ਕਿਸੇ ਪਾਤਰ ਦੀ ਉਡੀਕ ਵਿੱਚ (ਕਹਾਣੀ) : ਬਲੀਜੀਤ

... ਤਾਂ 'ਇਹ' ਵੀ ਨਵੇਂ ਕਿਰਾਏਦਾਰ ਸਨ ।

ਨਵੇਂ ਕਿਰਾਏਦਾਰ ਦਸ ਦਿਨਾਂ ਬਾਅਦ ਪੁਰਾਣੇ ਲੱਗਣ ਲਗਦੇ । ਦੋ-ਚਾਰ ਮਹੀਨੇ ਬਾਅਦ ਕਿਸੇ ਦੀ ਬਦਲੀ ਹੋ ਜਾਂਦੀ... ਹੋਰ ਕਿਤੇ ਨਵਾਂ ਕੰਮ ਮਿਲ ਜਾਂਦਾ... ਅਗਲਾ ਟਿੰਡ-ਫੂਹੜੀ ਚੁੱਕ ਕੇ ਪਤਾ ਵੀ ਨਾ ਲਗਦਾ ਕਦੋਂ ਪੌੜੀਆਂ ਉਤਰ ਜਾਂਦਾ... ਸਾਡੇ ਨਾਲ ਦੇ ਟੂ-ਰੂਮ ਸੈੱਟ ਵਿੱਚ ਦੂਸਰੇ ਮਹੀਨੇ ਨਵਾਂ ਕਿਰਾਏਦਾਰ ਆ ਟਪਕਦਾ... ਜਿਸ ਦਾ ਪਤਾ ਸਾਨੂੰ ਕੋਠੀ ਦੇ ਮੱਥੇ 'ਤੇ ਲਟਕਦੇ ਟੂ-ਲੈੱਟ ਦੇ ਬੋਰਡ ਤੋਂ ਲੱਗਦਾ । ਅਸੀਂ ਇਸ ਕੋਠੀ ਦੇ ਟਾਪ ਫ਼ਲੋਰ ਵਿੱਚ ਖੱਬੇ ਪਾਸੇ ਵਾਲੇ ਟੂ-ਰੂਮ ਸੈੱਟ 'ਚ ਆਏ ਸਾਂ... 'ਇਹ' ਸੱਜੇ ਪਾਸੇ ਆਏ ਤਾਂ ਅਸੀਂ ਇਨ੍ਹਾਂ ਬਾਰੇ ਦਿਨ ਰਾਤ ਕਨਸੋਆਂ ਲੈਂਦੇ । ਥੋੜ੍ਹੀ ਜਹੀ ਦੂਰੀ ਤੋਂ ਸਾਨੂੰ ਜੋ ਵੀ ਦਿੱਸਦਾ ਅਸੀਂ ਸੁਬਹ-ਸ਼ਾਮ ਉਸ ਦਾ ਹਿਸਾਬ ਰੱਖਦੇ... ਤਿੰਨ ਸਾਲ ਇਕੱਠੇ Ðਰਹੇ...ਅੰਤ ਅਸੀਂ ਹੀ ਤਿੰਨ ਸਾਲ 'ਹੈਪੀ ਨਿਊ ਯੀਅਰ'... 'ਮੈਰੀ ਕ੍ਰਿਸਮਸ' ਕਰਦੇ ਆਪਣਾ ਸਮਾਨ ਚੁੱਕ ਕੇ ਭਰਦੇ ਮਨ ਪੌੜੀਆਂ ਉਤਰ ਆਏ...ਤੇ... ਟੂ-ਲੈੱਟ ਦਾ ਬੋਰਡ ਫੇਰ ਲਟਕ ਗਿਆ...

ਉਸ ਰਾਤ ਜਦੋਂ 'ਇਹ' ਆਏ ਤਾਂ ਮੈਂ ਜਾਗੋ-ਮੀਟੀ 'ਚ ਸੀ... ਬਾਹਰ ਦੋਵੇਂ ਕਮਰਿਆਂ ਦੇ ਵਿਚਕਾਰ ਗਿਰਦੇ ਸਮਾਨ ਦੀ ਆਵਾਜ਼ ਨੇ ਮੈਨੂੰ ਜਗਾ ਦਿੱਤਾ । ਨਾ ਪਤਾ ਮੈਂ ਉ ੱਠ ਕੇ ਕੀ ਬੋਲਿਆ... ਪਤਾ ਨਹੀਂ ਗਾਲ ਹੀ ਕੱਢ ਦਿੱਤੀ... ਮੇਰੀ ਘਰਵਾਲੀ ਨੇ ਮੈਨੂੰ ਚੁੱਪ ਕਰਾਉਂਦਿਆਂ ਕਿਹਾ ਕਿ ਕੋਈ ਨਵੇਂ ਕਿਰਾਏਦਾਰ ਆ ਗਏ ਐ... 'ਡੈਡੀ ਕੈਚ' ਲੜਕੀ ਦੀ ਆਵਾਜ਼ ਸੀ । ਫੇਰ ਪੌੜੀਆਂ ਵਿੱਚ ਉੱਪਰ ਨੂੰ ਦਗੜ ਦਗੜ ਕਰਦੇ ਚੜ੍ਹਦੇ ਤੇ ਹੇਠਾਂ ਨੂੰ ਉਤਰਦੇ ਬੂਟਾਂ ਦੀ ਆਵਾਜ਼... ਉੱਪਰ ਨੂੰ ਆਊਦੀਆਂ, ਹੇਠਾਂ ਨੂੰ ਜਾਂਦੀਆਂ ਜ਼ੋਰ ਲਾਊਦੀਆਂ ਭਾਰੀਆਂ ਹੌਂਕਦੀਆਂ ਆਵਾਜ਼ਾਂ...

"ਓ-ਹ ਯੈੱਸ ਮਾਈ ਡੀਅਰ", ਜਦੋਂ ਫਿਰ ਕਿਸੇ ਬਜ਼ੁਰਗ ਦੀ ਆਵਾਜ਼ ਨਾਲ ਸਭ ਦੀ ਪੈੜਚਾਲ ਹੇਠਾਂ ਨੂੰ ਚਲੀ ਗਈ ਤਾਂ ਮੈਂ ਜਾਲੀ ਦੀ ਕੁੰਡੀ ਖੋਲ੍ਹ ਕੇ ਬਾਹਰ ਨਿਕਲ ਆਇਆ । ਮਾਂ-ਬਾਪ ਤੇ ਦੋ ਜੁਆਨ ਕੁੜੀਆਂ ਸਨ...ਅੰਗਰੇਜ਼ ਸਨ ਜਾਂ ਐਂਗਲੋ ਇੰਡੀਅਨ? ਹੇਠਾਂ ਨੂੰ ਝਿਜਕਦਿਆਂ ਦੇਖਿਆ ਤਾਂ ਦੋਵੇਂ ਕੁੜੀਆਂ... ਪੈਟਾਂ ਟੀ-ਸ਼ਰਟਾਂ 'ਚ ਫਸੀਆਂ, ਹੰਭੀਆਂ ਸਮਾਨ ਨਾਲ ਲਟਾ ਪੀਂਘ ਹੁੰਦੀਆਂ ਤੂਸੇ ਹੋਏ ਬੈਗ ਉੱਪਰ ਨੂੰ ਧੂਈ ਆਉਂਦੀਆਂ ਦਿਸੀਆਂ... ਕੌਣ ਨੇ... ਮਾਲਕ ਮਕਾਨ ਕਿਹੜਾ ਕਿਸੇ ਨੂੰ ਦੱਸਦੇ ਪੁੱਛਦੇ ਨੇ ਕਿ ਹੁਣ ਕੌਣ ਨਵਾਂ ਕਿਰਾਏਦਾਰ ਆਏਗਾ । ਉਹ ਆਪਣੇ ਨਫ਼ੇ-ਨੁਕਸਾਨ ਦਾ ਜੋੜ ਘਟਾਓ ਕਰੀ ਜਾਂਦੇ ਨੇ... ਛੱਡੋ ਪਰਾਂ... ਆਪਾਂ ਕੀ ਲੈਣਾ... ਅਸੀਂ ਸੋਂ ਗਏ...

ਇਹਨਾਂ ਤੋਂ ਪਹਿਲਾਂ ਪ੍ਰਾਈਵੇਟ ਨੌਕਰੀ ਕਰਦੇ ਇਕੱਲੇ ਮੁੰਡੇ ਨੇ ਐਵੇਂ ਹੀ ਦਗੜ ਦਗੜ ਕਰਦੇ ਵੀਹ ਦਿਨ ਪ੍ਰੇਸ਼ਾਨ ਕਰੀ ਰੱਖਿਆ । ਫੇਰ ਛੇ ਮਹੀਨੇ ਯੂ ਪੀ ਦੇ ਭੱਈਆਂ ਨਾਲ ਬਿਜਲੀ ਦੇ ਸਾਂਝੇ ਮੀਟਰ ਦੇ ਬਿਲ ਦਾ ਰੌਲਾ ਪੈਂਦਾ ਰਿਹਾ । ਕਈਆਂ ਦਾ ਅਸੀਂ ਮੂੰਹ ਵੀ ਨਾ ਦੇਖਿਆ...

ਹੌਲੀ ਹੌਲੀ ਚਾਰ ਕੁ ਦਿਨਾਂ ਬਾਅਦ ਇਹਨਾਂ ਦੀਆਂ ਗੱਲਾਂ ਸਾਡੇ ਘਰ ਵਿੱਚ ਆਉਣ-ਜਾਣ ਲੱਗੀਆਂ... ਰਾਤ ਦੇ ਸਮੇਂ ਜਿਸ ਦਿਨ ਉਹਨਾਂ ਨੇ ਸ਼ਿਫਟ ਕੀਤਾ, ਸਮਾਨ ਤੋਂ ਇਲਾਵਾ ਮਦਰ-ਫ਼ਾਦਰ ਤੇ ਦੋ ਧੀਆਂ ਹੀ ਨਜ਼ਰ ਆਈਆਂ... ਮੁੰਡਾ ਨਾਲ ਨਹੀਂ ਸੀ ਆਇਆ...

...ਪਰ ਇਹ ਕੌਣ ਸਨ??

ਸਕਾਟਲੈਂਡ ਦੇ ਅੰਗਰੇਜ਼ । ਫ਼ਰੇਜ਼ਰ... ਜ਼...!!

ਮਿਸਟਰ ਗਰੈਗਰੀ ਅਲੈਕਸ ਫ਼ਰੇਜ਼ਰ ਉਰਫ਼ 'ਜੈਕ' ਇਸ ਤੁਰਦੇ ਫਿਰਦੇ ਘਰ ਦਾ ਮਾਲਕ... ਮਿਸਿਜ਼ ਕ੍ਰਿਸਟੀ ਵਾਨ ਫ਼ਰੇਜ਼ਰ ਉਰਫ਼ ਲਿੱਲੀ... ਉਰਫ਼ 'ਮਾਈ ਰੋਜ਼'... ਵੱਡੀ ਧੀ ਜੈਸੀਕਾ...ਛੋਟੀ ਰਿਆਨ... ਬੇਟਾ ਬਰੂਡੀ ਜੋ ਪਹਿਲੇ ਦਿਨ ਨਾ ਜਾਣੀਏ ਕਿਓਂ ਗੈਰਹਾਜ਼ਰ ਸੀ । ਕਦੇ ਦੋ, ਕਦੇ ਤਿੰਨ... ਤੇ ਕਦੇ ਚਾਰ ਜਣੇ ਆਪਣੇ ਘਰ ਦੇ ਬਾਹਰ ਅਜੀਬ ਜਹੀਆਂ ਕੁਰਸੀਆਂ 'ਤੇ ਬੈਠੇ ਅੰਗਰੇਜ਼ੀ ਹਿੰਦੀ ਰਲੀ ਭਾਸ਼ਾ 'ਚ ਘੁਸਰ ਫੁਸਰ ਕਰਦੇ ਹੁੰਦੇ... ਕਿਹੜਾ ਘਰ ਸੀ ਉਹਨਾਂ ਦਾ... ਪੰਜ ਜਣਿਆਂ ਦਾ ਉਹੀ ਘਰ ਸੀ... ਪੰਜ-ਕੋਣਾ । ਪੰਜਾਂ ਵਿਚਾਲੇ ਬਣੀ ਇੱਕ ਪੰਜ-ਭੁਜੀ ਡਾਇਆਗਰਾਮ ਤਣੀ ਰਹਿੰਦੀ... ਕਦੇ ਕੋਈ ਕੋਨਾ ਖਿੱਚ ਕੇ ਪਰੇ ਚਲਿਆ ਜਾਂਦਾ... ਕਦੇ ਕੋਈ... ਭਾਵੇਂ ਕਿਰਾਏ ਦੇ ਘਰ ਦੀਆਂ ਦੀਵਾਰਾਂ, ਦਰਵਾਜੇ... ਤੇ ਖਿੜਕੀਆਂ ਟੌਪ ਫਲੋਰ 'ਤੇ ਗੁਣੀਏਾ ਵਿੱਚ ਫਸੀਆਂ ਖੜੀਆਂ ਰਹਿੰਦੀਆਂ...

