Khatti Kamaai (Punjabi Story) : Baldev Singh Grewal

ਖੱਟੀ ਕਮਾਈ (ਕਹਾਣੀ) : ਬਲਦੇਵ ਸਿੰਘ ਗਰੇਵਾਲ

ਭਰੇ ਦਿਲ ਨਾਲ ਤੁਰਦਾ ਪਿੰਡ ਦੇ ਬਸੀਮੇ ਤੱਕ ਆ ਗਿਆ ਸਾਂ। ਇਕ ਵਾਰ ਪਿੱਛੇ ਮੁੜ ਕੇ ਦੇਖਣ ਨੂੰ ਰੂਹ ਕੀਤੀ।

ਪਿੰਡ ਦੇ ਚੜ੍ਹਦੇ ਪਾਸੇ ਗੁਰਦੁਆਰੇ ਦਾ ਨਿਸ਼ਾਨ ਸਾਹਿਬ ਅੱਜ ਵੀ ਉਂਝ ਹੀ ਅੱਧ ਅਸਮਾਨੇ ਝੂਲ ਰਿਹਾ ਸੀ...। ਪਿੰਡ ਦੇ ਬਹੁਤੇ ਘਰਾਂ ਦਾ ਨਕਸ਼ਾ ਏਨੇ ਸਾਲਾਂ ਵਿਚ ਬਦਲ ਗਿਆ ਸੀ, ਪਰ ਇਹਨਾਂ ਵੱਲ ਦੇਖਦਿਆਂ, ਉਸੇ ਤਰ੍ਹਾਂ ਹੀ ਦਿਲ ਭਰ ਆਇਆ, ਜਿਸ ਤਰ੍ਹਾਂ ਕੋਈ ਚਾਲੀ ਸਾਲ ਪਹਿਲਾਂ ਪਰਦੇਸ ਤੁਰਨ ਲੱਗਿਆਂ ਭਰ ਆਇਆ ਸੀ।

ਉਦੋਂ ਘਰੋਂ ਤੁਰਨ ਲੱਗਿਆਂ ਸਾਂ ਤਾਂ ਮੈਂ ਇਕ ਇਕ ਚੀਜ਼ ਨੂੰ ਗਹੁ ਨਾਲ ਦੇਖਿਆ ਸੀ। ਘਰ ਦੇ ਕੱਚੇ ਦਲਾਨ ਨੂੰ, ਉਸ ਪਿੱਛੇ ਬਣੀਆਂ ਕੋਠੜੀਆਂ ਨੂੰ। ਮੈਂ ਇਕ ਇਕ ਚੀਜ਼ ਨੂੰ ਆਪਣੇ ਮਨ ਵਿਚ ਵਸਾ ਰਿਹਾ ਸਾਂ। ਮੈਂ ਇਸੇ ਘਰ ਵਿਚ ਪੈਦਾ ਹੋਇਆ ਸਾਂ। ਇਸੇ ਵਿਚ ਪਲ਼ ਕੇ ਜਵਾਨ ਹੋਇਆ ਸਾਂ। ਪਤਾ ਨਹੀਂ ਮੁੜ ਕਦ ਇਸ ਘਰ ਦੇ ਦਰਸ਼ਣ ਹੋਣੇ ਹਨ। ਇਹ ਸੋਚ ਸੋਚ ਮਨ ਭਰ ਆਉਂਦਾ ਸੀ, ਪਰ ਅੱਥਰੂ ਵਗਣ ਨਹੀਂ ਸਾਂ ਦੇ ਰਿਹਾ। ਮੈਂ ਰੋ ਪਿਆ ਤਾਂ ਬਾਕੀ ਪਰਿਵਾਰ ਦਾ ਕੀ ਹੋਵੇਗਾ? ਮਾਂ ਤਾਂ ਸਵੇਰ ਦੀ ਹੀ ਅੱਜੀਂ ਪੱਜੀਂ ਕਈ ਵਾਰ ਰੋ ਚੁੱਕੀ ਸੀ।

