Kudmaan Da Ulhambha (Dogri Story in Punjabi) : Bhagwat Prasad Sathe
ਕੁੜਮਾਂ ਦਾ ਉਲ੍ਹਾਂਭਾ (ਡੋਗਰੀ ਕਹਾਣੀ) : ਭਗਵਤ ਪ੍ਰਸਾਦ ਸਾਠੇ
ਕਿਸ਼ਨ ਪੁਰ, ਥਪਰਾਲ, ਗੋਂਡਾ, ਘਰੋੜੀ ਤੇ ਨਮਾਈ ਪੰਜ ਗਰ੍ਹਾਂ ਮੋਹਰੂ ਜੋਗੀ ਦੀ ਹੱਦ ਵਿਚ ਸਨ। ਮੋਹਰੂ ਦਾ ਹੋਰ ਕੋਈ ਵੀ ਨਹੀਂ, ਬਸ ਇਕੋ ਉਸ ਦੀ ਧੀ ਕੇਸਰੋ ਸੀ। ਮੋਹਰੂ ਆਪਣੇ ਸਾਰੇ ਪਿੰਡਾਂ ਦੇ ਮੁੰਡਿਆਂ ਦੀ ਆਪਣੇ ਬੱਚਿਆਂ ਵਾਂਗ ਦੇਖ ਭਾਲ ਕਰਦਾ ਤੇ ਵੱਧਦਾ ਫੁੱਲਦਾ ਦੇਖ ਖ਼ੁਸ਼ ਹੁੰਦਾ । ਸੱਚ ਵੀ ਏ ਕਿ ਜ਼ਿਮੀਂਦਾਰੀ ਵਾਹੁਣਾ-ਗਾਹਣਾ, ਗੋਡੀ ਕਰਨਾ ਦਾਣਾ ਫੱਕਾ ਇਕੱਠਾ ਕਰਨਾ, ਚੁਣਨਾ ਤਾਂ ਸਭ ਕੁਝ ਆਦਮੀ ਦੇ ਆਪਣੇ ਅਖਤਿਆਰ ਹੁੰਦੈ ਪਰ ਪੱਕੀਆਂ ਹੋਈਆਂ ਫਸਲਾਂ ਦੇ ਦਿਨਾਂ ਵਿਚ ਜੋ ਘਣੇ ਬੱਦਲਾਂ ਦੇ ਰੱਥ ਨੂੰ ਮੋਹਰ ਆਪਣੀ ਜਾਦੂ ਵਿਦਿਆ ਨਾਲ ਨਾ ਮੋੜੇ ਤਾਂ ਸਾਰੇ ਜ਼ਿਮੀਂਦਾਰਾਂ ਦੇ ਕੀਤੇ ਕਰਾਏ ਉੱਤੇ ਪਰਮੇਸ਼ਵਰ ਮਹਾਰਾਜ ਔਣ ਦੀ ਚਿੱਟੀ ਚਾਦਰ ਵਿਛਾ ਕੇ ਸਾਰਾ ਪਾਣੀ ਪਾਣੀ ਕਰ ਛੱਡੇ। ਫੇਰ ਮੋਹਰੂ ਦਾ ਇਹ ਦਾਹਵਾ ਝੂਠਾ ਕਿੰਝ ਹੋ ਸਕਦਾ ਸੀ ?
