Kirat (Punjabi Article) : Principal Ganga Singh

ਕਿਰਤ (ਪੰਜਾਬੀ ਲੇਖ) : ਪ੍ਰਿੰਸੀਪਲ ਗੰਗਾ ਸਿੰਘ

ਜਦ ਕਰਤਾ ਆਪ ਹੀ ਕਿਰਤ ਕਰਦਾ ਹੈ, ਫਿਰ ਕਿਰਤਮ ਨੂੰ ਕੀਤੀ ਕਿੱਦਾਂ ਨਾ ਬਣ ਆਵੇ; ਬਣਦੀ ਹੈ, ਤਾਂਹੀ ਤਾਂ ਕੁਲ ਮਖ਼ਲੂਕ ਇਹਦੇ ਵਿਚ ਰੁੱਝੀ ਰਹਿੰਦੀ ਹੈ। ਕੀ ਅਸੀਂ ਦਿਨ ਤੋਂ ਰਾਤ, ਸੁਬ੍ਹਾ ਤੋਂ ਸ਼ਾਮ ਤਕ ਕੀੜੀਆਂ ਦੀਆਂ ਪਾਲਾਂ ਦੀਆਂ ਪਾਲਾਂ, ਬੜੀ ਗੰਭੀਰਤਾ ਤੇ ਉਤਸ਼ਾਹ ਨਾਲ, ਕਿਰਤ ਵਿਚ ਰੁੱਝੀਆਂ ਹੋਈਆਂ ਨਹੀਂ ਦੇਖਦੇ। ਕੀ ਮਾਖਿਓ ਦੀਆਂ ਮੱਖੀਆਂ ਦਿਨ ਚੜ੍ਹਦੇ ਨੂੰ, ਬਾਗ਼ਾਂ, ਖੇਤਾਂ ਤੇ ਬਣਾਂ ਵਿਚ ਖਿੰਡ, ਕਲੀਆਂ, ਫੁੱਲਾਂ ਤੇ ਫਲਾਂ ਵਿਚੋਂ ਸ਼ਹਿਦ ਕੱਢਣ ਵਿਚ ਤਨੋਂ ਮਨੋਂ ਜੁੱਟੀਆਂ ਹੋਈਆਂ ਨਹੀਂ ਜਾਪਦੀਆਂ। ਚਿੜੀਆਂ, ਕਾਂ, ਕਬੂਤਰ, ਘੁੱਗੀਆਂ ਸਾਡੇ ਵਿਹੜੇ ਤੇ ਆਲੇ ਦੁਆਲੇ, ਰੋਜ਼ੀ ਦੀ ਤਲਾਸ਼ ਲਈ ਕਿਰਤ ਵਿਚ ਮਸਤ ਮਾਲੂਮ ਨਹੀਂ ਹੁੰਦੇ ਕੀ ਅਸਾਂ ਪਰਦੇਸੀ ਕੂੰਜਾਂ ਤੇ ਤਿਲੀਅਰਾਂ ਦੀਆਂ ਡਾਰਾਂ, ਜਥੇ ਬੰਨ੍ਹ ਬੰਨ੍ਹ ਕਿਰਤ ਕਰਨ ਆਈਆਂ ਹੋਈਆਂ ਨਹੀਂ ਤੱਕੀਆਂ। ਕਿਥੋਂ ਤਕ ਸਿਖੀ ਜਾਈਏ, ਜਦ ਹਰ ਕੀੜਾ-ਮਕੌੜਾ, ਪੰਛੀ ਤੇ ਪਸ਼ੂ ਕਿਰਤ ਕਰ ਪੇਟ ਪਾਲ ਰਿਹਾ ਹੈ, ਤਾਂ ਮਨੁੱਖ ਨੂੰ ਤਾਂ ਕਿਰਤ ਕਰਨੀ ਸਭ ਤੋਂ ਵਧੇਰੇ ਬਣ ਆਈ ਹੈ। ਕਿਉਂਜੋ ਇਹ ਸਾਰੀਆਂ ਜੂਨਾਂ ਦਾ ਸਰਦਾਰ ਅਖਵਾਂਦਾ ਹੈ, ਤੇ ਸਰਦਾਰਾਂ ਦੇ ਫ਼ਰਜ਼ ਹਮੇਸ਼ਾ ਹੀ ਵਡੇ ਹੁੰਦੇ ਹਨ।

ਇਹ ਵੀ ਕਰਤਾ ਪ੍ਰਭੂ ਦੀ ਇਕ ਮਿਹਰ ਹੀ ਹੈ ਕਿ ਉਸ ਨੇ ਬੰਦੇ ਨੂੰ ਪੇਟ ਲਾਇਆ ਹੈ ਜਿਸ ਦੇ ਪਾਲਣ ਲਈ ਕਿਰਤ ਕਰਨੀ ਹੀ ਪੈਂਦੀ ਹੈ। ਕਈ ਦਲਿੱਦਰੀ, ਪਰਮੇਸ਼ਰ ਦੀ ਇਸ ਦਾਤ ਦਾ ਭੇਦ ਨਾ ਸਮਝਦੇ ਹੋਏ, ਕਈ ਵੇਰ ਪੇਟ ਲਗਾਣ ਦਾ ਗਿਲਾ ਕਰਦੇ ਹਨ। ਉਹਨਾਂ ਕਦੀ ਇਹ ਨਹੀਂ ਵਿਚਾਰਿਆ ਕਿ ਜੇ ਪੇਟ ਨਾ ਹੁੰਦਾ ਤਾਂ ਪਸਾਰਾ ਹੀ ਨਾ ਪਸਰਦਾ:

ਏਕ ਅਨੀਤ ਕਰੀ ਬਿਧ ਨੇ ਸੁਭ ਸੰਤਨ ਕੇ ਜੋ ਪੇਟ ਲਗਾਇਓ॥
(ਸਾਰ ਕੁਤਾਵਲੀ)

ਨਾ ਕੋਈ ਕਿਸੇ ਨੂੰ ਪਿਆਰਦਾ, ਨਾ ਨਵ-ਜੀਵਨ ਹੁੰਦੇ, ਨਾ ਖੇੜੇ। ਕੀ ਅਸਾਂ ਇੱਟਾਂ ਦੇ ਢੇਰ ਤੇ ਪੱਥਰਾਂ ਦੇ ਤੋਦਿਆਂ ਦੀ ਜ਼ਿੰਦਗੀ 'ਤੇ ਕਦੀ ਰਸ਼ਕ ਕੀਤਾ ਹੈ। ਉਹਨਾਂ ਨਾਲ ਪੇਟ ਜੋ ਨਾ ਹੋਏ, ਹਰ ਸਿਆਣਾ ਕਹੇਗਾ। ਇਹ ਪੱਥਰ ਵਰਗਾ ਜਜ਼ਬੇ ਰਹਿਤ ਜੀਵਨ ਕਿਸੇ ਨੂੰ ਨਾ ਮਿਲੇ। ਜਿਸ ਕਿਸੇ 'ਤੇ ਮਨੁੱਖ ਗੁੱਸੇ ਹੁੰਦਾ ਹੈ, ਉਸ ਨੂੰ ਪੱਥਰ ਕਹਿ ਪੁਕਾਰਦਾ ਹੈ। ਇਹ ਪੇਟ ਹੀ ਹੈ, ਜਿਸ ਵਿਚ ਰੋਟੀ ਪਿਆਂ ਖ਼ੂਨ ਬਣਦਾ ਤੇ ਖ਼ੂਨ ਦੀ ਹਰਾਰਤ ਤੋਂ ਜਜ਼ਬਿਆਂ ਵਿਚ ਉਛਾਲੇ ਆਉਂਦੇ ਹਨ। ਸੱਚ ਪੁੱਛੋ ਤਾਂ ਪੇਟ ਲਗਾ, ਕਿਰਤ ਵਿਚ ਲਗਾ ਕੇ ਹੀ ਕਰਤਾ ਨੇ, ਕਿਰਤਮ ਜਗਤ ਦੀ ਰੌਣਕ ਬਣਾਈ ਹੋਈ ਹੈ। ਸਾਰੀਆਂ ਜਥੇਬੰਦੀਆਂ, ਵਿੱਦਿਆ ਦੇ ਉੱਦਮ, ਸਾਇੰਸ ਦੀਆਂ ਕਾਢਾਂ, ਵਣਜ-ਵਾਪਾਰ, ਖੇਤੀ- ਬਾੜੀ ਤੇ ਰਾਜ-ਸਮਾਜ, ਇਸ ਦੇ ਹੀ ਆਸਰੇ ਚਲ ਰਹੇ ਹਨ। ਜੇ ਚੁਲ੍ਹੇ ਠੰਢੇ ਹੋ ਜਾਣ ਤਾਂ ਜੀਵਨ ਜੋਤਾਂ ਹੀ ਬੁਝਣ ਲਗ ਪੈਂਦੀਆਂ ਹਨ।