ਮੈਂ ਆਪਣੇ ਘਰ ਦੀ ਇਕ ਇਕ ਚੀਜ਼ ਨੂੰ ਮਨ ਵਿਚ ਵਸਾ ਕੇ ਜਦ ਘਰੋਂ ਬਾਹਰ ਹੋਇਆ ਸਾਂ ਤਾਂ ਇਕ ਹੂਕ ਜਿਹੀ ਦਿਲ ’ਚੋਂ ਨਿਕਲੀ ਸੀ। ਰੋਕਦਿਆਂ ਰੋਕਦਿਆਂ ਵੀ ਮੇਰੇ ਅੱਥਰੂ ਵਹਿ ਤੁਰੇ ਸਨ। ਮਾਂ ਨੇ ਆਪਣੇ ਅੱਥਰੂ ਪੰੂਝ ਲਏ ਸਨ ਤੇ ਮੈਨੂੰ ਕਿਹਾ ਸੀ-ਨਾ ਵੇ ਪੁੱਤ! ਦਿਲ ਛੋਟਾ ਨਾ ਕਰ। ਪਰਦੇਸ ਚੱਲਿਆਂ ਤਾਂ ਕੀ ਹੋਇਆ। ਇਹ ਘਰ ਤੇਰਾ ਈ ਐ। ਤੇਰਾ ਈ ਰਹਿਣੈ। ਖੱਟ ਕਮਾ ਕੇ ਸੁਖ ਸੁਖੀਲੀ ਆ...।

ਬਾਪੂ ਦਾ ਬੁੱਢਾ ਹੱਥ ਮੇਰੇ ਮੋਢੇ ’ਤੇ ਆ ਟਿਕਿਆ ਸੀ। ਉਹਨਾਂ ਦੇ ਚਿਹਰੇ ਵੱਲ ਦੇਖਿਆ ਸੀ ਤਾਂ ਉਹਨਾਂ ਦੀਆਂ ਅੱਖਾਂ ’ਚੋਂ ਇਕ ਖ਼ਾਲੀਪਨ ਜਿਹਾ ਮੇਰੀ ਵੱਲ ਝਾਕ ਰਿਹਾ ਸੀ। ਅਜਿਹਾ ਖ਼ਾਲੀਪਨ, ਅਜਿਹੀ ਵੀਰਾਨਗੀ ਮੈਂ ਪਹਿਲਾਂ ਕਦੇ ਉਹਨਾਂ ਦੀਆਂ ਅੱਖਾਂ ਵਿਚ ਨਹੀਂ ਸੀ ਦੇਖੀ।

ਉਦੋਂ ਅੱਧਿਉਂ ਵੱਧ ਪਿੰਡ ਮੈਨੂੰ ਤੋਰਨ ਲਈ ਨਾਲ ਚੱਲ ਪਿਆ ਸੀ। ਭੂਆ ਤੇ ਮਾਸੀਆਂ ਤਾਂ ਪਹਿਲਾਂ ਹੀ ਆਈਆਂ ਹੋਈਆਂ ਸਨ। ਇਸੇ ਬਸੀਮੇ ਤੱਕ ਸਾਰੇ ਮੇਰੇ ਨਾਲ ਆਏ ਸਨ। ਬਾਪੂ ਦੇ ਵਾਰ ਵਾਰ ਮਨ੍ਹਾ ਕਰਨ ’ਤੇ ਮਾਂ ਆਖੀ ਜਾ ਰਹੀ ਸੀ ਹੋਰ ਚਾਰ ਕਦਮ ਪੁੱਤ ਨਾਲ ਤੁਰ ਲੈਣ ਦੇ...।

ਇਹ ਆਖਣ ਤੋਂ ਬਾਅਦ ਜਦ ਮਾਂ ਲੰਬਾ ਜਿਹਾ ਸਾਹ ਲੈਂਦੀ ਸੀ ਤਾਂ ਉਸ ਦੇ ਕਈ ਕਈ ਅਰਥ ਬਣ ਕੇ ਮੇਰੇ ਦਿਮਾਗ ਵਿਚ ਧਸ ਜਾਂਦੇ ਸਨ ਤੇ ਮੈਂ ਆਪਣੇ ਆਪ ਨੂੰ ਕਾਬੂ ਵਿਚ ਰੱਖਦਾ, ਬੁੱਤ ਜਿਹਾ ਬਣਿਆ ਤੁਰਿਆ ਆਇਆ ਸੀ।