ਅਠਾਰਾਂ ਸੌ ਸਤਵੰਜਾ ਦੀ ਗਦਰ ਲਹਿਰ 'ਤੋਂ ਬਾਅਦ, ਹਿੰਦੋਸਤਾਨ ਦੀ ਅੰਗਰੇਜ਼ ਹਕੂਮਤ ਨੇ ਸਕਾਟਲੈਂਡ ਦੀ ਇੱਕ ਕੰਪਨੀ ਨੂੰ ਭਾਰਤ ਵਿੱਚ ਰੇਲਵੇ ਲਾਈਨ ਵਿਛਾਉਣ ਦਾ ਠੇਕਾ ਦੇ ਦਿੱਤਾ । ਜੈਕ ਦਾ ਦਾਦਾ ਸਕਾਟਲੈਂਡ ਤੋਂ ਇੰਜਨੀਰਿੰਗ ਦੀ ਪੜ੍ਹਾਈ ਕਰਕੇ ਆਪਣਾ ਕਿਰਸਾਨੀ ਟੱਬਰ ਤਿਆਗ ਕੇ, ਸਮੁੰਦਰੀ ਜਹਾਜ਼ 'ਚ ਬਹਿਕੇ ਇੰਡੀਆ ਆ ਗਿਆ । ਉਹ ਨੇਪਾਲ ਦੇ ਬਾਰਡਰ ਨੇੜੇ ਈਸਟ ਇੰਡੀਅਨ ਰੇਲਵੇ ਕੰਪਨੀ ਵਿੱਚ ਇੰਜਨੀਅਰ ਭਰਤੀ ਹੋ ਗਿਆ । ਜੈਕ ਦੇ ਦਾਦੇ ਨੇ ਇੱਕ ਨਿਹਾਇਤ ਖੂਬਸੂਰਤ ਨੇਪਾਲਣ ਲੜਕੀ ਨਾਲ ਵਿਆਹ ਕਰਾ ਲਿਆ । ਸਕਾਟਲੈਂਡ ਦਾ ਓਰੀਜਨਲ ਅੰਗਰੇਜ਼... ਤੇ ਅੰਗਰੇਜ਼ ਦੇ ਨੁਤਫ਼ੇ ਤੋਂ ਨਿਪਾਲਣ ਦੇ ਜੰਮੀ ਓਲਾਦ... ਜੈਕ ਦਾ ਬਾਪ ਵੀ ਇੰਡੀਅਨ ਰੇਲਵੇ ਵਿੱਚ ਬੂਆਇਲਰ ਇੰਜਨੀਅਰ ਸੀ । ਹਿੰਦੋਸਤਾਨ ਨੂੰ ਅਜ਼ਾਦੀ ਮਿਲਣ ਤੋਂ ਬਾਅਦ ਬਹੁਤੇ... ਲਗਭਗ ਸਾਰੇ ਅੰਗਰੇਜ਼ ਇੰਗਲੈਂਡ ਵਾਪਸ ਮੁੜ ਗਏ । ਇਹ ਟੱਬਰ ਲੰਮੇ ਸਮੇਂ ਤੋਂ ਹਿੰਦੋਸਤਾਨ ਵਿੱਚ ਹੀ ਰਹਿ ਰਿਹਾ ਸੀ... ਸੰਤਾਲੀ ਤੋਂ ਬਾਅਦ ਵੀ ਰਹੀ ਗਿਆ... ਸਕਾਟਲੈਂਡ ਵਿਸਰ ਗਿਆ... ਫ਼ਰੇਜ਼ਰ ਫੈਮਲੀ ਨੇ ਇੰਡੀਆ ਨਹੀਂ ਛੱਡਿਆ । ਜੈਕ ਦੱਸਦਾ "ਮਾਈ ਫਾਦਰ ਸੈੱਡ ਆਈ ਵੋਂਟ ਲੀਵ ਇੰਡੀਆ । ਵ੍ਹਾਈ? ਸੈੱਡ ਆਈ ਵਿੱਲ ਰਾਦਰ ਡਾਈ ਇਨ ਇੰਡੀਆ ।"

ਕਿੰਨੇ ਹੀ ਹੋਰ ਲੋਕ ਇੱਕਲੇ, ਦੋ ਦੋ, ਚਾਰ ਚਾਰ ਮੇਰੇ ਜੀਵਨ ਵਿੱਚ ਵੜੇ । ਉੁਹ ਸਭ ਬਾਹਰ ਵੀ ਨਿਕਲ ਗਏ । ਕਈਆਂ ਨੇ ਆਉਣ ਲੱਗੇ ਤਕਲੀਫ਼ ਦਿੱਤੀ । ਕਈਆਂ ਨੇ ਜਾਂਦੇ ਵਕਤ । ਪਰ ਇਹਨਾਂ ਨੇ ਆਉਣ ਵੇਲੇ ਇੱਕ ਡਰਾਉਣੀ ਜਹੀ ਭਾਵਨਾ ਨਾਲ ਹੈਰਾਨ ਕੀਤਾ…... ਤੇ ਜਾਂਦੇ ਇਹ ਹੈ ਈ ਨਹੀਂ । ਕਿਤੇ ਇਹ ਤਾਂ ਨਹੀਂ ਕਿ ਇਹ ਪੰਜੋ ਬੰਦੇ ਹਾਕਮ ਅੰਗਰੇਜ਼ ਕੌਮ ਦੀ ਜਿਣਸ ਸਨ... ਜਿਹਨਾਂ ਨੇ ਹਿੰਦੋਸਤਾਨ ਦੇ ਐਡੇ ਵੱਡੇ ਖਿੱਤੇ 'ਤੇ ਦੋ ਸੌ ਸਾਲ ਰਾਜ ਕੀਤਾ । ਅਜੀਬ ਲੱਗਦਾ ਐ ਕਿ ਮੈਂ ਉਂਜ ਹੀ ਉਨ੍ਹਾਂ ਦੇ ਜੀਵਨ ਵਿੱਚ ਉਲਝ ਗਿਆ ਤੇ ਉਹ ਮੇਰੀ... ਸਾਡੀ ਜਿੰਦਗੀ 'ਚ ਸ਼ਾਮਿਲ ਹੋ ਗਏ... ਤੇ ਹੁਣ ਭੁੱਲਦੇ ਨਹੀਂ... ਵਾਪਸ ਨਹੀਂ ਜਾਂਦੇ । ਮੈਂ ਉਹਨਾਂ ਦੀ ਹਾਜ਼ਰੀ ਵਿੱਚ ਹਮੇਸ਼ਾ ਆਪਣੀਆਂ ਮਾਨਸਿਕ ਸਥਿਤੀਆਂ ਬਾਰੇ ਗੁਥਮ-ਗੁੱਥਾ ਹੋਇਆ ਰਹਿੰਦਾ...

ਲਿੱਲੀ ਆਪਣੇ ਪਤੀ ਨੂੰ ਐਂਜ 'ਬੂਢਾ' ਬੋਲਦੀ ਜਿਵੇਂ ਉਸ ਦੀ ਕੋਈ ਤਿਲ ਭਰ ਵੀ ਹੈਸੀਅਤ ਨਾ ਹੋਵੇ...'ਹੇਅ ਓਲਡ ਮੈਨ'... 'ਬੂਢਾ'... ਜੋ ਉਮਰ ਵਿੱਚ ਲਿੱਲੀ ਤੋਂ ਸੋਲਾਂ ਸਾਲ ਵੱਡਾ ਸੀ । ਜੈਕ ਕਦੇ ਮਾਯੂਸ ਹੋਇਆ ਕਿਸੇ ਗੁੱਝੇ ਮਤਲਬ ਲਈ ਲਿੱਲੀ ਮੂਹਰੇ ਕੋਈ ਪ੍ਰਾਰਥਨਾ ਜਹੀ ਕਰਦਾ..."ਲਿੱਲੀ ਯੂ ਆਰ ਮਾਈ ਬਿਊਟੀਫੁੱਲ ਰੋਜ਼, ਹੇਅ...ਮਾਈ ਡੀਅਰ ਟੇਕ ਯੂਅਰ ਡਰਿੰਕ"... ਲਿੱਲੀ ਆਪਣਾ ਗਿਲਾਸ ਪੋਲਾ ਜਿਹਾ ਫੜ ਕੇ ਬੁੱਲਾਂ ਨੂੰ ਲਾਉਂਦੀ, ਸਿੱਪ ਕਰਦੀ । ਗਿਲਾਸ ਫੜਨ ਤੋਂ ਲੈ ਕੇ ਛੱਡਣ ਤੱਕ ਕੋਈ ਸਮਾਂ ਨਹੀਂ ਸੀ ਲਾਉਂਦੀ ਹੁੰਦੀ । ਇੰਗਲੈਂਡ ਤੋਂ ਲਿੱਲੀ ਦੀ ਭੈਣ ਜਿਊਲੀ ਨੇ ਉਸ ਨੂੰ ਕੱਪੜੇ ਭੇਜੇ ਤਾਂ ਲਿੱਲੀ ਕਹਿੰਦੀ, "ਅਗਰ ਯੇ ਬੂਢਾ ਮੇਰੇ ਕੋ ਐਸਾ ਕੱਪੜਾ, ਡਰੈੱਸ ਮੇਂ ਦੇਖ ਲੇਗਾ... ਤੋ ਰਾਤ ਮੇਂ ਮੇਰੇ ਕੋ ਛੋੜੇਗਾ ਨਹੀਂ..."

ਜੈਕ ਆਪਣੇ ਆਪ ਨੂੰ ਸ਼ਹਿਰ ਦੇ ਸਭ ਤੋਂ ਵੱਡੇ ਸੇਕਰਡ ਹਰਟ ਕੌਨਵੈਂਟ ਸਕੂਲ ਵਿੱਚ ਟੀਚਰ ਲੱਗਿਆ ਦੱਸਦਾ ਸੀ । ਸ਼ੁਰੂ 'ਚ ਟੀਚਰ ਹੀ ਸੀ, ਪਰ ਜਦੋਂ ਸੱਠ ਸਾਲ ਪਾਰ ਕਰ ਗਿਆ ਤਾਂ ਸਕੂਲ ਦੀ ਮੈਨੇਜਿੰਗ ਕਮੇਟੀ ਨੇ ਉਸਨੂੰ ਰਿਟਾਇਰ ਨਹੀਂ ਕੀਤਾ । ਕੇਅਰ-ਟੇਕਰ ਲਾ ਦਿੱਤਾ । ਸਕੂਲ ਵਿੱਚ ਜੋ ਕੰਮ ਕਿਸੇ ਨੂੰ ਨਾ ਦਿੱਤੇ ਹੁੰਦੇ ਉਹ ਜੈਕ ਦੇ ਜੁੰਮੇ ਹੁੰਦੇ... ਤੇ... ਉਹ ਚੌਵੀ ਘੰਟੇ ਸੱਤੇ ਦਿਨ... 'ਟੂਐਂਟੀ ਫੋਰ ਸੈਵਨ' ਸਾਈਕਲ 'ਤੇ ਚੜਿ੍ਹਆ ਰਹਿੰਦਾ । ਇਹੀ ਸਾਈਕਲ ਉਸ ਦੀ ਤੰਦਰੁਸਤੀ ਦਾ ਰਾਜ਼ ਸੀ ਕਿ ਉਸਨੇ ਕਦੇ ਪੈਰਾਸਿੱਟਾਮੋਲ ਦੀ ਗੋਲੀ ਵੀ ਨਹੀਂ ਸੀ ਖਾਧੀ । ਉਹ ਸਵੇਰੇ ਕਦੇ ਨਹੀਂ ਸੀ ਨਹਾਉਂਦਾ । ਕੱਪੜਿਆਂ 'ਤੇ ਸੈਂਟ ਛਿੜਕ ਕੇ ਸਕੂਲ ਨੂੰ ਚਲਿਆ ਜਾਂਦਾ । ਹਾੜ-ਸਾਉਣ... ਪੋਹ-ਮਾਘ... ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਪਾਣੀ ਨਾਲ ਨਹਾਉਂਦਾ । ਆਪਣੇ ਕੱਪੜੇ ਆਪ ਧੋਂਦਾ । ਉਸਦੇ ਗੰਦੇ ਕੱਪੜੇ ਕੋਈ ਚਿਮਟੇ ਨਾਲ ਵੀ ਨਾ ਚੁੱਕਦਾ । ਸਾਰਾ ਦਿਨ ਬਾਲਟੀ ਦੇ ਪਾਣੀ 'ਚ ਡੁੱਬੇ ਰਹਿੰਦੇ...

