ਖ਼ੁਦ ਗ਼ਾਲਿਬ - ਦਿਲਬਾਗ਼ ਸਿੰਘ : ਪ੍ਰੋ. ਅਵਤਾਰ ਸਿੰਘ

ਸਿੱਖ ਨੈਸ਼ਨਲ ਕਾਲਜ ਬੰਗੇ ਪੜ੍ਹਦਿਆਂ ਮੈਂ ਦੇਖਿਆ ਕਿ ਦੁਰਬਾਸਾ ਰਿਸ਼ੀ ਵਰਗੇ ਇਕ ਸਾਦਾ ਦਿੱਖ ਵਾਲ਼ੇ ਸਰਦਾਰ ਜੀ ਅਕਸਰ ਮੁੰਡਿਆਂ ‘ਚ ਘਿਰੇ ਰਹਿੰਦੇ ਹਨ ਤੇ ਗੱਲਾਂ ਸੁਣਾਉਂਦੇ ਰਹਿੰਦੇ ਹਨ। ਮੈਨੂੰ ਲੱਗਿਆ ਐਵੇਂ ਕੋਈ ਹੋਵੇਗਾ ਤੇ ਮੈਂ ਬਿਲਕੁਲ ਧਿਆਨ ਨਾ ਦਿੱਤਾ।

ਇਕ ਦਿਨ ਪ੍ਰੋ ਹਰਪਾਲ ਸਿੰਘ ਉਹਦੇ ਕੋਲ਼ੋਂ ਗਾਲਿਬ ਦਾ ਕੋਈ ਸ਼ੇਅਰ ਸਮਝ ਰਹੇ ਸਨ ਤਾਂ ਮੈਂ ਦੰਗ ਰਹਿ ਗਿਆ। ਪ੍ਰੋ ਸਾਹਿਬ ਨੇ ਦੱਸਿਆ ਕਿ ਉਹ ਦਿਲਬਾਗ ਸਿੰਘ ਹੈ, ਪਰ ਲੋਕ ਉਹਨੂੰ ਗ਼ਾਲਿਬ ਕਹਿੰਦੇ ਸਨ। ਇਸ ਕਰਕੇ ਨਹੀਂ ਕਿ ਉਹ ਸ਼ਾਇਰ ਸੀ; ਬਲਕਿ ਇਸ ਕਰਕੇ ਕਿ ਉਹਦੀ ਤਬੀਅਤ ਸ਼ਾਰਿਰਾਨਾ ਸੀ। ਉਹ ਸਿਰਫ ਗ਼ਾਲਿਬ ਨੂੰ ਹੀ ਪੜ੍ਹਦਾ ਸੀ ਤੇ ਉਹਦਾ ਹੀ ਉਪਾਸ਼ਕ ਸੀ। ਮੈਨੂੰ ਗ਼ਾਲਿਬ ਦਾ ਕੁਝ ਨਹੀਂ ਸੀ ਪਤਾ, ਪਰ ਮੈਂ ਪ੍ਰੋ ਸਾਹਿਬ ਦੀ ਗੱਲ ਸੁਣਕੇ ਦਿਲਬਾਗ ਸਿੰਘ ਦਾ ਉਪਾਸ਼ਕ ਹੋ ਗਿਆ।

ਉਹ ਗੁਣਾਚੌਰ ਦਾ ਸੀ ਤੇ ਰੋਜ਼ ਸਵੇਰੇ ਆਪਣਾ ਸਾਇਕਲ ਚੁੱਕਦਾ ਤੇ ਸ਼ਹਿਰ ਨੂੰ ਤੁਰ ਪੈਂਦਾ। ਹਰ ਸ਼ਹਿਰ ਅਤੇ ਪਿੰਡ ਦਾ ਉਹ ਨਾਂ ਲੈ ਕੇ ਗੱਲ ਕਰਦਾ, ਪਰ ਸ਼ਹਿਰ ਦਾ ਅਰਥ ਉਹਦੇ ਲਈ ਸਿਰਫ ਬੰਗਾ ਹੁੰਦਾ ਤੇ ਪਿੰਡ ਦਾ ਮਤਲਬ ਗੁਣਾਚੌਰ।

ਸ਼ਹਿਰ ਦਾ ਇਕ ਲਲਾਰੀ ਉਹਦਾ ਦੀਵਾਨਾ ਹੋ ਗਿਆ ਤੇ ਚੱਤੋਪਹਿਰ ਉਹਦੀ ਇੰਤਜ਼ਾਰ ਵਿੱਚ ਰਹਿੰਦਾ। ਦਿਲਬਾਗ ਸਿੰਘ ਆਉਂਦਾ ਤਾਂ ਉਹ ਆਪਣਾ ਕੰਮ ਛੱਡ ਕੇ ਉਹਦੇ ਕੋਲ਼ੋਂ ਸ਼ੇਅਰ ਸੁਣਦਾ, ਤਸ਼ਰੀਹ ਕਰਾਉਂਦਾ ਤੇ ਬੜੀ ਬਰੀਕੀ ਨਾਲ਼ ਸ਼ਿਅਰ ਦੀਆਂ ਸ਼ਾਇਰਾਨਾ ਰਮਜ਼ਾਂ ਸਮਝਣ ਦੀ ਕੋਸ਼ਿਸ਼ ਕਰਦਾ। ਲਲਾਰੀ ਖ਼ੁਦ ਨਿਹਾਲ ਹੁੰਦਾ ਤੇ ਉਹਨੂੰ ਚਾਹ ਦੇ ਤਕੜੇ ਕੱਪ ਨਾਲ਼ ਨਿਹਾਲ ਕਰ ਕੇ ਤੋਰਦਾ।

ਫਿਰ ਉਹ ਕਾਲਜ ਪੁੱਜ ਜਾਂਦਾ ਤੇ ਉਹਨੂੰ ਮੁੰਡੇ ਘੇਰ ਲੈਂਦੇ। ਇੱਥੇ ਜੰਮ ਕੇ ਸ਼ਾਇਰੀ ਹੁੰਦੀ ਤੇ ਹਰ ਸ਼ਿਅਰ ਦੀ ਤਸ਼ਰੀਹ ਵਿੱਚ ਇਰੌਟਿਕ ਤੱਤ ਦਾ ਸ਼ੇਅਰ ਵਧਾ ਦਿੰਦਾ। ‘ਦੇ ਕੇ ਖ਼ਤ ਮੂੰਹ ਦੇਖਤਾ ਹੈ ਨਾਮਾਵਰ, ਕੁਛ ਤੋ ਪੈਗਾਮਿ ਜ਼ੁਬਾਨੀ ਔਰ ਹੈ’ ਸ਼ੇਅਰ ਦੀ ਤਸ਼ਰੀਹ ਕਰਦਿਆਂ ਉਹ ਖ਼ੁਦ ਨਾਮਾਵਰ ਅਰਥਾਤ ਡਾਕੀਆ ਬਣ ਕੇ ਖ਼ਤ ਦੇਣ ਦੀ ਮੁਦਰਾ ‘ਚ ਕੁਝ ਦੇਰ ਰੁਕ ਜਾਂਦਾ ਤੇ ਦੰਦ ਪੀਚ ਕੇ ਜ਼ੁਬਾਨੀ ਪੈਗਾਮ ਦੀ ਤਸ਼ਰੀਹ ਕਰਦਾ, ‘ਉੱਥੇ ਆ ਜਈਂ ... ’। ਫਿਰ ਉਹ ਮੋਰ ਜਿਹਾ ਬਣ ਕੇ ਪਿੱਛੇ ਮੁੜ ਜਾਂਦਾ। ਮੁੰਡੇ ਸੁਆਦ ਸੁਆਦ ਹੁੰਦੇ ਤੇ ਹੱਸ ਹੱਸ ਦੋਹਰੇ ਹੋ ਜਾਂਦੇ। ਉਹ ਦੱਸਦਾ ਕਿ ਖ਼ਤ ਤਾਂ ਉਹਦੇ ਕੋਲ਼ ਜਾਣ ਦਾ ਬਹਾਨਾ ਮਾਤਰ ਹੈ; ਅਸਲ਼ੀ ਗੱਲ ਜ਼ੁਬਾਨੀ ਕਹੀਦੀ ਹੈ।

ਜਿਨ੍ਹਾਂ ਵਿਚ ਉਹਨੂੰ ਇਰੌਟਿਕ ਤੱਤ ਦੇ ਸ਼ੈਤਾਨੀ ਘੋੜੇ ਦੁੜਾਉਣ ਦਾ ਪੂਰਾ ਮੌਕਾ ਮਿਲ਼ਦਾ, ਉਹ ਸ਼ਿਅਰ ਥੋੜ੍ਹੇ ਹੀ ਸਨ। ਮਸਲਨ “ਕਾਵਿਸ਼ ਕਾ ਦਿਲ ਕਰੇ ਹੈ ਤਕਾਜ਼ਾ ਕਿ ਹੈ ਹਨੂਜ਼, ਨਾਖ਼ੁਨ ਪ - ਕਰਜ਼ ਉਸ ਗਿਰਹੇ ਨੀਮ-ਬਾਜ਼ ਕਾ” ਅਤੇ “ਨ - ਲੁਟਤਾ ਦਿਨ ਕੋ ਤੋ ਕਬ ਰਾਤ ਕੋ ਯੂੰ ਬੇਖ਼ਬਰ ਸੋਤਾ, ਰਹਾ ਖਟਕਾ ਨ - ਚੋਰੀ ਕਾ, ਦੁਆ ਦੇਤਾ ਹੂੰ ਰਹਜ਼ਨ ਕੋ” ਅਜਿਹੇ ਸ਼ਿਅਰ ਸਨ, ਜਿੱਥੇ ਉਹ ਗ਼ਾਲਿਬ ਦਾ ਸਾਰਾ ਕਾਵਸ਼ਾਸਤਰ ਕਾਮਸ਼ਾਸਤਰ ਵਿੱਚ ਬਦਲ ਦਿੰਦਾ। ਘਰੋਂ ਸੁਖਾਲ਼ੇ ਤੇ ਸਖੀਦਿਲ ਮੁੰਡੇ ਖ਼ੁਸ਼ੀ ਖ਼ੁਸ਼ੀ ਉਹਦੀ ਜੇਬ ਗਰਮ ਕਰ ਦਿੰਦੇ। ਦਿਲਬਾਗ ਸਿੰਘ ਇਵੇਂ ਘਰ ਜਾਂਦਾ, ਜਿਵੇ ਚਿਤੌੜਗੜ੍ਹ ਦਾ ਕਿਲਾ ਜਿੱਤ ਕੇ ਆਇਆ ਹੋਵੇ।

