Khushboo (Punjabi Story) : Simran Dhaliwal

ਖ਼ੁਸ਼ਬੂ (ਕਹਾਣੀ) : ਸਿਮਰਨ ਧਾਲੀਵਾਲ

ਕੱਲ੍ਹ ਡਾਕਟਰ ਜਾ ਰਿਹਾ ਹੈ। ਵਾਪਸ। ਕਨੇਡੇ ਨੂੰ। ਉਹ ਚਲਾ ਜਾਊ ਤਾਂ ਉਪਰ ਉਹਦੇ ਵਾਲਾ ਕਮਰਾ ਫੇਰ ਮੈਨੂੰ ਮਿਲ ਜਾਊ। ਸੌਣ-ਪੈਣ ਨੂੰ। ਇੱਥੇ ਤਾਂ ਮੈਨੂੰ ਸਵਾਰ ਕੇ ਨੀਂਦ ਨਹੀਂ ਆਉਂਦੀ। ਮਹੀਨੇ ਤੋਂ- ਜਦੋਂ ਦਾ ਡਾਕਟਰ ਕਨੇਡੇ ਤੋਂ ਆਇਆ- ਮੈਂ ਇੱਥੇ ਪੈਂਦਾ। ਆਹ ਬਹਿਣ ਉੱਠਣ ਵਾਲੇ ਕਮਰੇ ’ਚ। ਕੀ ਆਖਦਾ ਹੁੰਦਾ ਮੇਰਾ ਮੁੰਡਾ ਖ਼ਬਰੇ, ਹਾਂ ਡਰੈਂਗ ਰੂਮ ’ਚ। ਐਤਕੀਂ ਆਖਦੇ ਬਈ ਡਾਕਟਰ ਨੇ ਖਾਸੇ ਟੈਮ ਮਗਰੋਂ ਗੇੜੀ ਮਾਰੀ ਇੱਥੇ। ਛੇ ਮਹੀਨੇ ਤਾਂ ਮੈਨੂੰ ਵੀ ਹੋਗੇ ਹੋਣੇ ਇੱਥੇ ਆਏ ਨੂੰ। ਉੱਥੇ ਇਹਦੀ ਘਰਵਾਲੀ ਏ। ਦੋ ਕੁੜੀਆਂ ਨੇ ਖ਼ਬਰੇ। ਅੱਗੇ ਉਨ੍ਹਾਂ ਦਾ ਜਵਾਕ ਜੱਲਾ ਹੋਊ। ਜਿਸ ਦਿਨ ਡਾਕਟਰ ਆਇਆ ਸੀ ਮੈਂ ਤਾਂ ਉਸ ਦਿਨ ਪਹਿਲੀ ਵਾਰੀ ਦਰਸ਼ਨ ਕੀਤੇ ਸੀ ਇਹਦੇ।

ਇਕ ਦਿਨ ਦੁਪਹਿਰ ਨੂੰ ਇਹ ਮੇਰੇ ਕੋਲ ਆ ਕੇ ਬਹਿ ਗਿਆ।
ਓਦਣ ਹੀ ਜ਼ੁਬਾਨ ਸਾਂਝੀ ਹੋਈ ਸੀ ਸਾਡੀ। ਫੇਰ ਤਾਂ ਬਥੇਰੀ ਭਕਾਈ ਮਾਰੀ ਅਸਾਂ ਦੋਹਾਂ। ਨਾ ਡਾਕਟਰ ਨੂੰ ਕੋਈ ਕੰਮ। ਨਾ ਮੈਨੂੰ।
ਮੈਂ ਪੁੱਛਿਆ, ‘‘ਤੈਂ ਡਾਕਟਰੀ ਕਿੱਥੇ ਕਰੀ ਤੀ?’’
ਕਹਿੰਦਾ, ‘‘ਬਾਬਾ, ਮੈਂ ਡਾਕਟਰੀ ਨਹੀਂ ਸੀ ਕਰਦਾ। ਮੈਂ ਤਾਂ ਕਾਲਜ ’ਚ ਪੜ੍ਹਾਉਂਦਾ ਸੀ। ਨੌਕਰੀ ਪੂਰੀ ਕਰਕੇ ਅਸੀਂ ਬਾਹਰ ਨੂੰ ਉਠ ਗਏ।’’
‘‘ਜੇ ਡਾਕਟਰੀ ਨਹੀਂ ਕਰੀ ਤਾਂ ਇਹ ਸਾਰੇ ਤੈਨੂੰ ਡਾਕਟਰ ਕਾਸਤੋਂ ਕਹਿੰਦੇ ਐ?’’ ਮੈਂ ਤਾਂ ਹੈਰਾਨ ਜਿਹਾ ਸੀ।
‘‘ਅਸਲ ’ਚ ਮੈਂ ਪੜ੍ਹਾਈ ਦਾ ਡਾਕਟਰ ਸੀ?’’ ਉਹਨੇ ਦੱਸਿਆ। ਮੇਰੇ ਮਨ ਵਿਚ ਉਲਝਣ ਹੋਰ ਵਧ ਗਈ ਸੀ।
‘‘ਬੰਦਿਆਂ-ਜਾਨਵਰਾਂ ਦਾ ਡਾਕਟਰ ਤਾਂ ਸੁਣਿਐ। ਪੜ੍ਹਾਈ ਦਾ ਵੀ ਡਾਕਟਰ ਹੁੰਦੈ? ਸਾਨੂੰ ਤਾਂ ਅੱਜ ਤੀਕ ਮਾਛਟਰਾਂ ਦਾ ਈ ਪਤਾ ਸੀ।’’
‘‘ਹੁੰਦਾ ਏ। ਪਰ ਬਾਬਾ, ਹੁਣ ਇਹ ਨਾ ਪੁੱਛੀਂ ਬਈ ਉਹ ਕਿਵੇਂ?’’ ਡਾਕਟਰ ਖੀਂ-ਖੀਂ ਕਰਕੇ ਹੱਸ ਪਿਆ।

ਫਿਰ ਮੈਂ ਕੁਝ ਹੋਰ ਨਾ ਪੁੱਛਿਆ। …ਤੇ ਮੈਂ ਵੀ ਹੁਣ ਉਹਨੂੰ ਬਾਕੀਆਂ ਵਾਂਗ ਡਾਕਟਰ ਹੀ ਆਖਦਾ। ਡਾਕਟਰ ਪੰਦਰਾਂ-ਵੀਹ ਵਰ੍ਹੇ ਮਸਾਂ ਛੋਟਾ ਹੋਣੈ ਮੈਥੋਂ। ਪਰ ਖੌਰੇ ਬਾਬਾ ਕਾਹਤੋਂ ਆਖਦਾ ਮੈਨੂੰ। ਸ਼ਾਇਦ ਮਾਘੀ ਦੀ ਰੀਸੇ।

