Kitthe Gaian Chunnian Mutiare ? : Dhanjall Zira
ਕਿੱਥੇ ਗਈਆਂ ਚੁੰਨੀਆਂ ਮੁਟਿਆਰੇ ? : ਧੰਜਲ ਜ਼ੀਰਾ
ਬਾਪੂ, ਤੁਹਾਡੇ ਵੇਲੇ ਵੀ ਆਪਣਾ ਇੱਦਾਂ ਦਾ ਵਿਰਸਾ ਸੀ ਜਿੱਦਾਂ ਦਾ ਹੁਣ ਏ?
ਨਹੀਂ ਕੰਵਲ ਪੁੱਤ, ਉਹਦੋਂ ਤਾਂ ਵਿਰਸਾ ਬਹੁਤ ਵਧੀਆ ਸੀ।
ਕਿੰਝ ਭਲਾ ਦੱਸੋ ਖਾਂ ਬਾਪੂ ਜੀ,
ਲੈ ਸੁਣ ਕੰਵਲ ਪੁੱਤ –
ਮੁਟਿਆਰਾਂ ਦਾ ਪਹਿਰਾਵਾ:- ਹੁਣ ਤਾਂ ਪੰਜਾਬਣ ਮੁਟਿਆਰਾਂ ਦਾ ਪਹਿਰਾਵਾ ਹੀ ਬਦਲਿਆ ਪਿਆ ਏ। ਸਿਰ ਤੋਂ ਚੁੰਨੀਆਂ ਲੈਹ ਗਈਆਂ ਹਨ।
ਜਿਨ੍ਹਾਂ ਨੂੰ ਆਪਾਂ ਇੱਜ਼ਤਾਂ ਕਹਿੰਦੇ ਸਾਂ। ਉਹ ਪੰਜਾਬੀ ਸੂਟਾਂ ਦੇ ਰਿਵਾਜ ਸਾਰੇ ਖਤਮ ਹੋ ਗਏ ਹਨ। ਹੁਣ ਤਾਂ ਮੁਟਿਆਰਾਂ ਜੀਨਾਂ ਪਾਉਣ ਲੱਗ
ਪਈਆਂ ਹਨ। ਜੇ ਕੋਈ ਮੁਟਿਆਰ ਪੰਜਾਬੀ ਸੂਟ ਪਾਉਂਦੀ ਵੀ ਆ ਤਾਂ ਸਲਵਾਰਾਂ ਨੈਰੋ ਤੇ ਪੈਰੋਂ ਉੱਚੀਆਂ ਹੋ ਗਈਆਂ ਹਨ। ਪਤਾ ਨਹੀਂ ਕੀ ਕੀ
ਰਿਵਾਜ ਚੱਲ ਪਏ ਹਨ। ਸਾਰਾ ਮਾਹੌਲ ਹੀ ਬਦਲਿਆ ਪਿਆ ਏ।
ਗੱਭਰੂਆਂ ਦਾ ਪਹਿਰਾਵਾ:- ਹੁਣ ਤਾਂ ਆਪਣੇ ਪੰਜਾਬੀ ਗੱਭਰੂ ਵੀ ਆਪਣੇ ਪਹਿਰਾਵੇ ਨੂੰ ਭੁੱਲ ਗਏ ਹਨ। ਉਹ ਕੁੜਤਾ ਚਾਦਰਾ ਛੱਡ ਥਾਂ-ਥਾਂ ਤੋਂ
ਪਾਟੀਆਂ ਪੈਂਟਾਂ ਪਾਉਣ ਲੱਗ ਪਏ ਹਨ। ਇੰਨੀਆਂ ਤਾਂ ਕਿਸੇ ਮੰਗਣ ਵਾਲੇ ਮੰਗਤੇ ਦੀਆਂ ਪੈਂਟਾਂ ਨਹੀਂ ਪਾਟੀਆਂ ਹੁੰਦੀਆਂ, ਜਿੰਨੀਆਂ ਪਾਟੀਆਂ
