Khoonkhar (Punjabi Story) : Manjot Kaur

ਖੂੰਖਾਰ (ਕਹਾਣੀ) : ਮਨਜੋਤ ਕੌਰ

ਗੱਲ ਉਹਨਾਂ ਦਿਨਾਂ ਦੀ ਏ , ਜਦੋਂ ਊਠਾਂ ' ਤੇ ਹੀ ਸਫ਼ਰ ਕਿੱਤਾ ਜਾਂਦਾ ਸੀ। ਅਨਾਜ਼ ਦੀ ਖੇਤੀ ਵਿੱਚੋਂ ਜੋ ਵੀ ਉਪਜ ਹੁੰਦੀ , ਘਰ ਖਾਣ ਨੂੰ ਰੱਖ ਕੇ ਬਾਕੀ ਅਨਾਜ਼ ਊਠਾਂ ਉੱਤੇ ਲੱਦ ਕੇ ਦੂਸਰੇ ਇਲਾਕਿਆਂ ਵਿੱਚ ਵੇਚ ਦਿੱਤਾ ਜਾਂਦਾ, ਜਿੱਸ ਨਾਲ ਹਾੜ੍ਹੀ ਸਾਉਣੀ ਘਰ ਦਾ ਖਰਚਾ ਨਿੱਕਲ ਜਾਂਦਾ ਸੀ। ਮਗਰ ਇਕ ਤਾਂ ਊਠਾਂ 'ਤੇ ਸਫ਼ਰ ਕਰਨਾ ਔਖ਼ਾ ਸੀ ਦੂਸਰਾ ਰਾਸਤੇ ਜੰਗਲਾਂ ਤਾਈਂ ਹੋਕੇ ਨਿੱਕਲਦੇ ਸਨ। ਪੂਰੇ ਸਫ਼ਰ ਦੌਰਾਨ ਮੌਤ ਹਮਸਾਏ ਵਾਂਗ ਨਾਲ ਤੁਰਦੀ ਸੀ।

" ਅੱਜ ਤਾਂ ਸੁਵਖਤੇ ਹੀ ਅੱਖ ਖੁੱਲ੍ਹ ਗਈ , ਖ਼ੈਰ ਚੰਗਾ ਹੀ ਹੋਇਆ ਉਂਝ ਵੀ ਅੱਜ ਅਨਾਜ਼ ਲੈਕੇ ਛੱਪੜੀ ਵਾਲੇ ਪਿੰਡ ਜਾਣਾ ਏ । ਹੈ ਤਾਂ ਖਾਸਾ ਦੂਰ ਦਾ ਪੈਂਡਾ , ਮਗਰ ਗਾਲਬਨ ਅਨਾਜ਼ ਦਾ ਦਾਮ ਚੋਖਾ ਮਿਲ਼ ਜਾਊ " ਸੋਚਦਿਆਂ ਦੋਨੋਂ ਹੱਥ ਧਰਤੀ ਨੂੰ ਛੂਹ ਕੇ ਸ਼ੁੱਕਰ ਕਿੱਤਾ,ਫ਼ਿਰ ਉਪਰ ਵਾਲੇ ਨੂੰ ਸਲਾਮ ਕਰਦਿਆਂ ਮੰਜੇ ਦੀ ਜਾਨ ਸੌਖੀ ਕੀਤੀ 'ਤੇ ਆਪਣੇ ਪੈਰਾਂ ਨੂੰ ਕਸ਼ਟ ਸਹਿਣ ਲਈ ਕਿਹਾ। ਉਮਰ ਆਪਣੇ ਰੰਗ ਦਿਖਾਉਣ ਲੱਗ ਪਈ 'ਤੇ ਸਰੀਰ ਅਪਣੇ । ਉੱਠ ਮੈਂ ਪਸ਼ੂਆਂ ਨੂੰ ( ਜਿਹੜੇ ਕੱਲ੍ਹ ਤੋਂ ਲਗਾਤਾਰ ਹੋ ਰਹੇ ਮੀਂਹ ਦੇ ਮੌਸਮ ਦੀ ਮਾਰ ਤੋਂ ਬਚਾਉਣ ਲਈ ਅੰਦਰ ਬੱਝੇ ਹੋਏ ਸਨ। ) ਬਾਹਰ ਕੱਢ , ਟੋਕਾ - ਟੋਕਾ ਕੂ ਤੂੜੀ ਦਾ ਖੁਰਲੀ ਵਿੱਚ ਸੁੱਟ ਥੋੜ੍ਹੀ ਫ਼ੁਰਤੀ ਨਾਲ ਅੰਦਰ ਵੱਲ ਨੂੰ ਹੋ ਵਰਾਂਡੇ ਵਿੱਚ ਡਿੱਠੀ ਕੁਰਸੀ ਉੱਤੇ ਜਾ ਬੈਠਿਆ।