‘‘ਚਿੱਤ ਲੱਗ ਗਿਆ ਫਿਰ ਇੱਥੇ? ਮਲਵਿੰਦਰ ਦੱਸਦਾ ਹੁੰਦਾ ਸੀ ਤੁਸੀਂ ਪਿੰਡ ਨਾਲ ਬਾਹਲਾ ਤਿਹੁ ਕਰਦੇ ਸੀ।’’
ਡਾਕਟਰ ਮਾਘੀ ਨੂੰ ਮਾਲਵਿੰਦਰ ਆਖਦਾ। ਮਾਘੀ ਯਾਨੀ ਮੇਰਾ ਮੁੰਡਾ। ਇਨ੍ਹਾਂ ਦਾ ਮਲਵਿੰਦਰ।
‘‘ਚਿੱਤ ਕਾਹਨੂੰ ਲੱਗਦਾ ਡਾਕਟਰਾ। ਹੁਣ ਪੇਸ਼ ਕੋਈ ਨਹੀਂ ਜਾਂਦੀ, ਪਰ ਤੂੰ ਵੱਧ ਗਿਆਨਵਾਨ ਐਂ।’’ ਮੇਰੀ ਜਿਵੇਂ ਆਵਾਜ਼ ਡੁੱਬ ਗਈ ਸੀ।
ਛੇ ਮਹੀਨਿਆਂ ’ਚ ਡਾਕਟਰ ਹੀ ਪਹਿਲਾ ਬੰਦਾ ਮਿਲਿਆ ਸੀ ਜਿਹਨੇ ਮੇਰੇ ਚਿੱਤ ਬਾਰੇ ਪੁੱਛਿਆ। ਨਹੀਂ ਤਾਂ ਇੱਥੇ ਕੌਣ ਵਿਹਲਾ ਏ ਦੂਜੇ ਦੀ ਖ਼ੈਰ-ਖ਼ਬਰ ਲੈਣ ਲਈ। ਇਸੇ ਲਈ ਉਸ ਦਿਨ ਤੋਂ ਬਾਅਦ ਡਾਕਟਰ ਮੈਨੂੰ ਵੱਧ ਚੰਗਾ ਲੱਗਣ ਲੱਗਿਆ ਸੀ। ਡਾਕਟਰ ਦੀ ‘ਚਿੱਤ’ ਵਾਲੀ ਗੱਲ ਯਾਦ ਕਰਕੇ ਵੀਹ ਵਾਰੀ ਰੋਣ-ਹਾਕਾ ਹੋਇਆ ਮੈਂ। ਕੱਲ੍ਹ ਡਾਕਟਰ ਜਾ ਰਿਹੈ। ਮੈਂ ਜਿਵੇਂ ਫੇਰ ਇਕੱਲਾ ਹੋ ਜਾਊਂ। ਮਾਘੀ ਤਾਰੇ ਨਿਕਲਿਆਂ ਤੋਂ ਘਰ ਮੁੜਦੈ। ਬਹੂ ਦੁਪਹਿਰ ਨੂੰ ਆ ਕੇ ਟੀ.ਵੀ. ਨੂੰ ਚਿੰਬੜ ਜਾਂਦੀ ਐ। ਜਵਾਕ ਸਕੂਲ ਤੋਂ ਆ ਕੇ ਕਿੱਧਰੇ ਹੋਰ ਪੜ੍ਹਨ ਨੂੰ ਉਠ ਜਾਂਦੇ। ਮੈਨੂੰ ਸਮਝ ਨਹੀਂ ਆਉਂਦਾ ਇਹ ਐਸਾ ਪੜ੍ਹਦੇ ਕੀ ਨੇ ਅਲੋਕਾਰ। ਬਹੂ ਨੂੰ ਯਾਨੀ ਦੀ ਸਾਹ ਨਹੀਂ ਆਉਂਦਾ ਜਦ ਇਨ੍ਹਾਂ ਦੇ ਪਰਚੇ ਚੱਲਦੇ ਪਏ ਹੁੰਦੇ ਐ। ਮੈਂ ਸੋਚੂੰ ਬਈ ਪਰਚੇ ਜਵਾਕਾਂ ਦੇ ਨੇ ਜਾਂ ਇਹਦੇ ਆਪਣੇ…?
ਵਿਆਹ ਤੋਂ ਬਾਅਦ ਇਕੇਰਾਂ ਮੈਂ ਮਾਘੀ ਨੂੰ ਪੁੱਛਿਆ ਸੀ, ‘‘ਕੀ ਕਮਾ ਲੈਂਦੀ ਤੇਰੀ ਮਾਛਟਰਨੀ?’’
‘‘ਮੋਟਾ ਜਿਹਾ ਲਾ ਲੈ ਹਿਸਾਬ ਬਾਬਾ ਬਈ ਜਿੰਨੇ ਆਹ ਤੇਰੀ ਭੇਡ ਦੀ ਪਿੱਠ ’ਤੇ ਵਾਲ ਨੇ ਓਨੇ ਕੁ ਨੋਟ ਲੈ ਆਉਂਦੀ ਐ ਘਰੇ।’’

ਉਹੀ ਬਹੂ ਜਦੋਂ ਆਪਣੇ ਜਵਾਕਾਂ ਨੂੰ ਪੜ੍ਹਾਉਣ ਬਦਲੇ ਹਫ਼ਤਾ-ਹਫ਼ਤਾ ਸਕੂਲ ਨਹੀਂ ਜਾਂਦੀ ਤਾਂ ਮੈਨੂੰ ਯਾਨੀ ਦੀ ਦੁੱਖ ਹੁੰਦੈ। ਸੋਚਦਾਂ ਬਈ ਆਪਣੇ ਦੋ ਜਵਾਕਾਂ ਬਦਲੇ ਇਹ ਖ਼ਬਰੇ ਉੱਥੇ ਬੈਠੇ ਸੱਤਰਾਂ ਦਾ ਨੁਕਸਾਨ ਕਰੀ ਜਾਂਦੀ ਹੋਊ। ਉਨ੍ਹਾਂ ਨੂੰ ਕੌਣ ਪੜ੍ਹਾਊ? …ਜਿਨ੍ਹਾਂ ਸਿਰੋਂ ਨੋਟ ਮਿਲਦੇ ਐ। ਇਹ ਵੀ ਤਾਂ ਬੇਈਮਾਨੀ ਹੋਈ। ਫੇਰ ਸੋਚਦਾਂ, ਐਵੇਂ ਤਾਂ ਨ੍ਹੀਂ ਕਹਿੰਦੇ ਮਾਛਟਰੀ ਤਾਂ ਐਸ਼ ਕਰਨ ਨੂੰ ਹੁੰਦੀ ਐ।

…ਤੇ ਮੈਂ ਸਾਰਾ ਦਿਨ ਵਿਹਲਾ, ਕੰਧਾਂ ਨੂੰ ਟੱਕਰਾਂ ਮਾਰਨ ਲਈ। ਵੱਡੇ ਸਾਰੇ, ਪਰ ਮੇਰੇ ਮੂਜਬ ਨਿੱਕੇ ਜਿਹੇ ਘਰ ਵਿਚ ਇਕੱਲਾ। ਕੰਧਾਂ ਨਾਲ ਹੀ ਗੱਲਾਂ ਕਰਦਾਂ। ਮੈਨੂੰ ਉਸ ਵੇਲੇ ਪਿੰਡ ਯਾਦ ਆ ਜਾਂਦੈ, ਪਰ ਪਿੰਡ ਦਾ ਪੂਰਾ ਨਕਸ਼ਾ ਮਗਜ਼ ਵਿਚ ਬਣਨ ਤੋਂ ਪਹਿਲਾਂ ਹੀ ਮਾਹੀ ਚਾਚਾ ਆ ਖੜ੍ਹਦੈ ਮੇਰੇ ਮੂਹਰੇ।
‘‘ਭਤੀਜ! ਪਛਤਾਏਂਗਾ ਦੇਖ ਲੀਂ। ਇਹਨੇ ਤੈਨੂੰ ਵੀ ਕਾਸੇ ਜੋਗਾ ਨਹੀਂ ਛੱਡਣਾ।’’ ਚਾਚੇ ਨੇ ਮਾਘੀ ਬਾਰੇ ਆਖਿਆ ਸੀ।
ਸੱਚੀਂ ਮਾਘੀ ਨੇ ਮੈਨੂੰ ਵੀ ਕਾਸੇ ਜੋਗਾ ਨਹੀਂ ਛੱਡਿਆ। ਪਰ ਉਹਦੇ ਹਿਸਾਬ ਨਾਲ ਤਾਂ ਉਹਨੇ ਬਹੁਤ ਵੱਡਾ ਤੀਰ ਮਾਰਿਐ। ਲੂੰਗੀ ਥਾਂਏ ਆਹ ਭੀੜਾ ਜਿਹਾ ਪਜਾਮਾ ਫਸਾ ’ਤਾ ਮੇਰੀਆਂ ਲੱਤਾਂ ’ਚ।

ਦੂਜਾ ਦਿਨ ਸੀ ਇੱਥੇ ਆਏ ਨੂੰ ਮੇਰਾ। ਘਰਾਂ ਮੂਹਰੇ ਬਣੀ ਵਿਹਲੀ ਜਿਹੀ ਥਾਂ ਜਾ ਵੜਿਆ ਸੀ ਮੈਂ। ਬਥੇਰੇ ਲੋਕੀਂ ਬੈਠੇ ਸੀ। ਸਿਰ ’ਤੇ ਮੜਾਸਾ ਮਾਰ ਕੇ ਲੂੰਗੀ ਬੰਨ੍ਹੀ। ਲੰਬਾ ਕੁੜੜਾ। ਪੱਗ ’ਚੋਂ ਮੁਰਕੀਆਂ ਦਿਸਦੀਆਂ ਸੀ ਕੰਨਾਂ ਦੀਆਂ। ਮੈਂ ਯਾਨੀ ਦੀ ਮੈਂ ਬਣਿਆ ਬੈਠਾਂ ਸਾਂ। ਆਪਣੀ ਸਲਤਨਤ ਦਾ ਆਪ ਮਾਲਕ। ਜਿਵੇਂ ਪਿੰਡ ਬੈਠਦਾ ਹੁੰਦਾ ਸਾਂ। ਪਰ ਜਦ ਘਰ ਮੁੜਿਆ ਫੇਰ ਪਤਾ ਲੱਗਿਆ ਮੈਂ ਪਿੰਡ ਨਹੀਂ ਮੈਂ ਤਾਂ ਸ਼ਹਿਰ ’ਚ ਸੀ।

