋਲਣ ਯਾਰ
ਟਿਕ ਪਊ ਇਥਾਈਂ ਵੇ ਢੋਲਣ ਯਾਰ
ਲੋਕੀਂ ਕਮਲੇ ਲੱਦੀ ਲੱਦੀ ਜਾਂਦੇ।
ਟੁੱਟ ਗਈਆਂ ਯਾਰੀਆਂ ‘ਤੇ ਫੁੱਲ ਕੁਮਲਾਂਦੇ
ਟਿਕ ਪਊ ਇਥਾਈਂ ਵੇ ਢੋਲਣ ਯਾਰ
ਨਾ ਵੰਞ ਨਾ ਵੰਞ ਢੋਲਣ ਯਾਰ।
ਰੋਟੀ ਤੇ ਰਿਜ਼ਕ ਅੱਲ੍ਹਾ ਦੇਂਦਾ ਏ ਸਾਈ ਵੇਂ
ਅਪਣੇ ਵਤਨ ਦੀਆਂ ਠੰਢੀਆਂ ਛਾਈਂ ਵੇਂ
ਟਿਕ ਪਊ ਇਥਾਈਂ ਵੇ ਢੋਲਣ ਯਾਰ
ਨਾ ਵੰਞ ਨਾ ਵੰਞ ਢੋਲਣ ਯਾਰ॥
ਭਾਦੋਂ ਦਾ ਬਾਹਈਵਾਂ ਦਿਨ।
ੴ ਸਤਿ ਗੁਰੂ ਪ੍ਰਸਾਦਿ
ਪਿਆਰੇ ਭਾਪਾ ਜੀ,
ਪਿਆਰ ਭਰੀ ਸਤਿ ਸ਼੍ਰੀ ਅਕਾਲ।
ਸਾਡੀ ਮਾਂ ਠੀਕ ਠਾਕ ਹੈ? ਭੈਣ ਕਿਵੇਂ ਹੈ? ਸਾਰੇ ਰਾਜ਼ੀ ਤਾਂ ਹੋ? ਭੈਣ ਨੂੰ ਕਹਿਣਾ ਕਿ ਮੈਂ ਉਸ ਦੇ ਹੱਥੋਂ ਬਣਾਏ ਪਰ੍ਹਾਠਿਆਂ ਦੇ ਸੁਪਨੇ ਲੈਂਦਾ। ਮਾਂ ਨੂੰ ਵੀ ਦੱਸਣਾ, ਹੁਣ ਤਾਂ ਘਾਟ ਮਹਿਸੂਸ ਕਰਨੀ ਹੀ ਹੈ। ਮਮਤਾ ਵਿਗੋਚਾ ਪੈਂਦਾ। ਅਕਸਰ ਮਾਵਾਂ ਹੁੰਦੀਆਂ ਠੰਢੀਆਂ ਛਾਵਾਂ। ਹੁਣ ਘਰੋਂ ਦੂਰ ਇੰਨੇ ਦਿਨਾਂ’ਚ ਹੀ ਇਸ ਸੱਚ ਦਾ ਯਕੀਨ ਹੋ ਰਿਹਾ ਹੈ। ਸਾਰੇ ਬਹੁਤ ਯਾਦ ਆਉਂਦੇ ਨੇ। ਭਾਪਾ, ਤੁਸੀਂ ਠੀਕ ਹੋ? ਖੇਤ ਕਿਵੇਂ? ਪੈਸੇ ਭੇਜੂਗਾ, ਫ਼ਿਕਰ ਨਹੀਂ ਕਰਨਾ। ਮੈਂ ਠੀਕ ਹਾਂ। ਹਾਲੇ ਸਫਰ ਤੇ ਹੀ ਹਾਂ। ਕਈ ਯਾਰ ਵੈਲੀ ਬਣਾ ਲਏ ਭਾਪਾ ਜੀ। ਚਾਰ ਤਾਂ ਖ਼ਾਸ ਮਿੱਤਰ ਬਣ ਚੁੱਕੇ ਨੇ। ਇੱਕ ਹੈ ਚਿਰਾਗ ਅਲਾਮ। ਉਹ ‘ਪਿੰਡੀ ਤੋਂ ਆਇਆ। ਇੱਕ ਹੈ ਦਰਸਾਨ ਸਿੰਘ। ਬਹੁਤ ਬੀਬਾ ਮੁੰਡਾ ਹੈ। ਲੁਧਿਆਣੇ ਪਾਸਿਓ ਹੈ, ਬੱਗੀ ਤੋਂ। ਗਿਆਨ ਸਿੰਘ ਵੀ ਚੁੰਗਾ ਹੈ। ੳਹਿ ਜਲੰਧਰ ਦੇ ਕੋਲ਼ੋ ਹੈ, ਗੋਰਿਆ ਤੋਂ। ਜੋਧਾ ਰਾਮ ਲਾਹੋਰ ਤੋਂ ਹੈ। ਉਹ ਸਾਥੋਂ ਵੱਡਾ ਹੈ। ਚਾਰ ਹੀ ਚੰਗੇ ਮੁੰਡੇ ਨੇ। ਫ਼ਿਕਰ ਨਾ ਹੁਣ ਕਰੋਂ, ਮੇਰਾ ਸਾਥ ਕਰੂਗੇ। ਸ਼ੁਗਲ ਚ ਹੋਰ ਸਾਰੇ ਸਾਨੂੰ ਪੰਜ ਪਿਆਰੇ ਆਖਦੇ ਨੇ। ਤਿੰਨ ਤਾਂ ਮੇਰੇ ਜਥੇ’ਚ ਹੈ।
ਹੁਣ ਦਸ ਦਿਨ ਹੋ ਚੁੱਕੇ ਜਦ ਦਾ ਜਹਾਜ਼ ਕਰਾਚੀ ਤੋਂ ਤੁਰਿਆ। ਜਹਾਜ਼ ਚ ਹਰ ਇਲਾਕੇ ਤੋਂ ਸਿਪਾਹੀ ਹਨ। ਜਿਵੇਂ ਹਰ ਸਿੱਖ, ਹਿੰਦੂ ਤੇ ਮੁਸਲਮਾਨ ਨੇ ਫ਼ੌਜ ਚ ਭਰਤੀ ਕੀਤੀ ਹੋਵੇ! ਸਾਨੂੰ ਜਹਾਜ਼ ਦੇ ਢਾਂਚੇ ਗੋਦੀ ਵਿੱਚ ਰਖਿਅ ਹੈ। ਪਤਾ ਨਹੀਂ ਅਸੀਾਂ ਕਿੰਨੇ ਬੰਦੇ ਹਾਂ! ਬੰਦਾ ਤਾਂ ਅੰਗੜਾਈ ਵੀ ਨਹੀਂ ਲੈ ਸਕਦਾਂ! ਖ਼ੈਰ ਕੋਈ ਬੱਢੇ ਵੀ ਹਨ, ਪਰ ਕਾਫ਼ੀ ਨੌਜਵਾਨ ਵੀ ਹਨ। ਮੇਰੇ ਖਿਆਲ ਵਿੱਚ ਮੁੰਡੇ ਪੰਦਰ ਜਾਂ ਸੋਲ਼ਾਂ ਸਾਲ ਦੇ ਵੀ ਭਰਤੀ ਹਨ। ਦਰਸ਼ਾਨ ਸਿਰਫ਼ ਸੋਲ਼ਾਂ ਸਾਲਾ ਦਾ ਹੈ। ਸਭ ਨੂੰ ਇੱਕ ਰਫ਼ਲ ਦਿੱਤੀ ਅਤੇ ਹਲਕੀ ਜਿਹੀ ਖਾਖੀ ਬਰਦੀ। ਸਾਨੂੰ ਭਰਤੀ ਤੇ ਦੱਸਿਆ ਗਿਆ ਸੀ ਕਿ ਅਸੀਂ ਇੱਕ ਵੱਡੇ ਵਿਕਾਰੀ ਨਾਲ਼ ਲੜਨ ਲੱਗੇ ਹਾਂ। ਅਸੀਂ ਦੁਨੀਆਂ ਨੂੰ ਬਚਾਉਣ ਲੱਗੇ ਹਾਂ। ਪਰ ਸੱਚ ਹੈ, ਮੇਰੇ ਵਾਂਗਰ ਉਸ ਇਸ਼ਤਿਹਾਰ ਵੇਖ ਕੇ ਬੰਦੇ ਭਰਤੀ ਹੋਏ ਨੇ। ਸਾਨੂੰ ਆਸ ਦਿੱਤੀ ਹੈ ਕਿ ਪੰਜਾਬ ਤੋਭ ਬਿਹਤਰ ਹਾਲ ਹੋਵੇਗਾ। ਖਾਣਾ ਹੋਵੇਗਾ, ਚੰਗੇ ਲੀੜੇ ਅਤੇ ਸੋਣਨੀਆਂ ਜੁੱਤੀਆਂ। ਖ਼ਾਸ ਗੱਲ ਹੈ ਪੈਸੇ! ਪੰਦਰਾਂ ਰੂਪੀਆਂ ਹਰ ਮਹਿਨੇ ਮਿਲਣੇ ਹੈ!
ਰਾਹ ਵਿੱਚ ਅਸੀਂ ਮੇਸੋਪਤੇਮੀਆ’ਚ ਰੁੱਕੇ। ਕਈ ਫ਼ੌਜੀ ਉੱਥੇਂ ਲਾਹ ਦਿੱਤੇ ਸੀ। ਫ਼ੇਰ ਜਹਾਜ਼ ਕੋਈ ਵੱਡੇ ਚੌੜ੍ਹੇ ਨਾਹਿਰ’ਚੋਂ ਲੰਘ ਕੇ ਸਾਨੂੰ ਮਿਸਰ ਲੈ ਆਇਆ। ਭਾਪਾ ਜੀ, ਦੇਖਣ ਵਾਲ਼ਾ ਥਾਂ ਹੈ! ਮੈਂ ਇੱਥੋਂ ਖ਼ਤ ਲਿਖ ਰਿਹਾ ਹਾਂ। ਮਾਰੂ ਥਲ ਮੁਲਕ ਹੈ। ਚਾਰ ਚੁਫੇਰ ਰੇਗਿਸਤਾਨ। ਪਰ ਦੇਖਣ ਵਾਲ਼ਾ! ਜਦ ਬੰਦਰਗਾਹ ਪੁੱਜੇ, ਕੰਢੇ ਦੇ ਨਾਲ਼ ਕਈ ਮਸੀਤਾਂ ਸਨ। ਪਰ ਜਹਾਜ਼ ਥੋੜ੍ਹਾ ਜਿਹਾ ਦਰਿਆ ਪਾਰ ਕਰ ਕੇ ਅੰਦਰ ਗਿਆ। ਦੋਈ ਪਾਸੇ ਖਾਦਰ ਹੀ ਹੈ। ਇੱਕ ਸ਼ਹਿਰ ਦੇ ਬਾਹਰ ਟਿਕੇ, ਜਿੱਥੇ ਸਾਨੂੰ ਸਾਹਿਲ ਤੇ ਲਾਹ ਦਿੱਤਾ ਸੀ। ਸਾਨੂੰ ਦੋ ਦਿਨ ਲਈ ਇੱਥੇ ਅਰਾਮ ਕਰਨ ਦਾ ਮੌਕਾ ਦਿੱਤਾ ਹੈ। ਭਾਪਾ ਜੀ, ਸ਼ਾਹਿਰ ਦੇ ਲਾਗੇ ਇੱਕ ਅਜੂਬਾ ਹੀ ਹੈ! ਇੱਕ ਨਹੀਂ, ਕਈ। ਤਿੰਨ ਚਾਰ ਖੰਡਰ ਜਾਂ ਮੰਦਰ ਦਿਸਦੇ ਸੀ, ਜੋ ਬਹੁਤ ਅਜੀਬ ਹਨ! ਅਸੀਂ ਉਨ੍ਹਾਂ ਦੇ ਨੇੜੇ ਵੀ ਗਏ ਸੀ। ਲੰਮੇ ਇਮਾਰਤ ਹਨ, ਜੋ ਦੇਖਣ ਵਿੱਚ ਬਿਨਾ ਬੂਹਾ ਬਾਰੀਆਂ ਤਿਕੋਣੇ ਹਨ! ਪਤਾ ਨਹੀਂ ਕਿੰਨੇ ਉੱਚੇ ਨੇ! ਪਤਾ ਨਹੀਂ ਕਿੰਨੀਆਂ ਮੰਜ਼ਲਾਂ ਜਿੱਡੇ ਨੇ! ਅਸੀਂ ਤਾਂ ਉਸ ਦੇ ਪਾਸਿਓ ਚੜ੍ਹ ਕੇ ਉੱਪਰ ਤੱਕ ਵੀ ਜਾਣ ਦੀ ਕੋਸ਼ਿਸ਼ ਕੀਤੀ ਸੀ। ਜ਼ਿਆਦਾ ਤਾਂ ਗੋਰੇ ਅਫਸਰ ਚੜ੍ਹ ਰਹੇ ਸੀ। ਤਿਕੋਣਿਆਂ ਦੇ ਦਾਮਨ ਤੇ ਇੱਕ ਗੇਂਦ ਨੂੰ ਪੈਰ ਮਾਰ ਕੇ ਖੇਲ਼ਦੇ ਸੀ। ਅਸੀਂ ਉਨ੍ਹਾਂ ਤੋਂ ਦੂਰ ਹੀ ਰਹੇ। ਬਹੁਤਾਂ ਸਾਡੇ ਨਾਲ਼ ਬੋਲ਼ਣਾ ਨਹੀਂ ਚਾਹੁੰਦੇ ਸੀ। ਅਸੀਂ ਤਾਂ ਦਰਿਆ’ਚ ਨਾਹ ਕੇ ਦਸ ਦਿਨਾਂ ਬਾਅਦ ਪਿੱੰਡੇ ਸਾਫ਼ ਕੀਤੇ। ਬਹੁਤ ਮਜ਼ਾ ਆਇਆ।
ਵੈਸੇ ਜਹਾਜ਼ ਵਿੱਚ ਰਹਿਣਾ ਔਖਾ ਹੀ ਸੀ। ਲੋਕ ਜ਼ਿਆਦਾ ਸੀ, ਢਾਂਚੇ’ਚ ਥਾਂ ਘੱਟ ਸੀ। ਉੱਪਰਲੇ ਮੰਜ਼ਲਾਂ ਤੇ ਗੋਰੇ ਸਨ, ਜਿੱਥੇ ਚੱਜ ਦੇ ਕਮਰੇ ਸਨ। ਢਾਂਚੇ ਵਿੱਚ ਬਹੁਤ ਗਰਮੀ ਹੈ। ਸਾਨੂੰ ਦੱਸਿਆ ਹੈ ਕਿ ਤਿੰਨ ਹਫਤਿਆਂ ਚ ਅਸੀਂ ਰਣ ਤੱਕ ਪਹੁੰਚ ਜਾਣਾ ਹੈ। ਇਸ ਵੇਲੇ ਕਾਈਰੋ ਸ਼ਹਿਰ ਚ ਹਾਂ। ਇੱਥੋਂ ਚਿੱਠੀ ਭੇਜ ਰਹੇ ਨੇ। ਅਗਲਾ ਖ਼ਤ ਵਲੈਤ ਪੁੱਜ ਕੇ ਲਿਖਾਂਗਾਂ।
ਰੱਬ ਰਾਖਾ,
ਤੁਹਾਡਾ ਪਿਆਰਾ
ਪੁੱਤ ਖੇਮਿਆ।
ਭਾਦੋਂ ਦਾ ਬਾਹਈਵਾਂ ਦਿਨ।
ਪਿਆਰੇ ਬੂਟੇ
ਪਿਆਰ ਭਰੀ ਸੱਤ ਸ੍ਰੀ ਅਕਾਲ
ਆਸ ਕਰਦਾ ਸਭ ਠੀਕ ਠਾਕ ਹੋਵੇਗਾ? ਸਾਰਾ ਟੱਬਰ ਰਾਜ਼ੀ ਹੈ? ਅਸੀਂ ਮਿਸਰ ਪਹੁੰਚ ਚੁੱਕੇ ਅੱਜ। ਕਰਾਚੀ ਤੋਂ ਹਫ਼ਤੇ ਤੋਂ ਉੱਪਰ ਨਿਕਲ਼ਿਆ ਹੋਇਆ ਹੈ। ਕੁਝ ਦਿਨਾਂ ਵਿੱਚ ਅਸੀਂ ਗੋਰਿਆਂ ਦੀ ਜੰਗ ਦੇ ਮੈਦਾਨ’ਚ ਪੁੱਜ ਜਾਣਾ ਹੈ। ਮੈਂ ਭਾਪੇ ਜੀ ਨੂੰ ਇੱਕ ਚਿੱਠੀ ਲਿਖ ਕੇ ਹਟਿਆ ਹਾਂ, ਪਰ ਜੀ ਨਹੀਂ ਕਰਦਾ ਉਸ ਨੂੰ ਸਭ ਕੁਝ ਦੱਸਣ ਨੂੰ।
ਪਿੰਡ ਬਹੁਤ ਚੇਤੇ ਆਉਂਦਾ ਹੈ ਯਾਰ। ਖੇਤਾਂ ਦੀਆਂ ਕਣਕਾਂ, ਗੰਨੇ ਚੂਪਣ ਦੀ ਯਾਦ ਆਉਂਦੀ! ਅਸੀਂ ਤਾਂ ਕਈ ਦਿਨ ਜਹਾਜ਼ ਵਿੱਚ ਫਸੇ ਰਹੇ ਹਾਂ, ਸਾਡੀ ਹਾਲਤ ਤਾਂ ਤੇਰੇ ਖਿਆਲਾਂ ਚ ਵੀ ਨਹੀਂ ਹੋ ਸਕਦੀ ਹੈ! ਮੈਂ ਜੋ ਤੈਨੂੰ ਦੱਸ ਸਕਦਾਂ ਹੋਰ ਕਿਸੇ ਨੂੰ ਨਹੀਂ ਕਹਿ ਸਕਦਾਂ ਯਾਰ। ਹੁਣ ਆਪਣੇ ਘਰ ਵਾਲਿਆਂ ਨੂੰ ਇਹ ਖ਼ਤ ਨਹੀਂ ਦਿਖਾਉਣਾ। ਮੇਰੇ ਘਰ ਦਿਆਂ ਨੂੰ ਵੀ ਨਹੀਂ ਦੱਸਣਾ। ਜੇ ਮਾਂ ਨੂੰ ਪਤਾ ਲੱਗ ਗਿਆ ਅਸੀਂ ਤਾਂ ਜਿੱਦਾਂ ਇਜੜ ਵਾੜੇ’ਚ ਫਸਿਆ ਹੁੰਦਾ ਹੈ, ਉਂਝ ਢਾਂਚੇ’ਚ ਰੱਖੇ ਨੇ, ਉਸ ਦਾ ਕਲੇਜਾ ਦੁਖਣਾ! ਮੇਰੇ ਨਾਲ਼ ਕੁਝ ਬਜ਼ੁਰਗ ਹਨ, ਪਰ ਜ਼ਿਆਦਾ ਭਰਤੀ ਨੌਜਵਾਨ ਦੀ ਕੀਤੀ ਲੱਗਦੀ ਹੈ। ਚੌਦਾਂ ਸਾਲ ਤੋਂ ਲੈ ਕੇ ਮੁੰਡੇ ‘ਕੱਠੇ ਕੀਤੇ ਹਨ। ਮੈਨੂੰ ਚਾਰ ਦੋਸਤ ਮਿਲ ਗਏ ਨੇ।
ਚਿਰਗ ਅਲਾਮ, ਦਰਸ਼ਾਨ ਸਿੰਘ, ਗਿਆਨ ਸਿੰਘ ਤੇ ਜੋਧਾ ਰਾਮ। ਉਮਰ ਵਿੱਚ ਜੋਧਾ ਸਭ ਤੋਂ ਵੱਡਾ ਹੈ। ਮੈਨੂੰ ਲੱਗਦਾ ਸ਼ਾਇਦ ਪੰਝੀ ਸਾਲਾਂ ਦਾ ਹੈ। ਦਰਸ਼ਾਨ ਤਾਂ ਲੇਲਾ ਹੀ ਹੈ। ਮਸਾਂ ਪੰਦਰਾਂ ਸਾਲਾਂ ਦਾ ਹੋਵੇਗਾ। ਦਾੜ੍ਹੀ ਦੀ ਥਾਂ ਉਸ ਕੋਲ਼ ਖੋਦਾ ਜਿਹਾ ਹੈ। ਨਾਲ਼ੇ ਹਰ ਭਰਤੀ ਮੇਰੇ ਵਾਂਗਰ ਨਹੀਂ ਕਰ ਕੇ ਆਇਆ ਹੈ। ਮੈਂ ਤਾਂ ਪੇਸੇ ਦੇ ਲਾਲਚ ਹੋ ਗਿਆ ਸੀ। ਖ਼ੈਰ ਅੱਜ ਕੱਲ੍ਹ ਪੈਸੇ ਚਾਹੀਦੇ ਨੇ ਤੇ ਭਾਪੇ ਦੀ ਮੱਦਦ ਹੋਜੁਗੀ। ਪਰ ਚਿਰਗ ਤੇ ਗਿਆਨ ਨੂੰ ਤਾਂ ਡਰਾਕੇ ਗੋਰਿਆਂ ਨੇ ਭਰਤੀ ਕਰਵਾਈ ਹੈ। ਹੋਰ ਵੀ ਉਨ੍ਹਾਂ ਵਰਗੇ ਨੇ। ਇਹ ਗੱਲ ਫੌਜੀਆਂ ਤੋਂ ਸੁਣ ਕੇ ਮੈਂ ਹੈਰਾਨ ਹੋ ਗਿਆਂ। ਕਹਿੰਦੇ ਕਈ ਪਿੰਡਾਂ ਚ ਗੋਰਿਆਂ ਨੇ ਨੌਂਗਾ ਕੀਤਾ ਹੈ। ਪਹਿਲਾਂ ਫ਼ੈਸਲਾ ਸੀ ਕਿੰਨੇ ਸਿਪਾਹੀ ਚਾਹੀਦੇ ਨੇ, ਹਰ ਪਿੰਡ ਤੋਂ। ਮੈਂ ਇਹ ਗੱਲ ਸੁਣ ਕੇ ਹੈਰਾਨ ਹੈ। ਨੌਂਗਾ ਪੂਰਾ ਕਰਨ ਵਾਸਤੇ ਨੌਜਵਾਨ ਵੀ ਭਰਤੀ ਕਰ ਲਏ, ਪਿੰਡ ਪਿੰਡ ਜਾ ਕੇ। ਜਦ ਗਿਆਨ ਨੇ ਨਾਹ ਕੀਤੀ ਉਸ ਨੂੰ ਡਰਾਵਾ ਦੇ ਕਿ ਦੋ ਵਿਕਲਪ ਦਿੱਤੇ ਗਏ। ਜੇਲ੍ਹ ਜਾਹ ਜਾਂ ਲੜਨ ਵਾਸਤੇ ਭਰਤੀ ਹੋ। ਐਸੇ ਤਰ੍ਹਾਂ ਹੀ ਚਿਰਾਗ ਨਾਲ਼ ਬੀਤਿਆ, ਪਰ ਗੱਲ ਥੋੜ੍ਹੀ ਜਿਹੀ ਅਲੱਗ ਸੀ। ਚਿਰਗ ਨੇ ਡਾਕਾ ਕੀਤਾ ਸੀ ਤੇ ਉਸ ਨੂੰ ਫੜ੍ਹ ਲਿਆ। ਉਸ ਦੇ ਅੱਗੇ ਦੋ ਹੀ ਰਸਤੇ ਖੜ੍ਹੇ ਕੀਤੇ। ਜੇਲ੍ਹ ਜਾਹ ਜਾਂ ਜੰਗ ਚ ਲੜ। ਮਜ਼ਬੂਰ ਕੀਤਾ ਗਿਆ। ਹੈਰਾਨ ਦੀ ਗੱਲ ਹੈ। ਚਿਰਗ ਭਿਮਾ ਵਾਂਗ ਵੱਡਾ ਬੰਦਾ ਹੈ, ਹਟਾ ਕਟਾ ਭਲਵਾਨ। ਗਿਆਨ ਪਤਲਾ ਅਤੇ ਲੰਮਾ ਜਿਹਾ ਸੋਲ ਮੁੰਡਾ ਹੈ। ਤੇਰਾ ਹਾਣ ਹੈ। ਸੋ
ਚਿਰਗ ਨੂੰ ਡਰਾਉਣਾ ਸੌਖਾ ਨਹੀਂ ਹੈ। ਜੱਗਾ ਜੱਟ ਵਾਂਗ ਹੈ। ਪਰ ਡਰਾ ਦਿੱਤਾ। ਸੁਣਿਆ ਹੋਰਾਂ ਨਾਲ਼ ਵੀ ਇੰਝ ਹੀ ਬੀਤਿਆ। ਕਈ ਤਾਂ ਗ਼ੁੱਸੇ ਨੇ ਕਿ ਮਜ਼ਬੂਰ ਹੈ ਗੋਰਿਆ ਵਾਸਤੇ ਲੜਨ। ਦੇਸ਼ ਵਾਪਸ ਲੈਣਾ ਚਾਹੁੰਦੇ ਨੇ। ਪਰ ਹੁਣ ਸਾਡੇ ਸਰਤਾਜਾਂ ਨੇ ਹੀ ਹਾਂ ਕੀਤੀ ਹੈ। ਇਹ ਲੋਕ ਖ਼ੁਸ਼ ਨਹੀਂ ਪਰ ਭਰਤੀ ਫੇਰ ਵੀ ਹੋ ਗਏ। ਪਰ ਸੱਚ ਹੈ ਜ਼ਿਆਦਾ ਜਣੇ ਤਾਂ ਮੇਰੇ ਵਾਂਗ ਖ਼ੁਸ਼ ਸੀ ਭਰਤੀ ਕਰਨ। ਜੇ ਤੰੂ ਕੈਦੋ ਵਾਂਗ ਲੰਙ ਨਹੀਂ ਮਾਰਦਾ ਸੀ, ਮੈਨੂੰ ਪੂਰਾ ਯੁਕੀਨ ਹੈ ਕਿ ਤੰੂ ਵੀ ਹੁਣ ਮੇਰੇ ਨਾਲ਼ ਇੱਥੇ ਹੋਣਾ ਹੀ ਸੀ। ਅਸੀਂ ਦੇਸ ਲਈ ਹੌ ਲੜ ਰਹੇ ਨੇ। ਇਨਸਾਫ ਲਈ, ਅਦਲ ਵਾਸਤੇ। ਸਾਡੇ ਵਾਸਤੇ ਤਾਂ ਰੁਮ ਹੈ। ਸਾਹਸ ਹੈ ਯਾਰਾ।