ਲਿੱਲੀ ਸ਼ੁਰੂ 'ਚ ਸਾਡੇ ਨਾਲ ਕਦੇ ਘੱਟ ਹੀ ਖੁੱਲਕੇ ਬੋਲਦੀ । ਕਦੇ ਲਿੱਲੀ ਮੇਰੀ, ਮੇਰੀ ਘਰਵਾਲੀ ਦੀ ਸ਼ਿਕਾਇਤ ਕੋਠੀ ਦੇ ਮਾਲਕ ਕੋਲ ਕਰ ਆਉਂਦੀ ਕਿ ਅਸੀਂ ਸਾਰੀਆਂ ਸਾਂਝੀਆਂ ਤਾਰਾਂ ਧੋਤੇ ਕੱਪੜੇ ਟੰਗ ਕੇ ਭਰ ਦਿੱਤੀਆਂ... 'ਕਿਆ ਹਮਾਰਾ ਕੋਈ ਹੱਕ ਨਈਂ'... ਜਾਂ ਇੱਕੋ ਸਾਂਝੀ ਟੁਆਏਲੈੱਟ ਵਿੱਚ ਅੱਠ ਨੌਂ ਬੰਦਿਆਂ ਦਾ ਘਮਸਾਣ ਮਚ ਜਾਂਦਾ... ਜਿਸ ਨੂੰ ਸੁਖਾਲਾ ਕਰਨ ਲਈ ਮੈਂ, ਮੇਰੀ ਬੀਵੀ ਚਾਰ ਵਜੇ ਤੜਕੇ ਜਾਗ ਪੈਂਦੇ... ਮੈਂ ਇੱਕ ਵਾਰ ਹੋਰ ਟੁਆਏਲੈੱਟ ਆਪ ਸਾਫ਼ ਕਰ ਦਿੰਦਾ... ਇਹ ਉਹਨਾਂ ਸਮਿਆਂ ਦੀ ਗੱਲ ਐ ਜਦੋਂ ਮੈਨੂੰ ਮੇਰੇ ਰਿਸ਼ਤੇਦਾਰਾਂ ਨੇ ਮੋਹ ਨਾਲ ਯੌਰਪ ਤੋਂ ਮਟਰੋਲਾ ਦਾ ਮੋਬਾਇਲ ਫੋਨ ਭੇਜ ਦਿੱਤਾ ਸੀ । ਉਦੋਂ ਸਾਡੇ ਏਰੀਏ 'ਚ ਮੋਬਾਇਲ ਸੇਵਾ ਅਜੇ ਆਈ ਨਹੀਂ ਸੀ... ਤਾਂ ਮੈਂ ਟੈਲੀਫ਼ੂਨ ਲੁਆ ਲਿਆ... ਤੇ ਏਹ ਕੁੜੀਆਂ ਮੈਨੂੰ ਭਈਆ ਕਹਿ ਕੇ ਤੇ ਮੇਰੇ ਘਰਵਾਲੀ ਨੂੰ ਦੀਦੀ ਕਹਿ ਕੇ ਫੋਨ ਨੂੰ ਹੱਥ ਪਾ ਲੈਂਦੀਆਂ..."ਭਈਆ ਮੈਂ ਏਕ ਫੋਨ ਕਰ ਲੂੰ" ਪਤਾ ਨਹੀਂ ਕਿਹਨਾਂ ਨੂੰ... ਕਿੰਨੇ ਹੀ ਫੋਨ ਕਰਦੀਆਂ ਰਹਿੰਦੀਆਂ... ਕਿੰਨੇ ਈ ਨੰਬਰ ਦੋਵਾਂ ਨੂੰ ਜ਼ੁਬਾਨੀ ਯਾਦ ਸਨ... ਯਾ ਹੱਥਾਂ 'ਤੇ ਨੰਬਰ ਲਿਖੀ ਆ ਧਮਕਦੀਆਂ... ਮੈਨੂੰ ਖਿਝ ਜਹੀ ਚੜ੍ਹਾ ਦੇਂਦੀਆਂ...

ਫੇਰ ਸਪਾਈਸ ਦਾ ਸਿੰਮ ਕਾਰਡ ਵਿਕਣ ਲੱਗਿਆ । ਦੂਰੀਆਂ ਮੁੱਕੀਆਂ । ਮਹੌਲ ਕਿਤੇ ਸੁਖਾਲਾ ਹੋਇਆ । ਅਸੀਂ ਅੰਗਰੇਜ਼ਾਂ ਦੀ ਰਸੋਈ 'ਚ ਰਿੱਝੀਆਂ ਸਬਜ਼ੀਆਂ ਖਾਣ... ਤੇ ਆਪਣੀਆਂ ਵਟਾਉਣ ਲੱਗ ਪਏ...

ਘਰ ਦੀ ਰਸੋਈ ਦਾ ਸਾਰਾ ਖਰਚਾ ਜੈਕ ਆਪ ਚੁੱਕਦਾ । ਅੰਡੇ ਬਰੈੱਡ ਬਟਰ ਚਿਕਨ ਮਟਨ: "ਰਿਆਨ ਅਰੇ ਕਿਆ ਕਰ ਰਹੀ ਹੋ"?

"ਕਿਆ ਬਤਾਊਂ ਦੀਦੀ... ਵਹੀ ਕਿਚਨ ਵਹੀ ਚਿਕਨ ।"

... ਬਰੇਕਫ਼ਾਸਟ 'ਚ ਵੀ ਮੁਰਗਾ... ਜੈਕ ਲਿਆਵੇ ਜਿੱਥੋਂ ਮਰਜ਼ੀ... ਘਰ, ਰਸੋਈ ਚਲਾਵੇ । ਕਦੇ ਸਾਂਝੀ ਬਾਲਕੋਨੀ 'ਚ ਹੱਥ 'ਚ ਫੜਿਆ ਵਿ੍ਹਸਕੀ ਦਾ ਪੈੱਗ ਘੁੰਮਾਉਂਦਾ ਫੁੱਟ ਪੈਂਦਾ..."ਨੋ ਸੇਵਿੰਗ... ਜਿਤਨਾ ਕਮਾਇਆ ਸਬ ਉੜਾ ਦੀਆ । ਸਬ ਬੱਚੋਂ ਕੋ ਖਿਲਾ ਦੀਆ । ਨੋ ਪੀ ਐੱਫ । ਨੋਅ ਬੈ-ਅ-ਲੈਂਸ ਇਨ ਬੈਂਕ ਅਕਾਉਂਟ!! ਨਥਿੰਗ... ੲੈਂਜੂਆਏ ਐਵਰੀ ਬਿੱਟ ਆਫ਼ ਏ ਸੈਕਿੰਡ... ਐਜ਼ ਪਰ ਯੂਅਰ ਕੌਨਸ਼ੈਂਨਸ... ਚੁਆਇਸ ।" ਉਹ ਆਪਣੇ ਘਰ ਦੇ ਹੋਣ, ਕਰਨ ਵਾਲੇ ਸਾਰੇ ਕੰਮ...ਤੇ ਉਹਨਾਂ ਨੂੰ ਕਰਨਾ ਵੀ ਜਾਣਦਾ ਸੀ । ਕਈ ਕਿਸਮ ਦੇ ਮਿਸਤਰੀਆਂ ਦਾ ਮੁਜਸਮਾ... ਪੂਰੇ ਸੰਦ ਕੋਲ... ਡਰਿੱਲ ਮਸ਼ੀਨ ਲੈ ਕੇ ਬਾਥਰੂਮ, ਰਸੋਈ ਜਾਂ ਬੈੱਡ-ਰੂਮਾਂ ਦੇ ਅੰਦਰ, ਬਾਹਰ ਲੱਗਿਆ...ਘਰਰਰ ... ਘਰਰ ਕਰਦਾ ਹੁੰਦਾ...

ਜੈਕ ਟੂ-ਰੂਮ ਸੈੱਟ ਦਾ ਅੱਧਾ ਰੈਂਟ ਦਿੰਦਾ... ਅੱਧਾ ਬੱਚੇ... ਲਿੱਲੀ ਜੋ ਕਮਾਉਂਦੀ ਆਪਣੇ ਬੈਂਕ 'ਚ ਜਿੰਦਾ ਲਾਈ ਰੱਖਦੀ । ਇੱਕ ਪੰਜੀ ਨਾ ਖਰਚਦੀ... ਲਿੱਲੀ ਸਰਦਾਰਾਂ ਦੇ ਕਿਸੇ 'ਯੌਰਪੀਨ ਸੇਂਟ' ਦੇ ਨਾਂ 'ਤੇ ਚਲਾਏ ਦੇਸੀ ਕੌਨਵੈਂਟ ਸਕੂਲ ਵਿੱਚ ਛੇਵੀਂ ਸਤਵੀਂ ਕਲਾਸ ਦੇ ਛੋਟੇ ਬੱਚਿਆਂ ਨੂੰ ਇੰਗਲਿਸ਼, ਮੈਥ ਪੜ੍ਹਾਉਂਦੀ ਸੀ... ਲਿੱਲੀ ਨੂੰ ਬੁੜ੍ਹੇ ਜੈਕ ਨਾਲ ਜੋੜਕੇ 'ਬੁੜ੍ਹੀ' ਕਹਿਣਾ ਵੱਡੀ ਬੇਇਨਸਾਫ਼ੀ ਹੋਵੇਗੀ । ਬੁੜ੍ਹੀ ਤਾਂ ਬੁੜ੍ਹੇ ਨਾਲੋਂ ਕਿਤੇ 'ਸਮਾਰਟ' ਸੀ । ਉਹ ਨੌਕਰੀ ਤੋਂ ਸਿਵਾ ਕੁੱਝ ਨਹੀਂ ਸੀ ਕਰਦੀ । ਰਸੋਈ 'ਚ ਪੈਰ ਨਾ ਪਾਉਂਦੀ । ਕੁੜੀਆਂ ਕਰਨ ਆਪੇ... ਬਾਹਰ ਕਿਤੇ ਘੱਟ ਹੀ ਨਿਕਲਦੀ । ਘਰ ਹੁੰਦੀ ਤਾਂ ਫਰਾਂਸ ਦੇ ਸ਼ਹਿਜਾਦਿਆਂ ਵਾਂਗ ਸਾਰਾ ਦਿਨ ਕੁਰਸੀ 'ਤੇ ਬਿਰਾਜਮਾਨ ਹੋ ਕੇ ਕੇਬਲ ਟੀ ਵੀ ਚੈਨਲ ਉੱਤੇ ਇੰਗਲਿਸ਼ ਪਿਕਚਰਾਂ ਦੇਖਦੀ ਰਹਿੰਦੀ... ਉਹਨਾਂ ਸਮਿਆਂ, ਸਾਲਾਂ ਵਿੱਚ ਸਟਾਰ ਮੂਵੀਜ਼ ਉੱਤੇ ਬਿਨਾਂ ਕੱਟਿਆਂ ਪੂਰੀਆਂ 'ਫੁੱਲ' ਅਡਲਟ ਫਿਲਮਾਂ ਚਲਦੀਆਂ ਹੁੰਦੀਆਂ ਸਨ... ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਟੀ ਵੀ ਸਕਰੀਨ ਉੱਤੇ ਗੂੜ੍ਹੇ ਲਾਲ ਗੋਲ ਦਾਇਰੇ ਵਿੱਚ '18' ਲਿਖਿਆ ਖੜ੍ਹਾ ਹੁੰਦਾ... ਤੇ ਲਿੱਲੀ ਆਪਣਾ ਸਾਰਾ ਵਿਹਲਾ ਸਮਾਂ ਸਟਾਰ ਮੂਵੀਜ਼ ਉੱਤੇ 'ਬੋਲਡ' ਪਿਕਚਰਾਂ ਦੇਖਦੇ ਲੰਘਾ ਦਿੰਦੀ ।

ਇੱਕ ਦੁਪਿਹਰ ਲਿੱਲੀ ਸਕੂਲ ਤੋਂ ਪਸੀਨੋ-ਪਸੀਨਾ ਹੋਈ ਆਪਣੀ ਸਲਵਾਰ ਨੂੰ ਸੰਭਾਲਦੀ ਮੁੜੀ । ਰਿਆਨ ਨੇ ਕੁਰਸੀ ਅੱਗੇ ਕਰ ਦਿੱਤੀ: "ਸਕੂਲ ਮੇਂ ਯੂਨੀਫਾਰਮ ਹੈ ਨਾ ਟੀਚਰਜ਼ ਕਾ । ਸਲਵਾਰ ਕਮੀਜ਼ । ਓ ਹੋਅ! ਮੈਂ ਵਾਪਸ ਆ ਰਹਾ... ਵਾਕਿੰਗ... ਤੋ ਮੇਰਾ... ਕਿਆ ਕਹਿਤੇ ਉਸ ਕੋ", ਉਸ ਨੇ ਲੱਕ ਦੁਆਲੇ ਹੱਥ ਘੁੰਮਾਇਆ "ਢੀਲਾ ਹੋ ਗਯਾ... ਕਿਆ ਪੀਜਾਮਾ ਨੀਚੇ ਕੋ ਜਾਨੇ ਲਗਾ... ਨਾੜਾ... ਬਾਂਧਨਾ ਨਹੀਂ ਆਤਾ... ਆਈ ਡੋਂਟ ਨੋਅ । ਨਹੀਂ ਟਾਈਟ ਕਰਨਾ ਆਤਾ... ਰਾਸਤੇ ਮੇਂ ਰੁਕ ਗਯਾ" ਫਿੱਕੀ ਜਹੀ ਹਾਸੀ ਹੱਸਣ ਲੱਗ ਪਈ, "ਚੌਕ ਮੇਂ... ਨਾ ਆਗੇ ਜਾਨੇ ਕੋ ਸਕਤਾ... ਨਾ ਪੀਛੇ... ਪੀਜਾਮਾ ਪਕੜ ਹਮ ਫਸਾ ਰਹਾ... ਸੋ ਟੈਰੀਫ਼ਾਇੰਗ..." ਸਾਰੀ ਗੱਲ ਉਹ ਸਾਡੇ ਸਾਹਮਣੇ ਆਪਣੀ ਧੀ ਦੇ ਕੇ ਕੋਲ ਬੈਠਿਆਂ ਹੀ ਬੋਲ ਗਈ । ਆਪਣੇ ਧੀਆਂ ਪੁੱਤਾਂ ਦੇ ਯਾਰ ਬੇਲੀਆਂ ਬਾਰੇ ਕਹਿੰਦੀ: ''ਦੋਸਤ ਹੋਤੇ ਹੈਾ । ਮਿਲੋ । ਗੂੰਮੋ । ਫਿਰੋ । ਕਮਰੇ ਮੇਂ ਬੈਠੋ । ਬਟ ਡੋਂਟ ਕਲੋਜ਼ ਦਾ ਡੋਰ ।''

ਉਸ ਨੂੰ ਬੱਚਿਆਂ 'ਚ ਬੱਚਾ ਬਣੇ ਰਹਿਣ ਦਾ ਜਨੂਨ ਸੀ..."ਜਬ ਲੰਚ ਮੇਂ ਬੱਚਾ ਲੋਗ ਅਪਨਾ ਟਿਫ਼ਨ ਸੇ ਖਾਨਾ ਖਾਤੇ ਤੋ ਮੇਰਾ ਬਹੁਤ ਦਿਲ ਕਰਤਾ ਪਰਾਂਠੀ ਖਾਨੇ ਕੋ... ਆਪ ਜਰੂਰ ਕਿਸੀ ਦਿਨ ਮੇਰੇ ਕੋ ਖਿਲਾਨਾ... ਅਚਾਨਕ ਖਿਲਾ ਦੇਨਾ... ਔਰ ਸਾਥ ਮੇਂ ਅਚਾਰ... ਚਾਏ ਵੀ ਦੇਨਾ... ਆਪ ਲੋਗੋਂ ਕੇ ਸਾਗ ਔਰ ਮੱਕੀ ਕੀ ਰੋਟੀ ਮੁਝੇ ਬਹੁਤ ਪਸੰਦ ਹੈ... ਅਭੀ ਮੂੰਹ ਮੇਂ ਪਾਨੀ ਆ ਗਿਆ..." ਕਦੇ ਕਹਿੰਦੀ "ਮੇਰਾ ਸੰਨ-ਸਾਈਨ ਲੀਓ ਹੈ । ਲੌਅਇਨ!! ਹੇ ਡੇਅਰਿੰਗ..."

