Khushnaseeb Aurat (Russian Story in Punjabi) : Fyodor Abramov
ਖੁਸ਼ਨਸੀਬ ਔਰਤ (ਰੂਸੀ ਕਹਾਣੀ) : ਫਿਓਦੋਰ ਅਬਰਾਮੋਵ
ਜਦੋਂ ਪਿਓ ਪੂਰਾ ਹੋਇਆ ਘਰ ਨਿਆਣਿਆਂ ਨਾਲ ਭਰਿਆ ਹੋਇਆ ਸੀ। ਤੇ ਸਾਰੀਆਂ ਹੀ ਕੁੜੀਆਂ। ਬਸ ਇਕ ਤਿਖ਼ੋਨ ਹੀ ਮਰਦ ਸੀ। ਤੇ ਪੀਪੇ ਵਿਚ ਆਟੇ ਦੀ ਮੁੱਠ ਵੀ ਨਹੀਂ ਸੀ। ਮਾਂ ਦਿਨ ਰਾਤ ਮਿਹਨਤ ਮੁਸ਼ਕੱਤ ਕਰਦੀ।ਸਾਰਾ ਲਹੂ ਮੁੜ੍ਹਕਾ ਬਣ ਕੇ ਚੋ ਜਾਂਦਾ ਤੇ ਪੱਲੇ ਫੇਰ ਵੀ ਕੁਝ ਨਾ ਪੈਂਦਾ। ਰੋਟੀ ਵਾਲਾ ਡੱਬਾ ਖਾਲੀ ਮੂੰਹ ਟੱਡੀ ਝਾਕਦਾ ਰਹਿੰਦਾ।
ਖੈਰ, ਕਿੱਸਾ ਕੋਤਾਹ ਇਹ ਕਿ ਸਾਨੂੰ ਆਪਣਾ ਢਿੱਡ ਭਰਨ ਲਈ ਥਾਂ-ਥਾਂ ਟੱਕਰਾਂ ਮਾਰਨੀਆਂ ਪੈਂਦੀਆਂ ਸਨ। ਤਿਖ਼ੋਨ ਸ਼ਹਿਰ ਚਲਾ ਗਿਆ ਤੇ ਮੈਂ, ਓਦੋਂ ਬਾਰਾਂ ਵਰ੍ਹਿਆਂ ਦੀ ਸਾਂ, ਇਕ ਮੱਠ ਵਿਚ ਕੰਮ ਕਰਨ ਲੱਗ ਪਈ।ਹਾਏ ਹਾਏ, ਨੌਂ ਸਾਲ ਮੈਂ ਉਸ ਨਰਕ ਵਿਚ ਰਹੀ। ਨੌਂ ਵਰ੍ਹੇ ਉਹਨਾਂ ਦਾੜ੍ਹੀਆਂ ਵਾਲੇ ਸੈਤਾਨਾਂ ਦੇ ਕੱਪੜੇ ਲੱਤੇ ਧੋਂਦੀ ਰਹੀ।
ਉਹ ਮੈਨੂੰ ਵੱਡੇ ਤੜਕੇ ਤਿੰਨ ਵਜੇ ਜਗਾ ਦੇਂਦੇ ਸਨ ਤੇ ਮੈਂ ਰਾਤ ਦੇ ਅੱਠ ਵਜੇ ਤੱਕ ਧੁਆਈਆਂ ਵਿਚ ਲੱਗੀ ਰਹਿੰਦੀ। ਅਖ਼ੀਰ ਇਹ ਹਾਲ ਹੋ ਜਾਂਦਾ ਕਿ ਮੈਥੋਂ ਸਿੱਧਾ ਸਾਮ੍ਹਣੇ ਵੇਖਿਆ ਨਾ ਜਾਂਦਾ ਤੇ ਹੱਥ ਪੈਰ ਜਿਵੇਂ ਨਾਲ ਹੀ ਨਾ ਹੋਣ।