ਜੋਗੀਆਂ ਦੀਆਂ ਕੁੜੀਆਂ ਜੋਗੀ ਹੀ ਵਿਆਉਂਦੇ ਨੇ । ਮੋਹਰੂ ਨੂੰ ਕੇਸਰੋ ਲਈ ਕੋਈ ਠਿਕਾਣਾ ਢੂੰਡਣਾ ਮੁਸ਼ਕਲ ਹੋ ਗਿਆ । ਉਸ ਦੇ ਪਿੰਡਾਂ ਦੀ ਹੱਦ ਨਾਲ ਹੀ ਗੰਗੂ ਜੋਗੀ ਦਾ ਮੁੰਡਾ ਤਾਂ ਸੀ, ਪਰ ਸਾਰੀ ਉਮਰ ਮੋਹਰੂ ਤੇ ਗੰਗੂ ਇਕ ਦੂਜੇ ਉੱਤੇ ਆਪਣੇ ਜਾਦੂ ਮੰਤਰ ਦਾ ਵਾਰ ਕਰਦੇ ਰਹੇ ਸਨ ਤੇ ਹੁਣ ਕਿਹੜੇ ਮੂੰਹ ਨਾਲ ਆਪਣੀ ਧੀ ਦੇ ਸਾਕ ਦੀ ਗੱਲ ਛੇੜੇ । ਫੇਰ ਵੀ ਕਿਸੇ ਹੋਰ ਦੇ ਜ਼ਰੀਏ ਗੱਲ ਚਲ ਹੀ ਪਈ ਤੇ ਕੁੜਮਾਈ ਹੋ ਗਈ । ਗੰਗੂ ਦਾ ਕਲੇਜਾ ਗਜ਼ ਗਜ਼ ਵੱਧ ਗਿਆ, ਜਿਸ ਨੇ ਅੱਜ ਤੀਕ ਕਦੀ ਵੀ ਆਪਣੇ ਕਸਬ ਵਿਚ ਮੋਹਰੂ ਤੋਂ ਜਿੱਤ ਨਹੀਂ ਸੀ ਦੇਖੀ ਅੱਜ ਉਹ ਪੁੱਤਰ ਦਾ ਸਦਕਾ ਜਿਤ ਗਿਆ, ਅੱਜ ਉਸ ਮੋਹਰੂ ਦੀ ਮੁੰਡੀ ਹਮੇਸ਼ਾਂ ਲਈ ਨੀਵੀਂ ਕਰ ਦਿਤੀ ਸੀ।
ਮੋਹਰੂ ਨੇ ਕੇਸਰੋ ਨੂੰ ਆਪਣੇ ਕਸਬ ਵਿਚ ਤਾਕ ਕਰ ਦਿਤਾ ਸੀ। ਜੋਗੀਆਂ ਵਿਚ ਸਭ ਤੋਂ ਜ਼ਿਆਦਾ ਇਹ ਹੀ ਸ਼ੋਹਰਤ ਦੀ ਗਲ ਏ ਕਿ ਉਹ ਇਸ ਕਸਬ (ਜਾਦੂ ਮੰਤਰਾਂ) ਦੇ ਜ਼ੋਰ ਤੇ ਹੀ ਆਪਣੇ ਜਜਮਾਨਾਂ ਨਾਲ ਨਿਧੜਕ ਗੱਲ ਕਰ ਸਕਦੇ ਨੇ ।
ਫਗਣ ਦੇ ਅਖੀਰਲੇ ਦਿਨ ਸਨ। ਕਣਕਾਂ ਦੇ ਸਿੱਟੇ ਖੂਬ ਪੱਕ ਤਾਂ ਗਏ ਪਰ ਚੰਗੀ ਤਰ੍ਹਾਂ ਸੁੱਕੇ ਨਹੀਂ ਸੀ। ਇਹ ਹੀ ਵੇਲਾ ਜੇ ਜ਼ਿਮੀਂਦਾਰ ਸੰਭਾਲ ਲਏ ਤਾਂ ਜ਼ਿਮੀਂਦਾਰ ਨਹੀਂ ਤਾਂ ਉਸ ਨਾਲ ਹੀ ਲੁਹਾਰ, ਤਰਖਾਣ, ਧੋਬੀ, ਮੋਚੀ, ਜੋਗੀ, ਫ਼ਕੀਰ ਸਾਰਿਆਂ ਨੂੰ ਆਪਣੇ ਆਪਣੇ ਢਿੱਡਾਂ ਉੱਤੇ ਪੱਟੀਆਂ ਬੰਨਣੀਆਂ ਪੈਂਦੀਆਂ ਨੇ ।