ਕਿਰਤ ਕਰਨੀ ਜਦ ਲਾਜ਼ਮੀ, ਜੀਵਨ-ਦਾਤਾ ਤੇ ਉਤਸ਼ਾਹ ਦਾ ਕਾਰਨ ਹੈ, ਤਾਂ ਫਿਰ ਮਨੁੱਖ ਬਾਕੀ ਦੀ ਮਖ਼ਲੂਕ ਵਾਂਗ ਇਸ ਵਿਚ ਕਿਉਂ ਨਹੀਂ ਜੁੱਟਦਾ, ਜੀਅ ਕਿਉਂ ਚੁਰਾਂਦਾ ਹੈ? ਇਸ ਦਾ ਇਕੋ ਹੀ ਕਾਰਨ ਹੈ ਕਿ ਮਨੁੱਖ-ਬੁੱਧੀ, ਮਰਯਾਦਾ ਤੋਂ ਵੱਧ ਚੰਚਲ ਹੋ ਜਾਂਦੀ ਹੈ। ਇਸ ਚੰਚਲਤਾ ਤੋਂ ਲੋਭ ਤੇ ਲੋਭ ਤੋਂ ਛਲ-ਕਪਟ ਪੈਦਾ ਹੁੰਦਾ ਹੈ। ਛਲੀਆ ਮਨੁੱਖ, ਕਿਰਤ ਤੋਂ ਕਤਰਾਂਦਾ ਹੈ, ਪਰ ਉਸ ਨੂੰ ਲੋੜ ਤੋਂ ਵਧੇਰੇ ਖਾਣ ਦੀ ਲਾਲਸਾ ਕਰਦਾ ਹੈ। ਉਹ ਪੇਟ ਹੀ ਨਹੀਂ ਭਰਦਾ-ਕੇਵਲ ਭੁੱਖ ਹੀ ਨਹੀਂ ਬੁਝਾਂਦਾ, ਸਗੋਂ ਸੁਆਦ ਲੈਣ ਦਾ ਮਾਰਾ, ਮਰਯਾਦਾ ਤੋਂ ਵੱਧ ਖਾਂਦਾ ਤੇ ਔਸ਼ਧੀਆਂ ਨਾਲ ਉਸ ਨੂੰ ਪਚਾਉਂਦਾ ਹੈ। ਪਸ਼ੂ-ਜੀਵਨ ਤਾਂ ਦੂਰ, ਉਸ ਤੋਂ ਵੀ ਗਿਰਿਆ ਹੋਇਆ ਹੈ। ਪਸ਼ੂ ਤਾਂ ਪੇਟ ਪਾਲਣ ਦੀ ਕੀਮਤ, ਭਾਰੀ ਕਿਰਤ ਤੇ ਸੇਵਾ ਕਰ ਕੇ ਚੁਕਾ ਦੇਂਦਾ ਹੈ, ਪਰ ਵਿਹਲੜ ਮਨੁੱਖ ਕੇਵਲ ਛਲ ਦੇ ਆਸਰੇ ਪੇਟ ਭਰਦੇ ਹਨ, ਉਹਨਾਂ ਦੀ ਕਰਤੂਤ ਕੁਹਜੀ ਹੁੰਦੀ ਹੈ:

ਪਸੂ ਮਿਲਹਿ ਚੰਗਿਆਈਆ, ਖੜੁ ਖਾਵਹਿ ਅੰਮ੍ਰਿਤੁ ਦੇਹਿ।
ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣੁ ਕਰਮ ਕਰੇਹਿ॥
(ਗੂਜਰੀ ਮ: ੧, ਪੰਨਾ ੪੮੯)

ਕਿਰਤ ਕਰ ਪੇਟ ਪਾਲਣਾ ਹੀ ਸਹੀ ਜੀਵਨ ਹੈ। ਉੱਦਮ ਤੋਂ ਜ਼ਿੰਦਗੀ ਮਿਲਦੀ ਹੈ ਤੇ ਕਿਰਤ ਤੋਂ ਸਫਲ ਰੋਟੀ ਤੇ ਉਸ ਤੋਂ ਰਹਿਮ ਪ੍ਰਾਪਤ ਹੁੰਦਾ ਹੈ। ਕਿਰਤ ਕਰਦਿਆਂ ਹੋਇਆਂ ਤੇ ਉਸ ਦਾ ਫਲ ਖਾਂਦਿਆਂ ਹੋਇਆਂ, ਇਹਨਾਂ ਮਿਹਰਾਂ ਦੇ ਦਾਤੇ, ਉਸ ਮਾਲਕ ਦਾ ਚੇਤਾ ਰੱਖਣਾ ਤੇ ਗੁਣ ਗਾਉਣੇ ਹੀ ਜੀਵਨ ਦਾ ਨਿਸਚਿਤ ਰਸਤਾ ਸਤਿਗੁਰਾਂ ਦਸਿਆ ਹੈ:

ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ।
ਧਿਆਇਦਿਆ ਤੂੰ ਪ੍ਰਭੂ ਮਿਲੁ, ਨਾਨਕ ਉਤਰੀ ਚਿੰਤ।
(ਗੂਜਰੀ ਵਾਰ ਮ: ੫, ਪੰਨਾ ੫੨੨)

ਮਨੁੱਖ-ਜੀਵਨ ਦੀਆਂ ਵਡੀਆਂ ਵਡੀਆਂ ਬਰਕਤਾਂ, ਤਿੰਨਾਂ ਹਿੱਸਿਆਂ ਵਿਚ ਵੰਡੀਆਂ ਜਾ ਸਕਦੀਆਂ ਹਨ। ਉਹਦਾ ਸਰੀਰ ਨਰੋਆ ਹੋਵੇ, ਉਸਦਾ ਮਨ ਸੁੱਚਾ ਤੇ ਉਪਕਾਰੀ ਹੋਵੇ ਅਤੇ ਉਹ ਇੱਜ਼ਤ ਸਹਿਤ ਜ਼ਿੰਦਗੀ ਬਸਰ ਕਰੇ, ਆਦਰ ਸਹਿਤ ਦੁਨੀਆ ਤੋਂ ਜਾਵੇ। ਇਹਨਾਂ ਤਿੰਨਾਂ ਹੀ ਗੱਲਾਂ ਦਾ ਰਾਜ਼ ਕਿਰਤ ਵਿਚ ਬੰਦ ਹੈ।