ਇਸੇ ਥਾਂ ਆ ਕੇ ਬਾਪੂ ਰੁਕ ਗਿਆ ਸੀ। ਸਭ ਨੂੰ ਪਿੱਛੇ ਮੁੜ ਚੱਲਣ ਲਈ ਕਿਹਾ ਸੀ। ਸਾਰੇ ਮੈਨੂੰ ਗਲ਼ ਲੱਗ ਕੇ ਮਿਲੇ ਸਨ। ਸਭ ਨੇ ਅਸੀਸਾਂ ਦਿੱਤੀਆਂ ਸਨ। ਮਾਂ ਆਪਣਾ ਹੱਥ ਮੇਰੇ ਸਿਰ ਤੋਂ ਚੁੱਕ ਹੀ ਨਹੀਂ ਸੀ ਰਹੀ-ਪੁੱਤ, ਬਦੇਸ਼ਾਂ ਦਾ ਮਾਮਲਾ। ਆਪਣਾ ਖਿਆਲ ਰੱਖੀਂ। ਖੱਟ ਕਮਾ ਕੇ ਘਰ ਆ। ਕਿਤੇ ਸਾਨੂੰ ਬੁੱਢਿਆਂ ਨੂੰ ਭੁੱਲ ਨਾ ਜਾਵੀਂ।

ਬਾਪੂ ਨੇ ਮੂੰਹ ਦੂਜੇ ਪਾਸੇ ਕਰੀ, ਘੁਰਕੀ ਜਿਹੀ ਮਾਰੀ ਸੀ-ਚੱਜ ਦੀ ਗੱਲ ਕਰਿਆ ਕਰ। ਤੂੰ ਖੁਸ਼ ਹੋ, ਪੁੱਤ ’ਮਰੀਕਾ ਚੱਲਿਐ। ਕਰਮਾਂ ਵਾਲੇ ਜਾਂਦੇ ਐ ਉਥੇ। ਸਾਡਾ ਪੁੱਤ ਐ, ਭੁੱਲ ਕਿਮੇ ਜਾਊ।
ਉਦੋਂ ਵੀ ਇੱਥੋਂ ਮੈਂ ਪਿੰਡ ਵੱਲ ਦੇਖਿਆ ਸੀ ਤਾਂ ਨਿਸ਼ਾਨ ਸਾਹਿਬ ਇੰਝ ਹੀ ਹਵਾ ਵਿਚ ਝੂਲ ਰਿਹਾ ਸੀ।
ਸੱਤੀਂ ਸਾਲੀਂ ਪਹਿਲੀ ਵਾਰ ਮੁੜਿਆ ਸਾਂ ਤੇ ਦੂਰੋਂ ਸਭ ਤੋਂ ਪਹਿਲਾਂ ਇਹੋ ਨਿਸ਼ਾਨ ਸਾਹਿਬ ਹੀ ਨਜ਼ਰ ਆਇਆ ਸੀ।

ਘਰ ਪੁੱਜਿਆ ਸਾਂ ਤਾਂ ਸਭ ਕੁਝ ਬਦਲ ਚੁੱਕਾ ਸੀ। ਪੁਰਾਣੇ ਘਰ ਦੀ ਥਾਂ ਪੱਕਾ ਨਵਾਂ ਘਰ ਬਣ ਚੁੱਕਿਆ ਸੀ। ਇਹ ਘਰ ਮੇਰੀ ਹੀ ਕਮਾਈ ਨਾਲ ਬਣਿਆ ਸੀ। ਮੇਰੇ ਛੋਟੇ ਭਰਾ ਅੱਗੇ ਅੱਗੇ ਹੋ ਕੇ ਮੈਨੂੰ ਸਭ ਕੁਝ ਦਿਖਾ ਰਹੇ ਸਨ। ਸਭ ਖ਼ੁਸ਼ ਸਨ। ਮਾਂ ਵੀ। ਬਾਪੂ ਵੀ। ਪਰ ਮੇਰੀਆਂ ਅੱਖਾਂ ਉਸ ਘਰ ਨੂੰ ਤਲਾਸ਼ ਰਹੀਆਂ ਸਨ, ਜਿਸ ਨੂੰ ਮੈਂ ਛੱਡ ਕੇ ਗਿਆ ਸੀ। ਮੈਂ ਤਾਂ ਉਸੇ ਘਰ ਪਰਤਣ ਦੇ ਸੁਪਨੇ ਦੇਖਦਾ ਰਿਹਾ ਸੀ ਤੇ ਅਚੇਤ ਹੀ ਉਸ ਘਰ ਨੂੰ ਢਾਅ ਕੇ ਨਵਾਂ ਘਰ ਬਣਾਉਣ ਲਈ ਪੈਸੇ ਭੇਜਦਾ ਰਿਹਾ ਸੀ...।