ਕਾਲਜ ਛੁੱਟੀ ਹੋਣ ਉਪਰੰਤ ਉਹ ਪ੍ਰੋ ਹਰਪਾਲ ਸਿੰਘ ਨਾਲ਼ ਤੁਰ ਪੈਂਦਾ ਤੇ ‘ਕਾਓ! ਕਾਓ! ਸਖਤ-ਜਾਨੀ-ਹਾਏ ਤਨਹਾਈ ਨ - ਪੂਛ, ਸੁਬਹ ਕਰਨਾ ਸ਼ਾਮ ਕਾ ਲਾਨਾ ਹੈ ਜੂਏ ਸ਼ੀਰ ਕਾ’ ਜਹੇ ਸ਼ੇਅਰਾਂ ਦੀ ਤਸ਼ਰੀਹ ਵਿੱਚ ਇਰੌਟਿਕ ਤੱਤ ਮਨਫੀ ਕਰਕੇ ਸੂਫਿਆਨਾ ਰੁਮਾਂਸ ਭਰ ਦਿੰਦਾ। ਕਈ ਸ਼ਿਅਰਾਂ ਨੂੰ ਉਹ ਖਿੱਚ੍ਹ ਧੂਹ ਕੇ ਵੇਦਾਂਤ ਦਾ ਰੰਗ ਚਾੜ੍ਹ ਦਿੰਦਾ। ਤਸ਼ਰੀਹ ਦਾ ਇੰਨਾ ਮਾਹਿਰ ਕਿ ਕਦੀ ਕਦੀ।ਗਾਲਿਬ ਨੂੰ ਗੁਰਮਤਿ ਦੀ ਚਾਸ਼ਣੀ ‘ਚ ਡੋਬ ਦਿੰਦਾ। ਪ੍ਰੋ ਹਰਪਾਲ ਸਿੰਘ ਰੋਜ਼ ਨਵਾਂ ਸ਼ਿਅਰ ਕੱਢ ਲਿਆਉਂਦੇ ਤੇ ਦਿਲਬਾਗ ਸਿੰਘ ਉਹਦੇ ਨਵੇਲੇ ਅਰਥ ਕਰ ਕੇ ਹੈਰਾਨ ਕਰ ਦਿੰਦਾ। ਪ੍ਰੋ ਹਰਪਾਲ ਸਿੰਘ ਸਿਰ ਮਾਰਦੇ ਮਾਰਦੇ ਘਰ ਤੱਕ ਵਾਹ ਵਾਹ ਕਰੀ ਜਾਂਦੇ।

ਮੈਂ ਤੇ ਮੇਰੇ ਦੋਸਤ ਪਰਗਣ ਤੇ ਰਾਜਾ ਚਰਨ ਕੰਵਲ ਗੁਰਦੁਆਰੇ ਰਹਿਣ ਲੱਗ ਪਏ ਤਾਂ ਇਕ ਦਿਨ ਪ੍ਰੋ ਹਰਪਾਲ ਸਿੰਘ ਉਹਨੂੰ ਨਾਲ਼ ਲੈ ਆਏ। ਪ੍ਰੋ. ਐੱਚ ਕੇ ਸ਼ਰਮਾ ਵੀ ਨਾਲ਼ ਸੀ ਤੇ ਬਾਈਚਾਨਸ ਜਸਮੇਰ ਸਿੰਘ ਵੀ ਸਾਡੇ ਕੋਲ਼ ਰੁਕਿਆ ਹੋਇਆ ਸੀ। ਦਿਲਬਾਗ ਸਿੰਘ ਨੇ ਸਾਰੀ ਰਾਤ ਦੀਵਾਨਿ-ਗਾਲਿਬ ਦਾ ਦੀਵਾਨ ਸਜਾਇਆ। ਚਰਨ ਕੌਲਾਂ ਦੇ ਮੈਨੇਜਰ ਤੇਗ ਸਾਹਿਬ ਵੀ ਹੈਰਾਨ ਹੋ ਹੋ ਜਾਣ ਕਿ ਸ਼ਾਇਰੀ ਨਾਲ਼ ਕਿਸੇ ਨੂੰ ਏਨੀ ਮੁਹੱਬਤ ਵੀ ਹੋ ਸਕਦੀ ਹੈ। ਉਹ ਵਿੱਚ ਆਪਣੇ ਟੋਟਕੇ ਛੱਡਣ ਦੀ ਕੋਸ਼ਿਸ਼ ਕਰਦੇ, ਪਰ ਦਿਲਬਾਗ ਸਿੰਘ ਉਨ੍ਹਾਂ ਦੇ ਟੋਟਕਿਆਂ ਨੂੰ ਤੱਤੇ ਤਵੇ ‘ਤੇ ਪਈ ਪਾਣੀ ਦੀ ਛਿੱਟ ਵਾਂਗ ਉੜਾ ਦਿੰਦਾ। ਉਹਨੇ ਤੇਗ਼ ਸਾਹਿਬ ਨੂੰ ਦੱਸਿਆ ਆਪਣੇ ਤਖ਼ੱਲਸ ਵਿੱਚ ਗੱਗੇ ਹੇਠ ਬਿੰਦੀ ਪਾਇਆ ਕਰਨ। ਤੇਗ਼ ਸਾਹਿਬ ਨੇ ਦੱਸਿਆ ਕਿ ਇਹ ਗੱਲ ਉਨ੍ਹਾਂ ਨੂੰ ਪਹਿਲੀ ਬਾਰ ਪਤਾ ਲੱਗੀ ਹੈ। ਅਸੀਂ ਸਾਰੇ ਦਿਲਬਾਗ ਸਿੰਘ ਦੀ ਉਰਦੂ, ਫਾਰਸੀ ਤੇ ਅਰਬੀ ਤੱਕ ਦੀ ਜਾਣਕਾਰੀ ਦੇ ਵਾਰੇ ਵਾਰੇ ਜਾਂਦੇ। ਪਰ ਉਹਦੇ ਖ਼ਸੂਸੀ ਸ਼ਾਇਰਾਨਾ ਅੰਦਾਜ ਤੇ ਆਤਮ ਵਿਸ਼ਵਾਸ ਅੱਗੇ ਹਾਰੇ ਹਾਰੇ ਮਹਿਸੂਸ ਕਰਦੇ। ਮੈਂ ਉਹਨੂੰ ਗ਼ਾਲਿਬ ਦਾ ਪਰਛਾਵਾਂ ਆਖਿਆ। ਪਰ, ਜਸਮੇਰ ਸਿੰਘ ਕਹਿਣ ਲੱਗਾ, “ਨਹੀਂ, ਇਹ ਗ਼ਾਲਿਬ ਦਾ ਪਰਛਾਵਾਂ ਨਹੀਂ, ਇਹ ਉਹੀ ਆ”।

ਇਕ ਦਿਨ ਗੁਰਬਾਣੀ ਵਿੱਚ ਆਉਂਦੇ ਸ਼ਬਦ ‘ਮਹਲਾ’ ਦੇ ਅਰਥਾਂ ਦੀ ਗੱਲ ਛਿੜ ਪਈ। ਗੱਲ ਕਿਸੇ ਤਣਪੱਤਣ ਲੱਗਦੀ ਨਾ ਦੇਖ ਕੇ ਸੋਚਿਆ ਕਿ ਦਿਲਬਾਗ ਸਿੰਘ ਨੂੰ ਪੁੱਛਾਂਗੇ। ਅਗਲੇ ਦਿਨ ਅਸੀਂ ਉਹਦੇ ਅੱਗੇ ਸਵਾਲ ਰੱਖ ਦਿੱਤਾ। ਅਸੀਂ ਹੈਰਾਨ ਹੀ ਹੋ ਗਏ ਜਦ ਉਹਨੇ ਅਰਬੀ ਗ੍ਰਾਮਰ ਦੇ ਹਿਸਾਬ ਨਾਲ ‘ਮਹਲਾ’ ਸ਼ਬਦ ਦੀ ਵਿਆਖਿਆ ਕੀਤੀ। ਅਰਬੀ ਵਿਆਕਰਣ ਦੇ ਨੇਮ ਮੁਤਾਬਕ ਕਿਸੇ ਕਿਰਿਆ ਅੱਗੇ ਮੀਮ ਅੱਖਰ ਲੱਗ ਜਾਵੇ ਤਾਂ ਉਹਦਾ ਅਰਥ ਕਿਰਿਆ ਵਾਪਰਨ ਵਾਲ਼ੀ ਜਗਾਹ ਹੋ ਜਾਂਦਾ ਹੈ। ਜਿਵੇਂ ਕਤਲ ਤੋਂ ਮਕਤਲ, ਸ਼ਰਕ ਤੋਂ ਮਸ਼ਰਕ, ਤਲਬ ਤੋਂ ਮਤਲਬ ਬਣਿਆਂ ਹੈ ਇਵੇਂ ਹੱਲਾ ਦਾ ਅਰਥ ਹੈ ਉਤਰਨਾ, ਨਾਜ਼ਲ ਜਾਂ ਹਲੂਲ ਹੋਣਾ ਤੇ ਇਹਦੇ ਅੱਗੇ ਮੀਮ ਲਗਾਉਣ ਨਾਲ਼ ਮਹੱਲਾ ਬਣਦਾ ਹੈ, ਜਿਹਦਾ ਅਰਥ ਉਤਰਨ, ਨਾਜ਼ਲ ਹੋਣ ਜਾਂ ਹਲੂਲ ਹੋਣ ਦੀ ਥਾਂ ਹੈ।

