ਖੁਸ਼ੀ (ਕਹਾਣੀ) : ਬਲੀਜੀਤ

'' ਡੈਡੀ ਆ ਗੇ ''

ਉਸ ਦਿਨ ਵੀ ਸਤੀਸ਼ ਦੇ ਆਪਣੀ ਦੁਕਾਨ ਤੋਂ ਨ੍ਹੇਰੇ ਹੋਏ ਘਰ ਮੁੜਦੇ ਸਾਰ ਹੀ ਸਭ ਕੁਝ ਥੋੜ੍ਹਾ ਬਹੁਤ ਬਦਲ ਗਿਆ ਸੀ । ਉਸ ਦੀ ਧੀ ਦੇ ਬੁੱਝੇ ਹੋਏ ਬੋਲਾਂ ਨੇ ਘਰ ਦੀ ਹਰ ਚੀਜ਼ 'ਚ ਨਵੇਂ ਅਰਥ ਭਰ ਦਿੱਤੇ ਸਨ । ਚਪਰ ਚਪਰ ਬੋਲਦਾ ਛੋਟਾ ਬੰਟੀ ਗੱਲ ਭੁੱਲ ਗਿਆ ਸੀ । ਗੱਲ ਮੂੰਹ ਵਿੱਚ ਅਧੂਰੀ ਹੀ ਰਹਿ ਗਈ ਸੀ । ਹੁਣ ਓਸ ਪੁਰਾਣੇ ਘਰ ਨੂੰ ਜਿੱਥੇ ਉਹਨਾਂ ਨੇ ਸਾਰੀ ਉਮਰ ਲੰਘਾ ਦਿੱਤੀ ਸੀ, ਨਵੇਂ ਸਿਰੇ ਤੋਂ ਸੋਚਣਾ ਸਮਝਣਾ ਪੈਣਾ ਸੀ, ਜਿਸ ਵਿੱਚ ਉਸ ਉਤਰਦੀ ਰਾਤ ਨੂੰ ਬੱਚਿਆਂ ਦਾ ਡੈਡੀ ਵੀ ਆ ਰਲਿਆ ਸੀ ।

ਕਾਂਤਾ ਨੂੰ ਸਵੇਰ ਤੋਂ ਭੁੱਲਿਆ ਆਪਣਾ ਘਰਵਾਲਾ ਯਾਦ ਆ ਗਿਆ ਸੀ ਜੋ ਨੌਂ ਦਸ ਸਾਲ ਪਹਿਲਾਂ ਉਸ ਨੂੰ ਵਿਆਹ ਕੇ ਇਸੇ ਘਰ ਵਿੱਚ ਲਿਆਇਆ ਸੀ । ਵਿਧਵਾ ਮਾਂ ਦਾ ਦਿਨ ਸਤੀਸ਼ ਦੇ ਘਰ ਮੁੜ ਆਉਣ ਤੋਂ ਬਾਅਦ ਮੁਕੰਮਲ ਹੋ ਜਾਂਦਾ ਸੀ । ਆਪਣੇ ਪੁੱਤ ਨੂੰ ਰੋਟੀ ਖਾਂਦਾ ਦੇਖ ਉਸ ਦੀ ਰੂਹ ਰੱਜ ਜਾਂਦੀ । ਨੀਂਦ ਉਸ ਨੂੰ ਘੇਰ ਲੈਂਦੀ ।

'' ਮੋਨਾ? ਕਿਮੇਂ ਐ?''

ਬੱਚੇ ਅੱਜ ਸਕੂਲ ਨਹੀਂ ਗਏ ਸਨ । ਕੁੜੀ ਦੀ ਬੀਮਾਰੀ 'ਤੇ ਕੋਈ ਦੁਆਈ ਅਸਰ ਹੀ ਨਹੀਂ ਸੀ ਕਰਦੀ ।

''ਬੁਖ਼ਾਰ ਈ ਨੀਂ ਉਤਰ ਰਿਹਾ ਸਵੇਰ ਦਾ । ਇੱਕ ਸੌ ਇੱਕ । ਦੋ । ਸਾਰਾ ਦਿਨ ਲੰਘ ਗਿਆ ਪਾਣੀ ਦੀਆਂ ਪੱਟੀਆਂ ਕਰਦੇ ਕਰਦੇ ''

''ਬੱਚਿਆਂ ਨੇ ਕੱਲ੍ਹ ਦਾ ਹੋਮ ਵਰਕ ਕਰ ਲਿਆ ਸੀ?'' ਇਸ ਰਟੇ ਹੋਏ ਸੁਆਲ ਦਾ ਜੁਆਬ ਸਤੀਸ਼ ਰੋਜ਼ ਪੁੱਛਦਾ ।

'' ਮੋਨਾ ਨੂੰ ਤਾਂ ਬੁਖ਼ਾਰ ਨੇ ਦੱਬਿਆ ਹੋਇਆ... ਇਹ ਸਵੇਰ ਦਾ ਇੱਲਤਾਂ ਕਰੀ ਜਾਂਦਾ... ਕਾਰਟੂਨ ਤੇ ਕਾਰਟੂਨ '' ਉਹ ਖੜ੍ਹੇ ਦਾ ਖੜ੍ਹਾ ਹੀ ਰਹਿ ਗਿਆ । ਘਰ ਵੜਦੇ ਸਾਰ ਈ ਉਸ 'ਤੇ ਜਿਵੇਂ ਵਾਰ ਹੋ ਗਿਆ ਸੀ । ਮੂੰਹ ਦਾਰੂ ਦੀ ਮਾਰ ਹੇਠ ਪਹਿਲਾਂ ਹੀ ਖੁਸ਼ਕ ਹੋਇਆ ਪਿਆ ਸੀ । ਉੱਤੋਂ ਫਰਿੱਜ ਦਾ ਐਨਾ ਠੰਡਾ ਪਾਣੀ ਕਿ...

ਪਿਆਸਾ ਕਊਆ... ਏਕ ਦਿਨ....

''ਬੇਟਾ, ਤੂੰ ਘਰ ਦਾ ਵੀ ਖ਼ਿਆਲ ਕਰਿਆ ਕਰ । ਮਾੜਾ ਮੋਟਾ । ਬਾਹਰ ਤੋਂ ਤਾਂ ਕਿਸੇ ਨੇ ਆਉਣਾ ਨੀ । ਤੂੰ ਨੀਂ ਕਰੂੰ, ਤਾਂ ਹੋਰ ਕੌਣ ਕਰੂ'' ਮਾਂ ਨੇ ਸਤੀਸ਼ ਦੇ ਹੱਥੋਂ ਲੈਦਰ ਬੈਗ ਫੜ ਲਿਆ । ਮਾਂ ਨੂੰ ਬੈਗ ਬੁਰਾ ਲੱਗਿਆ । ਉਸ ਨੇ ਬੈਗ ਹੈਂਡਲ ਤੋਂ ਨਹੀਂ ਫੜਿਆ । ਹੈਂਡਲ ਪਸੀਨੇ ਨਾਲ ਬਦਰੰਗ ਹੋਇਆ ਪਿਆ ਸੀ । ਉਸ ਨੇ ਬੈਗ ਇੰਜ ਚੁੱਕਿਆ ਜਿਵੇਂ ਹੱਥਾਂ 'ਚ ਬੱਚਾ ਚੁੱਕੀਦਾ ਐ ।

''ਨਾਲ ਜਾਣਾ ਮਾਇਆ ਨੇ...'', ਮਾਂ ਬੁੜ ਬੁੜ ਕਰਦੀ ਪਿਛਲੇ ਨ੍ਹੇਰੇ ਨਾਲ ਭਰੇ ਕਮਰੇ 'ਚ ਗਾਇਬ ਹੋ ਗਈ । ਨ੍ਹੇਰੇ ਕਮਰੇ 'ਚ ਬੈਗ ਦੇ ਬਿਨਾਂ ਖੜਾਕ ਕਿਸੇ ਥਾਂ ਟਿਕਾਉਣ ਤੋਂ ਬਾਅਦ ਮਾਂ ਨੂੰ ਖ਼ਿਆਲ ਆਇਆ ਕਿ ਮੁੰਡੇ ਦਾ ਰੋਜ਼ ਇਹੀ ਹਾਲ ਹੁੰਦਾ ਐ । ਚੂਹੇ 'ਤੇ ਬੈਠੀ ਗਣੇਸ਼ ਜੀ ਦੀ ਮੂਰਤੀ ਵੱਲ ਮੂੰਹ ਮੋੜ ਕੇ ਹੱਥ ਜੋੜੇ ਤੇ ਕਿਸੇ ਦੇ ਸ਼ੁਕਰਾਨੇ 'ਚ ਫੇਰ ਬੁੜ ਬੁੜ ਕੀਤੀ:

''ਧੰਨ ਹੈਂ ਤੂੰ ਦਾਤਾ, ਤੈਂ ਇੱਕ ਦਿਨ ਵੀ ਭੁੱਖੇ ਨੀਂ ਸੌਣ ਦਿੱਤਾ ''