ਸਿਹਤ ਦੇ ਸਤੂਨ ਵਰਜ਼ਿਸ਼ ਅਤੇ ਸੰਜਮ ਦੋ ਹੀ ਹਨ। ਜੋ ਆਦਮੀ ਵਰਜਿਸ਼ ਨਹੀਂ ਕਰਦਾ ਉਸਦਾ ਹਾਜ਼ਮਾ ਖ਼ਰਾਬ ਹੋ ਓੜਕ ਰੋਗੀ ਹੋ ਜਾਂਦਾ ਹੈ। ਅਸੀਂ ਆਪਣੇ ਕੋਠਿਆਂ ਵਿਚ ਝਾੜੂ ਦੇਣਾ ਪਸੰਦ ਕਰਦੇ ਹਾਂ, ਕਪੜੇ ਧੋਂਦੇ ਤੇ ਪਿੰਡੇ ਨ੍ਹਾਉਂਦੇ ਹਾਂ। ਇਹ ਸਾਰੇ ਹੀ ਸਾਧਨ ਮਲ-ਨਵਿਰਤੀ ਦੇ ਹਨ। ਪਰ ਜਦ ਤਕ ਅੱਠਾਂ ਪਹਿਰਾਂ ਵਿਚ ਇਕ ਵੇਰਾਂ ਕਸਰਤ ਕਰ, ਰੋਮ ਰੋਮ ਥਾਣੀ ਮੁੜ੍ਹਕੇ ਦੇ ਰਾਹ, ਖਲੜੀ ਦੇ ਅੰਦਰੋ ਮਲ ਨਾ ਨਿਕਲੇ, ਸਾਰੀਆਂ ਸਫ਼ਾਈਆਂ ਦੇ ਬਾਵਜੂਦ ਭੀ ਮਨੁੱਖ ਰੋਗੀ ਹੋ ਜਾਂਦਾ ਹੈ। ਇਸ ਲੋੜ ਨੇ ਹੀ ਸੰਸਾਰ ਵਿਚ ਸੈਂਕੜੇ ਕਿਸਮ ਦੀਆਂ ਖੇਡਾਂ, ਉਹਨਾਂ ਲਈ ਲੱਖਾਂ ਰੁਪਏ ਦੇ ਸਾਮਾਨ, ਅਖਾੜੇ, ਕਲੱਬਾਂ ਤੇ ਮੈਦਾਨ ਜਨਤਾ ਲਈ ਬਣਾਏ ਹਨ। ਪਰ ਇਹ ਲੋੜਵੰਦੀ ਕਸਰਤ ਕਿਰਤੀ ਨੂੰ ਕੁਦਰਤੀ ਪ੍ਰਾਪਤ ਹੈ। ਉਹ ਆਪਣੀ ਕਰੜੀ ਘਾਲ ਕਰ ਕੇ ਦਿਨ ਵਿਚ ਕਈ ਵੇਰ ਮੁੜ੍ਹਕੋ ਮੁੜ੍ਹਕੀ ਹੁੰਦਾ ਹੈ। ਜੋ ਨਿਆਮਤ ਧਨੀ ਨੂੰ ਅੱਠੀਂ ਪਹਿਰੀਂ ਕਲੱਬ ਵਿਚ ਗਿਆਂ ਇਕ ਵੇਰ ਲਭਦੀ ਹੈ, ਉਹ ਕਿਰਤੀ ਨੂੰ ਸਹਿਜੇ ਹੀ ਦਿਨ ਵਿਚ ਕਈ ਵਾਰ ਮਿਲ ਜਾਂਦੀ ਹੈ। ਇਉਂ ਸਮਝੋ ਕਿ ਧਨੀ ਨਹਿਰ ਦੇ ਪਾਣੀ ਨਾਲ ਸਿਹਤ ਖੇਤੀ ਸਿੰਜਦਾ ਹੈ ਜੋ ਅਧਿਆਨਾ ਭਰਨ ਤੇ ਵਾਰੀ ਨਾਲ ਮਿਲਦਾ ਹੈ, ਤੇ ਕਿਰਤੀ ਬਾਰਸ਼ ਦੇ ਪਾਣੀ ਨਾਲ ਜੋ ਰੱਬ ਵਲੋਂ ਮੁਫ਼ਤ ਤੇ ਖੁਲ੍ਹਾ ਡੁਲ੍ਹਾ ਬਰਸਾਇਆ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਕਈ ਕਿਸਮ ਦੇ ਰੋਗਨੀ ਸੁਆਦਲੇ ਭੋਜਨ ਖਾਣ ਤੇ ਦੁਧ ਪੀਣ ਦੇ ਬਾਵਜੂਦ ਵੀ ਅਮੀਰਾਂ ਨਾਲੋਂ, ਸੁੱਕੇ ਟੁਕੜੇ ਚਬਾਣ ਵਾਲੇ ਕਿਰਤੀਆਂ ਦੀ ਸਿਹਤ ਅੱਛੀ ਹੁੰਦੀ ਹੈ। ਧਨੀਆਂ ਦੇ ਮੁੰਡੇ ਕੁੜੀਆਂ, ਗ਼ਰੀਬਾਂ ਦੇ ਬੱਚਿਆਂ ਦੇ ਚਿਹਰਿਆਂ ਦੀ ਲਾਲੀ ਦੀ ਨਕਲ ਕਰਨ ਲਈ ਮੂੰਹ 'ਤੇ ਪਾਉਡਰ ਤੇ ਸੁਰਖ਼ੀਆਂ ਮਲਦੇ ਹਨ, ਪਰ ਨਕਲ ਓੜਕ ਨਕਲ ਹੈ। ਰਾਤੀਂ ਮਲੀਆਂ ਸੁਰਖ਼ੀਆਂ ਵਾਲੇ ਚਿਹਰੇ, ਦਿਨ ਚੜ੍ਹਦੇ ਨੂੰ ਅਸਲੀ ਰੂਪ ਡਡੂਆਂ ਵਰਗੇ ਪੀਲੇ ਦਿਸ ਆਉਂਦੇ ਹਨ:

ਹੁਸਨ ਕਿਆਰੀ ਦੀ ਫੁਲਵਾੜੀ ਜਾਂ ਜੋਬਨ ਰੁਤ ਆਈ।
ਧੂੜੇ ਦੀ ਵਰਖਾ ਚੇਹਰੇ ਤੇ ਛੈਲ ਕੁੜੀ ਬਰਸਾਈ।
ਚੜ੍ਹਿਆ ਪਾਣੀ ਸੋਸਨ ਦਾ ਫੁਲ ਦਿਸ ਪਿਆ ਗੁਲਾਬੀ।
ਧੌਣ ਉਚੇਰੀ ਕਰ ਕਰ ਤੁਰਦੀ, ਸੂਰਤ ਤੇ ਗਰਭਾਈ।
ਦਿਹੁੰ ਚੜ੍ਹਿਆ ਬਾਂਕੀ ਨੇ ਝਾਤੀ ਜਾਂ ਸ਼ੀਸ਼ੇ ਵਿਚ ਪਾਈ।
ਨਾ ਦਿਸ ਆਇਆ ਰੰਗ ਗੁਲਾਬੀ, ਜਰਦੀ ਮੁਖ ਤੇ ਛਾਈ।
ਕਿਧਰ ਗਈ ਗੁਲਾਬੀ ਰੰਗਤ, ਬਾਂਕੀ ਰੋ ਰੋ ਆਖੇ।
ਜੋ ਧੁਰ ਬਣਿਆ ਸੋਈ ਰਹਸੀ ਪੇਸ਼ ਨ ਜਾਂਦੀ ਕਾਈ।
(ਗੰਗ ਤਰੰਗ)

ਸਹੀ ਗੱਲ ਤਾਂ ਇਹ ਹੈ ਕਿ ਬਰਨਾਰਡ ਸ਼ਾਅ ਦੇ ਕਹੇ ਅਨੁਸਾਰ, ਕੁਦਰਤ ਮਨੁੱਖ ਮਾਤਰ ਦੀ ਸਾਂਝੀ ਮਾਂ ਹੈ ਤੇ ਰੋਟੀ ਦਾ ਸੁਆਦ ਦੇਣਾ ਉਸ ਦੇ ਹੱਥ ਵਿਚ ਹੈ, ਕਿਸੇ ਬੱਚੇ ਨੂੰ ਬਿਨਾਂ ਥੱਕ-ਹੁੱਟ ਕੇ ਆਇਆਂ ਨਹੀਂ ਦੇਂਦੀ। ਇਸ ਕਰਕੇ ਹੀ, ਜਿਥੇ ਮਜ਼ਦੂਰ ਕੁੜੀਆਂ ਕਾਰਖਾਨੇ ਵਿਚ ਕੰਮ ਕਰ ਸ਼ਾਮ ਨੂੰ ਥੱਕ ਕੇ ਆਉਂਦੀਆਂ ਹਨ, ਉਥੇ ਧਨੀਆਂ ਦੀਆਂ ਜ਼ਨਾਨੀਆਂ ਵੀ ਟੈਨਿਸ ਵਿਚ ਟੱਪ ਟੱਪ ਸ਼ਾਮ ਨੂੰ ਥੱਕ ਘਰ ਮੁੜਦੀਆਂ ਹਨ:

ਥਕ ਜਾਵਣ ਮਜ਼ਦੂਰਾਂ ਕੁੜੀਆਂ, ਦਿਨ ਭਰ ਕਾਰ ਕਮਾਵਣ।
ਪਰ ਧਨੀਆਂ ਜਣੀਆਂ ਵਿਚ ਟੈਨਸ, ਥਕ ਟੁਟ ਕੇ ਘਰ ਆਵਣ।
ਵਿਤਕਰਿਆਂ ਵਿਚ ਦੋਹਾਂ ਦੀ, ਜੋ ਹੈ ਕੁਦਰਤ ਮਾਂ ਸਾਂਝੀ।
ਬਿਨ ਥਕਿਆਂ ਰਸਦਾਇਕ ਰੋਟੀ, ਕਿਸੇ ਨਾ ਦੇਂਦੀ ਖਾਵਣ।
(ਸਾਊਆਂ ਦੇ ਕੌਲ)

ਜੇ ਥੱਕਣਾ ਜ਼ਰੂਰੀ ਹੈ, ਇਸ ਤੋਂ ਬਿਨਾਂ ਰੋਟੀ ਦਾ ਸੁਆਦ ਨਹੀਂ ਆ ਸਕਦਾ ਤਾਂ ਫਿਰ ਮਨੁੱਖ ਕਿਰਤ ਕਰ ਕੇ ਕਿਉਂ ਨਾ ਥੱਕੇ ਤੇ ਏਦਾਂ ਕਸਰਤ ਕਰ ਆਪਣੀ ਸਿਹਤ ਕਿਉਂ ਨਾ ਬਣਾਏ।

ਉਪਕਾਰ ਮਨੁੱਖ-ਜੀਵਨ ਦਾ ਇਕ ਬਹੁਤ ਉਚੇਰਾ ਅੰਗ ਹੈ, ਪਰ ਕਰ ਉਹ ਕਿਰਤੀ ਹੀ ਸਕਦਾ ਹੈ। ਉਪਕਾਰ ਦੇ ਅਰਥ ਹਨ, ‘ਕਿਸੇ ਦੂਸਰੇ ਦੀ ਲੋੜ ਨੂੰ ਆਪਣੇ ਸਾਧਨਾਂ ਦੁਆਰਾ ਪੂਰਾ ਕਰਨਾ।' ਸਾਧਨ ਹੁੰਦੇ ਹੀ ਕਿਰਤੀ ਦੇ ਆਪਣੇ ਹਨ, ਵਿਹਲੜ ਤਾਂ ਆਪਣਾ ਗੁਜ਼ਾਰਾ ਹੀ ਛਲ ਤੇ ਫਰੇਬ ’ਤੇ ਰਖਦੇ ਹਨ, ਉਹ ਕਿਸੇ ਦੂਸਰੇ ਦਾ ਕੀ ਸਵਾਰ ਸਕਦੇ ਹਨ। ਉਹ ਬਹੁਤ ਵੇਰ ਆਪਣੇ ਜਾਲ ਮਜ਼ਬੂਤ ਕਰਨ ਤੇ ਨਵੇਂ ਪੰਛੀ ਫਸਾਉਣ ਲਈ, ਆਪਣੇ ਠੱਗੇ ਹੋਏ ਧਨ ਵਿੱਚੋਂ ਕੁਝ ਹਿੱਸਾ ਜਨਤਾ ਨੂੰ ਖ਼ਰਚਣ ਲਈ ਦੇ ਦੇਂਦੇ ਹਨ। ਜਿਸਨੂੰ ਭੋਲੇ ਭਾਲੇ ਕਿਰਤੀ, ਉਪਕਾਰ ਦਾ ਨਾਮ ਦੇਂਦੇ, ਉਹਨਾਂ ਦੇ ਸੋਹਲੇ ਗਾਉਂਦੇ ਤੇ ਉਹਨਾਂ ਦੇ ਨਾਮ ਦੀਆਂ ਯਾਦਗਾਰਾਂ ਬਣਾਉਂਦੇ ਹਨ। ਪਰ ਅਸਲ ਉਪਕਾਰ ਕਿਰਤੀ ਹੀ ਕਰ ਸਕਦਾ ਹੈ। ਉਸਦੀ ਕਮਾਈ ਹੱਕ ਸੱਚ ਦੀ ਹੁੰਦੀ ਹੈ। ਜਿਸ ਵਿਚ ਬਰਕਤ ਹੁੰਦੀ ਹੈ। ਉਹ ਆਪਣੀ ਹਿੰਮਤ ਤੇ ਕੁਲ ਮਾਲਕ ਦੀ ਮਿਹਰ 'ਤੇ ਭਰੋਸਾ ਰਖਦੇ ਨੇ। ਉਹਨਾਂ ਦੀ ਕਮਾਈ ਆਪਣੀ ਹੁੰਦੀ ਹੈ। ਉਹ ਉਹਦੇ ਵਿਚੋਂ ਕੁਝ ਬਚਾ, ਜਦ ਕਿਸੇ ਲੋੜਵੰਦ ਦੇ ਕੰਮ 'ਤੇ ਲਗਦੇ ਹਨ, ਉਹੀ ਸੱਚਾ ਉਪਕਾਰ ਹੈ। ਜਿਤਨੇ ਕਿਰਤੀ ਹਿੰਮਤੀ ਹੋਣਗੇ, ਓਨਾ ਹੀ ਉਪਕਾਰ ਵਧੇਗਾ ਤੇ ਜਿਤਨਾ ਧੁਨੀਆਂ ਦਾ ਬਲ ਵਧੇਗਾ, ਉਤਨਾ ਹੀ ਅਭਿਮਾਨੀ ਦਾਤੇ ਤੇ ਜ਼ਲੀਲ ਮੰਗਤੇ ਦੁਨੀਆ ਵਿਚ ਪੈਦਾ ਹੋਣਗੇ। ਸੱਚ ਪੁੱਛੋ ਤਾਂ ਵਿਹਲੜ ਤੇ ਮੰਗਤੇ ਹੈਨ ਹੀ ਵਿਹਲੜ ਧਨੀਆਂ ਦੀ ਕਾਢ। ਉਹ ਇਹਨਾਂ ਬੇਕਾਰ ਇਨਸਾਨਾਂ ਦੇ ਟੋਲਿਆਂ ਦੇ ਰਾਹੀਂ, ਆਪਣੇ ਦਾਨ ਦੀਆਂ ਡੌਂਡੀਆਂ ਪਿਟਵਾਂਦੇ ਤੇ ਆਪਣੀਆਂ ਖ਼ੈਰਾਤ ਦੀਆਂ ਖ਼ਬਰਾਂ ਮਸ਼ਹੂਰ ਕਰਾਉਂਦੇ ਹਨ। ਉਹ ਲੋੜਵੰਦ, ਮੁਹਤਾਜਾਂ, ਯਤੀਮਾਂ, ਬੀਮਾਰਾਂ ਤੇ ਅਨਪੜ੍ਹਾਂ ਨੂੰ ਸਹਾਇਤਾ ਦਾ ਪਾਤਰ ਨਹੀਂ ਸਮਝਦੇ, ਜਿਤਨੇ ਆਰਾਮਤਲਬ ਸਾਧੂਆਂ, ਐਸ਼ਪ੍ਰਸਤ ਮਹੰਤਾਂ, ਰਸੀਲੇ ਕਵੀਆਂ ਤੇ ਸੁਰੀਲੇ ਰਾਗੀਆਂ ਤੇ ਪ੍ਰਚਾਰਕਾਂ ਨੂੰ ਜਾਣਦੇ ਹਨ, ਇਹੀ ਕਾਰਨ ਹੈ ਕਿ ਸੰਸਾਰ ਵਿਚ ਸੁਖ ਨਹੀਂ ਵਾਪਰਦਾ।