ਪੈਂਟਾਂ ਇਹ ਪਾਉਂਦੇ ਹਨ। ਪਹਿਲਾਂ ਬੰਦੇ ਮੁੱਛਾਂ ਆਪਣੀ ਸ਼ਾਨ ਲਈ ਰੱਖਦੇ ਸਨ ਤੇ ਅੱਜ ਕੱਲ੍ਹ ਤਾਂ ਗੱਭਰੂਆਂ ਨੇ ਮੁੱਛਾਂ ਦੇ ਟਰੈਂਡ ਚਲਾ ਲਏ ਹਨ।
ਸਿਰ ਤੋਂ ਮੋਨੇ ਤੇ ਲੰਮੀਆਂ-ਲੰਮੀਆਂ ਦਾੜ੍ਹੀਆਂ ਰੱਖੀਆਂ ਹਨ। ਹੋਰ ਤਾਂ ਹੋਰ ਮੁੱਛ ਦੇ ਲੋਗੋ ਬਣਾ ਕੇ ਮੋਟਰਸਾਇਕਲ, ਕਾਰ, ਬੱਸਾਂ, ਟਰੱਕਾਂ 'ਤੇ ਲਾਏ
ਹੋਏ ਹਨ। ਪਤਾ ਨਹੀਂ ਕੀ ਹੋ ਗਿਆ ਏ ਮੇਰੇ ਸੋਹਣੇ ਪੰਜਾਬੀ ਗੱਭਰੂਆਂ ਨੂੰ।
ਗਾਇਕਾਂ ਦਾ ਪਹਿਰਾਵਾ :- ਪਹਿਲਾਂ ਪੁਰਾਣੇ ਗਾਇਕ ਆਪਣੀ ਪੰਜਾਬੀ ਡਰੈੱਸ ਕੁੜਤਾ ਚਾਦਰਾ ਪਾ ਕੇ ਸਟੇਜ ਤੇ ਸ਼ੁੱਧ ਪੰਜਾਬੀ ਗੀਤ ਜਾਂ ਲੋਕ
ਤੱਥ ਗਾਉਂਦੇ ਸਨ। ਤੇ ਅੱਜ ਦੇ ਗਾਇਕ ਕਟੀਆਂ-ਫਟੀਆਂ ਜੀਨਾਂ ਪਾ ਕੇ ਸਟੇਜ 'ਤੇ ਚੜ੍ਹ ਜਾਂਦੇ ਹਨ। ਤੇ ਫੇਰ ਇਹ ਨਹੀਂ ਪਤਾ ਲੱਗਦਾ ਕਿ ਇਹ
ਗਾਉਣ ਵਾਲਾ ਹੈ ਜਾਂ ਕਿਸੇ ਦੇ ਨਾਲ ਆਇਆ ਹੈ। ਆਹ ਤਾਂ ਹਾਲ ਹੋਇਆ ਪਿਆ ਏ ਸਾਡੇ ਪੰਜਾਬੀ ਸੱਭਿਆਚਾਰ ਦਾ।
ਪੁਰਾਣੀਆਂ ਖੇਡਾਂ ਗੁੱਲੀ-ਡੰਡਾ,ਬਾਂਦਰ-ਕਿੱਲਾ:- ਕੰਵਲ ਪੁੱਤ ਆਪਣੀਆਂ ਪੁਰਾਣੀਆਂ ਖੇਡਾਂ ਗੁੱਲੀ-ਡੰਡਾ, ਬਾਂਦਰ-ਕਿੱਲਾ, ਵੰਝ, ਪਿੱਠੂ ਬਹੁਤ ਵਧੀਆ
ਹੁੰਦੀਆਂ ਸਨ। ਇਹਨਾਂ ਖੇਡਾਂ ਨੂੰ ਖੇਡਣ ਨਾਲ ਨਾਲੇ ਤਾਂ ਮਨੋਰੰਜਨ ਹੁੰਦਾ ਸੀ, ਨਾਲੇ ਖੇਡਣ ਵਾਲਿਆ ਵਿੱਚ ਪਿਆਰ ਵੱਧਦਾ ਸੀ ਤੇ ਨਾਲ ਨਾਲ