ਜਦ ਉਸ ਵੱਡੇ ਨਹਿਰ ਰਾਹੀਂ ਮਿਸਰ ਵੱਲ ਆ ਰਹੇ ਸੀ, ਇੱਕ ਦਿਨ ਮੌਕਾ ਮਿਲਿਆ ਸੀ ਜਹਾਜ਼ ਦੇ ਡੇਕ ਤੇ ਜਾਣ ਦਾ, ਹਵਾ ਲੈਣ ਵਾਸਤੇ। ਦੋਵੇਂ ਪਾਸੇ ਰੇਤ ਤਟ ਹੀ ਸੀ। ਅੰਬਰ ਚ ਇੱਕ ਦਿਲਾਸਾ ਦੇਣ ਵਾਲ਼ਾ ਨਿਸ਼ਾਨਾ ਤੱਕਿਆ ਸੀ। ਸਾਡੇ ਨਾਲ ਬਾਜ਼ ਉੱਡ ਰਿਹਾ ਸੀ ਜੋ ਐਣ ਸਾਡੇ ਪੰਜਾਬਦੇ ਬਾਜ਼ਾਂ ਵਰਗਾ ਲੱਗਦਾ ਸੀ।
ਜਹਾਜ਼ ਦੇ ਵਿੱਚ ਹਾਲਾਤ ਬੇੜੀ ਹੈ। ਚੂਹੇ ਭੁੰਜੇ ਨੱਸਦੇ ਦੇਖੇ ਨੇ ਅਤੇ ਢਾਂਚੇ ਵਿੱਚ ਠੰਢੇ ਫ਼ਰਸ਼ ਤੇ ਪਈ ਦਾ। ਜ਼ਬਰਦਸਤ ਗਰਮੀ ਹੈ। ਦੰਮ ਘੁੱਟਦੀ। ਖ਼ੈਰ ਅੱਧੇ ਤਾਂ ਮੇਸੋਪੀਤੇਨੀਆ ਚ ਛੱਡ ਦਿੱਤੇ। ਗੋਰੇ ਸਾਡੇ ਨੇੜੇ ਨਹੀਂ ਆਉਂਦੇ। ਅਸੀਂ ਉਸ ਲਈ ਉਨ੍ਹਾਂ ਤੋਂ ਦੂਰ ਰਹਿੰਦੇ ਹਾਂ। ਸ਼ਮਾਲ ਨਹੀਂ ਹੁੰਦੇ। ਮਿਸਰ ਵਿੱਚ ਲੰਮੇ ਤਿਕੋਣੇ ਇਮਾਰਤ ਹਨ ਜੋ ਦੇਖਣ ਵਾਲੇ ਨੇ! ਲਾਜਵਾਬ ਹਨ! ਪਹਿਲੀ ਵਾਰੀ ਇੱਦਾਂ ਦੇ ਦੇਖੇ ਨੇ! ਦਰਿਆ ਦੇ ਨੇੜੇ ਤੰਬੂਆਂ ਚ ਸੋਂਦੇ ਨੇ। ਬਾਹਰ ਜਿੱਥੇ ਤੱਕ ਦੇਖ ਸਕਦੇ, ਰੇਤ ਹੀ ਰਤੇ ਹੈ। ਮੈਨੂੰ ਲੱਗਦਾ ਇੱਥੇ ਜੱਗ ਦੀ ਹਰ ਕੋਮ ਹੋਵੇਗੀ। ਮੈਨੂੰ ਤਾਂ ਅੱਜ ਤੱਕ ਪਤਾ ਨਹੀਂ ਸੀ ਕਿ ਕਿੰਨੇ ਕਿਸਮ ਦੇ ਗੋਰੇ ਲੋਕ ਹਨ ਅਤੇ ਤਰ੍ਹਾਂ ਤਰ੍ਹਾਂ ਮੁਲਕਾਂ ਤੋਂ! ਇੱਥੇ ਕਾਲ਼ੇ ਰੰਗ ਦੇ ਲੋਕ ਵੀ ਹਨ ਅਤੇ ਕਈ ਤਰ੍ਹਾਂ ਦੇ ਮੁਸਲਮਾਨ, ਮਤਲਬ ਅਰਬੀ ਲੋਕ ਬਗੈਰਾ ਬਗੈਰਾ। ਹਰ ਦਿਨ ਜਹਾਜ਼ਾਂ ਚ ਨਵੇਂ ਲੋਕ ਆਉਂਦੇ ਜਾਂਦੇ ਨੇ। ਹੁਣ ਜਦ ਅੱਗਲੀ ਵਾਰੀ ਤੈਨੂੰ ਚਿੱਠੀ ਲਿਖੂਗਾ, ਅਸੀਂ ਗੋਰਿਆਂ ਦੇ ਜੁੱਧ ਖੇਤਰ ਪੁੱਜ ਜਾਣਾ।
ਖੇਮ ਸਿੰਘ
ਪਿਆਰੇ ਬੂਟੇ
ਰੱਬ ਤੁਹਾਡੀ ਖ਼ੈਰ ਕਰੇ। ਆਸ ਕਰਦਾ ਸਭ ਠੀਕ ਠਾਕ ਹੋਵੇਗਾ। ਅਸੀਂ ਮਾਰਸੇ ਪੁੱਜ ਗਏ। ਉਹ ਬਾਜ਼ ਵੀ ਲੱਗਦਾ ਸਾਰੇ ਰਾਹ ਸਾਡੇ ਨਾਲ਼ ਰਿਹਾ। ਜਹਾਜ਼ ਦੇ ਉੱਤਰਨ ਦੁਰਾਨ ਫ਼ਲਕ ਤੇ ਦੇਖ ਲਿਆ ਸੀ। ਮੈਨੂੰ ਲੱਗਾ ਜਿੱਦਾਂ ਸਾਡੇ ਤੇ ਅੱਖ ਰੱਖ ਰਿਹਾ ਹੈ। ਮਾਰਸੇ ਕਰਾਚੀ ਵਾਂਗਰ ਨਹੀਂ ਹੈ। ਦਿਨੇ ਗਰਮੀ ਹੈ ਪਰ ਪੰਜਾਬ ਜਿੰਨੀ ਨਹੀਂ; ਰਾਤ ਨੂੰ ਕਾਫ਼ੀ ਠੰਢ ਹੁੰਦੀ ਹੈ। ਪਹਾੜੀਆਂ ਵਿੱਚ ਸ਼ਾਹਿਰ ਖੜ੍ਹਾ ਹੈ। ਜਦ ਬੰਦਰਗਾਹ ਵਿੱਚ ਜਹਾਜ਼ ਪਹੁੰਚਿਆ, ਗੁਲਾਬੀ ਜਿਹੇ ਮਕਾਨ ਦਿਸਦੇ ਸਨ। ਤਿੰਨ ਚਾਰ ਮੰਜ਼ਲਾਂ ਵਾਲੇ ਸਨ ਅਤੇ ਉਨ੍ਹਾਂ ਦੇ ਉੱਪਰ ਇੱਕ ਪਹਾੜੀ ਹੈ ਜਿੱਥੇ ਲੰਮੇ ਬੁਰਜ ਵਾਲ਼ਾ ਗਿਰਜਾ ਖਲੋਇਆ ਹੈ। ਗੋਰੇ ਉਸ ਨੂੰ ਚਰਚ ਆਖਦੇ ਨੇ। ਫਰਾਂਸੀਸੀ ਲੋਕ, ਜਿਨ੍ਹਾਂ ਦਾ ਮੁਲਕ ਹੈ, ਉਸ ਨੂੰ ਇਗਲੀਸ ਸਦਦੇ ਨੇ। ਸ਼ਾਹਿਰ ਦੇ ਆਲ਼ੇ ਦੁਆਲ਼ੇ, ਖ਼ਾਸ ਸਮੁੰਦਰ ਵੱਲ ਇੱਕ ਵੱਡੀ ਕੰਧ ਹੈ। ਬੰਦਰਗਾਹ ਦੇ ਨਾਲ਼ੇ ਲੰਮੇ ਸੰਦਲੀ ਮਲ਼ਾਈ ਪਤਾਈ ਰੰਗੀ ਮਕਾਨ ਹਨ।
ਸਾਨੂੰ ਇੱਥੇ ਬਹੁਤਾ ਰਹਿਣ ਨਹੀਂ ਦਿੱਤਾ। ਕੂਚ ਕੇ ਸਭ ਨੂੰ ਜਨਤਾ ਤੋਂ ਪਰ੍ਹਾਂ ਬੈਰੱਕ ਚ ਲੈ ਗਏ, ਜਿੱਥੇ ਰਾਤ ਬੀਤੀ। ਖ਼ੂਬ ਖਾਣਾ ਵੀ ਮਿਲਿਆ। ਇਸ ਤੋਂ ਬਾਅਦ ਸਾਨੂੰ ਟਰਕਾਂ’ਚ ਬਿਠਾ ਕੇ ਉੱਥੋਂ ਲੈ ਗਏ ਸੀ। ਸਾਨੂੰ ਰੇਲ ਗੱਡੀ ਵੱਲ ਲੈ ਗਏ, ਜਿੱਥੇ ਸਾਨੂੰ ਸਿੱਧਾ ਰਣ ਵੱਲ ਭੇਜ ਦਿੱਤਾ ਸੀ। ਉੱਥੇ ਜਦ ਅੱਡੇ ਤੇ ਪਹੁੰਚੇ, ਕੂਚ ਕਰ ਕੇ ਰਣ ਵੱਲ ਲੈ ਗਏ। ਅਸੀਂ ਰਫ਼ਲਾਂ ਚੁੱਕ ਕੇ ਕੂਚ ਦੇ ਸਨ। ਸੜਕਾਂ ਦੇ ਪਾਸੇ ਫ਼ਰਾਂਸੀਸੀ ਗੋਰ ਤੇ ਗੋਰੀਆਂ ਖੜ੍ਹੇ ਸਨ। ਜਿਆਦਾ ਗੋਰੀਆਂ ਤੇ ਉਨ੍ਹਾਂ ਦੇ ਬਚੇ ਸਨ। ਬੰਦੇ ਤਾਂ ਅਕਸਰ ਸਾਰੇ ਜੰਗ ਚ ਸ਼ਾਮਲ ਸੀ। ਕੋਈ ਕੋਈ ਸਾਡੇ ਵੱਲ ਭੱਜ ਭੱਜ ਕੇ ਫੁੱਲ ਲੈ ਆਉਂਦੀਆਂ ਸੀ। ਚਿਰਗ ਨੂੰ ਗੁਲਦਸਤਾ ਦਿੱਤਾ ਗਿਆ ਸੀ।
ਇੱਥੋਂ ਸਿੱਖਾਂ ਦੀ ਫ਼ੌਜ ਅਤੇ ਹੋਰ ਭਾਰਤੀਆਂ ਦੀਆਂ ਫ਼ੌਜਾਂ ਨੂੰ ਵੱਖ ਕਰ ਦਿੱਤਾ ਸੀ। ਮੈਂ ਸਿੱਖਾਂ ਦੇ ਬਟਾਲੀਅਨ ਚ ਸ਼ਾਮਲ ਸੀ। ਮੈਂ, ਗਿਆਨ ਤੇ ਦਰਸ਼ਾਨ ਨਾਲ ਸੀ। ਗੋਰਿਆਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਦੇ ਕਲੰਡਰ ਦੇ ਹਿਸਾਬ ਨਾਲ਼ 22 ਅਕਤੂਬਰ ਸੰਨ 1914 ਸੀ। ਸਾਨੂੰ ਇੱਕ ਦਮ ਖ਼ੰਦਕਾਂ ਵੱਲ ਲੈ ਕੇ ਗਏ। ਵੈਸੇ ਜਦ ਦੇ ਇੱਥੇ ਆਏ ਹਾਂ, ਕਈ ਅੰਗ੍ਰੇਜ਼ੀ ਲਫ਼ਜ਼ ਸਿਖੇ ਨੇ। ਫ਼ਰਾਂਸੀਸੀ ਸ਼ਬਦ ਵੀ ਸਿਖੇ ਨੇ।
ਫ਼ਰਾਂਸੀਸੀ ਲੋਕਾਂ ਦੇ ਘਰ ਸਾਡੇ ਘਰਾਂ ਵਰਗੇ ਨਹੀਂ ਹਨ। ਪੱਥਰਾਂ ਦੇ ਬਣਾਏ ਲੱਗਦੇ ਨੇ, ਜਾਂ ਲਾਲ ਇੱਟਾਂ ਦੇ। ਇੱਥੇ ਨਾਰੀਆਂ ਸਿਰ ਨਹੀਂ ਢਕਦੀਆਂ। ਮੈਂ ਸੋਚਦਾ ਹੁੰਦਾ ਸੀ ਕਿ ਗੋਰੇ ਮੁਲਕ ਦੇਵਤੇ ਨਾਲ਼ ਭਰੇ ਹੋਣਗੇ। ਜੋ ਸਾਡੇ ਤੇ ਰਾਜ ਕਰ ਰਹੇ ਆ। ਪਰ ਇੱਥੇ ਬਹੁਤ ਗਰੀਬੀ ਹੈ। ਠੰਢੀ ਵੀ ਬਹੁਤ ਹੈ। ਸਾਡੀਆਂ ਬਰਦੀਆਂ ਤਾਂ ਪਤਲੀਆਂ ਨੇ। ਇਨ੍ਹਾਂ ਚ ਇਸ ਮੌਸਮ ਚ ਮਰ ਜਾਣਾ!
ਤੇ ਖ਼ੰਦਕਾਂ! ਖ਼ੰਦਕਾਂ ਵਿੱਚ ਰਹਿ ਕੇ ਲੜਨਾ ਜਚਦਾ ਨਹੀਂ ਹੈ ਯਾਰ! ਸਾਨੂੰ ਤਾਂ ਘੋੜੇ ਤੇ ਸਵਾਰ ਲੜਨਾ ਆਉਂਦਾ ਹੈ। ਪਰ ਇਹ ਤਾਂ ਕਹਿੰਦੇ ਖ਼ੰਦਕਾਂ ਚ ਲੁਕ ਕੇ ਰਹਿਓ, ਨਹੀਂ ਤਾਂ ਵੈਰੀ ਦੀ ਗੋਲ਼ੀ ਖਾ ਲੈਣੀ ਹੈ। ਸ਼ਰਮ ਆਉਂਦੀ ਇਸ ਤਰ੍ਹਾਂ ਲੜਨਾ। ਕੀ ਕਰੀਏ। ਖੰਦਕ ਲੰਮੇ ਬੰਦੇ ਤੋਂ ਤਿੰਨ ਗਜ ਉਚਾ ਸੀ। ਇਸ ਤਰ੍ਹਾਂ ਬੰਦਾ ਤੁਰ ਫਿਰ ਸਕਦਾ ਹੈ। ਕਹਿੰਦੇ ਮਸ਼ੀਨ ਗੰਨ ਤੋਂ ਬਚ ਕੇ ਰਹਿਣ ਵਾਸਤੇ ਗੁੱਡੇ ਨੇ। ਮੈਨੂੰ ਲੱਗਦਾ ਚੌੜਾਈ ਵੀ ਦੋ ਗਜ ਦੀ ਸੀ, ਉਸ ਤੋਂ ਬਾਅਦ ਟੇਢੇ ਹੋ ਕੇ ਹੋਰ ਪਾਸੇ ਚਲ ਜਾਂਦਾ ਹੈ, ਉਹ ਵੀ ਦੋ ਗਜ ਵਾਸਤੇ, ਫੇਰ ਟੇਢਾ ਹੋ ਜਾਂਦਾ, ਜਿਵੇਂ ਸੱਪ ਵੱਟਦਾ ਹੋਵੇ। ਖ਼ੰਦਕਾਂ ਦੇ ਉੱਪਰ ਤਿੱਖੇ ਤਿੱਖੇ ਜਾਲ਼ ਰੱਖੇ ਸਨ ਜਿਸ ਨੂੰ ਬਾਰਬ ਵਾਈਅਰ ਆਖਦੇ ਨੇ। ਇਸ ਵਿੱਚ ਬੰਦੇ ਦੇ ਕੱਪੜੇ ਫ਼ਸ ਸਕਦੇ ਨੇ। ਖ਼ੰਦਰ ਦੀਆਂ ਕੰਧਾਂ ਤੇ ਰੇਤੇ ਵਾਲ਼ੀਆਂ ਬੋਰੀਆਂ ਦੀਆਂ ਢੇਰੀਆਂ ਲਈਆਂ ਹਨ। ਇਸ ਤਰ੍ਹਾਂ ਸਾਨੂੰ ਰਾਖੀ ਰੱਖਣੀ ਹੈ। ਅਸੀਂ ਤਾਂ ਇੰਝ ਲੁਕ ਕੇ ਖ਼ੁਸ਼ ਨਹੀਂ ਸਾਂ। ਵੈਰੀ ਨਾਲ਼ ਅੱਖਾਂ ਚਾਰ ਕਰਨੇ ਚਾਹੁੰਦੇ ਸਾਂ। ਪਰ ਕੀ ਕਰੀਏ। ਜੋ ਦੱਸਿਆ ਕਰਨਾ ਹੀ ਪੈਂਦਾ ਹੈ। ਰਾਤ ਨੂੰ ਹਮਲਾ ਕਰਨਾ। ਤਾਂ ਹੀ ਹੁਣ ਲਿਖ ਰਿਹਾ ਹੈ। ਰਬ ਕਰੇ ਸਾਡੀ ਫਤਿਹ ਹੋ ਜਾਵੇ ਤੇ ਮੈਂ ਬਾਅਦ ਫੇਰ ਚਿੱਠੀ ਲਿਖੂਗਾ। ਹੁਣ ਭਾਪੇ ਜੀ ਨੂੰ ਵੀ ਥੋੜ੍ਹਾ ਜਿਹਾ ਦੱਸਣਾ ਹੈ, ਪਰ ਹਾਲਾਤਾਂ ਬਾਰੇ ਨਹੀਂ।
ਤੰਦਰੁਸਤ ਰਹਿ ਯਾਰ,
ਖੇਮ ਸਿੰਘ
ੴ ਸਤਿ ਗੁਰੂ ਪ੍ਰਸਾਦਿ
ਪਿਆਰੇ ਭਾਪਾ ਜੀ,
ਪਿਆਰ ਭਰੀ ਸਤਿ ਸ਼੍ਰੀ ਅਕਾਲ।
ਤੁਸੀਂ ਸਾਰੇ ਰਾਜ਼ੀ ਹੋ? ਮੈਂ ਠੀਕ ਠਾਕ ਹਾਂ। ਅਸੀਂ ਫਰਾਂਸ ਪਹੁੰਚ ਗਏ। ਇੱਥੇ ਲੜਨਾ ਹੈ। ਮਿਸਰ ਤੋਂ ਸਮੁੰਦਰ ਪਾਰ ਕਰ ਕੇ ਮਾਰਸੇ ਤੇ ਪੁੱਜ ਗਏ, ਇੱਕ ਫਰਾਂਸੀਸੀ ਸ਼ਹਿਰ। ਸਾਰੇ ਰਾਹ ਇੱਕ ਬਾਜ਼ ਨਾਲ਼ ਉਡ ਰਿਹਾ ਸੀ। ਮੇਰੇ ਖਿਆਲ ਵਿੱਚ ਇਹ ਚੰਗਾ ਸਗਨ ਹੈ। ਜਿਵੇਂ ਬਾਜ਼ਾਂ ਵਾਲ਼ਾ ਸਾਡੇ ਨਾਲ਼ ਹੈ।
ਮੈਂ ਠੀਕ ਹਾਂ। ਮਾਂ ਭੈਣ ਨੂੰ ਦੱਸਣਾ। ਹੁਣ ਸਿੱਖਾਂ ਦੀ ਫ਼ੌਜ ਦੂਜੀਆਂ ਭਾਰਤੀ ਫ਼ੌਜਾਂ ਤੋਂ ਵਖਰੀਆਂ ਕਰ ਦਿੱਤੀਆਂ। ਸਾਡੇ ਬਟਾਲੀਅਨ ਚ ਮੈਂ, ਦਰਸਾਨ ਤੇ ਗਿਆਨ ਹਾਂ। ਅਸੀਂ ਮਾਰਸੇ ਤੋਂ ਈਪਰ ਵੱਲ ਰੇਲ ਗੱਡੀ ਤੇ ਆ ਗਏ ਨੇ।
ਠੰਢਾ ਮੁਲਕ ਹੈ ਭਾਪਾ ਜੀ। ਭਾਰੀ ਬਰਸਾਤੀ ਬਰਾਂਡੀ ਦੀ ਲੋੜ ਹੈ। ਸਾਡੀਆਂ ਬਰਦੀਆਂ ਪਤਲੀਆਂ ਹਨ। ਇੱਥੇ ਖ਼ੰਦਕਾਂ’ਚ ਲੁਕ ਲੁਕ ਕੇ ਲੜਨਾ ਪੈਂਦਾ ਹੈ। ਹਰ ਕਿਸਮ ਦੇ ਲੋਕ ਹਨ। ਗੋਰੇ, ਕਾਲ਼ੇ ਤੇ ਸਾਡੇ ਲੋਕ। ਖ਼ਾਸ ਸਿੱਖ ਸਿਪਾਹੀ। ਪਰ ਫਰਾਂਸੀਸੀ ਲੋਕ ਵਲੈਤੀ ਰਾਜ ਹੇਠ ਨਹੀਂ ਹਨ। ਉਨ੍ਹਾਂ ਦੀ ਮੱਦਦ ਕਰ ਰਹੇ ਹਾਂ। ਉਨ੍ਹਾਂ ਦੇ ਦੇਸ ੳੱੁਤੇ ਜਰਮਨਾਂ ਨੇ ਚੜ੍ਹਾਈ ਕੀਤੀ ਹੈ। ਅਸੀਂ ਹੈਰਾਨ ਹਾਂ ਆਲ਼ੇ ਦੁਆਲ਼ੇ ਵੇਖ ਕੇ ਚਿੱਟੇ ਲੋਕ ਕਿੰਨੀ ਆਈ ਚਲਾਈ ਵਿੱਚ ਵਸਦੇ ਹਨ। ਕੱਪੜੇ ਲੀੜੇ ਸਾਡੇ ਵਰਗੇ ਨਹੀਂ ਹੈ। ਫਰਾਂਸੀਸਣਾਂ ਮੋਟੀਆਂ ਘੱਗਰੀਆਂ ਪਾਉਂਦੀਆਂ ਨੇ ਤੇ ਉਨ੍ਹਾਂ ਦੇ ਸਿਰ ਆਮ ਨਹੀਂ ਢੱਕੇ ਹੁੰਦੇ। ਜਦ ਜ਼ਿਆਦਾ ਠੰਢੀ ਹੁੰਦੀ ਸਾਫ਼ਾ ਵਰਗਾ ਲੀੜਾ ਪੈਨਦੇ ਨੇ। ਬੁਰਜ਼ੁਰਗਾਂ ਤੋਂ ਛੁੱਟ ਉਨ੍ਹਾਂ ਦੇ ਸਾਰੇ ਮਰਦ ਸਾਡੇ ਨਾਲ਼ ਹੀ ਜੰਗ ਵਿੱਚ ਹਨ। ਰੇਲ ਗੱਡੀ ਉੱਤਰਨ ਨਿੱਕੀਆਂ ਫਰਾਂਸੀਸੀ ਕੁੜੀਆਂ ਨੇ ਸਾਨੂੰ ਕੂਚ ਕਰਦਿਆਂ ਨੂੰ ਫੁੱਲ ਦਿੱਤੇ। ਬਹੁਤ ਮੌਹ ਹੈ ਸਾਡੇ ਵੱਲ ਭਾਪਾ ਜੀ। ਖ਼ੁਸ਼ ਨੇ ਕਿ ਅਸੀਂ ਉਨ੍ਹਾਂ ਨੂੰ ਖੁਦਮੁਖਤਿਆਰੀ ਲਿਓਣ ਵਾਸਤੇ ਆਏ ਨੇ, ਅਜ਼ਾਦੀ ਦਿਵਾਉਣ ਵਾਸਤੇ। ਇਹ ਵੇਖ ਕੇ ਸਾਨੂੰ ਆਉਣ ਤੇ ਮਾਣ ਹੈ। ਖ਼ੁਸ਼ੀ ਹੈ। ਹੁਣ ਤੱਦੀ ਖਿਲਾਫ਼ ਲੜਨ ਹੋਰ ਹੌਂਸਲਾ ਹੋ ਚੁੱਕਾ।