ਕਿਸੇ ਦਿਨ ਜੈਕ ਸ਼ਹਿਰ ਦੇ ਵੱਡੇ ਸਲੰਮ ਵਿੱਚੋਂ ਕਿਸੇ ਝਟਕਈ ਦੇ ਅੱਠ ਕੁ ਸਾਲ ਦੇ ਬੱਚੇ ਨੂੰ ਆਪਣੇ ਘਰ ਲੈ ਆਇਆ । ਲਿੱਲੀ ਕੋਲ ਪੜ੍ਹਨ ਲਈ ਬਿਠਾ ਦਿੱਤਾ । ਝਟਕਈ ਤੋਂ ਉਹ ਤਾਜ਼ਾ ਚਿਕਨ, ਮਟਨ ਖਰੀਦਦਾ ਸੀ । ਝਟਕਈ ਨੇ ਪਿਛਲੇ ਸਾਲ ਇਸਾਈ ਬਣਕੇ ਆਪਣਾ ਨਾਂ ਜੋਨਜ਼ ਮਸੀਹ ਭੱਟੀ ਰੱਖ ਲਿਆ । ਸੰਡੇ ਨੂੰ ਧੋਤੇ ਕੱਪੜੇ ਪਾ ਕੇ ਚਰਚ ਜਾਣ ਲੱਗ ਪਿਆ... ਝਟਕਈ ਦੁਪਿਹਰ ਨੂੰ ਦੋ ਵਜੇ ਮੁੰਡੇ ਨੂੰ ਲਿੱਲੀ ਦੇ ਕਮਰੇ ਦੇ ਬਾਹਰ ਛੱਡ ਜਾਂਦਾ । ਜੈਕ ਨੇ ਮੁੰਡੇ ਲਈ ਕਮਰੇ ਦੇ ਬਾਹਰ ਪੌੜੀਆਂ ਵਿੱਚ ਇੱਕ ਕੁਰਸੀ ਰੱਖੀ ਹੋਈ ਸੀ । ਝਟਕਈ ਮੁੰਡੇ ਨੂੰ ਕੁਰਸੀ 'ਤੇ ਬਿਠਾਕੇ...'ਪੁੱਤ ਐਥੇ ਈ ਬੈਠਾ ਰਹੀਂ... ਕਿਤੇ ਨੀਂ ਜਾਣਾ, ਪੌੜੀਆਂ ਨੀਂ ਉਤਰਨਾ... ਚੰਗਾ' ਕਹਿਕੇ ਆਪ ਪੌੜੀਆਂ ਉਤਰ ਜਾਂਦਾ... ਤੇ ਇਹ ਵੀ ਨਾ ਸੋਚਦਾ ਕਿ ਜੇ ਬੱਚੇ ਨੂੰ ਟੱਟੀ ਪਿਸ਼ਾਬ ਆ ਜਾਵੇ ਤਾਂ ਕੀ ਕਰੇ, ਕਿੱਥੇ ਜਾਵੇ । ਲਿੱਲੀ ਨੇ ਦੋ ਚਾਰ ਦਿਨ ਬੱਚੇ ਨੂੰ ਪਹਿਲਾਂ ਹੀ ਲਿਖਿਆ ਹੋਇਆ ਕਾਗਜ਼ ਹੱਥ ਫੜਾਕੇ ਬੁਲਵਾ ਦਿੱਤਾ... ਤੇ ਫੇਰ... ਉਹ ਮੁੰਡਾ 'ਕੱਲਾ ਹੀ ਬਾਹਰ ਬੈਠਾ ਰਹਿੰਦਾ... ਬੈਠਾ ਰਹਿੰਦਾ... ਕੋਈ ਨਾ ਪੁੱਛਦਾ... ਉਵੇਂ ਹੀ ਖਾਲ-ਮ-ਖਾਲੀ ਬਾਪ ਨਾਲ ਮੁੜ ਜਾਂਦਾ... ਲਿੱਲੀ ਬਾਹਰ ਹੀ ਨਾ ਨਿਕਲਦੀ...

ਕਿਸੇ ਸੰਡੇ ਸਰਦੀਆਂ 'ਚ ਦੁਪਿਹਰ ਨੂੰ ਬਾਹਰ ਧੁੱਪ ਸੇਕਦੇ ਮੈਂ ਆਪਣੇ ਮਨ 'ਚ ਕਦੋਂ ਦੀ ਅਟਕੀ ਗੱਲ ਬਕ ਦਿੱਤੀ "ਯੂ ਆਰ ਪ੍ਰੋਟੈੱਸਟੈਂਟ...?" ਤੇ ਉਹ ਛਿੜ ਪਈ:

"ਨੋਅ... ਨੋਅ, ਪ੍ਰੋਟੈੱਸਟੈਂਟ ਨਈਂ ਹਮ... ਮੈਂ ਰੋਮਨ ਕੈਥਲਿਕ ਹੂੰ!! ਯੇ ਕਿਆ ਹੈ ਇੰਡਿਆ ਮੇਂ ਲੋਗ ਬੈਨੇਫ਼ਿਟ ਲੇਨਾ ਕਾ ਵਾਸਤੇ ਕ੍ਰਿਸ਼ਚੀਅਨ ਬਨ ਰਹਾ... ਕੌਨਵੈਂਟ ਮੇਂ ਅਡਮਿਸ਼ਨ ਮਿਲ ਜਾਏਗਾ! ਕੋਈ ਔਰ ਪ੍ਰਾਇਓਰਟੀ ਮਿਲ ਜਾਏਗਾ! ਜੋਬ ਮਿਲ ਜਾਏਗਾ... ਅਬਾਰਸ਼ਨ ਕਰਵਾ ਰਹੇ ਹੈਂ... ਡਾਈਵੋਰਸ ਲੇ ਰਹੇ ਹੈਂ... ਹਾਅ? ਯੇ ਗੌਡ ਕਾ ਮਰਜ਼ੀ ਨਈਂ ਹੈ । ਬਿਲਕੁਲ ਨਈਂ । ਮੈਂ ਦੂਸਰਾ ਸ਼ਾਦੀ ਬਨਾ ਸਕਤਾ?? ਬਿਲਕੁਲ ਨਈਂ... ਹਾਂ... ਜਬ ਯੇ ਬੂਢਾ ਮਰ ਜਾਏਗਾ ਤੋ ਮੈਂ ਦੂਸਰਾ ਸ਼ਾਦੀ ਬਨਾ ਸਕਤਾ । ਮੇਰਾ ਰੀਲੀਜ਼ਨ ਰੋਮਨ ਕੈਥਲਿਕ ਹੈ ਨਾ!" ਚੁੱਪ ਹੋ ਕੇ ਸੋਚੀਂ ਪਈ ਉਹ ਮੈਨੂੰ ਕੋਲ ਬੈਠੇ ਨੂੰ ਭੁੱਲ ਹੀ ਗਈ... 'ਜਬ ਯੇ ਬੂਢਾ ਮਰ ਜਾਏਗਾ' ਸੁਣਕੇ ਮੈਨੂੰ ਜੈਕ ਦੀ ਲਾਸ਼ ਕਿਸੇ ਸ਼ਮਸ਼ਾਨ ਘਾਟ ਵਿੱਚ ਜਲਦੀ ਦਿਸਣ ਲੱਗ ਪਈ ।

ਕਦੇ ਲੈਂਡ ਲੌਰਡ ਦਾ ਵੀ ਤਵਾ ਲਾ ਦੇਂਦੀ, "ਲੈਂਡ ਲੋਰਡ ਜੈਂਟਲਮੈਨ ਨਹੀਂ .. ਜੈਸੀਕਾ ਕੋ ਪਕੜ ਕੇ ਐਸੇ ਅਪਨੇ ਸਾਥ ਲਗਾ ਲੀਆ... ਮੈਂ ਨੀਚੇ ਗਿਆ ਤੋ ਉਸਨੇ ਡਾਇਰੈਕਟਲੀ ਮੇਰੀ ਆਖੋਂ ਮੇਂ ਦੇਖਾ...ਐਸੇ । ਨੋਅ ।" ਤੇ ਉਸ ਬੰਦੇ ਨੂੰ ਵੀ ਖਾਰਜ ਕਰ ਦਿੱਤਾ ।

ਜਦੋਂ ਪੋਪ ਜੌ੍ਹਨ ਪੌਲ ਰੋਮ ਤੋਂ ਇੰਡੀਆ ਆਇਆ ਤਾਂ ਜੈਕ ਆਪਣੇ ਇਸ਼ਟ ਦੇ ਦਰਸ਼ਨ ਕਰਨ ਦੋ ਦਿਨ ਪਹਿਲਾਂ ਹੀ ਦਿੱਲੀ ਪਹੁੰਚ ਗਿਆ..."ਮੈਂ ਸੜਕ ਕੇ ਕਿਨਾਰੇ ਪੇ ਖੜਾ ਥਾ । ਫਾਦਰ ਨੇ ਬਿਲਕੁਲ ਮੇਰੀ ਆਖੋਂ ਮੇਂ ਆਖੇਂ ਡਾਲ ਕਰ ਸੀਧੇ ਐਸੇ ਮੁਝੇ ਦੇਖਾ । ਵੈਰੀ ਕਲੋਜ਼ਲੀ! ਐਸੇ! ਐਸੇ!!" ਉਸਨੇ ਹੁਲਾਸ ਭਰੀ ਨਿਗ੍ਹਾ ਨਾਲ ਮੇਰੀਆਂ ਅੱਖਾਂ 'ਚ ਗੌਹ ਨਾਲ ਦੇਖਿਆ । ਲਗਾਤਾਰ ਦੇਖਦਾ ਰਿਹਾ । ਦੇਖਦਾ ਰਿਹਾ । ਕੀ ਸੀ ਮੇਰੀਆਂ ਅੱਖਾਂ 'ਚ?

"ਰੀਅਲੀ!! ਯੈੱਸ!!!" ... ਤੇ ਪੋਪ ਦੇ ਮੁੜ ਜਾਣ ਤੋਂ ਬਾਅਦ ਵੀ ਉਹ ਦੋ ਦਿਨ ਦਿੱਲੀ ਦੀਆਂ ਸੜਕਾਂ ਕਿਨਾਰੇ ਰੋਂਦਾ ਘੁੰਮਦਾ ਰਿਹਾ... ਅੱਖਾਂ ਹੁਣ ਵੀ ਸਿੱਲ੍ਹੀਆਂ ਲੱਗੀਆਂ... ਬੋਲ ਕਿਸੇ ਭਾਵਨਾ ਨਾਲ ਲਬਰੇਜ਼ ।

ਮੈਂ ਫ਼ਰੇਜ਼ਰਾਂ ਵਿਚਕਾਰ ਜੀਅ ਕੇ ਉਹਨਾਂ ਨੂੰ ਲੱਭਣਾ, ਲਗਾਤਾਰ ਹੱਥਾਂ ਵਿੱਚ ਠੂਠਾ ਫੜ ਕੇ ਉਹਨਾਂ ਦੀ ਕੋਈ ਗੱਲ ਨੂੰ ਉਡੀਕਦੇ ਰਹਿਣਾ... ਕੀ ਹੋ ਗਿਆ ਸੀ ਮੈਨੂੰ? ਵਿਹਲੇ ਹੋਣਾ ਤਾਂ ਉਹਨਾਂ ਬਾਰੇ ਸੋਚੀ ਜਾਣਾ... ਕਿੱਥੇ ਹੋਣਗੇ ਉਹ ਐਸ ਵੇਲੇ... ਕੀ ਕਰਦੇ ਹੋਣਗੇ... ਚਾਰੋ-ਪੰਜੇ ਜਣੇ । ਕਿਸੇ ਰੱਬ ਦੇ ਜੀਅ । ਮਾਂ । ਬਾਪ । ਧੀਆਂ । ਪੁੱਤ... ਪੁੱਤ ਜੋ ਪਹਿਲੇ ਦਿਨ ਸਮਾਨ ਰਖਾਉਣ ਨਾਲ ਨਹੀਂ ਸੀ ਆਇਆ... ਕਿਓਂ ਨਹੀਂ ਸੀ ਆਇਆ ਆਪਣੇ ਮਾਂ ਬਾਪ ਦੀ ਮੱਦਦ ਕਰਨ... ਬਰੂਡੀ... ਕਿੱਥੇ ਐ ਉਹ? ਕਿੱਥੇ ਮਰ ਗਿਆ ਬਰੂਡੀ ਦਾ ਬੱਚਾ??