ਸਰੀਰ ਦੀ ਕਸਰਤ ਵੀ ਹੋ ਜਾਂਦੀ ਸੀ ਅਤੇ ਸਰੀਰ ਉੱਤੇ ਮੋਟਾਪਾ ਵੀ ਨਹੀਂ ਸੀ ਹੁੰਦਾ। ਤੇ ਅੱਜ ਦੀ ਪੀੜ੍ਹੀ ਦੇ ਜਵਾਕ ਜੰਮਦੇ ਮਗਰੋਂ ਮੋਬਾਇਲ
ਪਹਿਲਾਂ ਮੰਗਣ ਲੱਗ ਜਾਂਦੇ ਹਨ। ਉਹ ਇਹ ਖੇਡਾਂ ਭੁੱਲ ਗਏ ਹਨ, ਤੇ ਆਪਣੇ ਮੋਬਾਇਲ ਵਾਲੀਆਂ ਖੇਡਾਂ ਹੀ ਖੇਡਦੇ ਹਨ। ਤਾਂਹੀਂ ਤਾਂ ਸਰੀਰਿਕ
ਤੌਰ 'ਤੇ ਢਿੱਲੇ ਜਿਹੇ ਰਹਿੰਦੇ ਹਨ।
ਪੁਰਾਣੀਆਂ ਖੁਰਾਕਾਂ ਦੁੱਧ, ਦੇਸੀ ਘਿਓ ਤੇ ਮੱਖਣ:- ਉਦੋਂ ਪੁਰਾਣੀਆਂ ਖੁਰਾਕਾਂ ਵੀ ਬਹੁਤ ਵਧੀਆ ਸਨ, ਘਰ ਦਾ ਦੁੱਧ, ਦੇਸੀ ਘਿਓ, ਮੱਖਣ, ਦਹੀਂ
ਆਦਿ ਤੇ ਖਾਣ ਵਾਲੇ ਵੀ ਉਦੋਂ ਹੱਟੇ-ਕੱਟੇ ਹੁੰਦੇ ਸਨ। ਅੱਜ ਤਾਂ ਸਾਰਾ ਕੁੱਝ ਹੀ ਮਿਲਾਵਟੀ ਆ, ਇੱਥੋਂ ਤੱਕ ਕਿ ਸਬਜੀਆਂ ਵੀ ਟੀਕਿਆਂ ਨਾਲ
ਪੱਕਦੀਆਂ ਹਨ। ਉਦੋਂ ਪੁਰਾਣੇ ਬੰਦੇ ਪੀਪਾ ਘਿਓ ਦਾ ਪੀ ਜਾਂਦੇ ਸਨ ਤੇ ਅੱਜ ਕੱਲ੍ਹ ਦੇ ਜਵਾਨ ਇਕ ਚਮਚ ਦਾਲ 'ਚ ਪਾ ਲੈਣ ਤਾਂ ਲੂਜ-ਮੋਸ਼ਨ
ਲੱਗ ਜਾਂਦੇ ਹਨ। ਆਹ ਹਾਲ ਹੋਇਆ ਪਿਆ ਏ ਅੱਜ ਦੀ ਜਵਾਨੀ ਦਾ।
ਨੂੰਹਾਂ ਦਾ ਘੁੰਡ ਕੱਢਣਾ:- ਪਹਿਲਾਂ ਨੂੰਹਾਂ ਆਪਣੇ ਸਾਹੁਰੇ ਤੇ ਜੇਠ ਸਾਹਮਣੇ ਘੁੰਡ ਨਹੀਂ ਸੀ ਚੱਕਦੀਆਂ। ਤੇ ਸਵੇਰੇ ਸਮੇਂ ਸਿਰ ਉੱਠ ਕੇ ਸੱਸ-ਸਹੁਰੇ