ਸਾਡਾ ਫ਼ਿਕਰ ਨਾ ਕਰੋਂ। ਭੈਣ ਨੂੰ ਦੱਸਣਾ ਮੈਂ ਠੀਕ ਹਾਂ ਨਾਲ਼ੇ ਮਾਂ ਨੂੰ ਵੀ। ਸਾਨੂੰ ਖਾਣਾ ਵੀ ਮਿਲਦਾ ਅਤੇ ਗੁਰੂ ਗ੍ਰੰਥ ਵੀ ਸਾਡੇ ਨਾਲ਼ ਹੈ। ਰੱਬ ਕਰੇ ਲੜਾਈ ਛੇਤੀ ਜਿਤ ਕਿ ਵਾਪਸ ਛੇਤੀ ਪਰਤਾਂਗੇ।
ਤੁਹਾਡਾ ਪਿਆਰਾ ਪੁੱਤ
ਖੇਮਿਆ।
ਕੱਤਕ ਦਾ ਮਹਿਨਾ
ਪਿਆਰੇ ਬੂਟੇ
ਮੈਨੂੰ ਨਹੀਂ ਪਤਾ ਕਿੰਨਾ ਚਿਰ ਹੋ ਚੁੱਕਾ ਜਦ ਦੇ ਅਸੀਂ ਇਹ ਕੁੰਭੀ ਨਰਕ’ਚ ਆ ਖਲੋਏ ਹਾਂ। ਮੈਨੂੰ ਲੱਗਦਾ ਹੁਣ ਕੱਤਕ ਦਾ ਮਹੀਨਾ ਹੈ। ਯਾਰ ਤੈਨੂੰ ਕੀ ਦੱਸ ਸਕਦਾਂ? ਸਿੱਧੀ ਗੱਲ ਸਫ਼ੈਦਾਂ ਸਾਹਿਬਾਂ ਬਾਰੇ ਕਰਨੀ ਔਖੀ ਹੈ। ਸੁਣਿਆਂ ਕਿ ਹਰ ਚਿੱਠੀ ਭੇਜੀ ਨਹੀਂ ਜਾਂਦੀ! ਕੀ ਪਤਾ ਇਹ ਤੈਨੂੰ ਮਿਲੇਗੀ ਜਾਂ ਨਹੀਂ। ਜੋ ਹਾਲ ਭਾਦੋ ਦੇ ਮਹੀਨੇ ਝੋਟੇ ਦਾ ਹੁੰਦਾ ਟੋਬੇ ਵਿੱਚ, ਸੋ ਸਾਡਾ ਹਾਲ ਹੈ। ਜੁੱਤੇ ਪਾਏ ਹੈ ਜਿਨ੍ਹਾਂ’ਚ ਅਸੀਂ ਪੰਜਾਬ ਚੋਂ ਆਏ ਸਨ। ਨਵੇਂ ਜੁੱਤੇ ਤਾਂ ਦਿੱਤੇ ਨਹੀਂ। ਇਨ੍ਹਾਂ ਵਿੱਚ ਹਰ ਦਿਨ ਰਾਤ ਖ਼ੰਦਕਾਂ ਚ ਖੜ੍ਹਦੇ ਹਾਂ। ਹਰ ਰਾਤ ਇਸ ਤਰ੍ਹਾਂ ਸਿੱਧਾ ਖੜ੍ਹਣਾ ਪੈਂਦਾ ਖ਼ੰਦਕਾਂ ਨੂੰ ਰਾਖੀ ਰੱਖਣ ਵਾਸਤੇ। ਪੈਰ ਬੇਪੋਹ ਹੋ ਜਾਂਦੇ। ਪਤਾ ਨਹੀਂ ਲੱਗਦਾ ਅਨੁਭਵ ਹੋ ਰਿਹਾ ਜਾਂ ਨਹੀਂ। ਲੱਤਾਂ ਜਿਵੇਂ ਕੱਟ ਦਿੱਤੀਆਂ ਹੁੰਦੀਆਂ ਲੱਗਦੀਆਂ ਨੇ। ਜੱੁਤਿਆਂ ਦਾ ਚੇਤਾ ਭੁੱਲਾ। ਸਾਡੇ ਤਾਂ ਠੰਢ ਵਿੱਚ ਪੰਜਾਬ’ਚ ਪਾਈ ਹੋਈ ਬਰਦੀ ਹੀ ਹੈ। ਕਿਸਮਤ ਦੀ ਗੱਲ ਹੈ ਕਿ ਬੇਲਜਨਾਂ ਨੇ ਸਾਡੇ ਤੇ ਤਰਸ ਕੀਤਾ। ਆਓ। ਮੈਨੂੰ ਲੱਗਦਾ ਸੀ ਈਪਰ, ਜਿੱਥੇ ਅਸੀਂ ਹੁਣ ਹਾਂ, ਫਰਾਂਸ ਸੀ। ਪਰ ਇਸ ਮੁਲਕ ਨੂੰ ਬੇਲਜਨ ਆਖਦੇ ਨੇ। ਫਰਾਂਸ ਦੀ ਧਰਤ ਪਾਰ ਕਰਕੇ ਇੱਥੇ ਆਏ ਹਾਂ।
ਸਾਨੂੰ ਠੰਢ ਤੋਂ ਬਚਾਉਣ ਵਾਸਤੇ ਬੇਲਜਨਾਂ ਨੇ ਆਪਣੇ ਘਰਾਂ ਤੋਂ ਪਰਦੇ ਲਾਹ ਲਾਹ ਕੇ ਦਿੱਤੇ ਹਨ। ਅਸੀਂ ਕੰਬਲ ਵਾਂਗ ਆਪ ਨੂੰ ਵਿੱਚ ਲੁਪੇਟ ਦਿੰਦੇ ਹਾਂ। ਮੂੰਹਾਂ ਵਿੱਚੋਂ ਭਾਫ਼ ਨਿਕਲਦੀ ਹੈ।ਜਰਾਬਾਂ ਗਿਲੀਆਂ ਹੀ ਰਹਿੰਦੀਆਂ। ਕਈ ਕਈ ਵਾਰੀ ਘੰਟਿਆਂ ਵਾਸਤੇ ਕੂਚ ਕਰਨਾ ਪੈਂਦਾ। ਪੈਰ ਤਾਂ ਸੁੱਜ ਕੇ ਫੁੱਲ ਜਾਂਦੇ ਹਨ। ਇਸ ਹਾਲ ਨੂੰ ਖ਼ੰਦਕ ਪੈਰ ਦਾ ਨਾਂ ਦਿੰਦੇ ਹਨ।
ਹਰ ਦਿਨ ਸਾਨੂੰ ਖ਼ੰਦਕਾਂ ਦਾ ਕਿਨਾਰਾ ਟੱਪ ਕੇ ਜਾਲ ਲੰਘ ਕੇ ਦੋ ਸੋ ਗਜ ਦੌੜ ਕੇ ਵੈਰੀ ਦੇ ਖ਼ੰਦਕ ਜਿੱਤਨ ਦੀ ਕੋਸ਼ਿਸ਼ ਕਰਨੀ ਪੈਂਦੀ ਹੈ। ਕੀ ਦੱਸਾਂ? ਮੈਨੂੰ ਲੱਗਦਾ ਕਿ ਕਹਿਆਮਤ ਆ ਚੁੱਕੀ। ਕਾਲ਼ੀ ਮਿਰਚ ਬਹੁਤ ਟਾਵਾਂ ਟਾਵਾਂ ਹੁੰਦੀ ਹੈ। ਸੋਚ ਸੋਚ ਕੇ ਵਰਤਨੀ ਚਾਹੀਦੀ ਹੈ। ਪਰ ਇੱਥੇ ਤਾਂ ਇੰਝ ਛਿੜਕਦੇ ਜਿਵੇਂ ਧੇਲੇ ਦਾ ਮੁੱਲ ਵੀਂ ਨਹੀਂ ਹੁੰਦਾ। ਚਿੱਟੀ ਮਿਰਚ ਤਾਂ ਖ਼ੂਬ ਹੈ। ਪਰ ਇਹ ਵੀ ਘਰ ਦੀ ਮੁਰਗੀ ਦਾਲ ਬਰਾਬਰ ਹੈ। ਧਰਤ ਤਾਂ ਖਿਲਰੀ ਪਈ ਚਿੱਟੀ ਮਿਰਚ ਨਾਲ਼। ਜਦ ਵੀ ਛਿੜਕਦੇ, ਠਾਹ ਠਾਹ ਹੋ ਕੇ ਮੁਕ ਜਾਂਦੀ ਹੈ।
ਫੱਲ ਦੇਖਣ ਵਿੱਚ ਸੁਆਦ ਹੈ ਯਾਰਾ। ਸੁਣਿਆ ਕਿ ਫੱਲ ਤੇ ਵੀ ਕਾਲ਼ੀ ਮਿਰਚ ਲਾਉਣ ਦਾ ਸੁਆਦ ਹੈ। ਲਾਈ ਵੀ ਜਾਂਦੀ ਹੈ। ਮੈਂ ਵੀ ਫੱਲ ਸੁਆਦ ਕਰ ਲਵਾਂ ਜੇ ਮੌਕਾ ਮਿਲਿਆ। ਪਰ ਹਰ ਦਿਹਾੜ ਡਰ ਹੈ ਕਿ ਵਿਆਹ ਫੇਰ ਹੋਣ ਲੱਗਾ। ਵਿਆਹ ਪੁੱਜਨ ਤੋਂ ਪਹਿਲਾਂ ਹੀ ਬਰਾਤ ਟੁਕ ਜਾਂਦੀ। ਵਹੁਟੀ ਵੀ ਲਾਲ ਲਾਲ ਨਾਲ਼ ਭਿਜੀ ਹੁੰਦੀ ਏ। ਕੀ ਦੱਸਾਂ, ਤੂੰ ਹੁਣ ਖ਼ੁਦ ਸਮਝ ਲੈ ਯਾਰਾ।
ਸਾਨੂੰ ਉਨ੍ਹਾਂ ਦੀ ਬੋਲੀ ਸਮਝ ਨਹੀਂ ਲੱਗਦੀ। ਉਨ੍ਹਾਂ ਨੂੰ ਸਾਡੀ ਨ੍ਹੀਂ ਪਲੇ ਪੈਂਦੀ। ਤੇ ਫੇਰ ਕਿਸੇ ਨੂੰ ਜਰਮਨਾਂ ਦੀ ਪਲੇ ਪੈਣੀ ਆਂ? ਨਹੀਂ। ਇੰਝ ਹੀ ਹਰ ਘੰਟਾ ਬੀਤ ਦਾ ਹੈ, ਕੀ ਦੱਸਾਂ।
ਜੇ ਤੇਰੇ ਹੱਥ ਖ਼ਤ ਪੁੱਜਾ, ਚੰਗਾ ਹੈ। ਜੇ ਕੋਈ ਬੇਗਾਨੇ ਅਫਸਰ ਦੇ ਹੱਥ! ਇਹ ਨਹੀਂ ਜਰ ਸਕਦਾਂ ਮੈਂ। ਕਿਸੇ ਨੇ ਮੈਨੂੰ ਦੱਸਿਆ ਕਿ ਜਿੱਥੇ ਸਾਨੂੰ ਪੰਦਰਾਂ ਰੂਪੀਆਂ ਹਰ ਦਿਹਾੜੀ ਵਾਸਤੇ ਮਿਲਦੀਆਂ, ਅਸਟਰੇਲੀਅਨ ਮਿਰਚ ਦਾ ਭਾ ਤਾਂ ਪੰਜ ਸ਼ੱਲੰਿਗ ਨੇ! ਇਨਸਾਫ਼ੀ ਨਹੀਂ ਹੋਈ? ਚਿੱਟੀ ਮਿਰਚ ਮਹਿੰਗੀ ਲੱਗਦੀ, ਕਾਲ਼ੀ ਸਸਤੀ। ਖ਼ੈਰ ਐਵੇਂ ਤੋਂ ਸਾਵਾਂ। ਕਈ ਸ਼ਾਦੀਆਂ ਚ ਚਲੇ ਗਏ। ਤੇ ਉਨ੍ਹਾਂ ਸ਼ਾਦੀਆਂ ਚ ਕਿਵੇਂ ਭੰਗੜਾ ਪਾਉਂਦੇ! ਸ਼ੋਰ ਮਚਾਉਂਦੇ ਨੇ! ਪਲ ਵਿੱਚ ਨੱਚਨ ਵਾਲੇ ਧਰਤ ਚੁੰਮ ਦੇ ਨੇ। ਜਰਮਨਾਂ ਦੀਆਂ ਮਸ਼ੀਨਾਂ ਹੋਰ ਚੀਜ਼ ਨੇ। ਸੁਣਿਆਂ ਕਈ ਨਵ ਚਾਪੇਲ ਵਿਆਹ ਗਏ ਸੀ। ਚਾਰ ਘੰਟਿਆਂ ਵਿੱਚ ਹੀ ਚਿੱਟੀ ਮਿਰਚ ਖ਼ਤਮ ਹੋ ਚੁੱਕੀ ਸੀ। ਕਾਲ਼ੀ ਮਿਰਚ ਨਾਲ਼ ਸਬਜ਼ੀ ਮਹਿਕਣੀ ਪਈ ਬਹੱਤਰ ਘੰਟਿਆਂ ਵਾਸਤੇ ਤਾਂ ਮਹਾਂਭਾਰਤ ਹੀ ਚਲਿਆ।
ਵਿਆਹ ਨਹੀਂ ਸੀ। ਜੱਗ ਦਾ ਅੰਤ ਸੀ। ਮਾਫ਼ ਕਰਨਾ ਜੇ ਜੋ ਲਿਖਿਆ ਥੋੜ੍ਹ ਜਿਹਾ ਭੁੱਲ ਭੁਲਈਆਂ ਵਾਂਗਰ ਹੈ। ਹੁਣ ਜਿੰਨਾ ਦੱਸ ਸਕਦਾਂ ਦੱਸ ਹੀ ਦਿੱਤਾ। ਆਪ ਸਮਝ ਲੈ। ਐਤਕੀਂ ਭਾਪੇ ਨੂੰ ਕੁਝ ਲਿਖਣ ਹਿੰਮਤ ਨਹੀਂ ਹੈ, ਮੈਨੂੰ।
ਖੇਮ ਸਿੰਘ
ਕੱਤਕ ਵੇਲਾ
ਪਿਆਰੇ ਬੂਟੇ
ਮਾਫ਼ ਕਰਨਾ। ਅੱਜ ਹੀ ਚਿੱਠੀ ਲਿਖਣ ਦਾ ਮੌਕਾ ਮਿਲਿਆ ਹੈ। ਅੱਜ ਹੀ ਸ਼ਾਂਤੀ ਮਿਲੀ। ਖ਼ੈਰ ਭਾਪੇ ਨੂੰ ਵੀ ਚਿੱਠੀ ਲਿਖ ਕੇ ਭੇਜੂਗਾ। ਪਤਾ ਨਹੀਂ ਜੇ ਟੱਬਰ ਨੂੰ ਸਾਫ਼ ਦਿਲੀ ਵਾਲ਼ੀ ਲਿਖ ਸਕਾਂਗਾਂ। ਮੈਨੂੰ ਕੋਈ ਪਰਵਾਹ ਨਹੀਂ ਹੈ ਜੇ ਅੰਗ੍ਰੇਜ਼ਾਂ ਨੇ ਇਸ ਨੂੰ ਤੇਰੇ ਕੋਲ਼ ਪਹੁੰਚਣ ਤੋਂ ਰੋਕ ਦਿੱਤਾ। ਫੇਰ ਹੁਣ ਤੂੰ ਨਹੀਂ ਪਰ ਕੋਈ ਕੁੱਤਾ ਅਫਸਰ ਪੜ੍ਹ ਰਿਹਾ ਹੋਵੇਗਾ। ਅੱਜ ਸਿੱਧੀ ਗੱਲ ਕਰਾਂਗਾ। ਕੀ ਪਤਾ ਫੇਰ ਵੀ ਤੈਨੂੰ ਮਿਲ ਜਾਵੇਗੀ। ਜੇ ਅਫਸਰ ਇਮਾਨਦਾਰ ਹੋਵੇ।
ਇਹ ਨਾ ਸੋਚੀ ਅਸੀਂ ਕੋਈ ਜੰਗ ਵਿੱਚ ਸੰਗਰਾਮੀਆਂ ਹਾਂ। ਇਹ ਤਾਂ ਦੁਨੀਆਂ ਦਾ ਸੱਚਾ ਸੂਚਾ ਅੰਤ ਹੈ। ਹਰ ਦਿਨ ਕੁਝ ਯਾਰਡਾਂ ਗਜਾਂ ਵਾਸਤੇ ਅਸੀਂ ਜਰਮਨ ਫਾਇਰਿਂਗ ਸਾਹਮਣੇ ਡਿੱਗਦੇ ਹਾਂ। ਪਲ ਵਿੱਚ ਉਨ੍ਹਾਂ ਦੀਆਂ ਮਸ਼ੀਨ ਗੰਨਾਂ ਪੂਰੀ ਸ਼ਰੇਣੀ ਸੁੱਟ ਦਿੰਦੀਆਂ ਨੇ। ਕਤਾਰ ਉੱਤੇ ਕਤਾਰ ਧਰਤ ਉੱਤੇ ਪਲਟੇ। ਇੰਝ ਹਰ ਵਿਆਹ ਲੰਘਦਾ ਹੈ। ਫੱਲਾਂ ਤੋਂ ਸਾਨੂੰ ਚਾਦਰਾਂ ਮਿਲਦੀਆਂ ਰਹਿੰਦੀਆਂ ਅਤੇ ਉਨ੍ਹਾਂ ਤੋਂ ਖਾਣਾ ਪੀਣ ਲਈ ਵੀ ਰਸਦ ਵੀ ਮਿਲ ਜਾਂਦੀ। ਆਟਾ ਮੁਕ ਗਿਆ। ਗੋਰੇ ਦੀ ਖੁਰਾਕ ਖਾਣੀ ਪੈਂਦੀ ਹੈ। ਉਹ ਵੀ ਗੋਰੇ ਦੀ ਆਮ ਖੁਰਾਕ ਨਹੀਂ। ਖ਼ੰਦਕ ਖੁਰਾਕ ਹੈ। ਕਾਹਵਾ ਪੀਣਾ ਪੈਂਦਾ ਜਾਂ ਚਾਹ ਵਿੱਚ ਖੰਡ ਢੇਰ ਕਰਨੀ ਪੈਂਦੀ। ਜੇ ਦੁੱਧ ਹੋਵੇ, ਜ਼ਿਆਦਾ ਦੁੱਧ ਤੇ ਖੰਡ ਭਰ ਦੇ ਨੇ ਆਪਣੇ ਆਪ ਚ ਸੱਤਿਆ ਵਧਾਉਣ ਵਾਸਤੇ। ਆਮ ਤਾਂ ਸਿਰਫ਼ ਹੰਘਾਲ਼ ਪੀਣ ਵਾਸਤੇ ਮਿਲਦਾ ਹੈ। ਲੋਕ ਤਾਂ ਚੂਹੇ ਖਾਂਦੇ ਨੇ। ਖਸਤੇ ਬਿਸਕੁਟਾਂ ਤੇ ਦਿਹਾੜ ਗੁਜ਼ਾਰਣਾ ਪੈਂਦਾ ਹੈ। ਹੁਣ ਤਾਂ ਮੈਂ ਅੰਗ੍ਰਜ਼ੀ ਤੇ ਫੇ੍ਰਂਚ ਵੀ ਥੋੜ੍ਹੀ ਬਹੁਤੀ ਸਿਖ ਲਈ ਹੈ। ਸਮਝ ਗਿਆ ਕਿ ਆਮ ਚਿੱਟੇ ਫ਼ੌਜੀ ਵਾਸਤੇ ਵੀ ਔਖਾ ਹੈ। ਉਨ੍ਹਾਂ ਨੂੰ ਵੀ ਸਾਡੇ ਵਾਂਗਰ ਹੁੱਬਲਵਤਨ ਲੜਾਈ ਸੀ। ਪਰ ਇਹ ਤਾਂ ਲੜਾਈ ਨਹੀਂ ਹੈ। ਸ਼ਤਾਨ ਦੀ ਖੇਲ਼ ਹੈ।
ਕੁਝ ਚਿੱਟੀ ਮਿਰਚ ਦੀ ਮੁਲਾਵਟ ਕਾਲ਼ੀ ਮਿਰਚ ਹੋ ਜਾਂਦੀ। ਪਰ ਜ਼ਿਆਦਾ ਤਾਂ ਸਾਡੀ ਕੁਰਬਾਨੀ ਨੂੰ ਕਦਰ ਨਹੀਂ ਦਿੰਦੇ। ਕਾਲ਼ੀ ਮਿਰਚ ਤਾਂ ਇੱਕ ਦਮ ਉਨ੍ਹਾਂ ਵਾਸਤੇ ਬੇਸੁਆਦੀ ਹੈ। ਕਾਲ਼ਾ ਰੰਗ ਨੂੰ ਦੇਖ ਕੇ ਹੀ ਥੁੱਕ ਦੇ ਨੇ। ਉਨ੍ਹਾਂ ਦੀ ਥੂਹ ਥੂਹ ਕਰਨੀ ਨਾਲ਼ ਅੱਕ ਗਏ। ਪਰ ਕੀ ਕਰੀਏ। ਵਿਆਹ’ਚ ਤਾਂ ਸਾਰਿਆਂ ਨੇ ਹੀ ਬਰਾਬਰ ਸ਼ਾਮਲ ਹੋਣਾ, ਹੈ ਨਾ? ਅਕਸਰ ਉਨ੍ਹਾਂ ਦਾ ਰਾਜ ਹੀ ਹੈ। ਪਰ ਇਹ ਰਾਜ ਚ ਕੋਈ ਮੁੱਲ ਨਹੀਂ ਹੈ ਯਾਰ। ਬੰਨੀ ਸਭ ਨੂੰ ਕਾਇਲ ਕਰ ਰਹੀ ਹੈ।
ਜਦ ਵੀ ਖ਼ੰਦਕ ਚੋਂ ਨਿਕਲੀਦਾ, ਗੋਲ਼ੀਆਂ ਦਾ ਮੀਂਹ ਹੀ ਪੈਂਦਾ। ਜਦ ਕਾਲ਼ੀ ਮਿਰਚ ਮੁਕੀ ਜਾਂਦੀ ਹੋਰ ਲਿਆ ਆਉਂਦੇ ਨੇ। ਦੋ ਮੰਜ਼ਲ ਬਸਾਂ ਤੇ ਆਰਲੀਆਨ ਤੋਂ ਨਿੱਤ ਨਿੱਤ ਕਾਲ਼ੀ ਮਿਰਚ ਵਿਆਹ’ਚ ਆ ਪਹੁੰਚ ਦੀ।
ਪਹਿਲਾਂ ਸਿੰਘਾਂ ਦਾ ਬਟਾਲੀਅਨ ਰਣ’ਚ ਵੜਿਆ। ਫੇਰ ਜਦ ਸਭ ਰਬ ਨੂੰ ਪਿਆਰੇ ਹੋ ਗਏ, ਅਗਲੇ ਦਿਨ ਬਲੋਚੀ ਲਿਆਂਦੇ। ਦੂਜੇ ਸਾਰੇ ਫ੍ਰੇਂਚ ਸੀਮਾ ਦੇ ਦੂਜੇ ਪਾਸੇ ਘੱਲ ਦਿੱਤੇ ਸੀ।