ਦਰਮਿਆਨੇ ਦਰਜ਼ੇ ਦਾ ਮਕਾਨ ਸਤੀਸ਼, ਉਸ ਦੀ ਘਰਵਾਲੀ, ਮਾਂ ਤੇ ਬੱਚਿਆਂ ਦੀਆਂ ਬਚੀਆਂ ਪਈਆਂ ਦੁਆਈਆਂ ਨੇ ਅੱਧੀ ਡਿਸਪੈਂਸਰੀ ਬਣਾਇਆ ਪਿਆ ਸੀ । ਐਂਟੀਬਾਓਟਿਕ ਸੀਰਪ । ਗੋਲ਼ੀਆਂ । ਗੋਡੇ । ਖੰਘ । ਤਾਕਤ ਦੇ ਕੈਪਸੂਲ । ਬਲੱਡ ਪ੍ਰੈਸ਼ਰ । ਵ੍ਹਾਟਰਬਰੀਜ਼ ਕੰਮਪਾਊਂਡ । ਹੋਮਿਓਪੈਥੀ । ਦੇਸੀ ਨੁਸਖ਼ੇ । ਬਹੁਤੀਆਂ ਨਵੀਆਂ ਤੇ ਬਚੀਆਂ ਪਈਆਂ ਸ਼ੀਸ਼ੀਆਂ, ਪੱਤੇ ਉਸ ਦੀ ਧੀ ਦੇ ਸਨ । ਬਾਅਦ 'ਚ ਤਾਂ ਪਤਾ ਨਹੀਂ ਕੀ ਕੀ ਹੋਣਾ ਸੀ । ਧੀ ਨੇ ਤਾਂ ਏਨੀ ਛੋਟੀ ਉਮਰ 'ਚ ਈ ਉਸ ਨੂੰ ਹੱਥ ਕਰ ਕੇ ਲੈ ਲਿਆ ਸੀ । ਧੀ ਦੀਆਂ ਬੀਮਾਰੀਆਂ, ਦੋਵੇਂ ਬੱਚਿਆਂ ਦੀ ਪੜ੍ਹਾਈ ਤੇ ਭਵਿੱਖ ਦੇ ਫ਼ਿਕਰ ਨੇ ਉਸ ਦੀ ਪਤਨੀ ਦਾ ਉਹ ਸਭ ਕੁਝ ਖ਼ਤਮ ਕਰ ਦਿੱਤਾ ਸੀ ਜਿਸ ਦੀ ਪਤੀ ਨੂੰ ਆਪ ਲੋੜ ਹੁੰਦੀ ਐ । ਦੋ ਬੱਚੇ ਪੈਦਾ ਕਰਨ ਤੇ ਤਿੰਨ ਅਬਾਰਸ਼ਨ ਕਰਾਉਣ ਤੋਂ ਬਾਅਦ ਜਨਾਨੀ 'ਚ ਬਚਦਾ ਈ ਕੀ ਐ । ਘਰ 'ਚੋਂ ਦੁਆਈਆਂ ਦੀ ਹਵਾੜ ਆਉਂਦੀ । ਡਾਕਟਰਾਂ ਕੋਲ ਜਾਂਦਿਆਂ ਸ਼ਰਮ ਆਉਂਦੀ । ਉੱਤੋਂ ਛੋਟੇ ਮੁੰਡੇ ਦੀਆਂ ਇੱਲਤਾਂ । ਘਰ ਦੇ ਸੌ ਧੰਦੇ । ਮੁੱਕ ਜਾਂਦੈ ਬੰਦਾ । ਕਾਂਤਾ ਦੀ ਮੱਤ ਵੱਜੀ ਰਹਿੰਦੀ । ਅਜੇ ਤਾਂ ਸੱਸ ਦਰਵੇਸ਼ ਸੀ । ਨਹੀਂ ਤਾਂ ਪਤਾ ਨਹੀਂ ਕੀ ਕੀ ਹੁੰਦਾ...

''ਮਰਦੀ ਵੀ ਨੀਂ ਹੈਗੀ'', ਦਾਦੀ ਨੇ ਇੱਕ ਰਾਤ ਉਨੀਂਦਰੇ ਦੀ ਮਾਰੀ ਨੇ ਪੋਤੀ ਨੂੰ ਕਈ ਦਿਨਾਂ ਤੋਂ ਚੜ੍ਹਦੇ ਤਾਪ ਦਾ ਅੰਤ ਸੁੱਖਿਆ ਸੀ । ਤੇ ਦੁਨੀਆ ਭਰ ਦੇ ਡਾਕਟਰ 'ਤੇ ਤੋਹਮਤ ਵੀ ਲਾਈ ਸੀ ।

''ਜੋ ਉਸ ਨੂੰ ਮੰਜ਼ੂਰ... ਦੇਖ ਨੀਂ ਹੁੰਦਾ ਹੁਣ ''

ਸ਼ਹਿਰ 'ਚ ਪੰਦਰਾਂ ਵੀਹ ਡਾਕਟਰ ਸਨ । ਲੇਡੀਜ਼ ਤੇ ਜੈਂਟਸ । ਘਰ ਦੇ ਹਰ ਜੀਅ ਨਾਲ ਦੋ ਦੋ ਤਿੰਨ ਤਿੰਨ ਡਾਕਟਰ ਜਾਣ ਪਛਾਣ ਤੇ ਹਾਲ ਚਾਲ ਪੁੱਛਣ ਦੀ ਹੱਦ ਤੱਕ ਜੁੜੇ ਹੋਏ ਸਨ । ਕਿਸੇ ਨਾ ਕਿਸੇ ਨੂੰ ਕਿਸੇ ਨਾ ਕਿਸੇ ਦੀ ਦੁਆਈ ਪੱਥ ਬੈਠ ਜਾਂਦੀ । ਪਰ ਕੁੜੀ... ਮੋਨਾ ਨੂੰ ਇੱਕ ਬੀਮਾਰੀ ਹਟਦੀ ਤਾਂ ਦੂਜੀ ਘੇਰ ਲੈਂਦੀ...

... ਬਰੌਂਕਾਈਟਸ

... ਗੈਸਟਰੋ ਐਨਟਰਾਈਟਸ

... ਐਕਿਊਟ ਬਰੌਂਕਿਓਲਾਈਟਸ

ਇੱਕ ਤੋਂ ਬਾਅਦ ਦੂਸਰਾ ਡਾਕਟਰ ਉਸ ਦੀ ਨਬਜ਼ ਫੜਦਾ ।

ਚਾਈਲਡ ਸਪੈਸ਼ਲਿਸਟ ।

ਗੋਲਡ ਮੈਡਲਿਸਟ ।

ਉਹ ਬੀਮਾਰ ਹੁੰਦੀ ਤਾਂ ਘਰ ਦੇ ਬਾਕੀ ਸਾਰੇ ਕੰਮ ਠੱਪ ਹੋ ਜਾਂਦੇ । ਕਈ ਵਾਰ ਸਾਰੀ ਰਾਤ ਦੇ ਕਾਣਤੇ ਡਾਕਟਰ ਦੀ ਬੰਦ ਦੁਕਾਨ ਦੇ ਬਾਹਰ ਬਾਸੀਆਂ ਲੈਂਦੇ ਖੜ੍ਹੇ ਹੁੰਦੇ । ਸਾਹਾਂ 'ਚੋਂ ਬੋਅ ਮਾਰਦੀ ਹੁੰਦੀ । ਅੰਦਰ ਬਹਿ ਕੇ ਕੰਪੋਡਰ ਦਾ ਸਿਰ ਖਾਈ ਜਾਂਦੇ:

''ਡਾਕਟਰ ਸਾਹਿਬ...? ਕਦ ਕੁ ਆਉਣਗੇ? ਉਂਜ ਉਨ੍ਹਾਂ ਨੇ ਆਉਣਾ ਹੈਗਾ? ਕਿ ਨਹੀਂ? ਘੰਟਾ ਹੋ ਗਿਆ ।'', ਕਾਂਤਾ ਦਾ ਕਿਸੇ ਨਾਲ ਲੜਨ ਨੂੰ ਜੀਅ ਕਰਦਾ । ਧੀ ਨਾਲ ਤਾਂ ਮੋਹ ਸੀ ਜੋ ਬਹੁਤਾ ਉਸ ਦਾ ਇਲਾਜ ਕਰਾਉਣ ਵਿੱਚ ਹੀ ਲੱਗੀ ਜਾਂਦਾ । ਪੀਲੀ ਭੂਕ । ਅੱਖਾਂ 'ਚ ਤਪਸ਼, ਭੁੱਖ ਚੌਵੀ ਘੰਟੇ । ਸੁਸਤੀ ਦਾ ਘਰ । ਬੇਉਮੀਦੀ । ਅਗਾਂਹ ਜੀਵਨ ਦਾ ਬਿੱਖੜਾ ਪੈਂਡਾ... ਜਨਮ ਤੋਂ ਮੌਤ ਤੱਕ ਦਾ... ਵਿਆਹ ਤੋਂ ਪੂਰੇ ਨੌਂ ਮਹੀਨੇ ਬਾਅਦ ਜੰਮੀ । ਅੰਡਰਵੇ੍ਹਟ... ਤੇ ਉੱਤੋਂ ਪੀਲੀਆ ਹੋ ਗਿਆ ਸੀ ।

''ਜੰਮ ਦੀਓ ਜਾਂਦੀ ਪਰ੍ਹੇ । ਫਾਹਾ ਵੱਢ ਹੁੰਦਾ''

''ਬੀਜੀ, ਐਂ ਨਾ ਕਹੋ... ਤੁਸੀਂ... ਬਗਾਨਾ ਧਨ...'', ਕਾਂਤਾ ਲੰਬੀ ਸੋਚਦੀ ਸੱਸ ਦੀ ਗੱਲ ਨੂੰ ਸੱਚ ਹੋਣ ਤੋਂ ਰੋਕਦੀ । ਬਾਪ ਕੋਲ ਬੈਠਾ ਆਪਣੀ ਧੀ ਦੇ ਲੰਬੇ ਸਾਹਾਂ ਦੇ ਹੱਕ 'ਚ ਸਿਰ ਹਿਲਾਉਂਦਾ । ਦੁਆਈਆਂ ਖਾਂਦੀ, ਸ਼ੀਸ਼ੀਆਂ ਪੀਂਦੀ ਤੇ ਟੀਕੇ ਸੂਏ ਲੁਆਉਂਦੀ, ਚੀਕਦੀ ਹੰਝੂ ਕੇਰਦੀ ਡੁਸਕਦੀ ਤੇ ਮੌਤ ਨੂੰ ਪਲ ਪਲ ਟਰਕਾਉਂਦੀ ਅੱਠ ਸਾਲ ਦੇ ਅੰਤ ਨੂੰ ਜਾ ਪੁੱਜੀ ਸੀ । ਨੌਂਵਾਂ ਲੱਗਣ ਵਾਲਾ ਸੀ ।

ਸਾਰੀਆਂ ਸਰੀਰ ਦੀਆਂ ਮਰਜ਼ਾਂ!