ਸੋਡੇ ਨਾਲ ਮੇਰੇ ਹੱਥਾਂ ਦਾ ਮਾਸ ਉੱਚੜ ਜਾਂਦਾ, ਲਾਲ ਹੋ ਜਾਂਦੇ ਜਿਵੇਂ ਕਬੂਤਰਾਂ ਦੇ ਪੈਰ ਹੁੰਦੇ ਨੇ। ਮੱਠ ਦੇ ਮਹੰਤ ਸਰਫੇ ਦਾ ਜਿਹੜਾ ਸਾਬਣ ਦੇਂਦੇ ਸਨ ਉਹ ਨਿਰਾ ਸੋਡਾ ਹੀ ਹੁੰਦਾ ਸੀ। ਤੇ ਫੇਰ ਸਿਆਲ ਵਿਚ ਦਰਿਆ ਉੱਤੇ ਬਰਫ ਵਿਚ ਮੋਰੀ ਕਰਕੇ ਕੱਪੜਿਆਂ ਨੂੰ ਹੰਗਾਲਣਾ ! ਨੇਕ ਮਾਲਕ ਓਸ ਕੱਕਰ ਵਿਚ ਆਪਣੇ ਕੁੱਤੇ ਨੂੰ ਵੀ ਘਰੋਂ ਬਾਹਰ ਨਹੀਂ ਕੱਢਦਾ, ਤੇ ਮੈਂ ਪੰਝੀ ਬਾਟੇ ਕੱਪੜਿਆਂ ਦੇ ਦਰਿਆ 'ਤੇ ਹੰਗਾਲਣ ਜਾਂਦੀ ਸਾਂ। ਤੇ ਮਹੀਨੇ ਦੇ ਅਖ਼ੀਰ ਮੈਨੂੰ ਮਿਲਦਾ ਕੀ, ਇਕ ਰੂਬਲ।
ਓਸ ਪੂਜਣ ਯੋਗ ਥਾਂ 'ਤੇ ਇਸ ਤਰ੍ਹਾਂ ਦਾ ਸਲੂਕ ਕਰਦੇ ਸੀ ਉਹ ਮੇਰੇ ਨਾਲ। ਕਈ ਵਾਰੀ ਮਾਂ ਆਉਂਦੀ, ਬਥੇਰਾ ਰੋਂਦੀ ਕੁਰਲਾਉਂਦੀ ਪਰ ਕਰ ਕੁਝ ਨਾ ਸਕਦੀ।ਤੇ ਜਿਹੜੇ ਪੈਰੀਂ ਆਉਂਦੀ ਓਹਨੀਂ ਪੈਰੀਂ ਮੁੜ ਜਾਂਦੀ ਕਿਉਂਕਿ ਮੇਰੇ ਘਰ ਜਾਣ ਦਾ ਕੋਈ ਸਵਾਲ ਹੀ ਨਹੀਂ ਸੀ ਉੱਠਦਾ।