" ਆ ਪਰਕਾਸ਼ ਕੌਰੇ... ਮੈਂ ਕਿਹਾ, ਲਿਆ ਦੋ ਘੁੱਟ ਚਾਹ ਦੇ ਪਿਆ ਦੇ , ਸਰੀਰ ਤਾਜ਼ਾ ਕਰੀਏ "

ਅੰਦਰੋਂ ਘਰਵਾਲੀ ਨੇ ਖਿਝੀ ਹੋਈ ਨੇ ਬੂਹਾ ਖੋਲ੍ਹ ਚਾਹ ਦਾ ਗਿਲਾਸ , ਜਿਹੜਾ ਪੋਟਾ ਕੂ ਹੀ ਉਣਾ ਸੀ ਕੁਰਸੀ ਲਾਗੇ ਲਿਆ ਧਰਿਆ। ਗੁੱਸੇ ਦਾ ਤਾਪਮਾਨ ਐਨਾ ਸੀ ਕਿ ਗਿਲਾਸ ਪਹਿਲਾਂ ਪੋਟਾ ਕੂ ਉਣਾ ਸੀ ਫਿਰ ਪੋਟਾ ਕੂ ਹੀ ਰਹਿ ਗਿਆ। ਗਿਲਾਸ ਰੱਖਦਿਆਂ ਹੀ ਚਾਹ ਉੱਛ‌‌ਲ ਕੇ ਉਹਦੇ ਆਪਣੇ ਹੀ ਹੱਥ 'ਤੇ ਜਾ ਪਈ। ਗੁੱਸਾ ਖੌਰੇ ਕਿਹੜੀ ਗੱਲ ਦਾ ਕਿੱਸ 'ਤੇ ਸੀ , ਚਮੜੀ ਅਪਣੀ ਸਾੜ ਲਈ । ਉਹ ਕਹਿੰਦੇ ਨੇ ਸਿਆਣੇ ਗ਼ੁੱਸੇ ਵਿੱਚ ਇਨਸਾਨ ਅਪਣਾ ਹੀ ਨੁਕਸਾਨ ਕਰਦਾ ਏ।

__ ਖ਼ੈਰ , ਮੈਂ ਚਹਿਕਦੇ ਪਰਿੰਦੇ 'ਤੇ ਠੰਢੀ - ਠੰਢੀ ਮਿੱਠੀ- ਮਿੱਠੀ ਪੌਣ ਨੂੰ ਮਾਣਦੇ ਹੋਏ ਨੇ ਚਾਹ ਦੀਆਂ ਚੁੱਸਕੀਆਂ ਦਾ ਆਨੰਦ ਲਿਆ । ਕੁੱਝ ਕੂ ਪਲਾਂ ਮਗਰੋਂ ਬਿੱਕਰ ਸਿਉਂ ਊਂਠ ਲੈਕੇ ਆ ਗਿਆ , " ਜੈ ਮਹਾਰਾਜ ਦੀ , ਕੱਲਗੀਆਂ ਵਾਲੇ ਦੀ ਕਿਵੇਂ ਨੇ ਸਿਹਤਾਂ ਭਾ ? "

" ਚੜ੍ਹਦੀ ਕਲਾ , ਚੜ੍ਹਦੀ ਕਲਾ ! ਤੂੰ ਸੁਣਾ ਸਫ਼ਰ ਲੰਬਾ ਕਰ ਆਇਆਂ ਏ , ਰਾਹਾਂ ਨੇ ਸਾਥ ਨੀ ਛੱਡਿਆ ਸੌਖਾ।"

" ਭਾ ਤੈਂਨੂੰ ਵੀ ਪਤਾ ਏ , ਇਹ ਰਾਹ ਮੌਤ ਤੱਕ ਸਾਥ ਨੀ ਛੱਡਦੇ 'ਤੇ ਨਾ ਬੰਦਾ ਇਹਨਾਂ ਰਾਹਾਂ ਤੋਂ ਅੱਕਦਾ ਏ । ਜੇਕਰ ਅੱਕ ਵੀ ਜਾਵੇ ਤਾਂ ਲੋੜਾਂ ਕੋਹਾਂ ਦੂਰ ਲਿਜਾ ਛੱਡਦੀਆਂ ਨੇ , ਕਿ ਬੰਦਾ ਫ਼ਿਰ ਉਨ੍ਹੀਂ ਰਾਹੀਂ ਤੁਰਨ ਨੂੰ ਮਜ਼ਬੂਰ ਹੋ ਜਾਂਦਾ ਏ। "