ਸ਼ੁਕਰ ਐ ਕਿ ਉਸ ਨੂੰ ਕੋਈ ਦਿਮਾਗੀ ਬੀਮਾਰੀ ਨਹੀਂ ਸੀ ।

ਰਾਜ਼ੀ ਹੁੰਦੀ ਤਾਂ ਕਦੇ ਕਦੇ ਅਜਿਹਾ ਦਿਨ ਵੀ ਹੁੰਦਾ ਕਿ ਸਭ ਨੂੰ ਹੈਰਾਨ ਕਰ ਦਿੰਦੀ । ਇੱਕ ਆਵਾਜ਼ ਉੱਤੇ ਸੁੱਤੀ ਉੱਠ ਕੇ, ਟੂਆਏਲੈੱਟ ਜਾਂ ਬਾਥਰੂਮ ਚਲੀ ਜਾਂਦੀ । ਬੁਰੱਸ਼ ਕਰਦੀ । ਨਹਾਉਂਦੀ ।

''ਡੈਡੀ ਜੀ... ਤੁਸੀਂ ਬੈਠੋ । ਬਰੇਕਫਾਸਟ ਕਰੋ । ਅੱਜ ਸੰਡੇ ਐ... …ਛੁੱਟੀ... ਦੁਕਾਨ ਬੰਦ । ਸਕੂਲ ਬੰਦ । ਕੁਰਸੀ ਨਾਲ ਢੋਅ ਲਗਾ ਕੇ ਬੈਠੋ । ਯੈੱਸ, ਲਾਈਕ ਦਿੱਸ... ਅੱਧੀ ਪਰੌਂਠੀ ਹੋਰ ਲਓ...'', ਕਾਂਤਾ ਤੇ ਦਾਦੀ ਉਸ ਵੱਲ ਵੇਖ ਕੇ ਮੁਸਕਰਾਉਂਦੀ । ਡਰੀਆਂ ਜਹੀਆਂ ਹੱਸਦੀਆਂ । ਡਰ ਸੱਚਾ ਸੀ । ਸਿਆਣੇ ਕਹਿੰਦੇ ਐ: ਬੁੱਝਦੇ ਦੀਵੇ ਦੀ ਲਾਟ ਵੱਧ ਜਾਂਦੀ ਐ ।

ਬੰਟੀ ਨੂੰ ਧੱਕੇ ਨਾਲ ਬਹਾ ਕੇ ਉਸ ਦੇ ਸਿਰ 'ਚ ਕੰਘੀ ਫੇਰੀ ਜਾਂਦੀ:

''ਮੈਂ ਤੇਰੀ ਕਟਿੰਗ ਕਰਾਉਂਗੀ ਆਜ... ਸੁਨ ਲੀਆ ਤੂਨੇ, ਬੁੱਧੂ ਕਹੀਂ ਕਾ...'' ਮੁੰਡਾ ਉਸ ਦੀ ਕੈਦ 'ਚੋਂ ਛੁੱਟਣ ਲਈ ਪਿਛਾਂਹ ਨੂੰ ਕੂਹਣੀਆਂ ਮਾਰੀ ਜਾਂਦਾ । ਮੋਨਾ ਦੀ ਜ਼ਿੱਦ ਉਸ ਦੀ ਪੇਸ਼ ਨਾ ਜਾਣ ਦਿੰਦੀ...

ਪਰ ਬਹੁਤੀ ਵਾਰ ਅੰਤਾਂ ਦੀਆਂ ਦੂਸਰੀਆਂ ਜ਼ਿੱਦਾਂ 'ਤੇ ਉਤਰ ਆਉਂਦੀ । ਦੋ ਸਾਲ ਛੋਟੇ ਭਾਈ ਤੋਂ ਚੀਜ਼ਾਂ ਖੋੋਹਦੀਂ... ਹੋਰ... ਹੋਰ ਮੰਗਦੀ । ਲੜਦੀ । ਰੁੱਠ ਕੇ ਬਹਿ ਜਾਂਦੀ ਤਾਂ ਉਸ ਨੂੰ ਰੋਟੀ ਖਾਣ ਲਈ ਮਨਾਉਂਦੀ ਕਾਂਤਾ ਦੀ ਆਪਣੀ ਰੋਟੀ ਪਲੇਟ 'ਚ ਪਈ ਪਈ ਠੰਡੀ ਬੇਸੁਆਦ ਹੋ ਜਾਂਦੀ । ਉਹ ਖਿੱਝ ਕੇ ਥੱਪੜ ਚੁੱਕਦੀ । ਮਾਰਨ ਤੋਂ ਪਹਿਲਾਂ ਵਾਹ ਲੱਗਦੀ ਥੱਪੜ ਦੀ ਮਾਰ ਨੂੰ ਘਟਾਉਂਦੀ ਪਰ ਫੇਰ ਵੀ ਤਿੱਖੀ 'ਪਟੱਕ' ਦੀ ਆਵਾਜ਼ ਆਉਂਦੀ । ਸਵੇਰੇ ਸਕੂਲ ਜਾਣ ਵੇਲੇ ਡਰ ਜਾਂਦੀ । ਕੰਮ ਕੀਤਾ ਨਾ ਹੁੰਦਾ । ਛੋਟੇ ਮੁੰਡੇ ਨੂੰ ਵੀ ਵਖ਼ਤ ਪਾ ਦਿੰਦੀ । ਸਕੂਲ ਜਾਣ ਦੀ ਤਿਆਰੀ ਸਮੇਂ ਘਰ 'ਚ ਤਣਾਓ ਸਿਖਰਾਂ 'ਤੇ ਹੁੰਦਾ... ਤੇ ਕਈ ਵਾਰ ਸਕੂਲ ਜਾਣ ਤੋਂ ਟਲ ਜਾਂਦੀ । ਬੰਟੀ ਵੀ ਬੈਗ ਸੁੱਟ ਕੇ, ਬਿਨਾਂ ਤਸਮੇ ਖੋਲ੍ਹੇ, ਬੂਟ ਲਾਹ ਦਿੰਦਾ ।

''ਤੇਲਾ ਲੱਗ ਗਿਆ ੲ੍ਹੀਨੂੰ'' ਦਾਦੀ ਸਵੇਰੇ ਸਵੇਰੇ ਈ ਅੱਧੀ ਪਾਗਲ ਹੋਈ ਪਤਾ ਨਹੀਂ ਕੀ ਕੀ ਬੋਲੀ ਜਾਂਦੀ । ਹੁਣ ਤਾਂ ਸਤੀਸ਼ ਨੇ ਮੋਨਾ ਤੇ ਬੰਟੀ ਦੀਆਂ ਸਕੂਲ ਦੀਆਂ ਡਾਇਰੀਆਂ ਵਿੱਚ ਮਾਸਟਰਨੀਆਂ ਵੱਲੋਂ ਲਿਖੀਆਂ ਸ਼ਿਕਾਇਤਾਂ ਉੱਤੇ ਦਸਖ਼ਤ ਕਰਨੇ ਈ ਛੱਡ ਦਿੱਤੇ ਸਨ । ਵਰਕੇ ਭਰੇ ਪਏ ਸਨ ਲਾਲ ਅੱਖਰਾਂ ਨਾਲ....

... ਵਿਦਆਊਟ ਡਰਾਇੰਗ ਫਾਈਲ ਐਂਡ ਬੁੱਕ

... ਹੋਮ ਵਰਕ ਨੌਟ ਡੱਨ

... ਪੰਜਾਬੀ ਹੋਮ ਵਰਕ ਨੋਟ ਲੰਰਨਟ

... ਪੋਇਮ ਨੌਟ ਲੰਰਨਟ

... ਪੂਅਰ ਹੈਂਡਰਾਈਟਿੰਗ । ਨੋਟ ਇੱਟ ।

ਉਸ ਦੀ ਬੀਮਾਰੀ ਵਿੱਚ ਮੋਹ ਦੇ ਮਾਰਿਆਂ ਸਾਰਿਆਂ ਨੂੰ ਆਫ਼ਤ ਖੜ੍ਹੀ ਹੁੰਦੀ । ਭਾਵੇਂ ਦਸ ਡਾਕਟਰ ਉਸ ਦੀ ਨਬਜ਼ ਦੇਖ ਚੁੱਕੇ ਸਨ ਤਾਂ ਵੀ ਵੀਹ ਜੋਤਿਸ਼ੀ, ਪੰਡਿਤ ਉਸ ਦਾ ਟੇਵਾ, ਜਨਮ ਪੱਤਰੀ ਪੜ੍ਹ ਚੁੱਕੇ ਸਨ । ਉਹ ਅਜੀਬੋ–ਗਰੀਬ ਨੁਸਖ਼ੇ ਅਤੇ ਉਪਾਅ ਦੱਸਦੇ ਸਨ:

... ਸਮਸ਼ਾਨ ਘਾਟ 'ਚ ਨਲਕਾ ਲੁਆਓ ।

... ਲੋਹੇ ਦੀ ਬੰਸਰੀ 'ਚ ਸ਼ੱਕਰ ਭਰ ਕੇ ਬੀਆਬਾਨ 'ਚ ਦੱਬੋ ।

... ਇਸ ਦੇ ਵਜ਼ਨ ਦੇ ਬਰਾਬਰ ਸੱਤ ਨਾਜਾ ਜਲ ਪ੍ਰਵਾਹ ਕਰੋ । ਵਿੱਚ ਛੋਟਾ ਜਿਹਾ ਪੀਲਾ ਕੱਦੂ ਵੀ ਪਾਓ ।

ਉਨ੍ਹਾਂ 'ਤੇ ਵੀ ਤੋਹਮਤ ਲੱਗਦੀ:

''ਹੋਣਾ ਓਹੀ ਐ ਜੋ...'', ਕਦੇ ਸਕੂਲ ਤੋਂ ਫੋਨ ਆ ਜਾਂਦਾ, ''ਮੋਨਾ ਨੇ ਉਲਟੀ ਕਰ ਦਿੱਤੀ...''