...ਤੇ ਇਹ ਵਿਚਾਲੜਾ ਵਿਹਲੜ ਮੁੰਡਾ... ਬਰੂਡੀ... ਮੁੰਡਾ ਵੀ ਬਹੁਤ ਸੁਹਣਾ, ਲੰਬਾ ਲੰਝਾ... ਸਮਾਰਟ । ਜੇ ਮੈਂ ਕਦੇ ਜੈਕ ਨੂੰ ਅੱਧਾ ਕੁ ਹੋ ਕੇ ਪੁੱਛਣਾ 'ਬਰੂਡੀ ਲੜਕਾ ਕਿਆ ਕਰਤਾ'... ਤਾਂ ਜੈਕ ਕੀ... ਮੇਰੇ ਇਹ ਸਾਰੇ ਅੰਗਰੇਜ਼ ਉਸਨੂੰ ਚਰਚ ਵਿੱਚ ਕੰਮ ਕਰਦਾ ਦੱਸਦੇ । ਮੈਨੂੰ ਕੁਝ ਸਮਝ ਨਾ ਲਗਦੀ ਕਿ ਇਹ ਚਰਚ ਵਿੱਚ ਕੀ ਕੰਮ ਕਰਦਾ । ਗਿਰਜਾਘਰ ਈਸਾਈਆਂ ਦਾ ਗੁਰਦੁਆਰਾ ਈ ਤਾਂ ਹੁੰਦੈ । ਗਿਰਜਾਘਰ ਤਾਂ ਇੱਟਾਂ ਸੀਮਿੰਟ ਦਾ ਪਹਿਲਾਂ ਈ ਉੱਚਾ ਬ ਣਿਆ ਹੁੰਦੈ । ਹੋਰ ਗਿਰਜਾਘਰ ਵਿੱਚ ਕਮਾਈ ਵਾਲਾ ਕਿਹੜਾ ਕੰਮ ਮਿਲਦਾ? ਪਹਿਲੇ ਦਿਨ ਜਿੱਦਣ ਇਹ ਆਏ ਬਰੂਡੀ ਦਿਸਿਆ ਨਹੀਂ ਸੀ । ਬਾਅਦ ਵਿੱਚ ਵੀ ਉਹ ਘਰ ਕਦੇ ਘੱਟ ਈ ਦਿਸਦਾ । ਕਦੇ ਈ ਘਰ ਮਾਂ ਬਾਪ ਕੋਲ ਆਉਂਦਾ... ਇੱਕ ਰਾਤ, ਦੂਜੀ ਰਾਤ... ਤੀਜੀ ਰਾਤ ਦਾਰੂ ਪੀ ਕੇ ਰੌਲਾ ਪਾਉਂਦਾ... ਲੜ ਕੇ... ਖਰੂਦ ਪਾ ਕੇ ਲੰਘ ਜਾਂਦਾ... ਪਤਾ ਨਹੀਂ ਕਿੱਥੇ ਅਵਾਰਾ ਘੁੰਮਦਾ ਰਹਿੰਦਾ?

ਉਸ ਦਿਨ ਘਰ ਮੈਂ ਇਕੱਲਾ ਸੀ । ਲਗਾਤਾਰ ਤੇਜ ਬਾਰਿਸ਼ ਹੋ ਰਹੀ ਸੀ । ਸਰਦੀ ਵੀ ਬਹੁਤ ਤੇਜ ਸੀ । ਜਦੋਂ ਸਿਆਲ 'ਚ ਮੀਂਹ ਪੈਣ ਲੱਗੇ ਤਾਂ ਮੇਰੀ ਜੀਭ ਮੂਤਣ ਲੱਗ ਪੈਂਦੀ । ਮੀਟ ਖਾਣ ਨੂੰ । ਮੀਟ ਦਾ ਖਿਆਲ ਆਉਂਦਿਆਂ ਈ ਮੇਰਾ ਮੂੰਹ ਰਾਲਾਂ ਨਾਲ ਭਰ ਗਿਆ । ਮੀਂਹ ਥੋੜ੍ਹਾ ਰੁਕਿਆ ਤਾਂ ਮੈਂ ਸਕੂਟਰ 'ਤੇ ਭੱਜਿਆ ਤੇ ਝੌਂਪੜਪੱਟੀ ਵਿੱਚ ਚਲਦੇ ਮੀਟ ਦੇ ਖੋਖੇ ਤੋਂ ਬੱਕਰੇ ਦੀ ਮੂਹਰਲੀ ਲੱਤ ਲੈ ਆਇਆ:

"ਭਈਆ ਬੜੀ ਖੂਸ਼ਬੂ ਆ ਰਹੀ ਐ ।" ਮੀਟ ਅਜੇ ਬਣ ਰਿਹਾ ਸੀ ਕਿ ਬਰੂਡੀ ਪਤਾ ਨਹੀਂ ਕਿੱਥੋਂ ਆ ਟਪਕਿਆ । ਉਸਨੇ ਸੁਆਲ ਵਰਗੀ ਗੱਲ ਕੀਤੀ । ਉਹ ਵੀ ਇਕੱਲਾ ਸੀ ।

"ਬਰੂਡੀ... ਆ ਜਾ ਅੰਦਰ '' ਮੈਂ ਕੁੱਝ ਯਰਕਦਿਆਂ ਸਰਸਰੀ ਉਸਨੂੰ ਕਿਹਾ । ਉਹ ਗਿੱਲੇ, ਚੋਂਦੇ ਰੇਨ ਕੋਟ ਸਮੇਤ ਅੰਦਰ ਨਹੀਂ ਸੀ ਆਉਣਾ ਚਾਹੁੰਦਾ ।

"ਭਈਆ..." ਤੇਜ ਪੈਂਦੇ ਮੀਂਹ ਵਿੱਚ ਉਹ ਮੇਰੀ ਨੀਵੀਂ ਛੱਤਵਾਲੀ ਰਸੋਈ ਦੇ ਟੀਨ ਦੇ ਦਰਵਾਜ਼ੇ ਦੇ ਬਾਹਰ ਰੇਨ ਕੋਟ ਵਿੱਚ ਲੁਕਿਆ ਖੜ੍ਹਾ ਰਿਹਾ । ਉਸ ਦੀਆਂ ਅੱਖਾਂ ਹੀ ਦਿਸ ਰਹੀਆਂ ਸਨ ।

"ਭਈਆ ਬੜੀ ਖੁਸ਼ਬੂ ਆ ਰਹੀ ਐ ।'', ਸ਼ਾਮ ਹੋ ਹੀ ਚੁੱਕੀ ਸੀ ।

"ਕੁਸ਼ ਨਹੀਂ" ਮੈਂ ਸਮਝ ਗਿਆ ਕਿ ਉਸਦੇ ਨੱਕ ਨੂੰ ਮੇਰੇ ਮੀਟ ਦੀ ਮੁਸ਼ਕ ਆ ਚੁੱਕੀ ਸੀ । "ਭਈਆ ਕਿਆ ਪਕਾਇਆ । ਬਹੁਤ ਬਾਰਿਸ਼ ਹੋ ਰਹੀ ਹੈ । ਅਵ ਮੈਂ..." ਪਰ ਮੈਂ 'ਕੱਲੇ ਨੇ ਮਸਾਂ ਤਾਂ ਮੀਟ ਬਣਾਇਆ ਸੀ । ਕੌਣ ਬਣਾਵੇ । ਪਕਾਵੇ । ਗੁੰਨਿਆ ਹੋਇਆ ਹੋਰ ਆਟਾ ਵੀ ਨਹੀਂ ਸੀ । ਰੋਟੀਆਂ ਵੀ ਮੇਰੇ ਕੋਲ ਚਾਰ ਹੀ ਸਨ । ੲ੍ਹੀਦੇ ਵਿੱਚੋਂ ਮੈਂ ਉਸ ਨੂੰ ਕੀ ਦੇ ਸਕਦਾ ਸਾਂ । ਮੀਟ ਖਾਣ ਨੂੰ ਤਾਂ ਮੈਂ ਆਪ ਹੀ ਸ਼ੇਰ ਸੀ... ਲੌਅਇਨ...

ਮੈਂ ਪੁੱਛਿਆ,"ਪੈੱਗ ਲਾਓਣਾ?"

"ਭਈਆ, ਕੁਛ ਭੀ ਖਿਲਾਅ ਦੋ । ਪਿਲਾਅ ਦੋ" ਉਹ ਖਾਣ ਨਾਲੋਂ ਪੀਣ ਦਾ... ਸੌਖਾ ਕੌੜਾ ਲਾਲਚ ਕਰ ਗਿਆ । ਘਰ ਵਿੱਚ ਮੇਰੇ ਕੋਲ ਸ਼ਰਾਬ ਦੀਆਂ ਕਈ ਬੋਤਲਾਂ ਪਈਆਂ ਸਨ । ਓਲਡ ਮੌਂਕ ਖੁੱਲੀ ਪਈ ਸੀ । ਇਸ ਵਿੱਚ ਮੈਂ ਕੁੱਝ ਨਹੀਂ ਸੀ ਕਰਨਾ । ਜਿਵੇਂ ਕੋਈ ਪਾਣੀ ਮੰਗੇ ਤਾਂ ਦੇ ਦੇਈਦਾ ਏ... ਮੈਂ ਸਟੀਲ ਦੇ ਗਿਲਾਸ ਵਿੱਚ ਮੋਟਾ ਪੈੱਗ ਰੰਮ ਉਲੱਦ ਦਿੱਤੀ । ਪਾਣੀ ਪਾਇਆ... ਉਸ ਨੂੰ ਬਾਹਰ ਮੀਂਹ ਵਿੱਚ ਖੜ੍ਹੇ ਨੂੰ ਹੀ ਦੇ ਦਿੱਤਾ । ਉਸ ਨੇ ਗਿਲਾਸ ਫੜ ਕੇ ਡਕਾਰ ਲਿਆ । ਉਹ ਮੇਰੇ ਕੋਲੋਂ ਚਲਿਆ ਜਾਵੇ... ਮੇਰੇ ਮਟਨ ਦੀ ਖੁਸ਼ਬੂ ਹੋਰ ਨਾ ਸੁੰਘੇ... ਇਹ ਸੋਚਦਿਆਂ ਪੰਜ ਸੱਤ ਮਿੰਟ ਬਾਅਦ ਮੈਂ ਦੂਸਰਾ ਪੈੱਗ ਓਡਾ ਈ ਹੋਰ ਭਰ ਕੇ ਦੇ ਦਿੱਤਾ... ਭਾਵੇਂ ਕਿ ਦੋ ਪੈੱਗਾਂ ਦੇ ਵਿਚਾਲੇ ਉਸਨੇ ਇੱਕ ਵਾਰ ਫੇਰ ਕਹਿ ਦਿੱਤਾ "ਦੇਖੋ ਨਾ ਭਈਆ... ਬਾਹਰ ਕਿਤਨੀ ਬਾਰਿਸ਼ ਹੋ ਰਹੀ ਹੈ... ਕਿਤਨੀ ਠੰਡ ਪੜ ਰਹੀ ਹੈ ।" ਰੰਮ ਉਸ ਨੂੰ ਚੜ੍ਹ ਰਹੀ ਸੀ, "ਥੋੜ੍ਹੀ ਸੀ ਔਰ ਹੈ ''... ਮੈਂ ਖੁਸ਼ ਹੋ ਗਿਆ ਕਿ ਹੁਣ ਉਸ ਦੀ ਮੰਗ ਮੀਟ ਜਾਂ ਰੋਟੀ ਦੀ ਨਹੀਂ... ਕੁਝ ਹੋਰ ਰੰਮ ਦੀ ਸੀ ।

"ਭਈਆ..." ਦੇਰ ਤੋਂ ਉਹ ਮੀਂਹ ਵਿੱਚ ਅੜਿਆ ਖੜ੍ਹਾ ਸੀ ।

"ਨਾਓ ਗੋ ਟੂ ਯੂਅਰ ਰੂਮ..." ਮੈਂ ਉਸ ਦੀ ਮਾਂ 'ਤੋਂ ਸੁਣਿਆ ਵਾਕ ਯਾਦ ਕਰਕੇ ਦੁਹਰਾ ਦਿੱਤਾ... ਤੇ ਰੰਮ ਦਾ ਆਖ਼ਰੀ ਛੋਟਾ ਪੈੱਗ ਖਿੱਚ ਕੇ ਉਹ ਬਾਰਿਸ਼ ਦੇ ਪਾਣੀ ਵਿੱਚ ਹੀ ਕਿਧਰੇ ਰੁੜ ਗਿਆ ... ਆਪਣੇ ਘਰ ਵਿੱਚ ਗੁੰਮ, ਗੁਆਚ ਗਿਆ ।