" ਹਮਮ.... ਮ ... , ਚੱਲ ਆ ਬੈਠ , ਉਹ ਮੰਜੀ ਉਰਾਂ ਨੂੰ ਫੜ ਲੈ।

ਨਾਲ ਹੀ ਫਿਰ ਘਰਵਾਲੀ ਨੂੰ ਆਵਾਜ਼ ਦਿੰਦਾ ਹੋਇਆ , " ਆ.... ਸਰਦਾਰਨੀਏ ਜਵਾਕ ਭਲਾ ਕਿੱਥੇ ਨੇ ? ਬਿੱਕਰ ਸਿਉਂ ਆਇਆ ਜੇ , ਚਾਹ ਦੀ ਪਿਆਲੀ ਹੀ ਭਿਜਵਾ ਦਿੰਦੀ ।

ਇਸ ਤੋਂ ਪਹਿਲੋਂ ਕਿ ਉਹ ਕੁੱਝ ਬੋਲਦੀ , " ਨਾ - ਨਾ ਭਾ , ਮੈਂ ਤਾਂ ਅੱਗੇ ਹੀ ਕਾਹਲ ਵਿੱਚ ਹਾਂ , ਨਾ ਭਾਭੀ ਚਾਹ ਨਾ ਲਿਆਵੀਂ।"

ਬੱਸ ਮੁੱਕ ਚੱਲਿਆ ਸਫ਼ਰ ਵੀ , ਹੋਰ ਥੋੜ੍ਹੇ ਕਦਮ ਨੇ । ਹੋਰ ਸੁਣਾ ਦੇਰ ਕਿਉੰ ਹੋ ਗਈ? ਤੂੰ ਤਾਂ ਕੱਲ ਵਾਪਿਸ ਆਉਣ ਵਾਲ਼ਾ ਸੀ? "

" ਹਾਂ ਸੱਚ ਭਾ , ਫ਼ਕੀਰੀ ਦੀ ਕੁਟੀਆ ਦੇ ਲਾਗੇ ਜਿਹੜੇ ਉੱਚੇ ਕੋਠੇ ਵਾਲੇ ਘਰ ਦੇ ਪੋਤੇ ਦੀ ਰੂਹ ਅਕਾਲ ਨੂੰ ਜਾ ਮਿਲੀ ਕੱਲ।"

" ਹੈਂ... ! , ਉਹ ਤਾਂ ਅਜੇ ਲੈਰਾ ਹੀ ਹੋਊ ਆਪਣੇ ਜੁਆਕਾਂ ਵਰਗਾ।"

" ਹਾਂ ਸੀ ਤਾਂ , ਉਹ ਨਹਿਰ ਦੇ ਚੜ੍ਹਦੇ ਪਾਸੇ ਵੱਲ ਕੋਈ ਖੂੰਖਾਰ ਫ਼ਿਰ ਰਿਹਾ ਮਸਤਿਆ ਹੋਇਆ ਕਈ ਦਿਨਾਂ ਤੋਂ। ਤੂੰ ਵੀ ਥੋੜ੍ਹਾ ਧਿਆਨ ਨਾਲ ਜਾਵੀਂ , ਸੁਣਿਆ ਉਹਨੇ ਹੀ ਜਵਾਕ ' ਤੇ ਹਮਲਾ ਕਿੱਤਾ ਸੀ ।"

" ਚਲ ਸੋਹਰੀ ਦਿਆ , ਕਮਲੀਆਂ ਨਾ ਮਾਰ , ਲੁਟੇਰੇ ਅਪਨਾ ਹੱਥ ਸਾਫ ਕਰ ਗਏ ਹੁਣੇ ਨੇ , ਲੋਕ ਇੰਨੇ ਸਾਲਾਂ ਤੋਂ ਐਵੀ ਵਹਿਮ ਪਾਲੀ ਬੈਠੇ ਨੇ ਖੂੰਖਾਰ ਦਾ।"