ਪਰ ਇਕ ਗੱਲ ਹੈ।ਹਾਲਤ ਭਾਵੇਂ ਕੇਡੀ ਵੀ ਮਾੜੀ ਹੋਵੇ, ਜਵਾਨੀ ਆਖ਼ਰ ਜਵਾਨੀ ਹੁੰਦੀ ਹੈ।ਐਤਵਾਰ ਦਾ ਦਿਨ ਆਉਂਦਾ ਤਾਂ ਮੈਂ ਕਿਸੇ ਨਾ ਕਿਸੇ ਪਾਸੇ ਨਿਕਲ ਜਾਂਦੀ। ਹੁਣ ਵੇਖੋ ਤਾਂ ਸਹੀ ਮੇਰੇ ਵੱਲ, ਕੇਡੀ ਸੁਹਣੀ ਆਂ ਮੈ, ਮਜਾਲ ਏ ਕਿਸੇ ਦੀ ਅੱਖ ਚੁੱਕ ਕੇ ਵੇਖੇ । ਪਰ ਉਹਨਾਂ ਦਿਨਾਂ ਵਿਚ ਇਹ ਗੱਲ ਨਹੀਂ ਸੀ। ਜਿਧਰ ਵੀ ਮੈਂ ਜਾਂਦੀ, ਮਜ਼ਦੂਰ ਅੱਖਾਂ ਪਾੜ-ਪਾੜ ਮੇਰੇ ਵੱਲ ਵੇਖਦੇ, ਤੇ ਬਰਾਂਡਿਆਂ ਵਿਚੋਂ ਲੰਘਦੇ ਆਉਂਦੇ ਇਹ ਮਹੰਤ ਮੇਰੀਆਂ ਮੰਮੀਆਂ ਪੁੱਟਣ ਦੀ ਕੋਸ਼ਿਸ਼ ਕਰਦੇ। ਕਈ ਵਾਰੀ ਮੈਂ ਉਹਨਾਂ ਦੀ ਦਾੜ੍ਹੀ ਖੋਹ ਛਡਦੀ ਤੇ ਉਹ ਖੁੱਲ੍ਹੀ ਹੋਈ ਪੰਡ ਵਰਗੀ ਸ਼ਕਲ ਲੈ ਕੇ ਨਿਕਲ ਜਾਂਦੇ।
ਬੜੀ ਹੱਟੀ-ਕੱਟੀ ਮੁਟਿਆਰ ਹੁੰਦੀ ਸਾਂ ਮੈਂ। ਰੱਬ ਨੇ ਤੰਦਰੁਸਤੀ ਬਖਸ਼ਣ ਲੱਗਿਆਂ ਕੰਜੂਸੀ ਨਹੀਂ ਸੀ ਵਰਤੀ। ਸੱਠਾਂ ਦੀ ਹੋ ਕੇ ਵੀ ਮੈਂ ਆਟੇ ਦੀ ਬੋਰੀ ਚੁੱਕ ਸਕਦੀ ਸਾਂ । ਪਰ ਮੈਂ ਆਪਣੇ ਬੁੱਢੜੇ ਅੱਗੇ ਨਹੀਂ ਸਾਂ ਡਟੀ ਰਹਿ ਸਕਦੀ। ਓਦੋਂ ਉਹ ਬੁੱਢਾ ਨਹੀਂ ਸੀ ਹੁੰਦਾ, ਬੜਾ ਸੋਹਣਾ ਗੱਭਰੂ ਹੁੰਦਾ ਸੀ ਉਹ। ਬਸ ਇਕ ਨਜ਼ਰ ਵੇਖ ਕੇ ਉਹਨੇ ਮੈਨੂੰ ਜਿੱਤ ਲਿਆ ਸੀ। ਬਾਕੀ ਸਾਰਿਆਂ ਨੂੰ, ਮਹੰਤਾਂ ਨੂੰ, ਮਜ਼ਦੂਰਾਂ ਨੂੰ ਮੈਂ ਇਉਂ ਭਜਾ ਦੇਂਦੀ ਸਾਂ ਜਿਵੇਂ ਕੋਈ ਕਤੂਰਿਆਂ ਨੂੰ ਭਜਾ ਦੇਵੇ, ਪਰ ਉਹ, ਉਹ ਬਸ ਮੇਰੇ ਵੱਲ੍ਹ ਵੇਖਦਾ ਤੇ ਮੈਂ ਉਹਦੀ ਹੋ ਜਾਂਦੀ। ਨਾ ਹੱਥ ਹਿਲਾ ਸਕਦੀ ਨਾ ਪੈਰ ।