ਦੇ ਪੈਰੀ ਹੱਥ ਲਾਉਣੇ ਤੇ ਉਹਨਾਂ ਦਾ ਪਿਆਰ ਲੈਣਾ। ਤੇ ਉਹਨਾਂ ਨੂੰ ਹੀ ਸਾਰੀ ਉਮਰ ਆਪਣੇ ਮਾਂ-ਪਿਓ ਸਮਝਣਾ। ਘਰ ਆਏ-ਗਏ ਦੀ ਪੂਰੀ
ਇੱਜ਼ਤ ਕਰਨੀ। ਤੇ ਹੁਣ ਉਹ ਘੁੰਡ ਕੱਢਣ ਵਾਲੇ ਰਿਵਾਜ ਖਤਮ ਹੋ ਗਏ।
ਚੁੱਲ੍ਹੇ ਚੌਂਕੇ ਢਹਿ ਗਏ:- ਹੁਣ ਕੋਈ ਹੀ ਵਿਰਲਾ ਘਰ ਹੋਵੇਗਾ, ਜਿੱਥੇ ਚੁੱਲ੍ਹਾ ਚੌਂਕਾ ਦੇਖਣ ਨੂੰ ਮਿਲਦਾ ਹੋਵੇਗਾ। ਚੁੱਲ੍ਹਾ ਚੌਂਕਾ ਵੀ ਪਰਿਵਾਰ ਦਾ
ਪਿਆਰ ਵਧਾਉਣ 'ਚ ਸਹਾਈ ਹੁੰਦਾ ਸੀ। ਕਿਓਂਕਿ ਜਦੋਂ ਚੁੱਲ੍ਹੇ ਚੌਂਕੇ ਹੁੰਦੇ ਸਨ ਤਾਂ ਸਾਰਾ ਟੱਬਰ/ਪਰਿਵਾਰ ਇਕ ਜਗ੍ਹਾ ਬੈਠ ਕੇ ਹੀ ਰੋਟੀ ਖਾਂਦਾ
ਸੀ। ਬੇਬੇ ਨੇ ਲਾਈ ਜਾਣੀਆਂ ਤੇ ਅਸਾਂ ਸਾਰਿਆਂ ਨੇ ਰਲ ਖਾਈ ਜਾਣੀਆਂ ਤੇ ਨਾਲ ਨਾਲ ਲੱਕੜਾਂ ਨੂੰ ਚੁੱਲ੍ਹੇ 'ਚ ਅਗਾਂਹ ਕਰਦੇ ਜਾਣਾ। ਹੁਣ
ਚੁੱਲ੍ਹੇ ਦੀ ਥਾਂ ਗੈਸ ਨੇ ਲੈ ਲਈ ਹੈ। ਤੇ ਸਾਰੇ ਆਪਣੀ ਆਪਣੀ ਰੋਟੀ ਪਾ ਆਪਣੇ-ਆਪਣੇ ਕਮਰਿਆ 'ਚ ਜਾ ਬੈਠ ਜਾਂਦੇ ਨੇ। ਜਿਸ ਕਰਕੇ ਹੁਣ
ਪਿਆਰ ਪਹਿਲਾਂ ਨਾਲੋਂ ਘੱਟ ਹੋ ਗਏ ਹਨ।
ਟੀ.ਵੀ. ਦੀ ਥਾਂ LCD ਚੱਲਣ:- ਟੀ.ਵੀ. ਵੀ ਕਿੰਨੀ ਵਧੀਆ ਚੀਜ ਸੀ। ਸਾਰੇ ਪਰਿਵਾਰ ਨੂੰ ਇਕ ਜਗ੍ਹਾ ਜੋੜ ਕੇ ਬੈਠਾ ਦਿੰਦਾ ਸੀ। ਖੁੱਲ੍ਹੇ ਵੇਹੜੇ
ਹੁੰਦੇ ਸਨ ਤੇ ਸਾਹਮਣੇ ਲੱਕੜ ਦੇ ਮੇਜ 'ਤੇ ਟੀ.ਵੀ. ਪਿਆ ਹੋਣਾ ਤੇ ਸਾਰੇ ਟੱਬਰ ਨੇ ਰਲ ਬੈਠ ਕੇ ਦੇਖਣਾ। ਹੁਣ ਉਹ ਗੱਲਾਂ ਕਿੱਥੇ ਕੰਵਲ ਪੁੱਤ?