ਔਖੇ ਸੌਖੇ ਬੱਚੇ ਸਕੂਲ ਚਲੇ ਜਾਂਦੇ ਤਾਂ ਸੁੱਖ ਦਾ ਸਾਹ ਆਉਂਦਾ । ਪਿੱਛੋਂ ਦੁਕਾਨ ਦੀਆਂ ਵਹੀਆਂ ਤੇ ਚਾਬੀਆਂ ਬੈਗ 'ਚ ਪਾ ਕੇ ਸਤੀਸ਼ ਘਰੋਂ ਨਿਕਲ ਜਾਂਦਾ । ਰੁਪੱਈਏ ਬਣਾਉਣ । ਪਿੱਛੇ ਰਹਿ ਗਈਆਂ ਦੋਵੇਂ ਸੱਸ–ਨੂੰਹ ਉਨ੍ਹਾਂ ਤਿੰਨਾਂ ਦੇ ਘਰ ਮੁੜ ਆਉਣ ਤੱਕ ਚਿੰਤਾ 'ਚ ਡੁੱਬੀਆਂ ਰਹਿੰਦੀਆਂ ।

''ਸਮੇਂ ਨੀਂ ਰਹੇ''

''ਕੈਸੇ ਵਕਤ ਆ ਗੇ'' ਬੀਜੀ ਯਾਦ ਕਰਦੀ ਕਿ ਪਿਛਲੇ ਭਲੇ ਸਮਿਆਂ 'ਚ ਵੀ ਉਸ ਦੀ ਸੱਸ ਕਿਹਾ ਕਰਦੀ ਸੀ : ਭਾਈ ਲੋਹੜਾ ਪੈਣਾ ਆ ਗਿਆ ।

ਜੋਤ ਜਗਾ ਕੇ ਤੇ ਧੂਫ਼ ਧੁਖਾ ਕੇ ਹੱਥ ਬੰਨ੍ਹਦੀਆਂ ਪੂਜਾ ਕਰਦੀਆਂ ਕਿਸੇ ਅਗਿਆਤ ਗੈਬੀ ਸ਼ਕਤੀ ਤੋਂ ਆਸਰਾ ਮੰਗਦੀਆਂ ਕਿ...

... ਪਰਮਾਤਮਾ ਉਨ੍ਹਾਂ ਦੇ ਬੱਚਿਆਂ ਨੂੰ ਤੰਦਰੁਸਤੀ ਬਖਸ਼ੇ

... ਉਨ੍ਹਾਂ ਦੇ ਬੱਚੇ ਮਿਹਨਤ ਕਰਨ, ਚੰਗੀ ਪੜ੍ਹਾਈ ਕਰ ਕੇ ਕਾਮਯਾਬ ਹੋਣ

... ਉਨ੍ਹਾਂ 'ਤੇ ਕੋਈ ਆਫ਼ਤ ਨਾ ਆਏ

... ਦੁਕਾਨ ਦੀ ਕਮਾਈ 'ਚ ਬਰਕਤ ਰਹਵੇ

ਇੱਕ ਦੁਕਾਨ ਦਾ ਕਿਰਾਇਆ ਆਉਂਦਾ ਸੀ । ਘਰ ਦੀ ਉਪਰਲੀ ਮੰਜ਼ਿਲ 'ਚ ਦੋ ਕਿਰਾਏਦਾਰ ਰੱਖੇ ਹੋਏ ਸਨ । ਬਜ਼ੁਰਗ ਪਿਛਲੇ ਸਾਲ ਮਰਨ ਤੋਂ ਛੇ ਮਹੀਨੇ ਪਹਿਲਾਂ ਕੁੱਲ ਜਾਇਦਾਦ ਸਤੀਸ਼ ਦੇ ਨਾਂਓ ਕਰਾ ਕੇ, ਵੱਡੀਆਂ ਦੋਵੇਂ ਧੀਆਂ ਅਤੇ ਆਪਣੀ ਹੋਣ ਵਾਲੀ ਵਿਧਵਾ ਨੂੰ ਬੇਦਖ਼ਲ ਕਰ ਗਿਆ ਸੀ ਜਿਸ ਉੱਤੇ ਕਿਸੇ ਨੇ ਕਦੇ ਕੋਈ ਇਤਰਾਜ਼ ਨਹੀਂ ਸੀ ਕੀਤਾ । ਸ਼ਹਿਰ ਦੇ ਹੇਠਲੇ ਚੁੱਪ ਜਹੇ ਬਜ਼ਾਰ ਵਿੱਚ ਸਤੀਸ਼ ਦੀ ਭਾਂਡਿਆਂ ਤੇ ਕਰੌਕਰੀ ਦੀ ਦੁਕਾਨ ਸੀ । ਚੰਗੀ ਚਲਦੀ ਸੀ । ਡੁਪਲੀਕੇਟ ਮਾਲ ਵੇਚ ਕੇ ਵੱਧ ਪੈਸੇ ਬਣਾਉਣਾ, ਆਪਣੇ ਮਾਲ ਨੂੰ ਦੂਸਰਿਆਂ ਤੋਂ ਵਧੀਆ ਸਮਝਾ ਕੇ ਵੇਚਣਾ, ਲੁੱਟਣਾ ਉਸ ਨੇ ਬਾਪ ਦੇ ਜਿਊਂਦੇ ਜੀਅ ਸਿੱਖ ਲਿਆ ਸੀ । ਜੁਆਨੀ ਦੀ ਸ਼ਕਤੀ, ਜੋ ਹਲੇ ਉਸ ਦੇ ਪੱਲੇ ਸੀ, ਠੱਗਣ ਤੇ ਠੱਗੇ ਜਾਣ ਤੋਂ ਬਚਣ ਵਿੱਚ ਹੀ ਖਰਚ ਹੋਈ ਜਾਂਦੀ । ਆਪਣੀ ਰਕਮ ਖ਼ਰੀ ਕਰਨ ਤੇ ਦੂਸਰੇ ਦੀ ਦੱਬਣ ਦਾ ਗੁਰ ਉਸ ਨੂੰ ਦੁਕਾਨਦਾਰੀ ਨੇ ਸਿਖਾ ਦਿੱਤਾ ਸੀ । ਝੂਠ ਤੇ ਸੱਚ ਵਿੱਚਲਾ ਫ਼ਰਕ ਈ ਮੁੱਕ ਗਿਆ ਸੀ । ਸਭ ਕੁਝ ਠੀਕ ਲੱਗਦਾ । ਜਾਇਜ਼ । ਦੁਨੀਆਦਾਰੀ ਦੇ ਲਿਹਾਜ਼ ਨਾਲ ਸੀ ਵੀ ਠੀਕ... ਪਰ... ਪਰ... ਫੇਰ ਵੀ ਸ਼ਾਮ ਤੱਕ ਉਸ ਦੀ ਹਾਲਤ ਅਜਿਹੀ ਹੋ ਜਾਂਦੀ ਕਿ ਉਹ ਰਾਤ ਨੂੰ ਪੱਕੇ ਸਾਥੀਆਂ ਨਾਲ ਰਲ ਕੇ ਹਾਤੇ ਦੇ ਪਿਛਲੇ ਗੁੰਮ ਸੁੰਮ ਖੂੰਜੇ ਵਿੱਚ ਸ਼ਰਾਬ ਪੀਤੇ ਤੇ ਮੁਰਗਾ ਖਾਧੇ ਬਗ਼ੈਰ ਘਰ ਨਹੀਂ ਸੀ ਪਹੁੰਚ ਸਕਦਾ । ਗਲਾਸਾਂ ਵਿੱਚ ਟਿਕੇ ਪੈੱਗਾਂ ਵਿੱਚ ਜਦ ਸ਼ਰਾਬ ਤੇ ਪਾਣੀ ਭਰਨ ਲੱਗਦਾ ਤਾਂ ਉਸ ਦੇ ਮਨ ਵਿੱਚ ਮਹਾਤਮਾ ਗਾਂਧੀ ਦੀ ਉਹ ਫ਼ੋਟੋ ਹੁੰਦੀ ਜੋ ਨੋਟਾਂ ਉੱਤੇ ਛਪੀ ਹੁੰਦੀ ਐ । ਜਦ ਦਾਰੂ ਦਾ ਦੌਰ ਮੁੱਕ ਜਾਂਦਾ ਤਾਂ ਉਸ ਦੇ ਮਨ ਵਿੱਚ ਸਾਰਾ ਦਿਨ ਬਜ਼ਾਰ ਵਿੱਚੋਂ ਲੰਘਦੀਆਂ ਬਗਾਨੀਆਂ ਜਨਾਨੀਆਂ ਦੇ ਅੰਡਰਵੀਅਰ ਲਟਕਣ ਲੱਗਦੇ । ਇੱਧਰ ਉੱਧਰ ਬੈਠੇ ਹੋਰ ਸ਼ਰਾਬੀਆਂ ਦੀਆਂ ਤੀਸਰੇ ਹਾੜੇ ਤੋਂ ਬਾਅਦ ਦੀਆਂ ਗੱਲਾਂ ਨੰਗੀਆਂ ਉੱਚੀਆਂ ਹੋ ਕੇ ਪਿਛਲੇ ਤੰਗ ਖੂੰਜੇ ਵਿੱਚ ਫ਼ੈਲ ਜਾਂਦੀਆਂ:

... ਹੁਣ ਤਾਂ ਦਿੱਲੀ ਚਲੇ ਗੀ । ਪੰਜ ਹਜ਼ਾਰ ਹੋਓੂ ਹੁਣ ਤਾਂ....