... ਇੱਕ ਸੰਡੇ ਜਦੋਂ ਸਭ ਚਰਚ ਗਏ ਹੋਏ ਸਨ ਤਾਂ ਉਸਨੇ ਇੱਕ ਵਕੀਲ ਕੁੜੀ ਕਮਰੇ 'ਚ ਬੁਲਾ ਲਈ । ਕਾਲੇ ਕੱਪੜਿਆਂ 'ਚ ਕਣਕਵੰਨੇ ਰੰਗ ਦੀ ਕੁੜੀ । ਉਸਨੇ ਐਕਟੀਵੇ 'ਤੇ ਵਾਪਸ ਮੁੜਦੀ ਨੇ ਹੇਠੋਂ ਜਦੋਂ ਗਰਦਣ ਮਰੋੜ ਕੇ ਬਰੂਡੀ ਨੂੰ 'ਬਾਏ' ਕੀਤੀ ਤਾਂ ਮੈਂ ਬਰੂਡੀ ਦੇ ਪਿੱਛੇ ਉਸ ਦੀ ਸਮਝ ਤੋਂ ਪਰੇ ਲੁਕਿਆ ਖਲੋਤਾ ਸੀ... "ਆਜ ਤੋ ਭਈਆ ਕਿਆ ਕਹੂੰ! ਆਨੰਦ ਆ ਗਿਆ । ਕਮਾਲ ਐ । ਸਾਲੀ ਇਤਨੀ ਤੇਜ... ਕਹਿਤੀ ਸਾਲੇ ਤੂੰ ਚੁਪ ਕਰਕੇ ਲੇਟ ਜਾ । ਮੈਂ ਖੁਦ ਹੀ ਕਰ ਲੂੰਗੀ ਸਬ ਕੁਸ਼ । ਇਸ ਕਾ ਡੈਡੀ ਬੜਾ ਸੀਨੀਅਰ ਵਕੀਲ ਹੈ । ਮਜ਼ਾ ਆ ਗਿਆ । ਮੈਂ ਫ਼ਟਾਫ਼ਟ ਨਹਾ ਲੀਆ । ਸਾਰੇ ਕੱਪੜੇ ਧੋ ਦੀਏ । ਬੈੱਡ ਸ਼ੀਟ ਵੋਹ ਦੇਖੋ । ਰਗੜ ਕਰ ਤਾਰ ਪੇ ਲਟਕਾ ਦੀ" ਉਹਨੂੰ ਹੋਰ ਬੋਲੀ ਜਾਂਦਾ ਸੁਣਨਾ ਔਖਾ ਲੱਗਿਆ । ਸੀਨੀਅਰ ਵਕੀਲ ਦੀ ਹਾਈ ਕੋਰਟ 'ਚ ਵਕਾਲਤ ਸਿੱਖਦੀ ਵਕੀਲ ਕੁੜੀ ਮੈਂ ਥੱਲੇ ਪਾਰਕ ਦੇ ਕੋਲੋਂ ਐਕਟੀਵੇ 'ਤੇ ਆਉਂਦੀ ਵੀ ਵੇਖੀ ਸੀ... ਕੁਦਰਤੀ ਗੱਲ ਐ ਜਾਂਦੀ ਵੀ ਵੇਖੀ । ਮੈਨੂੰ ਲੱਗਿਆ ਕਿ ਬਰੂਡੀ ਮੈਨੂੰ ਕੋਈ ਫਿਲਮੀ ਸਟੋਰੀ ਸੁਣਾ ਰਿਹਾ ਸੀ । ਜਿਸ ਵਿੱਚ ਭੋਰਾ ਵੀ ਸੱਚ ਨਾ ਹੋਵੇ । ਤਾਂ ਵੀ ਉਸ ਕੁੜੀ ਦੇ ਆਉਣ ਤੇ ਜਾਣ ਵਿਚਾਲੇ ਜੋ ਵਾਪਰਿਆ...ਤੇ ਜੋ ਬਰੂਡੀ ਨੇ ਮਸਾਲਾ ਲਾ ਕੇ ਮੈਨੂੰ ਸੁਣਾਇਆ ਉਹ ਦਿਮਾਗ ਵਿੱਚ ਫਸਿਆ ਭੁੱਲਦਾ ਨਹੀਂ... ਸਟਾਰ ਮੂਵੀਜ਼ ਦੇ ਕਿਸੇ ਵਿਸ਼ੇਸ਼ ਅਡਲਟ ਕਲਿੱਪ ਵਾਂਗ । ਜੋ ਮੂਲ ਫ਼ਿਲਮ 'ਚੋਂ ਡਲੀਟ ਕਰ ਦਿੱਤਾ ਗਿਆ ਹੋਵੇ...

ਸਾਨੂੰ ਨਹੀਂ ਸੀ ਪਤਾ ਕਿ ਮੌਡਰਨ ਹੋਣ ਦਾ ਕੀ ਮਤਲਬ ਹੁੰਦਾ । ਪਰ ਅਸੀਂ ਉਹਨਾਂ ਨੂੰ ਮੌਡਰਨ ਹੀ ਸਮਝਦੇ ਸਾਂ । ਜੇ ਉਹ ਕਿਸੇ ਫੰਕਸ਼ਨ 'ਤੇ ਜਾਂਦੇ ਤਾਂ ਮਾਂਵਾਂ-ਧੀਆਂ ਕਿਸੇ ਨਾਟਕ ਦੇ ਐਕਟਰਾਂ ਵਾਂਗ ਤਿਆਰ ਹੁੰਦੀਆਂ... ਉਫ਼! ਮੈਂ ਹੁਣ ਲਗਾਤਾਰ ਫ਼ਰੇਜ਼ਰਾਂ ਬਾਰੇ ਹੀ ਸੋਚਦਾ ਰਹਿੰਦਾ । ਮੈਂ ਉਹਨਾਂ ਬਾਰੇ ਦੇਖੀਆਂ ਸੁਣੀਆਂ ਗੱਲਾਂ ਇਕੱਠੀਆਂ ਕਰਨ ਲੱਗਾ ਹੋਇਆ ਸਾਂ... ਰਿਆਨ ਹੋਟਲਾਂ ਵਿੱਚ ਫਰੰਟ ਆਫ਼ਿਸ ਵਿੱਚ ਕੰਮ ਕਰਦੀ ਸੀ... ਕਦੇ ਕਿਸੇ ਹੋਟਲ 'ਚ... ਕਦੇ ਕਿਤੇ ਤੇ ਕਦੇ ਕਿਤੇ... ਤੇ ਕਦੇ ਦੋ ਦੋ ਮਹੀਨੇ ਵਿਹਲੀ ਰਹਿੰਦੀ... ਤੇ ਜੈਸੀਕਾ ਵੱਡੇ ਸਰਕਾਰੀ ਹੋਟਲ ਵਿੱਚ ਰਿਸੈਪਸ਼ਨਿਸਟ ਦੀ ਪੱਕੀ ਨੌਕਰੀ ਕਰਦੀ ਸੀ । ਪਤਾ ਨਹੀਂ ਕਿਹੜਾ ਮਹੀਨਾ, ਤਿੱਥ, ਵਾਰ ਸੀ... ਕਿ ਜੈਸੀਕਾ ਨੇ ਮੇਰੇ ਸਾਹਮਣੇ ਆਪਣੀ ਛੋਟੀ ਭੈਣ ਨੂੰ ਇਹ ਕਹਿਕੇ ਮੇਰਾ ਦਿਮਾਗ ਸੁੰਨ ਕਰ ਦਿੱਤਾ :"ਤੀਨ ਮਹੀਨੇ ਸੇ ਕਾਮ ਨਹੀਂ ਕਰ ਰਹੀ... ਮੈਂ ਸੋਚੂੰ ਅਰੇ ਤੂ ਕਮਾਏਗੀ ਨਹੀਂ ਤੋ ਖਾਏਗੀ ਕਹਾਂ ਸੇ ।" ਅਗਲੇ ਹਫ਼ਤੇ ਰਿਆਨ ਨੂੰ ਸਪਾਇਸ ਮੋਬਾਇਲ ਕੰਪਨੀ ਵਿੱਚ ਮਾਰਕੀਟਿੰਗ ਦਾ ਕੰਮ ਮਿਲ ਗਿਆ ਸੀ ।

ਉਹ ਸਾਰੇ ਸਵੇਰੇ ਪਾਣੀ ਪੀ ਕੇ ਉਲਟੀ ਜਰੂਰ ਕਰਦੇ... ਸਟਮਕ ਅੱਪ ਸਾਈਡ ਡਾਊਨ । ਕਦੇ ਸਾਰੇ ਬਾਹਰ ਸਾਡੇ ਮੰਜੇ ਉੱਤੇ ਬੈਠੇ ਦੰਦਾਂ ਵਿਚਾਲੇ ਮਜਬੂਤ ਧਾਗਾ ਫੇਰ ਕੇ ਦੰਦਾਂ ਵਿੱਚੋਂ ਗੰਦ ਖੁਰਚਣ ਲੱਗੇ ਹੁੰਦੇ ।

"ਦੀਦੀ ਆਜ ਸੰਡੇ ਹੈ । ਸਫ਼ਾਈ ਸਫ਼ੂਈ ਕਰੇਂ ।"

"ਮੈਂ ਸਮਝੀ ਜੈਸੀਕਾ ਸ਼ਾਇਦ ਬਾਹਰ ਵਿਹੜਾ ਪਾਣੀ ਮਾਰ ਕੇ ਧੋਣ ਨੂੰ ਕਹਿ ਰਹੀ ਹੈ । ਪਰ ਉਹ ਤਾਂ..." ਮੇਰੇ ਸਾਹਮਣੇ ਉਹ ਆਪਣੇ ਦੋਸਤ ਮਿੱਤਰਾਂ ਨੂੰ ਰਸਮੀ ਕਿੱਸ ਕਰਦੇ ਤਾਂ ਮੈਂ ਇਸ ਦੁਨੀਆ ਵਿੱਚੋਂ ਮਨਫ਼ੀ ਹੋ ਜਾਂਦਾ... ਕਦੇ ਉਹ ਸ਼ਰਾਰਤੀ ਲਹਿਜ਼ੇ 'ਚ... ਤੇ ਕਦੇ ਸੀਰੀਅਸਲੀ ਮੇਰੀ ਸ਼ਿਕਾਇਤ ਲਗਾਊਦੀਆਂ ਕਿ ਮੈਂ ਉਹਨਾਂ ਨੂੰ ਤਾੜਦਾ ਰਹਿੰਦਾਂ...

ਮੈਂ ਆਪਣੇ ਘਰ ਵਿੱਚ ਇਕੱਲਾ ਮੰਨੋ ਕੁੱਲ ਦੁਨੀਆ ਤੋਂ ਲੁਕ ਕੇ ਸਟੀਲ ਦੇ ਗਿਲਾਸ 'ਚ ਸ਼ਰਾਬ ਪੀਂਦਾ... ਤੇ ਕਦੇ ਨਹੀਂ ਸੀ ਚਾਹੁੰਦਾ ਕਿ ਕੋਈ ਮੈਨੂੰ ਸ਼ਰਾਬ ਪੀਂਦੇ ਨੂੰ ਦੇਖੇ... ਜਾਂ ਮੈਂ ਦਿਖਾਵਾਂ... ਜਾਂ ਮੈਨੂੰ ਕੋਈ ਸ਼ਰਾਬੀ ਸਮਝੇ । ਪਰ ਉਹ ਸਾਰੇ ਇੱਕ ਦੂਜੇ ਦੇ ਸਾਹਮਣੇ ਵਿ੍ਹਸਕੀ, ਬੀਅਰ ਦੀਆਂ ਚੁਸਕੀਆਂ ਲੈਂਦੇ ਰਹਿੰਦੇ । ਨਾ ਸਮਝ ਆਉਂਦੇ ਅੰਗਰੇਜ਼ੀ ਗਾਣੇ ਗਾਉਂਦੇ । ਕਦੇ ਕਦੇ ਉਹ ਮੀਆਂ ਬੀਵੀ ਬਾਲਕੋਨੀ 'ਚ ਸ਼ਰੇਆਮ ਖੜ੍ਹਕੇ ਵਿ੍ਹਸਕੀ ਪੀਂਦੇ... ਨਾਲ ਖਾਂਦੇ ਕੁਝ ਵੀ ਨਾ... ਅਸੀਂ ਸਾਬਤਾ ਬੱਕਰਾ ਈ ਖਾ ਜਾਈਏ ।

ਮੈਂ ਚਾਰੇ ਪਾਸੇ ਤੋਂ ਬੰਦ ਜਿਹਾ ਬੰਦਾ ਹਾਂ । ਕੋਈ ਵੀ ਅਹਿਸਾਸ, ਗੱਲ-ਬਾਤ ਅੰਦਰ ਆਉਂਦੇ ਸਾਰ ਪਹਿਲਾਂ ਮੈਨੂੰ ਡਰਾਉਂਦੀ ਐ... ਡਰ ਨਾਲ ਕਦੇ ਸੰਗ ਰਲੀ ਹੁੰਦੀ... ਘਬਰਾ ਕੇ ਨਿਗ੍ਹਾ ਘਟ ਜਾਂਦੀ... ਕਦੇੇ ਕੰਨ ਬੰਦ ਹੋ ਜਾਂਦੇ... ਇੱਕ ਦਿਨ ਅੱਧ ਪਚੱਧੀਆਂ ਗੱਲਾਂ ਕਰਦੀ ਲਿੱਲੀ ਕਹਿੰਦੀ: "ਹਮ ਹਰ ਸਾਲ ਕ੍ਰਿਸਮਸ ਪੇ ਕਿਸੀ ਕੋ ਐਜ ਚੀਫ਼ ਗੈੱਸਟ ਇਨਵਾਈਟ ਕਰਤੇ ਹੈਂ । ਲਾਸਟ ਯੀਅਰ ਲੱਕੀਲੀ ਵਾਇਸ ਪਿ੍ੰਸੀਪਲ ਫਾਦਰ ਮੈਥਿਊ ਐਗਰੀਡ ਟੂ ਔ੍ਹਨਰ ਦ ਔਕੇਯਨ...ਅਕੇਲੇ ਹੀ ਆਏ ਥੇ... ਇਸ ਸਾਲ ਦੇਖਤੇ ਹੈਂ... ਬੁਲਾਏਾਗੇ ਕਿਸੀ ਕੋ..." ਫਿਰ ਰੁੱਕੀ ... ਤੇ ਸੋਚ ਕੇ ਬੋਲੀ "ਆਪ ਨੌਨ-ਵੈੱਜ ਤੋਂ ਲੇ ਲੇਤੇ ਹੈਾ ਨਾ..."

