Kirtan (Punjabi Article) : Principal Ganga Singh
ਕੀਰਤਨ (ਪੰਜਾਬੀ ਲੇਖ) : ਪ੍ਰਿੰਸੀਪਲ ਗੰਗਾ ਸਿੰਘ
ਈਸ਼ਵਰ ਦੀ ਬਖ਼ਸ਼ੀ ਹੋਈ ਦਾਤ ਭਾਵੇਂ ਇਕ ਤੋਂ ਇਕ ਚੰਗੀ ਹੈ, ਪਰ ਅਵਾਜ਼ ਦਾ ਦਰਜਾ ਵਧੇਰੇ ਉਚੇਰਾ ਹੈ। ਅਧਿਆਤਮਵਾਦੀ ਸਾਰੇ ਇਸ ਗੱਲ 'ਤੇ ਸਹਿਮਤ ਹਨ ਕਿ ਈਸ਼ਵਰ ਨੇ ਜਗਤ- ਰਚਨਾ ਕੀਤੀ ਹੀ ਸ਼ਬਦ ਤੋਂ ਹੈ, ਨਿਰਗੁਣ ਬ੍ਰਹਮ ਤੋਂ ਨਾਦ ਹੋਇਆ ਹੈ ਜਾਂ ਅਗਮ ਅੱਲ੍ਹਾ ਤੋਂ ਕਲਾਮ ਪੈਦਾ ਹੋਇਆ ਹੈ; ਇਸ ਨਾਦ ਜਾਂ ਕਲਾਮ ਦਾ ਰੂਪ ਕੀ ਸੀ? ਇਸ ਦੇ ਭੇਦ ਹਨ। ਪਰ ਮੁੱਢ ਵਿਚ ਸ਼ਬਦ ਜਾਂ ਕਲਾਮ ਸੀ, ਇਸ ਤੋਂ ਕਿਸੇ ਨੂੰ ਇਨਕਾਰ ਨਹੀਂ। ਉਪਨਿਸ਼ਦ ਇਹ ਮੰਨਦੇ ਹਨ ਕਿ ਆਦਿ ਵਿਚ ਸ਼ਬਦ ਹੋਇਆ। ਬਾਈਬਲ ਦਸਦੀ ਹੈ, "ਇਬਤਦਾ ਮੇਂ ਕਲਾਮ ਥਾ, ਕਲਾਮ ਖ਼ੁਦਾ ਕੇ ਸਾਥ ਥਾ, ਬਲਕਿ ਕਲਾਮ ਹੀ ਖ਼ੁਦਾ ਥਾ।" ਇਹਨਾਂ ਮਨੌਤਾਂ ਤੋਂ ਬਿਨਾਂ ਸ਼ਬਦ ਦੀ ਵਡਿਆਈ ਨੂੰ ਸੰਸਾਰ ਦੀ ਬਿਬੇਕ ਬੁਧ ਨੇ ਸਦਾ ਹੀ ਮੰਨਿਆ ਹੈ। ਨਿਆਇ ਵਿਚ ਇਸ ਨੂੰ ਪ੍ਰਸਿੱਧ ਪ੍ਰਮਾਣਾਂ ਵਿਚੋਂ ਇਕ ਗਿਣਿਆ ਗਿਆ ਹੈ। ਤੇ ਹੋਵੇ ਵੀ ਕਿਉਂ ਨਾ, ਇਸ ਦੇ ਪ੍ਰਮਾਣ ਬਣਨ ਤੋਂ ਬਿਨਾਂ ਜਗਤ ਮਰਯਾਦਾ ਚੱਲ ਹੀ ਨਹੀਂ ਸਕਦੀ। ਜੇ ਹਰ ਮਨੁੱਖ ਹਰ ਚੀਜ਼ ਦੀ ਖੋਜ ਆਖ਼ਰ ਤਕ ਆਪ ਕਰ ਕੇ ਕੰਮ ਕਰਨਾ ਚਾਹੇ ਤਾਂ ਜੀਵਨ ਵਿਚ ਬਹੁਤ ਥੋੜ੍ਹੇ ਕੰਮ ਹੀ ਕਰ ਸਕੇਗਾ। ਇਸ ਲਈ ਆਮ ਤੌਰ 'ਤੇ ਕੰਮ ਕਰਨ ਸਮੇਂ ਕਿਸੇ ਦੂਸਰੇ ਦੇ ਦੱਸੇ ਹੋਏ ਬਚਨ ਨੂੰ ਹੀ ਪ੍ਰਮਾਣ ਕਰ ਕੇ ਚੱਲਣਾ ਪੈਂਦਾ ਹੈ। ਸ਼ਬਦ ਰਾਤ ਦੇ ਸਮੇਂ, ਦਿਨ ਦੇ ਵੇਲੇ, ਅੰਨ੍ਹੇਰੇ ਤਹਿਖ਼ਾਨਿਆਂ ਵਿਚ ਅਤੇ ਹਰ ਸਮੇਂ ਤੇ ਹਰ ਥਾਂ, ਨੇਤਰਹੀਣੇ ਮਨੁੱਖਾਂ ਲਈ ਅੱਖਾਂ ਦਾ ਕੰਮ ਵੀ ਨਿਭਾਉਂਦਾ ਹੈ। ਜੇ ਪ੍ਰਕਿਰਤਕ ਤੋਂ ਲੰਘ ਮਾਨਸਿਕ ਜਗਤ ਵੱਲ ਨਿਗਾਹ ਮਾਰੀ ਜਾਵੇ, ਤਾਂ ਸਾਰਾ ਕੰਮ ਹੀ ਸ਼ਬਦ ਦੇ ਆਸਰੇ ਹੋ ਰਿਹਾ ਦਿਸਦਾ ਹੈ। ਅੰਧੇਰੇ ਹਿਰਦਿਆਂ ਵਿਚ ਰੌਸ਼ਨੀ ਪਾਉਣੀ ਮੁਰਸ਼ਦ ਦੇ ਸ਼ਬਦ ਦਾ ਹੀ ਕੰਮ ਹੈ, ਨਹੀਂ ਤਾਂ ਸੂਰਜ ਤੇ ਚੰਦ੍ਰਮਾ ਦੀ ਰੌਸ਼ਨੀ ਦੇ ਹੋਣ ਸਮੇਂ ਵੀ ਮਨ ਅੰਧੇਰੇ ਰਹਿ ਜਾਂਦੇ ਹਨ:
ਤੇਰਾ ਸੂਰ ਚਾਨਣ ਪਛਾਨਣ ਦੋ ਨੈਣਾਂ ਵਾਲੇ,
ਅੰਨ੍ਹਿਆਂ ਨੂੰ ਦੱਸ ਤੇਰੀ ਕਾਸਦੀ ਜ਼ਰੂਰ ਵੇ।
ਦੋ ਦੋ ਨੈਣਾਂ ਵਾਲੇ ਦਿਲੋਂ ਕਾਲੇ ਗੁਮਰਾਹ ਬੈਠੇ,
ਤੇਰਾ ਨੂਰ ਉਹਨਾਂ ਤਾਈਂ ਕਾਹਦਾ ਕੋਹੇਨੂਰ ਵੇ।
ਲੱਖਾਂ ਸਾਲ ਆਯੂ ਭੋਗ, ਦੂਰ ਨਾ ਅੰਧੇਰਾ ਕੀਤਾ,
ਦੱਸ ਭਲਾ ਫੇਰ ਕੀਤਾ ਕਾਸਦਾ ਗ਼ਰੂਰ ਵੇ।
ਕਲਗੀ ਧਰ ਸੀਸ ਤੇ ਜੇ ਨਾ ਆਂਵਦੇ ਕਲਗੀਧਰ,
ਕੀਹਦੇ ਨੂਰ ਨਾਲ ਮੈ ਤੇ ਹੁੰਦਾ ਨੂਰੋ ਨੂਰ ਵੇ।
ਅਵਾਜ਼ ਭਾਵੇਂ ਹਰ ਰੂਪ ਵਿਚ ਹੀ ਮਨੁੱਖ ਨੂੰ ਲਾਭ ਪਹੁੰਚਾਂਦੀ ਹੈ, ਪਰ ਇਸ ਦੀ ਵਰਤੋਂ ਦਾ ਸਭ ਤੋਂ ਅੱਛਾ ਢੰਗ ਸੰਗੀਤ ਹੈ। ਸੰਗੀਤ ਕੀ ਹੈ? ਜਿਸ ਨੂੰ ਸੁਣ ਕੇ ਚਿੱਤ ਵਿਚ ਪ੍ਰਸੰਨਤਾ ਤੇ ਪ੍ਰੀਤ ਉਤਪੰਨ ਹੋਵੇ, ਸ਼ਬਦ ਦੇ ਉਸ ਰੂਪ ਦਾ ਨਾਂ ਰਾਗ ਹੈ। ਇਸ ਦੀ ਬਾਕਾਇਦਾ ਤਰਤੀਬ, ਸੁਰਾਂ ਦੀ ਵੰਡ, ਤਾਲ ਦਾ ਭੇਦ ਤੇ ਲੈਅ ਦੀ ਬੰਦਸ਼ ਹਰ ਦੇਸ਼ ਦੇ ਸੰਗੀਤਕਾਰ ਨੇ ਆਪਣੀ ਆਪਣੀ ਮੁਕੱਰਰ ਕੀਤੀ ਹੈ ਅਤੇ ਹਰ ਇਕ ਦਾ ਖ਼ਿਆਲ ਤੇ ਬਣਾਵਟ ਆਪਣੀ ਆਪਣੀ ਥਾਂ ਕੰਮ ਦੇ ਰਿਹਾ ਹੈ। ਧਾਰਮਿਕ ਜਗਤ ਵਿਚ ਈਸ਼ਵਰ-ਅਰਾਧਨਾ ਤੇ ਉਸਤਤ ਲਈ ਰਾਗ ਦੀ ਵਰਤੋਂ ਲਾਜ਼ਮੀ ਕਰਾਰ ਦਿਤੀ ਗਈ ਹੈ। ਯਹੂਦੀਆਂ ਦੇ ਪੁਰਾਣੇ ਮੰਦਰਾਂ ਵਿਚ ਪ੍ਰਭੂ ਉਸਤਤ ਗਾਇਨ ਕਰਨ ਵਾਲਿਆਂ ਦੀ ਖ਼ਾਸ ਜਮਾਤ ਹੁੰਦੀ ਸੀ ਤੇ ਅੱਜ ਵੀ ਹੈ। ਈਸਾਈਆਂ ਦੇ ਗਿਰਜਿਆਂ ਵਿਚ ਸੰਗੀਤ ਨੂੰ ਬੜੀ ਪ੍ਰਧਾਨਤਾ ਹਾਸਲ ਹੈ। ਮੁਸਲਮਾਨਾਂ ਦੇ ਕਈ ਫ਼ਿਰਕੇ ਭਾਵੇਂ ਸੰਗੀਤ ਦੀ ਮਹਾਨਤਾ ਤੋਂ ਇਨਕਾਰ ਕਰਦੇ ਹਨ, ਪਰ ਫਿਰ ਭੀ ਰੂਹਾਨੀਅਤ ਦੇ ਪਰਵਾਨੇ ਸੂਫ਼ੀ 'ਸਮਾਂ' ਨੂੰ ਅਪਣਾਉਂਦੇ ਹਨ। ਕੱਵਾਲੀ ਦੀ ਤਾਰ ਖ਼ਾਸ ਤੌਰ 'ਤੇ ਸੂਫ਼ੀਆਂ ਦੀ ਮਹਿਫ਼ਲ ਦੀ ਹੀ ਇਕ ਚੀਜ਼ ਹੈ। ਹਿੰਦੁਸਤਾਨ ਵਿਚ ਸੂਫ਼ੀਆਂ ਦਾ ਸਭ ਤੋਂ ਪ੍ਰਸਿੱਧ ਖ਼ਾਨਦਾਨ 'ਚਿਸ਼ਤੀਆ' ਸਮਾਹਾ ਦਾ ਇਤਨਾ ਸ਼ੈਦਾਈ ਹੈ ਕਿ ਇਹਨਾਂ ਦੀ ਸੰਪਰਦਾ ਵਿਚੋਂ ਹਰ ਪ੍ਰਸਿਧ ਫ਼ਕੀਰ ਦੀ ਮਜ਼ਾਰ 'ਤੇ ਹਫ਼ਤਾਵਾਰ ਕੀਰਤਨ ਹੁੰਦਾ ਹੈ ਤੇ ਸਾਲਾਨਾ 'ਉਰਸ' ਨੂੰ ਇਸ ਦੀ ਔਧੀ ਹੋ ਜਾਂਦੀ ਹੈ। ਸੰਗੀਤ ਕਲਾ ਦੇ ਆਸ਼ਕ ਸੂਫ਼ੀਆਂ ਨੇ ਇਸ ਚੀਜ਼ ਨੂੰ ਇਤਨਾ ਅਪਣਾਇਆ ਹੈ ਕਿ ਅੱਜ ਵੀ ਸੁਧਾਰਕ ਮੌਲਵੀਆਂ ਦੇ ਸ਼ੋਰੋ ਸ਼ਰ ਦੇ ਬਾਵਜੂਦ ਪੀਰਾਂ ਦੀਆਂ ਮਜ਼ਾਰਾਂ 'ਤੇ ਕੱਵਾਲਾਂ ਦੇ ਨਾਲ ਨਾਲ ਨਾਇਕਾਵਾਂ ਵੀ ਗਾਉਣ ਲਈ ਬੁਲਾਈਆਂ ਜਾਂਦੀਆਂ ਹਨ। ਸੂਫ਼ੀ ਇਕ ਤੋਂ ਇਕ ਵਧੇਰੇ ਸੰਗੀਤ ਦਾ ਸ਼ੈਦਾਈ ਹੈ। ਉਹ ਇਸ ਨੂੰ ਮਨ ਦੀ ਇਕਾਗਰਤਾ ਦਾ ਸਾਧਨ ਸਮਝਦਾ ਹੈ, ਉਹ ਸੰਗੀਤ ਰਸ ਵਿਚ ਮਸਤ ਹੋ ਵਜਦ ਵਿਚ ਆਉਂਦਾ ਹੈ:
ਬੇਗਾਨਗੀ ਮੇਂ ਹਾਲੀ ਯਿਹ ਰੰਗੇ ਆਸ਼ਨਾਈ,
ਸੁਨ ਸੁਨ ਕੇ ਸਰ ਧੁਨੇ ਹੈਂ, ਯਿਹ ਕਾਲ ਓ ਹਾਲ ਤੇਰਾ।
ਪਰ ਮਸ਼ਹੂਰ ਸੰਤ ਖ਼ਵਾਜਾ ਕੁਤਬੁੱਦੀਨ ਬਖ਼ਤਿਆਰ ਕਾਕੀ ਦੀ ਅੰਤਮ ਕਥਾ ਤਾਂ ਅਜਬ ਮਨੋਹਰ ਹੈ। ਲਿਖਿਆ ਹੈ ਕਿ ਅੰਤਮ ਸਮੇਂ ਉਹਨਾਂ ਨੇ ਆਪਣੇ ਕੱਵਾਲ ਬੁਲਾਏ ਤੇ ਕੀਰਤਨ ਸ਼ੁਰੂ ਕਰਾਇਆ। ਜਦ ਕੱਵਾਲ ਨੇ ਇਹ ਸ਼ੇਅਰ—
ਕੁਸ਼ਤਗਾਨਿ ਖ਼ੰਜਰਿ ਤਸਲੀਮ ਰਾ,
ਹਰ ਜ਼ਮਾਂ ਅਜ਼ ਗ਼ੈਬ ਜਾਨਿ ਦੀਗਰ ਅਸਤ।
[ਭਾਣੇ ਦੇ ਖ਼ੰਜਰ ਨਾਲ ਕਤਲ ਹੋਏ ਹੋਏ ਲੋਗਾ ਨੂੰ ਹਰ ਮੌਤ ਦੇ ਬਾਅਦ ਨਵੀਂ ਜ਼ਿੰਦਗੀ ਮਿਲਦੀ ਹੈ।]