ਮੈਂ ਗਰਭਵਤੀ ਹੋ ਗਈ।
ਪਰ ਕੀ ਕਰਦੀ, ਮੇਰਾ ਆਪਣਾ ਕਸੂਰ ਸੀ।ਮੈਂ ਤੇ ਮਾਂ ਬੈਠੀਆਂ ਰੋਂਦੀਆਂ ਰਹਿੰਦੀਆਂ। ਨਸੀਬਾਂ ਦੀ ਗੱਲ। ਜਿਥੋਂ ਤੱਕ ਅਲੈਕਸੇਈ ਨਾਲ, ਮਤਲਬ ਮੇਰੇ ਬੁਢੜੇ ਨਾਲ, ਗੱਲ ਕਰਨ ਦਾ ਸਵਾਲ ਸੀ, ਇਹ ਕਦੇ ਮੇਰੇ ਦਿਮਾਗ਼ ਵਿਚ ਹੀ ਨਾ ਆਈ।ਉਹ ਖਾਂਦੇ ਪੀਂਦੇ ਘਰੋਂ ਸੀ, ਪਿੰਡ ਦਾ ਸਭ ਤੋਂ ਵਧੀਆ ਗੱਭਰੂ, ਓਲੇਨਾ ਦੀ ਧੀ ਕੋਲੋਂ ਉਹਨੇ ਕੀ ਲੈਣਾ ਸੀ ? ਉਸ ਨੂੰ ਕੋਈ ਦਾਜ-ਦੌਣ ਨਹੀਂ ਸੀ ਮਿਲਣਾ, ਤੇ ਨਾਲੇ ਉਹ ਆਪਣਾ ਬੂਹਾ ਵੀ ਬੰਦ ਕਰਕੇ ਨਹੀਂ ਸੀ ਬਹਿ ਸਕਦੀ।ਪੁਰਾਣੇ ਵੇਲਿਆਂ ਵਿਚ ਕੁੜੀਆਂ ਦੀ ਇੱਜ਼ਤ ਆਬਰੂ ਵੱਲ ਬੜੀ ਸਖ਼ਤੀ ਨਾਲ ਧਿਆਨ ਦਿੱਤਾ ਜਾਂਦਾ ਸੀ, ਅੱਜ ਵਰਗੀ ਗੱਲ ਨਹੀਂ ਸੀ ਹੁੰਦੀ।
ਪਰ ਅਲੇਕਸੇਈ ਨੇ ਰਾਹ ਲੱਭ ਲਿਆ ਤੇ ਆਪਣੇ ਮਾਪਿਆਂ ਕੋਲ ਗਿਆ: “ਗੱਲ ਇਹ ਹੈ, ਪਿਤਾ ਜੀ ਤੇ ਮਾਂ ਜੀ, ਮੈਂ ਓਲੇਨਾ ਦੀ ਧੀ ਤੋਂ ਬਗੈਰ ਹੋਰ ਕੋਈ ਨਹੀਂ ਲੈਣੀ।”
ਉਹਨਾਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ ਕੀਤੀ ਤੇ ਉਹਦੇ ਪਿਓ ਨੇ ਸੋਟੀ ਫੜ ਲਈ ਉਹ ਗਰਮ ਸੁਭਾ ਦਾ ਬੰਦਾ ਸੀ-ਪਰ ਅਲੈਕਸੇਈ ਆਪਣੀ ਗੱਲ ’ਤੇ ਅੜਿਆ ਰਿਹਾ। ਕੋਈ ਵੀ ਹੋਰ ਨਹੀਂ ਜਿਸ ਦਾ ਮੈਂ ਹੱਥ ਫੜਾਂ, ਸਿਵਾਏ ਅਕੂਲਕਾ ਦੇ।
ਉਹਦਾ ਪਿਓ ਤੈਸ਼ ਵਿਚ ਆ ਗਿਆ।
“ਹੱਛਾ, ਇਹ ਗੱਲਾਂ ਕਰਦਾ ਏਂ ? ਤੂੰ ਮਾਂ ਪਿਓ ਦੇ ਆਖੇ ਨਹੀਂ ਲੱਗਣਾ ? ਜਾ ਤੁਰਿਆ ਫਿਰ, ਜਿੱਥੇ ਜੀਅ ਕਰੇ।ਮੈਂ ਇਕ ਕੌਡੀ ਵੀ ਨਹੀਂ ਦਵਾਂਗਾ ਤੈਨੂੰ।”
ਉਸ ਨੇ ਦਿੱਤਾ ਵੀ ਕੱਖ ਨਹੀਂ ਸੀ। ਤਿੰਨ ਵਰ੍ਹੇ ਅਸੀਂ ਇਕ ਧੁਆਂਖੇ ਹੋਏ ਹਮਾਮ ਵਿਚ ਰਹੇ। ਤਿੰਨ ਵਰ੍ਹੇ ਧੂੰਏਂ ਵਿਚ ਸਾਡਾ ਸਾਹ ਘੁਟਦਾ ਰਿਹਾ। ਪਤਾ ਜੇ, ਮੈਂ ਆਟਾ ਕਾਹਦੇ ਵਿਚ ਗੁੰਨ੍ਹਦੀ ਹੁੰਦੀ ਸਾਂ ? ਕੱਪੜੇ ਧੋਣ ਵਾਲੇ ਟੱਪ ਵਿਚ।
ਸੌਣ ਤੋਂ ਪਹਿਲਾਂ ਅਲੇਕਸੇਈ ਨੇ ਕਹਿਣਾ: “ਗੀਤ ਸੁਣਾ, ਬੀਵੀ।” ਤੇ ਯਕੀਨ ਕਰੋਗੇ, ਸਾਰੀ ਉਮਰ ਮੇਰੇ ਕੋਲ ਉਸ ਤਰ੍ਹਾਂ ਦੇ ਗੀਤ ਨਹੀਂ ਫੇਰ ਗਾਏ ਗਏ। ਸਾਰਾ ਪਿੰਡ ਸੁਣਨ ਨਿਕਲ ਤੁਰਦਾ ਸੀ।“ਇਸ ਗੱਲ ਦੀ ਹੈਰਾਨੀ ਨਹੀਂ,” ਉਹ ਕਹਿੰਦੇ, “ਕਿ ਅਕੂਲਕਾ ਗਾਉਂਦੀ ਏ। ਗਾਵੇ ਕਿਉਂ ਨਾ, ਉਹ ਕੋਈ ਐਵੇਂ ਕੈਵੇਂ ਨਹੀਂ, ਛੋਟੀ ਹੁੰਦੀ ਹੀ ਲੋਕਾਂ ਵਿਚ ਕੰਮ ਕਰਦੀ ਰਹੀ ਏ। ਪਰ ਅਲੇਕਸੇਈ ਨੂੰ ਕਿਸ ਗੱਲ ਦੀ ਖੁਸ਼ੀ ਏ ?”