ਮੋਹਰੂ ਨੂੰ ਐਸਾ ਬੁਖ਼ਾਰ ਚੜ੍ਹਿਆ ਕਿ ਟੁਟਣ ਦਾ ਨਾਂ ਹੀ ਨਹੀਂ ਸੀ ਲੈਂਦਾ। ਪਿੰਡਾਂ ਦੇ ਲੋਕ ਸੁਖਣਾ ਕਰਦੇ ਕਿ ਮੋਹਰੂ ਦੇ ਰਾਜ਼ੀ ਹੋਣ ਤੱਕ ਸਭ ਸੁਖ ਹੀ ਰਹੇ । ਪਰ ਸਾਰੀਆਂ ਗੱਲਾਂ ਮਨੁੱਖ ਦੀ ਸੋਚ ਅਨੁਸਾਰ ਤਾਂ ਹੁੰਦੀਆਂ ਨਹੀਂ । ਪਰਮੇਸ਼ਵਰ ਆਪਣੇ ਮਨ ਦੀਆਂ ਵੀ ਕਰਦਾ ਰਹਿੰਦਾ ਏ । ਚੌਥੇ ਹੀ ਦਿਨ ਅਕਾਸ਼ ਉੱਤੇ ਕਾਲੇ ਸਿਹਾ ਬੱਦਲਾਂ ਨੇ ਘੇਰਾ ਪਾ ਲਿਆ । ਸਾਰਿਆਂ ਦੇ ਕਲੇਜੇ ਕੰਬ ਗਏ। ਉਹ ਸੋਚਣ ਲਗੇ ਹੁਣ ਤਾਂ ਬੱਦਲਾਂ ਨੂੰ ਜਾਦੂ ਮੰਤਰਾਂ ਨਾਲ ਵਾਪਸ ਕਰਨ ਵਾਲਾ ਵੀ ਤਾਂ ਕੋਈ ਨਹੀਂ । ਮੋਹਰੂ ਮੰਜੀ ਨਾਲ ਮੰਜੀ ਹੋਇਆ ਪਿਆ ਸੀ। ਉਸ ਨੂੰ ਜਦੋਂ ਕੇਸਰੋ ਤੋਂ ਪਤਾ ਲਗਾ ਤਾਂ ਤੜਫ਼ ਪਿਆ। ਲੋਕਾਂ ਦੀਆਂ ਤਿਆਰ ਕਣਕਾਂ ਤੇ ਕਾਲੇ ਘੋਰ ਬੱਦਲ। ਜਿਸ ਵੇਲੇ ਰੋਗ ਅੱਗੇ ਕੋਈ ਪੇਸ਼ ਨਾ ਗਈ ਕਹਿਣ ਲਗਾ "ਕੇਸਰੋ ਹੁਣ ਪਿੰਡਾਂ ਦੇ ਜ਼ਿਮੀਂਦਾਰਾਂ ਦੀ ਲਾਜ ਤੇਰੇ ਹੱਥ ਏ । ਆਪਣੇ ਪਿੰਡਾਂ ਉੱਤੇ ਇਸ ਬੱਦਲ ਨੂੰ ਨਾ ਵਸਣ ਦੇਈਂ ਤੇ ਨਾ ਹੀ ਨਾਲ ਦੇ ਪਿੰਡ ਗੰਗੂ ਦੇ ਪਾਸੇ ਜਾਣ ਦੇਈਂ, 'ਕੀ ਹੋਇਆ ਹਾਲੀਂ ਤੇਰਾ ਵਿਆਹ ਨਹੀਂ ਹੋਇਆ ਪਰ ਤੇਰੇ ਸਹੁਰੇ ਤੇ ਉਹ ਹੀ ਨੇ ਨਾ......ਬੱਦਲ ਪਿੱਛੇ ਮੋੜ ਦੇ......"