ਗਾਉਣਾ ਸ਼ੁਰੂ ਕੀਤਾ ਤਾਂ ਕਾਕੀ ਸ਼ਾਹ 'ਤੇ ਵਜਦ ਤਾਰੀ ਹੋ ਗਿਆ। ਪਹਿਲੇ ਮਿਸਰੇ ’ਤੇ ਉਹਨਾਂ ਦੀਆਂ ਨਬਜ਼ਾਂ ਬੰਦ ਹੋ ਜਾਂਦੀਆਂ ਸਨ, ਤੇ ਦੂਸਰੇ ਮਿਸਰੇ 'ਤੇ ਜਾਨ, ਤਨ ਵਿਚ ਫਿਰ ਆ ਜਾਂਦੀ ਸੀ। ਇਹ ਅਵਸਥਾ ਉਨ੍ਹਾਂ ਦੀ ਕਈ ਦਿਨ ਬਣੀ ਰਹੀ।
ਸੂਫ਼ੀਆਂ ਦਾ ਆਮ ਖ਼ਿਆਲ ਹੈ ਕਿ ਹਰ ਅਭਿਆਸੀ ਦੇ ਅੰਦਰ ਸੰਗੀਤ ਦਾ ਇਕ-ਰਸ ਨਗ਼ਮਾ ਛਿੜਿਆ ਰਹਿੰਦਾ ਹੈ। ਕਈ ਇਸਨੂੰ ਸਾਰੰਗੀ ਦੀ ਅਵਾਜ਼ ਵਰਗਾ ਕਹਿੰਦੇ ਹਨ:
ਸਰੂਰੇ ਇਸ਼ਕ ਸੇ ਦਿਲ ਮੇਂ ਹਮਾਰੇ,
ਹਮੇਸ਼ਾ ਗ਼ਮ ਕੀ ਸਾਰੰਗੀ ਬਜਾ ਕੀ।
ਨਗ਼ਮੇ ਦੀ ਤਾਸੀਰ ਗ਼ਮ ਆਵਰ ਸਰੂਰ ਹੈ। ਵੈਰਾਗਮਈ ਰਸ ਦੀ ਇਸ ਧਾਰਾ ਨੂੰ ਉਹ ਇਕ ਨਿਆਮਤ ਸਮਝਦੇ ਹਨ। ਬਾਜ਼ ਲੋਕਾਂ ਦਾ ਇਹ ਭੀ ਖ਼ਿਆਲ ਹੈ ਕਿ ਅੰਦਰ ਦਸ ਕਿਸਮ ਦੀ ਅਵਾਜ਼ ਨਹੀਂ, ਬਲਕਿ ਪੰਜ ਕਿਸਮ ਦੀਆਂ ਅਵਾਜ਼ਾਂ ਆਉਂਦੀਆਂ ਹਨ। ਭਾਵੇਂ ਪੁਰਾਣੇ ਸਾਹਿਤ ਵਿਚ ਇਹਨਾਂ ਅਵਾਜ਼ਾਂ ਦੀ ਗਿਣਤੀ ਦਸ ਤਕ ਵੀ ਦੱਸੀ ਗਈ ਹੈ ਪਰ ਅੱਜ-ਕੱਲ੍ਹ ਦੀ ਆਮ ਵੀਚਾਰ ਵਿਚ ਖ਼ਾਸ ਤੌਰ 'ਤੇ ਰਾਧਾ ਸੁਆਮੀ ਮਤ ਦੇ ਪ੍ਰਚਾਰ ਕਰਕੇ ਅਵਾਜ਼ਾਂ ਦੀਆਂ ਪੰਜ ਕਿਸਮਾਂ ਦਾ ਚਰਚਾ ਵਧੇਰੇ ਹੈ। ਇਹ ਅਵਾਜ਼ਾਂ, ਸਾਜ਼ਾਂ ਦੀਆਂ ਮੁਖ਼ਤਲਿਫ਼ ਅਵਾਜ਼ਾਂ ਨਾਲ ਮਿਲਦੀਆਂ ਜੁਲਦੀਆਂ ਆਮ ਮੰਨੀਆਂ ਜਾਂਦੀਆਂ ਹਨ। ਗੁਪਤ-ਪੰਥੀਆਂ ਦਾ ਅਕੀਦਾ ਤਾਂ ਛੁਪਿਆ ਹੋਇਆ ਹੋਣ ਕਰਕੇ ਠੀਕ ਨਹੀਂ ਦਸਿਆ ਜਾ ਸਕਦਾ, ਪਰ ਪ੍ਰਗਟ ਪੰਜ ਅਵਾਜ਼ਾਂ ਤੱਤ, ਵਿਤ, ਘਣ, ਨਾਦ ਤੇ ਸੁਘਰ ਹਨ:
ਤਤ ਤੰਤੀ ਬਿਤ ਚਰਮ ਕਾ, ਘਣ ਕਾਂਸ਼ੀ ਕੋ ਜਾਣ।
ਨਾਦ ਸ਼ਬਦ ਘਟ ਕੋ ਕਹੇ, ਸੁਘਰ ਸੋਆਸ ਪਹਿਚਾਨ।
ਭਾਵੇਂ ਇਹੀ ਵੰਡ ਕਿਸੇ ਤਰ੍ਹਾਂ ਵੀ ਕਿਉਂ ਨਾ ਹੋਵੇ, ਸਾਡਾ ਮਤਲਬ ਤਾਂ ਕੇਵਲ ਇਤਨਾ ਹੈ ਕਿ ਅਵਾਜ਼ ਦੀ ਤਾਸੀਰ ਜੋ ਸੰਗੀਤ ਦੇ ਰਸ ਕਰਕੇ ਬਣਦੀ ਹੈ, ਉਸ ਤੋਂ ਕੋਈ ਮਨੁੱਖ ਸ਼੍ਰੇਣੀ ਵੀ ਇਨਕਾਰ ਨਹੀਂ ਕਰ ਸਕਦੀ ਹੈ। ਜਿੱਥੇ ਇਰਾਨ ਦੇ ਹਾਫ਼ਜ਼ ਤੇ ਉਮਰੇ ਖ਼ਿਆਮ ਚੰਗ ਤੇ ਰਬਾਬ ਦੇ ਨਗ਼ਮਿਆਂ ਦੀ ਉਸਤਤ ਕਰਦਿਆਂ ਨਹੀਂ ਥੱਕਦੇ, ਉਥੇ ਇਹਰਾਰ ਤੇ ਕਾਦੀਆਨ ਦੇ ਅਹਿਮਦੀਆਂ ਜੈਸੀਆਂ ਸ਼ਰੱਈ ਜਮਾਤਾਂ ਵੀ ਕਵਿਤਾਵਾਂ ਪੜ੍ਹਾਣ, ਕੁਰਾਨ ਦਾ ਪਾਠ ਪੜ੍ਹਨ ਤੇ ਬਾਂਗ ਦਿਵਾਣ ਲਈ ਮਧੁਰ-ਕੰਠੀ ਬੰਦੇ ਲੱਭਦੀਆਂ ਦਿੱਸ ਆਉਂਦੀਆਂ ਹਨ।
ਹਿੰਦੂਆਂ ਵਿਚ ਤਾਂ ਸੰਗੀਤ ਦੀ ਮਹਾਨਤਾ ਬਹੁਤ ਉੱਚੀ ਹੈ। ਪੁਰਾਣਕ ਮਤ ਅਨੁਸਾਰ, ਆਦਿ ਸ਼ਿਵ ਨੇ ਹੀ ਡੌਰੂ ਵਜਾ ਕੇ ਸਭ ਰਾਗ ਗਾਏ ਹਨ, ਤੇ ਅੱਜ ਤਕ ਬੀਨਕਾਰ ਸਰਸਵਤੀ ਹੀ ਇਸ ਦੀ ਦਾਤ ਗਵੱਈਆਂ ਨੂੰ ਬਖ਼ਸ਼ ਰਹੀ ਹੈ। ਰਿਗ ਵੇਦ ਦੀਆਂ ਰਚਨਾਵਾਂ ਨੂੰ ਉੱਤਮ ਤਰੀਕੇ ਨਾਲ ਉਚਾਰਨ ਹਿਤ ਪਹਿਲੇ ਦਿਨ ਤੋਂ ਹੀ ਨਾਲ ਸ਼ਾਮ ਵੇਦ ਬਣਾਇਆ ਗਿਆ, ਜੋ ਹਿੰਦੁਸਤਾਨੀ ਸੰਗੀਤ ਦਾ ਮੱਥਾ ਹੈ।
ਪੁਰਾਣਕ ਮਨੌਤਾਂ ਤੋਂ ਬਿਨਾਂ ਮਜ਼ਹਬੀ ਇਤਿਹਾਸ ਵਿਚ ਈਸ਼ਵਰ ਦਾ ਸਭ ਤੋਂ ਵੱਡਾ ਸੋਲ੍ਹਾਂ ਕਲਾਂ ਸੰਪੂਰਨ ਕ੍ਰਿਸ਼ਨ ਅਵਤਾਰ, ਹਿੰਦੂਆਂ ਵਿਚ ਮੰਨਿਆ ਜਾਂਦਾ ਹੈ। ਉਸਦਾ ਸਭ ਤੋਂ ਪਿਆਰਾ ਨਾਮ ਹੀ ਮੁਰਲੀ ਮਨੋਹਰ ਹੈ। ਉਸ ਦੀ ਕੋਈ ਮੂਰਤੀ ਵੀ ਮੁਰਲੀ ਤੋਂ ਬਿਨਾਂ ਨਹੀਂ ਬਣਾਈ ਜਾਂਦੀ। ਉਹ ਸੰਗੀਤ ਦੇ ਇਤਨੇ ਕਲਾਕਾਰ ਸਨ ਕਿ ਉਹਨਾਂ ਦੀ ਬੰਸਰੀ ਦੀ ਤਾਸੀਰ 'ਤੇ ਭਾਰਤ ਦੇ ਹਰ ਸ਼੍ਰੋਮਣੀ ਕਵੀ ਨੇ ਕੁਛ ਨਾ ਕੁਛ ਲਿਖਿਆ ਹੈ। ਦੱਸਿਆ ਹੈ ਕਿ ਉਹਨਾਂ ਦੀ ਮੁਰਲੀ ਦੀ ਧੁਨ ਸੁਣ ਕੇ ਸਿਰਫ਼ ਬ੍ਰਿਜ ਦੀਆਂ ਸਖੀਆਂ ਹੀ ਨਹੀਂ ਸਨ ਰੀਝ ਜਾਂਦੀਆਂ ਬਲਕਿ ਜੰਗਲਾਂ ਦੇ ਪੰਛੀ ਅਤੇ ਮ੍ਰਿਗ ਵੀ ਮਸਤ ਹੋ ਜਾਂਦੇ ਸਨ। ਏਥੋਂ ਤਕ ਕਿ ਪੌਣ ਭੀ ਮਤਵਾਲੀ ਹੋ ਰੁਕ ਜਾਂਦੀ ਸੀ:
ਰੀਝ ਰਹੀ ਬ੍ਰਿਜ ਕੀ ਸਭ ਭਾਵਨ, ਜਬ ਮੁਰਲੀ ਨੰਦ ਲਾਲ ਬਜਾਈ।
ਰੀਝ ਰਹੇ ਬਨ ਕੇ ਖਗ ਔਰ ਮ੍ਰਿਗ, ਰੀਝ ਰਹੀ ਧੁੰਨ ਸੁੰਨ ਪਾਈ।
ਪਾਹਨ ਹੋਇ ਰਹੀ ਪ੍ਰਿਤਮਾ, ਸਭ ਸ਼ਾਮ ਕੀ ਔਰ ਰਹੀ ਲਿਵਲਾਈ।
ਡਾਰਤ ਹੈ ਕਾਹੂ ਕਿਆ ਕਾਨ ਤ੍ਰਿਆ, ਪੁਨ ਦੇਖਤ ਪਉਣ ਰਹਿਓ ਉਰਝਾਈ।
ਹਿੰਦੂ ਮਤ ਅਨੁਸਾਰ ਈਸ਼ਵਰ ਦੀ ਨੌਧਾ ਭਗਤੀ ਵਿਚ ਸੰਗੀਤ ਤੇ ਨਿਰਤ ਨੂੰ ਖ਼ਾਸ ਮਹਾਨਤਾ ਪ੍ਰਾਪਤ ਹੈ। ਸੰਗੀਤ ਸ਼ਾਸਤਰ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਰਾਗ ਰਾਗਨੀਆਂ ਸਭ ਦੀ ਅਲਹਿਦਾ ਅਲਹਿਦਾ ਮੂਰਤੀ ਤਸੱਵਰ ਕੀਤੀ ਗਈ ਹੈ। ਜੰਨਤ-ਨਿਵਾਸੀ ਅਕਬਰ ਅਲ੍ਹਾਬਾਦੀ ਦਾ ਖ਼ਿਆਲ ਸੀ ਕਿ ਮਹਾਂ ਕਵੀ ਰਾਬਿੰਦਰਾ ਨਾਥ ਟੈਗੋਰ ਦੀ ਸੂਰਤ, ਸੋਰਠ ਰਾਗਨੀ ਦੀ ਸੂਰਤ ਨਾਲ ਮਿਲਦੀ ਜੁਲਦੀ ਸੀ। ਰਾਗ ਦੇ ਸਮੇਂ ਦੀ ਪਾਬੰਦੀ, ਸ਼ੁਧ ਉੱਚਾਰ-ਲੈ-ਤਾਰ ਦਾ ਕਾਇਮ ਰਖਣਾ ਪੁੰਨ ਸਮਝਿਆ ਜਾਂਦਾ ਹੈ। ਵੈਸ਼ਨਵਾਂ ਵਿਚ ਕੀਰਤਨ ਦਾ ਖ਼ਾਸ ਜ਼ੋਰ ਹੈ। ਕਈ ਕਈ ਹਫ਼ਤਿਆਂ ਤੇ ਮਹੀਨਿਆਂ ਦੇ ਅਖੰਡ ਕੀਰਤਨ ਤੇ ਬ੍ਰਤ ਰਖੇ ਜਾਂਦੇ ਹਨ। ਬੰਗਾਲ ਵਿਚ ਜਗਤ ਬੰਧੂ ਦੀ ਰੱਖੀ ਹੋਈ ਲਾਸ਼ 'ਤੇ ਅਖੰਡ ਕੀਰਤਨ ਹੁੰਦਾ ਰਹਿੰਦਾ ਹੈ। ਉਹਨਾਂ ਦੇ ਚੇਲਿਆਂ ਦਾ ਖ਼ਿਆਲ ਹੈ ਕਿ ਸੰਤ ਸਮਾਧੀ ਵਿਚ ਹਨ ਤੇ ਇਕ ਦਿਨ ਉੱਠ ਬਹਿਣਗੇ। ਸਾਡਾ ਮਤਲਬ ਇਹ ਮਿਸਾਲ ਦੇਣ ਤੋਂ ਇਹ ਹੈ ਕਿ ਸੰਗੀਤ ਕਲਾ ਦੀ ਤਾਸੀਰ ਨੂੰ ਕਿਸ ਹੱਦ ਤਕ ਮੰਨਣ ਵਾਲੇ ਲੋਗ ਮੌਜੂਦ ਹਨ। ਭਗਤੀ ਵਿਚ ਸੰਗੀਤ ਤੇ ਨਿਰਤ ਦੀ ਮਹਾਨਤਾ ਨੂੰ ਮੰਨਣ ਵਾਲੀ ਮਸਤ ਮੀਰਾ ਬਾਈ, ਲੋਕ ਲਾਜ ਤਕ ਇਸ ਤੋਂ ਕੁਰਬਾਨ ਕਰ ਦੇਂਦੀ ਹੈ:
ਰਾਨਾ ਮੈਂ ਤੋ ਸਾਂਵਰੇ ਰੰਗ ਰਾਚੀ,