‘‘ਬਾਬਾ, ਇੱਥੇ ਆਹ ਲਿਬਾਸ ਨਹੀਂ ਚੱਲਦਾ। ਆਂਢੀ-ਗੁਆਂਢੀ ਕੀ ਕਹਿਣਗੇ ਬਈ ਇਨ੍ਹਾਂ ਦਾ…।’’
ਸਰਦਾਰ ਮਲਵਿੰਦਰ ਸਿਹੁੰ ਉਸ ਦਿਨ ਆਥਣ ਨੂੰ ਆਹ ਝੱਗੇ-ਬਨੈਣਾ ਜਿਹੀਆਂ ਚੁੱਕ ਲਿਆਇਆ ਸੀ। ਜਿਨ੍ਹਾਂ ਨੂੰ ਪਾ ਕੇ ਸੂਤ ਨਾਲ ਸਾਹ ਵੀ ਨਹੀਂ ਆਉਂਦਾ ਮੈਨੂੰ।
ਪਰ ਮੈਂ ਮੁੜ ਘਰੋਂ ਬਾਹਰ ਨਹੀਂ ਨਿਕਲਿਆ। ਆਹ ਕੱਪੜੇ ਪਾ ਕੇ ਮੈਨੂੰ ਮੈਂ, ਮੈਂ ਨਹੀਂ ਲੱਗਦਾ। ਬਸ ਆਥਣੇ ਜਿਹੇ ਛੱਤ ’ਤੇ ਜਾ ਚੜ੍ਹਦਾ ਹਾਂ। ਦੂਰ ਸੜਕੋਂ ਪਾਰ ਕੋਈ ਬੰਦਾ ਇੱਜੜ ਚਾਰ ਕੇ ਮੁੜਿਆ ਆਉਂਦਾ ਰੋਜ਼ ਦਿੱਸਦਾ ਮੈਨੂੰ। ਉਹਨੂੰ ਦੇਖ ਕੇ ਮੇਰੇ ਅੰਦਰ ਖੋਹ ਜਿਹੀ ਪੈਂਦੀ ਐ। ਜੀ ਕਰਦਾ ਹੁੰਦਾ, ਦੌੜ ਕੇ ਜਾ ਮਿਲਾਂ ਉਸ ਬੰਦੇ ਨੂੰ। ਪਰ ਫੇਰ ਮਾਘੀ ਤੋਂ ਡਰਦਿਆਂ…। ਸੋਚਿਆ ਫੇਰ ਕਹੂ ਕਿ ਲੋਕ ਕੀ ਕਹਿਣਗੇ…। ਮਨ ਕੀਤਾ ਉਹੀ ਖ਼ੁਸ਼ਬੂ ਮਹਿਸੂਸ ਕਰਾਂ ਜਾ ਕੇ ਜੋ ਮੇਰੇ ਅੰਦਰ ਤੀਕ ਵੱਸੀ ਹੋਈ ਹੈ। ਉਹੀ ਖ਼ੁਸ਼ਬੂ ਜਿਸ ਤੋਂ ਮਾਘੀ ਦਾ ਨੱਕ ਚੜ੍ਹਨਾ ਸ਼ੂਰੂ ਹੋ ਗਿਆ ਸੀ। ਉਦੋਂ ਪਹਿਲੀ ਵਾਰ ਮੈਨੂੰ ਮਾਹੀ ਚਾਚੇ ਦੀ ਗੱਲ ਸਹੀ ਜਾਪੀ ਸੀ। ਮਾਘੀ ਮੇਰੇ ਹੱਥੋਂ ਨਿਕਲ ਗਿਆ ਸੀ ਜਿਵੇਂ। ਵੱਡਾ ਹੋ ਗਿਆ ਸੀ ਇਕ ਹੀ ਪਲ ’ਚ ਜਿਵੇਂ। ਦੋ ਸਾਲ ਹੋ ਗਏ ਇਹਨੂੰ ਇੱਥੇ ਆ ਕੇ ਬੈਠਿਆਂ। ਡਾਕਟਰ ਦੇ ਘਰ ’ਚ। ਡਾਕਟਰ ਬਾਹਰ ਤੁਰ ਗਿਆ ਆਪਣਾ ਘਰ ਮਾਘੀ ਦੇ ਹਵਾਲੇ ਕਰ ਕੇ। ਪਰ ਮੈਂ ਆਪਣਾ ਘਰ ਕਿਸਦੇ ਹਵਾਲੇ ਕਰ ਆਉਂਦਾ? ਮਾਂ ਇਹਦੀ ਜਿਊਂਦੀ ਸੀ ਉਦੋਂ। ਇਹਨੇ ਬਥੇਰਾ ਜ਼ੋਰ ਲਾਇਆ ਸਾਨੂੰ ਇੱਥੇ ਆ ਕੇ ਰਹਿਣ ਨੂੰ। ਨੱਕ ’ਤੇ ਰੁਮਾਲ ਰੱਖ ਕੇ ਵਾੜੇ ਵਿਚ ਵੜਦਾ।
‘‘ਇੱਥੇ ਰੱਖਿਆ ਕੀ ਏ ਥੋਡਾ? ਵੇਚ ਦਿਓ ਆਹ ਭੇਡ-ਬੱਕਰੀਆਂ। ਉੱਥੇ ਚੱਲੋ।’’
‘‘ਮੇਰੀ ਤਾਂ ਦੁਨੀਆਂ ਆਹੀ ਏ। ਇਹ ਵਾੜਾ ਇਹ ਇੱਜੜ। ਇਹ ਖ਼ੁਸ਼ਬੂ।’’
ਅਸੀਂ ਸ਼ਹਿਰ ਨਹੀਂ ਸਾਂ ਤੁਰੇ। ਮਾਘੀ ਪੜ੍ਹ-ਲਿਖ ਗਿਆ। ਇੱਥੇ ਪਸੰਦ ਦੀ ਕੁੜੀ ਨਾਲ ਵਿਆਹ ਕਰਾ ਲਿਆ। ਘਰ ਵਸਾ ਲਿਆ, ਮੇਰਾ ਘਰ ਉਜਾੜਨ ਲਈ। ਮੈਨੂੰ ਮੇਰਾ ਫ਼ੈਸਲਾ ਗ਼ਲਤ ਲੱਗਿਆ ਸੀ ਉਸ ਵੇਲੇ।
‘‘ਮਾਘੀ ਨੂੰ ਪੜ੍ਹਾਉਣਾ ਮੈਂ। ਆਪਾਂ ਤਾਂ ਭੇਡਾਂ ਚਾਰ ਛੱਡੀਆਂ ਸਾਰੀ ਉਮਰ। ਇਹੀ ਕਿੱਧਰੇ…। ਬੰਦਿਆਂ ਦੀ ਜੂਨ ਜਿਊਂ ਲਊ।’’
ਪਰ ਮਾਹੀ ਚਾਚੇ ਨੇ ਮੇਰੀ ਇਹ ਦਲੀਲ ਰੱਦ ਕਰ ਦਿੱਤੀ ਸੀ, ‘‘ਦੇਖ ਲਈ ਭਤੀਜ, ਜਿਹੜੀ ਪੜ੍ਹਾਈ ਤੈਂ ਇਹਨੂੰ ਪੜ੍ਹਾਉਣੀ ਏ ਨਾ… ਉਹਨੂੰ ਪੜ੍ਹ ਕੇ ਇਹ ਬੰਦਾ ਨਾ ਬਣਿਆ। ਤੈਂ ਏਸ ਖ਼ੁਸ਼ਬੂ ਨਾਲੋਂ ਵੀ ਤੋੜ ਦੇਣਾ ਇਹਨੂੰ।’’
ਸੱਚਮੁੱਚ ਟੁੱਟ ਗਿਆ ਸੀ ਮਾਘੀ। ਉਸ ਘਰ ਨਾਲੋਂ। ਉਸ ਮਿੱਟੀ ਨਾਲੋਂ। ਸ਼ਹਿਰ ਪੜ੍ਹਦਿਆਂ, ਪਿੰਡ ਉਦੋਂ ਵੜਦਾ ਜਦੋਂ ਜੇਬ੍ਹ ਖਾਲੀ ਹੋ ਜਾਂਦੀ। ਅਸੀਂ ਦੋਹੇਂ ਜੀਅ ਭੁੱਖਾਂ ਕੱਟ-ਕੱਟ ਇਹਦੇ ਖੀਸੇ ਭਰਦੇ। ਮੈਂ ਕਿੰਨੇ ਨਗ ਇਹਦੀਆਂ ਫੀਸਾਂ ਖਾਤਰ ਵੇਚੇ, ਇਹਨੂੰ ਕੀ ਪਤਾ।