ਮੈਨੂੰ ਦਿਨਾ ਦਾ ਨਾ ਹੁਣ ਆਖੀ। ਪਤਾ ਨਹੀਂ ਲੱਗਦਾ ਇੱਥੇ ਕਿਹੜਾ ਦਿਨ ਕਿਹੜਾ ਹੈ। ਹਰ ਦਿਨ ਰਾਤ ਪਹਿਲੇ ਦੇ ਮੁਕੱਰਰ ਹਨ। ਮੈਂ ਇਹ ਕਹਿ ਸਕਦਾ ਮੇਰੀ ਪੰਜਵੀਂ ਵਾਰੀ ਸੀ ਸ਼ਾਦੀ’ਚ ਸ਼ਾਮਲ ਹੋਣ ਦੀ। ਇੱਕ ਧੌਲ਼ਾਂ ਭੂਸਲਾ ਧੁੰਧਲਾ ਦਿਹਾੜ ਸੀ। ਰਾਤੀ ਮੀਂਹ ਪੈਂਦਾ ਸੀ। ਅਸੀਂ ਸਭ ਭਿਜੇ ਸਨ। ਭਿਜੇ ਕਿੱਥੇ, ਖ਼ੰਦਕਾਂ’ਚ ਤਾਂ ਡੋਬੂ ਵਾਂਗ ਸਨ। ਖ਼ੰਦਕਾਂ ਪਾਣੀ ਨਾਲ਼ ਭਰੇ ਸਨ ਅਤੇ ਗਾਬ ਨਾਲ਼ ਲਿਬੜੇ ਸਨ। ਜਿਸ ਖ਼ੰਦਕ’ਚ ਸਾਨੂੰ ਹੁਣ ਪਾਇਆ ਸੀ, ਚੱਠਾ ਵਰਗਾ ਖੱਡਾ ਹੀ ਸੀ। ਖ਼ੈਰ ਅਸੀਂ ਵਿਆਹ;ਚ ਇੱਕ ਵਾਰ ਫੇਰ ਸ਼ਾਮਲ ਹੋ ਗਏ। ਕਈ ਮਰੇ। ਕਈ ਡਿਗੇ। ਜਿਹੜੇ ਦੋ ਤਿੰਨ ਮਸ਼ੀਨ ਗੰਨਾਂ ਤੋਂ ਬਚ ਗਏ, ਜਦ ਜਰਮਨ ਲਾਈਨ ਪੁੱਜੇ, ਮਾਰੇ ਗਏ। ਮੈਂ ਪਹਿਲੀ ਵਾਰੀ ਜਰਮਨ ਫ਼ੌਜੀ ਨੇੜੇ ਹੋ ਕੇ ਦੇਖੇ। ਉਹ ਵੀ ਡਰ ਰਹੇ ਸੀ। ਟੋਪੀਆਂ ਉੱਤੇ ਤਿੱਖੀ ਕਿੱਲੀ ਸੀ। ਨਹੀਂ ਤਾਂ ਸਾਡੇ ਵਰਗੇ ਸਨ। ਮੂੰਹ ਉੱਤੇ ਡਰ ਸੀ। ਮੈਨੂੰ ਇੱਕ ਵਿੱਚ ਸੰਗੀਨ ਖੋਭਣਾ ਪਿਆ। ਹਲ ਤੱਕ ਉਸ ਦਾ ਮੁਖੜਾ ਦੀਂਦਾ। ਅੱਖਾਂ’ਚ ਡਰ। ਮੈਨੂੰ ਲੱਗਦਾ ਪੰਦਰ ਸਾਲ ਦਾ ਹੀ ਸੀ। ਅਸੀਂ ਲਾਈਨ ਤਾਂ ਜਿਤ ਲੈ ਲਈ ਸੀ। ਪਰ ਇਸ ਦਾ ਫ਼ਾਇਦਾ ਹਾਲੇ ਵੀ ਨਹੀਂ ਪਲੇ ਪੈ ਰਿਹਾ ਹੈ। ਸਗੋਂ ਸੁਭੇ ਬਿਹਤਰ ਹਾਲ ਸੀ। ਹੁਣ ਕਿੰਨੇ ਮਰੇ, ਪਰ ਇੱਥੇ ਤਾਂ ਫ਼ਸ ਗਏ। ਕੁਝ ਚਾਲ ਵਾਲਾ ਫ਼ਾਇਦਾ ਨਹੀਂ ਸੀ। ਸਾਨੂੰ ਹਾਰ ਕੇ ਛੱਡ ਕੇ ਵਾਪਸ ਜਾਣਾ ਪਿਆ ਉਸ ਹੀ ਖ਼ੰਦਕ ਵੱਲ ਜਿੱਥੇ ਦਿਨ ਸ਼ੁਰੂ ਹੋਇਆ ਸੀ। ਮੈਨੂੰ ਚਿੱਟੀ ਮਿਰਚ ਦਾ ਕੋਈ ਸੁਆਦ ਨਹੀਂ। ਉਸ ਦਾ ਮੰਤਕ ਤਾਂ…ਕੀ ਕਹਿਵਾਂ। ਲੱਤਾਂ ਦੇ ਭੂਤ ਗੱਲਾਂ ਨਾਲ਼ ਨਹੀਂ ਮੰਨਦੇ। ਖ਼ੈਰ ਮੈਂ ਤਾਂ ਨਾਇਕ ਹੈ। ਮੈਨੂੰ ਕੀ ਵੱਡੇ ਅਫਸਰਾਂ ਦਿਆਂ ਫ਼ੈਸਲਿਆਂ ਦੀ ਸਮਝ ਹੈ।
ਉਸ ਰਾਤ ਮੈਂ ਤੇ ਗਿਆਨ ਇੱਕ ਦੂਜੇ ਨਾਲ਼ ਬੈਠੇ ਸੀ। ਸਾਡੇ ਨਾਲ਼ ਵੱਡਾ ਵੇਲੀ ਸੀ। ਉਸ ਦੀ ਪੀਲੀ ਪੁਸ਼ਾਕ ਚਮਕਦੀ ਸੀ। ਪੱਗ ਉੱਤੇ ਸਾਫ਼ ਲਿਸ਼ਕਦੇ ਚਕਰ ਸਨ। ਇੱਕ ਬਾਂਹ ਤੇ ਬਾਜ਼ ਅਰਾਮ ਕਰ ਰਿਹਾ ਸੀ। ਲੱਤਾਂ ਨਾਲ਼ ਤਰਕਸ਼ ਟਿਕਾਇਆ ਸੀ ਅਤੇ ਇੱਕ ਹੱਥ ਹੇਠ ਧਣਪ ਧਰਤ ਉੱਤੇ ਖਲੋਇਆ ਸੀ। ਸਾਡੀਆਂ ਗੱਲਾਂ ਧਿਆਨ ਨਾਲ਼ ਸੁਣ ਰਹੇ ਸੀ।
ਦਰਸਾਨ ਸਾਡੇ ਨਾਲ਼ ਨਹੀਂ ਸੀ। ਯਾਰ ਤੈਨੂੰ ਕੀ ਦੱਸਾਂ! ਉਹਨੂੰ ਜਰਮਨ ਮਸ਼ੀਨ ਗੰਨਾਂ ਨੇ ਲਹੂ ਲਾਹੁਣ ਕਰ ਕੁ ਸਾਥੋਂ ਲੈ ਲਿਆ ਸੀ। ਫੇਰ ਵੀ ਦਰਸਾਨ ਤਾਂ ਬਹੁਤ ਖਾੜਕੂ ਹੀ ਨਿਕਲਿਆ। ਜਿਹੜੀ ਧਰਤੀ ਸਾਡੇ ਖ਼ੰਦਕ ਅਤੇ ਜਰਮਨ ਖ਼ੰਦਕ ਦੇ ਵਿਚਾਲੇ ਹੈ, ਉਸ ਨੂੰ - ਕਿਸੇ ਦੀ ਧਰਤ ਨਹੀਂ- ਆਖਦੇ ਹਾਂ। ਇਸ ਤੇ ਹਰ ਦਿਨ ਦੋ ਵਾਰੀ ਨਹੀਂ ਤਾਂ ਜਰਮਨ ਸਾਡੇ ਵੱਲ ਦੌੜ੍ਹ ਕੇ ਹਮਲਾ ਕਰਦੇ ਨੇ ਜਾਂ ਅਸੀਂ ਉਨ੍ਹਾਂ ਵੱਲ। ਕਈ ਕਈ ਵਾਰੀ ਦੋਵੇਂ ਪਾਸੇ ਹੀ ਦੌੜ੍ਹੇ ਨੇ। ਉਸ ਵੇਲ਼ੇ ਇੱਕ ਦੂਜੇ ਨਾਲ਼ ਲੜ ਸਕਦੇ ਨੇ। ਕਿਰਪਾਨ ਵੀ ਕੱਢ ਸਕਦੇ ਨੇ। ਪਰ ਇਹ ਆਮ ਗੱਲ ਨਹੀਂ ਹੈ। ਆਮ ਜਦ ਉਹ ਸਾਡੇ ਵੱਲ ਭੱਜ ਦੇ, ਸਾਡੀਆਂ ਬੰਦੂਕਾਂ ਖ਼ੰਦਕਾਂ ਚੋਂ ਉੱਚੀ ਹੋ ਕੇ ਕੱਟ ਦਿੰਦੀਆਂ ਨੇ। ਆੇ ਜਦ ਅਸੀਂ ਉਨ੍ਹਾਂ ਵੱਲ ਨੱਸ ਦੇ, ਉਨ੍ਹਾਂ ਦੀਆਂ ਮਸ਼ੀਨ ਗੰਨਾਂ ਵੱਢ ਦਿੰਦੀਆਂ ਨੇ। ਇੰਝ ਹੀ ਇੱਕ ਦਿਨ ਅਸੀਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਅੱਧੇ ਰਾਹ ਇੱਕ ਖੁੱਡ ਵਿੱਚ ਜਰਮਨਾਂ ਨੇ ਮਸ਼ੀਨ ਗੰਨ ਲੁਕੋਈ ਸੀ ਜਿਸ ਨਾਲ਼ ਸਾਡਾ ਬੁਰਾ ਹਾਲ ਕਰ ਰਹੇ ਸੀ। ਉਸ ਦਾ ਗੰਨਰ ਮਰ ਗਿਆ ਸੀ। ਦਰਸਾਨ ਉਸ ਖੁੱਡ ਵਿੱਚ ਛਾਲ ਮਾਰ ਕੇ ਗੰਨ ਨੂੰ ਘੁੰਮਾ ਕੇ ਜਰਮਨਾਂ ਨੂੰ ਮਾਰਨ ਲੱਗ ਪਿਆ। ਇੰਝ ਸਾਨੂੰ ਸਭ ਨੂੰ ਬਚਾ ਦਿੱਤਾ ਗਿਆ ਅਤੇ ਜਰਮਨ ਘੱਟਾ ਦਿੱਤੇ। ਪਰ ਉਹ ਉੱਥੇ ਫ਼ਸ ਗਿਆ। ਸਾਨੂੰ ਮੌਕਾ ਨਹੀਂ ਮਿਲਿਆ ਉਸ ਨੂੰ ਖੁੱਡ ਵਿੱਚੋਂ ਕੱਢਨ ਦਾ। ਹਾਰ ਕੇ ਜਰਮਨ ਅੱਗੇ ਵੱਧ ਆਏ ਸੀ ਅਤੇ ਉਸ ਦੇ ਸਰੀਰ ਨੂੰ ਸੁਰਾਖਾਂ ਨਾਲ਼ ਭਰ ਦਿੱਤਾ ਸੀ। ਸਾਡਾ ਦਿਲ ਟੁਟ ਗਿਆ। ਬਹਾਦਰ ਭਰਾ ਸੀ। ਪਰ ਇਸ ਦੀ ਸਹਾਇਤਾ ਬਾਜ਼ਾਂ ਦੇ ਸ਼ਾਹ ਨੇ ਹੀ ਦਿੱਤੀ। ਹੁਣ ਉਸ ਪਾਤਸ਼ਾਹ ਦੀ ਸਲਾਹ ਲੈ ਰਹੇ ਸੀ।
ਸਾਰੇ ਰਾਹ ਉਸ ਦੇ ਬਾਜ਼ ਨੇ ਸਾਡੇ ਤੇ ਅੱਖ ਰੱਖੀ। ਵਿਆਹਾਂ’ਚ ਵੀ ਸਾਡੇ ਨਾਲ਼ ਗਿਆ। ਫ਼ਲਕ ਵੱਲ ਜਰਮਨਾਂ ਨੇ ਤਾਂ ਦੇਖਿਆ ਵੀ ਨਹੀਂ ਸੀ। ਕਦੇ ਕਦੇ ਕਿਸਮਤ ਵਾਲੇ ਨੂੰ ਇਮਦਾਦ ਕੀਤਾ। ਬਾਜ਼ ਵੀ ਵੈਰੀ ਤੇ ਆ ਡਿਗਦਾ ਸੀ, ਉਨ੍ਹਾਂ ਨੂੰ ਪੰਜੇ ਮਾਰ ਮਾਰ ਕੇ ਅੰਨ੍ਹੇ ਕਰਦਾ। ਗੋਲ਼ੀ ਸਾਡੇ ਤੇ ਫੇਰ ਠੀਕ ਨਹੀਂ ਜਾਂਦੀ ਸੀ। ਕਾਸ਼! ਜੇ ਉਸ ਵੇਲ਼ੇ ਇੰਝ ਦਰਸਾਨ ਲਈ ਕੀਤਾ ਹੋਵੇ! ਪਰ ਪਾਤਸ਼ਾਹ, ਉਸ ਦਾ ਨੀਲਾ ਕੋਤਲ ਜਾਂ ਬਾਜ਼ ਹਰ ਜਣੇ ਨਾਲ਼ ਨਹੀਂ ਹੋ ਸਕਦੇ। ਜੇ ਇੱਕ ਨੂੰ ਬਚਾ ਦਿੱਤਾ, ਦੂਜੇ ਨੂੰ ਨਹੀਂ ਬਚਾ ਸਕਦੇ ਨੇ। ਜੇ ਇਸ ਵੇਲ਼ੇ ਸਾਡੇ ਕੋਲ਼ੇ ਖੂਹਣੀ ਹੁੰਦੀ!
ਵਿਚਾਰਾ ਦਰਸਾਨ! ਫੇਰ ਵੀ ਹੋਰਾਂ ਤੋਂ ਚੰਗਾ ਰਗਿ ਗਿਆ। ਸੁਣਿਆਂ ਕਿ ਕਈ ਮੈਦਾਨਾਂ’ਚ ਜਰਮਨ ਗੈਸ ਵਰਤਨ ਲੱਗ ਪਏ। ਗੋਲ਼ੀਆਂ ਨੇ ਜ਼ਰੂਰ ਪਿੰਡਾ ਪਾੜ ਦਿੱਤਾ, ਪਰ ਉਸ ਮੌਤ ਤੋਂ ਭਲੇਰੀ ਮੌਤ ਹੈ। ਚੰਗਾ ਹੋਇਆ ਕਿ ਉਸ ਖੇਤ ਰਹਿ ਗਿਆ ਸੀ। ਖ਼ੈਰ ਅਸੀਂ ਉਸ ਰਾਤ ਘਮਸਾਨ ਬਾਰੇ ਆਖਿਆ। ਚਿੱਟੀ ਮਿਰਚ ਦੀ ਰਣ ਨੀਤੀ ਬਾਰੇ ਪੁੱਛਿਆ। ਸਾਨੂੰ ਦੱਸਿਆ ਗਿਆ ਕਿ ਹਰ ਇਨਸਾਨ ਨੂੰ ਬਚਾ ਨਹੀਂ ਸਕਦੇ। ਜੰਗ ਚੰਗੀ ਗੱਲ ਨਹੀਂ। ਪਰ ਹੁਣ ਜਿਓ ਜੰਗ ਵਿੱਚ ਹਨ, ਉਨ੍ਹਾਂ ਨੂੰ ਮਨ’ਚ ਦੇਖ ਕੇ ਸਵਾਲ ਆਖਣਾ ਚਾਹੀਦਾ ਕਿ ਤੁਸੀਂ ਆਪਣੇ ਵੱਲੋਂ ਇਨਸਾਫ਼ੀ ਦੇ ਪਾਸੇ ਹੋ? ਜੇ ਹੋ, ਫੇਰ ਬਹਾਦਰੀ ਨਾਲ਼ ਲੜੋਂ। ਪਰ ਚੇਤਾ ਨਹੀਂ ਭੁਲਾਉਣਾ ਕਿ ਦੂਜੇ ਪਾਸੇ ਵੀ ਇਨਸਾਨ ਲੜ ਰਹੇ। ਉਨ੍ਹਾਂ ਕੋਲ਼ ਵੀ ਟੱਬਰ ਹਨ। ਉਹ ਵੀ ਆਪਣੇ ਪੱਖ ਤੋਂ ਸਚਾਈ ਵਾਸਤੇ ਲੜ ਰਹੇ। ਜੇ ਲੜਾਈ ਇਨਸਾਫ਼ੀ ਵਾਸਤੇ ਹੈ ਇਹ ਸਾਡੇ ਲੀਡਰਾਂ ਤੇ ਹੈ। ਉਨ੍ਹਾਂ ਨੇ ਗ਼ਲਤੀਆਂ ਤਾਂ ਬਣਾਉਣੀਆਂ ਹਨ। ਉਹ ਵੀ ਇਨਸਾਨ ਹਨ। ਪਰ ਹੁਣ ਅਸੀਂ ਇੱਥੇ ਆ ਗਏ, ਰਣ ਤੇ ਸ਼ੇਰ ਮਰਦੀ ਕਰਨੀ। ਜੇ ਪਾਤਸ਼ਾਹ ਆਪਣਿਆਂ ਨੂੰ ਸਚਾਈ ਵਾਸਤੇ ਵਾਰ ਕਰ ਸਕਦਾਂ, ਫੇਰ ਸਾਨੂੰ ਵੀ ਉਸ ਤਰ੍ਹਾਂ ਲੜਨਾ ਚਾਹੀਦਾ ਹੈ। ਜੋ ਬਚ ਸਕਦਾ, ਬਚੇਗਾ ਅਤੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਹੋਵੇਗੀ। ਸਹੀ ਗੱਲ ਹੈ ਕਿ ਕੁਝ ਚਾਲਾਂ ਲੀਡਰਾਂ ਦੀਆਂ ਬੇਮਾਨ੍ਹੀ ਹਨ। ਪਰ ਹੁਣ ਇੱਥੇ ਹੀ ਹਾਂ। ਡਰਨ ਦੀ ਥਾਂ ਆਪਣੀ ਪੂਰੀ ਕੋਸ਼ਿਸ਼ ਕਰਨੀ ਹੈ ਲੜਨ ਦੀ ਅਤੇ ਇਸ ਜਿਉਂਦੇ ਜਹੰਨਮ ਤੋਂ ਬਚਣਾ। ਸਾਨੂੰ ਵਿਸ਼ਵਾਸ ਦੇ ਦਿੱਤਾ। ਆਸ ਦੇ ਦਿੱਤੀ। ਸੋ ਇਸ ਨਾਲ਼ ਵਿਆਹ’ਚ ਸ਼ਾਮਲ ਹੋਣ ਫੇਰ ਤਿਆਰ ਹੋ ਗਏ।
ਦੋ ਕੁ ਦਿਨਾਂ ਬਾਅਦ ਜਰਮਨਾਂ ਨੇ ਸਾਡੇ ਉੱਤੇ ਸੱਚ ਮੁੱਚ ਜਹੰਨਮ ਲਿਆ ਦਿੱਤਾ ਸੀ। ਲਗਾਤਾਰ ਜਰਮਨਾਂ ਨੇ ਫ਼ਾਇਰਿੰਗ ਕੀਤੀ। ਖ਼ੰਦਕ ਉੱਤੇ ਸਿਰ ਉੱਪਰ ਕਰਨ ਤੋਂ ਡਰ ਲੱਗਦਾ ਸੀ। ਪਲ ਦੇ ਵਿੱਚ ਆਦਮੀ ਮਰ ਜਾਂਦੇ ਸੀ। ਫੇਰ ਵੀ ਬੇਵਕੂਫ਼ ਅਫਸਰ ਸਾਨੂੰ ਵਿਆਹ’ਚ ਭੇਜ ਦੇ ਸਨ। ਹੁਣ ਸਾਡਾ ਗੋਲ਼ੀ ਸਿੱਕਾ ਮੁਕ ਰਿਹਾ ਸੀ। ਸਾਡੀ ਅਬਾਦੀ ਵੀ ਘੱਟ ਗਈ ਸੀ। ਦੋ ਦਿਨਾਂ ਵਿੱਚ ਗੋਰੇ ਅੱਧ ਕਰ ਦਿੱਤੇ ਸਨ ਅਤੇ ਸਾਡੇ ਬੰਦੇ ਵੀ ਹੁਣ ਘੱਟ ਸਨ। ਗੋਰਿਆਂ ਨੇ ਇਸ ਦਿਨ ਨੂੰ ਤੀਹ ਅਕਤੂਬਰ ਦੀ ਤਾਰੀਖ ਦਿੱਤੀ ਸੀ। ਆਲ਼ੇ ਦੁਆਲ਼ੇ ਜਰਮਨਾਂ ਦੀਆਂ ਫ਼ੌਜਾਂ ਫ਼ੌਜਾਂ ਹੀ ਸਨ। ਸਾਨੂੰ ਦਬਕ ਕੇ ਝੇਪਣਾ ਪਿਆ। ਇਹ ਗੱਲ ਨੇ ਸਾਡੀ ਅਣਖ ਨੂੰ ਫੱਟ ਮਾਰੀ, ਪਰ ਗੋਰਾ ਅਫਸਰ ਸੀ। ਜੋ ਬੋਲ਼ਦਾ, ਕਰਨਾ ਪਿਆ। ਖ਼ੈਰ ਉੱਥੇ ਰਹਿ ਕੇ ਮਰ ਜਾਣਾ ਸੀ। ਕਿਰਪਾਨ ਚੱਕ ਕੇ ਗੋਲ਼ੀਆਂ ਖਿਲਾਫ਼ ਕੀ ਕਰ ਦੇਣਾ ਸੀ। ਉੱਥੋਂ ਨੱਸੇ। ਲਾਗੇ ਇੱਕ ਨਗਰ ਸੀ, ਮੇਸੀਨ। ਉੱਥੇ ਜਾ ਕੇ ਸੜਕਾਂ ਤੇ ਖਿੰਡ ਗਏ ਸੀ। ਸਾਡੇ ਮਗਰ ਜਰਮਨ ਦੌੜੇ। ਸੜਕ ਦੇ ਇੱਕ ਪਾਸੇ ਹਵਾਈ ਚੁੱਕੀ ਸੀ। ਉਸ ਦੇ ਨਾਲ਼ ਇੱਕ ਬੈਟਰੀ ਸੀ। ਉੱਥੇ ‘ਕੱਠੇ ਹੋ ਗਏ। ਇੱਕ ਯੂਨਿਟ ਨੇ ਝੇਪਨ ਦੀ ਥਾਂ ਖਲੋ ਕੇ ਜਰਮਨਾਂ ਦਾ ਸਾਹਮਣਾ ਕੀਤਾ। ਕਿਸੇ ਨੇ ਉਨ੍ਹਾਂ ਨੂੰ ਦਬਕਣਾ ਦਾ ਹੁਕਮ ਦਾ ਦੱਸਿਆ ਨਹੀਂ ਜਾਂ ਵਾਇਰਲੇਸ ਕੰਮ ਨਹੀਂ ਕੀਤਾ। ਜਦ ਸੰਦੇਸ਼ ਪੁੱੁਜਿਆ, ਜਰਮਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਸੀ।
ਬਾਜ਼ ਤੇ ਨੀਲਾ ਘੋੜਾ ਮੈਦਾਨ ਵਿੱਚ ਆ ਗਏ। ਜੋ ਕਰ ਸਕਦੇ ਸੀ ਕੀਤਾ। ਪਰ ਹਾਰ ਕੇ ਜਰਮਨ ਬਹੁਤੇ ਸਨ। ਸਾਨੂੰ ਚਾਰ ਚੁਫੇਰੇ ਘੇਰ ਲਿਆ। ਸਾਥੋਂ ਦੂਜੇ ਪਾਸੇ ਬਲੋਚੀ ਵੀ ਫ਼ਸ ਗਏ ਸੀ। ਸਰਦਾਰ ਕੀ ਕਰਦੇ? ਮੈਨੂੰ ਹਮੇਸ਼ਾ ਲਈ ਉਨ੍ਹਾਂ ਦੀ ਬਹਾਦਰੀ ਯਾਦ ਰਹਿਣੀ ਆ। ਮੈਂ ਤੇ ਗਿਆਨ ਸੜਕ ਦੇ ਦੂਜੇ ਪਾਸੇ ਫ਼ਸੇ ਸਨ। ਸਾਨੂੰ ਸਭ ਕੁਝ ਦਿਸਦਾ ਸੀ। ਬਾਜ਼ ਉੱਡ ਉੱਡ ਕੇ ਥੱਲੇ ਆ ਕੇ ਜਰਮਨਾਂ ਦੇ ਪੰਜੇ ਮਾਰ ਰਿਹਾ ਸੀ। ਘੋੜੇ ਨੇ ਸੀਖ ਪਾ ਕੇ ਆਪਣੇ ਸੁੰਮ ਸੀਸਾਂ’ਚ ਮਾਰੇ ਸਨ। ਪਿੱਛੋਂ ਤੀਰ ਉੱਡ ਰਹੇ ਸਨ। ਪਰ ਇਹ ਮੱਦਦ ਕਿੰਨੇ ਦੇਰ ਲਈ ਹੋ ਸਕਦੀ ਸੀ। ਆਹੋ, ਹੌਂਸਲਾ ਮਿਲਿਆ ਅਤੇ ਬਹਾਦਰਾਂ ਨੇ ਵਾਪਸ ਲੜਿਆ। ਖਬਰੇ ਇਹ ਹੀ ਮੱਦਦ ਸੀ। ਪਰ ਹਾਰ ਕੇ ਜਰਮਨ ਜਿੱਤ ਗਏ।