ਪਹਿਨ ਘਾਘਰਾ ਬਾਂਧ ਘੁੰਘਰੂ ਲੋਗ ਲਾਜ ਤਜ ਨਾਚੀ।
ਹਿੰਦੂ ਭਗਤੀ ਮੰਡਲੀ ਤੋਂ ਬਿਨਾਂ ਸੰਗੀਤ ਦੀ ਤਾਸੀਰ ਨੂੰ ਯੂਰਪ ਤੇ ਅਮਰੀਕਾ ਦੇ ਵਿਗਿਆਨਕ ਵੀ ਮੰਨਦੇ ਹਨ। ਸੰਗੀਤ ਦੀਆਂ ਸੁਰਾਂ ਦੀ ਤਾਸੀਰ ਨਾਲ ਕਈ ਬੀਮਾਰੀਆਂ ਦਾ ਇਲਾਜ ਯੂਰਪ ਤੇ ਅਮਰੀਕਾ ਵਿਚ ਕੀਤਾ ਜਾਂਦਾ ਹੈ। ਜ਼ਿਹਨੀ ਤੇ ਮਾਨਸਿਕ ਰੋਗਾਂ ਦਾ ਤਾਂ ਇਲਾਜ ਖ਼ਾਸ ਤੌਰ 'ਤੇ ਰਾਗ ਨੂੰ ਤਸਲੀਮ ਕੀਤਾ ਗਿਆ ਹੈ। ਸਾਡੇ ਦੇਸ਼ ਵਿਚ ਇਕ ਮਨੌਤ ਹੈ ਕਿ ਪੁਰਾਣੇ ਗਵੱਈਏ ਦੀਪਕ ਗਾ ਕੇ ਅੱਗ ਜਲਾ, ਤੇ ਮੇਘ ਗਾ ਕੇ ਬਾਰਸ਼ ਬਰਸਾ ਦਿਆ ਕਰਦੇ ਸਨ।* ਭਾਵੇਂ ਇਸ ਵਿਚ ਕੁਝ ਮੁਬਾਲਗਾ ਹੀ ਹੋਵੇ ਪਰ ਮਾਨਸਿਕ ਅਗਨੀ ਤੇ ਸ਼ਾਂਤੀ ਦੀ ਵਰਖਾ ਤਾਂ ਅੱਜ ਭੀ ਸੰਗੀਤ ਦੇ ਕਲਾਕਾਰ ਰੋਜ਼ ਕਰਦੇ ਦਿਸ ਪੈਂਦੇ ਹਨ। ਸਿਨੇਮਾ ਹਾਲਾਂ ਵਿਚ ਖ਼ਾਸ ਖ਼ਾਸ ਗਾਣੇ ਸੁਣ ਕੇ ਜੋਸ਼ ਨਾਲ ਨਾਹਰੇ ਮਾਰ ਉੱਠਣਾ ਤੇ ਕਦੀ ਭੁੱਬਾਂ ਮਾਰ ਮਾਰ ਕੇ ਰੋਣਾ ਤੇ ਛਮ ਛਮ ਅੱਥਰੂ ਕਿਰਨੇ, ਰਸਕ ਦਰਸ਼ਕਾਂ ਦਾ ਆਮ ਵਿਹਾਰ ਹੈ। ਮਨੁੱਖਾਂ ਤੋਂ ਬਿਨਾਂ ਘੰਡੇ ਹੇੜੇ ਦੇ ਸ਼ਬਦ ਉਤੇ ਮ੍ਰਿਗ ਦੀ ਹੀਂਗਣਾਂ ਤੇ ਬਣਾਂ ਦੇ ਨਾਗ ਦਾ ਮਸਤ ਹੋਣਾ ਦਸਦੇ ਹਨ। ਸੰਗੀਤ ਦੀ ਤਾਸੀਰ ਕੇਵਲ ਮਨੁੱਖਾਂ ਨੂੰ ਹੀ ਨਹੀਂ ਸਗੋਂ ਜ਼ਹਿਰੀ ਕੀੜਿਆਂ ਨੂੰ ਵੀ ਮੋਹ ਲੈਂਦੀ ਹੈ।
(* ਸ਼ਹਿਨਸ਼ਾਹ ਅਕਬਰ ਦੇ ਦਰਬਾਰੀ ਗਵੱਈਏ ਤਾਨਸੇਨ ਤੇ ਉਸ ਦੇ ਗੁਰੂ ਦੇ ਮੁਤਅੱਲਕ ਇਹ ਰਵਾਇਤਾਂ ਮਸ਼ਹੂਰ ਹਨ।)
ਕੀਰਤਨ ਦਾ ਮਹਾਤਮ ਹਿੰਦੂ ਪੁਰਾਣਾਂ ਵਿਚ ਮਹਾਨ ਕਥਨ ਕੀਤਾ ਗਿਆ ਹੈ। ਇਕ ਕਥਾ ਆਉਂਦੀ ਹੈ ਕਿ ਇਕ ਰਿਸ਼ੀ ਨੇ ਵੀਹ ਹਜ਼ਾਰ ਬਰਸ ਤਪ ਕੀਤਾ। ਦੇਵਨੇਤ ਨਾਲ ਨਾਰਦ ਮੁਨੀ ਫਿਰਦੇ ਫਿਰਾਂਦੇ ਉਸ ਦੇ ਆਸ਼ਰਮ ਵਿਚ ਆ ਨਿਕਲੇ। ਤਪੀਸ਼ਵਰ ਨੇ ਨਾਰਦ ਜੀ ਦਾ ਸਵਾਗਤ ਕੀਤਾ। ਕੁਝ ਦਿਨ ਆਪਣੇ ਆਸ਼ਰਮ ਵਿਚ ਟਿਕਾ ਸੇਵਾ ਕੀਤੀ ਤੇ ਵਿਦਾ ਕਰਨ ਸਮੇਂ ਦਸ ਹਜ਼ਾਰ ਬਰਸ ਦੇ ਤਪ ਦਾ ਫਲ ਨਾਰਦ ਜੀ ਨੂੰ ਦੇ ਦਿਤਾ। ਮੁਨੀ ਲੈ ਕੇ ਚਲਦੇ ਬਣੇ। ਰਸਹੀਣ ਤਪੀ ਥੋੜ੍ਹੇ ਦਿਨਾਂ ਬਾਅਦ ਆਪਣੀ ਦਿਤੀ ਹੋਈ ਦਾਤ ਦਾ ਵਟਾਂਦਰਾ ਕਰਨ ਹਿਤ ਨਾਰਦ ਜੀ ਦੇ ਆਸ਼ਰਮ 'ਤੇ ਜਾ ਧਮਕੇ। ਕੁਝ ਦਿਨ ਸੇਵਾ ਕਰ ਵਿਦਾ ਕਰਨ ਸਮੇਂ ਤਪੀਸ਼ਵਰ ਨੂੰ ਕਿਹਾ, "ਮੈਂ ਤਪੀਸ਼ਵਰ ਨਹੀਂ ਤੇ ਮੇਰੇ ਕੋਲ ਤਪ ਦਾ ਕੋਈ ਫਲ ਨਹੀਂ। ਮੈਂ ਭਗਵਾਨ ਦਾ ਕੀਰਤਨੀਆ ਭਗਤ ਹਾਂ। ਸੋ ਆਪ ਨੂੰ ਦੋ ਘੜੀ ਕੀਰਤਨ ਦਾ ਫਲ ਭੇਟਾ ਕਰਦਾ ਹਾਂ।" ਤਪੀ ਇਹ ਸੁਣ ਕੇ ਕ੍ਰੋਧ ਨਾਲ ਤਪ ਉਠਿਆ ਤੇ ਨਾਰਦ ਨੂੰ ਕਹਿਣ ਲੱਗਾ, "ਮੈਂ ਇਸ ਨਿਰਾਦਰੀ ਦਾ ਫਲ ਤੈਨੂੰ ਚਖਾ ਕੇ ਛਡਾਂਗਾ।" ਮੌਜੀ ਮੁਨੀ ਤਾਂ ਹੱਸ ਕੇ ਚੁੱਪ ਕਰ ਰਹੇ, ਪਰ ਤਪੀਸ਼ਵਰ ਸਿੱਧਾ ਵਿਸ਼ਨੂੰ ਭਗਵਾਨ ਕੋਲ ਪੁੱਜਾ। ਸਾਰੀ ਵਾਰਤਾ ਸੁਣਾ ਕੇ ਕਹਿਣ ਲੱਗਾ, "ਮੇਰਾ ਨਿਆਇ ਕਰੋ ਤੇ ਨਾਰਦ ਨੂੰ ਮੇਰੇ ਕੀਤੇ ਨਿਰਾਦਰ ਦਾ ਡੰਨ ਦਿਓ।" ਲਿਖਿਆ ਹੈ ਕਿ ਕ੍ਰੋਧ-ਆਤਰ ਤਪੀਸ਼ਵਰ ਦੇ ਲਾਲ ਅੰਗਿਆਰ ਨੈਣਾਂ ਨੂੰ ਤੱਕ, ਵਿਸ਼ਨੂੰ ਨੇ ਸਰਾਪ ਤੋਂ ਡਰਦਿਆਂ ਗੱਲ ਟਾਲ ਦਿਤੀ ਤੇ ਕਿਹਾ ਕਿ ਅਜਿਹੇ ਮਾਮਲਿਆਂ ਦਾ ਨਿਬੇੜਾ ਕਰਨਾ ਸ਼ਿਵ ਜੀ ਦਾ ਕੰਮ ਹੈ। ਜਦ ਤਪੀਆ ਸ਼ਿਵ ਜੀ ਕੋਲ ਪੁੱਜਾ ਤਾਂ ਉਹਨਾਂ ਨੇ ਸ਼ੇਸ਼ਨਾਗ ਕੋਲ ਘੱਲ ਦਿਤਾ। ਚਤੁਰ ਸ਼ੇਸ਼ ਨੇ ਰਿਸ਼ੀ ਦੀ ਵਾਰਤਾ ਸੁਣ ਕੇ ਕਿਹਾ, "ਮੈਂ ਅਜਿਹੇ ਮੁਕੱਦਮਿਆਂ ਦਾ ਫ਼ੈਸਲਾ ਹੋਣ ਵਾਲੀ ਜਗ੍ਹਾ ਵੇਖ ਕੇ ਕੀਤਾ ਕਰਦਾ ਹਾਂ। ਮੈਂ ਤੁਹਾਡੇ ਨਾਲ ਮਾਤ-ਲੋਕ ਨੂੰ ਚੱਲਣ ਲਈ ਤਿਆਰ ਹਾਂ, ਪਰ ਇਹ ਦੱਸੋ ਕਿ ਮੇਰੇ ਹੇਠੋਂ ਨਿਕਲ ਜਾਣ 'ਤੇ ਧਰਤੀ ਕਾਹਦੇ ਆਸਰੇ ਖਲੋਵੇਗੀ?" ਰਿਸ਼ੀ ਨੇ ਕੁਝ ਵਿਚਾਰ ਕੇ ਕਿਹਾ ਕਿ ਮੇਰੇ ਕੋਲ ਅਜੇ ਦਸ ਹਜ਼ਾਰ ਬਰਸ ਤਪ ਦਾ ਫਲ ਬਾਕੀ ਹੈ। ਮੈਂ ਉਹ ਧਰਤੀ ਨੂੰ ਦੇਂਦਾ ਹਾਂ। ਤੁਹਾਡੀ ਵਾਪਸੀ ਤਕ ਉਹ ਉਸ ਤਪ ਦੇ ਆਸਰੇ ਟਿਕੇ। ਰਿਸ਼ੀ ਦੇ ਫਲ ਪ੍ਰਦਾਨ ਕਰਨ 'ਤੇ ਜਿਉਂ ਹੀ ਸ਼ੇਸ਼ ਨੇ ਧਰਤੀ ਹੇਠੋਂ ਆਪਣਾ ਸਿਰ ਕਢਿਆ ਤਾਂ ਧਰਤੀ ਡੋਲਣ ਲਗ ਪਈ। ਧਰ-ਵਾਸੀਆਂ ਦੀ ਹਾਹਾਕਾਰ ਸੁਣ, ਸ਼ੇਸ਼ ਨੇ ਫਿਰ ਥੱਲੇ ਸਿਰ ਡਾਹ ਦਿਤਾ ਤੇ ਤਪੀ ਨੂੰ ਕਿਹਾ ਕਿ ਅਜੇ ਕੰਮ ਨਹੀਂ ਬਣਿਆ। ਕੋਈ ਹੋਰ ਫਲ ਕੋਲ ਹੈ ਤਾਂ ਉਹ ਵੀ ਦਿਉ। ਤਪੀ ਨੇ ਕਿਹਾ ਕਿ ਮੇਰਾ ਜ਼ਾਤੀ ਤੇ ਕੁਛ ਬਾਕੀ ਨਹੀਂ ਰਿਹਾ, ਹਾਂ, ਉਸ ਮਸਖ਼ਰੇ ਨਾਰਦ ਦਾ ਦਿਤਾ ਹੋਇਆ ਦੋ ਘੜੀ ਹਰੀ ਕੀਰਤਨ ਦਾ ਫਲ ਮੇਰੇ ਕੋਲ ਜ਼ਰੂਰ ਹੈ। ਮੈਂ ਉਹ ਵੀ ਧਰਤੀ ਨੂੰ ਦੇਂਦਾ ਹਾਂ। ਜੇ ਹੋ ਸਕੇ ਤਾਂ ਉਸ ਦੇ ਆਸਰੇ ਖਲੋਤੀ ਰਹੇ। ਦੋ ਘੜੀ ਕੀਰਤਨ ਦਾ ਫਲ ਮਿਲਣ 'ਤੇ ਸ਼ੇਸ਼ ਨੇ ਜਦੋਂ ਫਿਰ ਹੇਠਾਂ ਸਿਰ ਕੱਢ ਲਿਆ ਤਾਂ ਧਰਤੀ ਅਡੋਲ ਖਲੋਤੀ ਰਹੀ। ਤਪੀ ਨੇ ਤੱਕ ਕੇ ਕਿਹਾ, "ਮੈਨੂੰ ਸਮਝ ਆ ਗਈ ਹੈ ਕਿ ਹਜ਼ਾਰਾਂ ਬਰਸ ਦੇ ਤਪ ਨਾਲੋਂ ਦੋ ਘੜੀ ਹਰੀ ਕੀਰਤਨ ਦਾ ਫਲ ਜ਼ਿਆਦਾ ਹੁੰਦਾ ਹੈ।"
ਹਿੰਦੂ ਮਤ ਵਿਚ ਕੀਰਤਨ ਦੀ ਮਹਾਨਤਾ ਨੂੰ ਇਤਨਾ ਉੱਚਾ ਬਿਆਨ ਕੀਤਾ ਗਿਆ ਹੈ ਕਿ ਸਹਿਜੇ ਸਹਿਜੇ ਭਗਤਾਂ ਦੇ ਇਸ ਪਾਕ ਜਜ਼ਬੇ ਤੋਂ ਫ਼ਾਇਦਾ ਉਠਾਣ ਵਾਲੇ ਪੇਸ਼ਾਵਰ ਗਵੱਈਆਂ ਤੇ ਨਾਚਿਆਂ ਦੀਆਂ ਜਮਾਤਾਂ ਪੈਦਾ ਹੋ ਗਈਆਂ, ਜੋ ਬਜ਼ੁਰਗਾਂ ਦੇ ਸਾਂਗ ਰਚਾ ਰਚਾ ਤਮਾਸ਼ੇ ਕਰਨ ਲਗੀਆਂ। ਸੁਆਂਗ ਬਣੇ ਹੋਏ ਗੁਰੂ ਗਾਉਂਦੇ, ਚੇਲੇ ਨੱਚਦੇ, ਪੈਰਾਂ ਤੇ ਸਿਰਾਂ ਨਾਲ ਤਾਲ ਦੇਂਦੇ, ਧਰਤ ਦੀ ਮਿੱਟੀ ਪੁੱਟ ਸਿਰ 'ਤੇ ਪਾਉਂਦੇ ਸਨ ਤੇ ਜਨਤਾ ਉਹਨਾਂ ਕੋਲੋਂ ਦੈਵੀ ਪ੍ਰਭਾਵ ਲੈਣ ਦੀ ਥਾਂ ਦੋ ਘੜੀ ਹਾਸਾ ਤਮਾਸ਼ਾ ਕਰ ਘਰ ਨੂੰ ਚਲੀ ਜਾਂਦੀ ਸੀ:
ਵਾਇਨਿ ਚੇਲੇ ਨਚਨਿ ਗੁਰ॥ ਪੈਰ ਹਲਾਇਨਿ੍ ਫੇਰਨਿ੍ ਸਿਰ॥
ਉਡਿ ਉਡਿ ਰਾਵਾ ਝਾਟੈ ਪਾਇ॥ ਵੇਖੈ ਲੋਕੁ ਹਸੈ ਘਰਿ ਜਾਇ॥
ਰੋਟੀਆ ਕਾਰਣਿ ਪੂਰਹਿ ਤਾਲ। ਆਪੁ ਪਛਾੜਹਿ ਧਰਤੀ ਨਾਲਿ॥
(ਆਸਾ ਕੀ ਵਾਰ, ਮ: ੧, ਪੰਨਾ ੪੬੫)
ਇਸ ਰਿਵਾਜ ਦੀ ਸਭ ਤੋਂ ਕੋਹਜੀ ਸੂਰਤ ਉਦੋਂ ਬਣੀ ਜਦ ਮੰਦਰਾਂ ਵਿਚ ਨੱਚਣ ਲਈ ਪਹਿਲਾਂ ਦੇਵ ਦਾਸੀਆਂ ਤੇ ਫਿਰ ਜਨਤਾ ਦਾ ਇਖ਼ਲਾਕ ਵਿਗਾੜਨ ਲਈ ਬਜ਼ਾਰੀ ਨਾਇਕਾਂ ਬਣ ਬੈਠੀਆਂ। ਉਹਨਾਂ ਨੇ ਸੰਗੀਤ ਨੂੰ ਵੀ ਬਦਨਾਮ ਕੀਤਾ। ਅੰਗੂਰ ਰਸ ਨੂੰ ਤਰਕਾ ਕੇ ਸ਼ਰਾਬ ਬਣਾਣ ਵਾਂਗ, ਰਾਗ ਦੇ ਪਵਿੱਤਰ ਸ਼ਾਂਤ ਰਸ ਨੂੰ ਵਿਸ਼ੇ ਰਸ ਵਿਚ ਬਦਲ ਦਿੱਤਾ। ਰਾਗ ਦੀ ਸੂਰਤ ਵੀ ਵਿਗੜੀ ਤੇ ਸਰੋਤੇ ਵੀ ਗ਼ਰਕ ਹੋਏ:
ਸ਼ੁਭ ਕਾਜ ਕੋ ਛੋਡ ਆਕਾਜ ਕਰੈਂ,
ਕੁਛ ਲਾਜ ਨਾ ਆਵਤ ਹੈ ਇਨ ਕੋ।
ਇਕ ਰਾਂਡ ਬੁਲਾਇ ਨਚਾਵਤ ਹੈ,
ਗ੍ਰਹਿ ਕਾ ਧੰਨ ਸਾਮ ਲੁਟਾਵਨ ਕੋ।
ਮ੍ਰਿਦੰਗ ਤਿਨੇ ਧ੍ਰਿਗ ਧ੍ਰਿਗ ਕਹੇ,
ਸੁਲਤਾਨ ਕਹੇ ਕਿੰਨ ਕੋ ਕਿੰਨ ਕੋ।
ਬਾਂਹਿ ਉਲਾਰ ਕੇ ਨਾਰ ਕਹੇ,
ਇੰਨਕੋ, ਇੰਨਕੋ, ਇੰਨਕੋ ਇੰਨਕੋ।
ਸੰਸਾਰ ਦੀਆਂ ਹੋਰ ਡਿੱਗੀਆਂ ਹੋਈਆਂ ਚੀਜ਼ਾਂ ਵਾਂਗ ਸੰਗੀਤ ਦੀ ਸਾਰ ਵੀ ਸਤਿਗੁਰਾਂ ਨੇ ਆਣ ਲਈ। ਗੁਰਮਤਿ ਵਿਚ ਕੀਰਤਨ ਪ੍ਰਧਾਨ ਕੀਤਾ ਗਿਆ। ਦੱਸਿਆ ਕਿ ਪੁਰਾਣੇ ਲੋਕਾਂ ਨੇ ਜੋ ਜੀਵਨ-ਬਿਰਤੀ ਦੇ ਸਾਧਨ ਅਖ਼ਤਿਆਰ ਕੀਤੇ ਸਨ, ਅਸੀਂ ਉਹਨਾਂ ਦੀ ਥਾਂ ਹਰੀ-ਕੀਰਤਨ ਨੂੰ ਹੀ ਮੁਖ ਸਮਝਦੇ ਹਾਂ, ਕਿਉਂਕਿ ਵੇਦ ਦਾ ਪਾਠ ਪੜ੍ਹਨ ਤੇ ਵਿਚਾਰਨ ਵਾਲੇ, ਨਿਵਲ-ਭੁਅੰਗਮ ਦੇ ਸਾਧਨ ਵਾਲੇ, ਵਿਕਾਰਾਂ ਕੋਲੋਂ ਤਾਂ ਕੀ ਛੁਟਣੇ ਸੀ, ਸਗੋਂ ਵਧੇਰੇ ਹਉਮੈ ਵਿਚ ਬੱਝ ਗਏ। ਮੋਨੀ ਤੇ ਕਰਾਮਾਤੀ ਹੋ ਰਿਹਾਂ, ਨਾਂਗੇ ਹੋ ਬਣ ਗਿਆਂ ਤੇ ਤੀਰਥਾਂ ਦੇ ਕਿਨਾਰਿਆਂ 'ਤੇ ਫਿਰਿਆਂ ਵੀ ਦੁਬਿਧਾ ਨਹੀਂ ਛੁਟਦੀ। ਤੀਰਥ 'ਤੇ ਜਾ, ਸਿਰ 'ਤੇ ਕਰਵਤ ਧਰਾ, ਲਖ ਯਤਨ ਕੀਤਿਆਂ ਵੀ ਮਨ ਦੀ ਮੈਲ ਨਹੀਂ ਉਤਰਦੀ। ਜ਼ਰ-ਜੋਰੂ, ਘੋੜੇ-ਹਾਥੀ, ਅੰਨ-ਬਸਤਰ ਤੇ ਧਰਤੀ ਤਕ ਦਾਨ ਦਿੱਤਿਆਂ ਵੀ ਪ੍ਰਭੂ ਦਾ ਦੁਆਰ ਪ੍ਰਾਪਤ ਨਹੀਂ ਹੁੰਦਾ। ਪੂਜਾ, ਅਰਚਾ, ਬੰਦਨਾ, ਡੰਡੌਤ, ਜੋਗ ਦੇ ਚਉਰਾਸੀ ਆਸਣ ਕੀਤਿਆਂ ਵੀ ਪ੍ਰਭੂ ਪ੍ਰਾਪਤੀ ਦੀ ਸੂਰਤ ਨਾ ਲੱਭੀ। ਰਾਜ-ਸੁਖ, ਹਕੂਮਤ ਤੇ ਐਸ਼ ਭੀ ਨਰਕ ਦਾ ਦੁਆਰਾ ਹਨ। ਬਸ ਇੱਕੋ ਹੀ ਸਚਾਈ ਲੱਭੀ ਹੈ ਕਿ ਸਾਧ ਸੰਗਤ ਵਿਚ ਕੀਤਾ ਹੋਇਆ ਹਰੀ-ਕੀਰਤਨ ਸਭ ਕਰਮਾਂ ਦੇ ਸਿਰਮੌਰ ਕਰਮ ਹੈ:
ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ॥
ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ॥੧॥
ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ॥
ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ॥ਰਹਾਉ॥
ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ॥
ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ॥੨॥
ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ॥
ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ॥੩॥
ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ॥
ਅੰਨ ਬਸਤ੍ਰ ਭੂਮਿ ਬਹੁ ਅਰਪੈ ਨਹ ਮਿਲਿਐ ਹਰਿ ਦੁਆਰਾ॥੪॥
ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ॥
ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲਿਐ ਇਹ ਜੁਗਤਾ॥੫॥
ਜੋਗ ਸਿਧ ਆਸਣ ਚਉਰਾਸੀਹ ਏ ਭੀ ਕਰਿ ਕਰਿ ਰਹਿਆ॥
ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨ ਗਹਿਆ॥੬॥
ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ॥
ਸੇਜ ਸੋਹਨੀ ਚੰਦਨੁ ਚੋਆ ਨਰਕ ਘੋਰ ਕਾ ਦੁਆਰਾ॥੭॥
ਹਰਿ ਕੀਰਤਿ ਸਾਧ ਸੰਗਤਿ ਹੈ ਸਿਰਿ ਕਰਮਨ ਕੈ ਕਰਮਾ॥
ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ॥੮॥
ਤੇਰੋ ਸੇਵਕੁ ਇਹ ਰੰਗਿ ਮਾਤਾ॥ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ
ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ॥ਰਹਾਉ ਦੂਜਾ॥
(ਸੋਰਠਿ ਮਹਲਾ ੫ ਅਸਟਪਦੀ, ਪੰਨਾ ੬੪੧)
ਇਸ ਦਾਤ ਦੀ ਪ੍ਰਾਪਤੀ 'ਤੇ ਪ੍ਰਭੂ ਦਾ ਸ਼ੁਕਰੀਆ ਅਦਾ ਕਰਦਿਆਂ ਹੋਇਆਂ ਕਿਹਾ ਹੈ—ਜਦੋਂ ਦੀਨ ਦੁਖਭੰਜਨ ਪ੍ਰਭੂ ਕ੍ਰਿਪਾਲ ਹੋਏ ਤਾਂ ਹਰੀ-ਕੀਰਤਨ ਵਿਚ ਮਨ ਰੰਗਿਆ ਗਿਆ:
ਭਇਓ ਕ੍ਰਿਪਾਲ ਦੀਨ ਦੁਖ ਭੰਜਨੁ ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ॥
(ਸੋਰਠਿ ਮਃ ੫, ਪੰਨਾ ੬੪੧)
ਕੀਰਤਨ ਦੀ ਮਹਾਨਤਾ ਕੇਵਲ ਗੁਰਬਾਣੀ ਵਿਚ ਹੀ ਕਥਨ ਨਹੀਂ ਕੀਤੀ ਗਈ, ਸਗੋਂ ਇਤਿਹਾਸ ਵੀ ਇਸ ਦੀ ਅਮਲੀ ਵਰਤੋਂ ਦਾ ਵਿਸ਼ੇਸ਼ ਜ਼ਿਕਰ ਕਰਦਾ ਹੈ। ਸਭ ਤੋਂ ਪਹਿਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਅਪਣਾਇਆ; ਜਦੋਂ ਦੌਲਤ ਖ਼ਾਂ ਲੋਧੀ ਦਾ ਮੋਦੀ ਰਹਿਣਾ ਤਿਆਗ, ਕਰਤਾਰ ਦੇ ਮੋਦੀ ਬਣੇ ਤੇ ਪ੍ਰਚਾਰ ਹਿਤ ਪਹਿਲੀ ਉਦਾਸੀ ਤੁਰਨ ਲਗੇ ਤਾਂ ਆਪ ਨੇ ਭਾਈ ਮਰਦਾਨੇ ਜੀ ਨੂੰ ਭੇਜ, ਬੇਬੇ ਨਾਨਕੀ ਜੀ ਕੋਲੋਂ ਰੁਪਏ ਮੰਗਵਾ, ਫਿਰੰਦੇ ਪਾਸੋਂ ਰਬਾਬ ਖ਼ਰੀਦਿਆ। ਇਹ ਰਬਾਬ ਤੇ ਰਬਾਬੀ ਬਾਬਾ ਜੀ ਦਾ ਜਗਤ ਤਾਰਨ ਦਾ ਬਹਾਨਾ ਸਨ। ਮਰਦਾਨੇ ਨੂੰ ਵਜਾਉਣੀ ਨਹੀਂ ਸੀ ਆਉਂਦੀ। ਬਾਬੇ ਨੇ ਖ਼ੁਦ ਸਿਖਾਇਆ। ਜਦ ਤਾਰ ਛਿੜੀ ਤਾਂ ਬਸਤੀਆਂ, ਵੀਰਾਨਿਆਂ, ਜੰਗਲਾਂ, ਪਹਾੜਾਂ ਤੇ ਥਲਾਂ ਤੇ ਸੰਗੀਤ ਲਾਉਂਦਾ ਚਲਾ ਗਿਆ। ਰਾਖਸ਼ਸ ਤੇ ਠੱਗ ਮਨਾਂ ਨੂੰ ਸੰਤ ਬਣਾਉਣਾ ਉਸ ਦੀ ਕਾਰ ਸੀ:
ਘਲ ਕੇ ਫਿਰੰਦੇ ਢਿਗ ਰਬਾਬ ਮੰਗਾਇਆ ਪਹਿਲੇ,
ਆਪ ਹੀ ਸਿਖਾਇਆ, ਉਹਨੂੰ ਆਉਂਦਾ ਨਾ ਬਜਾਣਾ ਸੀ।
ਚਾਰ ਕੁੰਟ ਤਾਰ ਵੱਜੀ ਜੰਗਲੀ ਪਹਾੜੀਂ ਥਲੀਂ,
ਸੁਣੀ ਹੋਇਆ ਪਾਰ, ਰਿਹਾ ਆਵਣ ਨਾ ਜਾਣਾ ਸੀ।
ਕੌਡੇ ਜਿਹੇ ਜਾਬਰਾਂ, ਬਾਬਰ ਜਹੇ ਕਾਬਰਾਂ,
ਤੇ ਸਜਣ ਜਹੇ ਠੱਗਾਂ ਨੇ ਵੀ ਸੁਣਿਆ ਤਰਾਨਾ ਸੀ।
ਬਾਬੇ ਦਾ ਰਬਾਬੀ, ਰਬ-ਆਬੀ ਭਿੰਨੀ ਤਾਰ ਜੀਹਦੀ,
ਨਾਮ ਮਰਦਾਨਾ, ਜਗ ਤਾਰਨੇ ਬਹਾਨਾ ਸੀ।
(ਕਰਤਾ)
ਹੁੰਦੀ ਵੀ ਕਿਉਂ ਨਾ, ਭਾਰਤਵਰਸ਼ ਦੇ ਗਵੱਈਏ, ਬਾਬੇ ਤੋਂ ਪਹਿਲਾਂ ਤਾਂ ਵਿਕਾਰਾਂ ਦਾ ਦੀਪਕ ਗਾ ਗਾ ਕੇ ਹੀ ਜਗਤ ਨੂੰ ਜਲਾ ਰਹੇ ਸਨ:
ਦੀਪਕ ਕੋ ਗਾਏ ਗਾਏ ਭਾਰਤ ਹਵਾ ਜਿਉਂ ਤਪਿਆ,
ਗਾਇਕੇ ਮਲਹਾਰ ਮੇਘ, ਵਾਕੋ ਸੀਆ ਰਾਇਦੇ।
ਬਾਬੇ ਕੇ ਰਬਾਬੀ, ਭਾਈ ਮਰਦਾਨਾ ਉਠ,
ਨੇਸੁਕ ਰਬਾਬ ਪਰ ਮਿਜ਼ਰਾਬ ਤੋਂ ਲਗਾਇਦੇ॥
(ਭਾਈ ਕਾਹਨ ਸਿੰਘ ਜੀ)
ਇਹ ਕੁਦਰਤ ਨੇ ਬਾਬੇ ਦੇ ਰਾਹੀਂ ਮਰਦਾਨੇ ਦੇ ਰਬਾਬ* ਦੇ ਹਿੱਸੇ ਹੀ ਰਖਿਆ ਸੀ ਕਿ ਹਰੀ ਨਾਮ ਦਾ ਮੇਘ ਅਲਾਪ ਜਲੰਦੇ ਜਗਤ ਨੂੰ ਠਾਰ ਦੇਵੇ।
(*ਰਬਾਬ ਇਕ ਈਰਾਨੀ ਸਾਜ਼ ਹੈ, ਜਿਸਦੀ ਖਰਜ ਦੀ ਤਾਰ ਆਮ ਤੌਰ 'ਤੇ ਤੰਦੀ ਦੀ ਹੁੰਦੀ ਹੈ। ਇਹ ਮਿਜ਼ਰਾਬ ਨਾਲ ਵਜਾਇਆ ਜਾਂਦਾ ਹੈ। ਸਰਹੰਦ ਤੇ ਬਲੋਚਿਸਤਾਨ ਵਿਚ ਇਸ ਦਾ ਅੱਜ ਵੀ ਬਹੁਤ ਰਿਵਾਜ ਹੈ। ਉਥੇ ਕਿਤੇ ਵੀ ਇਸਲਾਮੀ ਹੋਟਲ ਦੀ ਰੋਣਕ ਰਬਾਬ ਦੀ ਤਾਰ ਛੇੜੇ ਬਿਨਾਂ ਨਹੀਂ ਬਣ ਸਕਦੀ। ਗੁਰੂ ਘਰ ਵਿਚ ਆਦਿ ਸਤਿਗੁਰਾਂ ਤੋਂ ਲੈ ਕੇ ਦਸਮ ਸਤਿਗੁਰਾਂ ਤਕ ਇਸ ਦੇ ਵਜਾਣ ਦਾ ਰਿਵਾਜ ਰਿਹਾ ਹੈ। ਰਿਆਸਤ ਮੰਡੀ ਦੇ ਬਾਹਰਲੇ ਬਿਆਸਾ ਕਿਨਾਰੇ ਦੇ ਗੁਰਦੁਆਰੇ ਵਿਚ ਪਈਆਂ ਦਸਮ ਪਾਤਸ਼ਾਹ ਦੀਆਂ ਯਾਦਗਾਰਾਂ ਵਿਚੋਂ ਇਕ ਰਬਾਬ ਭੀ ਹੈ। ਭਾਈ ਮਰਦਾਨੇ ਜੀ ਦੀ ਸੰਪਰਦਾ ਵਿਚ ਰਾਇ ਸੱਤਾ ਬਲਵੰਡ ਤੇ ਭਾਈ ਬਾਬਕ ਜੀ ਤੋਂ ਚਲਦਾ ਹੋਇਆ ਰਬਾਬ ਸਾਡੇ ਤਕ ਪੁੱਜਾ ਹੈ। ਗੁਰਪੁਰਵਾਸੀ ਭਾਈ ਕੱਥਾ ਸਿੰਘ ਨੱਥਾ ਸਿੰਘ ਜੀ ਨਨਕਾਣੇ ਸਾਹਿਬ ਵਾਲੇ, ਬੜੀ ਮਸਤੀ ਵਿਚ ਰਬਾਬ ਵਜਾਇਆ ਕਰਦੇ ਸਨ। ਕਦੀ ਕਦੀ ਭਾਈ ਤਾਨਾ ਸਿੰਘ ਜੀ ਦੇ ਹੱਥ ਵੀ ਦੇਖਿਆ ਗਿਆ ਸੀ। ਪਰ ਅੱਜ ਇਸ ਦਾ ਰਿਵਾਜ ਸਿਖ ਕੀਰਤਨੀਆਂ ਵਿਚ ਗੁੰਮ ਹੋ ਗਿਆ ਹੈ। ਹਾਰਮੋਨੀਅਮ ਵਾਜੇ ਦੀ, ਜੋ ਪੱਛਮੀ ਭਿਖਾਰੀਆਂ ਦਾ ਸਾਜ਼ ਹੈ, ਵਰਤੋਂ ਨੇ ਮਿਹਨਤ ਤੋਂ ਜੀ ਚੁਰਾਉਣ ਵਾਲੇ ਰਾਗੀਆਂ ਤੇ ਰਬਾਬੀਆਂ ਦੀ ਤਵੱਜੋ ਤੰਤੀ ਸਾਜ਼ ਵੱਲੋਂ ਆਮ ਤੌਰ 'ਤੇ ਅਤੇ ਰਬਾਬ ਵਲੋਂ ਖ਼ਾਸ ਤੌਰ 'ਤੇ ਹਟਾ ਦਿੱਤੀ ਹੈ। ਉੱਚੀਆਂ ਸੰਗੀਤ ਸਭਾਵਾਂ ਵਿਚ ਇਸ ਦੀ ਥਾਂ ਪੱਛਮੀ 'ਗਟਾਰ' ਨੇ ਲੈ ਲਈ ਹੈ। ਕੇਹਾ ਚੰਗਾ ਹੋਵੇ ਜੇ ਸਿੱਖ ਰਾਗੀ ਇਸ ਦੇ ਵਜਾਉਣ ਦਾ ਰਿਵਾਜ ਫਿਰ ਪਾ ਲੈਣ।)
ਗੁਰੂ ਜੀ ਨੇ ਆਪਣੇ ਹਰ ਸਫ਼ਰ ਵਿਚ ਮਰਦਾਨੇ ਦੇ ਆਖ਼ਰੀ ਸੁਆਸਾਂ ਤਕ ਉਸ ਨੂੰ ਨਾਲ ਰੱਖਿਆ। ਉਹ ਜਿਥੇ ਵੀ ਜਾਂਦੇ, ਲੋਕ ਉੱਧਾਰ ਹਿਤ, ਮਰਦਾਨੇ ਨੂੰ ਰਬਾਬ ਛੇੜਨ ਨੂੰ ਕਹਿੰਦੇ ਤੇ ਆਪ ਕੀਰਤਨ ਕਰਦੇ। ਇਸ ਕੀਰਤਨ ਦੇ ਅਸਰ ਨੇ ਜਗਤ ਵਿਚ ਇਕ ਨਵਾ ਪਲਟਾ ਲੈ ਆਂਦਾ। ਮਨੁੱਖੀ ਮਨ ਦੀਆਂ ਸੁੱਕੀਆਂ ਹੋਈਆਂ ਟਹਿਣੀਆਂ ਵਿਚੋਂ ਰਸ-ਉਤਸ਼ਾਹ ਦੇ ਨਵੇਂ ਅੰਕੁਰ ਫੁੱਟ ਨਿਕਲੇ, ਕਰਮ-ਕਾਂਡਾਂ ਦੀ ਠੰਢਕ ਨਾਲ ਬਰਫ਼ ਹੋ ਚੁੱਕੇ ਦਿਲ ਕੁਝ ਨਿੱਘ ਮਹਿਸੂਸ ਕਰ ਪੰਘਰ ਤੁਰੇ। ਉਹ ਕਿਆ ਅਜਬ ਸਮਾਂ ਸੀ, ਜਦੋਂ ਸੱਜਣ ਠੱਗ ਦੇ ਫਸਾਏ ਹੋਏ ਭੋਲੇ ਦੋ ਮੁਸਾਫ਼ਰਾਂ ਨੇ, ਸਾਇਂ ਕਾਲ ਹੀ ਤਾਰਾਂ ਛੇੜ ਕੇ ਗੀਤ ਆਰੰਭਿਆ। ਉਹ ਆਪਣੀ ਮਸਤੀ ਵਿਚ ਗਾ ਰਹੇ ਸਨ, ਤੇ ਸੱਜਣ ਮਸਤੀ ਵਿਚ ਉਠ ਰਿਹਾ ਸੀ। ਗੀਤ ਦਾ ਮਜ਼ਮੂਨ ਸੀ: ਉਜਲਾ ਚਿਲਕ ਰਿਹਾ ਕਾਂਸੀ ਦਾ ਬਰਤਨ ਬੜਾ ਲਿਸ਼ਕਦਾ ਸੀ, ਪਰ ਜਿਉਂ ਜਿਉਂ ਘੋਟਿਆ, ਕਾਲੀ ਸਿਆਹੀ ਹੀ ਨਿਕਲਦੀ ਆਈ:
ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ॥
(ਸੂਹੀ ਮ: ੧, ਪੰਨਾ ੭੨੯)
ਇਲਾਹੀ ਗੀਤ ਅਜੇ ਮੁਕਿਆ ਵੀ ਨਹੀਂ ਸੀ ਕਿ ਸੱਜਣ ਵਿਚੋਂ ਸਿਆਹੀ ਮੁੱਕ ਗਈ, ਉਹ ਸਚਮੁੱਖ ਸੱਜਣ ਹੋ ਗਿਆ। ਏਸੇ ਹਰੀ ਕੀਰਤਨ ਦੀ ਧੁਨੀ ਨੇ ਹੀ ਕਾਮਰੂਪ ਦੇਸ਼ ਦੀ ਸੁੰਦਰੀ ਨੂਰ ਸ਼ਾਹ ਦਾ ਨਿਸਤਾਰਾ ਕੀਤਾ। ਏਸੇ ਨੇ ਹੀ ਹਸਨ ਅਬਦਾਲ ਦੀ ਚੋਟੀ 'ਤੇ ਬੈਠੇ ਹੋਏ ਕੰਧਾਰੀ ਤਪੀ ਦਾ ਦਿਲ ਖਿੱਚ ਲਿਆ, ਤੇ ਜਗਨ ਨਾਥ ਦੇ ਪੰਡਿਆਂ ਦਾ ਕਰਮ-ਕਾਂਡ ਦੀ ਸੀਤ ਵਿਚ ਠਰਿਆ ਹੋਇਆ ਮਨ, ਨਿੱਘਾ ਕਰ ਦਿੱਤਾ। ਉਹ ਇਸ ਉਡੀਕ ਵਿਚ ਸਨ ਕਿ ਸਾਗਰ ਦੇ ਕੰਢੇ ਬੈਠੇ ਹੋਏ ਗੁਰੂ ਚੇਲਾ ਅੱਜ ਮੰਦਰ ਵਿਚ ਆਰਤੀ ਸਮੇਂ ਸ਼ਾਮਲ ਹੋਣਗੇ। ਉਚੇਚੇ ਸਵਰਨ ਦੇ ਥਾਲ ਤੇ ਦੀਪਕ ਲਿਆਂਦੇ ਗਏ। ਤਾਜ਼ੇ ਫੁੱਲ ਤੇ ਸੰਦਲ ਦੇ ਚੌਰ ਤਿਆਰ ਕੀਤੇ ਗਏ, ਪਰ ਆਰਤੀ ਦਾ ਸਮਾਂ ਹੋ ਜਾਣ ਤੇ ਸਾਧੂ ਨਾ ਪੁੱਜੇ। ਪੁਜਾਰੀ ਰੋਜ਼ਾਨਾ ਫ਼ਰਜ਼ ਅਦਾ ਕਰ, ਰੋਹ ਭਰੇ ਪੁਰੀ ਦੇ ਦਰਸ਼ਕਾਂ ਦੀ ਭੀੜ ਨੂੰ ਨਾਲ ਲੈ, ਸਾਗਰ ਕੰਢੇ ਗਏ। ਅੱਗੇ ਰਬਾਬ ਦੀ ਧੁਨੀ ’ਤੇ ਆਰਤੀ ਗਾਈ ਜਾ ਰਹੀ ਸੀ। ਗੀਤ ਇਹ ਸੀ, 'ਹੇ ਭਵ ਖੰਡਨ, ਤੇਰੀ ਆਰਤੀ ਕਿਸ ਤਰ੍ਹਾਂ ਹੋ ਸਕਦੀ ਹੈ, ਨਵੀਂ ਸਮੱਗਰੀ ਕੀ ਬਣਾਈ ਜਾਵੇ ਜਦ ਕਿ ਅੱਗੇ ਹੀ ਕੁਦਰਤ ਅਕਾਸ਼ ਦੇ ਥਾਲ ਵਿਚ, ਚੰਦ ਤੇ ਸੂਰਜ ਦੇ ਦੀਵੇ ਰੱਖੀ, ਸਿਤਾਰਿਆਂ ਦੀ ਦੌਲਤ ਨੂੰ ਨਿਛਾਵਰ ਕਰ ਰਹੀ, ਸਰਬ ਬਨਸਪਤੀ ਫੁਲ ਬਰਸਾ ਰਹੀ ਤੇ ਹਵਾ ਚੌਰ ਕਰ ਰਹੀ ਹੈ।'