ਅਗਲੀ ਵਾਰ ਆਇਆ ਸਾਂ ਤਾਂ ਬਾਪੂ ਹਸਪਤਾਲ ਸੀ। ਜਿਵੇਂ ਮੈਨੂੰ ਹੀ ਉਡੀਕ ਰਿਹਾ ਸੀ। ਮੈਂ ਪੁੱਜਾ ਸਾਂ ਤਾਂ ਅਗਲੇ ਹੀ ਦਿਨ ਉਹ ਚੱਲ ਵੱਸਿਆ ਸੀ। ਉਸ ਦੇ ਭੋਗ ਤੋਂ ਦਸਾਂ ਦਿਨਾਂ ਬਾਅਦ ਮੈਂ ਮੁੜਨ ਲੱਗਾ ਸਾਂ ਤਾਂ ਮਾਂ ਨੇ ਕਿਹਾ ਸੀ... ਕਿਹਾ ਨਹੀਂ, ਲੇਰ ਮਾਰੀ ਸੀ-ਵੇ ਪੁੱਤ ਹੁਣ ਮੈਨੂੰ ਕਿਸ ਆਸਰੇ ਛੱਡ ਚੱਲਿਐਂ...।

ਮਾਂ ਦੀ ਇਸ ਲੇਰ ਨਾਲ ਮੇਰਾ ਦਿਲ ਚੀਰਿਆ ਜਿਹਾ ਗਿਆ ਸੀ। ਭਰਾਵਾਂ ਨੇ ਮਾਂ ਨੂੰ ਸਮਝਾਇਆ ਸੀ-ਅਸੀਂ ਜੁ ਹਾਂ, ਮਾਂ। ਤੂੰ ਕਿਉਂ ਘਬਰਾਉਂਦੀ ਏਂ। ਭਾਅ ਦਾ ਉਥੇ ਘਰ ਐ। ਬਾਲ ਪਰਿਵਾਰ ਐ। ਉਸ ਨੇ ਤਾਂ ਮੁੜਨਾ ਈ ਐ...।

ਉਹਨਾਂ ਠੀਕ ਹੀ ਕਿਹਾ ਸੀ, ਪਰ ਫਿਰ ਵੀ ਮੈਨੂੰ ਲੱਗਾ ਸੀ, ਉਹਨਾਂ ਦੀ ਇਸ ਗੱਲ ਨੇ ਮੈਨੂੰ ਅਲੱਗ ਜਿਹਾ ਕਰ ਦਿੱਤਾ ਸੀ। ਉਦੋਂ ਵੀ ਮਾਂ ਭਰਾਵਾਂ ਦੇ ਰੋਕਦਿਆਂ ਰੋਕਦਿਆਂ ਬਸੀਮੇ ਤੱਕ ਤੁਰੀ ਆਈ ਸੀ। ਬੜੀ ਮੁਸ਼ਕਲ ਉਸ ਨੂੰ ਮੋੜਿਆ ਸੀ। ਪਰ ਉਹ ਕੁਝ ਦੂਰ ਜਾ ਕੇ ਖੜ੍ਹ ਗਈ ਸੀ। ਦੂਰ ਤੱਕ ਮੈਂ ਮੁੜ ਮੁੜ ਦੇਖਦਾ ਰਿਹਾ ਸੀ, ਉਹ ਉਥੇ ਖੜ੍ਹੀ ਹੀ ਦੇਖਦੀ ਰਹੀ ਸੀ।

ਉਸ ਦੇ ਇੰਝ ਦੇਖੀ ਜਾਣ ਨੇ ਮੈਨੂੰ ਬਹੁਤ ਭਾਵੁਕ ਕਰ ਦਿੱਤਾ ਸੀ। ਮੈਂ ਫ਼ੈਸਲਾ ਜਿਹਾ ਕਰ ਲਿਆ ਸੀ, ਬਹੁਤ ਖੱਟ ਕਮਾ ਲਿਆ ਹੈ। ਜਲਦ ਮੁੜ ਆਵਾਂਗਾ। ਪਿੰਡ ਰਹਾਂਗਾ ਤੇ ਮਾਂ ਦੀ ਸੇਵਾ ਕਰਾਂਗਾ।