ਪ੍ਰੋ ਹਰਪਾਲ ਸਿੰਘ ਨੇ ਕਾਲਜ ਦੇ ਸਲਾਨਾ ਦਿਵਸ ‘ਤੇ ਬੜੇ ਹੀ ਸਖੀਦਿਲ ਪ੍ਰਿੰਸੀਪਲ ਰਾਜਵਿੰਦਰ ਸਿੰਘ ਬੈਂਸ ਕੋਲ਼ੋਂ ਸਨਮਾਨ ਵਜੋਂ ਕੁਝ ਰਾਸ਼ੀ ਅਤੇ ਸਰਟੀਫ਼ਿਕੇਟ ਤਿਆਰ ਕਰਵਾ ਕੇ ਦਿੱਤਾ, ਜਿਹਨੂੰ ਉਹ ਸਾਂਭ ਸਾਂਭ ਰੱਖਦਾ ਤੇ ਵੱਡੇ ਵੱਡੇ ਵਿਦਵਾਨ ਲੋਕਾਂ ਨੂੰ ਦਿਖਾਉਂਦਾ। ਕਿਸੇ ਵੀ ਗੁਰਦੁਆਰੇ ਵਿਚ ਸਰਟੀਫ਼ਿਕੇਟ ਦਿਖਾਉਂਦਾ ਤਾਂ ਉਹਨੂੰ ਝੱਟ ਕਮਰਾ ਮਿਲ਼ ਜਾਂਦਾ ਤੇ ਲੰਗਰ ਪਾਣੀ ਦੀ ਖੂਬ ਸੇਵਾ ਹੁੰਦੀ।

ਮੈਂ ਕਈ ਦਫ਼ਾ ਉਹਨੂੰ ਆਪਣੇ ਨਾਲ਼ ਪਿੰਡ ਲੈ ਜਾਂਦਾ। ਮੇਰੇ ਦੋਸਤ ਮਿੱਤਰ ਸਾਰੇ ਕੱਠੇ ਹੋ ਜਾਂਦੇ ਤੇ ਉਹ ਖੂਬ ਰੌਣਕ ਬੰਨ੍ਹਦਾ। ਪਿੰਡ ਵਿੱਚ ਉਹ ਦੀਵਾਨਿ ਗਾਲਿਬ ਸੰਤੋਖ ਦਿੰਦਾ, ਨਿਕੀਆਂ ਨਿਕੀਆਂ ਆਮ ਸਮਾਜਿਕ ਗੱਲਾਂ, ਲੋਕਾਂ ਦੀਆਂ ਆਦਤਾਂ ਤੇ ਨਿੱਕੇ ਨਿੱਕੇ ਨੁਕਸ ਨਕਲਾਂ ਕਰ ਕਰ ਕੇ ਇਸਤਰਾਂ ਦੱਸਦਾ ਕਿ ਸਾਰੇ ਉਹਦੀ ਮਨੋਰੰਜਨੀ ਕਲਾਤਮਿਕ ਫੁਰਤੀ ਤੇ ਬਰੀਕ ਸਮਝ ਦੇਖ ਕੇ ਅਸ਼ ਅਸ਼ ਕਰ ਉੱਠਦੇ।

ਮੇਰੇ ਵੱਡੇ ਭਾਈ ਤਰਲੋਚਨ ਸਿੰਘ ਦਾ ਉਹ ਚਹੇਤਾ ਹੋ ਗਿਆ ਤੇ ਅਕਸਰ ਉਹਨੂੰ ਮਿਲ਼ਦਾ ਗਿਲ਼ਦਾ ਰਹਿੰਦਾ। ਕਈ ਪ੍ਰੋਗਰਾਮਾਂ ‘ਤੇ ਉਹ ਦਿਲਬਾਗ ਸਿੰਘ ਨੂੰ ਉਚੇਚਾ ਬੁਲਾਉਂਦਾ ਤੇ ਕਈ ਕਈ ਦਿਨ ਕੋਲ਼ ਰੱਖਦਾ। ਮੇਰੇ ਪਿੰਡ ਸ਼ਾਇਰੀ, ਜ਼ਿੰਦਗੀ ਤੇ ਫ਼ਲਸਫ਼ੇ ਦੇ ਖੂਬ ਚਰਚੇ ਹੁੰਦੇ ਤੇ ਰੌਣਕ ਲਗਦੀ। ਮੇਰਾ ਭਾਈ ਉਹਦੀ ਖੂਬ ਸੇਵਾ ਕਰਦਾ ਤੇ ਯਥਾਸ਼ਕਤ ਮੱਦਦ ਕਰਕੇ ਤੋਰਦਾ। ਅੱਜਕਲ ਉਹ ਪੰਜਾਬੀ ਦਾ ਨਿਬੰਧ ਪੱਤਰਕਾਰ ਹੈ ਤੇ ਉਹਦੀ ਇਸ ਕਲਾ ਤੇ ਮਹਾਰਤ ਵਿੱਚ ਦਿਲਬਾਗ ਸਿੰਘ ਦੀ ਦੇਣ ਨੂੰ ਉਹ ਖ਼ੁਦ ਮੰਨਦਾ ਹੈ।

ਮੈਂ ਚੰਡੀਗੜ੍ਹ ਪੜ੍ਹਨ ਚਲਾ ਗਿਆ ਤਾਂ ਉੱਥੇ ਵਿਦਿਆਰਥੀਆਂ ਦੀ ਸਮਾਜਿਕ ਅਤੇ ਸੱਭਿਆਚਾਰਕ ਜਥੇਬੰਦੀ ‘ਸਰਬੱਤ ਸੇਵਾ ਸੁਸਾਇਟੀ’ ਬਣਾ ਲਈ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਮਨਾਉਣ ਦਾ ਫੈਸਲਾ ਕੀਤਾ। ਇਸ਼ਤਿਹਾਰ ਅਤੇ ਕਾਰਡ ਛਪਾਏ ਤੇ ਦੋਸਤਾਂ, ਮਿੱਤਰਾਂ ਨੂੰ ਭੇਜ ਦਿੱਤੇ। ਬੰਗੇ ਕਾਲਜ ਵਿੱਚ ਆਪਣੇ ਅਧਿਆਪਕ ਪ੍ਰੋ ਹਰਪਾਲ ਸਿੰਘ ਨੂੰ ਡਾਕ ਰਾਹੀਂ ਕਾਰਡ ਭੇਜ ਦਿੱਤਾ। ਪਰ ਦਿਲਬਾਗ ਸਿੰਘ ਨੂੰ ਮੈਂ ਆਪਣੇ ਹੱਥ ਨਾਲ ਲਿਖ ਕੇ ਪੋਸਟ-ਕਾਰਡ ਭੇਜਿਆ।

ਦਿਲਬਾਗ ਸਿੰਘ ਬੰਗੇ ਕਾਲਜ ਗਿਆ ਤੇ ਪ੍ਰੋ ਹਰਪਾਲ ਸਿੰਘ ਨੂੰ ਮੇਰਾ ਭੇਜਿਆ ਪੋਸਟ-ਕਾਰਡ ਦਿਖਾਇਆ। ਉਹ ਕਹਿਣ ਲੱਗੇ ‘ਹਾਂ, ਮੈਨੂੰ ਵੀ ਕਾਰਡ ਆਇਆ’। ਦਿਲਬਾਗ ਸਿੰਘ ਕਹਿਣ ਲੱਗਾ ਕਿ ਛਪਿਆ ਹੋਇਆ ਕਾਰਡ ਤਾਂ ਉਨ੍ਹਾਂ ਨੇ ਹਰੇਕ ਨੱਥੂ ਫੱਤੂ ਨੂੰ ਪਾਇਆ, ਪਰ ਲਿਖ ਕੇ ਪੋਸਟ-ਕਾਰਡ ਸਿਰਫ ਮੈਨੂੰ ਪਾਇਆ। ਪ੍ਰੋ ਸਾਹਿਬ ਉਹਦੀ ਕਰਾਰੀ ਜਹੀ ਸਾਫਗੋਈ ਅਤੇ ਹੱਥ ਲਿਖੇ ਪੋਸਟ ਕਾਰਡ ਦੀ ਅਹਿਮੀਅਤ ਦੀ ਸਮਝ ‘ਤੇ ਹੈਰਾਨ ਹੋਏ।