ਸੜਕ ਤੋਂ ਲੰਘਦੇ ਉਸ ਬੰਦੇ ਵੱਲ ਦੇਖ ਕੇ ਮੈਨੂੰ ਮੇਰਾ ਇੱਜੜ ਯਾਦ ਆ ਜਾਂਦਾ। ਮੈਂ ਤੇ ਘੀਚਰ ਦਾ ਮੁੰਡਾ ਧੀਰਾ ਭੇਡਾਂ-ਬੱਕਰੀਆਂ ਛੱਡ ਲੈਂਦੇ। ਦੂਰ-ਦੂਰ ਨਿਕਲ ਜਾਂਦੇ। ਨਹਿਰਾਂ-ਕੱਸੀਆਂ। ਖੇਤਾਂ-ਟਿੱਬਿਆਂ ’ਚ ਭੇਡਾਂ-ਬੱਕਰੀਆਂ ਚਰਦੀਆਂ ਰਹਿੰਦੀਆਂ। ਦੁਪਹਿਰਾਂ ਹੁੰਦੀਆਂ। ਧੀਰਾ ਝੋਲੇ ’ਚੋਂ ਸਮਾਨ ਕੱਢਦਾ। ਕਿੱਧਰੇ ਇੱਟਾਂ ਰੱਖ ਕੇ ਚੁੱਲ੍ਹਾ ਬਣਾਉਂਦਾ। ਚਾਹ ਦਾ ਪਾਣੀ ਰੱਖ ਦਿੰਦਾ ਪਤੀਲੀ ’ਚ ਪਾ ਕੇ। ਮੈਂ ਅੱਗ ਮਚਾਉਂਦਾ। ਧੀਰਾ ਕਿਸੇ ਬੱਕਰੀ ਦਾ ਕੰਨ ਮਰੋੜਦਾ। ਦੁੱਧ ਚੋਅ ਲੈਂਦਾ। ਮੇਰਾ ਜੀਅ ਕਰਦਾ ਮੈਂ ਵੀ ਉਸੇ ਬੰਦੇ ਨਾਲ ਜਾ ਰਲਾਂ। ਦੂਰ-ਦੂਰ ਤੀਕ ਭੇਡਾਂ ਲੈ ਕੇ ਜਾਵਾਂ। ਇਸ ਘਰ ’ਚ ਜਿਵੇਂ ਮੇਰਾ ਦਿਲ ਨਹੀਂ ਲੱਗਦਾ।
ਮੇਰਾ ਦਿਲ ਕਰਦਾ ਸੀ ਡਾਕਟਰ ਮੈਨੂੰ ਮੇਰੇ ਕਸਬ ਦੀਆਂ ਗੱਲਾਂ ਪੁੱਛੇ। ਪਰ ਇੱਥੇ ਕੌਣ ਜਾਣਦਾ ਕਿ ਮੈਂ ਭੇਡਾਂ ਵਾਲਾ ਦੇਸੂ ਹਾਂ। ਜੀਹਨੂੰ ਪੂਰਾ ਇਲਾਕਾ ਪਛਾਣਦਾ ਸੀ। ਜੀਹਦੇ ਜਿੰਨੀਆਂ ਬੱਕਰੀਆਂ ਭੇਡਾਂ ਕਿਸੇ ਹੋਰ ਕੋਲ ਨਹੀਂ ਸੀ ਹੁੰਦੀਆਂ। ਪਰ ਉਨ੍ਹਾਂ ਭੇਡਾਂ ਦਾ ਸੌਦਾ ਮਾਘੀ ਨੇ ਸ਼ਰੀਕਾਂ ਨਾਲ ਕੌਡੀਆਂ ਦੇ ਭਾਅ ਕਰ ਲਿਆ ਸੀ।
ਜਦੋਂ ਇਹਦੀ ਮਾਂ ਗੁਜ਼ਰੀ ਮੈਂ ਇਕੱਲਾ ਰਹਿ ਗਿਆਂ ਸਾਂ। ਦੋ-ਚਾਰ ਦਿਨ ਮਾਘੀ ਤੇ ਬਹੂ ਪਿੰਡ ਰਹੇ। ਫਿਰ ਸ਼ਹਿਰ ਨੂੰ ਮੁੜਨ ਵੇਲੇ ਮੈਨੂੰ ਨਾਲ ਤੁਰਨ ਲਈ ਮਨਾਉਂਦੇ ਰਹੇ।
‘‘ਬਾਬਾ ਇਕੱਲਾ ਕੀ ਕਰੇਂਗਾ ਇੱਥੇ। ਦੋ ਫੁਲਕਿਆਂ ਲਈ ਵੀ ਤਰਲੇ ਲਏਂਗਾ। ਸਾਡੇ ਨਾਲ ਚੱਲ।’’
ਪਰ ਮੈਂ ਮੰਨਿਆ ਨਹੀਂ ਸਾਂ।
‘‘ਨਾ ਭਾਈ। ਆਪਣੀ ਜਨਮ ਭੋਇੰ ਵੀ ਛੱਡੀ ਕਿਸੇ! ਸ਼ਹਿਰ ਕੀ ਏ? ਵਣ-ਵਣ ਦੀ ਲੱਕੜੀ।’’
‘‘ਤੈਂ ਆਹੀ ਦਿਨ ਤਾਂ ਉਡੀਕਿਆ ਸੀ। ਮੈਨੂੰ ਪੜ੍ਹਾਇਆ-ਲਿਖਾਇਆ ਸੀ ਕਿ ਮੈਂ ਇਸ ਜੰਜਾਲ ’ਚੋਂ ਨਿਕਲ ਸਕਾਂ। ਸੋਹਣੀ ਜ਼ਿੰਦਗੀ ਜਿਊਂ ਸਕਾਂ।’’
‘‘ਫਿਰ ਹੁਣ ਤੂੰ ਜਿਊਂ। ਬਣਾ ਦਿੱਤਾ ਨਾ ਤੈਨੂੰ ਇਸ ਕਾਬਿਲ। ਇਸੇ ਧਰਤੀ ’ਚੋਂ ਰੋਟੀ ਕਮਾ ਕੇ ਦਿੱਤੀ ਤੈਨੂੰ। ਇਹਨੂੰ ਕਿਵੇਂ ਛੱਡ ਤੁਰਾਂ?’’
ਮੈਂ ਨਹੀਂ ਸਾਂ ਤੁਰਿਆ।

ਸਵੇਰੇ ਉੱਠਦਾ। ਚਾਹ ਨਾਲ ਦੋ ਮੰਨੀਆਂ ਥੱੱਪ ਲੈਂਦਾ। ਧੀਰਾ ਮੇਰੇ ਕੋਲ ਪੈਂਦਾ। ਅਸੀਂ ਢਿੱਡ ਨੂੰ ਝੁਲਕਾ ਦਿੰਦੇ ਤੇ ਭੇਡਾਂ-ਬੱਕਰੀਆਂ ਨੂੰ ਤੋਰ ਲੈਂਦੇ। ਦੂਰ-ਦੂਰ ਨਿਕਲ ਜਾਂਦੇ। ਸ਼ਰੀਕ ਹੱਸਦੇ। ਆਖਦੇ, ‘‘ਕੀ ਕੱਢ ਲਿਆ ਤੂੰ ਮਾਘੀ ਨੂੰ ਪੜ੍ਹਾ ਕੇ। ਆਪਣੇ ਭਾਈਚਾਰੇ ਨੂੰ ਤਾਂ ਭੁੱਲਿਆ ਹੀ ਸੀ। ਹੁਣ ਤਾਂ ਤੈਥੋਂ ਵੀ ਟੁੱਟ ਗਿਆ।’’

ਸੱਚਮੁੱਚ ਦੁੱਖ ਹੁੰਦਾ ਮੈਨੂੰ। ਮੈਂ ਮਾਘੀ ਨੂੰ ਪੜ੍ਹਾ ਕੇ ਜਿਵੇਂ ਗ਼ਲਤੀ ਕਰੀ ਹੋਵੇ। ਇਹਨੇ ਪਿੰਡ ਛੱਡਿਆ। ਮੈਂ ਤੇ ਇਹਦੀ ਮਾਂ ਨੇ ਜਿਵੇਂ ਮਨਜ਼ੂਰ ਕਰ ਲਿਆ ਸੀ, ਪਰ ਹੁਣ ਮਾਘੀ, ਮਾਘੀ ਨਹੀਂ ਰਿਹਾ।
ਛੱਤ ’ਤੇ ਖੜ੍ਹਾ ਮੈਂ ਸੋਚਾਂ ਵਿਚ ਗੁਆਚਿਆ ਰਹਿੰਦਾ। ਮੈਨੂੰ ਮੇਰਾ ਪਿੰਡ ਦਿਸਣ ਲੱਗਦਾ। ਮੇਰਾ ਬਾਪ ਯਾਦ ਆਉਣ ਲੱਗਦਾ।
ਜਦੋਂ ਮੇਰਾ ਵਿਆਹ ਹੋਇਆ ਸੀ। ਤਿੰਨ ਭੇਡਾਂ ਤੇ ਚਾਰ ਬੱਕਰੀਆਂ ਉਹਨੇ ਮੇਰੇ ਹਵਾਲੇ ਕਰ ਦਿੱਤੀਆਂ ਸਨ।
‘‘ਇਹ ਹੁਣ ਤੇਰੀਆਂ। ਇਨ੍ਹਾਂ ਦੀ ਕਮਾਈ ਤੇਰੀ। ਤੂੰ ਹੁਣ ਕਬੀਲਦਾਰ ਹੋ ਗਿਆ। ਇਹ ਹੁਣ ਤੈਂ ਦੇਖਣੈ, ਕੀ ਕਰਨੈ ਇਨ੍ਹਾਂ ਦਾ। ਸੱਤ ਤੋਂ ਸਤਾਰਾਂ ਕਰ ਲੈ, ਚਾਹੇ ਸੱਤਰ। ਇਹ ਆਪਣੇ ਪੁਰਖਿਆਂ ਦਾ ਕਿੱਤਾ ਐ। ਮੈਂ ਜਦ ਤੱਕ ਇਨ੍ਹਾਂ ਨੇੜੇ ਨਾ ਪਵਾਂ ਮੈਨੂੰ ਨੀਂਦ ਨਹੀਂ ਆਉਂਦੀ।’’
ਮੈਂ ਸੱਚਮੁਚ ਖੁੱਭ ਗਿਆ ਸੀ ਉਸ ਕਿੱਤੇ ਵਿਚ। ਦੂਰ-ਦੁਰਾਡਿਓ ਭੇਡਾਂ-ਬੱਕਰੀਆਂ ਖਰੀਦਣ ਜਾਂਦਾ। ਬਾਪੂ ਮੈਨੂੰ ਗੁਰ ਦਿੰਦਾ। ਮਾਲ ਪਛਾਣਨ ਦਾ।
ਪੁਰਖਿਆਂ ਦੇ ਉਸੇ ਕਿੱਤੇ ਨਾਲੋਂ ਮਾਘੀ ਟੁੱਟ ਗਿਆ ਸੀ। …ਤੇ ਉਸੇ ਕਿੱਤੇ ਨਾਲੋਂ ਉਹਨੇ ਮੈਨੂੰ ਤੋੜ ਸੁੱਟਿਆ ਸੀ।