" ਹੋ ਵੀ ਸਕਦਾ ! ਫਿਰ ਵੀ ਧਿਆਨ ਰੱਖੀ , ਚੱਲ ਮੈਂ ਚੱਲਦਾਂ ।"

ਉਸ ਦੀ ਇਸ ਗੱਲ ਨੇ ਮਨ ਥੋੜ੍ਹਾ ਬੇਚੈਨ ਕਰ ਦਿੱਤਾ । ਫਿਰ ਖਿਆਲ ਨੂੰ ਠੰਢੀ ਰੁੱਤ ਦੇ ਹਵਾਲੇ ਕਰ , ਹੌਸਲੇ ਨੂੰ ਡੰਡੀ ਦਿਖਾ ਦਿੱਤੀ। ਊਂਠ 'ਤੇ ਅਨਾਜ਼ ਦੀਆਂ ਬੋਰੀਆਂ ਰੱਖ ਮੈਂ ਸਫ਼ਰ ਦੀ ਹਿੱਕ 'ਤੇ ਪੈਰ ਧਰਿਆ। ਜਾਂਦਿਆਂ ਹੋਇਆਂ ਜਦੋਂ ਸੂਰਜ ਢਲਣ ਲੱਗਾ ਤਾਂ ਮਨ ਦੋ ਚਿੱਤਾ ਜਿਹਾ ਹੋਣ ਲੱਗਿਆ , ਇਕ ਦਿੱਲ ਕਰੇ ਵਾਪਿਸ ਘਰ ਵੱਲ ਨੂੰ ਹੋ ਤੁਰਿਆ ਜਾਵੇ ਤੇ ਕਦੀ ਖਿਆਲ ਆਵੇ ਅਨਾਜ਼ ਨਾ ਵੇਚਿਆ ਤਾਂ ਘਰ ਦਾ ਖ਼ਰਚ ਕਿੱਥੋਂ ਚੱਲੂ । ਜਿਗਰਾ ਮਜ਼ਬੂਤ ਕਰ ਮੈਂ ਰਫ਼ਤਾਰ ਥੋੜ੍ਹੀ ਤੇਜ਼ ਕੀਤੀ। ਇੰਨੇ ਨੂੰ ਮੈਂਨੂੰ ਥੋੜ੍ਹੀ ਦੂਰ ਰੌਸ਼ਨੀ ਜਿਹੀ ਵਿਖਾਈ ਦਿੱਤੀ। ਮੈਂਨੂੰ ਖਿਆਲ ਆਇਆ ਲਾਗੇ ਹੀ ਸ਼ਮਸ਼ਾਨ ਘਰ ਏ , ਮੈਂ ਥੋੜ੍ਹਾ ਫੁਰਤੀ ਨਾਲ ਅੱਗੇ ਵਧਿਆ ਤਾਂ ਉੱਥੇ ਕਿੱਸੇ ਦਾ ਮਸਾਣ ਜਲ ਰਿਹਾ ਸੀ। ਮੈਂ ਲਾਗੇ ਜਾਕੇ ਊਂਠ ਨੂੰ ਇਕ ਪਾਸੇ ਬੰਨ੍ਹ, ਆਪ ਜਲਦੇ ਮਸਾਣ ਲਾਗੇ ਚਾਦਰ ਰੱਖ ਬਹਿ ਗਿਆ। ਸ਼ੁੱਕਰ ਕਰ ਰਿਹਾ ਸੀ ਮਾਲਕ ਦਾ ਕਿ ਰਾਤ ਕੱਟਣ ਲਈ ਕੋਈ ਸਹਾਰਾ ਮਿਲਿਆ, ਸੁਣਿਆ ਸੀ ਕੇ ਜਾਨਵਰ ਅੱਗ ਲਾਗੇ ਕਦੀ ਨਹੀਂ ਆਉਂਦੇ ।