ਭਰਾਵਾਂ ਨੇ ਦੱਸਿਆ ਸੀ, ਲਾਗਲੇ ਪਿੰਡ ਵੀਹ ਏਕੜ ਜ਼ਮੀਨ ਵਿਕਾਊ ਹੈ। ਮੈਂ ਉਹ ਖ਼ਰੀਦਣ ਦਾ ਫ਼ੈਸਲਾ ਕਰ ਲਿਆ ਸੀ। ਆਪਣੀ ਪਤਨੀ ਨਾਲ ਸਲਾਹ ਕੀਤੀ ਸੀ। ਉਹ ਜ਼ਮੀਨ ਖ਼ਰੀਦ ਲਈ ਸੀ, ਪਰ ਬੱਚੇ ਪਰਤਣ ਨੂੰ ਨਾ ਮੰਨੇ। ਕੁਝ ਸਾਲ ਅਜੀਬ ਸ਼ਸ਼ੋਪੰਜ ਵਿਚ ਗੁਜ਼ਰੇ। ਇਸੇ ਦੌਰਾਨ ਹੀ ਮਾਂ ਚੱਲ ਵਸੀ...।

ਮੈਂ ਮਾਂ ਦੇ ਭੋਗ ’ਤੇ ਵੀ ਨਾ ਆਇਆ। ਸ਼ਾਇਦ ਅਜਿਹਾ ਕਰ ਕੇ ਮੈਂ ਆਪਣੇ ਆਪ ਨੂੰ ਸਜ਼ਾ ਦੇ ਲਈ ਸੀ। ਸੋਚਿਆ ਸੀ-ਮਾਂ ਦੀ ਸੇਵਾ ਤਾਂ ਕੀਤੀ ਨਾ, ਇਹ ਫਾਲਤੂ ਰਸਮਾਂ ਵਿਚ ਪੁੱਜਣ ਦਾ ਕੀ ਫ਼ਾਇਦਾ?

ਉਸ ਤੋਂ ਬਾਅਦ ਜਦ ਵੀ ਪਰਤਿਆ ਸਾਂ, ਇਕ ਮਹਿਮਾਨ ਵਾਂਗ, ਪਰਦੇਸੀ ਵਾਂਗ...। ਭਰਾਵਾਂ ਨੂੰ ਚਾਅ ਚੜ੍ਹ ਜਾਂਦਾ ਸੀ। ਭਰਜਾਈਆਂ ਹੱਸ ਹੱਸ ਸੇਵਾ ਕਰਦੀਆਂ ਸਨ। ਮੈਂ ਜਦ ਵੀ ਵਾਪਸ ਆ ਕੇ ਪਿੰਡ ਵਸਣ ਦੀ ਗੱਲ ਕਰਦਾ ਸਾਂ। ਭਰਾ ਹੱਸ ਛੱਡਦੇ ਸਨ-ਭਾਅ, ਤੇਰੇ ਤੋਂ ਕਿੱਥੇ ਇਥੇ ਆ ਕੇ ਰਹਿ ਹੁਣਾਂ। ਉਥੋਂ ਦੇ ਸੁੱਖ ਆਰਾਮ ਏਥੇ ਕਿੱਥੇ...।

ਮੈਂ ਜਦ ਵੀ ਨਾਲ ਦੇ ਪਿੰਡ ਲੱਗਦੀ ਜ਼ਮੀਨ ਦੀ ਗੱਲ ਕਰਦਾ, ਉਸ ਦੀ ਆਮਦਨ ਬਾਰੇ ਪੁੱਛਦਾ, ਉਹ ਹੱਸ ਕੇ ਟਾਲ ਦਿੰਦੇ-ਭਾਅ, ਖੇਤੀ ’ਚ ਅੱਜ ਕੱਲ੍ਹ ਕੋਈ ਆਮਦਨ ਨਹੀਂ। ਮਸਾਂ ਲੱਗ ਲਬੇੜ ਹੀ ਹੁੰਦੈ।