ਉਹ ਚੰਡੀਗੜ੍ਹ ਨੂੰ ਸਾਇਕਲ ‘ਤੇ ਆਇਆ। ਪੁੱਛਦਾ ਪੁਛਾਉਂਦਾ ਮੇਰੇ ਕੋਲ਼ ਪੁੱਜਾ। ਮੈਂ ਉਹਨੂੰ ਲੰਗਰ ਪਾਣੀ ਛਕਾਇਆ ਤੇ ਹੋਸਟਲ ਦੇ ਕਮਰੇ ਵਿੱਚ ਲੈ ਗਿਆ। ਜਿਹੜੇ ਦੋਸਤਾਂ ਨੂੰ ਮੈਂ ਉਹਦੇ ਬਾਬਤ ਦੱਸਿਆ ਹੋਇਆ ਸੀ, ਉਹ ਸਾਰੇ ਇਕੱਠੇ ਹੋ ਗਏ ਤੇ ਮੇਰੇ ਕਮਰੇ ਵਿੱਚ ਮਹਿਫ਼ਲ ਸਜ ਗਈ। ਗ਼ਾਲਿਬ ਦੇ ਸ਼ੌਕ ਅਤੇ ਸ਼ਾਇਰੀ ਦੇ ਵੱਖ ਵੱਖ ਅੰਦਾਜ਼, ਲਤੀਫ਼ੇ, ਮੁਹੱਬਤਾਂ ਤੇ ਸੰਤਾਪ ਦੇ ਕਿੱਸੇ ਕਸੀਦੇ ਸੁਣ ਸੁਣ ਸਾਰੇ ਹੈਰਾਨ ਹੋਏ। ਦਿਲਬਾਗ ਸਿੰਘ ਦੀ ਪੁਰ-ਅਸਰ ਨਾਟਕੀ ਅਤੇ ਸ਼ਾਇਰਾਨਾ ਪੇਸ਼ਕਾਰੀ ਦੇ ਸਭ ਕਾਇਲ ਹੋ ਗਏ।

ਉਹ ਸੁਵਖਤੇ ਉੱਠਦਾ, ਗੀਜ਼ਰ ਦੇ ਖੁੱਲ੍ਹੇ ਗਰਮ ਪਾਣੀ ਦੇ ਬਾਵਜੂਦ ਬਰਫ਼ੀਲੇ ਪਾਣੀ ਨਾਲ਼ ਇਸ਼ਨਾਨ ਕਰਦਾ ਤੇ ਮੇਰੇ ਤੋਂ ਪਹਿਲਾਂ ਤਿਆਰ ਹੋ ਜਾਂਦਾ। ਅਸੀਂ ਦੋਹਵੇਂ ਕੰਟੀਨ ਜਾਂਦੇ ਤੇ ਛਕ ਛਕਾ ਕੇ ਪੰਜਾਬੀ ਡਿਪਾਰਟਮੈਂਟ ਚਲੇ ਜਾਂਦੇ। ਕੁੜੀਆਂ ਉਹਦੇ ਦੁਆਲ਼ੇ ਝੁਰਮਟ ਪਾ ਕੇ ਬਹਿ ਜਾਂਦੀਆਂ ਤੇ ਪਤਾ ਨਹੀਂ ਉਹਦੇ ਕੋਲੋਂ ਕੀ ਕੀ ਸੁਣਦੀਆਂ, ਪੁੱਛਦੀਆਂ ਤੇ ਯਥਾਸ਼ਕਤਿ ਉਹਦਾ ਘਰ ਪੂਰਾ ਕਰ ਦਿੰਦੀਆਂ।

ਮੇਰਾ ਦੋਸਤ ਕਹਿਣ ਲੱਗਾ ਕਿ ‘ਪੂਛਤੇ ਹੈਂ ਵੁਹ ਕਿ ਗ਼ਾਲਿਬ ਕੌਨ ਹੈ, ਕੋਈ ਬਤਲਾਏ ਕਿ ਹਮ ਬਤਲਾਏਂ ਕਯਾ’ ਸ਼ੇਅਰ ਵਿਚ ਸ਼ੇਅਰ ਵਾਲ਼ੀ ਕੋਈ ਗੱਲ ਨਹੀਂ ਹੈ। ਦਿਲਬਾਗ ਸਿੰਘ ਨੇ ਇਸ ਸ਼ੇਅਰ ਦੀ ਅਜਿਹੀ ਵਿਆਖਿਆ ਕੀਤੀ ਕਿ ਅਸੀਂ ਸਾਰੇ ਧੰਨ ਧੰਨ ਕਰ ਉੱਠੇ। ਉਹਨੇ ਦੱਸਿਆ ਕਿ ਗ਼ਾਲਿਬ ਦਾ ਅਰਥ ਹਾਵੀ ਹੁੰਦਾ ਹੈ। ਮੁਹੱਬਤ ਵਿੱਚ ਪ੍ਰੇਮੀ ਹਮੇਸ਼ਾ ਅਧੀਨ ਹੁੰਦਾ ਹੈ ਤੇ ਪ੍ਰੇਮਿਕਾ ਉਹਦੇ ਉੱਤੇ ਹਾਵੀ ਹੁੰਦੀ ਹੈ। ਉਰਦੂ ਵਿਚ ਆਸ਼ਕ ਤੇ ਮਾਸ਼ੂਕ ਵਿੱਚ ਕੋਈ ਲਿੰਗ ਭੇਦ ਨਹੀਂ। ਕਿਸੇ ਨੇ ਪੁੱਛਿਆ ਕਿ ਗ਼ਾਲਿਬ ਕੌਣ ਹੈ? ਗ਼ਾਲਿਬ ਪ੍ਰੇਮ ਕਰਨ ਵਾਲ਼ਾ ਹੈ ਤੇ ਪ੍ਰੇਮ ਕਰਨ ਵਾਲ਼ਾ ਗ਼ਾਲਿਬ, ਅਰਥਾਤ ਹਾਵੀ ਨਹੀਂ ਹੁੰਦਾ। ਉਹ ਤਾਂ ਮਾਸ਼ੂਕ ਦੇ ਅਧੀਨ ਹੈ, ਜਿਹਨੂੰ ਉਰਦੂ ਵਿੱਚ ਮਗ਼ਲੂਬ ਕਹਿੰਦੇ ਹਨ। ਹੁਣ ਗ਼ਾਲਿਬ ਕਿਵੇਂ ਕਹੇ ਕਿ ਉਹ ਮਗ਼ਲੂਬ ਹੈ। ਇਸ ਲਈ ਉਹ ਕਹਿੰਦਾ ਹੈ ‘ਕੋਈ ਬਤਲਾਏ ਹਮ ਬਤਲਾਏਂ ਕਯਾ?’ ਦਿਲਬਾਗ ਸਿੰਘ ਗ਼ਾਲਿਬ ਦੀ ਕਿਸ ਤਹਿ ਤੱਕ ਜਾ ਸਕਦਾ ਸੀ, ਅਸੀਂ ਦੰਗ ਰਹਿ ਗਏ।

ਸਾਨੂੰ ਸਿਲੇਬਸ ਵਿੱਚ ਸੂਫੀ ਕਵਿਤਾ ਲੱਗੀ ਹੋਈ ਸੀ, ਜਿਹਦੇ ਵਿੱਚ ਕਈ ਥਾਈਂ ‘ਮੀਮ ਦੇ ਉਹਲੇ ਵੱਸਦਾ ਨੀ’ ਜਾਂ ‘ਭੇਤ ਮ੍ਰੋੜੀ ਦਾ’ ਆਉਂਦਾ ਸੀ, ਜਿਹਦਾ ਕਿਸੇ ਨੂੰ ਕੱਖ ਨਹੀਂ ਸੀ ਪਤਾ। ਮੈਂ ਦਿਲਬਾਗ ਸਿੰਘ ਨੂੰ ਪੁੱਛਿਆ ਤਾਂ ਉਹਨੇ ਰਾਤ ਭਰ ਮਗਜ਼ ਮਾਰ ਕੇ ਦੱਸਿਆ ਕਿ ਹਜ਼ਰਤ ਮੁਹੰਮਦ ਦਾ ਅਸਲ ਨਾਂ ਅਹਿਮਦ ਸੀ। ਅਹਿਮਦ ਵਿੱਚੋਂ ਮੀਮ ਅੱਖਰ ਦਾ ਓਹਲਾ ਹਟਾ ਦਿੱਤਾ ਜਾਵੇ ਤਾਂ ਬਾਕੀ ਅਹਿਦ ਬਚਦਾ ਹੈ। ਅਰਬੀ ਭਾਸ਼ਾ ਵਿਚ ਅਹਿਦ ਇੱਕ ਨੂੰ ਕਹਿੰਦੇ ਹਨ ਅਤੇ ਇੱਕ ਅੱਲਾ ਹੈ। ਮੁਸਲਮਾਨਾ ਵਿੱਚ ਮੁਹੰਮਦ ਨੂੰ ਅੱਲਾ ਨਹੀਂ, ਅੱਲਾ ਦਾ ਪੈਗ਼ੰਬਰ ਮੰਨਿਆਂ ਜਾਂਦਾ ਹੈ। ਪਰ ਸੂਫੀ ਲੋਕ ਇਸ਼ਾਰੇ ਨਾਲ਼ ਦੱਸਦੇ ਹਨ ਕਿ ਮੁਹੰਮਦ ਤੇ ਅੱਲਾ ਅਭੇਦ ਹਨ। ਉਹ ਮੰਨਦੇ ਹਨ ਕਿ ਅਹਿਦ ਨੂੰ ਮੀਮ ਅੱਖਰ ਦਾ ਓਹਲਾ ਕਰਕੇ ਅਹਿਮਦ ਲਿਖਿਆ ਹੋਇਆ ਹੈ। ਉਰਦੂ ਵਾਲ਼ੇ ਮੀਮ ਅੱਖਰ ਨੂੰ ਮਰੋੜੀ ਵੀ ਕਹਿ ਲੈਂਦੇ ਹਨ। ਇਸ ਲਈ ਮੀਮ ਦਾ ਓਹਲਾ ਜਾਂ ਮਰੋੜੀ ਦਾ ਭੇਦ ਇਕੋ ਗੱਲ ਹੈ। ਇਹ ਨੁਕਤਾ ਸ਼ਾਇਦ ਹੀ ਕਦੀ ਕਿਸੇ ਨੇ ਇਸਤਰਾਂ ਸੋਚਿਆ ਹੋਵੇ। ਆਫਰੀਨ!