ਹੁਣ ਤਾਂ ਵੱਡਿਆਂ ਤੋਂ ਲੈ ਬੱਚਿਆਂ ਦੇ ਕਮਰਿਆਂ 'ਚ ਅਲੱਗ-ਅਲੱਗ ਐੱਲ.ਸੀਡੀਆਂ ਲੱਗੀਆਂ ਹਨ। ਤੇ ਕੋਈ ਕਾਰਟੂਨ ਦੇਖੀ ਜਾਂਦਾ, ਕੋਈ ਫਿਲਮਾਂ
ਤੇ ਕੋਈ ਗੁਰਬਾਣੀ।
ਵਿਆਹਾਂ 'ਚ ਬਦਲਾਵ:- ਪਹਿਲਾਂ ਵਿਆਹ ਕਿੰਨੇ ਵਧੀਆ ਹੁੰਦੇ ਸਨ। ਵਿਆਹਾਂ 'ਚ ਢੋਲ, ਚਿਮਟੇ ਤੇ ਛੈਣੇ ਵੱਜਦੇ ਤੇ ਬੋਲੀਆਂ ਪੈਂਦੀਆਂ ਸਨ।
ਘਰਾਂ 'ਚ ਔਰਤਾਂ ਸ਼ਾਮ ਨੂੰ ਇਕੱਠੀਆਂ ਹੋ ਕੇ ਘੋੜੀਆਂ-ਸੁਹਾਗ ਗਾਉਂਦੀਆਂ ਹੁੰਦੀਆਂ ਸਨ। ਤੇ ਅੱਜ ਦੀ ਪੀੜ੍ਹੀ ਨੂੰ ਤਾਂ ਘੋੜੀਆਂ-ਸੁਹਾਗ ਦਾ ਪਤਾ
ਹੀ ਨਹੀਂ, ਇਹ (ਘੋੜੀਆਂ-ਸੁਹਾਗ) ਕੀ ਹੁੰਦੇ ਹਨ? ਉਦੋਂ ਮੁੰਡੇ ਦੀ ਬਰਾਤ ਕੁੜੀ ਵਾਲਿਆਂ ਘਰ ੩-੩, ੪-੪ ਦਿਨ ਰਹਿੰਦੀ ਹੁੰਦੀ ਸੀ। ਤੇ ਅੱਜ
ਲੋਕ ਬਰਾਤ ਰੱਖਣ ਦੀ ਗੱਲ ਤਾਂ ਦੂਰ ਘਰ ਵੜਣ ਹੀ ਨਹੀਂ ਦਿੰਦੇ, ਪਹਿਲਾਂ ਹੀ ਪੈਲਸ ਬੁੱਕ ਕਰਵਾ ਲੈਂਦੇ ਨੇ, ਕਿ ਘਰ ਕੋਈ ਖਿਲਾਰਾ ਨਾ ਪਵੇ
ਅਤੇ ਹੋਰ ਤਾਂ ਹੋਰ ਆਪਣੀ ਧੀ ਨੂੰ ਵੀ ਬਾਹਰੋ ਬਾਹਰ ਪੈਲਸ 'ਚੋਂ ਹੀ ਤੋਰ ਦਿੰਦੇ ਹਨ। ਹੁਣ ਤਾਂ ਨਵਾਂ ਜਮਾਨਾ ਆ ਗਿਆ ਢੋਲ,ਚਿਮਟੇ, ਛੈਣੇ,
ਬੋਲੀਆਂ ਦੀ ਥਾਂ ਡੀ.ਜੇ. ਨੇ ਲੈ ਲਈ ਹੈ। ਲੱਚਰ ਗੀਤ ਚੱਲਦੇ ਆ ਵਿਆਹਾਂ 'ਚ, ਕੋਈ ਰੋਕ-ਟੋਕ ਨਹੀਂ ਹੁੰਦੀ। ਲੋਕੀ ਪੀ-ਪੀ ਸ਼ਰਾਬਾਂ ਵਿਆਹਾਂ
'ਚ ਫਾਇਰ ਕਰਦੇ ਨੇ। ਸਾਰਾ ਮਾਹੌਲ ਹੀ ਬਦਲਿਆ ਪਿਆ ਏ।