ਅਗਲੇ ਦਿਨ ਸਿਆਪਾ ਪਿਆ। ਮੇਸੀਨ ਉੱਤੇ ਗੋਲ਼ੀਆਂ ਵਾਲ਼ੀਆਂ ਰਾਤ ਬਾਅਦ ਨੌਂ ਜਰਮਨ ਬਟਾਲੀਅਨਾਂ ਨੇ ਹਮਲਾ ਕੀਤਾ। ਅਸੀਂ ਜ਼ੋਰ ਦੇਣੀ ਲੜੇ। ਜਦ ਵੀ ਹਿੰਮਤ ਹਾਰਨ ਲੱਗੇ ਸੀ, ਬਾਜ਼ ਆ ਜਾਂਦਾ ਸੀ, ਜਾਂ ਘੋੜਾ ਵੀ ਅਪਣੇ ਖੁਰਾਂ ਮਾਰਦਾ ਸੀ। ਇੱਕ ਵਾਰ ਅਸੀਂ ਪਿੱਛੇ ਹੋ ਕੇ ਡਰ ਨਾਲ਼ ਖੜ੍ਹ ਗਏ ਸੀ। ਫੇਰ ਡਰਨ ਬਿੰਨਾ ਨੀਲਾ ਘੋੜਾ ਅੱਗੇ ਦੌੜਿਆ। ਉਸ ਨੂੰ ਵੇਖ ਕੇ ਅਸੀਂ ਵੀ ਕਿਰਪਾਨਾਂ ਕੱਢ ਕੇ, ਪਸਤੌਲਾਂ’ਚੋਂ ਗੋਲ਼ੀਆਂ ਛੱਡ ਦੇ ਅੱਗੇ ਵੱਧੇ। ਸਾਡੇ ਕੰਨਾਂ ਦੇ ਆਲ਼ੇ ਦੁਆਲ਼ੇ ਉਹੀ ਤੀਰ ਦੁਸ਼ੱਮਣ ਵੱਲ ਗਏ। ਪਰ ਉਹ ਲੋਕ ਜ਼ਿਆਦਾ ਸਨ। ਹਰ ਜਣੇ ਨੂੰ ਪਾਤਸ਼ਾਹ ਬਚਾ ਨਹੀਂ ਸਕਦਾ ਸੀ। ਕਤਲਾਮ ਸੀ। ਹਾਰ ਕੇ ਚਾਰ ਜਣੇ ਹੀ ਖੜ੍ਹੇ ਰਹਿ ਗਏ ਸੀ। ਮੈਨੂੰ ਬਾਜ਼ ਨੇ ਬਚਾ ਕੇ ਉੱਥੋਂ ਨਿਕਲ਼ਣ ਦਾ ਰਾਹ ਦੇ ਦਿੱਤਾ ਸੀ। ਗਿਆਨ ਦੀ ਚੰਗੀ ਕਿਸਮਤ ਇਸ ਵੇਲੇ ਵੀ ਸੀ। ਮੈਥੋਂ ਵੱਖਰਾ ਹੋ ਚੁੱਕਾ ਸੀ। ਪਰ ਘੋੜਾ ਆ ਗਿਆ। ਉਸ ਨੇ ਸਵਾਰ ਕਰ ਕੇ ਗੋਲ਼ੀਆਂ ਵੈਰੀ ਵੱਲ ਛੱੱਡਦਾ ਨਿਕਲ਼ ਗਿਆ ਸੀ। ਦੋ ਹੋਰ ਹੀ ਸਾਰਿਆਂ ਵਿੱਚੋਂ ਬੱਚੇ ਸੀ। ਖ਼ੈਰ ਸੱਚ ਵਿੱਚ ਉਨ੍ਹਾਂ’ਚੋਂ ਇਹ ਹੀ ਬਚਿਆ ਸੀ। ਜੇਮਾਦਾਰ ਰਾਮ ਸਿੰਘ। ਜੇਮਾਦਾਰ ਕਪੂਰ ਸਿੰਘ ਆਖਰੀ ਸਾਹ ਤੀਕਰ ਲੜਿਆ। ਹੋਰ ਸਾਰੇ ਹੁਣ ਮਰ ਗਏ ਸੀ। ਜਰਮਨ ਉਸ ਦੀ ਈਨ ਚਾਹੁੰਦੇ ਸਨ। ਉਸ ਨੂੰ ਮੌਕਾ ਵੀ ਦਿੱਤਾ ਕਿ ਇਤਾਇਤ ਕਬੂਲ ਕਰੇ। ਪਰ ਉਸ ਨੇ ਆਪਣਾ ਹੀ ਪਸਤੌਲ ਆਪ ਤੇ ਕਰ ਲਿਆ। ਇੱਕ ਹੀ ਗੋਲ਼ੀ ਰਹਿ ਗਈ ਸੀ। ਆਪਣੇ ਆਪ ਨੂੰ ਜੀਵਨ ਤੋਂ ਅਜ਼ਾਦ ਕਰ ਲਿਆ ਸੀ, ਯਾਰ। ਹੋਰ ਕੀ ਦੱਸਾਂ। ਉਸ ਦਿਨ ਹਰ ਅਫਸਰ ਮਾਰਿਆ ਗਿਆ ਸੀ।
ਜਦ ਅਸੀਂ ਮੇਸੀਨ ਦੀਆਂ ਸੜਕਾਂ ਤੇ ਪੁੱਜੇ, ਕਹਿੰਦੇ ਸਤ ਸੌ ਪੰਜਾਹ ਜਣੇ ਸਨ। ਦੋ ਦਿਨਾਂ ਬਾਅਦ ਤਿੰਨ ਸੌਆਂ ਨੂੰ ਮਾਰ ਦਿੱਤਾ ਸੀ ਜਾਂ ਜਰਮਨ ਕੈਦ ਵਿੱਚ ਉਨ੍ਹਾਂ ਨੂੰ ਲੈ ਗਏ ਸੀ। ਦੋ ਸੌ ਚਾਲੀ ਬਲੋਚੀ ਵੀ ਕੁਰਬਾਨ ਹੋ ਗਏ ਸੀ। ਉਸ ਹੀ ਵੇਲ਼ੇ ਨਵ ਚਾਪੇਲ ਚ ਵੀ ਸਿੱਖ ਮਰ ਰਹੇ ਸੀ। ਅੱਜ ਮੀਰੂਤ ਤੋਂ ਹੋਰ ਪੰਜਾਬੀ ਫ਼ੌਜੀ ਪੱੁਜੇ ਹਨ। ਸਾਡੇ ਨਾਲ਼ ਨਰਕ ਚ ਪੁੱਜ ਗਏ।
ਤੁਹਾਡਾ ਵੀਰ
ਖੇਮ ਸਿੰਘ।
ੴ ਸਤਿ ਗੁਰੂ ਪ੍ਰਸਾਦਿ
ਪਿਆਰੇ ਭਾਪਾ ਜੀ,
ਪਿਆਰ ਭਰੀ ਸਤਿ ਸ਼੍ਰੀ ਅਕਾਲ।
ਤੁਸੀਂ ਸਾਰੇ ਤੰਦਰੁਸਤ ਹੋ? ਤੁਹਾਨੂੰ ਜਿਹੜੇ ਪੈਸੇ ਭੇਜੇ ਸੀ ਮਿਲ ਗਏ? ਮਾਂ ਭੈਣ ਨੂੰ ਦੱਸਣਾ ਕਿ ਮੈਂ ਠੀਕ ਠਾਕ ਹਾਂ। ਜਿਹੜੇ ਹਿਸੇ ਚਿੱਠੀ ਦੇ ਮੈਂ ਉਨ੍ਹਾਂ ਨੂੰ ਸੁਣਾਉਣ ਵਾਸਤੇ ਲਖਾਏ ਨੇ, ਉਹ ਹੀ ਹਿਸੇ ਪੜ੍ਹ ਕੇ ਸੁਣਾਉਣੇ ਨੇ। ਇਹ ਬੇਨਤੀ ਹੈ। ਅਕਸਰ ਜੰਗ ਵਾਰੇ ਲਿੱਖ ਰਿਹਾ ਹਾਂ। ਉਨ੍ਹਾਂ ਨੂੰ ਦੱਸ ਦਿਓ ਕਿ ਇੱਥੇ ਬਹੁਤ ਜ਼ਬਰਦਸਤ ਠੰਢ ਹੈ। ਰੋਜ਼ ਮੀਂਹ ਪੈਂਦਾ ਹੈ। ਘੋਰ ਹਵਾ ਨਿੱਤ ਨਿੱਤ ਵਗਦੀ ਹੈ। ਪੰਜਾਬ ਵਾਂਗ ਨਹੀਂ ਹੈ। ਲੂੰ ਕੰਡੇ ਖੜ੍ਹੇ ਕਰਨ ਵਾਲ਼ੀ ਹਵਾ ਹੈ।
ਰੋਜ਼ ਚੰਗਾ ਖਾਣਾ ਪੀਣਾ ਨਹੀਂ ਮਿਲਦਾ। ਪਰ ਜਦ ਮੌਕਾ ਹੁੰਦਾ ਸਾਨੂੰ ਕੁਕੜੀ ਸਤ ਰੂਪੀਆਂ ਚ ਮਿਲ ਜਾਂਦੀ ਖਾਣ ਵਾਸਤੇ ਤੇ ਬੱਕਰੀ ਪੱਚੀ ਰੂਪੀਆਂ’ਚ। ਪਰ ਇਹ ਤਾਂ ਦੋ ਦਿਹਾੜ ਦੀ ਕਮਾਈ ਹੈ। ਦੋ ਦਿਨਾਂ ਦੀ ਲੜਾਈ ਦਾ ਮੁੱਲ। ਅਗਲੀ ਗੱਲ ਮਾਂ ਭੈਣ ਦੇ ਕੰਨਾਂ ਵਾਸਤੇ ਨਹੀਂ ਹੈ ਭਾਪਾ ਜੀ। ਸੱਚ ਹੈ ਕਿ ਇਹ ਜੰਗ ਨਹੀਂ ਹੈ ਭਾਪਾ ਜੀ। ਇਹ ਤਾਂ ਹੋਰ ਹੀ ਕੁਝ ਹੈ। ਵੈਰੀ ਕੋਲ਼ੇ ਮਸ਼ੀਨਾਂ ਹਨ, ਗੰਨਾਂ ਹਨ ਤੇ ਗੈਸ ਵੀ। ਉਨ੍ਹਾਂ ਕੋਲ਼ੇ ਘੋੜਿਆਂ ਤੋਂ ਬਗੈਰ ਚਲਣ ਵਾਲੇ ਰਥ ਹਨ ਜਿਨ੍ਹਾਂ ਨੂੰ ਟੈਂਕ ਆਖੀਦਾ ਹੈ। ਲੋਕ ਤਾਂ ਮੱਖੀਆਂ ਵਾਂਗਰ ਮਾਰ ਦੇ ਨੇ। ਕੀ ਤੁਹਾਨੂੰ ਤਸਲੀ ਦੇਣ ਦੱਸਾਂ? ਅਸੀਂ ਸਾਰਾ ਦਿਨ ਖ਼ੰਦਕਾਂ’ਚ ਰਹਿੰਦੇ। ਜਦ ਨਿਕਲਦੇ, ਗੋਲ਼ੀਆਂ ਜੁੱਸਿਆਂ ਨੂੰ ਪਾਰ ਜਾਂਦੀਆਂ। ਕਈ ਡਿੱਗੇ ਨੇ। ਹੁਣ ਤੱਕ ਮੈਂ ਬਚ ਗਿਆ ਹਾਂ।
ਇੱਕ ਪਾਸੇ ਜਰਮਨਾਂ ਦੇ ਆਮਾਲ ਵੇਖ ਕੇ ਅੰਗ੍ਰੇਜ਼ੀ ਰਾਜਾ ਵਾਸਤੇ ਮਰਨ ਤੇ ਮਾਰਨ ਲਈ ਤਿਆਰ ਹਾਂ। ਜਰਮਨ ਤਾਂ ਕਸਾਈ ਕੌਮ ਹਨ। ਪਰ ਅੰਗ੍ਰੇਜ਼ ਵੀ ਚਲਾਕ ਹਨ। ਮੇਰੇ ਖਿਆਲ ਵਿੱਚ ਝੂਠ ਬੋਲਿਆ ਜਦ ਕਹਿਆ ਸੀ ਕਿ ਪੰਜਾਬ’ਚ ਸੁੱਕੀ ਗੋਈ ਰੋਟੀ ਖਾਵਾਂਗੇ, ਮੈਦਾਨ ਚ ਫੱਲ ਖਾਵਾਂਗੇ। ਕਿ ਪੰਜਾਬ ਦੇ ਲੀੜੇ ਫਟੇ ਹਨ ਅਤੇ ਮੈਦਾਨ’ਚ ਸੂਟ ਪਾਵਾਂਗੇ। ਸੂਟ ਪਾਇਆ ਜੋ ਮੌਤ ਦੀ ਦੁਲਹਨ ਦਾ ਹੈ! ਪੰਜਾਬ ਦੀ ਟੁੱਟੀ ਜੁੱਤੀ ਇਹ ਕੰਬਕਤ ਬੂਟਾਂ ਤੋਂ ਬਿਹਤਰ ਹੈ! ਸਾਰਾ ਦਿਨ ਪੈਰ ਚੁੱਬਦੇ ਨੇ! ਸਿਪਾਹੀਆਂ ਦੀਆਂ ਘਰ ਵਾਲ਼ੀਆਂ ਨੂੰ ਤਾਂ ਰੰਡੀਆਂ ਕਰ ਦਿੱਤਾ ਭਾਪਾ!
ਦਰਸਾਨ ਰਬ ਨੂੰ ਪਿਆਰਾ ਹੋ ਚੁੱਕਾ। ਬਹਾਦਰੀ ਨਾਲ਼ ਜਰਮਨ ਨਾਲ਼ ਲੜਿਆ। ਸਾਡੇ ਤੇ ਬਾਜ਼ ਅੱਖ ਰੱਖ ਰਿਹਾ ਤੇ ਘੋੜਾ ਵੀ। ਉਸ ਦਾ ਘੋੜਾ, ਬਾਜ਼ਾਂ ਵਾਲੇ ਦਾ। ਤਾਈਂ ਹੁਣ ਤੱਕ ਜਿਉਂਦਾ ਹਾਂ। ਕੱਲ੍ਹ ਦਾ ਕੀ ਪਤਾ। ਕੱਲ੍ਹ ਕਿਸ ਨੇ ਦੇਖਿਆ ਹੈ। ਕਿਆਮਤ ਢਹਿ ਪੈ ਗਈ। ਰੋਜ਼ ਸੌ ਕੁ ਬੰਦੇ ਮਰ ਜਾਂਦੇ ਨੇ। ਹੁਣ ਤੱਕ ਮੈਂ ਬਚ ਗਿਆ ਹਾਂ। ਰਬ ਕਰੇ ਮੈਂ ਬੱਚ ਕੇ ਫੇਰ ਤੁਹਾਨੂੰ ਖ਼ਬਰ ਭੇਜੂਗਾ। ਇਹ ਜਰਮਨ ਬਹੁਤ ਈਰਖਾਲੂ ਲੋਕ ਹਨ। ਉਨ੍ਹਾਂ ਨੇ ਬਹੁਤ ਔਲੜੇ ਹਥਿਆਰ ਸਾਡੇ ਤੇ ਵਰਤਦੇ ਨੇ। ਜਰਮਨਾਂ ਨੂੰ ਜੰਮਿਆਂ ਨੂੰ ਹੀ ਮਾਰ ਦੇਣਾ ਚਾਹੀਦਾ ਸੀ। ਸੱਚ ਹੈ ਹੁਣ ਤਾਂ ਲੜਨਾ ਰੋਜ਼ ਦੀ ਖੇਡ ਮੇਰੇ ਵਾਸਤੇ ਬਣ ਚੁੱਕੀ ਹੈ। ਮੈਨੂੰ ਹੋਰ ਕੁਝ ਯਾਦ ਨਹੀਂ ਆਉਂਦਾ। ਕਈ ਵਾਰੀ ਜਦ ਸੁਤਾ ਹੁੰਦਾ ਬਚਪਣ ਦੇ ਸੁਪਨੇ ਲੈਂਦਾ। ਫੇਰ ਲੱਗਦਾ ਕਿ ਜਦ ਜਾਗਦਾ ਹਾਂ, ਓਦੋਂ ਹੀ ਭਿਆਨਕ ਸੁਪਨੇ ਚ ਹਾਂ। ਪਰ ਹੋਸ਼ ਬਹੁਤ ਛੇਤੀ ਆ ਜਾਂਦਾ ਹੈ। ਸੱਚ ਹੈ ਜੇ ਅੱਜ ਮਰ ਵੀ ਗਿਆ, ਰਾਜ ਲਈ ਲੜਦਾ, ਮੈਨੂੰ ਤਾਂ ਫਿਰਦੌਸ ਚ ਗੱਦੀ ਮਿਲ ਜਾਣੀ ਹੈ। ਖ਼ੈਰ ਅਸੀਂ ਤਾਂ ਬਾਜ਼ਾਂ ਵਾਲੇ ਦੇ ਸੂਰਬੀਰ ਹਾਂ। ਅਖੀਰ ਤੱਕ ਲੜਾਂਗਾ ਭਾਪਾ, ਕੋਈ ਸ਼ੱਕ ਨਹੀਂ ਹੈ ਆਪਣੇ ਆਪ ਨੂੰ ਹੁਣ ਕੁਰਬਾਨ ਕਰਨ’ਚ। ਮਾਂ ਭੈਣ ਨੂੰ ਦੱਸਣਾ ਕਿ ਪੁੱਤਰ ਖ਼ਾਲਸਾ ਹੈ!
ਭਾਪਾ ਜੀ, ਸੱਹ ਹੈ ਸਾਨੂੰ ਪਤਾ ਨਹੀਂ ਘਰ ਵਾਪਸੀ ਕਦ ਹੋਣੀ ਹੈ, ਇਸ ਲਈ ਪਤਾ ਨਹੀਂ ਫੇਰ ਤੁਹਾਨੂੰ ਕਦ ਚਿੱਠੀ ਲਿਖੂਗਾ। ਸੱਚ ਹੈ ਕੀ ਪਤਾ ਕਦ ਖ਼ਤ ਭੇਜ ਵੀ ਸਕਣਾ ਹੈ। ਹੁਣ ਸਭ ਨੂੰ ਮਮਝ ਹੈ ਕਿ ਸਾਡੇ ਥਾਂ ਹੋਰ ਕੋਈ ਨਹੀਂ ਆਉਣਾ। ਸਾਨੂੰ ਇਸ ਜੰਗ ਤੋਂ ਸ਼ਾਂਤ ਨਹੀਂ ਮਿਲਣੀ। ਹੌਲ਼ੀ ਹੌਲ਼ੀ ਪੈਸੇ ਘੱਟ ਰਹੇ ਨੇ। ਬੱਕਰੀ ਲੈਣ ਵਾਸਤੇ ਹੁਣ ਕੁਝ ਹੈ ਨਹੀਂ। ਕੁਕੜੀ ਵੀ ਪਹਿਲੇ ਦਿਨਾਂ’ਚ ਹੀ ਮਿਲਦੀ ਸੀ। ਹਰ ਬੰਦੇ ਨੂੰ ਰਾਸ਼ਨ ਤੇ ਪਾਇਆ ਹੈ। ਹੁਣ ਭੁੱਖ ਨੇ ਮਾਰ ਦੇਣਾ ਜੇ ਉਹ ਕੁੱਤੇ ਜਰਮਨਾਂ ਨੇ ਨਹੀਂ ਖ਼ਤਮ ਕੀਤਾ। ਭੁੱਖਮਰੀ ਦੇ ਦਿਹਾੜ ਅੱਗੇ ਆ ਰਹੇ ਨੇ।
ਪਰ ਇਹ ਗੱਲਾਂ ਮਾਂ ਭੈਣ ਨੂੰ ਦੱਸਣ ਦੀ ਲੌੜ ਨਹੀਂ ਹੈ। ਇਸ ਖ਼ਤ ਲਿਖਣ ਵਾਸਤੇ ਮੈਨੂੰ ਸਿਆਹੀ ਨੂੰ ਅੱਗ ਦੇ ਸੇਕ ਉੱਤੇ ਘੋਲ਼ਨਾ ਪਿਆ ਸੀ। ਜੇ ਇੰਝ ਹੀ ਠੰਢ ਰਹੀ, ਮੈਂ ਤਾਂ ਦੁਨੀਆਂ ਨੂੰ ਖ਼ੁਸ਼ੀ ਨਾਲ਼ ਹੀ ਛੱਡਾਂਗਾ ਭਾਪਾ ਜੀ!
ਇੱਕ ਗੱਲ ਮਾਂ ਭੈਣ ਨੂੰ ਤੁਸੀਂ ਦੱਸ ਸਕਦੇ ਹੋ। ਇੱਥੇ ਨਾਰੀ ਤੇ ਮਰਦ’ਚ ਬਹੁਤਾ ਫ਼ਰਕ ਨਹੀਂ ਹੈ। ਹੈਰਾਨੀ ਦੀ ਗੱਲ ਹੈ। ਹਰ ਪਿੰਡ ਵਿੱਚ ਪੜ੍ਹੇ ਲਿਖੇ ਲੋਕ ਨੇ। ਗਰੀਬ ਅਮੀਰ ਇਸ ਗੱਲ ਵਿੱਚ ਤਾਂ ਬਰਾਬਰ ਨੇ। ਸਾਡੇ ਵਿੱਚੋਂ ਮੈਂ, ਤਾਂ ਇੱਕ ਦੋ ਹੋਰ ਹੀ ਲਿਖ ਸਕਦੇ ਨੇ। ਮੈਂ ਆਪਣੇ ਵਾਸਤੇ ਨਹੀਂ, ਪਰ ਕਈਆਂ ਵਾਸਤੇ ਚਿੱਠੀਆਂ ਲਿਖਦਾ ਹਾਂ। ਇੱਥੇ ਜ਼ਨਾਨੀਆਂ ਆਦਮੀ ਦੇ ਬਰਾਬਰ ਕੰਮ ਕਰਦੀਆਂ ਨੇ ਅਤੇ ਉਹੀ ਨੌਕਰੀਆਂ ਕੰਮ ਕਾਰਾਂ ਵਿੱਚ ਰੁੱਝੀਆਂ ਹਨ। ਕਹਿਣ ਦਾ ਮਤਲਬ ਕਿ ਸਕੂਲ ਮਾਸਟਰ ਜਾਂ ਮਾਸਟਰਾਨੀ ਨੇ। ਇੱਕ ਹੀ ਫ਼ਰਕ ਹੈ, ਰਬ ਨੇ ਇੱਕ ਨੂੰ ਬੰਦਾ ਬਣਾਇਆ, ਇੱਕ ਨੂੰ ਤੀਵੀਂ।
ਬੇਲਜਨ ਜਾਂ ਫਰਾਂਸੀਸੀ। ਇਹ ਲੋਕ ਬਹੁਤ ਹਮਦਰਦ ਅਤੇ ਨੇਕ ਦਿਲ ਵਾਲੇ ਹਨ। ਇੱਕ ਰਾਤ ਸਾਨੂੰ ਕਿਸੇ ਅਮੀਰ ਆਦਮੀ ਦੇ ਘਰ ਠਹਿਰਨਾ ਪਿਆ। ਸਾਨੂੰ ਸਿਗਨਲ ਦੀ ਤਾਰਾਂ ਸੈਟ ਕਰਨ ਉਸ ਥਾਂ ਭੇਜਿਆ ਹੋਇਆ ਸੀ। ਪਰ ਫੇਰ ਆਲ਼ੇ ਦੁਆਲ਼ੇ ਲੜਾਈ ਸ਼ੁਰੂ ਹੋ ਗਈ ਸੀ ਅਤੇ ਪਿੰਡ’ਚ ਫ਼ਸ ਗਏ ਸੀ। ਖ਼ੰਦਕਾਂ ਤੋਂ ਦੂਰ ਸਨ। ਉੱਥੇ ਇੱਕ ਬੁੱਢੀ ਔਰਤ ਸੀ। ਉਸ ਦੇ ਦੋਵੇਂ ਪੁੱਤ ਕਿੱਥੇ ਜੰਗ’ਚ ਸਾਡੇ ਵਾਂਗਰ ਸ਼ਾਮਲ ਸਨ। ਸਾਫ਼ ਦਿਸਦਾ ਸੀ ਕਿ ਉਹ ਆਪਣੇ ਮੁੰਡਿਆਂ ਨੂੰ ਬਹੁਤ ਪਿਆਰ ਕਰਦੀ ਸੀ। ਉਨ੍ਹਾਂ ਬਾਰੇ ਬੋਲ਼ੀ ਗਈ। ਜਿੰਨਾ ਜ਼ਮੀਨ ਫ਼ਲਕ’ਚ ਫਾਸਲਾ ਹੈ, ਓਨਾ ਹੀ ਉਸ ਬੁੱਢੀ ਤੇ ਸਾਡੀਆਂ ਜ਼ਨਾਨੀਆਂ ਵਿੱਚ ਹੈ ਭਾਪਾ। ਜਿੰਨੇ ਘੰਟੇ ਅਸੀਂ ਉੱਥੇ ਫ਼ਸੇ ਸਨ, ਮੈਂ ਉਸ ਨੂੰ ਇੱਕ ਵਾਰ ਨਹੀਂ ਬੈਠੀ ਦੇਖਿਆ। ਭਾਵੇਂ ਵੱਡੇ ਘਰ ਦੀ ਸੀ, ਸਭ ਦੀ ਮੱਦਦ ਕਰ ਰਹੀ ਸੀ ਅਤੇ ਕੰਮ ਕਰ ਰਹੀ ਸੀ। ਕਿੱਤੇ ਨੌਕਰ ਨਹੀਂ ਦੀਂਦੇ। ਬੇਕਾਰ ਨਹੀਂ ਸੀ। ਸਾਡੇ ਫ਼ੌਜੀਆਂ ਦੇ ਮੈਲ਼ੇ ਲੀੜੇ ਉਸ ਨੇ ਹੀ ਧੋਏ! ਸਾਡੇ ਵਾਸਤੇ ਖਾਣਾ ਤਿਆਰ ਕੀਤਾ। ਮੇਰੇ ਬੂਟ ਪੋਲਿਸ਼ ਕੀਤੇ। ਹੋਰਾਂ ਦੇ ਵੀ ਕੀਤੇ ਸੀ। ਜਦ ਅੱਗਲੇ ਦਿਨ ਉੱਥੋਂ ਤੁਰੇ, ਉਹ ਤਾਂ ਜ਼ਬਰਦਸਤੀ ਨਾਲ਼ ਰੋਈ। ਕਮਾਲ ਦੀ ਗੱਲ!