ਇਕ ਦਿਨ ਬੜੀ ਦਿਲਚਸਪ ਗੱਲ ਹੋਈ ਜਦ ਉਹ ਡਾ. ਅਤਰ ਸਿੰਘ ਦੇ ਦਫ਼ਤਰ ਵਿੱਚ ਚਲਿਆ ਗਿਆ ਤੇ ਕਹਿਣ ਲੱਗਾ ਕਿ ਨੇਮ-ਪਲੇਟ ‘ਤੇ ਲਿਖਿਆ ਉਨ੍ਹਾਂ ਦਾ ਨਾਂ ਏ ਡਬਲ ਟੀ ਏ ਆਰ ਅੱਤਾਰ ਸਿੰਘ ਬਣਦਾ ਹੈ, ਅਤਰ ਸਿੰਘ ਨਹੀਂ। ਇਸੇ ਤਰਾਂ ਉਰਦੂ ਵਿਭਾਗ ਦੇ ਮੁਖੀ ਹਾਰੂਨ-ਉਰ-ਅਯੂਬ ਦੇ ਨਾਂ ਵਿੱਚ ਵੀ ਅਰਬੀ ਲਿੱਪੀ ਦੇ ਸ਼ਮਸੀਆ ਤੇ ਕਮਰੀਆ ਨੇਮ ਮੁਤਾਬਕ ਗਲਤੀ ਫੜ ਲਈ ਕਿ ‘ਉਰ’ ਕੇਵਲ ਪੜ੍ਹਨ ਵਿੱਚ ਆਉਂਦਾ ਹੈ, ਲਿਖਣ ਵਿੱਚ ਨਹੀਂ। ‘ਉਰ’ ਨੂੰ ਅਰਬੀ ਦੇ ਵਿਆਕਰਣ ਮੁਤਾਬਕ ਅਲਿਫ ਲਾਮ, ਅਰਥਾਤ ‘ਅਲ’ ਹੀ ਲਿਖਿਆ ਜਾਂਦਾ ਹੈ। ਉਹਦੇ ਮੁਤਾਬਕ ਹਾਰੂਨ-ਉਰ-ਅਯੂਬ ਨੂੰ ਹਾਰੂਨ-ਅਲ-ਅਯੂਬ ਹੀ ਲਿਖਣਾ ਬਣਦਾ ਸੀ।

ਖੁਸ਼ਵੰਤ ਸਿੰਘ ਨੇ ਆਪਣੇ ਕਿਸੇ ਲੇਖ ਵਿੱਚ ਗਲ਼ੀ ‘ਚ ਲੜਦੇ ਕੁੱਤਿਆਂ ਲਈ ‘ਈਚ ਅਦਰ’ ਲਿਖਿਆ ਹੋਇਆ ਸੀ। ਦਿਲਬਾਗ ਸਿੰਘ ਦੀ ਸਮਝ ਮੁਤਾਬਕ ਉੱਥੇ ‘ਵੰਨ ਐਨਅਦਰ’ ਹੋਣਾ ਚਾਹੀਦਾ ਸੀ। ਉਹ ਖੁਸ਼ਵੰਤ ਸਿੰਘ ਨੂੰ ਮਿਲ ਕੇ ਉਹਦੀ ਗ਼ਲਤੀ ਦੱਸਣੀ ਚਾਹੁੰਦਾ ਸੀ, ਪਰ ਇਹ ਮੁਮਕਿਨ ਨਾ ਹੋ ਸਕਿਆ। ਪ੍ਰੋ ਹਰਪਾਲ ਸਿੰਘ ਨੇ ਬਥੇਰਾ ਸਮਝਾਇਆ ਕਿ ਖੁਸ਼ਵੰਤ ਸਿੰਘ ਵੀ ਸਹੀ ਹੈ। ਪਰ ਦਿਲਬਾਗ ਸਿੰਘ ਲਈ ‘ਵੀ ਸਹੀ ਹੈ’ ਵਾਲ਼ੀ ਗੱਲ ਅਸਲੋਂ ਗ਼ਲਤ ਸੀ। ਉਹ ਸਮਝਦਾ ਸੀ ਕਿ ਗੱਲ ਸਹੀ ਹੁੰਦੀ ਹੈ ਜਾਂ ਗ਼ਲਤ। ਉਹਦੇ ਮੁਤਾਬਕ ਗ਼ਲਤ ਨੂੰ ਗ਼ਲਤ ਹੀ ਕਹਿਣਾ ਬਣਦਾ ਸੀ। ਅਸੀਂ ਉਹਦੀ ਅਸੂਲਪ੍ਰਸਤ ਜ਼ਿੱਦ ਅੱਗੇ ਝੁਕ ਜਾਂਦੇ। ਸਾਨੂੰ ਉਹਦੀ ਖੋਜੀ ਬਿਰਤੀ ਚੰਗੀ ਲੱਗਦੀ।

ਉਹ ਮੇਰੇ ਨਾਲ਼ ਰੋਜ਼ ਸ਼ਾਮ ਨੂੰ ਚੌਦਾਂ ਪੰਦਰਾਂ ਦੀ ਮਾਰਕੀਟ ਜਾਂਦਾ। ਮੈ ਹੈਰਾਨ ਹੋਣਾ ਕਿ ਉਹ ਦੁਕਾਨਾਂ ਵੱਲ੍ਹ ਦੇਖਦਾ ਤੱਕ ਨਹੀਂ। ਕਿਸੇ ਨੇ ਗੱਲ ਕੀਤੀ ਕਿ ਮਹਿੰਗਾਈ ਬੜੀ ਹੈ। ਦਿਲਬਾਗ ਸਿੰਘ ਕਹਿਣ ਲੱਗਾ ‘ਕਿੱਥੇ ਹੈ ਮਹਿੰਗਾਈ’। ਮੈਂ ਉਹਨੂੰ ਪੁੱਛਿਆ, ‘ਮਹਿੰਗਾਈ ਨਹੀਂ ਹੈ?’ ਉਹ ਕਹਿਣ ਲੱਗਾ ਕਿ ਜਦ ਹੱਟੀ ਮੋਹਰੇ ਖੜ੍ਹਨਾ ਹੀ ਨਹੀਂ ਤਾਂ ਮਹਿੰਗਾਈ ਕਾਹਦੀ!’ ਉਹਦੀ ਇਹ ਗੱਲ ਸੁਣਕੇ ਮੈਂ ਹੈਰਾਨ ਵੀ ਹੋਇਆ ਤੇ ਉਦਾਸ ਵੀ।

ਉਹ ਮਿਰਜ਼ਾ ਗ਼ਾਲਿਬ ਦੀ ਹਰ ਗ਼ਜ਼ਲ ਦੀ ਬਹਿਰ ਜਾਣਦਾ ਸੀ ਤੇ ਬਹਿਰ ਦੇ ਬਗੈਰ ਕਿਸੇ ਗ਼ਜ਼ਲ ਨੂੰ ਗ਼ਜ਼ਲ ਨਹੀਂ ਸੀ ਮੰਨਦਾ। ਮੇਰਾ ਇਕ ਦੋਸਤ ਗ਼ਜ਼ਲ ਲਿਖ ਲਿਆਇਆ ਤੇ ਉਹਨੇ ਆਪਣੀ ਗ਼ਜ਼ਲ ਦਿਲਬਾਗ ਸਿੰਘ ਦੇ ਹੱਥ ਫੜਾ ਦਿੱਤੀ। ਉਹਨੇ ਕਾਗ਼ਜ਼ ਫੜਿਆ ਤੇ ਲਗਾਤਾਰ ਕਿੰਨੀ ਦੇਰ ਗੁਣਗੁਣਾਈ ਗਿਆ, ਜਿਵੇਂ ਕੋਈ ਉਸਤਾਦ ਰਾਗ ਦੀ ਸੁਰ ਲੱਭਦਾ ਹੋਵੇ। ਅਸਲ ਵਿੱਚ ਉਹ ਬਹਿਰ ਦੇ ਸੰਸਾਰ ਵਿੱਚ ਡੁੱਬ ਗਿਆ ਸੀ। ਪਸ਼ੇਮਾਨੀ ਦੀ ਹਾਲਤ ਵਿੱਚ ਉਹਨੇ ਉਸ ਗ਼ਜ਼ਲ ਦੀ ਬਹਿਰ ਪੁੱਛੀ। ਦੋਸਤ ਨੇ ਦੱਸਿਆ ਕਿ ਉਹ ਗ਼ਜ਼ਲ ਬਹਿਰ ਵਿੱਚ ਨਹੀਂ ਹੈ। ਦਿਲਬਾਗ ਸਿੰਘ ਦੇ ਚਿਹਰੇ ’ਤੇ ਇਕ ਦੰਮ ਚਮਕ ਆ ਗਈ, ਜਿਵੇਂ ਉਹ ਸੁਰਖ਼ਰੂ ਹੋ ਗਿਆ ਹੋਵੇ। ਉਹਨੇ ਗ਼ਜ਼ਲ ਵਾਲ਼ਾ ਕਾਗ਼ਜ਼ ਮੇਰੇ ਦੋਸਤ ਨੂੰ ਵਾਪਸ ਫੜਾ ਦਿਤਾ ਤੇ ਕਹਿਣ ਲੱਗਾ, ‘ਇਹ ਹਿੰਦੀ ਆ’। ਉਹਦੇ ਲਈ ਬੇਸਿਰ ਪੈਰੀ ਕੋਈ ਵੀ ਚੀਜ਼ ਹਿੰਦੀ ਸੀ।