ਬਾਕੀ ਰਹੀ ਗੱਲ ਇੱਜ਼ਤ ਦੀ, ਇੱਜ਼ਤ ਆਪਣੀਆਂ ਕਰਨੀਆਂ ਕਰ ਕੇ ਦੂਜਿਆਂ ਕੋਲੋਂ ਹਾਰਦਿਕ ਸ਼ਲਾਘਾ ਲੈਣ ਦਾ ਨਾਮ ਹੈ, ਜ਼ਬਾਨੀ ਠਾਠੇ ਬਾਗੇ ਦਾ ਨਹੀਂ। ਮਨੁੱਖ-ਹਿਰਦਾ ਸਭ ਤੋਂ ਵਧੇਰੇ ਸ਼ਲਾਘਾ ਕਿਸ ਦੀ ਕਰਦਾ ਹੈ? ਸਭ ਤੋਂ ਪਹਿਲੇ ਮਾਂ ਬਾਪ ਦੀ, ਮਾਂ ਨੇ ਮਾਸੂਮ ਨੂੰ ਜਣਿਆ, ਪਾਲਿਆ, ਮਲ-ਮੂਤਰ ਧੋ ਗਿੱਲੀ ਥਾਂ 'ਤੇ ਆਪ ਸੁੱਤੀ 'ਤੇ ਸੁੱਕੀ ਤੇ ਬਾਲਕ ਨੂੰ ਸੰਵਾਇਆ। ਮਾਂ ਨੇ ਤੇ ਇਹ ਸੇਵਾ ਜ਼ਿਆਦਾ ਤੋਂ ਜ਼ਿਆਦਾ ਪੰਜ ਬਰਸ ਤਕ ਕੀਤੀ, ਬਾਕੀ ਦੀ ਸਾਰੀ ਉਮਰ ਕਿਸ ਨੇ ਨਿਭਾਹੀ, ਉਸ ਗ਼ਰੀਬ ਕਿਰਤੀ ਨੇ, ਜੋ ਰੋਜ਼ ਮਨੁੱਖਾਂ ਦੇ ਘਰ ਸਾਫ਼ ਕਰਦਾ, ਕੂੜਾ-ਕਰਕਟ ਹੂੰਝਦਾ, ਆਪ ਨੀਵੇਂ, ਸੌੜਿਆਂ ਤੇ ਹਨੇਰੇ ਘਰਾਂ ਵਿਚ ਰਹਿੰਦਾ ਤੇ ਸੰਸਾਰ ਨੂੰ ਸੁਖ ਦੇਂਦਾ ਹੈ। ਇਸ ਨੂੰ ਸਿੱਖ ਇਤਿਹਾਸ ਵਿਚ ਗੁਰੂ ਕਾ ਬੇਟਾ ਕਿਹਾ ਗਿਆ ਹੈ। ਜੇ ਮਨੁੱਖ ਨਾਸ਼ੁਕਰਾ ਨਾ ਹੋ ਜਾਵੇ ਤਾਂ ਉਸ ਲਈ ਕਿਰਤ ਤੋਂ ਵੱਧ ਇੱਜ਼ਤ ਦਾ ਪਾਤਰ ਕੌਣ ਹੋ ਸਕਦਾ ਹੈ। ਜੋ ਹਮਦਰਦ ਮਨੁੱਖ ਲਈ ਕਪੜਾ ਬੁਣਦਾ, ਸੀਊਂਦਾ, ਮੈਲੇ ਧੋਂਦਾ, ਜੁੱਤੀਆਂ ਬਣਾਉਂਦਾ, ਘਰ ਉਸਾਰ ਕੇ ਦੇਂਦਾ। ਗੱਲ ਕੀ, ਜੋ ਹਰ ਲੋੜ ਦੀ ਸ਼ੈ, ਆਪਣਾ ਪਸੀਨਾ ਬਹਾ ਕੇ ਲੋਕਾਂ ਲਈ ਪੈਦਾ ਕਰੇ, ਉਸ ਤੋਂ ਵੱਡਾ ਸਾਊ ਕੌਣ ਹੋ ਸਕਦਾ ਹੈ, ਸੱਚੀ ਇੱਜ਼ਤ ਉਸੇ ਨੂੰ ਹੀ ਪ੍ਰਾਪਤ ਹੋ ਸਕਦੀ ਹੈ। ਜੋ ਕੌਮਾਂ ਜਾਂ ਦੇਸ਼ ਕਿਰਤੀ ਦੀ ਇੱਜ਼ਤ ਨਹੀਂ ਕਰਦੇ, ਉਹ ਖ਼ੁਦ ਜਗਤ ਵਿਚ ਬੇ-ਇੱਜ਼ਤ ਹੋ ਜਾਂਦੇ ਹਨ। ਸਾਡਾ ਦੇਸ਼ ਇਸ ਸਚਾਈ ਦੀ ਉਦਾਹਰਣ ਹੈ। ਚਾਲੀ ਕ੍ਰੋੜ ਦੀ ਵੱਸੋਂ, ਸਾਰੇ ਜਗਤ ਤੋਂ ਪੁਰਾਣੀ ਸਭਿਅਤਾ, ਜਦੋਂ ਦੂਸਰੀਆਂ ਕੌਮਾਂ ਖੱਲਾਂ ਪਹਿਨਦੀਆਂ ਸਨ ਤਾਂ ਅਸੀਂ ਰੇਸ਼ਮ ਹੰਢਾਦੇ ਸਾਂ। ਧਰਤੀ ਉਪਜਾਊ, ਨਦੀਆਂ, ਨਾਲੇ ਤੇ ਆਬਸ਼ਾਰਾਂ ਵਹਿੰਦੀਆਂ, ਧਾਤਾਂ ਤੇ ਹੀਰੇ ਲਾਲ ਜਵਾਹਰਾਂ ਨਾਲ ਭਰੇ ਹੋਏ ਪਰਬਤ ਤੇ ਫਿਰ ਗ਼ੁਲਾਮੀ। ਕਾਲੇ ਕੁਲੀ ਅਖਵਾ ਠੋਕਰਾਂ ਖਾਣਾ।

ਸਾਰੇ ਜਹਾਂ ਕੋ ਜਿਸਨੇ ਹੁਨਰ ਦੀਆ ਥਾ।
ਮੱਟੀ ਕੋ ਜਿਸਕੀ ਹਕ ਨੇ ਜ਼ਰ ਕਾ ਅਸਰ ਦੀਆ ਥਾ।
ਤੁਰਕੋਂ ਕਾ ਜਿਸਨੇ ਦਾਮਨ ਹੀਰੋਂ ਸੇ ਭਰ ਦੀਆ ਥਾ
ਮੇਰਾ ਵਤਨ ਵੋਹ ਹੀ ਹੈ ਮੇਰਾ ਵਤਨ ਵੋਹ ਹੀ ਹੈ
(ਇਕਬਾਲ)