... ਸਲਾ ਇੰਨਕਰੀਮੈਂਟ ਲਾਉਣ ਦੇ ਵੀ ਪੰਜ ਸੌ ਮੰਗਦਾ.....

... ਹੁਣੇ ਟੱਕਰੀ ਐ । ਪਰ ਅੱਜ ਮੋਬਾਈਲ ਨੀਂ ਚੁੱਕਿਆ ਭੈਣ ਦੇਣੀ ਨੇ । ਏਅਰ ਹੋਸਟੈੱਸ ਦਾ ਕੋਰਸ ਕਰਨ ਆਈ ਐ ।

... ਕਹਿੰਦੀ: ਮੇਰਾ ਖ਼ਰਚ ਬਹੁਤ ਐ ਰੋਜ਼ ਦਾ ।

... ਲੁਧਿਆਣੇ ਦੀ ਐ । ਕਿਆ ਬਾਤ ਐ.....

ਦਾਰੂ ਪੀਂਦੇ ਵਿੱਚੇ–ਵਿਚ ਕਦੇ ਉਸ ਨੂੰ ਮਰ ਰਹੀ ਧੀ ਦਾ ਝੌਲ਼ਾ ਪੈਂਦਾ । ਕਦੇ ਮਾਂ ਦੇ ਬੋਲ ਸੁਣਦੇ:''ਬੇਟਾ, ਦੇਰ ਨਾ ਕਰਿਆ ਕਰ । ਜਲਦੀ ਆਵੇਂ । ਜਲਦੀ ਸੌਂਵੇਂ । ਸੁਵੱਖਤੇ ਉੱਠੇਂ... ਤੂੰ ਤਾਂ ਕਦੇ ਪਾਠ ਵੀ ਨੀਂ ਕਰਦਾ ।''

***

... ਤੇ ਉਸ ਦਿਨ ਸਤੀਸ਼ ਦੀ ਅੱਠ ਸਾਲ ਦੀ ਮਰੀਅਲ ਜਹੀ ਧੀ ਦੇ ਮੁਰਦੇ ਬੁੱਲਾਂ 'ਚੋਂ ਨਿਕਲੇ ਬੋਲਾਂ ਨੇ ਕਾਲੀ ਗਰਮ ਹਵਾ 'ਚ ਚਮਗਿੱਦੜ ਵਾਂਗ ਪੁੱਟੀ ਲਟਕਦੀ ਰਾਤ ਨੂੰ ਕੰਬਣ ਲਾ ਦਿੱਤਾ ਸੀ ।

''... ਖੁਸ਼ ਰਹੇ...''

''... ਖੁਸ਼ ਰਹੇ...''

ਉਸ ਨੂੰ ਲੱਗਿਆ ਕਿ ਉਹ ਸਮਸ਼ਾਨ ਘਾਟ ਵਿੱਚੋਂ ਮੁੜ ਰਿਹਾ ਹੈ... ਚਾਹੁੰਦਾ ਹੋਇਆ ਵੀ ਮਰ ਨਹੀਂ ਸੀ ਸਕਿਆ । ਜਿਊਂਦਾ ਸੀ । ਪਰ ਇੱਕ ਬਿੰਦ ਲਈ ਕਾਮ, ਕਰੋਧ... ਆਕੜ... ਥੱਪੜ ਸਭ ਢਹਿ ਢੇਰੀ ਹੋ ਗਿਆ ਸੀ । ਜੀਵਨ ਦੋ ਟੁਕੜੇ ਹੋ ਗਿਆ ਸੀ । ਪਿਛਲਾ ਤੇ... ਅਗਾਂਹ ਦਾ... ਉਸ ਪਲ ਉਸ ਨੂੰ ਕੁਝ ਨਹੀਂ ਸੀ ਚਾਹੀਦਾ... ਕਸੂਰ ਸਾਰਾ ਉਸ ਦਾ ਹੀ ਸੀ । ਉਸ ਨੂੰ ਪਤਾ ਸੀ ।

***

ਘਰ ਪਹੁੰਚਿਆਂ ਤਾਂ ਰੋਜ਼ ਵਾਂਗ ਸ਼ਰਾਬ ਤਾਂ ਉਸ ਨੇ ਪੀਤੀ ਹੋਈ ਈ ਸੀ । ਗੇਰੂ ਰੰਗ ਦੇ ਚਿਹਰੇ ਉੱਤੇ ਪਸੀਨੇ ਦੀਆਂ ਕਈ ਤਹਿਆਂ ਚੜ੍ਹੀਆਂ ਹੋਈਆਂ ਸਨ ਜੋ ਉਸ ਦੇ ਪੂਰੇ ਪਿੰਡੇ ਉੱਤੇ ਚਿਪਕੀਆਂ ਪਈਆਂ ਸਨ । ਸਾਰੇ ਕੱਪੜੇ ਲਾਹ ਕੇ ਕਿਸੇ ਖੂੰਜੇ ਵਿੱਚ ਵਗਾਹ ਮਾਰਨਾ ਚਾਹੁੰਦਾ ਸੀ । ਸਾਬਣ ਲਾ ਲਾ ਕੇ, ਮਲ਼ ਮਲ਼ ਕੇ ਫੁਆਰੇ ਦੇ ਠੰਡੇ ਪਾਣੀ ਹੇਠ ਨਹਾਉਣਾ ਚਾਹੁੰਦਾ ਸੀ... ਤੇ ਫੇਰ ਸਿਰਫ਼ ਅੰਡਰਵੀਅਰ ਪਾ ਕੇ ਪੱਖੇ, ਕੂਲਰ ਦੀ ਠੰਡੀ ਹਵਾ 'ਚ ਦੀਵਾਨ 'ਤੇ ਚੱਪਲ ਮਾਰ ਕੇ ਕਰਾਰੀ ਦਾਲ ਸਬਜ਼ੀ ਨਾਲ ਪੂਰੀਆਂ ਗੋਲ਼ ਤੇ ਫੁੱਲੀਆਂ ਹੋਈਆਂ ਰੋਟੀਆਂ ਖਾਣੀਆਂ ਚਾਹੁੰਦਾ ਸੀ ਜੋ ਇੱਕ ਇੱਕ ਕਰ ਕੇ ਤਵੇ ਤੋਂ ਪਲੇਟ 'ਚ ਟਿਕਣ । ਦੋ ਚਾਰ ਤਾਜ਼ੀਆਂ ਹਰੀਆਂ ਮਿਰਚਾਂ ਦੰਦਾਂ ਨਾਲ ਟੁੱਕਣੀਆਂ ਤੇ ਫੇਰ ਮੋਰ ਵਾਂਗ ਪੈਲ ਪਾਉਣੀ ਚਾਹੁੰਦਾ ਸੀ । ਹਰ ਚੜ੍ਹਦੀ ਰਾਤ ਉਸ ਦੀ ਇਹ ਛੋਟੀ ਜਹੀ ਖਾਹਿਸ਼ ਹੁੰਦੀ ਜੋ ਕਦੇ ਘੱਟ ਹੀ ਪੂਰੀ ਹੁੰਦੀ... ਤੇ ਸਿਰੇ ਚੜ੍ਹਦੀ ਸੀ...

...ਉਸ ਦਿਨ ਉਸ ਦੇ ਘਰ ਪਹੁੰਚਣ ਤੋਂ ਬਾਅਦ ਬੱਚਿਆਂ ਦੇ ਮਨ ਵਿੱਚ ਥੋੜ੍ਹਾ ਜਿਹਾ ਭੈਅ ਤੇ ਥੋੜ੍ਹਾ ਜਿਹਾ ਮੋਹ ਪੈਦਾ ਹੋ ਕੇ ਖਿੰਡਰ ਗਿਆ ਤੇ ਦਿਨ ਲਗਭਗ ਮੁਕੰਮਲ ਹੋ ਕੇ ਰਾਤ ਵੱਲ ਵੱਧ ਗਿਆ ਸੀ । ਬੈੱਡ 'ਤੇ ਪਈ ਧੀ ਦੇ ਸਿਰ 'ਤੇ ਹੱਥ ਰੱਖ ਕੇ ਅਸ਼ੀਰਵਾਦ ਦੇਣ ਵਾਂਗ ਕਹਿ ਦਿੱਤਾ: ''ਸਵੇਰ ਤੱਕ ਠੀਕ ਹੋ ਜਾਣਾ, ਬੇਟਾ । ਸੌਂ ਜਾ'' । ਬੰਟੀ ਦੀ ਥਾਲੀ 'ਚ ਅੱਧ–ਪਚੱਧੀ ਖਾਧੀ ਤੇ ਛੱਡੀ ਹੋਈ ਰੋਟੀ ਸਬਜ਼ੀ ਪਈ ਸੀ । ਤੇ ਉਹ ਮੋਨਾ ਦੇ ਨਾਲ ਜਾ ਕੇ ਪੈਂਦੇ ਸਾਰ ਈ ਸੌਂ ਗਿਆ ਸੀ । ਮਾਤਾ ਰੋਟੀ ਖਾ ਕੇ, 'ਗੁਰੂਦੇਵ, ਗੁਰੂਦੇਵ' ਉਚਾਰਦੀ ਆਪਣੇ ਕਮਰੇ ਵਿੱਚ ਸੌਣ ਚਲੀ ਗਈ...