ਮੈਂ ਕਦੇ ਵੀ ਉਹਨਾਂ ਨਾਲ ਹਿਸਾਬ ਕਿਤਾਬ ਕਰਨ ਦਾ ਹੌਸਲਾ ਨਹੀਂ ਸੀ ਕਰ ਸਕਿਆ। ਖ਼ਾਨਦਾਨੀ ਜ਼ਮੀਨ ਦਾ ਨਾ ਸਹੀ, ਮੇਰੀ ਆਪਣੀ ਖ਼ਰੀਦੀ ਜ਼ਮੀਨ ਦਾ ਮੈਨੂੰ ਕੋਈ ਸੁੱਖ ਨਹੀਂ? ਮੈਨੂੰ ਕੁਝ ਨਾ ਵੀ ਦੇਣ, ਪਰ ਕੁਝ ਦੱਸਣ ਤਾਂ ਸਹੀ, ਪਰ ਉਹ ਕੁਝ ਮੇਰੇ ਹੱਥ ’ਤੇ ਧਰਨ ਦੀ ਥਾਂ ਮੈਥੋਂ ਹੀ ਕਿਸੇ ਨਾ ਕਿਸੇ ਬਹਾਨੇ ਕੁਝ ਨਾ ਕੁਝ ਝਾੜ ਲੈਂਦੇ ਸਨ। ਕਦੇ ਮੋਟਰ ਖ਼ਰਾਬ, ਕਦੇ ਟਰੈਕਟਰ ਖ਼ਰਾਬ..। ਮੇਰੇ ਹੀ ਖ਼ਰੀਦ ਕੇ ਦਿੱਤੇ ਟਰੈਕਟਰ ਦਾ ਮੈਨੂੰ ਫ਼ਾਇਦਾ ਤਾਂ ਕਦੇ ਨਹੀਂ ਸੀ ਹੋਇਆ, ਉਸ ’ਤੇ ਖ਼ਰਚਾ ਜ਼ਰੂਰ ਕਰਨਾ ਪੈ ਜਾਂਦਾ ਸੀ।

ਹੁਣ ਜ਼ਿੰਦਗੀ ਦਾ ਆਖ਼ਰੀ ਪਹਿਰ ਆ ਗਿਆ ਸੀ। ਨੌਕਰੀ ਤੋਂ ਰਿਟਾਇਰ ਹੋ ਗਿਆ ਸਾਂ। ਨੂੰਹਾਂ ਪੁੱਤਾਂ ਵਿਚ ਰਹਿੰਦਿਆਂ, ਜਦ ਵੀ ਕੋਈ ਉਦਾਸੀ ਹੁੰਦੀ, ਮੈਂ ਪਿੰਡ ਜਾ ਕੇ ਵਸਣ ਦੇ ਸੁਪਨੇ ਲੈਣ ਲੱਗ ਜਾਂਦਾ ਸਾਂ। ਮੇਰੀ ਪਤਨੀ ਵੀ ਆਖਦੀ-ਦੂਰ ਰਹਾਂਗੇ, ਤਾਂ ਪਿਆਰ ਮੁਹੱਬਤ ਬਣਿਆ ਰਹੂ। ਉਂਝ ਵੀ ਪਿੰਡ ’ਚ ਆਰਾਮ ਨਾਲ ਰਹਾਂਗੇ।

ਤੇ ਇਸ ਵਾਰ ਮੈਂ ਫ਼ੈਸਲਾ ਕਰ ਕੇ ਆਇਆ ਸਾਂ ਕਿ ਭਰਾਵਾਂ ਨੂੰ ਆਖਾਂਗਾ, ਤੁਸੀਂ ਬਥੇਰੀ ਕਮਾਈ ਖਾ ਲਈ। ਹੁਣ ਬੁਢਾਪੇ ਵਿਚ ਮੇਰੀ ਜ਼ਮੀਨ ਮੈਨੂੰ ਦੇ ਦਿਉ। ਬੁਢਾਪੇ ਵਿਚ ਤਾਂ ਮੈਂ ਆਰਾਮ ਨਾਲ ਬੈਠ ਕੇ ਆਪਣੀ ਕਮਾਈ ਦਾ ਸੁੱਖ ਮਾਣ ਸਕਾਂ।

ਢੰਗੀਂ ਢੰਗੀਂ ਜਦ ਮੈਂ ਇਹ ਗੱਲ ਭਰਾਵਾਂ ਨਾਲ ਕੀਤੀ ਤਾਂ ਉਹਨੀਂ ਸੰਜੀਦਗੀ ਨਾਲ ਲਈ ਹੀ ਨਾ। ਛੋਟਾ ਕਹਿਣ ਲੱਗਾ-ਭਾਅ ਤੈਥੋਂ ਨਹੀਂ ਰਿਹਾ ਜਾਣਾ ਹੁਣ ਏਥੇ। ਉਥੋਂ ਵਾਲੇ ਸੁੱਖ ਆਰਾਮ ਏਥੇ ਕਿੱਥੇ। ਨਾਲੇ ਜ਼ਮੀਨਾਂ ਚੋਂ ਅੱਜ ਕੱਲ੍ਹ ਕਿਤੇ ਕਮਾਈਆਂ ਹੁੰਦੀਆਂ? ਜਿੰਮੀਦਾਰ ਤਾਂ ਏਥੇ ਖੁਦਕੁਸ਼ੀਆਂ ਕਰਦੇ ਫਿਰਦੇ ਆ...।
ਦੂਜਾ ਭਰਾ ਕੁਝ ਬੋਲਿਆ ਹੀ ਨਹੀਂ ਸੀ।
ਜਦ ਮੈਂ ਜ਼ੋਰ ਦੇ ਕੇ ਕਿਹਾ-ਤੁਹਾਡੀ ਭਰਜਾਈ ਵੀ ਚਾਹੁੰਦੀ ਐ, ਅਸੀਂ ਪਿੰਡ ਆ ਕੇ ਰਹੀਏ।