ਰਾਤ ਨੂੰ ਪਏ ਪਏ ਕਾਫੀ ਦੇਰ ਅਸੀਂ ਗੱਲਾਂ ਕਰਦੇ ਰਹਿੰਦੇ। ਉਹਨੇ ਦੱਸਿਆ ਕਿ ਉਹਨੇ ਆਪਣੇ ਸਾਰੇ ਬੱਚਿਆਂ ਦੇ ਨਾਂ ਦੀਵਾਨਿ ਗ਼ਾਲਿਬ ‘ਚੋਂ ਅੱਖਰ ਕੱਢ ਕੇ ਰੱਖੇ ਹਨ। ਉਹਦੇ ਬੱਚਿਆਂ ਦੇ ਨਾਵਾਂ ਅੱਗੇ ਪਹਿਲਾਂ ਉਹਦੇ ਨਾਂ ਵਾਲ਼ਾ ਜਾਂ ਉਹਦਾ ‘ਦਿਲ’ ਲੱਗਦਾ ਤੇ ਬਾਦ ਵਿੱਚ ਅਸਲ ਨਾਂ ਆਉਂਦਾ। ਜਿਵੇਂ ਦਿਲਰੁਬਾ, ਦਿਲਬਰ ਸਿੰਘ, ਦਿਲਸਤਾਨ, ਦਿਲਆਰਾ, ਦਿਲਨਵਾਜ਼, ਦਿਲਫ਼ਿਗਾਰ ਸਿੰਘ, ਦਿਲਹਾਸ ਸਿੰਘ, ਦਿਲਫ਼ਿਰੋਜ਼। ਸ਼ਾਇਦ ਹੀ ਪੂਰੇ ਵਿਸ਼ਵ ਵਿੱਚ ਕਿਸੇ ਨੇ ਗ਼ਾਲਿਬ ਨੂੰ ਏਨੀ ਮੁਹੱਬਤ ਕੀਤੀ ਹੋਵੇ ਕਿ ਆਪਣੇ ਸਾਰੇ ਬੱਚਿਆਂ ਦੇ ਨਾਂ ਇਸਤਰਾਂ ਰੱਖੇ ਹੋਣ। ਗ਼ਾਲਿਬ ਦੀ ਇੱਜ਼ਤ ਉਹਦੀ ਆਪਣੀ ਇੱਜ਼ਤ ਸੀ। ਮੈਂ ਕਿਤੇ ਉਹਨੂੰ ਅਜਿਹਾ ਸ਼ੇਅਰ ਪੁੱਛਿਆ ਜਿਹੜਾ ਬਹੁਤਾ ਪਾਏ ਦਾ ਨਹੀਂ ਸੀ। ਦਿਲਬਾਗ ਸਿੰਘ ਕਹਿਣ ਲੱਗਾ ਕੇ ਗ਼ਾਲਿਬ ਸਾਬ੍ਹ ਨੇ ਕੁਝ ਸ਼ੇਅਰ ਖ਼ਾਰਜ ਕਰ ਦਿੱਤੇ ਸਨ, ਇਹ ਉਨ੍ਹ੍ਹਾ ਵਿੱਚੋਂ ਹੈ। ਜੇ ਉਸ ਸ਼ੇਅਰ ਵਿੱਚ ਕੁਝ ਚੰਗਾ ਸੀ ਤਾਂ ਉਹ ਗ਼ਾਲਿਬ ਦਾ ਸੀ, ਜੇ ਨਹੀਂ ਤਾਂ ਖ਼ਾਰਜ ਵਿੱਚੋਂ ਸੀ। ਮੈਂ ਉਹਨੂੰ ਜ਼ੌਕ ਦਾ ਕੋਈ ਸ਼ੇਅਰ ਪੁੱਛ ਬੈਠਾ ਤਾਂ ਕਹਿਣ ਲੱਗਾ ‘ਮੈਂ ਉਹਨੂੰ ਨਹੀਂ ਪੜ੍ਹਦਾ’। ਪੁੱਛਿਆ ‘ਕਿਉਂ?’ ਕਹਿਣ ਲੱਗਾ ‘ਗ਼ਾਲਿਬ ਸਾਬ੍ਹ ਉਹਨੂੰ ਪਸੰਦ ਨਹੀਂ ਸੀ ਕਰਦੇ’। ਮੁਹੱਬਤ ਦੀ ਇੰਤਹਾ ਦੇਖੋ ਕਿ ਗ਼ਾਲਿਬ ਦੀ ਪਸੰਦ ਅਤੇ ਨਾਪਸੰਦ ਉਹਨੇ ਆਪਣੀ ਬਣਾਈ ਹੋਈ ਸੀ। ਕੋਈ ਉਹਨੂੰ ਕਿਸੇ ਸ਼ੇਅਰ ਬਾਬਤ ਪੁੱਛਦਾ ਤਾਂ ਅਕਸਰ ਉਹਦੇ ਦੋ ਹੀ ਜਵਾਬ ਹੁੰਦੇ ਕਿ ‘ਇਹ ਗ਼ਾਲਿਬ ਸਾਬ੍ਹ ਦਾ ਹੈ’ ਜਾਂ ‘ਗ਼ਾਲਿਬ ਸਾਬ੍ਹ ਦਾ ਨਹੀਂ ਹੈ’।

ਕਿਤੇ ਅੱਧੀ ਰਾਤ ਨੂੰ ਮੈਨੂੰ ਜਾਗ ਆ ਗਈ ਤੇ ਮੈਂ ਉਹਨੂੰ ਉਠਾਲ਼ ਲਿਆ। ਮੈਨੂੰ ਐਵੇਂ ਹੀ ਖਿਆਲ ਆਇਆ ਤੇ ਮੈਂ ਉਹਨੂੰ ਕੁਝ ਗਾ ਕੇ ਸੁਣਾਉਣ ਲਈ ਕਿਹਾ। ਉਹ ਕਹਿੰਦਾ ਚਾਹ ਪੀਤੀ ਬਗੈਰ ਨਹੀਂ ਗਾ ਹੁੰਦਾ। ਮੇਰੇ ਬਲੌਕ ਵਿੱਚ ਇਕ ਮੁੰਡਾ ਰਹਿੰਦਾ ਸੀ, ਜਿਹਨੂੰ ਸਾਰੇ ਬਘਦੂ ਕਹਿੰਦੇ ਸਨ। ਪਤਾ ਨਹੀਂ ਉਹਦੀ ਇਹ ਛੇੜ ਪਈ ਸੀ ਕਿ ਨਾਂ ਹੀ ਇਹ ਸੀ। ਉਹ ਆਪਣੇ ਕਮਰੇ ‘ਚ ਚਾਹ ਬਣਾਉਂਦਾ ਸੀ। ਮੈਂ ਉਹਨੂੰ ਉਠਾਲ਼ਿਆ ਤੇ ਸਾਰੀ ਗੱਲ ਦੱਸੀ। ਉਹਨੇ ਸੁਤਉਣੀਂਦੇ ਨੇ ਤਿੰਨ ਕੱਪ ਚਾਹ ਬਣਾਈ ਤੇ ਮੇਰੇ ਕਮਰੇ ਵਿੱਚ ਲੈ ਆਇਆ। ਦਿਲਬਾਗ ਸਿੰਘ ਨੇ ਗਰਮ ਗਰਮ ਚਾਹ ਪੀਤੀ ਤੇ ਅੱਧੀ ਰਾਤ ਨੂੰ ਹੀ ਪੂਰੀ ਤਰਾਂ ਜਲੌ ’ਚ ਆ ਗਿਆ ਤੇ ਗਾਉਣ ਲੱਗ ਪਿਆ। ਆਏ ਹਾਏ! ਉਹਨੇ ਗ਼ਜ਼ਲ ਸੁਣਾਈ ਕਿਤੇ! ਕਹਿਰ ਕਰ ਦਿੱਤਾ। ਲਖਨਊ ਦੇ ਖ਼ੁਆਜਾ ਹੈਦਰ ਅਲੀ ਆਤਿਸ਼ ਦੀ ਲਿਖੀ ਤੇ ਅਮਾਨਤ ਅਲੀ ਦੀ ਗਾਈ ਹੋਈ ਗ਼ਜ਼ਲ ਸੁਣਾਈ - ਯੇ ਆਰਜ਼ੂ ਥੀ ਤੁਝੇ ਗੁਲ ਕੇ ਰੂਬਰੂ ਕਰਤੇ, ਹਮ ਔਰ ਬੁਲਬਲੇ ਬੇਤਾਬ ਗ਼ੁਫਤਗੂ ਕਰਤੇ।