.... ਕਦੇ ਕਦੇ ਡੈੇਡੀ ਦੇ ਰਾਤ ਨੂੰ ਮੁੜਨ ਦੀ ਉਮੀਦ ਟੁੱਟ ਜਾਂਦੀ । ਕਈ ਵਾਰ ਦੇਰ ਰਾਤ ਦੀ ਆਮਦ ਦਾ ਕਿਸੇ ਨੂੰ ਪਤਾ ਈ ਨਾ ਲੱਗਦਾ । ਅਜਿਹੀ ਰਾਤ ਦਾ ਕੇਵਲ ਕਾਂਤਾ ਨੂੰ ਹੀ ਪਤਾ ਹੁੰਦਾ ਸੀ । ਥੱਕੀ ਹਾਰੀ ਦੀ ਨੀਂਦ ਖਰਾਬ ਹੋ ਜਾਂਦੀ । ਉੱਤੋਂ ਸ਼ਰਾਬੀ ਦੇ ਘੁਰਾੜੇ ਮੁੜ ਕੇ ਨੀਂਦ ਨੂੰ ਲਵੇ ਨਾ ਲੱਗਣ ਦਿੰਦੇ । ਕਦੇ ਰਾਤ ਨੂੰ ਉਨ੍ਹਾਂ ਦੀ ਲੜਾਈ ਹੋ ਜਾਂਦੀ ਜਿਸ ਵਿੱਚ ਬੋਲਣ ਦੀ ਲੋੜ ਘੱਟ ਹੁੰਦੀ । ਫੇਰ ਅਗਲੇ ਦਿਨ ਘਰ ਦੇ ਧੰਦੇ ਪਿੱਟਦੇ ਉਸ ਦਾ ਲੱਕ ਟੁੱਟ ਜਾਂਦਾ । ਬੈੱਲ ਵੱਜੀ ਜਾਂਦੀ । ਫੋਨ ਨਾ ਟਿਕਣ ਦਿੰਦਾ । ਹੱਥ ਪੈਰ ਸੌਣ ਲੱਗਦੇ । ਫ਼ਟਾਫ਼ਟ ਗੁੰਮੀਆਂ ਚੀਜ਼ਾਂ ਲੱਭਦੀ ਤਾਂ ਜ਼ੁਬਾਨ ਤਤਲਾਉਂਦੀ । ਮੂੰਹ ਵਿੱਚ ਜ਼ੁਬਾਨ ਉਤੇ ਬੋਲ ਇੱਕ ਦੂਜੇ ਉਪਰ ਚੜ੍ਹ ਜਾਂਦੇ...

''ਮਿਗ ਲੀਆਂ? ''

ਦੇਵੀ ਦੇਵਤਿਆਂ ਦੀਆਂ ਪੂਜਾ ਸਥਾਨ ਉੱਤੇ ਟੰਗੀਆਂ ਦੋ ਪੈਰਾਂ ਤੇ ਕਈ ਕਈ ਹੱਥਾਂ ਵਾਲੀਆਂ ਫ਼ੋਟੋਆਂ ਵੱਲ ਧਿਆਨ ਨਾਲ ਦੇਖਣ ਦੀ ਕੋਸ਼ਿਸ਼ ਕਰਦੀ । ਦੋ ਹੱਥਾਂ ਨਾਲ ਉਹ ਕੀ ਕੀ ਕਰ ਸਕਦੀ ਹੈ? ਦੇਵੀ ਦੇਵਤੇ ਇੰਨੀ ਲੋਕਾਈ ਦੇ ਦੁੱਖ–ਹਰਨ ਕੇਵਲ ਦੋ ਹੱਥਾਂ ਨਾਲ ਕਿਵੇਂ ਕਰ ਸਕਦੇ ਹਨ? ਤਾਂ ਹੀ ਤਾਂ ਉਨ੍ਹਾਂ ਦੇ ਕਈ ਕਈ ਹੱਥ ਹਨ ।

ਕਾਸ਼! ਕਿ ਉਸ ਦੇ ਵੀ ਕਈ ਹੱਥ ਹੋਣ...

...ਤੇ ਉਸ ਦੇ ਘਰਵਾਲੇ ਦੇ ਵੀ ਹੋਰ ਹੱਥ ਹੋਣ

...ਬੱਚਿਆਂ ਦੇ ਵੀ ।

...ਪਰ ਉਸ ਦਿਨ 'ਡੈਡੀ ਆ ਗੇ' ਨੇ ਇੱਕ ਵਾਰ ਤਾਂ ਉਸ ਨੂੰ ਹੌਂਸਲਾ ਦੇ ਦਿੱਤਾ ਸੀ । ਜਿਹੋ ਜਿਹਾ ਵੀ ਸੀ । ਸ਼ਰਾਬੀ ਸੀ । ਕਬਾਬੀ ਸੀ... ਉਸ ਦੇ ਘਰਵਾਲਾ ਸੀ... ਤੇ ਘਰ ਆ ਗਿਆ ਸੀ । ਇੱਕ ਬਿੰਦ ਲਈ ਉਸ ਦੀ ਰੂਹ ਵਿੱਚ ਠੰਡੀ ਹਵਾ ਰੁਮਕ ਗਈ ਸੀ: 'ਮੇਰੇ ਘਰਵਾਲਾ ਘਰ ਆ ਗਿਆ' ਉਸ ਨੂੰ ਹੁਣ ਕਿਸੇ ਚਿੰਤਾ ਦੀ ਚਿੰਤਾ ਨਹੀਂ ਸੀ ਰਹੀ । ਜਿਵੇਂ ਸਤੀਸ਼ ਦੇ ਆਉਣ ਤੋਂ ਪਹਿਲਾਂ ਘਰ ਘਰ ਨਹੀਂ ਸੀ । ਸਤੀਸ਼ ਵੀ ਸੌ ਕੁੱਤੇ ਕੰਮ ਕਰਨ ਉਪਰੰਤ ਸਦਾ ਇੱਥੇ ਹੀ ਰਾਤ ਗੁਜ਼ਾਰਨਾ, ਤੇ ਸਵੇਰੇ ਇੱਥੋਂ ਹੀ ਉੱਠ ਕੇ ਆਪਣਾ ਦਿਨ ਸ਼ੁਰੂ ਕਰਨਾ ਲੋਚਦਾ ਸੀ । ਭਾਵੇਂ ਕਿ ਘਰ ਵਿੱਚ ਉਸ ਦਾ ਸਾਹ ਹੋਰ ਵੀ ਉੱਖੜਿਆ ਹੁੰਦਾ । ਧੀ ਦੀ ਬੀਮਾਰੀ । ਵਿਧਵਾ, 'ਅੱਜ ਗਈ ਕਿ ਕੱਲ੍ਹ ਗਈ' ਹਾਓੁਕੇ ਜੀਉਂਦੀ ਮਾਂ । ਤੇ ਬੇਟਾ ਜੋ ਕਦੇ ਕਦੇ ਹੋਮ ਵਰਕ ਵੀ ਪੂਰਾ ਨਹੀਂ ਸੀ ਕਰਦਾ । ਤੇ ਉਸ ਦੀ ਘਰਵਾਲੀ...ਓਦਣ ਵੀ ਘਰਵਾਲੀ ਤਾਂ ਘਰੇ ਸੀ, ਪਰ 'ਉਸ ਦੀ ਔਰਤ' ਪਤਾ ਨਹੀਂ ਕਿਹੜੇ ਖੱਲ–ਖੂੰਜੇ 'ਚ ਗ਼ਾਇਬ ਹੋ ਗਈ ਸੀ । ਜਿਵੇਂ ਕਦੇ ਕਦੇ ਰੋਟੀ ਤੋਂ ਬਾਅਦ ਦੰਦਾਂ 'ਚੋਂ ਲੱਭਿਆ ਹਰੀ ਮਿਰਚ ਦਾ ਕਿਣਕਾ ਸੁਆਦ ਦੀ ਇੱਕ ਝਲਕ ਦੇ ਕੇ ਲਾਪਤਾ ਹੋ ਜਾਂਦਾ ਹੁੰਦਾ...

...ਅੰਤਾਂ ਦੀ ਕਾਹਲ । ਬੇ–ਸਬਰੀ । ਗਾਹਕ ਦੀ ਉਡੀਕ 'ਚ ਬੈਠੇ ਦੁਕਾਨਦਾਰ ਦੀ ਬੇਚੈਨੀ...ਫੇਰ ਪੈਸੇ ਦੇ ਕੇ... ਸੌਦੇ ਚੁੱਕ ਕੇ ਉਸ ਦੇ ਦਫ਼ਾ ਹੋ ਜਾਣ ਦੀ ਉਡੀਕ । ਹੋਰ ਗਾਹਕ ਆਉਣ ਦੀ ਉਮੀਦ... ਤੇ ਉਸ ਦਿਨ ਸਤੀਸ਼ ਚਾਹੁੰਦਾ ਸੀ ਕਿ ਉਸ ਦੀ ਘਰਵਾਲੀ, ਨਵੀਂ ਨਕੋਰ ਬਣ ਕੇ, ਬਣ ਠਣ ਕੇ, ਅੱਖ ਦੇ ਫੋਰ 'ਚ ਉਸ ਦੇ ਸ੍ਹਾਮਣੇ ਪ੍ਰਗਟ ਹੋ ਜਾਵੇ... ਤੇ... ਤੇ... ਲੋੜ ਮੁਤਾਬਕ ਉਸ ਵਿੱਚ ਬਜ਼ਾਰੂ ਤੀਮੀਂਆਂ ਵਰਗਾ ਨਖ਼ਰਾ ਹੋਵੇ... ਕਦੇ ਮੂੰਹ ਵਿੱਚ ਘੁਲ ਜਾਵੇ... ਕਦੇ ਉਸ ਨੂੰ ਬੱਚੇ ਵਾਂਗ ਸਧਾਰਨ ਔਰਤ ਦੇ ਮਾਸੂਮ ਮੋਹ ਦੀ ਤਲਾਸ਼ ਹੁੰਦੀ... ਤੇ ਕਦੇ ਕੁੱਝ... ਕਦੇ ਕੁੱਝ... ਜ਼ਾਇਜ, ਨਜਾਇਜ਼ ਦੋਵਾਂ ਉੱਤੇ ਉਹ ਆਪਣਾ ਹੱਕ ਖ਼ਰਾ ਸਮਝਦਾ ਸੀ... ਤੇ...