ਮੈਨੂੰ ਜਿਵੇਂ ਖੋਹ ਜਿਹੀ ਪੈਂਦੀ ਹੈ। ਨਾ ਇੱਥੇ ਵਿਹੜੇ ਵਿਚ ਧੁੱਪ ਵੜਦੀ ਤੇ ਨਾ ਹਵਾ। ਨਾ ਕਿਸੇ ਨਾਲ ਕੋਈ ਜਾਣ ਨਾ ਪਛਾਣ। ਜਿਵੇਂ ਸਾਰੀ ਦੁਨੀਆਂ ਹੀ ਓਪਰੀ ਹੋਵੇ। ਮੈਨੂੰ ਪਿੰਡ ਦਾ ਹਰ ਜੀਅ ਯਾਦ ਆਉਣ ਲੱਗਦੈ। ਸਵੇਰ ਤੋਂ ਆਥਣ ਤੀਕ ਖ਼ਬਰੇ ਕੌਣ-ਕੌਣ ਟੱਕਰਦਾ। ਗਰਮੀਆਂ ’ਚ ਵਾੜੇ ਦੀ ਪਿੱਪਲੀ ਹੇਠ ਮਹਿਫ਼ਲ ਜੁੜੀ ਰਹਿੰਦੀ।

‘‘ਬਾਈ ਦੇਸੂ, ਥੋਡਾ ਸਾਰਾ ਲਾਣਾ ਆਹੀ ਕਿੱਤਾ ਕਰਦੈ। ਥੋਡਾ ਬਾਬਾ ਵੀ ਬੱਕਰੀਆਂ ਰੱਖਦਾ ਸੀ। ਤੇਰੇ ਚਾਚੇ ਤਾਏ ਵੀ। ਅੱਗੇ ਉਨ੍ਹਾਂ ਦੇ ਜਵਾਕ ਵੀ ਆਪਣਾ ਆਪਣਾ ਵਾੜਾ ਬਣਾਈ ਬੈਠੇ ਐ। ਥੋਡੇ ਤਾਂ ਵਰ ਆਇਆ ਹੋਇਐ ਇਹ ਕੰਮ।’’
ਕੋਈ ਜਣਾ ਬਾਤ ਛੇੜ ਬੈਠਦਾ।
‘‘ਵਰ ਦੀ ਸੁਣ ਲੈ ਭਾਈ। ਸਾਡਾ ਪੜਦਾਦਾ ਕਸੂਰ ਕੰਨੀਓ ਉੱਠ ਕੇ ਆਇਆ ਸੀ ਜਦੋਂ ਪਾਕਿਸਤਾਨ ਬਣਿਆ। ਕਹਿੰਦੇ ਬਈ ਬਾਬੇ ਕੋਲ ਦੋ ਸੌ ਭੇਡ ਹੁੰਦੀ ਸੀ ਤੇ ਇੰਨੀਆਂ ਈ ਬੱਕਰੀਆਂ। ਕੋਈ ਸਾਨੀ ਨਹੀਂ ਸੀ ਉਹਦਾ। ਉਹ ਤਾਂ ਜਿਵੇਂ ਇਸ਼ਕ ਕਰਦਾ ਸੀ ਜਾਨਵਰਾਂ ਨਾਲ। ਵੱਗ ਛੱਡ ਲੈਂਦਾ ਤਾਂ ਦੂਰ-ਦੂਰ ਨਿਕਲ ਤੁਰਦਾ। ਚਾਰ-ਚਾਰ ਦਿਨ ਘਰ ਨਾ ਮੁੜਦਾ। ਕਹਿੰਦੇ ਬਈ ਸਾਡੇ ਬਾਬੇ ਨੂੰ ਕਿਸੇ ਰਮਤੇ ਦਾ ਵਰ ਸੀ ਬਈ ਤੇਰੀਆਂ ਅਗਲੀਆਂ ਪੀੜ੍ਹੀਆਂ ਵੀ ’ਨੰਦ ਭੋਗਣਗੀਆਂ। ਤੇਰਾ ਪ੍ਰਤਾਪ ਕਾਇਮ ਰਹੂ।’’
ਮੈਂ ਆਪਣੀ ਕੁਲ ਦੀਆਂ ਸਿਫ਼ਤਾਂ ਕਰਦਾ।
‘‘ਸਾਡਾ ਪੜਦਾਦਾ ਤੁਲੀ ਦਾਸ। ਕੰਨੋਂ ਫੜ ਕੇ ਦੱਸ ਦਿੰਦਾ ਹੁੰਦਾ ਸੀ ਕਿ ਭੇਡ ਬੱਕਰੀ ਨੂੰ ਕੀ ਔਹਰ-ਸੌਹਰ ਏ।’’
ਸੁਣਨ ਵਾਲਾ ਮੂੰਹ ਅੱਡੀ ਸੁਣਦਾ ਰਹਿੰਦਾ।
ਪਰ ਇਸ ਵੱਡੇ ਸਾਰੇ ਸ਼ਹਿਰ ਵਿਚ ਇਕ ਬੰਦਾ ਵੀ ਨਹੀਂ ਜਾਣਦਾ ਕਿ ਮੈਂ ਉਸੇ ਤੁਲੀ ਦਾਸ ਦੀ ਕੁਲ ’ਚੋਂ ਹਾਂ। ਜਿਹੜਾ ਅੱਜ ਉਜੜਿਆਂ ਵਾਂਗ ਬੈਠਾਂ ਇਸ ਸ਼ਹਿਰ ’ਚ।
‘ਜਦ ਤੱਕ ਹੱਥ-ਪੈਰ ਚੱਲਦੇ ਐ ਕਿਉਂ ਮੁਥਾਜੀ ਕਰਨੀ ਕਿਸੇ ਦੀ।’’ ਮੈਂ ਸੋਚਦਾ ਤੇ ਆਪਣੀ ਮਿਹਨਤ ’ਤੇ ਮਾਣ ਕਰਦਾ।

ਪਰ ਇੱਥੇ ਆਪਣੇ ਹੀ ਪੁੱਤ ਦੇ ਘਰ ਹਰ ਚੀਜ਼ ਵੇਲੇ ਸਿਰ ਮਿਲਦੀ ਹੈ। ਰੋਟੀ ਦਾ ਟੈਮ ਹੈ। ਚਾਹ ਟੈਮ ’ਤੇ ਬਣਦੀ ਹੈ। ਸੂਈ ਭਰ ਦਾ ਵੀ ਹੇਰ-ਫੇਰ ਨਹੀਂ। ਫੇਰ ਇਹ ਵੀ ਦੱਸੋ ਕਿ ਕਿੰਨੀਆਂ ਰੋਟੀਆਂ ਖਾਣੀਆਂ ਨੇ। ਕਮਾਲ ਏ ਬੰਦਾ ਰੋਟੀ ਵੀ ਗਿਣ ਮਿੱਥ ਖਾਏ ਇਨ੍ਹਾਂ ਸ਼ਹਿਰੀਆਂ ’ਚ। ਬਹੂ ਚਾਰ ਮੰਨੀਆਂ ਥੱਪ ਕੇ ਡਿਊਟੀ ਤੁਰ ਜਾਂਦੀ ਐ। ਮੈਂ ਠੰਢੀ ਰੋਟੀ ਪਾਣੀ ਨਾਲ ਅੰਦਰ ਸੁੱਟਦਾ ਰਹਿੰਦਾਂ। ਚਾਹ ਨੂੰ ਚਿੱਤ ਕਰਦਾ ਐ ਪਰ ਆਹ ਗੈਸੀ ਚੁੱਲ੍ਹਾ ਜਿਹਾ ਮੈਥੋਂ ਮੱਚਦਾ ਨਹੀਂ।