ਸੋ ਮਾਂ ਨੂੰ ਕਹਿ ਫ਼ਿਕਰ ਨਾ ਕਰੇ। ਇੱਥੇ ਸਾਡੇ ਕੋਲ਼ੇ ਗੋਰੀਆਂ ਮਾਵਾਂ ਹਨ। ਕੀ ਪਤਾ ਜੇ ਮੇਰੀ ਕਿਸਮਤ ਬਣ ਗਈ ਤੇ ਘਰ ਪਰਤਿਆ, ਨਾਲ਼ੇ ਮੇਮ ਨੋਂਹ ਲੈ ਕੇ ਆਵਾਂਗਾਂ!
ਇਹ ਗੱਲਾਂ ਮਾਂ ਭੈਣ ਨੂੰ ਦੱਸਣ ਵਾਲ਼ੀਆਂ ਹੈ ਭਾਪਾ ਜੀ। ਰਬ ਖ਼ੈਰ ਕਰੇ। ਹੁਣ ਜਦ ਮੌਕਾ ਫੇਰ ਮਿਲਿਆ, ਲਿਖਾਂਗਾਂ
ਤੁਹਾਡਾ ਪੁੱਤ
ਖੇਮਿਆ।
ਵੈਸਾਖ ਦਾ ਅਠਾਰਹਵਾਂ ਦਿਨ
ਪਿਆਰੇ ਬੂਟੇ
ਕਿੱਦਾਂ ਯਾਰ। ਮਾਫ਼ ਕਰਨਾ ਜਿਹੜਾ ਮੈਂ ਲਿਖਿਆ ਨਹੀਂ ਹੈਂ। ਹੁਣ ਛੇ ਮਹਿਨੇ ਬੀਤ ਚੁੱਕੇ ਜਦ ਦਾ ਮੈਂ ਤੈਨੂੰ ਜਾਂ ਭਾਪਾ ਜੀ ਨੂੰ ਚਿੱਠੀ ਲਿੱਖੀ ਹੈ। ਮੌਕਾ ਨਹੀਂ ਮਿਲਿਆ। ਇਹ ਲੜਾਈ ਤਾਂ ਹੋਰ ਕੁਝ ਹੀ ਬਣ ਗਈ ਹੈ। ਪਧਿਆਣੇ’ਚ ਸਾਰੇ ਕਿਵੇਂ ਹਨ?
ਛੇ ਮਹਿਨੇ ਹੋ ਚੁੱਕੇ ਜਦ ਦੇ ਅਸੀਂ ਇੱਥੇ ਆਏ ਹਾਂ। ਹੁਣ ਤਾਂ ਮੈਨੂੰ ਤੇਰਾ ਮੂੰਹ ਵੀ ਨਹੀਂ ਯਾਦ ਆਉਂਦਾ ਹੈ। ਕੀ ਤੈਨੂੰ ਦੱਸਾਂ? ਉਹ ਜਰਮਨ ਬੜੇ ਬੇਮਾਨ ਲੋਕ ਹਨ। ਕੁਝ ਦਿਨ ਪਹਿਲਾਂ, ਮੈਨੂੰ ਲੱਗਦਾ ਵੈਸਾਖ ਦਾ ਨੌਂਵਾਂ ਦਿਨ ਸੀ। ਗੋਰੇ ਐਪਰਲ ਦਾ ਬਾਹਈਆਂ ਦਿਨ ਕਹਿ ਰਹੇ ਨੇ। ਉਸ ਦਿਹਾੜ ਸ਼ਾਮ ਦੇ ਪੰਜ ਵੱਜੇ, ਸਾਡੇ ਵੱਲ ਅਸੁਰ ਭੇਜ ਦਿੱਤਾ ਸੀ। ਗੈਸ! ਮੈਨੂੰ ਬਾਅਦ ਵਿੱਚ ਦੁੱਸਿਆ ਗਿਆ ਕਿ ਖ਼ਬਰੇ ਦੋ ਹਜ਼ਾਰ ਫਰਾਂਸੀਸੀ ਫ਼ੌਜੀ ਮਰ ਗਏ ਸੀ! ਇਸ ਤਰੀਕੇ ਨਾਲ਼ ਜਰਮਨ ਸਾਡੇ ਲਾਗੇ ਆ ਚੁੱਕੇ, ਈਪਰ ਪਿੰਡ ਦੇ ਨਾਲ਼। ਅੱਗਲੇ ਦਿਨ ਸਾਨੂੰ, ਮਤਲਬ ਸਿੱਖਾਂ ਨੂੰ, ਉਨ੍ਹਾਂ ਵੱਲ ਭੇਜਿਆ ਗਿਆ। ਮੈਨੂੰ ਤੇ ਗਿਆਨ ਨੂੰ ਲਾਹੋਰ ਦੇ ਨਵੇਂ ਆਏ ਫ਼ੌਜ਼ੀਆਂ ਨੂੰ ਸਾਥ ਦੇ ਭੇਜਿਆ ਸੀ। ਉਨ੍ਹਾਂ ਨੂੰ ਇੱਥੇ ਫਰੋਜ਼ਪੂਰ ਵਾਲ਼ਿਆਂ ਨਾਲ ਰਲ਼ਾਉਣਾ ਸੀ। ਸੋ ਅਸੀਂ ਆਰਲੀਆਨ ਚਲੇ ਗਏ ਅਤੇ ਉਨ੍ਹਾਂ ਨਾਲ਼ ਈਪਰ ਵਾਪਸ ਆਏ। ਲੜਾਈ ਤੋਂ ਝੌਂਣਾ ਸੀ।
ਚੌਵੀ ਘੰਟਿਆਂ ਕੂਚ ਕੇ ਪੈਰ ਬੂਟਾਂ ਵਿੱਚ ਸੁੱਜ ਗਏ! ਅਸੀਂ ਓਦਰਡਾਮ ਪੁੱਜੇ। ਪਹਾੜੀਆਂ ਅਤੇ ਪੱਥਰੀ ਰਾਹਾਂ ਤੇ ਤੁਰੇ। ਮੀਂਹ ਨਾਲ਼ ਪੱਥ ਤੇ ਪੈਰ ਖਿਸਕਦੇ ਸੀ। ਸਾਨੂੰ ਦੱਸਿਆ ਗਿਆ ਕਿ ਜਰਮਨ ਗੈਸ ਵਰਤ ਰਹੇ ਸੀ। ਸਾਨੂੰ ਦੱਸਿਆ ਗਿਆ ਕਿ ਪਾਣੀ ਵਾਲ਼ੀ ਵਸਤ ਨਹੀਂ ਸੀ। ਸਾਨੂੰ ਦੱਸਿਆ ਗਿਆ ਉਸ ਤੋਂ ਬਚਾਉਣ ਵਾਸਤੇ ਪੱਗਾਂ ਦੀ ਕੰਨੀਆਂ ਉੱਤੇ ਧਾਰ ਮਾਰਨੀ ਪਵੇਗੀ। ਫੇਰ ਉਸ ਹਿੱਸੇ ਨੂੰ ਅੱਖਾਂ ਉੱਤੇ ਲੁਪੇਟਨਾ ਚਾਹੀਦਾ ਹੈ। ਜੇ ਪੱਗ ਨੂੰ ਇੰਝ ਨਹੀਂ ਕਰਨ ਤਿਆਰ ਸਨਮ ਅਸੀਂ ਰਮਾਲਾਂ ਉੱਤੇ ਮੂਤ ਕਰ ਕੇ ਮੂੰਹ ਤੇ ਬੰਨ੍ਹ ਸਕਦੇ ਸੀ। ਅੱਗਲੇ ਦਿਨ ਸਾਡੀਆਂ ਬ੍ਰੀਗੇਡਾਂ ‘ਗਾਂਹਾਂ ਗਈਆਂ। ਫਰੋਜ਼ਪੂਰ ਵਾਲ਼ੀ ਤੇ ਜਲੰਧਰ ਵਾਲ਼ੀ ਨਾਲ਼ੇ ਹੀ ਗਈਆਂ। ਇੱਕ ਕਿੱਲ੍ਹਾ ਜਿਹਾ ਸੀ ਜਿਸ ਦੇ ਆਲ਼ੇ ਦੁਆਲ਼ੇ ਵੱਡੀ ਪਾਣੀ ਭਰੀ ਖਾਈ ਸੀ। ਇੱਥੇ ਸਾਡੇ ਤੇ ਬੰਬ ਸੁੱਟੇ। ਕਿਸਮਤ ਨਾਲ਼ ਜ਼ਿਆਦੇ ਬੰਬ ਤਾਂ ਖਾਈ ਚ ਖਾ ਹੋ ਗਏ ਸੀ। ਇਸ ਕਰਕੇ ਅਸੀਂ ਤਾਂ ਖ਼ੁਸ਼ੀ ਨਾਲ਼ ਤਾੜੀਆਂ ਵਜਾਈਆਂ।
ਫੇਰ ਸਾਡੀਆਂ ਅੱਖਾਂ ਸਾਹਮਣੇ ਇੱਕ ਬੰਬ ਪਠਾਣਾਂ ਉੱਤੇ ਆ ਡਿੱਗਿਆ। ਕਈ ਜਣੇ ਮਰ ਗਏ। ਅਸੀਂ ਵਿਲਟੇ ਪਿੰਡ ਦੇ ਆਲ਼ੇ ਦੁਆਲ਼ੇ ਤਿਆਰ ਹੋ ਗਏ ਸੀ। ਉਸ ਹੀ ਵੇਲੇ ਸਾਡੇ ਤੇ ਗੈਸ ਛੱਡ ਦਿੱਤਾ ਗਿਆ। ਉੱਪਰ ਜਰਮਨ ਹਵਾਈ ਜਹਾਜ਼ ਵੀ ਉੱਡ ਰਹੇ ਸੀ। ਪਰ ਇਸ ਬਾਰੇ ਚਿੱਟੀ ਮਿਰਚ ਨੇ ਕੁਝ ਨਹੀਂ ਕਿਹਾ ਜਾਂ ਕੀਤਾ। ਫਰੋਜ਼ਪੁਰ ਵਾਲ਼ੇ ਖੱਬੇ ਪਾਸੇ ਸੀ ਅਤੇ ਜਲੰਧਰ ਵਾਲੇ ਸੱਜੇ ਪਾਸੇ ਸੀ। ਅੱਗਲੇ ਦਿਨ ਆਥਨ ਦੇ ਦੋ ਵੱਜੇ ਸੋ ਬੰਦੇ ‘ਗਾਂਹਾਂ ਭੇਜ ਦਿੱਤੇ ਸੀ। ਖ਼ੋਜ ਕਰਨ ਗਏ ਸੀ। ਦੇਖਣਾ ਸੀ ਕਿੰਨੇ ਦੂਰ ਜਰਮਨ ਖ਼ੰਦਕ ਸਨ। ਪਰ ਉਹ ਅਫਸਰ ਵਾਪਸ ਨਹੀਂ ਪਰਤੇ। ਲਾਹੌਰ ਵਾਲਿਆਂ ਨਮੂ ਮੀਲ ਤੁਰਨਾ ਪਿਆ ਖ਼ੰਦਕਾਂ ਤੇ ਹਮਲਾ ਕਰਨ ਵਾਲੇ ਥਾਂ ਪੁੱਜਨ ਵਾਸਤੇ। ਉਹ ਤਾਂ ਪਹਿਲਾਂ ਹੀ ਕਾਫ਼ੀ ਅੱਕੇ ਥੱਕੇ ਸਨ। ਸਾਹਮਣੇ ਜ਼ਮੀਨ ਉੱਪਰ ਹੇਠਾਂ ਜਾ ਰਹੀਂ ਸੀ। ਇਸ ਕਰਕੇ ਜਰਮਨ ਖ਼ੰਦਕ ਦੇ ਮੂਹਰੇ ਜ਼ਮੀਨ ਉੱਚੀ ਸੀ। ਉਹ ਲੋਕ ਨਜ਼ਰ ਨਹੀਂ ਆ ਰਹੇ ਸੀ। ਸਾਡਿਆਂ ਸਾਰਿਆ ਨੇ ਹਮਲਾ ਕੀਤਾ। ਕਾਲ਼ੀ ਮਿਰਚ, ਚਿੱਟੀ ਮਿਰਚ ਸ਼ਾਦੀ ਚ ਸ਼ਾਮਲ ਸੀ। ਪਤਾ ਨਹੀਂ ਲੱਗਿਆ ਕਿਹੜੇ ਪਾਸਿਓ ਕੋਣ ਅੱਗੇ ਦੌੜ ਰਿਹਾ ਸੀ। ਦੂਜੇ ਪਾਸਿਓ ਜਰਮਨ ਫ਼ਾਇਰਿੰਗ ਨੇ ਤਾਂ ਸਾਡਾ ਕੀਮਾ ਹੀ ਬਣਾ ਦਿੱਤਾ ਸੀ। ਨਾਲ਼ੇ ਨਾਲ਼ ਹੀ ਗੈਸ ਸਾਡੇ ਵੱਲ ਬੋਟਲਾਂ ਚ ਸੁੱਟ ਰਹੇ ਸੀ। ਸਾਨੂੰ ਕੋਈ ਸਹਾਰਾ ਦੇਣ ਵਾਸਤੇ ਵੀ ਨਹੀਂ ਆਇਆ।
ਬਾਜ਼ ਇੱਕ ਵਾਰੀ ਫੇਰ ਪੁੱਜਿਆ।
ਨੀਲਾ ਘੋੜਾ ਵੀ। ਪਰ ਗੈਸ ਦੀ ਪੀਲੀ ਚਾਦਰ ਵਿੱਚ ਉਨ੍ਹਾਂ ਨੂੰ ਵੀ ਨਹੀਂ ਪਤਾ ਲੱਗਾ ਕਿਹੜੇ ਪਾਸੇ ਜਾਣ ਜਾਂ ਕੀ ਕਰਨ। ਹਫੜਾ ਦਫੜੀ’ਚ ਕੁਝ ਨਹੀਂ ਪਤਾ ਲੱਗ ਰਿਹਾ ਸੀ। ਇੱਕ ਬਾਜ਼, ਇੱਕ ਘੋੜਾ ਅਤੇ ਕੁਝ ਚਲਾਏ ਤੀਰ ਕੀ ਕਰ ਸਕਦੇ ਸੀ! ਸਾਡੇ ਦੋ ਹਜ਼ਾਰ ਬੰਦੇ ਮਰ ਗਏ ਸੀ। ਖ਼ੈਰ ਮੈਨੂੰ ਤਾਂ ਇੰਝ ਹੀ ਲੱਗਾ ਸੀ। ਗੋਰੇ, ਕਾਲ਼ੇ, ਆਪਣੇ। ਚਾਰ ਸੌ ਚੁਤਾਲ਼ੀ ਦੇਸੀਆਂ’ਚੋਂ ਤਿੰਨ ਸੌ ਅਠਾਤਾਲ਼ੀ ਤਾਂ ਇੱਕ ਦਮ ਮਰ ਗਏ ਸੀ! ਪਰ ਮੈਂ ਬਹੁਤ ਬਹਾਦਰੀ ਵੀ ਉਸ ਦਿਨ ਦੇਖੀ ਸੀ ਯਾਰਾ! ਬਾਜ਼ ਨੇ ਫੇਰ ਵੀ ਕਈ ਮੂੰਹ ਪਾੜ ਦਿੱਤੇ ਸੀ। ਘੋੜੇ ਨੇ ਕਈਆਂ ਨੂੰ ਪੈਰਾਂ ਹੇਠ ਮਿੱਧ ਦਿੱਤਾ ਸੀ। ਤੀਰਾਂ ਨੇ ਵੀ ਥੌੜ੍ਹਾ ਜਿਹਾ ਕੰਮ ਸਾਡੇ ਵਾਸਤੇ ਕਰ ਦਿੱਤਾ ਸੀ, ਪਰ, ਕਾਸ਼! ਜਿਹੜੇ ਜਿਗਰੇ ਵਾਲ਼ੇ ਆਮ ਆਦਮੀਆਂ ਉਸ ਦਿਹਾੜ ਦੇਖੇ ਸੀ! ਉਹ ਤਾਂ ਲਾਜਵਾਬ ਸੀ। ਉਸ ਦਿਨ ਸੱਚੀ ਬਹਾਦਰੀ ਤਾਂ ਭਨ ਸਿੰਘ, ਮੁਲਾ ਸਿੰਘ ਤੇ ਰੁਰ ਸਿੰਘ ਨੇ ਦਿਖਾਈ ਸੀ। ਰੁਰ ਤੇ ਮੁਲੇ ਨੇ ਕਈ ਬੰਦੇ ਬਚਾਏ। ਭਨ ਸਿਆਂ ਨੇ ਤਾਂ ਸਾਡਾ ਗੋਰਾ ਕਪਤਾਨ, ਬੈਂਕਸ, ਨੂੰ ਵੀ ਬਚਾ ਦਿੱਤਾ ਸੀ। ਪਰ ਫੇਰ ਵੀ, ਸਾਡੇ ਵਿੱਚੋਂ ਇੱਕ ਜਣਾ ਜਰਮਨ ਖ਼ੰਦਕ ਕੋਲ਼ ਪਹੁੰਚ ਨਹੀਂ ਸਕਿਆ। ਇੱਕ ਵੀ ਨਹੀਂ। ਢਾਈ ਵੱਜੇ ਜਰਮਨਾਂ ਨੇ ਹੋਰ ਗੈਸ ਬੋਟਲਾਂ ਸਾਡੇ ਤੇ ਸੁੱਟੀਆਂ। ਇੱਕ ਦਮ ਬੰਦੇ ਧਰਤ ਉੱਤੇ ਦੁੱਖ’ਚ ਡਿੱਗੇ। ਐਣਾ ਤਸੀਹਾ ਕੱਦੀ ਨਹੀਂ ਦੇਖਿਆ ਸੀ। ਸੋਚ ਵੀ ਨਹੀਂ ਸਕਦਾਂ ਕਿ ਆਦਮੀ ਆਦਮੀ ਨੂੰ ਇੰਨਾ ਜਫਰ ਦੇ ਸਕਦਾ ਜਾਂ ਪੀੜ ਹੋ ਸਕਦੀ।
ਫਰੋਜ਼ਪੁਰ ਤੇ ਫਰਾਂਸੀਸੀਆਂ ਨੂੰ ਸਭ ਤੋਂ ਜ਼ਬਰਦਸਤ ਅਸਰ ਪਿਆ। ਮੈਂ ਉਸ ਵੇਲੇ ਉਨ੍ਹਾਂ ਦੇ ਨਾਲ਼ ਸੀ। ਕਿਸਮਤ ਨਾਲ਼ ਮੈਂ ਆਪਣੀ ਪੱਗ ਤੇ ਰਮਾਲ ਉੱਤੇ ਪਿਸ਼ਾਬ ਨਹੀਂ ਕੀਤਾ ਸੀ। ਮੇਰੇ ਖਿਆਲ਼’ਚ ਇੰਝ ਕਰਨਾ ਪੱਗੜੀ ਦੀ ਅਹੀ ਤਹੀ ਸੀ। ਬਾਅਦ ਪਤਾ ਲੱਗਾ ਕਿ ਗਿੱਲੇ ਕੱਪੜੇ ਨਾਲ਼ ਗੈਸ ਦਾ ਅਸਰ ਵਧਦਾ ਹੈ। ਮੇਰੇ ਆਲ਼ੇ ਦੁਆਲ਼ੇ ਮਿੱਤਰ ਸਨ, ਜਿਨ੍ਹਾਂ ਦੀ ਪੱਗ ਦੇ ਲੜ ਅੱਖਾਂ ਲਾਗੇ ਸਨ। ਅੱਖਾਂ ਇੱਕ ਦਮ ਸੜ ਗਈਆਂ ਉਨ੍ਹਾਂ ਦੀਆਂ! ਇੰਝ ਹੀ ਜਿਨ੍ਹਾਂ ਦੇ ਮੂੰਹਾਂ ਤੇ ਰਮਾਲ ਬੰਨ੍ਹੇ ਸੀ, ਉਨ੍ਹਾਂ ਦੇ ਫੇਫੜਿਆਂ ਜਲ਼ਦੀ ਗੈਸ ਨਾਲ਼ ਭਰ ਗਏ ਸੀ। ਫ਼ਰਕ ਤਾਂ ਪੈਂਦਾ ਨਹੀਂ ਸੀ। ਹੋਰ ਫ਼ੌਜੀ, ਗੋਰਾ ਜਾਂ ਕਾਲ਼ਾ, ਗੈਸ ਤੋਂ ਬਚ ਨਹੀਂ ਸਕਿਆ। ਮੈਂ ਮੂੰਹ ਕਸੀਸ ਕਿ ਲੜਾਂ। ਯਾਰ ਪਹਿਲਾਂ ਮੇਰੀਆਂ ਅੱਖਾਂ ਜਲ਼ੀਆਂ, ਤੇ ਫੇਰ ਫੇਫੜੇ ਝਲ਼ਸ ਰਹੇ ਸਨ! ਸਾਰਿਆਂ ਦਾ ਮਾਸ ਸੜ ਰਿਹਾ ਸੀ। ਜੇ ਨਕਾਬ ਹੁੰਦਾ, ਜਾਂ ਅੱਖਾਂ ਉੱਤੇ ਬੰਦ ਐਨਕਾਂ ਹੁੰਦੀਆਂ! ਜਿਵੇਂ ਸਭ ਨੂੰ ਵਿਸ਼ਾਣੂ ਖ਼ਤਮ ਕਰਨ ਤੇ ਪਿਆ ਹੁੰਦਾ। ਪਰ ਮੇਰੀ ਕਿਸਮਤ ਚੰਗੀ ਸੀ। ਮੈਂ ਆਪਣੀ ਪੱਗ ਲਾਹ ਕੇ ਮੂੰਹ ਮਾ ਦੇ ਆਲ਼ੇ ਦੁਆਲ਼ੇ ਲੁਪੇਟ ਦਿੱਤੀ ਸੀ। ਫੇਰ ਵੀ ਮਾਸ ਸੜਿਆ। ਮੈਨੂੰ ਹਾਲੇ ਵੀ ਅੱਖਾਂ ਦੁੱਖ ਦਿੰਦੀਆਂ ਅਤੇ ਫੇਫੜਿਆਂ’ਚ ਦਰਦ ਹੋ ਰਿਹਾ ਹੈ। ਕੁਝ ਫ਼ੌਜੀ ਜੋ ਮੇਰੇ ਆਲ਼ੇ ਦੁਆਲ਼ੇ ਸਨ ਬਦਕਿਸਮਤ ਸੀ। ਮੇਰੇ ਸਾਹਮਣੇ ਧਰਤ ਉੱਤੇ ਕਰਕ ਦੇ ਸੀ, ਧੂਹ ਪੈਂਦੀ ਸੀ। ਚੀਕਦੇ ਸੀ।ਟੀਸ ਨਾਲ਼ ਦੁੱਖ ਵਿੱਚ ਸਨ। ਅੱਖਾਂ ਦੀਆਂ ਪੁਤਲੀਆਂ ਖੁਰ ਗਈਆਂ ਸਨ। ਕਈ ਜਣੇ ਅੰਨ੍ਹੇ ਹੋ ਚੁੱਕੇ ਸੀ। ਫੇਫੜੇ ਪਾੜ ਰਹੇ ਸੀ! ਹਵਾ ਪੀਲੀ ਸੀ। ਧੁੰਦ ਹੀ ਧੁੰਦ ਸੀ। ਅਸੀਂ ਉੱਥੋਂ ਨੱਸੇ। ਗ਼ਲਤ ਨਾ ਸਮਝੀ। ਅਸੀਂ ਲਿੱਦ ਕਰਨੀ ਵਾਲ਼ੇ ਨਹੀਂ ਸੀ। ਪਰ ਇਹ ਤਾਂ ਇੱਕ ਪੀਲਾ ਪਤਾਲ਼ ਸੀ। ਜਿਹੜਾ ਕੋਈ ਜਿੰਨ ਨੇ ਨਹੀਂ ਬਣਾਇਆ, ਪਰ ਆਦਮੀਆਂ ਨੇ ਬਣਾਇਆ ਹੋਇਆ ਸੀ। ਜਰਮਨ ਦਹਿਸਿਰ ਨੇ ਮਚਾਇਆ ਸੀ। ਇਸ ਦੇ ਖ਼ਿਲਾਫ਼ ਕੀ ਸੂਰਮਾਂ ਕਰ ਸਕਦਾ ਸੀ? ਹਵਾ ਗੈਸ ਨਾ ਕਿਵੇਂ ਲੜਨਾ ਯਾਰ? ਜਿਹੜੇ ਮਰ ਗਏ ਸੀ ਤੇ ਮਰ ਰਹੇ ਸੀ, ਉਨ੍ਹਾਂ ਨੂੰ - ਕਿਸੇ ਦੀ ਧਰਤ ਨਹੀਂ- ਮੈਦਾਨ’ਚ ਛੱਡ ਦਿੱਤਾ ਸੀ।