ਇਹ ਗੱਲ ਵੀ ਸੁਣਦੇ ਆ ਰਹੇ ਸੀ ਕਿ ਸ਼ਮਸ਼ਾਨ ਉਸ ਮਾਲਕ ਦੀ ਹੌਂਦ ਦਾ ਘਰ ਕੇ , ਇਹਨੂੰ ਸੱਚਘਰ ਵੀ ਕਹਿੰਦੇ ਨੇ । ਖ਼ੈਰ , ਰਾਤ ਕੱਟਣ ਲਈ ਖਾਲੀ ਇਹੀ ਇਕ ਸਹਾਰਾ ਨਜ਼ਰੀਂ ਪਿਆ। ਐਨਾ ਡਰ ਮੈਂਨੂੰ ਸ਼ਮਸ਼ਾਨ ਤੋਂ ਨਹੀਂ ਲੱਗ ਰਿਹਾ ਸੀ ਜਿੰਨਾ ਰਾਤ ਦੇ ਹਨੇਰੇ ਦਾ ਭੈ ਸੀ। ਮੈਂ ਇਕੱਠਾ ਜਿਹਾ ਹੋ ਕੁੰਡਲੀ ਮਾਰ ਸੋ ਗਿਆ , ਐਸੀ ਅੱਖ ਲੱਗੀ ਕਿ ਅੱਖ ਬੜਾ ਵਡਾ ਦਿਨ ਚੜ੍ਹੇ 'ਤੇ ਖੁੱਲੀ । ਮੈਂ ਉੱਠ ਊਠ ਲੈ ਚਾਦਰ ਲੱਕ ਨਾਲ ਬੰਨ੍ਹ ਲੋਈ ਦੀ ਬੁੱਕਲ ਮਾਰ ਅਪਣੀ ਮੰਜ਼ਿਲ ਵੱਲ ਤੁਰ ਪਿਆ। ਪੁੱਜ ਕਿ ਮੈਂ ਵਧੀਆ ਦਾਮ ਤੇ ਅਨਾਜ ਵੇਚ ਕੇ ਕਾਫ਼ੀ ਪੂੰਜੀ ਇਕੱਠੀ ਕਰ ਲਈ 'ਤੇ ਉਸ ਹੀ ਸ਼ਾਮ ਵਾਪਿਸ ਤੁਰ ਪਿਆ। ਮੌਸਮ ਖਰਾਬ ਹੋਣ ਦੇ ਹਾਲਾਤ ਬਣ ਰਹੇ ਸੀ 'ਤੇ ਸੋਚਿਆ ਰਾਤ ਹੋਣ ਤੋਂ ਪਹਿਲਾਂ ਘਰ ਪੁੱਜ ਜਾਵਾਂ। ਮੈਂ ਵਾਪਸੀ ਦਾ ਸਫ਼ਰ ਸ਼ੁਰੂ ਕਰ ਦਿੱਤਾ , ਉਹੀ ਰਾਹ ਮੈਂਨੂੰ ਮੁੜ ਫੜਨਾ ਪਿਆ ਜਿਸ ਰਾਹੇ ਮੈਂ ਆਇਆ ਸੀ। ਆਰਾਮ ਵੀ ਨਹੀਂ ਸੀ ਕਰ ਸਕਦਾ ਮੈਨੂੰ ਜੰਗਲ ਪਾਰ ਕਰਨ ਦੀ ਕਾਹਲ ਜੋ ਸੀ , ਇਕ ਤਾਂ ਮੌਸਮ ਦੀ ਚੇਤਾਵਨੀ ਉੱਤੋਂ ਇਸ ਵਾਰ ਤਾਂ ਕੋਈ ਮਸਾਣ ਵੀ ਜਲਦਾ ਨਹੀਂ ਵਿਖਾਈ ਦਿੱਤਾ। ਉੱਤੋਂ ਹਨ੍ਹੇਰੀ ਰਾਤ 'ਤੇ ਗਰਜਦੇ ਬੱਦਲ , ਸੁੰਨਸਾਨ ਜਿਹਾ ਮੌਸਮ ਸੀ । ਹਵਾ ਵੀ ਜਿਵੇਂ ਕਿੱਸੇ ਦੇ ਭੈ ਤੋਂ ਸਾਹ ਰੋਕੀ ਬੈਠੀ ਸੀ। ਸਿਰਫ ਬਦਲ ਹੀ ਗਰਜਦੇ ਸੁਣਾਈ ਦੇ ਰਹੇ ਸਨ।