ਮੈਨੂੰ ਧੀਰਾ ਯਾਦ ਆ ਜਾਂਦੈ। ਮੈਂ ਧੀਰੇ ਨੂੰ ਹਾਕ ਮਾਰਦਾ। ਉਹ ਅੱਖ ਦੇ ਫੋਰ ਨਾਲ ਚਾਹ ਕਰ ਲੈਂਦਾ। ਕਿੰਨਾ ਫ਼ਰਕ ਹੈ ਪਿੰਡ ਦਾ ਤੇ ਸ਼ਹਿਰ ਦਾ।
ਮਾਘੀ ਦੱਸਦਾ ਸੀ ਕਿ ਇੱਥੇ ਨੇੜ-ਤੇੜ ਸਾਰੇ ਘਰ ਹੀ ਨੌਕਰੀਪੇਸ਼ਾ ਲੋਕਾਂ ਦੇ ਨੇ। ਸਵੇਰ ਦੇ ਘਰੋਂ ਨਿਕਲੇ ਲੋਕ ਆਥਣ ਨੂੰ ਮੁੜਦੇ ਨੇ। ਪਿੱਛੋਂ ਬੰਦ ਦਰਵਾਜ਼ਿਆਂ ਅੱਗੇ ਜਿੰਦੇ ਲਟਕਦੇ ਰਹਿੰਦੇ ਨੇ। ਸਿਆਣੇ ਆਖਦੇ ਹੁੰਦੇ ਸੀ ਕਿ ਬੂਹੇ ਬੰਦ ਰਹਿਣਾ ਮਾੜਾ ਹੁੰਦੈ ਯਾਨੀ ਦੀ ਕੋਈ ਬਦਸ਼ਗਨੀ। ਪਰ ਇੱਥੇ ਤਾਂ ਲੋਕਾਂ ਦੀ ਮਜਬੂਰੀ ਬਣ ਗਈ ਜਿਵੇਂ। ਕੌਣ ਸਾਂਭੇ ਘਰਾਂ ਨੂੰ ਪਿੱਛੋਂ। ਖ਼ਬਰੇ ਤਾਂ ਹੀ ਮਾਘੀ ਮੈਨੂੰ ਪਿੰਡੋਂ ਚੁੱਕ ਲਿਆਇਆ। ਇਸ ਘਰ ਦੀ ਰਾਖੀ ਕਰਨ ਲਈ। ਚੌਕੀਦਾਰ ਬਣਾ ਕੇ ਧਰ’ਤਾ ਮੈਨੂੰ।
ਸਾਡਾ ਬਾਬਾ ਨੌਕਰੀ ਨੂੰ ਨਖਿੱਧ ਦੱਸਦਾ ਹੁੰਦਾ ਸੀ, ‘‘ਨੌਕਰੀ ਕੀ ਹੁੰਦੀ ਐ? ਹੋਰਾਂ ਕੰਨੀ ਝਾਕੀ ਜਾਓ। ਅਧੀਨਗੀ ਕਰੀ ਜਾਓ ਦੂਜੇ ਦੀ। ਆਪਣੇ ਕਿੱਤੇ ’ਚ ਥੋੜ੍ਹਾ ਵੀ ਬਹੁਤਾ ਹੁੰਦੈ। ਆਪਣੀ ਨੀਂਦੇ ਸੌਂਵੋ ਆਪਣੀ ਉੱਠੋ।’’
ਪਰ ਪਿੰਡ ਛੱਡ ਕੇ ਮੇਰੀ ਨੀਂਦ ਜਿਵੇਂ ਕਿੱਧਰੇ ਗੁਆਚ ਗਈ। ਮੈਂ ਉਪਰਲੇ ਚੁਬਾਰੇ ’ਚ ਪਿਆ ਅੱਧੀ ਰਾਤ ਤੀਕ ਛੱਤ ਨੂੰ ਘੂਰਦਾ ਰਹਿੰਦਾਂ। ਪਿੰਡ ਜਦੋਂ ਮਾਘੀ ਦੀ ਮਾਂ ਜਿਊਂਦੀ ਸੀ। ਅਸੀਂ ਦੋਵੇਂ ਜੀਅ ਰੁਣ-ਝੁਣ ਕਰਦੇ ਰਹਿੰਦੇ। ਨਿੱਕੀਆਂ-ਨਿੱਕੀਆਂ ਗੱਲਾਂ ’ਚ ਜਿਵੇਂ ਸਾਰਾ ਸੰਸਾਰ ਸਮੋ ਜਾਂਦਾ। ਇਕ-ਦੂਜੇ ਦੇ ਦੁੱਖ-ਸੁੱਖ ’ਚ ਹਾਮੀ ਬਣਦੇ, ਪਰ ਇੱਥੇ ਤਾਂ ਪਾਣੀ ਪੁੱਛਣ ਵਾਲਾ ਕੋਈ ਨਹੀਂ ਹੁੰਦਾ ਕੋਲੇ। ਨਾ ਬੰਦਾ ਦਿਸਦੈ ਨਾ ਬੰਦੇ ਦੀ ਜਾਤ।
ਮੈਨੂੰ ਅਕਸਰ ਮਾਘੀ ਦੀ ਮਾਂ ਦੇ ਸੁਪਨੇ ਆਉਣ ਲੱਗਦੇ ਨੇ। ਏਸ ਉਮਰੇ ਤਾਂ ਸਾਥ ਦੀ ਵਧੇਰੇ ਜ਼ਰੂਰਤ ਹੁੰਦੀ ਇਨਸਾਨ ਨੂੰ। ਕਿੰਨੀਆਂ ਧੁੱਪਾਂ ਛਾਵਾਂ ਇਕੱਠੀਆਂ ਕੱਟੀਆਂ ਸੀ ਅਸੀਂ। ਉਹਦੇ ਤੁਰ ਜਾਣ ਮਗਰੋਂ ਘਰ ਜਿਵੇਂ ਸੁੰਨਾ ਹੋ ਗਿਆ ਸੀ। ਉਸੇ ਸੁੰਨ ਨੂੰ ਮੁਕਾਉਣ ਲਈ ਸ਼ਹਿਰ ਲੈ ਆਇਆ ਸੀ ਮੈਨੂੰ ਮਾਘੀ। ਉੱਥੇ ਤਾਂ ਘਰ ਸੁੰਨਾ ਸੀ, ਇੱਥੇ ਮੇਰਾ ਮਨ ਵੀ ਸੁੰਨਾ ਹੋ ਗਿਆ।
ਕੁਝ ਵਰ੍ਹੇ ਕਿਰਾਏ ਦੇ ਘਰਾਂ ’ਚ ਕੱਟੇ ਇਹਨੇ। ਹੁਣ ਦੋ ਸਾਲ ਹੋ ਗਏ ਡਾਕਟਰ ਨੇ ਆਪਣੇ ਘਰ ’ਚ ਬਿਠਾਇਆ ਹੋਇਐ ਇਹਨੂੰ। ਖ਼ਬਰੇ ਕਿਵੇਂ ਵਾਕਫ਼ੀ ਹੈ ਦੋਵਾਂ ਦੀ। ਡਾਕਟਰ ਦੇ ਘਰ ਦੀ ਦੇਖ-ਭਾਲ ਹੋਈ ਜਾਂਦੀ ਐ। ਮਾਘੀ ਕਿਰਾਇਆਂ ਤੋਂ ਬਚਿਆ ਹੋਇਐ। ਮਾਘੀ ਦੱਸਦਾ ਸੀ ਬਈ ਇੱਥੇ ਘਰ ਬਣਾਉਣਾ ਖਜ਼ੂਰੇ ਚੜ੍ਹਨ ਜਿੱਡਾ ਔਖੈ। ਇੱਥੇ ਸ਼ਰਾਬ ਸਸਤੀ ਏ, ਪਰ ਰੋਟੀ ਮਹਿੰਗੀ।
ਰੋਟੀ ਵੀ ਕੈਸੇ ਯੱਬ ਪਾਉਂਦੀ ਐ ਬੰਦੇ ਨੂੰ। ਮੈਂ ਵੀ ਰੁੱਖੀ ਮਿੱਸੀ ਰੋਟੀ ’ਤੇ ਸੰਤੋਖ ਨਾ ਕਰਿਆ। ਸੋਚਿਆ ਮਾਘੀ ਚੰਗੀ ਜੂਨ ਹੰਢਾਊ। ਬਾਬੇ ਤੁਲੀ ਦਾਸ ਦੀ ਕੁਲ ’ਚ ਅਫ਼ਸਰ ਪੈਦਾ ਹੋਣਗੇ। ਘਰ ਦੀ ਦਸ਼ਾ ਪਲਟ ਜਾਊ, ਪਰ ਇਸੇ ਪਲਟੇ ’ਚ ਮਾਘੀ ਅੰਦਰੋਂ ਉਹ ਮਾਘੀ ਮਰ ਗਿਆ ਜੀਹਨੂੰ ਇਕੱਲਾ ਬੈਠਾ ਮੈਂ ਰੋਂਦਾ ਰਹਿੰਦਾਂ। ਸੋਚਦਾਂ… ਮਾਘੀ ਪਿੰਡ ਜਾਵੇ। ਮੇਰੇ ਨਾਲ ਭੇਡਾਂ-ਬੱਕਰੀਆਂ ਦੀਆਂ ਗੱਲਾਂ ਕਰੇ। ਸਿੱਧ ਪੱਧਰੀ ਜ਼ਿੰਦਗੀ ਜੀਵੇ। ਬਾਬੇ ਤੁਲੀ ਦਾਸ ਦੇ ਲਾਣੇ ’ਤੇ ਮਾਣ ਕਰੇ। ਪਰ ਮਾਘੀ ਤਾਂ ਇਨ੍ਹਾਂ ਗੱਲਾਂ ਤੋਂ ਖਿਝਣ ਲੱਗਦੈ। ਇਕ ਵਾਰ ਬਹੂ ਮੂਹਰੇ ਮੈਥੋਂ ਕਹਿ ਹੋ ਗਿਆ ਸੀ ਕਿ ਪਿੰਡ ਸਾਨੂੰ ਭੇਡਾਂ ਵਾਲੇ ਆਖਦੇ ਨੇ। ਬਹੂ ਉੱਠ ਕੇ ਗਈ ਤਾਂ ਮਾਘੀ ਤਲਖ਼ ਹੋ ਗਿਆ ਸੀ ਮੇਰੇ ਨਾਲ।
‘‘ਤੈਂ ਕਦ ਛੱਡਣਾ ਆਹ ਭੇਡਾਂ ਦਾ ਖਹਿੜਾ। ਹੁਣ ਭੇਡਾਂ ਵਾਲੇ ਨਹੀਂ ਰਹੇ ਆਪਾਂ। …ਬਹੁਤ ਉਪਾਧੀ ਹੁੰਦੀ ਐ ਜਿਵੇਂ…।’’
ਪਰ ਮਾਘੀ ਕੀ ਜਾਣੇ! ਮੈਨੂੰ ਤਾਂ ਹੁਣ ਤੀਕ ਭੇਡਾਂ ਦੇ ਸੁਪਨੇ ਆਉਂਦੇ ਨੇ। ਜਿਵੇਂ ਅੱਜ ਵੀ ਰੋਹੀਆਂ ’ਚ ਭੇਡਾਂ-ਬੱਕਰੀਆਂ ਚਾਰਦਾ ਫਿਰਦਾ ਹੋਵਾਂ।
ਆਪਣੀ ਔਕਾਤ ਛੁਪਾਉਣਾ ਕਿਹੜੀ ਵੱਡੀ ਗੱਲ ਹੈ ਭਲਾ? ਲੋਕਾਂ ਨੂੰ ਪਤਾ ਨਹੀਂ ਕੀ ਦੱਸਿਆ ਹੋਣਾ ਮਾਘੀ ਨੇ ਆਪਣੇ ਬਾਰੇ। ਇਸੇ ਲਈ ਤਾਂ ਉਹ ਮੈਨੂੰ ਲੋਕਾਂ ’ਚ ਬੈਠਣ ਤੋਂ ਰੋਕਦੈ।