ਵੱਡੇ ਪਰਿਵਾਰ ਪਿਆਰ ਦਾ ਪ੍ਰਤੀਕ:- ਪਹਿਲਾਂ ਵੱਡੇ ਵੱਡੇ ਪਰਿਵਾਰ ਹੁੰਦੇ ਸਨ। ਕੋਈ ਭੇਦਭਾਵ ਨਹੀਂ ਹੁੰਦਾ ਸੀ। ਪੰਜ-ਪੰਜ ਪਰਿਵਾਰ ਇੱਕੋ ਘਰ
'ਚ ਇਕੱਠੇ ਰਹਿੰਦੇ ਹੁੰਦੇ ਸਨ। ਖੁੱਲ੍ਹੇ-ਖੁੱਲ੍ਹੇ ਵੇਹੜੇ ਹੁੰਦੇ ਸਨ, ਘਰਾਂ 'ਚ ਜਵਾਕਾਂ ਦੀਆਂ ਖੂਬ ਰੌਣਕਾਂ ਹੁੰਦੀਆਂ ਸਨ। ਤੇ ਜਦੋਂ ਕੋਈ ਘਰ
ਰਿਸ਼ਤੇਦਾਰ ਆਉਣਾ ਤਾਂ ਚਾਅ ਚੜ੍ਹ ਜਾਂਦਾ ਸੀ ਤੇ ਸਾਰੀ ਰਾਤ ਗੱਲਾਂ ਕਰਦੇ ਹੀ ਲੰਘ ਜਾਂਦੀ ਸੀ। ਹੁਣ ਪਰਿਵਾਰ ਨਿੱਕੇ ਹੋ ਗਏ ਤੇ ਪਰਿਵਾਰਾਂ
'ਚ ਪਿਆਰ ਵੀ ਘਟ ਗਿਆ। ਤੇ ਰਿਸ਼ਤੇਦਾਰ ਘਰ ਬੁਲਾਉਣਾ ਤਾਂ ਦੂਰ ਦੀ ਗੱਲ ਜੇ ਕਿਤੇ ਰਿਸ਼ਤੇਦਾਰ ਆਉਣ ਦਾ ਪਤਾ ਵੀ ਲੱਗਜੇ ਤਾਂ ਮੱਥੇ
ਵੱਟ ਪਹਿਲਾਂ ਪੈ ਜਾਂਦਾ ਹੈ।
ਬਾਪੂ ਬਾਪੂ ਆਪਣਾ ਪੁਰਾਣਾ ਵਿਰਸਾ ਕਿੰਨਾਂ ਵਧੀਆ ਸੀ। ਆਪਾਂ ਹੁਣ ਨਹੀਂ ਮੋੜ ਕੇ ਲਿਆ ਸਕਦੇ ਆਪਣਾ ਪੰਜਾਬੀ ਵਿਰਸਾ?
ਨਹੀਂ ਕੰਵਲ ਪੁੱਤ ਹੁਣ ਕਿੱਥੇ? ਹੁਣ ਤਾਂ ਮੁੰਡੇ-ਕੁੜੀਆਂ ਆਪਣੀ ਮਾਤ ਭਾਸ਼ਾ ਪੰਜਾਬੀ ਹੀ ਭੁੱਲ ਗਏ ਹਨ। ਜਿਹੜਾ ਬੰਦਾ ਆਪਣੀ ਮਾਤ ਭਾਸ਼ਾ ਹੀ ਨਹੀਂ
ਜਾਣਦਾ, ਉਹ ਵਿਰਸੇ ਬਾਰੇ ਕੀ ਜਾਣਦਾ ਹੋਊ।
ਜਦ ਅਸੀਂ ਖੁੱਦ ਨਹੀ ਕਰਦੇ ਕਦਰਾਂ ਫੇਰ ਕਿੱਦਾਂ ਮੱਤਾਂ ਦਈਏ,
ਪਹਿਲਾਂ ਆਪਣਾ ਆਪ ਸੁਧਾਰੀਏ ਧੰਜਲ਼ਾ ਫੇਰ ਦੂਜਿਆਂ ਨੂੰ ਕਹੀਏ...