"ਔਫ਼ ਕੋਰਸ ਮੈਮ ।" ਮੈਂ ਬੋਲਿਆ ।

"ਏਹੀ ਖਾਂਦੇ ਐ ।" ਮੇਰੀ ਘਰਵਾਲੀ ਨੇ ਨਾਲ ਹੀ ਜੋੜ ਦਿੱਤਾ ।

"ਓ ਕੇ" ਮੈਨੂੰ ਲੱਗਿਆ ਲਿੱਲੀ ਆਪਣੇ ਮਨ ਵਿੱਚ ਆਉਂਦੀ ਕ੍ਰਿਸਮਸ ਉੱਤੇ ਸਾਨੂੰ ਬੁਲਾਉਣ ਦਾ ਮਨ ਬਣਾਉਣ ਲੱਗੀ ਸੀ । ਪਰ ਉਸਨੇ ਕੁਝ ਸਪਸ਼ਟ ਨਾ ਕੀਤਾ । ਮੈਂ ਅੰਦਰੋਂ ਬੜਾ ਖੁਸ਼ ਹੋਇਆ, ਨਾ ਪਤਾ ਉਦੋਂ ਮੈਂ ਕੀ ਸੋਚ ਗਿਆ ਤੇ ਨਾ ਪਤਾ ਮੈਂ ਕਿਵੇਂ ਦੀਆਂ ਜਿਸਮਾਨੀ ਹਰਕਤਾਂ ਕੀਤੀਆਂ ਹੋਣਗੀਆਂ... ਨਾ ਹੀ ਪਤਾ ਮੈਂ ਕਿਵੇਂ ਦਾ ਲੱਗਦਾ ਹੋਵਾਂਗਾ । ਕ੍ਰਿਸਮਸ ਨੇੜੇ ਆਈ ਤਾਂ ਮੈਨੂੰ ਘਰਵਾਲੀ ਨੇ ਦੱਸਿਆ ਕਿ ਰਿਆਨ ਦੀ ਮੰਮੀ ਕ੍ਰਿਸਮਸ ਉ ੱਤੇ ਸਾਨੂੰ ਬੁਲਾਉਣ ਲਈ ਪੁੱਛ ਰਹੀ ਸੀ... ਕਿ ਮੈਨੂੰ ਪੁੱਛ ਕੇ ਦੱਸੋ ਕਿ ਮੈਂ... ਜਾਂ ਅਸੀ ਸਾਰੇ ਇਸ ਗੱਲ ਲਈ ਰਾਜ਼ੀ ਆਂ...

"ਕਹਿੰਦੀ ਬੱਚਿਆਂ ਨੂੰ ਸੁਲਾ ਕੇ ਆਇਓ"... ਮੈਂ ਸੋਚੀਂ ਪੈ ਗਿਆ ।

"ਚਲੋ... ਹੁਣ ਕਹਿੰਦੇ ਐ..." ਮੈਂ ਸ਼ਸ਼ੋਪੰਜ 'ਚ ਹਾਂ ਕਹਿ ਦਿੱਤੀ... ਫੇਰ ਚਿੰਤਾ ਜਹੀ 'ਚ ਪੈ ਗਿਆ ਕਿ ਇਹ ਮਾਜਰਾ ਹੈ ਕੀ? ਕੀ ਕਰਨਗੇ? ਕਿਉਂ ਬੁਲਾਉਂਦੇ ਨੇ? ਮੈਂ ਤਾਂ ਕਦੇ ਉਹਨਾਂ ਦੇ ਕਮਰੇ ਦੇ ਅੰਦਰ ਪੈਰ ਧਰ ਕੇ ਵੀ ਨਹੀਂ ਦੇਖਿਆ... ਉਹ ਸਾਨੂੰ ਹੀ ਕਿਓਂ ਬੁਲਾਉਂਦੇ ਨੇ । ਅਸੀਂ ਕਿਹੜਾ ਕ੍ਰਿਸਚੀਅਨ ਆਂ । ਸਾਨੂੰ ਪਤਾ ਹੀ ਨਹੀਂ ਕਿ ਈਸਾ ਦਾ ਜਨਮ ਦਿਨ ਕਿਵੇਂ ਮਨਾਈਦਾ । ਹੋਰ ਥੋੜ੍ਹੇ ਨੇ ਈਸਾਈ । ਬੁਰਾ ਜਲੂਸ ਨਿਕਲੂ ਮੇਰਾ । ਉਹਨਾਂ ਨੇ ਕੀ ਦੇਖਿਆ ਮੇਰੇ ਵਿੱਚ । ਖਾਲ-ਮ-ਖਾਲੀ । ਹੈ ਕੀ ਮੇਰੇ 'ਚ । ਮੈਂ ਤਾਂ ਆਪਣਾ ਵਖ਼ਤ ਕੱਟ ਰਿਹਾਂ । ਮਰੀ ਮਾਂ ਦਾ ਬੋਲ ਸੁਣਿਆਂ: ਮਰ ਮਰ ਬੁੱਢੜੀ ਗੀਤੜੇ ਗਾਵੇ ਲੋਕ ਤਮਾਸਿਆਂ ਨੂੰ ਆਵੇਂ!! ਕੀ ਦੇਖ ਲਿਆ ਅੰਗਰੇਜ਼ਾਂ ਮੇਰੇ ਵਿੱਚ? ਜੈਕ ਨੇ ਕ੍ਰਿਸਮਸ ਤੋਂ ਦਸ ਦਿਨ ਪਹਿਲਾਂ ਮੈਨੂੰ ਦੱਸਕੇ, ਸਮਝਾ ਕੇ ਸਪੈਸ਼ਲ ਤਰੀਕੇ ਨਾਲ ਸੁੱਕੇ ਮੇਵੇ ਪਾ ਕੇ ਕੇਕ ਬਣਾਉਣਾ ਸ਼ੁਰੂ ਕਰ ਦਿੱਤਾ । ਮੈਂ ਉਹਨਾਂ ਸਾਹਮਣੇ ਬੋਲਣ ਤੋਂ ਵੀ ਝਿਜਕਣ ਲੱਗ ਪਿਆ ।

... ਤੇ ਵੱਡਾ ਦਿਨ... ਕ੍ਰਿਸਮਸ ਵੀ ਆ ਗਿਆ!!

"ਹੈਪੀ ਕ੍ਰਿਸਮਸ! ਭਈਆ"

"ਮੈਰੀ ਕ੍ਰਿਸਮਸ!"

"ਪਲੀਜ਼ ਕਮ" ਲਿੱਲੀ ਨੇ ਮੈਨੂੰ ਜੁੱਤੀ ਖ੍ਹੋਲਣ ਲਈ ਬੇਨਤੀ ਕੀਤੀ । ਸਭ ਨੰਗੇ ਪੈਰੀਂ ਸਨ । ਸਾਡੇ ਦੋਵਾਂ ਲਈ ਵੱਖਰਾ ਸੋਫ਼ਾ ਥੋੜ੍ਹਾ ਉੱਚਾ ਕਰਕੇ ਰੱਖਿਆ ਹੋਇਆ ਸੀ । ਪੰਜੋ ਜੀਅ ਉਹਨਾਂ ਦੇ ਘਰ ਅੰਦਰ ਇਕੱਠੇ ਮੈਂ ਪਹਿਲੀ ਵਾਰੀ ਦੇਖ ਰਿਹਾ ਸਾਂ । ਦੋ ਤਿੰਨ ਜਣੇ ਹੋਰ ਆ ਜੁੜੇ । ਉਦੋਂ ਤੱਕ ਮੈਂ ਕਾਫ਼ੀ ਸਹਿਜ ਹੋ ਚੁੱਕਿਆ ਸੀ । ਮੈਨੂੰ ਇਹ ਸਮਝਣ 'ਚ ਦੇਰ ਨਾ ਲੱਗੀ ਕਿ ਉਹ ਸਾਨੂੰ ਸਨਮਾਨਿਤ ਥਾਂ ਉੱਤੇ ਨਿਵਾਜਣਾ ਚਾਹੁੰਦੇ ਸਨ । ਕੀ ਸਮਝਦੇ ਨੇ ਉਹ ਮੈਨੂੰ? ਈਸਾ?! ਉਹਨਾਂ ਦੇ ਕਿਸੇ ਕਿਸਮ ਦੇ ਰੱਬ ਦਾ ਕੋਈ ਰੂਪ । ਮੈਂ ਕਿਹੜੇ ਰੱਬ ਦਾ ਰੂਪ ਸੀ... ਜੈਕ ਤੇ ਲਿੱਲੀ ਸਾਨੂੰ ਦੋਵਾਂ ਨੂੰ ਵੱਡੇ, ਉੱਚੇ ਸੋਫ਼ੇ 'ਤੇ ਬਿਠਾਕੇ ਆਪ ਨੀਵੇਂ ਸਟੂਲਾਂ 'ਤੇ ਬਹਿ ਗਏ... ਤੇ ਲੱਗੇ ਸਾਡੀ ਸੇਵਾ ਕਰਨ...

"ਪਲੀਜ਼ ਟੇਕ... ਪਲੀਜ਼" ਤੇ ਉਹ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ, ਪਕਵਾਨ ਮੇਰੇ ਮੂਹਰੇ ਕਰੀ ਜਾਣ... ਜਿਹਨਾਂ ਦੇ ਅੱਜ ਤੱਕ ਮੈਨੂੰ ਨਾਮ ਨਹੀਂ ਪਤਾ ।

"ਡੀਅਰ ਜੈਕ ... ਹੈਲਪ ਹਿਮ..." ਵਿ੍ਹਸਕੀ ਚੱਲ ਪਈ । ਮੇਰੀ ਘਰਵਾਲੀ ਲਈ ਉਹਨਾਂ ਨੇ ਵੱਖਰਾ ਵੈਜੀਟੇਰੀਅਨ ਪਕਵਾਨ ਤਿਆਰ ਕੀਤਾ ਹੋਇਆ ਸੀ । ਅਸੀਂ ਉਸ ਨਿੱਕੀ ਜਹੀ ਸਟੇਜ ਉ ੱਤੇ ਰਾਮ ਲੀਲਾ ਵਿੱਚ ਮਾਤਾ ਸੀਤਾ ਤੇ ਭਗਵਾਨ ਰਾਮ ਵਾਂਗ ਬੈਠੇ ਰਹੇ... ਮੈਂ ਓਸ ਅੰਗਰੇਜ਼ ਭੀਲਣੀ ਦੇ ਬੇਰ ਖਾਂਦਾ ਰਿਹਾ... ਚਿਕਨ ਸ਼ਰਾਬ ਚਲਦੀ ਰਹੀ । ਸਭ ਨੇ ਦਾਰੂ ਬੀਅਰ ਪੀਤੀ... ਡਾਂਨਸ ਕੀਤਾ... ਫ਼ੋਟੂਆਂ ਖਿੱਚੀਆਂ । ਮੈਨੂੰ ਲੱਗਿਆ ਕਿ ਉਹਨਾਂ ਨੂੰ ਮੇਰੇ ਵਿੱਚੋਂ ਕੁਝ ਲੱਭ ਪਿਆ ਸੀ... ਮੈਨੂੰ ਪਤਾ ਹੀ ਨਹੀਂ ਮੇਰੇ ਵਿੱਚ ਕੀ ਕੁੱਝ ਹੈ... ਹੈ ਵੀ ਕਿ ਨਹੀਂ... ਮੈਂ ਇੱਕ ਨਿਹਾਇਤ ਹੀ ਆਮ ਬੰਦਾ, ਡਰਿਆ ਹੋਇਆ ਉਹਨਾਂ ਵਿਚਕਾਰ ਬੈਠਾ ਰਿਹਾ... ਸਭ ਨੱਚੇ... ਲਿੱਲੀ ਨਹੀਂ ਨੱਚੀ... ਉਸਦਾ ਸਾਰਾ ਧਿਆਨ ਮੇੇਰੇ ਵਿੱਚ ਰਿਹਾ... ਮੇਰੀਆਂ ਅੱਖਾਂ ਵਿੱਚ ਕਿਤੇ ਪਾਣੀ ਆ ਗਿਆ ਲੱਗਿਆ... ਹੱਥ ਲਾ ਕੇ ਦੇਖਿਆ । ਕੁਝ ਵੀ ਨਹੀਂ ਸੀ । ਹਰ ਚੀਜ਼ ਦੀ ਫ਼ੋਟੋ ਨਹੀਂ ਖਿੱਚੀ ਜਾ ਸਕਦੀ । ਚਲਦੇ ਪੋ੍ਰਗਰਾਮ ਵਿੱਚ ਇੱਕ ਸਾਂਟਾ ਕਲਾਜ਼ ਵੀ ਆਇਆ ਤੇ ਮਿੱਠੀਆਂ ਚੀਜ਼ਾਂ ਵੰਡਦਾ ਪੌੜੀਆਂ ਉਤਰ ਗਿਆ... ਉਹ ਮੈਨੂੰ ਆਪਣੇ ਈਸਾ ਦਾ ਰੂਪ ਹੀ ਸਮਝ ਰਹੇ ਸਨ ਜਾਂ ਮੇਰੇ ਰਾਹੀਂ ਆਪਣੀ ਆਸਥਾ ਨੂੰ ਮੁਖ਼ਾਤਿਬ ਸਨ... ਕਿਉਂ ਕਰ ਰਹੇ ਸਨ ਓਹ ਇਹ ਸਭ? ਮੈਨੂੰ ਪਤਾ ਨਹੀਂ ਲੱਗ ਸਕਿਆ ...