ਗ਼ਜ਼ਲ ਸੁਣ ਕੇ ਬਘਦੂ ਉੱਠਿਆ ਤੇ ਕਮਰੇ ‘ਚੋਂ ਬਾਹਰ ਚਲਾ ਗਿਆ। ਮੈਂ ਸੋਚਿਆ ਇਸਤਰਾਂ ਅੱਧੀ ਰਾਤ ਨੂੰ ਉਠਾਲਣਾ ਉਹਨੂੰ ਚੰਗਾ ਨਹੀਂ ਲੱਗਾ। ਮੈਂ ਹੈਰਾਨ ਹੋ ਗਿਆ ਕਿ ਪੰਦਰਾਂ ਮਿੰਟਾਂ ਬਾਦ ਉਹ ਹੋਰ ਚਾਹ ਬਣਾ ਲਿਆਇਆ ਤੇ ਕਹਿਣ ਲੱਗਾ ‘ਹੋਰ ਸੁਣਾਉ’। ਪਰ ਦਿਲਬਾਗ ਸਿੰਘ ਨੂੰ ਉਹ ਇਕ ਹੀ ਗ਼ਜ਼ਲ ਗਾਉਣੀ ਆਉਂਦੀ ਸੀ। ਮੈਂ ਪੁੱਛਿਆ ‘ਕਿੱਥੋਂ ਸਿੱਖੀ ਹੈ?’ ਕਹਿਣ ਲੱਗਾ ‘ਲੋਕਾਂ ਦੇ ਘਰਾਂ ‘ਚ ਵੱਜਦੇ ਰੇਡੀਓ ‘ਚੋਂ ਸੁਣ ਸੁਣ ਕੇ ਸਿੱਖੀ ਹੈ’। ਸ਼ਾਇਰੀ ਨਾਲ਼ ਇਸ ਕਦਰ ਮੁਹੱਬਤ ਦੀ ਇਹ ਮਿਸਾਲ ਸ਼ਾਇਦ ਹੀ ਕੋਈ ਹੋਰ ਹੋਵੇ। ਮੈਂ ਅੱਜ ਵੀ ਜਦ ਉਹ ਗ਼ਜ਼ਲ ਸੁਣਦਾ ਹਾਂ ਤਾਂ ਦਿਲਬਾਗ ਸਿੰਘ ਦਾ ਅੱਧੀ ਰਾਤ ਵਾਲ਼ਾ ਉਹ ਰੂਪ ਮੇਰੇ ਸਾਹਮਣੇ ਸਾਕਾਰ ਹੋ ਜਾਂਦਾ ਹੈ।

ਫਿਰ ਉਹ ਮੇਰੇ ਕੋਲੋਂ ਵਾਪਸ ਜਾਣ ਲਈ ਤਿਆਰ ਹੋ ਗਿਆ। ਜਾਣ ਲੱਗਿਆਂ ਉਹਨੂੰ ਇੰਨਾਂ ਪਿਆਰ ਸਤਿਕਾਰ ਮਿਲ਼ਿਆ ਕਿ ਸ਼ਾਇਦ ਹੀ ਯੂਨੀਵਰਸਿਟੀ ‘ਚ ਕਦੀ ਕਿਸੇ ਨੂੰ ਮਿਲ਼ਿਆ ਹੋਵੇ। ਮੁੰਡੇ ਕੁੜੀਆਂ ਤੋਂ ਵੱਧ ਤੇ ਕੁੜੀਆਂ ਕੁੜੀਆਂ ਮੁੰਡਿਆਂ ਤੋਂ ਵੱਧ। ਸਭ ਨੇ ਯਥਾਸ਼ਕਤ ਉਹਨੂੰ ਕੁਝ ਨਾ ਕੁਝ ਭੇਟ ਕੀਤਾ। ਦਿਲਬਾਗ ਸਿੰਘ ਬਾਗੋ-ਬਾਗ ਹੋ ਗਿਆ। ਉਹਨੇ ਆਖਰੀ ਬਾਰ ਸਾਰਿਆਂ ਵੱਲ ਬੜੀ ਨਿਮਰਤਾ ਨਾਲ਼ ਦੇਖਿਆ ਤੇ ਸਿਰ ਝੁਕਾਇਆ। ਫਿਰ ਸਾਇਕਲ ਦੀ ਹਵਾ ਚੈੱਕ ਕੀਤੀ, ਪੈਡਲ ‘ਤੇ ਪੈਰ ਧਰਿਆ ਤੇ ਰਵਾਨਾ ਹੋ ਗਿਆ। ਅਸੀਂ ਉਹਨੂੰ ਜਾਂਦੇ ਨੂੰ ਦੇਖਦੇ ਰਹੇ। ਜਦ ਉਹ ਅੱਖੋਂ ਉਹਲੇ ਹੋਇਆ ਤਾਂ ਅਸੀਂ ਵਾਪਸ ਪਰਤ ਗਏ ਤੇ ਕਈ ਦਿਨ ਉਹਦੀਆਂ ਗੱਲਾਂ ਕਰਦੇ ਰਹੇ। ਕਦੀ ਹੱਸ ਪੈਂਦੇ ਤੇ ਕਦੀ ਉਦਾਸ ਹੋ ਜਾਂਦੇ।

ਪੜ੍ਹ ਪੁੜ੍ਹ ਕੇ ਮੈਂ ਫਗਵਾੜੇ ਪੜ੍ਹਾਉਣ ਲੱਗ ਪਿਆ। ਮੈਂ ਉਹਨੂੰ ਆਪਣੇ ਵਿਆਹ ‘ਤੇ ਬੁਲਾਇਆ ਪਰ ਉਹ ਆਇਆ ਨਾ। ਉਹਦਾ ਖਤ ਆਇਆ ਕਿ ਉਹ ਬਿਮਾਰ ਹੈ। ਅਸੀਂ ਫਗਵਾੜੇ ਗੁਰੂ ਨਾਨਕ ਪੁਰੇ ਰਹਿਣ ਲੱਗ ਪਏ। ਸਾਡੇ ਘਰੇ ਬੇਟੇ ਨੇ ਜਨਮ ਲਿਆ। ਅਸੀਂ ਉਹਦਾ ਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਵਾਕ ਲੈ ਕੇ ਰੱਖਿਆ। ਪਰ ਸਹਿਵਨ ਹੀ ਉਹਦੇ ਨਾਂ ਅੱਗੇ ਵੀ ‘ਦਿਲ’ ਆ ਗਿਆ ਤੇ ‘ਦਾਰ’ ਵੀ ਦੀਵਾਨਿ ਗ਼ਾਲਿਬ ਵਿੱਚੋਂ ਕਿਹਾ ਜਾ ਸਕਦਾ ਹੈ। ਪ੍ਰੋ ਹਰਪਾਲ ਸਿੰਘ ਤੋਂ ਦਿਲਬਾਗ ਸਿੰਘ ਨੂੰ ਪਤਾ ਲੱਗਾ ਤਾਂ ਉਹਨੇ ਪੋਸਟਕਾਰਡ ‘ਤੇ ਉਰਦੂ ਵਿੱਚ ਵਧਾਈ ਭੇਜੀ।

ਇਕ ਦਿਨ ਸਾਨੂੰ ਛੁੱਟੀ ਸੀ ਕਿ ਸਵੇਰੇ ਸਵੇਰੇ ਬੈੱਲ ਵੱਜੀ। ਦਰਵਾਜ਼ਾ ਖੋਲ੍ਹਿਆ ਤਾਂ ਰਿਕਸ਼ੇ ‘ਤੇ ਦਿਲਬਾਗ ਸਿੰਘ ਨੂੰ ਦੇਖ ਕੇ ਮੈਂ ਹੱਕਾ ਬੱਕਾ ਹੀ ਰਹਿ ਗਿਆ। ਉਹ ਠੀਕ ਨਹੀਂ ਸੀ। ਉਹਨੂੰ ਫੜ ਕੇ ਉਤਾਰਿਆ ਤੇ ਮੰਜੇ ‘ਤੇ ਬਿਠਾਇਆ। ਚਾਹ ਪਾਣੀ ਪਿਆਇਆ ਤੇ ਪੁੱਛਿਆ ‘ਕੀ ਛਕੋਂਗੇ?’ ਉਹਨੇ ਅੰਮਰਤੀ ਦੀ ਫੁਰਮਾਇਸ਼ ਕੀਤੀ। ਅਸੀਂ ਅਮਰਤੀ ਨੂੰ ਕੜ੍ਹੀ ਕਹਿੰਦੇ ਹਾਂ ਤੇ ਉਸ ਦਿਨ ਕੁਦਰਤੀ ਹੀ ਸਾਡੇ ਘਰ ਕੜ੍ਹੀ ਬਣੀ ਹੋਈ ਸੀ। ਉਹਨੂੰ ਰੋਟੀ ਪਾਣੀ ਛਕਾਇਆ ਤੇ ਗੱਲਬਾਤ ਦਾ ਸਿਲਸਿਲਾ ਜਾਰੀ ਹੋ ਗਿਆ। ਮੈਨੂੰ ਕਹਿਣ ਲੱਗਾ ‘ਆ, ਮੇਰੇ ਕੋਲ਼ ਬੈਠ’। ਮੈਂ ਉਹਦੇ ਕੋਲ਼ ਬਹਿ ਗਿਆ। ਕਹਿਣ ਲੱਗਾ ‘ਤੂੰ ਮੇਰੇ ਕੋਲ਼ੋ ਉਰਦੂ ਨਹੀਂ ਸਿੱਖਿਆ, ਉਹ ਜਗਸੀਸ਼ ਸਿੱਖ ਗਿਆ’। ਮੈਂ ਸਾਰੀ ਗੱਲ ਸਮਝ ਗਿਆ। ਉਹ ਮੈਨੂੰ ਉਰਦੂ ਸਿਖਾਉਣ ਆਇਆ ਸੀ। ਉਹਨੇ ਮੇਰੇ ਬੇਟੇ ਦਿਲਦਾਰ ਤੋਂ ਵੀ ਕਈ ਕੁਝ ਪੁੱਛਿਆ ਦੱਸਿਆ। ਪਰ ਉਹ ਬਹੁਤ ਨਿਢਾਲ ਦਿਸ ਰਿਹਾ ਸੀ।