ਅਜਿਹਾ ਕਿਉਂ ਹੋਇਆ, ਇਤਿਹਾਸ ਦੱਸਦਾ ਹੈ। ਕਿਰਤੀਆਂ ਦੀ ਇੱਜ਼ਤ ਨਾ ਕਰਨ ਨੇ ਸਾਨੂੰ ਬੇਇੱਜ਼ਤ ਕੀਤਾ ਹੈ। ਏਥੋਂ ਦੇ ਪੁਰਾਣੇ ਸਮਾਜਕ ਨਿਜ਼ਾਮ ਵਿਚ ਜੁਲਾਹਾ, ਦਰਜ਼ੀ, ਧੋਬੀ, ਮੋਚੀ, ਤਰਖਾਣ, ਲੋਹਾਰ, ਚਮਰੰਗ ਤੇ ਕਿਸਾਨ ਕੁੱਲ ਸ਼ੂਦਰ ਇਕਰਾਰ ਦੇ ਦਿੱਤੇ ਗਏ। ਸਭ ਨੂੰ ਬਸਤੀਆਂ ਤੋਂ ਬਾਹਰ ਕੁੱਲੀਆਂ ਵਿਚ ਰਹਿਣ ਲਈ ਮਜਬੂਰ ਕੀਤਾ ਗਿਆ ਤੇ ਪਨਘਟਾਂ ਤੋਂ ਦੂਰੋਂ ਪਾਣੀ ਪੀਣ ਦਾ ਹੁਕਮ ਦਿੱਤਾ ਗਿਆ। ਇਸ ਕਿਰਤ ਦੇ ਨਿਰਾਦਰ ਨੇ ਹੀ ਸਾਡਾ ਨਿਰਾਦਰ ਕਰਾਇਆ। ਉਸੇ ਤਰ੍ਹਾਂ ਹੀ ਭਾਰਤ ਵਾਸੀਆਂ ਨੂੰ ਬਸਤੀਆਂ ਦੇ ਉਚ ਅਸਥਾਨਾਂ ਵਿਚ ਰਹਿਣ ਤੋਂ ਜੁਆਬ ਦਿਤਾ ਗਿਆ ਤੇ ਚੰਗੇ ਹੋਟਲਾਂ ਵਿਚ ਖਾਣਾ ਖਾਣ ਦੀ ਮਨਾਹੀ ਕੀਤੀ ਗਈ। ਸਾਡਾ ਦੇਸ਼ ਇਸ ਅੱਧੋਗਤੀ 'ਤੇ ਪਹੁੰਚ ਜਾਣ ਦੇ ਬਾਵਜੂਦ ਵੀ ਕਿਰਤ ਨੂੰ ਨਹੀਂ ਵਡਿਆਉਂਦਾ, ਜਿਸ ਕਰਕੇ ਆਪ ਭੀ ਵੱਡਾ ਨਹੀਂ ਹੁੰਦਾ। ਸਾਡੇ ਅਜ਼ਾਦੀ ਦੇ ਯਤਨ ਰੋਜ਼ ਰੋਜ਼ ਕਿਉਂ ਫੇਲ੍ਹ ਹੁੰਦੇ ਜਾਂਦੇ ਹਨ? ਸੁਤੰਤਰਤਾ ਦੇ ਬੂਟੇ ਐਨ ਫਲਣ 'ਤੇ ਆਏ ਕਿਉਂ ਸੁੱਕ ਜਾਂਦੇ ਹਨ? ਕਾਮਯਾਬੀ ਦੇ ਮਹੱਲ 'ਤੇ ਚੜ੍ਹਨ ਲਗਿਆਂ, ਬਨੇਰੇ ਲਾਗੇ ਅਪੜਦਿਆਂ ਕਮੰਦਾਂ ਕਿਉਂ ਟੁੱਟ ਪੈਂਦੀਆਂ ਹਨ? ਸਿਰਫ਼ ਇਸ ਵਾਸਤੇ ਕਿ ਸਾਡਾ ਰੋਗ ਸਮਾਜਕ ਨਿਜ਼ਾਮ ਵਿਚ ਹੈ ਤੇ ਇਲਾਜ ਪੁਲੀਟੀਕਲ ਕਰ ਰਹੇ ਹਾਂ। ਜਦ ਤਕ ਅਸੀਂ ਸਿੱਧੇ ਰਸਤੇ ਨਹੀਂ ਪੈਂਦੇ ਤੇ ਕਿਰਤੀ ਨੂੰ ਨਹੀਂ ਸਤਿਕਾਰਦੇ, ਸਾਨੂੰ ਸੰਸਾਰ ਵਿਚ ਸਤਿਕਾਰ ਮਿਲਣਾ ਹੀ ਨਹੀਂ। ਕਿਰਤੀ ਦਾ ਸਤਿਕਾਰ ਸ੍ਰੇਸ਼ਟ ਹੈ। ਉਹ ਇਸਨੂੰ ਮਿਹਨਤ ਨਾਲ ਖ਼ਰੀਦਦਾ ਹੈ। ਉਹ ਸੱਚਾ ਮਨੁੱਖ ਹੈ। ਉਸ ਤੋਂ ਬਿਨਾਂ ਸ਼੍ਰੇਣੀਆਂ ਹੀ ਦੋ ਹਨ ਜਾਂ ਜਾਬਰ ਠੱਗਾਂ ਦੀ ਤੇ ਜਾਂ ਵਿਹਲੜ ਮੰਗਤਿਆਂ ਦੀ। ਨਕਾਰਾ, ਲੂਲੇ ਲੰਗੜਿਆਂ ਤੇ ਯਤੀਮਾਂ ਦੀ ਸੇਵਾ ਕਿਰਤੀ ਹੀ ਕਰਦਾ ਹੈ। ਉਹ ਲੋੜਵੰਦਾਂ ਦੇ ਅੱਡੇ ਹੋਏ ਹੱਥ ਉਥੇ ਹੱਥ ਧਰਦਾ ਹੈ। ਮਾਂਗਤਾਂ ਵਾਂਗ ਹੱਥ ਦੇ ਥੱਲੇ ਹੱਥ ਨਹੀਂ ਧਰਦਾ ਤੇ ਬੇਪਤ ਨਹੀਂ ਹੁੰਦਾ।

ਤੁਲਸੀ ਕਰ ਪਰ ਕਰ ਧਰਿਓ, ਕਭੀ ਕਰ ਕਰਤਲ ਨਾ ਧਰਿਓ।
ਜਾ ਦਿਨ ਕਰਤਲ ਕਰ ਧਰਿਓ, ਮੈਂ ਸੋ ਦਿਨ ਮਰਨ ਕਰਿਓ।