... ਤੇ ਸਮਾਂ ਪਾ ਕੇ ਅਸੀਂ ਉਹਨਾਂ ਨੂੰ ਤਿੰਨ ਸਾਲ ਬਾਅਦ... ਹਰ ਸਾਲ 'ਹੈਪੀ ਨਿਊ ਯੀਅਰ'... 'ਮੈਰੀ ਕ੍ਰਿਸਮਸ' ਕਰਦੇ ਉ ੱਥੇ ਹੀ ਛੱਡ, ਆਪਣਾ ਸਮਾਨ ਚੁੱਕ ਕੇ ਭਰਦੇ ਮਨ ਨਾਲ ਪੌੜੀਆਂ ਉਤਰ ਆਏ... ਮੈਂ, ਮੇਰੀ ਬੀਵੀ, ਬੱਚੇ... ਤੁਰ ਆਏ... ਟੂ-ਲੈੱਟ ਦਾ ਬੋਰਡ ਫੇਰ ਲਟਕ ਗਿਆ...

"ਡੈਡੀ ਤੁਸੀਂ ਦੋ ਘੰਟੇ ਲੇਟ ਚੱਲ ਪੈਂਦੇ ਤਾਂ ਮੈਂ ਆਪਣੇ ਦੋਸਤਾਂ ਨੂੰ ਮਿਲ ਲੈਣਾ ਸੀ..." ਚਲਦੀ ਕਾਰ ਵਿੱਚ ਘੁੰਮਦੇ ਮੇਰੇ ਦਿਮਾਗ ਨੇ ਆਪਣੇ ਬੱਚਿਆਂ ਦੇ ਮੋਹ... ਰੂਹ ਦੇ ਦਰਦ ਦੀ ਸਾਰ ਹੀ ਨਾ ਲਈ...

... ਤੇ ਕੁਝ ਹੋਰ ਸਮਾਂ ਪਾ ਕੇ ਜਦੋਂ ਮੈਨੂੰ ਜੈਕ, ਲਿੱਲੀ ਦੀਆਂ ਗੱਲਾਂ ਦੇ ਅਰਥ ਪਤਾ ਲੱਗਣ ਲੱਗੇ ਤਾਂ ਮੇਰੇ ਅੰਦਰ ਵੱਡੇ ਖਿਲਾਅ ਦਾ ਦਾਇਰਾ ਫ਼ੈਲ ਗਿਆ । ਆਪਣੇ ਧੁਰ ਅੰਦਰ ਕਿਸੇ ਭਿਆਨਕ, ਡਰਾਵਣੀ ਬੇਪਛਾਣ ਭੁੱਖ ਦਾ ਅਹਿਸਾਸ ਹੋਇਆ । ਮੈਂ ਬੱਚਿਆਂ ਨੂੰ ਕਾਰ ਵਿੱਚ ਬਿਠਾਕੇ ਉਸੇ ਕਿਰਾਏ ਵਾਲੀ ਕੋਠੀ ਵੱਲ ਲੈ ਤੁਰਿਆ । ਉਹਨਾਂ ਦੇ ਦੋਸਤਾਂ ਨੂੰ ਮਿਲਾਉਣ... ਜਾਂ ਜੈਕ ਦੇ ਅੰਦਰਲੇ ਰੱਬ ਨੂੰ ਮਿਲਣ । ਅਫ਼ਸੋਸ!! ਮੇਲਾ ਵਿਸਰ ਚੁੱਕਾ ਸੀ । ਸਮਾਂ ਗੁਜ਼ਰ ਚੁੱਕਾ ਸੀ... ਨਹੀਂ... ਨਹੀਂ... ਅਸੀਂ ਹੀ ਗੁਜ਼ਰ ਚੁੱਕੇ ਸਾਂ । ਅਸੀਂ ਓਹ ਨਹੀਂ ਸਾਂ ਰਹੇ । ਉੱਥੇ ਹੁਣ ਕੋਈ ਨਹੀਂ... ਕੁਝ ਵੀ ਨਹੀਂ ਸੀ ।

... ਮੈਂ ਹਰ ਸਾਲ ਈਸਾ ਦੇ ਜਨਮ ਦਿਨ ਉੱਤੇ ਚਰਚ ਜਾਂਦਾਂ... ਪੰਜਾਂ 'ਚੋਂ ਕੋਈ ਹੀ ਦਿਸ ਪਵੇ... ਚਰਚ ਅੰਦਰ ਪੁੱਛਿਆ... ਕਿਸੇ ਨੇ ਕੁੱਝ ਪੱਲੇ ਨਾ ਪਾਇਆ... ਪੰਜ ਮੋਮਬੱਤੀਆਂ ਖਰੀਦ ਕੇ ਈਸਾ ਦੀ ਮੂਰਤੀ ਮੂਹਰੇ ਬਾਲ ਦਿੱਤੀਆਂ..."ਪੰਜ ਕਿਊ..." ਪਤਨੀ ਦੇ ਸਵਾਲ ਦਾ ਕੋਈ ਜਵਾਬ ਨਹੀਂ ਮੇਰੇ ਕੋਲ । ਮੈਂ ਕੁੱਝ ਲੱਭਣਾ ਚਾਹੁੰਨਾਂ... ਕਾਫ਼ੀ ਕੁਝ ਲੱਭ ਕੇ 'ਓਹ' ਮੈਂ ਆਪਣੇ ਅੰਦਰਲੇ ਖਿਲਾਅ ਵਿੱਚ ਭਰਨਾ ਚਾਹੁੰਨਾਂ । ਜੈਕ ਵਾਂਗ... ਜਾਂ ਲਿੱਲੀ ਵਾਂਗ ਜਿਸ ਨੂੰ ਬੱਚਿਆਂ 'ਚ ਬੱਚਾ ਬਣੇ ਰਹਿਣ ਦਾ ਜਨੂਨ ਸੀ । ਮੇਰੇ ਬੱਚਿਆਂ ਨੇ ਆਪਣੀ ਨਿਆਣੀ ਸਮਝ ਨਾਲ ਆਪਣਾ ਸੱਚ ਕਹਿ ਦਿੱਤਾ ਸੀ... ਮੈਂ ਉਹਨਾਂ ਦਾ ਸੱਚ ਸਮਝ ਨਹੀਂ ਸੀ ਸਕਿਆ... ਮੈਂ ਕਿਸੇ ਨੂੰ ਤਾਂ ਕੀ ਖੁਦ ਨੂੰ ਵੀ ਸਮਝ ਨਹੀਂ ਸੀ ਸਕਿਆ । ਮੈਂ ਐਵੇਂ ਸੁਆਹ ਖੇਹ ਨਾਲ ਆਪਣੀ ਰੂਹ ਤੁੰਨ ਲਈ ਸੀ । ਮੇਰੇ ਵਿੱਚ ਕੁਝ ਵੀ ਨਹੀਂ ਸੀ । ਪਰ ਉਹਨਾਂ ਆਪਣੇ ਲਈ ਲੱਭ ਲਿਆ... ਮੈਂ ਆਪਣੇ ਚਿੱਤ ਵਿੱਚ ਆਪਣੀਆਂ ਅੱਖਾਂ ਚਿਹਰੇ ਤੋਂ ਲਾਹ ਕੇ ਚਰਚ ਦੀ ਤਿੱਖੀ, ਉੱਚੀ ਸਟੀਪਲ (ਮੀਨਾਰ) ਉੱਤੇ ਟੰਗ ਦਿੱਤੀਆਂ । ਐਂਜ ਉਤਾਂਹ ਲਟਕਦੀਆਂ ਅੱਖਾਂ ਨਾਲ ਮੈਂ ਹੇਠਾਂ ਸਥਿਰ ਖੜ੍ਹੇ ਆਪਣੇ ਵਜੂਦ ਨੂੰ ਗਹੁ ਨਾਲ ਦੇਖਦਾਂ... ਮੈਂ ਸੀਮਿੰਟ ਦਾ ਬਣ ਗਿਆਂ... ਪੱਥਰ ਦਾ ਈਸਾ... ਫ਼ਰੇਜ਼ਰਾਂ ਨੂੰ ਮੇਰੇ ਵਿੱਚੋਂ ਕੀ ਕੁਝ, ਕਿਵੇਂ ਲੱਭ ਪਿਆ... ਮੈਂ ਇਹੀ ਸੋਚੀ ਜਾਂਦਾਂ... ਕੀ ਲੱਭ ਪਿਆ ਹੋਵੇਗਾ... ਮੈਨੂੰ ਵੀ ਕਿਤੋਂ ਕੁਝ ਲੱਭਣਾ ਚਾਹੀਦਾ । ਮੇਰੇ ਅੰਦਰ ਤਾਂ ਹਰ ਵਕਤ ਖੰਡਰਾਂ ਵਰਗੇ ਖ਼ਾਲੀ ਦਾਇਰੇ ਘੁੰਮੀ ਜਾਂਦੇ । ਹੋਰ ਕੁਝ ਵੀ ਨਹੀਂ ਮੇਰੇ ਅੰਦਰ... ਮੈਂ ਹੱਡ ਮਾਸ ਦਾ ਸਿੱਧਾ ਸਾਧਾ ਆਦਮੀ... ਮੈਂ ਵੀ ਕਿਸੇ ਉਮੀਦ ਸਿਰ ਜਿਊਦਾਂ । ਮੈਨੂੰ ਪੂਰੀ ਆਸ ਉਮੀਦ ਐ । ਇੱਛਾ ਐ... ਕਿ ਇੱਕ ਵਾਰ ਫੇਰ ਤੇਜੋ ਤੇਜ ਬਾਰਿਸ਼ ਵਿੱਚ ਬਰੂਡੀ ਆਵੇ... ਬੱਕਰੇ ਦੀ ਮੂਹਰਲੀ ਲੱਤ ਧਰਾਂ... ਬਲੈਕ ਡੌਗ ਖੋ੍ਹਲਾਂ... ਤੇ ਆਪਣੀਆਂ ਅੱਖਾਂ ਨਾਲ ਉਸ ਦੀ ਰੂਹ ਵਿੱਚ ਝਾਕਾਂ... ਜੇ ਫ਼ਰੇਜ਼ਰਾਂ 'ਚੋਂ ਕੋਈ ਨਾ ਵੀ ਆਵੇ ਤਾਂ ਉਹਨਾਂ ਵਰਗਾ ਕੋਈ ਹੋਰ ਮਿਲ ਜਾਵੇ । ਜਰੂਰ ਮਿਲ ਜਾਵੇਗਾ । ਕਿਉਂ ਨਹੀਂ ਮਿਲੇਗਾ ਮੈਨੂੰ । ਮੈਂ ਨਿੱਠ ਕੇ ਵ੍ਹੇਟ ਕਰਾਗਾਂ । ਉਮਰ ਭਰ ਬੈਠਾ ਉਹਨਾਂ ਦੇ ਆਉਣ ਦੀ ਉਡੀਕ ਕਰਾਂਗਾ ।

...ਕਿਸ ਦੀ ਉਡੀਕ ਹੈ ਮੈਨੂੰ? ਕਿਸ ਦੀ? ਮਿਸਟਰ ਗਰੈਗਰੀ ਅਲੈਕਸ ਫ਼ਰੇਜ਼ਰ ਉਰਫ਼ 'ਜੈਕ' ਦੀ... ਮਿਸਿਜ਼ ਕ੍ਰਿਸਟੀ ਵਾਨ ਫ਼ਰੇਜ਼ਰ ਉਰਫ਼ ਲਿੱਲੀ ਦੀ... ਉਹਨਾਂ ਵਰਗੇ ਕਿਸੇ ਹੋਰ ਦੀ...? ਜਾਂ... ਜਾਂ... ਆਪਣੀ? ... ਹਾਂਅ ... ਹਾਂਅ ... ਹੋ ਸਕਦਾ ਐ ਕਿ ਮੈਂ ਆਪਣੇ ਆਪ ਦੀ ਉਡੀਕ ਵਿੱਚ ਹੀ ਕਿਤੇ ਬੈਠਾਂ ਹੋਵਾਂ!

  • ਮੁੱਖ ਪੰਨਾ : ਕਹਾਣੀਆਂ, ਬਲੀਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