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ
ਤਾਰਿਕਾ ਮੰਡਲ ਜਨਕ ਮੋਤੀ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ
ਸਗਲ ਬਨਰਾਇ ਫੁਲੰਤ ਜੋਤੀ॥
ਕੈਸੀ ਆਰਤੀ ਹੋਇ ਭਵਖੰਡਨਾ ਤੇਰੀ ਆਰਤੀ॥
ਅਨਹਤਾ ਸਬਦ ਵਾਜੰਤ ਭੇਰੀ॥
(ਧਨਾਸਰੀ ਮ: ੧, ਪੰਨਾ ੧੩)
ਇਹ ਆਰਤੀ ਜਿਉਂ ਜਿਉਂ ਗਾਈ ਜਾ ਰਹੀ ਸੀ, ਪੁਰੀ ਦੇ ਪੁਜਾਰੀ ਸੱਚੇ ਜਗਨ ਨਾਥ ਦੇ ਦਰਸ਼ਨ ਅਨੁਭਵ ਕਰਦੇ ਹੋਏ ਉਚੇਰੇ ਰਸ ਵਿਚ ਉੱਡਦੇ ਜਾ ਰਹੇ ਸਨ।
ਬਾਬਾ ਜੀ ਨੇ ਕੀਰਤਨ ਦਾ ਇਹ ਪ੍ਰਵਾਹ ਕੇਵਲ ਹਿੰਦੂ ਦੇਵ-ਅਸਥਾਨਾਂ 'ਤੇ ਹੀ ਨਹੀਂ ਚਲਾਇਆ, ਸਗੋਂ ਮੁਸਲਮਾਨ ਫ਼ਕੀਰਾਂ ਦੇ ਸਮੂਹ ਰਸਕ ਹਿਰਦਿਆਂ ਨੂੰ ਵੀ ਇਸ ਦੀ *ਧੂ ਪਾਈ। ਆਪ ਈਰਾਕ (ਅਰਬ) ਦੇ ਦੌਰੇ ਵਿਚ ਵੀ ਮਰਦਾਨੇ ਨੂੰ ਨਾਲ ਹੀ ਲੈ ਗਏ ਤੇ ਕੀਰਤਨ ਜਾਰੀ ਰਖਿਆ।
(*ਪੀਰ ਸੁਲਤਾਨ ਨੂੰ ਬਾਬੇ ਜੀ ਦੀ ਆਮਦ ਦੀ ਖ਼ਬਰ ਜਿਸ ਮੁਰੀਦ ਦੇ ਰਾਹੀਂ ਲਗੀ ਸੀ, ਉਸ ਨੇ ਲੰਗਰ ਲਈ ਲਕੜੀਆਂ ਚੁਣਨ ਗਿਆਂ ਪਹਿਲਾਂ ਜੰਗਲ ਵਿਚ ਬਾਬੇ ਜੀ ਦਾ ਕੀਰਤਨ ਹੀ ਸੁਣਿਆ ਸੀ।)
ਫਿਰਿ ਬਾਬਾ ਗਇਆ ਬਗ਼ਦਾਦਿ ਨੋ,
ਬਾਹਰਿ ਜਾਇ ਕੀਆ ਅਸਥਾਨਾ।
ਇਕ ਬਾਬਾ ਅਕਾਲ ਰੂਪੁ,
ਦੂਜਾ ਰਬਾਬੀ ਮਰਦਾਨਾ।
(ਭਾਈ ਗੁਰਦਾਸ, ਵਾਰ ੧, ਪਉੜੀ ੩੫)
ਕੀਰਤਨ ਦੀ ਕਦਰ ਸਤਿਗੁਰੂ ਕਿਤਨੀ ਕਰਦੇ ਸਨ। ਸਾਖੀ ਵਿਚ ਆਇਆ ਹੈ ਕਿ ਸਫ਼ਰ ਦੇ ਦੌਰਾਨ ਸਤਿਗੁਰੂ ਜਦ ਮਰਦਾਨੇ ਨੂੰ ਚਸ਼ਮੇ, ਖੂਹ, ਬਉਲੀ ਤੇ ਨਦੀ ਆਉਣ 'ਤੇ ਪਾਣੀ ਪੀਣ ਲਈ ਕਹਿੰਦੇ ਤਾਂ ਉਹ ਕਈ ਵੇਰ ਪਿਆਸ ਨਾ ਹੋਣ ਕਰਕੇ ਪੀਣੋਂ ਇਨਕਾਰ ਕਰ ਦੇਂਦਾ। ਪਰ ਜਦੋਂ ਪਾਣੀ ਦੂਰ ਰਹਿ ਜਾਂਦਾ ਤਾਂ ਪਾਣੀ ਪੀਣ ਤੇ ਹਠ ਕਰਦਾ। ਇਹੋ ਵਰਤਾਰਾ ਪ੍ਰਸ਼ਾਦੇ ਦੇ ਮੁਤੱਲਕ ਵਰਤਦਾ। ਓੜਕ ਇਕ ਦਿਨ ਭੁੱਖ ਤੋਂ ਲਾਚਾਰ ਹੋ, ਬਾਬਾ ਜੀ ਦਾ ਸਾਥ ਛੱਡ ਵਤਨ ਨੂੰ ਮੁੜ ਪਿਆ। ਜਦ ਰਸਤੇ ਵਿਚ ਆਦਮਖ਼ੋਰ ਕੌਡੇ ਨੇ ਪਕੜ ਲਿਆ ਤੇ ਬਾਬਾ ਜੀ ਪਤਾ ਲੱਗਣ 'ਤੇ ਇਸ ਦੀ ਮਦਦ ਨੂੰ ਤੁਰੇ ਤਾਂ ਬਾਲੇ ਨੇ ਰੋਕ ਕੇ ਕਿਹਾ, "ਬਾਬਾ ਜੀ, ਛੱਡੋ ਉਸਦਾ ਖਹਿੜਾ, ਉਹ ਕਦਮ ਕਦਮ 'ਤੇ ਨਖਰੇ ਕਰਦਾ ਸੀ।" ਤਾਂ ਸਤਿਗੁਰਾਂ ਫੁਰਮਾਇਆ, "ਨਹੀਂ, ਇਕ ਤਾਂ ਅਸੀਂ ਉਸ ਦੀ ਬਾਂਹ ਫੜ ਚੁਕੇ ਹਾਂ, ਜਿਸ ਦੀ ਲਾਜ ਨਿਭਾਉਣੀ ਹੈ ਤੇ ਦੂਜਾ ਸਾਨੂੰ ਉਹਦੇ ਗੋਚਰਾ ਕੰਮ ਹੈ, ਉਹ ਨਿਤ ਰਬਾਬ ਵਜਾ ਸਾਨੂੰ ਰੀਝਾਂਦਾ ਰਿਹਾ ਹੈ।
ਬਾਲਾ ਭੁਜਾ ਗਹੇ ਕੀ ਲਾਜਾ,
ਪੁੰਨ ਆਪਨਾ ਉਸ ਸੰਗ ਹੈ ਕਾਜਾ।
ਨਿਤਾ ਪ੍ਰਤੀ ਰਬਾਬ ਬਜਾਵੇ,
ਕਰ ਸੰਗੀਤ ਵੋਹ ਮੋਹਿ ਰੀਝਾਵੇ।
(ਗੁਰ ਪ: ਸੂਰਜ)
ਸਿਰਫ਼ ਪਹਿਲੀ ਪਾਤਸ਼ਾਹੀ ਨੇ ਹੀ ਕੀਰਤਨ ਨੂੰ ਨਹੀਂ ਅਪਣਾਇਆ, ਸਗੋਂ ਇਹ ਮਰਯਾਦਾ ਦਸਾਂ ਹੀ ਗੁਰੂ ਸਾਹਿਬਾਂ ਦੇ ਸਮੇਂ ਤੇ ਪੰਥ ਪ੍ਰਬਲ ਹੋਣ ਤੋਂ ਲੈ ਕੇ ਅੱਜ ਤਕ ਸਿਖ ਸੰਗਤਾਂ ਵਿਚ ਚਲੀ ਆਉਂਦੀ ਹੈ। ਸਿਖ ਸੰਗੀਤ ਦੀ ਬਣਤਰ ਵੀ ਆਪਣੀ ਹੀ ਹੈ। ਭਾਰਤ ਦੇਸ਼ ਦੇ ਸੰਗੀਤ ਸ਼ਾਸਤਰ ਵਿਚ, ਸ਼ੁਧ ਸੰਕੀਰਣ ਭੇਦਾਂ ਕਰਕੇ, ਕਈ ਰਾਗ ਰਾਗਣੀਆਂ ਦੇ ਰੂਪ ਵਿਦਵਾਨਾਂ ਨੇ ਕਲਪੇ ਹਨ। ਪਰ ਮੁਖ ਭੇਦ ਤਿੰਨ ਹਨ: ਔੜਵ, ਖਾੜਵ ਤੇ ਸੰਪੂਰਨ। ਇਹ ਕ੍ਰਮ ਅਨੁਸਾਰ ਪੰਜ, ਛੇ ਤੇ ਸੱਤ ਸੁਰਾਂ ਦੇ ਰਾਗ ਹਨ। ਇਸ ਦੇਸ਼ ਦੇ ਅੱਡੋ ਅੱਡ ਰਾਗ ਘਰਾਣਿਆਂ ਨੇ ਛੇ ਰਾਗ ਮੁਖ ਮੰਨੇ ਹਨ। ਸਤਿਗੁਰੂ ਸ੍ਰੀ ਰਾਗ ਨੂੰ ਮੁਖ ਮੰਨਦੇ ਹਨ। ਗੁਰਬਾਣੀ ਦੀ ਸੰਗੀਤ ਦੀ ਤਰਤੀਬ ਸ੍ਰੀ ਰਾਗ ਤੋਂ ਹੀ ਸ਼ੁਰੂ ਹੁੰਦੀ ਹੈ। ਭਾਈ ਗੁਰਦਾਸ ਜੀ ਵੀ ਇਸੇ ਤਰਤੀਬ ਦੀ ਤਾਈਦ ਕਰਦੇ ਹਨ:
ਪੰਛੀਅਨ ਮੈ ਹੰਸੁ ਮ੍ਰਿਗ ਰਾਜਨ ਮੈਂ ਸਾਰਦੂਲ,
ਰਾਗਨ ਮੈ ਸ੍ਰੀ ਰਾਗੁ ਪਾਰਸ ਪਖਾਨ ਹੈ।
(ਭਾਈ ਗੁਰਦਾਸ ਕਬਿਤ ਸਵਈਏ ੩੭੬)
ਕੀਰਤਨ ਦੇ ਪ੍ਰਚਾਰ ਨੂੰ ਪ੍ਰਚਾਰਨ ਲਈ ਸਾਡਿਆਂ ਗੁਰਦਵਾਰਿਆਂ ਵਿਚ ਪੁਰਾਤਨ ਸਮੇਂ ਤੋਂ ਚਾਰ ਚੌਕੀਆਂ* ਰੋਜ਼ਾਨਾ ਚਲੀਆਂ ਆਉਂਦੀਆਂ ਹਨ।
(*(ੳ) ਪਹਿਲੀ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੀ ਚੌਕੀ। (ਅ) ਦੂਸਰੀ ਸਵਾ ਪਹਿਰ ਦਿਨ ਚੜ੍ਹੇ ਚਰਨ ਕੰਵਲ ਦੀ ਚੌਕੀ, ਜਿਸ ਦੇ ਭੋਗ ਪਰ "ਹਰ ਚਰਨ ਕੰਵਲ ਮਕਰੰਦ ਲੋਭਤ ਮਨੋ" ਅਤੇ "ਚਰਨ ਕੰਵਲ ਪ੍ਰਭ ਤੇ ਨਿਤ ਧਿਆਇ" ਸ਼ਬਦ ਪੜ੍ਹੇ ਜਾਂਦੇ ਹਨ। (ੲ) ਆਥਣ ਵੇਲੇ ਰਹਿਰਾਸ ਤੋਂ ਪਹਿਲਾਂ ਸੋਦਰ ਦੀ ਚੌਕੀ, ਜਿਸ ਵਿਚ "ਸੋਦਰ ਤੇਰਾ ਕੇਹਾ ਸੋ ਘਰੁ ਕੇਹਾ" ਸ਼ਬਦ ਗਾਇਆ ਜਾਂਦਾ ਹੈ। (ਸ) ਚਾਰ ਘੜੀ ਰਾਤ ਬੀਤਣ ਪਰ ਕਲਿਆਨ ਦੀ ਚੌਕੀ, ਜਿਸ ਵਿਚ ਕਲਿਆਨ ਰਾਗ ਦੇ ਸ਼ਬਦ ਗਾਏ ਜਾਂਦੇ ਹਨ।) (ਗੁਰਮਤ ਸੁਧਾਕਰ)