ਤੇ... ਘਰਵਾਲੀ ਜਿਸ ਨੂੰ ਉਹ ਜਦੋਂ ਦਾ ਆਇਆ ਸੀ ਕਈ ਵਾਰ ਕਹਿ ਚੁੱਕਿਆ ਸੀ:

''ਛੇਤੀ ਕਰ ਬਈ''

ਅੱਗੋਂ ਉਸ ਨੂੰ 'ਕਰ ਰਹੇ ਆਂ' ਸੁਣਦੀ । ਉਹ ਨਹਾ ਹਟਿਆ ਸੀ । ਪਾਣੀ ਬਿਲਕੁਲ ਠੰਡਾ ਨਹੀਂ ਸੀ । ਘਰ 'ਚ ਨਹਾਉਣ ਲਈ ਪਾਣੀ ਠੰਡਾ ਕਰਨ ਦਾ ਕੋਈ ਪ੍ਰਬੰਧ ਹੀ ਨਹੀਂ ਸੀ । ਨਹਾ ਕੇ, ਅੰਡਰਵੀਅਰ ਪਾ ਕੇ, ਦੀਵਾਨ 'ਤੇ ਬਹਿ ਕੇ ਰੋਟੀ ਮੰਗ ਰਿਹਾ ਸੀ:

''ਕੂਲਰ ਤੇਜ ਕਰ ਦੇ । ਛੇਤੀ ਕਰ''

''ਬਸ ਹੋ ਗਿਆ,'' ਕਾਂਤਾ ਨੇ ਮੁੜ ਕੇ ਚਕਲਾ ਬੇਲਣਾ ਫੜ ਲਿਆ ਸੀ ।

''ਰੋਟੀ?''

''ਆ ਗੀ ਬਸ''

ਫੁੱਲੀ ਹੋਈ ਰੋਟੀ ਦੇ ਪਤਲੇ ਪਾਸੇ ਵਿੱਚ ਉਂਗਲ ਮਾਰ ਕੇ ਭਾਫ਼ ਕੱਢਦਾ, ਉਂਗਲ ਨੂੰ ਸੜਨ ਤੋਂ ਬਚਾਉਂਦਾ ਫੂੂਕ ਮਾਰਦਾ ਤੇ ਮੁੜ ਤੋਂ ਤੁੜਕੀ ਦਾਲ ਦੀਆਂ ਬੁਰਕੀਆਂ ਭਰਦਾ, ਹਰੀਆਂ ਮਿਰਚਾਂ ਚੱਬਦਾ ਘਰਵਾਲੀ ਨੂੰ ਇਹ ਵੀ ਤਿੰਨ ਚਾਰ ਵਾਰ ਕਹਿ ਚੁੱਕਿਆ ਸੀ:

''ਤੇਰੇ ਵਾਸਤੇ ਪਾਣੀ ਭਰ 'ਤਾ''

''ਅੱਛਿਆ!!'' ਕਾਂਤਾ ਦੀ ਆਵਾਜ਼ ਵਿੱਚ ਮਾੜੀ ਜਹੀ ਚੀਕ ਵੀ ਰਲੀ ਹੋਈ ਸੀ ।

''ਨਹਾ ਲੈ ਛੇਤੀ''

''ਨਹਾ ਲਿੰਦੀ ਐਂ! ਰੋਟੀ ਤਾਂ ਫੂਕ ਲੋ ਪਹਿਲਾਂ! ਸ਼ਾਨਤੀ ਨਾਲ । ਮੈਨੂੰ ਤਾਂ ਆਪ ਭੁੱਖ ਲੱਗੀ ਪਈ ਐ । ਨਹਾ ਕੇ ਖਾਂਦੀ ਐਂ ਰੋਟੀ । ਭਾਂਡੇ ਪਏ ਐ । ਦੁੱਧ ਗਰਮ ਰੱਖਿਆ । ਮਰੀ ਪਈ ਐਂ ਮੈਂ ਤਾਂ ਬੱਚਿਆਂ ਨਾਲ ਸਵੇਰ ਦੀ, ਸਾਰਾ ਦਿਨ । ਤੁਹਾਨੂੰ ਕਿਹੜਾ ਪਤਾ?''

''ਚਲ... ਨ੍ਹਾ ਲੈ... ਰੋਟੀ ਖਾ ਲੈ'' ਜਿਵੇਂ ਉਹ ਰੋਟੀ ਖਾਂਦੀ ਖਾਂਦੀ ਨੂੰ ਨਲ੍ਹਾਉਣਾ ਚਾਹੁੰਦਾ... ਚਾਹੁੰਦਾ ਤਾਂ ਉਹ ਹੋਰ ਵੀ ਬਹੁਤ ਕੁਝ ਸੀ ।

''ਗਰਮੀ ਸੁਕਾ ਲਵਾਂ ਪਹਿਲਾਂ'' ਉਹ ਰੋਟੀ ਖਾ ਹਟਿਆ ਤਾਂ ਕਮੀਜ਼ ਦੇ ਮੂਹਰਲੇ ਪੱਲੇ ਨੂੰ ਚੁੱਕ ਕੇ ਹਵਾ ਲੁਆਉਂਦੀ ਘਰਵਾਲੀ ਦੇ ਦਿਸਦੇ ਨੰਗੇ ਢਿੱਡ ਵਿੱਚ ਉਸ ਦੀਆਂ ਅੱਖਾਂ ਗੱਡੀਆਂ ਗਈਆਂ ।

''ਦੇਰ ਨਾ ਲਾ''

''ਮੈਥੋਂ ਨੀਂ ਹੁੰਦੀ ਐਨੀ ਛੇਤੀ'' ਬੈੱਡ ਰੂਮ 'ਚ ਧੀ ਦੀ ਘੁਸਰ ਮੁਸਰ ਨੇ ਸਤੀਸ਼ ਨੂੰ ਚੁੱਪ ਕਰਾ ਦਿੱਤਾ । ਉਹ ਅਜੇ ਵੀ ਬੈੱਡ ਉੱਤੇ ਪਈ ਹਿੱਲ ਰਹੀ ਸੀ । ਸਿੱਧੀ ਲੇਟੀ ਕੁੜੀ ਦਾ ਢਿੱਡ ਆਉਂਦੇ ਜਾਂਦੇ ਸਾਹ ਨਾਲ ਉਤਾਂਹ 'ਠਾਂਹ ਹੋ ਰਿਹਾ ਸੀ । ਪਰ ਇਹ ਨੀਂਦ ਦੇ ਸਾਹ ਨਹੀਂ ਸਨ, ਸ਼ਾਇਦ ।

ਕੁਰਲੀ ਕਰ ਕੇ ਪਾਣੀ ਅੰਦਰ ਕਰਦਿਆਂ ਉਸ ਨੇ ਫੇਰ ਹੁਕਮ ਚਾੜ੍ਹ ਦਿੱਤਾ:

''ਝੱਟ ਕਰ ਬਈ, ਰਾਤ ਹੋ ਗਈ, 'ਰਾਮ ਕਰੀਏ'', ਕਾਂਤਾ ਨੇ ਉਸ ਵੱਲ ਗੁੱਸੇ 'ਚ ਤਿਰਛਾ ਝਾਕਿਆ '' 'ਰਾਮ ਕਰੀਏ, ਹੂੰਅ...''

ਦੁਨੀਆ ਦਾ ਕੈਸਾ ਖਿੱਤਾ । ਅੱਤ ਦੀ ਸਰਦੀ । ਤੇ ਹੁਣ ਅੰਤਾਂ ਦੀ ਗਰਮੀ ਸੀ । ਉੱਤੋਂ ਸ਼ਰਾਬ... ਤੇ ਕੜਾਹੀ 'ਚ ਭੁੰਨਿਆ ਮੀਟ । ਨ੍ਹਾਉਣ ਨਾਲ ਤਾਂ ਸਿਰਫ਼ ਉਸ ਦੇ ਪਿੰਡੇ ਦੀ ਬੋਅ ਈ ਪਾਣੀ 'ਚ ਘੁਲੀ ਸੀ...