ਵਿਅਕਤੀਗਤ ਭਲਾਈਆਂ ਤੋਂ ਬਿਨਾਂ ਜੇ ਸਮੁੱਚੇ ਸੰਸਾਰ ਦੀ ਵਿਚਾਰ ਕੀਤੀ ਜਾਏ ਤਾਂ ਵੀ ਕਿਰਤ ਦਾ ਹੀ ਮਰਤਬਾ ਬੁਲੰਦ ਹੈ। ਸੰਸਾਰ ਵਿਚ ਜਿਉਂ ਜਿਉਂ ਵਿੱਦਿਆ ਆ ਰਹੀ ਹੈ, ਸਭਿਅਤਾ ਵਧ ਰਹੀ ਹੈ ਤੇ ਮਨੁੱਖ ਸਿਆਣਾ ਹੋ ਰਿਹਾ ਹੈ, ਤਿਉਂ ਤਿਉਂ ਹੀ ਕਿਰਤ ਨੂੰ ਮਾਣ ਮਿਲ ਰਿਹਾ ਹੈ। ਸੰਸਾਰ ਦੇ ਸਮੁਚੇ ਜੀਵਨ ਨੂੰ ਅਸੀਂ ਤਿੰਨਾਂ ਹਿਸਿਆਂ ਵਿਚ ਵੰਡ ਸਕਦੇ ਹਾਂ: ਧਾਰਮਕ, ਸਮਾਜਕ, ਰਾਜਨੀਤਕ–ਇਹਨਾਂ ਤਿੰਨਾਂ ਵਿਚ ਹੀ ਪੈਰ ਪੈਰ ਕਿਰਤ ਨੂੰ ਸਤਿਕਾਰਿਆ ਜਾ ਰਿਹਾ ਹੈ। ਪਹਿਲਾਂ ਮਜ਼ਹਬ ਨੂੰ ਹੀ ਲੈ ਲਵੋ। ਇਹ ਠੀਕ ਹੈ ਕਿ ਮਜ਼ਹਬ ਦੇ ਪੁਰਾਣੇ ਵਿਚਾਰਾਂ ਵਿਚ, ਸੰਨਿਆਸ ਤੇ ਰਾਹਬ-ਨੀਅਤ ਨੂੰ ਥਾਂ ਤੇ ਮਾਣ ਪ੍ਰਾਪਤ ਸੀ। ਮਨੁੱਖ ਜੀਵਨ ਦੀਆਂ ਗੁੰਝਲਾਂ ਨੂੰ ਸੁਲਝਾਣ ਤੇ ਉਚੇਰੀ ਮਨੁੱਖਤਾ ਦੀ ਤਲਾਸ਼ ਵਿਚ ਜੁੱਟੇ ਹੋਏ ਕੁਝ ਮਨੁੱਖਾਂ ਨੂੰ ਕਿਰਤ ਕਰਨੀ ਮੁਆਫ਼ ਕੀਤੀ ਗਈ ਸੀ। ਉਹ ਕੰਦਰਾਂ, ਚੋਟੀਆਂ ਤੇ ਗਹਿਬਰ ਬਣਾਂ ਦੇ ਇਕਾਤ ਵਿਚ ਬੈਠੇ, ਮਨੁੱਖ ਹਿਆਤ ਦੀਆਂ ਡੂੰਘਿਆਈਆਂ ਨੂੰ ਸੋਚ ਰਹੇ ਸਨ। ਉਹਨਾਂ ਲਈ ਭਿਖਿਆ ਦਾ ਅੰਨ ਜਾਇਜ਼ ਕਰਾਰ ਦਿੱਤਾ ਗਿਆ ਸੀ। ਪਰ ਸਮਾਜ ਦੀ ਤਰਫ਼ੋਂ ਮਨਜੂਰੀ ਮਿਲਣ 'ਤੇ ਵੀ ਉਹ ਮਹਾਂਪੁਰਖ, ਦੂਜਿਆਂ ਦੀ ਕਿਰਤ ਦਾ ਮਾਲ ਖਾਣ ਤੋਂ ਬਹੁਤ ਪਰਹੇਜ਼ ਕਰਦੇ ਸਨ। ਉਹ ਆਪਣੀਆਂ ਲੋੜਾਂ ਨੂੰ ਅਤਿਅੰਤ ਘਟਾ ਲੈਦੇ ਸਨ। ਬਣ ਵਿਚੋਂ ਕੰਦ ਮੂਲ ਚੁਣ ਖਾਣੇ, ਲਿਬਾਸ ਵਿਚ ਸਿਰਫ਼ ਲੰਗੋਟੀ ਜਾਂ ਬਹੁਤ ਵੇਰ ਉਕੇ ਨਗਨ ਹੀ ਰਹਿਣਾ, ਠੰਢ ਤੋਂ ਬਚਣ ਲਈ ਤਨ 'ਤੇ ਬਿਭੂਤ ਮਲਣੀ ਜਾਂ ਧੂਣੀ ਤਪਾ ਲੈਣੀ, ਬਰਤਨਾਂ ਦੀ ਥਾਂ ਹੱਥ ਹੀ ਵਰਤਣੇ, ਕਰ ਪਾਤਰੀ ਹੋ ਰਹਿਣਾ, ਜ਼ਮੀਨ 'ਤੇ ਸੌਣਾ, ਵਰਖਾ ਸਮੇਂ ਹੇਠਲੀ ਤਪੜੀ ਸਿਰ 'ਤੇ ਲੈ ਲੈਣੀ, ਤੇ ਜਨਤਾ ਲਈ ਮਹਾਨ ਉਚ ਫ਼ਲਸਫ਼ੇ ਲਿਖਣੇ, ਮਨੁੱਖੀ ਸਮਾਜ ਲਈ ਲਾਭਦਾਇਕ ਸੇਵਾ ਸੀ। ਪਰ ਉਹ ਗੱਲਾਂ ਹੁਣ ਪੁਰਾਣੀਆਂ ਹੋ ਗਈਆਂ ਹਨ। ਸਮੇਂ ਦੀ ਪਲਟੀ ਹੋਈ ਚਾਲ ਨੇ, ਸੱਚਾ ਸੰਨਿਆਸ ਖ਼ਤਮ ਕਰ ਦਿੱਤਾ ਹੈ, ਜਿਸ ਕਰਕੇ ਮਜ਼ਹਬ ਦੀਆਂ ਨਵੀਂਆਂ ਸੂਰਤਾਂ ਵਿਚ ਭਿਖਿਆ ਨੂੰ ਕੋਈ ਥਾਂ ਨਹੀਂ। ਖ਼ਾਸ ਤੌਰ 'ਤੇ ਸਿੱਖ ਧਰਮ ਤਾਂ ਕਿਰਤ ਕਰਨ ਤੇ ਵੰਡ ਛਕਣ ਤੋਂ ਬਿਨਾਂ, ਜੀਵਨ ਦੀ ਸਫਲਤਾ ਨੂੰ ਮੰਨਦਾ ਹੀ ਨਹੀਂ:

ਘਾਲਿ ਖਾਇ ਕਿਛੁ ਹਥਹੁ ਦੇਹਿ॥ ਨਾਨਕ ਰਾਹੁ ਪਛਾਣਹਿ ਸੇਇ॥
(ਵਾਰ ਸਾਰੰਗ, ਮ: ੧, ਪੰਨਾ ੧੨੪੫)

ਉਸ ਨੇ ਕਿਰਤ ਕਰਨ ਦੀ ਤਾਕੀਦ ਲਿਖੀ ਹੈ। ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਸਿੱਖੀ ਵਿਚ ਗੁਰਮੁਖਾਂ ਨੂੰ ਜਨਮ ਸਫਲ ਕਰਨ ਲਈ ਜੋ ਤਰੀਕੇ ਦਸੇ ਗਏ ਹਨ, ਜਿਨ੍ਹਾਂ ਕਰਕੇ ਮਨੁੱਖਾ ਜਨਮ ਚੌਰਾਸੀ ਲੱਖ ਜੂਨ ਤੋਂ ਉੱਤਮ ਸਾਬਤ ਹੋਵੇ। ਉਹਨਾਂ ਵਿਚ ਹੱਥੀਂ ਕਾਰ ਕਮਾਵਣੀ ਤੇ ਧਰਮ ਦੀ ਕਿਰਤ ਕਰ, ਦੂਜਿਆਂ ਨੂੰ ਖੱਟ ਖੁਆਉਣਾ ਮੁੱਖ ਅੰਗ ਹਨ:

ਹਥੀਂ ਕਾਰ ਕਮਾਵਣੀ, ਪੈਰੀ ਚਲਿ ਸਤਿਸੰਗਿ ਮਲੇਹੀ।
ਕਿਰਤਿ ਵਿਰਤਿ ਕਰਿ ਧਰਮ ਦੀ, ਖਟਿ ਖਵਾਲਣੁ ਕਾਰਿ ਕਰੇਹੀ॥
(ਭਾਈ ਗੁਰਦਾਸ, ਵਾਰ ੧, ਪਉੜੀ ੩)

ਸੂਰਜ ਪ੍ਰਕਾਸ਼ ਵਿਚ ਲਿਖਿਆ ਹੈ ਕਿ ਬਹੋੜੇ ਸਿੱਖ ਦੇ ਪ੍ਰਸ਼ਨ ਕਰਨ ਉਤੇ ਕਿ ਮੈਂ ਕਿਹੜੀ ਕਿਰਤ ਕਰਾਂ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਫ਼ੁਰਮਾਇਆ, “ਕਿਰਤ ਕੋਈ ਵੀ ਕਰੋ ਜਿਸ ਨਾਲ ਜੀਵਨ ਦਾ ਨਿਰਬਾਹ ਹੋ ਸਕੇ। ਰੋਟੀ ਕਮਾਓ, ਪਰ ਕਪਟ-ਰਹਿਤ ਹੋ ਕੇ, ਕਿਸੇ ਦੂਸਰੇ ਦਾ ਹੱਕ ਨਹੀਂ ਮਾਰਨਾ। ਆਪਣੀ ਕਮਾਈ ਵਿਚੋਂ ਜੋ ਪ੍ਰਭੂ ਹਿਤ ਵੰਡ ਕੇ ਛਕੇਗਾ ਉਸ ਦਾ ਮਨ ਨਿਰਮਲ ਹੋਵੇਗਾ।”