ਡਾਕਟਰ ਨੇ ਮਹੀਨਾ ਕੱਟਿਆ ਉਰੇ। ਮੈਨੂੰ ਕੋਈ ਗੱਲ ਕਰਨ ਵਾਲਾ ਮਿਲ ਗਿਆ ਸੀ। ਦੁਪਹਿਰ ਨੂੰ ਉਹ ਚਾਹ ਬਣਾਉਂਦਾ। ਅਸੀਂ ਦੋਵੇਂ ਪੀ ਲੈਂਦੇ। ਬੜੀਆਂ ਗੱਲਾਂ ਸੁਣਾਉਂਦਾ ਡਾਕਟਰ। ਆਪਣੀ ਵਲੈਤ ਦੀਆਂ। ਮੇਮਾਂ ਦੀਆਂ। ਇਕ ਦਿਨ ਆਖਣ ਲੱਗਿਆ, ‘‘ਆ ਜਾ ਬਾਬਾ, ਤੈਨੂੰ ਵੀ ਲੈ ਚੱਲਾਂ ਮੇਮਾਂ ਕੋਲ।’’

‘‘ਲੈ ਦੱਸ ਮੇਰਾ ਕੀ ਕੰਮ ਉੱਥੇ?’’
‘‘ਕੰਮ ਤਾਂ ਚਾਹੇ ਵੀਹ ਕਰਲੀਂ ਤੂੰ। ਊਂ ਆਹ ਕੰਮ ਘੱਟ ਐ ਮੇਮਾਂ ਦੇਖਣ ਵਾਲਾ?’’
‘‘ਲੈ ਡਾਕਟਰਾ, ਮਖੌਲ ਕਰਦਾ ਏਂ। ਅੱਛਾ ਇਹ ਦੱਸ… ਮੈਂ ਸੁਣਿਆ ਬਈ ਉੱਥੇ ਕੋਈ ਵਿਹਲਾ ਨਹੀਂ ਬੈਠਦਾ। ਸਾਰੇ ਈ ਕੰਮ ਕਰਦੇ ਐ?’’
‘‘ਹਾਂ… ਉੱਥੇ ਤਾਂ ਸਾਰੇ ਕੰਮ ਕਰਦੇ ਨੇ। ਤੇਰੇ ਵਰਗੇ ਬੁੜ੍ਹੇ ਵੀ। ਹੋਰ ਨਹੀਂ ਤਾਂ ਚੀਜ਼ਾਂ ਹੀ ਪਾਈ ਜਾਂਦੇ ਐ ਲਿਫ਼ਾਫ਼ਿਆਂ ’ਚ। ਉਰੇ ਈ ਸਰਦੈ ਵਿਹਲੇ ਬੈਠ ਕੇ। ਉੱਥੇ ਨਹੀਂ।’’
ਮੈਨੂੰ ਆਪਣਾ ਆਪ ਜਿਵੇਂ ਭੈੜਾ ਲੱਗਿਆ ਹੋਵੇ।
ਆਹੀ ਗੱਲ ਮੈਂ ਮਾਘੀ ਨੂੰ ਆਖੀ ਸੀ, ‘‘ਕਿਰਤ ਤਾਂ ਸਭ ਤੋਂ ਵੱਡੀ ਸ਼ੈਅ ਹੁੰਦੀ ਐ। ਕੰਮ ਵੀ ਮਾੜਾ ਹੋਇਐ ਕਦੇ?’’
ਪਰ ਮੇਰਾ ਵੱਸ ਨਹੀਂ ਸੀ ਚੱਲਿਆ। ਮੈਥੋਂ ਬਿਨਾਂ ਪੁੱਛੇ ਮਾਘੀ ਨੇ ਵਾੜੇ ਦਾ ਸੌਦਾ ਕਰ ਲਿਆ। ਮਾਹੀ ਚਾਚੇ ਦੇ ਪੋਤੇ ਹਾਕਮ ਨਾਲ। ਮੈਂ ਬਥੇਰਾ ਤੜਫ਼ਿਆ ਸਾਂ ਉਸ ਦਿਨ। ਜਿਵੇਂ ਹੁਣ ਹਰ ਰੋਜ਼ ਤੜਫ਼ਦਾ ਹਾਂ।
ਮੇਰਾ ਮਨ ਕੀਤਾ ਸੀ ਆਪਣੇ ਬਾਰੇ ਡਾਕਟਰ ਨੂੰ ਦੱਸਾਂ। ਕਹਾਂ, ‘‘ਡਾਕਟਰਾ, ਵਿਹਲਾ ਤਾਂ ਮੈਂ ਵੀ ਕਦੇ ਨਹੀਂ ਬੈਠਿਆ। ਲੋਕੀਂ ਆਖਦੇ ਹੁੰਦੇ ਸੀ ਕਿ ਦੇਸੂ ਦੀ ਹੱਡੀ ਬੜੀ ਚੀੜ੍ਹੀ ਏ। ਭੇਡਾਂ ਥੱਕ ਕੇ ਬੈਠ ਜਾਂਦੀਆਂ, ਪਰ ਮੈਂ ਨਾ ਥੱਕਦਾ…।’’
ਪਰ ਮੈਂ ਕਹਿ ਨਾ ਸਕਿਆ। ਹੁਣ ਇਹ ਗੱਲਾਂ ਮੈਥੋਂ ਕਹਿ ਨਹੀਂ ਹੁੰਦੀਆਂ।
‘‘ਜਦ ਤੈਂ ਹਿੰਦੋਸਤਾਨ ਛੱਡਿਆ ਤੀ। ਕਨੇਡੇ ਚਿੱਤ ਲੱਗ ਗਿਆ ਸੀ ਤੇਰਾ? ਨਾ ਕੋਈ ਆਪਣਾ, ਨਾ ਦੁੱਖ ਦੀ ਨਾ ਸੁੱਖ ਦੀ। ਨਾ ਕੋਈ ਭਾਸ਼ਾ ਸਮਝੇ।’’
ਕੱਲ੍ਹ ਜਦੋਂ ਡਾਕਟਰ ਨੇ ਜਾਣ ਦੀ ਗੱਲ ਕੀਤੀ, ਮੈਂ ਪੁੱਛਿਆ ਸੀ ਉਦੋਂ।
‘‘ਚਿੱਤ ਪਹਿਲਾਂ-ਪਹਿਲ ਤਾਂ ਜਮਾਂ ਨਹੀਂ ਲੱਗਿਆ। ਫੇਰ ਹੌਲੀ-ਹੌਲੀ ਆਦਤ ਪੈ ਗਈ। ਇੱਥੇ ਵੀ ਹੈਨੀ ਕੁਝ। ਉੱਥੇ ਤਾਂ ਸੁਰਗ ਭੋਗਦੇ ਨੇ ਲੋਕ। ਬੱਸ ਚੰਗੀ ਜ਼ਿੰਦਗੀ ਦੀ ਲਾਲਸਾ ਹੀ ਬੰਨ੍ਹੀ ਰੱਖਦੀ ਏ ਬੰਦੇ ਨੂੰ।’’
ਮੇਰਾ ਚਿੱਤ ਕੀਤਾ ਬਈ ਡਾਕਟਰ ਨੂੰ ਹੋਰ ਕਈ ਗੱਲਾਂ ਪੁੱਛਾਂ, ਪਰ ਫੇਰ ਚੁੱਪ ਰਿਹਾ।
ਮੈਂ ਦੇਰ ਤੀਕ ਬੈਠਾ ਸੋਚਦਾ ਰਿਹਾ ਬਈ ਚੰਗੀ ਜ਼ਿੰਦਗੀ ਹੁੰਦੀ ਕੀ ਏ…?