ਕੇਸਰੋ ਨੇ ਆਪੇ ਹੀ ਦੋ ਤਿੰਨ ਵਾਰੀ ਹਲਕੇ ਭਾਰੇ ਬੱਦਲ ਦੂਰ ਉੱਡਾ ਕੇ ਗੰਗੂ ਦੀ ਹੱਦ ਤੀਕ ਪਹੁੰਚਾ ਦਿਤੇ ਸਨ, ਪਰ ਉਸ ਲਈ ਹੁਣ ਇਹ ਵੇਲਾ ਥੰਮਣਾ ਮੁਸ਼ਕਿਲ ਹੋ ਗਿਆ। ਕਾਲੇ ਸ਼ਾਹ, ਬੱਦਲਾਂ ਦਾ ਭਰਿਆ ਅੰਬਰ ਤੇ ਇਨ੍ਹਾਂ ਨੂੰ ਪਿੱਛੇ ਧਕੇਲਨਾ ਕੇਸਰੋ ਦੇ ਵੱਸ ਵਿਚ ਨਹੀਂ ਸੀ। ਫੇਰ ਵੀ ਉਸ ਕਮਰੇ ਤੋਂ ਬਾਹਰ ਜਾ ਕੇ ਮੰਤਰ ਦਾ ਜਾਪ ਕਰਨਾ ਸ਼ੁਰੂ ਕੀਤਾ। ਮੰਤਰ ਦਾ ਅਸਰ ਜਿਵੇਂ ਸਿੱਧਾ ਬੱਦਲਾਂ ਵਿਚ ਪੁੱਜਾ ਤੇ ਉਨ੍ਹਾਂ ਵਿਚ ਹਲਚਲ ਮੱਚ ਗਈ। ਪਹਿਲਾਂ ਹਵਾ ਝੁਲੀ ਫੇਰ ਹਨੇਰੀ ਤੇ ਝਖੜ । ਬੱਦਲ ਵਿਚਕਾਰੋਂ ਫੱਟ ਕੇ ਪਿੱਛੇ ਨੂੰ ਮੁੜਨ ਲਗ ਪਏ, ਕੇਸਰੋ ਮੰਤਰਾਂ ਨਾਲ ਹੋਰ ਪਿੱਛੇ ਹਟਾਣ ਲਗ ਪਈ । ਉਹ ਨਿਆਣੀ ਬਾਲੜੀ ਸੀ, ਉਸ ਨੂੰ ਪਤਾ ਹੀ ਨਾ ਲਗਾ ਕਿ ਅੱਧਾ ਬਾਕੀ ਦਾ ਬੱਦਲ ਤੇਜ਼ੀ ਨਾਲ ਗੰਗੂ ਦੀ ਹੱਦ ਵਿਚ ਪੁੱਜ ਗਿਆ ਤੇ ਉੱਥੇ ਜਾ ਕੇ ਵੱਸਣ ਲਗਾ।
ਕੇਸਰੋ ਨੇ ਮੋਹਰੂ ਨੂੰ ਪੁੱਛਿਆ ਹੁਣ ਉਹ ਕੀ ਕਰੇ ? ਮੋਹਰੂ ਦੀਆਂ ਅੱਖੀਆਂ ਨੀਵੀਆਂ ਹੋ ਗਈਆਂ । ਹੁਣ ਉਹ ਕੁੜਮਾਂ ਨੂੰ ਕਿਹੜਾ ਮੂੰਹ ਦੱਸੇਗਾ ?
ਕੇਸਰੋ ਪਿਉ ਦਾ ਮਨ ਜਾਚ ਗਈ ਤੇ ਬਾਹਰ ਚਲੀ ਗਈ । ਆਪਣੀ ਕੁਲ ਦੀ ਮਰਯਾਦਾ ਉਸ ਬਚਾ ਲਈ ਸੀ..... ਪਰ ਸਹੁਰੇ ਦੀ ? ਤੇ ਸਹੁਰੇ ਉਹ ਬਣਨਗੇ ਤਾਂ ਹੀ ਨਾ ? ਵਿਹੜੇ ਵਿਚ ਖਲੋ ਉਹ ਸੋਚਣ ਲਗੀ ਤੇ ਇਕਦਮ ਹੱਥ ਵਿਚ ਦਾਤਰੀ ਫੜ, ਚੰਡੀ ਦਾ ਰੂਪ ਧਾਰ ਉਹ ਬਾਹਰ ਹਨੇਰਾ ਜੰਗਲ, ਉਜਾੜ, ਚਿਤਰੇ, ਸ਼ੇਰ, ਬਘਿਆੜਾਂ ਤੋਂ ਬੱਚਦੀ ਉਹ ਕਿਥੇ ਪੁੱਜੀ ਹੋਣੀ ਏਂ ? ਕੁਝ ਪਤਾ ਨਾ ਲਗਿਆ। ਪਰ ਫੇਰ ਨਾ ਮੋਹਰੂ ਨੂੰ ਕੇਸਰੋ ਮਿਲੀ ਤੇ ਨਾ ਹੀ ‘ਕੁੜਮਾਂ ਦਾ ਉਲ੍ਹਾਂਭਾ' ਮਿਲਿਆ।
(ਅਨੁਵਾਦ : ਚੰਦਨ ਨੇਗੀ)