ਸੁਨ ਗੁਰ ਕਿਹੋ ਕਿਰਤ ਕਰ ਕੋਈ, ਧਰਮ ਸਮੇਤ ਨਿਬਾਹੂ ਸੋਈ॥
ਕਪਟ ਬਹੀਨ ਜੀਵਕਾ ਕਰੇ, ਪਰਕੀ ਵਸਤ ਛਪਾਇ ਨ ਧਰੇ॥
ਤਿਸ ਮੇਂ ਬਾਂਟ ਪ੍ਰਭੂ ਹਿਤ ਖਾਵੇ ਤਿਸ ਕੋ ਉਰ ਨਿਰਮਲ ਹੋਇ ਜਾਵੇ॥

ਖ਼ਾਲਸਾ ਪੰਥ ਸਾਜਣ ਦੇ ਬਾਅਦ ਤਾਂ ਕਪਟ ਰਹਿਤ ਕਿਰਤ ਕਰਨੀ ਤੇ ਉਸ ਵਿਚੋਂ ਦਸਵੰਧ ਦੇਣਾ ਲਾਜ਼ਮੀ ਕਰਾਰ ਦਿੱਤਾ ਗਿਆ:

ਦਸ ਨਖ ਕੀ ਜੋ ਕਾਰ ਕਮਾਵੇ। ਤਾਕਰ ਜੋ ਧਨ ਘਰ ਮੈ ਆਵੇ॥
ਤਿਸ ਤੇ ਗੁਰ ਦਸੌਂਦ ਜੋ ਦੇਈ। ਸਿੰਘ ਸੁਯਸ ਬਹੁ ਜਗ ਮੇਂ ਲੇਹੀ॥
(ਰਹਿਤਨਾਮਾ ਭਾਈ ਦੇਸਾ ਸਿੰਘ)

ਸਿੰਘ ਲਈ ਕਿਰਤ ਕਰਨੀ ਕੋਈ ਮਨ੍ਹਾ ਨਹੀਂ; ਖੇਤੀ, ਵਾਪਾਰ, ਦਸਤਕਾਰੀ, ਜਾਂ ਸੇਵਾ, ਜੋ ਮਨ ਨੂੰ ਚੰਗੀ ਲੱਗੇ, ਬੇਸ਼ਕ ਕਰੇ, ਪਰ ਕੰਮ ਕਰੇ ਦ੍ਰਿੜ੍ਹ ਹੋ ਕੇ, ਪਰ ਚੋਰੀ ਜਾਂ ਡਾਕਾ ਕਦੀ ਨਾ ਕਰੇ:

ਖੇਤੀ ਵਣਜ ਦਾ ਸਿਲਪ ਬਨਾਵੇ। ਔਰ ਟਹਿਲ ਜੋ ਮਨ ਮੇ ਭਾਵੇ॥
ਦ੍ਰਿੜ ਹੋਇ ਸੋਈ ਕਾਰ ਕਮਾਵੇ। ਚੋਰੀ ਡਾਕੇ ਕਬਹੂ ਨਾ ਜਾਵੇ॥
(ਰਹਿਤਨਾਮਾ ਭਾਈ ਦੇਸਾ ਸਿੰਘ)

ਜੇ ਕਿਤੇ ਤਕਦੀਰ ਨਾਲ ਨੌਕਰੀ ਵੀ ਕਰਨੀ ਪੈ ਜਾਏ ਤਾਂ ਸਿਪਾਹ-ਗਿਰੀ ਕਰੇ, ਕਰੇ ਬੇਪ੍ਰਵਾਹ ਹੋ ਕੇ। ਤਨਖ਼ਾਹ ਨਾਲ ਗੁਜ਼ਾਰਾ ਕਰੇ, ਰਿਸ਼ਵਤ ਨਾ ਲਵੇ, ਲੜਾਈ ਵਿਚ ਲੋੜ ਪੈਣ 'ਤੇ ਸੂਰਬੀਰਤਾ ਦਿਖਾਏ, ਪਰ ਲੁੱਟ ਨਾ ਲੁੱਟੇ।”

ਚਾਕਰੀ ਕਰੇ ਤਾ ਸਿਪਾਹ ਗਿਰੀ ਕਰੇ, ਕੈਸੀ ਕਰੇ? ਜੋ ਬੇਪ੍ਰਵਾਹ ਰਹੇ।
ਔਰ ਜੋ ਕੁਛ ਮਹੀਨਾ ਹੋਵੇ, ਉਸ ਉਪਰ ਸੰਤੋਖ ਕਰੇ,
ਅਰ ਜਹਾਂ ਜਿਸਕਾ ਚਾਕਰ ਹੋਇ, ਸੋ ਕਹੀਂ ਭੇਜੇ ਲੜਾਈ ਨੂੰ,
ਤਾਂ ਉਸ ਮੇਂ ਅਪਨੀ ਮੁਰਾਦ ਜਾਂਨੇ, ਔਰ ਕਹੀ ਜੋ ਲੁਟ ਹੋਇ ਤਾਂ ਲੂਟੇ ਨਾਹੀਂ॥
(ਪ੍ਰੇਮ ਸੁਮਾਰਗ)

ਰਹਿਤਵਾਨ ਸਿੰਘ ਲਈ ਕਿਰਤ ਕਰ ਕੇ ਆਪਣੇ ਉਪਾਅ ਸਹਿਤ ਧਨ ਖੱਟਣ ਦੀ ਬਾਰ ਬਾਰ ਤਾਕੀਦ ਕੀਤੀ ਗਈ ਹੈ। ਉਸ ਲਈ ਜ਼ਰੂਰੀ ਕਰਾਰ ਦਿੱਤਾ ਹੈ ਕਿ ਘਰ ਦਾ ਨਿਰਬਾਹ ਕਰਨ ਲਈ ਉੱਦਮ ਕਰ ਕੇ ਧਨ ਲਿਆਵੇ, ਪਰ ਪੂਜਾ ਜੋ ਵਿਹਲੇ ਰਹਿ ਕੇ ਧਾਰਮਕ ਛਲ-ਵਲ ਨਾਲ ਧਨ ਕਮਾਉਣ ਦਾ ਦੂਸਰਾ ਨਾਮ ਹੈ ਤੇ ਜੋ ਧਨ ਦਾ ਅਸਰ ਲੈਣ ਵਾਲੇ ਤੇ ਉਸ ਦੀ ਔਲਾਦ ਨੂੰ ਵਿਹਲੜ ਬਣਾ, ਨਕਾਰਿਆਂ ਕਰ ਦੇਂਦੀ ਹੈ ਤੇ ਕਿਸੇ ਵੀ ਭਲਾਈ ਜੋਗ ਨਹੀਂ ਛੱਡਦੀ, ਉਸਨੂੰ ਕਦੀ

(ਅਧੂਰੀ ਰਚਨਾ)

('ਸਿੱਖ ਧਰਮ ਫ਼ਿਲਾਸਫ਼ੀ' ਵਿੱਚੋਂ)

  • ਮੁੱਖ ਪੰਨਾ : ਪ੍ਰਿੰਸੀਪਲ ਗੰਗਾ ਸਿੰਘ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਲੇਖ, ਨਾਵਲ, ਨਾਟਕ ਤੇ ਹੋਰ ਗੱਦ ਰਚਨਾਵਾਂ