ਮੈਂ ਦੇਖਿਆ ਕਿ ਗਿਆਨ ਪਿੱਛੇ ਰਿਹਾ। ਮੇਰੇ ਵਾਂਗਰ ਉਸ ਨੂੰ ਹਾਲੇ ਗੈਸ ਨੇ ਬਹੁਤਾ ਉਜਾੜਿਆ ਨਹੀਂ ਸੀ। ਉਹ ਇੱਕ ਨਿੱਕੇ ਟੋਲੇ ਨਾਲ਼ ਉੱਥੇ ਠਹਿਰਿਆ। ਉਸ ਦੇ ਨਾਲ਼ ਬਾਜ਼ ਸੀ ਅਤੇ ਜੇਮੰਦਰ ਮਿਰ ਦਸਤ, ਜਿਸ ਨੇ ਟੋਲੇ ‘ਕੱਠਾ ਕਰ ਕੇ ਨੂੰ ‘ਗਾਂਹਾਂ ਲੈ ਕੇ ਗਿਆ, ਨੀਲੇ ਘੋੜੇ ਮਗਰ। ਉਸ਼ੇਰ ਤੀਕਰ ਉੱਥੇ ਲੜੀ ਗਏ। ਉਸ਼ੇਰ ਸਾਰ ਪਰਤੇ, ਉਨ੍ਹਾਂ ਦੇ ਨਾਲ਼ ਘਾਇਲ ਜ਼ਖਮੀ ਫ਼ੌਜੀ। ਗਿਆਨ ਨੂੰ ਫੱਟੜ ਹੋਣ ਤੇ ਪਰਵਾਹ ਨਹੀਂ ਸੀ। ਜਦ ਉਗ ਘੋੜਾ ਅੱਗੇ ਦੌੜਿਆ ਅਤੇ ਇੱਕ ਵਾਰ ਫੇਰ ਤੀਰ ਪਿੱਛੋਂ ਜਰਮਨ ਵੱਲ ਛੱਛੇ ਗਏ ਸੀ, ਘੋੜੇ ਨੂੰ ਵੇਖ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਮਿਰ ਦਸਤ ਨਾਲ਼ ਗਿਆਨ ਮੁੜਿਆ ਸੀ।
ਉਸ ਰਾਤ ਗੈਸ ਦੀ ਹਮਕ ਹਵਾ ਵਿੱਚ ਰਹੀ। ਜਦ ਬਾਰਾਂ ਵੱਜ ਕੇ ਗੂੜੀ ਰਾਤ ਸੀ, ਫੇਰ ਹੀ ਫ਼ਾਇਰਿੰਗ ਹੱਟੀ। ਫੇਰ ਹੀ ਉਸ ਮੈਦਾਨ ਜਾ ਕੇ ਆਦਮੀਆਂ ਨੂੰ ਬਚਾ ਕੇ ਵਾਪਸ ਲੈ ਕੇ ਆ ਸੱਕੇ। ਸੰਚਾਰ ਟੁੱਟ ਗਿਆ ਸੀ। ਟਰਾਂਜ਼ਿਸਟਰ ਕੰਮ ਨਹੀਂ ਕਰ ਰਿਹਾ ਸੀ। ਫੇਰ ਦੋ ਬੰਦਿਆਂ ਨੇ, ਸੱਪਰ ਜਾੲੈ ਸਿੰਘ ਤੇ ਗੁਜਰ ਸਿੰਘ, ਸੰਚਾਰ ਸਾਧਨ ਕੀਤਾ। ਸਿਰਹਿੰਦ ਦੀ ਬ੍ਰੇਗੇਡ ਨੇ ਇਵਜ਼ ਕੀਤਾ। ਫਰੋਜ਼ਪੁਰ ਤੇ ਜਲੰਧਰ ਬ੍ਰੇਗੇਡਾਂ ਨੂੰ ਬ੍ਰੇਕ ਪਿੰਡ ਜਾ ਰੱਖ ਦਿੱਤਾ ਸੀ। ਮੈਂ ਵੀ ਉਨ੍ਹਾਂ’ਚ ਸੀ।
ਅੱਗਲੇ ਤਿੰਨ ਦਿਨ ਇਸ ਤਰ੍ਹਾਂ ਹੀ ਬੀਤੇ। ਹਰ ਦਿਹਾੜ ਅਸੀਂ ਜਰਮਨਾਂ ਤੇ ਹਮਲਾ ਕੀਤਾ। ਹਰ ਵਾਰੀ ਉਨ੍ਹਾਂ ਨੇ ਗੈਸ ਵਰਤਿਆ। ਹਰ ਵਾਰੀ ਅਸੀਂ ਅਸਫਲ ਸਨ, ਕਾਮਯਾਬੀ ਤੋਂ ਬਹੁਤ ਦੂਰ ਰਹੇ।
ਫਰੋਜ਼ਪੁਰ ਤੇ ਸਿਰਹਿੰਦ ਨੂੰ ਇੱਕ ਕਨੇਡਾ ਵਾਲ਼ੀ ਬ੍ਰੇਗੇਡ ਨੇ ਮੱਦਦ ਦਿੱਤੀ ਅਤੇ ਦੋ ਗੋਰਖੇ ਬਟਾਲੀਅਨਾਂ ਨੇ ਵੀ। ਅਸੀਂ ਤਾਂ ਉਨ੍ਹਾਂ ਦੀ ਤਿੱਖੀ ਤਾਰ, ਬਾਰਬਡ ਵਾਇਰ, ਤੱਕ ਨਾ ਪੁੱਜ ਸਕੇ। ਇਸ ਦੀ ਕੋਸ਼ਿਸ਼ ਵਿੱਚ ਚਾਰ ਪੰਜ ਦਿਨਾਂ ਵਿੱਚ ਜਿੰਨੇ ਗੱਲਾ ‘ਚ ਦਾਨੇ ਹੁੰਦੇ, ਉਨ੍ਹੇ ਮਰਦ ਗਵਾਚ ਗਏ ਸੀ। ਖ਼ੂਨ ਖ਼ਰਾਬਾ ਸੀ। ਜਰਮਨ ਗੰਨ ਗੋਲ਼ੀਆਂ ਸਾਡੇ ਵੱਲ ਥੁੱਕੀ ਗਈਆਂ ਅਤੇ ਅਸੀਂ ਧਰਤ ਨੂੰ ਚੁੰਮੀ ਗਏ। ਬਾਜ਼ ਤੇ ਘੋੜਾ ਥੱਕ ਗਏ ਸੀ। ਤੀਜਾ ਵਲ਼ੀ ਵੀ ਇਨਸਾਨ ਦੀ ਜਾਨ ਨਹੀਂ ਲੈਣਾ ਚਾਹੁੰਦਾ ਸੀ। ਤੀਰ ਰੁੱਕ ਗਏ।
ਫੇਰ ਫ਼ੈਸਲਾ ਕੋਈ ਵੱਡੇ ਅਫ਼ਸਰ ਨੇ ਲੈ ਲਿਆ ਸੀ ਕਿ ਉਸ਼ਕਲ ਨੂੰ ਤਰਕ ਕਰਨਾ। ਤਿਆਗਣਾ ਸਾਡੀ ਆਦਤ ਨਹੀਂ ਸੀ, ਪਰ ਹੁਣ ਕੀ ਕਰੀਏ?
ਕੱਲ੍ਹ ਅਸੀਂ ਓਦਰਡਾਮ ਪਰਤ ਗਏ। ਇੱਥੇ ਵੀ ਜਰਮਨ ਬੰਬ ਛੱਡ ਰਹੇ ਸੀ। ਘੱਟ ਤੋਂ ਘੱਟ ਅਸੀਂ ਹੁਣ ਖ਼ੰਦਕਾਂ’ਚ ਨਹੀਂ ਲੁਕ ਰਹੇ ਸੀ।ਅਕਸਰ ਸ਼ੇਰ ਮਰਦ ਕੌਮ ਦੇ ਸੀ। ਖ਼ੈਰ ਵੀਰਆਮੀ ਹਮੇਸ਼ਾ ਸੋਚ ਬਿੰਨਾ ਹੁੰਦੀ ਹੈ? ਗੋਰੇ ਤਾਂ ਸੋਚਦੇ ਬਹੁਤ ਹੈ। ਡਰ ਹੈ ਗੈਸ ਦਾ। ਆਪਣੀ ਬਚਾ ਵਾਸਤੇ ਲੁਕਨ ਤਿਆਰ ਹਨ। ਸਾਡੇ ਵਾਂਗਰ ਕਿਰਪਾਨ ਨਹੀਂ ਚਲਾਉਣਾ ਚਾਹੁੰਦੇ। ਰਫ਼ਲ ਪਿੱਛੇ ਲੁੱਕ ਕੇ ਗੋਲ਼ੀਆਂ ਛੱਡਦੇ ਨੇ। ਦੂਰੋਂ ਬੰਦਾ ਮਾਰਦੇ ਨੇ। ਜਰਮਨ ਟੈਂਕਾਂ ਪਿੱਛੇ ਲੁੱਕਦੇ ਨੇ। ਸਾਥੋਂ ਅਲੱਗ ਕੌਮਾਂ ਹਨ। ਜਰਮਨ ਬੰਬ ਛੱਡੀ ਗਏ। ਇਸ ਕਰਕੇ ਖੈਮਾ’ਚੋਂ ਬਾਹਰ ਰਹੇ, ਸੋ ਅੱਖ ਰੱਖ ਸਜਦੇ ਸੀ। ਕੀ ਪਤਾ ਕੱਦ ਬੰਬ ਜਾਂ ਗੈਸ ਆ ਜਾਵੇ? ਅੱਜ ਸਵੇਰੇ ਸਾਡੇ ਜਾਨਵਰਾਂ ਨੂੰ ਬੰਬਾਂ ਨੇ ਡਰਾ ਦਿੱਤਾ ਸੀ। ਆਪ ਪਾਸ ਘੋੜੇ ਨੱਸੇ। ਹਾਰ ਕੇ ਨੀਲੇ ਘੋੜੇ ਦੀ ਮੱਦਦ ਨਾਲ਼ ‘ਕੱਠ ਕੀਤੇ। ਪਰ ਕੋਈ ਕੋਈ ਤਾਂ ਬਚ ਨਿਕਲ਼ ਗਿਆ ਸੀ। ਬੰਦੇ ਤੋਂ ਜ਼ਿਆਦਾ ਅੱਕਲ ਸੀ। ਖ਼ੈਰ ਘੋੜੇ ਗਧੇ ਜਰਮਨ ਟੈਂਕਾਂ ਨੂੰ ਕੀ ਕਰ ਸਕਦੇ ਸੀ?
ਸਿਰਹਿੰਦ ਬ੍ਰੇਗੇਡ ਨੂੰ ਵੀ ਕਹਿ ਦਿੱਤਾ ਮੈਦਾਨ ਨੂੰ ਛੱਡੋਂ। ਉਨ੍ਹਾਂ ਦੇ ਛੱਡਣ ਕੁਝ ਗੋਰੇ ਹੀ ਰਹਿ ਗਏ ਸੀ ਮੈਦਾਨ ਵਿੱਚ ਲੜਦੇ। ਜਿਓ ਉਨ੍ਹਾਂ ਦੀ ਲਾਈਨ ਖ਼ੰਦਕਾਂ’ਚੋਂ ਨਿਕਲ਼ਦੀ ਸੀ, ਭਾਵੇਂ ਉੱਥੇ ਹੁਣ ਨਹੀਂ ਸੀ, ਮੈਨੂੰ ਪਤਾ ਸੀ ਕਿ ਕੱਟੀ ਜਾ ਰਹੇ ਸੀ, ਮਸ਼ੀਨ ਗੰਨ ਦੀ ਫ਼ਾਇਰਿੰਗ ਤੋਂ। ਮੈਂ ਸੁਣਿਆ ਕਿ ਤਿੰਨ ਹਜ਼ਾਰ ਤੋਂ ਉੱਤੇ ਭਾਰਤੀ ਬੰਦੇ ਮਰ ਚੁੱਕੇ ਸੀ। ਤੇ ਕੀ ਮਿਲਿਆ? ਕੁਝ ਨਹੀਂ।
ਗਿਆਨ ਨੂੰ ਵਲੈਤ ਲੈ ਕੇ ਚੱਲੇ। ਉਸ ਦੇ ਦੱਟ ਵੱਜ ਗਈ ਹੈ। ਕਹਿੰਦੇ ਉੱਥੇ ਇੱਕ ਹਸਪਤਾਲ ਹੈ, ਜਿੱਥੇ ਫ਼ੌਜੀ ਲੈ ਕੇ ਜਾਂਦੇ ਹਨ। ਹੁਣ ਜਿਹੜੇ ਸੱਟ ਤੋਂ ਬਚ ਗਏ ਸੀ, ਉਨ੍ਹਾਂ ਨੂੰ ਮੇਸੋਪਤੇਨਿਆ ਭੇਜਣ ਲੱਗੇ ਨੇ। ਜਹਾਜ਼ ਵਿੱਚ ਵਾਪਸ ਲੈ ਕੇ ਜਾਣਾ। ਮੈਨੂੰ ਵੀ ਉਸ ਹੀ ਮੈਦਾਨ’ਚ ਭੇਜਣ ਲੱਗੇ ਨੇ। ਮੈਂ ਹੁਣ ਆਪਣੇ ਆਦੇਸ ਉਡੀਕਦਾ ਹਾਂ।
ਤੇਰਾ ਮਿੱਤਰ, ਹਮੇਸ਼ਾ ਵਾਸਤੇ,
ਖੇਮ ਸਿੰਘ
ਮੱਘਰ ਦਾ ਪਹਿਲਾਂ ਦਿਨ
ੴ ਸਤਿਗੁਰੂ ਪ੍ਰਸਾਦਿ
ਪਿਆਰੇ ਭਾਪਾ ਜੀ,
ਪਿਆਰ ਭਰੀ ਸਤਿ ਸ਼੍ਰੀ ਅਕਾਲ।
ਮਾਫ਼ ਕਰਨਾ ਤੁਹਾਨੂੰ ਕਈ ਮਹਿਨੇ ਵਾਸਤੇ ਖ਼ਤ ਨਹੀਂ ਭੇਜਿਆ ਹੈ। ਫ਼ਿਕਰ’ਚ ਪਏ ਹੋਣਗੇ। ਫ਼ਿਕਰ ਨਾ ਕਰੋਂ। ਮੈਂ ਠੀਕ ਹਾਂ। ਜੰਗ ਵਿੱਚ ਮੌਕਾ ਨਹੀਂ ਮਿਲਿਆ ਚਿੱਠੀ ਨੂੰ ਲਿਖਣ। ਮਾਂ ਠੀਕ ਹੈ? ਭੈਣ ਕਿਵੇਂ ਹੈ? ਰਾਜੀ ਹੋ? ਹਰ ਦਿਨ ਤੁਹਾਡੇ ਬਾਰੇ ਹੀ ਸੋਚਦਾਂ ਹਾਂ।
ਮੈਂ ਹੁਣ ਲੜਾਈ ‘ਚ ਸ਼ਾਮਲ ਨਹੀਂ ਹਾਂ। ਡਾਕਟਰ ਬਰਾਏਟਨ ਨੇ ਬਚਾ ਦਿੱਤਾ ਮੈਨੂੰ। ਦੱਸਦਾਂ ਕੌਣ ਹੈ। ਵੈਸੇ ਬੰਦਾ ਨਹੀਂ ਹੈ। ਇੱਕ ਹਾਸਪਤਾਲ ਹੈ। ਮੈਂ ਠੀਕ ਹਾਂ। ਜੇ ਕਿਸਮਤ ਹੁਣ ਚੰਗੀ ਹੋਈ, ਇੱਥੋਂ ਪੰਜਾਬ ਵਾਪਸ ਪਰਤੂਗਾ।
ਜਦ ਮੈਂ ਅੱਖਾਂ ਖੋਲ਼੍ਹੀਆਂ ਸਨ, ਮੈਨੂੰ ਲੱਗਾ ਕੇ ਮੈਂ ਸੁਪਨੇ ਲੈਂਦਾ ਸੀ। ਇੱਕ ਰਾਜ ਮੱਹਲ ਸੀ! ਕੀ ਮੈਂ ਪੰਜਾਬ’ਚ ਵਾਪਸ ਆ ਚੁੱਕਾ ਸੀ? ਖ਼ੰਦਕਾਂ ਅਤੇ ਜੰਗ ਤੋਂ ਬਚ ਗਿਆ? ਨਜ਼ਰ ਉੱਪਰ ਛੱਤ ਵੱਲ ਗਈ। ਛੱਤ ਸ਼ੀਸ਼ ਮੱਹਲ ਦਾ ਵੱਡਾ ਗੁੰਬਦ ਸੀ। ਛੱਤ ਦੇ ਗੁੰਬਦ ਦੇ ਗੱਭੇ ਨੀਲਾ ਅੰਬਰ ਰੰਗਿਆ ਸੀ, ਜਿਸ ਤੇ ਸਬਜ਼ ਬੂਟਾ ਵਾਹਿਆ ਹੋਇਆ ਸੀ। ਉਸ ਦੇ ਪਤੇ ਕਈ ਜੀਭਾਂ ਵਾਂਗ ਆਸ ਪਾਸ ਵੱਧਦੇ ਸਨ। ਇਨ੍ਹਾਂ ਦੇ ਵਿਚਾਲੇ ਅਜਗਰ ਸੀ, ਮਤਲਬ ਅਜਗਰ ਦੀ ਤਸਵੀਰ। ਕੀ ਪਤਾ ਬੁੱਤ ਵਿਹੋ ਸਕਦਾ ਸੀ? ਤਾਹੀਂ ਮੈਨੂੰ ਲੱਗਿਆ ਕਿ ਮੈਂ ਕੋਈ ਮਾਂਹਾਰਾਜਾ ਦੇ ਮੱਹਲ ‘ਚ ਸੀ। ਲਾਲ ਨਮੂਨੇਦਾਰ ਘੜਤ ਸਨ। ਬਹੁਤ ਸੁਦੰਰ ਸਨ। ਛੱਤ ਦੇ ਗਭੋਂ ਇੱਕ ਲੰਮੀ ਤਾਰ ਲਮਕਦੀ ਸੀ ਜਿਸ ਤੋਂ ਬਹੁਤ ਵੱਡਾ ਫ਼ਾਨੂਸ ਵੀ ਲਮਕਦਾ ਸੀ। ਛੱਤ ਕੰਧਾਂ ਫਰਸ਼ ਸਭ ਲਾਲ ਸਨ। ਤਿੰਨ ਮੰਜ਼ਲ ਆਡੇ ਆਲ਼ੇ ਦੁਆਲ਼ੇ ਸਨ, ਹਰ ਮੰਜ਼ਲ ਤੇ ਕਈ ਮਹਿਰਾਬਾਂ ਸਨ। ਹਰ ਮਹਿਰਾਬੇ ਵਿੱਚ ਇੱਕ ਨਿਕਾ ਜਿਹਾ ਫ਼ਾਨੂਸ ਲਮਕਦਾ ਸੀ। ਅਸੀਂ ਉਨ੍ਹਾਂ ਦੇ ਚੱਕਰ ਦੇ ਵਿਚਾਲੇ ਸਨ, ਵੱਡੇ ਫ਼ਾਨੂਸ ਥੱਲੇ, ਇੱਕ ਵੱਡੇ ਭਵਨ ਵਿੱਚ। ਦਰਅਸਲ ਮੈਨੂੰ ਤਾਂ ਦਰਬਾਰ ਵਰਗਾ ਕਮਰਾ ਜਾਪਿਆ ਸੀ। ਮੇਰੇ ਆਲ਼ੇ ਦੁਆਲ਼ੇ ਕਈ ਪਲੰਘ ਮੰਜੇ ਸਨ, ਜਿਨ੍ਹਾਂ ਉੱਤੇ ਮੇਰੇ ਵਰਗੇ ਲੜਾਈ ਦੇ ਮਰੀਜ਼ ਸਨ। ਜਦ ਗਿਣਨ ਦਾ ਮੌਕਾ ਮਿਲਿਆ, ਮੈਨੂੰ ਸਤ ਸੌ ਮੰਜੇ ਦਿਸੇ।
ਭਾਰਤੀ ਫ਼ੌਜੀ ਨੀਲੀਆਂ ਵਰਦੀਆਂ ਤੇ ਖ਼ਾਕੀ ਪੱਗਾਂ ਪਾ ਕੇ ਪਏ ਬੈਠੇ ਸਨ, ਇੱਕ ਦੂਜਾ ਨਾਲ਼ ਗੱਲ ਬਾਤ ਕਰਦੇ। ਸਾਰਿਆਂ ਦੇ ਸੱਟਾਂ ਵੱਜੀਆਂ ਸੀ। ਜਦ ਇੱਕ ਦਿਨ ਬਾਹਰ ਜਾਣ ਦਾ ਮੌਕਾ ਮਿਲਿਆ, ਸੱਚ ਮੁੱਚ ਹਾਸਪਤਾਲ ਬਾਹਰੋਂ ਇੱਕ ਮੱਹਲ ਲੱਗਦਾ ਸੀ। ਪੰਜਾਬ ਦਾ ਮੱਹਲ। ਬਾਹਰ ਜਾ ਸਕਦੇ ਸੀ, ਪਰ ਜੋ ਉਸ ਸ਼ਹਿਰ ਵਿੱਚ ਰਹਿੰਦੇ ਸੀ, ਉਨ੍ਹਾਂ ਵਿੱਚ ਜਾਣ ਨਹੀਂ ਦਿੰਦੇ ਸੀ। ਸਮੁੰਦਰ ਤੱਕ ਜਾਹ ਸਕਦੇ ਸੀ, ਜੇ ਸਾਡੇ ਨਾਲ਼ ਕੋਈ ਅੱਖ ਰੱਖਣ ਵਾਸਤੇ ਨਾਲ਼ ਹੋਵੇ। ਹਾਸਪਤਾਲ ਦੇ ਕਾਮੇ ਸਾਡੇ ਨਾਲ਼ ਸਮੁੰਦਰ ਦੇ ਕਿਨਾਰੇ ਤੱਕ ਜਾਂਦੇ ਸੀ। ਮੈਨੂੰ ਸ਼ੱਕ ਸੀ ਕਿ ਲੋਕ ਇਸ ਵਲੈਤ ਵਿੱਚ ਖਾਸੇ ਨਹੀਂ ਹੈ। ਉਹ ਚੀਜ਼ ਨਹੀਂ ਜੋ ਅਸੀਂ ਦੇਸ’ਚ ਬੈਠੇ ਸੋਚਦਾ ਨੇ। ਕੀ ਸਾਡੇ ਤੇ ਆਮ ਟੁੱਟੀ ਫੁੱਟੀ ਕੌਮ ਨੇ ਰਾਜ ਕਰ ਲਿਆ? ਉਹ ਕਿਵੇਂ? ਕਿਸ ਦੀ ਮੱਦਦ ਨਾਲ? ਮੈਨੂੰ ਲੱਗਦਾ ਇਸ ਦੀ ਸਚਾਈ ਸਾਥੋਂ ਪਰ੍ਹੇ ਰੱਖਣਾ ਚਾਹੁੰਦੇ ਸੀ। ਆਮ ਗਰੀਬ ਲੋਕ ਹੀ ਇੱਥੇ ਵੱਸਦੇ ਨੇ। ਖ਼ਬਰੇ ਤਾਈ? ਕੀ ਪਤਾ।