ਛੋਟੇ ਭਰਾ ਨੇ ਏਨਾ ਹੀ ਕਿਹਾ-ਕਰ ਲਉ ਵਿਚਾਰ। ਉਂਝ ਹੈ ਔਖ ਈ...।
ਇਕ ਦਿਨ ਬਾਹਰੋਂ ਖੇਤਾਂ ਚੋਂ ਆਇਆ ਤਾਂ ਮੇਰੇ ਕੰਨੀ ਛੋਟੇ ਭਰਾ ਦੇ ਵੱਡੇ ਪੁੱਤਰ ਦੀ ਆਵਾਜ਼ ਪਈ-ਤੁਸੀਂ ਉਸ ਨੂੰ ਦੱਸਦੇ ਕਿਉਂ ਨਹੀਂ। ਉਸ ਦੀ ਕਿਹੜੀ ਜ਼ਮੀਨ? ਜ਼ਮੀਨ ਤਾਂ ਸਾਡੇ ਨਾਂ ਐ।

ਛੋਟੀ ਭਰਜਾਈ ਆਖ ਰਹੀ ਸੀ-ਨਾ ਅਮਰੀਕਾ ਦੀ ਕਮਾਈ ਨਾਲ ਉਹਦਾ ਢਿੱਡ ਨਈਂ ਭਰਿਆ, ਜੋ ਹੁਣ ਭਰਾਵਾਂ ਦੇ ਜੀਆਂ ਮੂੰਹੋਂ ਰੋਟੀ ਖੋਹਣ ਨੂੰ ਫਿਰਦੈ...।
ਮੈਂ ਬਿਨਾਂ ਬਿੜਕ ਕੀਤਿਆਂ ਘਰੋਂ ਬਾਹਰ ਆ ਗਿਆ। ਹਵੇਲੀ ਆ ਕੇ ਲੇਟ ਗਿਆ। ਕੁਝ ਦੇਰ ਬਾਅਦ ਨਿੱਕਾ ਭਰਾ ਆਇਆ। ਕਹਿਣ ਲੱਗਾ-ਭਾਅ! ਤੂੰ ਘਰ ਰੋਟੀ ਖਾਣ ਨਹੀਂ ਆਇਆ।
ਮੈਂ ਏਨਾ ਹੀ ਕਿਹਾ-ਪਤਾ ਨਹੀਂ, ਅੱਜ ਭੁੱਖ ਈ ਨਹੀਂ।
-ਚੱਲ ਕੋਈ ਨਈਂ। ਠਹਿਰ ਕੇ ਖਾ ਲਈਂ।