'''ਰਾਮ ਕਰੀਏ'', ਕਾਂਤਾ ਨੇ ਨਵਾਂ ਟਾਵਲ ਚੁੱਕੀ ਬਾਥਰੂਮ ਵੱਲ ਜਾਂਦੀ ਨੇ ਘਰਵਾਲੇ ਨੂੰ ਜਿਵੇਂ ਫੇਰ ਘੂਰਿਆ । ਉਸ ਨੇ ਨਹੀਂ ਦੇਖਿਆ ਕਿ ਸਤੀਸ਼ ਨੇ ਦੰਦ ਮੀਚ ਕੇ ਹੂਰਾ ਵੱਟ ਲਿਆ ਸੀ ।

...ਨ੍ਹਾਉਂਦੀ ਨ੍ਹਾਉਂਦੀ ਉਹ ਹੋਰ ਈ ਤਰਾਂ ਦੀ ਹੋ ਗਈ... ਕਿਆ ਕਰੇ... ਦਿਲ ਕਰੇ ਦੋ ਨਹੀਂ ਚਾਰ ਹੱਥਾਂ ਨਾਲ ਨ੍ਹਾਵੇ । ਸਾਰਾ ਦਿਨ ਦੇ ਗਧੀ ਗੇੜ ਤੇ ਛੋਟੀਆਂ ਛੋਟੀਆਂ ਪ੍ਰੇਸ਼ਾਨੀਆਂ ਘਰਵਾਲੇ ਦਾ ਚੇਤਾ ਈ ਨਹੀਂ ਆਉਣ ਦਿੰਦੀਆਂ । 'ਆਏ ਨੀਂ ਹਾਲੇ' । ਸੂਰਜ ਛਿੱਪਣ ਦੇ ਨਾਲ ਪਤੀ ਯਾਦ ਆਉਂਦਾ । ਹੋਰ ਕੰਮ ਕਿਤੇ ਦੌੜ ਚਲੇ ਐ । ਪਰ ਕਿਆ ਕਰੇ । ਸੂਰਜ ਦੀ ਬੈਠਦੀ ਟਿੱਕੀ ਨਾਲ ਹੀ ਉਸ ਦੀ ਸੱਤਿਆ ਟੁੱਟਣ ਲੱਗਦੀ । ਉਂਜ ਘਰਵਾਲੇ ਦਾ ਉਹ ਕਰਦੀ ਕੀ ਸੀ? ਤੇ ਉਸ ਵਾਸਤੇ ਕੀ ਨਹੀਂ ਸੀ ਕਰ ਸਕਦੀ । ਕੱਪੜੇ ਨੌਕਰਾਣੀ ਧੋਂਦੀ ਸੀ । ਪਰੈੱਸ ਧੋਬੀ ਕਰਦਾ ਸੀ । ਪੰਜਾਂ ਲਈ ਪਕਾਈ ਰੋਟੀ ਦਾ ਇੱਕ ਹਿੱਸਾ ਉਹ ਖਾਂਦਾ ਸੀ । ਪਤੀ ਪਰਮੇਸ਼ਰ ਤਾਂ ਸੀ ਹੀ । ਕਮਾਉਂਦਾ । ਸਭ ਨੂੰ ਖਲਾਉਂਦਾ । ਸਾਰਾ ਦਿਨ ਵਪਾਰੀਆਂ, ਸਪਲਾਇਰਾਂ ਤੇ ਗਾਹਕਾਂ ਨਾਲ ਝੱਖ ਮਾਰਦਾ । ਸੌ ਝੂਠ ਕੁਫ਼ਰ ਤੋਲਦਾ । ਕੀਹਦੇ ਲਈ? ਇਹੀ ਸੋਚਦੀ ਸੋਚਦੀ ਉਹ ਨਹਾ ਵੀ ਲਈ । ਬੁੱਲ੍ਹਾਂ 'ਤੇ ਟਾਵਲ ਫੇਰਦਿਆਂ ਉਹ ਵਿਆਹ ਤੋਂ ਵੀਹ ਕੁ ਦਿਨ ਬਾਅਦ ਘਰਵਾਲੇ ਨੂੰ ਕਹੀ ਇਹ ਗੱਲ ਯਾਦ ਕਰ ਕੇ ਸ਼ਰਮਾ ਗਈ:

''ਤੂੰ ਆਪੇ ਚੁੰਮੀ ਜਾਂਦਾ । ਮੈਨੂੰ ਨੀਂ ਚੁੰਮਣ ਦਿੰਦਾ''

...ਤੇ ਕਈ ਵਾਰ ਕਿਸੇ ਐਤਵਾਰ ਉਹ ਉਸ ਅੰਦਰ ਥਾਂ ਥਾਂ ਸੁੱਤੀ ਪਈ ਔਰਤ ਨੂੰ ਜਗਾ ਕੇ... ਇਕੱਠੀ ਕਰ ਕੇ ਉਸ ਦੇ ਸਰੀਰ ਦੇ ਉਹਨਾਂ ਨੁਕਤਿਆਂ 'ਤੇ ਲੈ ਆਉਂਦਾ ਜਿੱਥੋਂ ਔਰਤ ਤੇ ਮਰਦ ਵੱਖਰੇ ਵੱਖਰੇ ਦਿਸਦੇ ਹਨ... ਤੇ ਉਹ ਵੀ ਇਵੇਂ ਹੀ ਕਦੇ ਕਦੇ ਘਰਵਾਲੇ ਨੂੰ 'ਬੰਦੇ ਦਾ ਪੁੱਤ' ਬਣਾ ਦਿੰਦੀ ਸੀ । ਕਿੰਨੀਆਂ ਚੰਗੀਆਂ ਯਾਦਾਂ ਸਨ । ਉਫ਼... ਬਾਥਰੂਮ ਵਿੱਚ ਪਸੀਨੇ ਨਾਲ ਭਿੱਜੇ ਕੱਪੜਿਆਂ ਦੀ ਕਿੰਨੀ ਮੁਸ਼ਕ ਭਰੀ ਪਈ ਸੀ ।

ਬਾਥਰੂਮ 'ਚੋਂ ਨਿਕਲ ਕੇ ਉਲਝਿਆ ਜਿਹਾ ਸੂਟ ਪਾਈ ਜਦੋਂ ਉਹ ਸਤੀਸ਼ ਦੇ ਕੋਲੋਂ ਲੰਘੀ ਤਾਂ ਉਸ ਦੇ ਖੱਬੇ ਕੰਨ ਦੇ ਉਤਲੇ ਪਾਸੇ ਠਾਹ ਕਰਦਾ ਥੱਪੜ ਵੱਜਿਆ । ਹੈਂ! ਇਹ ਕੀ ਹੋ ਗਿਆ । ਕਾਂਤਾ ਨੇ ਤ੍ਰਭਕ ਕੇ ਦੰਦ ਪੀਹ ਕੇ ਮਾਰਨ ਵਾਲੇ ਵੱਲ ਨੂੰ ਮੁੱਕਾ ਵੱਟ ਲਿਆ । ਤੇਰੀ ਫੇਰਾਂ ਐਸੀ ਦੀ ਤੈਸੀ । ਮੁੱਕਾ ਮਾਰਿਆ ਨਹੀਂ । ਮਾਰਨ ਵਾਲਾ ਉਸ ਦੇ ਘਰਵਾਲਾ ਸੀ ।

... ਫੇਰ ਦੋਵਾਂ ਨੂੰ ਸਮਝ ਨਾ ਲੱਗੇ ਕਿ ਹੁਣ ਕੀ ਕਰਨਾ ਹੈ । ਮੂੰਡਾ ਘੂਕ ਸੁੱਤਾ ਪਿਆ ਸੀ । ਧੀ ਦੀ ਬੁੜ ਬੁੜ ਉੱਚੀ ਹੋ ਗਈ । ਥੱਪੜ ਦੀ ਆਵਾਜ਼... ਧੂਹਾ ਖਿੱਚ ਅਤੇ ਬਾਅਦ 'ਚ ਘਰ 'ਚ ਪਸਰੀ ਚੁੱਪ ਨੇ ਉਸ ਨੂੰ ਜਾਗਦੀ ਹੋਈ ਨੂੰ ਵੀ ਸੁੱਤੀ ਰਹਿਣ 'ਤੇ ਮਜਬੂਰ ਕਰ ਦਿੱਤਾ ।

''ਬੇਟਾ?'' ਬਾਪ ਨੇ ਧੀ ਦੇ ਭਖੇ ਹੋਏ ਸਿਰ 'ਤੇ ਪੋਟੇ ਰੱਖ ਕੇ ਕਿਸੇ ਸੁਆਲ ਦਾ ਜੁਆਬ ਪੁੱਛਿਆ ।

''...ਖੁਸ਼ ਰਹੇ ... ਖੁਸ਼ ਰਹੇ''

''ਬੇਟਾ? ...ਕਾਂਤਾ ਤੂੰ ਦੇਖ '' ਕਾਂਤਾ ਨੇ ਧੀ ਦਾ ਮੂੰਹ ਹੱਥਾਂ ਦੀ ਓਟ 'ਚ ਐਂ ਲੈ ਲਿਆ ਜਿਵੇਂ ਵਗਦੀ ਝੱਖੜ–ਹਨੇਰੀ 'ਚ ਬੁੱਝਦਾ ਦੀਵਾ ਬਚਾਉਣਾ ਹੋਵੇ ।

''ਮੋ... ਨਾ... ਬੇ... ਟੇ... ਠੀਕ... ਐਂ?'' ਕਾਂਤਾ ਦੀ ਆਵਾਜ਼ ਪਾਟ ਗਈ ।

''ਖੁਸ਼ ਰਹੇ... ਖੁਸ਼ ਰਹੇ... ''

''ਬੇਟਾ...?''

''ਮੰਮੀ... ਡੈਡੀ...''

''ਹਾਂ ਬੇਟਾ?''

''ਮੰਮੀ ਡੈਡੀ ਖੁਸ਼ ਰਹੇ ।''

''ਸਵੇਰੇ ਅਡਮਿਟ ਕਰਾਓ''

''ਮੰਮੀ ਡੈਡੀ ਖੁਸ਼ ਰਹੇ''

''ਬੇਟਾ ਕੀ ਕਰਦੀ?''

'' ਡੈਡੀ ਮੈਂ ਪਰੇਅਰ ਕਰਦੀ ।''

'ਮੰਮੀ ਖੁਸ਼ ਰਹੇ'... 'ਡੈਡੀ ਖੁਸ਼ ਰਹੇ' ਦਾ ਜਾਪ ਧੀਮਾ... ਧੀਮਾ... ਹੋਰ ਧੀਮਾ ਹੁੰਦਾ ਜਾ ਰਿਹਾ ਸੀ...

  • ਮੁੱਖ ਪੰਨਾ : ਕਹਾਣੀਆਂ, ਬਲੀਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