ਸੋ ਮੈਂ ਇੱਥੇ ਵਲੈਤ ਕਿਵੇਂ ਪੁੱਜਾ? ਇਹ ਅਸਲ ਸਵਾਲ ਹੈ, ਹੈ ਨਾ। ਜਦ ਗਿਆਨ ਨੂੰ ਲੈ ਕੇ ਗਏ, ਮੈਨੂੰ ਤੇ ਮਰੇਰ ਬਟਾਲੀਅਨ ਨੂੰ ਆਰਲੀਅਨ ਤੱਕ ਕੂਚ ਕਰਨ ਤਿਆਰ ਹੀ ਕੀਤਾ ਸੀ, ਜਦ ਜਰਮਨ ਬੰਬ ਸਾਡੇ ਉੱਤੇ ਡਿੱਗ ਗਿਆ। ਕਈ ਜਣੇ ਥਾਂ ਖਲੋਤੇ ਮਰ ਗਏ। ਮੈਨੂੰ ਕੁਝ ਹੋਰ ਯਾਦ ਨਹੀਂ ਹੈ। ਜਦ ਹਾਸਪਤਾਲ ਹੋਸ਼ ਆਇਆ, ਮੈਨੂੰ ਸਮਝ ਨਹੀਂ ਸੀ ਕਿ ਮੈਂ ਫਰਾਂਸ ਤੋਂ ਬੇਹੋਸ਼ ਹੋਇਆ ਇੱਥੇ ਲਿਆ ਗਿਆ ਸੀ। ਮੇਰੀ ਖੱਬੀ ਬਾਂਹ ਟੱੁਟ ਗਈ ਸੀ ਤੇ ਸਿਰ ਤੇ ਵੀ ਸੱਟ ਵੱਜ ਗਈ ਸੀ। ਮੈਂ ਤਾਂ ਚੰਗਾ ਭਲਾ ਸੀ। ਕੁਝ ਫੌਜੀਆਂ ਨੂੰ ਦੱਸਿਆ ਗਿਆ ਕਿ ਜੇ ਵਾਲ਼ ਕੱਟ ਕੇ ਆਪਰੇਸ਼ਨ ਨਹੀਂ ਕੀਤਾ ਗਿਆ, ਉਨ੍ਹਾਂ ਦੇ ਪਿੰਡੇ ਫਾਲਜ ਹੋ ਜਾਣੇ ਸੀ। ਪਰ ਅਸੀਂ ਕਿੱਥੇ ਹਿੰਦੂ ਜਾਂ ਮੁਸਲਮਾਲ ਹਾਂ? ਉਨ੍ਹਾਂ ਦੀ ਤਾਂ ਹਜਾਮਤ ਕਰ ਸਕਦੇ ਸੀ, ਪਰ ਸਾਡੇ ਕੇਸਾਂ ਨੂੰ ਹੱਥ ਨਹੀਂ ਲਾ ਸਕਦੇ ਸੀ। ਇਸ ਕਰਕੇ ਕਈਆਂ ਨੇ ਨਾਹ ਕਰ ਦਿੱਤੀ। ਉਨ੍ਹਾਂ ਨੂੰ ਸਮਝ ਸੀ ਕਿ ਮਰ ਵੀ ਸਕਦੇ ਸੀ ਜਾਂ ਹਮੇਸ਼ਾ ਵਾਸਤੇ ਲਕਵੇ ਰਹਿਣਗੇ। ਪਰ ਮੇਰੀ ਤਾਂ ਸਿਰਫ਼ ਬਾਂਹ ਹੀ ਟੱੁਟੀ ਸੀ।
ਮੈਂ ਫੇਰ ਗਿਆਨ ਸਿੰਹ ਨੂੰ ਲਭਨ ਦੀ ਪੂਰੀ ਕੋਸ਼ਿਸ਼ ਕੀਤੀ ਤੇ ਮੈਨੂੰ ਮਿਲ ਗਿਆ! ਜਿਓਂਦਾ ਸੀ। ਬਹੁਤ ਚੰਗੀ ਖ਼ਬਰ ਭਾਪਾ ਜੀ। ਹਰ ਦਿਨ ਗੱਪਾਂ ਚੱਪਾਂ ਮਾਰਦੇ ਹਾਂ। ਹੋ ਸਕਦਾ ਸਾਨੂੰ ਜੰਗ ਵਿੱਚ ਵਾਪਸ ਭੇਜਦੂਗੇ, ਪਰ ਮੈਂ ਨਹੀਂ ਜਾਣਾ ਚਾਹੁੰਦਾ ਹਾਂ। ਘਰ ਵਾਪਸ ਆਉਣਾ ਚਾਹੁੰਦਾ ਹਾਂ। ਮੇਰੀਆਂ ਅੱਖਾਂ ਨੇ ਜੰਗ ਦੇਖ ਕੇ ਖ਼ੂਹ ਵਿੱਚ ਛਾਲ ਮਾਰ ਦਿੱਤੀ ਹੈ। ਪਾਣੀ ਫੇਰ ਵੀ ਜੋ ਦੇਖਿਆ ਨੂੰ ਧੋ ਨਹੀਂ ਸਕਿਆ।
ਸਿੱਖਾਂ ਵਾਸਤੇ ਇੱਕ ਛਤਰੀ ਸੈਟ ਕਰ ਦਿੱਤੀ ਪਾਠ ਕਰਨ ਵਾਸਤੇ। ਇੰਝ ਹੀ ਥਾਂ ਬਣਾਇਆ ਗਿਆ ਮੁਸਲਮਾਨਾਂ ਵਾਸਤੇ ਅਤੇ ਇੱਕ ਹਿੰਦੂਆਂ ਵਾਸਤੇ ਵੀ। ਗੋਰੇ ਤਾਂ ਸਾਡੀ ਰਾਖੀ ਕਰ ਰਹੇ ਨੇ। ਜਿੱਦਾਂ ਕੋਈ ਬੇਗਾਨਾ ਭਾਰਤੀ ਕੱਦੀ ਨਹੀਂ ਕਰਦਾ। ਸਗੋਂ ਭਾਰਤੀ ਕਿੱਥੇ ਬੇਗਾਨੇ ਹੁੰਦੇ ਨੇ? ਪਰ ਇੱਥੇ ਆ ਕੇ ਮੈਂ ਸੋਚਦਾ ਦਿਲ ਤੋਂ ਬੇਗਾਨੇ ਹੀ ਹਨ, ਭਾਵੇਂ ਸਾਡੇ ਲੋਕ ਨੇ। ਇਸ ਤਰ੍ਹਾਂ ਇੱਕ ਦੂਜੇ ਨੂੰ ਕਿੱਤੇ ਸੰਭਾਲ ਦੇ ਨੇ? ਲਕਸ਼ਮੀ ਸਾਹਮਣੇ ਮੱਥਾ ਪੈਸੇ ਵਾਸਤੇ ਟੇਕਦੇ ਨੇ। ਆਪਣੇ ਭਲੇ ਵਾਸਤੇ, ਹੋਰ ਕਿਸੇ ਵਾਸਤੇ ਨਹੀਂ। ਇੱਕ ਪਾਸੇ ਗੋਰਿਆਂ ਦੇ ਰਾਜ ਤੇ ਗ਼ੁੱਸਾ ਹੈਮ ਪਰ ਦੂਜੇ ਪਾਸੇ ਇਨ੍ਹਾਂ ਲਈ ਲੜਨਾ ਆਨ ਦੀ ਗੱਲ ਹੈ। ਰੱਬ ਦੀ ਕੌਮ ਹੈ।
ਕਈ ਫ਼ੌਜੀਆਂ ਦੇ ਸਿਰ ਖਰਾਬ ਹੋ ਚੁੱਕੇ। ਕਈ ਅੰਨ੍ਹੇ ਹਨ, ਗੈਸ ਕਰਕੇ ਜਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਾਹ ਨਹੀਂ ਆਉਂਦਾ। ਹਰ ਦੂਜਾ ਫ਼ੌਜੀ ਅੰਗ ਤੋਂ ਬਗੈਰ ਤੁਰਦਾ ਫਿਰਦਾ ਹੈ। ਕਿਸੇ ਦੀਆਂ ਬਾਹਾਂ ਟੁੱਟੀਆਂ ਨੇ, ਕਿਸੇ ਦੀਆਂ ਲੱਤਾਂ। ਇਹ ਹਾਲ ਹੈ ਸਭਦਾ। ਸਾਡੀ ਖ਼ਿਦਮਤ ਗੋਰੀਆਂ ਨਰਸਾਂ ਕਰਦੀਆਂ ਨੇ। ਇੱਕ ਦੋ ਤਾਂ ਬਹੁਤ ਸੋਨੀਆਂ ਨੇ। ਮੌਕਾ ਹੈ ਗੋਰੀ ਮੇਮ ਨੂੰ ਘਰ ਦੀ ਨੌਹ ਬਣਾਉਣ ਦਾ! ਮਾਂ ਨੂੰ ਦੱਸ ਦਿਓ!
ਜਦ ਬਾਹਰ ਜਾਂਦਾ ਹਾਂ ਉੱਪਰ ਰੁੱਖਾਂ’ਚ ਉਹੀ ਬਾਜ਼ ਹੁੰਦਾ। ਹਾਲੇ ਵੀ ਸਾਡੇ ਤੇ ਅੱਖ ਰੱਖਦਾ ਹੈ। ਇਹ ਗੱਲ ਨਾਲ਼ ਮੈਨੂੰ ਸੁਖ ਮਿਲਦਾ। ਇੱਕ ਦਿਨ ਵੱਡੇ ਦਰਬਾਰ ਵਿੱਚ, ਜਿੱਥੇ ਸਾਡੇ ਬਿਸਤਰੇ ਪਲੰਘ ਸਨ, ਉਹ ਵਾਸਪ ਆ ਗਿਆ ਸੀ, ਸਾਨੂੰ ਆਸਜਨਕ ਦੇਣ, ਤਵੱਕੋ ਦੇਣ। ਇੱਕ ਮਰੀਜ਼ ਦੇ ਮੰਜੇ ਨਾਲ਼ ਕੁਰਸੀ ਉੱਤੇ ਬੈਠੇ ਸਨ। ਹੁਣ ਨੀਲੀ ਵਰਦੀ ਵਿੱਚ ਸਨ। ਇੱਕ ਸ਼ਾਹਾਨੇ ਸੀਤੇ ਸਿਤਾਏ ਪਟੰਬਰ ਵਿੱਚ ਸਨ। ਧਣਖ ਮੰਜੇ ਤੇ ਟਿਕਾਈ ਸੀ, ਮਰੀਜ਼ ਦੇ ਲੱਤਾਂ ਨਾਲ਼। ਉੱਪਰ, ਗੁੰਬਦ ਦੇ ਪਾਸੇ ਇੱਲ ਖੁੱਲ਼੍ਹੀ ਬਾਰੀ ਰਾਹੀਂ ਬਾਜ਼ ਉੱਡ ਕੇ ਅੰਦਰ ਆ ਗਿਆ ਸੀ। ਝਪਟਕੇ ਉੱਡਦਾ ਉਨ੍ਹਾਂ ਦੀ ਕਲਾਈ ਤੇ ਆ ਟਿੱਕਿਆ। ਬਾਜ਼ ਨੂੰ ਉਨ੍ਹਾਂ ਨੇ ਤਬੱਸਮ ਉਧਾਰਿਆ। ਫੇਰ ਮਰੀਜ਼ ਨਾਲ਼ ਗੱਲ ਬਾਤ ਕੀਤੀ। ਉਨ੍ਹਾਂ ਦੇ ਆਲ਼ੇ ਦੁਆਲ਼ੇ ਇੱਜੜ ‘ਕੱਠਾ ਹੋ ਚੁੱਕਿਆ ਸੀ। ਮੈਂ ਵੀ ਪਿੱਛੋਂ ਵਿੱਚ ਸ਼ਾਮਲ ਹੋ ਗਿਆ ਸੀ ਤੇ ਉਨ੍ਹਾਂ ਦੀਆਂ ਗੱਲਾਂ ਬਾਤਾਂ ਸੁਣੀਆਂ। ਹਰ ਸਿੱਖ ਫ਼ੌਜੀ ਨੂੰ ਹੌਸਲਾ ਅਫ਼ਜ਼ਾਈ। ਬਹਾਦਰੀ ਦੀ ਸ਼ਾਬਾਸ਼ ਸਭ ਨੂੰ ਮਿਲੀਮ ਜ਼ਾਤ ਜੋ ਮਰਜ਼ੀ, ਧਰਮ ਦੀਨ ਜੋ ਮਰਜ਼ੀ। ਪਿਆਰ ਸਭ ਵਾਸਤੇ ਸਮੁੰਦਰ ਜਿੱਡਾ ਸੀ। ਫੇਰ ਉਨ੍ਹਾਂ ਦੀਆਂ ਅੱਖਾਂ ਮੇਰੇ ਨੈਣ ਨਾਲ਼ ਮਿਲੀਆਂ ਸਨ। ਉਸ ਪਲ ਵਿੱਚ ਭਾਪਾ ਜੀ, ਪੂਰਾ ਜੀਵਨ ਦਾ ਸਫ਼ਰ ਲੰਘ ਗਿਆ ਸੀ। ਸਭ ਕੁਝ ਮੇਰੇ ਵਾਸਤੇ ਸਾਫ਼ ਸੀ। ਬੇਫ਼ਿਕਰ ਹੋ ਚੁੱਕਾ।
ਮੈਂ ਫੇਰ ਉਨ੍ਹਾਂ ਨੂੰ ਸਿਪਾਹੀਆਂ ਨਾਲ਼ ਛੱਡ ਦਿੱਤਾ ਸੀ। ਗਿਆਨ ਵੀ ਉਨ੍ਹਾਂ ਨਾਲ਼ ਖਲੋਤਾ ਹੋਇਆ ਸੀ, ਹੇੜ੍ਹ ਵਿੱਚ। ਮੈਂ ਬਾਹਰ ਗੁਲਸ਼ਨ ਵਿੱਚ ਆ ਖੜ੍ਹਾ। ਬਰਾਏਟਨ ਵੱਲ ਝਾਕਾ। ਸਮੁੰਦਰ ਵੱਲ ਨਿੱਗ੍ਹਾ ਕੀਤੀ। ਕਿਸਮਤ ਚੰਗੀ ਰਹਿ ਗਈ। ਕਾਸ਼! ਕਿੰਨੇ ਮਿੱਤਰ ਮੈਦਾਨ ਵਿੱਚ ਡਿੱਗੇ! ਜਿਨ੍ਹੀਆਂ ਰੋੜੀਆਂ ਇਸ ਸ਼ਹਿਰ ਦੇ ਕਿਨਾਰੇ ਤੇ ਖਿਲਰੇ ਨੇ ਸ਼ਾਹਿਦ ਓਨੇ ਲੋਕ ਜੰਗ ਨੇ ਮਿਟਾ ਦਿੱਤੇ ਨੇ।
ਗੋਰੇ ਸਾਡੇ ਵਰਗੇ ਨਹੀਂ ਹਨ। ਕਈ ਗੱਲਾਂ’ਚ ਬਹੁਤ ਸੰਗ ਦਿਲ ਹਨ, ਤਮ੍ਹਾ ਕਰਦੇ, ਦੁਨੀਆਂ ਦਾ ਰਾਜ ਕਰਨਾ ਚਾਹੁੰਦੇ ਨੇ। ਬਿਨਾ ਮਤਲਬ ਜੱਗ ਨੂੰ ਅੱਗ ਲਾਉਣੇ ਚਾਹੁੰਦੇ ਨੇ। ਭਾਵੇਂ ਸਾਰੇ ਜੱਗ ਦਾ ਨਰਕ ਬਣਾ ਦੇਣ, ਮੇਰਾ ਮੇਰਾ ਮਾਇਆ ਹੀ ਹੈ। ਪਰ ਆਪਾਂ ਕਿਤੇ ਘੱਟ ਹਾਂ? ਗੋਰਿਆਂ ਨੇ ਜੰਗ ਜਿਤਨ ਵਾਸਤੇ ਬਹੁਤ ਪਾਮਰ ਮਸ਼ੀਨਾਂ ਉਸਾਰੀਆਂ ਹਨ। ਗੈਸ ਇਸ ਦਾ ਇੱਕ ਸਬੂਤ ਹੈ। ਪਰ ਦੂਜੇ ਪਾਸੇ ਜੋ ਅਸੀਂ ਆਪਣੀਆਂ ਅੱਖਾਂ ਨਾਲ਼ ਇੱਥੇ ਵੇਖਿਆ ਹੈ, ਕਾਫ਼ੀ ਉਦਾਰ ਹੈ, ਉੱਨਤ ਹੈ। ਤੇ ਸੋਚ ਐਣਾਂ ਦੀ ਕਿੱਥੇ ਤੱਕ ਹੈ! ਔਰਤ ਸੱਚ ਮੁੱਚ ਬਰਾਬਰ। ਕੋਈ ਧਰਮ ਦੀਨ ਦਾ ਫ਼ਰਕ ਨਹੀਂ ਹੈ, ਖ਼ੈਰ ਇਮਾਨਦਾਰ ਬੰਦਿਆਂ’ਚ ਕੋਈ ਜ਼ਾਤ ਦਾ ਪਰਵਾਹ ਨਹੀਂ ਹੈ। ਹਰ ਕੌਮ ਦੁਨੀਆਂ ਦੀ ਇਸ ਜੰਗ ਦੇ ਮੈਦਾਨ’ਚ ਲੜਦੀ ਸੀ। ਉਸ ਬਾਰੇ ਘਰ ਆ ਕੇ ਤੁਹਾਨੂੰ ਦਸਾਂਗਾ। ਖ਼ੈਰ ਕੋਸ਼ਿਸ਼ ਕਰਾਂਗਾ। ਔਖਾ ਹੈ। ਜੋ ਮੈਂ ਦੇਖਿਆ ਤੁਹਾਡੇ ਪਲੇ ਦੇ ਬਾਹਰ ਹੀ ਹੈ। ਜੇ ਕਿਸਮਤ ਨੇ ਬਾਂਹ ਠੀਕ ਹੋਣ ਤੋਂ ਬਾਅਦ ਉਸ ਜੰਗ ਵਿੱਚ ਵਾਪਸ ਭੇਜ ਦਿੱਤਾ, ਪਤਾ ਨਹੀਂ ਮੈਂ ਕੀ ਕਰੂ। ਨਹੀਂ, ਪਤਾ ਹੈ।
ਉਨ੍ਹਾਂ ਦੇ ਸ਼ਬਦਾਂ ਨੇ ਮੈਨੂੰ ਦੱਸ ਹੀ ਦਿੱਤਾ ਕੇ ਸਿੰਘ ਕੀ ਹੁੰਦਾ। ਤੇ ਉਸ ਨੂੰ ਸੱਚ ਵਾਸਤੇ ਕੀ ਕਰਨਾ ਚਾਹੀਦਾ ਹੈ। ਆਪਣੇ ਸੱਚ ਵਾਸਤੇ ਨਹੀਂ, ਪਰ ਸਮਾਜ ਦੇ ਸੱਚ ਵਾਸਤੇ। ਇਹ ਕੋਈ ਫ਼ੈਸਲਾ ਨਹੀਂ ਹੈ। ਖ਼ਲਸਾ ਨਾਲ਼ ਸ਼ਾਦੀ ਕੀਤੀ ਹੈ। ਹੋ ਸਕਦਾ ਮੈਂ ਘਰ ਪੁੱਜਾ, ਹੋ ਸਕਦਾ ਮੈਂ ਮਦਾਨ’ਚ ਹੀ ਪਿਆਰਾ ਹੋ ਜਾਵੇਗਾ। ਜੋ ਮਰਜ਼ੀ। ਤੁਸੀਂ ਦਿਲ ਨਹੀਂ ਛੱਡਣਾ। ਸੱਚ ਵਿੱਚ ਭਰੋਸਾ ਰੱਖਣਾ। ਸੱਚ ਉਨ੍ਹਾਂ ਦੇ ਤੀਰਾਂ ਵਾਂਗਰ ਸਿੱਧਾ ਨਿਸ਼ਾਨ ਵੱਲ ਜਾਂਦਾ। ਅੱਜ ਜਰਮਨ ਨੇ ਦੁਨੀਆਂ ਨੂੰ ਖਰਾਬ ਕੀਤਾ ਹੈ। ਕੱਲ੍ਹ ਹੋਰ ਕੋਈ ਕਰ ਸਕਦਾ ਹੈ। ਝਿਜਕਣਾ ਨਹੀਂ ਹੈ। ਖ਼ਾਲਸਾ ਝਿਜਕਦਾ ਨਹੀਂ। ਜੇ ਘਰ ਵਾਪਸ ਆ ਗਿਆ, ਕੀ ਪਤਾ ਭਾਰਤ’ਚ ਮੈਨੂੰ ਕੀ ਉਡੀਕਦਾ ਹੈ। ਆਹੋ, ਤੁਸੀਂ ਸਾਰੇ ਹਨ, ਪਰ ਮੈਂ ਟੱਬਰ ਤੋਂ ਵੱਡੀਆਂ ਗੱਲਾਂ ਦਾ ਸੋਚਦਾ ਹਾਂ। ਕੱਲ੍ਹ ਕਿਸ ਨੇ ਦੇਖਿਆ?
ਮੇਰੇ ਮੋਢੇ ਤੇ ਬਾਜ਼ ਆ ਕੇ ਟਿੱਕਦਾ ਹੈ। ਮੈਂ ਉਸ ਵੱਲ ਦੇਖ ਕੇ, ਉਸ ਨੂੰ ਮੁਸਕਾਨ ਦਿੱਤੀ। ਮੇਰੇ ਨਾਲ਼ ਸਮੁੰਦਰ ਵੱਲ ਝਾਕਦਾ, ਜਿੱਥੇ ਹੁਣ ਸੂਰਜ ਅਸਤ ਹੋ ਰਿਹਾ ਹੈ।
ਰੱਬ ਕਰੇ ਮੈਂ ਕੁਝ ਦਿਨਾਂ ਵਿੱਚ ਤੁਹਾਡੇ ਕੋਲ਼ੇ ਪਹੁੰਚ ਜਾਵੇਗਾ। ਪਰ ਜੇ ਇੰਝ ਨਹੀਂ ਵੀ ਹੋਇਆ, ਫ਼ਿਕਰ ਨਹੀਂ ਕਰਨਾ ਭਾਪਾ ਜੀ। ਇਹ ਗੱਲ ਮਾਂ ਭੈਣ ਨੂੰ ਸਾਫ਼ ਸਮਝਾ ਦਿਓ। ਹਮੇਸ਼ਾ ਯਾਦ ਰੱਖਣਾ ਮੈਂ ਤੁਹਾਨੂੰ ਬਹੁਤ ਪਿਆਰ ਕਰਦਾਂ ਹਾਂ।
ਤੁਹਾਡਾ ਆਪਣਾ
ਖੇਮਿਆ।
ਭਰਤੀ ਹੋ ਜਾ ਵੇ
ਬਾਹਰ ਖੜ੍ਹੇ ਰੰਗਰੂਟ
ਏਥੇ ਖਾਵੇਂ ਸੁੱਕੀ ਹੋਈ ਰੋਟੀ
ਓਥੇ ਖਾਵੇਂ ਫ਼ਰੂਟ…
ਏਥੇ ਪਾਵੇਂ ਫਟੇ ਹੋਏ ਲੀੜੇ
ਓਥੇ ਪਾਵੇਂ ਸੂਟ…
ਏਥੇ ਪਾਵੇਂ ਟੁੱਟੀ ਹੋਈ ਜੁੱਤੀ
ਓਥੇ ਪਾਵੇਂ ਬੂਟ…
ਉਡ ਗਈ ਪਤੰਗ ਪਿੱਛੇ ਡੋਰ
ਬਈ ਮਹਿੰਡੀ ਤੋਬਾ ਤੋਬਾ
ਜਰਮਨ ਨੇ ਪਾਇਆ ਡਾਢਾ ਜ਼ੋਰ
ਬਈ ਮਹਿੰਡੀ ਤੋਬਾ ਤੋਬਾ
ਅੰਗ੍ਰੇਜ਼ਾਂ ਦਾ ਚਲਦਾ ਨਹੀਂ ਜ਼ੋਰ
ਬਈ ਮਹਿੰਡੀ ਤੋਬਾ ਤੋਬਾ