ਪਹਿਲੀ ਪਾਤਸ਼ਾਹੀ ਦੇ ਬਾਅਦ ਭਾਵੇਂ ਕੀਰਤਨ ਦੀ ਮਰਯਾਦਾ ਰੋਜ਼ਾਨਾ ਹੀ ਨਿਭਦੀ ਚਲੀ ਆਈ, ਪਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਬਹੁਤ ਚਮਕਾਇਆ। ਆਪ ਨੇ ਹੀ ਇਕ ਨਵਾ ਸਾਜ਼ 'ਸਰੰਦਾ' ਤਿਆਰ ਕਰਵਾਇਆ ਤੇ ਸਿੱਖਾਂ ਨੂੰ ਆਪ ਕੀਰਤਨ ਲਈ ਪ੍ਰੇਰਿਆ*, ਹਜ਼ੂਰ ਖ਼ੁਦ ਵੀ ਕੀਰਤਨ ਕਰਦੇ ਸਨ। ਆਪ ਦੇ ਕੀਰਤਨ ਦਾ ਪ੍ਰਭਾਵ ਇਤਨਾ ਉੱਚਾ ਸੀ ਕਿ ਦਿਲਾਂ ਦੀਆਂ ਚੱਟਾਨਾਂ ਨੂੰ ਫੋੜ ਕੇ ਰਸਾਂ ਦੇ ਸਫੁਟ ਚਸ਼ਮੇ ਬਹਾ ਦੇਂਦਾ ਸੀ। ਇਸ ਦਾ ਪ੍ਰਮਾਣ ਇਤਿਹਾਸ ਕਿਆ ਸੁਹਣਾ ਦੇਂਦਾ ਹੈ: ਸ੍ਰੀ ਅੰਮ੍ਰਿਤਸਰ ਵਿਚ ਇਕੱਠ ਹੋਇਆ। ਪਹਿਲੇ ਸਤਿਗੁਰੂ ਸਾਹਿਬਾਨ ਦੀ ਬਾਣੀ ਤੇ ਭਗਤਾਂ ਦੀਆਂ ਸੰਚੀਆਂ ਇਕੱਠੀਆਂ ਕਰ, ਜਗਤ ਉੱਧਾਰ ਹਿਤ ਬੀੜ ਬੰਨ੍ਹਣ ਦਾ ਵਿਚਾਰ ਹੋਇਆ। ਪਰ ਪਿਛਲੀਆਂ ਸੈਂਚੀਆਂ ਗੋਇੰਦਵਾਲ, ਬਾਬਾ ਮੋਹਨ ਜੀ ਕੋਲ ਸਨ। ਮੋਹਨ ਜੀ ਤਪੀ ਸਨ, ਈਮਾਨ ਸਿੱਖੀ ਦਾ ਤੇ ਚਾਲ ਹਠੀਆਂ ਦੀ ਰਖਦੇ ਸਨ। ਸਮਾਧੀ ਦੀ ਇਹ ਅਵਸਥਾ ਸੀ ਕਿ ਅਡੋਲ ਬੈਠਿਆਂ 'ਤੇ ਮਕੜੀਆਂ ਜਾਲਾ ਤਣ ਜਾਂਦੀਆਂ ਤੇ ਘੁਰਕੀਨਾ ਘਰ*[1] ਬਣਾ ਲੈਂਦੀਆਂ ਸਨ। ਲੋਕਾਂ ਨੂੰ ਘੱਟ ਮਿਲਣਾ, ਬਚਨ ਬਿਲਾਸ ਘੱਟ ਕਰਨੇ ਤੇ ਆਪਣੇ ਚੁਬਾਰੇ ਵਿਚ ਸਮਾਧੀ ਦਾ ਰਸ ਮਾਣਦੇ ਰਹਿਣਾ। ਉਹਨਾਂ ਪਾਸੋਂ ਸੈਂਚੀਆਂ ਕੌਣ ਲਿਆਵੇ? ਇਹ ਇਕ ਅਜਿਹੀ ਮੁਹਿੰਮ ਸੀ, ਜਿਸ ਨੂੰ ਸਰ ਕਰਨ ਦਾ ਸੰਗਤ ਵਿਚੋਂ ਕਿਸੇ ਨੂੰ ਹੌਸਲਾ ਨਹੀਂ ਸੀ ਪੈਂਦਾ। ਓੜਕ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਉੱਠੇ ਤੇ ਗੁਰੂ-ਆਗਿਆ ਲੈ ਗੋਇੰਦਵਾਲ ਨੂੰ ਤੁਰ ਪਏ।
(* ਝਾੜੂ, ਮੁਕੰਦੂ ਤੇ ਕਿਦਾਰਾ ਗੁਰੂ ਅਰਜਨ ਦੇਵ ਜੀ ਦੇ ਹਜ਼ੂਰ ਆ ਕੇ ਕਹਿਣ ਲੱਗੇ, "ਗਰੀਬ ਨਿਵਾਜ਼ ਜੀ। ਅਸਾਡਾ ਉੱਧਾਰ ਕਿਉਂਕਰ ਹੋਵੇ?" ਤਾਂ ਬਚਨ ਹੋਇਆ, "ਤੁਸਾਂ ਨੂੰ ਰਾਗ ਦੀ ਸਮਝ ਹੈ ਤੇ ਕਲਜੁਗ ਵਿਚ ਕੀਰਤਨ ਦੇ ਸਮਾਨ ਹੋਰ ਕੋਈ ਯੋਗ ਤਪ ਨਹੀਂ, ਇਹੋ ਸ਼ਾਂਤਕੀ ਸਾਧਨ ਹੈ, ਤੁਸੀਂ ਕੀਰਤਨ ਕੀਤਾ ਕਰੋ।" (ਭਗਤ ਰਤਨਾਵਲੀ, ਪਉੜੀ ੧੪)। ਸ੍ਰੀ ਗੁਰੂ ਜੀ ਦੇ ਸਮੇਂ ਤੋਂ ਲੈ ਕੇ ਅੱਜ ਤਕ ਕੀਰਤਨ ਕਰਨ ਦਾ ਰਿਵਾਜ ਚਲਿਆ ਆਉਂਦਾ ਹੈ ਤੇ ਬਹੁਤ ਸਾਰੇ ਗੁਰਸਿਖ ਕੀਰਤਨੀਆਂ ਨੇ ਸੰਗੀਤ ਕਲਾ ਵਿਚ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਜਿਥੇ ਰਬਾਬੀਆਂ ਵਿਚੋਂ ਦੇਸ਼ ਦੇ ਪ੍ਰਸਿੱਧ ਕਲਾਕਾਰ 'ਭਾਈ ਲਾਲ' ਤੇ ਉਹਨਾਂ ਦੇ ਸ਼ਾਗਿਰਦ ਗੁਰਪੁਰਵਾਸੀ ਭਾਈ ਚਾਂਦ ਮਸ਼ਹੂਰ ਹਨ, ਉਥੇ ਸਿੰਘ ਰਾਗੀਆਂ ਵਿਚੋਂ ਵੀ ਕਈ ਇਸ ਗੁਣ ਵਿਚ ਨਿਪੁੰਨ ਸਮਝੇ ਜਾਂਦੇ ਹਨ। ਗੁਰਪੁਰਵਾਸੀ ਮਹੰਤ ਗਜਾ ਸਿੰਘ ਸੇਖਵਾਂ ਨਿਵਾਸੀ ਤੇ ਉਹਨਾਂ ਦੇ ਪ੍ਰਸਿੱਧ ਸ਼ਾਗਿਰਦ ਬਾਬਾ ਦਿਆਲ ਸਿੰਘ ਜੀ ਕੈਰੋਂ, ਕਰਤਾ 'ਗੁਰਮਤ ਸੰਗੀਤ ਸ਼ਾਸਤਰ' (ਜੋ ਪਿਛਲੇ ਪਟਿਆਲਾ ਪਤੀ ਜੀ ਨੇ ਲਿਖਵਾਇਆ ਸੀ, ਅਜੇ ਛਪਿਆ ਨਹੀਂ) ਤੇ ਭਾਈ ਸ਼ੇਰ ਸਿੰਘ ਜੀ ਨਿਵਾਸੀ ਗੁਜਰਾਂ ਵਾਲੇ ਆਪਣੀ ਆਪਣੀ ਥਾਂ ਪ੍ਰਸਿੱਧ ਸੰਗੀਤ ਦੇ ਮਾਹਿਰ ਸਨ। ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਗਵਈਆਂ ਵਿਚੋਂ ਸ਼ਹੀਦ ਭਾਈ ਸੁੰਦਰ ਸਿੰਘ ਦਾ ਨਾਮ ਹਮੇਸ਼ਾ ਯਾਦ ਰਹੇਗਾ। ਕਰਤਾ ਨੂੰ ਇਕ ਸਮੇਂ ਜਗਤ ਪ੍ਰਸਿੱਧ ਕਵੀ ਰਾਬਿੰਦਰਾ ਨਾਥ ਟੈਗੋਰ ਦੇ ਦਰਸ਼ਨ ਕਰਨ ਦਾ ਅਵਸਰ ਲਾਹੌਰ ਵਿਚ ਪ੍ਰਾਪਤ ਹੋਇਆ। ਕਵੀ ਜੀ ਨੇ ਬਿਲਾਸ ਕੀਤਾ ਕਿ ਮੈਂ ਉਮਰ ਭਰ ਕਦੀ ਚੋਰੀ ਨਹੀਂ ਕੀਤੀ, ਪਰ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਭਾਈ ਸੁੰਦਰ ਸਿੰਘ ਜੀ ਨੂੰ ਚੁਰਾ ਕੇ ਆਸ਼ਰਮ ਵਿਚ ਲੈ ਜਾਣ ਲਈ ਮੇਰਾ ਜੀਅ ਬਹੁਤ ਲੋਚਦਾ ਹੈ। ਇਹਨਾਂ ਗੁਰਪੁਰੀ ਸਿਧਾਰ ਚੁਕੇ ਸਿੰਘਾਂ ਤੋਂ ਬਿਨਾਂ, ਬਿਰਧਾਂ ਵਿਚੋਂ ਭਾਈ ਜੁਆਲਾ ਸਿੰਘ ਜੀ, ਭਾਈ ਹਰਨਾਮ ਸਿੰਘ ਜੀ ਨਾਮਧਾਰੀ, ਤੇ ਨੌਜੁਆਨਾਂ ਵਿਚੋਂ ਅੰਮ੍ਰਿਤਸਰ ਵਾਲੇ ਭਾਈ ਸੰਤਾ ਸਿੰਘ, ਨਨਕਾਣੇ ਸਾਹਿਬ ਵਾਲੇ ਭਾਈ ਸਮੁੰਦ ਸਿੰਘ, ਭਾਈ ਪਿਆਰਾ ਸਿੰਘ, ਭਾਈ ਗੁਰਮੁਖ ਸਿੰਘ ਤੇ ਭਾਈ ਗਿਆਨ ਸਿੰਘ ਅਲਮਸਤ ਜਿਹੇ ਕਈ ਪ੍ਰਸਿੱਧ ਰਾਗੀ ਹਨ। ਪੰਜਾਬ ਤੋਂ ਯੂ.ਪੀ. ਵਿਚ ਕੀਰਤਨ ਦੀ ਸਿਖਲਾਈ ਦਾ ਕੰਮ ਗਿਆਨੀ ਹਰਦਿਤ ਸਿੰਘ ਜੀ ਦਿੱਲੀ ਵਾਲੇ ਕਰ ਰਹੇ ਹਨ ਤੇ ਉਹਨਾਂ ਦੀ ਮਿਹਨਤ ਨੇ ਹੀ ਭਾਈ ਕਿਸ਼ਨ ਸਿੰਘ ਪੰਨਆਲੀ ਜਿਹਾ ਪ੍ਰਸਿੱਧ ਕੀਰਤਨੀਆ ਯੂ.ਪੀ. ਦੀਆਂ ਸਿੱਖ ਸੰਗਤਾਂ ਨੂੰ ਦਿਤਾ ਹੈ। ਸਿਖ ਸੰਗੀਤ ਪ੍ਰਣਾਲੀ ਵਿਚ ਸੂਰਮੇ (ਨੇਤਰਹੀਣ) ਸਿੰਘਾਂ ਨੂੰ ਭੀ ਖ਼ਾਸ ਜਗ੍ਹਾ ਮਿਲੀ ਹੈ ਤੇ ਅੱਜ ਪੰਥ ਵਿਚ ਭਾਈ ਖੜਕ ਸਿੰਘ, ਭਾਈ ਪੂਰਨ ਸਿੰਘ ਤਰਨ ਤਾਰਨੀ, ਭਾਈ ਸੁਰਜਨ ਸਿੰਘ ਤੇ ਹੋਰ ਕਈ ਅੱਛੇ ਕਲਾਕਾਰ ਮੌਜੂਦ ਹਨ।)
ਉਹ ਅਗਲੇ ਦਿਨ ਗੋਇੰਦਵਾਲ ਜਾ ਪਹੁੰਚੇ। ਪੁੱਛਣ ਤੇ ਪਤਾ ਲੱਗਾ ਕਿ ਬਾਬਾ ਮੋਹਨ ਜੀ ਚੁਬਾਰੇ ਵਿਚ ਇਸਥਿਤ ਹਨ ਤੇ ਕਿਵਾੜ ਅੰਦਰੋਂ ਬੰਦ ਹਨ। ਦੋਹਾਂ ਨੇ ਬਹੁਤ ਅਵਾਜ਼ਾਂ ਦਿਤੀਆਂ, ਤਖ਼ਤੇ ਖੜਕਾਏ, ਪਰ ਸਮਾਧੀ-ਮਗਨ ਯੋਗੀ ਨੂੰ ਕੀ ਪਤਾ ਲੱਗਣਾ ਸੀ। ਬਾਬਾ ਬੁੱਢਾ ਜੀ ਨੇ ਹਾਰ ਕੇ ਤਖ਼ਤੇ ਦੀ ਚੂਥੀ ਪੁਟ ਦਿੱਤੀ ਤੇ ਅੰਦਰ ਜਾ ਕੇ ਮੋਹਨ ਜੀ ਨੂੰ ਮੋਢਿਆਂ ਤੋਂ ਫੜ ਹਲੂਣਿਆ। ਚਿਰ ਪਿਛੋਂ ਤਪੀ ਦੇ ਨੈਣ ਖੁੱਲ੍ਹੇ। ਉਹਨਾਂ ਵਿਚ ਸੁਆਦੋਂ ਉਖੜੇ ਹੋਏ ਮਨੁੱਖ ਦੇ ਨੇਤ੍ਰਾਂ ਵਾਂਗ ਗ਼ੁੱਸਾ ਸੀ। ਅੰਗਿਆਰ ਅੱਖਾਂ ਉਘੜਦਿਆਂ ਹੀ ਬਾਬੇ ਬੁੱਢੇ ਜਿਹੇ ਹਿਮਾਲਾ ਤੇ ਪਈਆਂ। ਜੋਤ ਤਾਂ ਕਾਇਮ ਰਹੀ ਪਰ ਠਰ ਗਈਆਂ। ਬਾਬਾ ਬੁੱਢਾ ਜੀ ਨੇ ਸੈਂਚੀਆਂ ਮੰਗੀਆਂ। ਭਾਈ ਗੁਰਦਾਸ ਜੀ ਨੇ ਜਗਤ ਉੱਧਾਰ ਹਿਤ ਸੈਂਚੀਆਂ ਦੀ ਵਰਤੋਂ ਬਾਰੇ ਬਹੁਤ ਦਲੀਲਾਂ ਦਿੱਤੀਆਂ, ਪਰ ਤਪੀ ਜੀ ਨੇ ਏਨਾ ਹੀ ਕਹਿ ਕੇ ਕਿ ਮੱਛੀ ਕਦੀ ਜਲ ਤੋਂ ਜੁਦਾ ਨਹੀਂ ਰਹਿ ਸਕਦੀ, ਪੋਥੀਆਂ ਦੇਣ ਤੋਂ ਇਨਕਾਰ ਕਰ ਦਿੱਤਾ। ਬਹੁਤ ਗੱਲਾਂ ਵਿਚ ਉਹ ਪੈਂਦਾ ਹੀ ਨਹੀਂ ਸੀ। ਦੋਵੇਂ ਮਹਾਂਪੁਰਖ ਮੁੜ ਆਏ। ਗੁਰੂ ਜੀ ਦੇ ਪੁੱਛਣ ਤੇ ਬੋਲੇ, "ਮੋਹਨ ਜੀ ਹਠੀ ਤਪੀਆ ਹੈ, ਸਮਾਧੀ ਦਾ ਧਨੀ ਹੈ। ਉਸ ਅੱਗੇ ਸਾਡੀ ਕੋਈ ਪੇਸ਼ ਨਹੀਂ ਗਈ।" "ਫਿਰ ਜਗਤ ਦਾ ਉੱਧਾਰ ਕਿਸ ਤਰ੍ਹਾਂ ਹੋਵੇ?" ਸਭ ਸੰਗਤ ਨੇ ਮਿਲ ਕੇ ਕਿਹਾ, "ਜਿਸ ਤਰ੍ਹਾਂ ਸਤਿਗੁਰੂ ਚਾਹੁਣ, ਕਰਨ।" ਹੁਣ ਸੰਗਤ ਵੱਲੋਂ ਮੋਹਨ ਜੀ ਤੋਂ ਸੈਂਚੀਆਂ ਲਿਆਉਣ ਦਾ ਫ਼ਰਜ਼ ਗੁਰੂ ਅਰਜਨ ਦੇਵ ਜੀ ਦੇ ਜ਼ਿੰਮੇ ਲਗਾਇਆ ਗਿਆ ਜੋ ਆਪ ਨੇ ਪ੍ਰਵਾਨ ਕਰ ਲਿਆ।