ਜ਼ਰੂਰੀ ਕਿਹੜੀ ਸ਼ੈਅ ਹੁੰਦੀ ਐ ਜਿਊਂਦੀ ਜਾਨੇ। ਤੁਹਾਡਾ ਆਪਣਾ ਆਪ ਜਾਂ ਬਾਕੀ ਗੱਲਾਂ? ਸੁੱਖ ਭੋਗਣ ਲਈ ਬੰਦਾ ਭੱਜਾ ਫਿਰਦੈ। ਜਦ ਪੈਸੇ ਕਮਾ ਕੇ, ਵੱਡੇ ਘਰ ਬਣਾ ਕੇ ਵੀ ਬੰਦਾ ਅੰਦਰੋਂ ਖੁੱਸਦਾ ਰਹਿੰਦੈ ਤਾਂ ਫੇਰ ਸੁੱਖ ਕਾਹਦਾ?

ਮਾਘੀ ਨੇ ਵੀ ਆਪਣੀ ਜਾਚੇ ਸੁਖੀ ਕਰਤਾ ਮੈਨੂੰ। ਪਿੰਡ ਇਕ ਸਬ੍ਹਾਤ ਸੀ ਛੋਟੀ ਜਿਹੀ। ਇਕ ਬੰਨੇ ਵੱਡਾ ਸਾਰਾ ਢਾਰਾ ਸੀ ਭੇਡਾਂ ਲਈ। ਟੁੱਟਾ ਜਿਹਾ ਪੱਖਾ ਖਰੀਦਿਆ ਸੀ ਪੰਮੇ ਸੁਨਿਆਰੇ ਤੋਂ… ਪੁਰਾਣਾ। ਕੜ-ਕੜ ਕਰਕੇ ਚੱਲਦਾ। ਇੱਥੇ ਤਾਂ ਸਾਰਾ ਕੁਝ ਹੈਗਾ। ਪਰ ਉਸ ਕੜ-ਕੜ ਵਿਚ ਜਿੰਨੀ ਗੂੜ੍ਹੀ ਨੀਂਦ ਆਉਂਦੀ ਸੀ ਮੈਨੂੰ, ਹੁਣ ਇੱਥੇ ਨਹੀਂ ਆਉਂਦੀ। ਰਾਤਾਂ ਪਾਸੇ ਮਾਰਦਿਆਂ ਲੰਘਦੀਆਂ ਨੇ।
ਮੈਨੂੰ ਕੰਮ ਕਰਨਾ ਖ਼ੁਸ਼ੀ ਦਿੰਦਾ ਸੀ। ਭੇਡਾਂ-ਬੱਕਰੀਆਂ ਦੀ ਖੁਸ਼ਬੂ ਚੰਗੀ ਲੱਗਦੀ ਸੀ ਮੈਨੂੰ। ਵਿਹਲੇ ਪਏ ਰਹਿਣ ਨੂੰ ਸੁਖ ਮੰਨਦਾ ਏ ਮਾਘੀ। ਇਹ ਸ਼ਹਿਰ ਨਹੀਂ, ਜ਼ਹਿਰ ਏ ਜਿਹੜਾ ਮੇਰੇ ਵਰਗੇ ਬੰਦੇ ਨੂੰ ਹੌਲੀ-ਹੌਲੀ ਮਾਰੀ ਜਾਂਦੈ। ਜਿਸ ਦਿਨ ਡਾਕਟਰ ਇੱਥੇ ਆਇਆ ਸੀ, ਮੈਂ ਗਹੁ ਨਾਲ ਸਿਰ ਤੋਂ ਲੈ ਕੇ ਪੈਰਾਂ ਤੀਕ ਦੇਖਿਆ ਸੀ ਉਹਨੂੰ। ਕਹਿੰਦਾ ਸੀ ਮੈਂ ਸਰਕਾਰੀ ਨੌਕਰੀ ਕਰੀ ਐ। ਜਿਸ ਕੋਲ ਰਹਿਣ ਲਈ ਘਰ ਹੈਗਾ, ਖਾਣ ਨੂੰ ਰੋਟੀ ਉਹ ਕਾਹਤੋਂ ਦੌੜਿਆ ਫਿਰਦੈ ਜਿੰਦੇ ਲਗਾ ਕੇ ਘਰ ਨੂੰ। ਬੱਸ ਤਮਾ ਨਹੀਂ ਮੁੱਕਦੀ ਬੰਦੇ ਦੀ।

+++
ਡਾਕਟਰ ਚਲਾ ਗਿਆ।
ਮੈਂ ਘਰ ਵਿਚ ਇਕੱਲਾ ਬੈਠਾਂ ਹਾਂ। ਮਨ ਵਿਚ ਇਕ ਅੱਚਵੀ ਜਿਹੀ ਹੈ। ਉੱਠ ਕੇ ਛੱਤ ’ਤੇ ਆਣ ਖੜ੍ਹਿਆ ਹਾਂ। ਦੂਰ ਤੋਂ ਉਹੀ ਬੰਦਾ ਦਿਖਾਈ ਦੇ ਰਿਹਾ ਹੈ। ਭੇਡਾਂ ਲਈ ਜਾ ਰਿਹਾ ਚਾਰਨ ਨੂੰ। ਏਸ ਵੇਲੇ ਦਾ ਨਿਕਲਿਆ ਇਹ ਆਥਣ ਨੂੰ ਮੁੜਦੈ। ਮੈਂ ਉਹਨੂੰ ਦੇਖ ਕੇ ਹੱਥ ਹਿਲਾਉਂਦਾ ਹਾਂ।
‘‘ਛੋਟੇ ਭਾਈ! ਦੇਸੂ ਨਾਮ ਏ ਮੇਰਾ। ਤੈਂ ਸੁਣਿਆ ਹੀ ਹੋਣੈ। ਪਿੰਡ ਮੇਰੇ ਕੋਲ ਵੀ ਬਥੇਰੀਆਂ ਭੇਡਾਂ-ਬੱਕਰੀਆਂ ਸਨ। ਆਹ ਤਾਂ ਮੇਰਾ ਮੁੰਡਾ ਇੱਥੇ ਲੈ ਆਇਆ ਸੀ ਮੈਨੂੰ। ਵੱਡਾ ਲਾਣਾ ਐ ਸਾਡਾ। ਭੇਡਾਂ ਵਾਲੇ ਆਖਦੇ ਸਾਨੂੰ।’’ ਮੈਂ ਉੱਚੀ-ਉੱਚੀ ਬੋਲਦਾ ਹਾਂ। ਉਹ ਅੱਗੇ ਚਲਿਆ ਜਾਂਦਾ ਹੈ। ਮੈਂ ਆਲੇ-ਦੁਆਲੇ ਦੇਖਦਾ ਹਾਂ। ਡੂੰਘੀ ਚੁੱਪ ਹੈ। ਹੇਠਾਂ ਆ ਕੇ ਟਰੰਕ ’ਚੋਂ ਮੁਰਕੀਆਂ ਕੱਢ ਕੇ ਪਾ ਲੈਂਦਾ ਹਾਂ ਕੰਨਾਂ ਵਿਚ। ਸਿਰ ਉੱਤੇ ਮੜਾਸਾ ਵਲ ਲੈਂਦਾ ਹਾਂ। ਸ਼ੀਸ਼ੇ ਵਿਚ ਦੇਖਦਾ ਹਾਂ।
‘‘ਮੈਂ ਉਹੀ ਦੇਸੂ ਆਂ… ਭੇਡਾਂ ਵਾਲਾ ਦੇਸੂ…’’
ਖ਼ਬਰੇ ਕਿਸ ਨੂੰ ਦੱਸਦਾ ਹਾਂ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸਿਮਰਨ ਧਾਲੀਵਾਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