ਅਲੇਕਸੇਈ ਤੇ ਮੈਂ ਛੇਤੀ ਹੀ ਆਪਣੇ ਪੈਰਾਂ ਉੱਤੇ ਖਲੋ ਗਏ। ਅਸੀਂ ਆਪਣੇ ਵਾਸਤੇ ਮਕਾਨ ਖੜਾ ਕੀਤਾ। ਆਪਣੇ ਹੱਥਾਂ ਨਾਲ ਜਿਸ ਨੂੰ ਵੇਖਿਆਂ ਭੁੱਖ ਲਹਿੰਦੀ।ਮੈਂ ਉਹਦੇ ਨਾਲ ਰਲਕੇ ਕੰਮ ਕਰਦੀ ਸਾਂ-ਗੇਲੀਆਂ ਦੇ ਹੇਠਾਂ ਤੇ ਗੇਲੀਆਂ ਦੇ ਉੱਪਰ। ਹਾਂ, ਮੈਂ ਅਲੇਕਸੇਈ ਨਾਲ ਰਲਕੇ ਗੇਲੀਆਂ ਚੁੱਕਦੀ ਤੇ ਕੁਹਾੜਾ ਫੜੀ ਨੁੱਕਰਾਂ ਵਿਚ ਉਹਦੇ ਨਾਲ ਬੈਠੀ ਹੁੰਦੀ।ਤੇ ਸਾਰਾ ਪਿੰਡ ਅੱਖਾਂ ਪਾੜ-ਪਾੜ ਕੇ ਵੇਖਦਾ।ਏਹੋ ਜਿਹੀ ਗੱਲ ਜ਼ਿੰਦਗੀ ਵਿਚ ਨਾ ਕਦੇ ਕਿਸੇ ਵੇਖੀ, ਨਾ ਕਿਸੇ ਕੋਲੋਂ ਸੁਣੀ ਕਿ ਔਰਤ ਕੁਹਾੜਾ ਚਲਾਉਂਦੀ ਹੋਵੇ।
ਖੈਰ, ਅਸੀਂ ਮਕਾਨ ਉਸਾਰ ਲਿਆ ਤੇ ਸੁਹਣਾ ਵਕਤ ਲੰਘ ਰਿਹਾ ਸੀ ਕਿ ਇਕ ਦਿਨ ਬੁੱਢਾ, ਮਤਲਬ ਅਲੇਕਸੇਈ ਦਾ ਪਿਓ, ਸਾਡੇ ਵੱਲ ਆ ਗਿਆ। ਉਹ ਪਹਿਲਾਂ ਨਾਲੋਂ ਬੜਾ ਕਮਜ਼ੋਰ ਹੋ ਗਿਆ ਸੀ ਤੇ ਉਹਦੀਆਂ ਅੱਖਾਂ ਵੀ ਨਹੀਂ ਸੀ ਰਹੀਆਂ।ਤੇ ਏਹੋ ਜਿਹਾਂ ਦੀ ਕੀਹਨੂੰ ਲੋੜ ਹੁੰਦੀ ਏ ? ਤਿੰਨਾਂ ਹੀ ਪੁੱਤਰਾਂ ਨੇ ਘਰੋਂ ਕੱਢ ਦਿੱਤਾ। ਅਖੇ, ਜਾ ਅਲੇਕਸੇਈ ਕੋਲ ਰਹਿ ਜਾ ਕੇ। ਤੂੰ ਹਾਲੇ ਕਦੇ ਉਹਦੇ ਕੋਲ ਰਿਹਾ ਹੀ ਨਹੀਂ। ਪਰ ਅਲੇਕਸੇਈ ਨੂੰ ਉਹ ਕਿਵੇਂ ਕਹਿੰਦਾ ਕਿ ਰੱਖ ਲਵੇ, ਜਦੋਂ ਉਹਨੇ ਆਪ ਉਹਨੂੰ ਘਰੋਂ ਕੱਢ ਛੱਡਿਆ ਸੀ ਤੇ ਦਿੱਤਾ ਵੀ ਕੱਖ ਨਹੀਂ ਸੀ ?