ਉਹਨੇ ਦੱਸਿਆ ਕਿ ਉਰਦੂ ਅਤੇ ਸ਼ਾਇਰੀ ਸਿੱਖਣ ਲਈ ਉਹਨੂੰ ਵਾਰਿਸ ਭਾਈ ਆਪਣੇ ਨਾਲ਼ ਲੈ ਗਏ; ਪਰ ਉਹ ਚਾਰ ਦਿਨ ਤੋਂ ਵੱਧ ਉਹਦੀ ਝਾਲ ਨਾ ਝੱਲ ਸਕੇ ਤੇ ਉਹਨੂੰ ਵਾਪਸ ਗੁਣਾਚੌਰ ਛੱਡ ਗਏ। ਦਰਅਸਲ ਦਿਲਬਾਗ ਸਿੰਘ ਨਾਲ਼ ਰਹਿਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ; ਉਹਦੇ ਨਾਲ਼ ਰਹਿਣਾ ਇਸਤਰਾਂ ਸੀ ਜਿਵੇਂ ਕੋਈ ਦੁਰਬਾਸਾ ਰਿਸ਼ੀ ਦੇ ਵੱਸ ਪੈ ਗਿਆ ਹੋਵੇ।

ਫਿਰ ਉਹ ਵਾਸ਼ਰੂਮ ਗਿਆ ਤੇ ਉੱਥੇ ਡਿਗ ਪਿਆ। ਅਸੀਂ ਮਸਾਂ ਉਠਾਇਆ ਤੇ ਉਹਦੇ ਕੱਪੜੇ ਸਾਫ ਕੀਤੇ। ਉਹਨੂੰ ਬਹਾਲ਼ਿਆ ਤੇ ਫਿਰ ਚਾਹ ਪਲ਼ਾਈ। ਉਹ ਠੀਕ ਢੰਗ ਨਾਲ਼ ਬਹਿਣ ਦੀ ਹਾਲਤ ਵਿੱਚ ਵੀ ਨਹੀਂ ਸੀ। ਉਹਨੇ ਬੜੀ ਹੀ ਆਜਿਜ਼ੀ ਨਾਲ਼ ਕਿਹਾ ਕਿ ਉਹ ਮੈਨੂੰ ਆਖਰੀ ਬਾਰ ਮਿਲਣ ਆਇਆ ਹੈ। ਮੈਂ ਰਤਾ ਡਰ ਜਿਹਾ ਗਿਆ। ਫਗਵਾੜੇ ਵਿੱਚ ਉਹਦਾ ਭਾਣਜਾ ਸੀ, ਜੋ ਮੇਰਾ ਵਿਦਿਆਰਥੀ ਸੀ। ਮੈਂ ਉਹਨੂੰ ਬੁਲਾਇਆ ਤੇ ਸਾਰੀ ਗੱਲ ਦੱਸੀ। ਉਹਨੂੰ ਉਹ ਆਪਣੇ ਘਰ ਲੈ ਗਿਆ ਤੇ ਅਗਲੇ ਦਿਨ ਉਹਦੇ ਪਿੰਡ ਛੱਡ ਆਇਆ। ਕੁਝ ਦਿਨਾਂ ਬਾਦ ਪਤਾ ਲੱਗਾ ਕਿ ਉਹ ਪੂਰਾ ਹੋ ਗਿਆ ਹੈ ਤੇ ਉਹਦਾ ਭੋਗ ਵੀ ਪੈ ਚੁੱਕਿਆ ਹੈ। ਮੈਂ ਖ਼ੁਦ ਨੂੰ ਕਿੰਨਾ ਅਭਾਗਾ ਸਮਝਿਆ ਜੁ ਕਦੀ ਉਹਦੇ ਘਰ ਨਾ ਜਾ ਸਕਿਆ।

ਪ੍ਰੋ ਹਰਪਾਲ ਸਿੰਘ ਨਾਲ ਉਹਦਾ ਅਫ਼ਸੋਸ ਕੀਤਾ। ਉਨ੍ਹਾਂ ਦੱਸਿਆ ਕਿ ਦੋ ਸਾਲ ਪਹਿਲਾਂ ਉਹ ਕਾਲਜ ਆਇਆ ਤਾਂ ਉਹ ਕਮਜ਼ੋਰ ਬਹੁਤ ਸੀ। ਉਹਨੇ ਆਪਣੀ ਬਿਮਾਰੀ ਦਾ ਜ਼ਿਕਰ ਅਤੇ ਫਿਕਰ ਕਰਦਿਆਂ ਕਿਹਾ ਸੀ ਕਿ ਉਹ ਜ਼ਿਆਦਾ ਦੇਰ ਨਹੀਂ ਰਹੇਗਾ ਤੇ ਉਹ ਹਾਲੇ ਦੋ ਸਾਲ ਹੋਰ ਜੀਉਣਾ ਚਾਹੁੰਦਾ ਹੈ। ਪ੍ਰੋ ਹਰਪਾਲ ਸਿੰਘ ਨੇ ਅੰਦਾਜ਼ਾ ਲਗਾਇਆ ਕਿ ਮਿਰਜ਼ਾ ਗ਼ਾਲਿਬ ਬਹੱਤਰਵੇਂ ਸਾਲ਼ ਵਿੱਚ ਪੂਰੇ ਹੋਏ ਸਨ ਤੇ ਦਿਲਬਾਗ ਸਿੰਘ ਹਾਲੇ ਸੱਤਰਵੇਂ ਸਾਲ ਵਿੱਚ ਸੀ। ਰੱਬ ਦੀ ਕਰਨੀ ਕਿ ਦਿਲਬਾਗ ਵੀ ਜਾਣ ਵਕਤ ਬਹੱਤਰਵੇਂ ਸਾਲ ਵਿੱਚ ਦਾਖਲ ਹੋ ਚੁੱਕਾ ਸੀ। ਪ੍ਰੋ ਸਾਹਿਬ ਦਾ ਅੰਦਾਜ਼ਾ ਬਿਲਕੁਲ ਠੀਕ ਸੀ ਤੇ ਜਸਮੇਰ ਸਿੰਘ ਦੀ ਗੱਲ ਵੀ ਸਹੀ ਸਾਬਤ ਹੋਈ ਕਿ ਉਹ ਗ਼ਾਲਿਬ ਦਾ ਪਰਛਾਵਾਂ ਨਹੀਂ, ਖ਼ੁਦ ਗ਼ਾਲਿਬ ਸੀ।

ਬੜੀ ਦੇਰ ਬਾਦ ਉਹਦੀ ਬੇਟੀ ਦੀ ਫੇਸਬੁੱਕ ’ਤੇ ਫਰੈਂਡ ਰਕੁਐਸਟ ਆਈ ਤੇ ਮੈਂ ਓਕੇ ਕਰ ਦਿੱਤੀ। ਉਹਦੇ ਨਾਲ਼ ਕਦੀ ਕਦੀ ਦਿਲਬਾਗ ਸਿੰਘ ਦੀ ਗੱਲ ਹੁੰਦੀ ਹੈ ਤਾਂ ਬੜਾ ਸਕੂਨ ਮਿਲ਼ਦਾ ਹੈ। ਮੈਂ ਉਹਦੀ ਆਪ ਖਿੱਚ੍ਹੀ ਫੋਟੋ ਦੇਖਦਾ ਹਾਂ, ਉਹਨੂੰ ਯਾਦ ਕਰਦਾ ਹਾਂ। ਫਿਰ ਦੀਵਾਨਿ ਗ਼ਾਲਿਬ ਚੁੱਕਦਾ ਹਾਂ ਤੇ ਪੜ੍ਹਨ ਲੱਗਦਾ ਹਾਂ। ਕਦੀ ਅਮਾਨਤ ਅਲੀ ਦੀ ਗਾਈ ਖ਼ੁਆਜ਼ਾ ਹੈਦਰ ਅਲੀ ਆਤਿਸ਼ ਦੀ ਗ਼ਜ਼ਲ ਸੁਣਦਾ ਹਾਂ ਤਾਂ ਦਿਲਬਾਗ ਸਿੰਘ ਮੇਰੇ ਸਾਹਮਣੇ ਸਾਕਾਰ ਹੋ ਜਾਂਦਾ ਹੈ। ਮੈਨੂੰ ਉਹ ਰਾਤ ਚੇਤੇ ਆਉਂਦੀ ਹੈ, ਜਿਹਦੇ ਵਿੱਚ ਬਘਦੂ ਵੀ ਹਾਜ਼ਰ ਹੁੰਦਾ ਹੈ ਤੇ ਉਹਦੀ ਚਾਹ ਵੀ।

  • ਮੁੱਖ ਪੰਨਾ : ਪ੍ਰੋ. ਅਵਤਾਰ ਸਿੰਘ : ਪੰਜਾਬੀ ਲੇਖ ਅਤੇ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