ਪਰ ਠਹਿਰ ਕੇ ਵੀ ਮੇਰਾ ਕੁਝ ਖਾਣ ਨੂੰ ਚਿੱਤ ਨਾ ਕੀਤਾ। ਰਾਤੀਂ ਨੀਂਦ ਵੀ ਚੱਜ ਨਾਲ ਨਾ ਆਈ। ਭਰਜਾਈ ਦੀ ਗੱਲ ਵਾਰ ਵਾਰ ਕੰਨਾਂ ਵਿਚ ਗੂੰਜਦੀ ਰਹੀ-ਨਾ ਅਮਰੀਕਾ ਦੀ ਕਮਾਈ ਨਾਲ ਉਹਦਾ ਢਿੱਡ ਨਹੀਂ ਭਰਿਆ, ਜੋ ਹੁਣ ਭਰਾਵਾਂ ਦੇ ਜੀਆਂ ਮੂੰਹੋਂ ਰੋਟੀ ਖੋਹਣ ਨੂੰ ਫਿਰਦੈ..।
ਅਗਲੇ ਦਿਨ ਤੁਰਨ ਲੱਗਾ ਤਾਂ ਭਰਾਵਾਂ ਨੇ ਨਾਲ ਤੋਰਨ ਆਉਣਾ ਚਾਹਿਆ।
ਮੈਂ ਵਰਜ ਦਿੱਤਾ। ਉਹਨਾਂ ਵੀ ਬਹੁਤਾ ਖਹਿੜਾ ਨਾ ਕੀਤਾ। ਛੋਟੀ ਭਰਜਾਈ ਨੇ ਪੈਰੀਂ ਹੱਥ ਲਾਇਆ। ਮੈਂ ਸਿਰ ’ਤੇ ਹੱਥ ਰੱਖ ਕੇ ਅਸੀਸ ਦਿੱਤੀ-ਰਾਜ਼ੀ ਖੁਸ਼ੀ ਵਸੋ।
ਉਸ ਦਾ ਪੁੱਤਰ ਜੱਫ਼ੀ ਪਾ ਕੇ ਮਿਲਿਆ। ਮੈਂ ਉਸ ਨੂੰ ਕਲਾਵੇ ਵਿਚ ਲੈ ਕੇ ਕਿਹਾ-ਜਵਾਨੀਆਂ ਮਾਣੋ। ਰੱਜ ਰੱਜ ਕਮਾਈਆਂ ਕਰੋ...।
ਮੈਂ ਭਰੇ ਮਨ ਨਾਲ ਤੁਰਦਾ ਤੁਰਦਾ ਪਿੰਡ ਦੇ ਬਸੀਮੇ ਤੱਕ ਆ ਗਿਆ। ਇਕ ਵਾਰ ਪਿੱਛੇ ਮੁੜ ਕੇ ਦੇਖਣ ਨੂੰ ਰੂਹ ਕੀਤੀ...।
ਗੁਰਦੁਆਰੇ ਦਾ ਨਿਸ਼ਾਨ ਸਾਹਿਬ ਝੂਲ ਰਿਹਾ ਸੀ। ਮੈਂ ਇਕੱਲਾ ਖੜ੍ਹਾ ਸਾਂ।
ਮੇਰੀਆਂ ਅੱਖਾਂ ਭਰ ਆਈਆਂ। ਮਾਂ ਦੀ ਆਵਾਜ਼ ਕੰਨੀ ਪਈ-ਨਾ ਵੇ ਪੁੱਤ। ਦਿਲ ਛੋਟਾ ਨਾ ਕਰ। ਪਰਦੇਸ ਚੱਲਿਆਂ ਤਾਂ ਕੀ ਹੋਇਆ। ਇਹ ਘਰ ਤੇਰਾ ਈ ਐ। ਤੇਰਾ ਈ ਰਹਿਣੈ... ਖੱਟ ਕਮਾ ਕੇ ਸੁਖੀ ਸੁਖੀ ਆ..।
ਮੈਂ ਆਪਣਾ ਹੱਥ ਆਪਣੇ ਮੋਢੇ ’ਤੇ ਰੱਖਿਆ। ਬਾਪੂ ਦਾ ਬੁੱਢਾ ਹੱਥ ਟੋਲ੍ਹਿਆ, ਪਰ ਉਹ ਤਾਂ ਉਥੇ ਹੈ ਹੀ ਨਹੀਂ ਸੀ...।
ਮੇਰਾ ਹਾਉਕਾ ਜਿਹਾ ਨਿਕਲ ਗਿਆ। ਮੈਂ ਅੱਖਾਂ ਪੂੰਝੀਆਂ। ਪਹਿਲੀ ਵਾਰ ਤੋਰਨ ਆਏ ਇਕ ਇਕ ਨੂੰ ਦਿਲ ਵਿਚ ਅਲਵਿਦਾ ਆਖੀ ਤੇ ਪਿੰਡ ਵੱਲ ਪਿੱਠ ਕਰ ਕੇ ਤੁਰ ਪਿਆ। ਮੈਂ ਕਈ ਵਾਰ ਪਿੱਛੇ ਮੁੜ ਕੇ ਦੇਖਿਆ....।
...ਪਰ ਮਾਂ ਕਿਤੇ ਵੀ ਖਲੋਤੀ ਨਹੀਂ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਬਲਦੇਵ ਸਿੰਘ ਗਰੇਵਾਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