ਸਵੇਰੇ ਮੈਂ ਬਾਹਰ ਨਿਕਲੀ-ਤੇ ਵੇਖਿਆ ਇਹ ਬਰੂਹਾਂ ਵਿਚ ਕੌਣ ਬੈਠਾ ਹੋਇਐ ? ਸਹੁਰਾ ਮੇਰਾ। ਬੂਹਾ ਖੜਕਾਉਣ ਦੀ ਵੀ ਹਿੰਮਤ ਨਾ ਪਈ ਉਹਦੀ ਤੇ ਡਿਊੜੀ ਅੱਗੇ ਹੀ ਬੈਠਾ ਰਿਹਾ। ਪਾਲਾ ਬੜਾ ਸੀ। ਸਿਆਲ ਦੇ ਦਿਨ। ਡਾਢੇ ਕੱਕਰ ਦਾ ਵੇਲਾ।
ਮੈਂ ਬਾਹੋਂ ਫੜਿਆ ਤੇ ਅੰਦਰ ਲੈ ਆਂਦਾ ਤੇ ਅੱਗ ਅੱਗੇ ਲਿਆ ਬਿਠਾਇਆ। ਤੇ ਫੇਰ ਉਹਨੂੰ ਕੁਝ ਖਾਣ ਪੀਣ ਨੂੰ ਦਿੱਤਾ ਤੇ ਉਹਦੇ ਨਹਾਉਣ ਧੋਣ ਦਾ ਇੰਤਜ਼ਾਮ ਕੀਤਾ ਕਿਉਂਕਿ ਉਹਨੂੰ ਜੂੰਆਂ ਪੈ ਗਈਆਂ ਹੋਈਆਂ ਸਨ। ਤੇ ਉਹ ਇਉਂ ਰੋਇਆ ਜਿਵੇਂ ਕੋਈ ਬਾਲ ਰੋਂਦਾ ਹੋਵੇ।
“ਮਾਫ਼ ਕਰ ਦੇ, ਮਾਫ਼ ਕਰ ਦੇ, ਅਕੂਲੀਨਾ। ਮੈਂ ਤੇਰੇ ਨਾਲ ਵਧੀਕੀ ਕੀਤੀ ਸੀ। ਤੇਰੀ ਨੇਕੀ ਦਾ ਮੈਂ ਬਦਲਾ ਨਹੀਂ ਚੁੱਕਾ ਸਕਦਾ, ਰੱਬ ਹੀ ਚੁਕਾਊ ਇਹਦਾ ਬਦਲਾ।”
ਮੈਨੂੰ ਨਹੀਂ ਪਤਾ ਕਿ ਬੁਢੇ ਦੀਆਂ ਦੁਆਵਾਂ ਨੇ ਹੀ ਮੇਰੀ ਝੋਲੀ ਭਰ ਦਿੱਤੀ ਖੁਸ਼ੀਆਂ ਨਾਲ (ਧਰਮੀ ਬੰਦਾ ਸੀ ਬੁੱਢਾ, ਮੇਰੇ ਵਰਗਾ ਨਹੀਂ ਸੀ, ਮੱਠ ਦੀ ਚਾਕਰ, ਜਿਵੇਂ ਪਿੰਡ ਵਾਲੇ ਮੈਨੂੰ ਕਹਿੰਦੇ ਸਨ) ਜਾਂ ਖਬਰੇ ਮੇਰਾ ਨਸੀਬਾ ਹੀ ਏਦਾਂ ਦਾ ਸੀ, ਮੈਂ ਪਿੰਡ ਵਿਚ ਸਭ ਤੋਂ ਵੱਧ ਖੁਸ਼ਨਸੀਬ ਔਰਤ ਆਂ। ਮੇਰੇ ਘਰੋਂ ਲੜਾਈ ਵਿਚ ਚਾਰ ਮਰਦ ਗਏ-ਇਕ ਮੇਰਾ ਖਾਵੰਦ, ਤਿੰਨ ਮੇਰੇ ਪੁੱਤ, ਤੇ ਚਾਰੇ ਦੇ ਚਾਰੇ ਬਚ ਗਏ। ਪਰ ਅਲੇਕਸੇਈ ਦੇ ਸਾਰੇ ਭਰਾਵਾਂ ਵਿਚੋਂ ਕੋਈ ਨਹੀਂ ਮੁੜਿਆ। ਦਸੋ ਹੋਰ ਕੀ ਆਖਾਂ ? ਸਾਰੇ ਪਿੰਡ ਦੇ ਥੋੜ੍ਹੇ ਜਿਹੇ ਬੰਦੇ ਹੀ ਮੁੜੇ, ਪਰ ਮੇਰੇ ਚਾਰੇ ਦੇ ਚਾਰੇ। ਫੇਰ ਹੋਈ ਨਾ ਮੈਂ ਖੁਸ਼ਨਸੀਬ ਔਰਤ ?