(* ਹਠ ਯੋਗੀਆਂ ਦੀ ਸਮਾਧੀ ਵਿਚ ਅਜਿਹੀ ਅਵਸਥਾ ਹੋ ਹੀ ਜਾਇਆ ਕਰਦੀ ਹੈ। ਪ੍ਰਸਿੱਧ ਵਿਦਵਾਨ ਸੰਨਿਆਸੀ ਵਿਵੇਕਾ ਨੰਦ ਜੀ ਦੀ ਜੀਵਨ-ਕਥਾ ਵਿਚ ਆਉਂਦਾ ਹੈ ਕਿ ਜਦ ਉਹ ਬਲੂਰ ਮਠ ਵਿਚ ਸਮਾਧੀ ਦਾ ਅਭਿਆਸ ਕਰਦੇ ਸਨ ਤਾਂ ਉਹਨਾਂ ਦਾ ਨੰਗਾ ਜਿਸਮ ਮੱਛਰਾਂ ਨਾਲ ਭਰ ਜਾਂਦਾ ਸੀ, ਪਰ ਉਹਨਾਂ ਨੂੰ ਕਦੀ ਡੰਗ ਮਹਿਸੂਸ ਨਹੀਂ ਸੀ ਹੋਇਆ।)
ਮਾਨਸਿਕ ਦੁਨੀਆਂ ਵਿਚ ਨਵੇਂ ਕਿਸਮ ਦਾ ਘੋਲ ਪੈਣ ਲੱਗਾ। ਇਕ ਬੰਨੇ ਤਪੀਸਰ ਤੇ ਇਕ ਬੰਨੇ ਰਸਕ। ਇਕ ਦਾ ਆਸਰਾ ਸਮਾਧੀ ਤੇ ਦੂਜੇ ਦਾ ਸਰੰਦਾ। ਦੋਹਾਂ ਦਾ ਇਸ਼ਟ ਇੱਕੋ, ਪਰ ਰਾਹ ਦੋ। ਬੱਝ ਗਿਆ ਅਖਾੜਾ ਤੇ ਪੈਣ ਲੱਗੀ ਛਿੰਜ। ਉੱਚ ਦੁਮਾਲੇ ਵਾਲਾ ਗੁਸਈਆਂ ਦਾ ਪਹਿਲਵਾਨ ਅੰਮ੍ਰਿਤਸਰੋਂ ਸਰੰਦਾ ਮੋਢੇ ਰੱਖ ਤੁਰ ਪਿਆ। ਗੋਇੰਦਵਾਲ ਪੁੱਜਾ। ਜਾ ਮੋਹਨ ਦੇ ਚੁਬਾਰੇ ਚੜ੍ਹਿਆ, ਨਾ ਸੱਦ ਮਾਰੀ ਤੇ ਨਾ ਬੂਹੇ ਭੰਨੇ। ਹਾਂ, ਪਿਛਵਾੜੇ ਵਾਲੀ ਬਾਰੀ ਦੇ ਹੇਠਾਂ ਬੈਠ, ਸਰੰਦੇ 'ਤੇ ਗਜ਼ ਫੇਰਿਆ, ਇਲਾਹੀ ਨਗ਼ਮਾ ਖਿਚਿਆ ਤੇ ਰਸ-ਲੀਨ ਹੋ, ਸਰੰਦੇ ਨਾਲ ਸੁਰ ਮਿਲਾ, ਕੀਰਤਨ ਵਿਚ ਲੀਨ ਹੋ ਗਏ। ਹੁਣ ਅਜਬ ਕੌਤਕ ਹੋਇਆ। ਉਪਾਸ਼ਕ ਦੋ ਤੇ ਇਸ਼ਟ ਇੱਕੋ, ਇਸ਼ਟ ਸੀ ਬਾਬਾ ਨਾਨਕ ਤੇ ਖ਼ਰੀਦਾਰ ਸਨ ਦੋ। ਇਕ ਤਪ ਦੇ ਬਲ, ਤਸੱਵਰ ਵਿਚ ਖਲ੍ਹਾਰਨਾ ਚਾਹੁੰਦਾ ਸੀ ਤੇ ਦੂਜਾ ਕੀਰਤਨ ਦੇ ਰਸ ਨਾਲ ਖਿੱਚਣਾ ਲੋੜਦਾ ਸੀ। ਕੁਝ ਚਿਰ ਖਿੱਚੋਤਾਣ ਹੁੰਦੀ ਰਹੀ ਤੇ ਓੜਕ ਕੀਰਤਨ ਦੇ ਰਸੀਏ, ਨਾਨਕ ਸਰੰਦੇ ਵਾਲੇ ਵੱਲ ਖਿੱਚੇ ਗਏ। ਮਹਿਬੂਬ ਦੀ ਤਸਵੀਰ ਹਟ ਜਾਣ ਕਰਕੇ ਮੋਹਨ ਜੀ ਦੀ ਸਮਾਧੀ ਖੁਲ੍ਹ ਗਈ। ਇਸ ਤੋਟ 'ਤੇ ਹੈਰਾਨ ਹੋ ਉਠੇ, ਉਹਨਾਂ ਨੂੰ ਕਦੀ ਵਾਪਰੀ ਨਹੀਂ ਸੀ।
ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ॥
ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ॥
(ਸਲੋਕ ਫਰੀਦ, ਪੰਨਾ ੧੩੭੯)
ਉਹਨਾਂ ਸਦਾ ਸਮਾਧੀ ਵਿਚ ਸੁਹਾਗ ਰਾਵਿਆ ਸੀ। ਕੁਝ ਚਿਰ ਹੈਰਾਨ ਰਹੇ, ਜਦ ਸੰਭਲੇ ਤਾਂ ਕੰਨਾਂ ਵਿਚ ਸਰੰਦੇ ਦੀ ਮਧੁਰ ਧੁਨ ਪਈ। ਰਸ ਜਿਹਾ ਆਉਣ ਲੱਗ ਪਿਆ। ਬਾਰੀ ਖੋਲ੍ਹ ਕੇ ਹੇਠਾਂ ਤੱਕਿਆ ਤਾਂ ਵਿਸਮਾਦ ਦੀ ਅਵਸਥਾ ਵਿਚ ਟਿਕੇ ਹੋਏ ਗੁਰੂ ਅਰਜਨ ਦੇਵ ਜੀ ਨਜ਼ਰੀਂ ਪਏ। ਤਪੀਏ ਨੇ ਕਿਹਾ ਕਿ ਮੈਂ ਸਮਝ ਗਿਆ ਹਾਂ, ਰਸਕ ਅਰਜਨ ਗੁਰੂ ਨੇ ਕੀਰਤਨ ਦੀ ਪ੍ਰੇਰਨਾ ਨਾਲ ਤਪੀ ਤੋਂ ਜਿੱਤ ਪ੍ਰਾਪਤ ਕੀਤੀ ਹੈ। ਹੁਣ ਮੈਂ ਉਸਨੂੰ ਕਿਉਂ ਨਾ ਮਨਾਵਾਂ ਤੇ ਰਸ ਕਿਉਂ ਨਾ ਪ੍ਰਾਪਤ ਕਰਾਂ।
ਜਿਨੀ ਮੈਡਾ ਲਾਲੁ ਰੀਝਾਇਆ ਹਉ ਤਿਸੁ ਆਗੈ ਮਨੁ ਡੇਹੀਆ॥
(ਜੈਤਸਰੀ ਮ: ੫, ਪੰਨਾ ੭੦੩)
ਪਰ ਉਹਨਾਂ ਦੀ ਖ਼ੁਸ਼ੀ ਤਾਂ ਪੋਥੀਆਂ ਦੇਣ ਕਰਕੇ ਹੋ ਸਕਦੀ ਹੈ। ਉਹ ਜਗਤ ਦੇ ਉੱਧਾਰ ਲਈ ਉਹਨਾਂ ਦੀ ਮੰਗ ਕਰਦੇ ਹਨ। ਮੋਹਨ ਜੀ ਸਹਿਜ ਨਾਲ ਉੱਠੇ, ਸੰਦੂਕ ਵਿਚੋਂ ਪੋਥੀਆਂ ਕਢੀਆਂ ਤੇ ਸਿਰ 'ਤੇ ਚੁੱਕ ਕੇ ਸਤਿਕਾਰ ਸਹਿਤ ਸਰੰਦੇ ਵਾਲੇ ਅੱਗੇ ਆਣ ਧਰੀਆਂ। ਇਹ ਸੀ ਬਲ, ਗ਼ਰੀਬ ਨਿਵਾਜ਼ ਸਤਿਗੁਰਾਂ ਦੀ ਸੰਗੀਤ ਕਲਾ ਦਾ।
ਸ੍ਰੀ ਦਸਮ ਪਾਤਸ਼ਾਹ ਜੀ ਭੀ ਖ਼ੁਦ ਸਾਜ਼ ਵਜਾਉਂਦੇ ਤੇ ਕੀਰਤਨ ਕਰਦੇ ਸਨ।
ਗੁਰਪੁਰਵਾਸੀ ਭਾਈ ਕਾਹਨ ਸਿੰਘ ਜੀ ਦਸਦੇ ਸਨ ਕਿ ਦਸਮ ਪਾਤਸ਼ਾਹ ਜੀ ਨੂੰ ਸੰਗੀਤ ਵਿਚ ਇਤਨੀ ਮਹਾਰਤ ਸੀ ਕਿ ਆਪ ਨੇ ਆਪਣੀ ਕਵਿਤਾ ਦੇ ਛੰਦਾਂ ਵਿਚ ਕਈ ਇਕ ਛੰਦ ਅਜਿਹੇ ਲਿਖੇ ਹਨ, ਜਿਨ੍ਹਾਂ ਵਿਚ ਜੋੜੀ ਦੀਆਂ ਪਰਨਾਂ ਕਾਵਿ ਵਿਚ ਬੰਨ੍ਹ ਦਿੱਤੀਆਂ ਹਨ। ਹਜ਼ੂਰ ਨੌਬਤਾਂ ਵਿਚੋਂ ਰਾਗ ਰਾਗਣੀਆਂ ਕਢਦੇ ਸਨ।
ਪੰਥ ਖ਼ਾਲਸੇ ਦੇ ਪਹਿਲੇ ਸਮੇਂ, ਪੰਥ ਦਾ ਪਹਿਲਾ ਪ੍ਰਸਿੱਧ ਜਥੇਦਾਰ ਨਵਾਬ ਜੱਸਾ ਸਿੰਘ ਖ਼ੁਦ ਕੀਰਤਨੀਆ ਸੀ। ਉਹਨਾਂ ਨੇ ਬਾਲ ਉਮਰ ਵਿਚ ਹੀ ਮਾਤਾ ਸੁੰਦਰੀ ਜੀ ਦੇ ਕੋਲ ਕੀਰਤਨ ਕਰ ਉਹਨਾਂ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ ਸਨ ਤੇ ਉਸ ਘਾਲ ਦਾ ਸਦਕਾ ਹੀ ਆਖ਼ਰ ਇਕ ਦਿਨ ਪੰਥ ਦੇ ਜਥੇਦਾਰ ਬਣੇ।*
(* ਪੰਥ ਦੇ ਪ੍ਰਸਿੱਧ ਸ਼ਹੀਦ ਬਾਬਾ ਦੀਪ ਸਿੰਘ ਜੀ ਜਿੱਥੇ ਸਵਾ ਮਣ ਲੋਹੇ ਦੇ ਸ਼ਸਤ੍ਰ ਆਪਣੇ ਤਨ'ਤੇ ਸਜਾਂਦੇ ਸਨ, ਨਾਲ ਉਹਨਾਂ ਨੇ ਇਕ ਸਰੰਦਾ ਵੀ ਰਖਿਆ ਹੋਇਆ ਸੀ ਜਿਸ ਨਾਲ ਅੰਮ੍ਰਿਤ ਵੇਲੇ 'ਆਸਾ ਦੀ ਵਾਰ' ਦਾ ਕੀਰਤਨ ਕਰਿਆ ਕਰਦੇ ਸਨ। (ਭਾਈ ਮੇਹਰ ਸਿੰਘ ਰਾਗੀ, ਸ੍ਰੀ ਅੰਮ੍ਰਿਤਸਰ)
ਕੀਰਤਨ ਹਰ ਪਹਿਲੂ ਤੋਂ ਸਰਵੋਤਮ ਕਰਮ ਹੈ। ਹਾਂ, ਇਸ ਵਿਚ ਮਨ ਲਗਾਣਾ ਜ਼ਰੂਰੀ ਹੈ, ਪਾਖੰਡ ਨਾਲ ਕੀਤਾ ਹੋਇਆ ਫਲ ਨਹੀਂ ਦੇਂਦਾ।
ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ॥ ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ॥
(ਆਸਾ ਮ: ੪, ਪੰਨਾ ੪੫੦)
('ਸਿੱਖ ਧਰਮ ਫ਼ਿਲਾਸਫ਼ੀ' ਵਿੱਚੋਂ)