ਮੈਂ ਘਬਰਾਹਟ 'ਚ ਸਿਗਰਟ ਬਾਲ ਲਈ 'ਤੇ ਹੌਸਲਾ ਕਰ ਕਦਮਾਂ ਨੂੰ ਹੱਲਾ ਸ਼ੇਰੀ ਦਿੰਦਾ ਰਿਹਾ। ਅਜੇ ਕੁੱਝ ਕੂ ਕਦਮ ਦੂਰ ਗਿਆ ਸਾਂ ਕੇ ਮੈਂਨੂੰ ਕੁੱਝ ਅਜੀਬ ਜਿਹੀ ਆਹਟ ਸੁਣਾਈ ਦਿੱਤੀ, ਜਿਵੇਂ ਕੋਈ ਮੇਰਾ ਪਿੱਛਾ ਕਰ ਰਿਹਾ ਹੋਵੇ। ਮੈਂ ਸੋਚਿਆ ਕੋਈ ਲੁਟੇਰਾ ਹੀ ਨਾ ਹੋਏ , ਮੈਂ ਅੱਖ ਚੁਰਾ ਕਿ ਵੇਖਣ ਦਾ ਯਤਨ ਕੀਤਾ ਮਗਰ ਪਿੱਛੇ ਕੋਈ ਇੰਨਸਾਨ ਨਹੀਂ ਵਿਖਾਈ ਦਿੱਤਾ। ਮਗਰ ਕੋਈ ਤਾਂ ਹੈ , ਏਨੇ ਨੂੰ ਬਾਘ ਦੀ ਮੱਠੀ ਜਿਹੀ ਗਰਜ ਕੰਨੀ ਪਈ। ਮੌਤ ਮੇਰਾ ਪਿੱਛਾ ਕਰ ਰਹੀ ਸੀ , ਮੇਰਾ ਰੰਗ ਡਰ ਨਾਲ ਪਿੱਲਾ ਪੈ ਗਿਆ। ਸਤਿਗੁਰ ਅੱਗੇ ਅਰਦਾਸ ਕੀਤੀ 'ਤੇ ਬਚਣ ਦਾ ਰਾਹ ਸੋਚਣ ਲੱਗਿਆ। ਫ਼ਿਰ ਅਹਿਸਾਸ ਹੋਇਆ ਕਿ ਇਹ ਬਾਘ ਕਾਫ਼ੀ ਚਿਰ ਤੋਂ ਪਿੱਛਾ ਹੀ ਕਰ ਰਿਹਾ ਏ ਆਖਿਰ ਇਹਨੇ ਹਮਲਾ ਕਿਉੰ ਨਹੀਂ ਕੀਤਾ ? ਮੇਰਾ ਧਿਆਨ ਜਲਦੀ ਸਿਗਰਟ ਵੱਲ ਗਿਆ । ਹਾਂ ਜਾਨਵਰ ਅੱਗ ਤੋਂ ਖੌਫ ਖਾਂਦੇ ਨੇ , ਹਨ੍ਹੇਰੇ ਵਿੱਚ ਸਿਗਰਟ ਅੱਗ ਵਾਂਗ ਜਾਪਦੀ ਹੋਊ। ਉਹ ਇਸ ਸਿਗਰਟ ਨੂੰ ਅੱਗ ਸਮਝ ਕੇ ਡਰ ਰਿਹਾ ਹੋਏ ਗਾ। ਮੈਂ ਉਸ ਮਗਰੋਂ ਉਹ ਸਿਗਰਟ ਬੁਝਣ ਹੀ ਨਹੀਂ ਦਿੱਤੀ, ਇਕ ਦੀ ਜਗ੍ਹਾ ਮੈਂ ਦੋ - ਦੋ ਬਾਲ ਲਈਆਂ ਇਕ ਖਤਮ ਹੋਣ ਲਗਦੀ , ਨਾਲ ਹੋਰ ਲੱਗਾ ਲੈਂਦਾ । ਐਵੇਂ ਕਰਦੇ - ਕਰਦੇ ਮੈਂ ਜੰਗਲ ਵਿੱਚੋਂ ਬਾਹਰ ਨਿੱਕਲ ਆਇਆ, 'ਤੇ ਉਹ ਬਾਘ ਵਾਪਿਸ ਪਰਤ ਗਿਆ। ਮੈਂ ਘਰ ਪੁੱਜ ਕਿ ਮਾਲਕ ਦਾ ਸ਼ੁਕਰ ਕਿੱਤਾ । ਓਹ ਹਾਦਸਾ ਮੈਂਨੂੰ ਅੱਜ ਤਾਈਂ ਯਾਦ ਏ ਕਿ ਕਿਵੇਂ ਮੌਤ ਦੇ ਸਾਏ ਹੇਠ ਮੈਂ ਸਫਰ ਤੋਂ ਵਾਪਿਸ ਪਰਤਿਆ ਸੀ।

  • ਮੁੱਖ ਪੰਨਾ : ਕਹਾਣੀਆਂ, ਮਨਜੋਤ ਕੌਰ ਸਹੋਤਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